ਤਾਜਾ ਖ਼ਬਰਾਂ


ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰ ਸਰਕਾਰ ਨੇ ਸੂਬਾ ਸਰਕਾਰ/ਸਰਕਾਰੀ ਸਹਾਇਤਾ ਪ੍ਰਾਪਤ ਡਿਗਰੀ ਪੱਧਰ ਦੇ ਤਕਨੀਕੀ ਅਦਾਰਿਆਂ ਦੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼...
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਵਿਦਿਅਕ...
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਨੈਰੋਬੀ, 15 ਜਨਵਰੀ - ਕੀਨੀਆ ਦੇ ਨੈਰੋਬੀ 'ਚ ਧਮਾਕਾ ਅਤੇ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ...
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ) - ਅੱਜ ਦੁਪਹਿਰ ਦੋ ਵਿਅਕਤੀਆਂ ਨੇ ਸਟੇਟ ਬੈਂਕ ਦੇ ਏ.ਟੀ.ਐਮ 'ਚੋਂ ਪੈਸੇ ਕਢਵਾਏ ਤਾਂ ਇੱਕ ਵਿਅਕਤੀ ਦੇ 2 ਹਜ਼ਾਰ ਦੇ 3 ਨੋਟਾਂ...
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਪੰਚਕੂਲਾ, 15 ਜਨਵਰੀ - ਪੱਤਰਕਾਰ ਛਤਰਪਤੀ ਹੱਤਿਆਕਾਂਡ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ...
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਰਾਂਚੀ, 15 ਜਨਵਰੀ - ਝਾਰਖੰਡ ਸਰਕਾਰ ਨੇ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ 10 ਫ਼ੀਸਦੀ ਰਾਖਵੇਂਕਰਨ...
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਅਹਿਮਦਾਬਾਦ, 15 ਜਨਵਰੀ - ਗੁਜਰਾਤ ਦੇ ਨੰਦੁਰਬਰ ਜ਼ਿਲੇ 'ਚ ਇੱਕ ਕਿਸ਼ਤੀ ਦੇ ਨਰਮਦਾ ਨਦੀ 'ਚ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ...
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ...
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਬਸਪਾ ਸੁਪਰੀਮੋ ਮਾਇਆਵਤੀ ਦਾ 63ਵਾਂ ਜਨਮ ਦਿਨ ਅੱਜ ਪੰਜਾਬ ਵਿਚ ਥਾਂ ਥਾਂ 'ਤੇ ਜਨ ਕਲਿਆਣ ਦਿਵਸ ਵਜੋ ਮਨਾਇਆ ਗਿਆ। ਇਸ ਸਬੰਧੀ...
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 5 ਆਗੂਆਂ ਨੂੰ ਮੁਅੱਤਲ ਕੀਤੇ ਜਾਣ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਕਾਫੀ ਭੜਕ ਗਿਆ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-32: ਮੋਟੂ

ਮੋਟੂ ਅਜਿਹਾ ਕਾਰਟੂਨ ਚਰਿੱਤਰ ਹੈ, ਜਿਸ ਦੀ ਅਨੋਖੀ ਸ਼ਕਲ ਨੂੰ ਵੇਖਦਿਆਂ ਸਾਰ ਹੀ ਬੱਚਿਆਂ ਨੂੰ ਹਾਸਾ ਆ ਜਾਂਦਾ ਹੈ | ਇਹ ਪਾਤਰ ਪਹਿਲੀ ਵਾਰੀ ਦਿੱਲੀ ਤੋਂ ਛਪਣ ਵਾਲੇ ਪ੍ਰਸਿੱਧ ਰਸਾਲੇ 'ਲੋਟਪੋਟ' ਵਿਚ 1970 ਵਿਚ ਸਾਹਮਣੇ ਆਇਆ ਸੀ | ਮੋਟੂ ਨੂੰ ਕਾਰਟੂਨ ਪਾਤਰ ਵਜੋਂ ਸਿਰਜਣ ਵਾਲਾ ਕਿਰਪਾ ਸ਼ੰਕਰ ਭਾਰਦਵਾਜ ਹੈ, ਜੋ ਬੱਚਿਆਂ ਲਈ ਕਾਰਟੂਨ ਪਾਤਰ ਘੜਨ ਵਾਲੇ ਮੁੱਢਲੇ ਭਾਰਤੀ ਚਿੱਤਰਕਾਰਾਂ ਵਿਚੋਂ ਇਕ ਹੈ | ਮੋਟੂ ਦੇ ਸਾਥੀਆਂ ਨਾਲ ਵਾਰਤਾਲਾਪ ਨੀਰਜ ਵਿਕਰਮ ਵਲੋਂ ਲਿਖੇ ਜਾਂਦੇ ਹਨ | ਮੋਟੂ ਦਾ ਖ਼ਾਸ ਜੋੜੀਦਾਰ ਪਤਲੂ ਹੈ | ਦੋਵੇਂ ਇਕ-ਦੂਜੇ ਤੋਂ ਬਿਨਾਂ ਅਧੂਰੇ ਹਨ | ਮੋਟੂ ਦੀ ਆਪਣੇ ਸਾਥੀਆਂ ਚੇਲਾ ਰਾਮ, ਘਸੀਟਾ ਰਾਮ, ਡਾ: ਝਟਕਾ ਅਤੇ ਇੰਸਪੈਕਟਰ ਚਿੰਗਮ ਨਾਲ ਕੌੜੀ-ਮਿੱਠੀ ਵਾਰਤਾਲਾਪ ਚੱਲਦੀ ਰਹਿੰਦੀ ਹੈ | ਸਮੋਸੇ ਖਾ ਕੇ ਢਿੱਡ ਉੱਪਰ ਹੱਥ ਫੇਰਨ ਵਾਲੇ ਮੋਟੂ ਦੇ ਚਹੇਤਿਆਂ ਦੀ ਗਿਣਤੀ ਵੱਡੀ ਮਾਤਰਾ ਵਿਚ ਹੈ | ਸਿਰ 'ਤੇ ਦੋਵਾਂ ਪਾਸਿਆਂ 'ਤੇ ਥੋੜ੍ਹੇ-ਥੋੜ੍ਹੇ ਦੁੱਭ ਵਾਂਗ ਉੱਗੇ ਵਾਲ, ਖੜ੍ਹੀਆਂ ਮੁੱਛਾਂ, ਬੰਟਿਆਂ ਵਰਗੀਆਂ ਬਾਹਰ ਵੱਲ ਉੱਭਰਦੀਆਂ ਅੱਖਾਂ, ਕਾਲੀ-ਨੀਲੀ ਜੈਕਟ, ਲਾਲ ਕੁੜਤਾ ਅਤੇ ਪੀਲਾ ਪਜ਼ਾਮਾ, ਕਾਲੇ ਬੂਟਾਂ ਵਿਚ ਉਹ ਖੂਬ ਫਬਦਾ ਹੈ | ਕਦੇ-ਕਦੇ ਉਹ ਕੋਟ-ਪੈਂਟ ਅਤੇ ਟਾਈ ਲਗਾ ਕੇ ਮਾਡਰਨ ਪਾਤਰ ਵੀ ਬਣ ਜਾਂਦਾ ਹੈ | ਇਹ ਪਾਤਰ ਟੀ.ਵੀ. ਚੈਨਲ ਸੀਰੀਜ਼ ਉਪਰ ਵੀ ਪ੍ਰਭਾਵ ਛੱਡ ਚੁੱਕਾ ਹੈ | ਇਹ ਪਾਤਰ ਆਪਣੀਆਂ ਗਤੀਵਿਧੀਆਂ ਰਾਹੀਂ ਹਸਾਉਣਾ ਵਾਤਾਵਰਨ ਕਾਇਮ ਕਰਨ ਦਾ ਇੱਛੁਕ ਰਹਿੰਦਾ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ |
ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਕਹਿਣਾ ਸੌਖਾ ਪਰ ਕਰਨਾ ਔਖਾ

ਪਿਆਰੇ ਬੱਚਿਓ, ਕੋਈ ਗੱਲ ਮੰੂਹ 'ਚੋਂ ਕਹਿਣੀ ਬੜੀ ਸੌਖੀ ਹੈ ਪਰ ਉਸ ਗੱਲ ਅਨੁਸਾਰ ਵਾਅਦਾ ਨਿਭਾਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ | ਇਸ ਕੌੜੇ ਸੱਚ ਨੂੰ ਸਿੱਧ ਕਰਨ ਵਾਲੀ ਇਸ ਕਹਾਣੀ ਮੁਤਾਬਿਕ ਇਕ ਵਾਰ ਮਗਧਗੜ੍ਹ ਨਾਂਅ ਦੇ ਰਾਜ ਦੇ ਰਾਜੇ ਵੀਰ ਸੈਨ ਦਾ ਦਸ ਕੁ ਵਰਿ੍ਹਆਂ ਦਾ ਇਕਲੌਤਾ ਲੜਕਾ ਤੇਜ ਸੈਨ ਸਖ਼ਤ ਬਿਮਾਰ ਪੈ ਗਿਆ | ਧਨੰਤਰ ਵੈਦ ਜਿਹੇ ਚੋਟੀ ਦੇ ਵੈਦਾਂ-ਹਕੀਮਾਂ ਤੋਂ ਇਲਾਜ ਕਰਾਇਆ ਪਰ ਕੋਈ ਫਰਕ ਨਾ ਪਿਆ | ਰਾਜ ਕੁਮਾਰ ਦਿਨ-ਬ-ਦਿਨ ਸੱੁਕ ਕੇ ਤੀਲ੍ਹਾ ਹੁੰਦਾ ਗਿਆ | ਲੜਕੇ ਦੇ ਤੰਦਰੁਸਤ ਹੋਣ ਲਈ ਪੀਰਾਂ-ਫਕੀਰਾਂ ਦੇ ਦੁਆਰਿਆਂ 'ਤੇ ਜਾ ਕੇ ਵੀ ਮੱਥੇ ਰਗੜੇ ਗਏ | ਰਾਜਾ ਵੀਰ ਸੈਨ ਬੜਾ ਪ੍ਰੇਸ਼ਾਨ ਸੀ | ਇਕੋ-ਇਕ ਉਹਦਾ ਲੜਕਾ ਜੇ ਮਰ ਗਿਆ ਤਾਂ ਉਸ ਦੇ ਰਾਜ ਦਾ ਵਾਰਸ ਕੌਣ ਬਣੇਗਾ? ਦੁਖੀ ਹੋਇਆ ਰਾਜਾ ਆਖਦਾ, 'ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ, ਜੇ ਮੇਰਾ ਬੱਚਾ ਬਚ ਜਾਵੇ |' ਰਾਣੀ ਆਪਣੀ ਥਾਂ ਘਬਰਾਈ ਹੋਈ ਕਹਿ ਰਹੀ ਸੀ, 'ਭਾਵੇਂ ਮੇਰੀ ਉਮਰ ਇਸ ਨੂੰ ਲੱਗ ਜਾਵੇ ਪਰ ਇਹ ਕਿਸੇ ਤਰ੍ਹਾਂ ਬਚ ਜਾਵੇ |' ਲੜਕੇ ਦੀ ਭੈਣ ਪਰਮੇਸ਼ਵਰੀ ਵੱਖਰੇ ਤਰਲੇ ਕੱਢ ਰਹੀ ਸੀ, 'ਬੇਸ਼ੱਕ ਮੇਰੀ ਅੱਧੀ ਉਮਰ ਮੇਰੇ ਵੀਰੇ ਨੂੰ ਲੱਗ ਜਾਵੇ ਪਰ ਇਸ ਦਾ ਵਾਲ ਵੀ ਵਿੰਗਾ ਨਾ ਹੋਵੇ |'
ਗੱਲ ਕੀ ਹਰ ਕੋਈ ਰਾਜਕੁਮਾਰ ਤੇਜ ਸੈਨ ਦੀ ਬਿਮਾਰੀ ਆਪਣੇ ਸਰੀਰ 'ਤੇ ਭੋਗਣ ਲਈ ਤਿਆਰ ਸੀ | ਕੋਈ ਆਪਣੀ ਸਾਰੀ ਉਮਰ ਰਾਜਕੁਮਾਰ ਉੱਤੇ ਵਾਰਨ ਨੂੰ ਤਿਆਰ ਸੀ | ਮਹਿਲ ਦੇ ਨੌਕਰ, ਨੌਕਰਾਣੀਆਂ, ਰਾਜ ਦਰਬਾਰ ਦੇ ਅਹਿਲਕਾਰ ਸਾਰੇ ਰਾਜੇ ਨਾਲ ਦੱੁਖ ਸਾਂਝਾ ਕਰਦੇ ਹੋਏ ਆਪਣੀ ਜਾਨ ਦੇਣ ਦੀ ਗੱਲ ਕਰਦੇ | ਜਦੋਂ ਦਵਾ-ਦਾਰੂ ਨਾਲ ਗੱਲ ਨਾ ਬਣੀ ਤਾਂ ਰਾਜੇ ਨੇ ਇਕ ਪਹੁੰਚੇ ਹੋਏ ਕਰਨੀ ਵਾਲੇ ਫਕੀਰ ਦੇ ਦੁਆਰ 'ਤੇ ਜਾਣ ਦਾ ਫੈਸਲਾ ਕੀਤਾ | ਜਦੋਂ ਰਾਜੇ ਨੇ ਸਾਰੀ ਗੱਲ ਫਕੀਰ ਨੂੰ ਦੱਸੀ ਅਤੇ ਕਿਹਾ ਕਿ ਉਸ ਦੇ ਰਾਜ ਦਾ ਹਰੇਕ ਬਸ਼ਿੰਦਾ ਉਸ ਦੇ ਪੱੁਤਰ ਦੀ ਖਾਤਰ ਆਪਣੀ ਜਾਨ ਦੇਣ ਲਈ ਤਿਆਰ ਹੈ ਤਾਂ ਰਾਜੇ ਦੀ ਗੱਲ ਸੁਣ ਕੇ ਫਕੀਰ ਗਹਿਰੀ ਸੋਚ ਵਿਚ ਡੱੁਬ ਗਿਆ | ਕੁਝ ਪਲ ਰੁਕ ਕੇ ਫਕੀਰ ਬੋਲਿਆ ਕਿ ਉਹ ਰਾਜੇ ਦੇ ਮਹਿਲਾਂ 'ਚ ਜਾ ਕੇ ਰਾਜਕੁਮਾਰ ਨੂੰ ਅੱਖੀਂ ਦੇਖ ਕੇ ਉਸ ਨੂੰ ਮਰਨ ਤੋਂ ਬਚਾਉਣ ਦਾ ਉਪਾਅ ਦੱਸੇਗਾ | ਮਹਿਲ 'ਚ ਪਹੁੰਚ ਕੇ ਫਕੀਰ ਕਿੰਨੀ ਦੇਰ ਬੱਚੇ ਵੱਲ ਦੇਖਦਾ ਰਿਹਾ | ਫਿਰ ਉਸ ਨੇ ਆਲੇ-ਦੁਆਲੇ ਜੁੜ ਬੈਠੇ ਰਿਸ਼ਤੇਦਾਰਾਂ, ਦਰਬਾਰੀਆਂ ਅਤੇ ਲੋਕਾਂ ਵੱਲ ਨਜ਼ਰ ਮਾਰੀ | ਸੋਚ-ਵਿਚਾਰ ਤੋਂ ਬਾਅਦ ਫਕੀਰ ਕਹਿਣ ਲੱਗਾ, 'ਇਹ ਲੜਕਾ ਬਚ ਸਕਦਾ ਹੈ ਪਰ ਇਹਦੇ ਲਈ ਕੋਈ ਆਪਣੀ ਕੁਰਬਾਨੀ ਦੇ ਦੇਵੇ |' ਰਾਜਾ ਕਹਿਣ ਲੱਗਾ, 'ਹਰ ਕੋਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੈ |'
ਫਕੀਰ ਨੇ ਸਭ ਨੂੰ ਦਿਲਾਸਾ ਦਿੱਤਾ | ਫਿਰ ਉਸੇ ਵੇਲੇ ਇਕ ਚੂਪਣ ਵਾਲਾ ਅੰਬ ਮੰਗਾਇਆ ਅਤੇ ਬੱਚੇ ਨੂੰ ਅੰਬ ਚੂਪਣ ਲਈ ਕਿਹਾ | ਬੱਚੇ ਨੇ ਜਦੋਂ ਥੋੜ੍ਹਾ ਜਿਹਾ ਅੰਬ ਚੂਪਿਆ ਤਾਂ ਫਕੀਰ ਨੇ ਉਸ ਨੂੰ ਰੋਕ ਦਿੱਤਾ | ਫਿਰ ਇਕ ਥਾਲੀ ਮੰਗਵਾ ਕੇ ਉਸ ਵਿਚ ਬੱਚੇ ਦਾ ਜੂਠਾ ਅੰਬ ਰਖਵਾਇਆ | ਉਪਰੰਤ ਫਕੀਰ ਰਾਜੇ ਨੂੰ ਸੰਬੋਧਨ ਹੋ ਕੇ ਬੋਲਿਆ, 'ਰਾਜਨ! ਜੇ ਕੋਈ ਬੱਚੇ ਦਾ ਜੂਠਾ ਅੰਬ ਚੂਪ ਲਵੇ ਤਾਂ ਬੱਚਾ ਇਕਦਮ ਤੰਦਰੁਸਤ ਹੋ ਜਾਵੇਗਾ | ਜਿਵੇਂ-ਜਿਵੇਂ ਉਹ ਅੰਬ ਨੂੰ ਚੂਪਦਾ ਜਾਵੇਗਾ, ਬੱਚਾ ਠੀਕ ਹੁੰਦਾ ਜਾਵੇਗਾ |' ਫਕੀਰ ਨੇ ਪਹਿਲਾਂ ਰਾਜੇ ਨੂੰ ਹੀ ਕਿਹਾ ਕਿ, 'ਰਾਜਨ, ਅੰਬ ਚੂਪ ਲੈ |' ਰਾਜੇ ਨੇ ਪੱੁਛਿਆ, 'ਸੱਚਮੱੁਚ ਉਸ ਦਾ ਪੱੁਤਰ ਠੀਕ ਹੋ ਜਾਵੇਗਾ?' ਫਕੀਰ ਬੋਲਿਆ, 'ਮਹਾਰਾਜ! ਆਪ ਦਾ ਪੱੁਤਰ ਤਾਂ ਠੀਕ ਹੋ ਜਾਵੇਗਾ ਪਰ ਉਹਦੀ ਥਾਂ ਇਸ ਦੀ ਬਿਮਾਰੀ ਆਪ ਨੂੰ ਲੱਗ ਜਾਵੇਗੀ |' ਸੁਣ ਕੇ ਰਾਜਾ ਸਕਤੇ ਵਿਚ ਆ ਗਿਆ | ਉਸ ਦੇ ਮੰੂਹ 'ਤੇ ਹਵਾਈਆਂ ਉਡ ਰਹੀਆਂ ਸਨ | ਆਪਣੀ ਘਬਰਾਹਟ ਲੁਕਾਉਂਦਾ ਬੋਲਿਆ, 'ਜੇ ਮੈਂ ਮਰ ਗਿਆ ਤਾਂ ਆਪਣੇ ਪੱੁਤਰ ਨੂੰ ਰਾਜਾ ਕਿਵੇਂ ਬਣਾਵਾਂਗਾ? ਮੇਰੇ ਮਰਨ ਤੋਂ ਬਾਅਦ ਗੁਆਂਢੀ ਦੁਸ਼ਮਣ ਰਾਜੇ ਉਸ ਦੇ ਰਾਜ 'ਤੇ ਕਬਜ਼ਾ ਕਰ ਲੈਣਗੇ | ਇਸ ਕਰਕੇ ਮੇਰਾ ਜ਼ਿੰਦਾ ਰਹਿਣਾ ਜ਼ਰੂਰੀ ਹੈ |' ਇਸ ਤੋਂ ਬਾਅਦ ਫਕੀਰ ਨੇ ਰਾਣੀ ਨੂੰ , ਲੜਕੇ ਦੀ ਭੈਣ ਨੂੰ , ਦਰਬਾਰੀਆਂ ਨੂੰ , ਨੌਕਰ-ਨੌਕਰਾਣੀਆਂ ਸਭ ਨੂੰ ਅੰਬ ਚੂਪਣ ਲਈ ਕਿਹਾ ਪਰ ਕੋਈ ਵੀ ਰਾਜਕੁਮਾਰ ਦੀ ਥਾਂ ਮਰਨ ਲਈ ਤਿਆਰ ਨਹੀਂ ਸੀ | ਇਹ ਸਭ ਦੇਖ ਕੇ ਆਖਰ ਵਿਚ ਫਕੀਰ ਨੇ ਕਿਹਾ, 'ਰਾਜਨ, ਕਿਸੇ ਲਈ ਮਰਨ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨ ਪਰ ਉਨ੍ਹਾਂ ਗੱਲਾਂ 'ਤੇ ਅਮਲ ਕਰਨਾ ਬੇਹੱਦ ਮੁਸ਼ਕਿਲ |' ਇਹ ਕਹਿ ਕੇ ਫਕੀਰ ਉਥੋਂ ਚਲਦਾ ਬਣਿਆ |

-ਮੋਬਾ: 98146-81444

ਗਰਮੀਆਂ ਦੀਆਂ ਛੁੱਟੀਆਂ ਵਿਚ ਕੀ ਕਰੀਏ?

ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਹਰ ਸਕੂਲ ਪੜ੍ਹਦੇ ਵਿਦਿਆਰਥੀ ਨੂੰ ਹੁੰਦਾ ਹੈ | ਛੁੱਟੀਆਂ ਬਾਰੇ ਸੋਚਦੇ ਹੀ ਉਨ੍ਹਾਂ ਦੇ ਮਨ ਦੇ ਖਿਆਲ ਉਡਾਰੀ ਭਰਨ ਲਗਦੇ ਹਨ | ਛੁੱਟੀਆਂ ਦੌਰਾਨ ਕੀ-ਕੀ ਕਰਨਾ ਹੈ | ਨਵੇਂ ਸੈਸ਼ਨ ਵਿਚ ਲਗਪਗ ਦੋ ਮਹੀਨੇ ਪੜ੍ਹਾਈ ਕਰਨ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਵਿਦਿਆਰਥੀਆਂ ਨੂੰ ਥੋੜ੍ਹਾ ਆਰਾਮ, ਦਿਮਾਗ ਨੂੰ ਤਾਜ਼ਗੀ ਦਿੰਦੀਆਂ ਹਨ | ਬਹੁਤ ਵਾਰੀ ਵਿਦਿਆਰਥੀਆਂ ਲਈ ਛੁੱਟੀਆਂ ਦਾ ਮਤਲਬ ਸਿਰਫ ਖੇਡਣਾ, ਟੀ.ਵੀ. ਦੇਖਣਾ, ਦੇਰ ਨਾਲ ਸੌਣਾ ਤੇ ਦੇਰ ਨਾਲ ਉੱਠਣਾ ਹੀ ਹੁੰਦਾ ਹੈ | ਬੱਚੇ ਛੁੱਟੀਆਂ ਦੀ ਮੌਜਮਸਤੀ ਵਿਚ ਇੰਨੇ ਖੋ ਜਾਂਦੇ ਹਨ ਕਿ ਆਪਣੇ ਅਸਲੀ ਟੀਚੇ ਤੋਂ ਹੀ ਦੂਰ ਚਲੇ ਜਾਂਦੇ ਹਨ | ਜੋ ਵਿਦਿਆਰਥੀ ਇਨ੍ਹਾਂ ਛੁੱਟੀਆਂ ਦਾ ਸਹੀ ਉਪਯੋਗ ਕਰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ | ਛੁੱਟੀਆਂ ਦੇ ਪਹਿਲੇ ਦਿਨ ਸਭ ਤੋਂ ਜ਼ਰੂਰੀ ਦੋ ਕੰਮ ਕਰੋ, ਪਹਿਲਾ ਸਹੀ ਜਗ੍ਹਾ ਦੇਖ ਕੇ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਇਕ ਪੌਦਾ ਲਗਾਓ ਤੇ ਹਰ ਰੋਜ਼ ਉਸ ਦੀ ਦੇਖਭਾਲ ਕਰੋ | ਦੂਜਾ ਛੁੱਟੀਆਂ ਲਈ ਆਪਣਾ ਟਾਈਮ-ਟੇਬਲ ਬਣਾਓ, ਜਿਸ ਨੂੰ ਛੁੱਟੀਆਂ ਦੌਰਾਨ ਲਾਗੂ ਕਰੋ |
ਛੁੱਟੀਆਂ ਦੌਰਾਨ ਲੇਟ ਉੱਠਣ ਦੀ ਬਜਾਏ ਸਮੇਂ ਸਿਰ ਉੱਠ ਕੇ ਬਾਹਰ ਸੈਰ ਕਰਨ ਜਾਂ ਖੇਡਣ ਜਾਇਆ ਜਾ ਸਕਦਾ ਹੈ, ਕਿਉਂਕਿ ਇਸ ਸਮੇਂ ਹਵਾ ਤਾਜ਼ੀ ਅਤੇ ਤਾਪਮਾਨ ਵੀ ਘੱਟ ਹੁੰਦਾ ਹੈ | ਉਸ ਉਪਰੰਤ ਅੱਧਾ ਘੰਟਾ ਅਖ਼ਬਾਰ ਪੜ੍ਹੋ, ਇਸ ਨਾਲ ਆਪਣੇ ਆਲੇ-ਦੁਆਲੇ ਦੇ ਹਾਲਾਤ ਦਾ ਪਤਾ ਲੱਗਦਾ ਹੈ | ਕੁਝ ਸਮਾਂ ਆਪਣਾ ਛੁੱਟੀਆਂ ਦਾ ਕੰਮ ਪੂਰਾ ਕਰਨ ਲਈ ਨਿਸਚਿਤ ਕਰੋ | ਔਖੇ ਵਿਸ਼ਿਆਂ ਵਿਚ ਧਿਆਨ ਦੇਣ ਦਾ ਸਭ ਤੋਂ ਸਹੀ ਸਮਾਂ ਹੁੰਦਾ ਹੈ ਗਰਮੀਆਂ ਦੀਆਂ ਛੁੱਟੀਆਂ | ਬਾਅਦ ਦੁਪਹਿਰ ਜਦੋਂ ਦਿਨ ਦਾ ਤਾਪਮਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ, ਕੁਝ ਦੇਰ ਆਰਾਮ ਕਰੋ | ਸ਼ਾਮ ਦੇ ਸਮੇਂ ਆਪਣੇ ਸ਼ੌਾਕ ਮੁਤਾਬਿਕ ਕੰਮ ਜਿਵੇਂ ਪੇਂਟਿੰਗ, ਸੰਗੀਤ, ਬਾਗਵਾਨੀ, ਸਫਾਈ ਆਦਿ ਕੀਤੀ ਜਾ ਸਕਦੀ ਹੈ | ਕੁਝ ਸਮਾਂ ਕੱਢ ਕੇ ਆਪਣੇ ਮਾਤਾ-ਪਿਤਾ ਦੀ ਮਦਦ ਵੀ ਜ਼ਰੂਰ ਕਰੋ | ਆਪਣੇ ਜੀਵਨ ਦਾ ਟੀਚਾ ਇਕ ਕਾਗਜ਼ 'ਤੇ ਲਿਖ ਕੇ ਆਪਣੇ ਕਮਰੇ ਵਿਚ ਲਾਓ ਅਤੇ ਰੋਜ਼ ਸਵੇਰੇ ਉੱਠ ਕੇ ਉਸ ਨੂੰ ਪੜ੍ਹੋ, ਜਿਸ ਨਾਲ ਇਸ ਟੀਚੇ ਵੱਲ ਵਧਣ ਲਈ ਪੇ੍ਰਰਨਾ ਮਿਲੇਗੀ | ਆਪਣੇ ਰੋਲ ਮਾਡਲ ਦੀ ਜ਼ਿੰਦਗੀ ਬਾਰੇ ਜਾਣੋਂ ਤੇ ਉਸ ਤੋਂ ਸੇਧ ਲਓ | ਹਮੇਸ਼ਾ ਯਾਦ ਰੱਖੋ, ਇਹ ਕੁਝ ਸਾਲ ਆਰਾਮ ਕਰਨ ਲਈ ਨਹੀਂ, ਬਲਕਿ ਸਹੀ ਦਿਸ਼ਾ ਵਿਚ ਮਿਹਨਤ ਕਰਕੇ ਆਪਣੀ ਮੰਜ਼ਿਲ ਪਾਉਣ ਲਈ ਹਨ | ਸੋ, ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਪੌਸ਼ਟਿਕ ਭੋਜਨ ਖਾ ਕੇ ਤੰਦਰੁਸਤ ਰਹੋ ਤੇ ਆਪਣੇ ਸਮੇਂ ਦਾ ਸਹੀ ਉਪਯੋਗ ਕਰਕੇ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਓ |

-ਮੋਬਾ: 99157-28413

ਬੁਝਾਰਤਾਂ

1. ਨਿੱਕੀ ਜਿਹੀ ਹੱਡੀ, ਧਰਤੀ ਵਿਚ ਗੱਡੀ |
2. ਮੇਰੇ ਲਈ ਹਨ ਲੜਦੇ ਲੋਕ, ਮੈਂ ਹਾਂ ਸਭ ਦੀ ਮਹਿਮਾਨ |
ਚਾਰ ਪੈਰਾਂ ਨਾਲ ਵੀ ਅਪੰਗ, ਫਿਰ ਵੀ ਪਾਵਾਂ ਮੈਂ ਸਨਮਾਨ |
3. ਹਰ ਕਿਸੇ ਨੂੰ ਮੈਂ ਉਲਝਾਵਾਂ, ਦਿਮਾਗ ਦੀ ਖੂਬ ਦੌੜ ਲੁਆਵਾਂ |
ਮੇਰੇ ਬਿਨਾਂ ਤਾਂ ਸਭਾ ਅਧੂਰੀ, ਮੈਂ ਸਾਰਿਆਂ ਦਾ ਜੀਅ ਪਰਚਾਵਾਂ |
4. ਠੁਰ-ਠੁਰ ਕਰਦੇ, ਨਿੱਘਾ ਬਾਬਾ ਨਜ਼ਰ ਨਾ ਆਵੇ,
ਭੋਰਾ ਕਿਰਨਾਂ ਦਾ ਛੱਟਾ ਦੇ ਕੇ, ਬੱਦਲਾਂ 'ਚ ਵੜ ਜਾਵੇ |
5. ਬਰੀਕ ਜਿਹੀ ਇਕ ਲੱਤ ਹੈ ਮੇਰੀ, ਫਿਰ ਵੀ ਜਾਵਾਂ ਚੜ੍ਹ ਉਚੇਰੀ,
ਲੈ ਜਾਏ ਮੈਨੂੰ ਚੁੱਕ ਹਨੇਰੀ, ਡਿੱਗ ਪਵਾਂ ਫਿਰ ਤੇਰੀ–ਮੇਰੀ |
6. ਨਵਾਂ ਕ੍ਰਿਸ਼ਮਾ ਤਕਨੀਕ ਦਾ, ਨਾਂਅ ਦੱਸੋ ਇਸ ਚੀਜ਼ ਦਾ |
7. ਦੁਨੀਆ ਦੀ ਜਿਸ ਅੰਦਰ ਜਾਨ, ਫਿਰ ਵੀ ਗੰਧਲਾ ਕਰੇ ਜਹਾਨ |
8. ਪੀਲੇ ਕੱਪੜੇ, ਨਾ ਸਾਧ, ਨਾ ਫਕੀਰ,
ਛੇੜੋਗੇ ਚਲਾ ਦਿਆਂਗਾ, ਜ਼ਹਿਰੀਲਾ ਤੀਰ |
9. ਅੰਦਰ ਭੂਟੋ, ਬਾਹਰ ਭੂਟੋ, ਸ਼ੂ-ਸ਼ੂ ਕਰਦੀ ਫਿਰੇ ਭੂਟੋ |
10. ਟਿੱਚਰਾਂ ਕਰਨ ਸ਼ਹਿਰੀਏ, ਸੱਚੋ–ਸੱਚ ਜੇ ਬੋਲੀਏ,
ਆਦਮੀ ਖਾਂਦਾ ਵੇਖਿਆ, ਸੱਪ ਤੇ ਸਪੋਲੀਏ |
ਉੱਤਰ : (1) ਮੂਲੀ, (2) ਕੁਰਸੀ, (3) ਬੁਝਾਰਤ, (4) ਸੂਰਜ, (5) ਪਤੰਗ, (6) ਟੈਲੀਵਿਜ਼ਨ, (7) ਪਾਣੀ, (8) ਸੱਪ, (9) ਝਾੜੂ, (10) ਸੇਵੀਆਂ |

–ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ | ਮੋਬਾ: 98763–22677

ਬਾਲ ਨਾਵਲ-64: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਨੂੰ ਵੀ ਮਾਤਾ ਜੀ ਦੇ ਨਾਲ ਭਰਿਆ-ਭਰਿਆ ਲਗਦਾ ਸੀ | ਉਨ੍ਹਾਂ ਦੇ ਕੋਲ ਹੋਣ ਦਾ ਅਹਿਸਾਸ, ਉਨ੍ਹਾਂ ਦੇ ਕੋਲ ਹੋਣ ਦਾ ਨਿੱਘ, ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ, ਉਨ੍ਹਾਂ ਦਾ ਦਾਦੀ ਵਾਲਾ ਪਿਆਰ, ਉਸ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਾ | ਉਸ ਦੇ ਅੰਦਰ ਕੁਝ ਕਰਨ ਦਾ ਜੋਸ਼ ਭਰਦਾ |
ਦੂਜੇ ਪਾਸੇ ਸਿਧਾਰਧ, ਹਰੀਸ਼ ਦੀ ਹਰ ਗੱਲ ਉੱਪਰ ਨਜ਼ਰ ਰੱਖਦਾ | ਉਹ ਕਿਸੇ ਨੂੰ ਵੀ ਦੱਸੇ ਬਿਨਾਂ ਉਸ ਦੇ ਪ੍ਰੋਫੈਸਰਾਂ ਨੂੰ ਮਿਲਦਾ ਰਹਿੰਦਾ, ਉਸ ਬਾਰੇ ਪੱੁਛਦਾ ਰਹਿੰਦਾ | ਪ੍ਰੋਫੈਸਰ ਹਮੇਸ਼ਾ ਉਸ ਦੀ ਤਾਰੀਫ ਹੀ ਕਰਦੇ | ਉਸ ਦੇ ਮਿਹਨਤੀ ਅਤੇ ਲਾਇਕ ਹੋਣ ਬਾਰੇ ਦੱਸਦੇ |
ਪ੍ਰੋਫੈਸਰਾਂ ਨੂੰ ਵੀ ਪਤਾ ਲਗਦਾ ਕਿ ਹਰੀਸ਼ ਬਾਰੇ ਉਸ ਦੇ ਘਰੋਂ ਕੋਈ ਪਤਾ ਕਰਨ ਆਉਂਦਾ ਹੈ | ਸੋ, ਉਹ ਵੀ ਉਸ ਦਾ ਖਾਸ ਧਿਆਨ ਰੱਖਦੇ |
ਦਿਨ ਬੀਤਦੇ ਗਏ | ਅਖੀਰ ਇਮਤਿਹਾਨਾਂ ਦਾ ਸਮਾਂ ਆ ਗਿਆ | ਪਲੱਸ ਟੂ ਦੇ ਸਾਲਾਨਾ ਇਮਤਿਹਾਨਾਂ ਵਿਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਂ-ਪਿਓ ਦੇ ਵੀ ਰੰਗ ਉਡੇ ਰਹਿੰਦੇ ਹਨ | ਲਾਇਕ ਬੱਚਿਆਂ ਦੀ ਮਿਹਨਤ ਦੇ ਪਿੱਛੇ ਉਨ੍ਹਾਂ ਦੇ ਘਰਦਿਆਂ ਦਾ ਵੀ ਪੂਰਨ ਯੋਗਦਾਨ ਹੁੰਦਾ, ਉਨ੍ਹਾਂ ਦੀ ਆਪਣੀ ਮਿਹਨਤ ਵੀ ਸ਼ਾਮਿਲ ਹੁੰਦੀ | ਇਸੇ ਤਰ੍ਹਾਂ ਹੀ ਹਰੀਸ਼ ਦੀ ਮਿਹਨਤ ਪਿੱਛੇ ਵੀ ਮਾਤਾ ਜੀ ਦਾ ਅਤੇ ਸਿਧਾਰਥ ਦਾ ਪੂਰਾ ਸਹਿਯੋਗ ਅਤੇ ਮਿਹਨਤ ਸ਼ਾਮਿਲ ਸਨ |
ਘਰਦਿਆਂ ਤੋਂ ਇਲਾਵਾ ਲਾਇਕ ਬੱਚਿਆਂ ਬਾਰੇ ਉਨ੍ਹਾਂ ਦੇ ਪ੍ਰੋਫੈਸਰਾਂ ਨੂੰ ਵੀ ਓਨਾ ਹੀ ਫਿਕਰ ਹੁੰਦਾ | ਜਿੰਨੇ ਜ਼ਿਆਦਾ ਬੱਚੇ ਮੈਡੀਕਲ ਕਾਲਜ ਜਾਂ ਵੱਡੇ ਇੰਜੀਨੀਅਰਿੰਗ ਕਾਲਜਾਂ ਵਿਚ ਜਾਣਗੇ, ਓਨਾ ਹੀ ਪ੍ਰੋਫੈਸਰਾਂ ਦਾ ਅਤੇ ਕਾਲਜ ਦਾ ਨਾਂਅ ਵੱਡਾ ਹੋਵੇਗਾ | ਪ੍ਰੋਫੈਸਰ ਨੂੰ ਆਪਣੇ ਵਿਦਿਆਰਥੀਆਂ ਉੱਪਰ ਮਾਣ ਹੁੰਦਾ ਅਤੇ ਵਿਦਿਆਰਥੀਆਂ ਨੂੰ ਆਪਣੇ ਪ੍ਰੋਫੈਸਰਾਂ ਅਤੇ ਆਪਣੇ ਕਾਲਜ ਉੱਪਰ ਮਾਣ ਹੁੰਦਾ |
ਅੱਜ ਹਰੀਸ਼ ਦਾ ਪਹਿਲਾ ਪੇਪਰ ਸੀ | ਮਾਤਾ ਜੀ ਨੇ ਉਸ ਨੂੰ ਦਹੀਂ ਖਵਾ ਕੇ ਭੇਜਿਆ | ਉਨ੍ਹਾਂ ਅਨੁਸਾਰ ਕਿਸੇ ਵੀ ਚੰਗੇ ਕੰਮ 'ਤੇ ਜਾਣ ਲੱਗਿਆਂ ਜੇ ਦਹੀਂ ਖਵਾ ਕੇ ਭੇਜੀਏ ਤਾਂ ਕੰਮ ਵਧੀਆ ਹੋ ਜਾਂਦਾ ਹੈ |
ਹਰੀਸ਼ ਦੇ ਜਾਣ ਤੋਂ ਬਾਅਦ ਮਾਤਾ ਜੀ ਦਾ ਸਾਰਾ ਧਿਆਨ ਉਸੇ ਵੱਲ ਹੀ ਰਿਹਾ, 'ਹੁਣ ਉਹ ਕਾਲਜ ਪਹੁੰਚ ਗਿਆ ਹੋਵੇਗਾ | ਹੁਣ ਉਹ ਇਮਤਿਹਾਨ ਵਾਲੇ ਹਾਲ ਵਿਚ ਚਲਾ ਗਿਆ ਹੋਵੇਗਾ | ਹੁਣ ਉਸ ਦਾ ਪੇਪਰ ਸ਼ੁਰੂ ਹੋ ਗਿਆ ਹੋਵੇਗਾ | ਪਤਾ ਨਹੀਂ ਪੇਪਰ ਕਿਹੋ ਜਿਹਾ ਆਇਐ? ਸੌਖਾ ਹੈ ਕਿ ਔਖਾ? ਸਾਰੇ ਸਵਾਲ ਤਾਂ ਉਸ ਨੂੰ ਆਉਂਦੇ ਹੀ ਹੋਣਗੇ, ਕੋਈ ਚੀਜ਼ ਤਾਂ ਉਸ ਨੇ ਛੱਡੀ ਨਹੀਂ | ਮਿਹਨਤ ਬਹੁਤ ਕੀਤੀ ਐ ਵਿਚਾਰੇ ਨੇ | ਪਰਮਾਤਮਾ ਉਸ ਨੂੰ ਚੰਗੇ ਨੰਬਰ ਦਿਵਾਏ |' ਘੜੀ ਦੇ ਨਾਲ-ਨਾਲ ਮਾਤਾ ਜੀ ਦਾ ਦਿਮਾਗ ਵੀ ਇਮਤਿਹਾਨ ਵਾਲੇ ਹਾਲ ਦੁਆਲੇ ਘੁੰਮਦਾ ਰਿਹਾ |
ਹਰੀਸ਼ ਦੇ ਘਰ ਆਉਣ ਤੋਂ ਪਹਿਲਾਂ ਸਿਧਾਰਥ ਵੀ ਮਾਤਾ ਜੀ ਕੋਲ ਪਹੁੰਚ ਗਿਆ | ਹਰੀਸ਼ ਜਦੋਂ ਘਰ ਪਹੁੰਚਿਆ ਤਾਂ ਮਾਤਾ ਜੀ ਅਤੇ ਉਸ ਦੇ ਵੀਰ ਜੀ ਦੋਵੇਂ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਸਨ | ਹਰੀਸ਼ ਦੀ ਮੁਸਕਰਾਹਟ ਤੋਂ ਦੋਵਾਂ ਨੂੰ ਅੰਦਾਜ਼ਾ ਹੋ ਗਿਆ ਕਿ ਉਸ ਦਾ ਪੇਪਰ ਠੀਕ ਹੋਇਆ ਹੈ |
'ਹਾਂ ਜੀ ਬੇਟੇ, ਕਿਸ ਤਰ੍ਹਾਂ ਦਾ ਹੋਇਐ ਅੱਜ ਪਹਿਲਾ ਪੇਪਰ?' ਮਾਤਾ ਜੀ ਨੇ ਪੱੁਛਿਆ |

(ਬਾਕੀ ਅਗਲੇ ਐਤਵਾਰ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-2

ਲਗਾਤਾਰ ਮੈਂ ਚਲਦਾ ਰਹਿੰਦਾ,
ਰਾਤੀਂ ਜਾਗਾਂ ਦਿਨ ਨੂੰ ਸੌਾਦਾ |
ਵਧੇ-ਘਟੇ ਮੇਰਾ ਆਕਾਰ,
ਬਹੁਤ ਵੱਡਾ ਮੇਰਾ ਪਰਿਵਾਰ |
ਉਧਾਰਾ ਲੈ ਕੇ ਵੰਡਾਂ ਚਾਨਣ,
ਹੁਣ ਇਹ ਗੱਲ ਸਾਰੇ ਜਾਨਣ |
ਦੁਨੀਆ ਵਿਚ ਜਿਥੇ ਵੀ ਜਾਓ,
ਉੱਪਰ ਤੱਕੋ ਮੈਨੂੰ ਪਾਓ |
ਭਲੂਰੀਏ ਪਾਈ ਬੁਝਾਰਤ ਸੌਖੀ,
ਬੱਚਿਓ ਬਿਲਕੁਲ ਨਹੀਓਾ ਔਖੀ |
          —*—
ਚਮਕਣ ਲੱਗੇ ਜਦ ਪੈਣ ਸ਼ਾਮਾਂ,
ਇਹ ਹੈ ਤੁਹਾਡਾ 'ਚੰਦਾ ਮਾਮਾ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾਈਲ : 99159-95505.

ਬਾਲ ਸਾਹਿਤ

ਤਿੱਤਲੀਆਂ
ਲੇਖਕ : ਲਖਵੀਰ ਸਿੰਘ 'ਕੋਮਲ'
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ:), ਆਲਮਵਾਲਾ ਕਲਾਂ |
ਮੱੁਲ : 60 ਰੁਪਏ, ਸਫੇ : 32
ਸੰਪਰਕ : 98725-07301

ਪੰਜਾਬੀ ਬਾਲ ਸਾਹਿਤਕਾਰਾਂ ਦਾ ਕਾਫ਼ਲਾ ਦਿਨ-ਬ-ਦਿਨ ਵਧ ਰਿਹਾ ਹੈ ਅਤੇ ਇਹ ਚੰਗਾ ਸ਼ਗਨ ਹੈ | ਬਾਲ ਪੁਸਤਕਾਂ ਪੜ੍ਹਨਗੇ, ਤਾਂ ਹੀ ਨਵੇਂ ਪੰਜਾਬੀ ਪਾਠਕ ਤਿਆਰ ਹੋਣਗੇ | 'ਤਿੱਤਲੀਆਂ' ਪੁਸਤਕ ਵਿਚ 29 ਕਵਿਤਾਵਾਂ ਹਨ, ਜੋ ਬਾਲਾਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੀ ਜਾਣਕਾਰੀ ਵਿਚ ਵੀ ਵਾਧਾ ਕਰਦੀਆਂ ਹਨ | ਇਹ ਕਵਿਤਾਵਾਂ ਬਾਲਾਂ ਨੂੰ ਚੰਗੇ ਇਨਸਾਨ ਬਣਨ ਵਿਚ ਵੀ ਸਹਾਈ ਹੋਣਗੀਆਂ |
'ਰਲ ਚਾਨਣ ਦਾ ਛਿੱਟਾ ਲਾਈਏ,
ਵਹਿਮ-ਭਰਮ ਹੁਣ ਦੂਰ ਭਜਾਈਏ |
ਕਿਉਂ ਕਿਰਤੀ ਦੇ ਸਿਰ 'ਤੇ,
ਵਿਹਲੜ ਬਾਬਾ ਮੌਜਾਂ ਮਾਣਦਾ |
ਆਇਆ ਯੱੁਗ ਵਿਗਿਆਨ ਦਾ,
ਤੰੂ ਬਣ ਜਾ ਏਹਦੇ ਹਾਣ ਦਾ |'
(ਯੱੁਗ ਵਿਗਿਆਨ ਦਾ)
'ਡੱਬ ਖੜੱਬਾ ਭੋਲੂ ਸਾਡਾ,
ਲਗਦਾ ਏ ਬੜਾ ਸੋਹਣਾ |
ਖੜ੍ਹੇ ਕੰਨ ਤੇ ਚਮਕਣ ਅੱਖਾਂ,
ਸਭ ਦੇ ਮਨ ਨੂੰ ਮੋਹਣਾ |
ਸਾਰੇ ਘਰ ਦੀ ਦਿਨ-ਰਾਤ,
ਇਹ ਪੂਰੀ ਰਾਖੀ ਕਰਦਾ |
ਕਦੇ ਵਿਹੜੇ ਵਿਚ ਗੇੜੇ ਦੇਵੇ,
ਕਦੇ ਕੋਠੇ 'ਤੇ ਚੜ੍ਹਦਾ |' (ਸਾਡਾ ਭੋਲੂ)
'ਪੇਪਰਾਂ ਦੀ ਰੱੁਤ ਹੁਣ ਆਈ ਬੱਚਿਓ,
ਕਰ ਲਵੋ ਰੱਜ ਕੇ ਪੜ੍ਹਾਈ ਬੱਚਿਓ |
ਦਿਲ ਲਾ ਕੇ ਪੜੂ ਜੋ ਅੱਵਲ ਰਹੂਗਾ,
ਕਰੂ ਸਾਰਾ ਜੱਗ ਵਡਿਆਈ ਬੱਚਿਓ |'
(ਪੇਪਰਾਂ ਦੀ ਰੱੁਤ)
ਆਰਟ ਪੇਪਰ ਉੱਤੇ ਛਾਪੀ ਗਈ ਪੁਸਤਕ ਵਿਚ ਕਵਿਤਾਵਾਂ ਦੇ ਨਾਲ ਖੂਬਸੂਰਤ ਚਿੱਤਰ ਹਨ, ਜੋ ਕਵਿਤਾਵਾਂ ਨੂੰ ਹੋਰ ਵੀ ਅਰਥ ਭਰਪੂਰ ਬਣਾਉਂਦੇ ਹਨ | ਸਾਰੀਆਂ ਕਵਿਤਾਵਾਂ ਬਾਲ ਪਾਠਕਾਂ ਦੇ ਹਾਣ ਦੀਆਂ ਹਨ | ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਪੁਸਤਕਾਂ ਸਕੂਲ ਲਾਇਬ੍ਰੇਰੀ ਵਿਚ ਜ਼ਰੂਰ ਰੱਖਣ | ਪੰਜਾਬੀ ਬਾਲ ਸਾਹਿਤ ਵਿਚ 'ਤਿੱਤਲੀਆਂ' ਦਾ ਸਵਾਗਤ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਮਾਂ-ਬੋਲੀ

ਗੱਲਾਂ ਵਿਚੋਂ ਗੱਲ ਛਿੜੀ,
ਮੈਂ ਵੀ ਗੱਲ ਸੁਣਾ ਦੇਵਾਂ |
ਆਪਣੀ ਮਾਂ-ਬੋਲੀ ਬਾਰੇ,
ਮੈਂ ਵੀ ਤੁਹਾਨੂੰ ਹਾਲ ਸੁਣਾ ਦੇਵਾਂ |
ਮਾਂ-ਬੋਲੀ ਨੂੰ ਬਚਾਉਣ ਦੀ ਖ਼ਾਤਰ
ਥੋੜ੍ਹਾ ਫ਼ਰਜ਼ ਨਿਭਾ ਦੇਵਾਂ |
ਹੱਸਦਾ-ਹੱਸਦਾ ਮੈਂ ਇਹਦੇ ਬਾਰੇ
ਦੋ ਲਫ਼ਜ਼ ਸੁਣਾ ਦੇਵਾਂ |
ਜਨਮ ਤੋਂ ਲੈ ਕੇ ਮਰਨ ਤੱਕ
ਇਹ ਫ਼ਰਜ਼ ਪੂਰਾ ਨਿਭਾਵੇ |
ਕੋਈ ਪੰਜਾਬੀ ਮਾਂ-ਬੋਲੀ ਬਾਰੇ
ਮਾੜਾ ਸੁਣ ਨਾ ਪਾਵੇ |
ਲੱਖ ਭਾਸ਼ਾਵਾਂ ਚੰਗੀਆਂ ਪਰ
ਮਾਂ-ਬੋਲੀ ਵਰਗੀ ਨਾ ਕੋਈ |
ਸੂਈ ਧਾਗਾ ਲੈ ਇਹ ਮਾਂ ਨੇ,
ਮੇਰੇ ਅੰਦਰ ਪਰੋਈ |
ਮੇਰੇ ਪੰਜਾਬ 'ਚ ਇਸ ਬੋਲੀ ਦਾ,
ਉੱਚਾ ਹੋਣਾ ਚਾਹੀਦਾ ਹੈ ਸਥਾਨ |
ਹਰ ਕਿਸੇ ਦੇ ਮਨ ਵਿਚ ਹੋਵੇ
ਇਸ ਦਾ ਸਨਮਾਨ |
'ਹਰਮਨ ਚਹਿਲ' ਦੇ ਇਹ ਬੋਲ,
ਰਹੇ ਪੰਜਾਬੀ ਭਾਸ਼ਾ ਹਰ ਪਲ ਇਹਦੇ ਬੋਲ |

-ਹਰਮਨਦੀਪ ਕੌਰ ਚਹਿਲ,
ਜਮਾਤ ਨੌਵੀਂ-ਏ, ਸ: ਸ: ਸ: ਕੋਟੜਾ ਕਲਾਂ (ਮਾਨਸਾ) |

ਚੁਟਕਲੇ

• ਪਾਪਾ-ਜਿਹੜੇ ਬੱਚੇ ਝੂਠ ਬੋਲਦੇ ਨੇ, ਉਹ ਪਤਾ ਵੱਡੇ ਹੋ ਕੇ ਕੀ ਬਣਦੇ ਹਨ?
ਬੱਚਾ-ਜੀ ਨਹੀਂ |
ਪਾਪਾ-ਉਹ ਵੱਡੇ ਹੋ ਕੇ ਕਿਸੇ ਕੰਪਨੀ ਦੇ ਪ੍ਰਚਾਰ ਏਜੰਟ ਬਣਦੇ ਹਨ |
• ਅਧਿਆਪਕ-ਤੇਰੇ ਹੱਥ 'ਚ ਕਿੰਨੀਆਂ ਉਂਗਲਾਂ ਹਨ?
ਬੱਚਾ-ਜੀ ਦਸ |
ਅਧਿਆਪਕ-ਜੇਕਰ ਇਨ੍ਹਾਂ ਵਿਚੋਂ ਚਾਰ ਘੱਟ ਹੋ ਜਾਣ ਤਾਂ...?
ਬੱਚਾ-ਫੇਰ ਤਾਂ ਜੀ ਸਕੂਲ 'ਚੋਂ ਛੁੱਟੀਆਂ ਹੋਣਗੀਆਂ |
• ਆਦਮੀ (ਦੂਜੇ ਆਦਮੀ ਨੂੰ )-ਮੈਂ ਇਸ ਦਰਿਆ ਵਿਚ ਨਹਾ ਲਵਾਂ, ਇਸ ਵਿਚ ਕੋਈ ਵੱਡੀ ਮੱਛੀ ਤਾਂ ਨਹੀਂ?
ਦੂਜਾ ਆਦਮੀ-ਨਹੀਂ, ਤੁਸੀਂ ਬੇਫਿਕਰ ਹੋ ਕੇ ਨਹਾ ਲਵੋ, ਕਿਉਂਕਿ ਸਾਰੀਆਂ ਮੱਛੀਆਂ ਤਾਂ ਮਗਰਮੱਛ ਖਾ ਚੁੱਕਾ ਹੈ |

-ਮਨਜੀਤ ਪਿਉਰੀ,
ਗਿੱਦੜਬਾਹਾ |

ਬਾਲ ਗੀਤ: ਸਾਡੇ ਘਰ ਆਉਂਦੀ 'ਅਜੀਤ' ਅਖ਼ਬਾਰ ਮਿ ੱਤਰੋ

ਸਾਡੇ ਘਰ ਆਉਂਦੀ ਅਜੀਤ ਅਖ਼ਬਾਰ ਮਿੱਤਰੋ,
ਬਈ ਜਿਹਨੂੰ ਬਹਿ ਕੇ ਪੜ੍ਹੇ ਸਾਰਾ ਪਰਿਵਾਰ ਮਿੱਤਰੋ |
ਦਾਦੇ-ਪੜਦਾਦੇ ਸਾਡੇ ਆਏ ਇਹਨੂੰ ਪੜ੍ਹਦੇ,
ਘਰੇਲੂ ਅਖ਼ਬਾਰ ਦੀਆਂ ਸਿਫਤਾਂ ਨੇ ਕਰਦੇ |
ਸਾਡੇ ਘਰ ਦਾ ਬਣੀ ਏ ਸ਼ਿੰਗਾਰ ਮਿੱਤਰੋ,
ਸਾਡੇ ਘਰ ਆਉਂਦੀ........
ਨਾ ਮਾੜੀ ਖ਼ਬਰ ਤੇ ਨਾ ਫੋਟੋ ਕਦੇ ਛਪਦੀ,
ਇਸੇ ਕਰਕੇ ਸਾਰਿਆਂ ਨੂੰ ਚੰਗੀ ਬੜੀ ਲਗਦੀ |
ਸੱਚੇ ਛਾਪਦੀ ਏ ਸਭ ਦੇ ਵਿਚਾਰ ਮਿੱਤਰੋ,
ਸਾਡੇ ਘਰ ਆਉਂਦੀ..........
ਵਰ੍ਹੇਗੰਢ, ਜਨਮ ਦਿਨ ਦੀ ਫੋਟੋ ਵੀ ਇਹ ਛਾਪਦੀ,
ਖੁਸ਼ ਰਹੋ ਸਾਰੇ ਵਧਾਈਆਂ ਦੇ ਕੇ ਆਖਦੀ |
ਸੱਚੀਂ ਮਨ ਭਾਉਂਦਾ ਬਾਲ ਸੰਸਾਰ ਮਿੱਤਰੋ,
ਸਾਡੇ ਘਰ ਆਉਂਦੀ..........
ਖਿਡਾਰੀਆਂ ਦੇ ਮਨ ਭਾਉਂਦਾ ਖੇਡ ਸੰਸਾਰ ਬਈ,
ਮੈਗਜ਼ੀਨ ਪੇਜ਼ ਆਉਂਦਾ ਹਰ ਐਤਵਾਰ ਬਈ |
ਚੰਗੇ ਸਾਹਿਤਕਾਰਾਂ ਦੇ ਛਪਦੇ ਵਿਚਾਰ ਮਿੱਤਰੋ,
ਸਾਡੇ ਘਰ ਆਉਂਦੀ ਅਜੀਤ ਅਖ਼ਬਾਰ ਮਿੱਤਰੋ |

-ਜੱਸਾ ਅਨਜਾਣ,
ਚੱਬਾ (ਅੰਮਿ੍ਤਸਰ) | ਮੋਬਾ: 84278-86534

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-31: ਮੋਗਲੀ

ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਰੁਡਯਾਰਡ ਕਿਪਲਿੰਗ ਦੀ ਪ੍ਰਸਿੱਧ ਪੁਸਤਕ ਹੈ, 'ਜੰਗਲ ਬੁੱਕ' | ਇਸੇ ਪੁਸਤਕ ਦਾ ਹੀ ਨਾਇਕ ਹੈ ਬਾਲਕ ਮੋਗਲੀ ਜੋ ਬੱਚਿਆਂ ਵਿਚ ਇਕ ਕਾਰਟੂਨ ਪਾਤਰ ਵਜੋਂ ਬੇਹੱਦ ਪ੍ਰਸਿੱਧ ਹੋਇਆ ਹੈ | ਇਸ ਬਾਰੇ ਇਕ ਫ਼ਿਲਮ ਵੀ ਦੋ ਵਾਰੀ ਬਣ ਚੁੱਕੀ ਹੈ ਅਤੇ ਸੀਰੀਅਲ ਅਤੇ ਐਨੀਮੇਸ਼ਨ ਵੀ, ਜਿਸ ਵਿਚ ਉਸ ਦੇ ਹੋਰ ਸਾਥੀਆਂ ਵਿਚੋਂ ਸ਼ੇਰਖ਼ਾਨ, ਬਘੀਰਾ ਅਤੇ ਹੋਰ ਰੌਚਿਕ ਜਾਨਵਰਾਂ ਦਾ ਵਰਨਣ ਵੀ ਆਉਂਦਾ ਹੈ | ਇਸ ਕਾਰਟੂਨ ਪਾਤਰ ਦੇ ਇਤਿਹਾਸ ਨੂੰ ਫੋਲੀਏ ਤਾਂ ਅੰਗਰੇਜ਼ੀ ਸ਼ਾਸਨ ਦੌਰਾਨ 1932 ਈਸਵੀ ਵਿਚ ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦੇ ਇਕ ਪਿੰਡ ਸੰਤ ਬਾਵੜੀ ਵਿਚ ਆਸ-ਪਾਸ ਦੇ ਜੰਗਲਾਂ ਵਿਚੋਂ ਰਾਤ ਨੂੰ ਇਕ ਪਿੰਡ ਵਿਚ ਭੇਡ ਬੱਕਰੀਆਂ ਉੱਪਰ ਹਮਲਾ ਕਰਨ ਆਏ ਇਕ ਨਰ ਭੇੜੀਏ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੀ ਸ਼ਕਲ ਮਨੁੱਖੀ ਬੱਚੇ ਵਰਗੀ ਸੀ ਪਰ ਹਰਕਤਾਂ ਭੇੜੀਏ ਵਾਲੀਆਂ ਸਨ | ਉਸ ਨੂੰ ਬਚਪਨ ਵਿਚ ਕੋਈ ਭੇੜੀਆ ਚੁੱਕ ਕੇ ਲੈ ਗਿਆ ਹੋਵੇਗਾ ਅਤੇ ਫਿਰ ਜੰਗਲੀ ਜਾਨਵਰਾਂ ਦੀ ਸੰਗਤ ਵਿਚ ਉਹ ਮਨੁੱਖੀ ਬਾਲਕ ਵੀ ਭੇੜੀਏ ਵਰਗੀਆਂ ਹਰਕਤਾਂ ਕਰਨ ਲੱਗ ਪਿਆ ਹੋਵੇਗਾ | ਅਖ਼ੀਰ ਮੋਗਲੀ ਆਪਣੀ ਮਾਂ ਨੂੰ ਮਿਲ ਜਾਂਦਾ ਹੈ |
ਮੋਗਲੀ ਨੂੰ ਭਾਂਤ-ਭਾਂਤ ਦੇ ਇਸ਼ਤਿਹਾਰਾਂ ਲਈ ਵੀ ਵਰਤਿਆ ਗਿਆ ਹੈ | ਇਸ ਕਾਰਟੂਨ ਚਰਿੱਤਰ ਨਾਲ ਸਬੰਧਤ ਗੀਤ 'ਜੰਗਲ ਜੰਗਲ ਬਾਤ ਚਲੀ ਹੈ ਪਤਾ ਚਲਾ ਹੈ, ਚੱਡੀ ਪਹਿਨ ਕੇ ਫੂਲ ਖਿਲਾ ਹੈ, ਫੂਲ ਖਿਲਾ ਹੈ' ਬੱਚਿਆਂ ਵਿਚ ਬੇਹੱਦ ਹਰਮਨਪਿਆਰਾ ਹੋਇਆ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ |
ਮੋਬਾ: 98144-23703
email : dsaasht@yahoo.co.in

ਬਾਲ ਕਹਾਣੀ: ਊਰਜਾ

ਅਮਨਪ੍ਰੀਤ ਦਸਵੀਂ ਜਮਾਤ ਦੀ ਵਿਦਿਆਰਥਣ ਸੀ | ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ | ਉਸ ਵਿਚ ਵਿਸ਼ੇਸ਼ ਗੁਣ ਇਹ ਸੀ ਕਿ ਉਹ ਗੱਲ ਨੂੰ ਬਹੁਤ ਛੇਤੀ ਸਮਝ ਜਾਂਦੀ ਸੀ ਪਰ ਉਸ ਵਿਚ ਇਕ ਘਾਟ ਇਹ ਸੀ ਕਿ ਉਹ ਸ਼ਰਾਰਤੀ ਬਹੁਤ ਸੀ | ਜਿਸ ਦਿਨ ਉਸ ਨੂੰ ਸਕੂਲੋਂ ਛੱੁਟੀ ਹੁੰਦੀ, ਉਸ ਦਿਨ ਉਸ ਦੀ ਮੰਮੀ ਉਸ ਦੀਆਂ ਸ਼ਰਾਰਤਾਂ ਤੋਂ ਤੰਗ ਆ ਜਾਂਦੀ ਸੀ | ਇਕ ਦਿਨ ਉਸ ਨੂੰ ਸਕੂਲੋਂ ਛੱੁਟੀ ਸੀ | ਉਸ ਨੇ ਆਪਣੀ ਮੰਮੀ ਨੂੰ ਪੱੁਛਿਆ, 'ਮੰਮੀ, ਕੀ ਤੁਹਾਨੂੰ ਕੋਈ ਕਹਾਣੀ ਆਉਂਦੀ ਹੈ? ਅੱਜ ਮੈਨੂੰ ਕੋਈ ਕਹਾਣੀ ਤਾਂ ਸੁਣਾਓ |' ਉਸ ਦੇ ਮੰਮੀ ਬੋਲੇ, 'ਹਾਂ! ਹਾਂ! ਮੈਨੂੰ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਹਨ | ਪਰ ਕਹਾਣੀ ਤੋਂ ਪਹਿਲਾਂ ਆਪਾਂ ਦੋਵੇਂ ਇਕ ਕੰਮ ਕਰਦੇ ਹਾਂ | ਤੰੂ ਘਰ ਵਿਚੋਂ ਉਹ ਚੀਜ਼ਾਂ ਲੱਭ ਜਿਹੜੀਆਂ ਹੁਣ ਬੇਕਾਰ ਹੋ ਗਈਆਂ ਹਨ | ਮੇਰਾ ਮਤਲਬ ਇਹ ਹੈ ਕਿ ਹੁਣ ਜਿਹੜੀਆਂ ਚੀਜ਼ਾਂ ਸਾਡੇ ਕੰਮ ਦੀਆਂ ਨਹੀਂ ਰਹੀਆਂ |' ਉਹ ਆਪਣੇ ਮੰਮੀ ਦੀ ਗੱਲ ਸੁਣ ਕੇ ਹੈਰਾਨ ਹੋ ਗਈ | ਉਹ ਅੱਗੋਂ ਬੋਲੀ, 'ਮੰਮੀ ਜੀ, ਮੈਨੂੰ ਤਾਂ ਘਰ ਵਿਚ ਕੋਈ ਚੀਜ਼ ਬੇਕਾਰ ਨਹੀਂ ਲਗਦੀ | ਤੁਸੀਂ ਤਾਂ ਕੋਈ ਬੇਕਾਰ ਚੀਜ਼ ਘਰ ਵਿਚ ਰਹਿਣ ਹੀ ਨਹੀਂ ਦਿੰਦੇ, ਝੱਟ ਫੇਰੀ ਵਾਲੇ ਭਾਈ ਨੂੰ ਦੇ ਦਿੰਦੇ ਹੋ |'
ਉਸ ਦੇ ਮੰਮੀ ਹੱਸ ਕੇ ਬੋਲੇ, 'ਬੇਟਾ, ਉੱਠ ਮੇਰੇ ਨਾਲ, ਆਪਾਂ ਘਰ ਵਿਚੋਂ ਬੇਕਾਰ ਚੀਜ਼ਾਂ ਲੱਭਦੇ ਹਾਂ |' ਉਸ ਦੀ ਮੰਮੀ ਨੇ ਉਸ ਨੂੰ ਨਾਲ ਲੈ ਕੇ ਘਰ ਵਿਚੋਂ ਇਧਰ-ਉਧਰ ਪਈਆਂ ਕਈ ਬੇਕਾਰ ਚੀਜ਼ਾਂ ਇਕੱਠੀਆਂ ਕਰ ਲਈਆਂ, ਜਿਨ੍ਹਾਂ ਵਿਚ ਮੋਤੀ, ਬੰਗਾਂ, ਕੱਪੜੇ ਦੇ ਟੁਕੜੇ, ਲੱਕੜੀ ਦੇ ਟੁਕੜੇ, ਪਲਾਸਟਿਕ ਦੀਆਂ ਭੀਲੀਆਂ ਅਤੇ ਹੋਰ ਬਹੁਤ ਕੁਝ ਸੀ | ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹ ਬੋਲੀ, 'ਮੰਮੀ, ਮੈਂ ਤਾਂ ਤੁਹਾਨੂੰ ਕਹਾਣੀ ਸੁਣਾਉਣ ਲਈ ਆਖਿਆ ਸੀ ਪਰ ਤੁਸੀਂ ਮੈਨੂੰ ਹੋਰ ਬੇਕਾਰ ਜਿਹਾ ਕੰਮ ਕਰਨ ਲਈ ਲਗਾ ਦਿੱਤਾ |' ਉਸ ਦੇ ਮੰਮੀ ਬੋਲੇ, 'ਧੀਏ, ਤੰੂ ਵੇਖਦੀ ਜਾ, ਬਣਦਾ ਕੀ ਹੈ | ਮੈਂ ਤੈਨੂੰ ਕਹਾਣੀ ਹੀ ਸੁਣਾ ਰਹੀ ਹਾਂ |' ਉਸ ਦੀ ਮੰਮੀ ਨੇ ਇਕੱਠੀਆਂ ਕੀਤੀਆਂ ਚੀਜ਼ਾਂ ਉਸ ਦੇ ਸਾਹਮਣੇ ਰੱਖ ਕੇ ਉਸ ਨੂੰ ਸਵਾਲ ਕੀਤਾ, 'ਬੇਟਾ, ਕੀ ਤੰੂ ਮੈਨੂੰ ਦੱਸ ਸਕਦੀ ਏਾ ਕਿ ਆਪਾਂ ਇਨ੍ਹਾਂ ਚੀਜ਼ਾਂ ਦੀ ਠੀਕ ਵਰਤੋਂ ਕਿਵੇਂ ਕਰ ਸਕਦੇ ਹਾਂ?'
ਉਹ ਸ਼ਰਾਰਤਾਂ ਕਰਨੀਆਂ ਭੱੁਲ ਗਈ | ਉਹ ਇਹ ਸੋਚਣ ਵਿਚ ਰੱੁਝ ਗਈ ਕਿ ਇਨ੍ਹਾਂ ਬੇਕਾਰ ਚੀਜ਼ਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਉਸ ਦੀ ਮੰਮੀ ਨੇ ਉਸ ਨੂੰ ਕਿਹਾ, 'ਬੇਟਾ, ਤੰੂ ਸੋਚਣ ਲਈ ਸਮਾਂ ਲੈ ਸਕਦੀ ਹੈਾ | ਇਹ ਜ਼ਰੂਰੀ ਨਹੀਂ ਕਿ ਇਸ ਦਾ ਜਵਾਬ ਹੁਣੇ ਹੀ ਦੇਣਾ ਹੈ | ਮੈਂ ਵੀ ਤੇਰਾ ਸਾਥ ਦੇਵਾਂਗੀ |' ਉਹ ਇਕ-ਦੋ ਦਿਨ ਸੋਚਦੀ ਰਹੀ | ਉਹ ਕੋਈ ਜਵਾਬ ਨਾ ਦੇ ਸਕੀ | ਛੱੁਟੀ ਵਾਲੇ ਦਿਨ ਉਸ ਨੇ ਆਪਣੀ ਮੰਮੀ ਨੂੰ ਕਿਹਾ, 'ਮੰਮੀ, ਦੱਸੋ ਵੀ ਨਾ, ਆਪਾਂ ਇਨ੍ਹਾਂ ਚੀਜ਼ਾਂ ਦਾ ਕੀ ਬਣਾ ਸਕਦੇ ਹਾਂ?' ਉਸ ਦੇ ਮੰਮੀ ਉਸ ਨੂੰ ਕੰਪਿਊਟਰ ਕੋਲ ਲੈ ਗਏ | ਉਨ੍ਹਾਂ ਨੇ ਉਸ ਨੂੰ ਕਿਹਾ, 'ਬੇਟਾ, ਕੰਪਿਊਟਰ ਨੂੰ ਖੋਲ੍ਹ ਕੇ ਇਸ ਉੱਤੇ ਦਿਮਾਗ ਦਾ ਜਾਦੂ ਦੀ ਸਾਈਟ ਖੋਲ੍ਹ |' ਐਨਾ ਕਹਿਣ ਦੀ ਦੇਰ ਸੀ, ਉਹ ਬੋਲੀ, 'ਅੱਛਾ, ਅੱਛਾ, ਮੈਂ ਸਮਝ ਗਈ ਤੁਸੀਂ ਕੀ ਚਾਹੁੰਦੇ ਹੋ |' ਉਨ੍ਹਾਂ ਦੋਵਾਂ ਨੇ ਕੰਪਿਊਟਰ 'ਤੇ ਬੈਠ ਕੇ ਵੇਖਿਆ ਕਿ ਬੇਕਾਰ ਚੀਜ਼ਾਂ ਦਾ ਕੀ ਬਣ ਸਕਦੈ | ਅਮਨਪ੍ਰੀਤ ਨੇ ਆਪਣੀ ਮੰਮੀ ਦੀ ਸਹਾਇਤਾ ਨਾਲ ਆਪਣੇ 'ਡਰਾਇੰਗ ਰੂਮ' ਵਿਚ ਰੱਖਣ ਵਾਲਾ ਇਕ 'ਸ਼ੋਅ ਪੀਸ' ਬਣਾਇਆ | ਉਸ ਨੂੰ ਆਪਣੇ-ਆਪ 'ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਉਸ ਵਿਚ ਐਨਾ ਸੋਹਣਾ ਸ਼ੋਅ ਪੀਸ' ਬਣਾਉਣ ਦਾ ਹੁਨਰ ਵੀ ਹੈ | ਉਸ ਦੀ ਮੰਮੀ ਨੇ ਉਸ ਨੂੰ ਕਿਹਾ, 'ਬੇਟਾ, ਇਸ ਕਹਾਣੀ ਦਾ ਨਾਂਅ 'ਊਰਜਾ' ਸੀ | ਤੰੂ ਜੇਕਰ ਆਪਣੀ ਊਰਜਾ ਸ਼ਰਾਰਤਾਂ ਕਰਨ ਦੀ ਬਜਾਏ ਕੁਝ ਨਵਾਂ ਕਰਨ ਵਿਚ ਲਗਾਵੇਂ ਤਾਂ ਹੋਰ ਵੀ ਜ਼ਿਆਦਾ ਤਰੱਕੀ ਕਰ ਸਕਦੀ ਏਾ |' ਉਹ ਆਪਣੀ ਮੰਮੀ ਦੀ ਗੱਲ ਸੁਣ ਕੇ ਖੁਸ਼ ਹੋ ਗਈ | ਉਸ ਦਾ ਉਹ 'ਸ਼ੋਅ ਪੀਸ' ਉਸ ਦੇ ਸਕੂਲ ਵਿਚ ਹੋਏ ਮੁਕਾਬਲੇ ਵਿਚ ਪਹਿਲੇ ਨੰਬਰ 'ਤੇ ਆਇਆ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |
ਮੋਬਾ: 98726-27136

ਨਿਪਾਲ ਦੀ ਰਾਜਧਾਨੀ ਕਾਠਮੰਡੂ

ਬੱਚਿਓ, ਤੁਸੀਂ ਜਾਣਦੇ ਹੋ ਕਿ ਕਾਠਮੰਡੂ ਸਾਡੇ ਗੁਆਂਢੀ ਦੇਸ਼ ਨਿਪਾਲ ਦੀ ਰਾਜਧਾਨੀ ਹੈ, ਜਿਸ ਦੇ ਚਾਰੇ ਪਾਸੇ ਮਨਮੋਹਕ ਤੇ ਸੁੰਦਰ ਪਹਾੜ ਹਨ। ਬਰਫਾਂ ਨਾਲ ਢਕੀਆਂ ਚੋਟੀਆਂ ਤੇ ਪਹਾੜਾਂ ਨਾਲ ਘਿਰੀ ਇਹ ਵਾਦੀ ਇਕ ਜਾਦੂਮਈ ਨਜ਼ਾਰਾ ਪੇਸ਼ ਕਰਦੀ ਹੈ। ਇਹ ਸ਼ਹਿਰ ਕਈ ਸੌ ਸਾਲ ਪੁਰਾਣਾ ਹੈ। ਇਸ ਦਾ ਪਹਿਲਾ ਨਾਂਅ 'ਕਾਤੀਪੁਰ' ਸੀ। ਇਸ ਦਾ ਨਾਂਅ ਕਾਠਮੰਡੂ ਸੋਲ੍ਹਵੀਂ ਸਦੀ ਵਿਚ ਗੋਰਖ ਨਾਥ ਦੇ ਪ੍ਰਸਿੱਧ ਲੱਕੜੀ ਦੇ ਮੰਦਰ ਕਾਰਨ ਪਿਆ ਸੀ, ਜਿਸ ਨੂੰ ਕਾਠ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ਦੀ ਪ੍ਰਸਿੱਧੀ ਕਾਰਨ ਹੀ ਕਾਤੀਪੁਰ ਨੂੰ ਕਾਠਮੂੰਡ ਕਿਹਾ ਜਾਣ ਲੱਗ ਪਿਆ। ਕਾਠਮੰਡੂ ਸਮੁੰਦਰੀ ਤਲ ਤੋਂ 4500 ਫੁੱਟ ਦੀ ਉਚਾਈ 'ਤੇ ਹੈ। ਸੜਕ ਰਾਹੀਂ ਇਥੇ ਪਹੁੰਚਣ ਲਈ ਬਿਹਾਰ ਦਾ 'ਰਕਸੋਲ' ਬਾਰਡਰ ਜਾਂ ਯੂ. ਪੀ. ਦਾ 'ਸਨੋਲੀ' ਬਾਰਡਰ ਪਾਰ ਕਰਨਾ ਪੈਂਦਾ ਹੈ। ਹਵਾਈ ਜਹਾਜ਼ ਰਾਹੀਂ ਵੀ ਕਾਠਮੰਡੂ ਪਹੁੰਚਿਆ ਜਾ ਸਕਦਾ ਹੈ। ਸਫ਼ਾਈ ਦੇ ਪੱਖ ਤੋਂ ਕਾਠਮੰਡੂ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਸ਼ਹਿਰ ਦੀਆਂ ਸੜਕਾਂ ਸਾਫ਼-ਸੁਥਰੀਆਂ ਹਨ। ਸੜਕਾਂ ਉੱਪਰ ਥੁੱਕਣਾ ਸਖ਼ਤ ਮਨ੍ਹਾ ਹੈ ਅਤੇ ਗੱਡੀਆਂ, ਮੋਟਰਾਂ ਦੇ ਹਾਰਨ ਵੀ ਵਰਜਿਤ ਹਨ। ਕਾਠਮੰਡੂ ਵਿਚ ਅਣਗਿਣਤ ਮੰਦਰ ਹਨ। ਵਿਸ਼ਵ ਪ੍ਰਸਿੱਧ ਮੰਦਰ ਪਸ਼ੂਪਤੀ ਨਾਥ ਤੇ ਸਵੈ ਭੂ ਨਾਥ ਇਸ ਸ਼ਹਿਰ ਦੀ ਧਰੋਹਰ ਹਨ, ਜਿਨ੍ਹਾਂ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਵੀ ਪ੍ਰਾਪਤ ਹੈ। ਸਾਨੂੰ ਕਾਠਮੰਡੂ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ।

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾ: 94653-69343

ਚੁਟਕਲੇ

• ਸੁਰਿੰਦਰ-ਜ਼ਨਾਨੀਆਂ ਬੰਦਿਆਂ ਦੇ ਮੁਕਾਬਲੇ ਲੰਮੀ, ਬਿਹਤਰ ਤੇ ਸ਼ਾਂਤਮਈ ਜ਼ਿੰਦਗੀ ਕਿਉਂ ਜਿਉਂਦੀਆਂ ਹਨ?
ਕੁਲਵਿੰਦਰ-ਕਿਉਂਕਿ ਜ਼ਨਾਨੀਆਂ ਦੀ ਕੋਈ ਪਤਨੀ ਨਹੀਂ ਹੁੰਦੀ |
• ਰਮਿੰਦਰ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ | ਬੈਂਕ ਦਾ ਕਰਮਚਾਰੀ ਬੋਲਿਆ, 'ਇਹ ਨੋਟ ਫਟਿਆ ਹੋਇਆ ਹੈ, ਦੂਜਾ ਦਿਓ |'
ਰਮਿੰਦਰ-ਮੈਂ ਆਪਣੇ ਖਾਤੇ ਵਿਚ ਜਮ੍ਹਾਂ ਕਰਵਾ ਰਿਹਾ ਹਾਂ, ਫਟਿਆ ਕਰਵਾਵਾਂ ਜਾਂ ਨਵਾਂ, ਤੁਹਾਨੂੰ ਕੀ ਮਤਲਬ?
• ਕੁੜੀ (ਮੁੰਡੇ ਨੂੰ )-ਕੱਲ੍ਹ ਮੇਰਾ ਜਨਮ ਦਿਨ ਹੈ |
ਮੁੰਡਾ-ਅਡਵਾਂਸ ਵਿਚ ਹੈਪੀ ਬਰਥ ਡੇ |
ਕੁੜੀ-ਤੋਹਫ਼ਾ ਕੀ ਦੇਵੇਂਗਾ?
ਮੁੰਡਾ-ਬੋਲ ਕੀ ਦੇਵਾਂ?
ਕੁੜੀ-ਰਿੰਗ |
ਮੁੰਡਾ-ਚੱਲ ਠੀਕ ਹੈ, ਰਿੰਗ ਦੇਵਾਂਗਾ ਪਰ ਚੱੁਕੀਂ ਨਾ, ਬੈਲੇਂਸ ਨਹੀਂ ਹੈ |

-ਹਰਜਿੰਦਰਪਾਲ ਸਿੰਘ ਬਾਜਵਾ,
ਕੋਠੀ 536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ |

ਬਾਲ ਨਾਵਲ-63: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦਿਨ ਦੌੜੀ ਜਾ ਰਹੇ ਸਨ | ਹਰੀਸ਼ ਪੂਰੀ ਮਿਹਨਤ ਕਰੀ ਜਾ ਰਿਹਾ ਸੀ | ਹਰੀਸ਼ ਦੀ ਮਿਹਨਤ ਪਿੱਛੇ ਮਾਤਾ ਜੀ ਦਾ ਵੀ ਪੂਰਾ ਯੋਗਦਾਨ ਸੀ | ਉਹ ਹਰੀਸ਼ ਦੀ ਛੋਟੀ ਤੋਂ ਛੋਟੀ ਲੋੜ ਦਾ ਵੀ ਧਿਆਨ ਰੱਖਦੇ | ਉਹ ਰਾਤੀਂ ਉਸ ਦੇ ਕਮਰੇ ਵਿਚ ਕੋਈ ਨਾਵਲ ਜਾਂ ਕੋਈ ਹੋਰ ਕਿਤਾਬ ਲੈ ਕੇ ਦੇਰ ਤੱਕ ਪੜ੍ਹਦੇ ਰਹਿੰਦੇ | ਰਾਤੀਂ ਜੇ ਉਸ ਨੂੰ ਨੀਂਦ ਆ ਰਹੀ ਹੋਵੇ ਤਾਂ ਕਈ ਵਾਰੀ ਆਪ ਚਾਹ ਬਣਾ ਦਿੰਦੇ ਜਾਂ ਦੱੁਧ ਗਰਮ ਕਰਕੇ ਲਿਆ ਦਿੰਦੇ | ਜਿੰਨੀ ਦੇਰ ਉਹ ਦੱੁਧ ਜਾਂ ਚਾਹ ਪੀਂਦਾ, ਓਨੀ ਦੇਰ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੇ ਰਹਿੰਦੇ | ਇਸ ਨਾਲ ਉਸ ਦੀ ਸੁਸਤੀ ਦੂਰ ਹੋ ਜਾਂਦੀ ਅਤੇ ਉਹ ਫਿਰ ਤਰੋਤਾਜ਼ਾ ਹੋ ਕੇ ਪੜ੍ਹਨ ਲੱਗ ਜਾਂਦਾ |
ਇਸ ਸਾਲ ਮਾਤਾ ਜੀ ਨੇ ਜਿਹੜੀ ਇਕ ਹੋਰ ਵੱਡੀ ਗੱਲ ਕੀਤੀ ਕਿ ਉਹ ਕੈਨੇਡਾ ਨਹੀਂ ਗਏ | ਉਨ੍ਹਾਂ ਦੇ ਬੱਚੇ ਜ਼ੋਰ ਲਗਾਉਂਦੇ ਰਹੇ, ਫੋਨ ਕਰਦੇ ਰਹੇ ਪਰ ਮਾਤਾ ਜੀ ਨੇ ਇਕੋ ਨੰਨਾ ਫੜੀ ਰੱਖਿਆ ਕਿ ਇਸ ਸਾਲ ਮੈਂ ਨਹੀਂ ਆਉਣਾ | ਸਾਰਿਆਂ ਦੇ ਪੱੁਛਣ 'ਤੇ ਉਨ੍ਹਾਂ ਨੇ ਦੱਸਿਆ, 'ਐਤਕੀਂ ਹਰੀਸ਼ ਦੀ ਪੜ੍ਹਾਈ ਦਾ ਬਹੁਤ ਹੀ ਜ਼ਰੂਰੀ ਸਾਲ ਐ, ਇਸ ਕਰਕੇ ਮੈਂ ਉਸ ਦੇ ਕੋਲ ਰਹਿਣਾ ਚਾਹੁੰਦੀ ਹਾਂ |'
'ਤੁਸੀਂ ਜ਼ਿਆਦਾ ਨਾ ਰਹਿਣਾ, ਦੋ ਕੁ ਮਹੀਨੇ ਰਹਿ ਕੇ ਆ ਜਾਣਾ | ਤੁਸੀਂ ਸਖ਼ਤ ਗਰਮੀ ਤੋਂ ਵੀ ਬਚ ਜਾਓਗੇ ਅਤੇ ਸਾਨੂੰ ਵੀ ਮਿਲ ਲਓਗੇ', ਬੱਚੇ ਜ਼ਿੱਦ ਕਰਦੇ |
'ਅੱਗੇ ਮੈਂ ਹਮੇਸ਼ਾ ਆਉਂਦੀ ਹੀ ਹਾਂ ਨਾ | ਇਕ ਸਾਲ ਜੇ ਮੇਰੇ ਨਾ ਆਉਣ ਨਾਲ, ਇਕ ਬੱਚੇ ਦੀ ਜ਼ਿੰਦਗੀ ਬਣ ਜਾਵੇ ਤਾਂ ਉਸ ਨੂੰ ਕੁਝ ਫਾਇਦਾ ਹੋ ਜਾਵੇ ਤਾਂ ਮੇਰੇ ਹਿਸਾਬ ਨਾਲ ਇਹ ਘਾਟੇਵੰਦਾ ਸੌਦਾ ਨਹੀਂ | ਬਾਕੀ ਰਹੀ ਗਰਮੀ ਦੀ ਗੱਲ, ਉਸ ਦਾ ਤੁਸੀਂ ਫਿਕਰ ਨਾ ਕਰੋ | ਅਸੀਂ ਤਾਂ ਪਿੰਡਾਂ ਵਿਚ ਸਖ਼ਤ ਗਰਮੀਆਂ ਬਿਨਾਂ ਪੱਖੇ ਤੋਂ ਕੱਟਦੇ ਸਾਂ, ਹੁਣ ਤਾਂ ਫਿਰ ਸਾਰੀਆਂ ਸਹੂਲਤਾਂ ਪਰਮਾਤਮਾ ਨੇ ਦਿੱਤੀਆਂ ਹਨ', ਮਾਤਾ ਜੀ ਨੇ ਪੂਰੀ ਦਲੀਲ ਨਾਲ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਦਿੱਤਾ |
ਬੇਟੀਆਂ ਅੱਗੋਂ ਚੱੁਪ ਕਰ ਗਈਆਂ | ਚੱੁਪ ਕਰਨ ਤੋਂ ਸਿਵਾ ਉਹ ਹੋਰ ਕਰ ਵੀ ਕੀ ਸਕਦੀਆਂ ਸਨ?
ਮਾਤਾ ਜੀ ਦੇ ਮਨ ਵਿਚ ਇਹ ਗੱਲ ਆ ਗਈ ਸੀ ਕਿ ਜੇ ਮੈਂ ਕੈਨੇਡਾ ਚਲੀ ਗਈ ਤਾਂ ਮਗਰੋਂ ਆਸ਼ਾ ਰਾਣੀ ਮੁੰਡੇ ਦਾ ਪੂਰਾ ਧਿਆਨ ਸ਼ਾਇਦ ਨਾ ਰੱਖੇ | ਨਾਲੇ ਜਿਹੜਾ ਧਿਆਨ ਮੈਂ ਰੱਖ ਸਕਦੀ ਹਾਂ, ਉਹ ਧਿਆਨ ਆਸ਼ਾ ਨਹੀਂ ਰੱਖ ਸਕਦੀ | ਮੁੰਡਾ ਏਨੀ ਮਿਹਨਤ ਕਰਦਾ ਪਿਐ, ਜੇ ਉਸ ਦੇ ਖਾਣ-ਪੀਣ ਵਿਚ ਥੋੜ੍ਹੀ ਅਣਗਹਿਲੀ ਹੋ ਗਈ ਤਾਂ ਉਹ ਕਿਤੇ ਢਿੱਲਾ-ਮੱਠਾ ਹੀ ਨਾ ਹੋ ਜਾਵੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-1

ਸ਼ਹਿਰੋਂ ਇਕ ਲਿਆਂਦਾ ਘੋੜਾ,
ਫਾਇਦਾ ਬਹੁਤਾ ਮੱੁਲ ਹੈ ਥੋੜ੍ਹਾ |
ਪੂਛ ਨਹੀਂ ਹੈ ਇਕੋ ਅੱਖ,
ਪਰ ਹੈ ਇਸ ਦਾ ਪਤਲਾ ਲੱਕ |
ਦੋ ਕੰਨ ਅਤੇ ਦੋ ਨੇ ਪੈਰ,
ਚਲਦਾ ਜਾਵੇ ਸ਼ਹਿਰੋ-ਸ਼ਹਿਰ |
ਜੇ ਕੋਈ ਇਸ ਦਾ ਕੰਨ ਮਰੋੜੇ,
ਉਦੋਂ ਬੜਾ ਤੇਜ਼ ਇਹ ਦੌੜੇ |
ਰਵਿੰਦਰ ਇਹ ਬੁਝਾਰਤ ਪਾਈ,
ਪਰ ਸ਼ੰਮੀ ਦੇ ਸਮਝ ਨਾ ਆਈ |
ਹਵਾ ਖਾਂਦਾ ਪੈਟਰੋਲ ਹੈ ਪੀਂਦਾ,
ਹੁਣ ਤਾਂ ਦੱਸ ਰਵਿੰਦਰ ਕਹਿੰਦਾ |
—f—
ਸ਼ੰਮੀ ਨੇ ਝੱਟ ਦਿੱਤਾ ਉੱਤਰ,
ਕਹਿੰਦਾ ਇਹ ਤਾਂ ਹੈ 'ਸਕੂਟਰ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਗੀਤ: ਮਿਹਨਤ ਦਾ ਫ਼ਲ

ਜਿਨ੍ਹਾਂ ਨੇ ਕੀਤੀਆਂ ਮਿਹਨਤਾਂ, ਅੱਜ ਉਨ੍ਹਾਂ ਨੂੰ ਮਿਲਣ ਵਧਾਈਆਂ |
ਪਾਸ ਜੋ ਬੱਚੇ ਹੋਏ ਨੇ, ਅੱਜ ਵੰਡਦੇ ਪਏ ਮਠਿਆਈਆਂ |
ਜੋ ਰਹੇ ਮੋਬਾਈਲਾਂ ਨਾਲ ਚੁੰਬੜੇ, ਅੱਜ ਬੈਠੇ ਮੰੂਹ ਲਟਕਾ ਕੇ |
ਪੜ੍ਹਾਈ ਨੂੰ ਸੀ ਟਿੱਚ ਸਮਝਦੇ, ਰਹੇ ਘੁੰਮਦੇ ਢਾਣੀਆਂ ਬਣਾ ਕੇ |
ਬਿਨਾਂ ਪੜ੍ਹਾਈ ਦੇ ਜ਼ਿੰਦਗੀ, ਹੈ ਡੰਗਰਾਂ ਦੇ ਸਮਾਨ |
ਅਨਪੜ੍ਹਾਂ ਨੂੰ ਕੋਈ ਨਾ ਪੱੁਛਦਾ, ਦਰ-ਦਰ ਧੱਕੇ ਖਾਣ |
ਮੈਂ ਤਾਂ ਬਸ ਇਹੋ ਆਖਦੀ, ਤੁਸੀਂ ਕਰਕੇ ਖੂਬ ਪੜ੍ਹਾਈ |
ਮਾਪਿਆਂ ਦਾ ਸਿਰ ਉੱਚਾ ਕਰਕੇ, ਖੱਟੋ ਖੂਬ ਵਡਿਆਈ |
ਪੜ੍ਹਾਈ ਸਭ ਤੋਂ ਬੱਚਿਓ ਮਹਿੰਗਾ, ਜ਼ਿੰਦਗੀ ਦਾ ਗਹਿਣਾ |
'ਬਸਰੇ' ਕੋਈ ਚੁਰਾ ਨਹੀਂ ਸਕਦਾ, ਹਮੇਸ਼ਾ ਕੋਲ ਹੀ ਰਹਿਣਾ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) |
ਮੋਬਾ: 81461-87521

ਬੁਝਾਰਤਾਂ

1. ਮੁੰਨਾ ਲੱਕੜ ਦੇ ਹਲ ਦਾ ਹਿੱਸਾ ਹੁੰਦਾ ਹੈ | ਕੀ ਹੋਰ ਵੀ ਕਿਸੇ ਨੂੰ ਮੁੰਨਾ ਕਿਹਾ ਜਾਂਦਾ ਹੈ?
2. ਐਵੇਂ ਹਰ ਗੱਲ 'ਤੇ ਰੱਟਾ (ਝਗੜਾ) ਨਹੀਂ ਪਾਈਦਾ | ਹੋਰ ਰੱਟਾ ਕਿਥੇ ਵਰਤਿਆ ਜਾਂਦਾ ਹੈ?
3. ਉਸ ਨੇ ਕਈ ਕੰਮਾਂ ਨੂੰ ਹੱਥ ਪਾਇਆ ਪਰ ਰਾਸ ਨਹੀਂ ਆਇਆ | ਹੋਰ ਰਾਸ ਕਿਸ ਨੂੰ ਕਹਿੰਦੇ ਹਨ?
4. ਲੱਜ (ਮੋਟੀ ਰੱਸੀ) ਨਾਲ ਖੂਹ 'ਚੋਂ ਪਾਣੀ ਕੱਢਿਆ ਜਾਂਦਾ ਹੈ | ਹੋਰ ਲੱਜ ਕਿਸ ਲਈ ਵਰਤਿਆ ਜਾਂਦਾ ਹੈ?
5. ਉਹ ਕਿਹੜਾ ਸਮੁੰਦਰ ਹੈ, ਜੋ ਅਸੀਂ ਰੋਜ਼ ਪੀਂਦੇ ਹਾਂ?
6. ਔਲੇ ਤੇ ਸੇਬ ਦਾ ਮੁਰੱਬਾ ਤਾਂ ਸੁਣਿਆ ਹੈ, ਹੋਰ ਮੁਰੱਬਾ ਕਿਸ ਨੂੰ ਕਹਿੰਦੇ ਹਨ?
7. ਮੇਖ ਲੋਹੇ ਦੀ ਛੋਟੀ ਕਿੱਲ ਨੂੰ ਕਹਿੰਦੇ ਹਨ | ਕੀ ਹੋਰ ਵੀ ਮੇਖ ਹੁੰਦੀ ਹੈ ਜੋ ਲੋਹੇ ਦੀ ਨਹੀਂ ਹੁੰਦੀ?
ਉੱਤਰ : (1) ਲੜਕਾ, ਛੋਟਾ ਬੱਚਾ, (2) ਸਬਕ ਦੀ ਬੋਲ-ਬੋਲ ਦੁਹਰਾਈ ਕਰਨੀ, (3) ਪੂੰਜੀ, (4) ਸ਼ਰਮ, (5) ਨਿਹੰਗ ਬੋਲੀ 'ਚ ਦੱੁਧ, (6) 25 ਏਕੜ ਜ਼ਮੀਨ, (7) ਜੋਤਿਸ਼ ਦੀ ਪਹਿਲੀ ਰਾਸ਼ੀ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027.
ਮੋਬਾ: 94636-00252

ਕਚਨਾਰ

ਸੋਹਣੇ ਉਪਯੋਗੀ ਰੱੁਖਾਂ ਵਿਚ
ਹਾਂ ਮੰਨਿਆ ਜਾਂਦਾ |
ਲਾਲ ਗੁਲਾਬੀ ਫੱੁਲਾਂ ਲੱਦਿਆ
ਮੈਂ ਕਚਨਾਰ ਅਖਵਾਂਦਾ |
ਦੋ ਪੱਤਿਆਂ ਤੋਂ ਮੇਰਾ ਪੱਤਾ
ਜੁੜ ਕੇ ਬਣਿਆ ਲੱਗੇ |
ਕੱਚੀ ਕਲੀ ਸੁੰਦਰਤਾ ਵਿਚ
ਮੇਰੀ ਸਭ ਤੋਂ ਅੱਗੇ |
ਪਥਰੀਲੀ ਮਿੱਟੀ 'ਚੋਂ ਵੀ
ਉੱਗ ਪੈਂਦਾ ਮੇਰਾ ਬੀਅ |
ਫੱੁਲ ਮੇਰੇ ਚਿੱਟੇ ਵੀ ਹੁੰਦੇ
ਲਾਲ ਜਾਮਣੀ ਵੀ |
ਫੱੁਲਾਂ ਦੀ ਰੱੁਤੇ ਤਾਂ
ਮੇਰੀ ਸ਼ਾਨ ਨਿਰਾਲੀ ਹੁੰਦੀ |
ਹਰ ਟਾਹਣੀ ਫੱੁਲਾਂ ਦੇ
ਮੰੂਹ 'ਤੇ ਲਾਲੀ ਹੁੰਦੀ |
ਛਿੱਲ ਮੇਰੀ ਨਾਲ ਫਰਨੀਚਰ
ਦੀ ਹੁੰਦੀ ਰੰਗ-ਰੰਗਾਈ |
ਮੇਰੇ ਫੱੁਲਾਂ ਤੋਂ ਹਵਾ ਦਰਦ
ਦੀ ਬਣੇ ਦਵਾਈ |
ਠੰਢੀ ਰੱੁਤ ਬਸੰਤ 'ਚ
ਫਿਰ ਕਚਨਾਰ ਖਿੜਨਗੇ |
ਸੁਗੰਧੀਆਂ ਦਾ ਮੇਲਾ ਭਰਨਾ
ਚਰਚੇ ਫੇਰ ਛਿੜਨਗੇ |

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013

ਅਨਮੋਲ ਬਚਨ

• ਕਿਸੇ ਨੂੰ ਨਾ ਦੱਸੋ ਕਿ ਤੁਹਾਨੂੰ ਦਰਦ ਸਹਿਣ ਦੀ ਆਦਤ ਹੈ, ਨਹੀਂ ਤਾਂ ਆਪਣੇ ਵੀ ਸੱਟਾਂ ਮਾਰ ਕੇ ਦੇਖਦੇ ਹਨ |
• ਲਫਜ਼ ਹੀ ਹੁੰਦੇ ਹਨ ਇਨਸਾਨ ਦਾ ਗਹਿਣਾ, ਸ਼ਕਲ ਦਾ ਕੀ ਹੈ, ਇਹ ਤਾਂ ਉਮਰ ਤੇ ਹਾਲਾਤ ਨਾਲ ਬਦਲ ਹੀ ਜਾਂਦੀ ਹੈ |
• ਸਾਹਾਂ ਦਾ ਰੁਕ ਜਾਣਾ ਤਾਂ ਆਮ ਗੱਲ ਹੈ, ਜਿਥੇ ਆਪਣੇ ਬਦਲ ਜਾਣ, ਮੌਤ ਤਾਂ ਉਸ ਨੂੰ ਕਹਿੰਦੇ ਹਨ |
• ਸਮਝ ਨਹੀਂ ਆਉਂਦੀ ਬੰਦਾ ਹੰਕਾਰ ਕਿਹੜੀ ਗੱਲ ਦਾ ਕਰਦਾ ਹੈ, ਜਦਕਿ ਸਾਡੇ ਤਾਂ ਸਾਹ ਵੀ ਉਧਾਰੇ ਹਨ |
• ਹਰ ਇਕ ਨੂੰ ਦਿਲ ਦੀ ਗੱਲ ਨਾ ਦੱਸੋ, ਕਿਉਂਕਿ ਹਾਲਾਤ ਮਾੜੇ ਦੇਖ ਕੇ ਤਾਂ ਸਾਹ ਵੀ ਸਾਥ ਛੱਡ ਜਾਂਦੇ ਹਨ |
• ਸੋਹਣੇ ਨਾ ਬਣੋ, ਚੰਗੇ ਬਣੋ | ਸਲਾਹਕਾਰ ਨਾ ਬਣੋ, ਮਦਦ ਕਰੋ |
• ਸਾਨੂੰ ਉਨ੍ਹਾਂ ਅੱਗੇ ਝੁਕਣਾ ਚਾਹੀਦਾ ਹੈ ਜੋ ਰਿਸ਼ਤੇ ਬਚਾ ਕੇ ਖੁਸ਼ ਨੇ, ਉਨ੍ਹਾਂ ਅੱਗੇ ਨਹੀਂ ਜੋ ਸਾਨੂੰ ਝੁਕਾ ਕੇ ਖੁਸ਼ ਨੇ |

-ਬਲਵਿੰਦਰ ਜੀਤ ਕੌਰ ਬਾਜਵਾ,
ਚੱਕਲਾਂ (ਰੂਪਨਗਰ) | ਮੋਬਾ: 94649-18164


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX