ਤਾਜਾ ਖ਼ਬਰਾਂ


ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  22 minutes ago
ਨਵੀਂ ਦਿੱਲੀ, 18 ਅਕਤੂਬਰ - ਜੰਮੂ, ਗੁਜਰਾਤ ਦੇ ਅਹਿਮਦਾਬਾਦ, ਜਲੰਧਰ ਅਤੇ ਦੇਸ਼ ਭਰ 'ਚ ਹੋਰ ਵੱਖ ਵੱਖ ਥਾਵਾਂ 'ਤੇ ਦੁਸਹਿਰਾ ਉਤਸਵ ਦੇ ਸਬੰਧ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ...
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  39 minutes ago
ਕਾਬੁਲ, 18 ਅਕਤੂਬਰ - ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ, ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ...
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  about 1 hour ago
ਦੇਹਰਾਦੂਨ, 18 ਅਕਤੂਬਰ - ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਸੂਬੇ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ...
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ। ਉਹ 3 ਦਿਨਾਂ ਭਾਰਤ ਦੌਰੇ ਲਈ ਆਏ...
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  about 1 hour ago
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ) - ਤਨਖ਼ਾਹਾਂ ਵਿਚ ਕਟੌਤੀ ਦੇ ਮਾਮਲੇ ਉੱਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਧਰਨਾ...
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  about 2 hours ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ....
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 2 hours ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸਿੱਖਿਆ ਮੰਤਰੀ ....
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ
. . .  about 2 hours ago
ਕੋਟਕਪੂਰਾ, 18 ਅਕਤੂਬਰ(ਮੋਹਰ ਗਿੱਲ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ....
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
. . .  about 3 hours ago
ਕੋਟਕਪੂਰਾ, 18 ਅਕਤੂਬਰ (ਮੋਹਰ ਗਿੱਲ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਰਸਾਇਣਕ ਖ਼ਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਮਿੱਟੀ ਪਰਖ਼ ਜ਼ਰੂਰੀ

ਰਸਾਇਣਕ ਖ਼ਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਇਹ ਜ਼ਰੂਰੀ ਹੈ, ਕਿਸਾਨ ਵੀਰਾਂ ਨੂੰ ਇਹ ਪਤਾ ਹੋਵੇ ਕਿ ਉਨ੍ਹਾਂ ਦੀ ਜ਼ਮੀਨ ਵਿਚ ਖ਼ੁਰਾਕੀ ਤੱਤਾਂ ਦੀ ਉਪਲਬੱਧਤਾ ਦਾ ਪੱਧਰ ਕੀ ਹੈ। ਆਮ ਹੀ ਦੇਖਿਆ ਜਾਂਦਾ ਹੈ ਕਿ ਕਿਸਾਨ ਵੀਰ ਬਿਨਾਂ ਮਿੱਟੀ ਪਰਖ਼ ਕਰਵਾਇਆਂ ਹੀ ਰਸਾਇਣਕ ਖ਼ਾਦਾਂ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਕੀਮਤੀ ਰਸਾਇਣਿਕ ਖ਼ਾਦਾਂ ਦੀ ਸੰਤੁਲਿਤ ਵਰਤੋਂ ਨਹੀਂ ਹੁੰਦੀ। ਮਿੱਟੀ ਪਰਖ਼ ਮੁਤਾਬਕ ਕਿਸਾਨ ਵੀਰ ਜ਼ਮੀਨ ਵਿਚ ਤੱਤਾਂ ਦੀ ਉਪਲਬੱਧਤਾ ਮਾਤਰਾ ਦੇ ਹਿਸਾਬ ਨਾਲ ਖ਼ਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਕਰ ਸਕਦੇ ਹਨ।
ਨਾਈਟ੍ਰੋਜਨ ਦੀ ਵਰਤੋਂ
ਫ਼ਸਲਾਂ ਲਈ ਨਾਈਟ੍ਰੋਜਨ ਦੀ ਸਿਫ਼ਾਰਿਸ਼ ਮਿੱਟੀ ਵਿਚ ਉਪਲਬੱਧ ਜੀਵਕ ਕਾਰਬਨ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਜਿਨ੍ਹਾਂ ਜ਼ਮੀਨਾਂ ਵਿਚ ਜੀਵਕ ਕਾਰਬਨ 0.40 ਫੀਸਦੀ ਤੋਂ ਘੱਟ ਹੁੰਦੀ ਹੈ, ਨੂੰ ਨਾਈਟ੍ਰੋਜਨ ਦੀ ਘਾਟ ਵਾਲੀਆਂ ਜ਼ਮੀਨਾਂ ਆਖਿਆ ਜਾਂਦਾ ਹੈ ਅਤੇ ਜਿਨ੍ਹਾਂ ਵਿਚ 0.40 ਤੋਂ 0.75 ਫੀਸਦੀ ਹੁੰਦੀ ਹੈ, ਨੂੰ ਦਰਮਿਆਨੀਆਂ ਅਤੇ ਜਿਨ੍ਹਾਂ ਵਿਚ 0.75 ਫੀਸਦੀ ਤੋਂ ਵੱਧ ਹੁੰਦੀ ਹੈ, ਨੂੰ ਭਾਰੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਘਾਟ ਵਾਲੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਖ਼ਾਦ ਦੀ ਮਾਤਰਾ ਦਰਮਿਆਨੇ ਜੀਵਕ ਕਾਰਬਨ ਵਾਲੀਆਂ ਜ਼ਮੀਨਾਂ ਨਾਲੋਂ 25 ਫੀਸਦੀ ਵੱਧ ਪਾਉਣੀ ਚਾਹੀਦੀ ਹੈ। ਇਸੇ ਤਰ੍ਹਾਂ 0.75 ਫੀਸਦੀ ਤੋਂ ਵੱਧ ਜੀਵਕ ਕਾਰਬਨ ਵਾਲੀਆਂ ਜ਼ਮੀਨਾਂ ਵਿਚ ਫ਼ਸਲਾਂ ਨੂੰ ਸਿਫ਼ਾਰਸ਼ ਨਾਈਟ੍ਰੋਜਨ ਖ਼ਾਦ ਦੀ ਮਾਤਰਾ, ਦਰਮਿਆਨੇ ਜੀਵਕ ਕਾਰਬਨ ਵਾਲੀਆਂ ਜ਼ਮੀਨਾਂ ਨਾਲੋਂ 25 ਫੀਸਦੀ ਘੱਟ ਪਾਉਣੀ ਚਾਹੀਦੀ ਹੈ। ਕਲਰਾਠੀਆਂ ਜ਼ਮੀਨਾਂ ਜਿਨ੍ਹਾਂ ਦਾ ਖ਼ਾਰੀ ਅੰਗ (ਪੀ. ਐੱਚ.) ਵੱਧ ਹੋਵੇ, ਵਿਚ ਫ਼ਸਲਾਂ ਨੂੰ ਸਧਾਰਨ ਜ਼ਮੀਨਾਂ ਨਾਲੋਂ 25 ਫੀਸਦੀ ਵੱਧ ਨਾਈਟ੍ਰੋਜਨ ਖ਼ਾਦ ਪਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਚਿੱਟੇ ਕੱਲਰ ਵਾਲੀਆਂ ਜ਼ਮੀਨਾਂ, ਜਿਨ੍ਹਾਂ ਵਿਚ ਨਮਕੀਨ ਪਦਾਰਥ (ਇਲੈਕਟ੍ਰੀਕਲ ਕੰਡਕਟਿਵਿਟੀ) ਵੱਧ ਹੋਵੇ, ਵਿਚ ਸਧਾਰਨ ਜ਼ਮੀਨਾਂ ਨਾਲੋਂ 25 ਫੀਸਦੀ ਵੱਧ ਨਾਈਟ੍ਰੋਜਨ ਖ਼ਾਦ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਦੀ ਵਰਤੋਂ ਹਮੇਸ਼ਾਂ 2-3 ਕਿਸ਼ਤਾਂ ਵਿਚ ਕਰਨੀ ਚਾਹੀਦੀ ਹੈ, ਜਿਵੇਂ ਅੱਧਾ ਹਿੱਸਾ ਬੀਜਾਈ ਵੇਲੇ ਅਤੇ ਅੱਧਾ ਪਹਿਲਾ ਪਾਣੀ ਲਾਉਣ ਸਮੇਂ। ਫ਼ਸਲਾਂ ਵਿਚ ਨਾਈਟ੍ਰੋਜਨ ਦੀ ਵਰਤੋਂ ਅਹਿਮ ਪੜਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਿਫ਼ਾਰਸ਼ ਕੀਤੇ ਸਮੇਂ 'ਤੇ ਹੀ ਲਾਹੇਵੰਦ ਰਹਿੰਦੀ ਹੈ।
ਫ਼ਾਸਫ਼ੋਰਸ ਦੀ ਵਰਤੋਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਲੰਮੇ ਸਮੇਂ ਦੀ ਖੋਜ ਅਨੁਸਾਰ ਫ਼ਸਲਾਂ ਨੂੰ ਪਾਈ ਗਈ ਫ਼ਾਸਫ਼ੋਰਸ ਦਾ 25 ਫੀਸਦੀ ਹਿੱਸਾ ਹੀ ਫ਼ਸਲ ਦੁਆਰਾ ਵਰਤਿਆ ਜਾਂਦਾ ਹੈ ਅਤੇ ਬਾਕੀ ਜ਼ਮੀਨ ਵਿਚ ਅਗਲੀ ਫ਼ਸਲ ਲਈ ਬੱਚ ਜਾਂਦਾ ਹੈੈ, ਜੋ ਸਮੇਂ ਦੇ ਨਾਲ-ਨਾਲ ਫ਼ਸਲ ਨੂੰ ਉਪਲਬੱਧ ਹੁੰਦੀ ਰਹਿੰਦੀ ਹੈ। ਫ਼ਸਲੀ ਚੱਕਰ ਵਿਚ ਹਾੜ੍ਹੀ ਦੀਆਂ ਫ਼ਸਲਾਂ, ਫ਼ਾਸਫ਼ੋਰਸ ਦੀ ਵਰਤੋਂ ਨੂੰ ਜ਼ਿਆਦਾ ਮੰਨਦੀਆਂ ਹਨ। ਇਸ ਲਈ ਜੇਕਰ ਹਾੜ੍ਹੀ ਦੀਆਂ ਫ਼ਸਲਾਂ ਵਿਚ ਸਿਫ਼ਾਰਿਸ਼ ਮੁਤਾਬਕ ਫ਼ਾਸਫ਼ੋਰਸ ਖ਼ਾਦ ਦੀ ਵਰਤੋਂ ਕਰ ਲਈ ਜਾਏੇ, ਤਾਂ ਸਾਉਣੀ ਦੀਆਂ ਫ਼ਸਲਾਂ ਵਿਚ ਫ਼ਾਸਫ਼ੋਰਸ ਖ਼ਾਦ ਬਚਾਈ ਜਾ ਸਕਦੀ ਹੈ। ਸਾਉਣੀ ਵਿਚ ਤਾਪਮਾਨ ਅਤੇ ਨਮੀ ਵੱਧ ਹੋਣ ਕਾਰਨ, ਜ਼ਮੀਨ ਵਿਚ ਬਚੀ ਪਈ ਫ਼ਾਸਫ਼ੋਰਸ ਘੁਲ ਕੇ ਉਪਲੱਬਧ ਹੋ ਜਾਂਦੀ ਹੈ ਜੋ ਸਾਉਣੀ ਦੀਆਂ ਫ਼ਸਲਾਂ ਦੀ ਜ਼ਰੂਰਤ ਪੂਰੀ ਕਰ ਦਿੰਦੀ ਹੈ।
ਜ਼ਮੀਨ ਵਿਚ ਉਪਲੱਬਧ ਫ਼ਾਸਫ਼ੋਰਸ ਦੇ ਆਧਾਰ 'ਤੇ ਜ਼ਮੀਨਾਂ ਨੂੰ ਚਾਰ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ। ਜ਼ਮੀਨਾ ਵਿਚ ਫ਼ਾਸਫ਼ੋਰਸ 5 ਕਿੱਲੋ/ਏਕੜ ਤੋਂ ਘੱਟ, 5 ਤੋਂ 9 ਕਿੱਲੋ , 9 ਤੋਂ 20 ਕਿੱਲੋ ਅਤੇ 20 ਕਿੱਲੋ ਤੋਂ ਵੱਧ ਵਾਲੀਆਂ ਜ਼ਮੀਨਾਂ ਨੂੰ ਕ੍ਰਮਵਾਰ ਘੱਟ, ਦਰਮਿਆਨੀਆਂ, ਵੱਧ ਅਤੇ ਬਹੁਤ ਜ਼ਿਆਦਾ ਫ਼ਾਸਫ਼ੋਰਸ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਘੱਟ ਫ਼ਾਸਫ਼ੋਰਸ ਵਾਲੀਆਂ ਜ਼ਮੀਨਾਂ ਤੋਂ ਪੂਰਾ ਝਾੜ ਲੈਣ ਲਈ, ਦਰਮਿਆਨੇ ਫ਼ਾਸਫ਼ੋਰਸ ਵਾਲੀਆਂ ਜ਼ਮੀਨਾ ਨਾਲੋਂ 25 ਫੀਸਦੀ ਵੱਧ ਤੋਂ ਵੱਧ ਫ਼ਾਸਫ਼ੋਰਸ ਵਾਲੀਆਂ ਜ਼ਮੀਨਾਂ ਵਿਚ 25 ਫੀਸਦੀ ਘੱਟ ਫ਼ਾਸਫ਼ੋਰਸ ਖ਼ਾਦ ਪਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਬਹੁਤ ਜ਼ਿਆਦਾ ਫ਼ਾਸਫ਼ੋਰਸ ਵਾਲੀਆਂ ਜ਼ਮੀਨਾਂ ਵਿਚ ਫ਼ਾਸਫ਼ੋਰਸ ਬਿਲਕੁੱਲ ਨਹੀਂ ਪਾਉਣੀ ਚਾਹੀਦੀ।
ਜ਼ਮੀਨ ਵਿਚਲੀ ਫ਼ਾਸਫ਼ੋਰਸ ਤੋਂ ਇਲਾਵਾ ਜੀਵਕ ਕਾਰਬਨ ਵੀ ਫ਼ਸਲਾਂ ਲਈ ਫ਼ਾਸਫ਼ੋਰਸ ਖ਼ਾਦ ਦੀ ਮਾਤਰਾ ਨੂੰ ਨਿਰਧਾਰਤ ਕਰਦੀ ਹੈ। ਫ਼ਾਸਫ਼ੋਰਸ ਫ਼ਸਲ ਦੀ ਬਿਜਾਈ ਸਮੇਂ ਡਰਿੱਲ ਕਰਨੀ ਚਾਹੀਦੀ ਹੈ। ਇਸ ਦੀ ਪੂਰਤੀ ਲਈ ਸਿੰਗਲ ਸੁਪਰਫ਼ਾਸਫ਼ੇਟ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਇਸ ਵਿਚ ਗੰਧਕ ਵੀ ਹੁੰਦੀ ਹੈ। ਜੇਕਰ ਡੀ.ਏ.ਪੀ. ਖ਼ਾਦ ਵਰਤਣੀ ਹੋਵੇ ਤਾਂ ਨਾਈਟ੍ਰੋਜਨ ਖ਼ਾਦ ਦੀ ਮਾਤਰਾ ਘਟਾ ਲੈਣੀ ਚਾਹੀਦੀ ਹੈ, ਕਿਉਂਕਿ ਡੀ.ਏ.ਪੀ. ਵਿਚ 46 ਫੀਸਦੀ ਫ਼ਾਸਫ਼ੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਭੂਮੀ ਵਿਗਿਆਨ ਵਿਭਾਗ।


ਖ਼ਬਰ ਸ਼ੇਅਰ ਕਰੋ

ਝੋਨੇ ਦੀ ਪੀ.ਆਰ.126 ਕਿਸਮ ਦੀ ਪਨੀਰੀ ਲਗਾਉਣ ਦਾ ਢੁਕਵਾਂ ਸਮਾਂ

ਪੰਜਾਬ ਵਿਚ ਸਾਲ 2016-17 ਦੌਰਾਨ ਝੋਨੇ ਹੇਠ ਕੁੱਲ ਰਕਬਾ 30.40 ਲੱਖ ਹੈਕਟੇਅਰ ਸੀ, ਜਿਸ ਵਿਚ ਝੋਨੇ ਦੀ ਕੁੱਲ ਉਪਜ 188.63 ਲੱਖ ਟਨ (126.38 ਲੱਖ ਚੌਲ) ਹੋਈ ਸੀ ਅਤੇ ਔਸਤ ਝਾੜ 61.93 ਕੁਇੰਟਲ ਪ੍ਰਤੀ ਹੈਕਟੇਅਰ (24.77 ਕੁਇੰਟਲ) ਪ੍ਰਤੀ ਏਕੜ ਰਿਹਾ। ਇਸ ਸਾਲ ਕਿਸਾਨਾਂ ਵਿਚ ਪੀ.ਆਰ 121 ਝੋਨੇ ਦੇ ਬੀਜ ਦੀ ਵਧੇਰੇ ਮੰਗ ਹੋਣ ਕਾਰਨ ਜ਼ਿਆਦਾਤਰ ਰਕਬਾ ਪੀ.ਆਰ. 121 ਹੇਠਾਂ ਆਵੇਗਾ। ਇਸ ਤੋਂ ਬਿਨਾਂ ਇਸ ਸਾਲ ਕਿਸਾਨਾਂ ਨੇ ਪੀ.ਆਰ. 122, 123, 114, 113 ਅਤੇ 127 ਕਿਸਮਾਂ ਪਨੀਰੀ ਬੀਜੀ ਹੈ। ਇਨ੍ਹਾਂ ਕਿਸਮਾਂ ਦੀ ਪਨੀਰੀ ਬੀਜਣ ਦਾ ਢੁਕਵਾਂ ਸਮਾਂ ਪੀ.ਆਰ. 126, 124 (25 ਤੋਂ 30 ਮਈ) ਪੀ.ਆਰ. 126 ਬਾਰੇ ਕਿਸਾਨਾਂ ਨੇ ਆਪਣੇ ਤਜਰਬੇ ਅਨੁਸਾਰ 30 ਮਈ ਤੋਂ ਲੇਟ ਪਨੀਰੀ ਬੀਜ ਕੇ ਵਧੇਰੇ ਝਾੜ ਪ੍ਰਾਪਤ ਕਰਨ ਦੀ ਗੱਲ ਦੱਸੀ ਹੈ। ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ ਔਸਤ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ 123 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਬੇ ਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਦਸ ਵਿਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਡਾ: ਗੁਰਜੀਤ ਸਿੰਘ ਮਾਂਗਟ ਸੀਨੀਅਰ ਰਾਈਸ ਬ੍ਰੀਡਰ ਦਾ ਕਹਿਣਾ ਹੈ ਕਿ ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿਚ ਲਾਉਣੀ ਚਾਹੀਦੀ ਹੈ। ਵੱਡੀ ਉਮਰ ਦੀ ਪਨੀਰੀ ਖੇਤ ਵਿਚ ਲਾਉਣ ਨਾਲ ਛੇਤੀ ਨਿੱਸਰ ਜਾਂਦੀ ਹੈ ਅਤੇ ਘੱਟ ਬੁੱਝਾ ਕਰਦੀ ਹੈ। ਪਿਛਲੇ ਸਾਲ ਬਹੁਤ ਸਾਰੇ ਕਿਸਾਨਾਂ ਨੂੰ ਨਾ ਜਾਣਕਾਰੀ ਹੋਣ ਕਾਰਨ ਇਸ ਕਿਸਮ ਦੀ ਪਨੀਰੀ ਵਧੇਰੇ ਉਮਰ ਦੀ ਲਗਾ ਲਈ ਸੀ। ਅਮਲੋਹ ਦੇ ਸ਼ੈਲਰ ਮਾਲਕ ਤੇਜਵੰਤ ਸਿੰਘ ਐਡਵੋਕੇਟ, ਸੁਰਜੀਤ ਸਿੰਘ ਲੋਟ ਅਤੇ ਅਸ਼ਨਪ੍ਰੀਤ ਸਿੰਘ ਗਿੱਲ ਹਰੀਪੁਰ ਦਾ ਕਹਿਣਾ ਹੈ ਕਿ ਉਹ ਆਪਣੇ ਫਾਰਮ 'ਤੇ ਇਸ ਕਿਸਮ ਦੀ ਕਾਸ਼ਤ ਕਰ ਰਹੇ ਹਨ। ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੇ ਕੇਂਦਰੀ ਚਾਵਲ ਭੰਡਾਰ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਮੁਲਕ ਦੀ ਵਧ ਰਹੀ ਆਬਾਦੀ ਦੇ ਨਾਲ-ਨਾਲ ਅਨਾਜ ਦੀਆਂ ਲੋੜਾਂ ਵੀ ਵਧ ਰਹੀਆਂ ਹਨ, ਪ੍ਰੰਤੂ ਪੰਜਾਬ ਦੇ ਕੁਦਰਤੀ ਸੋਮਿਆਂ ਵਿਚ ਦਿਨ-ਬ-ਦਿਨ ਨਿਘਾਰ ਆ ਰਿਹਾ ਹੈ, ਇਸ ਦੇ ਨਾਲ ਮੌਸਮੀ ਤਬਦੀਲੀਆਂ ਕਾਰਨ ਨਵੇਂ ਕੀੜੇ-ਮਕੌੜੇ, ਨਦੀਨ, ਬਿਮਾਰੀਆਂ ਆਦਿ ਦੇ ਹਮਲੇ ਵੱਧ ਰਹੇ ਹਨ, ਜਿਸ ਕਾਰਨ ਖੇਤੀ ਖ਼ਰਚੇ ਵਧ ਰਹੇ ਹਨ ਅਤੇ ਸ਼ੁੱਧ ਮੁਨਾਫ਼ਾ ਘੱਟ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਝੋਨੇ ਦੀ ਸਥਾਈ ਪੈਦਾਵਾਰ ਅਤੇ ਕਿਸਾਨ ਦੀ ਆਮਦਨ ਵਿਚ ਸਥਿਰਤਾ ਲਿਆਉਣ ਲਈ ਘੱਟ ਪਾਣੀ ਲੈਣ ਵਾਲੀਆਂ ਅਤੇ ਆਰਥਿਕ ਪੱਖੋਂ ਜ਼ਿਆਦਾ ਲਾਹੇਵੰਦ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਇਨ੍ਹਾਂ ਤਕਨੀਕਾਂ ਵਿਚ ਘੱਟ ਸਮੇਂ ਵਿਚ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ (ਪੀ. ਆਰ. 126, ਪੀ. ਆਰ. 124 ਆਦਿ) ਦੀ ਕਾਸ਼ਤ ਅਤੇ ਕਾਸ਼ਤ ਦੇ ਉੱਨਤ ਢੰਗ ਅਹਿਮ ਯੋਗਦਾਨ ਪਾ ਸਕਦੇ ਹਨ। ਪਿੰਡ ਧਰਮਗੜ੍ਹ ਦੇ ਅਗਾਂਹਵਧੂ ਕਿਸਾਨ ਬਲਵੀਰ ਸਿੰਘ ਜੜੀਆ ਨੇ ਦੱਸਿਆ ਕਿ ਪੀ. ਆਰ. 126, ਜੋ ਕਿ ਘੱਟ ਸਮੇਂ ਵਿਚ (ਪਨੀਰੀ ਦੀ ਲੁਆਈ ਤੋਂ ਬਾਅਦ 93 ਦਿਨ) ਜ਼ਿਆਦਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਅਤੇ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਅਤੇ ਪੀ. ਆਰ. 118 ਤੋਂ ਤਕਰੀਬਨ 3-4 ਹਫ਼ਤੇ ਪਹਿਲਾਂ ਪੱਕ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਇਹ ਕਿਸਮ ਸੰਨ 2017 ਦੌਰਾਨ ਪੰਜਾਬ 'ਚ ਕਾਸ਼ਤ ਲਈ ਸਿਫ਼ਾਰਸ਼ ਕੀਤੀ ਗਈ ਸੀ। ਘੱਟ ਸਮਾਂ ਲੈਣ ਕਰਕੇ ਇਹ ਕਿਸਮ ਮੌਸਮੀ ਤਬਦੀਲੀਆਂ (ਹਨੇਰੀ, ਝੱਖੜ, ਸੋਕਾ, ਭਾਰੀ ਬਾਰਿਸ਼ਾਂ ਆਦਿ) ਦੇ ਪ੍ਰਭਾਵ ਅਤੇ ਕੀੜੇ-ਮਕੌੜੇ/ਬਿਮਾਰੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸ ਦੀ ਕਾਸ਼ਤ ਦੇ ਖ਼ਰਚੇ ਘੱਟ ਜਾਂਦੇ ਹਨ ਅਤੇ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਅਤੇ ਸੁਚੱਜੀ ਹੋ ਜਾਂਦੀ ਹੈ। ਘੱਟ ਸਮੇਂ ਵਿਚ ਪੱਕਣ ਕਰਕੇ ਫ਼ਸਲੀ ਚੱਕਰ ਵਿਚ ਤੀਜੀ ਫ਼ਸਲ ਵੀ ਲਾਈ ਜਾ ਸਕਦੀ ਹੈ, ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਅਤੇ ਨਾਲ-ਹੀ-ਨਾਲ ਫ਼ਲੀਦਾਰ ਫ਼ਸਲ ਜਿਵੇਂ ਕਿ ਮੂੰਗੀ ਜਾਂ ਮਟਰਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਸਿਹਤ ਵੀ ਬਿਹਤਰ ਹੁੰਦੀ ਹੈ। ਝੋਨੇ ਦੇ ਖੇਤਾਂ ਦੇ ਸਰਵੇਖਣ ਤੋਂ ਇਹ ਤੱਥ ਸਾਹਮਣੇ ਆਏ ਕਿ ਸਾਲ 2017 ਦੌਰਾਨ ਪੀ. ਆਰ. 126 ਕਿਸਮ ਦਾ ਝਾੜ 25.0 ਤੋਂ 37.2 ਕੁਇੰਟਲ ਪ੍ਰਤੀ ਏਕੜ ਰਿਹਾ। ਕਿਸਾਨਾਂ ਵਲੋਂ ਘੱਟ ਝਾੜ ਦੇ ਕਾਰਨ ਜੋ ਸਾਹਮਣੇ ਆਏ, ਉਨ੍ਹਾਂ ਵਿਚ ਪੀ. ਆਰ. 126 ਕਿਸਮ ਦੀ ਅਗੇਤੀ ਲੁਆਈ ਅਤੇ ਵੱਡੀ ਉਮਰ ਦੀ ਪਨੀਰੀ ਦੀ ਲੁਆਈ ਪ੍ਰਮੁੱਖ ਸਨ। ਇਸ ਲਈ ਪੀ. ਆਰ. 126 ਕਿਸਮ ਤੋਂ ਵਧੇਰੇ ਝਾੜ ਅਤੇ ਮੁਨਾਫ਼ਾ ਪ੍ਰਾਪਤ ਕਰਨ ਵਾਸਤੇ ਇਸ ਦੀ ਪਿਛੇਤੀ ਲੁਆਈ (ਪਨੀਰੀ ਦੀ ਬਿਜਾਈ ਅਖੀਰ ਮਈ ਤੋਂ ਸ਼ੁਰੂ ਜੂਨ ਅਤੇ ਲੁਆਈ ਅਖੀਰ ਜੂਨ ਤੋਂ ਸ਼ੁਰੂ ਜੁਲਾਈ) ਅਤੇ ਲੁਆਈ ਵੇਲੇ ਪਨੀਰੀ ਦੀ ਉਮਰ 25-30 ਦਿਨ ਦੀ ਹੋਣੀ ਚਾਹੀਦੀ ਹੈ। ਪਨੀਰੀ ਦੀ ਉਮਰ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤੇ ਤਜਰਬਿਆਂ ਦੇ ਆਧਾਰ 'ਤੇ ਇਹ ਵੀ ਸਾਹਮਣੇ ਆਇਆ ਹੈ ਕਿ ਪੀ. ਆਰ. 126 ਕਿਸਮ ਦੀ ਪਨੀਰੀ ਦੀ ਉਮਰ 25-30 ਦਿਨ ਹੋਣੀ ਚਾਹੀਦੀ ਹੈ, ਕਿਉਂਕਿ ਵੱਡੀ ਉਮਰ ਦੀ ਪਨੀਰੀ ਲਾਉਣ ਨਾਲ ਝਾੜ ਘੱਟਦਾ ਹੈ। ਇਸ ਦੀ ਲੁਆਈ 25 ਜੂਨ ਤੋਂ 5 ਜੁਲਾਈ ਤੱਕ ਹੈ।


-ਇੰਚਾਰਜ, ਉਪ ਦਫ਼ਤਰ ਫ਼ਤਹਿਗੜ੍ਹ ਸਾਹਿਬ
ਮੋਬਾ : 98140-25360

ਨਰਮੇ ਵਿਚ ਖੁਰਾਕੀ ਤੱਤਾਂ ਦਾ ਸੁਚੱਜਾ ਅਤੇ ਸੰਤੁਲਿਤ ਪ੍ਰਬੰਧ

ਨਰਮੇ ਦੇ ਚੰਗੇ ਵਾਧੇ ਅਤੇ ਝਾੜ ਲਈ ਖੁਰਾਕੀ ਤੱਤਾਂ ਦੀ ਸੰਤੁਲਿਤ ਪੂਰਤੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਦੱਖਣੀ-ਪੱਛਮੀ ਖੇਤਰ ਦੀ ਕਪਾਹ ਪੱਟੀ ਵਿਚ ਤੱਤਾਂ ਪ੍ਰਤੀ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ, ਜਿੱਥੇ ਮਿੱਟੀ ਰੇਤਲੀ ਤੋਂ ਚੀਕਣੀ ਮੈਰਾ ਹੈ ਅਤੇ ਜੈਵਿਕ ਪਦਾਰਥ ਵੀ ਘੱਟ ਤੋਂ ਲੈ ਕੇ ਮੱਧ ਹੈ। ਇਸ ਤੋਂ ਇਲਾਵਾ ਪਿਛਲੇ ਇੱਕ ਦਹਾਕੇ ਦੌਰਾਨ ਵੱਧ ਉਪਜ ਦੇਣ ਵਾਲੇ ਬੀ ਟੀ ਹਾਈਬ੍ਰਿਡਾਂ ਦੀ ਨਿਰੰਤਰ ਕਾਸ਼ਤ ਕਾਰਨ ਤੱਤਾਂ ਦੀ ਘਾਟ ਸਬੰਧਿਤ ਸਮੱਸਿਆਵਾਂ ਜਿਵੇਂ ਕਿ ਪੱਤਿਆਂ ਦੀ ਲਾਲੀ, ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨਾ ਆਦਿ ਪੈਦਾ ਹੋਈਆਂ ਹਨ। ਇਸ ਲਈ ਫ਼ਸਲ ਦੀ ਲੋੜ ਅਤੇ ਮਿੱਟੀ ਦੀ ਕਿਸਮ ਅਨੁਸਾਰ ਤੱਤਾਂ ਦਾ ਸੁਚੱਜਾ ਅਤੇ ਸੰਤੁਲਿਤ ਇਸਤੇਮਾਲ ਕਰਨਾ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।
ਨਰਮੇ ਵਿਚ ਹਰੇ ਪੱਤਿਆਂ ਦਾ ਵਾਧਾ, ਫੁੱਲ-ਡੋਡੀ ਅਤੇ ਟੀਂਡੇ ਪੈਣਾ ਤਿੰਨੋਂ ਅਵਸਥਾਵਾਂ ਨਾਲੋਂ ਨਾਲ ਚੱਲਦਾ ਹੈ, ਜਿਸ ਕਰਕੇ ਕਪਾਹ ਲਈ ਖੁਰਾਕੀ ਤੱਤਾਂ ਦਾ ਪ੍ਰਬੰਧ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਕਪਾਹ ਦੀ ਫ਼ਸਲ ਵਿਚ ਅਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਫੁੱਲ-ਡੋਡੀ ਅਤੇ ਟੀਂਡਿਆਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਝਾੜ ਘਟਦਾ ਹੈ। ਇਸ ਲਈ ਕਿਸਾਨਾਂ ਨੂੰ ਕਪਾਹ ਦੀ ਉਤਪਾਦਿਕਤਾ ਨੂੰ ਕਾਇਮ ਰੱਖਣ ਲਈ ਲੋੜੀਂਦੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਮੱਧ ਉਪਜਾਊ ਜ਼ਮੀਨਾਂ ਲਈ ਪੋਸ਼ਣ : ਮੱਧ ਉਪਜਾਊ ਜ਼ਮੀਨਾਂ ਲਈ ਪੀ.ਏ.ਯੂ. ਨੇ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਦੀ ਸਿਫ਼ਾਰਿਸ਼ ਪੀਏਯੂ ਬੀ.ਟੀ. 1 ਨੂੰ ਛੱਡ ਕੇ ਸਾਰੀਆਂ ਕਿਸਮਾਂ ਲਈ ਅਤੇ 42 ਕਿਲੋਗ੍ਰਾਮ ਨਾਈਟ੍ਰੋਜਨ (90 ਕਿਲੋ ਯੂਰੀਆ) ਦੀ ਸਿਫ਼ਾਰਿਸ਼ ਸਾਰੇ ਹਾਈਬ੍ਰਿਡਾਂ (ਬੀ.ਟੀ. ਅਤੇ ਗ਼ੈਰ-ਬੀ.ਟੀ. ਹਾਈਬ੍ਰਿਡਾਂ ਦੋਵਾਂ) ਲਈ ਪ੍ਰਤੀ ਏਕੜ ਦੇ ਆਧਾਰ 'ਤੇ ਕੀਤੀ ਹੈ। ਪੀ.ਏ.ਯੂ. ਬੀ.ਟੀ. 1 ਲਈ 37 ਕਿਲੋਗ੍ਰਾਮ ਨਾਈਟ੍ਰੋਜਨ (80 ਕਿਲੋ ਯੂਰੀਆ) ਦੀ ਲੋੜ ਹੈ। ਨਾਈਟ੍ਰੋਜਨ ਦੀ ਪਹਿਲੀ ਕਿਸ਼ਤ ਫ਼ਸਲ ਵਿਰਲੀ ਕਰਨ ਸਮੇਂ ਪਹਿਲੀ ਸਿੰਚਾਈ ਦੇ ਨਾਲ ਅਤੇ ਬਾਕੀ ਅੱਧੀ ਨੂੰ ਫੁੱਲ-ਡੋਡੀ ਪੈਣ 'ਤੇ ਪਾਉਣੀ ਚਾਹੀਦੀ ਹੈ। ਜੇਕਰ ਕਪਾਹ ਤੋਂ ਪਹਿਲਾਂ ਕਣਕ ਦੀ ਕਾਸ਼ਤ ਕੀਤੀ ਹੈ ਅਤੇ ਫ਼ਾਸਫੋਰਸ ਦੀ ਸਿਫ਼ਾਰਿਸ਼ ਕੀਤੀ ਮਾਤਰਾ ਕਣਕ ਦੀ ਫ਼ਸਲ ਨੂੰ ਪਾਈ ਹੋਵੇ, ਫਿਰ ਕਪਾਹ ਨੂੰ ਫ਼ਾਸਫੋਰਸ ਪਾਉਣ ਦੀ ਕੋਈ ਜ਼ਰੂਰਤ ਨਹੀਂ। ਇਸ ਤੋਂ ਇਲਾਵਾ ਕਪਾਹ ਨੂੰ 12 ਕਿਲੋ ਫ਼ਾਸਫੋਰਸ (75 ਕਿਲੋ ਸੁਪਰ ਜਾਂ 27 ਕਿਲੋ ਡੀ. ਏ. ਪੀ.) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਦੇ ਸਮੇਂ ਪਾਓ। ਜਿੱਥੇ ਫ਼ਾਸਫੋਰਸ ਲਈ 27 ਕਿਲੋ ਡੀ. ਏ. ਪੀ. ਵਰਤਿਆ ਜਾਂਦਾ ਹੈ, ਉੱਥੇ ਯੂਰੀਆ ਦੀ ਮਾਤਰਾ 10 ਕਿਲੋ ਘੱਟ ਕਰ ਦੇਵੋ।
ਘੱਟ ਉਪਜਾਊ ਜ਼ਮੀਨਾਂ ਲਈ ਪੋਸ਼ਣ : ਹਲਕੀਆਂ ਜ਼ਮੀਨਾਂ ਵਿਚ ਜੈਵਿਕ ਕਾਰਬਨ ਘੱਟ ਹੋਣ ਕਾਰਨ ਨਾਈਟ੍ਰੋਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਹਲਕੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਦੀ ਮਾਤਰਾ 25 ਫੀਸਦੀ ਵਧਾ ਦੇਣੀ ਚਾਹੀਦੀ ਹੈ । ਹਲਕੀਆਂ ਜ਼ਮੀਨਾਂ ਵਿਚ ਪੀ.ਏ.ਯੂ. ਬੀ.ਟੀ. 1 ਨੂੰ ਛੱਡ ਕੇ ਸਾਰੀਆਂ ਕਿਸਮਾਂ ਨੂੰ 37 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਅਤੇ ਸਾਰੇ ਹਾਈਬ੍ਰਿਡਾਂ (ਬੀ.ਟੀ. ਅਤੇ ਗੈਰ-ਬੀ.ਟੀ. ਹਾਈਬ੍ਰਿਡ ਦੋਨਾਂ) ਨੂੰ 52 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਪੀ.ਏ.ਯੂ. ਬੀ.ਟੀ. 1 ਲਈ 46 ਕਿਲੋ ਨਾਈਟ੍ਰੋਜਨ (100 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਨਾਈਟ੍ਰੋਜਨ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਵੰਡ ਕੇ ਪਾਉਣਾ ਲਾਭਦਾਇਕ ਹੁੰਦਾ ਹੈ ਜਿਵੇਂ ਕਿ ਪਹਿਲੀ ਕਿਸ਼ਤ ਬਿਜਾਈ ਸਮੇਂ, ਦੂਜੀ ਕਿਸ਼ਤ ਫ਼ਸਲ ਵਿਰਲੀ ਕਰਨ ਸਮੇਂ ਪਹਿਲੀ ਸਿੰਚਾਈ ਦੇ ਨਾਲ ਅਤੇ ਤੀਸਰੀ ਕਿਸ਼ਤ ਫੁੱਲ-ਡੋਡੀ ਦੀ ਸ਼ੁਰੂਆਤ 'ਤੇ ਪਾਉਣੀ ਚਾਹੀਦੀ ਹੈ। ਘੱਟ ਉਪਜਾਊ ਜ਼ਮੀਨਾਂ ਵਿਚ ਫ਼ਾਸਫ਼ਰੋਸ ਲਈ ਸਿਫ਼ਾਰਿਸ਼ ਮੱਧ ਉਪਜਾਊ ਜ਼ਮੀਨਾਂ ਦੀ ਤਰ੍ਹਾਂ ਹੀ ਹੈ। ਇਸ ਤੋਂ ਇਲਾਵਾ 20 ਕਿਲੋ ਪੋਟਾਸ਼ ਅਤੇ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21 ਫੀਸਦੀ) ਜਾਂ 6.5 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ (33 ਫੀਸਦੀ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਫ਼ਾਸਫੋਰਸ, ਪੋਟਾਸ਼ ਅਤੇ ਜ਼ਿੰਕ ਖਾਦਾਂ ਦੀ ਪੂਰੀ ਮਾਤਰਾ ਬਿਜਾਈ ਸਮੇਂ ਹੀ ਪਾ ਦੇਣੀ ਚਾਹੀਦੀ ਹੈ।
ਲੂਣ ਪ੍ਰਭਾਵਿਤ ਜ਼ਮੀਨਾਂ ਦਾ ਪੋਸ਼ਣ : ਜ਼ਮੀਨ ਦਾ ਲੂਣਾ ਜਾਂ ਖਾਰਾ ਪਣ ਖਾਦਾਂ ਦੀ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਹੈ। ਮਿੱਟੀ ਦੀ ਜਾਂਚ ਰਿਪੋਰਟ ਦੇ ਅਨੁਸਾਰ, ਖਾਰੀਆਂ ਜ਼ਮੀਨਾਂ ਦਾ ਜਿਪਸਮ ਨਾਲ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਦੋਵੇਂ ਲੂਣੀਆਂ ਅਤੇ ਖਾਰੀਆਂ ਜ਼ਮੀਨਾਂ ਵਿਚ 25 ਫੀਸਦੀ ਵੱਧ ਨਾਈਟ੍ਰੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦਾ ਮਤਲਬ, ਇਨ੍ਹਾਂ ਜ਼ਮੀਨਾਂ ਵਿਚ ਵੀ ਪੀ.ਏ.ਯੂ. ਬੀ.ਟੀ. 1 ਨੂੰ ਛੱਡ ਕੇ ਸਾਰੀਆ ਕਿਸਮਾਂ ਨੂੰ 37 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਅਤੇ ਸਾਰੇ ਹਾਈਬ੍ਰਿਡਾਂ (ਬੀਟੀ ਅਤੇ ਗੈਰ-ਬੀ.ਟੀ. ਹਾਈਬ੍ਰਿਡਾਂ ਦੋਵਾਂ) ਨੂੰ 52 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਪੀ.ਏ.ਯੂ. ਬੀਟੀ 1 ਲਈ 46 ਕਿਲੋ ਨਾਈਟ੍ਰੋਜਨ (100 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਬੋਰੋਨ ਦੀ ਘਾਟ ਵਾਲੀਆਂ ਜ਼ਮੀਨਾਂ (0.5 ਕਿਲੋ ਪ੍ਰਤੀ ਏਕੜ ਤੋਂ ਘੱਟ ਬੋਰੋਨ), ਜਿਸ ਵਿਚ 2 ਫੀਸਦੀ ਜਾਂ ਵਧੇਰੇ ਕੈਲਸ਼ੀਅਮ ਕਾਰਬੋਨੇਟ ਹੋਣ, ਵਿਚ ਬਿਜਾਈ ਦੇ ਸਮੇਂ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਲਾਂਕਿ, ਬੋਰੋਨ ਨੂੰ ਅੰਨ੍ਹੇਵਾਹ ਢੰਗ ਨਾਲ ਸਾਰੀਆਂ ਜ਼ਮੀਨਾਂ ਵਿਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜ਼ਮੀਨ ਵਿਚ ਬਹੁਤ ਜ਼ਿਆਦਾ ਬੋਰੋਨ ਫ਼ਸਲ ਲਈ ਜ਼ਹਿਰੀਲਾ ਸਾਬਤ ਹੋ ਸਕਦਾ ਹੈ।
ਫੁੱਲ-ਡੋਡੀ ਝੜਨ ਦੀ ਰੋਕਥਾਮ : ਨਰਮੇ ਦੀ ਫ਼ਸਲ ਭਾਵੇਂ 150 ਦਿਨਾਂ ਤੋਂ ਵੱਧ ਸਮਾਂ ਲੈਂਦੀ ਹੈ, ਪਰ ਜ਼ਿਆਦਾ ਮਾਤਰਾ ਵਿਚ ਤੱਤ ਲੈਣਾ ਕੇਵਲ 50 ਦਿਨ ਤੱਕ ਹੀ ਸੀਮਤ ਹੁੰਦਾ ਹੈ। ਪਰ, ਤੱਤਾਂ ਦੀ ਮੰਗ ਫੁੱਲ ਪੈਣ ਅਤੇ ਟੀਂਡੇ ਬਣਨ ਦੇ ਪੜਾਅ ਵਿਚ ਇਕਦਮ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮਿੱਟੀ ਵਿਚ ਪਾਏ ਤੱਤ ਖਾਸ ਤੌਰ 'ਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਇਸ ਮੰਗ ਨੂੰ ਪੂਰਾ ਕਰਨ ਵਿਚ ਅਸਮਰਥ ਹੁੰਦੇ ਹਨ ਅਤੇ ਮੰਗ ਦੀ ਪੂਰਤੀ ਨਾ ਹੋਣ ਕਰਨ ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨ ਲੱਗਦੇ ਹਨ ਅਤੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਇਸ ਲਈ, ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਨਾ ਇਸ ਮੰਗ ਨੂੰ ਪੂਰਾ ਕਰਨ ਵਿਚ ਲਾਭਦਾਇਕ ਹੁੰਦਾ ਹੈ ਅਤੇ ਫੁੱਲ ਡੋਡੀ ਅਤੇ ਕੱਚੇ ਟੀਂਂਡੇ ਨਹੀਂ ਝੜਦੇ, ਇਸ ਤਰ੍ਹਾਂ ਪੈਦਾਵਾਰ ਵਿਚ ਵੀ ਵਾਧਾ ਹੁੰਦਾ ਹੈ। ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਚਾਰ ਸਪਰੇਅ ਹਫ਼ਤੇ ਦੇ ਵਕਫ਼ੇ 'ਤੇ ਕਰੋ। 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 100 ਲਿਟਰ ਪਾਣੀ ਵਿਚ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ ਘੋਲ ਲਓ।
ਪੱਤਿਆਂ ਦੀ ਲਾਲੀ ਦੀ ਰੋਕਥਾਮ : ਬੀ.ਟੀ. ਨਰਮੇ ਵਿਚ ਫੁੱਲ ਡੋਡੀ ਤੋਂ ਬਾਅਦ ਤੇ ਟੀਂਡੇ ਬਣਨ ਦੌਰਾਨ ਪੱਤੇ ਲਾਲ ਹੋ ਜਾਂਦੇ ਹਨ। ਆਮ ਤੌਰ 'ਤੇ ਪੱਤਿਆਂ 'ਤੇ ਲਾਲੀ ਪੌਦਿਆਂ ਵਿਚ ਮੈਗਨੀਸ਼ੀਅਮ ਦੀ ਘਾਟ ਕਾਰਨ ਆਉਂਦੀ ਹੈ, ਜਦ ਕਿ ਜ਼ਮੀਨ ਵਿਚ ਮੈਗਨੀਸ਼ੀਅਮ ਦੀ ਉਪਲੱਬਧਤਾ ਕਾਫ਼ੀ ਮਾਤਰਾ ਵਿਚ ਹੁੰਦੀ ਹੈ। ਨਰਮੇ ਵਿਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1 ਫੀਸਦੀ ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿਚ ਘੋਲ ਲਓ) ਦੇ ਦੋ ਸਪਰੇਅ ਫੁੱਲ ਡੋਡੀ ਅਤੇ ਟੀਂਡੇ ਬਣਨ ਦੀ ਅਵਸਥਾ ਦੌਰਾਨ 15 ਦਿਨਾਂ ਦੇ ਵਕਫ਼ੇ 'ਤੇ ਕਰੋ। ਜਿਸ ਖੇਤ ਵਿਚ ਪਿਛਲੇ ਸਾਲ ਨਰਮੇ 'ਤੇ ਲਾਲੀ ਆਈ ਹੋਵੇ, ਉਸ ਖੇਤ ਵਿਚ ਪੱਤਿਆਂ 'ਤੇ ਲਾਲੀ ਆਉਣ ਤੋਂ ਪਹਿਲਾਂ-ਪਹਿਲਾਂ 1 ਫੀਸਦੀ ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇਅ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, ਨਰਮੇ ਲਈ ਸਿਫ਼ਾਰਿਸ਼ ਕੀਤੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਨਾਲ ਵੀ ਇਸ ਸਮੱਸਿਆ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।


-ਖੇਤਰੀ ਖੋਜ ਕੇਂਦਰ, ਬਠਿੰਡਾ।
ਮੋਬਾਈਲ : 84274-41177.

ਕਿਉਂ ਜਾਣਾ ਪ੍ਰਦੇਸ?

ਅੱਜ ਪੰਜਾਬ ਦੇ ਮੱਧਵਰਗੀ ਪਰਿਵਾਰਾਂ ਵਿਚ ਲਗਪਗ 80 ਫ਼ੀਸਦੀ ਘਰਾਂ ਵਿਚੋਂ ਬੱਚੇ ਬਾਹਰਲੇ ਦੇਸ਼ਾਂ ਵਿਚ ਜਾ ਚੁੱਕੇ ਹਨ। ਇਹ ਸਾਰਾ ਵਰਤਾਰਾ ਵੱਡੇ ਚਿੰਤਨ ਦੀ ਮੰਗ ਕਰਦਾ ਹੈ। 5000 ਸਾਲ ਤੋਂ ਇਥੇ ਵੱਸਦੇ ਪੰਜਾਬੀ ਹੁਣ ਅਚਾਨਕ ਉਪਰਾਮ ਕਿਉਂ ਹੋ ਗਏ ਹਨ, ਹਾਲਾਤ ਇਥੋਂ ਤੱਕ ਆ ਗਏ ਹਨ ਕਿ ਬਹੁਤੇ ਲੀਡਰਾਂ ਤੇ ਅਫ਼ਸਰਾਂ ਦੇ ਬੱਚੇ ਵੀ ਵਿਦੇਸ਼ਾਂ ਵਿਚ ਜਾ ਵਸੇ ਹਨ। ਕੀ ਇਥੇ ਰੁਜ਼ਗਾਰ ਨਹੀਂ ਹੈ? ਕੀ ਇਥੇ ਚੰਗੀ ਵਿੱਦਿਆ ਨਹੀਂ ਹੈ? ਕੀ ਇਥੇ ਸਮਾਜਿਕ ਸੁਰੱਖਿਆ ਨਹੀਂ ਹੈ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਹਨ ਪਰ ਸਾਡਾ ਰਾਜਸੀ ਤਾਣਾ-ਬਾਣਾ, ਜਵਾਬ ਦੇਣਾ ਹੀ ਨਹੀਂ ਚਾਹੁੰਦਾ। ਇਸ ਦੇ ਦੂਰ ਰਸ ਨਤੀਜੇ ਭੁਗਤਣੇ ਪੈਣੇ ਹਨ। ਪੰਜਾਬ ਵਿਚ ਕਾਫ਼ੀ ਕਾਲਜ ਬੰਦ ਹੋਣ ਦੇ ਕਿਨਾਰੇ ਹਨ। ਵਪਾਰ ਖਤਮ ਵਾਂਗ ਹੀ ਹੈ। ਵੋਟਾਂ ਪਾਉਣ ਲਈ ਕਈ ਇਲਾਕਿਆਂ ਵਿਚ ਸਿਰਫ਼ ਬਜ਼ੁਰਗ ਹੀ ਹਨ। ਚੰਗੇ ਖੋਜੀ ਵਿਦਵਾਨ ਬਚਣੇ ਹੀ ਨਹੀਂ। ਜੇਕਰ ਇਸ ਮਸਲੇ ਦੇ ਕਿਸੇ ਹੱਲ ਦੀ ਤਲਾਸ਼ ਨਾ ਕੀਤੀ ਗਈ ਤਾਂ ਪੰਜਾਬ ਸਿਰਫ਼ ਕਹਿਣ ਨੂੰ ਹੀ ਰਹਿ ਜਾਵੇਗਾ, ਯਾਦ ਰੱਖਿਓ ਅਗਲੇ 10 ਸਾਲਾਂ ਬਾਅਦ ਜੇ ਇਥੇ 20 ਫ਼ੀਸਦੀ ਵੀ ਪੰਜਾਬੀ ਬਚ ਗਏ ਤਾਂ ਬਹੁਤ ਵੱਡੀ ਪ੍ਰਾਪਤੀ ਹੋਵੇਗੀ।


-ਮੋਬਾ: 98159-45018

ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਖਾਦ-ਪਾਣੀ ਦਾ ਪ੍ਰਬੰਧ ਕਿਵੇਂ ਕਰੀਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
-ਬਾਸਮਤੀ 2,3,4,5, ਪੂਸਾ ਬਾਸਮਤੀ 1121 ਅਤੇ 1637 ਨੂੰ 36 ਕਿੱਲੋ ਯੂਰੀਆ ਪ੍ਰਤੀ ਏਕੜ।
- ਪੂਸਾ ਬਾਸਮਤੀ 1509 ਨੂੰ 54 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।
ਬਾਸਮਤੀ ਨੂੰ ਵਧੇਰੇ ਯੂਰੀਆ ਪਾਉਣ ਨਾਲ ਪੌਦੇ ਦਾ ਕੱਦ ਵੱਧ ਜਾਂਦਾ ਹੈ ਜਿਸ ਨਾਲ ਫ਼ਸਲ ਡਿੱਗ ਪੈਂਦੀ ਹੈ ਅਤੇ ਝਾੜ ਘੱਟ ਜਾਂਦਾ ਹੈ। ਯੂਰੀਆ ਖਾਦ ਦੀ ਮਾਤਰਾ ਦੋ ਬਰਾਬਰ ਕਿਸ਼ਤਾਂ ਵਿਚ ਖੇਤ ਵਿਚ ਪਨੀਰੀ ਲਾਉਣ ਤੋਂ 3 ਹਫਤੇ ਅਤੇ 6 ਹਫਤੇ ਪਿੱਛੋਂ ਪਾਉਣੀ ਚਾਹੀਦੀ ਹੈ। ਯੂਰੀਆ ਖਾਦ ਖੜ੍ਹੇ ਪਾਣੀ ਵਿਚ ਪਾਉਣ ਨਾਲ ਨਾਈਟਰੇਟ ਬਣ ਕੇ ਜ਼ਮੀਨ ਵਿਚ ਬਹੁਤ ਥੱਲੇ ਜੀਰ ਕੇ ਜ਼ਾਇਆ ਹੋ ਜਾਂਦੀ ਹੈ। ਖਾਦ ਪਾਉਣ ਤੋਂ 3 ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ। ਜੇਕਰ ਝੋਨੇ ਜਾਂ ਬਾਸਮਤੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ 1 ਫੀਸਦੀ ਫੈਰਸ ਸਲਫੇਟ (100 ਲੀਟਰ ਪਾਣੀ ਵਿਚ 1 ਕਿੱਲੋ) ਪਾ ਕੇ ਕੱਟ ਵਾਲੀ ਨੋਜ਼ਲ ਨਾਲ ਹਫਤੇ-ਹਫਤੇ ਦੇ ਵਕਫੇ 'ਤੇ ਤਿੰਨ ਛਿੜਕਾਅ ਕਰਨੇ ਚਾਹੀਦੇ ਹਨ। ਜੇਕਰ ਝੋਨੇ/ਬਾਸਮਤੀ ਦੇ ਪੁਰਾਣੇ ਪੱਤੇ ਜੰਗਾਲੇ ਜਾਣ ਤਾਂ ਇਹ ਜ਼ਿੰਕ ਦੀ ਘਾਟ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ 0.5 ਪ੍ਰਤੀਸ਼ਤ ਜ਼ਿੰਕ ਸਲਫੇਟ ਹੈਪਟਾਹਾਈਡਰੇਟ (ਅੱਧਾ ਕਿੱਲੋ ਜ਼ਿੰਕ 100 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ-ਹਫਤੇ ਦੇ ਵਕਫੇ 'ਤੇ ਤਿੰਨ ਛਿੜਕਾਅ ਕਰੋ)।
ਝੋਨੇ/ਬਾਸਮਤੀ ਦੇ ਖੇਤ ਵਿਚ ਲਗਾਤਾਰ ਪਾਣੀ ਖੜ੍ਹਾ ਕਰਨਾ ਜ਼ਰੂਰੀ ਨਹੀਂ ਹੁੰਦਾ। ਪਨੀਰੀ ਲਾਉਣ ਤੋਂ ਬਾਅਦ 15 ਦਿਨ ਤੱਕ ਪਾਣੀ ਖੇਤ ਵਿਚ ਖੜ੍ਹਾ ਰੱਖਣਾ ਜ਼ਰੂਰੀ ਹੈ ਤਾਂ ਕਿ ਝੋਨੇ ਦੇ ਬੂਟਿਆਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਜ਼ਮੀਨ ਵਿਚ ਲੱਗ ਜਾਣ। ਪੰਦਰਾਂ ਦਿਨ ਦੇ ਵਕਫੇ ਪਿੱਛੋਂ ਝੋਨੇ/ਬਾਸਮਤੀ ਨੂੰ ਪਾਣੀ ਉਸ ਵੇਲੇ ਦੇਣਾ ਚਾਹੀਦਾ ਹੈ ਜਦੋਂ ਖੇਤ ਵਿਚੋਂ ਪਾਣੀ ਜਜ਼ਬ ਹੋਏ ਨੂੰ ਦੋ ਦਿਨ ਹੋ ਗਏ ਹੋਣ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜ਼ਮੀਨ ਵਿਚ ਤਰੇੜਾਂ ਨਾ ਪਾਟਣ। ਫ਼ਸਲ ਪੱਕਣ ਤੋਂ ਦੋ ਹਫਤੇ ਪਹਿਲਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਵਾਢੀ ਸੌਖੀ ਕੀਤੀ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਝੋਨੇ ਪਿੱਛੋਂ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਵੀ ਸਮੇਂ ਸਿਰ ਕੀਤੀ ਜਾ ਸਕੇਗੀ। ਸੇਮ ਵਾਲੇ ਖੇਤਾਂ ਵਿਚ ਕਣਕ ਦੀ ਬਿਜਾਈ ਲੇਟ ਹੋਣ ਤੋਂ ਬਚਾਉਣ ਲਈ ਕਣਕ ਦੀ ਰੌਣੀ ਝੋਨੇ ਦੀ ਵਾਢੀ ਤੋਂ 15 ਦਿਨ ਪਹਿਲਾਂ ਕਰਨੀ ਚਾਹੀਦੀ ਹੈ।
ਪੰਜਾਬ ਦੇ 138 ਬਲਾਕਾਂ ਵਿਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਥੱਲੇ ਡਿੱਗਣ ਨਾਲ ਇਹ ਬਲਾਕ 'ਡਾਰਕ ਜ਼ੋਨ' ਬਣ ਗਏ ਹਨ। ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਵੀਰਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਅਤੇ ਝੋਨੇ ਦੀ ਲਵਾਈ 20 ਜੂਨ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਖਾਦ ਪਾਣੀ ਵਰਗੇ ਸੀਮਤ ਸਾਧਨਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਘੱਟ ਖਰਚੇ ਨਾਲ ਝੋਨੇ/ਬਾਸਮਤੀ ਤੋਂ ਵਧੀਆ ਝਾੜ ਲਿਆ ਜਾ ਸਕੇ। (ਸਮਾਪਤ)


-ਜ਼ਿਲ੍ਹਾ ਪਸਾਰ ਮਾਹਿਰ (ਸੀਨੀਅਰ ਮੋਸਟ)
ਫਾਰਮ ਸਲਾਹਕਾਰ ਸੇਵਾ ਕੇਂਦਰ, ਜੇ.ਜੇ ਫਾਰਮ, ਕਪੂਰਥਲਾ
ਮੋਬਾਈਲ : 95010-23334.

ਫ਼ਸਲੀ ਕੀੜਿਆਂ ਦਾ ਕੁਦਰਤੀ ਦੁਸ਼ਮਣਾਂ ਰਾਹੀਂ ਪ੍ਰਬੰਧ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਰਪੋਸ਼ੀ ਸ਼ਿਕਾਰੀ ਜੀਵ ਉਹ ਜੀਵ ਹੁੰਦੇ ਹਨ ਜਿਹੜੇ ਕਿ ਆਕਾਰ ਵਿਚ ਫ਼ਸਲੀ ਕੀੜਿਆਂ ਜਿੱਡਾ ਹੁੰਦਾ ਹੈ। ਇਹ ਆਪਣੇ ਦੁਸ਼ਮਣਾਂ ਦੇ ਸਰੀਰ ਦੇ ਉੱਪਰ ਜਾਂ ਅੰਦਰ ਰਹਿੰਦੇ ਹਨ। ਇਹ ਆਪਣਾ ਕੁਦਰਤੀ ਜੀਵਨ ਚੱਕਰ ਪੂਰਾ ਕਰਦੇ ਹੋਏ ਬਹੁਤ ਸਾਰੇ ਦੁਸ਼ਮਣ ਕੀੜਿਆਂ ਅਤੇ ਛੋਟੇ ਜੀਵਾਂ ਨੂੰ ਖਾ ਜਾਂਦੇ ਹਨ। ਉਦਾਹਰਨ ਦੇ ਤੌਰ 'ਤੇ ਮੁਕਾਬਲੇ ਵਾਲੇ ਜੀਵ ਉਹ ਜੀਵ ਹੁੰਦੇ ਹਨ ਜਿਹੜੇ ਕਿ ਕਿਸੇ ਵੀ ਪ੍ਰਜਾਤੀ ਜਾਂ ਆਕਾਰ ਦੇ ਹੋ ਸਕਦੇ ਹਨ ਅਤੇ ਇਹ ਦੁਸ਼ਮਣ ਕੀੜਿਆਂ ਦੇ ਫ਼ਸਲ ਨਾ ਖਰਾਬ ਕਰਨ ਵਾਲੇ ਜੀਵਨ ਪਧੱਰ ਨਾਲ ਖਾਣੇ ਲਈ ਮੁਕਾਬਲਾ ਕਰਦੇ ਹਨ ਤਾਂ ਜੋ ਫ਼ਸਲੀ ਕੀੜੇ ਖਾਣੇ ਦੀ ਘਾਟ ਨਾਲ ਮਰ ਜਾਣ। ਉਦਾਹਰਨ ਦੇ ਤੌਰ 'ਤੇ
ਫ਼ਸਲੀ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਰਾਹੀਂ ਪ੍ਰਬੰਧ ਕਰਨ ਦੀਆਂ ਵਿਧੀਆਂ: ਫ਼ਸਲੀ ਕੀੜਿਆਂ ਦਾ ਕੁਦਰਤੀ ਦੁਸ਼ਮਣਾਂ ਰਾਹੀ ਪ੍ਰਬੰਧ ਤਿੰਨ ਮੁੱਖ ਵਿਧੀਆਂ ਨਾਲ ਕੀਤਾ ਜਾਂਦਾ ਹੈ
1. ਕੁਦਰਤੀ ਦੁਸ਼ਮਣਾਂ ਨੂੰ ਖੇਤ ਵਿਚ ਛੱਡਣਾ
2. ਕੁਦਰਤੀ ਦੁਸ਼ਮਣਾਂ ਦਾ ਖੇਤ ਵਿਚ ਪ੍ਰਬੰਧ ਕਰਨਾ 3. ਕੁਦਰਤੀ ਦੁਸ਼ਮਣਾਂ ਨੂੰ ਖੇਤ ਵਿਚ ਆਪਣੇ ਮੁਤਾਬਿਕ ਢਾਲਣਾ
ਫ਼ਸਲੀ ਕੀੜਿਆਂ ਦੇ ਕੁਦਰਤੀ ਪ੍ਰਬੰਧ ਦੀਆਂ ਚਾਰ ਮੁੱਖ ਤਕਨੀਕਾਂ ਹਨ:
1. ਪੁਰਾਤਨ ਤਕਨੀਕ: ਇਸ ਤਕਨੀਕ ਵਿਚ ਕੀੜੇ ਦਾ ਕੁਦਰਤੀ ਦੁਸ਼ਮਣ ਲੱਭ ਕੇ, ਉਸ ਨੂੰ ਕਿਸੇ ਵੀ ਜਗ੍ਹਾ ਤੋਂ ਖੇਤ ਵਿਚ ਲਿਆ ਕੇ ਪਾਲਿਆ ਅਤੇ ਵਰਤਿਆ ਜਾਂਦਾ ਹੈ।
2. ਜੀਵ ਵਿਭਿੰਨਤਾ ਦੀ ਸੁਰੱਖਿਆ: ਅਸੀਂ ਕੀੜੇ ਦੇ ਕੁਦਰਤੀ ਦੁਸ਼ਮਣਾਂ ਨੂੰ ਪਹਿਚਾਣਕੇ, ਉਨ੍ਹਾਂ ਨੂੰ ਸਾਂਭਣ ਅਤੇ ਸੁਰੱਖਿਅਤ ਕਰਨ ਦਾ ਯਤਨ ਕਰਦੇ ਹਾਂ।
3. ਵਾਧਾ ਕਰਨਾ: ਕੀੜੇ ਦੇ ਕੁਦਰਤੀ ਦੁਸ਼ਮਣਾਂ ਨੂੰ ਪਹਿਚਾਣਕੇ, ਉਨ੍ਹਾਂ ਦੀ ਜਨਸੰਖਿਆ ਵਧਾਉਣ ਲਈ ਪ੍ਰਯੋਗਸ਼ਾਲਾ ਵਿਚ ਉਤਪਤੀ ਕਰਕੇ, ਲੋੜੀਂਦੀ ਮਾਤਰਾ ਵਿਚ ਕਿਸਾਨਾਂ ਤੱਕ ਪਹੁੰਚਾਉਣਾ ਇਸ ਵਿਧੀ ਦਾ ਮੁੱਖ ਮਕਸਦ ਹੈ।
4. ਜੀਵਾਂ ਦੇ ਉਤਪਾਦਾਂ ਦੀ ਵਰਤੋਂ : ਇਸ ਤਕਨੀਕ ਵਿਚ ਅਸੀਂ ਜੀਵ ਜੰਤੂਆਂ ਦੇ ਉਤਪਾਦਾਂ ਨੂੰ ਵਰਤ ਕੇ ਕੀੜਿਆਂ ਦਾ ਪ੍ਰਬੰਧ ਕਰਦੇ ਹਾਂ। ਉਦਾਹਰਨ ਦੇ ਤੌਰ 'ਤੇ ਸੂਖਮ ਜੀਵਾਂ ਤੋਂ ਕੱਢੀਆਂ ਹੋਈਆਂ ਜ਼ਹਿਰਾਂ, ਦਰੱਖਤਾਂ ਤੋਂ ਕੱਢੇ ਹੋਏ ਕੁਦਰਤੀ ਰਸਾਇਣ, ਫੀਰੋਮੌਨ (ਕੀੜੇ ਦੀ ਆਪਣੀ ਜਾਂ ਕਿਸੇ ਹੋਰ ਪ੍ਰਜਾਤੀ ਦੇ ਜੀਵ ਦੁਆਰਾ ਛੱਡੇ ਹੋਏ ਰਸਾਇਣ) ਆਦਿ।
ਨੁਕਸਾਨ ਕਰਨ ਵਾਲੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਨੂੰ ਪਹਿਚਾਣਕੇ ਜੇ ਉਪਰੋਕਤ ਤਰੀਕਿਆਂ ਰਾਹੀਂ ਉਨ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜਿੱਥੇ ਅਸੀਂ ਜੀਵਾਂ ਦੀ ਕੁਦਰਤੀ ਵਿਭਿੰਨਤਾ ਨੂੰ ਬਚਾ ਸਕਦੇ ਹਾਂ, ਉੱਥੇ ਹੀ ਫ਼ਸਲਾਂ ਵਿਚ ਨਾਮਾਤਰ ਜ਼ਹਿਰਾਂ ਨਾਲ ਆਪਣੀ ਸਿਹਤ ਵੀ ਬਚਾ ਸਕਦੇ ਹਾਂ। ਇਸ ਦੇ ਨਾਲ-ਨਾਲ ਕੁਦਰਤੀ ਸਮਤੋਲ ਵੀ ਬਰਕਰਾਰ ਰਹਿ ਸਕਦਾ ਹੈ ਅਤੇ ਕਿਸਾਨ ਵੀਰ ਜ਼ਹਿਰਾਂ 'ਤੇ ਹੋਣ ਵਾਲੇ ਖਰਚ ਨੂੰ ਵੀ ਕਈ ਗੁਣਾਂ ਘਟਾ ਸਕਦੇ ਹਨ। (ਸਮਾਪਤ)


-ਕੀਟ ਵਿਗਿਆਨੀ ਅਤੇ ਮੁਖੀ ਜੀਵ ਵਿਗਿਆਨ ਵਿਭਾਗ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਮੋਬਾਈਲ : 99153-80006.

ਕਿਸਾਨ ਕ੍ਰੈਡਿਟ ਕਾਰਡ (ਲਿਮਿਟ) ਦਾ ਸੋਚ ਸਮਝ ਕੇ ਉਪਯੋਗ ਕਰਨ ਕਿਸਾਨ

ਕਿਸਾਨ, ਭਾਰਤ ਦੇਸ਼ ਦੀ ਅਰਥ-ਵਿਵਸਥਾ ਦੀ ਰੀੜ ਦੀ ਹੱਡੀ ਹਨ। ਦੇਸ਼ ਦੇ ਤਕਰੀਬਨ 70 ਫ਼ੀਸਦੀ ਲੋਕ ਖੇਤੀਬਾੜੀ 'ਤੇ ਨਿਰਭਰ ਹਨ। ਖੇਤੀ ਖਰਚ ਜੁਟਾਉਣ ਲਈ ਪਹਿਲਾਂ ਕਿਸਾਨ ਸ਼ਾਹੂਕਾਰਾਂ ਕੋਲ ਜਾਂਦੇ ਸਨ, ਜੋ ਮੋਟਾ ਵਿਆਜ ਲਗਾ ਕੇ ਕਿਸਾਨ ਦੀ ਆਰਥਿਕ ਲੁੱਟ ਕਰਦੇ ਸਨ। ਇਹ ਸਿਲਸਿਲਾ ਕਾਫ਼ੀ ਲੰਮਾ ਸਮਾਂ ਚਲਦਾ ਰਿਹਾ। ਨਤੀਜਾ ਇਹ ਨਿਕਲਿਆ ਕਿ ਬਹੁਤੇ ਕਿਸਾਨ ਭਾਰੀ ਕਰਜ਼ ਦੀ ਮਾਰ ਹੇਠ ਆਉਣ ਲੱਗੇ। ਮਿਹਨਤ ਕਰਕੇ ਪਾਲੀ ਫ਼ਸਲ ਘਰ ਆਉਣ ਦੀ ਬਜਾਇ ਸ਼ਾਹੂਕਾਰ ਕੋਲ ਹੀ ਚਲੀ ਜਾਂਦੀ ਅਤੇ ਮਿਹਨਤ ਕਰਨ ਵਾਲਾ ਕਿਸਾਨ ਖਾਲੀ ਹੱਥ ਰਹਿ ਜਾਂਦਾ ਸੀ। ਹੌਲੀ-ਹੌਲੀ ਸਮਾਂ ਬਦਲਿਆ, ਸ਼ਾਹੂਕਾਰਾਂ ਦੀ ਥਾਂ ਆੜ੍ਹਤੀਏ ਨੇ ਲੈ ਲਈ। ਹੁਣ ਕਿਸਾਨ ਆਪਣੀ ਫ਼ਸਲ ਵੇਚਣ ਲਈ ਆੜ੍ਹਤੀਏ ਕੋਲ ਜਾਣ ਲੱਗੇ ਅਤੇ ਲੋੜ ਪੈਣ 'ਤੇ ਕਰਜ਼ ਦੇ ਰੂਪ ਵਿਚ ਪੈਸੇ ਵੀ ਆੜ੍ਹਤੀਏ ਤੋਂ ਹੀ ਲੈਣ ਲੱਗ ਪਏ। ਕੋਈ ਸਰਕਾਰੀ ਕੰਟਰੋਲ ਨਾ ਹੋਣ ਕਰਕੇ ਆੜ੍ਹਤੀਏ ਮਨਮਰਜ਼ੀ ਦਾ ਵਿਆਜ ਲਾਉਣ ਲੱਗੇ। ਇਸ ਨੇ ਕਿਸਾਨਾਂ ਦੀ ਹਾਲਤ ਹੋਰ ਵੀ ਪਤਲੀ ਕਰ ਦਿੱਤੀ।
ਕਿਸਾਨਾਂ ਦੀ ਦਿਨ-ਪ੍ਰਤੀ-ਦਿਨ ਨਿੱਘਰਦੀ ਆਰਥਿਕ ਹਾਲਤ ਨੂੰ ਵੇਖ ਕੇ ਨਾਬਾਰਡ, ਜੋ ਕਿ ਭਾਰਤ ਸਰਕਾਰ ਦੀ ਇਕ ਵਿੱਤੀ ਸੰਸਥਾ ਹੈ, ਨੇ ਕਿਸਾਨਾਂ ਦੀ ਵਿੱਤੀ ਮਦਦ ਕਰਨ ਦੇ ਮਕਸਦ ਨਾਲ ਇਕ ਪਲਾਨ ਤਿਆਰ ਕੀਤਾ, ਜਿਸ ਅਨੁਸਾਰ ਕਿਸਾਨ ਆਪਣੀ ਜ਼ਮੀਨ ਦਿਖਾ ਕੇ ਕਿਸੇ ਵੀ ਬੈਂਕ ਤੋਂ ਘੱਟ ਵਿਆਜ ਉਤੇ ਕਰਜ਼ ਲੈ ਸਕੇਗਾ ਅਤੇ ਫ਼ਸਲ ਵੇਚਣ ਤੋਂ ਬਾਅਦ ਕਰਜ਼ ਸਮੇਤ ਵਿਆਜ ਭਰ ਕੇ ਫਿਰ ਤੋਂ ਉਹੀ ਕਰਜ਼ ਦੁਬਾਰਾ ਲੈ ਸਕੇਗਾ। ਅਖੀਰ 1998 ਵਿਚ ਇਹ ਸਕੀਮ 'ਕਿਸਾਨ ਕ੍ਰੈਡਿਟ ਕਾਰਡ' ਦੇ ਨਾਂਅ ਨਾਲ ਲਾਗੂ ਹੋ ਗਈ, ਜਿਸ ਨੂੰ ਕਿ ਕਿਸਾਨ ਆਮ ਤੌਰ 'ਤੇ 'ਲਿਮਿਟ' ਵੀ ਕਹਿੰਦੇ ਹਨ। ਕੋਈ ਵੀ ਬੈਂਕ ਲੋੜਵੰਦ ਕਿਸਾਨ ਨੂੰ ਇਸ ਸਕੀਮ ਦੇ ਅਧੀਨ ਜ਼ਮੀਨ ਦੇਖ ਕੇ ਖੇਤੀ ਲਈ ਕਰਜ਼ ਦੇ ਦਿੰਦਾ ਹੈ। ਕਿਸਾਨ ਵੀਰਾਂ ਨੇ ਇਸ ਵਿੱਤੀ ਸਕੀਮ ਦੇ ਸਿਰ 'ਤੇ ਆਪਣੇ ਖੇਤੀ ਦੇ ਕੰਮ ਨੂੰ ਕਾਫ਼ੀ ਵਿਕਸਤ ਕੀਤਾ ਹੈ। ਛੋਟੇ ਕਿਸਾਨਾਂ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਇਸ ਸਕੀਮ ਦਾ ਬੇਹੱਦ ਫਾਇਦਾ ਉਠਾਇਆ। ਕਿਸਾਨ ਸ਼ਾਹੂਕਾਰਾਂ ਅਤੇ ਆੜ੍ਹਤੀਆਂ ਕੋਲ ਜਾਣ ਦੀ ਬਜਾਇ ਇਸ ਵਿੱਤੀ ਸਕੀਮ ਬੈਂਕ ਤੋਂ ਆਸਾਨੀ ਨਾਲ ਕਰਜ਼ ਲੈ ਕੇ ਆਪਣਾ ਕੰਮ ਚਲਾ ਸਕਦਾ ਹੈ।
ਇਨ੍ਹਾਂ ਦਿਨਾਂ ਵਿਚ ਕਿਸਾਨ ਵੀਰ ਲਏ ਹੋਏ ਕਰਜ਼ ਨੂੰ ਵਿਆਜ ਸਮੇਤ ਭਰ ਕੇ ਉਸ ਨੂੰ ਦੁਬਾਰਾ ਖੇਤੀ ਖਰਚ ਦੇ ਤੌਰ 'ਤੇ ਵਰਤਣ ਲਈ ਕਢਵਾਉਂਦੇ ਹਨ। ਪਰ ਦੇਖਣ ਵਿਚ ਆਇਆ ਹੈ ਕਿ ਕਈ ਵਾਰੀ ਕਿਸਾਨ ਵੀਰ, 'ਕਿਸਾਨ ਕ੍ਰੈਡਿਟ ਕਾਰਡ' ਰਾਹੀਂ ਲਏ ਪੈਸਿਆਂ ਨੂੰ ਖੇਤੀ ਉਤੇ ਲਾਉਣ ਦੀ ਬਜਾਇ ਵਿਆਹ-ਸ਼ਾਦੀ, ਘਰ ਬਣਾਉਣ ਜਾਂ ਫਿਰ ਕਿਸੇ ਹੋਰ ਕੰਮ ਉਤੇ ਖਰਚ ਕਰ ਦਿੰਦੇ ਹਨ, ਜਿਸ ਦਾ ਕੋਈ ਆਰਥਿਕ ਲਾਭ ਨਹੀਂ ਹੁੰਦਾ, ਉਲਟਾ ਪੈਸਾ ਸਿਰ ਚੜ੍ਹ ਜਾਂਦਾ ਹੈ ਅਤੇ ਇਹ ਰਕਮ ਦਿਨੋ-ਦਿਨ ਕਾਫ਼ੀ ਭਾਰੀ ਹੋ ਜਾਂਦੀ ਹੈ। ਜੇਕਰ ਇਸ ਪੈਸੇ ਨੂੰ ਖੇਤੀ ਉਤੇ ਲਗਾ ਕੇ ਖੇਤੀ ਦੇ ਧੰਦੇ ਨੂੰ ਹੀ ਵਿਕਸਤ ਕੀਤਾ ਜਾਵੇ ਤਾਂ ਲਏ ਹੋਏ ਕਰਜ਼ ਨੂੰ ਮੋੜਨਾ ਵੀ ਕੋਈ ਮੁਸ਼ਕਿਲ ਨਹੀਂ ਹੋਵੇਗਾ। ਕਿਸਾਨ ਕ੍ਰੈਡਿਟ ਕਾਰਡ, ਕਿਸਾਨਾਂ ਲਈ ਇਕ ਵਰਦਾਨ ਬਣ ਕੇ ਆਇਆ ਹੈ।
ਪੈਸੇ ਨੂੰ ਸਹੀ ਜਗ੍ਹਾ 'ਤੇ ਲਾਉਣਾ ਇਕ ਵੱਡੀ ਸਮਝਦਾਰੀ ਹੈ। ਸੋਚ-ਸਮਝ ਕੇ ਖਰਚ ਕੀਤਾ ਹੋਇਆ ਇਕ ਪੈਸਾ ਇਕ ਰੁਪਿਆ ਬਣਾ ਦਿੰਦਾ ਹੈ ਅਤੇ ਬਿਨਾਂ ਸੋਚੇ ਖਰਚਿਆ ਇਕ ਰੁਪਿਆ ਵੀ ਬੇਕਾਰ ਚਲਿਆ ਜਾਂਦਾ ਹੈ, ਜੋ ਕਿ ਵਿੱਤੀ ਬੋਝ ਬਣਦਾ ਜਾਂਦਾ ਹੈ। ਸੋ, ਸਮਾਂ ਰਹਿੰਦੇ ਹੀ ਕਿਸਾਨ ਵੀਰ ਇਸ ਗੱਲ ਨੂੰ ਸਮਝਣ ਕਿ 'ਕਿਸਾਨ ਕ੍ਰੈਡਿਟ ਕਾਰਡ' ਰਾਹੀਂ ਲਏ ਪੈਸੇ ਨੂੰ ਸਹੀ ਤਰੀਕੇ ਨਾਲ ਖਰਚ ਕੀਤਾ ਜਾਵੇ ਨਹੀਂ ਤਾਂ ਫਿਰ ਪਛਤਾਉਣ ਤੋਂ ਬਿਨਾਂ ਪੱਲੇ ਕੁਝ ਨਹੀਂ ਰਹਿਣਾ।


-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਜ਼ਿਲ੍ਹਾ ਫਤਹਿਗੜ੍ਹ ਸਾਹਿਬ। ਮੋਬਾਈਲ : 94784-60084.

ਫ਼ਸਲੀ ਕੀੜਿਆਂ ਦਾ ਕੁਦਰਤੀ ਦੁਸ਼ਮਣਾਂ ਰਾਹੀਂ ਪ੍ਰਬੰਧ

ਪੰਜਾਬ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ। ਅਨਾਜ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਇਸ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬ ਦੀ ਕੁੱਲ ਵਸੋਂ ਦਾ 85 ਫ਼ੀਸਦੀ ਦੇ ਨੇੜੇ ਹਿੱਸਾ ਖੇਤੀ 'ਤੇ ਨਿਰਭਰ ਹੈ, ਕਿਉਂਕਿ ਪੰਜਾਬ ਦੇ ਕੁੱਲ ਰਕਬੇ ਦਾ 92 ਫ਼ੀਸਦੀ ਹਿੱਸਾ ਖੇਤੀ ਥੱਲੇ ਹੈ। ਹਰੀ ਕ੍ਰਾਂਤੀ ਦੀ ਲਹਿਰ ਨੇ ਪੰਜਾਬ ਦੀ ਖੇਤੀ ਵਿਚ ਮਹੱਤਵਪੂਰਨ ਬਦਲਾਅ ਕੀਤੇ ਸਨ। ਇਸ ਲਹਿਰ ਰਾਹੀਂ ਜਿੱਥੇ ਸੁਧਰੇ ਬੀਜਾਂ ਅਤੇ ਨਵੀਆਂ ਤਕਨੀਕਾਂ ਨੇ ਪੈਦਾਵਾਰ ਵਧਾਈ, ਉੱਥੇ ਹੀ ਬਦਲਦੇ ਹਾਲਤਾਂ ਵਿਚ ਵਰਤੇ ਜਾਂਦੇ ਰਸਾਇਣਾਂ ਦੇ ਦੁਸ਼ਪ੍ਰਭਾਵ ਵੀ ਛੇਤੀ ਹੀ ਸਾਹਮਣੇ ਆਉਣ ਲੱਗ ਪਏ। ਕਿਸਾਨਾਂ ਦੀ ਵਿੱਤੀ ਹਾਲਤ ਅੱਜ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਅੰਨਦਾਤਾ ਅੱਜ ਖੁਦਕੁਸ਼ੀਆਂ ਦੇ ਰਾਹ 'ਤੇ ਤੁਰਨ ਲਈ ਮਜਬੂਰ ਹੋਇਆ ਪਿਆ ਹੈ। ਖੇਤੀ ਉੱਪਰ ਹੋਣ ਵਾਲੇ ਖਰਚੇ ਦਾ ਵੱਡਾ ਹਿੱਸਾ ਕੀੜੇਮਾਰ ਦਵਾਈਆਂ ਅਤੇ ਰਸਾਇਣਿਕ ਖਾਧਾਂ ਉੱਪਰ ਹੀ ਕੀਤਾ ਜਾਂਦਾ ਹੈ। ਵਾਧੂ ਖਰਚੇ ਦੇ ਨਾਲ ਨਾਲ ਹੁਣ ਰਸਾਇਣਾਂ ਦੇ ਸਿਹਤ ਉੱਪਰਲੇ ਦੁਸ਼ਪ੍ਰਭਾਵ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਪੰਜਾਬ ਦੀ ਉਪਜਾਊ ਮਿੱਟੀ ਰਸਾਇਣਾਂ ਨਾਲ ਗੰਧਲੀ ਹੋਈ ਪਈ ਹੈ। ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ। ਹਵਾਵਾਂ ਵਿਚ ਵੀ ਗੰਦੀਆਂ ਗੈਸਾਂ ਨੇ ਸਾਹ ਲੈਣਾ ਦੁੱਭਰ ਕੀਤਾ ਹੈ। ਰਸਾਇਣਿਕ ਖਾਧਾਂ ਅਤੇ ਦਵਾਈਆਂ ਦੀ ਦੁਰਵਰਤੋਂ ਕਾਰਨ ਅੱਜ ਸਾਨੂੰ ਬਹੁਤ ਸਾਰੀਆਂ ਸਿਹਤ ਸਮਿੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੈਂਸਰ ਵਰਗਾ ਭਿਆਨਕ ਰੋਗ ਸਾਡੇ ਪੰਜਾਬ ਨੂੰ ਕਲਾਵੇ ਵਿਚ ਲੈ ਰਿਹਾ ਹੈ। ਮਾਲਵਾ ਖੇਤਰ ਪਹਿਲਾਂ ਹੀ ਇਨ੍ਹਾਂ ਦੁਸ਼ਪ੍ਰਭਾਵਾਂ ਦੀ ਮਾਰ ਹੇਠ ਆ ਚੁੱਕਾ ਹੈ। ਹੁਣ ਇਹ ਨਾਗ ਆਪਣਾ ਫਨ ਫੈਲਾਅ ਕੇ ਬਾਕੀ ਰਹਿੰਦੇ ਪੰਜਾਬ ਨੂੰ ਗਰਕ ਕਰਨ ਦੀ ਉਡੀਕ ਕਰ ਰਿਹਾ ਹੈ। ਰਸਾਇਣਾਂ ਦੀ ਰਹਿੰਦ-ਖੂੰਹਦ ਵਾਲੇ ਖਾਧ ਪਦਾਰਥ ਸਾਡੀ ਤੰਦਰੁਸਤੀ ਦੇ ਦੁਸ਼ਮਣ ਬਣ ਚੁੱਕੇ ਹਨ। ਅੱਜ ਹਰ ਘਰ ਵਿਚ ਖਾਣੇ ਦੇ ਰੂਪ ਵਿਚ ਇਹ ਲੁਕੀਆਂ ਹੋਈਆਂ ਜ਼ਹਿਰਾਂ ਪਰੋਸੀਆਂ ਜਾ ਰਹੀਆ ਹਨ। ਇੰਟਰਨੈਟ ਅਤੇ ਪਸਾਰ ਦੇ ਹੋਰ ਸਾਧਨਾਂ ਦੀ ਮਦਦ ਨਾਲ ਅੱਜ ਉਪਰੋਕਤ ਜਾਣਕਾਰੀ ਹਰ ਇਨਸਾਨ ਕੋਲ ਪਹੁੰਚ ਚੁੱਕੀ ਹੈ ਪਰ ਇਸ ਦੇ ਹੱਲ ਲਈ ਠੋਸ ਕਦਮ ਚੁੱਕਣ ਵਿਚ ਹਾਲੇ ਢਿੱਲ ਵਰਤੀ ਜਾ ਰਹੀ ਹੈ ।
ਅੱਜ ਖੇਤੀ ਕੀਟ ਪ੍ਰੰਬਧ ਦੀ ਤਕਨੀਕ ਬਦਲਣਾ ਸਮੇਂ ਦੀ ਲੋੜ ਹੈ। ਕੀਟ ਵਿਗਿਆਨੀਆਂ ਨੇ ਸਮੇਂ ਦੀ ਲੋੜ ਮੁਤਾਬਿਕ ਅੱਜ ਬਹੁਤ ਸਾਰੀਆਂ ਖੋਜਾਂ ਕਰਕੇ ਕਿਸਾਨਾਂ ਦੀਆਂ ਮੁਸੀਬਤਾਂ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਲੜੀ ਤਹਿਤ ਕੁਦਰਤੀ ਸਮਤੋਲ ਨੂੰ ਬਰਕਰਾਰ ਰੱਖਦੇ ਹੋਏ ਕੀੜਿਆਂ ਦੇ ਕੁਦਰਤੀ ਦੁਸ਼ਮਣ ਜੀਵ-ਜੰਤੂਆਂ ਦੀ ਵਰਤੋਂ ਉਨ੍ਹਾਂ ਦੇ ਪ੍ਰਬੰਧ ਲਈ ਕੀਤੀ ਜਾਣ ਲੱਗੀ ਹੈ। ਸਭ ਤੋਂ ਪਹਿਲਾਂ 1802 ਈਸਵੀ ਵਿਚ ਚੀਨ ਦੇ ਵਿਗਿਆਨੀ ਐਲਡਰੋਵਾਂਡੀ ਨੇ ਗੋਭੀ ਦੇ ਕੀੜੇ ਦਾ ਪ੍ਰੰਬਧ ਇਸ ਤਰੀਕੇ ਨਾਲ ਕੀਤਾ ਸੀ। ਭਾਰਤ ਦੀ ਸਿਰਮੌਰ ਖੇਤੀ ਖੋਜ ਸੰਸਥਾ, ਏ ਪੀ ਪੀ ਏ ਆਰ ਆਈ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਸੰਨ 1977 ਵਿਚ ਭਾਰਤੀ ਖੇਤੀਬਾੜੀ ਖੋਜ ਕਾਊਂਸਲ ਵਲੋਂ 10 ਅਜਿਹੀਆਂ ਸੰਸਥਾਵਾਂ ਦੀ ਨੀਂਹ ਰੱਖੀ ਗਈ ਜੋ ਕੁਦਰਤੀ ਸਮਤੋਲ ਨੂੰ ਬਰਕਰਾਰ ਰੱਖਦੇ ਹੋਏ ਕੀਟਾਂ ਦੇ ਜੈਵਿਕ ਪ੍ਰਬੰਧਨ 'ਤੇ ਖੋਜ ਕਰਨਗੀਆਂ। ਇਨ੍ਹਾਂ ਸੰਸਥਾਵਾਂ ਦੀ ਮਿਹਨਤ ਸਦਕਾ ਹੁਣ ਤੱਕ ਭਾਰਤ ਵਿਚ 188 ਮਿੱਤਰ ਕੀੜਿਆਂ ਉੱਪਰ ਖੋਜ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ ਹੁਣ ਤੱਕ ਝੋਨਾ, ਕਣਕ, ਮੱਕੀ, ਕਪਾਹ, ਗੰਨਾ, ਦਾਲਾਂ ਅਤੇ ਸਬਜ਼ੀਆਂ ਦੇ ਲਗਭਗ 80 ਅਲੱਗ ਅੱਲਗ ਕੀੜਿਆਂ ਦਾ ਪ੍ਰੰਬਧ ਕੀਤਾ ਹੈ। ਇਸ ਤਕਨੀਕ ਵਿਚ ਵਾਤਾਵਰਨ ਉੱਪਰ ਕੋਈ ਵੀ ਦੁਸ਼ਪ੍ਰਭਾਵ ਦੀ ਇਤਲਾਹ ਨਹੀਂ ਦਿੱਤੀ ਗਈ ਹੈ ।
ਕੀੜਿਆਂ ਤੋਂ ਇਲਾਵਾ ਪੰਛੀਆਂ ਦਾ ਵੀ ਇਸ ਤਕਨੀਕ ਵਿਚ ਭਰਪੂਰ ਯੋਗਦਾਨ ਰਿਹਾ ਹੈ। ਗਟਾਰ ਵਰਗਾ ਆਮ ਜਿਹਾ ਪੰਛੀ ਫ਼ਸਲੀ ਕੀਟ ਪ੍ਰੰਬਧਨ ਲਈ ਕਿੰਨਾ ਸਹਾਈ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਵੀ ਅਸੀ ਨਹੀਂ ਲਗਾ ਸਕਦੇ। ਇਸ ਤੋਂ ਇਲਾਵਾ ਮੋਰ, ਬੁਲਬੁਲ, ਲੱਕੜ ਰਹਿਣਾ, ਚਿੜੀ ਅਤੇ ਹਰਾ ਮੱਖੀ ਖਾਣਾ ਸਾਡੇ ਆਮ ਪੰਛੀ ਵੀ ਕੀਟ ਪ੍ਰਬੰਧਨ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ।
ਕਿਸਾਨਾਂ ਦੀ ਸਹਾਇਤਾ ਲਈ ਖੋਜ ਕਰਤਾਵਾਂ ਨੇ ਬਹੁਤ ਸਾਰੇ ਕੀੜਿਆਂ ਦੇ ਕੁਦਰਤੀ ਦੁਸ਼ਮਣ ਕੀਟਾਂ ਜਾਂ ਹੋਰ ਜੀਵ ਜੰਤੂਆਂ 'ਤੇ ਖੋਜਾਂ ਕਰਕੇ ਸਫਲਤਾ ਪੂਰਵਕ ਰਿਪੋਰਟਾਂ ਦਿਤੀਆਂ ਹਨ। ਹੁਣ ਸਮੇਂ ਦੀ ਲੋੜ ਮੁਤਾਬਿਕ ਕਿਸਾਨ ਵੀਰਾਂ ਨੂੰ ਆਪਣੇ ਰਵਾਇਤੀ ਤਰੀਕਿਆਂ ਤੋਂ ਹਟ ਕੇ ਨਵੀਨ ਕੀਟ ਪ੍ਰਬੰਧਾਂ ਵੱਲ ਜਾਣਾ ਪਵੇਗਾ। ਬਹੁਤ ਸਾਰੇ ਕੀੜੇ ਅਤੇ ਹੋਰ ਜੀਵ ਸਾਡੇ ਵਾਸਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਲਾਭਦਾਇਕ ਕੰਮ ਕਰਦੇ ਹਨ ਜਿਵੇਂ ਕਿ ਬੂਟਿਆਂ ਦਾ ਪਰਾਗਨ ਕਰਨਾ, ਗਲੇ-ਸੜੇ ਪਦਾਰਥਾਂ ਦਾ ਪ੍ਰਬੰਧ ਕਰਨਾ, ਦੂਸਰੇ ਕੀੜਿਆਂ ਅਤੇ ਛੋਟੇ ਜੀਵਾਂ ਨੂੰ ਖਾਣਾ ਆਦਿ। ਲਗਪਗ ਇਕ ਮਿਲੀਅਨ ਦੀ ਕੁੱਲ ਆਬਾਦੀ ਵਿਚੋਂ ਸਿਰਫ ਕੁਝ ਹੀ ਕੀੜੇ ਸਾਡੇ ਲਈ ਨੁਕਸਾਨਦਾਇਕ ਹਨ। ਇਨ੍ਹਾਂ ਨੁਕਸਾਨ ਕਰਨ ਵਾਲੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਨੂੰ ਅਸੀਂ ਤਿੰਨ ਪ੍ਰਮੁੱਖ ਸ਼੍ਰੇਣੀਆਂ ਵਿਚ ਵੰਡਦੇ ਹਾਂ-
1. ਕੁਦਰਤੀ ਸ਼ਿਕਾਰੀ ਜੀਵ,
2. ਪਰਪੋਸ਼ੀ ਸ਼ਿਕਾਰੀ ਜੀਵ,
3. ਮੁਕਾਬਲੇ ਵਾਲੇ ਜੀਵ
ਕੁਦਰਤੀ ਸ਼ਿਕਾਰੀ ਜੀਵ ਉਹ ਜੀਵ ਹੁੰਦੇ ਹਨ ਜਿਹੜੇ ਕਿ ਆਕਾਰ ਵਿਚ ਫ਼ਸਲੀ ਕੀੜਿਆਂ ਜਿੱਡੇ ਜਾਂ ਉਨ੍ਹਾਂ ਤੋਂ ਵੱਡੇ ਹੁੰਦੇ ਹਨ। ਇਹ ਆਪਣਾ ਕੁਦਰਤੀ ਜੀਵਨ ਚੱਕਰ ਪੂਰਾ ਕਰਦੇ ਹੋਏ ਬਹੁਤ ਸਾਰੇ ਦੁਸ਼ਮਣ ਕੀੜਿਆਂ ਅਤੇ ਛੋਟੇ ਜੀਵਾਂ ਨੂੰ ਖਾ ਜਾਂਦੇ ਹਨ। (ਚਲਦਾ)


-ਕੀਟ ਵਿਗਿਆਨੀ ਅਤੇ ਮੁਖੀ ਜੀਵ ਵਿਗਿਆਨ ਵਿਭਾਗ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ
ਮੋਬਾਈਲ : 99153-80006.

ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਖਾਦ-ਪਾਣੀ ਦਾ ਪ੍ਰਬੰਧ ਕਿਵੇਂ ਕਰੀਏ?

ਝੋਨਾ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਹੈ। ਖੋਜਾਂ ਮੁਤਾਬਕ ਫ਼ਸਲੀ ਵਾਧੇ ਵਾਸਤੇ ਕੇਵਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਨਾਲ ਹੀ ਗੱਲ ਨਹੀਂ ਬਣਦੀ ਸਗੋਂ ਸੰਤੁਲਿਤ ਵਿਕਾਸ ਲਈ ਘੱਟੋ-ਘੱਟ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚੋਂ ਹਰੇਕ ਖੁਰਾਕੀ ਤੱਤ ਦੀ ਫ਼ਸਲ ਦੇ ਵਾਧੇ ਲਈ ਆਪਣੀ ਅਹਿਮੀਅਤ ਹੁੰਦੀ ਹੈ। ਬੂਟਿਆਂ ਦੇ ਵਾਧੇ ਲਈ ਨਾਈਟ੍ਰੋਜਨ (ਐਨ), ਜੜ੍ਹਾਂ ਦੇ ਵਿਕਾਸ ਲਈ ਫਾਸਫੋਰਸ (ਪੀ), ਫੁੱਲ ਪੈਣ ਲਈ ਅਤੇ ਬਿਮਾਰੀ ਦੇ ਟਾਕਰੇ ਵਾਸਤੇ ਪੋਟਾਸ਼ੀਅਮ (ਕੇ) ਤੱਤ ਸਹਾਈ ਹੁੰਦਾ ਹੈ। ਇਸ ਤੋਂ ਬਿਨਾਂ ਵੱਡੇ ਤੱਤਾਂ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਅਤੇ ਛੋਟੇ ਤੱਤਾਂ ਵਿਚ ਜ਼ਿੰਕ, ਲੋਹਾ, ਮੈਂਗਨੀਜ਼, ਤਾਂਬਾ, ਬੋਰੋਨ ਆਦਿ ਫ਼ਸਲੀ ਵਿਕਾਸ ਲਈ ਅਹਿਮ ਰੋਲ ਅਦਾ ਕਰਦੇ ਹਨ। ਵੱਡੇ ਅਤੇ ਛੋਟੇ ਤੱਤਾਂ ਦੀ ਅਹਿਮੀਅਤ ਬਰਾਬਰ ਹੁੰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਫ਼ਸਲ ਨੂੰ ਖਾਦ ਮਿੱਟੀ ਪਰਖ ਦੇ ਅਧਾਰ 'ਤੇ ਪਾਉਣੀ ਚਾਹੀਦੀ ਹੈ। ਖੋਜ ਤਜਰਬਿਆਂ ਮੁਤਾਬਕ, ਐਨ ਪੀ ਕੇ ਵਰਗੇ ਖੁਰਾਕੀ ਤੱਤ 2 : 1 : 0.5 ਅਨੁਪਾਤ ਦੇ ਹਿਸਾਬ ਨਾਲ ਪਾਉਣੇ ਚਾਹੀਦੇ ਹਨ।
ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਜੈਵਿਕ ਖਾਦਾਂ ਵਿਚੋਂ ਰੂੜੀ ਦੀ ਖਾਦ 6 ਟਨ ਪ੍ਰਤੀ ਏਕੜ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿਚੋਂ ਨਿਕਲੀ ਹੋਈ ਸੱਲਰੀ ਜਾਂ 2 ਟਨ ਝੋਨੇ ਦੀ ਪਰਾਲੀ ਤੋਂ ਬਣਿਆ ਪਰਾਲੀਚਾਰ ਪਾਉਣਾ ਚਾਹੀਦਾ ਹੈ। ਜੈਵਿਕ ਖਾਦਾਂ ਪਾਉਣ ਨਾਲ ਮਿੱਟੀ ਵਿਚ ਜੈਵਿਕ ਕਾਰਬਨ/ਮਾਦੇ ਦੀ ਮਾਤਰਾ ਵੱਧਦੀ ਹੈ ਜਿਸ ਨੂੰ ਮਿੱਟੀ ਵਿਚ ਮੌਜੂਦ ਸੂਖਮ ਜੀਵ ਆਪਣੇ ਭੋਜਨ ਵਜੋਂ ਵਰਤਦੇ ਹਨ ਅਤੇ ਲੋੜੀਂਦੇ ਖੁਰਾਕੀ ਤੱਤ ਉਪਲੱਬਧ ਹੋ ਕੇ ਫ਼ਸਲਾਂ ਦੀਆਂ ਜੜ੍ਹਾਂ ਨੂੰ ਮਿਲਦੇ ਹਨ ਕਿਉਂਕਿ ਦੇਸੀ ਖਾਦਾਂ ਸਾਰੇ ਕਿਸਾਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ ਇਸ ਲਈ ਝੋਨਾ ਲਗਾਉਣ ਤੋਂ ਪਹਿਲਾਂ ਜੰਤਰ/ਢੈਂਚਾ/ਰਵਾਂਹ/ਸਣ ਦੀ ਹਰੀ ਖਾਦ ਕੀਤੀ ਜਾਵੇ। ਝੋਨੇ ਦੀ ਵਾਢੀ ਕਰਕੇ ਖੇਤਾਂ ਨੂੰ ਪਾਣੀ ਲਾਉਣ ਤੋਂ ਬਾਅਦ 20 ਕਿੱਲੋ ਢੈਂਚਾ/ਸਣ/ਰਵਾਂਹ ਦਾ ਬੀਜ ਬੀਜ ਕੇ ਖੇਤਾਂ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਵਿਚ ਦੱਬ ਦਿਓ। ਇਸ ਤਰ੍ਹਾਂ ਕਰਨ ਨਾਲ 55 ਕਿੱਲੋ ਯੂਰੀਆ ਪ੍ਰਤੀ ਏਕੜ ਦੀ ਬੱਚਤ ਹੋ ਜਾਂਦੀ ਹੈ। ਘੱਟ ਫਾਸਫੋਰਸ ਵਾਲੇ ਖੇਤਾਂ ਵਿਚ ਹਰੀ ਖਾਦ ਦੀ ਫ਼ਸਲ ਨੂੰ ਸੁਪਰਫਾਸਫੇਟ 75 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਨਾਲ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ ਰਹਿੰਦੀ। ਮੂੰਗੀ ਦੀ ਫ਼ਸਲ ਫਲੀਆਂ ਤੋੜ ਕੇ ਖੇਤ ਵਿਚ ਦਬਾਉਣ ਨਾਲ ਯੂਰੀਆ ਦੀ ਲੋੜ ਇਕ ਤਿਹਾਈ ਘੱਟ ਜਾਂਦੀ ਹੈ। ਕਲਰਾਠੀਆਂ ਅਤੇ ਨਵੀਆਂ ਵਾਹੀ ਯੋਗ ਜ਼ਮੀਨਾਂ ਵਿਚ ਹਰੀ ਖਾਦ ਮਿਲਾਉਣ ਨਾਲ ਝੋਨੇ ਦੀ ਫ਼ਸਲ ਵਿਚ ਲੋਹੇ ਦੀ ਘਾਟ ਨਹੀਂ ਆਉਂਦੀ।
ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਵਧੀਆ ਤਰੀਕੇ ਨਾਲ ਪੱਧਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਪਾਣੀ ਤੇ ਖੁਰਾਕੀ ਤੱਤ ਇਕਸਾਰ ਮਿਲ ਸਕਣ। ਸਾਰੇ ਵੱਟਾਂ-ਬੰਨੇ ਠੀਕ ਕਰਨ ਤੋਂ ਬਾਅਦ ਖੇਤ ਨੂੰ ਚੰਗੀ ਤਰ੍ਹਾਂ ਨਾਲ ਕੱਦੂ ਕਰਨਾ ਚਾਹੀਦਾ ਹੈ। ਇਸ ਨਾਲ ਛੋਟੇ ਪੌਦੇ ਚੰਗੀ ਤਰ੍ਹਾਂ ਲੱਗ ਸਕਣਗੇ। ਖੜ੍ਹੇ ਪਾਣੀ ਵਿਚ ਨਦੀਨ ਘੱਟ ਉੱਗਣਗੇ ਅਤੇ ਚੰਗਾ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਕਿਉਂਕਿ ਮਿੱਟੀ ਦੇ ਮੁਸਾਮ ਬੰਦ ਹੋਣ ਨਾਲ ਪਾਣੀ ਜ਼ਮੀਨ ਵਿਚ ਬਹੁਤ ਘੱਟ ਰਿਸੇਗਾ। ਪੀ. ਏ. ਯੂ. ਲੁਧਿਆਣਾ ਵਲੋਂ ਸਾਉਣੀ 2018 ਦੌਰਾਨ ਝੋਨੇ ਦੀ ਫ਼ਸਲ ਵਾਸਤੇ 90 ਕਿੱਲੋ ਯੂਰੀਆ (46 ਫੀਸਦੀ ਨਾਈਟ੍ਰੋਜਨ), 27 ਕਿੱਲੋ ਡੀ.ਏ.ਪੀ. (18 ਫੀਸਦੀ ਨਾਈਟ੍ਰੋਜਨ ਅਤੇ 46 ਫੀਸਦੀ ਫਾਸਫੋਰਸ) ਜਾਂ 75 ਕਿੱਲੋ ਸਿੰਗਲ ਸੁਪਰ ਫਾਸਫੇਟ (16 ਫੀਸਦੀ ਫਾਸਫੋਰਸ) ਅਤੇ 20 ਕਿੱਲੋ ਪੋਟਾਸ਼ ਦੀ ਸਿਫਾਰਸ਼ ਕੀਤੀ ਗਈ ਹੈ। ਫਾਸਫੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਮਿੱਟੀ ਪਰਖ ਦੇ ਅਧਾਰ 'ਤੇ ਇਨ੍ਹਾਂ ਦੀ ਘਾਟ ਆਈ ਹੋਵੇ। ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿਚ ਫਾਸਫੋਰਸ ਦੀ ਖਾਦ ਪਾਈ ਹੋਵੇ, ਉੱਥੇ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਝੋਨੇ ਨੂੰ ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਸਾਰੀ ਮਾਤਰਾ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦੇਣੀ ਚਾਹੀਦੀ ਹੈ। ਇਕ ਤਿਹਾਈ ਯੂਰੀਆ ਆਖਰੀ ਵਾਰ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਾਉਣ ਤੋਂ 15 ਦਿਨ ਤੱਕ ਲਾ ਦਿਓ। ਬਾਕੀ ਬਚੀ ਦੋ ਤਿਹਾਈ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ ਪਨੀਰੀ ਲਾਉਣ ਤੋਂ 21 ਦਿਨ ਅਤੇ 42 ਦਿਨ ਬਾਅਦ ਛੱਟੇ ਨਾਲ ਪਾਓ। ਫਾਸਫੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 21 ਦਿਨ ਬਾਅਦ ਤੱਕ ਲਾਈ ਜਾ ਸਕਦੀ ਹੈ। ਯੂਰੀਆ ਖਾਦ ਦੀ ਦੂਜੀ ਅਤੇ ਤੀਜੀ ਕਿਸ਼ਤ ਉਦੋਂ ਪਾਉਣੀ ਚਾਹੀਦੀ ਹੈ ਜਦੋਂ ਖੇਤ ਵਿਚੋਂ ਪਾਣੀ ਜ਼ਮੀਨ ਵਿਚ ਜੀਰ ਗਿਆ ਹੋਵੇ।
ਬਾਸਮਤੀ ਦੀ ਲੁਆਈ ਤੋਂ ਪਹਿਲਾਂ ਹਰੀ ਖਾਦ (ਢੈਂਚਾ/ਸਣ/ਸੱਠੀ ਮੂੰਗੀ ਦਾ ਟਾਂਗਰ) ਖੇਤ ਵਿਚ ਦਬਾਉਣ ਨਾਲ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ 'ਤੇ ਕਰਨੀ ਚਾਹੀਦੀ ਹੈ। ਫਾਸਫੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਆਖਰੀ ਕੱਦੂ ਕਰਨ ਤੋਂ ਪਹਿਲਾਂ 75 ਕਿੱਲੋ ਸੁਪਰਫਾਸਫੇਟ ਜਾਂ 25 ਕਿੱਲੋ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਤੱਤ ਦੀ ਪੂਰਤੀ ਲਈ ਅੱਡੋ-ਅੱਡ ਬਾਸਮਤੀ ਦੀਆਂ ਕਿਸਮਾਂ ਲਈ ਯੂਰੀਆ ਦੀ ਮਾਤਰਾ ਹੇਠ ਲਿਖੇ ਅਨੁਸਾਰ ਪਾਉਣੀ ਚਾਹੀਦੀ ਹੈ :
- ਸੀ ਐਸ ਆਰ 30, ਬਾਸਮਤੀ 386 ਅਤੇ ਬਾਸਮਤੀ 370 ਨੂੰ 18 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਜ਼ਿਲ੍ਹਾ ਪਸਾਰ ਮਾਹਿਰ (ਸੀਨੀਅਰ ਮੋਸਟ) ਫਾਰਮ ਸਲਾਹਕਾਰ ਸੇਵਾ ਕੇਂਦਰ, ਜੇ.ਜੇ ਫਾਰਮ, ਕਪੂਰਥਲਾ
ਮੋਬਾਈਲ : 95010-23334.

ਕਵਿਤਾ

ਧੀ ਪੰਜਾਬ ਦੀ

* ਸੁਰਿੰਦਰ ਮਕਸੂਦਪੁਰੀ *
ਇਹ ਰੰਗ-ਬਿਰੰਗੀ ਗੁਲਮੋਹਰ
ਇਹ ਕਲੀ ਰੁੱਤ ਬਹਾਰ ਦੀ ਏ
ਇਹ ਰੰਗ-ਸੁਗੰਧ ਗੁਲਾਬ ਦੀ ਏ
ਇਹ ਧੀ ਮੇਰੇ ਪੰਜਾਬ ਦੀ ਏ।
ਇਹਦੇ ਚੰਨ ਮੁਖੜੇ 'ਤੇ ਮਹਿਕਦਾ ਏ
ਚੁੰਨੀ ਤਾਰਿਆਂ ਨੇ ਸ਼ਿੰਗਾਰ ਦਿੱਤੀ
ਅੰਬਰੋਂ ਉੱਤਰ ਪੀਂਘ ਸਤਰੰਗੀ ਨੇ
ਇਹਦੀ ਦਿਖ ਸੱਜ-ਸੰਵਾਰ ਦਿੱਤੀ।
ਕਿਸੇ ਲੋਕ ਗੀਤ ਦੀ ਹੇਕ ਜਿਹੀ
ਗੁੜਤੀ ਗੁਰੂਆਂ ਦੀ ਬਾਣੀ ਦੀ
ਇਹਦੀ ਸੋਹਣੀ ਸੂਰਤ-ਸੀਰਤ ਏ
ਰੌਣਕ ਗਿੱਧਿਆਂ ਦੀ ਰਾਣੀ ਦੀ।
ਹਰਗੁਣ ਗੂੜ੍ਹ ਗਿਆਨ ਦੀ ਗੁਥਲੀ
ਆਂਗਣਵਾੜੀ ਮੰਡਰਾਉਂਦੀ ਤਿੱਤਲੀ
ਇਹ ਵੰਗਾਂ ਦੀ ਛਣਕਾਰ ਨਿਆਰੀ
ਜਾਂ ਤੀਆਂ ਦੇ ਵਿਚ ਪੈਂਦੀ ਕਿੱਕਲੀ।
ਇਹ ਰਾਤ ਦੀ ਰਾਣੀ, ਸਵੇਰ ਦਾ ਸੂਰਜ
ਬਹੁ-ਰੰਗੇ ਫੁੱਲਾਂ ਦੀ ਫੁਲਕਾਰੀ
ਮਾਂ ਧਰਤੀ ਨੂੰ ਮਿਲਿਆ ਤੋਹਫ਼ਾ
ਰੱਬ ਦੀ ਇਹ ਸੌਗਾਤ ਪਿਆਰੀ।
ਪੰਜਾਬੀ ਮਾਂ ਦੀ ਸੂਰਮਗਤੀ
ਸਾਹਿਤ-ਸੰਗੀਤ ਦੀ ਸਰਸਵਤੀ
ਮਾਂ-ਬੋਲੀ ਦੀ ਮਿੱਠੀ ਲੋਰੀ
ਦੁੱਧ-ਮੱਖਣਾਂ ਦੀ ਭਰੀ ਕਟੋਰੀ।
ਸੱਚੇ ਰੱਬ ਦੀ ਸੁੱਚੀ ਬਰਕਤ
ਕੰਜਕ-ਕੂੰਜ ਕਚਨਾਰ ਜੇਹੀ
'ਮਕਸੂਦਪੁਰੀ' ਇਹ ਦੈਵੀ-ਮੂਰਤ
ਪੰਜਾਬ ਦੇ ਸੱਭਿਆਚਾਰ ਜੇਹੀ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ।
ਮੋਬਾਈਲ : 99887-10234.

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੱਤਾ ਰੰਗ ਚਾਰਟ: ਨਾਈਟ੍ਰੋਜਨ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ। ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਵਕਫ਼ੇ 'ਤੇ ਪੱੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ। ਹਰ ਵਾਰ ਖੇਤ ਵਿਚ 10 ਪੌਦਿਆਂ ਦੇ ਉਪਰੋਂ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ। ਜਦੋਂ ਦਸ ਵਿਚੋਂ ਛੇ ਜਾਂ ਵੱਧ ਪੱੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦਾ ਛੱਟਾ ਦਿਓ।
ਜੇ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਦੇ ਬਰਾਬਰ ਜਾਂ ਗੂੜਾ ਹੋਵੇ ਹੋਰ ਯੂਰੀਆ ਖਾਦ ਦੀ ਵਰਤੋਂ ਨਾ ਕਰੋ। ਮੱਕੀ ਦੇ ਸੂਤ ਕੱਤਣ ਤੋਂ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਲੋੜ ਨਹੀਂ ਅਤੇ ਹੋਰ ਖਾਦ ਨਹੀਂ ਪਾਉਣੀ ਚਾਹੀਦੀ। ਪੱਤਾ ਰੰਗ ਚਾਰਟ ਦੀ ਵਰਤੋਂ ਸਮੇਂ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਬੂਟਿਆਂ ਦੇ ਪੱੱਤਿਆਂ ਦਾ ਰੰਗ ਹੀ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿਚ ਮਿਲਾਉਣਾ ਚਾਹੀਦਾ ਹੈ। ਫ਼ਸਲ ਨੂੰ ਪਾਣੀ ਦੀ ਔੜ ਨਹੀਂ ਲੱਗਣੀ ਚਾਹੀਦੀ ਅਤੇ ਬਾਕੀ ਖੁਰਾਕੀ ਤੱਤਾਂ ਦੀ ਵਰਤੋਂ ਵੀ ਸਿਫ਼ਾਰਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।
ਖਾਸ ਵਰਤੋਂ ਵਾਲੀ ਮੱਕੀ: ਪੀ. ਏ. ਯੂ. ਵਲੋਂ ਸਵੀਟ ਕੌਰਨ, ਬੇਬੀ ਕੌਰਨ ਅਤੇ ਫੁੱਲਿਆਂ ਵਾਲੀ ਮੱਕੀ ਦੀ ਢੁਕਵੀਆਂ ਕਿਸਮਾਂ ਦੇ ਉਤਪਾਦਨ ਤਕਨੀਕਾਂ ਦੀ ਸਿਫਾਰਸ਼ ਕੀਤੀ ਗਈ ਹੈ। ਕਿਸਾਨ ਵੀਰ ਇਨ੍ਹਾਂ ਸੰਬੰਧੀ ਤਕਨੀਕੀ ਸਿਖਲਾਈ ਹਾਸਲ ਕਰ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਬੇਬੀ ਕੌਰਨ ਦੀ ਕਨਟ੍ਰੈਕਟ ਫਾਰਮਿੰਗ ਵੀ ਪ੍ਰਚਲਿਤ ਹੈ।
ਕੀੜੇ ਮਕੌੜੇ ਅਤੇ ਬਿਮਾਰੀਆਂ: ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦਾ ਮੁੱਖ ਕੀੜਾ ਹੈ। ਇਹ ਫ਼ਸਲ ਦਾ 15 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦਾ ਹੈ। ਇਸ ਦੀ ਰੋਕਥਾਮ ਲਈ ਕੋਰਾਜ਼ਨ 18.5 ਐਸ ਸੀ-30 ਮਿਲੀਲੀਟਰ ਜਾਂ ਡੈਸਿਸ 2.8 ਈ ਸੀ -80 ਮਿਲੀਲੀਟਰ ਨੂੰ 60 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10-15 ਦਿਨ ਦੀ ਫ਼ਸਲ 'ਤੇ ਛਿੜਕੋ। ਮਿੱਤਰ ਕੀੜੇ ਟ੍ਰਾਈਕੋਗ੍ਰਾਮਾ ਨੂੰ ਵੀ 10 ਅਤੇ ਫਿਰ 17 ਦਿਨ ਦੀ ਫ਼ਸਲ 'ਤੇ ਛੱਡ ਕੇ ਗੜੂੰਏਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਕ ਏਕੜ ਲਈ 40,000 ਪਰਜੀਵੀ ਕਿਰਿਆ ਕੀਤੇ ਆਂਡਿਆਂ ਦੀ ਸਿਫਾਰਸ਼ ਕੀਤੀ ਗਈ ਹੈ। ਬੀਜ ਅਤੇ ਪੁੰਗਾਰ ਦੇ ਗਲਣ ਰੋਗ ਦੀ ਰੋਕਥਾਮ ਲਈ ਬੀਜ ਦੀ ਸੋਧ ਸਿਫਾਰਿਸ਼ ਕੀਤੀ ਉੱਲੀ ਨਾਸ਼ਕਾਂ ਨਾਲ ਕਰੋ। ਤਣੇ ਦੇ ਗਲਣ ਰੋਗ ਦੀ ਰੋਕਥਾਮ ਲਈ ਖੇਤ ਵਿਚ ਪਾਣੀ ਦੇ ਨਿਕਾਸ ਦਾ ਪੁਖਤਾ ਇੰਤਜ਼ਾਮ ਰੱਖੋ।
ਮੱਕੀ ਦੀ ਕਟਾਈ ਅਤੇ ਛੜਾਈ : ਮੱਕੀ ਦੀ ਕਟਾਈ ਉਸ ਸਮੇਂ ਕਰ ਲਓ ਜਦੋਂ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ। ਇਸ ਸਮੇਂ ਟਾਂਡੇ ਅਤੇ ਪੱਤੇ ਕੁਝ ਹਰੇ ਹੀ ਹੁੰਦੇ ਹਨ। ਪਛੇਤੀ ਬੀਜੀ ਜਾਂ ਗਰਮੀ ਰੁੱਤ ਦੀ ਮੱਕੀ ਤੋਂ ਬਾਅਦ ਜੇਕਰ ਖੇਤ ਜਲਦੀ ਖਾਲੀ ਕਰਨਾ ਹੋਵੇ ਤਾਂ ਉਥੋਂ ਟਾਂਡੇ ਛੱਲੀਆਂ ਸਮੇਤ ਕੱਟ ਲਓ। ਮੱਕੀ ਦੇ ਦਾਣੇ ਸੁਕਾ ਕੇ ਹੀ ਮੰਡੀ ਵਿਚ ਵੇਚੋ। ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੱਕੀ ਨੂੰ ਸੁਕਾਉਣ ਲਈ ਡ੍ਰਾਇਰ ਕਈ ਮੰਡੀਆਂ ਵਿਚ ਉਪਲੱਬਧ ਹਨ। ਇਸ ਤੋਂ ਇਲਾਵਾ ਪੀਏਯੂ ਵੱਲੋਂ ਤਿਆਰ ਕੀਤੇ ਮੱਕੀ ਦੇ ਡ੍ਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ। (ਸਮਾਪਤ)


-ਮੋਬਾਈਲ : 98726-60990

ਕਦੇ ਚਾਟੀ ਵਾਲੀ ਲੱਸੀ ਗਰਮੀਆਂ ਦੀ ਅਹਿਮ ਖੁਰਾਕ ਹੁੰਦੀ ਸੀ

ਚਾਟੀ ਵਾਲੀ ਗੁਣਕਾਰੀ ਲੱਸੀ ਦੀ ਗੱਲ ਕਰਦਿਆਂ ਉਸ ਬੀਤ ਗਏ ਵੇਲੇ ਦਾ ਚੇਤਾ ਆ ਜਾਂਦਾ ਹੈ ਜਦੋਂ ਚਾਟੀ ਵਾਲੀ ਲੱਸੀ ਹਰੇਕ ਵਿਅਕਤੀ ਦੀ ਅਹਿਮ ਖੁਰਾਕ ਹੋਇਆ ਕਰਦੀ ਸੀ। ਸੁਆਣੀਆਂ ਬੜੀ ਮਿਹਨਤ ਨਾਲ ਲੱਸੀ ਤਿਆਰ ਕਰਨ ਦਾ ਕਾਰਜ ਕਰਦੀਆਂ ਸਨ। ਦਿਨ ਦਾ ਕੜ੍ਹਿਆ ਦੁੱਧ ਅਤੇ ਸ਼ਾਮ ਦਾ ਸੱਜਰਾ ਦੁੱਧ ਇਕੱਠਾ ਗਰਮ ਕਰਕੇ ਜਮਾ ਦਿੱਤਾ ਜਾਂਦਾ ਸੀ ਤੇ ਸਵੇਰੇ ਤੜਕਸਾਰ ਉੱਠ ਕੇ ਹੱਥ ਵਾਲੀ ਮਧਾਣੀ ਨਾਲ ਜੰਮੇ ਹੋਏ ਦੁੱਧ ਨੂੰ ਰਿੜਕ ਕੇ ਮੱਖਣ ਵੱਖਰਾ ਕਰ ਲਿਆ ਜਾਂਦਾ ਸੀ ਤੇ ਇਸ ਤਰ੍ਹਾਂ ਲੱਸੀ ਤਿਆਰ ਹੋ ਜਾਂਦੀ ਸੀ। ਲੱਸੀ ਪੀਣ ਲਈ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸ਼ਾਹਵੇਲੇ ਲੱਸੀ ਤਿਆਰ ਹੋਣ ਸਾਰ ਹੀ ਬੇਬੇ ਘਰ ਵਿਚ ਹਰੇਕ ਨੂੰ ਕੰਗਣੀ ਵਾਲੇ ਗਿਲਾਸ ਭਰ ਕੇ ਲੱਸੀ ਦੇ ਦਿਆ ਕਰਦੀ ਸੀ। ਲੱਸੀ ਪੀ ਕੇ ਸਾਰੇ ਆਪੋ-ਆਪਣੇ ਕੰਮ ਕਾਜ ਵਿਚ ਲੱਗ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਗੱਭਰੂਆਂ, ਮੁਟਿਆਰਾਂ, ਬਜੁਰਗਾਂ ਦੀ ਚੰਗੀ ਸਿਹਤ ਦਾ ਰਾਜ ਚਾਟੀ ਵਾਲੀ ਲੱਸੀ ਹੀ ਸੀ। ਗਰਮੀਆਂ ਦੇ ਮੌਸਮ ਵਿਚ ਪੋਟਾਸ਼ੀਅਮ, ਨਮਕ ਤੇ ਕੈਲਸ਼ੀਅਮ ਦੀ ਘਾਟ ਕਰਕੇ ਉਲਟੀਆਂ ਤੇ ਦਸਤ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਕਰਕੇ ਕੱਚੀ ਲੱਸੀ ਤੇ ਚਾਟੀ ਦੀ ਲੱਸੀ ਵਿਚ ਜ਼ੀਰਾ ਪਾ ਕੇ ਪੀਣ ਨਾਲ ਗਰਮੀ ਤੋਂ ਕਾਫੀ ਰਾਹਤ ਮਿਲਦੀ ਸੀ। ਜ਼ਿਆਦਾ ਦਿਨਾਂ ਦੀ ਬਹੀ ਲੱਸੀ ਖੱਟੀ ਹੋ ਜਾਂਦੀ ਸੀ ਤੇ ਲੋਕ ਇਸ ਨੂੰ ਸਿਰ ਨਹਾਉਣ ਲਈ ਵਰਤਦੇ ਸਨ। ਚਾਟੀ ਦੀ ਲੱਸੀ ਕੈਲਸ਼ੀਅਮ ਦਾ ਚੰਗਾ ਸਰੋਤ ਹੋਣ ਕਰਕੇ ਦੰਦਾਂ ਤੇ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਲਾਹੇਵੰਦ ਸੀ। ਉਸ ਸਮੇਂ ਚਾਟੀ ਦੀ ਲੱਸੀ, ਦਹੀਂ, ਮੱਖਣ, ਦੁੱਧ ਤੇ ਹੋਰ ਵਰਤੋਂ 'ਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਘਰ ਵਿਚ ਹੀ ਸ਼ੁੱਧ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਜਿਸ ਕਰਕੇ ਲੋਕਾਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਸਨ। 'ਦਿਉਰ ਭਾਵੇਂ ਮੱਝ ਚੁੰਘ ਜੇ, ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਆਦਿ ਕਈ ਹੋਰ ਪੁਰਾਣੇ ਪੰਜਾਬੀ ਗੀਤਾਂ ਦੇ ਬੋਲਾਂ ਵਿਚ ਲੱਸੀ ਦਾ ਜ਼ਿਕਰ ਮਿਲਦਾ ਹੈ।
ਅੱਜ ਦੇ ਸਮੇਂ ਵਿਚ ਚਾਟੀ ਵਾਲੀ ਲੱਸੀ ਕੁੱਝ ਕੁ ਘਰਾਂ ਨੂੰ ਛੱਡ ਕੇ ਸਾਡੇ ਸੱਭਿਆਚਾਰ 'ਚੋਂ ਅਲੋਪ ਹੋ ਚੁੱਕੀ ਹੈ। ਅੱਜਕਲ੍ਹ ਸ਼ਾਹਵੇਲਾ ਚਾਹ ਵੇਲਾ ਬਣ ਕੇ ਰਹਿ ਗਿਆ ਹੈ। ਦੁੱਧ ਰਿੜਕਣ ਦਾ ਰੋਜ਼ਾਨ ਵਕਤ ਦੀ ਕਮੀ ਕਰਕੇ ਘਟ ਗਿਆ ਹੈ, ਕਿਉਂਕਿ ਹੁਣ ਦੀਆਂ ਕੁੜੀਆਂ 'ਚ ਏਨੀ ਤਾਕਤ ਨਹੀਂ ਰਹੀ ਕਿ ਉਹ ਦੁੱਧ ਰਿੜਕਣ ਪਿੱਛੋਂ ਘਰਦੇ ਹੋਰ ਕੰਮ ਕਰ ਸਕਣ। ਅੱਜ ਸਮੇਂ ਦੇ ਬਦਲਾਅ ਨਾਲ ਲੱਸੀ ਰਿੜਕਣ ਦਾ ਕੰਮ ਬਿਜਲੀ ਨਾਲ ਚੱਲਣ ਵਾਲੀ ਮਧਾਣੀ ਤੋਂ ਲਿਆ ਜਾਂਦਾ ਹੈ ਤੇ ਲੋਕ ਬਾਜ਼ਾਰੋਂ ਦਹੀਂ ਲਿਆ ਕੇ ਲੱਸੀ ਬਣਾ ਲੈਂਦਾ ਹਨ। ਕੁਝ ਲੋਕ ਗਰਮੀ ਦੇ ਮੌਸਮ ਸਮੇਂ ਬਾਜ਼ਾਰਾਂ ਵਿਚ ਠੰਢੀ ਤੇ ਮਿੱਠੀ ਲੱਸੀ ਦਾ ਆਨੰਦ ਮਾਣਦੇ ਹਨ। ਜਿਨ੍ਹਾਂ ਲੋਕਾਂ ਡੰਗਰ ਰੱਖੇ ਹਨ ਉਹ ਜ਼ਿਆਦਾ ਮੁਨਾਫਾ ਕਮਾਉਣ ਲਈ ਸਾਰਾ ਦੁੱਧ ਡੇਅਰੀ ਵਿਚ ਪਾ ਦਿੰਦੇ ਹਨ। ਅੱਜ ਦੇ ਸਮੇਂ ਦੁੱਧ ਲੱਸੀ ਦੀਆਂ ਦਾਤਾਂ ਡੇਅਰੀਆਂ ਨੇ ਆਪਣੇ ਵਿਚ ਸਮੋ ਲਈਆਂ ਹਨ ਤੇ ਇਹ ਅੰਮ੍ਰਿਤ ਰੂਪੀ ਗੁਣਕਾਰੀ ਚਾਟੀ ਵਾਲੀ ਲੱਸੀ ਸਾਡੇ ਪੰਜਾਬੀ ਸੱਭਿਆਚਾਰ ਚੋਂ ਅਲੋਪ ਹੋ ਚੁੱਕੀ ਹੈ।


-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।
sohianshamsher@gmail.com

ਵਿਰਸੇ ਦੀਆਂ ਬਾਤਾਂ

ਖੱਖੜੀਆਂ-ਖਰਬੂਜ਼ਿਆਂ ਦੀ ਇਹ ਰੁੱਤ ਬੜੀ ਨਿਆਰੀ

ਖੱਖੜੀਆਂ-ਖਰਬੂਜ਼ਿਆਂ ਨੂੰ ਸਲਾਦ ਵਜੋਂ ਖਾਓ ਜਾਂ ਫ਼ਲ ਵਜੋਂ, ਇਹ ਆਪਣੀ ਮਰਜ਼ੀ ਹੈ। ਪਰ ਖਾਓ ਜ਼ਰੂਰ, ਕਿਉਂਕਿ ਇਹ ਗ਼ਰਮ ਰੁੱਤ ਦਾ ਮੇਵਾ ਹੈ। ਖਰਬੂਜ਼ੇ ਨੂੰ ਤਾਂ ਹਰ ਥਾਂ ਖਰਬੂਜ਼ਾ ਹੀ ਕਿਹਾ ਜਾਂਦਾ, ਪਰ ਖੱਖੜੀ ਨੂੰ ਸ਼ਾਇਦ ਇਲਾਕੇ ਦੇ ਹਿਸਾਬ ਨਾਲ ਕੁਝ ਹੋਰ ਵੀ ਕਿਹਾ ਜਾਂਦਾ ਹੋਵੇ। ਦੇਖਣ ਨੂੰ ਖਰਬੂਜ਼ੇ ਦੀ ਭੈਣ ਲੱਗਦੀ ਖੱਖੜੀ ਜਦੋਂ ਪੱਕ ਕੇ ਪੀਲੀ ਹੋ ਜਾਂਦੀ ਹੈ ਤਾਂ ਵੇਲ ਨਾਲੋਂ ਆਪੇ ਨਾਤਾ ਤੋੜ ਦਿੰਦੀ ਹੈ। ਜਿਵੇਂ ਆਖਦੀ ਹੋਵੇ, 'ਆਪਣਾ ਸਾਥ ਏਥੋਂ ਤੱਕ ਦਾ ਹੀ ਸਾਥ ਸੀ। ਹੁਣ ਮੈਂ ਕਿਸੇ ਦਾ ਭੋਜਨ ਹਾਂ। ਮੈਂ ਕਿਸੇ ਦਾ ਸਵਾਦ ਬਣਨ ਜਾ ਰਹੀ ਹਾਂ।'
ਪਿਛਲੇ ਦਿਨੀਂ ਆਪਣੇ ਸਾਥੀਆਂ ਨਾਲ ਮੈਂ ਫ਼ਿਰੋਜ਼ਪੁਰ ਵੱਲ ਜਾ ਰਿਹਾ ਸਾਂ। ਜ਼ੀਰੇ ਕੋਲ ਫੁੱਟਪਾਥ 'ਤੇ ਥੋੜ੍ਹੀ-ਥੋੜ੍ਹੀ ਦੂਰ ਖੱਖੜੀਆਂ ਵਿਕਣ ਲਈ ਰੱਖੀਆਂ ਹੋਈਆਂ ਸਨ। ਟੋਕਰੀਆਂ ਭਰੀ ਮਿਹਨਤੀ ਲੋਕ ਬੈਠੇ ਸਨ ਤੇ ਉਨ੍ਹਾਂ ਕੋਲ ਵਿਰਲੇ-ਟਾਵੇਂ ਗਾਹਕ ਵੀ ਸਨ। ਮੈਂ ਖੁਸ਼ ਸਾਂ ਕਿ ਬਚਪਨ ਵਿਚ ਨਰਮੇ ਦੇ ਖੇਤਾਂ 'ਚੋਂਂ ਖਾਧੀਆਂ ਖੱਖੜੀਆਂ ਫਿਰ ਦਿਸ ਗਈਆਂ। ਪਰ ਸਾਥੀਆਂ ਨੇ ਇਹ ਪਹਿਲੀ ਵਾਰ ਦੇਖੀਆਂ ਸਨ। ਉਹ ਇਨ੍ਹਾਂ ਨੂੰ ਦੇਖ ਹੈਰਾਨ ਸਨ। ਕਿੰਨਾ ਹੀ ਚਿਰ ਉਹ ਖੱਖੜੀ ਦੀਆਂ ਮਹਿਕਾਂ ਲੈਂਦੇ ਰਹੇ। ਉਨ੍ਹਾਂ ਬਾਰੇ ਚਰਚਾ ਕਰਦੇ ਰਹੇ। ਫੇਰ ਦੋ ਖੱਖੜੀਆਂ ਚੀਰੀਆਂ ਤੇ ਕਾਲਾ ਲੂਣ ਲਾ ਕੇ ਖਾਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੂੰ ਆਸ ਸੀ ਕਿ ਇਹ ਖਰਬੂਜ਼ੇ ਵਾਂਗ ਮਿੱਠੀਆਂ ਹੋਣਗੀਆਂ। ਪਰ ਉਹ ਓਨੀਆਂ ਮਿੱਠੀਆਂ ਨਾ ਹੋਣ ਕਰਕੇ ਖਾਣੋ ਹਟ ਗਏ। ਮੈਂ ਲੱਗਾ ਰਿਹਾ। ਮੇਰੀ ਇਨ੍ਹਾਂ ਨਾਲ ਬਚਪਨ ਦੀ ਸਾਂਝ ਜੁ ਸੀ। ਮਸੀਂ ਮਿਲੀਆਂ ਸਨ ਮੈਨੂੰ ਇਹ। ਕੁਝ ਖੱਖੜੀਆਂ ਲਿਫ਼ਾਫ਼ੇ 'ਚ ਪਾ ਲਈਆਂ, ਜਿਨ੍ਹਾਂ ਨੇ ਸਾਡੀ ਕਾਰ ਮਹਿਕਾ ਦਿੱਤੀ।
ਖੱਖੜੀਆਂ-ਖਰਬੂਜ਼ੇ ਹੁਣ ਬਹੁਤੇ ਲੋਕ ਨਹੀਂ ਬੀਜਦੇ। ਪਹਿਲਾਂ ਵੱਡੀ ਗਿਣਤੀ 'ਚ ਕਿਸਾਨ ਬੀਜਦੇ ਸਨ। ਵੇਚਣ ਲਈ ਨਾ ਸਹੀ, ਆਪਣੇ ਜੋਗੇ ਤਾਂ ਬੀਜਦੇ ਹੀ ਸਨ। ਨਰਮੇ ਦੇ ਖੇਤਾਂ ਵਿਚ ਬੀਜ ਦਾ ਛਿੱਟਾ ਦੇ ਦਿੱਤਾ ਜਾਂਦਾ ਤੇ ਜਦੋਂ ਤੱਕ ਨਰਮੇ ਚੁਗਣ ਯੋਗ ਹੋਣੇ, ਉਦੋਂ ਤੱਕ ਖੱਖੜੀਆਂ-ਖਰਬੂਜ਼ਿਆਂ ਨੇ ਪੱਕ ਜਾਣਾ। ਮੇਰੀਆਂ ਮਾਸੀਆਂ ਨੇ ਨਰਮਾ ਚੁਗਣਾ ਤੇ ਮੈਂ ਚਿੱਬੜ, ਖੱਖੜੀਆਂ ਤੇ ਖਰਬੂਜ਼ੇ। ਨਾਲੇ ਖਾਈ ਜਾਣੇ, ਨਾਲੇ ਖਰਾਬ ਕਰੀ ਜਾਣੇ। ਰੋਕਣਾ ਕਿਸੇ ਨੇ ਨਾ ਕਿ ਚਲੋ ਲਾਲਚ ਲੱਗਾ।
ਹੁਣ ਖੱਖੜੀ ਬਾਜ਼ਾਰ ਵਿਚ ਵੀ ਦਿਸ ਪਵੇ ਤਾਂ ਚਾਅ ਜਿਹਾ ਚੜ੍ਹ ਜਾਂਦਾ। ਜੀਹਨੇ ਪਹਿਲੀ ਵਾਰ ਖਾਣੀ ਹੋਵੇ, ਉਹਨੂੰ ਭਾਵੇਂ ਸਵਾਦ ਨਾ ਲੱਗੇ, ਪਰ ਜਿਨ੍ਹਾਂ ਨੂੰ ਇਹਦੇ ਸਵਾਦ ਅਤੇ ਅਹਿਮੀਅਤ ਦਾ ਪਤਾ, ਉਹ ਖੱਟੀ ਮਿੱਠੀ ਖੱਖੜੀ ਨੂੰ ਚਾਅ ਨਾਲ ਖਾਂਦੇ ਨੇ, ਮੇਰੇ ਵਾਂਗ। ਚੰਗੀ ਤਰ੍ਹਾਂ ਠੰਢੇ ਕੀਤੇ ਖਰਬੂਜ਼ੇ ਤੇ ਖੱਖੜੀ ਨੂੰ ਖਾਣ ਦਾ ਸਵਾਦ ਹੀ ਵੱਖਰਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਕੱਚੇ ਘਰਾਂ ਦੀ ਪੱਕੀ ਦਾਸਤਾਨ

ਕੱਚਿਆਂ ਘਰਾਂ ਦੀ ਗੱਲ ਕਰੀਏ ਤਾਂ, ਵਿਰਸੇ ਦੀ ਇਕੱਲੀ-ਇਕੱਲੀ ਖਾਧੀ-ਪੀਤੀ ਚੀਜ਼ ਯਾਦ ਆਉਂਦੀ ਹੈ। ਇਨ੍ਹਾਂ ਕੱਚੇ ਘਰਾਂ ਵਿਚ ਕਿੱਕਰ ਦੀ ਲੱਕੜ ਤੋਂ ਬਣੇ ਦਰਵਾਜ਼ੇ ਬਹੁਤ ਮਿਹਨਤ ਨਾਲ ਕਾਰੀਗਰ ਬਣਾਉਂਦੇ ਸਨ। ਕੁਝ ਥਾਵਾਂ 'ਤੇ ਮੋਰੀਆਂ ਲਗਾਉਂਦੇ, ਕੁਝ ਖਿੜਕੀਆਂ ਜਿਨ੍ਹਾਂ ਦੇ ਵਿਚਕਾਰ ਸਰੀਏ ਹੁੰਦੇ ਜ਼ਿਆਦਾਤਰ ਉਹ ਲੱਕੜ ਦੀ ਬਣੀ ਹੁੰਦੀ ਨਾਲ ਹੀ ਨਾਲ ਹੀ ਵਿਚਕਾਰ ਸਰੀਏ ਲਗਾ ਦਿੱਤੇ ਜਾਂਦੇ, ਇਸੇ ਤਰ੍ਹਾਂ ਕੱਚੀਆਂ ਇੱਟਾਂ ਨਾਲ ਬਣਾ, ਚੀਲ ਦੀ ਲੱਕੜ ਦੇ ਗੋਲੇ ਧਰ ਦਿੱਤੇ ਜਾਂਦੇ, ਫਿਰ ਸਲਵਾੜ, ਪੂਲੇ, ਗਾਰੇ, ਫੱਟੀਆਂ ਦੀ ਮਦਦ ਨਾਲ ਚਹਾ ਪਾ ਦਿੱਤਾ ਜਾਂਦਾ ਸੀ।
ਪੁਰਾਣੇ ਕੱਚੇ ਘਰ ਬਹੁਤ ਮਿਹਨਤ 'ਤੇ ਮੁਸ਼ੱਕਤ ਨਾਲ ਬਣਦੇ ਸਨ। ਇਨ੍ਹਾਂ ਕੱਚੇ ਘਰਾਂ ਦੀ ਦਿਸ਼ਾ ਬਹੁਤ ਸਰਲ ਢੰਗਾਂ ਨਾਲ ਰੱਖੀਂ ਜਾਂਦੀ ਸੀ, ਇਨ੍ਹਾਂ ਵਿਚ ਖਾਸ ਕਰ ਵੱਡਿਆਂ ਬਜ਼ੁਰਗਾਂ ਦੀ ਖਾਸ ਰਾਏ ਮੰਨੀ ਜਾਂਦੀ ਸੀ। ਇਸੇ ਤਰ੍ਹਾਂ ਕਈ ਪਿੰਡਾਂ ਵਿਚ ਆਪਣੇ ਘਰ ਨੂੰ ਢਾਅ ਕੇ ਦੁਬਾਰਾ ਪਾਉਣ ਮੌਕੇ ਜੋ ਚੀਜ਼ ਦੀ ਨਿਸ਼ਾਨੀ ਵੱਡਿਆਂ ਵਲੋਂ ਰੱਖੀਂ ਜਾਂਦੀ ਉਸ ਨੂੰ ਜ਼ਰੂਰ ਚੇਤੇ ਕਰਦੇ ਨੇ ਉਸ ਵਿਚ ਬਾਪੂ, ਦਾਦਾ, ਦਾਦੀ ਦਾ ਨਾਂਅ ਜ਼ਰੂਰ ਯਾਦ ਆਉਂਦਾ ਹੈ। ਜੋ ਕਿ ਕਈ ਹੁਣ ਦੀ ਨਵੀਂ ਪਨੀਰੀ ਵਿਚ ਪੁਰਾਣੇ ਘਰ ਨੂੰ ਜਦੋਂ ਢਾਅ ਕੇ ਪੱਕਾ ਬਣਾਉਣ ਦੀ ਸਲਾਹ ਕੀਤੀ ਜਾਂਦੀ ਹੈ, ਤਾਂ ਪਰਿਵਾਰਕ ਮੈਂਬਰਾਂ ਵਲੋਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਕਿ ਇਹ ਕੰਧ ਮੇਰੇ ਦਾਦਾ ਜੀ ਨੇ ਕੱਢੀ ਸੀ। ਜਾਂ ਇਸ ਘਰ ਦੀ ਦਿਸ਼ਾ ਦਾਦੀ ਜੀ ਨੇ
ਛਿਪਦੀ ਵਾਲੇ ਪਾਸੇ ਕਰਵਾਈ ਸੀ। ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਕਰਦੇ ਆਖਦੇ। ਨੀਂਹ ਕੱਢਣ ਮੌਕੇ ਬਹੁਤ ਪੁਰਾਣੀਆਂ ਚੀਜ਼ਾਂ ਨਿਕਲਦੀਆਂ, ਕਈ ਲੋਕਾਂ ਵਲੋਂ ਮਖੌਲ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ 'ਆਖਦੇ ਵੇਖੀਓ ਕੋਈ ਸੋਨੇ, ਚਾਂਦੀ ਦਾ ਘੜਾ ਹੀ ਨਾ ਨਿੱਕਲ ਆਵੇ' ਇਸ ਤਰ੍ਹਾਂ ਕਹਿ ਕਈ ਪੁਰਾਣੀਆਂ ਗੱਲਾਂ ਕਰਨ ਲੱਗ ਜਾਂਦੇ, ਪਰ ਕੁੱਝ ਵਲੋਂ ਇਸ ਢਹਿੰਦੇ ਘਰ ਨੂੰ ਵੇਖ ਯਾਦਾਂ ਸਤਾਉਣ ਲੱਗ ਜਾਂਦੀਆਂ ਜਿਨ੍ਹਾਂ ਨੇ ਇਸ ਘਰ ਦਿਨ ਗੁਜ਼ਾਰੇ ਹੁੰਦੇ ਆ ਉਹ ਇਸ ਤਰ੍ਹਾਂ ਸੋਚਦਾ ਕਿ ਇਨ੍ਹਾਂ ਘਰਾਂ ਨੂੰ ਬਣਾਉਣ ਦਾ ਕਿੰਨਾ ਚਾਅ ਹੁੰਦਾ ਸੀ। ਇਸੇ ਤਰ੍ਹਾਂ ਕਈ ਬੀਬੀਆਂ ਸੋਚਾਂ ਵਿਚ ਪੈ ਜਾਂਦੀਆਂ 'ਤੇ ਆਪਣੇ ਵੇਲੇ ਨੂੰ ਯਾਦ ਕਰਦੀਆਂ ਕਿਸ ਤਰ੍ਹਾਂ ਘਰ ਦੀ ਨੀਂਹ 'ਤੇ ਸ਼ੁਰੂਆਤ ਹੁੰਦੀ ਸੀ। ਜਦੋਂ ਵਿਆਹ ਦੇ ਦਿਨ ਨੇੜੇ ਆ ਜਾਂਦੇ ਸੀ, ਤਾਂ ਬੀਬੀਆਂ ਵਲੋਂ ਵਿਆਹ ਵਾਲੇ ਘਰ ਪਰੋਲਾ ਲਾਉਂਦੀਆਂ ਚੁੱਲ੍ਹੇ 'ਤੇ ਕਧੋਲੀ ਉਪਰ ਵੇਲ ਬੂਟੀਆਂ ਲਾਉਂਦੀਆਂ ਇਸੇ ਤਰ੍ਹਾਂ ਪੂਰੇ ਕੱਚੇ ਘਰ ਨੂੰ ਫੁੱਲਾਂ ਵਾਂਗੂੰ ਸ਼ਿੰਗਾਰ ਦਿੱਤਾ ਜਾਂਦਾ ਸੀ। ਆਂਢਣਾਂ-ਗੁਆਂਢਣਾ ਵਿਆਹ ਦੀ ਖੁਸ਼ੀ ਵਿਚ ਆਪਣੇ ਘਰ ਨੂੰ ਵੀ ਸਵਾਰਨ ਵਿਚ ਰੁੱਝੀਆਂ ਰਹਿੰਦੀਆਂ ਸਾਰਾ-ਸਾਰਾ ਦਿਨ ਬੀਬੀਆਂ ਮਿੱਟੀ ਨਾਲ ਮਿੱਟੀ ਹੋਈਆਂ ਰਹਿੰਦੀਆਂ ਸਨ, ਪਰ ਇਨ੍ਹਾਂ ਕੱਚੀਆਂ ਇੱਟਾਂ ਨੂੰ ਗਿੱਲੀ ਮਿੱਟੀ ਨਾਲ ਬਹੁਤ ਔਖਾ ਜਕੜਿਆ ਜਾਂਦਾ ਸੀ, ਕਿਉਂਕਿ ਜੋ ਇੱਟ ਸੁੱਕੀ ਹੁੰਦੀ ਸੀ, ਉਸ ਉੱਪਰ ਗਿੱਲੀ ਮਿੱਟੀ ਮਸਾਂ ਹੀ ਖੜ੍ਹਦੀ ਸੀ। ਮਿੱਟੀ ਵਾਰ-ਵਾਰ ਡਿੱਗ ਜਾਂਦੀ ਫਿਰ ਲਾਉਂਦਿਆਂ ਇਸ ਨੂੰ ਪੂਰਾ ਕਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਕੰਧੋਲੀ, ਚੁੱਲ੍ਹਾ, ਹਾਰਾ ਬੀਬੀਆਂ ਇਸ ਮਿੱਟੀ ਨਾਲ ਬਹੁਤ ਨਿਖੇਰ ਦਿੰਦੀਆਂ ਸਨ। ਇਸ ਸਮੇਂ ਵਿਚ ਆਪਸੀ ਸਾਂਝ ਬਹੁਤ ਸੀ। ਲੋਕੀ ਹਮੇਸ਼ਾਂ ਤੁਰੇ ਰਹਿੰਦੇ ਕੰਮਾਂ-ਕਾਰਾਂ ਨੂੰ, ਪਰ ਆਂਢੀਆਂ-ਗੁਆਂਢੀਆਂ ਨਾਲ ਬਹੁਤ ਮੇਲ-ਜੋਲ ਜਿਹਾ ਹੋਣਾ, ਬੀਬੀਆਂ ਵੀ ਨਾਲ ਲੱਗ ਕੇ ਮਿੱਟੀ ਲਵਾਉਂਦੀਆਂ ਸਨ। ਇਸ ਤਰ੍ਹਾਂ ਬੀਬੀਆਂ ਇਕ ਦੂਸਰੀ ਨਾਲ ਘਰੇ ਕੰਮਾਂ ਕਾਰਾਂ ਵਿਚ ਹੱਥ ਵਟਾਉਂਦੀਆਂ ਸਨ। ਇਨ੍ਹਾਂ ਨੂੰ ਮਿੱਟੀ ਲਾਉਂਦੇ ਸਮੇਂ ਬੱਚਿਆਂ ਵਲੋਂ ਗਿੱਲੀ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਸੀ ਜਿਸ ਵਿਚ ਚੁੱਲ੍ਹਾ, ਕੌਲੀਆਂ, ਗਲਾਸ, ਤਵਾ, ਚਕਲਾ-ਵੇਲਣਾ, ਹੋਰ ਬਰਤਨ ਬੱਚੇ ਇਸ ਮਿੱਟੀ ਨਾਲ ਬਣਾਉਂਦੇ ਸਾਰ-ਸਾਰਾ ਦਿਨ ਹੱਥ ਲਿਬੇੜੀ ਰੱਖਦੇ ਸਨ। ਇਸ ਮੌਕੇ ਸਾਵਣ ਮਹੀਨੇ ਦੀਆਂ ਬਰਸਾਤਾਂ 'ਚ ਇਸ ਮਿੱਟੀ ਦੀ ਸੁਗੰਧ ਸੰਗੀਤ ਜਿਹਾ ਪੈਦਾ ਕਰਦੀ ਹੁੰਦੀ ਸੀ। ਇਨ੍ਹੀਂ ਦਿਨੀਂ ਹਰ ਇਕ ਦਾ ਮਨ ਖੁਸ਼ ਰਹਿੰਦਾ ਸੀ। ਇਸ ਬਾਰਿਸ਼ਾਂ ਮੌਕੇ ਵਰ੍ਹਦੇ ਮੀਹਾਂ ਵਿਚ ਕਈ ਕੱਚੇ ਘਰ ਤ੍ਰਰੇਲ ਵਾਂਗੂੰ ਤ੍ਰਿਪ-ਤ੍ਰਿਪ ਚੋਂਦੇ, ਕਈਆਂ ਵਲੋਂ ਮੌਕੇ 'ਤੇ ਹੀ ਛੱਤਾਂ ਉੱਤੇ ਮਿੱਟੀ ਸੁੱਟੀ ਜਾਂਦੀ ਸੀ।
ਇਸ ਬਾਰਿਸ਼ ਮੌਕੇ ਗਰਜਦੇ ਬੱਦਲਾਂ 'ਤੇ ਬਿਜਲੀ ਦੀ ਲਿਸ਼ਕੋਰ ਵਿਚ ਬੈਠ ਕੱਚੇ ਘਰ ਦਾ ਅਨੰਦ ਹੀ ਕੁਝ ਹੋਰ ਹੁੰਦਾ ਸੀ। ਨਾਲੇ ਮਾਤਾ ਵਲੋਂ ਬਣਾਈ ਖੀਰ ਖਾਈ ਜਾਣੀ ਨਾਲੇ ਖਿੜਕੀ ਖੋਲ੍ਹ ਕੇ ਬਾਹਰ ਵੱਲ ਨੂੰ ਤੱਕੀ ਜਾਣਾ, ਇਸ ਕਣੀ-ਕਣੀ ਦੇ ਛਰਾਟੇ ਨੂੰ ਜੇਕਰ ਧਿਆਨ ਨਾਲ ਸੁਣਿਆਂ ਜਾਵੇ ਕੋਈ ਰਾਗ ਉਭਰ ਰਹੇ ਹੁੰਦੇ, ਇਸ ਕਣੀਆਂ ਦਾ ਖੜਕਾ ਕਣ ਜਿਹਾ ਦਿਲ ਵਿਚ ਖਿੱਚ ਜਿਹੀ ਪਾ ਦਿੰਦਾ ਸੀ। ਇਸ ਮੌਕੇ ਕਈ ਕੱਚੇ ਘਰਾਂ ਵਾਲਿਆਂ ਦੇ ਪਕੌੜੇ, ਗੁਲਗਲੇ, ਖੀਰ, ਪੂੜੇ ਬਣਦੇ ਕਈ ਘਰਾਂ 'ਚ ਰੋਟੀ ਹੀ ਮਸਾਂ ਪੱਕਦੀ ਸੀ। ਕਦੇ ਤਾਂ ਬਹੁਤੇ ਮੀਹਾਂ ਦੇ ਪੈਣ ਕਾਰਨ ਕਈ ਥਾਵਾਂ 'ਤੇ ਬਣੀਆਂ ਕੱਚੀਆਂ ਕੰਧਾਂ ਢਹਿ ਜਾਂਦੀਆਂ ਸਨ।
ਸਰਦੀ ਦੇ ਮੌਸਮ ਵਿਚ ਇਨ੍ਹਾਂ ਕੱਚੇ ਘਰਾਂ ਦੀ ਬੜੀ ਖਾਸ ਗੱਲ ਹੁੰਦੀ ਸੀ। ਇਨ੍ਹਾਂ ਘਰਾਂ ਵਿਚ ਠੰਢ ਦੇ ਮੌਸਮ ਵਿਚ ਬੜਾ ਨਿੱਘ ਜਿਹਾ ਮਹਿਸੂਸ ਹੁੰਦਾ ਸੀ, 'ਤੇ ਹਮੇਸ਼ਾਂ ਮਿੱਠੀ ਗੋਦ ਵਰਗਾ ਨਿੱਘ ਇਨ੍ਹਾਂ ਕੱਚੇ ਘਰਾਂ ਵਿਚ ਸੀ। ਕਾਨਿਆਂ 'ਤੇ ਸਲਵਾੜ, ਪੂਲਿਆਂ ਦੀ ਛੱਤ ਗਾਰੇ ਨਾਲ ਲਿੱਪੀ ਨਜ਼ਰ ਆਉਂਦੀ ਸੀ। ਬੱਚਿਆਂ ਵਲੋਂ ਮਾਂ ਦੀ ਗੋਦ ਵਿਚ ਜਾਂ ਕੇ ਬੈਠ ਜਾਣਾ ਕਹਾਣੀਆਂ ਸੁਣਨ ਦੀ ਸਿਫਾਰਸ਼ ਜਿਹੀ ਵਧਾਉਣੀ।
ਇਸ ਸਮੇਂ ਵਿਚ ਦੁੱਧ ਵਾਦ ਦੇ ਜ਼ਿਆਦਾਤਰ ਸ਼ੌਕੀਨ ਲੋਕ ਘਰਾਂ ਵਿਚ ਮੱਝਾਂ, ਗਾਂਵਾਂ ਪਾਲਦੇ ਸੀ। ਕਈ ਲੋਕ ਇਨ੍ਹਾਂ ਵਲੋਂ ਬਾਹਰ ਮੁੱਖ ਗੇਟ ਅੱਗੇ ਜੋ ਥਾਵਾਂ ਛੱਡੀਆਂ ਹੋਣੀਆਂ ਜਾਂ ਕਿੱਕਰਾਂ ਹੇਠਾਂ ਪਸ਼ੂਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ। ਜਦੋਂ ਕੋਈ ਪਸ਼ੂ ਬੰਨ੍ਹਿਆਂ ਹੋਇਆ ਖੁੱਲ ਜਾਂਦਾ ਸੀ, ਤਾਂ ਇਸ ਪਿੱਛੇ ਬੜਾ ਭੱਜਣਾ, ਇਹ ਪਸ਼ੂ ਕਈ ਕੱਚੇ ਘਰਾਂ ਦੀ ਲੱਗੀ ਮਿੱਟੀ ਸਿੰਗਾਂ ਨਾਲ ਲਾਹ ਦਿੰਦੇ ਸਨ ਜਾਂ ਘਰਾਂ ਲਾਗੇ ਛਾਵੇਂ ਬੈਠਣ ਲਈ ਡਾਹੇ ਮੰਜੇ 'ਤੇ ਟੱਕਰਾਂ ਮਾਰਨ ਲੱਗ ਜਾਂਦੇ ਸਨ। ਪਰ ਇਸ ਸਮੇਂ ਬੜੀ ਨਰਮੀ ਵਰਤੀ ਜਾਂਦੀ, ਆਂਢੀ-ਗੁਆਂਢੀ ਜਾਂ ਹੋਰ ਘਰਾਂ ਦੇ ਮਾੜੇ ਬੋਲ ਨਹੀਂ ਸੀ, ਬੋਲਦੇ। ਇਨ੍ਹਾਂ ਕੱਚੇ ਘਰਾਂ ਵਿਚ ਜੰਮੇ-ਪਲੇ ਮੌਜ ਮਸਤੀਆਂ ਵਾਲੇ ਬੱਚੇ, ਵੱਡੇ ਦਰਵਾਜ਼ਿਆਂ ਅੱਗੇ ਖੇਡਣ ਚਲੇ ਜਾਂਦੇ, ਕਈ ਥਾਵਾਂ 'ਤੇ ਇਹ ਵੱਡੇ ਦਰਵਾਜ਼ੇ ਪੱਕੇ ਬਣ ਗਏ, ਕੁਝ ਪਿੰਡਾਂ ਵਿਚ ਕੱਚੇ ਹਨ। ਜਿੰਨੇ ਘਰ ਇਸ ਪੁਰਾਣੇ ਸਮੇਂ ਵਿਚ ਕੱਚੇ ਸੀ, ਉਨੇ ਹੀ ਰਿਸ਼ਤੇ ਗੂੜ੍ਹੇ 'ਤੇ ਪੱਕੇ ਸੀ।


-ਸੰਪਰਕ : 98724-62794





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX