ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  53 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜੂਨ 1984 ਦਾ ਘੱਲੂਘਾਰਾ: ਤਵਾਰੀਖ਼ੀ ਸੰਦਰਭ 'ਚ ਬਹੁਤ ਕੁਝ ਕਰਨਾ ਬਾਕੀ

ਭਾਵੇਂ ਕਿ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਇਸ ਹਮਲੇ ਦੇ ਵਿਆਪਕ ਵਰਤਾਰੇ ਪਿੱਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰ ਤਾਕਤਾਂ ਨੂੰ ਸਾਹਮਣੇ ਲਿਆਉਣਾ, ਸਿੱਖਾਂ ਦੇ ਹੋਏ ਜਾਨੀ ਅਤੇ ਇਤਿਹਾਸਕ ਕੌਮੀ ਨੁਕਸਾਨ ਦਾ ਮੁਕੰਮਲ ਲੇਖਾ-ਜੋਖਾ ਕਰਦਿਆਂ ਸਿੱਖ ਜਨ-ਮਾਨਸ ਨੂੰ ਇਸ ਸਾਕੇ ਦੇ ਸਦਮੇ ਵਿਚੋਂ ਬਾਹਰ ਕੱਢ ਕੇ, ਕੌਮੀ ਸ਼ਕਤੀ ਦੇ ਰੂਪ ਵਿਚ ਸਿੱਖ ਧਰਮ ਦੇ ਸਰਬ-ਕਲਿਆਣਕਾਰੀ ਪੰਧ ਦਾ ਕਾਰਵਾਂ ਜਾਰੀ ਰੱਖਣ ਅਤੇ ਅਜੋਕੇ ਵਿਸ਼ਵ ਪ੍ਰਸੰਗ 'ਚ ਸਿੱਖ ਕੌਮ ਦੀ ਭੂਮਿਕਾ ਤੈਅ ਕਰਨ ਲਈ ਚਿੰਤਨ ਕੀਤਾ ਜਾਣਾ ਬਾਕੀ ਹੈ |
ਜੂਨ 1984 ਦੇ ਘੱਲੂਘਾਰੇ ਤੋਂ ਤਿੰਨ ਦਹਾਕੇ ਬਾਅਦ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਘੱਲੂਘਾਰੇ ਦੇ ਸ਼ਹੀਦਾਂ ਦੀ ਸਮੂਹਿਕ ਯਾਦਗਾਰ ਦਾ ਨਿਰਮਾਣ ਤਾਂ ਕਰਵਾ ਦਿੱਤਾ ਗਿਆ ਹੈ ਪਰ ਇਸ ਘੱਲੂਘਾਰੇ ਵਿਚ ਸ਼ਹੀਦ ਹੋਏ ਜੂਝਾਰੂਆਂ, ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਬਾਰੇ ਹਾਲੇ ਤੱਕ ਪ੍ਰਮਾਣਿਕ ਅੰਕੜੇ ਸਾਹਮਣੇ ਨਹੀਂ ਲਿਆਂਦੇ ਜਾ ਸਕੇ | ਕੇਂਦਰੀ ਸਿੱਖ ਅਜਾਇਬ ਘਰ ਵਿਖੇ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੇ ਸ਼ਹੀਦਾਂ ਦੀ ਸੂਚੀ ਵਿਚ 743 ਨਾਂਅ ਸ਼ਾਮਿਲ ਹਨ¢ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਵੇਲੇ 350 ਇਨਫੈਂਟਰੀ ਬਿ੍ਗੇਡ ਦੇ ਕਮਾਾਡਰ ਰਹੇ ਭਾਰਤੀ ਫ਼ੌਜ ਦੇ ਸੇਵਾਮੁਕਤ ਬਿ੍ਗੇਡੀਅਰ ਡੀ.ਵੀ. ਰਾਓ ਨੇ ਅੰਮਿ੍ਤਸਰ ਦੀ ਅਦਾਲਤ ਵਿਚ ਦਾਇਰ ਕੀਤੇ ਹਲਫ਼ੀਆ ਬਿਆਨ ਵਿਚ ਹਮਲੇ ਦੌਰਾਨ ਮਿ੍ਤਕਾਂ ਦੀ ਗਿਣਤੀ 492 ਦੱਸੀ ਸੀ ਜਦੋਂ ਕਿ ਮੌਕੇ 'ਤੇ ਹਾਜ਼ਰ ਲੋਕ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਆਸ-ਪਾਸ ਮਾਰੇ ਗਏ ਵਿਅਕਤੀਆਾ ਦੀ ਗਿਣਤੀ 8 ਹਜ਼ਾਰ ਦੇ ਲਗਭਗ ਦੱਸਦੇ ਹਨ¢ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਇੰਦਰਜੀਤ ਸਿੰਘ ਜੇਜੀ ਵਲੋਂ ਤਿਆਰ ਕੀਤੀ ਇਕ ਰਿਪੋਰਟ ਅਨੁਸਾਰ ਸ੍ਰੀ ਦਰਬਾਰ ਸਾਹਿਬ ਉਤੇ ਕੀਤੀ ਗਈ ਫ਼ੌਜੀ ਕਾਰਵਾਈ ਵਿਚ, ਸ੍ਰੀ ਮਰਵਾਹਾ ਦੇ ਹਵਾਲੇ ਤਹਿਤ 4712 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ | ਮਿ੍ਤਕਾਂ ਦੇ ਸਸਕਾਰ ਦੀ ਗਿਣਤੀ ਸ਼ਮਸ਼ਾਨ ਘਾਟ ਮੁਤਾਬਕ ਲਗਪਗ 3300 ਦੱਸੀ ਗਈ ਹੈ | ਦਲ ਖ਼ਾਲਸਾ ਵਲੋਂ ਆਪਣੇ ਪੱਧਰ 'ਤੇ ਪੰਜ ਸਾਲ ਦੀ ਖੋਜ ਅਤੇ ਯਤਨਾਂ ਤੋਂ ਬਾਅਦ ਦਰਬਾਰ ਸਾਹਿਬ ਸਮੂਹ ਵਿਚ ਸ਼ਹੀਦ ਹੋਏ 220 ਜੁਝਾਰੂਆਂ ਦੇ ਵੇਰਵਿਆਂ 'ਤੇ ਆਧਾਰਿਤ ਇਕ ਡਾਇਰੀ ਬਣਾਈ ਗਈ ਹੈ¢ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ 'ਸਫ਼ੇਦ ਪੱਤਰ' ਅਨੁਸਾਰ ਹਮਲੇ ਦੌਰਾਨ ਚਾਰ ਫ਼ੌਜੀ ਅਫ਼ਸਰਾਂ ਸਣੇ 83 ਜਵਾਨ ਮਾਰੇ ਗਏ ਜਦੋਂ ਕਿ 12 ਅਫ਼ਸਰ ਤੇ 237 ਜਵਾਨ ਜ਼ਖ਼ਮੀ ਹੋਏ ਸਨ | ਸਰਕਾਰੀ 'ਸਫ਼ੇਦ ਪੱਤਰ' ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ 493 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੰਦਾ ਹੈ, ਪਰ 20 ਮਈ 2001 ਨੂੰ 'ਦ ਟਿ੍ਬਿਊਨ' ਵਿਚ ਸ੍ਰੀ ਦਰਬਾਰ ਸਾਹਿਬ ਵਿਚ ਹੋਈ ਫ਼ੌਜੀ ਕਾਰਵਾਈ ਦੇ ਚਸ਼ਮਦੀਦ ਗਵਾਹ ਪੰਜਾਬ ਪੁਲਿਸ ਦੇ ਇਕ ਸਾਬਕਾ ਐਸ.ਪੀ. ਨੇ ਖੁਲਾਸਾ ਕੀਤਾ ਸੀ ਕਿ ਇਕੱਲੇ ਸ੍ਰੀ ਦਰਬਾਰ ਸਾਹਿਬ ਇਲਾਕੇ ਵਿਚੋਂ 800 ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ | ਬੀ.ਬੀ.ਸੀ. ਲੰਡਨ ਸਮਾਚਾਰ ਏਜੰਸੀ ਦੇ ਪੱਤਰਕਾਰ ਮਾਰਕ ਟਲੀ ਅਤੇ ਸਤੀਸ਼ ਜੈਕਬ ਆਪਣੀ ਪੁਸਤਕ 'ਅੰਮਿ੍ਤਸਰ : ਸ੍ਰੀਮਤੀ ਇੰਦਰਾ ਗਾਂਧੀ ਦੀ ਆਖ਼ਰੀ ਲੜਾਈ' ਵਿਚ ਲਿਖਦੇ ਹਨ ਕਿ, ਜੂਨ '84 ਦੇ ਸ੍ਰੀ ਦਰਬਾਰ ਸਾਹਿਬ ਹਮਲੇ ਦੌਰਾਨ 1600 ਦੇ ਕਰੀਬ ਸ਼ਰਧਾਲੂਆਂ ਦਾ ਕੋਈ ਥਹੁ-ਪਤਾ ਨਹੀਂ ਲੱਗਾ | ਲਿਹਾਜ਼ਾ ਉਹ ਹਮਲੇ ਦੌਰਾਨ ਫ਼ੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਹੋਣਗੇ, ਜਾਂ ਫ਼ਿਰ ਫ਼ੌਜ ਨੇ ਤਸ਼ੱਦਦ ਤੋਂ ਬਾਅਦ ਮਾਰ-ਖਪਾਏ ਹੋਣਗੇ | ਸਿੱਖ ਸੰਸਥਾਵਾਂ ਅਤੇ ਇਤਿਹਾਸਕਾਰਾਂ ਨੇ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ, ਜ਼ਖ਼ਮੀ ਅਤੇ ਲਾਪਤਾ ਹੋਏ ਲੋਕਾਂ ਦੀ ਸਹੀ ਗਿਣਤੀ ਅਤੇ ਹੋਰ ਨੁਕਸਾਨ ਦਾ ਪ੍ਰਮਾਣਿਕ ਅਨੁਮਾਨ ਲਗਾਉਣ ਲਈ ਬਹੁਤਾ ਸੰਜੀਦਾ ਤਰੱਦਦ ਨਹੀਂ ਕੀਤਾ | ਸ਼੍ਰੋਮਣੀ ਕਮੇਟੀ ਨੇ ਵੀ ਸਰਕਾਰੀ 'ਸਫ਼ੇਦ ਪੱਤਰ' ਤੋਂ ਬਾਅਦ ਇਕ 'ਸਫ਼ੇਦ ਪੱਤਰ' ਜਾਰੀ ਕਰਕੇ ਸਰਕਾਰੀ ਦਾਅਵਿਆਂ ਨੂੰ ਝੁਠਲਾਉਣ ਦਾ ਯਤਨ ਕੀਤਾ ਸੀ, ਪਰ ਅਖ਼ਬਾਰਾਂ ਦੇ ਹਵਾਲਿਆਂ ਨਾਲ ਜਾਣਕਾਰੀ ਦੇਣ ਤੋਂ ਇਲਾਵਾ ਇਤਿਹਾਸ ਦਾ ਹਿੱਸਾ ਬਣਨ ਯੋਗ ਪ੍ਰਮਾਣਿਕ ਤੱਥ ਸਾਹਮਣੇ ਨਹੀਂ ਲਿਆਂਦੇ ਜਾ ਸਕੇ |
ਜਦੋਂ ਵੀ ਜੂਨ 1984 ਦੇ ਘੱਲੂਘਾਰੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਨੂੰ ਸਿਰਫ਼ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੱਕ ਹੀ ਮਹਿਦੂਦ ਰੱਖਿਆ ਜਾਂਦਾ ਹੈ ਜਦੋਂ ਕਿ ਉਸੇ ਵੇਲੇ ਪੰਜਾਬ ਭਰ ਦੇ ਤਿੰਨ ਦਰਜਨ ਤੋਂ ਵੱਧ ਗੁਰਦੁਆਰਿਆਂ 'ਤੇ ਇਸੇ ਤਰ੍ਹਾਂ ਦੀ ਫ਼ੌਜੀ ਕਾਰਵਾਈ ਕੀਤੀ ਗਈ ਸੀ | ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਵੀ ਫ਼ੌਜ ਵਲੋਂ ਵੱਡੀ ਕਾਰਵਾਈ ਕੀਤੀ ਗਈ ਸੀ, ਜਿਥੋਂ ਵੱਡੀ ਗਿਣਤੀ ਵਿਚ ਸ਼ਹੀਦ ਹੋਏ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਟਰੱਕਾਂ ਵਿਚ ਲੱਦ ਕੇ ਬਾਹਰ ਕੱਢਿਆ ਗਿਆ ਸੀ | ਜੇਕਰ ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਵਿਚਲੇ ਹੋਰਨਾਂ ਗੁਰਦੁਆਰਿਆਂ ਵਿਚ ਹੋਏ ਫ਼ੌਜੀ ਹਮਲੇ ਬਾਰੇ ਪੂਰੇ ਤੱਥ ਉਜਾਗਰ ਕਰਨ ਦੇ ਯਤਨ ਕੀਤੇ ਜਾਣ, ਇਸ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਚ ਸ਼ਹੀਦ ਹੋਏ ਖਾੜਕੂਆਂ, ਆਮ ਸ਼ਰਧਾਲੂਆਂ ਤੋਂ ਇਲਾਵਾ ਹੋਰਨਾਂ ਗੁਰਦੁਆਰਿਆਂ ਅੰਦਰ ਫ਼ੌਜ ਹੱਥੋਂ ਬੇਰਹਿਮੀ ਅਤੇ ਬੇਦਰਦੀ ਨਾਲ ਸ਼ਹੀਦ ਹੋਏ ਨਿਹੱਥੇ ਤੇ ਬੇਕਸੂਰ ਸ਼ਰਧਾਲੂਆਂ ਬਾਰੇ ਵੀ ਇਕੱਲੇ-ਇਕੱਲੇ ਦਾ ਪੂਰਾ ਵੇਰਵਾ ਇਕੱਤਰ ਕਰਨ ਦਾ ਯਤਨ ਕੀਤਾ ਜਾਵੇ ਤਾਂ ਹੀ ਇਸ ਘੱਲੂਘਾਰੇ ਦੇ ਵਿਆਪਕ ਕਾਰਨਾਂ ਅਤੇ ਪ੍ਰਭਾਵਾਂ ਦੀ ਸਹੀ ਨਿਸ਼ਾਨਦੇਹੀ ਹੋ ਸਕਦੀ ਹੈ ਨਹੀਂ ਤਾਂ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਖ਼ੌਤੀ 'ਸਫ਼ੇਦ ਪੱਤਰ' ਵਿਚ ਦੱਸੇ ਅੰਕੜਿਆਂ ਅਤੇ ਕਾਰਨਾਂ ਵਿਚ ਹੀ ਇਸ ਘੱਲੂਘਾਰੇ ਦੇ ਬਿਰਤਾਂਤਾਂ ਦੀ ਅਸਲੀਅਤ ਗੁਆਚ ਕੇ ਰਹਿ ਜਾਵੇਗੀ |
ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਸਿੱਖ ਵਿਰਾਸਤ, ਸਾਹਿਤ, ਇਤਿਹਾਸ ਅਤੇ ਸਿਧਾਂਤਕ ਦਸਤਾਵੇਜ਼ਾਂ ਨੂੰ ਵੀ ਲੁਕਵੀਂ ਤੇ ਦੂਰਰਸੀ ਨੀਤੀ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ | ਫ਼ੌਜੀ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਸਿੱਖ ਰੈਫ਼ਰੈਂਸ ਲਾਇਬਰੇਰੀ 'ਚ ਅੱਗ ਲੱਗਣ ਨਾਲ ਬਹੁਤ ਸਾਰਾ ਬੇਸ਼ਕੀਮਤੀ ਸਾਮਾਨ ਸੜ ਗਿਆ | ਇਸ ਤੋਂ ਬਾਅਦ ਫ਼ੌਜ ਨੇ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚੋਂ ਸਿੱਖ ਧਰਮ ਨਾਲ ਸਬੰਧਤ ਬਹੁਤ ਹੀ ਮੌਲਿਕ, ਇਤਿਹਾਸਕ ਦਸਤਾਵੇਜ਼, ਗ੍ਰੰਥ, ਹੋਰ ਬਹੁਤ ਸਾਰੇ ਖਰੜੇ ਅਤੇ ਵਿਰਾਸਤੀ ਵਸਤਾਂ ਜ਼ਬਤ ਕਰ ਲਈਆਂ ਸਨ | ਸ਼੍ਰੋਮਣੀ ਕਮੇਟੀ ਅਨੁਸਾਰ ਅਲੋਪ ਹੋਈਆਂ ਬੇਸ਼ਕੀਮਤੀ ਇਤਿਹਾਸਕ ਪੁਸਤਕਾਂ ਦੀ ਗਿਣਤੀ 15 ਹਜ਼ਾਰ ਦੇ ਲਗਭਗ ਹੈ | 3 ਮਈ, 2000 ਨੂੰ ਸ਼ੋ੍ਰਮਣੀ ਕਮੇਟੀ ਨੂੰ ਦਿੱਤੇ ਇਕ ਜਵਾਬ ਵਿਚ ਤਤਕਾਲੀ ਰੱਖਿਆ ਮੰਤਰੀ ਜਾਰਜ਼ ਫ਼ਰਨਾਂਡੇਜ਼ ਨੇ ਇਹ ਸੂਚਨਾ ਦਿੱਤੀ ਸੀ ਕਿ ਦਰਬਾਰ ਸਾਹਿਬ 'ਤੇ ਜੂਨ '84 ਦੇ ਹਮਲੇ ਤੋਂ ਬਾਅਦ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਫ਼ੌਜ ਵਲੋਂ ਜ਼ਬਤ ਕੀਤਾ ਸਾਮਾਨ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ | ਸ਼ੋ੍ਰਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਇਸ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਕਰਦੀਆਂ ਰਹੀਆਂ, ਪਰ ਆਖ਼ਰਕਾਰ ਸ਼ੋ੍ਰਮਣੀ ਕਮੇਟੀ ਨੂੰ ਇਹ ਜਵਾਬ ਦਿੱਤਾ ਗਿਆ ਕਿ ਸਰਕਾਰ ਕੋਲ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਕੋਈ ਵੀ ਸਾਮਾਨ ਨਹੀਂ ਹੈ | ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਫ਼ੌਜ ਵਲੋਂ ਜ਼ਬਤ ਕੀਤਾ ਕੀਮਤੀ ਸਾਮਾਨ ਹਾਸਲ ਕਰਨ ਲਈ ਵੀ ਸਮਰੱਥ ਸਿੱਖ ਜਥੇਬੰਦੀਆਂ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ | ਸ੍ਰੀ ਦਰਬਾਰ ਸਾਹਿਬ 'ਤੇ ਜੂਨ 1984 ਦੇ ਹਮਲੇ ਦੇ ਕਾਰਨਾਂ, ਪ੍ਰਭਾਵਾਂ ਅਤੇ ਸਿੱਟਿਆਂ ਬਾਰੇ ਨਿਰਪੱਖਤਾ, ਦਲੇਰੀ ਅਤੇ ਇਮਾਨਦਾਰੀ ਨਾਲ ਨਰੋਈ ਵਿਚਾਰ-ਚਰਚਾ ਛਿੜਨੀ ਚਾਹੀਦੀ ਹੈ ਤਾਂ ਜੋ ਜੂਨ 1984 ਦੇ ਘੱਲੂਘਾਰੇ ਦੀਆਂ ਸਾਰੀਆਂ ਜ਼ਿੰਮੇਵਾਰ ਤਾਕਤਾਂ ਅਤੇ ਉਨ੍ਹਾਂ ਦੇ ਉਦੇਸ਼ਾਂ ਦਾ ਉਸੇ ਤਰ੍ਹਾਂ ਵਿਆਪਕ ਪੱਧਰ 'ਤੇ ਸੱਚ ਸਾਹਮਣੇ ਲਿਆਂਦਾ ਜਾ ਸਕੇ, ਜਿਸ ਤਰ੍ਹਾਂ ਯਹੂਦੀਆਂ ਨੇ ਨਾਜ਼ੀਆਂ ਹੱਥੋਂ ਹੋਏ ਆਪਣੇ ਨਸਲਘਾਣ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ |
ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਉਪਰਾਮ ਹੋਈ ਸਿੱਖ ਮਾਨਸਿਕਤਾ ਦਾ ਅਸੰਤੋਸ਼ ਕਿਵੇਂ ਘਟਾਇਆ ਜਾਵੇ? ਸਿੱਖ ਜਨ-ਮਾਨਸ ਦੀ ਉਪਰਾਮਤਾ ਨੂੰ ਦੂਰ ਕਰਕੇ ਕਿਵੇਂ ਕੌਮੀ ਸ਼ਕਤੀ ਨੂੰ ਉਸਾਰੂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਮੁੜ ਗਤੀਸ਼ੀਲ ਕੀਤਾ ਜਾ ਸਕੇ? ਇਹ ਸਵਾਲ ਪਿਛਲੇ 34 ਸਾਲਾਂ ਤੋਂ ਬਰਕਰਾਰ ਹੈ | ਇਸੇ ਕਰਕੇ 1984 ਦੇ ਸਾਕੇ ਤੋਂ ਬਾਅਦ ਇਕ ਦਹਾਕੇ ਤੋਂ ਵੱਧ ਸਮਾਂ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਦੌਰਾਨ ਵੀ ਵੱਡਾ ਸੰਤਾਪ ਝੱਲਿਆ ਅਤੇ ਅੱਜ ਵੀ ਸਿੱਖ ਸ਼ਕਤੀ ਦਿਸ਼ਾਹੀਣ ਹੋਣ ਕਾਰਨ ਕਿਸੇ ਉਸਾਰੂ ਕੌਮੀ ਨਿਸ਼ਾਨੇ ਵੱਲ ਸੇਧਿਤ ਨਹੀਂ ਹੋ ਰਹੀ |
ਤਵਾਰੀਖ਼ ਕਦੇ ਵੀ ਅਤੀਤ ਨਾਲ ਬੱਝੇ ਰਹਿਣ ਸਦਕਾ ਨਹੀਂ ਸਿਰਜੀ ਜਾਂਦੀ, ਸਗੋਂ ਉਹ ਨੇਕ ਅਮਲ ਨੂੰ ਨਿਰੰਤਰ ਜਾਰੀ ਰੱਖਣ ਸਕਦਾ ਸਿਰਜੀ ਜਾਂਦੀ ਹੈ | ਅਜੋਕੇ ਸਮੇਂ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਮੌਜੂਦਾ ਸੰਕਟ ਦੀ ਨਿਸ਼ਾਨਦੇਹੀ ਕਰਦਿਆਂ ਅਤੇ ਵਿਸ਼ਵ-ਵਿਆਪੀ ਮਨੁੱਖੀ ਸਰੋਕਾਰਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ 'ਤੇ ਆਧਾਰਿਤ ਕੌਮੀ ਏਜੰਡਾ ਤੈਅ ਕਰਨਾ ਚਾਹੀਦਾ ਹੈ ਜੋ ਸਿੱਖਾਂ ਦੀ ਕਰਮ ਅਤੇ ਜਨਮ ਭੂਮੀ ਪੰਜਾਬ ਦੀ ਜੀਵਨ-ਜਾਚ ਵਿਚੋਂ ਗੁਆਚ ਰਹੀਆਂ ਨਰੋਈਆਂ ਸੱਭਿਆਚਾਰਕ ਕਦਰਾਂ-ਕੀਮਤਾਂ, ਵਾਤਾਵਰਨ, ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ, ਅਧਰਮ ਤੇ ਪਾਖੰਡਵਾਦ ਦਾ ਬੋਲਬਾਲਾ, ਮਾਂ-ਬੋਲੀ ਤੋਂ ਬੇਮੁਖਤਾਈ, ਸਰੀਰਕ ਰਿਸ਼ਟ-ਪੁਸ਼ਟਤਾ ਤੋਂ ਬੇਧਿਆਨੀ, ਗੁਆਚ ਰਿਹਾ ਕਿਰਤ ਸੱਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਤੋਂ ਟੁੱਟੀ ਰਾਜਨੀਤੀ ਵਿਚ ਜਗੀਰੂ ਤੇ ਕੁਨਬਾਪ੍ਰਸਤੀ ਭਾਰੂ ਹੋਣ ਵਰਗੀਆਂ ਸਿੱਖ ਧਰਮ ਨੂੰ ਦਰਪੇਸ਼ ਚੁਣੌਤੀਆਂ 'ਤੇ ਕੇਂਦਰਿਤ ਹੋਵੇ | ਪੰਜਾਬ ਦੇ ਚਿਰੋਕਣੇ ਲਟਕਦੇ ਆ ਰਹੇ ਸਿਧਾਂਤਕ, ਰਾਜਨੀਤਕ, ਆਰਥਿਕ ਅਤੇ ਭੂਗੋਲਿਕ ਮਸਲਿਆਂ ਦੇ ਹੱਲ ਲਈ ਸਿੱਖ ਰਾਜਨੀਤਕ ਲੀਡਰਸ਼ਿਪ ਨੂੰ ਪੰਜਾਬ ਦੇ ਹਿਤਾਂ ਲਈ ਵਚਨਬੱਧਤਾ ਅਤੇ ਇੱਛਾ-ਸ਼ਕਤੀ ਪੈਦਾ ਕਰ ਕੇ ਸੁਹਿਰਦ ਯਤਨ ਕਰਨੇ ਪੈਣਗੇ | ਅੱਜ ਸਾਨੂੰ ਸ੍ਰੀ ਦਰਬਾਰ ਸਾਹਿਬ 'ਤੇ 1984 ਦੇ ਹਮਲੇ ਦੇ ਸਦਮੇ ਵਿਚੋਂ ਬਾਹਰ ਨਿਕਲ ਕੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਵੱਲ ਤੁਰਨਾ ਪਵੇਗਾ | ਅਜੋਕੇ ਵਿਸ਼ਵ ਪ੍ਰਸੰਗ 'ਚ ਗੁਰਮਤਿ ਦੇ ਅਨਮੋਲ ਫ਼ਲਸਫ਼ੇ ਨੂੰ ਦੁਨੀਆ ਦੇ ਸਾਹਮਣੇ ਅਮਨ-ਸ਼ਾਂਤੀ ਅਤੇ ਆਦਰਸ਼ਕ ਮਨੁੱਖੀ ਜੀਵਨ ਦੇ 'ਤੀਜੇ ਬਦਲ' ਵਜੋਂ ਰੱਖਣ ਦੀ ਜ਼ਿੰਮੇਵਾਰੀ ਵੀ ਸਿੱਖ ਕੌਮ ਅੱਗੇ ਦਰਕਾਰ ਹੈ |

-# ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ | ਫ਼ੋਨ : 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

5 ਜੂਨ ਨੂੰ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਆਓ! ਕੁਦਰਤ ਦੇ ਸੰਗ ਹੱਸੀਏ ਗਾਈਏ

'ਮੈਂ ਸੂਰਜ ਦੀ ਬੇਟੀ ਰਾਣੀ |
ਥਲ ਤੋਂ ਤਿੰਨ ਗੁਣਾ ਹੈ ਪਾਣੀ |
ਆਖਣ ਲੋਕੀਂ ਧਰਤੀ ਮਾਂ |
ਮਾੈ ਤਾਂ ਰਹਿਣ ਬਸੇਰਾ ਹਾਂ |'

ਕਿੰਨਾ ਸੋਹਣਾ ਬਿਆਨ ਕੀਤਾ ਹੈ ਕਵੀ ਕੁਲਦੀਪ ਸਿੰਘ ਨੇ ਧਰਤੀ ਨੂੰ | ਧਰਤੀ ਇਕ ਬਹੁਤ ਹੀ ਖ਼ੂਬਸੂਰਤ ਗ੍ਰਹਿ ਹੈ ਜਿਸ 'ਤੇ ਕਰੋੜਾਂ, ਅਰਬਾਂ ਜੀਵਾਂ ਦਾ ਪਸਾਰਾ ਹੈ | ਜੀਵਾਂ ਤੋਂ ਇਲਾਵਾ ਅਨੇਕਾਂ ਨਿਰਜੀਵ ਵਸਤਾਂ ਵੀ ਹਨ ਜੋ ਹਰ ਤਰ੍ਹਾਂ ਦੇ ਜੀਵਾਂ ਦੀਆਂ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਧਰਤੀ ਦੀ ਸੁੰਦਰਤਾ ਵਿਚ ਵੀ ਚੋਖਾ ਵਾਧਾ ਕਰਦੀਆਂ ਹਨ | ਅਸੀਂ ਆਪਣੇ ਆਲੇ–ਦੁਆਲੇ ਅਨੇਕ ਤਰ੍ਹਾਂ ਦੇ ਦਰੱਖ਼ਤ, ਆਕਾਸ਼ ਵਿਚ ਕਲਾਬਾਜ਼ੀਆਂ ਲਾਉਂਦੇ ਪੰਛੀ, ਸਮੁੰਦਰਾਂ ਵਿਚ ਅਠਖੇਲੀਆਂ ਕਰਦੇ ਜਲ ਜੀਵ ਤੇ ਅਨੇਕ ਤਰ੍ਹਾਂ ਦੇ ਧਰਤੀ 'ਤੇ ਰਹਿਣ ਵਾਲੇ ਹੋਰ ਜੀਵ ਦੇਖਦੇ ਹਾਂ | ਇਹ ਸਭ ਸਜੀਵ ਵਸਤਾਂ ਹਨ | ਧਰਤੀ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਪਹਾੜ, ਪਠਾਰ, ਦਰਿਆ, ਨਦੀਆਂ, ਮਿੱਟੀ, ਸਮੁੰਦਰ, ਧਰਤੀ ਦੀ ਕੁੱਖ ਵਿਚੋਂ ਮਿਲਣ ਵਾਲੀਆਂ ਸੁਗਾਤਾਂ ਆਦਿ ਨਿਰਜੀਵ ਵਸਤਾਂ ਹਨ | ਸਜੀਵਾਂ ਲਈ ਜਿੰਨੇ ਜੀਵ ਮੱਹਤਵਪੂਰਨ ਹਨ ਓਨੀਆਂ ਹੀ ਨਿਰਜੀਵ ਵਸਤਾਂ | ਸੋ, ਸਜੀਵ ਆਪਣਾ ਜੀਵਨ ਧਰਤੀ ਦੇ ਚੌਗਿਰਦੇ ਵਿਚੋਂ ਮਿਲਣ ਵਾਲੀਆਂ ਸੁਗਾਤਾਂ ਦੇ ਸਿਰ 'ਤੇ ਜਿਉਂਦਾ ਹੈ | ਇਸ ਲਈ ਸਾਡਾ ਚੌਗਿਰਦਾ ਪ੍ਰਦੂਸ਼ਣ-ਰਹਿਤ ਹੋਣਾ ਚਾਹੀਦਾ ਹੈ | ਕਿਸੇ ਸਥਾਨ ਦਾ ਵਾਤਾਵਰਨ ਜਿੰਨਾ ਪ੍ਰਦੂਸ਼ਿਤ ਹੋਵੇਗਾ ਓਨਾ ਹੀ ਭਿਆਨਕ ਉੱਥੋਂ ਦੇ ਜੀਵਾਂ ਦਾ ਜੀਵਨ ਹੋਵੇਗਾ | ਇਹ ਇਕ ਬਹੁਤ ਹੀ ਕੌੜਾ ਸੱਚ ਹੈ ਕਿ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਸ ਨੇ ਸਭ ਤੋਂ ਵੱਧ ਵਾਤਾਵਰਨ ਨੂੰ ਦੂਸ਼ਿਤ ਕੀਤਾ ਹੈ | ਭਾਵੇਂ ਜਦੋਂ ਤੋਂ ਸਮਾਜ ਦੀ ਬਣਤਰ ਬਣੀ ਹੈ, ਇਸ ਪਾਸੇ ਬਹੁਤ ਧਿਆਨ ਦਿੱਤਾ ਗਿਆ ਪਰ ਮਨੁੱਖ ਨੇ ਆਪਣੀਆਂ ਗ਼ਲਤੀਆਂ ਨੂੰ ਜਾਰੀ ਰੱਖਿਆ | ਗੁਰੂ ਸਾਹਿਬਾਨ ਨੇ ਵੀ ਗੁਰਬਾਣੀ ਵਿਚ ਵਾਤਾਵਰਨ ਦੀ ਮਹੱਤਤਾ ਬਾਰੇ ਮਨੁੱਖ ਨੂੰ ਸਮਝਾਉਣਾ ਕੀਤਾ ਹੈ:-
'ਪਵਣੁ ਗੁਰੂ ਪਾਣੀ ਪਿਤਾ,
ਮਾਤਾ ਧਰਤਿ ਮਹਤੁ |'

ਸੋ, ਪੁਰਾਤਨ ਸਮੇਂ ਤੋਂ ਹੀ ਹਵਾ, ਪਾਣੀ ਤੇ ਮਿੱਟੀ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ | ਹਵਾ, ਪਾਣੀ ਤੇ ਮਿੱਟੀ ਤੋਂ ਹੀ ਮਨੁੱਖ ਦੀ ਹੋਂਦ ਹੈ | ਇਨ੍ਹਾਂ ਤੱਤਾਂ ਨੂੰ ਸ਼ੁੱਧ ਰੱਖਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਸ਼ਾਇਦ ਇਸੇ ਲਈ ਬਾਕੀ ਦਿਨਾਂ ਵਾਂਗ ਵਾਤਾਵਰਨ ਦਿਵਸ ਮਨਾਉਣ ਦੀ ਵੀ ਲੋੜ ਸਮਝੀ ਗਈ ਤਾਂ ਜੋ ਕੁਦਰਤ ਦੀਆਂ ਅਨਮੋਲ ਸੁਗਾਤਾਂ ਨੂੰ ਸਾਂਭਿਆ ਜਾ ਸਕੇ ਤੇ ਜੀਵਾਂ ਲਈ ਧਰਤੀ ਸਵਰਗ ਬਣ ਜਾਵੇ | ਇਸੇ ਕੜੀ ਤਹਿਤ 5 ਜੂਨ ਨੂੰ 'ਵਾਤਾਵਰਨ ਦਿਵਸ' ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਸ ਦੀ ਮੱਹਤਤਾ ਬਾਰੇ ਸਮਝ ਲੱਗ ਸਕੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ |
ਅੱਜ ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਹਵਾ, ਪਾਣੀ ਤੇ ਮਿੱਟੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੇ ਹਨ | ਅੱਜਕਲ੍ਹ ਸਾਡੇ ਆਲੇ-ਦੁਆਲੇ ਧੂੰਆਂ, ਮਿੱਟੀ, ਫੈਕਟਰੀਆਂ ਦਾ ਗੰਦਾ ਪਾਣੀ ਤੇ ਜ਼ਹਿਰੀਲੀਆਂ ਗੈਸਾਂ ਫੈਲ ਰਹੀਆਂ ਹਨ | ਓਜ਼ੋਨ ਪਰਤ ਵਿਚ ਛੇਕ ਹੋਣ ਕਾਰਨ ਕੈਂਸਰ, ਦਮਾ ਤੇ ਹੋਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ | ਅੱਜ ਤੋਂ ਕੁਝ ਸਾਲ ਪਹਿਲਾਂ ਵਾਤਾਵਰਨ ਏਨਾ ਗੰਧਲਾ ਨਹੀਂ ਸੀ ਖਾਸ ਕਰਕੇ ਪੰਜਾਬ ਦਾ | ਤਾਹੀਂ ਤਾਂ ਗੀਤਾਂ ਵਿਚ ਵੀ ਇਸ ਦੇ ਦਰਿਆਵਾਂ ਦਾ ਸੋਹਣਾ ਵਰਨਣ ਕੀਤਾ ਜਾਂਦਾ ਸੀ | ਜਿਵੇਂ:-
'ਓਹ ਧਰਤੀ ਪੰਜ ਦਰਿਆਂ ਦੀ ਰਾਣੀ,
ਬਈ ਜਿਸਦਾ ਸ਼ਰਬਤ ਵਰਗਾ ਪਾਣੀ |'

ਅੱਜ ਤਾਂ ਨੌਬਤ ਇਥੋਂ ਤੱਕ ਆ ਗਈ ਹੈ ਕਿ ਪਾਣੀ ਨੂੰ ਸ਼ੁੱਧ ਰੱਖਣਾ ਹੀ ਇਕ ਸਮੱਸਿਆ ਨਹੀਂ ਬਲਕਿ ਪਾਣੀ ਨੂੰ ਬਚਾ ਕੇ ਰੱਖਣਾ ਵੀ ਇਕ ਵੰਗਾਰ ਬਣ ਚੁੱਕੀ ਹੈ | ਜੇ ਪਾਣੀ ਦੇ ਅਨਮੋਲ ਖਜ਼ਾਨੇ ਹੀ ਮੁੱਕ ਗਏ ਫਿਰ ਸ਼ੁੱਧਤਾ ਦੀ ਗੱਲ ਤਾਂ ਦੂਰ ਦੀ ਕੌਡੀ ਹੀ ਬਣ ਜਾਣੀ ਹੈ | ਸੋ, ਪਾਣੀ ਜੀਵਨ ਦਾ ਆਧਾਰ ਹੈ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਨਾਲ-ਨਾਲ ਖ਼ਤਮ ਹੋਣ ਤੋਂ ਵੀ ਬਚਾਉਣਾ ਪਵੇਗਾ |
ਪਾਣੀ ਨਹੀਂ ਹੋਵੇਗਾ ਤਾਂ ਫ਼ਸਲਾਂ ਨਹੀਂ ਹੋਣਗੀਆਂ | ਫ਼ਸਲਾਂ ਨਹੀਂ ਹੋਣਗੀਆਂ ਤਾਂ ਨਸਲਾਂ ਨਹੀਂ ਹੋਣਗੀਆਂ | ਪਾਣੀ ਗੰਧਲਾ ਹੋਵੇਗਾ ਤਾਂ ਬਿਮਾਰੀਆਂ ਹੋਣਗੀਆਂ, ਬਿਮਾਰੀਆਂ ਹੋਣਗੀਆਂ ਤਾਂ ਕੱਚੀ ਉਮਰੇ ਸਿਵਿਆਂ ਵੱਲ ਤਿਆਰੀਆਂ ਹੋਣਗੀਆਂ |
ਸੋ ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਪਾਣੀ ਦਾ ਗੰਧਲਾ ਹੋਣਾ ਤੇ ਲਗਾਤਾਰ ਘਟਦੇ ਜਾਣਾ ਚਿੰਤਾ ਦਾ ਵਿਸ਼ਾ ਹੈ ਜੇ ਬੂੰਦ–ਬੂੰਦ ਨਾਲ ਘੜਾ ਭਰਦਾ ਹੈ ਤਾਂ ਬੂੰਦ–ਬੂੰਦ ਨਾਲ ਖਾਲੀ ਵੀ ਹੋ ਜਾਂਦਾ ਹੈ |
ਰੁੱਖਾਂ ਦਾ ਸਬੰਧ ਇਕੱਲਾ ਹਵਾ ਦੀ ਸ਼ੁੱਧਤਾ ਨਾਲ ਹੀ ਨਹੀਂ ਸਗੋਂ ਪਾਣੀ ਨਾਲ ਵੀ ਹੈ | ਰੁੱਖ ਵਰਖਾ ਲਿਆਉਣ ਵਿਚ ਮਦਦ ਕਰਦੇ ਹਨ | ਜਲ ਚੱਕਰ ਰੁੱਖਾਂ ਕਰਕੇ ਹੀ ਤਾਂ ਸੰਭਵ ਹੈ, ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ | ਪਰ ਅੱਜ ਦਾ ਇਨਸਾਨ ਆਉਣ ਵਾਲੀ ਪੀੜ੍ਹੀ ਲਈ ਧਨ, ਦੌਲਤ ਤੇ ਜਾਇਦਾਦ ਬਣਾਉਣ ਦੇ ਚੱਕਰ ਵਿਚ ਰੁੱਖਾਂ ਦਾ ਖ਼ਾਤਮਾ ਕਰ ਰਿਹਾ ਹੈ, ਪਾਣੀ ਦੇ ਸੋਮੇ ਸਿੱਧੇ, ਅਸਿੱਧੇ ਢੰਗ ਨਾਲ ਖ਼ਤਮ ਕਰ ਰਿਹਾ ਹੈ | ਧਨ, ਦੌਲਤ ਬਿਨਾਂ ਮਨੁੱਖ ਦਾ ਸਰ ਜਾਵੇਗਾ ਪਰ ਪਾਣੀ ਬਿਨਾਂ ਨਹੀਂ ਸਰਨਾ, ਉਹ ਵੀ ਸ਼ੁੱਧ ਪਾਣੀ ਤੋਂ ਬਿਨਾਂ | ਸੋ, ਲੋੜ ਹੈ ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ |
ਕੀਟਨਾਸ਼ਕ ਦਵਾਈਆਂ ਦੀ ਘਾਣੀ |
ਫੈਕਟਰੀਆਂ ਦਾ ਤੇਜ਼ਾਬੀ ਪਾਣੀ |
ਜੇ ਰੱਖੀਏ ਧਰਤੀ ਮਾਂ ਤੋਂ ਦੂਰ |
ਫਿਰ ਹੀ ਆਉਣਾ ਜੀਣ ਦਾ ਸਰੂਰ |
ਪਰ ਕੋਈ ਵੀ ਜ਼ਿੰਦਗੀ ਕੱਲੇ ਪਾਣੀ ਦੀ ਹੀ ਮੁਹਤਾਜ਼ ਥੋੜ੍ਹੀ ਆ, ਹਵਾ ਵੀ ਤਾਂ ਓਨੀ ਹੀ ਜ਼ਰੂਰੀ ਆ | ਪਾਣੀ ਬਿਨਾਂ ਤਾਂ ਮਨੁੱਖ ਫਿਰ ਵੀ ਕੁਝ ਘੰਟੇ ਜਾਂ ਦਿਨ ਕੱਢ ਸਕਦਾ ਹੈ ਪਰ ਹਵਾ ਬਿਨਾਂ ਤਾਂ ਜ਼ਿੰਦਗੀ ਉੱਕਾ ਹੀ ਖਤਮ ਆ | ਜਿਵੇਂ ਰੁੱਖ ਪਾਣੀ ਲਈ ਵਰਦਾਨ ਹਨ, ਇਸੇ ਤਰ੍ਹਾਂ ਸ਼ੁੱਧ ਹਵਾ ਲਈ ਵੀ ਸੰਜੀਵਨੀ ਬੂਟੀ ਹਨ | ਰੁੱਖਾਂ ਦੀ ਘਾਟ ਕਾਰਨ ਹਵਾ ਦਾ ਦੂਸ਼ਿਤ ਹੋਣਾ ਇਕ ਪੱਖ ਹੈ | ਅਸਲੀ ਪੱਖ ਮਨੁੱੱਖ ਦਾ ਲਾਲਚੀ ਹੋਣਾ ਹੈ | ਮਨੁੱਖ ਨੇ ਆਪਣੇ ਲਾਲਚ ਵੱਸ ਅਨੇਕਾਂ ਫੈਕਟਰੀਆਂ ਲਗਾ ਲਈਆਂ ਹਨ ਜਿਨ੍ਹਾਂ ਵਿਚੋਂ ਜ਼ਹਿਰੀਲਾ ਧੂੰਆਂ ਨਿਕਲਦਾ ਹੈ | ਮਨੁੱਖ ਖੇਤਾਂ ਵਿਚ ਕੀਟਨਾਸ਼ਕ ਦਵਾਈਆਂ ਨਾਲ ਸਿਰਫ਼ ਪਾਣੀ ਤੇ ਮਿੱਟੀ ਹੀ ਦੂਸ਼ਿਤ ਨਹੀਂ ਕਰ ਰਿਹਾ ਸਗੋਂ ਹਵਾ ਵਿਚ ਵੀ ਜ਼ਹਿਰ ਘੋਲ ਰਿਹਾ ਹੈ | ਮੋਟਰ ਗੱਡੀਆਂ ਦਾ ਧੂੰਆਂ ਵੀ ਵਾਤਾਵਰਨ ਨੂੰ ਲਗਾਤਾਰ ਦੂਸ਼ਿਤ ਕਰ ਰਿਹਾ ਹੈ | ਹਵਾ ਏਨੀ ਕੁ ਗੰਧਲੀ ਹੋ ਚੁੱਕੀ ਹੈ ਕਿ ਸਾਹ ਨਾਲ ਹੀ ਅੱਜਕਲ੍ਹ ਬਹੁਤ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ |
ਮਿੱਟੀ ਪ੍ਰਦੂਸ਼ਣ ਵੀ ਅੱਜ ਦੇ ਸਮਾਜ ਦੀ ਪ੍ਰਮੁੱਖ ਸਮੱਸਿਆ ਬਣਦਾ ਜਾ ਰਿਹਾ ਹੈ | ਅਸਲ ਵਿਚ ਉਪਰੋਕਤ ਪਾਣੀ ਤੇ ਹਵਾ ਨੂੰ ਦੂਸ਼ਿਤ ਕਰਨ ਵਾਲੇ ਕਾਰਕ ਹੀ ਮਿੱਟੀ ਪ੍ਰਦੂਸ਼ਨ ਵਿਚ ਸਹਾਈ ਹੁੰਦੇ ਹਨ | ਪਰ ਸਮੇਂ ਨੇ ਜੋ ਤੇਜ਼ੀ ਫੜੀ ਹੈ ਉਸ ਵਿਚ ਅਜਿਹੇ ਕਾਰਕ ਸ਼ਾਮਿਲ ਹੋ ਗਏ ਹਨ ਜੋ ਆਉਣ ਵਾਲੇ ਸਮੇਂ ਲਈ ਬਹੁਤ ਖ਼ਤਰਾ ਹਨ | ਧਰਤੀ 'ਤੇ ਪਿਛਲੇ ਕੁਝ ਸਾਲਾਂ ਤੋਂ ਈ-ਵੇਸਟੇਜ ਦੀ ਮਾਤਰਾ ਬਹੁਤ ਵਧੀ ਹੈ | ਅੱਜ ਵੀ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ 'ਤੇ ਕੋਈ ਪੱਕੀ ਰੋਕ ਨਹੀਂ | ਇਹ ਨਾ ਗਲਦੇ ਹਨ, ਨਾ ਸੜਦੇ | ਹਸਪਤਾਲਾਂ, ਹੋਟਲਾਂ, ਮੈਰਿਜ਼ ਪੈਲਸਾਂ ਤੋਂ ਰੋਜ਼ ਕਰੋੜਾਂ ਟਨ ਕੂੜਾ ਪੈਦਾ ਹੋ ਰਿਹਾ ਹੈ | ਇਸ ਲਈ ਬਹੁਤੇ ਦੇਸ਼ਾਂ ਨੇ ਅਜੇ ਤੱਕ ਕੋਈ ਠੋਸ ਹੱਲ ਨਹੀਂ ਲੱਭੇ | ਉਹ ਸਮਾਂ ਦੂਰ ਨਹੀਂ ਜਦੋਂ ਸਾਡੀਆਂ ਨਸਲਾਂ ਕੂੜੇ ਦੇ ਪਹਾੜ ਦੇਖਿਆ ਕਰਨਗੀਆਂ | ਕਿਸੇ ਵਿਦਵਾਨ ਨੇ ਬੜਾ ਸੋਹਣਾ ਕਿਹਾ ਹੈ:
ਹਵਾ ਗੁਰੂ ਸਮਾਨ ਹੈ, ਗੱਲ ਮਨੀਂ ਵਸਾਈਏ |
ਪ੍ਰਦੂਸ਼ਣ ਨੂੰ ਰੋਕੀਏ ਤੇ ਪੁੰਨ ਕਮਾਈਏ |
ਜੇ ਪ੍ਰਦੂਸ਼ਣ ਨਾ ਰੁਕਿਆ, ਗੱਲ ਸੁਣ ਲੋ ਪੱਕੀ |
ਪਰਲੋ ਰੁਕ ਨਾ ਸਕਣੀ, ਇਹ ਗੱਲ ਨਹੀਂ ਸ਼ੱਕੀ |
ਵਸਦੇ ਦੇਸ਼ ਨੂੰ ਨਾ ਕਦੇ ਥੇਹ ਬਣਾਈਏ |
ਪ੍ਰਦੂਸ਼ਣ ਨੂੰ ਰੋਕੀਏ ਤੇ ਪੁੰਨ ਕਮਾਈਏ |
ਸੰਗੀਤ ਨੂੰ ਭਾਵੇਂ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ ਪਰ ਅੱਜ ਦਾ ਸੰਗੀਤ ਵੀ ਸਿਰਫ ਸ਼ੋਰ ਪ੍ਰਦੂਸ਼ਣ ਬਣ ਕੇ ਰਹਿ ਗਿਆ ਹੈ | ਬਾਕੀ ਕਸਰ ਗੱਡੀਆਂ ਦੇ ਹਾਰਨਾਂ, ਫੈਕਟਰੀਆਂ ਦੇ ਸ਼ੋਰ-ਸ਼ਰਾਬੇ ਨੇ ਪੂਰੀ ਕਰ ਰੱਖੀ ਹੈ | ਇਹ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਤੇ ਪੂਰੇ ਜੀਵ ਜਗਤ ਲਈ ਖ਼ਤਰੇ ਦੀ ਘੰਟੀ ਹੈ |
ਇਸ ਲਈ ਸਿਰਫ਼ ਇਕ ਦਿਨ ਜਾਂ ਇਕ ਹਫ਼ਤਾ ਵਾਤਾਵਰਨ ਦਿਵਸ ਮਨਾਉਣ ਨਾਲ ਗੱਲ ਨਹੀਂ ਬਣਨੀ | ਇਕ ਦਿਨ ਲੇਖ ਰਚਨਾ ਮੁਕਾਬਲੇ ਕਰਵਾ ਕੇ, ਸੈਮੀਨਾਰ ਲਗਾ ਕੇ, ਰੈਲੀਆਂ ਕੱਢ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦੇ | ਹਰ ਦਿਨ ਵਾਤਾਵਰਨ ਨੂੰ ਸਮਰਪਿਤ ਹੋਵੇ | ਸੋ, ਸਾਨੂੰ ਲੋੜ ਹੈ ਜਾਗਣ ਦੀ, ਲਾਲਚ ਤਿਆਗਣ ਦੀ | ਰੁੱਖਾਂ ਨੂੰ ਲਗਾਉਣ ਦੀ, ਨਾ ਕਿ ਆਰੇ ਚਲਾਉਣ ਦੀ | ਪਾਣੀ ਦੀ ਯੋਗ ਵਰਤੋਂ ਕਰਨੀ ਤੇ ਹੋਰਾਂ ਨੂੰ ਸਿਖਾਉਣ ਦੀ, ਕੀਟਨਾਸ਼ਕਾਂ ਦਵਾਈਆਂ ਤੇ ਤੇਜ਼ਾਬਾਂ ਨੂੰ ਘਟਾਉਣ ਦੀ | ਉੱਚੇ ਸੰਗੀਤ ਤੇ ਕੰਨ ਪਾੜਵੇਂ ਸਪੀਕਰਾਂ ਨੂੰ ਹਟਾਉਣ ਦੀ | ਸਰਕਾਰਾਂ ਨੂੰ ਜਗਾਉਣ ਤੇ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਉਣ ਦੀ | ਨਹੀਂ ਤਾਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ |
ਹਵਾ, ਪਾਣੀ, ਮਿੱਟੀ ਤੇ ਰੁੱਖ,
ਦਿੰਦੇ ਸਾਨੂੰ ਸਦਾ ਹੀ ਸੁੱਖ |
ਜੇ ਨਾ ਸਾਂਭੇ ਇਹ ਤੂੰ ਬੰਦਿਆ,
ਮੁੱਕਣੇ ਨਾ ਫਿਰ ਤੇਰੇ ਦੁੱਖ |

-ਪਿੰਡ ਡਾਬਾ, ਲੁਧਿਆਣਾ |
ਮੋਬਾਈਲ : 8968540878

ਧਿਆਨ ਦਾ ਖ਼ਜ਼ਾਨਾ ਹਨ ਮਨੁੱਖ ਲਈ ਲੋਕ ਖੇਡਾਂ

ਖੇਡਾਂ ਮਨੁੱਖੀ ਸਿਹਤ ਲਈ ਤੰਦਰੁਸਤੀ ਦਾ ਪ੍ਰਮੁੱਖ ਸਾਧਨ ਮੰਨੀਆਂ ਗਈਆਂ ਹਨ ਪਰ ਸਿਹਤ ਨੂੰ ਸਿਰਫ਼ ਧਨ (ਹੈਲਥ ਇਜ਼ ਵੈਲਥ) ਤੱਕ ਸੀਮਤ ਕਰ ਦੇਣਾ ਸਹੀ ਨਹੀਂ ਜਾਪਦਾ | ਇਸ ਲਈ ਸਿਹਤ ਧਨ ਦੇ ਨਾਲ-ਨਾਲ ਖੇਡਾਂ ਗਹਿਰਾ ਧਿਆਨ ਵੀ ਪ੍ਰਦਾਨ ਕਰਦੀਆਂ ਹਨ | ਅਰਜਨ ਨੂੰ ਜਦ ਤੀਰ ਨਾਲ ਮੱਛਲੀ ਦੀ ਅੱਖ ਕੱਢਣ ਲਈ ਆਖਿਆ ਗਿਆ ਸੀ, ਤਦ ਉਸ ਦਾ ਧਿਆਨ ਸਿਰਫ਼ ਤੇ ਸਿਰਫ਼ ਮੱਛਲੀ ਦੀ ਅੱਖ 'ਤੇ ਹੀ ਕੇਂਦਰਿਤ ਸੀ | ਇਸ ਲਈ ਖੇਡ ਦੇ ਮੈਦਾਨ ਵਿਚ ਖਿਡਾਰੀ ਜਿੰਨਾ ਧਿਆਨ ਨਾਲ ਖੇਡਦਾ ਹੈ, ਉਹ ਓਨੀ ਹੀ ਵਧੇਰੇ ਜਿੱਤ ਦੀ ਪ੍ਰਾਪਤੀ ਕਰਦਾ ਹੈ | ਇਹੋ ਕਾਰਨ ਹੈ ਕਿ ਧਿਆਨ ਤੋਂ ਬਿਨਾਂ ਬਲਵਾਨ ਦਿੱਖਣ ਵਾਲੇ ਖਿਡਾਰੀ ਹਾਰ ਜਾਂਦੇ ਹਨ ਪਰੰਤੂ ਧਿਆਨ ਨਾਲ ਖੇਡਣ ਵਾਲੇ ਜਿੱਤ ਪ੍ਰਾਪਤ ਕਰ ਲੈਂਦੇ ਹਨ | ਜੇਕਰ ਖੇਡਾਂ ਦਾ ਪਿਛੋਕੜ ਤਲਾਸ਼ਿਆ ਜਾਵੇ ਤਾਂ ਖੇਡਾਂ ਦਾ ਇਤਿਹਾਸ ਵੈਦਿਕ ਕਾਲ ਤੋਂ ਮੰਨਿਆ ਜਾ ਸਕਦਾ ਹੈ | ਕਿਉਂ ਜੋ ਰਿਸ਼ੀ ਆਪਣੇ ਸ਼ਿਸ਼ਾਂ ਨੂੰ ਸ਼ਾਸਤਰ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਵੀ ਸਿਖਾਉਂਦੇ ਸਨ ਜੋ ਦੁਸ਼ਮਣ ਤੋਂ ਬਚਾਓ ਲਈ ਕੀਤੇ ਉਪਾਅ ਹੁੰਦੇ ਸਨ | ਇਸ ਦੇ ਨਾਲ ਹੀ ਸ਼ਸਤਰ ਵਿਦਿਆ ਯੁੱਧ ਦੇ ਮੈਦਾਨ ਦੇ ਨਾਲ-ਨਾਲ ਜੰਗਲਾਂ 'ਚ ਸ਼ਿਕਾਰ ਖੇਡਣ ਦੇ ਕੰਮ ਵੀ ਆਉਂਦੀ ਸੀ | ਖੇਡਾਂ ਰਾਹੀਂ ਮਨੁੱਖੀ ਸਰੀਰ ਤੰਦਰੁਸਤ, ਮਨ ਮਜ਼ਬੂਤ ਅਤੇ ਆਤਮਾ ਦਾ ਰੂਹਾਨੀ ਵਿਕਾਸ ਹੁੰਦਾ ਹੈ | ਯੋਗ ਦੇ ਪ੍ਰਚਾਰਕਾਂ ਲਈ ਯੋਗਾ ਦੇ ਸੂਤਰ ਵੀ ਇਕ ਕਿਸਮ ਦੀ ਖੇਡ ਹੀ ਹਨ, ਇਸ ਜਗਤ ਦੀ ਸਾਜਨਾ ਪ੍ਰਮਾਤਮਾ ਦੀ ਖੇਡ ਹੈ ਇਸ ਤਰ੍ਹਾਂ ਕੁਦਰਤ ਦੀਆਂ ਆਪਣੀਆਂ ਹੀ ਖੇਡਾਂ ਹੁੰਦੀਆਂ ਹਨ |
ਹਰ ਬੱਚਾ ਬਚਪਨ ਤੋਂ ਹੀ ਆਪਣੀ ਮਨਪਸੰਦ ਖੇਡ ਖੇਡਣੀ ਸ਼ੁਰੂ ਕਰ ਦਿੰਦਾ ਹੈ, ਤੇ ਹਰ ਅਵਸਥਾ 'ਚ ਕੋਈ ਨਾ ਕੋਈ ਖੇਡ ਖੇਡਦਾ ਰਹਿੰਦਾ ਹੈ | ਕਈ ਮਨੁੱਖ ਇਕ-ਦੂਜੇ ਨਾਲ ਉਮਰ ਭਰ ਚਾਲਾਂ ਹੀ ਖੇਡਦੇ ਰਹਿੰਦੇ ਹਨ | ਕਈ ਨੌਜਵਾਨ ਪ੍ਰੇਮ ਦੀ ਖੇਡ ਖੇਡਦੇ ਹਨ | ਖੇਡ ਮਨੁੱਖੀ ਸ਼ਖ਼ਸੀਅਤ ਦਾ ਬੋਹੜ ਵਾਂਗ ਵਿਕਾਸ ਕਰਦੀ ਹੈ, ਜਿੱਥੇ ਮਨੁੱਖ ਦੀਆਂ ਸ਼ਖ਼ਸੀ ਜੜ੍ਹਾਂ ਧਰਤੀ 'ਚ ਫੈਲਦੀਆਂ ਹਨ ਤੇ ਆਕਾਸ਼ 'ਚ ਉਤਾਂਹ ਉੱਠਦੀਆਂ ਹਨ ਉੱਥੇ ਪੋਰੇ ਵਾਂਗ ਆਸੇ-ਪਾਸੇ ਵੀ ਵਿਕਸਤ ਹੁੰਦੀਆਂ ਹਨ | ਜਿਸ ਨਾਲ ਖਿਡਾਰੀ ਆਪਣੀ ਖੇਡ 'ਚ ਹੋਰ ਤੇਜ਼-ਤਰਾਰ ਹੁੰਦਾ ਹੈ, ਹੋਰ ਉਚਾਈਆਂ ਨੂੰ ਛੋਂਹਦਾ ਹੈ ਤੇ ਕਦੇ-ਕਦੇ ਖ਼ੁਦ ਦੇ ਬਣਾਏ ਕੀਰਤੀਮਾਨਾਂ ਨੂੰ ਵੀ ਤੋੜਦਾ ਹੈ | ਖੇਡਾਂ ਵਿਚ ਖਿਡਾਰੀ ਦਾ ਸਿਰਫ਼ ਦੂਜੇ ਨਾਲ ਹੀ ਮੁਕਾਬਲਾ ਨਹੀਂ ਹੁੰਦਾ ਬਲਕਿ ਖਿਡਾਰੀ ਨੇ ਆਪਣੇ-ਆਪ ਤੋਂ ਵੀ ਅਗਾਂਹ ਨਿਕਲਣਾ ਹੁੰਦਾ ਹੈ | ਖੇਡਾਂ ਮਨੁੱਖ ਅੰਦਰ ਜਜ਼ਬਾ ਭਰਦੀਆਂ ਹਨ ਤੇ ਖੇਡ ਦੇ ਮੈਦਾਨ ਵਿਚ ਖੇਡਾਂ ਦੇਖ ਰਿਹਾ ਦਰਸ਼ਕ ਖੇਡ ਨਾਲ ਏਨਾ ਇਕ-ਮਿਕ ਹੋ ਜਾਂਦਾ ਹੈ ਕਿ ਉਸ ਅੰਦਰਲਾ ਸੁੱਤਾ ਖਿਡਾਰੀ ਜਾਗ ਪੈਂਦਾ ਹੈ, ਖੇਡ ਦੇ ਦਿ੍ਸ਼ ਦੇਖਣ ਦੇ ਨਾਲ-ਨਾਲ ਉਸ ਅੰਦਰ ਵੀ ਖੇਡ ਖੇਡਣ ਦੀ ਜੁਗਤ ਜਾਗ ਪੈਂਦੀ ਹੈ, ਖੇਡ ਦੇਖਦੇ-ਦੇਖਦੇ ਦਰਸ਼ਕ ਅੰਦਰ ਹੌਸਲਾ ਪੈਦਾ ਹੋ ਜਾਂਦਾ ਹੈ ਕਿ ਖੇਡ ਜਿੱਤਣ ਲਈ ਕਿਵੇਂ ਖੇਡਿਆ ਜਾਵੇ | ਕੀ-ਕੀ ਸਾਵਧਾਨੀਆਂ ਵਰਤੀਆਂ ਜਾਣ, ਤਾਂ ਕਿ ਜਿੱਤ ਯਕੀਨੀ ਹੋ ਸਕੇ | ਦਰਸ਼ਕ ਬਾਹਰ ਖੜ੍ਹਾ ਜ਼ੋਰ ਲਾਉਂਦਾ ਰਹਿੰਦਾ ਹੈ |
ਇਕ ਚੰਗੇ ਖਿਡਾਰੀ ਵਿਚ ਇਕ ਚੰਗੇ ਮਨੁੱਖ ਵਾਲੇ ਸਾਰੇ ਗੁਣ ਹੋਣੇ ਚਾਹੀਦੇ ਹਨ, ਉਸ ਅੰਦਰ ਸਹਿਜ, ਸੁਹਜ, ਠਹਿਰਾਅ, ਸਬਰ, ਸੰਤੋਖ, ਸੰਜਮ ਅਤੇ ਸਵੈ-ਪੜਚੋਲ ਆਦਿ ਸਭੇ ਗੁਣ ਹੋਣੇ ਜ਼ਰੂਰੀ ਹਨ | ਅਮੀਰਾਂ ਅਤੇ ਗ਼ਰੀਬਾਂ ਦੀਆਂ ਖੇਡਾਂ ਅਲੱਗ-ਅਲੱਗ ਹੁੰਦੀਆਂ ਹਨ | ਅਮੀਰ ਪੈਸਿਆਂ ਵਿਚ ਖੇਡਦੇ ਹਨ, ਇਸ ਲਈ ਅਮੀਰਾਂ ਦੀਆਂ ਹੋਰ ਖੇਡਾਂ ਹਨ ਤੇ ਗ਼ਰੀਬਾਂ ਦੀਆਂ ਹੋਰ | ਖੇਡਾਂ ਮਨੁੱਖ ਦੇ ਵਿਕਾਰਾਂ ਅਤੇ ਮਾਰੂ ਮਨੋਬਿਰਤੀਆਂ 'ਤੇ ਕਾਬੂ ਪਾਉਣ 'ਚ ਰੋਲ ਅਦਾ ਕਰਦੀਆਂ ਹਨ, ਤੁਲਨਾਤਮਿਕ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਦੂਜੇ ਲੋਕਾਂ ਦੇ ਮੁਕਾਬਲੇ ਖਿਡਾਰੀ ਨੈਤਿਕ ਕਦਰਾਂ-ਕੀਮਤਾਂ ਅਤੇ ਸਦਾਚਾਰ ਦੀ ਵਧੇਰੇ ਪਾਲਣਾ ਕਰਦੇ ਹਨ ਜਿਸ ਨਾਲ ਖਿਡਾਰੀ ਦੇ ਵਤੀਰੇ ਅਤੇ ਵਰਤਾਓ 'ਚ ਵਧੇਰੇ ਖੁੱਲ੍ਹਾਪਣ ਅਤੇ ਲਚਕੀਲਾਪਣ ਹੁੰਦਾ ਹੈ | ਰਿਸ਼ੀਆਂ ਵਾਂਗ ਸਾਡੇ ਗੁਰੂ ਸਾਹਿਬਾਨ, ਸਿੱਧ ਅਤੇ ਨਾਥ ਵੀ ਖੇਡਾਂ ਨੂੰ ਉਤਸ਼ਾਹਿਤ ਕਰਦੇ ਰਹੇ ਹਨ | ਹੁਣ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਖੇਡਾਂ ਨਾਲ ਮਨੁੱਖ ਦਾ ਸਰੀਰ, ਪੁਸਤਕ ਨਾਲ ਮਨ ਅਤੇ ਸਿਮਰਨ ਨਾਲ ਰੂਹ ਅਤੇ ਆਤਮਾ ਬਲਵਾਨ ਹੁੰਦੀ ਹੈ | ਕਿੱਸਾ ਸਾਹਿਤ ਅਤੇ ਲੋਕ ਸਾਹਿਤ ਵਿਚ ਵੀ ਖੇਡਾਂ ਦਾ ਜ਼ਿਕਰ ਮਿਲਦਾ ਹੈ | ਜਿਸ ਤੋਂ ਕਬੱਡੀ, ਖਿੱਦੋ ਖੂੰਡੀ, ਗੁੱਲੀ ਡੰਡਾ, ਪਿੱਠੂ ਅਤੇ ਪੀਲ ਪਲਾਗਣ ਆਦਿ ਖੇਡਾਂ ਦਿ੍ਸ਼ਟੀਗੋਚਰ ਹੁੰਦੀਆਂ ਹਨ |
ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ ਦਾ ਮਹਾਨ ਸੰਕਲਪ ਦਿੱਤਾ ਹੈ | ਇਸ ਲਈ ਇਕ ਖਿਡਾਰੀ ਖੇਡ ਦੇ ਮੈਦਾਨ ਵਿਚ ਕਿਰਤ ਕਰ ਰਿਹਾ ਕਿਰਤੀ ਹੁੰਦਾ ਹੈ | ਜਿਵੇਂ ਕਿਸਾਨ ਨੂੰ ਜ਼ਮੀਨ ਪਿਆਰੀ ਹੁੰਦੀ ਹੈ, ਓਵੇਂ ਖਿਡਾਰੀ ਨੂੰ ਆਪਣੀ ਖੇਡ ਦਾ ਮੈਦਾਨ ਬਹੁਤ ਪਿਆਰਾ ਹੁੰਦਾ ਹੈ | ਇਹ ਕਹਾਵਤ ਸੱਚ ਹੈ ਕਿ 'ਵਿਹਲੜ ਮਨ ਸ਼ੈਤਾਨ ਦਾ ਘਰ' ਹੁੰਦਾ ਹੈ | ਇਸ ਲਈ ਖੇਡਾਂ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਕੇ ਵਰਦਾਨ ਸਾਬਤ ਹੁੰਦੀਆਂ ਹਨ ਕਿਉਂ ਜੋ ਖਿਡਾਰੀ ਸਮਾਜਿਕ ਅਲਾਮਤਾਂ ਤੋਂ ਬਚ ਜਾਂਦਾ ਹੈ | ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ | ਜਿਵੇਂ ਧਾਰਮਿਕ ਲੋਕ ਨਿੱਤਨੇਮ ਵਾਂਗ ਧਾਰਮਿਕ ਸਥਾਨ 'ਤੇ ਜਾਂਦੇ ਹਨ, ਸੰਗੀਤ ਨਾਲ ਜੁੜੇ ਲੋਕ ਰੋਜ਼ਾਨਾ ਰਿਆਜ਼ ਕਰਦੇ ਹਨ, ਓਵੇਂ ਹੀ ਖਿਡਾਰੀ ਆਪਣੀ ਜਿੱਤ ਵਲ ਵਧਣ ਲਈ ਰੋਜ਼ਾਨਾ ਕਸਰਤ ਤੇ ਅਭਿਆਸ ਕਰਦਾ ਹੈ | ਖਿਡਾਰੀ ਵੀ ਜੀਵਨ ਭਰ ਸਾਧਕ ਵਾਂਗ ਸਾਧਨਾ ਕਰਦਾ ਹੈ | ਅਜੋਕੇ ਸਮੇਂ ਵਿਚ ਦਾਰਾ ਸਿੰਘ, ਮਿਲਖਾ ਸਿੰਘ, ਫ਼ੌਜਾ ਸਿੰਘ, ਇਕ ਛੋਟਾ ਬੱਚਾ ਬੁਧੀਆ ਆਦਿ ਲੋਕ, ਦੇਸ਼ ਅਤੇ ਕੌਮ ਲਈ ਚਮਕਦੇ ਸਿਤਾਰੇ ਬਣ ਚੁੱਕੇ ਹਨ | ਇਸ ਤਰ੍ਹਾਂ ਖਿਡਾਰੀ ਕਿਸੇ ਮੁਲਕ ਦੀ ਸ਼ਾਨ ਅਤੇ ਮਾਣ ਹੁੰਦੇ ਹਨ |
ਜਦੋਂ ਅਸੀਂ ਖੇਡਾਂ ਦੇ ਪਿਛੋਕੜ ਦਾ ਅਧਿਐਨ ਕਰਦੇ ਹਾਂ ਤਾਂ ਇਹ ਦਿ੍ਸ਼ਟੀਗੋਚਰ ਹੁੰਦਾ ਹੈ ਕਿ ਲੋਕ ਖੇਡਾਂ ਧਰਤੀ ਦੇ ਵੱਖ-ਵੱਖ ਿਖ਼ੱਤਿਆਂ ਅਤੇ ਅਲੱਗ-ਅਲੱਗ ਕਿੱਤਿਆਂ ਨਾਲ ਸਬੰਧਿਤ ਰਹੀਆਂ ਹਨ | ਪਿ੍ੰ: ਸਰਵਣ ਸਿੰਘ ਇਕ ਥਾਂ ਲਿਖਦਾ ਹੈ ਕਿ ਇਕ ਛੋਟੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਹੈ, ਜਿੱਥੇ ਉਸ ਦੇ ਮਾਪੇ ਰਹਿੰਦੇ ਹੋਣ, ਨੌਜਵਾਨਾਂ ਨੂੰ ਉਹ ਥਾਂ ਚੰਗੀ ਲਗਦੀ ਹੈ, ਜਿੱਥੇ ਉਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਵੇ, ਪ੍ਰੇਮੀ ਨੂੰ ਉਹ ਥਾਂ ਚੰਗੀ ਲਗਦੀ ਹੈ ਜਿੱਥੇ ਉਸ ਦਾ ਪਿਆਰਾ ਵੱਸਦਾ ਹੋਵੇ, ਮੈਨੂੰ ਲਗਦਾ ਹੈ ਕਿ ਖਿਡਾਰੀ ਨੂੰ ਉਹ ਥਾਂ ਚੰਗੀ ਲਗਦੀ ਹੈ, ਜਿੱਥੇ ਉਹ ਬਚਪਨ ਵਿਚ ਖੇਡਾਂ ਖੇਡਦਾ ਰਿਹਾ ਹੋਵੇ | ਮਨੁੱਖੀ ਜੀਵਨ ਵਿਚ ਜਿਹਦੇ ਕੋਲ ਤੰਦਰੁਸਤੀ ਹੈ, ਉਸ ਕੋਲ ਜੀਵਨ ਦੀਆਂ ਸਾਰੀਆਂ ਦੌਲਤਾਂ ਹਨ, ਕਿਉਂ ਜੋ ਤੰਦਰੁਸਤੀ ਹੀ ਰੂਹਾਨੀ ਖ਼ਜ਼ਾਨਾ ਹੈ | ਖੇਡ ਦਾ ਮੈਦਾਨ ਅਜਿਹਾ ਪਾਕ-ਪਵਿੱਤਰ ਸਥਾਨ ਹੁੰਦਾ ਹੈ ਜਿੱਥੇ ਜਾ ਕੇ ਬੰਦੇ ਦੀ ਉਦਾਸੀ, ਨਿਰਾਸ਼ਤਾ, ਉਪਰਾਮਤਾ ਦੂਰ ਹੋ ਜਾਂਦੀ ਹੈ | ਬੰਦਾ ਆਪਣੀ ਆਲਸ ਅਤੇ ਸੁਸਤੀ ਦਾ ਤਿਆਗ਼ ਕਰ ਦਿੰਦਾ ਹੈ | ਉਹ ਦਿ੍ੜ੍ਹਤਾ, ਦਲੇਰੀ ਅਤੇ ਚੜ੍ਹਦੀਕਲਾ ਵਿਚ ਰਹਿੰਦਾ ਹੈ ਭਾਵੇਂ ਮਨੁੱਖ ਦੇ ਜੀਵਨ ਵਿਚ ਕਿੱਡੇ ਵੱਡੇ ਦੁੱਖ ਆ ਗਏ ਹੋਣ, ਫਿਰ ਵੀ ਮਨੁੱਖ ਦੇ ਮਨ 'ਚ ਖੇਡ ਦਾ ਮੈਦਾਨ ਹੌਸਲਾ ਅਤੇ ਹਿੰਮਤ ਭਰ ਦਿੰਦਾ ਹੈ | ਜਦੋਂ ਅਸੀਂ ਮਿਲਖਾ ਸਿੰਘ, ਦਾਰਾ ਸਿੰਘ ਜਾਂ ਹੋਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਤਦ ਪਤਾ ਲਗਦਾ ਹੈ ਕਿ ਉਹ ਕਿਵੇਂ ਲੰਮੇਰਾ ਸੰਘਰਸ਼ ਕਰਕੇ ਉੱਚਤਮ ਮੁਕਾਮ ਤੀਕ ਪਹੁੰਚੇ | ਪਿਛਲੇ ਸਮੇਂ 'ਚ ਚਰਚਿਤ ਹੋਈਆਂ ਫ਼ਿਲਮਾਂ ਮੈਰੀਕੋਮ, ਭਾਗ ਮਿਲਖਾ ਭਾਗ, ਸੁਲਤਾਨ ਅਤੇ ਦੰਗਲ ਖਿਡਾਰੀਆਂ ਦੇ ਲੰਮੇਰੇ ਸੰਘਰਸ਼ ਦੀ ਤਸਵੀਰ ਬਿਆਨ ਕਰਨ ਵਾਲੀਆਂ ਹਨ | ਕਿਉਂ ਜੋ ਸੰਸਾਰ ਪ੍ਰਸਿੱਧ ਖਿਡਾਰੀ ਆਪਣੀ ਰਹਿਤਲ ਅਤੇ ਆਂਚਲਿਕਤਾ ਅਤੇ ਮੁਲਕ ਦੇ ਸੰਦੇਸ਼ਵਾਹਕ ਹੁੰਦੇ ਹਨ |
ਅਸੀਂ ਜਦੋਂ ਆਧੁਨਿਕ ਦੌਰ 'ਤੇ ਝਾਤ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਸਾਡੀ ਯੁਵਾ ਪੀੜ੍ਹੀ ਖੇਡ ਦੇ ਮੈਦਾਨ ਤੋਂ ਟੁੱਟ ਕੇ ਵੀਡੀਓ ਗੇਮਾਂ ਅਤੇ ਮੋਬਾਈਲ ਦੀਆਂ ਕਲਪਿਤ ਖੇਡਾਂ ਤੱਕ ਸੁੰਗੜਦੀ ਜਾ ਰਹੀ ਹੈ | ਅਜੋਕੀ ਯੁਵਾ ਪੀੜ੍ਹੀ ਬਲੂ ਵੇ੍ਹਲ ਜਿਹੀਆਂ ਖ਼ਤਰਨਾਕ ਖੇਡਾਂ ਦਾ ਸ਼ਿਕਾਰ ਹੋ ਰਹੀ ਹੈ | ਨਿਰਾਸ਼ਤਾ ਦੇ ਆਲਮ ਵਿਚ ਫਸ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤੀ ਜਾ ਰਹੀ ਹੈ | ਇਸ ਲਈ ਅੱਜ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਖਿਡਾਰੀਆਂ ਨੂੰ ਅਜਿਹੀਆਂ ਮਾਰੂ ਖੇਡਾਂ ਤੋਂ ਬਚਣਾ ਚਾਹੀਦਾ ਹੈ ਅਤੇ ਖੇਡ ਜਗਤ ਦੀ ਅਮੀਰ ਵਿਰਾਸਤ ਨਾਲ ਪ੍ਰਤੀਬੱਧ ਹੋਣਾ ਚਾਹੀਦਾ ਹੈ ਕਿਉਂਕਿ ਖੇਡਾਂ ਸਾਨੂੰ ਆਦਰਸ਼ ਜੀਵਨ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਹੋਕਾ ਦਿੰਦੀਆਂ ਹਨ | ਇਹ ਦੂਰਦਿ੍ਸ਼ਟੀ ਅਤੇ ਧਿਆਨ ਦਾ ਖ਼ਜ਼ਾਨਾ ਹਨ | ਆਓ, ਖੇਡ ਅਤੇ ਜੰਗ ਦੇ ਮੈਦਾਨ ਵਿਚ ਨਿੱਤਰੀਏ | ਖੇਡਾਂ ਵੱਲ ਧਿਆਨ ਦੇਈਏ ਤੇ ਇਸ ਨੂੰ ਨਿਤ ਦਾ ਧਿਆਨ ਬਣਾਈਏ ਕਿਉਂ ਜੋ ਖੇਡਾਂ ਮਨੁੱਖ ਲਈ ਧਿਆਨ ਦਾ ਖ਼ਜ਼ਾਨਾ ਹਨ |

-ਐਮ.ਆਈ.ਜੀ.-481, ਫ਼ੇਜ਼-1, ਅਰਬਨ ਅਸਟੇਟ, ਪਟਿਆਲਾ-147002. ਮੋਬਾਈਲ: 96461-99530, 96461-11669
5mail : narainlaxmi53@gmail.com

ਪਸ਼ੂ-ਪੰਛੀਆਂ ਦੇ ਨਾਂਅ 'ਤੇ ਪਾਏ ਜਾਂਦੇ ਅੰਧ-ਵਿਸ਼ਵਾਸ

ਸਾਡੇ ਸਮਾਜ ਵਿਚ ਸਦੀਆਂ ਪੁਰਾਣੇ ਬਹੁਤ ਸਾਰੇ ਅੰਧ-ਵਿਸ਼ਵਾਸ ਪਾਏ ਜਾਂਦੇ ਹਨ | ਜਿਵੇਂ ਟੂਣੇ/ਟਾਮਣਾਂ ਤੋਂ ਲੈ ਕੇ ਧਾਗੇ/ਤਵੀਤਾਂ/ਜਲ ਧਾਰਿਆਂ/ਧੂਣੇ ਤਾਪਣੇ ਆਦਿ ਬਹੁਤ ਕਿਸਮ ਦੇ ਅੰਧ-ਵਿਸ਼ਵਾਸ ਹਨ ਜਿਹੜੇ ਮਨੁੱਖਾਂ ਤੋਂ ਬਾਅਦ ਪਸ਼ੂ/ਪੰਛੀਆਂ ਨਾਲ ਵੀ ਜੁੜੇ ਹੋਏ ਹਨ | ਇਸ ਕਰ ਕੇ ਕਈ ਵਾਰ ਮਨੁੱਖ ਵਲੋਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਨ ਲਈ ਕਿਸੇ ਸਾਧ-ਸਿਆਣੇ ਦੇ ਕਹਿਣ 'ਤੇ ਜਾਨਵਰਾਂ ਅਤੇ ਪੰਛੀਆਂ ਦੀ ਬਲੀ ਤੱਕ ਵੀ ਚੜ੍ਹਾ ਦਿੱਤੀ ਜਾਂਦੀ ਹੈ | ਇਨ੍ਹਾਂ ਜੀਵਾਂ ਵਿਚ ਉੱਲੂ, ਕਬੂਤਰ, ਬਿੱਲੀ, ਮੁਰਗਾ, ਬੱਕਰਾ, ਸੱਪ, ਝੋਟਾ ਅਤੇ ਹੋਰ ਬਹੁਤ ਸਾਰੇ ਜੀਵ-ਜੰਤੂ ਸ਼ਾਮਿਲ ਹਨ ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਮਨੁੱਖ ਦੀ ਅੰਧ-ਵਿਸ਼ਵਾਸੀ ਜਾਂ ਲਾਲਚ ਵਾਲੀ ਸੋਚ ਦਾ ਸ਼ਿਕਾਰ ਹੋ ਕੇ ਬਲੀ ਦਾ ਬੱਕਰਾ ਬਣਦੇ ਹਨ |
ਉੱਲੂ ਬਾਰੇ ਅੰਧ-ਵਿਸ਼ਵਾਸ : ਵਿਚਾਰਾ ੳੱੁਲੂ...! ਸਿੱਧਾ-ਸਾਦਾ ਅਤੇ ਉਹ ਵੀ ਉੱਲੂ! ਫਿਰ ਵੀ ਇਸ ਉੱਲੂ ਨਾਂਅ ਦੇ ਪੰਛੀ ਦੀ ਜਾਨ ਨਾ ਸਿਰਫ਼ ਖਤਰੇ ਵਿਚ ਹੀ ਪਈ ਰਹਿੰਦੀ ਹੈ ਸਗੋਂ ਉਸ ਦੀ ਹੋਂਦ ਹੀ ਖਤਮ ਹੋਣ ਕਿਨਾਰੇ ਪਹੁੰਚ ਗਈ ਹੈ | ਗੱਲ ਹੈ ਅੰਧ-ਵਿਸ਼ਵਾਸੀ ਲੋਕਾਂ ਦੀ ਜਿਨ੍ਹਾਂ ਨੂੰ ਕਿਸੇ ਤਾਂਤਰਿਕ ਨੇ ਰਾਤੋ-ਰਾਤ ਅਮੀਰ ਹੋਣ ਲਈ ਉੱਲੂ ਦੀ ਬਲੀ ਚੜ੍ਹਾਉਣ ਲਈ ਕਹਿ ਦਿੱਤਾ | ਇਸ ਪੰਛੀ ਦੀ ਮੂੰਹ ਮੰਗੀ ਕੀਮਤ ਦੇਣ ਵਾਲੇ ਲੋਕ ਵੀ ਤਿਆਰ ਹੀ ਬੈਠੇ ਸਨ ਕਿ ਉੱਲੂ ਨੂੰ ਲੱਭ ਕੇ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ | ਜੇਕਰ ਤੁਹਾਨੂੰ ਕੋਈ ਵਿਅਕਤੀ ਅਸਮਾਨ ਵੱਲ ਝਾਕਦਾ ਜਾਂ ਝਾੜੀਆਂ ਫਰੋਲਦਾ ਮਿਲ ਜਾਵੇ ਤਾਂ ਸਮਝ ਲਓ ਕਿ ਇਸ ਉੱਲੂ ਨੂੰ ਇਕ ਹੋਰ ਉੱਲੂ ਦੀ ਭਾਲ ਹੈ | ਤਾਂਤਰਿਕ ਇਸ ਪੰਛੀ ਦੀ ਕੀਮਤ ਪੰਦਰਾਂ ਹਜ਼ਾਰ ਤੱਕ ਵੀ ਲਾ ਦਿੰਦੇ ਹਨ | ਦੂਸਰੇ ਨੰਬਰ ਦੇ ਗਾਹਕ ਵੈਦ ਹੰੁਦੇ ਹਨ | ਜਿਹੜੇ ਇਸ ਪੰਛੀ ਦੇ ਅੰਗਾਂ ਤੋਂ ਬਣੀ ਦਵਾਈ ਨਾਲ ਬਜ਼ੁਰਗ ਨੂੰ ਵੀ ਜਵਾਨ ਕਰਨ ਦਾ ਦਾਅਵਾ ਕਰਦੇ ਹਨ | ਉੱਲੂ ਦੀ ਬਲੀ ਚਾੜ੍ਹਨ ਨਾਲ ਮਾਇਆ ਦੇ ਗੱਫੇ ਆਉਣ ਜਾਂ ਫਿਰ ਰਾਤ ਨੂੰ ਉੱਲੂ ਦੇ ਬੋਲਣ ਨਾਲ ਪਿੰਡ ਦਾ ਉਜਾੜ ਹੋਣ ਵਰਗੇ ਬਹੁਤ ਸਾਰੇ ਅੰਧ-ਵਿਸ਼ਵਾਸ ਉੱਲੂ ਨਾਂਅ ਦੇ ਪੰਛੀ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਵਿਗਿਆਨ ਦੇ ਯੁੱਗ ਵਿਚ ਕੋਈ ਆਧਾਰ ਨਹੀਂ ਹੈ ਸਗੋਂ ਅਨਪੜ੍ਹ ਬਾਬੇ, ਤਾਂਤਰਿਕ ਪੜ੍ਹੇ-ਲਿਖੇ ਲੋਕਾਂ ਨੂੰ ਉੱਲੂ ਦੇ ਨਾਂਅ 'ਤੇ ਉੱਲੂ ਬਣਾਉਂਦੇ ਹਨ |
ਬਿੱਲੀ ਬਾਰੇ ਧਾਰਨਾ : ਬਿੱਲੀ ਬਾਰੇ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਚੰਗੀਆਂ ਅਤੇ ਮਾੜੀਆਂ ਧਾਰਨਾਵਾਂ ਪਾਈਆਂ ਜਾਂਦੀਆਂ ਹਨ | ਬਿੱਲੀ ਵਲੋਂ ਰਸਤੇ ਕੱਟ ਜਾਣ ਨੂੰ ਮਾੜਾ ਮੰਨਿਆ ਜਾਂਦਾ ਹੈ ਪਰ ਬਿੱਲੀ ਨੂੰ ਮਾਰ ਦਿੱਤੇ ਜਾਣ 'ਤੇ ਅਗਲੇ ਜਨਮ ਵਿਚ ਸੋਨੇ ਦੀ ਬਿੱਲੀ ਦਾਨ ਕਰਨ ਦੀ ਗੱਲ ਵੀ ਆਖੀ ਜਾਂਦੀ ਹੈ | ਪੁਰਾਣੇ ਸਮਿਆਂ ਵਿਚ ਅਨਾਜ ਨੂੰ ਸੰਭਾਲ ਕੇ ਰੱਖਣ ਦੇ ਕੋਈ ਬਹੁਤੇ ਵਧੀਆ ਅਤੇ ਆਧੁਨਿਕ ਢੰਗ ਨਹੀਂ ਸਨ ਜਿਸ ਕਰਕੇ ਚੂਹੇ ਅਨਾਜ ਦਾ ਸਭ ਤੋਂ ਵੱਧ ਨੁਕਸਾਨ ਕਰਦੇ ਸਨ ਅਤੇ ਚੂਹੇ ਬਿੱਲੀ ਦੀ ਖੁਰਾਕ ਹੰੁਦੇ ਸਨ | ਇਸ ਕਰ ਕੇ ਘਰ ਦੇ ਨੇੜੇ-ਤੇੜੇ ਬਿੱਲੀ ਦਾ ਹੋਣਾ ਬਹੁਤ ਜ਼ਰੂਰੀ ਸੀ | ਵੱਧ ਤੋਂ ਵੱਧ ਬਿੱਲੀਆਂ ਨੂੰ ਜਿਊਾਦੀਆਂ ਰੱਖਣ ਲਈ ਬਿੱਲੀ ਨੂੰ ਮਾਰਨ ਵਾਲੇ ਨੂੰ ਅਗਲੇ ਜਨਮ ਵਿਚ ਸੋਨੇ ਦੀ ਬਿੱਲੀ ਬਣਾ ਕੇ ਦੇਣੀ ਪਵੇਗੀ, ਵਰਗਾ ਡਰ ਪੈਦਾ ਕੀਤਾ ਗਿਆ ਤਾਂ ਕਿ ਲੋਕ ਬਿੱਲੀਆਂ ਨੂੰ ਮਾਰਨ ਤੋਂ ਗੁਰੇਜ਼ ਕਰਨ | ਚੂਹਿਆਂ ਕਾਰਨ ਪਲੇਗ ਵਰਗੀ ਭਿਆਨਕ ਬਿਮਾਰੀ ਵੀ ਫੈਲਦੀ ਸੀ | ਅਨਾਜ ਬਗੈਰਾ ਸੰਭਾਲ ਕੇ ਰੱਖਣ ਦੇ ਆਧੁਨਿਕ ਤਰੀਕੇ ਆ ਗਏ ਅਤੇ ਬਿੱਲੀਆਂ ਦੀ ਜ਼ਰੂਰਤ ਖਤਮ ਹੋ ਗਈ |
ਸੱਪ ਬਾਰੇ ਧਾਰਨਾ : ਸੱਪ ਨੂੰ ਆਮ ਤੌਰ 'ਤੇ ਨਾਗ ਦੇਵਤੇ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਸਪੇਰੇ ਲੋਕ ਸੱਪ ਨੂੰ ਦੁੁੱਧ ਪੀਣ, ਬੀਨ 'ਤੇ ਮਸਤੀ ਕਰਨ ਵਾਲੇ ਜੀਵ ਦੇ ਰੂਪ 'ਚ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ ਜਾਂ ਫਿਰ ਮਾਇਆਧਾਰੀ, ਇੱਛਾਧਾਰੀ ਆਦਿ ਸੱਪਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਦੱਸ ਕੇ ਲੋਕਾਂ ਨੂੰ ਅੰਧ-ਵਿਸ਼ਵਾਸ 'ਚ ਪਾਇਆ ਜਾਂਦਾ ਹੈ | ਜਿਵੇਂ ਜੇਕਰ ਸੱਪ-ਸੱਪਣੀ ਦਾ ਜੋੜਾ ਆਪਸ ਵਿਚ ਪਿਆਰ ਕਰਦੇ ਹੋਣ ਤਾਂ ਉਨ੍ਹਾਂ 'ਤੇ ਕਾਲਾ ਕੱਪੜਾ ਪਾਉਣ ਨਾਲ ਮਾਇਆ ਦਾ ਕੋਈ ਘਾਟਾ ਨਹੀਂ ਰਹਿੰਦਾ ਪਰ ਸੌ ਮਣ ਤੇਲ ਮਿਲਿਆ ਨੀ ਰਾਧਾ ਨੱਚੀ ਨੀ, ਵਰਗੀ ਕਹਾਵਤ ਵਾਂਗ ਸੱਪ-ਸੱਪਣੀ ਕਿਤੇ ਨਜ਼ਰ ਆਉਣੇ ਨੀ, ਜੇਕਰ ਨਜ਼ਰ ਆ ਵੀ ਜਾਣ ਤਾਂ ਕੋਈ ਕਾਲਾ ਕੱਪੜਾ ਪਾਉਣ ਦੀ ਹਿੰਮਤ ਨਹੀਂ ਕਰਦਾ | ਅਜਿਹੇ ਅੰਧ-ਵਿਸ਼ਵਾਸਾਂ ਵਿਚ ਪਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ | ਕਈ ਸਾਧ-ਸਿਆਣੇ ਕਹਿ ਦਿੰਦੇ ਹਨ ਕਿ ਤੁਹਾਡੇ ਘਰ ਵਿਚ ਮਾਇਆ ਨਾਲ ਭਰਿਆ ਹੋਇਆ ਪੁਰਾਣਾ ਕੜਾਹਾ ਦੱਬਿਆ ਪਿਆ ਪਰ ਉਸ ਕੜਾਹੇ 'ਚ ਪਈ ਮਾਇਆ 'ਤੇ ਨਾਗ ਬੈਠਾ ਹੈ, ਜਿਹੜਾ ਮਾਇਆ ਵਾਲਾ ਕੜਾਹਾ ਕੱਢਣ ਨੀ ਦਿੰਦਾ | ਅਜਿਹੀਆਂ ਬਹੁਤ ਸਾਰੀਆਂ ਅੰਧ-ਵਿਸ਼ਵਾਸੀ ਕਹਾਣੀਆਂ ਸੱਪ ਨਾਲ ਵੀ ਜੁੜੀਆਂ ਹੋਈਆਂ ਹਨ | ਸਾਧ ਆਪਣੀ ਦਿਹਾੜੀ ਬਣਾ ਕੇ ਤੁਰ ਜਾਂਦਾ ਹੈ ਅਤੇ ਸਾਰਾ ਦੋਸ਼ ਸੱਪ ਦੇ ਸਿਰ ਮੜ੍ਹ ਦਿੰਦਾ ਹੈ |
ਕਬੂਤਰਾਂ ਬਾਰੇ ਧਾਰਨਾ : ਦੁਨੀਆ ਭਰ ਵਿਚ ਕਬੂਤਰ ਨੂੰ ਸ਼ਾਂਤੀ ਦੇ ਦੂਤ ਵਜੋਂ ਜਾਣਿਆ ਜਾਂਦਾ ਹੈ | ਕਿਸੇ ਸਮੇਂ ਕਬੂਤਰ ਨੂੰ ਡਾਕੀਏ ਦੇ ਰੂਪ ਵਿਚ ਜਾਣਿਆ ਜਾਂਦਾ ਸੀ | ਇਕ ਤੋਂ ਦੂਸਰੀ ਜਗ੍ਹਾ ਚਿੱਠੀਆਂ ਦੇਣ ਲਈ ਕਬੂਤਰ ਦੀ ਵਰਤੋਂ ਕੀਤੀ ਜਾਂਦੀ ਸੀ | ਪਰ ਸਾਡੇ ਦੇਸ਼ ਦੇ ਕਈ ਰਾਜਾਂ ਵਿਚ ਕਬੂਤਰ ਨੂੰ ਘਰ ਦਾ ਉਜਾੜਾ ਭਾਲਣ ਵਾਲੇ ਪੰਛੀ ਵਜੋਂ ਵੀ ਵੇਖਿਆ ਜਾਂਦਾ ਹੈ, ਜਿਸ ਕਰਕੇ ਕਈ ਬਰਾਦਰੀਆਂ ਕਬੂਤਰਾਂ ਨੂੰ ਆਪਣੇ ਘਰ ਵਿਚ ਰੱਖਣਾ ਪਸੰਦ ਨਹੀਂ ਕਰਦੀਆਂ ਪਰ ਕਈ ਲੋਕਾਂ ਨੇ ਹਜ਼ਾਰਾਂ ਰੁਪਏ ਦੇ ਕਬੂਤਰ ਰੱਖ ਕੇ ਆਪਣੇ ਰੁਜ਼ਗਾਰ ਚਲਾਏ ਹੋਏ ਹਨ ਅਤੇ ਕਬੂਤਰਾਂ ਦੀਆਂ ਉਡਾਰੀਆਂ ਦੇ ਮੇਲੇ ਲਗਦੇ ਹਨ | ਕਈ ਪਿੰਡਾਂ ਦੇ ਪੁਰਾਣੇ ਦਰਵਾਜ਼ਿਆਂ ਵਿਚ ਅਜੇ ਵੀ ਕਬੂਤਰਾਂ ਲਈ ਆਲ੍ਹਣੇ ਬਣਾਏ ਜਾਂਦੇ ਹਨ ਜਾਂ ਫਿਰ ਆਲ੍ਹਣੇ ਪਾਉਣ ਲਈ ਜਗ੍ਹਾ ਛੱਡੀ ਜਾਂਦੀ ਹੈ | ਕਦੇ ਵੀ ਕਬੂਤਰਾਂ ਕਰ ਕੇ ਕਿਸੇ ਦਾ ਵੀ ਉਜਾੜਾ ਨਹੀਂ ਹੋਇਆ | ਸਗੋਂ ਇਹ ਗੱਲ ਵੀ ਵੇਖਣ 'ਚ ਆਈ ਹੈ ਕਿ ਆਪਣੇ ਪਰਿਵਾਰ ਪ੍ਰਤੀ ਸਭ ਤੋਂ ਵੱਧ ਜ਼ਿੰਮੇਵਾਰ ਕਬੂਤਰ ਨੂੰ ਮੰਨਿਆ ਜਾ ਸਕਦਾ ਹੈ, ਕਿਉਂਕਿ ਨਰ-ਮਾਦਾ ਦਾ ਜੋੜਾ ਬਣਨ ਤੋਂ ਬਾਅਦ ਬੱਚੇ ਉਡਾਰ ਹੋਣ ਤੱਕ ਨਰ ਕਬੂਤਰ ਮਾਦਾ ਕਬੂਤਰ ਦਾ ਪੂਰੀ ਜ਼ਿੰਮੇਵਾਰੀ ਨਾਲ ਸਾਥ ਦਿੰਦਾ ਹੈ, ਜਿਸ ਕਰ ਕੇ ਘਰ ਦਾ ਉਜਾੜਾ ਭਾਲਣ ਵਾਲੇ ਪੰਛੀ ਵਰਗਾ ਅੰਧ-ਵਿਸ਼ਵਾਸ ਛੱਡ ਕੇ ਇਸ ਪੰਛੀ ਵਲੋਂ ਨਿਭਾਈ ਜਾਂਦੀ ਪਰਿਵਾਰਕ ਜ਼ਿੰਮੇਵਾਰੀ ਤੋਂ ਸਬਕ ਸਿੱਖਣਾ ਚਾਹੀਦਾ ਹੈ |
ਮੁਰਗੇ ਤੇ ਬੱਕਰੇ ਦੀ ਬਲੀ : ਸਾਡੇ ਸਮਾਜ ਵਿਚ ਰਹਿਣ ਵਾਲੇ ਕੁਝ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਮੁਰਗੇ ਤੇ ਬੱਕਰੇ ਦੀ ਬਲੀ ਚਾੜ੍ਹਦੇ ਹਨ | ਕਈ ਫਿਰਕਿਆਂ ਵਿਚ ਧਾਰਨਾ ਪਾਈ ਜਾਂਦੀ ਹੈ ਕਿ ਕਿਸੇ ਨਾ ਕਿਸੇ ਦੇਵੀ ਦੇਵਤੇ ਨੂੰ ਮੁਰਗੇ ਦੀ ਬਲੀ ਚੜ੍ਹਾਈ ਜਾਵੇ ਤਾਂ ਘਰ ਵਿਚ ਬੱਚਾ ਪੈਦਾ ਹੋ ਸਕਦਾ ਹੈ | ਲੜਕਾ ਪੈਦਾ ਹੋਣ 'ਤੇ ਬਹੁਤੇ ਲੋਕ ਬੱਕਰੇ ਦੀ ਬਲੀ ਦਿੰਦੇ ਹਨ | ਇਹ ਸਾਰਾ ਕੁਝ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਬੱਚਾ ਹੋਣ ਜਾਂ ਨਾ ਹੋਣ ਦੇ ਕਾਰਨਾਂ ਦਾ ਮਨੁੱਖ ਨੂੰ ਪਤਾ ਨਹੀਂ ਸੀ | ਪਰ ਹੁਣ ਜਦੋਂ ਸਾਡੇ ਕੋਲ ਬੱਚਾ ਹੋਣ ਜਾਂ ਨਾ ਹੋਣ ਦੇ ਵਿਗਿਆਨਕ ਕਾਰਨ ਸਾਹਮਣੇ ਆ ਚੁੱਕੇ ਹਨ ਤਾਂ ਕਿਸੇ ਅੰਧ-ਵਿਸ਼ਵਾਸ ਦੇ ਕਾਰਨ ਮੁਰਗੇ ਅਤੇ ਬੱਕਰੇ ਦੀ ਬਲੀ ਨਹੀਂ ਦੇਣੀ ਚਾਹੀਦੀ |

-ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ | ਮੋਬਾ : 98761-01698.

19 ਜੂਨ ਨੂੰ ਨਿਲਾਮ ਹੋਵੇਗਾ ਚਿੱਤਰਕਾਰ ਪਿਕਾਸੋ ਤੇ ਉਸ ਦੀ ਪ੍ਰੇਮਿਕਾ ਮੈਰੀ ਦਾ ਕੀਮਤੀ ਚਿੱਤਰ

ਪਿਆਰ ਇਕ ਅਜਿਹੀ ਸੁਨਹਿਰੀ ਤੰਦ ਹੁੰਦੀ ਹੈ, ਜਿਸ ਵਿਚ ਪਰੋਏ ਗਏ ਮਣਕੇ ਦੀ ਅਹਿਮੀਅਤ ਦਾ ਨਾ ਕੋਈ ਸਿਰਾ ਲੱਭਦਾ ਹੈ ਅਤੇ ਨਾ ਉਸ ਦੀ ਕੀਮਤ ਦਾ ਕੋਈ ਸਿਖ਼ਰ | ਜੇ ਪਿਆਰ ਦੀ ਤਸਵੀਰ ਦੀ ਕੀਮਤ ਹੀ 30 ਕਰੋੜ ਰੁਪਏ ਦੀ ਹੱਦ ਲੰਘ ਜਾਵੇ ਤਾਂ ਪਿਆਰ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਕਿਸੇ ਦੇ ਵੱਸ ਵਿਚ ਨਹੀਂ | ਇਹ ਵਿਚਾਰ ਉਦੋਂ ਜ਼ਿਹਨ ਵਿਚ ਉਪਜੇ ਜਦੋਂ 'ਮੈਰੀ ਥੈਰੀਜ਼ ਵੈਲਟਰ' ਦੀ ਤਸਵੀਰ ਨਿਲਾਮੀ ਲਈ ਲੰਡਨ ਦੇ ਨਿਲਾਮ ਘਰ ਵਿਚ ਰੱਖਣ ਦਾ ਫ਼ੈਸਲਾ ਹੋਇਆ | ਇਹ ਸੁਣਦਿਆਂ ਹੀ ਮਨ ਵਿਚ ਸੁਆਲ ਉੱਠਦੈ ਕਿ ਕੌਣ ਹੈ ਮੈਰੀ ਥੈਰੀਜ਼ ਅਤੇ ਕੌਣ ਹੈ ਉਸ ਦੀ ਤਸਵੀਰ ਬਣਾਉਣ ਵਾਲਾ ਚਿੱਤਰਕਾਰ |
ਸਪੇਨ ਦੇ ਸ਼ਹਿਰ ਮਾਲਾਗਾ ਦੇ ਆਰਟ ਟੀਚਰ ਰੂਈਸ ਵਾਈ ਪਿਕਾਸੋ ਦੇ ਘਰ 25 ਅਕਤੂਬਰ 1881 ਨੂੰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਪਾਬਲੋ ਪਿਕਾਸੋ ਰੱਖਿਆ ਗਿਆ | ਪਿਤਾ ਵਲੋਂ ਮਿਲੇ ਗੁਣਾਂ ਸਦਕਾ ਉਹ 9 ਸਾਲ ਦੀ ਉਮਰ ਵਿਚ ਹੀ ਤਸਵੀਰਾਂ ਬਣਾਉਣ ਲੱਗ ਪਿਆ | ਪਿਤਾ ਨੇ ਉਸ ਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਬਰਸੀਲੋਨਾ ਵਿਖੇ ਆਰਟ ਦੀ ਉੱਚ ਵਿੱਦਿਆ ਲੈਣ ਲਈ ਭੇਜ ਦਿੱਤਾ ਅਤੇ 1904 ਵਿਚ ਉਹ ਪੈਰਿਸ ਵਿਚ ਸੈੱਟ ਹੋ ਗਿਆ | ਇਸ ਉਪਰੰਤ ਉਸ ਨੇ ਜਾਰਜ਼ ਬਰੈਕਿਊ ਨਾਲ ਮਿਲ ਕੇ ਆਰਟ ਦੀ ਨਵੀਂ ਵਿਧਾ ਕਿਊਬਇਜ਼ਮ ਦੀ ਸਥਾਪਨਾ ਕੀਤੀ ਅਤੇ ਕੋਲਾਜ਼ ਮੇਕਿੰਗ ਦੇ ਖੋਜੀਆਂ ਵਿਚ ਵੀ ਉਸ ਦਾ ਨਾਂਅ ਲਿਆ ਜਾਂਦਾ ਹੈ | 1907 ਵਿਚ ਉਸ ਨੇ 'ਲੈਸ ਡੀਮੋਸਿਲਿਜ਼ ਆਫ ਐਵਗਿਨਨ' ਨਾਂਅ ਦਾ ਚਿੱਤਰ ਬਣਾਇਆ ਜੋ ਦੁਨੀਆ ਦੇ ਪ੍ਰਸਿੱਧ ਚਿੱਤਰਾਂ ਵਿਚ ਸ਼ਾਮਿਲ ਹੈ |
ਪਿਕਾਸੋ ਨੇ ਓਲਗਾ ਖੁਸ਼ਖੁਲੋਵਾ ਨਾਲ ਸ਼ਾਦੀ ਕਰਵਾ ਲਈ ਅਤੇ ਕਲਾ ਦੇ ਨਾਲ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ | ਉਨ੍ਹਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ | ਇਸੇ ਦੌਰ ਵਿਚ ਸਾਲ 1927 ਵਿਚ ਉਸ ਨੂੰ ਇਕ 17 ਸਾਲਾ ਲੜਕੀ ਮੈਰੀ ਥੈਰੀਜ਼ ਮਿਲੀ, ਜੋ ਚਿੱਤਰਕਾਰ ਵੀ ਸੀ | ਉਸ ਦੀ ਪਿਕਾਸੋ ਨਾਲ ਲਗਾਤਾਰ ਮਿਲਣੀ ਪਿਆਰ ਵਿਚ ਬਦਲ ਗਈ ਅਤੇ ਇਹ ਪਿਆਰ ਜਲਦੀ ਹੀ ਸਿਖ਼ਰਾਂ 'ਤੇ ਪੁੱਜ ਗਿਆ | 1932 ਵਿਚ ਪਿਕਾਸੋ ਨੇ ਆਪਣੀ ਇਸ ਮਹਿਬੂਬਾ ਦਾ ਚਿੱਤਰ ਬਣਾਇਆ, ਇਹ ਚਿੱਤਰ ਬਣਾਉਣ ਸਮੇਂ ਰੰਗਾਂ ਵਿਚ ਘੁਲੇ ਪਿਆਰ ਨੇ ਉਸ ਦੀ ਧੁਰ ਅੰਦਰ ਦੀ ਰੀਝ ਪੂਰੀ ਕੀਤੀ | 1935 ਵਿਚ ਮੈਰੀ ਥੈਰੀਜ਼ ਗਰਭਵਤੀ ਹੋ ਗਈ ਤਾਂ ਉਨ੍ਹਾਂ ਦੇ ਸਬੰਧਾਂ ਦਾ ਪਰਦਾਫਾਸ਼ ਹੋ ਗਿਆ ਅਤੇ ਪਿਕਾਸੋ ਦੀ ਪਤਨੀ ਨੇ ਦੋਵਾਂ ਨੂੰ ਅਲੱਗ-ਅਲੱਗ ਰਹਿਣ ਲਈ ਮਜਬੂਰ ਕਰ ਦਿੱਤਾ ਅਤੇ ਮੈਰੀ ਨੇ ਵੱਖ ਰਹਿੰਦਿਆਂ ਇਕ ਪੁੱਤਰੀ ਨੂੰ ਜਨਮ ਦਿੱਤਾ |
ਇਸ ਸਮੇਂ ਤੱਕ ਪਿਕਾਸੋ ਦਾ ਨਾਂਅ ਵੀਹਵੀਂ ਸਦੀ ਦੇ ਮਹਾਨ ਚਿੱਤਰਕਾਰਾਂ, ਬੁੱਤਘਾੜਿਆਂ ਤੇ ਸਟੇਜ ਡਿਜ਼ਾਈਨਰਾਂ ਵਿਚ ਸ਼ਾਮਿਲ ਹੋ ਗਿਆ ਸੀ | 1937 ਵਿਚ ਉਸ ਦਾ ਬਣਾਇਆ ਚਿੱਤਰ 'ਗੁਨੀਮਿਕਾ' ਬਹੁਤ ਪ੍ਰਸਿੱਧ ਹੋਇਆ, ਜੋ ਸਪੇਨ ਦੀ ਘਰੇਲੂ ਲੜਾਈ ਮੌਕੇ ਰਾਸ਼ਟਰਵਾਦੀ ਤਾਕਤਾਂ ਦੇ ਇਸ਼ਾਰੇ 'ਤੇ ਜਰਮਨ ਤੇ ਇਟਾਲਵੀ ਯੁੱਧ ਦੇ ਜਹਾਜ਼ਾਂ ਵਲੋਂ ਪਿੰਡ ਬਾਸਕ ਵਿਖੇ ਕੀਤੀ ਬੰਬਾਰੀ ਨੂੰ ਦਰਸਾਉਂਦਾ ਹੈ ਅਤੇ ਨਾਜ਼ੀ ਹਮਲਾਵਰਾਂ ਵਿਰੁੱਧ ਰੋਸ ਪ੍ਰਗਟਾਉਂਦਾ ਹੈ | 'ਦੀ ਸ਼ਿਕਾਗੋ ਪਿਕਾਸੋ' ਨਾਂਅ ਦੀ ਉਸ ਨੇ ਇਕ ਪੰਜਾਹ ਫੁੱਟ ਉੱਚੀ ਮੂਰਤੀ ਬਣਾਈ, ਜਿਸ ਦੀ ਉਸ ਸਮੇਂ ਕੀਮਤ ਇਕ ਲੱਖ ਡਾਲਰ ਮਿਥੀ ਗਈ ਸੀ, ਪਰ ਪਿਕਾਸੋ ਨੇ ਇਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਮੂਰਤੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ | 'ਦੀ ਵੀਪਿੰਗ ਵੋਮੈਨ' ਵੀ ਉਸ ਦੀ ਸੰਸਾਰ ਪੱਧਰ ਦੀ ਕਲਾਕ੍ਰਿਤੀ ਹੈ | ਉਸ ਨੇ ਆਪਣੇ ਜੀਵਨ ਭਰ ਵਿਚ ਕਰੀਬ 20 ਹਜ਼ਾਰ ਚਿੱਤਰ ਅਤੇ ਕਲਾਕ੍ਰਿਤੀਆਂ ਬਣਾਈਆਂ |
8 ਅਪ੍ਰੈਲ, 1973 ਨੂੰ ਉਹ ਫਰਾਂਸ ਦੇ ਸ਼ਹਿਰ ਮੰਗਿਨਜ਼ ਵਿਚ ਆਪਣੇ ਕਲਾ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਿਆ | ਉਸ ਵਲੋਂ ਆਪਣੀ ਪ੍ਰੇਮਿਕਾ ਮੈਰੀ ਥੈਰੀਜ਼ ਦਾ 1932 ਵਿਚ ਬਣਾਇਆ ਉਹ ਚਿੱਤਰ ਹੀ ਹੈ, ਜਿਸ ਨੂੰ ਇਸ ਮਹੀਨੇ ਲੰਡਨ ਦੇ 'ਸੋਬਬੀ ਨਿਲਾਮ ਘਰ' ਵਿਚ ਨਿਲਾਮੀ ਲਈ ਰੱਖਿਆ ਜਾਣਾ ਹੈ | ਇਸ ਚਿੱਤਰ ਦੀ ਕੀਮਤ 30 ਕਰੋੜ ਭਾਰਤੀ ਰੁਪਏ ਤੋਂ ਵੱਧ ਮੰਨੀ ਜਾ ਰਹੀ ਹੈ |

-ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ |
ਮੋਬਾਈਲ: 098882-75913.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਭਾਪਾ ਪ੍ਰੀਤਮ ਸਿੰਘ ਦੇ ਮਹਿਰੋਲੀ ਵਾਲੇ ਫਾਰਮ ਦੀ ਹੈ | ਇਥੇ ਹਰ ਸਾਲ ਜਨਵਰੀ ਮਹੀਨੇ ਵਿਚ 'ਧੁੱਪ ਦਾ ਨਿੱਘ' ਦੇ ਨਾਂਅ ਨਾਲ ਪ੍ਰੋਗਰਾਮ ਕੀਤਾ ਜਾਂਦਾ ਸੀ | ਹੁਣ ਵੀ ਹੁੰਦਾ ਹੈ, ਪਰ ਉਸ ਤਰ੍ਹਾਂ ਦੀ ਰੌਣਕ ਨਹੀਂ ਹੁੰਦੀ |
ਭਾਪਾ ਜੀ ਦੇ ਜਿਊਾਦਿਆਂ ਦਿੱਲੀ ਦੇ ਸਾਰੇ ਸਾਹਿਤਕਾਰ ਤੇ ਕਲਾਕਾਰ ਵੱਡੇ-ਛੋਟੇ ਆਉਂਦੇ ਸਨ | ਜਿਸ ਤਰ੍ਹਾਂ ਇਸ ਤਸਵੀਰ ਵਿਚ ਸੱਜੇ ਪਾਸੇ ਤੋਂ ਵੇਖੀਏ ਤਾਂ ਪਹਿਲੇ ਡਾ: ਜਸਵੰਤ ਸਿੰਘ ਨੇਕੀ, ਡਾ: ਹਰਿਭਜਨ ਸਿੰਘ, ਸ: ਕਰਤਾਰ ਸਿੰਘ ਦੁੱਗਲ, ਸ: ਬਲਵੰਤ ਸਿੰਘ ਰਾਮੂਵਾਲੀਆ, ਗਾਉਂਦੇ ਹੋਏ ਸ: ਆਸਾ ਸਿੰਘ ਮਸਤਾਨਾ, ਸ: ਪਿਆਰਾ ਸਿੰਘ ਸਹਿਰਾਈ ਤੇ ਸ: ਹਰਭਜਨ ਸਿੰਘ ਹੁੰਦਲ ਬੈਠੇ ਹਨ | ਇਹ ਯਾਦਗਾਰੀ ਤਸਵੀਰ ਬਣ ਗਈ ਏ |

-ਮੋਬਾਈਲ : 98767-41231

ਬ੍ਰਹਿਮੰਡ ਦੇ ਵਿਨਾਸ਼ਕਾਰੀ ਯੁੱਗ ਵਿਚ ਦਫ਼ਨ ਸੀ ਮਨੁੱਖੀ ਹੋਂਦ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਧਰਤੀ ਕੋਲ ਆਪਣਾ ਵੀ ਇਕ ਮੈਗਨੇਟਿਕ ਫੀਲਡ ਭਾਵ ਚੁੰਬਕੀ ਖੇਤਰ ਹੈ ਜੋ ਕਿ ਆਪਣੇ ਧਰੁਵਾਂ ਦੁਆਲੇ ਫੈਲ ਕੇ ਧਰਤੀ ਨੂੰ ਸੁਰੱਖਿਆ ਦਿੰਦਾ ਹੈ ਅਤੇ ਘਾਤਕ ਸੌਰ ਤੂਫਾਨਾਂ ਅਤੇ ਰੇਡੀਏਸ਼ਨ ਤੋਂ ਬਚਾਉਂਦਾ ਹੈ | ਪਿ੍ਥਵੀ ਸੂਰਜ ਦਾ ਇਕ ਚੱਕਰ ਲਗਪਗ 365 ਦਿਨਾਂ ਵਿਚ ਲਾਉਂਦੀ ਹੈ ਅਤੇ ਆਪਣੇ ਧੁਰੇ ਦੁਆਲੇ ਇਕ ਚੱਕਰ 24 ਘੰਟਿਆਂ ਵਿਚ ਪੂਰਾ ਕਰਦੀ ਹੈ | ਇਸ ਕਾਰਨ ਹੀ ਧਰਤੀ ਦੇ ਇਕ ਹਿੱਸੇ ਤੇ ਦਿਨ ਹੁੰਦਾ ਹੈ ਅਤੇ ਇਕ ਹਿੱਸੇ ਉਪਰ ਰਾਤ ਪੈ ਜਾਂਦੀ ਹੈ | ਅਰਬਾਂ ਸਾਲਾਂ ਦੇ ਵਿਕਾਸ ਤੋਂ ਬਾਅਦ ਵੀ ਸਮੁੰਦਰਾਂ ਤੋਂ ਬਾਅਦ ਧਰਤੀ ਦੀ ਜ਼ਮੀਨ 'ਤੇ ਜੀਵਨ ਤਾਂ ਸ਼ੁਰੂ ਹੋ ਗਿਆ ਸੀ ਪਰ ਅਜੇ ਇਹ ਡਾਇਨਾਸੋਰ ਰਾਜ ਦਾ ਬੋਲਬਾਲਾ ਸੀ | ਇਹ ਰਾਜ ਲਗਪਗ 15 ਕਰੋੜ ਸਾਲਾਂ ਤੱਕ ਜਾਰੀ ਰਿਹਾ | ਸਮੇਂ ਦੀ ਚਾਲ ਨਾਲ ਧਰਤੀ 'ਤੇ ਅਚਾਨਕ ਦੁਬਾਰਾ ਵਿਨਾਸ਼ ਹੋਇਆ | ਧਰਤੀ ਨਾਲ ਕੋਈ ਵੱਡੇ ਆਕਾਰ ਦਾ ਟੁਕੜਾ ਆ ਟਕਰਾਇਆ ਜਿਸ ਕਾਰਨ ਹੀ ਥਾਂ ਥਾ ਤੂਫਾਨ ਆਉਣ ਨਾਲ ਅੱਗ ਲੱਗ ਗਈ | ਟੱਕਰ ਦੀ ਜ਼ਬਰਦਸਤ ਤਾਕਤ ਨਾਲ ਐਨੀ ਧੂੜ ਆਸਮਾਨ ਵਿਚ ਜਮ੍ਹਾ ਹੋ ਗਈ ਹੋਵੇਗੀ ਜਿਸ ਕਾਰਨ ਸੂਰਜ ਦੀ ਰੌਸ਼ਨੀ ਧਰਤੀ 'ਤੇ ਆਉਣੀ ਬੰਦ ਹੋ ਗਈ ਅਤੇ ਧਰਤੀ 'ਤੇ ਇਕ ਹਿੰਮ ਯੁੁੱਗ ਬਣ ਗਿਆ ਸੀ | ਨਾਲ ਹੀ ਤੇਜ਼ਾਬੀ ਵਰਖਾ ਚਲਦੀ ਰਹੀ ਜਿਸ ਸਦਕਾ ਡਾਇਨਾਸੋਰ ਪ੍ਰਜਾਤੀ ਲੁਪਤ ਹੋ ਗਈ | ਧਰਤੀ ਤੋਂ ਜੁਰਾਸਿਕ (ਡਾਇਨਾਸੋਰ) ਰਾਜ ਦਾ ਵੀ ਪਤਨ ਕੁਦਰਤ ਵਲੋਂ ਹੀ ਕੀਤਾ ਗਿਆ | ਫਿਰ ਸਮੇਂ ਨਾਲ ਸ਼ੁੱਧ ਵਾਤਾਵਰਨ ਵਿਚ ਥਣਧਾਰੀ ਨਵੇਂ ਜੀਵਨ ਦੀ ਆਮਦ ਹੋਈ ਜਿਨ੍ਹਾਂ ਦੀਆਂ ਪ੍ਰਜਾਤੀਆਂ ਕਰੋੜਾਂ ਸਾਲਾਂ ਦੇ ਵਿਕਾਸ ਤੋਂ ਬਾਅਦ ਅੱਗੇ ਹੋਰ ਜੀਵ ਜੰਤੂਆਂ ਵਿਚ ਵਿਕਸਤ ਹੋ ਕੇ ਹੀ ਅੱਜ ਦੀਆਂ ਹਜ਼ਾਰਾਂ ਜਟਿਲ ਪ੍ਰਜਾਤੀਆਂ ਬਣ ਸਕੀਆਂ, ਜਿਨ੍ਹਾਂ ਵਿਚੋਂ ਹੀ ਇਕ ਸਾਡੀ ਮਨੁੱਖੀ ਜਾਤੀ ਹੈ ਜੋ ਕਿ ਲਗਪਗ ਦੋ ਲੱਖ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਧਰਤੀ ਉੱਪਰ ਰਾਜ ਕਰ ਰਹੀ ਹੈ | ਜੇਕਰ ਧਰਤੀ ਦੇ ਜਨਮ ਦੀ ਕਹਾਣੀ ਦੇਖੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਕਰੋੜਾਂ ਸਾਲਾਂ ਵਿਚ ਵਿਨਾਸ਼ ਚਲਦਾ ਰਿਹਾ ਅਤੇ ਮਾਨਵ ਜਾਤੀ ਹੋਂਦ ਵਿਚ ਆ ਸਕੀ | ਵਿਗਿਆਨੀ ਇਹ ਮੰਨਦੇ ਹਨ ਕਿ ਧਰਤੀ 'ਤੇ ਕਰੋੜਾਂ ਸਾਲ ਪਹਿਲਾਂ ਹੋਏ ਵਿਨਾਸ਼ ਦੀ ਪ੍ਰਕਿਆ ਦੁਬਾਰਾ ਵੀ ਹੋ ਸਕਦੀ ਹੈ ਪਰ ਕਦੋਂ? ਅਜੇ ਇਸ ਬਾਰੇ ਵਿਗਿਆਨ ਨੇ ਕੋਈ ਅੰਕੜੇ ਪੇਸ਼ ਨਹੀਂ ਕੀਤੇ | ਵਿਗਿਆਨ ਅਨੁਸਾਰ ਸਾਡੀ ਧਰਤੀ 'ਤੇ ਹਰ ਸਮੇਂ ਬਾਹਰੋਂ ਕਿਸੇ ਵੀ ਧੂਮਕੇਤੂ ਜਾਂ ਉਲਕਾ ਪਿੰਡ ਦੀ ਟੱਕਰ ਦਾ ਖਤਰਾ ਹਰ ਸਮੇਂ ਬਣਿਆ ਹੋਇਆ ਹੈ ਜੋ ਕਿ ਇਕ ਟੱਕਰ ਨਾਲ ਹੀ ਸਾਡੀ ਪਿ੍ਥਵੀ ਤੋਂ ਮਾਨਵ ਜਾਤੀ ਲੁਪਤ ਕਰ ਸਕਦਾ ਹੈ | ਪਰ ਇਨ੍ਹਾਂ ਬਾਹਰੀ ਖਤਰਿਆਂ ਦਾ ਡਰ ਤਾਂ ਅਜੇ ਭਵਿੱਖ ਤੱਕ ਹੀ ਸੀਮਤ ਹੈ | ਮਾਨਵ ਨੇ ਤਾਂ ਖੁਦ ਆਪਣੀ ਜਾਤੀ ਲੁਪਤ ਕਰਨ ਲਈ ਖਤਰੇ ਪੈਦਾ ਕਰ ਲਏ ਹਨ ਜਿਨ੍ਹਾਂ 'ਤੇ ਕਾਬੂ ਪਾਉਣਾ ਚੁਣੌਤੀ ਬਣਦਾ ਜਾ ਰਿਹਾ ਹੈ | ਸੰਸਾਰ ਦੀ ਵਧ ਰਹੀ ਆਬਾਦੀ, ਵਧ ਰਿਹਾ ਪ੍ਰਦੂਸ਼ਣ, ਪਰਮਾਣੂ ਹਥਿਆਰਾਂ ਦੀ ਵਧ ਰਹੀ ਦੌੜ ਅਜਿਹੇ ਹੋਰ ਵੀ ਸੈਂਕੜੇ ਖਤਰੇ ਮਨੁੱਖੀ ਦੇਣ ਹਨ ਜੋ ਕਿ ਧਰਤੀ 'ਤੇ ਮਾਨਵ ਦੀ ਹੋਂਦ ਲਈ ਖਤਰੇ ਦੀ ਘੰਟੀ ਹਨ | (ਸਮਾਪਤ)

-ਪਟਿਆਲਾ |
ਸੰਪਰਕ : 99149-57073

ਅਤੀਤ ਦੇ ਝਰੋਖੇ 'ਚੋਂ ਕ੍ਰਿਸ਼ਮਾ

ਮਿਸਟਰ ਲਾਲ ਰਿਟਾਇਰਡ ਜ਼ਿੰਦਗੀ ਬਸਰ ਕਰ ਰਹੇ ਹਨ | ਉਨ੍ਹਾਂ ਦੇ ਇਕ ਜਿਗਰੀ ਦੋਸਤ ਮਿਸਟਰ ਸਿੰਘ ਸਨ, ਪਰ ਅੱਜ ਉਹ ਇਸ ਸੰਸਾਰ ਵਿਚ ਨਹੀਂ ਹਨ | ਇਕ ਹੀ ਸ਼ਹਿਰ ਅਤੇ ਇਕ ਹੀ ਮੁਹੱਲੇ ਦੇ ਜੰਮਪਲ ਅਤੇ ਹਮਜ਼ਮਾਤੀ ਸਨ | ਇਕ ਹੀ ਹਵਾ ਵਿਚ ਸਾਹ ਲੈਂਦਿਆਂ ਅਤੇ ਇਕ ਹੀ ਮਿੱਟੀ ਵਿਚ ਖੇਡਦਿਆਂ ਉਨ੍ਹਾਂ ਦਾ ਬਚਪਨ ਗੁਜਰਿਆ ਸੀ | ਬਾਅਦ ਵਿਚ ਵੀ, ਦੋਵਾਂ ਪਰਿਵਾਰਾਂ ਦੀ ਨੇੜਤਾ ਕਈ ਸਾਲ ਬਰਕਰਾਰ ਰਹੀ ਅਤੇ ਦੋਵੇਂ ਪਰਿਵਾਰ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਾਂਝੀਵਾਲ ਸਨ | ਮਿਸਟਰ ਸਿੰਘ ਦਾ ਆਪਣੇ ਹੀ ਸ਼ਹਿਰ ਵਿਚ ਨਾਮੀ ਸ਼ੋਅਰੂਮ ਸੀ | ਕੰਮ ਚੰਗਾ ਸੀ | ਉਹ ਸ਼ਹਿਰ ਦੀ ਨਗਰ ਕੌਾਸਲ ਦੇ ਮੈਂਬਰ ਵੀ ਸਨ ਅਤੇ ਉਚ-ਕੋਟੀ ਦੇ ਸਮਾਜ ਸੇਵੀ ਵੀ | ਪਰ ਉਨ੍ਹਾਂ ਦੇ ਇਸ ਸੰਸਾਰ ਤੋਂ ਚਲਾਣਾ ਕਰਨ ਤੋਂ ਬਾਅਦ ਸਾਰੀ ਜ਼ਿੰਮੇਵਾਰੀ, ਉਨ੍ਹਾਂ ਦੇ ਬੇਟੇ ਰਮਨਜੀਤ 'ਤੇ ਆ ਗਈ | ਦਿਨਾਂ ਦੀ ਗੱਲ ਹੁੰਦੀ ਹੈ | ਹੌਲੀ-ਹੌਲੀ ਫ਼ਰਨੀਚਰ ਦੇ ਸ਼ੋਅ ਰੂਮ ਦਾ ਕੰਮ ਘਟਦਾ ਗਿਆ | ਮਿਸਟਰ ਲਾਲ ਨੇ ਆਪਣਾ ਨਵਾਂ ਘਰ, ਸ਼ਹਿਰ ਤੋਂ ਬਾਹਰ ਬਾਹਰ ਇਕ ਨਵੀਂ ਕਾਲੋਨੀ ਵਿਚ ਬਣਾ ਲਿਆ ਸੀ | ਘਰਾਂ ਦੀ ਦੂਰੀ ਵਧ ਗਈ ਸੀ ਪਰ ਨਾਲ ਹੀ ਨਵੀਂ ਪੀੜ੍ਹੀ ਆਉਣ ਕਰਕੇ ਦਿਲਾਂ ਦੀ ਦੂਰੀ ਵੀ ਵਧ ਗਈ ਸੀ |
ਮਿਸਟਰ ਲਾਲ ਦਸ-ਪੰਦਰਾਂ ਦਿਨਾਂ ਬਾਅਦ ਲੰਘਦਿਆਂ-ਲੰਘਾਉਂਦਿਆਂ ਰਮਨਜੀਤ ਦੇ ਸ਼ੋਅ ਰੂਮ ਵਿਚ ਫੇਰੀ ਪਾ ਕੇ ਉਸ ਦੀ ਅਤੇ ਪਰਿਵਾਰ ਦੀ ਰਾਜ਼ੀ-ਖ਼ੁਸ਼ੀ ਦਾ ਪਤਾ ਲੈ ਜਾਂਦੇ ਸੀ | ਪਰ ਕੁਝ ਕਾਰਨਾਂ ਕਰਕੇ ਦੋ ਮਹੀਨੇ ਤੋਂ ਵੀ ਵਧ ਸਮਾਂ ਹੋ ਗਿਆ ਸੀ, ਮਿਸਟਰ ਲਾਲ, ਰਮਨਜੀਤ ਨੂੰ ਨਹੀਂ ਮਿਲ ਸਕੇ ਸਨ | ਇਕ ਦਿਨ ਜਦ ਉਹ ਸ਼ੋਅ ਰੂਮ ਆਏ, ਤਾਂ ਦੇਖਿਆ ਕਿ ਰਮਨਜੀਤ ਇਕੱਲਾ ਹੀ ਬੈਠਾ ਸੀ | ਉਸ ਦੀ ਸ਼ਕਲੋ-ਸੂਰਤ, ਉਸ ਦਾ ਪਹਿਵਾਰਾ ਅਤੇ ਦਫ਼ਤਰ ਵਿਚ ਪਈਆਂ ਚੀਜ਼ਾਂ ਦੀ ਭੈੜੀ ਹਾਲਤ ਨੇ ਮਿਸਟਰ ਲਾਲ ਨੂੰ ਭੈਅ-ਭੀਤ ਕਰ ਦਿੱਤਾ | ਇਸ ਤੋਂ ਪਹਿਲਾਂ ਕਿ ਮਿਸਟਰ ਲਾਲ, ਇਸ ਸਭ ਕੁਝ ਬਾਰੇ ਰਮਨਜੀਤ ਨੂੰ ਪੁੱਛਦਾ, ਦਫ਼ਤਰ ਵਿਚ ਦੋ ਔਰਤਾਂ ਅਤੇ ਤਿੰਨ ਬੰਦਿਆਂ ਨੇ ਪ੍ਰਵੇਸ਼ ਕੀਤਾ | ਉਨ੍ਹਾਂ ਨੇ ਫ਼ਰਨੀਚਰ ਦਿਖਾਉਣ ਲਈ ਆਖਿਆ | ਰਮਨਜੀਤ ਲਿਸ਼ਕਾਰੇ ਦੀ ਤੇਜ਼ੀ ਨਾਲ ਉਠਿਆ ਅਤੇ ਉਨ੍ਹਾਂ ਨੂੰ ਲੈ ਕੇ ਸ਼ੋਅ ਰੂਮ ਦੇ ਅੰਦਰ ਫ਼ਰਨੀਚਰ ਦਿਖਾਉਣ ਲਈ ਲੈ ਗਿਆ | ਮਿਸਟਰ ਲਾਲ, ਦਫ਼ਤਰ ਵਿਚ ਬੈਠਾ ਕਦੇ ਆਪਣੇ ਦੋਸਤ ਦੀ ਹਾਰ ਵਾਲੀ ਫੋਟੋ ਨੂੰ ਮਿੱਟੀ ਨਾਲ ਭਰੀ ਦੇਖਦਾ ਅਤੇ ਕਦੇ ਦਫ਼ਤਰ ਵਿਚ ਪਈਆਂ ਚੀਜ਼ਾਂ ਦੀ ਭੈੜੀ ਹਾਲਤ ਨੂੰ | ਫੇਰ ਉਸ ਨੂੰ ਪੁਰਾਣੀਆਂ ਯਾਦਾਂ ਨੇ ਘੇਰ ਲਿਆ | ਗਾਹਕ ਤਾਂ ਬਾਹਰ ਚਲੇ ਗਏ, ਰਮਨਜੀਤ ਚੁੱਪ-ਚਾਪ ਆ ਕੇ ਆਪਣੀ ਕੁਰਸੀ 'ਤੇ ਬੈਠ ਗਿਆ | ਮਿਸਟਰ ਲਾਲ ਨੂੰ , ਨਾ ਉਸ ਵਲੋਂ ਫ਼ਤਹਿ ਬੁਲਾਈ ਗਈ | ਅਤੇ ਨਾ ਹੀ ਰਸਮੀ ਤੌਰ 'ਤੇ ਪਾਣੀ ਵਗੈਰਾ ਪੁੱਛਿਆ ਗਿਆ | ਉਸ ਦੀਆਂ ਅੱਖਾਂ ਸੇਜਲ ਹੋ ਗਈਆਂ ਸਨ | ਛੋਟੇ-ਛੋਟੇ ਹੰਝੂ ਡਿਗਣੇ ਸ਼ੁਰੂ ਹੋ ਗਏ ਅਤੇ ਫੇਰ ਹੰਝੂਆਂ ਦਾ ਬਦਲ ਫਟ ਗਿਆ |
ਮਿਸਟਰ ਲਾਲ ਨੇ ਉਸ ਦਾ ਹੌਸਲਾ ਕਾਇਮ ਕਰਨ ਦੀ ਕੋਸ਼ਿਸ਼ ਕਰਦਿਆਂ ਪੁੱਛਿਆ, 'ਬਰਖੁਰਦਾਰ ਕੀ ਗੱਲ ਹੈ?' ਉਸ ਦੀ ਖਾਮੋਸ਼ੀ ਨੇ ਉਸ ਦੇ ਅੰਦਰਲੇ ਜਜ਼ਬੇ ਨੂੰ ਜਿਹੜਾ ਬੰਨ੍ਹ ਲਾਇਆ ਹੋਇਆ ਸੀ, ਉਹ ਟੁੱਟ ਗਿਆ ਅਤੇ ਇਸ ਜਜ਼ਬੇ ਨੇ ਸ਼ਬਦਾਂ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ | 'ਅੰਕਲ, ਇਕ ਮਹੀਨੇ ਤੋਂ ਉੱਪਰ ਹੋ ਗਿਆ ਹੈ, ਕੋਈ ਗਾਹਕ ਨਹੀਂ | ਕਿਤੋਂ ਕੋਈ ਪੈਸਾ ਨਹੀਂ ਆਇਆ | ਜੇਬ ਵਿਚ ਇਕ ਪੈਸਾ ਵੀ ਨਹੀਂ ਹੈ | ਘਰ ਵਾਲੇ ਖਰਚ ਪਾਣੀ ਮੰਗਦੇ ਹਨ | ਬੱਚਿਆਂ ਦੀ ਫੀਸ ਦੇਣੀ ਹੈ | ਬਿਜਲੀ ਦਾ ਬਿਲ ਦੇਣ ਵਾਲਾ ਹੈ ਅਤੇ ਕਾਰੀਗਰਾਂ ਦਾ ਮਿਹਨਤਾਨਾ ਦੇਣਾ ਹੈ | ਕਾਰੀਗਰ ਹਰ ਸ਼ਾਮ ਨੂੰ ਮੇਰੇ ਸਾਹਮਣੇ ਆ ਕੇ ਚੁੱਪ-ਚਾਪ ਖੜ੍ਹੇ ਹੋ ਜਾਂਦੇ ਹਨ | ਮੈਨੂੰ ਉਨ੍ਹਾਂ ਦੇ ਉਹ ਬੱਚੇ ਨਜ਼ਰ ਆਉਂਦੇ ਹਨ, ਜਿਹੜੇ ਉਨ੍ਹਾਂ ਦੇ ਘਰ ਪਹੁੰਚਦਿਆਂ ਸਾਰ ਹੀ, ਉਨ੍ਹਾਂ ਦੇ ਥੈਲੇ ਇਸ ਆਸ ਨਾਲ ਫਰੋਲਦੇ ਹਨ ਕਿ ਅੱਜ ਭਾਪਾ ਉਨ੍ਹਾਂ ਲਈ ਕੋਈ ਚੀਜ਼ ਖਾਣ ਲਈ ਜ਼ਰੂਰ ਲਿਆਇਆ ਹੋਵੇਗਾ | ਪਰ ਉਨ੍ਹਾਂ ਨੂੰ ਨਿਰਾਸ਼ਾ ਮਿਲਦੀ ਹੈ | ਪਰ ਮੇਰੇ ਪਾਸ ਸਿਵਾਏ, ਇਸ ਸ਼ਬਦ ਦੇ 'ਕੱਲ੍ਹ ਨੂੰ ' ਹੋਰ ਕੁਝ ਨਹੀਂ ਹੰਦਾ | ਦੇਣਦਾਰੀਆਂ ਵੀ ਬਹੁਤ ਤੰਗ ਕਰਦੀਆਂ ਹਨ | ਆਈ-ਚਲਾਈ ਬਿਲਕੁਲ ਠੱਪ ਹੈ | ਜੇ ਰੱਬ ਨੇ ਇਹ ਗਾਹਕ ਭੇਜੇ ਸਨ ਤਾਂ ਉਹ ਵੀ ਚਲੇ ਗਏ | ਚੰਗਾ ਹੁੰਦਾ ਜੇ ਮੈਂ ਮੁੱਲ ਘੱਟ ਕਰ ਕੇ, ਉਨ੍ਹਾਂ ਨੂੰ ਮਾਲ ਚੁਕਾ ਦਿੰਦਾ ਪਰ ਮੁਸੀਬਤ ਵਿਚ ਅਕਲ ਵੀ ਸਾਥ ਛੱਡ ਜਾਂਦੀ ਹੈ |' ਮਿਸਟਰ ਲਾਲ ਖੜ੍ਹੇ ਹੋਏ ਅਤੇ ਉਸ ਦੀ ਸੀਟ 'ਤੇ ਜਾ ਕੇ, ਉਸ ਨੂੰ ਗਲਵਕੜੀ ਵਿਚ ਲੈਣ ਦੀ ਕੋਸ਼ਿਸ਼ ਕੀਤੀ | ਰਮਨਜੀਤ ਵੀ ਖੜ੍ਹਾ ਹੋ ਗਿਆ | ਮਿਸਟਰ ਲਾਲ ਨੇ ਪਿਤਾ ਦੇ ਪਿਆਰ ਵਾਲਾ ਹੱਥ ਉਸ ਦੇ ਸਿਰ 'ਤੇ ਰੱਖਦਿਆਂ ਆਖਿਆ, 'ਬੇਟਾ, ਵਾਹਿਗੁਰੂ ਦੇ ਘਰ ਵਿਚ ਕੋਈ ਘਾਟ ਨਹੀਂ ਹੈ | ਕਈ ਵਾਰ ਉਹ ਸਾਡੀ ਪ੍ਰੀਖਿਆ ਲੈਂਦਾ ਹੈ | ਜੇ ਅਸੀਂ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਉਹ ਆਪਾਂ ਨੂੰ ਗੋਦ ਵਿਚ ਬਿਠਾ ਲੈਂਦਾ ਹੈ | ਫਿਰ ਉਹ ਜਾਣੇ ਤੇ ਉਸ ਦਾ ਕੰਮ ਜਾਣੇ | ਪਰ ਇਸ ਲਈ ਉਸ ਦੇ ਪ੍ਰਤੀ ਪੂਰਨ ਸਮਰਪਣ ਦੀ ਲੋੜ ਹੁੰਦੀ ਹੈ | ਮਿਸਟਰ ਲਾਲ ਇਹ ਕਹਿੰਦਿਆਂ ਆਪਣੀ ਕੁਰਸੀ 'ਤੇ ਆ ਗਏ | ਰਮਨਜੀਤ ਵੀ ਆਪਣੀ ਕੁਰਸੀ 'ਤੇ ਬੈਠ ਗਿਆ | ਮਿਸਟਰ ਲਾਲ ਨੇ ਦੇਖਿਆ ਕਿ ਰਮਨਜੀਤ ਦੀਆਂ ਅੱਖਾਂ ਮੀਟੀਆਂ ਜਾ ਰਹੀਆਂ ਹਨ | ਉਸ ਦੇ ਚਿਹਰੇ ਦੇ ਹਾਵ-ਭਾਵ ਵੀ ਬਦਲ ਰਹੇ ਹਨ | ਚਿਹਰੇ 'ਤੇ ਰੂਹਾਨੀ ਨੂਰ ਦੀ ਝਲਕ ਪ੍ਰਤੀਤ ਹੋਣ ਲੱਗੀ | ਮਿਸਟਰ ਲਾਲ ਨੂੰ ਵਿਸ਼ਵਾਸ ਹੋਣ ਲੱਗਿਆ ਕਿ ਉਹ ਪ੍ਰਮਾਤਮਾ ਦੀ ਗੋਦ ਵਿਚ ਚਲਿਆ ਗਿਆ ਹੈ | ਦਸ-ਪੰਦਰਾਂ ਮਿੰਟ ਬਾਅਦ ਉਹ ਗਾਹਕ ਫਿਰ ਆ ਗਏ | ਦਫ਼ਤਰ ਦੇ ਬਾਹਰੋਂ ਹੀ ਉਨ੍ਹਾਂ ਨੇ ਆਵਾਜ਼ ਦਿੱਤੀ, 'ਸਰਦਾਰ ਜੀ, ਜ਼ਰਾ ਆਓ |'
ਉਹ ਊਰਜਾ ਨਾਲ ਭਰਪੂਰ ਹੋਇਆ ਉਠਿਆ ਤੇ ਉਨ੍ਹਾਂ ਦੀ ਅਗਵਾਈ ਕਰਦਾ ਸ਼ੋਅ ਰੂਮ ਵਿਚ ਲੈ ਗਿਆ | ਪੰਜ-ਸੱਤ ਮਿੰਟਾਂ ਵਿਚ ਸਾਰੇ ਦਫ਼ਤਰ ਵਿਚ ਆ ਗਏ | ਚੀਜ਼ਾਂ ਪਸੰਦ ਆ ਗਈਆਂ ਸਨ | ਬਿਲ ਬਣਾਉਣ ਲਈ ਆਖਿਆ ਗਿਆ | ਦੋ ਲੱਖ ਸੱਤਰ ਹਜ਼ਾਰ ਦਾ ਬਿਲ ਬਣਿਆ | ਅਦਾਇਗੀ ਹੋ ਗਈ | ਉਨ੍ਹਾਂ ਨੇ ਆਪਣਾ ਪਤਾ ਅਤੇ ਟੈਲੀਫੋਨ ਨੰਬਰ ਲਿਖਾਉਂਦਿਆਂ ਆਖਿਆ ਕਿ ਸ਼ਾਮ ਤੱਕ ਸਾਮਾਨ ਜ਼ਰੂਰ ਪਹੁੰਚਾ ਦੇਣਾ | ਹੱਥ ਮਿਲਾਏ ਗਏ ਅਤੇ ਬੜੀ ਗਰਮਜੋਸ਼ੀ ਨਾਲ ਅਲਵਿਦਾ ਦੀ ਰਸਮ ਅਦਾ ਕੀਤੀ ਗਈ | ਰਮਨਜੀਤ ਦਾ ਚਿਹਰਾ ਗੁਲਾਬ ਵਾਂਗ ਲਾਲ ਹੋ ਕੇ ਮਹਿਕ ਰਿਹਾ ਸੀ | ਉਹ ਅੰਕਲ ਲਾਲ ਨੂੰ ਆਖਣ ਲੱਗਾ, 'ਅੰਕਲ ਇਹ ਤਾਂ ਕ੍ਰਿਸ਼ਮਾ ਹੋਇਐ ਹੈ | ਮੈਂ ਤਾਂ ਇਹ ਸਥਿਤੀ ਸੋਚ ਵੀ ਨਹੀਂ ਸੀ ਸਕਦਾ | ਮੈਨੂੰ ਤਾਂ ਹਾਲੇ ਤੱਕ ਵੀ ਸਮਝ ਨਹੀਂ ਆ ਰਿਹਾ ਕਿ ਇਹ ਕੀ ਕੌਤਕ ਵਾਪਰਿਆ ਹੈ?' ਅੰਕਲ ਲਾਲ ਨੇ ਉਸ ਨੂੰ ਸਮਝ ਦਿੰਦਿਆਂ ਆਖਿਆ, 'ਜਦੋਂ ਚਾਰੇ ਪਾਸੇ ਘੁੱਪ ਹਨੇਰਾ ਹੋਵੇ, ਰੋਸ਼ਨੀ ਦੀ ਕੋਈ ਕਿਰਨ ਨਜ਼ਰ ਨਾ ਆਉਂਦੀ ਹੋਵੇ, ਨਿਰਾਸ਼ਾ ਨੇ ਜਕੜਿਆ ਹੋਵੇ, ਚਾਰੇ ਪਾਸੇ ਰੇਤ ਦਾ ਤਪਦਾ ਮਾਰੂਥਲ ਹੋਵੇ ਅਤੇ ਕਿਤੇ ਹਰਿਆਵਲ ਨਜ਼ਰ ਨਾ ਆਉਂਦੀ ਹੋਵੇ ਤਾਂ, ਆਪਣੇ ਵਾਹਿਗੁਰੂ, ਪਰਮ ਪਿਤਾ, ਜਿਹੜਾ ਸਭਨਾਂ ਜੀਆਂ ਦਾ ਦਾਤਾ ਹੈ, ਉਸ ਨੂੰ ਸੱਚੇ ਦਿਲੋਂ ਧਿਆਓ ਅਤੇ ਉਸ ਦੀ ਗੋਦ ਵਿਚ ਜਾ ਬੈਠੋ | ਨਿਰਾਸ਼ਾ, ਆਸ਼ਾ ਵਿਚ, ਹਨੇਰਾ ਰੋਸ਼ਨੀ ਵਿਚ ਅਤੇ ਖੁਸ਼ਕੀ ਹਰਿਆਵਲ ਵਿਚ ਬਦਲ ਜਾਏਗੀ | ਸਾਡੇ ਲਈ ਇਹ ਕ੍ਰਿਸ਼ਮਾ ਹੁੰਦਾ ਹੈ ਪਰ ਉਸ ਦੇ ਲਈ ਇਕ ਖੇਡ ਹੈ | ਇਸ ਖੇਡ ਵਿਚ ਬਹੁਤ ਕੁਝ ਛੁਪਿਆ ਹੁੰਦਾ ਹੈ ਅਤੇ ਅੱਜ ਤੂੰ ਖੁਦ ਇਸ ਦਾ ਅਨੁਭਵ ਕਰ ਲਿਆ | ਹੈ |'

-ਮਕਾਨ ਨੰ: 3140, ਲੋਹਾਰਾਂ ਮੁਹੱਲਾ, ਕਰਤਾਰਪੁਰ, ਜ਼ਿਲ੍ਹਾ ਜਲੰਧਰ | ਮੋਬਾਈਲ : 98726-10035.

ਚੌਰਾਹੇ 'ਤੇ ਖੜ੍ਹਾ ਹੈ ਰਾਸ਼ਟਰ

ਸਮੇਂ ਦਾ ਪਹੀਆ ਨਿਰੰਤਰ ਘੁੰਮਦਾ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਚਲਦਾ ਰਹਿੰਦਾ ਹੈ ਜੀਵਨ ਦਾ ਸਿਲਸਿਲਾ | ਇਸ ਅਮਲ ਦੇ ਚਲਦਿਆਂ ਕਈ ਵਾਰ ਦੇਸ਼ਾਂ ਅਤੇ ਕੌਮਾਂ ਦੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਉਂਦੇ ਹਨ, ਜਿਨ੍ਹਾਂ ਵਿਚ ਅਹਿਮ ਫ਼ੈਸਲੇ ਲੈਣੇ ਪੈਂਦੇ ਹਨ | ਜੇਕਰ ਸਹੀ ਫ਼ੈਸਲੇ ਲਏ ਜਾਣ ਤਾਂ ਦੇਸ਼ ਅਤੇ ਕੌਮਾਂ ਤਰੱਕੀ ਦੀਆਂ ਮੰਜ਼ਿਲਾਂ ਵੱਲ ਅੱਗੇ ਵਧਦੀਆਂ ਹਨ | ਪਰ ਜੇਕਰ ਗ਼ਲਤ ਫ਼ੈਸਲੇ ਲੈ ਲਏ ਜਾਣ ਤਾਂ ਸਬੰਧਿਤ ਦੇਸ਼ਾਂ ਅਤੇ ਕੌਮਾਂ ਨੂੰ ਉਨ੍ਹਾਂ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ |
ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਦੇ ਲੋਕਾਂ ਸਾਹਮਣੇ ਵੀ 2019 ਦੀਆਂ ਲੋਕ ਸਭਾ ਚੋਣਾਂ ਇਕ ਅਜਿਹਾ ਹੀ ਮੌਕਾ ਹਨ | ਜੇਕਰ ਇਨ੍ਹਾਂ ਚੋਣਾਂ ਦੌਰਾਨ ਦੇਸ਼ ਦੇ ਲੋਕਾਂ ਨੇ ਸਹੀ ਫ਼ੈਸਲਾ ਲਿਆ ਤਾਂ ਦੇਸ਼ 'ਚ ਅਮਨ ਅਤੇ ਸਦਭਾਵਨਾ ਬਰਕਰਾਰ ਰਹੇਗੀ ਅਤੇ ਦੇਸ਼ ਅੱਗੇ ਵਧੇਗਾ | ਪਰ ਜੇਕਰ ਇਨ੍ਹਾਂ ਚੋਣਾਂ ਦੌਰਾਨ ਸਹੀ ਫ਼ੈਸਲਾ ਨਾ ਲਿਆ ਜਾ ਸਕਿਆ ਤਾਂ ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਵੇਗਾ | ਸਾਡੀ ਇਹ ਸੋਚ ਕੌਮੀ ਲੋਕਤੰਤਰਿਕ ਗੱਠਜੋੜ (ਜਿਸ ਵਿਚ ਭਾਰਤੀ ਜਨਤਾ ਪਾਰਟੀ ਇਕ ਭਾਰੂ ਧਿਰ ਹੈ) ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਕੇਂਦਰੀ ਸਰਕਾਰ ਦੀ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਬਣੀ ਹੈ | 2014 ਦੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਨਰਿੰਦਰ ਮੋਦੀ ਭਾਜਪਾ ਦੇ ਇਕ ਵੱਡੇ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਏ ਸਨ | ਉਨ੍ਹਾਂ ਨੇ ਦੇਸ਼ ਭਰ ਵਿਚ 400 ਤੋਂ ਵੱਧ ਚੋਣ ਰੈਲੀਆਂ ਕਰਕੇ ਲੋਕਾਂ ਦੇ ਵੱਖ-ਵੱਖ ਵਰਗਾਂ ਨਾਲ ਲੰਮੇ-ਚੌੜੇ ਵਾਅਦੇ ਕੀਤੇ ਸਨ | ਉਨ੍ਹਾਂ ਨੇ ਦੇਸ਼ ਵਿਚੋਂ ਭਿ੍ਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ, ਵਿਦੇਸ਼ਾਂ ਤੋਂ ਸਾਰਾ ਕਾਲਾ ਧਨ ਵਾਪਸ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣ, ਹਰ ਸਾਲ ਨੌਜਵਾਨਾਂ ਲਈ 2 ਕਰੋੜ ਨੌਕਰੀਆਂ ਦਾ ਪ੍ਰਬੰਧ ਕਰਨ, ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਫ਼ਸਲੀ ਲਾਗਤਾਂ 'ਤੇ 50 ਫ਼ੀਸਦੀ ਮੁਨਾਫ਼ਾ ਦੇਣ ਅਤੇ ਦੇਸ਼ ਵਿਚ ਪੂੰਜੀ ਨਿਵੇਸ਼ ਵਧਾ ਕੇ ਸਨਅਤੀਕਰਨ ਦੇ ਅਮਲ ਨੂੰ ਤੇਜ਼ ਕਰਨ ਦੇ ਨਾਲ-ਨਾਲ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਸਮੇਤ ਅਨੇਕਾਂ ਵਾਅਦੇ ਕੀਤੇ ਸਨ | ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦੀਆਂ ਹਮਲਾਵਰ ਨੀਤੀਆਂ ਨਾਲ ਢੁਕਵੇਂ ਢੰਗ ਨਾਲ ਨਿਪਟਣ ਸਮੇਤ ਦੁਨੀਆ ਦੇ ਹੋਰ ਦੇਸ਼ਾਂ, ਵਿਸ਼ੇਸ਼ ਗੁਆਂਢੀ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣ ਦਾ ਵੀ ਭਰੋਸਾ ਦਿੱਤਾ ਸੀ |
ਦੇਸ਼ ਦੇ ਲੋਕ ਉਸ ਸਮੇਂ ਕਾਂਗਰਸ ਪਾਰਟੀ ਦੇ 10 ਸਾਲਾ ਪ੍ਰਸ਼ਾਸਨ ਤੋਂ ਅੱਕ ਤੇ ਥੱਕ ਚੁੱਕੇ ਸਨ | ਭਾਵੇਂ ਲੋਕ ਪ੍ਰਧਾਨ ਮੰਤਰੀ ਵਜੋਂ ਡਾ: ਮਨਮੋਹਨ ਸਿੰਘ ਦੀਆਂ ਨੀਤੀਆਂ ਦੇ ਜ਼ਿਆਦਾ ਖਿਲਾਫ਼ ਨਹੀਂ ਸਨ, ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਕਈ ਵੱਡੇ ਸਕੈਂਡਲਾਂ, ਜਿਨ੍ਹਾਂ ਵਿਚ ਕੋਲਾ ਘੁਟਾਲਾ, ਟੈਲੀਕਾਮ ਘੁਟਾਲਾ ਅਤੇ ਕਾਮਨਵੈਲਥ ਖੇਡਾਂ ਦੌਰਾਨ ਹੋਇਆ ਘੁਟਾਲਾ ਆਦਿ ਸ਼ਾਮਿਲ ਸਨ, ਵਿਰੁੱਧ ਲੋਕਾਂ ਵਿਚ ਕਾਫੀ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ | ਇਨ੍ਹਾਂ ਸਥਿਤੀਆਂ ਵਿਚ ਦੇਸ਼ ਦੇ ਲੋਕਾਂ ਨੇ, ਖ਼ਾਸ ਕਰਕੇ ਨੌਜਵਾਨਾਂ ਨੇ ਸ੍ਰੀ ਨਰਿੰਦਰ ਮੋਦੀ ਦੀ ਇਕ-ਇਕ ਗੱਲ 'ਤੇ ਵਿਸ਼ਵਾਸ ਕੀਤਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਬਹੁਮਤ ਨਾਲ ਉਨ੍ਹਾਂ ਦੀ ਸਰਕਾਰ ਬਣਵਾਈ | ਹੁਣ ਇਸ ਸਰਕਾਰ ਨੂੰ ਸੱਤਾ ਵਿਚ ਆਇਆਂ ਚਾਰ ਸਾਲ ਦਾ ਸਮਾਂ ਹੋ ਗਿਆ ਹੈ | ਇਸ ਸਰਕਾਰ ਦੀ ਕਾਰਗੁਜ਼ਾਰੀ ਵੱਲ ਪਿੱਛੇ ਮੁੜ ਕੇ ਜਦੋਂ ਝਾਤ ਮਾਰਦੇ ਹਾਂ ਤਾਂ ਕੁਝ ਠੋਸ ਹੋਇਆ ਸਾਹਮਣੇ ਨਹੀਂ ਆਉਂਦਾ | ਸ੍ਰੀ ਨਰਿੰਦਰ ਮੋਦੀ ਦੀ ਇਹ ਸਰਕਾਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨਾਕਾਮ ਹੋਈ ਹੈ ਅਤੇ ਭਾਜਪਾ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਖ਼ੁਦ ਮੰਨਿਆ ਹੈ ਕਿ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਕੇ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣਾ ਭਾਜਪਾ ਦਾ ਇਕ ਚੋਣ ਜੁਮਲਾ ਹੀ ਸੀ | ਜਿਥੋਂ ਤੱਕ ਦੇਸ਼ ਦੇ ਰਾਜਨੀਤਕ ਪ੍ਰਬੰਧ ਵਿਚੋਂ ਭਿ੍ਸ਼ਟਾਚਾਰ ਦਾ ਖ਼ਾਤਮਾ ਕਰਨ ਦਾ ਸਬੰਧ ਹੈ, ਇਸ ਵਿਚ ਵੀ ਮੋਦੀ ਸਰਕਾਰ ਨੂੰ ਕੋਈ ਜ਼ਿਆਦਾ ਵੱਡੀ ਸਫਲਤਾ ਨਹੀਂ ਮਿਲੀ | ਭਾਵੇਂ ਇਸ ਸਰਕਾਰ ਦੇ ਮੰਤਰੀ ਜਾਂ ਇਸ ਸਰਕਾਰ ਦੇ ਸੀਨੀਅਰ ਅਧਿਕਾਰੀ ਖ਼ੁਦ ਵੱਡੇ-ਵੱਡੇ ਘੁਟਾਲਿਆਂ ਵਿਚ ਨਾ ਫਸੇ ਹੋਣ ਪਰ ਇਸ ਸਰਕਾਰ ਦੇ ਸਮੇਂ ਦੌਰਾਨ ਦੇਸ਼ ਦੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਪ੍ਰਬੰਧ ਵਿਚੋਂ ਭਿ੍ਸ਼ਟਾਚਾਰ ਘਟਿਆ ਨਜ਼ਰ ਨਹੀਂ ਆਇਆ | ਸਗੋਂ ਇਸ ਸਮੇਂ ਦੌਰਾਨ ਬੈਂਕਾਂ ਦੀ ਵਿਸ਼ਵਾਸਯੋਗਤਾ ਬੇਹੱਦ ਘਟੀ ਹੈ | ਦੇਸ਼ ਵਿਚ ਵੱਡੇ ਪ੍ਰਾਜੈਕਟਾਂ ਲਈ ਵਿੱਤੀ ਪ੍ਰਬੰਧ ਕਰਨ ਵਾਸਤੇ ਸਰਕਾਰੀ ਖੇਤਰ ਦੇ ਪੰਜ ਬੈਂਕਾਂ ਨੂੰ ਸਟੇਟ ਬੈਂਕ ਵਿਚ ਇੰਡੀਆ ਵਿਚ ਮਿਲਾ ਦਿੱਤਾ ਗਿਆ | ਇਸ ਨਾਲ ਆਮ ਲੋਕਾਂ ਨੂੰ ਤਾਂ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਪਰ ਵੱਡੇ ਸਨਅਤਕਾਰ ਅਤੇ ਵਪਾਰੀ ਬੈਂਕਾਂ ਦੇ ਕਰੋੜਾਂ ਰੁਪਏ ਮਾਰ ਕੇ ਵਿਦੇਸ਼ਾਂ ਨੂੰ ਭੱਜਣ ਵਿਚ ਜ਼ਰੂਰ ਕਾਮਯਾਬ ਹੋ ਗਏ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਿੱਕ ਠੋਕ ਕੇ ਕਿਹਾ ਸੀ ਕਿ 'ਨਾ ਖਾਵਾਂਗਾ ਅਤੇ ਨਾ ਹੀ ਖਾਣ ਦੇਵਾਂਗਾ |' ਲੋਕ ਅੱਜ ਸ੍ਰੀ ਨਰਿੰਦਰ ਮੋਦੀ ਦੇ ਇਸ ਬਿਆਨ 'ਤੇ ਵਿਅੰਗ ਕੱਸਦਿਆਂ ਇਹ ਕਹਿੰਦੇ ਹਨ ਕਿ ਭਿ੍ਸ਼ਟਾਚਾਰੀ, ਸਨਅਤਕਾਰ ਅਤੇ ਕਾਰੋਬਾਰੀ ਖਾ ਵੀ ਗਏ ਅਤੇ ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਵੀ ਗਏ, ਪਰ ਮੋਦੀ ਸਰਕਾਰ ਉਨ੍ਹਾਂ ਦਾ ਕੁਝ ਵੀ ਵਿਗਾੜ ਨਾ ਸਕੀ | ਇਸ ਕਾਰਨ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਨੂੰ ਕਰੋੜਾਂ ਰੁਪਿਆਂ ਦਾ ਘਾਟਾ ਪਿਆ ਅਤੇ ਬੈਂਕ ਆਪਣੇ ਘਾਟੇ ਪੂਰੇ ਕਰਨ ਲਈ ਹੁਣ ਆਪਣੀਆਂ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਦੇਣ ਬਦਲੇ ਉਨ੍ਹਾਂ ਦੇ ਖਾਤਿਆਂ ਵਿਚੋਂ ਚੁੱਪ-ਚੁਪੀਤੇ ਪੈਸੇ ਕੱਟੀ ਜਾ ਰਹੀਆਂ ਹਨ | ਵੱਡੇ ਬੈਂਕ ਘੁਟਾਲਿਆਂ ਦਾ ਬੋਝ ਆਮ ਖਾਤੇਧਾਰਕਾਂ 'ਤੇ ਪਾਇਆ ਜਾ ਰਿਹਾ ਹੈ |
ਨੌਜਵਾਨਾਂ ਨੇ ਭਾਜਪਾ ਦੀ ਸਰਕਾਰ ਲਿਆਉਣ ਲਈ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਸਨ ਪਰ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਮਾਮਲੇ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਜਿਸ ਕਾਰਨ ਨੌਜਵਾਨਾਂ ਵਿਚ ਬੇਹੱਦ ਨਿਰਾਸ਼ਾ ਅਤੇ ਬੇਚੈਨੀ ਪਾਈ ਜਾ ਰਹੀ ਹੈ | ਦੇਸ਼ ਵਿਚ ਆਪਣਾ ਕੋਈ ਵੀ ਭਵਿੱਖ ਨਾ ਦੇਖ ਕੇ ਵੱਡੀ ਗਿਣਤੀ ਵਿਚ ਨੌਜਵਾਨ ਹੁਣ ਸਿੱਖਿਆ ਹਾਸਲ ਕਰਨ ਦੇ ਬਹਾਨੇ ਵਿਦੇਸ਼ਾਂ ਵਿਚ ਜਾ ਕੇ ਆਪਣਾ ਭਵਿੱਖ ਤਲਾਸ਼ਣ ਲਈ ਮਜਬੂਰ ਹੋ ਰਹੇ ਹਨ | ਡਾ: ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਸਮੇਂ ਸਿੱਖਿਆ ਅਤੇ ਸਿਹਤ ਆਦਿ ਖੇਤਰਾਂ ਦੇ ਨਿੱਜੀਕਰਨ ਦਾ ਅਮਲ ਆਰੰਭ ਹੋਇਆ ਸੀ | ਉਹ ਅਮਲ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਉਸੇ ਤਰ੍ਹਾਂ ਜਾਰੀ ਰਿਹਾ | ਇਸ ਸਮੇਂ ਹਾਲਤ ਇਹ ਹੈ ਕਿ ਆਮ ਗ਼ਰੀਬ ਲੋਕਾਂ ਦੀ ਪਹੁੰਚ ਵਿਚੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਬਾਹਰ ਹੋ ਗਈਆਂ ਹਨ | ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਹਾਲਤ ਪੂਰੇ ਦੇਸ਼ ਵਿਚ ਮੰਦੀ ਹੈ | ਨਿੱਜੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਏਨੀਆਂ ਜ਼ਿਆਦਾ ਹਨ ਕਿ ਆਮ ਲੋਕ ਉਥੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀਂ ਦਿਵਾ ਸਕਦੇ | ਸਿਹਤ ਸਹੂਲਤਾਂ ਲੈਣ ਲਈ ਵੀ ਲੋਕਾਂ ਨੂੰ 70 ਫ਼ੀਸਦੀ ਖਰਚਾ ਆਪਣੀ ਜੇਬ ਵਿਚੋਂ ਕਰਨਾ ਪੈਂਦਾ ਹੈ | ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਬੇਹੱਦ ਮੰਦੀ ਹੈ | ਸਰਕਾਰੀ ਲੋਕ ਮਜਬੂਰ ਹੋ ਕੇ ਨਿੱਜੀ ਹਸਪਤਾਲਾਂ ਤੋਂ ਸਿਹਤ ਸਹੂਲਤਾਂ ਲੈ ਰਹੇ ਹਨ, ਜਿਸ ਕਾਰਨ ਲਗਪਗ 6 ਕਰੋੜ ਲੋਕ ਹਰ ਸਾਲ ਗ਼ਰੀਬੀ ਦੀ ਰੇਖਾ ਵਿਚ ਦਾਖ਼ਲ ਹੋ ਜਾਂਦੇ ਹਨ |
ਦੇਸ਼ ਨੂੰ ਅਨਾਜ ਸੁਰੱਖਿਆ ਮੁਹੱਈਆ ਕਰਨ ਵਾਲੇ ਕਿਸਾਨਾਂ ਦੀ ਹਾਲਤ ਇਹ ਹੈ ਕਿ ਹਰ ਰੋਜ਼ 45 ਦੇ ਲਗਪਗ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ | 1947 ਤੋਂ ਲੈ ਕੇ ਹੁਣ ਤੱਕ ਤਿੰਨ ਲੱਖ ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਗਏ ਹਨ ਅਤੇ ਲੱਖਾਂ ਕਿਸਾਨ ਖੇਤੀ ਦੇ ਧੰਦੇ ਨੂੰ ਅਲਵਿਦਾ ਆਖ ਗਏ ਹਨ | ਪੰਜਾਬ, ਜਿਸ ਨੂੰ ਕਿ ਕਦੇ ਬੇਹੱਦ ਖੁਸ਼ਹਾਲ ਰਾਜ ਸਮਝਿਆ ਜਾਂਦਾ ਸੀ, ਵਿਚ ਵੀ ਹਰ ਰੋਜ਼ 3-4 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ | ਕਿਸਾਨਾਂ ਨੂੰ ਦਹਾਕਿਆਂ ਤੋਂ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਭਕਾਰੀ ਭਾਅ ਨਾ ਮਿਲਣ ਕਾਰਨ ਅਤੇ ਖੇਤੀ ਦੇ ਵਿਕਾਸ ਲਈ ਸਰਕਾਰਾਂ ਵਲੋਂ ਢੁਕਵਾਂ ਪੂੰਜੀ ਨਿਵੇਸ਼ ਨਾ ਕਰਨ ਕਰਕੇ ਅਤੇ ਉਨ੍ਹਾਂ ਦੀਆਂ ਖੇਤੀ ਲਾਗਤਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਹੀ ਕਿਸਾਨਾਂ ਦੀ ਇਹ ਤਰਸਯੋਗ ਹਾਲਤ ਬਣੀ ਹੈ | ਉਹ ਇਸ ਸਮੇਂ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ | ਕਿਸਾਨਾਂ ਦੇ ਤਿੱਖੇ ਹੋ ਰਹੇ ਅੰਦੋਲਨਾਂ ਨੂੰ ਮੁੱਖ ਰੱਖਦਿਆਂ ਕੁਝ ਰਾਜ ਸਰਕਾਰਾਂ ਨੇ ਉਨ੍ਹਾਂ ਨੂੰ ਕਰਜ਼ੇ ਤੋਂ ਥੋੜ੍ਹੀ-ਬਹੁਤੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸੰਕਟ ਏਨਾ ਵਿਆਪਕ ਹੈ ਕਿ ਕੇਂਦਰ ਸਰਕਾਰ ਦੀ ਵੱਡੀ ਪਹਿਲਕਦਮੀ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ | ਪਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ, ਹਰ ਰੋਜ਼ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਹੁੰਦੀਆਂ ਖ਼ੁਦਕੁਸ਼ੀਆਂ ਵੀ ਅੱਖਾਂ ਨਹੀਂ ਖੋਲ੍ਹ ਸਕੀਆਂ | ਕੇਂਦਰ ਸਰਕਾਰ ਨੇ ਲਗਾਤਾਰ ਇਹੀ ਪਹੁੰਚ ਅਖ਼ਤਿਆਰ ਕੀਤੀ ਹੋਈ ਹੈ ਕਿ ਕਿਸਾਨਾਂ ਨੂੰ ਕਰਜ਼ਿਆਂ ਤੋਂ ਰਾਹਤ ਦੇਣ ਲਈ ਉਹ ਕੁਝ ਵੀ ਨਹੀਂ ਕਰੇਗੀ | ਇਸ ਸਬੰਧੀ ਜੇ ਕੁਝ ਕਰਨਾ ਹੈ ਤਾਂ ਰਾਜ ਸਰਕਾਰਾਂ ਹੀ ਕਰਨ | ਦੂਜੇ ਪਾਸੇ ਹਰ ਸਾਲ ਸਨਅਤਕਾਰਾਂ ਨੂੰ ਬਜਟ ਵਿਚ ਹੀ 5 ਲੱਖ ਕਰੋੜ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ | ਸਨਅਤਕਾਰਾਂ ਦੇ ਡੁੱਬੇ ਕਰਜ਼ੇ ਵੀ ਮੁਆਫ਼ ਕੀਤੇ ਜਾ ਰਹੇ ਹਨ |
ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਅਤੇ ਸਨਅਤੀਕਰਨ ਦੇ ਅਮਲ ਨੂੰ ਤੇਜ਼ ਕਰਨ ਲਈ ਮੋਦੀ ਸਰਕਾਰ ਨੇ ਸਕਿੱਲਡ ਇੰਡੀਆ, ਮੇਕ ਇਨ ਇੰਡੀਆ, ਸਟੈਂਡਅਪ ਇੰਡੀਆ, ਸਟਾਰਟਅਪ ਇੰਡੀਆ ਵਰਗੀਆਂ ਅਨੇਕਾਂ ਸਕੀਮਾਂ ਦੇ ਐਲਾਨ ਬੜੇ ਜ਼ੋਰ-ਸ਼ੋਰ ਨਾਲ ਕੀਤੇ ਸਨ ਪਰ ਇਨ੍ਹਾਂ ਸਕੀਮਾਂ ਨੇ ਰੁਜ਼ਗਾਰ ਦੇ ਮੌਕਿਆਂ ਵਿਚ ਕੋਈ ਖ਼ਾਸ ਵਾਧਾ ਨਹੀਂ ਕੀਤਾ, ਸਗੋਂ ਨਿਰਪੱਖ ਅਰਥ-ਸ਼ਾਸਤਰੀ ਤਾਂ ਇਹ ਦਾਅਵਾ ਕਰਦੇ ਹਨ ਕਿ ਮੋਦੀ ਸਰਕਾਰ ਦੇ ਸਮੇਂ ਵਿਚ ਰੁਜ਼ਗਾਰ ਦੇ ਮੌਕੇ ਵਧਣ ਦੀ ਥਾਂ 'ਤੇ ਸਗੋਂ ਘਟੇ ਹੀ ਹਨ | ਨੋਟਬੰਦੀ ਅਤੇ ਜੀ.ਐਸ.ਟੀ. ਨੇ ਕਿਸਾਨਾਂ, ਸਨਅਤਕਾਰਾਂ, ਵਪਾਰੀਆਂ ਖ਼ਾਸ ਕਰਕੇ ਛੋਟੇ ਉੱਦਮੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ | ਇਸ ਸਮੇਂ ਮਹਿੰਗਾਈ ਦੀ ਹਾਲਤ ਇਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ |
ਪਾਕਿਸਤਾਨ ਵਲੋਂ ਛੇੜੀ ਗਈ ਅਸਿੱਧੀ ਜੰਗ ਦਾ ਢੁਕਵੇਂ ਢੰਗ ਨਾਲ ਸਾਹਮਣਾ ਕਰਨ ਵਿਚ ਵੀ ਇਹ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ | ਚੀਨ ਨੇ ਵੀ ਅਜੇ ਤੱਕ ਭਾਰਤ ਨੂੰ ਵੱਖ-ਵੱਖ ਢੰਗਾਂ ਨਾਲ ਪ੍ਰੇਸ਼ਾਨ ਕਰਨ ਅਤੇ ਆਲੇ-ਦੁਆਲੇ ਤੋਂ ਘੇਰਨ ਦੀ ਨੀਤੀ ਬਰਕਰਾਰ ਰੱਖੀ ਹੋਈ ਹੈ | ਉਸ ਪ੍ਰਤੀ ਕਦੇ ਗਰਮ ਅਤੇ ਕਦੇ ਠੰਢਾ ਰੁਖ਼ ਅਪਣਾ ਰਹੀ ਮੋਦੀ ਸਰਕਾਰ ਅਜੇ ਤੱਕ ਕੁਝ ਖ਼ਾਸ ਸਫਲਤਾ ਹਾਸਲ ਨਹੀਂ ਕਰ ਸਕੀ | ਹੋਰ ਗੁਆਂਢੀ ਦੇਸ਼ਾਂ ਨਾਲ ਵੀ ਭਾਰਤ ਦੇ ਸਬੰਧਾਂ ਵਿਚ ਕੋਈ ਚੋਖਾ ਸੁਧਾਰ ਨਹੀਂ ਹੋਇਆ | ਹਾਂ, ਇਹ ਜ਼ਰੂਰ ਹੋਇਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣਾ ਜ਼ਿਆਦਾ ਸਮਾਂ ਵਿਦੇਸ਼ੀ ਦੌਰਿਆਂ ਅਤੇ ਦੂਜੇ ਰਾਸ਼ਟਰ ਮੁਖੀਆਂ ਨੂੰ ਜੱਫੀਆਂ ਪਾਉਣ ਵਿਚ ਲੰਘਾਇਆ ਹੈ ਪਰ ਇਸ ਨਾਲ ਦੇਸ਼ ਨੂੰ ਕਿਸ-ਕਿਸ ਖੇਤਰ ਵਿਚ ਕਿੰਨੇ ਕੁ ਵੱਡੇ ਲਾਭ ਹੋਏ ਹਨ ਜਾਂ ਕਿੰਨਾ ਕੁ ਵਿਦੇਸ਼ਾਂ ਤੋਂ ਪੂੰਜੀ ਨਿਵੇਸ਼ ਹੋਇਆ ਹੈ, ਇਸ ਸਬੰਧੀ ਲੋਕਾਂ ਨੂੰ ਸਰਕਾਰ ਦੇ ਜਵਾਬ ਦੀ ਉਡੀਕ ਹੈ |
ਜੇਕਰ ਆਰਥਿਕ ਪ੍ਰਾਪਤੀਆਂ ਦੀ ਗੱਲ ਹਾਲ ਦੀ ਘੜੀ ਛੱਡ ਵੀ ਦੇਈਏ ਤਾਂ ਇਸ ਸਰਕਾਰ ਦੀ ਪਿਛਲੇ ਚਾਰ ਸਾਲ ਦੀ ਕਾਰਗੁਜ਼ਾਰੀ ਦੌਰਾਨ ਜੋ ਖ਼ਤਰਨਾਕ ਰੁਝਾਨ ਸਾਹਮਣੇ ਆਏ ਹਨ, ਉਹ ਵਧੇਰੇ ਧਿਆਨ ਦੀ ਮੰਗ ਕਰਦੇ ਹਨ | ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਨੂੰ ਪਰਦੇ ਤੋਂ ਪਿੱਛੇ ਚਲਾਉਣ ਵਾਲਾ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ ਭਾਰਤ ਦੇ ਧਰਮ-ਨਿਰਪੱਖ ਅਤੇ ਜਮਹੂਰੀ ਖਾਸੇ ਵਿਚ ਕੋਈ ਯਕੀਨ ਨਹੀਂ ਰੱਖਦਾ | ਉਹ ਇਸ ਮਹਾਨ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ ਅਤੇ ਇਸ ਮਕਸਦ ਲਈ ਹੀ ਘੱਟ-ਗਿਣਤੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦੇ ਕੇ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਹੈ | ਇਹ ਸ੍ਰੀ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਹੈ, ਜਿਸ ਦੇ ਸਮੇਂ ਵਿਚ ਲੋਕ ਸਭਾ ਅਤੇ ਰਾਜ ਸਭਾ ਵਿਚ ਘੱਟ-ਗਿਣਤੀਆਂ ਦੀ ਨੁਮਾਇੰਦਗੀ ਪਿਛਲੇ ਸਮੇਂ ਨਾਲੋਂ ਸਭ ਤੋਂ ਘੱਟ ਹੈ | ਰਾਜਪਾਲ, ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਵਿਦੇਸ਼ਾਂ ਵਿਚ ਨਿਯੁਕਤ ਕੀਤੇ ਗਏ ਰਾਜਦੂਤ ਅਤੇ ਹੋਰ ਵੱਡੇ ਅਕਾਦਮਿਕ ਅਦਾਰਿਆਂ ਦੇ ਮੁਖੀ ਵੀ ਵਧੇਰੇ ਕਰਕੇ ਇਸ ਸਮੇਂ ਬਹੁਗਿਣਤੀ ਭਾਈਚਾਰੇ ਨਾਲ ਹੀ ਸਬੰਧਿਤ ਹਨ | ਇਸ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਘੱਟ-ਗਿਣਤੀਆਂ ਅਤੇ ਦਲਿਤਾਂ ਉੱਪਰ ਤਰ੍ਹਾਂ-ਤਰ੍ਹਾਂ ਦੇ ਬਹਾਨਿਆਂ ਨਾਲ ਹਮਲੇ ਕੀਤੇ ਗਏ ਹਨ, ਜਿਨ੍ਹਾਂ ਕਾਰਨ ਦੇਸ਼ ਵਿਚ ਅਸੁਰੱਖਿਅਤਾ ਦਾ ਮਾਹੌਲ ਬਣਿਆ ਹੋਇਆ ਹੈ | ਦੇਸ਼ ਵਿਚ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮੀਡੀਏ ਦਾ ਵੱਡਾ ਹਿੱਸਾ ਮੋਦੀ ਦੀ ਤਰਜ਼ 'ਤੇ ਨੱਚਣ ਲੱਗ ਪਿਆ ਹੈ ਅਤੇ ਔਖਾ-ਸੌਖਾ ਹੋ ਕੇ ਲੋਕ ਹਿਤਾਂ ਨੂੰ ਅਹਿਮੀਅਤ ਦੇਣ ਵਾਲਾ ਮੀਡੀਆ ਡਰਿਆ ਹੋਇਆ ਅਤੇ ਦਬਾਅ ਹੇਠ ਹੈ |
ਦੇਸ਼ ਵਿਚ ਪੈਦਾ ਹੋਈਆਂ ਇਸ ਤਰ੍ਹਾਂ ਦੀਆਂ ਸਥਿਤੀਆਂ ਇਹ ਮੰਗ ਕਰਦੀਆਂ ਹਨ ਕਿ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਨੂੰ ਅਪਣਾਈਆਂ ਹੋਈਆਂ ਸਿਆਸੀ ਤਾਕਤਾਂ ਇਕ ਮੰਚ 'ਤੇ ਇਕੱਠੀਆਂ ਹੋਣ ਅਤੇ ਸੰਘ ਤੇ ਭਾਜਪਾ ਵਲੋਂ ਪੈਦਾ ਕੀਤੀਆਂ ਗਈਆਂ ਉਪਰੋਕਤ ਵੱਡੀਆਂ ਚੁਣੌਤੀਆਂ ਦਾ ਇਕਮੁੱਠ ਹੋ ਕੇ ਸਾਹਮਣਾ ਕਰਨ | ਇਸ ਸਬੰਧੀ ਕਰਨਾਟਕ ਦੇ ਘਟਨਾਕ੍ਰਮ ਨੇ ਇਕ ਰਸਤਾ ਦਿਖਾਇਆ ਹੈ ਪਰ ਦੇਸ਼ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਕਿੰਨੇ ਕੁ ਸੁਚੱਜੇ ਢੰਗ ਨਾਲ ਇਕਮੁੱਠ ਹੋ ਕੇ ਲੋਕਾਂ ਨੂੰ ਯੋਗ ਅਗਵਾਈ ਦੇਣ ਦੇ ਸਮਰੱਥ ਹੁੰਦੀਆਂ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ | ਇਸ ਸਮੇਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਪੂਰਾ ਰਾਸ਼ਟਰ ਇਕ ਚੌਰਾਹੇ 'ਤੇ ਖੜ੍ਹਾ ਹੈ | ਇਸ ਵਲੋਂ ਸਹੀ ਦਿਸ਼ਾ ਵਿਚ ਪੁੱਟਿਆ ਜਾਣ ਵਾਲਾ ਇਕ ਕਦਮ ਹੀ ਇਸ ਦੇ ਭਵਿੱਖ ਦਾ ਫ਼ੈਸਲਾ ਕਰੇਗਾ | ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਹਰ ਵੱਡੇ ਸਫ਼ਰ ਦੀ ਸ਼ੁਰੂਆਤ ਇਕ ਛੋਟੇ ਕਦਮ ਤੋਂ ਹੀ ਹੁੰਦੀ ਹੈ |
••

ਦੁਬਈ 'ਚ ਵਿਸ਼ਵ ਦਾ ਸਭ ਤੋਂ ਵੱਡਾ ਵਿਰਾਸਤੀ ਸ਼ਾਪਿੰਗ ਮਾਲ ਇਬਨ ਬਤੂਤਾ

ਦੁਬਈ ਸ਼ਹਿਰ ਦੇ ਬਾਹਰਵਾਰ ਸਥਿਤ ਇਬਨ ਬਤੂਤਾ ਮਾਲ ਦੇਖਣ ਜਾ ਰਹੇ ਸਾਂ | ਟੈਕਸੀ ਡਰਾਈਵਰ ਨੇ ਭੋਲੇ-ਭਾਅ ਪੁੱਛਿਆ, 'ਸਰਦਾਰ ਜੀ, ਇਹ ਕਿਹੜੀ ਦੁਰਲੱਭ ਅਤੇ ਬਹੁਮੁੱਲੀ 'ਵਸਤ' ਹੈ ਜਿਸ ਦੇ ਨਾਂਅ ਉੱਪਰ ਪੂਰੀ ਦੀ ਪੂਰੀ ਸ਼ਾਪਿੰਗ ਮਾਲ ਦਾ ਹੀ ਨਾਂਅ ਰਖਿਆ ਗਿਐ' |
ਡਰਾਈਵਰ ਅਜੇ ਨਵਾਂ ਨਵਾਂ ਦੁਬਈ ਆਇਆ ਸੀ ਅਤੇ ਟੈਕਸੀ ਵੀ ਉਸ ਨੇ ਨਵੀਂ ਨਵੀਂ ਪਾਈ ਸੀ |
ਮੈਂ ਸਹਿਜ-ਸੁਭਾਅ ਜਵਾਬ ਦਿੱਤਾ, 'ਇਬਨ ਬਤੂਤਾ ਕਿਸੇ ਵਸਤ ਦਾ ਨਾਂਅ ਨਹੀਂ ਸਗੋਂ ਇਕ ਮਹਾਨ ਵਿਅਕਤੀ ਦਾ ਨਾਂਅ ਹੈ ਜੋ ਮੱਧਕਾਲ਼ੀਨ ਸਮੇਂ ਦਾ ਬਹੁਤ ਵੱਡਾ ਯਾਤਰੀ ਸੀ' |
ਇਬਨ ਬਤੂਤਾ ਮਾਲ ਵਿਚੋਂ ਮਿਲੀ ਗਾਈਡ, ਵਿੱਕੀਪੀਡੀਆ, ਐਨਸਾਈਕਲੋਪੀਡੀਆ ਬਰਿਟੈਨਿਕਾ ਅਤੇ ਹੋਰ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਬਨ ਬਤੂਤਾ ਮੱਧਕਾਲੀਨ ਯਾਤਰੀ, ਖੋਜੀ, ਭੂਗੋਲਿਕ ਸਕਾਲਰ ਸੀ ਜਿਸ ਨੇ ਲਗਪਗ ਆਪਣੀ ਅੱਧੀ ਜ਼ਿੰਦਗੀ ਸੈਰ-ਸਫਰ ਵਿਚ ਲੰਘਾ ਦਿੱਤੀ | ਸਾਰੇ ਇਸਲਾਮਿਕ ਜਗਤ ਦੇ ਭ੍ਰਮਣ ਤੋਂ ਇਲਾਵਾ ਉਸ ਨੇ ਗੈਰ-ਇਸਲਾਮਿਕ ਦੇਸ਼ਾਂ ਦਾ ਦੌਰਾ ਵੀ ਕੀਤਾ | ਸਮਝੋ ਉਸ ਦੇ ਪੈਰ ਚੱਕਰ ਸੀ | ਉਹ ਪੱਛਮੀ ਅਫਰੀਕਾ, ਦੱਖਣੀ ਅਤੇ ਉੱਤਰੀ ਯੂਰਪ, ਦੱਖਣੀ/ਕੇਂਦਰੀ ਤੇ ਦੱਖਣ-ਪੂਰਬੀ ਏਸ਼ੀਆ, ਭਾਰਤ ਅਤੇ ਚੀਨ ਵਿਚ ਚੌਦਵੀਂ ਸਦੀ ਵਿਚ ਉਨ੍ਹਾਂ ਸਮਿਆਂ ਵਿਚ ਗਿਆ ਜਿਨ੍ਹਾਂ ਸਮਿਆਂ ਵਿਚ ਯਾਤਰਾ ਦੇ ਸਾਧਨ ਬਹੁਤ ਹੀ ਸੀਮਤ ਸਨ | ਸਾਧਾਰਨ ਮੱਧ-ਸ਼੍ਰੇਣੀ ਪਰਿਵਾਰ ਦਾ ਬਤੂਤਾ 21 ਸਾਲ ਦੀ ਉਮਰੇ ਜੂਨ 1325 ਨੂੰ ਘਰੋਂ ਗਧੇ ਉੱਪਰ ਸਵਾਰ ਹੋ ਕੇ ਇਕੱਲਾ ਹੀ ਸਫਰ ਉੱਪਰ ਨਿਕਲ ਪਿਆ ਸੀ | ਉਸ ਨੇ ਯਾਤਰਾ ਪੈਦਲ ਵੀ ਕੀਤੀ, ਊਠਾਂ ਦੇ ਕਾਫਲਿਆਂ ਨਾਲ ਰਲ ਕੇ ਵੀ ਕੀਤੀ ਅਤੇ ਸਮੁੰਦਰੀ ਬੇੜਿਆਂ ਰਾਹੀਂ ਵੀ |
24-29 ਸਾਲ ਦੇ ਲਗਪਗ (ਕਈ ਥਾਂ 30 ਸਾਲ ਵੀ ਦਰਜ ਹੈ) ਕੀਤੀ ਗਈ ਇਸ ਯਾਤਰਾ ਦੌਰਾਨ ਬਤੂਤਾ ਅਜੋਕੇ ਸਮੇਂ ਦੇ 40-44 ਮੁਲਕਾਂ ਵਿਚ ਗਿਆ, ਘੱਟੋ ਘੱਟ 60 ਹਾਕਮਾਂ/ਸੁਲਤਾਨਾਂ/ਰਾਜਿਆਂ, ਕਈ ਵਜ਼ੀਰਾਂ, ਗਵਰਨਰਾਂ, ਮੋਹਤਬਰਾਂ ਨੂੰ ਮਿਲਿਆ | ਉਸ ਨੇ ਆਪਣੀ ਕਿਤਾਬ 'ਰੀਹਲਾ' (ਯਾਤਰਾ) ਵਿਚ ਅਜਿਹੇ ਪਤਵੰਤਿਆਂ ਦੀ ਗਿਣਤੀ 2000 ਲਿਖੀ ਹੈ | ਉਸ ਨੇ ਕੁਲ 120,000 ਕਿਲੋਮੀਟਰ ਲੰਮਾ ਸਫਰ ਕੀਤਾ! ਉਸ ਤੋਂ ਪਹਿਲਾਂ ਹੋਰ ਕਿਸੇ ਵੀ ਯਾਤਰੂ ਨੇ ਐਨਾ ਲੰਮਾ ਸਫਰ ਨਹੀਂ ਸੀ ਤਹਿ ਕੀਤਾ! ਉਸ ਦੀ ਇਸ ਯਾਤਰਾ ਦੀ ਯਾਦ ਵਿਚ ਇਬਨ ਬਤੂਤਾ ਮਾਲ ਅੰਦਰ ਛੇ ਕੋਰਟ (ਭਾਗ/ਪ੍ਰਾਂਗਣ) ਬਣਾਏ ਗਏ ਹਨ ਜਿਨ੍ਹਾਂ ਦੇ ਨਾਂਅ ਹਨ- ਐਾਡੂਲੇਸ਼ੀਆ ਕੋਰਟ, ਚਾਈਨਾ ਕੋਰਟ, ਈਜਿਪਟ ਕੋਰਟ, ਇੰਡੀਆ ਕੋਰਟ, ਪਰਸ਼ੀਆ ਕੋਰਟ ਅਤੇ ਟੁਨੇਸ਼ੀਆ ਕੋਰਟ | ਇਨ੍ਹਾਂ ਕੋਰਟਾਂ ਵਿਚ ਸਬੰਧਿਤ ਮੁਲਕਾਂ ਬਾਰੇ ਅਤੇ ਬਤੂਤਾ ਦੇ ਯਾਤਰਾ ਦੇ ਬਹੁਤ ਹੀ ਖੂਬਸੂਰਤ ਸੁਚਿੱਤਰ ਬਿਰਤਾਂਤ ਦਰਸਾਏ ਗਏ ਹਨ | ਇਸਲਾਮਿਕ ਖੋਜਾਂ, ਕਾਢਾਂ, ਪੁਰਾਤਨ ਵਿਗਿਆਨਕ ਯੰਤਰਾਂ ਅਤੇ ਵਿਰਾਸਤ ਨੂੰ ਵੀ ਦਿਓ-ਕੱਦ ਢਾਂਚਿਆਂ/ਮਾਡਲਾਂ ਰਾਹੀਂ ਦਰਸਾਇਆ ਗਿਆ ਹੈ |
ਇਨ੍ਹਾਂ ਸਭ ਦੀ ਮਹਿਮਾਮਈ ਸ਼ਿਲਪਕਾਰੀ ਦੇਖਿਆਂ ਹੀ ਬਣਦੀ ਹੈ! ਇਬਨ ਬਤੂਤਾ ਮੌਰੱਕੋ ਦੇ ਤਾਨਜੀਅਰ ਇਲਾਕੇ ਵਿਚ 1304 ਈਸਵੀ ਨੂੰ ਇਸਲਾਮਿਕ ਜੱਜਾਂ (ਕਾਜ਼ੀਆਂ) ਦੇ 'ਬੈਰਬਰ' ਪਿਛੋਕੜ ਵਾਲੇ ਪਰਿਵਾਰ ਵਿਚ ਪੈਦਾ ਹੋਇਆ ਸੀ | ਉਸ ਦਾ ਪੂਰਾ ਨਾਂਅ ਬਹੁਤ ਲੰਮਾ ਸੀ- ਅਬੂ ਅਬਦ ਅਲਾਹ ਮੁਹਮੰਦ ਇਬਨ ਅਬਦ ਅਲਾਹ ਅਲ- ਲਵਾਤੀ ਅਲ- ਤਾਂਜੀ ਇਬਨ ਬਤੂਤਾਹ ! ਉਸ ਨੇ ਆਪ ਵੀ ਇਸਲਾਮਿਕ ਕਾਨੂੰਨ ਦੀ ਮੁਢਲੀ ਸਿੱਖਿਆ ਹਾਸਲ ਕੀਤੀ ਸੀ | ਇੱਕੀ ਸਾਲ ਦੀ ਉਮਰ ਵਿਚ ਇਕੱਲਾ ਹੀ ਇਕ ਗਧੇ ਉੱਪਰ ਸਵਾਰ ਹੋ ਮੱਕੇ ਹੱਜ ਕਰਨ ਅਤੇ ਇਸਲਾਮਿਕ ਲਾਅ ਨੂੰ ਸੀਰੀਆ, ਮਿਸਰ ਅਤੇ ਪੱਛਮੀ ਅਰਬ ਦੇ ਵਿਦਵਾਨਾਂ ਕੋਲੋਂ ਹੋਰ ਗਹਿਰਾਈ ਨਾਲ ਪੜ੍ਹਨ ਦੇ ਮਕਸਦ ਨਾਲ ਘਰੋਂ ਨਿਕਲਿਆ ਸੀ | ਉਸ ਨੇ ਮੱਧ ਪੂਰਬ, ਅਰੇਬੀਅਨ ਪ੍ਰਾਇਦੀਪ ਅਤੇ ਫਾਰਸ ਦੀ ਖਾੜੀ, ਜਿਸ ਕਿਨਾਰੇ ਹੁਣ ਦੁਬਈ ਵਸਿਆ ਹੋਇਆ ਹੈ, ਨੂੰ ਖੂਬ ਗਾਹਿਆ | ਉਹ 16 ਮਹੀਨਿਆਂ ਬਾਅਦ ਹੱਜ ਲਈ ਮੱਕੇ ਪੁੱਜਾ |
ਪਰ ਹੱਜ ਉਪਰੰਤ ਉਸ ਅੰਦਰ ਸੰਸਾਰ ਦੇ ਸ਼ਾਨਦਾਰ ਇਸਲਾਮਿਕ ਦੇਸ਼ਾਂ, ਜਿਨ੍ਹਾਂ ਨੂੰ ਉਹ ਦਰ-ਅਲ-ਇਸਲਾਮ ਕਹਿੰਦਾ ਹੈ ਅਤੇ ਦੂਸਰੇ ਮੁਲਕਾਂ ਨੂੰ ਦੇਖਣ ਅਤੇ ਉਥੋਂ ਦੇ ਵਸਨੀਕਾਂ, ਵਿਰਾਸਤ, ਸੱਭਿਆਚਾਰ, ਰਸਮੋ-ਰਿਵਾਜ ਆਦਿ ਨੂੰ ਜਾਨਣ ਲਈ ਖੋਹ ਜਿਹੀ ਪੈਣ ਲੱਗੀ ਜਿਸ ਦੀ ਸੰਤੁਸ਼ਟੀ ਲਈ ਉਹ ਅੱਗੋਂ ਹੋਰ ਬਹੁ-ਦੇਸ਼ੀ ਯਾਤਰਾ ਉੱਪਰ ਚੱਲ ਪਿਆ ਅਤੇ ਧੁਰ ਚੀਨ, ਸੁਮਾਟਰਾ ਅਤੇ ਫਿਰ ਸਹਾਰਾ ਪਾਰ ਮਾਲੀ ਸਲਤਨਤ ਪੁੱਜ ਕੇ ਸਾਹ ਲਿਆ |
ਉੇਸ ਅਨੁਸਾਰ ਉਸ ਨੂੰ ਇਕ ਸੁਪਨਾ ਆਇਆ ਸੀ ਜਿਸ ਵਿਚ ਇਕ ਵੱਡਾ ਪੰਛੀ ਉਸ ਨੂੰ ਆਪਣੇ ਪਰਾਂ ਉੱਪਰ ਬਿਠਾ ਪੂਰਬ ਵੱਲ ਲੰਮੀ ਉਡਾਨ ਭਰਦੈੇ ਅਤੇ ਉਸ ਨੂੰ ਉਥੇ ਛੱਡ ਦਿੰਦੈ | ਉਸ ਅਨੁਸਾਰ ਇਕ ਧਰਮੀ ਪੁਰਖ ਨੇ ਇਸ ਸੁਪਨੇ ਦੀ ਵਿਆਖਿਆ ਉਸ ਵਲੋਂ ਕੀਤੇ ਜਾਣ ਵਾਲੇ ਧਰਤ-ਰਟਨ ਵਜੋਂ ਕੀਤੀ ਸੀ ਤੇ ਉਸ ਨੇ ਇਸ ਸੁਪਨੇ ਨੂੰ ਸਾਕਾਰ ਕਰ ਵਿਖਾਇਆ! ਉਹ ਪਰਸ਼ੀਆ (ਈਰਾਨ), ਇਰਾਕ, ਆਜ਼ਰਬਾਈਜਾਨ, ਯਮਨ, ਸੋਮਾਲੀਆ ਸ਼ਹਿਰ, ਕੀਨੀਆਂ, ਤਨਜ਼ਾਨੀਆ, ਅਫਰੀਕਾ, ਏਸ਼ੀਆ, ਮੱਧ ਪੂਰਬ, ਅਜੋਕੇ ਇੰਡੋਨੇਸ਼ੀਆ ਦੇ ਕੁਝ ਹਿੱਸੇ, ਸਿਰੀ ਲੰਕਾ, ਮਾਲਦੀਵਜ਼, ਹਿੰਦੂ ਕੁਸ਼, ਅਫਗਾਨਿਸਤਾਨ ਰਾਹੀਂ ਭਾਰਤ, ਚੀਨ, ਮਿਸਰ-ਕਾਹਿਰਾ, ਸੀਰੀਆ, ਟਰਕੀ, ਸਹਾਰਾ ਰੇਗਿਸਤਾਨ ਦੇ ਆਰ-ਪਾਰ, ਫਾਰਸ ਦੀ ਖਾੜੀ, ਬਾਈਜ਼ੈਨਟਾਈਨ ਸ਼ਹਿਰ, ਕਾਲਾ ਸਾਗਰ ਦੇ ਪਾਰ, ਯੁਰੇਸ਼ੀਅਨ ਸਟੈਪੀ, ਸਪੇਨ, ਮਾਲੀ ਸਲਤਨਤ, ਟਿੰਬੁਕਟੂ ਆਦਿ ਸਮੇਤ ਅਨੇਕਾਂ ਮੁਲਕਾਂ ਵਿਚ ਗਿਆ |
ਉਹ 1332 (ਕਈ ਥਾਂ ਇਹ 1334 ਵੀ ਲਿਖਿਐ) ਈਸਵੀ ਵਿਚ ਦਿੱਲ਼ੀ ਪੁੱਜਾ | ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਉਸ ਨੂੰ ਕਾਜ਼ੀ ਨਿਯੁਕਤ ਕੀਤਾ | ਭਾਰਤ ਵਿਚ ਉਹ 8-9 ਸਾਲ ਰਿਹਾ | ਫਿਰ 1341 ਵਿਚ ਉਹ ਚੀਨ ਵਿਚ ਦੂਤ ਬਣ ਕੇ ਗਿਆ |
1354 'ਚ ਉਹ ਸਦਾ ਲਈ ਮੌਰੌਕੋ ਪਰਤ ਆਇਆ | ਮੁਲਕ ਦੇ ਸੁਲਤਾਨ ਨੇ ਉਸ ਨੂੰ ਸਫਰਨਾਮਾ ਲਿਖਣ ਲਈ ਕਿਹਾ | ਬਤੂਤਾ ਨੇ ਇਬਨ ਜੁਜ਼ੇ ਨਾਂਅ ਦੇ ਵਿਅਕਤੀ ਨੂੰ ਇਹ ਬੋਲ ਕੇ ਲਿਖਵਾਇਆ | ਇਕ ਸਾਲ 'ਚ 'ਰੀਹਲਾ' ਨਾਂਅ ਦਾ ਇਕ ਇਤਿਹਿਾਸਕ ਦਸਤਾਵੇਜ਼ ਲਿਖਿਆ ਗਿਆ ਜੋ ਉਸ ਦੀ ਯਾਤਰਾ ਦਾ ਸ਼ਾਹਕਾਰ ਹੈ | ਉਹ ਮੌਰੱਕੋ ਵਿਚ ਇਸਲਾਮਿਕ ਜੱਜ ਵੀ ਰਿਹਾ | 1368 ਵਿਚ ਉਹ ਚਲਾਣਾ ਕਰ ਗਿਆ (ਕਈ ਥਾਵਾਂ 'ਤੇ ਇਹ ਤਰੀਕ 1369 ਜਾਂ 1377 ਲਿਖੀ ਵੀ ਮਿਲਦੀ ਹੈ) |
ਆਪਣੀ ਦਹਾਕਿਆਂ ਬੱਧੀ ਲੰਮੀ ਯਾਤਰਾ ਦੌਰਾਨ ਇਬਨ ਬਤੂਤਾ ਨੇ ਸੁੱਖ ਵੀ ਭੋਗੇ, ਦੁੱਖ ਵੀ | ਉਸ ਨੂੰ ਹਰ ਦੇਸ਼ ਵਿਚ ਇਸਲਾਮਿਕ ਵਿਦਵਾਨ ਵਜੋਂ ਨਿਵਾਜਿਆ ਗਿਆ | ਸਰਕਾਰੇ-ਦਰਬਾਰੇ ਸਨਮਾਨਿਆ ਗਿਆ, ਤੋਹਫਿਆਂ ਨਾਲ ਲੱਦਿਆ ਗਿਆ, ਪ੍ਰਾਹੁਣਚਾਰੀ ਦੀ ਰੇਲ ਪੇਲ ਹੋਈ | ਉਸ ਨੇ ਕਈ ਵਿਆਹ ਵੀ ਕਰਵਾਏ, ਔਲਾਦ ਵੀ ਪੈਦਾ ਕੀਤੀ ਅਤੇ ਪਤਨੀਆਂ ਨੂੰ ਤਲਾਕ ਵੀ ਦਿੱਤੇ | ਦਾਸ-ਦਾਸੀਆਂ (ਕਨੀਜ਼ਾਂ) ਵੀ ਰੱਖੇ | ਦਮਸ਼ਕ ਵਿਚ ਉਸ ਨੂੰ ਇਸਲਾਮਿਕ ਸਟੱਡੀਜ਼ ਦਾ ਡਿਪਲੋਮਾ ਵੀ ਪ੍ਰਦਾਨ ਕੀਤਾ ਗਿਆ |
ਪਰ ਉਸ ਨੇ ਕਸ਼ਟ ਵੀ ਬੜੇ ਉਠਾਏ | ਯਾਤਰਾ ਦੌਰਾਨ ਉਸ ਦੇ ਮਾਂ-ਬਾਪ ਚੱਲ ਵਸੇ ਪਰ ਇਸ ਦਾ ਪਤਾ ਉਸ ਨੂੰ ਮੌਰੱਕੋ ਪਰਤ ਕੇ ਹੀ ਲੱਗਾ | ਉਹ ਬਿਮਾਰ ਵੀ ਹੋਇਆ, ਐਨਾ ਕਿ ਗਧੇ ਉੱਪਰ ਵੀ ਬਹਿ ਨਹੀਂ ਸੀ ਹੁੰਦਾ ਪਰ ਉਸ ਹਠੀ ਨੇ ਆਪਣੇ ਆਪ ਨੂੰ ਰੱਸੀਆਂ ਨਾਲ ਗਧੇ ਦੀ ਕਾਠੀ ਨਾਲ ਬੰਨ੍ਹ ਲਿਆ ਤਾਂ ਕਿ ਹਚਕੋਲਿਆਂ ਨਾਲ ਭੁੰਜੇ ਨਾ ਡਿਗ ਪਵੇ ਅਤੇ ਯਾਤਰਾ ਜਾਰੀ ਰੱਖੀ | ਰਾਹ ਵਿਚ ਉਸ ਨੂੰ ਲੁਟੇਰਿਆਂ-ਡਾਕੂਆਂ ਨੇ ਲੁੱਟ ਲਿਆ, ਬਸ ਨੰਗ ਹੀ ਕਰ ਦਿੱਤਾ, ਹਾਂ ਨੰਗਾ ਹੋਣੋਂ ਬਚ ਗਿਆ ਕਿਉਂਕਿ ਉਸ ਦੇ ਤੇੜ ਦੇ ਕੱਪੜੇ ਨਹੀਂ ਸਨ ਲੁੱਟੇ ਗਏ | ਸਮੁੰਦਰ ਵਿਚ ਉਸ ਦੇ ਬੇੜੇ ਨੂੰ ਤੂਫਾਨ ਨੇ ਘੇਰ ਲਿਆ ਅਤੇ ਉਸ ਦੇ ਕਈ ਸਾਥੀ ਡੁੱਬ ਕੇ ਮਰ ਗਏ | ਭਾਰਤੀ ਤਟੀ ਇਲਾਕੇ ਵਿਚ ਉਸ ਨੂੰ ਬਾਗੀਆਂ ਨੇ ਅਗਵਾ ਕਰ ਲਿਆ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਜਾਨ ਬਚਾ ਕੇ ਕਾਲੀਕਟ ਰਾਹੀਂ ਦੱਖਣ ਵਲ ਹੋ ਤੁਰਿਆ | ਉਸ ਦਾ ਕਤਲ ਵੀ ਹੋ ਚਲਿਆ ਸੀ |
ਕਈ ਆਲੋਚਕ ਉਸ ਦੀਆਂ ਲੰਮੀਆਂ ਯਾਤਰਾਵਾਂ ਉੱਪਰ ਸ਼ੰਕਾ ਵੀ ਕਰਦੇ ਹਨ | ਉਨ੍ਹਾਂ ਅਨੁਸਾਰ ਕਿਸੇ ਵੀ ਸੀਮਤ ਸਾਧਨਾਂ ਵਾਲੇ ਯਾਤਰੀ ਲਈ ਐਨੇ ਸਾਰੇ ਮੁਲਕਾਂ ਦੇ ਕਠਿਨ ਪੈਂਡੇ ਤੈਅ ਕਰਨਾ ਨਾਮੁਮਕਿਨ ਹੈ | ਖੈਰ, ਕੁਛ ਤੋ ਲੋਗ ਕਹੇਂਗੇ...!
ਦੁਬਈ ਵਿਚਲੀ ਇਬਨ ਬਤੂਤਾ ਮਾਲ ਵਿਸ਼ਵ ਦੀ ਸਭ ਤੋਂ ਵਡੀ ਥੀਮਕੀ ਸ਼ਾਪਿੰਗ ਮਾਲ ਹੈ ਜੋ ਕਿਸੇ ਕਥਾ-ਪ੍ਰਸੰਗ ਜਾਂ ਪ੍ਰਕਰਣ ਨੂੂੰ ਵਿਸ਼ਾ-ਵਸਤੂ ਵਜਾੋ ਲ਼ੈ ਕੇ ਉਸਾਰੀ ਗਈ ਹੈ | 521000 ਵਰਗ ਮੀਟਰੀ ਇਸ ਮਾਲ ਵਿਚ ਵਿਚ 300 ਤੋਂ ਵੱਧ ਦੁਕਾਨਾਂ, 50 ਰੈਸਟੋਰੈਂਟ, 50 ਵੰਨਗੀਆਂ ਦੇ ਖਾਣੇ, ਪੰਜ-ਤਾਰਾ ਹੋਟਲ, ਸਿਨੇਮਾ ਹਾਲ, ਦੁਨੀਆ ਭਰ-ਸਮੇਤ ਅਮਰੀਕਾ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਦਾ ਬਰਾਂਡਿਡ ਸਾਜ਼ੋ-ਸਾਮਾਨ, ਭੋਜਨਾਲਿਆ, ਕਾਫੀ ਸ਼ਾਪ, ਸੰਗੀਤ ਸ਼ਾਪ, 4500 ਪਾਰਕਿੰਗ ਸਪੇਸ ਅਤੇ ਹੋਰ ਪਤਾ ਨਹੀਂ ਕੀ ਕੀ ਕੁਝ ਹੈ! ਮਾਲ ਦੇ ਬਾਹਰ ਖਜੂਰ ਦੇ ਦਰੱਖਤ ਲਗਾਏ ਗਏ ਹਨ ਅਤੇ ਹਰਿਆਵਲੇ ਘਾਹ ਦੇ ਮੈਦਾਨ ਬਣਾਏ ਗਏ ਹਨ |
ਇਹ ਮਾਲ ਦੁਬਈ ਤੋਂ ਆਬੂ ਧਾਬੀ ਜਾਣ ਵਾਲੀ ਮਸ਼ਹੂਰ ਸ਼ਾਹਰਾਹ ਅਲ ਜ਼ਾਇਦ ਰੋਡ ਉੱਪਰ ਜਾਂਦਿਆਂ ਜਬੇਲ ਅਲ਼ੀ ਪਿੰਡ ਵੱਲ ਮੁੜਦੇ ਛੇਵੇਂ ਮੋੜ ਕੋਲ ਸਥਿਤ ਹੈ | ਮੈਟਰੋ ਸਟੇਸ਼ਨ ਮਾਲ ਦੇ ਮੁੱਢ ਹੈੈ |
ਥੋੜ੍ਹੀ ਜਿਹੀ ਵਿੱਥ ਉੱਪਰ ਦੁਬਈ ਦਾ ਆਲੀਸ਼ਾਨ ਗੁਰਦੁਆਰਾ ਗੁਰੂੁ ਨਾਨਕ ਦਰਬਾਰ ਹੈ | ਅਸੀਂ ਗੁਰਦੁਆਰਾ ਸਾਹਿਬ ਵਿਖੇ ਨੱਤਮਸਤਕ ਹੋਣ ਉਪਰੰਤ ਮਾਲ-ਫੇਰੀ 'ਤੇ ਗਏ | ਨਾਲੇ ਪੁੰਨ ਨਾਲੇ ਫਲੀਆਂ! ਇਕ ਪੰਥ ਤਿੰਨ ਕਾਜ (ਗੁਰੂੁ ਘਰ ਦੇ ਦਰਸ਼ਨ, ਇਬਨ ਬਤੂਤਾ ਬਾਰੇ ਜਾਣਕਾਰੀ ਅਤੇ ਮਾਲ ਦੀ ਫੇਰੀ)! ਇਬਨ ਬਤੂਤਾ ਮਾਲ ਅਮੀਰ ਇਸਲਾਮਿਕ ਵਿਰਾਸਤ, ਮੱਧ-ਕਾਲੀਨ ਇਤਿਹਾਸ, ਸੱਭਿਆਚਾਰ ਅਤੇ ਖਤਰਿਆਂ ਪੂਰਨ ਮੁਹਿੰਮਬਾਜ਼ੀ/ਜਾਂਨਬਾਜ਼ੀ ਦੇ ਦਰਸ਼ਨਾਂ ਅਤੇ ਵਿਸ਼ਵ ਭਰ ਦੀਆਂ ਅੱਤ-ਆਧੁਨਿਕ ਵਸਤਾਂ, ਖਾਣ-ਪਾਣ, ਖਰੀਦੋੋ -ਫਰੋਖਤ ਅਤੇ ਮਨ-ਪ੍ਰਚਾਵੇ ਦਾ ਸੁੰਦਰ ਸੁਮੇਲ ਹੈ |
ਇਸ ਨੂੰ ਦੇਖਣ ਲਈ ਪੂਰਾ ਇਕ ਦਿਨ ਵੀ ਘੱਟ ਪੈਂਦਾ ਹੈ | ਇਬਨ ਬਤੂਤਾ ਦੇ ਬਿਰਤਾਂਤਕ ਸੁਚਿੱਤਰ ਵਰਨਣ ਵਿਚ ਅਸੀਂ ਇਸ ਤਰ੍ਹਾਂ ਖੁੱਭੇ ਰਹੇ ਕਿ ਖਾਣ-ਖਰੀਦਣ ਦਾ ਖਿਆਲ ਹੀ ਨਾ ਆਇਆ | ਮੁੜਦੇ ਸਮੇਂ ਸਫਰ ਦੇ ਸੂਰਮੇ ਇਬਨ ਬਤੂਤਾ ਦੀ ਯਾਤਰਾ-ਮੰਤਰ ਦੀ ਇਕ ਸਤਰ ਮੁੜ ਮੁੜ ਚੇਤੇ ਆਉਂਦੀ ਰਹੀ-
'ਮਾੈ ਕਦੀ ਵੀ ਕਿਸੇ ਰਾਹ ਦੂਸਰੀ ਵਾਰੀ ਨਹੀਂ ਪਿਆ' (ਭਾਵ ਹਰ ਵਾਰ ਨਵਾਂ ਰਾਹ ਤਲਾਸ਼ਿਆ)!!

-98-ਸੀ, ਸ਼ਹੀਦ ਭਗਤ ਸਿੰਘ ਨਗਰ, ਹ.ਪ. ਰੋਡ, ਫਗਵਾੜਾ |

ਬ੍ਰਹਿਮੰਡ ਦੇ ਵਿਨਾਸ਼ਕਾਰੀ ਯੁੱਗ 'ਚ ਕਦੇ ਦਫ਼ਨ ਸੀ ਮਨੁੱਖੀ ਹੋਂਦ

ਸਾਡਾ ਬ੍ਰਹਿਮੰਡ ਇਕ ਅਜਿਹਾ ਅਦਭੁੱਤ ਰਹੱਸ ਹੈ ਜਿਸ ਨੂੰ ਅੱਜ ਤੱਕ ਵਿਗਿਆਨ ਵੀ ਸਿਰਫ ਨਾ-ਮਾਤਰ ਹੀ ਸਮਝ ਸਕਿਆ ਹੈ | ਅੱਜ ਤਕਨਾਲੋਜੀ ਆਪਣੇ ਸਿਖਰਾਂ 'ਤੇ ਹੈ, ਹਰ ਅਸੰਭਵ ਪ੍ਰਸ਼ਨ ਨੂੰ ਵੀ ਸਾਇੰਸ ਹੱਲ ਕਰਨ ਲਈ ਜ਼ੋਰ ਲਾ ਰਹੀ ਹੈ ਪਰ ਬ੍ਰਹਿਮੰਡ ਦੀ ਹੋਂਦ ਦੇ ਸਬੰਧ ਵਿਚ ਸਮੇਂ ਨਾਲ ਅੱਜ ਵਿਗਿਆਨ ਵੀ ਇਸ ਦੀ ਉਤਪਤੀ ਬਾਰੇ ਕਿਤੇ ਨਾ ਕਿਤੇ ਧਾਰਮਿਕ ਤੱਥਾਂ ਨੂੰ ਤਸਦੀਕ ਕਰਦਾ ਨਜ਼ਰ ਆ ਰਿਹਾ ਹੈ | ਅਰਬਾਂ ਸਾਲਾਂ ਤੋਂ ਅੱਜ ਤੱਕ ਬ੍ਰਹਿਮੰਡ ਵਿਚ ਬਹੁਤ ਹੀ ਵਿਨਾਸ਼ਕਾਰੀ ਘਟਨਾਵਾਂ ਹੋਈਆਂ ਜਿਨ੍ਹਾਂ ਸਦਕਾ ਹੀ ਸਾਡੀ ਪਿ੍ਥਵੀ ਹੋਂਦ ਵਿਚ ਆ ਸਕੀ ਹੈ | ਵਿਗਿਆਨੀਆਂ ਅਨੁਸਾਰ ਇਕ ਅਜਿਹੀ ਊਰਜਾ ਜਾਂ ਸ਼ਕਤੀ ਮੌਜੂਦ ਹੈ ਜੋ ਕਿ ਪੂਰੇ ਬ੍ਰਹਿਮੰਡ ਨੂੰ ਹਰ ਪਲ ਚਲਾ ਰਹੀ ਹੈ | ਵੱਖਰੇ-ਵੱਖਰੇ ਵਿਗਿਆਨੀਆਂ ਵਲੋਂ ਬ੍ਰਹਿਮੰਡ ਦੀ ਉਤਪਤੀ ਬਾਰੇ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਹੋਏ ਹਨ | ਬ੍ਰਹਿਮੰਡ ਵਿਚ ਪਿ੍ਥਵੀ ਦੇ ਜਨਮ ਤੋਂ ਬਾਅਦ ਵੀ ਲੱਖਾਂ ਯੁੱਗਾਂ ਤੱਕ ਵਿਨਾਸ਼ ਦਾ ਦੌਰ ਲਗਾਤਾਰ ਚਲਦਾ ਰਿਹਾ | ਇਹ ਵਿਨਾਸ਼ ਹੀ ਵਰਤਮਾਨ ਦੇ ਮਨੂੱਖੀ ਵਜੂਦ ਦਾ ਸਭ ਤੋਂ ਵੱਡਾ ਕਾਰਨ ਬਣਿਆ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਬ੍ਰਹਿਮੰਡ ਦੀ ਰਚਨਾ ਪ੍ਰਮਾਤਮਾ ਦੇ ਇਕ ਵਿਚਾਰ ਨਾਲ ਹੀ ਸੰਭਵ ਹੋ ਸਕੀ ਹੈ |
ਕੀਤਾ ਪਸਾਉ, ਏਕੋ ਕਵਾਉ¨ (ਸ੍ਰੀ ਜਪੁਜੀ ਸਾਹਿਬ)
ਜਦੋਂ ਧਰਤੀ ਸਮੇਤ ਚੰਦ, ਤਾਰੇ, ਸੂਰਜ ਦੀ ਹੋਂਦ ਹੀ ਬ੍ਰਹਿਮੰਡ ਵਿਚ ਦਸ਼ਮਲਵ ਸਮਾਨ ਹੈ ਫਿਰ ਧਰਤੀ 'ਤੇ ਮਨੁੱਖੀ ਹੋਂਦ ਨੂੰ ਤਾਂ ਕੋਈ ਸਥਾਨ ਹੀ ਨਹੀਂ ਦਿੱਤਾ ਜਾ ਸਕਦਾ | ਸਾਡਾ ਬ੍ਰਹਿਮੰਡ ਆਪਣੇ ਜਨਮ ਤੋਂ ਹੀ ਲਗਾਤਾਰ ਹਰਕਤ ਵਿਚ ਚੱਲ ਰਿਹਾ ਹੈ | ਹਰ ਸਮੇਂ ਪੂਰੇ ਬ੍ਰਹਿਮੰਡ ਵਿਚ ਕਿਸੇ ਨਾ ਕਿਸੇ ਥਾਂ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ ਜਿਨ੍ਹਾਂ ਵਿਚੋਂ ਕਈ ਘਟਨਾਵਾਂ ਸਾਇੰਸ ਦੀ ਦਰਾਮਦ ਕੀਤੀ ਤਕਨਾਲੋਜੀ ਦੇ ਪੈਮਾਨੇ ਵਿਚ ਦਰਜ ਹੋ ਜਾਂਦੀਆਂ ਹਨ ਅਤੇ ਬਹੁਤੀਆਂ ਰਹੱਸ ਹੀ ਬਣ ਕੇ ਰਹਿ ਜਾਂਦੀਆਂ ਹਨ | ਵਿਗਿਆਨ ਕੋਲ ਵੀ ਕੋਈ ਸਟੀਕ ਅੰਕੜਿਆਂ ਵਿਚ ਅੰਦਾਜ਼ਾ ਨਹੀਂ ਕਿ ਬ੍ਰਹਿਮੰਡ ਦੀ ਉਤਪਤੀ ਕਦੋਂ ਹੋਈ | ਹੁਣ ਤੱਕ ਵਿਗਿਆਨ ਵੀ ਜੀਵਾਂ ਦੇ ਜੈਨੇਟਿਕ ਇਤਿਹਾਸ ਤੋਂ ਹੀ ਬ੍ਰਹਿਮੰਡ ਅਤੇ ਧਰਤੀ ਦੀ ਹੋਂਦ ਬਾਰੇ ਜਾਣਦੀ ਆ ਰਹੀ ਹੈ | ਜੇ ਅੱਜ ਅਸੀਂ ਗੱਲ ਕਰੀਏ ਕਿ ਧਰਤੀ ਕਿਵੇਂ ਹੋਂਦ ਵਿਚ ਆਈ ਜਾਂ ਧਰਤੀ ਤੋਂ ਪਹਿਲਾਂ ਬ੍ਰਹਿਮੰਡ ਵਿਚ ਕੀ ਸੀ ਤਾਂ ਇਸ ਦਾ ਉੱਤਰ ਅੱਜ ਵਿਗਿਆਨ ਵਲੋਂ ਵੀ ਇਹੋ ਮੰਨਿਆ ਜਾ ਰਿਹਾ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿਚ ਹੀ ਲੋਕਾਂ ਸਾਹਮਣੇ ਰੱਖ ਦਿੱਤਾ ਸੀ | ਸੈਂਕੜੇ ਸਾਲਾਂ ਦੀ ਤਰਕ ਅਤੇ ਖੋਜਾਂ ਤੋਂ ਬਾਅਦ ਵਿਗਿਆਨ ਵੀ ਅੱਜ ਇਹ ਮੰਨਣ ਵਿਚ ਸਫਲ ਹੋਈ ਹੈ ਕਿ ਬ੍ਰਹਿਮੰਡ ਦੀ ਉਤਪਤੀ ਤੋਂ ਪਹਿਲਾਂ ਚਾਰੇ ਪਾਸੇ ਧੂੜ, ਕਣ ਅਤੇ ਧੁੰਦ ਦਾ ਹੀ ਪਸਾਰਾ ਸੀ | ਕੋਈ ਆਕਾਸ਼, ਸਮਾਂ ਜਾਂ ਦਿਨ-ਰਾਤ ਵੀ ਨਹੀਂ ਸਨ |
ਅਰਬਦ ਨਰਬਦ ਧੁੰਧੂਕਾਰਾ¨
ਧਰਣਿ ਨ ਗਗਨਾ ਹੁਕਮਿ ਅਪਾਰਾ¨
ਨਾ ਦਿਨੁ ਰੈਨਿ ਨ ਚੰਦੁ
ਨ ਸੂਰਜੁ ਸੁੰਨ ਸਮਾਧਿ ਲਗਾਇਦਾ¨1¨
(ਸ੍ਰੀ ਗੁਰੂ ਨਾਨਕ ਦੇਵ ਜੀ)

ਅਸੀਂ ਖੁਸ਼ਕਿਸਮਤ ਹਾਂ ਕਿ ਧਰਤੀ ਦੀ ਦੂਰੀ ਸੂਰਜ ਤੋਂ ਬਿਲਕੁਲ ਸਹੀ ਦੂਰੀ 'ਤੇ ਹੈ ਜਿਸ ਸਦਕਾ ਹੀ ਧਰਤੀ ਨਾ ਤਾਂ ਬਾਕੀ ਗੁਆਂਢੀ ਗ੍ਰਹਿਆਂ ਵਾਂਗ ਬਹੁਤੀ ਗਰਮ ਹੀ ਹੈ ਅਤੇ ਨਾ ਹੀ ਹੱਦੋਂ ਜ਼ਿਆਦਾ ਠੰਢੀ ਹੀ, ਇਸੇ ਕਾਰਨ ਹੀ ਧਰਤੀ ਦੀ ਆਪਣੀ ਜ਼ਿੰਦਗੀ ਸੰਭਵ ਹੋ ਸਕੀ ਹੈ | ਵਿਗਿਆਨ ਅਨੁਸਾਰ ਧਰਤੀ ਦੀ ਉਤਪਤੀ ਤੋਂ ਪਹਿਲਾਂ ਅਤੇ ਬਾਅਦ ਵਿਚ ਕਈ ਅਜਿਹੀਆਂ ਵੱਡੀਆਂ ਵਿਨਾਸ਼ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਾਪਰਨ ਸਦਕਾ ਹੀ ਧਰਤੀ 'ਤੇ ਮਾਨਵ ਦੀ ਹੋਂਦ ਸੰਭਵ ਹੋ ਸਕੀ ਅਤੇ ਧਰਤੀ ਦਾ ਵਰਤਮਾਨ ਰੂਪ ਬਣ ਸਕਿਆ ਹੈ | ਧਰਤੀ ਨੂੰ ਕਰੀਬ 5 ਅਰਬ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਐਸਟੋਰਾਈਡਾਂ, ਧੂਮਕੇਤੂਆਂ, ਉਲਕਾ ਪਿੰਡਾਂ ਦੇ ਹਮਲਿਆ ਦੀ ਮਾਰ ਝੱਲਣੀ ਪਈ | ਸ਼ੁਰੂਆਤੀ ਸਮੇਂ ਵਿਚ ਇਹ ਗ੍ਰਹਿ ਵੀਰਾਨ ਅਤੇ ਬਿਲਕੁਲ ਅਸ਼ਾਂਤ ਸੀ ਕਿਉਂਕਿ ਧਰਤੀ 'ਤੇ ਬੇਹਿਸਾਬ ਲਾਵਾ, ਨਿਰੰਤਰ ਚੱਲ ਰਿਹਾ ਵਿਨਾਸ਼, ਧੂਮਕੇਤੂਆਂ ਤੇ ਉਲਕਾਵਾਂ ਦਾ ਹਮਲਾ ਲਗਪਗ ਅਰਬਾਂ ਸਾਲ ਚਲਦਾ ਰਿਹਾ | ਅਸਲ ਵਿਚ ਇਸੇ ਵਿਨਾਸ਼ ਦੇ ਲੰਬੇ ਸਮੇਂ ਦੌਰਾਨ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਵਿਚੋਂ ਹੀ ਮਨੁੱਖ ਦੀ ਹੋਂਦ ਪੁੰਗਰ ਰਹੀ ਸੀ | ਪੂਰੇ ਬ੍ਰਹਿਮੰਡ ਵਿਚ ਅੱਜ ਤੱਕ ਜੋ ਵੀ ਵਿਗਿਆਨ ਨੇ ਖੋਜਿਆ ਹੈ ਉਨ੍ਹਾਂ 'ਚੋਂ ਸਿਰਫ ਧਰਤੀ ਹੀ ਅਜਿਹਾ ਇਕ ਮਾਤਰ ਗ੍ਰਹਿ ਹੈ ਜਿਸ ਉਪਰ ਜੀਵਨ ਦੇ ਉਪਜਣ ਲਈ ਸਹੀ ਵਾਤਾਵਰਨ ਮੌਜੂਦ ਹੈ | ਬਾਕੀ ਗ੍ਰਹਿਪਥ ਵਿਚ ਹਜ਼ਾਰਾਂ ਲੱਖਾਂ ਗ੍ਰਹਿ ਤਾਰੇ ਮੌਜੂਦ ਹਨ ਜਿਨ੍ਹਾਂ ਵਿਚ ਵਾਤਾਵਰਨ ਦੀ ਭਿੰਨਤਾ ਕਾਰਨ ਅਜੇ ਵੀ ਜੀਵਨ ਹੋਂਦ ਵਿਚ ਨਹੀਂ ਆ ਸਕਿਆ ਅਤੇ ਨੇੜਲੇ ਭਵਿੱਖ ਵਿਚ ਵੀ ਇਸ ਦੇ ਬਹੁਤੇ ਆਸਾਰ ਨਹੀਂ ਹਨ | ਧਰਤੀ ਦੇ ਸ਼ੁਰੂਆਤੀ ਦਿਨਾਂ ਵਿਚ ਧਰਤੀ ਕੋਲ ਨਾ ਹੀ ਆਕਸੀਜਨ ਸੀ ਨਾ ਹੀ ਓਜੋਨ ਦੀ ਕੋਈ ਪਰਤ ਸੀ ਤੇ ਨਾ ਹੀ ਜੀਵਨ ਲਈ ਲੋੜੀਂਦੇ ਪਾਣੀ ਦਾ ਕੋਈ ਸਰੋਤ ਸੀ | ਇਹ ਸਭ ਸਮੇਂ-ਸਮੇਂ ਅਜਿਹੀਆਂ ਹੋਣੀਆਂ ਧਰਤੀ ਉਪਰ ਹੁੁੰਦੀਆਂ ਗਈਆਂ ਜਿਨ੍ਹਾਂ ਸਦਕਾ ਹੀ ਧਰਤੀ 'ਤੇ ਜੀਵ ਜੰਤੂਆਂ ਦੀ ਹੋਂਦ ਵਧਦੀ ਗਈ | ਕਰੋੜਾਂ ਸਾਲ ਪਹਿਲਾਂ ਬ੍ਰਹਿਮੰਡ ਦੇ ਸ਼ੁਰੂਆਤੀ ਸਮੇਂ ਵਿਚ ਬ੍ਰਹਿਮੰਡ ਵਿਚ ਧੂੜ ਕਣ, ਗੈਸਾਂ ਅਤੇ ਹੋਰ ਕਣ ਬੱਦਲਾਂ ਦੇ ਰੂਪ ਵਿਚ ਗੁਰੂਤਾਕਰਸ਼ਣ ਦੇ ਜ਼ੋਰ ਕਾਰਨ ਸੁੰਗੜ ਕੇ ਇਕ ਜੁਟ ਹੋਣੇ ਸ਼ੁਰੂ ਹੋ ਗਏ | ਜਦੋਂ ਇਨ੍ਹਾਂ ਦਾ ਜ਼ਿਆਦਾਤਰ ਅੰਸ਼ ਇਕ ਬੱਦਲ ਦੇ ਕੇਂਦਰ ਵਿਚ ਇਕੱਠਾ ਹੋ ਗਿਆ ਤਾਂ ਸਮੇਂ ਨਾਲ ਇਸ ਅੰਸ਼ ਨੇ ਇਕ ਤਾਰੇ ਦਾ ਰੂਪ ਲੈ ਲਿਆ | ਇਸ ਕਿ੍ਆ ਤੋਂ ਬਾਅਦ ਅੱਗੇ ਜਾ ਕੇ ਇਸ ਤਾਰੇ ਨੇ ਕਰੋੜਾਂ ਲੱਖਾਂ ਸਾਲਾਂ ਦਾ ਲੰਬਾ ਸਫਰ ਕਰਕੇ ਸੂਰਜ ਦਾ ਰੂਪ ਧਾਰਨ ਕੀਤਾ | ਸੂਰਜ ਦੇ ਕੇਂਦਰ ਦਾ ਤਾਪਮਾਨ ਹੱਦੋਂ ਜ਼ਿਆਦਾ ਹੋਣ ਕਾਰਨ ਇਸ ਵਿਚ ਥਰਮੋ ਨਿਊਕਲੀਅਰ ਫਿਉਜਨ ਦੀ ਪ੍ਰਕਿਆ ਸ਼ੁਰੂ ਹੋ ਗਈ | ਸੂਰਜ ਨੇ ਆਪਣਾ ਰੂਪ ਧਾਰਨ ਕਰਨ ਤੋਂ ਬਾਅਦ ਬ੍ਰਹਿਮੰਡ ਦੀਆਂ 99 ਪ੍ਰਤੀਸ਼ਤ ਗੈਸਾਂ ਨੂੰ ਆਪਣੇ ਵਿਚ ਸਮਾ ਲਿਆ | ਬਾਕੀ ਜੋ ਵੀ ਸੂਰਜ ਦੁਆਲੇ ਘੁੰਮ ਰਹੀਆਂ ਧੂੜ ਅਤੇ ਗੈਸਾਂ ਬਚੀਆਂ ਜਿਨ੍ਹਾਂ ਵਿਚ ਚੱਟਾਨਾਂ ਦੇ ਟੁਕੜੇ ਅਤੇ ਹੋਰ ਵਸਤੂਆਂ ਸ਼ਾਮਿਲ ਸਨ, ਉਨ੍ਹਾਂ ਨੇ ਚਪਟੇ ਆਕਾਰ ਦੀ ਇਕ ਡਿਸਕ ਦਾ ਰੂਪ ਬਣਾ ਲਿਆ ਜਿਸਨੂੰ ਵਿਗਿਆਨੀ ਪ੍ਰੋਟੋਪਲਾਨੇਟਲ ਡਿਸਕ ਕਹਿੰਦੇ ਹਨ | ਸੂਰਜ ਦੇ ਧੁਰੇ ਦੁਆਲੇ ਲਗਾਤਾਰ ਘੁੰਮਣ ਕਾਰਨ ਹੀ ਸਾਰੇ ਗ੍ਰਹਿ ਇਸ ਡਿਸਕ ਦੀ ਹੱਦ ਵਿਚ ਆ ਕੇ ਸੂਰਜ ਦੇ ਚੱਕਰ ਲਾਉਣ ਲੱਗੇ | ਸਾਡੇ ਸੌਰ ਮੰਡਲ ਦੇ ਸਾਰੇ ਗ੍ਰਹਿ ਕੁਦਰਤੀ ਨਿਯਮ ਅਨੁਸਾਰ ਇਸ ਡਿਸਕ ਵਿਚ ਰਹਿਕੇ ਹੀ ਸੂਰਜ ਦੀ ਪ੍ਰਕਿਰਮਾ ਕਰ ਰਹੇ ਹਨ | ਸੂਰਜ ਦੀ ਪ੍ਰਕਿਰਮਾ ਕਰ ਰਹੇ ਸਾਰੇ ਗ੍ਰਹਿਆਂ ਦੇ ਮੁਕਾਬਲੇ ਸਾਡੀ ਧਰਤੀ ਹੀ ਸ਼ੁੱਕਰ ਅਤੇ ਮੰਗਲ ਦੇ ਵਿਚਕਾਰ ਇਕ ਖਾਸ ਖੇਤਰ 'ਤੇ ਮੌਜੂਦ ਹੈ ਜਿਸ ਕਾਰਨ ਹੀ ਸਾਡੀ ਧਰਤੀ 'ਤੇ ਪਾਣੀ ਤਰਲ ਰੂਪ ਵਿਚ ਮੌਜੂਦ ਹੈ | ਪਿ੍ਥਵੀ ਦੇ ਜਨਮ ਤੋਂ ਕਰੋੜਾਂ ਸਾਲਾਂ ਬਾਅਦ ਵੀ ਉਸ ਦਾ ਵਾਤਾਵਰਨ ਨਰਕ ਸਮਾਨ ਸੀ ਅਤੇ ਇਸ ਵਿਚ ਸਥਿਰਤਾ ਲਿਆਉਣ ਵਿਚ ਚੰਦਰਮਾ ਦਾ ਸਭ ਵੱਡਾ ਅਤੇ ਮਹੱਤਵਪੂਰਨ ਰੋਲ ਹੈ | ਚੰਦਰਮਾ ਨੂੰ ਵਿਗਿਆਨੀਆਂ ਵਲੋਂ ਧਰਤੀ ਦਾ ਇਕ ਟੁਕੜਾ ਮੰਨਿਆ ਜਾਂਦਾ ਹੈ | ਧਰਤੀ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਧਰਤੀ ਨਾਲ ਇਕ ਵਿਸ਼ਾਲ ਆਕਾਰ ਦੀ ਕੋਈ ਗੋਲਾਕਾਰ ਚੀਜ਼ ਟਕਰਾਈ ਜਿਸ ਦੇ ਟਕਰਾਉਣ ਨਾਲ ਧਰਤੀ ਦੀ ਹਲਕੀ ਸਤਾ ਟੁੱਟ ਕੇ ਧਰਤੀ ਤੋਂ ਵੱਖਰੀ ਹੋ ਕੇ ਸੌਰਮੰਡਲ ਵਿਚ ਘੁੰਮਣ ਲੱਗ ਗਈ | ਅਜਿਹੇ ਘੁੰਮ ਰਹੇ ਟੁਕੜਿਆਂ ਤੋਂ ਹੀ ਇਕਜੁਟ ਹੋ ਕੇ ਚੰਦਰਮਾ ਦਾ ਜਨਮ ਹੋਇਆ | ਕਈ ਹੋਰ ਵਿਗਿਆਨੀਆਂ ਨੇ ਬ੍ਰਹਿਮੰਡ ਅਤੇ ਧਰਤੀ ਦੇ ਜਨਮ ਦੀਆਂ ਕਈ ਹੋਰ ਥਿਊਰੀਆਂ ਵੀ ਦੱਸੀਆਂ ਹਨ | ਚੰਦਰਮਾ ਦੇ ਗੁਰੂਤਾਕਰਸ਼ਣ ਕਾਰਨ ਹੀ ਧਰਤੀ ਆਪਣੀ ਧੁਰੀ ਤੇ ਸਹੀ ਜਗ੍ਹਾ ਵਿਚ ਮੌਜੂਦ ਹੈ | ਜੇਕਰ ਚੰਦਰਮਾ ਨਾ ਹੁੰਦਾ ਤਾਂ ਸਾਡੀ ਧਰਤੀ ਪੁਲਾੜ ਵਿਚ ਅਵਾਰਾ ਘੁੰਮਣ ਵਾਲਾ ਇਕ ਗ੍ਰਹਿ ਬਣ ਕੇ ਹੀ ਰਹਿ ਜਾਂਦੀ | ਸਾਡੇ ਵਾਤਾਵਰਨ, ਜਲਵਾਯੂ, ਜਲ ਪ੍ਰਣਾਲੀ ਅਤੇ ਮੌਸਮਾਂ ਦੀ ਲਗਾਤਾਰ ਤਬਦੀਲੀ ਅਤੇ ਸਥਿਰਤਾ ਵੀ ਚੰਦਰਮਾ ਦੀ ਹੋਂਦ ਸਦਕਾ ਹੀ ਸੰਭਵ ਹੋ ਸਕੀ ਹੈ | ਪਿ੍ਥਵੀ ਅਤੇ ਚੰਦਰਮਾ ਦੇ ਜਨਮ ਤੋਂ ਬਾਅਦ ਵੀ ਧਰਤੀ ਇਕ ਅੱਗ ਦਾ ਗੋਲਾ ਹੀ ਸੀ ਜਿਸਦੇ ਵਾਤਾਵਰਨ ਵਿਚ ਨਾਈਟਰੋਜਨ ਅਤੇ ਕਾਰਬਨਡਾਈਆਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਹੀ ਮੌਜੂਦ ਸਨ | ਕਰੋੜਾਂ ਸਾਲ ਬੀਤਣ ਨਾਲ ਧਰਤੀ ਠੰਢੀ ਹੋ ਕੇ ਠੋਸ ਬਣ ਗਈ ਪਰ ਇਸ ਦੇ ਨਾਲ-ਨਾਲ ਹੀ ਲਗਾਤਾਰ ਧਰਤੀ 'ਤੇ ਧੂਮਕੇਤੂ ਤੇ ਐਸਟੋਰਾਈਡਾਂ ਦੇ ਹਮਲੇ ਵੀ ਚਲਦੇ ਰਹੇ | ਕਰੋੜਾਂ ਸਾਲ ਚੱਲੇ ਇਸ ਵਿਨਾਸ਼ ਅਤੇ ਹਮਲਿਆਂ ਨੇ ਹੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਤੱਤ ਪਾਣੀ ਪੈਦਾ ਕੀਤਾ ਜਿਸ ਬਿਨ੍ਹਾਂ ਜੀਵਨ ਦੀ ਹੋਂਦ ਸੰਭਵ ਨਹੀਂ ਸੀ | ਅੰਤਲੇ ਸਮੇਂ ਤੱਕ ਸੋਲਰ ਸਿਸਟਮ ਦੇ ਬਾਹਰੋਂ ਆਏ ਐਸਟੋਰਾਈਡਾਂ ਦੀ ਬਰਸਾਤ ਆਪਣੇ ਨਾਲ ਪਾਣੀ ਵੀ ਲੈ ਕੇ ਆਈ ਜਿਸ ਤੋਂ ਹੀ ਧਰਤੀ ਤੇ ਸਮੁੰਦਰਾਂ, ਦਰਿਆਵਾਂ ਅਤੇ ਬੱਦਲਾਂ ਦਾ ਜਨਮ ਹੋਇਆ | ਪਾਣੀ ਦੇ ਜਨਮ ਤੋਂ ਬਾਅਦ ਵੀ ਧਰਤੀ ਦੇ ਵਾਤਾਵਰਨ ਵਿਚ ਭਾਫ, ਕਾਰਬਨ ਡਾਈਆਕਸਾਈਡ ਅਤੇ ਨਾਈਟਰੋਜਨ ਹੀ ਸੀ ਜੋ ਕਿ ਮਨੱੁਖੀ ਜੀਵਨ ਦੀ ਹੋਂਦ ਵਿਚ ਅੜਚਣ ਸੀ | ਵਿਗਿਆਨੀ ਮੰਨਦੇ ਹਨ ਕਿ ਜੀਵਨ ਦੀ ਸੁਰੂਆਤ ਲਗਪਗ 400 ਕਰੋੜ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਪਾਣੀ ਵਿਚ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਇਕ ਸੈੱਲ ਵਾਲੇ ਜੀਵਾਂ ਨੇ ਧਰਤੀ 'ਤੇ ਜੀਵਨ ਚੱਕਰ ਦੀ ਸ਼ੁਰੂਆਤ ਕੀਤੀ | ਆਕਸੀਜਨ ਅਤੇ ਓਜੋਨ ਦੀ ਪਰਤ ਨਾ ਹੋਣ ਕਾਰਨ ਧਰਤੀ 'ਤੇ ਪਾਣੀ ਤੋਂ ਬਾਹਰ ਜੀਵਨ ਉਪਜਣ ਲਈ ਕਰੋੜਾਂ ਸਾਲ ਹੋਰ ਲੱਗੇ | ਕਿਉਂਕਿ ਬਿਨਾਂ ਆਕਸੀਜਨ ਅਤੇ ਓਜੋਨ ਤੋਂ ਸੂਰਜ ਦੀ ਰੇਡੀਏਸ਼ਨ ਨੇ ਕਰੋੜਾਂ ਸਾਲਾਂ ਤੱਕ ਜੀਵਨ ਸਮੁੰਦਰਾਂ ਦੀ ਗਹਿਰਾਈ ਤੱਕ ਹੀ ਸੀਮਤ ਰੱਖਿਆ | ਫਿਰ ਪਾਣੀ ਵਿਚ ਇਕ ਅਜਿਹੀ ਪ੍ਰਕਿਰਿਆ ਹੋਣੀ ਸ਼ੁਰੂ ਹੋਈ ਜਿਸ ਕਾਰਨ ਧਰਤੀ 'ਤੇ ਆਕਸੀਜਨ ਦਾ ਜਨਮ ਹੋਇਆ | ਪਾਣੀ ਵਿਚ ਇਕ ਅਜਿਹੇ ਪ੍ਰਾਚੀਨ ਪ੍ਰਜਾਤੀ ਦੇ ਬੈਕਟੀਰੀਆ ਨੇ ਜਨਮ ਲਿਆ ਜੋ ਕਿ ਸੂਰਜ ਦੀ ਰੌਸ਼ਨੀ ਨੂੰ ਡਾਇਜਸਟ ਕਰਕੇ ਊਰਜਾ ਵਿਚ ਬਦਲ ਸਕਦਾ ਸੀ ਇਸੇ ਕਰਕੇ ਉਹ ਇਕ ਫੋਕਟ ਪਦਾਰਥ ਛੱਡਦਾ ਸੀ ਉਹ ਸੀ ਆਕਸੀਜਨ | ਅਜਿਹੇ ਖਰਬਾਂ ਬੈਕਟੀਰੀਆਂ ਨੇ ਕਰੋੜਾਂ ਸਾਲਾਂ ਵਿਚ ਸਾਡੇ ਵਾਤਾਵਰਨ ਵਿਚ ਆਕਸੀਜਨ ਦੀ ਭਰਮਾਰ ਕਰ ਦਿੱਤੀ | ਫਿਰ ਹੌਲੀ-ਹੌਲੀ ਧਰਤੀ ਦੁਆਲੇ ਓਜੋਨ ਪਰਤ ਬਣਨੀ ਸੁਰੂ ਹੋ ਗਈ ਜੋ ਕਿ ਜੀਵਾਂ ਨੂੰ ਸੂਰਜ ਦੀ ਘਾਤਕ ਰੇਡੀਏਸ਼ਨ ਤੋਂ ਬਚਾਉਣ ਦਾ ਕੰਮ ਕਰਨ ਵਿਚ ਸਹਾਇਕ ਬਣੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਟਿਆਲਾ | ਸੰਪਰਕ : 99149-57073

ਪ੍ਰਛਾਵਿਆਂ ਦੀ ਮਹਿਮਾ

ਹਰ ਰੋਜ਼ ਸੈਰ ਕਰਦਾ ਹਾਂ | ਸਵੇਰ ਵੇਲੇ ਪ੍ਰਛਾਵਾਂ ਲੰਮਾ ਅਤੇ ਜਿਵੇਂ-ਜਿਵੇਂ ਸੂਰਜ ਚੜ੍ਹਦਾ ਹੈ ਪ੍ਰਛਾਵਾਂ ਸੁੰਘੜਨ ਲੱਗਦਾ | ਜਦ ਸੂਰਜ ਸਿਰ 'ਤੇ ਹੁੰਦਾ ਤਾਂ ਪ੍ਰਛਾਵਾਂ ਇਕ ਬਿੰਦੂ 'ਤੇ ਸਿਮਟ ਜਾਂਦਾ | ਅਜਿਹੇ ਵਕਤ ਮਨੁੱਖ ਆਪਣੀ ਔਕਾਤ ਦੇ ਰੂਬਰੂ ਅਤੇ ਖੁਦ ਦਾ ਪ੍ਰਛਾਵਾਂ ਤਲਾਸ਼ਦਾ |
ਜਦ ਸੂਰਜ ਲਹਿੰਦਾ ਤਾਂ ਢਲਦੇ ਪ੍ਰਛਾਵਿਆਂ ਦੀ ਰੁੱਤ ਦਸਤਕ ਦਿੰਦੀ, ਪ੍ਰਛਾਵਾਂ ਲੰਮੇਰਾ ਹੋਈ ਜਾਂਦਾ, ਆਖਰ ਨੂੰ ਅਲੋਪ ਹੋ ਜਾਂਦਾ ਅਤੇ ਰਾਤ ਦੇ ਘੁਸਮੁਸੇ ਵਿਚ ਖੁਦ ਹੀ ਪ੍ਰਛਾਵਾਂ ਬਣਨ ਦਾ ਦਰਦ ਹੰਢਾਉਣਾ ਪੈਂਦਾ | ਪ੍ਰਛਾਵਾਂ ਚਾਨਣ ਦੀ ਹੋਂਦ ਦਾ ਪ੍ਰਤੀਕ | ਹਨੇਰੇ ਵਿਚ ਤਾਂ ਅਸੀਂ ਖੁਦ ਹੀ ਪ੍ਰਛਾਵਾਂ ਬਣ, ਖੁਦ ਤੋਂ ਡਰਨ ਜੋਗੇ ਰਹਿ ਜਾਂਦੇ ਹਾਂ | ਪ੍ਰਛਾਵਾਂ ਤੁਹਾਡੇ ਨਾਲ-ਨਾਲ ਤੁਰਦਾ, ਹਰ ਹਰਕਤ, ਪੈੜਚਾਲ ਅਤੇ ਕਿਰਦਾਰ ਦਾ ਬਿੰਬ ਬਣ ਕੇ ਘੋਖਵੀਂ ਨਜ਼ਰ ਰੱਖਦਾ ਹੈ | ਤੁਹਾਨੂੰ ਸੁਚੇਤ ਕਰ, ਤੁਹਾਡੇ ਪੈਰਾਂ ਵਿਚ ਸਾਵਧਾਨੀ ਤੇ ਚੇਤਾਵਨੀ ਧਰਦਾ ਹੈ | ਪਰ ਤੁਸੀਂ ਇਸ ਚੇਤਾਵਨੀ ਨੂੰ ਕਿਹੜੇ ਅਰਥਾਂ ਵਿਚ ਲੈਂਦੇ ਹੋ ਅਤੇ ਇਸ ਦੀ ਸੰਜੀਦਗੀ ਨੂੰ ਕਿੰਨਾ ਕੁ ਅਪਣਾਉਂਦੇ ਹੋ, ਇਹ ਤੁਹਾਡੇ 'ਤੇ ਨਿਰਭਰ ਹੈ | ਕਦੇ ਵੀ ਖੁਦ ਪ੍ਰਛਾਵਾਂ ਨਾ ਬਣੋ | ਸਗੋਂ ਆਪਣੇ ਵਿਅਕਤੀਤਵ ਨੂੰ ਇੰਨਾ ਕੁ ਵਿਸਥਾਰੋ ਕਿ ਲੋਕ ਤੁਹਾਡਾ ਪ੍ਰਛਾਵਾਂ ਬਣਨ ਲਈ ਅਹੁਲਣ ਅਤੇ ਤੁਹਾਡੇ ਵਰਗਾ ਬਣਨ ਦੀ ਲੋਚਾ ਉਨ੍ਹਾਂ ਦਾ ਸੁਪਨਾ ਹੋਵੇ | ਕਈ ਵਾਰ ਪ੍ਰਛਾਵੇਂ ਵਾਂਗ ਰਹਿਣ ਵਾਲੇ ਲੋਕ ਤੁਹਾਡੇ ਰਾਹਾਂ ਦਾ ਰੋੜਾ ਬਣ, ਤੁਹਾਡੀਆਂ ਮੰਜ਼ਲਾਂ ਨੂੰ ਓਝੜ ਰਾਹਾਂ ਵੰਨੀਂ ਧਕੇਲਣ ਲਈ ਤੁਹਾਡੇ ਦਿਸਹੱਦਿਆਂ ਵਿਚ ਧੁੰਦਲਕਾ ਪੈਦਾ ਕਰਦੇ ਹਨ | ਅਜਿਹੇ ਪ੍ਰਛਾਵਿਆਂ ਤੋਂ ਸੁਚੇਤ ਰਹੋ |
ਕਿਸੇ ਰਹਿਬਰ ਦੇ ਪ੍ਰਛਾਵੇਂ ਵਿਚ ਰਹਿਣ ਵਾਲਿਆਂ ਦੀ ਸੋਚ, ਸਿਆਣਪ ਅਤੇ ਸਲੀਕੇ ਵਿਚ ਪੂਰਨਤਾ ਝਲਕਦੀ ਹੁੰਦੀ ਹੈ, ਕਿਉਂਕਿ ਉਹ ਆਪਣੇ ਜੀਵਨ ਵਿਚ ਸੁਹਜ ਤੇ ਸਹਿਜ ਨੂੰ ਪ੍ਰਣਾਏ, ਨਵੀਨਤਮ ਰਾਹਾਂ ਦੇ ਮਾਰਗ ਦਰਸ਼ਕ ਬਣਨ ਦੀ ਲੋਚਾ ਵਿਚ ਹੁੰਦੇ ਹਨ | ਬਜ਼ੁਰਗਾਂ ਦੇ ਵਿਰਾਸਤੀ ਪ੍ਰਛਾਵੇਂ ਵਿਚ ਪਲਣ ਵਾਲੀ ਔਲਾਦ ਆਪਣੇ ਵਿਰਸੇ ਨਾਲ ਜੁੜੀ, ਵਿਰਾਸਤ ਦੀ ਪਛਾਣ ਬਣ, ਮੂਲ ਨਾਲ ਜੁੜਨ ਦਾ ਧਰਮ ਪਾਲਦੀ ਹੈ | ਉਸ ਦੇ ਜੀਵਨ-ਸਲੀਕੇ ਵਿਚ ਆਧੁਨਿਕਤਾ ਅਤੇ ਵਿਰਾਸਤ ਦਾ ਅਨੂਠਾ ਸੰਗਮ ਹੁੰਦਾ, ਜਿਹੜਾ ਸਮੁੱਚੇ ਸਮਾਜ ਲਈ ਮਾਣ ਦਾ ਸਬੱਬ ਹੁੰਦਾ ਹੈ |
ਖੁਦ ਦਾ ਖੁਦ ਦੇ ਪ੍ਰਛਾਵੇਂ ਨਾਲ ਸੰਵਾਦ, ਬਹੁਤ ਸਾਰੇ ਸਵਾਲਾਂ ਤੇ ਜਵਾਬਾਂ ਦਾ ਸੁਮੇਲ, ਕਮੀਆਂ ਤੇ ਪੂਰਨਤਾਵਾਂ ਦੀ ਤਸ਼ਬੀਹ, ਦਾਨਾਈ ਤੇ ਬੁਰਾਈ ਵਿਚਲਾ ਪਾੜਾ ਅਤੇ ਕਰਮਯੋਗਤਾ ਤੇ ਕਰਮਹੀਣਤਾ ਵਿਚਲੇ ਖੱਪੇ ਨੂੰ ਸਾਡੇ ਸਾਹਵੇਂ ਕਰਦਾ ਤਾਂ ਮਨੁੱਖ ਖੁਦ ਦੇ ਵਿਸ਼ਲ਼ੇਸ਼ਣ ਵਿਚੋਂ ਨਵੀਆਂ ਪੈੜਾਂ ਦਾ ਸਿਰਜਕ ਬਣਦਾ ਹੈ |
ਪ੍ਰਛਾਵਾਂ ਕਿਸੇ ਦਾ ਕਰਮਯੋਗ ਵੀ ਹੁੰਦਾ ਹੈ, ਜੋ ਤੁਹਾਨੂੰ ਨੇਕ ਰਾਹਾਂ ਦੀ ਦੱਸ ਪਾਉਂਦਾ ਹੈ | ਪ੍ਰਛਾਵਾਂ ਕਿਸੇ ਦੇ ਬੋਲਾਂ ਦਾ ਵੀ ਹੁੰਦਾ ਹੈ, ਜੋ ਮਿਕਨਾਤੀਸੀ ਖਿੱਚ ਦਾ ਸਬੱਬ ਹੁੰਦਾ | ਪ੍ਰਛਾਵਾਂ ਕਿਸੇ ਦੀ ਔਕਾਤ ਦਾ ਹੁੰਦਾ, ਜੋ ਤੁਹਾਡਾ ਮਸਤਕ-ਦਰ ਠਕੋਰਦਾ ਹੈ | ਪ੍ਰਛਾਵਾਂ ਅਬੋਲ ਵਾਰਤਾਲਾਪ ਦਾ ਵੀ ਹੁੰਦਾ ਹੈ, ਜਿਹੜਾ ਰਾਹਗੀਰ ਬਣੇ ਸੁੰਨੇ ਰਾਹਾਂ 'ਤੇ ਸਿਰਜਦੇ ਹੋ | ਇਹ ਪ੍ਰਛਾਵੇਂ ਬਹੁਤ ਕੁਝ ਅਜਿਹਾ ਸੋਚ-ਧਰਾਤਲ ਵਿਚ ਧਰ ਜਾਂਦੇ ਹਨ, ਜਿਨ੍ਹਾਂ ਨੇ ਤੁਹਾਨੂੰ ਵਿਸਥਾਰਨਾ ਅਤੇ ਵਿਸ਼ਾਲਣਾ ਹੁੰਦਾ ਹੈ |
ਦਿਨ ਵੇਲੇ ਪ੍ਰਛਾਵੇਂ ਕਦੇ ਵੀ ਥਿਰ ਨਹੀਂ ਰਹਿੰਦੇ ਅਤੇ ਬਦਲਦੇ ਪ੍ਰਛਾਵਿਆਂ ਦੀ ਰੁੱਤ ਜ਼ਿੰਦਗੀ ਦੇ ਨਾਂਅ ਕਰਦੇ | ਮਸਨੂਈ ਰੌਸ਼ਨੀ ਵਿਚ ਪ੍ਰਛਾਵੇਂ ਥਿਰ ਰਹਿਣਗੇ ਜੇਕਰ ਮਨੁੱਖ ਅਹਿਲ ਰਹੇ | ਪਰ ਗਤੀਸ਼ੀਲ ਮਨੁੱਖ ਦਾ ਪ੍ਰਛਾਵਾਂ ਕਦੇ ਵੀ ਸਥਿਰ ਅਤੇ ਇਕਸਾਰ ਨਹੀਂ ਰਹਿੰਦਾ | ਦਰਅਸਲ ਪ੍ਰਛਾਵੇਂ ਦਾ ਬਦਲਣਾ ਹੀ ਨਿਰੰਤਰਤਾ ਦੀ ਨਿਸ਼ਾਨੀ ਹੈ, ਜੋ ਜੀਵਨ ਦਾ ਧੁਰਾ ਹੈ | ਸਿਰਫ਼ ਕਬਰ ਦਾ ਪ੍ਰਛਾਵਾਂ ਅਹਿਲ ਹੁੰਦਾ ਹੈ | ਕਈ ਵਾਰ ਕੁਝ ਪ੍ਰਛਾਵੇਂ ਅਜਿਹੇ ਹੁੰਦੇ ਹਨ, ਜੋ ਸਿਰਜਣਹਾਰੇ ਨੂੰ ਹੀ ਹੜੱਪ ਕਰ ਜਾਂਦੇ ਹਨ | ਅਜਿਹਾ ਕਰਕੇ ਉਹ ਖੁਦ ਹੀ ਆਪਣੀ ਹੋਂਦ ਗਵਾ ਬਹਿੰਦੇ ਹਨ | ਭਲਾ! ਸਿਰਜਣਹਾਰੇ ਤੋਂ ਬਗੈਰ ਪ੍ਰਛਾਵੇਂ ਦੀ ਕੀ ਔਕਾਤ?
ਪ੍ਰਛਾਵਾਂ ਹਮੇਸ਼ਾ ਰੌਸ਼ਨੀ ਵਿਚ ਹੀ ਬਣਦਾ ਹੈ | ਹਨੇਰਿਆਂ ਵਿਚ ਕੌਣ ਕਿਸ ਦਾ ਪ੍ਰਛਾਵਾਂ ਬਣਦਾ ਹੈ? ਹਨੇਰੇ ਦਾ ਪ੍ਰਛਾਵਾਂ ਵੀ ਹਨੇਰਾ ਹੀ ਹੋਵੇਗਾ | ਪ੍ਰਛਾਵਾਂ ਇਕ ਬਿੰਬ | ਤੁਸੀਂ ਇਸ ਬਿੰਬ ਵਿਚੋਂ ਕਿਸ ਤਰ੍ਹਾਂ ਦੇ ਨਕਸ਼ ਨਿਹਾਰਦੇ ਹੋ, ਕਿਸ ਤਰ੍ਹਾਂ ਦੀ ਕਲਾ-ਨਿਕਾਸ਼ੀ ਕਰਦੇ ਹੋ ਅਤੇ ਮਨ-ਮੰਦਰ 'ਤੇ ਕਿਹੜੀਆਂ ਸੋਚ-ਪਿੜੀਆਂ ਪਾਉਂਦੇ ਹੋ, ਇਹ ਤੁਹਾਡੀ ਦਿੱਬ-ਦਿ੍ਸ਼ਟੀ 'ਤੇ ਨਿਰਭਰ ਹੈ | ਪ੍ਰਛਾਵਾਂ ਬਣ ਕੇ ਜਿਊਣਾ ਲੋਚੇ, ਰੂਹ ਦਾ ਇਕ ਪਰਛਾਵਾਂ | ਪ੍ਰਛਾਵੇਂ ਵਾਂਗਰਾਂ ਉਮਰਾਂ-ਪੈਂਡੇ, ਸਦਾ ਹੀ ਤੁੱਰਿਆ ਜਾਵਾਂ | ਚਾਨਣੀ ਰਾਤ ਦਾ ਇਕ ਪ੍ਰਛਾਵਾਂ, ਸਾਹਾਂ ਵਿਚ ਵਸੇਂਦਾ | ਦਿਨ ਚੜੇ੍ਹ ਕਿਤੇ ਨਜ਼ਰ ਨਾ ਆਵੇ, ਪਤਾ ਨਹੀਂ ਕਿਧਰ ਜਾਂਦਾ | ਸੋਚਾਂ ਦੇ ਵਿਚ ਕਰਮ-ਪ੍ਰਛਾਵਾਂ, ਜਦ ਹਾਸਲ ਬਣ ਜਾਵੇ ਤਾਂ ਜੀਵਨ ਦੀ ਸਰਦਲ ਉਤੇ, ਕੋਈ ਸ਼ਗਨ ਕਰ ਜਾਵੇ | ਜੀਵਨ ਦੀ ਪੱਤਝੜ ਹੀ ਹੁੰਦੀ, ਪ੍ਰਛਾਵੇਂ ਦਾ ਨਾਂਅ | ਜਿਸ ਦੀ ਜੂਹ ਵਿਚ ਸਾਹਾਂ-ਸੰਦਲਾ, ਗੁੰਜੇ ਇਕ ਪੈਗ਼ਾਮ | ਜੀਵਨ ਇਕ ਪ੍ਰਛਾਵੇਂ ਵਾਂਗਰ, ਪਲ-ਪਲ ਢਲਦਾ ਜਾਵੇ | ਪਤਾ ਨਹੀਂ ਕਿਸ ਮੋੜ 'ਤੇ ਆ ਕੇ, ਸਾਥ-ਸਦੀਵੀ ਛੱਡ ਜਾਵੇ | ਪ੍ਰਛਾਵੇਂ ਨਾਲ ਮੋਹ ਦਾ ਰਿਸ਼ਤਾ, ਜਾਪੇ ਨਿਰਾ ਛਲਾਵਾ | ਪ੍ਰਛਾਵੇਂ ਵਰਗਾ ਜੱਗ ਏ ਬੀਬਾ, ਧੁਖਦਾ ਹੋਇਆ ਆਵਾ | ਇਕ ਫੁੱਲ ਸਦਾ ਬਣ ਪ੍ਰਛਾਵਾਂ, ਵਸਦਾ ਮਨ ਦੀ ਜੂਹੇ | ਇਸ ਸਦਕਾ ਹੀ ਰੂਹ ਦੀ ਬੀਹੀ, ਬੁੱਸੇ ਦਿਨ ਵੀ ਸੂਹੇ |
ਕੁਝ ਲੋਕ ਪ੍ਰਛਾਵਿਆਂ ਨੂੰ ਫੜਨ ਦੀ ਵਿਅਰਥ ਕੋਸ਼ਿਸ਼ ਵਿਚ ਹੀ ਜੀਵਨ-ਪੈਂਡਾ ਖੋਟਾ ਕਰ ਜਾਂਦੇ ਹਨ | ਭਲਾ! ਪ੍ਰਛਾਵੇਂ ਵੀ ਕਦੇ ਕਿਸੇ ਦੀ ਪਕੜ ਵਿਚ ਆਏ ਹਨ?
ਕਈ ਵਾਰ ਪ੍ਰਛਾਵੇਂ ਬਹੁਤ ਧੁੰਦਲੇ ਜਿਹੇ ਹੁੰਦੇ ਹਨ | ਉਨ੍ਹਾਂ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨਾ, ਸਭ ਤੋਂ ਕਠਿਨ | ਅਜਿਹੇ ਪ੍ਰਛਾਵੇਂ ਸਿਰਫ਼ ਪੀੜਾ, ਦਰਦ, ਉਦਾਸੀ ਅਤੇ ਗ਼ਮ ਸਦਕਾ ਆਪਣੀ ਹੋਂਦ ਜਿਤਾਉਣ ਜੋਗੇ ਹੁੰਦੇ ਹਨ | ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਤੁਹਾਡੇ ਅਦਿੱਖ ਪ੍ਰਛਾਵੇਂ ਬਣ ਕੇ ਤੁਹਾਡੀਆਂ ਰਾਹਾਂ ਰੁਸ਼ਨਾਉਂਦੇ, ਤੁਹਾਡੀ ਉਂਗਲ ਫੜ ਕੇ ਤੁਰਨਾ ਸਿਖਾਉਂਦੇ, ਕਲਮ ਫੜਾ ਕੇ ਪੂਰਨਿਆਂ 'ਤੇ ਲਿਖਣਾ ਸਿਖਾਉਂਦੇ, ਮੁਹਾਰਨੀ ਪੜ੍ਹਾਉਂਦੇ ਅਤੇ ਮਸਤਕ ਵਿਚ ਗਿਆਨ-ਜੋਤ ਧਰਨ ਦਾ ਕਰਮ ਨਿਭਾਉਂਦੇ ਹਨ | ਮਾਪੇ ਤੇ ਅਧਿਆਪਕ ਸਾਰੀ ਉਮਰ ਹੀ ਪ੍ਰਛਾਵੇਂ ਦੀ ਤਰ੍ਹਾਂ ਬੱਚਿਆਂ ਦੇ ਸੁਪਨਿਆਂ ਦੀ ਪੂਰਨਤਾ ਅਤੇ ਉਨ੍ਹਾਂ ਦੇ ਜੀਵਨੀ-ਸਰੋਕਾਰਾਂ ਵਿਚ ਚਾਨਣ ਤਰੌਾਕਣ ਦਾ ਮਾਨਵੀ ਕਰਮ ਨਿਭਾਉਂਦੇ, ਆਪਣੀ ਅਦਿ੍ਸ਼ਟ ਹੋਂਦ ਵਿਚੋਂ ਹੀ ਸੰਤੁਸ਼ਟੀ ਪ੍ਰਾਪਤ ਕਰਦੇ ਹਨ |
ਸਮਾਜਿਕ ਪਰਦੇ 'ਤੇ ਦਿ੍ਸ਼ਟਮਾਨ ਹੁੰਦਾ ਤੁਹਾਡਾ ਪ੍ਰਛਾਵਾਂ, ਤੁਹਾਡੇ ਵਰਗਾ ਹੀ ਹੋਵੇਗਾ | ਇਸ ਲਈ ਜ਼ਰੂਰੀ ਹੈ ਕਿ ਆਪਣੇ ਪ੍ਰਛਾਵੇਂ ਪ੍ਰਤੀ ਸੁਹਿਰਦ ਹੋਵੋ ਅਤੇ ਇਸ ਦੀ ਦਿੱਖ, ਦਿ੍ਸ਼ਟੀ, ਦਿਸ਼ਾ ਅਤੇ ਦਸ਼ਾ ਪ੍ਰਤੀ ਕਦੇ ਵੀ ਅਵੇਸਲੇ ਨਾ ਹੋਇਆ ਜਾਵੇ |
ਮਨੁੱਖੀ ਮਨ ਦੇ ਚਿੱਤਰਪਟ 'ਤੇ ਨਜ਼ਰ ਆਉਂਦੇ ਕੁਝ ਪ੍ਰਛਾਵੇਂ ਮਨੁੱਖੀ ਸੂਰਤਾਂ ਨਾਲ ਮੇਲ ਨਹੀਂ ਖਾਂਦੇ | ਉਨ੍ਹਾਂ ਦੀ ਬਾਹਰੀ ਦਿੱਖ ਅਤੇ ਪ੍ਰਛਾਵੇਂ ਵਿਚਲਾ ਅੰਤਰ, ਉਨ੍ਹਾਂ ਦੇ ਮਖੌਟਿਆਂ ਦੀ ਤਰਜਮਾਨੀ ਹੁੰਦਾ ਹੈ | ਤੁਹਾਨੂੰ ਮਖੌਟਿਆਂ ਨੂੰ ਜਾਨਣ, ਸਮਝਣ ਅਤੇ ਪੜ੍ਹਨ ਦੀ ਜਾਚ ਆਉਣੀ ਚਾਹੀਦੀ ਹੈ |
ਕਦੇ ਬਿਰਖ਼ ਵਰਗਾ ਬਣਨ ਦਾ ਮਨ ਵਿਚ ਵਿਚਾਰ ਪੈਦਾ ਕਰਨਾ, ਜਿਸ ਦਾ ਪ੍ਰਛਾਵਾਂ ਕਦੇ ਛੋਟਾ ਹੁੰਦਾ, ਕਦੇ ਵੱਡਾ ਹੁੰਦਾ ਹੈ | ਕਦੇ ਬਿਰਖ਼ ਦੀ ਪ੍ਰਕਰਮਾ ਕਰਦਿਆਂ ਇਕ ਥਾਂ ਤੋਂ ਦੂਜੀ ਥਾਂ 'ਤੇ ਤੁਰਦਾ ਰਹਿੰਦਾ, ਆਪ ਹੀ ਪੈਦਾ ਹੁੰਦਾ ਅਤੇ ਫਿਰ ਖੁਦ ਹੀ ਅਲੋਪ ਹੋ ਜਾਂਦਾ | ਪਰ ਬਿਰਖ ਹਮੇਸ਼ਾ ਅਡੋਲ ਰਹਿੰਦਾ | ਉਹ ਆਪਣੀ ਕਰਮਭੂਮੀ ਅਤੇ ਧਰਮ-ਰਹਿਤਲ ਨੂੰ ਕਦੇ ਨਹੀਂ ਤਿਆਗਦਾ | ਮਨੁੱਖ ਤਾਂ ਪ੍ਰਛਾਵਿਆਂ ਦੀ ਹੋਂਦ ਵਿਚ ਬਹੁਤ ਜਲਦੀ ਹੀ ਆਪਣੇ ਪੈਰ ਧਰਤੀ ਤੋਂ ਚੁੱਕ ਲੈਂਦਾ ਹੈ |
ਪ੍ਰਛਾਵੇਂ ਸਿਰਫ਼ ਧਰਤੀ 'ਤੇ ਵਿਚਰਦਿਆਂ ਹੀ ਬਣਦੇ ਹਨ | ਬਹੁਤੀ ਵਾਰ ਕਿਸੇ ਉੱਡਦੇ ਪੰਛੀ ਦਾ ਪ੍ਰਛਾਵਾਂ ਤਾਂ ਨਜ਼ਰ ਹੀ ਨਹੀਂ ਆਉਂਦਾ | ਇਹ ਖਲਾਅ ਵਿਚ ਹੀ ਕਿਧਰੇ ਗਵਾਚ ਜਾਂਦਾ ਹੈ |
ਪ੍ਰਛਾਵਿਆਂ ਕਰਕੇ ਹੀ ਗ੍ਰਹਿਣ ਲਗਦੇ ਹਨ | ਇਹ ਭਾਵੇਂ ਸੂਰਜ ਗ੍ਰਹਿਣ ਹੋਵੇ ਜਾਂ ਚੰਦ ਗ੍ਰਹਿਣ | ਅਜਿਹੇ ਮੌਕੇ ਚਲਾਕ ਲੋਕ, ਲੋਕਾਂ ਦੀ ਅਗਿਆਨਤਾ ਵਿਚੋਂ ਹੀ ਨਿੱਜੀ ਮੁਫਾਦ ਪੂਰਾ ਕਰਦੇ ਹਨ | ਖੁਦ ਨੂੰ ਲੱਗਣ ਵਾਲੇ ਗ੍ਰਹਿਣ ਤੋਂ ਬਚੇ ਰਹੋਗੇ ਤਾਂ ਚਾੰਗੇ ਰਹੋਗੇ |
ਖੁਦ ਦੇ ਚਾਨਣ ਵਿਚ ਸਿਰਜੇ ਹੋਏ ਪ੍ਰਛਾਵੇਂ ਹੀ ਸਦੀਵ ਰਹਿੰਦੇ ਹਨ | ਉਨ੍ਹਾਂ ਦੇ ਨਕਸ਼ ਸਮਾਂ ਵੀ ਨਹੀਂ ਮਿਟਾ ਸਕਦਾ |
ਪ੍ਰਛਾਵਾਂ ਹਮੇਸ਼ਾ ਚਾਨਣ ਦੇ ਸਾਥ ਵਿਚੋਂ ਹੀ ਉਪਜਦਾ, ਚਾਨਣ ਜਿੰਨੀ ਉਮਰ ਭੋਗਦਾ ਅਤੇ ਚਾਨਣ ਦੇ ਅਸਤ ਹੋਣ ਨਾਲ ਹੀ ਖਤਮ ਹੋ ਜਾਂਦਾ ਹੈ |
ਸਾਡਾ ਇਤਿਹਾਸ, ਮਿਥਿਹਾਸ, ਵਿਰਾਸਤ, ਧਰਮ, ਰਹਿਤ-ਮਰਿਆਦਾ, ਸਮਾਜਿਕ ਰਸਮਾਂ ਆਦਿ ਬੀਤੇ ਹੋਏ ਦੇ ਪ੍ਰਛਾਵੇਂ ਜੋ ਦਸਤਾਵੇਜ਼ੀ ਰੂਪ ਵਿਚ ਜਾਂ ਜੀਵਨੀ-ਜਾਚ ਵਿਚ ਹਰ ਪੀੜ੍ਹੀ ਨੇ ਆਉਣ ਵਾਲੀ ਪੀੜ੍ਹੀ ਲਈ ਸੰਭਾਲ ਕੇ ਰੱਖੇ ਹੋਏ ਹਨ ਤਾਂ ਕਿ ਇਨ੍ਹਾਂ ਪ੍ਰਛਾਵਿਆਂ ਦੀ ਅਕੱਥ ਕਹਾਣੀ ਵਿਚੋਂ ਜੀਵਨ ਦੀ ਤਰਕ-ਸੰਗਤਾ ਨੂੰ ਸਮਝਿਆ ਅਤੇ ਮਾਣਿਆ ਜਾ ਸਕੇ |
ਆਪਣਾ ਮੁੱਖ ਹਮੇਸ਼ਾ ਚਾਨਣ ਵੱਲ ਰੱਖੋ ਤਾਂ ਤੁਹਾਨੂੰ ਪ੍ਰਛਾਵਾਂ ਨਜ਼ਰ ਨਹੀਂ ਆਵੇਗਾ ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਪ੍ਰਛਾਵਿਆਂ ਦਾ ਮੁਥਾਜ ਨਹੀਂ ਰਹਿਣ ਦੇਵੋਗੇ |
ਪ੍ਰਛਾਵਾਂ ਬਣਨਾ, ਚਾਨਣ ਦਾ ਸੰਕੇਤ, ਰੌਸ਼ਨ-ਸੰਦਰਭ ਅਤੇ ਇਹ ਰੌਸ਼ਨੀ ਹੀ ਜ਼ਿੰਦਗੀ ਦੀ ਤਲੀ 'ਤੇ ਚਾਨਣ ਦੀ ਮਹਿੰਦੀ ਲਾਉਂਦੀ ਹੈ | ਇਸ ਵਿਚੋਂ ਮਨੁੱਖੀ ਸੋਚਾਂ ਦੇ ਤਾਰੇ ਉਗਮਦੇ ਹਨ, ਜੋ ਜੀਵਨ-ਅੰਬਰ ਨੂੰ ਨੂਰੋ-ਨੂਰ ਕਰਦੇ ਹਨ | ਅਜਿਹੇ ਚਾਨਣਾਂ ਨੂੰ ਖੁਸ਼-ਆਮਦੀਦ ਕਹਿਣ ਵਾਲੇ ਹੀ ਜਗਤ ਦੀ ਰੌਸ਼ਨ ਆਭਾ ਹੁੰਦੇ ਹਨ | ਉਨ੍ਹਾਂ ਦੇ ਬੋਲਾਂ, ਕਰਮਾਂ ਅਤੇ ਹਰਫ਼ਾਂ ਵਿਚ ਸੁੱਚਤਾ, ਪਾਕੀਜ਼ਗੀ ਅਤੇ ਸਫ਼ਾਫ਼ਤਾ ਹੁੰਦੀ ਹੈ | ਅਜਿਹੀ ਕਰਮ-ਧਰਾਤਲ ਅਤੇ ਸੋਚ-ਆਗਮਨ ਨੂੰ ਜੀ ਆਇਆਂ ਤਾਂ ਕਹਿਣਾ ਹੀ ਬਣਦਾ ਏ!

-ਫੋਨ : 001-216-556-2080

ਪੰਜਾਬ ਦਾ ਤੁਰਦਾ ਫਿਰਦਾ 'ਐਨਸਾਈਕਲੋਪੀਡੀਆ'

2004 ਦੀ ਗੱਲ ਹੈ | ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸੀ | ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤਾ ਹੋਇਆ ਸੀ | ਅਸੀਂ ਵੀ ਹਾਜ਼ਰੀ ਲਾਉਣ ਲਈ ਤੁਰ ਪਏ ਸਾਂ | ਮੈਂ ਤੇ ਮੇਰੇ ਨਾਲ ਹਰਮਹਿੰਦਰ ਸਿੰਘ ਹਰਜੀ ਸੀ | ਨਾਲ ਉਸ ਦਾ ਮਿੱਤਰ ਵੀ ਸੀ ਜਿਸ ਦੀ ਗੱਡੀ ਵਿਚ ਬਹਿ ਕੇ ਅਸੀਂ ਰਾਤੀਂ ਬਟਾਲਾ ਜਾ ਪੁੱਜੇ ਸਾਂ | ਉਥੇ ਉਨ੍ਹਾਂ ਮੇਰੀ ਮੁਲਾਕਾਤ ਇਕ ਅਜੀਬ ਜਿਹੇ ਬੰਦੇ ਨਾਲ ਕਰਵਾਈ ਜੋ ਖੌਹਰਾ ਜਿਹਾ ਬੋਲਦਾ | ਮਨਮਰਜ਼ੀ ਕਰਦਾ | ਕੇਸ ਸਫੈਦ ਪਰ ਖੁੱਲ੍ਹੇ ਛੱਡੇ ਹੋਏ ਸਨ | ਪਹਿਲੀ ਨਜ਼ਰੇ ਮੈਨੂੰ ਸ਼ੋਭਾ ਸਿੰਘ ਆਰਟਿਸਟ ਦਾ ਭੁਲੇਖਾ ਪਿਆ | ਇਸ ਦੀ ਇਕ ਅੱਖ ਨੂਟੀ (ਬੰਦ) ਹੋਈ ਦਿਸੀ | ਮੈਂ ਸੋਚਿਆ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਵਾਂਗੂੰ ਇਕ ਅੱਖੋਂ ਕਾਣਾ ਹੈ | ਪਰ ਜਦੋਂ ਸਾਰਿਆਂ ਨੇ ਛਿਟ-ਛਿਟ ਲਾਈ ਤਾਂ ਮਜ਼ਾ ਆ ਗਿਆ | ਇਹ ਬੰਦਾ ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਿਆ | ਮੈਂ ਉਹਦੇ ਨਾਲ ਅੱਖ ਮਿਲਾ ਕੇ ਗੱਲ ਨਾ ਕਰ ਸਕਿਆ | ਉਹ ਕਦੀ ਸ਼ਿਵ ਕੁਮਾਰ ਦਾ ਕਿੱਸਾ ਛੇੜ ਲੈਂਦਾ ਤੇ ਕਦੀ ਗੁਰਮੁਖ ਸਿੰਘ ਮੁਸਾਫਿਰ ਦਾ | ਮੈਨੂੰ ਜਾਪਿਆ ਜਿਵੇਂ ਇਸ ਬੰਦੇ ਦੇ ਅੰਦਰ ਅਣਗਿਣਤ ਨਾਵਲ ਤੇ ਕਹਾਣੀਆਂ ਲੁਕੀਆਂ ਪਈਆਂ ਹਨ |
ਉਹ 1975 ਈ: ਵਿਚ ਹੋਈ ਸਰਬ ਭਾਰਤੀ ਕਾਨਫਰੰਸ (ਕਸ਼ਮੀਰ ਵਿਖੇ) ਦੀਆਂ ਅਣਗਿਣਤ ਕਹਾਣੀਆਂ-ਕਿੱਸੇ ਸੁਣਾਉਣ ਲੱਗ ਪਿਆ, ਜਿਸ ਵਿਚ ਉਦੋਂ ਦੇ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ, ਸ਼ੇਖ਼ ਮੁਹੰਮਦ ਅਬਦੁੱਲਾ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਸਿਰਕੱਢ ਲੇਖਕਾਂ ਨੇ ਵੀ ਸ਼ਮੂਲੀਅਤ ਕੀਤੀ | ਉਸ ਸਮੇਂ ਭਾਰਤ ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੋਈ ਸੀ | ਪਿੱਛੇ ਜਿਹੇ ਉਸ ਨੇ ਇਸ ਕਾਨਫ਼ਰੰਸ ਦੇ ਫੋਟੋ ਵੀ ਭੇਜੇ ਸਨ | ਉਹ ਸਾਰੀ ਰਾਤ ਕਿੱਸੇ-ਕਹਾਣੀਆਂ ਸੁਣਾਉਂਦਾ ਰਿਹਾ |
ਸਵੇਰੇ ਉਹਨੇ ਮੋਟਰ ਗੇੜ ਲਈ | ਅਸੀਂ ਨਹਾ-ਧੋ ਕੇ ਨਾਸ਼ਤਾ ਕੀਤਾ ਅਤੇ ਪਟਿਆਲਾ ਵੱਲ ਤੁਰ ਪਏ | ਉਹ ਡਰਾਈਵਰ ਦੇ ਨਾਲ ਦੀ ਸੀਟ 'ਤੇ ਬਹਿ ਗਿਆ | ਸਾਰੇ ਰਸਤੇ ਉਹ ਚੁੱਪ ਹੀ ਨਾ ਕਰੇ | ਅਸੀਂ ਹੱਸ-ਹੱਸ ਦੋਹਰੇ ਹੁੰਦੇ ਰਹੇ |
ਅਸੀਂ ਪਟਿਆਲਾ ਯੂਨੀਵਰਸਿਟੀ ਪੁੱਜੇ | ਉਥੇ ਵੇਖਣ ਵਾਲਾ ਨਜ਼ਾਰਾ ਸੀ | ਵਿਸ਼ਵ ਭਰ ਤੋਂ ਲੇਖਕ, ਉਦਯੋਗਪਤੀ, ਵਿਗਿਆਨੀ ਅਤੇ ਮੀਡੀਆ ਦੇ ਲੋਕ ਚੋਖੀ ਤਾਦਾਦ ਵਿਚ ਆਏ ਹੋਏ ਸਨ | ਬਾਜਵੇ ਨੇ ਆਪਣਾ ਕੈਮਰਾ ਲੋਡ ਕਰ ਲਿਆ ਤੇ ਫੋਟੋ ਖਿੱਚਣੇ ਸ਼ੁਰੂ ਕਰ ਦਿੱਤੇ |
ਪਾਕਿਸਤਾਨ ਤੋਂ ਲੇਖਕ, ਮੰਤਰੀ, ਮੀਡੀਆ ਅਤੇ ਸੱਭਿਆਚਾਰ ਨਾਲ ਪ੍ਰੇਮ ਰੱਖਣ ਵਾਲੇ ਅਣਗਿਣਤ ਲੋਕ ਆਏ ਸਨ | ਪੀਪਲਜ਼ ਪਾਰਟੀ ਦੇ ਸਕਾਫ਼ਤੀ ਮਨਿਸਟਰ ਤੇ ਨਾਵਲਕਾਰ ਫ਼ਖਰ ਜ਼ਮਾਨ ਤੇ ਨਿਲਾਮ ਘਰ ਦੇ ਪ੍ਰਸਿੱਧ ਐਾਕਰ ਤਾਰਕ ਅਜ਼ੀਜ਼ ਪੁੱਜੇ ਹੋਏ ਸਨ | ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਇਹ ਸਾਰੇ ਬਾਜਵੇ ਨੂੰ ਚਾਚਾ-ਚਾਚਾ ਆਖਣ | ਮੈਨੂੰ ਪੱਕਾ ਹੋ ਗਿਆ ਕਿ ਹਰਭਜਨ ਸਿੰਘ ਬਾਜਵਾ ਯਾਨੀ ਚਾਚਾ ਦੋਵਾਂ ਪੰਜਾਬਾਂ ਵਿਚ ਜਾਣਿਆ-ਪਛਾਣਿਆ ਬੰਦਾ ਹੈ | ਕਸ਼ਮੀਰ ਦੇ ਹਾਲਾਤ ਬਾਰੇ ਉਸ ਨੂੰ ਸਦਾ ਚਿੰਤਾ ਰਹਿੰਦੀ | ਕਸ਼ਮੀਰ ਨਾਲ ਉਹਨੂੰ ਅੰਤਾਂ ਦਾ ਮੋਹ ਹੈ | ਉਹ ਹਰ ਸਾਲ ਕਸ਼ਮੀਰ ਦੀ ਸੈਰ ਲਈ ਆਪਣੀ ਢਾਣੀ ਲੈ ਕੇ ਆ ਜਾਂਦਾ ਹੈ | ਡੱਲ ਝੀਲ ਦੇ ਕੰਢੇ ਬਣੇ ਹੋਟਲ ਵਿਚ ਉਸ ਦਾ ਕਮਰਾ ਰਾਖਵਾਂ ਹੁੰਦਾ ਹੈ |
ਲੇਖਕਾਂ, ਲੀਡਰਾਂ, ਜਥੇਦਾਰਾਂ ਦੇ ਕਿੱਸੇ-ਕਹਾਣੀਆਂ ਜੋ ਚਾਚਾ ਸੁਣਾਉਂਦਾ ਹੈ, ਉਨ੍ਹਾਂ ਦੀ ਪ੍ਰੋੜਤਾ ਚਾਚੇ ਦੇ ਸਟੂਡੀਓ ਵਿਚ ਵੜਦਿਆਂ ਹੀ ਹੋ ਜਾਂਦੀ ਹੈ | ਇਹ ਇਕ ਬਹੁਤ ਵੱਡਾ ਖਜ਼ਾਨਾ ਹੈ ਜੋ ਚਾਚੇ ਨੇ ਆਪਣੇ ਸਟੂਡੀਓ ਵਿਚ ਸਾਂਭ ਰੱਖਿਆ ਹੈ | ਇਹ ਕਿੱਸੇ-ਕਹਾਣੀਆਂ ਚਾਚਾ ਹਰ ਵੇਲੇ ਨਹੀਂ ਸੁਣਾਉਂਦਾ | ਇਸ ਦੀ ਇਕ ਸਿਰਜਣ ਪ੍ਰਕਿਰਿਆ ਦਾ ਇਕ ਸਮਾਂ ਹੁੰਦਾ ਹੈ |
ਉਹਨੇ ਇਕ ਵਾਰ ਗੱਲਾਂ-ਗੱਲਾਂ ਵਿਚ ਦੱਸਿਆ ਕਿ ਉਹਦਾ ਛੋਟਾ ਪੁੱਤਰ ਜ਼ਿੱਦ ਕਰ ਬੈਠਾ ਕਿ ਉਹ ਮੰੁਬਈ ਜਾ ਕੇ ਕੰਮ ਕਰੇਗਾ | ਚਾਚੇ ਨੇ ਉਹਨੂੰ ਪੰਜਾਬ ਵਿਚ ਹੀ ਕੰਮ ਦਵਾਉਣ ਦੀ ਆਖੀ ਪਰ ਉਹ ਨਾ ਮੰਨਿਆ | ਉਹ ਆਪਣੇ ਯਾਰਾਂ-ਬੇਲੀਆਂ ਨਾਲ ਮੰੁਬਈ ਤੁਰ ਗਿਆ | ਕੁਝ ਹੀ ਦਿਨਾਂ ਬਾਅਦ ਉਥੇ ਉਸ ਦੀ ਮੌਤ ਹੋ ਗਈ | ਉਸ ਦੇ ਯਾਰ ਬੇਲੀ ਆਖਣ ਉਸ ਦੀ ਮਯਤ ਨੂੰ ਪੰਜਾਬ ਲੈ ਆਈਏ | ਪਰ ਚਾਚੇ ਨੇ ਮਨ੍ਹਾ ਕਰ ਦਿੱਤਾ ਅਤੇ ਨਾ ਸੋਗ ਮਨਾਇਆ, ਨਾ ਹੀ ਧਾਰਮਿਕ ਰਸਮ ਕੀਤੀ | ਸੁਭਾਅ ਦਾ ਉਹ ਹਠੀ ਹੈ |
ਇਕ ਵਾਰ ਅਸੀਂ ਪ੍ਰੀਤ ਨਗਰ ਮੁਖ਼ਤਿਆਰ ਗਿੱਲ ਦੇ ਘਰ ਗਏ | ਚਾਚੇ ਨੇ ਮੈਨੂੰ ਪ੍ਰੀਤ ਨਗਰ ਦੀ ਹਰ ਗੱਲ ਤੋਂ ਜਾਣੂ ਕਰਵਾਇਆ | ਨਾਨਕ ਸਿੰਘ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿਚ ਬਣਿਆ ਹਾਲ ਵਿਖਾਇਆ | ਉਹ ਬਿਲਡਿੰਗ ਵਿਖਾਈ ਜਿਥੇ ਕਦੀ ਪ੍ਰੀਤਲੜੀ ਛਪਿਆ ਕਰਦਾ ਸੀ | ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਨਾਲ ਮਲਾਇਆ, ਫੋਟੋਆਂ ਖਿੱਚੀਆਂ |
ਉਹ ਸ਼ਾਇਰੀ ਵੀ ਕਰਦਾ ਹੈ | ਉਸ ਦੀ ਕਵਿਤਾ ਦੀ ਕਿਤਾਬ 'ਮੌਤ ਇਕ ਅਹਿਸਾਸ' ਦੀ ਛਪੀ ਹੈ ਪਰ ਉਹ ਮੁਸ਼ਾਇਰਿਆਂ ਵਿਚ ਘੱਟ-ਵੱਧ ਹੀ ਹਿੱਸਾ ਲੈਂਦਾ ਹੈ | ਉਸ ਦੀ ਇਕ ਹੋਰ ਕਿਤਾਬ ਹੈ 'ਫਰੌਮ ਦਾ ਆਈਜ਼ ਆਫ ਮਾਈ ਲੈਂਸਜ਼ (6rom the eyes of my lenses) ਜਦੋਂ ਉਹ ਮੈਨੂੰ ਮਿਲਦਾ ਹੈ ਤਾਂ ਪਿਛਲੇ ਵਾਰੀ ਖਿੱਚੇ ਫੋਟੋਆਂ ਦਾ ਦੱਥਾ ਫੜਾ ਦਿੰਦਾ ਹੈ | ਉਹਮਾਨਾਂ ਸਨਮਾਨਾਂ ਪਿੱਛੇ ਨਹੀਂ ਪੈਂਦਾ | ਉਸ ਨੂੰ ਜੁਗਾੜ ਕਰ ਕੇ ਸਨਮਾਨ ਲੈਣ ਵਾਲਿਆਂ ਨਾਲ ਡਾਢੀ ਨਫ਼ਰਤ ਹੋ ਜਾਂਦੀ ਹੈ |
ਸਤੰਬਰ 2017 ਵਿਚ ਉਹਨੇ ਮੈਨੂੰ ਫੋਨ ਕੀਤਾ, 'ਰਾਜਨ ਮੈਂ ਕਸ਼ਮੀਰ ਪੁੱਜ ਗਿਆ ਹਾਂ | ਹੋਟਲ ਉਹ ਹੀ ਹੈ |' ਮੈਂ ਪੁੱਜ ਗਿਆ | ਉਹਦੇ ਸਾਥੀ ਸ਼ਿਕਾਰੇ ਪਕੜ ਕੇ ਡੱਲ ਦੀ ਸੈਰ ਲਈ ਨਿਕਲ ਗਏ | ਪਰ ਉਹ ਡੱਲ ਦੇ ਕਿਨਾਰੇ ਬੈਠਾ ਮੇਰਾ ਇੰਤਜ਼ਾਰ ਕਰ ਰਿਹਾ ਸੀ | ਮੈਂ ਪੁੱਜਾ ਤਾਂ ਉਹ ਖੁਸ਼ ਹੋ ਗਿਆ | ਅਸੀਂ ਹੋਟਲ ਦੇ ਕਮਰੇ ਵੱਲ ਤੁਰ ਪਏ | ਅਸੀਂ ਗੱਲਾਂ ਵਿਚ ਰੁਝ ਗਏ |
ਅਗਲੇ ਦਿਨ ਉਹ ਪੰਜਾਬ ਮੁੜ ਗਏ | ਦੂਜੇ ਜਾਂ ਤੀਜੇ ਦਿਨ ਉਸ ਦਾ ਫੋਨ ਸਵੇਰੇ-ਸਵੇਰ ਆਇਆ, ਆਖਣ ਲੱਗਾ, 'ਰਾਜਨ, ਕੱਲ੍ਹ ਤੇਰੀ ਚਾਚੀ ਚੱਲ ਵਸੀ |' ਮੈਂ ਅਫਸੋਸ ਕੀਤਾ ਉਹ ਆਖਣ ਲੱਗਾ, 'ਨਾ, ਨਾ ਰਾਜਨ ਉਹ ਭਰਪੂਰ ਜੀਵਨ ਜੀਅ ਕੇ ਗਈ ਹੈ | ਨਾ ਉਹ ਮੇਰੇ ਨਾਲ ਆਈ ਸੀ ਤੇ ਨਾ ਉਹਨੇ ਮੇਰੇ ਨਾਲ ਜਾਣਾ ਸੀ |' ਇਹੋ ਜਿਹੀਆਂ ਗਿਆਨ ਦੀਆਂ ਗੱਲਾਂ ਤਾਂ ਕੋਈ ਰਿਸ਼ੀ-ਮੁਨੀ ਹੀ ਕਰ ਸਕਦਾ ਹੈ | ਉਹ ਮੁੜ ਚੜ੍ਹਦੀ ਕਲਾ ਵਿਚ ਰਹਿਣ ਲੱਗਾ |
ਐਤਕੀਂ ਸਰਦੀਆਂ ਵਿਚ ਉਹਨੇ ਮੈਨੂੰ ਫੋਨ ਕੀਤਾ ਰਾਜਨ ਤੂੰ ਜਦੋਂ ਜੰਮੂ ਆਵੇਂਗਾ ਤਾਂ ਮੇਰੇ ਲਈ ਕੰਵਲ ਦਾ ਕਹਿਣਾ ਲੈ ਆੲੀਂ | ਜਦੋਂ ਮੈਂ ਬਟਾਲੇ ਗਿਆ ਤਾਂ ਉਹ ਆਪਣੇ ਸਟੂਡੀਓ ਦੇ ਬਾਹਰ ਅਖ਼ਬਾਰ ਪੜ੍ਹ ਰਿਹਾ ਸੀ | ਉਹ ਸਾਨੂੰ ਆਪਣੇ ਪਰਿਵਾਰ ਕੋਲ ਲੈ ਗਿਆ | ਹੁਣ ਉਹ ਪਰਿਵਾਰ ਨਾਲ ਰਚ-ਮਿਚ ਗਿਆ ਸੀ | ਫਿਰ ਉਹ ਮੈਨੂੰ ਆਪਣੇ ਕਮਰੇ ਵਿਚ ਲੈ ਗਿਆ | ਮੈਂ ਅਚਨਚੇਤ ਹੀ ਪੁੱਛ ਬੈਠਾ, 'ਚਾਚਾ, ਚਾਚੀ ਦੀ ਯਾਦ ਆਉਂਦੀ...', ਉਹ ਗੰਭੀਰ ਹੋ ਗਿਆ | ਪਰ ਆਪਣੇ ਚਿਹਰੇ 'ਤੇ ਮੁਸਕਰਾਹਟ ਲੈ ਆਂਦੀ ਤੇ ਕਿਹਾ, 'ਹਾਂ ਆਂਦੀ ਹੈ, ਕਿਉਂ ਨਹੀਂ?'

-ਧਰਮਕੰੁਡ ਤਰਾਲ, ਕਸ਼ਮੀਰ |
ਮੋਬਾਈਲ : 098584-77296.

ਭੁੱਲੀਆਂ ਵਿਸਰੀਆਂ ਯਾਦਾਂ

25 ਮਾਰਚ, 1978 ਨੂੰ ਸ੍ਰੀ ਆਨੰਦਪਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੇਡਾਂ ਕਰਵਾਈਆਂ ਸਨ | ਇਹ ਖੇਡਾਂ ਹਰ ਸਾਲ ਹੀ ਹੁੰਦੀਆਂ ਸਨ | ਸ: ਸੁਖਦੇਵ ਸਿੰਘ ਢੀਂਡਸਾ ਉਦੋਂ ਮੰਤਰੀ ਸਨ | ਸ: ਤਰਸੇਮ ਸਿੰਘ ਪੁਰੇਵਾਲ ਲੰਡਨ ਤੋਂ ਆਏ ਹੋਏ ਸੀ | ਉਹ ਲੰਡਨ ਤੋਂ ਪੰਜਾਬੀ ਦਾ ਹਫ਼ਤਾਵਾਰੀ ਪਰਚਾ 'ਦੇਸ ਪ੍ਰਦੇਸ' ਕੱਢਦੇ ਸੀ | ਇਸ ਕਰਕੇ ਹਰ ਲੀਡਰ ਤੇ ਸਾਹਿਤਕਾਰ ਦੀ ਸ: ਪੁਰੇਵਾਲ ਨਾਲ ਨੇੜਤਾ ਸੀ | ਸ: ਪੁਰੇਵਾਲ ਆਪ ਵੀ ਸਾਰਿਆਂ ਨਾਲ ਸਾਂਝ ਰੱਖਦੇ ਸੀ | ਐਮਰਜੈਂਸੀ ਵੇਲੇ ਉਸ ਨੇ ਸਰਕਾਰੀ ਵਧੀਕੀਆਂ ਖਿਲਾਫ਼ ਬਹੁਤ ਕੁਝ ਆਪਣੇ ਪਰਚੇ ਵਿਚ ਲਿਖਿਆ ਸੀ |

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-144: ਸਮਾਜਿਕ ਸਿਨੇਮਾ ਦਾ ਬਾਗ਼ਬਾਂ ਬੀ.ਆਰ. ਚੋਪੜਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਦੋਂ 'ਵਕਤ' ਬਣ ਰਹੀ ਸੀ ਤਾਂ ਸਿਤਾਰਿਆਂ ਦਾ ਹਜੂਮ ਹੋਣ ਕਰਕੇ ਇਸ ਦੀ ਸ਼ੂਟਿੰਗ ਕਾਫ਼ੀ ਲੰਬੇ ਸਮੇਂ ਤੱਕ ਚੱਲੀ ਸੀ | ਕਈ ਵਾਰ ਬੀ.ਆਰ. ਚੋਪੜਾ ਦਾ ਬੈਨਰ ਦੋ-ਦੋ ਮਹੀਨੇ ਵਿਹਲਾ ਰਹਿੰਦਾ ਸੀ | ਇਸ ਵਕਫੇ ਤੋਂ ਲਾਭ ਲੈਣ ਲਈ ਹੀ ਇਸ ਬੈਨਰ ਨੇ 'ਇਤਫ਼ਾਕ' ਦਾ ਨਿਰਮਾਣ ਕੀਤਾ ਸੀ | ਡੇਢ ਘੰਟੇ ਦੀ ਤੁਲਨਾਤਮਿਕ ਰੂਪ 'ਚ ਛੋਟੀ ਲੰਬਾਈ ਵਾਲੀ 'ਇਤਫ਼ਾਕ' ਇਕ ਸਸਪੈਂਸ ਫ਼ਿਲਮ ਸੀ | ਇਸ ਨੂੰ ਦੋ ਮਹੀਨਿਆਂ 'ਚ ਹੀ ਮੁਕੰਮਲ ਕਰ ਲਿਆ ਗਿਆ ਸੀ | ਰਾਜੇਸ਼ ਖੰਨਾ, ਨੰਦਾ, ਬਿੰਦੂ ਅਤੇ ਸੁਜੀਤ ਕੁਮਾਰ ਇਸ ਦੇ ਪ੍ਰਮੁੱਖ ਸਿਤਾਰੇ ਸਨ ਪਰ ਗੌਰਤਲਬ ਗੱਲ ਇਹ ਹੈ ਕਿ ਇਹ ਫ਼ਿਲਮ ਵੀ ਹਿੱਟ ਸਿੱਧ ਹੋਈ ਸੀ |
'ਇਤਫਾਕ' ਦੀ ਸਫ਼ਲਤਾ ਤੋਂ ਉਤਸਾਹਤ ਹੋ ਕੇ ਹੀ ਬੀ.ਆਰ. ਚੋਪੜਾ ਨੇ 'ਧੰੁਦ' (1973) ਦਾ ਨਿਰਮਾਣ ਵੀ ਕੀਤਾ ਸੀ | ਅਗਾਥਾ ਕ੍ਰਿਸ਼ਟੀ ਦੀ ਇਕ ਰਚਨਾ (The 5lephant can remember) ਤੋਂ ਪ੍ਰੇਰਿਤ 'ਧੰੁਦ' ਵੀ ਇਕ ਰਹੱਸ, ਰੁਮਾਂਚ ਨਾਲ ਭਰਪੂਰ ਦਿਲਚਸਪ ਫ਼ਿਲਮ ਸੀ | ਸੰਜੇ ਖ਼ਾਨ, ਨਵੀਨ ਨਿਸਚਲ, ਡੈਨੀ, ਮਦਨ ਪੁਰੀ ਅਤੇ ਜ਼ੀਨਤ ਅਮਾਨ ਨੇ ਇਸ ਕਹਾਣੀ ਨੂੰ ਰਜਤ-ਪਟ 'ਤੇ ਸਾਕਾਰ ਕੀਤਾ ਸੀ |
ਪਰ 'ਧੰੁਦ' ਤੋਂ ਬਾਅਦ ਇਸ ਬੈਨਰ ਦੀ ਸਫ਼ਲਤਾ ਵੀ ਧੰੁਦ 'ਚ ਹੀ ਘਿਰਨੀ ਸ਼ੁਰੂ ਹੋ ਗਈ ਸੀ | ਵੈਸੇ ਤਾਂ ਇਸ ਬੈਨਰ ਨੇ 'ਪਤੀ ਪਤਨੀ ਔਰ ਵੋਹ', 'ਕਰਮ', 'ਇਨਸਾਫ਼ ਕਾ ਤਰਾਜੂ' ਅਤੇ 'ਆਵਾਮ ਕੀ ਆਵਾਜ਼' ਵਰਗੀਆਂ ਭਿੰਨ ਭਿੰਨ ਸ਼੍ਰੇਣੀਆਂ ਨਾਲ ਸਬੰਧਤ ਫ਼ਿਲਮਾਂ ਵੀ ਬਣਾਈਆਂ, ਪਰ ਇਨ੍ਹਾਂ 'ਚੋਂ ਉਨ੍ਹਾਂ ਦਾ ਪੁਰਾਣਾ ਜਾਦੂ ਹੌਲੀ-ਹੌਲੀ ਗ਼ਾਇਬ ਹੁੰਦਾ ਸਪੱਸ਼ਟ ਨਜ਼ਰ ਆਇਆ ਸੀ | ਭਾਵੇਂ ਉਸ ਦੀਆਂ ਕੁਝ ਕੁ ਫ਼ਿਲਮਾਂ 'ਪਤੀ, ਪਤਨੀ ਔਰ ਵੋਹ', 'ਇਨਸਾਫ਼ ਕਾ ਤਰਾਜੂ' ਸਿਲਵਰ ਜੁਬਲੀ ਹਿਟ ਵੀ ਹੋਈਆਂ ਸਨ ਪਰ ਇਨ੍ਹਾਂ 'ਚੋਂ ਇਸ ਬੈਨਰ ਦੀ ਪੰ੍ਰਪਰਾਵਾਦੀ ਸੁਹਜਤਮਿਕਤਾ ਆਦਿ੍ਸ਼ ਸੀ |
ਇਸ ਦੌਰ ਦੇ ਵੇਲੇ ਹੀ ਦੂਰਦਰਸ਼ਨ ਵੀ ਦਰਸ਼ਕਾਂ 'ਚ ਲੋਕਪਿ੍ਆ ਹੋ ਰਿਹਾ ਸੀ | ਬੀ.ਆਰ. ਬੈਨਰ ਨੇ ਛੋਟੇ ਪਰਦੇ ਲਈ ਕੁਝ ਕੁ ਸਮਾਜਿਕ ਲੜੀਵਾਰਾਂ ਤੋਂ ਇਲਾਵਾ 'ਮਹਾਂਭਾਰਤ' ਨੂੰ ਦੂਰਦਰਸ਼ਨ ਲਈ ਤਿਆਰ ਕੀਤਾ | ਇਸ ਲੜੀਵਾਰ ਨੇ ਤਕਨੀਕੀ ਅਤੇ ਵਿਸ਼ੇ ਪੱਖ ਤੋਂ ਰਾਮਾਨੰਦ ਸਾਗਰ ਦੇ ਲੜੀਵਾਰ 'ਰਾਮਾਇਣ' ਨੂੰ ਵੀ ਮਾਤ ਦੇ ਦਿੱਤੀ ਸੀ | ਆਪਣੇ ਜੀਵਨ ਦੇ ਅੰਤਿਮ ਦਿਨਾਂ 'ਚ ਬੀ.ਆਰ. ਚੋਪੜਾ ਦੀ ਸਿਹਤ ਕਾਫ਼ੀ ਖਰਾਬ ਰਹਿਣ ਲੱਗ ਪਈ ਸੀ | ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਅਤੇ ਦਿਨੇ ਚੱਲਣ-ਫਿਰਨ 'ਚ ਵੀ ਤਕਲੀਫ ਹੁੰਦੀ ਸੀ | ਇਸ ਲਈ ਉਸ ਨੇ ਆਪਣੀਆਂ ਸਾਰੀਆਂ ਹੀ ਜ਼ਿੰਮੇਵਾਰੀਆਂ ਹੌਲੀ-ਹੌਲੀ ਕਰਕੇ ਆਪਣੇ ਬੇਟੇ ਰਵੀ ਚੋਪੜਾ ਨੂੰ ਸੌਾਪ ਦਿੱਤੀਆਂ ਸਨ | ਫਿਰ ਵੀ, ਬਿਮਾਰੀ ਦੀ ਹਾਲਤ 'ਚ ਵੀ ਉਨ੍ਹਾਂ ਨੇ 'ਬਾਗਬਾਂ' ਫ਼ਿਲਮ ਦੀ ਕਹਾਣੀ ਲਿਖੀ ਸੀ | ਸਮਾਜ 'ਚ ਬਜ਼ੁਰਗਾਂ ਦੀ ਵਰਤਮਾਨ ਸਥਿਤੀ ਬਾਰੇ ਬਣਾਈ ਗਈ ਇਹ ਫ਼ਿਲਮ ਚੋਪੜਾ ਦੀ ਭਾਰਤੀ ਸਿਨੇਮਾ ਨੂੰ ਅੰਤਿਮ ਭੇਟ ਸੀ, ਕਿਉਂਕਿ 5 ਨਵੰਬਰ, 2008 ਨੂੰ 94 ਸਾਲ ਦੀ ਉਮਰ 'ਚ ਬੀ.ਆਰ. ਫ਼ਿਲਮਜ਼ ਦਾ ਇਹ ਬਾਗਬਾਂ ਆਪਣੇ ਚਮਨ ਤੋਂ ਦੂਰ ਚਲਾ ਗਿਆ ਸੀ |
ਬੀ.ਆਰ. ਚੋਪੜਾ ਦਾ ਸ਼ਾਂਤਾਕਰੂਜ ਵਾਲਾ ਬੰਗਲਾ ਕਦੇ ਮਹਿਮਾਨਾਂ ਨਾਲ ਭਰਿਆ ਰਹਿੰਦਾ ਸੀ | ਕੁਝ ਚਿਰ ਪਹਿਲਾਂ ਜਦੋਂ ਮੈਂ ਇਸ ਦੇ ਕੋਲੋਂ ਲੰਘਿਆ ਤਾਂ ਇਥੇ ਕੋਈ ਰੌਣਕ ਨਹੀਂ ਸੀ | ਸਮੇਂ ਦਾ ਚੱਕਰ ਬੀ.ਆਰ. ਚੋਪੜਾ 'ਤੇ ਵੀ ਲਾਗੂ ਹੋ ਗਿਆ ਸੀ |
ਵਕਤ ਸੇ ਦਿਨ ਔਰ ਰਾਤ,
ਵਕਤ ਸੇ ਕਲ੍ਹ ਔਰ ਆਜ |
ਵਕਤ ਕੀ ਹਰ ਸ਼ੈ ਗੁਲਾਮ,
ਵਕਤ ਕਾ ਹਰ ਸ਼ੈ ਪੇ ਰਾਜ | (ਵਕਤ)
ਧੰਨਵਾਦ

3hopra’s 4estiny - The filmes of 9ndia Nov. 6, 2008.
2.R. 3hopra - The 8indu Nov. 6, 2008.
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX