ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 3 hours ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 5 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਇਤਿਹਾਸ ਦਾ ਵੱਡਾ ਸਰੋਤ ਹਨ ਪੰਥਕ ਮਤੇ

'ਪੰਥਕ ਮਤੇ' ਪੁਸਤਕ ਬਜ਼ੁਰਗ ਇਤਿਹਾਸਕਾਰ ਡਾ: ਕਿਰਪਾਲ ਸਿੰਘ ਨੇ ਸੰਪਾਦਤ ਤੇ ਪੰਜਾਬ ਹੈਰੀਟੇਜ ਟਰੱਸਟ, ਚੰਡੀਗੜ੍ਹ ਦੇ ਉਸ ਵਕਤ ਦੇ ਪ੍ਰਧਾਨ ਡਾ: ਮਾਨ ਸਿੰਘ ਨਿਰੰਕਾਰੀ ਨੇ 2002 ਵਿਚ ਪ੍ਰਕਾਸ਼ਿਤ ਕੀਤੀ ਸੀ। 1975 ਵਿਚ ਡਾ: ਨਿਰੰਕਾਰੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਬਣਾਈ 'ਧਾਰਮਿਕ ਸਲਾਹਕਾਰ ਕਮੇਟੀ' ਦੇ ਮੈਂਬਰ ਸਨ। ਉਨ੍ਹਾਂ ਦੇ ਸਨਮੁਖ ਕੈਨੇਡਾ ਦੇ ਇਕ ਗੁਰੂ-ਘਰ ਦਾ ਮੁੱਦਾ ਵਿਚਾਰ ਵਾਸਤੇ ਆਇਆ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੁਰਸੀਆਂ 'ਤੇ ਬੈਠਣਾ ਵਾਜਬ ਹੈ? ਇਸ ਸਵਾਲ ਦੇ ਜਵਾਬ ਦੀ ਭਾਲ ਕਰਦਿਆਂ ਉਨ੍ਹਾਂ ਨੂੰ ਇਕ ਪੁਰਾਣਾ ਮਤਾ ਲੱਭਿਆ। ਇਸ ਮਤੇ ਅਨੁਸਾਰ 'ਧਾਰਮਿਕ ਸਲਾਹਕਾਰ ਕਮੇਟੀ' ਦੀ ਇਕੱਤਰਤਾ 24 ਅਪ੍ਰੈਲ, 1935 ਦੇ ਦਿਨ ਸਵੇਰੇ 11:30 ਵਜੇ 'ਸਿੱਖ ਮਿਸ਼ਨਰੀ ਕਾਲਜ' ਦੇ ਗੁਰਦੁਆਰੇ ਵਿਚ ਹੋਈ ਸੀ, ਜਿਸ ਵਿਚ ਭਾਈ ਕਾਨ੍ਹ ਸਿੰਘ ਨਾਭਾ, ਭਾਈ ਜੋਧ ਸਿੰਘ, ਪ੍ਰੋ: ਗੰਗਾ ਸਿੰਘ ਅਤੇ ਜਥੇਦਾਰ ਮੋਹਨ ਸਿੰਘ ਸ਼ਾਮਿਲ ਸਨ। ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਸੀ, 'ਯੂਰਪ ਜਾਂ ਅਮਰੀਕਾ ਆਦਿ ਦੇਸ਼ਾਂ ਵਿਚ ਜਿਥੇ ਕਿ ਧਾਰਮਿਕ ਅਸਥਾਨਾਂ ਵਿਚ ਕੁਰਸੀਆਂ 'ਤੇ ਬੈਠਣ ਦਾ ਰਿਵਾਜ ਹੈ, ਐਸੀ ਥਾਈਂ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੀ ਥਾਂ 'ਤੇ ਕਰਕੇ ਹੇਠਾਂ ਕੁਰਸੀਆਂ 'ਤੇ ਬੈਠਿਆ ਜਾਏ ਤਾਂ ਕੋਈ ਹਰਜ਼ ਨਹੀਂ।' ਇਸ ਮਤੇ ਨਾਲ ਡਾ: ਨਿਰੰਕਾਰੀ ਨੂੰ ਅਹਿਸਾਸ ਹੋਇਆ ਕਿ 'ਧਾਰਮਿਕ ਸਲਾਹਕਾਰ ਕਮੇਟੀ' ਦੇ ਮਤੇ ਛਾਪੇ ਜਾਣੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿਚ ਪੰਥ, ਸਵੈ-ਵਿਰੋਧੀ ਫ਼ੈਸਲੇ ਨਾ ਲਵੇ। ਉਨ੍ਹਾਂ ਨੇ 1934 ਤੋਂ 1952 ਤੱਕ ਹੋਏ ਮਤਿਆਂ ਦੇ ਦਸਤਾਵੇਜ਼ ਡਾ: ਕਿਰਪਾਲ ਸਿੰਘ ਦੇ ਸਪੁਰਦ ਕਰਦਿਆਂ ਆਖਿਆ, 'ਤੁਸੀਂ ਇਨ੍ਹਾਂ ਮਤਿਆਂ ਦਾ ਸੰਪਾਦਨ ਕਰੋ। ਮੈਂ ਛਪਵਾਵਾਂਗਾ।' ਅੱਜਕਲ੍ਹ ਡਾ: ਕਿਰਪਾਲ ਸਿੰਘ ਸੈਕਟਰ 27-ਬੀ, ਚੰਡੀਗੜ੍ਹ ਵਿਚਲੇ ਕਲਗੀਧਰ ਨਿਵਾਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਚੱਲਦੇ 'ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ' ਵਿਚ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
118 ਪੰਨਿਆਂ ਦੀ ਇਸ ਪੁਸਤਕ ਦੀ ਭੂਮਿਕਾ ਵਿਚ ਡਾ: ਕਿਰਪਾਲ ਸਿੰਘ ਲਿਖਦੇ ਹਨ, 'ਕਿਸੇ ਧਾਰਮਿਕ ਜਾਂ ਰਾਜਸੀ ਜਥੇਬੰਦੀ ਵਲੋਂ ਪਾਸ ਕੀਤੇ ਮਤੇ ਉਸ ਦੇ ਟੀਚਿਆਂ ਦੇ ਸੂਚਕ ਹੁੰਦੇ ਹਨ ਅਤੇ ਉਨ੍ਹਾਂ ਜਥੇਬੰਦੀਆਂ ਦੇ ਦ੍ਰਿਸ਼ਟੀਕੋਣ ਦੇ ਪਥ ਪ੍ਰਦਰਸ਼ਕ। ਰਾਜਨੀਤੀ ਤੇ ਇਤਿਹਾਸ ਦੇ ਵਿਦਿਆਰਥੀ ਲਈ ਇਨ੍ਹਾਂ ਮਤਿਆਂ ਦਾ ਅਧਿਐਨ ਜ਼ਰੂਰੀ ਹੈ। ਜੇਕਰ ਇਹ ਮਤੇ ਹੀ ਉਪਲਬਧ ਨਾ ਹੋਣ ਤਾਂ ਉਨ੍ਹਾਂ ਜਥੇਬੰਦੀਆਂ ਦੇ ਦ੍ਰਿਸ਼ਟੀਕੋਣਾਂ ਦੇ ਅਧਿਐਨ ਵਿਚ ਉਕਾਈਆਂ ਰਹਿ ਜਾਣੀਆਂ ਆਵੱਸ਼ਕ ਹਨ। ਉਸ ਸੂਰਤ ਵਿਚ ਲਿਖਾਰੀ ਦਾ ਕੋਈ ਦੋਸ਼ ਨਹੀਂ ਹੁੰਦਾ, ਜੇਕਰ ਮੂਲਕ ਸਮੱਗਰੀ ਹੀ ਉਪਲਬਧ ਨਾ ਹੋਵੇ। ਇਸ ਆਸ਼ੇ ਤੋਂ ਮੇਰੀ ਇਹ ਸੋਚ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ, ਉਨ੍ਹਾਂ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ ਮਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਤੇ ਪੰਜਾਬੀ ਵਿਚ ਛਾਪ ਕੇ ਸਮੁੱਚੇ ਅਦਾਰਿਆਂ ਵਿਚ ਵੰਡੇ ਜਾਣ, ਤਾਂ ਜੋ ਪੜ੍ਹਨ-ਲਿਖਣ ਵਾਲੇ ਇਨ੍ਹਾਂ ਸੰਸਥਾਵਾਂ ਦੇ ਮਹਾਨ ਕੰਮਾਂ ਤੋਂ ਅਤੇ ਉਨ੍ਹਾਂ ਦੇ ਲਏ ਨਿਰਣਿਆਂ ਦੇ ਪਿਛੋਕੜ ਤੋਂ ਜਾਣੂ ਹੋ ਸਕਣ।'
ਸਾਨੂੰ ਪਿਛਲੇ ਦਿਨੀਂ ਫ਼ਿਲਮ 'ਨਾਨਕ ਸ਼ਾਹ ਫਕੀਰ' ਬਾਰੇ ਭਰਵਾਂ ਰੋਸ ਦੇਖਣ ਨੂੰ ਮਿਲਿਆ। ਇਸ ਪੁਸਤਕ ਵਿਚ ਫ਼ਿਲਮਾਂ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਬਾਰੇ ਕੁਝ ਮਤੇ ਦਰਜ ਹਨ, ਜਿਨ੍ਹਾਂ ਤੋਂ ਇਹ ਭਲੀਭਾਂਤ ਪ੍ਰਤੀਤ ਹੁੰਦਾ ਹੈ ਕਿ ਇਹ ਮਸਲਾ ਬੜੀ ਦੇਰ ਤੋਂ ਪੰਥ ਵਿਚ ਵਿਚਾਰਿਆ ਜਾਂਦਾ ਰਿਹਾ ਹੈ। ਉਨ੍ਹਾਂ ਮਤਿਆਂ 'ਚੋਂ ਕੁਝ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ: 20 ਫ਼ਰਵਰੀ, 1934 ਨੂੰ 'ਸ਼ਹੀਦ ਸਿੱਖ ਮਿਸ਼ਨਰੀ ਕਾਲਜ' ਵਿਚ 'ਧਾਰਮਿਕ ਸਲਾਹਕਾਰ ਕਮੇਟੀ' ਦੀ ਇਕੱਤਰਤਾ ਹੋਈ। ਪ੍ਰੋ: ਜੋਧ ਸਿੰਘ, ਪ੍ਰੋ: ਤੇਜਾ ਸਿੰਘ, ਜਥੇਦਾਰ ਮੋਹਨ ਸਿੰਘ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਭਾਈ ਧਰਮਾਨੰਤ ਸਿੰਘ ਹਾਜ਼ਰ ਸਨ, ਜਦਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਲਿਖਤੀ ਰਾਇ ਕਮੇਟੀ ਪਾਸ ਭੇਜੀ। ਸਰਬ ਸੰਮਤੀ ਨਾਲ ਪ੍ਰਵਾਨ ਹੋਇਆ, 'ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂਪੁਰਖਾਂ, ਇਤਿਹਾਸਕ ਸਾਖੀਆਂ ਦੇ ਸੀਨਜ਼ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਦੀਆਂ ਫ਼ਿਲਮਾਂ ਬਣਾਉਣੀਆਂ ਸਿੱਖ ਅਸੂਲਾਂ ਦੇ ਵਿਰੁੱਧ ਹਨ, ਇਸ ਲਈ ਉਨ੍ਹਾਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਇਸ ਤੋਂ ਬਿਨਾਂ ਮੌਜੂਦਾ ਜਾਂ ਪੁਰਾਣੇ ਇਤਿਹਾਸਕ ਸਥਾਨ, ਗੁਰਦੁਆਰਿਆਂ ਅਰਥਾਤ ਉਨ੍ਹਾਂ ਥਾਵਾਂ ਦੇ ਜਿਥੇ ਕਿ ਸਿੱਖਾਂ ਦੀ ਮੌਜੂਦਾ ਭਾਈਚਾਰਕ ਅਤੇ ਸਮਾਜਕ ਰਹਿਣੀ ਦਾ ਪਤਾ ਲੱਗੇ, ਦੀਆਂ ਫਿਲਮਾਂ ਬਣਾਉਣ ਦੀ ਅਸੂਲਨ ਕੋਈ ਮਨਾਹੀ ਨਹੀਂ, ਪਰ ਕਿਉਂਕਿ ਇਸ ਵੇਲੇ ਸਿੱਖ ਜਨਤਾ ਇਸ ਦੇ ਬਰਖਿਲਾਫ਼ ਹੈ, ਇਸ ਕਰਕੇ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਨੂੰ ਸਲਾਹ ਦਿੰਦੀ ਹੈ ਕਿ ਖਾਹ-ਮਖਾਹ ਆਮ ਸਿੱਖ ਜਨਤਾ ਦੀ ਰਾਇ ਦੇ ਵਿਰੁੱਧ ਜਾਣ ਦੀ ਲੋੜ ਨਹੀਂ।' ਇਸੇ ਦਿਨ ਰੁਮਾਲਿਆਂ ਉਪਰ ਤਸਵੀਰਾਂ ਦੀ ਛਪਾਈ ਬਾਰੇ ਗਿਆਨੀ ਬਿਸ਼ਨ ਸਿੰਘ ਦੀ ਤਜਵੀਜ਼ 'ਤੇ ਇਹ ਫੈਸਲਾ ਹੋਇਆ, 'ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲੇ ਰੁਮਾਲੇ ਜ਼ਰੂਰ ਹੀ ਬੰਦ ਕੀਤੇ ਜਾਣ, ਕਿਉਂਕਿ ਗੁਰੂ ਸਾਹਿਬਾਨ ਦੀ ਕੋਈ ਵੀ ਤਸਵੀਰ ਸਾਨੂੰ ਐਸੀ ਨਹੀਂ ਮਿਲਦੀ, ਜਿਸ ਨੂੰ ਅਸਲੀ ਕਿਹਾ ਜਾ ਸਕੇ। ਇਸ ਲਈ ਐਵੇਂ ਲਕੀਰਾਂ ਜਿਹੀਆਂ ਮਾਰ ਕੇ ਗੁਰੂ ਸਾਹਿਬਾਨ ਨੂੰ ਮੂਰਤੀਮਾਨ ਕਰਨਾ ਅਯੋਗ ਹੈ। ਇਹ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਸਿਫਾਰਸ਼ ਕਰਦੀ ਹੈ ਕਿ ਇਸ ਗੱਲ ਨੂੰ ਛੇਤੀ ਹੀ ਅਮਲ ਵਿਚ ਲਿਆਉਣ ਲਈ ਉਹ ਇਕ ਗਸ਼ਤੀ ਚਿੱਠੀ ਭੇਜੇ ਅਥਵਾ ਇਕ ਐਲਾਨ ਸਮੂਹ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਗੋਚਰ ਕਰਾਉਣ ਲਈ ਕਰੇ ਕਿ ਅੱਗੇ ਤੋਂ ਇਹੋ ਜਿਹੀਆਂ ਤਸਵੀਰਾਂ ਵਾਲੇ ਰੁਮਾਲੇ ਚੜ੍ਹਾਵੇੇ ਵਜੋਂ ਲੈਣੇ ਬੰਦ ਕਰ ਦੇਣ।'
25 ਅਪ੍ਰੈਲ, 1935 ਨੂੰ 11:30 ਵਜੇ 'ਸ਼ਹੀਦ ਸਿੱਖ ਮਿਸ਼ਨਰੀ ਕਾਲਜ' ਵਿਚ 'ਧਾਰਮਿਕ ਸਲਾਹਕਾਰ ਕਮੇਟੀ' ਦੀ ਇਕੱਤਰਤਾ ਹੋਈ, ਜਿਸ ਵਿਚ ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ: ਜੋਧ ਸਿੰਘ, ਪ੍ਰੋ: ਤੇਜਾ ਸਿੰਘ, ਪ੍ਰੋ: ਗੰਗਾ ਸਿੰਘ ਤੇ ਜਥੇਦਾਰ ਮੋਹਨ ਸਿੰਘ ਹਾਜ਼ਰ ਸਨ। ਇਸ ਇਕੱਤਰਤਾ ਵਿਚ ਟ੍ਰੇਡ ਮਾਰਕ 'ਤੇ ਗੁਰ-ਤਸਵੀਰਾਂ ਬਾਰੇ ਫ਼ੈਸਲਾ ਹੋਇਆ, 'ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਟ੍ਰੇਡ ਮਾਰਕ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਕ ਤਾਂ ਇਹ ਭੱਦੀਆਂ ਬਣੀਆਂ ਹੋਈਆਂ ਹੁੰਦੀਆਂ ਹਨ ਤੇ ਦੂਸਰਾ ਇਸ ਤਰ੍ਹਾਂ ਕਰਨ ਨਾਲ ਪੂਰਾ-ਪੂਰਾ ਸਨਮਾਨ ਨਹੀਂ ਹੋ ਸਕਦਾ।' ਇਸੇ ਇਕੱਤਰਤਾ ਵਿਚ ਗੁਰੂ ਤਸਵੀਰਾਂ ਬਾਰੇ ਭਾਈ ਤਾਰੰਜਨ ਸਿੰਘ ਗ੍ਰੰਥੀ ਗੁਰਦੁਆਰਾ ਸਟਾਕਟਨ ਕੈਲੇਫੋਰਨੀਆ ਦੀਆਂ ਆਈਆਂ ਪ੍ਰਤੀਕਿਰਿਆਵਾਂ ਬਾਰੇ ਇਹ ਪ੍ਰਵਾਨ ਹੋਇਆ, 'ਇਹ ਇਕੱਤਰਤਾ ਉਨ੍ਹਾਂ ਦੀ ਤਜਵੀਜ਼ ਨਾਲ ਸੰਮਤੀ ਪ੍ਰਗਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਇਕੋ ਪ੍ਰਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ। ਨਾਲ ਹੀ 'ਧਾਰਮਿਕ ਸਲਾਹਕਾਰ ਕਮੇਟੀ' ਇਹ ਵੀ ਸਲਾਹ ਦਿੰਦੀ ਹੈ ਕਿ ਸਾਰੇ ਸਿੱਖ ਮਸੱਵਰਾਂ ਨੂੰ ਵਿਦਵਾਨਾਂ ਦੀ ਸਲਾਹ ਲੈ ਕੇ ਗੁਰੂ ਸਾਹਿਬਾਨ ਦੀਆਂ ਇਕੋ ਜਿਹੀਆਂ ਤਸਵੀਰਾਂ ਬਣਾਉਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਦਾ ਇਕੋ ਜਿਹਾ ਪ੍ਰਚਾਰ ਕਰਨਾ ਚਾਹੀਦਾ ਹੈ।'
11 ਮਈ, 1938 ਨੂੰ ਸ਼ਾਮ ਦੇ 5:30 ਵਜੇ 'ਸ਼ਹੀਦ ਸਿੱਖ ਮਿਸ਼ਨਰੀ ਕਾਲਜ' ਵਿਚ 'ਧਾਰਮਿਕ ਸਲਾਹਕਾਰ ਕਮੇਟੀ' ਦੀ ਇਕੱਤਰਤਾ ਵਿਚ ਪ੍ਰੋ: ਤੇਜਾ ਸਿੰਘ, ਸ: ਜੋਧ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਮੋਹਨ ਸਿੰਘ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਲਾਭ ਸਿੰਘ ਹਾਜ਼ਰ ਸਨ। ਇਸ ਦਿਨ ਇਕ ਫ਼ਿਲਮ 'ਪੰਜਾਬ ਕਾ ਸਿੰਘ' ਬਾਰੇ ਫ਼ੈਸਲਾ ਹੋਇਆ, 'ਫਿਲਮ ਪੰਜਾਬ ਕਾ ਸਿੰਹ ਜਾਂ ਵੀਰ ਦਾ ਮਾਮਲਾ ਪੇਸ਼ ਹੋ ਕੇ ਵਿਚਾਰ ਉਪਰੰਤ ਪ੍ਰਵਾਨ ਹੋਇਆ ਹੈ ਕਿ ਡਰਾਮਿਆਂ ਜਾਂ ਫਿਲਮਾਂ ਵਿਚ ਕੋਈ ਮਨੁੱਖ (ਸਿੱਖ ਜਾਂ ਗ਼ੈਰ-ਸਿੱਖ) ਗੁਰੂ ਸਾਹਿਬਾਨ ਦਾ ਪਾਰਟ ਅਦਾ ਨਹੀਂ ਕਰ ਸਕਦਾ। ਕਿਸੇ ਡਰਾਮੇ ਜਾਂ ਫਿਲਮ ਵਿਚ ਜੇ ਕੋਈ ਸਿੱਖ ਕਰੈਕਟਰ ਹੋਵੇ ਤਾਂ ਉਸ ਦਾ ਪਾਰਟ ਕੇਵਲ ਸਿੱਖ ਹੀ ਅਦਾ ਕਰੇ।'
'ਧਾਰਮਿਕ ਸਲਾਹਕਾਰ ਕਮੇਟੀ' ਦੀ ਇਕ ਇਕੱਤਰਤਾ ਮਿਤੀ 13 ਮਈ, 1943 ਨੂੰ ਹੋਈ, ਜਿਸ ਵਿਚ 'ਕੇਸਰ ਕਿਆਰੀ' ਅਖ਼ਬਾਰ ਵਿਚ ਛਪੀ ਇਕ ਫੋਟੋ ਬਾਰੇ ਵਿਚਾਰ ਹੋਈ। ਸ੍ਰੀ ਗੁਰੂ ਸਿੰਘ ਸਭਾ, ਬੰਬਈ ਨੇ ਆਪਣੀ ਪੱਤ੍ਰਿਕਾ ਮਿਤੀ 15.12.43 ਵਿਚ ਲਿਖਿਆ ਸੀ ਕਿ 'ਕੇਸਰ ਕਿਆਰੀ' ਅਖ਼ਬਾਰ ਦੇ ਬਾਹਰਲੇ ਟਾਈਟਲ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ ਤੇ ਅੰਦਰ ਫਿਲਮ ਐਕਟ੍ਰੈਸਾਂ ਦੀਆਂ ਤਸਵੀਰਾਂ ਤੇ ਮੰਦੀਆਂ ਬਿਮਾਰੀਆਂ ਦੇ ਇਸ਼ਤਿਹਾਰ ਹਨ। ਪ੍ਰਵਾਨ ਹੋਇਆ ਕਿ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਇਸ ਤਰ੍ਹਾਂ ਨਹੀਂ ਛਪਣੀਆਂ ਚਾਹੀਦੀਆਂ।
ਮਿਤੀ 25 ਮਾਰਚ, 1949 ਨੂੰ 'ਧਾਰਮਿਕ ਸਲਾਹਕਾਰ ਕਮੇਟੀ' ਦੀ ਇਕੱਤਰਤਾ ਵਿਚ ਜਥੇਦਾਰ ਮੋਹਨ ਸਿੰਘ, ਪ੍ਰਿੰ: ਜੋਧ ਸਿੰਘ ਐਮ. ਏ., ਪ੍ਰਿੰ: ਤੇਜਾ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ ਅਤੇ ਪ੍ਰਿੰ: ਜੋਧ ਸਿੰਘ ਹਾਜ਼ਰ ਸਨ। ਕਈ ਅਹਿਮ ਮੁੱਦਿਆਂ 'ਤੇ ਵਿਚਾਰ ਹੋਈ, ਜਿਸ ਵਿਚ ਇਕ ਵਿਚਾਰ ਇਸ ਚਿੱਠੀ ਉਪਰ ਵੀ ਸੀ ਕਿ ਟਿਕਟਾਂ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਪਣ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਅਜਿਹੀ ਛਪਾਈ ਕਰਨ ਤੋਂ ਸਰਕਾਰ ਹਿੰਦ ਨੂੰ ਰੋਕਿਆ ਜਾਵੇ। ਪ੍ਰਵਾਨ ਹੋਇਆ ਕਿ ਟਿਕਟਾਂ ਉੱਤੇ ਦਰਬਾਰ ਸਾਹਿਬ ਦੀ ਫੋਟੋ ਛਪਣ ਦਾ ਕੋਈ ਹਰਜ਼ ਨਹੀਂ ਤੇ ਇਸ ਤਰ੍ਹਾਂ ਬੇਅਦਬੀ ਨਹੀਂ ਹੁੰਦੀ। ਇਸ ਲਈ ਸਰਕਾਰ ਨੂੰ ਆਖਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਉਪਰੋਕਤ ਮਤਿਆਂ ਤੋਂ ਇਲਾਵਾ ਪੁਸਤਕ ਵਿਚ ਅਨੇਕ ਅਜਿਹੇ ਮਤੇ ਦਰਜ ਹਨ ਜੋ ਪੰਥ ਵਿਚ ਇਕਸੁਰਤਾ ਪੈਦਾ ਕਰਦੇ ਹਨ, ਸਦਭਾਵਨਾ ਦਾ ਬੀਜ ਬੀਜਦੇ ਹਨ ਅਤੇ ਗੁਰਮਤਿ ਦੇ ਵਿਸ਼ਵ ਵਿਆਪੀ ਸੁਨੇਹੇ ਨੂੰ ਜੱਗ ਜਹਾਨ ਤੱਕ ਪਹੁੰਚਾਉਣ ਦੇ ਯਤਨ ਕਰਦੇ ਪ੍ਰਤੀਤ ਹੁੰਦੇ ਹਨ। ਮਿਸਾਲ ਵਜੋਂ ਨਵੰਬਰ, 1943 ਦੀ ਇਕੱਤਰਤਾ ਵਿਚਲਾ ਕੀਮਤੀ ਸੁਝਾਅ। 'ਸ੍ਰੀ ਦਰਬਾਰ ਸਾਹਿਬ ਕਮੇਟੀ' ਨੇ ਆਪਣੀ ਪੱਤ੍ਰਿਕਾ ਨੰ: 4283/70, ਮਿਤੀ 21.11.1942 ਰਾਹੀਂ 'ਧਾਰਮਿਕ ਸਲਾਹਕਾਰ ਕਮੇਟੀ' ਤੋਂ ਜਾਣਨਾ ਚਾਹਿਆ ਸੀ ਕਿ ਜੇ ਕੋਈ ਮੁਸਲਮਾਨ ਆਪਣੇ ਘਰੋਂ ਕੜਾਹ ਪ੍ਰਸ਼ਾਦਿ ਤਿਆਰ ਕਰਕੇ ਲਿਆਵੇ, ਤਾਂ ਕੀ ਉਹ ਪ੍ਰਸ਼ਾਦਿ ਸ੍ਰੀ ਹਰਿਮੰਦਰ ਸਾਹਿਬ ਜਾਂ ਸਬੰਧਤ ਗੁਰੂ-ਘਰ ਵਿਚ ਅਰਦਾਸ ਉਪਰੰਤ ਬਾਕੀ ਦੇ ਪ੍ਰਸ਼ਾਦ ਵਿਚ ਮਿਲਾ ਕੇ ਵਰਤਾ ਦੇਣਾ ਚਾਹੀਦਾ ਹੈ ਜਾਂ ਨਹੀਂ? ਕਮੇਟੀ ਨੇ ਸੁਝਾਇਆ ਕਿ ਹਰ ਪ੍ਰਾਣੀ ਮਾਤਰ ਦੇ ਘਰੋਂ ਆਇਆ ਪ੍ਰਸ਼ਾਦਿ ਪ੍ਰਵਾਨ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਉਹ 'ਸਿੱਖ ਰਹਿਤ ਮਰਯਾਦਾ' ਵਿਚ ਦਰਜ ਪੂਰਨ ਵਿਧੀ ਅਨੁਸਾਰ ਤਿਆਰ ਕੀਤਾ ਗਿਆ ਹੋਵੇ। ਅਖੀਰ ਵਿਚ ਸਾਨੂੰ ਇਹ ਆਖਣ ਵਿਚ ਕੋਈ ਸੰਦੇਹ ਅਤੇ ਸੰਕੋਚ ਨਹੀਂ ਹੋਣਾ ਚਾਹੀਦਾ ਕਿ 'ਪੰਥਕ ਮਤੇ' ਪੁਸਤਕ, ਸਾਡੇ ਇਤਿਹਾਸ ਦਾ ਵਡਮੁੱਲਾ ਸਰੋਤ ਹੈ ਅਤੇ ਇਨ੍ਹਾਂ ਮਤਿਆਂ 'ਤੇ ਕੀਤਾ ਮੰਥਨ ਪੰਥ ਦੇ ਹਿਤ ਵਿਚ ਹੋਵੇਗਾ।


-ਮੋਬਾ: 99154-39852


ਖ਼ਬਰ ਸ਼ੇਅਰ ਕਰੋ

ਇਕ ਅਹਿਮ ਅਵਸਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ

ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਹੋਵੇ ਸੁਚੱਜੀ ਯੋਜਨਾਬੰਦੀ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਅਧਿਆਤਮਕ ਮਾਰਗ 'ਤੇ ਚੱਲਣ ਵਾਸਤੇ ਜਿੱਥੇ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਉਪਦੇਸ਼ ਦਿੱਤਾ, ਉਥੇ ਨਾਲ ਹੀ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤਕ ਉਪਦੇਸ਼ ਨੂੰ ਵੀ ਉਭਾਰਿਆ, ਜਿਸ ਦੇ ਸਦਕਾ ਵੱਖ-ਵੱਖ ਧਰਮਾਂ, ਜਾਤਾਂ ਅਤੇ ਫਿਰਕਿਆਂ ਨਾਲ ਸਬੰਧਤ ਲੋਕ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਰੂਪ ਵਜੋਂ ਵੱਡੀ ਗਣਿਤੀ ਵਿਚ ਗੁਰੂ ਨਾਨਕ ਦੇਵ ਜੀ ਦੇ ਧਰਮ ਨਿਰਪੱਖਤਾ ਵਾਲੇ ਮਿਸ਼ਨ ਨਾਲ ਜੁੜ ਗਏ, ਜਿਸ ਸਦਕਾ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਵਜੋਂ ਜਗਤ ਗੁਰੂ ਦਾ ਦਰਜਾ ਵੀ ਦਿੱਤਾ ਜਾਂਦਾ ਹੈ। ਅਸੀਂ ਬੜੇ ਵਡਭਾਗੀ ਹਾਂ ਕਿ ਸੰਨ 2019 ਵਿਚ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਇਸ ਸਬੰਧੀ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਆਪੋ-ਆਪਣੇ ਢੰਗ ਤਰੀਕਿਆਂ ਨਾਲ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਰਸਮੀ ਐਲਾਨ ਵੀ ਕੀਤਾ ਜਾ ਚੁੱਕਾ ਹੈ।
ਜਿਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਉਹ ਪਿਛਲੇ ਸਮੇਂ ਦੌਰਾਨ ਲੰਘੀਆਂ ਵੱਖ-ਵੱਖ ਸ਼ਤਾਬਦੀਆਂ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਪੂਰੀ ਤਿਆਰੀ ਵਿਚ ਜੁਟੀ ਹੋਈ ਹੈ ਅਤੇ ਸਮੂਹ ਸਿੱਖ ਜਥੇਬੰਦੀਆਂ, ਧਾਰਮਿਕ ਤੇ ਸੇਵਾ ਸੁਸਾਇਟੀਆਂ, ਨਿਹੰਗ ਜਥੇਬੰਦੀਆਂ ਅਤੇ ਸੰਤ ਸਮਾਜ ਦਾ ਨਿੱਘਾ ਸਹਿਯੋਗ ਪ੍ਰਾਪਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸ਼ਹਿਰ ਸ੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਉੱਪਰ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਜਾਣ ਵਾਲੇ ਗੁਰਮਤਿ ਸਮਾਗਮਾਂ, ਸੈਮੀਨਾਰਾਂ ਸਮੇਤ ਗੁਰੂ ਸਾਹਿਬ ਦੇ ਇਤਿਹਾਸਕ ਅਸਥਾਨਾਂ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੀ ਰੂਪ-ਰੇਖਾ ਬਣਾਉਣ ਦੇ ਪ੍ਰੋਜੈਕਟਾਂ ਵਿਚ ਜੁਟ ਗਈ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਇਕੋ-ਇਕ ਮੁੱਖ ਨਿਸ਼ਾਨਾ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਅਲੌਕਿਕ ਢੰਗ ਨਾਲ ਮਨਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਫਿਲਾਸਫੀ ਤੇ ਵਿਚਾਰਧਾਰਾ ਨੂੰ ਸਮੁੱਚੀ ਮਨੁੱਖਤਾ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾਵੇ, ਤਾਂ ਕਿ ਸਮੁੱਚੇ ਸੰਸਾਰ ਅੰਦਰ ਸ਼ਾਂਤੀ, ਧਰਮ-ਨਿਰਪੱਖਤਾ ਅਤੇ ਸਾਂਝੀਵਾਲਤਾ ਵਾਲਾ ਮਾਹੌਲ ਕਾਇਮ ਕੀਤਾ ਜਾ ਸਕੇ।
ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਮਨਾਉਣ ਸਬੰਧੀ ਉਲੀਕੇ ਜਾ ਰਹੇ ਸਮੁੱਚੇ ਪ੍ਰੋਗਰਾਮ ਆਪਣੇ-ਆਪ ਵਿਚ ਇਕ ਸ਼ਲਾਘਾਯੋਗ ਕਾਰਜ ਹਨ। ਪਰ ਉਪਰੋਕਤ ਕਾਰਜਾਂ ਨੂੰ ਸਹੀ ਅਰਥਾਂ ਵਿਚ ਮਿਸਾਲੀ ਬਣਾਉਣਾ ਤਾਂ ਹੀ ਸਾਰਥਿਕ ਸਿੱਧ ਹੋ ਸਕਦਾ ਹੈ, ਜੇਕਰ ਸ਼੍ਰੋਮਣੀ ਕਮੇਟੀ ਹੁਣ ਤੱਕ ਮਨਾਈਆਂ ਗਈਆਂ ਵੱਖ-ਵੱਖ ਸ਼ਤਾਬਦੀਆਂ ਤੋਂ ਸੇਧ ਲੈ ਕੇ ਸਮੁੱਚੇ ਪੰਥ ਦੀ ਏਕਤਾ ਨੂੰ ਬਰਕਰਾਰ ਰੱਖਦੇ ਹੋਏ ਸੰਸਾਰ ਭਰ ਵਿਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਖਾਸ ਕਰਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਵਸਦੇ ਲੱਖਾਂ-ਕਰੋੜਾਂ ਸਿਕਲੀਗਰ ਸਿੱਖਾਂ, ਵਣਜਾਰਿਆਂ, ਸਤਨਾਮੀਆਂ, ਜੌਹਰੀਆਂ ਤੇ ਸਿੰਧੀਆਂ ਨੂੰ ਵੀ ਆਪਣੀ ਪਿਆਰ ਭਰੀ ਗਲਵਕੜੀ ਵਿਚ ਲੈ ਕੇ ਉਨ੍ਹਾਂ ਨੂੰ ਪੰਥ ਦੀ ਮੁੱਖ ਧਾਰਾ ਨਾਲ ਜੋੜਨ ਦਾ ਜ਼ੋਰਦਾਰ ਉਪਰਾਲਾ ਕਰੇ ਤਾਂ ਕਿ ਆਪਣੇ-ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਿਚ ਫ਼ਖਰ ਮਹਿਸੂਸ ਕਰਨ ਵਾਲੇ ਕਰੋੜਾਂ ਦੀ ਗਿਣਤੀ ਵਿਚ ਭੁੱਲੇ-ਵਿਸਰੇ ਵੀਰ ਆਪਣੇ-ਆਪ ਨੂੰ ਪੰਥ ਦਾ ਹਿੱਸਾ ਸਮਝ ਸਕਣ।
ਇਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਤੌਰ 'ਤੇ ਪਹਿਲਕਦਮੀ ਕਰਦਿਆਂ ਹੋਇਆਂ ਜਿੱਥੇ ਅਗਲੇ ਸਾਲ ਸ਼ਤਾਬਦੀ ਵਰ੍ਹੇ ਨੂੰ '550 ਸਾਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ' ਘੋਸ਼ਿਤ ਕਰੇ, ਉਥੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੁਨੇਹੇ ਨੂੰ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੱਕ ਪਹੁੰਚਾਉਣ ਅਤੇ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਅਸਰਦਾਇਕ ਢੰਗ ਨਾਲ ਸਫਲ ਕਰਨ ਹਿੱਤ ਦੇਸ਼-ਵਿਦੇਸ਼ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿਕਲੀਗਰ ਸਿੱਖਾਂ, ਵਣਜਾਰਿਆਂ, ਸਤਨਾਮੀਆਂ ਤੇ ਸਿੰਧੀਆਂ ਨੂੰ ਵਿਸ਼ੇਸ਼ ਤੌਰ 'ਤੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਕਰਨ ਦਾ ਸੁਹਿਰਦ ਯਤਨ ਵੀ ਕਰੇ, ਤਾਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਵਲੋਂ ਲਗਾਈ ਸਿੱਖੀ ਦੀ ਫੁਲਵਾੜੀ ਹੋਰ ਮਹਿਕ ਸਕੇਗੀ। ਇਸ ਦੇ ਨਾਲ ਹੀ ਆਯੋਜਿਤ ਕੀਤੇ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਅੰਦਰ ਗੁਰਬੱਤ ਭਰੀ ਜ਼ਿੰਦਗੀ ਜੀਅ ਰਹੇ ਗੁਰੂ ਨਾਨਕ ਨਾਮ ਲੇਵਾ ਸਿਕਲੀਗਰਾਂ, ਵਣਜਾਰਿਆਂ, ਸਤਨਾਮੀਆਂ, ਜੌਹਰੀਆਂ ਆਦਿ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਭੁੱਲੇ-ਵਿਸਰੇ ਵੀਰਾਂ ਦੇ ਬੱਚਿਆਂ ਨੂੰ ਗਿਆਨ ਰੂਪ ਵਿੱਦਿਆ ਦਿਵਾਉਣ ਲਈ ਨਿਸ਼ਕਾਮ ਕਾਰਜ ਕਰ ਰਹੀਆਂ ਦੇਸ਼-ਵਿਦੇਸ਼ਾਂ ਦੀਆਂ ਸਮੂਹ ਜਥੇਬੰਦੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਦਾ ਉਪਰਾਲਾ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ, ਤਾਂ ਕਿ ਗੁਰੂ ਸਾਹਿਬ ਵਲੋਂ ਬਖਸ਼ੇ ਸੇਵਾ ਦੇ ਸੰਕਲਪ ਨੂੰ ਗੁਰੂ ਦੀਆਂ ਸੰਗਤਾਂ ਵਿਚ ਹੋਰ ਉਭਾਰਿਆ ਜਾ ਸਕੇ।
ਦੂਜੇ ਪਾਸੇ ਪੰਜਾਬ ਸਰਕਾਰ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਪੂਰੀ ਵਿਉਂਤਬੰਦੀ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਕਿ ਗੁਰੂ ਸਾਹਿਬਾਨ ਦੀ ਮਨੁੱਖੀ ਭਲਾਈ ਵਾਲੀ ਵਿਚਾਰਧਾਰਾ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ ਵੱਖ-ਵੱਖ ਸਮਾਗਮਾਂ ਦੀ ਸਫਲਤਾ ਲਈ ਵੀ ਪੰਜਾਬ ਸਰਕਾਰ ਨੂੰ ਆਪਸੀ ਤਾਲਮੇਲ ਕਾਇਮ ਕਰਕੇ ਆਪਣਾ ਨਿੱਘਾ ਸਹਿਯੋਗ ਦੇਣਾ ਚਾਹੀਦਾ ਹੈ, ਜਿਸ ਸਦਕਾ ਪੰਜਾਬ ਸਰਕਾਰ ਦੀ ਸ਼ਾਨ ਵਿਚ ਹੋਰ ਵਾਧਾ ਹੋਵੇਗਾ। ਸ਼ਤਾਬਦੀ ਦੇ ਸਬੰਧ ਵਿਚ ਪੰਜਾਬ ਸਮੇਤ ਦੇਸ਼ ਦੇ ਦੂਜੇ ਰਾਜਾਂ ਵਿਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਜਿੱਥੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਯਾਤਰੀ ਬੱਸਾਂ ਚਲਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਉਥੇ ਨਾਲ ਹੀ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਪਾਕਿਸਤਾਨ ਵਿਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਸਰਲ ਵੀਜ਼ਾ ਪ੍ਰਣਾਲੀ ਸ਼ੁਰੂ ਕਰਵਾਉਣ ਅਤੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਦੇ ਸਾਂਝੇ ਲਾਂਘੇ ਨੂੰ ਖੁੱਲ੍ਹਵਾਉਣ ਲਈ ਵੀ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਜਿਸ ਸਦਕਾ ਦੋਵਾਂ ਦੇਸ਼ਾਂ ਦੇ ਸਬੰਧ ਵਿਚਾਂ ਸੁਧਾਰ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਵੀ ਹੋਰ ਮਜ਼ਬੂਤ ਹੋਵੇਗੀ, ਖਾਸ ਕਰਕੇ ਦੋਵਾਂ ਦੇਸ਼ਾਂ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ 550 ਸਾਲਾ ਪ੍ਰਕਾਸ਼ ਪੁਰਬ ਦਾ ਸੁਨੇਹਾ ਸਹੀ ਅਰਥਾਂ ਵਿਚ ਪਹੁੰਚਾਉਣ ਵਿਚ ਸਫਲਤਾ ਪ੍ਰਾਪਤ ਹੋਵੇਗੀ।


-ਮੋਬਾ: 93572-53728

ਬਰਸੀ ਸਮਾਗਮ 'ਤੇ ਵਿਸ਼ੇਸ਼

ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ

ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਧਾਰਮਿਕ, ਸਮਾਜਿਕ ਤੇ ਵਿੱਦਿਅਕ ਖੇਤਰ ਵਿਚ ਜੋ ਯੋਗਦਾਨ ਪਾਇਆ, ਉਸ ਨਾਲ ਸਮਾਜ ਦੀ ਨੁਹਾਰ ਹੀ ਬਦਲ ਗਈ। ਇਸ ਮਹਾਨ ਆਤਮਾ ਦਾ ਜਨਮ ਅਕਤੂਬਰ, 1882 'ਚ ਖੇੜੀ ਦੁਨਾ ਸਿੰਘ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) 'ਚ ਪਿਤਾ ਸ: ਵਸਾਵਾ ਸਿੰਘ ਦੇ ਘਰ ਹੋਇਆ, ਜੋ ਬਾਬਾ ਲੱਖੀ ਸ਼ਾਹ ਲੁਬਾਣੇ ਦੇ ਭਰਾ ਧਰਮਦਾਸ ਦੀ ਸੰਤਾਨ ਵਿਚੋਂ ਸਨ। ਬਚਪਨ ਵਿਚ ਹੀ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ। ਫਿਰ ਕੁਝ ਸਮਾਂ 15 ਸਾਲ ਦੀ ਉਮਰ ਵਿਚ ਉਹ ਬਾਬਾ ਬਿਸ਼ਨ ਸਿੰਘ ਦੇ ਡੇਰੇ ਮੁਰਾਲਾ ਨਾਲ ਜੁੜ ਗਏ ਤੇ ਮੁਰਾਲੇ ਆ ਕੇ ਲੰਗਰ ਲਈ ਚੱਕੀ 'ਤੇ ਦਾਣੇ ਪੀਸਣ, ਲੱਕੜਾਂ ਲਿਆਉਣ, ਲੰਗਰ ਵਰਤਾਉਣ ਤੇ ਸੰਤ-ਮਹਾਂਪੁਰਸ਼ਾਂ ਦੀ ਸੇਵਾ ਵਿਚ ਰੁੱਝ ਗਏ। ਉਹ ਬਾਬਾ ਬਿਸ਼ਨ ਸਿੰਘ ਦੇ ਬਹੁਤ ਪਿਆਰੇ ਸੇਵਕ ਬਣ ਗਏ। ਇਸ ਕਾਰਨ ਬਾਬਾ ਬਿਸ਼ਨ ਸਿੰਘ ਨੇ ਉਨ੍ਹਾਂ ਨੂੰ ਆਪਣੇ ਜੀਵਨ ਕਾਲ ਵਿਚ ਗੱਦੀਨਸ਼ੀਨ ਬਣਾ ਦਿੱਤਾ ਸੀ। 1914-15 ਤੱਕ ਉਨ੍ਹਾਂ ਨੇ ਸਮੁੱਚੇ ਸਿੱਖ ਜਗਤ ਵਿਚ ਵਿਸ਼ੇਸ਼ ਥਾਂ ਬਣਾ ਲਈ ਸੀ। ਉਨ੍ਹਾਂ ਨੇ ਅੰਮ੍ਰਿਤ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਲੜ ਲਾਇਆ।
ਵਿੱਦਿਆ ਦੇ ਖੇਤਰ ਵਿਚ ਸੰਤ ਪ੍ਰੇਮ ਸਿੰਘ ਇਕ ਸੂਝਵਾਨ ਤੇ ਦਿਬ-ਦ੍ਰਿਸ਼ਟੀ ਵਾਲੇ ਮਹਾਂਪੁਰਸ਼ ਸਨ, ਜੋ ਜਾਣਦੇ ਸਨ ਕਿ ਗਰੀਬੀ ਦੇ ਨਾਲ-ਨਾਲ ਜਹਾਲਤ ਸਭ ਤੋਂ ਵੱਡੀ ਲਾਹਣਤ ਹੈ। ਅਨਪੜ੍ਹਤਾ ਦੇ ਨਾਲ ਚੰਗੀਆਂ-ਭਲੀਆਂ ਕੌਮਾਂ ਪਛੜ ਜਾਂਦੀਆਂ ਹਨ। ਇਸ ਲਈ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਖਾਲਸਾ ਲੁਬਾਣਾ ਹਾਈ ਸਕੂਲ ਪਿੰਡ ਟਾਂਡਾ ਜ਼ਿਲ੍ਹਾ ਗੁਜਰਾਤ 'ਚ 1921 ਵਿਚ ਖੋਲ੍ਹਿਆ। ਇਸ ਤੋਂ ਬਾਅਦ ਸ਼ੇਖੂਪੁਰਾ ਤੇ ਗੁਜਰਾਤ 'ਚ ਹਾਈ ਸਕੂਲ ਖੋਲ੍ਹੇ। ਉਨ੍ਹਾਂ ਤੋਂ ਬਾਅਦ ਵੀ ਵਿੱਦਿਅਕ ਪਸਾਰ ਲਈ ਉਨ੍ਹਾਂ ਵਲੋਂ ਸ਼ੁਰੂ ਕੀਤੇ ਗਏ ਯਤਨ ਜਾਰੀ ਰਹੇ। 1946 ਵਿਚ ਭਟਨੂਰਾ ਜ਼ਿਲ੍ਹਾ ਜਲੰਧਰ 'ਚ ਹਾਈ ਸਕੂਲ ਖੋਲ੍ਹਿਆ ਗਿਆ। ਪੰਜਾਬ ਦੀ ਵੰਡ ਤੋਂ ਬਾਅਦ ਮਿਆਣੀ (ਟਾਂਡੇ ਨਜ਼ਦੀਕ) 'ਚ ਸਕੂਲ ਸਥਾਪਿਤ ਕੀਤਾ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਾਵਾ ਹਰਨਾਮ ਸਿੰਘ ਨੇ ਇਸੇ ਲੜੀ ਤਹਿਤ 1969 ਵਿਚ ਗੁਰੂ ਨਾਨਕ ਪ੍ਰੇਮ ਕਰਮਸਰ ਖਾਲਸਾ ਕਾਲਜ, ਨਡਾਲਾ, ਜ਼ਿਲ੍ਹਾ ਕਪੂਰਥਲਾ ਤੇ ਸੰਤ ਪ੍ਰੇਮ ਸਿੰਘ ਖਾਲਸਾ ਕਾਲਜ, ਬੇਗੋਵਾਲ 1970 ਵਿਚ ਸਥਾਪਿਤ ਕੀਤੇ। ਇਸ ਦੇ ਨਾਲ ਲੁਬਾਣਾ ਬੁੰਗਿਆਂ ਦੀ ਉਸਾਰੀ ਵਿਚ ਬਾਬਾ ਬਕਾਲਾ ਬੁੰਗੇ ਦੀ ਉਸਾਰੀ ਦਾ ਵਿਚਾਰ ਬਣਿਆ। 1926 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਸੰਤ ਪ੍ਰੇਮ ਸਿੰਘ ਗੁਜਰਾਤ ਤੋਂ ਮੈਂਬਰ ਚੁਣੇ ਗਏ। 1937 ਅਤੇ 1948 ਵਿਚ ਉਹ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣੇ ਗਏ। ਸਿਆਸੀ ਜੀਵਨ ਵੀ ਉਨ੍ਹਾਂ ਦਾ ਬਹੁਤ ਵਧੀਆ ਸੀ। 1937 ਵਿਚ ਸੰਤ ਪ੍ਰੇਮ ਸਿੰਘ ਨੇ ਗੁਜਰਾਤ ਦੇ ਸਰਗੋਧਾ ਚੋਣ ਹਲਕੇ ਤੋਂ ਚੋਣ ਲੜੀ ਤੇ ਵੱਡੇ ਰਈਸ ਹਰਬੰਸ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ 1946 ਈ: ਵਿਚ ਉਹ ਫਿਰ ਐਮ. ਐਲ. ਏ. ਚੁਣੇ ਗਏ। ਆਪਣੇ ਅਕਾਲ ਚਲਾਣੇ ਤੱਕ ਉਹ ਅਸੰਬਲੀ ਮੈਂਬਰ ਰਹੇ। ਸੰਤ ਪ੍ਰੇਮ ਸਿੰਘ ਹੁਰਾਂ ਨੂੰ 2 ਜੂਨ, 1950 ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਸੰਗਤਾਂ ਨੂੰ ਸਦਾ ਲਈ ਵਿਛੋੜਾ ਦੇ ਗਏ। 3 ਜੂਨ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਬੇਗੋਵਾਲ (ਕਪੂਰਥਲਾ) ਵਿਖੇ ਕਰ ਦਿੱਤਾ ਗਿਆ।
ਉਨ੍ਹਾਂ ਦੀ ਬਰਸੀ ਸੰਸਥਾ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਯਤਨਾਂ ਸਦਕਾ ਹਰ ਸਾਲ 3 ਜੂਨ ਨੂੰ ਵੱਡੀ ਪੱਧਰ 'ਤੇ ਬੇਗੋਵਾਲ (ਕਪੂਰਥਲਾ) ਵਿਖੇ ਮਨਾਈ ਜਾਂਦੀ ਹੈ, ਜਿਥੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਹਰ ਵਰਗ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।


-ਬੇਗੋਵਾਲ। ਮੋਬਾ: 98150-85510

ਅਫ਼ਗਾਨਿਸਤਾਨ ਦੀ ਲੜਾਈ ਵਿਚ ਸਿੱਖਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ

ਫੌਜ ਦੀ ਇਕ ਨਵੀਂ ਟੁਕੜੀ 1842 ਦੀ ਬਹਾਰ ਦੀ ਰੁੱਤ ਦੇ ਵੇਲੇ ਲੇਹ ਪਹੁੰਚ ਚੁੱਕੀ ਸੀ। ਚੀਨ ਦੀ ਫੌਜ ਇਸ ਨਵੀਂ ਪੰਜਾਬੀ ਫੌਜ ਦੇ ਅੱਗੋਂ ਪਿੱਛੇ ਹਟਦੀ ਗਈ ਤੇ ਲੱਦਾਖ ਨੂੰ ਦੁਬਾਰਾ ਕਬਜ਼ੇ ਵਿਚ ਲੈ ਲਿਆ ਗਿਆ। ਇਸ ਤੋਂ ਅੱਗੇ ਪੰਜਾਬੀ ਫੌਜ ਦਾ ਵਧਣਾ ਹੌਲੀ ਹੋ ਗਿਆ ਸੀ। ਇਕ ਦਸਤਾ ਗਾਰੋ ਦੀ ਸਰਹੱਦ 'ਤੇ ਪਹੁੰਚਿਆ ਹੀ ਸੀ ਕਿ ਇਕ ਬ੍ਰਿਟਿਸ਼ ਅਫਸਰ ਲੈਫਟੀਨੈਂਟ ਕਨਿੰਘਮ ਜੋ ਉਥੇ ਪਹੁੰਚਿਆ ਸੀ, ਫੌਜਾਂ ਨੂੰ ਹੋਰ ਅੱਗੇ ਵਧਣ ਤੋਂ ਰੁਕਣ ਦੀਆਂ ਦਲੀਲਾਂ ਦੇ ਰਿਹਾ ਸੀ। ਉਧਰ ਫੌਜ ਦੇ ਦੂਜੇ ਦਸਤੇ ਨੇ ਲਾਸਾ ਤੋਂ ਭੇਜੀ ਫੌਜ ਨੂੰ ਘੇਰ ਲਿਆ। ਉਨ੍ਹਾਂ ਨੂੰ ਮੋਰਚਿਆਂ ਵਿਚੋਂ ਬਾਹਰ ਕੱਢ ਲਿਆ ਤੇ ਸਾਰੀ ਫੌਜ ਦਾ ਸਿਰਫ ਦਸਵਾਂ ਹਿੱਸਾ ਹੀ ਬਚਿਆ ਰਹਿ ਗਿਆ। ਚੀਨੀ ਕਮਾਂਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੰਜਾਬੀਆਂ ਨੇ ਪਿਛਲੀਆਂ ਸਰਦੀਆਂ ਦੀ ਆਪਣੀ ਹਾਰ ਦਾ ਲੋੜੋਂ ਵੱਧ ਬਦਲਾ ਲੈ ਲਿਆ ਸੀ। ਉਨ੍ਹਾਂ ਨੇ ਇਹ ਵੀ ਸਿੱਖ ਲਿਆ ਸੀ ਕਿ ਇਨ੍ਹਾਂ ਇਲਾਕਿਆਂ ਨੂੰ ਸਰਦੀਆਂ ਵਿਚ ਸੰਭਾਲ ਕੇ ਨਹੀਂ ਰੱਖਿਆ ਜਾ ਸਕਦਾ। ਪੰਜਾਬ ਦੀ ਤਾਕਤ ਦਾ ਤਿੱਬਤ ਵਿਚ ਬਰਫ਼ ਵਧਣ ਸਬੰਧੀ ਅੰਗਰੇਜ਼ਾਂ ਦਾ ਇਤਰਾਜ਼ ਵੀ ਅਕਾਦਮਿਕ ਹੀ ਨਹੀਂ ਸੀ। ਇਸ ਕਰਕੇ ਗੁਲਾਬ ਸਿੰਘ ਢਿੱਲਾ ਰੁਖ਼ ਅਪਣਾ ਰਿਹਾ ਸੀ। ਆਖਰ 17 ਅਕਤੂਬਰ, 1842 ਨੂੰ ਦਰਬਾਰ ਦੇ ਨੁਮਾਇੰਦੇ, ਗੁਲਾਬ ਸਿੰਘ ਦੇ ਜਾਤੀ ਪ੍ਰਤੀਨਿਧ ਤੇ ਚੀਨੀ ਸਮਰਾਟ ਦੇ ਨੁਮਾਇੰਦਿਆਂ ਵਿਚਕਾਰ ਲਾਸਾ ਵਿਚ ਇਕ ਸਮਝੌਤਾ ਹੋ ਗਿਆ। ਇਸ ਮੁਤਾਬਿਕ ਲੱਦਾਖ ਤੇ ਲਾਸਾ ਦੀਆਂ ਸਰਹੱਦਾਂ ਦੋਵਾਂ ਫਰੀਕਾਂ ਵਾਸਤੇ ਅਟੁੱਟ ਸਮਝੀਆਂ ਗਈਆਂ। ਇਹ ਵੀ ਫੈਸਲਾ ਕੀਤਾ ਗਿਆ ਕਿ ਚਾਹ ਤੇ ਪਸ਼ਮੀਨੇ ਦਾ ਵਪਾਰ ਜਿਨ੍ਹਾਂ ਰਸਤਿਆਂ ਰਾਹੀਂ ਹੁਣ ਤੱਕ ਚਲਦਾ ਰਿਹਾ ਹੈ, ਉਸੇ ਤਰ੍ਹਾਂ ਚਲਦਾ ਰਹੇਗਾ।
ਅੰਗਰੇਜ਼ ਪੰਜਾਬ ਦੇ ਵਿਰੁੱਧ ਆਪਣੇ ਇਤਰਾਜ਼ਾਂ ਤੋਂ ਅੱਗੇ ਵਧ ਕੇ ਕੋਈ ਕਾਰਵਾਈ ਵੀ ਕਰਦੇ ਪਰ ਇਸ ਤੋਂ ਪਹਿਲਾਂ ਕਿ ਇਸ ਬਾਰੇ ਕੋਈ ਤਰੀਕਾ ਸੋਚਦੇ, ਅਫ਼ਗਾਨਿਸਤਾਨ ਦੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਹਮਲਾਵਰ ਰੁਖ਼ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਮਜਬੂਰ ਕਰ ਦਿੱਤਾ, ਬਲਕਿ ਉਨ੍ਹਾਂ ਦੀ ਮਦਦ ਮੰਗਣ ਵਾਸਤੇ ਵੀ। ਇਸ ਤੋਂ ਪਹਿਲਾਂ 1841 ਵਿਚ ਜਦੋਂ ਚੀਨ ਵਾਲੇ ਪੰਜਾਬੀਆਂ ਨੂੰ ਤਿੱਬਤ ਵਿਚੋਂ ਕੱਢਣਾ ਚਾਹੁੰਦੇ ਸਨ ਤਾਂ ਅਫਗਾਨ ਆਪਣੇ ਮੁਲਕ 'ਤੇ ਕਾਬਜ਼ ਬ੍ਰਿਟਿਸ਼ ਫੌਜ ਦਾ ਸਫਾਇਆ ਕਰ ਰਹੇ ਸਨ। ਅੰਗਰੇਜ਼ ਫੌਜੀ ਬੁਰੀ ਤਰ੍ਹਾਂ ਕਤਲ ਕੀਤੇ ਗਏ, ਉਨ੍ਹਾਂ ਵਿਚ ਸਰ ਅਲੈਗਜੈਂਡਰ ਬਰਨੀਸ ਵੀ ਸੀ, ਜੋ ਸਿੰਧ, ਪੰਜਾਬ ਤੇ ਅਫ਼ਗਾਨਿਸਤਾਨ ਵਿਚ ਅੰਗਰੇਜ਼ਾਂ ਦੇ ਕਬਜ਼ੇ ਦਾ ਮੁੱਖ ਸਿਧਾਂਤਕਾਰ ਸੀ। ਕਾਬਲ ਦੇ ਤਖ਼ਤ ਉੱਪਰ ਸ਼ਾਹ ਸ਼ੁਜਾ ਨੂੰ ਬਿਠਾਉਣਾ ਬ੍ਰਿਟਿਸ਼ ਤੇ ਪੰਜਾਬ ਦੋਵਾਂ ਦੀ ਸਾਂਝੀ ਕਾਰਵਾਈ ਸੀ ਪਰ ਇਸ ਦੇ ਨਤੀਜੇ ਬਹੁਤ ਤਬਾਹਕੁੰਨ ਨਿਕਲੇ ਤੇ ਅਫ਼ਗਾਨਿਸਤਾਨ ਵਿਚ ਅੰਗਰੇਜ਼ਾਂ ਦੀ ਹਾਲਤ ਨੂੰ ਪੰਜਾਬ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਤਿੱਬਤ ਵਿਚ ਫਸੇ ਹੋਣ ਦੇ ਬਾਵਜੂਦ ਲਾਹੌਰ ਦਰਬਾਰ ਨੇ ਪਿਸ਼ਾਵਰ ਦੇ ਜਨਰਲ ਅਵੀਤੇਬਾਈਲ ਨੂੰ ਅੰਗਰੇਜ਼ਾਂ ਦੀ ਮਦਦ 'ਤੇ ਜਾਣ ਵਾਸਤੇ ਕਿਹਾ ਸੀ। ਅੰਗਰੇਜ਼ ਪੰਜਾਬ ਦੇ ਇਸ ਸਹਿਯੋਗ ਤੋਂ ਹੈਰਾਨ ਹੋਏ, ਜਦੋਂ ਕਿ ਉਨ੍ਹਾਂ ਦੇ ਸਲਾਹਕਾਰ ਵਾਡੇ, ਕਲੇਰਕ ਤੇ ਸ਼ਾਹਮਤ ਅਲੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪੰਜਾਬੀਆਂ ਦੀ ਦੋਸਤੀ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੀਆਂ ਫੌਜਾਂ ਨੇ ਦੱਰਾ ਖੈਬਰ ਦੇ ਅੱਗੇ ਅਲੀ ਮਸਜਿਦ ਉੱਪਰ ਦੁਬਾਰਾ ਕਬਜ਼ਾ ਕਰ ਲਿਆ ਸੀ ਪਰ ਉਸ ਨੂੰ ਕਾਇਮ ਨਹੀਂ ਰੱਖ ਸਕੇ, ਕਿਉਂਕਿ ਫਿਰ ਸਰਦੀਆਂ ਆ ਗਈਆਂ ਸਨ, ਫਿਰ ਜਦੋਂ ਬਰਫਾਂ ਪਿਘਲੀਆਂ ਤੇ ਰੁੱਤ ਬਦਲੀ ਤਾਂ ਅੰਗਰੇਜ਼ਾਂ ਦੀ ਮਦਦ ਨਾਲ ਜਿਹੜੇ ਫੌਜੀ ਦਸਤੇ ਦੂਜੇ ਪਾਸਿਓਂ ਉਧਰ ਵਧ ਰਹੇ ਸਨ, ਇਕ ਵਾਰੀ ਫਿਰ ਅਲੀ ਮਸਜਿਦ ਉੱਪਰ ਕਬਜ਼ਾ ਕਰ ਲਿਆ ਗਿਆ। ਗਵਰਨਰ ਜਨਰਲ ਲਾਰਡ ਐਡਨਬਰੋ ਨੇ ਆਪਣੇ ਸਰਕਾਰੀ ਨੋਟੀਫਿਕੇਸ਼ਨ ਵਿਚ 19 ਅਪ੍ਰੈਲ ਨੂੰ ਕਿਹਾ ਕਿ ਸ਼ੇਰ ਸਿੰਘ ਦੀਆਂ ਫੌਜਾਂ ਦਾ ਰੋਲ ਬਹੁਤ ਸਲਾਹੁਣਯੋਗ ਸੀ। ਉਸ ਨੇ ਆਪਣੀ ਫੌਜ ਨੂੰ ਦੱਸਿਆ ਕਿ ਖੈਬਰ ਤੋਂ ਅੱਗੇ ਦੁਬਾਰਾ ਵਧਣ ਨਾਲ ਜੋ ਨੁਕਸਾਨ ਸਿੱਖ ਫੌਜਾਂ ਦਾ ਹੋਇਆ ਹੈ, ਉਹ ਉਸ ਨੁਕਸਾਨ ਦੇ ਬਰਾਬਰ ਸੀ, ਜੋ ਅੰਗਰੇਜ਼ ਦੀਆਂ ਫੌਜਾਂ ਦਾ ਹੋਇਆ ਹੈ। ਉਸ ਨੇ ਲੁਧਿਆਣਾ ਦੇ ਬ੍ਰਿਟਿਸ਼ ਏਜੰਟ ਨੂੰ ਹੁਕਮ ਦਿੱਤਾ ਕਿ ਉਸ ਵਲੋਂ ਪੂਰੇ ਸਤਿਕਾਰ ਨਾਲ ਸਿੱਖ ਫੌਜ ਨੂੰ ਮੁਬਾਰਕਾਂ ਦਿੱਤੀਆਂ ਜਾਣ।
ਦਰਬਾਰ ਨੇ ਅੰਗਰੇਜ਼ੀ ਫੌਜ ਵਾਸਤੇ ਅਨਾਜ, ਪਸ਼ੂ ਤੇ ਹੋਰ ਲੋੜੀਂਦਾ ਸਾਮਾਨ ਦਿੱਤਾ ਤੇ ਉਨ੍ਹਾਂ ਦੀ ਫੌਜ ਨਾਲੋਂ ਵੀ ਵੱਡੀ ਗਿਣਤੀ ਦੇ ਸਿਪਾਹੀ ਦੱਰਾ ਖੈਬਰ ਦੇ ਪਾਰ ਦੀ ਮੁਹਿੰਮ ਵਾਸਤੇ ਭੇਜੇ। ਜੂਨ ਤੱਕ ਅਫ਼ਗਾਨਿਸਤਾਨ ਦੀ ਹਾਲਤ ਕਾਫੀ ਸੁਧਰ ਗਈ, ਕਿਉਂਕਿ ਸਿੱਖਾਂ ਨੇ ਜਲਾਲਾਬਾਦ 'ਤੇ ਕਬਜ਼ਾ ਕਰਵਾ ਦਿੱਤਾ ਸੀ। ਸ਼ੇਰ ਸਿੰਘ ਅੰਗਰੇਜ਼ਾਂ ਦਾ ਪੱਕਾ ਹਮਾਇਤੀ ਰਿਹਾ, ਬਾਵਜੂਦ ਇਸ ਦੇ ਕਿ ਅੰਗਰੇਜ਼ ਉਸ ਦੇ ਪੱਕੇ ਦੁਸ਼ਮਣਾਂ ਸੰਧਾਵਾਲੀਆ ਨਾਲ ਵੀ ਗੰਢਤੁੱਪ ਰੱਖਦੇ ਸਨ।
1842 ਦੀਆਂ ਗਰਮੀਆਂ ਵਿਚ ਅਫ਼ਗਾਨਿਸਤਾਨ ਵਿਚਲਾ ਵਿਰੋਧ ਖ਼ਤਮ ਹੋ ਗਿਆ ਸੀ। ਸ਼ਾਹ ਸ਼ੁਜਾ ਨੂੰ ਗੱਦੀ ਉੱਪਰ ਬਿਠਾਉਣ ਦੀ ਸਕੀਮ ਬਹੁਤ ਮਹਿੰਗੀ ਪਈ ਸੀ ਤੇ ਉਸ ਨੂੰ ਦੁਬਾਰਾ ਅਜ਼ਮਾਉਣਾ ਠੀਕ ਨਹੀਂ ਸਮਝਿਆ ਗਿਆ। ਅੰਗਰੇਜ਼ਾਂ ਦੀ ਚੰਗੀ ਕਿਸਮਤ ਨੂੰ ਸ਼ਾਹ ਸ਼ੁਜਾ ਦਾ 5 ਅਪ੍ਰੈਲ, 1942 ਨੂੰ ਕਤਲ ਹੋ ਚੁੱਕਾ ਸੀ ਤੇ ਅੰਗਰੇਜ਼ਾਂ ਨੇ ਤਿੰਨ ਧਿਰੀ ਸਮਝੌਤਾ ਰੱਦ ਕਰ ਦਿੱਤਾ ਅਤੇ ਦੋਸਤ ਮੁਹੰਮਦ ਨਾਲ ਦੋਸਤੀ ਕਰ ਲਈ। ਉਸ ਨੂੰ ਕੈਦ ਵਿਚੋਂ ਕੱਢ ਕੇ ਕਾਬਲ ਲੈ ਆਂਦਾ ਗਿਆ।
ਅਫ਼ਗਾਨਿਸਤਾਨ ਦਾ ਤਜਰਬਾ ਅੰਗਰੇਜ਼ਾਂ ਦੇ ਹਮਾਇਤੀ ਸ਼ੇਰ ਸਿੰਘ ਨੂੰ ਵੀ ਚੁੱਭਿਆ। ਉਸ ਨੇ ਧਿਆਨ ਸਿੰਘ ਡੋਗਰਾ ਦੀ ਇਹ ਗੱਲ ਧਿਆਨ ਨਾਲ ਸੁਣੀ। ਜਦੋਂ ਉਸ ਨੇ ਕਿਹਾ ਕਿ ਵੇਖੋ ਅੰਗਰੇਜ਼ਾਂ ਨੇ ਸਾਡੀ ਮਦਦ ਨਾਲ ਅਫ਼ਗਾਨਿਸਤਾਨ ਵਿਚ ਕਾਮਯਾਬੀ ਹਾਸਲ ਕੀਤੀ ਪਰ ਸਾਨੂੰ ਪੁੱਛੇ ਬਿਨਾਂ ਹੀ ਤਿੰਨ ਧਿਰੀ ਸਮਝੌਤਾ ਤੋੜ ਦਿੱਤਾ। ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਫਿਰੋਜ਼ਪੁਰ ਵਿਚ ਵੱਡੀ ਫੌਜ ਇਕੱਠੀ ਕਰ ਲਈ, ਜੋ ਲਾਹੌਰ ਤੋਂ ਸਿਰਫ 40 ਮੀਲ ਦੂਰ ਹੈ ਤੇ ਇਸ ਦਾ ਕੋਈ ਵੀ ਕਾਰਨ ਨਹੀਂ ਦੱਸਿਆ। ਕਨਿੰਘਮ ਲਿਖਦਾ ਹੈ ਕਿ, 'ਭਾਰਤ ਦੀ ਜ਼ਮੀਨ ਉੱਪਰ ਹਥਿਆਰਬੰਦ ਗੋਰਿਆਂ ਦਾ ਏਨਾ ਵੱਡਾ ਇਕੱਠ ਪਹਿਲਾਂ ਕਿਧਰੇ ਨਹੀਂ ਸੀ, ਸਿਵਾਏ ਉਦੋਂ ਦੇ ਜਦੋਂ ਸਿਕੰਦਰ ਨੇ ਪੰਜਾਬ ਨੂੰ ਆਪਣੇ ਮੁਲਕ ਮੈਸੇਡੋਨ ਦਾ ਇਕ ਸੂਬਾ ਬਣਾ ਲਿਆ ਸੀ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸਿੱਖ ਛਾਉਣੀ ਬਨਾਮ ਸਰਾਂਏ ਛੀਂਬਾ ਹੋ ਗਈ ਖੰਡਰਾਤ ਵਿਚ ਤਬਦੀਲ

ਪਖ਼ਤੂਨ ਬਾਦਸ਼ਾਹ ਫ਼ਰੀਦ ਖ਼ਾਂ 'ਸ਼ੇਰ ਸ਼ਾਹ ਸੂਰੀ' ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ 16ਵੀਂ ਸਦੀ ਵਿਚ ਗਰੇਂਡ ਟਰੰਕ ਰੋਡ ਦਾ ਨਿਰਮਾਣ ਕਰਕੇ ਇਤਿਹਾਸ ਵਿਚ ਆਪਣਾ ਨਾਂਅ ਹਮੇਸ਼ਾ-ਹਮੇਸ਼ਾ ਲਈ ਅਮਰ ਕਰ ਲਿਆ। ਇਸ 2500 ਕਿੱਲੋਮੀਟਰ ਲੰਬੀ ਸੜਕ ਦਾ ਨਿਰਮਾਣ ਸ਼ੇਰ ਸ਼ਾਹ ਸੂਰੀ ਨੇ 1540-45 ਈ: ਦੇ ਦੌਰਾਨ ਬੰਗਲਾਦੇਸ਼ ਦੇ ਢਾਕਾ ਦੇ ਨਜ਼ਦੀਕ ਜ਼ਿਲ੍ਹਾ ਨਰਾਇਣ ਗੰਜ ਦੇ ਸੁਨਾਰ ਸ਼ਹਿਰ ਤੋਂ ਲੈ ਕੇ ਪੇਸ਼ਾਵਰ ਤੱਕ ਕਰਵਾਇਆ। ਇਸ ਸੜਕ ਨੂੰ ਸ਼ੇਰ ਸ਼ਾਹ ਸੂਰੀ ਮਾਰਗ, ਸੜਕ-ਏ-ਆਜ਼ਮ ਅਤੇ ਜਰਨੈਲੀ ਸੜਕ ਆਦਿ ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ।
ਦੇਸ਼ ਦੇ ਇਸ ਮਹੱਤਵਪੂਰਨ ਮਾਰਗ 'ਤੇ ਰਾਹਗੀਰਾਂ ਦੇ ਆਰਾਮ ਅਤੇ ਅਸਥਾਈ ਨਿਵਾਸ ਦੇ ਨਾਲ-ਨਾਲ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਸ਼ੇਰ ਸ਼ਾਹ ਨੇ ਆਪਣੇ ਸ਼ਾਸਨ ਕਾਲ ਦੌਰਾਨ 1700 ਦੇ ਕਰੀਬ ਸਰਾਂਵਾਂ ਬਣਵਾਈਆਂ। ਮੁਗ਼ਲੀਆ ਦੌਰ ਵਿਚ ਇਸ ਸੜਕ ਦੀ ਪੈਮਾਇਸ਼ ਲਈ ਪ੍ਰਤੀ ਇਕ ਕੋਹ (4.17 ਕਿੱਲੋਮੀਟਰ) ਦੀ ਦੂਰੀ 'ਤੇ ਕੋਹ ਮਿਨਾਰ ਬਣਵਾਏ ਗਏ, ਜਿਨ੍ਹਾਂ ਨੂੰ ਕੋਸ/ਕੋਹ ਮਿਨਾਰ ਵੀ ਕਿਹਾ ਜਾਂਦਾ ਹੈ। ਇਹ ਕੋਹ ਮਿਨਾਰ ਦੂਰੀ ਦੇ ਨਾਲ-ਨਾਲ ਡਾਕ ਪ੍ਰਬੰਧਾਂ ਲਈ ਵੀ ਕਾਫ਼ੀ ਲਾਭਦਾਇਕ ਸਨ। ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਕੋਹ ਮਿਨਾਰ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੁਆਰਾ ਬਣਵਾਏ ਗਏ ਸਨ।
ਪਾਕਿਸਤਾਨ ਦੀ ਮੁਲਤਾਨ ਰੋਡ 'ਤੇ ਲਾਹੌਰ ਤੋਂ ਕਰੀਬ 27 ਕਿੱਲੋਮੀਟਰ ਦੀ ਦੂਰੀ 'ਤੇ ਜ਼ਿਲ੍ਹਾ ਕਸੂਰ ਦੀ ਸਬ-ਤਹਿਸੀਲ ਭਾਈ ਫੇਰੂ ਦੇ ਪਿੰਡ ਅੱਡਾ ਸਰਾਂਏ ਛੀਂਬਾ ਵਿਚ 1580 ਈ: ਦੇ ਲਗਪਗ ਬਣਾਈ ਗਈ ਸਰਾਂ ਛੀਂਬਾ ਦੇ ਖੰਡਰ ਨਾ ਸਿਰਫ਼ ਮੁਗ਼ਲੀਆ ਦੌਰ ਦੀਆਂ ਯਾਦਾਂ ਤਾਜ਼ਾ ਕਰ ਰਹੇ ਹਨ, ਸਗੋਂ ਸਹਿਜ ਜਿਹੇ ਹੀ ਸਿੱਖ ਰਾਜ ਦੌਰਾਨ ਕਾਇਮ ਕੀਤੀ ਗਈ ਨਿਆਇ ਵਿਵਸਥਾ ਦੀ ਵੀ ਝਲਕ ਪੇਸ਼ ਕਰ ਜਾਂਦੇ ਹਨ। ਮੁਲਤਾਨ ਰੋਡ 'ਤੇ ਭਾਈ ਫੇਰੂ ਨੂੰ ਜਾਂਦੀ ਸੜਕ 'ਤੇ ਪਿੰਡ ਬੱਲੂਕੀ ਵਲੋਂ ਵੀ ਇਥੇ ਪਹੁੰਚਿਆ ਜਾ ਸਕਦਾ ਹੈ। ਸਥਾਨਕ ਲੋਕ ਇਸ ਸਰਾਂ ਨੂੰ 'ਸਿੱਖਾਂ ਦੀ ਛਾਉਣੀ' ਅਤੇ 'ਸਿੱਖਾਂ ਦਾ ਥਾਣਾ' ਵੀ ਕਹਿ ਕੇ ਸੰਬੋਧਿਤ ਕਰਦੇ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਉਪਰੋਕਤ ਕਿਲ੍ਹੇ ਨੁਮਾ ਸਰਾਂ ਵਿਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਸਿੱਖ ਰਾਜ ਦੌਰਾਨ ਇਸ ਸਰਾਂ ਵਿਚ ਬਣਾਏ ਗਏ ਗੁੰਬਦ ਵਜ਼ੀਰਾਬਾਦ ਦੇ ਗੁਰਦੁਆਰਾ ਕੋਠਾ ਸਾਹਿਬ ਦੀ ਹੂਬਹੂ ਨਕਲ ਕਰਕੇ ਬਣਾਏ ਗਏ ਪ੍ਰਤੀਤ ਹੁੰਦੇ ਹਨ। ਇਨ੍ਹਾਂ ਗੁੰਬਦਾਂ ਦੀ ਗਿਣਤੀ 6 ਜਾਂ 7 ਸੀ, ਪਰ ਸੰਨ 2009 ਵਿਚ ਇਨ੍ਹਾਂ ਵਿਚੋਂ ਚਾਰ ਗੁੰਬਦਾਂ ਨੂੰ ਗਿਰ੍ਹਾ ਦਿੱਤਾ ਗਿਆ, ਜਿਨ੍ਹਾਂ ਦਾ ਢਹਿ ਚੁੱਕਿਆ ਢਾਂਚਾ ਅੱਜ ਵੀ ਸਰਾਂ ਦੀ ਪਿਛਲੀ ਦੀਵਾਰ ਦੇ ਪਾਸ ਪਿਆ ਹੋਇਆ ਹੈ। ਇਸ ਸਰਾਂ ਵਿਚ 200 ਤੋਂ ਵਧੇਰੇ ਕਮਰੇ, 3 ਖੂਹ ਅਤੇ ਇਕ ਪ੍ਰਾਰਥਨਾ ਹਾਲ ਅੱਜ ਵੀ ਮੌਜੂਦ ਹੈ। ਸਰਾਂ ਦੇ ਪੂਰਬੀ ਦਰਵਾਜ਼ੇ ਨੂੰ ਪਹਿਲਾਂ 'ਦਿੱਲੀ ਦਰਵਾਜ਼ਾ' ਅਤੇ ਪੱਛਮੀ ਦਰਵਾਜ਼ੇ ਨੂੰ 'ਮੁਲਤਾਨੀ ਦਰਵਾਜ਼ਾ' ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 9356127771

ਅੱਜਕਲ੍ਹ ਦੇਖਿਆ ਜਾ ਸਕਦਾ ਹੈ ਬਾਥੂ ਕੀ ਲੜੀ ਮੰਦਰ

ਕੁਦਰਤ ਨਾਲ ਮੋਹ ਅਤੇ ਇਤਿਹਾਸ ਨਾਲ ਦਿਲਚਸਪੀ ਹੋਣ ਕਾਰਨ ਮੈਂ ਅਕਸਰ ਸਮਾਂ ਕੱਢ ਕੇ ਸੈਰ-ਸਪਾਟੇ 'ਤੇ ਨਿਕਲ ਜਾਂਦਾ ਹਾਂ। ਸਾਡੇ ਦੇਸ਼ ਵਿਚ ਬਹੁਤ ਸਾਰੇ ਧਰਮ ਅਤੇ ਧਾਰਮਿਕ ਸਥਾਨ ਹਨ ਅਤੇ ਹਰ ਧਰਮ ਦਾ ਵਿਅਕਤੀ ਹਰ ਦੂਜੇ ਧਰਮ ਦਾ ਸਤਿਕਾਰ ਕਰਦਾ ਹੈ। ਸਾਡੇ ਦੇਸ਼ ਵਿਚ ਬਹੁਤ ਸਾਰੇ ਵੇਖਣਯੋਗ ਸਥਾਨ ਹਨ, ਜਿਨ੍ਹਾਂ ਬਾਰੇ ਸੁਣਿਆ ਭਾਵੇਂ ਜ਼ਰੂਰ ਹੋਵੇ ਪਰ ਵੇਖਣ 'ਤੇ ਹੀ ਉਸ ਜਗ੍ਹਾ ਦੀ ਸਹੀ ਜਾਣਕਾਰੀ ਅਤੇ ਸੁਹੱਪਣ ਦਾ ਆਨੰਦ ਮਾਣਿਆ ਜਾ ਸਕਦਾ ਹੈ।
ਕੁਝ ਦਿਨ ਪਹਿਲਾਂ ਮੈਂ ਉਚੇਚੇ ਤੌਰ 'ਤੇ ਬਾਥੂ ਕੀ ਲੜੀ ਮੰਦਰ ਵੇਖਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਤੋਂ ਹੁੰਦਾ ਹੋਇਆ ਹਿਮਾਚਲ ਦੇ ਕਸਬਾ ਜਵਾਲੀ ਪਹੁੰਚਿਆ। ਜਵਾਲੀ ਤੋਂ ਲਗਪਗ 10 ਕਿਲੋਮੀਟਰ ਪੌਂਗ ਡੈਮ ਦੀ ਝੀਲ ਵਿਚ ਸਥਿਤ ਹਨ ਇਹ ਮੰਦਰ, ਜੋ ਕਿ 8 ਮਹੀਨੇ ਝੀਲ ਦੇ ਪਾਣੀ ਵਿਚ ਅਲੋਪ ਹੋ ਜਾਂਦੇ ਹਨ, ਮੌਨਸੂਨ ਦੀਆਂ ਬਰਸਾਤਾਂ ਦਾ ਪਾਣੀ ਅਤੇ ਗਰਮੀਆਂ ਕਾਰਨ ਪਹਾੜਾਂ ਤੋਂ ਬਰਫ ਦੇ ਖੁਰਨ ਕਾਰਨ ਝੀਲ ਵਿਚ ਚੋਖਾ ਪਾਣੀ ਭਰ ਜਾਂਦਾ ਹੈ, ਜੋ ਕਿ ਸਾਰਾ ਸਾਲ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਕਾਰਨ ਲਗਪਗ 60 ਫੁੱਟ ਉੱਚਾ ਮੰਦਰ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਸਾਲ ਦੇ ਅੱਠ ਮਹੀਨੇ ਇਹ ਮੰਦਰ ਪਾਣੀ ਵਿਚ ਰਹਿੰਦਾ ਹੈ ਅਤੇ ਅੱਧ ਮਾਰਚ ਤੋਂ ਅੱਧ ਜੁਲਾਈ 4 ਮਹੀਨੇ ਝੀਲ ਵਿਚ ਪਾਣੀ ਘਟ ਜਾਂਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਬਾਥੂ ਕੀ ਲੜੀ ਮੰਦਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ 40 ਕੁ ਸਾਲ ਪਹਿਲਾਂ ਪੌਂਗ ਡੈਮ ਬਣਨ ਕਰਕੇ ਝੀਲ ਵਿਚ ਪਾਣੀ ਇਕੱਠਾ ਹੋਣ ਕਾਰਨ ਇਹ ਮੰਦਰ ਪਾਣੀ ਵਿਚ ਪੂਰੀ ਤਰ੍ਹਾਂ ਅਲੋਪ ਹੋ ਜਾਂਦੇ ਹਨ।
ਬਾਥੂ ਕੀ ਲੜੀ ਮੰਦਰ ਬਾਥੂ ਪੱਥਰ ਨਾਲ ਬਣੇ ਹਨ। ਕਿਹਾ ਜਾਂਦਾ ਹੈ ਕਿ ਪੰਜ ਹਜ਼ਾਰ ਸਾਲ ਪਹਿਲਾਂ ਪਾਂਡਵਾਂ ਨੇ ਅਗਿਆਤਵਾਸ ਦੌਰਾਨ ਇਨ੍ਹਾਂ ਮੰਦਰਾਂ ਦਾ ਨਿਰਮਾਣ ਕੀਤਾ, ਆਸ-ਪਾਸ ਦੇ ਇਲਾਕੇ 'ਚੋਂ ਇਹ ਹੀ ਇਕ ਅਜਿਹੀ ਜਗ੍ਹਾ ਹੈ, ਜੋ ਪੱਧਰੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਾਂਡਵ ਇਥੇ ਆਏ ਤਾਂ ਭੀਮ ਨੇ ਭਾਰੀ ਸੁਹਾਗੇ ਵਰਗੀ ਲੱਕੜ ਨਾਲ ਇਸ ਜਗ੍ਹਾ ਨੂੰ ਪੱਧਰਾ ਕੀਤਾ। ਤਲਵਾੜੇ ਤੋਂ ਹਿਮਾਚਲ ਵਿਚ ਦਾਖਲ ਹੋਣ 'ਤੇ ਸ਼ਿਵਾਲਿਕ ਦੇ ਪਹਾੜ ਸ਼ੁਰੂ ਹੋ ਜਾਂਦੇ ਹਨ। ਸਾਰਾ ਪਹਾੜੀ ਇਲਾਕਾ ਹੈ, ਸਿਰਫ ਮੰਦਰ ਦੇ ਨੇੜੇ-ਤੇੜੇ ਦਾ ਇਲਾਕਾ ਹੀ ਪੱਧਰਾ ਹੈ। ਇਥੇ 8 ਮੰਦਰ ਹਨ। ਇਕ ਸ਼ਿਵ ਜੀ ਦਾ ਮੁੱਖ ਮੰਦਰ ਹੈ. ਜਿਸ ਵਿਚ ਸ਼ਿਵ ਜੀ ਦੀ ਮੂਰਤੀ ਸਥਾਪਤ ਹੈ। ਇਸ ਮੰਦਰ ਦੀ ਬਣਾਵਟ ਇਸ ਤਰ੍ਹਾਂ ਦੀ ਹੈ ਕਿ ਹਰ ਰੁੱਤ ਵਿਚ ਸੂਰਜ ਛਿਪਣ 'ਤੇ ਆਖਰੀ ਕਿਰਨ ਮੰਦਰ ਵਿਚ ਸ਼ਿਵ ਜੀ ਦੀ ਮੂਰਤੀ 'ਤੇ ਪੈਂਦੀ ਹੈ। ਕਿਹਾ ਜਾਂਦਾ ਹੈ ਕਿ ਮੁਗਲ ਸ਼ਾਸਕਾਂ ਨੇ ਸੂਰਜ ਦੀ ਰੌਸ਼ਨੀ ਨੂੰ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਾ ਹੋ ਸਕੇ। ਬਾਕੀ ਕੁੱਲ ਦੇਵੀ-ਦੇਵਤਿਆਂ ਦੇ ਮੰਦਰ ਹਨ। ਇਸ ਮੰਦਰ ਦਾ ਪ੍ਰਵੇਸ਼ ਦੁਆਰ ਲਹਿੰਦੇ ਪਾਸੇ ਹੈ। ਪ੍ਰਵੇਸ਼ ਦੁਆਰ ਤੋਂ ਪਹਿਲਾਂ ਸੱਜੇ ਪਾਸੇ ਇਕ ਖੂਹ ਹੈ, ਜਿਸ ਦੀ ਡੂੰਘਾਈ ਡੇਢ ਸੌ ਫੁੱਟ ਦੱਸੀ ਜਾਂਦੀ ਹੈ। ਪ੍ਰਵੇਸ਼ ਦੁਆਰ ਦੇ ਦੋਵੇਂ ਪਾਸੇ ਕੰਧਾਂ ਤੇ ਖੂਬਸੂਰਤ ਕੰਧ ਚਿੱਤਰ ਬਣੇ ਹੋਏ ਹਨ। ਦੱਸਣ ਵਾਲੇ ਇਕ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਇਕ ਨੂੰ ਹਨੂੰਮਾਨ ਦਾ ਚਿੱਤਰ ਦੱਸਦੇ ਹਨ। ਇਕ 50 ਕੁ ਫੁੱਟ ਉੱਚਾ ਬੁਰਜ ਜੋ ਅੱਠ ਪਹਿਲੂ ਹੈ, ਉਸ ਵਿਚ ਉੱਪਰ ਤੱਕ ਪੌੜੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਪੌੜੀਆਂ ਦਾ ਨਿਰਮਾਣ ਪਾਂਡਵਾਂ ਨੇ ਸਵਰਗ ਨੂੰ ਜਾਣ ਲਈ ਰਸਤਾ ਬਣਾਉਣ ਵਾਸਤੇ ਕੀਤਾ ਸੀ, ਪਰ ਵੇਖਣ ਤੋਂ ਲੱਗਦਾ ਹੈ ਕਿ ਮੰਦਰ ਵਿਚ ਸੋਨੇ ਦੀਆਂ ਮੂਰਤੀਆਂ ਹੋਣਗੀਆਂ ਅਤੇ ਮੰਦਰ ਦੀ ਸੁਰੱਖਿਆ ਅਤੇ ਪਹਿਰੇਦਾਰੀ ਲਈ ਇਹ ਬੁਰਜ ਬਣਾਇਆ ਹੋਵੇਗਾ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ (ਹੁਸ਼ਿਆਰਪੁਰ)। ਮੋਬਾ: 98140-44425

ਸੁਲਤਾਨ ਬਾਹੂ ਦੀ ਪੁਸਤਕ ਹੱਕ ਨੁਮਾਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਬੰਦਗੀ ਜਾਂ ਇਬਾਦਤ ਸੂਫ਼ੀਵਾਦ ਦੇ ਬੁਨਿਆਦੀ ਅਸੂਲਾਂ ਵਿਚੋਂ ਇਕ ਹੈ। ਪ੍ਰਤੱਖ ਬੰਦਗੀ ਜਾਂ ਕੰਠੀ ਜਾਪ ਕਈ ਵਾਰ ਕਾਰਗਰ ਸਿੱਧ ਨਹੀਂ ਹੋਇਆ ਕਰਦੀ, ਕਿਉਂਕਿ ਸ਼ੈਤਾਨ ਕੰਠੀ ਜਾਪ, ਸਿਮਰਨ ਜਾਂ ਦਿਖਾਵੇ ਦੀ ਇਬਾਦਤ ਨੂੰ ਵਸਵਸਿਆਂ ਰਾਹੀਂ ਖਰਾਬ ਕਰ ਦਿੰਦਾ ਹੈ ਅਤੇ ਜਾਪ ਨੂੰ ਦਿਲ ਤੱਕ ਪਹੁੰਚਾਉਣ ਵਿਚ ਕੁਝ ਪਤਰਿਆਂ ਅਤੇ ਰੁਕਾਵਟਾਂ ਦੇ ਸੰਸੇ ਹੋਇਆ ਕਰਦੇ ਹਨ। ਬੰਦਗੀ ਦਾ ਅਸਲ ਥਾਂ ਮਨੁੱਖੀ ਹਿਰਦਾ ਹੈ, ਕਿਉਂਕਿ ਕੰਠੀ ਜਾਪ ਵਿਚ ਮੁੱਖ ਸਾਧਨ ਜੀਭ ਹੈ, ਜੋ ਹਿਰਦੇ ਅਧੀਨ ਹੈ। ਸਿਮਰਨ ਨੂੰ ਹਿਰਦੇ ਤੱਕ ਪਹੁੰਚਣ ਲਈ ਕਈ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਕੁਝ ਨਿਯਮ ਹਨ, ਸੱਚ ਬੋਲਣਾ, ਦਸਾਂ ਨਹੁੰਆਂ ਦੀ ਕਿਰਤ ਕਰਨੀ, ਜ਼ਕਾਤ ਦੇਣੀ, ਰੋਜ਼ੇ ਰੱਖਣੇ, ਗੁੱਸੇ ਜਾਂ ਕ੍ਰੋਧ ਉੱਪਰ ਕਾਬੂ ਪਾਉਣਾ ਅਤੇ ਬੁਰਿਆਈਆਂ ਦਾ ਤਿਆਗ ਆਦਿ। ਜੇਕਰ ਸਿਮਰਨ ਜਾਂ ਬੰਦਗੀ ਵਿਚ ਇਨ੍ਹਾਂ ਨਿਯਮਾਂ ਵਿਚੋਂ ਕਿਸੇ ਦੀ ਪਾਲਣਾ ਨਾ ਹੋਵੇ ਤਾਂ ਸਿਮਰਨ (ਜ਼ਿਕਰ) ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸੇ ਲਈ ਜ਼ਾਹਰੀ ਸਿਮਰਨ ਤੇ ਜਾਪ ਕਰਨ ਵਾਲੇ ਲੋਕ ਅਸਫਲ ਰਹਿ ਜਾਂਦੇ ਹਨ। ਇਸ ਲਈ ਸੱਚਾ ਸਿਮਰਨ ਕੰਠੀ ਜਾਪ ਦੀ ਥਾਂ ਅੱਲਾਹ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਹੈ। (ਪੰਨਾ 59)
ਜਿੱਥੇ ਮੁਰਸ਼ਦ ਦੇ ਗੁਣਾਂ ਅਤੇ ਵਿਸ਼ੇਸ਼ਤਾਈਆਂ ਦੀ ਗੱਲ ਕੀਤੀ ਗਈ ਹੈ, ਉੱਥੇ ਇਕ ਪੂਰੇ ਅਧਿਆਇ ਵਿਚ ਮੁਰਸ਼ਦ ਅਤੇ ਮੁਰੀਦ (ਇਸ ਪੁਸਤਕ ਵਿਚ ਤਾਲਬ ਸ਼ਬਦ ਵਰਤਿਆ ਗਿਆ ਹੈ) ਦੇ ਸਬੰਧਾਂ ਬਾਰੇ ਵੀ ਚਰਚਾ ਕੀਤੀ ਗਈ ਹੈ। ਮੁਰੀਦ ਦੇ ਕੀ ਗੁਣ ਹੋਣ? ਇਨ੍ਹਾਂ ਦਾ ਵੇਰਵਾ ਦਿੰਦਿਆਂ ਲੇਖਕ ਕਹਿੰਦਾ ਹੈ ਦਿਲਾ ਤਾਲਬ ਲਈ ਫਰਜ਼ ਹੈ ਕਿ ਕੁਝ ਮੁਰਸ਼ਦ ਫੁਰਮਾਏ, ਉਸ ਦੇ ਸਨਮੁਖ ਖਿਲਾਫ ਨਾ ਕਰੇ ਅਤੇ ਮੁਰਸ਼ਦ ਦੇ ਸਾਹਮਣੇ ਕਿਸੇ ਪ੍ਰਕਾਰ ਦਾ ਹੰਕਾਰ ਨਾ ਕਰੇ ਅਤੇ ਮੁਰਸ਼ਦ ਲਈ ਫਰਜ਼ ਹੈ ਕਿ ਤਾਲਬ ਮੁਰਸ਼ਦ ਤੋਂ ਜੋ ਵੀ ਤਲਬ ਕਰੇ, ਉਸ ਨੂੰ ਪ੍ਰਦਾਨ ਕਰੇ (ਪੰਨਾ 102)। ਇਕ ਥਾਂ ਹੋਰ ਇਸੇ ਰਿਸ਼ਤੇ ਬਾਰੇ ਅੰਕਿਤ ਹੈ, 'ਵਾਸਤਵ ਵਿਚ ਕਾਮਲ ਮੁਰਸ਼ਦ ਬਣਨਾ ਬਹੁਤ ਕਠਿਨ ਕਾਰਜ ਹੈ। ਇਸੇ ਪ੍ਰਕਾਰ ਸੱਚੇ ਤਾਲਬ ਵੀ ਦੁਨੀਆ ਵਿਚ ਘੱਟ ਹੀ ਹਨ। ਜੋ ਸੱਚੇ ਤਾਲਬ ਹੁੰਦੇ ਹਨ, ਉਹ ਅੰਤ ਨੂੰ ਕਾਮਲ ਮੁਰਸ਼ਦ ਬਣ ਜਾਂਦੇ ਹਨ। ਜਿਵੇਂ ਸੱਚੇ ਤਾਲਬ ਕਾਮਲ ਮੁਰਸ਼ਦ ਦੀ ਖੋਜ ਭਾਲ ਵਿਚ ਰਹਿੰਦੇ ਹਨ, ਉਸੇ ਪ੍ਰਕਾਰ ਕਾਮਲ ਮੁਰਸ਼ਦ ਸੱਚੇ ਤਾਲਬ ਦੀ ਭਾਲ ਕਰਦੇ ਰਹਿੰਦੇ ਹਨ। ਸੱਚੇ ਤਾਲਬ ਨੂੰ ਜਿੰਨੀ ਕਾਮਲ ਮੁਰਸ਼ਦ ਦੀ ਲੋੜ ਹੁੰਦੀ, ਉਸ ਤੋਂ ਕਿਤੇ ਵੱਧ ਲੋੜ ਕਾਮਲ ਮੁਰਸ਼ਦ ਨੂੰ ਸੱਚੇ ਤਾਲਬ ਯੋਗਤਾ ਰੱਖਣ ਵਾਲੇ, ਵਿਸ਼ਾਲ ਤੇ ਬੁਲੰਦ ਹੌਸਲੇ ਵਾਲੇ ਅਤੇ ਮਜ਼ਬੂਤ ਦਿਲ ਵਾਲੇ ਦੀ ਹੁੰਦੀ ਹੈ। (ਪੰਨਾ 141)
ਫੱਕਰ ਅਤੇ ਫਕੀਰੀ ਦੇ ਗੁਣ ਵਾਲੇ ਕਾਂਡ ਵਿਚ ਇਨ੍ਹਾਂ ਦੋਵਾਂ ਸੰਕਲਪਾਂ ਦੀ ਵਿਆਖਿਆ ਹੈ। ਫੱਕਰ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ : ਫੱਕਰ ਅਤਿਅੰਤ ਭਾਰੀ, ਬਹੁਮੁੱਲ ਤੇ ਮਹਾਨ ਚੀਜ਼ ਹੈ। ਦੈਵੀ, ਵੈਭਵੀ ਰੱਬ ਦੇ ਵਜੂਦ ਦੀ ਮਹਿਮਾ ਵਾਲਾ, ਰੂਪਵਾਨ ਅਤੇ ਚੌਦਾਂ ਤਬਕ ਧਰਤੀ ਤੇ ਆਕਾਸ਼ ਤੋਂ ਵੀ ਭਾਰਾ ਅਤੇ ਵਜ਼ਨਦਾਰ ਹੈ। ਇਸ ਭਾਰੇ ਵਜ਼ਨ ਨੂੰ ਉਹੀ ਮਨੁੱਖ ਚੁੱਕ ਸਕਦਾ ਹੈ, ਜੋ ਰੱਬ ਦੀ ਰਹਿਮਤ ਮਨਜ਼ੂਰ ਨਜ਼ਰ ਹੋਵੇ, ਮੁਹੰਮਦ ਦੀ ਸੰਗਤ ਵਿਚ ਹਮੇਸ਼ਾ ਹਜ਼ੂਰੀ ਵਿਚ ਹੋਵੇ ਅਤੇ ਜਮਾਵੜੇ ਤੇ ਤਿਆਗੀ, ਸੰਨਿਆਸੀ ਅਤੇ ਦੂਰ ਹੋਵੇ (ਪੰਨਾ 251)। ਫੱਕਰ ਸ਼ਬਦ ਤਿੰਨ ਅੱਖਰਾਂ ਦੇ ਸੰਯੋਗ ਤੋਂ ਬਣਿਆ ਹੈ, ਇਸ ਲਈ ਤਿੰਨਾਂ ਹੀ ਅੱਖਰਾਂ ਦੀ ਵਿਆਖਿਆ ਕੀਤੀ ਗਈ ਹੈ। ਫਕੀਰਾਂ ਨੂੰ ਦੋ ਕਿਸਮਾਂ ਵਿਚ ਵੰਡ ਕੇ ਉਨ੍ਹਾਂ ਦੇ ਗੁਣਾਂ/ਔਗੁਣਾਂ ਦੀ ਚਰਚਾ ਹੈ। ਇਕ ਫਕੀਰ ਉਹ ਨੇ ਜਿਨ੍ਹਾਂ ਵਾਸ਼ਨਾ, ਲੋਭ, ਮੋਹ ਤੇ ਹੰਕਾਰ ਨੂੰ ਮਾਰ ਲਿਆ ਹੋਵੇ, ਉਹ ਰੱਬ ਦਾ ਨਿਕਟਵਰਤੀ ਹੈ। ਅਜਿਹੇ ਫਕੀਰ ਸੱਚੇ ਮਿੱਤਰ ਅਤੇ ਹਜ਼ਰਤ ਮੁਹੰਮਦ ਦੇ ਪਦ ਚਿੰਨ੍ਹਾਂ ਉੱਪਰ ਚੱਲਣ ਵਾਲੇ ਹਨ। ਦੂਜੀ ਪ੍ਰਕਾਰ ਦੇ ਫਕੀਰ ਪੂਰੀ ਤਰ੍ਹਾਂ ਅਸਫਲ, ਸੂਰੀਅਤ ਦੇ ਵਿਰੁੱਧ, ਨਿਰਲੱਜ, ਮਾਰਫਤ ਤੋਂ ਵਾਂਝੇ ਅਤੇ ਰੱਬ ਦੀ ਦਰਗਾਹ ਤੋਂ ਤ੍ਰਿਸਕਾਰੇ ਹੁੰਦੇ ਹਨ। ਉਸ ਨੂੰ ਢੱਕਣ ਫਕੀਰ ਕਹਿੰਦੇ ਹਨ। (ਪੰਨਾ 243)
'ਹੱਕ ਨੁਮਾਏ' ਦਾ ਮਹੱਤਵ ਇਕ-ਦੋ ਹੋਰ ਗੱਲਾਂ ਵਿਚ ਵੀ ਹੈ। ਇਸ ਵਿਚ ਕਈ ਉਨ੍ਹਾਂ ਸੰਕਲਪਾਂ ਬਾਰੇ ਖੁੱਲ੍ਹ ਕੇ ਚਰਚਾ ਹੋਈ ਹੈ, ਜਿਨ੍ਹਾਂ ਬਾਰੇ ਜਾਂ ਤਾਂ ਬਹੁਤੀ ਜਾਣਕਾਰੀ ਨਹੀਂ ਸੀ ਅਤੇ ਜੇ ਹੈ ਤਾਂ ਉਹ ਵੀ ਮੁੱਢਲੀ ਕਿਸਮ ਦੀ। ਉਦਾਹਰਨ ਵਜੋਂ ਨੂਰ, ਇਲਹਾਮ ਅਤੇ ਦਾਅਵਤ ਆਦਿ। ਦਾਅਵਤ ਦਾ ਸ਼ਾਬਦਿਕ ਅਰਥ ਸੱਦਾ ਹੈ। ਇਹ ਬਹੁਤੀ ਵਾਰੀ, ਖਾਸ ਕਰਕੇ ਇਸਲਾਮੀ ਅਤੇ ਸੂਫ਼ੀ ਪ੍ਰਸੰਗ ਵਿਚ, ਤਬਲੀਗ ਨਾਲ ਜੁੜ ਕੇ ਆਉਂਦਾ ਹੈ, ਅਰਥਾਤ ਦਾਅਵਤ ਓ-ਤਬਲੀਗ ਜਿਸ ਦਾ ਸਾਧਾਰਨ ਜਿਹਾ ਅਰਥ ਧਰਮ ਪ੍ਰਚਾਰ ਹੈ, ਪਰ ਇਸਲਾਮ ਵਿਚ ਦਾਅਵਤ ਇਕ ਦਾਰਸ਼ਨਿਕ ਸੰਕਲਪ ਹੈ।
ਵਿਚਾਰ ਅਧੀਨ ਪੁਸਤਕ ਇਕ ਅਨੁਵਾਦਿਤ ਪੁਸਤਕ ਹੈ ਪਰ ਅਨੁਵਾਦ ਕੋਈ ਬਹੁਤਾ ਚੰਗਾ ਨਹੀਂ। ਕੁਰਾਨੀ ਆਇਤਾਂ ਨੂੰ ਗੁਰਮੁਖੀ ਲਿਪੀ ਵਿਚ ਅੰਤਰਿਤ ਕਰ ਦਿੱਤਾ ਗਿਆ ਹੈ ਅਤੇ ਕਈ ਥਾਈਂ ਉਨ੍ਹਾਂ ਦੇ ਅਰਥ ਵੀ ਨਹੀਂ ਦਿੱਤੇ ਗਏ। ਹਿੰਦੀ ਤੋਂ ਅਨੁਵਾਦ ਕਰਨ ਕਰਕੇ ਭਾਰੇ ਭਰਕਮ ਸ਼ਬਦ ਵਰਤ ਲਏ ਗਏ ਹਨ। ਇਕ ਕਾਂਡ ਦਾ ਸਿਰਲੇਖ ਹੈ 'ਹਜ਼ਰਤ ਦਾ ਵਿਵਰਨ : ਆਕਾਰ ਬੋਧ ਪਰਿਧੀ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਅਨੁਵਾਦ ਦੀਆਂ ਕਈ ਤਰੁੱਟੀਆਂ ਦੇ ਬਾਵਜੂਦ ਸੂਫ਼ੀ ਕਾਵਿ ਸਬੰਧੀ ਖੋਜ ਕਰਨ ਵਾਲਿਆਂ ਲਈ ਇਹ ਇਕ ਲਾਹੇਵੰਦ ਪੁਸਤਕ ਹੈ।


ਮੋਬਾ: 98889-39808

ਸ਼ਬਦ ਵਿਚਾਰ

ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ 'ਧਰਮ ਤੇ ਵਿਰਸਾ' ਅੰਕ ਦੇਖੋ)
ਸਾਚੁ ਧੜੀ ਧਨ ਮਾਡੀਐ
ਕਾਪੜੁ ਪ੍ਰੇਮ ਸੀਗਾਰੁ॥
ਚੰਦਨੁ ਚੀਤਿ ਵਸਾਇਆ
ਮੰਦਰੁ ਦਸਵਾ ਦੁਆਰੁ॥
ਦੀਪਕੁ ਸਬਦਿ ਵਿਗਾਸਿਆ
ਰਾਮ ਨਾਮੁ ਉਰ ਹਾਰੁ॥ ੫॥
ਨਾਰੀ ਅੰਦਰਿ ਸੋਹਣੀ
ਮਸਤਕਿ ਮਣੀ ਪਿਆਰੁ॥
ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ॥
ਬਿਨੁ ਪਿਰ ਪੁਰਖੁ ਨ ਜਾਣਈ
ਸਾਚੇ ਗੁਰ ਕੈ ਹੇਤਿ ਪਿਆਰਿ॥ ੬॥
ਨਿਸਿ ਅੰਧਿਆਰੀ ਸੁਤੀਏ
ਕਿਉ ਪਿਰ ਬਿਨੁ ਰੈਣਿ ਵਿਹਾਇ॥
ਅੰਕੁ ਜਲਉ ਤਨੁ ਜਾਲੀਅਉ
ਮਨੁ ਧਨੁ ਜਲਿ ਬਲਿ ਜਾਇ॥
ਜਾ ਧਨ ਕੰਤਿ ਨ ਰਾਵੀਆ
ਤਾ ਬਿਰਥਾ ਜੋਬਨੁ ਜਾਇ॥ ੭॥
ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ॥
ਹਉ ਸੁਤੀ ਪਿਰੁ ਜਾਗਣਾ
ਕਿਸ ਕਉ ਪੂਛਉ ਜਾਇ॥
ਸਤਿਗੁਰਿ ਮੇਲੀ ਭੈ ਵਸੀ
ਨਾਨਕ ਪ੍ਰੇਮੁ ਸਖਾਇ॥ ੮॥ ੨॥
(ਅੰਗ 54)
ਪਦ ਅਰਥ : ਧੜੀ-ਮੇਢੀਆਂ, ਪਟੀਆਂ। ਮਾਡੀਐ-ਬਣਾਉਂਦੀ ਹੈ, ਸਜਾਉਂਦੀ ਹੈ। ਕਾਪੜੁ ਪ੍ਰੇਮ ਸੀਗਾਰੁ-ਪ੍ਰੇਮ ਰੂਪੀ ਕੱਪੜੇ ਦਾ ਸ਼ਿੰਗਾਰ ਕੀਤਾ ਹੈ। ਧਨ-ਇਸਤਰੀ, ਸੁਹਾਗਣ। ਚੀਤਿ ਵਸਾਇਆ-ਚਿਤ ਵਿਚ ਵਸਾਇਆ ਹੈ। ਦਸਵਾ ਦੁਆਰੁ-ਅੰਤਹਕਰਣ, ਦਿਮਾਗ, ਉੱਚੀ ਸੁਰਤ। ਮੰਦਰੁ-ਸੋਹਣਾ ਘਰ। ਦੀਪਕੁ-ਦੀਵਾ। ਵਿਗਾਸਿਆ-ਖਿੜਿਆ ਹੈ। ਰਾਮ ਨਾਮੁ ਉਰ ਹਾਰੁ-ਰਾਮ ਨਾਮ ਦੇ ਸਿਮਰਨ ਦਾ ਹਾਰ।
ਮਸਤਕਿ-ਮੱਥੇ 'ਤੇ। ਮਣੀ-ਮਣੀ ਟਿੱਕਾ। ਸੁਹਾਵਣੀ-ਸ਼ੋਭਨੀਕ ਹੈ। ਸਾਚੈ ਪ੍ਰੇਮਿ ਅਪਾਰ-ਸਦਾ ਥਿਰ ਪ੍ਰਭੂ ਵਿਚ ਅਥਾਹ (ਬੇਅੰਤ) ਪ੍ਰੇਮ ਹੈ। ਬਿਨੁ ਪਿਰ ਪੁਰਖੁ-ਪਤੀ ਪ੍ਰਭੂ ਤੋਂ ਬਿਨਾਂ। ਨ ਜਾਣਈ-ਨਹੀਂ ਜਾਣਦੀ। ਸਾਚੇ ਗੁਰ ਕੈ-ਸਦਾ ਸੱਚੇ ਗੁਰੂ ਨਾਲ। ਹੇਤਿ ਪਿਆਰਿ-ਪਿਆਰ ਪਾਈ ਰੱਖਦੀ ਹੈ। ਨਿਸਿ ਅੰਧਿਆਰੀ-ਅੰਧੇਰੀ ਰਾਤ, ਅਗਿਆਨਤਾ ਦੀ ਨੀਂਦ। ਰੈਣਿ-ਰਾਤ, ਜੀਵਨ ਰੂਪੀ ਰਾਤ। ਪਿਰ ਬਿਨੁ-ਪ੍ਰਭੂ ਪਤੀ ਤੋਂ ਬਿਨਾਂ। ਕਿਉ ਰੈਣਿ ਵਿਹਾਇ-ਜੀਵਨ ਰੂਪੀ ਰਾਤ ਕਿਵੇਂ ਬੀਤ ਸਕਦੀ ਹੈ। ਅੰਕੁ-ਅੰਗ। ਜਲਉ-ਸੜ ਜਾਣ। ਜਾਲੀਅਉ-ਸਾੜ ਦਿਓ। ਜਲਿ ਬਲਿ ਜਾਇ-ਸੜ ਬਲ ਜਾਣ। ਜਾ ਧਨ-ਜੇਕਰ ਜੀਵ ਇਸਤਰੀਆਂ ਨੂੰ। ਕੰਤਿ ਨ ਰਾਵਿਆ-ਪ੍ਰਭੂ ਪਤੀ ਨੇ ਪਿਆਰ ਹੀ ਨਹੀਂ ਕੀਤਾ। ਬਿਰਥਾ ਜੋਬਨੁ ਜਾਇ-ਜੁਆਨੀ ਬੇਅਰਥ ਜਾ ਰਹੀ ਹੈ।
ਸੇਜੈ ਕੰਤ-ਕੰਤ ਪ੍ਰਭੂ ਨੇ ਸੇਜ ਤੇ। ਬੂਝ ਨ ਪਾਇ-ਸੋਝੀ ਹੀ ਨਹੀਂ ਪੈਂਦੀ। ਹਉ ਸੁਤੀ-ਮੈਂ ਸੁੱਤੀ ਰਹਿੰਦੀ ਹਾਂ। ਪਿਰੁ ਜਾਗਣਾ-ਪਿਆਰਾ ਪ੍ਰਭੂ ਜਾਗਦਾ ਰਹਿੰਦਾ ਹੈ। ਕਿਸ ਕਉ ਪੂਛਉ ਜਾਇ-(ਜਾਗਣ ਦੀ ਜੁਗਤੀ ਮੈਂ) ਜਾ ਕੇ ਕਿਸ ਤੋਂ ਪੁੱਛਾਂ। ਸਤਿਗੁਰਿ ਮੇਲੀ-ਸਤਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ। ਭੈ ਵਸੀ (ਪਰਮਾਤਮਾ ਦੇ) ਡਰ ਭੈ ਵਿਚ ਵਸਦੀ ਹੈ। ਸਖਾਇ-ਜੀਵਨ ਸਾਥੀ। ਪ੍ਰੇਮੁ ਸਖਾਇ-(ਪਰਮਾਤਮਾ ਦਾ) ਪ੍ਰੇਮ ਉਸ ਦਾ ਜੀਵਨ ਸਾਥੀ ਬਣ ਜਾਂਦਾ ਹੈ।
ਇਸ ਦੂਜੀ ਅਸਟਪਦੀ ਦੇ ਪਹਿਲੇ ਚਾਰ ਪਦਿਆਂ 'ਤੇ ਵਿਚਾਰ ਪਿਛਲੇ ਮੰਗਲਵਾਰ ਵਾਲੇ ਅੰਕ ਵਿਚ ਹੋ ਚੁੱਕੀ ਹੈ। ਅੱਜ ਅਸਟਪਦੀ ਦੇ ਬਾਕੀ ਦੇ ਚਾਰ ਪਦਿਆਂ (5 ਤੋਂ 8 ਤੱਕ) 'ਤੇ ਵਿਚਾਰ ਕੀਤੀ ਜਾਵੇਗੀ।
ਪਰਮਾਤਮਾ ਦੇ ਭੈ ਵਿਚ ਰਹਿਣ ਨਾਲ ਉਹ (ਪਰਮਾਤਮਾ) ਜੀਵ ਇਸਤਰੀ ਦਾ ਸਦਾ ਲਈ ਸਾਥੀ ਬਣ ਜਾਂਦਾ ਹੈ। ਪ੍ਰੀਤਮ ਪਿਆਰੇ ਦੇ ਆਣ ਬਾਰੇ ਜਦੋਂ ਉਸ ਨੂੰ ਕੰਨਸੋਈ ਪੈਂਦੀ ਹੈ ਤਾਂ ਜੀਵ ਇਸਤਰੀ (ਸੁਹਾਗਣ) ਦੇ ਮਨ ਅੰਦਰ ਅਨੰਦਮਈ ਅਵਸਥਾ ਬਣ ਜਾਂਦੀ ਹੈ। ਉਸ ਨੂੰ ਬੜੇ ਅਚੰਭੇ ਵਾਲੀ ਗੱਲ ਲਗਦੀ ਹੈ (ਜਿਵੇਂ ਉਸ ਦੀ ਹਿਰਦਾ ਰੂਪ ਸੇਜ ਦੈਵੀ ਗੁਣਾਂ ਨਾਲ ਸ਼ਿੰਗਾਰੀ ਗਈ ਹੋਵੇ)। ਗੁਰਵਾਕ ਹੈ-
ਮੇਰੀ ਸੇਜੜੀਐ ਆਡੰਬਰੁ ਬਣਿਆ॥
ਮਨਿ ਅਨਦੁ ਭਇਆ
ਪ੍ਰਭੁ ਆਵਤ ਸੁਣਿਆ॥
(ਰਾਗੁ ਆਸਾ ਮਹਲਾ ੫, ਅੰਗ 459)
ਆਵਤ ਸੁਣਿਆ-ਆਣ ਬਾਰੇ ਸੁਣਿਆ, ਕੰਨਸੋਈ ਪਈ।
ਜਿਨ੍ਹਾਂ ਭਾਗਾਂ ਵਾਲਿਆਂ ਨੂੰ ਸੁੱਖਾਂ ਦੇ ਸੋਮੇ ਪ੍ਰਭੂ ਜੀ ਮਿਲ ਪੈਂਦੇ ਹਨ, ਉਨ੍ਹਾਂ ਦੇ ਅੰਦਰਲਾ ਫਿਰ ਚਾਵਾਂ, ਖੁਸ਼ੀਆਂ ਅਤੇ ਰਸਾਂ ਨਾਲ (ਅਨੰਦ ਨਾਲ) ਭਰ ਜਾਂਦਾ ਹੈ-
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ
ਚਾਵ ਮੰਗਲ ਰਸ ਭਰੇ॥
(ਅੰਗ 459)
ਸੁਖਹ ਗਾਮੀ-ਸੁੱਖਾਂ ਨੂੰ ਦੇਣ ਵਾਲਾ। ਸੁਆਮੀ-ਪ੍ਰਭੂ ਜੀ। ਰਸ-ਅਨੰਦ।
ਹੁਣ ਜਦੋਂ ਪ੍ਰਭੂ ਜੀ ਅੰਗ ਲੱਗ ਗਏ ਹਨ ਭਾਵ ਆਪਣੇ ਚਰਨਾਂ ਨਾਲ ਲਾ ਲਿਆ ਹੈ ਤਾਂ ਮੇਰੇ ਸਾਰੇ ਦੁੱਖ ਨਾਸ ਹੋ ਗਏ ਹਨ। ਮੇਰੀ ਜਿੰਦ, ਮਨ ਅਤੇ ਸਰੀਰ ਹਰੇ ਭਾਵ ਪ੍ਰਫੁਲਤ ਹੋ ਗਏ ਹਨ-
ਅੰਗਿ ਸੰਗਿ ਲਾਗੇ ਦੂਖ ਭਾਗੇ
ਪ੍ਰਾਣ ਮਨ ਤਨ ਸਭਿ ਹਰੇ॥
(ਅੰਗ 459)
ਪ੍ਰਾਣ-ਜਿੰਦ। ਤਨ-ਸਰੀਰ। ਹਰੇ-ਪ੍ਰਫੁਲਤ ਹੋ ਗਏ ਹਨ।
ਸ਼ਬਦ ਦੇ ਅੱਖਰੀਂ ਅਰਥ : ਅਸਟਪਦੀ ਦੇ ਆਰੰਭ ਵਿਚ ਜਗਤ ਗੁਰੂ ਬਾਬਾ ਨੇ ਦ੍ਰਿੜ੍ਹ ਕਰਵਾਇਆ ਹੈ ਕਿ ਜੋ ਜੀਵ ਇਸਤਰੀ ਇਥੇ ਆ ਕੇ ਪ੍ਰਭੂ ਪਿਆਰ ਦਾ ਦਿਖਾਵਾ ਹੀ ਕਰਦੀ ਹੈ, ਉਸ ਦੇ ਗੂੜ੍ਹੇ ਲਾਲ ਰੰਗ ਦਾ ਪਹਿਰਾਵਾ ਮਾਨੋ ਵਿਕਾਰ ਹੀ ਪੈਦਾ ਕਰਦਾ ਹੈ, ਕਿਉਂਕਿ ਪਾਖੰਡ ਕਰਨ ਨਾਲ ਕਦੇ ਮਾਲਕ ਦੇ ਪ੍ਰੇਮ ਪਿਆਰ ਨੂੰ ਨਹੀਂ ਪਾ ਸਕੀਦਾ, ਜਿਸ ਕਾਰਨ ਮਨ ਵਿਚਲਾ ਇਹ ਖੋਟ ਖੁਆਰ ਹੀ ਕਰਦਾ ਹੈ।
ਅਸਟਪਦੀ ਦੇ 5ਵੇਂ ਪਦੇ ਵਿਚ ਗੁਰੂ ਬਾਬਾ ਸੁਹਾਗਣ ਦੇ ਸੱਚੇ ਸ਼ਿੰਗਾਰ ਬਾਰੇ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੀ ਜੀਵ-ਇਸਤਰੀ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਉਂਦੀ ਹੈ, ਇਹ ਉਸ ਦਾ ਕੇਸਾਂ ਦੀਆਂ ਪਟੀਆਂ ਸੰਵਾਰਨਾ ਹੈ ਅਤੇ ਸੋਹਣੇ ਕੱਪੜੇ ਅਤੇ ਗਹਿਣਿਆਂ ਨੂੰ ਪ੍ਰਭੂ ਦੇ ਪ੍ਰੇਮ ਦਾ ਸ਼ਿੰਗਾਰ ਬਣਾਉਂਦੀ ਹੈ ਅਤੇ ਪ੍ਰਭੂ ਨੂੰ ਚਿੱਤ ਵਿਚ ਵਸਾਈ ਰੱਖਣ ਦਾ ਚੰਦਨ ਲਾਉਂਦੀ ਹੈ, ਇਸ ਪ੍ਰਕਾਰ ਜਿਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਹੈ, ਇਹ ਮਾਨੋ ਉਸ ਨੇ ਮੱਥੇ 'ਤੇ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ। ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ) ਨੂੰ ਪ੍ਰਭੂ ਦੇ ਰਹਿਣ ਲਈ ਸੁੰਦਰ ਮਹਲ ਬਣਾਇਆ ਹੈ, ਉਸ ਮਹਲ ਮੰਦਿਰ ਵਿਚ ਗੁਰੂ ਸ਼ਬਦ ਰੂਪੀ ਦੀਵਾ ਬਲ ਰਿਹਾ ਹੁੰਦਾ ਹੈ। (ਅਜਿਹੀ ਜੀਵ ਇਸਤਰੀ ਨੇ) ਪਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਦਾ ਹਾਰ ਬਣਾ ਲਿਆ ਹੈ।
ਨਾਰੀਆਂ ਵਿਚੋਂ ਸੁੰਦਰ ਲੱਗਣ ਲਈ ਮੱਥੇ 'ਤੇ ਟਿੱਕਾ ਲਾਉਣ ਦੀ ਥਾਂ ਸੁਹਾਗਣ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ ਹੈ। ਉਸ ਦੀ ਇਹ ਸੋਭਾ ਹੈ ਕਿ ਸੱਚੇ ਪ੍ਰਭੂ ਦੇ ਅਪਾਰ (ਅਥਾਹ) ਪ੍ਰੇਮ ਵਿਚ ਮਨ ਨੂੰ ਜੋੜ ਕੇ ਆਪਣੀ ਸੁਰਤ ਨੂੰ ਸੋਹਣੀ ਬਣਾ ਲਿਆ ਹੁੰਦਾ ਹੈ। ਅਜਿਹੀ ਇਸਤਰੀ ਫਿਰ ਸਦਾ ਗੁਰੂ ਦੇ ਸ਼ਬਦ ਵਿਚ ਲਿਵ ਲਾਉਣ ਦੇ ਕਾਰਨ ਆਪਣੇ ਪਤੀ-ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਪੁਰਖ ਹੀ ਨਹੀਂ ਸਮਝਦੀ-
ਇਸੁ ਜਗ ਮਹਿ ਪੁਰਖੁ ਏਕੁ ਹੈ
ਹੋਰ ਸਗਲੀ ਨਾਰਿ ਸਬਾਈ॥
(ਰਾਗੁ ਵਡਹੰਸ ਕੀ ਵਾਰ ਮਹਲਾ ੪, ਅੰਗ 591)
ਹੇ ਅਗਿਆਨਤਾ ਦੀ ਨੀਂਦ ਵਿਚ ਸੁੱਤੀ ਹੋਈ ਜੀਵ-ਇਸਤਰੀ, ਮਾਲਕ ਪ੍ਰਭੂ ਤੋਂ ਬਿਨਾਂ ਤੇਰੀ (ਜੀਵਨ ਰੂਪੀ) ਰਾਤ ਕਿਵੇਂ ਲੰਘਦੀ ਹੈ? ਸੜ ਜਾਣ ਉਹ ਅੰਗ, ਸੜ ਜਾਵੇ ਉਹ ਸਰੀਰ, ਮਨ ਤੇ ਸਾਰਾ ਧਨ ਵੀ ਸੜ ਜਾਵੇ ਭਾਵ ਇਹ ਕਿਸੇ ਕੰਮ ਨਹੀਂ, ਜੇਕਰ ਮਾਲਕ ਪ੍ਰਭੂ ਨੇ ਹੇ ਜੀਵ-ਇਸਤਰੀ ਤੈਨੂੰ ਰਾਵਿਆ ਹੀ ਨਹੀਂ ਭਾਵ ਤੇਰੇ ਨਾਲ ਪਿਆਰ ਹੀ ਨਹੀਂ ਕੀਤਾ, ਜਿਸ ਕਾਰਨ ਤੇਰੀ ਸਾਰੀ ਜੁਆਨੀ ਬੇਅਰਥ ਹੀ ਗੁਜ਼ਰ ਗਈ।
ਜੀਵ-ਇਸਤਰੀ ਭਾਵੇਂ ਸੁੱਤੀ ਤਾਂ ਮਾਲਕ ਪ੍ਰਭੂ ਦੀ ਸੇਜ 'ਤੇ ਹੀ ਪਈ ਹੈ ਪਰ ਇਸ ਨਿਭਾਗੀ ਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਮੈਂ ਤਾਂ ਸੁੱਤੀ ਪਈ ਹਾਂ ਪਰ ਮੇਰਾ ਮਾਲਕ ਪ੍ਰਭੂ ਜਾਗਦਾ ਹੈ। ਹੇ ਪ੍ਰਭੂ, ਤਾਂ ਫਿਰ ਇਸ ਨੀਂਦ ਵਿਚੋਂ ਜਾਗਣ ਦੀ ਜਾਚ ਮੈਂ ਜਾ ਕੇ ਕਿਸ ਤੋਂ ਪੁੱਛਾਂ?
ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਜੀਵ-ਇਸਤਰੀ ਨੂੰ ਸਤਿਗੁਰੂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦਿੰਦਾ ਹੈ, ਉਹ ਫਿਰ ਪਰਮਾਤਮਾ ਦੇ ਭੈ ਵਿਚ ਵਸਦੀ ਹੈ ਅਤੇ ਪਰਮਾਤਮਾ ਦਾ ਪਿਆਰ (ਸਦਾ ਲਈ) ਉਸ ਦਾ ਸਾਥੀ ਬਣ ਜਾਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਬਦ-ਸ਼ਕਤੀ ਦੀ ਉੱਤਮ ਵਰਤੋਂ ਹੀ ਕਰਮਯੋਗ ਹੈ

ਸ਼ਬਦਾਂ ਦੀ ਵਰਤੋਂ ਸਾਡੇ ਕਰਮ ਦਾ ਹੀ ਇਕ ਰੂਪ ਹੈ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਭਾਵੇਂ ਅਸੀਂ ਸ਼ਬਦਾਂ ਦਾ ਦਾਰਸ਼ਨਿਕ ਅਤੇ ਧਾਰਮਿਕ ਮਹੱਤਵ ਛੱਡ ਵੀ ਦੇਈਏ ਤਾਂ ਵੀ ਸਾਡੇ ਜੀਵਨ ਵਿਚ ਸ਼ਬਦ ਪ੍ਰਤੀਕ ਦਾ ਵਿਸ਼ੇਸ਼ ਮਹੱਤਵ ਹੈ। ਜੇ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਤਾਂ ਮੇਰੇ ਸ਼ਬਦ ਤੁਹਾਡੇ ਕੰਨਾਂ ਰਾਹੀਂ ਤੁਹਾਡੇ ਮਨ 'ਤੇ ਅਸਰ ਪਾਉਂਦੇ ਹਨ। ਇਸ ਨੂੰ ਤੁਸੀਂ ਰੋਕ ਨਹੀਂ ਸਕਦੇ। ਇਕ ਮਨੁੱਖ ਦੂਜੇ ਨੂੰ ਬੇਵਕੂਫ ਕਹਿ ਦਿੰਦਾ ਹੈ ਤਾਂ ਦੂਜਾ ਉਸ ਦੇ ਵਿਰੁੱਧ ਖੜ੍ਹਾ ਹੋ ਜਾਂਦਾ ਹੈ ਅਤੇ ਉਸ 'ਤੇ ਹਮਲਾ ਕਰ ਦਿੰਦਾ ਹੈ। ਇਹ ਸ਼ਬਦਾਂ ਦੀ ਨਕਾਰਾਤਮ ਵਰਤੋਂ ਹੈ। ਦੂਜੇ ਪਾਸੇ ਇਕ ਔਰਤ ਦੁੱਖ ਕਾਰਨ ਫੁੱਟ-ਫੁੱਟ ਕੇ ਰੋ ਰਹੀ ਹੈ ਅਤੇ ਦੂਜੀ ਔਰਤ ਆ ਕੇ ਉਸ ਨੂੰ ਸਾਂਤਵਨਾ ਦੇ ਸ਼ਬਦ ਕਹਿੰਦੀ ਹੈ, ਜਿਸ ਨਾਲ ਰੋ ਰਹੀ ਔਰਤ ਸ਼ਾਂਤ ਹੋ ਜਾਂਦੀ ਹੈ ਤੇ ਖੜ੍ਹੀ ਹੋ ਜਾਂਦੀ ਹੈ। ਇਹ ਹੈ ਸ਼ਬਦਾਂ ਦੀ ਸ਼ਕਤੀ। ਸੈਨਾਪਤੀ ਦੇ ਸ਼ਬਦ ਉਸ ਦੇ ਸਿਪਾਹੀਆਂ ਵਿਚ ਜੋਸ਼ ਭਰ ਦਿੰਦੇ ਹਨ ਅਤੇ ਉਸ ਦੇ ਕਹੇ ਅਨੁਸਾਰ ਮਰ-ਮਿਟਣ ਲਈ ਤਿਆਰ ਹੋ ਜਾਂਦੇ ਹਨ।
ਪਰ ਸ਼ਬਦਾਂ ਦੀ ਉੱਤਮ ਵਰਤੋਂ ਹੀ ਕਰਮਯੋਗ ਹੈ। ਇਨ੍ਹਾਂ ਦੀ ਵਰਤੋਂ ਨਾਲ ਹੀ ਬੁਖਲਾਹਟ/ਖਲਬਲੀ ਪੈਦਾ ਹੋ ਜਾਂਦੀ ਹੈ ਤਾਂ ਸ਼ਬਦਾਂ ਨਾਲ ਹੀ ਸ਼ਾਂਤੀ ਪੈਦਾ ਹੋ ਜਾਂਦੀ ਹੈ। ਉੱਚ ਦਰਸ਼ਨ ਵਿਚ ਵੀ ਜਿਵੇਂ ਸ਼ਬਦ ਸ਼ਕਤੀ ਦਾ ਪਰਿਚਯ ਮਿਲਦਾ ਹੈ, ਉਸੇ ਤਰ੍ਹਾਂ ਸਾਧਾਰਨ ਜੀਵਨ ਵਿਚ ਵੀ। ਇਸ ਸ਼ਕਤੀ ਦੇ ਸਬੰਧ ਵਿਚ ਅਸੀਂ ਵਿਸ਼ੇਸ਼ ਵਿਚਾਰ ਜਾਂ ਖੋਜ ਕੀਤੇ ਬਿਨਾਂ ਇਨ੍ਹਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਦੇ ਸ਼ਕਤੀ ਸਰੂਪ ਨੂੰ ਜਾਣਨਾ ਅਤੇ ਇਨ੍ਹਾਂ ਦੀ ਉੱਤਮ ਰੂਪ ਵਿਚ ਵਰਤੋਂ ਹੀ ਕਰਮਯੋਗ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਗੁਰੂ ਅਰਜਨ ਬਾਣੀ ਦਾ ਦਾਰਸ਼ਨਿਕ ਪਰਿਪੇਖ
ਲੇਖਿਕਾ : ਡਾ: ਸਰਬਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।
ਪੰਨੇ : 152, ਕੀਮਤ : 300 ਰੁਪਏ
ਸੰਪਰਕ : 94786-58493


ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬੋਹਿਥ ਬਣ ਕੇ ਪ੍ਰਗਟ ਹੋਏ। ਆਪ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਸਭ ਤੋਂ ਵੱਧ ਬਾਣੀ ਰਚੀ। ਮਨੁੱਖਤਾ ਨੂੰ ਆਪ ਜੀ ਦੀ ਅਮੋਲਕ ਦੇਣ ਹੈ। ਰਚਨਾਤਮਕ, ਕਲਾਤਮਕ, ਅਧਿਆਤਮਕ, ਸਮਾਜਿਕ, ਦਾਰਸ਼ਨਿਕ ਅਤੇ ਨੈਤਿਕ ਪੱਖੋਂ ਆਪ ਦੀ ਬਾਣੀ ਬੇਮਿਸਾਲ ਅਤੇ ਬਾਕਮਾਲ ਹੈ। ਬਾਣੀ ਸਰਬਕਾਲੀ ਅਤੇ ਸਰਬਦੇਸੀ ਹੈ। ਸਾਰੀ ਮਨੁੱਖਤਾ ਦਾ ਭਲਾ ਕਰਨ ਵਾਲੀ ਬਾਣੀ ਇਨਸਾਨ ਨੂੰ ਪ੍ਰੇਮ, ਭਾਈਚਾਰੇ, ਪਵਿੱਤਰਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਅਧਿਆਤਮਕਤਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪੰਚਮ ਪਾਤਸ਼ਾਹ ਜੀ ਦੀ ਰਚੀ ਅਤੇ ਸੰਕਲਿਤ ਕੀਤੀ ਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿਚ ਸੱਚ, ਸਦਾਚਾਰ ਅਤੇ ਰੂਹਾਨੀਅਤ ਦਾ ਪ੍ਰਕਾਸ਼ ਕਰਦੀ ਹੈ।
ਸੁਜਾਨ ਲੇਖਿਕਾ ਨੇ ਇਸ ਪੁਸਤਕ ਵਿਚ ਬਾਣੀ ਦੇ ਵੱਖੋ-ਵੱਖ ਪਹਿਲੂ ਉਜਾਗਰ ਕੀਤੇ ਹਨ। ਉਸ ਨੇ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡ ਕੇ ਖੋਜ ਭਰਪੂਰ ਲੇਖ ਲਿਖੇ ਹਨ। ਪਹਿਲੇ ਭਾਗ ਵਿਚ ਭਾਰਤੀ ਅਧਿਆਤਮਕ ਪਰੰਪਰਾ ਅਤੇ ਗੁਰਮਤਿ ਵਿਚਾਰਧਾਰਾ, ਬਾਣੀ ਅਤੇ ਦਰਸ਼ਨ ਦੇ ਅੰਤਰ ਸਬੰਧਾਂ, ਗੁਰਮਤਿ ਵਿਚਾਰਧਾਰਾ ਦੇ ਮੂਲ ਸਰੋਕਾਰਾਂ ਅਤੇ ਵਿਲੱਖਣਤਾ ਦੀ ਵਿਆਖਿਆ ਕੀਤੀ ਗਈ ਹੈ। ਦੂਜੇ ਭਾਗ ਵਿਚ ਬ੍ਰਹਮ, ਜੀਵ ਆਤਮਾ ਅਤੇ ਜਗਤ ਦੀ ਦਾਰਸ਼ਨਿਕਤਾ ਪ੍ਰਤੀ ਵਿਚਾਰ ਪ੍ਰਗਟਾਏ ਗਏ ਹਨ। ਤੀਜੇ ਭਾਗ ਵਿਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਮੂਲ ਸੰਕਲਪ ਉਜਾਗਰ ਕੀਤੇ ਗਏ ਹਨ, ਜਿਵੇਂ ਨਾਮ, ਗੁਰੂ, ਨੈਤਿਕ ਕਦਰਾਂ-ਕੀਮਤਾਂ, ਹੁਕਮ, ਮੁਕਤੀ, ਵੈਰਾਗ, ਗੁਰਮੁਖ, ਅਰਦਾਸ ਆਦਿ। ਚੌਥੇ ਭਾਗ ਵਿਚ ਸ੍ਰੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਦਾ ਵਰਤਮਾਨ ਪਰਿਪੇਖ ਵਿਚਾਰਿਆ ਗਿਆ ਹੈ। ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਲੈ ਕੇ ਅੱਜ ਤੱਕ ਬਾਣੀ ਸਾਰਥਕ ਅਤੇ ਪ੍ਰਕਾਸ਼ਮਈ ਹੈ ਅਤੇ ਸਦਾ ਰਹੇਗੀ। ਧੁਰ ਦੀ ਬਾਣੀ ਹੋਣ ਦੇ ਨਾਲ-ਨਾਲ ਇਹ ਆਮ ਲੋਕਾਂ ਨਾਲ ਨਾਤਾ ਜੋੜਦੀ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਆਈ ਹੈ। ਮਹਾਰਾਜ ਜੀ ਦੀ ਉੱਚੀ-ਸੁੱਚੀ ਵਿਚਾਰਧਾਰਾ ਆਪਣੀ ਸਰਲਤਾ, ਸਪੱਸ਼ਟਤਾ, ਏਕਤਾ ਅਤੇ ਪਰਉਪਕਾਰੀ ਭਾਵਨਾ ਕਰਕੇ ਸਾਡੀਆਂ ਸੁਰਤੀਆਂ, ਬਿਰਤੀਆਂ ਦਾ ਸ਼ਿੰਗਾਰ ਬਣੀ ਹੋਈ ਹੈ। ਇਸ ਮਹੱਤਵਪੂਰਨ ਪੁਸਤਕ ਦਾ ਹਾਰਦਿਕ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਨਵਾਬ ਕਪੂਰ ਸਿੰਘ-ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਹੋਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਨਵਾਬ ਕਪੂਰ ਸਿੰਘ ਦੇ ਮੁੱਖੋਂ ਭਾਵੇਂ ਇਹ ਸ਼ਬਦ ਸੁਤੇ ਸਿਧ ਹੀ ਨਿਕਲ ਗਏ ਸਨ ਪਰ ਇਹ ਸ਼ਬਦ ਇੰਨ-ਬਿੰਨ ਠੀਕ ਸਾਬਤ ਹੋਏ। ਅਸਲ ਵਿਚ ਨਵਾਬ ਕਪੂਰ ਸਿੰਘ ਦੇ ਬੋਲਾਂ ਵਿਚ ਇਕ ਭੇਦ ਭਰੀ ਗੱਲ ਲੁਕੀ ਹੋਈ ਸੀ ਅਤੇ ਉਹ ਇਹ ਸੀ ਕਿ ਖ਼ਾਲਸਾ ਪੰਥ ਜੱਸਾ ਸਿੰਘ ਨੂੰ ਮਹਾਨ ਮੰਨਦਾ ਹੈ ਅਤੇ ਨਾਲ ਇਹ ਵੀ ਆਸ ਕਰਦਾ ਹੈ ਕਿ ਸ: ਜੱਸਾ ਸਿੰਘ ਸਮਾਜਿਕ ਬਰਾਬਰੀ ਦੇ ਨਿਯਮਾਂ ਨੂੰ ਆਪਣੇ ਸੁਆਸਾਂ ਨਾਲ ਨਿਭਾਏ। ਸ: ਜੱਸਾ ਸਿੰਘ ਨੇ ਇਸ ਨੂੰ ਨਿਭਾਇਆ ਅਤੇ ਅਮਲ ਵਿਚ ਲਿਆਂਦਾ। ਉਹ ਸਭ ਸਹੀ ਸਾਬਤ ਹੋਇਆ, ਜਿਸ ਦੀ ਭਵਿੱਖਬਾਣੀ ਨਵਾਬ ਕਪੂਰ ਸਿੰਘ ਨੇ ਕੀਤੀ ਸੀ। ਸੰਨ 1761 ਈ: ਵਿਚ ਲਾਹੌਰ ਦੇ ਨਵਾਬ ਖੁਆਜਾ ਅਬਦੁੱਲਾ ਨੂੰ ਗੁਜਰਾਂਵਾਲੇ 'ਤੇ ਹੱਲਾ ਕਰਨ ਗਏ ਨੂੰ ਭਾਂਜ ਦੇ ਕੇ ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠਾਂ ਜਦ ਖ਼ਾਲਸਾ ਲਾਹੌਰ ਸ਼ਹਿਰ ਵਿਚ ਦਾਖ਼ਲ ਹੋਇਆ ਤਾਂ ਸਿੰਘਾਂ ਨੇ ਸ: ਜੱਸਾ ਸਿੰਘ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ।
ਸ: ਜੱਸਾ ਸਿੰਘ 1729 ਈ: ਤੋਂ ਪਿੱਛੋਂ ਹਮੇਸ਼ਾ ਹੀ ਸ: ਕਪੂਰ ਸਿੰਘ ਦੀਆਂ ਸਾਰੀਆਂ ਮੁਹਿੰਮਾਂ ਵਿਚ ਨਾਲ ਰਿਹਾ। ਸ: ਜੱਸਾ ਸਿੰਘ ਦਲੇਰ ਅਤੇ ਹਿੰਮਤੀ ਨੌਜਵਾਨ ਸੀ, 1738 ਈ: ਤੱਕ ਉਸ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਵਿਚ ਹੋਣ ਲੱਗ ਪਈ। ਨਾਦਰ ਸ਼ਾਹ ਜਨਵਰੀ, 1739 ਈ: ਨੂੰ ਲਾਹੌਰ ਪਹੁੰਚਿਆ ਅਤੇ ਜ਼ਕਰੀਆ ਖਾਨ ਨੂੰ ਈਨ ਮਨਾ ਕੇ ਦਿੱਲੀ ਚਲਾ ਗਿਆ। ਨਾਦਰ ਸ਼ਾਹ ਨੇ ਦਿੱਲੀ ਨੂੰ ਖੂਬ ਲੁੱਟਿਆ ਅਤੇ ਹਿੰਦੁਸਤਾਨ ਦਾ ਧਨ, ਦੌਲਤ, ਬਹੂ-ਬੇਟੀਆਂ ਨੂੰ ਆਪਣੇ ਨਾਲ ਲੈ ਕੇ ਵਾਪਸ ਚਾਲੇ ਪਾਏ। ਸ: ਜੱਸਾ ਸਿੰਘ ਦੀ ਉਮਰ ਉਸ ਸਮੇਂ 20 ਸਾਲ ਦੇ ਕਰੀਬ ਸੀ। ਉਸ ਨੇ ਸਿੰਘਾਂ ਨੂੰ ਨਾਲ ਲੈ ਕੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਹਰ ਪੜਾਅ 'ਤੇ ਨਾਦਰ ਸ਼ਾਹ ਦੀ ਫ਼ੌਜ ਦੇ ਕਾਫਲੇ 'ਤੇ ਹਮਲਾ ਕਰਕੇ ਖੂਬ ਲੁੱਟਿਆ। ਨਾਦਰ ਸ਼ਾਹ ਨੇ ਗੁੱਸੇ ਵਿਚ ਆਪਣੇ ਸੁਭਾਅ ਮੁਤਾਬਿਕ ਜਦ ਜ਼ਕਰੀਆ ਖਾਨ ਨੂੰ ਕਿਹਾ ਕਿ 'ਇਨ੍ਹਾਂ ਦੇ ਘਰ-ਘਾਟ ਫੂਕ ਦਿਓ' ਤਾਂ ਜ਼ਕਰੀਆ ਨੇ ਕਿਹਾ, 'ਹਜ਼ੂਰ! ਇਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਹਨ।' ਤਾਂ ਨਾਦਰ ਸ਼ਾਹ ਨੇ ਥੋੜ੍ਹਾ ਮੁਸਕਰਾਉਂਦਿਆਂ ਕਿਹਾ, 'ਅਜਿਹੇ ਲੋਕਾਂ ਤੋਂ ਤਾਂ ਡਰਨਾ ਚਾਹੀਦਾ ਹੈ। ਉਹ ਸਮਾਂ ਦੂਰ ਨਹੀਂ ਜਦ ਇਹ ਸਿਰ ਉਠਾਉਣਗੇ ਤੇ ਇਸ ਮੁਲਕ ਦੇ ਮਾਲਕ ਬਣ ਜਾਣਗੇ।' ਇਸ ਸਮੇਂ ਸ: ਜੱਸਾ ਸਿੰਘ ਦੀ ਬੀਰਤਾ ਅਤੇ ਸੂਝ ਨੇ ਸਿੱਖ ਪੰਥ ਵਿਚ ਉਸ ਦਾ ਪ੍ਰਭਾਵ ਬਹੁਤ ਵਧਾਇਆ।
ਨਾਦਰ ਸ਼ਾਹ ਦੇ ਕਹਿਣ 'ਤੇ ਜ਼ਕਰੀਆ ਖਾਨ ਹੋਰ ਸੁਚੇਤ ਹੋ ਗਿਆ। ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਸਖ਼ਤ ਕਾਰਵਾਈਆਂ ਦਾ ਫੈਸਲਾ ਕੀਤਾ। ਸਖ਼ਤੀ ਦਾ ਦੌਰ ਫਿਰ ਸ਼ੁਰੂ ਹੋਇਆ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਿਬਾਜ਼ ਸਿੰਘ, ਭਾਈ ਹਕੀਕਤ ਰਾਇ ਅਤੇ ਹੋਰ ਅਨੇਕਾਂ ਸ਼ਹੀਦ ਕੀਤੇ ਗਏ। ਸਿੱਖਾਂ ਨੂੰ ਮਾਰਨ ਲਈ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਸਰੋਵਰਾਂ 'ਤੇ ਚੌਕੀਆਂ ਜ਼ਿਆਦਾ ਚੌਕਸ ਕਰ ਦਿੱਤੀਆਂ ਗਈਆਂ। ਮੱਸੇ ਰੰਗੜ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਦੇ ਦੌਰ ਚਲਾਏ, ਹੁੱਕਾ ਪੀਤਾ ਜਾਂਦਾ, ਕੰਜਰੀਆਂ ਦਾ ਮੁਜਰਾ ਹੁੰਦਾ। ਸਿੱਖਾਂ ਉੱਤੇ ਮੁਗ਼ਲਾਂ ਵਲੋਂ ਅਨੇਕ ਤਰ੍ਹਾਂ ਨਾਲ ਅੱਤਿਆਚਾਰ ਕੀਤੇ ਗਏ। ਸਿੰਘਾਂ ਦੇ ਜਥੇ ਮਾਲਵੇ ਵੱਲ ਨੂੰ ਨਿਕਲ ਗਏ। ਜ਼ਕਰੀਆ ਖਾਨ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਯਹੀਆ ਖਾਂ ਤਖ਼ਤ 'ਤੇ ਬੈਠਿਆ। ਉਸ ਨੇ ਵੀ ਆਪਣੇ ਪਿਓ ਵਾਲੀ ਸਿੱਖਾਂ ਵਿਰੁੱਧ ਨੀਤੀ ਜਾਰੀ ਰੱਖੀ।
ਮੁਗ਼ਲ ਗਸ਼ਤੀ ਫ਼ੌਜਾਂ ਸਿੱਖਾਂ ਦਾ ਕਾਫੀਆ ਤੰਗ ਕਰਨ ਲੱਗੀਆਂ। ਸ: ਜੱਸਾ ਸਿੰਘ ਅਤੇ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੇ ਜਥੇ ਗਸ਼ਤੀ ਫ਼ੌਜ ਦੁਆਰਾ ਧੱਕੇ ਜਾਂਦੇ ਹੋਏ ਝਲੋ ਝੱਲ ਪਹਾੜ ਵੱਲ ਜਾ ਰਹੇ ਸਨ ਕਿ ਦੀਵਾਨ ਲਖਪਤ ਰਾਏ ਦਾ ਭਰਾ ਦੀਵਾਨ ਜਸਪਤ ਰਾਏ ਇਨ੍ਹਾਂ ਜਥਿਆਂ ਦੇ ਮਗਰ ਪੈ ਗਿਆ ਅਤੇ ਇਨ੍ਹਾਂ ਨੂੰ ਐਮਨਾਬਾਦ ਵੱਲ ਧੱਕ ਦਿੱਤਾ। ਦੀਵਾਨ ਜਸਪਤ ਰਾਏ ਤੇ ਬਾਕੀ ਜਦੋਂ ਸਿੰਘਾਂ ਨੂੰ ਤੰਗ ਕਰਨੋ ਨਾ ਹਟੇ ਤਾਂ ਨਿਬਾਹੂ ਸਿੰਘ ਨੇ ਹਾਥੀ ਦੇ ਹੁੱਦੇ ਵਿਚ ਹੀ ਜਸਪਤ ਰਾਏ ਨੂੰ ਮਾਰ ਮੁਕਾਇਆ। ਇਸ ਘਟਨਾ ਨਾਲ ਹੁਕਮਰਾਨ ਜਮਾਤ ਨੂੰ ਹੋਰ ਰੋਹ ਚੜ੍ਹ ਗਿਆ। ਦੀਵਾਨ ਲਖਪਤ ਰਾਏ ਆਪਣੇ ਭਰਾ ਦੀ ਮੌਤ ਬਾਰੇ ਖ਼ਬਰ ਸੁਣ ਕੇ ਕ੍ਰੋਧ ਵਿਚ ਆ ਗਿਆ ਅਤੇ ਯਹੀਆ ਖਾਂ ਦੇ ਕੋਲ ਜਾ ਕੇ ਪਿੱਟਿਆ। ਮੁਗ਼ਲਾਂ ਨੂੰ ਹੋਰ ਕੀ ਚਾਹੀਦਾ ਸੀ? ਯਹੀਆ ਖਾਂ ਨੇ ਦੀਵਾਨ ਲਖਪਤ ਰਾਏ ਨੂੰ ਥਾਪੜਾ ਦਿੱਤਾ ਤਾਂ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਸਾਰੇ ਸਿੱਖ ਦੁਕਾਨਦਾਰ, ਸਰਕਾਰੀ ਨੌਕਰ ਫੜਵਾ ਕੇ ਕਤਲ ਕਰਵਾ ਦਿੱਤੇ। ਦੀਵਾਨ ਲਖਪਤ ਰਾਏ ਦੇ ਹਿਰਦੇ ਨੂੰ ਤਾਂ ਹੀ ਠੰਢ ਪੈਂਦੀ ਸੀ ਜੇ ਉਹ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋ ਅਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਨੂੰ ਸਜ਼ਾ ਦੇਵੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਬਰਸੀ 'ਤੇ ਵਿਸ਼ੇਸ਼

ਸੰਤ ਬਾਬਾ ਅਮਰਜੀਤ ਸਿੰਘ ਮੁੰਡਾ ਪਿੰਡ

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਵਰੋਸਾਏ 'ਬਿਧੀ ਚੰਦ ਛੀਨਾ॥ ਗੁਰੂ ਕਾ ਸੀਨਾ' ਬਹਾਦਰ ਬਾਬਾ ਬਿਧੀ ਚੰਦ ਦੀ ਅੰਸ਼-ਵੰਸ਼ ਵਿਚੋਂ ਬ੍ਰਹਮ ਗਿਆਨੀ ਸੰਤ ਬਾਬਾ ਲਛਮਣ ਸਿੰਘ ਦੇ ਸਪੁੱਤਰ ਬਾਬਾ ਗੋਬਿੰਦ ਸਿੰਘ ਦੇ ਘਰ ਜਪੀ, ਤਪੀ, ਹਠੀ, ਤਿਆਗੀ, ਮਹਾਤਮਾ, ਸੰਤ ਬਾਬਾ ਅਮਰਜੀਤ ਸਿੰਘ ਦਾ ਜਨਮ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ 26 ਜਨਵਰੀ 1962 ਵਿਚ ਮੁੰਡਾ ਪਿੰਡ, ਤਰਨ ਤਾਰਨ ਵਿਖੇ ਹੋਇਆ। ਆਪ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰਬਾਣੀ ਦੀ ਸੰਥਿਆ ਬਾਬਾ ਮਹਿੰਦਰ ਸਿੰਘ ਹੁਰਾਂ ਕੋਲੋਂ ਪ੍ਰਾਪਤ ਕੀਤੀ। ਆਪ ਰੋਜ਼ਾਨਾ 7 ਬਾਣੀਆਂ ਦਾ ਨਿਤਨੇਮ, 40 ਮਾਲਾ ਮੂਲ ਮੰਤਰ, ਚੰਡੀ ਦੀ ਵਾਰ ਅਤੇ ਅਕਾਲ ਉਸਤਤਿ ਦਾ ਜਾਪ ਕਰਦੇ ਸਨ।
ਆਪ ਦਾ ਅਨੰਦ ਕਾਰਜ ਬੀਬੀ ਕੁਲਵੰਤ ਕੌਰ ਨਾਲ ਹੋਇਆ। ਆਪ ਦੇ ਦੋ ਸਪੁੱਤਰ ਬਾਬਾ ਬੰਤਾ ਸਿੰਘ ਅਤੇ ਬਾਬਾ ਜੀਵਾ ਸਿੰਘ ਅਤੇ ਇਕ ਸਪੁੱਤਰੀ ਬੀਬੀ ਸ਼ਰਨਜੀਤ ਕੌਰ ਹੈ। ਆਪ ਸਿੱਖ ਪੰਥ ਨੂੰ ਸਦਾ ਸਮਰਪਿਤ ਰਹੇ। ਆਪ ਦਾ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਅਥਾਹ ਪ੍ਰੇਮ ਸੀ।
ਆਪ ਨੇ ਅਨੇਕਾਂ ਗੁਰਧਾਮਾਂ ਦੀ ਸੇਵਾ ਕਰਵਾਈ, ਗੁਰਮਤਿ ਵਿਦਿਆਲੇ ਬਣਾਏ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੌਨਵੈਂਟ ਸਕੂਲ, ਸੀ. ਬੀ. ਐੱਸ. ਈ. ਜਾਮਾਰਾਏ ਵਿਖੇ ਬਣਾਇਆ।
ਆਪ ਦਾ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿ: ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਅਥਾਹ ਪ੍ਰੇਮ ਸੀ। ਇਕ ਦਿਨ ਅਚਾਨਕ ਉਨ੍ਹਾਂ ਨੂੰ ਕਹਿੰਦੇ ਕਿ ਬੱਚਿਆਂ ਦੀ ਬਾਂਹ ਤੁਹਾਨੂੰ ਫੜਾ ਚੱਲਿਆਂ। ਇਨ੍ਹਾਂ ਨੂੰ ਵਿੱਦਿਆ ਦਾ ਦਾਨ ਬਖਸ਼ਿਓ। ਆਪ ਕੇਵਲ 47 ਸਾਲ ਦੀ ਉਮਰ ਵਿਚ 4 ਜੂਨ 2009 ਵਾਲੇ ਦਿਨ ਪਰਮਾਤਮਾ ਵਿਚ ਅਭੇਦ ਹੋ ਗਏ।
ਆਪ ਤੋਂ ਬਾਅਦ ਸੰਪ੍ਰਦਾਇ ਬਹਾਦਰ ਬਾਬਾ ਬਿਧੀ ਚੰਦ, ਜਥਾ ਮੁੰਡਾ ਪਿੰਡ ਦੀ ਸੇਵਾ ਮੁੱਖ ਸੇਵਾਦਾਰ ਬਾਬਾ ਬੰਤਾ ਸਿੰਘ ਨਿਭਾਅ ਰਹੇ ਹਨ ਅਤੇ ਬਾਬਾ ਜੀਵਾ ਸਿੰਘ ਦਮਦਮੀ ਟਕਸਾਲ ਵਿਚ ਵਿੱਦਿਆ ਪੜ੍ਹਦੇ ਅਤੇ ਸੇਵਾ ਕਰਦੇ ਹਨ। ਕਥਾ ਰਾਹੀਂ ਦੇਸ਼-ਵਿਦੇਸ਼ਾਂ ਵਿਚ ਸੰਗਤਾਂ ਨੂੰ ਗੁਰੂ-ਘਰ ਨਾਲ ਜੋੜ ਰਹੇ ਹਨ। ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਅਮਰਜੀਤ ਸਿੰਘ ਦੀ ਸਾਲਾਨਾ ਬਰਸੀ ਹਰ ਸਾਲ ਗੁਰਦੁਆਰਾ ਬਾਬੇ ਦਾ ਖੂਹ, ਮੁੰਡਾ ਪਿੰਡ (ਤਰਨ ਤਾਰਨ) ਵਿਖੇ 4 ਜੂਨ ਨੂੰ ਮਨਾਈ ਜਾਂਦੀ ਹੈ।


-ਹਰਵਿੰਦਰ ਸਿੰਘ ਧੂੰਦਾ,
ਫਤਿਆਬਾਦ (ਤਰਨ ਤਾਰਨ)।

ਧਰਮ ਦਾ ਰੁੱਖਾਂ ਪ੍ਰਤੀ ਦ੍ਰਿਸ਼ਟੀਕੋਣ

ਰੁੱਖ ਸੁੱਖ ਦਾ ਦੂਜਾ ਨਾਂਅ ਹੈ। ਇਹ ਵਾਤਾਵਰਨ ਤੇ ਜੀਵਨ ਦੀ ਧੜਕਣ ਹਨ। ਇਹ ਸਾਨੂੰ ਆਕਸੀਜਨ ਹੀ ਨਹੀਂ ਦਿੰਦੇ, ਜ਼ਿੰਦਗੀ ਨੂੰ ਸੁਹਾਵਣੀ ਵੀ ਬਣਾਉਂਦੇ ਹਨ। ਬਾਗਾਂ ਦੀ ਸੈਰ ਦੇ ਰਮਣੀਕ ਪਲ ਸਵਰਗਾਂ ਦੀ ਬਾਤ ਪਾਉਂਦੇ ਹਨ। ਇਹ ਮਨ ਅੰਦਰ ਤਾਜ਼ਗੀ ਤੇ ਉਤਸ਼ਾਹ ਦੀਆਂ ਤਰੰਗਾਂ ਛੇੜ ਦਿੰਦੇ ਹਨ। ਹਵਾ ਨਾਲ ਗੱਲਾਂ ਕਰਦੇ ਹਰੇ-ਭਰੇ ਫਲਾਂ ਲੱਦੇ ਰੁੱਖ, ਕੁਦਰਤ ਦੇ ਸਦਾਬਹਾਰ ਉਤਸਵ ਦਾ ਹਿੱਸਾ ਹਨ।
ਗੁਰਬਾਣੀ ਵਿਚ ਰੁੱਖਾਂ ਨੂੰ ਦਰਵੇਸ਼ ਦਾ ਮੁਕਾਮ ਹਾਸਲ ਹੈ। ਧੁੱਪ ਦੇ ਕਹਿਰ ਨੂੰ ਸਹਿ ਕੇ ਵੀ ਰੁੱਖ ਠੰਢੀ ਛਾਂ ਵਰਤਾਉਂਦੇ ਹਨ। ਇਸੇ ਤਰ੍ਹਾਂ ਦਰਵੇਸ਼ ਨੂੰ ਸੰਸਾਰ ਦਾ ਦੁੱਖ ਵੰਡਾਅ ਕੇ ਮਾਨਵਤਾ ਤੇ ਸੁੱਖ ਦੀ ਛਾਂ ਕਰਨੀ ਚਾਹੀਦੀ ਹੈ। ਸ੍ਰੀਮਦ ਭਾਗਵਤ ਪੁਰਾਣ ਰੁੱਖਾਂ ਨੂੰ ਬੇਹੱਦ ਉਪਯੋਗੀ, ਸ੍ਰੇਸ਼ਟ ਤੇ ਜੀਵਨ ਮੁੱਲਾਂ ਦੇ ਸੰਚਾਰ ਕਰਨ ਲਈ ਪ੍ਰੇਰਕ ਸੋਮੇ ਵਜੋਂ ਪ੍ਰਵਾਨ ਕਰਦਾ ਹੈ। ਇਸ ਪੁਰਾਣ ਅਨੁਸਾਰ ਰੁੱਖ ਬਹੁਤ ਭਾਗਾਂ ਵਾਲੇ ਹਨ। ਇਨ੍ਹਾਂ ਦਾ ਸਾਰਾ ਜੀਵਨ ਦੂਜਿਆਂ ਦੀ ਭਲਾਈ ਲਈ ਹੈ। ਇਹ ਹਵਾ, ਮੀਂਹ, ਪਾਲਾ ਸਭ ਨੂੰ ਸਹਿ ਕੇ ਸਾਡੀ ਰੱਖਿਆ ਕਰਦੇ ਹਨ। ਇਨ੍ਹਾਂ ਦਾ ਜੀਵਨ ਸਭ ਤੋਂ ਸ੍ਰੇਸ਼ਟ ਹੈ। ਇਹ ਸਭ ਪ੍ਰਾਣੀਆਂ ਨੂੰ ਸਹਾਰਾ ਦਿੰਦੇ ਹਨ। ਇਨ੍ਹਾਂ ਤੋਂ ਸਾਡੇ ਜੀਵਨ ਦਾ ਨਿਰਬਾਹ ਹੁੰਦਾ ਹੈ। ਰੁੱਖਾਂ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਇਹ ਆਪਣੇ ਫਲ, ਫੁੱਲ, ਛਾਂ, ਲੱਕੜੀ, ਸੁਗੰਧ, ਗੂੰਦ, ਰਾਖ ਤੇ ਕੋਇਲੇ ਨਾਲ ਸਭ ਦੀ ਕਾਮਨਾ ਪੂਰੀ ਕਰਦੇ ਹਨ। ਰੁੱਖਾਂ ਵਾਂਗ ਸਾਨੂੰ ਵੀ ਆਪਣੇ ਵਿਵੇਕ, ਵਿਚਾਰ, ਬਚਨ ਤੇ ਪ੍ਰਾਣਾਂ ਨਾਲ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਨਾਲ ਸਰਬੱਤ ਦਾ ਭਲਾ ਹੋਵੇ।
ਰੁੱਖਾਂ ਦਾ ਰਮਣੀਕ ਵਾਤਾਵਰਨ ਮਨ ਨੂੰ ਸ਼ਾਂਤੀ ਤੇ ਇਕਾਗਰਤਾ ਪ੍ਰਦਾਨ ਕਰਦਾ ਹੈ। ਇਹ ਸੋਚਾਂ ਨੂੰ ਬੁਲੰਦੀਆਂ ਪ੍ਰਦਾਨ ਕਰਦਾ ਹੈ। ਇਸੇ ਲਈ ਮਹਾਂਪੁਰਸ਼ ਧਿਆਨ ਲਗਾਉਣ ਲਈ ਛਾਂਦਾਰ ਰੁੱਖਾਂ ਭਰੇ ਸਥਾਨ ਨੂੰ ਚੁਣਦੇ ਸਨ। ਸ਼ਿਵ ਮਹਾਂ ਪੁਰਾਣ ਅਨੁਸਾਰ ਦੇਵੀ ਪਾਰਬਤੀ ਨੇ ਸ਼ਿਵ ਦੀ ਅਰਾਧਨਾ ਕਰਨ ਲਈ ਜਿਸ ਸਥਾਨ ਦੀ ਚੋਣ ਕੀਤੀ, ਉਥੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਵੰਨ-ਸੁਵੰਨੇ ਰੁੱਖ ਲਗਾਏ। ਉਹ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਨਾਲ ਪਾਣੀ ਦਿੰਦੀ, ਆਏ ਮਹਿਮਾਨਾਂ ਦਾ ਬਹੁਤ ਆਦਰ ਕਰਦੀ ਤੇ ਪੰਜ ਅੱਖਰੀ ਮੰਤਰ ਦਾ ਜਾਪ ਕਰਦੀ। ਇਹ ਸੁੰਦਰ ਫੁੱਲਾਂ ਤੇ ਰਸੀਲੇ ਫਲਾਂ ਨਾਲ ਭਰਪੂਰ ਅਜਿਹਾ ਅਦਭੁੱਤ ਸਥਾਨ ਬਣ ਗਿਆ, ਜਿਥੇ ਹਿੰਸਕ ਜਾਨਵਰ ਵੀ ਆ ਕੇ ਸ਼ਾਂਤ ਹੋ ਜਾਂਦੇ ਸਨ। ਇਸ ਪੁਰਾਣ ਅਨੁਸਾਰ ਦੁਰਗਮ ਖੇਤਰਾਂ ਵਿਚ ਰੁੱਖ ਲਗਾਉਣ ਵਾਲਾ ਆਪਣੀਆਂ ਪੀੜ੍ਹੀਆਂ ਦਾ ਉਦਾਰ ਕਰ ਲੈਂਦਾ ਹੈ। ਅੱਜ ਅਸੀਂ ਵਿਕਾਸ ਦੇ ਨਾਂਅ 'ਤੇ ਖਾਸ ਕਰਕੇ ਸੜਕਾਂ ਕਿਨਾਰੇ ਲੱਗੇ ਲੱਖਾਂ ਰੁੱਖਾਂ ਦਾ ਕਤਲੇਆਮ ਕਰਕੇ ਆਪਣੇ ਲਈ ਮੁਸੀਬਤਾਂ ਖੜ੍ਹੀਆਂ ਕਰ ਲਈਆਂ ਹਨ। ਹੁਣ ਜ਼ਿੰਦਗੀ ਸੁਹਾਵਣੀ ਨਹੀਂ, ਪ੍ਰਦੂਸ਼ਣ ਭਰੀ ਹੋ ਗਈ ਹੈ। ਰੁੱਖਾਂ ਤੋਂ ਬਿਨਾਂ ਸੁਹਾਵਣੇ ਸਥਾਨ ਦੀ ਕਲਪਨਾ ਵੀ ਨਹੀਂ ਹੋ ਸਕਦੀ। ਇਸੇ ਲਈ ਸ਼ਿਵ ਪੁਰਾਣ ਧਾਰਮਿਕ ਅਨੁਸ਼ਠਾਨ ਕਰਨ ਲਈ ਜਲ ਦਾ ਕਿਨਾਰਾ ਮਹੱਤਵਪੂਰਨ ਮੰਨਦਾ ਹੈ ਪਰ ਉਸ ਤੋਂ ਵੀ ਦਸ ਗੁਣਾ ਮਹਾਤਮ ਉਸ ਅਸਥਾਨ ਦਾ ਹੈ, ਜਿਥੇ ਬੇਲ, ਤੁਲਸੀ ਤੇ ਪਿੱਪਲ ਦਾ ਰੁੱਖ ਹੋਵੇ।
ਮਹਾਤਮਾ ਬੁੱਧ ਗਿਆਨ ਦੀ ਪ੍ਰਾਪਤੀ ਲਈ ਬਹੁਤ ਸਮਾਂ ਦਰ-ਦਰ ਭਟਕਦੇ ਤੇ ਤਸੀਹੇ ਸਹਿੰਦੇ ਰਹੇ। ਸਰੀਰ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਿਆ। ਜਿਵੇਂ ਡੂੰਘੇ ਖੂਹ ਦਾ ਪਾਣੀ ਲਿਸ਼ਕਦਾ ਹੈ, ਉਸ ਤਰ੍ਹਾਂ ਅੱਖਾਂ ਦੀ ਨਜ਼ਰ ਮੱਧਮ ਪੈ ਗਈ। ਇਕ ਕਿਸਾਨ ਲੜਕੀ ਸੁਜਾਤਾ ਵਲੋਂ ਲਿਆਂਦੀ ਖੀਰ ਖਾ ਕੇ ਉਨ੍ਹਾਂ ਅੰਦਰ ਮੁੜ ਜ਼ਿੰਦਗੀ ਰੁਮਕਣ ਲੱਗੀ। ਗਇਆ ਵਿਚ ਨੇਰੰਜਛਾ ਨਦੀ ਦੇ ਕਿਨਾਰੇ ਪਿੱਪਲ ਦੇ ਰੁੱਖ ਹੇਠ ਉਨ੍ਹਾਂ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ। ਸ਼ੁਰੂ ਵਿਚ 400 ਸਾਲ ਤੱਕ ਪਿੱਪਲ ਦਾ ਰੁੱਖ ਜਾਂ ਬੁੱਧ ਦੇ ਚਰਨ ਜਾਂ ਧਰਮ ਚੱਕਰ ਹੀ ਬੁੱਧ ਧਰਮ ਦੇ ਪ੍ਰਤੀਕ ਸਨ, ਬਾਅਦ ਵਿਚ ਬੁੱਧ ਦੀ ਤਸਵੀਰ ਜਾਂ ਮੂਰਤੀ ਬਣਾਈ ਜਾਣ ਲੱਗੀ।
ਗੁਰੂ ਨਾਨਕ ਸਾਹਿਬ ਅਨੁਸਾਰ ਗਗਨ ਥਾਲ ਹੈ। ਤਾਰੇ ਮੋਤੀ ਤੇ ਚੰਦ ਸੂਰਜ ਇਸ ਦੇ ਜਗਦੇ ਦੀਵੇ ਹਨ। ਹਵਾ ਚਵਰ ਕਰ ਰਹੀ ਹੈ। ਚੰਦਨ ਦੇ ਰੁੱਖਾਂ ਨੂੰ ਛੂਹ ਕੇ ਆਈ ਸੁਗੰਧਿਤ ਹਵਾ ਧੂਪ ਸਮਾਨ ਹੈ। ਸਾਰੀ ਕਾਇਨਾਤ ਦੇ ਸੁੰਦਰ ਰੁੱਖ, ਪੌਦੇ, ਫੁੱਲ ਸਭ ਅਕਾਲ ਪੁਰਖ ਦੀ ਇਸ ਸਦਾਬਹਾਰ ਆਰਤੀ ਵਿਚ ਸ਼ੁਮਾਰ ਹਨ। ਗੁਰੂ ਨਾਨਕ ਸਾਹਿਬ ਨੇ ਬਾਰਾਂ ਮਾਹ ਤੁਖਾਰੀ ਵਿਚ ਅੰਬ 'ਤੇ ਬੋਲਦੀ ਕੋਇਲ ਦਾ ਸੁੰਦਰ ਬਿੰਬ ਸਿਰਜਿਆ ਹੈ।
ਭਾਈ ਗੁਰਦਾਸ ਜੀ ਨੇ ਅੰਬ ਤੇ ਅੱਕ ਦੇ ਦ੍ਰਿਸ਼ਟਾਂਤ ਰਾਹੀਂ ਚੰਗੀ ਤੇ ਮਾੜੀ ਸੰਗਤ ਦੇ ਮਨ 'ਤੇ ਪੈ ਰਹੇ ਪ੍ਰਭਾਵ ਨੂੰ ਮੂਰਤੀਮਾਨ ਕੀਤਾ ਹੈ। ਅੰਬ ਬਸੰਤ ਰੁੱਤ ਵਿਚ ਮੌਲਦਾ ਹੈ ਤੇ ਔੜ ਵਿਚ ਅੱਕ ਪਸਰਦਾ ਹੈ। ਅੰਬ ਨੂੰ ਖੱਖੜੀ ਨਹੀਂ ਲੱਗਦੀ ਤੇ ਅੱਕ ਦੇ ਹਿੱਸੇ ਰਸੀਲੇ ਅੰਬ ਨਹੀਂ ਆਉਂਦੇ। ਕੋਇਲ ਦੀ ਸੁਰੀਲੀ ਕੂਕ ਅੰਬਾਂ ਦਾ ਸੁਭਾਗ ਬਣਦੀ ਹੈ, ਜਦੋਂ ਕਿ ਬੇਸੁਰਾ ਟਿੱਡਾ ਅੱਕ ਕੋਲ ਸ਼ੋਰ ਮਚਾਉਂਦਾ ਤੇ ਸ਼ਾਂਤੀ ਭੰਗ ਕਰਦਾ ਹੈ। ਇਸ ਤਰ੍ਹਾਂ ਅੰਬ ਤੇ ਕੋਇਲ ਚੰਗਿਆਈ ਤੇ ਖ਼ੂਬਸੂਰਤੀ ਦੇ ਪ੍ਰਤੀਕ ਬਣ ਕੇ ਉੱਭਰੇ ਹਨ, ਜੋ ਸੰਸਾਰ ਅੰਦਰ ਸੁਹਾਵਣਾ ਵਾਤਾਵਰਨ ਉਸਾਰਦੇ ਹਨ। ਅਣਉਪਯੋਗੀ ਅੱਕ ਬੇਸੁਰੇ ਟਿੱਡੇ ਦਾ ਟਿਕਾਣਾ ਬਣ ਕੇ ਰਹਿ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਸਿੰਮਲ ਦੇ ਰੁੱਖ ਦਾ ਦ੍ਰਿਸ਼ਟਾਂਤ ਦੇ ਕੇ ਉਪਯੋਗਤਾ ਨੂੰ ਸਥਾਪਿਤ ਕੀਤਾ ਹੈ। ਸਿੰਮਲ ਦਾ ਰੁੱਖ ਦੂਰ ਤੋਂ ਉੱਚਾ ਦਿਖਾਈ ਦਿੰਦਾ ਹੈ, ਪਰ ਇਸ ਕੋਲ ਆਉਣ ਵਾਲਿਆਂ ਨੂੰ ਗਹਿਰੀ ਨਿਰਾਸ਼ਾ ਹੁੰਦੀ ਹੈ। ਇਸ ਦੇ ਫੁੱਲ ਤੇ ਫਲ ਉਪਯੋਗੀ ਨਹੀਂ ਹੁੰਦੇ। ਇਸੇ ਪ੍ਰਕਾਰ ਸੰਸਾਰ ਵਿਚ ਵੱਡੇ ਦਿਸਣ ਵਾਲੇ ਲੋਕ ਸਮਾਜ ਨੂੰ ਕੋਈ ਉਸਾਰੂ ਯੋਗਦਾਨ ਦੇਣ ਵਿਚ ਬੁਰੀ ਤਰ੍ਹਾਂ ਨਕਾਮ ਰਹਿੰਦੇ ਹਨ। ਨਿਮਰਤਾ ਨਾਲ ਭਰੇ ਲੋਕਾਂ ਅੰਦਰ ਗੁਣ ਪ੍ਰਫੁੱਲਤ ਹੁੰਦੇ ਹਨ। ਭਗਤ ਕਬੀਰ ਜੀ ਨੇ ਚੰਦਨ ਤੇ ਬਾਂਸ ਦੇ ਦ੍ਰਿਸ਼ਟਾਂਤ ਦੇ ਕੇ ਉੱਚੇ-ਲੰਮੇ ਬਾਂਸ ਨੂੰ ਨਕਾਰਿਆ ਹੈ, ਜੋ ਚੰਦਨ ਦੇ ਨੇੜੇ ਰਹਿ ਕੇ ਵੀ ਚੰਦਨ ਦੀ ਮਹਿਕ ਤੋਂ ਵਿਰਵਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਵੱਡੇ ਹੋਣ ਦੇ ਹੰਕਾਰ ਨਾਲ ਭਰੇ ਮਨੁੱਖ ਦੂਜਿਆਂ ਦੇ ਚੰਗੇ ਗੁਣ ਗ੍ਰਹਿਣ ਕਰਨ ਦੇ ਪੂਰੀ ਤਰ੍ਹਾਂ ਅਯੋਗ ਬਣ ਜਾਂਦੇ ਹਨ। ਉਨ੍ਹਾਂ ਦਾ ਮਾਨਵਤਾ ਦੇ ਕਲਿਆਣ ਵਿਚ ਕੋਈ ਹਿੱਸਾ ਨਹੀਂ ਹੁੰਦਾ।
ਸਿੱਖ ਧਰਮ ਵਿਚ ਰੁੱਖ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਕਈ ਪਾਵਨ ਗੁਰਧਾਮਾਂ ਦੇ ਨਾਂਅ ਰੁੱਖਾਂ ਦੇ ਨਾਂਅ 'ਤੇ ਰੱਖੇ ਗਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ, ਬੇਰ ਸਾਹਿਬ ਸੁਲਤਾਨਪੁਰ ਲੋਧੀ, ਇਸੇ ਤਰ੍ਹਾਂ ਰੀਠਾ ਸਾਹਿਬ ਉੱਤਰਾਖੰਡ ਇਸ ਦੀਆਂ ਉਦਾਹਰਨਾਂ ਹਨ। ਹਰਿਮੰਦਰ ਸਾਹਿਬ ਵਿਚ ਦੁਖਭੰਜਨੀ ਬੇਰੀ, ਬੇਰੀ ਬਾਬਾ ਬੁੱਢਾ ਜੀ ਤੇ ਲਾਚੀ ਬੇਰੀ ਦਾ ਮਾਣਮੱਤਾ ਇਤਿਹਾਸ ਹੈ। ਸੁਲਾਤਾਨਪੁਰ ਲੋਧੀ ਦੀ ਬੇਰੀ ਗੁਰੂ ਨਾਨਕ ਸਾਹਿਬ ਦੀ ਪੈਗੰਬਰੀ ਅਜ਼ਮਤ ਦੀ ਖ਼ੁਸ਼ਬੂ ਨਾਲ ਭਰਪੂਰ ਹੈ। ਬਾਬਾ ਬੁੱਢਾ ਜੀ ਰੁੱਖਾਂ ਨਾਲ ਭਰੇ ਰਮਣੀਕ ਸਥਾਨ 'ਗੁਰੂ ਕੀ ਬੀੜ' ਵਿਖੇ ਸਿਮਰਨ ਦੀਆਂ ਬਰਕਤਾਂ ਨਾਲ ਇਕਸੁਰ ਹੁੰਦੇ ਸਨ। ਗੁਰੂ ਹਰਿਰਾਏ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਬਾਗ ਲਗਵਾਉਣ ਦਾ ਕਾਰਜ ਕੀਤਾ। ਮਨੁੱਖਤਾ ਦੇ ਭਲੇ ਲਈ ਔਸ਼ਧੀਆਂ ਵਾਲੇ ਬੂਟੇ ਵੀ ਲਗਵਾਏ। ਰਿਗਵੇਦ ਵਿਚ ਔਸ਼ਧੀਆਂ ਨੂੰ ਮਾਂ ਅਤੇ ਰੋਗ ਮੁਕਤੀ ਦਾਤਾ ਦੇ ਰੂਪ ਵਿਚ ਅਰਾਧਿਆ ਗਿਆ ਹੈ। ਦਸਮੇਸ਼ ਪਿਤਾ ਨੇ ਚਮਕੌਰ ਸਾਹਿਬ ਵਿਖੇ 'ਸਵਾ ਲਾਖ ਸਿਉਂ ਏਕ ਲੜਾਊਂ' ਦਾ ਮਹਾਨ ਕੌਤਕ ਸਿਰਜਣ ਪਿਛੋਂ ਮਾਛੀਵਾੜਾ ਦੇ ਜੰਗਲਾਂ ਵਿਚ ਜੰਡ ਦੇ ਰੁੱਖ ਥੱਲੇ 'ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥' ਸ਼ਬਦ ਦਾ ਅਲਾਪ ਕੀਤਾ, ਜੋ ਚੜ੍ਹਦੀ ਕਲਾ ਤੇ ਮੁਰੀਦੀ ਦੇ ਮੰਡਲਾਂ ਦਾ ਮਹਾਂ ਨਾਦ ਬਣ ਕੇ, ਕੌਮ ਦੇ ਸਮਰਪਿਤ ਜਜ਼ਬਿਆਂ 'ਚ ਅਥਾਹ ਚਾਨਣ ਬਣ ਕੇ ਫੈਲ ਗਿਆ।
ਹਿੰਦੂ ਧਰਮ ਵਿਚ ਰੁੱਖਾਂ ਨੂੰ ਮਹਾਨ ਪੁੰਨ ਨਾਲ ਜੋੜਿਆ ਗਿਆ ਹੈ। ਪਦਮ ਪੁਰਾਣ ਅਨੁਸਾਰ ਜਿਸ ਇਲਾਕੇ ਵਿਚ ਪਾਣੀ ਦੀ ਘਾਟ ਹੋਵੇ, ਉਥੇ ਖੂਹ ਲਗਵਾਉਣ ਵਾਲਾ ਪਾਣੀ ਦੀਆਂ ਬੂੰਦਾਂ ਜਿੰਨਾ ਹੀ ਸਵਰਗੀ ਪੁੰਨ ਪ੍ਰਾਪਤ ਕਰ ਲੈਂਦਾ ਹੈ। ਦਸ ਖੂਹਾਂ ਦੇ ਬਰਾਬਰ ਇਕ ਬਾਉਲੀ, ਦਸ ਬਉਲੀਆਂ ਦੇ ਬਰਾਬਰ ਇਕ ਕੰਨਿਆ (ਬੇਟੀ ਨੂੰ ਚੰਗੀ ਸਿੱਖਿਆ ਤੇ ਸੰਸਕਾਰ ਦੇ ਕੇ ਪਿਆਰ ਨਾਲ ਪਾਲਣਾ) ਤੇ ਦਸ ਕੰਨਿਆਵਾਂ ਦੇ ਮੁਕਾਬਲੇ ਇਕ ਰੁੱਖ ਲਗਵਾਉਣ ਦਾ ਪੁੰਨ ਹੈ। ਇਹ ਪੁਰਾਣ ਪਿੱਪਲ, ਅਸ਼ੋਕ, ਨਿੰਮ, ਜਾਮਣ, ਅਨਾਰ, ਪਲਾਸ਼, ਖੈਰ, ਬੇਰ, ਬੈਂਤ, ਚੰਦਨ, ਕਟਹਲ, ਚੰਪਾ, ਮੋਲਸਰੀ, ਦਾਖ, ਕੇਵੜਾ ਰੁੱਖਾਂ ਨੂੰ ਵਰਦਾਨ ਦੇਣ ਵਾਲੇ ਮੰਨਦਾ ਹੈ। ਬੇਲ ਨੂੰ ਸ਼ਿਵ ਦਾ ਅਤੇ ਗੁਲਾਬ ਨੂੰ ਦੇਵੀ ਪਾਰਬਤੀ ਦਾ ਨਿਵਾਸ ਸਥਾਨ ਦੱਸਿਆ ਗਿਆ ਹੈ।
ਇਕੋ ਕਿਸਮ ਦੇ ਰੁੱਖਾਂ ਦੀ ਥਾਂ ਵੰਨ-ਸੁਵੰਨੇ ਰੁੱਖਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸ੍ਰੀਮਦ ਭਾਗਵਤ ਪੁਰਾਣ ਅਨੁਸਾਰ ਮਹਾਤਮਾ ਵਰੁਣ ਦੇ ਬਾਗ ਵਿਚ ਫੁੱਲਾਂ ਤੇ ਫਲਾਂ ਨਾਲ ਲੱਦੇ ਸੁੰਦਰ ਰੁੱਖ ਸ਼ੋਭਾ ਵਧਾ ਰਹੇ ਸਨ। ਇਨ੍ਹਾਂ ਵਿਚ ਮਨਦਾਰ, ਪਾਰਜਾਤ, ਗੁਲਾਬ, ਅਸ਼ੋਕ, ਚੰਪਾ, ਅੰਬ ਦੀਆਂ ਕਈ ਕਿਸਮਾਂ, ਪਯਾਲ, ਕਟਹਲ, ਆਮੜਾ, ਸੁਪਾਰੀ, ਨਾਰੀਅਲ, ਖਜੂਰ, ਬਿਜੌਰਾ, ਮਹੂਆ, ਤਾੜ, ਤਮਾਲ, ਅਸਨ, ਅਰਜੁਨ, ਰੀਠਾ, ਗੂਲਰ, ਪਾਕਰ, ਬਰਗਦ, ਪਲਾਸ, ਚੰਦਨ, ਨਿੰਮ, ਕਚਨਾਰ, ਸਾਲ, ਦੇਵਦਾਰ, ਦਾਖ, ਇੱਖ, ਕੇਲਾ, ਜਾਮਣ, ਬੇਰ, ਰੁਦਰਾਖਸ਼, ਹਰਰੇ ਆਵਲੇ, ਬਲ, ਕੈਥ, ਨਿੰਬੂ , ਭਿਲਾਵੇ ਝੂਲਦੇ ਤੇ ਸੁੰਦਰਤਾ ਬਿਖੇਰਦੇ ਸਨ। ਨੇੜੇ ਹੀ ਕਮਲ ਦੇ ਸੋਹਣੇ ਫੁੱਲਾਂ ਨਾਲ ਭਰਿਆ ਸਰੋਵਰ ਸੀ, ਜਿਸ ਵਿਚ ਹੰਸ ਤੇ ਹੋਰ ਮਨੋਹਰ ਪੰਛੀ ਕੁਦਰਤ ਦੀ ਅਦਭੁਤ ਰੰਗੀਨੀ ਵਧਾ ਰਹੇ ਸਨ।
ਰੁੱਖ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ। ਅਗਨੀ ਪੁਰਾਣ ਵਿਚ ਰੁੱਖ ਤੋਂ ਰੁੱਖ ਦਾ ਫਾਸਲਾ 20 ਹੱਥ ਰੱਖਣ ਤੇ ਇਕ ਸਾਲ ਤੱਕ ਸਰਦੀ ਦੀ ਰੁੱਤ ਵਿਚ ਦਿਨ ਸਮੇਂ ਇਕ ਵਾਰ, ਗਰਮੀ ਵਿਚ ਸਵੇਰੇ-ਸ਼ਾਮ ਦੋ ਵਾਰ ਤੇ ਬਰਸਾਤ ਵਿਚ ਸ਼ਾਮ ਨੂੰ ਜੇਕਰ ਧਰਤੀ ਸੁੱਕੀ ਹੋਵੇ, ਪਾਣੀ ਦੇਣਾ ਚਾਹੀਦਾ ਹੈ। ਭੇਡ, ਬੱਕਰੀ ਦੀਆਂ ਮੀਂਗਣਾਂ ਦਾ ਚੂਰਾ, ਜੌਂ ਦਾ ਚੂਰਾ, ਤਿਲ ਤੇ ਪਾਣੀ ਇਸ ਮਿਸ਼ਰਣ ਨੂੰ ਸੱਤ ਦਿਨ ਤੱਕ ਰੱਖਣ ਉਪਰੰਤ ਪੌਦਿਆਂ ਵਿਚ ਪਾਉਣ ਨਾਲ ਫੁੱਲ ਤੇ ਫਲ ਦੋਵੇਂ ਵਧਦੇ ਹਨ। ਜਿਸ ਪਾਣੀ ਵਿਚ ਮੱਛੀਆਂ ਰਹਿੰਦੀਆਂ ਹੋਣ, ਉਹ ਪਾਣੀ ਵੀ ਸਿੰਜਾਈ ਲਈ ਬਹੁਤ ਉਪਯੋਗੀ ਹੈ। ਇਹ ਪੁਰਾਣ ਰੁੱਖਾਂ ਨੂੰ ਬੇਹੱਦ ਮਹੱਤਤਾ ਦਿੰਦਿਆਂ ਪੂਜਾ ਕਰਕੇ ਰੁੱਖ ਲਗਾਉਣ ਦਾ ਵਿਧਾਨ ਦੱਸਦਾ ਹੈ।
ਰੁੱਖਾਂ ਬਿਨਾਂ ਸੁਹਾਵਣੇ ਵਾਤਾਵਰਨ ਦੀ ਕਲਪਨਾ ਨਹੀਂ ਹੋ ਸਕਦੀ। ਰੁੱਖ ਲਗਾਉਣ ਦੇ ਨਾਲ-ਨਾਲ ਸੰਭਾਲਣੇ ਤੇ ਪਾਲਣੇ ਅਤੀ ਜ਼ਰੂਰੀ ਹਨ। ਸਥਾਨ ਤੇ ਲੋੜਾਂ ਨੂੰ ਮੁੱਖ ਰੱਖ ਕੇ ਰੁੱਖਾਂ ਦੀ ਚੋਣ ਕਰਨੀ ਚਾਹੀਦੀ ਹੈ। ਰੁੱਖ ਲਗਾਉਣਾ ਵੀ ਇਕ ਕਲਾ ਤੇ ਵਿਗਿਆਨ ਹੈ। ਇਸ ਕਾਰਜ ਲਈ ਮਾਹਿਰ ਵਿਅਕਤੀ ਦੀ ਸਲਾਹ ਤੇ ਸਹਿਯੋਗ ਦੀ ਲੋੜ ਹੈ।


-ਟੀਚਰ ਕਾਲੋਨੀ, ਵਾ: ਨੰ: 11, ਕੁਰਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ। ਮੋਬਾ: 70093-56607

ਕਈ ਸਦੀਆਂ ਦਾ ਇਤਿਹਾਸ ਸਾਂਭੀ ਬੈਠਾ ਹੈ ਲਾਹੌਰ ਦਾ ਕਿਲ੍ਹਾ

ਭਾਰਤੀ ਉਪ-ਮਹਾਂਦੀਪ ਦੇ ਸਦੀਆਂ ਪਹਿਲੇ ਹੋਏ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਤੇ ਹੋਰ ਹੁਕਮਰਾਨਾਂ ਨਾਲ ਸਬੰਧਤ ਅਨੇਕ ਇਤਿਹਾਸਿਕ ਯਾਦਾਂ ਸਾਂਭੀ ਬੈਠਾ ਹੈ ਲਾਹੌਰ ਦਾ ਪ੍ਰਾਚੀਨ ਕਿਲ੍ਹਾ। ਇਸ ਕਿਲ੍ਹੇ ਦੀ ਸਥਾਪਨਾ ਕਦੋਂ ਹੋਈ, ਇਸ ਬਾਰੇ ਪੱਕਾ ਪਤਾ ਨਹੀਂ ਲੱਗ ਸਕਿਆ। ਆਮ ਭਾਰਤੀ ਤੇ ਪਾਕਿਸਤਾਨੀ ਵਿਦਵਾਨਾਂ ਦਾ ਵਿਚਾਰ ਹੈ ਕਿ ਪ੍ਰਾਚੀਨ ਸ਼ਹਿਰ ਲਾਹੌਰ ਦੇ ਵਸਣ ਵੇਲੇ ਹੀ ਇਹ ਕਿਲ੍ਹਾ ਬਣਾਇਆ ਗਿਆ ਹੋਵੇਗਾ, ਜਿਸ ਵਿਚ ਸਮੇਂ ਦੇ ਚੱਕਰ ਨਾਲ ਤਬਦੀਲੀ ਹੁੰਦੀ ਗਈ। ਲਾਹੌਰ ਬਾਰੇ ਕਿਹਾ ਜਾਂਦਾ ਹੈ ਕਿ ਦਰਿਆ ਰਾਵੀ (ਇਰਾਵਤੀ) ਕਿਨਾਰੇ ਇਹ ਸ੍ਰੀ ਰਾਮ ਚੰਦਰ ਦੇ ਰਾਜਕੁਮਾਰ ਲਵ ਦੇ ਨਾਂਅ 'ਤੇ ਵਸਾਇਆ ਗਿਆ, ਜਦੋਂ ਕਿ ਦੂਜੇ ਰਾਜਕੁਮਾਰ ਕੁਸ਼ ਦੇ ਨਾਂਅ 'ਤੇ ਕਸੂਰ ਸ਼ਹਿਰ ਵਸਾਇਆ ਗਿਆ। ਅਫ਼ਗਾਨਿਸਤਾਨ ਤੋਂ ਦਿੱਲੀ ਦੇ ਰਸਤੇ ਵਿਚ ਸਥਿਤ ਇਹ ਮਹੱਤਵਪੂਰਨ ਸਥਾਨ ਰਿਹਾ ਹੈ।
ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਲਾਹੌਰ ਉੱਤੇ ਸੋਲੰਕੀ, ਭੱਟੀ ਅਤੇ ਚੌਹਾਨ ਰਾਜਪੂਤਾਂ ਦਾ ਕਬਜ਼ਾ ਰਿਹਾ। ਗਿਆਰ੍ਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਮਹਿਮੂਦ ਗਜ਼ਨਵੀ ਨੇ ਲਾਹੌਰ ਦਾ ਨਾਂਅ ਬਦਲ ਕੇ ਮਹਿਮੂਦਪੁਰ ਰੱਖਿਆ ਸੀ ਪਰ ਇਹ ਬਹੁਤਾ ਪ੍ਰਚੱਲਤ ਨਹੀਂ ਹੋ ਸਕਿਆ। ਮਹਿਮੂਦ ਨੇ ਗਜ਼ਨੀ ਤੋਂ ਤਬਦੀਲ ਕਰਕੇ ਆਪਣੀ ਰਾਜਧਾਨੀ ਵੀ ਇਥੇ ਬਣਾ ਲਈ ਸੀ। ਉਸ ਦੌਰਾਨ ਮੱਧ ਏਸ਼ੀਆ ਤੋਂ ਬਹੁਤ ਲੋਕ ਪ੍ਰਵਾਸ ਕਰਕੇ ਇਥੇ ਆ ਕੇ ਵਸੇ। ਗ਼ਜ਼ਨਵੀ ਦੇ 15 ਸੁਲਤਾਨਾਂ ਨੇ 165 ਵਰ੍ਹੇ ਇਥੇ ਰਾਜ ਕੀਤਾ।
ਮੁਗ਼ਲ ਖਾਨਦਾਨ ਦੇ ਮੋਢੀ ਜ਼ਹੀਰ-ਉ-ਦੀਨ ਮੁਹੰਮਦ ਬਾਬਰ ਆਪਣੇ ਹਮਲੇ ਦੌਰਾਨ ਲਾਹੌਰ ਵਿਚ ਬਹੁਤ ਥੋੜ੍ਹਾ ਸਮਾਂ ਇਥੇ ਰਹੇ, ਲੁੱਟ-ਮਾਰ ਤੇ ਕਤਲੇਆਮ ਕੀਤਾ ਤੇ ਸ਼ਹਿਰ ਵਿਚ ਕਈ ਥਾਵਾਂ 'ਤੇ ਅੱਗ ਲਗਵਾਈ। ਉਸ ਦੇ ਉਤਰਾਧਿਕਾਰੀ ਹਮਾਯੂੁੂੂੰ ਆਪਣੇ ਦੇਸ਼ ਮੁੜਦੇ ਹੋਏ ਥੋੜ੍ਹਾ ਸਮਾਂ ਇਥੇ ਰਹੇ, ਅਕਬਰ ਸ਼ਹਿਰ ਵਿਚ 13 ਸਾਲ ਰਿਹਾ ਅਤੇ ਕਿਲ੍ਹੇ ਦਾ ਵਿਕਾਸ ਕਰਵਾਇਆ, ਕੱਚੀ ਚਾਰਦੀਵਾਰੀ ਢਾਹ ਕੇ ਪੱਕੀਆਂ ਇੱਟਾਂ ਦੀ ਬਣਵਾਈ। ਇਸ ਨੂੰ ਦਾਰ-ਉ-ਸਲਤਨਤ ਬਣਾਇਆ। ਜਹਾਂਗੀਰ, ਸ਼ਾਹ ਜਹਾਨ ਤੇ ਔਰੰਗਜ਼ੇਬ ਨੇ ਵੀ ਕਿਲ੍ਹੇ ਅੰਦਰ ਮਹਿਲਨੁਮਾ ਇਮਾਰਤਾਂ ਬਣਵਾਈਆਂ। ਦੀਵਾਰਾਂ 'ਤੇ ਬਹੁਤ ਹੀ ਸੁੰਦਰ ਮੀਨਾਕਾਰੀ ਤੇ ਮੁਗ਼ਲ ਕਲਾ ਸ਼ੈਲੀ ਦੀਆਂ ਤਸਵੀਰਾਂ ਬਣਾਈਆਂ ਗਈਆਂ। ਇਨ੍ਹਾਂ ਵਿਚ ਬਾਦਸ਼ਾਹ ਜਹਾਂਗੀਰ ਤੇ ਸ਼ਾਹ ਜਹਾਨ ਦੀ ਤਸਵੀਰ ਬਹੁਤ ਖੂਬਸੂਰਤ ਹੈ ਅਤੇ ਹੁਣ ਵੀ ਕਿਲ੍ਹੇ ਵਿਚ ਮੌਜੂਦ ਹੈ।
ਇਮਾਰਤਾਂ ਵੀ ਬਣਵਾਈਆਂ, ਜੋ ਮੁਗ਼ਲ ਭਵਨ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੀਆਂ ਹਨ। ਇਨ੍ਹਾਂ ਦੀਆਂ ਮਹਿਰਾਬਾਂ ਦੇਖਣ ਵਾਲੀਆਂ ਹਨ। ਮੁਗ਼ਲ ਹਕੂਮਤ ਸਮੇਂ ਈਦ, ਸ਼ਬੇ ਬਾਰਾਤ ਤੇ ਹੋਰ ਇਸਲਾਮਿਕ ਦਿਨ-ਦਿਹਾੜੇ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਸਨ। ਉਸ ਸਮੇਂ ਦੂਜੇ ਮੁਲਕਾਂ ਦੇ ਸਫ਼ੀਰ ਅਤੇ ਹੋਰ ਉੱਘੀਆਂ ਹਸਤੀਆਂ ਤੇ ਸਮਾਗਮਾਂ ਦੀ ਰੌਣਕ ਵਧਾਉਣ ਵਾਲੇ ਕਲਾਕਾਰ ਹਾਜ਼ਰ ਰਹਿੰਦੇ ਸਨ। ਮੁਗ਼ਲਾਂ ਦੇ ਪਤਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1799 ਈ: ਨੂੰ ਲਾਹੌਰ ਫਤਹਿ ਕਰਕੇ ਖਾਲਸਾ ਰਾਜ ਕਾਇਮ ਕੀਤਾ ਤੇ ਇਸ ਦੀ ਰਾਜਧਾਨੀ ਲਾਹੌਰ ਦਾ ਕਿਲ੍ਹਾ ਰਹੀ। ਪਾਕਿਸਤਾਨੀ ਵਿਦਵਾਨਾਂ ਦੇ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਚੰਗੇ ਵਿਚਾਰ ਨਹੀਂ ਹਨ। ਪਾਕਿਸਤਾਨੀ ਵਿਦਵਾਨ ਸਮਝਦੇ ਹਨ ਕਿ ਉਸ ਸਮੇਂ ਕਿਲ੍ਹੇ ਅੰਦਰੋਂ ਕਈ ਇਮਾਰਤਾਂ ਢਾਹ ਦਿੱਤੀਆਂ ਗਈਆਂ ਸਨ, ਤਾਂ ਜੋ ਇਨ੍ਹਾਂ ਦਾ ਸਾਮਾਨ ਕਿਸੇ ਹੋਰ ਥਾਂ ਵਰਤਿਆ ਜਾ ਸਕੇ। ਵੈਸੇ ਹੁਣ ਵੀ ਲਾਹੌਰ ਦੇ ਕਿਲ੍ਹੇ ਵਿਚ ਇਕ ਸੈਕਸ਼ਨ ਸਿੱਖ ਰਾਜ ਬਾਰੇ ਹੈ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਸਬੰਧਤ ਕਈ ਦੁਰਲੱਭ ਚਿੱਤਰ ਤੇ ਹੋਰ ਇਤਿਹਾਸਕ ਵਸਤਾਂ ਸ਼ਾਮਿਲ ਹਨ। ਇਸ ਪੱਤਰਕਾਰ ਨੇ 1979 ਤੋਂ 2005 ਤੱਕ ਪਾਕਿਸਤਾਨ ਯਾਤਰਾ ਸਮੇਂ ਕਈ ਵਾਰੀ ਇਸ ਕਿਲ੍ਹੇ ਨੂੰ ਕਈ ਵਾਰੀ ਦੇਖਿਆ ਹੈ। ਪਹਿਲਾਂ ਇਕ ਕਮਰੇ ਵਿਚ ਮਹਾਰਾਜਾ ਦੀ ਪਸੰਦੀਦਾ ਘੋੜੀ ਲਾਲੀ ਦੇ ਨਸਲ ਦੀ ਇਕ ਘੋੜੀ ਮਸਾਲਿਆਂ ਨਾਲ ਸਾਂਭ ਕੇ ਪ੍ਰਦਰਸ਼ਤ ਕੀਤੀ ਗਈ ਸੀ, ਪਰ ਮੇਰੀ ਆਖਰੀ ਫੇਰੀ ਸਮੇਂ ਇਹ ਦਿਖਾਈ ਨਹੀਂ ਦਿੱਤੀ।
ਮਹਾਰਾਜਾ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ 29 ਮਾਰਚ, 1849 ਨੂੰ ਪੰਜਾਬ 'ਤੇ ਕਬਜ਼ਾ ਕਰ ਲਿਆ ਤਾਂ ਇਸ ਦੀ ਰਾਜਧਾਨੀ ਲਾਹੌਰ ਹੀ ਰਹੀ। ਕਿਲ੍ਹੇ ਵਿਚ ਤਾਂ ਅੰਗਰੇਜ਼ਾਂ ਨੇ ਕੋਈ ਖਾਸ ਤਬਦੀਲੀ ਨਹੀਂ ਕੀਤੀ, ਬਸ ਇਕ ਛਾਉਣੀ ਬਣਾ ਲਈ, ਮਿਲਟਰੀ ਹਸਪਤਾਲ ਸਥਾਪਤ ਕਰ ਲਿਆ ਤੇ ਇਕ ਇਮਾਰਤ ਵਿਚ ਥਾਣਾ ਵੀ ਸਥਾਪਤ ਕਰ ਲਿਆ। ਲਾਹੌਰ ਨੂੰ ਕੋਲਕਾਤਾ, ਪਿਸ਼ਾਵਰ, ਮੁੰਬਈ, ਕਰਾਚੀ ਤੇ ਹੋਰ ਸ਼ਹਿਰਾਂ ਨਾਲ ਜੋੜਿਆ, ਜਿਸ ਨਾਲ ਲਾਹੌਰ ਸ਼ਹਿਰ ਦੀ ਮਹੱਤਤਾ ਬਹੁਤ ਵਧ ਗਈ। ਉਸ ਸਮੇਂ ਸਾਰੇ ਹਿੰਦਸਤਾਨ ਵਿਚ ਪਹਿਲੇ ਨੰਬਰ ਦਾ ਨਗਰ ਕੋਲਕਾਤਾ ਤੇ ਦੂਜੇ ਨੰਬਰ ਦਾ ਲਾਹੌਰ ਬਣ ਗਿਆ ਸੀ।
ਇਸ ਕਿਲ੍ਹੇੇ ਦੀ ਇਤਿਹਾਸਿਕ ਸਮਾਰਕ ਵਜੋਂ ਦੇਖਭਾਲ ਤੇ ਸੰਭਾਲ ਲਈ 1927 ਵਿਚ ਏ.ਐਮ.ਪੀ. ਐਕਟ 1904 ਅਧੀਨ ਅਤੇ 1975 ਵਿਚ ਸੰਭਾਲ ਕੀਤੀ ਗਈ। ਸਾਲ 1986 ਵਿਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਅਧੀਨ ਅਪਣਾ ਲਿਆ। ਆਪਣੀ ਪਿਛਲੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੌਰਾਨ ਇਸ ਪੱਤਰਕਾਰ ਨੇ ਦਖਿਆ ਸੀ ਕਿ ਯੂਨੈਸਕੋ ਦੇ ਮਾਹਿਰਾਂ ਵਲੋਂ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਵੈਸੇ ਲਾਹੌਰ ਸ਼ਹਿਰ ਵਿਚ ਸਿੱਖਾਂ ਦੀਆਂ ਅਨੇਕ ਯਾਦਗਾਰਾਂ ਹਨ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਜਨਮ ਅਸਥਾਨ ਚੂਨਾ ਮੰਡੀ ਵਿਖੇ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਸੇ ਸ਼ਹਿਰ ਵਿਚ ਹੋਈ। ਸਾਡੀ ਅਰਦਾਸ ਵਿਚ ਜਿਨ੍ਹਾਂ ਸ਼ਹਾਦਤਾਂ ਦਾ ਜ਼ਿਕਰ ਹੈ, ਉਹ ਬਹੁਤੀਆਂ ਇਥੇ ਹੋਈਆਂ ਹਨ। ਕਈ ਹੋਰ ਗੁਰਦੁਆਰੇ ਵੀ ਮੌਜੂਦ ਹਨ, ਮਹਾਰਜਾ ਰਣਜੀਤ ਸਿੰਘ ਤੇ ਕਈ ਸਿੱਖ ਹਸਤੀਆਂ ਦੀਆਂ ਸਮਾਧਾਂ ਵੀ ਇਥੇ ਹੀ ਹਨ। ਸਿੱਖ ਧਰਮ ਦਾ ਬਹੁਤ ਅਨਮੋਲ ਵਿਰਸਾ ਇਸੇ ਸ਼ਹਿਰ ਵਿਚ ਹੈ। ਲਾਹੌਰ ਪੰਜਾਬ ਦੀ ਰਾਜਧਾਨੀ ਹੋਣ ਤੋਂ ਬਿਨਾਂ ਪੰਜਾਬ ਦਾ ਰਾਜਨੀਤਕ, ਧਾਰਮਿਕ, ਸਮਾਜਿਕ, ਵਿੱਦਿਅਕ, ਸੱਭਿਆਚਾਰਕ, ਆਰਥਿਕ ਤੇ ਬਹੁਸੱਭਿਅਤਾਵਾਂ ਵਾਲਾ ਮਹਾਂਨਗਰ ਹੈ। ਇਕ ਕਹਾਵਤ ਮਸ਼ਹੂਰ ਹੈ ਕਿ 'ਜਿਸ ਨੇ ਲਾਹੌਰ ਨਹੀਂ ਦੇਖਿਆ, ਉਹ ਹਾਲੇ ਜੰਮਿਆ ਹੀ ਨਹੀਂ।'


-194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ। ਫੋਨ : 0161-2461194

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਛੇਵੀਂ ਪਾਤਸ਼ਾਹੀ ਸੁਰ ਸਿੰਘ

ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਵਿੱਤਰ ਚਰਨ ਪਾ ਕੇ ਸੁਰ ਸਿੰਘ ਨਗਰ ਦੀ ਧਰਤੀ ਨੂੰ ਵਡਭਾਗੀ ਬਣਾਇਆ। ਇਤਿਹਾਸ ਅਨੁਸਾਰ ਨਗਰ ਸੁਰ ਸਿੰਘ ਵਾਸੀ ਭਾਈ ਭਾਗ ਮੱਲ ਸਤਿਗੁਰਾਂ ਦਾ ਅਨਿਨ ਭਗਤ ਸੀ। ਭਾਈ ਭਾਗ ਮੱਲ ਨੇ ਭਡਾਣਾ, ਜ਼ਿਲ੍ਹਾ ਲਾਹੌਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭਾਰੀ ਸ਼ਰਧਾ ਭਾਵਨਾ ਸਹਿਤ ਸੁਰ ਸਿੰਘ ਨਗਰ ਵਿਚ ਚਰਨ ਪਾਉਣ ਦੀ ਬੇਨਤੀ ਕੀਤੀ। ਸਤਿਗੁਰੂ ਆਪਣੇ ਸ਼ਰਧਾਲੂ ਦੀ ਬੇਨਤੀ 'ਤੇ ਸੁਰ ਸਿੰਘ ਨਗਰ ਪੁੱਜੇ। ਭਾਈ ਭਾਗ ਮੱਲ ਅਤੇ ਇਲਾਕਾ ਨਿਵਾਸੀ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਖੁਸ਼ੀ ਵਿਚ ਖੀਵੇ ਹੋਏ ਭਾਈ ਭਾਗ ਮੱਲ ਨੇ ਨਵੇਂ ਉਸਾਰੇ ਮਹਿਲ ਅਤੇ 500 ਏਕੜ ਜ਼ਮੀਨ ਗੁਰੂ ਜੀ ਨੂੰ ਭੇਟ ਕਰਦਿਆਂ ਅਰਜ਼ੋਈ ਕੀਤੀ ਕਿ 'ਸਤਿਗੁਰੂ ਇਨ੍ਹਾਂ ਮਹਿਲਾਂ 'ਚ ਨਿਵਾਸ ਕਰਕੇ ਸੁਰ ਸਿੰਘ ਨਗਰ ਨੂੰ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਬਣਾਓ।' ਸਤਿਗੁਰਾਂ ਨੇ ਪ੍ਰੇਮ ਸਹਿਤ ਭਾਈ ਭਾਗ ਮੱਲ ਦੀ ਭੇਟਾ ਸਵੀਕਾਰ ਕਰਦਿਆਂ ਬਚਨ ਕੀਤਾ ਕਿ 'ਅਸੀਂ ਜਗਤ ਵਿਚ ਵਿਚਰ ਕੇ ਸੰਗਤਾਂ ਨੂੰ ਗੁਰ-ਉਪਦੇਸ਼ ਦ੍ਰਿੜ੍ਹ ਕਰਵਾਉਣਾ ਹੈ, ਸਮਾਂ ਆਉਣ 'ਤੇ ਸੁਰ ਸਿੰਘ ਨਗਰ ਨੂੰ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਵਜੋਂ ਭਾਗ ਲੱਗਣਗੇ।'
ਕੀਰਤਪੁਰ ਸਾਹਿਬ ਵਿਖੇ ਆਪਣੇ ਜੋਤੀ-ਜੋਤਿ ਸਮਾਉਣ ਦਾ ਸਮਾਂ ਨਜ਼ਦੀਕ ਜਾਣ ਸਤਿਗੁਰਾਂ ਨੇ ਆਪਣੇ ਅਨਿਨ ਸੇਵਕ ਬਾਬਾ ਬਿਧੀ ਚੰਦ ਦੇ ਸਪੁੱਤਰ ਬਾਬਾ ਲਾਲ ਚੰਦ ਨੂੰ ਪਾਵਨ ਗੁਰਬਾਣੀ ਬੀੜ, ਤਸਵੀਰਾਂ, ਸ਼ਸਤਰ, ਨਿਸ਼ਾਨ-ਨਗਾਰਾ ਤੇ ਬੇਅੰਤ ਵਰਦਾਨ ਬਖਸ਼ਿਸ਼ ਕਰਦਿਆਂ ਸੁਰ ਸਿੰਘ ਨਗਰ ਵਿਖੇ ਨਿਵਾਸ ਕਰਕੇ ਗੁਰਸਿੱਖੀ ਪ੍ਰਚਾਰ ਕਰਨ ਦਾ ਹੁਕਮ ਕੀਤਾ ਅਤੇ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਅੰਸ-ਬੰਸ ਨੂੰ ਵਰੋਸਾਇਆ। ਵਰਨਣਯੋਗ ਹੈ ਕਿ ਭਾਈ ਭਾਗ ਮੱਲ ਵਲੋਂ ਭੇਟ ਕੀਤੇ ਇਤਿਹਾਸਕ ਮਹਿਲਾਂ ਵਿਚ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਤੀਸਰੇ ਜਾਨਸ਼ੀਨ ਬਾਬਾ ਗੁਰਦਿਆਲ ਸਿੰਘ ਤੋਂ ਲੈ ਕੇ ਗਿਆਰ੍ਹਵੇਂ ਜਾਨਸ਼ੀਨ ਸੰਤ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦਾ ਜਨਮ ਹੋਇਆ। ਜਿਸ ਅਸਥਾਨ 'ਤੇ ਸਤਿਗੁਰਾਂ ਨੇ ਆਸਣ ਲਾਇਆ, ਉਸ ਅਸਥਾਨ 'ਤੇ ਦਲ-ਪੰਥ ਦੇ ਦਸਵੇਂ ਜਾਨਸ਼ੀਨ, ਬ੍ਰਹਮ ਗਿਆਨੀ ਸੰਤ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਨੇ 125 ਫੁੱਟ ਉੱਚੇ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ, ਸੁੰਦਰ ਦਰਬਾਰ ਦੀ ਉਸਾਰੀ ਕਰਵਾਈ, ਸੁਨਹਿਰੀ ਕਲਸ ਝੁਲਾਏ ਅਤੇ ਉਪਰੋਕਤ ਇਤਿਹਾਸਕ ਦੋ-ਦਿਨਾ ਜੋੜ-ਮੇਲੇ ਦੀ ਰਵਾਇਤ ਆਰੰਭ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਅਨੁਸਾਰ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮਹਾਂਪੁਰਖਾਂ ਨੇ ਕਰੜੀ ਘਾਲਣਾ ਘਾਲੀ, ਜਿਸ ਸਦਕਾ ਅੱਜ ਪੰਥਕ ਸਫ਼ਾਂ ਵਿਚ ਸੁਰ ਸਿੰਘ ਨਗਰ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਵਜੋਂ ਸ਼ੁਮਾਰ ਕੀਤਾ ਜਾਂਦਾ ਹੈ।
'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੌਜੂਦਾ ਮੁਖੀ, ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਪੱਛਮੀ ਸੱਭਿਅਤਾ ਦੀ ਚਕਾਚੌਂਧ ਪਿੱਛੇ ਲੱਗ ਕੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਾਣੀ-ਬਾਣੇ ਨਾਲ ਜੋੜਨ ਲਈ ਦੇਸ਼-ਵਿਦੇਸ਼ ਅੰਦਰ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਸੁਯੋਗ ਅਗਵਾਈ ਵਿਚ ਦਲ-ਪੰਥ ਵਲੋਂ ਦੇਸ਼-ਵਿਦੇਸ਼ ਵਿਚ ਖੋਲ੍ਹੇ ਗਏ ਗੁਰਮਤਿ ਵਿਦਿਆਲਿਆਂ 'ਚ ਬੇਅੰਤ ਵਿਦਿਆਰਥੀ ਗੁਰਮਤਿ ਗਿਆਨ ਅਤੇ ਗੁਰਮਤਿ ਸੰਗੀਤ ਦੀ ਵਿੱਦਿਆ ਦਾ ਲਾਹਾ ਲੈ ਰਹੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਵਿਚ ਦੋ ਦਿਨਾ ਸਾਲਾਨਾ ਜੋੜ ਮੇਲਾ ਮਿਤੀ 22 ਤੇ 23 ਮਈ, 2018 ਨੂੰ ਦਲ-ਪੰਥ ਦੇ ਹੈੱਡਕੁਆਰਟਰ ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ ਵਿਖੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ।


-ਮੋਬਾ: 99881-56527

ਚੀਨ ਨਾਲ ਲੜਾਈ ਵਿਚ ਜ਼ੋਰਾਵਰ ਸਿੰਘ ਮਾਰੇ ਗਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
1834 ਵਿਚ ਜਦੋਂ ਜ਼ੋਰਾਵਰ ਸਿੰਘ ਨੇ ਲੱਦਾਖ ਫਤਹਿ ਕੀਤਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਉਸ ਤੋਂ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਉਹ ਡਰਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਚੀਨ ਦਾ ਸ਼ਹਿਨਸ਼ਾਹ ਨਾਰਾਜ਼ ਹੋ ਸਕਦਾ ਹੈ। ਜਦੋਂ ਲੱਦਾਖ ਬਾਰੇ ਚੀਨੀ ਸਰਦਾਰਾਂ ਨੇ ਵੱਡਾ ਰੌਲਾ ਨਹੀਂ ਸੀ ਪਾਇਆ ਤੇ ਨਾ ਹੀ ਇਸ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੇ ਜ਼ੋਰਾਵਰ ਸਿੰਘ ਨੂੰ ਥੋੜ੍ਹਾ ਹੋਰ ਅੱਗੇ ਜਾਣ ਦੀ ਆਗਿਆ ਦੇ ਦਿੱਤੀ। ਸਿੰਧ ਦਰਿਆ ਦੀਆਂ ਦੋ ਸ਼ਾਖਾਵਾਂ ਇਸਕਾਰਦੂ ਦੇ ਥਾਂ 'ਤੇ ਮਿਲਦੀਆਂ ਹਨ, ਜਿਹੜਾ ਅਹਿਮਦ ਸ਼ਾਹ ਤੋਂ ਜਿੱਤ ਲਿਆ ਗਿਆ ਸੀ। ਮੰਡੀ ਤੇ ਕੁੱਲੂ ਉੱਪਰ ਕਬਜ਼ਾ ਕਰ ਲੈਣ ਬਾਅਦ ਇਧਰ ਅੱਗੇ ਵਧਣ ਵਾਸਤੇ ਇਕ ਨਵਾਂ ਰੂਟ ਮਿਲ ਗਿਆ ਸੀ। ਮਹਾਰਾਜਾ ਸ਼ੇਰ ਸਿੰਘ ਨੇ ਯੋਜਨਾ ਬਣਾਈ ਕਿ ਇਥੋਂ ਉਤਰ ਵੱਲ ਵੀ ਅੱਗੇ ਵਧਿਆ ਜਾਵੇ ਤੇ ਪੂਰਬ ਵੱਲ ਨਿਪਾਲ ਦੀ ਸਰਹੱਦ ਤੱਕ ਵੀ।
ਹਮਲੇ ਵਾਸਤੇ ਬਹਾਨੇ ਲੱਭਣਾ ਮੁਸ਼ਕਿਲ ਨਹੀਂ ਸੀ। ਅਪ੍ਰੈਲ, 1841 ਨੂੰ ਜ਼ੋਰਾਵਰ ਸਿੰਘ ਨੇ ਤਿੱਬਤ ਤੋਂ ਗਾਰੋ ਇਲਾਕੇ ਦਾ ਕਬਜ਼ਾ ਮੰਗਿਆ, ਜੋ ਕਿ ਇਸਕਾਰਦੂ ਦੀ ਸੁਰੱਖਿਆ ਹੇਠ ਸੀ ਤੇ ਇਸਕਾਰਦੂ ਪੰਜਾਬ ਦਾ ਸੂਬਾ ਸੀ। ਉਸ ਨੇ ਇਹ ਵੀ ਕਿਹਾ ਕਿ ਹਾਲਾਤ ਬਦਲ ਚੁੱਕੇ ਹਨ, ਇਸ ਵਾਸਤੇ ਲਾਸਾ ਦੇ ਸੂਬੇਦਾਰ ਨੂੰ ਆਪਣਾ ਨਜ਼ਰਾਨਾ ਲਾਹੌਰ ਭੇਜਣਾ ਚਾਹੀਦਾ ਹੈ, ਨਾ ਕਿ ਪੀਕਿੰਗ। ਗਾਰੋ ਦੇ ਗਵਰਨਰ ਨੇ ਜ਼ੋਰਾਵਰ ਸਿੰਘ ਦੀ ਚਾਪਲੂਸੀ ਕਰਨ ਵਾਸਤੇ ਇਸ ਨੂੰ ਘੋੜਿਆਂ ਤੇ ਖੱਚਰਾਂ ਦਾ ਇਕ ਤੋਹਫ਼ਾ ਭੇਜਿਆ। ਜ਼ੋਰਾਵਰ ਸਿੰਘ ਨੇ ਤੋਹਫ਼ੇ ਪ੍ਰਵਾਨ ਨਹੀਂ ਕੀਤੇ ਤੇ ਖੁਦ ਗਾਰੋ ਵੱਲ ਚੱਲ ਪਿਆ। ਇਕ ਦਸਤਾ ਕੁਮਾਓਂ ਪਹਾੜੀਆਂ ਦੇ ਰਸਤੇ ਵਧਿਆ, ਜਿਸ ਨਾਲ ਅੰਗਰੇਜ਼ਾਂ ਦਾ ਲਾਸਾ ਨਾਲ ਸੰਪਰਕ ਟੁੱਟਦਾ ਸੀ। ਪੰਜਾਬੀ ਫੌਜਾਂ ਨੇ ਜੂਨ, 1841 ਵਿਚ ਗਾਰੋ ਕਸਬੇ ਉੱਪਰ ਕਬਜ਼ਾ ਕਰ ਲਿਆ। ਜ਼ੋਰਾਵਰ ਸਿੰਘ ਨੇ ਸਿਆਸਤ ਖੇਡਦਿਆਂ ਇਸ ਦੀ ਇਤਲਾਹ ਬੁਸ਼ੈਰ ਦੇ ਰਾਜੇ ਨੂੰ ਭੇਜ ਦਿੱਤੀ, ਜਿਸ ਦੀ ਰਿਆਸਤ ਅੰਗਰੇਜ਼ੀ ਸੁਰੱਖਿਆ ਅਧੀਨ ਸੀ। ਗਾਰੋ ਤੋਂ ਜ਼ੋਰਾਵਰ ਸਿੰਘ ਤੁਕਲਾਕੋਟੇ ਦੀ ਤਰਫ਼ ਵਧਿਆ। ਇਸ ਦਾ ਰਸਤਾ ਰੋਕਣ ਵਾਸਤੇ ਇਕ ਤਿਬਤੀਅਨ ਫੌਜ ਭੇਜੀ ਗਈ, ਜੋ ਦੋਗਪੀਓ ਬਰਮਾਹ ਦੀ ਥਾਂ ਉੱਪਰ 29 ਅਗਸਤ, 1841 ਨੂੰ ਲਗਪਗ ਸਾਰੀ ਮਾਰੀ ਗਈ। ਸਿੰਧ ਦੀ ਤਰ੍ਹਾਂ ਹੀ ਹੁਣ ਪੰਜਾਬ ਨੇ ਵੀ ਤਿੱਬਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਸੀ। ਜਦੋਂ ਤੱਕ ਉਹ ਆਪਣੀ ਜਿੱਤ ਨੂੰ ਪੱਕੇ ਪੈਰੀਂ ਕਰਦੇ, ਮੁਹਿੰਮਾਂ ਦਾ ਮੌਸਮ ਖ਼ਤਮ ਹੋ ਰਿਹਾ ਸੀ ਤੇ ਪਹਾੜੀ ਬਰਫਾਂ ਦੀ ਚੀਰਵੀਂ ਠੰਢ ਸ਼ੁਰੂ ਹੋ ਚੁੱਕੀ ਸੀ।
ਇਸ ਸ਼ਾਨਦਾਰ ਫੌਜੀ ਜਿੱਤ ਨੇ ਚੀਨ ਨਾਲੋਂ ਵੱਧ ਅੰਗਰੇਜ਼ਾਂ ਨੂੰ ਚੌਕਸ ਕੀਤਾ। ਉਨ੍ਹਾਂ ਨੇ ਲਾਹੌਰ ਦਰਬਾਰ ਨੂੰ ਜ਼ੋਰਦਾਰ ਰੋਸ-ਪੱਤਰ ਭੇਜ ਦਿੱਤਾ। ਮਹਾਰਾਜਾ ਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੁਹਿੰਮ ਬਾਰੇ ਅੰਗਰੇਜ਼ਾਂ ਨੂੰ ਗ਼ਲਤ-ਫਹਿਮੀ ਹੋ ਗਈ ਹੈ। ਇਸ ਦੇ ਜਵਾਬ ਵਿਚ ਮਿਸਟਰ ਕਲੇਰਕ ਨੇ 28 ਸਤੰਬਰ, 1841 ਨੂੰ ਲਿਖਿਆ, 'ਨਹੀਂ, ਤੁਸੀਂ ਖੁਦ ਤਿੱਬਤ, ਚੀਨ ਜਾਂ ਨਿਪਾਲ ਵੱਲ ਆਪਣੀਆਂ ਸਰਗਰਮੀਆਂ ਵਧਾ ਕੇ ਗ਼ਲਤ-ਫਹਿਮੀਆਂ ਪੈਦਾ ਕਰ ਰਹੇ ਹੋ।' ਤਿੰਨ ਹਫਤਿਆਂ ਬਾਅਦ ਬ੍ਰਿਟਿਸ਼ ਏਜੰਟ ਨੇ ਬਕਾਇਦਾ ਮੰਗ ਕੀਤੀ ਕਿ ਪੰਜਾਬੀ ਫੌਜ ਲਾਸਾ ਦੇ ਸੂਬੇ ਵਿਚ ਹੋਈਆਂ ਆਪਣੀਆਂ ਪੇਸ਼ਕਦਮੀਆਂ ਨੂੰ ਬੰਦ ਕਰਕੇ 10 ਦਸੰਬਰ, 1841 ਤੱਕ ਲੱਦਾਖ ਵਿਚ ਵਾਪਸ ਆ ਜਾਵੇ।
ਜਦੋਂ ਲੁਧਿਆਣਾ ਤੇ ਲਾਹੌਰ ਵਿਚ ਸ਼ਬਦੀ ਜੰਗ ਚੱਲ ਰਹੀ ਸੀ, ਚੀਨ ਨੇ ਲਾਸਾ ਦੀ ਸੁਰੱਖਿਆ ਵਾਸਤੇ ਭਾਰੀ ਫੌਜ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਬਰਫ ਡਿਗਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀਆਂ ਨੂੰ ਘੇਰਾ ਪਾ ਲਿਆ, ਇਨ੍ਹਾਂ ਦੀ ਸਪਲਾਈ ਲਾਈਨ ਕੱਟ ਦਿੱਤੀ ਤੇ ਨਤੀਜਿਆਂ ਵਾਸਤੇ ਧੀਰਜ ਨਾਲ ਇੰਤਜ਼ਾਰ ਕਰਨ ਲੱਗੇ।
ਜ਼ੋਰਾਵਰ ਸਿੰਘ ਤੇ ਉਸ ਦੇ ਆਦਮੀ ਬਹੁਤ ਤਰਸਯੋਗ ਹਾਲਤ ਵਿਚ ਆ ਗਏ ਸਨ। ਉਹ 12,000 ਫੁੱਟ ਦੀ ਉਚਾਈ ਉੱਪਰ ਬਰਫ ਦੇ ਸਮੁੰਦਰ ਵਿਚ ਘਿਰੇ ਹੋਏ ਸਨ। ਉਨ੍ਹਾਂ ਦੀ ਖੁਰਾਕ ਤੇ ਬਾਲਣ ਖ਼ਤਮ ਹੋ ਗਏ ਤੇ ਸਿਪਾਹੀ ਬਰਫੀਲੀ ਠੰਢ ਨਾਲ ਮਰ ਰਹੇ ਸਨ। ਜ਼ੋਰਾਵਰ ਸਿੰਘ ਨੇ ਵਾਪਸ ਮੁੜ ਜਾਣ ਦੀ ਪੇਸ਼ਕਸ਼ ਕੀਤੀ ਪਰ ਚੀਨ ਵਾਲੇ ਇਥੋਂ ਇਕ ਪੰਛੀ ਨਹੀਂ ਬਾਹਰ ਜਾਣ ਦੇਣਾ ਚਾਹੁੰਦੇ ਸਨ। 'ਤੁਸਾਂ ਲੱਦਾਖ 'ਤੇ ਕਬਜ਼ਾ ਕਰ ਲਿਆ, ਅਸੀਂ ਚੁੱਪ ਰਹੇ, ਤੁਸੀਂ ਸ਼ੇਰ ਬਣ ਗਏ ਤੇ ਗਰਟੋਕੇ ਤੇ ਤੁਕਲਾਕੋਟੇ 'ਤੇ ਵੀ ਕਬਜ਼ਾ ਕਰ ਲਿਆ। ਜੇ ਸ਼ਾਂਤੀ ਚਾਹੁੰਦੇ ਹੋ ਤਾਂ ਲੱਦਾਖ ਛੱਡ ਦਿਓ ਤੇ ਆਪਣੇ ਮੁਲਕ ਵਾਪਸ ਚਲੇ ਜਾਓ।
ਪੰਜਾਬੀ ਲੜ ਕੇ ਹੀ ਰਸਤਾ ਬਣਾਉਣ ਵਾਸਤੇ ਮਜਬੂਰ ਹੋ ਗਏ। ਭੁੱਖ ਤੇ ਠੰਢ ਨੇ ਉਨ੍ਹਾਂ ਦੀਆਂ ਬਹਾਦਰੀਆਂ ਰੋਲ ਕੇ ਰੱਖ ਦਿੱਤੀਆਂ ਸਨ। ਚੀਨ ਵਾਲੇ ਨਾ ਸਿਰਫ ਗਿਣਤੀ ਵਿਚ ਹੀ ਦਸ ਗੁਣਾ ਸਨ, ਬਰਫ ਦੀ ਲੜਾਈ ਵਾਸਤੇ ਵੀ ਪੂਰੇ ਲਿਬਾਸ ਵਿਚ ਸਨ। ਪੰਜਾਬੀ ਫੌਜਾਂ ਦਾ ਸਰਦਾਰ ਜ਼ੋਰਾਵਰ ਸਿੰਘ 12 ਦਸੰਬਰ, 1841 ਨੂੰ ਮਾਰਿਆ ਗਿਆ। ਇਸ ਦੇ ਸਹਾਇਕ ਰਾਏ ਸਿੰਘ ਨੇ ਇਸ ਸ਼ਰਤ ਉੱਪਰ ਹਥਿਆਰ ਸੁੱਟਣ ਦੀ ਪੇਸ਼ਕਸ਼ ਕੀਤੀ ਕਿ ਉਨ੍ਹਾਂ ਨੂੰ ਵਾਪਸ ਜਾਣ ਦਿੱਤਾ ਜਾਵੇ, ਪਰ ਜਿਉਂ ਹੀ ਇਨ੍ਹਾਂ ਨੇ ਬੰਦੂਕਾਂ ਤੇ ਤਲਵਾਰਾਂ ਰੱਖੀਆਂ, ਸਾਰਿਆਂ ਨੂੰ ਬੁੱਚੜਾਂ ਦੀ ਤਰ੍ਹਾਂ ਕੱਟ ਦਿੱਤਾ ਗਿਆ। ਤੁਕਲਾਕੋਟੇ ਵਿਚ ਤਾਇਨਾਤ ਪੰਜਾਬੀ ਫੌਜੀਆਂ ਨੇ ਜਦੋਂ ਉਹ ਸੁਣਿਆ ਕਿ ਉਨ੍ਹਾਂ ਦੇ ਸਾਥੀਆਂ ਨਾਲ ਕੀ ਬੀਤੀ ਤੇ ਕਿਸ ਤਰ੍ਹਾਂ ਉਨ੍ਹਾਂ ਦਾ ਬਹਾਦਰ ਜਰਨੈਲ ਮਾਰਿਆ ਗਿਆ ਤਾਂ ਉਹ ਪਿੱਛੇ ਹਟਦੇ ਗਏ। ਬਹਾਰ ਦੀ ਰੁੱਤ ਤੋਂ ਪਹਿਲਾਂ ਹੀ ਚੀਨ ਨੇ ਆਪਣੇ ਤਿੱਬਤੀਅਨ ਟਿਕਾਣਿਆਂ ਇਸਕਾਰਦੂ ਤੇ ਲੱਦਾਖ 'ਤੇ ਦੁਬਾਰਾ ਕਬਜ਼ਾ ਕਰ ਲਿਆ। ਕੇਵਲ ਲੇਹ ਉੱਪਰ ਹੀ ਪੰਜਾਬ ਦਾ ਝੰਡਾ ਝੁੱਲ ਰਿਹਾ ਸੀ ਪਰ ਤਿੱਬਤੀ ਬਰਫੀਲੀ ਹਵਾ ਦੇ ਹੁਲਾਰਿਆਂ ਨਾਲ।
ਤਿੱਬਤ ਵਿਚ ਇਸ ਤਰ੍ਹਾਂ ਦੀ ਮਾਰ ਨਾਲ ਪੰਜਾਬੀਆਂ ਤੇ ਡੋਗਰਿਆਂ ਵਿਚ ਕੁਝ ਕਰਨ ਦੀ ਭਾਵਨਾ ਜਾਗ ਪਈ। ਕਿਉਂਕਿ ਗੁਲਾਬ ਸਿੰਘ ਦਾ ਸਿੱਧਾ ਵਾਸਤਾ ਸੀ, ਉਸ ਨੇ ਉਧਰ ਵੱਡੀ ਫੌਜ ਭੇਜੀ। ਇਸ ਦੇ ਨਾਲ ਹੀ ਅੰਗਰੇਜ਼ਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ, ਜਿਸ ਦਾ ਵੱਡਾ ਮਕਸਦ ਅਸਲ ਵਿਚ ਉਨ੍ਹਾਂ ਦੇ ਖਦਸ਼ੇ ਦੂਰ ਕਰਨਾ ਸੀ। ਗਵਰਨਰ ਜਨਰਲ ਲਾਰਡ ਐਲਨਬਰੋ ਨੇ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਿ ਇਸ ਨਾਲ ਪਹਾੜਾਂ ਦੇ ਉਸ ਪਾਰ ਤੋਂ ਹਿੰਦੁਸਤਾਨ ਵਿਚ ਫੌਜਾਂ ਦਾ ਦਾਖਲਾ ਹੋ ਸਕਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਕਿਲ੍ਹਾ ਗੋਬਿੰਦਗੜ੍ਹ ਦੀ ਨਵਉਸਾਰੀ 'ਚ 10 ਵਰ੍ਹੇ ਵੀ ਪਏ ਘੱਟ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਸਰਕਾਰ ਦੇ ਨਵਉਸਾਰੀ ਨਾਲ ਸਬੰਧਤ ਵਿਭਾਗ ਨੇ ਨਾ ਸਿਰਫ਼ ਅੱਖਾਂ ਬੰਦ ਕਰਕੇ ਸੈਨਾ ਦੇ ਕਥਿਤ ਇਤਿਹਾਸਕਾਰਾਂ ਦੁਆਰਾ ਭੇਟ ਕੀਤੇ ਕਿਲ੍ਹੇ ਦੇ ਨਵੇਂ ਇਤਿਹਾਸ 'ਤੇ ਵਿਸ਼ਵਾਸ ਹੀ ਕੀਤਾ, ਸਗੋਂ ਉਸੇ ਇਤਿਹਾਸ ਨੂੰ ਮੂਲ ਆਧਾਰ ਬਣਾ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਕਿਲ੍ਹੇ ਦੇ ਨਵਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ, ਜਿਸ ਦੇ ਚਲਦਿਆਂ ਵਿਭਾਗ ਵਲੋਂ ਜਲ੍ਹਿਆਂਵਾਲਾ ਬਾਗ਼ ਕਾਂਡ ਦੇ ਖਲਨਾਇਕ ਜਨਰਲ ਆਰ. ਈ. ਐਚ. ਡਾਇਰ ਨੂੰ ਬ੍ਰਾਂਡ ਅੰਬੈਸਡਰ ਵਜੋਂ ਇਸਤੇਮਾਲ ਕਰਦਿਆਂ ਸਿੱਖ ਰਾਜ ਦੇ ਤੋਸ਼ਾਖ਼ਾਨਾ ਨੂੰ ਜਨਰਲ ਡਾਇਰ ਦਾ ਬੰਗਲਾ, ਬ੍ਰਿਗੇਡ ਦੇ ਸਾਹਮਣੇ ਬਣੇ ਕਲੋਰੀਨੇਸ਼ਨ ਹਾਊਸ (ਦੂਸ਼ਿਤ ਪਾਣੀ ਵਿਚ ਜਮ੍ਹਾਂ ਬੈਕਟੀਰੀਆ ਨਸ਼ਟ ਕਰਨ ਵਾਲਾ ਪਲਾਂਟ) ਨੂੰ ਡਾਇਰ ਦਾ ਫਾਂਸੀ-ਘਰ ਅਤੇ ਬ੍ਰਿਗੇਡ ਦੇ ਦਫ਼ਤਰ ਨੂੰ ਡਾਇਰ ਦਾ ਥਾਣਾ ਅਤੇ ਬ੍ਰਿਟਿਸ਼ ਦੁਆਰਾ ਬਣਵਾਈ ਹਸਪਤਾਲ ਦੀ ਦੋ ਮੰਜ਼ਿਲਾ ਇਮਾਰਤ ਨੂੰ ਡਾਇਰ ਦੇ ਦੀਵਾਨ ਹਾਲ ਦਾ ਨਾਂਅ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਨਰਲ ਡਾਇਰ ਨੇ ਕਿਲ੍ਹਾ ਗੋਬਿੰਦਗੜ੍ਹ ਵਿਚ ਆਪਣੀ ਕੋਠੀ ਦੇ ਸਾਹਮਣੇ ਇਕ ਫਾਂਸੀ ਘਰ ਬਣਵਾਇਆ ਹੋਇਆ ਸੀ। ਉਹ ਆਪਣੀ ਕੋਠੀ ਵਿਚ ਬੈਠ ਕੇ ਇਸ ਸਥਾਨ 'ਤੇ ਹਿੰਦੁਸਤਾਨੀਆਂ ਨੂੰ ਫਾਂਸੀ 'ਤੇ ਲਟਕਦਾ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਸੀ। ਫਾਂਸੀ ਘਰ ਦੀ ਉਕਤ ਐਨੀ ਵੱਡੀ ਕਹਾਣੀ ਘੜਨ ਲੱਗਿਆਂ ਇਸ ਹਕੀਕਤ ਨੂੰ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ਼ ਸਾਕੇ ਤੋਂ ਦੋ ਦਿਨ ਪਹਿਲਾਂ 11 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦਾ ਚਾਰਜ ਸੰਭਾਲਿਆ ਅਤੇ 30 ਮਈ, 1919 ਨੂੰ ਉਹ ਆਪਣੀ ਬ੍ਰਿਗੇਡ ਸਹਿਤ ਡਿਸਟ੍ਰਿਕਟ ਥਾਰ (ਸਿੰਧ) ਵਿਖੇ ਤਬਦੀਲ ਹੋ ਚੁੱਕਾ ਸੀ। ਅੰਮ੍ਰਿਤਸਰ ਨਿਵਾਸ ਦੇ ਦੌਰਾਨ ਕਰੀਬ ਪਹਿਲੇ 20 ਦਿਨ ਉਸ ਨੇ ਆਪਣੀ ਰਿਹਾਇਸ਼ ਅਤੇ ਛਾਉਣੀ ਰਾਮ ਬਾਗ਼ (ਕੰਪਨੀ ਬਾਗ਼) ਵਿਚ ਰੱਖੀ।
ਜਦੋਂ ਲੇਖਕ ਨੇ ਭਾਰਤੀ ਸੈਨਾ ਦੀ 15 ਇਨਫੇਨਟਰੀ ਡਵੀਜ਼ਨ, ਗੋਬਿੰਦਗੜ੍ਹ ਫੋਰਟ ਦੇ ਕਮਾਂਡਿੰਗ ਅਫਸਰ ਨੂੰ ਭਾਰਤੀ ਸੈਨਾ ਦੁਆਰਾ ਅਣਗਹਿਲੀ ਵਿਚ ਕੀਤੀ ਗਈ ਉਪਰੋਕਤ ਗਲਤੀ ਤੋਂ ਜਾਣੂ ਕਰਵਾਇਆ ਤਾਂ ਉਸ ਨੇ ਕਿਲ੍ਹੇ ਦੇ ਸਹੀ ਇਤਿਹਾਸ ਤੋਂ ਜਾਣੂ ਹੋਣ 'ਤੇ ਤੁਰੰਤ ਕਿਲ੍ਹੇ ਨਾਲ ਸਬੰਧਤ ਨਵੀਂ ਰਿਪੋਰਟ ਸਹੀ ਜਾਣਕਾਰੀਆਂ ਸਹਿਤ ਆਪਣੇ ਉੱਚ ਅਧਿਕਾਰੀਆਂ, ਗ੍ਰਹਿ ਵਿਭਾਗ ਅਤੇ ਮੈਨੂੰ ਭੇਜ ਕੇ ਆਪਣੀ ਗ਼ਲਤੀ ਸੁਧਾਰ ਲਈ। ਇਸ ਦੇ ਬਾਵਜੂਦ ਕਿਲ੍ਹੇ ਦੇ ਮੌਜੂਦਾ ਪ੍ਰਬੰਧਕ ਅਜੇ ਵੀ ਕਿਲ੍ਹਾ ਗੋਬਿੰਦਗੜ੍ਹ ਦੇ ਅੰਦਰ ਸੈਨਿਕਾਂ ਦੀਆਂ ਬੈਰਕਾਂ ਦੇ ਨਾਲ ਲਗਦੇ ਕਿਲ੍ਹੇ ਦੇ ਸਿਵਲ ਗਵਰਨਰ ਫ਼ਕੀਰ ਇਮਾਮਉੱਦੀਨ ਦੇ ਨਿਵਾਸ ਵਾਲੇ ਕਮਰੇ ਨੂੰ ਸਿੱਖ ਰਾਜ ਦਾ ਤੋਸ਼ਾਖ਼ਾਨਾ ਦੱਸ ਰਹੇ ਹਨ ਅਤੇ ਤੋਸ਼ਾਖ਼ਾਨਾ ਦੀ ਅਸਲ ਇਮਾਰਤ ਜਿਥੇ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪਧਾਰਨ 'ਤੇ ਆਪਣਾ ਕੋਹਿਨੂਰ ਹੀਰਾ ਸੁਰੱਖਿਆ ਲਈ ਰੱਖਦੇ ਸਨ, ਨੂੰ ਡਾਇਰ ਬੰਗਲਾ ਅਤੇ ਐਂਗਲੋ-ਸਿੱਖ ਬੰਗਲਾ ਤੇ ਕਲੋਨੀਅਲ ਹਾਊਸ ਦੱਸਿਆ ਜਾ ਰਿਹਾ ਹੈ।
ਕਿਲ੍ਹੇ ਦੀ ਮੌਜੂਦਾ ਪ੍ਰਬੰਧਕ ਮਾਇਆ ਨਗਰੀ ਕੰਪਨੀ ਕਿਲ੍ਹੇ ਵਿਚ ਆਧੁਨਿਕ ਤਕਨੀਕਾਂ ਨਾਲ ਵੱਖ-ਵੱਖ ਸ਼ੋਅ ਦੀ ਮਾਰਫ਼ਤ ਦਰਸ਼ਕਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਹਰ ਪਹਿਲੂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕਰ ਰਹੀ ਹੈ। ਕਿਲ੍ਹੇ 'ਚ 'ਕੰਧਾਂ ਬੋਲਦੀਆਂ ਨੇ' ਉੱਚ ਤਕਨੀਕ ਸਾਊਂਡ ਅਤੇ ਰੌਸ਼ਨੀ ਸ਼ੋਅ ਦੀ ਮਾਰਫ਼ਤ ਪੰਜਾਬ ਦੇ ਸੁਨਹਿਰੀ ਇਤਿਹਾਸ ਦੇ ਨਾਲ-ਨਾਲ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਕਿਲ੍ਹਾ ਗੋਬਿੰਦਗੜ੍ਹ ਦੀ ਆਤਮਕਥਾ ਵੀ ਬਿਆਨ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ 'ਸ਼ੇਰੇ-ਪੰਜਾਬ' 7-ਡੀ ਸ਼ੋਅ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਅਤੇ ਇਤਿਹਾਸਕ ਜਿੱਤਾਂ ਸਮੇਤ ਕੋਹਿਨੂਰ ਹੀਰੇ ਦੀ ਪ੍ਰਾਪਤੀ ਸਬੰਧੀ ਵੀ ਜਾਣਕਾਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਸਭ ਦੇ ਬਾਵਜੂਦ ਮਾਇਆ ਨਗਰੀ ਕੰਪਨੀ ਲਈ ਕਿਲ੍ਹੇ ਦੇ ਵਿਗਾੜ ਕੇ ਪੇਸ਼ ਕੀਤੇ ਜਾ ਰਹੇ ਇਤਿਹਾਸ ਨੂੰ ਸਹੀ ਹਾਲਤ 'ਚ ਪੇਸ਼ ਕਰਨਾ ਟੇਢੀ ਖੀਰ ਬਣਿਆ ਹੋਇਆ ਹੈ। ਇਸ ਦੇ ਇਲਾਵਾ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਕਿਲ੍ਹੇ ਦੇ ਵਿਕਾਸ ਕਾਰਜਾਂ ਦੀ ਢਿੱਲੀ ਰਫ਼ਤਾਰ, ਪ੍ਰਚਾਰ ਦੀ ਕਮੀ, ਕਿਲ੍ਹੇ ਦੇ ਇਤਿਹਾਸਕ ਸਮਾਰਕਾਂ ਨੂੰ ਲੈ ਕੇ ਖੜ੍ਹੇ ਕੀਤੇ ਗਏ ਭਰਮ-ਭੁਲੇਖੇ ਅਤੇ ਕਿਲ੍ਹੇ ਬਾਰੇ ਸਹੀ ਤੇ ਇਤਿਹਾਸਕ ਜਾਣਕਾਰੀ ਦੇਣ ਵਾਲੇ ਗਾਈਡਾਂ ਦੀ ਕਮੀ ਆਦਿ ਖ਼ਾਮੀਆਂ ਕਿਲ੍ਹਾ ਗੋਬਿੰਦਗੜ੍ਹ ਦੀ ਤਰੱਕੀ ਵਿਚ ਰੋੜਾ ਪ੍ਰਤੀਤ ਹੋ ਰਹੀਆਂ ਹਨ, ਜਿਨ੍ਹਾਂ ਬਾਰੇ ਸੁਧਾਰ ਕਰਨਾ ਪ੍ਰਬੰਧਕਾਂ ਤੇ ਸਰਕਾਰ ਲਈ ਲਾਜ਼ਮੀ ਬਣ ਜਾਂਦਾ ਹੈ।


-ਅੰਮ੍ਰਿਤਸਰ। ਫੋਨ : 9356127771, 7837849764

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਸ੍ਰੀ ਪਾਉਂਟਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਤੇ ਮਨਮੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਗੁਰਦਿਆਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਹੱਦ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਤਾਂ ਦੁਆਰਾ ਪਤਾ ਲੱਗਾ ਤਾਂ ਉਨ੍ਹਾਂ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰਵਾ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ, 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਅਤੇ ਕਿਹਾ ਕਿ ਡੀ. ਸੀ. ਸਾਹਿਬ ਮਿਸਟਰ ਆਰ. ਕੇ. ਚੰਡੇਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਰੈਸਟ ਹਾਊਸ ਵਿਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ। ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਫੋਰਸ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ।
ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ, ਜਿਨ੍ਹਾਂ ਵਿਚੋਂ ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਅ ਰਹੇ ਸਨ ਅਤੇ ਤਿੰਨ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਦੇ ਦੱਸਣ ਅਨੁਸਾਰ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 11 ਨਿਹੰਗ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਭਾਈ ਪ੍ਰੀਤਮ ਸਿੰਘ ਫਤਹਿਪੁਰ ਕੋਠੀ (ਹੁਸ਼ਿਆਰਪੁਰ), ਭਾਈ ਮੰਗਲ ਸਿੰਘ ਬਜਰੌਰ, ਭਾਈ ਹਰਭਜਨ ਸਿੰਘ ਚੌਹੜਾ, ਭਾਈ ਦਲੀਪ ਸਿੰਘ, ਭਾਈ ਉਦੈ ਸਿੰਘ ਮੱਤੇਵਾਲ ਅੰਮ੍ਰਿਤਸਰ, ਭਾਈ ਸੰਤੋਖ ਸਿੰਘ ਅੰਮ੍ਰਿਤਸਰ, ਭਾਈ ਲਾਲ ਸਿੰਘ ਫਿਰੋਜ਼ਪੁਰ, ਭਾਈ ਧੰਨਾ ਸਿੰਘ ਭਦੌੜ (ਸੰਗਰੂਰ), ਬਾਬਾ ਸੂਬੇਦਾਰ, ਬਾਬਾ ਨਾਮਧਾਰੀਆ ਅਤੇ ਇਕ ਯਾਤਰੀ ਸਿੰਘ ਸ਼ਾਮਿਲ ਸਨ। ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਜੋ ਗੰਭੀਰ ਰੂਪ ਵਿਚ ਜ਼ਖਮੀ ਹੋਏ, ਉਨ੍ਹਾਂ ਵਿਚ ਖੁਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਭਾਈ ਅਜੀਤ ਸਿੰਘ ਹੁਸ਼ਿਆਰਪੁਰ, ਬਾਬਾ ਗੁਰਬਚਨ ਸਿੰਘ ਘਾਗੋਂ ਰੋੜਾਂਵਾਲੀ ਆਦਿ ਸ਼ਾਮਿਲ ਸਨ। ਇਸ ਸਾਕੇ ਵਿਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 22 ਮਈ (ਦਿਨ ਮੰਗਲਵਾਰ) ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।


-ਚੱਬੇਵਾਲ (ਹੁਸ਼ਿਆਰਪੁਰ)।

ਸੁਲਤਾਨ ਬਾਹੂ ਦੀ ਪੁਸਤਕ ਹੱਕ ਨੁਮਾਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
'ਹੱਕ ਨੁਮਾਏ' ਸ਼ਬਦਾਂ ਦਾ ਪੰਜਾਬੀ ਵਿਚ ਅਰਥ ਸੱਚ ਉੱਤੇ ਚੱਲਣ ਦਾ ਰਸਤਾ ਹੈ। (ਸੱਚੇ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ) ਅਨੁਵਾਦਕ ਨੇ ਇਸ ਦੇ ਉਪ ਸਿਰਲੇਖ ਵਿਚ ਇਸ ਨੂੰ ਸੂਫ਼ੀ ਮਤ ਦੇ ਸਿਧਾਂਤ ਵੀ ਕਿਹਾ ਹੈ। ਇਸ ਪੁਸਤਕ ਦੇ ਵੱਡੇ-ਛੋਟੇ 20 ਅਧਿਆਇ ਹਨ। ਸੂਫ਼ੀਵਾਦ ਬਾਰੇ ਸਿਧਾਂਤਕ ਗ੍ਰੰਥ ਹੋਣ ਕਰਕੇ ਅਤੇ ਕੁਝ ਇਸ ਦੀ ਗੁਰਮਤਿ ਅਸੂਲਾਂ ਨਾਲ ਸਾਂਝ ਕਰਕੇ ਸੁਲੱਖਣ ਸਰਹੱਦੀ ਨੇ ਇਸ ਗ੍ਰੰਥ ਦੀ ਚੋਣ ਕੀਤੀ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, 'ਹਥਲੀ ਪੁਸਤਕ ਦੀ ਪ੍ਰਕਾਸ਼ਨਾ ਦਾ ਮੁੱਖ ਮਕਸਦ ਇਸਲਾਮ ਅਤੇ ਸਿੱਖ ਧਰਮ ਦੇ ਸਾਂਝੇ ਅਤੇ ਬੁਨਿਆਦੀ ਅਸੂਲਾਂ ਨੂੰ ਉਜਾਗਰ ਕਰਨਾ ਹੈ, ਤਾਂ ਕਿ ਇਨ੍ਹਾਂ ਦੋਵਾਂ ਧਰਮਾਂ ਵਿਚ ਫਲਸਫਾਈ ਨੇੜਤਾ ਪਕੇਰੀ ਹੋਵੇ (ਪੰਨਾ 11)। ਪੁਸਤਕ ਦੇ 20 ਭਾਗਾਂ ਵਿਚ ਜਿਨ੍ਹਾਂ ਵਿਸ਼ਿਆਂ ਬਾਰੇ ਚਰਚਾ ਛੇੜੀ ਗਈ ਹੈ, ਉਹ ਹਨ : ਕਲਮੇ ਦੀ ਮਹੱਤਤਾ, ਰੱਬ, ਮਸਤੀ, ਮੁਰਸ਼ਦ ਅਤੇ ਤਾਲਬ ਦੇ ਗੁਣ, ਜਾਰ ਅਤੇ ਬਾਤਨ ਗਿਆਨ ਤੇ ਮਰਫ਼ਤ ਪ੍ਰੇਮ ਇਲਹਾਮ ਫੱਕਰ ਅਤੇ ਫਕੀਰੀ ਦੇ ਗੁਣ ਅਤੇ ਮੌਤ ਆਦਿ। ਕਲਮਾ ਜਾਂ ਕਲਮਾ ਤਯੱਬਾ ਬਾਰੇ ਇਕ ਦਿਲਚਸਪ ਗੱਲ ਇਸ ਤਰ੍ਹਾਂ ਹੈ : ਕਲਮਾ ਤਯੱਬਾ ਦੇ 24 ਅੱਖਰ ਹਨ, ਦਿਨ ਤੇ ਰਾਤ 24 ਘੰਟੇ ਹਨ, ਇਕ ਦਿਨ ਅਤੇ ਇਕ ਰਾਤ ਵਿਚ ਮਨੁੱਖ 24 ਹਜ਼ਾਰ ਸਾਹ ਲੈਂਦਾ ਹੈ। ਜੋ ਆਦਮੀ ਸਾਫ਼ ਦਿਲ ਤੋਂ ਕਲਮਾ ਪੜ੍ਹਦਾ ਹੈ, ਅੱਲਾ ਉਸ ਦੇ ਸਾਰੇ ਪਾਪ ਸਾੜ ਦਿੰਦਾ ਹੈ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। (ਪੰਨਾ 2-3)
ਇਨ੍ਹਾਂ ਕਾਲਮਾਂ ਵਿਚ ਹੀ ਮੋਹਨ ਸਿੰਘ ਦੀਵਾਨਾ ਦੀ ਪੁਸਤਕ 'ਮਸਤੀ' ਬਾਰੇ ਕੁਝ ਚਰਚਾ ਕੀਤੀ ਗਈ ਸੀ। 'ਹੱਕ ਨੁਮਾਏ' ਪੁਸਤਕ ਦਾ ਇਕ ਪੂਰਾ ਕਾਂਡ ਇਸ ਸੰਕਲਪ ਨੂੰ ਸਪੱਸ਼ਟ ਕਰਦਾ ਹੈ। ਉਦਾਹਰਨ ਵਜੋਂ ਮਸਤੀ ਦੀਆਂ ਕਿਸਮਾਂ ਦੱਸਦਿਆਂ ਬਾਹੂ ਲਿਖਦਾ ਹੈ, 'ਮਸਤੀ ਕਈ ਪ੍ਰਕਾਰ ਦੀ ਹੈ। ਪਹਿਲੀ ਮਸਤੀ ਨਫ਼ਸਾਨੀ (ਨਫ਼ਸ ਦੀ ਆਪੇ ਦੀ ਹਸਤੀ ਦੀ), ਦੂਜੀ ਮਸਤੀ ਮਨ ਦੀ ਖੁਦਾਪ੍ਰਸਤੀ, ਤੀਜੀ ਮਸਤੀ ਰੂਹ ਦੀ (ਦੀਦਾਰ ਦੀ, ਦਰਸ਼ਨਾਂ ਦੀ) ਆਦਿ। ਉਸ ਦਾ ਇਹ ਵੀ ਮੰਨਣਾ ਹੈ ਕਿ ਇਹ ਕੇਵਲ ਅੱਲਾਹ ਦੀ ਮਿਹਰ ਨਾਲ ਕਮਾਲ ਮੁਰਸ਼ਦ ਰਾਹੀਂ ਹਾਸਲ ਹੁੰਦੀਆਂ ਹਨ। ਸ਼ਰਾਅ ਦੇ ਵਿਰੁੱਧ ਜਾ ਕੇ ਕਿਸੇ ਵੀ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ (ਪੰਨਾ 32)। ਸੁਲਤਾਨ ਬਾਹੂ ਦਾ ਇਹ ਵੀ ਮੰਨਣਾ ਹੈ ਕਿ ਹਕੀਕੀ ਮਸਤੀ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੈ ਤੇ ਔਖਾ ਕੰਮ ਹੈ। ਅਸਲ ਮਸਤੀ ਅੱਲਾਹ ਦੇ ਨਾਮ ਦੇ ਸਿਮਰਨ ਤੋਂ ਹਾਸਲ ਹੁੰਦੀ ਹੈ। ਮਸਤ ਨੂੰ ਵਜ਼ੀਫੇ ਕਰਨ, ਚਿੰਤਨ ਆਦਿ ਤੋਂ ਕੀ ਕੰਮ। ਮਸਤ ਸਦਾ ਸਿਰ ਤੋਂ ਪੈਰਾਂ ਤੱਕ ਪੂਰਨ ਸਰੀਰ ਸੰਪੂਰਨ ਨੂਰ ਹੁੰਦਾ ਹੈ।
ਸੂਫ਼ੀ ਸਿਲਸਿਲਿਆਂ ਵਿਚ ਮੁਰਸ਼ਦ ਦੀ ਬੜੀ ਚਰਚਾ ਹੈ। ਮੁਰਸ਼ਦ ਦੀ ਪਰਿਭਾਸ਼ਾ ਦਿੰਦੇ ਹੋਏ ਸੁਲਤਾਨ ਬਾਹੂ ਲਿਖਦਾ ਹੈ, 'ਮੁਰਸ਼ਦ ਆਪਣੇ ਤਾਲਬ ਦਾ ਹੱਥ ਪਕੜ ਹਜ਼ੂਰ ਕੋਲ ਪਹੁੰਚਾ ਦੇਵੇ। ਮੁਰਸ਼ਦ ਵਸੀਲਾ ਸਿਵਾਇ ਹਜ਼ੂਰ ਦੇ ਹੋਰ ਕੋਈ ਮਾਰਗ ਹੀ ਨਹੀਂ ਜਾਣਦਾ (ਪੰਨਾ 37)। ਮੁਰਸ਼ਦ 3 ਤਰ੍ਹਾਂ ਦੇ ਹੁੰਦੇ ਹਨ ਕਿ ਨਿਮਨ ਮੁਰਸ਼ਦ, ਮੱਧ ਮੁਰਸ਼ਦ ਅਤੇ ਇਕ ਕਾਮਲ ਮੁਰਸ਼ਦ। ਨਿਮਨ ਮੁਰਸ਼ਦ ਆਪਣੇ ਮੁਰੀਦ ਨੂੰ ਨਿਰੰਤਰ ਇਕ ਹਫਤਾ ਰੱਬੀ ਧਿਆਨ ਵਿਚ ਰੱਖਦਾ ਹੈ। ਸੱਤਵੇਂ ਦਿਨ ਉਸ ਨੂੰ ਅਸਲ ਟੀਚੇ ਉੱਤੇ ਪਹੁੰਚਾ ਦਿੰਦਾ ਹੈ। ਮੱਧ ਮੁਰਸ਼ਦ ਇਕ ਦਿਨ ਇਕ ਰਾਤ ਵਿਚ ਅਰਥਾਤ ਅੱਠਾਂ ਪਹਿਰਾਂ ਵਿਚ ਮੁਰੀਦ ਨੂੰ ਰੱਬੀ ਦੀਦਾਰ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਸਭਾ ਦਾ ਦਰਸ਼ਨਾਰਥੀ ਬਣਾ ਦਿੰਦਾ ਹੈ। ਸੰਪੂਰਨ ਜਾਂ ਕਾਮਲ ਮੁਰਸ਼ਦ ਮੁਰੀਦ ਨੂੰ ਇਕ ਨਿਗਾਹ ਵਿਚ ਉਸ ਸਥਾਨ ਤੱਕ ਪਹੁੰਚਾ ਦਿੰਦਾ ਹੈ। (ਪੰਨਾ 44)
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਸਗਲੀਆ ਕਰਹਿ ਸੀਗਾਰੁ॥ ਮਹਲਾ ੧॥ ਸਭੇ ਕੰਤ ਮਹੇਲੀਆ

ਸਗਲੀਆ ਕਰਹਿ ਸੀਗਾਰੁ॥
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ॥
ਪਾਖੰਡਿ ਪ੍ਰੇਮੁ ਨ ਪਾਈਐ
ਖੋਟਾ ਪਾਜੁ ਖੁਆਰੁ॥ ੧॥
ਹਰਿ ਜੀਉ ਇਉ ਪਿਰੁ ਰਾਵੈ ਨਾਰਿ॥
ਤੁਧੁ ਭਾਵਨਿ ਸੋਹਾਗਣੀ
ਅਪਣੀ ਕਿਰਪਾ ਲੈਹਿ ਸਵਾਰਿ॥ ੧॥ ਰਹਾਉ॥
ਗੁਰ ਸਬਦੀ ਸੀਗਾਰੀਆ
ਤਨੁ ਮਨੁ ਪਿਰ ਕੈ ਪਾਸਿ॥
ਦੁਇ ਕਰ ਜੋੜਿ ਖੜੀ ਤਕੈ
ਸਚੁ ਕਹੈ ਅਰਦਾਸਿ॥
ਲਾਲਿ ਰਤੀ ਸਚ ਭੈ ਵਸੀ
ਭਾਇ ਰਤੀ ਰੰਗਿ ਰਾਸਿ॥ ੨॥
ਪ੍ਰਿਅ ਕੀ ਚੇਰੀ ਕਾਂਢੀਐ
ਲਾਲੀ ਮਾਨੈ ਨਾਉ॥
ਸਾਚੀ ਪ੍ਰੀਤਿ ਨ ਤੁਟਈ
ਸਾਚੇ ਮੇਲਿ ਮਿਲਾਉ॥
ਸਬਦਿ ਰਤੀ ਮਨੁ ਵੇਧਿਆ
ਹਉ ਸਦ ਬਲਿਹਾਰੈ ਜਾਉ॥ ੩॥
ਸਾ ਧਨ ਰੰਡ ਨ ਬੈਸਈ
ਜੇ ਸਤਿਗੁਰ ਮਾਹਿ ਸਮਾਇ॥
ਪਿਰੁ ਰੀਸਾਲੂ ਨਉਤਨੋ
ਸਾਚਉ ਮਰੈ ਨ ਜਾਇ॥
ਨਿਤ ਰਵੈ ਸੋਹਾਗਣੀ
ਸਾਚੀ ਨਦਰਿ ਰਜਾਇ॥ ੪॥
ਸਾਚੁ ਧੜੀ ਧਨ ਮਾਡੀਐ
ਕਾਪੜੁ ਪ੍ਰੇਮ ਸੀਗਾਰੁ॥
ਚੰਦਨੁ ਚੀਤਿ ਵਸਾਇਆ
ਮੰਦਰੁ ਦਸਵਾ ਦੁਆਰੁ॥
ਦੀਪਕੁ ਸਬਦਿ ਵਿਗਾਸਿਆ
ਰਾਮ ਨਾਮੁ ਉਰਹਾਰੁ॥ ੫॥
ਨਾਰੀ ਅੰਦਰਿ ਸੋਹਣੀ
ਮਸਤਕਿ ਮਣੀ ਪਿਆਰੁ॥
ਸੋਭਾ ਸੁਰਤਿ ਸੁਹਾਵਣੀ
ਸਾਚੈ ਪ੍ਰੇਮਿ ਅਪਾਰ॥
ਬਿਨੁ ਪਿਰ ਪੁਰਖੁ ਨ ਜਾਣਈ
ਸਾਚੈ ਗੁਰ ਕੈ ਹੇਤਿ ਪਿਆਰਿ॥ ੬॥
ਨਿਸਿ ਅੰਧਿਆਰੀ ਸੁਤੀਏ
ਕਿਉ ਪਿਰ ਬਿਨੁ ਰੈਣਿ ਵਿਹਾਇ॥
ਅੰਕੁ ਜਲਉ ਤਨੁ ਜਾਲੀਅਉ
ਮਨੁ ਧਨੁ ਜਲਿ ਥਲਿ ਜਾਇ॥
ਜਾ ਧਨ ਕੰਤ ਨਾ ਰਾਵੀਆ
ਤਾ ਬਿਰਥਾ ਜੋਬਨੁ ਜਾਇ॥ ੭॥
ਸੇਜੈ ਕੰਤ ਮਹੇਲੜੀ ਸੂਤੀ ਸੂਝ ਨ ਪਾਇ॥
ਹਉ ਸੁਤੀ ਪਿਰੁ ਜਾਗਣਾ
ਕਿਸ ਕਉ ਪੂਛਉ ਜਾਇ॥
ਸਤਿਗੁਰਿ ਮੇਲੀ ਭੈ ਵਸੀ
ਨਾਨਕ ਪ੍ਰੇਮੁ ਸਖਾਇ॥ ੮॥ ੨॥ (ਅੰਗ 53-54)
ਅਸਟਪਦੀਆਂ ਵਾਲੇ ਸ਼ਬਦਾਂ ਦਾ ਆਕਾਰ ਵੱਡਾ ਹੋਣ ਕਰਕੇ ਹਰ ਅਸਟਪਦੀ ਦੇ ਪਹਿਲੇ ਚਾਰ ਪਦਿਆਂ 'ਤੇ ਵਿਚਾਰ ਇਕ ਦਿਨ ਕੀਤੀ ਜਾਵੇਗੀ ਤੇ ਬਾਕੀ ਦੇ ਪਦਿਆਂ 'ਤੇ ਅਗਲੇ ਦਿਨ ਦੇ ਅੰਕ ਵਿਚ।
ਪਦ ਅਰਥ : ਕੰਤ-ਪਤੀ, ਮਾਲਕ (ਪ੍ਰਭੂ)। ਮਹੇਲੀਆ-ਇਸਤਰੀਆਂ। ਸਗਲੀਆਂ-ਸਾਰੀਆਂ। ਕਰਹਿ ਸੀਗਾਰੁ-ਸ਼ਿੰਗਾਰ ਕਰਦੀਆਂ ਹਨ। ਗਣਤ ਗਣਾਵਣਿ-ਗਿਣਤੀ ਗਿਣਾਉਣ ਲਈ, ਲੋਕ ਵਿਖਾਵਾ ਕਰਨ ਲਈ। ਸੂਹਾ-ਲਾਲ ਰੰਗ, ਕਸੁੰਭੇ ਦੇ ਫੁੱਲ ਵਾਂਗ ਮਨ ਨੂੰ ਮੋਹਣ ਵਾਲਾ ਜੋ ਛੇਤੀ ਹੀ ਫਿੱਕਾ ਪੈ ਜਾਂਦਾ ਹੈ। ਵੇਸੁ-ਲਿਵਾਸ, ਪਹਿਰਾਵਾ। ਪਾਜੁ-ਮੁਲੰਮਾ (ਕਿਸੇ ਧਾਤ 'ਤੇ ਸੋਨੇ ਦਾ ਵਰਕ ਚਾੜ੍ਹਨਾ ਤਾਂ ਕਿ ਉਹ ਸੋਨਾ ਹੀ ਲੱਗੇ), ਵਿਖਾਵਾ।
ਪਿਰੁ-ਮਾਲਕ, ਖਸਮ। ਗਵੈ-ਪਿਆਰ ਕਰਦਾ ਹੈ। ਨਾਰਿ-ਜੀਵ ਇਸਤਰੀਆਂ। ਤੁਧੁ ਭਾਵਿਨ-ਤੈਨੂੰ ਚੰਗੀਆਂ ਲਗਦੀਆਂ ਹਨ। ਸੋਹਾਗਣੀ-ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ, ਜਿਸ 'ਤੇ ਪ੍ਰਭੂ ਪਤੀ ਪ੍ਰਸੰਨ ਹੋਵੇ। ਆਪਣੀ ਕਿਰਪਾ-ਆਪਣੀ ਮਿਹਰ, ਆਪਣੀ ਬਖਸ਼ਿਸ਼ ਦੁਆਰਾ। ਲੈਹਿ ਸਵਾਰਿ-ਸੰਵਾਰ ਲੈਂਦਾ ਹੈ।
ਗੁਰ ਸ਼ਬਦੀ-ਗੁਰੂ ਦੇ ਸ਼ਬਦ ਦੁਆਰਾ। ਸੀਗਾਰੀਆ-(ਜਿਹੜੀ ਜੀਵ ਇਸਤਰੀ ਆਪਣੇ ਜੀਵਨ ਨੂੰ) ਸ਼ਿੰਗਾਰ ਲੈਂਦੀ ਹੈ। ਕਰ-ਹਥ। ਕੈ ਪਾਸਿ (ਅਰਪਨ ਕਰ ਦਿੰਦੀ ਹੈ)। ਦੁਇ ਕਰ ਜੋੜਿ-ਦੋਵੇਂ ਹੱਥ ਜੋੜ ਕੇ। ਖੜੀ ਤਕੈ-ਖਲੋਤੀ (ਪ੍ਰਭੂ ਵੱਲ) ਦੇਖਦੀ ਰਹਿੰਦੀ ਹੈ। ਲਾਲਿ ਰਤੀ-ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਹੋਈ। ਸਚ ਭੈ ਵਸੀ-ਪ੍ਰਭੂ ਦੇ ਭੈਅ ਵਿਚ ਵਸਦੀ ਹੈ। ਭਾਇ ਰਤੀ-(ਪ੍ਰਭੂ ਦੇ) ਪ੍ਰੇਮ ਵਿਚ ਰਤੀ ਹੋਈ। ਰੰਗਿ ਰਾਸਿ-ਨਾਮ ਵਿਚ ਸਮਾਈ ਰਹਿੰਦੀ ਹੈ।
ਪ੍ਰਿਅ-ਪ੍ਰਭੂ ਪਤੀ। ਚੇਰੀ-ਦਾਸੀ, ਸੇਵਕਾ। ਕਾਂਢੀਐ-ਕਹੀਦੀ ਹੈ। ਲਾਲੀ-ਦਾਸੀ, ਪਿਆਰੀ। ਮਾਨੈ ਨਾਉ-ਨਾਮ ਨੂੰ ਹੀ ਮੰਨਦੀ ਹੈ। ਸਾਚੇ ਮੇਲਿ ਮਿਲਾਉ-(ਇਹ ਅਟੁੱਟ ਪ੍ਰੀਤ) ਸੱਚੇ ਪ੍ਰਭੂ ਨਾਲ ਮਿਲਾਪ ਕਰਵਾ ਦਿੰਦੀ ਹੈ। ਸਬਦਿ ਰਤੀ-ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ। ਮਨੁ ਵੇਧਿਆ-ਮਨ ਨੂੰ (ਪ੍ਰੇਮ ਨਾਲ) ਵਿੰਨ ਲਿਆ ਹੈ। ਹਉ-ਮੈਂ। ਸਾ ਧਨ-ਉਹ ਜੀਵ ਇਸਤਰੀ। ਰੰਡ-ਨਿਖਸਮੀ ਹੋ ਕੇ। ਨ ਬੈਸਈ-ਨਹੀਂ ਬੈਠਦੀ। ਮਾਹਿ-ਵਿਚ। ਸਮਾਇ-ਅਭੇਦ ਹੋ ਜਾਵੇ। ਪਿਰੁ-ਪ੍ਰਭੂ ਪਤੀ। ਰੀਸਾਲੂ-ਰਸਾਂ ਦਾ ਘਰ। ਨਉਤਨੋ-ਨਿਤ ਨਵਾਂ ਨਰੋਆ। ਸਾਚਉ-ਸਦਾ ਥਿਰ ਰਹਿਣ ਵਾਲਾ। ਮਰੈ ਨ ਜਾਇ-ਨਾ ਜੰਮਦਾ ਹੈ, ਨਾ ਮਰਦਾ ਹੈ। ਸਾਚੀ ਨਦਰਿ ਰਜਾਇ-ਸੱਚੇ ਪ੍ਰਭੂ ਦੀ ਨਜ਼ਰ ਦੀ ਰਜ਼ਾ ਵਿਚ।
ਰਾਗੁ ਸੂਹੀ ਕੀ ਵਾਰ ਮਹਲਾ ੩ ਵਿਚ ਗੁਰੂ ਅਮਰਦਾਸ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਹੜੀ ਜੀਵ ਇਸਤਰੀ ਵਿਕਾਰਾਂ ਵਲੋਂ ਪਰਤ ਕੇ ਗੁਰੂ ਦੇ ਦਰਸਾਏ ਮਾਰਗ 'ਤੇ ਚਲਦੀ ਹੈ, ਉਹ ਸਜ-ਸੰਵਰ ਕੇ ਪਰਮਾਤਮਾ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ-
ਗੁਰਮੁਖਿ ਹੋਵੈ ਸੁ ਪਲਟਿਆ
ਹਰਿ ਰਾਤੀ ਸਾਜਿ ਸੀਗਾਰਿ॥ (ਅੰਗ 785)
ਪਲਟਿਆ-ਪਰਤ ਕੇ। ਰਾਤੀ-ਰੱਤੀ ਰਹਿੰਦੀ ਹੈ।
ਅਜਿਹੀ ਜੀਵ-ਇਸਤਰੀ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਮਾਣਦੀ ਹੈ-
ਸਹਜਿ ਸਚੁ ਪਿਰੁ ਰਾਵਿਆ
ਹਰਿ ਨਾਮਾ ਉਰ ਧਾਰਿ॥ (ਅੰਗ 785)
ਇਸ ਪ੍ਰਕਾਰ ਜਿਸ ਨੇ ਸਦਾ ਥਿਰ ਮਾਲਕ ਪ੍ਰਭੂ ਨੂੰ ਪਾ ਲਿਆ ਹੈ, ਉਹ ਜੀਵ-ਇਸਤਰੀ ਸਦਾ ਸੁਹਾਗਣ ਹੈ, ਸਦਾ ਸੁਹਾਗ ਵਾਲੀ ਹੈ-
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੁਹਾਗਣਿ ਨਾਰਿ॥ (ਅੰਗ 785)
ਸ਼ਬਦ ਦੇ ਅੱਖਰੀਂ ਅਰਥ : ਸਾਰੀਆਂ ਜੀਵ-ਇਸਤਰੀਆਂ ਪ੍ਰਭੂ ਦੀਆਂ ਹੀ ਹਨ ਅਤੇ ਇਹ ਸਾਰੀਆਂ (ਮਾਲਕ ਨੂੰ ਰੀਝਾਉਣ ਲਈ) ਸ਼ਿੰਗਾਰ ਕਰਦੀਆਂ ਹਨ ਪਰ ਜੋ ਇਥੇ ਆ ਕੇ (ਪ੍ਰਭੂ ਪਿਆਰ ਦਾ) ਵਿਖਾਵਾ ਹੀ ਕਰਦੀਆਂ ਹਨ, ਉਨ੍ਹਾਂ ਦਾ ਗੂੜ੍ਹੇ ਲਾਲ ਰੰਗ ਦਾ ਪਹਿਰਾਵਾ ਮਾਨੋ ਵਿਕਾਰ ਹੀ ਪੈਦਾ ਕਰਦਾ ਹੈ। ਪਾਖੰਡ ਕਰਨ ਨਾਲ ਕਦੇ ਮਾਲਕ ਦੇ ਪ੍ਰੇਮ-ਪਿਆਰ ਨੂੰ ਨਹੀਂ ਪਾ ਸਕੀਦਾ ਅਤੇ )ਮਨ ਵਿਚਲਾ) ਇਹ ਖੋਟ ਖੁਆਰ ਹੀ ਕਰਦਾ ਹੈ। ਹੇ ਪ੍ਰਭੂ ਜੀਓ, ਤੈਨੂੰ ਅਜਿਹੀ ਜੀਵ-ਇਸਤਰੀ ਹੀ ਚੰਗੀ ਲਗਦੀ ਹੈ ਜੋ ਤੈਨੂੰ ਭਾਅ ਜਾਵੇ। ਜੋ ਤੈਨੂੰ ਚੰਗੀਆਂ ਲਗਦੀਆਂ ਹਨ, ਮਾਨੋ ਉਹੀ ਸੁਹਾਗ ਵਾਲੀਆਂ ਭਾਵ ਸੁਹਾਗਣਾਂ ਹਨ, ਜਿਨ੍ਹਾਂ ਨੂੰ ਤੂੰ ਫਿਰ ਆਪਣੀ ਕਿਰਪਾ ਦੁਆਰਾ ਸੰਵਾਰ ਲੈਂਦਾ ਹੈਂ।
ਜੋ ਜੀਵ-ਇਸਤਰੀ ਗੁਰੂ ਦੇ ਸ਼ਬਦ ਨਾਲ ਸ਼ਿੰਗਾਰੀ ਅਥਵਾ ਸੰਵਾਰੀ ਹੁੰਦੀ ਹੈ, ਉਸ ਦਾ ਤਨ ਅਤੇ ਮਨ ਪਰਮਾਤਮਾ ਦੇ ਪਾਸ ਹੁੰਦਾ ਹੈ ਭਾਵ ਤਨੋ, ਮਨੋ ਉਹ ਪਰਮਾਤਮਾ ਵਿਚ ਜੁੜੀ ਹੁੰਦੀ ਹੈ। ਅਜਿਹੀ ਜੀਵ-ਇਸਤਰੀ ਆਪਣੇ ਦੋਵੇਂ ਹੱਥ ਜੋੜ ਕੇ ਖਲੋਤੀ ਮਾਲਕ ਪ੍ਰਭੂ ਵੱਲ ਤੱਕਦੀ ਰਹਿੰਦੀ ਹੈ ਅਤੇ ਪ੍ਰਭੂ ਅੱਗੇ ਅਰਜੋਈ ਕਰਦੀ ਹੈ। ਉਹ ਮਾਲਕ ਪ੍ਰਭੂ ਦੇ ਰੰਗ ਵਿਚ ਰੱਤੀ ਹੋਈ ਸਦਾ ਪ੍ਰਭੂ ਦੇ ਭੈ ਵਿਚ ਰਹਿੰਦੀ ਹੈ ਅਤੇ ਪ੍ਰੇਮ ਵਿਚ ਰੱਤੀ ਹੋਈ ਨੂੰ ਅਨੰਦ ਪ੍ਰਾਪਤ ਹੁੰਦਾ ਹੈ।
ਉਹ ਜੀਵ-ਇਸਤਰੀ ਪਤੀ ਪਰਮਾਤਮਾ ਦੀ ਦਾਸੀ ਆਖੀ ਜਾਂਦੀ ਹੈ, ਜਿਹੜੀ ਉਸ ਦੀ ਸੇਵਕਾ ਬਣ ਕੇ ਨਾਮ ਨੂੰ ਮੰਨਦੀ ਹੈ ਭਾਵ ਨਾਮ ਜਪਦੀ ਹੈ। ਜਦੋਂ ਅਜਿਹੀ ਜੀਵ-ਇਸਤਰੀ ਦਾ ਸਦਾ ਥਿਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਉਸ ਦੀ ਪਰਮਾਤਮਾ ਨਾਲ ਪਈ ਪ੍ਰੀਤ ਫਿਰ ਕਦੇ ਟੁੱਟਦੀ ਨਹੀਂ। ਇਸ ਪ੍ਰਕਾਰ ਗੁਰ ਸ਼ਬਦ ਵਿਚ ਰੱਤੀ ਹੋਈ ਜਿਸ ਜੀਵ-ਇਸਤਰੀ ਨੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ ਵਿਚ ਵਿਨ ਲਿਆ ਹੈ, ਜਗਤ ਗੁਰੂ ਬਾਬਾ ਅਜਿਹੀਆਂ ਜੀਵ-ਇਸਤਰੀਆਂ ਤੋਂ ਬਲਿਹਾਰ ਜਾਂਦੇ ਹਨ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੇਕਰ ਜੀਵ-ਇਸਤਰੀ ਤਨੋ, ਮਨੋ ਸਤਿਗੁਰੂ ਵਿਚ ਲੀਨ ਹੋ ਜਾਂਦੀ ਹੈ ਤਾਂ ਉਹ ਕਦੇ ਨਿਖਸਮੀ (ਰੰਡੀ) ਹੋ ਕੇ ਨਹੀਂ ਬੈਠਦੀ, ਸਗੋਂ ਸੁਹਾਗ ਭਾਗ ਵਾਲੀ ਬਣੀ ਰਹਿੰਦੀ ਹੈ, ਕਿਉਂਕਿ ਪਰਮਾਤਮਾ ਦੀ ਮਿਹਰ ਉਸ 'ਤੇ ਬਣੀ ਰਹਿੰਦੀ ਹੈ ਜੋ ਰਸਾਂ ਦਾ ਘਰ ਸਦਾ ਕਾਇਮ ਰਹਿਣ ਵਾਲਾ ਹੈ, ਨਾ ਕਦੇ ਮਰਦਾ ਹੈ ਅਤੇ ਨਾ ਹੀ ਜੰਮਦਾ ਹੈ ਅਤੇ ਸੁਹਾਗਣ ਹਰ ਰੋਜ਼ ਅਜਿਹੇ ਪਤੀ ਪਰਮੇਸਰ ਦੇ ਪਿਆਰ ਨੂੰ ਮਾਣਦੀ ਰਹਿੰਦੀ ਹੈ।
(ਬਾਕੀ ਅਗਲੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸੱਚਾ ਪ੍ਰੇਮ ਕਦੇ ਵੀ ਕਸ਼ਟਦਾਇਕ ਨਹੀਂ ਹੁੰਦਾ

ਅਸੀਂ ਜਦ ਵੀ ਕਿਸੇ ਭੌਤਿਕ ਪਦਾਰਥ ਨੂੰ ਬਹੁਤ ਚਾਹੁੰਦੇ ਹਾਂ ਤਾਂ ਅਸੀਂ ਉਸ ਦੇ ਗੁਲਾਮ ਹੋ ਜਾਂਦੇ ਹਾਂ ਪਰ ਸੱਚੇ ਪ੍ਰੇਮ ਨਾਲ ਕੀਤਾ ਹੋਇਆ ਕੋਈ ਵੀ ਕਾਰਜ ਅਜਿਹਾ ਨਹੀਂ ਹੁੰਦਾ, ਜਿਸ ਦੇ ਸਿੱਟੇ ਵਿਚ ਸ਼ਾਂਤੀ ਅਤੇ ਅਨੰਦ ਨਾ ਆਵੇ। ਕੁਦਰਤ ਦੀ ਹੋਂਦ, ਕੁਦਰਤ ਦਾ ਗਿਆਨ ਅਤੇ ਕੁਦਰਤ ਨਾਲ ਪ੍ਰੇਮ ਸਭ ਆਪਸ ਵਿਚ ਸਬੰਧਤ ਹਨ ਅਤੇ ਇਹ ਉਸ ਸਚਿਦਾਨੰਦ ਦੇ ਹੀ ਵੱਖ-ਵੱਖ ਰੂਪ ਹਨ। ਅਸਲ ਵਿਚ ਇਹ ਤਿੰਨੋਂ ਇਕੋ ਹੀ ਹਨ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜਦ ਅਸੀਂ ਕੁਦਰਤ ਦੀ ਸੱਤਾ ਨੂੰ ਸ਼ਾਂਤ ਅਤੇ ਸਾਪੇਖ ਰੂਪ ਵਿਚ ਦੇਖਦੇ ਹਾਂ ਤਾਂ ਸਾਨੂੰ ਸਾਰਾ ਵਿਸ਼ਵ ਇਸ ਸਚਿਦਾਨੰਦ ਦਾ ਹੀ ਰੂਪ ਦਿਖਾਈ ਦਿੰਦਾ ਹੈ। ਕੁਦਰਤ ਦਾ ਗਿਆਨ ਵੀ ਸੰਸਾਰਕ ਵਸਤੂ ਗਿਆਨ ਵਿਚ ਬਦਲ ਜਾਂਦਾ ਹੈ। ਉਸ ਸਮੇਂ ਇਹ ਅਨੰਦ ਮਨੁੱਖੀ ਦਿਲ ਵਿਚ ਮੌਜੂਦ ਸਾਰੀ ਕੁਦਰਤ ਪ੍ਰਤੀ ਪ੍ਰੇਮ ਦੀ ਨੀਂਹ ਬਣ ਜਾਂਦਾ ਹੈ। ਸੱਚੇ ਪ੍ਰੇਮ ਨਾਲ ਪ੍ਰੇਮੀ ਜਾਂ ਪ੍ਰੇਮ ਪਾਤਰ ਨੂੰ ਕਸ਼ਟ ਨਹੀਂ ਹੋ ਸਕਦਾ, ਕਿਉਂਕਿ ਅਜਿਹਾ ਪ੍ਰੇਮੀ ਸਾਰੀ ਕੁਦਰਤ ਨੂੰ ਉਸ ਦਾ ਹੀ ਰੂਪ ਮੰਨਦਾ ਹੈ। ਦੂਜੇ ਪਾਸੇ ਜੇ ਕੋਈ ਕਿਸੇ ਵਸਤੂ ਜਾਂ ਜੀਵ ਨੂੰ ਆਪਣੀ ਮਾਲਕੀ ਸਮਝਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਉਸ ਅਨੁਸਾਰ ਹੀ ਰਹੇ ਜਾਂ ਵਿਚਰੇ ਤਾਂ ਸਮਝੋ ਉਹ ਉਸ ਵਸਤੂ ਦਾ ਗੁਲਾਮ ਹੈ। ਜੇ ਕੋਈ ਪੁਰਸ਼ ਕਿਸੇ ਇਸਤਰੀ ਨੂੰ ਬਹੁਤ ਪ੍ਰੇਮ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਰਹੇ ਅਤੇ ਉਸ ਅਨੁਸਾਰ ਹੀ ਰਹੇ ਅਤੇ ਹੋਰ ਕਿਸੇ ਪੁਰਸ਼ ਨਾਲ ਕਿਸੇ ਤਰ੍ਹਾਂ ਦਾ ਵਿਵਹਾਰ ਨਾ ਕਰੇ ਤਾਂ ਉਸ ਔਰਤ ਪ੍ਰਤੀ ਉਸ ਦਾ ਪ੍ਰੇਮ ਨਹੀਂ, ਗੁਲਾਮੀ ਹੈ ਅਤੇ ਉਹ ਇਸਤਰੀ ਨੂੰ ਵੀ ਗੁਲਾਮ ਬਣਾਉਣਾ ਚਾਹੁੰਦਾ ਹੈ। ਅਜਿਹਾ ਵਤੀਰਾ ਪ੍ਰੇਮ ਨਹੀਂ, ਸਗੋਂ ਕਸ਼ਟਦਾਇਕ ਹੈ। ਲਗਾਵ ਰਹਿਤ ਪ੍ਰੇਮ ਕਦੇ ਵੀ ਕਸ਼ਟਦਾਇਕ ਨਹੀਂ ਹੁੰਦਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਧਾਰਮਿਕ ਸਾਹਿਤ

ਜ਼ਫ਼ਰਨਾਮਹ :
ਅਰਥ ਅਤੇ ਵਿਆਖਿਆ

ਲੇਖਕ : ਗਿ: ਗੁਰਬਖਸ਼ ਸਿੰਘ ਗੁਲਸ਼ਨ
ਪ੍ਰਕਾਸ਼ਕ : ਖ਼ਾਲਸਾ ਪ੍ਰਚਾਰਕ ਜਥਾ ਯੂ.ਕੇ. ਤੇ ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 310, ਮੁੱਲ : 450 ਰੁਪਏ
ਸੰਪਰਕ : 99150-48005


ਦਸਮ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਤੇ ਫਿਰ ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ) ਦੀ ਫ਼ਤਹਿ ਉਪਰੰਤ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਲਿਖੇ ਫ਼ਤਹਿ ਦੇ ਪੱਤਰ ਦਾ ਇਤਿਹਾਸਕ ਮਹੱਤਵ ਹੈ। ਸਾਰਾ ਪਰਿਵਾਰ ਵਾਰ ਕੇ ਵੀ ਦਸਮੇਸ਼ ਦਿੱਲੀ ਦੇ ਸ਼ਕਤੀਸ਼ਾਲੀ ਹਾਕਮ ਨੂੰ ਫਿਟਕਾਰਦੇ-ਵੰਗਾਰਦੇ ਹਨ। ਸ਼ਿਅਰਾਂ ਦੇ ਇਸ ਪੱਤਰ ਵਿਚ ਨਾ ਸ਼ਹਿਨਸ਼ਾਹ ਨੂੰ ਮੱਧਕਾਲੀ ਅਦਬ ਆਦਾਬ ਦੇ ਸੰਬੋਧਨ ਨਾਲ ਗੱਲ ਕਰਦੇ ਹਨ, ਨਾ ਆਪਣੇ ਲਈ ਕੁਝ ਮੰਗਦੇ ਹਨ। ਉਹ ਉਸ ਨੂੰ ਨਿਆਂਸ਼ੀਲ ਹਾਕਮ ਵਾਂਗ ਜਨ ਸਾਧਾਰਨ ਨਾਲ ਪੇਸ਼ ਹੋਣ ਅਤੇ ਦੀਨ ਇਸਲਾਮ ਦਾ ਅਨੁਯਾਈ ਹੋਣ ਦਾ ਦੰਭ ਕਰਨ ਦੀ ਥਾਂ ਸੱਚਾ ਮੁਸਲਮਾਨ ਬਣਨ ਲਈ ਪ੍ਰੇਰਿਤ ਕਰਦੇ ਹਨ। ਉਸ ਕੋਲ ਮਿਲਣ ਜਾਣ ਦੀ ਥਾਂ ਆਪਣੇ ਕੋਲ ਬਰਾੜਾਂ ਦੇ ਸੁਰੱਖਿਅਤ ਇਲਾਕੇ ਵਿਚ ਆਉਣ ਨੂੰ ਸੁਨੇਹਾ ਦਿੰਦੇ ਹਨ। ਉਸ ਨੂੰ ਤਖ਼ਤ ਦੀ ਸ਼ੋਭਾ ਦੀ ਥਾਂ ਤਖ਼ਤ ਉੱਤੇ ਬਦਨੁਮਾ ਦਾਸ ਕਹਿੰਦੇ ਹਨ। ਉਸ ਦੇ ਘੋੜਿਆਂ ਦੇ ਸੁਮਾਂ ਹੇਠ ਅੱਗ ਮਚਾ ਦੇਣ ਦੇ ਅਜ਼ਮ ਦਾ ਪ੍ਰਗਟਾਵਾ ਕਰਦੇ ਹਨ। ਗਿ: ਗੁਰਬਖਸ਼ ਸਿੰਘ ਗੁਲਸ਼ਨ ਚੰਗੇ ਕਥਾਕਾਰ ਹਨ। ਆਪਣੀ ਹਿੰਮਤ ਨਾਲ ਹੀ ਸਵੈ-ਅਧਿਐਨ ਤੇ ਵਿਸ਼ਾਲ ਅਨੁਭਵ ਨਾਲ ਉਨ੍ਹਾਂ ਬਹੁਭਾਂਤੀ ਮੁਹਾਰਤ ਹਾਸਲ ਕੀਤੀ ਹੈ। ਇਸੇ ਆਧਾਰ ਉੱਤੇ ਉਨ੍ਹਾਂ ਨੇ ਜ਼ਫ਼ਰਨਾਮੇ ਦੀ ਪ੍ਰਭਾਵਸ਼ਾਲੀ ਵਿਆਖਿਆ ਇਸ ਪੁਸਤਕ ਵਿਚ ਪੇਸ਼ ਕੀਤੀ ਹੈ।
ਗੁਰਮੁਖੀ, ਰੋਮਨ, ਪਰਸ਼ੀਅਨ ਲਿਪੀ ਵਿਚ ਜ਼ਫ਼ਰਨਾਮੇ ਦੇ ਹਰ ਸ਼ਿਅਰ ਦੇ ਮੂਲ ਪਾਠ ਉਪਰੰਤ ਉਸ ਦੇ ਔਖੇ ਸ਼ਬਦਾਂ ਦੇ ਅਰਥ ਅਤੇ ਸ਼ਿਅਰ ਦਾ ਅਰਥ ਅੰਗਰੇਜ਼ੀ ਤੇ ਪੰਜਾਬੀ ਪਾਠਕਾਂ ਲਈ ਗੁਰਮੁਖੀ ਵਿਚ ਇਸ ਪੁਸਤਕ ਵਿਚ ਅੰਕਤ ਹੈ। ਹਰ ਸ਼ਿਅਰ ਦੀ ਵਿਸਤ੍ਰਿਤ ਵਿਆਖਿਆ ਕਥਾਕਾਰਾਂ, ਜਗਿਆਸੂਆਂ ਲਈ ਕੰਮ ਦੀ ਸ਼ੈਅ ਹੈ। ਪੁਸਤਕ ਦੇ ਅੰਤ ਵਿਚ ਔਰੰਗਾਬਾਦ, ਤਖ਼ਤ ਪਟਨਾ ਸਾਹਿਬ, ਸ਼੍ਰੋਮਣੀ ਕਮੇਟੀ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ, ਬੁੱਢਾ ਦਲ ਛਾਉਣੀ ਪਟਿਆਲਾ, ਭਾਈ ਰਣਧੀਰ ਸਿੰਘ ਤੇ ਰਤਨ ਸਿੰਘ ਜੱਗੀ ਵਲੋਂ ਸੰਪਾਦਿਤ ਜ਼ਫ਼ਰਨਾਮਾ ਦੇ ਛੇ ਪਾਠ ਭੇਦਾਂ ਨੂੰ ਇਕ ਚਾਰਟ ਵਿਚ ਸ਼ਿਅਰ ਅਨੁਸਾਰ ਅੰਕਿਤ ਕੀਤਾ ਗਿਆ ਹੈ। ਉਰਦੂ ਪਰਸ਼ੀਅਨ ਦੇ ਸਾਰੇ ਔਖੇ ਸ਼ਬਦਾਂ ਦੇ ਅਰਥ ਇਕ ਡਿਕਸ਼ਨਰੀ ਵਾਂਗ ਪੁਸਤਕ ਦੇ ਅੰਤ ਵਿਚ ਦਿੱਤੇ ਗਏ ਹਨ। ਗੁਲਸ਼ਨ ਜੀ ਨੇ ਨਿਸਚੇ ਹੀ ਕਾਰਜ ਬਹੁਤ ਮਿਹਨਤ ਤੇ ਬਾਰੀਕੀ ਨਾਲ ਕੀਤਾ ਹੈ। ਪ੍ਰਕਾਸ਼ਨ ਵਾਲੇ ਸੱਜਣਾਂ ਨੇ ਵੀ ਪੂਰੀ ਰੀਝ ਨਾਲ ਇਸ ਨੂੰ ਪ੍ਰਭਾਸ਼ਿਤ ਕੀਤਾ ਹੈ। ਦਿੱਖ, ਵਿਸ਼ੇ, ਕੱਥ, ਵੱਥ ਹਰ ਪੱਖੋਂ ਪੁਸਤਕ ਸਾਂਭਣਯੋਗ ਹੈ।


-ਡਾ: ਕੁਲਦੀਪ ਸਿੰਘ ਧੀਰ


ਜਾਪੁ ਸਾਹਿਬ
ਟੀਕਾਕਾਰ : ਜਗਰੂਪ ਸਿੰਘ ਗਿੱਲ

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 301, ਕੀਮਤ : 400 ਰੁਪਏ
ਸੰਪਰਕ : 89684-53335


ਜਾਪੁ ਸਾਹਿਬ ਸ੍ਰੀ ਦਸਮੇਸ਼ ਪਾਤਸ਼ਾਹ ਜੀ ਦੀ ਸ਼ਾਹਕਾਰ ਰਚਨਾ ਹੈ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਮੁਢਲੀ ਬਾਣੀ ਹੈ। ਸ੍ਰੀ ਜਾਪੁ ਸਾਹਿਬ ਨਿੱਤਨੇਮ ਦੀਆਂ ਬਾਣੀਆਂ ਵਿਚ ਸ਼ਾਮਿਲ ਹੈ। ਅੰਮ੍ਰਿਤ ਸੰਚਾਰ ਸਮੇਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ। ਇਸ ਮਹਾਨ ਬਾਣੀ ਦੀ ਰਚਨਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਪਾਉਂਟਾ ਸਾਹਿਬ ਵਿਖੇ ਜਮੁਨਾ ਦੇ ਕਿਨਾਰੇ ਵਿਸਮਾਦਮਈ ਇਕਾਂਤ ਵਿਚ ਕੀਤੀ ਸੀ। ਇਸ ਬਾਣੀ ਦੇ 199 ਬੰਦ ਅਤੇ 22 ਛੰਦ ਹਨ। ਇਸ ਦਾ ਮੁੱਖ ਵਿਸ਼ਾ ਪ੍ਰਮੇਸ਼ਰ ਜੀ ਦੀ ਸਿਫ਼ਤ ਸਲਾਹ ਹੈ। ਅਕਾਲ ਪੁਰਖ ਨੂੰ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਸ੍ਰੀ ਜਾਪੁ ਸਾਹਿਬ ਦੀ ਬਾਣੀ ਸੰਸਕ੍ਰਿਤ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦਾ ਅਨੋਖਾ ਸੁਮੇਲ ਹੈ। ਇਸ ਵਿਚ ਪਰਮਾਤਮਾ ਦੇ ਗੁਣਾਂ ਦਾ ਲਗਪਗ ਹਜ਼ਾਰ ਉਪਨਾਵਾਂ ਨਾਲ ਅਭਿਨੰਦਨ ਕੀਤਾ ਗਿਆ ਹੈ। ਇਸ ਬਾਣੀ ਦਾ ਪਾਠ ਆਤਮਾ ਨੂੰ ਸਰੂਰ, ਪ੍ਰੇਮ, ਜਮਾਲ ਤੇ ਜਲਾਲ ਨਾਲ ਭਰ ਦਿੰਦਾ ਹੈ।
ਸੂਝਵਾਨ ਟੀਕਾਕਾਰ ਨੇ ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ਦਾ ਪੰਜਾਬੀ ਅਤੇ ਅੰਗਰੇਜ਼ੀ ਵਿਚ ਤਰਜ਼ਮਾ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਮਹਾਰਾਜ ਜੀ ਦੀ ਬਾਣੀ ਤਾਂ ਅਗਾਧ ਬੋਧ ਹੈ, ਫਿਰ ਵੀ ਇਸ ਦਾ ਟੀਕਾ ਕਰਨ ਦਾ ਉਪਰਾਲਾ ਇਕ ਵੱਡੀ ਬਖਸ਼ਿਸ਼ ਹੈ। ਇਸ ਪੁਸਤਕ ਵਿਚ ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ਦੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਢੁਕਵੇਂ ਅਰਥ ਕੀਤੇ ਗਏ ਹਨ। ਇਉਂ ਇਹ ਮਹਿੰਗੀ (ਕਠਿਨ) ਬਾਣੀ ਸੁਖੈਨਤਾ ਨਾਲ ਸਾਰਿਆਂ ਦੀ ਸਮਝ ਵਿਚ ਆ ਜਾਂਦੀ ਹੈ। ਇਹ ਪੁਸਤਕ ਪਾਠਕਾਂ, ਸ਼ਰਧਾਲੂਆਂ, ਵਿਦਿਆਰਥੀਆਂ, ਖੋਜਾਰਥੀਆਂ ਅਤੇ ਦੁਨੀਆ ਭਰ ਦੇ ਲੋਕਾਂ ਲਈ ਲਾਹੇਵੰਦ ਹੈ। ਇਸ ਵਿਲੱਖਣ ਬਾਣੀ ਵਿਚ ਕੇਵਲ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਪਰਮਾਤਮਾ ਦੀ ਸਰਬ ਸ਼ਕਤੀ ਅਤੇ ਆਪਣੀ ਨਿਗੂਣੀ ਹਸਤੀ ਦਾ ਅਹਿਸਾਸ ਦਿਲ ਵਿਚ ਰੱਬੀ ਪ੍ਰੇਮ, ਸ਼ਰਧਾ ਅਤੇ ਸਤਿਕਾਰ ਭਰ ਦਿੰਦਾ ਹੈ। ਅੰਗਰੇਜ਼ੀ ਭਾਸ਼ਾ ਜਾਣਨ ਵਾਲਿਆਂ ਲਈ ਇਹ ਟੀਕਾ ਬਹੁਤ ਮਹੱਤਵਪੂਰਨ ਹੈ। ਇਸ ਦਾ ਤਹਿ ਦਿਲੋਂ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਨਵਾਬ ਕਪੂਰ ਸਿੰਘ ਦਾ ਜੱਸਾ ਸਿੰਘ ਦੀ ਸ਼ਖ਼ਸੀਅਤ ਉਸਾਰੀ 'ਚ ਸੀ ਵੱਡਾ ਯੋਗਦਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਤਾ ਸੁੰਦਰੀ ਜੀ ਕੋਲ ਦਿੱਲੀ ਸੱਤ ਸਾਲ ਰਹਿਣ ਉਪਰੰਤ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਉਸ ਦੇ ਮਾਮਾ ਸ: ਬਾਘ ਸਿੰਘ ਪੰਜਾਬ ਆਪਣੇ ਕੋਲ ਲੈ ਆਏ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਨੇ ਸਰਦਾਰ ਬਾਘ ਸਿੰਘ ਅਤੇ ਉਸ ਦੀ ਭੈਣ ਨੂੰ ਸਿੱਖੀ ਸਿਦਕ ਦਾ ਉਪਦੇਸ਼ ਦਿੱਤਾ ਅਤੇ ਜੱਸਾ ਸਿੰਘ ਨੂੰ ਵਿਦਾਇਗੀ ਵਜੋਂ ਇਕ ਕਿਰਪਾਨ, ਇਕ ਗੁਰਜ, ਢਾਲ, ਕਮਾਨ, ਤੀਰਾਂ ਦਾ ਭੱਥਾ, ਪੁਸ਼ਾਕਾਂ ਅਤੇ ਇਕ ਚਾਂਦੀ ਦੀ ਚੋਬ (ਅਸਾ-ਆਸਾ) ਬਖਸ਼ ਕੇ ਅਸੀਸ ਦਿੱਤੀ ਕਿ 'ਤੇਰੇ ਔਰ ਤੇਰੀ ਸੰਤਾਨ ਅੱਗੇ ਆਸਿਆਂ ਵਾਲੇ (ਚੋਭਦਾਰ) ਚੱਲਿਆ ਕਰਨਗੇ।' ਵਾਹਿਗੁਰੂ ਦੀ ਕਿਰਪਾ ਨਾਲ ਮਾਤਾ ਜੀ ਦੇ ਇਹ ਵਾਕ ਇੰਨ-ਬਿੰਨ ਪੂਰੇ ਹੋਏ।
ਪੰਜਾਬ ਪਹੁੰਚ ਕੇ ਜੱਸਾ ਸਿੰਘ ਨੇ ਸ਼ਸਤਰ ਵਿੱਦਿਆ, ਘੋੜਸਵਾਰੀ ਤੇ ਤੀਰਅੰਦਾਜ਼ੀ ਦੇ ਜੌਹਰ ਸਿੱਖੇ। ਕੱਦ-ਕਾਠ ਚੰਗਾ ਨਿਕਲ ਆਇਆ ਸੀ। ਆਵਾਜ਼ ਵੀ ਭਰਵੀਂ ਸੀ। ਕਦੇ ਸੰਜੋਅ ਜਾਂ ਜ਼ਰਹਬਕਤਰ ਤੱਕ ਸਾਰੀ ਉਮਰ ਨਹੀਂ ਪਹਿਨਿਆ। ਪਿੱਛੋਂ ਰਣਨੀਤੀ ਸਮਝਾਉਂਦੇ ਸਿੰਘਾਂ ਨੂੰ ਕਿਹਾ ਕਰਦੇ ਸੀ ਕਿ ਸੰਜੋਅ ਪਹਿਨਣ ਨਾਲ ਲੜਨ ਵਿਚ ਮੁਸ਼ਕਿਲ ਆਉਂਦੀ ਹੈ। ਵਾਰ ਕਰਨ ਵਿਚ ਔਖ ਮਹਿਸੂਸ ਹੁੰਦੀ ਹੈ। 'ਸੰਜੋਅ ਤਾਂ ਬਚ ਕੇ ਲੜਨ ਵਾਲਿਆਂ ਲਈ ਹੁੰਦਾ ਹੈ। ਸਿੰਘ ਲਲਕਾਰ ਕੇ ਲੜਦਾ ਹੈ।' ਜੱਸਾ ਸਿੰਘ ਦੇ ਸਰੀਰ 'ਤੇ ਕਿੰਨੇ ਹੀ ਜ਼ਖ਼ਮ ਸਨ ਪਰ ਰਤਾ ਭਰ ਪ੍ਰਵਾਹ ਨਹੀਂ ਸਨ ਕਰਦੇ।
ਦਿੱਲੀ ਤੋਂ ਜੱਸਾ ਸਿੰਘ ਅਤੇ ਉਸ ਦੀ ਮਾਤਾ ਸ: ਬਾਘ ਸਿੰਘ ਨਾਲ ਜਲੰਧਰ ਆ ਗਏ ਸਨ। ਉਸ ਸਮੇਂ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਸ: ਬਾਘ ਸਿੰਘ ਨੇ ਆਪਣਾ ਟਿਕਾਣਾ ਪਿੰਡ ਹਲੋਂ ਤੋਂ ਜਲੰਧਰ ਬਦਲ ਲਿਆ ਸੀ, ਕਿਉਂਕਿ ਪਿੰਡ ਹਲੋਂ ਲਾਹੌਰ ਦੇ ਨੇੜੇ ਹੋਣ ਕਰਕੇ ਉਥੇ ਮੁਗ਼ਲ ਫ਼ੌਜਾਂ ਦਾ ਦਮਨ ਚੱਕਰ ਚੱਲਿਆ ਹੀ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿਚ ਸ: ਕਪੂਰ ਸਿੰਘ ਨੇ ਆਪਣੇ ਜਥੇ ਸਮੇਤ ਕਰਤਾਰਪੁਰ ਦੀ ਜੂਹ ਵਿਚ ਡੇਰੇ ਲਾਏ ਹੋਏ ਸਨ। ਸ: ਬਾਘ ਸਿੰਘ ਜਥੇਦਾਰ ਕਪੂਰ ਸਿੰਘ ਨੂੰ ਮਿਲਦੇ ਹੀ ਰਹਿੰਦੇ ਸਨ। ਇਕ ਗੁਰਪੁਰਬ ਦੇ ਮੌਕੇ 'ਤੇ ਜਦ ਸ: ਬਾਘ ਸਿੰਘ, ਜਥੇਦਾਰ ਕਪੂਰ ਸਿੰਘ ਨੂੰ ਮਿਲਣ ਗਏ ਤਾਂ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਵੀ ਨਾਲ ਲੈ ਗਏ। ਸਵੇਰੇ ਅੰਮ੍ਰਿਤ ਵੇਲੇ ਖ਼ਾਲਸੇ ਦੇ ਦੀਵਾਨ ਵਿਚ ਉਨ੍ਹਾਂ ਨੇ ਆਸਾ ਦੀ ਵਾਰ ਲਾਈ। ਮਾਤਾ ਜੀ ਦੇ ਗੁਰਬਾਣੀ ਪ੍ਰੇਮ, ਵਿਦਵਤਾ, ਸੁਰੀਲੀ ਆਵਾਜ਼ ਅਤੇ ਜੱਸਾ ਸਿੰਘ ਦੇ ਸ਼ਬਦ ਕੀਰਤਨ ਤੋਂ ਜਥੇਦਾਰ ਕਪੂਰ ਸਿੰਘ ਅਤੇ ਬਾਕੀ ਪੰਥਕ ਮੁਖੀਏ ਏਨੇ ਪ੍ਰਸੰਨ ਹੋਏ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਇਕ ਮਹੀਨੇ ਲਈ ਉਥੇ ਹੀ ਠਹਿਰਾ ਲਿਆ। ਜਥੇਦਾਰ ਕਪੂਰ ਸਿੰਘ, ਜੱਸਾ ਸਿੰਘ ਦੇ ਜੀਵਨ ਢੰਗ ਤੋਂ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਜੱਸਾ ਸਿੰਘ ਦੀ ਮਾਤਾ ਅਤੇ ਸ: ਬਾਘ ਸਿੰਘ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਹੀ ਰਹਿਣ ਦਿਓ।
ਜਥੇਦਾਰ ਕਪੂਰ ਸਿੰਘ ਸਿੱਖ ਪੰਥ ਦੀ ਸਨਮਾਨਿਤ ਸ਼ਖ਼ਸੀਅਤ ਸਨ। ਸਿੱਖ ਪੰਥ ਨੇ ਜ਼ਕਰੀਆ ਖਾਨ ਵਲੋਂ ਭੇਜੀ ਨਵਾਬੀ ਖਿਲਤ, ਜਥੇਦਾਰ ਕਪੂਰ ਸਿੰਘ ਨੂੰ ਦਿੱਤੀ ਸੀ ਅਤੇ ਉਸੇ ਦਿਨ ਤੋਂ ਸ: ਕਪੂਰ ਸਿੰਘ, ਨਵਾਬ ਕਪੂਰ ਸਿੰਘ ਬਣ ਗਏ ਸਨ। ਸਰਦਾਰ ਬਾਘ ਸਿੰਘ ਅਤੇ ਉਨ੍ਹਾਂ ਦੀ ਭੈਣ ਨਵਾਬ ਕਪੂਰ ਸਿੰਘ ਦੇ ਬਚਨ ਕਿਵੇਂ ਮੋੜ ਸਕਦੇ ਸਨ? ਉਨ੍ਹਾਂ ਨੇ ਬੜੀ ਨਿਮਰਤਾ ਅਤੇ ਸਤਿਕਾਰ ਨਾਲ ਦੀਵਾਨ ਵਿਚ ਹੱਥ ਜੋੜ ਕੇ ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ ਕਿ ਅਸੀਂ ਇਹ ਬੱਚਾ ਆਪ ਜੀ ਦੀ ਝੋਲੀ ਪਾਉਂਦੇ ਹਾਂ, ਇਹ ਹੁਣ ਤੁਹਾਡਾ ਪੁਤ੍ਰੈਲਾ ਹੋਇਆ। ਬਸ, ਝੱਟ ਖ਼ਾਲਸੇ ਨੇ ਪ੍ਰਵਾਨ ਕੀਤਾ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਦਿੱਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਅਰਦਾਸ ਕਰ ਦਿੱਤੀ। ਇਸ ਦਿਨ ਤੋਂ ਜੱਸਾ ਸਿੰਘ ਨਵਾਬ ਕਪੂਰ ਸਿੰਘ ਦਾ ਧਰਮ-ਪੁੱਤਰ ਪ੍ਰਸਿੱਧ ਹੋਇਆ।
ਸ: ਕਪੂਰ ਸਿੰਘ ਨੇ ਆਪ ਪੰਜ ਪਿਆਰਿਆਂ ਵਿਚ ਸ਼ਾਮਿਲ ਹੋ ਕੇ ਜੱਸਾ ਸਿੰਘ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ। ਸ: ਜੱਸਾ ਸਿੰਘ ਅੰਮ੍ਰਿਤ ਛਕਣ ਉਪਰੰਤ ਹੋਰ ਵੀ ਚੜ੍ਹਦੀ ਕਲਾ ਵਿਚ ਹੋ ਗਿਆ। ਸ: ਜੱਸਾ ਸਿੰਘ ਨੂੰ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਦੀ ਸਿੱਖਿਆ ਦਿੱਤੀ ਗਈ। ਸ: ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਖ਼ਾਲਸੇ ਦੇ ਘੋੜਿਆਂ ਨੂੰ ਵੰਡ ਕੇ ਪਾਉਣ ਦੀ ਸੇਵਾ ਵੀ ਸੌਂਪ ਦਿੱਤੀ ਅਤੇ ਜੱਸਾ ਸਿੰਘ ਦੀ ਸੇਵਾ ਤੋਂ ਖੁਸ਼ ਹੋ ਕੇ ਨਵਾਬ ਕਪੂਰ ਸਿੰਘ ਨੇ ਉਸ ਨੂੰ ਆਪਣੇ ਅੱਗੇ ਕਾਰੋਬਾਰੀ ਥਾਪ ਦਿੱਤਾ। ਸ: ਜੱਸਾ ਸਿੰਘ ਬੜਾ ਸੁੰਦਰ, ਸਜੀਲਾ, ਲੰਬੇ ਕੱਦ ਵਾਲਾ ਨੌਜਵਾਨ ਸੀ। ਸਮੇਂ ਦੇ ਹਾਲਾਤ ਨੇ ਉਸ ਨੂੰ ਮਜ਼ਬੂਤ ਬਣਾ ਦਿੱਤਾ ਸੀ। ਜੱਸਾ ਸਿੰਘ ਦੇ ਕਾਫੀ ਸਮਾਂ ਦਿੱਲੀ ਰਹਿਣ ਕਰਕੇ ਉਸ ਦਾ ਦਸਤਾਰ ਬੰਨ੍ਹਣ ਦਾ ਢੰਗ ਮੁਗ਼ਲਾਂ ਦੀਆਂ ਦਸਤਾਰਾਂ ਵਰਗਾ ਸੀ ਅਤੇ ਬੋਲਣ ਸਮੇਂ ਹਿੰਦੁਸਤਾਨੀ ਬਹੁਤ ਵਰਤਦਾ ਸੀ। ਇਸ ਲਈ ਸਿੱਖ ਉਸ ਨੂੰ ਮਖੌਲ ਕਰਨ ਲੱਗ ਪਏ ਅਤੇ 'ਹਮਕੋ ਤੁਮਕੋ' ਕਹਿ ਕੇ ਬੁਲਾਉਂਦੇ ਸਨ। ਜੱਸਾ ਸਿੰਘ ਅੰਦਰ ਨੌਜਵਾਨ ਖੂਨ ਸੀ, ਕਈ ਵਾਰੀ ਖਿਝ ਜਾਂਦਾ। ਜੱਸਾ ਸਿੰਘ ਕਈ ਵਾਰ ਸਿੰਘਾਂ ਦੇ ਮਖੌਲਾਂ ਤੋਂ ਤੰਗ ਆ ਕੇ ਹੰਝੂਆਂ ਭਰੀਆਂ ਅੱਖਾਂ ਨਾਲ ਨਵਾਬ ਕਪੂਰ ਸਿੰਘ ਕੋਲ ਜਾ ਕੇ ਕਹਿਣ ਲੱਗਾ, 'ਮੈਥੋਂ ਦਾਣਾ ਵਰਤੇਗਾ ਨਹੀਂ।' ਨਵਾਬ ਕਪੂਰ ਸਿੰਘ ਨੇ ਧੀਰਜ ਦਿੱਤਾ ਤੇ ਬਚਨ ਕੀਤਾ, 'ਘਬਰਾਉਣਾ ਨਹੀਂ, ਤੂੰ ਤਾਂ ਹਜ਼ਾਰਾਂ ਵੱਗਾਂ ਨੂੰ ਦਾਣਾ ਦੇਣਾ ਹੈ। ਇਹ ਪੰਥ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੇ। ਸੇਵਾ ਤੋਂ ਹੀ ਮੇਵਾ ਮਿਲਦਾ ਹੈ। ਮੈਨੂੰ ਇਸ ਗਰੀਬ ਨਿਵਾਜ ਪੰਥ ਨੇ 'ਨਵਾਬ' ਬਣਾ ਦਿੱਤਾ ਹੈ, ਤੈਨੂੰ ਕੀ ਪਤਾ ਬਾਦਸ਼ਾਹੀ ਬਖਸ਼ ਦੇਵੇ।' ਖ਼ਾਲਸਾ ਉਸ ਸਮੇਂ ਨਵਾਬ ਕਪੂਰ ਸਿੰਘ ਨੂੰ ਗੁਰੂ ਰੂਪ ਸਮਝਦਾ ਸੀ, ਸਿੱਖ ਪੰਥ ਵਿਚ ਸ: ਕਪੂਰ ਸਿੰਘ ਦਾ ਬਹੁਤ ਸਤਿਕਾਰ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX