ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਨਾਰੀ ਸੰਸਾਰ

ਗਰਮੀਆਂ ਦੀਆਂ ਛੁੱਟੀਆਂ ਵਿਚ ਚਮੜੀ ਦਾ ਰੱਖੋ ਖ਼ਾਸ ਖ਼ਿਆਲ

ਹੁਣ ਜਦੋਂ ਕਿ ਗਰਮੀਆਂ ਵਿਚ ਛੁੱਟੀਆਂ ਦਾ ਸੀਜ਼ਨ ਨਜ਼ਦੀਕ ਪਹੁੰਚ ਗਿਆ ਹੈ ਅਤੇ ਤੁਸੀਂ ਪਹਾੜਾਂ ਅਤੇ ਸਮੁੰਦਰੀ ਤੱਟਾਂ 'ਤੇ ਕੁਝ ਆਰਾਮਦਾਇਕ ਸਕੂਨ ਨਾਲ ਭਰੇ ਪਲ ਗੁਜ਼ਾਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸੁੰਦਰਤਾ ਦੇ ਲਿਹਾਜ ਨਾਲ ਗਰਮੀਆਂ ਸਾਡੀ ਚਮੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਸਮੁੰਦਰੀ ਤੱਟਾਂ ਅਤੇ ਪਹਾੜਾਂ ਦੀ ਬਰਫ ਦੇ ਪਾਰਦਰਸ਼ੀ ਸਤਹਾਂ 'ਤੇ ਸੂਰਜ ਦੀਆਂ ਕਿਰਨਾਂ ਮੈਦਾਨੀ ਇਲਾਕਿਆਂ ਦੀ ਬਜਾਏ ਜ਼ਿਆਦਾ ਤੇਜ਼ ਹੁੰਦੀਆਂ ਹਨ, ਜਿਸ ਨਾਲ ਤੁਹਾਡੀ ਚਮੜੀ ਵਿਚ ਜਲਣ, ਕਾਲਾਪਨ, ਸਨਬਰਨ ਅਤੇ ਮੁਹਾਸਿਆਂ ਆਦਿ ਵਰਗੀਆਂ ਸੁੰਦਰਤਾ ਸਮੱਸਿਆਵਾਂ ਉਗਰ ਰੂਪ ਧਾਰਨ ਕਰ ਸਕਦੀਆਂ ਹਨ।
ਸੁੰਦਰਤਾ ਸਾਵਧਾਨੀਆਂ ਵਰਤ ਕੇ ਤੁਸੀਂ ਆਪਣੀਆਂ ਛੁੱਟੀਆਂ ਦਾ ਭਰਪੂਰ ਅਨੰਦ ਮਾਣ ਸਕਦੇ ਹੋ। ਗਰਮੀਆਂ ਵਿਚ ਛੁੱਟੀਆਂ ਦੀਆਂ ਤਿਆਰੀਆਂ ਸੁੰਦਰਤਾ ਸਾਵਧਾਨੀਆਂ ਨਾਲ ਹੀ ਸ਼ੁਰੂ ਕਰੋ। ਚਮੜੀ ਦੀ ਰੱਖਿਆ ਲਈ ਸਨਸਕਰੀਨ ਲੋਸ਼ਨ ਆਪਣੇ ਨਾਲ ਜ਼ਰੂਰ ਲੈ ਲਓ। ਤੁਸੀਂ ਚਮੜੀ ਦੀ ਕਾਲਖ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਅ ਦਾ ਪ੍ਰਭਾਵੀ ਸਨਸਕਰੀਨ ਲੋਸ਼ਨ ਲਓ। ਜਦੋਂ ਵੀ ਤੁਸੀਂ ਬਾਹਰ ਧੁੱਪ ਵਿਚ ਜਾ ਰਹੇ ਹੋ ਤਾਂ ਜਾਣ ਤੋਂ 20 ਮਿੰਟ ਪਹਿਲਾਂ ਚਿਹਰੇ ਅਤੇ ਸਰੀਰ ਦੇ ਸਾਰੇ ਖੁੱਲ੍ਹੇ ਅੰਗਾਂ 'ਤੇ ਸਨਸਕਰੀਨ ਦਾ ਲੇਪ ਜ਼ਰੂਰ ਕਰ ਲਓ। ਜੇ ਤੁਸੀਂ ਧੁੱਪ ਵਿਚ ਇਕ ਘੰਟਾ ਜਾਂ ਜ਼ਿਆਦਾ ਸਮੇਂ ਤੱਕ ਰਹੋ ਤਾਂ ਸਨਸਕਰੀਨ ਦਾ ਦੁਬਾਰਾ ਲੇਪ ਕਰ ਲਓ। ਸੰਵੇਦਨਸ਼ੀਲ ਅਤੇ ਸਨਬਰਨ ਤੋਂ ਪ੍ਰਭਾਵਿਤ ਚਮੜੀ ਵਿਚ 30 ਜਾਂ ਜ਼ਿਆਦਾ ਐਸ.ਪੀ.ਐਫ. ਸਨਸਕਰੀਨ ਦੀ ਵਰਤੋਂ ਕਰੋ। ਗਰਮੀਆਂ ਵਿਚ ਛੁੱਟੀਆਂ ਦੌਰਾਨ ਆਪਣੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਮਾਇਸਚਰਾਈਜ਼ਰ, ਡਿਹਾਈਡਰੈਂਟ ਕਲੀਂਜਰ ਹੈਂਡ ਕ੍ਰੀਮ ਅਤੇ ਬੁੱਲ੍ਹਾਂ ਦਾ ਬਾਮ ਨਾਲ ਰੱਖਣਾ ਕਦੇ ਨਾ ਭੁੱਲੋ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਤੇਲੀ ਚਮੜੀ ਨੂੰ ਚਮਕਾਉਣ ਅਤੇ ਮੁਸਾਮਾਂ ਨੂੰ ਸਾਫ਼ ਕਰਨ ਲਈ ਸਕਰੱਬ ਦੀ ਜ਼ਿਆਦਾ ਵਰਤੋਂ ਕਰੋ। ਸਮੁੰਦਰੀ ਤੱਟ 'ਤੇ ਖਾਰੇ ਪਾਣੀ ਵਿਚ ਨਹਾਉਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋਵੋ। ਜਦੋਂ ਵੀ ਤੁਸੀਂ ਵਾਪਸ ਆਪਣੇ ਹੋਟਲ ਦੇ ਕਮਰੇ ਵਿਚ ਪਹੁੰਚੋ ਤਾਂ ਚਿਹਰੇ 'ਤੇ ਠੰਢੇ ਦੁੱਧ ਦੀ ਮਾਲਿਸ਼ ਕਰਕੇ ਇਸ ਨੂੰ ਕੁਝ ਸਮੇਂ ਲਈ ਛੱਡ ਦਿਓ। ਇਸ ਨਾਲ ਸਨਬਰਨ ਦੇ ਪ੍ਰਭਾਵ ਨੂੰ ਰੋਕਣ ਵਿਚ ਮਦਦ ਮਿਲੇਗੀ ਅਤੇ ਚਿਹਰੇ ਦੀ ਚਮੜੀ ਨੂੰ ਠੰਢਕ ਮਿਲੇਗੀ।
ਸਮੁੰਦਰੀ ਪਾਣੀ ਨਾਲ ਨਹਾਉਣ ਨਾਲ ਤੁਹਾਡੇ ਵਾਲ ਨਿਰਜੀਵ ਅਤੇ ਉਲਝ ਸਕਦੇ ਹਨ। ਸਮੁੰਦਰੀ ਪਾਣੀ ਵਿਚ ਨਹਾਉਂਦੇ ਸਮੇਂ ਸਿਰ ਨੂੰ ਕੈਪ ਨਾਲ ਢਕਣ ਨਾਲ ਵਾਲਾਂ ਨੂੰ ਸੂਰਜ ਦੀ ਗਰਮੀ ਅਤੇ ਖਾਰੇ ਪਾਣੀ ਦੇ ਨੁਕਸਾਨ ਤੋਂ ਪ੍ਰਭਾਵੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਸਮੁੰਦਰ ਵਿਚ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਆਮ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਵਾਲਾਂ ਦੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਵਾਲਾਂ ਨੂੰ ਧੋਣ ਤੋਂ ਬਾਅਦ ਸਮੁੰਦਰ ਵਿਚ ਨਹਾਉਣ ਨਾਲ ਵਾਲਾਂ ਨੂੰ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਵਾਲ ਸਮੁੰਦਰੀ ਪਾਣੀ ਨੂੰ ਕਦੇ ਨਹੀਂ ਸੋਖਣਗੇ, ਕਿਉਂਕਿ ਉਹ ਪਹਿਲਾਂ ਹੀ ਤਾਜ਼ੇ ਪਾਣੀ ਨੂੰ ਸੋਖ ਚੁੱਕੇ ਹਨ। ਸਮੁੰਦਰੀ ਪਾਣੀ ਵਿਚ ਨਹਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਹਰਬਲ ਸ਼ੈਂਪੂ ਨਾਲ ਧੋ ਦਿਓ ਅਤੇ ਸ਼ੈਂਪੂ ਤੋਂ ਬਾਅਦ ਵਾਲਾਂ ਵਿਚ ਕੰਡੀਸ਼ਨਰ ਜਾਂ ਹੇਅਰ ਸੀਰਮ ਦੀ ਵਰਤੋਂ ਕਰੋ।
ਸਮੁੰਦਰੀ ਤੱਟ 'ਤੇ ਜਾਣ ਤੋਂ ਪਹਿਲਾਂ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ, ਜਦੋਂ ਕਿ ਤੁਸੀਂ ਸਫ਼ਰ ਦੌਰਾਨ ਲਿਪਗਲਾਸ, ਪਾਊਡਰ, ਆਈ-ਪੈਨਸਿਲ, ਮਾਸਕਰਾ, ਲਿਪਸਟਿਕ ਵਰਗੇ ਆਮ ਸੁੰਦਰਤਾ ਪ੍ਰਸਾਧਨਾਂ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੀ ਤੇਲੀ ਚਮੜੀ ਹੈ ਅਤੇ ਤੁਸੀਂ ਗਰਮੀਆਂ ਵਿਚ ਆਰਦਰਤਾ ਭਰੇ ਮੌਸਮ ਵਿਚ ਸਫ਼ਰ ਕਰ ਰਹੇ ਹੋ ਤਾਂ ਟਿਸ਼ੂ ਪੇਪਰ, ਟੈਲਕਮ ਪਾਊਡਰ ਅਤੇ ਡਿਓਡਰੈਂਟ ਆਪਣੇ ਨਾਲ ਜ਼ਰੂਰ ਰੱਖੋ। ਸਫ਼ਰ ਦੌਰਾਨ ਸੁੰਦਰਤਾ ਦੇ ਕੁਝ ਨੁਸਖੇ ਤੁਹਾਡੇ ਸਫਰ ਦੇ ਦੌਰਾਨ ਸੁੰਦਰਤਾ ਵਿਚ ਚਾਰ ਚੰਦ ਲਗਾ ਸਕਦੇ ਹਨ। ਜੇ ਤੁਸੀਂ ਬਾਹਰ ਦੇਖਣਯੋਗ ਸਥਾਨਾਂ 'ਤੇ ਘੁੰਮ ਰਹੇ ਹੋ ਤਾਂ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਆਪਣਾ ਚਿਹਰਾ ਤਾਜ਼ੇ ਪਾਣੀ ਨਾਲ ਜ਼ਰੂਰ ਧੋਵੋ। 'ਪਿਕ ਮੀ ਅਪ' ਫੇਸ ਮਾਸਕ ਤੁਹਾਡੀ ਚਮੜੀ ਨੂੰ ਸਾਫ਼, ਚਮਕਦਾਰ ਅਤੇ ਆਕਰਸ਼ਕ ਬਣਾ ਸਕਦਾ ਹੈ। ਇਸ ਨਾਲ ਚਮੜੀ ਦੀ ਥਕਾਨ ਨੂੰ ਮਿਟਾਉਣ ਅਤੇ ਚਮੜੀ ਨੂੰ ਤਰੋਤਾਜ਼ਾ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਸਫਰ ਦੌਰਾਨ 'ਪੀਲ ਆਫ ਮਾਸਕ' ਦੀ ਵਰਤੋਂ ਨਾਲ ਚਮੜੀ ਵਿਚ ਚਮਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਉੱਚੇ ਪਰਬਤੀ ਦਰਸ਼ਨੀ ਸਥਾਨਾਂ, ਖੁਸ਼ਕ ਅਤੇ ਠੰਢੇ ਮੌਸਮ ਦੇ ਦੌਰਾਨ ਵਾਲਾਂ ਵਿਚ ਨਮੀ ਦੀ ਕਮੀ ਆਮ ਹੀ ਪਾਈ ਜਾਂਦੀ ਹੈ। ਇਸ ਮੌਸਮ ਵਿਚ ਹੱਥ ਅਤੇ ਬੁੱਲ੍ਹ ਵੀ ਖੁਸ਼ਕ ਬਣ ਜਾਂਦੇ ਹਨ। ਇਸ ਮੌਸਮ ਵਿਚ ਹੱਥਾਂ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ 'ਤੇ ਦਿਨ ਵਿਚ ਦੋ-ਤਿੰਨ ਵਾਰ ਮਾਇਸਚਰਾਈਜ਼ਰ ਦੀ ਵਰਤੋਂ ਕਰੋ ਅਤੇ ਇਸ ਦੀ ਚਮੜੀ 'ਤੇ ਮਾਲਿਸ਼ ਕਰੋ। ਵਾਲਾਂ ਦੀ ਸੁੰਦਰਤਾ ਲਈ ਸਨਸਕਰੀਨ ਰਹਿਤ ਹੇਅਰ ਕ੍ਰੀਮ, ਹਰਬਲ ਸ਼ੈਂਪੂ, ਕਵਰਲ ਹੇਅਰ ਸੀਰਮ ਅਤੇ ਕੰਡੀਸ਼ਨਰ ਦੀ ਲਗਾਤਾਰ ਵਰਤੋਂ ਕਰੋ। ਵਾਲਾਂ ਨੂੰ ਸੂਰਜ ਦੀਆਂ ਕਿਰਨਾਂ, ਹਵਾ ਦੇ ਝੋਂਕਿਆਂ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈ ਸਕਾਰਫ ਦੀ ਵਰਤੋਂ ਕਰੋ। ਤੇਲੀ ਵਾਲਾਂ ਲਈ ਗਰਮ ਪਾਣੀ ਵਿਚ ਟੀ ਬੈਗ ਡੁਬੋਵੋ। ਟੀ ਬੈਗ ਨੂੰ ਹਟਾ ਕੇ ਬਾਕੀ ਬਚੇ ਪਾਣੀ ਨੂੰ ਠੰਢਾ ਹੋਣ ਦਿਓ ਅਤੇ ਬਾਅਦ ਵਿਚ ਇਸ ਵਿਚ ਨਿੰਬੂ ਰਸ ਮਿਲਾ ਦਿਓ ਅਤੇ ਉਸ ਨਾਲ ਵਾਲਾਂ ਨੂੰ ਸਾਫ਼ ਕਰੋ। ਇਸ ਨਾਲ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿਚ ਮਦਦ ਮਿਲਦੀ ਹੈ।


ਖ਼ਬਰ ਸ਼ੇਅਰ ਕਰੋ

ਆਓ ਫ਼ਜ਼ੂਲ ਖਰਚੀ ਤੋਂ ਬਚੀਏ

ਫ਼ਜ਼ੂਲ ਖਰਚੀ ਦੀ ਪਰਿਭਾਸ਼ਾ ਨਿਸਚਿਤ ਕਰਨ ਲਈ ਨਾਰੀ ਮਨ ਨੂੰ ਥੋੜ੍ਹਾ ਜਿਹਾ ਸਵੈ-ਚਿੰਤਨ ਕਰਨਾ ਪਵੇਗਾ। ਫਜ਼ੂਲ ਖਰਚੀ ਤੋਂ ਭਾਵ ਹੈ ਜਦੋਂ ਸਾਡੇ ਕੋਲ ਜ਼ਰੂਰਤ ਤੋਂ ਵੱਧ ਚੀਜ਼ਾਂ-ਵਸਤਾਂ ਹੋਣ ਪਰ ਫਿਰ ਵੀ ਆਪਣੀ ਤ੍ਰਿਸ਼ਨਾ ਜਾਂ ਲਾਲਸਾ ਨੂੰ ਸ਼ਾਂਤ ਕਰਨ ਲਈ ਹੋਰ ਵਸਤੂਆਂ ਬੇਮਤਲਬ ਹੀ ਖਰੀਦੀ ਜਾਣਾ। ਫਜ਼ੂਲ ਖਰਚੇ ਦੀ ਆਦਤ ਆਮ ਕਰਕੇ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਵਧੇਰੇ ਹੁੰਦੀ ਹੈ, ਖਾਸ ਕਰਕੇ ਜਿਨ੍ਹਾਂ ਔਰਤਾਂ ਨੂੰ ਖਰੀਦਦਾਰੀ ਕਰਨ ਦਾ ਨਸ਼ਾ ਹੁੰਦਾ ਹੈ, ਉਹ ਫਜ਼ੂਲ ਖਰਚੇ ਦਾ ਅਸਾਨੀ ਨਾਲ ਸ਼ਿਕਾਰ ਹੋ ਜਾਂਦੀਆਂ ਹਨ। ਮਨੋਵਿਗਿਆਨਕ ਮੰਨਦੇ ਹਨ ਕਿ ਫਜ਼ੂਲ ਖਰਚੀ ਕਰਨ ਵਾਲੀਆਂ ਔਰਤਾਂ ਇਕ ਤਰ੍ਹਾਂ ਨਾਲ ਹੀਣ ਭਾਵਨਾ ਦਾ ਸ਼ਿਕਾਰ ਹੁੰਦੀਆਂ ਹਨ। ਉਹ ਘਰ-ਪਰਿਵਾਰ ਜਾਂ ਦਫ਼ਤਰ ਆਦਿ ਵਿਖੇ ਆਪਣੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਫਜ਼ੂਲ ਖਰਚਾ ਕਰਕੇ ਕੱਪੜਾ, ਗਹਿਣਾ ਜਾਂ ਹੋਰ ਸ਼ਿੰਗਾਰ ਦੀਆਂ ਵਸਤੂਆਂ ਖਰੀਦ ਕੇ ਆਪਣੀ ਸਰੀਰਕ ਸੁੰਦਰਤਾ ਵਧਾਉਣਾ ਚਾਹੁੰਦੀਆਂ ਹਨ। ਉਨ੍ਹਾਂ ਲਈ ਫਜ਼ੂਲ ਦੀ ਸ਼ਾਪਿੰਗ ਕਰਨਾ ਮੱਲ੍ਹਮ ਦਾ ਕੰਮ ਕਰਦਾ ਹੈ। ਦੁਕਾਨ 'ਤੇ ਜਾ ਕੇ ਮਨਮਰਜ਼ੀ ਨਾਲ ਖਰੀਦਦਾਰੀ ਕਰਨਾ ਬਿਨਾਂ ਕਿਸੇ ਬਜਟ ਜਾਂ ਸੀਮਾ ਦੇ ਤੇ ਬਿਨਾਂ ਕਿਸੇ ਲੋੜ ਤੋਂ ਸਾਮਾਨ ਖਰੀਦੀ ਜਾਣਾ, ਫਜ਼ੂਲ ਖਰਚਾ ਕਰਨ ਵਾਲੇ ਵਿਅਕਤੀ ਦਾ ਵਿਸ਼ੇਸ਼ ਲੱਛਣ ਹੈ। ਮਹਿੰਗੇ-ਮਹਿੰਗੇ ਕੱਪੜੇ ਜਾਂ ਗਹਿਣੇ, ਖਾਸ ਕਰਕੇ ਆਪਣੇ ਵਿੱਤੋਂ ਬਾਹਰੇ ਜਦ ਅਸੀਂ ਖਰੀਦਦੇ ਹਾਂ ਤਾਂ ਸ਼ਾਇਦ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਕਰਦੇ ਹਾਂ, ਨਾ ਕਿ ਆਪਣੀ ਲੋੜ ਨੂੰ ਪੂਰਾ ਕਰਨ ਲਈ। ਕਈ ਵਾਰ ਅਜਿਹਾ ਕਰਦਿਆਂ ਹਜ਼ਾਰਾਂ ਰੁਪਏ ਦੀ ਹਾਨੀ ਹੋ ਜਾਂਦੀ ਹੈ ਅਤੇ ਜ਼ਰੂਰੀ ਕੰਮਾਂ ਲਈ ਧਨ ਇਕੱਠਾ ਨਹੀਂ ਹੋ ਸਕਦਾ। ਕੀ ਤੁਸੀਂ ਫਜ਼ੂਲ ਖਰਚਾ ਕਰਦੇ ਹੋ? ਆਓ, ਵਿਚਾਰ ਕਰੀਏ-
1. ਕੀ ਕਿਸੇ ਦੁਕਾਨ ਉੱਪਰ ਤੁਹਾਡਾ ਉਧਾਰ ਚਲਦਾ ਹੈ?
2. ਕੀ ਤੁਸੀਂ ਪਤੀ ਤੋਂ ਲੁਕ ਕੇ ਖਰੀਦਦਾਰੀ ਕਰਦੇ ਹੋ?
3. ਕੀ ਤੁਸੀਂ ਨਵੇਂ ਕੱਪੜੇ ਖਰੀਦ ਲੈਂਦੇ ਹੋ ਪਰ ਉਨ੍ਹਾਂ ਨੂੰ ਪਹਿਨਣ ਦੀ ਵਾਰੀ ਕਦੇ ਆਉਂਦੀ ਹੀ ਨਹੀਂ?
4. ਕੀ ਤੁਸੀਂ ਕਿਸੇ ਦੁਕਾਨ ਵਿਚ ਜਾਣ ਦਾ ਮਤਲਬ ਕੁਝ ਖਰੀਦਣਾ ਹੀ ਸਮਝਦੇ ਹੋ? ਭਾਵੇਂ ਤੁਹਾਨੂੰ ਕਿਸੇ ਵਸਤੂ ਦੀ ਜ਼ਰੂਰਤ ਨਾ ਵੀ ਹੋਵੇ।
5 ਕੀ ਖਰੀਦਦਾਰੀ ਕਰਨ ਦੇ ਚਾਅ ਵਿਚ ਤੁਸੀਂ ਆਪਣੇ ਜ਼ਰੂਰੀ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਮਿਲਣਾ ਮੁਲਤਵੀ ਕਰਦੇ ਹੋ?
6. ਕੀ ਖਰੀਦਦਾਰੀ ਕਰਨ ਤੋਂ ਬਿਨਾਂ ਤੁਸੀਂ ਆਪਣੇ-ਆਪ ਨੂੰ ਸੁਸਤ ਮਹਿਸੂਸ ਕਰਦੇ ਹੋ?
ਜੇਕਰ ਉਪਰੋਕਤ ਪ੍ਰਸ਼ਨਾਂ ਵਿਚੋਂ ਤਿੰਨ ਸਵਾਲਾਂ ਦਾ ਜਵਾਬ ਤੁਸੀਂ 'ਹਾਂ' ਵਿਚ ਦਿੰਦੇ ਹੋ ਤਾਂ ਤੁਸੀਂ ਫਜ਼ੂਲ ਖਰਚਾ ਕਰਨ ਵਾਲੇ ਹੋ।
ਫਜ਼ੂਲ ਖਰਚਾ ਕਰਨ ਨਾਲ ਪੂਰੇ ਪਰਿਵਾਰ ਦੇ ਬਜਟ ਉੱਪਰ ਪ੍ਰਭਾਵ ਪੈਂਦਾ ਹੈ, ਇਸ ਲਈ ਔਰਤ ਘਰ ਦੀ ਹੋਮ ਮੈਨੇਜਰ ਹੈ ਤਾਂ ਉਸ ਨੂੰ ਪਤੀ ਦੀ ਕਮਾਈ ਜਾਂ ਜੇਕਰ ਉਹ ਖੁਦ ਕਮਾਉਂਦੀ ਹੈ ਤਾਂ ਆਪਣੀ ਕਮਾਈ ਦੀ ਕਦਰ ਕਰਦਿਆਂ ਹੋਇਆਂ ਹਮੇਸ਼ਾ ਲੋੜ ਮੁਤਾਬਿਕ ਹੀ ਵਸਤੂਆਂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ। ਫਜ਼ੂਲ ਖਰਚੇ ਤੋਂ ਕਿਵੇਂ ਬਚੀਏ, ਇਹ ਵੀ ਸੋਚਣ ਦਾ ਵਿਸ਼ਾ ਹੈ-
* ਸਭ ਤੋਂ ਪਹਿਲਾਂ ਤਾਂ ਬਾਜ਼ਾਰ ਜਾਣ ਸਮੇਂ ਇਕ ਸੂਚੀ ਤਿਆਰ ਕਰਨੀ ਚਾਹੀਦੀ ਹੈ ਕਿ ਕਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਹਨ। ਪਹਿਲਾਂ ਉਹ ਖਰੀਦੋ ਤੇ ਫਿਰ ਗ਼ੈਰ-ਜ਼ਰੂਰੀ ਵੱਲ ਧਿਆਨ ਦਿਓ। ਬਾਜ਼ਾਰ ਜਾਣ ਤੋਂ ਪਹਿਲਾਂ ਆਪਣੀ ਅਲਮਾਰੀ ਅਤੇ ਬਕਸਿਆਂ ਵਿਚ ਪਏ ਕੱਪੜੇ ਆਦਿ ਨੂੰ ਕੱਢ ਕੇ ਦੇਖਿਆ ਜਾਵੇ ਕਿ ਕਿੰਨੀ ਕੁ ਹੋਰ ਲੋੜ ਹੈ।
* ਕੋਸ਼ਿਸ਼ ਕਰੋ ਕਿ ਉਧਾਰ ਤੋਂ ਬਚਿਆ ਜਾਵੇ। 'ਹੁਣ ਖਰੀਦ ਲਓ, ਬਾਅਦ ਵਿਚ ਵੇਖੀ ਜਾਵੇਗੀ' ਵਰਗੀ ਭਾਵਨਾ ਕੱਢ ਕੇ ਹੀ ਸਿਆਣਪ ਨਾਲ ਫਜ਼ੂਲ ਖਰਚੀ ਦੇ ਨਸ਼ੇ ਤੋਂ ਬਚਿਆ ਜਾ ਸਕਦਾ ਹੈ।
* ਆਪਣੇ ਤਣਾਅ ਜਾਂ ਗੁੱਸੇ ਨੂੰ ਦੂਰ ਕਰਨ ਲਈ ਕਈ ਔਰਤਾਂ ਬਾਜ਼ਾਰ ਖਰੀਦਦਾਰੀ ਕਰਨ ਚਲੀਆਂ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਅਜਿਹਾ ਕਰਕੇ ਖੁਸ਼ੀ ਮਿਲਦੀ ਹੈ ਪਰ ਅਜਿਹੀ ਸੋਚ ਕੇਵਲ ਵਕਤੀ ਹੈ, ਅਸਲੀ ਖੁਸ਼ੀ ਤਾਂ ਮਨ ਦੀ ਹੈ, ਉਹ ਲੱਭਣੀ ਚਾਹੀਦੀ ਹੈ। ਮੂਲ ਸਮੱਸਿਆ ਵੱਲ ਧਿਆਨ ਦੇ ਕੇ ਉਸ ਦਾ ਹੱਲ ਲੱਭਣਾ ਜ਼ਰੂਰੀ ਹੈ, ਨਾ ਕਿ ਖਰੀਦਦਾਰੀ ਕਰਕੇ ਤਣਾਅ ਦੂਰ ਕਰਨਾ।
* ਕਿਸੇ ਚੰਗੇ ਮੌਕੇ ਦਾ ਇੰਤਜ਼ਾਰ ਕਰਕੇ ਖਰੀਦਦਾਰੀ ਕਰੋ। ਕੋਈ ਵਿਆਹ-ਸ਼ਾਦੀ, ਜਨਮ ਦਿਨ ਉਦੋਂ ਤੁਸੀਂ ਆਪਣੀ ਲੋੜ ਮੁਤਾਬਿਕ ਖੁੱਲ੍ਹ ਕੇ ਖਰੀਦਦਾਰੀ ਕਰੋ। ਪਰ ਨਿੱਕੀਆਂ-ਨਿੱਕੀਆਂ ਵਸਤੂਆਂ ਖਰੀਦ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਸੰਕੋਚ ਕਰਨਾ ਜ਼ਰੂਰੀ ਹੈ।
* ਫਜ਼ੂਲ ਖਰਚੇ ਤੋਂ ਬਚਣ ਲਈ ਸਵੈ-ਕਾਬੂ ਬਹੁਤ ਹੀ ਜ਼ਰੂਰੀ ਹੈ। ਬਾਜ਼ਾਰ ਵਿਚ ਪਈਆਂ ਚੀਜ਼ਾਂ, ਕੱਪੜਿਆਂ, ਗਹਿਣਿਆਂ ਆਦਿ ਦੀ ਤਾਂ ਕੋਈ ਸੀਮਾ ਹੀ ਨਹੀਂ। ਉਂਜ ਵੀ ਫੈਸ਼ਨ ਦੇ ਨਾਲ ਚੱਲਣਾ ਸੌਖਾ ਨਹੀਂ। ਆਪਣੀ ਜੇਬ ਦੇਖ ਕੇ ਚੱਲਣਾ ਜ਼ਿਆਦਾ ਜ਼ਰੂਰੀ ਹੈ।
ਇਥੇ ਮੇਰਾ ਭਾਵ ਇਹ ਵੀ ਨਹੀਂ ਕਿ ਕੰਜੂਸੀ ਕਰਕੇ ਜਾਂ ਮਨ ਮਾਰ ਕੇ ਜ਼ਿੰਦਗੀ ਕੱਟੀ ਜਾਵੇ, ਸਗੋਂ ਮੇਰਾ ਸੁਝਾਅ ਹੈ ਕਿ ਆਪਣੀਆਂ ਲੋੜਾਂ ਮੌਕਿਆਂ ਅਤੇ ਜੇਬਾਂ ਦੇ ਅਨੁਸਾਰ ਖਰੀਦਦਾਰੀ ਕਰਨ ਵਿਚ ਹੀ ਸਮਝਦਾਰੀ ਹੈ। ਜ਼ਰੂਰੀ ਵਸਤੂਆਂ ਉੱਪਰ ਕਟੌਤੀ ਕਰਨਾ ਵੀ ਜ਼ਿੰਦਗੀ ਨੂੰ ਨੀਰਸ ਬਣਾ ਦਿੰਦਾ ਹੈ ਪਰ ਫਜ਼ੂਲ ਖਰਚਾ ਵੀ ਜ਼ਿੰਦਗੀ ਵਿਚ ਭਟਕਣਾ ਅਤੇ ਹੋਰ-ਹੋਰ ਦੀ ਲਾਲਸਾ ਵਧਾ ਕੇ ਮਾਨਸਿਕ ਸ਼ਾਂਤੀ ਖ਼ਤਮ ਕਰ ਦਿੰਦਾ ਹੈ। ਜਦੋਂ ਅਸੀਂ ਫਜ਼ੂਲ ਖਰਚੀ ਦੇ ਕਾਰਨ ਅਤੇ ਖ਼ਤਰੇ ਪਛਾਣ ਲਵਾਂਗੇ, ਆਪਣੇ ਘਰ ਦੇ ਬਜਟ ਅਨੁਸਾਰ ਖਰਚਿਆਂ ਵਿਚ ਸੰਤੁਲਨ ਕਰਨਾ ਸਿੱਖ ਜਾਵਾਂਗੇ ਤਾਂ ਜ਼ਿੰਦਗੀ ਹੋਰ ਸੁਖਾਵੀਂ ਹੋ ਜਾਵੇਗੀ।


-ਐੱਚ. ਐੱਮ. ਵੀ., ਜਲੰਧਰ।

ਤੁਹਾਡੇ ਵਿਚ ਕਿੰਨਾ ਹੈ ਮੁਸ਼ਕਿਲਾਂ ਨੂੰ ਪਾਰ ਕਰਨ ਦਾ ਹੌਸਲਾ?

1. ਤੁਸੀਂ ਠੀਕ ਸਮੇਂ 'ਤੇ ਦਫ਼ਤਰ ਪਹੁੰਚਣ ਲਈ ਇਕ ਤੈਅਸ਼ੁਦਾ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਜਾ ਰਹੇ ਹੋ, ਅਚਾਨਕ ਕਾਰ ਖ਼ਰਾਬ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ-
(ਕ) ਪ੍ਰੇਸ਼ਾਨ ਹੋ ਜਾਓਗੇ ਪਰ ਇਹ ਸੋਚ ਕੇ ਦਫ਼ਤਰ ਵਿਚ ਬੌਸ ਨੂੰ ਫੋਨ ਨਹੀਂ ਕਰੋਗੇ ਕਿ ਉਹ ਇਸ ਨੂੰ ਤੁਹਾਡਾ ਇਕ ਬਹਾਨਾ ਸਮਝਣਗੇ।
(ਖ) ਸਥਿਤੀ ਦਾ ਅੰਦਾਜ਼ਾ ਲਗਾਉਂਦੇ ਹੀ ਸਭ ਤੋਂ ਪਹਿਲਾਂ ਦਫ਼ਤਰ ਫੋਨ ਕਰੋਗੇ ਅਤੇ ਫਿਰ ਆਪਣੇ ਨਿਯਮਤ ਕਾਰ ਮਕੈਨਿਕ ਨਾਲ ਗੱਲ ਕਰੋਗੇ ਤਾਂ ਕਿ ਸਥਿਤੀ ਨਾਲ ਨਿਪਟਣ ਲਈ ਠੀਕ ਸਲਾਹ ਮਿਲ ਸਕੇ।
(ਗ) ਪਤੀ ਨੂੰ ਫੋਨ ਕਰੋਗੇ ਅਤੇ ਕਹੋਗੇ ਉਹ ਛੇਤੀ ਤੋਂ ਛੇਤੀ ਤੁਹਾਡੇ ਕੋਲ ਪਹੁੰਚ ਜਾਣ।
2. ਹਰ ਦਿਨ ਤੁਸੀਂ ਆਪਣੇ ਬੱਚੇ ਨੂੰ ਲੈਣ ਬੱਸ ਅੱਡੇ ਤੱਕ ਜਾਂਦੇ ਹੋ। ਇਕ ਦਿਨ ਤੁਸੀਂ ਦੇਖਦੇ ਹੋ ਕਿ ਕੋਈ ਲਗਾਤਾਰ ਤੁਹਾਡੇ ਪਿੱਛੇ-ਪਿੱਛੇ ਆ ਰਿਹਾ ਹੈ। ਅਜਿਹੇ ਵਿਚ ਤੁਸੀਂ-
(ਕ) ਘਬਰਾ ਕੇ ਪਤੀ ਨੂੰ ਫੋਨ ਕਰੋਗੇ ਅਤੇ ਕਹੋਗੇ ਕਿ ਕੱਲ੍ਹ ਤੋਂ ਤੁਸੀਂ ਬੱਚੇ ਨੂੰ ਬੱਸ ਅੱਡੇ ਤੋਂ ਲੈਣ ਨਹੀਂ ਜਾਓਗੇ।
(ਖ) ਇਹ ਜਾਣ ਕੇ ਕਿ ਕੋਈ ਤੁਹਾਡਾ ਪਿੱਛਾ ਕਰ ਰਿਹਾ ਹੈ, ਰਣਨੀਤੀ ਦੇ ਚਲਦੇ ਕੁਝ ਮਿੰਟਾਂ ਲਈ ਕਿਸੇ ਦੁਕਾਨ ਵਿਚ ਰੁਕ ਜਾਓਗੇ ਤਾਂ ਕਿ ਦੇਖ ਸਕੋਂ ਕਿ ਉਹ ਵਿਅਕਤੀ ਕੀ ਕਰਦਾ ਹੈ?
(ਗ) ਸੁਚੇਤ ਰਹੋਗੇ ਪਰ ਆਤਮਵਿਸ਼ਵਾਸ ਨਾਲ ਭਰੇ ਹੋਵੋਗੇ ਤਾਂ ਕਿ ਜੇ ਪਿੱਛਾ ਕਰਨ ਵਾਲਾ ਵਿਅਕਤੀ ਕੋਈ ਹਰਕਤ ਕਰੇ ਤਾਂ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ।
3. ਕਈ ਮਹੀਨਿਆਂ ਤੋਂ ਤੁਸੀਂ ਦਫ਼ਤਰ ਆਉਣ-ਜਾਣ ਲਈ ਸਕੂਟੀ ਖਰੀਦਣੀ ਚਾਹੁੰਦੇ ਹੋ ਪਰ ਅੰਤਿਮ ਫੈਸਲਾ ਨਹੀਂ ਕਰ ਸਕੇ, ਕਿਉਂਕਿ-
(ਕ) ਤੁਹਾਨੂੰ ਲਗਦਾ ਹੈ ਪ੍ਰਾਈਵੇਟ ਨੌਕਰੀ ਦਾ ਕੀ ਪਤਾ ਕਦੋਂ ਛੁੱਟ ਜਾਵੇ, ਫਿਰ ਕਿਸ਼ਤਾਂ ਕਿਵੇਂ ਦੇਵਾਂਗੇ।
(ਖ) ਸੋਚਦੇ ਹੋ ਪਹਿਲਾਂ ਇਕ ਵੱਡੀ ਰਕਮ ਇਕੱਠੀ ਕਰ ਲਵਾਂ, ਫਿਰ ਖਰੀਦ ਲਵਾਂਗੀ।
(ਗ) ਇਕ ਉਮਰ ਹੋ ਗਈ ਹੈ, ਇਸ ਲਈ ਸੋਚਦੇ ਹੋ ਪਤਾ ਨਹੀਂ ਸਕੂਟੀ ਸਹੀ ਤਰ੍ਹਾਂ ਸਿੱਖ ਸਕਾਂਗੀ ਜਾਂ ਨਹੀਂ।
4. ਕਾਫੀ ਰਾਤ ਲੰਘ ਚੁੱਕੀ ਹੈ ਪਰ ਤੁਹਾਡੀ ਬੇਟੀ ਜੋ ਸ਼ਾਮ ਹੁੰਦੇ ਹੀ ਦਫ਼ਤਰੋਂ ਘਰ ਪਹੁੰਚ ਜਾਂਦੀ ਸੀ, ਅੱਜ ਨਹੀਂ ਪਹੁੰਚੀ ਅਤੇ ਉਸ ਦਾ ਫੋਨ ਵੀ ਨਹੀਂ ਮਿਲ ਰਿਹਾ। ਅਜਿਹੇ ਵਿਚ ਤੁਸੀਂ-
(ਕ) ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓਗੇ ਅਤੇ ਆਪਣੀ ਘਬਰਾਹਟ ਨਾਲ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਡਰਾ ਦਿਓਗੇ।
(ਖ) ਲੜਕੀ ਦੇ ਵਿਸ਼ਵਾਸਯੋਗ ਦੋਸਤਾਂ ਨੂੰ ਫੋਨ ਕਰਕੇ ਜਾਨਣ ਦੀ ਕੋਸ਼ਿਸ਼ ਕਰੋਗੇ ਕਿ ਲੜਕੀ ਏਨੀ ਦੇਰ ਹੋਣ ਤੋਂ ਬਾਅਦ ਵੀ ਕਿਉਂ ਨਹੀਂ ਆਈ? ਕੀ ਵਜ੍ਹਾ ਹੋ ਸਕਦੀ ਹੈ?
(ਗ) ਚਿੰਤਤ ਤਾਂ ਹੋਵੋਗੇ ਪਰ ਹਾਲਾਤ ਨੂੰ ਚਿੰਤਾਮਈ ਨਹੀਂ ਹੋਣ ਦਿਓਗੇ, ਕਿਉਂਕਿ ਪਤਾ ਨਹੀਂ ਕਿ ਦੇਰ ਦੀ ਕੀ ਵਜ੍ਹਾ ਹੋਵੇ।
5. ਤੁਹਾਡੀ ਕੰਪਨੀ ਵਿਚ ਜਿਨ੍ਹਾਂ ਨੂੰ ਕੰਪਿਊਟਰ 'ਤੇ ਕੰਮ ਕਰਨਾ ਨਹੀਂ ਆਉਂਦਾ, ਉਨ੍ਹਾਂ ਲਈ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਇਕ ਮਹੀਨੇ ਦੇ ਅੰਦਰ ਕੰਮ ਕਰਨ ਲਈ ਯੋਗ ਕੰਪਿਊਟਰ ਸਿੱਖੋ ਜਾਂ ਨੌਕਰੀ ਛੱਡ ਦਿਓ, ਤਾਂ ਕਿ ਸਹੀ ਵਿਅਕਤੀ ਨੂੰ ਰੱਖਿਆ ਜਾ ਸਕੇ। ਇਸ 'ਤੇ ਤੁਸੀਂ-
(ਕ) ਇਕ ਮਹੀਨੇ ਦੀ ਸਿਖਲਾਈ ਲੈ ਕੇ ਆਪਣੀ ਜਗ੍ਹਾ ਪੱਕੀ ਬਣਾਉਣ ਬਾਰੇ ਸੋਚੋਗੇ।
(ਖ) ਇਕ ਮਹੀਨੇ ਵਿਚ ਕਿਥੇ ਕੰਮਕਾਜ ਦੇ ਯੋਗ ਸਿੱਖ ਹੋਣਾ, ਇਹ ਸੋਚ ਕੇ ਅਸਤੀਫਾ ਦੇ ਦਿਓਗੇ ਤਾਂ ਕਿ ਤੈਅਸ਼ੁਦਾ ਲਾਭ ਮਿਲ ਸਕੇ।
(ਗ) ਇਸ ਸਬੰਧ ਵਿਚ ਅਨੁਮਾਨ ਲਗਾ ਕੇ ਕੁਝ ਨਹੀਂ ਸੋਚੋਗੇ। ਮੰਨ ਕੇ ਚੱਲੋਗੇ ਕਿ ਜਦੋਂ ਅਜਿਹੀਆਂ ਸਥਿਤੀਆਂ ਨਾਲ ਸਾਹਮਣਾ ਹੋਵੇਗਾ, ਉਦੋਂ ਕੋਈ ਨਾ ਕੋਈ ਰਾਹ ਮਿਲ ਜਾਵੇਗਾ।
ਨਤੀਜਾ : ਜੇ ਤੁਸੀਂ ਇਮਾਨਦਾਰੀ ਨਾਲ ਸਵਾਲਾਂ ਦੇ ਉਨ੍ਹਾਂ ਜਵਾਬਾਂ 'ਤੇ ਟਿਕ ਕੀਤਾ ਹੈ, ਜੋ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਤੁਹਾਡੇ ਆਤਮਵਿਸ਼ਵਾਸ ਦਾ ਲੇਖਾ-ਜੋਖਾ ਕੁਝ ਇਸ ਤਰ੍ਹਾਂ ਹੈ-
(ਕ) ਜੇ ਤੁਸੀਂ ਜੋ ਅੰਕ ਹਾਸਲ ਕੀਤੇ ਹਨ, ਉਨ੍ਹਾਂ ਦਾ ਜੋੜ 10 ਤੋਂ ਘੱਟ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਕੋਈ ਅਜ਼ਮਾਇਆ ਹੋਇਆ ਮਜ਼ਬੂਤ ਹੌਸਲਾ ਨਹੀਂ ਹੈ। ਹਾਲਤਾਂ ਨੂੰ ਦੇਖ ਕੇ ਤੁਹਾਡੇ ਫ਼ੈਸਲੇ ਬਦਲਦੇ ਹਨ। ਇਸ ਦਾ ਮਤਲਬ ਤੁਹਾਡਾ ਆਤਮਵਿਸ਼ਵਾਸ ਕਾਫੀ ਘੱਟ ਹੈ।
(ਖ) ਜੇ ਤੁਹਾਡੇ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿਚ ਆਤਮਵਿਸ਼ਵਾਸ ਹੈ ਪਰ ਵੱਖ-ਵੱਖ ਹਾਲਤਾਂ ਵਿਚ ਵੱਖ-ਵੱਖ ਢੰਗ ਨਾਲ ਫੈਸਲਾ ਲੈਂਦੇ ਹੋ।
(ਗ) ਜੇ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਬਿਨਾਂ ਸ਼ੱਕ ਮੁਸ਼ਕਿਲਾਂ ਦੇ ਸਮੇਂ ਹਰ ਹਾਲਾਤ ਨਾਲ ਜੂਝਣ ਦਾ ਤੁਹਾਡੇ ਵਿਚ ਹੌਸਲਾ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਪਰਫਿਊਮ ਨਾਲ ਮਹਿਕਾਓ ਤਨ, ਮਨ ਨੂੰ

* ਚਮੜੀ ਦੇ ਅਨੁਰੂਪ ਹੀ ਪਰਫਿਊਮ ਦੀ ਵਰਤੋਂ ਕਰੋ। ਖੁਸ਼ਕ ਚਮੜੀ 'ਤੇ ਪਰਫਿਊਮ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਤੇਲਯੁਕਤ ਹੁੰਦੇ ਹਨ।
* ਪਰਫਿਊਮ ਦੀ ਵਰਤੋਂ ਸਰੀਰ 'ਤੇ ਕਰਨੀ ਚਾਹੀਦੀ ਹੈ, ਕੱਪੜਿਆਂ 'ਤੇ ਨਹੀਂ, ਕਿਉਂਕਿ ਇਸ ਵਿਚ ਮੌਜੂਦ ਰਸਾਇਣ ਕੱਪੜਿਆਂ ਨੂੰ ਖਰਾਬ ਕਰ ਸਕਦੇ ਹਨ।
* ਸਰੀਰ ਦੇ ਸਭ ਅੰਗਾਂ 'ਤੇ ਪਰਫਿਊਮ ਲਗਾਉਣਾ ਚਾਹੀਦਾ ਹੈ, ਇਕ ਹੀ ਜਗ੍ਹਾ 'ਤੇ ਨਹੀਂ।
* ਪਰਫਿਊਮ ਦੀ ਵਰਤੋਂ ਨਹਾਉਣ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਸਾਡੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਉਹ ਖੁਸ਼ਬੂ ਨੂੰ ਛੇਤੀ ਗ੍ਰਹਿਣ ਕਰ ਲੈਂਦੇ ਹਨ।
* ਪਰਫਿਊਮ ਹਮੇਸ਼ਾ ਟਖਨਿਆਂ 'ਤੇ, ਕੰਨਾਂ ਦੇ ਪਿੱਛੇ, ਗੁੱਟ 'ਤੇ, ਕੂਹਣੀਆਂ 'ਤੇ ਅਤੇ ਹਥੇਲੀਆਂ 'ਤੇ ਲਗਾਓ।
* ਪਰਫਿਊਮ ਦੀ ਖੁਸ਼ਬੂ ਦਾ ਅਹਿਸਾਸ ਜ਼ਿਆਦਾ ਦੇਰ ਤੱਕ ਰੱਖਣਾ ਚਾਹੁੰਦੇ ਹੋ ਤਾਂ ਸਿਰ ਦੇ ਉੱਪਰ ਸਪਰੇਅ ਕਰੋ। ਇਸ ਨਾਲ ਖੁਸ਼ਬੂ ਤੁਹਾਡੇ ਵਾਲਾਂ, ਸਰੀਰ ਅਤੇ ਕੱਪੜਿਆਂ 'ਤੇ ਫੈਲ ਜਾਵੇਗੀ।
* ਪਰਫਿਊਮ ਦੀ ਵਰਤੋਂ ਜਿਊਲਰੀ ਦੇ ਆਸ-ਪਾਸ ਨਾ ਕਰੋ, ਕਿਉਂਕਿ ਇਸ ਵਿਚ ਮੌਜੂਦ ਅਲਕੋਹਲ ਜਿਊਲਰੀ ਨੂੰ ਕਾਲਾ ਕਰ ਦਿੰਦਾ ਹੈ।
* ਜ਼ਖਮ ਵਾਲੀ ਜਗ੍ਹਾ ਤੋਂ ਵੀ ਪਰਫਿਊਮ ਦੀ ਸਪਰੇਅ ਨੂੰ ਦੂਰ ਰੱਖਣਾ ਚਾਹੀਦਾ ਹੈ।
* ਨਹਾਉਣ ਅਤੇ ਸਰੀਰ 'ਤੇ ਲਗਾਉਣ ਵਾਲੇ ਸਾਬਣ, ਡਿਓ, ਪਾਊਡਰ, ਲੋਸ਼ਨ ਇਕ ਹੀ ਖੁਸ਼ਬੂ ਵਾਲੇ ਹੋਣੇ ਚਾਹੀਦੇ ਹਨ।
* ਜੇ ਤੁਹਾਨੂੰ ਖੁਸ਼ਬੂ ਵਾਲੀ ਚੀਜ਼ ਤੋਂ ਅਲਰਜੀ ਹੈ ਤਾਂ ਪਰਫਿਊਮ ਦੀ ਵਰਤੋਂ ਕਦੇ ਨਾ ਕਰੋ।
* ਲਿਪਸਟਿਕ ਲਗਾਉਣ ਤੋਂ ਬਾਅਦ ਬੁੱਲ੍ਹਾਂ 'ਤੇ ਪਰਫਿਊਮ ਦਾ ਟਚ ਦਿੱਤਾ ਜਾ ਸਕਦਾ ਹੈ।
* ਪਰਫਿਊਮ ਖਰੀਦਦੇ ਸਮੇਂ ਉਸ ਨੂੰ ਪਹਿਲਾਂ ਚਮੜੀ 'ਤੇ ਜ਼ਰੂਰ ਲਗਾਓ, ਕਿਉਂਕਿ ਸਾਰੇ ਪਰਫਿਊਮ ਹਰੇਕ ਚਮੜੀ ਨੂੰ ਸਹੀ ਨਹੀਂ ਬੈਠਦੇ।


-ਸ਼ੈਲੀ ਮਾਥੁਰ

ਗਰਮੀਆਂ ਦੀਆਂ ਛੁੱਟੀਆਂ ਮਨਾਉਣ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਗਰਮੀਆਂ ਵਿਚ ਘੁੰਮਣ ਜਾਣ ਤੋਂ ਪਹਿਲਾਂ ਇਸ ਮੌਸਮ ਦੇ ਅਨੁਕੂਲ ਕੱਪੜੇ ਪੈਕ ਕਰਨ ਤੋਂ ਲੈ ਕੇ ਸਨੈਕ ਪੈਕ ਕਰਨ ਅਤੇ ਕਈ ਹੋਰ ਚੀਜ਼ਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।
* ਗਰਮੀਆਂ ਵਿਚ ਜੇ ਤੁਹਾਡੀ ਯੋਜਨਾ ਘੁੰਮਣ-ਫਿਰਨ ਦੀ ਹੈ ਤਾਂ ਆਰਾਮਦਾਇਕ ਕੱਪੜੇ ਹੀ ਨਾਲ ਲੈ ਕੇ ਜਾਓ। ਸੂਤੀ ਕੱਪੜੇ, ਢਿੱਲੇ ਟਾਪਸ, ਆਰਾਮਦਾਇਕ ਜੁੱਤੀਆਂ ਨੂੰ ਪੈਕ ਕਰੋ। ਅੱਖਾਂ ਦੀ ਸੁਰੱਖਿਆ ਲਈ ਸਨਗਲਾਸ ਅਤੇ ਧੁੱਪ ਤੋਂ ਚਮੜੀ ਨੂੰ ਬਚਾਉਣ ਲਈ ਸਨਸਕ੍ਰੀਨ ਲਿਜਾਣਾ ਨਾ ਭੁੱਲੋ।
* ਸੜਕਾਂ 'ਤੇ ਲੱਗਣ ਵਾਲੇ ਭੋਜਨ ਦੇ ਸਟਾਲਾਂ ਤੋਂ ਖਾਣਾ ਨਾ ਖਾਓ। ਇਸ ਨਾਲ ਗੈਸ ਬਣਨ, ਅਪਚ ਅਤੇ ਡਿਹਾਈਡ੍ਰੇਸ਼ਨ ਹੋ ਸਕਦੀ ਹੈ। ਜ਼ਿਆਦਾ ਤੇਲੀ ਭੋਜਨ ਦਾ ਸੇਵਨ ਨਾ ਕਰੋ, ਇਸ ਦੀ ਬਜਾਏ ਠੰਢੇ ਅਤੇ ਤਰਲ ਪਦਾਰਥ ਜਿਵੇਂ ਰਸ, ਤਰਬੂਜ ਆਦਿ ਦਾ ਸੇਵਨ ਕਰੋ।
* ਆਪਣੇ ਨਾਲ ਕੁਝ ਦਵਾਈਆਂ ਵੀ ਲੈ ਜਾਓ, ਜਿਵੇਂ ਅਪਚ, ਉਲਟੀ ਨੂੰ ਰੋਕਣ ਵਾਲੀ ਗੋਲੀ, ਓਰਲ ਰਿਹਾਈਡ੍ਰੇਸ਼ਨ ਪਾਊਡਰ ਆਦਿ।
* ਥਕਾਵਟ ਤੋਂ ਬਚਣ ਲਈ ਵਿਚ-ਵਿਚ ਰੁਕ ਕੇ ਥੋੜ੍ਹਾ ਆਰਾਮ ਵੀ ਕਰ ਲਓ।
* ਜੇ ਤੁਸੀਂ ਗਰਭਵਤੀ ਹੋ ਤਾਂ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ, ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹੋ ਅਤੇ ਕੁਝ ਹਲਕਾ ਭੋਜਨ ਵੀ ਆਪਣੇ ਨਾਲ ਰੱਖੋ ਅਤੇ ਵਿਚ-ਵਿਚ ਖਾਂਦੇ ਰਹੋ ਤਾਂ ਕਿ ਤੁਹਾਨੂੰ ਅਤੇ ਤੁਹਾਡੇ ਅੰਦਰ ਪਲ ਰਹੇ ਬੱਚੇ ਨੂੰ ਭੁੱਖ ਮਹਿਸੂਸ ਨਾ ਹੋਵੇ।
* ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਜਾਂ ਘਰੇਲੂ ਯਾਤਰਾ ਕਰਨ ਤੋਂ ਪਹਿਲਾਂ ਕਿਸੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਓ।


-ਆਈ. ਏ. ਐਨ. ਐਸ., ਨਵੀਂ ਦਿੱਲੀ।

ਗੱਲਾਂ ਕੁਝ ਕੰਮ ਦੀਆਂ

* ਪੂੜੀ ਨਰਮ ਬਣਾਉਣ ਲਈ ਆਟਾ ਗੁੰਨ੍ਹਦੇ ਸਮੇਂ ਥੋੜ੍ਹੀ ਖੰਡ ਮਿਲਾ ਦਿਓ। * ਸਬਜ਼ੀ ਵਿਚ ਨਵਾਂ ਸਵਾਦ ਲਿਆਉਣ ਲਈ ਪੀਸੇ ਹੋਏ ਮਿਸ਼ਰਣ ਨੂੰ ਘਿਓ ਵਿਚ ਪਾਉਣ ਤੋਂ ਬਾਅਦ ਇਕ ਵੱਡਾ ਚਮਚ ਮਲਾਈ ਪਾ ਕੇ ਮਸਾਲਾ ਭੁੰਨੋ। * ਸੂਜੀ ਅਤੇ ਦਲੀਏ ਵਿਚ ਛੇਤੀ ਕੀੜਾ ਲੱਗ ਜਾਂਦਾ ਹੈ। ਇਨ੍ਹਾਂ ਨੂੰ ਹਮੇਸ਼ਾ ਹਲਕਾ ਭੁੰਨ ਕੇ ਠੰਢਾ ਕਰਕੇ ਡੱਬੇ ਵਿਚ ਭਰੋ। ਹੁਣ ਨਿਸ਼ਚਿੰਤਤਾ ਨਾਲ ਇਸ ਨੂੰ ਵਰਤੋਂ ਵਿਚ ਲਿਆ ਸਕਦੇ ਹੋ।
* ਕੱਪੜਿਆਂ 'ਤੇ ਸਿਆਹੀ ਦੇ ਧੱਬੇ ਲੱਗਣਾ ਤਾਂ ਆਮ ਗੱਲ ਹੈ, ਘਬਰਾਓ ਨਾ। ਰੂੰ ਵਿਚ ਥੋੜ੍ਹਾ ਨਹੁੰ ਪਾਲਿਸ਼ ਰਿਮੂਵਰ ਪਾ ਕੇ ਧੱਬੇ 'ਤੇ ਰਗੜ ਦਿਓ। ਧੱਬੇ ਤੁਰੰਤ ਸਾਫ਼ ਹੋ ਜਾਣਗੇ।
* ਪਿਆਜ਼ ਚੀਰਨ ਨਾਲ ਹੱਥਾਂ ਵਿਚੋਂ ਆਉਣ ਵਾਲੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ। ਹੱਥਾਂ 'ਤੇ ਥੋੜ੍ਹਾ ਨਿੰਬੂ ਰਸ ਪਾ ਕੇ ਹੱਥਾਂ ਨੂੰ ਰਗੜੋ। ਬਦਬੂ ਦੂਰ ਹੋ ਜਾਵੇਗੀ।
* ਰਸ ਵਾਲੀ ਸਬਜ਼ੀ ਦੇ ਰਸੇ ਨੂੰ ਗਾੜ੍ਹਾ ਕਰਨ ਲਈ ਚੰਗੀ ਤਰ੍ਹਾਂ ਭੁੰਨੀ ਹੋਈ (ਲਾਲ ਕੀਤੀ ਹੋਈ) ਡਬਲਰੋਟੀ ਦਾ ਚੂਰਾ ਪਾਓ।
* ਤੇਲ ਵਿਚੋਂ ਛਿੱਟੇ ਨਾ ਉੱਠਣ, ਇਸ ਦੇ ਲਈ ਤੇਲ ਗਰਮ ਹੋਣ 'ਤੇ ਪਹਿਲਾਂ ਪੀਸੀ ਹਲਦੀ ਪਾਓ, ਫਿਰ ਸਬਜ਼ੀ ਪਾਓ। ਇਸ ਨਾਲ ਤੇਲ ਦੇ ਛਿੱਟੇ ਨਹੀਂ ਉੱਠਣਗੇ।
* ਸਬਜ਼ੀ ਵਿਚ ਮਿਰਚ ਜ਼ਿਆਦਾ ਪੈ ਜਾਣ 'ਤੇ ਸਬਜ਼ੀ ਵਿਚ ਤਾਜ਼ਾ ਦਹੀਂ ਮਿਲਾਓ। ਮਿਰਚੀ ਦੀ ਤੇਜ਼ੀ ਕੁਝ ਘੱਟ ਹੋ ਜਾਵੇਗੀ।
* ਕੰਧਾਂ 'ਤੇ ਲੱਗੇ ਮਕੜੀ ਦੇ ਜਾਲਿਆਂ ਨੂੰ ਲਾਹੁਣ ਤੋਂ ਪਹਿਲਾਂ ਫੁੱਲ ਝਾੜੂ ਨੂੰ ਹਲਕਾ ਗਿੱਲਾ ਕਰ ਲਓ। ਜਾਲੇ ਦੀਵਾਰ 'ਤੇ ਬਿਨਾਂ ਫੈਲੇ ਅਸਾਨੀ ਨਾਲ ਸਾਫ਼ ਹੋ ਜਾਣਗੇ।
* ਜਲਣ ਵਾਲੇ ਦਾਗ਼ ਨੂੰ ਖ਼ਤਮ ਕਰਨ ਲਈ ਨਾਰੀਅਲ ਦੀ ਛਿੱਲ ਨੂੰ ਜਲਾ ਕੇ ਉਸ ਦੀ ਰਾਖ ਨੂੰ ਨਾਰੀਅਲ ਤੇਲ ਵਿਚ ਮਿਲਾ ਕੇ ਦਾਗ਼ ਵਾਲੀ ਜਗ੍ਹਾ 'ਤੇ ਲਗਾਓ।
* ਇਲਾਇਚੀ ਨੂੰ ਛਿੱਲ ਸਮੇਤ ਬਰੀਕ ਪੀਸਣ ਲਈ ਥੋੜ੍ਹੀ ਖੰਡ ਨਾਲ ਮਿਲਾ ਕੇ ਪੀਸੋ।
* ਭੜਥੇ ਲਈ ਭੁੰਨੇ ਹੋਏ ਬੈਂਗਣਾਂ ਦੀਆਂ ਛਿੱਲਾਂ ਅਸਾਨੀ ਨਾਲ ਉਤਾਰਨ ਲਈ ਭੁੰਨੇ ਹੋਏ ਬੈਂਗਣ ਨੂੰ ਠੰਢੇ ਪਾਣੀ ਵਿਚ ਪਾ ਦਿਓ। ਛਿੱਲਾਂ ਆਰਾਮ ਨਾਲ ਉਤਰ ਜਾਣਗੀਆਂ।
* ਪੇਟ ਵਿਚ ਕੀੜੇ ਹੋਣ 'ਤੇ ਪੀਸੀ ਹੋਈ ਥੋੜ੍ਹੀ ਹਲਦੀ ਕੋਸੇ ਪਾਣੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਖ਼ਤਮ ਹੋ ਜਾਂਦੇ ਹਨ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX