ਤਾਜਾ ਖ਼ਬਰਾਂ


ਵਿਦਿਆਰਥੀਆਂ ਦੇ ਨਾਲ ਹੈ ਕਾਂਗਰਸ, ਤੁਸੀਂ ਉਨ੍ਹਾਂ 'ਤੇ ਕੀਤਾ ਜੁਲਮ - ਪ੍ਰਿਅੰਕਾ ਗਾਂਧੀ
. . .  33 minutes ago
ਨਵੀਂ ਦਿੱਲੀ, 16 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਾਮੀਆ ਮਿਲੀਆ ਇਸਲਾਮੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਕਾਰਵਾਈ ਖਿਲਾਫ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ...
ਵਿਰੋਧ ਪ੍ਰਦਰਸ਼ਨਾਂ ਪਿੱਛੇ ਵਿਰੋਧੀ ਦਲ - ਭਾਜਪਾ
. . .  59 minutes ago
ਨਵੀਂ ਦਿੱਲੀ, 16 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋ ਰਹੇ ਵਿਰੋਧ 'ਤੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਦਲਾਂ ਨੂੰ ਹਿੰਸਾ ਲਈ ਜਿੰਮੇਵਾਰ ਠਹਿਰਾਇਆ। ਸੰਬਿਤ ਪਾਤਰਾ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਮੁਸਲਿਮ ਵੋਟਾਂ ਲਈ ਭਾਜੜ...
1971 ਯੁੱਧ ਦੇ 48ਵੇਂ ਜਿੱਤ ਦਿਹਾੜੇ ਮੌਕੇ ਫ਼ਾਜ਼ਿਲਕਾ ਵਿਚ ਭਾਰਤੀਆਂ ਫੌਜ ਨੇ ਕੱਢੀ ਜੇਤੂ ਪਰੇਡ
. . .  about 1 hour ago
ਫ਼ਾਜ਼ਿਲਕਾ, 16 ਦਸੰਬਰ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ 1971 ਯੁੱਧ ਦੇ 48ਵੇਂ ਜਿੱਤ ਦਿਹਾੜੇ ਮੌਕੇ ਅੱਜ ਭਾਰਤੀਆਂ ਫ਼ੌਜ ਵਲੋਂ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਭਾਰਤੀਆਂ ਫ਼ੌਜ ਦੀ ਇਸ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਸ਼ਹੀਦਾਂ ਦੀ ਸਮਾਧ ਆਸਫ਼ਵਾਲਾ...
ਹੁਸ਼ਿਆਰਪੁਰ ਵਿਖੇ ਪਲਾਈਵੁੱਡ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 1 hour ago
ਹੁਸ਼ਿਆਰਪੁਰ, 16 ਦਸੰਬਰ (ਬਲਜਿੰਦਰਪਾਲ ਸਿੰਘ)- ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਅੱਡਾ ਬਾਗਪੁਰ ਵਿਖੇ ਸਥਿਤ ਇੱਕ ਪਲਾਈਵੁੱਡ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ...
ਨਾਗਰਿਕਤਾ ਸੋਧ ਕਾਨੂੰਨ 'ਤੇ ਹਿੰਸਕ ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ ਹੈ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਨਾਗਰਿਕਤਾ ਸੋਧ ਕਾਨੂੰਨ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, ''ਨਾਗਰਿਕਤਾ ਸੋਧ ਕਾਨੂੰਨ 'ਤੇ ਹਿੰਸਕ ਵਿਰੋਧ-ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ...
ਜਾਮੀਆ ਹਿੰਸਾ ਦੇ ਵਿਰੋਧ 'ਚ ਇੰਡੀਆ ਗੇਟ ਵਿਖੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਦੂਜੀਆਂ ਸਿੱਖਿਆ ਸੰਸਥਾਵਾਂ 'ਚ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...
ਟਰੇਨ ਹੇਠਾਂ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
. . .  about 2 hours ago
ਲਹਿਰਾਗਾਗਾ, 16 ਦਸੰਬਰ (ਸੂਰਜ ਭਾਨ ਗੋਇਲ)- ਪਿੰਡ ਅੜਕਵਾਸ ਦੇ ਇੱਕ ਵਿਅਕਤੀ ਵਲੋਂ ਮੇਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ...
ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  about 3 hours ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਹੋਰ ਖ਼ਬਰਾਂ..

ਲੋਕ ਮੰਚ

ਕਿਉਂ ਨਹੀਂ ਦਿੱਤਾ ਜਾਂਦਾ ਸਕੂਲਾਂ 'ਚ ਬੱਚਿਆਂ ਨੂੰ ਸਿੱਖੀ ਦਾ ਗਿਆਨ?

ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪੰਜਾਬ 'ਚ ਬਹੁਤ ਵੱਡੇ-ਵੱਡੇ ਤੇ ਵਧੀਆ ਸਕੂਲ ਹਨ, ਜਿੱਥੋਂ ਦਾ ਪੜ੍ਹਿਆ ਬੱਚਾ ਬਹੁਤ ਉੱਚੇ ਅਹੁਦੇ 'ਤੇ ਪਹੁੰਚ ਜਾਂਦਾ ਹੈ, ਸਕੂਲ ਦਾ ਨਾਂਅ ਰੌਸ਼ਨ ਕਰਦਾ ਹੈ, ਪਰ ਸ਼ਰਮ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵੱਡੇ ਸਕੂਲਾਂ 'ਚ ਇਕੱਲੀ ਅੰਗਰੇਜ਼ੀ ਸੱਭਿਅਤਾ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ, ਨਾ ਕਿ ਸਾਡੇ ਸਿੱਖ ਧਰਮ ਨੂੰ। ਕਿਉਂ ਨਹੀਂ ਦੱਸਿਆ ਜਾਂਦਾ ਬੱਚਿਆਂ ਨੂੰ ਸਾਡੇ ਸਿੱਖ ਧਰਮ ਬਾਰੇ? ਕਿਉਂ ਨਹੀਂ ਪੜ੍ਹਾਉਂਦੇ ਅਧਿਆਪਕ ਬੱਚਿਆਂ ਨੂੰ ਸਿੱਖੀ ਬਾਰੇ? ਕੀ ਗੱਲ ਅਧਿਆਪਕਾਂ ਨੂੰ ਗਿਆਨ ਨਹੀਂ ਹੈ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ, ਸਾਡੇ ਗੁਰੂਆਂ ਬਾਰੇ? ਕੀ ਗੱਲ ਮਾਪੇ ਸਕੂਲਾਂ ਨੂੰ ਫੀਸਾਂ ਪੂਰੀਆਂ ਨਹੀਂ ਦਿੰਦੇ? ਜਾਂ ਸਿੱਖੀ ਦੀ ਸਿੱਖਿਆ ਲਈ ਅਲੱਗ ਤੋਂ ਫੀਸ ਦੇਣੀ ਪੈਂਦੀ ਹੈ? ਜੇ ਨਹੀਂ ਪੜ੍ਹਾ ਸਕਦੇ ਸਕੂਲਾਂ 'ਚ ਬੱਚਿਆਂ ਨੂੰ ਸਿੱਖ ਧਰਮ ਬਾਰੇ ਤਾਂ ਜਦੋਂ ਬੱਚੇ ਦਾ ਦਾਖਲਾ ਹੁੰਦਾ ਹੈ, ਉਹਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ ਜਾਗਰੂਕ ਕਰਾਓ ਕਿ ਅਸੀਂ ਤੁਹਾਡੇ ਬੱਚੇ ਨੂੰ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ ਨਹੀਂ ਪੜ੍ਹਾ ਸਕਦੇ, ਇਹਦੇ ਲਈ ਤੁਹਾਨੂੰ ਬਾਹਰੋਂ ਟਿਊਸ਼ਨ ਲੈਣੀ ਪਵੇਗੀ। ਦੇਖਣ ਵਿਚ ਆਇਆ ਹੈ ਕਿ ਕਈ ਵਾਰ ਕਿਸੇ ਚੈਨਲ ਦੇ ਐਂਕਰ ਵਲੋਂ ਮਾਈਕ ਲਿਆ ਕੇ ਕਿਸੇ ਬੱਚੇ ਦੇ ਅੱਗੇ ਕਰ ਕੇ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ, 'ਹਾਂਜੀ ਦੱਸੋ ਬੱਚਿਓ, ਗੁਰੂ ਨਾਨਕ ਦੇਵ ਜੀ ਕੌਣ ਸਨ?' ਤੇ ਅੱਗੋਂ ਪਹਿਲੇ ਬੱਚੇ ਦਾ ਜਵਾਬ ਆਉਂਦਾ, 'ਮੈਨੂੰ ਨਹੀਂ ਪਤਾ।' ਦੂਜੇ ਬੱਚੇ ਦਾ ਜਵਾਬ ਆਉਂਦਾ, '9 dont know', ਤੀਜੇ ਬੱਚੇ ਦਾ ਜਵਾਬ ਆਉਂਦਾ, 'ਸਾਨੂੰ ਇਹ ਲੇਖ ਹੀ ਨਹੀਂ ਹੈ।' ਚੌਥੇ ਬੱਚੇ ਦਾ ਜਵਾਬ ਆਉਂਦਾ, 'ਸਾਨੂੰ ਪੜ੍ਹਾਇਆ ਹੀ ਨਹੀਂ ਜਾਂਦਾ ਇਹਦੇ ਬਾਰੇ।' ਜਦੋਂ ਬੱਚਿਆਂ ਨੂੰ ਸਕੂਲਾਂ 'ਚ ਗੁਰੂਆਂ ਬਾਰੇ ਪੜ੍ਹਾਇਆ ਹੀ ਨਹੀਂ ਜਾਂਦਾ ਤਾਂ ਉਹ ਵਿਚਾਰੇ ਜਵਾਬ ਵੀ ਕਿੱਥੋਂ ਦੇਣ? ਕਿਹੜੇ ਮਹਿਕਮੇ ਨੇ ਕਾਨੂੰਨ ਪਾਸ ਕੀਤਾ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇਣਾ? ਉਨ੍ਹਾਂ ਨੂੰ ਉਨ੍ਹਾਂ ਦੇ ਗੁਰੂਆਂ ਬਾਰੇ ਨਹੀਂ ਦੱਸਣਾ। ਚਲੋ ਮੰਨ ਲੈਂਦੇ ਹਾਂ ਕਿ ਸਕੂਲ ਦਾ ਪੱਧਰ ਬਹੁਤ ਉੱਚਾ ਏ, ਉਹ ਪੰਜਾਬੀ ਨਹੀਂ ਪੜ੍ਹਾਉਂਦੇ, ਸਾਰਾ ਕੁਝ ਅੰਗਰੇਜ਼ੀ 'ਚ ਹੀ ਪੜ੍ਹਾਉਂਦੇ ਹਨ ਤੇ ਗੁਰੂਆਂ ਬਾਰੇ ਤਾਂ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਹੈ, ਬੱਚਿਆਂ ਨੂੰ ਅੰਗਰੇਜ਼ੀ ਵਿਚ ਵੀ ਸਿੱਖੀ ਦਾ ਗਿਆਨ ਦਿੱਤਾ ਜਾ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਕੂਲਾਂ ਵਾਲੇ ਦੂਜੇ ਵਿਸ਼ੇ ਬੰਦ ਕਰ ਦੇਣ, ਨਹੀਂ, ਬਲਕਿ ਉਨ੍ਹਾਂ ਦੇ ਨਾਲ-ਨਾਲ ਹਰੇਕ ਬੱਚੇ ਨੂੰ ਉਨ੍ਹਾਂ ਦੇ ਗੁਰੂਆਂ ਬਾਰੇ ਵੀ ਚਾਣਨਾ ਪਾਉਣ। ਮੈਂ 'ਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ, ਸਾਰੇ ਧਰਮਾਂ 'ਚ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਗੁਰੂਆਂ ਦਾ ਗਿਆਨ ਹੋਣਾ ਲਾਜ਼ਮੀ ਹੈ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ। ਇੱਥੇ ਇਕੱਲੇ ਸਕੂਲਾਂ ਵਾਲੇ ਗਲਤ ਨਹੀਂ ਹਨ, ਇੱਥੇ ਕੁਝ ਕੁ ਫੀਸਦੀ ਮਾਪੇ ਵੀ ਗਲਤ ਹਨ, ਜਿਹੜੇ ਕਿ ਆਪ ਸਿੱਖ ਹੋਣ ਦੇ ਨਾਤੇ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇ ਸਕਦੇ। ਮੇਰਾ ਤਾਂ ਕਹਿਣਾ ਸਾਰੇ ਸਕੂਲਾਂ 'ਚ ਦੂਜੇ ਵਿਸ਼ਿਆਂ ਦੇ ਨਾਲ-ਨਾਲ ਇਕ ਪੀਰੀਅਡ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਵੀ ਹੋਣਾ ਚਾਹੀਦਾ ਹੈ, ਤਾਂ ਕਿ ਕੋਈ ਵੀ ਬੱਚਾ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਵਾਂਝਾ ਨਾ ਰਹਿ ਸਕੇ।

-ਮੋਬਾ: 98885-02020


ਖ਼ਬਰ ਸ਼ੇਅਰ ਕਰੋ

ਪੁਸਤਕ ਪੜ੍ਹੀਏ, ਪੁਸਤਕ ਵਿਚਾਰੀਏ!

ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, 'ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾ ਦੁੱਖ ਵਿਚ ਮੈਨੂੰ ਸਹਾਰੇ ਦਾ ਅਤੇ ਦਰਦ ਵਿਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ।' ਹੁਣ ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਪੜ੍ਹਨ ਵਾਲੇ ਪਾਸੇ ਤੋਂ ਸਾਡਾ ਆਦਮ ਨਿਰਾਲਾ ਹੀ ਹੈ, ਕਿਉਂਕਿ ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ, ਇੱਥੋਂ ਤੱਕ ਕਿ ਸਾਡੇ ਨੌਜਵਾਨ ਜਾਂ ਵਿਦਿਆਰਥੀ ਵੀ ਆਪਣੇ ਸਿਲੇਬਸ ਦੀਆਂ ਕਿਤਾਬਾਂ ਨੂੰ ਪੜ੍ਹਨ ਵੇਲੇ ਵੀ ਬੜੀ ਔਖ ਮਹਿਸੂਸ ਕਰਦੇ ਹਨ ਤਾਂ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਨੂੰ ਪੜ੍ਹਨਾ ਤਾਂ ਉਨ੍ਹਾਂ ਦੇ ਵੱਸ ਦੀ ਗੱਲ ਹੀ ਨਹੀਂ। ਸਿੱਟੇ ਵਜੋਂ ਸਾਡੇ ਪੰਜਾਬੀ ਸੱਭਿਆਚਾਰ ਵਿਚ ਲਾਇਬ੍ਰੇਰੀਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਕਿਤਾਬਾਂ ਬਾਰੇ ਗੰਗਾਧਰ ਤਿਲਕ ਦੇ ਵਿਚਾਰ ਬੜੇ ਖੂਬ ਹਨ, ਉਹ ਕਹਿੰਦੇ ਹਨ, 'ਮੈਂ ਨਰਕ ਵਿਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਉਨ੍ਹਾਂ ਵਿਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ। ਪਰ ਸਾਡੇ ਤਾਂ ਇੱਥੇ ਘਰਾਂ ਵਿਚ ਅਖਬਾਰਾਂ ਵੀ ਲੋਕ ਘੱਟ ਹੀ ਪੜ੍ਹਦੇ ਹਨ। ਸ਼ਾਇਦ ਇਸੇ ਕਰਕੇ ਲੋਕਾਂ ਵਿਚ ਪੁਸਤਕ ਪ੍ਰੇਮ ਪੈਦਾ ਕਰਨ ਲਈ ਇਕ ਖ਼ਾਸ ਦਿਨ ਮਿਥ ਲਿਆ ਗਿਆ। ਦੁਨੀਆ ਭਰ ਵਿਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਇਸ ਦਿਨ ਨੂੰ ਨਿਰਧਾਰਤ ਤੌਰ 'ਤੇ ਮਨਾਉਣ ਦੀ ਸ਼ੁਰੂਆਤ 23 ਅਪ੍ਰੈਲ, 1995 ਤੋਂ ਯੁਨੈਸਕੋ ਵਲੋਂ ਕੀਤੀ ਗਈ ਸੀ ਅਤੇ ਇਸ ਨੂੰ ਵਿਸ਼ਵ ਪੁਸਤਕ ਦਿਵਸ ਜਾਂ ਪੁਸਤਕ ਪ੍ਰਕਾਸ਼ਨ ਅਧਿਕਾਰ ਦੇ ਤੌਰ 'ਤੇ ਮਨਾਇਆ ਜਾਣ ਲੱਗ ਪਿਆ। ਇਹ ਦਿਨ ਇਕ ਸੌ ਤੋਂ ਵੱਧ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਯੂਨੈਸਕੋ ਵਲੋਂ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ' ਦਾ ਦਰਜਾ ਪ੍ਰਦਾਨ ਕੀਤਾ ਜਾਂਦਾ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ, ਜੋ 23 ਅਪ੍ਰੈਲ ਤੋਂ ਅਗਲੇ ਸਾਲ 22 ਅਪ੍ਰੈਲ ਤੱਕ ਹੁੰਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਸ਼ਹਿਰ ਨੂੰ ਸਾਲ 2005 ਵਿਚ ਵਿਸ਼ਵ ਪੁਸਤਕ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ।ਦੋਸਤੋ! ਚੰਗੀ ਕਿਤਾਬ ਰੂਹ ਦੀ ਖੁਰਾਕ ਹੁੰਦੀ ਹੈ। ਭਾਵੇਂ ਕਿ ਅੱਜਕਲ੍ਹ ਇੰਟਰਨੈੱਟ ਦੇ ਜ਼ਮਾਨੇ ਵਿਚ ਹਰ ਵਿਸ਼ੇ 'ਤੇ ਜਾਣਕਾਰੀ ਪ੍ਰਾਪਤ ਕਰਨਾ ਬੜਾ ਸੌਖਾ ਹੋ ਗਿਆ ਹੈ, ਪਰ ਬਾਵਜੂਦ ਇਸ ਦੇ ਪੁਸਤਕ ਪੜ੍ਹਨ ਦਾ ਇਕ ਆਪਣਾ ਹੀ ਸੁਆਦ ਹੈ। ਆਓ ਕੋਸ਼ਿਸ਼ ਕਰੀਏ ਕਿ ਕੋਈ ਵੀ ਨਾਵਲ, ਕਹਾਣੀ, ਕਵਿਤਾ, ਨਾਟਕ ਜਾਂ ਆਪਣੀ ਪਸੰਦ ਦੇ ਕਿਸੇ ਵਿਸ਼ੇ ਦੀ ਕੋਈ ਇਕ ਪੁਸਤਕ ਖਰੀਦ ਕੇ ਪੜ੍ਹਨਾ ਸ਼ੁਰੂ ਕਰੀਏ, ਸ਼ਾਇਦ ਮਨ 'ਤੇ ਕੋਈ ਅਸਰ ਹੋ ਜਾਵੇ।

-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾ: 98150-24920

ਚੋਰਾਂ ਅਤੇ ਅਵਾਰਾ ਪਸ਼ੂਆਂ ਨੇ ਕਿਸਾਨਾਂ ਦਾ ਜਿਊਣਾ ਮੁਹਾਲ ਕੀਤਾ

ਬੇਸ਼ੁਮਾਰ ਪ੍ਰੇਸ਼ਾਨੀਆਂ ਨਾਲ ਜੂਝਦੀ ਸੂਬੇ ਦੀ ਕਿਸਾਨੀ ਨੂੰ ਸਰਦੀਆਂ ਦੇ ਦਿਨਾਂ 'ਚ ਨਵੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ। ਸਰਦੀਆਂ ਦੀ ਆਮਦ ਨਾਲ ਹੀ ਟਰਾਂਸਫਾਰਮਰ ਅਤੇ ਪਾਲਤੂ ਪਸ਼ੂਆਂ ਦੇ ਚੋਰਾਂ ਦੀਆਂ ਸਰਗਰਮੀਆਂ ਵਧਣ ਦੇ ਨਾਲ-ਨਾਲ ਅਵਾਰਾ ਪਸ਼ੂਆਂ ਦੀ ਗਿਣਤੀ 'ਚ ਵੀ ਇਜ਼ਾਫ਼ਾ ਹੋ ਜਾਂਦਾ ਹੈ। ਸਰਦ ਰੁੱਤ ਦੀਆਂ ਠੁਰ-ਠੁਰ ਕਰਦੀਆਂ ਰਾਤਾਂ 'ਚ ਸਾਰਾ ਆਲਮ ਆਰਾਮ ਨਾਲ ਸੁੱਤਾ ਪਿਆ ਹੁੰਦਾ ਹੈ ਪਰ ਕਿਸਾਨਾਂ ਨੂੰ ਆਪਣੇ ਟਰਾਂਸਫਾਰਮਰਾਂ ਅਤੇ ਫਸਲਾਂ ਦੀ ਰਖਵਾਲੀ ਲਈ ਰਾਤਾਂ ਖੁੱਲ੍ਹੇ ਅਸਮਾਨ ਥੱਲੇ ਬਿਤਾਉਣੀਆਂ ਪੈ ਰਹੀਆਂ ਹਨ। ਪਿੰਡਾਂ 'ਚ ਟਰਾਂਸਫਾਰਮਰ ਚੋਰਾਂ ਦੀਆਂ ਸਰਗਰਮੀਆਂ 'ਚ ਇਸ ਕਦਰ ਇਜ਼ਾਫ਼ਾ ਹੋ ਰਿਹਾ ਹੈ ਕਿ ਕਿਸਾਨਾਂ ਦੇ ਬੇਹੱਦ ਚੁਕੰਨੇਪਣ ਦੇ ਬਾਵਜੂਦ ਰੋਜ਼ਾਨਾ ਕਈ-ਕਈ ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਹੋ ਰਹੇ ਹਨ। ਚੋਰ ਟਰਾਂਸਫਾਰਮਰ ਦੀ ਭੰਨ-ਤੋੜ ਕਰ ਕੇ ਉਸ ਵਿਚਲਾ ਤਾਂਬਾ ਲੈ ਜਾਂਦੇ ਹਨ। ਟਰਾਂਸਫਾਰਮਰ ਚੋਰਾਂ ਨੂੰ ਫੜੇ ਜਾਣ 'ਚ ਇਕ ਤਰ੍ਹਾਂ ਨਾਲ ਪੁਲਿਸ ਵੀ ਬੇਵੱਸ ਜਿਹੀ ਹੀ ਨਜ਼ਰ ਆ ਰਹੀ ਹੈ। ਬਹੁਤ ਘੱਟ ਕੇਸਾਂ 'ਚ ਚੋਰਾਂ ਨੂੰ ਪੁਲਿਸ ਦੀ ਦਬਸ਼ ਪਈ ਹੋਵੇਗੀ। ਚੋਰਾਂ ਦੇ ਫੜੇ ਜਾਣ 'ਤੇ ਵੀ ਕਿਸਾਨਾਂ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ। ਕਿਉਂਕਿ ਚੋਰ ਟਰਾਂਸਫਾਰਮ ਦਾ ਜੋ ਨੁਕਸਾਨ ਕਰ ਜਾਂਦੇ ਹਨ, ਉਸ ਦੀ ਭਰਪਾਈ ਨਹੀਂ ਹੋ ਸਕਦੀ। ਤਾਂਬੇ ਦੀ ਪ੍ਰਾਪਤੀ ਲਈ ਚੋਰ ਟਰਾਂਸਫਰਮਰ ਨੂੰ ਪੂਰੀ ਤਰ੍ਹਾਂ ਭੰਨ-ਤੋੜ ਦਿੰਦੇ ਹਨ। ਟਰਾਂਸਫਾਰਮਰ ਦੀ ਚੋਰੀ ਉਪਰੰਤ ਨਵਾਂ ਟਰਾਂਸਫਾਰਮ ਲਗਵਾਉਣ ਲਈ ਕਿਸਾਨਾਂ ਦਾ ਬਿਜਲੀ ਬੋਰਡ ਦੇ ਦਫਤਰਾਂ 'ਚ ਚੱਕਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਬਿਜਲੀ ਬੋਰਡ ਦੀਆਂ ਵਿਭਾਗੀ ਕਾਰਵਾਈਆਂ ਪੂਰੀਆਂ ਕਰਦਿਆਂ ਕਿਸਾਨਾਂ ਨੂੰ ਕਦੇ ਪੁਲਿਸ ਅਤੇ ਕਦੇ ਕਿਸੇ ਬਿਜਲੀ ਬੋਰਡ ਦੇ ਦਫਤਰ ਜਾਣਾ ਪੈਂਦਾ ਹੈ। ਸਰਦੀਆਂ ਦੇ ਦਿਨਾਂ 'ਚ ਅਵਾਰਾ ਪਸ਼ੂਆਂ ਦੀ ਗਿਣਤੀ 'ਚ ਅਚਾਨਕ ਹੁੰਦਾ ਬੇਸ਼ੁਮਾਰ ਇਜ਼ਾਫ਼ਾ ਵੀ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਹੋ ਨਿੱਬੜਦਾ ਹੈ। ਹਰੇ ਚਾਰੇ ਅਤੇ ਤੂੜੀ ਦੀ ਥੁੜ ਨਾਲ ਜੂਝਦੇ ਪਰਿਵਾਰ ਦੁੱਧ ਦੇਣ ਤੋਂ ਬਾਂਝ ਗਾਵਾਂ ਅਤੇ ਵਡੇਰੀ ਉਮਰ ਦੇ ਬਲਦਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਘਰੋਂ ਬੇਘਰ ਕੀਤੇ ਇਹ ਪਸ਼ੂ ਢਿੱਡ ਭਰਨ ਦੀ ਉਮੀਦ ਨਾਲ ਰਾਤ ਦੇ ਹਨੇਰੇ 'ਚ ਖੇਤਾਂ ਵੱਲ ਹੋ ਤੁਰਦੇ ਹਨ। ਝੁੰਡਾਂ ਦੇ ਰੂਪ 'ਚ ਖੇਤਾਂ 'ਚ ਪੁੱਜਦੇ ਇਹ ਅਵਾਰਾ ਪਸ਼ੂ ਕਣਕਾਂ ਅਤੇ ਹੋਰ ਚਾਰੇ ਵਾਲੀਆਂ ਫਸਲਾਂ ਦਾ ਵੱਡੀ ਪੱਧਰ 'ਤੇ ਉਜਾੜਾ ਕਰ ਦਿੰਦੇ ਹਨ। ਅਵਾਰਾ ਪਸ਼ੂਆਂ ਤੋਂ ਫਸਲਾਂ ਦੇ ਬਚਾਅ ਲਈ ਕਿਸਾਨਾਂ ਨੂੰ ਸਾਰੀ-ਸਾਰੀ ਰਾਤ ਖੇਤਾਂ ਦੀ ਰਖਵਾਲੀ ਕਰਨੀ ਪੈਂਦੀ ਹੈ। ਕਿਸਾਨਾਂ ਨੂੰ ਫਸਲਾਂ ਦੀ ਰਖਵਾਲੀ ਲਈ ਖੇਤਾਂ ਦੁਆਲੇ ਕੰਡਿਆਲੀਆਂ ਤਾਰਾਂ ਅਤੇ ਮੋੜ੍ਹੀਆਂ ਦੀਆਂ ਵਾੜਾਂ ਵੀ ਕਰਨੀਆਂ ਪੈਂਦੀਆਂ ਹਨ। ਠਰਦੀਆਂ ਰਾਤਾਂ 'ਚ ਟਰਾਂਸਫਾਰਮਰਾਂ ਅਤੇ ਫਸਲਾਂ ਦੀ ਰਖਵਾਲੀ ਕਰਦੇ ਕਿਸਾਨਾਂ ਦਾ ਦਰਦ ਸਿਰਫ ਕਿਸਾਨ ਹੀ ਜਾਣ ਸਕਦੇ ਹਨ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਟਰਾਸਫਾਂਰਮਰਾਂ ਦੀ ਚੋਰੀ ਰੋਕਣ ਲਈ ਤਕਨੀਕੀ ਕਦਮ ਉਠਾਉਣ ਦੇ ਨਾਲ-ਨਾਲ ਪੁਲਸੀਆ ਸਖਤੀ ਵੀ ਕੀਤੀ ਜਾਵੇ। ਚੋਰੀ ਕੀਤੇ ਟਰਾਂਸਫਾਰਮਰਾਂ ਦੇ ਸਾਮਾਨ ਦੀ ਖਰੀਦਦਾਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਬਰਾਬਰ ਦੇ ਚੋਰ ਐਲਾਨ ਕੇ ਸਜ਼ਾਵਾਂ ਦੇਣ ਦੇ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ। ਚੋਰੀ ਹੋਏ ਟਰਾਂਸਫਾਰਮਰਾਂ ਦੀ ਜਗ੍ਹਾ ਨਵਾਂ ਟਰਾਂਸਫਾਰਮਰ ਰੱਖਣ ਦੀ ਪ੍ਰਣਾਲੀ ਵੀ ਸਰਲ ਹੋਣੀ ਚਾਹੀਦੀ ਹੈ। ਅਵਾਰਾ ਪਸ਼ੂ ਛੱਡਣ ਵਾਲੇ ਲੋਕਾਂ ਨਾਲ ਸਖਤੀ ਨਾਲ ਨਿਪਟਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਰਾਤ ਸਮੇਂ ਚਾਰੇ ਦੀ ਤਲਾਸ਼ 'ਚ ਸੜਕਾਂ ਤੋਂ ਗੁਜ਼ਰਦੇ ਇਹ ਅਵਾਰਾ ਪਸ਼ੂ ਸੜਕੀ ਹਾਦਸਿਆਂ ਦਾ ਸਬੱਬ ਬਣ ਕੇ ਅਨੇਕਾਂ ਘਰ 'ਚ ਸੱਥਰ ਵਿਛਣ ਦਾ ਸਬੱਬ ਬਣ ਚੁੱਕੇ ਹਨ। ਅਵਾਰਾ ਪਸ਼ੂਆਂ ਦੀ ਬਦੌਲਤ ਹੋਣ ਵਾਲੇ ਹਾਦਸਿਆਂ ਦੀ ਗਿਣਤੀ 'ਚ ਹੋ ਰਹੇ ਇਜ਼ਾਫ਼ੇ ਨੂੰ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕਿਸਾਨਾਂ ਨੂੰ ਟਰਾਂਸਫਾਰਮਰ ਚੋਰਾਂ ਅਤੇ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਸਰਕਾਰ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ, ਤਾਂ ਕਿ ਕਿਸਾਨ ਵੀ ਕਹਿਰ ਵਰਸਾਉਂਦੀਆਂ ਰਾਤਾਂ ਛੱਤ ਥੱਲੇ ਗੁਜ਼ਾਰ ਸਕਣ।

-ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।
ਮੋਬਾ: 98786-05965

ਕਿਵੇਂ ਦਿੱਤੀ ਜਾਵੇ ਸੜਕ ਹਾਦਸਾ ਪੀੜਤਾਂ ਨੂੰ ਮੁਢਲੀ ਸਹਾਇਤਾ?

ਦੁਨੀਆ ਵਿਚ ਸਭ ਤੋਂ ਵੱਧ ਸੜਕੀ ਹਾਦਸੇ ਸਾਡੇ ਦੇਸ਼ ਵਿਚ ਹੁੰਦੇ ਹਨ। ਚੀਨ ਦੂਜੇ ਨੰਬਰ 'ਤੇ ਆਉਂਦਾ ਹੈ। ਇਹ ਕਹਿਣਾ ਹੈ ਵਿਸ਼ਵ ਸਿਹਤ ਸੰਸਥਾ ਦੀ 'ਗਲੋਬਲ ਸਟੇਟਸ ਰਿਪੋਰਟ ਆਨ ਰੋਡ ਸੇਫਟੀ' ਦਾ। ਇਸ ਦਾ ਕਾਰਨ ਹੈ ਸੜਕਾਂ ਦੀ ਮਾੜੀ ਹਾਲਤ, ਗ਼ਲਤ ਪਾਰਕਿੰਗ, ਵਾਹਨਾਂ ਵਿਚ ਬਿਨਾਂ ਸੰਕੇਤਕ ਲੱਦਿਆ ਲੰਮਾ ਸਰੀਆ, ਹੈਲਮੇਟ ਜਾਂ ਸੀਟ ਬੈੱਲਟ ਦੀ ਵਰਤੋਂ ਤੋਂ ਸੰਕੋਚ, ਨਸ਼ਾ ਕਰ ਕੇ ਗੱਡੀ ਚਲਾਉਣੀ ਜਾਂ ਬੱਚਿਆਂ ਵਲੋਂ ਲਾਪ੍ਰਵਾਹੀ ਨਾਲ ਗੱਡੀਆਂ ਚਲਾਉਣੀਆਂ ਆਦਿ। ਭਾਰਤ ਵਿਚ ਮਿੰਟਾਂ ਦੇ ਹਿਸਾਬ ਨਾਲ ਗੰਭੀਰ ਹਾਦਸੇ ਵਾਪਰਦੇ ਹਨ ਤੇ ਇਉਂ ਹਰ ਘੰਟੇ ਵਿਚ 16 ਤੋਂ ਵੱਧ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਸਾਡੇ ਦੇਸ਼ ਵਿਚ ਇਸੇ ਹੀ ਦਰ ਨਾਲ 14 ਸਾਲ ਤੋਂ ਘੱਟ ਉਮਰ ਦੇ 20 ਬੱਚੇ ਹਾਦਸਿਆਂ ਵਿਚ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਜਿਹੜੇ ਮੌਤ ਦੇ ਮੂੰਹ 'ਚ ਜਾਣੋ ਬਚ ਜਾਂਦੇ ਹਨ, ਉਨ੍ਹਾਂ ਦੇ ਪੱਲੇ ਗੰਭੀਰ ਸੱਟਾਂ ਪੈ ਜਾਂਦੀਆਂ ਹਨ। ਸਿਰ ਤੋਂ ਪੈਰਾਂ ਤੱਕ ਕਿਸੇ ਵੀ ਅੰਗ ਦਾ ਨੁਕਸਾਨ ਹੋ ਜਾਂਦਾ ਹੈ। ਇਹ ਗੱਡੀ ਦੀ ਰਫਤਾਰ, ਸੜਕ ਦੀ ਹਾਲਤ ਤੇ ਹਾਲਾਤ ਮੁਤਾਬਿਕ ਹੁੰਦਾ ਹੈ। ਹਾਦਸਿਆਂ ਵਿਚ ਸੱਟਾਂ ਲੱਗਣ 'ਤੇ ਕਈ ਵਾਰ ਬੰਦਾ ਬੇਹੋਸ਼ ਹੋ ਜਾਂਦਾ ਹੈ। ਦਿਮਾਗ ਦੀ ਨਾੜੀ ਫਟ ਸਕਦੀ ਹੈ, ਡਿਸਕ ਹਿੱਲ ਸਕਦੀ ਹੈ, ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟ ਕੇ ਉਮਰ ਭਰ ਲਈ ਅਪਾਹਜ ਬਣਾ ਸਕਦੇ ਹਨ। ਅਹਿਮ ਅੰਗਾਂ ਜਿਵੇਂ ਦਿਲ, ਦਿਮਾਗ, ਫੇਫੜੇ ਤੇ ਗੁਰਦਿਆਂ ਨੂੰ ਲੱਗੀਆਂ ਗੰਭੀਰ ਸੱਟਾਂ ਖੂਨ ਦੇ ਵਧੇਰੇ ਵਗਣ ਕਾਰਨ ਮੌਤ ਦਾ ਕਾਰਨ ਬਣ ਸਕਦੀਆਂ ਹਨ। ਇਸ ਮੌਕੇ ਹਰ ਪੀੜਤ ਨੂੰ ਮੁਢਲੀ ਸਹਾਇਤਾ ਦੀ ਲੋੜ ਹੁੰਦੀ ਹੈ।
ਕਿਵੇਂ ਦੇਈਏ ਮੁਢਲੀ ਸਹਾਇਤਾ?
* ਜੇ ਰੀੜ੍ਹ ਦੀ ਹੱਡੀ 'ਤੇ ਸੱਟ ਹੈ ਤੇ ਵਿਅਕਤੀ ਬੈਠ ਨਹੀਂ ਸਕਦਾ ਤਾਂ ਸਖ਼ਤ ਫੱਟੇ 'ਤੇ ਪਾ ਕੇ ਹਸਪਤਾਲ ਲੈ ਜਾਓ। ਮਰੀਜ਼ ਨੂੰ ਸਿੱਧਾ ਲਿਟਾਓ ਤੇ ਨਬਜ਼ 'ਤੇ ਨਿਰੰਤਰ ਨਿਗ੍ਹਾ ਰੱਖੋ।
* ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਫੋਨ ਕਰ ਕੇ ਮੌਕੇ 'ਤੇ ਆਉਣ 'ਤੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਬੇਨਤੀ ਕਰੋ।
* ਛੋਟੀ-ਮੋਟੀ ਸੱਟ ਦਾ ਮੌਕੇ 'ਤੇ ਵੀ ਇਲਾਜ ਕਰ ਸਕਦੇ ਹੋ।
* ਸਾਹ ਔਖਾ ਆਉਂਦਾ ਹੋਵੇ ਤਾਂ ਐਂਬੂਲੈਂਸ ਆਉਣ ਤੱਕ ਬਨਾਉਟੀ ਸਾਹ ਦਿਓ।
* ਵਹਿੰਦੇ ਖੂਨ 'ਤੇ ਮੋਟਾ ਕੱਪੜਾ ਬੰਨ੍ਹ ਦਿਓ ਤਾਂ ਕਿ ਜ਼ਿਆਦਾ ਖੂਨ ਨਾ ਵਹਿ ਜਾਵੇ।
* ਮਰੀਜ਼ ਨੂੰ ਛੇਤੀ ਤੋਂ ਛੇਤੀ ਨੇੜੇ ਦੇ ਹਸਪਤਾਲ ਪਹੁੰਚਾਓ।
ਹੁਣ ਸੱਟਾਂ ਤੋਂ ਪੀੜਤ ਵਿਅਕਤੀ ਨੂੰ ਹਸਪਤਾਲ ਤੱਕ ਪਹੁੰਚਾਉਣ 'ਤੇ ਕੋਈ ਪ੍ਰੇਸ਼ਾਨੀ ਜਾਂ ਕਿਸੇ ਕੇਸ ਵਿਚ ਮਦਦ ਕਰਨ ਵਾਲੇ ਨੂੰ ਕਿਸੇ ਕੇਸ ਆਦਿ ਦੇ ਪੈਣ ਦਾ ਡਰ ਨਹੀਂ ਰੱਖਣਾ ਚਾਹੀਦਾ। ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਾਦਸੇ ਤੋਂ ਪੀੜਤ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਥਾਣੇ ਨਹੀਂ ਬੁਲਾਇਆ ਜਾਵੇਗਾ ਤੇ ਨਾ ਪ੍ਰੇਸ਼ਾਨ ਕੀਤਾ ਜਾਵੇਗਾ। ਸੋ, ਹਾਦਸਾਗ੍ਰਸਤ ਦੀ ਬਿਨਾਂ ਡਰ-ਭੈ ਤੋਂ ਸਹਾਇਤਾ ਕਰੋ। ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ।

-ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027.
ਮੋਬਾ: 94636-00252

ਧਰਨਿਆਂ ਦੌਰਾਨ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ

ਆਪਣੀਆਂ ਸਮੱਸਿਆਵਾਂ ਦਾ ਹੱਲ ਨਾ ਹੁੰਦਾ ਵੇਖ ਕੇ ਲੋਕ ਪ੍ਰਸ਼ਾਸਨ ਤੱਕ ਆਪਣੀ ਗੱਲ ਪਹੁੰਚਾਉਣ ਲਈ ਸੜਕਾਂ 'ਤੇ ਧਰਨੇ ਲਾ ਕੇ ਬੈਠ ਜਾਂਦੇ ਹਨ। ਇਹ ਖ਼ਬਰ ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਦੀ ਸੁਰਖੀ ਬਣਦੀ ਹੈ ਕਿ ਫਲਾਣੇ ਥਾਂ ਲੋਕਾਂ ਨੇ ਸੜਕਾਂ, ਰੇਲ ਲਾਈਨਾਂ ਜਾਂ ਸ਼ਹਿਰ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਧਰਨਾ ਲਾਇਆ, ਮਰਨ ਵਰਤ 'ਤੇ ਬੈਠ ਗਏ ਜਾਂ ਸ਼ਹਿਰ ਨੂੰ ਬੰਦ ਕਰਵਾ ਦਿੱਤਾ। ਅਜਿਹਾ ਕਰਨ ਨਾਲ ਬੋਲ਼ੀ ਸਰਕਾਰ ਤੱਕ ਉਨ੍ਹਾਂ ਦੀ ਆਵਾਜ਼ ਤਾਂ ਪਹੁੰਚ ਜਾਂਦੀ ਹੈ ਤੇ ਅਜਿਹਾ ਵਾਰ-ਵਾਰ ਕਰਨ ਨਾਲ ਉਨ੍ਹਾਂ ਨੂੰ ਆਪਣੇ ਹੱਕ ਵੀ ਮਿਲ ਜਾਂਦੇ ਹਨ, ਪਰ ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਅਸੀਂ ਧਰਨਾ ਲਾ ਕੇ ਆਮ ਲੋਕਾਂ ਨੂੰ ਕਿਹੜੀ ਗੱਲੋਂ ਪ੍ਰੇਸ਼ਾਨ ਕਰ ਰਹੇ ਹਨ? ਭਾਵੇਂ ਸਾਡੇ ਮੁਲਕ ਵਿਚ ਹਰ ਆਦਮੀ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਸਕਦਾ ਹੈ ਪਰ ਸੰਘਰਸ਼ ਕਰਨ ਸਮੇਂ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸਾਡੇ ਸੰਘਰਸ਼ ਨਾਲ ਆਮ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਨਾ ਹੋਵੇ। ਪਿਛਲੇ ਕਾਫੀ ਸਮੇਂ ਤੋਂ ਕਿਸਾਨਾਂ ਵਲੋਂ ਗੰਨੇ ਦੀ ਅਦਾਇਗੀ ਨਾ ਹੋਣ, ਸਮੇਂ ਸਿਰ ਖੰਡ ਮਿੱਲਾਂ ਨਾ ਚੱਲਣ, ਗੰਨੇ ਦਾ ਭਾਅ ਵਧਾਉਣ ਲਈ ਖੰਡ ਮਿੱਲਾਂ ਤੇ ਸਰਕਾਰ ਖਿਲਾਫ਼ ਧਰਨਾ ਲਾਉਣ ਨਾਲ ਪੰਜਾਬ ਦਾ ਸਾਰਾ ਜਨ ਜੀਵਨ ਠੱਪ ਹੋਣ ਨਾਲ ਲੋਕ ਪ੍ਰੇਸ਼ਾਨੀ ਝੇਲਦੇ ਆ ਰਹੇ ਹਨ। ਕਿਸਾਨਾਂ ਨੇ ਧਰਨਾ ਲਾਇਆ ਤਾਂ ਸਰਕਾਰ ਖ਼ਿਲਾਫ਼ ਸੀ ਪਰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸੜਕਾਂ ਤੋਂ ਲੰਘਣ ਵਾਲੇ ਉਨ੍ਹਾਂ ਲੋਕਾਂ ਨੂੰ ਹੋਈ, ਜਿਨ੍ਹਾਂ ਆਪਣੇ ਜ਼ਰੂਰੀ ਕੰਮ ਕਾਰ ਦੇ ਸਿਲਸਿਲੇ 'ਚ ਕਿਸੇ ਮੰਜ਼ਿਲ 'ਤੇ ਪਹੁੰਚਣਾ ਸੀ। ਉਹ ਧਰਨਾ ਲਾ ਤਾਂ ਲੈਂਦੇ ਹਨ ਪਰ ਇਹ ਗੱਲ ਭੁੱਲ ਜਾਂਦੇ ਹਨ ਕਿ ਅਸੀਂ ਪ੍ਰੇਸ਼ਾਨ ਤਾਂ ਆਮ ਲੋਕਾਂ ਨੂੰ ਹੀ ਕਰ ਰਹੇ ਹਾਂ। ਕੌਮੀ ਰਾਜ ਮਾਰਗਾਂ 'ਤੇ ਧਰਨਾ ਲੱਗਣ ਨਾਲ ਵਿਦਿਆਰਥੀ, ਨੌਕਰੀ ਪੇਸ਼ੇ ਵਾਲੇ, ਬਿਮਾਰ ਵਿਅਕਤੀ ਤੇ ਆਮ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਘੰਟਿਆਂਬੱਧੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਅੱਜ ਲੋੜ ਹੈ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਪ੍ਰਦਰਸ਼ਨ ਕਰ ਕੇ ਜਗਾਉਣ ਦੀ। ਇਨਸਾਫ਼ ਨਾ ਮਿਲਣ ਕਰਕੇ ਲੋਕ ਥਾਂ-ਥਾਂ 'ਤੇ ਧਰਨੇ ਲਾ ਕੇ ਆਪਣੀਆਂ ਮੰਗਾਂ ਸਰਕਾਰ ਕੋਲੋਂ ਮੰਨਵਾ ਰਹੇ ਹਨ ਪਰ ਪ੍ਰੇਸ਼ਾਨ ਭੋਲੇ-ਭਾਲੇ ਲੋਕ ਹੋ ਰਹੇ ਹਨ। ਧਰਨਾ ਲਾਉਣ ਵਾਲੇ ਪਾਣੀ ਦੀਆਂ ਬੁਛਾਰਾਂ ਤੋਂ ਡਰਦੇ ਸੜਕ ਰੋਕਦੇ ਹਨ, ਜੋ ਗ਼ਲਤ ਹੈ। ਅੱਜ ਲੋੜ ਹੈ ਜੇ ਧਰਨਾ ਲਾਉਣਾ ਹੀ ਹੈ ਤਾਂ ਡੀ.ਸੀ. ਦਫ਼ਤਰ ਜਾਂ ਵਿਭਾਗ ਨਾਲ ਸਬੰਧਤ ਮੰਤਰੀ ਤੇ ਮੁੱਖ ਮੰਤਰੀ ਦੇ ਘਰ ਮੂਹਰੇ ਜਾਂ ਉੱਥੇ ਧਰਨਾ ਲਾਇਆ ਜਾਵੇ ਜਿੱਥੇ ਆਮ ਲੋਕਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ। ਅਜਿਹਾ ਕਰਨ ਨਾਲ ਆਮ ਲੋਕ ਵੀ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ ਤੇ ਸਹਿਯੋਗ ਕਰਦੇ ਹਨ। ਰੋਸ ਮੁਜ਼ਾਹਰੇ ਕਰਨ ਸਮੇਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ, ਨਾ ਕਿ ਸੜਕਾਂ ਰੋਕ ਕੇ ਪ੍ਰੇਸ਼ਾਨ ਕਰਨਾ। ਜਨ ਸਮੂਹ ਦਾ ਪ੍ਰਭਾਵ ਸਰਕਾਰਾਂ ਨੂੰ ਝੁਕਾ ਦਿੰਦਾ ਹੈ। ਇਸ ਕਰਕੇ ਧਰਨਾ ਲਾਓ ਜ਼ਰੂਰ ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ। ਕਿਤੇ ਇਹ ਨਾ ਹੋਵੇ ਕਿ ਸੜਕ 'ਤੇ ਧਰਨਾ ਲੱਗਾ ਹੋਣ ਕਰਕੇ ਮਰੀਜ਼ ਦੀ ਹਸਪਤਾਲ ਪਹੁੰਚਣ 'ਚ ਦੇਰੀ ਹੋਣ ਕਰਕੇ ਮੌਤ ਹੋ ਜਾਵੇ।

-ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਖੁੱਲ੍ਹੇ ਵਿਚ ਪਖ਼ਾਨਾ ਮਤਲਬ ਬਿਮਾਰੀਆਂ ਨੂੰ ਸੱਦਾ

ਸੰਯੁਕਤ ਰਾਸ਼ਟਰ ਵਲੋਂ ਜਾਰੀ ਰਿਪੋਰਟਾਂ ਅਨੁਸਾਰ ਅੰਦਾਜ਼ਨ 4.2 ਬਿਲੀਅਨ ਲੋਕ ਸਵੱਛਤਾ ਦੇ ਪੈਮਾਨੇ ਤੋਂ ਹੇਠਲੇ ਪੱਧਰ 'ਤੇ ਜੀਵਨ ਬਤੀਤ ਕਰ ਰਹੇ ਹਨ ਤੇ ਹੈਰਾਨੀਜਨਕ ਗੱਲ ਹੈ ਕਿ ਇਹ ਸੰਖਿਆ ਵਿਸ਼ਵ ਦੀ ਕੁੱਲ ਆਬਾਦੀ ਦਾ ਅੱਧੇ ਤੋਂ ਵੀ ਵੱਧ ਭਾਗ ਬਣਦਾ ਹੈ। ਪੂਰੀ ਦੁਨੀਆ ਵਿਚ 673 ਮਿਲੀਅਨ ਲੋਕ ਖੁੱਲ੍ਹੇ ਵਿਚ ਪਖ਼ਾਨਾ ਕਰਦੇ ਹਨ ਤੇ ਇਸ ਗਿਣਤੀ ਵਿਚ ਜ਼ਿਆਦਾਤਰ ਨਾਗਰਿਕ ਗ਼ਰੀਬ ਜਾਂ ਘੱਟ ਵਿਕਸਿਤ ਦੇਸ਼ਾਂ ਨਾਲ ਸਬੰਧ ਰੱਖਦੇ ਹਨ। ਸਵੱਛਤਾ ਨਾਲ ਜੁੜੀਆਂ ਸੰਸਥਾਵਾਂ ਦਾ ਮੰਨਣਾ ਹੈ ਕਿ ਪਖ਼ਾਨਿਆਂ ਦੇ ਨਿਰਮਾਣ ਦੀ ਵਿਸ਼ਵ ਪੱਧਰ 'ਤੇ ਵੱਡੀ ਲੋੜ ਹੈ, ਕਿਉਂਕਿ ਅਜੋਕੇ ਸਮੇਂ ਵਿਚ ਉਸਾਰਿਆ ਜਾਣ ਵਾਲਾ ਪਖ਼ਾਨਾ ਘਰ ਅਸਲ ਵਿਚ ਕੇਵਲ ਇਕ ਪਖ਼ਾਨਾ ਘਰ ਹੀ ਨਹੀਂ ਹੈ, ਸਗੋਂ 'ਜਾਨ-ਬਚਾਊ ਤੇ ਮਾਣ ਬਚਾਊ' ਇਮਾਰਤ ਹੈ। ਪਖ਼ਾਨਿਆਂ ਦੀ ਘਾਟ ਅਤੇ ਗੰਦਗੀ ਭਰੀਆਂ ਜੀਵਨ ਹਾਲਤਾਂ ਕਰਕੇ ਦੁਨੀਆ ਵਿਚ ਹਰ ਸਾਲ 4,32,000 ਮੌਤਾਂ ਡਾਇਰੀਆ ਫ਼ੈਲਣ ਕਰਕੇ ਹੋ ਜਾਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਸਾਲ 2019 ਵਿਚ ਸੰਯੁਕਤ ਰਾਸ਼ਟਰ ਸੰਘ ਨੇ ਜਿਸ ਥੀਮ ਦੀ ਚੋਣ ਕੀਤੀ ਹੈ, ਉਹ ਹੈ-'ਕੋਈ ਵੀ ਪਿੱਛੇ ਨਾ ਰਹੇ'। ਇਸ ਦਿਵਸ ਦਾ ਮੰਤਵ ਹੈ ਸਵੱਛਤਾ ਨੂੰ ਵਿਸ਼ਵ ਪੱਧਰ 'ਤੇ ਵਧਾਵਾ ਦੇ ਕੇ ਗੰਦਗੀ ਕਰਕੇ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੇ ਉਪਰੰਤ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਠੱਲ੍ਹ ਪਾਈ ਜਾ ਸਕੇ। ਭਾਰਤ ਵਿਚ ਖੁੱਲ੍ਹੇ ਵਿਚ ਪਖ਼ਾਨਾ ਕਰਨ ਦੀ ਆਦਤ ਸਦੀਆਂ ਪੁਰਾਣੀ ਹੈ ਤੇ ਇਸ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਵਲੋਂ ਵੱਡੇ ਯਤਨ ਕੀਤੇ ਜਾ ਰਹੇ ਹਨ। ਪਖ਼ਾਨਾ ਘਰਾਂ ਦੇ ਨਿਰਮਾਣ ਤੋਂ ਇਲਾਵਾ ਸੰਚਾਰ ਸਾਧਨਾਂ ਅਤੇ ਵਿੱਦਿਅਕ ਅਦਾਰਿਆਂ ਰਾਹੀਂ ਇਸ ਆਦਤ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਤੱਕ ਦੀਆਂ ਸ਼ਖ਼ਸੀਅਤਾਂ ਵਲੋਂ ਇਸ ਸਬੰਧ ਵਿਚ ਨਿਰੰਤਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਪਰ ਕੌੜਾ ਸੱਚ ਇਹ ਹੈ ਕਿ ਭਾਰਤ ਵਿਚ ਇਸ ਖੇਤਰ ਵਿਚ ਅਜੇ ਵੀ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਸਾਡੇ ਗੁਆਂਢੀ ਮੁਲਕ ਨਿਪਾਲ ਨੇ 29 ਅਕਤੂਬਰ, 2019 ਨੂੰ ਆਪਣੇ-ਆਪ ਨੂੰ 'ਖੁੱਲ੍ਹੇ ਵਿਚ ਪਖ਼ਾਨਾ ਕਰਨ ਤੋਂ ਮੁਕਤ ਦੇਸ਼' ਐਲਾਨ ਦਿੱਤਾ ਸੀ ਤੇ ਹੁਣ ਭਾਰਤ ਦੀ ਵਾਰੀ ਹੈ ਕਿ ਉਹ ਵੀ ਛੇਤੀ ਇਸ ਐਲਾਨ ਨੂੰ ਕਰਨ ਦੇ ਸਮਰੱਥ ਹੋ ਜਾਵੇ।

-410, ਚੰਦਰ ਨਗਰ, ਬਟਾਲਾ। ਮੋਬਾ: 97816-46008

ਮਨੁੱਖੀ ਸ਼ਖ਼ਸੀਅਤ ਲਈ ਵੱਡੇ ਔਗੁਣ ਹਨ ਚੁਗਲੀ, ਨਿੰਦਾ ਤੇ ਨਫ਼ਰਤ

ਮਨੁੱਖੀ ਸ਼ਖ਼ਸੀਅਤ ਦੇ ਨਿਰਮਾਣਕਾਰੀ ਤੱਤਾਂ ਵਿਚ ਸਮਾਜ ਬੜੀ ਵੱਡੀ ਭੁੂਮਿਕਾ ਨਿਭਾਉਂਦਾ ਹੈ। ਮਨੁੱਖੀ ਵਿਕਾਸ ਪ੍ਰਕਿਰਿਆ ਵਿਚ ਹੁਣ ਤੱਕ ਦੇ ਸਫ਼ਰ ਦੌਰਾਨ ਜਿਨ੍ਹਾਂ ਗੁਰੂਆਂ, ਪੀਰਾਂ, ਪੈਗੰਬਰਾਂ, ਫਿਲਾਸਫਰਾਂ ਵਿਦਵਾਨਾਂ ਜਾਂ ਮਨੁੱਖੀ ਜ਼ਿੰਦਗੀ ਦੇ ਅਸਲ ਜਿਉਣ ਦੇ ਪਹਿਲੂਆਂ ਬਾਰੇ ਨਿਸ਼ਾਨਦੇਹੀ ਕੀਤੀ, ਉਸ ਵਿਚ ਨਫ਼ਰਤ, ਨਿੰਦਾ, ਚੁਗਲੀ, ਅੰਧਵਿਸ਼ਵਾਸ ਅਗਿਆਨਤਾ ਤੋਂ ਸਾਨੂੰ ਸੁਚੇਤ ਕੀਤਾ ਅਤੇ ਇਨਸਾਨੀਅਤ ਨੂੰ ਹੀ ਵੱਡਾ ਦਰਜਾ ਦਿੱਤਾ ਹੈ। ਸਵਾਰਥੀ ਬਿਰਤੀ ਅਤੇ ਮਾੜੇ ਅਨਸਰਾਂ ਨੇ ਆਪਣੀ ਹਉਮੈ ਅਤੇ ਚੌਧਰ ਲਈ ਸਮਾਜ ਵਿਚ ਅਜਿਹੀਆਂ ਅਮਾਨਵੀ ਕਦਰਾਂ-ਕੀਮਤਾਂ ਸਥਾਪਿਤ ਕਰ ਦਿੱਤੀਆ, ਜਿਨ੍ਹਾਂ ਨੇ ਮਨੁੱਖੀ ਮਨ ਨੂੰ ਪ੍ਰਦੂਸ਼ਿਤ ਕੀਤਾ। ਬੇਲੋੜੀ ਮੁਕਾਬਲੇਬਾਜ਼ੀ ਦੇ ਇਸ ਯੁੱਗ ਵਿਚ ਜ਼ਿਆਦਾਤਰ ਮਨੁੱਖੀ ਸੁਭਾਅ ਦੂਸਰੇ ਵਿਅਕਤੀ ਨੂੰ ਲਿਤਾੜ ਕੇ ਆਪਣੇ ਨਾਂਅ ਰੁਸ਼ਨਾਉਣ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਵੱਲ ਵਧ ਰਿਹਾ ਹੈ। ਸੰਸਾਰ ਪੱਧਰ ਉੱਤੇ ਆਪਸੀ ਨਫ਼ਤਰ ਵੈਰ-ਵਿਰੋਧ ਕਾਰਨ ਲੜਾਈਆਂ ਵਿਚ ਇਨਸਾਨੀਅਤ ਦਾ ਖੂਨ ਡੁੱਲ੍ਹਿਆ ਤੇ ਅਜੇ ਤੱਕ ਡੁੱਲ੍ਹ ਰਿਹਾ ਹੈ। ਕਿਸੇ ਵੀ ਵਿਅਕਤੀ ਉੱਤੇ ਕੁਦਰਤ ਨੇ ਕੋਈ ਮੋਹਰ ਨਹੀਂ ਲਗਾਈ ਕਿ ਤੂੰ ਇਸ ਜਾਤ, ਧਰਮ ਜਾਂ ਫਿਰਕੇ ਨਾਲ ਸਬੰਧਿਤ ਹੈਂ। ਇਹ ਵੰਡ-ਪਾਊ ਨੀਤੀਆਂ ਮਨੁੱਖੀ ਸੁਭਾਅ ਦੀ ਹੀ ਦੇਣ ਹਨ। ਹਰ ਇਕ ਵਿਅਕਤੀ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ, ਜਿਸ ਵਿਚ ਕਾਬਲੀਅਤਾ ਅਤੇ ਸਮਰੱਥਾ ਹੁੰਦੀ ਹੈ ਪਰ ਜਦੋਂ ਦੂਸਰਿਆਂ ਨੂੰ ਅੱਗੇ ਵਧਦੇ ਦੇਖ ਕੇ ਅਸੀਂ ਈਰਖਾ, ਨਫ਼ਰਤ ਕਰਦੇ ਹਾਂ ਤਾਂ ਉਹ ਸਾਡੇ ਆਪਣੇ ਵਿਕਾਸ ਵਿਚ ਅੜਚਣ ਬਣ ਜਾਂਦੀ ਹੈ। ਦੂਸਰੇ ਦੀ ਪ੍ਰਸੰਸਾ ਕਰਨ ਨਾਲ ਹੀ ਸਾਡੇ ਵਿਚ ਜ਼ਿਆਦਾ ਗੁਣ ਅਤੇ ਸਮਰੱਥਾ ਆਉਂਦੀ ਹੈ। ਨਿੰਦਾ-ਚੁਗਲੀ, ਈਰਖਾ, ਮਨੁੱਖੀ ਮਨ ਦੇ ਖਲਾਅ ਦੀ ਨਿਸ਼ਾਨੀ ਹਨ, ਜਿਸ ਤੋਂ ਬੇਚੈਨੀ, ਇਕੱਲਤਾ, ਤਲਖ਼ੀ ਉਪਜਦੀ ਹੈ। ਕਈ ਵਿਅਕਤੀ ਆਪਣੇ-ਆਪ ਦੀ ਪਛਾਣ ਕਰਨ ਦੀ ਬਜਾਏ ਦੂਸਰਿਆਂ ਦੀ ਜ਼ਿੰਦਗੀ ਬਾਰੇ ਧਿਆਨ ਜ਼ਿਆਦਾ ਰੱਖਣਾ ਚਾਹੁੰਦੇ ਹਨ, ਜੋ ਕਿ ਮੂਰਖਤਾ ਦੀ ਨਿਸ਼ਾਨੀ ਹੈ। ਆਪਣੇ-ਆਪ ਨੂੰ ਪਿਆਰ ਕੀਤੇ ਬਿਨਾਂ ਕੀ ਤੁਸੀਂ ਕਿਸੇ ਦੂਸਰੇ ਨੂੰ ਪਿਆਰ ਕਰ ਸਕਦੇ ਹੋ? ਸਮਾਨਤਾ, ਸੁਤੰਤਰਤਾ, ਮਿਲਾਪੜਾਪਣ, ਨਿੱਘ ਹੀ ਅਸਲ ਖੁਸ਼ੀ ਦੇ ਸਿਰਨਾਵੇਂ ਹਨ। ਆਪਣੇ-ਆਪ ਨੂੰ ਵੱਡਾ ਦਿਖਾਉਣ ਲਈ ਦੂਸਰਿਆਂ ਬਾਰੇ ਹੀ ਨੁਕਤਾਚੀਨੀ ਕਰੀ ਜਾਣੀ ਇਕ ਵੱਡਾ ਔਗੁਣ ਹੈ। ਨਿੰਦਾ, ਚੁਗਲੀ ਨਾਲ ਆਪਸੀ ਰਿਸ਼ਤਿਆਂ ਦੇ ਪਿਆਰ ਵਿਚ ਵਿਘਨ ਪੈਂਦਾ ਹੈ, ਪਿਆਰ ਕੁੜੱਤਣ ਵਿਚ ਤਬਦੀਲ ਹੋ ਜਾਂਦਾ ਹੈ। ਨਫ਼ਰਤ ਉਤਪੰਨ ਹੁੰਦੀ ਹੈ ਜੋ ਲੜਾਈ-ਝਗੜੇ ਤੱਕ ਜਾ ਪਹੁੰਚਦੀ ਹੈ। ਸਬਰ, ਸੰਤੋਖ, ਸਲੀਕਾ ਘਟਦਾ ਜਾ ਰਿਹਾ ਹੈ। ਦੁੱਖ-ਸੁੱਖ ਵਿਚ ਭਾਈਵਾਲੀ, ਹਮਦਰਦੀ, ਅਪਣੱਤ ਦੇ ਅਸਲ ਮਾਇਨੇ ਬਦਲ ਗਏ ਹਨ। ਬੇਲੋੜੀ ਭੱਜ-ਦੌੜ ਦੇ ਸ਼ਿਕਾਰ ਅਸੀਂ ਕੀ ਭਾਲਦੇ ਹਾਂ, ਇਸ ਨੂੰ ਸਮਝਣ ਦੀ ਲੋੜ ਹੈ। ਸਮਾਜ ਨੂੰ ਸੁੰਦਰ ਬਣਾਉਣ ਵਿਚ ਹਰ ਇਕ ਵਿਅਕਤੀ ਦੇ ਯੋਗਦਾਨ ਦੀ ਲੋੜ ਹੈ। ਮਨੁੱਖੀ ਪਿਆਰ ਦੀ ਇਸ ਮਾਲਾ ਵਿਚ ਸਭ ਨੂੰ ਸਮੋ ਕੇ ਬਲਸ਼ਾਲੀ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ। ਦਫ਼ਤਰਾਂ, ਸਕੂਲਾਂ-ਕਾਲਜਾਂ ਵਿਚ ਵੀ ਕਈ ਵਾਰ ਅਸਲ ਮਸਲੇ ਵਿਚਾਰਨ ਦੀ ਬਜਾਏ ਨਿੰਦਾ-ਚੁਗਲੀ ਦਾ ਮਾਹੌਲ ਮਨੁੱਖੀ ਮਨ ਦੇ ਸ਼ੁੱਧ ਨਾ ਹੋਣ ਦੀ ਨਿਸ਼ਾਨੀ ਹੈ। ਅਜੋਕੇ ਸਮੇਂ ਛੋਟੇ ਬੱਚਿਆਂ ਨੂੰ ਘਰ-ਪਰਿਵਾਰ ਤੋਂ ਲੈ ਕੇ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ ਤੱਕ ਮਾਨਵੀ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਣਾ ਹੋਵੇਗਾ। ਉਹ ਤਾਂ ਹੋ ਸਕਦਾ ਹੈ ਜੇਕਰ ਅਸੀਂ ਆਪ ਇਨਸਾਨੀਅਤ ਪਿਆਰ ਨੂੰ ਮਨ ਵਿਚ ਵਸਾਇਆ ਹੋਵੇ।

-ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ, ਖੰਨਾ। ਮੋਬਾ: 99146-00690

 

ਆਓ, ਸਰੀਰ ਨੂੰ ਤੰਦਰੁਸਤ ਬਣਾਈਏ

ਪੁਰਾਣੇ ਸਮੇਂ ਵਿਚ ਲੋਕ ਮਿਹਨਤ ਕਰਦੇ ਹੋਏ ਜੀਵਨ ਬਤੀਤ ਕਰਦੇ ਸਨ। ਇਸ ਲਈ ਬਿਮਾਰੀਆਂ ਤੋਂ ਦੂਰ ਰਹਿੰਦੇ ਸਨ। ਰੱਜਵਾਂ ਮਿੱਠਾ ਖਾਂਦੇ, ਗੜਵੀਆਂ ਭਰ-ਭਰ ਚਾਹ ਪੀਂਦੇ। ਫਿਰ ਵੀ ਨਾ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਲਗਦੀ, ਨਾ ਯੂਰਿਕ ਐਸਿਡ, ਨਾ ਕੋਲੈਸਟਰੋਲ, ਨਾ ਬੀ.ਪੀ. ਵਧਦਾ, ਨਾ ਨਾੜੀ ਰੁਕਾਵਟਾਂ, ਨਾ ਕੋਈ ਹੋਰ ਬਿਮਾਰੀ। ਦੇਸੀ ਘਿਓ ਦੀ ਖੁੱਲ੍ਹੀ ਵਰਤੋਂ ਕਰਦੇ ਪਰ ਮੋਟਾਪੇ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਸੀ, ਮੱਠੀਆਂ, ਗੁਲਗੁਲੇ, ਮਾਲ-ਪੂੜੇ ਵੀ ਤਲੀਆਂ ਚੀਜ਼ਾਂ ਹੀ ਹਨ ਪਰ ਇਹ ਆਮ ਹੀ ਖਾਧੇ ਜਾਂਦੇ ਸੀ ਪਰ ਫਿਰ ਵੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ਤੇ ਹੁਣ ਬਿਮਾਰੀਆਂ ਦੇ ਨਾਂਅ ਉਂਗਲਾਂ 'ਤੇ ਗਿਣੇ ਨਹੀਂ ਜਾ ਸਕਦੇ। ਨਿੱਤ ਨਵੀਂ ਬਿਮਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਕੀਮਤੀ ਚੀਜ਼ਾਂ ਦੀ ਸਾਂਭ-ਸੰਭਾਲ ਤਾਂ ਕਰਦੇ ਹਾਂ ਤੇ ਲੋੜ ਪੈਣ 'ਤੇ ਮੁਰੰਮਤ ਵੀ ਕਰਵਾਉਂਦੇ ਹਾਂ ਪਰ ਆਪਣੇ ਬਹੁਮੁੱਲੇ ਸਰੀਰ ਦੀ ਨਹੀਂ। ਇਹ ਮੁਰੰਮਤ ਸਰੀਰਕ ਕਸਰਤ, ਯੋਗਾ, ਖੇਡਾਂ, ਸੈਰ ਤੇ ਸਰੀਰ ਨੂੰ ਕਸ਼ਟ ਦੇਣ ਨਾਲ ਹੁੰਦੀ ਹੈ। ਇਨ੍ਹਾਂ ਨਾਲ ਸਾਡੇ ਸਰੀਰ ਦੇ ਪੁਰਾਣੇ ਸੈੱਲ ਟੁੱਟਦੇ ਹਨ ਤੇ ਨਵੇਂ ਬਣਦੇ ਹਨ ਤੇ ਇਸ ਤਰ੍ਹਾਂ ਸਰੀਰ ਦੀ ਮੁਰੰਮਤ ਹੁੰਦੀ ਰਹਿੰਦੀ ਹੈ। ਪੁਰਾਣੇ ਸਮੇਂ ਘਰਾਂ ਵਿਚ ਪਖਾਨੇ ਬਣਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਤੇ ਲੋਕ ਦੂਰ ਖੇਤਾਂ ਵਿਚ ਜਾਂਦੇ ਸਨ, ਜਿਸ ਨਾਲ ਉਨ੍ਹਾਂ ਦੀ ਸੈਰ ਹੋ ਜਾਂਦੀ ਸੀ ਅਤੇ ਪੇਟ ਵੀ ਵਧੀਆ ਸਾਫ਼ ਹੋ ਜਾਂਦਾ ਸੀ। ਇਸ ਤੋਂ ਇਲਾਵਾ ਹੁਣ ਘਰਾਂ ਵਿਚ ਏ.ਸੀ. ਆ ਗਏ ਨੇ ਕਈ ਤਾਂ ਇੰਨੇ ਸੋਹਲ ਹੋ ਗਏ ਨੇ ਕਿ ਬਿਲਕੁਲ ਵੀ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ। ਵਿਗਿਆਨ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਨੂੰ ਸ਼ਾਂਤ ਸਰੀਰ ਬਹੁਤ ਪਸੰਦ ਹਨ। ਥੋੜ੍ਹੀ ਜਿਹੀ ਕਸਰਤ ਵੀ ਉਸ ਨੂੰ ਤੰਗ ਕਰਦੀ ਹੈ। ਇਸ ਲਈ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਣ ਲਈ ਸਰੀਰ ਦੀ ਸੰਭਾਲ ਜ਼ਰੂਰੀ ਹੈ। ਗੱਲ ਭੋਜਨ ਖਾਣ ਦੀ ਕਿਸਮ ਦੀ ਨਹੀਂ, ਮਿਹਨਤ ਦੀ ਹੈ। ਅੱਜਕਲ੍ਹ ਖੇਤਾਂ ਵਿਚ ਜਾਣ ਲਈ ਤਾਂ ਵਾਹਨ ਦੀ ਜ਼ਰੂਰਤ ਪੈਂਦੀ ਹੈ ਪਰ ਪਿੰਡ ਵਿਚ ਨੇੜੇ-ਤੇੜੇ ਜਾਣ ਲਈ ਵੀ ਮੋਟਰਸਾਈਕਲ ਤੋਂ ਬਿਨਾਂ ਗੱਲ ਨਹੀਂ ਕਰਦੇ। ਬਾਕੀ ਹਰ ਕੰਮ ਲਈ ਮਸ਼ੀਨਾਂ ਆ ਗਈਆਂ ਹਨ, ਫੇਰ ਹੱਥੀਂ ਕੰਮ ਕੌਣ ਕਰੇ? ਬੰਦਿਆਂ ਦੇ ਨਾਲ-ਨਾਲ ਔਰਤਾਂ ਵੀ ਆਪਣੇ ਜ਼ਿਆਦਾਤਰ ਕੰਮਾਂ ਲਈ ਮਸ਼ੀਨਾਂ 'ਤੇ ਹੀ ਨਿਰਭਰ ਹੋ ਗਈਆਂ ਹਨ। ਕਸਰਤ ਨਾ ਕਰਨ ਨਾਲ ਸਰੀਰ ਨੂੰ ਗੰਭੀਰ ਬਿਮਾਰੀਆਂ ਹੋਣ 'ਤੇ ਡਾਕਟਰਾਂ ਕੋਲ ਭੱਜਦੇ ਫਿਰਦੇ ਹਾਂ। ਫਿਰ ਸੈਂਕੜੇ ਟੈੱਸਟ ਕਰਵਾ-ਕਰਵਾ ਕੇ ਮਰੀਜ਼ਾਂ ਦੇ ਹਜ਼ਾਰਾਂ ਰੁਪਏ ਲੱਗ ਜਾਂਦੇ ਹਨ, ਮਰੀਜ਼ਾਂ ਦੇ ਬਚਣ ਦੀ ਫਿਰ ਵੀ ਕੋਈ ਗਰੰਟੀ ਨਹੀਂ। ਇਸ ਲਈ ਆਪਣਾ ਖਿਆਲ ਖੁਦ ਹੀ ਰੱਖਣਾ ਪੈਣਾ ਹੈ। ਇਕੱਲੀ ਹਲਕੀ-ਫੁਲਕੀ ਰੋਜ਼ਾਨਾ ਸੈਰ ਨਾਲ ਹੀ ਕਬਜ਼, ਗੈਸ, ਬਦਹਜ਼ਮੀ ਆਦਿ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ। ਹੋਰ ਬਿਮਾਰੀਆਂ ਤੋਂ ਬਚਣ ਲਈ ਆਪਣੇ ਸਰੀਰ ਦੀ ਸਮਰੱਥਾ ਮੁਤਾਬਿਕ ਕਸਰਤ ਕਰਦੇ ਰਹਿਣਾ ਚਾਹੀਦਾ ਹੈ।-

-ਸ: ਪ੍ਰਾ: ਸਕੂਲ, ਚਹਿਲਾਂਵਾਲੀ। ਮੋਬਾ: 94174-51887

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX