ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 3 hours ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 5 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਹੋਰ ਖ਼ਬਰਾਂ..

ਸਾਡੀ ਸਿਹਤ

ਡਾਇਰੀਆ ਦੀ ਸਮੱਸਿਆ ਬੱਚਿਆਂ ਵਿਚ

ਡਾਇਰੀਆ (ਦਸਤ) ਬੱਚਿਆਂ ਦੀ ਇਕ ਆਮ ਸਮੱਸਿਆ ਹੈ। ਗਰਮੀਆਂ ਅਤੇ ਬਰਸਾਤ ਰੁੱਤ ਵਿਚ ਇਹ ਸਮੱਸਿਆ ਹੋਰ ਜ਼ਿਆਦਾ ਭਿਆਨਕ ਰੂਪ ਲੈ ਲੈਂਦੀ ਹੈ। ਬੱਚਿਆਂ ਵਿਚ ਛੇਤੀ ਹੀ ਪਾਣੀ ਅਤੇ ਖਣਿਜ ਲਵਣ ਦੀ ਕਮੀ ਹੋ ਜਾਂਦੀ ਹੈ। ਜੇ ਸਮੇਂ ਸਿਰ ਉਨ੍ਹਾਂ ਦਾ ਉਚਿਤ ਇਲਾਜ ਨਾ ਕਰਾਇਆ ਜਾਵੇ ਤਾਂ ਮੌਤ ਤੱਕ ਹੋ ਸਕਦੀ ਹੈ। ਛੇ ਮਹੀਨੇ ਤੱਕ ਦੀ ਉਮਰ ਦੇ ਬੱਚਿਆਂ ਵਿਚ ਇਹ ਸਮੱਸਿਆ ਉਨ੍ਹਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਜੋ ਓਪਰਾ ਦੁੱਧ ਪੀਂਦੇ ਹਨ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਇਸ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ।
ਛੇ ਮਹੀਨੇ ਤੋਂ ਉੱਪਰ ਵਾਲੇ ਬੱਚਿਆਂ ਵਿਚ ਇਹ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਇਸ ਉਮਰ ਵਿਚ ਬੱਚੇ ਦੰਦ ਕੱਢਦੇ ਹਨ ਅਤੇ ਗੋਡਿਆਂ ਦੇ ਭਾਰ ਚੱਲਣਾ ਜਾਂ ਪੈਰ-ਪੈਰ ਚੱਲਣਾ ਸ਼ੁਰੂ ਕਰਦੇ ਹਨ। ਬੱਚੇ ਗੰਦੀਆਂ ਉਂਗਲੀਆਂ ਮੂੰਹ ਵਿਚ ਪਾਉਂਦੇ ਹਨ, ਗੰਦੇ ਖਿਡੌਣੇ ਮੂੰਹ ਵਿਚ ਪਾਉਂਦੇ ਹਨ। ਇਨ੍ਹਾਂ ਸਭ ਕਾਰਨਾਂ ਨਾਲ ਵਾਰ-ਵਾਰ ਬੱਚੇ ਡਾਇਰੀਆ ਦੇ ਸ਼ਿਕਾਰ ਹੁੰਦੇ ਹਨ।
ਗਰਮੀ ਅਤੇ ਵਰਖਾ ਰੁੱਤ ਵਿਚ ਮੱਖੀਆਂ, ਮੱਛਰ ਅਤੇ ਕਾਕਰੋਚਾਂ ਦੀ ਗਿਣਤੀ ਵਧ ਜਾਂਦੀ ਹੈ ਜੋ ਖਾਧ ਪਦਾਰਥਾਂ ਅਤੇ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ। ਇਹੀ ਖਾਧ ਪਦਾਰਥ ਅਤੇ ਪਾਣੀ ਸਰੀਰ ਦੇ ਅੰਦਰ ਪਹੁੰਚ ਕੇ ਡਾਇਰੀਆ ਦੇ ਲੱਛਣ ਪੈਦਾ ਕਰ ਦਿੰਦੇ ਹਨ। ਡਾਇਰੀਆ ਹੋਣ 'ਤੇ ਬੱਚਿਆਂ ਦਾ ਚਿਹਰਾ ਮੁਰਝਾ ਜਾਂਦਾ ਹੈ, ਅੱਖਾਂ ਅੰਦਰ ਧੱਸ ਜਾਂਦੀਆਂ ਹਨ, ਚਮੜੀ 'ਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ, ਮੂੰਹ ਵਾਰ-ਵਾਰ ਸੁੱਕਣ ਲਗਦਾ ਹੈ ਅਤੇ ਮੂਤਰ ਵਿਸਰਜਨ ਵਿਚ ਕਮੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੁਖਾਰ ਵੀ ਹੋ ਜਾਂਦਾ ਹੈ ਅਤੇ ਬੇਚੈਨੀ ਹੋਣ ਲਗਦੀ ਹੈ। ਇਲਾਜ ਵਿਚ ਦੇਰੀ ਨਾ ਕਰੋ। ਤੁਰੰਤ ਬੱਚੇ ਨੂੰ ਡਾਕਟਰ ਕੋਲ ਲੈ ਜਾਓ ਅਤੇ ਉਚਿਤ ਦੇਖਭਾਲ ਕਰੋ।
ਇਲਾਜ ਅਤੇ ਬਚਾਅ
* ਬੱਚਿਆਂ ਨੂੰ ਪਾਣੀ ਉਬਾਲ ਕੇ ਉਸ ਨੂੰ ਠੰਢਾ ਕਰਕੇ ਵਾਰ-ਵਾਰ ਪਿਲਾਓ। ਪਾਣੀ ਦੀ ਕਮੀ ਸਰੀਰ ਵਿਚ ਨਾ ਹੋਣ ਦਿਓ।
* ਬੱਚਿਆਂ ਨੂੰ ਕੁਝ ਵੀ ਤਰਲ ਪਦਾਰਥ ਦਿੰਦੇ ਸਮੇਂ ਥੋੜ੍ਹਾ ਸਿਰ ਉੱਪਰ ਕਰਕੇ ਪਿਲਾਓ।
* ਹਰ ਦਸਤ ਤੋਂ ਬਾਅਦ ਬੱਚੇ ਨੂੰ ਪਾਣੀ ਪੀਣ ਲਈ ਦਿਓ।
* ਪਾਣੀ ਦਾ ਸਵਾਦ ਚੰਗਾ ਨਾ ਲੱਗੇ ਤਾਂ ਤਾਜ਼ੇ ਪਾਣੀ ਦੀ ਸ਼ਿਕੰਜਵੀ ਦਿੰਦੇ ਰਹੋ।
* ਘਰ ਵਿਚ ਹੀ ਓ.ਆਰ.ਐਸ. ਦਾ ਘੋਲ ਤਿਆਰ ਕਰਕੇ ਬੱਚੇ ਨੂੰ ਥੋੜ੍ਹੇ-ਥੋੜ੍ਹੇ ਚਿਰ ਬਾਅਦ ਦਿੰਦੇ ਰਹੋ। 1 ਲਿਟਰ ਪਾਣੀ ਉਬਾਲ ਕੇ ਠੰਢਾ ਕਰ ਲਓ। ਉਸ ਵਿਚ ਛੋਟੇ 4 ਚਮਚ ਖੰਡ, ਛੋਟਾ ਇਕ ਚਮਚ ਨਮਕ ਮਿਲਾ ਕੇ ਘੋਲ ਤਿਆਰ ਕਰਕੇ ਰੱਖ ਲਓ।
* ਬੱਚਿਆਂ ਨੂੰ ਸਾਫ਼ ਹੱਥਾਂ ਨਾਲ ਚੁੱਕੋ ਅਤੇ ਕੁਝ ਵੀ ਦਿੰਦੇ ਸਮੇਂ ਹੱਥ ਧੋ ਕੇ ਦਿਓ।
* ਛੋਟੇ ਬੱਚਿਆਂ ਨੂੰ ਚੌਲਾਂ ਦਾ ਪਾਣੀ ਵੀ ਥੋੜ੍ਹਾ ਜਿਹਾ ਨਮਕ ਮਿਲਾ ਕੇ ਦਿੱਤਾ ਜਾ ਸਕਦਾ ਹੈ।
* ਘਰ ਦਾ ਜੰਮਿਆ ਹੋਇਆ ਦਹੀਂ ਜਾਂ ਉਸ ਦਾ ਪਾਣੀ ਕੱਢ ਕੇ ਵੀ ਦੇ ਸਕਦੇ ਹੋ।
* ਡਾਇਰੀਆ ਵਾਲੇ ਬੱਚਿਆਂ ਦੇ ਭੋਜਨ ਅਤੇ ਪਾਣੀ ਦੀ ਸ਼ੁੱਧਤਾ 'ਤੇ ਵਿਸ਼ੇਸ਼ ਧਿਆਨ ਦਿਓ।
* ਬੱਚਿਆਂ ਨੂੰ ਹਲਕਾ ਭੋਜਨ ਦਹੀਂ, ਚੌਲ, ਖਿਚੜੀ, ਹਰੀਆਂ ਸਬਜ਼ੀਆਂ ਖਾਣ ਨੂੰ ਦਿਓ।
* ਘਰ ਦੀ ਸ਼ੁੱਧਤਾ 'ਤੇ ਵੀ ਧਿਆਨ ਦਿਓ। ਖਾਣਾ ਢਕ ਕੇ ਰੱਖੋ ਤਾਂ ਕਿ ਮੱਖੀਆਂ, ਮੱਛਰ ਜਾਂ ਕਾਕਰੋਚ ਉਨ੍ਹਾਂ 'ਤੇ ਨਾ ਬੈਠਣ।
* ਖਾਣਾ ਤਾਜ਼ਾ ਖਾਣ ਨੂੰ ਦਿਓ।
* ਬੱਚਿਆਂ ਦੇ ਨਹੁੰ ਕੱਟ ਕੇ ਰੱਖੋ।
* ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਨੂੰ ਬੋਤਲ ਅਤੇ ਨਿੱਪਲ ਉਬਾਲ ਕੇ ਦੁੱਧ ਦਿਓ। ਓਪਰੇ ਦੁੱਧ ਦੀ ਮਾਤਰਾ ਘੱਟ ਕਰ ਦਿਓ।
* ਮਾਂ ਆਪਣਾ ਦੁੱਧ ਬਿਨਾਂ ਝਿਜਕ ਦੇ ਬੱਚੇ ਨੂੰ ਪਿਲਾ ਸਕਦੀ ਹੈ।
* ਬੱਚਿਆਂ ਦੇ ਮਲ ਵਾਲੇ ਕੱਪੜੇ ਇਧਰ-ਉਧਰ ਨਾ ਰੱਖੋ। ਉਨ੍ਹਾਂ ਨੂੰ ਧੋ ਕੇ, ਡਿਟੋਲ ਵਿਚ ਭਿਉਂ ਕੇ ਸੁਕਾਓ।
* ਬੱਚਿਆਂ ਨੂੰ ਟੌਫੀ, ਬਿਸਕੁਟ, ਚਾਕਲੇਟ ਆਦਿ ਖਾਣ ਨੂੰ ਨਾ ਦਿਓ।
* ਡਾਇਰੀਆ ਠੀਕ ਹੋਣ ਤੋਂ ਬਾਅਦ ਵੀ ਬੱਚਿਆਂ ਦੇ ਖਾਣ-ਪੀਣ 'ਤੇ ਪੂਰਾ ਧਿਆਨ ਦਿਓ।


-ਸੁਨੀਤਾ ਗਾਬਾ


ਖ਼ਬਰ ਸ਼ੇਅਰ ਕਰੋ

ਇਹ ਹਨ ਸ਼ੂਗਰ ਦੇ ਪ੍ਰਮੁੱਖ ਲੱਛਣ

ਸਾਡੇ ਦੇਸ਼ ਵਿਚ ਸ਼ੂਗਰ ਰੋਗ ਨਾਲ ਲਗਪਗ ਤਿੰਨ ਕਰੋੜ ਲੋਕ ਪੀੜਤ ਹਨ ਪਰ ਉਨ੍ਹਾਂ ਵਿਚੋਂ ਕਰੀਬ ਡੇਢ ਕਰੋੜ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੂੰ ਇਹ ਰੋਗ ਹੈ, ਕਿਉਂਕਿ ਉਨ੍ਹਾਂ ਨੇ ਕਦੇ ਆਪਣਾ ਬਲੱਡ ਸ਼ੂਗਰ ਟੈਸਟ ਨਹੀਂ ਕਰਵਾਇਆ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਸ਼ੂਗਰ ਉਨ੍ਹਾਂ ਵਿਚ ਛੁਪੇ ਰੂਪ ਵਿਚ ਮੌਜੂਦ ਹੈ ਜਾਂ ਨਹੀਂ।
ਜ਼ਿਆਦਾ ਪਿਆਸ ਅਤੇ ਭੁੱਖ ਲੱਗਣੀ : ਜਦੋਂ ਖਾਧੇ ਗਏ ਭੋਜਨ ਦਾ ਬਹੁਤਾ ਤੱਤ (ਕਾਰਬੋਹਾਈਡ੍ਰੇਟਸ) ਗਲੂਕੋਜ਼ ਦੇ ਰੂਪ ਵਿਚ ਮੂਤਰ ਵਿਚ ਵਿਅਰਥ ਹੀ ਨਿਕਲਦਾ ਰਹਿੰਦਾ ਹੈ ਤਾਂ ਇਹ ਆਪਣੇ ਨਾਲ ਸਰੀਰ ਦੇ ਪਾਣੀ ਨੂੰ ਵੀ ਲੈ ਜਾਂਦਾ ਹੈ, ਜਿਸ ਦੀ ਪੂਰਤੀ ਲਈ ਰੋਗੀ ਨੂੰ ਜ਼ਿਆਦਾ ਪਾਣੀ ਪੀਣਾ ਪੈਂਦਾ ਹੈ ਅਤੇ ਉਹ ਜ਼ਿਆਦਾ ਪਿਆਸ ਦੀ ਸ਼ਿਕਾਇਤ ਕਰਦਾ ਹੈ। ਸਰੀਰ ਨੂੰ ਊਰਜਾ ਦੀ ਚਾਹ ਵਿਚ ਰੋਗੀ ਨੂੰ ਭੁੱਖ ਵੀ ਜ਼ਿਆਦਾ ਲਗਦੀ ਹੈ, ਇਸ ਲਈ ਸ਼ੂਗਰ ਦਾ ਰੋਗੀ (ਖਾਸ ਤੌਰ 'ਤੇ ਬਾਲ ਸ਼ੂਗਰ ਰੋਗੀ) ਬਹੁਤ ਜ਼ਿਆਦਾ ਮਾਤਰਾ ਵਿਚ ਭੋਜਨ ਖਾਂਦਾ ਹੈ।
ਜ਼ਿਆਦਾ ਪਿਸ਼ਾਬ ਆਉਣਾ : ਆਮ ਵਿਅਕਤੀਆਂ ਵਿਚ ਪਿਸ਼ਾਬ ਦੀ ਮਾਤਰਾ ਡੇਢ ਲਿਟਰ ਹਰ ਰੋਜ਼ ਹੁੰਦੀ ਹੈ, ਜਦੋਂ ਕਿ ਸ਼ੂਗਰ ਦੇ ਰੋਗੀ ਵਿਚ ਇਹ ਮਾਤਰਾ ਕਈ ਲਿਟਰ ਹੋ ਜਾਂਦੀ ਹੈ, ਜਿਸ ਨਾਲ ਰੋਗੀ ਵਿਚ ਪਾਣੀ ਦੀ ਕਮੀ ਦੇ ਲੱਛਣ ਪ੍ਰਗਟ ਹੋ ਜਾਂਦੇ ਹਨ, ਜਿਵੇਂ ਜੀਭ ਅਤੇ ਬੁੱਲ੍ਹਾਂ ਦਾ ਸੁੱਕਣਾ ਅਤੇ ਜ਼ਿਆਦਾ ਪਿਆਸ ਲੱਗਣਾ।
ਸ਼ੂਗਰ ਦੇ ਰੋਗੀ ਵਿਚ ਪੇਟ ਦੇ ਉਪਰਲੇ ਮੱਧ ਭਾਗ ਵਿਚ ਅੰਦਰ ਵੱਲ ਸਥਿਤ ਪੈਂਕ੍ਰੀਆਸ ਨਾਮੀ ਪਾਚਕ ਗਲੈਂਡ ਦੇ ਸ੍ਰਾਵ ਇੰਸੁਲਿਨ ਦੀ ਕਮੀ ਕਾਰਨ ਖੂਨ ਵਿਚ ਮੌਜੂਦ ਸ਼ੂਗਰ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਨਹੀਂ ਪਹੁੰਚਦੀ, ਜਿਸ ਨਾਲ ਸਰੀਰ ਨੂੰ ਊਰਜਾ ਨਹੀਂ ਮਿਲਦੀ ਅਤੇ ਜਦੋਂ ਖੂਨ ਵਿਚ ਇਸ ਦਾ ਫੀਸਦੀ 180 ਤੋਂ ਉੱਪਰ ਹੋ ਜਾਂਦਾ ਹੈ ਤਾਂ ਇਹ ਗੁਰਦੇ ਦੁਆਰਾ ਮੂਤਰ ਵਿਚ ਨਿਕਲਣ ਲਗਦੀ ਹੈ। ਇਸ ਤਰ੍ਹਾਂ ਭੋਜਨ (ਮੁੱਖ ਤੌਰ 'ਤੇ ਕਾਰਬੋਹਾਈਡ੍ਰੇਟਸ) ਦਾ ਇਹ ਅੰਸ਼ ਸਰੀਰ ਨੂੰ ਊਰਜਾ ਨਾ ਦੇ ਕੇ ਵਿਅਰਥ ਹੋ ਜਾਂਦਾ ਹੈ, ਜਿਸ ਨਾਲ ਰੋਗੀ ਕਮਜ਼ੋਰੀ ਅਤੇ ਭਾਰ ਘਟਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਰੋਗੀਆਂ ਦੇ ਪਿਸ਼ਾਬ ਵਿਚ ਨਿਕਲਣ ਵਾਲੀ ਸ਼ੱਕਰ ਦੀ ਮੂਤਰ ਦੇ ਸਾਧਾਰਨ ਟੈਸਟ ਦੁਆਰਾ ਲਗਪਗ ਅੱਧੇ ਮਿੰਟ ਵਿਚ ਹੀ ਪਛਾਣ ਕਰਕੇ ਅਤੇ ਫਿਰ ਖੂਨ ਦੀ ਸਾਧਾਰਨ ਜਾਂਚ ਕਰਕੇ ਸ਼ੂਗਰ ਦਾ ਹੱਲ ਹੋ ਸਕਦਾ ਹੈ।
ਧਿਆਨ ਰੱਖੋ, ਮੂਤਰ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਹਰੇਕ ਵਿਅਕਤੀ ਨੂੰ ਜ਼ਰੂਰੀ ਨਹੀਂ ਕਿ ਸ਼ੂਗਰ ਦਾ ਰੋਗ ਹੋਵੇ। ਅਜਿਹਾ ਕੁਝ ਹੋਰ ਕਾਰਨਾਂ ਨਾਲ ਵੀ ਹੋ ਸਕਦਾ ਹੈ, ਜਿਵੇਂ ਇਕ ਹੋਰ ਤਰ੍ਹਾਂ ਦੀ ਸ਼ੂਗਰ ਜਿਸ ਵਿਚ ਪਿਸ਼ਾਬ ਤਾਂ ਜ਼ਿਆਦਾ ਆਉਂਦਾ ਹੈ ਪਰ ਉਸ ਵਿਚ ਸ਼ੂਗਰ ਨਹੀਂ ਹੁੰਦੀ। ਜ਼ਿਆਦਾ ਪਿਸ਼ਾਬ ਦਾ ਇਕ ਹੋਰ ਕਾਰਨ ਗੁਰਦਾ ਖਰਾਬ ਵੀ ਹੈ, ਜਿਸ ਦੀ ਸ਼ੁਰੂਆਤੀ ਸਥਿਤੀ ਵਿਚ ਖਾਸ ਤੌਰ 'ਤੇ ਰਾਤ ਨੂੰ ਪਿਸ਼ਾਬ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਾਰ-ਵਾਰ ਜ਼ਿਆਦਾ ਮਾਤਰਾ ਵਿਚ ਆਉਣ ਵਾਲੇ ਪਿਸ਼ਾਬ ਦੀ ਪਹਿਚਾਣ ਵਾਰ-ਵਾਰ ਥੋੜ੍ਹੀ ਮਾਤਰਾ ਵਿਚ ਆਉਣ ਵਾਲੇ ਪਿਸ਼ਾਬ ਰੋਗਾਂ ਦੀ ਦਸ਼ਾਵਾਂ ਨਾਲ ਵੀ ਕਰਨੀ ਜ਼ਰੂਰੀ ਹੈ।
ਬੇਹੋਸ਼ੀ : ਸ਼ੂਗਰ ਦੇ ਬਹੁਤ ਸਾਰੇ ਰੋਗੀ ਬੇਹੋਸ਼ੀ ਦੀ ਹਾਲਤ ਵਿਚ ਐਮਰਜੈਂਸੀ ਵਾਰਡ ਵਿਚ ਲਿਆਏ ਜਾਂਦੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਰੋਗੀ ਨੂੰ ਪਹਿਲਾਂ ਤੋਂ ਹੀ ਸ਼ੂਗਰ ਸੀ, ਜਿਸ ਦਾ ਇਲਾਜ ਹੀ ਨਹੀਂ ਹੋ ਸਕਿਆ ਸੀ। ਬਲੱਡ ਸ਼ੂਗਰ ਟੈਸਟ ਕਰਾਉਣ 'ਤੇ ਹੀ ਸ਼ੂਗਰ ਦਾ ਹੱਲ ਹੋ ਸਕਦਾ ਹੈ।
ਸ਼ੂਗਰ ਦੇ ਕੁਝ ਹੋਰ ਰੋਗੀ ਹੱਲ ਦੇ ਬਾਵਜੂਦ ਜਦੋਂ ਪੂਰਾ ਇਲਾਜ ਨਾ ਲੈਣ (ਖਾਸ ਕਰਕੇ ਬਾਲ ਰੋਗੀ) ਤਾਂ ਉਹ ਵੀ ਬੇਹੋਸ਼ ਹੋ ਸਕਦੇ ਹਨ, ਜਦੋਂ ਕਿ ਸ਼ੂਗਰ ਦੇ ਕੁਝ ਹੋਰ ਰੋਗੀ ਡਾਓਨਿਲ ਵਰਗੀਆਂ ਟਿੱਕੀਆਂ ਅਤੇ ਇੰਸੁਲਿਨ ਦੀ ਲੋੜ ਨਾਲੋਂ ਜ਼ਿਆਦਾ ਮਾਤਰਾ ਦੇ ਸੇਵਨ ਨਾਲ ਵੀ 'ਘੱਟ ਖੂਨ ਦੇ ਦਬਾਅ' ਦੇ ਖਤਰੇ ਦੇ ਕਾਰਨ ਬੇਹੋਸ਼ ਹੋ ਜਾਂਦੇ ਹਨ। ਬੇਹੋਸ਼ੀ ਦੀ ਹਾਲਤ ਤੋਂ ਬਚਣ ਲਈ ਸਭ ਤੋਂ ਚੰਗਾ ਉਪਾਅ ਹੈ ਕਿ ਸ਼ੂਗਰ ਦਾ ਹੱਲ ਪਹਿਲਾਂ ਹੀ ਹੋ ਜਾਵੇ ਅਤੇ ਉਸ 'ਤੇ ਪ੍ਰਭਾਵੀ ਕਾਬੂ ਰੱਖਿਆ ਜਾਵੇ।
ਅੱਖਾਂ ਦੀ ਰੌਸ਼ਨੀ ਵਿਚ ਗਿਰਾਵਟ : ਸ਼ੂਗਰ ਦੇ ਰੋਗੀ ਦੀ ਰੌਸ਼ਨੀ ਹੌਲੀ-ਹੌਲੀ ਅਤੇ ਤੇਜ਼ੀ ਨਾਲ ਜਾਂ ਅਚਾਨਕ ਘੱਟ ਹੋ ਸਕਦੀ ਹੈ, ਜਿਸ ਨਾਲ ਰੋਗੀ ਅੰਨ੍ਹਾ ਵੀ ਹੋ ਸਕਦਾ ਹੈ। ਅਜਿਹੇ ਰੋਗੀਆਂ ਵਿਚ ਮੋਤੀਆਬਿੰਦ (ਕੇਟੇਰਕਟ) ਘੱਟ ਉਮਰ ਵਿਚ ਹੀ ਬਣ ਜਾਂਦਾ ਹੈ। ਸ਼ੂਗਰ ਨੂੰ ਕਾਬੂ ਨਾ ਰੱਖਣ 'ਤੇ ਖਾਸ ਮਾੜੇ ਪ੍ਰਭਾਵ ਅੱਖ ਦੇ ਅੰਦਰੂਨੀ (ਰੇਟਿਨਾ) ਪਰਦੇ 'ਤੇ ਪੈਂਦਾ ਹੈ ਅਤੇ ਕੁਝ ਰੋਗੀਆਂ ਵਿਚ ਅੱਖ ਦੇ ਅੰਦਰਲੇ ਤਰਲ ਪਦਾਰਥ ਦਾ ਦਬਾਅ ਵੀ ਵਧ ਜਾਂਦਾ ਹੈ। ਅਜਿਹੇ ਸਾਰੇ ਵਿਅਕਤੀਆਂ ਨੂੰ ਆਪਣਾ ਬਲੱਡ ਸ਼ੂਗਰ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ ਹੈ।
ਫੇਫੜਿਆਂ ਦੀ ਟੀ. ਬੀ. : ਜਦੋਂ ਲਗਪਗ 20 ਦਿਨ ਜਾਂ ਜ਼ਿਆਦਾ ਸਮੇਂ ਤੋਂ ਸ਼ੂਗਰ ਦਾ ਕੋਈ ਰੋਗੀ ਖੰਘ ਵਿਚ ਖੂਨ ਆਉਣ ਦੀ ਸ਼ਿਕਾਇਤ ਕਰੇ ਤਾਂ ਫੇਫੜਿਆਂ ਦੀ ਟੀ. ਬੀ. ਲਈ (ਖਾਸ ਤੌਰ 'ਤੇ ਛਾਤੀ ਦੇ ਐਕਸਰੇ, ਟੀ.ਐਲ.ਸੀ., ਡੀ.ਐਲ.ਸੀ.) ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ, ਕਿਉਂਕਿ ਸ਼ੂਗਰ ਦੇ ਰੋਗੀ ਟੀ. ਬੀ. ਦੇ ਬੜੀ ਅਸਾਨੀ ਨਾਲ ਸ਼ਿਕਾਰ ਹੋ ਸਕਦੇ ਹਨ।
ਅਜਿਹੇ ਬਹੁਤ ਸਾਰੇ ਰੋਗੀ ਇਨ੍ਹਾਂ ਲੱਛਣਾਂ ਨੂੰ ਅਣਡਿੱਠ ਕਰਦੇ ਰਹਿੰਦੇ ਹਨ, ਜਿਸ ਨਾਲ ਟੀ. ਬੀ. ਬਹੁਤ ਤੇਜ਼ੀ ਨਾਲ ਵਧਦੀ ਜਾਂਦੀ ਹੈ ਅਤੇ ਸ਼ੂਗਰ 'ਤੇ ਕਾਬੂ ਵੀ ਵਿਗੜ ਜਾਂਦਾ ਹੈ। ਟੀ. ਬੀ. ਦਾ ਇਲਾਜ ਕਰਾਉਣ ਨਾਲ ਰੋਗੀ ਦਾ ਭਾਰ ਆਮ ਹੋ ਜਾਂਦਾ ਹੈ ਅਤੇ ਸ਼ੂਗਰ 'ਤੇ ਵੀ ਚੰਗਾ ਕੰਟਰੋਲ ਹੋ ਜਾਂਦਾ ਹੈ। ਦੂਜੇ ਪਾਸੇ ਫੇਫੜਿਆਂ ਦੀ ਟੀ. ਬੀ. ਦੇ ਹਰੇਕ ਰੋਗੀ ਨੂੰ ਵੀ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਹੋਰ ਲੱਛਣ : ਸ਼ੂਗਰ ਦੇ ਕੁਝ ਹੋਰ ਲੱਛਣ ਇਸ ਤਰ੍ਹਾਂ ਹਨ : ਅੱਖਾਂ ਵਿਚ ਸੰਕ੍ਰਮਣ, ਜ਼ਖਮ ਦਾ ਨਾ ਹਟਣਾ ਜਾਂ ਦੇਰ ਨਾਲ ਹਟਣਾ, ਮੂਤਰਤੰਤਰ ਵਿਚ ਸੰਕ੍ਰਮਣ, ਭੋਜਨ ਖਾਣ ਵਿਚ ਤਕਲੀਫ, ਪੈਰਾਂ ਜਾਂ ਹੱਥਾਂ ਵਿਚ ਦਰਦ, ਸੁੰਨਾਪਨ, ਭਾਰੀਪਨ, ਝਨਝਨਾਹਟ, ਸੂਈ ਜਿਹੀ ਚੁੱਬਣੀ, ਜਾਂਘਾਂ ਦੇ ਉਪਰਲੇ ਭਾਗ ਵਿਚ ਦਰਦ, ਚਿਹਰੇ ਦਾ ਫਾਲਿਜ ਜਾਂ ਟੇਢਾਪਨ, ਅੱਧੇ ਸਰੀਰ ਵਿਚ ਲਕਵਾ, ਚੱਕਰ ਆਉਣਾ, ਪਿਸ਼ਾਬ ਘੱਟ ਆਉਣਾ, ਖੂਨ ਦੀ ਕਮੀ, ਕਬਜ਼ ਰਹਿਣਾ, ਭੁੱਖ ਨਾ ਲੱਗਣਾ ਆਦਿ।

ਸਿਹਤ ਅਤੇ ਸੁੰਦਰਤਾ ਲਈ ਜ਼ਰੂਰੀ ਹਨ ਵਿਟਾਮਿਨ

ਆਧੁਨਿਕ ਔਰਤਾਂ ਆਪਣੀ ਸਿਹਤ ਅਤੇ ਆਪਣੀ ਸ਼ਖ਼ਸੀਅਤ ਲਈ ਜਾਗਰੂਕ ਹਨ। ਇਸ ਵਾਸਤੇ ਪੌਸ਼ਟਿਕ ਭੋਜਨ ਲੈਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ, ਜਿਸ ਵਿਚ ਵਿਟਾਮਿਨ ਵੀ ਭਰਪੂਰ ਹੋਣ ਤਾਂ ਕਿ ਸਰੀਰ ਦੇ ਸਾਰੇ ਅੰਗ ਸਹੀ ਕੰਮ ਕਰ ਸਕਣ ਅਤੇ ਚਮੜੀ ਵੀ ਸੁੰਦਰ ਬਣੀ ਰਹੇ। ਜੇ ਤੁਸੀਂ ਵੀ ਤੰਦਰੁਸਤ ਅਤੇ ਸੁੰਦਰ ਦਿਸਣਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿਚ ਬਦਲਾਅ ਲਿਆਓ।
ਲਓ ਵਿਟਾਮਿਨ 'ਏ' ਨਾਲ ਭਰਪੂਰ ਖੁਰਾਕ
ਵਿਟਾਮਿਨ 'ਏ' ਦੀ ਲੋੜ ਹਰ ਉਮਰ ਵਿਚ ਹੁੰਦੀ ਹੈ। ਵਿਟਾਮਿਨ 'ਏ' ਦੀ ਕਮੀ ਨਾਲ ਹੱਡੀਆਂ, ਦੰਦ ਕਮਜ਼ੋਰ ਹੁੰਦੇ ਹਨ। ਇਸ ਦੇ ਉਚਿਤ ਸੇਵਨ ਨਾਲ ਦੰਦ, ਹੱਡੀਆਂ, ਮੇਂਬ੍ਰੇਨ, ਚਮੜੀ, ਸਰੀਰ ਦੇ ਟਿਸ਼ੂ ਮਜ਼ਬੂਤ ਬਣਦੇ ਹਨ। ਵਿਟਾਮਿਨ 'ਏ' ਦੀ ਕਮੀ ਨੂੰ ਪੌਸ਼ਟਿਕ ਭੋਜਨ ਦਾ ਸੇਵਨ ਨਿਯਮਤ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਗਾਜਰ, ਤਰਬੂਜ਼, ਕੱਦੂ, ਟਮਾਟਰ, ਅਮਰੂਦ, ਪਪੀਤਾ, ਬ੍ਰੋਕਲੀ, ਲਾਲ ਮਿਰਚ, ਆਂਡੇ, ਪਾਲਕ, ਦੁੱਧ ਦਾ ਸੇਵਨ ਕਰਕੇ ਵਿਟਾਮਿਨ 'ਏ' ਦੀ ਲੋੜੀਂਦੀ ਮਾਤਰਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਿਟਾਮਿਨ 'ਬੀ-2'
ਵਿਟਾਮਿਨ 'ਬੀ-2' ਲਈ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਨਿਯਮਤ ਸੇਵਨ ਕਰੋ ਜਿਵੇਂ ਦਹੀਂ, ਪਨੀਰ ਆਦਿ। ਇਸ ਤੋਂ ਇਲਾਵਾ ਕੇਲੇ, ਮੱਕਾ, ਮਾਸਾਹਾਰੀ ਭੋਜਨ, ਆਂਡੇ ਆਦਿ ਤੋਂ ਵੀ ਵਿਟਾਮਿਨ 'ਬੀ-2' ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਟਾਮਿਨ 'ਬੀ-2' ਦੀ ਕਮੀ ਨਾਲ ਚਮੜੀ 'ਤੇ ਝੁਰੜੀਆਂ, ਅਨੀਮੀਆ, ਥਕਾਵਟ, ਅੱਖਾਂ ਵਿਚ ਭਾਰੀਪਨ, ਨੀਂਦ ਦੀ ਕਮੀ, ਸਰੀਰ ਵਿਚ ਕੰਪਕੰਪੀ, ਗਲੇ ਵਿਚ ਸੋਜ ਹੁੰਦੀ ਹੈ। ਇਸ ਤੋਂ ਇਲਾਵਾ ਮੂੰਹ ਤੇ ਬੁੱਲ੍ਹ ਸੁੱਕਣ ਲਗਦੇ ਹਨ, ਬੁੱਲ੍ਹਾਂ ਵਿਚ ਦਰਾੜਾਂ ਫਟਣ ਲਗਦੀਆਂ ਹਨ, ਵਿਟਾਮਿਨ 'ਬੀ-2' ਦੀ ਕਮੀ ਦਾ ਪ੍ਰਭਾਵ ਸਿਹਤ ਅਤੇ ਸੁੰਦਰਤਾ ਦੋਵਾਂ 'ਤੇ ਪੈਂਦਾ ਹੈ।
ਵਿਟਾਮਿਨ 'ਬੀ-6'
ਵਿਟਾਮਿਨ 'ਬੀ-6' ਸਾਡੇ ਪਾਚਣ ਤੰਤਰ ਲਈ ਜ਼ਰੂਰੀ ਹੈ। ਸਾਡੇ ਸਰੀਰ ਵਿਚ ਹਾਰਮੋਨਜ਼ ਅਤੇ ਦਿਮਾਗ ਦੇ ਰਸਾਇਣਾਂ ਨੂੰ ਵੀ ਬਣਾਉਣ ਵਿਚ ਵਿਟਾਮਿਨ 'ਬੀ-6' ਮਦਦ ਕਰਦਾ ਹੈ। ਭੁੱਲਣ ਦੀ ਬਿਮਾਰੀ, ਦਿਲ ਦੇ ਰੋਗ ਦਾ ਖਤਰਾ ਘੱਟ ਹੋ ਜਾਂਦਾ ਹੈ। ਸਾਡੇ ਸਰੀਰ ਦੀ ਬਲੱਡ ਸ਼ੂਗਰ ਵੀ ਠੀਕ ਰਹਿੰਦੀ ਹੈ। ਇਸ ਦੀ ਕਮੀ ਨੂੰ ਦੂਰ ਕਰਨ ਲਈ ਅਨਾਜ, ਕੇਲੇ, ਮਾਸ-ਮੱਛੀ, ਦਲੀਆ, ਗਿਰੀਆਂ, ਬੀਜ, ਕਿਸ਼ਮਿਸ਼ ਦਾ ਸੇਵਨ ਨਿਯਮਤ ਕਰੋ ਤਾਂ ਕਿ ਇਸ ਦੀ ਕਮੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਵਿਟਾਮਿਨ 'ਬੀ-12'
ਵਿਟਾਮਿਨ 'ਬੀ-12' ਸਰੀਰ ਵਿਚ ਭੋਜਨ ਨਾਲ ਊਰਜਾ ਰਿਲੀਜ਼ ਕਰਨ ਦਾ ਮੁੱਖ ਸਰੋਤ ਹੈ ਅਤੇ ਸਾਡੇ ਦਿਮਾਗ, ਰੀੜ੍ਹ ਦੀ ਹੱਡੀ ਅਤੇ ਨਰਵਸ ਸਿਸਟਮ ਦੇ ਕੁਝ ਤੱਤਾਂ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦਾ ਹੈ। ਸਰੀਰ ਵਿਚ ਵਿਟਾਮਿਨ 'ਬੀ-12' ਠੀਕ ਰਹੇ, ਇਸ ਲਈ ਦੁੱਧ, ਦੁੱਧ ਤੋਂ ਬਣੇ ਪਦਾਰਥ, ਮੀਟ, ਸਾਲਮਨ ਮੱਛੀ, ਆਂਡੇ ਆਦਿ ਦਾ ਨਿਯਮਤ ਸੇਵਨ ਕਰੋ।
ਵਿਟਾਮਿਨ 'ਸੀ'
ਵਿਟਾਮਿਨ 'ਸੀ' ਸਾਡੀ ਚਮੜੀ ਦੇ ਸੁਧਾਰ ਲਈ ਉੱਤਮ ਹੁੰਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਸਹਾਇਕ ਹੁੰਦਾ ਹੈ। ਅੱਖਾਂ ਦੀ ਨਿਗ੍ਹਾ, ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਚਮੜੀ ਸਬੰਧੀ ਸਕਰਵੀ ਰੋਗ ਹੋ ਸਕਦਾ ਹੈ, ਇਸ ਤੋਂ ਇਲਾਵਾ ਮਸੂੜਿਆਂ ਵਿਚੋਂ ਖੂਨ ਆਉਣਾ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ, ਪੈਰਾਂ ਵਿਚ ਚਕੱਤੇ ਪੈਣ ਵਰਗੇ ਕਈ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਵਿਟਾਮਿਨ 'ਸੀ' ਦੀ ਕਮੀ ਨੂੰ ਖੱਟੇ ਰਸਦਾਰ ਫਲਾਂ ਦਾ ਸੇਵਨ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਔਲਾ, ਸਟ੍ਰਾਬੇਰੀ, ਕੀਵੀ, ਮਿਰਚ, ਆਲੂ, ਟਮਾਟਰ, ਬ੍ਰੋਕਲੀ ਦਾ ਸੇਵਨ ਨਿਯਮਤ ਕਰੋ।
ਵਿਟਾਮਿਨ 'ਡੀ'
ਔਰਤਾਂ ਨੂੰ ਵਿਟਾਮਿਨ 'ਡੀ' ਦੀ ਲੋੜ ਮਰਦਾਂ ਨਾਲੋਂ ਵੱਧ ਹੁੰਦੀ ਹੈ, ਕਿਉਂਕਿ ਔਰਤਾਂ ਨੂੰ ਜੀਵਨ ਵਿਚ ਕਈ ਅਜਿਹੀਆਂ ਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿਚੋਂ ਪੁਰਸ਼ ਨਹੀਂ ਲੰਘਦੇ। ਵਿਟਾਮਿਨ 'ਡੀ' ਸਰੀਰ ਅਤੇ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਵਿਟਾਮਿਨ 'ਡੀ' ਖਾਣ-ਪੀਣ ਦੀਆਂ ਚੀਜ਼ਾਂ ਵਿਚ ਘੱਟ ਮਿਲਦਾ ਹੈ ਅਤੇ ਧੁੱਪ ਦੇ ਸੰਪਰਕ ਵਿਚ ਆਉਣ 'ਤੇ ਚਮੜੀ ਇਸ ਦਾ ਨਿਰਮਾਣ ਕਰਨ ਲਗਦੀ ਹੈ। ਪਨੀਰ, ਫੁੱਲ ਕ੍ਰੀਮ ਦੁੱਧ, ਘਿਓ, ਮੱਛੀ ਦਾ ਤੇਲ ਇਸ ਦੇ ਚੰਗੇ ਸਰੋਤ ਹਨ।
ਵਿਟਾਮਿਨ 'ਈ'
ਵਿਟਾਮਿਨ 'ਈ' ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ ਅਤੇ ਇਕ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਵਿਟਾਮਿਨ 'ਈ' ਸੰਪੂਰਨ ਸਿਹਤ ਲਈ ਚੰਗਾ ਹੁੰਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਨਿਯਮਤ ਸੁੱਕੇ ਮੇਵੇ, ਸੂਰਜਮੁਖੀ ਦੇ ਬੀਜ, ਹਰੀਆਂ ਪੱਤੇਦਾਰ ਸਬਜ਼ੀਆਂ, ਆਂਡੇ, ਸ਼ਕਰਕੰਦੀ, ਸਰ੍ਹੋਂ, ਸ਼ਲਗਮ, ਬ੍ਰੋਕਲੀ, ਅੰਬ, ਪਪੀਤਾ, ਕੱਦੂ ਅਤੇ ਮੱਕਾ ਦਾ ਸੇਵਨ ਕਰੋ।
ਵਿਟਾਮਿਨ 'ਕੇ'
ਇਹ ਵਿਟਾਮਿਨ ਵੀ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ। ਇਸ ਨਾਲ ਹੱਡੀਆਂ ਦੀ ਤੰਦਰੁਸਤੀ ਵਿਚ ਸੁਧਾਰ ਹੁੰਦਾ ਹੈ ਅਤੇ ਧਮਨੀਆਂ ਵਿਚ ਕੈਲਸ਼ੀਅਮ ਵੀ ਨਾ ਜੰਮਣ ਵਿਚ ਮਦਦ ਕਰਦਾ ਹੈ। ਸਮੇਂ ਤੋਂ ਪਹਿਲਾਂ ਬੁਢਾਪੇ ਤੋਂ ਵੀ ਸਾਡੀ ਰੱਖਿਆ ਕਰਦਾ ਹੈ। ਵੱਖ-ਵੱਖ ਰੰਗਾਂ ਵਾਲੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ।


-ਨੀਤੂ ਗੁਪਤਾ

ਘਰ ਦਾ ਵੈਦ ਹੈ ਤੁਲਸੀ ਦਾ ਪੌਦਾ

ਤੁਲਸੀ ਦੇ ਪੌਦੇ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਵਿੱਤਰ, ਧਾਰਮਿਕ, ਪ੍ਰਦੂਸ਼ਕ ਵਾਤਾਵਰਨ ਦਾ ਸ਼ੋਧਕ ਅਤੇ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਉੱਤਰੀ ਭਾਰਤ ਦੀਆਂ ਧਾਰਮਿਕ ਆਸਥਾ ਵਾਲੀਆਂ ਔਰਤਾਂ ਇਸ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ। ਉਹ ਹਰ ਰੋਜ਼ ਇਸ਼ਨਾਨ ਕਰਕੇ ਤੁਲਸੀ ਦੇ ਪੌਦੇ ਨੂੰ ਪਾਣੀ ਅਤੇ ਸ਼ਾਮ ਨੂੰ ਦੀਵਾ ਜ਼ਰੂਰ ਜਗਾਉਂਦੀਆਂ ਹਨ। ਇਸ ਤੋਂ ਇਲਾਵਾ ਜੇ ਸਾਡੀਆਂ ਮਾਵਾਂ-ਭੈਣਾਂ ਤੁਲਸੀ ਦੀ ਉਪਯੋਗਤਾ ਜਾਂ ਸੇਵਨ ਵਿਧੀ ਦੀ ਜਾਣਕਾਰੀ ਹਾਸਲ ਕਰ ਲੈਣ ਤਾਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੀਆਂ ਹਨ।
ਆਯੁਰਵੈਦ ਵਿਚ ਅਨੁਭਵਾਂ ਦੇ ਆਧਾਰ 'ਤੇ ਤੁਲਸੀ ਦੀ ਚਮਤਕਾਰੀ ਵਰਤੋਂ ਇਸ ਤਰ੍ਹਾਂ ਹੈ। ਛਾਂ ਵਿਚ ਸੁਕਾਈ ਗਈ ਤੁਲਸੀ ਦੇ ਪੱਤਿਆਂ ਦੇ ਚੂਰਨ ਦਾ ਚੌਥਾਈ ਚਮਚ, ਤਾਜ਼ਾ ਅਦਰਕ ਦੋ ਗ੍ਰਾਮ, ਸੁੰਢ ਚੂਰਨ ਚੌਥਾਈ ਚਮਚ ਅਤੇ ਕਾਲੀ ਮਿਰਚ 7 ਨਗ, ਇਨ੍ਹਾਂ ਸਾਰਿਆਂ ਨੂੰ ਸੌ ਗ੍ਰਾਮ ਦੁੱਧ ਅਤੇ ਇਕ ਚਮਚ ਖੰਡ ਪਾ ਕੇ ਇਸ ਕਾੜ੍ਹੇ ਯੁਕਤ ਪੇਯ ਨੂੰ ਗਰਮ-ਗਰਮ ਪੀ ਕੇ ਆਰਾਮ ਕਰੋ। ਇਹ ਸ਼ੀਤ ਅਤੇ ਸ਼ਰਦ ਨਾਲ ਪੈਦਾ ਸਿਰਦਰਦ, ਨੱਕ ਵਿਚੋਂ ਪਾਣੀ ਵਗਣਾ, ਸਰਦੀ-ਜ਼ੁਕਾਮ, ਪੀਨਸ, ਸਾਹ ਨਲੀ ਦੀ ਸੋਜ, ਜੋੜਾਂ ਵਿਚ ਦਰਦ, ਸਾਧਾਰਨ ਜਵਰ, ਮਲੇਰੀਆ, ਬਦਹਜ਼ਮੀ ਆਦਿ ਰੋਗਾਂ ਵਿਚ ਰਾਮਬਾਣ ਦਵਾਈ ਹੈ। ਬੱਚਿਆਂ ਨੂੰ ਇਹ ਅੱਧੀ ਮਾਤਰਾ ਵਿਚ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੇ ਸਰੀਰਕ ਵਿਕਾਰਾਂ ਵਿਚ ਇਸ ਦੀਆਂ ਵੱਖ-ਵੱਖ ਸੇਵਨ ਵਿਧੀਆਂ ਹਨ।
* ਛਾਂ ਵਿਚ ਸੁਕਾਏ ਗਏ ਤੁਲਸੀ ਦੇ ਪੱਤੇ 20 ਗ੍ਰਾਮ, ਸਾਫ਼ ਅਜ਼ਵਾਇਣ 20 ਗ੍ਰਾਮ, ਸੇਂਧਾ ਨਮਕ 10 ਗ੍ਰਾਮ, ਇਨ੍ਹਾਂ ਤਿੰਨਾਂ ਨੂੰ ਬਰੀਕ ਚੂਰਨ ਕਰਕੇ 2-2 ਦੀ ਮਾਤਰਾ ਵਿਚ ਸਵੇਰੇ ਅਤੇ ਸ਼ਾਮ ਗਰਮ ਪਾਣੀ ਦੇ ਨਾਲ ਲੈਣ ਵਿਚ ਗੁਰਦੇ ਦੀ ਦਰਦ ਨਾਲ ਤੜਫਦੇ ਹੋਏ ਰੋਗੀ ਨੂੰ ਚੈਨ ਮਿਲ ਜਾਂਦਾ ਹੈ। ਰੋਗੀ ਤੰਦਰੁਸਤ ਮਹਿਸੂਸ ਕਰਦਾ ਹੈ। ਇਹ ਵਰਤੋਂ ਨਜ਼ਲਾ, ਜੁਕਾਮ, ਖੰਘ, ਪੇਟ-ਦਰਦ, ਅਫਾਰਾ, ਬਦਹਜ਼ਮੀ, ਖੱਟੇ ਡਕਾਰ, ਕਬਜ਼, ਉਲਟੀ ਆਦਿ ਲਈ ਵੀ ਲਾਭਦਾਇਕ ਹੈ।
* ਤੁਲਸੀ ਦੇ ਪੌਦੇ ਵਿਚ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਅਦਭੁੱਤ ਗੁਣ ਮੌਜੂਦ ਹਨ। ਸੂਰਜ ਗ੍ਰਹਿਣ ਦੇ ਸਮੇਂ ਖਾਣਾ ਖਾਣ ਦੀ ਮਨਾਹੀ ਆਮ ਧਾਰਨਾ ਰਹੀ ਹੈ। ਅਜਿਹੇ ਵਿਚ ਭੋਜਨ ਵਿਚ ਤੁਲਸੀ ਪੱਤਾ ਪਾ ਕੇ ਮੰਨਿਆ ਜਾਂਦਾ ਹੈ ਕਿ ਇਹ ਖਰਾਬ ਨਹੀਂ ਹੋਇਆ ਹੈ।
* ਤੁਲਸੀ ਦੇ 11 ਪੱਤੇ ਅਤੇ 7 ਕਾਲੀਆਂ ਮਿਰਚਾਂ, ਇਨ੍ਹਾਂ ਦੋਵਾਂ ਨੂੰ 60 ਗ੍ਰਾਮ ਪਾਣੀ ਵਿਚ ਰਗੜ ਕੇ ਪੀਣ ਨਾਲ ਜਿਹੜਾ ਮਰਜ਼ੀ ਬੁਖਾਰ ਹੋਵੇ, ਬਿਲਕੁਲ ਉਤਰ ਜਾਂਦਾ ਹੈ।
* ਤੁਲਸੀ ਦੇ ਪੱਤੇ 7, ਕਾਲੀਆਂ ਮਿਰਚਾਂ 7, ਪਿੱਪਲ ਦਾ ਪੱਤਾ ਇਕ, ਇਨ੍ਹਾਂ ਤਿੰਨਾਂ ਨੂੰ ਨਿਯਮਤ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਮਹੀਨਿਆਂ ਤੋਂ ਹੋ ਰਿਹਾ ਪੁਰਾਣਾ ਬੁਖਾਰ ਗਾਇਬ ਹੋ ਜਾਂਦਾ ਹੈ।


-ਕਾਮਤਾ ਨਾਥ ਤਿਵਾੜੀ

ਅੱਖਾਂ ਲਈ ਲਾਭਦਾਇਕ ਕਿਰਿਆਵਾਂ

ਅੱਖਾਂ 'ਤੇ ਐਨਕ ਉਦੋਂ ਲਗਦੀ ਹੈ ਜਦੋਂ ਅੱਖਾਂ ਆਪਣੀਆਂ ਸੁਭਾਵਿਕ ਕਿਰਿਆਵਾਂ ਨੂੰ ਕਰਨ ਤੋਂ ਅਸਮਰੱਥ ਹੋ ਜਾਂਦੀਆਂ ਹਨ। ਐਨਕ ਤਾਂ ਸਿਰਫ ਉਨ੍ਹਾਂ ਦਾ ਫੋਕਸ ਠੀਕ ਕਰਦੀ ਹੈ ਨਾ ਕਿ ਅੱਖਾਂ ਦੀ ਨਿਗ੍ਹਾ ਨੂੰ ਵਧਾਉਂਦੀ ਹੈ। ਜੇ ਅਸੀਂ ਅੱਖਾਂ ਦੀ ਨਿਗ੍ਹਾ ਵਧਾਉਣ ਦੇ ਉਪਾਅ ਨਾ ਕਰੀਏ ਤਾਂ ਦਿਨ-ਪ੍ਰਤੀਦਿਨ ਅੱਖਾਂ ਦੇ ਲੈੱਨਜ਼ ਦਾ ਫੋਕਸ ਘੱਟ ਹੁੰਦਾ ਜਾਵੇਗਾ ਅਤੇ ਐਨਕ ਦਾ ਨੰਬਰ ਵਧਦਾ ਹੀ ਜਾਵੇਗਾ।
ਜੇ ਅਸੀਂ ਸਿਹਤ ਦੇ ਕੁਝ ਨਿਯਮਾਂ ਦਾ ਪਾਲਣ ਕਰੀਏ ਤਾਂ ਅੱਖਾਂ 'ਤੇ ਐਨਕ ਲੱਗੇਗੀ ਹੀ ਨਹੀਂ ਅਤੇ ਜੇ ਲੱਗ ਵੀ ਚੁੱਕੀ ਹੈ ਤਾਂ ਛੇਤੀ ਹੀ ਉਤਰ ਜਾਵੇਗੀ। ਅੱਖਾਂ ਦੀ ਕੁਦਰਤੀ ਨਿਗ੍ਹਾ ਬਣਾਈ ਰੱਖਣ ਲਈ ਹੇਠ ਲਿਖੇ ਉਪਾਅ ਲਾਭਦਾਇਕ ਹੋ ਸਕਦੇ ਹਨ-
ਅੱਖਾਂ ਦੀਆਂ ਕਸਰਤਾਂ : ਅੱਖਾਂ ਨੂੰ ਵੀ ਕਸਰਤ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਸਵੇਰੇ ਉਠਦੇ ਹੀ ਅੱਖਾਂ 'ਤੇ ਤਾਜ਼ੇ ਪਾਣੀ ਦੇ ਛਿੱਟੇ ਮਾਰ ਕੇ ਕਰੀਬ 3 ਮਿੰਟ ਤੱਕ ਠੰਢਾ ਕਰਨਾ ਚਾਹੀਦਾ ਹੈ ਜਾਂ ਸ਼ੁੱਧ ਪਾਣੀ ਵਿਚ ਅੱਖਾਂ ਨੂੰ ਲਿਜਾ ਕੇ ਖੋਲ੍ਹਣਾ, ਬੰਦ ਕਰਨਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਅੱਖਾਂ ਨੂੰ ਤਾਜ਼ਗੀ ਮਿਲਦੀ ਹੈ।
ਜ਼ਿਆਦਾ ਦੇਰ ਤੱਕ ਅੱਖਾਂ ਨਾਲ ਘੂਰਦੇ ਨਹੀਂ ਰਹਿਣਾ ਚਾਹੀਦਾ, ਸਗੋਂ ਪਲਕਾਂ ਨੂੰ ਵਾਰ-ਵਾਰ ਝਪਕਦੇ ਰਹਿਣਾ ਚਾਹੀਦਾ ਹੈ। ਅੱਖਾਂ ਨੂੰ ਲਗਾਤਾਰ ਸੁਭਾਵਿਕ ਦਸ਼ਾ ਵਿਚ ਝਪਕਦੇ ਰਹਿਣ ਨਾਲ ਸ਼ਕਤੀ ਮਿਲਦੀ ਹੈ ਅਤੇ ਉਨ੍ਹਾਂ ਦੀ ਸੁੰਦਰਤਾ ਬਣੀ ਰਹਿੰਦੀ ਹੈ। ਪਲਕਾਂ ਨੂੰ ਲਗਾਤਾਰ ਝਪਕਦੇ ਰਹਿਣ ਨਾਲ ਅਰਸ਼ੁ ਗ੍ਰੰਥੀਆਂ ਸ਼ਲੇਸ਼ਿਮਕਾ ਨੂੰ ਨਮ ਬਣਾਈ ਰੱਖਦੀਆਂ ਹਨ।
ਹੱਥਾਂ ਨੂੰ ਛੂਹੇ ਬਿਨਾਂ ਅੱਖਾਂ ਨੂੰ ਜ਼ੋਰ ਨਾਲ ਦਬਾਓ ਅਰਥਾਤ ਅੱਖਾਂ ਨੂੰ ਬੰਦ ਕਰਕੇ ਜ਼ੋਰ ਨਾਲ ਮੀਚੋ। ਇਸ ਤਰ੍ਹਾਂ ਦੀ ਕੋਸ਼ਿਸ਼ ਕਰੋ ਕਿ ਅੱਖਾਂ 'ਤੇ ਚਾਰੇ ਪਾਸਿਓਂ ਦਬਾਅ ਪਵੇ। ਅੱਖ ਦਬਾਅ ਦੀ ਕਸਰਤ ਨਾਲ ਅੱਖ ਦੇ ਅੰਦਰੂਨੀ ਦਬਾਅ ਵਿਚ ਕਸ਼ਿਣਕ ਵਾਧਾ ਹੁੰਦਾ ਹੈ ਅਤੇ ਉਥੋਂ ਦਾ ਖੂਨ ਸੰਚਾਰ ਸੁਭਾਵਿਕ ਰੂਪ ਨਾਲ ਕੰਮ ਕਰਨ ਲਗਦਾ ਹੈ।
ਵੱਖ-ਵੱਖ ਦਿਸ਼ਾਵਾਂ ਵਿਚ ਅੱਖਾਂ ਨੂੰ ਘੁਮਾਓ। ਕਦੇ ਉੱਪਰ ਨਜ਼ਰ ਲੈ ਜਾਓ ਤੇ ਕਦੇ ਹੇਠਾਂ। ਇਸ ਵਾਸਤੇ ਸਭ ਤੋਂ ਪਹਿਲਾਂ ਅੱਖਾਂ ਨੂੰ ਬੰਦ ਕਰੋ ਅਤੇ ਖੜ੍ਹੀ ਉਂਗਲੀ ਨੂੰ ਇਸ ਤਰ੍ਹਾਂ ਨੱਕ 'ਤੇ ਰੱਖੋ ਕਿ ਨੱਕ ਪੂਰੀ ਤਰ੍ਹਾਂ ਢਕ ਹੋ ਜਾਵੇ। ਹੁਣ ਹੌਲੀ ਜਿਹੇ ਅੱਖ ਖੋਲ੍ਹੋ ਅਤੇ ਸਿਰ ਨੂੰ ਸਥਿਰ ਰੱਖ ਕੇ ਉਂਗਲੀ ਨੂੰ ਸੱਜੇ ਪਾਸੇ 12 ਇੰਚ ਤੱਕ ਲੈ ਜਾਓ। ਹੁਣ ਆਰਾਮ ਨਾਲ ਅੱਖ ਬੰਦ ਕਰੋ ਤੇ ਖੱਬੇ ਪਾਸੇ ਵੱਲ ਵੀ ਕਰੋ। ਇਸ ਤਰ੍ਹਾਂ 8-10 ਵਾਰ ਅਭਿਆਸ ਕਰੋ।
ਆਪਣੇ ਮੂੰਹ ਨੂੰ ਜਿੰਨਾ ਸੰਭਵ ਹੋ ਸਕੇ, ਵੱਧ ਫੈਲਾਓ। ਜੀਭ ਨੂੰ ਜ਼ਿਆਦਾ ਤੋਂ ਜ਼ਿਆਦਾ ਬਾਹਰ ਕੱਢੋ ਅਤੇ ਸਿਰ ਚੁੱਕੇ ਬਿਨਾਂ ਹੀ ਛੱਤ ਵੱਲ ਦੇਖੋ। ਕੁਝ ਪਲ ਤੱਕ ਇਸ ਸਥਿਤੀ ਵਿਚ ਰਹਿਣ ਤੋਂ ਬਾਅਦ ਹੌਲੀ-ਹੌਲੀ ਆਮ ਸਥਿਤੀ ਵਿਚ ਆਓ। ਹਰ ਰੋਜ਼ ਇਨ੍ਹਾਂ ਕਸਰਤਾਂ ਨੂੰ 5-6 ਵਾਰ ਜ਼ਰੂਰ ਕਰੋ।
ਹਥੇਲੀ ਘਰਸ਼ਣ : ਆਪਣੀਆਂ ਦੋਵੇਂ ਹਥੇਲੀਆਂ ਨੂੰ ਮਿਲਾ ਕੇ ਏਨਾ ਘਸਾਓ ਕਿ ਉਹ ਗਰਮ ਹੋ ਜਾਣ। ਉਨ੍ਹਾਂ ਗਰਮ ਹਥੇਲੀਆਂ ਨੂੰ ਅੱਖਾਂ 'ਤੇ ਰੱਖ ਕੇ ਸੇਕ ਦਿਓ। ਅੱਖਾਂ ਨੂੰ ਹਲਕੇ-ਹਲਕੇ ਦਬਾਅ ਕੇ ਗੋਲ-ਗੋਲ ਘੁਮਾ ਕੇ ਅੱਖਾਂ ਦੀ ਮਸਾਜ ਕਰੋ। ਹਲਕਾ ਦਬਾਅ ਪਾਓ ਅਤੇ ਛੱਡੋ। ਇਹ ਕਿਰਿਆ ਦੋ-ਤਿੰਨ ਵਾਰ ਦੁਹਰਾਓ।
ਅੱਖਾਂ ਦੀ ਦੁਰਵਰਤੋਂ ਨਾ ਕਰੋ : ਅੱਖਾਂ ਵੀ ਤਣਾਅਗ੍ਰਸਤ ਹੋ ਜਾਂਦੀਆਂ ਹਨ ਅਤੇ ਆਪਣੀ ਸੁਭਾਵਿਕਤਾ ਨੂੰ ਛੱਡਣ ਲਗਦੀਆਂ ਹਨ। ਅੱਖਾਂ ਦਾ ਕੰਮ ਦੇਖਣ ਲਈ ਹੁੰਦਾ ਹੈ। ਉਚਿਤ ਦੂਰੀ ਤੋਂ ਨਾ ਪੜ੍ਹਨਾ, ਘੱਟ ਰੌਸ਼ਨੀ ਵਿਚ ਪੜ੍ਹਨਾ, ਲੰਮੇ ਪੈ ਕੇ ਪੜ੍ਹਨਾ, ਟ੍ਰੇਨ ਜਾਂ ਬੱਸ ਦੇ ਸਫਰ ਵਿਚ ਪੜ੍ਹਨਾ, ਹਨੇਰੇ ਰਾਹਾਂ 'ਤੇ ਜ਼ਿਆਦਾ ਚੱਲਣਾ ਆਦਿ ਕਾਰਨਾਂ ਨਾਲ ਅੱਖਾਂ ਤਣਾਅਗ੍ਰਸਤ ਹੋ ਜਾਂਦੀਆਂ ਹਨ।
ਦੋ-ਢਾਈ ਸਾਲ ਦੇ ਬੱਚਿਆਂ ਨੂੰ ਹੀ ਜ਼ਬਰਦਸਤੀ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਅਨੇਕ ਰੰਗਾਂ ਵਾਲੀਆਂ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ। ਰੰਗਾਂ ਦੇ ਮਾੜੇ ਪ੍ਰਭਾਵ ਨਾਲ ਅੱਖਾਂ 'ਤੇ ਜ਼ੋਰ ਪੈਂਦਾ ਹੈ ਅਤੇ ਇਹ ਤਣਾਅ ਅਪਵਰਤਨ ਤਰੁੱਟੀਆਂ ਦਾ ਕਾਰਨ ਬਣ ਜਾਂਦਾ ਹੈ। ਨਤੀਜੇ ਵਜੋਂ 5-6 ਸਾਲ ਦੀ ਉਮਰ ਤੋਂ ਹੀ ਨਜ਼ਰ ਦਾ ਨੁਕਸਾਨ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਐਨਕ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ।
ਅੱਖਾਂ ਦੇ ਤਣਾਅਗ੍ਰਸਤ ਹੋਣ 'ਤੇ ਲੈੱਨਜ਼ ਦੀ ਸਥਿਤੀ ਵਿਚ ਬਦਲਾਅ ਹੋ ਜਾਂਦਾ ਹੈ ਅਤੇ ਮਾਓਪਿਆ, ਹਾਈਪਰਮੇਟ੍ਰੋਪਿਆ ਜਾਂ ਐਸਟਿਗਮੇਟਿਜ਼ਮ ਪੈਦਾ ਕਰ ਸਕਦਾ ਹੈ। ਇਸ ਦਾ ਇਲਾਜ ਬਿਨਾਂ ਆਪ੍ਰੇਸ਼ਨ ਦੇ ਸੰਭਵ ਨਹੀਂ ਹੁੰਦਾ।

ਸਿਹਤ ਖ਼ਬਰਨਾਮਾ

ਸਾਫ਼-ਸੁਥਰੇ ਦੇਸ਼ ਖ਼ਸਰੇ ਦੇ ਸ਼ਿਕਾਰ

ਸਾਫ਼-ਸੁਥਰਾ ਰਹਿਣ ਨਾਲ ਖਸਰੇ ਦੀ ਬਿਮਾਰੀ ਨਹੀਂ ਫੈਲਦੀ, ਅਜਿਹਾ ਕਿਹਾ ਜਾਂਦਾ ਹੈ। ਯੂਰਪੀ ਦੇਸ਼ਾਂ ਵਿਚ ਇਹ ਗੱਲ ਗ਼ਲਤ ਸਿੱਧ ਹੁੰਦੀ ਜਾ ਰਹੀ ਹੈ। ਵਰਤਮਾਨ ਸਮੇਂ ਵਿਚ ਯੂਰਪੀ ਦੇਸ਼ ਖਸਰੇ ਦੀ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਫਰਾਂਸ ਦੇ ਸਕੂਲਾਂ ਵਿਚ ਇਹ ਬਿਮਾਰੀ ਜ਼ਬਰਦਸਤ ਰੂਪ ਨਾਲ ਫੈਲੀ ਹੈ। ਬ੍ਰਿਟੇਨ ਵੀ ਇਸ ਬਿਮਾਰੀ ਦੀ ਚਪੇਟ ਵਿਚ ਹੈ। ਖਸਰੇ ਦੀ ਸੰਕ੍ਰਾਮਕਤਾ ਨੇ ਸਾਫ਼-ਸਫ਼ਾਈ ਦੇ ਯਤਨਾਂ ਨੂੰ ਲੰਘ ਕੇ ਆਪਣਾ ਤੇਵਰ ਦਿਖਾਇਆ ਹੈ। ਇਸ ਨਾਲ ਡਾਕਟਰ, ਵਿਗਿਆਨੀ ਅਤੇ ਖੋਜ ਕਰਤਾ ਹੈਰਾਨ ਹਨ। ਇਸੇ ਤਰ੍ਹਾਂ ਅਮਰੀਕਾ ਵਿਚ ਖਟਮਲ ਦੇ ਫੈਲਾਅ ਨੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਬਿਮਾਰੀਆਂ ਦੀ ਸੰਕ੍ਰਾਮਕਤਾ ਅਤੇ ਕੀੜੇ-ਮਕੌੜਿਆਂ ਦੇ ਜੀਵਨ ਚੱਕਰ ਨੂੰ ਹੁਣ ਨਵੇਂ ਢੰਗ ਨਾਲ ਜਾਨਣਾ ਅਤੇ ਅਧਿਐਨ ਕਰਨਾ ਜ਼ਰੂਰੀ ਹੋ ਗਿਆ ਹੈ। ਖਸਰੇ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਸੰਕ੍ਰਾਮਕ ਬਿਮਾਰੀ ਅਸਾਨੀ ਨਾਲ ਫੈਲ ਸਕਦੀ ਹੈ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX