ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  6 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  22 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਹੋਰ ਖ਼ਬਰਾਂ..

ਦਿਲਚਸਪੀਆਂ

ਆਪਣੇ ਪਰਾਏ

ਗਰਮੀ ਦੀਆਂ ਛੁੱਟੀਆਂ ਵਿਚ ਮੇਰੀ ਲੜਕੀ ਪਿੰਦਰ ਆਪਣੇ ਬੱਚਿਆਂ ਨੂੰ ਲੈ ਕੇ ਮਿਲਣ ਆਈ ਹੋਈ ਸੀ | ਮੇਰਾ ਦੋਹਤਾ ਹਨੀ, ਦੋਹਤੀ ਜਸ਼ਨ, ਪੋਤਰਾ ਬੰਟੀ ਤੇ ਪੋਤਰੀ ਪੁਨੀਤ ਵਿਹੜੇ ਵਿਚ ਲੱਗੀ ਨਿੰਮ 'ਤੇ ਪਾਈ ਪੀਂਘ 'ਤੇ ਝੂਟੇ ਲੈ ਰਹੇ ਸਨ | ਚਾਰੇ ਬੱਚੇ ਪੀਂਘ ਦਾ ਝੂਟਾ ਪਹਿਲਾਂ ਲੈਣ ਲਈ ਆਪਸ ਵਿਚ ਲੜ ਵੀ ਰਹੇ ਸਨ | ਮੈਂ ਉਨ੍ਹਾਂ ਦੀ ਲੜਾਈ ਬੰਦ ਕਰਾ ਕੇ ਉਨ੍ਹਾਂ ਦੀ ਵਾਰੀ-ਵਾਰੀ ਦਸ-ਦਸ ਝੂਟੇ ਲੈਣ ਦੀ ਵਾਰੀ ਬੰਨ੍ਹ ਦਿੱਤੀ |
ਹੁਣ ਦੋਹਤੇ ਹਨੀ ਦੀ ਵਾਰੀ ਸੀ, ਉਸ ਨੇ ਜਿਵੇਂ ਹੀ ਪੀਂਘ ਦਾ ਵੱਡਾ ਝੂਟਾ ਲਿਆ, ਉਸ ਨੇ ਰੱਸੀ ਨਾਲੋਂ ਹੱਥ ਛੁਟ ਗਏ ਤੇ ਉਹ ਧੜੰਮ ਕਰ ਕੇ ਦੂਰ ਜਾ ਡਿੱਗਿਆ ਤੇ ਜ਼ੋਰ ਦੀ ਚੀਕ ਮਾਰੀ | ਮੇਰੀ 80 ਸਾਲ ਦੀ ਮਾਤਾ ਜੀ, ਜਿਸ ਦੀ ਨਿਗਾਹ ਬਹੁਤ ਘੱਟ ਸੀ, ਮੰਜੇ 'ਤੇ ਬੈਠੀ ਮਾਲ਼ਾ ਫੇਰਦੀ-ਫੇਰਦੀ, ਬੱਚੇ ਦੀ ਚੀਕ ਸੁਣ ਕੇ ਫਿਕਰ ਵਿਚ ਇਕਦਮ ਚਿਲਾਈ, 'ਵੇ ਦਰਸ਼ਨਾ ਵੇਖੀਂ ਵੇ ਕੌਣ ਨਿੱਜੜਾ ਡਿੱਗ ਪਿਆ |'
ਮੈਂ ਕਿਹਾ, 'ਮਾਤਾ ਜੀ, ਆਪਣੀ ਪਿੰਦਰ ਦਾ ਮੰੁਡਾ ਹਨੀ ਪੀਂਘ ਤੋਂ ਡਿੱਗ ਪਿਆ, ਸਿਰ 'ਚ ਸੱਟ ਲੱਗ ਗਈ |' 'ਅੱਛਾ ਅੱਛਾ, ਹਨੀ ਡਿੱਗ ਪਿਆ, ਕੋਈ ਨੀਂ ਫੇਰ, ਮੈਂ ਕਿਹਾ ਕਿ ਕਿਤੇ ਆਪਣਾ ਬੰਟੀ ਨਾ ਡਿੱਗ ਪਿਆ ਹੋਵੇ, ਸ਼ੁਕਰ ਹੈ ਸ਼ੁਕਰ ਹੈ', ਆਖ ਕੇ ਫੇਰ ਮਾਲ਼ਾ ਫੇਰਨ ਲੱਗ ਪਈ |

-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ (ਮੋਗਾ) ਮੋਬਾਈਲ : 98783-28501.


ਖ਼ਬਰ ਸ਼ੇਅਰ ਕਰੋ

ਬੰਧਨਾਂ 'ਚ ਬੱਝਾ ਬਾਪੂ

ਪਦ-ਉੱਨਤੀ ਤੇ ਤਬਾਦਲੇ ਤੋਂ ਬਾਅਦ ਜਿਵੇਂ ਕਦੇ ਉਸ ਨੂੰ ਪਿੰਡ ਦੀ ਯਾਦ ਨਾ ਆਈ ਹੋਵੇ, ਉਹ ਪਿੰਡ ਨਹੀਂ ਸੀ ਆਇਆ | ਦਿੱਲੀ ਵਿਚਲੇ ਸਰਕਾਰੀ ਬੰਗਲੇ ਨੇ ਜਿਵੇਂ ਪਿੱਛਾ ਹੀ ਭੁਲਾ ਦਿੱਤਾ ਹੋਵੇ | ਅੱਜ ਕਿਧਰੋਂ ਆਏ ਨੂੰ ਬੰਗਲੇ 'ਚ ਵੜਦਿਆਂ ਨੂੰ ਨੌਕਰ ਨੇ ਗੇਟ ਖੋਲਿ੍ਹਆ, ਕਾਰ ਵਿਹੜੇ 'ਚ ਵਾੜਦੇ ਦੀ ਬੰਗਲੇ ਦੇ ਦਲਾਨ 'ਚ ਕੁਰਸੀ 'ਤੇ ਬੈਠੇ ਬਾਪੂ ਵੱਲ ਨਜ਼ਰ ਪਈ, ਉਸ ਦੇ ਚੇਹਰੇ 'ਤੇ ਰੌਣਕ ਜਿਹੀ ਆਈ, ਮੰੂਹੋਂ ਨਿਕਲਿਆ 'ਬਾਪੂ ਜੀ...!'
ਪਰ ਨਾਲ ਬੈਠੀ ਘਰ ਵਾਲੀ ਦਾ ਨੱਕ ਚੜ੍ਹ ਗਿਆ, ਅੰਦਰੋ-ਅੰਦਰੀ ਸੋਚਣ ਲੱਗੀ, 'ਹੁਣ ਫੇਰ ਦੱਦ ਲੱਗ ਗਿਆ 'ਬੁੜ੍ਹਾ', ਪਤਾ ਨਹੀਂ ਕਦੋਂ ਪਿੱਛਾ ਛੱਡੇਗਾ...' |
ਉਹ ਕਾਰ 'ਚੋਂ ਉਤਰੇ, ਦੋਵਾਂ ਨੇ ਬਾਪੂ ਦੇ ਪੈਰੀਂ ਹੱਥ ਲਾਏ ਤੇ ਪੁੱਤ ਦੇ ਮੂੰਹੋਂ ਨਿਕਲਿਆ 'ਬਾਹਰ ਹੀ ਬੈਠ ਗਏ...' |
ਕੋਈ ਨਹੀਂ ਪਿੰਡੋਂ ਆਏ ਨੇ, ਉੱਥੇ ਖੁੱਲ੍ਹੇ 'ਚ ਬੈਠਣ ਦੇ ਆਦੀ ਨੇ, ਬਜ਼ੁਰਗਾਂ ਦਾ ਅੰਦਰ ਬੈਠਿਆਂ ਸਾਹ ਘੁੱਟਣ ਵਰਗਾ ਲੱਗਦੈ, ਮੁਸ਼ਕੜੀਆਂ ਹੱਸਦੀ ਨੂੰ ਹ ਨੇ ਇਹ ਕਹਿਦਿਆਂ ਬਾਪੂ ਤੋਂ ਹਾਂ ਕਹਾ ਲਈ | ਅਸਲ 'ਚ ਨੂੰ ਹ ਨੇ ਬਾਪੂ ਦੇ ਬੰਗਲੇ 'ਚ ਵੜਨ ਦੇ ਰਾਹ ਨੂੰ ਰੋਕਿਆ ਸੀ, ਹੁਣ ਬਾਪੂ ਨੂੰ ਨੂੰ ਹ-ਪੁੱਤ ਨੂੰ ਵੇਖ ਚੜ੍ਹੀ ਖੁਸ਼ੀ ਉਤਰਨ ਲੱਗੀ, ਉਸ ਦੇ ਗਲ਼ 'ਚੋਂ ਨਿਕਲਦਾ ਬੋਲ ਰੁਕਣ ਲੱਗਾ, ਹਿੰਮਤ ਕਰ ਕੇ ਉਸ ਨੇ ਕੰਬਦੀ-ਕੰਬਦੀ ਆਵਾਜ਼ 'ਚ ਕਿਹਾ 'ਹਾਂ-ਹਾਂ' |
ਬਹਾਦਰ ਚੇਅਰ ਲਾਓ ਸਾਬ੍ਹ ਕੇ ਲੀਏ, ਬਾਪੂ ਜੀ ਕੇ ਪਾਸ ਬੈਠੇਂਗੇ', ਨੌਕਰ ਨੂੰ ਹੁਕਮ ਚਾੜ੍ਹ ਨੂੰ ਹ ਬੰਗਲੇ ਅੰਦਰ ਜਾ ਵੜ੍ਹੀ |
'ਤੂੰ ਦੱਸਿਆ ਈ ਨਹੀਂ ਆਉਣ ਬਾਰੇ...', ਪੁੱਤ ਨੇ ਬਾਪੂ ਕੋਲ ਬੈਠਦਿਆਂ ਪੁੱਛਿਆ | ਕੀ ਦੱਸਾਂ ਪੁੱਤ ਦਿਲ ਹੀ ਨਾ ਖੜਿ੍ਹਆ, ਇਉਂ ਲੱਗਿਆ ਜਿਵੇਂ ਜੁਗੜੇ ਬੀਤ ਗਏ, ਤੇਰੀ ਮਾਂ ਵੀ ਮਿਲਣ ਨੂੰ ਜ਼ੋਰ ਪਾੳਾੁਦੀ ਸੀ, ਪਰ 'ਮੈਂ...' ਕਹਿੰਦਾ-ਕਹਿੰਦਾ ਬਾਪੂ ਚੁੱਪ ਕਰ ਗਿਆ |
'ਲੈ ਆਉਣਾ ਸੀ, ਬੇਬੇ ਵੀ ਮਿਲ ਜਾਂਦੀ' ਪੁੱਤ ਨੇ ਕਾਹਲੀ ਨਾਲ ਕਿਹਾ, ਸਾਥੋਂ ਤਾਂ ਆਇਆ ਨੀ ਜਾਂਦਾ, ਬਿਜ਼ੀ ਲਾਈਫ਼ ਹੈ, ਦਫਤਰ, ਘਰ, ਬੱਚਿਆਂ ਦੇ ਕੰਮ-ਕਾਜ ਕਦੇ ਕੋਈ ਪਾਰਟੀ-ਕੋਈ ਪ੍ਰੋਗਰਾਮ 'ਚ ਸਾਰਾ ਦਿਨ ਰੁੱਝੇ ਰਹੀਦੈ, ਫ਼ੁਰਸਤ ਹੀ ਨਹੀਂ' |
ਪਿਉ-ਪੁੱਤ 'ਚ ਗੱਲਾਂ ਕਰਦਿਆਂ ਸਵਾ ਘੰਟਾ ਗੁਜ਼ਰ ਗਿਆ, ਨੂੰ ਹ ਬਾਹਰ ਆਈ ਤੇੇ ਉਹਨੇ ਕਿਹਾ 'ਤੁਸੀਂ ਚਾੇਜ਼ ਹੋ ਲੈਂਦੇ, ਹਾਂ ਸੱਚ ਬਹਾਦਰ, 'ਬਾਪੂ ਜੀ ਕੋ ਚਾਏ-ਪਾਨੀ ਪਿਲਾਇਆ?'
ਓਪਰੀ ਖਾਤਰਦਾਰੀ ਦੇ ਕੰਨੀ ਪਏ ਬੋਲ ਬਾਪੂ ਦੇ ਕੰਨ ਚੀਰਦੇ ਸੀਨੇ ਨੂੰ ਜਾ ਵੱਜੇ |
'ਨਹੀਂ ਭਾਈ-ਨਹੀਂ, ਕੋਈ ਲੋੜ ਨਹੀਂ, ਜਦੋਂ ਲੋੜ ਪਉ ਮੈਂ ਆਪੇ ਮੰਗ ਲਵਾਂਗਾ' |
ਬਾਪੂ ਦੇ ਚਿਹਰੇ 'ਤੇ ਆਈ ਤਬਦੀਲੀ ਸਮਝਦਿਆਂ ਪੁੱਤ ਨੇ ਕਿਹਾ 'ਆਪਾਂ ਅੰਦਰ ਬੈਠਦੇ ਹਾਂ' |
'ਕੋਈ ਨੀ ਪੁੱਤ ਮੈਂ ਤਾਂ ਰਾਤ ਦੀ ਗੱਡੀ ਮੁੜ ਜਾਣਾ ਪਿੰਡ ਨੂੰ , ਮੈਂ ਰਹਿਣ ਥੋੜੀ ਆਇਆਂ, ਮੈਂ ਤਾਂ ਦੱਸਣਾ ਭੁੱਲ ਗਿਆ ਦੋ ਸਾਲਾਂ ਦਾ ਜ਼ਮੀਨ ਦਾ ਠੇਕਾ ਲਿਆ ਸੀ, ਉਹ ਦੇਣ ਆਇਆਂ ਤੈਨੂੰ ਤੇਰੇ ਕੰਮ ਆ ਜਾਉ', ਹੱਥ ਫੜੇ ਝੋਲ਼ੇ 'ਚੋਂ ਗੁਲਾਬੀ ਰੰਗ ਦੇ ਨੋਟਾਂ ਦੀਆਂ ਥਹੀਆਂ ਕੱਢ ਪੁੱਤ ਦੇ ਹੱਥ ਥਰਦਿਆਂ ਬਾਪੂ ਨੇ ਕਿਹਾ | ਨੋਟਾਂ ਦੀ ਥਹੀ 'ਤੇ ਪਾਣੀ ਦਾ ਤਾਜ਼ਾ ਤੁਪਕਾ ਸੀ, ਜੋ ਬਾਪੂ ਦੀ ਅੱਖ 'ਚੋਂ ਡਿਗੇ ਹੰਝੂ ਦਾ ਸੀ | ਬਾਪੂ ਹੌਸਲਾ ਕਰ ਕੇ ਮੁੜ ਬੋਲਿਆ, 'ਨਿੱਕੀ ਆਈਐ ਕੈਨੇਡਿਓਾ, ਕਹਿੰਦੀ ਐ ਨਾਲ ਲੈ ਕੇ ਜਾਣਾ, ਵੀਜ਼ਾ ਲੱਗ ਗਿਆ, ਖ਼ਬਰੇ ਮੁੜਾਂਗੇ ਵੀ ਜਾਂ...ਕਹਿੰਦਾ ਬਾਪੂ ਮੁੜ ਚੁੱਪ ਹੋ ਗਿਆ | ਬਾਪੂ ਦੇ ਬੋਲਾਂ ਨੇ ਪੁੱਤ ਦਾ ਮੂੰਹ ਸੀਅ ਦਿੱਤਾ, ਅੰਦਰੋ-ਅੰਦਰੀ ਸੋਚਣ ਲੱਗਾ ਮੇਰੇ ਤੋਂ ਤਾਂ ਨਿੱਕੀ ਭੈਣ ਹੀ ਚੰਗੀ ਐ, ਵਿਦੇਸ਼ ਰਹਿੰਦੀ ਵੀ ਮਾਪਿਆਂ 'ਚ ਧਿਆਨ ਤਾਂ ਰੱਖਦੀ ਹੈ, ਮੈਂ ਪੁੱਤ ਹੁੰਦਿਆਂ ਫਰਜ਼ ਤੋਂ ਕੋਤਾਹੀ ਕਰਦਾ ਰਿਹਾ ਪਰ ਬੰਧਨਾਂ 'ਚ ਬੱਝਾ ਬਾਪੂ ਵੀ ਸਭ ਕੁਝ ਕਰੀ ਜਾ ਰਿਹਾ ਹੈ | ਉਹ ਸੋਚਦਾ ਗਿਆ ਕਿ ਮੈਂ ਕੀ ਕਰ ਬੈਠਾਂ, ਅੱਜ ਸਿਰ ਉਤਾਂਹ ਨਹੀਂ ਕਰ ਸਕਦਾ, ਬਾਪੂ ਤੋਂ ਫੜੇ ਨੋਟ ਉਸਦੇ ਹੱਥੋਂ ਛੁੱਟ ਗਏ, ਭਰੀਆਂ ਅੱਖਾਂ 'ਚ ਉਹ ਬੋਲਣਾ ਚਾਹੁੰਦਾ ਸੀ 'ਬਾਪੂ, ਤੈਥੋਂ ਬਚਪਨ 'ਚ ਇਕ ਰੁਪਈਆ ਲੈਂਦੇ ਸੀ, ਸਿਰ ਉਤਾਂਹ ਤੇ ਚਾਅ ਚੜ੍ਹਦਾ ਸੀ, ਹੁਣ ਨੋਟਾਂ ਦੀਆਂ ਥਹੀਆਂ ਫੜੀਆਂ ਨਹੀਂ ਜਾਂਦੀਆਂ, ਤੂੰ ਤੇ ਫ਼ਰਜ਼ਾਂ ਦੇ ਬੰਧਨ ਨੂੰ ਨਿਭਾਅ ਗਿਆ, ਮੈਂ....'
ਕੋਲ ਖਲੋਤੀ ਨੂੰ ਹ ਵੱਲ ਟੇਢੀ ਅੱਖ ਨਾਲ ਦੇਖਦਿਆਂ ਬਾਪੂ ਨੇ ਹਲੂਣਾ ਦਿੰਦਿਆਂ ਅੰਦਰਲੀ ਦੁਖਦੀ ਰਮਜ਼ ਨੂੰ ਹੌਲ਼ੀ ਕਰਦਿਆਂ ਕਿਹਾ, 'ਕੋਈ ਨੀ ਪੁੱਤ, ਆਪਣਿਆਂ ਨਾਲ ਹੀ ਵੱਡੇ ਹੋਈਦੈ, ਆਪਣੀ ਮਿੱਟੀ, ਆਪਣੀ ਬੋਲੀ, ਆਪਣਿਆਂ ਨੂੰ ਨਹੀਂ ਭੁੱਲੀਦਾ, ਅੱਜ ਮੇਰੇੇ ਪੁੱਤ ਦੇ ਬੰਗਲੇ 'ਚ ਨਿਪਾਲੀ ਤਾਂ ਵੜ ਸਕਦਾ ਹੈ ਪਰ... ਮੈਨੂੰ ਵਰਾਂਡਾ ਹੀ ਮੁਬਾਰਕ, ਖੁਸ਼ ਰਹੋ', ਕਹਿੰਦਾ ਬਾਪੂ ਬੰਗਲੇ ਤੋਂ ਬਾਹਰ ਵੱਲ ਤੁਰ ਪਿਆ |

-ਪਿੰਡ, ਡਾਕ:-ਘਵੱਦੀ, ਲੁਧਿਆਣਾ-141206
ਸੰਪਰਕ: 9417870492.

ਚੱਪਲਾਂ ਵਾਲਾ

ਬਈ ਕਹਿੰਦੇ ਨੇ ਕਿਸੇ ਨੂੰ ਮਜ਼ਾਕ ਸਮਝ ਕੇ ਕੁਝ ਕਹਿਣਾ ਅਤੇ ਹੱਸਣਾ ਨਹੀਂ ਚਾਹੀਦਾ | ਉਹ ਉਸ ਬੰਦੇ ਨੂੰ ਚਹੇਢਾਂ ਕਰਕੇ ਹੱਸਿਆ ਕਰੇ | ਆ ਬਈ ਚੱਪਲਾਂ ਵਾਲੇ ਗਿਆਨੀ | ਸ਼ਾਇਦ ਉਸ ਅਨਪੜ੍ਹ ਨੂੰ ਇਹ ਨਹੀਂ ਸੀ ਪਤਾ ਕਿ ਗਿਆਨੀ ਕਿਸ ਨੂੰ ਕਹਿੰਦੇ ਨੇ ਪਰ ਉਹ ਗ਼ਰੀਬ ਗਿਆਨੀ ਗਰਮੀਆਂ ਵਿਚ ਆਮ ਤੌਰ 'ਤੇ ਹਵਾਈ ਚੱਪਲ ਹੀ ਪਹਿਨਦਾ ਸੀ | ਜੁੱਤੀ ਪੈਰ ਝੱਲ ਨਹੀਂ ਸਨ ਸਕਦੇ | ਗਿਆਨੀ ਜੀ ਦੀ ਮਜਬੂਰੀ ਨੇ ਉਸ ਨੂੰ ਚੱਪਲਾਂ ਵਾਲਾ ਗਿਆਨੀ ਬਣਾ ਦਿੱਤਾ ਸੀ | ਪਰ ਉਹ ਤਾਂ ਆਮ ਹੀ ਹਰ ਕਿਸੇ ਨੂੰ ਚਹੇਢਾਂ ਕਰ ਕੇ ਹੱਸਦਾ ਸੀ | ਤਾਹੀਓਾ ਤਾਂ ਜਲਦੀ ਹੀ ਇਸ ਮੁਕਾਮੇ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਐ | ਚੱਲੋ ਜਾਣਾ ਤਾਂ ਸਭ ਨੇ ਹੈ, ਜੋ ਜੰਮਿਐ ਉਸ ਨੇ ਮਰਨਾ ਵੀ ਹੈ ਪਰੰਤੂ ਕਿਸੇ ਦੀ ਗ਼ਰੀਬੀ 'ਤੇ ਹੱਸਣਾ ਤਾਂ ਠੀਕ ਨਹੀਂ |
ਉਂਝ ਤਾਂ ਗਿਆਨੀ ਜੀ ਉਸ ਦਾ ਸਾਲਾ ਹੀ ਲਗਦਾ ਸੀ | ਅਗਰ ਭਣਵੱਈਆ ਸਾਲੇ ਨੂੰ ਮਜ਼ਾਕ ਕਰ ਜਾਵੇ ਤਾਂ ਕੋਈ ਵੱਡੀ ਗੱਲ ਵੀ ਨਹੀਂ | ਗਿਆਨੀ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਸ ਦਾ ਸੁਭਾਓ ਹੀ ਅਜਿਹਾ ਸੀ | ਪਰ ਅੱਜ ਗਿਆਨੀ ਜੀ ਮੌਜ ਕਰ ਰਹੇ ਸਨ | ਪੁੱਤਰ ਡਾਕਟਰ ਬਣਾ ਦਿੱਤਾ ਸੀ, ਬੇਟੀਆਂ ਵਿਆਹ ਦਿੱਤੀਆਂ ਸਨ | ਪੋਤਰੀ ਕੈਨੇਡਾ ਪੜ੍ਹਨ ਤੋਰ ਦਿੱਤੀ ਤੇ ਪੋਤਰਾ ਬਾਰ੍ਹਵੀਂ 'ਚ ਪੜ੍ਹਾਈ ਕਰ ਰਿਹਾ ਸੀ | ਪਰ ਚੱਪਲਾਂ ਵਾਲਾ ਗਿਆਨੀ ਕਹਿ ਕੇ ਹੱਸਣ ਵਾਲਾ ਤਾਂ ਇਸ ਸੰਸਾਰ ਵਿਚ ਨਹੀਂ ਰਿਹਾ ਪਰ ਮਰਿਆ ਵੀ ਬੁਰੇ ਹਾਲੀਂ, ਕਿਸੇ ਨਾਲ ਜ਼ਮੀਨ ਦੇ ਝਗੜੇ ਕਾਰਨ ਅਗਲਿਆਂ ਨੇ ਕੁੱਟ ਕੇ ਹੀ ਮਾਰ ਦਿੱਤਾ | ਮਾਰਨ ਵਾਲਾ ਹੁਸ਼ਿਆਰ ਸੀ, ਜਿਸ ਨੇ ਉਸ ਨੂੰ ਮਾਰਨ ਦਾ ਦੋਸ਼ ਹੋਰਾਂ ਸਿਰ ਮੜ੍ਹ ਦਿੱਤਾ ਤੇ ਉਨ੍ਹਾਂ ਦਾ ਵਾਹਵਾ ਪੈਸਾ ਖਰਚ ਕਰਵਾਇਆ |
ਤੇ ਐਧਰ ਚੱਪਲਾਂ ਵਾਲਾ ਗਿਆਨੀ ਤਾਂ ਅਜੇ ਨੌਾ-ਬਰ-ਨੌਾ ਸੀ ਤੇ ਚਹੇਡਾਂ ਕਰਨ ਵਾਲੇ ਦੀ ਔਲਾਦ ਭਟਕਦੀ ਫਿਰ ਰਹੀ ਸੀ | ਪਿੱਛੇ ਘਰਵਾਲੀ ਬੰਤੋ ਅੱਜ ਵੀ ਸ਼ਾਮਾਂ ਵੇਲੇ ਜਦੋਂ ਪੰਛੀ ਆਲ੍ਹਣਿਆਂ ਨੂੰ ਜਾਂਦੇ ਤਾਂ ਸੋਚ ਹੀ ਲੈਂਦੀ, ਹਾਰੇ ਹੋਏ ਪਰਦੇਸੀ ਬਾਰੇ | ਪਰ ਚੱਪਲੀਆਂ ਵਾਲਾ ਗਿਆਨੀ ਉਸ ਨੂੰ ਧੀਰਜ ਦਿੰਦਾ ਆਖਦਾ, ਨਾ ਭੈਣੇ ਦਿਲ ਹੌਲਾ ਨਾ ਕਰ, ਉਹ ਆਪਣੇ ਘਰ ਈ ਗਿਐ, ਹੁਣ ਨਾ ਉਸ ਦੀ ਉਡੀਕ ਕਰ, ਭਲਾ ਰੱਬ ਕੋਲ ਗਿਆ ਬੰਦਾ ਵੀ ਕਦੀ ਵਾਪਸ ਆਇਐ | ਸੋ ਲਿਖਤ ਇਸੇ ਤਰ੍ਹਾਂ ਸੀ ਉਸ ਦੀ, ਜਦੋਂ ਜਿਸ ਤਰ੍ਹਾਂ ਸੁਨੇਹਾ ਆ ਗਿਆ, ਉਸੇ ਤਰ੍ਹਾਂ ਚਲਾ ਗਿਆ | ਇਸੇ ਲਈ ਕਹਿੰਦੇ ਨੇ ਜੋ ਬੀਜਿਆ ਉਹੀ ਵੱਢਿਆ | ਆਪੋ-ਆਪਣੀ ਜੀਵਨ ਯਾਤਰਾ ਹੈ ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ, ਕਾਠ ਦੀ ਹਾਂਡੀ ਇਕੋ ਵਾਰ ਚੜ੍ਹਦੀ ਹੈ | ਐਵੇਂ ਬੁਰੇ ਬੋਲ, ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ | ਭਲਾ ਕੀ ਲੈ ਜਾਣਾ ਹੈ ਇਥੋਂ? ਪਿਆਰ ਭਰੇ ਬੋਲ, ਬੋਲ ਕੇ ਕੂਚ ਕਰਨਾ ਚਾਹੀਦੈ |
ਪਤਾ ਨਹੀਂ ਰੱਬ ਨੇ ਕਿਹੜੀ ਜੂਨੀ ਵਿਚ ਤੋਰਿਆ ਹੋਊ ਉਸ ਨੂੰ , ਪਰ ਗਿਆਨੀ ਜੀ ਸੋਚ ਰਹੇ ਸਨ ਕਿ ਜਿਊਾਦੇ ਜੀਅ ਹਬਲ ਹਬਲ ਕਰਨ ਵਾਲਾ ਕੁੱਤਾ ਜੂਨੀ ਜ਼ਰੂਰ ਭੋਗੇਗਾ | ਇਕ ਤਾਂ ਸਿਆਣੀ ਉਮਰੇ ਉਹ ਕਾਮੀ ਪੁਰਸ਼ ਜੀਭ ਨਾਲ ਸੁਆਦਾਂ ਪਿੱਛੇ ਲੱਗਾ ਸੀ ਤੇ ਦੂਜੇ ਪਾਸੇ ਹਰ ਕਿਸੇ ਦਾ ਮਜ਼ਾਕ ਉਡਾ ਕੇ ਹੱਸਦਾ ਹੁੰਦਾ ਸੀ | ਚੱਲ ਰੱਬ ਜੀ ਖ਼ੈਰ ਕਰੇ | ਵੈਸੇ ਤਾਂ ਯਾਰ ਕੁੱਤਿਆਂ ਦੀ ਜੂਨ ਬੁਰੀ, ਅਗਰ ਲੰਡਰ ਕੁੱਤਾ ਬਣ ਗਿਆ ਤਾਂ ਲੰਡਰਾਂ ਵਾਂਗ ਅਵਾਰਾ ਘੁੰਮੇਗਾ, ਅਗਰ ਵਿਦੇਸ਼ੀ ਡੌਗ ਬਣ ਗਿਆ ਤਾਂ ਬਿਸਕੁਟ ਖਾਏਗਾ |
ਪਰ ਜੇਕਰ ਰੱਬ ਕੋਲੋਂ ਭੁੱਲ ਭੁਲੇਖੇ ਕਿਸੇ ਹੋਰ ਜੂਨੀ ਵਿਚ ਚਲਾ ਗਿਆ ਤਾਂ ਕੁਝ ਕਹਿ ਨਹੀਂ ਸਕਦੇ ਪਰ ਬੰਦਾ ਜੂਨੀ ਵਿਚ ਤਾਂ ਉਹ ਆ ਨਹੀਂ ਸਕਦਾ ਕਿਉਂਕਿ ਉਸ ਭਲੇਮਾਣਸ ਦੀਆਂ ਕਰਤੂਤਾਂ ਹੀ ਜਾਨਵਰਾਂ ਵਾਲੀਆਂ ਸਨ | ਫਿਰ ਵੀ ਜੇਕਰ ਕਿਤੇ ਉਹ ਚੱਪਲਾਂ ਵਾਲੇ ਗਿਆਨੀ ਨੂੰ ਕਿਤੇ ਬੰਦਾ ਬਣਿਆ ਹੋਇਆ ਮਿਲਿਆ ਤਾਂ ਇਹ ਜ਼ਰੂਰ ਪੁੱਛੇਗਾ ਕਿ ਸੁਣਾ ਭਾਈ ਉਦੋਂ ਤਾਂ ਚੱਪਲਾਂ ਵਾਲਾ ਗਿਆਨੀ ਕਹਿ ਕੇ ਪ੍ਰਾਹੁਣੇ ਨੂੰ ਮਜ਼ਾਕ ਕਰਦਾ ਸੈਂ | ਹੁਣ ਤੂੰ ਕਿਉਂ ਨੰਗੇ ਪੈਰੀਂ ਫਿਰਦੈਂ | ਉਹ ਤਾਂ ਹੱਸਦਾ ਹੋਇਆ ਇਹੀ ਆਖੇਗਾ ਕਿ ਰੱਬ ਦੀ ਭਗਤੀ ਕਰ ਰਿਹਾਂ ਪਰ ਚੱਪਲਾਂ ਵਾਲਾ ਗਿਆਨੀ ਜਾਣਦਾ ਸੀ ਕਿ ਪਹਿਲਾਂ ਤਾਂ ਉਹ ਜੁੱਤੀ ਪਾਈ ਰੱਖਦਾ ਸੀ | ਜੇਕਰ ਜੁੱਤੀ ਨਾ ਜੁੜਦੀ ਤਾਂ ਕਿਸੇ ਦੀ ਅੱਖ ਬਚਾ ਕੇ ਚੁਰਾ ਲੈਂਦਾ ਸੀ | ਮੁਆਫ਼ ਕਰਨਾ ਅਗਰ ਕੋਈ ਮਜਬੂਰੀ ਵਸ ਪੈਰਾਂ ਵਿਚ ਚੱਪਲਾਂ ਪਾ ਕੇ ਟਾਈਮ ਕੱਢ ਲੈਂਦਾ ਹੈ ਤਾਂ ਉਸ ਨੂੰ ਚਹੇਡਾਂ ਕਰ ਕੇ ਹੱਸਣਾ ਨਹੀਂ ਚਾਹੀਦਾ | ਕੋਈ ਵੀ ਬੰਦਾ ਨਵੀਆਂ-ਨਵੀਆਂ ਜੁੱਤੀਆਂ ਪਾ ਕੇ ਜੰਮਿਆ ਨਹੀਂ ਫਿਰ ਵੀ ਉਹ ਤਾਂ ਜੁੱਤੀਆਂ ਹੰਢਾ ਕੇ ਮਰਿਆ ਸੀ ਤੇ ਵਿਚਾਰੇ ਚੱਪਲਾਂ ਵਾਲੇ ਕੀ ਚੱਪਲਾਂ ਸਣੇਂ ਰੱਬ ਦੇ ਘਰ ਜਾਣਗੇ | ਸ਼ਾਇਦ ਉਸ ਨੂੰ ਪਤਾ ਸੀ ਕਿ ਨੰਗੇ ਪੈਰਾਂ ਤੋਂ ਚੰਗੈ ਜੇ ਪੈਰੀਂ ਜੁੱਤੀ ਹੋਵੇ | ਭਾਵੇਂ ਚੱਪਲਾਂ ਹੀ ਹੋਣ ਨੰਗੇ ਪੈਰੋਂ ਤਾਂ ਚੰਗੈ |

-ਆਈ.ਐਨ.ਏ. ਆਸਤਿਤ |
ਮੋਬਾਈਲ : 88726-21028.

ਮੀਂਹ

ਸਵੇਰੇ-ਸਵੇਰੇ ਹੀ ਬੇਟੀ ਨੇ ਆਵਾਜ਼ ਮਾਰ ਕੇ ਮੈਨੂੰ ਉਠਾ ਦਿੱਤਾ ਸੀ, ਪਾਪਾ ਤੁਸੀਂ ਸੌਾ ਰਹੇ ਹੋ ਦੇਖੋ ਮੌਸਮ ਕਿੰਨਾ ਸੋਹਣਾ ਏ, ਬਾਹਰ ਮੀਂਹ ਪੈ ਰਿਹਾ ਹੈ | ਮੈਂ ਅੱਭੜਵਾਹੇ ਉਠਿਆ | ਛੁੱਟੀ ਕਾਰਨ ਮੈਂ ਦੇਰ ਤੱਕ ਸੌਣਾ ਚਾਹੁੰਦਾ ਸੀ | ਪਰ ਬੇਟੀ ਦੇ ਕਹਿਣ 'ਤੇ ਉਠਣਾ ਪਿਆ | ਉਠ ਕੇ ਬਾਹਰ ਦੇਖਿਆ ਬਾਹਰ ਤੇਜ਼ ਮੀਂਹ ਪੈ ਰਿਹਾ ਸੀ ਤੇ ਨਾਲ ਹੀ ਠੰਢੀ-ਠੰਢੀ ਹਵਾ ਚਲ ਰਹੀ ਸੀ | ਸੱਚਮੱੁਚ ਮੌਸਮ ਬਹੁਤ ਸੁਹਾਵਣਾ ਸੀ | ਗਰਮੀਆਂ ਵਿਚ ਦੇਰ ਨਾਲ ਪੈਂਦਾ ਮੀਂਹ ਬਹੁਤ ਵਧੀਆ ਲੱਗਦਾ ਹੈ | ਪਤਨੀ ਨੇ ਵੀ ਦੱਸਿਆ ਮੀਂਹ ਰਾਤ ਦਾ ਹੀ ਪੈ ਰਿਹਾ ਹੈ | ਮੇਰੇ ਮੂੰਹੋਂ ਨਿਕਲਿਆ ਬਈ ਹੁਣ ਤਾਂ ਅਸੀਂ ਕਮਰਿਆਂ ਅੰਦਰ ਵੀ ਕਮਰੇ ਬਣਾ ਲਏ ਨੇ ਤਾਂ ਹੀ ਸ਼ਾਇਦ ਮੀਂਹ ਪੈਣ ਦਾ ਪਤਾ ਨਹੀਂ ਲਗਦਾ | ਪਹਿਲਾਂ ਕੱਚੇ ਕੋਠੇ ਹੁੰਦੇ ਸੀ | ਟੱਪ-ਟੱਪ ਕਣੀਆਂ ਦੀ ਆਵਾਜ਼ ਕੰਨਾਂ ਵਿਚ ਰਸ ਘੋਲ ਦਿੰਦੀ ਸੀ ਜਾਂ ਫਿਰ ਠੰਢੀ ਠੰਢੀ ਸੋਂਦੀ ਮਿੱਟੀ ਦੀ ਖੁਸ਼ਬੂ ਮੀਂਹ ਪੈਣ ਦਾ ਪਤਾ ਦੱਸ ਜਾਂਦੀ ਸੀ ਤੇ ਰਹਿੰਦੀ ਸਹਿੰਦੀ ਕਸਰ ਚੋਂਦੇ ਹੋਏ ਕੱਚੇ ਕੋਠੇ ਕੱਢ ਦਿੰਦੇ ਸਨ | ਉਨ੍ਹਾਂ ਸਮਿਆਂ ਵਿਚ ਸਾਡੇ ਘਰਾਂ ਵਿਚ ਮੀਂਹ ਪੈਣਾ ਵੀ ਕਿਸੇ ਤਿਉਹਾਰ ਨਾਲੋਂ ਘੱਟ ਨਹੀਂ ਸੀ ਹੁੰਦਾ | ਸਾਨੂੰ ਬੱਚਿਆਂ ਨੂੰ ਹੁੰਦਾ ਬਈ ਮੀਂਹ ਪੈਣ 'ਤੇ ਖੀਰ ਪੂੜੇ ਖਾਣ ਨੂੰ ਮਿਲਣਗੇ | ਮੀਂਹ ਵੀ ਇਕ ਦੋ ਦਿਨ ਨਹੀਂ ਸਨ ਚੱਲਦੇ, ਕਈ ਕਈ ਦਿਨਾਂ ਦੀਆਂ ਝੜੀਆਂ ਲਗਦੀਆਂ ਸਨ | ਸਾਰਾ ਇਲਾਕਾ ਜਲ ਥਲ ਹੋ ਜਾਂਦਾ ਸੀ | ਤੇ ਮੈਂ ਆਪਣੇ ਛੋਟੇ-ਛੋਟੇ ਹਾਣੀਆਂ ਨਾਲ ਮਿਲ ਕੇ ਜਿਥੇ ਪਾਣੀ ਇਕੱਠਾ ਹੁੰਦਾ ਸੀ, ਉਥੇ ਕਿਸ਼ਤੀਆਂ ਬਣਾ ਕੇ ਤਾਰਦੇ ਚਿੱਕੜ ਵਿਚ ਲਿਬੜਦੇੇ | ਮੀਂਹ ਵਿਚ ਜਿਨ੍ਹਾਂ ਘਰਦਿਆਂ ਨੂੰ ਮਾਲ-ਡੰਗਰ ਸਾਂਭਣ ਦਾ ਫਿਕਰ ਹੁੰਦਾ, ਉਸ ਤੋਂ ਕਿਤੇ ਵੱਧ ਸਾਨੂੰ ਮੀਂਹ ਵਿਚ ਖੇਡਣ ਦਾ ਚਾਅ ਹੁੰਦਾ | ਹਾਂ ਬਸ ਜਦ ਬਿਜਲੀ ਕੜਕਦੀ ਅਸੀਂ ਪਿਛਲੇ ਅੰਦਰ ਜਾ ਕੇ ਲੁਕ ਜਾਂਦੇ ਸੀ | ਪਰ ਹੁਣ ਤਾਂ ਜਿਵੇਂ ਸਭ ਕੁੁਝ ਬਦਲ ਗਿਆ ਹੈ | ਅੱਜ ਤਾਂ ਮੀਂਹ ਵੀ ਬਸ ਕੁਝ ਘੰਟਿਆਂ ਲਈ ਪੈਂਦਾ ਹੈ | ਬੇਟੀ ਨੇ ਕਿਹਾ ਪਾਪਾ ਲਗਦੈ ਤੁਸੀਂ ਤਾਂ ਪੁਰਾਣੀਆਂ ਯਾਦਾਂ ਵਿਚ ਗਵਾਚ ਗਏ | ਮੀਂਹ ਤਾਂ ਮੀਂਹ ਹੀ ਹੁੰਦਾ ਏ, ਉਦੋਂ ਵੀ ਮੀਂਹ ਨਾਲ ਭਿਜਦੇ ਸੀ ਤੇ ਹੁਣ ਵੀ, ਕੋਈ ਫਰਕ ਤਾਂ ਹੈ ਨਹੀਂ | ਮੈਂ ਇਕ ਹਉਕਾ ਲੈ ਕੇ ਕਿਹਾ, 'ਹਾਂ ਪੁੱਤਰ ਬਿਲਕੁਲ ਠੀਕ ਕਿਹੈ ਫਰਕ ਸਿਰਫ ਏਨਾ ਹੈ ਕਿ ਹੁਣ ਮੀਂਹ ਪੈਣ ਤੇ ਬਸ ਬਾਹਰਲਾ ਸਰੀਰ ਹੀ ਭਿੱਜਦਾ ਹੈ ਤੇ ਉਦੋਂ ਮੀਂਹ ਪੈਂਦੇ ਸਨ ਤਾਂ ਅੰਦਰ ਤੱਕ ਰੂਹ ਭਿਜ ਜਾਂਦੀ ਸੀ |' ਏਨਾ ਕਹਿ ਕੇ ਮੈਂ ਅੰਦਰ ਨੂੰ ਤੁਰ ਪਿਆ ਸੀ | ਪਤਾ ਨਹੀਂ ਉਸਨੂੰ ਮੇਰੀ ਗੱਲ ਸਮਝ ਆਈ ਸੀ ਜਾਂ ਨਹੀਂ |


-2974, ਗਲੀ ਨੰ:1, ਹਰਗੋਬਿੰਦ ਪੁਰਾ, ਵਡਾਲੀ ਰੋਡ, ਛੇਹਰਟਾ, ਅੰਮਿ੍ਤਸਰ | ਮੋਬ: 9855250502

ਕਿੱਸੇ ਖ਼ਾਸ ਦਿਨਾਂ ਨੂੰ ਮਨਾਉਣ ਦੇ

13 ਮਈ ਨੂੰ 'ਮਦਰਜ਼ ਡੇਅ' ਜਾਂ 'ਮਾਂ ਦਿਵਸ' ਦੇ ਰੂਪ ਵਿਚ ਮਨਾਇਆ ਗਿਆ | ਸਵੇਰ ਤੋਂ ਹੀ ਅਖਬਾਰਾਂ ਦੇ ਮੈਗਜ਼ੀਨਾਂ ਵਿਚ, ਰੇਡੀਓ 'ਤੇ ਗਾਣਿਆਂ ਵਿਚ, ਟੀ. ਵੀ. ਦੇ ਮਨੋਰੰਜਨ ਚੈਨਲਾਂ 'ਤੇ ਅਤੇ ਹੋਰ ਹਰ ਚੈਨਲ 'ਤੇ 'ਮਾਂ' ਹੀ 'ਮਾਂ' ਛਾਈ ਹੋਈ ਸੀ | ਇੰਝ ਲਗਦਾ ਸੀ ਜਿਵੇਂ 'ਮਾਂ' ਇਕ ਨਵੀਂ ਖੋਜ ਹੈ ਜਿਸ ਬਾਰੇ ਸਾਰੇ ਸੰਸਾਰ ਨੂੰ ਦੱਸਿਆ ਤੇ ਸਮਝਾਇਆ ਜਾ ਰਿਹਾ ਸੀ | ਮੈਂ ਤਿੰਨ ਬੱਚਿਆਂ ਦੀ ਮਾਂ ਹਾਂ ਤੇ ਮੇਰੀ ਵੀ ਇਕ ਪਿਆਰੀ ਜਿਹੀ ਮਾਂ ਸੀ | ਮੇਰੇ ਖਿਆਲ ਵਿਚ ਮਾਂ ਦੀ ਤੱਪਸਿਆ, ਪਿਆਰ ਤੇ ਬਲੀਦਾਨ ਦੀ ਤੁਲਨਾ ਕਿਸੇ ਨਾਲ ਕੀਤੀ ਹੀ ਨਹੀਂ ਜਾ ਸਕਦੀ | ਇਸੇ ਲਈ ਮੇਰੇ ਮਨ ਵਿਚ ਇਕ ਸਵਾਲ ਵਾਰ-ਵਾਰ ਉਠ ਰਿਹਾ ਸੀ : ਕੀ ਮਾਂ ਦੇ ਮਹਤੱਵ ਤੇ ਪਿਆਰ ਨੂੰ ਸਮਝਣ ਤੇ ਸਮਝਾਉਣ ਲਈ ਇਕ ਖ਼ਾਸ ਦਿਨ ਨਿਸ਼ਚਿਤ ਕਰਨਾ ਤੇ ਮਨਾਉਣਾ ਜ਼ਰੂਰੀ ਹੈ? ਜੋ ਬੱਚਾ ਅਪਣੀ ਮਾਂ ਦੀ ਅਹਿਮੀਅਤ ਤੇ ਉਸ ਦੇ ਪਿਆਰ ਨੂੰ ਸਮਝਦਾ ਹੈ, ਉਸ ਨੂੰ ਯਾਦ ਕਰਾਉਣ ਦੀ ਲੋੜ ਨਹੀਂ ਕਿ ਉਸ ਦੀ ਵੀ ਇਕ ਮਾਂ ਹੈ | ਜੋ ਅਪਣੀਆਂ ਮਾਵਾਂ ਦੇ ਪਿਆਰ ਤੇ ਬਲੀਦਾਨ ਨੂੂੰ ਭੁੱਲ ਚੁੱਕੇ ਹਨ, ਉਨ੍ਹਾਂ ਵਲੋਂ 'ਮਾਂ ਦਿਵਸ' 'ਤੇ ਆਪਣੀ ਮਾਂ ਨੂੰ ਤੋਹਫਾ ਦੇਣਾ ਤੇ ਇਕ ਦਿਨ ਬਾਹਰ ਘੁਮਾਉਣ ਲੈ ਜਾਣਾ, ਚੰਗੇ ਹੋਟਲ ਵਿਚ ਖਾਣਾ ਖੁਆਣਾ, ਵਿਖਾਵਾ ਨਹੀਂ ਤਾਂ ਹੋਰ ਕੀ ਹੈ? ਉਹ ਇਸ ਤਰ੍ਹਾਂ ਆਪਣੇ ਅਪਰਾਧ ਅਹਿਸਾਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ ਕਰ ਰਹੇ ਲਗਦੇ ਹਨ | ਮੇਰੇ ਖਿਆਲ ਵਿਚ ਕੁਝ ਖ਼ਾਸ ਦਿਨਾਂ ਨੂੰ ਛੱਡ ਕੇ ਜਿਨ੍ਹਾਂ ਦਾ ਇਤਿਹਾਸਕ ਜਾਂ ਧਾਰਮਿਕ ਮਹੱਤਵ ਹੈ, ਬਾਕੀ ਸਮਾਜਿਕ ਰਿਸ਼ਤਿਆਂ ਜਾਂ ਸਮੱਸਿਆਵਾਂ ਨੁੂੰ ਕਿਸੇ ਖ਼ਾਸ ਦਿਨ ਵਿਚ ਕੈਦ ਕਰਨਾ ਕੋਈ ਵਧੀਆ ਗਲ ਨਹੀਂਾ | ਇਹ ਤਾਂ ਇਕ ਨਿੱਜੀ ਅਹਿਸਾਸ ਜਾਂ ਸਮਾਜਿਕ ਜ਼ਿੰਮੇਵਾਰੀ ਹੈ ਜਿਸ ਦੀ ਹਰ ਇਨਸਾਨ ਨੂੰ ਸਾਰਾ ਸਾਲ ਤੇ ਹਰ ਦਿਨ ਪਾਲਣਾ ਕਰਨੀ ਚਾਹੀਦੀ ਹੈ |
ਇਹ ਸੋਚਦਿਆਂ-ਸੋਚਦਿਆਂ ਮੇਰਾ ਧਿਆਨ ਇਕ ਹੋਰ 'ਡੇਅ' ਵਲ ਚਲਾ ਗਿਆ ਜੋ 14 ਫਰਵਰੀ ਨੂੰ ਮਨਾਇਆ ਗਿਆ ਸੀ | ਉਸ ਦਾ ਨਾਂਅ ਸੀ 'ਵੈਲੇਨਟਾਈਨ ਡੇਅ' | ਇਹ ਪਿਆਰ ਤੇ ਮੁਹੱਬਤ ਦਾ ਦਿਨ ਸਮਝਿਆ ਜਾਂਦਾ ਹੈ | ਪਰ ਕੀ ਪਿਆਰ ਮੁਹੱਬਤ ਨੂੰ ਇਕ ਦਿਨ ਵਿਚ ਬੰਨਿ੍ਹਆ ਜਾਣਾ ਚਾਹੀਦਾ ਹੈ? ਇਸੇ ਕਰਕੇ ਤਿੰਨ ਮਹੀਨਿਆਂ ਬਾਅਦ ਵੀ ਇਸ ਬਾਰੇ ਮੈਨੂੰ ਆਪਣੇ ਵਿਚਾਰ ਦਿੰਦਿਆਂ ਕੋਈ ਝਿਜਕ ਨਹੀਂ | ਇਹ ਦਿਨ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਤੇ ਮਨਾਇਆ ਵੀ ਕਿਉਂ ਨਾ ਜਾਵੇ? ਪਿਆਰ-ਮੁਹੱਬਤ ਕਿਸੇ ਇਕ ਦੇਸ਼, ਕੌਮ ਜਾਂ ਧਰਮ ਦੀ ਮਲਕੀਅਤ ਤਾਂ ਹੋ ਨਹੀਂ ਸਕਦੀ ਤੇ ਨਾ ਹੀ ਇਨ੍ਹਾਂ ਜਜ਼ਬਿਆਂ ਨੂੰ ਇਕ ਦਿਨ ਨਾਲ ਬੰਨਿ੍ਹਆ ਜਾ ਸਕਦਾ ਹੈ | ਇਹ ਤਾਂ ਹਰ ਇਨਸਾਨ ਦੀ, ਹਰ ਉਮਰ ਦੀ ਤੇ ਹਰ ਦਿਨ ਦੀ ਜ਼ਰੂਰਤ ਹੈ |
ਇਸ ਦਿਨ ਨੂੰ 'ਵੈਲੇਨਟਾਈਨ ਡੇਅ' ਦਾ ਨਾਂਅ ਕਿਉਂ ਦਿੱਤਾ ਗਿਆ? ਇਹ ਵੈਲੇਨਟਾਈਨ ਕੌਣ ਸੀ? ਇਸ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ | ਪਹਿਲੀ ਗਾਥਾ ਦੇ ਅਨੁਸਾਰ ਵੈਲੇਨਟਾਈਨ ਰੋਮ ਦਾ ਇਕ ਪਾਦਰੀ ਸੀ | ਰੋਮ ਦੇ ਸਮਰਾਟ ਨੇ ਮਹਿਸੂਸ ਕੀਤਾ ਕਿ ਵਿਆਹੇ ਆਦਮੀ ਅੱਛੇ ਸੈਨਿਕ ਨਹੀਂ ਬਣ ਸਕਦੇ | ਸੋ, ਉਸ ਨੇ ਵਿਆਹ ਦੀ ਪ੍ਰਥਾ ਨੂੰ ਖਤਮ ਕਰਨ ਦਾ ਹੁਕਮ ਜਾਰੀ ਕਰ ਦਿੱਤਾ | ਉਸ ਪਾਦਰੀ ਨੂੰ ਇਹ ਹੁਕਮ ਬਹੁਤ ਗ਼ਲਤ ਲੱਗਿਆ | ਸੋ, ਉਹ ਚੋਰੀ ਛਿਪੇ ਪਿਆਰ ਕਰਨ ਵਾਲੇ ਜੋੜਿਆਂ ਦਾ ਵਿਆਹ ਕਰਵਾ ਦਿੰਦਾ ਸੀ | ਜਦੋਂ ਸਮਰਾਟ ਨੂੰ ਇਹ ਗਲ ਪਤਾ ਲੱਗੀ ਤਾਂ ਪਾਦਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ |
ਇਕ ਹੋਰ ਗਾਥਾ ਦੇ ਅਨੁਸਾਰ ਲਾਰਡ ਵੈਲੇਨਟਾਈਨ ਨਾਂਅ ਦੇ ਇਕ ਯੋਧੇ ਨੂੰ ਯੁੱਧ ਤੋਂ ਬਾਅਦ ਇੰਗਲੈਂਡ ਦੇ ਇਕ ਕਿਲ੍ਹੇ ਵਿਚ ਬੰਦ ਕਰ ਦਿੱਤਾ ਗਿਆ | ਉਸ ਨੂੰ ਕੈਦ ਦੇ ਦੌਰਾਨ ਜੇਲਰ ਦੀ ਕੁੜੀ ਨਾਲ ਮੁਹੱਬਤ ਹੋ ਗਈ | ਉਹ ਉਸ ਕੁੜੀ ਨੂੰ ਪਿਆਰ ਭਰੇ ਖਤ ਲਿਖਦਾ ਤੇ ਅੰਤ ਵਿਚ ਲਿਖਦਾ 'ਮੈਂ ਹਾਂ ਤੇਰਾ ਵੈਲੇਨਟਾਈਨ' ਜੋ ਅੱਜ ਤੱਕ ਕਾਰਡਾਂ 'ਤੇ ਛਾਪਿਆ ਜਾਂਦਾ ਹੈ |
ਚਲੋ, ਇਹ ਤਾਂ ਹੋਈਆਂ ਗਾਥਾਵਾਂ ਪਰ ਇਹ ਸੱਚ ਹੈ ਕਿ ਇਹ ਤਿਉਹਾਰ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਤੇ ਜਵਾਨ ਮੁੰਡੇ ਤੇ ਕੁੜੀਆਂ ਤਾਂ ਮੁਹਬੱਤ ਦੇ ਸਰੂਰ ਵਿਚ ਪਾਗਲ ਜਿਹੇ ਹੋ ਜਾਂਦੇ ਹਨ | ਪਹਿਲਾਂ ਤਾਂ ਪਿਆਰ ਦਾ ਇਜ਼ਹਾਰ ਜਵਾਨੀ 'ਚ ਕੀਤਾ ਜਾਂਦਾ ਸੀ ਪਰ ਅੱਜਕਲ੍ਹ ਗੱਲ ਕਾਰਡਾਂ ਨਾਲ ਨਹੀਂ ਮੁੱਕਦੀ, ਬਲਕਿ ਮਹਿੰਗੇ ਤੋਂ ਮਹਿੰਗੇ ਤੋਹਫੇ ਦੇ ਕੇ, ਚੰਗੇ ਹੋਟਲਾਂ ਵਿਚ ਖਾਣੇ ਖਾ ਕੇ ਤੇ ਨੱਚ ਟੱਪ ਕੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ ਤੇ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ | ਇਸ ਵਿਚ ਕਾਫੀ ਸੱਚ ਹੈ ਕਿ ਇਹ ਇਕ ਬਿਜਨੈੱਸ ਜਿਹਾ ਬਣ ਗਿਆ ਹੈ |
ਇਸ ਦਿਨ ਨੂੰ ਲੈ ਕੇ ਕਈ ਮਜ਼ੇਦਾਰ ਚੁਟਕਲੇ ਵੀ ਪ੍ਰਚਲਿਤ ਹੋ ਗਏ ਹਨ | ਆਪਣੀ ਪਸੰਦ ਦੇ ਚੁਟਕਲੇ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ | ਇਕ ਮੁੰਡੇ ਨੇ ਦੂਜੇ ਨੂੰ ਕਿਹਾ, 'ਤੈਨੂੰ ਪਤਾ ਹੈ ਇਹ ਤਿਉਹਾਰ ਅੰਗਰੇਜ਼ਾਂ ਦੀ ਦੇਣ ਹੈ | ਵੈਲੇਨਟਾਈਨ ਬਾਬਾ ਉਨ੍ਹਾਂ ਦੇ ਦੇਸ਼ ਦਾ ਸੀ' |
ਦੂਜਾ ਬੋਲਿਆ 'ਰਹਿਣ ਦੇ ਯਾਰ ਇਹ ਤਿਉਹਾਰ ਤਾਂ ਪੰਜਾਬੀਆਂ ਦਾ ਸੀ ਅੰਗਰੇਜ਼ਾਂ ਨੇ ਤਾਂ ਇਸ ਨੂੰ ਹਾਈ ਜੈੱਕ ਕਰ ਲਿਆ ਹੈ |'
'ਉਹ ਕਿਸ ਤਰ੍ਹਾਂ?'
'ਬਈ ਬਹੁਤ ਸਮਾਂ ਪਹਿਲਾਂ ਵਿਹਲੇ ਪੰਜਾਬੀ ਮੁੰਡੇ, ਕੁੜੀਆਂ ਦੇ ਕਾਲਜਾਂ ਦੇ ਆਲੇ-ਦੁਆਲੇ ਘੁੰਮਦੇ ਸਨ ਤੇ ਆਉਂਦੀ-ਜਾਂਦੀ ਕੁੜੀ ਨੂੰ ਕਹਿੰਦੇ ਸਨ 'ਕੁੜੀਏ ਵੇਹਲਿਆਂ ਨੂੰ ਟਾਈਮ ਦੇ', ਤੇ ਅੰਗਰੇਜ਼ਾਂ ਨੇ ਇਸ ਨੂੰ ਤੋੜ ਮਰੋੜ ਕੇ 'ਵੈਲੇਨਟਾਈਨ ਡੇਅ' ਬਣਾ ਲਿਆ ਹੈ' |
• ਇਕ ਵਕੀਲ ਦੇ ਦੋਸਤ ਦੀ ਗ੍ਰੀਟਿੰਗ ਕਾਰਡਾਂ ਦੀ ਦੁਕਾਨ ਸੀ | ਵੈਲੇਨਟਾਈਨ ਡੇਅ 'ਤੇੇ ਉਹ ਅਪਣੇ ਦੋਸਤ ਦੀ ਦੁਕਾਨ 'ਤੇ ਗਿਆ ਤੇ ਕਿਹਾ, 'ਯਾਰ ਮੈਨੂੰ ਪੰਜਾਹ ਕਾਰਡ ਦੇ ਤੇ ਹਰ ਕਾਰਡ 'ਤੇ ਲਿਖਦੇ, 'ਜਾਨੂੂੰ, ਮੈਨੂੰ ਪਹਿਚਾਣ ਲਿਆ ਨਾ, ਕਲ੍ਹ ਚਾਰ ਵਜੇ ਬਾਰਾਂਦਰੀ ਬਾਗ਼ ਵਿਚ ਮਿਲਾਂਗੇ | ਮੈਂ ਹਾਂ ਤੇਰਾ ਵੈਲੇਨਟਾਈਨ |'
ਯਾਰ ਨੇ ਪੁੱਛਿਆ 'ਵਕੀਲ ਸਾਹਿਬ ਇਹ ਕੀ ਕਰ ਰਹੇ ਹੋ?'
ਵਕੀਲ ਬੋਲਿਆ, 'ਪਿਛਲੇ ਸਾਲ ਇਸੇ ਦਿਨ ਆਪਣੀ ਤੇ ਨਾਲ ਦੀ ਕਾਲੋਨੀ ਵਿਚ ਵੀਹ ਕਾਰਡ ਭੇਜੇ ਸੀ ਤੇ ਹਫਤੇ ਵਿਚ ਦਸ ਤਲਾਕ ਦੇ ਕੇਸ ਮਿਲ ਗਏ ਸਨ | ਇਸ ਸਾਲ ਪੰਜਾਹ ਕਾਰਡ ਭੇਜਾਂਗਾ ਤਾਂ ਵੀਹ ਤਲਾਕ ਦੇ ਕੇਸ ਤਾਂ ਮਿਲ ਹੀ ਜਾਣਗੇ' |
ਇਹ ਤਾਂ ਹੋਈ ਚੁਟਕਲਿਆਂ ਦੀ ਗਲ ਜੋ ਮੈਂ ਆਪਣੇ ਵਟਸਅੱਪ ਫੋਨ ਤੋਂ ਲਏ ਹਨ ਪਰ ਮੈਂ ਅਸਲ ਵਿਚ ਇਕ ਹੋਰ ਕਹਾਣੀ ਸੁਣਾਉਣਾ ਚਾਹੁੰਦੀ ਹਾਂ ਜੋ ਮੇਰੇ ਇਕ ਬਜ਼ੁਰਗ ਦੋਸਤ ਨੇ ਸੁਣਾਈ ਸੀ ਤੇ ਮੇਰੇ ਦਿਲ ਨੂੰ ਲਗ ਗਈ |
ਉਸ ਨੇ ਅਖਿਆ, 'ਭੈਣ ਜੀ ਮੈਂ ਕੀ ਦੱਸਾਂ ਇਨ੍ਹਾਂ ਨੌਜਵਾਨ ਮੁੰਡੇ ਤੇ ਕੁੜੀਆਂ ਬਾਰੇ | ਵੈਲੇਨਟਾਈਨ ਡੇਅ 'ਤੇ ਮੈਂ ਆਰਾਮ ਨਾਲ ਬੈਠਾ ਅਖਬਾਰ ਪੜ੍ਹ ਰਿਹਾ ਸੀ ਤੇ ਨਾਲ ਹੀ ਨਾਲ ਗਰਮ ਚਾਹ ਦੇ ਕੱਪ ਦੀਆਂ ਚੁਸਕੀਆਂ ਲੈ ਰਿਹਾ ਸੀ ਜਦੋਂ ਮੇਰਾ ਜਵਾਨ ਮੁੰਡਾ ਆਇਆ ਤੇ ਕਹਿਣ ਲੱਗਾ 'ਡੈਡੀ ਤੁਹਾਨੂੰ ਪਤਾ ਨਹੀਂ ਅੱਜ ਵੈਲੇਨਟਾਈਨ ਡੇਅ ਹੈ, ਤੁਸੀਂ ਮੰਮੀ ਨੂੰ ਕਦੇ ਕੋਈ ਗਿਫਟ ਲੈ ਕੇ ਦਿੰਦੇ ਹੀ ਨਹੀਂ, ਤੁਹਾਨੂੰ ਇਹ ਦਿਨ ਯਾਦ ਰਹਿੰਦਾ ਹੀ ਨਹੀਂ |'
'ਮੈਂ ਸੋਚਿਆ ਦੇਖੋ ਮੈਨੂੰ ਅੱਜ ਮੇਰਾ ਮੁੰਡਾ ਪਿਆਰ ਮੁਹੱਬਤ ਦਾ ਸਬਕ ਪੜ੍ਹਾ ਰਿਹਾ ਹੈ ਤੇ ਵੈਲੇਨਟਾਈਨ ਡੇਅ ਬਾਰੇ ਦੱਸ ਰਿਹਾ ਹੈ | ਬੇਵਕੂਫ ਨੂੰ ਇਹ ਨਹੀਂ ਪਤਾ ਕਿ 'ਰੌਜ਼ ਡੇਅ', 'ਹੱਗ ਡੇਅ' ਤੇ 'ਵੈਲੇਨਟਾਈਨ ਡੇਅ' ਇਹ ਸਾਰੇ ਵਿਆਹ ਤੋਂ ਪਹਿਲਾਂ ਦੇ ਚੋਚਲੇ ਤੇ ਮਿਲਣ ਦੇ ਆਨੇ ਬਹਾਨੇ ਹੁੰਦੇ ਹਨ | ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਹੀ ਬਦਲ ਜਾਂਦੀ ਹੈ | ਬੱਚੇ ਆ ਜਾਂਦੇ ਹਨ ਤੇ ਫਿਰ ਉਨ੍ਹਾਂ ਦੇ ਪਾਲਣ-ਪੋਸਣ, ਪੜ੍ਹਾਉਣ-ਲਿਖਾਉਣ ਤੇ ਸੈਟਲ ਕਰਨ ਵਿਚ ਬੀਤ ਜਾਂਦੀ ਹੈ | ਕਿੰਨਾ ਕੁ ਵਕਤ ਬਚਦਾ ਹੈ ਆਪਣੇ ਲਈ ਤੇ ਵੈਲੇਨਟਾਈਨ ਡੇਅ ਮਨਾਉਣ ਲਈ | ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪਤੀ-ਪਤਨੀ ਦਾ ਪਿਆਰ ਘਟ ਗਿਆ | ਇਨ੍ਹਾਂ ਨੂੰ ਕੀ ਪਤਾ ਹੈ ਅਸਲੀ ਪਿਆਰ ਦਾ ਮਤਲਬ | ਪਰ ਕੁਝ ਦੇਰ ਬਾਅਦ ਮੈਨੂੰ ਆਪਣੇ ਮੁੰਡੇ ਦੀ ਗਲ ਵਿਚ ਕੁਝ ਵਜ਼ਨ ਲੱਗਿਆ ਤੇ ਮੈਂ ਸੋਚਿਆ ਮੇਰੀ ਪਤਨੀ ਨੂੰ ਰਸ ਮਲਾਈ ਬਹੁਤ ਪਸੰਦ ਹੈ, ਮੈਂ ਕਿਉਂ ਨਾ ਵਧੀਆ ਹਲਵਾਈ ਦੀ ਦੁਕਾਨ ਤੋਂ ਉਸ ਲਈ ਰਸ ਮਲਾਈ ਲੈ ਆਵਾਂ | ਮੈਂ ਇਹ ਸੋਚ ਕੇ ਕੁਰਸੀ ਤੋਂ ਉਠਿਆ, ਬੂਟ ਪਾਏ ਤੇ ਦਰਵਾਜ਼ੇ ਵਲ ਤੁਰ ਪਿਆ | ਹਾਲੇ ਦਹਿਲੀਜ਼ 'ਤੇ ਪੈਰ ਹੀ ਰੱਖਿਆ ਸੀ ਕਿ ਅੰਦਰੋਂ ਪਤਨੀ ਦੀ ਆਵਾਜ਼ ਆਈ, 'ਮੈਂ ਕਿਹਾ ਜੀ, ਰਸ ਮਲਾਈ ਫਰਿੱਜ਼ ਵਿਚ ਪਈ ਹੈ | ਰਸ ਮਲਾਈ ਲੈਣ ਨਾ ਤੁਰ ਪਵੋ, ਨਾਲ ਹੀ ਪਏ ਹਨ ਤੁਹਾਡੀ ਪਸੰਦ ਦੇ ਬੰਗਾਲੀ ਰੱਸਗੁੱਲੇ | ਜੇਕਰ ਬਾਜ਼ਾਰ ਚੱਲੇ ਹੀ ਹੋ ਤਾਂ ਗਰਮਾ ਗਰਮ ਗੁਲਾਬ ਜਾਮਣ ਲੈ ਕੇ ਆਉਣਾ ਇਹ ਬੱਚਿਆਂ ਨੂੰ ਬਹੁਤ ਪਸੰਦ ਹਨ | ਕਿਸੇ ਗਿਫਟ ਪੈਕ 'ਤੇ ਪੈਸਾ ਜ਼ਾਇਆ ਕਰਨ ਦੀ ਲੋੜ ਨਹੀਂ |'
ਮੈਂ ਖੜੇ੍ਹ ਦਾ ਖੜ੍ਹਾ ਹੀ ਰਹਿ ਗਿਆ | ਮੈਂ ਸੋਚਿਆ ਅਸੀਂ ਇਕ-ਦੂਜੇ ਦੀ ਰਗ ਰਗ ਦੇ ਵਾਕਿਫ਼ ਹਾਂ ਤੇ ਇਕ-ਦੂਜੇ ਦੀ ਪਸੰਦ ਦਾ ਕਿੰਨਾ ਧਿਆਨ ਰੱਖਦੇ ਹਾਂ | ਹਰ ਵੇਲੇ ਇਕ ਦੂਜੇ ਬਾਰੇ ਹੀ ਸੋਚਦੇ ਹਾਂ |
ਮਨਾਇਆ ਗਿਆ ਨਾ ਅਸਲੀ ਵੈਲੇਨਟਾਈਨ ਡੇਅ |

-46 ਕਰਤਾਰਪੁਰ, ਰਵਾਸ ਬ੍ਰਾਹਮਣਾ, ਡਾਕਖਾਨਾ ਸੂਲਰ, ਪਟਿਆਲਾ |
ਮੋਬਾਈਲ : 95015-31277.

ਨੀਲੀਆਂ ਲਕੀਰਾਂ

ਨਿਮਾਣੇ ਨੂੰ ਫੋਨ ਆਇਆ ਕਿ 'ਅੱਜ ਮੇਰੇ ਬੇਟੇ ਦਾ ਪੇਪਰ ਹੈ, ਜੇਕਰ ਤੁਹਾਡਾ ਕੋਈ ਜਾਣ-ਪਹਿਚਾਣ ਵਾਲਾ ਹੋਵੇ ਤਾਂ ਮੇਰੇ ਬੇਟੇ ਦੀ ਸਿਫਾਰਸ਼ ਕਰ ਦੇਣੀ, ਉਸ ਦਾ ਰੋਲ ਨੰਬਰ ਮੈਂ ਤੁਹਾਡੇ ਵਟਸਐਪ 'ਤੇ ਭੇਜ ਦਿੱਤਾ ਹੈ | ਨਿਮਾਣੇ ਨੂੰ ਭਾਵੇਂ ਵਟਸਐਪ ਚਲਾਉਣਾ ਨਹੀਂ ਸੀ ਆਉਂਦਾ ਪਰ ਫਿਰ ਵੀ ਉਸ ਨੇ ਉਸ ਦਾ ਦਿਲ ਰੱਖਣ ਵਾਸਤੇ ਉਸ ਦੀ ਗੱਲ ਟੋਕਦਿਆਂ ਕਿਹਾ ਕਿ ਮੈਂ ਨਕਲ ਦੇ ਹੱਕ ਵਿਚ ਨਹੀਂ, ਫਿਰ ਵੀ ਮੈਂ ਰੋਲ ਨੰਬਰ ਚੈੱਕ ਕਰ ਲਿਆ ਹੈ ਤੇ ਅੱਗੇ ਕਹਿ ਵੀ ਦਿੱਤਾ ਹੈ | ਨਿਮਾਣਾ ਸਿਹੰੁ ਜੀ | ਕਿਉਂ ਬੁੱਢੇ ਵਾਰੇ ਝੂਠ ਬੋਲਦੇ ਜੇ, ਵਟਸਐਪ ਦੀਆਂ ਰੀਡ ਕਰਨ ਵਾਲੀਆਂ ਲਕੀਰਾਂ ਤਾਂ ਅਜੇ ਮੇਰੇ ਮੋਬਾਈਲ 'ਤੇ ਨੀਲੀਆਂ ਨਹੀਂ ਹੋਈਆਂ, ਤੁਸੀਂ ਤਾਂ ਅਜੇ ਵਟਸਐਪ ਚੈੱਕ ਵੀ ਨਹੀਂ ਕੀਤਾ, ਉਸ ਨੇ ਗੁੱਸੇ ਭਰੇ ਲਹਿਜ਼ੇ ਵਿਚ ਕਿਹਾ | ਤਲਖੀ ਭਰਿਆ ਜਵਾਬ ਸੁਣ ਕੇ ਨਿਮਾਣਾ ਆਪਣੇ ਮੋਟੇ ਸ਼ੀਸ਼ਿਆਂ ਵਾਲੇ ਚਸ਼ਮੇ ਨੂੰ ਲਾਹ ਕੇ ਮੱਥੇ 'ਤੇ ਆਈਆਂ ਤਰੇਲੀਆਂ ਨੂੰ ਕੁੜਤੇ ਦੇ ਕਿਨਾਰੇ ਨਾਲ ਸਾਫ਼ ਕਰਦਾ ਹੋਇਆ ਡੰੂਘੀ ਸੋਚ ਵਿਚ ਪੈ ਗਿਆ ਕਿ ਇਸ ਨੂੰ ਵਟਸਐਪ ਦੀਆਂ ਰੀਡ ਕਰਨ ਵਾਲੀਆਂ ਲਕੀਰਾਂ ਨੀਲੀਆਂ ਹੋ ਜਾਣ ਦਾ ਜਿੰਨਾ ਫਿਕਰ ਆ, ਕਾਸ਼! ਕਿਤੇ ਲੜਕੇ ਦੇ ਭਵਿੱਖ ਬਣਾਉਣ ਵਾਲੀਆਂ ਲਕੀਰਾਂ ਦਾ ਵੀ ਫਿਕਰ ਹੁੰਦਾ... |

-477/21, ਕਿਰਨ ਕਾਲੋਨੀ ਬਾਈਪਾਸ ਗੁਮਟਾਲਾ, ਅੰਮਿ੍ਤਸਰ-143007. ਮੋਬਾਈਲ : 98555-12677.

ਤਕਲੀਫ਼

ਬਿਮਾਰ ਮਾਂ ਨੂੰ ਤੜਫਦਾ ਛੱਡ ਕੇ ਰਿੰਪੀ ਆਪਣੇ ਘਰ ਵਾਲੇ ਨਾਲ ਆਪਣੇ ਸਹੁਰਿਆਂ ਘਰ ਵਾਪਸ ਆ ਰਹੀ ਸੀ | ਉਸ ਦਾ ਚਿਹਰਾ ਹਸਮੁੱਖ ਹੁੰਦੇ ਹੋਏ ਵੀ ਮੁਰਝਾਇਆ ਹੋਇਆ ਸੀ | ਬਸ ਉਹ ਆਪਣੀ ਬਿਮਾਰ ਮਾਂ ਬਾਰੇ ਹੀ ਸੋਚ ਰਹੀ ਸੀ, ਪਰ ਉਹ ਆਪਣੇ ਘਰ ਵਾਲੇ ਨੂੰ ਰੁਕਣ ਲਈ ਨਾ ਕਹਿ ਸਕੀ | ਉਹ ਆਪਣੇ ਘਰ ਵਾਲੇ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੀ ਸੀ | ਇਸ ਲਈ ਉਹ ਵਿਚਾਰੀ ਚੁੱਪ-ਚਾਪ ਤਿਆਰ ਹੋ ਕੇ ਨਿਰਾਸ਼ਾ ਭਰਿਆ ਚਿਹਰਾ ਲੈ ਕੇ ਚੱਲ ਪਈ |
ਉਸ ਦੇ ਘਰ ਵਾਲੇ ਨੇ ਇਕ ਵਾਰੀ ਵੀ ਆਪਣੀ ਮਾਂ ਵਰਗੀ ਸੱਸ ਦਾ ਦੁੱਖ ਨਾ ਦੇਖਿਆ | ਬਸ ਰਿੰਪੀ ਨੂੰ ਨਾਲ ਚੱਲਣ ਲਈ ਕਹਿ ਦਿੱਤਾ | ਕਾਫੀ ਸਮਾਂ ਬੀਤ ਗਿਆ | ਫਿਰ ਇਕ ਦਿਨ ਅਚਾਨਕ ਹਰਦੇਵ ਦੀ ਆਪਣੀ ਮਾਂ ਬਿਮਾਰ ਹੋ ਗਈ | ਉਸ ਦਿਨ ਉਹ ਆਪਣੇ ਸਹੁਰਿਆਂ ਦੇ ਜਾਣ ਨੂੰ ਤਿਆਰ ਹੋ ਰਿਹਾ ਸੀ | ਰਿੰਪੀ ਨੇ ਜਦੋਂ ਦੇਖਿਆ ਕਿ ਉਸ ਦੀ ਸੱਸ ਬਹੁਤ ਬਿਮਾਰ ਹੋ ਗਈ ਹੈ ਤਾਂ ਉਸ ਨੇ ਤੁਰੰਤ ਜਾਣ ਦਾ ਪ੍ਰੋਗਰਾਮ ਰੱਦ ਕਰਕੇ ਆਪਣੀ ਮਾਂ ਸੱਸ ਨੂੰ ਜਲਦੀ ਹਸਪਤਾਲ ਦਾਖ਼ਲ ਕਰਵਾਇਆ ਤੇ ਉਸ ਦੀ ਦਿਨ-ਰਾਤ ਸੇਵਾ ਕੀਤੀ | ਰਿੰਪੀ ਦੀ ਸੱਸ ਠੀਕ ਹੋ ਗਈ | ਇਹ ਸਭ ੁਕਝ ਦੇਖ ਕੇ ਹਰਦੇਵ ਬਹੁਤ ਹੈਰਾਨ ਸੀ | ਉਹ ਕਹਿਣ ਲੱਗਾ ਮੇਰੀ ਮਾਂ ਦੀ ਏਨੀ ਸੇਵਾ? ਰਿੰਪੀ ਨੇ ਬਸ ਏਨਾ ਹੀ ਕਿਹਾ ਕਿ ਮੈਂ ਆਪਣੀ ਮਾਂ ਨੂੰ ਤਕਲੀਫ਼ ਵਿਚ ਨਹੀਂ ਦੇਖ ਸਕਦੀ ਸੀ |

-ਮੋ: 94174-25749.

ਜਦੋਂ ਟੀਕਾ ਲਗਵਾਉਣਾ ਪਿਆ...

ਸੋਹਣੇ ਬਚਪਨ ਦੀ ਸ਼ੁਰੂਆਤ ਪਿੰਡ ਤੋਂ ਹੋਈ। ਬਚਪਨ ਵਿਚ ਜਦੋਂ ਸਕੂਲ ਜਾਣ ਨੂੰ ਜੀਅ ਨਾ ਕਰਨਾ ਤਾਂ ਭੂਆ ਨੇ ਕੁੱਟ-ਕੁੱਟ ਕੇ ਸਕੂਲ ਛੱਡ ਕੇ ਆਉਣਾ। ਪਿੰਡ ਦੇ ਸਕੂਲ ਵਿਚ ਦੋ ਸਾਲ ਪੜ੍ਹਾਈ ਕੀਤੀ। ਬਾਅਦ ਵਿਚ ਚੰਗੀ ਵਿੱਦਿਆ ਲੈਣ ਦੀ ਚਾਹਤ ਕਰਕੇ ਪਿੰਡਾਂ ਤੋਂ ਦੂਰ, ਬਹੁਤ ਦੂਰ ਹੁੰਦੇ ਹੀ ਚਲੇ ਗਏ। ਪਰ ਪਿੰਡ ਦੇ ਸਕੂਲ ਨਾਲ ਜੁੜੀਆਂ ਯਾਦਾਂ ਕਦੇ ਮਨ 'ਚੋਂ ਗਈਆਂ ਹੀ ਨਹੀਂ। ਅੱਜ ਤੋਂ ਕਈ ਦਹਾਕੇ ਪਹਿਲਾਂ ਬੱਚਿਆਂ ਨੂੰ ਜ਼ਰੂਰੀ ਟੀਕੇ ਸਕੂਲ ਵਿਚ ਹੀ ਲਗਦੇ ਹੁੰਦੇ ਸੀ। ਮੈਂ ਅਤੇ ਮੇਰੇ ਚਾਚਾ ਜੀ ਦਾ ਮੁੰਡਾ ਇਕੋ ਹੀ ਜਮਾਤ ਵਿਚ ਪੜ੍ਹਦੇ ਸੀ। ਸਾਡੀ ਉਮਰ ਵਿਚ ਸਿਰਫ਼ ਇਕ ਦਿਨ ਦਾ ਫ਼ਰਕ।
ਸਕੂਲ ਵਿਚ ਇੰਜੈਕਸ਼ਨ ਲੱਗਣ ਦੀ ਵਾਰੀ ਜਦੋਂ ਸਾਡੀ ਜਮਾਤ ਦੀ ਆਈ ਤਾਂ ਅਸੀਂ ਦੋਵੇਂ ਭੈਣ-ਭਰਾ ਅੱਧੀ ਛੁੱਟੀ ਵੇਲੇ ਬਹਾਨਾ ਜਿਹਾ ਬਣਾ ਕੇ ਘਰ ਨੂੰ ਆ ਗਏ। ਰਸਤੇ ਵਿਚ ਆਉਂਦਿਆਂ ਟੀਕੇ ਤੋਂ ਬਚਣ ਦੀ ਵਿਉਂਤ ਬਣਾਈ। ਅਸੀਂ ਘਰ ਆ ਕੇ, ਰੋਟੀ ਖਾ ਕੇ ਸਭ ਤੋਂ ਪਿਛਲੇ ਕਮਰੇ ਵਿਚ ਰੱਖੇ ਦਾਦੀ ਮਾਂ ਦੇ ਸੰਦੂਕ ਕੋਲ ਚਲੇ ਗਏ ਤੇ ਉਸ ਦੇ ਪਿੱਛੇ ਲੁਕ ਕੇ ਸ਼ਾਮ ਤੱਕ ਬੈਠੇ ਰਹੇ। ਅਸੀਂ ਇਹ ਤਾਂ ਸੋਚਿਆ ਹੀ ਨਹੀਂ ਸੀ ਕਿ ਸਾਡੇ ਘਰ ਦੇ ਸਕੂਲ ਸਮੇਂ ਤੋਂ ਬਾਅਦ ਸਾਨੂੰ ਲੱਭਦੇ ਵੀ ਹੋਣਗੇ? ਸ਼ਾਮ ਤੱਕ ਸਾਡੇ ਘਰਦਿਆਂ ਨੇ ਸਕੂਲ ਦੇ, ਪਿੰਡ ਦੇ ਚਾਰੇ ਪਾਸੇ ਤੇ ਸਾਡੇ ਜਮਾਤੀਆਂ ਦੇ ਕਿੰਨੇ ਕੁ ਗੇੜੇ ਲਾਏ ਹੋਣੇ, ਕੋਈ ਅੰਦਾਜ਼ਾ ਨਹੀਂ। ਉਸ ਵੇਲੇ ਸਾਂਝੇ ਟੱਬਰ ਹੁੰਦੇ ਸੀ। ਇਹ ਸਾਂਝਾਂ ਸੱਚਮੁੱਚ ਦੀਆਂ ਸਾਂਝਾਂ ਹੁੰਦੀਆਂ ਸਨ। ਰਾਤ ਨੂੰ ਜਦੋਂ ਭੁੱਖ ਲੱਗਣ ਲੱਗੀ ਤਾਂ ਅਸੀਂ ਦੋਵੇਂ ਹੌਲੀ-ਹੌਲੀ ਪਰਿਵਾਰ ਵਿਚ ਇਉਂ ਘੁਲਣ-ਮਿਲਣ ਲੱਗੇ ਜਿਵੇਂ ਕੁਝ ਹੋਇਆ ਹੀ ਨਹੀਂ। ਇਸੇ ਦੌਰਾਨ ਸਾਡੇ ਛੋਟੇ ਚਾਚਾ ਜੀ ਦੀਆਂ ਨਜ਼ਰਾਂ ਸਾਡੇ 'ਤੇ ਪਈਆਂ ਤੇ ਉਸ ਤੋਂ ਬਾਅਦ ਕੀ ਹੋਇਆ ਹੋਣਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇੰਨੀ ਤਕਲੀਫ਼ ਤਾਂ ਟੀਕੇ ਦੀ ਹੋਣੀ ਵੀ ਨਹੀਂ ਸੀ ਜਿੰਨੀ ਬਾਲ ਮਨ ਨੂੰ ਉਸ ਵੇਲੇ ਹੋਈ। ਉਹੀ ਚਾਚਾ ਜੀ ਅਗਲੀ ਸਵੇਰ ਸ਼ਹਿਰ ਦੇ ਡਾਕਟਰ ਕੋਲ ਲੈ ਗਏ ਅਤੇ ਸਾਰੇ ਟੀਕੇ ਲਗਵਾਏ।
ਇਹ ਗੱਲ ਬਹੁਤ ਪੁਰਾਣੀ ਹੈ ਪਰ ਭੁੱਲਦੀ ਨਹੀਂ। ਬਾਂਹ 'ਤੇ ਲੱਗੇ ਉਸ ਟੀਕੇ ਦੇ ਨਿਸ਼ਾਨ ਅੱਜ ਵੀ ਦੇਖ ਕੇ ਹਾਸਾ ਆਉਂਦਾ ਹੈ ਤੇ ਕਈ ਵਾਰ ਸੋਚਦੀ ਹਾਂ, ਵਿਦੇਸ਼ ਜਾ ਵਸੇ ਉਸ ਭਰਾ ਕੋਲ ਤਾਂ ਫੋਨ ਕਰਨ ਦੀ ਵੀ ਵਿਹਲ ਨਹੀਂ ਰਹੀ ਕਿ ਉਸ ਨੂੰ ਟੀਕੇ ਦੇ ਨਿਸ਼ਾਨ ਦੇਖ ਕੇ ਸੰਦੂਕ ਅਤੇ ਟੀਕਾ ਯਾਦ ਆਉਂਦਾ ਹੋਊ? ਅੱਜ ਜਦੋਂ ਮੇਰੇ ਆਪਣੇ ਬੱਚੇ ਇੰਜੈਕਸ਼ਨ ਤੋਂ ਡਰਦੇ ਨੇ ਤਾਂ ਇਹ ਗੱਲ ਸੁਣ ਕੇ ਬਹੁਤ ਹੱਸਦੇ ਹਨ। ਪਰ ਉਨ੍ਹਾਂ ਕੋਲ ਤਾਂ ਲੁਕਣ ਲਈ ਨਾ ਦਾਦੀ ਦਾ ਸੰਦੂਕ ਹੈ ਤੇ ਨਾ ਹੀ ਸਾਂਝਾ ਪਰਿਵਾਰ। ਨਾ ਹੀ ਅੰਤਾਂ ਦਾ ਮੋਹ ਕਰਨ ਵਾਲੇ ਭੂਆ, ਤਾਏ ਤੇ ਚਾਚੇ।

-738/7, ਗੁਰੂ ਨਾਨਕ ਨਗਰ, ਪਟਿਆਲਾ।

ਕਾਵਿ-ਵਿਅੰਗ

ਤਾਂ ਹੀ
• ਨਵਰਾਹੀ ਘੁਗਿਆਣਵੀ •

ਵੋਟ ਵਿਕਣ ਦੇ ਨਾਲ ਵਿਗਾੜ ਪੈਂਦਾ,
ਗ਼ਲਤ ਆਦਮੀ ਆਉਣ ਅਗਾਂਹ ਤਾਂ ਹੀ |
ਭਲੇ ਪੁਰਸ਼ ਨਾ ਪੈਣ ਝਮੇਲਿਆਂ ਵਿਚ,
ਰਹਿਣਾ ਚਾਹੁੰਦੇ ਨੇ ਜ਼ਰਾ ਪਿਛਾਂਹ ਤਾਂ ਹੀ |
ਅੰਨ੍ਹੀ ਪਾਈ ਏ ਸਦਾ ਜਰਵਾਣਿਆਂ ਨੇ,
ਜਾਵੇ ਨਿਘਰਦਾ ਦੇਸ਼ ਹਿਠਾਂਹ ਤਾਂ ਹੀ |
ਆਪਸ ਵਿਚ ਨਾ ਰਿਹਾ ਪਿਆਰ ਪਹਿਲਾ,
ਭਾਈ, ਭਾਈ ਦੀ ਬਣੇ ਨਾ ਬਾਂਹ ਤਾਂ ਹੀ |

ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302


ਸੱਜਰੇ ਫ਼ਿਕਰ
• ਹਰਦੀਪ ਢਿੱਲੋਂ •

ਵਾਹੀਕਾਰਾਂ ਨੇ ਸੱਜਰੇ ਫ਼ਿਕਰ ਦੱਸੇ,
ਡੇਰਾ ਢੱਟੇ ਦਾ ਗਿਆ ਲੱਗ ਵਾੜ ਅੰਦਰ |
ਭਾਰ ਖ਼ਰਚੇ ਦਾ ਜੱਟ ਨੂੰ ਕਰੇ ਕੱੁਬਾ,
ਹੋਣੋਂ ਹਟ ਗਿਆ ਵਾਧਾ ਝਾੜ ਅੰਦਰ |
ਵਾਢਾ ਮਿੱਟੀ ਨੂੰ ਧਰ ਲਿਆ ਤਸਕਰਾਂ ਨੇ,
ਚੂਹੇ ਛੁਪਣਗੇ ਕਿਵੇਂ ਪਹਾੜ ਅੰਦਰ |
'ਮੁਰਾਦਵਾਲਿਆ' ਦਿਸੀ ਸਪੱਸ਼ਟ ਜਾਂਦਾ,
ਹਿੱਸਾ ਝੰਡੇ ਦਾ ਲੁਟੇਰੀ ਧਾੜ ਅੰਦਰ |

-1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX