ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 3 hours ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 5 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਹੋਰ ਖ਼ਬਰਾਂ..

ਫ਼ਿਲਮ ਅੰਕ

ਅਥੀਆ

ਸਮਾਜ ਸੇਵਿਕਾ!

ਨਵੀਂ ਪੀੜ੍ਹੀ ਦੀ ਹੀਰੋਇਨ ਅਥੀਆ ਸ਼ੈਟੀ ਆਪਣੇ ਪਿਤਾ ਸੁਨੀਲ ਸ਼ੈਟੀ ਨਾਲ ਕੰਮ ਕਰਨ ਜਾ ਰਹੀ ਹੈ। ਅਥੀਆ ਨੇ ਅਰਜਨ ਕਪੂਰ ਨਾਲ ਫ਼ਿਲਮ ਕਰਕੇ ਲੋਕਾਂ 'ਚ ਆਪਣੀ ਥਾਂ ਬਣਾਈ। ਇਕੱਲੀਆਂ ਫ਼ਿਲਮਾਂ ਹੀ ਨਹੀਂ ਅਥੀਆ ਇਨ੍ਹਾਂ ਦਿਨਾਂ ਵਿਚ ਆਪਣੀ ਮਾਂ ਨਾਲ ਮਿਲ ਕੇ ਇਕ ਐਨ.ਜੀ.ਓ. ਵੀ ਸੰਭਾਲ ਰਹੀ ਹੈ। ਇਸ ਸਬੰਧ 'ਚ ਆਪਣੇ ਪਿਤਾ ਸੁਨੀਲ ਸ਼ੈਟੀ ਨਾਲ ਉਸ ਨੇ ਇਕ ਵੀਡੀਓ ਵੀ ਬਣਾਇਆ ਹੈ। ਔਰਤ ਸਿੱਖਿਅਤ ਹੋਵੇ ਇਸ ਸਬੰਧੀ ਇਕ ਵੀਡੀਓ 'ਚ ਦਰਸਾਇਆ ਗਿਆ ਹੈ, ਹੀਰੋ' ਵਾਲੀ ਅਥੀਆ ਦੀਆਂ ਨਵੀਆਂ ਤਸਵੀਰਾਂ ਨੈੱਟ 'ਤੇ ਪਈਆਂ ਹਨ। ਬਚਪਨ 'ਚ ਪਿਤਾ ਸੁਨੀਲ ਸ਼ੈਟੀ ਨੇ ਅਥੀਆ ਮੋਢੇ ਚੁੱਕੀ ਹੈ ਤੇ 'ਇਕ ਕੁੜੀ ਪੰਜਾਬਣ' ਗੀਤ 'ਤੇ ਉਹ ਨੱਚ ਰਿਹਾ ਹੈ। 'ਮੁਬਾਰਕਾਂ' ਤੋਂ ਬਾਅਦ ਅਥੀਆ ਨੇ 'ਬਿਕਨੀ' ਵਾਲੀਆਂ ਤਸਵੀਰਾਂ ਵੀ ਇੰਟਰਨੈੱਟ 'ਤੇ ਪਾਈਆਂ ਪਰ ਗੱਲ ਨਹੀਂ ਬਣੀ। ਇਸ ਲਈ ਸਮਾਜ ਸੇਵਾ ਵੱਲ ਉਹ ਤੁਰ ਪਈ। ਇਕ ਤਾਂ ਵਿਹਲ ਕੱਟੇਗੀ, ਦੂਸਰਾ ਸੇਵਾ ਦਾ ਮੇਵਾ ਕਦੇ ਨਾ ਕਦੇ ਮਿਲ ਹੀ ਜਾਂਦਾ ਹੈ। ਸਮਾਜਿਕ ਮੁੱਦੇ ਅਥੀਆ ਲਈ ਮਹੱਤਵਪੂਰਨ ਹੋ ਗਏ ਹਨ। ਯਾਦ ਰਹੇ ਚੇਨਈ ਦਾ 'ਤਾਂਬਰਮ' ਨਾਮਕ ਪਿੰਡ ਅਥੀਆ ਨੇ ਅਪਣਾਇਆ ਹੋਇਆ ਹੈ। ਪਿਤਾ ਸੁਨੀਲ ਸ਼ੈਟੀ ਜਾਣਦੇ ਹਨ ਕਿ ਇਥੇ ਦਾ ਅਸੂਲ ਹੈ ਕਿ ਜੇ ਕੋਈ ਪਟੜੀ ਤੋਂ ਲਹਿ ਗਿਆ, ਉਸ ਨੂੰ ਕੋਈ ਸਹਾਰਾ ਨਹੀਂ ਦੇਵੇਗਾ। ਤਾਂ ਹੀ ਬੇਟੀ ਨੂੰ ਸਮਾਜ ਸੇਵਾ ਵੱਲ ਲੱਗੀ ਦੇਖ ਕੇ ਉਹ ਖੁਸ਼ ਹੈ ਕਿ ਇਸ ਨਾਲ ਭਲਾ ਤਾਂ ਹੋਵੇਗਾ ਹੀ, ਨਾਲ ਹੀ ਲੋਕਾਂ 'ਚ ਵਿਚਰ ਕੇ ਉਹ ਮਜ਼ਬੂਤ ਹੋਵੇਗੀ। ਆਖਿਰ ਨਿਊਯਾਰਕ ਅਕੈਡਮੀ 'ਚ ਪੜ੍ਹੀ ਅਥੀਆ ਸ਼ੈਟੀ ਇਕ ਨਾ ਇਕ ਦਿਨ ਕਾਮਯਾਬ ਵਾਪਸੀ ਜ਼ਰੂਰ ਕਰੇਗੀ। ਅਹਾਨ ਸ਼ੈਟੀ ਉਸ ਦਾ ਭਰਾ ਵੀ ਅਥੀਆ ਦੇ ਸਮਾਜਿਕ ਕੰਮਾਂ ਤੋਂ ਖੁਸ਼ ਹੈ। ਸਮਾਜ ਸੇਵਾ-ਮਹਾਨ ਸੇਵਾ, ਸੇਵਾ ਹੀ ਉੱਤਮ, ਸਭ ਦਾ ਭਲਾ, ਇਹ ਗੱਲਾਂ ਅਥੀਆ ਸ਼ੈਟੀ ਦੇ ਦਿਮਾਗ 'ਚ ਘਰ ਕਰ ਚੁੱਕੀਆਂ ਹਨ ਤੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਉਹ ਸਮਾਜ ਸੇਵਾ ਕਰਨ ਨੂੰ ਪਹਿਲ ਦੇ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ।


-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਸ਼ਰੁਤੀ ਹਸਨ

ਉਮਰਾਂ 'ਚ ਕੀ ਰੱਖਿਆ

ਲੰਘ ਚੁੱਕੇ ਐਤਵਾਰ ਨੂੰ ਅਭਿਨੇਤਰੀ ਸ਼ਰੁਤੀ ਹਸਨ ਉਮਰ ਦੇ 31 ਸਾਲ ਪੂਰੇ ਕਰ ਕੇ 32ਵੇਂ ਸਾਲ ਵਿਚ ਪ੍ਰਵੇਸ਼ ਕਰ ਗਈ ਹੈ। ਵਧਦੀ ਉਮਰ ਪਰ ਸ਼ਰੁਤੀ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਉਹ ਕਹਿ ਰਹੀ ਹੈ ਕਿ ਜਿਹੜੇ ਲੋਕ ਉਮਰਾਂ 'ਤੇ ਧਿਆਨ ਦਿੰਦੇ ਹਨ, ਇਸ ਦੇ ਸਬੰਧ 'ਚ ਬੋਲਦੇ ਹਨ, ਉਹ ਲੋਕ 'ਮੂਰਖ' ਹਨ। ਟਾਮ ਕਰੂਜ਼ ਤੋਂ ਲੈ ਕੇ ਆਮਿਰ ਖ਼ਾਨ ਤੇ ਸ਼ਰੁਤੀ ਹਸਨ ਤੱਕ ਲੋਕ ਉਮਰਾਂ ਦਾ ਹਿਸਾਬ-ਕਿਤਾਬ ਕਿਉਂ ਲਾਉਂਦੇ ਹਨ? ਇਹ ਤਾਂ ਇਕ ਸੰਖਿਆ ਹੈ 32ਵਾਂ ਜਨਮ ਦਿਨ ਉਸ ਨੇ ਲਾਸ ਏਂਜਲਸ (ਯੂ.ਐਸ.ਏ.) ਵਿਖੇ ਮਨਾਇਆ। 'ਬਹਿਨ ਹੋਗੀ ਤੇਰੀ' ਨਾਲ ਪਿਛਲੇ ਸਮੇਂ ਦੌਰਾਨ ਨਜ਼ਰ ਆ ਚੁੱਕੀ ਸ਼ਰੂਤੀ ਦੀ ਦੱਖਣ ਵਾਲੀ ਫ਼ਿਲਮ 'ਸੰਘ ਮਿੱਤਰਾ' ਦੇ ਚਰਚੇ ਵੀ ਰਹੇ ਹਨ। ਗਾਊਨ ਪਾ ਕੇ ਸਕੂਨ ਮਹਿਸੂਸ ਕਰਨ ਵਾਲੀ ਸ਼ਰੁਤੀ ਨੇ ਮਾਰਸ਼ਲ ਆਰਟ, ਤਲਵਾਰਬਾਜ਼ੀ ਹੁਣੇ ਜਿਹੇ ਹੀ ਸਿੱਖੀ ਹੈ। ਸ਼ਰੁਤੀ 32ਵੇਂ ਜਨਮ ਦਿਨ ਨੂੰ ਮਨਾਉਣ ਤੋਂ ਬਾਅਦ ਨਵੀਂ ਯੋਜਨਾ ਉਲੀਕਦੀ ਨਜ਼ਰ ਆ ਰਹੀ ਹੈ। ਲੰਦਨ ਦੇ ਰੰਗਮੰਚ ਕਲਾਕਾਰ ਮਾਈਕਲ ਕਾਰਸੇਲ ਨਾਲ ਉਸ ਦੀ ਦੋਸਤੀ ਕਾਇਮ ਹੈ। ਮਾਈਕਲ ਨੂੰ ਸਾਰਿਕਾ-ਕਮਲ ਹਸਨ ਜੋ ਸ਼ਰੁਤੀ ਦੇ ਮਾਤਾ-ਪਿਤਾ ਹਨ, ਵੀ ਪਸੰਦ ਕਰਦੇ ਹਨ। ਸ਼ਰੁਤੀ ਹਸਨ ਆਪਣੇ ਪਿਤਾ ਕਮਲ ਹਸਨ ਦੇ ਕਾਫ਼ੀ ਨੇੜੇ ਹੈ। ਕਮਲ ਹਸਨ ਨਾਲ ਪਿਆਨੋ ਵਜਾ ਕੇ ਉਹ ਕਈ ਵਾਰ ਆਪਣੀ ਥਕਾਵਟ ਲਾਹੁੰਦੀ ਹੈ। ਪਿਤਾ ਦੇ ਨਾਲ ਗਾਣਾ ਵੀ ਉਹ ਗਾ ਲੈਂਦੀ ਹੈ। 'ਤੇਵਰਮਨਬਨ' ਫ਼ਿਲਮ ਲਈ ਉਹ ਗਾ ਵੀ ਚੁੱਕੀ ਹੈ ਤੇ 'ਚਾਚੀ 420' 'ਚ ਵੀ ਸ਼ਰੁਤੀ ਪਿੱਠਵਰਤੀ ਗਾਇਕਾ ਸੀ। ਸ਼ਰੁਤੀ ਹਸਨ ਵਿਗਿਆਪਨ ਫ਼ਿਲਮਾਂ ਵੀ ਬਣਾ ਲੈਂਦੀ ਹੈ। ਤਾਮਿਲਨਾਡੂ ਸਰਕਾਰ ਲਈ ਸ਼ਰੁਤੀ ਨੇ ਦੋ ਵਿਗਿਆਪਨ ਬਣਾਏ ਹਨ। 'ਡੇਂਗੂ' ਪ੍ਰਤੀ ਸੁਚੇਤ ਕਰਦੇ ਵਿਗਿਆਪਨ ਵੀ ਸ਼ਰੁਤੀ ਨੇ ਬਣਾ ਕੇ ਤਾਮਿਲਨਾਡੂ ਸਰਕਾਰ ਨੂੰ ਦਿੱਤੇ ਹਨ। ਯੂ.ਐਸ.ਏ. ਤੋਂ ਪਰਤ ਕੇ ਉਹ ਲੰਦਨ ਜਾ ਕੇ ਮਾਈਕਲ ਨੂੰ ਕੁਝ ਸਮੇਂ ਲਈ ਮਿਲੇਗੀ ਪਰ ਸ਼ਾਦੀ ਦਾ ਇਰਾਦਾ ਉਸ ਦੇ ਦਿਲ 'ਚ ਹਾਲ ਦੇ ਸਮੇਂ 'ਚ ਨਹੀਂ ਹੈ। ਔਰਤਾਂ ਪ੍ਰਤੀ ਅਪਸ਼ਬਦ ਸੋਸ਼ਲ ਮੀਡੀਆ 'ਤੇ ਕਾਨੂੰਨੀ ਸਜ਼ਾ ਵਾਂਗ ਹੋਣ ਦੇ ਹੱਕ 'ਚ ਉਹ ਹੈ ਤੇ ਸ਼ਰੁਤੀ ਹਸਨ ਇਕ ਵਾਰ ਫਿਰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਲੱਗਣ ਉਪਰੰਤ ਸੰਘਰਸ਼ ਦੀ ਸਾਥਣ ਬਣੀ ਹੈ।

ਰਾਣੀ ਮੁਖਰਜੀ

ਸਿਆਣੀ ਵਹੁਟੀ

ਫ਼ਿਲਮੀ ਪੱਤਰਕਾਰ ਜਿਹੜੇ ਨਵੀਂ ਪੀੜ੍ਹੀ ਦੇ ਹਨ, ਕਈ ਵਾਰ ਤੀਰ-ਤੁੱਕੇ ਨਾਲ ਹੀ ਗੱਲਾਂ ਕਰ ਜਾਂਦੇ ਹਨ ਜਾਂ ਚੈਨਲ 'ਤੇ ਜਾਂ ਫਿਰ ਪ੍ਰਿੰਟ ਮੀਡੀਆ 'ਚ, ਇਹ ਕਹਿਣਾ ਰਾਣੀ ਮੁਖਰਜੀ ਦਾ ਹੈ। ਅਸਲ 'ਚ ਰਾਣੀ ਦਾ ਵਿਆਹ ਚੋਪੜਾ ਪਰਿਵਾਰ 'ਚ ਹੋਇਆ ਹੈ ਤੇ ਅਦਿਤਯ ਚੋਪੜਾ ਉਸ ਦੇ ਪਤੀ ਪਰਮੇਸ਼ਵਰ ਹਨ। ਇਕੱਲੀ ਨਾਇਕਾ ਬਣ ਕੇ ਵੀ ਰਾਣੀ ਟਿਕਟ ਖਿੜਕੀ ਦੀ 'ਮਰਦਾਨੀ' ਬਣੀ ਹੈ। 'ਭੋਜਨ ਸੁਆਦਲੇ' ਤੇ ਨਵੀਆਂ ਫ਼ਿਲਮਾਂ ਇਹ ਰਾਣੀ ਦੇ ਪਤੀ ਦੇਵ ਅਦਿਤਯ ਨੂੰ ਬਹੁਤ ਪਸੰਦ ਹਨ। ਰਾਣੀ ਕਈ ਵਾਰ ਆਪਣੇ ਪਤੀ ਨੂੰ ਗੁੱਸੇ ਵਿਚ ਕੌੜੇ ਬੋਲ ਵੀ ਬੋਲ ਦਿੰਦੀ ਹੈ, ਇਹ ਰਾਣੀ ਦਾ ਕੌੜਾ ਸੁਭਾਅ ਹੈ। 'ਹਿਚਕੀ' ਨਾਲ ਫਿਰ ਪਰਦੇ 'ਤੇ ਆ ਚੁੱਕੀ ਰਾਣੀ ਹੁਣ ਸੋਚਦੀ ਹੈ ਕਿ ਉਹ ਦੁਨੀਆ 'ਤੇ 'ਚੰਗੀ ਮਾਂ' ਤੇ 'ਸਿਆਣੀ ਵਹੁਟੀ' ਬਣ ਵਿਚਰਨ ਲਈ ਆਈ ਹੈ। ਮਨੀਸ਼ ਮਲਹੋਤਰਾ ਨੇ ਰਾਣੀ ਦਾ ਬਹੁਤ ਸਾਥ ਦਿੱਤਾ ਹੈ। ਪਹਿਲਾਂ-ਪਹਿਲਾਂ ਰਾਣੀ ਨੱਚਣ ਤੋਂ ਝਿਜਕਦੀ ਸੀ। ਆਪਣੀ ਬੇਟੀ ਆਦਿਰਾ ਦਾ ਬਹੁਤ ਧਿਆਨ ਰੱਖ ਰਹੀ ਰਾਣੀ ਨੂੰ ਸ੍ਰੀਦੇਵੀ ਦੀ ਮੌਤ ਨੇ ਸਦਮਾ ਦਿੱਤਾ ਹੈ ਕਿਉਂਕਿ ਸ੍ਰੀਦੇਵੀ ਨਾਲ ਉਹ ਨਿੱਜੀ ਪ੍ਰੇਸ਼ਾਨੀਆਂ ਵੀ ਸਾਂਝੀਆਂ ਕਰ ਲੈਂਦੀ ਸੀ। ਦਸਵੀਂ 'ਚ ਪੜ੍ਹਦੀ ਰਾਣੀ ਨੂੰ ਹੀਰੋਇਨ ਬਣਨ ਦੀ ਪੇਸ਼ਕਸ਼ ਹੋਈ ਸੀ ਪਰ ਮਾਪਿਆਂ 'ਹਾਲੇ ਨਿਆਣੀ ਹੈ ਬਿਟੀਆ ਰਾਣੀ' ਕਹਿ ਕੇ ਇਹ ਪੇਸ਼ਕਸ਼ ਠੁਕਰਾਈ ਸੀ। ਰਾਣੀ ਹੁਣ ਉੜੀਸੀ ਨਾਚ ਦੀ ਮਾਹਿਰ ਹੈ।

ਇਮਰਾਨ ਹਾਸ਼ਮੀ

ਚੀਟ ਇੰਡੀਆ

ਯੂ.ਪੀ. ਦੇ ਇਮਰਾਨ ਹਾਸ਼ਮੀ ਦੀ ਦਿੱਖ ਲੋਕਾਂ ਨੇ ਉਹ ਬਣਾ ਦਿੱਤੀ, ਜਿਸ ਨੂੰ ਉਹ ਦੇਖਣਾ ਨਹੀਂ ਸੀ ਪਸੰਦ ਕਰਦਾ ਪਰ ਲੋਕਾਂ ਦੀ ਮਰਜ਼ੀ, ਨਿਰਮਾਤਾਵਾਂ ਦੀ ਸੋਚ ਤੇ ਇਮਰਾਨ ਹਾਸ਼ਮੀ 'ਚੁੰਮਣ ਰਾਜਾ' ਬਣ ਇੰਡਸਟਰੀ 'ਚ ਮਸ਼ਹੂਰ ਹੋਇਆ। ਜੀਤੂ ਜੋਸੇਫ਼ ਨੇ ਹੁਣ ਵਿਹਲੇ ਬੈਠੇ, ਬੁਢਾਪੇ ਵੱਲ ਵਧ ਰਹੇ ਇਮਰਾਨ ਦੀ ਦਿੱਖ ਬਦਲਣ, ਇਮਰਾਨ ਦੇ ਅੱਧ-ਮਰੇ ਫ਼ਿਲਮੀ ਕਰੀਅਰ 'ਚ ਜਾਨ ਪਾਉਣ ਲਈ ਨਵੀਂ ਫ਼ਿਲਮ ਉਲੀਕੀ ਹੈ, ਜਿਸ 'ਚ ਸਦਾਬਹਾਰ ਰਿਸ਼ੀ ਕਪੂਰ ਦੇ ਨਾਲ ਇਮਰਾਨ ਨੂੰ ਲਿਆ ਗਿਆ ਹੈ। ਦੋ ਮਹੀਨੇ ਬਾਅਦ ਇਹ ਡਰਾਉਣੀ ਫ਼ਿਲਮ ਸੈੱਟ 'ਤੇ ਪਹੁੰਚੇਗੀ। ਇਮਰਾਨ ਲਈ ਭੂਸ਼ਨ ਕੁਮਾਰ ਵੀ ਸੋਚਦਾ ਹੈ ਕਿ ਉਸ ਦੇ ਅੰਦਰਲੇ ਰਹਿ ਗਏ ਚਰਿੱਤਰ ਨੂੰ ਕਿਸੇ ਨਵੇਂ ਵਿਸ਼ੇ ਨਾਲ ਉਤਸ਼ਾਹਿਤ ਕਰ ਪਰਦੇ 'ਤੇ ਪੇਸ਼ ਕੀਤਾ ਜਾਏ। ਚਾਲੀ ਸਾਲ ਦੇ ਇਮਰਾਨ ਲਈ ਇਕ ਨਵੇਂ ਤਰ੍ਹਾਂ ਦੀ ਫ਼ਿਲਮ ਜਿਸ ਦਾ ਸਾਰ 'ਭਾਰਤ ਦੀ ਸਿੱਖਿਆ ਪ੍ਰਣਾਲੀ' ਹੈ ਤੇ ਭੂਸ਼ਨ ਕੁਮਾਰ ਦੀ ਨਵੀਂ ਫ਼ਿਲਮ ਸ਼ੁਰੂ ਹੋਈ ਹੈ। ਇਮਰਾਨ ਹਾਸ਼ਮੀ ਨੂੰ ਲੈ ਕੇ ਬਣ ਰਹੀ ਦਿਵਿਆ ਕੁਮਾਰ ਖੋਸਲਾ-ਭੂਸ਼ਨ ਕੁਮਾਰ ਤੇ ਟੀ-ਸੀਰੀਜ਼ ਦੀ ਫ਼ਿਲਮ ਦਾ ਨਾਂਅ 'ਚੀਟ ਇੰਡੀਆ' ਹੈ। 26 ਜਨਵਰੀ 'ਤੇ ਇਹ ਫ਼ਿਲਮ ਆਏਗੀ ਤੇ ਇਮਰਾਨ ਦੇ ਨਾਲ ਅਕਸ਼ੈ ਕੁਮਾਰ ਹੋਵੇਗਾ। ਅਕਸ਼ੈ ਹਰ ਸਾਲ 26 ਜਨਵਰੀ 'ਤੇ ਦੇਸ਼ ਪ੍ਰੇਮ ਦੀ ਫ਼ਿਲਮ ਲੈ ਕੇ ਹਾਜ਼ਰ ਹੁੰਦਾ ਹੈ। ਇਸ ਵਾਰ ਅਕਸ਼ੈ 'ਚੀਟ ਇੰਡੀਆ' ਨਾਲ ਇਮਰਾਨ ਹਾਸ਼ਮੀ ਨੂੰ ਲੈ ਕੇ ਹਾਜ਼ਰ ਹੋਏਗਾ। 'ਚੀਟ ਇੰਡੀਆ' ਨੂੰ ਲੈ ਕੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਇਮਰਾਨ ਨੇ 15 ਸਾਲ ਇਸ ਇੰਡਸਟਰੀ 'ਚ ਬਤੀਤ ਕਰ ਲਏ ਹਨ। 'ਰਾਜ਼-3', 'ਡੇਢ ਇਸ਼ਕੀਆ' ਤੇ ਫਿਰ ਹੇਠ-ਉੱਪਰ 10 ਫਲਾਪ ਫ਼ਿਲਮਾਂ ਨੇ ਇਮਰਾਨ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ। ਹੁਣ 'ਚੀਟ ਇੰਡੀਆ' ਵਿਚ ਨਵੇਂ ਇਮਰਾਨ ਨੂੰ ਦਿਖਾਏਗੀ। 'ਉਂਗਲੀ', 'ਅਜ਼ਹਰ', 'ਮਿਸਟਰ ਐਕਸ' ਫ਼ਿਲਮਾਂ ਨੇ ਉਸ ਦਾ ਭੱਠਾ ਬਿਠਾਇਆ ਹੈ।

'ਕੈਰੀ ਆਨ ਜੱਟਾ 2' ਪਹਿਲੀ ਫ਼ਿਲਮ ਨਾਲੋਂ ਦੋ ਕਦਮ ਅੱਗੇ : ਗਿੱਪੀ ਗਰੇਵਾਲ

ਹੁਣ ਦਰਸ਼ਕਾਂ ਦੀਆਂ ਉਡੀਕ ਦੀਆਂ ਘੜੀਆ ਖਤਮ ਹੋ ਗਈਆਂ ਹਨ, ਕਿਉਂਕਿ 'ਕੈਰੀ ਆਨ ਜੱਟਾ-2' ਫ਼ਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 'ਕੈਰੀ ਆਨ ਜੱਟਾ' ਦਾ ਦੂਜਾ ਭਾਗ ਬਣਾਉਣ ਲਈ ਛੇ ਵਰ੍ਹੇ ਕਿਉਂ ਲੱਗ ਗਏ?' ਦੇ ਜਵਾਬ ਵਿਚ ਗਿੱਪੀ ਦਾ ਕਹਿਣਾ ਹੈ, 'ਮਨ ਵਿਚ ਧੁੜਕੂ ਸੀ ਕਿ ਜੇ ਪਹਿਲੀ ਫ਼ਿਲਮ ਦੇ ਬਰਾਬਰ ਦੀ ਨਾ ਬਣੀ ਤਾਂ ਮਾੜੀ ਹੋਊ। ਪੰਜਾਬੀ ਸਿਨੇਮੇ ਦੇ ਏਨੇ ਵੱਡੇ ਕਲਾਕਾਰਾਂ ਨੂੰ ਮੁੜ 'ਕੱਠਾ ਕਰਨਾ ਵੀ ਸੌਖਾ ਨਹੀਂ ਸੀ। ਨਿਰਦੇਸ਼ਕ ਦੇ ਰੁਝੇਵਿਆਂ ਦਾ ਵੀ ਖਿਆਲ ਰੱਖਣਾ ਪੈਣਾ ਸੀ।' ਜਦੋਂ ਸਾਨੂੰ ਚੰਗੀ ਕਹਾਣੀ ਮਿਲੀ ਤੇ ਪਹਿਲਾਂ ਵਾਲੇ ਸਾਰੇ ਕਲਾਕਾਰਾਂ ਦਾ ਵਕਤ ਮਿਲਿਆ ਤਾਂ 'ਕੈਰੀ ਆਨ ਜੱਟਾ 2' ਬਣ ਗਈ ਤੇ ਸਭ ਤੋਂ ਵਧੀਆ ਗੱਲ ਇਹ ਕਿ ਪਹਿਲੀ ਨਾਲੋਂ ਉੱਨੀ ਨਹੀਂ, ਇੱਕੀ ਹੈ। ਇਸ ਵਿਚ ਮੇਰੇ ਨਾਲ ਸੋਨਮ ਬਾਜਵਾ ਹੈ। ਗੁਰਪੀ੍ਰਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ.ਐਨ.ਸ਼ਰਮਾ, ਕਰਮਜੀਤ ਅਨਮੋਲ ਤੇ ਉਪਾਸਨਾ ਸਿੰਘ ਵਰਗੇ ਕਮਾਲ ਦੇ ਅਦਾਕਾਰ ਹਨ। 'ਕੀ ਇਹ ਫ਼ਿਲਮ ਸਿਰਫ਼ ਹਾਸੇ ਠੱਠੇ ਵਾਲੀ ਹੈ?' ਦੇ ਜਵਾਬ ਵਿਚ ਗਿੱਪੀ ਦਾ ਕਹਿਣਾ ਹੈ, 'ਹਾਸਾ ਠੱਠਾ ਮਨੁੱਖੀ ਸਿਹਤ ਲਈ ਬਹੁਤ ਲੋੜੀਂਦਾ ਹੈ। ਪਰ ਪਿਛਲੀ ਵਾਰ ਵੀ ਸੁਨੇਹਾ ਦਿੱਤਾ ਸੀ ਕਿ ਝੂਠ ਨਹੀਂ ਬੋਲਣਾ ਚਾਹੀਦਾ। ਕਈ ਵਾਰ ਇਕ ਝੂਠ ਪੂਰੀ ਜ਼ਿੰਦਗੀ ਨੂੰ ਮੁਸੀਬਤ ਵਿਚ ਪਾ ਦਿੰਦਾ ਹੈ, ਠੀਕ ਉਵੇਂ ਐਤਕੀਂ ਵੀ ਉਹੀ ਸੁਨੇਹਾ ਹੈ।' ਫ਼ਿਲਮ ਨੂੰ ਸਮੀਪ ਕੰਗ ਨੇ ਨਿਰਦੇਸ਼ਤ ਕੀਤਾ ਹੈ, ਜਿਨ੍ਹਾਂ ਹੁਣ ਤੱਕ ਕਈ ਹਾਸਰਸ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋੜ ਸਿੰਘ ਸਿੱਧੂ ਹਨ। ਇਸ ਵਾਰ ਨਿਰਮਾਣ ਖੇਤਰ ਵਿਚ ਉਨ੍ਹਾਂ ਦਾ ਸਹਿਯੋਗ ਅਤੁਲ ਭੱਲਾ ਤੇ ਅਮਿਤ ਭੱਲਾ ਨੇ ਵੀ ਦਿੱਤਾ ਹੈ। ਗੁਣਬੀਰ ਤੇ ਮਨਮੋੜ ਦਾ ਕਹਣਿਾ ਹੈ, 'ਅਸੀਂ ਆਪਣੇ ਬੈਨਰ ਵਾਈਟ ਹਿਲ ਸਟੂਡੀਓ ਹੇਠ ਫ਼ਿਲਮ ਬਣਾਉਣ ਤੋਂ ਪਹਿਲਾਂ ਸੋਚਦੇ ਹਾਂ ਕਿ ਦਰਸ਼ਕਾਂ ਦਾ ਹੁੰਗਾਰਾ ਕੀ ਹੋ ਸਕਦਾ ਹੈ। ਜਦੋਂ ਦਰਸ਼ਕਾਂ ਦੀ 'ਕੱਲੀ 'ਕੱਲੀ ਮੰਗ ਦਾ ਖਿਆਲ ਰੱਖ ਕੇ ਫ਼ਿਲਮ ਬਣਾਈ ਜਾਵੇ ਤਾਂ ਉਸ ਦੇ ਸਫ਼ਲ ਹੋਣ ਦੀ ਗਾਰੰਟੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਸ ਦਿਨ ਤੋਂ 'ਕੈਰੀ ਆਨ ਜੱਟਾ-2' ਦਾ ਟਰੇਲਰ ਰਿਲੀਜ਼ ਹੋਇਆ ਹੈ, ਸੋਸ਼ਲ ਮੀਡੀਆ 'ਤੇ ਪ੍ਰਚਾਰ ਦੀ ਹਨੇਰੀ ਆਈ ਹੋਈ ਹੈ। ਫ਼ਿਲਮ ਨੂੰ ਹੁੰਗਾਰੇ ਦਾ ਪਤਾ ਟਰੇਲਰ ਤੋਂ ਹੀ ਲੱਗ ਜਾਂਦਾ ਹੈ ਤੇ ਦਰਸ਼ਕਾਂ ਨੇ ਟਰੇਲਰ ਨੂੰ ਬਹੁਤ ਪਿਆਰ ਦਿੱਤਾ ਹੈ।' ਜਸਵਿੰਦਰ ਭੱਲਾ ਨੇ ਕਿਹਾ ਕਿ ਕੁਝ ਫ਼ਿਲਮਾਂ ਆਪ-ਮੁਹਾਰੇ ਬਣ ਜਾਂਦੀਆਂ ਹਨ, ਪਰ ਦਰਸ਼ਕ ਉਨ੍ਹਾਂ ਦੇ ਅਗਲੇ ਹਿੱਸੇ ਦੀ ਉਡੀਕ ਕਰਦੇ ਹਨ। ਦੂਜਾ ਹਿੱਸਾ ਬਣਾਉਣਾ ਬਹੁਤ ਵੱਡੀ ਚੁਣੌਤੀ ਵਾਲੀ ਗੱਲ ਹੁੰਦਾ ਹੈ। 'ਕੈਰੀ ਆਨ ਜੱਟਾ 2' ਲਈ ਵੀ ਇਹੀ ਚੁਣੌਤੀ ਸੀ। ਪਰ ਸਾਰੀ ਟੀਮ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਫ਼ਿਲਮ ਦੀ ਕਹਾਣੀ ਪਹਿਲਾਂ ਨਾਲੋਂ ਵੀ ਦੋ ਕਦਮ ਅੱਗੇ ਹੈ ਅਤੇ ਸਾਰੇ ਕਲਾਕਾਰਾਂ ਦਾ ਕਮਾਲ ਦਾ ਕੰਮ ਹੈ।


-ਸਵਰਨ ਸਿੰਘ ਟਹਿਣਾ

ਬਾਲੀਵੁੱਡ ਫਲੈਸ਼ਬੈਕ

ਦਿਲ 'ਚ ਨਫ਼ਰਤ ਤੇ ਚਿਹਰੇ 'ਤੇ ਮੁਹੱਬਤ ਰੱਖ ਕੇ ਮਧੂਬਾਲਾ ਨੇ ਪੂਰੀ ਕੀਤੀ ਸੀ 'ਮੁਗਲੇ ਆਜ਼ਮ'

ਦਰਅਸਲ ਕੇ. ਆਸਿਫ਼ ਦੀ 'ਮੁਗਲੇ ਆਜ਼ਮ' ਜਦ ਬਣਨੀ ਸ਼ੁਰੂ ਹੋਈ ਸੀ ਤਾਂ ਕੁਝ ਹੀ ਸਮੇਂ ਬਾਅਦ ਫ਼ਿਲਮਕਾਰ ਬੀ. ਆਰ. ਚੋਪੜਾ ਨੇ ਦਿਲੀਪ ਕੁਮਾਰ ਅਤੇ ਮਧੂਬਾਲਾ ਨੂੰ ਫ਼ਿਲਮ 'ਨਇਆ ਦੌਰ' ਲਈ ਸਾਈਨ ਕੀਤਾ ਤੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ। ਸ਼ੂਟਿੰਗ ਦੌਰਾਨ ਕਿਸੇ ਗੱਲ ਤੋਂ ਦਿਲੀਪ ਕੁਮਾਰ ਅਤੇ ਮਧੂਬਾਲਾ ਦਰਮਿਆਨ ਮਨਮੁਟਾਅ ਪੈਦਾ ਹੋ ਗਿਆ ਤੇੇ ਮਧੂਬਾਲਾ ਨੇ ਦਿਲੀਪ ਨਾਲ ਆਊਟਡੋਰ ਸ਼ੂਟਿੰਗ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਗੱਲ ਚੋਪੜਾ ਸਾਹਿਬ ਨੂੰ ਚੰਗੀ ਨਾ ਲੱਗੀ ਤੇ ਉਨ੍ਹਾਂ ਨੇ ਤੁਰੰਤ ਹੀ ਫ਼ਿਲਮ 'ਚੋਂ ਮਧੂਬਾਲਾ ਨੂੰ ਕੱਢ ਕੇ ਨਵੀਂ ਅਭਿਨੇਤਰੀ ਵੈਜੰਤੀ ਮਾਲਾ ਨੂੰ ਸਾਈਨ ਕਰ ਲਿਆ ਤੇ ਮੁੜ ਤੋਂ ਸ਼ੂਟਿੰਗ ਆਰੰਭ ਕਰ ਦਿੱਤੀ। ਮਧੂਬਾਲਾ ਨੂੰ ਚੋਪੜਾ ਸਾਹਿਬ ਦਾ ਇਹ ਕਦਮ ਅਪਮਾਨਜਨਕ ਲੱਗਿਆ ਤੇ ਉਸ ਨੇ ਚੋਪੜਾ ਸਾਹਿਬ ਖ਼ਿਲਾਫ਼ ਅਦਾਲਤ 'ਚ ਮੁਕੱਦਮਾ ਦਾਇਰ ਕਰ ਦਿੱਤਾ। ਇਸ ਮੁਕੱਦਮੇ 'ਚ ਦਿਲੀਪ ਕੁਮਾਰ ਦੀ ਵੀ ਗਵਾਹੀ ਹੋਈ। ਇਸ ਮੁਕੱਦਮੇਬਾਜ਼ੀ ਪਿੱਛੋਂ ਦਿਲੀਪ ਕੁਮਾਰ ਅਤੇ ਮਧੂਬਾਲਾ ਨੇ ਇਕ-ਦੂਜੇ ਨੂੰ ਬੁਲਾਉਣਾ ਤੱਕ ਵੀ ਛੱਡ ਦਿੱਤਾ ਪਰ ਅਦਾਕਾਰੀ ਦਾ ਸਿਖਰ ਵੇਖੋ ਕਿ ਮੁਗਲੇ ਆਜ਼ਮ' ਦੇ ਕਿਸੇ ਦ੍ਰਿਸ਼ 'ਚੋਂ ਵੀ ਇਹ ਗੱਲ ਰਤਾ ਵੀ ਨਹੀਂ ਝਲਕਦੀ ਕਿ ਦੋਵੇਂ ਕਲਾਕਾਰ ਇਕ-ਦੂਜੇ ਨਾਲ ਅਸਲ ਜ਼ਿੰਦਗੀ 'ਚ ਨਫ਼ਰਤ ਕਰਦੇ ਸਨ ਤੇ ਆਪਸ ਵਿਚ ਬੋਲਦੇ ਤੱਕ ਵੀ ਨਹੀਂ ਸਨ।


-ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ, (ਗੁਰਦਾਸਪੁਰ)

ਤਮੰਨਾ ਭਾਟੀਆ : ਨੈਨੋ ਮੇਂ ਸਪਨਾ

ਤਮੰਨਾ ਅਕਸਰ ਹੈਦਰਾਬਾਦ ਜਾਂਦੀ-ਆਉਂਦੀ ਰਹਿੰਦੀ ਹੈ। 'ਬਾਹੂਬਲੀ' ਕਾਰਨ ਦੱਖਣ 'ਚ ਤਮੰਨਾ ਦੇ ਪ੍ਰਸੰਸਕ ਬਹੁਤ ਵਧੇ ਹਨ। ਹੈਦਰਾਬਾਦ 'ਚ ਕਿਸੇ ਦੁਕਾਨ ਦਾ ਉਦਘਾਟਨ ਹੋਵੇ ਜਾਂ ਮਹੂਰਤ, ਤਮੰਨਾ ਅਕਸਰ ਮੁੱਖ ਮਹਿਮਾਨ ਬਣ ਜਾਂਦੀ ਹੈ। ਕਈ ਵਾਰ ਉਸ ਨੂੰ ਇਹ ਸਮਾਰੋਹ ਮਹਿੰਗੇ ਪੈ ਜਾਂਦੇ ਹਨ। ਉਹ ਹੁਣ ਅਸ਼ਲੀਲ ਵਿਚਾਰ, ਘਟੀਆ ਤਸਵੀਰਾਂ ਖਿਚਵਾਉਣ ਤੋਂ ਜ਼ਰਾ ਝਿਜਕਣ ਲੱਗ ਪਈ ਹੈ। ਤਮੰਨਾ ਦੇ ਜੁੱਤੀ ਵੀ ਪ੍ਰਸੰਸਕ ਨੇ ਵਗ੍ਹਾ ਕੇ ਇਸ ਲਈ ਸੁੱਟੀ ਸੀ ਕਿ ਉਹ ਅਸ਼ਲੀਲਤਾ ਨੂੰ ਪਰੋਸਣ 'ਚ ਸਾਥ ਦੇ ਰਹੀ ਹੈ। 'ਚੋਰ ਨਿਕਲ ਕੇ ਭਾਗਾ' ਫ਼ਿਲਮ ਉਹ ਕਰ ਲੈਂਦੀ ਤਾਂ ਸਹੀ ਸੀ ਪਰ ਚਿੜੀਆਂ ਦੇ ਖੇਤ ਚੁਗ ਲੈਣ ਤੋਂ ਬਾਅਦ ਪਛਤਾਵਾ ਵਾਲੀ ਗੱਲ। ਮਤਲਬ ਸਾਫ਼ ਕਿ ਆਪਣੇ ਕਈ ਫੈਸਲਿਆਂ 'ਤੇ ਜਦ ਉਹ ਪੜਚੋਲ ਕਰਦੀ ਹੈ ਤਾਂ ਸੋਚਦੀ ਹੈ ਕਿ ਜੋਸ਼ ਨਾਲੋਂ ਹੋਸ਼ ਚੰਗੀ ਹੁੰਦੀ ਹੈ। 'ਚਾਂਦ ਸਾ ਰੋਸ਼ਨ ਚਿਹਰਾ' ਨੇ ਚਾਹੇ ਉਸ ਦਾ ਚਿਹਰਾ 'ਚਾਂਦ' ਜਿਹਾ 'ਰੋਸ਼ਨ' ਨਹੀਂ ਸੀ ਕੀਤਾ ਪਰ 'ਬਾਹੂਬਲੀ' ਤੱਕ ਉਸ ਦੇ ਖਾਤੇ 'ਚ ਕਈ ਸਫ਼ਲ ਫ਼ਿਲਮਾਂ ਦਰਜ ਹਨ। 'ਹਿੰਮਤਵਾਲਾ' ਉਸ ਦੀ ਨਜ਼ਰ 'ਚ ਅੱਜ ਵੀ ਕਾਮਯਾਬ ਫ਼ਿਲਮ ਹੈ। 'ਸ਼ਕਤੀ ਮਸਾਲਾ' ਦੇ ਇਸ਼ਤਿਹਾਰ ਨੇ ਉਸ ਨੂੰ ਘਰ-ਘਰ ਹੋਰ ਮਸ਼ਹੂਰ ਕੀਤਾ ਹੈ। 'ਸੰਨ ਡਾਇਰੈਕਟ', 'ਡੀ.ਟੀ.ਐਚ.' ਦੇ ਵਿਗਿਆਪਨ ਤੋਂ ਲੈ ਕੇ ਹੁਣ ਤੱਕ ਅਨੇਕਾਂ ਵਿਗਿਆਪਨ ਕੀਤੇ ਹਨ। ਅੱਜ ਤੱਕ ਉਸ ਦਾ ਮਨਪਸੰਦ ਗੀਤ 'ਨੈਨੋਂ ਮੇਂ ਸਪਨਾ' ਹੈ ਤੇ ਇਸ ਗੀਤ ਨੂੰ ਉਹ ਰੋਜ਼ ਗਾਉਂਦੀ ਹੈ।

ਮੇਰੇ 'ਚ ਅਸੁਰੱਖਿਆ ਦੀ ਭਾਵਨਾ ਨਹੀਂ ਹੈ : ਪੰਕਜ ਤ੍ਰਿਪਾਠੀ

'ਗੈਂਗਸ ਆਫ਼ ਵਾਸੇਪੁਰ', 'ਫੁਕਰੇ', 'ਬਰੇਲੀ ਕੀ ਬਰਫੀ', 'ਨੀਲ ਬਟ ਸੰਨਾਟਾ' ਸਮੇਤ ਹੋਰ ਕਈ ਫ਼ਿਲਮਾਂ ਵਿਚ ਧਿਆਨ ਖਿੱਚਣ ਵਾਲਾ ਅਭਿਨੈ ਪੇਸ਼ ਕਰਨ ਵਿਚ ਕਾਮਯਾਬ ਰਹੇ ਪੰਕਜ ਤ੍ਰਿਪਾਠੀ ਦਾ ਨਾਂਅ ਮੰਨੇ ਹੋਏ ਅਭਿਨੇਤਾਵਾਂ ਦੀ ਸੂਚੀ ਵਿਚ ਮੁੱਖ ਥਾਂ 'ਤੇ ਆਉਂਦਾ ਹੈ। ਇਨ੍ਹਾਂ ਦੀ ਅਭਿਨੈ ਪ੍ਰਤਿਭਾ ਦੀ ਕਾਬਲੀਅਤ 'ਤੇ ਸਚਾਈ ਦੀ ਮੋਹਰ ਉਦੋਂ ਲੱਗ ਗਈ ਜਦੋਂ 'ਨਿਊਟਨ' ਲਈ ਉਨ੍ਹਾਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਆ ਗਿਆ ਅਤੇ ਬਾਲੀਵੁੱਡ ਨੇ ਇਕ ਆਵਾਜ਼ ਵਿਚ ਕਿਹਾ ਕਿ ਸਹੀ ਅਭਿਨੇਤਾ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੇ ਅਭਿਨੈ ਦਾ ਡੰਕਾ ਪੰਜਾਬੀ ਫ਼ਿਲਮਾਂ ਵਿਚ ਵੀ ਵੱਜਣ ਲੱਗਾ ਹੈ। ਹਾਲੀਆ ਪ੍ਰਦਰਸ਼ਿਤ ਪੰਜਾਬੀ ਫ਼ਿਲਮ 'ਹਰਜੀਤਾ' ਰਾਹੀਂ ਉਹ ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਵੀ ਕਾਮਯਾਬ ਰਹੇ ਹਨ।
ਇਸ ਫ਼ਿਲਮ ਵਿਚ ਕੰਮ ਕਰਨ ਦਾ ਸੰਯੋਗ ਕਿਵੇਂ ਬਣਿਆ ਇਸ ਬਾਰੇ ਉਹ ਕਹਿੰਦੇ ਹਨ, 'ਇਸ ਦੇ ਨਿਰਦੇਸ਼ਕ ਵਿਜੇ ਅਰੋੜਾ ਨਾਲ ਮੇਰੇ ਪੁਰਾਣੇ ਸਬੰਧ ਹਨ। ਉਹ ਆਪਣੀ ਕਿਸੇ ਫ਼ਿਲਮ ਵਿਚ ਅਰਥਪੂਰਨ ਭੂਮਿਕਾ ਵਿਚ ਮੈਨੂੰ ਲੈਣਾ ਚਾਹੁੰਦੇ ਸਨ ਅਤੇ 'ਹਰਜੀਤਾ' ਰਾਹੀਂ ਉਹ ਮੌਕਾ ਮਿਲ ਗਿਆ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਮੇਰੇ ਕਿਰਦਾਰ ਦੀ ਆਪਣੀ ਵੱਖਰੀ ਕਹਾਣੀ ਹੈ। ਇਸ ਵਜ੍ਹਾ ਕਰਕੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਵਿਚ ਮੇਰਾ ਕੰਮ ਲੋਕਾਂ ਨੂੰ ਯਾਦ ਰਹੇਗਾ।
ਪੰਕਜ ਅੱਜ ਬਾਲੀਵੁੱਡ ਵਿਚ ਬਹੁਤ ਰੁੱਝਾ ਹੋਇਆ ਹੈ। ਇਸ ਤਰ੍ਹਾਂ ਉਨ੍ਹਾਂ ਵਲੋਂ ਸੂਬਾਈ ਫ਼ਿਲਮ ਵਿਚ ਕੰਮ ਕਰਨ ਵਿਚ ਹਿੰਦੀ ਫਿਮਲ ਇੰਡਸਟਰੀ ਵਿਚ ਗ਼ਲਤ ਸੰਦੇਸ਼ ਜਾਣ ਦੀ ਸੰਭਾਵਨਾ ਕਾਫੀ ਸੀ। ਲੋਕ ਇਹ ਮੰਨ ਲੈਂਦੇ ਹਨ ਕਿ ਹੁਣ ਇਸ ਦੇ ਕੋਲ ਕੰਮ ਨਹੀਂ ਹੈ। ਸੋ, ਪੰਜਾਬੀ ਫ਼ਿਲਮਾਂ ਵਲ ਰੁਖ਼ ਕਰ ਲਿਆ ਹੈ। ਇਹ ਪੁੱਛਣ 'ਤੇ ਕਿ ਇਸ ਫ਼ਿਲਮ ਲਈ ਹਾਂ ਕਹਿੰਦੇ ਸਮੇਂ ਕਿਤੇ ਉਹ ਸ਼ਸ਼ੋਪੰਜ ਵਿਚ ਤਾਂ ਨਹੀਂ ਸੀ? ਉਹ ਕਹਿੰਦੇ ਹਨ, 'ਮੇਰੇ 'ਚ ਅਸੁਰੱਖਿਆ ਦੀ ਭਾਵਨਾ ਨਹੀਂ ਹੈ। ਮੈਂ ਹਰ ਚੀਜ਼ ਨੂੰ ਹਾਂਪੱਖੀ ਤਰੀਕੇ ਨਾਲ ਲੈਂਦਾ ਹਾਂ। ਭੂਮਿਕਾ ਚੰਗੀ ਮਿਲੇ ਤਾਂ ਫ਼ਿਲਮ ਕਰ ਲਈ। ਦੂਜੀ ਗੱਲ ਇਹ ਕਿ ਸੁਬਾਈ ਫ਼ਿਲਮਾਂ ਦਾ ਆਪਣਾ ਵਜੂਦ ਹੈ। ਆਪਣੇ ਦਰਸ਼ਕ ਹਨ। ਸੁਬਾਈ ਫ਼ਿਲਮਾਂ ਦੀ ਹੋਂਦ ਨੂੰ ਨਜ਼ਰਅੰਦਾਜ਼ ਬਿਲਕੁਲ ਨਹੀਂ ਕੀਤਾ ਜਾ ਸਕਦਾ। ਅੱਜ ਜਿਸ ਪੱਧਰ ਦੀਆਂ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ, ਉਹ ਹਿੰਦੀ ਫ਼ਿਲਮਾਂ ਤੋਂ ਓਨੀ ਨਹੀਂ ਹਨ। ਮੈਨੂੰ ਇਸ ਫ਼ਿਲਮ ਦਾ ਅਨੁਭਵ ਚੰਗਾ ਮਿਲਿਆ। ਇਸ ਤੋਂ ਪ੍ਰੇਰਿਤ ਹੋ ਕੇ ਹੁਣ ਅਗਲੇ ਸਾਲ ਮੈਂ ਭੋਜਪੁਰੀ ਫ਼ਿਲਮ ਵੀ ਕਰਨ ਜਾ ਰਿਹਾ ਹਾਂ ਜੋ ਕਿ ਮੇਰੀ ਮਾਤ-ਭਾਸ਼ਾ ਹੈ।
'ਹਰਜੀਤਾ' ਦੀ ਸ਼ੂਟਿੰਗ ਚੰਡੀਗੜ੍ਹ, ਮੁਹਾਲੀ ਆਦਿ ਥਾਵਾਂ 'ਤੇ ਕੀਤੀ ਗਈ ਹੈ। ਪੰਜਾਬ ਦੇ ਅਨੁਭਵ ਬਾਰੇ ਉਹ ਕਹਿੰਦੇ ਹਨ, 'ਇਸ ਤੋਂ ਪਹਿਲਾਂ ਮੈਂ 'ਮੈਂਗੋ ਡ੍ਰੀਮਸ' ਲਈ ਪੰਜਾਬ ਗਿਆ ਸੀ। ਉਦੋਂ ਅੰਮ੍ਰਿਤਸਰ ਵਿਚ ਸ਼ੂਟਿੰਗ ਕੀਤੀ ਗਈ ਸੀ। ਪੰਜਾਬ ਵਿਚ ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਉਥੋਂ ਦੇ ਲੋਕ ਬਹੁਤ ਗਰਮਜੋਸ਼ੀ ਨਾਲ ਮਿਲਦੇ ਹਨ। ਮੈਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਭੋਜਨ ਤੇ ਪੰਜਾਬੀ ਗੀਤ ਬਹੁਤ ਪਸੰਦ ਹਨ ਅਤੇ ਹੁਣ ਦੀ ਵਾਰ ਵੀ ਉਥੇ ਪੰਜਾਬ ਦੀ ਮਹਿਮਾਨਨਿਵਾਜ਼ੀ ਦਾ ਬਹੁਤ ਮਜ਼ਾ ਲਿਆ। ਪੰਕਜ ਇਨ੍ਹੀਂ ਦਿਨੀਂ 'ਡ੍ਰਾਈਵ', 'ਅਭੀ ਤੋ ਪਾਰਟੀ ਸ਼ੁਰੂ ਹੋਈ ਹੈ' ਤੇ 'ਫੇਮਸ' ਵਿਚ ਰੁੱਝੇ ਹੋਏ ਹਨ। ਉਨ੍ਹਾਂ ਅਨੁਸਾਰ ਹੁਣ ਬਾਲੀਵੁੱਡ ਦੀਆਂ ਫ਼ਿਲਮਾਂ ਵਿਚ ਪ੍ਰੌੜ੍ਹਤਾ ਦਿਖਾਈ ਦੇਣ ਲੱਗੀ ਹੈ ਅਤੇ ਇਸ ਵਜ੍ਹਾ ਕਰਕੇ ਕਲਾਕਾਰਾਂ ਲਈ ਇਹ ਸੁਨਹਿਰਾ ਦੌਰ ਹੈ।


-ਮੁੰਬਈ ਪ੍ਰਤੀਨਿਧ

ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ 'ਸੰਜੂ'

ਮੰਨਿਆ ਕਿ ਇਨਸਾਨੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਣਾ ਆਮ ਗੱਲ ਹੈ ਪਰ ਅਭਿਨੇਤਾ ਸੰਜੇ ਦੱਤ ਦੀ ਜ਼ਿੰਦਗੀ ਵਿਚ ਜੋ ਉਤਰਾਅ-ਚੜ੍ਹਾਅ ਆਏ ਹਨ, ਉਹ ਆਮ ਆਦਮੀ ਦੀ ਕਲਪਨਾ ਤੋਂ ਬਾਹਰ ਹਨ। ਨਾਮੀ ਮਾਤਾ-ਪਿਤਾ ਦੀ ਸੰਤਾਨ ਹੋਣ ਦੇ ਬਾਵਜੂਦ ਸੰਜੇ ਦੱਤ ਨੇ ਜੋ ਚੰਗੇ-ਬੁਰੇ ਦਿਨ ਦੇਖੇ ਹਨ, ਉਸ ਬਾਰੇ ਦੁਨੀਆ ਨੂੰ ਜ਼ਮੀਨੀ ਤੌਰ 'ਤੇ ਪਤਾ ਹੈ ਪਰ ਉਸ ਦੇ ਪਿੱਛੇ ਕੀ ਕੁਝ ਹੋਇਆ ਸੀ, ਇਹ ਬਹੁਤ ਘੱਟ ਲੋਕ ਹੀ ਜਾਣਦੇ ਹਨ। ਹੁਣ ਫ਼ਿਲਮ 'ਸੰਜੂ' ਰਾਹੀਂ ਉਨ੍ਹਾਂ ਦੀ ਜ਼ਿੰਦਗੀ ਦੀ ਦਾਸਤਾਨ ਦੁਨੀਆ ਸਾਹਮਣੇ ਲਿਆਂਦੀ ਜਾ ਰਹੀ ਹੈ ਅਤੇ ਇਹ ਫ਼ਿਲਮ ਰਾਜ ਕੁਮਾਰ ਹੀਰਾਨੀ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਸੰਜੇ ਨੂੰ 'ਮੁੰਨਾ ਭਾਈ' ਲੜੀ ਦੀਆਂ ਦੋ ਫ਼ਿਲਮਾਂ ਅਤੇ 'ਪੀਕੇ' ਵਿਚ ਨਿਰਦੇਸ਼ਿਤ ਕਰਨ ਵਾਲੇ ਰਾਜੂ ਹੀਰਾਨੀ ਦੇ ਸੰਜੇ ਨਾਲ ਚੰਗੇ ਸਬੰਧ ਹਨ ਅਤੇ ਇਨ੍ਹਾਂ ਸਬੰਧਾਂ ਦਾ ਨਤੀਜਾ ਹੁਣ ਇਹ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਣ ਦੀ ਵੀ ਆਪਣੀ ਕਹਾਣੀ ਹੈ। ਹੋਇਆ ਇਹ ਸੀ ਕਿ 'ਮੁੰਨਾਭਾਈ' ਲੜੀ ਦੀ ਤੀਜੀ ਫ਼ਿਲਮ ਦੇ ਵਿਸ਼ੇ ਦੇ ਸਿਲਸਿਲੇ ਵਿਚ ਰਾਜੂ ਉਨ੍ਹਾਂ ਨੂੰ ਅਕਸਰ ਮਿਲਦਾ ਰਹਿੰਦਾ ਸੀ ਅਤੇ ਇਕ ਦਿਨ ਗੱਲਾਂ-ਗੱਲਾਂ ਵਿਚ ਸੰਜੂ ਉਨ੍ਹਾਂ ਨਾਲ ਤੇ ਲੇਖਕ ਅਭੀਜਾਤ ਜੋਸ਼ੀ ਨੂੰ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਦੱਸਣ ਲੱਗੇ। ਸੰਜੂ ਉਨ੍ਹਾਂ ਸਾਹਮਣੇ ਆਪਣਾ ਦਿਲ ਖੋਲ੍ਹਦੇ ਗਏ ਅਤੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਦੋਵਾਂ ਨੂੰ ਯਕੀਨ ਨਹੀਂ ਹੋ ਰਹੇ ਰਿਹਾ ਸੀ ਕਿ ਉਨ੍ਹਾਂ ਦੇ ਸਾਹਮਣੇ ਬੈਠਾ ਇਹ ਸਟਾਰ ਆਪਣੀ ਜ਼ਿੰਦਗੀ ਦੇ ਕਿਹੜੇ-ਕਿਹੜੇ ਦੌਰ ਵਿਚੀਂ ਲੰਘਿਆ ਹੋਇਆ ਹੈ। ਗੱਲਬਾਤ ਦੇ ਲੰਬੇ ਦੌਰ ਤੋਂ ਬਾਅਦ ਦੋਵਾਂ ਨੇ 'ਮੁੰਨਾਭਾਈ' ਦੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ਫੋਨ ਕਰਕੇ ਕਿਹਾ ਕਿ ਅਗਲੀ ਫ਼ਿਲਮ ਲਈ 'ਮੁੰਨਾਭਾਈ' ਤੋਂ ਵੀ ਕਿਤੇ ਜ਼ਿਆਦਾ ਵਧੀਆ ਵਿਸ਼ਾ ਮਿਲ ਗਿਆ ਹੈ। ਵਿਧੂ ਨੂੰ ਜਦੋਂ ਦੱਸਿਆ ਗਿਆ ਕਿ ਅਗਲੀ ਫ਼ਿਲਮ ਸੰਜੇ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ ਤਾਂ ਪਹਿਲਾਂ ਤਾਂ ਵਿਧੂ ਇਸ ਲਈ ਰਾਜ਼ੀ ਨਹੀਂ ਹੋਏ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸੰਜੇ ਦੀ ਜ਼ਿੰਦਗੀ ਬਾਰੇ ਦੁਨੀਆ ਜਾਣਦੀ ਹੈ ਤੇ ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ ਦੇਖਣ ਲਈ ਕਿਹੜਾ ਸਿਨੇਮਾਘਰ ਤੱਕ ਆਏਗਾ। ਜਦੋਂ ਵਿਧੂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਵਾਪਰੇ ਕਿੱਸੇ ਸੁਣਾਏ ਗਏ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਸ ਸਟਾਰ ਦੀ ਜ਼ਿੰਦਗੀ ਦੀ ਸਚਾਈ ਦੁਨੀਆ ਸਾਹਮਣੇ ਲਿਆਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਅਭੀਜਾਤ ਜੋਸ਼ੀ ਨੂੰ ਪਟਕਥਾ 'ਤੇ ਕੰਮ ਸ਼ੁਰੂ ਕਰਨ ਨੂੰ ਕਹਿ ਦਿੱਤਾ।
ਇਹ ਤਾਂ ਤੈਅ ਸੀ ਕਿ ਇਹ ਫ਼ਿਲਮ ਰਾਜੂ ਹੀਰਾਨੀ ਨਿਰਦੇਸ਼ਿਤ ਕਰਨਗੇ ਪਰ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਵਿਚ ਸੰਜੂ ਦੀ ਭੂਮਿਕਾ ਕੌਣ ਨਿਭਾਏਗਾ। ਕਾਫੀ ਸੋਚ-ਵਿਚਾਰ ਕਰ ਕੇ ਰਣਬੀਰ ਕਪੂਰ ਦਾ ਨਾਂਅ ਫਾਈਨਲ ਕੀਤਾ ਗਿਆ ਅਤੇ ਜਦੋਂ ਰਣਬੀਰ ਨੂੰ ਇਸ ਫ਼ਿਲਮ ਪੇਸ਼ਕਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਨਕਾਰ ਦਿੱਤੀ। ਜਦੋਂ ਕਦੀ ਰਾਜੂ ਹੀਰਾਨੀ ਉਨ੍ਹਾਂ ਨੂੰ ਮਿਲਣ ਜਾਂਦੇ ਤਾਂ ਰਣਬੀਰ ਦਾ ਇਹੀ ਰਟਿਆ-ਰਟਾਇਆ ਜਵਾਬ ਹੁੰਦਾ ਕਿ ਕੋਈ ਹੋਰ ਵਿਸ਼ਾ ਹੋਵੇ ਤਾਂ ਗੱਲ ਕਰਦੇ ਹਾਂ, ਸੰਜੇ ਵਾਲੀ ਫ਼ਿਲਮ ਨੂੰ ਛੱਡੋ। ਪਰ ਰਾਜੂ ਨੇ ਵੀ ਹੌਸਲਾ ਨਹੀਂ ਛੱਡਿਆ ਅਤੇ ਉਹ ਫਾਈਨਲ ਸਕਰਿਪਟ ਲੈ ਕੇ ਇਕ ਦਿਨ ਉਨ੍ਹਾਂ ਕੋਲ ਪਹੁੰਚ ਗਏ ਅਤੇ ਪੜ੍ਹ ਲੈਣ ਦੀ ਗੁਜ਼ਾਰਿਸ਼ ਕੀਤੀ। ਰਣਵੀਰ ਦਾ ਕਹਿਣਾ ਹੈ ਕਿ ਸਕਰਿਪਟ ਪੜ੍ਹ ਕੇ ਉਹ ਅੰਦਰ ਤੋਂ ਹਿਲ ਗਏ। ਉਹ ਕਹਿੰਦੇ ਹਨ, 'ਮੈਂ ਸੰਜੇ ਨੂੰ ਜਾਣਦਾ ਹਾਂ ਪਰ ਸਕਰਿਪਟ ਪੜ੍ਹ ਕੇ ਲੱਗਿਆ ਕਿ ਇਹ ਉਹ ਸੰਜੇ ਹੈ ਹੀ ਨਹੀਂ ਜਿਸ ਨੂੰ ਮੈਂ ਜਾਣਦਾ ਹਾਂ। ਪਰ ਮੈਂ ਖ਼ੁਦ ਇਕ ਇਸ ਤਰ੍ਹਾਂ ਦੀ ਫ਼ਿਲਮ ਕਰਨਾ ਚਾਹੁੰਦਾ ਸੀ ਜੋ ਯਾਦਗਾਰ ਬਣ ਜਾਵੇ। ਮੈਨੂੰ ਲੱਗਿਆ ਕਿ ਇਸ ਫ਼ਿਲਮ ਨਾਲ ਮੇਰੀ ਇੱਛਾ ਪੂਰੀ ਹੋਵੇਗੀ।' ਉਨ੍ਹਾਂ ਵਲੋਂ ਹਰੀ ਝੰਡੀ ਮਿਲਦਿਆਂ ਹੀ ਨਿਰਮਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)

ਸਲਮਾਨ ਖ਼ਾਨ ਅਤੇ ਬੌਬੀ ਦਿਓਲ ਨੂੰ ਇਕੱਠਿਆਂ ਚਮਕਾਉਂਦੀ 'ਰੇਸ-3'

'ਰੇਸ' ਅਤੇ 'ਰੇਸ-2' ਤੋਂ ਬਾਅਦ ਹੁਣ 'ਰੇਸ-3' ਆ ਰਹੀ ਹੈ ਅਤੇ ਪਹਿਲੀਆਂ ਦੋ ਫ਼ਿਲਮਾਂ ਦੇ ਮੁਕਾਬਲੇ ਇਸ ਤੀਜੀ ਫ਼ਿਲਮ ਵਿਚ ਕਾਫੀ ਕੁਝ ਵੱਖਰਾ ਹੈ। ਪਹਿਲੀਆਂ ਦੋਵੇਂ ਫ਼ਿਲਮਾਂ ਜਿਥੇ ਅੱਬਾਸ-ਮਸਤਾਨ ਵਲੋਂ ਨਿਰਦੇਸ਼ਿਤ ਕੀਤੀਆਂ ਗਈਆਂ ਸੀ, ਉਥੇ ਇਸ ਤੀਜੀ 'ਰੇਸ' ਦੇ ਨਿਰੇਦਸ਼ਕ ਹਨ ਰੇਮੋ। ਪਹਿਲੀਆਂ ਦੋ ਦੀ ਤਰ੍ਹਾਂ ਇਸ ਤੀਜੀ ਵਿਚ ਵੀ ਅਨਿਲ ਕਪੂਰ ਤਾਂ ਹਨ ਪਰ ਇਥੇ ਸੈਫ ਅਲੀ ਖਾਨ ਤੇ ਬਿਪਾਸ਼ਾ ਬਾਸੂ ਨਹੀਂ ਹਨ ਜੋ ਪਹਿਲੀਆਂ ਦੋ ਵਿਚ ਸਨ। 'ਰੇਸ-3' ਵਿਚ ਸਲਮਾਨ ਖਾਨ ਅਤੇ ਬੌਬੀ ਦਿਓਲ ਦਾ ਦਾਖਲਾ ਹੋਇਆ ਹੈ ਅਤੇ ਇਨ੍ਹਾਂ ਨਾਲ ਜੈਕਲੀਨ ਫਰਨਾਂਡਿਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਅਤੇ ਫ੍ਰੈਡੀ ਦਾਰੂਵਾਲਾ ਹਨ।
ਜਦੋਂ ਸਲਮਾਨ ਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ, ਉਦੋਂ ਪਹਿਲਾਂ ਤਾਂ ਉਨ੍ਹਾਂ ਇਹ ਸੁਣ ਕੇ ਨਕਾਰ ਦਿੱਤੀ ਸੀ। ਬਾਅਦ ਵਿਚ ਉਨ੍ਹਾਂ ਨੇ ਪਟਕਥਾ ਵਿਚ ਬਦਲਾਅ ਦੇ ਸੁਝਾਅ ਦਿੱਤੇ ਅਤੇ ਜਦੋਂ ਇਹ ਬਦਲਾਅ ਕੀਤੇ ਗਏ ਤਾਂ ਉਹ ਕੰਮ ਕਰਨ ਨੂੰ ਰਾਜ਼ੀ ਹੋ ਗਏ। ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ਵਿਚ ਕਾਰਾਂ ਬਹੁਤ ਉਡਾਈਆਂ ਗਈਆਂ ਹਨ ਅਤੇ ਜਦੋਂ ਅੱਬੂਧਾਬੀ ਵਿਚ ਸ਼ੂਟਿੰਗ ਕੀਤੀ ਜਾ ਰਹੀ ਸੀ, ਉਦੋਂ 16 ਮਹਿੰਗੀਆਂ ਕਾਰਾਂ ਨੂੰ ਉਡਾ ਦਿੱਤਾ ਗਿਆ ਸੀ। ਨਾਲ ਹੀ ਇਥੇ ਮੋਟਰਸਾਈਕਲ ਤੇ ਹੈਲੀਕਾਪਟਰ ਜ਼ਰੀਏ ਵੀ ਰੋਮਾਂਸ ਪੇਸ਼ ਕੀਤਾ ਗਿਆ ਹੈ।
ਸਲਮਾਨ ਦੇ ਸੁਝਾਅ 'ਤੇ ਹੀ ਫ਼ਿਲਮ ਵਿਚ ਬੌਬੀ ਦਿਓਲ ਨੂੰ ਕਾਸਟ ਕੀਤਾ ਗਿਆ ਅਤੇ ਇਹ ਸਲਮਾਨ ਦਾ ਹੀ ਸੁਝਾਅ ਸੀ ਕਿ ਫ਼ਿਲਮ ਲਈ ਬੌਬੀ ਆਪਣੀ ਬਾਡੀ ਬਣਾਉਣ। ਫ਼ਿਲਮਾਂ ਵਿਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਲਈ ਬੌਬੀ ਵੀ ਲਗਾਤਾਰ ਰੂਪ ਨਾਲ ਜਿੰਮ ਜਾਣ ਲੱਗੇ ਅਤੇ ਹੁਣ ਉਨ੍ਹਾਂ ਦੀ ਬਾਡੀ ਦੇਖ ਕੇ ਸਲਮਾਨ ਉਨ੍ਹਾਂ ਨੂੰ ਮਜ਼ਾਕ ਵਿਚ ਬੌਡੀ ਦਿਉਲ ਕਹਿਣ ਲੱਗੇ ਹਨ। ਇਸੇ ਫ਼ਿਲਮ ਲਈ ਸਾਕਿਬ ਸਲੀਮ ਤੇ ਫ੍ਰੈਡੀ ਨੇ ਵੀ ਆਪਣੇ ਮਸਲ ਬਣਾਏ ਹਨ ਅਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਫ਼ਿਲਮ ਦੇ ਜ਼ਿਆਦਾਤਰ ਕਲਾਕਾਰਾਂ ਦਾ ਸਮਾਂ ਜਿੰਮ ਵਿਚ ਹੀ ਲੰਘਿਆ ਹੈ।
ਰੇਮੋ ਦੀ ਸਲਮਾਨ ਨਾਲ ਇਹ ਪਹਿਲੀ ਫ਼ਿਲਮ ਹੈ। ਰੇਮੋ ਦੇ ਫ਼ਿਲਮੀ ਕੈਰੀਅਰ ਵਿਚ ਸਲਮਾਨ ਦਾ ਵੱਡਾ ਹੱਥ ਰਿਹਾ ਹੈ। ਬਤੌਰ ਨ੍ਰਿਤ ਨਿਰਦੇਸ਼ਕ 'ਔਜਾਰ' ਰੇਮੋ ਦੀ ਪਹਿਲੀ ਫ਼ਿਲਮ ਸੀ ਅਤੇ ਇਸ ਵਿਚ ਉਨ੍ਹਾਂ ਨੇ ਸਲਮਾਨ ਨੂੰ ਨਚਾਇਆ ਸੀ। ਹੁਣ ਇਥੇ ਸਲਮਾਨ ਨੂੰ ਨਿਰੇਦਸ਼ਿਤ ਕਰਨਾ ਉਨ੍ਹਾਂ ਲਈ ਫ਼ਖਰ ਵਾਲੀ ਗੱਲ ਹੈ। ਖ਼ੁਦ ਰੇਮੋ ਵੀ ਮੰਨਦੇ ਹਨ ਕਿ ਪਹਿਲੀਆਂ ਦੋਵੇਂ 'ਰੇਸ' ਹਿੱਟ ਰਹੀਆਂ ਸਨ। ਸੋ, ਇਸ ਤੀਜੀ ਲੜੀ ਨੂੰ ਨਿਰਦੇਸ਼ਿਤ ਕਰਦੇ ਸਮੇਂ ਉਹ ਦਬਾਅ ਮਹਿਸੂਸ ਕਰ ਰਹੇ ਸਨ।

ਵਿਰਾਟ ਕੋਹਲੀ ਦੇ ਹਮਸ਼ਕਲ ਨੂੰ ਚਮਕਾਉਂਦੀ ਫ਼ਿਲਮ 'ਮੈਚ ਆਫ਼ ਲਾਈਫ਼'

ਇਕ ਸੁਪਰ ਸਟਾਰ ਤੇ ਉਸ ਦੇ ਹਮਸ਼ਕਲ ਦੀ ਕਹਾਣੀ ਨੂੰ ਫ਼ਿਲਮ 'ਫੈਨ' ਵਿਚ ਪੇਸ਼ ਕੀਤਾ ਗਿਆ ਸੀ। ਹੁਣ 'ਮੈਚ ਆਫ ਲਾਈਫ' ਵਿਚ ਇਕ ਨਾਮੀ ਕ੍ਰਿਕਟ ਖਿਡਾਰੀ ਤੇ ਉਸ ਦੇ ਹਮਸ਼ਕਲ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। ਇਹ ਕ੍ਰਿਕਟ ਖਿਡਾਰੀ ਹੈ ਵਿਰਾਟ ਕੋਹਲੀ ਅਤੇ ਇਥੇ ਉਸ ਦੇ ਹਮਸ਼ਕਲ ਦੀ ਭੂਮਿਕਾ ਵਿਚ ਹੈ ਅਮਿਤ ਮਿਸ਼ਰਾ।
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਰਹਿਣ ਵਾਲੇ ਅਮਿਤ ਮਿਸ਼ਰਾ ਨਾ ਸਿਰਫ ਵਿਰਾਟ ਕੋਹਲੀ ਦੇ ਹਮਸ਼ਕਲ ਹਨ, ਸਗੋਂ ਉਹ ਵਿਰਾਟ ਦੇ ਜ਼ਬਰਦਸਤ ਪ੍ਰਸੰਸਕ ਵੀ ਹਨ। ਅਮਿਤ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਇਸ ਫ਼ਿਲਮ ਦਾ ਨਿਰਮਾਣ ਵਿਸ਼ਾਲ ਮਹਿਤਾ ਵਲੋਂ ਕੀਤਾ ਗਿਆ ਹੈ ਅਤੇ ਨਿਰਦੇਸ਼ਕ ਹਨ ਸਲੀਮ ਖਾਨ। ਆਪਣੀ ਇਸ ਫ਼ਿਲਮ ਬਾਰੇ ਵਿਸ਼ਾਲ ਮਹਿਤਾ ਸਾਫ ਕਰਦੇ ਹਨ ਕਿ ਫ਼ਿਲਮ ਦੇ ਨਾਂਅ ਵਿਚ ਮੈਚ ਸ਼ਬਦ ਜ਼ਰੂਰ ਹੈ ਪਰ ਫ਼ਿਲਮ ਵਿਚ ਕ੍ਰਿਕਟ ਮੈਚ ਦੇ ਦ੍ਰਿਸ਼ ਨਹੀਂ ਹੋਣਗੇ। ਇਥੇ ਮੈਚ ਸ਼ਬਦ ਨੂੰ ਜੋੜੀ ਦੇ ਰੂਪ ਵਿਚ ਲਿਆ ਗਿਆ ਹੈ। ਇਕ ਸਟਾਰ ਕ੍ਰਿਕਟ ਖਿਡਾਰੀ ਤੇ ਉਸ ਦੇ ਹਮਸ਼ਕਲ ਦੀ ਜੋੜੀ ਦੀ ਕਹਾਣੀ ਇਸ ਵਿਚ ਪੇਸ਼ ਕੀਤੀ ਗਈ ਹੈ। ਕਹਾਣੀ ਇਹ ਹੈ ਕਿ ਜਦੋਂ ਵਿਰਾਟ ਮੈਦਾਨ 'ਤੇ ਚੰਗਾ ਖੇਡਦੇ ਹੁੰਦੇ ਹਨ ਤਾਂ ਉਸ ਦੇ ਹਮਸ਼ਕਲ ਦੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਖੁਸ਼ੀਆਂ ਦੀ ਬਹਾਰ ਆ ਜਾਂਦੀ ਹੈ ਅਤੇ ਜਦੋਂ ਉਨ੍ਹਾਂ ਦਾ ਪ੍ਰਦਰਸ਼ਨ ਮਾੜਾ ਰਹਿੰਦਾ ਹੈ ਤਾਂ ਹਮਸ਼ਕਲ ਨੂੰ ਕਿਹੜੇ ਹਾਲਾਤ ਵਿਚੀਂ ਲੰਘਣਾ ਪੈਂਦਾ ਹੈ।
ਵਿਰਾਟ ਬਾਰੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਅਮਿਤ ਕਹਿੰਦੇ ਹਨ, 'ਜਦੋਂ ਕਦੀ ਵਿਰਾਟ ਭਾਜੀ ਸੈਂਕੜਾ ਮਾਰਦੇ ਹਨ ਤਾਂ ਲੋਕ ਮੈਨੂੰ ਮੋਢਿਆਂ 'ਤੇ ਚੁੱਕ ਲੈਂਦੇ ਹਨ। ਜਦੋਂ ਜ਼ੀਰੋ 'ਤੇ ਆਉਟ ਹੁੰਦੇ ਹਨ ਤਾਂ ਮੈਂ ਘਰ ਤੋਂ ਬਾਹਰ ਨਹੀਂ ਨਿਕਲਦਾ। ਕਈ ਵਾਰ ਉਨ੍ਹਾਂ ਦੀ ਨਾਕਾਮੀ ਦੇ ਗੁੱਸੇ ਦਾ ਸ਼ਿਕਾਰ ਮੈਨੂੰ ਹੋਣਾ ਪਿਆ ਅਤੇ ਆਪਣੀ ਜਾਨ ਬਚਾਉਣ ਲਈ ਭੱਜਣਾ ਵੀ ਪਿਆ।'
ਅਮਿਤ ਦਾ ਹੁਣ ਤੱਕ ਵਿਰਾਟ ਨਾਲ ਸਾਹਮਣਾ ਨਹੀਂ ਹੋਇਆ ਹੈ। ਉਨ੍ਹਾਂ ਦੀ ਦਿਲੀ ਇੱਛਾ ਇਹੀ ਹੈ ਕਿ ਵਿਰਾਟ ਭਾਜੀ ਉਨ੍ਹਾਂ ਦੀ ਇਹ ਫ਼ਿਲਮ ਦੇਖਣ ਕਿਉਂਕਿ ਇਥੇ ਉਨ੍ਹਾਂ ਦੇ ਹਮਸ਼ਕਲ ਦੇ ਨਜ਼ਰੀਏ ਨਾਲ ਕਹਾਣੀ ਪੇਸ਼ ਕੀਤੀ ਗਈ ਹੈ।
ਵਿਰਾਟ ਮੈਦਾਨ 'ਤੇ ਆਪਣਾ ਸੌ ਫ਼ੀਸਦੀ ਯੋਗਦਾਨ ਦਿੰਦੇ ਹਨ। ਉਸੇ ਤਰਜ਼ 'ਤੇ ਜੇਕਰ ਅਮਿਤ ਕੈਮਰੇ ਸਾਹਮਣੇ ਆਪਣਾ ਸੌ ਫੀਸਦੀ ਯੋਗਦਾਨ ਦਿੰਦੇ ਹਨ ਤਾਂ ਇਹ ਫ਼ਿਲਮ ਵਿਰਾਟ ਤਾਂ ਕੀ ਸਾਰਿਆਂ ਲਈ ਦੇਖਣ ਲਾਇਕ ਬਣ ਪਵੇਗੀ।


-ਮੁੰਬਈ ਪ੍ਰਤੀਨਿਧ

ਔਰਤ-ਪ੍ਰਧਾਨ ਫ਼ਿਲਮਾਂ ਦੀ ਨਾਇਕਾ ਬਣਨਾ ਚਾਹੁੰਦੀ ਹਾਂ-ਸ਼ੈਵਿਨ ਰੇਖੀ

ਸ਼ੇਵਿਨ ਰੇਖੀ ਕਦਮ ਦਰ ਕਦਮ ਫ਼ਿਲਮ ਖ਼ੇਤਰ 'ਚ ਅੱਗੇ ਵਧਦੀ ਜਾ ਰਹੀ ਹੈ। ਮੈਡੀਕਲ ਸਿੱਖਿਆ ਦੀ ਪੜ੍ਹਾਈ ਕਰ ਚੁੱਕੀ ਸ਼ੇਵਿਨ ਨੂੰ ਅਚਾਨਕ ਅਦਾਕਾਰੀ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਉਹ ਆਪਣਾ ਖ਼ੇਤਰ ਛੱਡ ਕੇ ਪੱਕੇ ਤੌਰ 'ਤੇ ਅਦਾਕਾਰੀ ਦੇ ਇਸ ਖ਼ੇਤਰ ਨਾਲ ਜੁੜ ਗਈ ਹੈ। ਚੰਡੀਗੜ੍ਹ ਥੀਏਟਰ ਕਰਦਿਆਂ ਹੀ ਸ਼ੈਵਿਨ ਨੇ ਸੁਰਜੀਤ ਖਾਨ ਦੇ ਗੀਤ 'ਦਿਲ ਦੀ ਕਿਤਾਬ' ਤੋਂ ਮਾਡਲਿੰਗ ਸ਼ੁਰੂ ਕੀਤੀ। ਇਸੇ ਦੌਰਾਨ ਐਮੀ ਵਿਰਕ ਦੀ ਪੰਜਾਬੀ ਫ਼ਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ। ਜਿੱਥੇ ਉਸ ਨੇ ਕਲਾ ਖੇਤਰ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕੀਤਾ। ਇਸ ਫ਼ਿਲਮ ਵਿਚਲੇ ਇਕ ਨਿੱਕੇ ਜਿਹੇ ਕਿਰਦਾਰ ਨੇ ਉਸ ਲਈ ਫ਼ਿਲਮ ਨਗਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਨਿਰਮਾਤਾ ਲਵਪ੍ਰੀਤ ਲੱਕੀ ਸੰਧੂ ਤੇ ਲੇਖਕ ਤੇ ਨਿਰਦੇਸ਼ਕ ਰਾਣਾ ਰਣਬੀਰ ਦੀ ਆ ਰਹੀ ਪੰਜਾਬੀ ਫ਼ਿਲਮ 'ਆਸੀਸ' ਵਿਚ ਉਸ ਦਾ ਚੰਗਾ ਕਿਰਦਾਰ ਹੈ। ਸ਼ੈਵਿਨ ਨੇ ਦੱਸਿਆ ਕਿ ਇਹ ਫ਼ਿਲਮ ਅਜੋਕੇ ਪੰਜਾਬ ਦੇ ਲੋਕਾਂ ਦੀ ਆਪਣੀ ਕਹਾਣੀ ਹੈ ਜੋ ਆਮ ਫ਼ਿਲਮਾਂ ਤੋਂ ਹਟ ਕੇ ਬਣਨ ਵਾਲੀ ਇਕ ਸਮਾਜਿਕ ਵਿਸ਼ੇ ਦੀ ਫ਼ਿਲਮ ਹੈ। ਉਸ ਦਾ ਕਿਰਦਾਰ ਫ਼ਿਲਮ ਦੀ ਕਹਾਣੀ ਦਾ ਅਹਿਮ ਹਿੱਸਾ ਹੈ ਜਿਸ ਰਾਹੀਂ ਦਰਸ਼ਕ ਉਸ ਦੀ ਅਦਾਕਾਰੀ ਦੇ ਕਈ ਰੰਗ ਵੇਖਣਗੇ। ਇਸ ਤੋਂ ਇਲਾਵਾ ਸ਼ੈਵਿਨ ਕੋਲ ਦੋ ਹੋਰ ਵੱਡੇ ਬਜਟ ਦੀਆਂ ਫ਼ਿਲਮਾਂ ਹਨ। ਉਹ ਔਰਤ ਪ੍ਰਧਾਨ ਫ਼ਿਲਮਾਂ ਦੀ ਨਾਇਕਾ ਬਣਨਾ ਚਾਹੁੰਦੀ ਹੈ, ਜੋ ਜ਼ਿੰਦਗੀ ਦੀ ਸੱਚਾਈ ਦੇ ਨੇੜੇ ਹੋਣ।


-ਸੁਰਜੀਤ ਜੱਸਲ

ਜੈਕਲਿਨ

ਨੀ ਹੀਰੀਏ

'ਮੌਤ ਅੱਗੇ ਖੜ੍ਹੀ...' ਵਾਲੀ ਕਹਾਵਤ ਹੈ ਕਿ ਜੇ ਸ੍ਰੀਲੰਕਨ ਲੋਕਾਂ ਦੀ ਡਰਾਈਵਿੰਗ ਮਾੜੀ ਹੈ ਤਾਂ ਸੁਖ ਨਾਲ ਮੁੰਬਈ ਦੇ ਆਟੋਚਾਲਕ ਕਿਹੜੇ ਘੱਟ ਹਨ। ਉਹ ਤਾਂ ਮੌਤ ਦੇ ਮੂੰਹ ਜਾਣ ਵਾਲੀ ਡਰਾਈਵਿੰਗ ਕਰਦੇ ਹਨ। ਇਹ ਕੋਈ ਮੁੰਬਈ-ਸ੍ਰੀਲੰਕਾ ਡਰਾਈਵਿੰਗ 'ਤੇ ਲੇਖ ਨਹੀਂ ਲਿਖ ਰਹੇ, ਇਹ ਤਾਂ ਵਿਚਾਰ ਦਰਸਾ ਰਹੇ ਹਾਂ ਜੈਕਲਿਨ ਫਰਨਾਂਡਿਜ਼ ਦੇ। ਜਿਸ ਨੂੰ ਆਟੋਚਾਲਕ ਨੇ ਸੱਟਾਂ ਲੁਆ ਦਿੱਤੀਆਂ। ਸਲਮਾਨ ਖ਼ਾਨ ਦੇ ਘਰੋਂ ਪਰਤ ਰਹੀ ਜੈਕੀ ਦੀ ਕਾਰ ਜਿਵੇਂ ਹੀ ਬਾਂਦਰਾ ਦੇ ਮੋੜ 'ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਆ ਰਹੇ ਆਟੋ ਨੇ ਕਾਰ ਵਿਚ ਟੱਕਰ ਮਾਰ ਦਿੱਤੀ। ਸ਼ੁਕਰ ਕਿ ਮਾੜੀਆਂ-ਮੋਟੀਆਂ ਝਰੀਟਾਂ ਹੀ ਜੈਕੀ ਨੂੰ ਆਈਆਂ। ਇਸ ਹਾਦਸੇ ਨੇ 'ਰੇਸ-3' ਦੀ ਪਾਰਟੀ ਦਾ ਸੁਆਦ ਹੀ ਵਿਗਾੜ ਦਿੱਤਾ। 'ਰੇਸ-3' ਦਾ ਟਰੇਲਰ ਆ ਗਿਆ ਹੈ। ਟਰੇਲਰ ਨੇ ਪ੍ਰਸੰਸਕਾਂ ਨੂੰ ਨਿਰਾਸ਼ ਕੀਤਾ ਹੈ। ਇਹ ਵੀ ਆਸ ਹੈ ਕਿ ਫ਼ਿਲਮ '300 ਕਰੋੜ ਦੇ ਕਲੱਬ' 'ਚ ਸੌਖ ਨਾਲ ਸ਼ਾਮਿਲ ਹੋ ਜਾਏਗੀ। 'ਹੀਰੀਏ', 'ਰੇਸ-3' ਦਾ ਇਹ ਗਾਣਾ ਹਰਮਨ-ਪਿਆਰਾ ਹੋ ਰਿਹਾ ਹੈ। ਜੈਕੀ-ਸੱਲੂ ਦਾ ਨਾਚ, ਜੈਕੀ ਦਾ ਪੋਲ ਡਾਂਸ, ਹੀਰੀਏ ਦਾ ਆਕਰਸ਼ਣ ਹੈ। ਜੈਕੀ ਕਹਿ ਰਹੀ ਹੈ ਕਿ ਇੰਡਸਟਰੀ 'ਚ ਅੱਜ ਉਹ ਸਲਮਾਨ ਦੀ ਬਦੌਲਤ ਲੋਕਪ੍ਰਿਯਤਾ ਦੀ ਚੋਟੀ 'ਤੇ ਹੈ। ਇਹ ਗੱਲ ਮੰਨਣੀ ਪਵੇਗੀ ਕਿ ਜੈਕੀ ਮਿਹਨਤੀ ਬਹੁਤ ਹੈ। ਕਥਕ, ਘੋੜਸਵਾਰੀ ਸਭ ਉਸ ਨੂੰ ਆਉਂਦੀ ਹੈ। 'ਰੇਸ-3' ਦੀ ਮਸਤੀ ਛਾਈ ਪਈ ਹੈ। ਜੈਕੀ ਦੇ ਦਿਲ-ਦਿਮਾਗ 'ਚ ਹੈ ਕਿ ਕਰੋੜ ਤੋਂ ਵੱਧ ਲੋਕ 'ਰੇਸ-3' ਦੇ ਗਾਣੇ 'ਹੀਰੀਏ' ਨੂੰ ਦੇਖ ਚੁੱਕੇ ਹਨ। ਰੇਮੂ ਡਿਸੂਜ਼ਾ ਦੀ 'ਰੇਸ-3' 15 ਜੂਨ ਨੂੰ ਆਏਗੀ ਤੇ ਤਦ ਤੱਕ ਜੈਕੀ ਇਸ ਫ਼ਿਲਮ ਦਾ ਪ੍ਰਚਾਰ ਕਰੇਗੀ। ਨਾਲ ਹੀ ਭਾਰਤ ਦੀ ਟ੍ਰੈਫਿਕ ਨਾਲ ਉਸ ਦਾ ਵਾਹ ਪਵੇਗਾ। ਪ੍ਰਸੰਸਕ 'ਹੀਰੀਏ-ਹੀਰੀਏ' ਕਹਿਣਗੇ ਤੇ ਜੈਕਲਿਨ ਫਰਨਾਂਡਿਜ਼ ਕਦੇ ਸੜਕਾਂ ਦੀ ਹਾਲਤ, ਕਦੇ ਭੀੜ, ਕਦੇ ਆਟੋ ਡਰਾਈਵਰਾਂ ਦੀ ਡਰਾਈਵਰੀ ਤੇ ਕਦੇ ਆਪਣੀ ਡਰਾਇਵਰੀ ਦੇ ਕਿੱਸੇ ਸੁਣਾ-ਸੁਣਾ ਕੇ 'ਰੇਸ-3' ਨੂੰ ਤੇਜ਼ ਰਫ਼ਤਾਰ ਪ੍ਰਚਾਰ ਵੀ ਦੇਵੇਗੀ। ਫ਼ਰਜ਼ ਵੀ ਇਹੀ ਹੈ ਉਸ ਦਾ।


-ਸੁਖਜੀਤ ਕੌਰ

ਐਸ਼ਵਰਿਆ ਰਾਏ ਬੱਚਨ

ਗ਼ਲਤੀਆਂ ਦਾ ਪੁਤਲਾ!

ਬੱਚਨ ਪਰਿਵਾਰ ਦੀ ਨੂੰਹ ਰਾਣੀ ਤੇ ਅਰਾਧਿਆ ਦੀ ਮੰਮੀ ਐਸ਼ਵਰਿਆ ਰਾਏ ਬੱਚਨ ਕੰਮ ਦੇ ਮਾਮਲੇ ਵਿਚ ਉਹ ਸਕੂਲ ਦੀ ਲੜਕੀ ਦੀ ਤਰ੍ਹਾਂ ਰਹੀ ਹੈ। ਉਸ ਅੰਦਰ ਬਚਪਨਾ ਵੀ ਹੈ ਤੇ ਉਤਸ਼ਾਹ ਵੀ ਹੈ। ਯੋਜਨਾ ਤੇ ਕੰਮਾਂ ਪ੍ਰਤੀ ਉਸ ਦੀ ਇਮਾਨਦਾਰੀ ਦਾ ਨਤੀਜਾ ਹੈ ਕਿ ਉਸ ਨੇ ਚੰਗੀਆਂ ਫ਼ਿਲਮਾਂ ਕੀਤੀਆਂ ਹਨ। ਰਹੀ ਗੱਲ 'ਕਾਂਸ ਫ਼ਿਲਮੀ ਮੇਲੇ' ਦੀ ਤਾਂ 15 ਸਾਲ ਤੋਂ ਉਹ ਇਸ ਨਾਲ ਜੁੜੀ ਹੋਈ ਹੈ। 2003 'ਚ ਉਸ ਦੇ ਫੈਸ਼ਨ ਨੂੰ ਲੈ ਕੇ ਉਸ ਦੀ ਆਲੋਚਨਾ ਹੋਈ ਸੀ। ਫਿਰ ਅਗਲੀ ਵਾਰ ਐਸ਼ ਨੇ ਗ਼ਲਤੀ ਕੀਤੀ ਤੇ ਉਸ ਦਾ ਫੈਸ਼ਨ ਗਹਿਣਿਆਂ ਦੀ ਪ੍ਰਦਰਸ਼ਨੀ ਬਣ ਕੇ ਰਹਿ ਗਿਆ ਸੀ। ਫਿਰ ਅਗਲੀ ਵਾਰ ਉਸ ਦੇ ਅਰਧ-ਨਗਨ ਪਹਿਰਾਵੇ 'ਤੇ ਟਿੱਪਣੀਆਂ ਹੋਈਆਂ ਸਨ। ਲਗਾਤਾਰ ਪੰਜ ਗ਼ਲਤੀਆਂ ਕਰਨ ਵਾਲੀ ਐਸ਼ ਸਮਝ ਗਈ ਕਿ ਲੋਕ ਉਸ ਦੇ ਫੈਸ਼ਨ ਤੇ ਪਹਿਰਾਵੇ ਤੋਂ ਅੱਕ ਗਏ ਹਨ। ਐਸ਼ ਦਾ ਦੇਸੀ ਅਵਤਾਰ (ਰੂਪ) ਫਿਰ 2008 ਵਿਚ ਘਟੀਆ ਪਹਿਰਾਵਾ, 2009 'ਚ ਫਿਰ ਕੱਪੜੇ ਮਾੜੇ ਪਾ ਕੇ ਉਹ ਗ਼ਲਤੀਆਂ ਦਾ ਪੁਤਲਾ ਬਣ ਗਈ। ਐਸ਼ਵਰਿਆ ਨੂੰ ਪਤਾ ਹੈ ਕਿ ਉਹ ਗ਼ਲਤੀਆਂ ਦਾ ਪੁਤਲਾ ਬਣ ਗਈ ਹੈ। ਇਸ 'ਕਾਂਸ ਫ਼ਿਲਮੀ ਮੇਲੇ' ਨੇ ਉਸ ਦੇ ਅਕਸ ਨੂੰ ਢਾਹਾਂ ਹੀ ਲਾਈਆਂ। ਇਸ ਸਮੇਂ 'ਫੰਨੇ ਖਾਂ' ਫ਼ਿਲਮ ਕਰ ਰਹੀ ਐਸ਼ਵਰਿਆ ਰਾਏ ਬੱਚਨ 'ਰਾਤ ਔਰ ਦਿਨ' ਤੇ 'ਵੋਹ ਕੌਨ ਥੀ' ਦਾ ਰੀਮੇਕ ਵੀ ਕਰ ਰਹੀ ਹੈ। ਆਪਣੀਆਂ ਗ਼ਲਤੀਆਂ ਮੰਨਣੀਆਂ ਤੇ ਘਰ 'ਚ ਸਤਿਕਾਰ ਇਸ ਸਭ ਨੇ ਐਸ਼ਵਰਿਆ ਰਾਏ ਬੱਚਨ ਦੇ ਅਕਸ ਨੂੰ ਹੋਰ ਸੁਧਾਰਿਆ ਹੈ।

ਸਵਰਾ ਭਾਸਕਰ : ਬੇਬਾਕ ਨਾਇਕਾ

ਦੁਨੀਆ ਇਧਰ ਦੀ ਉਧਰ ਹੋ ਜਾਏ ਪਰ ਸਵਰਾ ਭਾਸਕਰ ਕਦੇ ਵੀ ਵਿਵੇਕ ਅਗਨੀਹੋਤਰੀ ਜੋ ਨਿਰਦੇਸ਼ਕ ਹਨ, ਨਾਲ ਸੁਲਾਹ-ਸਫਾਈ ਨਹੀਂ ਕਰੇਗੀ। ਸਵਰਾ ਸੁਨੱਖੀ ਹੈ। ਪ੍ਰਤਿਭਾ ਭਰੀ ਅਭਿਨੇਤਰੀ ਹੈ। ਸੋਹਣੀ ਵੀ ਹੈ। ਔਰਤ ਦਿਵਸ 'ਤੇ ਸਵਰਾ ਖਾਸ ਸੰਦੇਸ਼ ਦਿੰਦੀ ਹੈ। ਆਪਣੇ ਪਿਤਾ ਤੋਂ ਉਤਸ਼ਾਹਿਤ ਸਵਰਾ ਭਾਸਕਰ 'ਕਾਸਟਿੰਗ ਕਾਊਚ' 'ਤੇ ਕਈ ਲੋਕਾਂ ਦੇ ਪੁੱਠੇ ਕਾਰੇ ਦੱਸ ਚੁੱਕੀ ਹੈ। 'ਵੀਰੇ ਦੀ ਵੈਡਿੰਗ' 'ਚ ਸਵਰਾ ਦਾ ਕੰਮ ਵਧੀਆ ਹੈ। ਸਵਰਾ ਭਾਸਕਰ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਗੱਲ ਕਰਦੀ ਹੈ। ਸਵਰਾ ਔਰਤਾਂ ਦੇ ਹੱਕ 'ਚ ਤਾਂ ਬੋਲਦੀ ਹੈ ਪਰ ਜ਼ਮੀਨੀ ਹਕੀਕਤ ਨੂੰ ਸ਼ਾਇਦ ਉਹ ਨਹੀਂ ਜਾਣਦੀ। 'ਰਾਂਝਨਾ' ਤੋਂ ਬਾਅਦ ਸਵਰਾ ਨੇ ਆਪਣੀ ਥਾਂ ਇਸ ਇੰਡਸਟਰੀ 'ਚ ਟਿਕਾਊ ਬਣਾਈ ਹੈ। ਇਹ ਤਾਂ ਸਹੀ ਹੈ ਕਿ ਸਵਰਾ ਨਿਡਰ ਕੁੜੀ ਹੈ ਤੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਉਹ ਆਪਣੀ ਗੱਲ ਕਹਿਣ ਤੋਂ ਟਲਦੀ ਨਹੀਂ ਹੈ। 'ਮਾਧੋ ਲਾਲ ਕੀਪ ਵਾਕਿੰਗ' ਨਾਲ ਅਭਿਨੈ ਸਫ਼ਰ ਸ਼ੁਰੂ ਕਰਨ ਵਾਲੀ ਸਵਰਾ 'ਪ੍ਰੇਮ ਰਤਨ ਧਨ ਪਾਇਓ', 'ਅਨਾਰਕਲੀ ਆਫ਼ ਆਰਾਹ' ਤੋਂ ਬਾਅਦ 'ਵੀਰੇ ਦੀ ਵੈਡਿੰਗ' ਨਾਲ ਹੁਣ ਨਜ਼ਰ ਆਏਗੀ। ਹਿਮਾਸ਼ੂ ਜੋਸ਼ੀ ਨਾਲ ਸਬੰਧਾਂ ਨੂੰ ਲੈ ਕੇ ਜ਼ਰੂਰ ਇਸ ਸਮੇਂ ਸਵਰਾ ਸ਼ਸੋਪੰਜ 'ਚ ਹੈ ਪਰ ਕਰੇਗੀ ਉਹੀ ਜੋ ਉਸ ਦਾ ਦਿਲ ਕਹੇਗਾ।

ਜਾਨ ਅਬਰਾਹਮ ਨੇ ਪੋਖਰਨ ਧਮਾਕੇ 'ਤੇ ਬਣਾਈ ਫ਼ਿਲਮ 'ਪਰਮਾਣੂ...'

11 ਮਈ, 1998 ਭਾਵ ਵੀਹ ਸਾਲ ਪਹਿਲਾਂ ਜਦੋਂ ਭਾਰਤ ਨੇ ਰਾਜਸਥਾਨ ਦੇ ਰੇਤਲੇ ਇਲਾਕੇ ਵਿਚ ਸਥਿਤ ਪੋਖਰਨ ਵਿਚ ਪਰਮਾਣੂ ਧਮਾਕਾ ਕੀਤਾ ਸੀ, ਉਦੋਂ ਸੰਸਾਰ ਦੇ ਮਹਾਂ ਸ਼ਕਤੀਆਂ ਮੰਨੇ ਜਾਂਦੇ ਦੇਸ਼ਾਂ ਵਿਚ ਤਹਿਲਕਾ ਮਚ ਗਿਆ ਸੀ। ਭਾਰਤ ਨੂੰ ਮਾਣ ਦੇਣ ਵਾਲੀ ਇਸ ਘਟਨਾ 'ਤੇ ਹੁਣ ਜਾਨ ਅਬਰਾਹਮ ਨੇ 'ਪਰਮਾਣੂ-ਦ ਸਟੋਰੀ ਆਫ਼ ਪੋਖਰਨ' ਦਾ ਨਿਰਮਾਣ ਕੀਤਾ ਹੈ। ਜਾਨ ਨੇ ਆਪਣੀ ਇਸ ਫ਼ਿਲਮ ਦਾ ਟ੍ਰੇਲਰ 11 ਮਈ ਨੂੰ ਮੀਡੀਆ ਨੂੰ ਦਿਖਾਇਆ ਅਤੇ ਟ੍ਰੇਲਰ ਦੇਖਣ ਦਾ ਸਮਾਂ ਵੀ ਉਹੀ ਰੱਖਿਆ ਗਿਆ ਜਿਸ ਸਮੇਂ ਵੀਹ ਸਾਲ ਪਹਿਲਾਂ ਧਮਾਕਾ ਕੀਤਾ ਗਿਆ ਸੀ। ਭਾਵ ਦੁਪਹਿਰ ਤਿੰਨ ਵੱਜ ਕੇ ਪੈਂਤਾਲੀ ਮਿੰਟ 'ਤੇ। ਮਾਹੌਲ ਨੂੰ ਦੇਸ਼-ਭਗਤੀ ਦੇ ਮੂਡ ਵਿਚ ਬਦਲਣ ਲਈ 'ਜਨ ਗਣ ਮਨ...' ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਫਿਰ ਟ੍ਰੇਲਰ ਦਿਖਾਇਆ ਗਿਆ।
ਜਾਨ ਵਲੋਂ ਇਸ ਵਿਚ ਕੈਪਟਨ ਅਸ਼ਵਨ ਰੈਣਾ ਦੀ ਭੂਮਿਕਾ ਨਿਭਾਈ ਗਈ ਹੈ। ਇਨ੍ਹਾਂ ਨਾਲ ਡਾਇਨਾ ਪੈਂਟੀ, ਬੋਮਨ ਇਰਾਨੀ, ਅਜੈ ਸ਼ੰਕਰ ਤੇ ਕੁਝ ਵਿਦੇਸ਼ੀ ਕਲਾਕਾਰਾਂ ਨੇ ਇਸ ਵਿਚ ਕੰਮ ਕੀਤਾ ਹੈ। ਇਨ੍ਹਾਂ ਵਿਦੇਸ਼ੀ ਕਲਾਕਾਰਾਂ ਨੂੰ ਮੁੱਖ ਰੂਪ ਵਿਚ ਇਥੇ ਅਮਰੀਕੀ ਜਸੂਸੀ ਸੰਸਥਾ ਸੀ. ਆਈ. ਏ. ਦੇ ਅਧਿਕਾਰੀਆਂ ਦੇ ਤੌਰ 'ਤੇ ਦਿਖਾਇਆ ਗਿਆ ਹੈ। ਵੀਹ ਸਾਲ ਅਮਰੀਕਾ ਨੇ ਆਪਣੇ ਸੈਟੇਲਾਈਟ ਜ਼ਰੀਏ ਭਾਰਤ 'ਤੇ ਨਜ਼ਰ ਬਣਾਈ ਰੱਖੀ ਸੀ। ਦੇਸ਼ ਵਿਚ ਕੀ ਕੁਝ ਹੋ ਰਿਹਾ ਹੈ, ਇਸ ਦੀ ਖ਼ਬਰ ਉਨ੍ਹਾਂ ਨੂੰ ਮਿਲਦੀ ਰਹਿੰਦੀ ਸੀ। ਇਸ ਤਰ੍ਹਾਂ ਇਹ ਪਰਮਾਣੂ ਧਮਾਕਾ ਅਮਰੀਕਾ ਦੀਆਂ ਤਕਨੀਕੀ ਨਜ਼ਰਾਂ ਤੋਂ ਬਚ ਕੇ ਕੀਤਾ ਜਾਣਾ ਸੀ। ਜਦੋਂ ਧਮਾਕੇ ਦੀ ਖ਼ਬਰ ਫੈਲੀ ਤਾਂ ਸੀ. ਆਈ. ਏ. ਨੇ ਮੰਨਿਆ ਕਿ ਨਿਗਰਾਨੀ ਰੱਖਣ ਵਿਚ ਉਨ੍ਹਾਂ ਤੋਂ ਵੱਡੀ ਕੁਤਾਹੀ ਹੋਈ ਹੈ। ਇਸ ਤਰ੍ਹਾਂ ਦੀਆਂ ਕਈ ਰੌਚਕ ਘਟਨਾਵਾਂ ਵਾਲੀ ਇਸ ਫ਼ਿਲਮ ਦੇ ਨਿਰਮਾਣ ਲਈ ਇਸਰੋ ਬੀ.ਏ.ਆਰ.ਸੀ., ਫ਼ੌਜ ਤੇ ਡੀ. ਆਰ. ਡੀ. ਓ ਵਿਭਾਗ ਦੀ ਮਦਦ ਲਈ ਗਈ ਸੀ ਅਤੇ ਫ਼ਿਲਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਤੇ ਸਾਬਕਾ ਰਾਸ਼ਟਰਪਤੀ ਡਾ: ਅਬਦੁਲ ਕਲਾਮ ਵੀ ਨਜ਼ਰ ਆਉਣਗੇ।


-ਇੰਦਰਮੋਹਨ ਪੰਨੂੰ

ਸ਼ਮਾ ਸਿਕੰਦਰ 'ਅਬ ਦਿਲ ਕੀ ਸੁਨ'

'ਪ੍ਰੇਮ ਅਗਨ', 'ਮਨ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੀ ਸ਼ਮਾ ਸਿਕੰਦਰ ਨੂੰ ਲੋਕਪ੍ਰਿਅਤਾ ਉਦੋਂ ਮਿਲੀ ਸੀ ਜਦੋਂ ਉਸ ਨੇ ਲੜੀਵਾਰ 'ਯੇ ਮੇਰੀ ਲਾਈਫ਼ ਹੈ' ਵਿਚ ਪੂਜਾ ਦਾ ਕਿਰਦਾਰ ਨਿਭਾਇਆ ਸੀ। ਉਦੋਂ ਉਹ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਈ ਸੀ। ਹੁਣ ਆਪਣੀ ਜ਼ਿੰਦਗੀ ਵਿਚ ਕੁਝ ਨਵਾਂ ਕਰਨ ਦੇ ਇਰਾਦੇ ਨਾਲ ਸ਼ਮਾ ਨੇ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਪਣੀ ਪੈਠ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੀ ਸ਼ੁਰੂਆਤ ਲਘੂ ਫ਼ਿਲਮ ਤੋਂ ਕੀਤੀ ਹੈ।
ਸ਼ਮਾ ਵਲੋਂ ਬਣਾਈ ਗਈ ਪਹਿਲੀ ਲਘੂ ਫ਼ਿਲਮ ਦਾ ਨਾਂਅ ਹੈ 'ਅਬ ਦਿਲ ਕੀ ਸੁਨ' ਅਤੇ ਇਸ ਦੇ ਨਿਰਦੇਸ਼ਕ ਹਨ, ਸੇਮ ਖਾਨ। ਇਸ ਵਿਚ ਇਕ ਕੁੜੀ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਸ ਦੀ ਜ਼ਿੰਦਗੀ ਵਿਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ। ਉਸ ਦੀ ਜ਼ਿੰਦਗੀ ਦੇ ਰੰਗਾਂ ਨੂੰ ਸ਼ਮਾ ਵਲੋਂ ਸੱਤ ਲਘੂ ਫ਼ਿਲਮਾਂ ਵਿਚ ਪੇਸ਼ ਕੀਤਾ ਗਿਆ ਹੈ। ਸ਼ਮਾ ਅਨੁਸਾਰ ਉਸ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਨੂੰ ਇਥੇ ਕਹਾਣੀ ਦਾ ਰੂਪ ਦਿੱਤਾ ਗਿਆ ਹੈ।
ਫ਼ਿਲਮ ਨਿਰਮਾਤਰੀ ਬਣਨ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਮਕਰਾਨਾ (ਰਾਜਸਥਾਨ) ਤੋਂ ਇਥੇ ਆਈ ਸੀ, ਉਦੋਂ ਪਤਾ ਨਹੀਂ ਸੀ ਕਿ ਬਾਲੀਵੁੱਡ ਵਿਚ ਕਿਵੇਂ ਖ਼ੁਦ ਨੂੰ ਸਥਾਪਿਤ ਕਰਨਾ ਹੈ। ਬਹੁਤ ਸੰਘਰਸ਼ ਕਰਨਾ ਪਿਆ ਸੀ। ਦਰ-ਬ-ਦਰ ਭਟਕਣਾ ਪਿਆ ਸੀ। ਮੈਂ ਉਦੋਂ ਹੀ ਸੋਚ ਲਿਆ ਸੀ ਕਿ ਜੇਕਰ ਉੱਪਰ ਵਾਲੇ ਦੀ ਮਿਹਰਬਾਨੀ ਰਹੀ ਤਾਂ ਇਕ ਦਿਨ ਫ਼ਿਲਮ ਨਿਰਮਾਤਰੀ ਜ਼ਰੂਰ ਬਣਾਂਗੀ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਵਾਂਗੀ। ਮੇਰੀ ਆਦਤ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਨਿਰਣੇ ਦਿਲ ਦੀ ਸੁਣ ਕੇ ਲੈਂਦੀ ਹਾਂ ਅਤੇ ਇਸੇ ਵਜ੍ਹਾ ਕਰਕੇ ਇਸ ਦਾ ਨਾਂਅ 'ਅਬ ਦਿਲ ਕੀ ਸੁਨ' ਰੱਖਿਆ ਗਿਆ ਹੈ।
ਸ਼ਮਾ ਅਨੁਸਾਰ ਫ਼ਿਲਮ ਨਿਰਮਾਣ ਬਾਰੇ ਹੋਮਵਰਕ ਕਰਨ ਦੇ ਇਰਾਦੇ ਨਾਲ ਲਘੂ ਫ਼ਿਲਮਾਂ ਰਾਹੀਂ ਸ਼ੁਰੂਆਤ ਕੀਤੀ ਗਈ ਹੈ ਅਤੇ ਅੱਗੇ ਚੱਲ ਕੇ ਉਹ ਫੀਚਰ ਫ਼ਿਲਮਾਂ ਦਾ ਨਿਰਮਾਣ ਵੀ ਕਰੇਗੀ, ਨਾਲ ਹੀ ਇਨ੍ਹੀਂ ਦਿਨੀਂ ਉਹ ਇਕ ਵੱਡੀ ਫ਼ਿਲਮ ਵਿਚ ਕੰਮ ਵੀ ਕਰ ਰਹੀ ਹੈ ਪਰ ਵਪਾਰਕ ਕਾਰਨਾਂ ਕਰਕੇ ਫਿਲਹਾਲ ਉਹ ਇਸ ਬਾਰੇ ਗੱਲ ਕਰਨਾ ਨਹੀਂ ਚਾਹੁੰਦੀ।
ਹੁਣ ਸ਼ਮਾ ਦੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਹੈ ਕਿ ਜਲਦੀ ਹੀ ਉਸ ਦੇ ਨਾਂਅ ਦੀ ਗੂੰਜ ਦੁਬਾਰਾ ਸੁਣਾਈ ਦੇਣ ਲੱਗੇਗੀ।


-ਇੰਦਮੋਹਨ ਪੰਨੂੰ

ਦੋਸਤੀ ਦੇ ਅਰਥ ਬਦਲ ਗਏ : ਕੁਨਾਲ ਰਾਏ ਕਪੂਰ

ਕਲਟ ਫ਼ਿਲਮ ਦਾ ਸਟੇਟਸ ਲੈਣ ਵਿਚ ਕਾਮਯਾਬ ਰਹੀ 'ਦਿੱਲੀ ਬੇਲੀ' ਵਿਚ ਤਿੰਨ ਦੋਸਤਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਵਿਚੋਂ ਇਕ ਦੋਸਤ ਦੀ ਭੂਮਿਕਾ ਕੁਨਾਲ ਰਾਏ ਕਪੂਰ ਵਲੋਂ ਨਿਭਾਈ ਗਈ ਸੀ। ਹੁਣ 'ਥ੍ਰੀ ਦੇਵ' ਵਿਚ ਵੀ ਤਿੰਨ ਦੋਸਤਾਂ ਦੀ ਕਹਾਣੀ ਹੈ ਅਤੇ ਇਥੇ ਵੀ ਕੁਨਾਲ ਦੋਸਤ ਦੀ ਭੂਮਿਕਾ ਵਿਚ ਹੈ।
ਇਸ ਫ਼ਿਲਮ ਬਾਰੇ ਉਹ ਕਹਿੰਦੇ ਹਨ, 'ਇਸ ਦੇ ਤਿੰਨ ਮੁੱਖ ਕਿਰਦਾਰ ਬ੍ਰਹਮਾ, ਵਿਸ਼ਣੂ, ਮਹੇਸ਼ ਤੋਂ ਪ੍ਰੇਰਿਤ ਹਨ। ਮੈਂ ਮਹੇਸ਼ ਵਾਲੇ ਕਿਰਦਾਰਾਂ ਵਿਚੋਂ ਹਾਂ। ਮਹੇਸ਼ ਦੀ ਤਰ੍ਹਾਂ ਮੈਨੂੰ ਵੀ ਇਹ ਤਿੰਨੇ ਦੋਸਤ ਅੱਜ ਦੇ ਜ਼ਮਾਨੇ ਦੇ ਦੋਸਤ ਹਨ ਅਤੇ ਇਥੇ ਰਵੀ (ਦੁਬੇ) ਤੇ ਕਰਨ (ਗਰੋਵਰ) ਦੇ ਨਾਲ ਕੰਮ ਕਰਨ ਵਿਚ ਕਾਫ਼ੀ ਮਜ਼ਾ ਆਇਆ।
'ਦਿੱਲੀ ਬੇਲੀ' ਤੋਂ ਬਾਅਦ ਕੁਨਾਲ ਨੂੰ ਕੁਝ ਹੋਰ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਪੇਸ਼ਕਸ਼ ਹੋਈ ਸੀ ਜਿਸ ਵਿਚ ਦੋਸਤ ਦੀ ਭੂਮਿਕਾ ਸੀ ਪਰ ਉਹ ਖ਼ੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਸਨ। ਸੋ, ਉਹ ਫ਼ਿਲਮਾਂ ਨਕਾਰ ਦਿੱਤੀਆਂ ਅਤੇ ਸੱਤ ਸਾਲ ਦੇ ਵਕਫ਼ੇ ਬਾਅਦ ਹੁਣ ਉਹ ਦੋਸਤ ਦੀ ਭੂਮਿਕਾ ਵਿਚ ਦਿਖਾਈ ਦੇਣਗੇ।
ਹਿੰਦੀ ਫ਼ਿਲਮਾਂ ਵਿਚ ਦੋਸਤੀ ਦੇ ਬਦਲਦੇ ਪੱਧਰ ਬਾਰੇ ਉਹ ਕਹਿੰਦੇ ਹਨ, 'ਇਕ ਜ਼ਮਾਨਾ ਸੀ ਜਦੋਂ ਦੋਸਤੀ 'ਤੇ ਕਈ ਯਾਦਗਾਰ ਫ਼ਿਲਮਾਂ ਬਣੀਆਂ। ਅਮਿਤਾਭ ਬੱਚਨ ਦੀ ਸਫ਼ਲਤਾ ਪਿੱਛੇ ਉਨ੍ਹਾਂ ਦੇ ਦੋਸਤੀ ਵਾਲੇ ਕਿਰਦਾਰਾਂ ਦਾ ਵੱਡਾ ਹੱਥ ਰਿਹਾ ਹੈ। 'ਯਰਾਨਾ', 'ਦੋਸਤਾਨਾ', 'ਮੁਕੱਦਰ ਕਾ ਸਿਕੰਦਰ', 'ਹੇਰਾਫੇਰੀ', 'ਸ਼ੋਅਲੇ' ਸਮੇਤ ਹੋਰ ਕਈ ਫ਼ਿਲਮਾਂ ਵਿਚ ਦੋਸਤ ਬਣ ਕੇ ਵਾਹ-ਵਾਹ ਹਾਸਲ ਕਰਨ ਵਿਚ ਕਾਮਯਾਬ ਰਹੇ। ਉਦੋਂ ਦੀਆਂ ਫ਼ਿਲਮਾਂ ਵਿਚ ਦੋਸਤ ਦਾ ਦਰਜ਼ਾ ਹੀ ਵੱਖਰਾ ਹੁੰਦਾ ਸੀ। ਦੋਸਤੀ 'ਤੇ ਕਈ ਯਾਦਗਾਰ ਗੀਤ ਵੀ ਬਣੇ ਹਨ ਪਰ ਅੱਜ ਦੀਆਂ ਫ਼ਿਲਮਾਂ ਵਿਚ ਦੋਸਤੀ ਦੇ ਮਾਇਨੇ ਬਦਲ ਗਏ ਹਨ। ਹੁਣ ਤਾਂ 'ਹਰ ਏਕ ਦੋਸਤ ਕਮੀਨਾ ਹੋਤਾ ਹੈ...' ਵਰਗੇ ਗੀਤ ਲਿਖੇ ਜਾਣ ਲੱਗੇ ਹਨ। ਦੂਜੇ ਪਾਸੇ 'ਦਿਲ ਚਾਹਤਾ ਹੈ' ਤੇ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਦੀ ਸਫਲਤਾ ਨੇ ਦਿਖਾ ਦਿੱਤਾ ਕਿ ਅੱਜ ਵੀ ਸਾਡੇ ਦਰਸ਼ਕ ਦੋਸਤੀ 'ਤੇ ਬਣੀਆਂ ਚੰਗੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ। ਮੈਂ ਆਪਣੀ ਗੱਲ ਕਹਾਂ ਤਾਂ ਮੈਨੂੰ 'ਜਾਨੇ ਭੀ ਦੋ ਯਾਰੋ' ਵਿਚ ਵਿਨੋਦ ਅਤੇ ਸੁਧੀਰ ਦੀ ਦੋਸਤੀ ਬਹੁਤ ਅਪੀਲ ਕਰ ਗਈ ਸੀ। ਇਹ ਦੋਸਤੀ 'ਤੇ ਬਣੀ ਪਸੰਦੀਦਾ ਫ਼ਿਲਮ ਹੈ।'
ਆਪਣੇ ਨਿੱਜੀ ਦੋਸਤਾਂ ਬਾਰੇ ਉਹ ਕਹਿੰਦੇ ਹਨ, 'ਮੇਰੇ ਕਿਸੇ ਵੀ ਦੋਸਤ ਨੇ ਮੇਰੀ ਫ਼ਿਲਮ ਦੇਖ ਕੇ ਤਾਰੀਫ ਨਹੀਂ ਕੀਤੀ। ਉਹ ਮੇਰੇ ਕੰਮ ਦੀ ਖਿਚਾਈ ਕਰਦੇ ਰਹਿੰਦੇ ਹਨ। ਪਰ ਮੈਂ ਬੁਰਾ ਨਹੀਂ ਮੰਨਦਾ। 'ਅਜ਼ਹਰ' ਵਿਚ ਮੇਰਾ ਕੰਮ ਦੇਖ ਕੇ ਦੋਸਤਾਂ ਨੇ ਗਾਲ੍ਹਾਂ ਕੱਢੀਆਂ ਸਨ ਅਤੇ ਜਦੋਂ 'ਫਾਈਨਲ ਐਗਜ਼ਿਟ' ਪ੍ਰਦਰਸ਼ਿਤ ਹੋਈ ਤਾਂ ਕੋਈ ਵੀ ਦੋਸਤ ਇਹ ਕਹਿ ਕੇ ਫ਼ਿਲਮ ਦੇਖਣ ਨਹੀਂ ਗਿਆ ਕਿ ਪੈਸੇ ਅਤੇ ਟਾਈਮ ਦੀ ਬਰਬਾਦੀ ਕੌਣ ਕਰੇਗਾ। ਮੈਂ ਉਦੋਂ ਭਾਂਪ ਗਿਆ ਕਿ ਫ਼ਿਲਮ ਦਾ ਕੀ ਹਸ਼ਰ ਹੋਣ ਵਾਲਾ ਹੈ। ਅੱਜ ਦੇ ਜ਼ਮਾਨੇ ਵਿਚ 'ਫੁਕਰੇ' ਤੇ 'ਪਿਆਰ ਕਾ ਪੰਚਨਾਮਾ' ਵਿਚ ਅੱਜ ਦੀ ਦੋਸਤੀ ਨੂੰ ਸਹੀ ਰੂਪ ਨਾਲ ਪੇਸ਼ ਕੀਤਾ ਗਿਆ ਹੈ। ਭਾਵ ਹੁਣ ਬਾਲੀਵੁੱਡ ਤੋਂ ਉਹ ਦੋਸਤ ਗ਼ਾਇਬ ਹੋ ਗਏ ਹਨ ਜੋ ਆਪਣੇ ਦੋਸਤ ਲਈ ਆਪਣੇ ਪਿਆਰ ਦੀ ਕੁਰਬਾਨੀ ਦੇ ਦਿੰਦੇ ਸਨ। ਹੁਣ ਜਦੋਂ ਜ਼ਮਾਨਾ ਬਦਲ ਗਿਆ ਹੈ ਤਾਂ ਫ਼ਿਲਮਾਂ ਵਿਚ ਦੋਸਤ ਵੀ ਤਾਂ ਬਦਲੇਗਾ। ਇਹੀ ਤਾਂ ਬਦਲਦੇ ਬਾਲੀਵੁੱਡ ਦੀ ਨਿਸ਼ਾਨੀ ਹੈ।


-ਪੰਨੂੰ

ਕਰੀਨਾ ਕਪੂਰ

ਆਂਟੀ ਪੁਲਿਸ ਬੁਲਾ ਲੇਗੀ

'ਤਾਰੀਫ਼ਾਂ' ਹੋ ਰਹੀਆਂ ਹਨ 'ਬੇਬੋ' ਦੀਆਂ ਜਿਸ ਨੇ ਸੋਨਮ ਕਪੂਰ ਦੇ ਵਿਆਹ 'ਤੇ ਨੱਚ-ਨੱਚ ਕੇ ਧਮਾਲਾਂ ਪਾ ਦਿੱਤੀਆਂ ਸਨ ਤੇ 'ਆਂਟੀ ਪੁਲਿਸ ਬੁਲਾ ਲੇਗੀ' ਗਾਣੇ 'ਤੇ ਮਸਤ ਹੋ ਕੇ ਨੱਚਣਾ ਜਾਰੀ ਰੱਖਿਆ। ਇਥੋਂ ਤੱਕ ਕਿ ਰੌਲੇ-ਰੱਪੇ ਵਿਚ ਵੀ ਕਰੀਨਾ ਨਾਲੇ ਨੱਚੀ ਜਾਵੇ ਨਾਲੇ ਗਾਈ ਜਾਵੇ 'ਆਂਟੀ ਪੁਲਿਸ ਬੁਲਾ ਲੇਗੀ'। ਚਾਰ ਦੋਸਤਾਂ ਦੀ ਦੋਸਤੀ 'ਤੇ ਕਰੀਨਾ ਦੀ ਨਵੀਂ ਫ਼ਿਲਮ 'ਵੀਰੇ ਦੀ ਵੈਡਿੰਗ' ਦਾ ਗਾਣਾ 'ਵੀਰੇ' ਆ ਚੁੱਕਾ ਹੈ। ਵਿਸ਼ਾਲ ਮਿਸ਼ਰਾ, ਅਦਿਤੀ ਸਿੰਘ ਸ਼ਰਮਾ, ਯੂਲੀਆ ਵੈਂਤੂਰ, ਸਵਾਨੀ, ਨਿਕਿਤਾ ਆਹੂਜਾ, ਪਾਟਿਲ ਦੇਵ ਤੇ ਸ਼ਾਰਵੀ ਯਾਦਵ ਨੇ 'ਵੀਰੇ' ਦਾ ਗਾਣਾ ਗਾਇਆ ਹੈ। ਕਿਹਾ ਜਾ ਰਿਹਾ ਹੈ ਕਿ ਗਾਣੇ 'ਤਾਰੀਫ਼ਾਂ' ਤੇ 'ਵੀਰੇ' ਦੀ ਤਰ੍ਹਾਂ ਇਸ ਫ਼ਿਲਮ ਦਾ ਨਵਾਂ ਗੀਤ 'ਭੰਗੜਾ ਤਾਂ ਸੱਜਦਾ' ਵੀ ਕਰੀਨਾ 'ਤੇ ਖੂਬ ਜਚਿਆ ਹੈ। 24 ਘੰਟਿਆਂ 'ਚ ਇਕ ਕਰੋੜ 22 ਲੱਖ ਵਾਰ 'ਵੀਰੇ' ਦੀ ਵੈਡਿੰਗ ਦੇ ਟਰੇਲਰ ਨੂੰ ਦੇਖੇ ਜਾਣਾ ਕਰੀਨਾ ਨੂੰ ਖੁਸ਼ੀ ਦੇ ਰਿਹਾ ਹੈ। ਕਰੀਨਾ ਚਾਹੁੰਦੀ ਹੈ ਕਿ ਆਲੀਆ ਦੀ ਉਹ ਨਣਾਨ ਬਣੇ। 'ਆਂਟੀ ਪੁਲਿਸ ਬੁਲਾ ਲੇਗੀ' ਗਾਣੇ 'ਤੇ ਨੱਚਣਾ ਇਹ ਵੀ ਪ੍ਰਭਾਵ ਦੇ ਰਿਹਾ ਸੀ ਕਿ ਕਰੀਨਾ ਨੂੰ ਰਣਬੀਰ ਕਪੂਰ ਦੇ ਵਿਆਹ ਲਈ ਕਿੰਨਾ ਚਾਅ ਹੈ। ਚਾਅ ਹੈ ਫ਼ਿਕਰ ਹੈ। ਇਧਰ ਸੋਹਾ ਅਲੀ ਖ਼ੁਸ਼ ਹੈ। ਬੇਟਾ ਤੈਮੂਰ ਵੱਡਾ ਹੋ ਰਿਹਾ ਹੈ। ਸੈਫ਼ ਅਲੀ ਖ਼ਾਨ ਵੀ ਪੂਰਾ ਸਾਥ ਦੇ ਰਿਹਾ ਹੈ। 'ਵੀਰੇ ਦੀ ਵੈਡਿੰਗ' ਦੀਆਂ 'ਤਾਰੀਫ਼ਾਂ' ਸਾਰੇ ਕਰ ਰਹੇ ਹਨ। ਖ਼ੁਸ਼ੀ ਦੇ ਇਸ ਮਾਹੌਲ 'ਚ ਕਰੀਨਾ ਦਾ ਖੂਬ ਨੱਚਣਾ ਸੰਕੇਤ ਹੈ ਕਿ ਬੇਬੋ ਦੀ ਫਿਰ ਫ਼ਿਲਮੀ ਵਾਪਸੀ ਵਧੀਆ ਹੋ ਰਹੀ ਹੈ ਤੇ ਹਰ ਪਾਸਿਉਂ ਦਿਨ ਉਸ ਲਈ ਚੰਗੇ ਹਨ।

ਦ੍ਰਿਸ਼ਟੀ ਧਾਮੀ ਦਾ ਰਿਸ਼ਤਾ

ਛੋਟੇ ਪਰਦੇ ਦਾ ਬੇਹੱਦ ਜਾਣਿਆ-ਪਛਾਣਿਆ ਚਿਹਰਾ ਹੈ ਦ੍ਰਿਸ਼ਟੀ ਧਾਮੀ। ਟੀ.ਵੀ. 'ਤੇ ਇਸ ਦਾ ਕੋਈ ਨਾ ਕੋਈ ਸ਼ੋਅ ਚਲਦਾ ਹੀ ਰਹਿੰਦਾ ਹੈ। ਹੁਣ ਕਲਰਜ਼ ਚੈਨਲ 'ਤੇ ਉਸ ਦਾ ਇਕ ਨਵਾਂ ਸ਼ੋਅ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ' ਸ਼ੁਰੂ ਹੋ ਰਿਹਾ ਹੈ ਤੇ ਇਸ ਵਿਚ ਉਸ ਦੀ ਮੁੱਖ ਭੂਮਿਕਾ ਹੈ। ਇਸ ਬਾਰੇ ਦ੍ਰਿਸ਼ਟੀ ਧਾਮੀ ਕਹਿੰਦੀ ਹੈ ਕਿ ਮੈਂ ਫਜ਼ੂਲ ਦੀਆਂ ਗੱਲਾਂ ਤੋਂ ਹਮੇਸ਼ਾ ਬਚ ਕੇ ਰਹਿੰਦੀ ਹਾਂ। ਲੜੀਵਾਰ ਸਾਈਨ ਕਰਨ ਵੇਲੇ ਸਿਰਫ਼ ਰੋਲ ਅਤੇ ਬੈਨਰ ਵਲ ਹੀ ਧਿਆਨ ਦਿੰਦੀ ਹਾਂ। ਬੈਨਰ ਦੇਖਣਾ ਬਹੁਤ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਆਖਿਰ ਲੜੀਵਾਰ ਦੀ ਪੇਸ਼ਕਾਰੀ 'ਤੇ ਵੀ ਬਹੁਤ ਸਾਰੀਆਂ ਗੱਲਾਂ ਨਿਰਭਰ ਕਰਦੀਆਂ ਹਨ। ਦੇਖੋ ਨਾ ਬਾਲਾ ਜੀ ਦੇ ਸੋਪ ਕਿੰਨੇ ਹਾਈ-ਫਾਈ ਹੁੰਦੇ ਹਨ।

ਐਂਕਰਿੰਗ ਦੀ ਰਾਣੀ ਅਨੁਪਮਾ ਸਿੰਘ

ਮੂਲ ਰੂਪ ਤੋਂ ਅੰਬਾਲਾ ਦੀ ਰਹਿਣ ਵਾਲੀ ਅਦਾਕਾਰਾ ਅਤੇ ਐਂਕਰ ਅਨੁੰਪਮਾ ਸਿੰਘ ਆਪਣੀ ਮਿਹਨਤ ਤੇ ਕਾਬਲੀਅਤ ਕਾਰਨ ਇਨ੍ਹੀਂ ਦਿਨੀਂ ਐਂਕਰਿੰਗ ਦੀ ਦੁਨੀਆ ਦੀ ਰਾਣੀ ਬਣ ਗਈ ਹੈ। ਲਗਪਗ ਪੰਜ ਸਾਲ ਪਹਿਲਾਂ ਮੁੰਬਈ ਵਿਚ ਪੁੱਜ ਕੇ ਉਸ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਸ ਦੀ ਮਿਹਨਤ ਰੰਗ ਲਿਆਈ। ਅਨੂਪਮਾ ਹਾਲ-ਫਿਲਹਾਲ ਸੋਨੀ ਇੰਟਰਟੈਨਮੇਂਟ ਟੀ.ਵੀ. ਏਸ਼ੀਆ ਤੇ ਟਾਕ ਸ਼ੋਅ 'ਏਸ਼ੀਅਨ ਵੈਰਾਇਟੀ ਸ਼ੋਅ' ਹੋਸਟ ਕਰ ਰਹੀ ਹੈ ਜਿਹੜਾ 135 ਦੇਸ਼ਾਂ ਵਿਚ ਹਰ ਹਫ਼ਤੇ ਦੇ ਅਖੀਰ 'ਤੇ ਚੱਲ ਰਿਹਾ ਹੈ। ਪਾਕਿਸਤਾਨ ਵਿਚ ਵੀ ਇਸ ਸ਼ੋਅ ਨੂੰ ਪਸੰਦ ਕੀਤਾ ਜਾ ਰਿਹਾ ਹੈ। ਜਦ ਕਿ ਦੂਸਰਾ ਲਾਈਵ ਸ਼ੋਅ 'ਦ ਅਨੁੰਪਮਾ' ਵੀ ਕਾਫੀ ਚਰਚਾਵਾਂ ਵਿਚ ਹੈ। ਦੋਵਾਂ ਹੀ ਸ਼ੋਆਂ ਵਿਚ ਅਨੁੰਪਮਾ ਚਰਚਿਤ ਸੈਲੀਬ੍ਰਿਟੀ ਨਾਲ ਗੱਲਬਾਤ ਕਰਦੀ ਹੈ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਰੂਬਰੂ ਕਰਾਉਂਦੀ ਹੈ।
'ਏਸ਼ੀਅਨ ਵੈਰਾਇਟੀ ਸ਼ੋਅ' ਹੋਸਟ ਕਰ ਰਹੀ ਹੈ ਜਿਸ ਵਿਚ ਉਹ ਹੁਣ ਤੱਕ ਕਈ ਵੱਡੇ ਸਿਤਾਰਿਆਂ ਦੇ ਇੰਟਰਵਿਊ ਕਰ ਚੁੱਕੀ ਹੈ। 'ਦ ਅਨੁੰਪਮਾ' ਸ਼ੋਅ ਜ਼ਰੀਏ ਉਹ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਚਹੇਤੇ ਕਲਾਕਾਰਾਂ ਨਾਲ ਗੱਲ ਵੀ ਕਰਾਉਂਦੀ ਹੈ। ਹੁਣ ਤੱਕ ਉਹ ਟਾਈਗਰ ਸ਼ਰਾਫ, ਅਭੈ ਦਿਓਲ, ਰਾਜੀਵ ਖੰਡੇਲਵਾਲ, ਸਾਕਿਬ ਸਲੀਮ, ਤਾਪਸੀ ਪੰਨੂ, ਪ੍ਰਸਿੱਧ ਕੋਰੀਓਗ੍ਰਾਫਰ ਸਰੋਜ ਖਾਨ, ਗਾਇਕ ਅਨੂੰ ਮਲਿਕ, ਕੈਲਾਸ਼ ਖੇਰ, ਸਪਨਾ ਚੌਧਰੀ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਨਾਲ ਲਾਈਵ ਸ਼ੋਅ ਹੋਸਟ ਕਰ ਚੁੱਕੀ ਹੈ। ਅਨੁੰਪਮਾ ਨੇ ਦੱਸਿਆ ਕਿ ਉਸ ਦੇ ਕਰੀਅਰ ਦੀ ਸ਼ੁਰੂਆਤ 'ਦ ਲੱਕੀ ਥਰਟੀਨ' ਫ਼ਿਲਮ ਨਾਲ ਹੋਣੀ ਤੈਅ ਸੀ। ਇਹ ਫ਼ਿਲਮ ਹਾਲੀਵੁੱਡ ਫ਼ਿਲਮ 'ਰੋਂਗ ਟਰਨ' ਦਾ ਹਿੰਦੀ, ਤਾਮਿਲ ਤੇ ਤੇਲਗੂ ਵਰਜਨ ਬਣਨੀ ਸੀ। ਪਰ... ਅਨੁੰਪਮਾ ਦੱਸਦੀ ਹੈ ਕਿ ਉਸ ਨੇ ਆਪਣੇ ਸ਼ੌਕ ਨੂੰ ਕਰੀਅਰ ਦੇ ਰੂਪ ਵਿਚ ਚੁਣਿਆ ਤੇ ਸੁਪਨੇ ਨੂੰ ਪੂਰਾ ਕੀਤਾ।

ਹੁਣ ਬਣ ਰਹੀ ਹੈ 'ਬਾਟਲਾ ਹਾਊਸ'

ਬਾਟਲਾ ਹਾਊਸ। ਇਹ ਇਕ ਇਮਾਰਤ ਦਾ ਨਾਂਅ ਹੈ ਅਤੇ ਸਾਲ 2008 ਵਿਚ ਇਹ ਨਾਂਅ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਵਲੋਂ ਇੰਡੀਅਨ ਮੁਜ਼ਾਹਦੀਨ ਦੇ ਗੁਰਗਿਆਂ ਦਾ ਸਫ਼ਾਇਆ ਕੀਤਾ ਗਿਆ ਸੀ ਅਤੇ ਕੁਝ ਗ੍ਰਿਫ਼ਤਾਰ ਵੀ ਕੀਤੇ ਗਏ ਸਨ। ਦੇਸ਼ ਦੀ ਸੁਰੱਖਿਆ, ਅੱਤਵਾਦ ਅਤੇ ਰਾਜਨੀਤੀ ਦੇ ਰੰਗ ਵਿਚ ਰੰਗੀ ਇਸ ਘਟਨਾ 'ਤੇ ਹੁਣ ਫ਼ਿਲਮ ਬਣ ਰਹੀ ਹੈ ਅਤੇ ਫ਼ਿਲਮ ਦਾ ਨਾਂਅ ਹੀ 'ਬਾਟਲਾ ਹਾਊਸ' ਰੱਖਿਆ ਗਿਆ ਹੈ। ਨਿਖਿਲ ਅਡਵਾਨੀ ਇਸ ਨੂੰ ਨਿਰਦੇਸ਼ਿਤ ਕਰਨਗੇ ਅਤੇ ਇਸ ਵਿਚ ਜਾਨ ਅਬਰਾਹਮ ਵਲੋਂ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਯਾਦਵ ਦੀ ਭੂਮਿਕਾ ਨਿਭਾਈ ਜਾਵੇਗੀ। ਦਿੱਲੀ, ਜੈਪੁਰ, ਲਖਨਊ, ਮੁੰਬਈ ਤੇ ਨਿਪਾਲ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਲੈ ਕੇ ਜਾਨ ਅਬਰਾਹਮ ਬਹੁਤ ਉਤਸ਼ਾਹੀ ਹਨ। ਬਾਟਲਾ ਹਾਊਸ ਐਨਕਾਊਂਟਰ ਦੀ ਖ਼ਾਸ ਗੱਲ ਇਹ ਸੀ ਕਿ ਇਸ ਐਨਕਾਊਂਟਰ ਦੇ ਚਲਦਿਆਂ ਡੀ. ਸੀ. ਪੀ. ਸੰਜੀਵ ਕੁਮਾਰ ਯਾਦਵ 'ਤੇ ਉਂਗਲੀਆਂ ਉੱਠਣ ਲੱਗੀਆਂ ਸਨ ਪਰ ਬਾਅਦ ਵਿਚ ਜਦੋਂ ਅੱਤਵਾਦੀ ਆਰਿਜ ਦੀ ਗ੍ਰਿਫ਼ਤਾਰੀ ਹੋਈ ਤਾਂ ਉਸ ਨੇ ਪੁਸ਼ਟੀ ਕੀਤੀ ਸੀ ਕਿ ਇਸ ਐਨਕਾਊਂਟਰ ਵਿਚ ਮਾਰੇ ਜਾਣ ਵਾਲੇ ਅੱਤਵਾਦੀ ਹੀ ਸਨ ਅਤੇ ਇਹ ਐਨਕਾਊਂਟਰ ਨਕਲੀ ਨਹੀਂ ਸੀ। ਲੇਖਕ ਰਿਤੇਸ਼ ਸ਼ਾਹ ਨੇ ਡੂੰਘੀ ਛਾਣ-ਬੀਣ ਕਰਕੇ ਫ਼ਿਲਮ ਦੀ ਪਟਕਥਾ ਲਿਖੀ ਹੈ ਅਤੇ ਉਮੀਦ ਹੈ ਕਿ ਇਸ ਫ਼ਿਲਮ ਨਾਲ ਝੂਠ ਦੇ ਪ੍ਰਚਾਰ ਦਾ ਪਰਦਾਫਾਸ਼ ਵੀ ਹੋਵੇਗਾ।

ਗੀਤਕਾਰੀ ਵਿਚ ਨਿੱਗਰ ਪੈੜਾਂ ਪਾ ਰਿਹਾ ਹਰਮਨ ਬਾਠ

ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿਚ ਰਹਿ ਰਹੇ ਗੀਤਕਾਰ ਹਰਮਨ ਬਾਠ ਦੀ ਕਲਮ ਵਿਚੋਂ ਨਿਕਲੇ ਪ੍ਰਭਾਵਸ਼ਾਲੀ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਕਈ ਨਵੇਂ ਗਾਇਕ ਸਫ਼ਲ ਗਾਇਕਾਂ ਦੀ ਕਤਾਰ ਵਿਚ ਜਾ ਖੜ੍ਹੇ ਹੋਏ ਹਨ। ਹਰਮਨ ਬਾਠ ਨੂੰ ਗੀਤ ਲਿਖਣ ਦੀ ਚੇਟਕ ਆਪਣੇ ਮਾਮੇ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਲੱਗੀ। ਉਸ ਨੇ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਣ ਤੋਂ ਬਾਅਦ ਆਪਣੇ ਇਸ ਸ਼ੌਂਕ ਨੂੰ ਨਿਰੰਤਰ ਬਣਾਈ ਰੱਖਿਆ ਅਤੇ ਅੱਜ ਉਸ ਦਾ ਹਰ ਨਵਾਂ ਗੀਤ ਉਸ ਨੂੰ ਸਫ਼ਲਤਾ ਦੀਆਂ ਉਚਾਈਆਂ ਵੱਲ ਲਿਜਾ ਰਿਹਾ ਹੈ। ਗਾਇਕ ਕੈਂਬੀ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ ਉਸ ਦੇ ਗੀਤ 'ਸਟੈਂਡਰਡ' ਅਤੇ 'ਰਾਡਾਰ' ਨੇ ਜਿੱਥੇ ਹਰਮਨ ਬਾਠ ਨੂੰ ਮੂਹਰਲੀ ਸ਼੍ਰੇਣੀ ਦੇ ਗੀਤਕਾਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ, ਉੱਥੇ ਇਨ੍ਹਾਂ ਗੀਤਾਂ ਨਾਲ ਗਾਇਕ ਕੈਂਬੀ ਦੀ ਵੀ ਪੰਜਾਬੀ ਸੰਗੀਤ ਵਿਚ ਇਕ ਵੱਖਰੀ ਪਹਿਚਾਣ ਸਥਾਪਿਤ ਹੋਈ ਹੈ। ਗਾਇਕ ਜਤਿੰਦਰ ਬਰਾੜ ਦੀ ਆਵਾਜ਼ ਵਿਚ ਰਿਕਾਰਡ ਹੋਇਆ ਹਰਮਨ ਬਾਠ ਦਾ ਗੀਤ 'ਕਮਜ਼ੋਰੀ' ਅਤੇ ਜੇ ਪੀ ਮੁਲਤਾਨੀ ਵਲੋਂ ਗਾਇਆ ਗੀਤ 'ਨਜ਼ਾਰੇ' ਮਿਆਰੀ ਗੀਤਕਾਰੀ ਦੀ ਮਿਸਾਲ ਹਨ। ਗਾਇਕ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਵਿਚ ਰਿਕਾਰਡ ਹੋਏ ਹਰਮਨ ਬਾਠ ਦੇ ਗੀਤ 'ਸਵਾਦ ਕਾਕਾ' ਅਤੇ 'ਨਾਮ ਬੋਲਦਾ' ਜਿੱਥੇ ਮਾਰਕੀਟ ਵਿਚ ਸਫ਼ਲਤਾ ਪੂਰਨ ਚੱਲ ਰਹੇ ਹਨ, ਉੱਥੇ ਉਸ ਦੇ ਲਿਖੇ ਦੋ ਨਵੇਂ ਗੀਤ ਅੱਜਕਲ੍ਹ ਗਾਇਕ ਕਰਮ ਬਾਜਵਾ ਦੀ ਆਵਾਜ਼ ਵਿਚ ਚਰਚਾ ਬਟੋਰ ਰਹੇ ਹਨ। ਹਰਮਨ ਬਾਠ ਨੇ ਆਖਿਆ ਕਿ ਇਹ ਸਭ ਵਾਹਿਗੁਰੂ ਦੀ ਕ੍ਰਿਪਾ ਹੈ ਕਿ ਗੀਤਕਾਰੀ ਦੇ ਖੇਤਰ ਵਿਚ ਉਸ ਵਲੋਂ ਕੀਤੀ ਜਾ ਰਹੀ ਇਕ ਨਿਮਾਣੀ ਜਿਹੀ ਕੋਸ਼ਿਸ਼ ਨੂੰ ਪੰਜਾਬੀ ਸਰੋਤੇ ਮਣਾਂ-ਮੂੰਹੀ ਪਿਆਰ ਅਤੇ ਸਤਿਕਾਰ ਦੇ ਰਹੇ ਹਨ।


-ਜਗਤਾਰ ਸਮਾਲਸਰ
ਸਿਰਸਾ (ਹਰਿਆਣਾ)

ਬਾਲੀਵੁੱਡ ਫਲੈਸ਼ਬੈਕ

ਕਮਾਲ ਦੇ ਲੇਖਕ, ਗੀਤਕਾਰ ਤੇ ਨਿਰਦੇਸ਼ਕ ਸਨ : ਕਮਾਲ ਅਮਰੋਹੀ

ਭਾਰਤੀ ਸਿਨੇਮਾ 'ਚ ਮੀਲ ਪੱਥਰ ਫ਼ਿਲਮ ਵਜੋਂ ਜਾਣੀ ਜਾਂਦੀ ਫ਼ਿਲਮ 'ਪਾਕੀਜ਼ਾ' ਦਾ ਨਿਰਮਾਣ-ਨਿਰਦੇਸ਼ਨ ਕਰਨ ਵਾਲੇ ਫ਼ਿਲਮਕਾਰ ਕਮਾਲ ਅਮਰੋਹੀ ਸਾਹਿਬ ਆਪਣੇ ਨਾਂਅ ਵਾਂਗ ਹੀ ਕਮਾਲ ਦੇ ਫ਼ਨਕਾਰ ਸਨ। ਆਪਣੇ ਕੈਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਬਤੌਰ ਫ਼ਿਲਮ ਲੇਖਕ ਕੀਤੀ ਸੀ। ਉਨ੍ਹਾਂ ਨੇ ਫ਼ਿਲਮਕਾਰ ਸੋਹਰਾਬ ਮੋਦੀ ਲਈ 'ਪੁਕਾਰ' ਅਤੇ 'ਭਰੋਸਾ' ਜਿਹੀਆਂ ਸੁਪਰਹਿਟ ਫ਼ਿਲਮਾਂ ਲਿਖੀਆਂ ਸਨ। ਫ਼ਿਲਮ 'ਪੁਕਾਰ' ਵਿਚ ਉਨ੍ਹਾਂ ਦਾ ਲਿਖਿਆ ਸ਼ੇਅਰਨੁਮਾ ਸੰਵਾਦ 'ਫਾਨੂਸ ਬਨ ਕੇ ਜਿਸ ਕੀ ਹਿਫ਼ਾਜ਼ਤ ਖੁਦਾ ਕਰੇ, ਵੋ ਸ਼ਮ੍ਹਾ ਕਿਆ ਬੁਝੇਗੀ ਜਿਸੇ ਰੋਸ਼ਨ ਖੁਦਾ ਕਰੇ' ਅੱਜ ਵੀ ਸਿਨੇ ਪ੍ਰੇਮੀਆਂ ਦੇ ਚੇਤਿਆਂ 'ਚ ਵੱਸਿਆ ਪਿਆ ਹੈ। ਕਮਾਲ ਅਮਰੋਹੀ ਨੇ ਉਪਰੋਕਤ ਤੋਂ ਇਲਾਵਾ 'ਸ਼ਾਹਜਹਾਂ' ਅਤੇ 'ਮੁਗਲੇ ਆਜ਼ਮ' ਜਿਹੀਆਂ ਸ਼ਾਹਕਾਰ ਫ਼ਿਲਮਾਂ ਵੀ ਲਿਖੀਆਂ ਸਨ ਅਤੇ ' ਬੰਬੇ ਟਾਕੀਜ਼ ' ਨਾਮੀ ਕੰਪਨੀ ਦੀ ਰਿਕਾਰਡ-ਤੋੜ ਸਫ਼ਲਤਾ ਪ੍ਰਾਪਤ ਕਰਨ ਵਾਲੀ ਫ਼ਿਲਮ ' ਮਹਿਲ' ਦੇ ਨਿਰਦੇਸ਼ਕ ਵੀ ਉਹੀ ਸਨ। ਸੰਨ 1953 ਵਿਚ ਕਮਾਲ ਸਾਹਿਬ ਨੇ ਆਪਣੀ ਫ਼ਿਲਮ ਕੰਪਨੀ ' ਕਮਾਲ ਪਿਕਚਰਜ਼' ਸ਼ੁਰੂ ਕੀਤੀ ਸੀ ਤੇ 'ਪਾਕੀਜ਼ਾ' ਜਿਹੀ ਲਾਜਵਾਬ ਫ਼ਿਲਮ ਉਨ੍ਹਾ ਦੀ ਕੰਪਨੀ ਦੀ ਹੀ ਪੇਸ਼ਕਸ਼ ਸੀ। ਇੱਥੇ ਜ਼ਿਕਰਯੋਗ ਹੈ ਕਿ ਕਮਾਲ ਅਮਰੋਹੀ ਨੇ ਮਸ਼ਹੂਰ ਅਦਾਕਾਰਾ ਮੀਨਾ ਕੁਮਾਰੀ ਨਾਲ ਮੁਹੱਬਤ ਵੀ ਕੀਤੀ ਸੀ ਤੇ ਸ਼ਾਦੀ ਵੀ । ਉਨ੍ਹਾਂ ਦੀ ਸ਼ਾਦੀ ਬਹੁਤੀ ਸਫ਼ਲ ਨਹੀਂ ਰਹੀ ਸੀ ਪਰ ਉਹ ਸਤਿਕਾਰ ਤੇ ਸਹਿਮਤੀ ਨਾਲ ਮੀਨਾ ਤੋਂ ਵੱਖ ਹੋ ਗਏ ਸਨ। ਫ਼ਿਲਮ 'ਪਾਕੀਜ਼ਾ' ਵਿਚਲਾ ਗੀਤ 'ਮੌਸਮ ਹੈ ਆਸ਼ਿਕਾਨਾ , ਐ ਦਿਲ ਕਹੀਂ ਸੇ ਉਨ ਕੋ ਐਸੇ ਮੇਂ ਢੂੰਡ ਲਾਨਾ' ਕਮਾਲ ਸਾਹਿਬ ਦੀ ਕਲਮ ਦੀ ਹੀ ਰਚਨਾ ਸੀ।


-ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ, (ਗੁਰਦਾਸਪੁਰ)

ਮਾਨੂਸ਼ੀ ਛਿੱਲਰ ਦੀ ਨਵੀਂ ਸ਼ੁਰੂਆਤ

ਹਰਿਆਣਾ ਨਾਲ ਸਬੰਧ ਰੱਖਣ ਵਾਲੀ ਮਾਨੂਸ਼ੀ ਛਿੱਲਰ ਮਿਸ ਵਰਲਡ ਦਾ ਤਾਜ ਪਾਉਣ ਤੋਂ ਬਾਅਦ ਹੁਣ ਮਾਡਲਿੰਗ ਵਿਚ ਰੁੱਝਦੀ ਜਾ ਰਹੀ ਹੈ। ਉਸ ਨੇ ਗਹਿਣਿਆਂ ਦੀ ਕੰਪਨੀ ਨਾਲ ਕਰਾਰ ਕਰਕੇ ਮਾਡਲਿੰਗ ਦੀ ਸ਼ੁਰੂਆਤ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਮੈਂ ਵੀਹ ਸਾਲ ਦੀ ਹਾਂ, ਹਰਿਆਣਵੀ ਹਾਂ। ਕੋਈ ਨਵਾਂ ਕੰਮ ਹੱਥ ਵਿਚ ਲੈਣ ਤੋਂ ਪਹਿਲਾਂ ਡੂੰਘਾ ਨਹੀਂ ਸੋਚਦੀ। ਮੈਨੂੰ ਇਹ ਪੇਸ਼ਕਸ਼ ਚੰਗੀ ਲੱਗੀ, ਸੋ ਹਾਂ ਕਹਿ ਦਿੱਤੀ।
ਗਹਿਣਿਆਂ ਨਾਲ ਲਗਾਅ ਬਾਰੇ ਪੁੱਛਣ 'ਤੇ ਇਹ ਵਿਸ਼ਵ ਸੁੰਦਰੀ ਕਹਿਣ ਲੱਗੀ, 'ਮੈਨੂੰ ਵੀ ਗਹਿਣੇ ਪਸੰਦ ਹਨ। ਸਾਡੇ ਭਾਰਤੀ ਪਰਿਵਾਰਾਂ ਵਿਚ ਆਮ ਤੌਰ 'ਤੇ ਇਕ ਇਸ ਤਰ੍ਹਾਂ ਦਾ ਗਹਿਣਾ ਹੁੰਦਾ ਹੈ ਜੋ ਖਾਨਦਾਨੀ ਹੁੰਦਾ ਹੈ ਅਤੇ ਇਸ ਦਾ ਆਪਣਾ ਇਤਿਹਾਸ ਹੁੰਦਾ ਹੈ। ਮੈਂ ਆਪਣੀ ਗੱਲ ਕਹਾਂ ਤਾਂ ਮੇਰੀ ਦਾਦੀ ਦੇ ਕੋਲ ਸੋਨੇ ਦੀ ਕੈਂਠੀ ਸੀ। ਉਹ ਹੱਥ ਦੀ ਬਣੀ ਸੀ। ਦੇਖਣ ਨੂੰ ਸਾਧਾਰਨ ਸੀ ਪਰ ਇਸ ਦੀ ਸਾਦਗੀ ਹੀ ਇਸ ਦਾ ਮੁੱਖ ਆਕਰਸ਼ਣ ਸੀ। ਹੁਣ ਉਹ ਕੈਂਠੀ ਮੇਰੀ ਮਾਂ ਦੇ ਕੋਲ ਹੈ ਅਤੇ ਮੈਨੂੰ ਉਮੀਦ ਹੈ ਕਿ ਅੱਗੇ ਚੱਲ ਕੇ ਉਹ ਮੈਨੂੰ ਮਿਲੇਗੀ। ਸਾਡੇ ਦੇਸ਼ ਵਿਚ ਗਹਿਣਿਆਂ ਦੀ ਭਾਵੁਕਤਾ ਦਾ ਆਪਣਾ ਮੁੱਲ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਗਹਿਣੇ ਸਪੈਸ਼ਲ ਬਣ ਜਾਂਦੇ ਹਨ।'

-ਮੁੰਬਈ ਪ੍ਰਤੀਨਿਧ

ਪੰਜਾਬੀ ਫ਼ਿਲਮਾਂ ਦਾ ਉੱਭਰਦਾ ਚਰਿੱਤਰ ਅਭਿਨੇਤਾ ਜਸ਼ਨਜੀਤ ਗੋਸ਼ਾ

ਪੰਜਾਬੀ ਲੋਕ ਨਾਚਾਂ ਦੀਆਂ ਦੁਨੀਆ ਭਰ 'ਚ ਸ਼ਾਨਦਾਰ ਪੇਸ਼ਕਾਰੀਆਂ ਦੇਣ ਵਾਲਾ ਪਟਿਆਲਵੀ ਗੱਭਰੂ ਜਸ਼ਨਜੀਤ ਸਿੰਘ ਗੋਸ਼ਾ ਦਾ ਨਾਂਅ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਵਾਲੀ ਉਮਰ ਹੰਢਾਉਣ ਉਪਰੰਤ ਗੋਸ਼ੇ ਨੇ ਮੰਚ 'ਤੇ ਵਿਚਰਨ ਦਾ ਤਜਰਬਾ ਹੋਣ ਕਰਕੇ, ਅਦਾਕਾਰੀ ਨੂੰ ਪੇਸ਼ੇ ਵਜੋਂ ਅਪਣਾ ਲਿਆ ਅਤੇ ਹੁਣ ਤੱਕ ਉਹ ਦਰਜਨ ਦੇ ਕਰੀਬ ਫ਼ਿਲਮਾਂ 'ਚ ਵਧੀਆ ਕਿਰਦਾਰ ਨਿਭਾਅ ਚੁੱਕਿਆ ਹੈ।
ਬਿਜਲੀ ਬੋਰਡ ਦੇ ਸਾਬਕਾ ਮੁਲਾਜ਼ਮ ਸ: ਜਗਜੀਤ ਸਿੰਘ ਤੇ ਸ੍ਰੀਮਤੀ ਰਣਰੂਪ ਕੌਰ ਦੇ ਘਰ ਪੈਦਾ ਹੋਏ, ਜਸ਼ਨਜੀਤ ਗੋਸ਼ਾ ਨੇ ਸਰਕਾਰੀ ਸੈਕੰਡਰੀ ਸਕੂਲ ਤ੍ਰਿਪੜੀ ਤੇ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਵਿਖੇ 12ਵੀਂ ਜਮਾਤ ਤੱਕ ਪੜ੍ਹਦਿਆਂ ਆਪਣੇ ਮਿੱਤਰ ਪ੍ਰਿਤਪਾਲ ਸਿੰਘ ਗੋਗੀ ਦੀ ਪ੍ਰੇਰਨਾ ਨਾਲ ਭੰਗੜੇ 'ਚ ਜ਼ੋਰ ਅਜ਼ਮਾਇਸ਼ ਸ਼ੁਰੂ ਕੀਤੀ ਅਤੇ ਰਾਜ ਪੱਧਰ ਦੇ ਸਕੂਲੀ ਮੁਕਾਬਲਿਆਂ 'ਚ ਨਾਮਣਾ ਖੱਟਿਆ। ਫਿਰ ਖਾਲਸਾ ਕਾਲਜ ਪਟਿਆਲਾ ਵਿਖੇ ਗੈਜੂਏਸ਼ਨ ਕਰਦਿਆਂ ਗੋਸ਼ੇ ਨੇ ਭੰਗੜਾ ਦੇ ਨਾਲ-ਨਾਲ ਮਲਵਈ ਗਿੱਧਾ ਅਤੇ ਝੂੰਮਰ 'ਚ ਵੀ ਮੁਹਾਰਤ ਹਾਸਿਲ ਕਰ ਲਈ। ਇਸ ਦੌਰਾਨ ਗੋਸ਼ੇ ਨੇ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਅਨੇਕ ਸੋਨ ਤਗਮੇ ਜਿੱਤੇ ਅਤੇ 1999 'ਚ ਗੋਸ਼ੇ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਕੌਮੀ ਸਮਾਗਮ 'ਚ ਭੰਗੜੇ ਦੀ ਪੇਸ਼ਕਾਰੀ ਕਰਕੇ ਨਾਮਣਾ ਖੱਟਿਆ। ਇਨ੍ਹਾਂ ਪ੍ਰਾਪਤੀਆਂ ਸਦਕਾ ਗੋਸ਼ੇ ਨੂੰ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਰਾਹੀਂ ਦੇਸ਼-ਵਿਦੇਸ਼ 'ਚ ਪੰਜਾਬੀ ਲੋਕ-ਨਾਚਾਂ ਦੀਆਂ ਪੇਸ਼ਕਾਰੀਆਂ ਕਰਨ ਦਾ ਮੌਕਾ ਮਿਲਿਆ। ਲੋਕ ਨਾਚਾਂ ਸਬੰਧੀ ਸਰਗਰਮੀਆਂ ਨੂੰ ਦੇਖਦੇ ਹੋਏ ਉੱਘੇ ਗਾਇਕ ਪੰਮੀ ਬਾਈ ਨੇ ਗੋਸ਼ੇ ਨੂੰ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। ਇਸ ਦੌਰਾਨ ਗੋਸ਼ੇ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਪੰਮੀ ਬਾਈ ਨਾਲ ਸ਼ੋਅ ਕੀਤੇ। ਅੱਜਕਲ੍ਹ ਉਹ ਪੰਮੀ ਬਾਈ ਦੇ ਸ਼ੋਅਜ਼ ਦੌਰਾਨ ਸੰਚਾਲਕ ਦੀ ਭੂਮਿਕਾ ਨਿਭਾਉਂਦਾ ਹੈ। ਗੋਸ਼ਾ, ਪੰਮੀ ਬਾਈ ਦਾ ਆਪਣੀ ਕਲਾਤਮਕ ਜ਼ਿੰਦਗੀ 'ਚ ਅਹਿਮ ਯੋਗਦਾਨ ਮੰਨਦਾ ਹੈ। ਗੋਸ਼ੇ ਨੂੰ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਦੌਰਾਨ ਹੀ ਰੰਗਮੰਚ ਨਾਲ ਗੂੜ੍ਹਾ ਪਿਆਰ ਹੋ ਗਿਆ ਸੀ, ਜਿਸ ਕਾਰਨ ਉਸ ਨੇ 2001 'ਚ ਚਰਚਿਤ ਪੰਜਾਬੀ ਟੀ. ਵੀ. ਲੜੀਵਾਰ 'ਦਾਣੇ ਅਨਾਰ ਦੇ' 'ਚ ਮੁੱਖ ਕਿਰਦਾਰ ਨਿਭਾਅ ਕੇ ਅਦਾਕਾਰੀ ਵਾਲਾ ਸਫਰ ਸ਼ੁਰੂ ਕੀਤਾ। ਨਾਮਵਰ ਅਦਾਕਾਰ ਬਿੰਨੂ ਢਿੱਲੋਂ ਦੇ ਗਰੁੱਪ ਨਾਲ 'ਨਾਟੀ ਬਾਬਾ ਇਨ ਟਾਊਨ' ਨਾਟਕ ਦੇ ਦੇਸ਼-ਵਿਦੇਸ਼ 'ਚ ਅਨੇਕਾਂ ਸ਼ੋਅ ਕਰ ਚੁੱਕੇ ਗੋਸ਼ੇ ਨੇ ਰਾਣਾ ਰਣਬੀਰ ਨਾਲ 'ਨਾ ਜੀ ਨਾ, ਟੈਂਸ਼ਨ ਨਹੀਂ ਲੈਣੀ' ਨਾਟਕ ਰਾਹੀਂ ਦੇਸ਼ ਵਿਦੇਸ਼ ਹਾਸੇ ਬਿਖੇਰੇ। ਅਦਾਕਾਰੀ ਦੇ ਸਫਰ 'ਚ ਵੱਡੀ ਪੁਲਾਂਘ ਪੁੱਟਦਿਆਂ ਗੋਸ਼ੇ ਨੇ 'ਅੰਗਰੇਜ਼' ਫ਼ਿਲਮ 'ਚ ਅਮਰਿੰਦਰ ਗਿੱਲ ਦੇ ਭਰਾ ਦੀ ਭੂਮਿਕਾ ਨਿਭਾਉਣ ਦਾ ਮਾਣ ਪ੍ਰਾਪਤ ਕੀਤਾ। ਫਿਰ 'ਨਿੱਕਾ ਜ਼ੈਲਦਾਰ' ਤੇ 'ਨਿੱਕਾ ਜ਼ੈਲਦਾਰ-2', 'ਦਾਰਾ' ਸਮੇਤ ਦਰਜਨ ਦੇ ਕਰੀਬ ਫ਼ਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਏ। ਜਲਦ ਹੀ ਗੋਸ਼ਾ 'ਹਰਜੀਤਾ', 'ਕਿਸਮਤ', 'ਕੁੜਮਾਈਆਂ' ਅਤੇ 'ਵਧਾਈਆਂ ਜੀ ਵਧਾਈਆਂ' ਫ਼ਿਲਮਾਂ 'ਚ ਅਹਿਮ ਕਿਰਦਾਰਾਂ 'ਚ ਦਿਖਾਈ ਦੇਵੇਗਾ। ਲੈਕਚਰਾਰ ਲਵਲੀਨ ਕੌਰ ਦਾ ਪਤੀ ਜਸ਼ਨਜੀਤ ਗੋਸ਼ਾ 'ਦਾਰਾ' ਫ਼ਿਲਮ 'ਚ ਨਿਭਾਈ ਸੀਰੀ ਦੀ ਭੂਮਿਕਾ ਨੂੰ ਯਾਦਗਾਰੀ ਮੰਨਦਾ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ ਪਟਿਆਲਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX