ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਗੁਰਦਾਸਪੁਰ, 19 ਜੂਨ (ਗੁਰਪ੍ਰਤਾਪ ਸਿੰਘ/ਸੁਖਵੀਰ ਸਿੰਘ ਸੈਣੀ)-ਪਿੰਡ ਸਾਧੂ ਚੱਕ ਵਿਖੇ ਅੱਜ ਦੋ ਮਹੀਨੇ ਦੀ ਗਰਭਵਤੀ ਮਹਿਲਾ ਦੀ ਦਹੇਜ ਖ਼ਾਤਰ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ,ਜਿਸ ਦਾ 8 ਮਹੀਨੇ ਪਹਿਲਾਂ ...
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਫਰਾਂਸ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੈਰਿਸ 'ਚ ਸੰਬੋਧਿਤ ਵੀ ਕੀਤਾ...
ਅਰਵਿੰਦ ਕੇਜਰੀਵਾਲ ਨੇ ਖ਼ਤਮ ਕੀਤਾ ਧਰਨਾ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 19 ਜੂਨ -ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਧਰਨਾ ਖ਼ਤਮ ਕਰ ਲਿਆ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫ਼ਰੰਸ 'ਚ ਇਹ ਵੀ ਕਿਹਾ...
ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਾ ਕਾਰਡ/ਸਰਟੀਫਿਕੇਟ 21 ਨੂੰ ਭੇਜੇ ਜਾਣਗੇ
. . .  1 day ago
ਐੱਸ. ਏ. ਐੱਸ. ਨਗਰ, 19 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੇ ਰੈਗੂਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲ੍ਹਾ ਪੱਧਰ 'ਤੇ ਸਥਿਤ..
ਜੰਮੂ-ਕਸ਼ਮੀਰ 'ਚ ਤਾਕਤ ਦੀ ਰਾਜਨੀਤੀ ਨਹੀਂ ਚੱਲ ਸਕਦੀ- ਮਹਿਬੂਬਾ ਮੁਫਤੀ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਈ। ਸਾਲ 2014 'ਚ ਹੋਈਆਂ ਚੋਣਾਂ ਕਿਸੇ ਵੀ ਦਲ ਨੂੰ ਸਰਕਾਰ...
ਬੋਰਡ ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੋਰੀ ਕਰਨ ਦੇ ਮਾਮਲੇ 'ਚ ਸਕੂਲ ਪ੍ਰਿੰਸੀਪਲ ਗ੍ਰਿਫਤਾਰ
. . .  1 day ago
ਪਟਨਾ, 19 ਜੂਨ - ਐਸ.ਐਸ.ਹਾਈ ਸਕੂਲ, ਗੋਪਾਲਗੰਜ ਦੇ ਪ੍ਰਿੰਸੀਪਲ ਪ੍ਰਮੋਦ ਕੁਮਾਰ ਸ੍ਰੀਵਾਸਤਵ ਨੂੰ 10ਵੀਂ ਬੋਰਡ ਦੀਆਂ 42 ਹਜ਼ਾਰ ਉੱਤਰ ਪੱਤਰੀਆਂ(ਅਨਸਰ ਸ਼ੀਟ) ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ...
ਮਲਸੀਆਂ ਵਿਖੇ ਸ਼ਰੇਆਮ ਲੁਟੇਰਿਆਂ ਨੇ ਨੌਜਵਾਨ ਤੋਂ ਸਵਾ 4 ਲੱਖ ਲੁੱਟੇ
. . .  1 day ago
ਮਲਸੀਆਂ, 19 ਜੂਨ (ਸੁਖਦੀਪ ਸਿੰਘ) - ਮਲਸੀਆਂ ਵਿਖੇ ਅੱਜ ਸਵੇਰੇ ਬੱਸ ਅੱਡੇ ਦੇ ਸਾਹਮਣੇ ਸਕੂਟਰੀ ਸਵਾਰ ਤਿੰਨ ਲੁਟੇਰਿਆ ਨੇ ਸ਼ਰੇਆਮ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋਂ ਸਵਾ 4 ਲੱਖ ਰੁਪਏ ਦੀ ਨਗਦੀ...
ਹੋਰ ਖ਼ਬਰਾਂ..
  •     Confirm Target Language  

ਨਾਰੀ ਸੰਸਾਰ

ਆਪਣੀ ਸ਼ਖ਼ਸੀਅਤ ਦੇ ਕੱਦ ਨੂੰ ਉੱਚਾ ਕਰੋ

ਕਿਸੇ ਦੀ ਉਦਾਸੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਤੁਹਾਡੇ ਚਿਹਰੇ 'ਤੇ ਮੁਸਕਰਾਹਟ ਆਪਣੇ-ਆਪ ਆ ਜਾਵੇਗੀ। ਕਿਸੇ ਦੀ ਜ਼ਿੰਦਗੀ ਲਈ ਖੁਸ਼ੀ ਦੇ ਬੀਜ ਬੀਜੋਗੇ ਤਾਂ ਕੁਦਰਤ ਤੁਹਾਨੂੰ ਖੁਸ਼ਹਾਲੀ ਆਪਣੇ-ਆਪ ਸੌਂਪ ਦੇਵੇਗੀ। ਜ਼ਿਕਰ ਕਰਨਾ ਸੌਖਾ ਹੈ ਪਰ ਤੁਹਾਡਾ ਫਿਕਰ ਉਹੀ ਕਰਦੇ ਹਨ, ਜਿਹੜੇ ਤੁਹਾਡੇ ਵਿਚ ਕੋਈ ਤਬਦੀਲੀ ਦੇਖਣਾ ਚਾਹੁੰਦੇ ਹਨ। ਹੁਣ ਜ਼ਮਾਨੇ ਦੀਆਂ ਲੋੜਾਂ ਬਦਲ ਗਈਆਂ ਹਨ। ਸਮਾਜ ਨੂੰ ਇਸ ਗੱਲ ਦੀ ਸਮਝ ਆ ਰਹੀ ਹੈ ਕਿ ਔਰਤ ਦੇ ਯੋਗਦਾਨ ਤੋਂ ਬਗੈਰ ਖੁਸ਼ਹਾਲੀ ਸੰਭਵ ਨਹੀਂ ਹੈ। ਔਰਤ ਦਾ ਸਿਰਫ ਸੁੰਦਰ ਅਤੇ ਪੜ੍ਹੇ-ਲਿਖੇ ਹੋਣਾ ਹੀ ਕਾਫੀ ਨਹੀਂ ਹੈ। ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਔਰਤ ਆਪਣੀ ਸ਼ਖ਼ਸੀਅਤ ਦੇ ਕੱਦ ਨੂੰ ਹੋਰ ਉੱਚਾ ਕਰੇ। ਆਪਣੀ ਮਹੱਤਤਾ ਅਤੇ ਮਹਾਨਤਾ ਨੂੰ ਸਮਝੇ। ਉਹ ਆਪਣੇ ਪ੍ਰਤੀ ਹੁੰਦੀ ਬੇਇਨਸਾਫੀ ਦਾ ਸਹੀ ਤਰੀਕੇ ਨਾਲ ਜਵਾਬ ਦੇਣਾ ਸਿੱਖੇ। ਧਿਆਨ ਨਾਲ ਸੁਣੋ, ਧੀਰਜ ਨਾਲ ਬੋਲੋ, ਠੰਢੇ ਦਿਮਾਗ ਨਾਲ ਜਵਾਬ ਦਿਓ ਅਤੇ ਜਦੋਂ ਕਹਿਣ ਨੂੰ ਕੁਝ ਨਾ ਹੋਵੇ ਤਾਂ ਚੁੱਪ ਰਹੋ। ਸਬਰ ਤੋਂ ਵੱਡਾ ਕੋਈ ਸੁੱਖ ਨਹੀਂ ਅਤੇ ਲਾਲਚ ਤੋਂ ਵੱਡਾ ਕੋਈ ਦੁੱਖ ਨਹੀਂ।
ਸਿਰਫ ਚਿਹਰੇ 'ਤੇ ਮੇਕਅਪ ਕਰਨਾ ਹੀ ਸੁੰਦਰਤਾ ਨਹੀਂ ਹੁੰਦੀ, ਕਿਉਂਕਿ ਤੁਹਾਡੇ ਚਿਹਰੇ ਦਾ ਅਸਲੀ ਰੂਪ ਤੁਹਾਡੇ ਅੰਦਰਲੇ ਖੇੜੇ 'ਤੇ ਹੀ ਨਿਰਭਰ ਕਰਦਾ ਹੈ। ਪਲਾਸਟਿਕ ਦੇ ਫੁੱਲ ਸੁੰਦਰ ਹੁੰਦੇ ਹਨ ਪਰ ਉਨ੍ਹਾਂ ਵਿਚ ਖੁਸ਼ਬੂ ਨਹੀਂ ਹੁੰਦੀ। ਸਮਝਦਾਰੀ ਤੋਂ ਵੱਡਾ ਕੋਈ ਗੁਣ ਨਹੀਂ ਅਤੇ ਇੱਜ਼ਤ ਤੋਂ ਵੱਡੀ ਕੋਈ ਸ਼ੋਹਰਤ ਨਹੀਂ। ਕਿਸੇ ਦੀ ਬੁਰਾਈ ਦਾ ਜ਼ਿਕਰ ਕਰਨਾ ਬਹੁਤ ਆਸਾਨ ਹੈ ਪਰ ਦੂਜਿਆਂ ਵਿਚੋਂ ਚੰਗਿਆਈ ਖੋਜਣਾ ਮੁਸ਼ਕਿਲ। ਔਰਤ ਦੀ ਜ਼ਿੰਦਗੀ ਦੇ ਫਿਕਰ ਬਹੁਤ ਹੁੰਦੇ ਹਨ ਪਰ ਉਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਯਾਦ ਰੱਖੋ ਕਿ ਈਰਖਾ ਤੋਂ ਵੱਡੀ ਕੋਈ ਸਜ਼ਾ ਨਹੀਂ ਅਤੇ ਚਰਿੱਤਰ ਤੋਂ ਵੱਡੀ ਕੋਈ ਦੌਲਤ ਨਹੀਂ ਹੈ। ਮੁਸਕਰਾਹਟ ਤੋਂ ਵੱਡੀ ਕੋਈ ਸੁੰਦਰਤਾ ਨਹੀਂ ਹੈ ਅਤੇ ਮਿਹਨਤ ਤੋਂ ਵੱਡਾ ਕੋਈ ਦੋਸਤ ਨਹੀਂ ਹੈ। ਗਿਆਨ ਤੋਂ ਵੱਡੀ ਕੋਈ ਦਾਤ ਨਹੀਂ ਹੈ ਅਤੇ ਸ਼ੱਕ ਤੋਂ ਵੱਡੀ ਕੋਈ ਪ੍ਰੇਸ਼ਾਨੀ ਨਹੀਂ ਹੈ। ਪਿਆਰ ਤੋਂ ਵੱਡੀ ਕੋਈ ਤਾਕਤ ਨਹੀਂ ਹੈ ਅਤੇ ਯਕੀਨ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੈ। ਸੇਵਾ ਤੋਂ ਵੱਡੀ ਕੋਈ ਭਗਤੀ ਨਹੀਂ ਹੈ ਅਤੇ ਆਲਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਹੈ। ਤਾਕਤ ਦੇ ਨਾਲ-ਨਾਲ ਸਹਿਣਸ਼ੀਲਤਾ ਵੀ ਜ਼ਰੂਰੀ ਹੈ। ਯਤਨ ਕਰਦਿਆਂ ਗ਼ਲਤੀ ਦਾ ਹੋਣਾ ਪਹਿਲਾ ਕਦਮ ਨਹੀਂ ਹੈ, ਬਲਕਿ ਆਪਣੀ ਗ਼ਲਤੀ ਨੂੰ ਸੁਧਾਰਨਾ ਪਹਿਲਾ ਕਦਮ ਹੁੰਦਾ ਹੈ। ਇਹ ਸੱਚ ਹੈ ਕਿ ਧਰਤੀ 'ਤੇ ਕੋਈ ਅਜਿਹਾ ਵਿਅਕਤੀ ਨਹੀਂ, ਜਿਸ ਨੂੰ ਕੋਈ ਸਮੱਸਿਆ ਨਾ ਹੋਵੇ ਤੇ ਕੋਈ ਸਮੱਸਿਆ ਅਜਿਹੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਸਮੱਸਿਆ ਬਾਰੇ ਸੋਚੋਗੇ ਤਾਂ ਇਹ ਬਹਾਨੇ ਬਣਦੇ ਹਨ ਅਤੇ ਇਸ ਦੇ ਹੱਲ ਲਈ ਯਤਨ ਕਰੋਗੇ ਤਾਂ ਰਸਤੇ ਨਜ਼ਰ ਆਉਣਗੇ।
ਤੁਹਾਡਾ ਅਸਲੀ ਮੁਕਾਬਲਾ ਆਪਣੇ-ਆਪ ਨਾਲ ਹੈ। ਜੇਕਰ ਤੁਸੀਂ ਖੁਦ ਨੂੰ ਆਪਣੇ ਲੰਘ ਚੁੱਕੇ ਸਮੇਂ ਤੋਂ ਚੰਗਾ ਬਣਾ ਸਕਦੇ ਹੋ ਤਾਂ ਇਸ ਤੋਂ ਵੱਡੀ ਕੋਈ ਜਿੱਤ ਨਹੀਂ ਹੋਵੇਗੀ। ਜਦੋਂ ਤੁਹਾਨੂੰ ਆਪਣੇ ਗ਼ਲਤ ਹੋਣ ਦਾ ਅਹਿਸਾਸ ਹੋਣਾ ਬੰਦ ਹੋ ਜਾਵੇ ਤਾਂ ਸਮਝ ਲਵੋ ਤੁਹਾਨੂੰ ਕੋਈ ਵੀ ਸਹੀ ਰਸਤਾ ਦਿਖਾਉਣ ਵਾਲਾ ਨਹੀਂ ਮਿਲੇਗਾ। ਵੱਡੇ ਕੰਮ ਤਾਕਤ ਨਾਲ ਨਹੀਂ, ਸਗੋਂ ਲਗਾਤਾਰ ਜੁਟੇ ਰਹਿਣ ਨਾਲ ਹੀ ਹੁੰਦੇ ਹਨ। ਅਸੀਂ ਆਪਣੀ ਸ਼ਖ਼ਸੀਅਤ ਦੇ ਖੁਦ ਮਾਲਕ ਹਾਂ ਅਤੇ ਆਪਣੇ ਚੰਗੇ ਕਿਰਦਾਰ ਨਾਲ ਅਸੀਂ ਆਪਣੇ ਕੱਦ ਨੂੰ ਹੋਰ ਉੱਚਾ ਕਰ ਸਕਦੇ ਹਾਂ। ਈਰਖਾ ਅਕਸਰ ਔਰਤ ਦੀ ਸ਼ਖ਼ਸੀਅਤ ਦੇ ਕੱਦ ਨੂੰ ਨੀਵਾਂ ਕਰਦੀ ਹੈ। ਰੋਟੀ ਨਾਲ ਘਿਓ ਅਤੇ ਨਾਂਅ ਨਾਲ ਜੀ ਲਾਉਣ ਨਾਲ ਸੁਆਦ ਅਤੇ ਇੱਜ਼ਤ ਹੋਰ ਵੀ ਵਧ ਜਾਂਦੇ ਹਨ। ਚੰਗੇ ਕਰਮਾਂ ਦੇ ਬੀਜ ਬੀਜੋ, ਤੁਹਾਨੂੰ ਚੰਗੀਆਂ ਆਦਤਾਂ ਦੀ ਫਸਲ ਮਿਲੇਗੀ। ਤੁਸੀਂ ਚੰਗੀਆਂ ਆਦਤਾਂ ਦੇ ਬੀਜ ਬੀਜੋ, ਤੁਹਾਨੂੰ ਚੰਗੇ ਚਰਿੱਤਰ ਦੀ ਫਸਲ ਮਿਲੇਗੀ। ਤੁਸੀਂ ਚੰਗੇ ਚਰਿੱਤਰ ਦਾ ਬੀਜ ਬੀਜੋ, ਤੁਹਨੂੰ ਚੰਗੀ ਕਿਸਮਤ ਦੀ ਫਸਲ ਜ਼ਰੂਰ ਮਿਲੇਗੀ। ਅਕਸਰ ਗਰਮੀ ਅਤੇ ਸੋਕੇ ਤੋਂ ਬਾਅਦ ਮੀਂਹ ਦੀਆਂ ਪਹਿਲੀਆਂ ਕਣੀਆਂ ਨੂੰ ਕੁਰਬਾਨ ਹੋਣਾ ਹੀ ਪੈਂਦਾ ਹੈ। ਆਪਣੇ ਚੰਗੇ ਭਵਿੱਖ ਦੀ ਤਲਾਸ਼ ਲਈ ਔਰਤਾਂ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਆਪਣੇ-ਆਪ ਨੂੰ ਖੋਜਣਾ ਸਭ ਤੋਂ ਵੱਡਾ ਕੰਮ ਹੈ। ਆਪਣਿਆਂ ਵਿਚੋਂ ਆਪਣਿਆਂ ਨੂੰ ਪਹਿਚਾਨਣਾ ਸਭ ਤੋਂ ਮੁਸ਼ਕਿਲ ਕੰਮ ਹੈ।
ਦ੍ਰਿਸ਼ਟੀ ਦੇ ਪਿੱਛੇ ਤੁਹਾਡੇ ਦ੍ਰਿਸ਼ਟੀਕੋਣ ਦਾ ਸਾਫ਼ ਤੇ ਉਸਾਰੂ ਹੋਣਾ ਜ਼ਰੂਰੀ ਹੈ। ਆਪਣੀਆਂ ਸਮੱਸਿਆਵਾਂ ਦੇ ਚੰਗੇ ਬਦਲ ਖੋਜੋ। ਦੂਜਿਆਂ ਨੂੰ ਆਪਣੇ ਨਾਲ ਤੋਰਨ ਲਈ ਉਨ੍ਹਾਂ ਨਾਲ ਸਹਿਮਤ ਹੋਣਾ ਸਿੱਖੋ। ਤੁਰੰਤ ਹਾਂ ਜਾਂ ਨਾਂਹ ਕਹਿ ਦੇਣਾ ਕਈ ਵਾਰ ਸਹੀ ਜਵਾਬ ਨਹੀਂ ਹੁੰਦਾ। ਖੁਦ ਚੰਗੇ ਬਣੇ ਰਹੋ, ਕਿਉਂਕਿ ਤੁਹਾਡੀਆਂ ਕਈ ਗੱਲਾਂ ਦਾ ਸਹੀ ਜਵਾਬ ਤੁਹਾਡਾ ਵਕਤ ਦਿੰਦਾ ਹੈ। ਇਹ ਸਹੀ ਹੈ ਕਿ ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ ਸਾਹਮਣੇ ਖੁਦ ਨੂੰ ਸਹੀ ਸਾਬਤ ਕਰਨ ਵਿਚ ਆਪਣਾ ਕੀਮਤੀ ਸਮਾਂ ਅਤੇ ਆਪਣੀ ਕੀਮਤੀ ਊਰਜਾ ਨੂੰ ਨਸ਼ਟ ਨਾ ਕਰੋ। ਬੁਰੇ ਵਕਤ ਨਾਲ ਸੰਘਰਸ਼ ਕਰਨਾ ਸਿੱਖੋ। ਆਪਣੇ ਇਸ ਯਕੀਨ ਨੂੰ ਤੋੜੋ ਕਿ ਤੁਸੀਂ ਸਫਲ ਨਹੀਂ ਹੋ ਸਕਦੇ। ਜੇਕਰ ਕਿਸੇ ਬੁਰੇ ਵਿਅਕਤੀ 'ਤੇ ਯਕੀਨ ਕਰਨਾ ਖ਼ਤਰਨਾਕ ਹੈ ਤਾਂ ਕਿਸੇ ਚੰਗੇ ਵਿਅਕਤੀ 'ਤੇ ਯਕੀਨ ਨਾ ਕਰਨਾ ਵੀ ਨੁਕਸਾਨਦੇਹ ਹੈ। ਤੁਹਾਡੀ ਆਪਣੀ ਚੰਗੀ ਸਮਝ ਹੀ ਤੁਹਾਡਾ ਚੰਗਾ ਦੋਸਤ ਹੈ।


-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਰਸੋਈ ਵਿਚ ਵਿਚਰਦਿਆਂ ਜੇਕਰ ਰੱਖੀਏ ਇਨ੍ਹਾਂ ਗੱਲਾਂ ਦਾ ਧਿਆਨ

ਰਸੋਈ ਵਿਚ ਜੇਕਰ ਖਾਣਾ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਜਾਣਕਾਰੀ ਰੱਖੀਏ ਤਾਂ ਸਾਡਾ ਖਾਣਾ ਜ਼ਾਇਕੇਦਾਰ ਤਾਂ ਬਣੇਗਾ ਹੀ, ਸਾਨੂੰ ਕੋਈ ਉਲਝਣ ਵੀ ਨਹੀਂ ਹੋਵੇਗੀ, ਜਿਸ ਤਰ੍ਹਾਂ :
* ਆਲੂਆਂ ਨੂੰ ਜਲਦੀ ਉਬਾਲਣ ਲਈ ਇਨ੍ਹਾਂ ਨੂੰ ਲੰਬਾਈ ਵਿਚ ਕੱਟ ਕੇ ਉਬਾਲੋ। ਉਬਲੇ ਹੋਏ ਆਲੂ ਜੇਕਰ ਜ਼ਿਆਦਾ ਰਿੱਝ ਜਾਣ ਤਾਂ ਇਨ੍ਹਾਂ ਨੂੰ 15 ਤੋਂ 20 ਮਿੰਟ ਲਈ ਬਰਫ਼ ਦੇ ਪਾਣੀ ਵਿਚ ਰੱਖ ਦਿਓ। ਇਹ ਸਖ਼ਤ ਹੋ ਜਾਣਗੇ ਅਤੇ ਇਨ੍ਹਾਂ ਦੀਆਂ ਛਿੱਲਾਂ ਵੀ ਆਸਾਨੀ ਨਾਲ ਲੱਥ ਜਾਣਗੀਆਂ।
* ਕਿਸੇ ਵੀ ਦਾਲ/ਸਬਜ਼ੀ ਆਦਿ ਵਿਚ ਜੇਕਰ ਥੋੜ੍ਹੀ ਜਿਹੀ ਪੀਸੀ ਹੋਈ ਕਾਲੀ ਮਿਰਚ ਦੀ ਵਰਤੋਂ ਕੀਤੀ ਜਾਵੇ ਤਾਂ ਦਾਲ/ਸਬਜ਼ੀ ਸੁਆਦੀ ਬਣੇਗੀ ਹੀ ਅਤੇ ਇਹ ਛੇਤੀ ਖਰਾਬ ਵੀ ਨਹੀਂ ਹੋਵੇਗੀ।
* ਸਬਜ਼ੀ ਦਾ ਤਰੀ ਰਸ ਗਾੜ੍ਹਾ ਕਰਨਾ ਹੋਵੇ ਤਾਂ ਉਸ ਵਿਚ ਬ੍ਰੈੱਡ ਆਦਿ ਬਰੀਕ ਪੀਸ ਕੇ ਪਾ ਦਿਓ। ਇਸ ਨਾਲ ਸਬਜ਼ੀ ਵਿਚ ਗਾੜ੍ਹਾਪਣ ਤਾਂ ਆਵੇਗਾ ਹੀ, ਇਹ ਜ਼ਾਇਕੇਦਾਰ ਵੀ ਬਣੇਗੀ। * ਦਹੀਂ ਜਮਾਉਣ ਤੋਂ ਪਹਿਲਾਂ ਬਰਤਨ ਵਿਚ ਥੋੜ੍ਹਾ ਜਿਹਾ ਫਟਕੜੀ ਦਾ ਚੂਰਾ ਲਗਾ ਦੇਣ ਨਾਲ ਦਹੀਂ ਗਾੜ੍ਹਾ ਅਤੇ ਚੰਗਾ ਜੰਮੇਗਾ ਅਤੇ ਖੱਟਾਪਣ ਵੀ ਨਹੀਂ ਆਵੇਗਾ।
* ਪਿਆਜ਼ ਦਾ ਮਸਾਲਾ ਭੁੰਨਦੇ ਸਮੇਂ ਅਕਸਰ ਇਹ ਬਰਤਨ ਨਾਲ ਚਿਪਕਦਾ ਹੈ। ਜੇਕਰ ਇਸ ਨੂੰ ਭੁੰਨ ਕੇ ਪੀਸੋ ਤਾਂ ਕੰਮ ਕਾਫੀ ਆਸਾਨ ਹੋ ਜਾਵੇਗਾ।
* ਬ੍ਰੈੱਡ ਆਦਿ ਖੁੱਲ੍ਹਾ ਰੱਖਣ ਨਾਲ ਜੇਕਰ ਇਹ ਸੁੱਕ ਗਿਆ ਹੈ ਤਾਂ ਕਿਸੇ ਬਰਤਨ ਵਿਚ ਪਾਣੀ ਗਰਮ ਕਰੋ ਅਤੇ ਜਦੋਂ ਭਾਫ ਬਣਨ ਲੱਗੇ ਤਾਂ ਜਾਲੀ ਲਗਾ ਕੇ ਉਸ ਉੱਪਰ ਬ੍ਰੈੱਡ ਰੱਖ ਦਿਓ। 2 ਮਿੰਟਾਂ ਵਿਚ ਹੀ ਬ੍ਰੈੱਡ ਫਿਰ ਤੋਂ ਤਾਜ਼ਾ ਹੋ ਜਾਵੇਗਾ। * ਵੇਸਣ ਦੇ ਲੱਡੂ ਬਣਾਉਂਦੇ ਸਮੇਂ ਵੇਸਣ ਵਿਚ ਘਿਓ ਦਾ ਸਿੱਟਾ ਲਗਾ ਦਿਓ ਅਤੇ ਵਰਤਣ ਵੇਲੇ ਘਿਓ ਦੀ ਚੌਥਾਈ ਮਾਤਰਾ ਗਰਮ ਕਰਕੇ ਮਿਲਾ ਦਿਓ। ਅੱਧੇ ਘੰਟੇ ਬਾਅਦ ਫਿਰ ਵੇਸਣ ਭੁੰਨ ਕੇ ਲੱਡੂ ਬਣਾ ਲਓ। ਇਸ ਨਾਲ ਲੱਡੂ ਵਧੇਰੇ ਦਾਣੇਦਾਰ ਅਤੇ ਸੁਆਦੀ ਬਣਨਗੇ।
* ਪੂੜੀਆਂ ਤਿਆਰ ਕਰਦੇ ਸਮੇਂ ਆਟੇ ਵਿਚ ਥੋੜ੍ਹੀ ਜਿਹੀ ਸੂਜੀ ਮਿਲਾ ਦਿਓ ਅਤੇ ਨਮਕ ਦੇ ਬਰਾਬਰ ਚੀਨੀ ਵੀ ਪਾਓ। ਪੂੜੀਆਂ ਇਕਦਮ ਸੁਆਦੀ ਬਣਨਗੀਆਂ।
* ਘਿਓ ਜ਼ਿਆਦਾ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਉਸ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਜਾਂ ਛੋਟਾ ਜਿਹਾ ਗੁੜ ਦਾ ਟੁਕੜਾ ਪਾ ਦਿਓ। ਇਸ ਤਰ੍ਹਾਂ ਘਿਓ ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
* ਚੌਲ ਬਣਾਉਣ ਸਮੇਂ ਜੇਕਰ ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਦਿੱਤੀਆਂ ਜਾਣ ਤਾਂ ਚੌਲ ਬਿਖਰੇ-ਬਿਖਰੇ ਅਤੇ ਸੁਆਦੀ ਬਣਨਗੇ।
* ਜੇਕਰ ਸਬਜ਼ੀ ਵਿਚ ਮਿਰਚ ਤੇਜ਼ ਹੋ ਗਈ ਹੋਵੇ ਤਾਂ ਉਸ ਵਿਚ ਇਕ ਚਮਚ ਸ਼ੁੱਧ ਮੱਖਣ ਪਾ ਦਿਓ। ਮਿਰਚ ਦਾ ਅਸਰ ਘਟ ਜਾਵੇਗਾ। ਇਸੇ ਤਰ੍ਹਾਂ ਹੀ ਜੇਕਰ ਦਾਲ/ਸਬਜ਼ੀ ਵਿਚ ਨਮਕ ਜ਼ਿਆਦਾ ਪੈ ਗਿਆ ਹੋਵੇ ਤਾਂ ਇਸ ਵਿਚ ਜੀਰਾਮਲ ਪਾਊਡਰ ਦਾ ਇਕ ਚਮਚ ਪਾ ਦੇਣ ਨਾਲ ਨਮਕ ਦਾ ਅਸਰ ਘਟ ਜਾਂਦਾ ਹੈ।
* ਜਵਾਰ ਆਦਿ ਦੀ ਰੋਟੀ ਬਣਾਉਣ ਸਮੇਂ ਆਟੇ ਨੂੰ ਗਰਮ ਪਾਣੀ ਵਿਚ ਗੁੰਨ੍ਹੋ। ਰੋਟੀ ਟੁੱਟੇਗੀ ਨਹੀਂ ਅਤੇ ਆਸਾਨੀ ਨਾਲ ਬਣ ਜਾਵੇਗੀ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਘੱਟ ਨੰਬਰ ਆਉਣਾ ਕੋਈ ਗੁਨਾਹ ਨਹੀਂ ਹੈ

ਪ੍ਰੀਖਿਆਵਾਂ ਦਾ ਨਾਂਅ ਸੁਣਦੇ ਹੀ ਅਕਸਰ ਬੱਚੇ ਅਤੇ ਮਾਪੇ ਤਣਾਅ ਵਿਚ ਆ ਜਾਂਦੇ ਹਨ। ਸਕਾਰਾਤਮਕ ਤਣਾਅ ਤਾਂ ਕੁਝ ਹੱਦ ਤੱਕ ਠੀਕ ਹੈ ਪਰ ਨਾਕਾਰਾਤਮਕ ਤੋਂ ਬਚਣ ਦੀ ਲੋੜ ਹੈ। ਆਪਣੇ ਬੱਚੇ ਦੀ ਸਮਰੱਥਾ ਨੂੰ ਮਾਪਿਆਂ ਤੋਂ ਵੱਧ ਕੋਈ ਨਹੀਂ ਜਾਣਦੇ। ਉਸ ਦੀਆਂ ਕਮੀਆਂ ਅਤੇ ਤਾਕਤ ਨੂੰ ਦੇਖ ਕੇ ਹੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਉਸ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਨਤੀਜੇ ਦੀ ਉਮੀਦ ਵੀ ਸਾਰਥਿਕ ਹੀ ਰੱਖਣੀ ਚਾਹੀਦੀ ਹੈ। ਅੱਜ ਦੇ ਬੱਚਿਆਂ 'ਤੇ ਪੜ੍ਹਾਈ ਦਾ ਬੇਲੋੜਾ ਬੋਝ ਵਧਦਾ ਜਾ ਰਿਹਾ ਹੈ।
ਘਰ ਹੋਵੇ ਜਾਂ ਸਕੂਲ, ਅਸੀਂ ਪੜ੍ਹਾਈ-ਲਿਖਾਈ ਨੂੰ ਏਨਾ ਵੱਡਾ ਬਣਾ ਦਿੱਤਾ ਹੈ ਕਿ ਜ਼ਿਆਦਾ ਅੰਕਾਂ ਦਾ ਆਉਣਾ ਹੀ ਸਭ ਕੁਝ ਹੈ। ਉਮੀਦ ਤੋਂ ਥੋੜ੍ਹੇ ਜਿਹੇ ਨੰਬਰ ਘੱਟ ਕੀ ਆ ਜਾਣ, ਅਸੀਂ ਸਾਰੇ ਹੀ ਚਾਹੇ ਪਰਿਵਾਰ ਵਾਲੇ ਹੋਣ ਜਾਂ ਸਕੂਲ ਵਾਲੇ, ਚਾਹੇ ਰਿਸ਼ਤੇਦਾਰ ਹੋਣ ਜਾਂ ਗੁਆਂਢੀ, ਬੱਚੇ ਵਿਚ ਹੀਣ ਭਾਵਨਾ ਪੈਦਾ ਕਰਨ ਵਿਚ ਦੇਰ ਨਹੀਂ ਲਗਾਉਂਦੇ। 'ਵੱਧ ਨੰਬਰ ਆਉਣਾ ਹੀ ਸਭ ਕੁਝ ਹੈ', ਇਸ ਬਾਰੇ ਡੂੰਘਾਈ ਨਾਲ ਸੋਚਣ-ਵਿਚਾਰਨ ਦੀ ਲੋੜ ਹੈ। ਬੱਚੇ ਦੀ ਪੜ੍ਹਾਈ-ਲਿਖਾਈ ਦੀ ਪ੍ਰਕਿਰਿਆ ਵਿਚ ਅਸੀਂ ਕਿੰਨਾ ਕੁ ਦਖ਼ਲ ਦੇਣਾ ਹੈ, ਇਹ ਵੀ ਵਿਚਾਰ ਕਰੀਏ। ਬੱਚਿਆਂ ਨਾਲ ਪੜ੍ਹਾਈ-ਲਿਖਾਈ ਅਤੇ ਅੰਕਾਂ ਨੂੰ ਲੈ ਕੇ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਸਿਰਫ ਨੰਬਰਾਂ ਨੂੰ ਲੈ ਕੇ ਬੱਚੇ ਉੱਤੇ ਕਦੇ ਦਬਾਅ ਨਾ ਪਾਓ। ਤੁਹਾਡਾ ਬੱਚਾ ਕਿਸ ਚੀਜ਼ ਵਿਚ ਚੰਗਾ ਹੈ, ਇਹ ਸਮਝਦੇ ਹੋਇਆਂ ਹੀ ਉਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ। ਉਸ ਦੇ ਹੁਨਰ ਨੂੰ ਪਰਖ ਕੇ ਹਰ ਪਲ ਉਸ ਦੇ ਨਾਲ ਹੋਣ ਦਾ ਅਹਿਸਾਸ ਹੀ ਤੁਹਾਡਾ ਸਭ ਤੋਂ ਵੱਡਾ ਸਾਥ ਤੁਹਾਡੇ ਬੱਚੇ ਲਈ। ਮਾਪੇ ਹੋਣ ਦੇ ਨਾਤੇ ਇਹ ਸਭ ਤੋਂ ਵੱਡਾ ਯੋਗਦਾਨ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਪਾ ਸਕਦੇ ਹੋ। ਮਾਪੇ ਅਤੇ ਸਕੂਲ ਦੋਵਾਂ ਨੂੰ ਹੀ ਬੱਚੇ ਅੰਦਰ ਸਹੀ ਸਮੇਂ 'ਤੇ ਹੁਨਰ ਨੂੰ ਪਛਾਨਣ ਦੀ ਲੋੜ ਹੁੰਦੀ ਹੈ। ਅਜਿਹਾ ਮਾਹੌਲ ਸਿਰਜਣ ਦੀ ਲੋੜ ਹੁੰਦੀ ਹੈ ਕਿ ਕਦੇ ਵੀ ਬੱਚੇ ਉਦਾਸੀ ਦੇ ਆਲਮ ਵੱਲ ਨਾ ਜਾਣ ਅਤੇ ਖੁਸ਼ਹਾਲ ਜੀਵਨ ਜਿਊਣ।
ਜ਼ਿੰਦਗੀ ਵਿਚ ਸਫ਼ਲਤਾ ਪਾਉਣ ਲਈ ਸਿਰਫ ਨੰਬਰ ਹੀ ਜ਼ਰੂਰੀ ਨਹੀਂ ਹੁੰਦੇ, ਤੁਹਾਡੀ ਮਿਹਨਤ, ਲਗਨ, ਹੌਸਲਾ ਅਤੇ ਆਪਣੀ ਰੁਚੀ ਦਾ ਕੰਮ ਕਰਨ ਦਾ ਜਜ਼ਬਾ ਹੀ ਤੁਹਾਨੂੰ ਕਾਮਯਾਬੀ ਦਿਵਾਉਂਦਾ ਹੈ।


-738/7, ਗੁਰੂ ਨਾਨਕ ਨਗਰ, ਪਟਿਆਲਾ।

ਕੁਝ ਸ਼ਾਹੀ ਪਕਵਾਨ

ਕੱਚੇ ਕੇਲੇ ਅਤੇ ਸਾਬੂਦਾਣਾ ਦੇ ਵੜੇ
ਸਮੱਗਰੀ : 12 ਕੱਚੇ ਕੇਲੇ, ਤਲਣ ਲਈ ਤੇਲ ਅੱਧੀ ਕਟੋਰੀ, ਚੀਨਿਆਂ ਬਦਾਮ ਸੇਕ ਕੇ ਦਰਦਰਾ ਕਰ ਲਓ, ਇਕ ਕਟੋਰੀ ਸਾਬੂਦਾਣਾ 15 ਤੋਂ 20 ਮਿੰਟ ਪਾਣੀ ਵਿਚ ਭਿਉਂ ਕੇ ਨਿਚੋੜਿਆ ਹੋਇਆ, ਹਰੀ ਮਿਰਚ, ਧਨੀਆ ਪੱਤੇ, ਨਮਕ, ਲਾਲ ਮਿਰਚ, ਗਰਮ ਮਸਾਲਾ, ਖੰਡ ਇਕ ਚਾਹ ਚਮਚ, ਅੱਧੇ ਨਿੰਬੂ ਦਾ ਰਸ।
ਵਿਧੀ : ਕੇਲੇ ਉਬਾਲ ਕੇ ਮਸਲ ਲਓ ਅਤੇ ਮਸਲੇ ਕੇਲੇ ਵਿਚ ਸਾਬੂਦਾਣਾ, ਚੀਨਿਆਂ ਬਦਾਮ ਅਤੇ ਸਾਰੇ ਮਸਾਲੇ ਮਿਲਾ ਲਓ। ਗੋਲ ਚਪਟੀ ਟਿੱਕੀਆਂ ਬਣਾ ਕੇ ਲਾਲ-ਲਾਲ ਤਲੋ ਅਤੇ ਹਰੇ ਪੁਦੀਨੇ ਦੀ ਚਟਣੀ ਦੇ ਨਾਲ ਮਹਿਮਾਨਾਂ ਨੂੰ ਪਰੋਸੋ।
ਨਿੰਬੂ ਦਾ ਤਾਜ਼ਾ ਮਿੱਠਾ ਅਚਾਰ
ਸਮੱਗਰੀ : 50 ਨਿੰਬੂ, 10 ਨਿੰਬੂ ਦੇ ਭਾਰ ਦਾ ਨਮਕ, 20 ਨਿੰਬੂ ਦੇ ਭਾਰ ਦੀ ਖੰਡ, 4 ਚਮਚ ਲਾਲ ਮਿਰਚ, ਹਿੰਗ ਅੰਦਾਜ਼ੇ ਤੋਂ ਘੱਟ, 50 ਗ੍ਰਾਮ ਤਾਜ਼ੀ ਲਾਲ ਮਿਰਚ।
ਵਿਧੀ : ਨਿੰਬੂ ਨੂੰ 8 ਟੁਕੜਿਆਂ ਵਿਚ ਕੱਟ ਲਓ। ਲਾਲ ਮਿਰਚ ਡੰਡੀ ਤੋੜ ਕੇ ਨਿੰਬੂ ਵਿਚ ਮਿਲਾ ਦਿਓ। ਫਿਰ ਸਾਰੇ ਮਸਾਲੇ ਪਾ ਕੇ ਕੱਚ ਦੇ ਭਾਂਡੇ ਵਿਚ ਪਾ ਦਿਓ। ਛਿੱਲਾਂ ਗਲਣ ਤੱਕ ਧੁੱਪ ਵਿਚ ਰੱਖੋ।


-ਮੀਨਾ ਜੈਨ ਛਾਬੜਾ

ਗਰਮੀਆਂ ਵਿਚ ਪਸੀਨੇ ਦੀ ਬਦਬੂ ਤੋਂ ਬਚਾਉਣਗੇ ਘਰੇਲੂ ਨੁਸਖੇ

ਗਰਮੀਆਂ ਦੇ ਮੌਸਮ ਵਿਚ ਸਰੀਰ ਦਾ ਤਾਪਮਾਨ ਵਧਣ ਨਾਲ ਪਸੀਨੇ ਦੀ ਬਦਬੂ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ। ਹਾਲਾਂਕਿ ਗਰਮੀਆਂ ਵਿਚ ਪਸੀਨਾ ਆਉਣਾ ਆਮ ਗੱਲ ਹੈ ਅਤੇ ਪਸੀਨੇ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਅਨੇਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਪਰ ਕਈ ਵਾਰ ਅੰਡਰਆਰਮ, ਪੈਰਾਂ, ਹਥੇਲੀਆਂ ਆਦਿ ਵਿਚੋਂ ਪਸੀਨੇ ਦੀ ਬਦਬੂ ਕਾਰਨ ਸਾਨੂੰ ਸ਼ਰਮਿੰਦਗੀ ਝੱਲਣੀ ਪੈ ਜਾਂਦੀ ਹੈ, ਕਿਉਂਕਿ ਉਸ ਨਾਲ ਆਲੇ-ਦੁਆਲੇ ਦਾ ਮਾਹੌਲ ਖਰਾਬ ਹੋ ਜਾਂਦਾ ਹੈ ਅਤੇ ਲੋਕ ਤੁਹਾਡੇ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦੇ ਹਨ।
ਨਹਾਉਂਦੇ ਸਮੇਂ ਸਰੀਰ ਦੀ ਧੌਣ, ਅੰਡਰਆਰਮ ਅਤੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਨਹਾਉਣ ਦੇ ਪਾਣੀ ਦੇ ਟੱਬ ਵਿਚ ਇਤਰ, ਗੁਲਾਬਜਲ ਆਦਿ ਮਿਲਾਉਣ ਨਾਲ ਸਰੀਰ ਵਿਚ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਅਤੇ ਸਰੀਰ ਨੂੰ ਠੰਢਕ ਵੀ ਮਿਲਦੀ ਹੈ, ਜਿਸ ਨਾਲ ਪਸੀਨੇ ਦੀ ਬਦਬੂ ਨੂੰ ਰੋਕਿਆ ਜਾ ਸਕਦਾ ਹੈ। ਚੰਦਨ, ਗੁਲਾਬ, ਖਸ ਆਦਿ ਕੁਦਰਤੀ ਉਤਪਾਦਾਂ ਵਾਲੇ ਬਾਡੀ ਸ਼ੈਂਪੂ ਅਤੇ ਸ਼ਾਵਰ ਜੈਲ ਉਪਯੋਗ ਵਿਚ ਲਿਆਉਣ ਨਾਲ ਸਰੀਰ ਵਿਚ ਠੰਢਕ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ।
ਬੇਕਿੰਗ ਸੋਢਾ ਪਸੀਨੇ ਦੀ ਬਦਬੂ ਨੂੰ ਰੋਕਣ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਬੇਕਿੰਗ ਸੋਢਾ, ਪਾਣੀ ਅਤੇ ਨਿੰਬੂ ਰਸ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਅੰਡਰ ਆਰਮਸ ਵਿਚ 10 ਮਿੰਟ ਤੱਕ ਲਗਾ ਕੇ ਤੱਤੇ ਪਾਣੀ ਨਾਲ ਧੋ ਦਿਓ। ਇਸ ਨਾਲ ਪਸੀਨੇ ਦੀ ਬਦਬੂ ਨੂੰ ਰੋਕਣ ਵਿਚ ਮਦਦ ਮਿਲੇਗੀ। ਬੇਕਿੰਗ ਸੋਢਾ ਅਤੇ ਟੈਲਕਮ ਪਾਊਡਰ ਦਾ ਮਿਸ਼ਰਣ ਬਣਾ ਕੇ ਅੰਡਰ ਆਰਮਸ ਅਤੇ ਪੈਰਾਂ 'ਤੇ 10 ਮਿੰਟ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਪਸੀਨੇ ਦੀ ਬਦਬੂ ਵਾਲੇ ਸਰੀਰ ਦੇ ਹਿੱਸੇ 'ਤੇ ਕੱਚੇ ਆਲੂ ਦੇ ਸਲਾਈਸ ਰਗੜਨ ਨਾਲ ਵੀ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ। ਨਹਾਉਣ ਵਾਲੇ ਟੱਬ ਦੇ ਪਾਣੀ ਵਿਚ ਫਟਕੜੀ ਅਤੇ ਪੁਦੀਨੇ ਦੇ ਪੱਤੇ ਪਾ ਕੇ ਨਹਾਉਣ ਨਾਲ ਵੀ ਸਰੀਰ ਵਿਚ ਠੰਢਕ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਅਤੇ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨਹਾਉਣ ਵਾਲੇ ਪਾਣੀ ਵਾਲੇ ਟੱਬ ਵਿਚ ਗੁਲਾਬਜਲ ਮਿਲਾਉਣ ਨਾਲ ਕੁਦਰਤੀ ਠੰਢਕ ਅਤੇ ਕੋਮਲਤਾ ਮਿਲਦੀ ਹੈ। ਦੋ ਬੂੰਦਾਂ ਟ੍ਰੀ ਆਇਲ ਅਤੇ ਦੋ ਚਮਚ ਗੁਲਾਬਜਲ ਮਿਲਾ ਕੇ ਇਸ ਮਿਸ਼ਰਣ ਨੂੰ ਰੂੰ ਦੀ ਮਦਦ ਨਾਲ ਅੰਡਰ ਆਰਮਸ ਵਿਚ ਲਗਾਉਣ ਨਾਲ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਵਾਲਾਂ ਵਿਚੋਂ ਪਸੀਨੇ ਦੀ ਬਦਬੂ ਨੂੰ ਰੋਕਣ ਲਈ ਇਕ ਕੱਪ ਪਾਣੀ ਵਿਚ ਗੁਲਾਬ ਜਲ ਅਤੇ ਨਿੰਬੂ ਰਸ ਨੂੰ ਮਿਲਾ ਕੇ ਵਾਲਾਂ ਨੂੰ ਧੋਣ ਨਾਲ ਪਸੀਨੇ ਦੀ ਬਦਬੂ ਖਤਮ ਹੋ ਜਾਵੇਗੀ।
ਆਯੁਰਵੈਦ ਅਨੁਸਾਰ ਖਾਣੇ ਤੋਂ ਬਾਅਦ ਨਿੰਬੂ ਪਾਣੀ, ਅਦਰਕ ਚਾਹ ਦੀ ਵਰਤੋਂ ਕਰੋ। ਤਾਜ਼ੇ ਅਦਰਕ ਦੇ ਬਰੀਕ ਟੁਕੜਿਆਂ ਵਿਚ ਸੇਂਧਾ ਨਮਕ ਮਿਲਾ ਕੇ ਚੂਸੋ। ਭੋਜਨ ਦੇ ਨਾਲ ਗਰਮ ਪਾਣੀ ਪੀਓ। ਹਲਕਾ ਅਤੇ ਮਸਾਲਾ ਰਹਿਤ ਸਾਦਾ ਖਾਣਾ ਖਾਓ ਅਤੇ ਥੋੜ੍ਹਾ-ਥੋੜ੍ਹਾ ਖਾਂਦੇ ਰਹੋ।
ਰਾਤ ਨੂੰ ਖਾਣੇ ਤੋਂ ਪਹਿਲਾਂ ਟਮਾਟਰ ਜੂਸ ਪੀਣਾ ਚਾਹੀਦਾ ਹੈ। ਟਮਾਟਰ ਪਸੀਨੇ ਦੀ ਬਦਬੂ ਲਈ ਜ਼ਿੰਮੇਵਾਰ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ। ਪਾਨ ਦੇ ਪੱਤੇ ਅਤੇ ਔਲੇ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਅੰਡਰ ਆਰਮਸ ਵਿਚ 10 ਮਿੰਟ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਠੰਢੇ ਪਾਣੀ ਨਾਲ ਨਹਾਉਣ ਨਾਲ ਪਸੀਨੇ ਦੀ ਬਦਬੂ ਤੋਂ ਮੁਕਤੀ ਮਿਲਦੀ ਹੈ।
ਆਪਣੇ ਨਹਾਉਣ ਵਾਲੇ ਟੱਬ ਵਿਚ ਨਿੰਮ ਦੇ ਪੱਤੇ ਰਾਤ ਨੂੰ ਸਾਫ ਕਰਕੇ ਪਾ ਦਿਓ ਅਤੇ ਇਸ ਪਾਣੀ ਨਾਲ ਨਹਾਉਣ ਨਾਲ ਪਸੀਨੇ ਦੀ ਬਦਬੂ ਤੋਂ ਇਲਾਵਾ ਚਮੜੀ ਦੀ ਇਨਫੈਕਸ਼ਨ ਨੂੰ ਰੋਕਣ ਵਿਚ ਮਦਦ ਮਿਲਦੀ ਹੈ।
ਨਹਾਉਣ ਵਾਲੇ ਟੱਬ ਵਿਚ ਨਹਾਉਣ ਤੋਂ ਇਕ ਘੰਟਾ ਪਹਿਲਾਂ ਸੰਤਰੇ ਦੀ ਛਿੱਲ ਪਾ ਕੇ ਛੱਡ ਦਿਓ। ਇਸ ਪਾਣੀ ਨਾਲ ਨਹਾਉਣ ਨਾਲ ਸਰੀਰ ਵਿਚ ਤਾਜ਼ਗੀ ਅਤੇ ਠੰਢਕ ਦਾ ਅਹਿਸਾਸ ਹੁੰਦਾ ਹੈ।

ਕੀ ਤੁਸੀਂ ਖੁਸ਼ ਰਹਿਣਾ ਜਾਣਦੇ ਹੋ?

ਅਬਰਾਹਮ ਲਿੰਕਨ ਨੇ ਕਿਹਾ ਸੀ ਕਿ ਲੋਕ ਓਨੇ ਹੀ ਖੁਸ਼ ਰਹਿੰਦੇ ਹਨ, ਜਿੰਨੇ ਖੁਸ਼ ਰਹਿਣ ਦਾ ਉਹ ਬਦਲ ਚੁਣਦੇ ਹਨ। ਭਾਵ ਇਹ ਕਿ ਖੁਸ਼ ਰਹਿਣਾ ਸਾਡੇ ਹੱਥ ਵਿਚ ਹੈ, ਸਾਡੀ ਚੋਣ ਵਿਚ ਹੈ। ਇਸ ਨੂੰ ਦੁਨੀਆ ਦੇ ਤਮਾਮ ਲੋਕਾਂ ਨੇ ਆਪਣੇ-ਆਪਣੇ ਢੰਗ ਨਾਲ ਸਹੀ ਸਿੱਧ ਕੀਤਾ ਹੈ। ਪਰ ਸਵਾਲ ਹੈ ਕੀ ਤੁਹਾਡੇ ਹੱਥ ਵਿਚ ਵੀ ਖੁਸ਼ ਰਹਿਣਾ ਹੈ? ਨਹੀਂ, ਇਸ ਤਰ੍ਹਾਂ ਨਹੀਂ। ਆਓ ਇਸ ਕੁਇਜ਼ ਵਿਚੋਂ ਲੰਘ ਕੇ ਪਰਖਦੇ ਹਾਂ, ਹੈ ਜਾਂ ਨਹੀਂ।
1. ਸਵੇਰ ਦਾ ਚੜ੍ਹਦਾ ਹੋਇਆ ਸੂਰਜ ਦੇਖ ਕੇ ਤੁਸੀਂ-
(ਕ) ਖੁਸ਼ੀ ਨਾਲ ਭਰ ਜਾਂਦੇ ਹੋ। (ਖ) ਕੁਦਰਤ ਦੇ ਪ੍ਰਤੀ ਸ਼ੁਕਰਗੁਜ਼ਾਰ ਹੋ ਜਾਂਦੇ ਹੋ। (ਗ) ਸਵੇਰ ਦੇ ਰੁਝੇਵਿਆਂ ਵਿਚ ਇਸ ਸਭ ਲਈ ਫੁਰਸਤ ਕਿਥੇ ਮਿਲਦੀ ਹੈ।
2. ਪੈਦਲ ਚਲਦੇ ਹੋਏ ਜਦੋਂ ਕਦੇ ਤੁਸੀਂ ਰੇਡੀਓ ਵਿਚ ਚਲਦੇ ਹੋਏ ਆਪਣੇ ਪਸੰਦ ਦੇ ਗੀਤ ਨੂੰ ਸੁਣਦੇ ਹੋ-
(ਕ) ਖੁਸ਼ ਹੋ ਜਾਂਦੇ ਹੋ। (ਖ) ਰੋਮਾਂਚ ਨਾਲ ਚਲਦੇ ਹੋਏ ਕਦਮ ਠਿਠਕ ਜਾਂਦੇ ਹੋ। (ਗ) ਰਸਤੇ ਵਿਚ ਚਲਦੇ ਹੋਏ ਪੂਰਾ ਧਿਆਨ ਆਪਣੀ ਮੰਜ਼ਿਲ 'ਤੇ ਰੱਖਦੇ ਹੋ, ਗਾਣੇ ਨਹੀਂ ਸੁਣਦੇ।
3. ਸਵੇਰੇ-ਸ਼ਾਮ ਦੀ ਨਿਯਮਤ ਪ੍ਰਾਰਥਨਾ ਤੁਹਾਨੂੰ-(ਕ) ਕਦੇ ਪਸੰਦ ਨਹੀਂ, ਕਿਉਂਕਿ ਇਸ ਨਾਲ ਪੁਰਾਣੇ ਖਿਆਲਾਂ ਦੀ ਹੋਣ ਦਾ ਅਭਾਸ ਹੁੰਦਾ ਹੈ। (ਖ) ਕੁਝ ਮਿੰਟਾਂ ਦੀਆਂ ਇਹ ਗਤੀਵਿਧੀਆਂ ਤੁਹਾਨੂੰ ਭਾਵੁਕ ਕਰ ਦਿੰਦੀਆਂ ਹਨ। (ਗ) ਭਾਵੁਕ ਨਹੀਂ ਬਣਾਉਂਦੀਆਂ, ਕਿਉਂਕਿ ਇਹ ਇਕ ਰੁਟੀਨ ਦਾ ਹਿੱਸਾ ਹਨ।
4. ਬੱਚਿਆਂ ਨਾਲ ਗੱਲਾਂ ਕਰਨਾ, ਉਨ੍ਹਾਂ ਦੇ ਨਾਲ ਖੇਡਣਾ ਹਮੇਸ਼ਾ ਤੁਹਾਨੂੰ-
(ਕ) ਚਿੰਤਤ ਕਰਦਾ ਹੈ। (ਖ) ਚਿੰਤਾ ਨਾਲ ਭਰ ਦਿੰਦਾ ਹੈ। (ਗ) ਤਰੋਤਾਜ਼ਾ ਕਰ ਦਿੰਦਾ ਹੈ।
5. ਪੜ੍ਹਨ ਵਿਚ ਹਮੇਸ਼ਾ ਤੁਹਾਨੂੰ-
(ਕ) ਪ੍ਰੇਰਕ ਕਥਾਵਾਂ ਪਸੰਦ ਹਨ। (ਖ) ਰਹੱਸ, ਰੋਮਾਂਚ ਦੇ ਕਿੱਸੇ ਪਸੰਦ ਹਨ। (ਗ) ਯਾਤਰਾ ਬਿਰਤਾਂਤ ਪਸੰਦ ਹਨ।
ਨਤੀਜਾ : ਜੇ ਤੁਸੀਂ ਉਪਰੋਕਤ ਸਾਰੇ ਸਵਾਲਾਂ ਦੇ ਉਨ੍ਹਾਂ ਜਵਾਬਾਂ 'ਤੇ ਟਿਕ ਲਗਾਇਆ ਹੈ ਜੋ ਵਾਕਿਆ ਹੀ ਤੁਹਾਡੇ ਜਵਾਬ ਹੋ ਸਕਦੇ ਹਨ ਤਾਂ ਤੁਹਾਡੀ ਖੁਸ਼ੀ ਦੀ ਡਿਗਰੀ ਕੁਝ ਇਸ ਤਰ੍ਹਾਂ ਹੈ-
(ਕ) ਜੇ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਜ਼ਿੰਦਗੀ ਵਿਚ ਓਨੇ ਹੀ ਖੁਸ਼ ਰਹਿੰਦੇ ਹੋ, ਜਿੰਨੀਆਂ ਖੁਸ਼ੀਆਂ ਅਚਾਨਕ ਕਿਸੇ ਵਜ੍ਹਾ ਨਾਲ ਪ੍ਰਾਪਤ ਹੋ ਸਕਦੀਆਂ ਹਨ। ਜਿਵੇਂ ਖਰੀਦਦਾਰੀ ਜਾਂ ਆਮਦਨ 'ਚ ਵਾਧਾ। ਪਰ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਸੁਭਾਵਿਕ ਰੂਪ ਨਾਲ ਖੁਸ਼ ਨਹੀਂ ਰਹਿੰਦੇ।
(ਖ) ਜੇ ਤੁਹਾਡੇ ਹਾਸਲ ਅੰਕ 10 ਤੋਂ ਵੱਧ ਪਰ 15 ਜਾਂ ਇਸ ਤੋਂ ਘੱਟ ਹਨ ਤਾਂ ਤੁਹਾਨੂੰ ਖੁਸ਼ ਰਹਿਣ ਦਾ ਇਲਮ ਹੈ। ਇਹ ਵੱਖਰੀ ਗੱਲ ਹੈ ਕਿ ਹਰ ਗੱਲ 'ਤੇ ਖੁਸ਼ ਰਹਿਣ ਦੀ ਬਜਾਏ ਤੁਸੀਂ ਕੁਝ ਚੁਣੀਆਂ ਹੋਈਆਂ ਗਤੀਵਿਧੀਆਂ ਵਿਚ ਵੀ ਖੁਸ਼ੀ ਤਲਾਸ਼ਦੇ ਹੋ।
(ਗ) ਜੇ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਵੱਧ ਹਨ ਤਾਂ ਤੁਸੀਂ ਸੱਚਮੁੱਚ ਖੁਸ਼ ਰਹਿਣਾ ਜਾਣਦੇ ਹੋ। ਤੁਹਾਨੂੰ ਕਿਸੇ ਤਰ੍ਹਾਂ ਦਾ ਖੁਸ਼ ਰਹਿਣ ਲਈ ਕੋਈ ਉਪਦੇਸ਼ ਦੇਣਾ ਬੇਕਾਰ ਹੈ।


-ਪਿੰਕੀ ਅਰੋੜਾ, ਇਮੇਜ ਰਿਫਲੈਕਸ਼ਨ ਸੈਂਟਰ

ਗਰਮੀਆਂ ਦੀਆਂ ਛੁੱਟੀਆਂ ਵਿਚ ਚਮੜੀ ਦਾ ਰੱਖੋ ਖ਼ਾਸ ਖ਼ਿਆਲ

ਹੁਣ ਜਦੋਂ ਕਿ ਗਰਮੀਆਂ ਵਿਚ ਛੁੱਟੀਆਂ ਦਾ ਸੀਜ਼ਨ ਨਜ਼ਦੀਕ ਪਹੁੰਚ ਗਿਆ ਹੈ ਅਤੇ ਤੁਸੀਂ ਪਹਾੜਾਂ ਅਤੇ ਸਮੁੰਦਰੀ ਤੱਟਾਂ 'ਤੇ ਕੁਝ ਆਰਾਮਦਾਇਕ ਸਕੂਨ ਨਾਲ ਭਰੇ ਪਲ ਗੁਜ਼ਾਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸੁੰਦਰਤਾ ਦੇ ਲਿਹਾਜ ਨਾਲ ਗਰਮੀਆਂ ਸਾਡੀ ਚਮੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਸਮੁੰਦਰੀ ਤੱਟਾਂ ਅਤੇ ਪਹਾੜਾਂ ਦੀ ਬਰਫ ਦੇ ਪਾਰਦਰਸ਼ੀ ਸਤਹਾਂ 'ਤੇ ਸੂਰਜ ਦੀਆਂ ਕਿਰਨਾਂ ਮੈਦਾਨੀ ਇਲਾਕਿਆਂ ਦੀ ਬਜਾਏ ਜ਼ਿਆਦਾ ਤੇਜ਼ ਹੁੰਦੀਆਂ ਹਨ, ਜਿਸ ਨਾਲ ਤੁਹਾਡੀ ਚਮੜੀ ਵਿਚ ਜਲਣ, ਕਾਲਾਪਨ, ਸਨਬਰਨ ਅਤੇ ਮੁਹਾਸਿਆਂ ਆਦਿ ਵਰਗੀਆਂ ਸੁੰਦਰਤਾ ਸਮੱਸਿਆਵਾਂ ਉਗਰ ਰੂਪ ਧਾਰਨ ਕਰ ਸਕਦੀਆਂ ਹਨ।
ਸੁੰਦਰਤਾ ਸਾਵਧਾਨੀਆਂ ਵਰਤ ਕੇ ਤੁਸੀਂ ਆਪਣੀਆਂ ਛੁੱਟੀਆਂ ਦਾ ਭਰਪੂਰ ਅਨੰਦ ਮਾਣ ਸਕਦੇ ਹੋ। ਗਰਮੀਆਂ ਵਿਚ ਛੁੱਟੀਆਂ ਦੀਆਂ ਤਿਆਰੀਆਂ ਸੁੰਦਰਤਾ ਸਾਵਧਾਨੀਆਂ ਨਾਲ ਹੀ ਸ਼ੁਰੂ ਕਰੋ। ਚਮੜੀ ਦੀ ਰੱਖਿਆ ਲਈ ਸਨਸਕਰੀਨ ਲੋਸ਼ਨ ਆਪਣੇ ਨਾਲ ਜ਼ਰੂਰ ਲੈ ਲਓ। ਤੁਸੀਂ ਚਮੜੀ ਦੀ ਕਾਲਖ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਅ ਦਾ ਪ੍ਰਭਾਵੀ ਸਨਸਕਰੀਨ ਲੋਸ਼ਨ ਲਓ। ਜਦੋਂ ਵੀ ਤੁਸੀਂ ਬਾਹਰ ਧੁੱਪ ਵਿਚ ਜਾ ਰਹੇ ਹੋ ਤਾਂ ਜਾਣ ਤੋਂ 20 ਮਿੰਟ ਪਹਿਲਾਂ ਚਿਹਰੇ ਅਤੇ ਸਰੀਰ ਦੇ ਸਾਰੇ ਖੁੱਲ੍ਹੇ ਅੰਗਾਂ 'ਤੇ ਸਨਸਕਰੀਨ ਦਾ ਲੇਪ ਜ਼ਰੂਰ ਕਰ ਲਓ। ਜੇ ਤੁਸੀਂ ਧੁੱਪ ਵਿਚ ਇਕ ਘੰਟਾ ਜਾਂ ਜ਼ਿਆਦਾ ਸਮੇਂ ਤੱਕ ਰਹੋ ਤਾਂ ਸਨਸਕਰੀਨ ਦਾ ਦੁਬਾਰਾ ਲੇਪ ਕਰ ਲਓ। ਸੰਵੇਦਨਸ਼ੀਲ ਅਤੇ ਸਨਬਰਨ ਤੋਂ ਪ੍ਰਭਾਵਿਤ ਚਮੜੀ ਵਿਚ 30 ਜਾਂ ਜ਼ਿਆਦਾ ਐਸ.ਪੀ.ਐਫ. ਸਨਸਕਰੀਨ ਦੀ ਵਰਤੋਂ ਕਰੋ। ਗਰਮੀਆਂ ਵਿਚ ਛੁੱਟੀਆਂ ਦੌਰਾਨ ਆਪਣੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਮਾਇਸਚਰਾਈਜ਼ਰ, ਡਿਹਾਈਡਰੈਂਟ ਕਲੀਂਜਰ ਹੈਂਡ ਕ੍ਰੀਮ ਅਤੇ ਬੁੱਲ੍ਹਾਂ ਦਾ ਬਾਮ ਨਾਲ ਰੱਖਣਾ ਕਦੇ ਨਾ ਭੁੱਲੋ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਤੇਲੀ ਚਮੜੀ ਨੂੰ ਚਮਕਾਉਣ ਅਤੇ ਮੁਸਾਮਾਂ ਨੂੰ ਸਾਫ਼ ਕਰਨ ਲਈ ਸਕਰੱਬ ਦੀ ਜ਼ਿਆਦਾ ਵਰਤੋਂ ਕਰੋ। ਸਮੁੰਦਰੀ ਤੱਟ 'ਤੇ ਖਾਰੇ ਪਾਣੀ ਵਿਚ ਨਹਾਉਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋਵੋ। ਜਦੋਂ ਵੀ ਤੁਸੀਂ ਵਾਪਸ ਆਪਣੇ ਹੋਟਲ ਦੇ ਕਮਰੇ ਵਿਚ ਪਹੁੰਚੋ ਤਾਂ ਚਿਹਰੇ 'ਤੇ ਠੰਢੇ ਦੁੱਧ ਦੀ ਮਾਲਿਸ਼ ਕਰਕੇ ਇਸ ਨੂੰ ਕੁਝ ਸਮੇਂ ਲਈ ਛੱਡ ਦਿਓ। ਇਸ ਨਾਲ ਸਨਬਰਨ ਦੇ ਪ੍ਰਭਾਵ ਨੂੰ ਰੋਕਣ ਵਿਚ ਮਦਦ ਮਿਲੇਗੀ ਅਤੇ ਚਿਹਰੇ ਦੀ ਚਮੜੀ ਨੂੰ ਠੰਢਕ ਮਿਲੇਗੀ।
ਸਮੁੰਦਰੀ ਪਾਣੀ ਨਾਲ ਨਹਾਉਣ ਨਾਲ ਤੁਹਾਡੇ ਵਾਲ ਨਿਰਜੀਵ ਅਤੇ ਉਲਝ ਸਕਦੇ ਹਨ। ਸਮੁੰਦਰੀ ਪਾਣੀ ਵਿਚ ਨਹਾਉਂਦੇ ਸਮੇਂ ਸਿਰ ਨੂੰ ਕੈਪ ਨਾਲ ਢਕਣ ਨਾਲ ਵਾਲਾਂ ਨੂੰ ਸੂਰਜ ਦੀ ਗਰਮੀ ਅਤੇ ਖਾਰੇ ਪਾਣੀ ਦੇ ਨੁਕਸਾਨ ਤੋਂ ਪ੍ਰਭਾਵੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਸਮੁੰਦਰ ਵਿਚ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਆਮ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਵਾਲਾਂ ਦੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਵਾਲਾਂ ਨੂੰ ਧੋਣ ਤੋਂ ਬਾਅਦ ਸਮੁੰਦਰ ਵਿਚ ਨਹਾਉਣ ਨਾਲ ਵਾਲਾਂ ਨੂੰ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਵਾਲ ਸਮੁੰਦਰੀ ਪਾਣੀ ਨੂੰ ਕਦੇ ਨਹੀਂ ਸੋਖਣਗੇ, ਕਿਉਂਕਿ ਉਹ ਪਹਿਲਾਂ ਹੀ ਤਾਜ਼ੇ ਪਾਣੀ ਨੂੰ ਸੋਖ ਚੁੱਕੇ ਹਨ। ਸਮੁੰਦਰੀ ਪਾਣੀ ਵਿਚ ਨਹਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਹਰਬਲ ਸ਼ੈਂਪੂ ਨਾਲ ਧੋ ਦਿਓ ਅਤੇ ਸ਼ੈਂਪੂ ਤੋਂ ਬਾਅਦ ਵਾਲਾਂ ਵਿਚ ਕੰਡੀਸ਼ਨਰ ਜਾਂ ਹੇਅਰ ਸੀਰਮ ਦੀ ਵਰਤੋਂ ਕਰੋ।
ਸਮੁੰਦਰੀ ਤੱਟ 'ਤੇ ਜਾਣ ਤੋਂ ਪਹਿਲਾਂ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ, ਜਦੋਂ ਕਿ ਤੁਸੀਂ ਸਫ਼ਰ ਦੌਰਾਨ ਲਿਪਗਲਾਸ, ਪਾਊਡਰ, ਆਈ-ਪੈਨਸਿਲ, ਮਾਸਕਰਾ, ਲਿਪਸਟਿਕ ਵਰਗੇ ਆਮ ਸੁੰਦਰਤਾ ਪ੍ਰਸਾਧਨਾਂ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੀ ਤੇਲੀ ਚਮੜੀ ਹੈ ਅਤੇ ਤੁਸੀਂ ਗਰਮੀਆਂ ਵਿਚ ਆਰਦਰਤਾ ਭਰੇ ਮੌਸਮ ਵਿਚ ਸਫ਼ਰ ਕਰ ਰਹੇ ਹੋ ਤਾਂ ਟਿਸ਼ੂ ਪੇਪਰ, ਟੈਲਕਮ ਪਾਊਡਰ ਅਤੇ ਡਿਓਡਰੈਂਟ ਆਪਣੇ ਨਾਲ ਜ਼ਰੂਰ ਰੱਖੋ। ਸਫ਼ਰ ਦੌਰਾਨ ਸੁੰਦਰਤਾ ਦੇ ਕੁਝ ਨੁਸਖੇ ਤੁਹਾਡੇ ਸਫਰ ਦੇ ਦੌਰਾਨ ਸੁੰਦਰਤਾ ਵਿਚ ਚਾਰ ਚੰਦ ਲਗਾ ਸਕਦੇ ਹਨ। ਜੇ ਤੁਸੀਂ ਬਾਹਰ ਦੇਖਣਯੋਗ ਸਥਾਨਾਂ 'ਤੇ ਘੁੰਮ ਰਹੇ ਹੋ ਤਾਂ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਆਪਣਾ ਚਿਹਰਾ ਤਾਜ਼ੇ ਪਾਣੀ ਨਾਲ ਜ਼ਰੂਰ ਧੋਵੋ। 'ਪਿਕ ਮੀ ਅਪ' ਫੇਸ ਮਾਸਕ ਤੁਹਾਡੀ ਚਮੜੀ ਨੂੰ ਸਾਫ਼, ਚਮਕਦਾਰ ਅਤੇ ਆਕਰਸ਼ਕ ਬਣਾ ਸਕਦਾ ਹੈ। ਇਸ ਨਾਲ ਚਮੜੀ ਦੀ ਥਕਾਨ ਨੂੰ ਮਿਟਾਉਣ ਅਤੇ ਚਮੜੀ ਨੂੰ ਤਰੋਤਾਜ਼ਾ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਸਫਰ ਦੌਰਾਨ 'ਪੀਲ ਆਫ ਮਾਸਕ' ਦੀ ਵਰਤੋਂ ਨਾਲ ਚਮੜੀ ਵਿਚ ਚਮਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਉੱਚੇ ਪਰਬਤੀ ਦਰਸ਼ਨੀ ਸਥਾਨਾਂ, ਖੁਸ਼ਕ ਅਤੇ ਠੰਢੇ ਮੌਸਮ ਦੇ ਦੌਰਾਨ ਵਾਲਾਂ ਵਿਚ ਨਮੀ ਦੀ ਕਮੀ ਆਮ ਹੀ ਪਾਈ ਜਾਂਦੀ ਹੈ। ਇਸ ਮੌਸਮ ਵਿਚ ਹੱਥ ਅਤੇ ਬੁੱਲ੍ਹ ਵੀ ਖੁਸ਼ਕ ਬਣ ਜਾਂਦੇ ਹਨ। ਇਸ ਮੌਸਮ ਵਿਚ ਹੱਥਾਂ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ 'ਤੇ ਦਿਨ ਵਿਚ ਦੋ-ਤਿੰਨ ਵਾਰ ਮਾਇਸਚਰਾਈਜ਼ਰ ਦੀ ਵਰਤੋਂ ਕਰੋ ਅਤੇ ਇਸ ਦੀ ਚਮੜੀ 'ਤੇ ਮਾਲਿਸ਼ ਕਰੋ। ਵਾਲਾਂ ਦੀ ਸੁੰਦਰਤਾ ਲਈ ਸਨਸਕਰੀਨ ਰਹਿਤ ਹੇਅਰ ਕ੍ਰੀਮ, ਹਰਬਲ ਸ਼ੈਂਪੂ, ਕਵਰਲ ਹੇਅਰ ਸੀਰਮ ਅਤੇ ਕੰਡੀਸ਼ਨਰ ਦੀ ਲਗਾਤਾਰ ਵਰਤੋਂ ਕਰੋ। ਵਾਲਾਂ ਨੂੰ ਸੂਰਜ ਦੀਆਂ ਕਿਰਨਾਂ, ਹਵਾ ਦੇ ਝੋਂਕਿਆਂ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈ ਸਕਾਰਫ ਦੀ ਵਰਤੋਂ ਕਰੋ। ਤੇਲੀ ਵਾਲਾਂ ਲਈ ਗਰਮ ਪਾਣੀ ਵਿਚ ਟੀ ਬੈਗ ਡੁਬੋਵੋ। ਟੀ ਬੈਗ ਨੂੰ ਹਟਾ ਕੇ ਬਾਕੀ ਬਚੇ ਪਾਣੀ ਨੂੰ ਠੰਢਾ ਹੋਣ ਦਿਓ ਅਤੇ ਬਾਅਦ ਵਿਚ ਇਸ ਵਿਚ ਨਿੰਬੂ ਰਸ ਮਿਲਾ ਦਿਓ ਅਤੇ ਉਸ ਨਾਲ ਵਾਲਾਂ ਨੂੰ ਸਾਫ਼ ਕਰੋ। ਇਸ ਨਾਲ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿਚ ਮਦਦ ਮਿਲਦੀ ਹੈ।

ਆਓ ਫ਼ਜ਼ੂਲ ਖਰਚੀ ਤੋਂ ਬਚੀਏ

ਫ਼ਜ਼ੂਲ ਖਰਚੀ ਦੀ ਪਰਿਭਾਸ਼ਾ ਨਿਸਚਿਤ ਕਰਨ ਲਈ ਨਾਰੀ ਮਨ ਨੂੰ ਥੋੜ੍ਹਾ ਜਿਹਾ ਸਵੈ-ਚਿੰਤਨ ਕਰਨਾ ਪਵੇਗਾ। ਫਜ਼ੂਲ ਖਰਚੀ ਤੋਂ ਭਾਵ ਹੈ ਜਦੋਂ ਸਾਡੇ ਕੋਲ ਜ਼ਰੂਰਤ ਤੋਂ ਵੱਧ ਚੀਜ਼ਾਂ-ਵਸਤਾਂ ਹੋਣ ਪਰ ਫਿਰ ਵੀ ਆਪਣੀ ਤ੍ਰਿਸ਼ਨਾ ਜਾਂ ਲਾਲਸਾ ਨੂੰ ਸ਼ਾਂਤ ਕਰਨ ਲਈ ਹੋਰ ਵਸਤੂਆਂ ਬੇਮਤਲਬ ਹੀ ਖਰੀਦੀ ਜਾਣਾ। ਫਜ਼ੂਲ ਖਰਚੇ ਦੀ ਆਦਤ ਆਮ ਕਰਕੇ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਵਧੇਰੇ ਹੁੰਦੀ ਹੈ, ਖਾਸ ਕਰਕੇ ਜਿਨ੍ਹਾਂ ਔਰਤਾਂ ਨੂੰ ਖਰੀਦਦਾਰੀ ਕਰਨ ਦਾ ਨਸ਼ਾ ਹੁੰਦਾ ਹੈ, ਉਹ ਫਜ਼ੂਲ ਖਰਚੇ ਦਾ ਅਸਾਨੀ ਨਾਲ ਸ਼ਿਕਾਰ ਹੋ ਜਾਂਦੀਆਂ ਹਨ। ਮਨੋਵਿਗਿਆਨਕ ਮੰਨਦੇ ਹਨ ਕਿ ਫਜ਼ੂਲ ਖਰਚੀ ਕਰਨ ਵਾਲੀਆਂ ਔਰਤਾਂ ਇਕ ਤਰ੍ਹਾਂ ਨਾਲ ਹੀਣ ਭਾਵਨਾ ਦਾ ਸ਼ਿਕਾਰ ਹੁੰਦੀਆਂ ਹਨ। ਉਹ ਘਰ-ਪਰਿਵਾਰ ਜਾਂ ਦਫ਼ਤਰ ਆਦਿ ਵਿਖੇ ਆਪਣੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਫਜ਼ੂਲ ਖਰਚਾ ਕਰਕੇ ਕੱਪੜਾ, ਗਹਿਣਾ ਜਾਂ ਹੋਰ ਸ਼ਿੰਗਾਰ ਦੀਆਂ ਵਸਤੂਆਂ ਖਰੀਦ ਕੇ ਆਪਣੀ ਸਰੀਰਕ ਸੁੰਦਰਤਾ ਵਧਾਉਣਾ ਚਾਹੁੰਦੀਆਂ ਹਨ। ਉਨ੍ਹਾਂ ਲਈ ਫਜ਼ੂਲ ਦੀ ਸ਼ਾਪਿੰਗ ਕਰਨਾ ਮੱਲ੍ਹਮ ਦਾ ਕੰਮ ਕਰਦਾ ਹੈ। ਦੁਕਾਨ 'ਤੇ ਜਾ ਕੇ ਮਨਮਰਜ਼ੀ ਨਾਲ ਖਰੀਦਦਾਰੀ ਕਰਨਾ ਬਿਨਾਂ ਕਿਸੇ ਬਜਟ ਜਾਂ ਸੀਮਾ ਦੇ ਤੇ ਬਿਨਾਂ ਕਿਸੇ ਲੋੜ ਤੋਂ ਸਾਮਾਨ ਖਰੀਦੀ ਜਾਣਾ, ਫਜ਼ੂਲ ਖਰਚਾ ਕਰਨ ਵਾਲੇ ਵਿਅਕਤੀ ਦਾ ਵਿਸ਼ੇਸ਼ ਲੱਛਣ ਹੈ। ਮਹਿੰਗੇ-ਮਹਿੰਗੇ ਕੱਪੜੇ ਜਾਂ ਗਹਿਣੇ, ਖਾਸ ਕਰਕੇ ਆਪਣੇ ਵਿੱਤੋਂ ਬਾਹਰੇ ਜਦ ਅਸੀਂ ਖਰੀਦਦੇ ਹਾਂ ਤਾਂ ਸ਼ਾਇਦ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਕਰਦੇ ਹਾਂ, ਨਾ ਕਿ ਆਪਣੀ ਲੋੜ ਨੂੰ ਪੂਰਾ ਕਰਨ ਲਈ। ਕਈ ਵਾਰ ਅਜਿਹਾ ਕਰਦਿਆਂ ਹਜ਼ਾਰਾਂ ਰੁਪਏ ਦੀ ਹਾਨੀ ਹੋ ਜਾਂਦੀ ਹੈ ਅਤੇ ਜ਼ਰੂਰੀ ਕੰਮਾਂ ਲਈ ਧਨ ਇਕੱਠਾ ਨਹੀਂ ਹੋ ਸਕਦਾ। ਕੀ ਤੁਸੀਂ ਫਜ਼ੂਲ ਖਰਚਾ ਕਰਦੇ ਹੋ? ਆਓ, ਵਿਚਾਰ ਕਰੀਏ-
1. ਕੀ ਕਿਸੇ ਦੁਕਾਨ ਉੱਪਰ ਤੁਹਾਡਾ ਉਧਾਰ ਚਲਦਾ ਹੈ?
2. ਕੀ ਤੁਸੀਂ ਪਤੀ ਤੋਂ ਲੁਕ ਕੇ ਖਰੀਦਦਾਰੀ ਕਰਦੇ ਹੋ?
3. ਕੀ ਤੁਸੀਂ ਨਵੇਂ ਕੱਪੜੇ ਖਰੀਦ ਲੈਂਦੇ ਹੋ ਪਰ ਉਨ੍ਹਾਂ ਨੂੰ ਪਹਿਨਣ ਦੀ ਵਾਰੀ ਕਦੇ ਆਉਂਦੀ ਹੀ ਨਹੀਂ?
4. ਕੀ ਤੁਸੀਂ ਕਿਸੇ ਦੁਕਾਨ ਵਿਚ ਜਾਣ ਦਾ ਮਤਲਬ ਕੁਝ ਖਰੀਦਣਾ ਹੀ ਸਮਝਦੇ ਹੋ? ਭਾਵੇਂ ਤੁਹਾਨੂੰ ਕਿਸੇ ਵਸਤੂ ਦੀ ਜ਼ਰੂਰਤ ਨਾ ਵੀ ਹੋਵੇ।
5 ਕੀ ਖਰੀਦਦਾਰੀ ਕਰਨ ਦੇ ਚਾਅ ਵਿਚ ਤੁਸੀਂ ਆਪਣੇ ਜ਼ਰੂਰੀ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਮਿਲਣਾ ਮੁਲਤਵੀ ਕਰਦੇ ਹੋ?
6. ਕੀ ਖਰੀਦਦਾਰੀ ਕਰਨ ਤੋਂ ਬਿਨਾਂ ਤੁਸੀਂ ਆਪਣੇ-ਆਪ ਨੂੰ ਸੁਸਤ ਮਹਿਸੂਸ ਕਰਦੇ ਹੋ?
ਜੇਕਰ ਉਪਰੋਕਤ ਪ੍ਰਸ਼ਨਾਂ ਵਿਚੋਂ ਤਿੰਨ ਸਵਾਲਾਂ ਦਾ ਜਵਾਬ ਤੁਸੀਂ 'ਹਾਂ' ਵਿਚ ਦਿੰਦੇ ਹੋ ਤਾਂ ਤੁਸੀਂ ਫਜ਼ੂਲ ਖਰਚਾ ਕਰਨ ਵਾਲੇ ਹੋ।
ਫਜ਼ੂਲ ਖਰਚਾ ਕਰਨ ਨਾਲ ਪੂਰੇ ਪਰਿਵਾਰ ਦੇ ਬਜਟ ਉੱਪਰ ਪ੍ਰਭਾਵ ਪੈਂਦਾ ਹੈ, ਇਸ ਲਈ ਔਰਤ ਘਰ ਦੀ ਹੋਮ ਮੈਨੇਜਰ ਹੈ ਤਾਂ ਉਸ ਨੂੰ ਪਤੀ ਦੀ ਕਮਾਈ ਜਾਂ ਜੇਕਰ ਉਹ ਖੁਦ ਕਮਾਉਂਦੀ ਹੈ ਤਾਂ ਆਪਣੀ ਕਮਾਈ ਦੀ ਕਦਰ ਕਰਦਿਆਂ ਹੋਇਆਂ ਹਮੇਸ਼ਾ ਲੋੜ ਮੁਤਾਬਿਕ ਹੀ ਵਸਤੂਆਂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ। ਫਜ਼ੂਲ ਖਰਚੇ ਤੋਂ ਕਿਵੇਂ ਬਚੀਏ, ਇਹ ਵੀ ਸੋਚਣ ਦਾ ਵਿਸ਼ਾ ਹੈ-
* ਸਭ ਤੋਂ ਪਹਿਲਾਂ ਤਾਂ ਬਾਜ਼ਾਰ ਜਾਣ ਸਮੇਂ ਇਕ ਸੂਚੀ ਤਿਆਰ ਕਰਨੀ ਚਾਹੀਦੀ ਹੈ ਕਿ ਕਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਹਨ। ਪਹਿਲਾਂ ਉਹ ਖਰੀਦੋ ਤੇ ਫਿਰ ਗ਼ੈਰ-ਜ਼ਰੂਰੀ ਵੱਲ ਧਿਆਨ ਦਿਓ। ਬਾਜ਼ਾਰ ਜਾਣ ਤੋਂ ਪਹਿਲਾਂ ਆਪਣੀ ਅਲਮਾਰੀ ਅਤੇ ਬਕਸਿਆਂ ਵਿਚ ਪਏ ਕੱਪੜੇ ਆਦਿ ਨੂੰ ਕੱਢ ਕੇ ਦੇਖਿਆ ਜਾਵੇ ਕਿ ਕਿੰਨੀ ਕੁ ਹੋਰ ਲੋੜ ਹੈ।
* ਕੋਸ਼ਿਸ਼ ਕਰੋ ਕਿ ਉਧਾਰ ਤੋਂ ਬਚਿਆ ਜਾਵੇ। 'ਹੁਣ ਖਰੀਦ ਲਓ, ਬਾਅਦ ਵਿਚ ਵੇਖੀ ਜਾਵੇਗੀ' ਵਰਗੀ ਭਾਵਨਾ ਕੱਢ ਕੇ ਹੀ ਸਿਆਣਪ ਨਾਲ ਫਜ਼ੂਲ ਖਰਚੀ ਦੇ ਨਸ਼ੇ ਤੋਂ ਬਚਿਆ ਜਾ ਸਕਦਾ ਹੈ।
* ਆਪਣੇ ਤਣਾਅ ਜਾਂ ਗੁੱਸੇ ਨੂੰ ਦੂਰ ਕਰਨ ਲਈ ਕਈ ਔਰਤਾਂ ਬਾਜ਼ਾਰ ਖਰੀਦਦਾਰੀ ਕਰਨ ਚਲੀਆਂ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਅਜਿਹਾ ਕਰਕੇ ਖੁਸ਼ੀ ਮਿਲਦੀ ਹੈ ਪਰ ਅਜਿਹੀ ਸੋਚ ਕੇਵਲ ਵਕਤੀ ਹੈ, ਅਸਲੀ ਖੁਸ਼ੀ ਤਾਂ ਮਨ ਦੀ ਹੈ, ਉਹ ਲੱਭਣੀ ਚਾਹੀਦੀ ਹੈ। ਮੂਲ ਸਮੱਸਿਆ ਵੱਲ ਧਿਆਨ ਦੇ ਕੇ ਉਸ ਦਾ ਹੱਲ ਲੱਭਣਾ ਜ਼ਰੂਰੀ ਹੈ, ਨਾ ਕਿ ਖਰੀਦਦਾਰੀ ਕਰਕੇ ਤਣਾਅ ਦੂਰ ਕਰਨਾ।
* ਕਿਸੇ ਚੰਗੇ ਮੌਕੇ ਦਾ ਇੰਤਜ਼ਾਰ ਕਰਕੇ ਖਰੀਦਦਾਰੀ ਕਰੋ। ਕੋਈ ਵਿਆਹ-ਸ਼ਾਦੀ, ਜਨਮ ਦਿਨ ਉਦੋਂ ਤੁਸੀਂ ਆਪਣੀ ਲੋੜ ਮੁਤਾਬਿਕ ਖੁੱਲ੍ਹ ਕੇ ਖਰੀਦਦਾਰੀ ਕਰੋ। ਪਰ ਨਿੱਕੀਆਂ-ਨਿੱਕੀਆਂ ਵਸਤੂਆਂ ਖਰੀਦ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਸੰਕੋਚ ਕਰਨਾ ਜ਼ਰੂਰੀ ਹੈ।
* ਫਜ਼ੂਲ ਖਰਚੇ ਤੋਂ ਬਚਣ ਲਈ ਸਵੈ-ਕਾਬੂ ਬਹੁਤ ਹੀ ਜ਼ਰੂਰੀ ਹੈ। ਬਾਜ਼ਾਰ ਵਿਚ ਪਈਆਂ ਚੀਜ਼ਾਂ, ਕੱਪੜਿਆਂ, ਗਹਿਣਿਆਂ ਆਦਿ ਦੀ ਤਾਂ ਕੋਈ ਸੀਮਾ ਹੀ ਨਹੀਂ। ਉਂਜ ਵੀ ਫੈਸ਼ਨ ਦੇ ਨਾਲ ਚੱਲਣਾ ਸੌਖਾ ਨਹੀਂ। ਆਪਣੀ ਜੇਬ ਦੇਖ ਕੇ ਚੱਲਣਾ ਜ਼ਿਆਦਾ ਜ਼ਰੂਰੀ ਹੈ।
ਇਥੇ ਮੇਰਾ ਭਾਵ ਇਹ ਵੀ ਨਹੀਂ ਕਿ ਕੰਜੂਸੀ ਕਰਕੇ ਜਾਂ ਮਨ ਮਾਰ ਕੇ ਜ਼ਿੰਦਗੀ ਕੱਟੀ ਜਾਵੇ, ਸਗੋਂ ਮੇਰਾ ਸੁਝਾਅ ਹੈ ਕਿ ਆਪਣੀਆਂ ਲੋੜਾਂ ਮੌਕਿਆਂ ਅਤੇ ਜੇਬਾਂ ਦੇ ਅਨੁਸਾਰ ਖਰੀਦਦਾਰੀ ਕਰਨ ਵਿਚ ਹੀ ਸਮਝਦਾਰੀ ਹੈ। ਜ਼ਰੂਰੀ ਵਸਤੂਆਂ ਉੱਪਰ ਕਟੌਤੀ ਕਰਨਾ ਵੀ ਜ਼ਿੰਦਗੀ ਨੂੰ ਨੀਰਸ ਬਣਾ ਦਿੰਦਾ ਹੈ ਪਰ ਫਜ਼ੂਲ ਖਰਚਾ ਵੀ ਜ਼ਿੰਦਗੀ ਵਿਚ ਭਟਕਣਾ ਅਤੇ ਹੋਰ-ਹੋਰ ਦੀ ਲਾਲਸਾ ਵਧਾ ਕੇ ਮਾਨਸਿਕ ਸ਼ਾਂਤੀ ਖ਼ਤਮ ਕਰ ਦਿੰਦਾ ਹੈ। ਜਦੋਂ ਅਸੀਂ ਫਜ਼ੂਲ ਖਰਚੀ ਦੇ ਕਾਰਨ ਅਤੇ ਖ਼ਤਰੇ ਪਛਾਣ ਲਵਾਂਗੇ, ਆਪਣੇ ਘਰ ਦੇ ਬਜਟ ਅਨੁਸਾਰ ਖਰਚਿਆਂ ਵਿਚ ਸੰਤੁਲਨ ਕਰਨਾ ਸਿੱਖ ਜਾਵਾਂਗੇ ਤਾਂ ਜ਼ਿੰਦਗੀ ਹੋਰ ਸੁਖਾਵੀਂ ਹੋ ਜਾਵੇਗੀ।


-ਐੱਚ. ਐੱਮ. ਵੀ., ਜਲੰਧਰ।

ਤੁਹਾਡੇ ਵਿਚ ਕਿੰਨਾ ਹੈ ਮੁਸ਼ਕਿਲਾਂ ਨੂੰ ਪਾਰ ਕਰਨ ਦਾ ਹੌਸਲਾ?

1. ਤੁਸੀਂ ਠੀਕ ਸਮੇਂ 'ਤੇ ਦਫ਼ਤਰ ਪਹੁੰਚਣ ਲਈ ਇਕ ਤੈਅਸ਼ੁਦਾ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਜਾ ਰਹੇ ਹੋ, ਅਚਾਨਕ ਕਾਰ ਖ਼ਰਾਬ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ-
(ਕ) ਪ੍ਰੇਸ਼ਾਨ ਹੋ ਜਾਓਗੇ ਪਰ ਇਹ ਸੋਚ ਕੇ ਦਫ਼ਤਰ ਵਿਚ ਬੌਸ ਨੂੰ ਫੋਨ ਨਹੀਂ ਕਰੋਗੇ ਕਿ ਉਹ ਇਸ ਨੂੰ ਤੁਹਾਡਾ ਇਕ ਬਹਾਨਾ ਸਮਝਣਗੇ।
(ਖ) ਸਥਿਤੀ ਦਾ ਅੰਦਾਜ਼ਾ ਲਗਾਉਂਦੇ ਹੀ ਸਭ ਤੋਂ ਪਹਿਲਾਂ ਦਫ਼ਤਰ ਫੋਨ ਕਰੋਗੇ ਅਤੇ ਫਿਰ ਆਪਣੇ ਨਿਯਮਤ ਕਾਰ ਮਕੈਨਿਕ ਨਾਲ ਗੱਲ ਕਰੋਗੇ ਤਾਂ ਕਿ ਸਥਿਤੀ ਨਾਲ ਨਿਪਟਣ ਲਈ ਠੀਕ ਸਲਾਹ ਮਿਲ ਸਕੇ।
(ਗ) ਪਤੀ ਨੂੰ ਫੋਨ ਕਰੋਗੇ ਅਤੇ ਕਹੋਗੇ ਉਹ ਛੇਤੀ ਤੋਂ ਛੇਤੀ ਤੁਹਾਡੇ ਕੋਲ ਪਹੁੰਚ ਜਾਣ।
2. ਹਰ ਦਿਨ ਤੁਸੀਂ ਆਪਣੇ ਬੱਚੇ ਨੂੰ ਲੈਣ ਬੱਸ ਅੱਡੇ ਤੱਕ ਜਾਂਦੇ ਹੋ। ਇਕ ਦਿਨ ਤੁਸੀਂ ਦੇਖਦੇ ਹੋ ਕਿ ਕੋਈ ਲਗਾਤਾਰ ਤੁਹਾਡੇ ਪਿੱਛੇ-ਪਿੱਛੇ ਆ ਰਿਹਾ ਹੈ। ਅਜਿਹੇ ਵਿਚ ਤੁਸੀਂ-
(ਕ) ਘਬਰਾ ਕੇ ਪਤੀ ਨੂੰ ਫੋਨ ਕਰੋਗੇ ਅਤੇ ਕਹੋਗੇ ਕਿ ਕੱਲ੍ਹ ਤੋਂ ਤੁਸੀਂ ਬੱਚੇ ਨੂੰ ਬੱਸ ਅੱਡੇ ਤੋਂ ਲੈਣ ਨਹੀਂ ਜਾਓਗੇ।
(ਖ) ਇਹ ਜਾਣ ਕੇ ਕਿ ਕੋਈ ਤੁਹਾਡਾ ਪਿੱਛਾ ਕਰ ਰਿਹਾ ਹੈ, ਰਣਨੀਤੀ ਦੇ ਚਲਦੇ ਕੁਝ ਮਿੰਟਾਂ ਲਈ ਕਿਸੇ ਦੁਕਾਨ ਵਿਚ ਰੁਕ ਜਾਓਗੇ ਤਾਂ ਕਿ ਦੇਖ ਸਕੋਂ ਕਿ ਉਹ ਵਿਅਕਤੀ ਕੀ ਕਰਦਾ ਹੈ?
(ਗ) ਸੁਚੇਤ ਰਹੋਗੇ ਪਰ ਆਤਮਵਿਸ਼ਵਾਸ ਨਾਲ ਭਰੇ ਹੋਵੋਗੇ ਤਾਂ ਕਿ ਜੇ ਪਿੱਛਾ ਕਰਨ ਵਾਲਾ ਵਿਅਕਤੀ ਕੋਈ ਹਰਕਤ ਕਰੇ ਤਾਂ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ।
3. ਕਈ ਮਹੀਨਿਆਂ ਤੋਂ ਤੁਸੀਂ ਦਫ਼ਤਰ ਆਉਣ-ਜਾਣ ਲਈ ਸਕੂਟੀ ਖਰੀਦਣੀ ਚਾਹੁੰਦੇ ਹੋ ਪਰ ਅੰਤਿਮ ਫੈਸਲਾ ਨਹੀਂ ਕਰ ਸਕੇ, ਕਿਉਂਕਿ-
(ਕ) ਤੁਹਾਨੂੰ ਲਗਦਾ ਹੈ ਪ੍ਰਾਈਵੇਟ ਨੌਕਰੀ ਦਾ ਕੀ ਪਤਾ ਕਦੋਂ ਛੁੱਟ ਜਾਵੇ, ਫਿਰ ਕਿਸ਼ਤਾਂ ਕਿਵੇਂ ਦੇਵਾਂਗੇ।
(ਖ) ਸੋਚਦੇ ਹੋ ਪਹਿਲਾਂ ਇਕ ਵੱਡੀ ਰਕਮ ਇਕੱਠੀ ਕਰ ਲਵਾਂ, ਫਿਰ ਖਰੀਦ ਲਵਾਂਗੀ।
(ਗ) ਇਕ ਉਮਰ ਹੋ ਗਈ ਹੈ, ਇਸ ਲਈ ਸੋਚਦੇ ਹੋ ਪਤਾ ਨਹੀਂ ਸਕੂਟੀ ਸਹੀ ਤਰ੍ਹਾਂ ਸਿੱਖ ਸਕਾਂਗੀ ਜਾਂ ਨਹੀਂ।
4. ਕਾਫੀ ਰਾਤ ਲੰਘ ਚੁੱਕੀ ਹੈ ਪਰ ਤੁਹਾਡੀ ਬੇਟੀ ਜੋ ਸ਼ਾਮ ਹੁੰਦੇ ਹੀ ਦਫ਼ਤਰੋਂ ਘਰ ਪਹੁੰਚ ਜਾਂਦੀ ਸੀ, ਅੱਜ ਨਹੀਂ ਪਹੁੰਚੀ ਅਤੇ ਉਸ ਦਾ ਫੋਨ ਵੀ ਨਹੀਂ ਮਿਲ ਰਿਹਾ। ਅਜਿਹੇ ਵਿਚ ਤੁਸੀਂ-
(ਕ) ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓਗੇ ਅਤੇ ਆਪਣੀ ਘਬਰਾਹਟ ਨਾਲ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਡਰਾ ਦਿਓਗੇ।
(ਖ) ਲੜਕੀ ਦੇ ਵਿਸ਼ਵਾਸਯੋਗ ਦੋਸਤਾਂ ਨੂੰ ਫੋਨ ਕਰਕੇ ਜਾਨਣ ਦੀ ਕੋਸ਼ਿਸ਼ ਕਰੋਗੇ ਕਿ ਲੜਕੀ ਏਨੀ ਦੇਰ ਹੋਣ ਤੋਂ ਬਾਅਦ ਵੀ ਕਿਉਂ ਨਹੀਂ ਆਈ? ਕੀ ਵਜ੍ਹਾ ਹੋ ਸਕਦੀ ਹੈ?
(ਗ) ਚਿੰਤਤ ਤਾਂ ਹੋਵੋਗੇ ਪਰ ਹਾਲਾਤ ਨੂੰ ਚਿੰਤਾਮਈ ਨਹੀਂ ਹੋਣ ਦਿਓਗੇ, ਕਿਉਂਕਿ ਪਤਾ ਨਹੀਂ ਕਿ ਦੇਰ ਦੀ ਕੀ ਵਜ੍ਹਾ ਹੋਵੇ।
5. ਤੁਹਾਡੀ ਕੰਪਨੀ ਵਿਚ ਜਿਨ੍ਹਾਂ ਨੂੰ ਕੰਪਿਊਟਰ 'ਤੇ ਕੰਮ ਕਰਨਾ ਨਹੀਂ ਆਉਂਦਾ, ਉਨ੍ਹਾਂ ਲਈ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਇਕ ਮਹੀਨੇ ਦੇ ਅੰਦਰ ਕੰਮ ਕਰਨ ਲਈ ਯੋਗ ਕੰਪਿਊਟਰ ਸਿੱਖੋ ਜਾਂ ਨੌਕਰੀ ਛੱਡ ਦਿਓ, ਤਾਂ ਕਿ ਸਹੀ ਵਿਅਕਤੀ ਨੂੰ ਰੱਖਿਆ ਜਾ ਸਕੇ। ਇਸ 'ਤੇ ਤੁਸੀਂ-
(ਕ) ਇਕ ਮਹੀਨੇ ਦੀ ਸਿਖਲਾਈ ਲੈ ਕੇ ਆਪਣੀ ਜਗ੍ਹਾ ਪੱਕੀ ਬਣਾਉਣ ਬਾਰੇ ਸੋਚੋਗੇ।
(ਖ) ਇਕ ਮਹੀਨੇ ਵਿਚ ਕਿਥੇ ਕੰਮਕਾਜ ਦੇ ਯੋਗ ਸਿੱਖ ਹੋਣਾ, ਇਹ ਸੋਚ ਕੇ ਅਸਤੀਫਾ ਦੇ ਦਿਓਗੇ ਤਾਂ ਕਿ ਤੈਅਸ਼ੁਦਾ ਲਾਭ ਮਿਲ ਸਕੇ।
(ਗ) ਇਸ ਸਬੰਧ ਵਿਚ ਅਨੁਮਾਨ ਲਗਾ ਕੇ ਕੁਝ ਨਹੀਂ ਸੋਚੋਗੇ। ਮੰਨ ਕੇ ਚੱਲੋਗੇ ਕਿ ਜਦੋਂ ਅਜਿਹੀਆਂ ਸਥਿਤੀਆਂ ਨਾਲ ਸਾਹਮਣਾ ਹੋਵੇਗਾ, ਉਦੋਂ ਕੋਈ ਨਾ ਕੋਈ ਰਾਹ ਮਿਲ ਜਾਵੇਗਾ।
ਨਤੀਜਾ : ਜੇ ਤੁਸੀਂ ਇਮਾਨਦਾਰੀ ਨਾਲ ਸਵਾਲਾਂ ਦੇ ਉਨ੍ਹਾਂ ਜਵਾਬਾਂ 'ਤੇ ਟਿਕ ਕੀਤਾ ਹੈ, ਜੋ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਤੁਹਾਡੇ ਆਤਮਵਿਸ਼ਵਾਸ ਦਾ ਲੇਖਾ-ਜੋਖਾ ਕੁਝ ਇਸ ਤਰ੍ਹਾਂ ਹੈ-
(ਕ) ਜੇ ਤੁਸੀਂ ਜੋ ਅੰਕ ਹਾਸਲ ਕੀਤੇ ਹਨ, ਉਨ੍ਹਾਂ ਦਾ ਜੋੜ 10 ਤੋਂ ਘੱਟ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਕੋਈ ਅਜ਼ਮਾਇਆ ਹੋਇਆ ਮਜ਼ਬੂਤ ਹੌਸਲਾ ਨਹੀਂ ਹੈ। ਹਾਲਤਾਂ ਨੂੰ ਦੇਖ ਕੇ ਤੁਹਾਡੇ ਫ਼ੈਸਲੇ ਬਦਲਦੇ ਹਨ। ਇਸ ਦਾ ਮਤਲਬ ਤੁਹਾਡਾ ਆਤਮਵਿਸ਼ਵਾਸ ਕਾਫੀ ਘੱਟ ਹੈ।
(ਖ) ਜੇ ਤੁਹਾਡੇ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿਚ ਆਤਮਵਿਸ਼ਵਾਸ ਹੈ ਪਰ ਵੱਖ-ਵੱਖ ਹਾਲਤਾਂ ਵਿਚ ਵੱਖ-ਵੱਖ ਢੰਗ ਨਾਲ ਫੈਸਲਾ ਲੈਂਦੇ ਹੋ।
(ਗ) ਜੇ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਬਿਨਾਂ ਸ਼ੱਕ ਮੁਸ਼ਕਿਲਾਂ ਦੇ ਸਮੇਂ ਹਰ ਹਾਲਾਤ ਨਾਲ ਜੂਝਣ ਦਾ ਤੁਹਾਡੇ ਵਿਚ ਹੌਸਲਾ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਪਰਫਿਊਮ ਨਾਲ ਮਹਿਕਾਓ ਤਨ, ਮਨ ਨੂੰ

* ਚਮੜੀ ਦੇ ਅਨੁਰੂਪ ਹੀ ਪਰਫਿਊਮ ਦੀ ਵਰਤੋਂ ਕਰੋ। ਖੁਸ਼ਕ ਚਮੜੀ 'ਤੇ ਪਰਫਿਊਮ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਤੇਲਯੁਕਤ ਹੁੰਦੇ ਹਨ।
* ਪਰਫਿਊਮ ਦੀ ਵਰਤੋਂ ਸਰੀਰ 'ਤੇ ਕਰਨੀ ਚਾਹੀਦੀ ਹੈ, ਕੱਪੜਿਆਂ 'ਤੇ ਨਹੀਂ, ਕਿਉਂਕਿ ਇਸ ਵਿਚ ਮੌਜੂਦ ਰਸਾਇਣ ਕੱਪੜਿਆਂ ਨੂੰ ਖਰਾਬ ਕਰ ਸਕਦੇ ਹਨ।
* ਸਰੀਰ ਦੇ ਸਭ ਅੰਗਾਂ 'ਤੇ ਪਰਫਿਊਮ ਲਗਾਉਣਾ ਚਾਹੀਦਾ ਹੈ, ਇਕ ਹੀ ਜਗ੍ਹਾ 'ਤੇ ਨਹੀਂ।
* ਪਰਫਿਊਮ ਦੀ ਵਰਤੋਂ ਨਹਾਉਣ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਸਾਡੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਉਹ ਖੁਸ਼ਬੂ ਨੂੰ ਛੇਤੀ ਗ੍ਰਹਿਣ ਕਰ ਲੈਂਦੇ ਹਨ।
* ਪਰਫਿਊਮ ਹਮੇਸ਼ਾ ਟਖਨਿਆਂ 'ਤੇ, ਕੰਨਾਂ ਦੇ ਪਿੱਛੇ, ਗੁੱਟ 'ਤੇ, ਕੂਹਣੀਆਂ 'ਤੇ ਅਤੇ ਹਥੇਲੀਆਂ 'ਤੇ ਲਗਾਓ।
* ਪਰਫਿਊਮ ਦੀ ਖੁਸ਼ਬੂ ਦਾ ਅਹਿਸਾਸ ਜ਼ਿਆਦਾ ਦੇਰ ਤੱਕ ਰੱਖਣਾ ਚਾਹੁੰਦੇ ਹੋ ਤਾਂ ਸਿਰ ਦੇ ਉੱਪਰ ਸਪਰੇਅ ਕਰੋ। ਇਸ ਨਾਲ ਖੁਸ਼ਬੂ ਤੁਹਾਡੇ ਵਾਲਾਂ, ਸਰੀਰ ਅਤੇ ਕੱਪੜਿਆਂ 'ਤੇ ਫੈਲ ਜਾਵੇਗੀ।
* ਪਰਫਿਊਮ ਦੀ ਵਰਤੋਂ ਜਿਊਲਰੀ ਦੇ ਆਸ-ਪਾਸ ਨਾ ਕਰੋ, ਕਿਉਂਕਿ ਇਸ ਵਿਚ ਮੌਜੂਦ ਅਲਕੋਹਲ ਜਿਊਲਰੀ ਨੂੰ ਕਾਲਾ ਕਰ ਦਿੰਦਾ ਹੈ।
* ਜ਼ਖਮ ਵਾਲੀ ਜਗ੍ਹਾ ਤੋਂ ਵੀ ਪਰਫਿਊਮ ਦੀ ਸਪਰੇਅ ਨੂੰ ਦੂਰ ਰੱਖਣਾ ਚਾਹੀਦਾ ਹੈ।
* ਨਹਾਉਣ ਅਤੇ ਸਰੀਰ 'ਤੇ ਲਗਾਉਣ ਵਾਲੇ ਸਾਬਣ, ਡਿਓ, ਪਾਊਡਰ, ਲੋਸ਼ਨ ਇਕ ਹੀ ਖੁਸ਼ਬੂ ਵਾਲੇ ਹੋਣੇ ਚਾਹੀਦੇ ਹਨ।
* ਜੇ ਤੁਹਾਨੂੰ ਖੁਸ਼ਬੂ ਵਾਲੀ ਚੀਜ਼ ਤੋਂ ਅਲਰਜੀ ਹੈ ਤਾਂ ਪਰਫਿਊਮ ਦੀ ਵਰਤੋਂ ਕਦੇ ਨਾ ਕਰੋ।
* ਲਿਪਸਟਿਕ ਲਗਾਉਣ ਤੋਂ ਬਾਅਦ ਬੁੱਲ੍ਹਾਂ 'ਤੇ ਪਰਫਿਊਮ ਦਾ ਟਚ ਦਿੱਤਾ ਜਾ ਸਕਦਾ ਹੈ।
* ਪਰਫਿਊਮ ਖਰੀਦਦੇ ਸਮੇਂ ਉਸ ਨੂੰ ਪਹਿਲਾਂ ਚਮੜੀ 'ਤੇ ਜ਼ਰੂਰ ਲਗਾਓ, ਕਿਉਂਕਿ ਸਾਰੇ ਪਰਫਿਊਮ ਹਰੇਕ ਚਮੜੀ ਨੂੰ ਸਹੀ ਨਹੀਂ ਬੈਠਦੇ।


-ਸ਼ੈਲੀ ਮਾਥੁਰ

ਗਰਮੀਆਂ ਦੀਆਂ ਛੁੱਟੀਆਂ ਮਨਾਉਣ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਗਰਮੀਆਂ ਵਿਚ ਘੁੰਮਣ ਜਾਣ ਤੋਂ ਪਹਿਲਾਂ ਇਸ ਮੌਸਮ ਦੇ ਅਨੁਕੂਲ ਕੱਪੜੇ ਪੈਕ ਕਰਨ ਤੋਂ ਲੈ ਕੇ ਸਨੈਕ ਪੈਕ ਕਰਨ ਅਤੇ ਕਈ ਹੋਰ ਚੀਜ਼ਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।
* ਗਰਮੀਆਂ ਵਿਚ ਜੇ ਤੁਹਾਡੀ ਯੋਜਨਾ ਘੁੰਮਣ-ਫਿਰਨ ਦੀ ਹੈ ਤਾਂ ਆਰਾਮਦਾਇਕ ਕੱਪੜੇ ਹੀ ਨਾਲ ਲੈ ਕੇ ਜਾਓ। ਸੂਤੀ ਕੱਪੜੇ, ਢਿੱਲੇ ਟਾਪਸ, ਆਰਾਮਦਾਇਕ ਜੁੱਤੀਆਂ ਨੂੰ ਪੈਕ ਕਰੋ। ਅੱਖਾਂ ਦੀ ਸੁਰੱਖਿਆ ਲਈ ਸਨਗਲਾਸ ਅਤੇ ਧੁੱਪ ਤੋਂ ਚਮੜੀ ਨੂੰ ਬਚਾਉਣ ਲਈ ਸਨਸਕ੍ਰੀਨ ਲਿਜਾਣਾ ਨਾ ਭੁੱਲੋ।
* ਸੜਕਾਂ 'ਤੇ ਲੱਗਣ ਵਾਲੇ ਭੋਜਨ ਦੇ ਸਟਾਲਾਂ ਤੋਂ ਖਾਣਾ ਨਾ ਖਾਓ। ਇਸ ਨਾਲ ਗੈਸ ਬਣਨ, ਅਪਚ ਅਤੇ ਡਿਹਾਈਡ੍ਰੇਸ਼ਨ ਹੋ ਸਕਦੀ ਹੈ। ਜ਼ਿਆਦਾ ਤੇਲੀ ਭੋਜਨ ਦਾ ਸੇਵਨ ਨਾ ਕਰੋ, ਇਸ ਦੀ ਬਜਾਏ ਠੰਢੇ ਅਤੇ ਤਰਲ ਪਦਾਰਥ ਜਿਵੇਂ ਰਸ, ਤਰਬੂਜ ਆਦਿ ਦਾ ਸੇਵਨ ਕਰੋ।
* ਆਪਣੇ ਨਾਲ ਕੁਝ ਦਵਾਈਆਂ ਵੀ ਲੈ ਜਾਓ, ਜਿਵੇਂ ਅਪਚ, ਉਲਟੀ ਨੂੰ ਰੋਕਣ ਵਾਲੀ ਗੋਲੀ, ਓਰਲ ਰਿਹਾਈਡ੍ਰੇਸ਼ਨ ਪਾਊਡਰ ਆਦਿ।
* ਥਕਾਵਟ ਤੋਂ ਬਚਣ ਲਈ ਵਿਚ-ਵਿਚ ਰੁਕ ਕੇ ਥੋੜ੍ਹਾ ਆਰਾਮ ਵੀ ਕਰ ਲਓ।
* ਜੇ ਤੁਸੀਂ ਗਰਭਵਤੀ ਹੋ ਤਾਂ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ, ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹੋ ਅਤੇ ਕੁਝ ਹਲਕਾ ਭੋਜਨ ਵੀ ਆਪਣੇ ਨਾਲ ਰੱਖੋ ਅਤੇ ਵਿਚ-ਵਿਚ ਖਾਂਦੇ ਰਹੋ ਤਾਂ ਕਿ ਤੁਹਾਨੂੰ ਅਤੇ ਤੁਹਾਡੇ ਅੰਦਰ ਪਲ ਰਹੇ ਬੱਚੇ ਨੂੰ ਭੁੱਖ ਮਹਿਸੂਸ ਨਾ ਹੋਵੇ।
* ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਜਾਂ ਘਰੇਲੂ ਯਾਤਰਾ ਕਰਨ ਤੋਂ ਪਹਿਲਾਂ ਕਿਸੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਓ।


-ਆਈ. ਏ. ਐਨ. ਐਸ., ਨਵੀਂ ਦਿੱਲੀ।

ਗੱਲਾਂ ਕੁਝ ਕੰਮ ਦੀਆਂ

* ਪੂੜੀ ਨਰਮ ਬਣਾਉਣ ਲਈ ਆਟਾ ਗੁੰਨ੍ਹਦੇ ਸਮੇਂ ਥੋੜ੍ਹੀ ਖੰਡ ਮਿਲਾ ਦਿਓ। * ਸਬਜ਼ੀ ਵਿਚ ਨਵਾਂ ਸਵਾਦ ਲਿਆਉਣ ਲਈ ਪੀਸੇ ਹੋਏ ਮਿਸ਼ਰਣ ਨੂੰ ਘਿਓ ਵਿਚ ਪਾਉਣ ਤੋਂ ਬਾਅਦ ਇਕ ਵੱਡਾ ਚਮਚ ਮਲਾਈ ਪਾ ਕੇ ਮਸਾਲਾ ਭੁੰਨੋ। * ਸੂਜੀ ਅਤੇ ਦਲੀਏ ਵਿਚ ਛੇਤੀ ਕੀੜਾ ਲੱਗ ਜਾਂਦਾ ਹੈ। ਇਨ੍ਹਾਂ ਨੂੰ ਹਮੇਸ਼ਾ ਹਲਕਾ ਭੁੰਨ ਕੇ ਠੰਢਾ ਕਰਕੇ ਡੱਬੇ ਵਿਚ ਭਰੋ। ਹੁਣ ਨਿਸ਼ਚਿੰਤਤਾ ਨਾਲ ਇਸ ਨੂੰ ਵਰਤੋਂ ਵਿਚ ਲਿਆ ਸਕਦੇ ਹੋ।
* ਕੱਪੜਿਆਂ 'ਤੇ ਸਿਆਹੀ ਦੇ ਧੱਬੇ ਲੱਗਣਾ ਤਾਂ ਆਮ ਗੱਲ ਹੈ, ਘਬਰਾਓ ਨਾ। ਰੂੰ ਵਿਚ ਥੋੜ੍ਹਾ ਨਹੁੰ ਪਾਲਿਸ਼ ਰਿਮੂਵਰ ਪਾ ਕੇ ਧੱਬੇ 'ਤੇ ਰਗੜ ਦਿਓ। ਧੱਬੇ ਤੁਰੰਤ ਸਾਫ਼ ਹੋ ਜਾਣਗੇ।
* ਪਿਆਜ਼ ਚੀਰਨ ਨਾਲ ਹੱਥਾਂ ਵਿਚੋਂ ਆਉਣ ਵਾਲੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ। ਹੱਥਾਂ 'ਤੇ ਥੋੜ੍ਹਾ ਨਿੰਬੂ ਰਸ ਪਾ ਕੇ ਹੱਥਾਂ ਨੂੰ ਰਗੜੋ। ਬਦਬੂ ਦੂਰ ਹੋ ਜਾਵੇਗੀ।
* ਰਸ ਵਾਲੀ ਸਬਜ਼ੀ ਦੇ ਰਸੇ ਨੂੰ ਗਾੜ੍ਹਾ ਕਰਨ ਲਈ ਚੰਗੀ ਤਰ੍ਹਾਂ ਭੁੰਨੀ ਹੋਈ (ਲਾਲ ਕੀਤੀ ਹੋਈ) ਡਬਲਰੋਟੀ ਦਾ ਚੂਰਾ ਪਾਓ।
* ਤੇਲ ਵਿਚੋਂ ਛਿੱਟੇ ਨਾ ਉੱਠਣ, ਇਸ ਦੇ ਲਈ ਤੇਲ ਗਰਮ ਹੋਣ 'ਤੇ ਪਹਿਲਾਂ ਪੀਸੀ ਹਲਦੀ ਪਾਓ, ਫਿਰ ਸਬਜ਼ੀ ਪਾਓ। ਇਸ ਨਾਲ ਤੇਲ ਦੇ ਛਿੱਟੇ ਨਹੀਂ ਉੱਠਣਗੇ।
* ਸਬਜ਼ੀ ਵਿਚ ਮਿਰਚ ਜ਼ਿਆਦਾ ਪੈ ਜਾਣ 'ਤੇ ਸਬਜ਼ੀ ਵਿਚ ਤਾਜ਼ਾ ਦਹੀਂ ਮਿਲਾਓ। ਮਿਰਚੀ ਦੀ ਤੇਜ਼ੀ ਕੁਝ ਘੱਟ ਹੋ ਜਾਵੇਗੀ।
* ਕੰਧਾਂ 'ਤੇ ਲੱਗੇ ਮਕੜੀ ਦੇ ਜਾਲਿਆਂ ਨੂੰ ਲਾਹੁਣ ਤੋਂ ਪਹਿਲਾਂ ਫੁੱਲ ਝਾੜੂ ਨੂੰ ਹਲਕਾ ਗਿੱਲਾ ਕਰ ਲਓ। ਜਾਲੇ ਦੀਵਾਰ 'ਤੇ ਬਿਨਾਂ ਫੈਲੇ ਅਸਾਨੀ ਨਾਲ ਸਾਫ਼ ਹੋ ਜਾਣਗੇ।
* ਜਲਣ ਵਾਲੇ ਦਾਗ਼ ਨੂੰ ਖ਼ਤਮ ਕਰਨ ਲਈ ਨਾਰੀਅਲ ਦੀ ਛਿੱਲ ਨੂੰ ਜਲਾ ਕੇ ਉਸ ਦੀ ਰਾਖ ਨੂੰ ਨਾਰੀਅਲ ਤੇਲ ਵਿਚ ਮਿਲਾ ਕੇ ਦਾਗ਼ ਵਾਲੀ ਜਗ੍ਹਾ 'ਤੇ ਲਗਾਓ।
* ਇਲਾਇਚੀ ਨੂੰ ਛਿੱਲ ਸਮੇਤ ਬਰੀਕ ਪੀਸਣ ਲਈ ਥੋੜ੍ਹੀ ਖੰਡ ਨਾਲ ਮਿਲਾ ਕੇ ਪੀਸੋ।
* ਭੜਥੇ ਲਈ ਭੁੰਨੇ ਹੋਏ ਬੈਂਗਣਾਂ ਦੀਆਂ ਛਿੱਲਾਂ ਅਸਾਨੀ ਨਾਲ ਉਤਾਰਨ ਲਈ ਭੁੰਨੇ ਹੋਏ ਬੈਂਗਣ ਨੂੰ ਠੰਢੇ ਪਾਣੀ ਵਿਚ ਪਾ ਦਿਓ। ਛਿੱਲਾਂ ਆਰਾਮ ਨਾਲ ਉਤਰ ਜਾਣਗੀਆਂ।
* ਪੇਟ ਵਿਚ ਕੀੜੇ ਹੋਣ 'ਤੇ ਪੀਸੀ ਹੋਈ ਥੋੜ੍ਹੀ ਹਲਦੀ ਕੋਸੇ ਪਾਣੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਖ਼ਤਮ ਹੋ ਜਾਂਦੇ ਹਨ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX