ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  12 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  28 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਹੋਰ ਖ਼ਬਰਾਂ..

ਖੇਡ ਜਗਤ

ਕਿੰਗਜ਼ ਇਲੈਵਨ ਪੰਜਾਬ ਟੀਮ ਨੇ ਫਿਰ ਕੀਤਾ ਨਿਰਾਸ਼

ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬੜੀਆਂ ਆਸਾਂ ਅਤੇ ਭਰੋਸਿਆਂ ਨਾਲ ਇਕ ਨਵੀਂ ਦਿੱਖ, ਨਵੇਂ ਕਪਤਾਨ ਅਤੇ ਲਗਪਗ ਸਾਰੇ ਨਵੇਂ ਖਿਡਾਰੀਆਂ ਦੀ ਟੀਮ ਨਾਲ ਆਈ.ਪੀ.ਐੱਲ. ਵਿਚ ਉੱਤਰੀ ਸੀ ਪਰ ਚੰਗੀ ਸ਼ੁਰੂਆਤ ਦੇ ਬਾਅਦ ਇਸ ਵਾਰ ਵੀ ਅੰਤ ਨੂੰ ਨਿਰਾਸ਼ਾ ਹੀ ਹੋਈ ਅਤੇ ਸਾਡੀ ਟੀਮ ਅੰਕ ਸੂਚੀ ਵਿਚ ਥੱਲਿਓਂ ਦੂਜੇ ਨੰਬਰ ਉੱਤੇ ਹੀ ਆ ਸਕੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਇਸ ਵਾਰ ਇਸ ਟੀਮ ਨੇ ਸਹੀ ਖਿਡਾਰੀ ਨਹੀਂ ਚੁਣੇ ਅਤੇ ਜੋ ਖਿਡਾਰੀ ਮੌਜੂਦ ਸਨ, ਉਨ੍ਹਾਂ ਵਿਚੋਂ ਵੀ ਸਹੀ ਦੀ ਚੋਣ ਨਹੀਂ ਕੀਤੀ ਗਈ। ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਬ੍ਰੈਡ ਹਾਜ, ਵਰਿੰਦਰ ਸਹਿਵਾਗ ਅਤੇ ਰਣਨੀਤੀ ਘਾੜਿਆਂ ਨੇ ਜਿਹੜੇ ਤਜਰਬੇ ਕੀਤੇ, ਉਹ ਟੀਮ ਨੂੰ ਮਹਿੰਗੇ ਪਏ। ਦੋ ਸਾਲ ਪਹਿਲਾਂ ਜਾਰਜ ਬੇਲੀ ਵਰਗੇ ਬਿਹਤਰੀਨ ਕਪਤਾਨ ਨੂੰ ਛੱਡ ਦੇਣਾ ਹੁਣ ਤੱਕ ਵੀ ਮਹਿੰਗਾ ਪੈ ਰਿਹਾ ਹੈ ਅਤੇ ਨਤੀਜੇ ਵਜੋਂ ਇਸ ਟੀਮ ਨੂੰ ਢੁੱਕਵਾਂ ਕਪਤਾਨ ਹੀ ਨਹੀਂ ਲੱਭਾ। ਇਸ ਵਾਰ ਨਿਲਾਮੀ ਵਿਚ ਗਲੈਨ ਮੈਕਸਵੈੱਲ ਵਰਗੇ ਜ਼ਬਰਦਸਤ ਖਿਡਾਰੀ ਨੂੰ ਛੱਡਣਾ ਮਹਿੰਗਾ ਪਿਆ, ਕਿਉਂਕਿ ਉਸ ਤੋਂ ਬਿਨਾਂ ਟੀਮ ਦਾ ਮੱਧਕ੍ਰਮ ਬੇਹੱਦ ਹਲਕਾ ਲੱਗਾ। ਬੇਲੀ ਤੋਂ ਬਾਅਦ ਮੈਕਸਵੈੱਲ ਨੂੰ ਬਾਹਰ ਕਰਨ ਦਾ ਤਰਕ ਪੰਜਾਬੀਆਂ ਲਈ ਇਕ ਪ੍ਰੇਸ਼ਾਨ ਕਰਨ ਵਾਲਾ ਸਵਾਲ ਬਣਿਆ ਹੋਇਆ ਹੈ। ਇਸੇ ਤਰ੍ਹਾਂ ਪਿਛਲੇ ਸੀਜ਼ਨ 'ਚ ਵਧੀਆ ਖੇਡਣ ਵਾਲੇ ਸੰਦੀਪ ਸ਼ਰਮਾ, ਮਨਨ ਵੋਹਰਾ ਅਤੇ ਹਾਸ਼ਿਮ ਆਮਲਾ ਨੂੰ ਵੀ ਨਾ ਲੈਣਾ ਗਲਤੀ ਸਾਬਤ ਹੋਇਆ। ਦੱਖਣੀ ਅਫਰੀਕੀ ਬੱਲੇਬਾਜ਼ ਡੇਵਿਡ ਮਿੱਲਰ ਆਪਣੇ ਦਮ ਉੱਤੇ ਮੈਚ ਜਿਤਾਉਣ ਦੇ ਸਮਰੱਥ ਹੈ ਪਰ ਉਸ ਨੂੰ ਮੌਕਾ ਬਹੁਤ ਘੱਟ ਦਿੱਤਾ ਗਿਆ ਅਤੇ ਸਿਰਫ ਦੋ ਮੈਚਾਂ ਵਿਚ ਹੀ ਖਿਡਾਇਆ ਗਿਆ। ਇਹ ਇਕ ਬੇਹੱਦ ਗ਼ਲਤ ਫੈਸਲਾ ਸੀ, ਕਿਉਂਕਿ ਮਿੱਲਰ ਵਰਗੇ ਖਿਡਾਰੀ ਨੂੰ ਪਾਸਾ ਪਲਟਣ ਲਈ ਇਕ ਮੈਚ ਹੀ ਬਹੁਤ ਹੁੰਦਾ ਹੈ।
ਅੰਕੜਿਆਂ ਸਮੇਤ ਟੀਮ ਦੇ ਪ੍ਰਦਰਸ਼ਨ ਨੂੰ ਧਿਆਨ ਨਾਲ ਵੇਖਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਟੀਮ ਵਿਚ ਮਜ਼ਬੂਤ ਬੱਲੇਬਾਜ਼ੀ ਸਿਰਫ ਕੇ.ਐੱਲ. ਰਾਹੁਲ ਉੱਤੇ ਹੀ ਨਿਰਭਰ ਰਹੀ ਅਤੇ ਇਹੀ ਖਿਡਾਰੀ ਇਸ ਸੀਜ਼ਨ ਦੀ ਇਕੋ-ਇਕ ਪ੍ਰਾਪਤੀ ਬਣਿਆ। ਆਸਟ੍ਰੇਲੀਅਨ ਗੇਂਦਬਾਜ਼ ਐਂਡਰਿਊ ਟਾਏ ਅਤੇ ਅਫਗਾਨ ਨੌਜਵਾਨ ਮੁਜੀਬ-ਉਰ-ਰਹਿਮਾਨ ਨੇ ਵਧੀਆ ਗੇਂਦਬਾਜ਼ੀ ਕੀਤੀ। ਟਾਏ ਨੇ ਸਭ ਤੋਂ ਜ਼ਿਆਦਾ ਵਿਕਟਾਂ ਅਤੇ ਰਾਹੁਲ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਸਾਡਾ ਮੱਧ-ਬੱਲੇਬਾਜ਼ੀ ਕ੍ਰਮ ਲਗਪਗ ਹਰ ਵਾਰ ਅਸਫ਼ਲ ਰਿਹਾ, ਜਦਕਿ ਬੱਲੇਬਾਜ਼ੀ ਕ੍ਰਮ ਦੇ ਨਾਲ-ਨਾਲ ਟੀਮ ਵਿਚ ਲਗਾਤਾਰ ਹੁੰਦੇ ਬਦਲਾਓ ਕਾਰਨ ਖਿਡਾਰੀਆਂ ਦੀ ਲੈਅ ਨਹੀਂ ਬਣ ਸਕੀ। ਧਮਾਕੇਦਾਰ ਸ਼ੁਰੂਆਤ ਦੇ ਬਾਅਦ ਕ੍ਰਿਸ ਗੇਲ ਦੀ ਲੈਅ ਇਕਦਮ ਹੇਠਾਂ ਆ ਗਈ ਅਤੇ ਉੱਪਰ ਉਠਦੀ ਹੋਈ ਤੇਜ਼ ਗੇਂਦਬਾਜ਼ੀ ਮੂਹਰੇ ਉਸ ਦੀ ਕਮਜ਼ੋਰੀ ਜ਼ਾਹਰ ਹੁੰਦੇ ਸਾਰ ਵਿਰੋਧੀ ਟੀਮਾਂ ਲਈ ਉਸ ਨੂੰ ਆਊਟ ਕਰਨਾ ਸੌਖਾ ਬਣਦਾ ਗਿਆ। ਪਹਿਲੀ ਵਾਰ ਕਪਤਾਨੀ ਕਰ ਰਹੇ ਰਵੀਚੰਦਰਨ ਅਸ਼ਵਿਨ ਨੇ ਵੀ ਤਜਰਬੇ ਦੀ ਕਮੀ ਵਿਖਾਈ ਅਤੇ ਕਈ ਮੌਕਿਆਂ ਉੱਤੇ ਹਮਲਾਵਰ ਹੋਣ ਦੇ ਮੌਕੇ ਗੁਆਏ ਅਤੇ ਕਪਤਾਨ ਹੋਣ ਦੇ ਨਾਤੇ ਜ਼ਿੰਮੇਵਾਰੀ ਦੀ ਕਮੀ ਵੀ ਵਿਖਾਈ। ਇਹੀ ਕਾਰਨ ਸੀ ਕਿ ਆਈ.ਪੀ.ਐੱਲ. ਦੇ ਅੱਧੇ ਮੈਚਾਂ ਦੇ ਬਾਅਦ ਅੰਕ ਸੂਚੀ ਵਿਚ ਪਹਿਲੇ ਨੰਬਰ ਉੱਤੇ ਹੋਣ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅੰਤ ਨੂੰ ਥੱਲੇ ਢਹਿ ਗਈ। ਇਸ ਤਰ੍ਹਾਂ ਟੀਮ ਪ੍ਰਬੰਧਕ, ਰਣਨੀਤੀ ਘਾੜੇ ਅਤੇ ਕੋਚ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜੋ ਇਹ ਕਮੀਆਂ ਦੂਰ ਨਹੀਂ ਕਰ ਸਕੇ। ਪੰਜਾਬ ਟੀਮ ਦੇ ਘਰੇਲੂ ਮੈਦਾਨ ਮੁਹਾਲੀ ਜਿਥੇ ਇਹ ਟੀਮ ਸਾਰੇ ਮੈਚ ਜਿੱਤ ਰਹੀ ਸੀ, ਵਿਖੇ ਸਿਰਫ 3 ਮੈਚ ਕਰਵਾ ਕੇ ਆਈ.ਪੀ.ਐੱਲ. ਪ੍ਰਬੰਧਕਾਂ ਨੇ ਪੰਜਾਬ ਟੀਮ ਨੂੰ ਮੋਹਾਲੀ ਤੋਂ ਦੂਰ ਕਰਕੇ ਇੰਦੌਰ ਨੂੰ ਘਰੇਲੂ ਮੈਦਾਨ ਬਣਾ ਦਿੱਤਾ ਅਤੇ ਇਹ ਵੀ ਇਕ ਸਮਝ ਤੋਂ ਪਰੇ ਵਾਲਾ ਫੈਸਲਾ ਸੀ, ਕਿਉਂਕਿ ਇੰਦੌਰ ਕਿਸੇ ਵੀ ਤਰ੍ਹਾਂ ਪੰਜਾਬ ਦਾ ਘਰੇਲੂ ਮੈਦਾਨ ਨਹੀਂ ਸੀ ਲਗਦਾ ਅਤੇ ਉਥੇ ਟੀਮ ਸਾਰੇ ਮੈਚ ਹਾਰੀ। ਕੁੱਲ ਮਿਲਾ ਕੇ ਵੱਡੀਆਂ ਆਸਾਂ ਦੇ ਬਾਵਜੂਦ ਇਹ ਸੀਜ਼ਨ ਵੀ ਨਿਰਾਸ਼ਾ ਵਾਲਾ ਹੀ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਬੈਡਮਿੰਟਨ 'ਚ ਸੁਪਰ ਪਾਵਰ ਬਣਨ ਦੇ ਰਾਹ ਹੈ ਭਾਰਤ

ਹਾਲ ਹੀ ਵਿਚ ਗੋਲਡ ਕੋਸਟ (ਆਸਟ੍ਰੇਲੀਆ) ਵਿਚ ਹੋਈਆਂ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਸਿੰਗਲ ਮਹਿਲਾ ਬੈਡਮਿੰਟਨ ਦੇ ਫਾਈਨਲ ਦੀ ਖ਼ਾਸ ਗੱਲ ਇਹ ਸੀ ਕਿ ਇਥੇ ਸੋਨੇ ਤੇ ਚਾਂਦੀ ਦੋਵੇਂ ਹੀ ਤਗਮਿਆਂ ਲਈ ਭਾਰਤ ਦੀਆਂ ਹੀ ਦੋ ਮਹਾਨ ਖਿਡਾਰਨਾਂ ਸਾਈਨਾ ਨੇਹਵਾਲ ਤੇ ਪੀ. ਵੀ. ਸਿੰਧੂ ਆਪਸ ਵਿਚ ਸੰਘਰਸ਼ ਕਰ ਰਹੀਆਂ ਸਨ। ਉਸ ਸਖ਼ਤ ਮੁਕਾਬਲੇ ਵਿਚ ਆਖ਼ਰਕਾਰ ਜਿੱਤ ਲੰਡਨ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਨੇਹਵਾਲ ਦੀ ਹੋਈ, ਜਿਸ ਨੇ ਰੀਓ ਉਲੰਪਿਕ 'ਚ ਚਾਂਦੀ ਤਗਮਾ ਜੇਤੂ 22 ਸਾਲਾ ਪੀ. ਵੀ. ਸਿੰਧੂ ਨੂੰ ਹਰਾ ਦਿੱਤਾ।
ਦਿੱਲੀ ਵਿਚ ਇਕ ਪ੍ਰੋਗਰਾਮ ਦੌਰਾਨ ਸਿੰਧੂ ਨੇ ਕਿਹਾ, 'ਮੈਂ ਸਮਝਦੀ ਹਾਂ ਕਿ ਇਹ ਖੇਡ ਦਾ ਹਿੱਸਾ ਹੈ। ਜਿੱਤਣਾ ਅਤੇ ਹਾਰਣਾ ਜ਼ਿੰਦਗੀ ਦੇ ਅੰਗ ਹਨ। ਨਤੀਜੇ ਹਮੇਸ਼ਾ ਤੁਹਾਡੇ ਹੀ ਪੱਖ ਵਿਚ ਨਹੀਂ ਜਾ ਸਕਦੇ। ਮੈਂ ਆਪਣੇ ਵਲੋਂ ਸਖ਼ਤ ਮਿਹਨਤ ਕੀਤੀ ਪਰ ਉਹ (ਨੇਹਵਾਲ) ਚੰਗਾ ਖੇਡੀ, ਉਹ ਉਸ ਦਾ ਦਿਨ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਆਪਣੀਆਂ ਗ਼ਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਹੁਣ ਮੈਨੂੰ ਦਮਦਾਰ ਵਾਪਸੀ ਕਰਨੀ ਹੋਵੇਗੀ।'
ਭਾਰਤੀ ਬੈਡਮਿੰਟਨ ਪ੍ਰੇਮੀਆਂ ਦੀ ਤਾਂ ਇੱਛਾ ਹੈ ਕਿ ਟੋਕੀਓ ਉਲੰਪਿਕ 2020 ਵਿਚ ਵੀ ਗੋਲਡ ਕੋਸਟ ਵਰਗਾ ਹੀ ਫਾਈਨਲ ਦੇਖਣ ਨੂੰ ਮਿਲੇ। ਇਕ ਵਾਰ ਫਿਰ ਨੇਹਵਾਲ ਤੇ ਸਿੰਧੂ ਆਹਮਣੇ-ਸਾਹਮਣੇ ਆਉਣ। ਕੀ ਇਹ ਸੰਭਵ ਹੈ? ਇਸ 'ਤੇ ਸਿੰਧੂ ਹੱਸਦੇ ਹੋਏ ਦੱਸਦੀ ਹੈ, 'ਕਿਉਂ ਨਹੀਂ? ਪਰ ਹਾਲੇ 2020 ਬਹੁਤ ਦੂਰ ਹੈ। ਇਸ ਤੋਂ ਪਹਿਲਾਂ ਤਾਂ ਬਹੁਤ ਸਾਰੇ ਮੁਕਾਬਲੇ ਆ ਰਹੇ ਹਨ, ਇਹ ਸਾਲ ਪਹਿਲਾਂ ਤੋਂ ਹੀ ਬਹੁਤ ਰੁਝੇਵਿਆਂ ਭਰਪੂਰ ਹੈ। ਹੁਣ ਜ਼ਰੂਰੀ ਇਹ ਹੈ ਕਿ ਆਪਣੇ ਨੂੰ ਫਿਟ ਰੱਖਿਆ ਜਾਵੇ ਅਤੇ ਅੱਗੇ ਵਧਿਆ ਜਾਵੇ।'
ਇਸ ਪਿੱਠਭੂਮੀ 'ਚ ਇਹ ਲਾਜ਼ਮੀ ਸੀ ਕਿ ਗੱਲਬਾਤ ਸਿੰਧੂ ਤੇ ਨੇਹਵਾਲ ਦੇ ਮੁਕਾਬਲੇਬਾਜ਼ੀ ਵਲ ਮੁੜ ਜਾਂਦੀ। ਸਿੰਧੂ ਇਸ ਬਾਰੇ ਕਹਿੰਦੀ ਹੈ, 'ਯਕੀਨਨ ਅਸੀਂ ਇਕ ਦੂਜੇ ਦੇ ਵਿਰੋਧੀ ਹਾਂ। ਜਦੋਂ ਅਸੀਂ ਕਿਸੇ ਮੁਕਾਬਲੇ ਵਿਚ ਖੇਡਦੀਆਂ ਹਾਂ ਤਾਂ ਲੋਕ ਇਹੀ ਆਸ ਰੱਖਦੇ ਹਨ ਕਿ ਫਾਈਨਲ ਵਿਚ ਅਸੀਂ ਇਕ-ਦੂਜੇ ਦੇ ਸਾਹਮਣੇ ਹੋਈਏ, ਜਿਵੇਂ ਕਿ ਗੋਲਡ ਕੋਸਟ ਵਿਚ ਹੋਇਆ ਸੀ। ਮੈਂ ਸਮਝਦੀ ਹਾਂ ਕਿ ਮੁਕਾਬਲੇਬਾਜ਼ੀ ਖੇਡ ਦਾ ਹਿੱਸਾ ਹੈ, ਪਰ ਅਸਲ ਗੱਲ ਇਹ ਹੈ ਕਿ ਤੁਸੀਂ ਖ਼ੁਦ ਕਿੰਨੀ ਸਖ਼ਤ ਮਿਹਨਤ ਕਰਦੇ ਹੋ।'
ਵੱਖ-ਵੱਖ ਮੁਕਾਬਲਿਆਂ ਵਿਚ ਸਿੰਧੂ, ਨੇਹਵਾਲ ਤੇ ਕੇ. ਸ੍ਰੀਕਾਂਤ ਦੀਆਂ ਵਿਅਕਤੀਗਤ ਕਾਮਯਾਬੀਆਂ ਆਪਣੀ ਥਾਂ ਹਨ, ਪਰ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਭਾਰਤ ਨੇ ਬੈਡਮਿੰਟਨ ਦੀ ਮਿਸ਼ਰਤ ਟੀਮ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ। ਸਿੰਧੂ ਇਸ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ ਤੇ ਪ੍ਰਸ਼ਾਸਨ ਦੇ ਭਰਪੂਰ ਸਹਿਯੋਗ ਨੂੰ ਦਿੰਦੀ ਹੈ। ਉਹ ਦੱਸਦੀ ਹੈ, 'ਇਹ ਪਹਿਲਾ ਮੌਕਾ ਸੀ ਕਿ ਅਸੀਂ ਮਿਸ਼ਰਤ ਟੀਮ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਅਤੇ ਚੰਗਾ ਲਗਦਾ ਹੈ ਕਿ ਅਸੀਂ ਸਭ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਬਾਰੇ ਅਸੀਂ ਬਹੁਤ ਖੁਸ਼ ਹਾਂ। ਇਹ ਸਭ ਕੁਝ ਖਿਡਾਰੀਆਂ ਅਤੇ ਸਾਡੇ ਕੋਲ ਜੋ ਕੋਚ ਹਨ, ਉਨ੍ਹਾਂ ਦੀ ਵਜ੍ਹਾ ਨਾਲ ਸੰਭਵ ਹੋ ਸਕਿਆ, ਪਰ ਇਸ ਦਾ ਸਿਹਰਾ ਭਾਰਤੀ ਬੈਡਮਿੰਟਨ ਸੰਘ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ, ਨਾ ਸਿਰਫ ਇਸ ਲਈ ਕਿ ਸੰਘ ਦਾ ਭਰਪੂਰ ਸਹਿਯੋਗ ਰਿਹਾ ਬਲਕਿ ਇਸ ਲਈ ਵੀ ਕਿ ਸਫਲਤਾ ਤੋਂ ਬਾਅਦ ਸਾਡੇ 'ਤੇ ਨਗਦ ਇਨਾਮਾਂ ਦੀ ਬਰਸਾਤ ਕੀਤੀ ਗਈ। ਇਹ ਸਭ ਚੀਜ਼ਾਂ ਸਾਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ।'
ਪਿਛਲੇ ਕੁਝ ਸਾਲਾਂ ਵਿਚ ਸਿੰਧੂ ਨੇ ਭਾਰਤੀ ਬੈਡਮਿੰਟਨ ਵਿਚ ਜੋ ਇਕ ਸਕਾਰਾਤਮਕ ਚੀਜ਼ ਦੇਖੀ ਹੈ, ਉਹ ਇਹ ਕਿ ਠੋਸ ਬੈਡਮਿੰਟਨ ਸੱਭਿਆਚਾਰ ਦਾ ਵਿਕਾਸ ਹੋਇਆ ਹੈ। ਉਹ ਇਸ ਦੀ ਵਿਆਖਿਆ ਕਰਦੇ ਹੋਏ ਦੱਸਦੀ ਹੈ, 'ਜੇਕਰ ਤੁਸੀਂ ਅੱਜਕਲ੍ਹ ਦੇ ਬੱਚੇ ਨੂੰ ਦੇਖੋ, ਤਾਂ ਉਸ ਵਿਚ ਉਹ ਬੈਡਮਿੰਟਨ ਨੂੰ ਕੈਰੀਅਰ ਬਦਲ ਦੇ ਰੂਪ ਵਿਚ ਚੁਣ ਰਹੇ ਹਨ, ਵਿਸ਼ੇਸ਼ ਕਰਕੇ ਰੀਓ ਉਲੰਪਿਕ ਤੋਂ ਬਾਅਦ (ਜਿਸ ਵਿਚ ਸਿੰਧੂ ਨੇ ਚਾਂਦੀ ਤਗਮਾ ਹਾਸਲ ਕੀਤਾ ਸੀ) ਅਨੇਕਾਂ ਬੱਚਿਆਂ ਨੇ ਰੈਕੇਟ ਪ੍ਰੋਫੈਸ਼ਨਲ ਬਣਨ ਦੇ ਇਰਾਦੇ ਨਾਲ ਚੁੱਕਿਆ ਹੈ ਅਤੇ ਨਿਸ਼ਚਤ ਤੌਰ 'ਤੇ ਬੈਡਮਿੰਟਨ 'ਚ ਇਕ ਖੇਡ ਦੇ ਤੌਰ 'ਤੇ ਬਹੁਤ ਚੰਗਾ ਕਰ ਰਿਹਾ ਹੈ।'
ਵਿਸ਼ਵ ਵਿਚ ਤੀਜੇ ਰੈਂਕਿੰਗ ਦੀ ਖਿਡਾਰੀ ਸਿੰਧੂ ਦਾ ਮੰਨਣਾ ਹੈ ਕਿ ਵਿਸ਼ਵ ਬੈਡਮਿੰਟਨ ਵਿਚ ਭਾਰਤ ਸੁਪਰ ਪਾਵਰ ਬਣਨ ਦੀ ਰਾਹ 'ਤੇ ਹੈ। ਸਿੰਧੂ ਦੱਸਦੀ ਹੈ, 'ਜੇਕਰ ਤੁਸੀਂ ਵਿਸ਼ਵ ਵਿਚ ਟੌਪ 20-30 ਖਿਡਾਰੀਆਂ ਨੂੰ ਦੇਖੋ ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਭਾਰਤੀ ਹਨ। ਵਰਤਮਾਨ ਵਿਚ 10-15 ਭਾਰਤੀ ਖਿਡਾਰੀ ਕੌਮਾਂਤਰੀ ਪੱਧਰ 'ਤੇ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਕ ਦਹਾਕਾ ਪਹਿਲਾਂ ਭਾਰਤੀ ਖਿਡਾਰੀਆਂ ਦੀ ਕੌਮਾਂਤਰੀ ਪੱਧਰ 'ਤੇ ਗਿਣਤੀ ਇਕ-ਦੋ ਹੀ ਰਹਿੰਦੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਸਿਰਫ਼ ਵਿਅਕਤੀਗਤ ਸਫਲਤਾ ਹੀ ਨਹੀਂ ਹੈ ਬਲਕਿ ਦੇਸ਼ ਵਿਚ ਖੇਡ ਦਾ ਵੀ ਵਿਕਾਸ ਹੋ ਰਿਹਾ ਹੈ। ਭਾਰਤ ਅਸਲ ਵਿਚ ਬਹੁਤ ਚੰਗਾ ਕਰ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਆਸ ਹੈ ਕਿ ਟੌਪ 'ਤੇ ਹੋਰ ਜ਼ਿਆਦਾ ਭਾਰਤੀ ਖਿਡਾਰੀ ਹੋਣਗੇ।'


-ਇਮੇਜ ਰਿਫਲੈਕਸ਼ਨ ਸੈਂਟਰ

ਭਾਰਤੀ ਹਾਕੀ ਟੀਮ ਨੂੰ ਕਮਾਂਡੋ ਟ੍ਰੇਨਿੰਗ ਦੀ ਲੋੜ

ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਨੂੰ ਜੇਕਰ ਅਸੀਂ ਗਹੁ ਨਾਲ ਦੇਖੀਏ, ਵਿਚਾਰੀਏ ਤਾਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਏਸ਼ੀਆ ਮਹਾਂਦੀਪ ਦੀ ਇਸ ਟੀਮ ਦੀਆਂ ਭਵਿੱਖ 'ਚ ਸੰਭਾਵਨਾਵਾਂ ਤਾਂ ਬਹੁਤ ਹਨ ਜੇਕਰ ਇਸ ਦੀਆਂ ਕੁਝ ਕਮਜ਼ੋਰੀਆਂ ਦੂਰ ਹੋ ਜਾਣ। ਖੇਡ ਦੇ ਕੁਝ ਪਲਾਂ 'ਚ ਇਹ ਟੀਮ ਇਸ ਤਰ੍ਹਾਂ ਦਾ ਪ੍ਰਭਾਵ ਜ਼ਰੂਰ ਦੇ ਜਾਂਦੀ ਹੈ ਕਿ ਪੂਰਾ ਵਿਸ਼ਵ ਇਸ ਦੇ ਅੱਗੇ ਗੋਡੇ ਟੇਕ ਦੇਵੇਗਾ ਪਰ ਕੁਝ ਹੀ ਪਲਾਂ 'ਚ ਇਹ ਟੀਮ ਵਿਰੋਧੀ ਟੀਮ ਅੱਗੇ ਢਹਿ-ਢੇਰੀ ਹੋ ਜਾਂਦੀ ਹੈ। ਸਾਡੀ ਜਾਚੇ ਇਸ ਟੀਮ ਅੰਦਰ ਖ਼ਤਰਿਆਂ ਵਿਰੁੱਧ ਜੂਝਣ ਦੀ ਸ਼ਕਤੀ ਘੱਟ ਹੈ। ਕਿੱਲਰ ਇਨਸਟਿਕੰਟ ਦੀ ਭਾਵਨਾ ਕਮਜ਼ੋਰ ਪੈ ਜਾਂਦੀ ਹੈ, ਆਤਮ-ਵਿਸ਼ਵਾਸ ਦੀ ਘਾਟ ਹੈ। ਕਠਿਨ ਪ੍ਰਸਥਿਤੀਆਂ 'ਚ ਮਾਨਸਿਕ ਦਬਾਅ ਝੱਲਣ ਦੀ ਸ਼ਕਤੀ ਕਮਜ਼ੋਰ ਹੈ। ਪੂਰੇ 60 ਮਿੰਟ ਮੈਦਾਨ 'ਚ ਚੁਕੰਨੇ ਰਹਿਣ ਦੀ ਸਾਡੀ ਟੀਮ 'ਚ ਘਾਟ ਹੈ। ਜੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਹ ਸਾਰੀਆਂ ਕਮਜ਼ੋਰੀਆਂ ਭਾਰਤੀ ਹਾਕੀ ਟੀਮ ਦੇ ਅਭਿਆਸੀ ਕੈਂਪਾਂ ਦੌਰਾਨ ਕਦੇ ਦੂਰ ਨਹੀਂ ਹੋਈਆਂ। ਕੋਚਾਂ ਅਤੇ ਖਿਡਾਰੀਆਂ ਦਾ ਸਾਰਾ ਜ਼ੋਰ ਹਾਕੀ ਸਕਿੱਲ ਸਿੱਖਣ-ਸਿਖਾਉਣ 'ਤੇ ਲੱਗ ਜਾਂਦਾ ਹੈ। ਸਾਨੂੰ ਟ੍ਰੇਨਿੰਗ ਦੇ ਕੁਝ ਹੋਰ ਨਵੇਂ ਤਜਰਬੇ ਵੀ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿਚ ਕਮਾਂਡੋ ਟ੍ਰੇਨਿੰਗ ਅਹਿਮ ਹੈ। ਕੈਂਪਾਂ ਦੌਰਾਨ ਲਗਾਤਾਰ ਹਾਕੀ ਖੇਡਣ ਨਾਲ ਵੀ ਖਿਡਾਰੀ ਕਈ ਵਾਰ ਅੱਕ ਜਾਂਦੇ ਹਨ, ਬੋਰੀਅਤ, ਸੁਸਤੀ ਮਹਿਸੂਸ ਕਰਦੇ ਹਨ। ਉਨ੍ਹਾਂ 'ਚ ਨਵਾਂ ਜੋਸ਼ ਅਤੇ ਸ਼ਕਤੀ ਦਾ ਸੰਚਾਰ ਕਰਨ ਲਈ ਵੀ ਕਮਾਂਡੋ ਟ੍ਰੇਨਿੰਗ ਦੀ ਲੋੜ ਹੈ।
ਕਮਾਂਡੋ ਟ੍ਰੇਨਿੰਗ ਤਹਿਤ ਸਾਡੇ ਹਾਕੀ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਲਈ 'ਵਾਲ ਕਲਾਈਬਿੰਗ' (ਉੱਚੀਆਂ ਕੰਧਾਂ 'ਤੇ ਚੜ੍ਹਨਾ), ਬਾਕਸਿੰਗ, ਅਬਸਟੇਕਲ ਟ੍ਰੇਨਿੰਗ (ਰਾਹ 'ਚ ਰੁਕਾਵਟਾਂ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਦਾ ਸੈਸ਼ਨ', ਪਹਾੜਾਂ ਦੀ ਚੜ੍ਹਾਈ, ਸਵੀਮਿੰਗ, ਵੇਟ ਲਿਫਟਿੰਗ, ਜਾਗਿੰਗ, ਯੋਗਾ, ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਦਾ ਮੁਕਾਬਲਾ ਕਰਨ ਦੀ ਸਖ਼ਤ ਟ੍ਰੇਨਿੰਗ, ਮੁਸ਼ਕਿਲ ਹਾਲਾਤ 'ਚ ਇਕਜੁੱਟਤਾ ਦਾ ਅਭਿਆਸ, ਜਿਮਨੇਜੀਅਮ 'ਚ ਫਿਟਨੈੱਸ ਦੇ ਸਖ਼ਤ ਅਭਿਆਸ, ਡਰ, ਫਿਕਰ ਤੋਂ ਨਜਾਤ ਹਾਸਲ ਕਰਨ ਲਈ ਔਖੇ ਅਭਿਆਸ, ਰੱਸੇ ਨਾਲ ਕੰਧ 'ਤੇ ਚੜ੍ਹਨਾ, ਰੱਸੇ ਸਹਾਰੇ ਨਦੀ ਪਾਰ ਕਰਨੀ, ਕਹਿਣ ਦਾ ਭਾਵ ਹੈ ਕਿ ਕਮਾਂਡੋ ਟ੍ਰੇਨਿੰਗ ਦਾ ਮਕਸਦ ਇਹ ਸਿਖਾਉਣਾ ਹੈ ਕਿ ਜਦੋਂ ਹਾਲਾਤ ਕਠਿਨ ਅਤੇ ਪ੍ਰੇਸ਼ਾਨ ਕਰਨ ਵਾਲੇ ਬਣ ਜਾਂਦੇ ਹਨ ਤਾਂ ਉਨ੍ਹਾਂ 'ਚ ਕਠਿਨ ਅਤੇ ਸਖ਼ਤ ਆਦਮੀ ਹੀ ਕਾਮਯਾਬ ਹੁੰਦੇ ਹਨ। ਕਮਾਂਡੋ ਟ੍ਰੇਨਿੰਗ ਦਾ ਉਦੇਸ਼ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਅਕਤੀ ਵਿਸ਼ੇਸ਼ ਨੂੰ ਇਹ ਅਹਿਸਾਸ ਕਰਵਾਉਣ ਕਿ ਸਰੀਰਕ ਅਤੇ ਮਾਨਸਿਕ ਤੌਰ 'ਤੇ ਉਸ ਦੀ ਸਹਿਣਸ਼ੀਲਤਾ ਅਤੇ ਹੌਸਲਾ ਸ਼ਕਤੀ ਕਿੰਨੀ ਕੁ ਬੁਲੰਦ ਹੋ ਸਕਦੀ ਹੈ। ਜਿਸ ਸਰੀਰਕ ਅਤੇ ਮਾਨਸਿਕ ਸ਼ਕਤੀ ਦਾ ਅੰਦਾਜ਼ਾ ਵਿਅਕਤੀ ਵਿਸ਼ੇਸ਼ ਨੂੰ ਨਹੀਂ ਹੈ, ਉਸ ਦਾ ਹੀ ਅਹਿਸਾਸ ਕਰਵਾਉਣਾ ਹੈ ਕਮਾਂਡੋ ਟ੍ਰੇਨਿੰਗ ਨੇ।
ਹਾਕੀ ਇੰਡੀਆ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਦੀ ਲੋੜ ਹੈ। ਸਾਡੇ ਇਥੇ ਬਹੁਤ ਹੀ ਲੰਬੇ-ਲੰਬੇ ਸਕਿੱਲ ਟ੍ਰੇਨਿੰਗ ਕੈਂਪਾਂ ਦਾ ਰੁਝਾਨ ਹੈ। ਅਸੀਂ ਦਹਾਕਿਆਂ ਤੋਂ ਇਕ ਤਰ੍ਹਾਂ ਨਾਲ ਹੀ ਖਿਡਾਰੀਆਂ ਨੂੰ ਤਿਆਰ ਕਰ ਰਹੇ ਹਾਂ। ਵਕਤ ਬਦਲ ਚੁੱਕਾ ਹੈ, ਚੁਣੌਤੀਆਂ ਬਦਲ ਚੁੱਕੀਆਂ ਹਨ। ਹੁਣ ਸਖ਼ਤ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਡੇ ਹਾਕੀ ਸਿਖਲਾਈ ਕੈਂਪਾਂ ਦੇ ਢੰਗ-ਤਰੀਕਿਆਂ ਨੂੰ ਵੀ ਬਦਲਾਉਣ ਦੀ ਲੋੜ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਦਹਾਕਿਆਂ ਪਹਿਲਾਂ ਜਿਸ ਖਿਡਾਰੀ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ, ਉਸ ਦਾ ਨਾਂਅ ਮੇਜਰ ਧਿਆਨ ਚੰਦ ਸੀ ਅਤੇ ਉਹ ਇਕ ਸੈਨਿਕ ਸੀ। ਫੌਜੀ ਟ੍ਰੇਨਿੰਗ ਦੇ ਨਾਲ-ਨਾਲ ਉਸ ਮਹਾਨ ਖਿਡਾਰੀ ਨੂੰ ਦਿੱਤੀ ਗਈ ਹਾਕੀ ਟ੍ਰੇਨਿੰਗ ਨੇ ਹੀ ਉਸ ਨੂੰ ਮਹਾਨ ਹਾਕੀ ਖਿਡਾਰੀ ਬਣਾਇਆ। ਫੌਜੀ ਟ੍ਰੇਨਿੰਗ ਨੇ ਮੇਜਰ ਧਿਆਨ ਚੰਦ ਨੂੰ ਇਕ ਸਖ਼ਤ, ਕਠਿਨ ਵਿਅਕਤੀ ਬਣਾ ਦਿੱਤਾ ਸੀ, ਜਿਸ ਨੇ ਬਾਅਦ 'ਚ ਹਾਕੀ ਜਗਤ 'ਚ ਰਾਜ ਕੀਤਾ।
ਤੁਹਾਨੂੰ ਯਾਦ ਹੋਵੇਗਾ ਕਿ ਹਾਕੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਰਹੂਮ ਸ: ਕੇ. ਪੀ. ਐਸ. ਗਿੱਲ ਦੇ ਕਾਰਜਕਾਲ ਦੌਰਾਨ ਹਾਕੀ ਖਿਡਾਰੀਆਂ ਨੂੰ ਕਮਾਂਡੋ ਟ੍ਰੇਨਿੰਗ ਦੇਣ ਲਈ ਮਨੇਸਰ ਦੇ ਨੈਸ਼ਨਲ ਸਕਿਉਰਿਟੀ ਗਾਰਡਜ਼ ਵਿਖੇ ਜਿਥੇ ਬਲੈਕ ਕੈਟ ਕਮਾਂਡੋ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕੈਂਪ ਲੱਗਾ ਸੀ ਪਰ ਉਸ ਤੋਂ ਬਾਅਦ ਇਹ ਟ੍ਰੇਨਿੰਗ, ਇਹ ਅਭਿਆਸ ਲਗਾਤਾਰ ਚੱਲ ਨਹੀਂ ਸਕਿਆ। ਬਿਹਤਰ ਹੈ ਕਿ ਕੌਮੀ ਟੀਮ 'ਚ ਖੇਡਣ ਵਾਲੇ ਹਰ ਜੂਨੀਅਰ ਖਿਡਾਰੀ ਲਈ ਕਮਾਂਡੋ ਟ੍ਰੇਨਿੰਗ ਲਾਜ਼ਮੀ ਬਣਾਈ ਜਾਵੇ। ਜੂਨੀਅਰ ਅਤੇ ਸੀਨੀਅਰ ਟੀਮਾਂ ਲਈ ਵੱਖਰੇ-ਵੱਖਰੇ ਸੈਸ਼ਨ ਹੋਣ। ਮੈਦਾਨ 'ਚ ਖੇਡ ਰਹੇ ਸਾਡੇ ਹਾਕੀ ਖਿਡਾਰੀਆਂ ਦੀ ਸਰੀਰਕ ਭਾਸ਼ਾ ਇਹ ਦੱਸਦੀ ਹੈ ਕਿ ਉਹ ਸਖ਼ਤ ਹੌਸਲੇ ਵਾਲੇ ਖਿਡਾਰੀ ਨਹੀਂ ਹਨ। ਨਾਜ਼ੁਕ ਪਲਾਂ 'ਚ ਉਹ ਚੁਕੰਨੇ ਖਿਡਾਰੀ ਵੀ ਨਹੀਂ ਹਨ। ਸਾਡੇ ਹਾਕੀ ਖਿਡਾਰੀਆਂ ਲਈ ਕਮਾਂਡੋ ਟ੍ਰੇਨਿੰਗ ਇਕ ਵੱਡੀ ਆਸ ਹੈ। ਹਾਕੀ ਇੰਡੀਆ ਅਤੇ ਸਾਡੇ ਚੀਫ ਕੋਚ ਇਸ ਪ੍ਰਤੀ ਸੰਜੀਦਾ ਹੋਣ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਪੰਜਾਬ ਦੇ ਖੇਡ ਢਾਂਚੇ ਨੂੰ ਵਿਗਿਆਨਕ ਲੀਹਾਂ 'ਤੇ ਲਿਆਉਣ ਦੀ ਕੋਸ਼ਿਸ਼

ਅਜੋਕੇ ਵਿਸ਼ਵ ਖੇਡ ਮੰਚ 'ਤੇ ਉਹੀ ਮੁਲਕਾਂ ਦੇ ਖਿਡਾਰੀ ਵਧੇਰੇ ਤਗਮੇ ਜਿੱਤ ਰਹੇ ਹਨ, ਜਿਨ੍ਹਾਂ ਨੇ ਆਪਣੇ ਖੇਡ ਢਾਂਚੇ ਨੂੰ ਵਿਗਿਆਨਕ ਵਿਧੀਆਂ ਦੀ ਵਰਤੋਂ ਕਰਕੇ ਸਮੇਂ ਦੇ ਹਾਣ ਦਾ ਬਣਾਇਆ ਹੈ। ਪੰਜਾਬ ਵਿਚ ਖੇਡ ਸਰਗਰਮੀਆਂ ਦੀ ਕੋਈ ਘਾਟ ਨਹੀਂ ਹੈ, ਪਰ ਇਨ੍ਹਾਂ ਨੂੰ ਆਧੁਨਿਕ ਸਾਂਚੇ 'ਚ ਢਾਲਣ ਦੀ ਸਖ਼ਤ ਜ਼ਰੂਰਤ ਹੈ। ਸੰਨ 2014 'ਚ ਪੰਜਾਬ ਸਰਕਾਰ ਵਲੋਂ ਸਥਾਪਤ ਕੀਤੀ ਗਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਖੇਡਾਂ ਦੇ ਆਧੁਨਿਕ ਤੌਰ-ਤਰੀਕਿਆਂ ਵਾਲੇ ਸੰਚਾਲਨ ਦੀ ਮਿਸਾਲ ਹੈ, ਜਿਸ ਲਈ ਸਭ ਤੋਂ ਵੱਡੇ ਟੀਚਿਆਂ 'ਚ ਹੈ ਰਾਜ ਦੇ ਖਿਡਾਰੀਆਂ ਨੂੰ ਆਧੁਨਿਕ ਲੀਹਾਂ ਵਾਲੀ ਖੇਡ ਪ੍ਰਣਾਲੀ ਰਾਹੀਂ ਵਿਸ਼ਵ ਪੱਧਰ 'ਤੇ ਤਗਮੇ ਜਿੱਤਣ ਦੇ ਸਮਰੱਥ ਬਣਾਉਣਾ, ਉਨ੍ਹਾਂ ਖੇਡਾਂ ਦੀ ਚੋਣ ਕਰਨੀ, ਜਿਨ੍ਹਾਂ 'ਚ ਪੰਜਾਬੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਦੇ ਸਮਰੱਥ ਹਨ। ਇਸ ਦੇ ਨਾਲ ਹੀ ਰਾਜ 'ਚ ਉਪਲਬਧ ਖੇਡ ਢਾਂਚੇ ਦੀ ਸੁਚੱਜੀ ਵਰਤੋਂ ਕਰਨਾ ਵੀ ਉਕਤ ਸੰਸਥਾ ਦੀਆਂ ਤਰਜੀਹਾਂ 'ਚ ਸ਼ਾਮਿਲ ਹੈ। ਇਸ ਸੰਸਥਾ ਵਲੋਂ ਪਿਛਲੇ 4 ਸਾਲਾਂ ਦੌਰਾਨ ਦਿਖਾਈ ਗਈ ਕਾਰਗੁਜ਼ਾਰੀ ਪੰਜਾਬ ਦੇ ਖੇਡ ਸੰਚਾਲਕਾਂ ਨੂੰ ਜਿੱਥੇ ਨਵੇਂ ਰਸਤੇ ਦਿਖਾਉਣ ਦੇ ਸਮਰੱਥ ਹੈ, ਉੱਥੇ ਸਾਡੇ ਖੇਡ ਢਾਂਚੇ ਨੂੰ ਹਲੂਣਾ ਵੀ ਦਿੰਦੀ ਹੈ।
ਪੀ.ਆਈ.ਐਸ. ਦੀ ਸਥਾਪਨਾ ਦਾ ਮੁੱਖ ਮਨੋਰਥ ਰਾਜ ਦੀ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤਣ ਦੇ ਸਮਰੱਥ ਖੇਡ ਪ੍ਰਤਿਭਾ ਨੂੰ ਤਲਾਸ਼ਣਾ ਅਤੇ ਤਰਾਸ਼ਣਾ ਹੈ, ਜਿਸ ਤਹਿਤ ਇਸ ਸੰਸਥਾ ਨੇ ਸਭ ਤੋਂ ਪਹਿਲਾਂ ਕੌਮਾਂਤਰੀ ਪੱਧਰ ਦੇ ਕੋਚਾਂ ਦੀਆਂ ਸੇਵਾਵਾਂ ਲੈਣ ਦਾ ਅਹਿਦ ਕੀਤਾ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਆਸਟਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਨਾਲ ਕੀਤੇ ਇਕਰਾਰਨਾਮੇ ਤਹਿਤ ਮੋਹਾਲੀ ਵਿਖੇ ਕੋਚਾਂ ਦੀਆਂ ਪੜਾਅਵਾਰ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਪੰਜਾਬ 'ਚ ਪਹਿਲੀ ਵਾਰ ਕੀਤਾ ਗਿਆ, ਜਿਸ ਨਾਲ ਕੋਚਾਂ 'ਚ ਨਵਾਂ ਉਤਸ਼ਾਹ ਪੈਦਾ ਹੋਇਆ। ਪੀ.ਆਈ.ਐਸ. ਦੇ ਸਿਖਲਾਈ ਕੇਂਦਰਾਂ ਲਈ ਪ੍ਰਤਿਭਾਸ਼ਾਲੀ ਨਵੀਂ ਪਨੀਰੀ ਤਲਾਸ਼ਣ ਲਈ ਇਸ ਦੇ ਨਿਰਦੇਸ਼ਕ (ਸਿਖਲਾਈ) ਸੁਖਬੀਰ ਸਿੰਘ ਗਰੇਵਾਲ ਨੇ ਰਾਜ ਦੇ ਵੱਖ-ਵੱਖ ਕੋਨਿਆਂ 'ਚੋਂ ਟਰਾਇਲਾਂ ਰਾਹੀਂ ਖਿਡਾਰੀਆਂ ਦੀ ਚੋਣ ਕਰਨੀ ਸ਼ੁਰੂ ਕੀਤੀ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਫਿਰ ਇਸ ਸੰਸਥਾ ਲਈ ਵੱਖ-ਵੱਖ ਸੰਸਥਾਵਾਂ 'ਚ ਮੌਜੂਦ ਮਿਆਰੀ ਖੇਡ ਮੈਦਾਨਾਂ ਅਤੇ ਰਿਹਾਇਸ਼ੀ ਸਹੂਲਤਾਂ ਦੀ ਚੋਣ ਕਰਕੇ, ਉੱਥੇ ਆਪਣੇ ਸਿਖਲਾਈ ਕੇਂਦਰ ਸਥਾਪਤ ਕੀਤੇ, ਜਿਨ੍ਹਾਂ ਤਹਿਤ ਮੋਹਾਲੀ ਵਿਖੇ ਪੀ.ਆਈ.ਐਸ. ਦਾ ਸਭ ਤੋਂ ਵੱਡਾ ਅਤੇ ਮਿਆਰੀ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਸ ਵਿਚ ਹਾਕੀ, ਵਾਲੀਬਾਲ, ਬਾਸਕਟਬਾਲ, ਅਥਲੈਟਿਕਸ, ਜਿਮਨਾਸਟਿਕ, ਟੇਬਲ ਟੈਨਿਸ, ਜੂਡੋ, ਮੁੱਕੇਬਾਜ਼ੀ, ਤੈਰਾਕੀ, ਭਾਰ ਤੋਲਣ ਅਤੇ ਕੁਸ਼ਤੀ ਦੀ ਵਧੀਆ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਜਿਮਨਾਸਟਿਕ, ਹਾਕੀ ਸਟੇਡੀਅਮ (ਰਾਜਿੰਦਰਾ ਕਾਲਜ) ਬਠਿੰਡਾ ਵਿਖੇ ਹਾਕੀ, ਅਥਲੈਟਿਕਸ ਅਤੇ ਵਾਲੀਬਾਲ, ਮਿਊਂਸਪਲ ਸਟੇਡੀਅਮ ਦਸੂਹਾ ਵਿਖੇ ਅਥਲੈਟਿਕਸ ਅਤੇ ਵਾਲੀਬਾਲ, ਮਲਟੀਪਰਪਜ਼ ਸਟੇਡੀਅਮ ਹੁਸ਼ਿਆਰਪੁਰ ਵਿਖੇ ਫੁੱਟਬਾਲ, ਡੀ.ਏ.ਵੀ. ਕਾਲਜ ਜਲੰਧਰ ਵਿਖੇ ਅਥਲੈਟਿਕਸ, ਬਰਲਟਨ ਪਾਰਕ ਵਿਖੇ ਹਾਕੀ, ਨਹਿਰੂ ਗਾਰਡਨ ਵਿਖੇ ਜੂਡੋ, ਗੁਰੂੁ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਬਾਸਕਟਬਾਲ ਅਤੇ ਅਥਲੈਟਿਕਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹਾਕੀ, ਮਾਹਿਲਪੁਰ ਵਿਖੇ ਫੁੱਟਬਾਲ, ਖੇਡ ਸਟੇਡੀਅਮ ਮਾਨਸਾ ਵਿਖੇ ਅਥਲੈਟਿਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਥਲੈਟਿਕਸ, ਸਾਈਕਲਿੰਗ, ਭਾਰ ਤੋਲਣ, ਤੀਰਅੰਦਾਜ਼ੀ ਅਤੇ ਜੂਡੋ, ਰੋਪੜ ਵਿਖੇ ਕਿਸ਼ਤੀ ਚਾਲਣ, ਰੁੜਕਾ ਕਲਾਂ ਵਿਖੇ ਫੁੱਟਬਾਲ ਅਤੇ ਕੁਸ਼ਤੀ, ਤਰਨ ਤਾਰਨ ਵਿਖੇ ਹਾਕੀ ਅਤੇ ਅਥਲੈਟਿਕਸ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅਥਲੈਟਿਕਸ, ਜੂਡੋ, ਫੁੱਟਬਾਲ ਤੇ ਮੁੱਕੇਬਾਜ਼ੀ, ਬਾਦਲ (ਸ੍ਰੀ ਮੁਕਤਸਰ ਸਾਹਿਬ) ਵਿਖੇ ਹਾਕੀ ਅਤੇ ਨਿਸ਼ਾਨੇਬਾਜ਼ੀ ਦੇ ਸਿਖਲਾਈ ਕੇਂਦਰ ਮਿਆਰੀ ਅਤੇ ਵਧੀਆ ਪ੍ਰਬੰਧਾਂ ਨਾਲ ਚੱਲ ਰਹੇ ਹਨ।
ਪੀ.ਆਈ.ਐਸ. ਦੇ ਵੱਖ-ਵੱਖ ਸਿਖਲਾਈ ਕੇਂਦਰਾਂ 'ਚੋਂ ਪੈਦਾ ਹੋਏ ਖਿਡਾਰੀਆਂ ਨੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਨਵਾਂ ਹੁਲਾਰਾ ਦੇਣਾ ਆਰੰਭ ਕਰ ਦਿੱਤਾ ਹੈ। ਪਿਛਲੇ ਸਾਲਾਂ ਦੌਰਾਨ ਪੀ.ਆਈ.ਐਸ. ਦੀ ਪੈਦਾਇਸ਼ ਅਥਲੀਟ ਅਰਸ਼ਦੀਪ ਸਿੰਘ, ਗੁਰਿੰਦਰਵੀਰ ਸਿੰਘ, ਅਮਿਤ ਕੁਮਾਰ, ਮਿਥਨ ਤੇ ਟਵਿੰਕਲ ਚੌਧਰੀ ਨੇ ਏਸ਼ੀਆ ਪੱਧਰ ਦੇ ਮੁਕਾਬਲਿਆਂ 'ਚੋਂ ਤਗਮੇ ਜਿੱਤੇ ਹਨ। ਮੁੱਕੇਬਾਜ਼ ਕੋਮਲ, ਏਕਤਾ ਸਰੋਜ, ਸਿਮਰਨਜੀਤ ਕੌਰ, ਪੰਜਾਬੀਆਂ ਦੀ ਵਿਸ਼ਵ ਪੱਧਰ 'ਤੇ ਪਹਿਚਾਣ ਬਣਾਉਣ ਵਾਲੀ ਖੇਡ ਹਾਕੀ 'ਚ ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਗੁਰਜੰਟ ਸਿੰਘ, ਸਤਬੀਰ ਸਿੰਘ ਤੇ ਗੁਰਜੀਤ ਕੌਰ ਨੇ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਨ੍ਹਾਂ 'ਚੋਂ ਕੁਝ ਹੋਰ ਖਿਡਾਰੀਆਂ ਨੇ ਵਿਸ਼ਵ ਹਾਕੀ ਲੀਗ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਤੀਰਅੰਦਾਜ਼ੀ, ਅਥਲੈਟਿਕਸ, ਜੂਡੋ, ਜਿਮਨਾਸਟਿਕ, ਮੁੱਕੇਬਾਜ਼ੀ ਤੇ ਫੁੱਟਬਾਲ 'ਚ ਵੀ ਉਕਤ ਸੰਸਥਾ ਦੇ ਖਿਡਾਰੀਆਂ ਨੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕੀਤਾ ਹੈ। ਕੌਮੀ ਪੱਧਰ 'ਤੇ ਵੀ ਪੀ.ਆਈ.ਐਸ. ਦੇ ਖਿਡਾਰੀਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ 50 ਸੋਨ, 59 ਚਾਂਦੀ ਅਤੇ 74 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਸੰਸਥਾ ਦੀਆਂ ਪ੍ਰਾਪਤੀਆਂ 'ਚ ਹੋਰ ਵਾਧਾ ਕਰਨ ਹਿੱਤ ਇਸ ਦੇ ਖਿਡਾਰੀਆਂ ਲਈ ਵਧੀਆ ਹੋਸਟਲ, ਫਿਜੀਓਥਰੈਪੀ ਪ੍ਰਯੋਗਸ਼ਾਲਾ, ਬਾਇਓ ਮਕੈਨਿਕ ਵਿਗਿਆਨੀ ਅਤੇ ਕੁਝ ਖੇਡਾਂ 'ਚ ਵਿਦੇਸ਼ੀ ਕੋਚਾਂ ਦੀ ਜ਼ਰੂਰਤ ਹੈ। ਇਸ ਦੇ ਨਾਲ-ਨਾਲ ਸਮੇਂ-ਸਮੇਂ ਸਿਰ ਲੋੜੀਂਦੇ ਫੰਡ ਮੁਹੱਈਆ ਕਰਵਾ ਕੇ, ਪੀ.ਆਈ.ਐਸ. ਰਾਹੀਂ ਪੰਜਾਬ ਨੂੰ ਮੁੜ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਦਾ ਸਰਦਾਰ ਬਣਾਉਣ ਲਈ ਉਪਰਾਲੇ ਕੀਤੇ ਜਾਣ।


-ਪਟਿਆਲਾ। ਮੋਬਾ: 97795-90575

ਭਾਰਤ ਦਾ ਮਹਿਲਾ ਏਸ਼ੀਆ ਕੱਪ ਦੇ ਆਖ਼ਰ ਵਿਚ ਮਾੜਾ ਪਰਦਰਸ਼ਨ

ਜਿਹੜੇ ਲੋਕ ਹਾਕੀ ਨਾਲ ਜਜ਼ਬਾਤੀ ਤੌਰ 'ਤੇ ਜੁੜੇ ਹੋਏ ਹਨ, ਉਨ੍ਹਾਂ ਨੂੰ ਏਸ਼ੀਆ ਹਾਕੀ ਦਾ ਫਾਈਨਲ ਦੇਖ ਕੇ ਬਹੁਤ ਧੱਕਾ ਲੱਗਾ ਕਿ ਭਾਰਤ ਨੇ ਪੂਲ ਦੇ ਪਹਿਲੇ 3 ਮੈਚ ਜਿੱਤ ਕੇ ਤੇ ਦੱਖਣੀ ਕੋਰੀਆ ਨਾਲ ਇਕ ਮੈਚ ਬਰਾਬਰ ਰਹਿਣ ਦੇ ਬਾਵਜੂਦ ਇਵੇਂ ਜਾਪਦਾ ਸੀ ਜਿਵੇਂ ਸੋਨੇ ਦਾ ਤਗਮਾ ਝੋਲੀ ਵਿਚ ਪੁਆ ਕੇ ਗੁਆਉਣਾ ਪਿਆ। ਇਸ ਨਾਲ ਬਹੁਤ ਨਿਰਾਸ਼ਾ ਹੋਈ ਕਿ ਪਿਛਲੀ ਏਸ਼ੀਆ ਕੱਪ ਦਾ ਜੇਤੂ ਭਾਰਤ ਹੁਣ ਵਰਤਮਾਨ ਦਾ ਜੇਤੂ ਨਹੀਂ ਕਹਾ ਸਕਦਾ। ਇਸ ਦੇ ਕਾਰਨਾਂ ਬਾਰੇ ਜਾਨਣਾ ਬਹੁਤ ਦਿਲਚਸਪ ਹੋਵੇਗਾ। ਹਾਕੀ ਦੇ ਮਾਹਰਾਂ ਦਾ ਇਹ ਕਹਿਣਾ ਹੈ ਕਿ ਪਹਿਲੀ ਵਿਸ਼ੇਸ਼ ਗੱਲ ਇਸ ਹਾਰ ਬਾਰੇ ਇਹ ਕਹੀ ਜਾ ਸਕਦੀ ਹੈ ਕਿ ਇਹ ਫਾਈਨਲ ਦੱਖਣੀ ਕੋਰੀਆ ਵਿਚ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਹੋ ਰਿਹਾ ਸੀ, ਜਿਸ ਦਾ ਭਰਪੂਰ ਲਾਭ ਕੋਰੀਆ ਨੂੰ ਹੋਇਆ। ਦੂਸਰੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਟੀਮ ਨਾਲ ਫਾਈਨਲ ਮੈਚ ਤੋਂ ਇਕ ਦਿਨ ਪਹਿਲਾਂ ਪੂਲ ਦਾ ਆਖਰੀ ਮੈਚ ਹੋਇਆ, ਜੋ 1-1 ਨਾਲ ਸਮਾਪਤ ਹੋਇਆ। ਮਾਹਰਾਂ ਅਨੁਸਾਰ ਇਸ ਮੈਚ ਦਾ ਭਰਪੂਰ ਲਾਭ ਕੋਰੀਆ ਨੇ ਉਠਾਇਆ।
ਇਸ ਮੈਚ ਨਾਲ ਕੋਰੀਆ ਨੇ ਭਾਰਤੀ ਖੇਡ ਨੂੰ ਭਾਂਪ ਲਿਆ। ਭਾਰਤ ਨੂੰ ਕੋਰੀਆ ਨੇ ਮੈਚ ਦੇ ਆਖਰ ਤੱਕ ਆਪਣੇ ਗੋਲ ਦੇ ਅੱਗੇ ਨਹੀਂ ਆਉਣ ਦਿੱਤਾ। ਅਜਿਹੀ ਖੇਡ ਦਾ ਪ੍ਰਦਰਸ਼ਨ ਕੀਤਾ ਕਿ ਭਾਰਤ ਨੂੰ ਪੈਨਲਟੀ ਕਾਰਨਰ ਦੇਣ ਦਾ ਬਹੁਤ ਮੌਕਾ ਹੀ ਨਾ ਦਿੱਤਾ, ਕਿਉੁਂਕਿ ਕੋਰੀਆ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਭਾਰਤ ਕੋਲ ਗੁਰਜੀਤ ਤੇ ਨਵਦੀਪ ਦੋ ਖਿਡਾਰਨਾਂ ਅਜਿਹੀਆਂ ਹਨ, ਜੋ ਪੈਨਲਟੀ ਲਗਾ ਸਕਦੀਆਂ ਹਨ ਤੇ ਮੈਚ ਆਪਣੀ ਝੋਲੀ ਵਿਚ ਪਾ ਸਕਦੀਆਂ ਹਨ। ਦੱਖਣੀ ਕੋਰੀਆ ਨੇ ਜੋ ਮੈਚ ਦੇ 24 ਮਿੰਟ ਵਿਚ ਗੋਲ ਕੀਤਾ, ਉਹ ਗੋਲ ਫੈਸਲਾਕੁੰਨ ਸਾਬਤ ਹੋਇਆ। ਮਾਹਰਾਂ ਨੇ ਵੰਦਨਾ ਕਟਾਰੀਆ ਦੀ ਖੇਡ ਦੀ ਭਰਪੂਰ ਸ਼ਲਾਘਾ ਕੀਤੀ, ਜਿਸ ਨੂੰ ਬਾਅਦ ਵਿਚ ਸਾਰੇ ਟੂਰਨਾਮੈਂਟ ਦਾ ਉੱਤਮ ਖਿਡਾਰੀ ਹੋਣ ਦਾ ਸਨਮਾਨ ਮਿਲਿਆ। ਮਾਹਰ ਇਹ ਗੱਲ ਕਹਿਣ ਵਿਚ ਸੰਕੋਚ ਨਹੀਂ ਕਰਦੇ ਕਿ ਇਸ ਸਮੇਂ ਰਾਣੀ ਰਾਮਪਾਲ ਦੀ ਗੈਰ-ਹਾਜ਼ਰੀ ਬਹੁਤ ਖਟਕਦੀ ਰਹੀ, ਜੋ ਕੁਸ਼ਲਤਾ ਰਾਣੀ ਦਿਖਾਉਂਦੀ ਹੈ, ਉਸ ਦਾ ਮੁਕਾਬਲਾ ਕਰਨ ਵਾਲਾ ਕੋਈ ਖਿਡਾਰੀ ਟੀਮ ਵਿਚ ਨਹੀਂ ਸੀ।


-ਪ੍ਰੋ: ਜਤਿੰਦਰ ਬੀਰ ਸਿੰਘ ਨੰਦਾ
274-ਏ.ਐਕਸ., ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ। ਮੋਬਾ: 98152-55295

ਹੌਸਲਿਆਂ ਦੀ ਉਡਾਨ ਹੈ ਅਪਾਹਜ ਖਿਡਾਰੀ ਰਾਜਿੰਦਰ ਸਿੰਘ ਧਾਮੀ ਉੱਤਰਾਖੰਡ

ਹੌਸਲਿਆਂ ਦੀ ਵੱਡੀ ਉਡਾਨ ਹੈ ਅਪਾਹਜ ਖਿਡਾਰੀ ਰਾਜਿੰਦਰ ਸਿੰਘ ਧਾਮੀ, ਜਿਸ ਨੇ ਤੰਗੀਆਂ, ਦੁਸ਼ਵਾਰੀਆਂ, ਔਕੜਾਂ, ਮੁਸੀਬਤਾਂ ਝੱਲਦੇ ਅੱਜ ਆਪਣੀ ਮਿਹਨਤ ਅਤੇ ਲਗਨ ਨਾਲ ਉਸ ਸਥਾਨ 'ਤੇ ਜਗ੍ਹਾ ਬਣਾਈ ਹੈ ਕਿ ਹਰ ਇਕ ਆਦਮੀ ਹੈਰਾਨ ਹੋਏ ਬਿਨਾਂ ਨਾ ਰਹਿ ਕੇ ਉਸ ਦੇ ਬੁਲੰਦ ਹੌਸਲੇ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕੇਗਾ। ਵੀਲ ਚੇਅਰ 'ਤੇ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਣ ਵਾਲੇ ਇਸ ਅਪਾਹਜ ਕ੍ਰਿਕਟ ਖਿਡਾਰੀ ਰਾਜਿੰਦਰ ਸਿੰਘ ਧਾਮੀ ਦਾ ਜਨਮ ਉੱਤਰਾਖੰਡ ਦੀ ਉਸ ਪਵਿੱਤਰ ਜਗ੍ਹਾ 'ਤੇ ਹੋਇਆ, ਜਿਸ ਜਗ੍ਹਾ ਦੀ ਜੰਨਤ ਅਤੇ ਉਸ ਦੇ ਦਰਸ਼ਨ ਦੀਦਾਰੇ ਕਰਨਾ ਹਰ ਵਿਅਕਤੀ ਲੋਚਦਾ ਹੈ। ਰਾਜਿੰਦਰ ਸਿੰਘ ਧਾਮੀ ਜਾਣੀ ਰਾਜ ਧਾਮੀ ਦਾ ਜਨਮ 4 ਜੁਲਾਈ, 1990 ਵਿਚ ਜ਼ਿਲ੍ਹਾ ਪਿਥੌਰਾਗੜ੍ਹ, ਤਹਿਸੀਲ ਕਲਾਨੀਛੀਨਾ ਦੇ ਇਕ ਛੋਟੇ ਜਿਹੇ ਪਹਾੜੀ ਉਪਰ ਵਸੇ ਪਿੰਡ ਰੈਕੋਟ ਵਿਚ ਪਿਤਾ ਮਹਿੰਦਰ ਸਿੰਘ ਧਾਮੀ ਦੇ ਘਰ ਮਾਤਾ ਕਲਾਵਤੀ ਦੇਵੀ ਦੀ ਕੁੱਖੋਂ ਹੋਇਆ। ਰਾਜ ਧਾਮੀ ਅਜੇ ਤਿੰਨ ਕੁ ਸਾਲ ਦਾ ਸੀ ਕਿ ਉਸ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋ ਗਿਆ ਅਤੇ ਪੋਲੀਓ ਦੀ ਨਾਮੁਰਾਦ ਬਿਮਾਰੀ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਅੱਜ ਉਹ ਦੋਵੇਂ ਲੱਤਾਂ ਤੋਂ 90 ਫੀਸਦੀ ਅਪਾਹਜ ਹੈ ਅਤੇ ਬੈਸਾਖੀਆਂ ਅਤੇ ਵੀਲ ਚੇਅਰ ਦੇ ਸਹਾਰੇ ਆਪਣੀ ਜ਼ਿੰਦਗੀ ਦੀਆਂ ਪੁਲਾਂਘਾਂ ਪੁੱਟ ਅੱਗੇ ਵਧ ਰਿਹਾ ਹੈ। ਰਾਜ ਧਾਮੀ ਨੇ ਬਚਪਨ ਦੀ ਦਹਿਲੀਜ਼ 'ਤੇ ਪੈਰ ਧਰਿਆ ਤਾਂ ਉਸ ਦੇ ਸਾਹਮਣੇ ਅਨੇਕ ਚੁਣੌਤੀਆਂ ਆ ਖੜ੍ਹੀਆਂ। ਇਕ ਪਾਸੇ ਘਰ ਵਿਚ ਅੰਤਾਂ ਦੀ ਗਰੀਬੀ, ਦੂਸਰੇ ਪਾਸੇ ਪਹਾੜੀ 'ਤੇ ਵਸਿਆ ਉਸ ਦਾ ਛੋਟਾ ਜਿਹਾ ਪਿੰਡ, ਜਿਸ ਦਾ ਉਬੜ-ਖਾਬੜ ਰਸਤਾ, ਜਿੱਥੇ ਅਪਾਹਜ ਰਾਜ ਧਾਮੀ ਦਾ ਬੈਸਾਖੀਆਂ ਦੇ ਸਹਾਰੇ ਵੀ ਚੱਲ ਸਕਣਾ ਮੁਸ਼ਕਿਲ ਸੀ ਪਰ ਉਸ ਨੇ ਸਾਰੀਆਂ ਚੁਣੌਤੀਆਂ ਨੂੰ ਕਬੂਲਦੇ ਜ਼ਿੰਦਗੀ ਦੀ ਮੰਜ਼ਿਲ ਨੂੰ ਇਸ ਕਦਰ ਮਾਪਿਆ ਕਿ ਅੱਜ ਹਰ ਇਕ ਆਦਮੀ ਉਸ ਦੀਆਂ ਪ੍ਰਾਪਤੀਆਂ ਵੇਖ ਆਖਦਾ ਹੈ ਕਿ ਵਾਹ ਰਾਜ! ਸ਼ਾਬਾਸ਼, ਤੂੰ ਕਮਾਲ ਕਰ ਵਿਖਾਇਆ।
ਜਿੱਥੇ ਰਾਜ ਧਾਮੀ ਨੇ ਢੇਰਾਂ ਮੁਸੀਬਤਾਂ ਝੱਲ ਉੱਚ ਸਿੱਖਿਆ ਪ੍ਰਾਪਤ ਕੀਤੀ, ਉਥੇ ਉਸ ਦਾ ਸੁਪਨਾ ਐਵਰੈਸਟ ਚੋਟੀ ਨੂੰ ਸਰ ਕਰਨ ਦਾ ਸੀ ਪਰ ਉਸ ਦੀ ਦਲੇਰੀ ਉਸ ਸਮੇਂ ਦਮ ਤੋੜ ਗਈ ਜਦ ਆਰਥਿਕ ਤੌਰ 'ਤੇ ਉਸ ਦੀ ਮਦਦ ਲਈ ਕੋਈ ਨਾ ਬਹੁੜਿਆ ਅਤੇ ਉਸ ਨੇ ਆਪਣੇ ਹੀ ਪਹਾੜੀ ਇਲਾਕੇ ਵਿਚ ਹਜ਼ਾਰਾਂ ਫੁੱਟ ਉੱਚੇ ਪਹਾੜੀ ਦੀ ਚੋਟੀ 'ਤੇ ਬਣੇ ਮੰਦਰ ਧਵੱਜਾ ਜਯੰਤੀ ਖੰਡੇ ਨਾਥ ਮੰਦਰ, ਜਿਸ 'ਤੇ ਪਹੁੰਚ ਸਕਣਾ ਇਕ ਆਮ ਆਦਮੀ ਦੇ ਵੱਸ ਦਾ ਰੋਗ ਨਹੀਂ ਸੀ ਅਤੇ ਰਾਜ ਧਾਮੀ ਨੇ ਉਸ ਮੰਦਰ ਨੂੰ ਬੈਸਾਖੀਆਂ ਦੇ ਸਹਾਰੇ ਦੋ ਵਾਰ ਸਰ ਕਰਕੇ ਇਹ ਅਹਿਸਾਸ ਕਰਵਾ ਦਿੱਤਾ ਕਿ ਹੌਸਲਿਆਂ ਦੀ ਉਡਾਨ ਦੀ ਨੀਂਹ ਮਜ਼ਬੂਤ ਹੋਵੇ ਤਾਂ ਉੱਚੀਆਂ ਚੋਟੀਆਂ ਵੀ ਸਰ ਕੀਤੀਆਂ ਜਾ ਸਕਦੀਆਂ ਹਨ। ਇਸ ਕੰਮ ਨਾਲ ਰਾਜ ਧਾਮੀ ਦੇ ਇਰਾਦੇ ਹੋਰ ਮਜ਼ਬੂਤ ਤੇ ਪ੍ਰਪੱਕ ਹੋਏ। ਉਸ ਨੇ ਅਥਲੈਟਿਕ ਵਿਚ ਸ਼ਾਟਪੁੱਟ, ਚੱਕਾ ਸੁੱਟਣਾ ਅਤੇ ਜੈਵਲਿਨ ਥਰੋ ਵਿਚ ਰਾਸ਼ਟਰੀ ਪੱਧਰ 'ਤੇ ਖੇਡ ਕੇ ਸੋਨ ਤਗਮੇ, ਚਾਂਦੀ ਦੇ ਤਗਮੇ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ। ਉਸ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਉੱਤਰਾਖੰਡ ਸਰਕਾਰ ਨੇ ਉਸ ਨੂੰ ਸਟੇਟ ਐਵਾਰਡ ਨਾਲ ਸਨਮਾਨਿਆ। ਅਥਲੈਟਿਕ ਦੇ ਨਾਲ-ਨਾਲ ਉਸ ਨੇ ਵੀਲ ਚੇਅਰ 'ਤੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਅਤੇ ਸਾਲ 2014 ਵਿਚ ਲਖਨਊ ਦੇ ਕੇ. ਡੀ. ਬਾਬੂ ਸਟੇਡੀਅਮ ਵਿਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ। ਸਾਲ 2017 ਵਿਚ ਕਠਮੰਡੂ ਵਿਚ ਹੋਈ ਤਿਕੋਣੀ ਕ੍ਰਿਕਟ ਲੜੀ ਵਿਚ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ, ਜਿੱਥੇ ਉਸ ਦੇ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਹੋਈ। ਸਾਲ 2018 ਵਿਚ ਉੱਤਰਾਖੰਡ ਦੇ ਸ਼ਹਿਰ ਰੁਦਰਪੁਰ ਅਤੇ ਮੁੰਬਈ ਵਿਚ ਹੋਈ ਨਿਪਾਲ, ਬੰਗਲਾਦੇਸ਼ ਨਾਲ ਤਿਕੋਣੀ ਲੜੀ ਵਿਚ ਭਾਰਤੀ ਟੀਮ ਵਿਚ ਖੇਡ ਕੇ ਵਧੀਆ ਪ੍ਰਦਰਸ਼ਨ ਕੀਤਾ। ਰਾਜ ਧਾਮੀ ਦੀਆਂ ਨਜ਼ਰਾਂ ਹੁਣ 2019 ਵਿਚ ਵਿਸ਼ਵ ਕੱਪ 'ਤੇ ਟਿਕੀਆਂ ਹੋਈਆਂ ਹਨ।


-ਮੋਬਾ: 98551-14484

ਯੂਏਫਾ ਚੈਂਪੀਅਨ ਲੀਗ ਫਾਈਨਲ

ਮਹਾਂਮੁਕਾਬਲੇ ਦੀ ਇੰਤਜ਼ਾਰ 'ਚ ਹੈ ਦੁਨੀਆ

ਫੁੱਟਬਾਲ ਦੀ ਦੁਨੀਆ 'ਚ ਯੂਏਫਾ ਚੈਂਪੀਅਨ ਲੀਗ ਨੂੰ ਫੁੱਟਬਾਲ ਕਲੱਬਾਂ ਦਾ ਸਭ ਤੋਂ ਵੱਡਾ ਅਤੇ ਵੱਕਾਰੀ ਟੂਰਨਾਮੈਂਟ ਗਿਣਿਆ ਜਾਂਦਾ ਹੈ। ਯੂਰਪੀ ਫੁੱਟਬਾਲ ਜਥੇਬੰਦੀ ਵਲੋਂ ਕਰਵਾਈ ਜਾਂਦੀ ਇਸ ਕਲੱਬ ਚੈਂਪੀਅਨਸ਼ਿਪ 'ਚ ਯੂਰਪ ਦੀਆਂ 32 ਉਹ ਟੀਮਾਂ ਖੇਡਦੀਆਂ ਹਨ, ਜੋ ਆਪਣੇ ਦੇਸ਼ ਵਿਚ ਸਿਖਰਲਾ ਦਰਜਾ ਪ੍ਰਾਪਤ ਕਰਦੀਆਂ ਹਨ। ਇਨ੍ਹਾਂ 32 ਟੀਮਾਂ ਨੂੰ 4-4 ਦੇ 8 ਗਰੁੱਪਾਂ 'ਚ ਵੰਡਿਆ ਗਿਆ ਸੀ ਅਤੇ ਲਗਪਗ 8 ਮਹੀਨਿਆਂ ਦੌਰਾਨ ਖੇਡੇ ਗਏ 78-79 ਗਰੁੱਪ ਮੈਚਾਂ ਦੇ ਰੁਮਾਂਚਿਕ ਅਤੇ ਉਤਰਾਅ-ਚੜ੍ਹਾਅ ਭਰੇ ਨਤੀਜਿਆਂ ਤੋਂ ਬਾਅਦ ਸੈਮੀਫਾਈਨਲ 'ਚ ਪੰਜ ਵਾਰ ਦੀ ਚੈਂਪੀਅਨ ਲਿਵਰਪੂਲ ਅਤੇ ਇਟਲੀ ਦੀ ਕਲੱਬ ਰੋਮਾ ਅਤੇ ਦੂਜੇ ਸੈਮੀਫਾਈਨਲ ਰੀਅਲ ਮੈਡਰਿਡ ਅਤੇ ਜਰਮਨ ਦੀ ਕਲੱਬ ਬਾਇਰਨ ਮਿਊਨਖ ਯੂਰਪ ਦੇ ਇਸ ਵੱਕਾਰੀ ਟੂਰਨਾਮੈਂਟ 'ਚ ਭਿੜੀਆਂ ਤੇ ਹੁਣ ਇਸ ਬਹੁਚਰਚਿਤ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਯੂਕਰੇਨ ਦੇ ਕੀਫੁ ਸਟੇਡੀਅਮ 'ਚ ਖੇਡਿਆ ਜਾਵੇਗਾ।
ਯੂਏਫਾ ਚੈਂਪੀਅਨ ਲੀਗ 'ਚ ਲਿਵਰਪੂਲ ਨੇ 11 ਸਾਲ ਬਾਅਦ ਚੈਂਪੀਅਨ ਲੀਗ ਦੇ ਫਾਈਨਲ 'ਚ ਟਿਕਟ ਪੱਕਾ ਕੀਤਾ ਤੇ ਹੁਣ ਉਸ ਦੀ ਫੈਸਲਾਕੁਨ ਟੱਕਰ 12 ਵਾਰ ਦੇ ਚੈਂਪੀਅਨ ਰੀਅਲ ਮੈਡਰਿਡ ਨਾਲ ਹੋਵੇਗੀ ਤੇ ਇਸ ਵਾਰ ਰੀਅਲ ਮੈਡਰਿਡ ਦੀ ਨਿਗ੍ਹਾ ਲਗਾਤਾਰ ਤੀਜੇ ਖ਼ਿਤਾਬ 'ਤੇ ਟਿਕੀ ਹੋਈ ਹੈ। ਸੈਮੀਫਾਈਨਲ ਦੇ ਪਹਿਲੇ ਗੇੜ 'ਚ 5-2 ਨਾਲ ਜਿੱਤ ਦਰਜ ਕਰਨ ਵਾਲੀ ਲਿਵਰਪੂਲ ਦੀ ਟੀਮ ਰੋਮਾ ਦੇ ਘਰੇਲੂ ਮੈਦਾਨ 'ਚ 4-2 ਨਾਲ ਪਛੜ ਗਈ ਪਰ ਦੂਜੇ ਗੇੜ ਦੇ ਸੈਮੀਫਾਈਨਲ ਤੋਂ ਬਾਅਦ ਕੋਚ ਜਰਗੇਨ ਕਲੋਪ ਦੀ ਟੀਮ ਲਿਵਰਪੂਲ 7-6 ਦੀ ਔਸਤ ਨਾਲ ਜਿੱਤ ਦਰਜ ਕਰਕੇ 2007 ਤੋਂ ਬਾਅਦ ਪਹਿਲੀ ਵਾਰ ਫਾਈਨਲ 'ਚ ਥਾਂ ਬਣਾਉਣ 'ਚ ਸਫਲ ਰਹੀ। ਚੈਂਪੀਅਨ ਲੀਗ ਦੇ ਦੂਜੇ ਸੈਮੀਫਾਈਨਲ ਦੇ ਪਹਿਲੇ ਅਤੇ ਦੂਜੇ ਗੇੜ ਦੇ ਮੁਕਾਬਲੇ 'ਚ 12 ਵਾਰ ਦੀ ਚੈਂਪੀਅਨ ਰੀਅਲ ਮੈਡਰਿਡ ਨੇ ਜਰਮਨ ਦੀ ਕਲੱਬ ਬਾਇਰਨ ਮਿਊਨਖ ਨੂੰ 4-3 ਦੀ ਔਸਤ ਨਾਲ ਪਛਾੜ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਜਦ ਕਿ 27 ਮਈ ਨੂੰ ਲਿਵਰਪੂਲ ਅਤੇ ਰੀਅਲ ਮੈਡਰਿਡ ਦੀਆਂ ਟੀਮਾਂ ਵਿਚਕਾਰ ਯੂਕਰੇਨ ਦੇ ਕੀਵ ਸਟੇਡੀਅਮ 'ਚ ਖ਼ਿਤਾਬੀ ਜੰਗ 'ਚ 'ਕਰੋ ਜਾਂ ਮਰੋ' ਦੇ ਜਜ਼ਬੇ ਨਾਲ ਮੈਦਾਨ 'ਚ ਉਤਰਨਗੀਆਂ ਤਾਂ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਮਹਾਂਮੁਕਾਬਲੇ ਦੀ ਖ਼ਿਤਾਬੀ ਭਿੜਤ 'ਤੇ ਟਿਕ ਗਈਆਂ ਹਨ।
ਅੰਕੜਿਆਂ ਦੀ ਨਜ਼ਰਸਾਨੀ 'ਚ 37 ਸਾਲ ਬਾਅਦ ਦੋਵੇਂ ਟੀਮਾਂ ਇਕ ਵਾਰ ਫਿਰ ਖ਼ਿਤਾਬੀ ਮੁਕਾਬਲੇ 'ਚ ਟਕਰਾਉਣਗੀਆਂ। ਇਸ ਤੋਂ ਪਹਿਲਾਂ 1981 'ਚ ਯੂਰਪੀਅਨ ਕੱਪ ਦੇ ਫਾਈਨਲ 'ਚ ਲਿਵਰਪੂਲ ਨੇ ਰੀਅਲ ਮੈਡਰਿਡ ਨੂੰ 1-0 ਨਾਲ ਹਰਾ ਕੇ ਟਰਾਫੀ ਜਿੱਤੀ ਸੀ। ਇਸ ਵਾਰ ਸੈਮੀਫਾਈਨਲ ਗੇੜ ਮੁਕਾਬਲਿਆਂ 'ਚ ਲਿਵਰਪੂਲ ਅਤੇ ਰੋਮਾ ਵਿਚਕਾਰ ਖੇਡੇ ਗਏ ਮੁਕਾਬਲਿਆਂ 'ਚ 13 ਗੋਲ ਹੋਏ, ਜੋ ਕਿ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ 1998 ਚੈਂਪੀਅਨ ਲੀਗ ਸੈਮੀਫਾਈਨਲ 'ਚ ਮੋਨਾਕੋ ਅਤੇ ਜੁੱਵਟਸ ਵਿਚਕਾਰ ਖੇਡੇ ਗਏ ਮੈਚ 'ਚ 10 ਗੋਲ ਦਰਜ ਹੋਏ ਸਨ। ਲਿਵਰਪੂਲ ਨੇ ਇਸ ਵਾਰ ਆਪਣੇ ਕੁੱਲ ਮੈਚ ਖੇਡਦਿਆਂ 20 ਗੋਲ ਘਰੇਲੂ ਮੈਦਾਨ ਤੋਂ ਬਾਹਰ ਕੀਤੇ। ਅਜਿਹਾ ਕਰਕੇ ਉਸ ਨੇ ਰੀਅਲ ਮੈਡਰਿਡ ਵਲੋਂ ਇਕ ਸਤਰ 'ਚ ਘਰ ਤੋਂ ਬਾਹਰ ਕੀਤੇ ਗੋਲਾਂ ਦੇ ਰਿਕਾਰਡ ਦੀ (2013-14) ਬਰਾਬਰੀ ਕਰ ਲਈ। ਇਸ ਦੇ ਨਾਲ ਹੀ ਲਿਵਰਪੂਲ ਇਸ ਵਾਰ ਇਕ ਸੀਜ਼ਨ 'ਚ 40 ਗੋਲ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਬਾਰਸੀਲੋਨਾ (45 ਗੋਲ 1900-00) ਅਤੇ ਰੀਅਲ ਮੈਡਰਿਡ ਨੇ (41 ਗੋਲ 2013-14) ਕੀਤੇ ਸਨ।
ਲਿਵਰਪੂਲ ਇਸ ਵਾਰ 8ਵੀਂ ਵਾਰ ਫਾਈਨਲ 'ਚ ਪਹੁੰਚਿਆ ਹੈ। ਉਹ ਪੰਜ ਵਾਰ ਵਿਜੇਤਾ ਅਤੇ ਦੋ ਵਾਰ ਉਪ-ਵਿਜੇਤਾ ਰਿਹਾ ਹੈ। ਰੀਅਲ ਮੈਡਰਿਡ ਇਸ ਵਾਰ 16ਵੀਂ ਵਾਰ ਖ਼ਿਤਾਬੀ ਮੁਕਾਬਲੇ ਲਈ ਪੂਰੇ ਲਾਮ ਲਸ਼ਕਰ ਨਾਲ ਮੈਦਾਨ 'ਚ ਉਤਰੇਗਾ। ਉਹ 12 ਵਾਰ ਚੈਂਪੀਅਨ ਦੀ ਗੁਰਜ ਜਿੱਤਣ 'ਚ ਸਫਲ ਰਿਹਾ ਹੈ ਅਤੇ ਪਿਛਲੇ ਦੋ ਸਾਲ ਤੋਂ ਲਗਾਤਾਰ ਖ਼ਿਤਾਬੀ ਸਿਹਰਾ ਵੀ ਰੀਅਲ ਮੈਡਰਿਡ ਦੇ ਸਿਰ ਬੱਝਿਆ ਹੋਇਆ। ਪਿਛਲੀ ਵਾਰ ਉਸ ਨੇ ਜੁੱਵਟਸ ਕਲੱਬ ਨੂੰ 4-1 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ...ਖੈਰ, ਅੰਕੜਿਆਂ ਦੀ ਨਜ਼ਰ 'ਚ ਭਾਵੇਂ ਰੀਅਲ ਮੈਡਰਿਡ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਪਰ ਲਿਵਰਪੂਲ ਦੇ ਕੋਚ/ਮੈਨੇਜਰ ਜਰਗੇਨ ਕਲੋਪ ਦੇ ਲਫਜ਼ਾਂ 'ਚ ਕੁਝ ਭੇਦ ਜ਼ਰੂਰ ਛੁਪਿਆ ਹੈ। ਉਸ ਨੇ ਕਿਹਾ, 'ਅਸੀਂ ਤਾਂ ਕੁਆਲੀਫਾਇਰ ਦੇ ਰੂਪ 'ਚ ਟੂਰਨਾਮੈਂਟ 'ਚ ਆਏ ਸੀ ਪਰ ਹੁਣ ਅਸੀਂ ਫਾਈਨਲ 'ਚ, ਮੈਂ ਟੀਮ ਅਤੇ ਪ੍ਰਸੰਸਕ ਖੁਸ਼ ਹਨ। ਹੁਣ ਅਸੀਂ ਖ਼ਿਤਾਬੀ ਟੱਕਰ ਲਈ ਕੀਵ ਦੇ ਮੈਦਾਨ 'ਚ ਉਤਰਾਂਗੇ। ...ਖੈਰ, ਯੂਏਫਾ ਚੈਂਪੀਅਨ ਲੀਗ ਦਾ ਖ਼ਿਤਾਬੀ ਤਾਜ ਕਿਸ ਦੇ ਸਿਰ ਸਜੇਗਾ, ਇਹ ਤਾਂ ਵਕਤ ਹੀ ਦੱਸੇਗਾ ਪਰ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੂੰ ਇਸ ਮਹਾਂਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।


-ਚੀਫ ਫੁੱਟਬਾਲ ਕੋਚ ਸਾਈ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਆਸਟ੍ਰੇਲੀਆ ਓਪਨ ਬੈਡਮਿੰਟਨ ਦਾ ਲੇਖਾ-ਜੋਖਾ

ਸੀਮਤ ਭਾਗਦਾਰੀ ਪਰ ਸੰਤੁਸ਼ਟੀਜਨਕ ਪ੍ਰਦਰਸ਼ਨ

ਇਸ ਸਾਲ 2018 ਵਿਚ ਆਸਟਰੇਲੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤ ਕੋਈ ਗੰਭੀਰ ਚੁਣੌਤੀ, ਮੁੱਖ ਖਿਡਾਰੀਆਂ ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਦੇ ਹਿੱਸਾ ਨਾ ਲੈਣ ਕਰਕੇ, ਨਾ ਪੇਸ਼ ਕਰ ਸਕਿਆ ਤੇ ਚੀਨ ਦੇਸ਼ ਦੇ ਖਿਡਾਰੀਆਂ ਨੇ ਆਪਣੇ ਦੇਸ਼ ਲਈ ਚੀਨ ਦੀ ਦੀਵਾਰ ਬਣ ਕੇ ਬੈਡਮਿੰਟਨ ਖੇਡ ਵਿਚ ਸਭ ਤੋਂ ਪ੍ਰਤਿਸ਼ਟਤ ਵੰਨਗੀ ਮਹਿਲਾ ਸਿੰਗਲਜ਼ ਵਿਚ ਚੀਨ ਦੀਆਂ ਹੀ ਦੋ ਖਿਡਾਰਨਾਂ ਦੁਆਰਾ ਫਾਈਨਲ ਖੇਡ ਕੇ ਵਿਸ਼ਵ ਵਿਚ ਆਪਣੀ ਧਾਂਕ ਜਮਾ ਲਈ। ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇ ਚੀਨ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਂਦਾ ਤਾਂ ਸਥਿਤੀ ਕੁਝ ਹੋਰ ਹੋਣੀ ਸੀ। ਇਸ ਟੂਰਨਾਮੈਂਟ ਵਿਚ ਚੀਨ ਦੀਆਂ ਹੀ ਦੋ ਖਿਡਾਰਨਾਂ ਵਿਚਕਾਰ ਫਾਈਨਲ ਮੈਚ ਸਿੰਗਲਜ਼ ਦੇ ਖੇਡੇ ਗਏ। ਇਸ ਦਾ ਇਕ ਮਹੱਤਵਪੂਰਨ ਕਾਰਨ ਭਾਰਤ ਦੀ ਸੀਮਤ ਭਾਗਦਾਰੀ ਮੰਨਿਆ ਜਾ ਸਕਦਾ ਹੈ। ਕੋਈ ਸਮਾਂ ਸੀ ਕਿ ਭਾਰਤ ਕਦੇ ਬੈਡਮਿੰਟਨ ਦੇ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿਚ ਭਾਗ ਲੈਣਾ ਇਕ ਸੁਪਨੇ ਦੇ ਮੁਤਾਬਕ ਸਮਝਦਾ ਸੀ। ਸਭ ਤੋਂ ਪਹਿਲਾਂ ਪ੍ਰਕਾਸ਼ ਪਾਦੂਕੋਨ ਨੇ ਆਲ ਇੰਗਲੈਂਡ ਇਕ ਸਭ ਤੋਂ ਵਕਾਰੀ ਟੂਰਨਾਮੈਂਟ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਫਿਰ ਗੋਪੀ ਚੰਦ ਨੇ ਉਸ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਆਲ ਇੰਗਲੈਂਡ ਕਿਸੇ ਭਾਰਤੀ ਦਾ ਦੂਜੀ ਵਾਰ ਜਿੱਤ ਕੇ ਇਸ ਖੇਡ ਨੂੰ ਉਤਸ਼ਾਹਿਤ ਕੀਤਾ। ਹੁਣ ਇਹ ਗੱਲ ਬਹੁਤ ਸੰਤੋਸ਼ਜਨਕ ਹੈ ਕਿ ਹੁਣ ਭਾਰਤ ਨੇ ਬੈਡਮਿੰਟਨ ਦੇ ਹਰ ਅੰਤਰਰਸ਼ਾਟਰੀ ਟੂਰਨਾਮੈਂਟ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਓਪਨ ਆਸਟ੍ਰੇਲੀਆ ਵਿਚ ਭਾਰਤ ਨੇ ਹਿੱਸਾ ਲਿਆ ਹੈ ਪਰ ਕਈ ਖੇਡ ਪ੍ਰੇਮੀਆਂ ਨੂੰ ਇਸ ਗੱਲ ਦੀ ਨਿਰਾਸ਼ਾ ਹੋਈ ਕਿ ਇਸ ਟੂਰਨਾਮੈਂਟ ਵਿਚ ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਹਿੱਸਾ ਨਹੀਂ ਸਨ ਲੈ ਰਹੀਆਂ। ਪਰ ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਹੁਣ ਭਾਰਤ ਦੇ ਬੈਡਮਿੰਟਨ ਵਿਚ ਇਹ ਸਮਾਂ ਆ ਗਿਆ ਹੈ ਕਿ ਭਾਰਤ ਹੁਣ ਆਪਣੇ ਕੁਝ ਖਿਡਾਰੀਆਂ ਨੂੰ ਆਰਾਮ ਦੇ ਸਕਦਾ ਹੈ, ਜਿਵੇਂ ਕ੍ਰਿਕਟ ਵਿਚ ਅਸੀਂ ਕੋਹਲੀ ਜਾਂ ਧੋਨੀ ਨੂੰ ਕਦੇ ਆਰਾਮ ਦੇ ਸਕਦੇ ਹਾਂ। ਮਾਹਿਰਾਂ ਅਨੁਸਾਰ ਇਹ ਗੱਲ ਇਸ ਖੇਡ ਦੇ ਸੁਧਾਰ ਹੋਣ ਕਰਕੇ ਹੀ ਸੰਭਵ ਹੋਈ ਹੈ।
ਫਿਰ ਦੂਸਰੀ ਵਿਸ਼ੇਸ਼ ਪ੍ਰਾਪਤੀ ਇਸ ਖੇਡ ਵਿਚ ਇਸ ਵਾਰ ਆਸਟਰੇਲੀਆ ਓਪਨ ਵਿਚ ਕੁਆਟਰ ਫਾਈਨਲ ਵਿਚ ਦੋਵੇਂ ਭਾਰਤੀ ਟੀਮਾਂ ਦਾ ਆਪਸ ਵਿਚ ਟਾਕਰਾ ਹੋ ਗਿਆ ਤੇ ਇਕ ਭਾਰਤੀ ਟੀਮ ਨੂੰ ਬਾਹਰ ਹੋਣਾ ਪਿਆ। ਪਹਿਲੀ ਨਜ਼ਰ ਨਾਲ ਦੇਖਿਆਂ ਜਦੋਂ ਭਾਰਤ ਦੀ ਇਕ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀ ਹੈ ਤਾਂ ਸੁਭਾਵਿਕ ਹੈ ਕਿ ਕਿਤੇ ਤਾਂ ਇਹ ਨਿਰਾਸ਼ਾ ਦਾ ਆਲਮ ਛਾ ਜਾਂਦਾ ਹੈ।
ਪਰ ਮਾਹਿਰਾਂ ਅਨੁਸਾਰ ਇਹ ਵੀ ਭਾਰਤ ਦੀ ਇਕ ਪ੍ਰਾਪਤੀ ਸਮਝੀ ਜਾਣੀ ਚਾਹੀਦੀ ਹੈ, ਕਿਉਂਕਿ ਦੋਵੇਂ ਟੀਮਾਂ ਭਾਰਤ ਦੀਆਂ ਹੋਣ ਕਰਕੇ ਇਕ ਟੀਮ ਅੱਗੇ ਚਲੀ ਜਾ ਸਕਦੀ ਹੈ ਤੇ ਇਹ ਗੱਲ ਵੀ ਇਸ ਖੇਡ ਦੇ ਵਿਕਾਸ ਦੀ ਸੂਚਕ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਜੋ ਟੈਨਿਸ ਵਿਚ ਆਮ ਦੇਖਿਆ ਗਿਆ ਹੈ ਕਿ ਦੋ ਅਮਰੀਕਾ ਦੀਆਂ ਵਿਲੀਅਮ ਭੈਣਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਇਕ ਨੇ ਤਾਂ ਹਾਰ ਕੇ ਬਾਹਰ ਹੋਣਾ ਹੀ ਹੁੰਦਾ ਹੈ ਪਰ ਇਹ ਗੱਲ ਅਮਰੀਕਾ ਦੇ ਇਸ ਟੈਨਿਸ ਖੇਡ ਵਿਚ ਵਿਕਾਸ ਦੀ ਸੂਚਕ ਮੰਨੀ ਜਾਂਦੀ ਹੈ। ਹੁਣ ਇਹ ਗੱਲ ਭਾਰਤ ਦੇ ਬੈਡਮਿੰਟਨ ਦੇ ਵਿਕਾਸ ਬਾਰੇ ਵੀ ਕਹੀ ਜਾ ਸਕਦੀ ਹੈ ਕਿ ਇਸ ਖੇਡ ਵਿਚ ਸੁਧਾਰ ਇੰਨਾ ਹੋ ਚੁੱਕਾ ਹੈ ਕਿ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀਆਂ ਹੀ ਸਾਇਨਾ ਤੇ ਪੀ.ਵੀ. ਸਿੰਧੂ ਤਗਮੇ ਲਈ ਆਪਸ ਵਿਚ ਭਿੜੀਆਂ ਤੇ ਸੋਨੇ ਦਾ ਤਗਮਾ ਸਾਇਨਾ ਨੂੰ ਤੇ ਚਾਂਦੀ ਦਾ ਪੀ. ਵੀ. ਸਿੰਧੂ ਦੋਵੇਂ ਖਿਡਾਰਨਾਂ ਨੂੰ ਮਿਲਿਆ। ਇਸ ਬਹੁਤ ਹੀ ਵਕਾਰੀ ਟੂਰਨਾਮੈਂਟ ਵਿਚ ਮਾਹਿਰਾਂ ਅਨੁਸਾਰ ਭਾਰਤ ਦੀ ਡਬਲਜ਼ ਖੇਡ ਵਿਚ ਸੰਤੁਸ਼ਟੀਜਨਕ ਸੁਧਾਰ ਹੋਇਆ ਹੈ। ਭਾਰਤ ਨੇ ਇਸ ਵੰਨਗੀ ਵਿਚ ਜੋ ਉੱਤਮ ਸ਼ੁਰੂਆਤ ਰਾਸ਼ਟਰਮੰਡਲ ਖੇਡਾਂ ਵਿਚ ਡਬਲਜ਼ ਵਿਚ ਇੰਗਲੈਂਡ ਵਰਗੀ ਟੀਮ ਨਾਲ ਫਾਈਨਲ ਖੇਡਿਆ ਤੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ, ਉਸ ਤੋਂ ਅੱਗੇ ਭਾਰਤ ਹੁਣ ਹੋ ਗਿਆ ਹੈ। ਰਾਸ਼ਟਰਮੰਡਲ ਵਿਚ ਸੀਮਤ ਦੇਸ਼ ਹੀ ਭਾਗ ਲੈ ਰਹੇ ਸਨ। ਹੁਣ ਆਸਟ੍ਰੇਲੀਆ ਓਪਨ ਵਿਚ ਆਪਣੇ ਸਾਰੇ ਲੀਗ ਮੈਚ ਡਬਲਜ਼ ਦੇ ਜਿੱਤਣੇ ਤੇ ਅੰਤਿਮ ਅੱਠ ਵਿਚ ਸਾਡੀਆਂ ਦੋ ਟੀਮਾਂ ਦਾ ਪਹੁੰਚਣਾ ਆਸਟ੍ਰੇਲੀਆ ਓਪਨ ਦੀ ਇਕ ਹੋਰ ਪ੍ਰਾਪਤੀ ਹੈ। ਜਿਥੇ ਸਿੰਗਲਜ਼ ਵਿਚ ਭਾਰਤ ਦੇ ਸ੍ਰੇਸ਼ਠ ਖਿਡਾਰੀਆਂ ਨੇ ਸਾਨੂੰ ਨਿਰਾਸ਼ ਕੀਤਾ ਹੈ, ਉਥੇ ਡਬਲਜ਼ ਦੇ ਖਿਡਾਰੀਆਂ ਨੇ ਭਾਰਤ ਦੀ ਇੱਜ਼ਤ ਵਧਾਈ ਹੈ। ਸਮੁੱਚੇ ਰੂਪ ਵਿਚ ਆਸਟਰੇਲੀਆ ਓਪਨ ਚੀਨ ਤੇ ਇੰਡੋਨੇਸ਼ੀਆ ਦੇ ਨਾਂਅ ਰਿਹਾ ਪਰ ਭਾਰਤ ਨੇ ਵੀ ਇਸ ਖੇਡ ਵਿਚ ਇਕ ਕਦਮ ਅੱਗੇ ਪੁੱਟਿਆ ਹੈ। ਭਾਰਤ ਲਈ ਅਗਲੀ ਚੁਣੌਤੀ ਥਾਮਸ-ਉਬੇਰ ਕੱਪ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਰਾਸ਼ਟਰ ਮੰਡਲ ਖੇਡਾਂ ਵਿਚ ਆਖ਼ਰ ਸਭ ਤੋਂ ਘੱਟ ਉਮਰ ਦਾ

ਭਾਰਤੀ ਸੋਨ ਤਗਮਾ ਜੇਤੂ ਕਿਹੜਾ?

ਹਾਲ ਹੀ ਵਿਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਗੋਲਡ ਕੋਸਟ ਵਿਚ ਖ਼ਤਮ ਹੋਈਆਂ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੇ ਸ਼ੂਟਰ ਅਨੀਸ਼ ਭਾਨਵਾਲਾ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਪੂਰੇ ਦੇਸ਼ ਲਈ ਖੁਸ਼ੀ ਤੇ ਫ਼ਖਰ ਦਾ ਮੌਕਾ ਸੀ। ਵਿਸ਼ੇਸ਼ ਕਰਕੇ ਇਸ ਲਈ ਕਿ ਹਰਿਆਣਾ ਦੇ ਇਸ ਮੁੰਡੇ ਨੇ ਸਿਰਫ਼ 15 ਸਾਲ ਦੀ ਉਮਰ ਵਿਚ ਇਹ ਕਾਰਨਾਮਾ ਕਰ ਦਿਖਾਇਆ ਸੀ। ਮੀਡੀਆ ਨੇ ਤੁਰੰਤ ਇਹ ਸੁਰਖੀ ਲਾ ਦਿੱਤੀ-'ਅਨੀਸ਼ ਬਣੇ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਰਾਸ਼ਟਰ ਮੰਡਲ ਖੇਡਾਂ ਦਾ ਸੋਨ ਤਗਮਾ ਲਿਆਉਣ ਵਾਲੇ'। ਜਿਥੋਂ ਤੱਕ ਸ਼ੂਟਿੰਗ ਦੀ ਗੱਲ ਹੈ ਤਾਂ ਨਿਸਚਤ ਤੌਰ 'ਤੇ ਇਹ ਗੱਲ ਸਹੀ ਹੈ ਕਿ ਇਸ ਮੁਕਾਬਲੇ ਵਿਚ ਅਨੀਸ਼ ਸਭ ਤੋਂ ਘੱਟ ਉਮਰ ਦੇ ਭਾਰਤੀ ਸ਼ੂਟਰ ਹਨ ਜਿਨ੍ਹਾਂ ਨੂੰ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਗਮਾ ਹਾਸਲ ਕਰਨ ਦਾ ਫ਼ਖ਼ਰ ਹਾਸਲ ਹੋਇਆ ਹੈ। ਪਰ ਇਹ ਸਾਰੇ ਮੁਕਾਬਲਿਆਂ ਦੇ ਸੰਦਰਭ ਵਿਚ ਕਹਿਣਾ ਸਹੀ ਨਹੀਂ ਹੋਵੇਗਾ।
ਪੁਰਾਣੇ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਪਤਾ ਲਗਦਾ ਹੈ ਕਿ ਭਾਰਤ ਲਈ ਰਾਸ਼ਟਰ ਮੰਡਲ ਖੇਡਾਂ ਵਿਚ ਸਭ ਤੋਂ ਘੱਟ ਉਮਰ ਵਿਚ ਸੋਨ ਤਗਮਾ ਲਿਆਉਣ ਦਾ ਸਿਹਰਾ ਪਹਿਲਵਾਨ ਵੇਦ ਪ੍ਰਕਾਸ਼ ਨੂੰ ਜਾਣਾ ਚਾਹੀਦਾ, ਜਿਨ੍ਹਾਂ ਨੇ ਸਿਰਫ 14 ਸਾਲ ਦੀ ਉਮਰ ਵਿਚ ਐਡਿਨਬਰਗ ਰਾਸ਼ਟਰ ਮੰਡਲ ਖੇਡਾਂ (ਜੁਲਾਈ 16 ਤੋਂ 25, 1970) ਦੀ ਲਾਈਟ-ਫਲਾਈਵੇਟ ਸ਼੍ਰੇਣੀ ਵਿਚ ਸੋਨ ਤਗਮਾ ਜਿੱਤਿਆ ਸੀ। ਦਰਅਸਲ, ਵੇਦ ਪ੍ਰਕਾਸ਼ ਦੀ ਉਮਰ ਵੱਡੇ ਵਿਵਾਦ ਦਾ ਕਾਰਨ ਬਣ ਗਈ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਸਨ ਕਿ ਉਹ ਸਿਰਫ਼ 12 ਸਾਲ ਦੇ ਸਨ ਅਤੇ ਖੇਡ ਆਯੋਜਕਾਂ ਦਾ ਮੰਨਣਾ ਸੀ ਕਿ ਮੁਕਾਬਲੇ ਵਿਚ ਹਿੱਸਾ ਲੈਣ ਲਈ ਇਹ ਬਹੁਤ ਘੱਟ ਉਮਰ ਹੈ, ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਹੈ। ਇਕ 'ਜੂਨੀਅਰ' ਨੂੰ ਕਿਸੇ 'ਸੀਨੀਅਰ' ਨਾਲ ਕੁਸ਼ਤੀ ਕਿਵੇਂ ਨਹੀਂ ਕਰਨੀ ਚਾਹੀਦੀ। ਪਰ ਸਫਲਤਾ ਦੇ ਬਾਅਦ ਵੇਦ ਪ੍ਰਕਾਸ਼ ਨੂੰ 'ਵੰਡਰ ਬੁਆਏ', 'ਮਾਈਟੀ ਐਟਮ', 'ਰੈਸਲਿੰਗ ਜਵੈਲ' ਆਦਿ ਅਲੰਕਾਰਾਂ ਨਾਲ ਨਿਵਾਜਿਆ ਗਿਆ ਸੀ।
25 ਜੁਲਾਈ 1970 ਨੂੰ ਫਰਾਂਸ ਦੀ ਨਿਊਜ਼ ਏਜੰਸੀ ਏ. ਐਫ. ਪੀ. ਦੇ ਹਵਾਲੇ ਤੋਂ ਦੁਨੀਆ ਭਰ ਦੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਖ਼ਬਰਾਂ ਵਿਚ ਕਿਹਾ ਗਿਆ ਸੀ-'ਰਾਸ਼ਟਰ ਮੰਡਲ ਖੇਡਾਂ ਵਿਚ ਕੁਸ਼ਤੀ ਪ੍ਰਤੀਯੋਗਤਾ ਦਾ 'ਬੇਬ' (ਬਾਲਕ)। ਭਾਰਤ ਦੇ 14 ਸਾਲਾ 'ਵੰਡਰ ਬੁਆਏ' ਵੇਦ ਪ੍ਰਕਾਸ਼ ਨੇ ਕੈਨੇਡਾ ਦੇ ਕੇਨ ਸ਼ੰਡ ਨੂੰ ਲਾਈਟ-ਫਲਾਈਵੇਟ ਦੇ ਫਾਈਨਲ ਵਿਚ ਹਰਾ ਕੇ ਆਪਣੇ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ।
ਫਿਲਹਾਲ, ਬੁਰੀ ਕਿਸਮਤ ਦਖੀਏ ਕਿ ਭਾਰਤੀ ਕੁਸ਼ਤੀ ਸੰਘ ਦੇ ਕੋਲ ਵੇਦ ਪ੍ਰਕਾਸ਼ ਦੀ ਉਮਰ ਦਾ ਰਿਕਾਰਡ ਨਹੀਂ ਹੈ। ਉਸ ਦੇ ਕੋਲ ਹਾਲ ਦੇ ਸਾਲਾਂ ਦੇ ਪਹਿਲਵਾਨਾਂ ਦੇ ਤਾਂ ਰਿਕਾਰਡ ਹਨ ਜਿਵੇਂ ਪਾਸਪੋਰਟ, ਜਨਮ ਸਰਟੀਫਿਕੇਟ ਆਦਿ ਪਰ ਉਨ੍ਹਾਂ ਪਹਿਲਵਾਨਾਂ ਦਾ ਕੋਈ ਰਿਕਾਰਡ ਨਹੀਂ ਹੈ ਜਿਨ੍ਹਾਂ ਨੇ 1970 ਦੇ ਦਹਾਕੇ ਵਿਚ ਤਗਮੇ ਜਿੱਤੇ ਸਨ। ਇਸ ਤਰ੍ਹਾਂ ਦਾ ਸੰਘ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਕਹਿਣਾ ਹੈ। ਉਸ ਸਮੇਂ ਦੇ ਖੇਡ ਪੱਤਰਕਾਰਾਂ ਦਾ ਕਹਿਣਾ ਹੈ ਕਿ ਕੁਸ਼ਤੀ ਖੇਤਰਾਂ ਵਿਚ ਇਹ ਆਮ ਚਰਚਾ ਸੀ ਕਿ ਵੇਦ ਪ੍ਰਕਾਸ਼ ਨੇ 14 ਸਾਲ ਦੀ ਉਮਰ ਵਿਚ ਸੋਨ ਤਗਮਾ ਜਿੱਤਿਆ ਸੀ। ਸੀਨੀਅਰ ਖੇਡ ਪੱਤਰਕਾਰ ਕੇ. ਦੱਤਾ ਦਾ ਵੀ ਇਹੀ ਕਹਿਣਾ ਹੈ। ਉਨ੍ਹਾਂ ਨੇ ਅਡਿਨਬਰਗ ਵਿਚ ਕੁਸ਼ਤੀ 'ਚ ਤਗਮਾ ਜਿੱਤਣ ਵਾਲੇ ਪਹਿਲਵਾਨਾਂ 'ਤੇ ਜੋ ਡਾਕੂਮੈਂਟਰੀ ਬਣੀ ਹੈ, ਉਸ ਵਿਚ ਸਹਿਯੋਗ ਕੀਤਾ ਹੈ।
ਭਾਰਤ ਵਿਚ ਕੁਸ਼ਤੀ ਦੇ ਮੁੱਖ ਸਮੀਖਿਅਕ ਮਨੋਜ ਜੋਸ਼ੀ ਵੀ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਅਨੁਸਾਰ 'ਕੁਸ਼ਤੀ ਸੰਸਾਰ ਵਿਚ ਹਰ ਕੋਈ ਇਹੀ ਕਹਿੰਦਾ ਸੀ।' ਫਿਲਮ 'ਦੰਗਲ' ਵਿਚ ਅਭਿਨੈ ਕਰਨ ਵਾਲੇ ਜੋਸ਼ੀ ਨੇ ਲਗਪਗ ਇਕ ਦਹਾਕਾ ਪਹਿਲਾਂ ਦੂਰਦਰਸ਼ਨ ਲਈ ਵੇਦ ਪ੍ਰਕਾਸ਼ ਦੇ ਨਾਲ ਇਕ ਡਾਕੂਮੈਂਟਰੀ ਕੀਤੀ ਸੀ। ਉਹ ਕਹਿੰਦੇ ਹਨ, 'ਵੇਦ ਪ੍ਰਕਾਸ਼ ਦਰੋਣਾਚਾਰਿਆ ਪੁਰਸਕਾਰ ਜੇਤੂ ਗੁਰੂ ਹਨੂਮਾਨ ਦੇ ਸ਼ਿਸ਼ ਸਨ। ਉਹ ਹਮੇਸ਼ਾ ਸਕਾਰਾਤਮਕ, ਹਸਮੁੱਖ ਤੇ ਕੁਸ਼ਤੀ ਨੂੰ ਸਮਰਪਿਤ ਸਨ।' ਅਡਿਨਬਰਗ ਵਿਚ ਪਹਿਲਵਾਨ ਸੱਜਣ ਸਿੰਘ ਨੇ ਚਾਂਦੀ ਤਗਮਾ ਜਿੱਤਿਆ ਸੀ। ਹੁਣ ਉਹ ਕਾਫੀ ਬਜ਼ੁਰਗ ਹੋ ਗਏ ਹਨ, ਥੋੜ੍ਹਾ ਉੱਚਾ ਸੁਣਦੇ ਹਨ, ਉਨ੍ਹਾਂ ਨੇ ਵੀ ਫੋਨ 'ਤੇ ਆਪਣੇ ਬੇਟੇ ਜ਼ਰੀਏ ਦੱਸਿਆ ਕਿ ਉਸ ਸਮੇਂ ਵੇਦ ਪ੍ਰਕਾਸ਼ ਦੀ ਉਮਰ 13-14 ਸਾਲ ਸੀ।
ਖ਼ੁਦ ਵੇਦ ਪ੍ਰਕਾਸ਼ ਨਾਲ ਸੰਪਰਕ ਨਹੀਂ ਹੋ ਸਕਿਆ, ਪਰ 2010 ਵਿਚ ਉਮਰ ਸਬੰਧੀ ਵਿਵਾਦ ਬਾਰੇ ਉਨ੍ਹਾਂ ਨੇ ਇਕ ਅੰਗਰੇਜ਼ੀ ਦੈਨਿਕ ਨੂੰ ਦੱਸਿਆ ਸੀ, 'ਸਾਨੂੰ ਮੇਰਾ ਪਾਸਪੋਰਟ ਮਿਲਿਆ, ਮੇਰਾ ਕੁਸ਼ਤੀ ਪਰਮਿਟ ਅਤੇ ਮੇਰੇ ਮਾਤਾ-ਪਿਤਾ ਦਾ ਬਿਆਨ ਪੇਸ਼ ਕਰਨਾ ਪਿਆ ਸੀ, ਤਦੇ ਮੈਨੂੰ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਦਿੱਤਾ ਗਿਆ ਸੀ। ਉਹ ਜਾਣਦੇ ਸਨ ਕਿ ਮੈਨੂੰ ਮੇਰੀ ਸ਼੍ਰੇਣੀ ਵਿਚ ਕੋਈ ਹਰਾ ਨਹੀਂ ਸਕਦਾ।'
ਫਿਲਹਾਲ, ਵੇਦ ਪ੍ਰਕਾਸ਼ ਦੀ ਜਿੱਤ ਤੋਂ ਪਹਿਲਾਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਭਾਰਤ ਨਾਲ ਹੋਏ ਸੰਚਾਰ ਵਿਚ ਉਨ੍ਹਾਂ ਦੀ ਉਮਰ ਗ਼ਲਤੀ ਨਾਲ 12 ਸਾਲ ਦੇ ਦਿੱਤੀ ਗਈ ਸੀ। ਆਯੋਜਕ ਇਕ ਬੱਚੇ ਨੂੰ ਕੁਸ਼ਤੀ ਮੁਕਾਬਲੇ ਵਿਚ ਕਿਵੇਂ ਹਿੱਸਾ ਲੈਣ ਦੇ ਸਕਦੇ ਹਨ। ਇਹ ਗ਼ਲਤ ਫਹਿਮੀ ਇਸ ਆਧਾਰ 'ਤੇ ਦੂਰ ਹੋਈ ਕਿ ਵੇਦ ਪ੍ਰਕਾਸ਼ ਦੇ ਕੋਲ ਕੁਸ਼ਤੀ ਲਈ ਅੰਤਰਰਾਸ਼ਟਰੀ ਲਾਇਸੈਂਸ ਹੈ, ਜਿਸ ਦੇ ਅਨੁਸਾਰ ਉਹ 10 ਦਸੰਬਰ 1970 ਨੂੰ 15 ਸਾਲ ਦੇ ਹੋ ਜਾਣਗੇ।
ਵੇਦ ਪ੍ਰਕਾਸ਼ ਦਿੱਲੀ ਦੇ ਗੁਰੂ ਹਨੂਮਾਨ ਅਖਾੜੇ ਤੋਂ ਨਿਕਲੇ ਸਨ। ਉਨ੍ਹਾਂ ਦੇ ਗੁਰੂ ਉਸ ਨੂੰ 'ਕੁਸ਼ਤੀ ਕਾ ਤਾਜ' ਕਹਿੰਦੇ ਸਨ। ਵੇਦ ਪ੍ਰਕਾਸ਼ ਨੇ 6 ਸਾਲ ਦੀ ਉਮਰ ਵਿਚ ਕੁਸ਼ਤੀ ਦੇ ਖੇਤਰ ਵਿਚ ਦਾਖਲਾ ਲਿਆ ਸੀ। ਉਸ ਸਮੇਂ ਉਹ ਪਤਲੇ, ਕਮਜ਼ੋਰ ਤੇ ਬੱਚੇ ਸਨ। ਪਰ ਸਿਰਫ਼ ਅੱਠ ਸਾਲ ਵਿਚ ਉਹ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਦੇ ਯੋਗ ਹੋ ਗਏ। ਇਨ੍ਹਾਂ ਸਭ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਰਾਸ਼ਟਰ ਮੰਡਲ ਖੇਡਾਂ ਵਿਚ ਸਭ ਤੋਂ ਘੱਟ ਉਮਰ ਦਾ ਸੋਨ ਤਗਮਾ ਜਿੱਤਣ ਵਾਲੇ ਵੇਦ ਪ੍ਰਕਾਸ਼ ਸਨ, ਨਾ ਕਿ ਸ਼ੂਟਰ ਅਨੀਸ਼। ਹਾਂ, ਸਿਰਫ਼ ਸ਼ੂਟਿੰਗ ਦੇ ਮਾਮਲੇ ਵਿਚ ਅਨੀਸ਼ ਨੂੰ ਇਹ ਸਿਹਰਾ ਦਿੱਤਾ ਜਾ ਸਕਦਾ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਵੱਡੀਆਂ ਪ੍ਰਾਪਤੀਆਂ ਦਾ ਮਾਲਕ ਹੈ ਉੱਤਰਾਖੰਡ ਦਾ ਨੇਤਰਹੀਣ ਖਿਡਾਰੀ ਆਸ਼ੀਸ਼ ਨੇਗੀ

ਜੇਕਰ ਸਦੀਵੀ ਤੌਰ 'ਤੇ ਖੇਡ ਜਗਤ ਦੇ ਇਤਿਹਾਸ ਵਿਚ ਸਾਡੇ ਦੇਸ਼ ਦੇ ਕੌਮੀ ਖਿਡਾਰੀਆਂ ਦੀ ਗੱਲ ਚੱਲੇਗੀ ਜਾਂ ਇਤਿਹਾਸ ਨੂੰ ਦੁਹਰਾਇਆ ਜਾਵੇਗਾ ਤਾਂ ਦੇਸ਼ ਦੇ ਨੇਤਰਹੀਣ ਖਿਡਾਰੀ ਵੀ ਸੁਨਹਿਰੀ ਪੰਨਿਆਂ 'ਤੇ ਹੋਣਗੇ, ਜਿਨ੍ਹਾਂ ਨੇ ਨੇਤਰਹੀਣ ਹੁੰਦਿਆਂ ਵੀ ਹੋਰ ਖਿਡਾਰੀਆਂ ਵਾਂਗ ਖੇਡ ਜਗਤ ਵਿਚ ਅਜਿਹੇ ਨਾਮਣੇ ਖੱਟੇ, ਜਿਸ ਨਾਲ ਪੂਰੇ ਭਾਰਤ ਦੇਸ਼ ਦਾ ਨਾਂਅ ਰੌਸ਼ਨ ਹੋਇਆ। ਹਿਮਾਲਿਆ ਦੀ ਕੁੱਖ ਵਿਚ 1 ਦਸੰਬਰ, 1980 ਨੂੰ ਪਿਤਾ ਜਗਮੋਹਣ ਸਿੰਘ ਨੇਗੀ ਦੇ ਘਰ ਮਾਤਾ ਕਿਰਨ ਨੇਗੀ ਦੀ ਕੁੱਖੋਂ ਪੈਦਾ ਹੋਇਆ ਆਸ਼ੀਸ਼ ਨੇਗੀ ਭਾਵੇਂ ਨੇਤਰਹੀਣ ਹੈ ਪਰ ਖੇਡ ਜਗਤ ਵਿਚ ਉਸ ਦੀਆਂ ਪ੍ਰਾਪਤੀਆਂ 'ਤੇ ਪੂਰਾ ਉੱਤਰਾਖੰਡ ਹੀ ਮਾਣ ਨਹੀਂ ਕਰਦਾ, ਸਗੋਂ ਦੇਸ਼ ਦਾ ਮਾਣ ਹੈ। ਆਸ਼ੀਸ਼ ਨੇਗੀ ਅਜੇ 8 ਕੁ ਸਾਲ ਦਾ ਸੀ ਕਿ ਬੁਖਾਰ ਹੋ ਗਿਆ। ਬੁਖਾਰ ਵਿਚ ਲਈ ਦਵਾਈ ਨੇ ਬੁਖਾਰ ਤਾਂ ਕੀ ਠੀਕ ਕਰਨਾ ਸੀ, ਉਸ ਨੂੰ ਹਮੇਸ਼ਾ ਲਈ ਅੱਖਾਂ ਤੋਂ ਮੁਨਾਖੇ ਕਰ ਦਿੱਤਾ। ਉਸ ਦੀ ਖੱਬੀ ਅੱਖ ਦੀ ਰੌਸ਼ਨੀ ਉਸੇ ਵਕਤ ਚਲੀ ਗਈ ਅਤੇ ਹੌਲੀ-ਹੌਲੀ ਸੱਜੀ ਅੱਖ ਤੋਂ ਵੀ ਘੱਟ ਵਿਖਾਈ ਦੇਣ ਲੱਗਾ ਅਤੇ ਹੁਣ ਆਸ਼ੀਸ਼ ਨੇਗੀ ਨੂੰ ਸਿਰਫ 4 ਮੀਟਰ ਤੱਕ ਹੀ ਵਿਖਾਈ ਦਿੰਦਾ ਹੈ ਅਤੇ ਉਸ ਲਈ ਅਗਾਂਹ ਦਾ ਸੰਸਾਰ ਹਨੇਰ ਵਿਚ ਡੁੱਬ ਜਾਂਦਾ ਹੈ।
ਆਸ਼ੀਸ਼ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਹ ਖੇਡ ਕਲਾ ਵਿਚ ਸਿਤਾਰੇ ਵਾਂਗ ਚਮਕਣਾ ਚਾਹੁੰਦਾ ਸੀ ਪਰ ਉਸ ਦੀਆਂ ਅੱਖਾਂ ਦਾ ਸਿਤਾਰਾ ਹਮੇਸ਼ਾ ਲਈ ਗਰਦਸ਼ ਵਿਚ ਗੁਆਚ ਗਿਆ। ਪਿਤਾ ਏਅਰ ਫੋਰਸ ਵਿਚ ਨੌਕਰੀ ਕਰਦਾ ਸੀ ਅਤੇ ਉਹ ਆਪਣੇ ਇਸ ਬੱਚੇ ਨੂੰ ਵੀ ਕਿਸੇ ਡੂੰਘੇ ਸਦਮੇ ਵਾਂਗ ਨਾਲ ਹੀ ਲਈ ਫਿਰਦਾ ਅਤੇ ਉਸ ਦੇ ਭਵਿੱਖ ਦੀ ਚਿੰਤਾ ਵੀ ਨਾਲੋ-ਨਾਲ ਡੰਗਦੀ ਰਹੀ। ਆਖਰ ਡੂੰਘੀ ਨਿਰਾਸ਼ਾ 'ਚੋਂ ਇਕ ਆਸ ਨੇ ਜਨਮ ਲਿਆ ਅਤੇ ਪਿਤਾ ਨੇ ਹੌਸਲੇ ਨਾਲ ਬੇਟੇ ਨੂੰ ਕਿਹਾ ਕਿ, 'ਬੱਚੇ ਹਨੇਰ ਨਹੀਂ, ਦੇਰ ਹੈ 'ਬੇਸ਼ੱਕ ਪਲਟ ਕਰ ਵੇਖੋ ਵੋ ਬੀਤਾ ਹੂਆ ਕੱਲ੍ਹ ਹੈ, ਪਰ ਬੜਨਾ ਤੋ ਇਧਰ ਹੀ ਹੈ ਜਹਾਂ ਆਨੇ ਵਾਲਾ ਕੱਲ੍ਹ ਹੈ।' ਆਸ਼ੀਸ਼ ਨੇਗੀ ਨੂੰ ਪਿਤਾ ਨੇ ਡਿਊਟੀ ਦੌਰਾਨ ਕਾਨਪੁਰ ਤੋਂ ਮੁਢਲੀ ਵਿੱਦਿਆ ਦਿਵਾਈ ਅਤੇ ਦੇਹਰਾਦੂਨ ਤੋਂ ਸਪੈਸ਼ਲ ਸਕੂਲ ਵਿਚੋਂ ਕੰਪਿਊਟਰ ਦੀ ਸਿੱਖਿਆ ਅਤੇ ਅੱਜ ਆਸ਼ੀਸ਼ ਨੇਗੀ ਦੇਹਰਾਦੂਨ ਵਿਖੇ ਹੀ ਬੈਂਕ ਵਿਚ ਨੌਕਰੀ ਕਰਕੇ ਆਪਣਾ ਗੁਜ਼ਾਰਾ ਆਪ ਕਰਦਾ ਹੈ। ਆਸ਼ੀਸ਼ ਨੇ ਕੁਝ ਨਵਾਂ ਕਰਨ ਦੇ ਮਕਸਦ ਨਾਲ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਇਹ ਉਸ ਦੀ ਮਿਹਨਤ ਦਾ ਹੀ ਫਲ ਸੀ ਕਿ ਉਹ ਛੇਤੀ ਹੀ ਉੱਤਰਾਖੰਡ ਦੀ ਨੇਤਰਹੀਣ ਕ੍ਰਿਕਟ ਟੀਮ ਵਿਚ ਖੇਡਣ ਲੱਗਾ ਅਤੇ ਕਪਤਾਨ ਦੇ ਅਹੁਦੇ ਤੱਕ ਪਹੁੰਚਿਆ। ਇਥੇ ਹੀ ਬਸ ਨਹੀਂ, ਉਸ ਦੀ ਖੇਡ ਕਲਾ ਨੇ ਐਨੇ ਕੁ ਲੋਕਾਂ ਦੇ ਦਿਲ ਮੋਹੇ ਕਿ ਉਸ ਦੀ ਚੋਣ ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਸਾਲ 2003 ਤੋਂ ਲੈ ਕੇ 2015 ਤੱਕ ਭਾਰਤ ਦੀ ਟੀਮ ਵਿਚ ਵੱਖ-ਵੱਖ ਮੁਲਕਾਂ ਵਿਚ ਖੇਡਦਿਆਂ ਦਰਸ਼ਕਾਂ ਦੀਆਂ ਤਾੜੀਆਂ ਕੰਨੀਂ ਸੁਣਦਾ ਰਿਹਾ।
ਆਸ਼ੀਸ਼ ਨੇਗੀ ਨੇ ਕ੍ਰਿਕਟ ਦੇ ਨਾਲ-ਨਾਲ ਅਥਲੈਟਿਕ ਵਿਚ ਸ਼ਾਟਪੁੱਟ ਖੇਡਣੀ ਸ਼ੁਰੂ ਕੀਤੀ ਅਤੇ ਉਸ ਨੇ ਆਪਣੇ ਨਾਂਅ ਨੈਸ਼ਨਲ ਰਿਕਾਰਡ ਵੀ ਬਣਾਇਆ ਅਤੇ ਉਹ ਅਥਲੈਟਿਕ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾਉਣ ਵਿਚ ਵੀ ਸਫ਼ਲ ਹੋਇਆ ਹੈ। ਆਸ਼ੀਸ਼ ਨੇਗੀ ਹੁਣ ਜਕਾਰਤਾ ਵਿਚ ਹੋਣ ਵਾਲੀਆਂ ਏਸ਼ੀਆ ਖੇਡਾਂ ਅਤੇ ਸਾਲ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਉਲੰਪਿਕ ਦੀ ਤਿਆਰੀ ਆਪਣੇ ਹਰਮਨ ਪਿਆਰੇ ਕੋਚ ਨਰੇਸ਼ ਸਿੰਘ ਨਿਯਾਲ ਤੋਂ ਕਰ ਰਿਹਾ ਹੈ ਅਤੇ ਉਸ ਨੂੰ ਆਪਣੇ-ਆਪ 'ਤੇ ਐਨਾ ਵਿਸ਼ਵਾਸ ਹੈ ਕਿ ਉਹ ਜਿੱਤ ਕੇ ਭਾਰਤ ਮਾਤਾ ਦੀ ਝੋਲੀ ਸੋਨ ਤਗਮਾ ਪਾ ਕੇ 'ਜੈ ਹਿੰਦ' ਬੋਲੇਗਾ। ਆਸ਼ੀਸ਼ ਨੇਗੀ ਉੱਪਰ ਉੱਤਰਾਖੰਡ ਸਰਕਾਰ ਮਾਣ ਕਰਦੀ ਹੋਈ ਉਸ ਨੂੰ ਵਿਸ਼ਵ ਅਪਾਹਜ ਦਿਵਸ 'ਤੇ ਦਕਸ਼ ਵਿਕਲਾਂਗ ਖਿਡਾਰੀ ਦੇ ਸਨਮਾਨ ਨਾਲ ਸਨਮਾਨ ਚੁੱਕੀ ਹੈ।


-ਮੋਬਾ: 98551-14484

ਵਿਸ਼ਵ ਕੱਪ ਹਾਕੀ : ਬਾਰਸੀਲੋਨਾ ਤੋਂ ਹੇਗ ਤੱਕ

ਵਿਸ਼ਵ ਕੱਪ ਹਾਕੀ ਦੀ ਕਹਾਣੀ ਪਾਕਿਸਤਾਨ ਦੇ ਚੈਂਪੀਅਨ ਬਣਨ ਤੋਂ ਸ਼ੁਰੂ ਹੁੰਦੀ ਹੈ। 1971 ਦਾ ਇਹ ਪਹਿਲਾ ਐਡੀਸ਼ਨ, ਜੋ ਪਾਕਿਸਤਾਨ 'ਚ ਖੇਡਿਆ ਜਾਣਾ ਸੀ, ਰਾਜਨੀਤਕ ਪ੍ਰਸਥਿਤੀਆਂ ਦੇ ਕਾਰਨ ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਖੇਡਿਆ ਗਿਆ। ਪਾਕਿਸਤਾਨ ਜੇ ਪਾਕਿਸਤਾਨ 'ਚ ਫਤਹਿਯਾਬ ਹੁੰਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਘਰੇਲੂ ਮੈਦਾਨ ਦਾ ਲਾਭ ਪਾਕਿਸਤਾਨ ਨੂੰ ਪਹੁੰਚਿਆ ਪਰ ਯੂਰਪੀਨ ਦੇਸ਼ 'ਚ ਪਾਕਿਸਤਾਨ ਨੇ ਆਪਣੇ ਖੇਡ ਹੁਨਰ ਦਾ ਲੋਹਾ ਮੰਨਵਾਇਆ। ਅਸੀਂ ਇਸ ਜਿੱਤ ਨੂੰ ਪਾਕਿਸਤਾਨ ਹਾਕੀ ਲਈ ਵਿਸ਼ਵ ਕੱਪ ਹਾਕੀ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਟੂਰਨਾਮੈਂਟ ਲਈ ਇਕ ਵਧੀਆ ਸ਼ੁਰੂਆਤ ਮੰਨਦੇ ਹਾਂ। ਵਿਸ਼ਵ ਕੱਪ ਹਾਕੀ ਦੇ ਇਸ ਐਡੀਸ਼ਨ 'ਚ ਸਪੇਨ ਦੂਜੇ ਨੰਬਰ 'ਤੇ ਅਤੇ ਭਾਰਤ ਤੀਜੇ ਸਥਾਨ 'ਤੇ ਰਿਹਾ। ਕੀਨੀਆ ਚੌਥੇ ਸਥਾਨ 'ਤੇ। ਵਿਸ਼ਵ ਕੱਪ ਹਾਕੀ ਦਾ ਦੂਜਾ ਐਡੀਸ਼ਨ 1973 'ਚ ਹਾਲੈਂਡ ਦੇ ਸ਼ਹਿਰ ਅਮੈਸਟਲਵੀਨ 'ਚ ਖੇਡਿਆ ਗਿਆ। ਹਾਲੈਂਡ ਭਾਰਤ ਨੂੰ ਹਰਾ ਕੇ ਚੈਂਪੀਅਨ ਬਣਿਆ। ਵੈਸਟ ਜਰਮਨੀ ਤੀਜੇ ਸਥਾਨ 'ਤੇ ਰਿਹਾ ਅਤੇ ਪਾਕਿਸਤਾਨ ਨੂੰ ਚੌਥਾ ਸਥਾਨ ਮਿਲਿਆ। 1975 'ਚ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ 'ਚ ਵਿਸ਼ਵ ਕੱਪ ਹਾਕੀ ਦਾ ਤੀਜਾ ਐਡੀਸ਼ਨ ਖੇਡਿਆ। ਉਲੰਪਿਕ ਹਾਕੀ ਦੇ ਸਰਦਾਰ ਰਹੇ ਭਾਰਤ ਨੂੰ ਪਹਿਲੀ ਵਾਰ ਕਿਸੇ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ 'ਚ ਫਿਰ ਸਰਦਾਰੀ ਮਿਲੀ।
ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਇਹ ਟੂਰਨਾਮੈਂਟ ਜਿੱਤਿਆ। ਵੈਸਟ ਜਰਮਨੀ ਨੇ ਮਲੇਸ਼ੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 1978 'ਚ ਅਰਜਨਟੀਨਾ ਦੇ ਸ਼ਹਿਰ ਬਿਊਨਸ ਆਇਰਸ ਵਿਖੇ ਵਿਸ਼ਵ ਕੱਪ ਹਾਕੀ ਦਾ ਅਗਲਾ ਐਡੀਸ਼ਨ ਖੇਡਿਆ ਗਿਆ, ਜਿਸ ਨੂੰ ਪਾਕਿਸਤਾਨ ਨੇ ਨੀਦਰਲੈਂਡ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਹਾਕੀ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਆਸਟ੍ਰੇਲੀਆ ਨੇ ਵੈਸਟ ਜਰਮਨੀ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਭਾਰਤ ਦੇ ਸ਼ਹਿਰ ਮੁੰਬਈ 'ਚ 1982 'ਚ ਅਗਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਆਯੋਜਿਤ ਹੋਇਆ, ਜਿਸ ਨੂੰ ਤੀਜੀ ਵਾਰ ਗੁਆਂਢੀ ਮੁਲਕ ਪਾਕਿਸਤਾਨ ਨੇ ਜਿੱਤ ਲਿਆ, ਵੈਸਟ ਜਰਮਨੀ ਨੂੰ ਹਰਾ ਕੇ। ਆਸਟ੍ਰੇਲੀਆ ਨੇ ਨੀਦਰਲੈਂਡ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਕੱਪ ਹਾਕੀ 1986 'ਚ ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਆਯੋਜਿਤ ਹੋਈ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਵੈਸਟ ਜਰਮਨੀ ਨੇ ਸੋਵੀਅਤ ਯੂਨੀਅਨ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
1990 'ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਵਿਸ਼ਵ ਕੱਪ ਹਾਕੀ ਦਾ ਅਗਲਾ ਐਡੀਸ਼ਨ ਖੇਡਿਆ ਗਿਆ, ਜਿਥੇ ਨੀਦਰਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਪੱਧਰੀ ਇਹ ਖ਼ਿਤਾਬ ਹਾਸਲ ਕੀਤਾ। ਆਸਟ੍ਰੇਲੀਆ ਨੇ ਵੈਸਟ ਜਰਮਨੀ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 1994 'ਚ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਵਿਸ਼ਵ ਕੱਪ ਹਾਕੀ ਦਾ ਅਗਲਾ ਟੂਰਨਾਮੈਂਟ ਆਯੋਜਿਤ ਹੋਇਆ, ਜੋ ਪਾਕਿਸਤਾਨ ਨੇ ਜਿੱਤਿਆ। ਪਾਕਿਸਤਾਨ ਦੀ ਇਹ ਜਿੱਤ ਇਹ ਦੱਸਦੀ ਹੈ ਕਿ ਏਸ਼ੀਆ ਦੇ ਮੁਲਕ ਹਾਕੀ ਦੀ ਸਰਦਾਰੀ ਹਾਸਲ ਕਰਨ 'ਚ ਉਦੋਂ ਤੱਕ ਅਜੇ ਵੀ ਸਮਰੱਥ ਹਨ। ਨੀਦਰਲੈਂਡ ਦੂਜੇ ਸਥਾਨ 'ਤੇ ਰਿਹਾ। ਦੂਜੇ ਪਾਸੇ ਆਸਟ੍ਰੇਲੀਆ ਨੇ ਜਰਮਨੀ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 2006 'ਚ ਜਰਮਨੀ ਦੇ ਸ਼ਹਿਰ 'ਚ ਵਿਸ਼ਵ ਕੱਪ ਹਾਕੀ ਦਾ ਅਗਲਾ ਐਡੀਸ਼ਨ ਖੇਡਿਆ ਗਿਆ, ਜਿਸ ਨੂੰ ਜਰਮਨੀ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਅਤੇ ਸਪੇਨ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 2010 'ਚ ਭਾਰਤ ਦੇ ਸ਼ਹਿਰ ਨਵੀਂ ਦਿੱਲੀ 'ਚ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਆਯੋਜਿਤ ਹੋਇਆ। ਇਹ ਐਡੀਸ਼ਨ ਆਸਟ੍ਰੇਲੀਆ ਨੇ ਜਿੱਤਿਆ ਜਰਮਨੀ ਨੂੰ ਹਰਾ ਕੇ ਅਤੇ ਹਾਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 2014 'ਚ ਨੀਦਰਲੈਂਡ ਦੇ ਸ਼ਹਿਰ ਹੇਗ 'ਚ ਵਿਸ਼ਵ ਕੱਪ ਹਾਕੀ ਦਾ ਆਯੋਜਨ ਹੋਇਆ, ਜੋ ਆਸਟ੍ਰੇਲੀਆ ਨੇ ਜਰਮਨੀ ਨੂੰ 6-1 ਨਾਲ ਹਰਾ ਕੇ ਜਿੱਤਿਆ। ਦੂਜੇ ਪਾਸੇ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾ ਕੇ ਤੀਜੇ ਦਰਜੇ ਦਾ ਖ਼ਿਤਾਬ ਪ੍ਰਾਪਤ ਕੀਤਾ। 2018 ਵਾਲਾ ਵਿਸ਼ਵ ਕੱਪ ਹਾਕੀ ਦਾ ਆਯੋਜਨ ਭਾਰਤ ਦੇ ਸ਼ਹਿਰ ਭੁਵਨੇਸ਼ਵਰ ਵਿਖੇ ਆਯੋਜਿਤ ਹੋਣਾ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਕਬੱਡੀ ਦੀਆਂ ਤਿੰਨ ਵੰਨਗੀਆਂ 'ਚ ਏਸ਼ੀਅਨ ਚੈਂਪੀਅਨ ਬਣੀ ਪੰਜਾਬਣ ਰਣਦੀਪ ਕੌਰ ਖਹਿਰਾ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰਾ ਦੇ ਵਸਨੀਕ ਸ: ਹਰਦੀਪ ਸਿੰਘ ਖਹਿਰਾ ਤੇ ਸ੍ਰੀਮਤੀ ਵੀਰ ਕੌਰ ਦੀ ਸਪੁੱਤਰੀ ਰਣਦੀਪ ਕੌਰ ਖਹਿਰਾ ਪੰਜਾਬ ਦੀ ਇਕੋ-ਇਕ ਅਜਿਹੀ ਖਿਡਾਰਨ ਹੈ, ਜਿਸ ਨੇ ਕਬੱਡੀ ਦੀਆਂ ਤਿੰਨੇ ਵੰਨਗੀਆਂ, ਦਾਇਰੇ ਵਾਲੀ, ਨੈਸ਼ਨਲ ਸਟਾਈਲ ਅਤੇ ਬੀਚ ਕਬੱਡੀ 'ਚ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਹਾਲ ਹੀ ਵਿਚ ਦਾਇਰੇ ਵਾਲੀ ਕਬੱਡੀ ਦੀ ਮਲੇਸ਼ੀਆ 'ਚ ਹੋਈ ਪਹਿਲੀ ਏਸ਼ੀਅਨ ਚੈਂਪੀਅਨਸ਼ਿਪ 'ਚ ਅੱਵਲ ਰਹੀ ਭਾਰਤੀ ਟੀਮ ਦੀ ਕਪਤਾਨੀ ਦਾ ਤਾਜ ਵੀ ਰਣਦੀਪ ਨੂੰ ਆਪਣੇ ਸਿਰ ਸਜਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਉਹ ਕੁਸ਼ਤੀ ਦੇ ਖੇਤਰ 'ਚ ਵਿਸ਼ਵ ਪੱਧਰ 'ਤੇ ਤਗਮਾ ਜਿੱਤ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੀ ਹੈ।
ਰਣਦੀਪ ਕੌਰ ਨੇ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਸਵੀਂ ਜਮਾਤ 'ਚ ਪੜ੍ਹਦਿਆਂ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਅਥਲੈਟਿਕਸ ਦੇ 800 ਮੀਟਰ ਦੌੜ ਈਵੈਂਟ ਰਾਹੀਂ ਖੇਡਾਂ ਦੇ ਖੇਤਰ 'ਚ ਪੈਰ ਰੱਖਿਆ ਅਤੇ 12 ਜਮਾਤ ਤੱਕ ਪੜ੍ਹਦਿਆਂ ਕੌਮੀ ਪੱਧਰ ਤੱਕ ਖੇਡਣ ਦਾ ਮਾਣ ਹਾਸਲ ਕੀਤਾ। ਐਸ.ਐਮ. ਕਾਲਜ ਦੀਨਾਨਗਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਹੀ ਕੋਚ ਨਿਰਮਲ ਕੌਰ ਤੇ ਮੁਖਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਰਣਦੀਪ ਨੇ ਬਤੌਰ ਰੇਡਰ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕੀਤੀ ਅਤੇ ਪਹਿਲੇ ਹੀ ਵਰ੍ਹੇ ਪੰਜਾਬ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ। ਰਾਜ ਪੱਧਰੀ ਮੁਕਾਬਲਿਆਂ ਦੌਰਾਨ ਰਣਦੀਪ ਦਾ ਮੇਲ ਸਵ: ਕੋਚ ਗੁਰਦੀਪ ਸਿੰਘ ਮੱਲ੍ਹੀ ਨਾਲ ਹੋਇਆ, ਜਿਨ੍ਹਾਂ ਦੀ ਅਗਵਾਈ 'ਚ ਉਸ ਨੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਦਾਖ਼ਲਾ ਲਿਆ ਅਤੇ ਇੱਥੇ ਉਸ ਦੀ ਖੇਡ 'ਚ ਏਨਾ ਕੁ ਨਿਖਾਰ ਆ ਗਿਆ ਕਿ ਉਹ 2008 ਤੋਂ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਦੀ ਕਪਤਾਨ ਚੱਲੀ ਆ ਰਹੀ ਹੈ।
ਉਸ ਨੇ ਐਮ.ਏ. (ਪੰਜਾਬੀ ਅਤੇ ਇਤਿਹਾਸ) ਤੱਕ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਕਈ ਵਾਰ ਨੈਸ਼ਨਲ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕੇਰਲਾ 'ਚ ਹੋਈਆਂ ਕੌਮੀ ਖੇਡਾਂ 'ਚ ਪੰਜਾਬ ਲਈ ਕਾਂਸੀ ਦਾ ਤਗਮਾ ਵੀ ਜਿੱਤਿਆ। ਇਸੇ ਵਰ੍ਹੇ ਕੌਮੀ ਚੈਂਪੀਅਨਸ਼ਿਪ 'ਚ ਪੰਜਾਬ ਨੂੰ ਕਾਂਸੀ ਦਾ ਤਗਮਾ ਅਤੇ ਕੁੱਲ ਹਿੰਦ ਪੁਲਿਸ ਖੇਡਾਂ 'ਚ ਸੋਨ ਤਗਮਾ ਜਿਤਾਉਣ ਵਾਲੀ ਰਣਦੀਪ ਆਪਣੀ ਧੜੱਲੇਦਾਰ ਖੇਡ ਸਦਕਾ ਏਸ਼ੀਅਨ ਚੈਂਪੀਅਨ ਬਣੀ ਭਾਰਤੀ ਟੀਮ ਦੀ ਸਿਰਕੱਢ ਖਿਡਾਰਨ ਸਾਬਤ ਹੋ ਚੁੱਕੀ ਹੈ। ਉਹ ਤਿੰਨ ਵਾਰ ਬੀਚ ਏਸ਼ੀਅਨ ਚੈਂਪੀਅਨਸ਼ਿਪ 'ਚ ਵੀ ਦੇਸ਼ ਲਈ ਸੋਨ ਤਗਮੇ ਜਿੱਤ ਚੁੱਕੀ ਹੈ ਅਤੇ ਇਸ ਵੇਲੇ ਏਸ਼ੀਅਨ ਖੇਡਾਂ ਲਈ ਕੌਮੀ ਕੈਂਪ ਵੀ ਲਗਾ ਰਹੀ ਹੈ। ਇਸ ਦੇ ਸਮਾਂਤਰ ਹੀ ਰਣਦੀਪ ਦਾਇਰੇ ਵਾਲੀ ਕਬੱਡੀ 'ਚ ਵੀ ਸ਼ਾਨਦਾਰ ਮੱਲਾਂ ਮਾਰਦਿਆਂ ਕੌਮੀ ਚੈਂਪੀਅਨਸ਼ਿਪਾਂ 'ਚ ਪੰਜਾਬ ਲਈ 2-2 ਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਟੀ.ਵੀ. ਅਤੇ ਯੂ-ਟਿਊਬ ਜ਼ਰੀਏ ਪੰਜਾਬ ਸਟਾਈਲ ਕਬੱਡੀ ਦੀ ਸਟਾਪਰ ਵਜੋਂ ਮੁਹਾਰਤ ਹਾਸਲ ਕਰਨ ਵਾਲੀ ਰਣਦੀਪ 2013 ਦੇ ਵਿਸ਼ਵ ਕੱਪ 'ਚ ਭਾਰਤ ਦੀ ਚੈਂਪੀਅਨ ਟੀਮ ਦਾ ਹਿੱਸਾ ਬਣੀ। ਫਿਰ 2016 ਦੇ ਪੰਜਵੇਂ ਆਲਮੀ ਕੱਪ 'ਚ ਉਹ ਚੈਂਪੀਅਨ ਬਣੀ ਭਾਰਤੀ ਟੀਮ ਵਲੋਂ ਦੁਨੀਆ ਦੀ ਸਰਬੋਤਮ ਸਟਾਪਰ ਸਾਬਤ ਹੋਈ।
ਹਾਲ ਹੀ ਵਿਚ ਦਾਇਰੇ ਵਾਲੀ ਕਬੱਡੀ ਦੀ ਪਹਿਲੀ ਏਸ਼ੀਅਨ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਵੀ ਰਣਦੀਪ ਦੇ ਹਿੱਸੇ ਆਇਆ ਹੈ। ਉਹ ਮਾਝਾ ਕਬੱਡੀ ਅਕੈਡਮੀ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਮੈਣ (ਹਰਿਆਣਾ) ਵਲੋਂ ਪੇਸ਼ੇਵਰ ਕਬੱਡੀ ਖੇਡਦੀ ਹੈ। ਉੱਚ ਪਾਏ ਦੀ ਖੇਡ, ਉਚੇਰੀ ਪੜ੍ਹਾਈ ਹਾਸਲ ਕਰਨ ਦੇ ਨਾਲ-ਨਾਲ 2011 'ਚ ਰਣਦੀਪ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ ਭਰਤੀ ਹੋਈ ਅਤੇ ਅੱਜਕਲ੍ਹ ਏ.ਐਸ.ਆਈ. ਦੇ ਅਹੁਦੇ 'ਤੇ ਤਾਇਨਾਤ ਹੈ। ਇਸ ਦੇ ਨਾਲ ਹੀ ਰਣਦੀਪ ਕੌਰ ਕੁੱਲ ਹਿੰਦ ਪੁਲਿਸ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ 'ਚੋਂ ਸੋਨ ਤਗਮਾ ਜਿੱਤ ਕੇ ਲਾਸ ਏਂਜਲਸ (ਅਮਰੀਕਾ) 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਰਣਦੀਪ ਕੌਰ ਦਾ ਨਿਸ਼ਾਨਾ ਨੈਸ਼ਨਲ ਸਟਾਈਲ ਕਬੱਡੀ 'ਚ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਣਾ ਹੈ।


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX