ਤਾਜਾ ਖ਼ਬਰਾਂ


'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  38 minutes ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  44 minutes ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  57 minutes ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 1 hour ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਦਮਿਸ਼ਕ, 20 ਜਨਵਰੀ- ਸੀਰੀਆ ਦੇ ਅਫਰੀਨ ਸ਼ਹਿਰ 'ਚ ਅੱਜ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਸਥਾਨਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ...
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 2 hours ago
ਕਾਬੁਲ, 20 ਜਨਵਰੀ- ਅਫ਼ਗ਼ਾਨਿਸਤਾਨ ਦੇ ਮੱਧ ਲੋਗਾਰ ਪ੍ਰਾਂਤ 'ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਹੋਰ .....
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜਨਵਰੀ- ਪਾਕਿਸਤਾਨ ਵਲੋਂ ਅੱਜ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਨੇ ਅੱਜ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਪੈਂਦੇ ਹੀਰਾਨਗਰ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ...
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਬਟਾਲਾ, 20 ਜਨਵਰੀ (ਕਾਹਲੋਂ)- ਗੁਰਿੰਦਰ ਸਿੰਘ ਬਾਜਵਾ ਨੇ ਆਪਣਾ ਪੰਜਾਬ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਹ ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਵੀ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਪਾਰਟੀ ਦੀਆਂ ਪਿਛਲੇ...
ਹੋਰ ਖ਼ਬਰਾਂ..

ਸਾਡੀ ਸਿਹਤ

ਰਸ ਜਾਂ ਫਲ : ਸਿਹਤ ਲਈ ਬਿਹਤਰ ਕੀ

ਬਹੁਤ ਸਾਰੇ ਲੋਕ ਦੋਚਿੱਤੀ ਵਿਚ ਰਹਿੰਦੇ ਹਨ ਕਿ ਫਲ ਖਾਧਾ ਜਾਵੇ ਜਾਂ ਤਾਜ਼ੇ ਫਲਾਂ ਦਾ ਰਸ ਪੀਤਾ ਜਾਵੇ। ਕੀ ਬਿਹਤਰ ਹੈ, ਸਮਝ ਨਹੀਂ ਆਉਂਦੀ। ਵੈਸੇ ਦੋਵਾਂ ਦੇ ਆਪਣੇ-ਆਪਣੇ ਗੁਣ ਹਨ। ਫਲ ਖਾਣ ਨਾਲ ਸਰੀਰ ਨੂੰ ਰੇਸ਼ਾ ਬਹੁਤ ਮਿਲਦੇ ਹਨ ਪਰ ਰਸ ਸਿੱਧਾ ਸਰੀਰ ਵਿਚ ਪਹੁੰਚ ਕੇ ਠੰਢਕ, ਤਾਜ਼ਗੀ ਅਤੇ ਊਰਜਾ ਦਿੰਦਾ ਹੈ। ਆਓ ਜਾਣੀਏ ਕੁਝ ਤੱਥ ਕਿ ਕੀ ਬਿਹਤਰ ਹੈ?
ਰਸ ਵੀ ਸਿਹਤ ਲਈ ਚੰਗਾ ਹੁੰਦਾ ਹੈ। ਉਸ ਵਿਚ ਵੀ ਓਨੇ ਹੀ ਪੋਸ਼ਕ ਪਦਾਰਥ ਹੁੰਦੇ ਹਨ, ਜਿੰਨੇ ਫਲਾਂ ਵਿਚ। ਫਲਾਂ ਦੇ ਰਸ ਵਿਚ ਫਾਈਟੋਨਿਊਟ੍ਰੀਏਂਟਸ ਹੁੰਦੇ ਹਨ, ਜੋ ਸਾਡੀ ਸਿਹਤ ਲਈ ਲਾਭਦਾਇਕ ਹੁੰਦੇ ਹਨ। ਫਲਾਂ ਵਿਚ ਮੌਜੂਦ ਰੇਸ਼ਾ ਪੇਟ ਲਈ ਬਹੁਤ ਲਾਭਦਾਇਕ ਹੁੰਦਾ ਹੈ। ਰਸ ਪੀਣ ਨਾਲ ਸਰੀਰ ਦੇ ਯੂਰਿਕ ਐਸਿਡ ਅਤੇ ਦੂਜੇ ਨੁਕਸਾਨਦੇਹ ਰਸਾਇਣ ਬਾਹਰ ਨਿਕਲਦੇ ਹਨ, ਜਿਸ ਨਾਲ ਅਸੀਂ ਤਾਜ਼ਗੀ ਮਹਿਸੂਸ ਕਰਦੇ ਹਾਂ। ਫਲ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ, ਭਾਰ ਨਹੀਂ ਵਧਦਾ।
ਫਲਾਂ ਦਾ ਰਸ ਘਰ ਵਿਚ ਹੀ ਤਾਜ਼ਾ ਕੱਢ ਕੇ ਪੀਣਾ ਸਿਹਤ ਲਈ ਜ਼ਿਆਦਾ ਲਾਭਦਾਇਕ ਹੁੰਦਾ ਹੈ। ਬਾਹਰਲੇ ਰਸ ਵਿਚ ਕਈ ਵਾਰ ਮਿੱਠਾ ਕਰਨ ਲਈ ਵਾਧੂ ਬੂਰੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸਵਾਦ ਦੇਣ ਲਈ ਈਸੈਂਸ ਪਾਇਆ ਜਾਂਦਾ ਹੈ, ਜੋ ਸਿਹਤ ਨੂੰ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰਦਾ ਹੈ। ਘਰ ਦਾ ਰਸ ਜ਼ਿਆਦਾ ਪੋਸ਼ਟਿਕਤਾ ਲਈ ਹੁੰਦਾ ਹੈ।
ਜੇ ਤੁਸੀਂ ਵਿਸ਼ੇਸ਼ ਰੋਗ ਤੋਂ ਪੀੜਤ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਫਲਾਂ ਦਾ ਰਸ ਨਾ ਪੀਓ, ਕਿਉਂਕਿ ਕੁਝ ਫਲਾਂ ਦੇ ਰਸ ਦਵਾਈ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਮਿਕਸ ਫਲਾਂ ਦਾ ਰਸ ਵੀ ਡਾਕਟਰੀ ਸਲਾਹ ਨਾਲ ਲਓ, ਜਿਵੇਂ ਅੰਗੂਰ, ਸੇਬ ਅਤੇ ਸੰਤਰੇ ਦਾ ਮਿਲਿਆ ਰਸ ਹਾਰਟ ਇਨਫੈਕਸ਼ਨ ਵਾਲੇ ਰੋਗੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇ ਰਸ ਡਾਕਟਰ ਦੱਸੇ ਤਾਂ ਸ਼ੁਰੂ ਵਿਚ 100 ਮਿਲੀਲਿਟਰ ਰਸ ਹੀ ਲਓ, ਫਿਰ ਹੌਲੀ-ਹੌਲੀ ਵਧਾ ਕੇ 400 ਮਿਲੀਲਿਟਰ ਨਾਲੋਂ ਵੱਧ ਨਾ ਪੀਓ।
ਪੈਕਡ ਜੂਸ ਵਿਚ ਕੈਲੋਰੀਜ਼ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਾਰ ਵਧਦਾ ਹੈ ਪਰ ਊਰਜਾ ਦਾ ਪੱਧਰ ਜ਼ਿਆਦਾ ਹੁੰਦਾ ਹੈ। ਪੈਕਡ ਰਸ ਪੀਣ ਨਾਲ ਭੁੱਖ ਵੀ ਵਧਦੀ ਹੈ, ਜਿਸ ਨਾਲ ਜੋ ਲੋਕ ਭਾਰ 'ਤੇ ਕਾਬੂ ਰੱਖਣਾ ਚਾਹੁੰਦੇ ਹਨ, ਉਨ੍ਹਾਂ ਦੀ ਮਿਹਨਤ ਬੇਕਾਰ ਹੋ ਜਾਂਦੀ ਹੈ।
ਫਲਾਂ ਦਾ ਰਸ ਜ਼ਿਆਦਾ ਪੀਣ ਨਾਲ ਸਰੀਰ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਅਤੇ ਕਦੇ-ਕਦੇ ਪੇਟ ਦਰਦ ਜਾਂ ਦਸਤ ਦੀ ਸ਼ਿਕਾਇਤ ਵੀ ਹੋ ਸਕਦੀ ਹੈ, ਕਿਉਂਕਿ ਸਰੀਰ ਵਿਚ ਕੈਲੋਰੀਜ਼ ਦੀ ਮਾਤਰਾ ਜ਼ਿਆਦਾ ਚਲੀ ਜਾਵੇਗੀ ਤਾਂ ਠੀਕ ਨਹੀਂ। ਜੇ ਤੁਸੀਂ ਦਿਨ ਵਿਚ ਸਿਹਤ ਲਈ ਦੋ ਵਾਰ ਰਸ ਪੀਂਦੇ ਹੋ ਤਾਂ ਅਲੱਗ-ਅਲੱਗ ਫਲਾਂ ਦਾ ਰਸ ਪੀਓ ਤਾਂ ਕਿ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮਿਲ ਸਕਣ। ਇਕ ਹੀ ਫਲ ਦਾ ਰਸ ਮੋਟਾਪਾ ਲਿਆਉਂਦਾ ਹੈ। ਰਸ ਦਾ ਪਲਪੀ ਹੋਣਾ ਸਿਹਤ ਲਈ ਬਹੁਤ ਲਾਭਦਾਇਕ ਹੈ, ਕਿਉਂਕਿ ਫਾਈਬਰਸ ਵਿਚ ਕਈ ਪੋਸ਼ਕ ਤੱਤ ਹੁੰਦੇ ਹਨ। ਬਿਨਾਂ ਫਾਈਬਰ ਵਾਲਾ ਰਸ ਨੁਕਸਾਨ ਤਾਂ ਨਹੀਂ ਪਹੁੰਚਾਉਂਦਾ ਪਰ ਓਨਾ ਲਾਭ ਨਹੀਂ ਪਹੁੰਚਾਉਂਦਾ ਜਿੰਨਾ ਪਲਪ ਵਾਲਾ ਰਸ ਲਾਭ ਦਿੰਦਾ ਹੈ।
ਕਈ ਪੈਕਡ ਰਸਾਂ ਵਿਚ ਸਾਰਬੀਟਾਲ ਵਰਗੀ ਸ਼ੂਗਰ ਹੁੰਦੀ ਹੈ, ਜੋ ਪੇਟ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਖਾਸ ਕਰਕੇ ਚੈਰੀ, ਸੇਬ, ਨਾਸ਼ਪਾਤੀ ਵਰਗੇ ਫਲਾਂ ਵਿਚ ਅਜਿਹਾ ਸ਼ੂਗਰ ਪਾਇਆ ਜਾਂਦਾ ਹੈ। ਇਨ੍ਹਾਂ ਫਲਾਂ ਦੇ ਪੈਕਡ ਰਸ ਨਾਲ ਗੈਸ ਬਣ ਸਕਦੀ ਹੈ ਅਤੇ ਡਾਇਰੀਆ ਦੀ ਸੰਭਾਵਨਾ ਵਧਦੀ ਹੈ। ਪੈਕਡ ਰਸ ਸ਼ੂਗਰ ਦੇ ਰੋਗੀਆਂ ਲਈ ਹਾਨੀਕਾਰਕ ਹੁੰਦੇ ਹਨ। ਪੈਕਡ ਰਸ ਵਿਚ ਫਾਈਬਰ ਵੀ ਨਹੀਂ ਹੁੰਦਾ। ਸਰੀਰ ਰਸ ਛੇਤੀ ਪਚਾਉਂਦਾ ਹੈ ਅਤੇ ਫਲ ਅਤੇ ਸਬਜ਼ੀਆਂ ਪਚਣ ਵਿਚ ਸਮਾਂ ਲਗਦਾ ਹੈ। ਕੁਝ ਫਲਾਂ ਅਤੇ ਸਬਜ਼ੀਆਂ ਦੀਆਂ ਛਿੱਲਾਂ ਕੈਂਸਰ ਰੋਕਣ ਵਿਚ ਮਦਦ ਕਰਦੀਆਂ ਹਨ। ਦੋਵਾਂ ਦੇ ਗੁਣ ਅਤੇ ਔਗੁਣ ਸਾਹਮਣੇ ਹਨ। ਤੁਸੀਂ ਖੁਦ ਆਪਣੀ ਸਿਹਤ ਲਈ ਸਹੀ ਚੋਣ ਕਰ ਸਕਦੇ ਹੋ।


ਖ਼ਬਰ ਸ਼ੇਅਰ ਕਰੋ

ਕੌੜਾ ਕਰੇਲਾ ਸਿਹਤ ਲਈ ਚੰਗਾ

ਕੌੜੇ ਕਰੇਲੇ ਵਿਚ ਵਿਟਾਮਿਨ 'ਏ' ਅਤੇ 'ਈ' ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ, ਜਿੰਕ, ਬੀਟਾ ਕੈਰੋਟੀਨ, ਕੈਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼ ਵੀ ਹੁੰਦਾ ਹੈ ਜੋ ਸਾਡੀ ਸਿਹਤ ਲਈ ਲਾਭਦਾਇਕ ਹੈ। ਕਰੇਲਾ ਚਾਹੇ ਸਵਾਦ ਵਿਚ ਕੌੜਾ ਕਿਉਂ ਨਾ ਹੋਵੇ, ਪਰ ਇਸ ਵਿਚ ਮੌਜੂਦ ਪੋਸ਼ਕ ਤੱਤ ਸਾਡੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ, ਇਸ ਲਈ ਇਸ ਦਾ ਸੇਵਨ ਜ਼ਰੂਰੀ ਹੈ। * ਮੂਤਰ ਤਿਆਗਦੇ ਸਮੇਂ ਜੇ ਜਲਣ ਮਹਿਸੂਸ ਹੋਵੇ ਤਾਂ ਕਰੇਲੇ ਦਾ ਰਸ ਪੀਓ। ਜਲਣ ਵਿਚ ਆਰਾਮ ਮਿਲੇਗਾ।
* ਇਮਿਊਨ ਸਿਸਟਮ ਮਜ਼ਬੂਤ ਕਰਨ ਲਈ ਕਰੇਲਾ ਜਾਂ ਕਰੇਲੇ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਲਾਭ ਮਿਲਦਾ ਹੈ।
* ਨਿਯਮਤ ਕਰੇਲੇ ਦਾ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ, ਜਿਸ ਨਾਲ ਚਮੜੀ ਇਨਫੈਕਸ਼ਨ, ਚਿਹਰੇ ਦੇ ਦਾਗ-ਧੱਬੇ, ਮੁਹਾਸਿਆਂ ਤੋਂ ਛੁਟਕਾਰਾ ਮਿਲਦਾ ਹੈ। ਖਾਲੀ ਪੇਟ ਕਰੇਲੇ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਲਾਭ ਮਿਲਦਾ ਹੈ।
* ਸ਼ੂਗਰ ਕਾਬੂ ਕਰਨ ਵਿਚ ਵੀ ਕਰੇਲੇ ਦਾ ਯੋਗਦਾਨ ਹੁੰਦਾ ਹੈ। ਰੋਜ਼ਾਨਾ ਕਰੇਲੇ ਦਾ ਰਸ ਪੀਣ ਨਾਲ ਸ਼ੂਗਰ ਕਾਬੂ ਵਿਚ ਰਹਿੰਦੀ ਹੈ।
* ਲਿਵਰ ਦੀ ਸਮੱਸਿਆ ਹੋਣ 'ਤੇ ਨਿਯਮਤ ਕਰੇਲੇ ਦਾ ਇਕ ਗਿਲਾਸ ਰਸ ਪੀਣ ਨਾਲ ਇਕ ਹਫਤੇ ਵਿਚ ਫਰਕ ਮਹਿਸੂਸ ਹੁੰਦਾ ਹੈ।
* ਕਰੇਲੇ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਦਾ ਪਾਚਣ ਤੰਤਰ ਬਿਹਤਰ ਬਣਾਉਂਦੇ ਹਨ ਅਤੇ ਭਾਰ ਕਾਬੂ ਕਰਨ ਵਿਚ ਵੀ ਸਹਾਇਤਾ ਮਿਲਦੀ ਹੈ।
* ਕਰੇਲੇ ਦਾ ਨਿਯਮਤ ਸੇਵਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਸਾਡੇ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾਉਂਦਾ ਹੈ।
* ਕਰੇਲੇ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਨਾਲ ਸਾਡਾ ਪਾਚਣ ਤੰਤਰ ਮਜ਼ਬੂਤ ਬਣਦਾ ਹੈ। ਅਪਚ ਅਤੇ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ।
* ਗਲੇ ਦੀ ਸੋਜ ਨੂੰ ਦੂਰ ਕਰਨ ਲਈ ਸੁੱਕੇ ਕਰੇਲੇ ਨੂੰ ਪੀਸ ਕੇ ਲੇਪ ਬਣਾ ਕੇ ਗਲੇ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
* ਪੇਟ ਵਿਚ ਕੀੜੇ ਹੋਣ ਨਾਲ ਪੇਟ ਦਰਦ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ। ਇਸ ਵਾਸਤੇ ਸਵੇਰੇ-ਸ਼ਾਮ ਤਿੰਨ ਦਿਨ ਤੱਕ ਕਰੇਲੇ ਦਾ ਰਸ ਪੀਓ, ਪੇਟ ਦੇ ਕੀੜੇ ਖਤਮ ਹੋ ਜਾਣਗੇ ਅਤੇ ਪੇਟ ਦਰਦ ਤੋਂ ਰਾਹਤ ਮਿਲੇਗੀ।

ਬਵਾਸੀਰ ਦਾ ਜਰਮਨ ਇਨਫਰਾਰੈੱਡ ਕਿਰਨਾਂ ਨਾਲ ਇਲਾਜ ਸੰਭਵ

ਗੁਦਾ ਮਾਰਗ ਦੇ ਆਸੇ-ਪਾਸੇ ਖੂਨ ਦੀਆਂ ਕੋਸ਼ਿਕਾਵਾਂ ਫੁਲ ਜਾਣ ਤਾਂ ਇਸ ਨੂੰ ਬਵਾਸੀਰ ਕਹਿੰਦੇ ਹਨ। ਇਸ ਦਾ ਮੁੱਖ ਕਾਰਨ ਕਬਜ਼ ਦਾ ਹੋਣਾ, ਸ਼ਰਾਬ ਦਾ ਜ਼ਿਆਦਾ ਸੇਵਨ ਕਰਨਾ ਜਾਂ ਫਿਰ ਗਰਭ ਅਵਸਥਾ ਦੌਰਾਨ ਜ਼ੋਰ ਲੱਗਣ ਕਰਕੇ ਬਵਾਸੀਰ ਹੋ ਜਾਂਦੀ ਹੈ।
ਇਸ ਵਿਚ ਰੋਗੀ ਨੂੰ ਮਲ ਤਿਆਗਣ ਵੇਲੇ ਖੂਨ ਡਿਗਦਾ ਹੈ। ਖੂਨ ਦਾ ਡਿਗਣਾ ਕਿਸੇ ਖ਼ਤਰਨਾਕ ਬਿਮਾਰੀ ਜਿਵੇਂ ਕਿ ਅਲਸਰਟੀਵੇ ਕੋਲਾਇਟਿਸ (ਸੰਗ੍ਰਹਿਣੀ) ਜਾਂ ਫਿਰ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਦਾ ਲੱਛਣ ਹੋ ਸਕਦਾ ਹੈ।
ਇਸ ਕਰਕੇ ਜ਼ਰੂਰੀ ਹੁੰਦਾ ਹੈ ਜੇ ਤੁਹਾਨੂੰ ਗੁਦਾ ਮਾਰਗ ਵਿਚੋਂ ਖੂਨ ਆਵੇ ਤਾਂ ਤੁਸੀਂ ਆਪਣੇ ਡਾਕਟਰ ਤੋਂ ਚੈੱਕਅੱਪ ਜ਼ਰੂਰ ਕਰਾਵੋ। ਡਾਕਟਰ ਤੁਹਾਡੀ ਸਿਗਮੋਈਦੋਸਕੋਪੀ ਨਾਲ ਜਾਂਚ ਕਰਕੇ ਇਹ ਪਤਾ ਕਰਦਾ ਹੈ ਕਿ ਖੂਨ ਕਿਥੋਂ ਦੀ ਆ ਰਿਹਾ ਹੈ।
ਬਵਾਸੀਰ ਦਾ ਇਲਾਜ ਕਈ ਤਰੀਕਿਆਂ ਨਾਲ ਹੁੰਦਾ ਹੈ। ਜੇ ਮੋਹਕੇ ਛੋਟੇ ਹੋਣ ਤਾਂ ਇਨ੍ਹਾਂ ਮੋਹਕਿਆਂ ਵਿਚ ਟੀਕਾ ਲੱਗ ਜਾਂਦਾ ਹੈ। ਜੇ ਇਹ ਮੋਹਕੇ ਵੱਡੇ ਹੋ ਜਾਣ ਤਾਂ ਇਨ੍ਹਾਂ ਮੋਹਕਿਆਂ ਦਾ ਇਲਾਜ ਜਰਮਨ ਇਨਫਰਾਰੈਡ ਤਕਨੀਕ ਨਾਲ ਸਫ਼ਲਤਾਪੂਰਵਕ ਹੋ ਜਾਂਦਾ ਹੈ। ਇਸ ਤਕਨੀਕ ਦੀ ਖਾਸੀਅਤ ਹੈ ਕਿ ਰੋਗੀ ਨੂੰ ਕੋਈ ਪੱਟੀ ਨਹੀਂ ਕਰਵਾਉਣੀ ਪੈਂਦੀ। ਇਸ ਤਕਨੀਕ ਵਿਚ ਕੋਈ ਚੀਰ-ਫਾੜ ਨਹੀਂ ਹੁੰਦੀ ਤੇ ਰੋਗੀ 15 ਮਿੰਟਾਂ ਬਾਅਦ ਆਪਣੇ ਘਰ ਨੂੰ ਜਾ ਸਕਦਾ ਹੈ। ਅਪ੍ਰੇਸ਼ਨ ਤੋਂ ਬਾਅਦ ਰੋਗੀ ਪ੍ਰਹੇਜ਼ ਰੱਖੇ ਤੇ ਕਬਜ਼ ਨਾ ਹੋਣ ਦੇਵੇ ਤਾਂ ਬਵਾਸੀਰ ਰੋਗ ਦੁਬਾਰਾ ਨਹੀਂ ਹੁੰਦਾ। ਪਰ ਅਕਸਰ ਕਈ ਮਰੀਜ਼ ਇਲਾਜ ਤੋਂ ਬਾਅਦ ਇਹ ਸੋਚ ਲੈਂਦੇ ਹਨ ਕਿ ਸਭ ਕੁਝ ਠੀਕ ਹੈ ਤਾਂ ਪ੍ਰਹੇਜ਼ ਦੀ ਕੀ ਲੋੜ ਹੈ, ਤਾਂ ਹੀ ਉਨ੍ਹਾਂ ਨੂੰ ਬਵਾਸੀਰ ਦੁਬਾਰਾ ਹੋ ਜਾਂਦੀ ਹੈ।
ਜਰਮਨ ਇਨਫਰਾਰੈੱਡ ਨਾਲ ਇਲਾਜ ਕਾਫੀ ਮਹਿੰਗਾ ਨਹੀਂ ਹੁੰਦਾ। ਇਸ ਦਾ ਖਰਚ ਵੱਡੇ ਆਪ੍ਰੇਸ਼ਨ ਦੇ ਮੁਕਾਬਲੇ ਸਿਰਫ ਚੌਥਾ ਹਿੱਸਾ ਹੀ ਹੈ।


-ਵਾਈਸ ਪ੍ਰੈਜੀਡੈਂਟ, ਵੈਦ ਕਿਰਪਾ ਰਾਮ ਹੈਲਥ ਫਾਊਂਡੇਸ਼ਨ, ਸਾਹਮਣੇ ਸ਼ਿਵਪੁੁਰੀ ਮੰਦਰ, ਪੁਰਾਣਾ ਸਿਨੇਮਾ ਰੋਡ, ਖੰਨਾ।

ਜੀਵਨ ਸ਼ੈਲੀ ਰੋਗਾਂ ਤੋਂ ਉਦਯੋਗਿਕ ਬਿਮਾਰੀਆਂ ਤੱਕ

ਉਦਯੋਗਿਕ ਪ੍ਰਦੂਸ਼ਣ ਵਿਚ ਲਗਾਤਾਰ ਰਹਿਣ ਅਤੇ ਕੰਮ ਕਰਨ ਕਰਕੇ ਹਾਲ ਹੀ ਦੇ ਸਾਲਾਂ ਵਿਚ ਕੁਝ ਅਜਿਹੀਆਂ ਬਿਮਾਰੀਆਂ ਦਾ ਵਿਕਾਸ ਹੋਇਆ ਹੈ, ਜਿਨ੍ਹਾਂ ਦਾ ਇਲਾਜ ਪ੍ਰੰਪਰਿਕ ਡਾਕਟਰੀ ਵਿਧੀ ਦੁਆਰਾ ਸੰਭਵ ਨਹੀਂ ਹੈ।
ਆਮ ਤੌਰ 'ਤੇ ਇਹੀ ਧਾਰਨਾ ਕੰਮ ਕਰ ਰਹੀ ਹੈ ਕਿ ਰੋਗਾਂ ਦਾ ਹਮਲਾ ਸੂਖਮ ਜੀਵਾਣੂਆਂ ਜਾਂ ਵਿਸ਼ਾਣੂਆਂ ਦੁਆਰਾ ਹੁੰਦਾ ਹੈ, ਜਿਨ੍ਹਾਂ ਦਾ ਡਾਕਟਰੀ ਇਲਾਜ ਸੰਭਵ ਹੈ ਪਰ ਜੀਵਨ ਸ਼ੈਲੀ ਰੋਗਾਂ ਵਿਚ ਜੀਵਾਣੂ-ਵਿਸ਼ਾਣੂ ਨਹੀਂ ਪਾਏ ਜਾਂਦੇ, ਇਸ ਲਈ ਇਨ੍ਹਾਂ ਦਾ ਇਲਾਜ ਵੀ ਸੰਭਵ ਨਹੀਂ ਹੈ। ਵਾਤਾਵਰਨ, ਪ੍ਰਦੂਸ਼ਣ ਦੇ ਅਭਿਸ਼ਾਪ ਦੇ ਰੂਪ ਵਿਚ ਪਾਣੀ, ਹਵਾ, ਧਵਨੀ, ਧੂੜ, ਧੂੰਆਂ ਤੋਂ ਲੈ ਕੇ ਰਸਾਇਣਕ ਰੰਗਰੋਗਨ ਅਤੇ ਕੀਟਨਾਸ਼ਕ ਦਵਾਈਆਂ ਵੀ ਅਜਿਹੇ ਰੋਗਾਂ ਨੂੰ ਫੈਲਾਉਂਦੀਆਂ ਹਨ।
ਧੂੜਾਂ ਦਾ ਅਸਰ ਸਰੀਰ 'ਤੇ ਤਿੰਨ ਪੜਾਵਾਂ ਵਿਚ ਹੁੰਦਾ ਹੈ-ਸਥਾਨਕ ਅਸਰ, ਸਾਹ ਦੁਆਰਾ ਫੇਫੜੇ ਵਿਚ ਚਲੇ ਜਾਣਾ ਅਤੇ ਭੋਜਨ ਦੁਆਰਾ ਪਾਚਣ ਕਿਰਿਆ ਵਿਚ ਮਿਲ ਜਾਣਾ। ਧੂੜ ਕਣ ਜਦੋਂ 3 ਮਾਈਕ੍ਰੋਨ ਤੋਂ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਦਾ ਸਥਾਨਕ ਅਸਰ ਸਰੀਰ ਦੀ ਚਮੜੀ, ਅੱਖ, ਕੰਨ ਆਦਿ 'ਤੇ ਹੀ ਹੋ ਕੇ ਰਹਿ ਜਾਂਦਾ ਹੈ। ਜੇ ਧੂੜ ਕਣ 3 ਮਾਈਕ੍ਰੋਨ ਤੋਂ ਘੱਟ ਹੁੰਦੇ ਹਨ ਤਾਂ ਫੇਫੜਿਆਂ ਵਿਚ ਉਨ੍ਹਾਂ ਦਾ ਦਾਖ਼ਲਾ ਸਾਹ ਦੁਆਰਾ ਸੰਭਵ ਹੈ।
ਖੇਤੀ ਕੰਮਾਂ ਵਿਚ ਫ਼ਸਲ ਕੱਟਣ ਵਾਲਾ ਜਾਂ ਅਨਾਜ ਚੁੱਕਣ ਵਾਲਾ ਕਿਸਾਨ ਫੇਫੜਾ (ਫਾਰਮਰ ਲੰਗ) ਨਾਮਕ ਬਿਮਾਰੀ ਤੋਂ ਪ੍ਰਭਾਵਿਤ ਹੁੰਦਾ ਹੈ। ਲੰਮੇ ਸਮੇਂ ਤੱਕ ਟਾਈਪ ਕਰਨ ਵਾਲਾ ਜਾਂ ਪ੍ਰੈੱਸ ਕੰਪੋਜ਼ੀਟਰ ਸੀਸਾ (ਲੇਡ) ਦੇ ਜ਼ਹਿਰੀਲੇ ਪ੍ਰਭਾਵ ਨਾਲ ਬੁਰੀ ਤਰ੍ਹਾਂ ਪੀੜਤ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਬਿਮਾਰੀਆਂ ਨੂੰ ਜੀਵਨ ਸ਼ੈਲੀ ਰੋਗ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ ਦੇ ਕਾਰਨ ਹੀ ਇਹ ਰੋਗ ਫੈਲਦੇ ਹਨ।
ਜੀਵਨ ਸ਼ੈਲੀ ਰੋਗਾਂ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ ਹੱਥਾਂ ਦੇ ਦਸਤਾਨੇ, ਅੱਖਾਂ 'ਤੇ ਵਿਸ਼ੇਸ਼ ਤਰ੍ਹਾਂ ਦਾ ਚਸ਼ਮਾ ਅਤੇ ਨੱਕ ਢਕਣ ਲਈ ਫਿਲਟਰ ਹੁੰਦੇ ਹਨ। ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਮਜ਼ਦੂਰ ਦਾ ਪੂਰਾ ਸਰੀਰ ਕੱਪੜਿਆਂ ਅਤੇ ਪੈਰ ਜੁੱਤੀ ਨਾਲ ਢਕਿਆ ਰਹੇ, ਜਿਸ ਨਾਲ ਉਸ ਦੇ ਸਰੀਰ ਦਾ ਕੋਈ ਵੀ ਭਾਗ ਇਨ੍ਹਾਂ ਧੂੜਾਂ ਦੇ ਸਿੱਧਾ ਸੰਪਰਕ ਵਿਚ ਨਾ ਆਵੇ।
ਸੀਮੈਂਟ ਦੇ ਕਾਰਖਾਨਿਆਂ, ਲੋਹਾ ਕਾਰਖਾਨਿਆਂ ਦੀਆਂ ਚਿਮਨੀਆਂ, ਥਰਮਲ ਪਾਵਰ ਸਟੇਸ਼ਨ ਦੀ ਧੂੜ ਅਤੇ ਕੱਪੜਾ ਮਿੱਲਾਂ ਵਿਚੋਂ ਉਡਣ ਵਾਲੇ ਪਤਲੇ ਕਣਾਂ ਨੂੰ ਜਮ੍ਹਾਂ ਕਰਨ ਲਈ ਆਧੁਨਿਕ ਯੁੱਗ ਵਿਚ ਹਾਈਡ੍ਰੋਸਟੇਟਿਕ ਜਾਂ ਇਲੈਕਟ੍ਰੋਸਟੇਟਿਕ ਪ੍ਰੋਸਿਪਿਟੇਟਰ (ਧੂੜ ਸ਼ੋਸ਼ਕ) ਯੰਤਰਾਂ ਦੀ ਖੋਜ ਹੋਈ ਹੈ।
ਜੀਵਨ ਸ਼ੈਲੀ ਰੋਗਾਂ ਦੀ ਸ਼੍ਰੇਣੀ ਵਿਚ ਵੀ ਦੂਜਾ ਸਥਾਨ ਆਉਂਦਾ ਹੈ ਉਦਯੋਗਿਕ ਬਿਮਾਰੀਆਂ ਦਾ, ਜਿਨ੍ਹਾਂ ਦੇ ਫੈਲਾਅ ਵਿਚ ਵੀ ਕੀਟਾਣੂ-ਜੀਵਾਣੂ ਕਿਰਿਆਸ਼ੀਲ ਨਹੀਂ ਹਨ। ਮਨੁੱਖ ਵਲੋਂ ਬਣਾਏ 3000 ਰਸਾਇਣਾਂ ਦੀ ਵਰਤੋਂ ਖਾਧ ਪਦਾਰਥਾਂ ਦੇ ਨਿਰਮਾਣ ਤੱਕ ਹੁੰਦੀ ਹੈ।
ਕੀਟਨਾਸ਼ਕਾਂ ਦੇ ਰੂਪ ਵਿਚ ਰਸਾਇਣਾਂ ਦੀ ਵਰਤੋਂ ਅੱਜ ਦੁਨੀਆ ਲਈ ਇਕ ਵੱਡੀ ਸਮੱਸਿਆ ਬਣ ਗਈ ਹੈ। ਇਨ੍ਹਾਂ ਨਾਲ ਪਾਣੀ, ਹਵਾ, ਮਿੱਟੀ ਤੋਂ ਲੈ ਕੇ ਬਨਸਪਤੀ ਅਤੇ ਮਾਸ-ਮੱਛੀ ਵਾਲੇ ਜੀਵ-ਜੰਤੂ ਵੀ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਦੀ ਵਰਤੋਂ ਨਾਲ ਮਨੁੱਖ ਹੀ ਨਹੀਂ, ਗਰਭ ਵਿਚ ਪਲ ਰਹੇ ਬੱਚੇ ਤੋਂ ਲੈ ਕੇ ਮਾਵਾਂ ਦਾ ਦੁੱਧ ਵੀ ਦੂਸ਼ਿਤ ਹੋ ਰਿਹਾ ਹੈ। ਮਰਕਰੀ ਲੇਡ ਅਤੇ ਆਰਸੇਨਿਕ ਧਾਤੂ ਅੱਜ ਬੜੀ ਤੇਜ਼ੀ ਨਾਲ ਪਾਣੀ, ਹਵਾ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ।
ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਡੀ. ਡੀ. ਟੀ. ਦੇ ਕੀਟਨਾਸ਼ਕਾਂ ਦੀ ਮਨਾਹੀ ਹੈ ਅਤੇ ਰਸਾਇਣਕ ਖਾਦ ਰਹਿਤ ਫਲਾਂ, ਭੋਜਨ ਦੀ ਮੰਗ ਹੁਣ ਜ਼ਿਆਦਾ ਹੋਣ ਲੱਗੀ ਹੈ। ਮੋਟਰ-ਗੱਡੀਆਂ ਦੇ ਧੂੰਏਂ ਵਿਚ ਲੇਡ ਜਾਂ ਸੀਸਾ ਦੇ ਕਾਰਨ ਮਹਾਂਨਗਰ ਜੋ ਪ੍ਰਦੂਸ਼ਿਤ ਹੋ ਰਹੇ ਹਨ, ਉਸ ਦਾ ਵੀ ਉਪਾਅ ਖੋਜਿਆ ਜਾ ਰਿਹਾ ਹੈ। ਇਸ ਜ਼ਹਿਰੀਲੇ ਧੂੰਏਂ ਨਾਲ ਕਮਜ਼ੋਰ ਹੱਡੀਆਂ, ਖੂਨ ਦਾ ਦਬਾਅ ਅਤੇ ਕੈਂਸਰ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਹੁਣ ਤਾਂ ਵਿਗਿਆਨੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਕ ਵਾਰ ਡੀਜ਼ਲ ਦਾ ਧੂੰਆਂ ਜੇ ਪੂਰੇ ਫੇਫੜੇ ਵਿਚ ਚਲਾ ਜਾਵੇ ਤਾਂ ਇਹ 500 ਸਿਗਰਿਟ ਪੀਣ ਦੇ ਬਰਾਬਰ ਨੁਕਸਾਨ ਕਰਦਾ ਹੈ। ਪੂਰੀ ਦੁਨੀਆ ਦੀ ਸਤਹ 'ਤੇ ਪਲਾਸਟਿਕ ਦੀ ਲਗਾਤਾਰ ਨਾ ਖ਼ਤਮ ਹੋਣ ਵਾਲੀ ਪਰਤ ਫੈਲਦੀ ਜਾ ਰਹੀ ਹੈ ਜੋ ਅਲੱਗ ਸਮੱਸਿਆ ਹੈ।
ਉਦਯੋਗੀਕਰਨ ਦਾ ਸਰਾਪ ਆਵਾਜ਼ ਪ੍ਰਦੂਸ਼ਣ ਵੀ ਸਾਨੂੰ ਘੱਟ ਨੁਕਸਾਨ ਨਹੀਂ ਪਹੁੰਚਾ ਰਿਹਾ ਹੈ। ਮਨੁੱਖ ਲਈ ਆਵਾਜ਼ ਦੀ ਆਦਰਸ਼ ਮਾਤਰਾ 25-30 ਡੈਸੀਬਲ ਹੈ ਅਤੇ ਸਹਿਣਯੋਗ ਸਥਿਤੀ 40 ਡੈਸੀਬਲ ਦੀ ਤੀਬਰਤਾ। ਮਨੁੱਖ ਵਿਚ ਚਿੜਚਿੜਾਪਨ 50 ਡੈਸੀਬਲ ਦੀ ਤੀਬਰਤਾ ਵਾਲੀ ਆਵਾਜ਼ ਲਿਆਉਂਦੀ ਹੈ। ਸਿਰਦਰਦ, ਤਣਾਅ ਅਤੇ ਥਕਾਨ ਪੈਦਾ ਕਰਨ ਲਈ ਜਿਥੇ 80 ਡੈਸੀਬਲ ਕਾਫੀ ਹੈ, ਉਥੇ 90 ਡੈਸੀਬਲ ਨਾਲ ਮਾਤਾ ਦੇ ਗਰਭ ਵਿਚ ਬੱਚਾ ਚੌਂਕ ਉਠਦਾ ਹੈ। ਇਸੇ ਤਰ੍ਹਾਂ 100 ਡੈਸੀਬਲ ਨਾਲ ਬੋਲਾਪਨ, 110 ਨਾਲ ਪਾਗਲਪਨ ਅਤੇ 150 ਡੈਸੀਬਲ ਤੀਬਰਤਾ ਨਾਲ ਕੰਨਾਂ ਦੇ ਪਰਦੇ ਫਟ ਕੇ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ।
ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਲਕਾਤਾ, ਮੁੰਬਈ, ਮਦਰਾਸ ਅਤੇ ਦਿੱਲੀ ਵਰਗੇ ਮਹਾਂਨਗਰਾਂ ਦੀ ਸਥਿਤੀ ਕੀ ਹੋਵੇਗੀ, ਜਿਥੇ ਔਸਤ ਤੀਬਰਤਾ 90 ਡੈਸੀਬਲ ਹੈ?

ਪੀਲੀਆ ਖ਼ਤਰਨਾਕ ਵੀ ਹੋ ਸਕਦਾ ਹੈ

ਪੀਲੀਆ ਬਰਸਾਤ ਅਤੇ ਗਰਮੀ ਦੇ ਮੌਸਮ ਵਿਚ ਕਦੇ ਵੀ ਕਿਸੇ ਨੂੰ ਵੀ ਹੋ ਸਕਦਾ ਹੈ। ਇਹ ਆਮ ਤੌਰ 'ਤੇ ਲਿਵਰ ਦੇ ਸੰਕ੍ਰਮਿਤ ਹੋਣ ਨਾਲ ਹੁੰਦਾ ਹੈ। ਇਸ ਨੂੰ ਲੈ ਕੇ ਅੰਧਵਿਸ਼ਵਾਸ ਅਤੇ ਭਰਮ ਬਹੁਤ ਹਨ।
ਹਰ ਸ਼ਹਿਰ ਅਤੇ ਕਸਬੇ ਵਿਚ ਝਾੜ-ਫੂਕ ਨਾਲ ਟੋਟਕੇ ਜਾਂ ਨੁਸਖੇ ਦੇਣ ਵਾਲੇ ਅਜਿਹੇ ਅਨੇਕ ਮਿਲ ਜਾਂਦੇ ਹਨ ਪਰ ਇਹ ਪੀਲੀਆ ਖਾਣ-ਪੀਣ ਵਿਚ ਸਾਵਧਾਨੀ ਵਰਤਣ 'ਤੇ ਆਪਣੇ ਸਮੇਂ ਦੌਰਾਨ ਸਰੀਰ 'ਤੇ ਪੀਲਾ ਰੰਗ ਦਿਖਾ ਕੇ ਆਪਣੇ-ਆਪ ਠੀਕ ਹੋ ਜਾਂਦਾ ਹੈ। ਫਿਰ ਵੀ ਪੀਲੀਏ ਦੀ ਸਥਿਤੀ ਵਿਚ ਡਾਕਟਰ ਨੂੰ ਦਿਖਾਉਣਾ, ਦਵਾਈ ਅਤੇ ਸਲਾਹ ਲੈਣਾ ਠੀਕ ਹੁੰਦਾ ਹੈ, ਨਹੀਂ ਤਾਂ ਇਹ ਖ਼ਤਰਨਾਕ ਵੀ ਹੋ ਸਕਦਾ ਹੈ।
ਲੱਛਣ : ਕਿਸੇ ਨੂੰ ਪੀਲੀਆ ਹੋਣ 'ਤੇ ਉਸ ਦਾ ਸਰੀਰ ਪੀਲਾ-ਪੀਲਾ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਉਸ ਦੀਆਂ ਅੱਖਾਂ ਪੀਲੀਆਂ-ਪੀਲੀਆਂ ਜਿਹੀਆਂ ਦਿਸਦੀਆਂ ਹਨ, ਫਿਰ ਨਹੁੰ, ਦੰਦ, ਚਮੜੀ, ਜੀਭ ਸਭ ਵਿਚ ਪੀਲਾਪਨ ਨਜ਼ਰ ਆਉਣ ਲਗਦਾ ਹੈ। ਉਹ ਜਿਸ ਬਿਸਤਰ 'ਤੇ ਸੌਂਦਾ ਹੈ, ਜੋ ਰੁਮਾਲ ਜਾਂ ਕੱਪੜਾ ਵਰਤਦਾ ਹੈ, ਉਹ ਵੀ ਪੀਲਾਪਨ ਦੇ ਪ੍ਰਭਾਵ 'ਚ ਦਿਖਾਈ ਦਿੰਦੇ ਹਨ। ਉਸ ਦਾ ਪਿਸ਼ਾਬ ਅਤੇ ਮਲ ਵੀ ਪੀਲਾ ਹੋ ਜਾਂਦਾ ਹੈ।
ਪੀਲੀਆ ਦੇ ਸ਼ੁਰੂ ਹੋਣ 'ਤੇ ਮਰੀਜ਼ ਦੇ ਮਲ ਦਾ ਸ਼ੁਰੂਆਤੀ ਰੰਗ ਸਫੈਦ ਹੁੰਦਾ ਹੈ ਜੋ ਬਾਅਦ ਵਿਚ ਪੀਲਾ ਹੋਣ ਲਗਦਾ ਹੈ। ਪੀੜਤ ਦੇ ਹੱਥਾਂ-ਪੈਰਾਂ ਵਿਚ ਦਰਦ ਹੁੰਦੀ ਹੈ। ਜਵਰ ਚੜ੍ਹ ਜਾਂਦਾ ਹੈ। ਜ਼ਿਆਦਾ ਪਿਆਸ ਲਗਦੀ ਹੈ ਅਤੇ ਇੰਦਰੀਆਂ ਨਿਰਬਲ ਹੋ ਜਾਂਦੀਆਂ ਹਨ। ਉਹ ਉੱਠਣ-ਬੈਠਣ ਤੋਂ ਵੀ ਲਾਚਾਰ ਹੋ ਜਾਂਦਾ ਹੈ। ਕੋਈ ਸਹਾਰਾ ਲੈ ਕੇ ਉਹ ਅਜਿਹਾ ਕਰਦਾ ਹੈ। ਪੇਟ ਵਿਚ ਦਰਦ, ਡਕਾਰ ਜਾਂ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦਾ ਹੈ। ਇਹ ਜ਼ਿਆਦਾਤਰ ਲਿਵਰ ਸੰਕ੍ਰਮਣ ਦੀ ਸਥਿਤੀ ਵਿਚ ਹੁੰਦਾ ਹੈ। ਇਹ ਬੈਕਟੀਰੀਆ ਅਤੇ ਵਾਇਰਸ ਦੇ ਮਾਧਿਅਮ ਨਾਲ ਹੁੰਦਾ ਹੈ, ਜੋ ਖੁੱਲ੍ਹੇ ਵਿਚ ਰੱਖੇ ਖਾਧ ਅਤੇ ਪੀਣ ਵਾਲੇ ਪਦਾਰਥਾਂ ਕਾਰਨ ਫੈਲਦਾ ਹੈ। ਇਹ ਗੰਦੇ ਅਤੇ ਸੰਕ੍ਰਮਿਤ ਪਾਣੀ ਨਾਲ ਵੀ ਹੁੰਦਾ ਹੈ। ਮੱਖੀਆਂ ਅਤੇ ਕੀੜੇ ਇਸ ਦੇ ਸੰਵਾਹਕ ਹਨ। ਇਹ ਨਵਜੰਮੇ ਬੱਚਿਆਂ ਨੂੰ ਵੀ ਹੁੰਦਾ ਹੈ ਪਰ ਉਸ ਦਾ ਕਾਰਨ ਬਾਹਰੀ ਜਾਂ ਸੰਕ੍ਰਮਣ ਨਾ ਹੋ ਕੇ ਕੋਈ ਹੋਰ ਹੁੰਦਾ ਹੈ।
ਇਹ ਪਿੱਤ ਨਲੀ ਵਿਚ ਰੁਕਾਵਟ ਨਾਲ ਵੀ ਹੋ ਸਕਦਾ ਹੈ ਅਤੇ ਸ਼ਰਾਬ ਦੀ ਬਹੁਤਾਤ ਕਾਰਨ ਵੀ ਹੁੰਦਾ ਹੈ। ਕੁਝ ਦਵਾਈਆਂ ਦੇ ਮਾੜੇ ਪ੍ਰਭਾਵ ਦੇ ਕਾਰਨ ਵੀ ਇਹ ਹੁੰਦਾ ਹੈ, ਜਦੋਂ ਕਿ ਕੁਝ ਬੱਚਿਆਂ ਨੂੰ ਮਿੱਟੀ ਖਾਣ ਦੇ ਕਾਰਨ ਲਿਵਰ ਕੇ ਸੰਕ੍ਰਮਿਤ ਹੋਣ ਨਾਲ ਹੁੰਦਾ ਹੈ। ਇਸ ਦਾ ਕਿਸੇ ਨੂੰ ਦੂਜੀ ਵਾਰ ਹੋਣਾ ਬਹੁਤ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਇਹ ਤੀਵਰ ਹੋ ਜਾਣ 'ਤੇ ਪਿੱਤਵਾਹਿਨੀ, ਆਮਾਸ਼ਯ, ਤਿੱਲੀ, ਪਿੱਤਾਸ਼ਯ ਅਤੇ ਪੇਟ ਆਦਿ ਸ਼ਰੀਰਾਂਗਾਂ ਦੀ ਕਾਰਜ ਵਿਧੀ ਵਿਚ ਰੁਕਾਵਟ ਪਾਉਂਦਾ ਹੈ।
ਇਲਾਜ ਨਾਲੋਂ ਪ੍ਰਹੇਜ਼ ਜ਼ਰੂਰੀ : ਪੀਲੀਆ ਹੋ ਜਾਣ 'ਤੇ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਮਹੱਤਵ ਰੱਖਦਾ ਹੈ। ਭਾਰੀ ਚੀਜ਼ਾਂ ਜਿਵੇਂ ਮੈਦੇ ਅਤੇ ਉੜਦ ਦੀ ਦਾਲ ਤੋਂ ਬਚੋ। ਪੇਟ ਵਿਚ ਜਲਣ ਕਰਨ ਵਾਲੇ ਪਦਾਰਥ ਨਾ ਖਾਓ। ਤਲੀਆਂ-ਭੁੰਨੀਆਂ ਅਤੇ ਤੇਲ-ਘਿਓ ਵਾਲੀਆਂ ਚੀਜ਼ਾਂ ਨਾ ਖਾਓ। ਤੇਜ਼ ਮਿਰਚ-ਮਸਾਲਾ ਅਤੇ ਲਾਲ ਮਿਰਚ ਤੋਂ ਬਚੋ। ਮਾਸਾਹਾਰ ਅਤੇ ਸਿਗਰਟਨੋਸ਼ੀ ਪੂਰੀ ਤਰ੍ਹਾਂ ਛੱਡ ਦਿਓ। ਖੋਆ, ਮਠਿਆਈ ਵਰਗੀਆਂ ਭਾਰੀ ਚੀਜ਼ਾਂ ਨਾ ਖਾਓ। ਸ਼ੱਕਰ, ਖੰਡ, ਗੁੜ ਦੀ ਵੀ ਵਰਤੋਂ ਨਾ ਕਰੋ। ਜ਼ਿਆਦਾ ਮਿਹਨਤ ਕਰਨ ਦੀ ਬਜਾਏ ਆਰਾਮ ਕਰੋ।
ਕੀ ਖਾਈਏ : ਸਾਫ਼ ਉਬਲਿਆ ਪਾਣੀ ਪੀਓ ਜਾਂ ਮਿਨਰਲ ਵਾਟਰ ਲਓ। ਨਾਰੀਅਲ ਪਾਣੀ, ਜਾਮਣ ਦਾ ਰਸ, ਗੰਨੇ ਦਾ ਰਸ, ਜੌਂ ਦਾ ਪਾਣੀ, ਸ਼ੁੱਧ ਸ਼ਹਿਦ ਆਦਿ ਵਰਗੇ ਪੀਣ ਵਾਲੇ ਪਾਦਰਥ ਲਓ। ਲੱਸੀ ਵਿਚ ਨਮਕ, ਜੀਰਾ ਪਾ ਕੇ ਲਓ। ਹਲਕਾ, ਸਾਦਾ, ਪਚਣਯੋਗ, ਗਰਮ ਅਤੇ ਘੱਟ ਭੋਜਨ ਕਰੋ। ਕਾਲੀ ਮਿਰਚ, ਨਮਕ, ਨਿੰਬੂ, ਭੁੰਨੇ ਛੋਲੇ ਲਾਭਦਾਇਕ ਹੁੰਦੇ ਹਨ।
ਅਰਹਰ ਦੀ ਦਾਲ, ਮੂੰਗੀ ਦੀ ਦਾਲ, ਖਿਚੜੀ, ਦਲੀਆ, ਕਣਕ, ਚੌਲ, ਜੌਂ ਨੂੰ ਖਾਧ ਪਦਾਰਥਾਂ ਵਿਚ ਸ਼ਾਮਿਲ ਕਰੋ। ਲੌਕੀ, ਕਰੇਲਾ, ਮੂਲੀ, ਗੋਭੀ, ਮਿੱਠਾ ਨਿੰਬੂ, ਸੰਤਰਾ, ਅੰਬ, ਮੌਸੰਮੀ, ਅਰਬੀ, ਆਲੂ, ਪਾਲਕ, ਪਪੀਤਾ, ਸ਼ਕਰਕੰਦੀ, ਜਿਮੀਕੰਦ, ਬਦਾਮ, ਚੁਕੰਦਰ ਮਿਸ਼ਰੀ, ਪਿੱਪਲ ਚੂਰਨ ਲੈ ਸਕਦੇ ਹੋ।
ਵਹਿਮ : ਪੀਲੀਆ ਨੂੰ ਲੈ ਕੇ ਅੰਧਵਿਸ਼ਵਾਸ, ਨੁਸਖੇਬਾਜ਼ੀ, ਟੋਟਕੇ, ਝਾੜ-ਫੂਕ ਬਹੁਤ ਪ੍ਰਚੱਲਤ ਹਨ ਪਰ ਇਨ੍ਹਾਂ ਵਿਚ ਦਮ ਨਹੀਂ ਹੈ। ਵਹਿਮਾਂ ਵਿਚ ਪੀਲੀ ਦਾਲ ਖਾਣ, ਹਲਦੀ ਦੀ ਵਰਤੋਂ ਕਰਨ, ਪੀਲਾ ਕੱਪੜਾ ਪਹਿਨਣ ਤੋਂ, ਘਰ ਵਿਚ ਸ਼ੌਂਕ ਦੇਣ ਆਦਿ ਤੋਂ ਰੋਕਿਆ ਜਾਂਦਾ ਹੈ। ਧਾਰਨਾ ਇਹ ਹੈ ਕਿ ਅਜਿਹਾ ਕਰਨ ਨਾਲ ਪੀਲੀਆ ਵਧਦਾ ਹੈ ਜਦੋਂ ਕਿ ਅਜਿਹਾ ਕੁਝ ਨਹੀਂ ਹੈ। ਇਹ ਆਪਣਾ ਸਮਾਂ ਪੂਰਾ ਕਰਕੇ ਆਪਣੇ-ਆਪ ਠੀਕ ਹੋ ਸਕਦਾ ਹੈ।
ਖਾਣ-ਪੀਣ, ਪ੍ਰਹੇਜ਼ 'ਤੇ ਧਿਆਨ ਦੇਣਾ ਜ਼ਰੂਰੀ ਹੈ। ਦਾਲ, ਪ੍ਰੋਟੀਨ ਦਾ ਵਧੀਆ ਸਾਧਨ ਹੈ। ਉੜਦ ਦੀ ਦਾਲ ਨੂੰ ਛੱਡ ਕੇ ਕੋਈ ਵੀ ਦਾਲ ਖਾਣ ਨਾਲ ਉਸ ਦਾ ਪ੍ਰੋਟੀਨ ਲਿਵਰ ਦੀਆਂ ਪ੍ਰਭਾਵਿਤ ਕੋਸ਼ਿਕਾਵਾਂ ਨੂੰ ਠੀਕ ਕਰਦਾ ਹੈ ਅਤੇ ਉਨ੍ਹਾਂ ਦੀ ਕਾਰਜ ਸਮਰੱਥਾ ਵਧਾਉਂਦਾ ਹੈ। ਇਸ ਲਈ ਇਹ ਜ਼ਰੂਰ ਖਾਣੀਆਂ ਚਾਹੀਦੀਆਂ ਹਨ।

ਸਿਹਤ ਖ਼ਬਰਨਾਮਾ

ਮੋਬਾਈਲ ਦੀ ਲੰਬੀ ਵਰਤੋਂ ਨਾਲ ਬੋਲਾਪਨ

ਮੋਬਾਈਲ ਅੱਜ ਸੰਚਾਰ ਅਤੇ ਗੱਲਬਾਤ ਦਾ ਸਭ ਤੋਂ ਸੌਖਾ ਮਾਧਿਅਮ ਬਣ ਗਿਆ ਹੈ। ਇਹ ਜ਼ਰੂਰੀ ਚੀਜ਼ ਬਣ ਚੁੱਕਾ ਹੈ। ਇਸ ਦੇ ਸਹਾਰੇ ਲੰਮੀਆਂ-ਲੰਮੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਗੱਲਾਂ ਦਾ ਅੰਤਹੀਣ ਸਿਲਸਿਲਾ ਚਲਦਾ ਹੈ। ਲੋੜ ਨਾਲੋਂ ਵੱਧ ਬੇਲੋੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਇਸ ਦੀ ਲੰਬੀ ਵਰਤੋਂ ਵਿਅਕਤੀ ਨੂੰ ਬੋਲਾ ਬਣਾ ਦਿੰਦੀ ਹੈ।
ਪੌਸ਼ਟਿਕ ਸੋਇਆਬੀਨ ਦਵਾਈ ਵੀ

ਸੋਇਆਬੀਨ ਨੂੰ ਪ੍ਰੋਟੀਨ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਦਾ ਉਤਪਾਦਨ ਕਰਨ ਵਿਚ ਵਿਸ਼ਵ ਵਿਚ ਭਾਰਤ ਪੰਜਵਾਂ ਸਥਾਨ ਰੱਖਦਾ ਹੈ। ਇਹ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਇਹ ਸ਼ੂਗਰ ਪੀੜਤਾਂ ਨੂੰ ਲਾਭ ਪਹੁੰਚਾਉਂਦਾ ਹੈ। ਇਹ ਗਰਭ ਅਵਸਥਾ ਅਤੇ ਮੇਨੋਪਾਜ ਦੀ ਸਥਿਤੀ ਵਿਚ ਔਰਤਾਂ ਨੂੰ ਲਾਭ ਪਹੁੰਚਾਉਂਦਾ ਹੈ। ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਕੈਂਸਰ ਵਰਗੇ ਵੱਡੇ ਰੋਗ ਨੂੰ ਦੂਰ ਰੱਖਦਾ ਹੈ।
ਇਨ੍ਹਾਂ ਨੂੰ ਅਪਣਾਓ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਘੱਟ ਕਰੋ

ਮਾਹਿਰਾਂ ਦਾ ਮੰਨਣਾ ਹੈ ਕਿ ਦਿਲ ਦੇ ਦੌਰੇ ਤੋਂ ਬਚਣ ਲਈ ਸਹੀ ਭੋਜਨ ਬਹੁਤ ਜ਼ਰੂਰੀ ਹੈ। ਸਹੀ ਭੋਜਨ ਉਹ ਹੈ, ਜਿਸ ਵਿਚ ਚਰਬੀ ਦੀ ਮਾਤਰਾ ਘੱਟ ਹੋਵੇ ਅਤੇ ਸਰੀਰ ਨੂੰ ਹੋਰ ਸਭ ਪੋਸ਼ਕ ਤੱਤਾਂ ਦੀ ਪੂਰਤੀ ਹੁੰਦੀ ਰਹੇ। ਕ੍ਰੀਮ ਸਮੇਤ ਦੁੱਧ ਦੀ ਜਗ੍ਹਾ 'ਸਕਿਮੰਡ' ਦੁੱਧ ਭਾਵ ਚਰਬੀ ਕੱਢੇ ਹੋਏ ਦੁੱਧ ਦੀ ਵਰਤੋਂ ਕਰੋ। ਚਿਕਨ, ਮਟਨ ਦਾ ਸੇਵਨ ਘੱਟ ਕਰੋ, ਕਿਉਂਕਿ ਮੱਛੀ ਵਿਚ ਪਾਈ ਜਾਣ ਵਾਲੀ ਚਰਬੀ ਅਸੰਤ੍ਰਪਤ ਹੁੰਦੀ ਹੈ।
ਨਵੀਆਂ ਖੋਜਾਂ ਨਾਲ ਇਹ ਵੀ ਪਤਾ ਲੱਗਾ ਹੈ ਕਿ ਮੱਛੀ ਖੂਨ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੀ ਹੈ। ਤੇਲਾਂ ਵਿਚ ਵੀ ਬਨਸਪਤੀ ਤੇਲ ਜਿਵੇਂ ਮੂੰਗਫਲੀ, ਸਰ੍ਹੋਂ, ਤਿਲ ਅਤੇ ਸੂਰਜਮੁਖੀ ਦੇ ਤੇਲ ਦੀ ਵਰਤੋਂ ਕਰੋ, ਜਿਨ੍ਹਾਂ ਵਿਚ ਅਸੰਤ੍ਰਪਤ ਚਰਬੀ ਪਾਈ ਜਾਂਦੀ ਹੈ ਅਤੇ ਸਭ ਤੋਂ ਜ਼ਰੂਰੀ ਹੈ ਫਲਾਂ ਅਤੇ ਸਬਜ਼ੀਆਂ ਦਾ ਸੇਵਨ, ਜਿਨ੍ਹਾਂ ਨਾਲ ਵਿਟਾਮਿਨ ਅਤੇ ਖਣਿਜ ਪਦਾਰਥ ਭਰਪੂਰ ਮਾਤਰਾ ਵਿਚ ਸਰੀਰ ਨੂੰ ਪ੍ਰਾਪਤ ਹੁੰਦੇ ਹਨ।

ਡਾਇਰੀਆ ਦੀ ਸਮੱਸਿਆ ਬੱਚਿਆਂ ਵਿਚ

ਡਾਇਰੀਆ (ਦਸਤ) ਬੱਚਿਆਂ ਦੀ ਇਕ ਆਮ ਸਮੱਸਿਆ ਹੈ। ਗਰਮੀਆਂ ਅਤੇ ਬਰਸਾਤ ਰੁੱਤ ਵਿਚ ਇਹ ਸਮੱਸਿਆ ਹੋਰ ਜ਼ਿਆਦਾ ਭਿਆਨਕ ਰੂਪ ਲੈ ਲੈਂਦੀ ਹੈ। ਬੱਚਿਆਂ ਵਿਚ ਛੇਤੀ ਹੀ ਪਾਣੀ ਅਤੇ ਖਣਿਜ ਲਵਣ ਦੀ ਕਮੀ ਹੋ ਜਾਂਦੀ ਹੈ। ਜੇ ਸਮੇਂ ਸਿਰ ਉਨ੍ਹਾਂ ਦਾ ਉਚਿਤ ਇਲਾਜ ਨਾ ਕਰਾਇਆ ਜਾਵੇ ਤਾਂ ਮੌਤ ਤੱਕ ਹੋ ਸਕਦੀ ਹੈ। ਛੇ ਮਹੀਨੇ ਤੱਕ ਦੀ ਉਮਰ ਦੇ ਬੱਚਿਆਂ ਵਿਚ ਇਹ ਸਮੱਸਿਆ ਉਨ੍ਹਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਜੋ ਓਪਰਾ ਦੁੱਧ ਪੀਂਦੇ ਹਨ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਇਸ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ।
ਛੇ ਮਹੀਨੇ ਤੋਂ ਉੱਪਰ ਵਾਲੇ ਬੱਚਿਆਂ ਵਿਚ ਇਹ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ, ਕਿਉਂਕਿ ਇਸ ਉਮਰ ਵਿਚ ਬੱਚੇ ਦੰਦ ਕੱਢਦੇ ਹਨ ਅਤੇ ਗੋਡਿਆਂ ਦੇ ਭਾਰ ਚੱਲਣਾ ਜਾਂ ਪੈਰ-ਪੈਰ ਚੱਲਣਾ ਸ਼ੁਰੂ ਕਰਦੇ ਹਨ। ਬੱਚੇ ਗੰਦੀਆਂ ਉਂਗਲੀਆਂ ਮੂੰਹ ਵਿਚ ਪਾਉਂਦੇ ਹਨ, ਗੰਦੇ ਖਿਡੌਣੇ ਮੂੰਹ ਵਿਚ ਪਾਉਂਦੇ ਹਨ। ਇਨ੍ਹਾਂ ਸਭ ਕਾਰਨਾਂ ਨਾਲ ਵਾਰ-ਵਾਰ ਬੱਚੇ ਡਾਇਰੀਆ ਦੇ ਸ਼ਿਕਾਰ ਹੁੰਦੇ ਹਨ।
ਗਰਮੀ ਅਤੇ ਵਰਖਾ ਰੁੱਤ ਵਿਚ ਮੱਖੀਆਂ, ਮੱਛਰ ਅਤੇ ਕਾਕਰੋਚਾਂ ਦੀ ਗਿਣਤੀ ਵਧ ਜਾਂਦੀ ਹੈ ਜੋ ਖਾਧ ਪਦਾਰਥਾਂ ਅਤੇ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ। ਇਹੀ ਖਾਧ ਪਦਾਰਥ ਅਤੇ ਪਾਣੀ ਸਰੀਰ ਦੇ ਅੰਦਰ ਪਹੁੰਚ ਕੇ ਡਾਇਰੀਆ ਦੇ ਲੱਛਣ ਪੈਦਾ ਕਰ ਦਿੰਦੇ ਹਨ। ਡਾਇਰੀਆ ਹੋਣ 'ਤੇ ਬੱਚਿਆਂ ਦਾ ਚਿਹਰਾ ਮੁਰਝਾ ਜਾਂਦਾ ਹੈ, ਅੱਖਾਂ ਅੰਦਰ ਧੱਸ ਜਾਂਦੀਆਂ ਹਨ, ਚਮੜੀ 'ਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ, ਮੂੰਹ ਵਾਰ-ਵਾਰ ਸੁੱਕਣ ਲਗਦਾ ਹੈ ਅਤੇ ਮੂਤਰ ਵਿਸਰਜਨ ਵਿਚ ਕਮੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੁਖਾਰ ਵੀ ਹੋ ਜਾਂਦਾ ਹੈ ਅਤੇ ਬੇਚੈਨੀ ਹੋਣ ਲਗਦੀ ਹੈ। ਇਲਾਜ ਵਿਚ ਦੇਰੀ ਨਾ ਕਰੋ। ਤੁਰੰਤ ਬੱਚੇ ਨੂੰ ਡਾਕਟਰ ਕੋਲ ਲੈ ਜਾਓ ਅਤੇ ਉਚਿਤ ਦੇਖਭਾਲ ਕਰੋ।
ਇਲਾਜ ਅਤੇ ਬਚਾਅ
* ਬੱਚਿਆਂ ਨੂੰ ਪਾਣੀ ਉਬਾਲ ਕੇ ਉਸ ਨੂੰ ਠੰਢਾ ਕਰਕੇ ਵਾਰ-ਵਾਰ ਪਿਲਾਓ। ਪਾਣੀ ਦੀ ਕਮੀ ਸਰੀਰ ਵਿਚ ਨਾ ਹੋਣ ਦਿਓ।
* ਬੱਚਿਆਂ ਨੂੰ ਕੁਝ ਵੀ ਤਰਲ ਪਦਾਰਥ ਦਿੰਦੇ ਸਮੇਂ ਥੋੜ੍ਹਾ ਸਿਰ ਉੱਪਰ ਕਰਕੇ ਪਿਲਾਓ।
* ਹਰ ਦਸਤ ਤੋਂ ਬਾਅਦ ਬੱਚੇ ਨੂੰ ਪਾਣੀ ਪੀਣ ਲਈ ਦਿਓ।
* ਪਾਣੀ ਦਾ ਸਵਾਦ ਚੰਗਾ ਨਾ ਲੱਗੇ ਤਾਂ ਤਾਜ਼ੇ ਪਾਣੀ ਦੀ ਸ਼ਿਕੰਜਵੀ ਦਿੰਦੇ ਰਹੋ।
* ਘਰ ਵਿਚ ਹੀ ਓ.ਆਰ.ਐਸ. ਦਾ ਘੋਲ ਤਿਆਰ ਕਰਕੇ ਬੱਚੇ ਨੂੰ ਥੋੜ੍ਹੇ-ਥੋੜ੍ਹੇ ਚਿਰ ਬਾਅਦ ਦਿੰਦੇ ਰਹੋ। 1 ਲਿਟਰ ਪਾਣੀ ਉਬਾਲ ਕੇ ਠੰਢਾ ਕਰ ਲਓ। ਉਸ ਵਿਚ ਛੋਟੇ 4 ਚਮਚ ਖੰਡ, ਛੋਟਾ ਇਕ ਚਮਚ ਨਮਕ ਮਿਲਾ ਕੇ ਘੋਲ ਤਿਆਰ ਕਰਕੇ ਰੱਖ ਲਓ।
* ਬੱਚਿਆਂ ਨੂੰ ਸਾਫ਼ ਹੱਥਾਂ ਨਾਲ ਚੁੱਕੋ ਅਤੇ ਕੁਝ ਵੀ ਦਿੰਦੇ ਸਮੇਂ ਹੱਥ ਧੋ ਕੇ ਦਿਓ।
* ਛੋਟੇ ਬੱਚਿਆਂ ਨੂੰ ਚੌਲਾਂ ਦਾ ਪਾਣੀ ਵੀ ਥੋੜ੍ਹਾ ਜਿਹਾ ਨਮਕ ਮਿਲਾ ਕੇ ਦਿੱਤਾ ਜਾ ਸਕਦਾ ਹੈ।
* ਘਰ ਦਾ ਜੰਮਿਆ ਹੋਇਆ ਦਹੀਂ ਜਾਂ ਉਸ ਦਾ ਪਾਣੀ ਕੱਢ ਕੇ ਵੀ ਦੇ ਸਕਦੇ ਹੋ।
* ਡਾਇਰੀਆ ਵਾਲੇ ਬੱਚਿਆਂ ਦੇ ਭੋਜਨ ਅਤੇ ਪਾਣੀ ਦੀ ਸ਼ੁੱਧਤਾ 'ਤੇ ਵਿਸ਼ੇਸ਼ ਧਿਆਨ ਦਿਓ।
* ਬੱਚਿਆਂ ਨੂੰ ਹਲਕਾ ਭੋਜਨ ਦਹੀਂ, ਚੌਲ, ਖਿਚੜੀ, ਹਰੀਆਂ ਸਬਜ਼ੀਆਂ ਖਾਣ ਨੂੰ ਦਿਓ।
* ਘਰ ਦੀ ਸ਼ੁੱਧਤਾ 'ਤੇ ਵੀ ਧਿਆਨ ਦਿਓ। ਖਾਣਾ ਢਕ ਕੇ ਰੱਖੋ ਤਾਂ ਕਿ ਮੱਖੀਆਂ, ਮੱਛਰ ਜਾਂ ਕਾਕਰੋਚ ਉਨ੍ਹਾਂ 'ਤੇ ਨਾ ਬੈਠਣ।
* ਖਾਣਾ ਤਾਜ਼ਾ ਖਾਣ ਨੂੰ ਦਿਓ।
* ਬੱਚਿਆਂ ਦੇ ਨਹੁੰ ਕੱਟ ਕੇ ਰੱਖੋ।
* ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਨੂੰ ਬੋਤਲ ਅਤੇ ਨਿੱਪਲ ਉਬਾਲ ਕੇ ਦੁੱਧ ਦਿਓ। ਓਪਰੇ ਦੁੱਧ ਦੀ ਮਾਤਰਾ ਘੱਟ ਕਰ ਦਿਓ।
* ਮਾਂ ਆਪਣਾ ਦੁੱਧ ਬਿਨਾਂ ਝਿਜਕ ਦੇ ਬੱਚੇ ਨੂੰ ਪਿਲਾ ਸਕਦੀ ਹੈ।
* ਬੱਚਿਆਂ ਦੇ ਮਲ ਵਾਲੇ ਕੱਪੜੇ ਇਧਰ-ਉਧਰ ਨਾ ਰੱਖੋ। ਉਨ੍ਹਾਂ ਨੂੰ ਧੋ ਕੇ, ਡਿਟੋਲ ਵਿਚ ਭਿਉਂ ਕੇ ਸੁਕਾਓ।
* ਬੱਚਿਆਂ ਨੂੰ ਟੌਫੀ, ਬਿਸਕੁਟ, ਚਾਕਲੇਟ ਆਦਿ ਖਾਣ ਨੂੰ ਨਾ ਦਿਓ।
* ਡਾਇਰੀਆ ਠੀਕ ਹੋਣ ਤੋਂ ਬਾਅਦ ਵੀ ਬੱਚਿਆਂ ਦੇ ਖਾਣ-ਪੀਣ 'ਤੇ ਪੂਰਾ ਧਿਆਨ ਦਿਓ।


-ਸੁਨੀਤਾ ਗਾਬਾ

ਇਹ ਹਨ ਸ਼ੂਗਰ ਦੇ ਪ੍ਰਮੁੱਖ ਲੱਛਣ

ਸਾਡੇ ਦੇਸ਼ ਵਿਚ ਸ਼ੂਗਰ ਰੋਗ ਨਾਲ ਲਗਪਗ ਤਿੰਨ ਕਰੋੜ ਲੋਕ ਪੀੜਤ ਹਨ ਪਰ ਉਨ੍ਹਾਂ ਵਿਚੋਂ ਕਰੀਬ ਡੇਢ ਕਰੋੜ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੂੰ ਇਹ ਰੋਗ ਹੈ, ਕਿਉਂਕਿ ਉਨ੍ਹਾਂ ਨੇ ਕਦੇ ਆਪਣਾ ਬਲੱਡ ਸ਼ੂਗਰ ਟੈਸਟ ਨਹੀਂ ਕਰਵਾਇਆ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਸ਼ੂਗਰ ਉਨ੍ਹਾਂ ਵਿਚ ਛੁਪੇ ਰੂਪ ਵਿਚ ਮੌਜੂਦ ਹੈ ਜਾਂ ਨਹੀਂ।
ਜ਼ਿਆਦਾ ਪਿਆਸ ਅਤੇ ਭੁੱਖ ਲੱਗਣੀ : ਜਦੋਂ ਖਾਧੇ ਗਏ ਭੋਜਨ ਦਾ ਬਹੁਤਾ ਤੱਤ (ਕਾਰਬੋਹਾਈਡ੍ਰੇਟਸ) ਗਲੂਕੋਜ਼ ਦੇ ਰੂਪ ਵਿਚ ਮੂਤਰ ਵਿਚ ਵਿਅਰਥ ਹੀ ਨਿਕਲਦਾ ਰਹਿੰਦਾ ਹੈ ਤਾਂ ਇਹ ਆਪਣੇ ਨਾਲ ਸਰੀਰ ਦੇ ਪਾਣੀ ਨੂੰ ਵੀ ਲੈ ਜਾਂਦਾ ਹੈ, ਜਿਸ ਦੀ ਪੂਰਤੀ ਲਈ ਰੋਗੀ ਨੂੰ ਜ਼ਿਆਦਾ ਪਾਣੀ ਪੀਣਾ ਪੈਂਦਾ ਹੈ ਅਤੇ ਉਹ ਜ਼ਿਆਦਾ ਪਿਆਸ ਦੀ ਸ਼ਿਕਾਇਤ ਕਰਦਾ ਹੈ। ਸਰੀਰ ਨੂੰ ਊਰਜਾ ਦੀ ਚਾਹ ਵਿਚ ਰੋਗੀ ਨੂੰ ਭੁੱਖ ਵੀ ਜ਼ਿਆਦਾ ਲਗਦੀ ਹੈ, ਇਸ ਲਈ ਸ਼ੂਗਰ ਦਾ ਰੋਗੀ (ਖਾਸ ਤੌਰ 'ਤੇ ਬਾਲ ਸ਼ੂਗਰ ਰੋਗੀ) ਬਹੁਤ ਜ਼ਿਆਦਾ ਮਾਤਰਾ ਵਿਚ ਭੋਜਨ ਖਾਂਦਾ ਹੈ।
ਜ਼ਿਆਦਾ ਪਿਸ਼ਾਬ ਆਉਣਾ : ਆਮ ਵਿਅਕਤੀਆਂ ਵਿਚ ਪਿਸ਼ਾਬ ਦੀ ਮਾਤਰਾ ਡੇਢ ਲਿਟਰ ਹਰ ਰੋਜ਼ ਹੁੰਦੀ ਹੈ, ਜਦੋਂ ਕਿ ਸ਼ੂਗਰ ਦੇ ਰੋਗੀ ਵਿਚ ਇਹ ਮਾਤਰਾ ਕਈ ਲਿਟਰ ਹੋ ਜਾਂਦੀ ਹੈ, ਜਿਸ ਨਾਲ ਰੋਗੀ ਵਿਚ ਪਾਣੀ ਦੀ ਕਮੀ ਦੇ ਲੱਛਣ ਪ੍ਰਗਟ ਹੋ ਜਾਂਦੇ ਹਨ, ਜਿਵੇਂ ਜੀਭ ਅਤੇ ਬੁੱਲ੍ਹਾਂ ਦਾ ਸੁੱਕਣਾ ਅਤੇ ਜ਼ਿਆਦਾ ਪਿਆਸ ਲੱਗਣਾ।
ਸ਼ੂਗਰ ਦੇ ਰੋਗੀ ਵਿਚ ਪੇਟ ਦੇ ਉਪਰਲੇ ਮੱਧ ਭਾਗ ਵਿਚ ਅੰਦਰ ਵੱਲ ਸਥਿਤ ਪੈਂਕ੍ਰੀਆਸ ਨਾਮੀ ਪਾਚਕ ਗਲੈਂਡ ਦੇ ਸ੍ਰਾਵ ਇੰਸੁਲਿਨ ਦੀ ਕਮੀ ਕਾਰਨ ਖੂਨ ਵਿਚ ਮੌਜੂਦ ਸ਼ੂਗਰ ਸਰੀਰ ਦੀਆਂ ਕੋਸ਼ਿਕਾਵਾਂ ਵਿਚ ਨਹੀਂ ਪਹੁੰਚਦੀ, ਜਿਸ ਨਾਲ ਸਰੀਰ ਨੂੰ ਊਰਜਾ ਨਹੀਂ ਮਿਲਦੀ ਅਤੇ ਜਦੋਂ ਖੂਨ ਵਿਚ ਇਸ ਦਾ ਫੀਸਦੀ 180 ਤੋਂ ਉੱਪਰ ਹੋ ਜਾਂਦਾ ਹੈ ਤਾਂ ਇਹ ਗੁਰਦੇ ਦੁਆਰਾ ਮੂਤਰ ਵਿਚ ਨਿਕਲਣ ਲਗਦੀ ਹੈ। ਇਸ ਤਰ੍ਹਾਂ ਭੋਜਨ (ਮੁੱਖ ਤੌਰ 'ਤੇ ਕਾਰਬੋਹਾਈਡ੍ਰੇਟਸ) ਦਾ ਇਹ ਅੰਸ਼ ਸਰੀਰ ਨੂੰ ਊਰਜਾ ਨਾ ਦੇ ਕੇ ਵਿਅਰਥ ਹੋ ਜਾਂਦਾ ਹੈ, ਜਿਸ ਨਾਲ ਰੋਗੀ ਕਮਜ਼ੋਰੀ ਅਤੇ ਭਾਰ ਘਟਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਰੋਗੀਆਂ ਦੇ ਪਿਸ਼ਾਬ ਵਿਚ ਨਿਕਲਣ ਵਾਲੀ ਸ਼ੱਕਰ ਦੀ ਮੂਤਰ ਦੇ ਸਾਧਾਰਨ ਟੈਸਟ ਦੁਆਰਾ ਲਗਪਗ ਅੱਧੇ ਮਿੰਟ ਵਿਚ ਹੀ ਪਛਾਣ ਕਰਕੇ ਅਤੇ ਫਿਰ ਖੂਨ ਦੀ ਸਾਧਾਰਨ ਜਾਂਚ ਕਰਕੇ ਸ਼ੂਗਰ ਦਾ ਹੱਲ ਹੋ ਸਕਦਾ ਹੈ।
ਧਿਆਨ ਰੱਖੋ, ਮੂਤਰ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਹਰੇਕ ਵਿਅਕਤੀ ਨੂੰ ਜ਼ਰੂਰੀ ਨਹੀਂ ਕਿ ਸ਼ੂਗਰ ਦਾ ਰੋਗ ਹੋਵੇ। ਅਜਿਹਾ ਕੁਝ ਹੋਰ ਕਾਰਨਾਂ ਨਾਲ ਵੀ ਹੋ ਸਕਦਾ ਹੈ, ਜਿਵੇਂ ਇਕ ਹੋਰ ਤਰ੍ਹਾਂ ਦੀ ਸ਼ੂਗਰ ਜਿਸ ਵਿਚ ਪਿਸ਼ਾਬ ਤਾਂ ਜ਼ਿਆਦਾ ਆਉਂਦਾ ਹੈ ਪਰ ਉਸ ਵਿਚ ਸ਼ੂਗਰ ਨਹੀਂ ਹੁੰਦੀ। ਜ਼ਿਆਦਾ ਪਿਸ਼ਾਬ ਦਾ ਇਕ ਹੋਰ ਕਾਰਨ ਗੁਰਦਾ ਖਰਾਬ ਵੀ ਹੈ, ਜਿਸ ਦੀ ਸ਼ੁਰੂਆਤੀ ਸਥਿਤੀ ਵਿਚ ਖਾਸ ਤੌਰ 'ਤੇ ਰਾਤ ਨੂੰ ਪਿਸ਼ਾਬ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਾਰ-ਵਾਰ ਜ਼ਿਆਦਾ ਮਾਤਰਾ ਵਿਚ ਆਉਣ ਵਾਲੇ ਪਿਸ਼ਾਬ ਦੀ ਪਹਿਚਾਣ ਵਾਰ-ਵਾਰ ਥੋੜ੍ਹੀ ਮਾਤਰਾ ਵਿਚ ਆਉਣ ਵਾਲੇ ਪਿਸ਼ਾਬ ਰੋਗਾਂ ਦੀ ਦਸ਼ਾਵਾਂ ਨਾਲ ਵੀ ਕਰਨੀ ਜ਼ਰੂਰੀ ਹੈ।
ਬੇਹੋਸ਼ੀ : ਸ਼ੂਗਰ ਦੇ ਬਹੁਤ ਸਾਰੇ ਰੋਗੀ ਬੇਹੋਸ਼ੀ ਦੀ ਹਾਲਤ ਵਿਚ ਐਮਰਜੈਂਸੀ ਵਾਰਡ ਵਿਚ ਲਿਆਏ ਜਾਂਦੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਰੋਗੀ ਨੂੰ ਪਹਿਲਾਂ ਤੋਂ ਹੀ ਸ਼ੂਗਰ ਸੀ, ਜਿਸ ਦਾ ਇਲਾਜ ਹੀ ਨਹੀਂ ਹੋ ਸਕਿਆ ਸੀ। ਬਲੱਡ ਸ਼ੂਗਰ ਟੈਸਟ ਕਰਾਉਣ 'ਤੇ ਹੀ ਸ਼ੂਗਰ ਦਾ ਹੱਲ ਹੋ ਸਕਦਾ ਹੈ।
ਸ਼ੂਗਰ ਦੇ ਕੁਝ ਹੋਰ ਰੋਗੀ ਹੱਲ ਦੇ ਬਾਵਜੂਦ ਜਦੋਂ ਪੂਰਾ ਇਲਾਜ ਨਾ ਲੈਣ (ਖਾਸ ਕਰਕੇ ਬਾਲ ਰੋਗੀ) ਤਾਂ ਉਹ ਵੀ ਬੇਹੋਸ਼ ਹੋ ਸਕਦੇ ਹਨ, ਜਦੋਂ ਕਿ ਸ਼ੂਗਰ ਦੇ ਕੁਝ ਹੋਰ ਰੋਗੀ ਡਾਓਨਿਲ ਵਰਗੀਆਂ ਟਿੱਕੀਆਂ ਅਤੇ ਇੰਸੁਲਿਨ ਦੀ ਲੋੜ ਨਾਲੋਂ ਜ਼ਿਆਦਾ ਮਾਤਰਾ ਦੇ ਸੇਵਨ ਨਾਲ ਵੀ 'ਘੱਟ ਖੂਨ ਦੇ ਦਬਾਅ' ਦੇ ਖਤਰੇ ਦੇ ਕਾਰਨ ਬੇਹੋਸ਼ ਹੋ ਜਾਂਦੇ ਹਨ। ਬੇਹੋਸ਼ੀ ਦੀ ਹਾਲਤ ਤੋਂ ਬਚਣ ਲਈ ਸਭ ਤੋਂ ਚੰਗਾ ਉਪਾਅ ਹੈ ਕਿ ਸ਼ੂਗਰ ਦਾ ਹੱਲ ਪਹਿਲਾਂ ਹੀ ਹੋ ਜਾਵੇ ਅਤੇ ਉਸ 'ਤੇ ਪ੍ਰਭਾਵੀ ਕਾਬੂ ਰੱਖਿਆ ਜਾਵੇ।
ਅੱਖਾਂ ਦੀ ਰੌਸ਼ਨੀ ਵਿਚ ਗਿਰਾਵਟ : ਸ਼ੂਗਰ ਦੇ ਰੋਗੀ ਦੀ ਰੌਸ਼ਨੀ ਹੌਲੀ-ਹੌਲੀ ਅਤੇ ਤੇਜ਼ੀ ਨਾਲ ਜਾਂ ਅਚਾਨਕ ਘੱਟ ਹੋ ਸਕਦੀ ਹੈ, ਜਿਸ ਨਾਲ ਰੋਗੀ ਅੰਨ੍ਹਾ ਵੀ ਹੋ ਸਕਦਾ ਹੈ। ਅਜਿਹੇ ਰੋਗੀਆਂ ਵਿਚ ਮੋਤੀਆਬਿੰਦ (ਕੇਟੇਰਕਟ) ਘੱਟ ਉਮਰ ਵਿਚ ਹੀ ਬਣ ਜਾਂਦਾ ਹੈ। ਸ਼ੂਗਰ ਨੂੰ ਕਾਬੂ ਨਾ ਰੱਖਣ 'ਤੇ ਖਾਸ ਮਾੜੇ ਪ੍ਰਭਾਵ ਅੱਖ ਦੇ ਅੰਦਰੂਨੀ (ਰੇਟਿਨਾ) ਪਰਦੇ 'ਤੇ ਪੈਂਦਾ ਹੈ ਅਤੇ ਕੁਝ ਰੋਗੀਆਂ ਵਿਚ ਅੱਖ ਦੇ ਅੰਦਰਲੇ ਤਰਲ ਪਦਾਰਥ ਦਾ ਦਬਾਅ ਵੀ ਵਧ ਜਾਂਦਾ ਹੈ। ਅਜਿਹੇ ਸਾਰੇ ਵਿਅਕਤੀਆਂ ਨੂੰ ਆਪਣਾ ਬਲੱਡ ਸ਼ੂਗਰ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ ਹੈ।
ਫੇਫੜਿਆਂ ਦੀ ਟੀ. ਬੀ. : ਜਦੋਂ ਲਗਪਗ 20 ਦਿਨ ਜਾਂ ਜ਼ਿਆਦਾ ਸਮੇਂ ਤੋਂ ਸ਼ੂਗਰ ਦਾ ਕੋਈ ਰੋਗੀ ਖੰਘ ਵਿਚ ਖੂਨ ਆਉਣ ਦੀ ਸ਼ਿਕਾਇਤ ਕਰੇ ਤਾਂ ਫੇਫੜਿਆਂ ਦੀ ਟੀ. ਬੀ. ਲਈ (ਖਾਸ ਤੌਰ 'ਤੇ ਛਾਤੀ ਦੇ ਐਕਸਰੇ, ਟੀ.ਐਲ.ਸੀ., ਡੀ.ਐਲ.ਸੀ.) ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ, ਕਿਉਂਕਿ ਸ਼ੂਗਰ ਦੇ ਰੋਗੀ ਟੀ. ਬੀ. ਦੇ ਬੜੀ ਅਸਾਨੀ ਨਾਲ ਸ਼ਿਕਾਰ ਹੋ ਸਕਦੇ ਹਨ।
ਅਜਿਹੇ ਬਹੁਤ ਸਾਰੇ ਰੋਗੀ ਇਨ੍ਹਾਂ ਲੱਛਣਾਂ ਨੂੰ ਅਣਡਿੱਠ ਕਰਦੇ ਰਹਿੰਦੇ ਹਨ, ਜਿਸ ਨਾਲ ਟੀ. ਬੀ. ਬਹੁਤ ਤੇਜ਼ੀ ਨਾਲ ਵਧਦੀ ਜਾਂਦੀ ਹੈ ਅਤੇ ਸ਼ੂਗਰ 'ਤੇ ਕਾਬੂ ਵੀ ਵਿਗੜ ਜਾਂਦਾ ਹੈ। ਟੀ. ਬੀ. ਦਾ ਇਲਾਜ ਕਰਾਉਣ ਨਾਲ ਰੋਗੀ ਦਾ ਭਾਰ ਆਮ ਹੋ ਜਾਂਦਾ ਹੈ ਅਤੇ ਸ਼ੂਗਰ 'ਤੇ ਵੀ ਚੰਗਾ ਕੰਟਰੋਲ ਹੋ ਜਾਂਦਾ ਹੈ। ਦੂਜੇ ਪਾਸੇ ਫੇਫੜਿਆਂ ਦੀ ਟੀ. ਬੀ. ਦੇ ਹਰੇਕ ਰੋਗੀ ਨੂੰ ਵੀ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਹੋਰ ਲੱਛਣ : ਸ਼ੂਗਰ ਦੇ ਕੁਝ ਹੋਰ ਲੱਛਣ ਇਸ ਤਰ੍ਹਾਂ ਹਨ : ਅੱਖਾਂ ਵਿਚ ਸੰਕ੍ਰਮਣ, ਜ਼ਖਮ ਦਾ ਨਾ ਹਟਣਾ ਜਾਂ ਦੇਰ ਨਾਲ ਹਟਣਾ, ਮੂਤਰਤੰਤਰ ਵਿਚ ਸੰਕ੍ਰਮਣ, ਭੋਜਨ ਖਾਣ ਵਿਚ ਤਕਲੀਫ, ਪੈਰਾਂ ਜਾਂ ਹੱਥਾਂ ਵਿਚ ਦਰਦ, ਸੁੰਨਾਪਨ, ਭਾਰੀਪਨ, ਝਨਝਨਾਹਟ, ਸੂਈ ਜਿਹੀ ਚੁੱਬਣੀ, ਜਾਂਘਾਂ ਦੇ ਉਪਰਲੇ ਭਾਗ ਵਿਚ ਦਰਦ, ਚਿਹਰੇ ਦਾ ਫਾਲਿਜ ਜਾਂ ਟੇਢਾਪਨ, ਅੱਧੇ ਸਰੀਰ ਵਿਚ ਲਕਵਾ, ਚੱਕਰ ਆਉਣਾ, ਪਿਸ਼ਾਬ ਘੱਟ ਆਉਣਾ, ਖੂਨ ਦੀ ਕਮੀ, ਕਬਜ਼ ਰਹਿਣਾ, ਭੁੱਖ ਨਾ ਲੱਗਣਾ ਆਦਿ।

ਸਿਹਤ ਅਤੇ ਸੁੰਦਰਤਾ ਲਈ ਜ਼ਰੂਰੀ ਹਨ ਵਿਟਾਮਿਨ

ਆਧੁਨਿਕ ਔਰਤਾਂ ਆਪਣੀ ਸਿਹਤ ਅਤੇ ਆਪਣੀ ਸ਼ਖ਼ਸੀਅਤ ਲਈ ਜਾਗਰੂਕ ਹਨ। ਇਸ ਵਾਸਤੇ ਪੌਸ਼ਟਿਕ ਭੋਜਨ ਲੈਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ, ਜਿਸ ਵਿਚ ਵਿਟਾਮਿਨ ਵੀ ਭਰਪੂਰ ਹੋਣ ਤਾਂ ਕਿ ਸਰੀਰ ਦੇ ਸਾਰੇ ਅੰਗ ਸਹੀ ਕੰਮ ਕਰ ਸਕਣ ਅਤੇ ਚਮੜੀ ਵੀ ਸੁੰਦਰ ਬਣੀ ਰਹੇ। ਜੇ ਤੁਸੀਂ ਵੀ ਤੰਦਰੁਸਤ ਅਤੇ ਸੁੰਦਰ ਦਿਸਣਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿਚ ਬਦਲਾਅ ਲਿਆਓ।
ਲਓ ਵਿਟਾਮਿਨ 'ਏ' ਨਾਲ ਭਰਪੂਰ ਖੁਰਾਕ
ਵਿਟਾਮਿਨ 'ਏ' ਦੀ ਲੋੜ ਹਰ ਉਮਰ ਵਿਚ ਹੁੰਦੀ ਹੈ। ਵਿਟਾਮਿਨ 'ਏ' ਦੀ ਕਮੀ ਨਾਲ ਹੱਡੀਆਂ, ਦੰਦ ਕਮਜ਼ੋਰ ਹੁੰਦੇ ਹਨ। ਇਸ ਦੇ ਉਚਿਤ ਸੇਵਨ ਨਾਲ ਦੰਦ, ਹੱਡੀਆਂ, ਮੇਂਬ੍ਰੇਨ, ਚਮੜੀ, ਸਰੀਰ ਦੇ ਟਿਸ਼ੂ ਮਜ਼ਬੂਤ ਬਣਦੇ ਹਨ। ਵਿਟਾਮਿਨ 'ਏ' ਦੀ ਕਮੀ ਨੂੰ ਪੌਸ਼ਟਿਕ ਭੋਜਨ ਦਾ ਸੇਵਨ ਨਿਯਮਤ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਗਾਜਰ, ਤਰਬੂਜ਼, ਕੱਦੂ, ਟਮਾਟਰ, ਅਮਰੂਦ, ਪਪੀਤਾ, ਬ੍ਰੋਕਲੀ, ਲਾਲ ਮਿਰਚ, ਆਂਡੇ, ਪਾਲਕ, ਦੁੱਧ ਦਾ ਸੇਵਨ ਕਰਕੇ ਵਿਟਾਮਿਨ 'ਏ' ਦੀ ਲੋੜੀਂਦੀ ਮਾਤਰਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਿਟਾਮਿਨ 'ਬੀ-2'
ਵਿਟਾਮਿਨ 'ਬੀ-2' ਲਈ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਨਿਯਮਤ ਸੇਵਨ ਕਰੋ ਜਿਵੇਂ ਦਹੀਂ, ਪਨੀਰ ਆਦਿ। ਇਸ ਤੋਂ ਇਲਾਵਾ ਕੇਲੇ, ਮੱਕਾ, ਮਾਸਾਹਾਰੀ ਭੋਜਨ, ਆਂਡੇ ਆਦਿ ਤੋਂ ਵੀ ਵਿਟਾਮਿਨ 'ਬੀ-2' ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਟਾਮਿਨ 'ਬੀ-2' ਦੀ ਕਮੀ ਨਾਲ ਚਮੜੀ 'ਤੇ ਝੁਰੜੀਆਂ, ਅਨੀਮੀਆ, ਥਕਾਵਟ, ਅੱਖਾਂ ਵਿਚ ਭਾਰੀਪਨ, ਨੀਂਦ ਦੀ ਕਮੀ, ਸਰੀਰ ਵਿਚ ਕੰਪਕੰਪੀ, ਗਲੇ ਵਿਚ ਸੋਜ ਹੁੰਦੀ ਹੈ। ਇਸ ਤੋਂ ਇਲਾਵਾ ਮੂੰਹ ਤੇ ਬੁੱਲ੍ਹ ਸੁੱਕਣ ਲਗਦੇ ਹਨ, ਬੁੱਲ੍ਹਾਂ ਵਿਚ ਦਰਾੜਾਂ ਫਟਣ ਲਗਦੀਆਂ ਹਨ, ਵਿਟਾਮਿਨ 'ਬੀ-2' ਦੀ ਕਮੀ ਦਾ ਪ੍ਰਭਾਵ ਸਿਹਤ ਅਤੇ ਸੁੰਦਰਤਾ ਦੋਵਾਂ 'ਤੇ ਪੈਂਦਾ ਹੈ।
ਵਿਟਾਮਿਨ 'ਬੀ-6'
ਵਿਟਾਮਿਨ 'ਬੀ-6' ਸਾਡੇ ਪਾਚਣ ਤੰਤਰ ਲਈ ਜ਼ਰੂਰੀ ਹੈ। ਸਾਡੇ ਸਰੀਰ ਵਿਚ ਹਾਰਮੋਨਜ਼ ਅਤੇ ਦਿਮਾਗ ਦੇ ਰਸਾਇਣਾਂ ਨੂੰ ਵੀ ਬਣਾਉਣ ਵਿਚ ਵਿਟਾਮਿਨ 'ਬੀ-6' ਮਦਦ ਕਰਦਾ ਹੈ। ਭੁੱਲਣ ਦੀ ਬਿਮਾਰੀ, ਦਿਲ ਦੇ ਰੋਗ ਦਾ ਖਤਰਾ ਘੱਟ ਹੋ ਜਾਂਦਾ ਹੈ। ਸਾਡੇ ਸਰੀਰ ਦੀ ਬਲੱਡ ਸ਼ੂਗਰ ਵੀ ਠੀਕ ਰਹਿੰਦੀ ਹੈ। ਇਸ ਦੀ ਕਮੀ ਨੂੰ ਦੂਰ ਕਰਨ ਲਈ ਅਨਾਜ, ਕੇਲੇ, ਮਾਸ-ਮੱਛੀ, ਦਲੀਆ, ਗਿਰੀਆਂ, ਬੀਜ, ਕਿਸ਼ਮਿਸ਼ ਦਾ ਸੇਵਨ ਨਿਯਮਤ ਕਰੋ ਤਾਂ ਕਿ ਇਸ ਦੀ ਕਮੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਵਿਟਾਮਿਨ 'ਬੀ-12'
ਵਿਟਾਮਿਨ 'ਬੀ-12' ਸਰੀਰ ਵਿਚ ਭੋਜਨ ਨਾਲ ਊਰਜਾ ਰਿਲੀਜ਼ ਕਰਨ ਦਾ ਮੁੱਖ ਸਰੋਤ ਹੈ ਅਤੇ ਸਾਡੇ ਦਿਮਾਗ, ਰੀੜ੍ਹ ਦੀ ਹੱਡੀ ਅਤੇ ਨਰਵਸ ਸਿਸਟਮ ਦੇ ਕੁਝ ਤੱਤਾਂ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦਾ ਹੈ। ਸਰੀਰ ਵਿਚ ਵਿਟਾਮਿਨ 'ਬੀ-12' ਠੀਕ ਰਹੇ, ਇਸ ਲਈ ਦੁੱਧ, ਦੁੱਧ ਤੋਂ ਬਣੇ ਪਦਾਰਥ, ਮੀਟ, ਸਾਲਮਨ ਮੱਛੀ, ਆਂਡੇ ਆਦਿ ਦਾ ਨਿਯਮਤ ਸੇਵਨ ਕਰੋ।
ਵਿਟਾਮਿਨ 'ਸੀ'
ਵਿਟਾਮਿਨ 'ਸੀ' ਸਾਡੀ ਚਮੜੀ ਦੇ ਸੁਧਾਰ ਲਈ ਉੱਤਮ ਹੁੰਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਸਹਾਇਕ ਹੁੰਦਾ ਹੈ। ਅੱਖਾਂ ਦੀ ਨਿਗ੍ਹਾ, ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਚਮੜੀ ਸਬੰਧੀ ਸਕਰਵੀ ਰੋਗ ਹੋ ਸਕਦਾ ਹੈ, ਇਸ ਤੋਂ ਇਲਾਵਾ ਮਸੂੜਿਆਂ ਵਿਚੋਂ ਖੂਨ ਆਉਣਾ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ, ਪੈਰਾਂ ਵਿਚ ਚਕੱਤੇ ਪੈਣ ਵਰਗੇ ਕਈ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਵਿਟਾਮਿਨ 'ਸੀ' ਦੀ ਕਮੀ ਨੂੰ ਖੱਟੇ ਰਸਦਾਰ ਫਲਾਂ ਦਾ ਸੇਵਨ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਔਲਾ, ਸਟ੍ਰਾਬੇਰੀ, ਕੀਵੀ, ਮਿਰਚ, ਆਲੂ, ਟਮਾਟਰ, ਬ੍ਰੋਕਲੀ ਦਾ ਸੇਵਨ ਨਿਯਮਤ ਕਰੋ।
ਵਿਟਾਮਿਨ 'ਡੀ'
ਔਰਤਾਂ ਨੂੰ ਵਿਟਾਮਿਨ 'ਡੀ' ਦੀ ਲੋੜ ਮਰਦਾਂ ਨਾਲੋਂ ਵੱਧ ਹੁੰਦੀ ਹੈ, ਕਿਉਂਕਿ ਔਰਤਾਂ ਨੂੰ ਜੀਵਨ ਵਿਚ ਕਈ ਅਜਿਹੀਆਂ ਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿਚੋਂ ਪੁਰਸ਼ ਨਹੀਂ ਲੰਘਦੇ। ਵਿਟਾਮਿਨ 'ਡੀ' ਸਰੀਰ ਅਤੇ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਵਿਟਾਮਿਨ 'ਡੀ' ਖਾਣ-ਪੀਣ ਦੀਆਂ ਚੀਜ਼ਾਂ ਵਿਚ ਘੱਟ ਮਿਲਦਾ ਹੈ ਅਤੇ ਧੁੱਪ ਦੇ ਸੰਪਰਕ ਵਿਚ ਆਉਣ 'ਤੇ ਚਮੜੀ ਇਸ ਦਾ ਨਿਰਮਾਣ ਕਰਨ ਲਗਦੀ ਹੈ। ਪਨੀਰ, ਫੁੱਲ ਕ੍ਰੀਮ ਦੁੱਧ, ਘਿਓ, ਮੱਛੀ ਦਾ ਤੇਲ ਇਸ ਦੇ ਚੰਗੇ ਸਰੋਤ ਹਨ।
ਵਿਟਾਮਿਨ 'ਈ'
ਵਿਟਾਮਿਨ 'ਈ' ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ ਅਤੇ ਇਕ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਵਿਟਾਮਿਨ 'ਈ' ਸੰਪੂਰਨ ਸਿਹਤ ਲਈ ਚੰਗਾ ਹੁੰਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਨਿਯਮਤ ਸੁੱਕੇ ਮੇਵੇ, ਸੂਰਜਮੁਖੀ ਦੇ ਬੀਜ, ਹਰੀਆਂ ਪੱਤੇਦਾਰ ਸਬਜ਼ੀਆਂ, ਆਂਡੇ, ਸ਼ਕਰਕੰਦੀ, ਸਰ੍ਹੋਂ, ਸ਼ਲਗਮ, ਬ੍ਰੋਕਲੀ, ਅੰਬ, ਪਪੀਤਾ, ਕੱਦੂ ਅਤੇ ਮੱਕਾ ਦਾ ਸੇਵਨ ਕਰੋ।
ਵਿਟਾਮਿਨ 'ਕੇ'
ਇਹ ਵਿਟਾਮਿਨ ਵੀ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ। ਇਸ ਨਾਲ ਹੱਡੀਆਂ ਦੀ ਤੰਦਰੁਸਤੀ ਵਿਚ ਸੁਧਾਰ ਹੁੰਦਾ ਹੈ ਅਤੇ ਧਮਨੀਆਂ ਵਿਚ ਕੈਲਸ਼ੀਅਮ ਵੀ ਨਾ ਜੰਮਣ ਵਿਚ ਮਦਦ ਕਰਦਾ ਹੈ। ਸਮੇਂ ਤੋਂ ਪਹਿਲਾਂ ਬੁਢਾਪੇ ਤੋਂ ਵੀ ਸਾਡੀ ਰੱਖਿਆ ਕਰਦਾ ਹੈ। ਵੱਖ-ਵੱਖ ਰੰਗਾਂ ਵਾਲੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ।


-ਨੀਤੂ ਗੁਪਤਾ

ਘਰ ਦਾ ਵੈਦ ਹੈ ਤੁਲਸੀ ਦਾ ਪੌਦਾ

ਤੁਲਸੀ ਦੇ ਪੌਦੇ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਵਿੱਤਰ, ਧਾਰਮਿਕ, ਪ੍ਰਦੂਸ਼ਕ ਵਾਤਾਵਰਨ ਦਾ ਸ਼ੋਧਕ ਅਤੇ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਉੱਤਰੀ ਭਾਰਤ ਦੀਆਂ ਧਾਰਮਿਕ ਆਸਥਾ ਵਾਲੀਆਂ ਔਰਤਾਂ ਇਸ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ। ਉਹ ਹਰ ਰੋਜ਼ ਇਸ਼ਨਾਨ ਕਰਕੇ ਤੁਲਸੀ ਦੇ ਪੌਦੇ ਨੂੰ ਪਾਣੀ ਅਤੇ ਸ਼ਾਮ ਨੂੰ ਦੀਵਾ ਜ਼ਰੂਰ ਜਗਾਉਂਦੀਆਂ ਹਨ। ਇਸ ਤੋਂ ਇਲਾਵਾ ਜੇ ਸਾਡੀਆਂ ਮਾਵਾਂ-ਭੈਣਾਂ ਤੁਲਸੀ ਦੀ ਉਪਯੋਗਤਾ ਜਾਂ ਸੇਵਨ ਵਿਧੀ ਦੀ ਜਾਣਕਾਰੀ ਹਾਸਲ ਕਰ ਲੈਣ ਤਾਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੀਆਂ ਹਨ।
ਆਯੁਰਵੈਦ ਵਿਚ ਅਨੁਭਵਾਂ ਦੇ ਆਧਾਰ 'ਤੇ ਤੁਲਸੀ ਦੀ ਚਮਤਕਾਰੀ ਵਰਤੋਂ ਇਸ ਤਰ੍ਹਾਂ ਹੈ। ਛਾਂ ਵਿਚ ਸੁਕਾਈ ਗਈ ਤੁਲਸੀ ਦੇ ਪੱਤਿਆਂ ਦੇ ਚੂਰਨ ਦਾ ਚੌਥਾਈ ਚਮਚ, ਤਾਜ਼ਾ ਅਦਰਕ ਦੋ ਗ੍ਰਾਮ, ਸੁੰਢ ਚੂਰਨ ਚੌਥਾਈ ਚਮਚ ਅਤੇ ਕਾਲੀ ਮਿਰਚ 7 ਨਗ, ਇਨ੍ਹਾਂ ਸਾਰਿਆਂ ਨੂੰ ਸੌ ਗ੍ਰਾਮ ਦੁੱਧ ਅਤੇ ਇਕ ਚਮਚ ਖੰਡ ਪਾ ਕੇ ਇਸ ਕਾੜ੍ਹੇ ਯੁਕਤ ਪੇਯ ਨੂੰ ਗਰਮ-ਗਰਮ ਪੀ ਕੇ ਆਰਾਮ ਕਰੋ। ਇਹ ਸ਼ੀਤ ਅਤੇ ਸ਼ਰਦ ਨਾਲ ਪੈਦਾ ਸਿਰਦਰਦ, ਨੱਕ ਵਿਚੋਂ ਪਾਣੀ ਵਗਣਾ, ਸਰਦੀ-ਜ਼ੁਕਾਮ, ਪੀਨਸ, ਸਾਹ ਨਲੀ ਦੀ ਸੋਜ, ਜੋੜਾਂ ਵਿਚ ਦਰਦ, ਸਾਧਾਰਨ ਜਵਰ, ਮਲੇਰੀਆ, ਬਦਹਜ਼ਮੀ ਆਦਿ ਰੋਗਾਂ ਵਿਚ ਰਾਮਬਾਣ ਦਵਾਈ ਹੈ। ਬੱਚਿਆਂ ਨੂੰ ਇਹ ਅੱਧੀ ਮਾਤਰਾ ਵਿਚ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੇ ਸਰੀਰਕ ਵਿਕਾਰਾਂ ਵਿਚ ਇਸ ਦੀਆਂ ਵੱਖ-ਵੱਖ ਸੇਵਨ ਵਿਧੀਆਂ ਹਨ।
* ਛਾਂ ਵਿਚ ਸੁਕਾਏ ਗਏ ਤੁਲਸੀ ਦੇ ਪੱਤੇ 20 ਗ੍ਰਾਮ, ਸਾਫ਼ ਅਜ਼ਵਾਇਣ 20 ਗ੍ਰਾਮ, ਸੇਂਧਾ ਨਮਕ 10 ਗ੍ਰਾਮ, ਇਨ੍ਹਾਂ ਤਿੰਨਾਂ ਨੂੰ ਬਰੀਕ ਚੂਰਨ ਕਰਕੇ 2-2 ਦੀ ਮਾਤਰਾ ਵਿਚ ਸਵੇਰੇ ਅਤੇ ਸ਼ਾਮ ਗਰਮ ਪਾਣੀ ਦੇ ਨਾਲ ਲੈਣ ਵਿਚ ਗੁਰਦੇ ਦੀ ਦਰਦ ਨਾਲ ਤੜਫਦੇ ਹੋਏ ਰੋਗੀ ਨੂੰ ਚੈਨ ਮਿਲ ਜਾਂਦਾ ਹੈ। ਰੋਗੀ ਤੰਦਰੁਸਤ ਮਹਿਸੂਸ ਕਰਦਾ ਹੈ। ਇਹ ਵਰਤੋਂ ਨਜ਼ਲਾ, ਜੁਕਾਮ, ਖੰਘ, ਪੇਟ-ਦਰਦ, ਅਫਾਰਾ, ਬਦਹਜ਼ਮੀ, ਖੱਟੇ ਡਕਾਰ, ਕਬਜ਼, ਉਲਟੀ ਆਦਿ ਲਈ ਵੀ ਲਾਭਦਾਇਕ ਹੈ।
* ਤੁਲਸੀ ਦੇ ਪੌਦੇ ਵਿਚ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਅਦਭੁੱਤ ਗੁਣ ਮੌਜੂਦ ਹਨ। ਸੂਰਜ ਗ੍ਰਹਿਣ ਦੇ ਸਮੇਂ ਖਾਣਾ ਖਾਣ ਦੀ ਮਨਾਹੀ ਆਮ ਧਾਰਨਾ ਰਹੀ ਹੈ। ਅਜਿਹੇ ਵਿਚ ਭੋਜਨ ਵਿਚ ਤੁਲਸੀ ਪੱਤਾ ਪਾ ਕੇ ਮੰਨਿਆ ਜਾਂਦਾ ਹੈ ਕਿ ਇਹ ਖਰਾਬ ਨਹੀਂ ਹੋਇਆ ਹੈ।
* ਤੁਲਸੀ ਦੇ 11 ਪੱਤੇ ਅਤੇ 7 ਕਾਲੀਆਂ ਮਿਰਚਾਂ, ਇਨ੍ਹਾਂ ਦੋਵਾਂ ਨੂੰ 60 ਗ੍ਰਾਮ ਪਾਣੀ ਵਿਚ ਰਗੜ ਕੇ ਪੀਣ ਨਾਲ ਜਿਹੜਾ ਮਰਜ਼ੀ ਬੁਖਾਰ ਹੋਵੇ, ਬਿਲਕੁਲ ਉਤਰ ਜਾਂਦਾ ਹੈ।
* ਤੁਲਸੀ ਦੇ ਪੱਤੇ 7, ਕਾਲੀਆਂ ਮਿਰਚਾਂ 7, ਪਿੱਪਲ ਦਾ ਪੱਤਾ ਇਕ, ਇਨ੍ਹਾਂ ਤਿੰਨਾਂ ਨੂੰ ਨਿਯਮਤ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਮਹੀਨਿਆਂ ਤੋਂ ਹੋ ਰਿਹਾ ਪੁਰਾਣਾ ਬੁਖਾਰ ਗਾਇਬ ਹੋ ਜਾਂਦਾ ਹੈ।


-ਕਾਮਤਾ ਨਾਥ ਤਿਵਾੜੀ

ਅੱਖਾਂ ਲਈ ਲਾਭਦਾਇਕ ਕਿਰਿਆਵਾਂ

ਅੱਖਾਂ 'ਤੇ ਐਨਕ ਉਦੋਂ ਲਗਦੀ ਹੈ ਜਦੋਂ ਅੱਖਾਂ ਆਪਣੀਆਂ ਸੁਭਾਵਿਕ ਕਿਰਿਆਵਾਂ ਨੂੰ ਕਰਨ ਤੋਂ ਅਸਮਰੱਥ ਹੋ ਜਾਂਦੀਆਂ ਹਨ। ਐਨਕ ਤਾਂ ਸਿਰਫ ਉਨ੍ਹਾਂ ਦਾ ਫੋਕਸ ਠੀਕ ਕਰਦੀ ਹੈ ਨਾ ਕਿ ਅੱਖਾਂ ਦੀ ਨਿਗ੍ਹਾ ਨੂੰ ਵਧਾਉਂਦੀ ਹੈ। ਜੇ ਅਸੀਂ ਅੱਖਾਂ ਦੀ ਨਿਗ੍ਹਾ ਵਧਾਉਣ ਦੇ ਉਪਾਅ ਨਾ ਕਰੀਏ ਤਾਂ ਦਿਨ-ਪ੍ਰਤੀਦਿਨ ਅੱਖਾਂ ਦੇ ਲੈੱਨਜ਼ ਦਾ ਫੋਕਸ ਘੱਟ ਹੁੰਦਾ ਜਾਵੇਗਾ ਅਤੇ ਐਨਕ ਦਾ ਨੰਬਰ ਵਧਦਾ ਹੀ ਜਾਵੇਗਾ।
ਜੇ ਅਸੀਂ ਸਿਹਤ ਦੇ ਕੁਝ ਨਿਯਮਾਂ ਦਾ ਪਾਲਣ ਕਰੀਏ ਤਾਂ ਅੱਖਾਂ 'ਤੇ ਐਨਕ ਲੱਗੇਗੀ ਹੀ ਨਹੀਂ ਅਤੇ ਜੇ ਲੱਗ ਵੀ ਚੁੱਕੀ ਹੈ ਤਾਂ ਛੇਤੀ ਹੀ ਉਤਰ ਜਾਵੇਗੀ। ਅੱਖਾਂ ਦੀ ਕੁਦਰਤੀ ਨਿਗ੍ਹਾ ਬਣਾਈ ਰੱਖਣ ਲਈ ਹੇਠ ਲਿਖੇ ਉਪਾਅ ਲਾਭਦਾਇਕ ਹੋ ਸਕਦੇ ਹਨ-
ਅੱਖਾਂ ਦੀਆਂ ਕਸਰਤਾਂ : ਅੱਖਾਂ ਨੂੰ ਵੀ ਕਸਰਤ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਸਵੇਰੇ ਉਠਦੇ ਹੀ ਅੱਖਾਂ 'ਤੇ ਤਾਜ਼ੇ ਪਾਣੀ ਦੇ ਛਿੱਟੇ ਮਾਰ ਕੇ ਕਰੀਬ 3 ਮਿੰਟ ਤੱਕ ਠੰਢਾ ਕਰਨਾ ਚਾਹੀਦਾ ਹੈ ਜਾਂ ਸ਼ੁੱਧ ਪਾਣੀ ਵਿਚ ਅੱਖਾਂ ਨੂੰ ਲਿਜਾ ਕੇ ਖੋਲ੍ਹਣਾ, ਬੰਦ ਕਰਨਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਅੱਖਾਂ ਨੂੰ ਤਾਜ਼ਗੀ ਮਿਲਦੀ ਹੈ।
ਜ਼ਿਆਦਾ ਦੇਰ ਤੱਕ ਅੱਖਾਂ ਨਾਲ ਘੂਰਦੇ ਨਹੀਂ ਰਹਿਣਾ ਚਾਹੀਦਾ, ਸਗੋਂ ਪਲਕਾਂ ਨੂੰ ਵਾਰ-ਵਾਰ ਝਪਕਦੇ ਰਹਿਣਾ ਚਾਹੀਦਾ ਹੈ। ਅੱਖਾਂ ਨੂੰ ਲਗਾਤਾਰ ਸੁਭਾਵਿਕ ਦਸ਼ਾ ਵਿਚ ਝਪਕਦੇ ਰਹਿਣ ਨਾਲ ਸ਼ਕਤੀ ਮਿਲਦੀ ਹੈ ਅਤੇ ਉਨ੍ਹਾਂ ਦੀ ਸੁੰਦਰਤਾ ਬਣੀ ਰਹਿੰਦੀ ਹੈ। ਪਲਕਾਂ ਨੂੰ ਲਗਾਤਾਰ ਝਪਕਦੇ ਰਹਿਣ ਨਾਲ ਅਰਸ਼ੁ ਗ੍ਰੰਥੀਆਂ ਸ਼ਲੇਸ਼ਿਮਕਾ ਨੂੰ ਨਮ ਬਣਾਈ ਰੱਖਦੀਆਂ ਹਨ।
ਹੱਥਾਂ ਨੂੰ ਛੂਹੇ ਬਿਨਾਂ ਅੱਖਾਂ ਨੂੰ ਜ਼ੋਰ ਨਾਲ ਦਬਾਓ ਅਰਥਾਤ ਅੱਖਾਂ ਨੂੰ ਬੰਦ ਕਰਕੇ ਜ਼ੋਰ ਨਾਲ ਮੀਚੋ। ਇਸ ਤਰ੍ਹਾਂ ਦੀ ਕੋਸ਼ਿਸ਼ ਕਰੋ ਕਿ ਅੱਖਾਂ 'ਤੇ ਚਾਰੇ ਪਾਸਿਓਂ ਦਬਾਅ ਪਵੇ। ਅੱਖ ਦਬਾਅ ਦੀ ਕਸਰਤ ਨਾਲ ਅੱਖ ਦੇ ਅੰਦਰੂਨੀ ਦਬਾਅ ਵਿਚ ਕਸ਼ਿਣਕ ਵਾਧਾ ਹੁੰਦਾ ਹੈ ਅਤੇ ਉਥੋਂ ਦਾ ਖੂਨ ਸੰਚਾਰ ਸੁਭਾਵਿਕ ਰੂਪ ਨਾਲ ਕੰਮ ਕਰਨ ਲਗਦਾ ਹੈ।
ਵੱਖ-ਵੱਖ ਦਿਸ਼ਾਵਾਂ ਵਿਚ ਅੱਖਾਂ ਨੂੰ ਘੁਮਾਓ। ਕਦੇ ਉੱਪਰ ਨਜ਼ਰ ਲੈ ਜਾਓ ਤੇ ਕਦੇ ਹੇਠਾਂ। ਇਸ ਵਾਸਤੇ ਸਭ ਤੋਂ ਪਹਿਲਾਂ ਅੱਖਾਂ ਨੂੰ ਬੰਦ ਕਰੋ ਅਤੇ ਖੜ੍ਹੀ ਉਂਗਲੀ ਨੂੰ ਇਸ ਤਰ੍ਹਾਂ ਨੱਕ 'ਤੇ ਰੱਖੋ ਕਿ ਨੱਕ ਪੂਰੀ ਤਰ੍ਹਾਂ ਢਕ ਹੋ ਜਾਵੇ। ਹੁਣ ਹੌਲੀ ਜਿਹੇ ਅੱਖ ਖੋਲ੍ਹੋ ਅਤੇ ਸਿਰ ਨੂੰ ਸਥਿਰ ਰੱਖ ਕੇ ਉਂਗਲੀ ਨੂੰ ਸੱਜੇ ਪਾਸੇ 12 ਇੰਚ ਤੱਕ ਲੈ ਜਾਓ। ਹੁਣ ਆਰਾਮ ਨਾਲ ਅੱਖ ਬੰਦ ਕਰੋ ਤੇ ਖੱਬੇ ਪਾਸੇ ਵੱਲ ਵੀ ਕਰੋ। ਇਸ ਤਰ੍ਹਾਂ 8-10 ਵਾਰ ਅਭਿਆਸ ਕਰੋ।
ਆਪਣੇ ਮੂੰਹ ਨੂੰ ਜਿੰਨਾ ਸੰਭਵ ਹੋ ਸਕੇ, ਵੱਧ ਫੈਲਾਓ। ਜੀਭ ਨੂੰ ਜ਼ਿਆਦਾ ਤੋਂ ਜ਼ਿਆਦਾ ਬਾਹਰ ਕੱਢੋ ਅਤੇ ਸਿਰ ਚੁੱਕੇ ਬਿਨਾਂ ਹੀ ਛੱਤ ਵੱਲ ਦੇਖੋ। ਕੁਝ ਪਲ ਤੱਕ ਇਸ ਸਥਿਤੀ ਵਿਚ ਰਹਿਣ ਤੋਂ ਬਾਅਦ ਹੌਲੀ-ਹੌਲੀ ਆਮ ਸਥਿਤੀ ਵਿਚ ਆਓ। ਹਰ ਰੋਜ਼ ਇਨ੍ਹਾਂ ਕਸਰਤਾਂ ਨੂੰ 5-6 ਵਾਰ ਜ਼ਰੂਰ ਕਰੋ।
ਹਥੇਲੀ ਘਰਸ਼ਣ : ਆਪਣੀਆਂ ਦੋਵੇਂ ਹਥੇਲੀਆਂ ਨੂੰ ਮਿਲਾ ਕੇ ਏਨਾ ਘਸਾਓ ਕਿ ਉਹ ਗਰਮ ਹੋ ਜਾਣ। ਉਨ੍ਹਾਂ ਗਰਮ ਹਥੇਲੀਆਂ ਨੂੰ ਅੱਖਾਂ 'ਤੇ ਰੱਖ ਕੇ ਸੇਕ ਦਿਓ। ਅੱਖਾਂ ਨੂੰ ਹਲਕੇ-ਹਲਕੇ ਦਬਾਅ ਕੇ ਗੋਲ-ਗੋਲ ਘੁਮਾ ਕੇ ਅੱਖਾਂ ਦੀ ਮਸਾਜ ਕਰੋ। ਹਲਕਾ ਦਬਾਅ ਪਾਓ ਅਤੇ ਛੱਡੋ। ਇਹ ਕਿਰਿਆ ਦੋ-ਤਿੰਨ ਵਾਰ ਦੁਹਰਾਓ।
ਅੱਖਾਂ ਦੀ ਦੁਰਵਰਤੋਂ ਨਾ ਕਰੋ : ਅੱਖਾਂ ਵੀ ਤਣਾਅਗ੍ਰਸਤ ਹੋ ਜਾਂਦੀਆਂ ਹਨ ਅਤੇ ਆਪਣੀ ਸੁਭਾਵਿਕਤਾ ਨੂੰ ਛੱਡਣ ਲਗਦੀਆਂ ਹਨ। ਅੱਖਾਂ ਦਾ ਕੰਮ ਦੇਖਣ ਲਈ ਹੁੰਦਾ ਹੈ। ਉਚਿਤ ਦੂਰੀ ਤੋਂ ਨਾ ਪੜ੍ਹਨਾ, ਘੱਟ ਰੌਸ਼ਨੀ ਵਿਚ ਪੜ੍ਹਨਾ, ਲੰਮੇ ਪੈ ਕੇ ਪੜ੍ਹਨਾ, ਟ੍ਰੇਨ ਜਾਂ ਬੱਸ ਦੇ ਸਫਰ ਵਿਚ ਪੜ੍ਹਨਾ, ਹਨੇਰੇ ਰਾਹਾਂ 'ਤੇ ਜ਼ਿਆਦਾ ਚੱਲਣਾ ਆਦਿ ਕਾਰਨਾਂ ਨਾਲ ਅੱਖਾਂ ਤਣਾਅਗ੍ਰਸਤ ਹੋ ਜਾਂਦੀਆਂ ਹਨ।
ਦੋ-ਢਾਈ ਸਾਲ ਦੇ ਬੱਚਿਆਂ ਨੂੰ ਹੀ ਜ਼ਬਰਦਸਤੀ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਅਨੇਕ ਰੰਗਾਂ ਵਾਲੀਆਂ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ। ਰੰਗਾਂ ਦੇ ਮਾੜੇ ਪ੍ਰਭਾਵ ਨਾਲ ਅੱਖਾਂ 'ਤੇ ਜ਼ੋਰ ਪੈਂਦਾ ਹੈ ਅਤੇ ਇਹ ਤਣਾਅ ਅਪਵਰਤਨ ਤਰੁੱਟੀਆਂ ਦਾ ਕਾਰਨ ਬਣ ਜਾਂਦਾ ਹੈ। ਨਤੀਜੇ ਵਜੋਂ 5-6 ਸਾਲ ਦੀ ਉਮਰ ਤੋਂ ਹੀ ਨਜ਼ਰ ਦਾ ਨੁਕਸਾਨ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਐਨਕ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ।
ਅੱਖਾਂ ਦੇ ਤਣਾਅਗ੍ਰਸਤ ਹੋਣ 'ਤੇ ਲੈੱਨਜ਼ ਦੀ ਸਥਿਤੀ ਵਿਚ ਬਦਲਾਅ ਹੋ ਜਾਂਦਾ ਹੈ ਅਤੇ ਮਾਓਪਿਆ, ਹਾਈਪਰਮੇਟ੍ਰੋਪਿਆ ਜਾਂ ਐਸਟਿਗਮੇਟਿਜ਼ਮ ਪੈਦਾ ਕਰ ਸਕਦਾ ਹੈ। ਇਸ ਦਾ ਇਲਾਜ ਬਿਨਾਂ ਆਪ੍ਰੇਸ਼ਨ ਦੇ ਸੰਭਵ ਨਹੀਂ ਹੁੰਦਾ।

ਸਿਹਤ ਖ਼ਬਰਨਾਮਾ

ਸਾਫ਼-ਸੁਥਰੇ ਦੇਸ਼ ਖ਼ਸਰੇ ਦੇ ਸ਼ਿਕਾਰ

ਸਾਫ਼-ਸੁਥਰਾ ਰਹਿਣ ਨਾਲ ਖਸਰੇ ਦੀ ਬਿਮਾਰੀ ਨਹੀਂ ਫੈਲਦੀ, ਅਜਿਹਾ ਕਿਹਾ ਜਾਂਦਾ ਹੈ। ਯੂਰਪੀ ਦੇਸ਼ਾਂ ਵਿਚ ਇਹ ਗੱਲ ਗ਼ਲਤ ਸਿੱਧ ਹੁੰਦੀ ਜਾ ਰਹੀ ਹੈ। ਵਰਤਮਾਨ ਸਮੇਂ ਵਿਚ ਯੂਰਪੀ ਦੇਸ਼ ਖਸਰੇ ਦੀ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਫਰਾਂਸ ਦੇ ਸਕੂਲਾਂ ਵਿਚ ਇਹ ਬਿਮਾਰੀ ਜ਼ਬਰਦਸਤ ਰੂਪ ਨਾਲ ਫੈਲੀ ਹੈ। ਬ੍ਰਿਟੇਨ ਵੀ ਇਸ ਬਿਮਾਰੀ ਦੀ ਚਪੇਟ ਵਿਚ ਹੈ। ਖਸਰੇ ਦੀ ਸੰਕ੍ਰਾਮਕਤਾ ਨੇ ਸਾਫ਼-ਸਫ਼ਾਈ ਦੇ ਯਤਨਾਂ ਨੂੰ ਲੰਘ ਕੇ ਆਪਣਾ ਤੇਵਰ ਦਿਖਾਇਆ ਹੈ। ਇਸ ਨਾਲ ਡਾਕਟਰ, ਵਿਗਿਆਨੀ ਅਤੇ ਖੋਜ ਕਰਤਾ ਹੈਰਾਨ ਹਨ। ਇਸੇ ਤਰ੍ਹਾਂ ਅਮਰੀਕਾ ਵਿਚ ਖਟਮਲ ਦੇ ਫੈਲਾਅ ਨੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਬਿਮਾਰੀਆਂ ਦੀ ਸੰਕ੍ਰਾਮਕਤਾ ਅਤੇ ਕੀੜੇ-ਮਕੌੜਿਆਂ ਦੇ ਜੀਵਨ ਚੱਕਰ ਨੂੰ ਹੁਣ ਨਵੇਂ ਢੰਗ ਨਾਲ ਜਾਨਣਾ ਅਤੇ ਅਧਿਐਨ ਕਰਨਾ ਜ਼ਰੂਰੀ ਹੋ ਗਿਆ ਹੈ। ਖਸਰੇ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਸੰਕ੍ਰਾਮਕ ਬਿਮਾਰੀ ਅਸਾਨੀ ਨਾਲ ਫੈਲ ਸਕਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX