ਤਾਜਾ ਖ਼ਬਰਾਂ


ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  11 minutes ago
ਨਵੀਂ ਦਿੱਲੀ, 26 ਮਈ - ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ। ਰਾਹੁਲ ਨੇ ਲੋਕ-ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਹਟਣ ਦਾ ਪ੍ਰਸਤਾਵ ਦਿੱਤਾ। ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਨੇ ਸੀਨੀਅਰ ਨੇਤਾਵਾਂ 'ਤੇ ਵੀ ਨਾਰਾਜ਼ਗੀ...
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 1 hour ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ ਲੁਧਿਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ, ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ...
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 1 hour ago
ਧਰਮਾਨਗਰ, 26 ਮਈ - ਤ੍ਰਿਪੁਰਾ 'ਚ ਭਾਰੀ ਮੀਂਹ ਦੇ ਚੱਲਦਿਆਂ ਅਚਾਨਕ ਹੜ੍ਹ ਆ ਗਿਆ। ਜਿਸ ਕਾਰਨ ਉਤਰੀ ਤ੍ਰਿਪੁਰਾ, ਉਨਾਕੋਟੀ ਤੇ ਢਾਹਲਾਈ ਜ਼ਿਲ੍ਹਿਆਂ 'ਚ ਇਕ ਹਜ਼ਾਰ ਤੋਂ ਵਧੇਰੇ ਪਰਿਵਾਰ ਪ੍ਰਭਾਵਿਤ ਹੋ ਗਏ ਹਨ। ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ...
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 1 hour ago
ਨਵੀਂ ਦਿੱਲੀ, 26 ਮਈ - ਯੂ.ਪੀ. ਦੇ ਅਮੇਠੀ 'ਚ ਬੀਤੇ ਕੱਲ੍ਹ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਈਰਾਨੀ ਦੇ ਕਰੀਬੀ ਸੁਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਸੁਰਿੰਦਰ ਸਿੰਘ 'ਤੇ ਉਸ ਵਕਤ ਗੋਲੀਆਂ ਚਲਾ ਦਿੱਤੀਆਂ, ਜਦੋਂ ਉਹ ਆਪਣੇ ਘਰ ਦੇ ਬਾਹਰ ਸੁੱਤੇ ਹੋਏ ਸਨ। ਲੋਕ ਸਭਾ ਚੋਣਾਂ...
ਅੱਜ ਦਾ ਵਿਚਾਰ
. . .  about 1 hour ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

2019 ਦੀਆਂ ਲੋਕ ਸਭਾ ਚੋਣਾਂ

ਵੱਡਾ ਫ਼ਤਵਾ, ਵੱਡੀ ਜ਼ਿੰਮੇਵਾਰੀ

23 ਮਈ ਨੂੰ ਲੋਕ ਸਭਾ ਚੋਣਾਂ ਦੇ ਆਏ ਹੈਰਾਨੀਜਨਕ ਨਤੀਜਿਆਂ ਦਾ ਦੇਸ਼-ਵਿਦੇਸ਼ ਵਿਚ ਵਿਸ਼ਲੇਸ਼ਣ ਜਾਰੀ ਹੈ | ਰਾਜਨੀਤਕ ਆਗੂਆਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਆਪੋ-ਆਪਣੇ ਨਜ਼ਰੀਏ ਨਾਲ ਇਨ੍ਹਾਂ ਨੂੰ ਸਮਝਣ ਅਤੇ ਇਨ੍ਹਾਂ ਦੀ ਵਿਆਖਿਆ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਭਾਜਪਾ ਅਤੇ ਭਾਜਪਾ ਪੱਖੀ ਧਿਰਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਪਿਛਲੀ ਪੰਜ ਸਾਲਾਂ ਦੀ ਦਮਦਾਰ ਕਾਰਗੁਜ਼ਾਰੀ ਦਾ ਸਿੱਟਾ ਹਨ | ਇਨ੍ਹਾਂ ਦਾ ਮੱਤ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜਿਹੜੀ ਸਰਕਾਰ ਚੱਲੀ ਹੈ, ਉਸ ਨੇ ਦੇਸ਼-ਵਿਦੇਸ਼ ਵਿਚ ਭਾਰਤ ਦਾ ਮਾਣ ਵਧਾਇਆ ਹੈ |
ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵੱਲ ਸੇਧਤ ਅੱਤਵਾਦ ਦਾ ਸਰਜੀਕਲ ਸਟ੍ਰਾਈਕ ਅਤੇ ਪੁਲਵਾਮਾ ਦੇ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਹਵਾਈ ਹਮਲਾ ਕਰਕੇ ਢੁਕਵਾਂ ਜਵਾਬ ਦਿੱਤਾ ਗਿਆ ਹੈ | ਇਨ੍ਹਾਂ ਦਾ ਇਹ ਵੀ ਮੱਤ ਹੈ ਕਿ ਸ੍ਰੀ ਨਰਿੰਦਰ ਮੋਦੀ ਦੀਆਂ ਵਿਕਾਸ ਨੀਤੀਆਂ, ਜਿਨ੍ਹਾਂ ਵਿਚ ਗ਼ਰੀਬ ਵਰਗਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੇਣੇ, ਆਯੁਸ਼ਮਾਨ ਸਿਹਤ ਯੋਜਨਾ ਅਧੀਨ ਗ਼ਰੀਬ ਲੋਕਾਂ ਨੂੰ ਇਲਾਜ ਦੀਆਂ ਸਹੂਲਤਾਂ ਦੇਣੀਆਂ, ਗ਼ਰੀਬ ਵਰਗਾਂ ਲਈ ਪਖਾਨੇ ਬਣਵਾਉਣੇ ਅਤੇ ਉਨ੍ਹਾਂ ਨੂੰ ਪੱਕੇ ਘਰ ਦੇਣੇ ਅਤੇ ਪਿੰਡਾਂ ਤੱਕ ਬਿਜਲੀ ਪਹੁੰਚਾਉਣਾ ਅਤੇ ਗ਼ਰੀਬ ਵਰਗਾਂ ਦੇ ਬੈਂਕ ਖਾਤੇ ਖੋਲ੍ਹਣੇ, ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਦੇਣੇ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਸਿੱਧੀ ਆਰਥਿਕ ਮਦਦ ਦੇਣ ਲਈ ਸਾਲਾਨਾ 6000 ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਪਾਉਣੇ ਆਦਿ ਨੀਤੀਆਂ ਨਾਲ ਸਿੱਧਾ ਗ਼ਰੀਬ ਵਰਗਾਂ ਨੂੰ ਫਾਇਦਾ ਹੋਇਆ ਹੈ ਅਤੇ ਇਸ ਦੇ ਪ੍ਰਤੀਕਰਮ ਵਜੋਂ ਵੱਡੀ ਗਿਣਤੀ ਵਿਚ ਆਮ ਲੋਕ ਭਾਜਪਾ ਅਤੇ ਕੌਮੀ ਲੋਕਤੰਤਰਿਕ ਗੱਠਜੋੜ ਨੂੰ ਵੋਟਾਂ ਪਾਉਣ ਲਈ ਅੱਗੇ ਆਏ ਹਨ | ਇਸ ਧਿਰ ਦਾ ਇਹ ਵੀ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਕੋਲ ਸ੍ਰੀ ਨਰਿੰਦਰ ਮੋਦੀ ਦੇ ਮੁਕਾਬਲੇ ਦਾ ਕੋਈ ਵੀ ਲੀਡਰ ਨਹੀਂ ਹੈ ਅਤੇ ਨਾ ਹੀ ਉਹ ਇਕਮੁੱਠ ਹੋ ਕੇ ਕੌਮੀ ਪੱਧਰ 'ਤੇ ਉਸ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਦੇ ਸਕੀਆਂ ਹਨ | ਦੂਜੇ ਪਾਸੇ ਭਾਜਪਾ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀਆਂ ਕੋਈ ਜ਼ਿਆਦਾ ਵੱਡੀਆਂ ਪ੍ਰਾਪਤੀਆਂ ਨਹੀਂ ਰਹੀਆਂ, ਇਸ ਕਰਕੇ ਇਹ ਚੋਣਾਂ ਉਸ ਨੇ ਪੁਲਵਾਮਾ ਦੇ ਘਟਨਾਕ੍ਰਮ ਤੋਂ ਬਾਅਦ ਬਾਲਾਕੋਟ ਵਿਚ ਹਵਾਈ ਫ਼ੌਜ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦਾ ਸਿਹਰਾ ਆਪਣੇ ਸਿਰ ਲੈ ਕੇ, ਰਾਸ਼ਟਰਵਾਦ ਅਤੇ ਦੇਸ਼ ਦੀ ਸੁਰੱਖਿਆ ਦੇ ਮੁੱਦੇ ਨੂੰ ਹੱਦੋਂ ਵੱਧ ਉਭਾਰ ਕੇ ਅਤੇ ਫ਼ਿਰਕੂ ਆਧਾਰ ਤੇ ਦੇਸ਼ ਦੇ ਵੋਟਰਾਂ ਦਾ ਧਰੁਵੀਕਰਨ ਕਰਕੇ ਜਿੱਤੀਆਂ ਹਨ | ਇਸ ਧਿਰ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਭਾਜਪਾ ਭਾਰਤ ਦੇ ਲੋਕਾਂ ਦੇ ਵੱਖ-ਵੱਖ ਵਰਗਾਂ ਵਿਚ ਅਵਿਸ਼ਵਾਸ ਅਤੇ ਫ਼ਿਰਕੂ ਟਕਰਾਅ ਪੈਦਾ ਕਰ ਰਹੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਲੋਕਾਂ ਦੀ ਆਪਸੀ ਸਦਭਾਵਨਾ ਲਈ ਵੱਡੇ ਖ਼ਤਰੇ ਖੜ੍ਹੇ ਹੋਣਗੇ |
ਇਨ੍ਹਾਂ ਚੋਣ ਨਤੀਜਿਆਂ ਬਾਰੇ ਸਾਡਾ ਮੱਤ ਇਹ ਹੈ ਕਿ ਵਿਰੋਧੀ ਪਾਰਟੀਆਂ ਸ੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਵਲੋਂ ਪੇਸ਼ ਕੀਤੀ ਜਾਣ ਵਾਲੀ ਸਿਆਸੀ ਚੁਣੌਤੀ ਨੂੰ ਆਗਾਮੀ ਤੌਰ 'ਤੇ ਸਮਝਣ ਵਿਚ ਅਸਫਲ ਰਹੀਆਂ ਹਨ | ਸ੍ਰੀ ਨਰਿੰਦਰ ਮੋਦੀ ਦੇ ਵਿਚਾਰਾਂ ਬਾਰੇ ਕਿਸੇ ਨੂੰ ਸੌ ਮਤਭੇਦ ਹੋ ਸਕਦੇ ਹਨ ਪਰ ਉਨ੍ਹਾਂ ਦੀ ਭਾਸ਼ਣ ਦੇਣ ਦੀ ਸਮਰੱਥਾ ਤੇ ਕੰਮ ਕਰਨ ਦੀ ਅਣਥੱਕ ਲਗਨ ਦਾ ਕੋਈ ਮੁਕਾਬਲਾ ਨਹੀਂ ਹੈ | ਲੋਕਾਂ ਸਾਹਮਣੇ ਹਰ ਤਰ੍ਹਾਂ ਦੇ ਤੱਥਾਂ ਦੀ ਭੰਨ-ਤੋੜ ਕਰਕੇ ਆਪਣਾ ਬਿਰਤਾਂਤ ਪੇਸ਼ ਕਰਨ ਦੀ ਉਨ੍ਹਾਂ 'ਚ ਬਹੁਤ ਜ਼ਿਆਦਾ ਕੁਸ਼ਲਤਾ ਹੈ | ਇਸ ਗੱਲ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਕ ਮੁਲਾਕਾਤ ਵਿਚ ਸਵੀਕਾਰ ਕੀਤਾ ਸੀ | ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਪਾਰਟੀ ਦਾ ਬੂਥ ਪੱਧਰ ਤੱਕ ਸੰਗਠਨ ਬਣਾਉਣ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ | ਕਿਸੇ ਸਮੇਂ ਅਜਿਹੀ ਹੀ ਮੁਹਾਰਤ ਪੱਛਮੀ ਬੰਗਾਲ ਵਿਚ ਸੀ.ਪੀ.ਐਮ. ਦੇ ਲੀਡਰਾਂ ਕੋਲ ਹੁੰਦੀ ਸੀ | ਉਹ ਵੀ ਵੋਟਰਾਂ ਨਾਲ ਹੇਠਲੀ ਪੱਧਰ ਤੱਕ ਨਿਰੰਤਰ ਰਾਬਤਾ ਰੱਖਦੇ ਸਨ ਅਤੇ ਇਸ ਆਧਾਰ 'ਤੇ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਲਗਪਗ 34 ਸਾਲ ਲਗਾਤਾਰ ਰਾਜ ਕੀਤਾ ਸੀ | ਹੁਣ ਇਹੋ ਜਿਹੀ ਜਥੇਬੰਦਕ ਮੁਹਾਰਤ ਹੋਰ ਕਿਸੇ ਕੌਮੀ ਜਾਂ ਖੇਤਰੀ ਪਾਰਟੀ ਕੋਲ ਦੇਖਣ ਨੂੰ ਨਹੀਂ ਮਿਲ ਰਹੀ | ਇਸੇ ਕਰਕੇ ਦੂਜੀਆਂ ਪਾਰਟੀਆਂ ਦੇ ਗੜ੍ਹਾਂ ਵਿਚ ਸੰਨ੍ਹ ਲਾਉਣ 'ਚ ਭਾਜਪਾ ਕਾਮਯਾਬ ਹੁੰਦੀ ਜਾ ਰਹੀ ਹੈ | ਇਸ ਦੇ ਨਾਲ ਹੀ ਭਾਜਪਾ ਦੀ ਹਰ ਪੱਧਰ 'ਤੇ ਮਦਦ ਕਰਨ ਲਈ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਲੱਖਾਂ ਵਰਕਰ ਵੀ ਮੌਜੂਦ ਹਨ, ਜਿਹੜੇ ਪਾਰਟੀ ਲਈ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ | ਇਹ ਗੱਲ ਵੀ ਸੱਚ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਦੇ ਸਾਹਮਣੇ ਹਿੰਦੂਤਵ ਦਾ ਸੰਕਲਪ ਹੈ, ਜਿਸ ਦੇ ਆਧਾਰ 'ਤੇ ਉਹ ਪਾਕਿਸਤਾਨ ਦੀ ਤਰ੍ਹਾਂ ਹੀ ਭਾਰਤ ਨੂੰ ਵੀ ਇਕ ਧਰਮ-ਆਧਾਰਿਤ ਰਾਜ ਬਣਾਉਣਾ ਚਾਹੁੰਦੇ ਹਨ | ਕਿਸੇ ਸਮੇਂ ਜਿਸ ਤਰ੍ਹਾਂ ਕਮਿਊਨਿਸਟਾਂ ਅਤੇ ਸਮਾਜਵਾਦੀਆਂ ਦੇ ਸਾਹਮਣੇ ਵਿਕਾਸ ਦਾ ਸਮਾਜਵਾਦੀ ਮਾਡਲ ਸਥਾਪਤ ਕਰਨਾ ਇਕ ਮਿਸ਼ਨ ਹੁੰਦਾ ਸੀ, ਉਸੇ ਤਰ੍ਹਾਂ ਦਾ ਮਿਸ਼ਨ ਹੁਣ ਸੰਘ ਅਤੇ ਭਾਜਪਾ ਦੇ ਵਰਕਰਾਂ ਤੇ ਆਗੂਆਂ ਦੇ ਸਾਹਮਣੇ ਹੈ | ਉਹ ਹੌਲੀ-ਹੌਲੀ ਦੇਸ਼ ਦੀ ਰਾਜਨੀਤੀ ਨੂੰ ਇਸ ਦਿਸ਼ਾ ਵਿਚ ਅੱਗੇ ਵਧਾ ਰਹੇ ਹਨ | ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਸਾਹਮਣੇ ਇਸ ਤਰ੍ਹਾਂ ਦਾ ਕੋਈ ਪ੍ਰੇਰਨਾਦਾਇਕ ਮਿਸ਼ਨ ਨਹੀਂ ਹੈ | ਇਹ ਠੀਕ ਹੈ ਕਿ ਕਾਂਗਰਸ ਨੇ ਇਸ ਦੇਸ਼ 'ਤੇ ਕਈ ਦਹਾਕਿਆਂ ਤੱਕ ਰਾਜ ਕੀਤਾ ਅਤੇ ਹੋਰ ਕਈ ਗ਼ੈਰ-ਭਾਜਪਾ ਪਾਰਟੀਆਂ ਨੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਪਰ ਉਨ੍ਹਾਂ ਪਾਰਟੀਆਂ ਨੇ ਦੇਸ਼ ਵਿਚ ਧਰਮ-ਨਿਰਪੱਖਤਾ ਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਨਾਲ ਨਿਰੰਤਰ ਕੰਮ ਨਹੀਂ ਕੀਤਾ ਅਤੇ ਨਾ ਹੀ ਉਹ ਦੇਸ਼ ਦੇ ਲੋਕਾਂ ਦੀ ਵੱਡੀ ਆਬਾਦੀ ਦੇ ਸਿਹਤ, ਸਿੱਖਿਆ ਤੇ ਰੁਜ਼ਗਾਰ ਸਬੰਧੀ ਭਖਦੇ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਠੋਸ ਪਹਿਲਕਦਮੀ ਕਰ ਸਕੇ ਹਨ | ਬਿਨਾਂ ਸ਼ੱਕ ਇਨ੍ਹਾਂ ਪਾਰਟੀਆਂ ਨੇ ਆਪਣੇ ਸਮੇਂ ਵਿਚ ਦੇਸ਼ ਦੇ ਵਿਕਾਸ ਲਈ ਆਪੋ-ਆਪਣੇ ਪੱਧਰ 'ਤੇ ਚੋਖਾ ਯੋਗਦਾਨ ਪਾਇਆ ਹੈ | ਬਹੁਤ ਸਾਰੇ ਵਿਦਿਅਕ ਤੇ ਸਨਅਤੀ ਅਦਾਰੇ ਕਾਇਮ ਕੀਤੇ ਗਏ ਹਨ | ਸੜਕਾਂ, ਆਵਾਜਾਈ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੇ ਕੰਮ ਹੋਏ ਹਨ | ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਪਰ ਫਿਰ ਵੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਅੱਜ ਤੱਕ ਬਣੇ ਹੋਏ ਹਨ | ਇਨ੍ਹਾਂ ਸਥਿਤੀਆਂ ਦਾ ਫਾਇਦਾ ਉਠਾ ਕੇ ਹੀ ਸੰਘ ਅਤੇ ਭਾਜਪਾ ਹੁਣ ਹਿੰਦੂਤਵ+ਵਿਕਾਸ ਦਾ ਮਾਡਲ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ ਅਤੇ ਪਿੱਛੇ ਤੋਂ ਕਾਰਪੋਰੇਟ ਖੇਤਰ ਆਪਣੇ ਅਥਾਹ ਸਾਧਨਾਂ ਨਾਲ ਉਸ ਦੀ ਮਦਦ ਕਰ ਰਿਹਾ ਹੈ | ਦੇਸ਼ ਦੀਆਂ ਗੁੰਝਲਦਾਰ ਹਾਲਤਾਂ ਵਿਚ ਸਮਾਜਿਕ ਇੰਜੀਨੀਅਰਿੰਗ ਵੀ ਭਾਜਪਾ ਵਲੋਂ ਬੜੀ ਸਫਲਤਾ ਨਾਲ ਕੀਤੀ ਜਾ ਰਹੀ ਹੈ | ਉੱਤਰ ਪ੍ਰਦੇਸ਼ ਵਿਚ ਸਪਾ-ਬਸਪਾ ਗੱਠਜੋੜ ਨੂੰ ਹਰਾਉਣਾ ਅਤੇ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਗੱਠਜੋੜ ਨੂੰ ਸ਼ਿਕਸਤ ਦੇਣੀ ਇਸੇ ਸਮਾਜਿਕ ਇੰਜੀਨੀਅਰਿੰਗ ਦਾ ਸਿੱਟਾ ਹੈ | ਇਨ੍ਹਾਂ ਰਾਜਾਂ ਵਿਚ ਭਾਜਪਾ ਨੇ ਉਸੇ ਤਰ੍ਹਾਂ ਛੋਟੀਆਂ-ਵੱਡੀਆਂ ਜਾਤੀਆਂ ਨੂੰ ਆਪਣੇ ਹੱਕ ਵਿਚ ਲਾਮਬੰਦ ਕੀਤਾ ਹੈ, ਜਿਸ ਤਰ੍ਹਾਂ ਉਹ ਦੇਸ਼ ਭਰ ਵਿਚ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਬਹੁਗਿਣਤੀ ਨੂੰ ਲਾਮਬੰਦ ਕਰ ਰਹੀ ਹੈ | ਆਉਣ ਵਾਲੇ ਸਮੇਂ ਵਿਚ ਇਸ ਦੇ ਕੀ ਸਿੱਟੇ ਨਿਕਲਦੇ ਹਨ, ਇਹ ਗੱਲ ਤਾਂ ਵਕਤ ਦੀ ਗੋਦ ਵਿਚ ਪਈ ਹੈ | ਪਰ ਇਸ ਸਮੇਂ ਭਾਜਪਾ ਨੂੰ ਅਜਿਹੀ ਧਾਰਮਿਕ ਅਤੇ ਸਮਾਜਿਕ ਇੰਜੀਨੀਅਰਿੰਗ ਦਾ ਲਾਭ ਚੋਖਾ ਮਿਲ ਰਿਹਾ ਹੈ | ਜੇਕਰ ਦੇਸ਼ ਵਿਚ ਕਾਂਗਰਸ ਸਮੇਤ ਹੋਰ ਕੌਮੀ ਤੇ ਖੇਤਰੀ ਪਾਰਟੀਆਂ ਆਪਣੀ ਹੋਂਦ ਬਰਕਰਾਰ ਰੱਖਣਾ ਚਾਹੁੰਦੀਆਂ ਹਨ ਅਤੇ ਰਾਜਨੀਤੀ ਵਿਚ ਆਪਣੀ ਥਾਂ ਬਣਾਈ ਰੱਖਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਭਾਜਪਾ ਦੇ ਜਥੇਬੰਦਕ ਢਾਂਚੇ ਅਤੇ ਉਸ ਦੀ ਹਿੰਦੂਤਵ ਦੀ ਵਿਚਾਰਧਾਰਾ ਦੋਵਾਂ ਦਾ ਹੀ ਢੁਕਵਾਂ ਬਦਲ ਲੱਭਣਾ ਪਵੇਗਾ |
ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਦਾ ਵੱਖ-ਵੱਖ ਪਹਿਲੂਆਂ 'ਤੇ ਵਿਸ਼ਲੇਸ਼ਣ ਤਾਂ ਆਉਣ ਵਾਲੇ ਸਮੇਂ ਵਿਚ ਵੀ ਹੁੰਦਾ ਰਹੇਗਾ | ਪਰ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ ਜਿੰਨਾ ਵੱਡਾ ਬਹੁਮਤ ਮਿਲਿਆ ਹੈ, ਉਸ ਦੇ ਆਉਣ ਵਾਲੇ ਸਮੇਂ ਵਿਚ ਦੇਸ਼ 'ਤੇ ਕਿਹੋ ਜਿਹੇ ਪ੍ਰਭਾਵ ਪੈਣਗੇ? ਅਸੀਂ ਉੱਪਰ ਦੱਸਿਆ ਹੈ ਕਿ ਦੇਸ਼ ਦੇ ਅੰਦਰ ਭਾਜਪਾ ਦੇ ਇਰਾਦਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਅਤੇ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ | ਵਿਦੇਸ਼ੀ ਮੀਡੀਆ ਵਿਚ ਵੀ ਇਸ ਸਬੰਧੀ ਕਈ ਲੇਖ ਛਪੇ ਹਨ | ਅਮਰੀਕਾ ਦੇ ਪ੍ਰਸਿੱਧ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਵੀ ਭਾਜਪਾ ਵਲੋਂ ਫ਼ਿਰਕੂ ਆਧਾਰ 'ਤੇ ਕੀਤੀ ਜਾ ਰਹੀ ਕਤਾਰਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ | ਇਸ ਤੋਂ ਪਹਿਲਾਂ ਬਰਤਾਨੀਆ ਤੋਂ ਛਪਣ ਵਾਲੇ 'ਦ ਇਕੋਨੋਮਿਸਟ' ਨੇ ਵੀ ਇਸੇ ਤਰ੍ਹਾਂ ਦੇ ਸ਼ੰਕੇ ਜ਼ਾਹਰ ਕੀਤੇ ਸਨ | ਚੋਣਾਂ ਦੌਰਾਨ ਹੀ ਪ੍ਰਸਿੱਧ ਅੰਗਰੇਜ਼ੀ ਮੈਗਜ਼ੀਨ 'ਟਾਈਮਜ਼' ਨੇ ਆਪਣੇ ਇਕ ਲੇਖ ਵਿਚ ਸ੍ਰੀ ਨਰਿੰਦਰ ਮੋਦੀ ਨੂੰ 'ਡਿਵਾਈਡਰ-ਇਨ-ਚੀਫ਼' ਤੱਕ ਕਿਹਾ ਹੈ | ਹੁਣੇ-ਹੁਣੇ ਬਰਤਾਨੀਆ ਦੇ ਪ੍ਰਸਿੱਧ ਅਖ਼ਬਾਰ 'ਦ ਗਾਰਡੀਅਨ' ਨੇ ਭਾਜਪਾ ਦੀ ਵੱਡੀ ਜਿੱਤ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਰਿੰਦਰ ਮੋਦੀ ਘੱਟ-ਗਿਣਤੀ ਮੁਸਲਿਮ ਭਾਈਚਾਰੇ ਨੂੰ ਦੂਜੇ ਨੰਬਰ ਦੇ ਨਾਗਰਿਕ ਸਮਝਦੇ ਹਨ ਅਤੇ ਦੇਸ਼ ਵਿਚ ਫ਼ਿਰਕੂ ਕਤਾਰਬੰਦੀ ਕਰ ਰਹੇ ਹਨ, ਜੋ ਭਾਰਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ | ਭਾਰਤ ਵਿਚ ਵੀ ਪ੍ਰਸਿੱਧ ਪੰਦਰਾਰੋਜ਼ਾ ਮੈਗਜ਼ੀਨ 'ਫਰੰਟ ਲਾਈਨ' ਨੇ ਕੁਝ ਸਮਾਂ ਪਹਿਲਾਂ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਸਨ |
ਇਸ ਸੰਦਰਭ ਵਿਚ ਸ੍ਰੀ ਨਰਿੰਦਰ ਮੋਦੀ ਕੀ ਸੋਚਦੇ ਹਨ, ਇਸ ਦੀ ਇਕ ਝਲਕ, ਉਨ੍ਹਾਂ ਵਲੋਂ 23 ਮਈ ਨੂੰ ਸ਼ਾਨਦਾਰ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਦੇ ਦਿੱਲੀ ਦਫ਼ਤਰ ਵਿਚ ਭਾਜਪਾ ਦੇ ਇਕੱਠੇ ਹੋਏ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਗਏ ਵਿਚਾਰਾਂ ਤੋਂ ਮਿਲਦੀ ਹੈ | ਉਨ੍ਹਾਂ ਨੇ ਆਪਣੇ ਲੰਮੇ ਭਾਸ਼ਣ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਨੂੰ ਭਾਜਪਾ ਦੇ ਵਰਕਰਾਂ ਅਤੇ ਦੇਸ਼ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਨੇ ਇਹ ਕਿਹਾ ਹੈ ਕਿ ਉਹ ਕੋਈ ਵੀ ਕੰਮ ਬਦਨੀਅਤ ਨਾਲ ਨਹੀਂ ਕਰਨਗੇ | ਕਿਸੇ ਨਾਲ ਵੀ ਕੋਈ ਜ਼ਿਆਦਤੀ ਨਹੀਂ ਹੋਏਗੀ | ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰਾਂ ਚੋਣਾਂ ਵਿਚ ਬਹੁਮਤ ਹਾਸਲ ਕਰਨ ਨਾਲ ਬਣਦੀਆਂ ਹਨ ਪਰ ਦੇਸ਼ ਸਰਬ-ਮੱਤ ਨਾਲ ਚਲਦਾ ਹੈ | ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ 'ਸਬ ਕਾ ਸਾਥ, ਸਬ ਕਾ ਵਿਕਾਸ' ਦੇ ਨਾਅਰੇ ਅਨੁਸਾਰ ਸਾਰੇ ਦੇਸ਼ਵਾਸੀਆਂ ਨੂੰ ਇਥੋਂ ਤੱਕ ਕਿ ਆਪਣੇ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਗੇ ਅਤੇ ਪੰਜਾਂ ਸਾਲਾਂ ਵਿਚ ਉਹ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਕਿਸੇ ਵਲੋਂ ਕੀ ਬੋਲਿਆ ਗਿਆ ਹੈ, ਉਹ ਹੁਣ ਉਸ ਨੂੰ ਆਪਣੇ ਮਨ ਵਿਚ ਨਹੀਂ ਰੱਖਣਗੇ ਅਤੇ ਇਹ ਚਾਹੁੰਣਗੇ ਕਿ ਸਾਰੇ ਰਲ ਕੇ ਦੇਸ਼ ਨੂੰ ਅੱਗੇ ਵੱਲ ਲੈ ਕੇ ਜਾਣ |
ਅਸੀਂ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਜਪਾ ਅਤੇ ਕੌਮੀ ਲੋਕਤੰਤਰਿਕ ਗੱਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਜਿਹੜੇ ਉਕਤ ਵਿਚਾਰ ਭਾਜਪਾ ਦੇ ਵਰਕਰਾਂ ਅਤੇ ਦੇਸ਼ ਦੇ ਸਮੁੱਚੇ ਲੋਕਾਂ ਸਾਹਮਣੇ ਰੱਖੇ ਹਨ, ਉਨ੍ਹਾਂ 'ਤੇ ਸਖ਼ਤੀ ਨਾਲ ਅਮਲ ਕਰਨਾ ਚਾਹੀਦਾ ਹੈ | ਕਿਉਂਕਿ ਉਨ੍ਹਾਂ ਦੀ ਪਿਛਲੀ ਸਰਕਾਰ ਸਮੇਂ ਘੱਟ-ਗਿਣਤੀ ਵਰਗਾਂ, ਦਲਿਤਾਂ ਅਤੇ ਧਰਮ-ਨਿਰਪੱਖ ਖਿਆਲਾਂ ਵਾਲੇ ਲੋਕਾਂ 'ਤੇ ਕਈ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਹਨ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਨੇਕਾਂ ਵਾਰੀ ਖ਼ਤਰੇ ਵਿਚ ਪਈ ਨਜ਼ਰ ਆਉਂਦੀ ਰਹੀ ਹੈ | ਇਨ੍ਹਾਂ ਘਟਨਾਵਾਂ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਸਮੇਂ-ਸਮੇਂ ਬਿਆਨ ਤਾਂ ਜਾਰੀ ਹੁੰਦੇ ਰਹੇ ਹਨ ਪਰ ਉਹ ਠੋਸ ਰੂਪ ਵਿਚ ਅਜਿਹੇ ਸਿਲਸਿਲੇ ਨੂੰ ਰੋਕਣ ਵਿਚ ਅਸਫਲ ਹੀ ਰਹੇ ਹਨ | ਇਸੇ ਕਰਕੇ ਹੀ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਲੋਕਾਂ ਦੇ ਵੱਖ-ਵੱਖ ਵਰਗਾਂ ਅਤੇ ਖਾਸ ਕਰਕੇ ਘੱਟ-ਗਿਣਤੀਆਂ ਵਿਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਫ਼ਿਕਰ ਪਾਏ ਜਾ ਰਹੇ ਹਨ | ਜੇਕਰ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਆਪਣੇ ਵਲੋਂ ਪ੍ਰਗਟ ਕੀਤੇ ਗਏ ਉਕਤ ਵਿਚਾਰਾਂ ਦੀ ਰੌਸ਼ਨੀ ਵਿਚ ਸਾਰੇ ਵਰਗਾਂ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਂਦੇ ਹਨ ਅਤੇ ਸਾਰੇ ਵਰਗਾਂ ਦੇ ਲੋਕਾਂ ਦੇ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਨਾਲ ਯਤਨ ਕਰਦੀ ਹੈ ਤਾਂ ਭਾਜਪਾ ਨੂੰ ਪ੍ਰਾਪਤ ਹੋਈ ਇਹ ਜਿੱਤ ਹੋਰ ਵੀ ਵੱਡੀ ਹੋ ਜਾਏਗੀ ਅਤੇ ਦੇਸ਼ ਸਹੀ ਅਰਥਾਂ ਵਿਚ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗਾ | ਉਨ੍ਹਾਂ ਦੀ ਸਰਕਾਰ ਦੀ ਇਸ ਤਰ੍ਹਾਂ ਦੀ ਨੀਤੀ ਨਾਲ ਦੇਸ਼ ਦੇ ਲੋਕਾਂ ਦੀ ਆਪਸੀ ਸਦਭਾਵਨਾ ਵੀ ਪਹਿਲਾਂ ਨਾਲੋਂ ਕਿਤੇ ਹੋਰ ਮਜ਼ਬੂਤ ਹੋਵੇਗੀ | ਜਿਥੋਂ ਤੱਕ ਉਨ੍ਹਾਂ ਦੀ ਸਰਕਾਰ ਦੀਆਂ ਤਰਜੀਹਾਂ ਦੀ ਗੱਲ ਹੈ, ਉਹ ਇਕ ਤਜਰਬੇਕਾਰ ਆਗੂ ਵਜੋਂ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਸ਼ ਨੂੰ ਬਾਹਰੀ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਦੇ ਸਮਰੱਥ ਬਣਾਉਣ ਦੇ ਨਾਲ-ਨਾਲ ਲੋਕਾਂ ਦੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਜ਼ਰੂਰਤ ਹੈ | ਭਾਵੇਂ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੱਧ-ਚੜ੍ਹ ਕੇ ਵਾਅਦੇ ਕੀਤੇ ਹਨ | ਆਪਣੀ ਪਿਛਲੀ ਸਰਕਾਰ ਦੌਰਾਨ ਆਪਣੀ ਕਾਰਗੁਜ਼ਾਰੀ ਸਬੰਧੀ ਵੀ ਉਨ੍ਹਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਸ ਸਭ ਕੁਝ ਦੇ ਬਾਵਜੂਦ ਅੱਜ ਵੀ ਦੇਸ਼ ਦੇ ਕਰੋੜਾਂ ਲੋਕ ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਸ਼ਿਕਾਰ ਹਨ | ਕਰੋੜਾਂ ਬੱਚੇ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ | ਕਿਸਾਨ ਤੇ ਖੇਤ ਮਜ਼ਦੂਰ ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਦੇਸ਼ ਦੇ ਨੌਜਵਾਨ ਇਥੇ ਆਪਣਾ ਹਨੇਰਾ ਭਵਿੱਖ ਵੇਖਦਿਆਂ ਹੋਇਆਂ ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂਰ ਹਨ | ਅਗਲੇ ਪੰਜ ਸਾਲਾਂ ਵਿਚ ਸ੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਦਿਸ਼ਾ ਵਿਚ ਡਟ ਕੇ ਕੰਮ ਕਰਨਾ ਪਵੇਗਾ | ਇਸ ਨਾਲ ਹੀ ਠੋਸ ਪ੍ਰਾਪਤੀਆਂ ਹੋ ਸਕਣਗੀਆਂ | ਇਨ੍ਹਾਂ ਸ਼ਬਦਾਂ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲ ਕੌਮੀ ਲੋਕਤੰਤਰਿਕ ਗੱਠਜੋੜ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ |


ਖ਼ਬਰ ਸ਼ੇਅਰ ਕਰੋ

ਖ਼ੂਬ ਸਾਂਭਿਆ ਹੈ ਵਿਲੀਅਮ ਸ਼ੈਕਸਪੀਅਰ ਦਾ ਜਨਮ ਸਥਾਨ

ਪਿਛਲੇ ਦਿਨੀਂ ਮੇਰੀ ਇੰਗਲੈਂਡ ਫੇਰੀ ਦੌਰਾਨ ਮੇਰੇ ਦੋਸਤ ਸ: ਜੋਗਿੰਦਰ ਸਿੰਘ ਅਤੇ ਸ: ਡੀ. ਸਿੰਘ ਮਾਂਗਟ, ਜਿਨ੍ਹਾਂ ਨਾਲ ਮੈਂ 'ਦੁਨੀਆ ਦਾ ਸਭ ਤੋਂ ਪਹਿਲਾ ਲੋਹੇ ਦਾ ਪੁਲ' ਦੇਖਣ ਗਿਆ ਸੀ, ਤਾਂ ਇਸ ਵਾਰ ਉਨ੍ਹਾਂ ਨੇ ਮੈਨੂੰ ਸ਼ੈਕਸਪੀਅਰ ਦਾ ਜਨਮ ਅਸਥਾਨ ਦੇਖਣ ਜਾਣ ਲਈ ਪੁੱਛਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ |
ਵੁਲਵਰਹੈਂਪਟਨ, ਇੰਗਲੈਂਡ ਤੋਂ ਮਿਥੇ ਦਿਨ 'ਤੇ ਅਸੀਂ ਸ਼ੈਕਸਪੀਅਰ ਦਾ ਜਨਮ ਅਸਥਾਨ ਲਈ ਯਾਤਰਾ ਸ਼ੁਰੂ ਕਰ ਦਿੱਤੀ | ਇਥੋਂ ਵਿਲੀਅਮ ਸ਼ੈਕਸਪੀਅਰ ਦਾ ਜਨਮ ਅਸਥਾਨ ਸਟੇਟਫੋਰਡ-ਓਪੋਨ-ਏਵਨ ਹੈ ਜੋ ਕਿ ਏਵਨ ਦਰਿਆ ਦੇ ਕੰਢੇ ਵਸਿਆ ਹੋਇਆ ਹੈ | ਵਿਲੀਅਮ ਸ਼ੈਕਸਪੀਅਰ ਦੁਨੀਆ ਦਾ ਬਹੁਤ ਹੀ ਮਸ਼ਹੂਰ ਕਵੀ, ਡਰਾਮਾ ਲੇਖਕ ਅਤੇ ਅਦਾਕਾਰ ਸੀ ਜਿਸ ਨੇ ਆਮ ਕਰਕੇ ਇੰਗਲੈਂਡ ਦਾ ਕੌਮੀ ਕਵੀ ਅਤੇ 'ਬਾਰਡ ਆਫ ਏਵਨ' ਵੀ ਕਿਹਾ ਜਾਂਦਾ ਹੈ | ਉਸ ਦਾ ਜਨਮ 26 ਅਪ੍ਰੈਲ, 1564 ਨੂੰ ਸਟੇਟ ਫੋਰਡ-ਉਪੋਨ-ਏਵਨ ਵਿਖੇ ਹੋਇਆ | ਜਿਸ ਨੇ ਤਕਰੀਬਨ 38 ਡਰਾਮੇ, 154 ਛੋਟੀਆਂ ਕਵਿਤਾਵਾਂ, 2 ਲੰਬੀਆਂ ਕਵਿਤਾਵਾਂ ਅਤੇ ਹੋਰ ਵੀ ਬਹੁਤ ਸਾਹਿਤ ਲਿਖਿਆ ਹੈ | ਵਿਲੀਅਮ ਸ਼ੈਕਸਪੀਅਰ ਦੇ ਡਰਾਮਿਆਂ ਦਾ ਅਨੁਵਾਦ/ਤਰਜਮਾ ਤਕਰੀਬਨ ਦੁਨੀਆ ਦੀ ਹਰੇਕ ਭਾਸ਼ਾ ਵਿਚ ਹੋਇਆ ਹੈ |
ਇੰਗਲੈਂਡ ਦੀਆਂ ਮਲਾਈ ਵਰਗੀਆਂ ਸੜਕਾਂ ਅਤੇ ਹਰੇ ਭਰੇ ਦਰੱਖਤਾਂ ਦੀ ਸੰੁਦਰਤਾ ਦਾ ਅਨੰਦ ਮਾਣਦੇ ਹੋਏ ਵਿਲੀਅਮ ਸ਼ੈਕਸਪੀਅਰ ਦੇ ਜਨਮ ਸਥਾਨ 'ਤੇ ਪਹੁੰਚ ਗਏ |
ਥੋੜ੍ਹੀ ਦੂਰ ਪੈਦਲ ਚੱਲਣ ਤੋਂ ਬਾਅਦ ਇਕ ਚੌਰਾਹੇ 'ਤੇ ਲੱਗੇ ਬੋਰਡ ਵਲੋਂ ਦਰਸਾਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ | ਅੱਗੇ ਬਹੁਤ ਖੁੱਲ੍ਹੀਆਂ ਸੜਕਾਂ ਸਨ ਪਰ ਇਥੇ ਸਿਰਫ਼ ਪੈਦਲ ਹੀ ਚੱਲਿਆ ਜਾ ਸਕਦਾ ਸੀ | ਇਥੇ ਤਕਰੀਬਨ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ ਖਾਣ-ਪੀਣ, ਗਹਿਣੇ ਤੋਂ ਲੈ ਕੇ ਘਰ ਦੇ ਸ਼ਿੰਗਾਰ ਜਾਂ ਕੋਈ ਸੌਗਾਤ ਖਰੀਦਣੀ ਹੋਵੇ ਤਾਂ ਸਾਰਾ ਕੁਝ ਮੌਜੂਦ ਸੀ | ਇਥੇ ਦੁਕਾਨਾਂ 'ਤੇ ਕੋਈ ਮੋਲ-ਤੋਲ ਨਹੀਂ ਹੁੰਦਾ | ਇਸ ਤੋਂ ਬਿਨਾਂ ਥਾਂ-ਥਾਂ 'ਤੇ ਬਜ਼ੁਰਗਾਂ ਦੀ ਸਹੂਲਤ ਲਈ ਅਤੇ ਬੱਚਿਆਂ ਲਈ ਕੱਪੜੇ ਬਦਲਣ ਦੀ ਜਗ੍ਹਾ ਵਾਸ਼ਰੂਮ ਆਦਿ ਬਣੇ ਹੋਏ ਹਨ | ਲੋਕੀਂ ਖਾ-ਪੀ ਵੀ ਰਹੇ ਸਨ ਪਰ ਗੰਦਗੀ ਬਿਲਕੁਲ ਵੀ ਨਹੀਂ ਸੀ | ਕੁਝ ਕਲਾਕਾਰ ਮੇਕਅੱਪ ਕਰ ਕੇ ਬੁੱਤ ਦੀ ਤਰ੍ਹਾਂ ਖੜ੍ਹੇ ਸਨ, ਪਰ ਮੰਗਦੇ ਨਹੀਂ, ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਕੇ ਪੈਸੇ ਕੁਮਾਉਂਦੇ ਹਨ | ਬਾਹਰ ਹਲਕੀ ਠੰਢੀ ਹਵਾ ਚੱਲ ਰਹੀ ਸੀ ਅਤੇ ਕਦੇ-ਕਦੇ ਸੂਰਜ ਬੱਦਲਾਂ ਵਿਚੋਂ ਝਾਤੀ ਮਾਰ ਲੈਂਦਾ ਸੀ |
ਸਟੇਟਫੋਰਡ-ਉਪੋਨ-ਏਵਨ ਵਰਗੀ ਥਾਂ 'ਤੇ ਸ਼ੈਕਸਪੀਅਰ ਦਾ ਦੋ ਮੰਜ਼ਿਲਾ ਘਰ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ੈਕਸਪੀਅਰ ਦਾ ਪਰਿਵਾਰ ਕਾਫ਼ੀ ਅਮੀਰ ਸੀ | ਜੌਹਨ ਸ਼ੈਕਸਪੀਅਰ 1568 ਵਿਚ ਸਟੇਟਫੋਰਡ ਦਾ ਮੇਅਰ ਵੀ ਬਣਿਆ ਸੀ | ਵਿਲੀਅਮ ਸ਼ੈਕਸਪੀਅਰ, ਜੌਹਨ ਸ਼ੈਕਸਪੀਅਰ ਅਤੇ ਮੈਰੀ ਐਡਰਸਨ ਦਾ ਬੇਟਾ ਸੀ | ਇਹ ਆਪਣੇ 8 ਭੈਣ-ਭਰਾਵਾਂ ਵਿਚੋਂ ਤੀਜੇ ਨੰਬਰ 'ਤੇ ਸੀ | ਇਸ ਨੇ ਆਪਣੀ ਪੜ੍ਹਾਈ ਸਥਨਕ ਗਰਾਮਰ ਸਕੂਲ ਤੋਂ ਕੀਤੀ ਅਤੇ ਵਿਲੀਅਮ ਸ਼ੈਕਸਪੀਅਰ ਦਾ ਵਿਆਹ 16 ਸਾਲਾਂ ਦੀ ਉਮਰ ਵਿਚ ਐਨੀ ਹਾਥਵੇਅ ਨਾਲ ਹੋਇਆ | ਜਿਸ ਤੋਂ ਤਿੰਨ ਬੱਚੇ ਪੈਦਾ ਹੋਏ, ਜਿਸ ਵਿਚ ਦੋ ਜੁੜਵਾ ਸਨ | ਉਸ ਨੇ ਆਪਣਾ ਕਾਮਯਾਬ ਕੈਰੀਅਰ ਲੰਦਨ ਵਿਖੇ ਇਕ ਅਦਾਕਾਰ ਅਤੇ ਲੇਖਕ ਦੇ ਤੌਰ 'ਤੇ ਇਕ ਡਰਾਮਾ ਕੰਪਨੀ ਨਾਲ ਸ਼ੁਰੂ ਕੀਤਾ, ਜਿਸ ਵਿਚ ਉਸ ਦੀ ਕੁਝ ਹਿੱਸੇਦਾਰੀ ਵੀ ਸੀ | ਵਿਲੀਅਮ ਸ਼ੈਕਸਪੀਅਰ 1589 ਤੋਂ 1613 ਤੱਕ ਕਾਫੀ ਸਰਗਰਮ ਰਹੇ | ਪਹਿਲਾਂ ਸ਼ੈਕਸਪੀਅਰ ਨੇ ਕੁਝ ਹਾਸਰਸ, ਵਿਅੰਗ ਅਤੇ ਇਤਿਹਾਸ ਨਾਲ ਜੁੜੇ ਵਿਸ਼ਿਆਂ 'ਤੇ ਨਾਟਕ ਲਿਖੇ | ਜਿਹੜੇ ਕਿ ਉਸ ਸਮੇਂ ਬਹੁਤ ਮਕਬੂਲ ਹੋਏ | ਫਿਰ ਕੁਝ ਦੁਖਾਂਤ (ਟਰੈਜਡੀ) ਵਾਲੇ ਨਾਟਕ ਲਿਖੇ | ਵਿਲੀਅਮ ਸ਼ੈਕਸਪੀਅਰ ਦੇ ਬਹੁਤ ਸਾਰੇ ਨਾਟਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਵੀ ਹਿੱਸਾ ਬਣੇ | ਜਿਸ ਥਾਂ 'ਤੇ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੋਇਆ ਸੀ, ਉਸ ਨੂੰ 1847 ਵਿਚ ਰਾਸ਼ਟਰੀ ਸਮਾਰਕ ਦਾ ਦਰਜਾ ਦਿੱਤਾ ਗਿਆ | ਸ਼ੈਕਸਪੀਅਰ ਦੀ ਮੌਤ ਸੰਨ 1616 ਵਿਚ ਹੋਈ |
ਇਕ ਐਨਟੀਕ ਸਟੋਰ ਵਿਚੋਂ ਵਿਲੀਅਮ ਸ਼ੈਕਸਪੀਅਰ ਦੇ ਘਰ ਦਾਖਲ ਹੋਣ ਦਾ ਰਸਤਾ ਸੀ | ਅਸੀਂ ਪੰਜੇ ਜਣੇ ਘਰ ਅੰਦਰ ਦਾਖਲ ਹੋ ਗਏ | ਬਾਹਰ ਘਾਹ ਦਾ ਮੈਦਾਨ ਸੀ | ਫਿਰ ਘਰ ਅੰਦਰ ਦਾਖਲ ਹੋਣ 'ਤੇ ਸਭ ਤੋਂ ਪਹਿਲਾ ਕਮਰਾ ਉਹ ਸੀ ਜਿਥੇ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੋਇਆ ਸੀ | ਉਸ ਦੇ ਮੰਜੇ ਬਿਸਤਰੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ | ਉਸ ਦੇ ਮੰਜੇ ਉੱਪਰ ਕਨੋਪੀ ਵੀ ਲੱਗੀ ਹੋਈ ਸੀ | ਕਮਰੇ ਦੀਆਂ ਦੀਵਾਰਾਂ ਡਿਜ਼ਾਈਨ ਦੇ ਵੇਲ ਬੂਟਿਆਂ ਅਤੇ ਚਮਕੀਲੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਸਨ | ਅੱਗੇ ਰੋਟੀ ਖਾਣ ਵਾਲਾ ਕਮਰਾ ਸੀ, ਜਿਸ ਵਿਚ ਲੱਕੜ ਦਾ ਮੇਜ਼ ਅਤੇ ਬੈਠਣ ਵਾਸਤੇ ਲੱਕੜ ਦਾ ਹੀ ਬੈਂਚ ਸੀ, ਜਿਸ ਉੱਪਰ ਕੁਝ ਬਰਤਨ, ਨਮਕ ਦਾਨੀ, ਗਲਾਸ, ਬਹੁਤ ਸੰੁਦਰ ਤਰੀਕੇ ਨਾਲ ਸਜਾ ਕੇ ਰੱਖੇ ਹੋਏ ਸਨ | ਉਥੇ ਲੱਗੇ ਹੋਏ ਬੋਰਡ ਅਨੁਸਾਰ ਸ਼ੈਕਸਪੀਅਰ ਪਰਿਵਾਰ ਇਸ ਮੇਜ 'ਤੇ ਖਾਣਾ ਖਾਂਦਾ ਸੀ | ਇਹ ਵੀ ਲਿਖਿਆ ਹੈ ਕਿ ਪਰਿਵਾਰ ਕੀ ਕੀ ਖਾਂਦਾ ਸੀ | ਬੋਰਡ ਅਨੁਸਾਰ ਉਸ ਸਮੇਂ ਇੰਗਲੈਂਡ ਵਿਚ ਛੁਰੀ-ਕਾਂਟੇ ਦਾ ਰਿਵਾਜ ਨਹੀਂ ਸੀ, ਪਰ ਲੱਕੜ ਦੇ ਚਮਚੇ ਜ਼ਰੂਰ ਪਏ ਸਨ | ਉਸ ਤੋਂ ਅਗਲਾ ਕਮਰਾ ਜੌਹਨ ਸ਼ੈਕਸਪੀਅਰ ਦੀ ਵਰਕਸ਼ਾਪ ਸੀ, ਜਿਸ ਵਿਚ ਉਹ ਚਮੜੇ ਦੇ ਦਸਤਾਨੇ ਬਣਾਉਂਦੇ ਸਨ | ਦਸਤਾਨੇ ਬਣਾਉਣ ਦੇ ਸੰਦ ਵੀ ਰੱਖੇ ਹੋਏ ਸਨ | ਇਕ ਅੰਗਰੇਜ਼ ਗਾਈਡ ਆਏ ਹੋਏ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਿਹਾ ਸੀ |
ਸਾਰੇ ਕਮਰੇ ਇਕ-ਦੂਸਰੇ ਨਾਲ ਜੁੜੇ ਹੋਏ ਸਨ | ਉਸ ਤੋਂ ਅਗਲੇ ਕਮਰੇ ਨੂੰ ਗਰਮ ਰੱਖਣ ਲਈ ਅੰਗੀਠੀ ਬਣੀ ਹੋਈ ਹੈ | ਅਗਲੇ ਕਮਰੇ ਵਿਚ ਵਿਲੀਅਮ ਸ਼ੈਕਸਪੀਅਰ ਦਾ ਕੱਚ ਦਾ ਜੱਗ ਅਤੇ ਸੈਰਮਿਕ ਦੀ ਬਣੀ ਹੋਈ ਲੂਣ ਦਾਨੀ ਬਹੁਤ ਸੰਭਾਲ ਕੇ ਰੱਖੀ ਹੋਈ ਹੈ |
ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਉੱਪਰ ਬਹੁਤ ਸਾਰੇ ਨਾਂਅ ਲਿਖੇ ਹੋਏ ਸਨ, ਉਥੇ ਰੱਖੇ ਹੋਏ ਬੋਰਡ ਅਨੁਸਾਰ ਇਨ੍ਹਾਂ ਸ਼ੀਸ਼ਿਆਂ ਉੱਪਰ ਮਹਾਨ ਹਸਤੀਆਂ ਦੇ ਨਾਂਅ ਲਿਖੇ ਹੋਏ ਹਨ, ਜਿਨ੍ਹਾਂ ਵਿਚ ਸਕੇਟਿਸ ਲੇਖਕ ਵਾਲਟਰ ਸਕੋਟ, ਫਿਲਾਸਫਰ ਥੌਮਸ ਕਾਰਲਾਇਲ ਅਤੇ ਉਸ ਸਮੇਂ ਦੇ ਬਹੁਤ ਮਹਾਨ ਕਲਾਕਾਰ ਐਲਨ ਟੈਰੀ ਅਤੇ ਹੈਨਰੀ ਇਰਵਿੰਗ ਆਦਿ ਹਨ |
ਉਸ ਸਮੇਂ ਇਹ ਇਕ ਰਿਵਾਜ ਸੀ ਕਿ ਜੋ ਕੋਈ ਇਨਸਾਨ ਉਸ ਥਾਂ ਦੇ ਦਰਸ਼ਨ ਕਰਨ ਆਉਂਦਾ ਸੀ ਤਾਂ ਉਹ ਨਿਸ਼ਾਨੀ ਦੇ ਤੌਰ 'ਤੇ ਸ਼ੀਸ਼ੇ ਉੱਪਰ ਆਪਣਾ ਨਾਂਅ ਖੋਦ ਦਿੰਦਾ | ਰਿਕਾਰਡ ਅਨੁਸਾਰ ਸਭ ਤੋਂ ਪਹਿਲਾ ਨਾਂਅ 1806 ਵਿਚ ਖੋਦਿਆ ਗਿਆ ਸੀ ਜਦੋਂ ਖਿੜਕੀਆਂ 'ਤੇ ਜਗ੍ਹਾ ਖਤਮ ਹੋ ਗਈ ਤਾਂ ਆਉਣ ਵਾਲੇ ਦਰਸ਼ਕਾਂ ਨੇ ਦੀਵਾਰਾਂ ਅਤੇ ਸ਼ੀਲਗ 'ਤੇ ਆਪਣਾ ਨਾਂਅ ਲਿਖਣਾ ਸ਼ੁਰੂ ਕਰ ਦਿੱਤਾ |
ਸੰਨ 1860 ਵਿਚ ਆਉਣ ਵਾਲੇ ਯਾਤਰੀਆਂ ਅਤੇ ਦਰਸ਼ਕਾਂ ਲਈ ਕਿਤਾਬ ਰੱਖ ਦਿੱਤੀ ਗਈ ਸੀ | ਅਖੀਰਲੇ ਕਮਰੇ ਵਿਚ ਕਾਨੀਆ ਨਾਲ ਇਕ ਲੇਟੇ ਹੋਏ ਆਦਮੀ ਦੀ ਕਲਾਕ੍ਰਿਤੀ ਬਣਾਈ ਹੋਈ ਸੀ | ਉਸ ਨਾਲ ਫੋਟੋ ਖਿਚਾਣ ਤੋਂ ਬਾਅਦ ਬਾਹਰ ਜਾਂਦੀਆਂ ਪੌੜੀਆਂ ਵੱਲ ਕਦਮ ਵਧਾ ਦਿੱਤੇ ਅਤੇ ਅੰਗਰੇਜ਼ਾਂ ਦੀ ਆਪਣੀ ਧਰੋਹਰ (ਨਿਸ਼ਾਨੀ) ਨੂੰ ਸੰਭਾਲਣ ਲਈ ਉਨ੍ਹਾਂ ਦੀ ਤਾਰੀਫ਼ ਜ਼ਬਾਨ ਰਾਹੀਂ ਆਪਣੇ-ਆਪ ਨਿਕਲਦੀ ਹੈ |

-ਫੋਨ : 98159-34125.
drkalsi@gmail.com

ਹੁਣ ਗੁਬਾਰਿਆਂ ਤੋਂ ਮਿਲੇਗਾ ਇੰਟਰਨੈੱਟ

ਪਹਾੜਾਂ ਨਾਲ ਘਿਰੇ ਪ੍ਰਾਂਤ ਉੱਤਰਾਖੰਡ ਦੇ ਦੂਰ ਦਰਾਜ਼ ਦੇ ਪਿੰਡ, ਅੱਜ ਵੀ ਸੂਚਨਾ ਅਤੇ ਇੰਟਰਨੈੱਟ ਤਕਨੀਕ ਨਾਲੋਂ ਟੁੱਟੇ ਹੋਏ ਹਨ | ਇਹ ਬੜੀਆਂ, ਖੌਫ਼ਨਾਕ ਹਾਲਤਾਂ ਵਾਲਾ ਸੂਬਾ ਹੈ | ਦੂਰਸੰਚਾਰ ਸੇਵਾਵਾਂ ਦੀ ਅਣਹੋਂਦ ਕਾਰਨ, ਸੰਕਟ ਵਾਲੀਆਂ ਹਾਲਤਾਂ 'ਚ ਰਾਹਤ ਕਾਰਜ ਕਰਨ ਵੇਲੇ ਭਾਰੀ ਦਿੱਕਤਾਂ ਆਉਂਦੀਆਂ ਹਨ | ਇਨ੍ਹਾਂ ਦਿੱਕਤਾਂ ਨੂੰ ਮੱਦੇਨਜ਼ਰ ਰੱਖਦਿਆਂ, ਭਾਰਤ ਵਿਚ ਇਸ ਦਿਸ਼ਾ 'ਚ ਪਹਿਲਾ ਪ੍ਰਯੋਗ 'ਐਰੋਸਟੈਟ ਇੰਟਰਨੈੱਟ ਬੈਲੂਨ' ਉਤਰਾਖੰਡ 'ਚ ਦੇਹਰਾਦੂਨ ਵਿਖੇ ਕੀਤਾ ਗਿਆ ਹੈ | ਇਹ ਤਜਰਬਾ ਕਰਨ ਉਪਰੰਤ, ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗੁਬਾਰਾ ਤਕਨੀਕ ਸੱਤ ਕਿਲੋਮੀਟਰ ਦੇ ਦਾਇਰੇ ਅੰਦਰ 5 ਐਮ.ਬੀ.ਪੀ.ਐਸ. ਤੱਕ ਡਾਟਾ ਸਪੀਡ ਦਾ ਇੰਟਰਨੈੱਟ ਅਤੇ ਮੋਬਾਈਲ ਸੰਪਰਕ ਜੋੜਨ ਦੀ ਸਹੂਲਤ ਮੁਹੱਈਆ ਕਰਾ ਸਕੇਗੀ | ਅਜਿਹਾ ਤਜਰਬਾ ਕਰਨ ਵਾਲਾ ਉਤਰਾਖੰਡ ਹੁਣ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ |
ਗੁਬਾਰਿਆਂ ਦੀ ਸ਼ੁਰੂਆਤ : ਗੁਬਾਰਿਆਂ ਰਾਹੀਂ ਇੰਟਰਨੈੱਟ ਸੇਵਾਵਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੂਗਲ ਇੰਟਰਨੈੱਟ ਕੰਪਨੀ ਵਲੋਂ ਕੀਤੀ ਗਈ | ਇਸ ਕੰਪਨੀ ਨੇ 'ਪ੍ਰਾਜੈਕਟ ਲੂਨ' ਅਧੀਨ 15 ਜੂਨ, 2013 ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਦੇ ਬਾਹਰੀ ਖੇਤਰ 'ਚ 15 ਮੀਟਰ ਵਿਆਸ ਅਤੇ 12 ਮੀਟਰ ਉਚਾਈ ਵਾਲੇ, ਪਾਲੀਥੀਨ ਤੇ ਪਲਾਸਟਿਕ ਤੋਂ ਬਣੇ, ਹੀਲੀਅਮ ਗੈਸ ਨਾਲ ਭਰੇ, ਤੀਹ ਗੁਬਾਰੇ ਅਸਮਾਨ ਵਿਚ ਉਡਾਏ ਸਨ | ਇਨ੍ਹਾਂ ਗੁਬਾਰਿਆਂ ਰਾਹੀਂ ਦੁਨੀਆ ਦੇ ਦੂਰ-ਦੂਰ ਤੇ ਪਛੜੇ ਇਲਾਕਿਆਂ ਦੇ ਤਕਰੀਬਨ 4.7 ਅਰਬ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਨਾ ਹੀ ਇਨ੍ਹਾਂ ਦਾ ਅਸਲੀ ਮਕਸਦ ਹੈ | ਇਸ ਦੇ ਨਾਲ ਹੀ ਉਨ੍ਹਾਂ ਨੂੰ ਤੇਜ਼ ਰਫ਼ਤਾਰ ਦਾ ਸਸਤਾ ਇੰਟਰਨੈੱਟ ਵੀ ਮੁਹੱਈਆ ਕਰਵਾਉਣਾ ਹੈ |
ਇਹ ਇਕ ਅਜੀਬੋ-ਗਰੀਬ ਮੌਕਾ ਮੇਲ ਸੀ ਕਿ ਅਗਲੇ ਹੀ ਦਿਨ 16 ਜੂਨ, 2013 ਨੂੰ ਕੇਦਾਰਨਾਥ 'ਚ ਹੜ੍ਹਾਂ ਦੀ ਭਿਆਨਕ ਤ੍ਰਾਸਦੀ ਵਾਪਰ ਗਈ ਸੀ | ਇਸ ਵੇਲੇ ਬੜੀ ਗੰਭੀਰਤਾ ਨਾਲ ਮਹਿਸੂਸ ਕੀਤਾ ਗਿਆ ਕਿ ਜੇ ਇੰਟਰਨੈੱਟ ਵਾਲੇ ਗੁਬਾਰੇ, ਇਥੇ ਕਾਰਜਸ਼ੀਲ ਹੁੰਦੇ ਤਾਂ ਫੋਨ ਸੇਵਾਵਾਂ ਤੇ ਇੰਟਰਨੈੱਟ ਜ਼ਰੀਏ, ਪ੍ਰਭਾਵਿਤ ਲੋਕਾਂ ਨੂੰ ਬਚਾਉਣ ਤੇ ਰਾਹਤ ਪਹੁੰਚਾਉਣ 'ਚ ਸੌਖ ਹੋ ਜਾਣੀ ਸੀ | ਭਾਰਤ ਜਿਹੇ ਦੇਸ਼ ਵਿਚ ਇਹ ਤਜਰਬਾ ਬੜਾ ਇਨਕਲਾਬੀ ਸਿੱਧ ਹੋ ਸਕਦਾ ਹੈ |
ਅਜੇ ਤੱਕ ਸਵਾ ਅਰਬ ਦੀ ਵਸੋਂ ਵਿਚੋਂ ਚਾਲੀ-ਪੰਤਾਲੀ ਕਰੋੜ ਲੋਕਾਂ ਦੀ ਇੰਟਰਨੈੱਟ ਸੇਵਾਵਾਂ ਤੱਕ ਪਹੁੰਚ ਹੈ | ਇਨ੍ਹਾਂ 'ਚੋਂ ਬਹੁਤੇ ਵੱਡੇ ਸ਼ਹਿਰਾਂ 'ਚ ਰਹਿੰਦੇ ਹਨ | ਉਹ ਘਰਾਂ ਦੀ ਥਾਂ ਦਫ਼ਤਰਾਂ 'ਚ ਇੰਟਰਨੈੱਟ ਇਸਤੇਮਾਲ ਕਰਦੇ ਹਨ | ਸੂਚਨਾ ਅਤੇ ਉਦਯੋਗਿਕ ਵਿਕਾਸ ਏਜੰਸੀ (ਆਈ.ਟੀ.ਡੀ.ਏ.) ਨੇ ਆਈ.ਆਈ.ਟੀ. ਮੰੁਬਈ ਦੇ ਸਹਿਯੋਗ ਨਾਲ ਗੁਬਾਰਾ ਤਕਨੀਕ ਦਾ ਦੇਹਰਾਦੂਨ ਦੇ ਆਈ.ਟੀ. ਪਾਰਕ ਵਿਖੇ 8 ਜੂਨ, 2018 ਨੂੰ ਸੂਬੇ ਦੇ ਮੁੱਖ ਮੰਤਰੀ ਵਲੋਂ ਉਦਘਾਟਨ ਕੀਤਾ ਗਿਆ | ਪੰਤ ਇਸ ਗੁਬਾਰਾ ਤਕਨੀਕ ਦੇ ਰਚੇਤਾ ਹਨ |
ਐਰੋਸਟੈਟ ਇੰਟਰਨੈੱਟ ਗੁਬਾਰਾ : ਛੱਡੇ ਗਏ ਗੁਬਾਰੇ ਵਾਯੂਮੰਡਲ 'ਚ ਸਟ੍ਰੈਟੋਸਫੀਅਰ ਵਾਲੇ ਹਿੱਸੇ ਵਿਚ, ਕਾਫ਼ੀ ਉਚਾਈ ਤੇ, ਹਵਾ ਦੇ ਸਹਾਰੇ ਉਡਦੇ ਹਨ | ਵਾਯੂਮੰਡਲ ਦੇ ਇਸ ਭਾਗ 'ਚ ਨਾ ਤਾਂ ਹਵਾਈ ਜਹਾਜ਼ ਉਡਦੇ ਹਨ ਤੇ ਨਾ ਹੀ ਮੌਸਮੀ ਗੁਬਾਰਿਆਂ ਦੇ ਟਕਰਾਉਣ ਦਾ ਡਰ ਹੁੰਦਾ ਹੈ | ਇਹ ਗੁਬਾਰੇ ਟਰਾਂਸਵਰਸ ਬੈਟਰੀ, ਸੋਲਰ ਪੈਨਲ, ਜੀ.ਪੀ.ਐਸ. ਸਿਸਟਮ, ਐਾਟੀਨਾ, ਗੁਬਾਰੇ ਦੀ ਚਾਲ ਤੇ ਦਿਸ਼ਾ ਕੰਟਰੋਲ ਕਰਨ ਵਾਲਾ ਯੰਤਰ, ਨਾਈਟ ਵਿਜ਼ਨ ਕੈਮਰਾ, ਵਰਖਾਮਾਪੀ (ਰੇਨ ਗੇਜ਼), ਵੈਦਰ ਸਟੇਸ਼ਨ ਆਦਿ ਉਪਕਰਨਾਂ ਨਾਲ ਲੈਸ ਹੁੰਦੇ ਹਨ |
ਇਹ ਗੁਬਾਰੇ ਇਕ ਰੱਸੀ ਦੀ ਮਦਦ ਨਾਲ ਧਰਤੀ ਨਾਲ ਜੁੜੇ ਰਹਿੰਦੇ ਹਨ | ਇਨ੍ਹਾਂ ਗੁਬਾਰਿਆਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ | ਗੁਬਾਰੇ ਕਾਫ਼ੀ ਦੇਰ ਬਿਨਾਂ ਬਾਲਣ ਉਡਦੇ ਰਹਿੰਦੇ ਹਨ |
ਇੰਟਰਨੈੱਟ ਤੇ ਪ੍ਰਾਜੈਕਟ ਲੂਨ : ਇੰਟਰਨੈੱਟ ਦੀ ਖੋਜ ਨੂੰ ਵਿਗਿਆਨ ਦਾ ਕ੍ਰਿਸ਼ਮਾ ਮੰਨਿਆ ਜਾਂਦਾ ਹੈ | ਸਾਨੂੰ ਸਾਰੇ ਵਿਸ਼ਵ ਨਾਲ ਜੋੜ ਲੈਂਦਾ ਹੈ ਇੰਟਰਨੈੱਟ | ਫੇਸਬੁੱਕ, ਟਵਿੱਟਰ ਜਿਹੇ ਸੋਸ਼ਲ ਮੀਡੀਆ ਦੀ ਗੱਲ ਹੋਵੇ ਜਾਂ ਜਾਣਕਾਰੀਆਂ ਲੱਭਦਿਆਂ ਵਿਕੀਪੀਡੀਆ ਜਾਂ ਗੂਗਲ ਸਰਚ ਇੰਜਣ ਦੀ ਗੱਲ ਹੋਵੇ, ਇੰਟਰਨੈੱਟ ਬਿਨਾਂ ਅਧੂਰੀ ਹੈ | ਚਿੱਠੀ-ਪੱਤਰ ਦੀ ਥਾਂ ਈਮੇਲ ਸਾਨੂੰ ਇੰਟਰਨੈੱਟ ਨੇ ਹੀ ਦਿੱਤੀ ਹੈ | ਝੱਟ 'ਚ ਰੇਲ ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾ ਲੈਂਦੇ ਹਾਂ | ਸੋਚੋ ਜੇ ਇੰਟਰਨੈੱਟ ਪਹੁੰਚਾਉਣ ਵਾਲੀਆਂ ਤਾਰਾਂ 'ਚੋਂ ਕਿਤੇ ਕੋਈ ਤਾਰ ਕੱਟੀ ਜਾਵੇ | ਇੰਟਰਨੈੱਟ ਇਕ ਚੁਣੌਤੀ ਬਣ ਕੇ ਖਲੋ ਜਾਵੇਗਾ | ਅਜਿਹੀਆਂ ਹਾਲਤਾਂ ਵਿਚ ਇੰਟਰਨੈੱਟ ਗੁਬਾਰੇ ਦੀ ਤਕਨੀਕ ਇਕ ਚਮਤਕਾਰ ਜਾਂ ਵਰਦਾਨ ਬਣ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਂਦੀ ਹੈ |
ਪ੍ਰਾਜੈਕਟ ਲੂਨ ਦੇ ਗੁਬਾਰਿਆਂ ਦੇ ਸੰਦਰਭ 'ਚ ਦਾਅਵਾ ਕੀਤਾ ਗਿਆ ਹੈ ਕਿ ਹਰੇਕ ਗੁਬਾਰਾ ਤਕਰੀਬਨ 1250 ਵਰਗ ਕਿ. ਮੀ. ਦੇ ਘੇਰੇ ਵਿਚ ਇੰਟਰਨੈੱਟ ਸਹੂਲਤ ਦੇਣ ਦੇ ਸਮਰੱਥ ਹੈ | ਪ੍ਰਾਜੈਕਟ ਲੂਨ 'ਚ ਜਿਹੜੀ ਤਕਨੀਕ ਵਰਤੀ ਗਈ ਹੈ, ਉਸ ਨੂੰ ਗੂਗਲ ਦੀ ਉਸੇ ਟੀਮ ਦੇ ਤਕਨੀਸ਼ੀਅਨਾਂ ਨੇ ਵਿਕਸਤ ਕੀਤਾ ਹੈ, ਜਿਨ੍ਹਾਂ ਪਹਿਲਾਂ 'ਬਿਨਾਂ ਚਾਲਕ ਤੋਂ ਕਾਰ' ਅਤੇ ਆਗਮੇਟਿਡ ਰਿਐਲਿਟੀ 'ਤੇ ਬਣੇ ਗੂਗਲ ਚਸ਼ਮੇ ਨੂੰ ਤਿਆਰ ਕੀਤਾ ਸੀ |
ਹਰੇਕ ਗੁਬਾਰੇ 'ਚ ਜਿਹੜੇ ਟ੍ਰਾਂਸੀਵਰ ਲੱਗੇ ਹੁੰਦੇ ਹਨ, ਉਹ ਧਰਤੀ 'ਤੇ ਮੌਜੂਦ ਟ੍ਰਾਂਸੀਵਰਾਂ ਨਾਲ ਸੰਪਰਕ ਜੋੜਦੇ ਹਨ | ਇਸ ਦੇ ਨਾਲ ਹੀ ਲੋਕਾਂ ਦੇ ਘਰੀਂ ਲੱਗੇ ਐਨਟੀਨਿਆਂ ਨੂੰ ਕਿਰਨਾਂ ਦੇ ਰੂਪ 'ਚ ਇੰਟਰਨੈੱਟ ਸਿਗਨਲ ਵੀ ਘੱਲਦੇ ਰਹਿੰਦੇ ਹਨ |
ਇੰਝ ਵੀ ਤਾਂ ਹੋ ਸਕਦਾ : ਉਂਜ ਤਾਂ ਗੂਗਲ ਕੰਪਨੀ ਗੁਬਾਰਿਆਂ ਦੀ ਸਥਿਤੀ 'ਤੇ ਦਿਸ਼ਾ ਨੂੰ ਕੰਟਰੋਲ ਕਰਨ ਦਾ ਦਾਅਵਾ ਕਰਦੀ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਤੇਜ਼ ਹਵਾਵਾਂ ਅੱਗੇ ਕੰਪਨੀ ਦੇ ਪ੍ਰਬੰਧ ਨਾ ਟਿਕ ਸਕਣ | ਹਵਾ ਗੁਬਾਰੇ ਉਡਾ ਕੇ ਕਿਸੇ ਦੂਜੇ ਮੁਲਕ ਦੇ ਵਾਯੂਮੰਡਲ ਵਿਚ ਲੈ ਜਾਵੇ | ਅਜਿਹੀ ਸਥਿਤੀ 'ਚ ਗੂਗਲ ਕੰਪਨੀ ਲਈ ਖਤਰਾ ਖੜ੍ਹਾ ਹੋ ਸਕਦਾ ਹੈ | ਕੰਪਨੀ ਨੂੰ ਉਸ ਦੇਸ਼ ਦੇ ਆਕਾਸ਼ ਖੇਤਰ ਨੂੰ ਇਸਤੇਮਾਲ ਕਰਨ ਲਈ ਮਨਜ਼ੂਰੀ ਲੈਣੀ ਪੈ ਸਕਦੀ ਹੈ | ਚੇਤੇ ਰਹੇ ਕਿ ਸਟ੍ਰੈਟੋਸਫੀਅਰ ਵਿਚ ਉੱਡਦੀਆਂ ਵਸਤਾਂ ਬਾਰੇ ਹਰ ਮੁਲਕ ਨੇ ਕਰੜੇ ਕਾਨੂੰਨ ਬਣਾਏ ਹੋਏ ਹਨ |
ਗੁਬਾਰਿਆਂ ਦੀ ਮੁਨਿਆਦ : ਗੂਗਲ ਕੰਪਨੀ ਪੂਰੇ ਵਿਸ਼ਵ ਨੂੰ ਅਜਿਹੇ ਗੁਬਾਰਿਆਂ ਦੇ ਇਕ ਚੱਕਰ 'ਚ ਪਰੋ ਦੇਣ ਦਾ ਸੁਪਨਾ ਦੇਖ ਰਹੀ ਹੈ | ਇਸੇ ਸੰਕਲਪ ਅਧੀਨ ਉਸ ਨੇ 'ਲੂਨ ਫਾਰ ਆਲ' (ਬੈਲੂਨ ਫਾਰ ਆਲ ਦਾ ਸੰਖੇਪ) ਟੈਗਲਾਈਨ ਬਣਾਈ ਸੀ | ਗੁਬਾਰਿਆਂ ਦਾ ਨੈੱਟਵਰਕ ਬਣ ਜਾਣ ਨਾਲ, ਕਿਸੇ ਵੀ ਇਮਾਰਤ 'ਤੇ ਲੱਗੇ ਐਾਟੀਨੇ ਤੋਂ ਗੁਬਾਰਿਆਂ ਨਾਲ ਸੰਪਰਕ ਜੋੜਿਆ ਜਾ ਸਕਦਾ ਹੈ | ਇੰਜ ਤੇਜ਼ ਗਤੀ ਵਾਲਾ ਇੰਟਰਨੈੱਟ ਸਾਡੇ ਮੋਬਾਈਲ ਫੋਨਾਂ, ਕੰਪਿਊਟਰਾਂ ਤੇ ਹੋਰ ਯੰਤਰਾਂ 'ਤੇ ਚੱਲਣ ਲੱਗੇਗਾ | ਇਸ ਸੁਪਨੇ ਨੂੰ ਸਾਕਾਰ ਕਰਨ ਲਈ ਗੂਗਲ ਕੰਪਨੀ ਨੂੰ ਅਜਿਹੇ ਹਜ਼ਾਰਾਂ ਗੁਬਾਰੇ ਆਸਮਾਨ 'ਚ ਛੱਡਣੇ ਪੈਣਗੇ | ਇਹ ਕੋਈ ਸੌਖਾ ਕੰਮ ਨਹੀਂ ਹੈ | ਇਨ੍ਹਾਂ ਗੁਬਾਰਿਆਂ ਦੀ ਔਸਤ ਮੁਨਿਆਦ ਸੌ ਦਿਨ ਦੀ ਹੁੰਦੀ ਹੈ | ਤਰ੍ਹਾਂ-ਤਰ੍ਹਾਂ ਦੇ ਸ਼ੰਕੇ ਜਤਾਏ ਜਾ ਰਹੇ ਹਨ, ਮੁਨਿਆਦ ਪੂਰੀ ਹੋਣ 'ਤੇ ਇਹ ਗੁਬਾਰੇ ਫਟ ਜਾਣਗੇ ਤੇ ਡਿਗਣ ਸਮੇਂ ਕੋਈ ਸਮੱਸਿਆ ਖੜ੍ਹੀ ਕਰ ਦੇਣਗੇ? ਪਰ ਗੂਗਲ ਨੇ ਇਹ ਕਹਿ ਕੇ ਸ਼ੰਕਾ ਦੂਰ ਕਰ ਦਿੱਤਾ ਹੈ ਕਿ ਇਹ ਗੁਬਾਰੇ ਜੀਵਨ ਪੂਰਾ ਹੋਣ ਤੋਂ ਪਹਿਲਾਂ ਹੀ ਧਰਤੀ 'ਤੇ ਉਤਾਰ ਲਏ ਜਾਣਗੇ ਅਤੇ ਉਨ੍ਹਾਂ ਦੀ ਥਾਂ ਨਵੇਂ ਗੁਬਾਰੇ ਤਾਇਨਾਤ ਕਰ ਦਿੱਤੇ ਜਾਣਗੇ |
ਉਪਯੋਗਤਾ : ਆਈ.ਟੀ.ਡੀ. ਏ. ਦੇ ਨਿਰਦੇਸ਼ਕ ਅਮਿਤ ਸਿਨਹਾ ਨੇ ਐਰੋਸਟੈਟ ਬੈਲੂਨ ਦੇ ਉਦਘਾਟਨ ਵੇਲੇ ਕਿਹਾ, 'ਇਸ ਐਰੋਸਟੈਟ ਗੁਬਾਰੇ ਨੇ ਕੇਦਾਰਨਾਥ ਦੇ ਮਾਰੂ ਹੜ੍ਹਾਂ ਵੇਲੇ ਸੈਂਕੜੇ ਜ਼ਿੰਦਗੀਆਂ ਬਚਾ ਲੈਣੀਆਂ ਸਨ | ਇਹ ਗੁਬਾਰਾ ਇੰਟਰਨੈੱਟ ਤਕਨੀਕ ਹੋਰ ਵੀ ਕਿੰਨੇ ਖੇਤਰਾਂ 'ਚ ਲਾਭਕਾਰੀ ਹੋ ਸਕਦੀ ਹੈ | ਸੂਚਨਾ ਦੇ ਪ੍ਰਸਾਰ ਤੋਂ ਇਲਾਵਾ ਸਿੱਖਿਆ ਤੇ ਸਿਹਤ ਦੇ ਖੇਤਰਾਂ 'ਚ ਇੰਟਰਨੈੱਟ ਦੀ ਉਪਯੋਗਤਾ ਨੂੰ ਦੇਖਦਿਆਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਤਰਾਖੰਡ ਦੇ ਐਰੋਸਟੈਟ ਬੈਲੂਨ ਤੇ ਪ੍ਰਾਜੈਕਟ ਲੂਨ ਵਰਗੇ ਪ੍ਰਯੋਗ ਭਾਰਤ ਦੇ ਹਰ ਹਿੱਸੇ 'ਚ ਕੀਤੇ ਜਾਣ ਦੀ ਬੇਹੱਦ ਲੋੜ ਹੈ ਤਾਂ ਜੋ ਮੁਲਕ ਦੇ ਹਰ ਕੋਨੇ 'ਚ ਇੰਟਰਨੈੱਟ ਸੇਵਾਵਾਂ ਮਿਲ ਸਕਣ | ਇੰਟਰਨੈੱਟ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਸਾਧਨਾਂ ਦੀ ਜਾਣਕਾਰੀ ਦੇਣ ਦੇ ਸਮਰੱਥ ਬਣ ਜਾਣ | ਲੋਕਾਂ ਦੀ ਜ਼ਿੰਦਗੀ ਬਚਾਉਣ ਤੋਂ ਲੈ ਕੇ ਕੈਰੀਅਰ ਬਣਾਉਣ 'ਚ ਵੀ ਇੰਟਰਨੈੱਟ ਸੇਵਾਵਾਂ ਸਾਡੀਆਂ ਭਾਈਵਾਲ ਬਣ ਜਾਣ |
ਉਮੀਦਾਂ : ਕੱਲ੍ਹ ਨੂੰ ਇਹੀ ਗੁਬਾਰੇ ਮੁਲਕ ਦੀਆਂ ਸਰਹੱਦਾਂ ਤੇ ਜ਼ੋਰ ਜਬਰੀ ਨਾਲ ਹੰੁਦੀ ਘੁਸਪੈਠ ਰੋਕਣ 'ਤੇ ਨਜ਼ਰਸਾਨੀ ਕਰ ਸਕਣਗੇ | ਸੰਘਣੇ ਜੰਗਲਾਂ 'ਚ ਗ਼ੈਰ-ਸਮਾਜਿਕ ਤੱਤਾਂ ਅਤੇ ਅਨਸਰਾਂ ਦੀਆਂ ਲੁਕਣਗਾਹਾਂ 'ਤੇ ਨਿਗ੍ਹਾ ਰੱਖਣਗੇ | ਮੌਸਮ ਤੇ ਵਾਤਾਵਰਨ ਦੇ ਸਿੱਲ੍ਹੇ ਤਾਪਮਾਨ, ਪੌਣ ਗਤੀ, ਉਚਾਈਆਂ ਤੇ ਹਾਲਾਤ ਦਾ ਲੇਖਾ-ਜੋਖਾ ਕਰਨਗੇ | ਨਫੀਸ ਟੈਲੀਮੈਡੀਸਿਨ ਪ੍ਰਬੰਧ ਦੂਰ ਦਰਾਜ਼ ਪਿੰਡਾਂ 'ਚ ਰੋਗਾਂ ਨੂੰ ਜਾਂਚਣਗੇ ਅਤੇ ਨਿਦਾਨ (ਇਲਾਜ) ਵੀ ਕਰਨਗੇ | ਪੂਰੇ ਵਿਸ਼ਵ ਨੂੰ ਤੇਜ਼ ਇੰਟਰਨੈੱਟ ਮੁਹੱਈਆ ਕਰਾਉਣ ਹਿਤ ਦੇਖਣਾ ਹੋਵੇਗਾ ਕਿ ਗੂਗਲ ਕੰਪਨੀ ਦਾ ਸੁਪਨਾ ਕਦੋਂ ਤੱਕ ਸਾਕਾਰ ਹੁੰਦਾ ਏ?

-ਮੋਬਾਈਲ : 97806-67686.
mayer_hk@yahoo.com

ਵਿਗਿਆਨਕ ਗਲਪ ਦੀ ਦੁਨੀਆ

ਵਿਗਿਆਨ ਯਥਾਰਥ ਦੇ ਰਹੱਸ ਫਰੋਲ ਕੇ ਉਸ ਦੇ ਨੇਮ ਲੱਭਦਾ ਹੈ | ਯਥਾਰਥ ਦੀਆਂ ਕਠੋਰ ਤੇ ਪ੍ਰਤੀਕੂਲ ਸਥਿਤੀਆਂ ਨੂੰ ਕੰਟਰੋਲ ਕਰ ਕੇ ਹਾਲਾਤ ਨੂੰ ਮਨੁੱਖ ਲਈ ਸੁਖਾਵਾਂ ਬਣਾਉਣ ਦਾ ਯਤਨ ਕਰਦਾ ਹੈ | ਵਿਗਿਆਨ ਸੁਖਾਵੇਂ ਹਾਲਾਤ ਦੀ ਵੀ ਕਲਪਨਾ ਕਰਦਾ ਹੈ ਤੇ ਇਸ ਨੂੰ ਸਾਕਾਰ ਕਰਨ ਲਈ ਲੋੜੀਂਦੀਆਂ ਜੁਗਤਾਂ ਦੀ ਵੀ | ਸਾਹਿਤ ਦਾ ਅੰਤਿਮ ਉਦੇਸ਼ ਮਨੁੱਖ ਲਈ ਸੁਖਾਵੇਂ, ਬਿਹਤਰ ਸਮਾਜ ਦੀ ਸਿਰਜਣਾ ਹੈ | ਨਿਆਂਪਰਕ ਤੇ ਸੁਚੱਜੀ ਸਮਾਜਿਕ ਵਿਵਸਥਾ ਦੇ ਨਾਲ-ਨਾਲ ਸੁਖਾਵੀਆਂ ਭੌਤਿਕ ਸਥਿਤੀਆਂ ਦੀ ਵੀ ਲੋੜ ਹੈ | ਸਾਹਿਤ ਇਸ ਉਦੇਸ਼ ਦੀ ਪੂਰਤੀ ਲਈ ਯਥਾਰਥ ਦੇ ਇਛਿਤ ਰੂਪਾਂਤਰਣ ਲਈ ਕਲਪਨਾ ਦਾ ਸਹਾਰਾ ਲੈਂਦਾ ਹੈ | ਵਿਗਿਆਨ ਸਾਹਿਤ ਤੇ ਕਲਪਨਾ ਦਾ ਪਰਸਪਰ ਨਾਤਾ ਵਿਗਿਆਨ ਤੇ ਸਾਹਿਤ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ | ਇਸ ਨਾਲ ਸਾਹਿਤ/ਯਥਾਰਥ ਦੀ ਵਿਗਿਆਨਕ ਸਮਝ ਤਿੱਖੀ ਹੁੰਦੀ ਹੈ ਤੇ ਵਿਗਿਆਨ ਸਾਹਿਤਕ-ਗਲਪ ਵਿਚ ਕਲਪਿਤ ਜੁਗਤਾਂ ਨੂੰ ਯਥਾਰਥਕ ਪੱਧਰ ਉਤੇ ਸਾਕਾਰ ਕਰਨ ਲਈ ਨਵੀਆਂ ਅੰਤਰ-ਦਿ੍ਸ਼ਟੀਆਂ ਹਾਸਲ ਕਰਦਾ ਹੈ | ਇਹੀ ਨਹੀਂ ਸਾਹਿਤ ਵਿਗਿਆਨਕ ਪ੍ਰਾਪਤੀਆਂ ਦੀ ਨੈਤਿਕ/ਸਮਾਜਿਕ ਜ਼ਿੰਮੇਵਾਰੀ ਬਾਰੇ ਵੀ ਸੁਚੇਤ ਕਰਦਾ ਹੈ | ਇਨ੍ਹਾਂ ਉਦੇਸ਼ਾਂ ਦੀ ਪੂਰਤੀ ਦੇ ਸੰਦਰਭ ਵਿਚ ਵਿਗਿਆਨਕ-ਗਲਪ ਦਾ ਵਿਸ਼ੇਸ਼ ਮਹੱਤਵ ਹੈ, ਜਿਸ ਪ੍ਰਤੀ ਨਾ ਆਮ ਪਾਠਕ ਸੁਚੇਤ ਹਨ ਅਤੇ ਨਾ ਹੀ ਸਾਹਿਤਕਾਰ ਜਾਂ ਸਾਹਿਤ-ਚਿੰਤਕ | ਆਓ, ਬਹੁਤ ਹੱਦ ਤੱਕ ਅਣਗੌਲੇ ਵਿਗਿਆਨਕ-ਗਲਪ ਦੇ ਜਗਤ ਉਤੇ ਝਾਤੀ ਮਾਰੀਏ | ਪੰਜਾਬੀ ਵਿਚ ਤਾਂ ਇਸ ਦੀ ਗਲ ਅਜੇ ਸ਼ੁਰੂ ਹੋਣੀ ਹੈ, ਅੰਗਰੇਜ਼ੀ ਦੀ ਵਿਗਿਆਨ-ਗਲਪ ਦੀ ਚਰਚਾ ਹੀ ਅਸੀਂ ਕਰ ਸਕਦੇ ਹਾਂ | ਉਂਜ ਨਵੀਂ ਪੀੜ੍ਹੀ ਦੇ ਬੱਚੇ ਤੇ ਜਵਾਨ ਅੰਗਰੇਜ਼ੀ ਵਿਚ ਪ੍ਰਾਪਤ ਵਿਗਿਆਨ-ਗਲਪ ਦੇ ਵੀ ਸ਼ੌਕੀਨ ਹਨ ਅਤੇ ਇਸ ਉਤੇ ਉਸਰੀਆਂ ਹਾਲੀਵੁੱਡ ਫਿਲਮਾਂ ਦੇ ਵੀ | ਸਟਾਰ ਟਰੈਕ, ਬੈਕ ਟੂ ਦਾ ਫਿਊਚਰ, ਇੰਟਰ-ਸਟੈਲਰ ਤੇ ਅਰਾਈਵਲ ਜਿਹੀਆਂ ਫਿਲਮਾਂ ਇਸ ਦਾ ਪ੍ਰਮਾਣ ਹਨ |
ਚਲੋ ਮਾਰੋ ਆਪਣੀ ਕਲਪਨਾ ਨਾਲ ਉਡਾਰੀ ਤੇ ਕਲਪਿਤ ਕਰੋ ਸਵਿਟਜ਼ਰਲੈਂਡ ਦੀ ਜੈਨੇਵਾ ਝੀਲ ਕਿਨਾਰੇ ਬਣੇ ਹੋਟਲ ਦਾ | ਉਸ ਹੋਟਲ ਦਾ ਜਿਸ ਵਿਚ ਅੰਗਰੇਜ਼ੀ ਦੇ ਦੋ ਰੁਮਾਂਟਿਕ ਕਵੀ ਬਾਇਰਾਨ ਤੇ ਸ਼ੈਲੇ ਬੈਠੇ ਸਨ | ਨਾਲ ਹੀ ਸ਼ੈਲੇ ਦੀ ਹੋਣ ਵਾਲੀ ਬੀਵੀ ਮੇਰੀ | ਵਰ੍ਹਾ 1816 ਦਾ ਤੇ ਮਹੀਨਾ ਜੂਨ | ਨਿਰੰਤਰ ਬਾਰਿਸ਼ ਪੈ ਰਹੀ ਹੈ ਬਾਹਰ | ਝੜੀ ਲੱਗੀ ਹੋਈ ਹੈ | ਇਹ ਤਿੰਨੇ ਹੋਟਲ ਦੇ ਕਮਰੇ ਵਿਚ ਬੱਝਣ ਲਈ ਮਜਬੂਰ | ਬਾਇਰਨ ਸਲਾਹ ਦਿੰਦਾ ਹੈ ਕਿ ਸਮਾਂ ਕੱਟਣ ਲਈ ਹਰ ਬੰਦਾ ਕੋਈ ਭੂਤੀਆ ਕਹਾਣੀ ਸੁਣਾਵੇ | ਘੋਸਟ ਸਟੋਰੀ | ਮੇਰੀ ਦੀਆਂ ਰੁਚੀਆਂ ਵਿਗਿਆਨਕ ਹਨ | ਉਸ ਨੇ ਮਨੁੱਖੀ ਸਰੀਰ ਦੀ ਅਨਾਟਮੀ ਬਾਰੇ ਵੈਸੇਲੀਅਸ਼ ਦੀ ਉਹ ਕਿਤਾਬ ਤਾਜ਼ੀ-ਤਾਜ਼ੀ ਪੜ੍ਹੀ ਹੈ, ਜਿਸ ਵਿਚ ਉਸ ਨੇ ਅਨੇਕਾਂ ਲਾਸ਼ਾਂ ਦੀ ਚੀਰ-ਫਾੜ ਕਰਕੇ ਮਨੁੱਖੀ ਅੰਗਾਂ ਦੀ ਅੰਦਰਲੀ ਤਸਵੀਰ ਤੇ ਕਾਰਜ ਪ੍ਰਣਾਲੀ ਬਾਰੇ ਵਿਸਤਿ੍ਤ ਚਰਚਾ ਕੀਤੀ ਹੈ | ਹੱਡੀਆਂ ਤੇ ਨਾੜੀਆਂ ਦੇ ਚਿੱਤਰਾਂ ਨਾਲ ਭਰੀ ਕਿਤਾਬ ਦੀਆਂ ਤਸਵੀਰਾਂ ਉਸ ਦੇ ਦਿਮਾਗ ਵਿਚ ਆਉਂਦੀਆਂ ਹਨ | ਬਾਹਰ ਬਿਜਲੀ ਲਿਸ਼ਕਦੀ ਹੈ ਤੇ ਉਸ ਨੂੰ ਬਚਪਨ ਵਿਚ ਲੰਦਨ ਵਿਚ ਗੈਲਵਿਨਿਜਮ ਬਾਰੇ ਵੇਖਿਆ ਇਕ ਡਰਾਉਣਾ ਤਜਰਬਾ ਯਾਦ ਆਉਂਦਾ ਹੈ | ਤਾਜ਼ਾ ਫਾਹੇ ਲੱਗੇ ਇਕ ਅਪਰਾਧੀ ਦੀ ਲਾਸ਼ ਨੂੰ ਬਿਜਲੀ ਦਾ ਕਰੰਟ ਲਾਇਆ ਗਿਆ | ਮੁਰਦੇ ਦੇ ਜਬਾੜੇ ਕੰਬੇ | ਅੱਖ ਕੰਬੀ ਤੇ ਖੁੱਲ੍ਹ ਗਈ | ਇਹ ਡਰਾਵਣਾ ਦਿ੍ਸ਼ ਵੈਸੇਲੀਅਸ ਦੀ ਕਿਤਾਬ, ਲਿਸ਼ਕਦੀ ਬਿਜਲੀ, ਭੂਤੀਆ ਮਾਹੌਲ ਦੀਆਂ ਕਹਾਣੀਆਂ, ਟੇਬਲ ਉਤੇ ਬਲਦੀ ਮੋਮਬੱਤੀ ਸਾਰੇ ਕੁਝ ਨੇ ਰਲਮਿਲ ਕੇ ਉਸ ਅੰਦਰ ਆਪਣੇ ਹੀ ਸਿਰਜਕ ਨੂੰ ਵਖਤ ਪਾਉਣ ਵਾਲੇ ਇਕ ਬਨਾਵਟੀ ਜੀਵ ਦੀ ਭੂਤੀਆ ਕਹਾਣੀ ਦੀ ਰੂਪ-ਰੇਖਾ ਉਭਾਰੀ ਜੋ ਉਸ ਨੇ ਜਿਵੇਂ ਉਸ ਨੂੰ ਸੁਝਿਆ, ਸਭ ਨਾਲ ਸਾਂਝੀ ਕੀਤੀ |
ਉਸ ਵੇਲੇ ਤਾਂ ਗੱਲ ਆਈ-ਗਈ ਹੋ ਗਈ ਪਰ ਮੇਰੀ ਇਸ ਮਾਹੌਲ ਨੂੰ ਦੇਰ ਤੱਕ ਨਾ ਭੁੱਲੀ | ਲਗਪਗ ਡੇਢ ਸਾਲ ਉਹ ਇਸ ਕਥਾ ਨੂੰ ਪਰਤ-ਦਰ-ਪਰਤ ਸਵਾਰਦੀ ਵਿਸਤਾਰਦੀ ਰਹੀ | ਪਹਿਲੀ ਜਨਵਰੀ 1818 ਨੂੰ ਉਸ ਨੇ ਇਸ ਨੂੰ ਫਰੈਕਨਸਟਾਈਨ ਦੇ ਨਾਂਅ ਨਾਲ ਪ੍ਰਕਾਸ਼ਿਤ ਕੀਤਾ | ਵਿਗਿਆਨ ਗਲਪ ਦਾ ਜਨਮ ਸੀ ਇਹ | ਨਾਵਲ ਸੀ ਇਹ | ਇਸ ਦਾ ਨਾਇਕ ਵਿਕਟਰ ਫਰੈਂਕਨਸਟਾਈਨ ਪ੍ਰਯੋਗਸ਼ਾਲਾ ਵਿਚ ਇਕ ਬਨਾਵਟੀ ਜੀਵ ਬਣਾਉਣ ਵਿਚ ਕਾਮਯਾਬ ਹੁੰਦਾ ਹੈ | ਅੱਠ ਫੁੱਟ ਉੱਚਾ, ਪੀਲੀਆਂ ਅੱਖਾਂ, ਭਾਰੀ ਡਰਾਉਣਾ ਸਰੀਰ, ਅਰਧ ਪਾਰਦਰਸ਼ੀ ਚਮੜੀ ਵਿਚੋਂ ਖੂਨ, ਨਾੜੀਆਂ, ਹੱਡੀਆਂ ਦਿਸਦੀਆਂ ਹਨ | ਭਿਅੰਕਰ ਤੇ ਡਰਾਉਣਾ | ਵਿਕਟਰ ਆਪ ਹੀ ਡਰ ਕੇ ਭੱਜ ਜਾਂਦਾ ਹੈ | ਉਹ ਜਿਥੇ ਜਾਂਦਾ ਹੈ ਇਹ ਜੀਵ ਉਥੇ ਹੀ ਉਸ ਨੂੰ ਆ ਡਰਾਉਂਦਾ ਹੈ | ਕਈ ਕਤਲ ਕਰਦਾ ਹੈ | ਵਿਕਟਰ ਨੂੰ ਮਜਬੂਰ ਕਰਦਾ ਹੈ ਕਿ ਉਸ ਲਈ ਇਕ ਮਾਦਾ ਜੀਵ ਵੀ ਸਿਰਜੇ | ਵਿਕਟਰ ਤਾਂ ਉਸ ਨੂੰ ਬਣਾ ਕੇ ਹੀ ਡਰਿਆ ਹੋਇਆ ਹੈ | ਉਹ ਉਸ ਵਰਗਾ ਮਾਦਾ ਜੀਵ ਬਣਾਉਣ ਤੋਂ ਨਾਂਹ ਕਰ ਦਿੰਦਾ ਹੈ | ਉਸ ਦਾ ਬਣਾਇਆ ਭੂਤ ਉਸ ਦੇ ਭਰਾ, ਉਸ ਦੀ ਨਵ-ਵਿਆਹੀ ਪਤਨੀ ਤੇ ਉਸ ਦੇ ਭਰਾ ਨੂੰ ਖਾ ਜਾਂਦਾ ਹੈ | ਅੰਤ ਉਹ ਵਿਕਟਰ ਨੂੰ ਵੀ ਖਾ ਜਾਂਦਾ ਹੈ | ਅੱਜ ਅੰਗਰੇਜ਼ੀ ਡਿਕਸ਼ਨਰੀ ਵਿਚ ਫਰੈਂਕਸਟਾਈਨ ਵਿਸ਼ੇਸ਼ਣ ਆਪਣੇ ਹੀ ਸਿਰਜਕ ਨੂੰ ਖਤਮ ਕਰ ਦੇਣ ਦੇ ਅਰਥਾਂ ਵਿਚ ਸਰਵ ਸਵੀਕ੍ਰਿਤ ਹੈ | ਘੱਟੋ-ਘੱਟ ਤਿੰਨ ਫਿਲਮਾਂ ਬਣ ਚੁੱਕੀਆਂ ਹਨ ਇਸ ਨਾਵਲ ਉਤੇ |
ਵਿਗਿਆਨ ਗਲਪ ਵਿਚ ਦੂਜਾ ਵੱਡਾ ਕਦਮ ਜੂਲਜ਼ ਵਰਨ ਨੇ ਪੁੱਟਿਆ | ਉਸ ਨੇ ਅਰਾਊਾਡ ਦੀ ਅਰਥ ਇਨ ਏਟੀ ਡੇਜ਼ ਲਿਖਿਆ | ਉਸ ਨੇ ਪਾਠਕਾਂ ਨੂੰ ਧਰਤੀ ਦੇ ਆਲੇ-ਦੁਆਲੇ ਦੀ ਸੈਰ ਕਰਵਾਉਂਦੇ ਇਸ ਨਾਵਲ ਉਪਰੰਤ ਧਰਤੀ ਦੇ ਅੰਦਰਲੇ ਕੇਂਦਰ ਤੱਕ, ਸਰੀਰਾਂ ਦੇ ਹੇਠਾਂ ਅਤੇ ਅਸਮਾਨਾਂ ਤੱਕ ਦੇ ਨਜ਼ਾਰੇ ਚਿਤਰਦੇ ਵਿਗਿਆਨਕ ਨਾਵਲ ਲਿਖੇ | ਇਹ ਸਨ ਜਰਨੀ ਟੂ ਦੀ ਸੈਂਟਰ ਆਫ਼ ਅਰਥ, 20,000 ਲੀਗਜ਼ ਅੰਦਰ ਦੀ ਸੀ ਅਤੇ ਫਾਈਵ ਵੀਕਸ ਆਨ ਏ ਬੈਲੂਨ | ਉਸ ਨੇ ਇਨ੍ਹਾਂ ਨੂੰ ਲਿਖਣ ਤੋਂ ਪਹਿਲਾਂ ਭਾਂਤ-ਭਾਂਤ ਦੇ ਵਿਗਿਆਨਕ ਰਸਾਲੇ, ਅਖ਼ਬਾਰਾਂ, ਰਿਪੋਰਟਾਂ ਤੇ ਕਿਤਾਬਾਂ ਦੀ ਫਰੋਲਾ-ਫਰਾਲੀ ਕਰਕੇ ਨਿੱਠ ਕੇ ਵਿਚਾਰੇ ਅਤੇ ਉਨ੍ਹਾਂ ਦੀ ਸੁਚੱਜੀ ਵਰਤੋਂ ਆਪਣੀ ਗਲਪ ਵਿਚ ਕੀਤੀ | ਉਸ ਨੇ ਪ੍ਰਾਪਤ ਵਿਗਿਆਨਕ ਜਾਣਕਾਰੀ ਤੇ ਲੱਭਤਾਂ ਨੂੰ ਭਵਿੱਖ ਵਿਚ ਨਵੇਂ-ਨਵੇਂ ਵਿਸਤਾਰ ਗ੍ਰਹਿਣ ਕਰਦੇ ਚਿਤਵਿਆ | ਇਸ ਕਲਪਨਾ ਨੂੰ ਆਪਣੇ ਨਾਵਲ ਜਗਤ ਦਾ ਅੰਗ ਬਣਾਇਆ | ਉਸ ਦੇ ਲਾਏ ਕਈ ਪੂਰਵ ਅਨੁਮਾਨ ਬਾਅਦ ਵਿਚ ਵਿਗਿਆਨੀਆਂ ਨੇ ਜਿਵੇਂ ਵਰਤੇ ਉਸ ਤੋਂ ਉਸ ਨੂੰ ਵਿਗਿਆਨ ਤੇ ਤਕਨਾਲੋਜੀ ਦਾ ਪੈਗੰਬਰ ਦੇ ਵਿਸ਼ੇਸ਼ਣ ਨਾਲ ਚੇਤੇ ਕੀਤਾ ਜਾਂਦਾ ਹੈ | ਉਸ ਦੀ ਗਲਪ ਵਿਚ ਮਸ਼ੀਨਾਂ ਲੰਬੀ ਦੂਰੀ ਤੱਕ ਸੂਚਨਾ ਦੇ ਸੰਚਾਰ ਕਰਦੀਆਂ ਹਨ | ਬੱਘੀਆਂ ਜਲਣ ਕਿਰਿਆ ਨਾਲ ਚੱਲਣ ਵਾਲੇ ਇੰਜਣਾਂ ਆਸਰੇ ਚਲਦੀਆਂ ਹਨ | ਪਾਣੀ ਥੱਲੇ ਸਬ-ਮੇਰੀਨਾਂ ਚਲਦੀਆਂ ਹਨ | ਚੇਤੇ ਰਹੇ ਕਿ ਉਸ ਦੀਆਂ ਉਕਤ ਕਿਤਾਬਾਂ 1873 ਤੱਕ ਛਪ ਚੁੱਕੀਆਂ ਸਨ ਤੇ ਉਨ੍ਹਾਂ ਵਿਚ ਕਲਪਿਤ ਵਿਗਿਆਨ ਨੂੰ ਕਈ ਦਹਾਕੇ ਬਾਅਦ ਯਥਾਰਥ ਦਾ ਰੂਪ ਧਾਰਨਾ ਨਸੀਬ ਹੋਇਆ | ਪੁਲਾੜ ਯਾਤਰਾ ਬਾਰੇ ਦੋ ਗਲਪ ਪੁਸਤਕਾਂ ਦਾ ਵੀ ਇਹੀ ਹਾਲ ਹੈ | 'ਫਰਾਮ ਦਾ ਅਰਥ ਟੂ ਦ ਮੂਨ' ਅਤੇ 'ਆਫ਼ ਆਨ ਏ ਕਾਮੇਟ' ਦਾ ਗਲਪ ਜਗਤ ਸੌ-ਡੇਢ ਸੌ ਸਾਲ ਪਿਛੋਂ ਯਥਾਰਥ ਬਣ ਚੁੱਕਾ ਹੈ | ਵਰਨ ਪੁਲਾੜ ਯਾਤਰੀ ਉਤੇ ਪ੍ਰਵੇਗ (ਐਕਸੈਲਰੇਸ਼ਨ) ਦੇ ਪ੍ਰਭਾਵ ਦੀ ਗੱਲ ਕਰਦਾ ਹੈ | ਚੰਦ ਦੇ ਵਾਤਾਵਰਨ ਦੇ ਮੁਕਾਬਲੇ ਲਈ ਸਬੀਲਾਂ ਸੋਚਦਾ ਹੈ | ਚੰਦ ਵੱਲ ਰਾਕਟ ਦਾਗਣ ਲਈ ਉਸ ਨੂੰ ਫਲੋਰੀਡਾ ਦਾ ਤੱਟ ਹੀ ਉਚਿਤ ਲਗਦਾ ਹੈ | ਉਹ ਪੁਲਾੜ ਵਾਹਨ ਦਾ ਨਾਂਅ ਕੋਲੰਬੀਐਡ ਰੱਖਦਾ ਹੈ | ਨਾਸਾ ਨੇ ਆਪਣੀ ਸਪੇਸ਼ ਸ਼ਟਲ ਦਾ ਨਾਂਅ ਕੋਲੰਬੀਆ ਰੱਖਿਆ | ਉਸ ਨੇ ਫਲੋਰੀਡਾ ਵਿਚ ਸੱਚਮੁੱਚ ਰਾਕਟ ਲਾਂਚ ਸੈਂਟਰ ਵੀ ਬਣਾਇਆ | 20ਵੀਂ ਸਦੀ ਵਿਚ ਮਾਰਕੋਨੀ ਜਿਹੇ ਵਿਗਿਆਨੀਆਂ ਅਤੇ ਯੂਰੀ ਗਾਗਾਰਿਨ ਵਰਗੇ ਪੁਲਾੜ ਯਾਤਰੀਆਂ ਨੇ ਜੂਲਜ਼ ਵਰਨ ਦੀਆਂ ਰਚਨਾਵਾਂ ਤੋਂ ਮਿਲੀ ਪ੍ਰੇਰਨਾ ਦਾ ਉਚੇਚਾ ਜ਼ਿਕਰ ਆਪਣੀਆਂ ਯਾਦਾਂ ਵਿਚ ਕੀਤਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਫੋਨ ਨੰ: 98722-60550. 0175-2372010.

ਕੰਪਿਊਟਰੀ ਨੁਕਤੇ : ਬਣਾਓ ਬਿਨਾਂ ਨਾਂਅ ਅਤੇ ਦਿੱਖ ਵਾਲਾ ਫੋਲਡਰ

ਜੇ ਤੁਸੀਂ ਆਪਣੀ ਵਿੰਡੋ ਦੇ ਕਿਸੇ ਫੋਲਡਰ ਨੂੰ ਦੂਜਿਆਂ ਤੋਂ ਛੁਪਾਉਣਾ ਚਾਹੁੰਦੇ ਹੋ ਜਾਂ ਮਿੱਤਰਾਂ ਨਾਲ ਖ਼ਰਮਸਤੀ ਕਰਨਾ ਚਾਹੁੰਦੇ ਹੋ ਤਾਂ ਇਹ ਨੁਕਤਾ ਕਮਾਲ ਦਾ ਹੈ | ਅੱਜ ਅਸੀਂ ਬਿਨਾਂ ਨਾਂਅ ਵਾਲਾ ਫੋਲਡਰ ਬਣਾਉਣ ਅਤੇ ਫੋਲਡਰ ਨੂੰ ਗ਼ਾਇਬ ਕਰਨ ਦੇ ਨੁਕਤੇ ਦੱਸਾਂਗੇ |
ਸਭ ਤੋਂ ਪਹਿਲਾਂ ਡਰਾਈਵ, ਫੋਲਡਰ ਜਾਂ ਡੈਸਕਟਾਪ 'ਤੇ ਜਾਓ | ਫਿਰ ਇੱਥੇ ਮਾਊਸ ਦਾ ਰਾਈਟ ਕਲਿੱਕ ਕਰੋ | 'ਨਿਊ' ਅਤੇ ਫਿਰ 'ਫੋਲਡਰ' ਦੀ ਚੋਣ ਕਰੋ | ਫੋਲਡਰ ਬਣ ਜਾਵੇਗਾ ਤੇ ਹੇਠਾਂ ਉਸ ਦਾ ਨਾਂਅ (New 6older) ਲਿਖਿਆ ਨਜ਼ਰ ਆਵੇਗਾ | ਹੁਣ ਆਪਣੇ ਕੀ-ਬੋਰਡ ਤੋਂ 1LT+0160 ਦੱਬੋ | ਐਾਟਰ ਬਟਨ ਦਬਾਓ, ਨਾਂਅ ਲੋਪ ਹੋ ਜਾਵੇਗਾ |
ਜੇ ਹੁਣ ਤੁਸੀਂ ਆਪਣੇ ਇਸ ਬਿਨਾਂ ਨਾਂ ਵਾਲੇ ਫੋਲਡਰ ਦੇ ਆਈਕਾਨ ਨੂੰ ਗ਼ਾਇਬ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਸੰਭਵ ਹੈ | ਇਸ ਕੰਮ ਲਈ ਆਪਣੇ ਫੋਲਡਰ 'ਤੇ ਰਾਈਟ ਕਲਿੱਕ ਕਰਨ ਉਪਰੰਤ 'ਪ੍ਰਾਪਰਟੀਜ਼' 'ਤੇ ਜਾਓ | ਹੁਣ ਸਿਖਰਲੇ 'ਕਸਟੋਮਾਈਜ਼' ਬਟਨ ਨੂੰ ਦਬਾਉਂਦਿਆਂ 'ਚੇਂਜ ਆਈਕਾਨ' 'ਤੇ ਕਲਿੱਕ ਕਰ ਦਿਓ | ਵੱਖ-ਵੱਖ ਸ਼ਕਲਾਂ ਵਾਲੇ ਆਈਕਾਨ ਨਜ਼ਰ ਆਉਣਗੇ | ਇੱਥੇ ਤੁਸੀਂ ਵੇਖੋਗੇ ਕਿ ਕੁਝ ਆਈਕੋਨਾਂ/ਤਸਵੀਰਾਂ ਦੀ ਥਾਂ ਤੇ ਖ਼ਾਲੀ ਥਾਂ ਨਜ਼ਰ ਆਵੇਗੀ | ਇੱਥੇ ਹੀ ਫੋਲਡਰ ਨੂੰ ਛੂਹ-ਮੰਤਰ ਕਰਨ ਦਾ ਰਹੱਸ ਛੁਪਿਆ ਹੈ | ਕਿਸੇ ਵੀ ਖ਼ਾਲੀ ਦਿੱਖ ਵਾਲੇ ਆਈਕਾਨ (ਥਾਂ) 'ਤੇ ਕਲਿੱਕ ਕਰੋ | 'ਓਕੇ' ਦਬਾਓ | ਅਪਲਾਈ ਬਟਨ ਦਬਾਉਂਦਿਆਂ ਹੀ ਤੁਹਾਡਾ ਫੋਲਡਰ ਅਦਿ੍ਸ਼ ਹੋ ਜਾਵੇਗਾ | ਪਰ ਜਿਵੇਂ ਤੁਸੀਂ ਇਸ ਉੱਤੇ ਮਾਊਸ ਦਾ ਪੁਆਇੰਟਰ ਲੈ ਕੇ ਜਾਵੋਗੇ ਤਾਂ ਇਹ ਨਜ਼ਰ ਆਉਣ ਲੱਗੇਗਾ | ਇਸ ਫੋਲਡਰ ਨੂੰ ਕੋਈ ਨਵੀਂ ਦਿੱਖ ਦੇਣ ਲਈ ਉਕਤ ਤਰੀਕਾ ਦੁਹਰਾਇਆ ਜਾ ਸਕਦਾ ਹੈ |
ਤੁਸੀਂ ਆਮ ਬਣਾਏ ਜਾਂਦੇ ਨਾਵਾਂ ਵਾਲੇ ਫੋਲਡਰ ਨੂੰ ਵੀ ਲੋਪ ਕਰ ਸਕਦੇ ਹੋ | ਯਾਦ ਰੱਖੋ ਜੇ ਫੋਲਡਰ ਪਹਿਲਾਂ ਤੋਂ ਬਣਿਆ ਹੋਇਆ ਹੈ ਤਾਂ ਤੁਸੀਂ ਉਸ ਤੋਂ ਨਾਂਅ ਲੁਕਾਉਣਾ ਚਾਹੁੰਦੇ ਹੋ ਤਾਂ ਉਸ ਤੇ ਰਾਈਟ ਕਲਿੱਕ ਕਰ ਕੇ 'ਰੀਨੇਮ' ਕਮਾਂਡ ਜਾਂ ਕੀ-ਬੋਰਡ ਤੋਂ 62 ਬਟਨ ਦੱਬੋ |
ਮਾਊਸ ਬਿਨਾਂ ਬਣਾਓ ਟੇਬਲ
ਐਮਐਸ ਵਰਡ ਵਿਚ ਮਾਊਸ ਨੂੰ ਬਿਨਾਂ ਵਰਤਿਆਂ ਟੇਬਲ ਬਣਾਉਣਾ ਸੰਭਵ ਹੈ | ਇੱਥੇ ਤੁਸੀਂ ਸਿਰਫ਼ ਜਮ੍ਹਾਂ (+) ਅਤੇ ਘਟਾਓ (-) ਦੇ ਚਿੰਨ੍ਹ ਪਾ ਕੇ ਹੀ ਟੇਬਲ ਬਣਾ ਸਕਦੇ ਹੋ | ਆਓ! ਜਾਣੀਏ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ? ਵਰਡ ਦੀ ਨਵੀਂ ਫਾਈਲ ਵਿਚ ਇਕ ਜਮ੍ਹਾਂ ਦਾ ਨਿਸ਼ਾਨ ਪਾਓ | ਹੁਣ ਕੁਝ ਘਟਾਓ ਤੇ ਨਿਸ਼ਾਨ ਪਾ ਕੇ ਫਿਰ ਜਮ੍ਹਾਂ ਦਾ ਨਿਸ਼ਾਨ ਪਾ ਦਿਓ | ਇਹ ਦੋਵੇਂ ਨਿਸ਼ਾਨ (+---------+) ਪਾਉਣ ਉਪਰੰਤ 'ਐਾਟਰ' ਦੱਬਣ ਨਾਲ ਟੇਬਲ ਦਾ ਇਕ ਕਾਲਮ (ਸਿਖਰ ਤੋਂ ਹੇਠਾਂ ਆਉਣ ਵਾਲੀ ਲਾਈਨ) ਪੂਰਾ ਹੋ ਜਾਵੇਗਾ | ਜੇ ਤੁਸੀਂ ਤਿੰਨ ਕਾਲਮਾਂ ਵਾਲਾ ਟੇਬਲ ਬਣਾਉਣਾ ਹੈ ਤਾਂ ਕੁਝ ਘਟਾਓ ਦੇ ਚਿੰਨ੍ਹ ਪਾਉਣ ਉਪਰੰਤ ਫਿਰ ਜਮ੍ਹਾਂ ਪਾਓ ਤੇ ਅੱਗੇ ਵੀ ਇਸੇ ਤਰ੍ਹਾਂ ਕਰੋ | ਐਾਟਰ ਬਟਨ ਦਬਾਉਂਦਿਆਂ ਹੀ ਤੁਹਾਨੂੰ ਟੇਬਲ ਦੀ ਪਹਿਲੀ ਰੋਅ (ਖੱਬੇ ਤੋਂ ਸੱਜੇ ਹੱਥ ਜਾਣ ਵਾਲੀ ਲਾਈਨ) ਨਜ਼ਰ ਆਵੇਗੀ | ਹੁਣ ਹੋਰ ਰੋਅਜ਼ ਬਣਾਉਣ ਲਈ ਕਰਸਰ ਇਸ ਰੋਅ ਦੇ ਆਖ਼ਰੀ ਸੈੱਲ (ਡੱਬੇ) ਵਿਚ ਰੱਖ ਕੇ ਕੀ-ਬੋਰਡ ਦਾ ਟੈਬ ਬਟਨ ਦਬਾਓ | ਇਹ ਕੰਮ ਓਨੀ ਦੇਰ ਤੱਕ ਜਾਰੀ ਰੱਖੋ ਜਿੰਨੀ ਦੇਰ ਤੱਕ ਲੋੜੀਂਦੀਆਂ ਰੋਅਜ਼ ਨਾ ਬਣ ਜਾਣ |
ਫ਼ੋਨ ਨੂੰ ਟੀ.ਵੀ. ਵਿਚ ਖੋਲ੍ਹ ਕੇ ਪੜ੍ਹੋ ਕਿਤਾਬਾਂ
ਜੇਬੀ ਯੰਤਰ ਯਾਨੀ ਕਿ ਸਮਾਰਟ ਫ਼ੋਨ ਦੀ ਸਤਹ ਬਹੁਤ ਛੋਟੀ ਹੁੰਦੀ ਹੈ ਜਿਸ ਕਾਰਨ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਅੱਖਾਂ ਅਤੇ ਗਰਦਨ 'ਤੇ ਮਾੜਾ ਅਸਰ ਪੈਂਦਾ ਹੈ | ਇਸ ਦਾ ਇਕ ਬਦਲ ਇਹ ਹੈ ਕਿ ਤੁਸੀਂ ਆਪਣੇ ਸਮਾਰਟ ਫ਼ੋਨ ਨੂੰ ਆਪਣੇ ਐਾਡਰਾਇਡ ਜਾਂ ਸਮਾਰਟ ਟੀਵੀ ਵਿਚ ਖੋਲ੍ਹ ਕੇ ਸੁਨੇਹੇ, ਤਸਵੀਰਾਂ, ਆਡੀਓ ਤੇ ਵੀਡੀਓ ਆਦਿ ਦੇਖ ਸਕਦੇ ਹੋ |
ਫੋਨ ਅਤੇ ਟੀ.ਵੀ. ਨੂੰ ਆਪਸ ਵਿਚ ਜੋੜਨ ਲਈ ਇਹ ਦੋਵੇਂ ਜੰਤਰ ਵਾਈ-ਫਾਈ ਨੈੱਟਵਰਕ ਨਾਲ ਜੁੜੇ ਹੋਣ | ਜੇ ਘਰ ਵਿਚ ਵਾਈ-ਫਾਈ ਦੀ ਸਹੂਲਤ ਨਹੀਂ ਹੈ ਤਾਂ ਤੁਸੀਂ ਆਪਣੇ ਫ਼ੋਨ ਨੂੰ ਹਾਟ-ਸਪਾਟ ਰਾਹੀਂ ਟੀ.ਵੀ. ਨਾਲ ਜੋੜ ਸਕਦੇ ਹੋ | ਦੋਵਾਂ ਦਾ ਆਪਸੀ ਸੰਪਰਕ ਬਣਾਉਣ ਮਗਰੋਂ ਤੁਸੀਂ ਆਪਣੇ ਫ਼ੋਨ ਦੀਆਂ 'ਸੈਟਿੰਗਜ਼' ਵਿਚ ਜਾ ਕੇ ਇੱਥੋਂ 'ਮੋਰ' ਅਤੇ ਫਿਰ 'ਵਾਇਰਲੈੱਸ ਡਿਸਪਲੇ' ਬਦਲ ਚੁਣਨ ਉਪਰੰਤ ਆਪਣੇ ਟੀਵੀ ਦੇ ਨਾਂਅ ਦੀ ਚੋਣ ਕਰੋ | ਤੁਹਾਡੇ ਸਮਾਰਟ ਫ਼ੋਨ ਦੀ ਸਕਰੀਨ ਟੀ.ਵੀ. ਦੀ ਵੱਡੀ ਸਕਰੀਨ ਵਿਚ ਨਜ਼ਰ ਆਉਣ ਲੱਗੇਗੀ | ਈ-ਪੁਸਤਕਾਂ ਪੜ੍ਹਨ ਲਈ ਇਹ ਜੁਗਤ ਬੜੀ ਕਮਾਲ ਦੀ ਹੈ |
ਕੀ-ਬੋਰਡ ਤੋਂ ਹੀ ਬਦਲੋ ਫੌਾਟ
ਸ਼ਬਦਾਂ ਦੀ ਟਾਈਪਿੰਗ, ਕਾਂਟ-ਛਾਂਟ ਅਤੇ ਸਜਾਵਟ ਕਰਨ ਸਮੇਂ ਮਾਊਸ ਦੀ ਵਰਤੋਂ ਜਿੰਨੀ ਘੱਟ ਕੀਤੀ ਜਾਵੇ ਓਨੀ ਹੀ ਚੰਗੀ ਹੈ | ਵਾਰ-ਵਾਰ ਮਾਊਸ ਦੀ ਵਰਤੋਂ ਤੁਹਾਡੇ ਕੰਮ ਵਿਚ ਵਿਘਨ ਤਾਂ ਪਾਉਂਦੀ ਹੀ ਹੈ, ਨਾਲ ਗਤੀ ਵੀ ਧੀਮੀ ਕਰਦੀ ਹੈ | ਇਸ ਲਈ ਇਕ ਚੰਗਾ ਟਾਈਪਕਾਰ, ਸੰਪਾਦਕ, ਪੇਜ ਡਿਜ਼ਾਈਨਰ ਵੱਧ ਤੋਂ ਵੱਧ ਕੀ-ਬੋਰਡ ਦੇ ਸ਼ਾਰਟਕੱਟ ਵਰਤਦਾ ਹੈ | ਚੁਣੇ ਹੋਏ ਮੈਟਰ ਦੇ ਫੌਾਟ ਦੇ ਆਕਾਰ ਨੂੰ ਵਧਾਉਣ ਜਾਂ ਘਟਾਉਣ ਲਈ ਵੀ ਕੀ-ਬੋਰਡ ਸ਼ਾਰਟਕੱਟ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ | ਆਓ, ਬਿਨਾਂ ਮਾਊਸ ਵਰਤਿਆਂ ਫ਼ੌਾਟ ਦਾ ਆਕਾਰ ਬਦਲਣ ਦਾ ਨੁਕਤਾ ਸਿੱਖੀਏ |
ਸਭ ਤੋਂ ਪਹਿਲਾਂ ਪਾਠ ਦੀ ਚੋਣ ਕਰੋ ਜਿਸ ਦਾ ਤੁਸੀਂ ਫੌਾਟ ਵਧਾਉਣਾ ਚਾਹੁੰਦੇ ਹੋ | ਹੁਣ ਕੀ-ਬੋਰਡ ਤੋਂ 3TRL ਬਟਨ ਦੱਬ ਕੇ ਰੱਖੋ ਅਤੇ ਚੌਰਸ ਬ੍ਰੈਕਟ (]) ਵਾਲੇ ਬਟਨ ਨੂੰ ਵਾਰ-ਵਾਰ ਦਬਾਉਂਦੇ ਰਹੋ | ਤੁਸੀਂ ਵੇਖੋਗੇ ਕਿ ਹਰ ਵਾਰ ਪਾਠ ਦਾ ਆਕਾਰ ਇਕ ਪੁਆਇੰਟ ਵੱਡਾ ਹੁੰਦਾ ਜਾਵੇਗਾ | ਇਸ ਤਰ੍ਹਾਂ ਫੌਾਟ ਦਾ ਆਕਾਰ ਘਟਾਉਣ ਲਈ 3TRL+[ ਦੀ ਵਰਤੋਂ ਕੀਤੀ ਜਾ ਸਕਦੀ ਹੈ |

-ਫੋਨ : 94174-55614

ਭੁੱਲੀਆਂ ਵਿਸਰੀਆਂ ਯਾਦਾਂ

ਸ: ਸੋਭਾ ਸਿੰਘ ਆਰਟਿਸਟ ਅਤੇ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਆਪਸੀ ਗੂੜ੍ਹੀ ਮਿੱਤਰਤਾ ਸੀ | ਸ: ਸੋਭਾ ਸਿੰਘ ਆਰਟਿਸਟ ਕੁਝ ਸਮਾਂ ਪ੍ਰੀਤ ਨਗਰ ਰਹਿ ਕੇ ਹਿਮਾਚਲ ਵਿਚ ਅੰਦਰੇਟੇ ਚਲੇ ਗਏ ਸੀ | ਕੁਝ ਸਮੇਂ ਬਾਅਦ ਉਹ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਲਣ ਲਈ ਪ੍ਰੀਤ ਨਗਰ ਆਏ | ਤਸਵੀਰ ਵਿਚ ਸ: ਸੋਭਾ ਸਿੰਘ ਦੇ ਨਾਲ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਉਨ੍ਹਾਂ ਦੀ ਸੁਪਤਨੀ ਵੀ ਬੈਠੇ ਨਜ਼ਰ ਆ ਰਹੇ ਹਨ | ਉਹ ਬੀਤੇ ਸਮੇਂ ਦੀਆਂ ਗੱਲਾਂ ਕਰ ਰਹੇ ਸਨ | ਇਸ ਵਕਤ ਤਿੰਨੇ ਹਸਤੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਹਨ ਪਰ ਇਹ ਯਾਦ ਤਸਵੀਰ ਦੇ ਰੂਪ 'ਚ ਸਾਡੇ ਕੋਲ ਮੌਜੂਦ ਹੈ |

ਮੋਬਾਈਲ : 98767-41231

ਮਿਸਰ ਦੇ ਰੱਹਸਮਈ ਪਿਰਾਮਿਡ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਿਸਰ ਦੇ ਮਹਾਨ ਪਿਰਾਮਿਡ
ਦੂਜੇ ਦਿਨ ਦਾ ਟੂਰ ਗਿਜ਼ਾ ਦੇ ਮਹਾਨ ਪਿਰਾਮਿਡਾਂ ਤੋਂ ਇਲਾਵਾ ਕਾਹਿਰਾ ਤੋਂ 20 ਕਿਲੋਮੀਟਰ ਦੂਰ ਮਿਮਫਸ, ਦਾਸ਼ੂਰ ਅਤੇ ਸੱਕਾਰਾ ਨਾਂ ਦੀਆਂ ਪੁਰਾਤਨ ਥੇਹਾਂ ਵੇਖਣ ਦਾ ਸੀ | ਕੁਦਰਤੀ ਉਸ ਦਿਨ ਆਇਆ ਗਾਈਡ ਮਾਰਕੋ ਬਹੁਤ ਹੀ ਸਿਆਣਾ, ਮਿਲਾਪੜਾ ਇਸਾਈ ਮੁੰਡਾ ਸੀ ਜੋ ਛੇਤੀ ਹੀ ਮੇਰੇ ਨਾਲ਼ ਘੁਲ਼ ਮਿਲ਼ ਗਿਆ | ਮਿਸਰ ਵਿਚ ਟੂਰਿਸਟ ਗਾਈਡ ਇਤਿਹਾਸ ਦੇ ਬੜੇ ਮਾਹਿਰ, ਯੂਨੀਵਰਸਿਟੀਆਂ ਦੇ ਗਰੈਜੂਏਟ ਹੁੰਦੇ ਹਨ ਅਤੇ ਕਈ ਭਾਸ਼ਾਵਾਂ ਦੇ ਮਾਹਿਰ ਵੀ | ਮਾਰਕੋ ਜਿੱਥੇ ਮੈਨੂੰ ਆਪਣੇ ਇਤਿਹਾਸ ਅਤੇ ਸੱਭਿਅਤਾ ਬਾਰੇ ਦੱਸਦਾ ਰਿਹਾ ਓਥੇ ਮੈਥੋਂ ਭਾਰਤੀ ਸੱਭਿਆਚਾਰ, ਧਰਮਾਂ ਅਤੇ ਇਤਿਹਾਸ ਬਾਰੇ ਵੀ ਪੁੱਛਦਾ ਰਿਹਾ | ਸਿੱਖ ਧਰਮ ਬਾਰੇ ਜਾਣ ਕੇ ਉਹ ਬਹੁਤ ਮੁਤਾਸਰ ਹੋਇਆ | (ਬਾਅਦ ਵਿਚ ਮੇਰੇ ਵਾਪਸੀ ਵਾਲ਼ੇ ਦਿਨ ਉਹ ਮੈਨੂੰ ਅੰਦਰੂਨੀ ਕਾਹਿਰਾ ਵਿਚ ਆਪਣੇ ਘਰ ਲੈ ਗਿਆ ਜਿੱਥੇ ਉਹ ਬੱਚਿਆਂ ਵਾਸਤੇ ਆਂਗਨਵਾੜੀ ਸਕੂਲ ਵੀ ਚਲਾ ਰਿਹਾ ਸੀ)
ਬਹੁਤ ਪੁਰਾਤਨ ਮਿਸਰ ਮੁਲਕ ਦੋ ਹਿੱਸਿਆਂ ਵਿਚ ਵੰਡਿਆ ਸੀ, ਉੱਪਰੀ ਅਤੇ ਹੇਠਲਾ | ਉੱਪਰੀ ਮਿਸਰ ਮਤਲਬ ਜਿਧਰੋਂ ਦਰਿਆ ਨੀਲ ਵਹਿੰਦਾ ਹੈ ਭਾਵ ਦੱਖਣ ਤੋਂ ਉੱਤਰ ਵੱਲ | ਤਕਰੀਬਨ 3100 ਈ: ਪੂਰਵ ਇਨ੍ਹਾਂ ਹਿੱਸਿਆਂ ਦਾ ਏਕੀਕਰਨ ਹੋ ਗਿਆ , ਮੇਨਸ ਨਾਂ ਦੇ ਫਿਰੋਨ ਦੇ ਯਤਨਾਂ ਨਾਲ | ਉਸੇ ਨੇ ਹੀ ਮੈਮਫਿਸ ਨਗਰ ਵਸਾਇਆ ਅਤੇ ਮਿਸਰ ਦੀ ਪਹਿਲੀ ਰਾਜਧਾਨੀ ਬਣਾਇਆ | ਏਕੀਕਰਨ ਤੋਂ ਬਾਅਦ ਹਰੇਕ ਰਾਜਾ ਦੋ ਤਾਜ ਪਹਿਨਦਾ ਸੀ, ਉੱਪਰੀ ਮੁਲਕ ਦਾ ਚਿੱਟਾ ਅਤੇ ਹੇਠਲੇ ਮੁਲਕ ਦਾ ਲਾਲ | ਅੱਜ ਮੇਮਫਿਸ ਵਿਚ ਪੁਰਾਤਨ ਰਾਜਧਾਨੀ ਦੇ ਖੰਡਰ ਹਨ | ਇਸ ਤੋਂ ਬਿਨਾਂ ਇਥੇ ਰਾਮਸਜ਼ ਦੂਜੇ ਮਹਾਨ (ਓਜ਼ੀਮੇਂਡਿਸ) ਦੀ 32 ਫੁੱਟ ਲੰਬੀ ਵਿਸ਼ਾਲ ਮੂਰਤੀ ਵੀ ਰੱਖੀ ਗਈ ਹੈ ਜੋ ਕਿ ਲੇਟੀ ਹੋਈ ਅਵਸਥਾ ਵਿਚ ਹੈ | ਹੈਰਾਨੀ ਹੋ ਰਹੀ ਸੀ ਕਿ ਇਸੇ ਰਾਜੇ ਦੀ ਲਾਸ਼ ਮੈਂ ਹਾਲੇ ਕਲ੍ਹ ਹੀ ਵੇਖ ਕੇ ਆਇਆ ਸੀ |
ਮੈਮਫਿਸ ਤੋਂ ਥੋੜ੍ਹੀ ਦੂਰੀ 'ਤੇ ਸੱਕਾਰਾ ਨਾਂਅ ਦੀ ਥਾਂ 'ਤੇ ਮਿਸਰ ਦਾ ਸਭ ਤੋਂ ਪੁਰਾਣਾ ਮਕਬਰਿਆਂ ਦਾ ਸਮੂਹ ਹੈ | ਜਿਅਨ ਫੀਲਿਪੇ ਨਾਂ ਦੇ ਫ੍ਰਾਂਸੀਸੀ ਪੁਰਾਤਵ ਖੋਜੀ ਨੇ 1930 ਵਿਚ ਇਸ ਥਾਂ ਦੀ ਖੋਜ ਕੀਤੀ ਅਤੇ ਇਨ੍ਹਾਂ ਖੰਡਰਾਂ ਨੂੰ ਮੁਰੰਮਤ ਕਰਨਾ ਸ਼ੁਰੂ ਕੀਤਾ | ਏਥੇ ਹੀ ਦੂਨੀਆਂ ਦਾ ਸਭ ਤੋਂ ਪੁਰਾਣਾ ਪਿਰਾਮਿਡ ਹੈ ਜੋ ਕਿ ਬਾਕੀ ਦੇ ਪਿਰਾਮਿਡ ਵਾਂਗ ਪੱਧਰ ਸਤਹਿ ਵਾਲਾ ਨਹੀਂ ਬਲਕਿ ਪੌੜੀਆਂਨੁਮਾ ਹੈ | ਇਸ ਨੂੰ ਤੀਜੀ ਕੁਲ ਦੇ ਰਾਜੇ ਜੋਸਰ ਨੇ 2667 ਤੋਂ 2648 ਬੀ.ਸੀ ਵਿਚ ਬਣਵਾਇਆ | ਇਹ ਇਤਿਹਾਸ ਦਾ ਪਹਿਲਾ ਪੱਥਰ ਦਾ ਮਕਬਰਾ ਮੰਨਿਆ ਜਾਂਦਾ ਹੈ | ਪਹਿਲਾਂ ਮਕਬਰੇ ਮਿੱਟੀ ਦੀਆਂ ਇੱਟਾਂ ਦੇ ਹੀ ਬਣਦੇ ਸਨ | ਏਥੇ ਹੀ ਉਹ ਮੈਦਾਨ ਹੈ ਜਿੱਥੇ ਰਾਜੇ ਆਪਣੇ ਰਾਜ ਦੇ ਹਰ ਤੀਹ ਸਾਲ ਪੂਰੇ ਹੋਣ 'ਤੇ ਅਪਣੀ ਸਰੀਰਕ ਫਿੱਟਨਸ ਸਾਬਤ ਕਰਨ ਵਾਸਤੇ ਬਲਦ ਨਾਲ ਲੜ ਕੇ ਦਿਖਾਉਂਦੇ ਸਨ |
ਸਕਾਰਾ ਤੋਂ ਬਾਅਦ ਅਸੀਂ ਪਹੁੰਚੇ ਦਾਸ਼ੂਰ ਜਿਥੇ ਕਿ ਰੇਗਿਸਤਾਨ ਵਿਚ ਤਿੰਨ ਪਿਰਾਮਿਡ ਖੜ੍ਹੇ ਹਨ | ਸਭ ਤੋਂ ਵੱਡਾ ਲਾਲ ਪਿਰਾਮਿਡ ਹੈ ਜੋ ਕਿ 90 ਮੀਟਰ ਜ਼ਮੀਨ ਦੇ ਉੱਪਰ ਅਤੇ 40 ਮੀਟਰ ਥੱਲੇ ਹੈ | ਅੰਦਰ ਦਾਖਲ ਹੋਣ ਵਾਸਤੇ ਲਗਭਗ 4'__1MP__4' ਦੀ ਸੁਰੰਗ ਹੈ ਜਿਸ ਰਾਹੀਂ ਝੁਕ ਕੇ ਲੱਕੜੀ ਦੇ ਪੌਡਿਆਂ ਰਾਹੀਂ ਉਤਰਨਾ ਪੈਂਦਾ ਹੈ | ਲਾਲ ਪਿਰਾਮਿਡ ਤੋਂ ਕੋਈ 1 ਕਿਲੋਮੀਟਰ 'ਤੇ ਇਕ ਅਜੀਬ ਪਿਰਾਮਿਡ ਹੈ ਜਿਸ ਨੂੰ ਬੈਂਟ (ਮੁੜਿਆ) ਪਿਰਾਮਿਡ ਕਿਹਾ ਜਾਂਦਾ ਹੈ | ਅਸਲ ਵਿਚ ਇਸ ਦੀ ਬਣਤਰ 54 ਡਿਗਰੀ ਦੇ ਕੋਣ 'ਤੇ ਸ਼ੁਰੂ ਕੀਤੀ ਗਈ ਪਰ ਉਸਾਰੀ ਅਸੱਥਿਰ ਹੋਣ ਕਾਰਨ ਤਰੇੜਾਂ ਪੈ ਗਈਆਂ ਅਤੇ ਬਣਾਉਣ ਵਾਲਿਆਂ ਨੇ ਉਪੱਰੀ ਹਿੱਸੇ ਨੂੰ 43 ਡਿਗਰੀ 'ਤੇ ਮੋੜ ਦਿੱਤਾ ਗਿਆ | ਇਹ ਪਿਰਾਮਿਡ ਚੌਥੀ ਕੁਲ ਦੇ ਰਾਜੇ ਨੌਫਰ ਨੇ ਬਣਵਾਏ |
ਟੂਰ ਦੇ ਵਿਚ ਹੀ ਕਿਸੇ ਵਧੀਆ ਹੋਟਲ ਦਾ ਖਾਣਾ ਵੀ ਸ਼ਾਮਲ ਹੁੰਦਾ ਹੈ | ਮਿਸਰੀ ਪਕਵਾਨ ਮਿਰਚ ਮਸਾਲਾ ਘੱਟ ਹੋਣ ਕਾਰਨ ਸੁਆਦ ਨਹੀਂ ਲਗਦੇ | ਨਾਲ਼ੇ ਓਥੇ ਬਰੈੱਡ ਜਾਂ ਨਾਨ ਠੰਢੇ ਖਾਧੇ ਜਾਂਦੇ ਹਨ | ਦੁੱਧ ਬੋਤੀ ਦਾ ਮਿਲ਼ਦਾ ਹੈ | ਦੁਪਹਿਰ ਤੋਂ ਬਾਅਦ ਵਾਰੀ ਸੀ ਗਿਜ਼ਾ ਦੇ ਮਹਾਨ ਪਿਰਾਮਿਡ ਵੇਖਣ ਦੀ | ਗਿਜ਼ਾ ਦੇ ਪਠਾਰ ਕਾਹਿਰਾ ਤੋਂ ਕੋਈ 18 ਕਿਲੋਮੀਟਰ ਪੱਛਮ ਵੱਲ ਹਨ ਪਰ ਹੁਣ ਇਹ ਸ਼ਹਿਰ ਵਿਚ ਹੀ ਆ ਚੁੱਕੇ ਹਨ | ਇਸ ਥਾਂ ਤਿੰਨ ਵੱਡੇ ਪਿਰਾਮਿਡ ਹਨ ਸਭ ਤੋਂ ਵੱਡਾ ਚੌਥੀ ਕੁਲ ਦੇ ਰਾਜੇ ਖੁਫੂ ਦਾ ਉਸ ਤੋਂ ਛੋਟਾ ਉਸ ਦੇ ਪੁੱਤ ਖਾਫਰੂ ਦਾ ਅਤੇ ਉਸ ਤੋਂ ਛੋਟਾ ਪੋਤੇ ਮੰਕਾਰੂ ਦਾ | (ਖੁਫੂ ਅਸਲ ਵਿਚ ਦਾਸੂਰ ਵਾਲ਼ੇ ਨੌਫੂਰ ਰਾਜੇ ਦਾ ਬੇਟਾ ਸੀ) | ਇਸ ਤੋਂ ਬਿਨਾਂ ਇਕ ਸਭ ਤੋਂ ਛੋਟਾ ਰਾਣੀ ਖੇਂਤਕਾਰੂ ਦਾ ਮਕਬਰਾ ਵੀ ਹੈ | ਪਰ ਦੁਨੀਆਂ ਦੇ ਸੱਤ ਮਹਾਨ ਅਜੂਬਿਆਂ ਵਿਚ ਸ਼ੁਮਾਰ ਖੁਫੂ ਦੇ ਪਿਰਾਮਿਡ ਨੂੰ ਹੀ ਕੀਤਾ ਜਾਂਦਾ ਹੈ | ਇਹ ਸਭ ਤੋਂ ਪੁਰਾਣਾ ਅਤੇ ਇਕੋ ਇਕ ਬਕਾਇਆ ਅਜੂਬਾ ਹੈ | ਇਸ ਦੀ ਉਸਾਰੀ 2560 ਤੋਂ 2540 ਈਸਾ ਪੂਰਵ ਵਿਚ ਕੀਤੀ ਗਈ | ਪੁਰਾਤਨ ਮਿਸਰ ਵਿਚ ਮਾਨਤਾ ਸੀ ਕਿ ਮੌਤ ਤੋਂ ਬਾਅਦ ਰਾਜੇ ਦੀ ਦੇਵਤੇ ਦੇ ਰੂਪ ਵਿਚ ਨਵੀਂ ਜ਼ਿੰਦਗੀ ਸ਼ੁਰੂ ਹੋਵੇਗੀ | ਉੁਸ ਦੀ ਲਾਸ਼ ਨੂੰ ਮੰਮੀ ਬਣਾ ਕੇ ਖੂਬਸੂਰਤ ਤਾਬੂਤਾਂ ਵਿਚ ਬੰਦ ਕਰਕੇ ਸਮੇਤ ਰਸਦ-ਪਾਣੀ, ਧੰਨ-ਦੌਲਤ, ਹੀਰੇ-ਜਵਾਹਰਾਤ ਅਤੇ ਹੋਰ ਅਨੇਕਾਂ ਵਸਤਾਂ ਪਿਰਾਮਿਡਾਂ ਵਿਚ ਹਮੇਸ਼ਾ ਵਾਸਤੇ ਸਾਂਭ ਦਿੱਤਾ ਜਾਂਦਾ ਸੀ | ਮੰਨਿਆ ਜਾਂਦਾ ਸੀ ਕਿ ਦੇਵਤਿਆਂ ਦੀ ਚਮੜੀ ਸੋਨੇ ਦੀ ਹੁੰਦੀ ਹੈ | ਇਸੇ ਕਰਕੇ ਸੋਨੇ ਦੀ ਖਾਸ ਅਹਿਮੀਅਤ ਸੀ | ਸ਼ੁਰੂ ਸ਼ੁਰੂ ਵਿਚ ਮਕਬਰੇ ਪਿਰਾਮਿਡਾਂ ਦੀ ਸ਼ਕਲ ਵਿਚ ਬਣਾਏ ਜਾਂਦੇ ਸੀ | ਰਾਜਾ ਆਪਣੇ ਜੀਵਨ ਕਾਲ ਵਿਚ ਹੀ ਇਨ੍ਹਾਂ ਦੀ ਉਸਾਰੀ ਸ਼ੁਰੂ ਕਰਵਾ ਦਿੰਦਾ ਸੀ ਅਤੇ ਅਵਾਮ ਇਸ ਨੂੰ ਕੌਮੀ ਮਿਸ਼ਨ ਮੰਨ ਕੇ ਕਰਦੀ ਸੀ, ਚਾਹੇ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ | ਇਨ੍ਹਾਂ ਪਿਰਾਮਿਡਾਂ ਨੂੰ ਵਿਸ਼ਾਲ ਅਤੇ ਮਜ਼ਬੂਤ ਬਣਾਇਆ ਜਾਂਦਾ ਸੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਛੇੜ ਨਾ ਸਕੇ | ਪਰ ਹਜ਼ਾਰਾਂ ਸਾਲਾਂ ਬਾਅਦ ਸਭ ਕੀਮਤੀ ਸ਼ੈਆਂ-ਲੱਟ ਲਈਆਂ ਗਈਆਂ | ਮਿਸਰ ਵਿਚ ਬਹੁਤ ਸਾਰੇ ਪਿਰਾਮਿਡ ਹਨ ਅਤੇ ਲਗਾਤਾਰ ਲੱਭ ਰਹੇ ਹਨ | ਪਿਛਲੇ ਅੱਠ ਸਾਲਾਂ ਵਿਚ ਹੀ ਇਨ੍ਹਾਂ ਦੀ ਗਿਣਤੀ 160 ਤੋਂ ਵਧ ਕੇ 200 ਤੋਂ ਉਤੇ ਹੋ ਚੁੱਕੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98144-22617

ਪਾਲੀਵੁੱਡ ਝਰੋਖਾ ਦਲਜੀਤ ਤੋਂ ਦਿਲਜੀਤ ਦੋਸਾਂਝ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਾਵਜੂਦ ਇਨ੍ਹਾਂ ਪ੍ਰਾਪਤੀਆਂ ਦੇ, ਦਿਲਜੀਤ ਦੀ ਨਿਮਰਤਾ ਅਜੇ ਵੀ ਕਾਇਮ ਹੈ | ਉਸ ਦੇ ਠਰੰ੍ਹਮੇ ਵਾਲੇ ਸੁਭਾਅ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਹਨੀ ਸਿੰਘ ਤੋਂ ਲੈ ਕੇ ਗੁਰਦਾਸ ਮਾਨ ਤੱਕ ਨਾਲ ਰਲ ਕੇ ਕੰਮ ਕਰਨ ਕਰਕੇ ਆਪਣੇ-ਆਪ ਨੂੰ ਵਡਭਾਗਾ ਘੋਸ਼ਿਤ ਕੀਤਾ ਹੈ | ਕਹਿਣ ਦਾ ਭਾਵ ਇਹ ਹੈ ਕਿ ਉਹ ਕਿਸੇ ਵੀ ਕੰਮ ਜਾਂ ਕਲਾਕਾਰ ਨੂੰ ਪੂਰਾ ਪੂਰਾ ਸਹਿਯੋਗ ਦੇਣ ਦਾ ਯਤਨ ਕਰਦਾ ਹੈ | ਇਹ ਨਿਮਰਤਾ ਹੀ ਉਸ ਦੀ ਸਫ਼ਲਤਾ ਦਾ ਅਧਾਰ ਹੈ |
ਮੌਜੂਦਾ ਹਾਲਤਾਂ ਇਸ ਤਰ੍ਹਾਂ ਦੀਆਂ ਬਣ ਰਹੀਆਂ ਹਨ ਕਿ ਡਰ ਲਗਦਾ ਹੈ ਕਿ ਪਾਲੀਵੁੱਡ ਦਾ ਇਹ ਹੀਰਾ ਆਪਣੀ ਚਮਕ ਬਾਲੀਵੁੱਡ ਦੀ ਚਕਾਚੌਾਧ ਕਰਨ ਵਾਲੀਆਂ ਝੂਠੀਆਂ ਰੋਸ਼ਨੀਆਂ ਅੱਗੇ ਮੱਧਮ ਨਾ ਕਰ ਲਏ | ਜਿਸ ਤਰ੍ਹਾਂ ਉਸ ਨੂੰ ਹਿੰਦੀ ਸਿਨੇਮਾ ਦੇ ਵੱਡੇ ਬੈਨਰ ਆਪੋ-ਆਪਣੀ ਗਿ੍ਫ਼ਤ 'ਚ ਲੈਣ ਲਈ ਉਤਾਵਲੇ ਹੋ ਰਹੇ ਹਨ ਉਸ ਤੋਂ ਦਿਲਜੀਤ ਨੂੰ ਸੁਚੇਤ ਰਹਿਣਾ ਪਵੇਗਾ | ਇਹ ਠੀਕ ਹੈ ਕਿ ਇਸ ਵੇਲੇ ਸ਼ਾਹਿਦ ਕਪੂਰ ਤੋਂ ਲੈ ਕੇ ਅਜੈ ਦੇਵਗਨ ਉਸ ਨੂੰ ਆਪਣੇ ਨਾਲ ਸਹਿ-ਨਾਇਕ ਦੇ ਰੂਪ 'ਚ ਉਤਾਰਨ ਦੀ ਇੱਛਾ ਰੱਖਦੇ ਹਨ ਅਤੇ ਅਨੁਸ਼ਕਾ ਸ਼ਰਮਾ ਵੀ ਉਸ ਨੂੰ ਹੀ ਆਪਣੇ ਬੈਨਰ ਦਾ ਸ਼ਿੰਗਾਰ ਬਣਾਉਣਾ ਫ਼ਕਰ ਸਮਝ ਰਹੀ ਹੈ, ਪਰ ਇਸ ਦੇ ਨਾਲ ਉਸ ਨੂੰ ਸੰਭਲ ਕੇ ਚੱਲਣਾ ਪਵੇਗਾ |
ਫਿਰ ਦਿਲਜੀਤ ਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਉਸ ਦੇ ਦੁਆਬੇ ਵਾਲੇ ਗਰਾੲੀਂ ਅਤੇ ਉਸ ਦੇ ਸਰਨਾਵੀਏਾ (ਦਲਜੀਤ) ਨੂੰ ਵੀ ਕਦੇ ਹਿੰਦੀ ਅਤੇ ਪੰਜਾਬੀ ਸਿਨੇਮਾ ਨੇ ਸਿਰ ਮੱਥੇ ਬਿਠਾਇਆ ਸੀ |
ਪਰ ਔਖੇ ਵੇਲੇ ਵਿਸਾਰ ਦਿੱਤਾ ਗਿਆ ਸੀ | ਲਗਪਗ ਅਜਿਹੀ ਹੀ ਸਥਿਤੀ ਕਰਨ ਦੀਵਾਨ ਅਤੇ ਅਮਰ ਨਾਥ ਵਰਗਿਆਂ ਹਿੰਦੀ ਪੰਜਾਬੀ ਦਿਆਂ ਮਹਾਨ ਨਾਇਕਾਂ ਦੀ ਵੀ ਰਹੀ ਹੈ ਤਾਂ ਕੀ ਸਮਝ ਲਿਆ ਜਾਏ ਕਿ ਪੰਜਾਬੀ ਸਿਨੇਮਾ ਦੇ ਨਾਇਕ ਲਈ ਹਿੰਦੀ ਸਿਨੇਮਾ ਇਕ ਵਰਦਾਨ ਨਹੀਂ ਹੈ?
ਇਸ ਪ੍ਰਸ਼ਨ ਦਾ ਉੱਤਰ ਮੈਨੂੰ ਜੁਗਲ ਕਿਸ਼ੋਰ ਨੇ ਇੰਜ ਦਿੱਤਾ ਸੀ, ਦਰਅਸਲ ਸਾਡੇ ਪੰਜਾਬੀ ਫ਼ਿਲਮਾਂ ਦੇ ਨਾਇਕ ਝਟਪਟ ਸਟਾਰਡਮ ਹਾਸਲ ਕਰਨ ਲਈ ਮਹੱਤਵਹੀਣ ਫ਼ਿਲਮਾਂ ਦੇ ਪ੍ਰਸਤਾਵ ਸਵੀਕਾਰ ਕਰ ਲੈਂਦੇ ਹਨ | ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦੇ ਨਾਲ ਇਨਸਾਫ਼ ਕਰਨਾ ਨਹੀਂ ਭੁੱਲਣਾ ਚਾਹੀਦਾ | ਜੇਕਰ ਉਹ ਥੋੜ੍ਹੀ ਜਿਹੀ ਸੰਜੀਦਗੀ ਤੋਂ ਕੰਮ ਲੈਣ ਤਾਂ ਉਹ ਜ਼ਿਆਦਾ ਸਫ਼ਲ ਹੋ ਸਕਦੇ ਹਨ |
ਜੁਗਲ ਕਿਸ਼ੋਰ ਨੇ ਇਹ ਕਥਨ ਆਪਣੇ-ਆਪ 'ਤੇ ਵੀ ਨਿਭਾਇਆ ਸੀ | ਇਸ ਲਈ ਉਹ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਤੋਂ ਹਿੰਦੀ ਸਿਨੇਮਾ ਦਾ ਇਕ ਕਾਮਯਾਬ ਨਿਰਦੇਸ਼ਕ, ਨਿਰਮਾਤਾ ਅਤੇ ਵਧੀਆ ਅਦਾਕਾਰ ਬਣ ਕੇ ਵੀ ਉਭਰਿਆ ਸੀ |
ਸਾਡਾ ਮੰਤਵ ਇਸ ਹੱਦ ਤੱਕ ਹੀ ਸੀਮਤ ਹੈ ਕਿ ਦਿਲਜੀਤ ਆਪਣੀ ਮਾਤ ਭਾਸ਼ਾ ਦੇ ਸਿਨੇਮਾ ਵਿਚ ਵਿਲੱਖਣ ਪ੍ਰਾਪਤੀਆਂ ਅਤੇ ਨਿਸ਼ਾਨੇ ਹਾਸਲ ਕਰੇ | ਸਿਨੇਮਾ ਗਵਾਹ ਹੈ ਕਿ ਪ੍ਰਾਂਤਿਕ ਭਾਸ਼ਾ ਤੋਂ ਹੀ ਅਦਾਕਾਰਾਂ ਨੇ ਅੰਤਰਰਾਸ਼ਟਰੀ ਹੱਦਾਂ ਟੱਪੀਆਂ ਹਨ | ਜਿਥੇ ਅਭਿਨੈ ਖੇਤਰ 'ਚ ਕਮਲ ਹਾਸਨ ਅਤੇ ਰਜਨੀਕਾਂਤ ਨੇ ਪ੍ਰਾਂਤਿਕ ਸਿਨੇਮਾ ਤੋਂ ਉਠ ਕੇ ਵਿਸ਼ਵ ਪੱਧਰ 'ਤੇ ਆਪਣੇ ਝੰਡੇ ਗੱਡੇ, ਉਥੇ ਸਤਿਆਜੀਤ ਰੇਅ ਨੂੰ ਵੀ ਸਨਮਾਨ ਮਿਲਿਆ | ਉਸ ਦਾ ਆਧਾਰ ਉਸ ਦਾ ਬੰਗਾਲੀ ਸਿਨੇਮਾ ਹੀ ਸੀ |

-ਮੋਬਾਈਲ : 099154-93043.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX