ਤਾਜਾ ਖ਼ਬਰਾਂ


ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  2 minutes ago
ਮੁੰਬਈ, 22 ਅਪ੍ਰੈਲ - ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ...
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  12 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  47 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  about 1 hour ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  about 1 hour ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਫ਼ਸਲੀ ਕੀੜਿਆਂ ਦਾ ਕੁਦਰਤੀ ਦੁਸ਼ਮਣਾਂ ਰਾਹੀਂ ਪ੍ਰਬੰਧ

ਪੰਜਾਬ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ। ਅਨਾਜ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਇਸ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬ ਦੀ ਕੁੱਲ ਵਸੋਂ ਦਾ 85 ਫ਼ੀਸਦੀ ਦੇ ਨੇੜੇ ਹਿੱਸਾ ਖੇਤੀ 'ਤੇ ਨਿਰਭਰ ਹੈ, ਕਿਉਂਕਿ ਪੰਜਾਬ ਦੇ ਕੁੱਲ ਰਕਬੇ ਦਾ 92 ਫ਼ੀਸਦੀ ਹਿੱਸਾ ਖੇਤੀ ਥੱਲੇ ਹੈ। ਹਰੀ ਕ੍ਰਾਂਤੀ ਦੀ ਲਹਿਰ ਨੇ ਪੰਜਾਬ ਦੀ ਖੇਤੀ ਵਿਚ ਮਹੱਤਵਪੂਰਨ ਬਦਲਾਅ ਕੀਤੇ ਸਨ। ਇਸ ਲਹਿਰ ਰਾਹੀਂ ਜਿੱਥੇ ਸੁਧਰੇ ਬੀਜਾਂ ਅਤੇ ਨਵੀਆਂ ਤਕਨੀਕਾਂ ਨੇ ਪੈਦਾਵਾਰ ਵਧਾਈ, ਉੱਥੇ ਹੀ ਬਦਲਦੇ ਹਾਲਤਾਂ ਵਿਚ ਵਰਤੇ ਜਾਂਦੇ ਰਸਾਇਣਾਂ ਦੇ ਦੁਸ਼ਪ੍ਰਭਾਵ ਵੀ ਛੇਤੀ ਹੀ ਸਾਹਮਣੇ ਆਉਣ ਲੱਗ ਪਏ। ਕਿਸਾਨਾਂ ਦੀ ਵਿੱਤੀ ਹਾਲਤ ਅੱਜ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਅੰਨਦਾਤਾ ਅੱਜ ਖੁਦਕੁਸ਼ੀਆਂ ਦੇ ਰਾਹ 'ਤੇ ਤੁਰਨ ਲਈ ਮਜਬੂਰ ਹੋਇਆ ਪਿਆ ਹੈ। ਖੇਤੀ ਉੱਪਰ ਹੋਣ ਵਾਲੇ ਖਰਚੇ ਦਾ ਵੱਡਾ ਹਿੱਸਾ ਕੀੜੇਮਾਰ ਦਵਾਈਆਂ ਅਤੇ ਰਸਾਇਣਿਕ ਖਾਧਾਂ ਉੱਪਰ ਹੀ ਕੀਤਾ ਜਾਂਦਾ ਹੈ। ਵਾਧੂ ਖਰਚੇ ਦੇ ਨਾਲ ਨਾਲ ਹੁਣ ਰਸਾਇਣਾਂ ਦੇ ਸਿਹਤ ਉੱਪਰਲੇ ਦੁਸ਼ਪ੍ਰਭਾਵ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਪੰਜਾਬ ਦੀ ਉਪਜਾਊ ਮਿੱਟੀ ਰਸਾਇਣਾਂ ਨਾਲ ਗੰਧਲੀ ਹੋਈ ਪਈ ਹੈ। ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ। ਹਵਾਵਾਂ ਵਿਚ ਵੀ ਗੰਦੀਆਂ ਗੈਸਾਂ ਨੇ ਸਾਹ ਲੈਣਾ ਦੁੱਭਰ ਕੀਤਾ ਹੈ। ਰਸਾਇਣਿਕ ਖਾਧਾਂ ਅਤੇ ਦਵਾਈਆਂ ਦੀ ਦੁਰਵਰਤੋਂ ਕਾਰਨ ਅੱਜ ਸਾਨੂੰ ਬਹੁਤ ਸਾਰੀਆਂ ਸਿਹਤ ਸਮਿੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੈਂਸਰ ਵਰਗਾ ਭਿਆਨਕ ਰੋਗ ਸਾਡੇ ਪੰਜਾਬ ਨੂੰ ਕਲਾਵੇ ਵਿਚ ਲੈ ਰਿਹਾ ਹੈ। ਮਾਲਵਾ ਖੇਤਰ ਪਹਿਲਾਂ ਹੀ ਇਨ੍ਹਾਂ ਦੁਸ਼ਪ੍ਰਭਾਵਾਂ ਦੀ ਮਾਰ ਹੇਠ ਆ ਚੁੱਕਾ ਹੈ। ਹੁਣ ਇਹ ਨਾਗ ਆਪਣਾ ਫਨ ਫੈਲਾਅ ਕੇ ਬਾਕੀ ਰਹਿੰਦੇ ਪੰਜਾਬ ਨੂੰ ਗਰਕ ਕਰਨ ਦੀ ਉਡੀਕ ਕਰ ਰਿਹਾ ਹੈ। ਰਸਾਇਣਾਂ ਦੀ ਰਹਿੰਦ-ਖੂੰਹਦ ਵਾਲੇ ਖਾਧ ਪਦਾਰਥ ਸਾਡੀ ਤੰਦਰੁਸਤੀ ਦੇ ਦੁਸ਼ਮਣ ਬਣ ਚੁੱਕੇ ਹਨ। ਅੱਜ ਹਰ ਘਰ ਵਿਚ ਖਾਣੇ ਦੇ ਰੂਪ ਵਿਚ ਇਹ ਲੁਕੀਆਂ ਹੋਈਆਂ ਜ਼ਹਿਰਾਂ ਪਰੋਸੀਆਂ ਜਾ ਰਹੀਆ ਹਨ। ਇੰਟਰਨੈਟ ਅਤੇ ਪਸਾਰ ਦੇ ਹੋਰ ਸਾਧਨਾਂ ਦੀ ਮਦਦ ਨਾਲ ਅੱਜ ਉਪਰੋਕਤ ਜਾਣਕਾਰੀ ਹਰ ਇਨਸਾਨ ਕੋਲ ਪਹੁੰਚ ਚੁੱਕੀ ਹੈ ਪਰ ਇਸ ਦੇ ਹੱਲ ਲਈ ਠੋਸ ਕਦਮ ਚੁੱਕਣ ਵਿਚ ਹਾਲੇ ਢਿੱਲ ਵਰਤੀ ਜਾ ਰਹੀ ਹੈ ।
ਅੱਜ ਖੇਤੀ ਕੀਟ ਪ੍ਰੰਬਧ ਦੀ ਤਕਨੀਕ ਬਦਲਣਾ ਸਮੇਂ ਦੀ ਲੋੜ ਹੈ। ਕੀਟ ਵਿਗਿਆਨੀਆਂ ਨੇ ਸਮੇਂ ਦੀ ਲੋੜ ਮੁਤਾਬਿਕ ਅੱਜ ਬਹੁਤ ਸਾਰੀਆਂ ਖੋਜਾਂ ਕਰਕੇ ਕਿਸਾਨਾਂ ਦੀਆਂ ਮੁਸੀਬਤਾਂ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਲੜੀ ਤਹਿਤ ਕੁਦਰਤੀ ਸਮਤੋਲ ਨੂੰ ਬਰਕਰਾਰ ਰੱਖਦੇ ਹੋਏ ਕੀੜਿਆਂ ਦੇ ਕੁਦਰਤੀ ਦੁਸ਼ਮਣ ਜੀਵ-ਜੰਤੂਆਂ ਦੀ ਵਰਤੋਂ ਉਨ੍ਹਾਂ ਦੇ ਪ੍ਰਬੰਧ ਲਈ ਕੀਤੀ ਜਾਣ ਲੱਗੀ ਹੈ। ਸਭ ਤੋਂ ਪਹਿਲਾਂ 1802 ਈਸਵੀ ਵਿਚ ਚੀਨ ਦੇ ਵਿਗਿਆਨੀ ਐਲਡਰੋਵਾਂਡੀ ਨੇ ਗੋਭੀ ਦੇ ਕੀੜੇ ਦਾ ਪ੍ਰੰਬਧ ਇਸ ਤਰੀਕੇ ਨਾਲ ਕੀਤਾ ਸੀ। ਭਾਰਤ ਦੀ ਸਿਰਮੌਰ ਖੇਤੀ ਖੋਜ ਸੰਸਥਾ, ਏ ਪੀ ਪੀ ਏ ਆਰ ਆਈ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਸੰਨ 1977 ਵਿਚ ਭਾਰਤੀ ਖੇਤੀਬਾੜੀ ਖੋਜ ਕਾਊਂਸਲ ਵਲੋਂ 10 ਅਜਿਹੀਆਂ ਸੰਸਥਾਵਾਂ ਦੀ ਨੀਂਹ ਰੱਖੀ ਗਈ ਜੋ ਕੁਦਰਤੀ ਸਮਤੋਲ ਨੂੰ ਬਰਕਰਾਰ ਰੱਖਦੇ ਹੋਏ ਕੀਟਾਂ ਦੇ ਜੈਵਿਕ ਪ੍ਰਬੰਧਨ 'ਤੇ ਖੋਜ ਕਰਨਗੀਆਂ। ਇਨ੍ਹਾਂ ਸੰਸਥਾਵਾਂ ਦੀ ਮਿਹਨਤ ਸਦਕਾ ਹੁਣ ਤੱਕ ਭਾਰਤ ਵਿਚ 188 ਮਿੱਤਰ ਕੀੜਿਆਂ ਉੱਪਰ ਖੋਜ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ ਹੁਣ ਤੱਕ ਝੋਨਾ, ਕਣਕ, ਮੱਕੀ, ਕਪਾਹ, ਗੰਨਾ, ਦਾਲਾਂ ਅਤੇ ਸਬਜ਼ੀਆਂ ਦੇ ਲਗਭਗ 80 ਅਲੱਗ ਅੱਲਗ ਕੀੜਿਆਂ ਦਾ ਪ੍ਰੰਬਧ ਕੀਤਾ ਹੈ। ਇਸ ਤਕਨੀਕ ਵਿਚ ਵਾਤਾਵਰਨ ਉੱਪਰ ਕੋਈ ਵੀ ਦੁਸ਼ਪ੍ਰਭਾਵ ਦੀ ਇਤਲਾਹ ਨਹੀਂ ਦਿੱਤੀ ਗਈ ਹੈ ।
ਕੀੜਿਆਂ ਤੋਂ ਇਲਾਵਾ ਪੰਛੀਆਂ ਦਾ ਵੀ ਇਸ ਤਕਨੀਕ ਵਿਚ ਭਰਪੂਰ ਯੋਗਦਾਨ ਰਿਹਾ ਹੈ। ਗਟਾਰ ਵਰਗਾ ਆਮ ਜਿਹਾ ਪੰਛੀ ਫ਼ਸਲੀ ਕੀਟ ਪ੍ਰੰਬਧਨ ਲਈ ਕਿੰਨਾ ਸਹਾਈ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਵੀ ਅਸੀ ਨਹੀਂ ਲਗਾ ਸਕਦੇ। ਇਸ ਤੋਂ ਇਲਾਵਾ ਮੋਰ, ਬੁਲਬੁਲ, ਲੱਕੜ ਰਹਿਣਾ, ਚਿੜੀ ਅਤੇ ਹਰਾ ਮੱਖੀ ਖਾਣਾ ਸਾਡੇ ਆਮ ਪੰਛੀ ਵੀ ਕੀਟ ਪ੍ਰਬੰਧਨ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ।
ਕਿਸਾਨਾਂ ਦੀ ਸਹਾਇਤਾ ਲਈ ਖੋਜ ਕਰਤਾਵਾਂ ਨੇ ਬਹੁਤ ਸਾਰੇ ਕੀੜਿਆਂ ਦੇ ਕੁਦਰਤੀ ਦੁਸ਼ਮਣ ਕੀਟਾਂ ਜਾਂ ਹੋਰ ਜੀਵ ਜੰਤੂਆਂ 'ਤੇ ਖੋਜਾਂ ਕਰਕੇ ਸਫਲਤਾ ਪੂਰਵਕ ਰਿਪੋਰਟਾਂ ਦਿਤੀਆਂ ਹਨ। ਹੁਣ ਸਮੇਂ ਦੀ ਲੋੜ ਮੁਤਾਬਿਕ ਕਿਸਾਨ ਵੀਰਾਂ ਨੂੰ ਆਪਣੇ ਰਵਾਇਤੀ ਤਰੀਕਿਆਂ ਤੋਂ ਹਟ ਕੇ ਨਵੀਨ ਕੀਟ ਪ੍ਰਬੰਧਾਂ ਵੱਲ ਜਾਣਾ ਪਵੇਗਾ। ਬਹੁਤ ਸਾਰੇ ਕੀੜੇ ਅਤੇ ਹੋਰ ਜੀਵ ਸਾਡੇ ਵਾਸਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਲਾਭਦਾਇਕ ਕੰਮ ਕਰਦੇ ਹਨ ਜਿਵੇਂ ਕਿ ਬੂਟਿਆਂ ਦਾ ਪਰਾਗਨ ਕਰਨਾ, ਗਲੇ-ਸੜੇ ਪਦਾਰਥਾਂ ਦਾ ਪ੍ਰਬੰਧ ਕਰਨਾ, ਦੂਸਰੇ ਕੀੜਿਆਂ ਅਤੇ ਛੋਟੇ ਜੀਵਾਂ ਨੂੰ ਖਾਣਾ ਆਦਿ। ਲਗਪਗ ਇਕ ਮਿਲੀਅਨ ਦੀ ਕੁੱਲ ਆਬਾਦੀ ਵਿਚੋਂ ਸਿਰਫ ਕੁਝ ਹੀ ਕੀੜੇ ਸਾਡੇ ਲਈ ਨੁਕਸਾਨਦਾਇਕ ਹਨ। ਇਨ੍ਹਾਂ ਨੁਕਸਾਨ ਕਰਨ ਵਾਲੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਨੂੰ ਅਸੀਂ ਤਿੰਨ ਪ੍ਰਮੁੱਖ ਸ਼੍ਰੇਣੀਆਂ ਵਿਚ ਵੰਡਦੇ ਹਾਂ-
1. ਕੁਦਰਤੀ ਸ਼ਿਕਾਰੀ ਜੀਵ,
2. ਪਰਪੋਸ਼ੀ ਸ਼ਿਕਾਰੀ ਜੀਵ,
3. ਮੁਕਾਬਲੇ ਵਾਲੇ ਜੀਵ
ਕੁਦਰਤੀ ਸ਼ਿਕਾਰੀ ਜੀਵ ਉਹ ਜੀਵ ਹੁੰਦੇ ਹਨ ਜਿਹੜੇ ਕਿ ਆਕਾਰ ਵਿਚ ਫ਼ਸਲੀ ਕੀੜਿਆਂ ਜਿੱਡੇ ਜਾਂ ਉਨ੍ਹਾਂ ਤੋਂ ਵੱਡੇ ਹੁੰਦੇ ਹਨ। ਇਹ ਆਪਣਾ ਕੁਦਰਤੀ ਜੀਵਨ ਚੱਕਰ ਪੂਰਾ ਕਰਦੇ ਹੋਏ ਬਹੁਤ ਸਾਰੇ ਦੁਸ਼ਮਣ ਕੀੜਿਆਂ ਅਤੇ ਛੋਟੇ ਜੀਵਾਂ ਨੂੰ ਖਾ ਜਾਂਦੇ ਹਨ। (ਚਲਦਾ)


-ਕੀਟ ਵਿਗਿਆਨੀ ਅਤੇ ਮੁਖੀ ਜੀਵ ਵਿਗਿਆਨ ਵਿਭਾਗ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ
ਮੋਬਾਈਲ : 99153-80006.


ਖ਼ਬਰ ਸ਼ੇਅਰ ਕਰੋ

ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਖਾਦ-ਪਾਣੀ ਦਾ ਪ੍ਰਬੰਧ ਕਿਵੇਂ ਕਰੀਏ?

ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਹੈ। ਖੋਜਾਂ ਮੁਤਾਬਕ ਫ਼ਸਲੀ ਵਾਧੇ ਵਾਸਤੇ ਕੇਵਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨਾਲ ਹੀ ਗੱਲ ਨਹੀਂ ਬਣਦੀ ਸਗੋਂ ਸੰਤੁਲਿਤ ਵਿਕਾਸ ਲਈ ਘੱਟੋ-ਘੱਟ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚੋਂ ਹਰੇਕ ਖੁਰਾਕੀ ਤੱਤ ਦੀ ਫ਼ਸਲ ਦੇ ਵਾਧੇ ਲਈ ਆਪਣੀ ਅਹਿਮੀਅਤ ਹੁੰਦੀ ਹੈ। ਬੂਟਿਆਂ ਦੇ ਵਾਧੇ ਲਈ ਨਾਈਟ੍ਰੋਜਨ (ਐਨ), ਜੜ੍ਹਾਂ ਦੇ ਵਿਕਾਸ ਲਈ ਫਾਸਫੋਰਸ (ਪੀ), ਫੁੱਲ ਪੈਣ ਲਈ ਅਤੇ ਬਿਮਾਰੀ ਦੇ ਟਾਕਰੇ ਵਾਸਤੇ ਪੋਟਾਸ਼ੀਅਮ (ਕੇ) ਤੱਤ ਸਹਾਈ ਹੁੰਦਾ ਹੈ। ਇਸ ਤੋਂ ਬਿਨਾਂ ਵੱਡੇ ਤੱਤਾਂ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਅਤੇ ਛੋਟੇ ਤੱਤਾਂ ਵਿਚ ਜ਼ਿੰਕ, ਲੋਹਾ, ਮੈਂਗਨੀਜ਼, ਤਾਂਬਾ, ਬੋਰੋਨ ਆਦਿ ਫ਼ਸਲੀ ਵਿਕਾਸ ਲਈ ਅਹਿਮ ਰੋਲ ਅਦਾ ਕਰਦੇ ਹਨ। ਵੱਡੇ ਅਤੇ ਛੋਟੇ ਤੱਤਾਂ ਦੀ ਅਹਿਮੀਅਤ ਬਰਾਬਰ ਹੁੰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਫ਼ਸਲ ਨੂੰ ਖਾਦ ਮਿੱਟੀ ਪਰਖ ਦੇ ਅਧਾਰ 'ਤੇ ਪਾਉਣੀ ਚਾਹੀਦੀ ਹੈ। ਖੋਜ ਤਜਰਬਿਆਂ ਮੁਤਾਬਕ, ਐਨ ਪੀ ਕੇ ਵਰਗੇ ਖੁਰਾਕੀ ਤੱਤ 2 : 1 : 0.5 ਅਨੁਪਾਤ ਦੇ ਹਿਸਾਬ ਨਾਲ ਪਾਉਣੇ ਚਾਹੀਦੇ ਹਨ।
ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਜੈਵਿਕ ਖਾਦਾਂ ਵਿਚੋਂ ਰੂੜੀ ਦੀ ਖਾਦ 6 ਟਨ ਪ੍ਰਤੀ ਏਕੜ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿਚੋਂ ਨਿਕਲੀ ਹੋਈ ਸੱਲਰੀ ਜਾਂ 2 ਟਨ ਝੋਨੇ ਦੀ ਪਰਾਲੀ ਤੋਂ ਬਣਿਆ ਪਰਾਲੀਚਾਰ ਪਾਉਣਾ ਚਾਹੀਦਾ ਹੈ। ਜੈਵਿਕ ਖਾਦਾਂ ਪਾਉਣ ਨਾਲ ਮਿੱਟੀ ਵਿਚ ਜੈਵਿਕ ਕਾਰਬਨ/ਮਾਦੇ ਦੀ ਮਾਤਰਾ ਵੱਧਦੀ ਹੈ ਜਿਸ ਨੂੰ ਮਿੱਟੀ ਵਿਚ ਮੌਜੂਦ ਸੂਖਮ ਜੀਵ ਆਪਣੇ ਭੋਜਨ ਵਜੋਂ ਵਰਤਦੇ ਹਨ ਅਤੇ ਲੋੜੀਂਦੇ ਖੁਰਾਕੀ ਤੱਤ ਉਪਲੱਬਧ ਹੋ ਕੇ ਫ਼ਸਲਾਂ ਦੀਆਂ ਜੜ੍ਹਾਂ ਨੂੰ ਮਿਲਦੇ ਹਨ ਕਿਉਂਕਿ ਦੇਸੀ ਖਾਦਾਂ ਸਾਰੇ ਕਿਸਾਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ ਇਸ ਲਈ ਝੋਨਾ ਲਗਾਉਣ ਤੋਂ ਪਹਿਲਾਂ ਜੰਤਰ/ਢੈਂਚਾ/ਰਵਾਂਹ/ਸਣ ਦੀ ਹਰੀ ਖਾਦ ਕੀਤੀ ਜਾਵੇ। ਝੋਨੇ ਦੀ ਵਾਢੀ ਕਰਕੇ ਖੇਤਾਂ ਨੂੰ ਪਾਣੀ ਲਾਉਣ ਤੋਂ ਬਾਅਦ 20 ਕਿੱਲੋ ਢੈਂਚਾ/ਸਣ/ਰਵਾਂਹ ਦਾ ਬੀਜ ਬੀਜ ਕੇ ਖੇਤਾਂ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਵਿਚ ਦੱਬ ਦਿਓ। ਇਸ ਤਰ੍ਹਾਂ ਕਰਨ ਨਾਲ 55 ਕਿੱਲੋ ਯੂਰੀਆ ਪ੍ਰਤੀ ਏਕੜ ਦੀ ਬੱਚਤ ਹੋ ਜਾਂਦੀ ਹੈ। ਘੱਟ ਫਾਸਫੋਰਸ ਵਾਲੇ ਖੇਤਾਂ ਵਿਚ ਹਰੀ ਖਾਦ ਦੀ ਫ਼ਸਲ ਨੂੰ ਸੁਪਰਫਾਸਫੇਟ 75 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਨਾਲ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ ਰਹਿੰਦੀ। ਮੂੰਗੀ ਦੀ ਫ਼ਸਲ ਫਲੀਆਂ ਤੋੜ ਕੇ ਖੇਤ ਵਿਚ ਦਬਾਉਣ ਨਾਲ ਯੂਰੀਆ ਦੀ ਲੋੜ ਇਕ ਤਿਹਾਈ ਘੱਟ ਜਾਂਦੀ ਹੈ। ਕਲਰਾਠੀਆਂ ਅਤੇ ਨਵੀਆਂ ਵਾਹੀ ਯੋਗ ਜ਼ਮੀਨਾਂ ਵਿਚ ਹਰੀ ਖਾਦ ਮਿਲਾਉਣ ਨਾਲ ਝੋਨੇ ਦੀ ਫ਼ਸਲ ਵਿਚ ਲੋਹੇ ਦੀ ਘਾਟ ਨਹੀਂ ਆਉਂਦੀ।
ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਵਧੀਆ ਤਰੀਕੇ ਨਾਲ ਪੱਧਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਪਾਣੀ ਤੇ ਖੁਰਾਕੀ ਤੱਤ ਇਕਸਾਰ ਮਿਲ ਸਕਣ। ਸਾਰੇ ਵੱਟਾਂ-ਬੰਨੇ ਠੀਕ ਕਰਨ ਤੋਂ ਬਾਅਦ ਖੇਤ ਨੂੰ ਚੰਗੀ ਤਰ੍ਹਾਂ ਨਾਲ ਕੱਦੂ ਕਰਨਾ ਚਾਹੀਦਾ ਹੈ। ਇਸ ਨਾਲ ਛੋਟੇ ਪੌਦੇ ਚੰਗੀ ਤਰ੍ਹਾਂ ਲੱਗ ਸਕਣਗੇ। ਖੜ੍ਹੇ ਪਾਣੀ ਵਿਚ ਨਦੀਨ ਘੱਟ ਉੱਗਣਗੇ ਅਤੇ ਚੰਗਾ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਕਿਉਂਕਿ ਮਿੱਟੀ ਦੇ ਮੁਸਾਮ ਬੰਦ ਹੋਣ ਨਾਲ ਪਾਣੀ ਜ਼ਮੀਨ ਵਿਚ ਬਹੁਤ ਘੱਟ ਰਿਸੇਗਾ। ਪੀ. ਏ. ਯੂ. ਲੁਧਿਆਣਾ ਵਲੋਂ ਸਾਉਣੀ 2018 ਦੌਰਾਨ ਝੋਨੇ ਦੀ ਫ਼ਸਲ ਵਾਸਤੇ 90 ਕਿੱਲੋ ਯੂਰੀਆ (46 ਫੀਸਦੀ ਨਾਈਟ੍ਰੋਜਨ), 27 ਕਿੱਲੋ ਡੀ.ਏ.ਪੀ. (18 ਫੀਸਦੀ ਨਾਈਟ੍ਰੋਜਨ ਅਤੇ 46 ਫੀਸਦੀ ਫਾਸਫੋਰਸ) ਜਾਂ 75 ਕਿੱਲੋ ਸਿੰਗਲ ਸੁਪਰ ਫਾਸਫੇਟ (16 ਫੀਸਦੀ ਫਾਸਫੋਰਸ) ਅਤੇ 20 ਕਿੱਲੋ ਪੋਟਾਸ਼ ਦੀ ਸਿਫਾਰਸ਼ ਕੀਤੀ ਗਈ ਹੈ। ਫਾਸਫੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਮਿੱਟੀ ਪਰਖ ਦੇ ਅਧਾਰ 'ਤੇ ਇਨ੍ਹਾਂ ਦੀ ਘਾਟ ਆਈ ਹੋਵੇ। ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿਚ ਫਾਸਫੋਰਸ ਦੀ ਖਾਦ ਪਾਈ ਹੋਵੇ, ਉੱਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਝੋਨੇ ਨੂੰ ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਸਾਰੀ ਮਾਤਰਾ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਹੈ। ਇਕ ਤਿਹਾਈ ਯੂਰੀਆ ਆਖਰੀ ਵਾਰ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਾਉਣ ਤੋਂ 15 ਦਿਨ ਤੱਕ ਲਾ ਦਿਓ। ਬਾਕੀ ਬਚੀ ਦੋ ਤਿਹਾਈ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 21 ਦਿਨ ਅਤੇ 42 ਦਿਨ ਬਾਅਦ ਛੱਟੇ ਨਾਲ ਪਾਓ। ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 21 ਦਿਨ ਬਾਅਦ ਤੱਕ ਲਾਈ ਜਾ ਸਕਦੀ ਹੈ। ਯੂਰੀਆ ਖਾਦ ਦੀ ਦੂਜੀ ਅਤੇ ਤੀਜੀ ਕਿਸ਼ਤ ਉਦੋਂ ਪਾਉਣੀ ਚਾਹੀਦੀ ਹੈ ਜਦੋਂ ਖੇਤ ਵਿਚੋਂ ਪਾਣੀ ਜ਼ਮੀਨ ਵਿਚ ਜੀਰ ਗਿਆ ਹੋਵੇ।
ਬਾਸਮਤੀ ਦੀ ਲੁਆਈ ਤੋਂ ਪਹਿਲਾਂ ਹਰੀ ਖਾਦ (ਢੈਂਚਾ/ਸਣ/ਸੱਠੀ ਮੂੰਗੀ ਦਾ ਟਾਂਗਰ) ਖੇਤ ਵਿਚ ਦਬਾਉਣ ਨਾਲ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ 'ਤੇ ਕਰਨੀ ਚਾਹੀਦੀ ਹੈ। ਫਾਸਫੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਆਖਰੀ ਕੱਦੂ ਕਰਨ ਤੋਂ ਪਹਿਲਾਂ 75 ਕਿੱਲੋ ਸੁਪਰਫਾਸਫੇਟ ਜਾਂ 25 ਕਿੱਲੋ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਤੱਤ ਦੀ ਪੂਰਤੀ ਲਈ ਅੱਡੋ-ਅੱਡ ਬਾਸਮਤੀ ਦੀਆਂ ਕਿਸਮਾਂ ਲਈ ਯੂਰੀਆ ਦੀ ਮਾਤਰਾ ਹੇਠ ਲਿਖੇ ਅਨੁਸਾਰ ਪਾਉਣੀ ਚਾਹੀਦੀ ਹੈ :
- ਸੀ ਐਸ ਆਰ 30, ਬਾਸਮਤੀ 386 ਅਤੇ ਬਾਸਮਤੀ 370 ਨੂੰ 18 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਜ਼ਿਲ੍ਹਾ ਪਸਾਰ ਮਾਹਿਰ (ਸੀਨੀਅਰ ਮੋਸਟ) ਫਾਰਮ ਸਲਾਹਕਾਰ ਸੇਵਾ ਕੇਂਦਰ, ਜੇ.ਜੇ ਫਾਰਮ, ਕਪੂਰਥਲਾ
ਮੋਬਾਈਲ : 95010-23334.

ਕਵਿਤਾ

ਧੀ ਪੰਜਾਬ ਦੀ

* ਸੁਰਿੰਦਰ ਮਕਸੂਦਪੁਰੀ *
ਇਹ ਰੰਗ-ਬਿਰੰਗੀ ਗੁਲਮੋਹਰ
ਇਹ ਕਲੀ ਰੁੱਤ ਬਹਾਰ ਦੀ ਏ
ਇਹ ਰੰਗ-ਸੁਗੰਧ ਗੁਲਾਬ ਦੀ ਏ
ਇਹ ਧੀ ਮੇਰੇ ਪੰਜਾਬ ਦੀ ਏ।
ਇਹਦੇ ਚੰਨ ਮੁਖੜੇ 'ਤੇ ਮਹਿਕਦਾ ਏ
ਚੁੰਨੀ ਤਾਰਿਆਂ ਨੇ ਸ਼ਿੰਗਾਰ ਦਿੱਤੀ
ਅੰਬਰੋਂ ਉੱਤਰ ਪੀਂਘ ਸਤਰੰਗੀ ਨੇ
ਇਹਦੀ ਦਿਖ ਸੱਜ-ਸੰਵਾਰ ਦਿੱਤੀ।
ਕਿਸੇ ਲੋਕ ਗੀਤ ਦੀ ਹੇਕ ਜਿਹੀ
ਗੁੜਤੀ ਗੁਰੂਆਂ ਦੀ ਬਾਣੀ ਦੀ
ਇਹਦੀ ਸੋਹਣੀ ਸੂਰਤ-ਸੀਰਤ ਏ
ਰੌਣਕ ਗਿੱਧਿਆਂ ਦੀ ਰਾਣੀ ਦੀ।
ਹਰਗੁਣ ਗੂੜ੍ਹ ਗਿਆਨ ਦੀ ਗੁਥਲੀ
ਆਂਗਣਵਾੜੀ ਮੰਡਰਾਉਂਦੀ ਤਿੱਤਲੀ
ਇਹ ਵੰਗਾਂ ਦੀ ਛਣਕਾਰ ਨਿਆਰੀ
ਜਾਂ ਤੀਆਂ ਦੇ ਵਿਚ ਪੈਂਦੀ ਕਿੱਕਲੀ।
ਇਹ ਰਾਤ ਦੀ ਰਾਣੀ, ਸਵੇਰ ਦਾ ਸੂਰਜ
ਬਹੁ-ਰੰਗੇ ਫੁੱਲਾਂ ਦੀ ਫੁਲਕਾਰੀ
ਮਾਂ ਧਰਤੀ ਨੂੰ ਮਿਲਿਆ ਤੋਹਫ਼ਾ
ਰੱਬ ਦੀ ਇਹ ਸੌਗਾਤ ਪਿਆਰੀ।
ਪੰਜਾਬੀ ਮਾਂ ਦੀ ਸੂਰਮਗਤੀ
ਸਾਹਿਤ-ਸੰਗੀਤ ਦੀ ਸਰਸਵਤੀ
ਮਾਂ-ਬੋਲੀ ਦੀ ਮਿੱਠੀ ਲੋਰੀ
ਦੁੱਧ-ਮੱਖਣਾਂ ਦੀ ਭਰੀ ਕਟੋਰੀ।
ਸੱਚੇ ਰੱਬ ਦੀ ਸੁੱਚੀ ਬਰਕਤ
ਕੰਜਕ-ਕੂੰਜ ਕਚਨਾਰ ਜੇਹੀ
'ਮਕਸੂਦਪੁਰੀ' ਇਹ ਦੈਵੀ-ਮੂਰਤ
ਪੰਜਾਬ ਦੇ ਸੱਭਿਆਚਾਰ ਜੇਹੀ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ।
ਮੋਬਾਈਲ : 99887-10234.

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੱਤਾ ਰੰਗ ਚਾਰਟ: ਨਾਈਟ੍ਰੋਜਨ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ। ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਵਕਫ਼ੇ 'ਤੇ ਪੱੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ। ਹਰ ਵਾਰ ਖੇਤ ਵਿਚ 10 ਪੌਦਿਆਂ ਦੇ ਉਪਰੋਂ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ। ਜਦੋਂ ਦਸ ਵਿਚੋਂ ਛੇ ਜਾਂ ਵੱਧ ਪੱੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦਾ ਛੱਟਾ ਦਿਓ।
ਜੇ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਦੇ ਬਰਾਬਰ ਜਾਂ ਗੂੜਾ ਹੋਵੇ ਹੋਰ ਯੂਰੀਆ ਖਾਦ ਦੀ ਵਰਤੋਂ ਨਾ ਕਰੋ। ਮੱਕੀ ਦੇ ਸੂਤ ਕੱਤਣ ਤੋਂ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਲੋੜ ਨਹੀਂ ਅਤੇ ਹੋਰ ਖਾਦ ਨਹੀਂ ਪਾਉਣੀ ਚਾਹੀਦੀ। ਪੱਤਾ ਰੰਗ ਚਾਰਟ ਦੀ ਵਰਤੋਂ ਸਮੇਂ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਬੂਟਿਆਂ ਦੇ ਪੱੱਤਿਆਂ ਦਾ ਰੰਗ ਹੀ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿਚ ਮਿਲਾਉਣਾ ਚਾਹੀਦਾ ਹੈ। ਫ਼ਸਲ ਨੂੰ ਪਾਣੀ ਦੀ ਔੜ ਨਹੀਂ ਲੱਗਣੀ ਚਾਹੀਦੀ ਅਤੇ ਬਾਕੀ ਖੁਰਾਕੀ ਤੱਤਾਂ ਦੀ ਵਰਤੋਂ ਵੀ ਸਿਫ਼ਾਰਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।
ਖਾਸ ਵਰਤੋਂ ਵਾਲੀ ਮੱਕੀ: ਪੀ. ਏ. ਯੂ. ਵਲੋਂ ਸਵੀਟ ਕੌਰਨ, ਬੇਬੀ ਕੌਰਨ ਅਤੇ ਫੁੱਲਿਆਂ ਵਾਲੀ ਮੱਕੀ ਦੀ ਢੁਕਵੀਆਂ ਕਿਸਮਾਂ ਦੇ ਉਤਪਾਦਨ ਤਕਨੀਕਾਂ ਦੀ ਸਿਫਾਰਸ਼ ਕੀਤੀ ਗਈ ਹੈ। ਕਿਸਾਨ ਵੀਰ ਇਨ੍ਹਾਂ ਸੰਬੰਧੀ ਤਕਨੀਕੀ ਸਿਖਲਾਈ ਹਾਸਲ ਕਰ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਬੇਬੀ ਕੌਰਨ ਦੀ ਕਨਟ੍ਰੈਕਟ ਫਾਰਮਿੰਗ ਵੀ ਪ੍ਰਚਲਿਤ ਹੈ।
ਕੀੜੇ ਮਕੌੜੇ ਅਤੇ ਬਿਮਾਰੀਆਂ: ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦਾ ਮੁੱਖ ਕੀੜਾ ਹੈ। ਇਹ ਫ਼ਸਲ ਦਾ 15 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦਾ ਹੈ। ਇਸ ਦੀ ਰੋਕਥਾਮ ਲਈ ਕੋਰਾਜ਼ਨ 18.5 ਐਸ ਸੀ-30 ਮਿਲੀਲੀਟਰ ਜਾਂ ਡੈਸਿਸ 2.8 ਈ ਸੀ -80 ਮਿਲੀਲੀਟਰ ਨੂੰ 60 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10-15 ਦਿਨ ਦੀ ਫ਼ਸਲ 'ਤੇ ਛਿੜਕੋ। ਮਿੱਤਰ ਕੀੜੇ ਟ੍ਰਾਈਕੋਗ੍ਰਾਮਾ ਨੂੰ ਵੀ 10 ਅਤੇ ਫਿਰ 17 ਦਿਨ ਦੀ ਫ਼ਸਲ 'ਤੇ ਛੱਡ ਕੇ ਗੜੂੰਏਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਕ ਏਕੜ ਲਈ 40,000 ਪਰਜੀਵੀ ਕਿਰਿਆ ਕੀਤੇ ਆਂਡਿਆਂ ਦੀ ਸਿਫਾਰਸ਼ ਕੀਤੀ ਗਈ ਹੈ। ਬੀਜ ਅਤੇ ਪੁੰਗਾਰ ਦੇ ਗਲਣ ਰੋਗ ਦੀ ਰੋਕਥਾਮ ਲਈ ਬੀਜ ਦੀ ਸੋਧ ਸਿਫਾਰਿਸ਼ ਕੀਤੀ ਉੱਲੀ ਨਾਸ਼ਕਾਂ ਨਾਲ ਕਰੋ। ਤਣੇ ਦੇ ਗਲਣ ਰੋਗ ਦੀ ਰੋਕਥਾਮ ਲਈ ਖੇਤ ਵਿਚ ਪਾਣੀ ਦੇ ਨਿਕਾਸ ਦਾ ਪੁਖਤਾ ਇੰਤਜ਼ਾਮ ਰੱਖੋ।
ਮੱਕੀ ਦੀ ਕਟਾਈ ਅਤੇ ਛੜਾਈ : ਮੱਕੀ ਦੀ ਕਟਾਈ ਉਸ ਸਮੇਂ ਕਰ ਲਓ ਜਦੋਂ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ। ਇਸ ਸਮੇਂ ਟਾਂਡੇ ਅਤੇ ਪੱਤੇ ਕੁਝ ਹਰੇ ਹੀ ਹੁੰਦੇ ਹਨ। ਪਛੇਤੀ ਬੀਜੀ ਜਾਂ ਗਰਮੀ ਰੁੱਤ ਦੀ ਮੱਕੀ ਤੋਂ ਬਾਅਦ ਜੇਕਰ ਖੇਤ ਜਲਦੀ ਖਾਲੀ ਕਰਨਾ ਹੋਵੇ ਤਾਂ ਉਥੋਂ ਟਾਂਡੇ ਛੱਲੀਆਂ ਸਮੇਤ ਕੱਟ ਲਓ। ਮੱਕੀ ਦੇ ਦਾਣੇ ਸੁਕਾ ਕੇ ਹੀ ਮੰਡੀ ਵਿਚ ਵੇਚੋ। ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੱਕੀ ਨੂੰ ਸੁਕਾਉਣ ਲਈ ਡ੍ਰਾਇਰ ਕਈ ਮੰਡੀਆਂ ਵਿਚ ਉਪਲੱਬਧ ਹਨ। ਇਸ ਤੋਂ ਇਲਾਵਾ ਪੀਏਯੂ ਵੱਲੋਂ ਤਿਆਰ ਕੀਤੇ ਮੱਕੀ ਦੇ ਡ੍ਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ। (ਸਮਾਪਤ)


-ਮੋਬਾਈਲ : 98726-60990

ਕਦੇ ਚਾਟੀ ਵਾਲੀ ਲੱਸੀ ਗਰਮੀਆਂ ਦੀ ਅਹਿਮ ਖੁਰਾਕ ਹੁੰਦੀ ਸੀ

ਚਾਟੀ ਵਾਲੀ ਗੁਣਕਾਰੀ ਲੱਸੀ ਦੀ ਗੱਲ ਕਰਦਿਆਂ ਉਸ ਬੀਤ ਗਏ ਵੇਲੇ ਦਾ ਚੇਤਾ ਆ ਜਾਂਦਾ ਹੈ ਜਦੋਂ ਚਾਟੀ ਵਾਲੀ ਲੱਸੀ ਹਰੇਕ ਵਿਅਕਤੀ ਦੀ ਅਹਿਮ ਖੁਰਾਕ ਹੋਇਆ ਕਰਦੀ ਸੀ। ਸੁਆਣੀਆਂ ਬੜੀ ਮਿਹਨਤ ਨਾਲ ਲੱਸੀ ਤਿਆਰ ਕਰਨ ਦਾ ਕਾਰਜ ਕਰਦੀਆਂ ਸਨ। ਦਿਨ ਦਾ ਕੜ੍ਹਿਆ ਦੁੱਧ ਅਤੇ ਸ਼ਾਮ ਦਾ ਸੱਜਰਾ ਦੁੱਧ ਇਕੱਠਾ ਗਰਮ ਕਰਕੇ ਜਮਾ ਦਿੱਤਾ ਜਾਂਦਾ ਸੀ ਤੇ ਸਵੇਰੇ ਤੜਕਸਾਰ ਉੱਠ ਕੇ ਹੱਥ ਵਾਲੀ ਮਧਾਣੀ ਨਾਲ ਜੰਮੇ ਹੋਏ ਦੁੱਧ ਨੂੰ ਰਿੜਕ ਕੇ ਮੱਖਣ ਵੱਖਰਾ ਕਰ ਲਿਆ ਜਾਂਦਾ ਸੀ ਤੇ ਇਸ ਤਰ੍ਹਾਂ ਲੱਸੀ ਤਿਆਰ ਹੋ ਜਾਂਦੀ ਸੀ। ਲੱਸੀ ਪੀਣ ਲਈ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸ਼ਾਹਵੇਲੇ ਲੱਸੀ ਤਿਆਰ ਹੋਣ ਸਾਰ ਹੀ ਬੇਬੇ ਘਰ ਵਿਚ ਹਰੇਕ ਨੂੰ ਕੰਗਣੀ ਵਾਲੇ ਗਿਲਾਸ ਭਰ ਕੇ ਲੱਸੀ ਦੇ ਦਿਆ ਕਰਦੀ ਸੀ। ਲੱਸੀ ਪੀ ਕੇ ਸਾਰੇ ਆਪੋ-ਆਪਣੇ ਕੰਮ ਕਾਜ ਵਿਚ ਲੱਗ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਗੱਭਰੂਆਂ, ਮੁਟਿਆਰਾਂ, ਬਜੁਰਗਾਂ ਦੀ ਚੰਗੀ ਸਿਹਤ ਦਾ ਰਾਜ ਚਾਟੀ ਵਾਲੀ ਲੱਸੀ ਹੀ ਸੀ। ਗਰਮੀਆਂ ਦੇ ਮੌਸਮ ਵਿਚ ਪੋਟਾਸ਼ੀਅਮ, ਨਮਕ ਤੇ ਕੈਲਸ਼ੀਅਮ ਦੀ ਘਾਟ ਕਰਕੇ ਉਲਟੀਆਂ ਤੇ ਦਸਤ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਕਰਕੇ ਕੱਚੀ ਲੱਸੀ ਤੇ ਚਾਟੀ ਦੀ ਲੱਸੀ ਵਿਚ ਜ਼ੀਰਾ ਪਾ ਕੇ ਪੀਣ ਨਾਲ ਗਰਮੀ ਤੋਂ ਕਾਫੀ ਰਾਹਤ ਮਿਲਦੀ ਸੀ। ਜ਼ਿਆਦਾ ਦਿਨਾਂ ਦੀ ਬਹੀ ਲੱਸੀ ਖੱਟੀ ਹੋ ਜਾਂਦੀ ਸੀ ਤੇ ਲੋਕ ਇਸ ਨੂੰ ਸਿਰ ਨਹਾਉਣ ਲਈ ਵਰਤਦੇ ਸਨ। ਚਾਟੀ ਦੀ ਲੱਸੀ ਕੈਲਸ਼ੀਅਮ ਦਾ ਚੰਗਾ ਸਰੋਤ ਹੋਣ ਕਰਕੇ ਦੰਦਾਂ ਤੇ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਲਾਹੇਵੰਦ ਸੀ। ਉਸ ਸਮੇਂ ਚਾਟੀ ਦੀ ਲੱਸੀ, ਦਹੀਂ, ਮੱਖਣ, ਦੁੱਧ ਤੇ ਹੋਰ ਵਰਤੋਂ 'ਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਘਰ ਵਿਚ ਹੀ ਸ਼ੁੱਧ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਜਿਸ ਕਰਕੇ ਲੋਕਾਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਸਨ। 'ਦਿਉਰ ਭਾਵੇਂ ਮੱਝ ਚੁੰਘ ਜੇ, ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਆਦਿ ਕਈ ਹੋਰ ਪੁਰਾਣੇ ਪੰਜਾਬੀ ਗੀਤਾਂ ਦੇ ਬੋਲਾਂ ਵਿਚ ਲੱਸੀ ਦਾ ਜ਼ਿਕਰ ਮਿਲਦਾ ਹੈ।
ਅੱਜ ਦੇ ਸਮੇਂ ਵਿਚ ਚਾਟੀ ਵਾਲੀ ਲੱਸੀ ਕੁੱਝ ਕੁ ਘਰਾਂ ਨੂੰ ਛੱਡ ਕੇ ਸਾਡੇ ਸੱਭਿਆਚਾਰ 'ਚੋਂ ਅਲੋਪ ਹੋ ਚੁੱਕੀ ਹੈ। ਅੱਜਕਲ੍ਹ ਸ਼ਾਹਵੇਲਾ ਚਾਹ ਵੇਲਾ ਬਣ ਕੇ ਰਹਿ ਗਿਆ ਹੈ। ਦੁੱਧ ਰਿੜਕਣ ਦਾ ਰੋਜ਼ਾਨ ਵਕਤ ਦੀ ਕਮੀ ਕਰਕੇ ਘਟ ਗਿਆ ਹੈ, ਕਿਉਂਕਿ ਹੁਣ ਦੀਆਂ ਕੁੜੀਆਂ 'ਚ ਏਨੀ ਤਾਕਤ ਨਹੀਂ ਰਹੀ ਕਿ ਉਹ ਦੁੱਧ ਰਿੜਕਣ ਪਿੱਛੋਂ ਘਰਦੇ ਹੋਰ ਕੰਮ ਕਰ ਸਕਣ। ਅੱਜ ਸਮੇਂ ਦੇ ਬਦਲਾਅ ਨਾਲ ਲੱਸੀ ਰਿੜਕਣ ਦਾ ਕੰਮ ਬਿਜਲੀ ਨਾਲ ਚੱਲਣ ਵਾਲੀ ਮਧਾਣੀ ਤੋਂ ਲਿਆ ਜਾਂਦਾ ਹੈ ਤੇ ਲੋਕ ਬਾਜ਼ਾਰੋਂ ਦਹੀਂ ਲਿਆ ਕੇ ਲੱਸੀ ਬਣਾ ਲੈਂਦਾ ਹਨ। ਕੁਝ ਲੋਕ ਗਰਮੀ ਦੇ ਮੌਸਮ ਸਮੇਂ ਬਾਜ਼ਾਰਾਂ ਵਿਚ ਠੰਢੀ ਤੇ ਮਿੱਠੀ ਲੱਸੀ ਦਾ ਆਨੰਦ ਮਾਣਦੇ ਹਨ। ਜਿਨ੍ਹਾਂ ਲੋਕਾਂ ਡੰਗਰ ਰੱਖੇ ਹਨ ਉਹ ਜ਼ਿਆਦਾ ਮੁਨਾਫਾ ਕਮਾਉਣ ਲਈ ਸਾਰਾ ਦੁੱਧ ਡੇਅਰੀ ਵਿਚ ਪਾ ਦਿੰਦੇ ਹਨ। ਅੱਜ ਦੇ ਸਮੇਂ ਦੁੱਧ ਲੱਸੀ ਦੀਆਂ ਦਾਤਾਂ ਡੇਅਰੀਆਂ ਨੇ ਆਪਣੇ ਵਿਚ ਸਮੋ ਲਈਆਂ ਹਨ ਤੇ ਇਹ ਅੰਮ੍ਰਿਤ ਰੂਪੀ ਗੁਣਕਾਰੀ ਚਾਟੀ ਵਾਲੀ ਲੱਸੀ ਸਾਡੇ ਪੰਜਾਬੀ ਸੱਭਿਆਚਾਰ ਚੋਂ ਅਲੋਪ ਹੋ ਚੁੱਕੀ ਹੈ।


-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।
sohianshamsher@gmail.com

ਵਿਰਸੇ ਦੀਆਂ ਬਾਤਾਂ

ਖੱਖੜੀਆਂ-ਖਰਬੂਜ਼ਿਆਂ ਦੀ ਇਹ ਰੁੱਤ ਬੜੀ ਨਿਆਰੀ

ਖੱਖੜੀਆਂ-ਖਰਬੂਜ਼ਿਆਂ ਨੂੰ ਸਲਾਦ ਵਜੋਂ ਖਾਓ ਜਾਂ ਫ਼ਲ ਵਜੋਂ, ਇਹ ਆਪਣੀ ਮਰਜ਼ੀ ਹੈ। ਪਰ ਖਾਓ ਜ਼ਰੂਰ, ਕਿਉਂਕਿ ਇਹ ਗ਼ਰਮ ਰੁੱਤ ਦਾ ਮੇਵਾ ਹੈ। ਖਰਬੂਜ਼ੇ ਨੂੰ ਤਾਂ ਹਰ ਥਾਂ ਖਰਬੂਜ਼ਾ ਹੀ ਕਿਹਾ ਜਾਂਦਾ, ਪਰ ਖੱਖੜੀ ਨੂੰ ਸ਼ਾਇਦ ਇਲਾਕੇ ਦੇ ਹਿਸਾਬ ਨਾਲ ਕੁਝ ਹੋਰ ਵੀ ਕਿਹਾ ਜਾਂਦਾ ਹੋਵੇ। ਦੇਖਣ ਨੂੰ ਖਰਬੂਜ਼ੇ ਦੀ ਭੈਣ ਲੱਗਦੀ ਖੱਖੜੀ ਜਦੋਂ ਪੱਕ ਕੇ ਪੀਲੀ ਹੋ ਜਾਂਦੀ ਹੈ ਤਾਂ ਵੇਲ ਨਾਲੋਂ ਆਪੇ ਨਾਤਾ ਤੋੜ ਦਿੰਦੀ ਹੈ। ਜਿਵੇਂ ਆਖਦੀ ਹੋਵੇ, 'ਆਪਣਾ ਸਾਥ ਏਥੋਂ ਤੱਕ ਦਾ ਹੀ ਸਾਥ ਸੀ। ਹੁਣ ਮੈਂ ਕਿਸੇ ਦਾ ਭੋਜਨ ਹਾਂ। ਮੈਂ ਕਿਸੇ ਦਾ ਸਵਾਦ ਬਣਨ ਜਾ ਰਹੀ ਹਾਂ।'
ਪਿਛਲੇ ਦਿਨੀਂ ਆਪਣੇ ਸਾਥੀਆਂ ਨਾਲ ਮੈਂ ਫ਼ਿਰੋਜ਼ਪੁਰ ਵੱਲ ਜਾ ਰਿਹਾ ਸਾਂ। ਜ਼ੀਰੇ ਕੋਲ ਫੁੱਟਪਾਥ 'ਤੇ ਥੋੜ੍ਹੀ-ਥੋੜ੍ਹੀ ਦੂਰ ਖੱਖੜੀਆਂ ਵਿਕਣ ਲਈ ਰੱਖੀਆਂ ਹੋਈਆਂ ਸਨ। ਟੋਕਰੀਆਂ ਭਰੀ ਮਿਹਨਤੀ ਲੋਕ ਬੈਠੇ ਸਨ ਤੇ ਉਨ੍ਹਾਂ ਕੋਲ ਵਿਰਲੇ-ਟਾਵੇਂ ਗਾਹਕ ਵੀ ਸਨ। ਮੈਂ ਖੁਸ਼ ਸਾਂ ਕਿ ਬਚਪਨ ਵਿਚ ਨਰਮੇ ਦੇ ਖੇਤਾਂ 'ਚੋਂਂ ਖਾਧੀਆਂ ਖੱਖੜੀਆਂ ਫਿਰ ਦਿਸ ਗਈਆਂ। ਪਰ ਸਾਥੀਆਂ ਨੇ ਇਹ ਪਹਿਲੀ ਵਾਰ ਦੇਖੀਆਂ ਸਨ। ਉਹ ਇਨ੍ਹਾਂ ਨੂੰ ਦੇਖ ਹੈਰਾਨ ਸਨ। ਕਿੰਨਾ ਹੀ ਚਿਰ ਉਹ ਖੱਖੜੀ ਦੀਆਂ ਮਹਿਕਾਂ ਲੈਂਦੇ ਰਹੇ। ਉਨ੍ਹਾਂ ਬਾਰੇ ਚਰਚਾ ਕਰਦੇ ਰਹੇ। ਫੇਰ ਦੋ ਖੱਖੜੀਆਂ ਚੀਰੀਆਂ ਤੇ ਕਾਲਾ ਲੂਣ ਲਾ ਕੇ ਖਾਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੂੰ ਆਸ ਸੀ ਕਿ ਇਹ ਖਰਬੂਜ਼ੇ ਵਾਂਗ ਮਿੱਠੀਆਂ ਹੋਣਗੀਆਂ। ਪਰ ਉਹ ਓਨੀਆਂ ਮਿੱਠੀਆਂ ਨਾ ਹੋਣ ਕਰਕੇ ਖਾਣੋ ਹਟ ਗਏ। ਮੈਂ ਲੱਗਾ ਰਿਹਾ। ਮੇਰੀ ਇਨ੍ਹਾਂ ਨਾਲ ਬਚਪਨ ਦੀ ਸਾਂਝ ਜੁ ਸੀ। ਮਸੀਂ ਮਿਲੀਆਂ ਸਨ ਮੈਨੂੰ ਇਹ। ਕੁਝ ਖੱਖੜੀਆਂ ਲਿਫ਼ਾਫ਼ੇ 'ਚ ਪਾ ਲਈਆਂ, ਜਿਨ੍ਹਾਂ ਨੇ ਸਾਡੀ ਕਾਰ ਮਹਿਕਾ ਦਿੱਤੀ।
ਖੱਖੜੀਆਂ-ਖਰਬੂਜ਼ੇ ਹੁਣ ਬਹੁਤੇ ਲੋਕ ਨਹੀਂ ਬੀਜਦੇ। ਪਹਿਲਾਂ ਵੱਡੀ ਗਿਣਤੀ 'ਚ ਕਿਸਾਨ ਬੀਜਦੇ ਸਨ। ਵੇਚਣ ਲਈ ਨਾ ਸਹੀ, ਆਪਣੇ ਜੋਗੇ ਤਾਂ ਬੀਜਦੇ ਹੀ ਸਨ। ਨਰਮੇ ਦੇ ਖੇਤਾਂ ਵਿਚ ਬੀਜ ਦਾ ਛਿੱਟਾ ਦੇ ਦਿੱਤਾ ਜਾਂਦਾ ਤੇ ਜਦੋਂ ਤੱਕ ਨਰਮੇ ਚੁਗਣ ਯੋਗ ਹੋਣੇ, ਉਦੋਂ ਤੱਕ ਖੱਖੜੀਆਂ-ਖਰਬੂਜ਼ਿਆਂ ਨੇ ਪੱਕ ਜਾਣਾ। ਮੇਰੀਆਂ ਮਾਸੀਆਂ ਨੇ ਨਰਮਾ ਚੁਗਣਾ ਤੇ ਮੈਂ ਚਿੱਬੜ, ਖੱਖੜੀਆਂ ਤੇ ਖਰਬੂਜ਼ੇ। ਨਾਲੇ ਖਾਈ ਜਾਣੇ, ਨਾਲੇ ਖਰਾਬ ਕਰੀ ਜਾਣੇ। ਰੋਕਣਾ ਕਿਸੇ ਨੇ ਨਾ ਕਿ ਚਲੋ ਲਾਲਚ ਲੱਗਾ।
ਹੁਣ ਖੱਖੜੀ ਬਾਜ਼ਾਰ ਵਿਚ ਵੀ ਦਿਸ ਪਵੇ ਤਾਂ ਚਾਅ ਜਿਹਾ ਚੜ੍ਹ ਜਾਂਦਾ। ਜੀਹਨੇ ਪਹਿਲੀ ਵਾਰ ਖਾਣੀ ਹੋਵੇ, ਉਹਨੂੰ ਭਾਵੇਂ ਸਵਾਦ ਨਾ ਲੱਗੇ, ਪਰ ਜਿਨ੍ਹਾਂ ਨੂੰ ਇਹਦੇ ਸਵਾਦ ਅਤੇ ਅਹਿਮੀਅਤ ਦਾ ਪਤਾ, ਉਹ ਖੱਟੀ ਮਿੱਠੀ ਖੱਖੜੀ ਨੂੰ ਚਾਅ ਨਾਲ ਖਾਂਦੇ ਨੇ, ਮੇਰੇ ਵਾਂਗ। ਚੰਗੀ ਤਰ੍ਹਾਂ ਠੰਢੇ ਕੀਤੇ ਖਰਬੂਜ਼ੇ ਤੇ ਖੱਖੜੀ ਨੂੰ ਖਾਣ ਦਾ ਸਵਾਦ ਹੀ ਵੱਖਰਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਕੱਚੇ ਘਰਾਂ ਦੀ ਪੱਕੀ ਦਾਸਤਾਨ

ਕੱਚਿਆਂ ਘਰਾਂ ਦੀ ਗੱਲ ਕਰੀਏ ਤਾਂ, ਵਿਰਸੇ ਦੀ ਇਕੱਲੀ-ਇਕੱਲੀ ਖਾਧੀ-ਪੀਤੀ ਚੀਜ਼ ਯਾਦ ਆਉਂਦੀ ਹੈ। ਇਨ੍ਹਾਂ ਕੱਚੇ ਘਰਾਂ ਵਿਚ ਕਿੱਕਰ ਦੀ ਲੱਕੜ ਤੋਂ ਬਣੇ ਦਰਵਾਜ਼ੇ ਬਹੁਤ ਮਿਹਨਤ ਨਾਲ ਕਾਰੀਗਰ ਬਣਾਉਂਦੇ ਸਨ। ਕੁਝ ਥਾਵਾਂ 'ਤੇ ਮੋਰੀਆਂ ਲਗਾਉਂਦੇ, ਕੁਝ ਖਿੜਕੀਆਂ ਜਿਨ੍ਹਾਂ ਦੇ ਵਿਚਕਾਰ ਸਰੀਏ ਹੁੰਦੇ ਜ਼ਿਆਦਾਤਰ ਉਹ ਲੱਕੜ ਦੀ ਬਣੀ ਹੁੰਦੀ ਨਾਲ ਹੀ ਨਾਲ ਹੀ ਵਿਚਕਾਰ ਸਰੀਏ ਲਗਾ ਦਿੱਤੇ ਜਾਂਦੇ, ਇਸੇ ਤਰ੍ਹਾਂ ਕੱਚੀਆਂ ਇੱਟਾਂ ਨਾਲ ਬਣਾ, ਚੀਲ ਦੀ ਲੱਕੜ ਦੇ ਗੋਲੇ ਧਰ ਦਿੱਤੇ ਜਾਂਦੇ, ਫਿਰ ਸਲਵਾੜ, ਪੂਲੇ, ਗਾਰੇ, ਫੱਟੀਆਂ ਦੀ ਮਦਦ ਨਾਲ ਚਹਾ ਪਾ ਦਿੱਤਾ ਜਾਂਦਾ ਸੀ।
ਪੁਰਾਣੇ ਕੱਚੇ ਘਰ ਬਹੁਤ ਮਿਹਨਤ 'ਤੇ ਮੁਸ਼ੱਕਤ ਨਾਲ ਬਣਦੇ ਸਨ। ਇਨ੍ਹਾਂ ਕੱਚੇ ਘਰਾਂ ਦੀ ਦਿਸ਼ਾ ਬਹੁਤ ਸਰਲ ਢੰਗਾਂ ਨਾਲ ਰੱਖੀਂ ਜਾਂਦੀ ਸੀ, ਇਨ੍ਹਾਂ ਵਿਚ ਖਾਸ ਕਰ ਵੱਡਿਆਂ ਬਜ਼ੁਰਗਾਂ ਦੀ ਖਾਸ ਰਾਏ ਮੰਨੀ ਜਾਂਦੀ ਸੀ। ਇਸੇ ਤਰ੍ਹਾਂ ਕਈ ਪਿੰਡਾਂ ਵਿਚ ਆਪਣੇ ਘਰ ਨੂੰ ਢਾਅ ਕੇ ਦੁਬਾਰਾ ਪਾਉਣ ਮੌਕੇ ਜੋ ਚੀਜ਼ ਦੀ ਨਿਸ਼ਾਨੀ ਵੱਡਿਆਂ ਵਲੋਂ ਰੱਖੀਂ ਜਾਂਦੀ ਉਸ ਨੂੰ ਜ਼ਰੂਰ ਚੇਤੇ ਕਰਦੇ ਨੇ ਉਸ ਵਿਚ ਬਾਪੂ, ਦਾਦਾ, ਦਾਦੀ ਦਾ ਨਾਂਅ ਜ਼ਰੂਰ ਯਾਦ ਆਉਂਦਾ ਹੈ। ਜੋ ਕਿ ਕਈ ਹੁਣ ਦੀ ਨਵੀਂ ਪਨੀਰੀ ਵਿਚ ਪੁਰਾਣੇ ਘਰ ਨੂੰ ਜਦੋਂ ਢਾਅ ਕੇ ਪੱਕਾ ਬਣਾਉਣ ਦੀ ਸਲਾਹ ਕੀਤੀ ਜਾਂਦੀ ਹੈ, ਤਾਂ ਪਰਿਵਾਰਕ ਮੈਂਬਰਾਂ ਵਲੋਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਕਿ ਇਹ ਕੰਧ ਮੇਰੇ ਦਾਦਾ ਜੀ ਨੇ ਕੱਢੀ ਸੀ। ਜਾਂ ਇਸ ਘਰ ਦੀ ਦਿਸ਼ਾ ਦਾਦੀ ਜੀ ਨੇ
ਛਿਪਦੀ ਵਾਲੇ ਪਾਸੇ ਕਰਵਾਈ ਸੀ। ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਕਰਦੇ ਆਖਦੇ। ਨੀਂਹ ਕੱਢਣ ਮੌਕੇ ਬਹੁਤ ਪੁਰਾਣੀਆਂ ਚੀਜ਼ਾਂ ਨਿਕਲਦੀਆਂ, ਕਈ ਲੋਕਾਂ ਵਲੋਂ ਮਖੌਲ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ 'ਆਖਦੇ ਵੇਖੀਓ ਕੋਈ ਸੋਨੇ, ਚਾਂਦੀ ਦਾ ਘੜਾ ਹੀ ਨਾ ਨਿੱਕਲ ਆਵੇ' ਇਸ ਤਰ੍ਹਾਂ ਕਹਿ ਕਈ ਪੁਰਾਣੀਆਂ ਗੱਲਾਂ ਕਰਨ ਲੱਗ ਜਾਂਦੇ, ਪਰ ਕੁੱਝ ਵਲੋਂ ਇਸ ਢਹਿੰਦੇ ਘਰ ਨੂੰ ਵੇਖ ਯਾਦਾਂ ਸਤਾਉਣ ਲੱਗ ਜਾਂਦੀਆਂ ਜਿਨ੍ਹਾਂ ਨੇ ਇਸ ਘਰ ਦਿਨ ਗੁਜ਼ਾਰੇ ਹੁੰਦੇ ਆ ਉਹ ਇਸ ਤਰ੍ਹਾਂ ਸੋਚਦਾ ਕਿ ਇਨ੍ਹਾਂ ਘਰਾਂ ਨੂੰ ਬਣਾਉਣ ਦਾ ਕਿੰਨਾ ਚਾਅ ਹੁੰਦਾ ਸੀ। ਇਸੇ ਤਰ੍ਹਾਂ ਕਈ ਬੀਬੀਆਂ ਸੋਚਾਂ ਵਿਚ ਪੈ ਜਾਂਦੀਆਂ 'ਤੇ ਆਪਣੇ ਵੇਲੇ ਨੂੰ ਯਾਦ ਕਰਦੀਆਂ ਕਿਸ ਤਰ੍ਹਾਂ ਘਰ ਦੀ ਨੀਂਹ 'ਤੇ ਸ਼ੁਰੂਆਤ ਹੁੰਦੀ ਸੀ। ਜਦੋਂ ਵਿਆਹ ਦੇ ਦਿਨ ਨੇੜੇ ਆ ਜਾਂਦੇ ਸੀ, ਤਾਂ ਬੀਬੀਆਂ ਵਲੋਂ ਵਿਆਹ ਵਾਲੇ ਘਰ ਪਰੋਲਾ ਲਾਉਂਦੀਆਂ ਚੁੱਲ੍ਹੇ 'ਤੇ ਕਧੋਲੀ ਉਪਰ ਵੇਲ ਬੂਟੀਆਂ ਲਾਉਂਦੀਆਂ ਇਸੇ ਤਰ੍ਹਾਂ ਪੂਰੇ ਕੱਚੇ ਘਰ ਨੂੰ ਫੁੱਲਾਂ ਵਾਂਗੂੰ ਸ਼ਿੰਗਾਰ ਦਿੱਤਾ ਜਾਂਦਾ ਸੀ। ਆਂਢਣਾਂ-ਗੁਆਂਢਣਾ ਵਿਆਹ ਦੀ ਖੁਸ਼ੀ ਵਿਚ ਆਪਣੇ ਘਰ ਨੂੰ ਵੀ ਸਵਾਰਨ ਵਿਚ ਰੁੱਝੀਆਂ ਰਹਿੰਦੀਆਂ ਸਾਰਾ-ਸਾਰਾ ਦਿਨ ਬੀਬੀਆਂ ਮਿੱਟੀ ਨਾਲ ਮਿੱਟੀ ਹੋਈਆਂ ਰਹਿੰਦੀਆਂ ਸਨ, ਪਰ ਇਨ੍ਹਾਂ ਕੱਚੀਆਂ ਇੱਟਾਂ ਨੂੰ ਗਿੱਲੀ ਮਿੱਟੀ ਨਾਲ ਬਹੁਤ ਔਖਾ ਜਕੜਿਆ ਜਾਂਦਾ ਸੀ, ਕਿਉਂਕਿ ਜੋ ਇੱਟ ਸੁੱਕੀ ਹੁੰਦੀ ਸੀ, ਉਸ ਉੱਪਰ ਗਿੱਲੀ ਮਿੱਟੀ ਮਸਾਂ ਹੀ ਖੜ੍ਹਦੀ ਸੀ। ਮਿੱਟੀ ਵਾਰ-ਵਾਰ ਡਿੱਗ ਜਾਂਦੀ ਫਿਰ ਲਾਉਂਦਿਆਂ ਇਸ ਨੂੰ ਪੂਰਾ ਕਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਕੰਧੋਲੀ, ਚੁੱਲ੍ਹਾ, ਹਾਰਾ ਬੀਬੀਆਂ ਇਸ ਮਿੱਟੀ ਨਾਲ ਬਹੁਤ ਨਿਖੇਰ ਦਿੰਦੀਆਂ ਸਨ। ਇਸ ਸਮੇਂ ਵਿਚ ਆਪਸੀ ਸਾਂਝ ਬਹੁਤ ਸੀ। ਲੋਕੀ ਹਮੇਸ਼ਾਂ ਤੁਰੇ ਰਹਿੰਦੇ ਕੰਮਾਂ-ਕਾਰਾਂ ਨੂੰ, ਪਰ ਆਂਢੀਆਂ-ਗੁਆਂਢੀਆਂ ਨਾਲ ਬਹੁਤ ਮੇਲ-ਜੋਲ ਜਿਹਾ ਹੋਣਾ, ਬੀਬੀਆਂ ਵੀ ਨਾਲ ਲੱਗ ਕੇ ਮਿੱਟੀ ਲਵਾਉਂਦੀਆਂ ਸਨ। ਇਸ ਤਰ੍ਹਾਂ ਬੀਬੀਆਂ ਇਕ ਦੂਸਰੀ ਨਾਲ ਘਰੇ ਕੰਮਾਂ ਕਾਰਾਂ ਵਿਚ ਹੱਥ ਵਟਾਉਂਦੀਆਂ ਸਨ। ਇਨ੍ਹਾਂ ਨੂੰ ਮਿੱਟੀ ਲਾਉਂਦੇ ਸਮੇਂ ਬੱਚਿਆਂ ਵਲੋਂ ਗਿੱਲੀ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਸੀ ਜਿਸ ਵਿਚ ਚੁੱਲ੍ਹਾ, ਕੌਲੀਆਂ, ਗਲਾਸ, ਤਵਾ, ਚਕਲਾ-ਵੇਲਣਾ, ਹੋਰ ਬਰਤਨ ਬੱਚੇ ਇਸ ਮਿੱਟੀ ਨਾਲ ਬਣਾਉਂਦੇ ਸਾਰ-ਸਾਰਾ ਦਿਨ ਹੱਥ ਲਿਬੇੜੀ ਰੱਖਦੇ ਸਨ। ਇਸ ਮੌਕੇ ਸਾਵਣ ਮਹੀਨੇ ਦੀਆਂ ਬਰਸਾਤਾਂ 'ਚ ਇਸ ਮਿੱਟੀ ਦੀ ਸੁਗੰਧ ਸੰਗੀਤ ਜਿਹਾ ਪੈਦਾ ਕਰਦੀ ਹੁੰਦੀ ਸੀ। ਇਨ੍ਹੀਂ ਦਿਨੀਂ ਹਰ ਇਕ ਦਾ ਮਨ ਖੁਸ਼ ਰਹਿੰਦਾ ਸੀ। ਇਸ ਬਾਰਿਸ਼ਾਂ ਮੌਕੇ ਵਰ੍ਹਦੇ ਮੀਹਾਂ ਵਿਚ ਕਈ ਕੱਚੇ ਘਰ ਤ੍ਰਰੇਲ ਵਾਂਗੂੰ ਤ੍ਰਿਪ-ਤ੍ਰਿਪ ਚੋਂਦੇ, ਕਈਆਂ ਵਲੋਂ ਮੌਕੇ 'ਤੇ ਹੀ ਛੱਤਾਂ ਉੱਤੇ ਮਿੱਟੀ ਸੁੱਟੀ ਜਾਂਦੀ ਸੀ।
ਇਸ ਬਾਰਿਸ਼ ਮੌਕੇ ਗਰਜਦੇ ਬੱਦਲਾਂ 'ਤੇ ਬਿਜਲੀ ਦੀ ਲਿਸ਼ਕੋਰ ਵਿਚ ਬੈਠ ਕੱਚੇ ਘਰ ਦਾ ਅਨੰਦ ਹੀ ਕੁਝ ਹੋਰ ਹੁੰਦਾ ਸੀ। ਨਾਲੇ ਮਾਤਾ ਵਲੋਂ ਬਣਾਈ ਖੀਰ ਖਾਈ ਜਾਣੀ ਨਾਲੇ ਖਿੜਕੀ ਖੋਲ੍ਹ ਕੇ ਬਾਹਰ ਵੱਲ ਨੂੰ ਤੱਕੀ ਜਾਣਾ, ਇਸ ਕਣੀ-ਕਣੀ ਦੇ ਛਰਾਟੇ ਨੂੰ ਜੇਕਰ ਧਿਆਨ ਨਾਲ ਸੁਣਿਆਂ ਜਾਵੇ ਕੋਈ ਰਾਗ ਉਭਰ ਰਹੇ ਹੁੰਦੇ, ਇਸ ਕਣੀਆਂ ਦਾ ਖੜਕਾ ਕਣ ਜਿਹਾ ਦਿਲ ਵਿਚ ਖਿੱਚ ਜਿਹੀ ਪਾ ਦਿੰਦਾ ਸੀ। ਇਸ ਮੌਕੇ ਕਈ ਕੱਚੇ ਘਰਾਂ ਵਾਲਿਆਂ ਦੇ ਪਕੌੜੇ, ਗੁਲਗਲੇ, ਖੀਰ, ਪੂੜੇ ਬਣਦੇ ਕਈ ਘਰਾਂ 'ਚ ਰੋਟੀ ਹੀ ਮਸਾਂ ਪੱਕਦੀ ਸੀ। ਕਦੇ ਤਾਂ ਬਹੁਤੇ ਮੀਹਾਂ ਦੇ ਪੈਣ ਕਾਰਨ ਕਈ ਥਾਵਾਂ 'ਤੇ ਬਣੀਆਂ ਕੱਚੀਆਂ ਕੰਧਾਂ ਢਹਿ ਜਾਂਦੀਆਂ ਸਨ।
ਸਰਦੀ ਦੇ ਮੌਸਮ ਵਿਚ ਇਨ੍ਹਾਂ ਕੱਚੇ ਘਰਾਂ ਦੀ ਬੜੀ ਖਾਸ ਗੱਲ ਹੁੰਦੀ ਸੀ। ਇਨ੍ਹਾਂ ਘਰਾਂ ਵਿਚ ਠੰਢ ਦੇ ਮੌਸਮ ਵਿਚ ਬੜਾ ਨਿੱਘ ਜਿਹਾ ਮਹਿਸੂਸ ਹੁੰਦਾ ਸੀ, 'ਤੇ ਹਮੇਸ਼ਾਂ ਮਿੱਠੀ ਗੋਦ ਵਰਗਾ ਨਿੱਘ ਇਨ੍ਹਾਂ ਕੱਚੇ ਘਰਾਂ ਵਿਚ ਸੀ। ਕਾਨਿਆਂ 'ਤੇ ਸਲਵਾੜ, ਪੂਲਿਆਂ ਦੀ ਛੱਤ ਗਾਰੇ ਨਾਲ ਲਿੱਪੀ ਨਜ਼ਰ ਆਉਂਦੀ ਸੀ। ਬੱਚਿਆਂ ਵਲੋਂ ਮਾਂ ਦੀ ਗੋਦ ਵਿਚ ਜਾਂ ਕੇ ਬੈਠ ਜਾਣਾ ਕਹਾਣੀਆਂ ਸੁਣਨ ਦੀ ਸਿਫਾਰਸ਼ ਜਿਹੀ ਵਧਾਉਣੀ।
ਇਸ ਸਮੇਂ ਵਿਚ ਦੁੱਧ ਵਾਦ ਦੇ ਜ਼ਿਆਦਾਤਰ ਸ਼ੌਕੀਨ ਲੋਕ ਘਰਾਂ ਵਿਚ ਮੱਝਾਂ, ਗਾਂਵਾਂ ਪਾਲਦੇ ਸੀ। ਕਈ ਲੋਕ ਇਨ੍ਹਾਂ ਵਲੋਂ ਬਾਹਰ ਮੁੱਖ ਗੇਟ ਅੱਗੇ ਜੋ ਥਾਵਾਂ ਛੱਡੀਆਂ ਹੋਣੀਆਂ ਜਾਂ ਕਿੱਕਰਾਂ ਹੇਠਾਂ ਪਸ਼ੂਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ। ਜਦੋਂ ਕੋਈ ਪਸ਼ੂ ਬੰਨ੍ਹਿਆਂ ਹੋਇਆ ਖੁੱਲ ਜਾਂਦਾ ਸੀ, ਤਾਂ ਇਸ ਪਿੱਛੇ ਬੜਾ ਭੱਜਣਾ, ਇਹ ਪਸ਼ੂ ਕਈ ਕੱਚੇ ਘਰਾਂ ਦੀ ਲੱਗੀ ਮਿੱਟੀ ਸਿੰਗਾਂ ਨਾਲ ਲਾਹ ਦਿੰਦੇ ਸਨ ਜਾਂ ਘਰਾਂ ਲਾਗੇ ਛਾਵੇਂ ਬੈਠਣ ਲਈ ਡਾਹੇ ਮੰਜੇ 'ਤੇ ਟੱਕਰਾਂ ਮਾਰਨ ਲੱਗ ਜਾਂਦੇ ਸਨ। ਪਰ ਇਸ ਸਮੇਂ ਬੜੀ ਨਰਮੀ ਵਰਤੀ ਜਾਂਦੀ, ਆਂਢੀ-ਗੁਆਂਢੀ ਜਾਂ ਹੋਰ ਘਰਾਂ ਦੇ ਮਾੜੇ ਬੋਲ ਨਹੀਂ ਸੀ, ਬੋਲਦੇ। ਇਨ੍ਹਾਂ ਕੱਚੇ ਘਰਾਂ ਵਿਚ ਜੰਮੇ-ਪਲੇ ਮੌਜ ਮਸਤੀਆਂ ਵਾਲੇ ਬੱਚੇ, ਵੱਡੇ ਦਰਵਾਜ਼ਿਆਂ ਅੱਗੇ ਖੇਡਣ ਚਲੇ ਜਾਂਦੇ, ਕਈ ਥਾਵਾਂ 'ਤੇ ਇਹ ਵੱਡੇ ਦਰਵਾਜ਼ੇ ਪੱਕੇ ਬਣ ਗਏ, ਕੁਝ ਪਿੰਡਾਂ ਵਿਚ ਕੱਚੇ ਹਨ। ਜਿੰਨੇ ਘਰ ਇਸ ਪੁਰਾਣੇ ਸਮੇਂ ਵਿਚ ਕੱਚੇ ਸੀ, ਉਨੇ ਹੀ ਰਿਸ਼ਤੇ ਗੂੜ੍ਹੇ 'ਤੇ ਪੱਕੇ ਸੀ।


-ਸੰਪਰਕ : 98724-62794


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX