ਤਾਜਾ ਖ਼ਬਰਾਂ


ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  14 minutes ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  18 minutes ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  55 minutes ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  about 1 hour ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  about 1 hour ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 3 hours ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 3 hours ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਨੀ ਹੀਰੀਏ

'ਮੌਤ ਅੱਗੇ ਖੜ੍ਹੀ...' ਵਾਲੀ ਕਹਾਵਤ ਹੈ ਕਿ ਜੇ ਸ੍ਰੀਲੰਕਨ ਲੋਕਾਂ ਦੀ ਡਰਾਈਵਿੰਗ ਮਾੜੀ ਹੈ ਤਾਂ ਸੁਖ ਨਾਲ ਮੁੰਬਈ ਦੇ ਆਟੋਚਾਲਕ ਕਿਹੜੇ ਘੱਟ ਹਨ। ਉਹ ਤਾਂ ਮੌਤ ਦੇ ਮੂੰਹ ਜਾਣ ਵਾਲੀ ਡਰਾਈਵਿੰਗ ਕਰਦੇ ਹਨ। ਇਹ ਕੋਈ ਮੁੰਬਈ-ਸ੍ਰੀਲੰਕਾ ਡਰਾਈਵਿੰਗ 'ਤੇ ਲੇਖ ਨਹੀਂ ਲਿਖ ਰਹੇ, ਇਹ ਤਾਂ ਵਿਚਾਰ ਦਰਸਾ ਰਹੇ ਹਾਂ ਜੈਕਲਿਨ ਫਰਨਾਂਡਿਜ਼ ਦੇ। ਜਿਸ ਨੂੰ ਆਟੋਚਾਲਕ ਨੇ ਸੱਟਾਂ ਲੁਆ ਦਿੱਤੀਆਂ। ਸਲਮਾਨ ਖ਼ਾਨ ਦੇ ਘਰੋਂ ਪਰਤ ਰਹੀ ਜੈਕੀ ਦੀ ਕਾਰ ਜਿਵੇਂ ਹੀ ਬਾਂਦਰਾ ਦੇ ਮੋੜ 'ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਆ ਰਹੇ ਆਟੋ ਨੇ ਕਾਰ ਵਿਚ ਟੱਕਰ ਮਾਰ ਦਿੱਤੀ। ਸ਼ੁਕਰ ਕਿ ਮਾੜੀਆਂ-ਮੋਟੀਆਂ ਝਰੀਟਾਂ ਹੀ ਜੈਕੀ ਨੂੰ ਆਈਆਂ। ਇਸ ਹਾਦਸੇ ਨੇ 'ਰੇਸ-3' ਦੀ ਪਾਰਟੀ ਦਾ ਸੁਆਦ ਹੀ ਵਿਗਾੜ ਦਿੱਤਾ। 'ਰੇਸ-3' ਦਾ ਟਰੇਲਰ ਆ ਗਿਆ ਹੈ। ਟਰੇਲਰ ਨੇ ਪ੍ਰਸੰਸਕਾਂ ਨੂੰ ਨਿਰਾਸ਼ ਕੀਤਾ ਹੈ। ਇਹ ਵੀ ਆਸ ਹੈ ਕਿ ਫ਼ਿਲਮ '300 ਕਰੋੜ ਦੇ ਕਲੱਬ' 'ਚ ਸੌਖ ਨਾਲ ਸ਼ਾਮਿਲ ਹੋ ਜਾਏਗੀ। 'ਹੀਰੀਏ', 'ਰੇਸ-3' ਦਾ ਇਹ ਗਾਣਾ ਹਰਮਨ-ਪਿਆਰਾ ਹੋ ਰਿਹਾ ਹੈ। ਜੈਕੀ-ਸੱਲੂ ਦਾ ਨਾਚ, ਜੈਕੀ ਦਾ ਪੋਲ ਡਾਂਸ, ਹੀਰੀਏ ਦਾ ਆਕਰਸ਼ਣ ਹੈ। ਜੈਕੀ ਕਹਿ ਰਹੀ ਹੈ ਕਿ ਇੰਡਸਟਰੀ 'ਚ ਅੱਜ ਉਹ ਸਲਮਾਨ ਦੀ ਬਦੌਲਤ ਲੋਕਪ੍ਰਿਯਤਾ ਦੀ ਚੋਟੀ 'ਤੇ ਹੈ। ਇਹ ਗੱਲ ਮੰਨਣੀ ਪਵੇਗੀ ਕਿ ਜੈਕੀ ਮਿਹਨਤੀ ਬਹੁਤ ਹੈ। ਕਥਕ, ਘੋੜਸਵਾਰੀ ਸਭ ਉਸ ਨੂੰ ਆਉਂਦੀ ਹੈ। 'ਰੇਸ-3' ਦੀ ਮਸਤੀ ਛਾਈ ਪਈ ਹੈ। ਜੈਕੀ ਦੇ ਦਿਲ-ਦਿਮਾਗ 'ਚ ਹੈ ਕਿ ਕਰੋੜ ਤੋਂ ਵੱਧ ਲੋਕ 'ਰੇਸ-3' ਦੇ ਗਾਣੇ 'ਹੀਰੀਏ' ਨੂੰ ਦੇਖ ਚੁੱਕੇ ਹਨ। ਰੇਮੂ ਡਿਸੂਜ਼ਾ ਦੀ 'ਰੇਸ-3' 15 ਜੂਨ ਨੂੰ ਆਏਗੀ ਤੇ ਤਦ ਤੱਕ ਜੈਕੀ ਇਸ ਫ਼ਿਲਮ ਦਾ ਪ੍ਰਚਾਰ ਕਰੇਗੀ। ਨਾਲ ਹੀ ਭਾਰਤ ਦੀ ਟ੍ਰੈਫਿਕ ਨਾਲ ਉਸ ਦਾ ਵਾਹ ਪਵੇਗਾ। ਪ੍ਰਸੰਸਕ 'ਹੀਰੀਏ-ਹੀਰੀਏ' ਕਹਿਣਗੇ ਤੇ ਜੈਕਲਿਨ ਫਰਨਾਂਡਿਜ਼ ਕਦੇ ਸੜਕਾਂ ਦੀ ਹਾਲਤ, ਕਦੇ ਭੀੜ, ਕਦੇ ਆਟੋ ਡਰਾਈਵਰਾਂ ਦੀ ਡਰਾਈਵਰੀ ਤੇ ਕਦੇ ਆਪਣੀ ਡਰਾਇਵਰੀ ਦੇ ਕਿੱਸੇ ਸੁਣਾ-ਸੁਣਾ ਕੇ 'ਰੇਸ-3' ਨੂੰ ਤੇਜ਼ ਰਫ਼ਤਾਰ ਪ੍ਰਚਾਰ ਵੀ ਦੇਵੇਗੀ। ਫ਼ਰਜ਼ ਵੀ ਇਹੀ ਹੈ ਉਸ ਦਾ।


-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਐਸ਼ਵਰਿਆ ਰਾਏ ਬੱਚਨ

ਗ਼ਲਤੀਆਂ ਦਾ ਪੁਤਲਾ!

ਬੱਚਨ ਪਰਿਵਾਰ ਦੀ ਨੂੰਹ ਰਾਣੀ ਤੇ ਅਰਾਧਿਆ ਦੀ ਮੰਮੀ ਐਸ਼ਵਰਿਆ ਰਾਏ ਬੱਚਨ ਕੰਮ ਦੇ ਮਾਮਲੇ ਵਿਚ ਉਹ ਸਕੂਲ ਦੀ ਲੜਕੀ ਦੀ ਤਰ੍ਹਾਂ ਰਹੀ ਹੈ। ਉਸ ਅੰਦਰ ਬਚਪਨਾ ਵੀ ਹੈ ਤੇ ਉਤਸ਼ਾਹ ਵੀ ਹੈ। ਯੋਜਨਾ ਤੇ ਕੰਮਾਂ ਪ੍ਰਤੀ ਉਸ ਦੀ ਇਮਾਨਦਾਰੀ ਦਾ ਨਤੀਜਾ ਹੈ ਕਿ ਉਸ ਨੇ ਚੰਗੀਆਂ ਫ਼ਿਲਮਾਂ ਕੀਤੀਆਂ ਹਨ। ਰਹੀ ਗੱਲ 'ਕਾਂਸ ਫ਼ਿਲਮੀ ਮੇਲੇ' ਦੀ ਤਾਂ 15 ਸਾਲ ਤੋਂ ਉਹ ਇਸ ਨਾਲ ਜੁੜੀ ਹੋਈ ਹੈ। 2003 'ਚ ਉਸ ਦੇ ਫੈਸ਼ਨ ਨੂੰ ਲੈ ਕੇ ਉਸ ਦੀ ਆਲੋਚਨਾ ਹੋਈ ਸੀ। ਫਿਰ ਅਗਲੀ ਵਾਰ ਐਸ਼ ਨੇ ਗ਼ਲਤੀ ਕੀਤੀ ਤੇ ਉਸ ਦਾ ਫੈਸ਼ਨ ਗਹਿਣਿਆਂ ਦੀ ਪ੍ਰਦਰਸ਼ਨੀ ਬਣ ਕੇ ਰਹਿ ਗਿਆ ਸੀ। ਫਿਰ ਅਗਲੀ ਵਾਰ ਉਸ ਦੇ ਅਰਧ-ਨਗਨ ਪਹਿਰਾਵੇ 'ਤੇ ਟਿੱਪਣੀਆਂ ਹੋਈਆਂ ਸਨ। ਲਗਾਤਾਰ ਪੰਜ ਗ਼ਲਤੀਆਂ ਕਰਨ ਵਾਲੀ ਐਸ਼ ਸਮਝ ਗਈ ਕਿ ਲੋਕ ਉਸ ਦੇ ਫੈਸ਼ਨ ਤੇ ਪਹਿਰਾਵੇ ਤੋਂ ਅੱਕ ਗਏ ਹਨ। ਐਸ਼ ਦਾ ਦੇਸੀ ਅਵਤਾਰ (ਰੂਪ) ਫਿਰ 2008 ਵਿਚ ਘਟੀਆ ਪਹਿਰਾਵਾ, 2009 'ਚ ਫਿਰ ਕੱਪੜੇ ਮਾੜੇ ਪਾ ਕੇ ਉਹ ਗ਼ਲਤੀਆਂ ਦਾ ਪੁਤਲਾ ਬਣ ਗਈ। ਐਸ਼ਵਰਿਆ ਨੂੰ ਪਤਾ ਹੈ ਕਿ ਉਹ ਗ਼ਲਤੀਆਂ ਦਾ ਪੁਤਲਾ ਬਣ ਗਈ ਹੈ। ਇਸ 'ਕਾਂਸ ਫ਼ਿਲਮੀ ਮੇਲੇ' ਨੇ ਉਸ ਦੇ ਅਕਸ ਨੂੰ ਢਾਹਾਂ ਹੀ ਲਾਈਆਂ। ਇਸ ਸਮੇਂ 'ਫੰਨੇ ਖਾਂ' ਫ਼ਿਲਮ ਕਰ ਰਹੀ ਐਸ਼ਵਰਿਆ ਰਾਏ ਬੱਚਨ 'ਰਾਤ ਔਰ ਦਿਨ' ਤੇ 'ਵੋਹ ਕੌਨ ਥੀ' ਦਾ ਰੀਮੇਕ ਵੀ ਕਰ ਰਹੀ ਹੈ। ਆਪਣੀਆਂ ਗ਼ਲਤੀਆਂ ਮੰਨਣੀਆਂ ਤੇ ਘਰ 'ਚ ਸਤਿਕਾਰ ਇਸ ਸਭ ਨੇ ਐਸ਼ਵਰਿਆ ਰਾਏ ਬੱਚਨ ਦੇ ਅਕਸ ਨੂੰ ਹੋਰ ਸੁਧਾਰਿਆ ਹੈ।

ਸਵਰਾ ਭਾਸਕਰ : ਬੇਬਾਕ ਨਾਇਕਾ

ਦੁਨੀਆ ਇਧਰ ਦੀ ਉਧਰ ਹੋ ਜਾਏ ਪਰ ਸਵਰਾ ਭਾਸਕਰ ਕਦੇ ਵੀ ਵਿਵੇਕ ਅਗਨੀਹੋਤਰੀ ਜੋ ਨਿਰਦੇਸ਼ਕ ਹਨ, ਨਾਲ ਸੁਲਾਹ-ਸਫਾਈ ਨਹੀਂ ਕਰੇਗੀ। ਸਵਰਾ ਸੁਨੱਖੀ ਹੈ। ਪ੍ਰਤਿਭਾ ਭਰੀ ਅਭਿਨੇਤਰੀ ਹੈ। ਸੋਹਣੀ ਵੀ ਹੈ। ਔਰਤ ਦਿਵਸ 'ਤੇ ਸਵਰਾ ਖਾਸ ਸੰਦੇਸ਼ ਦਿੰਦੀ ਹੈ। ਆਪਣੇ ਪਿਤਾ ਤੋਂ ਉਤਸ਼ਾਹਿਤ ਸਵਰਾ ਭਾਸਕਰ 'ਕਾਸਟਿੰਗ ਕਾਊਚ' 'ਤੇ ਕਈ ਲੋਕਾਂ ਦੇ ਪੁੱਠੇ ਕਾਰੇ ਦੱਸ ਚੁੱਕੀ ਹੈ। 'ਵੀਰੇ ਦੀ ਵੈਡਿੰਗ' 'ਚ ਸਵਰਾ ਦਾ ਕੰਮ ਵਧੀਆ ਹੈ। ਸਵਰਾ ਭਾਸਕਰ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਗੱਲ ਕਰਦੀ ਹੈ। ਸਵਰਾ ਔਰਤਾਂ ਦੇ ਹੱਕ 'ਚ ਤਾਂ ਬੋਲਦੀ ਹੈ ਪਰ ਜ਼ਮੀਨੀ ਹਕੀਕਤ ਨੂੰ ਸ਼ਾਇਦ ਉਹ ਨਹੀਂ ਜਾਣਦੀ। 'ਰਾਂਝਨਾ' ਤੋਂ ਬਾਅਦ ਸਵਰਾ ਨੇ ਆਪਣੀ ਥਾਂ ਇਸ ਇੰਡਸਟਰੀ 'ਚ ਟਿਕਾਊ ਬਣਾਈ ਹੈ। ਇਹ ਤਾਂ ਸਹੀ ਹੈ ਕਿ ਸਵਰਾ ਨਿਡਰ ਕੁੜੀ ਹੈ ਤੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਉਹ ਆਪਣੀ ਗੱਲ ਕਹਿਣ ਤੋਂ ਟਲਦੀ ਨਹੀਂ ਹੈ। 'ਮਾਧੋ ਲਾਲ ਕੀਪ ਵਾਕਿੰਗ' ਨਾਲ ਅਭਿਨੈ ਸਫ਼ਰ ਸ਼ੁਰੂ ਕਰਨ ਵਾਲੀ ਸਵਰਾ 'ਪ੍ਰੇਮ ਰਤਨ ਧਨ ਪਾਇਓ', 'ਅਨਾਰਕਲੀ ਆਫ਼ ਆਰਾਹ' ਤੋਂ ਬਾਅਦ 'ਵੀਰੇ ਦੀ ਵੈਡਿੰਗ' ਨਾਲ ਹੁਣ ਨਜ਼ਰ ਆਏਗੀ। ਹਿਮਾਸ਼ੂ ਜੋਸ਼ੀ ਨਾਲ ਸਬੰਧਾਂ ਨੂੰ ਲੈ ਕੇ ਜ਼ਰੂਰ ਇਸ ਸਮੇਂ ਸਵਰਾ ਸ਼ਸੋਪੰਜ 'ਚ ਹੈ ਪਰ ਕਰੇਗੀ ਉਹੀ ਜੋ ਉਸ ਦਾ ਦਿਲ ਕਹੇਗਾ।

ਜਾਨ ਅਬਰਾਹਮ ਨੇ ਪੋਖਰਨ ਧਮਾਕੇ 'ਤੇ ਬਣਾਈ ਫ਼ਿਲਮ 'ਪਰਮਾਣੂ...'

11 ਮਈ, 1998 ਭਾਵ ਵੀਹ ਸਾਲ ਪਹਿਲਾਂ ਜਦੋਂ ਭਾਰਤ ਨੇ ਰਾਜਸਥਾਨ ਦੇ ਰੇਤਲੇ ਇਲਾਕੇ ਵਿਚ ਸਥਿਤ ਪੋਖਰਨ ਵਿਚ ਪਰਮਾਣੂ ਧਮਾਕਾ ਕੀਤਾ ਸੀ, ਉਦੋਂ ਸੰਸਾਰ ਦੇ ਮਹਾਂ ਸ਼ਕਤੀਆਂ ਮੰਨੇ ਜਾਂਦੇ ਦੇਸ਼ਾਂ ਵਿਚ ਤਹਿਲਕਾ ਮਚ ਗਿਆ ਸੀ। ਭਾਰਤ ਨੂੰ ਮਾਣ ਦੇਣ ਵਾਲੀ ਇਸ ਘਟਨਾ 'ਤੇ ਹੁਣ ਜਾਨ ਅਬਰਾਹਮ ਨੇ 'ਪਰਮਾਣੂ-ਦ ਸਟੋਰੀ ਆਫ਼ ਪੋਖਰਨ' ਦਾ ਨਿਰਮਾਣ ਕੀਤਾ ਹੈ। ਜਾਨ ਨੇ ਆਪਣੀ ਇਸ ਫ਼ਿਲਮ ਦਾ ਟ੍ਰੇਲਰ 11 ਮਈ ਨੂੰ ਮੀਡੀਆ ਨੂੰ ਦਿਖਾਇਆ ਅਤੇ ਟ੍ਰੇਲਰ ਦੇਖਣ ਦਾ ਸਮਾਂ ਵੀ ਉਹੀ ਰੱਖਿਆ ਗਿਆ ਜਿਸ ਸਮੇਂ ਵੀਹ ਸਾਲ ਪਹਿਲਾਂ ਧਮਾਕਾ ਕੀਤਾ ਗਿਆ ਸੀ। ਭਾਵ ਦੁਪਹਿਰ ਤਿੰਨ ਵੱਜ ਕੇ ਪੈਂਤਾਲੀ ਮਿੰਟ 'ਤੇ। ਮਾਹੌਲ ਨੂੰ ਦੇਸ਼-ਭਗਤੀ ਦੇ ਮੂਡ ਵਿਚ ਬਦਲਣ ਲਈ 'ਜਨ ਗਣ ਮਨ...' ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਫਿਰ ਟ੍ਰੇਲਰ ਦਿਖਾਇਆ ਗਿਆ।
ਜਾਨ ਵਲੋਂ ਇਸ ਵਿਚ ਕੈਪਟਨ ਅਸ਼ਵਨ ਰੈਣਾ ਦੀ ਭੂਮਿਕਾ ਨਿਭਾਈ ਗਈ ਹੈ। ਇਨ੍ਹਾਂ ਨਾਲ ਡਾਇਨਾ ਪੈਂਟੀ, ਬੋਮਨ ਇਰਾਨੀ, ਅਜੈ ਸ਼ੰਕਰ ਤੇ ਕੁਝ ਵਿਦੇਸ਼ੀ ਕਲਾਕਾਰਾਂ ਨੇ ਇਸ ਵਿਚ ਕੰਮ ਕੀਤਾ ਹੈ। ਇਨ੍ਹਾਂ ਵਿਦੇਸ਼ੀ ਕਲਾਕਾਰਾਂ ਨੂੰ ਮੁੱਖ ਰੂਪ ਵਿਚ ਇਥੇ ਅਮਰੀਕੀ ਜਸੂਸੀ ਸੰਸਥਾ ਸੀ. ਆਈ. ਏ. ਦੇ ਅਧਿਕਾਰੀਆਂ ਦੇ ਤੌਰ 'ਤੇ ਦਿਖਾਇਆ ਗਿਆ ਹੈ। ਵੀਹ ਸਾਲ ਅਮਰੀਕਾ ਨੇ ਆਪਣੇ ਸੈਟੇਲਾਈਟ ਜ਼ਰੀਏ ਭਾਰਤ 'ਤੇ ਨਜ਼ਰ ਬਣਾਈ ਰੱਖੀ ਸੀ। ਦੇਸ਼ ਵਿਚ ਕੀ ਕੁਝ ਹੋ ਰਿਹਾ ਹੈ, ਇਸ ਦੀ ਖ਼ਬਰ ਉਨ੍ਹਾਂ ਨੂੰ ਮਿਲਦੀ ਰਹਿੰਦੀ ਸੀ। ਇਸ ਤਰ੍ਹਾਂ ਇਹ ਪਰਮਾਣੂ ਧਮਾਕਾ ਅਮਰੀਕਾ ਦੀਆਂ ਤਕਨੀਕੀ ਨਜ਼ਰਾਂ ਤੋਂ ਬਚ ਕੇ ਕੀਤਾ ਜਾਣਾ ਸੀ। ਜਦੋਂ ਧਮਾਕੇ ਦੀ ਖ਼ਬਰ ਫੈਲੀ ਤਾਂ ਸੀ. ਆਈ. ਏ. ਨੇ ਮੰਨਿਆ ਕਿ ਨਿਗਰਾਨੀ ਰੱਖਣ ਵਿਚ ਉਨ੍ਹਾਂ ਤੋਂ ਵੱਡੀ ਕੁਤਾਹੀ ਹੋਈ ਹੈ। ਇਸ ਤਰ੍ਹਾਂ ਦੀਆਂ ਕਈ ਰੌਚਕ ਘਟਨਾਵਾਂ ਵਾਲੀ ਇਸ ਫ਼ਿਲਮ ਦੇ ਨਿਰਮਾਣ ਲਈ ਇਸਰੋ ਬੀ.ਏ.ਆਰ.ਸੀ., ਫ਼ੌਜ ਤੇ ਡੀ. ਆਰ. ਡੀ. ਓ ਵਿਭਾਗ ਦੀ ਮਦਦ ਲਈ ਗਈ ਸੀ ਅਤੇ ਫ਼ਿਲਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਤੇ ਸਾਬਕਾ ਰਾਸ਼ਟਰਪਤੀ ਡਾ: ਅਬਦੁਲ ਕਲਾਮ ਵੀ ਨਜ਼ਰ ਆਉਣਗੇ।


-ਇੰਦਰਮੋਹਨ ਪੰਨੂੰ

ਸ਼ਮਾ ਸਿਕੰਦਰ 'ਅਬ ਦਿਲ ਕੀ ਸੁਨ'

'ਪ੍ਰੇਮ ਅਗਨ', 'ਮਨ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੀ ਸ਼ਮਾ ਸਿਕੰਦਰ ਨੂੰ ਲੋਕਪ੍ਰਿਅਤਾ ਉਦੋਂ ਮਿਲੀ ਸੀ ਜਦੋਂ ਉਸ ਨੇ ਲੜੀਵਾਰ 'ਯੇ ਮੇਰੀ ਲਾਈਫ਼ ਹੈ' ਵਿਚ ਪੂਜਾ ਦਾ ਕਿਰਦਾਰ ਨਿਭਾਇਆ ਸੀ। ਉਦੋਂ ਉਹ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਈ ਸੀ। ਹੁਣ ਆਪਣੀ ਜ਼ਿੰਦਗੀ ਵਿਚ ਕੁਝ ਨਵਾਂ ਕਰਨ ਦੇ ਇਰਾਦੇ ਨਾਲ ਸ਼ਮਾ ਨੇ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਪਣੀ ਪੈਠ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੀ ਸ਼ੁਰੂਆਤ ਲਘੂ ਫ਼ਿਲਮ ਤੋਂ ਕੀਤੀ ਹੈ।
ਸ਼ਮਾ ਵਲੋਂ ਬਣਾਈ ਗਈ ਪਹਿਲੀ ਲਘੂ ਫ਼ਿਲਮ ਦਾ ਨਾਂਅ ਹੈ 'ਅਬ ਦਿਲ ਕੀ ਸੁਨ' ਅਤੇ ਇਸ ਦੇ ਨਿਰਦੇਸ਼ਕ ਹਨ, ਸੇਮ ਖਾਨ। ਇਸ ਵਿਚ ਇਕ ਕੁੜੀ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਸ ਦੀ ਜ਼ਿੰਦਗੀ ਵਿਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ। ਉਸ ਦੀ ਜ਼ਿੰਦਗੀ ਦੇ ਰੰਗਾਂ ਨੂੰ ਸ਼ਮਾ ਵਲੋਂ ਸੱਤ ਲਘੂ ਫ਼ਿਲਮਾਂ ਵਿਚ ਪੇਸ਼ ਕੀਤਾ ਗਿਆ ਹੈ। ਸ਼ਮਾ ਅਨੁਸਾਰ ਉਸ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਇਥੇ ਕਹਾਣੀ ਦਾ ਰੂਪ ਦਿੱਤਾ ਗਿਆ ਹੈ।
ਫ਼ਿਲਮ ਨਿਰਮਾਤਰੀ ਬਣਨ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਮਕਰਾਨਾ (ਰਾਜਸਥਾਨ) ਤੋਂ ਇਥੇ ਆਈ ਸੀ, ਉਦੋਂ ਪਤਾ ਨਹੀਂ ਸੀ ਕਿ ਬਾਲੀਵੁੱਡ ਵਿਚ ਕਿਵੇਂ ਖ਼ੁਦ ਨੂੰ ਸਥਾਪਿਤ ਕਰਨਾ ਹੈ। ਬਹੁਤ ਸੰਘਰਸ਼ ਕਰਨਾ ਪਿਆ ਸੀ। ਦਰ-ਬ-ਦਰ ਭਟਕਣਾ ਪਿਆ ਸੀ। ਮੈਂ ਉਦੋਂ ਹੀ ਸੋਚ ਲਿਆ ਸੀ ਕਿ ਜੇਕਰ ਉੱਪਰ ਵਾਲੇ ਦੀ ਮਿਹਰਬਾਨੀ ਰਹੀ ਤਾਂ ਇਕ ਦਿਨ ਫ਼ਿਲਮ ਨਿਰਮਾਤਰੀ ਜ਼ਰੂਰ ਬਣਾਂਗੀ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਵਾਂਗੀ। ਮੇਰੀ ਆਦਤ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਨਿਰਣੇ ਦਿਲ ਦੀ ਸੁਣ ਕੇ ਲੈਂਦੀ ਹਾਂ ਅਤੇ ਇਸੇ ਵਜ੍ਹਾ ਕਰਕੇ ਇਸ ਦਾ ਨਾਂਅ 'ਅਬ ਦਿਲ ਕੀ ਸੁਨ' ਰੱਖਿਆ ਗਿਆ ਹੈ।
ਸ਼ਮਾ ਅਨੁਸਾਰ ਫ਼ਿਲਮ ਨਿਰਮਾਣ ਬਾਰੇ ਹੋਮਵਰਕ ਕਰਨ ਦੇ ਇਰਾਦੇ ਨਾਲ ਲਘੂ ਫ਼ਿਲਮਾਂ ਰਾਹੀਂ ਸ਼ੁਰੂਆਤ ਕੀਤੀ ਗਈ ਹੈ ਅਤੇ ਅੱਗੇ ਚੱਲ ਕੇ ਉਹ ਫੀਚਰ ਫ਼ਿਲਮਾਂ ਦਾ ਨਿਰਮਾਣ ਵੀ ਕਰੇਗੀ, ਨਾਲ ਹੀ ਇਨ੍ਹੀਂ ਦਿਨੀਂ ਉਹ ਇਕ ਵੱਡੀ ਫ਼ਿਲਮ ਵਿਚ ਕੰਮ ਵੀ ਕਰ ਰਹੀ ਹੈ ਪਰ ਵਪਾਰਕ ਕਾਰਨਾਂ ਕਰਕੇ ਫਿਲਹਾਲ ਉਹ ਇਸ ਬਾਰੇ ਗੱਲ ਕਰਨਾ ਨਹੀਂ ਚਾਹੁੰਦੀ।
ਹੁਣ ਸ਼ਮਾ ਦੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਹੈ ਕਿ ਜਲਦੀ ਹੀ ਉਸ ਦੇ ਨਾਂਅ ਦੀ ਗੂੰਜ ਦੁਬਾਰਾ ਸੁਣਾਈ ਦੇਣ ਲੱਗੇਗੀ।


-ਇੰਦਮੋਹਨ ਪੰਨੂੰ

ਦੋਸਤੀ ਦੇ ਅਰਥ ਬਦਲ ਗਏ : ਕੁਨਾਲ ਰਾਏ ਕਪੂਰ

ਕਲਟ ਫ਼ਿਲਮ ਦਾ ਸਟੇਟਸ ਲੈਣ ਵਿਚ ਕਾਮਯਾਬ ਰਹੀ 'ਦਿੱਲੀ ਬੇਲੀ' ਵਿਚ ਤਿੰਨ ਦੋਸਤਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਵਿਚੋਂ ਇਕ ਦੋਸਤ ਦੀ ਭੂਮਿਕਾ ਕੁਨਾਲ ਰਾਏ ਕਪੂਰ ਵਲੋਂ ਨਿਭਾਈ ਗਈ ਸੀ। ਹੁਣ 'ਥ੍ਰੀ ਦੇਵ' ਵਿਚ ਵੀ ਤਿੰਨ ਦੋਸਤਾਂ ਦੀ ਕਹਾਣੀ ਹੈ ਅਤੇ ਇਥੇ ਵੀ ਕੁਨਾਲ ਦੋਸਤ ਦੀ ਭੂਮਿਕਾ ਵਿਚ ਹੈ।
ਇਸ ਫ਼ਿਲਮ ਬਾਰੇ ਉਹ ਕਹਿੰਦੇ ਹਨ, 'ਇਸ ਦੇ ਤਿੰਨ ਮੁੱਖ ਕਿਰਦਾਰ ਬ੍ਰਹਮਾ, ਵਿਸ਼ਣੂ, ਮਹੇਸ਼ ਤੋਂ ਪ੍ਰੇਰਿਤ ਹਨ। ਮੈਂ ਮਹੇਸ਼ ਵਾਲੇ ਕਿਰਦਾਰਾਂ ਵਿਚੋਂ ਹਾਂ। ਮਹੇਸ਼ ਦੀ ਤਰ੍ਹਾਂ ਮੈਨੂੰ ਵੀ ਇਹ ਤਿੰਨੇ ਦੋਸਤ ਅੱਜ ਦੇ ਜ਼ਮਾਨੇ ਦੇ ਦੋਸਤ ਹਨ ਅਤੇ ਇਥੇ ਰਵੀ (ਦੁਬੇ) ਤੇ ਕਰਨ (ਗਰੋਵਰ) ਦੇ ਨਾਲ ਕੰਮ ਕਰਨ ਵਿਚ ਕਾਫ਼ੀ ਮਜ਼ਾ ਆਇਆ।
'ਦਿੱਲੀ ਬੇਲੀ' ਤੋਂ ਬਾਅਦ ਕੁਨਾਲ ਨੂੰ ਕੁਝ ਹੋਰ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਪੇਸ਼ਕਸ਼ ਹੋਈ ਸੀ ਜਿਸ ਵਿਚ ਦੋਸਤ ਦੀ ਭੂਮਿਕਾ ਸੀ ਪਰ ਉਹ ਖ਼ੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਸਨ। ਸੋ, ਉਹ ਫ਼ਿਲਮਾਂ ਨਕਾਰ ਦਿੱਤੀਆਂ ਅਤੇ ਸੱਤ ਸਾਲ ਦੇ ਵਕਫ਼ੇ ਬਾਅਦ ਹੁਣ ਉਹ ਦੋਸਤ ਦੀ ਭੂਮਿਕਾ ਵਿਚ ਦਿਖਾਈ ਦੇਣਗੇ।
ਹਿੰਦੀ ਫ਼ਿਲਮਾਂ ਵਿਚ ਦੋਸਤੀ ਦੇ ਬਦਲਦੇ ਪੱਧਰ ਬਾਰੇ ਉਹ ਕਹਿੰਦੇ ਹਨ, 'ਇਕ ਜ਼ਮਾਨਾ ਸੀ ਜਦੋਂ ਦੋਸਤੀ 'ਤੇ ਕਈ ਯਾਦਗਾਰ ਫ਼ਿਲਮਾਂ ਬਣੀਆਂ। ਅਮਿਤਾਭ ਬੱਚਨ ਦੀ ਸਫ਼ਲਤਾ ਪਿੱਛੇ ਉਨ੍ਹਾਂ ਦੇ ਦੋਸਤੀ ਵਾਲੇ ਕਿਰਦਾਰਾਂ ਦਾ ਵੱਡਾ ਹੱਥ ਰਿਹਾ ਹੈ। 'ਯਰਾਨਾ', 'ਦੋਸਤਾਨਾ', 'ਮੁਕੱਦਰ ਕਾ ਸਿਕੰਦਰ', 'ਹੇਰਾਫੇਰੀ', 'ਸ਼ੋਅਲੇ' ਸਮੇਤ ਹੋਰ ਕਈ ਫ਼ਿਲਮਾਂ ਵਿਚ ਦੋਸਤ ਬਣ ਕੇ ਵਾਹ-ਵਾਹ ਹਾਸਲ ਕਰਨ ਵਿਚ ਕਾਮਯਾਬ ਰਹੇ। ਉਦੋਂ ਦੀਆਂ ਫ਼ਿਲਮਾਂ ਵਿਚ ਦੋਸਤ ਦਾ ਦਰਜ਼ਾ ਹੀ ਵੱਖਰਾ ਹੁੰਦਾ ਸੀ। ਦੋਸਤੀ 'ਤੇ ਕਈ ਯਾਦਗਾਰ ਗੀਤ ਵੀ ਬਣੇ ਹਨ ਪਰ ਅੱਜ ਦੀਆਂ ਫ਼ਿਲਮਾਂ ਵਿਚ ਦੋਸਤੀ ਦੇ ਮਾਇਨੇ ਬਦਲ ਗਏ ਹਨ। ਹੁਣ ਤਾਂ 'ਹਰ ਏਕ ਦੋਸਤ ਕਮੀਨਾ ਹੋਤਾ ਹੈ...' ਵਰਗੇ ਗੀਤ ਲਿਖੇ ਜਾਣ ਲੱਗੇ ਹਨ। ਦੂਜੇ ਪਾਸੇ 'ਦਿਲ ਚਾਹਤਾ ਹੈ' ਤੇ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਦੀ ਸਫਲਤਾ ਨੇ ਦਿਖਾ ਦਿੱਤਾ ਕਿ ਅੱਜ ਵੀ ਸਾਡੇ ਦਰਸ਼ਕ ਦੋਸਤੀ 'ਤੇ ਬਣੀਆਂ ਚੰਗੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ। ਮੈਂ ਆਪਣੀ ਗੱਲ ਕਹਾਂ ਤਾਂ ਮੈਨੂੰ 'ਜਾਨੇ ਭੀ ਦੋ ਯਾਰੋ' ਵਿਚ ਵਿਨੋਦ ਅਤੇ ਸੁਧੀਰ ਦੀ ਦੋਸਤੀ ਬਹੁਤ ਅਪੀਲ ਕਰ ਗਈ ਸੀ। ਇਹ ਦੋਸਤੀ 'ਤੇ ਬਣੀ ਪਸੰਦੀਦਾ ਫ਼ਿਲਮ ਹੈ।'
ਆਪਣੇ ਨਿੱਜੀ ਦੋਸਤਾਂ ਬਾਰੇ ਉਹ ਕਹਿੰਦੇ ਹਨ, 'ਮੇਰੇ ਕਿਸੇ ਵੀ ਦੋਸਤ ਨੇ ਮੇਰੀ ਫ਼ਿਲਮ ਦੇਖ ਕੇ ਤਾਰੀਫ ਨਹੀਂ ਕੀਤੀ। ਉਹ ਮੇਰੇ ਕੰਮ ਦੀ ਖਿਚਾਈ ਕਰਦੇ ਰਹਿੰਦੇ ਹਨ। ਪਰ ਮੈਂ ਬੁਰਾ ਨਹੀਂ ਮੰਨਦਾ। 'ਅਜ਼ਹਰ' ਵਿਚ ਮੇਰਾ ਕੰਮ ਦੇਖ ਕੇ ਦੋਸਤਾਂ ਨੇ ਗਾਲ੍ਹਾਂ ਕੱਢੀਆਂ ਸਨ ਅਤੇ ਜਦੋਂ 'ਫਾਈਨਲ ਐਗਜ਼ਿਟ' ਪ੍ਰਦਰਸ਼ਿਤ ਹੋਈ ਤਾਂ ਕੋਈ ਵੀ ਦੋਸਤ ਇਹ ਕਹਿ ਕੇ ਫ਼ਿਲਮ ਦੇਖਣ ਨਹੀਂ ਗਿਆ ਕਿ ਪੈਸੇ ਅਤੇ ਟਾਈਮ ਦੀ ਬਰਬਾਦੀ ਕੌਣ ਕਰੇਗਾ। ਮੈਂ ਉਦੋਂ ਭਾਂਪ ਗਿਆ ਕਿ ਫ਼ਿਲਮ ਦਾ ਕੀ ਹਸ਼ਰ ਹੋਣ ਵਾਲਾ ਹੈ। ਅੱਜ ਦੇ ਜ਼ਮਾਨੇ ਵਿਚ 'ਫੁਕਰੇ' ਤੇ 'ਪਿਆਰ ਕਾ ਪੰਚਨਾਮਾ' ਵਿਚ ਅੱਜ ਦੀ ਦੋਸਤੀ ਨੂੰ ਸਹੀ ਰੂਪ ਨਾਲ ਪੇਸ਼ ਕੀਤਾ ਗਿਆ ਹੈ। ਭਾਵ ਹੁਣ ਬਾਲੀਵੁੱਡ ਤੋਂ ਉਹ ਦੋਸਤ ਗ਼ਾਇਬ ਹੋ ਗਏ ਹਨ ਜੋ ਆਪਣੇ ਦੋਸਤ ਲਈ ਆਪਣੇ ਪਿਆਰ ਦੀ ਕੁਰਬਾਨੀ ਦੇ ਦਿੰਦੇ ਸਨ। ਹੁਣ ਜਦੋਂ ਜ਼ਮਾਨਾ ਬਦਲ ਗਿਆ ਹੈ ਤਾਂ ਫ਼ਿਲਮਾਂ ਵਿਚ ਦੋਸਤ ਵੀ ਤਾਂ ਬਦਲੇਗਾ। ਇਹੀ ਤਾਂ ਬਦਲਦੇ ਬਾਲੀਵੁੱਡ ਦੀ ਨਿਸ਼ਾਨੀ ਹੈ।


-ਪੰਨੂੰ

ਕਰੀਨਾ ਕਪੂਰ

ਆਂਟੀ ਪੁਲਿਸ ਬੁਲਾ ਲੇਗੀ

'ਤਾਰੀਫ਼ਾਂ' ਹੋ ਰਹੀਆਂ ਹਨ 'ਬੇਬੋ' ਦੀਆਂ ਜਿਸ ਨੇ ਸੋਨਮ ਕਪੂਰ ਦੇ ਵਿਆਹ 'ਤੇ ਨੱਚ-ਨੱਚ ਕੇ ਧਮਾਲਾਂ ਪਾ ਦਿੱਤੀਆਂ ਸਨ ਤੇ 'ਆਂਟੀ ਪੁਲਿਸ ਬੁਲਾ ਲੇਗੀ' ਗਾਣੇ 'ਤੇ ਮਸਤ ਹੋ ਕੇ ਨੱਚਣਾ ਜਾਰੀ ਰੱਖਿਆ। ਇਥੋਂ ਤੱਕ ਕਿ ਰੌਲੇ-ਰੱਪੇ ਵਿਚ ਵੀ ਕਰੀਨਾ ਨਾਲੇ ਨੱਚੀ ਜਾਵੇ ਨਾਲੇ ਗਾਈ ਜਾਵੇ 'ਆਂਟੀ ਪੁਲਿਸ ਬੁਲਾ ਲੇਗੀ'। ਚਾਰ ਦੋਸਤਾਂ ਦੀ ਦੋਸਤੀ 'ਤੇ ਕਰੀਨਾ ਦੀ ਨਵੀਂ ਫ਼ਿਲਮ 'ਵੀਰੇ ਦੀ ਵੈਡਿੰਗ' ਦਾ ਗਾਣਾ 'ਵੀਰੇ' ਆ ਚੁੱਕਾ ਹੈ। ਵਿਸ਼ਾਲ ਮਿਸ਼ਰਾ, ਅਦਿਤੀ ਸਿੰਘ ਸ਼ਰਮਾ, ਯੂਲੀਆ ਵੈਂਤੂਰ, ਸਵਾਨੀ, ਨਿਕਿਤਾ ਆਹੂਜਾ, ਪਾਟਿਲ ਦੇਵ ਤੇ ਸ਼ਾਰਵੀ ਯਾਦਵ ਨੇ 'ਵੀਰੇ' ਦਾ ਗਾਣਾ ਗਾਇਆ ਹੈ। ਕਿਹਾ ਜਾ ਰਿਹਾ ਹੈ ਕਿ ਗਾਣੇ 'ਤਾਰੀਫ਼ਾਂ' ਤੇ 'ਵੀਰੇ' ਦੀ ਤਰ੍ਹਾਂ ਇਸ ਫ਼ਿਲਮ ਦਾ ਨਵਾਂ ਗੀਤ 'ਭੰਗੜਾ ਤਾਂ ਸੱਜਦਾ' ਵੀ ਕਰੀਨਾ 'ਤੇ ਖੂਬ ਜਚਿਆ ਹੈ। 24 ਘੰਟਿਆਂ 'ਚ ਇਕ ਕਰੋੜ 22 ਲੱਖ ਵਾਰ 'ਵੀਰੇ' ਦੀ ਵੈਡਿੰਗ ਦੇ ਟਰੇਲਰ ਨੂੰ ਦੇਖੇ ਜਾਣਾ ਕਰੀਨਾ ਨੂੰ ਖੁਸ਼ੀ ਦੇ ਰਿਹਾ ਹੈ। ਕਰੀਨਾ ਚਾਹੁੰਦੀ ਹੈ ਕਿ ਆਲੀਆ ਦੀ ਉਹ ਨਣਾਨ ਬਣੇ। 'ਆਂਟੀ ਪੁਲਿਸ ਬੁਲਾ ਲੇਗੀ' ਗਾਣੇ 'ਤੇ ਨੱਚਣਾ ਇਹ ਵੀ ਪ੍ਰਭਾਵ ਦੇ ਰਿਹਾ ਸੀ ਕਿ ਕਰੀਨਾ ਨੂੰ ਰਣਬੀਰ ਕਪੂਰ ਦੇ ਵਿਆਹ ਲਈ ਕਿੰਨਾ ਚਾਅ ਹੈ। ਚਾਅ ਹੈ ਫ਼ਿਕਰ ਹੈ। ਇਧਰ ਸੋਹਾ ਅਲੀ ਖ਼ੁਸ਼ ਹੈ। ਬੇਟਾ ਤੈਮੂਰ ਵੱਡਾ ਹੋ ਰਿਹਾ ਹੈ। ਸੈਫ਼ ਅਲੀ ਖ਼ਾਨ ਵੀ ਪੂਰਾ ਸਾਥ ਦੇ ਰਿਹਾ ਹੈ। 'ਵੀਰੇ ਦੀ ਵੈਡਿੰਗ' ਦੀਆਂ 'ਤਾਰੀਫ਼ਾਂ' ਸਾਰੇ ਕਰ ਰਹੇ ਹਨ। ਖ਼ੁਸ਼ੀ ਦੇ ਇਸ ਮਾਹੌਲ 'ਚ ਕਰੀਨਾ ਦਾ ਖੂਬ ਨੱਚਣਾ ਸੰਕੇਤ ਹੈ ਕਿ ਬੇਬੋ ਦੀ ਫਿਰ ਫ਼ਿਲਮੀ ਵਾਪਸੀ ਵਧੀਆ ਹੋ ਰਹੀ ਹੈ ਤੇ ਹਰ ਪਾਸਿਉਂ ਦਿਨ ਉਸ ਲਈ ਚੰਗੇ ਹਨ।

ਦ੍ਰਿਸ਼ਟੀ ਧਾਮੀ ਦਾ ਰਿਸ਼ਤਾ

ਛੋਟੇ ਪਰਦੇ ਦਾ ਬੇਹੱਦ ਜਾਣਿਆ-ਪਛਾਣਿਆ ਚਿਹਰਾ ਹੈ ਦ੍ਰਿਸ਼ਟੀ ਧਾਮੀ। ਟੀ.ਵੀ. 'ਤੇ ਇਸ ਦਾ ਕੋਈ ਨਾ ਕੋਈ ਸ਼ੋਅ ਚਲਦਾ ਹੀ ਰਹਿੰਦਾ ਹੈ। ਹੁਣ ਕਲਰਜ਼ ਚੈਨਲ 'ਤੇ ਉਸ ਦਾ ਇਕ ਨਵਾਂ ਸ਼ੋਅ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ' ਸ਼ੁਰੂ ਹੋ ਰਿਹਾ ਹੈ ਤੇ ਇਸ ਵਿਚ ਉਸ ਦੀ ਮੁੱਖ ਭੂਮਿਕਾ ਹੈ। ਇਸ ਬਾਰੇ ਦ੍ਰਿਸ਼ਟੀ ਧਾਮੀ ਕਹਿੰਦੀ ਹੈ ਕਿ ਮੈਂ ਫਜ਼ੂਲ ਦੀਆਂ ਗੱਲਾਂ ਤੋਂ ਹਮੇਸ਼ਾ ਬਚ ਕੇ ਰਹਿੰਦੀ ਹਾਂ। ਲੜੀਵਾਰ ਸਾਈਨ ਕਰਨ ਵੇਲੇ ਸਿਰਫ਼ ਰੋਲ ਅਤੇ ਬੈਨਰ ਵਲ ਹੀ ਧਿਆਨ ਦਿੰਦੀ ਹਾਂ। ਬੈਨਰ ਦੇਖਣਾ ਬਹੁਤ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਆਖਿਰ ਲੜੀਵਾਰ ਦੀ ਪੇਸ਼ਕਾਰੀ 'ਤੇ ਵੀ ਬਹੁਤ ਸਾਰੀਆਂ ਗੱਲਾਂ ਨਿਰਭਰ ਕਰਦੀਆਂ ਹਨ। ਦੇਖੋ ਨਾ ਬਾਲਾ ਜੀ ਦੇ ਸੋਪ ਕਿੰਨੇ ਹਾਈ-ਫਾਈ ਹੁੰਦੇ ਹਨ।

ਐਂਕਰਿੰਗ ਦੀ ਰਾਣੀ ਅਨੁਪਮਾ ਸਿੰਘ

ਮੂਲ ਰੂਪ ਤੋਂ ਅੰਬਾਲਾ ਦੀ ਰਹਿਣ ਵਾਲੀ ਅਦਾਕਾਰਾ ਅਤੇ ਐਂਕਰ ਅਨੁੰਪਮਾ ਸਿੰਘ ਆਪਣੀ ਮਿਹਨਤ ਤੇ ਕਾਬਲੀਅਤ ਕਾਰਨ ਇਨ੍ਹੀਂ ਦਿਨੀਂ ਐਂਕਰਿੰਗ ਦੀ ਦੁਨੀਆ ਦੀ ਰਾਣੀ ਬਣ ਗਈ ਹੈ। ਲਗਪਗ ਪੰਜ ਸਾਲ ਪਹਿਲਾਂ ਮੁੰਬਈ ਵਿਚ ਪੁੱਜ ਕੇ ਉਸ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਸ ਦੀ ਮਿਹਨਤ ਰੰਗ ਲਿਆਈ। ਅਨੂਪਮਾ ਹਾਲ-ਫਿਲਹਾਲ ਸੋਨੀ ਇੰਟਰਟੈਨਮੇਂਟ ਟੀ.ਵੀ. ਏਸ਼ੀਆ ਤੇ ਟਾਕ ਸ਼ੋਅ 'ਏਸ਼ੀਅਨ ਵੈਰਾਇਟੀ ਸ਼ੋਅ' ਹੋਸਟ ਕਰ ਰਹੀ ਹੈ ਜਿਹੜਾ 135 ਦੇਸ਼ਾਂ ਵਿਚ ਹਰ ਹਫ਼ਤੇ ਦੇ ਅਖੀਰ 'ਤੇ ਚੱਲ ਰਿਹਾ ਹੈ। ਪਾਕਿਸਤਾਨ ਵਿਚ ਵੀ ਇਸ ਸ਼ੋਅ ਨੂੰ ਪਸੰਦ ਕੀਤਾ ਜਾ ਰਿਹਾ ਹੈ। ਜਦ ਕਿ ਦੂਸਰਾ ਲਾਈਵ ਸ਼ੋਅ 'ਦ ਅਨੁੰਪਮਾ' ਵੀ ਕਾਫੀ ਚਰਚਾਵਾਂ ਵਿਚ ਹੈ। ਦੋਵਾਂ ਹੀ ਸ਼ੋਆਂ ਵਿਚ ਅਨੁੰਪਮਾ ਚਰਚਿਤ ਸੈਲੀਬ੍ਰਿਟੀ ਨਾਲ ਗੱਲਬਾਤ ਕਰਦੀ ਹੈ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਰੂਬਰੂ ਕਰਾਉਂਦੀ ਹੈ।
'ਏਸ਼ੀਅਨ ਵੈਰਾਇਟੀ ਸ਼ੋਅ' ਹੋਸਟ ਕਰ ਰਹੀ ਹੈ ਜਿਸ ਵਿਚ ਉਹ ਹੁਣ ਤੱਕ ਕਈ ਵੱਡੇ ਸਿਤਾਰਿਆਂ ਦੇ ਇੰਟਰਵਿਊ ਕਰ ਚੁੱਕੀ ਹੈ। 'ਦ ਅਨੁੰਪਮਾ' ਸ਼ੋਅ ਜ਼ਰੀਏ ਉਹ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਚਹੇਤੇ ਕਲਾਕਾਰਾਂ ਨਾਲ ਗੱਲ ਵੀ ਕਰਾਉਂਦੀ ਹੈ। ਹੁਣ ਤੱਕ ਉਹ ਟਾਈਗਰ ਸ਼ਰਾਫ, ਅਭੈ ਦਿਓਲ, ਰਾਜੀਵ ਖੰਡੇਲਵਾਲ, ਸਾਕਿਬ ਸਲੀਮ, ਤਾਪਸੀ ਪੰਨੂ, ਪ੍ਰਸਿੱਧ ਕੋਰੀਓਗ੍ਰਾਫਰ ਸਰੋਜ ਖਾਨ, ਗਾਇਕ ਅਨੂੰ ਮਲਿਕ, ਕੈਲਾਸ਼ ਖੇਰ, ਸਪਨਾ ਚੌਧਰੀ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਨਾਲ ਲਾਈਵ ਸ਼ੋਅ ਹੋਸਟ ਕਰ ਚੁੱਕੀ ਹੈ। ਅਨੁੰਪਮਾ ਨੇ ਦੱਸਿਆ ਕਿ ਉਸ ਦੇ ਕਰੀਅਰ ਦੀ ਸ਼ੁਰੂਆਤ 'ਦ ਲੱਕੀ ਥਰਟੀਨ' ਫ਼ਿਲਮ ਨਾਲ ਹੋਣੀ ਤੈਅ ਸੀ। ਇਹ ਫ਼ਿਲਮ ਹਾਲੀਵੁੱਡ ਫ਼ਿਲਮ 'ਰੋਂਗ ਟਰਨ' ਦਾ ਹਿੰਦੀ, ਤਾਮਿਲ ਤੇ ਤੇਲਗੂ ਵਰਜਨ ਬਣਨੀ ਸੀ। ਪਰ... ਅਨੁੰਪਮਾ ਦੱਸਦੀ ਹੈ ਕਿ ਉਸ ਨੇ ਆਪਣੇ ਸ਼ੌਕ ਨੂੰ ਕਰੀਅਰ ਦੇ ਰੂਪ ਵਿਚ ਚੁਣਿਆ ਤੇ ਸੁਪਨੇ ਨੂੰ ਪੂਰਾ ਕੀਤਾ।

ਹੁਣ ਬਣ ਰਹੀ ਹੈ 'ਬਾਟਲਾ ਹਾਊਸ'

ਬਾਟਲਾ ਹਾਊਸ। ਇਹ ਇਕ ਇਮਾਰਤ ਦਾ ਨਾਂਅ ਹੈ ਅਤੇ ਸਾਲ 2008 ਵਿਚ ਇਹ ਨਾਂਅ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਵਲੋਂ ਇੰਡੀਅਨ ਮੁਜ਼ਾਹਦੀਨ ਦੇ ਗੁਰਗਿਆਂ ਦਾ ਸਫ਼ਾਇਆ ਕੀਤਾ ਗਿਆ ਸੀ ਅਤੇ ਕੁਝ ਗ੍ਰਿਫ਼ਤਾਰ ਵੀ ਕੀਤੇ ਗਏ ਸਨ। ਦੇਸ਼ ਦੀ ਸੁਰੱਖਿਆ, ਅੱਤਵਾਦ ਅਤੇ ਰਾਜਨੀਤੀ ਦੇ ਰੰਗ ਵਿਚ ਰੰਗੀ ਇਸ ਘਟਨਾ 'ਤੇ ਹੁਣ ਫ਼ਿਲਮ ਬਣ ਰਹੀ ਹੈ ਅਤੇ ਫ਼ਿਲਮ ਦਾ ਨਾਂਅ ਹੀ 'ਬਾਟਲਾ ਹਾਊਸ' ਰੱਖਿਆ ਗਿਆ ਹੈ। ਨਿਖਿਲ ਅਡਵਾਨੀ ਇਸ ਨੂੰ ਨਿਰਦੇਸ਼ਿਤ ਕਰਨਗੇ ਅਤੇ ਇਸ ਵਿਚ ਜਾਨ ਅਬਰਾਹਮ ਵਲੋਂ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਯਾਦਵ ਦੀ ਭੂਮਿਕਾ ਨਿਭਾਈ ਜਾਵੇਗੀ। ਦਿੱਲੀ, ਜੈਪੁਰ, ਲਖਨਊ, ਮੁੰਬਈ ਤੇ ਨਿਪਾਲ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਲੈ ਕੇ ਜਾਨ ਅਬਰਾਹਮ ਬਹੁਤ ਉਤਸ਼ਾਹੀ ਹਨ। ਬਾਟਲਾ ਹਾਊਸ ਐਨਕਾਊਂਟਰ ਦੀ ਖ਼ਾਸ ਗੱਲ ਇਹ ਸੀ ਕਿ ਇਸ ਐਨਕਾਊਂਟਰ ਦੇ ਚਲਦਿਆਂ ਡੀ. ਸੀ. ਪੀ. ਸੰਜੀਵ ਕੁਮਾਰ ਯਾਦਵ 'ਤੇ ਉਂਗਲੀਆਂ ਉੱਠਣ ਲੱਗੀਆਂ ਸਨ ਪਰ ਬਾਅਦ ਵਿਚ ਜਦੋਂ ਅੱਤਵਾਦੀ ਆਰਿਜ ਦੀ ਗ੍ਰਿਫ਼ਤਾਰੀ ਹੋਈ ਤਾਂ ਉਸ ਨੇ ਪੁਸ਼ਟੀ ਕੀਤੀ ਸੀ ਕਿ ਇਸ ਐਨਕਾਊਂਟਰ ਵਿਚ ਮਾਰੇ ਜਾਣ ਵਾਲੇ ਅੱਤਵਾਦੀ ਹੀ ਸਨ ਅਤੇ ਇਹ ਐਨਕਾਊਂਟਰ ਨਕਲੀ ਨਹੀਂ ਸੀ। ਲੇਖਕ ਰਿਤੇਸ਼ ਸ਼ਾਹ ਨੇ ਡੂੰਘੀ ਛਾਣ-ਬੀਣ ਕਰਕੇ ਫ਼ਿਲਮ ਦੀ ਪਟਕਥਾ ਲਿਖੀ ਹੈ ਅਤੇ ਉਮੀਦ ਹੈ ਕਿ ਇਸ ਫ਼ਿਲਮ ਨਾਲ ਝੂਠ ਦੇ ਪ੍ਰਚਾਰ ਦਾ ਪਰਦਾਫਾਸ਼ ਵੀ ਹੋਵੇਗਾ।

ਗੀਤਕਾਰੀ ਵਿਚ ਨਿੱਗਰ ਪੈੜਾਂ ਪਾ ਰਿਹਾ ਹਰਮਨ ਬਾਠ

ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿਚ ਰਹਿ ਰਹੇ ਗੀਤਕਾਰ ਹਰਮਨ ਬਾਠ ਦੀ ਕਲਮ ਵਿਚੋਂ ਨਿਕਲੇ ਪ੍ਰਭਾਵਸ਼ਾਲੀ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਕਈ ਨਵੇਂ ਗਾਇਕ ਸਫ਼ਲ ਗਾਇਕਾਂ ਦੀ ਕਤਾਰ ਵਿਚ ਜਾ ਖੜ੍ਹੇ ਹੋਏ ਹਨ। ਹਰਮਨ ਬਾਠ ਨੂੰ ਗੀਤ ਲਿਖਣ ਦੀ ਚੇਟਕ ਆਪਣੇ ਮਾਮੇ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਲੱਗੀ। ਉਸ ਨੇ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਣ ਤੋਂ ਬਾਅਦ ਆਪਣੇ ਇਸ ਸ਼ੌਂਕ ਨੂੰ ਨਿਰੰਤਰ ਬਣਾਈ ਰੱਖਿਆ ਅਤੇ ਅੱਜ ਉਸ ਦਾ ਹਰ ਨਵਾਂ ਗੀਤ ਉਸ ਨੂੰ ਸਫ਼ਲਤਾ ਦੀਆਂ ਉਚਾਈਆਂ ਵੱਲ ਲਿਜਾ ਰਿਹਾ ਹੈ। ਗਾਇਕ ਕੈਂਬੀ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ ਉਸ ਦੇ ਗੀਤ 'ਸਟੈਂਡਰਡ' ਅਤੇ 'ਰਾਡਾਰ' ਨੇ ਜਿੱਥੇ ਹਰਮਨ ਬਾਠ ਨੂੰ ਮੂਹਰਲੀ ਸ਼੍ਰੇਣੀ ਦੇ ਗੀਤਕਾਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ, ਉੱਥੇ ਇਨ੍ਹਾਂ ਗੀਤਾਂ ਨਾਲ ਗਾਇਕ ਕੈਂਬੀ ਦੀ ਵੀ ਪੰਜਾਬੀ ਸੰਗੀਤ ਵਿਚ ਇਕ ਵੱਖਰੀ ਪਹਿਚਾਣ ਸਥਾਪਿਤ ਹੋਈ ਹੈ। ਗਾਇਕ ਜਤਿੰਦਰ ਬਰਾੜ ਦੀ ਆਵਾਜ਼ ਵਿਚ ਰਿਕਾਰਡ ਹੋਇਆ ਹਰਮਨ ਬਾਠ ਦਾ ਗੀਤ 'ਕਮਜ਼ੋਰੀ' ਅਤੇ ਜੇ ਪੀ ਮੁਲਤਾਨੀ ਵਲੋਂ ਗਾਇਆ ਗੀਤ 'ਨਜ਼ਾਰੇ' ਮਿਆਰੀ ਗੀਤਕਾਰੀ ਦੀ ਮਿਸਾਲ ਹਨ। ਗਾਇਕ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਵਿਚ ਰਿਕਾਰਡ ਹੋਏ ਹਰਮਨ ਬਾਠ ਦੇ ਗੀਤ 'ਸਵਾਦ ਕਾਕਾ' ਅਤੇ 'ਨਾਮ ਬੋਲਦਾ' ਜਿੱਥੇ ਮਾਰਕੀਟ ਵਿਚ ਸਫ਼ਲਤਾ ਪੂਰਨ ਚੱਲ ਰਹੇ ਹਨ, ਉੱਥੇ ਉਸ ਦੇ ਲਿਖੇ ਦੋ ਨਵੇਂ ਗੀਤ ਅੱਜਕਲ੍ਹ ਗਾਇਕ ਕਰਮ ਬਾਜਵਾ ਦੀ ਆਵਾਜ਼ ਵਿਚ ਚਰਚਾ ਬਟੋਰ ਰਹੇ ਹਨ। ਹਰਮਨ ਬਾਠ ਨੇ ਆਖਿਆ ਕਿ ਇਹ ਸਭ ਵਾਹਿਗੁਰੂ ਦੀ ਕ੍ਰਿਪਾ ਹੈ ਕਿ ਗੀਤਕਾਰੀ ਦੇ ਖੇਤਰ ਵਿਚ ਉਸ ਵਲੋਂ ਕੀਤੀ ਜਾ ਰਹੀ ਇਕ ਨਿਮਾਣੀ ਜਿਹੀ ਕੋਸ਼ਿਸ਼ ਨੂੰ ਪੰਜਾਬੀ ਸਰੋਤੇ ਮਣਾਂ-ਮੂੰਹੀ ਪਿਆਰ ਅਤੇ ਸਤਿਕਾਰ ਦੇ ਰਹੇ ਹਨ।


-ਜਗਤਾਰ ਸਮਾਲਸਰ
ਸਿਰਸਾ (ਹਰਿਆਣਾ)

ਬਾਲੀਵੁੱਡ ਫਲੈਸ਼ਬੈਕ

ਕਮਾਲ ਦੇ ਲੇਖਕ, ਗੀਤਕਾਰ ਤੇ ਨਿਰਦੇਸ਼ਕ ਸਨ : ਕਮਾਲ ਅਮਰੋਹੀ

ਭਾਰਤੀ ਸਿਨੇਮਾ 'ਚ ਮੀਲ ਪੱਥਰ ਫ਼ਿਲਮ ਵਜੋਂ ਜਾਣੀ ਜਾਂਦੀ ਫ਼ਿਲਮ 'ਪਾਕੀਜ਼ਾ' ਦਾ ਨਿਰਮਾਣ-ਨਿਰਦੇਸ਼ਨ ਕਰਨ ਵਾਲੇ ਫ਼ਿਲਮਕਾਰ ਕਮਾਲ ਅਮਰੋਹੀ ਸਾਹਿਬ ਆਪਣੇ ਨਾਂਅ ਵਾਂਗ ਹੀ ਕਮਾਲ ਦੇ ਫ਼ਨਕਾਰ ਸਨ। ਆਪਣੇ ਕੈਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਬਤੌਰ ਫ਼ਿਲਮ ਲੇਖਕ ਕੀਤੀ ਸੀ। ਉਨ੍ਹਾਂ ਨੇ ਫ਼ਿਲਮਕਾਰ ਸੋਹਰਾਬ ਮੋਦੀ ਲਈ 'ਪੁਕਾਰ' ਅਤੇ 'ਭਰੋਸਾ' ਜਿਹੀਆਂ ਸੁਪਰਹਿਟ ਫ਼ਿਲਮਾਂ ਲਿਖੀਆਂ ਸਨ। ਫ਼ਿਲਮ 'ਪੁਕਾਰ' ਵਿਚ ਉਨ੍ਹਾਂ ਦਾ ਲਿਖਿਆ ਸ਼ੇਅਰਨੁਮਾ ਸੰਵਾਦ 'ਫਾਨੂਸ ਬਨ ਕੇ ਜਿਸ ਕੀ ਹਿਫ਼ਾਜ਼ਤ ਖੁਦਾ ਕਰੇ, ਵੋ ਸ਼ਮ੍ਹਾ ਕਿਆ ਬੁਝੇਗੀ ਜਿਸੇ ਰੋਸ਼ਨ ਖੁਦਾ ਕਰੇ' ਅੱਜ ਵੀ ਸਿਨੇ ਪ੍ਰੇਮੀਆਂ ਦੇ ਚੇਤਿਆਂ 'ਚ ਵੱਸਿਆ ਪਿਆ ਹੈ। ਕਮਾਲ ਅਮਰੋਹੀ ਨੇ ਉਪਰੋਕਤ ਤੋਂ ਇਲਾਵਾ 'ਸ਼ਾਹਜਹਾਂ' ਅਤੇ 'ਮੁਗਲੇ ਆਜ਼ਮ' ਜਿਹੀਆਂ ਸ਼ਾਹਕਾਰ ਫ਼ਿਲਮਾਂ ਵੀ ਲਿਖੀਆਂ ਸਨ ਅਤੇ ' ਬੰਬੇ ਟਾਕੀਜ਼ ' ਨਾਮੀ ਕੰਪਨੀ ਦੀ ਰਿਕਾਰਡ-ਤੋੜ ਸਫ਼ਲਤਾ ਪ੍ਰਾਪਤ ਕਰਨ ਵਾਲੀ ਫ਼ਿਲਮ ' ਮਹਿਲ' ਦੇ ਨਿਰਦੇਸ਼ਕ ਵੀ ਉਹੀ ਸਨ। ਸੰਨ 1953 ਵਿਚ ਕਮਾਲ ਸਾਹਿਬ ਨੇ ਆਪਣੀ ਫ਼ਿਲਮ ਕੰਪਨੀ ' ਕਮਾਲ ਪਿਕਚਰਜ਼' ਸ਼ੁਰੂ ਕੀਤੀ ਸੀ ਤੇ 'ਪਾਕੀਜ਼ਾ' ਜਿਹੀ ਲਾਜਵਾਬ ਫ਼ਿਲਮ ਉਨ੍ਹਾ ਦੀ ਕੰਪਨੀ ਦੀ ਹੀ ਪੇਸ਼ਕਸ਼ ਸੀ। ਇੱਥੇ ਜ਼ਿਕਰਯੋਗ ਹੈ ਕਿ ਕਮਾਲ ਅਮਰੋਹੀ ਨੇ ਮਸ਼ਹੂਰ ਅਦਾਕਾਰਾ ਮੀਨਾ ਕੁਮਾਰੀ ਨਾਲ ਮੁਹੱਬਤ ਵੀ ਕੀਤੀ ਸੀ ਤੇ ਸ਼ਾਦੀ ਵੀ । ਉਨ੍ਹਾਂ ਦੀ ਸ਼ਾਦੀ ਬਹੁਤੀ ਸਫ਼ਲ ਨਹੀਂ ਰਹੀ ਸੀ ਪਰ ਉਹ ਸਤਿਕਾਰ ਤੇ ਸਹਿਮਤੀ ਨਾਲ ਮੀਨਾ ਤੋਂ ਵੱਖ ਹੋ ਗਏ ਸਨ। ਫ਼ਿਲਮ 'ਪਾਕੀਜ਼ਾ' ਵਿਚਲਾ ਗੀਤ 'ਮੌਸਮ ਹੈ ਆਸ਼ਿਕਾਨਾ , ਐ ਦਿਲ ਕਹੀਂ ਸੇ ਉਨ ਕੋ ਐਸੇ ਮੇਂ ਢੂੰਡ ਲਾਨਾ' ਕਮਾਲ ਸਾਹਿਬ ਦੀ ਕਲਮ ਦੀ ਹੀ ਰਚਨਾ ਸੀ।


-ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ, (ਗੁਰਦਾਸਪੁਰ)

ਮਾਨੂਸ਼ੀ ਛਿੱਲਰ ਦੀ ਨਵੀਂ ਸ਼ੁਰੂਆਤ

ਹਰਿਆਣਾ ਨਾਲ ਸਬੰਧ ਰੱਖਣ ਵਾਲੀ ਮਾਨੂਸ਼ੀ ਛਿੱਲਰ ਮਿਸ ਵਰਲਡ ਦਾ ਤਾਜ ਪਾਉਣ ਤੋਂ ਬਾਅਦ ਹੁਣ ਮਾਡਲਿੰਗ ਵਿਚ ਰੁੱਝਦੀ ਜਾ ਰਹੀ ਹੈ। ਉਸ ਨੇ ਗਹਿਣਿਆਂ ਦੀ ਕੰਪਨੀ ਨਾਲ ਕਰਾਰ ਕਰਕੇ ਮਾਡਲਿੰਗ ਦੀ ਸ਼ੁਰੂਆਤ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਮੈਂ ਵੀਹ ਸਾਲ ਦੀ ਹਾਂ, ਹਰਿਆਣਵੀ ਹਾਂ। ਕੋਈ ਨਵਾਂ ਕੰਮ ਹੱਥ ਵਿਚ ਲੈਣ ਤੋਂ ਪਹਿਲਾਂ ਡੂੰਘਾ ਨਹੀਂ ਸੋਚਦੀ। ਮੈਨੂੰ ਇਹ ਪੇਸ਼ਕਸ਼ ਚੰਗੀ ਲੱਗੀ, ਸੋ ਹਾਂ ਕਹਿ ਦਿੱਤੀ।
ਗਹਿਣਿਆਂ ਨਾਲ ਲਗਾਅ ਬਾਰੇ ਪੁੱਛਣ 'ਤੇ ਇਹ ਵਿਸ਼ਵ ਸੁੰਦਰੀ ਕਹਿਣ ਲੱਗੀ, 'ਮੈਨੂੰ ਵੀ ਗਹਿਣੇ ਪਸੰਦ ਹਨ। ਸਾਡੇ ਭਾਰਤੀ ਪਰਿਵਾਰਾਂ ਵਿਚ ਆਮ ਤੌਰ 'ਤੇ ਇਕ ਇਸ ਤਰ੍ਹਾਂ ਦਾ ਗਹਿਣਾ ਹੁੰਦਾ ਹੈ ਜੋ ਖਾਨਦਾਨੀ ਹੁੰਦਾ ਹੈ ਅਤੇ ਇਸ ਦਾ ਆਪਣਾ ਇਤਿਹਾਸ ਹੁੰਦਾ ਹੈ। ਮੈਂ ਆਪਣੀ ਗੱਲ ਕਹਾਂ ਤਾਂ ਮੇਰੀ ਦਾਦੀ ਦੇ ਕੋਲ ਸੋਨੇ ਦੀ ਕੈਂਠੀ ਸੀ। ਉਹ ਹੱਥ ਦੀ ਬਣੀ ਸੀ। ਦੇਖਣ ਨੂੰ ਸਾਧਾਰਨ ਸੀ ਪਰ ਇਸ ਦੀ ਸਾਦਗੀ ਹੀ ਇਸ ਦਾ ਮੁੱਖ ਆਕਰਸ਼ਣ ਸੀ। ਹੁਣ ਉਹ ਕੈਂਠੀ ਮੇਰੀ ਮਾਂ ਦੇ ਕੋਲ ਹੈ ਅਤੇ ਮੈਨੂੰ ਉਮੀਦ ਹੈ ਕਿ ਅੱਗੇ ਚੱਲ ਕੇ ਉਹ ਮੈਨੂੰ ਮਿਲੇਗੀ। ਸਾਡੇ ਦੇਸ਼ ਵਿਚ ਗਹਿਣਿਆਂ ਦੀ ਭਾਵੁਕਤਾ ਦਾ ਆਪਣਾ ਮੁੱਲ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਗਹਿਣੇ ਸਪੈਸ਼ਲ ਬਣ ਜਾਂਦੇ ਹਨ।'

-ਮੁੰਬਈ ਪ੍ਰਤੀਨਿਧ

ਪੰਜਾਬੀ ਫ਼ਿਲਮਾਂ ਦਾ ਉੱਭਰਦਾ ਚਰਿੱਤਰ ਅਭਿਨੇਤਾ ਜਸ਼ਨਜੀਤ ਗੋਸ਼ਾ

ਪੰਜਾਬੀ ਲੋਕ ਨਾਚਾਂ ਦੀਆਂ ਦੁਨੀਆ ਭਰ 'ਚ ਸ਼ਾਨਦਾਰ ਪੇਸ਼ਕਾਰੀਆਂ ਦੇਣ ਵਾਲਾ ਪਟਿਆਲਵੀ ਗੱਭਰੂ ਜਸ਼ਨਜੀਤ ਸਿੰਘ ਗੋਸ਼ਾ ਦਾ ਨਾਂਅ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਵਾਲੀ ਉਮਰ ਹੰਢਾਉਣ ਉਪਰੰਤ ਗੋਸ਼ੇ ਨੇ ਮੰਚ 'ਤੇ ਵਿਚਰਨ ਦਾ ਤਜਰਬਾ ਹੋਣ ਕਰਕੇ, ਅਦਾਕਾਰੀ ਨੂੰ ਪੇਸ਼ੇ ਵਜੋਂ ਅਪਣਾ ਲਿਆ ਅਤੇ ਹੁਣ ਤੱਕ ਉਹ ਦਰਜਨ ਦੇ ਕਰੀਬ ਫ਼ਿਲਮਾਂ 'ਚ ਵਧੀਆ ਕਿਰਦਾਰ ਨਿਭਾਅ ਚੁੱਕਿਆ ਹੈ।
ਬਿਜਲੀ ਬੋਰਡ ਦੇ ਸਾਬਕਾ ਮੁਲਾਜ਼ਮ ਸ: ਜਗਜੀਤ ਸਿੰਘ ਤੇ ਸ੍ਰੀਮਤੀ ਰਣਰੂਪ ਕੌਰ ਦੇ ਘਰ ਪੈਦਾ ਹੋਏ, ਜਸ਼ਨਜੀਤ ਗੋਸ਼ਾ ਨੇ ਸਰਕਾਰੀ ਸੈਕੰਡਰੀ ਸਕੂਲ ਤ੍ਰਿਪੜੀ ਤੇ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਵਿਖੇ 12ਵੀਂ ਜਮਾਤ ਤੱਕ ਪੜ੍ਹਦਿਆਂ ਆਪਣੇ ਮਿੱਤਰ ਪ੍ਰਿਤਪਾਲ ਸਿੰਘ ਗੋਗੀ ਦੀ ਪ੍ਰੇਰਨਾ ਨਾਲ ਭੰਗੜੇ 'ਚ ਜ਼ੋਰ ਅਜ਼ਮਾਇਸ਼ ਸ਼ੁਰੂ ਕੀਤੀ ਅਤੇ ਰਾਜ ਪੱਧਰ ਦੇ ਸਕੂਲੀ ਮੁਕਾਬਲਿਆਂ 'ਚ ਨਾਮਣਾ ਖੱਟਿਆ। ਫਿਰ ਖਾਲਸਾ ਕਾਲਜ ਪਟਿਆਲਾ ਵਿਖੇ ਗੈਜੂਏਸ਼ਨ ਕਰਦਿਆਂ ਗੋਸ਼ੇ ਨੇ ਭੰਗੜਾ ਦੇ ਨਾਲ-ਨਾਲ ਮਲਵਈ ਗਿੱਧਾ ਅਤੇ ਝੂੰਮਰ 'ਚ ਵੀ ਮੁਹਾਰਤ ਹਾਸਿਲ ਕਰ ਲਈ। ਇਸ ਦੌਰਾਨ ਗੋਸ਼ੇ ਨੇ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਅਨੇਕ ਸੋਨ ਤਗਮੇ ਜਿੱਤੇ ਅਤੇ 1999 'ਚ ਗੋਸ਼ੇ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਕੌਮੀ ਸਮਾਗਮ 'ਚ ਭੰਗੜੇ ਦੀ ਪੇਸ਼ਕਾਰੀ ਕਰਕੇ ਨਾਮਣਾ ਖੱਟਿਆ। ਇਨ੍ਹਾਂ ਪ੍ਰਾਪਤੀਆਂ ਸਦਕਾ ਗੋਸ਼ੇ ਨੂੰ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਰਾਹੀਂ ਦੇਸ਼-ਵਿਦੇਸ਼ 'ਚ ਪੰਜਾਬੀ ਲੋਕ-ਨਾਚਾਂ ਦੀਆਂ ਪੇਸ਼ਕਾਰੀਆਂ ਕਰਨ ਦਾ ਮੌਕਾ ਮਿਲਿਆ। ਲੋਕ ਨਾਚਾਂ ਸਬੰਧੀ ਸਰਗਰਮੀਆਂ ਨੂੰ ਦੇਖਦੇ ਹੋਏ ਉੱਘੇ ਗਾਇਕ ਪੰਮੀ ਬਾਈ ਨੇ ਗੋਸ਼ੇ ਨੂੰ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। ਇਸ ਦੌਰਾਨ ਗੋਸ਼ੇ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਪੰਮੀ ਬਾਈ ਨਾਲ ਸ਼ੋਅ ਕੀਤੇ। ਅੱਜਕਲ੍ਹ ਉਹ ਪੰਮੀ ਬਾਈ ਦੇ ਸ਼ੋਅਜ਼ ਦੌਰਾਨ ਸੰਚਾਲਕ ਦੀ ਭੂਮਿਕਾ ਨਿਭਾਉਂਦਾ ਹੈ। ਗੋਸ਼ਾ, ਪੰਮੀ ਬਾਈ ਦਾ ਆਪਣੀ ਕਲਾਤਮਕ ਜ਼ਿੰਦਗੀ 'ਚ ਅਹਿਮ ਯੋਗਦਾਨ ਮੰਨਦਾ ਹੈ। ਗੋਸ਼ੇ ਨੂੰ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਦੌਰਾਨ ਹੀ ਰੰਗਮੰਚ ਨਾਲ ਗੂੜ੍ਹਾ ਪਿਆਰ ਹੋ ਗਿਆ ਸੀ, ਜਿਸ ਕਾਰਨ ਉਸ ਨੇ 2001 'ਚ ਚਰਚਿਤ ਪੰਜਾਬੀ ਟੀ. ਵੀ. ਲੜੀਵਾਰ 'ਦਾਣੇ ਅਨਾਰ ਦੇ' 'ਚ ਮੁੱਖ ਕਿਰਦਾਰ ਨਿਭਾਅ ਕੇ ਅਦਾਕਾਰੀ ਵਾਲਾ ਸਫਰ ਸ਼ੁਰੂ ਕੀਤਾ। ਨਾਮਵਰ ਅਦਾਕਾਰ ਬਿੰਨੂ ਢਿੱਲੋਂ ਦੇ ਗਰੁੱਪ ਨਾਲ 'ਨਾਟੀ ਬਾਬਾ ਇਨ ਟਾਊਨ' ਨਾਟਕ ਦੇ ਦੇਸ਼-ਵਿਦੇਸ਼ 'ਚ ਅਨੇਕਾਂ ਸ਼ੋਅ ਕਰ ਚੁੱਕੇ ਗੋਸ਼ੇ ਨੇ ਰਾਣਾ ਰਣਬੀਰ ਨਾਲ 'ਨਾ ਜੀ ਨਾ, ਟੈਂਸ਼ਨ ਨਹੀਂ ਲੈਣੀ' ਨਾਟਕ ਰਾਹੀਂ ਦੇਸ਼ ਵਿਦੇਸ਼ ਹਾਸੇ ਬਿਖੇਰੇ। ਅਦਾਕਾਰੀ ਦੇ ਸਫਰ 'ਚ ਵੱਡੀ ਪੁਲਾਂਘ ਪੁੱਟਦਿਆਂ ਗੋਸ਼ੇ ਨੇ 'ਅੰਗਰੇਜ਼' ਫ਼ਿਲਮ 'ਚ ਅਮਰਿੰਦਰ ਗਿੱਲ ਦੇ ਭਰਾ ਦੀ ਭੂਮਿਕਾ ਨਿਭਾਉਣ ਦਾ ਮਾਣ ਪ੍ਰਾਪਤ ਕੀਤਾ। ਫਿਰ 'ਨਿੱਕਾ ਜ਼ੈਲਦਾਰ' ਤੇ 'ਨਿੱਕਾ ਜ਼ੈਲਦਾਰ-2', 'ਦਾਰਾ' ਸਮੇਤ ਦਰਜਨ ਦੇ ਕਰੀਬ ਫ਼ਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਏ। ਜਲਦ ਹੀ ਗੋਸ਼ਾ 'ਹਰਜੀਤਾ', 'ਕਿਸਮਤ', 'ਕੁੜਮਾਈਆਂ' ਅਤੇ 'ਵਧਾਈਆਂ ਜੀ ਵਧਾਈਆਂ' ਫ਼ਿਲਮਾਂ 'ਚ ਅਹਿਮ ਕਿਰਦਾਰਾਂ 'ਚ ਦਿਖਾਈ ਦੇਵੇਗਾ। ਲੈਕਚਰਾਰ ਲਵਲੀਨ ਕੌਰ ਦਾ ਪਤੀ ਜਸ਼ਨਜੀਤ ਗੋਸ਼ਾ 'ਦਾਰਾ' ਫ਼ਿਲਮ 'ਚ ਨਿਭਾਈ ਸੀਰੀ ਦੀ ਭੂਮਿਕਾ ਨੂੰ ਯਾਦਗਾਰੀ ਮੰਨਦਾ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ ਪਟਿਆਲਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX