ਤਾਜਾ ਖ਼ਬਰਾਂ


ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਇਯਾਲੀ ਨੂੰ ਨੋਟਿਸ ਜਾਰੀ
. . .  3 minutes ago
ਲੁਧਿਆਣਾ, 21 ਅਕਤੂਬਰ (ਪੁਨੀਤ ਬਾਵਾ)- ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਨੋਟਿਸ ਜਾਰੀ ਹੋਇਆ...
ਮਨਪ੍ਰੀਤ ਸਿੰਘ ਇਯਾਲੀ ਨੇ ਪਰਿਵਾਰ ਸਮੇਤ ਪਾਈ ਵੋਟ
. . .  12 minutes ago
ਜਗਰਾਉਂ, 21 ਅਕਤੂਬਰ (ਜੋਗਿੰਦਰ ਸਿੰਘ, ਕੁਲਦੀਪ ਸਿੰਘ ਮਾਨ)- ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਪਰਿਵਾਰ ਸਮੇਤ...
ਸਵੇਰੇ 11 ਵਜੇ ਤੱਕ ਮੁਕੇਰੀਆਂ 'ਚ 23.50 ਫ਼ੀਸਦੀ ਵੋਟਿੰਗ
. . .  23 minutes ago
ਡਿੱਬੀਪੁਰਾ ਨੇ ਕਾਂਗਰਸ 'ਤੇ ਸ਼ਰਾਬ ਅਤੇ ਪੈਸੇ ਵੰਡਣ ਦੇ ਲਾਏ ਦੋਸ਼
. . .  26 minutes ago
ਜਲਾਲਾਬਾਦ, 21 ਅਕਤੂਬਰ (ਦਵਿੰਦਰ ਪਾਲ ਸਿੰਘ, ਕਰਨ ਚੁਚਰਾ)- ਜਲਾਲਾਬਾਦ ਤੋਂ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਾਂਗਰਸ ਪਾਰਟੀ 'ਤੇ ਪੈਸੇ ਅਤੇ...
ਦਾਖਾ 'ਚ ਸਵੇਰੇ 11 ਵਜੇ ਤੱਕ 23.76 ਫ਼ੀਸਦੀ ਵੋਟਿੰਗ
. . .  30 minutes ago
ਹਰਿਆਣਾ ਵਿਧਾਨ ਸਭਾ ਚੋਣਾਂ : ਭਾਜਪਾ ਉਮੀਦਵਾਰ ਅਸੀਮ ਗੋਇਲ ਨੇ ਪਾਈ ਵੋਟ
. . .  30 minutes ago
ਸਨੌਰ, 21 ਅਕਤੂਬਰ- ਸਨੌਰ ਨੇੜੇ ਹਰਿਆਣਾ ਦੇ ਕਸਬੇ ਨਨਿਉਲਾ ਵਿਖੇ ਵਿਧਾਨ ਸਭਾ ਹਲਕਾ ਅੰਬਾਲਾ ਤੋਂ ਭਾਜਪਾ ਦੇ ਉਮੀਦਵਾਰ ਅਸੀਮ ਗੋਇਲ ਨੇ ਆਪਣੇ ਜੱਦੀ...
ਮਾਧੁਰੀ ਦੀਕਸ਼ਿਤ ਨੇ ਪਾਈ ਵੋਟ
. . .  40 minutes ago
ਮੁੰਬਈ, 21 ਅਕਤੂਬਰ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਬਾਂਦਰਾ (ਪੱਛਮੀ) ਦੇ ਇੱਕ ਪੋਲਿੰਗ ਬੂਥ 'ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ...
ਜਲਾਲਾਬਾਦ 'ਚ ਸਵੇਰੇ 11 ਵਜੇ ਤੱਕ 29 ਫ਼ੀਸਦੀ ਵੋਟਿੰਗ
. . .  41 minutes ago
ਫਗਵਾੜਾ 'ਚ ਸਵੇਰੇ 11 ਵਜੇ ਤੱਕ 22 ਫ਼ੀਸਦੀ ਵੋਟਿੰਗ
. . .  44 minutes ago
ਅਪਾਹਜਾਂ ਲਈ ਪੋਲਿੰਗ ਬੂਥਾਂ 'ਤੇ ਨਹੀਂ ਪੁੱਜੀਆਂ ਵੀਲ੍ਹ ਚੇਅਰਾਂ
. . .  50 minutes ago
ਮੰਡੀ ਅਰਨੀਵਾਲਾ, 21 ਅਕਤੂਬਰ (ਨਿਸ਼ਾਨ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਹੋ ਰਹੀ ਜ਼ਿਮਨੀ ਚੋਣ ਲਈ ਅਰਨੀਵਾਲਾ ਖੇਤਰ 'ਚ ਪੋਲਿੰਗ ਬੂਥਾਂ 'ਤੇ ਆਪਣੀ ਵੋਟ ਦੀ ਵਰਤੋਂ ਕਰਨ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ

ਪੀਲੀਆਂ ਭਰਿੰਡਾਂ

ਬੰਤਾ ਸਿਹੁੰ ਸਵੇਰ ਦੀ ਸ਼ਾਂਤਮਈ ਕੁਦਰਤ ਨੂੰ ਨਿਹਾਰਦਾ ਖੇਤਾਂ ਤੋਂ ਚਰੀ ਦੀ ਇਕ ਪੰਡ ਆਪਣੇ ਸਾਈਕਲ 'ਤੇ ਰੱਖ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। ਪਿੰਡ ਨੂੰ ਜਾਂਦੀ ਛੋਟੀ ਜਿਹੀ ਸੜਕ 'ਤੇ ਤੁਰਦਿਆਂ ਉਸ ਨੇ ਆਪਣਾ ਸਾਈਕਲ ਬਿਲਕੁਲ ਖੱਬੇ ਹੱਥ ਤੋਰਿਆ ਹੋਇਆ ਸੀ ਕਿ ਅਚਾਨਕ ਪਿੱਛਿਓਂ ਆਉਂਦੀ ਇਕ ਸਕੂਲ ਬੱਸ ਦੇ ਤਿੱਖੇ ਹਾਰਨ ਨੇ ਉਸ ਦੀਆਂ ਲੱਤਾਂ-ਬਾਹਾਂ 'ਚ ਕੰਬਣੀ ਛੇੜ ਦਿੱਤੀ। 60 ਵਰ੍ਹਿਆਂ ਨੂੰ ਢੁਕੇ ਬੰਤਾ ਸਿਹੁੰ ਨੇ ਕੰਬਦੇ ਹੱਥਾਂ ਨਾਲ ਆਪਣਾ ਸਾਈਕਲ ਹੋਰ ਕੱਚੇ ਵੱਲ ਨੂੰ ਕਰ ਲਿਆ। ਇਸ ਤੋਂ ਪਹਿਲਾਂ ਕਿ ਉਹ ਆਪਣਾ ਸਾਈਕਲ ਪੂਰੀ ਤਰ੍ਹਾਂ ਨਾਲ ਕੱਚੇ 'ਤੇ ਲਾਹ ਲੈਂਦਾ, ਬੱਸ ਦਾ ਡਰਾਈਵਰ ਚਲਾਕੀ ਨਾਲ ਖਸਿਆਨੀ ਹਾਸੀ ਹੱਸਦਾ, ਉਸ ਨੂੰ ਤੇਜ਼ੀ ਨਾਲ ਕੱਟ ਮਾਰ ਅਗਾਂਹ ਲੰਘ ਗਿਆ। ਬੰਤਾ ਸਿਹੁੰ ਦਾ ਸਾਈਕਲ ਝੋਲ ਖਾ ਕੇ ਝੋਨੇ ਦੇ ਖੇਤ ਵੱਲ ਪਲਟਣ ਹੀ ਲੱਗਾ ਸੀ ਕਿ ਉਸ ਦੇ ਪਿੱਛੇ-ਪਿੱਛੇ ਸਵੇਰ ਦੀ ਸੈਰ ਤੋਂ ਮੁੜਦੇ ਸ਼ਾਮ ਲਾਲ ਨੇ ਫ਼ੁਰਤੀ ਨਾਲ ਹੱਥ ਪਾ ਕੇ ਉਸ ਨੂੰ ਡਿਗਣ ਤੋਂ ਬਚਾ ਲਿਆ। ਘਬਰਾਏ ਬੰਤਾ ਸਿਹੁੰ ਨੇ ਸ਼ਾਮ ਲਾਲ ਦਾ ਧੰਨਵਾਦ ਕੀਤਾ ਤੇ ਦੋਵੇਂ ਆਪਸ ਵਿਚ ਦੁੱਖ-ਸੁੱਖ ਕਰਦੇ ਹੌਲੀ-ਹੌਲੀ ਪਿੰਡ ਵੱਲ ਵਧਣ ਲੱਗੇ। ਛੇਤੀ ਹੀ ਇਕ ਹੋਰ ਸਕੂਲ ਵੈਨ ਤੇਜ਼ੀ ਨਾਲ ਉਨ੍ਹਾਂ ਦੇ ਸਾਹਮਣੇ ਤੋਂ ਦੂਜੇ ਪਾਸੇ ਵੱਲ ਲੰਘੀ ਤਾਂ ਡੌਰ-ਭੌਰ ਹੋਇਆ ਬੰਤਾ ਸਿਹੁੰ ਸ਼ਾਮ ਲਾਲ ਨੂੰ ਬੋਲਿਆ, 'ਦੇਖ ਲੈ ਭਰਾਵਾ, ਕਿੰਨੀ ਦੌੜ ਲੱਗੀ ਇਨ੍ਹਾਂ ਨੂੰ ਸਵੇਰੇ-ਸਵੇਰੇ, ਹੈ ਕੋਈ ਕਾਇਦਾ-ਕਾਨੂੰਨ?' 'ਸਹੀ ਗੱਲ ਆ, ਇਨ੍ਹਾਂ 'ਚ ਬੈਠੇ ਜੁਆਕਾਂ ਵੀ ਤਾਂ ਇਨ੍ਹਾਂ ਵੱਲ ਵੇਖ ਇਹੋ ਜਿਹੇ ਹੀ ਬਣਨਾ।' ਸ਼ਾਮ ਲਾਲ ਨੇ ਵੀ ਉਸ ਦੀ ਗੱਲ ਨਾਲ ਹਾਮੀ ਭਰੀ। ਦੋਵੇਂ ਆਪਣੇ ਇਲਾਕੇ ਵਿਚ ਖੁੱਲ੍ਹੇ ਵੱਖ-ਵੱਖ ਰੰਗ-ਬਿਰੰਗੇ ਸਕੂਲਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲੱਗੇ। ਸਿੱਖਿਆ ਦੇ ਖੇਤਰ 'ਚ ਫ਼ੈਲੇ ਇਸ ਵਪਾਰ ਨੇ ਉਨ੍ਹਾਂ ਦੋਵਾਂ ਨੂੰ ਚਿੰਤਾਤੁਰ ਕਰ ਦਿੱਤਾ। ਸ਼ਾਮ ਲਾਲ ਨੇ ਹੋਰ ਨਜ਼ਲਾ ਝਾੜਿਆ, 'ਐਨੇ ਸਾਲ ਹੋ ਗਏ, ਹਾਲੇ ਤੱਕ ਸਾਡੇ ਪਿੰਡ ਨੂੰ ਕੋਈ ਪੱਕਾ ਰੂਟ 'ਨੀ ਕਿਸੇ ਬੱਸ ਦਾ ਤੇ ਐਹ ਸਕੂਲਾਂ ਵਾਲੀਆਂ ਬੱਸਾਂ ਹਰ ਢਾਣੀ ਤੱਕ ਜਾ ਪੁੱਜੀਆਂ।' ਇਕ-ਇਕ ਬੱਚੇ ਖ਼ਾਤਰ ਲੱਗਦੀ ਇਹ ਦੌੜ ਉਹ ਰੋਜ਼ ਹੀ ਤੱਕਦੇ ਸਨ। ਚਾਣਚੱਕ ਬੰਤਾ ਸਿਹੁੰ ਨੂੰ ਸ਼ਾਮ ਲਾਲ ਦੇ ਗੁਆਂਢੀ ਪ੍ਰੀਤਮ ਦੀ ਪੋਤੀ ਦਾ ਖਿਆਲ ਆਇਆ, ਜਿਸ ਨੂੰ ਪਿਛਲੇ ਵਰ੍ਹੇ ਇਕ ਨਾਮੀ ਸਕੂਲ ਦੀ ਬੱਸ ਸਵੇਰੇ-ਸਵੇਰੇ ਹੀ ਫ਼ੇਟ ਮਾਰ ਗਈ ਸੀ। ਜਦੋਂ ਸ਼ਾਮ ਲਾਲ ਨੇ ਦੱਸਿਆ ਕਿ ਉਹ ਵਿਚਾਰੀ ਤਾਂ ਰੀੜ੍ਹ ਦੀ ਹੱਡੀ ਨਕਾਰਾ ਹੋ ਜਾਣ ਕਾਰਨ ਹੁਣ ਸਦਾ ਲਈ ਮੰਜੇ 'ਤੇ ਹੀ ਹੈ ਤਾਂ ਸ਼ਾਮ ਲਾਲ ਦੇ ਨਾਲ-ਨਾਲ ਬੰਤਾ ਸਿਹੁੰ ਦੀਆਂ ਵੀ ਅੱਖਾਂ ਭਰ ਆਈਆਂ। ਗ਼ਮਗੀਨ ਹੋਏ ਉਹ ਦੋਵੇਂ ਚੁੱਪ ਕਰ ਗਏ। ਅਖ਼ਬਾਰਾਂ 'ਚ ਅਜਿਹੀਆਂ ਹੀ ਵਾਪਰਦੀਆਂ, ਕੁਝ ਹੋਰ ਘਟਨਾਵਾਂ ਦੀਆਂ ਸੁਰਖੀਆਂ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ। ਤੁਰਦੇ-ਤੁਰਦੇ ਉਹ ਪਿੰਡ ਦੀ ਫ਼ਿਰਨੀ ਕੋਲ ਹੀ ਪੁੱਜੇ ਸਨ ਕਿ ਅੱਗਿਓਂ ਇਕ ਹੋਰ ਕਾਲਜ ਦੀ ਬੱਸ ਮੋੜ ਕੱਟ ਰਹੀ ਸੀ। ਉਸ ਦਾ ਵੀ ਪੀਲਾ ਰੰਗ ਵੇਖ ਕੇ ਬੰਤਾ ਸਿਹੁੰ ਨੂੰ ਸਵੇਰੇ ਚਰੀ ਵੱਢਦਿਆਂ ਉੱਥੇ ਲੱਗਾ ਭਰਿੰਡਾਂ ਦਾ ਖੱਖਰ ਯਾਦ ਆ ਗਿਆ। ਆਪਣੇ ਦੁਆਲੇ ਘੁੰਮਦੀਆਂ ਇਨ੍ਹਾਂ ਭਰਿੰਡਾਂ ਕੋਲੋਂ ਉਸ ਨੇ ਮਸਾਂ ਹੀ ਆਪਣੇ ਸਾਫ਼ੇ ਨਾਲ ਬਚਾਅ ਕੀਤਾ ਸੀ। ਜਿਉਂ ਹੀ ਇਹ ਬੱਸ ਮੋੜ ਕੱਟ ਕੇ ਉਨ੍ਹਾਂ ਦੇ ਕੋਲੋਂ ਲੰਘਣ ਲੱਗੀ ਤਾਂ ਆਪਣੇ ਸਾਥੀ ਨੂੰ ਹੱਥ ਦੇ ਇਸ਼ਾਰੇ ਨਾਲ ਪਾਸੇ ਕਰਦਿਆਂ ਬੰਤਾਂ ਸਿਹੁੰ ਤਾਂ ਜਿਵੇਂ ਫ਼ਿੱਸ ਹੀ ਪਿਆ, 'ਬਚ ਲੈ ਭਰਾਵਾ, ਇਹ ਤਾਂ ਚਲਦੀਆਂ-ਫ਼ਿਰਦੀਆਂ ਭਰਿੰਡਾਂ, ਪਤਾ 'ਨੀ ਕਿਹੜੇ ਵੇਲੇ ਕਿਸ ਨੂੰ ਡੰਗ ਲੈਣ।'
ਚਿੰਤਾਤੁਰ ਸ਼ਾਮ ਲਾਲ ਨੂੰ ਬੰਤਾ ਸਿਹੁੰ ਦੀ ਇਹ ਟਿੱਪਣੀ ਸੋਲਾਂ ਆਨੇ ਸੱਚ ਜਾਪ ਰਹੀ ਸੀ।

-ਬਗੀਚੀ ਮੁਹੱਲਾ, ਮਾਹਿਲਪੁਰ (ਹੁਸ਼ਿਆਰਪੁਰ)।
ਮੋਬਾ: 98550-24495


ਖ਼ਬਰ ਸ਼ੇਅਰ ਕਰੋ

ਪਰੰਪਰਾਗਤ ਆਟਾ ਪੀਸਣ ਦਾ ਪੁਰਾਣਾ ਯੰਤਰ ਘਰਾਟ

ਪਿਆਰੇ ਬੱਚਿਓ, ਤੁਸੀਂ ਆਪਣੇ ਦਾਦਾ ਜੀ ਜਾਂ ਦਾਦੀ ਜੀ ਤੋਂ 'ਘਰਾਟ' ਬਾਰੇ ਸੁਣਿਆ ਹੋਵੇਗਾ। 'ਘਰਾਟ' ਪੁਰਾਣੇ ਸਮੇਂ ਦਾ ਆਟਾ ਪੀਹਣ ਵਾਲਾ ਇਕ ਪਰੰਪਰਾਗਤ ਯੰਤਰ ਜਾਂ ਮਸ਼ੀਨ ਹੈ, ਜਿਸ ਨੂੰ ਪਣਚੱਕੀ ਵੀ ਕਿਹਾ ਜਾਂਦਾ ਹੈ। ਚੱਕੀ ਦੇ ਦੋ ਪੁੜਾਂ ਦੀ ਮਦਦ ਨਾਲ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਨਦੀ, ਨਾਲਿਆਂ ਅਤੇ ਪਹਾੜੀ ਝਰਨਿਆਂ ਦੇ ਪਾਣੀ ਨਾਲ ਇਸ ਨੂੰ ਚਲਾਇਆ ਜਾਂਦਾ ਹੈ। ਆਟਾ ਪੀਸਣ ਵਾਲੀ ਚੱਕੀ ਦੇ ਦੋ ਪੁੜਾਂ ਵਿਚੋਂ ਹੇਠਲੇ ਪੁੜ ਨੂੰ ਸਥਿਰ ਰੱਖ ਕੇ ਉਪਰਲੇ ਪੁੜ ਜਾਂ ਪੱਥਰ ਨੂੰ ਜਲ ਸ਼ਕਤੀ ਨਾਲ ਘੁਮਾਇਆ ਜਾਂਦਾ ਹੈ। ਉਪਰਲੇ ਪੁੜ ਦੇ ਘੁੰਮਣ ਨਾਲ ਸਮੁੱਚੇ ਯੰਤਰ ਵਿਚ ਕੰਪਣ ਪੈਦਾ ਹੁੰਦੀ ਹੈ ਅਤੇ ਗਰੂਤਾ ਦੇ ਅਸਰ ਅਧੀਨ ਪਰਨਾਲੇ ਰਾਹੀਂ ਕਣਕ ਜਾਂ ਮੱਕੀ ਦੇ ਦਾਣੇ ਨਿਸਚਿਤ ਦਰ ਨਾਲ ਡਿਗਦੇ ਰਹਿੰਦੇ ਹਨ। ਉਪਰਲੇ ਪੁੜ ਨੂੰ ਘੁਮਾਉਣ ਲਈ ਵਗਦੇ ਪਾਣੀ ਦਾ ਵੇਗ ਜਾਂ ਡਿਗ ਰਹੇ ਪਾਣੀ ਦੀ ਗਤਿਜ ਊਰਜਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਕ ਧੁਰੇ ਦੇ ਉਪਰਲੇ ਸਿਰੇ ਨਾਲ ਘੁੰਮਣ ਵਾਲੇ ਪੁੜ ਨੂੰ ਕੱਸਿਆ ਹੁੰਦਾ ਹੈ ਅਤੇ ਦੂਜੇ ਸਿਰੇ 'ਤੇ ਪੱਖਿਆਂ ਵਾਲੇ ਇਕ ਪਹੀਏ ਨੂੰ ਕੱਸਿਆ ਹੁੰਦਾ ਹੈ। ਗਤੀਸ਼ੀਲ ਪਾਣੀ ਜਦੋਂ ਇਸ ਪਹੀਏ ਦੇ ਪੱਖਿਆਂ ਨੂੰ ਘੁਮਾਉਂਦਾ ਹੈ ਤਾਂ ਉਪਰਲਾ ਪੁੜ ਵੀ ਗਤੀ ਵਿਚ ਆ ਜਾਂਦਾ ਹੈ, ਜਿਸ ਨਾਲ ਰਗੜ ਪੈਦਾ ਹੁੰਦੀ ਹੈ ਅਤੇ ਕਣਕ ਜਾਂ ਮੱਕੀ ਦੇ ਦਾਣੇ ਪੀਸੇ ਜਾਂਦੇ ਹਨ। ਇਕ 'ਘਰਾਟ' ਦਿਨ-ਰਾਤ ਵਿਚ ਲਗਪਗ 10 ਕੁਇੰਟਲ ਪੀਹਣ ਪੀਹ ਸਕਦਾ ਹੈ। 'ਘਰਾਟ' ਦੁਆਰਾ ਪੀਸਿਆ ਆਟਾ ਮਨੁੱਖੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ। ਇਸ ਵਿਚ ਫਾਈਬਰ ਵੱਡੀ ਮਾਤਰਾ ਵਿਚ ਪਾਈ ਜਾਂਦੀ ਹੈ। ਆਧੁਨਿਕ ਵਿਗਿਆਨ ਦੀ ਤਰੱਕੀ ਕਾਰਨ ਪਿੰਡਾਂ ਤੇ ਸ਼ਹਿਰਾਂ ਵਿਚ ਬਿਜਲਈ ਚੱਕੀਆਂ ਲੱਗ ਜਾਣ ਕਾਰਨ ਸਾਡੀ ਵਿਰਾਸਤ ਦਾ ਅੰਗ 'ਘਰਾਟ' ਅੱਜ ਅਲੋਪ ਹੋ ਗਏ ਹਨ। ਪਰ ਹਿਮਾਚਲ ਪ੍ਰਦੇਸ਼ ਵਿਚ ਉੱਚੇ ਪਹਾੜੀ ਪਿੰਡਾਂ ਦੇ ਝਰਨਿਆਂ 'ਤੇ ਵਿਰਲੇ-ਵਿਰਲੇ ਘਰਾਟ ਅੱਜ ਵੀ ਦੇਖਣ ਨੂੰ ਮਿਲਦੇ ਹਨ। ਆਪਣੇ ਸੱਭਿਆਚਾਰ ਦੀ ਪਹਿਚਾਣ ਲਈ 'ਘਰਾਟ' ਸਬੰਧੀ ਜਾਣਕਾਰੀ ਸਾਡੇ ਗਿਆਨ ਵਿਚ ਵਾਧਾ ਕਰੇਗੀ। ਆਓ, ਕਿਸੇ ਪਹਾੜੀ ਸੈਰਗਾਹ ਦਾ ਆਨੰਦ ਮਾਣਦੇ ਹੋਏ 'ਘਰਾਟ' ਦੇ ਦਰਸ਼ਨ ਕਰੀਏ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94175-87207

ਹਵਾਈ ਜਹਾਜ਼ਾਂ ਦੀਆਂ ਕਿਸਮਾਂ

ਬੱਚਿਓ, ਕੋਈ ਵੀ ਵਾਹਨ, ਜੋ ਹਵਾ ਵਿਚ ਉੱਡਦਾ ਹੈ, ਨੂੰ ਹਵਾਈ ਜਹਾਜ਼ ਕਹਿੰਦੇ ਹਨ। ਇਹ ਸਮੁੰਦਰਾਂ ਅਤੇ ਪਰਬਤਾਂ ਵਰਗੀਆਂ ਔਕੜਾਂ ਨੂੰ ਕੁਝ ਹੀ ਸਮੇਂ ਵਿਚ ਪਾਰ ਕਰ ਜਾਂਦੇ ਹਨ। ਫੌਜ ਵਿਚ ਵਰਤੇ ਜਾਣ ਵਾਲੇ ਏਅਰ ਕਰਾਫਟ ਇਕ ਗੁੰਝਲਦਾਰ ਮਸ਼ੀਨ ਹੁੰਦੇ ਹਨ, ਜਿਨ੍ਹਾਂ ਦਾ ਢਾਂਚਾ ਐਲੂਮੀਨੀਅਮ ਵਰਗੀ ਭਾਰੀ ਧਾਤ ਅਤੇ ਉੱਚ ਦਰਜੇ ਦੀ ਪਲਾਸਟਿਕ ਦਾ ਬਣਿਆ ਹੁੰਦਾ ਹੈ। ਕਿਸਮਾਂ :
* ਦੋਹਰੇ ਖੰਭਾਂ ਵਾਲੇ : ਇਸ ਕਿਸਮ ਦੇ ਏਅਰ ਕਰਾਫਟ ਦੇ ਢਾਂਚੇ ਦੇ ਦੋਵੇਂ ਪਾਸੇ 2-2 ਖੰਭ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਦੂਜੇ ਸੰਸਾਰ ਯੁੱਧ (1939 ਤੋਂ 1945) ਵਿਚ ਕੀਤੀ ਜਾਂਦੀ ਸੀ।
* ਆਵਾਜਾਈ ਕਰਨ ਵਾਲੇ : ਲੜਾਈ ਦੇ ਦਿਨਾਂ ਵਿਚ ਫੌਜੀ ਜਵਾਨ ਅਤੇ ਸਾਮਾਨ ਇਨ੍ਹਾਂ ਵਿਚ ਭੇਜਿਆ ਜਾਂਦਾ ਹੈ। ਅੱਜਕਲ੍ਹ ਭਾਰੇ ਏਅਰ ਕਰਾਫਟ ਵੀ ਤਿਆਰ ਹੋਣ ਲੱਗ ਪਏ ਹਨ, ਜਿਨ੍ਹਾਂ ਵਿਚ ਟੈਂਕਾਂ ਨੂੰ ਵੀ ਢੋਇਆ ਜਾਂਦਾ ਹੈ।
* ਗੁਬਾਰੇ : ਇਹ ਹਵਾ ਨਾਲੋਂ ਹਲਕੇ ਹੁੰਦੇ ਹਨ। ਇਨ੍ਹਾਂ ਵਿਚ ਗੈਸ ਜਾਂ ਗਰਮ ਹਵਾ ਭਰੀ ਜਾਂਦੀ ਹੈ, ਜਿਸ ਦੀ ਮਦਦ ਨਾਲ ਇਹ ਆਕਾਸ਼ ਵਿਚ ਉੱਡ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਮਨੋਰੰਜਨ ਅਤੇ ਖੇਡਾਂ ਲਈ ਕੀਤੀ ਜਾਂਦੀ ਹੈ।
* ਗਲਾਈਡਰਜ਼ : ਇਹ ਵੀ ਮਨੋਰੰਜਨ ਅਤੇ ਖੇਡਾਂ ਖੇਡਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਵਿਚ ਕੋਈ ਇੰਜਣ ਨਹੀਂ ਹੁੰਦਾ, ਸਗੋਂ ਇਹ ਹਵਾ ਦੇ ਪ੍ਰਭਾਵ ਨਾਲ ਹੀ ਉੱਡਦੇ ਹਨ।
* ਕੋਨਕੋਰਡੇ : ਇਹ ਆਧੁਨਿਕ ਏਅਰ ਕਰਾਫ਼ਟ ਹਨ, ਜੋ ਆਵਾਜ਼ ਦੀ ਰਫ਼ਤਾਰ (1240 ਕਿ: ਮੀ:/ਘੰਟਾ) ਤੋਂ ਵੀ ਤੇਜ਼ ਉੱਡ ਸਕਦੇ ਹਨ। ਉੱਡਣ ਸਮੇਂ ਇਹ ਸ਼ੋਰ ਬਹੁਤ ਕਰਦੇ ਹਨ ਅਤੇ ਈਂਧਣ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ।

-ਨਿਊ ਕੁੰਦਨਪੁਰੀ, ਲੁਧਿਆਣਾ।

ਬਾਲ ਗੀਤ

ਚੰਗੇ ਗੁਣ

ਨਿਮਰਤਾ ਦੇ ਵਿਚ ਰਹਿਣਾ ਸਿੱਖੋ,
ਜੀ-ਜੀ ਬੱਚਿਓ ਕਹਿਣਾ ਸਿੱਖੋ।
ਮਾਪੇ ਹੁੰਦੇ ਰੂਪ ਰੱਬ ਦਾ,
ਇਨ੍ਹਾਂ ਦੇ ਪੈਰੀਂ ਪੈਣਾ ਸਿੱਖੋ।
ਮਾਪੇ ਨਹੀਂ ਮਿਲਦੇ ਫੇਰ ਦੁਬਾਰਾ,
ਇਨ੍ਹਾਂ ਦਾ ਲਾਹਾ ਲੈਣਾ ਸਿੱਖੋ।
ਮਾੜੀ ਸੰਗਤ ਕਦੇ ਨਹੀਂ ਕਰਨੀ,
ਚੰਗਿਆਂ ਦੇ ਵਿਚ ਬਹਿਣਾ ਸਿੱਖੋ।
ਝੂਠ ਬੋਲਣਾ ਮਾੜੀ ਆਦਤ,
ਸੱਚ 'ਤੇ ਪਹਿਰਾ ਦੇਣਾ ਸਿੱਖੋ।
ਮੋਬਾਈਲਾਂ ਨਾਲ ਨਾ ਚੁੰਬੜੇ ਰਹਿਣਾ,
ਮਾਪਿਆਂ ਕੋਲ ਵੀ ਬਹਿਣਾ ਸਿੱਖੋ।
ਮਾਪੇ ਸਦਾ ਹੀ ਭਲਾ ਨੇ ਚਾਹੁੰਦੇ,
ਇਨ੍ਹਾਂ ਦਾ ਮੰਨਣਾ ਕਹਿਣਾ ਸਿੱਖੋ।

-ਮਨਪ੍ਰੀਤ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 97790-43348

ਬਾਲ ਗੀਤ

ਪੁਸਤਕ ਕਹਿੰਦੀ

ਪੁਸਤਕ ਕਹਿੰਦੀ ਸੁਣ ਲਵੋ ਬਾਤ,
ਅੱਖਰਾਂ ਵਿਚ ਚਮਕੇ ਪ੍ਰਭਾਤ।
ਮੇਰੇ ਕੋਲ ਆਓ ਮੇਰੇ ਦੋਸਤੋ,
ਹਨੇਰੇ ਨੂੰ ਦੂਰ ਭਜਾਓ ਦੋਸਤੋ।
ਮੈਂ ਹਾਂ ਚਮਕਦੇ ਸੂਰਜ ਦੀ ਬਰਾਤ,
ਪੁਸਤਕ ਕਹਿੰਦੀ......।
ਦੁਨੀਆ ਵਾਲੀ ਕਦੇ ਸਮਝ ਨਾ ਆਈ,
ਨਾ ਇਹ ਆਪਣੀ, ਨਾ ਇਹ ਪਰਾਈ।
ਕਿਤਾਬ 'ਚੋਂ ਲੱਭੇ ਜੀਵਨ ਸੌਗਾਤ,
ਪੁਸਤਕ ਕਹਿੰਦੀ........।
ਸ਼ਬਦਾਂ ਦਾ ਜੋ ਸਾਥ ਨਿਭਾਉਂਦੇ,
ਝੋਲੀ ਹੀਰੇ-ਮੋਤੀ ਉਹ ਪਾਉਂਦੇ।
ਹੁੰਦੀ ਕਿਰਨਾਂ ਨਾਲ ਮੁਲਾਕਾਤ,
ਪੁਸਤਕ ਕਹਿੰਦੀ........।
ਤੁਰਦੀ ਜ਼ਿੰਦਗੀ ਜਦ ਰੁਕ ਜਾਵੇ,
'ਵਿਵੇਕ' ਕੁਝ ਵੀ ਨਜ਼ਰ ਨਾ ਆਵੇ।
ਪੜ੍ਹੋ ਕਿਤਾਬਾਂ ਫਿਰ ਦਿਨ-ਰਾਤ,
ਪੁਸਤਕ ਕਹਿੰਦੀ ਸੁਣ ਲਵੋ ਬਾਤ।

-ਵਿਵੇਕ,
ਕੋਟ ਈਸੇ ਖਾਂ (ਮੋਗਾ)।
ਮੋਬਾ: 94633-84051

ਬਾਲ ਨਾਵਲ-2

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ
ਸਨਿਚਰਵਾਰ ਦਾ ਅੰਕ ਦੇਖੋ)

'ਨਵਰਾਜ', ਸੁਖਮਨੀ ਨੇ ਛੋਟੇ ਭਰਾ ਨੂੰ ਆਵਾਜ਼ ਦਿੱਤੀ।
'ਆ ਗਿਆ, ਦੀਦੀ।'
'ਚਲੋ, ਕਿਤਾਬਾਂ ਲੈ ਆਓ, ਹੋਮ ਵਰਕ ਕਰਨ ਦਾ ਵਕਤ ਹੋ ਗਿਐ', ਕਹਿੰਦਿਆਂ ਸੁਖਮਨੀ ਆਪਣੀਆਂ ਕਿਤਾਬਾਂ-ਕਾਪੀਆਂ ਲੈ ਕੇ ਮੇਜ਼ ਕੋਲ ਪਈ ਕੁਰਸੀ 'ਤੇ ਬੈਠ ਗਈ। ਨਵਰਾਜ ਆਪਣਾ ਪੂਰਾ ਬਸਤਾ ਲੈ ਕੇ ਹੀ ਦੀਦੀ ਦੇ ਨੇੜੇ ਆ ਕੇ ਬੈਠ ਗਿਆ। ਹੁਣ ਉਹ ਦੋਵੇਂ ਆਪੋ-ਆਪਣਾ ਹੋਮ-ਵਰਕ ਕਰਨ ਲੱਗੇ।
ਸੁਖਮਨੀ ਛੇਵੀਂ ਕਲਾਸ ਵਿਚ ਪੜ੍ਹਦੀ ਸੀ ਅਤੇ ਉਸ ਦਾ ਛੋਟਾ ਭਰਾ ਨਵਰਾਜ ਤੀਸਰੀ ਕਲਾਸ ਵਿਚ। ਸੁਖਮਨੀ ਪੜ੍ਹਾਈ ਵਿਚ ਹੁਸ਼ਿਆਰ ਸੀ। ਉਹ ਸਕੂਲੋਂ ਆ ਕੇ, ਖਾਣਾ ਖਾ ਕੇ ਥੋੜ੍ਹਾ ਆਰਾਮ ਕਰਦੀ ਅਤੇ ਫੇਰ ਉੱਠ ਕੇ ਆਪਣਾ ਹੋਮ ਵਰਕ ਕਰਨ ਲੱਗ ਪੈਂਦੀ। ਨਵਰਾਜ ਪੜ੍ਹਾਈ ਵਲੋਂ ਥੋੜ੍ਹਾ ਲਾਪ੍ਰਵਾਹ ਸੀ। ਉਸ ਦਾ ਬਹੁਤਾ ਧਿਆਨ ਮੋਬਾਈਲ ਉੱਪਰ ਖੇਡਾਂ ਵੱਲ, ਟੀ. ਵੀ. ਵੱਲ ਜਾਂ ਸ਼ਰਾਰਤਾਂ ਵੱਲ ਹੁੰਦਾ। ਉਹ ਹੋਮਵਰਕ ਵੀ ਕਦੀ ਕਰ ਲੈਂਦਾ ਅਤੇ ਕਦੀ ਨਾਗਾ ਪਾ ਜਾਂਦਾ। ਪਿਛਲੇ ਕੁਝ ਦਿਨਾਂ ਤੋਂ ਸੁਖਮਨੀ ਜਦੋਂ ਆਪਣੇ ਸਕੂਲ ਦਾ ਕੰਮ ਕਰਨ ਲਗਦੀ ਤਾਂ ਉਹ ਨਵਰਾਜ ਨੂੰ ਬੁਲਾ ਕੇ ਆਪਣੇ ਕੋਲ ਬਿਠਾ ਲੈਂਦੀ ਅਤੇ ਉਸ ਨੂੰ ਸਕੂਲ ਦਾ ਕੰਮ ਕਰਨ ਲਈ ਕਹਿੰਦੀ। ਚਾਰ-ਪੰਜ ਦਿਨ ਤਾਂ ਨਵਰਾਜ ਬੜਾ ਔਖਾ ਹੋਇਆ ਪਰ ਹੁਣ ਉਹ ਚੁੱਪ-ਚਾਪ ਆਪੇ ਭੈਣ ਕੋਲ ਬੈਠ ਕੇ ਸਕੂਲ ਦਾ ਕੰਮ ਕਰਨ ਲਗਦਾ। ਜੇ ਕਿਸੇ ਚੀਜ਼ ਦੀ ਉਸ ਨੂੰ ਸਮਝ ਨਾ ਲੱਗਦੀ ਤਾਂ ਉਹ ਭੈਣ ਕੋਲੋਂ ਪੁੱਛ ਲੈਂਦਾ।
.........
ਸੁਖਮਨੀ ਅਤੇ ਨਵਰਾਜ ਸ਼ਹਿਰ ਦੇ ਵਧੀਆ ਸਕੂਲ ਵਿਚ ਪੜ੍ਹਦੇ ਸਨ। ਉਹ ਆਪਣੇ ਮਾਂ-ਪਿਓ ਦੇ ਲਾਡਲੇ ਬੱਚੇ ਸਨ। ਪਰ ਉਨ੍ਹਾਂ ਦੇ ਮਾਂ-ਪਿਓ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਵਹਿ ਗਏ ਲਗਦੇ ਸਨ। ਉਨ੍ਹਾਂ ਦੇ ਪਾਪਾ ਇੰਦਰਪ੍ਰੀਤ ਸ਼ਹਿਰ ਦੇ ਬਾਹਰਵਾਰ ਬਣੇ ਫ਼ੋਕਲ ਪੁਆਇੰਟ ਵਿਚ ਇਕ ਫੈਕਟਰੀ ਚਲਾ ਰਿਹਾ ਸੀ। ਉਸ ਦੇ ਕੰਮਾਂ ਦਾ ਖਿਲਾਰਾ ਕਾਫ਼ੀ ਵੱਡਾ ਸੀ ਪਰ ਉਹ, ਉਸ ਨੂੰ ਹੋਰ ਵਡੇਰਾ ਕਰਨ ਦੇ ਚੱਕਰ ਵਿਚ ਪਿਆ ਰਹਿੰਦਾ। ਉਹ ਸ਼ਹਿਰ ਦਾ ਜੰਮ-ਪਲ ਹੋਣ ਕਰਕੇ, ਉਸ ਦਾ ਪਿੰਡਾਂ ਨਾਲ ਲਗਾਓ ਕਾਫ਼ੀ ਘੱਟ ਸੀ। ਉਸ ਨੂੰ ਸ਼ਹਿਰ ਦੀ ਸ਼ੋਰ-ਸ਼ਰਾਬੇ ਵਾਲੀ ਜ਼ਿੰਦਗੀ ਜ਼ਿਆਦਾ ਪਸੰਦ ਸੀ।
ਬੱਚਿਆਂ ਦੀ ਮੰਮੀ, ਰਹਿਮਤ ਭਾਵੇਂ ਪਿੰਡ ਦੀ ਜੰਮ-ਪਲ ਸੀ ਪਰ ਸ਼ਹਿਰ ਵਿਆਹੀ ਜਾਣ ਕਰਕੇ ਉਹ ਵੀ ਆਪਣੇ ਪਤੀ ਇੰਦਰਪ੍ਰੀਤ ਦੇ ਰੰਗ ਵਿਚ ਰੰਗੀ ਜਾਣ ਲੱਗੀ ਸੀ। ਉਸ ਨੂੰ ਸ਼ਹਿਰ ਦੀ ਮਾਡਰਨ ਸੁਸਾਇਟੀ ਦਾ ਹਿੱਸਾ ਬਣਨ ਦਾ ਬੇਹੱਦ ਸ਼ੌਕ ਜਾਗ ਪਿਆ ਸੀ। ਇਸੇ ਕਰਕੇ ਉਸ ਕੋਲ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਵੱਲ ਧਿਆਨ ਦੇਣ ਲਈ ਬਹੁਤਾ ਵਕਤ ਨਹੀਂ ਸੀ ਬਚਦਾ।
ਸੁਖਮਨੀ ਅਤੇ ਨਵਰਾਜ ਕਾਫ਼ੀ ਸਮਾਂ ਪੜ੍ਹਾਈ ਵਿਚ, ਮੋਬਾਈਲ ਵਿਚ ਜਾਂ ਟੀ.ਵੀ. ਵਿਚ ਰੁੱਝੇ ਰਹਿੰਦੇ ਪਰ ਇਸ ਦੇ ਬਾਵਜੂਦ ਉਹ ਕਈ ਵਾਰੀ ਬੜਾ ਇਕੱਲਾਪਣ ਮਹਿਸੂਸ ਕਰਦੇ। ਇਸੇ ਕਰਕੇ ਉਨ੍ਹਾਂ ਨੂੰ ਆਪਣੇ ਵੱਡੇ ਅਤੇ ਆਧੁਨਿਕ ਸਹੂਲਤਾਂ ਵਾਲੇ ਘਰ ਨਾਲੋਂ ਨਾਨਾ ਜੀ-ਨਾਨੀ ਜੀ ਦੇ ਸਾਦ-ਮੁਰਾਦੇ ਘਰ ਨਾਲ ਜ਼ਿਆਦਾ ਮੋਹ ਸੀ। ਸਕੂਲੋਂ ਕੋਈ ਵੀ ਛੁੱਟੀਆਂ ਹੋਣ 'ਤੇ ਉਹ ਉੱਡ ਕੇ ਨਾਨਾ ਜੀ-ਨਾਨੀ ਜੀ ਕੋਲ ਪਹੁੰਚਣਾ ਚਾਹੁੰਦੇ ਸਨ।

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001
ਮੋਬਾਈਲ : 98889-24664

ਤੇਜ਼ ਬਣਨ ਦੀ ਲੋੜ

ਇਕ ਦਿਨ ਇਕ ਸਕੂਲ ਅਧਿਆਪਕ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲੈਣੀ ਚਾਹੀ। ਉਸ ਨੇ ਆਪਣੀ ਕਲਾਸ ਦੇ ਤਿੰਨ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਚੁਣਿਆ, ਜੋ ਤਿੰਨੇ ਹੀ ਇਕ-ਦੂਜੇ ਤੋਂ ਵੱਧ ਹੁਸ਼ਿਆਰ ਸਨ। ਅਧਿਆਪਕ ਨੇ ਕਿਹਾ ਕਿ ਤੁਸੀਂ ਤਿੰਨਾਂ ਨੇ ਇਕ ਦੌੜ ਲਗਾਉਣੀ ਹੈ। ਅਧਿਆਪਕ ਉਨ੍ਹਾਂ ਨੂੰ ਇਕ ਖਾਲੀ ਸੜਕ ਉੱਤੇ ਲੈ ਗਏ। ਉਥੇ ਉਨ੍ਹਾਂ ਨੇ ਬੱਚਿਆਂ ਨੂੰ ਦੌੜ ਲਗਾਉਣ ਲਈ ਦੋ ਸਾਈਕਲਾਂ ਦੇ ਦਿੱਤੀਆਂ। ਬੱਚੇ ਤਿੰਨ ਸੀ ਪਰ ਸਾਈਕਲ ਦੋ ਸਨ। ਅਧਿਆਪਕ ਨੇ ਬੱਚਿਆਂ ਨੂੰ ਸਾਈਕਲ ਚੁਣਨ ਲਈ ਕਿਹਾ ਤਾਂ ਦੋ ਬੱਚਿਆਂ ਨੇ ਸਾਈਕਲਾਂ ਲੈ ਲਈਆਂ ਪਰ ਇਕ ਨੇ ਸਾਈਕਲ ਨਾ ਲਈ। ਉਹ ਦੋਵੇਂ ਖੁਸ਼ ਸਨ ਕਿ ਸਾਈਕਲ 'ਤੇ ਰੇਸ ਲਗਾ ਕੇ ਤਾਂ ਉਹ ਹੀ ਅੱਵਲ ਆਉਣਗੇ। ਹੁਣ ਦੌੜ ਸ਼ੁਰੂ ਹੋਣ ਵਾਲੀ ਸੀ। ਤਿੰਨੇ ਬੱਚੇ ਲਾਈਨ ਵਿਚ ਖੜ੍ਹ ਗਏ। ਸੀਟੀ ਵੱਜਣ 'ਤੇ ਦੌੜ ਸ਼ੁਰੂ ਹੋ ਗਈ। ਸਾਈਕਲ ਵਾਲੇ ਬੱਚੇ ਖੁਸ਼ੀ-ਖੁਸ਼ੀ ਅੱਗੇ ਜਾ ਰਹੇ ਸੀ ਪਰ ਪੈਦਲ ਦੌੜਨ ਵਾਲਾ ਵਿਦਿਆਰਥੀ ਪਿੱਛੇ ਸੀ। ਸਾਈਕਲ ਵਾਲਾ ਇਕ ਬੱਚਾ ਥੋੜ੍ਹੀ ਹੀ ਦੂਰ ਗਿਆ ਸੀ ਕਿ ਉਸ ਦੀ ਸਾਈਕਲ ਖਰਾਬ ਹੋ ਗਈ। ਉਸ ਨੂੰ ਚਿੰਤਾ ਹੋ ਗਈ। ਉਹ ਆਪਣੀ ਸਾਈਕਲ ਠੀਕ ਕਰਨ ਲੱਗ ਪਿਆ। ਦੂਜਾ ਵਿਦਿਆਰਥੀ ਉਸ ਦੇ ਕੋਲੋਂ ਦੀ ਉਸ ਨੂੰ ਚਿੜ੍ਹਾ ਕੇ ਅੱਗੇ ਲੰਘ ਗਿਆ ਤੇ ਪੈਦਲ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਸੀ। ਪਰ ਹੋਇਆ ਇਹ ਕਿ ਦੂਜੇ ਵਿਦਿਆਰਥੀ ਦੀ ਸਾਈਕਲ ਵੀ ਥੋੜ੍ਹੀ ਦੂਰ ਜਾ ਕੇ ਖਰਾਬ ਹੋ ਗਈ। ਤੀਜਾ ਵਿਦਿਆਰਥੀ ਦੌੜਦਾ ਹੋਇਆ ਉਨ੍ਹਾਂ ਦੋਵਾਂ ਦੇ ਕੋਲੋਂ ਦੀ ਅੱਗੇ ਲੰਘ ਗਿਆ। ਜਦੋਂ ਤੱਕ ਸਾਈਕਲ ਵਾਲੇ ਵਿਦਿਆਰਥੀ ਉਥੇ ਪਹੁੰਚੇ, ਉਦੋਂ ਤੱਕ ਪੈਦਲ ਦੌੜਨ ਵਾਲਾ ਵਿਦਿਆਰਥੀ ਨਿਸ਼ਾਨੇ 'ਤੇ ਪਹੁੰਚ ਚੁੱਕਾ ਸੀ। ਦੌੜ ਸਮਾਪਤ ਹੋਣ ਤੋਂ ਬਾਅਦ ਅਧਿਆਪਕ ਨੇ ਬੱਚਿਆਂ ਨੂੰ ਕੋਲ ਬੁਲਾਇਆ ਤੇ ਸਮਝਾਇਆ ਕਿ ਬੱਚਿਓ, ਸਾਨੂੰ ਸਫ਼ਲ ਬਣਾਉਣ ਲਈ ਸਾਧਨ ਸੀਮਤ ਹਨ ਤੇ ਉਨ੍ਹਾਂ ਦਾ ਵੀ ਕੋਈ ਭਰੋਸਾ ਨਹੀਂ। ਜ਼ਿੰਦਗੀ ਵਿਚ ਅੱਵਲ ਆਉਣ ਨਾਲੋਂ ਤੇਜ਼ ਬਣਨਾ ਕਿਤੇ ਵਧੇਰੇ ਜ਼ਰੂਰੀ ਹੈ। ਕਿਉਂਕਿ ਪਹਿਲੇ ਨੰਬਰ ਵਾਲਾ ਕਦੇ ਵੀ ਪਿੱਛੇ ਰਹਿ ਸਕਦਾ ਹੈ ਪਰ ਸਭ ਤੋਂ ਤੇਜ਼ (ਫਾਸਟਰ) ਹਮੇਸ਼ਾ ਅੱਗੇ ਵਾਲੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

-ਜ਼ਿਲ੍ਹਾ ਸੰਗਰੂਰ।

ਬਾਲ ਸਾਹਿਤ

ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼
ਲੇਖਕ : ਮਨਜੀਤ ਸਿੰਘ ਘੜੈਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਸਫੇ : 24, ਮੁੱਲ : 75 ਰੁਪਏ
ਸੰਪਰਕ : 98153-91625

ਮਨਜੀਤ ਸਿੰਘ ਘੜੈਲੀ ਵਲੋਂ ਲਿਖੀ ਪਲੇਠੀ ਬਾਲ ਪੁਸਤਕ 'ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼' ਵਿਚ ਦੋ ਕਾਵਿ-ਕਹਾਣੀਆਂ 'ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼', 'ਤਿੱਤਲੀ ਤੇ ਸ਼ਹਿਦ ਦੀ ਮੱਖੀ' ਤੋਂ ਇਲਾਵਾ 8 ਹੋਰ ਕਵਿਤਾਵਾਂ ਹਨ। ਦੋਵੇਂ ਕਾਵਿ-ਕਹਾਣੀਆਂ ਬੜੀਆਂ ਹੀ ਰੌਚਕ ਤੇ ਸਿੱਖਿਆਦਾਇਕ ਹਨ। ਛੋਟੇ-ਛੋਟੇ ਵਾਕਾਂ ਨੂੰ ਬੜੇ ਹੀ ਕਾਵਿਮਈ ਢੰਗ ਨਾਲ ਕਹਾਣੀ ਦਾ ਰੂਪ ਦਿੱਤਾ ਹੈ। ਬਾਲਾਂ ਦੀ ਨਜ਼ਰ ਵਿਚ ਖ਼ਰਗੋਸ਼ ਬੜਾ ਹੀ ਭੋਲਾ ਤੇ ਮਾਸੂਮ ਜਾਨਵਰ ਹੈ ਪਰ ਲੇਖਕ ਨੇ ਕਾਵਿ-ਕਹਾਣੀ ਵਿਚ ਖ਼ਰਗੋਸ਼ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ ਹੈ। ਦੂਜੀ ਕਾਵਿ-ਕਹਾਣੀ ਵੀ ਨਵੇਂ ਢੰਗ ਨਾਲ ਪੇਸ਼ ਕੀਤੀ ਹੈ, ਅੰਤ ਬਾਲਾਂ ਨੂੰ ਸਿੱਖਿਆ ਵੀ ਦਿੱਤੀ ਹੈ।
'ਕਹਿਣ ਲੱਗੀ ਹੁਣ ਭੈਣ ਮੇਰੀਏ,
ਆਪਾਂ ਮੁੜ ਕਦੇ ਨਹੀਂ ਲੜਨਾ।
ਪਹਿਲਾਂ ਵਾਂਗ ਹੀ ਪਿਆਰ ਵਧਾ ਕੇ,
ਸਬਕ ਏਕਤਾ ਵਾਲਾ ਪੜ੍ਹਨਾ।'... (ਤਿੱਤਲੀ ਤੇ ਸ਼ਹਿਦ ਦੀ ਮੱਖੀ)
ਕਵਿਤਾਵਾਂ ਵਿਚ 'ਘੁੱਗੀਏ ਨੀ ਘੁੱਗੀਏ', 'ਤਿੱਤਲੀ', 'ਰਮਨ ਦੀ ਪੀਂਘ', 'ਰੁੱਤ ਗਰਮੀ ਦੀ ਆਈ', 'ਮੇਲਾ ਦੇਖਣ ਜਾਵਾਂਗੇ', ਇਹ ਸਾਰੀਆਂ ਰਚਨਾਵਾਂ ਬਾਲ ਪਾਠਕਾਂ ਨੂੰ ਪਸੰਦ ਆਉਣਗੀਆਂ। ਕਵਿਤਾਵਾਂ ਵਿਚ ਜ਼ਬਰਦਸਤ ਲੈਅ ਹੈ, ਇਸ ਖੂਬੀ ਕਾਰਨ ਬਾਲ ਪਾਠਕ ਇਨ੍ਹਾਂ ਨੂੰ ਖੁਸ਼ ਹੋ ਕੇ ਗਾਉਣਗੇ। ਭਾਵੇਂ ਇਹ ਲੇਖਕ ਦੀ ਪਲੇਠੀ ਪੁਸਤਕ ਹੈ ਪਰ ਸਾਰੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਅਹਿਸਾਸ ਹੁੰਦਾ ਹੈ ਕਿ ਲੇਖਕ ਨੂੰ ਪੰਜਾਬੀ ਬਾਲ ਸਾਹਿਤ ਦੀ ਪੂਰੀ ਸੂਝ-ਬੂਝ ਹੈ। ਉਸ ਦਾ ਪਹਿਲਾ ਯਤਨ ਹੀ ਸ਼ਲਾਘਾਯੋਗ ਹੈ। ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ। ਆਸ ਹੈ, ਲੇਖਕ ਮਨਜੀਤ ਸਿੰਘ ਘੜੈਲੀ ਹੋਰ ਵਧੀਆ ਪੁਸਤਕਾਂ ਪੰਜਾਬੀ ਬਾਲ ਸਾਹਿਤ ਦੇ ਖਜ਼ਾਨੇ ਵਿਚ ਪਾਏਗਾ। ਪੁਸਤਕ 'ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼' ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ।

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਚੁਟਕਲੇ

* ਮੁੰਡਾ (ਆਪਣੇ ਬਾਪ ਨੂੰ)-ਪਾਪਾ, ਮੈਂ ਵੱਡਾ ਹੋ ਕੇ ਅਜਿਹਾ ਆਦਮੀ ਬਣਾਂਗਾ ਕਿ ਮੇਰੇ ਆਸੇ-ਪਾਸੇ ਗੱਡੀਆਂ ਭੱਜੀਆਂ ਫਿਰਨਗੀਆਂ।
ਬਾਪ-ਤੂੰ ਐਸਾ ਕੀ ਕਰੇਂਗਾ?
ਮੁੰਡਾ-ਟ੍ਰੈਫਿਕ ਵਿਚ ਸਿਪਾਹੀ ਭਰਤੀ ਹੋਵਾਂਗਾ।
* ਚਿੰਟੂ-ਸ਼ਰਟ ਲਈ ਕੋਈ ਵਧੀਆ ਕੱਪੜਾ ਦਿਖਾਵੀਂ।
ਦੁਕਾਨਦਾਰ-ਪਲੇਨ 'ਚ ਦਿਖਾਵਾਂ?
ਚਿੰਟੂ-ਨਹੀਂ, ਹੈਲੀਕਾਪਟਰ 'ਚ ਦਿਖਾ ਦੇ।
* ਪਤੀ-ਮੇਰੇ ਸੀਨੇ ਵਿਚ ਤੇਜ਼ ਦਰਦ ਹੋ ਰਿਹਾ, ਜਲਦੀ ਨਾਲ ਐਂਬੂਲੈਂਸ ਨੂੰ ਬੁਲਾ।
ਪਤਨੀ-ਮੈਂ ਫੋਨ ਕਰਦੀ ਹਾਂ, ਤੁਸੀਂ ਆਪਣੇ ਫੋਨ ਦਾ ਪਾਸਵਰਡ ਦੱਸੋ।
ਪਤੀ-ਰਹਿਣ ਦੇ, ਹੁਣ ਕੁਝ ਠੀਕ ਲੱਗ ਰਿਹਾ ਹੈ।

-ਸ਼ੰਕਰ ਮੋਗਾ
ਮੋਬਾ: 96469-27646





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX