ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਰਮ ਦਾ ਰੁੱਖਾਂ ਪ੍ਰਤੀ ਦ੍ਰਿਸ਼ਟੀਕੋਣ

ਰੁੱਖ ਸੁੱਖ ਦਾ ਦੂਜਾ ਨਾਂਅ ਹੈ। ਇਹ ਵਾਤਾਵਰਨ ਤੇ ਜੀਵਨ ਦੀ ਧੜਕਣ ਹਨ। ਇਹ ਸਾਨੂੰ ਆਕਸੀਜਨ ਹੀ ਨਹੀਂ ਦਿੰਦੇ, ਜ਼ਿੰਦਗੀ ਨੂੰ ਸੁਹਾਵਣੀ ਵੀ ਬਣਾਉਂਦੇ ਹਨ। ਬਾਗਾਂ ਦੀ ਸੈਰ ਦੇ ਰਮਣੀਕ ਪਲ ਸਵਰਗਾਂ ਦੀ ਬਾਤ ਪਾਉਂਦੇ ਹਨ। ਇਹ ਮਨ ਅੰਦਰ ਤਾਜ਼ਗੀ ਤੇ ਉਤਸ਼ਾਹ ਦੀਆਂ ਤਰੰਗਾਂ ਛੇੜ ਦਿੰਦੇ ਹਨ। ਹਵਾ ਨਾਲ ਗੱਲਾਂ ਕਰਦੇ ਹਰੇ-ਭਰੇ ਫਲਾਂ ਲੱਦੇ ਰੁੱਖ, ਕੁਦਰਤ ਦੇ ਸਦਾਬਹਾਰ ਉਤਸਵ ਦਾ ਹਿੱਸਾ ਹਨ।
ਗੁਰਬਾਣੀ ਵਿਚ ਰੁੱਖਾਂ ਨੂੰ ਦਰਵੇਸ਼ ਦਾ ਮੁਕਾਮ ਹਾਸਲ ਹੈ। ਧੁੱਪ ਦੇ ਕਹਿਰ ਨੂੰ ਸਹਿ ਕੇ ਵੀ ਰੁੱਖ ਠੰਢੀ ਛਾਂ ਵਰਤਾਉਂਦੇ ਹਨ। ਇਸੇ ਤਰ੍ਹਾਂ ਦਰਵੇਸ਼ ਨੂੰ ਸੰਸਾਰ ਦਾ ਦੁੱਖ ਵੰਡਾਅ ਕੇ ਮਾਨਵਤਾ ਤੇ ਸੁੱਖ ਦੀ ਛਾਂ ਕਰਨੀ ਚਾਹੀਦੀ ਹੈ। ਸ੍ਰੀਮਦ ਭਾਗਵਤ ਪੁਰਾਣ ਰੁੱਖਾਂ ਨੂੰ ਬੇਹੱਦ ਉਪਯੋਗੀ, ਸ੍ਰੇਸ਼ਟ ਤੇ ਜੀਵਨ ਮੁੱਲਾਂ ਦੇ ਸੰਚਾਰ ਕਰਨ ਲਈ ਪ੍ਰੇਰਕ ਸੋਮੇ ਵਜੋਂ ਪ੍ਰਵਾਨ ਕਰਦਾ ਹੈ। ਇਸ ਪੁਰਾਣ ਅਨੁਸਾਰ ਰੁੱਖ ਬਹੁਤ ਭਾਗਾਂ ਵਾਲੇ ਹਨ। ਇਨ੍ਹਾਂ ਦਾ ਸਾਰਾ ਜੀਵਨ ਦੂਜਿਆਂ ਦੀ ਭਲਾਈ ਲਈ ਹੈ। ਇਹ ਹਵਾ, ਮੀਂਹ, ਪਾਲਾ ਸਭ ਨੂੰ ਸਹਿ ਕੇ ਸਾਡੀ ਰੱਖਿਆ ਕਰਦੇ ਹਨ। ਇਨ੍ਹਾਂ ਦਾ ਜੀਵਨ ਸਭ ਤੋਂ ਸ੍ਰੇਸ਼ਟ ਹੈ। ਇਹ ਸਭ ਪ੍ਰਾਣੀਆਂ ਨੂੰ ਸਹਾਰਾ ਦਿੰਦੇ ਹਨ। ਇਨ੍ਹਾਂ ਤੋਂ ਸਾਡੇ ਜੀਵਨ ਦਾ ਨਿਰਬਾਹ ਹੁੰਦਾ ਹੈ। ਰੁੱਖਾਂ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਇਹ ਆਪਣੇ ਫਲ, ਫੁੱਲ, ਛਾਂ, ਲੱਕੜੀ, ਸੁਗੰਧ, ਗੂੰਦ, ਰਾਖ ਤੇ ਕੋਇਲੇ ਨਾਲ ਸਭ ਦੀ ਕਾਮਨਾ ਪੂਰੀ ਕਰਦੇ ਹਨ। ਰੁੱਖਾਂ ਵਾਂਗ ਸਾਨੂੰ ਵੀ ਆਪਣੇ ਵਿਵੇਕ, ਵਿਚਾਰ, ਬਚਨ ਤੇ ਪ੍ਰਾਣਾਂ ਨਾਲ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਨਾਲ ਸਰਬੱਤ ਦਾ ਭਲਾ ਹੋਵੇ।
ਰੁੱਖਾਂ ਦਾ ਰਮਣੀਕ ਵਾਤਾਵਰਨ ਮਨ ਨੂੰ ਸ਼ਾਂਤੀ ਤੇ ਇਕਾਗਰਤਾ ਪ੍ਰਦਾਨ ਕਰਦਾ ਹੈ। ਇਹ ਸੋਚਾਂ ਨੂੰ ਬੁਲੰਦੀਆਂ ਪ੍ਰਦਾਨ ਕਰਦਾ ਹੈ। ਇਸੇ ਲਈ ਮਹਾਂਪੁਰਸ਼ ਧਿਆਨ ਲਗਾਉਣ ਲਈ ਛਾਂਦਾਰ ਰੁੱਖਾਂ ਭਰੇ ਸਥਾਨ ਨੂੰ ਚੁਣਦੇ ਸਨ। ਸ਼ਿਵ ਮਹਾਂ ਪੁਰਾਣ ਅਨੁਸਾਰ ਦੇਵੀ ਪਾਰਬਤੀ ਨੇ ਸ਼ਿਵ ਦੀ ਅਰਾਧਨਾ ਕਰਨ ਲਈ ਜਿਸ ਸਥਾਨ ਦੀ ਚੋਣ ਕੀਤੀ, ਉਥੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਵੰਨ-ਸੁਵੰਨੇ ਰੁੱਖ ਲਗਾਏ। ਉਹ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਨਾਲ ਪਾਣੀ ਦਿੰਦੀ, ਆਏ ਮਹਿਮਾਨਾਂ ਦਾ ਬਹੁਤ ਆਦਰ ਕਰਦੀ ਤੇ ਪੰਜ ਅੱਖਰੀ ਮੰਤਰ ਦਾ ਜਾਪ ਕਰਦੀ। ਇਹ ਸੁੰਦਰ ਫੁੱਲਾਂ ਤੇ ਰਸੀਲੇ ਫਲਾਂ ਨਾਲ ਭਰਪੂਰ ਅਜਿਹਾ ਅਦਭੁੱਤ ਸਥਾਨ ਬਣ ਗਿਆ, ਜਿਥੇ ਹਿੰਸਕ ਜਾਨਵਰ ਵੀ ਆ ਕੇ ਸ਼ਾਂਤ ਹੋ ਜਾਂਦੇ ਸਨ। ਇਸ ਪੁਰਾਣ ਅਨੁਸਾਰ ਦੁਰਗਮ ਖੇਤਰਾਂ ਵਿਚ ਰੁੱਖ ਲਗਾਉਣ ਵਾਲਾ ਆਪਣੀਆਂ ਪੀੜ੍ਹੀਆਂ ਦਾ ਉਦਾਰ ਕਰ ਲੈਂਦਾ ਹੈ। ਅੱਜ ਅਸੀਂ ਵਿਕਾਸ ਦੇ ਨਾਂਅ 'ਤੇ ਖਾਸ ਕਰਕੇ ਸੜਕਾਂ ਕਿਨਾਰੇ ਲੱਗੇ ਲੱਖਾਂ ਰੁੱਖਾਂ ਦਾ ਕਤਲੇਆਮ ਕਰਕੇ ਆਪਣੇ ਲਈ ਮੁਸੀਬਤਾਂ ਖੜ੍ਹੀਆਂ ਕਰ ਲਈਆਂ ਹਨ। ਹੁਣ ਜ਼ਿੰਦਗੀ ਸੁਹਾਵਣੀ ਨਹੀਂ, ਪ੍ਰਦੂਸ਼ਣ ਭਰੀ ਹੋ ਗਈ ਹੈ। ਰੁੱਖਾਂ ਤੋਂ ਬਿਨਾਂ ਸੁਹਾਵਣੇ ਸਥਾਨ ਦੀ ਕਲਪਨਾ ਵੀ ਨਹੀਂ ਹੋ ਸਕਦੀ। ਇਸੇ ਲਈ ਸ਼ਿਵ ਪੁਰਾਣ ਧਾਰਮਿਕ ਅਨੁਸ਼ਠਾਨ ਕਰਨ ਲਈ ਜਲ ਦਾ ਕਿਨਾਰਾ ਮਹੱਤਵਪੂਰਨ ਮੰਨਦਾ ਹੈ ਪਰ ਉਸ ਤੋਂ ਵੀ ਦਸ ਗੁਣਾ ਮਹਾਤਮ ਉਸ ਅਸਥਾਨ ਦਾ ਹੈ, ਜਿਥੇ ਬੇਲ, ਤੁਲਸੀ ਤੇ ਪਿੱਪਲ ਦਾ ਰੁੱਖ ਹੋਵੇ।
ਮਹਾਤਮਾ ਬੁੱਧ ਗਿਆਨ ਦੀ ਪ੍ਰਾਪਤੀ ਲਈ ਬਹੁਤ ਸਮਾਂ ਦਰ-ਦਰ ਭਟਕਦੇ ਤੇ ਤਸੀਹੇ ਸਹਿੰਦੇ ਰਹੇ। ਸਰੀਰ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਿਆ। ਜਿਵੇਂ ਡੂੰਘੇ ਖੂਹ ਦਾ ਪਾਣੀ ਲਿਸ਼ਕਦਾ ਹੈ, ਉਸ ਤਰ੍ਹਾਂ ਅੱਖਾਂ ਦੀ ਨਜ਼ਰ ਮੱਧਮ ਪੈ ਗਈ। ਇਕ ਕਿਸਾਨ ਲੜਕੀ ਸੁਜਾਤਾ ਵਲੋਂ ਲਿਆਂਦੀ ਖੀਰ ਖਾ ਕੇ ਉਨ੍ਹਾਂ ਅੰਦਰ ਮੁੜ ਜ਼ਿੰਦਗੀ ਰੁਮਕਣ ਲੱਗੀ। ਗਇਆ ਵਿਚ ਨੇਰੰਜਛਾ ਨਦੀ ਦੇ ਕਿਨਾਰੇ ਪਿੱਪਲ ਦੇ ਰੁੱਖ ਹੇਠ ਉਨ੍ਹਾਂ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ। ਸ਼ੁਰੂ ਵਿਚ 400 ਸਾਲ ਤੱਕ ਪਿੱਪਲ ਦਾ ਰੁੱਖ ਜਾਂ ਬੁੱਧ ਦੇ ਚਰਨ ਜਾਂ ਧਰਮ ਚੱਕਰ ਹੀ ਬੁੱਧ ਧਰਮ ਦੇ ਪ੍ਰਤੀਕ ਸਨ, ਬਾਅਦ ਵਿਚ ਬੁੱਧ ਦੀ ਤਸਵੀਰ ਜਾਂ ਮੂਰਤੀ ਬਣਾਈ ਜਾਣ ਲੱਗੀ।
ਗੁਰੂ ਨਾਨਕ ਸਾਹਿਬ ਅਨੁਸਾਰ ਗਗਨ ਥਾਲ ਹੈ। ਤਾਰੇ ਮੋਤੀ ਤੇ ਚੰਦ ਸੂਰਜ ਇਸ ਦੇ ਜਗਦੇ ਦੀਵੇ ਹਨ। ਹਵਾ ਚਵਰ ਕਰ ਰਹੀ ਹੈ। ਚੰਦਨ ਦੇ ਰੁੱਖਾਂ ਨੂੰ ਛੂਹ ਕੇ ਆਈ ਸੁਗੰਧਿਤ ਹਵਾ ਧੂਪ ਸਮਾਨ ਹੈ। ਸਾਰੀ ਕਾਇਨਾਤ ਦੇ ਸੁੰਦਰ ਰੁੱਖ, ਪੌਦੇ, ਫੁੱਲ ਸਭ ਅਕਾਲ ਪੁਰਖ ਦੀ ਇਸ ਸਦਾਬਹਾਰ ਆਰਤੀ ਵਿਚ ਸ਼ੁਮਾਰ ਹਨ। ਗੁਰੂ ਨਾਨਕ ਸਾਹਿਬ ਨੇ ਬਾਰਾਂ ਮਾਹ ਤੁਖਾਰੀ ਵਿਚ ਅੰਬ 'ਤੇ ਬੋਲਦੀ ਕੋਇਲ ਦਾ ਸੁੰਦਰ ਬਿੰਬ ਸਿਰਜਿਆ ਹੈ।
ਭਾਈ ਗੁਰਦਾਸ ਜੀ ਨੇ ਅੰਬ ਤੇ ਅੱਕ ਦੇ ਦ੍ਰਿਸ਼ਟਾਂਤ ਰਾਹੀਂ ਚੰਗੀ ਤੇ ਮਾੜੀ ਸੰਗਤ ਦੇ ਮਨ 'ਤੇ ਪੈ ਰਹੇ ਪ੍ਰਭਾਵ ਨੂੰ ਮੂਰਤੀਮਾਨ ਕੀਤਾ ਹੈ। ਅੰਬ ਬਸੰਤ ਰੁੱਤ ਵਿਚ ਮੌਲਦਾ ਹੈ ਤੇ ਔੜ ਵਿਚ ਅੱਕ ਪਸਰਦਾ ਹੈ। ਅੰਬ ਨੂੰ ਖੱਖੜੀ ਨਹੀਂ ਲੱਗਦੀ ਤੇ ਅੱਕ ਦੇ ਹਿੱਸੇ ਰਸੀਲੇ ਅੰਬ ਨਹੀਂ ਆਉਂਦੇ। ਕੋਇਲ ਦੀ ਸੁਰੀਲੀ ਕੂਕ ਅੰਬਾਂ ਦਾ ਸੁਭਾਗ ਬਣਦੀ ਹੈ, ਜਦੋਂ ਕਿ ਬੇਸੁਰਾ ਟਿੱਡਾ ਅੱਕ ਕੋਲ ਸ਼ੋਰ ਮਚਾਉਂਦਾ ਤੇ ਸ਼ਾਂਤੀ ਭੰਗ ਕਰਦਾ ਹੈ। ਇਸ ਤਰ੍ਹਾਂ ਅੰਬ ਤੇ ਕੋਇਲ ਚੰਗਿਆਈ ਤੇ ਖ਼ੂਬਸੂਰਤੀ ਦੇ ਪ੍ਰਤੀਕ ਬਣ ਕੇ ਉੱਭਰੇ ਹਨ, ਜੋ ਸੰਸਾਰ ਅੰਦਰ ਸੁਹਾਵਣਾ ਵਾਤਾਵਰਨ ਉਸਾਰਦੇ ਹਨ। ਅਣਉਪਯੋਗੀ ਅੱਕ ਬੇਸੁਰੇ ਟਿੱਡੇ ਦਾ ਟਿਕਾਣਾ ਬਣ ਕੇ ਰਹਿ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਸਿੰਮਲ ਦੇ ਰੁੱਖ ਦਾ ਦ੍ਰਿਸ਼ਟਾਂਤ ਦੇ ਕੇ ਉਪਯੋਗਤਾ ਨੂੰ ਸਥਾਪਿਤ ਕੀਤਾ ਹੈ। ਸਿੰਮਲ ਦਾ ਰੁੱਖ ਦੂਰ ਤੋਂ ਉੱਚਾ ਦਿਖਾਈ ਦਿੰਦਾ ਹੈ, ਪਰ ਇਸ ਕੋਲ ਆਉਣ ਵਾਲਿਆਂ ਨੂੰ ਗਹਿਰੀ ਨਿਰਾਸ਼ਾ ਹੁੰਦੀ ਹੈ। ਇਸ ਦੇ ਫੁੱਲ ਤੇ ਫਲ ਉਪਯੋਗੀ ਨਹੀਂ ਹੁੰਦੇ। ਇਸੇ ਪ੍ਰਕਾਰ ਸੰਸਾਰ ਵਿਚ ਵੱਡੇ ਦਿਸਣ ਵਾਲੇ ਲੋਕ ਸਮਾਜ ਨੂੰ ਕੋਈ ਉਸਾਰੂ ਯੋਗਦਾਨ ਦੇਣ ਵਿਚ ਬੁਰੀ ਤਰ੍ਹਾਂ ਨਕਾਮ ਰਹਿੰਦੇ ਹਨ। ਨਿਮਰਤਾ ਨਾਲ ਭਰੇ ਲੋਕਾਂ ਅੰਦਰ ਗੁਣ ਪ੍ਰਫੁੱਲਤ ਹੁੰਦੇ ਹਨ। ਭਗਤ ਕਬੀਰ ਜੀ ਨੇ ਚੰਦਨ ਤੇ ਬਾਂਸ ਦੇ ਦ੍ਰਿਸ਼ਟਾਂਤ ਦੇ ਕੇ ਉੱਚੇ-ਲੰਮੇ ਬਾਂਸ ਨੂੰ ਨਕਾਰਿਆ ਹੈ, ਜੋ ਚੰਦਨ ਦੇ ਨੇੜੇ ਰਹਿ ਕੇ ਵੀ ਚੰਦਨ ਦੀ ਮਹਿਕ ਤੋਂ ਵਿਰਵਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਵੱਡੇ ਹੋਣ ਦੇ ਹੰਕਾਰ ਨਾਲ ਭਰੇ ਮਨੁੱਖ ਦੂਜਿਆਂ ਦੇ ਚੰਗੇ ਗੁਣ ਗ੍ਰਹਿਣ ਕਰਨ ਦੇ ਪੂਰੀ ਤਰ੍ਹਾਂ ਅਯੋਗ ਬਣ ਜਾਂਦੇ ਹਨ। ਉਨ੍ਹਾਂ ਦਾ ਮਾਨਵਤਾ ਦੇ ਕਲਿਆਣ ਵਿਚ ਕੋਈ ਹਿੱਸਾ ਨਹੀਂ ਹੁੰਦਾ।
ਸਿੱਖ ਧਰਮ ਵਿਚ ਰੁੱਖ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਕਈ ਪਾਵਨ ਗੁਰਧਾਮਾਂ ਦੇ ਨਾਂਅ ਰੁੱਖਾਂ ਦੇ ਨਾਂਅ 'ਤੇ ਰੱਖੇ ਗਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ, ਬੇਰ ਸਾਹਿਬ ਸੁਲਤਾਨਪੁਰ ਲੋਧੀ, ਇਸੇ ਤਰ੍ਹਾਂ ਰੀਠਾ ਸਾਹਿਬ ਉੱਤਰਾਖੰਡ ਇਸ ਦੀਆਂ ਉਦਾਹਰਨਾਂ ਹਨ। ਹਰਿਮੰਦਰ ਸਾਹਿਬ ਵਿਚ ਦੁਖਭੰਜਨੀ ਬੇਰੀ, ਬੇਰੀ ਬਾਬਾ ਬੁੱਢਾ ਜੀ ਤੇ ਲਾਚੀ ਬੇਰੀ ਦਾ ਮਾਣਮੱਤਾ ਇਤਿਹਾਸ ਹੈ। ਸੁਲਾਤਾਨਪੁਰ ਲੋਧੀ ਦੀ ਬੇਰੀ ਗੁਰੂ ਨਾਨਕ ਸਾਹਿਬ ਦੀ ਪੈਗੰਬਰੀ ਅਜ਼ਮਤ ਦੀ ਖ਼ੁਸ਼ਬੂ ਨਾਲ ਭਰਪੂਰ ਹੈ। ਬਾਬਾ ਬੁੱਢਾ ਜੀ ਰੁੱਖਾਂ ਨਾਲ ਭਰੇ ਰਮਣੀਕ ਸਥਾਨ 'ਗੁਰੂ ਕੀ ਬੀੜ' ਵਿਖੇ ਸਿਮਰਨ ਦੀਆਂ ਬਰਕਤਾਂ ਨਾਲ ਇਕਸੁਰ ਹੁੰਦੇ ਸਨ। ਗੁਰੂ ਹਰਿਰਾਏ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਬਾਗ ਲਗਵਾਉਣ ਦਾ ਕਾਰਜ ਕੀਤਾ। ਮਨੁੱਖਤਾ ਦੇ ਭਲੇ ਲਈ ਔਸ਼ਧੀਆਂ ਵਾਲੇ ਬੂਟੇ ਵੀ ਲਗਵਾਏ। ਰਿਗਵੇਦ ਵਿਚ ਔਸ਼ਧੀਆਂ ਨੂੰ ਮਾਂ ਅਤੇ ਰੋਗ ਮੁਕਤੀ ਦਾਤਾ ਦੇ ਰੂਪ ਵਿਚ ਅਰਾਧਿਆ ਗਿਆ ਹੈ। ਦਸਮੇਸ਼ ਪਿਤਾ ਨੇ ਚਮਕੌਰ ਸਾਹਿਬ ਵਿਖੇ 'ਸਵਾ ਲਾਖ ਸਿਉਂ ਏਕ ਲੜਾਊਂ' ਦਾ ਮਹਾਨ ਕੌਤਕ ਸਿਰਜਣ ਪਿਛੋਂ ਮਾਛੀਵਾੜਾ ਦੇ ਜੰਗਲਾਂ ਵਿਚ ਜੰਡ ਦੇ ਰੁੱਖ ਥੱਲੇ 'ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥' ਸ਼ਬਦ ਦਾ ਅਲਾਪ ਕੀਤਾ, ਜੋ ਚੜ੍ਹਦੀ ਕਲਾ ਤੇ ਮੁਰੀਦੀ ਦੇ ਮੰਡਲਾਂ ਦਾ ਮਹਾਂ ਨਾਦ ਬਣ ਕੇ, ਕੌਮ ਦੇ ਸਮਰਪਿਤ ਜਜ਼ਬਿਆਂ 'ਚ ਅਥਾਹ ਚਾਨਣ ਬਣ ਕੇ ਫੈਲ ਗਿਆ।
ਹਿੰਦੂ ਧਰਮ ਵਿਚ ਰੁੱਖਾਂ ਨੂੰ ਮਹਾਨ ਪੁੰਨ ਨਾਲ ਜੋੜਿਆ ਗਿਆ ਹੈ। ਪਦਮ ਪੁਰਾਣ ਅਨੁਸਾਰ ਜਿਸ ਇਲਾਕੇ ਵਿਚ ਪਾਣੀ ਦੀ ਘਾਟ ਹੋਵੇ, ਉਥੇ ਖੂਹ ਲਗਵਾਉਣ ਵਾਲਾ ਪਾਣੀ ਦੀਆਂ ਬੂੰਦਾਂ ਜਿੰਨਾ ਹੀ ਸਵਰਗੀ ਪੁੰਨ ਪ੍ਰਾਪਤ ਕਰ ਲੈਂਦਾ ਹੈ। ਦਸ ਖੂਹਾਂ ਦੇ ਬਰਾਬਰ ਇਕ ਬਾਉਲੀ, ਦਸ ਬਉਲੀਆਂ ਦੇ ਬਰਾਬਰ ਇਕ ਕੰਨਿਆ (ਬੇਟੀ ਨੂੰ ਚੰਗੀ ਸਿੱਖਿਆ ਤੇ ਸੰਸਕਾਰ ਦੇ ਕੇ ਪਿਆਰ ਨਾਲ ਪਾਲਣਾ) ਤੇ ਦਸ ਕੰਨਿਆਵਾਂ ਦੇ ਮੁਕਾਬਲੇ ਇਕ ਰੁੱਖ ਲਗਵਾਉਣ ਦਾ ਪੁੰਨ ਹੈ। ਇਹ ਪੁਰਾਣ ਪਿੱਪਲ, ਅਸ਼ੋਕ, ਨਿੰਮ, ਜਾਮਣ, ਅਨਾਰ, ਪਲਾਸ਼, ਖੈਰ, ਬੇਰ, ਬੈਂਤ, ਚੰਦਨ, ਕਟਹਲ, ਚੰਪਾ, ਮੋਲਸਰੀ, ਦਾਖ, ਕੇਵੜਾ ਰੁੱਖਾਂ ਨੂੰ ਵਰਦਾਨ ਦੇਣ ਵਾਲੇ ਮੰਨਦਾ ਹੈ। ਬੇਲ ਨੂੰ ਸ਼ਿਵ ਦਾ ਅਤੇ ਗੁਲਾਬ ਨੂੰ ਦੇਵੀ ਪਾਰਬਤੀ ਦਾ ਨਿਵਾਸ ਸਥਾਨ ਦੱਸਿਆ ਗਿਆ ਹੈ।
ਇਕੋ ਕਿਸਮ ਦੇ ਰੁੱਖਾਂ ਦੀ ਥਾਂ ਵੰਨ-ਸੁਵੰਨੇ ਰੁੱਖਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸ੍ਰੀਮਦ ਭਾਗਵਤ ਪੁਰਾਣ ਅਨੁਸਾਰ ਮਹਾਤਮਾ ਵਰੁਣ ਦੇ ਬਾਗ ਵਿਚ ਫੁੱਲਾਂ ਤੇ ਫਲਾਂ ਨਾਲ ਲੱਦੇ ਸੁੰਦਰ ਰੁੱਖ ਸ਼ੋਭਾ ਵਧਾ ਰਹੇ ਸਨ। ਇਨ੍ਹਾਂ ਵਿਚ ਮਨਦਾਰ, ਪਾਰਜਾਤ, ਗੁਲਾਬ, ਅਸ਼ੋਕ, ਚੰਪਾ, ਅੰਬ ਦੀਆਂ ਕਈ ਕਿਸਮਾਂ, ਪਯਾਲ, ਕਟਹਲ, ਆਮੜਾ, ਸੁਪਾਰੀ, ਨਾਰੀਅਲ, ਖਜੂਰ, ਬਿਜੌਰਾ, ਮਹੂਆ, ਤਾੜ, ਤਮਾਲ, ਅਸਨ, ਅਰਜੁਨ, ਰੀਠਾ, ਗੂਲਰ, ਪਾਕਰ, ਬਰਗਦ, ਪਲਾਸ, ਚੰਦਨ, ਨਿੰਮ, ਕਚਨਾਰ, ਸਾਲ, ਦੇਵਦਾਰ, ਦਾਖ, ਇੱਖ, ਕੇਲਾ, ਜਾਮਣ, ਬੇਰ, ਰੁਦਰਾਖਸ਼, ਹਰਰੇ ਆਵਲੇ, ਬਲ, ਕੈਥ, ਨਿੰਬੂ , ਭਿਲਾਵੇ ਝੂਲਦੇ ਤੇ ਸੁੰਦਰਤਾ ਬਿਖੇਰਦੇ ਸਨ। ਨੇੜੇ ਹੀ ਕਮਲ ਦੇ ਸੋਹਣੇ ਫੁੱਲਾਂ ਨਾਲ ਭਰਿਆ ਸਰੋਵਰ ਸੀ, ਜਿਸ ਵਿਚ ਹੰਸ ਤੇ ਹੋਰ ਮਨੋਹਰ ਪੰਛੀ ਕੁਦਰਤ ਦੀ ਅਦਭੁਤ ਰੰਗੀਨੀ ਵਧਾ ਰਹੇ ਸਨ।
ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ। ਅਗਨੀ ਪੁਰਾਣ ਵਿਚ ਰੁੱਖ ਤੋਂ ਰੁੱਖ ਦਾ ਫਾਸਲਾ 20 ਹੱਥ ਰੱਖਣ ਤੇ ਇਕ ਸਾਲ ਤੱਕ ਸਰਦੀ ਦੀ ਰੁੱਤ ਵਿਚ ਦਿਨ ਸਮੇਂ ਇਕ ਵਾਰ, ਗਰਮੀ ਵਿਚ ਸਵੇਰੇ-ਸ਼ਾਮ ਦੋ ਵਾਰ ਤੇ ਬਰਸਾਤ ਵਿਚ ਸ਼ਾਮ ਨੂੰ ਜੇਕਰ ਧਰਤੀ ਸੁੱਕੀ ਹੋਵੇ, ਪਾਣੀ ਦੇਣਾ ਚਾਹੀਦਾ ਹੈ। ਭੇਡ, ਬੱਕਰੀ ਦੀਆਂ ਮੀਂਗਣਾਂ ਦਾ ਚੂਰਾ, ਜੌਂ ਦਾ ਚੂਰਾ, ਤਿਲ ਤੇ ਪਾਣੀ ਇਸ ਮਿਸ਼ਰਣ ਨੂੰ ਸੱਤ ਦਿਨ ਤੱਕ ਰੱਖਣ ਉਪਰੰਤ ਪੌਦਿਆਂ ਵਿਚ ਪਾਉਣ ਨਾਲ ਫੁੱਲ ਤੇ ਫਲ ਦੋਵੇਂ ਵਧਦੇ ਹਨ। ਜਿਸ ਪਾਣੀ ਵਿਚ ਮੱਛੀਆਂ ਰਹਿੰਦੀਆਂ ਹੋਣ, ਉਹ ਪਾਣੀ ਵੀ ਸਿੰਜਾਈ ਲਈ ਬਹੁਤ ਉਪਯੋਗੀ ਹੈ। ਇਹ ਪੁਰਾਣ ਰੁੱਖਾਂ ਨੂੰ ਬੇਹੱਦ ਮਹੱਤਤਾ ਦਿੰਦਿਆਂ ਪੂਜਾ ਕਰਕੇ ਰੁੱਖ ਲਗਾਉਣ ਦਾ ਵਿਧਾਨ ਦੱਸਦਾ ਹੈ।
ਰੁੱਖਾਂ ਬਿਨਾਂ ਸੁਹਾਵਣੇ ਵਾਤਾਵਰਨ ਦੀ ਕਲਪਨਾ ਨਹੀਂ ਹੋ ਸਕਦੀ। ਰੁੱਖ ਲਗਾਉਣ ਦੇ ਨਾਲ-ਨਾਲ ਸੰਭਾਲਣੇ ਤੇ ਪਾਲਣੇ ਅਤੀ ਜ਼ਰੂਰੀ ਹਨ। ਸਥਾਨ ਤੇ ਲੋੜਾਂ ਨੂੰ ਮੁੱਖ ਰੱਖ ਕੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ। ਰੁੱਖ ਲਗਾਉਣਾ ਵੀ ਇਕ ਕਲਾ ਤੇ ਵਿਗਿਆਨ ਹੈ। ਇਸ ਕਾਰਜ ਲਈ ਮਾਹਿਰ ਵਿਅਕਤੀ ਦੀ ਸਲਾਹ ਤੇ ਸਹਿਯੋਗ ਦੀ ਲੋੜ ਹੈ।


-ਟੀਚਰ ਕਾਲੋਨੀ, ਵਾ: ਨੰ: 11, ਕੁਰਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਮੋਬਾ: 70093-56607


ਖ਼ਬਰ ਸ਼ੇਅਰ ਕਰੋ

ਕਈ ਸਦੀਆਂ ਦਾ ਇਤਿਹਾਸ ਸਾਂਭੀ ਬੈਠਾ ਹੈ ਲਾਹੌਰ ਦਾ ਕਿਲ੍ਹਾ

ਭਾਰਤੀ ਉਪ-ਮਹਾਂਦੀਪ ਦੇ ਸਦੀਆਂ ਪਹਿਲੇ ਹੋਏ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਤੇ ਹੋਰ ਹੁਕਮਰਾਨਾਂ ਨਾਲ ਸਬੰਧਤ ਅਨੇਕ ਇਤਿਹਾਸਿਕ ਯਾਦਾਂ ਸਾਂਭੀ ਬੈਠਾ ਹੈ ਲਾਹੌਰ ਦਾ ਪ੍ਰਾਚੀਨ ਕਿਲ੍ਹਾ। ਇਸ ਕਿਲ੍ਹੇ ਦੀ ਸਥਾਪਨਾ ਕਦੋਂ ਹੋਈ, ਇਸ ਬਾਰੇ ਪੱਕਾ ਪਤਾ ਨਹੀਂ ਲੱਗ ਸਕਿਆ। ਆਮ ਭਾਰਤੀ ਤੇ ਪਾਕਿਸਤਾਨੀ ਵਿਦਵਾਨਾਂ ਦਾ ਵਿਚਾਰ ਹੈ ਕਿ ਪ੍ਰਾਚੀਨ ਸ਼ਹਿਰ ਲਾਹੌਰ ਦੇ ਵਸਣ ਵੇਲੇ ਹੀ ਇਹ ਕਿਲ੍ਹਾ ਬਣਾਇਆ ਗਿਆ ਹੋਵੇਗਾ, ਜਿਸ ਵਿਚ ਸਮੇਂ ਦੇ ਚੱਕਰ ਨਾਲ ਤਬਦੀਲੀ ਹੁੰਦੀ ਗਈ। ਲਾਹੌਰ ਬਾਰੇ ਕਿਹਾ ਜਾਂਦਾ ਹੈ ਕਿ ਦਰਿਆ ਰਾਵੀ (ਇਰਾਵਤੀ) ਕਿਨਾਰੇ ਇਹ ਸ੍ਰੀ ਰਾਮ ਚੰਦਰ ਦੇ ਰਾਜਕੁਮਾਰ ਲਵ ਦੇ ਨਾਂਅ 'ਤੇ ਵਸਾਇਆ ਗਿਆ, ਜਦੋਂ ਕਿ ਦੂਜੇ ਰਾਜਕੁਮਾਰ ਕੁਸ਼ ਦੇ ਨਾਂਅ 'ਤੇ ਕਸੂਰ ਸ਼ਹਿਰ ਵਸਾਇਆ ਗਿਆ। ਅਫ਼ਗਾਨਿਸਤਾਨ ਤੋਂ ਦਿੱਲੀ ਦੇ ਰਸਤੇ ਵਿਚ ਸਥਿਤ ਇਹ ਮਹੱਤਵਪੂਰਨ ਸਥਾਨ ਰਿਹਾ ਹੈ।
ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਲਾਹੌਰ ਉੱਤੇ ਸੋਲੰਕੀ, ਭੱਟੀ ਅਤੇ ਚੌਹਾਨ ਰਾਜਪੂਤਾਂ ਦਾ ਕਬਜ਼ਾ ਰਿਹਾ। ਗਿਆਰ੍ਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਮਹਿਮੂਦ ਗਜ਼ਨਵੀ ਨੇ ਲਾਹੌਰ ਦਾ ਨਾਂਅ ਬਦਲ ਕੇ ਮਹਿਮੂਦਪੁਰ ਰੱਖਿਆ ਸੀ ਪਰ ਇਹ ਬਹੁਤਾ ਪ੍ਰਚੱਲਤ ਨਹੀਂ ਹੋ ਸਕਿਆ। ਮਹਿਮੂਦ ਨੇ ਗਜ਼ਨੀ ਤੋਂ ਤਬਦੀਲ ਕਰਕੇ ਆਪਣੀ ਰਾਜਧਾਨੀ ਵੀ ਇਥੇ ਬਣਾ ਲਈ ਸੀ। ਉਸ ਦੌਰਾਨ ਮੱਧ ਏਸ਼ੀਆ ਤੋਂ ਬਹੁਤ ਲੋਕ ਪ੍ਰਵਾਸ ਕਰਕੇ ਇਥੇ ਆ ਕੇ ਵਸੇ। ਗ਼ਜ਼ਨਵੀ ਦੇ 15 ਸੁਲਤਾਨਾਂ ਨੇ 165 ਵਰ੍ਹੇ ਇਥੇ ਰਾਜ ਕੀਤਾ।
ਮੁਗ਼ਲ ਖਾਨਦਾਨ ਦੇ ਮੋਢੀ ਜ਼ਹੀਰ-ਉ-ਦੀਨ ਮੁਹੰਮਦ ਬਾਬਰ ਆਪਣੇ ਹਮਲੇ ਦੌਰਾਨ ਲਾਹੌਰ ਵਿਚ ਬਹੁਤ ਥੋੜ੍ਹਾ ਸਮਾਂ ਇਥੇ ਰਹੇ, ਲੁੱਟ-ਮਾਰ ਤੇ ਕਤਲੇਆਮ ਕੀਤਾ ਤੇ ਸ਼ਹਿਰ ਵਿਚ ਕਈ ਥਾਵਾਂ 'ਤੇ ਅੱਗ ਲਗਵਾਈ। ਉਸ ਦੇ ਉਤਰਾਧਿਕਾਰੀ ਹਮਾਯੂੁੂੂੰ ਆਪਣੇ ਦੇਸ਼ ਮੁੜਦੇ ਹੋਏ ਥੋੜ੍ਹਾ ਸਮਾਂ ਇਥੇ ਰਹੇ, ਅਕਬਰ ਸ਼ਹਿਰ ਵਿਚ 13 ਸਾਲ ਰਿਹਾ ਅਤੇ ਕਿਲ੍ਹੇ ਦਾ ਵਿਕਾਸ ਕਰਵਾਇਆ, ਕੱਚੀ ਚਾਰਦੀਵਾਰੀ ਢਾਹ ਕੇ ਪੱਕੀਆਂ ਇੱਟਾਂ ਦੀ ਬਣਵਾਈ। ਇਸ ਨੂੰ ਦਾਰ-ਉ-ਸਲਤਨਤ ਬਣਾਇਆ। ਜਹਾਂਗੀਰ, ਸ਼ਾਹ ਜਹਾਨ ਤੇ ਔਰੰਗਜ਼ੇਬ ਨੇ ਵੀ ਕਿਲ੍ਹੇ ਅੰਦਰ ਮਹਿਲਨੁਮਾ ਇਮਾਰਤਾਂ ਬਣਵਾਈਆਂ। ਦੀਵਾਰਾਂ 'ਤੇ ਬਹੁਤ ਹੀ ਸੁੰਦਰ ਮੀਨਾਕਾਰੀ ਤੇ ਮੁਗ਼ਲ ਕਲਾ ਸ਼ੈਲੀ ਦੀਆਂ ਤਸਵੀਰਾਂ ਬਣਾਈਆਂ ਗਈਆਂ। ਇਨ੍ਹਾਂ ਵਿਚ ਬਾਦਸ਼ਾਹ ਜਹਾਂਗੀਰ ਤੇ ਸ਼ਾਹ ਜਹਾਨ ਦੀ ਤਸਵੀਰ ਬਹੁਤ ਖੂਬਸੂਰਤ ਹੈ ਅਤੇ ਹੁਣ ਵੀ ਕਿਲ੍ਹੇ ਵਿਚ ਮੌਜੂਦ ਹੈ।
ਇਮਾਰਤਾਂ ਵੀ ਬਣਵਾਈਆਂ, ਜੋ ਮੁਗ਼ਲ ਭਵਨ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੀਆਂ ਹਨ। ਇਨ੍ਹਾਂ ਦੀਆਂ ਮਹਿਰਾਬਾਂ ਦੇਖਣ ਵਾਲੀਆਂ ਹਨ। ਮੁਗ਼ਲ ਹਕੂਮਤ ਸਮੇਂ ਈਦ, ਸ਼ਬੇ ਬਾਰਾਤ ਤੇ ਹੋਰ ਇਸਲਾਮਿਕ ਦਿਨ-ਦਿਹਾੜੇ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਸਨ। ਉਸ ਸਮੇਂ ਦੂਜੇ ਮੁਲਕਾਂ ਦੇ ਸਫ਼ੀਰ ਅਤੇ ਹੋਰ ਉੱਘੀਆਂ ਹਸਤੀਆਂ ਤੇ ਸਮਾਗਮਾਂ ਦੀ ਰੌਣਕ ਵਧਾਉਣ ਵਾਲੇ ਕਲਾਕਾਰ ਹਾਜ਼ਰ ਰਹਿੰਦੇ ਸਨ। ਮੁਗ਼ਲਾਂ ਦੇ ਪਤਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1799 ਈ: ਨੂੰ ਲਾਹੌਰ ਫਤਹਿ ਕਰਕੇ ਖਾਲਸਾ ਰਾਜ ਕਾਇਮ ਕੀਤਾ ਤੇ ਇਸ ਦੀ ਰਾਜਧਾਨੀ ਲਾਹੌਰ ਦਾ ਕਿਲ੍ਹਾ ਰਹੀ। ਪਾਕਿਸਤਾਨੀ ਵਿਦਵਾਨਾਂ ਦੇ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਚੰਗੇ ਵਿਚਾਰ ਨਹੀਂ ਹਨ। ਪਾਕਿਸਤਾਨੀ ਵਿਦਵਾਨ ਸਮਝਦੇ ਹਨ ਕਿ ਉਸ ਸਮੇਂ ਕਿਲ੍ਹੇ ਅੰਦਰੋਂ ਕਈ ਇਮਾਰਤਾਂ ਢਾਹ ਦਿੱਤੀਆਂ ਗਈਆਂ ਸਨ, ਤਾਂ ਜੋ ਇਨ੍ਹਾਂ ਦਾ ਸਾਮਾਨ ਕਿਸੇ ਹੋਰ ਥਾਂ ਵਰਤਿਆ ਜਾ ਸਕੇ। ਵੈਸੇ ਹੁਣ ਵੀ ਲਾਹੌਰ ਦੇ ਕਿਲ੍ਹੇ ਵਿਚ ਇਕ ਸੈਕਸ਼ਨ ਸਿੱਖ ਰਾਜ ਬਾਰੇ ਹੈ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਸਬੰਧਤ ਕਈ ਦੁਰਲੱਭ ਚਿੱਤਰ ਤੇ ਹੋਰ ਇਤਿਹਾਸਕ ਵਸਤਾਂ ਸ਼ਾਮਿਲ ਹਨ। ਇਸ ਪੱਤਰਕਾਰ ਨੇ 1979 ਤੋਂ 2005 ਤੱਕ ਪਾਕਿਸਤਾਨ ਯਾਤਰਾ ਸਮੇਂ ਕਈ ਵਾਰੀ ਇਸ ਕਿਲ੍ਹੇ ਨੂੰ ਕਈ ਵਾਰੀ ਦੇਖਿਆ ਹੈ। ਪਹਿਲਾਂ ਇਕ ਕਮਰੇ ਵਿਚ ਮਹਾਰਾਜਾ ਦੀ ਪਸੰਦੀਦਾ ਘੋੜੀ ਲਾਲੀ ਦੇ ਨਸਲ ਦੀ ਇਕ ਘੋੜੀ ਮਸਾਲਿਆਂ ਨਾਲ ਸਾਂਭ ਕੇ ਪ੍ਰਦਰਸ਼ਤ ਕੀਤੀ ਗਈ ਸੀ, ਪਰ ਮੇਰੀ ਆਖਰੀ ਫੇਰੀ ਸਮੇਂ ਇਹ ਦਿਖਾਈ ਨਹੀਂ ਦਿੱਤੀ।
ਮਹਾਰਾਜਾ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ 29 ਮਾਰਚ, 1849 ਨੂੰ ਪੰਜਾਬ 'ਤੇ ਕਬਜ਼ਾ ਕਰ ਲਿਆ ਤਾਂ ਇਸ ਦੀ ਰਾਜਧਾਨੀ ਲਾਹੌਰ ਹੀ ਰਹੀ। ਕਿਲ੍ਹੇ ਵਿਚ ਤਾਂ ਅੰਗਰੇਜ਼ਾਂ ਨੇ ਕੋਈ ਖਾਸ ਤਬਦੀਲੀ ਨਹੀਂ ਕੀਤੀ, ਬਸ ਇਕ ਛਾਉਣੀ ਬਣਾ ਲਈ, ਮਿਲਟਰੀ ਹਸਪਤਾਲ ਸਥਾਪਤ ਕਰ ਲਿਆ ਤੇ ਇਕ ਇਮਾਰਤ ਵਿਚ ਥਾਣਾ ਵੀ ਸਥਾਪਤ ਕਰ ਲਿਆ। ਲਾਹੌਰ ਨੂੰ ਕੋਲਕਾਤਾ, ਪਿਸ਼ਾਵਰ, ਮੁੰਬਈ, ਕਰਾਚੀ ਤੇ ਹੋਰ ਸ਼ਹਿਰਾਂ ਨਾਲ ਜੋੜਿਆ, ਜਿਸ ਨਾਲ ਲਾਹੌਰ ਸ਼ਹਿਰ ਦੀ ਮਹੱਤਤਾ ਬਹੁਤ ਵਧ ਗਈ। ਉਸ ਸਮੇਂ ਸਾਰੇ ਹਿੰਦਸਤਾਨ ਵਿਚ ਪਹਿਲੇ ਨੰਬਰ ਦਾ ਨਗਰ ਕੋਲਕਾਤਾ ਤੇ ਦੂਜੇ ਨੰਬਰ ਦਾ ਲਾਹੌਰ ਬਣ ਗਿਆ ਸੀ।
ਇਸ ਕਿਲ੍ਹੇੇ ਦੀ ਇਤਿਹਾਸਿਕ ਸਮਾਰਕ ਵਜੋਂ ਦੇਖਭਾਲ ਤੇ ਸੰਭਾਲ ਲਈ 1927 ਵਿਚ ਏ.ਐਮ.ਪੀ. ਐਕਟ 1904 ਅਧੀਨ ਅਤੇ 1975 ਵਿਚ ਸੰਭਾਲ ਕੀਤੀ ਗਈ। ਸਾਲ 1986 ਵਿਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਅਧੀਨ ਅਪਣਾ ਲਿਆ। ਆਪਣੀ ਪਿਛਲੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੌਰਾਨ ਇਸ ਪੱਤਰਕਾਰ ਨੇ ਦਖਿਆ ਸੀ ਕਿ ਯੂਨੈਸਕੋ ਦੇ ਮਾਹਿਰਾਂ ਵਲੋਂ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਵੈਸੇ ਲਾਹੌਰ ਸ਼ਹਿਰ ਵਿਚ ਸਿੱਖਾਂ ਦੀਆਂ ਅਨੇਕ ਯਾਦਗਾਰਾਂ ਹਨ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਜਨਮ ਅਸਥਾਨ ਚੂਨਾ ਮੰਡੀ ਵਿਖੇ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਸੇ ਸ਼ਹਿਰ ਵਿਚ ਹੋਈ। ਸਾਡੀ ਅਰਦਾਸ ਵਿਚ ਜਿਨ੍ਹਾਂ ਸ਼ਹਾਦਤਾਂ ਦਾ ਜ਼ਿਕਰ ਹੈ, ਉਹ ਬਹੁਤੀਆਂ ਇਥੇ ਹੋਈਆਂ ਹਨ। ਕਈ ਹੋਰ ਗੁਰਦੁਆਰੇ ਵੀ ਮੌਜੂਦ ਹਨ, ਮਹਾਰਜਾ ਰਣਜੀਤ ਸਿੰਘ ਤੇ ਕਈ ਸਿੱਖ ਹਸਤੀਆਂ ਦੀਆਂ ਸਮਾਧਾਂ ਵੀ ਇਥੇ ਹੀ ਹਨ। ਸਿੱਖ ਧਰਮ ਦਾ ਬਹੁਤ ਅਨਮੋਲ ਵਿਰਸਾ ਇਸੇ ਸ਼ਹਿਰ ਵਿਚ ਹੈ। ਲਾਹੌਰ ਪੰਜਾਬ ਦੀ ਰਾਜਧਾਨੀ ਹੋਣ ਤੋਂ ਬਿਨਾਂ ਪੰਜਾਬ ਦਾ ਰਾਜਨੀਤਕ, ਧਾਰਮਿਕ, ਸਮਾਜਿਕ, ਵਿੱਦਿਅਕ, ਸੱਭਿਆਚਾਰਕ, ਆਰਥਿਕ ਤੇ ਬਹੁਸੱਭਿਅਤਾਵਾਂ ਵਾਲਾ ਮਹਾਂਨਗਰ ਹੈ। ਇਕ ਕਹਾਵਤ ਮਸ਼ਹੂਰ ਹੈ ਕਿ 'ਜਿਸ ਨੇ ਲਾਹੌਰ ਨਹੀਂ ਦੇਖਿਆ, ਉਹ ਹਾਲੇ ਜੰਮਿਆ ਹੀ ਨਹੀਂ।'


-194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ। ਫੋਨ : 0161-2461194

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਛੇਵੀਂ ਪਾਤਸ਼ਾਹੀ ਸੁਰ ਸਿੰਘ

ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਵਿੱਤਰ ਚਰਨ ਪਾ ਕੇ ਸੁਰ ਸਿੰਘ ਨਗਰ ਦੀ ਧਰਤੀ ਨੂੰ ਵਡਭਾਗੀ ਬਣਾਇਆ। ਇਤਿਹਾਸ ਅਨੁਸਾਰ ਨਗਰ ਸੁਰ ਸਿੰਘ ਵਾਸੀ ਭਾਈ ਭਾਗ ਮੱਲ ਸਤਿਗੁਰਾਂ ਦਾ ਅਨਿਨ ਭਗਤ ਸੀ। ਭਾਈ ਭਾਗ ਮੱਲ ਨੇ ਭਡਾਣਾ, ਜ਼ਿਲ੍ਹਾ ਲਾਹੌਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭਾਰੀ ਸ਼ਰਧਾ ਭਾਵਨਾ ਸਹਿਤ ਸੁਰ ਸਿੰਘ ਨਗਰ ਵਿਚ ਚਰਨ ਪਾਉਣ ਦੀ ਬੇਨਤੀ ਕੀਤੀ। ਸਤਿਗੁਰੂ ਆਪਣੇ ਸ਼ਰਧਾਲੂ ਦੀ ਬੇਨਤੀ 'ਤੇ ਸੁਰ ਸਿੰਘ ਨਗਰ ਪੁੱਜੇ। ਭਾਈ ਭਾਗ ਮੱਲ ਅਤੇ ਇਲਾਕਾ ਨਿਵਾਸੀ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਖੁਸ਼ੀ ਵਿਚ ਖੀਵੇ ਹੋਏ ਭਾਈ ਭਾਗ ਮੱਲ ਨੇ ਨਵੇਂ ਉਸਾਰੇ ਮਹਿਲ ਅਤੇ 500 ਏਕੜ ਜ਼ਮੀਨ ਗੁਰੂ ਜੀ ਨੂੰ ਭੇਟ ਕਰਦਿਆਂ ਅਰਜ਼ੋਈ ਕੀਤੀ ਕਿ 'ਸਤਿਗੁਰੂ ਇਨ੍ਹਾਂ ਮਹਿਲਾਂ 'ਚ ਨਿਵਾਸ ਕਰਕੇ ਸੁਰ ਸਿੰਘ ਨਗਰ ਨੂੰ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਬਣਾਓ।' ਸਤਿਗੁਰਾਂ ਨੇ ਪ੍ਰੇਮ ਸਹਿਤ ਭਾਈ ਭਾਗ ਮੱਲ ਦੀ ਭੇਟਾ ਸਵੀਕਾਰ ਕਰਦਿਆਂ ਬਚਨ ਕੀਤਾ ਕਿ 'ਅਸੀਂ ਜਗਤ ਵਿਚ ਵਿਚਰ ਕੇ ਸੰਗਤਾਂ ਨੂੰ ਗੁਰ-ਉਪਦੇਸ਼ ਦ੍ਰਿੜ੍ਹ ਕਰਵਾਉਣਾ ਹੈ, ਸਮਾਂ ਆਉਣ 'ਤੇ ਸੁਰ ਸਿੰਘ ਨਗਰ ਨੂੰ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਵਜੋਂ ਭਾਗ ਲੱਗਣਗੇ।'
ਕੀਰਤਪੁਰ ਸਾਹਿਬ ਵਿਖੇ ਆਪਣੇ ਜੋਤੀ-ਜੋਤਿ ਸਮਾਉਣ ਦਾ ਸਮਾਂ ਨਜ਼ਦੀਕ ਜਾਣ ਸਤਿਗੁਰਾਂ ਨੇ ਆਪਣੇ ਅਨਿਨ ਸੇਵਕ ਬਾਬਾ ਬਿਧੀ ਚੰਦ ਦੇ ਸਪੁੱਤਰ ਬਾਬਾ ਲਾਲ ਚੰਦ ਨੂੰ ਪਾਵਨ ਗੁਰਬਾਣੀ ਬੀੜ, ਤਸਵੀਰਾਂ, ਸ਼ਸਤਰ, ਨਿਸ਼ਾਨ-ਨਗਾਰਾ ਤੇ ਬੇਅੰਤ ਵਰਦਾਨ ਬਖਸ਼ਿਸ਼ ਕਰਦਿਆਂ ਸੁਰ ਸਿੰਘ ਨਗਰ ਵਿਖੇ ਨਿਵਾਸ ਕਰਕੇ ਗੁਰਸਿੱਖੀ ਪ੍ਰਚਾਰ ਕਰਨ ਦਾ ਹੁਕਮ ਕੀਤਾ ਅਤੇ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਅੰਸ-ਬੰਸ ਨੂੰ ਵਰੋਸਾਇਆ। ਵਰਨਣਯੋਗ ਹੈ ਕਿ ਭਾਈ ਭਾਗ ਮੱਲ ਵਲੋਂ ਭੇਟ ਕੀਤੇ ਇਤਿਹਾਸਕ ਮਹਿਲਾਂ ਵਿਚ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਤੀਸਰੇ ਜਾਨਸ਼ੀਨ ਬਾਬਾ ਗੁਰਦਿਆਲ ਸਿੰਘ ਤੋਂ ਲੈ ਕੇ ਗਿਆਰ੍ਹਵੇਂ ਜਾਨਸ਼ੀਨ ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦਾ ਜਨਮ ਹੋਇਆ। ਜਿਸ ਅਸਥਾਨ 'ਤੇ ਸਤਿਗੁਰਾਂ ਨੇ ਆਸਣ ਲਾਇਆ, ਉਸ ਅਸਥਾਨ 'ਤੇ ਦਲ-ਪੰਥ ਦੇ ਦਸਵੇਂ ਜਾਨਸ਼ੀਨ, ਬ੍ਰਹਮ ਗਿਆਨੀ ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਨੇ 125 ਫੁੱਟ ਉੱਚੇ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ, ਸੁੰਦਰ ਦਰਬਾਰ ਦੀ ਉਸਾਰੀ ਕਰਵਾਈ, ਸੁਨਹਿਰੀ ਕਲਸ ਝੁਲਾਏ ਅਤੇ ਉਪਰੋਕਤ ਇਤਿਹਾਸਕ ਦੋ-ਦਿਨਾ ਜੋੜ-ਮੇਲੇ ਦੀ ਰਵਾਇਤ ਆਰੰਭ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਅਨੁਸਾਰ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮਹਾਂਪੁਰਖਾਂ ਨੇ ਕਰੜੀ ਘਾਲਣਾ ਘਾਲੀ, ਜਿਸ ਸਦਕਾ ਅੱਜ ਪੰਥਕ ਸਫ਼ਾਂ ਵਿਚ ਸੁਰ ਸਿੰਘ ਨਗਰ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਵਜੋਂ ਸ਼ੁਮਾਰ ਕੀਤਾ ਜਾਂਦਾ ਹੈ।
'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੌਜੂਦਾ ਮੁਖੀ, ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਪੱਛਮੀ ਸੱਭਿਅਤਾ ਦੀ ਚਕਾਚੌਂਧ ਪਿੱਛੇ ਲੱਗ ਕੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਾਣੀ-ਬਾਣੇ ਨਾਲ ਜੋੜਨ ਲਈ ਦੇਸ਼-ਵਿਦੇਸ਼ ਅੰਦਰ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਸੁਯੋਗ ਅਗਵਾਈ ਵਿਚ ਦਲ-ਪੰਥ ਵਲੋਂ ਦੇਸ਼-ਵਿਦੇਸ਼ ਵਿਚ ਖੋਲ੍ਹੇ ਗਏ ਗੁਰਮਤਿ ਵਿਦਿਆਲਿਆਂ 'ਚ ਬੇਅੰਤ ਵਿਦਿਆਰਥੀ ਗੁਰਮਤਿ ਗਿਆਨ ਅਤੇ ਗੁਰਮਤਿ ਸੰਗੀਤ ਦੀ ਵਿੱਦਿਆ ਦਾ ਲਾਹਾ ਲੈ ਰਹੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਵਿਚ ਦੋ ਦਿਨਾ ਸਾਲਾਨਾ ਜੋੜ ਮੇਲਾ ਮਿਤੀ 22 ਤੇ 23 ਮਈ, 2018 ਨੂੰ ਦਲ-ਪੰਥ ਦੇ ਹੈੱਡਕੁਆਰਟਰ ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ ਵਿਖੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ।


-ਮੋਬਾ: 99881-56527

ਚੀਨ ਨਾਲ ਲੜਾਈ ਵਿਚ ਜ਼ੋਰਾਵਰ ਸਿੰਘ ਮਾਰੇ ਗਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
1834 ਵਿਚ ਜਦੋਂ ਜ਼ੋਰਾਵਰ ਸਿੰਘ ਨੇ ਲੱਦਾਖ ਫਤਹਿ ਕੀਤਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਉਸ ਤੋਂ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਉਹ ਡਰਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਚੀਨ ਦਾ ਸ਼ਹਿਨਸ਼ਾਹ ਨਾਰਾਜ਼ ਹੋ ਸਕਦਾ ਹੈ। ਜਦੋਂ ਲੱਦਾਖ ਬਾਰੇ ਚੀਨੀ ਸਰਦਾਰਾਂ ਨੇ ਵੱਡਾ ਰੌਲਾ ਨਹੀਂ ਸੀ ਪਾਇਆ ਤੇ ਨਾ ਹੀ ਇਸ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਥੋੜ੍ਹਾ ਹੋਰ ਅੱਗੇ ਜਾਣ ਦੀ ਆਗਿਆ ਦੇ ਦਿੱਤੀ। ਸਿੰਧ ਦਰਿਆ ਦੀਆਂ ਦੋ ਸ਼ਾਖਾਵਾਂ ਇਸਕਾਰਦੂ ਦੇ ਥਾਂ 'ਤੇ ਮਿਲਦੀਆਂ ਹਨ, ਜਿਹੜਾ ਅਹਿਮਦ ਸ਼ਾਹ ਤੋਂ ਜਿੱਤ ਲਿਆ ਗਿਆ ਸੀ। ਮੰਡੀ ਤੇ ਕੁੱਲੂ ਉੱਪਰ ਕਬਜ਼ਾ ਕਰ ਲੈਣ ਬਾਅਦ ਇਧਰ ਅੱਗੇ ਵਧਣ ਵਾਸਤੇ ਇਕ ਨਵਾਂ ਰੂਟ ਮਿਲ ਗਿਆ ਸੀ। ਮਹਾਰਾਜਾ ਸ਼ੇਰ ਸਿੰਘ ਨੇ ਯੋਜਨਾ ਬਣਾਈ ਕਿ ਇਥੋਂ ਉਤਰ ਵੱਲ ਵੀ ਅੱਗੇ ਵਧਿਆ ਜਾਵੇ ਤੇ ਪੂਰਬ ਵੱਲ ਨਿਪਾਲ ਦੀ ਸਰਹੱਦ ਤੱਕ ਵੀ।
ਹਮਲੇ ਵਾਸਤੇ ਬਹਾਨੇ ਲੱਭਣਾ ਮੁਸ਼ਕਿਲ ਨਹੀਂ ਸੀ। ਅਪ੍ਰੈਲ, 1841 ਨੂੰ ਜ਼ੋਰਾਵਰ ਸਿੰਘ ਨੇ ਤਿੱਬਤ ਤੋਂ ਗਾਰੋ ਇਲਾਕੇ ਦਾ ਕਬਜ਼ਾ ਮੰਗਿਆ, ਜੋ ਕਿ ਇਸਕਾਰਦੂ ਦੀ ਸੁਰੱਖਿਆ ਹੇਠ ਸੀ ਤੇ ਇਸਕਾਰਦੂ ਪੰਜਾਬ ਦਾ ਸੂਬਾ ਸੀ। ਉਸ ਨੇ ਇਹ ਵੀ ਕਿਹਾ ਕਿ ਹਾਲਾਤ ਬਦਲ ਚੁੱਕੇ ਹਨ, ਇਸ ਵਾਸਤੇ ਲਾਸਾ ਦੇ ਸੂਬੇਦਾਰ ਨੂੰ ਆਪਣਾ ਨਜ਼ਰਾਨਾ ਲਾਹੌਰ ਭੇਜਣਾ ਚਾਹੀਦਾ ਹੈ, ਨਾ ਕਿ ਪੀਕਿੰਗ। ਗਾਰੋ ਦੇ ਗਵਰਨਰ ਨੇ ਜ਼ੋਰਾਵਰ ਸਿੰਘ ਦੀ ਚਾਪਲੂਸੀ ਕਰਨ ਵਾਸਤੇ ਇਸ ਨੂੰ ਘੋੜਿਆਂ ਤੇ ਖੱਚਰਾਂ ਦਾ ਇਕ ਤੋਹਫ਼ਾ ਭੇਜਿਆ। ਜ਼ੋਰਾਵਰ ਸਿੰਘ ਨੇ ਤੋਹਫ਼ੇ ਪ੍ਰਵਾਨ ਨਹੀਂ ਕੀਤੇ ਤੇ ਖੁਦ ਗਾਰੋ ਵੱਲ ਚੱਲ ਪਿਆ। ਇਕ ਦਸਤਾ ਕੁਮਾਓਂ ਪਹਾੜੀਆਂ ਦੇ ਰਸਤੇ ਵਧਿਆ, ਜਿਸ ਨਾਲ ਅੰਗਰੇਜ਼ਾਂ ਦਾ ਲਾਸਾ ਨਾਲ ਸੰਪਰਕ ਟੁੱਟਦਾ ਸੀ। ਪੰਜਾਬੀ ਫੌਜਾਂ ਨੇ ਜੂਨ, 1841 ਵਿਚ ਗਾਰੋ ਕਸਬੇ ਉੱਪਰ ਕਬਜ਼ਾ ਕਰ ਲਿਆ। ਜ਼ੋਰਾਵਰ ਸਿੰਘ ਨੇ ਸਿਆਸਤ ਖੇਡਦਿਆਂ ਇਸ ਦੀ ਇਤਲਾਹ ਬੁਸ਼ੈਰ ਦੇ ਰਾਜੇ ਨੂੰ ਭੇਜ ਦਿੱਤੀ, ਜਿਸ ਦੀ ਰਿਆਸਤ ਅੰਗਰੇਜ਼ੀ ਸੁਰੱਖਿਆ ਅਧੀਨ ਸੀ। ਗਾਰੋ ਤੋਂ ਜ਼ੋਰਾਵਰ ਸਿੰਘ ਤੁਕਲਾਕੋਟੇ ਦੀ ਤਰਫ਼ ਵਧਿਆ। ਇਸ ਦਾ ਰਸਤਾ ਰੋਕਣ ਵਾਸਤੇ ਇਕ ਤਿਬਤੀਅਨ ਫੌਜ ਭੇਜੀ ਗਈ, ਜੋ ਦੋਗਪੀਓ ਬਰਮਾਹ ਦੀ ਥਾਂ ਉੱਪਰ 29 ਅਗਸਤ, 1841 ਨੂੰ ਲਗਪਗ ਸਾਰੀ ਮਾਰੀ ਗਈ। ਸਿੰਧ ਦੀ ਤਰ੍ਹਾਂ ਹੀ ਹੁਣ ਪੰਜਾਬ ਨੇ ਵੀ ਤਿੱਬਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਸੀ। ਜਦੋਂ ਤੱਕ ਉਹ ਆਪਣੀ ਜਿੱਤ ਨੂੰ ਪੱਕੇ ਪੈਰੀਂ ਕਰਦੇ, ਮੁਹਿੰਮਾਂ ਦਾ ਮੌਸਮ ਖ਼ਤਮ ਹੋ ਰਿਹਾ ਸੀ ਤੇ ਪਹਾੜੀ ਬਰਫਾਂ ਦੀ ਚੀਰਵੀਂ ਠੰਢ ਸ਼ੁਰੂ ਹੋ ਚੁੱਕੀ ਸੀ।
ਇਸ ਸ਼ਾਨਦਾਰ ਫੌਜੀ ਜਿੱਤ ਨੇ ਚੀਨ ਨਾਲੋਂ ਵੱਧ ਅੰਗਰੇਜ਼ਾਂ ਨੂੰ ਚੌਕਸ ਕੀਤਾ। ਉਨ੍ਹਾਂ ਨੇ ਲਾਹੌਰ ਦਰਬਾਰ ਨੂੰ ਜ਼ੋਰਦਾਰ ਰੋਸ-ਪੱਤਰ ਭੇਜ ਦਿੱਤਾ। ਮਹਾਰਾਜਾ ਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੁਹਿੰਮ ਬਾਰੇ ਅੰਗਰੇਜ਼ਾਂ ਨੂੰ ਗ਼ਲਤ-ਫਹਿਮੀ ਹੋ ਗਈ ਹੈ। ਇਸ ਦੇ ਜਵਾਬ ਵਿਚ ਮਿਸਟਰ ਕਲੇਰਕ ਨੇ 28 ਸਤੰਬਰ, 1841 ਨੂੰ ਲਿਖਿਆ, 'ਨਹੀਂ, ਤੁਸੀਂ ਖੁਦ ਤਿੱਬਤ, ਚੀਨ ਜਾਂ ਨਿਪਾਲ ਵੱਲ ਆਪਣੀਆਂ ਸਰਗਰਮੀਆਂ ਵਧਾ ਕੇ ਗ਼ਲਤ-ਫਹਿਮੀਆਂ ਪੈਦਾ ਕਰ ਰਹੇ ਹੋ।' ਤਿੰਨ ਹਫਤਿਆਂ ਬਾਅਦ ਬ੍ਰਿਟਿਸ਼ ਏਜੰਟ ਨੇ ਬਕਾਇਦਾ ਮੰਗ ਕੀਤੀ ਕਿ ਪੰਜਾਬੀ ਫੌਜ ਲਾਸਾ ਦੇ ਸੂਬੇ ਵਿਚ ਹੋਈਆਂ ਆਪਣੀਆਂ ਪੇਸ਼ਕਦਮੀਆਂ ਨੂੰ ਬੰਦ ਕਰਕੇ 10 ਦਸੰਬਰ, 1841 ਤੱਕ ਲੱਦਾਖ ਵਿਚ ਵਾਪਸ ਆ ਜਾਵੇ।
ਜਦੋਂ ਲੁਧਿਆਣਾ ਤੇ ਲਾਹੌਰ ਵਿਚ ਸ਼ਬਦੀ ਜੰਗ ਚੱਲ ਰਹੀ ਸੀ, ਚੀਨ ਨੇ ਲਾਸਾ ਦੀ ਸੁਰੱਖਿਆ ਵਾਸਤੇ ਭਾਰੀ ਫੌਜ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਬਰਫ ਡਿਗਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀਆਂ ਨੂੰ ਘੇਰਾ ਪਾ ਲਿਆ, ਇਨ੍ਹਾਂ ਦੀ ਸਪਲਾਈ ਲਾਈਨ ਕੱਟ ਦਿੱਤੀ ਤੇ ਨਤੀਜਿਆਂ ਵਾਸਤੇ ਧੀਰਜ ਨਾਲ ਇੰਤਜ਼ਾਰ ਕਰਨ ਲੱਗੇ।
ਜ਼ੋਰਾਵਰ ਸਿੰਘ ਤੇ ਉਸ ਦੇ ਆਦਮੀ ਬਹੁਤ ਤਰਸਯੋਗ ਹਾਲਤ ਵਿਚ ਆ ਗਏ ਸਨ। ਉਹ 12,000 ਫੁੱਟ ਦੀ ਉਚਾਈ ਉੱਪਰ ਬਰਫ ਦੇ ਸਮੁੰਦਰ ਵਿਚ ਘਿਰੇ ਹੋਏ ਸਨ। ਉਨ੍ਹਾਂ ਦੀ ਖੁਰਾਕ ਤੇ ਬਾਲਣ ਖ਼ਤਮ ਹੋ ਗਏ ਤੇ ਸਿਪਾਹੀ ਬਰਫੀਲੀ ਠੰਢ ਨਾਲ ਮਰ ਰਹੇ ਸਨ। ਜ਼ੋਰਾਵਰ ਸਿੰਘ ਨੇ ਵਾਪਸ ਮੁੜ ਜਾਣ ਦੀ ਪੇਸ਼ਕਸ਼ ਕੀਤੀ ਪਰ ਚੀਨ ਵਾਲੇ ਇਥੋਂ ਇਕ ਪੰਛੀ ਨਹੀਂ ਬਾਹਰ ਜਾਣ ਦੇਣਾ ਚਾਹੁੰਦੇ ਸਨ। 'ਤੁਸਾਂ ਲੱਦਾਖ 'ਤੇ ਕਬਜ਼ਾ ਕਰ ਲਿਆ, ਅਸੀਂ ਚੁੱਪ ਰਹੇ, ਤੁਸੀਂ ਸ਼ੇਰ ਬਣ ਗਏ ਤੇ ਗਰਟੋਕੇ ਤੇ ਤੁਕਲਾਕੋਟੇ 'ਤੇ ਵੀ ਕਬਜ਼ਾ ਕਰ ਲਿਆ। ਜੇ ਸ਼ਾਂਤੀ ਚਾਹੁੰਦੇ ਹੋ ਤਾਂ ਲੱਦਾਖ ਛੱਡ ਦਿਓ ਤੇ ਆਪਣੇ ਮੁਲਕ ਵਾਪਸ ਚਲੇ ਜਾਓ।
ਪੰਜਾਬੀ ਲੜ ਕੇ ਹੀ ਰਸਤਾ ਬਣਾਉਣ ਵਾਸਤੇ ਮਜਬੂਰ ਹੋ ਗਏ। ਭੁੱਖ ਤੇ ਠੰਢ ਨੇ ਉਨ੍ਹਾਂ ਦੀਆਂ ਬਹਾਦਰੀਆਂ ਰੋਲ ਕੇ ਰੱਖ ਦਿੱਤੀਆਂ ਸਨ। ਚੀਨ ਵਾਲੇ ਨਾ ਸਿਰਫ ਗਿਣਤੀ ਵਿਚ ਹੀ ਦਸ ਗੁਣਾ ਸਨ, ਬਰਫ ਦੀ ਲੜਾਈ ਵਾਸਤੇ ਵੀ ਪੂਰੇ ਲਿਬਾਸ ਵਿਚ ਸਨ। ਪੰਜਾਬੀ ਫੌਜਾਂ ਦਾ ਸਰਦਾਰ ਜ਼ੋਰਾਵਰ ਸਿੰਘ 12 ਦਸੰਬਰ, 1841 ਨੂੰ ਮਾਰਿਆ ਗਿਆ। ਇਸ ਦੇ ਸਹਾਇਕ ਰਾਏ ਸਿੰਘ ਨੇ ਇਸ ਸ਼ਰਤ ਉੱਪਰ ਹਥਿਆਰ ਸੁੱਟਣ ਦੀ ਪੇਸ਼ਕਸ਼ ਕੀਤੀ ਕਿ ਉਨ੍ਹਾਂ ਨੂੰ ਵਾਪਸ ਜਾਣ ਦਿੱਤਾ ਜਾਵੇ, ਪਰ ਜਿਉਂ ਹੀ ਇਨ੍ਹਾਂ ਨੇ ਬੰਦੂਕਾਂ ਤੇ ਤਲਵਾਰਾਂ ਰੱਖੀਆਂ, ਸਾਰਿਆਂ ਨੂੰ ਬੁੱਚੜਾਂ ਦੀ ਤਰ੍ਹਾਂ ਕੱਟ ਦਿੱਤਾ ਗਿਆ। ਤੁਕਲਾਕੋਟੇ ਵਿਚ ਤਾਇਨਾਤ ਪੰਜਾਬੀ ਫੌਜੀਆਂ ਨੇ ਜਦੋਂ ਉਹ ਸੁਣਿਆ ਕਿ ਉਨ੍ਹਾਂ ਦੇ ਸਾਥੀਆਂ ਨਾਲ ਕੀ ਬੀਤੀ ਤੇ ਕਿਸ ਤਰ੍ਹਾਂ ਉਨ੍ਹਾਂ ਦਾ ਬਹਾਦਰ ਜਰਨੈਲ ਮਾਰਿਆ ਗਿਆ ਤਾਂ ਉਹ ਪਿੱਛੇ ਹਟਦੇ ਗਏ। ਬਹਾਰ ਦੀ ਰੁੱਤ ਤੋਂ ਪਹਿਲਾਂ ਹੀ ਚੀਨ ਨੇ ਆਪਣੇ ਤਿੱਬਤੀਅਨ ਟਿਕਾਣਿਆਂ ਇਸਕਾਰਦੂ ਤੇ ਲੱਦਾਖ 'ਤੇ ਦੁਬਾਰਾ ਕਬਜ਼ਾ ਕਰ ਲਿਆ। ਕੇਵਲ ਲੇਹ ਉੱਪਰ ਹੀ ਪੰਜਾਬ ਦਾ ਝੰਡਾ ਝੁੱਲ ਰਿਹਾ ਸੀ ਪਰ ਤਿੱਬਤੀ ਬਰਫੀਲੀ ਹਵਾ ਦੇ ਹੁਲਾਰਿਆਂ ਨਾਲ।
ਤਿੱਬਤ ਵਿਚ ਇਸ ਤਰ੍ਹਾਂ ਦੀ ਮਾਰ ਨਾਲ ਪੰਜਾਬੀਆਂ ਤੇ ਡੋਗਰਿਆਂ ਵਿਚ ਕੁਝ ਕਰਨ ਦੀ ਭਾਵਨਾ ਜਾਗ ਪਈ। ਕਿਉਂਕਿ ਗੁਲਾਬ ਸਿੰਘ ਦਾ ਸਿੱਧਾ ਵਾਸਤਾ ਸੀ, ਉਸ ਨੇ ਉਧਰ ਵੱਡੀ ਫੌਜ ਭੇਜੀ। ਇਸ ਦੇ ਨਾਲ ਹੀ ਅੰਗਰੇਜ਼ਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ, ਜਿਸ ਦਾ ਵੱਡਾ ਮਕਸਦ ਅਸਲ ਵਿਚ ਉਨ੍ਹਾਂ ਦੇ ਖਦਸ਼ੇ ਦੂਰ ਕਰਨਾ ਸੀ। ਗਵਰਨਰ ਜਨਰਲ ਲਾਰਡ ਐਲਨਬਰੋ ਨੇ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਿ ਇਸ ਨਾਲ ਪਹਾੜਾਂ ਦੇ ਉਸ ਪਾਰ ਤੋਂ ਹਿੰਦੁਸਤਾਨ ਵਿਚ ਫੌਜਾਂ ਦਾ ਦਾਖਲਾ ਹੋ ਸਕਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਕਿਲ੍ਹਾ ਗੋਬਿੰਦਗੜ੍ਹ ਦੀ ਨਵਉਸਾਰੀ 'ਚ 10 ਵਰ੍ਹੇ ਵੀ ਪਏ ਘੱਟ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਸਰਕਾਰ ਦੇ ਨਵਉਸਾਰੀ ਨਾਲ ਸਬੰਧਤ ਵਿਭਾਗ ਨੇ ਨਾ ਸਿਰਫ਼ ਅੱਖਾਂ ਬੰਦ ਕਰਕੇ ਸੈਨਾ ਦੇ ਕਥਿਤ ਇਤਿਹਾਸਕਾਰਾਂ ਦੁਆਰਾ ਭੇਟ ਕੀਤੇ ਕਿਲ੍ਹੇ ਦੇ ਨਵੇਂ ਇਤਿਹਾਸ 'ਤੇ ਵਿਸ਼ਵਾਸ ਹੀ ਕੀਤਾ, ਸਗੋਂ ਉਸੇ ਇਤਿਹਾਸ ਨੂੰ ਮੂਲ ਆਧਾਰ ਬਣਾ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਕਿਲ੍ਹੇ ਦੇ ਨਵਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ, ਜਿਸ ਦੇ ਚਲਦਿਆਂ ਵਿਭਾਗ ਵਲੋਂ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਖਲਨਾਇਕ ਜਨਰਲ ਆਰ. ਈ. ਐਚ. ਡਾਇਰ ਨੂੰ ਬ੍ਰਾਂਡ ਅੰਬੈਸਡਰ ਵਜੋਂ ਇਸਤੇਮਾਲ ਕਰਦਿਆਂ ਸਿੱਖ ਰਾਜ ਦੇ ਤੋਸ਼ਾਖ਼ਾਨਾ ਨੂੰ ਜਨਰਲ ਡਾਇਰ ਦਾ ਬੰਗਲਾ, ਬ੍ਰਿਗੇਡ ਦੇ ਸਾਹਮਣੇ ਬਣੇ ਕਲੋਰੀਨੇਸ਼ਨ ਹਾਊਸ (ਦੂਸ਼ਿਤ ਪਾਣੀ ਵਿਚ ਜਮ੍ਹਾਂ ਬੈਕਟੀਰੀਆ ਨਸ਼ਟ ਕਰਨ ਵਾਲਾ ਪਲਾਂਟ) ਨੂੰ ਡਾਇਰ ਦਾ ਫਾਂਸੀ-ਘਰ ਅਤੇ ਬ੍ਰਿਗੇਡ ਦੇ ਦਫ਼ਤਰ ਨੂੰ ਡਾਇਰ ਦਾ ਥਾਣਾ ਅਤੇ ਬ੍ਰਿਟਿਸ਼ ਦੁਆਰਾ ਬਣਵਾਈ ਹਸਪਤਾਲ ਦੀ ਦੋ ਮੰਜ਼ਿਲਾ ਇਮਾਰਤ ਨੂੰ ਡਾਇਰ ਦੇ ਦੀਵਾਨ ਹਾਲ ਦਾ ਨਾਂਅ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਨਰਲ ਡਾਇਰ ਨੇ ਕਿਲ੍ਹਾ ਗੋਬਿੰਦਗੜ੍ਹ ਵਿਚ ਆਪਣੀ ਕੋਠੀ ਦੇ ਸਾਹਮਣੇ ਇਕ ਫਾਂਸੀ ਘਰ ਬਣਵਾਇਆ ਹੋਇਆ ਸੀ। ਉਹ ਆਪਣੀ ਕੋਠੀ ਵਿਚ ਬੈਠ ਕੇ ਇਸ ਸਥਾਨ 'ਤੇ ਹਿੰਦੁਸਤਾਨੀਆਂ ਨੂੰ ਫਾਂਸੀ 'ਤੇ ਲਟਕਦਾ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਸੀ। ਫਾਂਸੀ ਘਰ ਦੀ ਉਕਤ ਐਨੀ ਵੱਡੀ ਕਹਾਣੀ ਘੜਨ ਲੱਗਿਆਂ ਇਸ ਹਕੀਕਤ ਨੂੰ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਤੋਂ ਦੋ ਦਿਨ ਪਹਿਲਾਂ 11 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦਾ ਚਾਰਜ ਸੰਭਾਲਿਆ ਅਤੇ 30 ਮਈ, 1919 ਨੂੰ ਉਹ ਆਪਣੀ ਬ੍ਰਿਗੇਡ ਸਹਿਤ ਡਿਸਟ੍ਰਿਕਟ ਥਾਰ (ਸਿੰਧ) ਵਿਖੇ ਤਬਦੀਲ ਹੋ ਚੁੱਕਾ ਸੀ। ਅੰਮ੍ਰਿਤਸਰ ਨਿਵਾਸ ਦੇ ਦੌਰਾਨ ਕਰੀਬ ਪਹਿਲੇ 20 ਦਿਨ ਉਸ ਨੇ ਆਪਣੀ ਰਿਹਾਇਸ਼ ਅਤੇ ਛਾਉਣੀ ਰਾਮ ਬਾਗ਼ (ਕੰਪਨੀ ਬਾਗ਼) ਵਿਚ ਰੱਖੀ।
ਜਦੋਂ ਲੇਖਕ ਨੇ ਭਾਰਤੀ ਸੈਨਾ ਦੀ 15 ਇਨਫੇਨਟਰੀ ਡਵੀਜ਼ਨ, ਗੋਬਿੰਦਗੜ੍ਹ ਫੋਰਟ ਦੇ ਕਮਾਂਡਿੰਗ ਅਫਸਰ ਨੂੰ ਭਾਰਤੀ ਸੈਨਾ ਦੁਆਰਾ ਅਣਗਹਿਲੀ ਵਿਚ ਕੀਤੀ ਗਈ ਉਪਰੋਕਤ ਗਲਤੀ ਤੋਂ ਜਾਣੂ ਕਰਵਾਇਆ ਤਾਂ ਉਸ ਨੇ ਕਿਲ੍ਹੇ ਦੇ ਸਹੀ ਇਤਿਹਾਸ ਤੋਂ ਜਾਣੂ ਹੋਣ 'ਤੇ ਤੁਰੰਤ ਕਿਲ੍ਹੇ ਨਾਲ ਸਬੰਧਤ ਨਵੀਂ ਰਿਪੋਰਟ ਸਹੀ ਜਾਣਕਾਰੀਆਂ ਸਹਿਤ ਆਪਣੇ ਉੱਚ ਅਧਿਕਾਰੀਆਂ, ਗ੍ਰਹਿ ਵਿਭਾਗ ਅਤੇ ਮੈਨੂੰ ਭੇਜ ਕੇ ਆਪਣੀ ਗ਼ਲਤੀ ਸੁਧਾਰ ਲਈ। ਇਸ ਦੇ ਬਾਵਜੂਦ ਕਿਲ੍ਹੇ ਦੇ ਮੌਜੂਦਾ ਪ੍ਰਬੰਧਕ ਅਜੇ ਵੀ ਕਿਲ੍ਹਾ ਗੋਬਿੰਦਗੜ੍ਹ ਦੇ ਅੰਦਰ ਸੈਨਿਕਾਂ ਦੀਆਂ ਬੈਰਕਾਂ ਦੇ ਨਾਲ ਲਗਦੇ ਕਿਲ੍ਹੇ ਦੇ ਸਿਵਲ ਗਵਰਨਰ ਫ਼ਕੀਰ ਇਮਾਮਉੱਦੀਨ ਦੇ ਨਿਵਾਸ ਵਾਲੇ ਕਮਰੇ ਨੂੰ ਸਿੱਖ ਰਾਜ ਦਾ ਤੋਸ਼ਾਖ਼ਾਨਾ ਦੱਸ ਰਹੇ ਹਨ ਅਤੇ ਤੋਸ਼ਾਖ਼ਾਨਾ ਦੀ ਅਸਲ ਇਮਾਰਤ ਜਿਥੇ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪਧਾਰਨ 'ਤੇ ਆਪਣਾ ਕੋਹਿਨੂਰ ਹੀਰਾ ਸੁਰੱਖਿਆ ਲਈ ਰੱਖਦੇ ਸਨ, ਨੂੰ ਡਾਇਰ ਬੰਗਲਾ ਅਤੇ ਐਂਗਲੋ-ਸਿੱਖ ਬੰਗਲਾ ਤੇ ਕਲੋਨੀਅਲ ਹਾਊਸ ਦੱਸਿਆ ਜਾ ਰਿਹਾ ਹੈ।
ਕਿਲ੍ਹੇ ਦੀ ਮੌਜੂਦਾ ਪ੍ਰਬੰਧਕ ਮਾਇਆ ਨਗਰੀ ਕੰਪਨੀ ਕਿਲ੍ਹੇ ਵਿਚ ਆਧੁਨਿਕ ਤਕਨੀਕਾਂ ਨਾਲ ਵੱਖ-ਵੱਖ ਸ਼ੋਅ ਦੀ ਮਾਰਫ਼ਤ ਦਰਸ਼ਕਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਹਰ ਪਹਿਲੂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕਰ ਰਹੀ ਹੈ। ਕਿਲ੍ਹੇ 'ਚ 'ਕੰਧਾਂ ਬੋਲਦੀਆਂ ਨੇ' ਉੱਚ ਤਕਨੀਕ ਸਾਊਂਡ ਅਤੇ ਰੌਸ਼ਨੀ ਸ਼ੋਅ ਦੀ ਮਾਰਫ਼ਤ ਪੰਜਾਬ ਦੇ ਸੁਨਹਿਰੀ ਇਤਿਹਾਸ ਦੇ ਨਾਲ-ਨਾਲ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਕਿਲ੍ਹਾ ਗੋਬਿੰਦਗੜ੍ਹ ਦੀ ਆਤਮਕਥਾ ਵੀ ਬਿਆਨ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ 'ਸ਼ੇਰੇ-ਪੰਜਾਬ' 7-ਡੀ ਸ਼ੋਅ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਅਤੇ ਇਤਿਹਾਸਕ ਜਿੱਤਾਂ ਸਮੇਤ ਕੋਹਿਨੂਰ ਹੀਰੇ ਦੀ ਪ੍ਰਾਪਤੀ ਸਬੰਧੀ ਵੀ ਜਾਣਕਾਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਸਭ ਦੇ ਬਾਵਜੂਦ ਮਾਇਆ ਨਗਰੀ ਕੰਪਨੀ ਲਈ ਕਿਲ੍ਹੇ ਦੇ ਵਿਗਾੜ ਕੇ ਪੇਸ਼ ਕੀਤੇ ਜਾ ਰਹੇ ਇਤਿਹਾਸ ਨੂੰ ਸਹੀ ਹਾਲਤ 'ਚ ਪੇਸ਼ ਕਰਨਾ ਟੇਢੀ ਖੀਰ ਬਣਿਆ ਹੋਇਆ ਹੈ। ਇਸ ਦੇ ਇਲਾਵਾ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਕਿਲ੍ਹੇ ਦੇ ਵਿਕਾਸ ਕਾਰਜਾਂ ਦੀ ਢਿੱਲੀ ਰਫ਼ਤਾਰ, ਪ੍ਰਚਾਰ ਦੀ ਕਮੀ, ਕਿਲ੍ਹੇ ਦੇ ਇਤਿਹਾਸਕ ਸਮਾਰਕਾਂ ਨੂੰ ਲੈ ਕੇ ਖੜ੍ਹੇ ਕੀਤੇ ਗਏ ਭਰਮ-ਭੁਲੇਖੇ ਅਤੇ ਕਿਲ੍ਹੇ ਬਾਰੇ ਸਹੀ ਤੇ ਇਤਿਹਾਸਕ ਜਾਣਕਾਰੀ ਦੇਣ ਵਾਲੇ ਗਾਈਡਾਂ ਦੀ ਕਮੀ ਆਦਿ ਖ਼ਾਮੀਆਂ ਕਿਲ੍ਹਾ ਗੋਬਿੰਦਗੜ੍ਹ ਦੀ ਤਰੱਕੀ ਵਿਚ ਰੋੜਾ ਪ੍ਰਤੀਤ ਹੋ ਰਹੀਆਂ ਹਨ, ਜਿਨ੍ਹਾਂ ਬਾਰੇ ਸੁਧਾਰ ਕਰਨਾ ਪ੍ਰਬੰਧਕਾਂ ਤੇ ਸਰਕਾਰ ਲਈ ਲਾਜ਼ਮੀ ਬਣ ਜਾਂਦਾ ਹੈ।


-ਅੰਮ੍ਰਿਤਸਰ। ਫੋਨ : 9356127771, 7837849764

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਸ੍ਰੀ ਪਾਉਂਟਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਤੇ ਮਨਮੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਗੁਰਦਿਆਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਹੱਦ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਤਾਂ ਦੁਆਰਾ ਪਤਾ ਲੱਗਾ ਤਾਂ ਉਨ੍ਹਾਂ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰਵਾ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ, 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਅਤੇ ਕਿਹਾ ਕਿ ਡੀ. ਸੀ. ਸਾਹਿਬ ਮਿਸਟਰ ਆਰ. ਕੇ. ਚੰਡੇਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਰੈਸਟ ਹਾਊਸ ਵਿਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ। ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਫੋਰਸ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ।
ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ, ਜਿਨ੍ਹਾਂ ਵਿਚੋਂ ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਅ ਰਹੇ ਸਨ ਅਤੇ ਤਿੰਨ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਦੇ ਦੱਸਣ ਅਨੁਸਾਰ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 11 ਨਿਹੰਗ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਭਾਈ ਪ੍ਰੀਤਮ ਸਿੰਘ ਫਤਹਿਪੁਰ ਕੋਠੀ (ਹੁਸ਼ਿਆਰਪੁਰ), ਭਾਈ ਮੰਗਲ ਸਿੰਘ ਬਜਰੌਰ, ਭਾਈ ਹਰਭਜਨ ਸਿੰਘ ਚੌਹੜਾ, ਭਾਈ ਦਲੀਪ ਸਿੰਘ, ਭਾਈ ਉਦੈ ਸਿੰਘ ਮੱਤੇਵਾਲ ਅੰਮ੍ਰਿਤਸਰ, ਭਾਈ ਸੰਤੋਖ ਸਿੰਘ ਅੰਮ੍ਰਿਤਸਰ, ਭਾਈ ਲਾਲ ਸਿੰਘ ਫਿਰੋਜ਼ਪੁਰ, ਭਾਈ ਧੰਨਾ ਸਿੰਘ ਭਦੌੜ (ਸੰਗਰੂਰ), ਬਾਬਾ ਸੂਬੇਦਾਰ, ਬਾਬਾ ਨਾਮਧਾਰੀਆ ਅਤੇ ਇਕ ਯਾਤਰੀ ਸਿੰਘ ਸ਼ਾਮਿਲ ਸਨ। ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਜੋ ਗੰਭੀਰ ਰੂਪ ਵਿਚ ਜ਼ਖਮੀ ਹੋਏ, ਉਨ੍ਹਾਂ ਵਿਚ ਖੁਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਭਾਈ ਅਜੀਤ ਸਿੰਘ ਹੁਸ਼ਿਆਰਪੁਰ, ਬਾਬਾ ਗੁਰਬਚਨ ਸਿੰਘ ਘਾਗੋਂ ਰੋੜਾਂਵਾਲੀ ਆਦਿ ਸ਼ਾਮਿਲ ਸਨ। ਇਸ ਸਾਕੇ ਵਿਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 22 ਮਈ (ਦਿਨ ਮੰਗਲਵਾਰ) ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।


-ਚੱਬੇਵਾਲ (ਹੁਸ਼ਿਆਰਪੁਰ)।

ਸੁਲਤਾਨ ਬਾਹੂ ਦੀ ਪੁਸਤਕ ਹੱਕ ਨੁਮਾਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
'ਹੱਕ ਨੁਮਾਏ' ਸ਼ਬਦਾਂ ਦਾ ਪੰਜਾਬੀ ਵਿਚ ਅਰਥ ਸੱਚ ਉੱਤੇ ਚੱਲਣ ਦਾ ਰਸਤਾ ਹੈ। (ਸੱਚੇ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ) ਅਨੁਵਾਦਕ ਨੇ ਇਸ ਦੇ ਉਪ ਸਿਰਲੇਖ ਵਿਚ ਇਸ ਨੂੰ ਸੂਫ਼ੀ ਮਤ ਦੇ ਸਿਧਾਂਤ ਵੀ ਕਿਹਾ ਹੈ। ਇਸ ਪੁਸਤਕ ਦੇ ਵੱਡੇ-ਛੋਟੇ 20 ਅਧਿਆਇ ਹਨ। ਸੂਫ਼ੀਵਾਦ ਬਾਰੇ ਸਿਧਾਂਤਕ ਗ੍ਰੰਥ ਹੋਣ ਕਰਕੇ ਅਤੇ ਕੁਝ ਇਸ ਦੀ ਗੁਰਮਤਿ ਅਸੂਲਾਂ ਨਾਲ ਸਾਂਝ ਕਰਕੇ ਸੁਲੱਖਣ ਸਰਹੱਦੀ ਨੇ ਇਸ ਗ੍ਰੰਥ ਦੀ ਚੋਣ ਕੀਤੀ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, 'ਹਥਲੀ ਪੁਸਤਕ ਦੀ ਪ੍ਰਕਾਸ਼ਨਾ ਦਾ ਮੁੱਖ ਮਕਸਦ ਇਸਲਾਮ ਅਤੇ ਸਿੱਖ ਧਰਮ ਦੇ ਸਾਂਝੇ ਅਤੇ ਬੁਨਿਆਦੀ ਅਸੂਲਾਂ ਨੂੰ ਉਜਾਗਰ ਕਰਨਾ ਹੈ, ਤਾਂ ਕਿ ਇਨ੍ਹਾਂ ਦੋਵਾਂ ਧਰਮਾਂ ਵਿਚ ਫਲਸਫਾਈ ਨੇੜਤਾ ਪਕੇਰੀ ਹੋਵੇ (ਪੰਨਾ 11)। ਪੁਸਤਕ ਦੇ 20 ਭਾਗਾਂ ਵਿਚ ਜਿਨ੍ਹਾਂ ਵਿਸ਼ਿਆਂ ਬਾਰੇ ਚਰਚਾ ਛੇੜੀ ਗਈ ਹੈ, ਉਹ ਹਨ : ਕਲਮੇ ਦੀ ਮਹੱਤਤਾ, ਰੱਬ, ਮਸਤੀ, ਮੁਰਸ਼ਦ ਅਤੇ ਤਾਲਬ ਦੇ ਗੁਣ, ਜਾਰ ਅਤੇ ਬਾਤਨ ਗਿਆਨ ਤੇ ਮਰਫ਼ਤ ਪ੍ਰੇਮ ਇਲਹਾਮ ਫੱਕਰ ਅਤੇ ਫਕੀਰੀ ਦੇ ਗੁਣ ਅਤੇ ਮੌਤ ਆਦਿ। ਕਲਮਾ ਜਾਂ ਕਲਮਾ ਤਯੱਬਾ ਬਾਰੇ ਇਕ ਦਿਲਚਸਪ ਗੱਲ ਇਸ ਤਰ੍ਹਾਂ ਹੈ : ਕਲਮਾ ਤਯੱਬਾ ਦੇ 24 ਅੱਖਰ ਹਨ, ਦਿਨ ਤੇ ਰਾਤ 24 ਘੰਟੇ ਹਨ, ਇਕ ਦਿਨ ਅਤੇ ਇਕ ਰਾਤ ਵਿਚ ਮਨੁੱਖ 24 ਹਜ਼ਾਰ ਸਾਹ ਲੈਂਦਾ ਹੈ। ਜੋ ਆਦਮੀ ਸਾਫ਼ ਦਿਲ ਤੋਂ ਕਲਮਾ ਪੜ੍ਹਦਾ ਹੈ, ਅੱਲਾ ਉਸ ਦੇ ਸਾਰੇ ਪਾਪ ਸਾੜ ਦਿੰਦਾ ਹੈ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। (ਪੰਨਾ 2-3)
ਇਨ੍ਹਾਂ ਕਾਲਮਾਂ ਵਿਚ ਹੀ ਮੋਹਨ ਸਿੰਘ ਦੀਵਾਨਾ ਦੀ ਪੁਸਤਕ 'ਮਸਤੀ' ਬਾਰੇ ਕੁਝ ਚਰਚਾ ਕੀਤੀ ਗਈ ਸੀ। 'ਹੱਕ ਨੁਮਾਏ' ਪੁਸਤਕ ਦਾ ਇਕ ਪੂਰਾ ਕਾਂਡ ਇਸ ਸੰਕਲਪ ਨੂੰ ਸਪੱਸ਼ਟ ਕਰਦਾ ਹੈ। ਉਦਾਹਰਨ ਵਜੋਂ ਮਸਤੀ ਦੀਆਂ ਕਿਸਮਾਂ ਦੱਸਦਿਆਂ ਬਾਹੂ ਲਿਖਦਾ ਹੈ, 'ਮਸਤੀ ਕਈ ਪ੍ਰਕਾਰ ਦੀ ਹੈ। ਪਹਿਲੀ ਮਸਤੀ ਨਫ਼ਸਾਨੀ (ਨਫ਼ਸ ਦੀ ਆਪੇ ਦੀ ਹਸਤੀ ਦੀ), ਦੂਜੀ ਮਸਤੀ ਮਨ ਦੀ ਖੁਦਾਪ੍ਰਸਤੀ, ਤੀਜੀ ਮਸਤੀ ਰੂਹ ਦੀ (ਦੀਦਾਰ ਦੀ, ਦਰਸ਼ਨਾਂ ਦੀ) ਆਦਿ। ਉਸ ਦਾ ਇਹ ਵੀ ਮੰਨਣਾ ਹੈ ਕਿ ਇਹ ਕੇਵਲ ਅੱਲਾਹ ਦੀ ਮਿਹਰ ਨਾਲ ਕਮਾਲ ਮੁਰਸ਼ਦ ਰਾਹੀਂ ਹਾਸਲ ਹੁੰਦੀਆਂ ਹਨ। ਸ਼ਰਾਅ ਦੇ ਵਿਰੁੱਧ ਜਾ ਕੇ ਕਿਸੇ ਵੀ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ (ਪੰਨਾ 32)। ਸੁਲਤਾਨ ਬਾਹੂ ਦਾ ਇਹ ਵੀ ਮੰਨਣਾ ਹੈ ਕਿ ਹਕੀਕੀ ਮਸਤੀ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੈ ਤੇ ਔਖਾ ਕੰਮ ਹੈ। ਅਸਲ ਮਸਤੀ ਅੱਲਾਹ ਦੇ ਨਾਮ ਦੇ ਸਿਮਰਨ ਤੋਂ ਹਾਸਲ ਹੁੰਦੀ ਹੈ। ਮਸਤ ਨੂੰ ਵਜ਼ੀਫੇ ਕਰਨ, ਚਿੰਤਨ ਆਦਿ ਤੋਂ ਕੀ ਕੰਮ। ਮਸਤ ਸਦਾ ਸਿਰ ਤੋਂ ਪੈਰਾਂ ਤੱਕ ਪੂਰਨ ਸਰੀਰ ਸੰਪੂਰਨ ਨੂਰ ਹੁੰਦਾ ਹੈ।
ਸੂਫ਼ੀ ਸਿਲਸਿਲਿਆਂ ਵਿਚ ਮੁਰਸ਼ਦ ਦੀ ਬੜੀ ਚਰਚਾ ਹੈ। ਮੁਰਸ਼ਦ ਦੀ ਪਰਿਭਾਸ਼ਾ ਦਿੰਦੇ ਹੋਏ ਸੁਲਤਾਨ ਬਾਹੂ ਲਿਖਦਾ ਹੈ, 'ਮੁਰਸ਼ਦ ਆਪਣੇ ਤਾਲਬ ਦਾ ਹੱਥ ਪਕੜ ਹਜ਼ੂਰ ਕੋਲ ਪਹੁੰਚਾ ਦੇਵੇ। ਮੁਰਸ਼ਦ ਵਸੀਲਾ ਸਿਵਾਇ ਹਜ਼ੂਰ ਦੇ ਹੋਰ ਕੋਈ ਮਾਰਗ ਹੀ ਨਹੀਂ ਜਾਣਦਾ (ਪੰਨਾ 37)। ਮੁਰਸ਼ਦ 3 ਤਰ੍ਹਾਂ ਦੇ ਹੁੰਦੇ ਹਨ ਕਿ ਨਿਮਨ ਮੁਰਸ਼ਦ, ਮੱਧ ਮੁਰਸ਼ਦ ਅਤੇ ਇਕ ਕਾਮਲ ਮੁਰਸ਼ਦ। ਨਿਮਨ ਮੁਰਸ਼ਦ ਆਪਣੇ ਮੁਰੀਦ ਨੂੰ ਨਿਰੰਤਰ ਇਕ ਹਫਤਾ ਰੱਬੀ ਧਿਆਨ ਵਿਚ ਰੱਖਦਾ ਹੈ। ਸੱਤਵੇਂ ਦਿਨ ਉਸ ਨੂੰ ਅਸਲ ਟੀਚੇ ਉੱਤੇ ਪਹੁੰਚਾ ਦਿੰਦਾ ਹੈ। ਮੱਧ ਮੁਰਸ਼ਦ ਇਕ ਦਿਨ ਇਕ ਰਾਤ ਵਿਚ ਅਰਥਾਤ ਅੱਠਾਂ ਪਹਿਰਾਂ ਵਿਚ ਮੁਰੀਦ ਨੂੰ ਰੱਬੀ ਦੀਦਾਰ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਸਭਾ ਦਾ ਦਰਸ਼ਨਾਰਥੀ ਬਣਾ ਦਿੰਦਾ ਹੈ। ਸੰਪੂਰਨ ਜਾਂ ਕਾਮਲ ਮੁਰਸ਼ਦ ਮੁਰੀਦ ਨੂੰ ਇਕ ਨਿਗਾਹ ਵਿਚ ਉਸ ਸਥਾਨ ਤੱਕ ਪਹੁੰਚਾ ਦਿੰਦਾ ਹੈ। (ਪੰਨਾ 44)
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸਗਲੀਆ ਕਰਹਿ ਸੀਗਾਰੁ॥ ਮਹਲਾ ੧॥ ਸਭੇ ਕੰਤ ਮਹੇਲੀਆ

ਸਗਲੀਆ ਕਰਹਿ ਸੀਗਾਰੁ॥
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ॥
ਪਾਖੰਡਿ ਪ੍ਰੇਮੁ ਨ ਪਾਈਐ
ਖੋਟਾ ਪਾਜੁ ਖੁਆਰੁ॥ ੧॥
ਹਰਿ ਜੀਉ ਇਉ ਪਿਰੁ ਰਾਵੈ ਨਾਰਿ॥
ਤੁਧੁ ਭਾਵਨਿ ਸੋਹਾਗਣੀ
ਅਪਣੀ ਕਿਰਪਾ ਲੈਹਿ ਸਵਾਰਿ॥ ੧॥ ਰਹਾਉ॥
ਗੁਰ ਸਬਦੀ ਸੀਗਾਰੀਆ
ਤਨੁ ਮਨੁ ਪਿਰ ਕੈ ਪਾਸਿ॥
ਦੁਇ ਕਰ ਜੋੜਿ ਖੜੀ ਤਕੈ
ਸਚੁ ਕਹੈ ਅਰਦਾਸਿ॥
ਲਾਲਿ ਰਤੀ ਸਚ ਭੈ ਵਸੀ
ਭਾਇ ਰਤੀ ਰੰਗਿ ਰਾਸਿ॥ ੨॥
ਪ੍ਰਿਅ ਕੀ ਚੇਰੀ ਕਾਂਢੀਐ
ਲਾਲੀ ਮਾਨੈ ਨਾਉ॥
ਸਾਚੀ ਪ੍ਰੀਤਿ ਨ ਤੁਟਈ
ਸਾਚੇ ਮੇਲਿ ਮਿਲਾਉ॥
ਸਬਦਿ ਰਤੀ ਮਨੁ ਵੇਧਿਆ
ਹਉ ਸਦ ਬਲਿਹਾਰੈ ਜਾਉ॥ ੩॥
ਸਾ ਧਨ ਰੰਡ ਨ ਬੈਸਈ
ਜੇ ਸਤਿਗੁਰ ਮਾਹਿ ਸਮਾਇ॥
ਪਿਰੁ ਰੀਸਾਲੂ ਨਉਤਨੋ
ਸਾਚਉ ਮਰੈ ਨ ਜਾਇ॥
ਨਿਤ ਰਵੈ ਸੋਹਾਗਣੀ
ਸਾਚੀ ਨਦਰਿ ਰਜਾਇ॥ ੪॥
ਸਾਚੁ ਧੜੀ ਧਨ ਮਾਡੀਐ
ਕਾਪੜੁ ਪ੍ਰੇਮ ਸੀਗਾਰੁ॥
ਚੰਦਨੁ ਚੀਤਿ ਵਸਾਇਆ
ਮੰਦਰੁ ਦਸਵਾ ਦੁਆਰੁ॥
ਦੀਪਕੁ ਸਬਦਿ ਵਿਗਾਸਿਆ
ਰਾਮ ਨਾਮੁ ਉਰਹਾਰੁ॥ ੫॥
ਨਾਰੀ ਅੰਦਰਿ ਸੋਹਣੀ
ਮਸਤਕਿ ਮਣੀ ਪਿਆਰੁ॥
ਸੋਭਾ ਸੁਰਤਿ ਸੁਹਾਵਣੀ
ਸਾਚੈ ਪ੍ਰੇਮਿ ਅਪਾਰ॥
ਬਿਨੁ ਪਿਰ ਪੁਰਖੁ ਨ ਜਾਣਈ
ਸਾਚੈ ਗੁਰ ਕੈ ਹੇਤਿ ਪਿਆਰਿ॥ ੬॥
ਨਿਸਿ ਅੰਧਿਆਰੀ ਸੁਤੀਏ
ਕਿਉ ਪਿਰ ਬਿਨੁ ਰੈਣਿ ਵਿਹਾਇ॥
ਅੰਕੁ ਜਲਉ ਤਨੁ ਜਾਲੀਅਉ
ਮਨੁ ਧਨੁ ਜਲਿ ਥਲਿ ਜਾਇ॥
ਜਾ ਧਨ ਕੰਤ ਨਾ ਰਾਵੀਆ
ਤਾ ਬਿਰਥਾ ਜੋਬਨੁ ਜਾਇ॥ ੭॥
ਸੇਜੈ ਕੰਤ ਮਹੇਲੜੀ ਸੂਤੀ ਸੂਝ ਨ ਪਾਇ॥
ਹਉ ਸੁਤੀ ਪਿਰੁ ਜਾਗਣਾ
ਕਿਸ ਕਉ ਪੂਛਉ ਜਾਇ॥
ਸਤਿਗੁਰਿ ਮੇਲੀ ਭੈ ਵਸੀ
ਨਾਨਕ ਪ੍ਰੇਮੁ ਸਖਾਇ॥ ੮॥ ੨॥ (ਅੰਗ 53-54)
ਅਸਟਪਦੀਆਂ ਵਾਲੇ ਸ਼ਬਦਾਂ ਦਾ ਆਕਾਰ ਵੱਡਾ ਹੋਣ ਕਰਕੇ ਹਰ ਅਸਟਪਦੀ ਦੇ ਪਹਿਲੇ ਚਾਰ ਪਦਿਆਂ 'ਤੇ ਵਿਚਾਰ ਇਕ ਦਿਨ ਕੀਤੀ ਜਾਵੇਗੀ ਤੇ ਬਾਕੀ ਦੇ ਪਦਿਆਂ 'ਤੇ ਅਗਲੇ ਦਿਨ ਦੇ ਅੰਕ ਵਿਚ।
ਪਦ ਅਰਥ : ਕੰਤ-ਪਤੀ, ਮਾਲਕ (ਪ੍ਰਭੂ)। ਮਹੇਲੀਆ-ਇਸਤਰੀਆਂ। ਸਗਲੀਆਂ-ਸਾਰੀਆਂ। ਕਰਹਿ ਸੀਗਾਰੁ-ਸ਼ਿੰਗਾਰ ਕਰਦੀਆਂ ਹਨ। ਗਣਤ ਗਣਾਵਣਿ-ਗਿਣਤੀ ਗਿਣਾਉਣ ਲਈ, ਲੋਕ ਵਿਖਾਵਾ ਕਰਨ ਲਈ। ਸੂਹਾ-ਲਾਲ ਰੰਗ, ਕਸੁੰਭੇ ਦੇ ਫੁੱਲ ਵਾਂਗ ਮਨ ਨੂੰ ਮੋਹਣ ਵਾਲਾ ਜੋ ਛੇਤੀ ਹੀ ਫਿੱਕਾ ਪੈ ਜਾਂਦਾ ਹੈ। ਵੇਸੁ-ਲਿਵਾਸ, ਪਹਿਰਾਵਾ। ਪਾਜੁ-ਮੁਲੰਮਾ (ਕਿਸੇ ਧਾਤ 'ਤੇ ਸੋਨੇ ਦਾ ਵਰਕ ਚਾੜ੍ਹਨਾ ਤਾਂ ਕਿ ਉਹ ਸੋਨਾ ਹੀ ਲੱਗੇ), ਵਿਖਾਵਾ।
ਪਿਰੁ-ਮਾਲਕ, ਖਸਮ। ਗਵੈ-ਪਿਆਰ ਕਰਦਾ ਹੈ। ਨਾਰਿ-ਜੀਵ ਇਸਤਰੀਆਂ। ਤੁਧੁ ਭਾਵਿਨ-ਤੈਨੂੰ ਚੰਗੀਆਂ ਲਗਦੀਆਂ ਹਨ। ਸੋਹਾਗਣੀ-ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ, ਜਿਸ 'ਤੇ ਪ੍ਰਭੂ ਪਤੀ ਪ੍ਰਸੰਨ ਹੋਵੇ। ਆਪਣੀ ਕਿਰਪਾ-ਆਪਣੀ ਮਿਹਰ, ਆਪਣੀ ਬਖਸ਼ਿਸ਼ ਦੁਆਰਾ। ਲੈਹਿ ਸਵਾਰਿ-ਸੰਵਾਰ ਲੈਂਦਾ ਹੈ।
ਗੁਰ ਸ਼ਬਦੀ-ਗੁਰੂ ਦੇ ਸ਼ਬਦ ਦੁਆਰਾ। ਸੀਗਾਰੀਆ-(ਜਿਹੜੀ ਜੀਵ ਇਸਤਰੀ ਆਪਣੇ ਜੀਵਨ ਨੂੰ) ਸ਼ਿੰਗਾਰ ਲੈਂਦੀ ਹੈ। ਕਰ-ਹਥ। ਕੈ ਪਾਸਿ (ਅਰਪਨ ਕਰ ਦਿੰਦੀ ਹੈ)। ਦੁਇ ਕਰ ਜੋੜਿ-ਦੋਵੇਂ ਹੱਥ ਜੋੜ ਕੇ। ਖੜੀ ਤਕੈ-ਖਲੋਤੀ (ਪ੍ਰਭੂ ਵੱਲ) ਦੇਖਦੀ ਰਹਿੰਦੀ ਹੈ। ਲਾਲਿ ਰਤੀ-ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਹੋਈ। ਸਚ ਭੈ ਵਸੀ-ਪ੍ਰਭੂ ਦੇ ਭੈਅ ਵਿਚ ਵਸਦੀ ਹੈ। ਭਾਇ ਰਤੀ-(ਪ੍ਰਭੂ ਦੇ) ਪ੍ਰੇਮ ਵਿਚ ਰਤੀ ਹੋਈ। ਰੰਗਿ ਰਾਸਿ-ਨਾਮ ਵਿਚ ਸਮਾਈ ਰਹਿੰਦੀ ਹੈ।
ਪ੍ਰਿਅ-ਪ੍ਰਭੂ ਪਤੀ। ਚੇਰੀ-ਦਾਸੀ, ਸੇਵਕਾ। ਕਾਂਢੀਐ-ਕਹੀਦੀ ਹੈ। ਲਾਲੀ-ਦਾਸੀ, ਪਿਆਰੀ। ਮਾਨੈ ਨਾਉ-ਨਾਮ ਨੂੰ ਹੀ ਮੰਨਦੀ ਹੈ। ਸਾਚੇ ਮੇਲਿ ਮਿਲਾਉ-(ਇਹ ਅਟੁੱਟ ਪ੍ਰੀਤ) ਸੱਚੇ ਪ੍ਰਭੂ ਨਾਲ ਮਿਲਾਪ ਕਰਵਾ ਦਿੰਦੀ ਹੈ। ਸਬਦਿ ਰਤੀ-ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ। ਮਨੁ ਵੇਧਿਆ-ਮਨ ਨੂੰ (ਪ੍ਰੇਮ ਨਾਲ) ਵਿੰਨ ਲਿਆ ਹੈ। ਹਉ-ਮੈਂ। ਸਾ ਧਨ-ਉਹ ਜੀਵ ਇਸਤਰੀ। ਰੰਡ-ਨਿਖਸਮੀ ਹੋ ਕੇ। ਨ ਬੈਸਈ-ਨਹੀਂ ਬੈਠਦੀ। ਮਾਹਿ-ਵਿਚ। ਸਮਾਇ-ਅਭੇਦ ਹੋ ਜਾਵੇ। ਪਿਰੁ-ਪ੍ਰਭੂ ਪਤੀ। ਰੀਸਾਲੂ-ਰਸਾਂ ਦਾ ਘਰ। ਨਉਤਨੋ-ਨਿਤ ਨਵਾਂ ਨਰੋਆ। ਸਾਚਉ-ਸਦਾ ਥਿਰ ਰਹਿਣ ਵਾਲਾ। ਮਰੈ ਨ ਜਾਇ-ਨਾ ਜੰਮਦਾ ਹੈ, ਨਾ ਮਰਦਾ ਹੈ। ਸਾਚੀ ਨਦਰਿ ਰਜਾਇ-ਸੱਚੇ ਪ੍ਰਭੂ ਦੀ ਨਜ਼ਰ ਦੀ ਰਜ਼ਾ ਵਿਚ।
ਰਾਗੁ ਸੂਹੀ ਕੀ ਵਾਰ ਮਹਲਾ ੩ ਵਿਚ ਗੁਰੂ ਅਮਰਦਾਸ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੀ ਜੀਵ ਇਸਤਰੀ ਵਿਕਾਰਾਂ ਵਲੋਂ ਪਰਤ ਕੇ ਗੁਰੂ ਦੇ ਦਰਸਾਏ ਮਾਰਗ 'ਤੇ ਚਲਦੀ ਹੈ, ਉਹ ਸਜ-ਸੰਵਰ ਕੇ ਪਰਮਾਤਮਾ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ-
ਗੁਰਮੁਖਿ ਹੋਵੈ ਸੁ ਪਲਟਿਆ
ਹਰਿ ਰਾਤੀ ਸਾਜਿ ਸੀਗਾਰਿ॥ (ਅੰਗ 785)
ਪਲਟਿਆ-ਪਰਤ ਕੇ। ਰਾਤੀ-ਰੱਤੀ ਰਹਿੰਦੀ ਹੈ।
ਅਜਿਹੀ ਜੀਵ-ਇਸਤਰੀ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਮਾਣਦੀ ਹੈ-
ਸਹਜਿ ਸਚੁ ਪਿਰੁ ਰਾਵਿਆ
ਹਰਿ ਨਾਮਾ ਉਰ ਧਾਰਿ॥ (ਅੰਗ 785)
ਇਸ ਪ੍ਰਕਾਰ ਜਿਸ ਨੇ ਸਦਾ ਥਿਰ ਮਾਲਕ ਪ੍ਰਭੂ ਨੂੰ ਪਾ ਲਿਆ ਹੈ, ਉਹ ਜੀਵ-ਇਸਤਰੀ ਸਦਾ ਸੁਹਾਗਣ ਹੈ, ਸਦਾ ਸੁਹਾਗ ਵਾਲੀ ਹੈ-
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੁਹਾਗਣਿ ਨਾਰਿ॥ (ਅੰਗ 785)
ਸ਼ਬਦ ਦੇ ਅੱਖਰੀਂ ਅਰਥ : ਸਾਰੀਆਂ ਜੀਵ-ਇਸਤਰੀਆਂ ਪ੍ਰਭੂ ਦੀਆਂ ਹੀ ਹਨ ਅਤੇ ਇਹ ਸਾਰੀਆਂ (ਮਾਲਕ ਨੂੰ ਰੀਝਾਉਣ ਲਈ) ਸ਼ਿੰਗਾਰ ਕਰਦੀਆਂ ਹਨ ਪਰ ਜੋ ਇਥੇ ਆ ਕੇ (ਪ੍ਰਭੂ ਪਿਆਰ ਦਾ) ਵਿਖਾਵਾ ਹੀ ਕਰਦੀਆਂ ਹਨ, ਉਨ੍ਹਾਂ ਦਾ ਗੂੜ੍ਹੇ ਲਾਲ ਰੰਗ ਦਾ ਪਹਿਰਾਵਾ ਮਾਨੋ ਵਿਕਾਰ ਹੀ ਪੈਦਾ ਕਰਦਾ ਹੈ। ਪਾਖੰਡ ਕਰਨ ਨਾਲ ਕਦੇ ਮਾਲਕ ਦੇ ਪ੍ਰੇਮ-ਪਿਆਰ ਨੂੰ ਨਹੀਂ ਪਾ ਸਕੀਦਾ ਅਤੇ )ਮਨ ਵਿਚਲਾ) ਇਹ ਖੋਟ ਖੁਆਰ ਹੀ ਕਰਦਾ ਹੈ। ਹੇ ਪ੍ਰਭੂ ਜੀਓ, ਤੈਨੂੰ ਅਜਿਹੀ ਜੀਵ-ਇਸਤਰੀ ਹੀ ਚੰਗੀ ਲਗਦੀ ਹੈ ਜੋ ਤੈਨੂੰ ਭਾਅ ਜਾਵੇ। ਜੋ ਤੈਨੂੰ ਚੰਗੀਆਂ ਲਗਦੀਆਂ ਹਨ, ਮਾਨੋ ਉਹੀ ਸੁਹਾਗ ਵਾਲੀਆਂ ਭਾਵ ਸੁਹਾਗਣਾਂ ਹਨ, ਜਿਨ੍ਹਾਂ ਨੂੰ ਤੂੰ ਫਿਰ ਆਪਣੀ ਕਿਰਪਾ ਦੁਆਰਾ ਸੰਵਾਰ ਲੈਂਦਾ ਹੈਂ।
ਜੋ ਜੀਵ-ਇਸਤਰੀ ਗੁਰੂ ਦੇ ਸ਼ਬਦ ਨਾਲ ਸ਼ਿੰਗਾਰੀ ਅਥਵਾ ਸੰਵਾਰੀ ਹੁੰਦੀ ਹੈ, ਉਸ ਦਾ ਤਨ ਅਤੇ ਮਨ ਪਰਮਾਤਮਾ ਦੇ ਪਾਸ ਹੁੰਦਾ ਹੈ ਭਾਵ ਤਨੋ, ਮਨੋ ਉਹ ਪਰਮਾਤਮਾ ਵਿਚ ਜੁੜੀ ਹੁੰਦੀ ਹੈ। ਅਜਿਹੀ ਜੀਵ-ਇਸਤਰੀ ਆਪਣੇ ਦੋਵੇਂ ਹੱਥ ਜੋੜ ਕੇ ਖਲੋਤੀ ਮਾਲਕ ਪ੍ਰਭੂ ਵੱਲ ਤੱਕਦੀ ਰਹਿੰਦੀ ਹੈ ਅਤੇ ਪ੍ਰਭੂ ਅੱਗੇ ਅਰਜੋਈ ਕਰਦੀ ਹੈ। ਉਹ ਮਾਲਕ ਪ੍ਰਭੂ ਦੇ ਰੰਗ ਵਿਚ ਰੱਤੀ ਹੋਈ ਸਦਾ ਪ੍ਰਭੂ ਦੇ ਭੈ ਵਿਚ ਰਹਿੰਦੀ ਹੈ ਅਤੇ ਪ੍ਰੇਮ ਵਿਚ ਰੱਤੀ ਹੋਈ ਨੂੰ ਅਨੰਦ ਪ੍ਰਾਪਤ ਹੁੰਦਾ ਹੈ।
ਉਹ ਜੀਵ-ਇਸਤਰੀ ਪਤੀ ਪਰਮਾਤਮਾ ਦੀ ਦਾਸੀ ਆਖੀ ਜਾਂਦੀ ਹੈ, ਜਿਹੜੀ ਉਸ ਦੀ ਸੇਵਕਾ ਬਣ ਕੇ ਨਾਮ ਨੂੰ ਮੰਨਦੀ ਹੈ ਭਾਵ ਨਾਮ ਜਪਦੀ ਹੈ। ਜਦੋਂ ਅਜਿਹੀ ਜੀਵ-ਇਸਤਰੀ ਦਾ ਸਦਾ ਥਿਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਉਸ ਦੀ ਪਰਮਾਤਮਾ ਨਾਲ ਪਈ ਪ੍ਰੀਤ ਫਿਰ ਕਦੇ ਟੁੱਟਦੀ ਨਹੀਂ। ਇਸ ਪ੍ਰਕਾਰ ਗੁਰ ਸ਼ਬਦ ਵਿਚ ਰੱਤੀ ਹੋਈ ਜਿਸ ਜੀਵ-ਇਸਤਰੀ ਨੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਵਿਚ ਵਿਨ ਲਿਆ ਹੈ, ਜਗਤ ਗੁਰੂ ਬਾਬਾ ਅਜਿਹੀਆਂ ਜੀਵ-ਇਸਤਰੀਆਂ ਤੋਂ ਬਲਿਹਾਰ ਜਾਂਦੇ ਹਨ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੇਕਰ ਜੀਵ-ਇਸਤਰੀ ਤਨੋ, ਮਨੋ ਸਤਿਗੁਰੂ ਵਿਚ ਲੀਨ ਹੋ ਜਾਂਦੀ ਹੈ ਤਾਂ ਉਹ ਕਦੇ ਨਿਖਸਮੀ (ਰੰਡੀ) ਹੋ ਕੇ ਨਹੀਂ ਬੈਠਦੀ, ਸਗੋਂ ਸੁਹਾਗ ਭਾਗ ਵਾਲੀ ਬਣੀ ਰਹਿੰਦੀ ਹੈ, ਕਿਉਂਕਿ ਪਰਮਾਤਮਾ ਦੀ ਮਿਹਰ ਉਸ 'ਤੇ ਬਣੀ ਰਹਿੰਦੀ ਹੈ ਜੋ ਰਸਾਂ ਦਾ ਘਰ ਸਦਾ ਕਾਇਮ ਰਹਿਣ ਵਾਲਾ ਹੈ, ਨਾ ਕਦੇ ਮਰਦਾ ਹੈ ਅਤੇ ਨਾ ਹੀ ਜੰਮਦਾ ਹੈ ਅਤੇ ਸੁਹਾਗਣ ਹਰ ਰੋਜ਼ ਅਜਿਹੇ ਪਤੀ ਪਰਮੇਸਰ ਦੇ ਪਿਆਰ ਨੂੰ ਮਾਣਦੀ ਰਹਿੰਦੀ ਹੈ।
(ਬਾਕੀ ਅਗਲੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੱਚਾ ਪ੍ਰੇਮ ਕਦੇ ਵੀ ਕਸ਼ਟਦਾਇਕ ਨਹੀਂ ਹੁੰਦਾ

ਅਸੀਂ ਜਦ ਵੀ ਕਿਸੇ ਭੌਤਿਕ ਪਦਾਰਥ ਨੂੰ ਬਹੁਤ ਚਾਹੁੰਦੇ ਹਾਂ ਤਾਂ ਅਸੀਂ ਉਸ ਦੇ ਗੁਲਾਮ ਹੋ ਜਾਂਦੇ ਹਾਂ ਪਰ ਸੱਚੇ ਪ੍ਰੇਮ ਨਾਲ ਕੀਤਾ ਹੋਇਆ ਕੋਈ ਵੀ ਕਾਰਜ ਅਜਿਹਾ ਨਹੀਂ ਹੁੰਦਾ, ਜਿਸ ਦੇ ਸਿੱਟੇ ਵਿਚ ਸ਼ਾਂਤੀ ਅਤੇ ਅਨੰਦ ਨਾ ਆਵੇ। ਕੁਦਰਤ ਦੀ ਹੋਂਦ, ਕੁਦਰਤ ਦਾ ਗਿਆਨ ਅਤੇ ਕੁਦਰਤ ਨਾਲ ਪ੍ਰੇਮ ਸਭ ਆਪਸ ਵਿਚ ਸਬੰਧਤ ਹਨ ਅਤੇ ਇਹ ਉਸ ਸਚਿਦਾਨੰਦ ਦੇ ਹੀ ਵੱਖ-ਵੱਖ ਰੂਪ ਹਨ। ਅਸਲ ਵਿਚ ਇਹ ਤਿੰਨੋਂ ਇਕੋ ਹੀ ਹਨ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜਦ ਅਸੀਂ ਕੁਦਰਤ ਦੀ ਸੱਤਾ ਨੂੰ ਸ਼ਾਂਤ ਅਤੇ ਸਾਪੇਖ ਰੂਪ ਵਿਚ ਦੇਖਦੇ ਹਾਂ ਤਾਂ ਸਾਨੂੰ ਸਾਰਾ ਵਿਸ਼ਵ ਇਸ ਸਚਿਦਾਨੰਦ ਦਾ ਹੀ ਰੂਪ ਦਿਖਾਈ ਦਿੰਦਾ ਹੈ। ਕੁਦਰਤ ਦਾ ਗਿਆਨ ਵੀ ਸੰਸਾਰਕ ਵਸਤੂ ਗਿਆਨ ਵਿਚ ਬਦਲ ਜਾਂਦਾ ਹੈ। ਉਸ ਸਮੇਂ ਇਹ ਅਨੰਦ ਮਨੁੱਖੀ ਦਿਲ ਵਿਚ ਮੌਜੂਦ ਸਾਰੀ ਕੁਦਰਤ ਪ੍ਰਤੀ ਪ੍ਰੇਮ ਦੀ ਨੀਂਹ ਬਣ ਜਾਂਦਾ ਹੈ। ਸੱਚੇ ਪ੍ਰੇਮ ਨਾਲ ਪ੍ਰੇਮੀ ਜਾਂ ਪ੍ਰੇਮ ਪਾਤਰ ਨੂੰ ਕਸ਼ਟ ਨਹੀਂ ਹੋ ਸਕਦਾ, ਕਿਉਂਕਿ ਅਜਿਹਾ ਪ੍ਰੇਮੀ ਸਾਰੀ ਕੁਦਰਤ ਨੂੰ ਉਸ ਦਾ ਹੀ ਰੂਪ ਮੰਨਦਾ ਹੈ। ਦੂਜੇ ਪਾਸੇ ਜੇ ਕੋਈ ਕਿਸੇ ਵਸਤੂ ਜਾਂ ਜੀਵ ਨੂੰ ਆਪਣੀ ਮਾਲਕੀ ਸਮਝਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਉਸ ਅਨੁਸਾਰ ਹੀ ਰਹੇ ਜਾਂ ਵਿਚਰੇ ਤਾਂ ਸਮਝੋ ਉਹ ਉਸ ਵਸਤੂ ਦਾ ਗੁਲਾਮ ਹੈ। ਜੇ ਕੋਈ ਪੁਰਸ਼ ਕਿਸੇ ਇਸਤਰੀ ਨੂੰ ਬਹੁਤ ਪ੍ਰੇਮ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਰਹੇ ਅਤੇ ਉਸ ਅਨੁਸਾਰ ਹੀ ਰਹੇ ਅਤੇ ਹੋਰ ਕਿਸੇ ਪੁਰਸ਼ ਨਾਲ ਕਿਸੇ ਤਰ੍ਹਾਂ ਦਾ ਵਿਵਹਾਰ ਨਾ ਕਰੇ ਤਾਂ ਉਸ ਔਰਤ ਪ੍ਰਤੀ ਉਸ ਦਾ ਪ੍ਰੇਮ ਨਹੀਂ, ਗੁਲਾਮੀ ਹੈ ਅਤੇ ਉਹ ਇਸਤਰੀ ਨੂੰ ਵੀ ਗੁਲਾਮ ਬਣਾਉਣਾ ਚਾਹੁੰਦਾ ਹੈ। ਅਜਿਹਾ ਵਤੀਰਾ ਪ੍ਰੇਮ ਨਹੀਂ, ਸਗੋਂ ਕਸ਼ਟਦਾਇਕ ਹੈ। ਲਗਾਵ ਰਹਿਤ ਪ੍ਰੇਮ ਕਦੇ ਵੀ ਕਸ਼ਟਦਾਇਕ ਨਹੀਂ ਹੁੰਦਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਧਾਰਮਿਕ ਸਾਹਿਤ

ਜ਼ਫ਼ਰਨਾਮਹ :
ਅਰਥ ਅਤੇ ਵਿਆਖਿਆ

ਲੇਖਕ : ਗਿ: ਗੁਰਬਖਸ਼ ਸਿੰਘ ਗੁਲਸ਼ਨ
ਪ੍ਰਕਾਸ਼ਕ : ਖ਼ਾਲਸਾ ਪ੍ਰਚਾਰਕ ਜਥਾ ਯੂ.ਕੇ. ਤੇ ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 310, ਮੁੱਲ : 450 ਰੁਪਏ
ਸੰਪਰਕ : 99150-48005


ਦਸਮ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਤੇ ਫਿਰ ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ) ਦੀ ਫ਼ਤਹਿ ਉਪਰੰਤ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਲਿਖੇ ਫ਼ਤਹਿ ਦੇ ਪੱਤਰ ਦਾ ਇਤਿਹਾਸਕ ਮਹੱਤਵ ਹੈ। ਸਾਰਾ ਪਰਿਵਾਰ ਵਾਰ ਕੇ ਵੀ ਦਸਮੇਸ਼ ਦਿੱਲੀ ਦੇ ਸ਼ਕਤੀਸ਼ਾਲੀ ਹਾਕਮ ਨੂੰ ਫਿਟਕਾਰਦੇ-ਵੰਗਾਰਦੇ ਹਨ। ਸ਼ਿਅਰਾਂ ਦੇ ਇਸ ਪੱਤਰ ਵਿਚ ਨਾ ਸ਼ਹਿਨਸ਼ਾਹ ਨੂੰ ਮੱਧਕਾਲੀ ਅਦਬ ਆਦਾਬ ਦੇ ਸੰਬੋਧਨ ਨਾਲ ਗੱਲ ਕਰਦੇ ਹਨ, ਨਾ ਆਪਣੇ ਲਈ ਕੁਝ ਮੰਗਦੇ ਹਨ। ਉਹ ਉਸ ਨੂੰ ਨਿਆਂਸ਼ੀਲ ਹਾਕਮ ਵਾਂਗ ਜਨ ਸਾਧਾਰਨ ਨਾਲ ਪੇਸ਼ ਹੋਣ ਅਤੇ ਦੀਨ ਇਸਲਾਮ ਦਾ ਅਨੁਯਾਈ ਹੋਣ ਦਾ ਦੰਭ ਕਰਨ ਦੀ ਥਾਂ ਸੱਚਾ ਮੁਸਲਮਾਨ ਬਣਨ ਲਈ ਪ੍ਰੇਰਿਤ ਕਰਦੇ ਹਨ। ਉਸ ਕੋਲ ਮਿਲਣ ਜਾਣ ਦੀ ਥਾਂ ਆਪਣੇ ਕੋਲ ਬਰਾੜਾਂ ਦੇ ਸੁਰੱਖਿਅਤ ਇਲਾਕੇ ਵਿਚ ਆਉਣ ਨੂੰ ਸੁਨੇਹਾ ਦਿੰਦੇ ਹਨ। ਉਸ ਨੂੰ ਤਖ਼ਤ ਦੀ ਸ਼ੋਭਾ ਦੀ ਥਾਂ ਤਖ਼ਤ ਉੱਤੇ ਬਦਨੁਮਾ ਦਾਸ ਕਹਿੰਦੇ ਹਨ। ਉਸ ਦੇ ਘੋੜਿਆਂ ਦੇ ਸੁਮਾਂ ਹੇਠ ਅੱਗ ਮਚਾ ਦੇਣ ਦੇ ਅਜ਼ਮ ਦਾ ਪ੍ਰਗਟਾਵਾ ਕਰਦੇ ਹਨ। ਗਿ: ਗੁਰਬਖਸ਼ ਸਿੰਘ ਗੁਲਸ਼ਨ ਚੰਗੇ ਕਥਾਕਾਰ ਹਨ। ਆਪਣੀ ਹਿੰਮਤ ਨਾਲ ਹੀ ਸਵੈ-ਅਧਿਐਨ ਤੇ ਵਿਸ਼ਾਲ ਅਨੁਭਵ ਨਾਲ ਉਨ੍ਹਾਂ ਬਹੁਭਾਂਤੀ ਮੁਹਾਰਤ ਹਾਸਲ ਕੀਤੀ ਹੈ। ਇਸੇ ਆਧਾਰ ਉੱਤੇ ਉਨ੍ਹਾਂ ਨੇ ਜ਼ਫ਼ਰਨਾਮੇ ਦੀ ਪ੍ਰਭਾਵਸ਼ਾਲੀ ਵਿਆਖਿਆ ਇਸ ਪੁਸਤਕ ਵਿਚ ਪੇਸ਼ ਕੀਤੀ ਹੈ।
ਗੁਰਮੁਖੀ, ਰੋਮਨ, ਪਰਸ਼ੀਅਨ ਲਿਪੀ ਵਿਚ ਜ਼ਫ਼ਰਨਾਮੇ ਦੇ ਹਰ ਸ਼ਿਅਰ ਦੇ ਮੂਲ ਪਾਠ ਉਪਰੰਤ ਉਸ ਦੇ ਔਖੇ ਸ਼ਬਦਾਂ ਦੇ ਅਰਥ ਅਤੇ ਸ਼ਿਅਰ ਦਾ ਅਰਥ ਅੰਗਰੇਜ਼ੀ ਤੇ ਪੰਜਾਬੀ ਪਾਠਕਾਂ ਲਈ ਗੁਰਮੁਖੀ ਵਿਚ ਇਸ ਪੁਸਤਕ ਵਿਚ ਅੰਕਤ ਹੈ। ਹਰ ਸ਼ਿਅਰ ਦੀ ਵਿਸਤ੍ਰਿਤ ਵਿਆਖਿਆ ਕਥਾਕਾਰਾਂ, ਜਗਿਆਸੂਆਂ ਲਈ ਕੰਮ ਦੀ ਸ਼ੈਅ ਹੈ। ਪੁਸਤਕ ਦੇ ਅੰਤ ਵਿਚ ਔਰੰਗਾਬਾਦ, ਤਖ਼ਤ ਪਟਨਾ ਸਾਹਿਬ, ਸ਼੍ਰੋਮਣੀ ਕਮੇਟੀ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ, ਬੁੱਢਾ ਦਲ ਛਾਉਣੀ ਪਟਿਆਲਾ, ਭਾਈ ਰਣਧੀਰ ਸਿੰਘ ਤੇ ਰਤਨ ਸਿੰਘ ਜੱਗੀ ਵਲੋਂ ਸੰਪਾਦਿਤ ਜ਼ਫ਼ਰਨਾਮਾ ਦੇ ਛੇ ਪਾਠ ਭੇਦਾਂ ਨੂੰ ਇਕ ਚਾਰਟ ਵਿਚ ਸ਼ਿਅਰ ਅਨੁਸਾਰ ਅੰਕਿਤ ਕੀਤਾ ਗਿਆ ਹੈ। ਉਰਦੂ ਪਰਸ਼ੀਅਨ ਦੇ ਸਾਰੇ ਔਖੇ ਸ਼ਬਦਾਂ ਦੇ ਅਰਥ ਇਕ ਡਿਕਸ਼ਨਰੀ ਵਾਂਗ ਪੁਸਤਕ ਦੇ ਅੰਤ ਵਿਚ ਦਿੱਤੇ ਗਏ ਹਨ। ਗੁਲਸ਼ਨ ਜੀ ਨੇ ਨਿਸਚੇ ਹੀ ਕਾਰਜ ਬਹੁਤ ਮਿਹਨਤ ਤੇ ਬਾਰੀਕੀ ਨਾਲ ਕੀਤਾ ਹੈ। ਪ੍ਰਕਾਸ਼ਨ ਵਾਲੇ ਸੱਜਣਾਂ ਨੇ ਵੀ ਪੂਰੀ ਰੀਝ ਨਾਲ ਇਸ ਨੂੰ ਪ੍ਰਭਾਸ਼ਿਤ ਕੀਤਾ ਹੈ। ਦਿੱਖ, ਵਿਸ਼ੇ, ਕੱਥ, ਵੱਥ ਹਰ ਪੱਖੋਂ ਪੁਸਤਕ ਸਾਂਭਣਯੋਗ ਹੈ।


-ਡਾ: ਕੁਲਦੀਪ ਸਿੰਘ ਧੀਰ


ਜਾਪੁ ਸਾਹਿਬ
ਟੀਕਾਕਾਰ : ਜਗਰੂਪ ਸਿੰਘ ਗਿੱਲ

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 301, ਕੀਮਤ : 400 ਰੁਪਏ
ਸੰਪਰਕ : 89684-53335


ਜਾਪੁ ਸਾਹਿਬ ਸ੍ਰੀ ਦਸਮੇਸ਼ ਪਾਤਸ਼ਾਹ ਜੀ ਦੀ ਸ਼ਾਹਕਾਰ ਰਚਨਾ ਹੈ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਮੁਢਲੀ ਬਾਣੀ ਹੈ। ਸ੍ਰੀ ਜਾਪੁ ਸਾਹਿਬ ਨਿੱਤਨੇਮ ਦੀਆਂ ਬਾਣੀਆਂ ਵਿਚ ਸ਼ਾਮਿਲ ਹੈ। ਅੰਮ੍ਰਿਤ ਸੰਚਾਰ ਸਮੇਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ। ਇਸ ਮਹਾਨ ਬਾਣੀ ਦੀ ਰਚਨਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਪਾਉਂਟਾ ਸਾਹਿਬ ਵਿਖੇ ਜਮੁਨਾ ਦੇ ਕਿਨਾਰੇ ਵਿਸਮਾਦਮਈ ਇਕਾਂਤ ਵਿਚ ਕੀਤੀ ਸੀ। ਇਸ ਬਾਣੀ ਦੇ 199 ਬੰਦ ਅਤੇ 22 ਛੰਦ ਹਨ। ਇਸ ਦਾ ਮੁੱਖ ਵਿਸ਼ਾ ਪ੍ਰਮੇਸ਼ਰ ਜੀ ਦੀ ਸਿਫ਼ਤ ਸਲਾਹ ਹੈ। ਅਕਾਲ ਪੁਰਖ ਨੂੰ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਸ੍ਰੀ ਜਾਪੁ ਸਾਹਿਬ ਦੀ ਬਾਣੀ ਸੰਸਕ੍ਰਿਤ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦਾ ਅਨੋਖਾ ਸੁਮੇਲ ਹੈ। ਇਸ ਵਿਚ ਪਰਮਾਤਮਾ ਦੇ ਗੁਣਾਂ ਦਾ ਲਗਪਗ ਹਜ਼ਾਰ ਉਪਨਾਵਾਂ ਨਾਲ ਅਭਿਨੰਦਨ ਕੀਤਾ ਗਿਆ ਹੈ। ਇਸ ਬਾਣੀ ਦਾ ਪਾਠ ਆਤਮਾ ਨੂੰ ਸਰੂਰ, ਪ੍ਰੇਮ, ਜਮਾਲ ਤੇ ਜਲਾਲ ਨਾਲ ਭਰ ਦਿੰਦਾ ਹੈ।
ਸੂਝਵਾਨ ਟੀਕਾਕਾਰ ਨੇ ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ਦਾ ਪੰਜਾਬੀ ਅਤੇ ਅੰਗਰੇਜ਼ੀ ਵਿਚ ਤਰਜ਼ਮਾ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਮਹਾਰਾਜ ਜੀ ਦੀ ਬਾਣੀ ਤਾਂ ਅਗਾਧ ਬੋਧ ਹੈ, ਫਿਰ ਵੀ ਇਸ ਦਾ ਟੀਕਾ ਕਰਨ ਦਾ ਉਪਰਾਲਾ ਇਕ ਵੱਡੀ ਬਖਸ਼ਿਸ਼ ਹੈ। ਇਸ ਪੁਸਤਕ ਵਿਚ ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ਦੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਢੁਕਵੇਂ ਅਰਥ ਕੀਤੇ ਗਏ ਹਨ। ਇਉਂ ਇਹ ਮਹਿੰਗੀ (ਕਠਿਨ) ਬਾਣੀ ਸੁਖੈਨਤਾ ਨਾਲ ਸਾਰਿਆਂ ਦੀ ਸਮਝ ਵਿਚ ਆ ਜਾਂਦੀ ਹੈ। ਇਹ ਪੁਸਤਕ ਪਾਠਕਾਂ, ਸ਼ਰਧਾਲੂਆਂ, ਵਿਦਿਆਰਥੀਆਂ, ਖੋਜਾਰਥੀਆਂ ਅਤੇ ਦੁਨੀਆ ਭਰ ਦੇ ਲੋਕਾਂ ਲਈ ਲਾਹੇਵੰਦ ਹੈ। ਇਸ ਵਿਲੱਖਣ ਬਾਣੀ ਵਿਚ ਕੇਵਲ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਪਰਮਾਤਮਾ ਦੀ ਸਰਬ ਸ਼ਕਤੀ ਅਤੇ ਆਪਣੀ ਨਿਗੂਣੀ ਹਸਤੀ ਦਾ ਅਹਿਸਾਸ ਦਿਲ ਵਿਚ ਰੱਬੀ ਪ੍ਰੇਮ, ਸ਼ਰਧਾ ਅਤੇ ਸਤਿਕਾਰ ਭਰ ਦਿੰਦਾ ਹੈ। ਅੰਗਰੇਜ਼ੀ ਭਾਸ਼ਾ ਜਾਣਨ ਵਾਲਿਆਂ ਲਈ ਇਹ ਟੀਕਾ ਬਹੁਤ ਮਹੱਤਵਪੂਰਨ ਹੈ। ਇਸ ਦਾ ਤਹਿ ਦਿਲੋਂ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਨਵਾਬ ਕਪੂਰ ਸਿੰਘ ਦਾ ਜੱਸਾ ਸਿੰਘ ਦੀ ਸ਼ਖ਼ਸੀਅਤ ਉਸਾਰੀ 'ਚ ਸੀ ਵੱਡਾ ਯੋਗਦਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਤਾ ਸੁੰਦਰੀ ਜੀ ਕੋਲ ਦਿੱਲੀ ਸੱਤ ਸਾਲ ਰਹਿਣ ਉਪਰੰਤ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਉਸ ਦੇ ਮਾਮਾ ਸ: ਬਾਘ ਸਿੰਘ ਪੰਜਾਬ ਆਪਣੇ ਕੋਲ ਲੈ ਆਏ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਨੇ ਸਰਦਾਰ ਬਾਘ ਸਿੰਘ ਅਤੇ ਉਸ ਦੀ ਭੈਣ ਨੂੰ ਸਿੱਖੀ ਸਿਦਕ ਦਾ ਉਪਦੇਸ਼ ਦਿੱਤਾ ਅਤੇ ਜੱਸਾ ਸਿੰਘ ਨੂੰ ਵਿਦਾਇਗੀ ਵਜੋਂ ਇਕ ਕਿਰਪਾਨ, ਇਕ ਗੁਰਜ, ਢਾਲ, ਕਮਾਨ, ਤੀਰਾਂ ਦਾ ਭੱਥਾ, ਪੁਸ਼ਾਕਾਂ ਅਤੇ ਇਕ ਚਾਂਦੀ ਦੀ ਚੋਬ (ਅਸਾ-ਆਸਾ) ਬਖਸ਼ ਕੇ ਅਸੀਸ ਦਿੱਤੀ ਕਿ 'ਤੇਰੇ ਔਰ ਤੇਰੀ ਸੰਤਾਨ ਅੱਗੇ ਆਸਿਆਂ ਵਾਲੇ (ਚੋਭਦਾਰ) ਚੱਲਿਆ ਕਰਨਗੇ।' ਵਾਹਿਗੁਰੂ ਦੀ ਕਿਰਪਾ ਨਾਲ ਮਾਤਾ ਜੀ ਦੇ ਇਹ ਵਾਕ ਇੰਨ-ਬਿੰਨ ਪੂਰੇ ਹੋਏ।
ਪੰਜਾਬ ਪਹੁੰਚ ਕੇ ਜੱਸਾ ਸਿੰਘ ਨੇ ਸ਼ਸਤਰ ਵਿੱਦਿਆ, ਘੋੜਸਵਾਰੀ ਤੇ ਤੀਰਅੰਦਾਜ਼ੀ ਦੇ ਜੌਹਰ ਸਿੱਖੇ। ਕੱਦ-ਕਾਠ ਚੰਗਾ ਨਿਕਲ ਆਇਆ ਸੀ। ਆਵਾਜ਼ ਵੀ ਭਰਵੀਂ ਸੀ। ਕਦੇ ਸੰਜੋਅ ਜਾਂ ਜ਼ਰਹਬਕਤਰ ਤੱਕ ਸਾਰੀ ਉਮਰ ਨਹੀਂ ਪਹਿਨਿਆ। ਪਿੱਛੋਂ ਰਣਨੀਤੀ ਸਮਝਾਉਂਦੇ ਸਿੰਘਾਂ ਨੂੰ ਕਿਹਾ ਕਰਦੇ ਸੀ ਕਿ ਸੰਜੋਅ ਪਹਿਨਣ ਨਾਲ ਲੜਨ ਵਿਚ ਮੁਸ਼ਕਿਲ ਆਉਂਦੀ ਹੈ। ਵਾਰ ਕਰਨ ਵਿਚ ਔਖ ਮਹਿਸੂਸ ਹੁੰਦੀ ਹੈ। 'ਸੰਜੋਅ ਤਾਂ ਬਚ ਕੇ ਲੜਨ ਵਾਲਿਆਂ ਲਈ ਹੁੰਦਾ ਹੈ। ਸਿੰਘ ਲਲਕਾਰ ਕੇ ਲੜਦਾ ਹੈ।' ਜੱਸਾ ਸਿੰਘ ਦੇ ਸਰੀਰ 'ਤੇ ਕਿੰਨੇ ਹੀ ਜ਼ਖ਼ਮ ਸਨ ਪਰ ਰਤਾ ਭਰ ਪ੍ਰਵਾਹ ਨਹੀਂ ਸਨ ਕਰਦੇ।
ਦਿੱਲੀ ਤੋਂ ਜੱਸਾ ਸਿੰਘ ਅਤੇ ਉਸ ਦੀ ਮਾਤਾ ਸ: ਬਾਘ ਸਿੰਘ ਨਾਲ ਜਲੰਧਰ ਆ ਗਏ ਸਨ। ਉਸ ਸਮੇਂ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਸ: ਬਾਘ ਸਿੰਘ ਨੇ ਆਪਣਾ ਟਿਕਾਣਾ ਪਿੰਡ ਹਲੋਂ ਤੋਂ ਜਲੰਧਰ ਬਦਲ ਲਿਆ ਸੀ, ਕਿਉਂਕਿ ਪਿੰਡ ਹਲੋਂ ਲਾਹੌਰ ਦੇ ਨੇੜੇ ਹੋਣ ਕਰਕੇ ਉਥੇ ਮੁਗ਼ਲ ਫ਼ੌਜਾਂ ਦਾ ਦਮਨ ਚੱਕਰ ਚੱਲਿਆ ਹੀ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿਚ ਸ: ਕਪੂਰ ਸਿੰਘ ਨੇ ਆਪਣੇ ਜਥੇ ਸਮੇਤ ਕਰਤਾਰਪੁਰ ਦੀ ਜੂਹ ਵਿਚ ਡੇਰੇ ਲਾਏ ਹੋਏ ਸਨ। ਸ: ਬਾਘ ਸਿੰਘ ਜਥੇਦਾਰ ਕਪੂਰ ਸਿੰਘ ਨੂੰ ਮਿਲਦੇ ਹੀ ਰਹਿੰਦੇ ਸਨ। ਇਕ ਗੁਰਪੁਰਬ ਦੇ ਮੌਕੇ 'ਤੇ ਜਦ ਸ: ਬਾਘ ਸਿੰਘ, ਜਥੇਦਾਰ ਕਪੂਰ ਸਿੰਘ ਨੂੰ ਮਿਲਣ ਗਏ ਤਾਂ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਵੀ ਨਾਲ ਲੈ ਗਏ। ਸਵੇਰੇ ਅੰਮ੍ਰਿਤ ਵੇਲੇ ਖ਼ਾਲਸੇ ਦੇ ਦੀਵਾਨ ਵਿਚ ਉਨ੍ਹਾਂ ਨੇ ਆਸਾ ਦੀ ਵਾਰ ਲਾਈ। ਮਾਤਾ ਜੀ ਦੇ ਗੁਰਬਾਣੀ ਪ੍ਰੇਮ, ਵਿਦਵਤਾ, ਸੁਰੀਲੀ ਆਵਾਜ਼ ਅਤੇ ਜੱਸਾ ਸਿੰਘ ਦੇ ਸ਼ਬਦ ਕੀਰਤਨ ਤੋਂ ਜਥੇਦਾਰ ਕਪੂਰ ਸਿੰਘ ਅਤੇ ਬਾਕੀ ਪੰਥਕ ਮੁਖੀਏ ਏਨੇ ਪ੍ਰਸੰਨ ਹੋਏ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਇਕ ਮਹੀਨੇ ਲਈ ਉਥੇ ਹੀ ਠਹਿਰਾ ਲਿਆ। ਜਥੇਦਾਰ ਕਪੂਰ ਸਿੰਘ, ਜੱਸਾ ਸਿੰਘ ਦੇ ਜੀਵਨ ਢੰਗ ਤੋਂ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਜੱਸਾ ਸਿੰਘ ਦੀ ਮਾਤਾ ਅਤੇ ਸ: ਬਾਘ ਸਿੰਘ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਹੀ ਰਹਿਣ ਦਿਓ।
ਜਥੇਦਾਰ ਕਪੂਰ ਸਿੰਘ ਸਿੱਖ ਪੰਥ ਦੀ ਸਨਮਾਨਿਤ ਸ਼ਖ਼ਸੀਅਤ ਸਨ। ਸਿੱਖ ਪੰਥ ਨੇ ਜ਼ਕਰੀਆ ਖਾਨ ਵਲੋਂ ਭੇਜੀ ਨਵਾਬੀ ਖਿਲਤ, ਜਥੇਦਾਰ ਕਪੂਰ ਸਿੰਘ ਨੂੰ ਦਿੱਤੀ ਸੀ ਅਤੇ ਉਸੇ ਦਿਨ ਤੋਂ ਸ: ਕਪੂਰ ਸਿੰਘ, ਨਵਾਬ ਕਪੂਰ ਸਿੰਘ ਬਣ ਗਏ ਸਨ। ਸਰਦਾਰ ਬਾਘ ਸਿੰਘ ਅਤੇ ਉਨ੍ਹਾਂ ਦੀ ਭੈਣ ਨਵਾਬ ਕਪੂਰ ਸਿੰਘ ਦੇ ਬਚਨ ਕਿਵੇਂ ਮੋੜ ਸਕਦੇ ਸਨ? ਉਨ੍ਹਾਂ ਨੇ ਬੜੀ ਨਿਮਰਤਾ ਅਤੇ ਸਤਿਕਾਰ ਨਾਲ ਦੀਵਾਨ ਵਿਚ ਹੱਥ ਜੋੜ ਕੇ ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ ਕਿ ਅਸੀਂ ਇਹ ਬੱਚਾ ਆਪ ਜੀ ਦੀ ਝੋਲੀ ਪਾਉਂਦੇ ਹਾਂ, ਇਹ ਹੁਣ ਤੁਹਾਡਾ ਪੁਤ੍ਰੈਲਾ ਹੋਇਆ। ਬਸ, ਝੱਟ ਖ਼ਾਲਸੇ ਨੇ ਪ੍ਰਵਾਨ ਕੀਤਾ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਦਿੱਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਅਰਦਾਸ ਕਰ ਦਿੱਤੀ। ਇਸ ਦਿਨ ਤੋਂ ਜੱਸਾ ਸਿੰਘ ਨਵਾਬ ਕਪੂਰ ਸਿੰਘ ਦਾ ਧਰਮ-ਪੁੱਤਰ ਪ੍ਰਸਿੱਧ ਹੋਇਆ।
ਸ: ਕਪੂਰ ਸਿੰਘ ਨੇ ਆਪ ਪੰਜ ਪਿਆਰਿਆਂ ਵਿਚ ਸ਼ਾਮਿਲ ਹੋ ਕੇ ਜੱਸਾ ਸਿੰਘ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ। ਸ: ਜੱਸਾ ਸਿੰਘ ਅੰਮ੍ਰਿਤ ਛਕਣ ਉਪਰੰਤ ਹੋਰ ਵੀ ਚੜ੍ਹਦੀ ਕਲਾ ਵਿਚ ਹੋ ਗਿਆ। ਸ: ਜੱਸਾ ਸਿੰਘ ਨੂੰ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਦੀ ਸਿੱਖਿਆ ਦਿੱਤੀ ਗਈ। ਸ: ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਖ਼ਾਲਸੇ ਦੇ ਘੋੜਿਆਂ ਨੂੰ ਵੰਡ ਕੇ ਪਾਉਣ ਦੀ ਸੇਵਾ ਵੀ ਸੌਂਪ ਦਿੱਤੀ ਅਤੇ ਜੱਸਾ ਸਿੰਘ ਦੀ ਸੇਵਾ ਤੋਂ ਖੁਸ਼ ਹੋ ਕੇ ਨਵਾਬ ਕਪੂਰ ਸਿੰਘ ਨੇ ਉਸ ਨੂੰ ਆਪਣੇ ਅੱਗੇ ਕਾਰੋਬਾਰੀ ਥਾਪ ਦਿੱਤਾ। ਸ: ਜੱਸਾ ਸਿੰਘ ਬੜਾ ਸੁੰਦਰ, ਸਜੀਲਾ, ਲੰਬੇ ਕੱਦ ਵਾਲਾ ਨੌਜਵਾਨ ਸੀ। ਸਮੇਂ ਦੇ ਹਾਲਾਤ ਨੇ ਉਸ ਨੂੰ ਮਜ਼ਬੂਤ ਬਣਾ ਦਿੱਤਾ ਸੀ। ਜੱਸਾ ਸਿੰਘ ਦੇ ਕਾਫੀ ਸਮਾਂ ਦਿੱਲੀ ਰਹਿਣ ਕਰਕੇ ਉਸ ਦਾ ਦਸਤਾਰ ਬੰਨ੍ਹਣ ਦਾ ਢੰਗ ਮੁਗ਼ਲਾਂ ਦੀਆਂ ਦਸਤਾਰਾਂ ਵਰਗਾ ਸੀ ਅਤੇ ਬੋਲਣ ਸਮੇਂ ਹਿੰਦੁਸਤਾਨੀ ਬਹੁਤ ਵਰਤਦਾ ਸੀ। ਇਸ ਲਈ ਸਿੱਖ ਉਸ ਨੂੰ ਮਖੌਲ ਕਰਨ ਲੱਗ ਪਏ ਅਤੇ 'ਹਮਕੋ ਤੁਮਕੋ' ਕਹਿ ਕੇ ਬੁਲਾਉਂਦੇ ਸਨ। ਜੱਸਾ ਸਿੰਘ ਅੰਦਰ ਨੌਜਵਾਨ ਖੂਨ ਸੀ, ਕਈ ਵਾਰੀ ਖਿਝ ਜਾਂਦਾ। ਜੱਸਾ ਸਿੰਘ ਕਈ ਵਾਰ ਸਿੰਘਾਂ ਦੇ ਮਖੌਲਾਂ ਤੋਂ ਤੰਗ ਆ ਕੇ ਹੰਝੂਆਂ ਭਰੀਆਂ ਅੱਖਾਂ ਨਾਲ ਨਵਾਬ ਕਪੂਰ ਸਿੰਘ ਕੋਲ ਜਾ ਕੇ ਕਹਿਣ ਲੱਗਾ, 'ਮੈਥੋਂ ਦਾਣਾ ਵਰਤੇਗਾ ਨਹੀਂ।' ਨਵਾਬ ਕਪੂਰ ਸਿੰਘ ਨੇ ਧੀਰਜ ਦਿੱਤਾ ਤੇ ਬਚਨ ਕੀਤਾ, 'ਘਬਰਾਉਣਾ ਨਹੀਂ, ਤੂੰ ਤਾਂ ਹਜ਼ਾਰਾਂ ਵੱਗਾਂ ਨੂੰ ਦਾਣਾ ਦੇਣਾ ਹੈ। ਇਹ ਪੰਥ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ। ਸੇਵਾ ਤੋਂ ਹੀ ਮੇਵਾ ਮਿਲਦਾ ਹੈ। ਮੈਨੂੰ ਇਸ ਗਰੀਬ ਨਿਵਾਜ ਪੰਥ ਨੇ 'ਨਵਾਬ' ਬਣਾ ਦਿੱਤਾ ਹੈ, ਤੈਨੂੰ ਕੀ ਪਤਾ ਬਾਦਸ਼ਾਹੀ ਬਖਸ਼ ਦੇਵੇ।' ਖ਼ਾਲਸਾ ਉਸ ਸਮੇਂ ਨਵਾਬ ਕਪੂਰ ਸਿੰਘ ਨੂੰ ਗੁਰੂ ਰੂਪ ਸਮਝਦਾ ਸੀ, ਸਿੱਖ ਪੰਥ ਵਿਚ ਸ: ਕਪੂਰ ਸਿੰਘ ਦਾ ਬਹੁਤ ਸਤਿਕਾਰ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX