ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  11 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  27 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਹੋਰ ਖ਼ਬਰਾਂ..

ਲੋਕ ਮੰਚ

ਸੋਸ਼ਲ ਸਾਈਟਾਂ 'ਤੇ ਹੁੰਦੇ ਗੁਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਲੋੜ

ਅੱਜ ਦਾ ਮਨੁੱਖ ਵਿਗਿਆਨਕ ਤੌਰ 'ਤੇ ਕਾਫ਼ੀ ਤਰੱਕੀ ਕਰ ਰਿਹਾ ਹੈ ਅਤੇ ਹਰ ਖੇਤਰ 'ਚ ਮਨੁੱਖ ਦੀ ਇਸ ਤਰੱਕੀ ਦੇ ਚਰਚੇ ਹੋ ਰਹੇ ਹਨ। ਪਰ ਜਿੱਥੇ ਮਨੁੱਖ ਦੀ ਇਸ ਤਰੱਕੀ ਦੀ ਸ਼ਲਾਘਾ ਹੋ ਰਹੀ ਹੈ, ਉਥੇ ਇਸ ਵਿਗਿਆਨਕ ਤਰੱਕੀ ਦਾ ਸਮਾਜ ਨੂੰ ਵੱਡੀ ਪੱਧਰ 'ਤੇ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ। ਅੱਜ ਅਸੀਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬੈਠ ਕੇ ਸੋਸ਼ਲ ਸਾਈਟਾਂ 'ਤੇ ਹਰ ਪਲ ਦੀ ਖ਼ਬਰ ਹਾਸਲ ਕਰ ਸਕਦੇ ਹਾਂ ਅਤੇ ਆਪਣੇ ਇਲਾਕੇ ਦੀ ਖ਼ਬਰ ਅੱਗੇ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ। ਪਿਛਲੇ ਸਮੇਂ 'ਚ ਕਈ ਅਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ, ਜਿਨ੍ਹਾਂ ਨੇ ਇਸ ਵਿਗਿਆਨਕ ਖੇਤਰ ਦੀ ਤਰੱਕੀ ਦਾ ਅਹਿਸਾਸ ਕਰਵਾਇਆ ਹੈ, ਕਿਉਂਕਿ ਕਈ ਅਜਿਹੇ ਕਾਰਨਾਮੇ ਜਾਂ ਸੌਦੇਬਾਜ਼ੀਆਂ ਜੋ ਸ਼ਾਇਦ ਪਰਦੇ 'ਚ ਰਹਿ ਚੁੱਕੀਆਂ ਸਨ, ਉਹ ਜਨਤਾ ਅੱਗੇ ਕਦੇ ਵੀ ਨਹੀਂ ਆ ਸਕਣੀਆਂ ਸਨ।
ਪਰ ਜਿੱਥੇ ਇਹ ਸੋਸ਼ਲ ਸਾਈਟਾਂ ਮਨੁੱਖੀ ਦਿਮਾਗ ਨੂੰ ਸ਼ਾਬਾਸ਼ ਦਿਵਾਉਂਦੀਆਂ ਹਨ, ਉਥੇ ਇਨ੍ਹਾਂ ਸੋਸ਼ਲ ਸਾਈਟਾਂ 'ਤੇ ਕਈ ਵਾਰ ਅਜਿਹੀਆਂ ਗਲਤ ਜਾਂ ਝੂਠੀਆਂ ਅਫਵਾਹਾਂ ਫੈਲਾਅ ਦਿੱਤੀਆਂ ਜਾਂਦੀਆਂ ਹਨ ਕਿ ਸਾਨੂੰ ਆਪਣੇ-ਆਪ 'ਤੇ ਤਰਸ ਜਿਹਾ ਆਉਣ ਲੱਗ ਪੈਂਦਾ ਹੈ, ਕਿਉਂਕਿ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਸ ਦੀ ਸੱਚਾਈ ਪਤਾ ਕਰਨ ਦੀ ਬਜਾਏ ਉਹੀ ਝੂਠੀ ਅਫਵਾਹ ਨੂੰ ਅੱਗੇ ਭੇਜ ਦਿੰਦੇ ਹਾਂ, ਇਨ੍ਹਾਂ ਸੋਸ਼ਲ ਸਾਈਟਾਂ 'ਤੇ ਖਬਰ ਪਾਉਣ ਲਈ ਕਿਸੇ ਵਿਸ਼ੇਸ਼ ਜਾਂਚ-ਪੜਤਾਲ ਜਾਂ ਪੁੱਛਗਿੱਛ ਦੀ ਲੋੜ ਨਹੀਂ ਪੈਂਦੀ, ਸ਼ਾਇਦ ਉਹ ਇਸ ਗੱਲ ਤੋਂ ਅਨਜਾਣ ਹੁੰਦੇ ਹਨ ਕਿ ਉਨ੍ਹਾਂ ਦੀ ਇਕ ਗਲਤੀ ਕਿਸੇ ਲਈ ਕਿਸ ਹੱਦ ਤੱਕ ਭਾਰੂ ਪੈ ਸਕਦੀ ਹੈ।
ਕਈ ਵਾਰ ਸਮਾਜਿਕ ਸ਼ਾਂਤੀ ਭੰਗ ਕਰਨ ਲਈ ਧਰਮ, ਜਾਤੀ ਅਤੇ ਦੇਸ਼ਭਾਵਨਾ ਨੂੰ ਲੈ ਕੇ ਅਜਿਹੀਆਂ ਗਲਤ ਢੰਗ ਦੀਆਂ ਤਸਵੀਰਾਂ ਜਾਂ ਵੀਡੀਓ ਭੇਜੀਆਂ ਜਾਂਦੀਆਂ ਹਨ, ਜਿਸ ਨਾਲ ਲੋਕਾਂ 'ਚ ਆਪਸੀ ਫੁੱਟ ਵਧੇ। ਇਸ ਤੋਂ ਇਲਾਵਾ ਲੰਘੇ ਸਮੇਂ ਦੌਰਾਨ ਕਈ ਗਲਤ ਅਨਸਰਾਂ ਨੇ ਸੋਸ਼ਲ ਸਾਈਟਾਂ 'ਤੇ ਕਈ ਨਾਮਵਰ ਹਸਤੀਆਂ ਦੇ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਅਤੇ ਅਕਾਲ ਚਲਾਣਾ ਕਰ ਜਾਣ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ, ਜਿਸ ਤੋਂ ਅੱਜਕਲ੍ਹ ਇਨ੍ਹਾਂ ਸੋਸ਼ਲ ਸਾਈਟਾਂ ਤੋਂ ਵਿਸ਼ਵਾਸ ਉਠਣਾ ਸ਼ੁਰੂ ਹੋ ਗਿਆ ਹੈ। ਇਸ ਲਈ ਸਾਨੂੰ ਇਨ੍ਹਾਂ ਸੋਸ਼ਲ ਸਾਈਟਾਂ ਦੇ ਗਲਤ ਪ੍ਰਚਾਰ ਤੋਂ ਸੁਚੇਤ ਹੋਣਾ ਚਾਹੀਦਾ ਹੈ ਅਤੇ ਸੋਸ਼ਲ ਸਾਈਟਾਂ 'ਤੇ ਫੈਲਾਈਆਂ ਜਾਂਦੀਆਂ ਅਫ਼ਵਾਹਾਂ ਦੀ ਜਾਂਚ-ਪੜਤਾਲ ਕੀਤੇ ਬਿਨਾਂ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ।

-ਮੋਬਾ: 99884-35333


ਖ਼ਬਰ ਸ਼ੇਅਰ ਕਰੋ

ਦਾਨ-ਪੁੰਨ ਕਰਨ ਦੀ ਮਾਨਸਿਕਤਾ ਬਦਲਣ ਦੀ ਲੋੜ

ਦੁਨੀਆ ਭਰ ਦੇ ਮਹਾਨ ਵਿਦਵਾਨਾਂ ਨੇ ਧਰਮ ਗ੍ਰੰਥਾਂ ਵਿਚ ਲੋੜਵੰਦ ਮਨੁੱਖ ਦੀ ਜ਼ਰੂਰਤ ਮੁਤਾਬਿਕ ਸਹਾਇਤਾ ਕਰਨ ਨੂੰ ਸਭ ਤੋਂ ਵੱਡੇ ਪੁੰਨ-ਦਾਨ ਦਾ ਦਰਜਾ ਦਿੱਤਾ ਹੈ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਸਾਡੇ ਮਹਾਨ ਗੁਰੂ-ਸਾਹਿਬਾਨਾਂ ਦੀ ਬਾਣੀ ਦੇ ਫਲਸਫੇ ਅਨੁਸਾਰ ਭੁੱਖੇ ਨੂੰ ਰੋਟੀ ਖਵਾਉਣ, ਪਿਆਸੇ ਨੂੰ ਪਾਣੀ ਪਿਲਾਉਣ, ਲੋੜਵੰਦ ਬਿਮਾਰ ਦਾ ਇਲਾਜ ਕਰਾਉਣ, ਆਰਥਿਕ ਤੌਰ 'ਤੇ ਕਮਜ਼ੋਰ ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨ, ਬੇਘਰੇ ਨੂੰ ਘਰ, ਨੰਗੇ ਨੂੰ ਕੱਪੜੇ ਦੇਣ, ਮੁੱਕਦੀ ਗੱਲ ਕਿ ਕਿਸੇ ਬੇਸਹਾਰੇ ਦਾ ਸਹਾਰਾ ਬਣਨ ਵਰਗੇ ਕਾਰਜ ਕਰਨ ਨੂੰ ਸਭ ਤੋਂ ਉੱਤਮ ਪੁੰਨ-ਦਾਨ ਮੰਨਿਆ ਗਿਆ ਹੈ। ਪਰ ਅਜੋਕੇ ਲੋਕ-ਦਿਖਾਵੇ ਦੇ ਯੁੱਗ ਵਿਚ ਅਸੀਂ ਕਿਸੇ ਲੋੜਵੰਦ ਦੀ ਛੋਟੀ ਜਿਹੀ ਮਦਦ ਕਰਨ ਉਪਰੰਤ ਦੂਜਿਆਂ ਸਾਹਮਣੇ ਉਸ ਦਾ ਵੱਡਾ ਵਿਖਿਆਣ ਕਰਕੇ ਆਪਣੇ-ਆਪ ਨੂੰ ਮਹਾਨ ਦਾਨੀ ਪੁਰਸ਼ ਬਣਾਉਣ ਦੀ ਕੋਸ਼ਿਸ਼ ਕਰਨ ਲਗਦੇ ਹਾਂ। ਸਾਡੇ ਵਿਚ ਦਾਨ ਕਰਨ ਨਾਲੋਂ ਦਿਖਾਵਾ ਕਰਨ ਦੀ ਪ੍ਰਵਿਰਤੀ ਜ਼ਿਆਦਾ ਭਾਰੂ ਹੋ ਚੁੱਕੀ ਹੈ। ਅਸੀਂ ਰੱਜਿਆਂ ਨੂੰ ਹੋਰ ਰਜਾਉਣ, ਅਮੀਰਾਂ ਨੂੰ ਹੋਰ ਅਮੀਰ ਕਰਨ, ਗਲੀ-ਮੁਹੱਲੇ ਵੱਡੇ-ਵੱਡੇ ਸੰਗਮਰਮਰੀ ਧਾਰਮਿਕ ਅਸਥਾਨ ਬਣਾਉਣ ਵਰਗੇ ਕਾਰਜਾਂ ਨੂੰ ਆਪਣੇ ਪਾਪ ਕੱਟਣ ਵਾਲੇ ਪੁੰਨ ਸਮਝ ਕੇ ਕਰਨ ਦੇ ਰਾਹੇ ਪਏ ਹੋਏ ਹਾਂ। ਦੇਸ਼-ਵਿਦੇਸ਼ ਵਸਦੇ ਆਰਥਿਕ ਤੌਰ 'ਤੇ ਸਮਰੱਥ ਦਾਨੀ ਲੋਕਾਂ ਲਈ ਗੰਭੀਰਤਾ ਨਾਲ ਸੋਚਣ-ਵਿਚਾਰਨ ਦੀ ਘੜੀ ਹੈ ਕਿ ਉਨ੍ਹਾਂ ਦੇ ਮਿਹਨਤ ਨਾਲ ਕਮਾਏ ਦਾਨ-ਪੁੰਨ ਕੀਤੇ ਰੁਪਏ ਸਹੀ ਕਾਰਜਾਂ ਵਿਚ ਸਹੀ ਪਾਸੇ ਲੱਗ ਰਹੇ ਹਨ ਕਿ ਨਹੀਂ, ਕਿਉਂਕਿ ਅੱਜ ਦੇਸ਼ ਅੰਦਰ ਧਾਰਮਿਕ ਅਸਥਾਨਾਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਉਨ੍ਹਾਂ ਅੰਦਰ ਪੁਜਾਰੀ ਬਾਬੇ ਬਹੁਤ ਹੋ ਗਏ ਹਨ। ਹੁਣ ਲੋੜ ਹੈ ਜ਼ਰੂਰਤਮੰਦ ਲੋਕਾਂ ਲਈ ਸਕੂਲ, ਕਾਲਜ ਅਤੇ ਹਸਪਤਾਲ ਬਣਾਉਣ ਅਤੇ ਉਨ੍ਹਾਂ ਵਿਚ ਤਜਰਬੇਕਾਰ ਸਟਾਫ ਰੱਖਣ ਦੀ ਤਾਂ ਕਿ ਉਥੇ ਲੋੜਵੰਦਾਂ ਦੇ ਬੱਚੇ ਪੜ੍ਹ-ਲਿਖ ਕੇ ਆਰਥਿਕ ਤੌਰ 'ਤੇ ਸਮਰੱਥ ਹੋ ਸਕਣ ਅਤੇ ਗਰੀਬ ਆਪਣਾ ਸਹੀ ਡਾਕਟਰੀ ਇਲਾਜ ਕਰਵਾ ਸਕੇ। ਕਿਉਂਕਿ ਅਜੋਕੀ ਵਿੱਦਿਆ ਅਤੇ ਡਾਕਟਰੀ ਸਹੂਲਤਾਂ ਆਮ ਆਦਮੀ ਦੇ ਵੱਸੋਂ ਬਾਹਰੀ ਹੋ ਚੁੱਕੀਆਂ ਹਨ। ਇਸ ਤਰ੍ਹਾਂ ਹੋਣ ਨਾਲ ਜਿਥੇ ਸਹੀ ਲੋੜਵੰਦਾਂ ਨੂੰ ਲਾਭ ਮਿਲੇਗਾ, ਉਥੇ ਧਾਰਮਿਕ ਅਸਥਾਨਾਂ ਅੰਦਰ ਮਾਇਆ ਖਾਤਰ ਹੋਣ ਵਾਲੇ ਲੜਾਈ-ਝਗੜੇ ਅਤੇ ਦੂਜੇ ਅਪਰਾਧ ਵੀ ਘਟ ਜਾਣਗੇ। ਅੱਜ ਸਾਨੂੰ ਸਿਰਫ ਤੇ ਸਿਰਫ ਲੰਗਰ ਲਗਾਉਣ, ਧਾਰਮਿਕ ਅਸਥਾਨ ਬਣਾਉਣ ਨੂੰ ਹੀ ਪੁੰਨ-ਦਾਨ ਸਮਝਣ ਵਾਲੀ ਮਾਨਸਿਕਤਾ ਤਿਆਗ ਕੇ ਕਿਸੇ ਗਰੀਬ, ਲੋੜਵੰਦ ਦਾ ਮਕਾਨ ਬਣਾਉਣ, ਲੋੜਵੰਦ ਦੀ ਧੀ ਦੇ ਵਿਆਹ ਲਈ ਸਹਾਇਤਾ ਦੇਣ, ਕਿਸੇ ਅਪੰਗ-ਬਿਮਾਰ ਦਾ ਇਲਾਜ ਕਰਾਉਣ, ਲੋੜਵੰਦਾਂ ਲਈ ਕੱਪੜੇ, ਖਾਣਾ ਦੇਣ ਵਾਲੀ ਮਾਨਸਿਕਤਾ ਅਪਣਾਉਣ ਦੀ ਅਤਿ ਜ਼ਿਆਦਾ ਲੋੜ ਹੈ।

-ਪਿੰਡ ਤੇ ਡਾਕ: ਗੁੱਜਰਵਾਲ (ਲੁਧਿਆਣਾ)। ਮੋਬਾ: 99149-28048

ਪੁਸਤਕਾਂ ਤੋਂ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਨੌਜਵਾਨ ਵਰਗ

ਅਜੋਕੇ ਸਮੇਂ ਲੋਕ ਖਾਸ ਕਰਕੇ ਨੌਜਵਾਨ ਵਰਗ ਪੁਸਤਕਾਂ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਪੁਸਤਕਾਂ ਪੜ੍ਹਨ ਦੀ ਬਜਾਏ ਨੌਜਵਾਨ ਮੋਬਾਈਲ ਫੋਨ ਆਦਿ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ। ਉਸ ਦੇ ਪਾਸ ਪੁਸਤਕਾਂ ਪੜ੍ਹਨ ਦਾ ਸਮਾਂ ਹੀ ਨਹੀਂ ਹੈ। ਇਹ ਇਕ ਗੰਭੀਰ ਮਾਮਲਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਨੌਜਵਾਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੁਸਤਕਾਂ ਹਮੇਸ਼ਾ ਤੋਂ ਹੀ ਮਨੁੱਖ ਦੀਆਂ ਸਰਵਸ੍ਰੇਸ਼ਠ ਅਤੇ ਵਿਸ਼ਵਾਸਯੋਗ ਦੋਸਤ ਰਹੀਆਂ ਹਨ। ਮਹਾਨ ਆਜ਼ਾਦੀ ਘੁਲਾਟੀਏ ਅਤੇ ਵਿਦਵਾਨ ਲਾਲਾ ਲਾਜਪਤ ਰਾਏ ਨੇ ਪੁਸਤਕਾਂ ਦਾ ਮਹੱਤਵ ਦੱਸਦੇ ਹੋਏ ਕਿਹਾ ਸੀ, 'ਮੈਂ ਪੁਸਤਕਾਂ ਦਾ ਨਰਕ ਵਿਚ ਵੀ ਸਵਾਗਤ ਕਰਾਂਗਾ। ਇਸ ਵਿਚ ਉਹ ਤਾਕਤ ਹੈ, ਜਿਹੜੀ ਨਰਕ ਨੂੰ ਵੀ ਸਵਰਗ ਬਣਾਉਣ ਦੇ ਯੋਗ ਹੈ।' ਪਰ ਅਫਸੋਸ ਇਸ ਗੱਲ ਦਾ ਹੈ ਕਿ ਨੌਜਵਾਨ ਵਰਗ ਭਟਕ ਚੁੱਕਾ ਹੈ।
ਪੁਸਤਕਾਂ ਜੋ ਅਥਾਹ ਗਿਆਨ ਦਾ ਖਜ਼ਾਨਾ ਹਨ, ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਦੀ ਤੀਜੀ ਅੱਖ ਖੁੱਲ੍ਹ ਜਾਂਦੀ ਹੈ। ਪੁਸਤਕਾਂ ਤੋਂ ਹਾਸਲ ਗਿਆਨ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਫਿਰ ਕੀ ਮਜਬੂਰੀ ਹੈ? ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਕਿ ਸਮਾਰਟ ਫੋਨਾਂ 'ਤੇ ਈ-ਪੁਸਤਕਾਂ ਕਾਫੀ ਮਾਤਰਾ ਵਿਚ ਉਪਲਬਧ ਹਨ ਪਰ ਛਪੀਆਂ ਪੁਸਤਕਾਂ ਨੂੰ ਪੜ੍ਹਨ ਦਾ ਇਕ ਅਲੱਗ ਹੀ ਮਜ਼ਾ ਹੈ। ਸਾਡੇ ਕੋਲ ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਹਰੇਕ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਭਰਪੂਰ ਖਜ਼ਾਨਾ ਪਿਆ ਹੈ। ਫਿਰ ਦੇਰੀ ਕਿਉਂ? ਕਹਾਣੀ, ਨਾਵਲ, ਕਵਿਤਾ ਅਤੇ ਲੇਖ ਪੜ੍ਹਨ ਨਾਲ ਸਾਡੇ ਗਿਆਨ ਵਿਚ ਚੋਖਾ ਵਾਧਾ ਹੁੰਦਾ ਹੈ। ਇਸ ਦੇ ਨਾਲ ਜਿਹੜਾ ਆਨੰਦ ਮਿਲਦਾ ਹੈ, ਉਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਕਹੀ ਜਾ ਸਕਦੀ ਹੈ। ਦੋਸਤੋ, ਆਪਣਾ ਸਮਾਂ ਨਸ਼ਿਆਂ, ਮੋਬਾਈਲ ਫੋਨਾਂ 'ਤੇ ਨਾ ਗਵਾਓ। ਜ਼ਿੰਦਗੀ ਦਾ ਹਰ ਪਲ ਸੁਹਾਵਣਾ ਹੈ। ਜ਼ਿੰਦਗੀ ਦਾ ਮਜ਼ਾ ਲੈਣ ਲਈ ਆਪਣੇ-ਆਪ ਨੂੰ ਪੁਸਤਕਾਂ ਦੇ ਸਮਰਪਿਤ ਕਰ ਦਿਓ। ਜ਼ਿੰਦਗੀ ਅਨਮੋਲ ਹੈ। ਇਸ ਨੂੰ ਵਧੀਆ ਤਰੀਕੇ ਨਾਲ ਜੀਓ। ਪਾਠ-ਪੁਸਤਕਾਂ ਤੋਂ ਇਲਾਵਾ ਹੋਰ ਵੀ ਸਾਹਿਤ ਦੀਆਂ ਪੁਸਤਕਾਂ ਪੜ੍ਹਨ ਵਿਚ ਆਪਣੀ ਦਿਲਚਸਪੀ ਵਧਾਓ। ਸਾਹਿਤ ਪੜ੍ਹਨ ਦਾ ਰੁਝਾਨ ਤੁਹਾਨੂੰ ਸਾਹਿਤ ਲਿਖਣ ਵੱਲ ਵੀ ਪ੍ਰੇਰਿਤ ਕਰੇਗਾ। ਜਿੰਨੇ ਵੀ ਮਹਾਨ ਸਾਹਿਤਕਾਰ, ਵਿਦਵਾਨ ਹੋਏ ਹਨ, ਉਹ ਆਪਣਾ ਬਹੁਤ ਸਾਰਾ ਸਮਾਂ ਪੁਸਤਕਾਂ ਪੜ੍ਹਨ ਵਿਚ ਹੀ ਬਤੀਤ ਕਰਦੇ ਆਏ ਹਨ। ਨੌਜਵਾਨ ਵਰਗ ਨੂੰ ਚੰਗੇ ਅਤੇ ਵਧੀਆ ਸਾਹਿਤ ਨਾਲ ਜੋੜਨ ਲਈ ਪੁਸਤਕਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵਧੇਰੇ ਲੋੜ ਹੈ। ਨੌਜਵਾਨਾਂ ਨੂੰ ਪੁਸਤਕਾਂ ਪੜ੍ਹਨ ਲਈ ਦੂਰ ਨਾ ਜਾਣਾ ਪਵੇ। ਚੰਗੀਆਂ ਅਤੇ ਸਸਤੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਣ। ਲਾਇਬ੍ਰੇਰੀਆਂ ਪਿੰਡ ਤੋਂ ਸ਼ਹਿਰਾਂ ਤੱਕ ਸਥਾਪਿਤ ਹੋਣ ਨਾਲ ਨੌਜਵਾਨ ਮੁੰਡੇ-ਕੁੜੀਆਂ ਆਪਣੇ-ਆਪ ਹੀ ਸਾਹਿਤ ਵੱਲ ਖਿੱਚੇ ਚਲੇ ਆਉਣਗੇ ਭਾਵ ਪੁਸਤਕਾਂ ਨੌਜਵਾਨ ਵਰਗ ਦੀ ਪਹੁੰਚ ਵਿਚ ਹੋਣ। ਪੁਸਤਕਾਂ ਤੋਂ ਬਿਨਾਂ ਨੌਜਵਾਨ ਵਰਗ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਕੋਈ ਵੀ ਰਾਸ਼ਟਰ ਤਰੱਕੀ ਨਹੀਂ ਕਰ ਸਕੇਗਾ। ਯੋਗ ਅਗਵਾਈ ਦੇ ਨਾਲ ਨੌਜਵਾਨ ਵਰਗ ਨੂੰ ਅਸਾਨੀ ਨਾਲ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਪੁਸਤਕਾਂ ਤੋਂ ਬਗੈਰ ਉਹ ਦੇਸ਼ 'ਤੇ ਬੋਝ ਹੀ ਹਨ। ਆਪਣੇ ਦੇਸ਼ 'ਤੇ ਬੋਝ ਨਾ ਬਣੋ। ਇਸ ਲਈ ਆਓ ਅੱਗੇ ਵਧੋ, ਚੰਗਾ ਸਾਹਿਤ ਪੜ੍ਹ ਕੇ ਸਿਹਤਮੰਦ ਸਮਾਜ ਦਾ ਨਿਰਮਾਣ ਕਰੀਏ। ਆਖਰ ਇਹੀ ਕਿਹਾ ਜਾ ਸਕਦਾ ਹੈ ਕਿ ਨੌਜਵਾਨ ਵਰਗ ਨੂੰ ਜੇਕਰ ਅਸੀਂ ਬਹੁਤ ਵਧੀਆ ਇਨਸਾਨ, ਇਕ ਚੰਗੇ ਨਾਗਰਿਕ ਅਤੇ ਵਧੀਆ ਸਾਹਿਤਕਾਰ ਦੇਖਣਾ ਲੋਚਦੇ ਹਾਂ ਤਾਂ ਉਨ੍ਹਾਂ ਨੂੰ ਜਿਵੇਂ-ਕਿਵੇਂ ਸਾਹਿਤ ਨਾਲ ਪਿਆਰ ਕਰਨਾ ਸਿਖਾਉਣ ਲਈ ਆਪਣੀ ਪੂਰੀ ਕੋਸ਼ਿਸ਼ ਤਨੋਂ-ਮਨੋਂ ਕਰੀਏ।

-ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)। ਮੋਬਾ: 94172-80333

ਅਵਾਰਾ ਕੁੱਤਿਆਂ ਨੇ ਪੈਦਾ ਕੀਤੀ ਦਹਿਸ਼ਤ

ਲਗਾਤਾਰ ਕਈ ਥਾਵਾਂ 'ਤੇ ਕੁੱਤਿਆਂ ਦੁਆਰਾ ਲੋਕਾਂ 'ਤੇ ਹਮਲਾ ਕਰਨ ਦੀਆਂ ਦਰਦਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਰਕੇ ਹੁਣ ਹਰੇਕ ਆਦਮੀ ਦੇ ਮਨ ਅੰਦਰ ਡਰ ਬੈਠ ਗਿਆ ਹੈ। ਇਨ੍ਹਾਂ ਕੁੱਤਿਆਂ ਦੇ ਮੂੰਹ ਨੂੰ ਹੁਣ ਖੂਨ ਲੱਗ ਗਿਆ ਹੈ, ਜੋ ਆਮ ਲੋਕਾਂ ਲਈ ਬਹੁਤ ਹੀ ਖ਼ਤਰਨਾਕ ਹੈ। ਹੁਣ ਜੋ ਕੁੱਤੇ ਹੱਡਾ ਰੋੜੀਆਂ 'ਤੇ ਰਹਿੰਦੇ ਹਨ, ਉਹ ਤਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪਹੁੰਚਾਉਣ ਦਾ ਕੰਮ ਕਰਦੇ ਹਨ। ਇਕੱਲੇ ਪੰਜਾਬ ਵਿਚ ਲਗਪਗ 4 ਤੋਂ 5 ਲੱਖ ਤੱਕ ਅਵਾਰਾ ਕੁੱਤਿਆਂ ਦੀ ਗਿਣਤੀ ਪਹੁੰਚੀ ਪਈ ਹੈ। ਵਿਸ਼ਵ ਸਿਹਤ ਸੰਸਥਾ ਨੇ 2003 ਵਿਚ ਸਰਵੇਖਣ ਕੀਤਾ ਸੀ। ਉਸ ਵਿਚ ਇਹ ਸਾਹਮਣੇ ਆਇਆ ਸੀ ਕਿ ਹਰ ਸਾਲ 20-21 ਹਜ਼ਾਰ ਲੋਕ ਹਲਕਾਏ ਕੁੱਤਿਆਂ ਦੇ ਕੱਟਣ ਨਾਲ ਮਰ ਜਾਂਦੇ ਹਨ। ਜਿੱਥੇ ਕੁੱਤਿਆਂ ਦੁਆਰਾ ਕੱਟਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ, ਉਥੇ ਹੀ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਕਈ ਲੋਕਾਂ ਨੂੰ ਸੜਕਾਂ 'ਤੇ ਘੁੰਮਦੇ ਅਵਾਰਾ ਕੁੱਤਿਆਂ ਦੇ ਅੱਗੇ ਆਉਣ ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਹਨ। ਕੁੱਤੇ ਕੱਟਣ ਨਾਲ 'ਰੈਬੀਜ਼' ਨਾਂਅ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ਦਾ ਮੌਕੇ 'ਤੇ ਇਲਾਜ ਹੋ ਜਾਵੇ ਤਾਂ ਠੀਕ ਹੈ, ਬਾਅਦ ਵਿਚ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਕੁੱਤਿਆਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਚੁੱਕਾ ਹੈ, ਕਿਉਂਕਿ ਇਨ੍ਹਾਂ ਦੀ ਨਸਬੰਦੀ ਕਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਅਸਲ ਵਿਚ ਸਰਕਾਰ ਨੇ ਜਦੋਂ ਦੀ ਅਵਾਰਾ ਕੁੱਤੇ ਮਾਰਨ 'ਤੇ ਪਾਬੰਦੀ ਲਗਾਈ ਹੈ, ਉਦੋਂ ਤੋਂ ਕੁੱਤਿਆਂ ਵਿਚ ਬੇਹਿਸਾਬ ਵਾਧਾ ਹੋਇਆ ਹੈ। ਲੋਕਾਂ ਵਲੋਂ ਹੁਣ ਇਹੋ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਜਾਂ ਤਾਂ ਕੁੱਤੇ ਮਾਰਨ 'ਤੇ ਪਾਬੰਦੀ ਹਟਾਏ ਜਾਂ ਫਿਰ ਕੋਈ ਵਿਗਿਆਨਕ ਢੰਗ ਨਾਲ ਇਨ੍ਹਾਂ 'ਤੇ ਕਾਰਵਾਈ ਕਰੇ, ਤਾਂ ਜੋ ਲੱਖਾਂ ਕੀਮਤੀ ਜਾਨਾਂ ਜੋ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ, ਉਨ੍ਹਾਂ 'ਤੇ ਨਕੇਲ ਪਾਈ ਜਾਵੇ।

-ਧਨੌਲਾ (ਬਰਨਾਲਾ)-148105. ਮੋਬਾ: 97810-48055

ਉਧਾਰ ਮੋੜਨ ਸਮੇਂ ਬਹਾਨੇਬਾਜ਼ੀ ਕਿਉਂ?

ਪੁਰਾਤਨ ਸਮਿਆਂ ਤੋਂ ਸਮਾਜ 'ਚ ਉਧਾਰ ਦੀ ਪਰੰਪਰਾ ਚਲਦੀ ਆ ਰਹੀ ਹੈ। ਪਰ ਉਸ ਸਮੇਂ ਲੋਕ ਕਹਿਣੀ ਤੇ ਕਰਨੀ ਦੇ ਪਰਪੱਕ ਹੁੰਦੇ ਸਨ। ਪਰ ਅੱਜ ਹਾਲਾਤ ਬਦਲ ਚੁੱਕੇ ਹਨ। ਜ਼ਿੰਦਗੀ 'ਚ ਵਿਅਕਤੀ ਨੂੰ ਇਕ-ਦੂਸਰੇ ਦੀ ਸਦਾ ਹੀ ਲੋੜ ਹੁੰਦੀ ਹੈ, ਕਿਉਂਕਿ ਇਕੱਲਾ ਵਿਅਕਤੀ ਕਦੇ ਵੱਡਾ ਨਹੀਂ ਹੁੰਦਾ। ਕਈ ਵਾਰ ਅਜਿਹਾ ਸਮਾਂ ਹੁੰਦਾ ਹੈ ਕਿ ਵਿਅਕਤੀ ਨੂੰ ਕਿਸੇ ਸਾਮਾਨ ਦੀ ਲੋੜ ਤਾਂ ਹੁੰਦੀ ਹੈ ਪਰ ਉਸ ਕੋਲ ਪੈਸਾ ਨਹੀਂ ਹੁੰਦਾ। ਅਜਿਹੇ ਮੌਕੇ ਬਣਾਇਆ ਵਿਸ਼ਵਾਸ ਕੰਮ ਆਉਂਦਾ ਹੈ ਤੇ ਵਿਅਕਤੀ ਦੁਕਾਨਦਾਰ ਨਾਲ ਉਧਾਰ ਕਰ ਲੈਂਦਾ ਹੈ। ਕਈ ਲੋਕ ਤਨਖਾਹ ਮਿਲਣ 'ਤੇ, ਕਈ ਪੈਨਸ਼ਨ ਆਉਣ 'ਤੇ ਅਤੇ ਕਈ ਹੋਰ ਕਿਸੇ ਪਾਸਿਓਂ ਪੈਸੇ ਮਿਲਣ 'ਤੇ ਦੁਕਾਨਦਾਰ ਦੇ ਪੈਸੇ ਦੇਣ ਦੇ ਨਾਲ ਧੰਨਵਾਦੀ ਵੀ ਹੁੰਦੇ ਹਨ। ਕਈ ਲੋਕ ਸਭ ਕੁਝ ਹੁੰਦੇ ਹੋਏ ਵੀ ਉਧਾਰ ਕਰੀ ਜਾਂਦੇ ਹਨ ਕਿ ਚਲੋ ਫੇਰ ਦੇ ਦੇਵਾਂਗੇ, ਕਿਹੜਾ ਭੱਜ ਚੱਲੇ। ਕਿਉਂਕਿ ਅਜਿਹੇ ਲੋਕ ਮਾਇਆ ਦੇ ਮੋਹ 'ਚ ਫਸੇ ਹੁੰਦੇ ਹਨ ਤੇ ਪੈਸੇ ਦੇਣ ਨੂੰ ਇਨ੍ਹਾਂ ਦਾ ਜੀਅ ਨਹੀਂ ਕਰਦਾ। ਅਜਿਹੇ ਚਾਲਬਾਜ਼ਾਂ ਤੋਂ ਤੰਗ ਆ ਕੇ ਕਈ ਦੁਕਾਨਦਾਰ 'ਨੌਂ ਨਕਦ, ਤੇਰ੍ਹਾਂ ਉਧਾਰ' ਵਾਲਾ ਨਿਯਮ ਅਪਣਾ ਲੈਂਦੇ ਹਨ ਤੇ ਉਧਾਰ ਸਾਮਾਨ ਦੇਣਾ ਬੰਦ ਕਰ ਦਿੰਦੇ ਹਨ। ਇਸ ਤਹਿਤ ਕਈ ਲੋੜਵੰਦ ਵੀ ਨਾਲ ਹੀ ਰਗੜੇ ਜਾਂਦੇ ਹਨ।
ਇਹ ਜ਼ਰੂਰੀ ਨਹੀਂ ਕਿ ਗਰੀਬ ਵਿਅਕਤੀ ਹੀ ਕਿਸੇ ਦੇ ਪੈਸੇ ਦੱਬਦਾ ਹੈ, ਸਗੋਂ ਅਮੀਰ, ਖਾਂਦੇ-ਪੀਂਦੇ ਘਰਾਂ ਦੇ ਲੋਕ ਵਧੇਰੇ ਅਜਿਹੀਆਂ ਹਰਕਤਾਂ ਕਰਦੇ ਹਨ। ਕਈ ਵੱਡੇ ਕਾਰੋਬਾਰੀ ਉਧਾਰ ਦਾ ਪੈਸਾ ਵਾਪਸ ਨਾ ਆਉਣ ਕਰਕੇ ਫੇਲ੍ਹ ਹੋ ਜਾਂਦੇ ਹਨ। ਜੇਕਰ ਰਕਮ ਥੋੜ੍ਹੀ ਹੋਵੇ ਤਾਂ ਵਿਅਕਤੀ ਸਬਰ ਵੀ ਕਰ ਲੈਂਦਾ ਹੈ, ਪਰ ਜੇ ਰਕਮ ਜ਼ਿਆਦਾ ਹੋਵੇ ਤਾਂ ਅਜਿਹੇ ਝਗੜੇ ਥਾਣਿਆਂ ਤੋਂ ਅਦਾਲਤਾਂ ਤੱਕ ਪਹੁੰਚ ਜਾਂਦੇ ਹਨ। ਉਧਾਰ ਵਿਸ਼ਵਾਸ ਤੋਂ ਸ਼ੁਰੂ ਹੋ ਕੇ ਪਛਤਾਵੇ 'ਤੇ ਖਤਮ ਹੋ ਜਾਂਦਾ ਹੈ। ਸਮਝਣਾ ਚਾਹੀਦਾ ਹੈ ਕਿ ਦੁਕਾਨਦਾਰ ਨੇ ਸਾਡੇ ਨਾਲ ਉਧਾਰ ਕਰਕੇ ਕੋਈ ਗੁਨਾਹ ਨਹੀਂ ਕੀਤਾ, ਸਗੋਂ ਔਖੇ ਸਮੇਂ ਮਦਦ ਹੀ ਕੀਤੀ ਹੈ। ਵਿਸ਼ਵਾਸ ਜੇਕਰ ਇਕ ਵਾਰ ਟੁੱਟ ਜਾਵੇ ਤਾਂ ਕਦੀ ਦੁਬਾਰਾ ਨਹੀਂ ਬਣਦਾ। ਕਈ ਵਿਅਕਤੀ ਸਾਮਾਨ 'ਚ ਨੁਕਸ ਹੋਣ ਦੇ ਬਹਾਨੇ ਬਣਾ ਕੇ ਪੈਸੇ ਦੇਣ ਤੋਂ ਕਿਨਾਰਾ ਕਰ ਜਾਂਦੇ ਹਨ।
ਜੇਕਰ ਪੈਸਿਆਂ 'ਤੇ ਵਿਆਜ ਪੈ ਰਿਹਾ ਹੋਵੇ ਤਾਂ ਫ਼ਿਕਰ ਹੋਣਾ ਚਾਹੀਦਾ ਹੈ ਕਿ ਚੜ੍ਹੇ ਸੂਰਜ ਰਕਮ ਵਧ ਰਹੀ ਹੈ, ਘਟ ਨਹੀਂ ਰਹੀ। ਕਈ ਵਾਰ ਕਿਸੇ ਕਾਰਨ ਵਿਅਕਤੀ ਦੀ ਮਜਬੂਰੀ ਵੀ ਹੋ ਜਾਂਦੀ ਹੈ ਤੇ ਸਮੇਂ ਸਿਰ ਪੈਸੇ ਨਹੀਂ ਦੇ ਪਾਉਂਦਾ ਤਾਂ ਅਸੀਂ ਆਪ ਜਾ ਕੇ ਮਜਬੂਰੀ ਦੱਸ ਆਈਏ, ਇਹ ਸਾਡਾ ਫਰਜ਼ ਬਣਦਾ ਹੈ। ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰ ਤੱਕ ਬਿਨਾਂ ਉਧਾਰ ਕੀਤਿਆਂ ਗੱਡੀ ਨਹੀਂ ਚੱਲਦੀ। ਕੁਝ ਚੰਗੇ ਵਿਵਹਾਰ ਵਾਲੇ ਤੇ ਇਮਾਨਦਾਰ ਵਿਅਕਤੀਆਂ ਦੇ ਸਹਾਰੇ ਹੀ ਦੁਕਾਨਦਾਰੀ ਤੇ ਕਾਰੋਬਾਰ ਚੱਲਦੇ ਹਨ, ਕਿਉਂਕਿ ਪੰਜੇ ਉਂਗਲਾਂ ਕਦੇ ਇਕਸਾਰ ਨਹੀਂ ਹੁੰਦੀਆਂ। ਕਿਸੇ ਤੋਂ ਪੈਸਾ ਲੈ ਲਿਆ ਤੇ ਕਿਸੇ ਨੂੰ ਦੇ ਦਿੱਤਾ, ਇਸੇ ਤਰ੍ਹਾਂ ਇਹ ਕੰਮ ਚਲਦਾ ਰਹਿੰਦਾ ਹੈ। ਜੇਕਰ ਇਹ ਰੁਕ ਜਾਵੇ ਤਾਂ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ। ਪਰਮਾਤਮਾ ਵਿਅਕਤੀ ਨੂੰ ਕਿਸੇ ਦੇ ਦੱਬੇ ਪੈਸਿਆਂ ਦੀ ਸਜ਼ਾ ਜ਼ਰੂਰ ਦਿੰਦਾ ਹੈ, ਕਿਉਂਕਿ ਉਸ ਨੇ ਕਿਸੇ ਨਾਲ ਵਿਸ਼ਵਾਸਘਾਤ ਕੀਤਾ ਹੁੰਦਾ ਹੈ। ਸੋ, ਕਦੀ ਵੀ ਅਜਿਹਾ ਕਰਮ ਨਾ ਕਮਾਈਏ ਕਿ ਸਾਨੂੰ ਨੀਵੀਂ ਪਾ ਕੇ ਤੁਰਨਾ ਪੈ ਜਾਵੇ।

-ਪਿੰਡ ਜਲਵੇੜ੍ਹਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ। ਮੋਬਾ: 75081-32699

ਜੋਖ਼ਮ ਭਰਿਆ ਬਚਪਨ-ਇਕ ਵੱਡੀ ਤ੍ਰਾਸਦੀ

ਬੱਚਿਆਂ ਦੇ ਖਿਲਾਫ ਹੋਣ ਵਾਲੇ ਅਪਰਾਧ ਲੰਮੇ ਸਮੇਂ ਤੋਂ ਸਮਾਜਿਕ ਚਿੰਤਾ ਦਾ ਵਿਸ਼ਾ ਰਹੇ ਹਨ। ਪਰ ਤਮਾਮ ਪੜ੍ਹਾਈਆਂ ਅਤੇ ਸੋਧਾਂ 'ਚ ਇਨ੍ਹਾਂ ਅਪਰਾਧਾਂ ਦੀ ਗਿਣਤੀ ਵਧਣ ਦੇ ਬਾਵਜੂਦ ਇਸ ਦਿਸ਼ਾ 'ਚ ਸ਼ਾਇਦ ਕੁਝ ਅਜਿਹਾ ਨਹੀਂ ਕੀਤਾ ਜਾ ਸਕਿਆ, ਜਿਸ ਨਾਲ ਹਾਲਾਤ 'ਚ ਸੁਧਾਰ ਹੋ ਸਕੇ। ਇਨ੍ਹਾਂ ਮੁਸ਼ਕਿਲ ਅਤੇ ਸੰਕਟਗ੍ਰਸਤ ਹੁੰਦੇ ਹਾਲਾਤ ਦਾ ਹੱਲ ਨਾ ਹੋਣਾ ਸਰਕਾਰ ਦੇ ਨਿਕੰਮੇਪਣ ਨੂੰ ਉਜਾਗਰ ਕਰਦਾ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ 2015 ਦੇ ਮੁਕਾਬਲੇ 2016 'ਚ ਬੱਚਿਆਂ ਦੇ ਪ੍ਰਤੀ ਅਪਰਾਧ ਦੇ ਮਾਮਲਿਆਂ 'ਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਨ੍ਹਾਂ 'ਚ ਵੀ ਕੁਲ ਅਪਰਾਧਾਂ ਦੇ ਅੱਧੇ ਤੋਂ ਜ਼ਿਆਦਾ ਸਿਰਫ ਪੰਜ ਵੱਡੇ ਰਾਜਾਂ-ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ ਅਤੇ ਪੱਛਮੀ ਬੰਗਾਲ 'ਚ ਹੋਏ। ਸਭ ਤੋਂ ਜ਼ਿਆਦਾ ਮਾਮਲੇ ਅਪਹਰਣ ਅਤੇ ਉਸ ਤੋਂ ਬਾਅਦ ਜਬਰ ਜਨਾਹ ਦੇ ਪਾਏ ਗਏ। ਬੱਚਿਆਂ ਦੇ ਖਿਲਾਫ ਅਪਰਾਧਾਂ 'ਚ ਯੌਨ ਸ਼ੋਸ਼ਣ ਇਕ ਅਜਿਹਾ ਅਹਿਮ ਪਹਿਲੂ ਹੈ, ਜਿਸ 'ਚ ਜ਼ਿਆਦਾਤਰ ਅਪਰਾਧੀ ਪੀੜਤ ਬੱਚਿਆਂ ਸਬੰਧੀ ਜਾਂ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਹੀ ਹੁੰਦੇ ਹਨ।
ਜਦੋਂ ਅਸੀ ਕਿਸੇ ਗਲੀ, ਚੌਰਾਹੇ, ਬਾਜ਼ਾਰ, ਸੜਕ ਅਤੇ ਹਾਈਵੇ ਤੋਂ ਲੰਘਦੇ ਹਾਂ ਅਤੇ ਕਿਸੇ ਨਾ ਕਿਸੇ ਦੁਕਾਨ, ਕਾਰਖਾਨੇ, ਰੈਸਟੋਰੈਂਟ ਜਾਂ ਢਾਬੇ 'ਤੇ 4-5 ਤੋਂ ਲੈ ਕੇ 12-14 ਸਾਲ ਦੇ ਬੱਚਿਆਂ ਨੂੰ ਟਾਇਰ 'ਚ ਹਵਾ ਭਰਦੇ, ਪੈਂਚਰ ਲਗਾਉਂਦੇ, ਚਿਮਨੀ 'ਚ ਮੂੰਹ ਜਾਂ ਨਲੀ 'ਚ ਹਵਾ ਫੂਕਦੇ, ਜੂਠੇ ਭਾਂਡੇ ਮਾਂਜਦੇ ਜਾਂ ਖਾਣਾ ਪਰੋਸਦੇ ਦੇਖਦੇ ਹਾਂ ਅਤੇ ਥੋੜ੍ਹੀ ਜਿਹੀ ਕਮੀ ਹੋਣ 'ਤੇ ਉਸ ਦੇ ਮਾਲਕ ਤੋਂ ਲੈ ਕੇ ਗਾਹਕ ਵਲੋਂ ਗਾਲੀ-ਗਲੋਚ, ਧੱਕਾ-ਮੁੱਕੀ, ਮਾਰਨ-ਕੁੱਟਣ ਅਤੇ ਮਾੜਾ ਵਿਵਹਾਰ ਹੁੰਦੇ ਦੇਖਦੇ ਹਾਂ ਪਰ ਕਦੋਂ ਤੱਕ ਅਸੀਂ ਬਚਪਨ ਨੂੰ ਇਸ ਤਰ੍ਹਾ ਪ੍ਰਤਾੜਿਤ ਅਤੇ ਅਣਗੌਲਿਆਂ ਕਰਦੇ ਰਹਾਂਗੇ?
ਇਕ ਅੰਕੜੇ ਦੇ ਮੁਤਾਬਿਕ ਗਾਇਬ ਹੋਣ ਵਾਲੇ ਬੱਚਿਆਂ 'ਚ 70 ਫੀਸਦੀ ਤੋਂ ਜ਼ਿਆਦਾ ਲੜਕੀਆਂ ਹੁੰਦੀਆਂ ਹਨ। ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਬੱਚਿਆਂ ਨੂੰ ਮਾਨਵ ਤਸਕਰੀ ਦਾ ਸ਼ਿਕਾਰ ਬਣਾਉਣ ਵਾਲੇ ਗਰੋਹ ਛੋਟੀਆਂ ਬੱਚੀਆਂ ਨੂੰ ਦੇਹ ਵਪਾਰ ਦੀ ਅੱਗ ਵਿਚ ਧੱਕ ਦਿੰਦੇ ਹਨ। ਪਰ ਸਵਾਲ ਇਹ ਹੈ ਕਿ ਸਾਡੇ ਦੇਸ਼ 'ਚ ਨਾਗਰਿਕਾਂ ਦੀ ਸੁਰੱਖਿਆ 'ਚ ਲੱਗਿਆ ਤੰਤਰ ਬੱਚਿਆਂ ਨੂੰ ਅਪਰਾਧੀਆਂ ਦੇ ਜਾਲ 'ਚੋਂ ਕਿਉਂ ਨਹੀਂ ਬਚਾ ਪਾਉਂਦਾ? ਅਪਰਾਧਕ ਮਾਨਸਿਕਤਾ ਵਾਲਿਆਂ ਦੇ ਚੁੰਗਲ 'ਚ ਫਸਣ ਨਾਲ ਇਨ੍ਹਾਂ ਮਾਸੂਮ ਬੱਚਿਆਂ ਲਈ ਆਲੇ-ਦੁਆਲੇ ਦੇ ਇਲਾਕਿਆਂ ਦੇ ਨਾਲ-ਨਾਲ ਉਨ੍ਹਾਂ ਦਾ ਆਪਣਾ ਘਰ ਵੀ ਸੁਰੱਖਿਅਤ ਨਹੀਂ ਹੁੰਦਾ। ਜ਼ਾਹਿਰ ਹੈ, ਬੱਚਿਆਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਦੇ ਕਈ ਪਹਿਲੂ ਹਨ, ਜਿਨ੍ਹਾਂ ਨਾਲ ਨਿਪਟਣ ਲਈ ਕਾਨੂੰਨੀ ਸਖਤੀ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਲਈ ਵੀ ਮੁੁਹਿੰਮ ਚਲਾਉਣ ਦੀ ਜ਼ਰੂਰਤ ਹੈ। ਅਕਸਰ ਅਸੀਂ ਦੇਸ਼ ਦੇ ਵਿਕਾਸ ਨੂੰ ਅੰਕੜਿਆਂ ਦੇ ਮੁਤਾਬਕ ਹੀ ਤੋਲਦੇ ਹਾਂ। ਪਰ ਜੇਕਰ ਇਨ੍ਹਾਂ ਅੰਕੜਿਆਂ ਦੀ ਚਮਕਦੀ ਤਸਵੀਰ ਦੇ ਪਿੱਛੇ ਹਨੇਰੇ 'ਚ ਅਪਰਾਧ ਦੇ ਸ਼ਿਕਾਰ ਹੋਏ ਬੱਚੇ ਵਿਲਕ ਰਹੇ ਹੋਣ ਤਾਂ ਉਸ ਵਿਕਾਸ ਦੀ ਬੁਨਿਆਦ ਮਜ਼ਬੂਤ ਨਹੀਂ ਹੋ ਸਕਦੀ। ਬੱਚੇ ਦਾ ਨੈਤਿਕ ਰੁਝਾਨ ਅਤੇ ਰੁਚੀ ਜਿਹੋ ਜਿਹੀ ਹੋਵੇਗੀ, ਯਕੀਨਨ ਹੀ ਆਉਣ ਵਾਲਾ ਸਮਾਜ ਉਸੇ ਤਰ੍ਹਾਂ ਦਾ ਹੋਵੇਗਾ।

-ਸਾਬਕਾ ਡੀ.ਓ., 174, ਮਿਲਟਰੀ ਹਸਪਤਾਲ, ਮੇਨ ਏਅਰ ਫੋਰਸ ਰੋਡ, ਬਠਿੰਡਾ।

ਮੁੰਡਿਆਂ ਪ੍ਰਤੀ ਸੰਜੀਦਾ ਹੋਣ ਦੀ ਲੋੜ

ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਬਹੁਤੀ ਵਾਰੀ ਮਰਦ ਇਸੇ ਪ੍ਰਧਾਨਗੀ ਦੀ ਆੜ ਵਿਚ ਰਹਿੰਦਾ ਹੈ। ਇਹੀ ਕਾਰਨ ਹੈ ਕਿ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਨਾਲ ਸਮਾਜ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ। ਅਸੀਂ ਅਕਸਰ ਹੀ ਸਮਾਜ ਵਿਚ ਔਰਤਾਂ ਖਿਲਾਫ਼ ਹੋ ਰਹੇ ਘਿਨੌਣੇ ਵਰਤਾਰਿਆਂ ਬਾਰੇ ਸੁਣਦੇ ਹਾਂ। ਮਰਦ ਆਪਣੀ 'ਪ੍ਰਧਾਨਗੀ' ਦੀ ਆਕੜ ਵਿਚ ਖੱਚਿਤ ਹੋਇਆ ਬੇਸੁੱਧ ਤੁਰਿਆ ਜਾ ਰਿਹਾ ਹੈ। ਪਰ ਜੇਕਰ ਜ਼ਰਾ ਗਹੁ ਨਾਲ ਵਾਚੀਏ ਤਾਂ ਇਹ ਵੀ ਪੂਰਾ ਸੱਚ ਨਹੀਂ ਹੈ। ਮਰਦ ਪ੍ਰਧਾਨ ਸਮਾਜ ਵਿਚ ਮਰਦਾਂ ਦੀ ਤ੍ਰਾਸਦੀ ਇਹ ਰਹਿੰਦੀ ਹੈ ਕਿ ਉਨ੍ਹਾਂ ਵੱਲ ਸਮਾਜ ਸੰਜੀਦਗੀ ਵਾਲਾ ਰਵੱਈਆ ਰੱਖਣ ਤੋਂ ਵਾਂਝਾ ਰਹਿ ਜਾਂਦਾ ਹੈ। ਨਤੀਜਾ ਇਹ ਨਿਕਲਦਾ ਹੈ ਬੇਅਕਲ ਵੀ ਫਿਰ ਆਪਣੇ-ਆਪ ਨੂੰ ਵਧੇਰੇ ਸਿਆਣੇ ਸਮਝਣ ਲੱਗ ਪੈਂਦੇ ਹਨ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਨੂੰ ਆਪਣੇ ਘਰਾਂ ਵਿਚ ਮੁੰਡਿਆਂ ਪ੍ਰਤੀ ਓਨਾ ਹੀ ਸੰਜੀਦਾ ਹੋਣ ਦੀ ਲੋੜ ਹੈ, ਜਿੰਨੇ ਅਸੀਂ ਕੁੜੀਆਂ ਲਈ ਹਾਂ। ਸਾਨੂੰ ਮੁੰਡਿਆਂ ਨੂੰ ਵੀ ਜ਼ਿੰਦਗੀ ਵਿਚ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਗੱਲ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨਾਲ ਕਰਦੇ ਹਾਂ। ਪਰ ਨਹੀਂ, ਅਸੀਂ ਮੁੰਡਿਆਂ ਨੂੰ ਮੁੰਡੇ ਹੋਣ ਦੇ ਖਿਤਾਬ ਨਾਲ ਇਸ ਤਰ੍ਹਾਂ ਨਿਵਾਜ ਦਿੰਦੇ ਹਾਂ ਕਿ ਬਹੁਤੀ ਵਾਰ ਉਨ੍ਹਾਂ ਨੂੰ ਰਹਿਣ-ਸਹਿਣ, ਉੱਠਣ-ਬੈਠਣ, ਬੋਲਚਾਲ, ਇੱਜ਼ਤ-ਸਤਿਕਾਰ ਆਦਿ ਬਾਰੇ ਦੱਸਣਾ ਉੱਚਿਤ ਹੀ ਨਹੀਂ ਸਮਝਦੇ। ਸਾਡਾ ਸਾਰਾ ਜ਼ੋਰ ਆਪਣੀਆਂ ਕੁੜੀਆਂ ਨੂੰ ਚੱਜ-ਆਚਾਰ ਸਿਖਾਉਣ 'ਤੇ ਲੱਗਾ ਰਹਿੰਦਾ ਹੈ।
ਕਈ ਘਰਾਂ ਵਿਚ ਅਕਸਰ ਇਹੀ ਆਮ ਵਰਤਾਰਾ ਰਹਿੰਦਾ ਹੈ ਕਿ ਮਰਦ ਸਾਰੇ ਫ਼ੈਸਲੇ ਲੈਂਦਾ ਹੈ, ਸਹੀ ਜਾਂ ਗਲਤ ਮਾਇਨੇ ਨਹੀਂ ਰੱਖਦਾ ਤੇ ਔਰਤ ਬਸ ਉਸ ਦੇ ਮਗਰ ਲੱਗ ਤੁਰੀ ਰਹਿੰਦੀ ਹੈ। ਅਜਿਹੇ ਵਰਤਾਰਿਆਂ ਵਿਚ ਅਸੀਂ ਭੁੱਲ ਜਾਂਦੇ ਹਾਂ ਕਿ ਸਾਡਾ ਇਹੀ ਰਵੱਈਆ ਸਾਡੀ ਧੀ ਦੀ ਸੋਚ ਨੂੰ ਜਿੱਥੇ ਅਪਾਹਜ ਕਰਦਾ ਹੈ, ਉੱਥੇ ਮੁੰਡਿਆਂ ਨੂੰ ਬੇਲਗਾਮ ਵੀ ਕਰਦਾ ਹੈ।
ਇਸ ਤੋਂ ਬਿਨਾਂ ਜੇਕਰ ਮਾਪੇ ਮੁੰਡਿਆਂ ਪ੍ਰਤੀ ਸੰਜੀਦਾ ਰਹਿਣ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਆਪਣੀਆਂ ਮੁਸ਼ਕਿਲਾਂ ਉਨ੍ਹਾਂ ਨਾਲ ਸਾਂਝੀਆਂ ਕਰਨਗੇ ਅਤੇ ਸਹੀ ਰਾਹ ਤੁਰਨਗੇ। ਦੂਜਾ ਸੰਜੀਦਾ ਵਿਵਹਾਰ ਹੀ ਇਕੋ-ਇਕ ਤਰੀਕਾ ਹੈ, ਜਿਸ ਨਾਲ ਅਸੀਂ ਆਪਣੀ ਪੀੜ੍ਹੀ ਨੂੰ ਬਰਾਬਰੀ ਦਾ ਪਾਠ ਪੜ੍ਹਾ ਸਕਦੇ ਹਾਂ। ਮੁੰਡੇ ਦੇਰ ਰਾਤ ਤੱਕ ਘਰ ਨਹੀਂ ਆਉਂਦੇ ਤੇ ਕੁੜੀਆਂ ਨੂੰ ਦਿਨ ਵੇਲੇ ਵੀ ਇਕੱਲੇ ਨਿਕਲਣ ਦੀ ਮਨਾਹੀ ਹੈ। ਮੁੰਡੇ ਸਾਰਾ ਦਿਨ ਜਾਂ ਕਈ ਵਾਰ ਸਾਰੀ ਉਮਰ ਮਾਪਿਆਂ ਦੇ ਗਲ 'ਚ 'ਗੂਠਾ ਦੇ ਕੇ ਆਪਣੀਆਂ ਜ਼ਿੱਦਾਂ ਪੂਰੀਆਂ ਕਰਦੇ ਹਨ ਤੇ ਕੁੜੀਆਂ ਨੂੰ ਪੜ੍ਹਾਉਣਾ ਅਹਿਸਾਨ ਜਾਂ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਘਰਾਂ ਦੇ ਮਰਦ ਅਕਸਰ ਆਪਣੀਆਂ ਔਰਤਾਂ ਨੂੰ ਘੱਟ ਅਕਲ ਵਾਲੀਆਂ ਮੰਨਦੇ ਹਨ ਅਤੇ ਰੋਹਬ ਥੱਲੇ ਰੱਖਣਾ ਬਿਹਤਰ ਸਮਝਦੇ ਹਨ, ਚਾਹੇ ਫਿਰ ਉਹ ਉਨ੍ਹਾਂ ਦੀ ਹਮਸਫ਼ਰ ਹੀ ਕਿਉਂ ਨਾ ਹੋਵੇ।
ਅਜਿਹੇ ਮਾਹੌਲਾਂ ਵਿਚ ਅਸੀਂ ਸੰਜੀਦਾ ਕਿਵੇਂ ਹੋਵਾਂਗੇ? ਜਵਾਬ ਬਹੁਤ ਹੀ ਸੌਖਾ ਹੈ ਕਿ ਸਾਨੂੰ ਆਪਣੇ ਘਰਾਂ ਵਿਚ ਆਪਣੇ ਦਿਮਾਗਾਂ ਵਿਚ ਇਹ ਮਾਹੌਲ ਸਿਰਜਣਾ ਪਵੇਗਾ। ਮੁੰਡਿਆਂ ਨੂੰ ਬੱਚੇ ਮੰਨ ਕੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਚੰਗੀ ਪਰਵਰਿਸ਼ ਦੇਣੀ ਪਵੇਗੀ, ਕਿਉਂਕਿ ਮੁੰਡਿਆਂ ਨੂੰ 'ਮੁੰਡਾ' ਮੰਨ ਕੇ ਪਾਲਣ ਦੇ ਨਤੀਜੇ ਸਾਡੇ ਸਾਹਮਣੇ ਹਨ। ਕਿਤੇ ਗੁੰਡਾਗਰਦੀ, ਕਿਧਰੇ ਨਸ਼ੇ, ਕਿਧਰੇ ਅਸਲਾ ਅਤੇ ਬੇਸ਼ਰਮੀ, ਕਿਧਰੇ ਜਬਰ ਜਨਾਹ ਅਤੇ ਚੋਰੀ, ਕਿਧਰੇ ਲੱਚਰਤਾ ਅਤੇ ਹੋਰ ਕੁਕਰਮ। ਸੋ, ਹਾਲੇ ਵੀ ਵੇਲਾ ਹੈ ਕਿ ਅਸੀਂ ਸੰਭਲ ਜਾਈਏ ਅਤੇ ਆਪਣੀ ਔਲਾਦ ਨੂੰ ਔਲਾਦ ਮੰਨ ਕੇ ਬਰਾਬਰੀ ਨਾਲ ਪਾਲੀਏ ਅਤੇ ਮੁੰਡਿਆਂ ਪ੍ਰਤੀ ਵੀ ਵਧੇਰੇ ਸੰਜੀਦਾ ਹੋਈਏ।

-ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਚਮਕੌਰ ਸਾਹਿਬ

ਦਾਜ ਲੈਣ ਪ੍ਰਤੀ ਮਾਨਸਿਕਤਾ ਆਖਰ ਕਦੋਂ ਬਦਲੇਗੀ?

ਪੰਜਾਬ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਵਿਆਹ-ਸ਼ਾਦੀਆਂ 'ਤੇ ਹੱਦ ਨਾਲੋਂ ਵੱਧ ਖਰਚ ਕੀਤਾ ਜਾਂਦਾ ਹੈ। ਵਿਆਹ ਦੇ ਸਮਾਪਤ ਹੋਣ ਤੱਕ ਕਾਫੀ ਹੱਦ ਤੱਕ ਫਜ਼ੂਲ ਖਰਚਾ ਆਮ ਗੱਲ ਬਣ ਚੁੱਕੀ ਹੈ। ਵਿਆਹ ਕਰਨ ਸਮੇਂ ਇਕ-ਦੂਜੇ ਤੋਂ ਉੱਪਰ ਉੱਠਣ ਦੀ ਚਾਹਤ ਤੇ ਵੱਡੇ ਦਿਸਣ ਲਈ ਲੋਕ ਕਰਜ਼ੇ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਆਮ ਤੌਰ 'ਤੇ ਦੇਖਣ ਵਿਚ ਆਉਂਦਾ ਹੈ ਕਿ ਵਿਆਹ ਸਮੇਂ ਲੜਕੇ ਵਾਲਾ ਪਰਿਵਾਰ ਵਿਆਹ ਦਾ ਜ਼ਿਆਦਾ ਖਰਚ ਲੜਕੀ ਵਾਲੇ ਪਰਿਵਾਰ 'ਤੇ ਮੜ੍ਹਨ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਪੁਰਾਣੇ ਸਮੇਂ ਵਿਚ ਵਿਆਹ ਸਮੇਂ ਲੜਕੀ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਲੜਕੀ ਨੂੰ ਕੁਝ ਇਸ ਤਰ੍ਹਾਂ ਦੇ ਤੋਹਫੇ ਦਿੰਦੇ ਸਨ, ਜੋ ਉਸ ਦੇ ਗ੍ਰਹਿਸਥ ਜੀਵਨ ਵਿਚ ਕੰਮ ਆਉਣ।
ਸਮੇਂ ਦੇ ਨਾਲ-ਨਾਲ ਇਨ੍ਹਾਂ ਤੋਹਫਿਆਂ ਨੇ ਦਾਜ ਦਾ ਰੂਪ ਧਾਰਨ ਕਰ ਲਿਆ ਹੈ। ਅੱਜ ਵਿਆਹ ਦੀ ਗੱਲ ਚਲਦੇ ਹੀ ਲੜਕਾ ਕੀ ਕੰਮ ਕਰਦਾ ਹੈ, ਅਹੁਦੇ ਅਨੁਸਾਰ ਉਸ ਦਾ ਮੁੱਲ ਪਾਉਣ ਦੀ ਕੋੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇੰਜ ਕਹਿ ਲਈਏ ਕਿ ਲੜਕੇ ਵਾਲਾ ਪਰਿਵਾਰ ਲੜਕੇ 'ਤੇ ਬਚਪਨ ਤੋਂ ਜਿੰਨਾ ਖਰਚਾ ਉਸ ਦੀ ਪੜ੍ਹਾਈ ਵਗੈਰਾ 'ਤੇ ਹੋਇਆ ਹੁੰਦਾ ਹੈ, ਵਸੂਲਣ ਦੀ ਕੋਸ਼ਿਸ਼ ਕਰਦਾ ਹੈ ਪਰ ਸਾਰੇ ਲੋਕ ਅਜਿਹੇ ਨਹੀਂ ਹਨ। ਇਹ ਦਾਜ ਲੈਣ ਪ੍ਰਤੀ ਮਾਨਸਿਕਤਾ ਵਧਦੀ ਹੀ ਜਾ ਰਹੀ ਹੈ। ਜੇਕਰ ਲੜਕਾ ਕਿਸੇ ਵਿਦੇਸ਼ ਵਿਚ ਪੀ.ਆਰ. ਹੋਵੇ ਤਾਂ ਖਰਚ ਦੀ ਕੋਈ ਸੀਮਾ ਨਹੀਂ ਰਹਿੰਦੀ, ਵਿਆਹ ਬਾਰੇ ਇਲਾਕੇ ਵਿਚ ਪਤਾ ਲੱਗਣਾ ਚਾਹੀਦਾ ਹੈ। ਇੱਥੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਨਵੀਂ ਬਣਨ ਵਾਲੀ ਰਿਸ਼ਤੇਦਾਰੀ ਨਾਲੋਂ ਹੋਰ ਕੋਈ ਵੱਡੀ ਰਿਸ਼ਤੇਦਾਰੀ ਸ਼ਾਇਦ ਹੀ ਹੋਵੇ। ਵਿਆਹ ਸਮੇਂ ਦਾਜ ਦੀ ਗੱਲ ਲੜਕੇ ਵਾਲੇ ਪਰਿਵਾਰ ਦੀਆਂ ਔਰਤਾਂ ਵਲੋ ਸ਼ੁਰੂ ਕੀਤੀ ਜਾਂਦੀ ਹੈ ਅਤੇ ਦਾਜ ਦੀਆਂ ਵਸਤੂਆਂ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾਏ ਜਾਂਦੇ ਹਨ।
ਇਸ ਦਾਜ ਕਾਰਨ ਹੀ ਕਈ ਪਰਿਵਾਰਾਂ ਵਿਚ ਆਤਮਹੱਤਿਆਵਾਂ ਦਾ ਸਿਲਸਿਲਾ ਆਮ ਦੇਖਣ ਨੂੰ ਮਿਲਦਾ ਹੈ। ਕਈ ਪੜ੍ਹੇ-ਲਿਖੇ ਪਰਿਵਾਰ, ਜਿਨ੍ਹਾਂ ਕੋਲ ਜ਼ਮੀਨ-ਜਾਇਦਾਦ ਦੀ ਘਾਟ ਨਹੀਂ ਹੈ, ਅਜੇ ਵੀ ਦਾਜ ਲੈਣ ਦੀ ਮਾਨਸਿਕਤਾ ਨੂੰ ਨਹੀਂ ਤਿਆਗ ਸਕੇ। ਸ਼ਾਇਦ ਉਨ੍ਹਾਂ ਨੂੰ ਆਪਣੇ ਹੋਣਹਾਰ ਸਪੁੱਤਰ 'ਤੇ ਵਿਸ਼ਵਾਸ ਨਹੀਂ ਹੁੰਦਾ। ਇਹ ਵੀ ਨਹੀਂ ਸੋਚਿਆ ਜਾਂਦਾ ਕਿ ਦਾਜ ਵਿਚ ਆਈਆਂ ਵਸਤੂਆਂ ਕਿੰਨਾ ਕੁ ਚਿਰ ਚੱਲਣਗੀਆਂ? ਪਹਿਲਾਂ ਵੀ ਪਰਿਵਾਰ ਉਨ੍ਹਾਂ ਵਸਤੂਆਂ ਤੋਂ ਬਗੈਰ ਆਪਣਾ ਗੁਜ਼ਾਰਾ ਕਰ ਹੀ ਰਿਹਾ ਸੀ। ਇਸ ਭੈੜੀ ਮਾਨਸਿਕਤਾ ਨੂੰ ਬਦਲਣ ਲਈ ਨੌਜਵਾਨ ਵਰਗ ਨੂੰ ਪਹਿਲ ਕਰਨੀ ਪਵੇਗੀ ਕਿ ਬਿਨਾਂ ਦਾਜ ਵਿਆਹ-ਸ਼ਾਦੀਆਂ ਸ਼ੁਰੂ ਹੋਣ, ਇਹ ਸਭ ਸਾਨੂੰ ਆਪਣੇ-ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰਨਾ ਪਵੇਗਾ। ਇਹ ਨਹੀਂ ਕਿ ਭਗਤ ਸਿੰਘ ਦੂਸਰੇ ਦੇ ਘਰ ਹੀ ਜਨਮ ਲਵੇ, ਇਹ ਮਾਨਸਿਕਤਾ ਤਿਆਗਣੀ ਹੋਵੇਗੀ। ਦਾਜ ਦੇ ਡਰ ਤੋਂ ਅੱਜ ਵੀ ਬਹੁਤ ਲੋਕ ਲੜਕੀਆਂ ਦੇ ਜਨਮ ਸਮੇਂ ਅਫਸੋਸ ਕਰਦੇ ਹਨ। ਕਈ ਪਰਿਵਾਰ ਵਿਗਿਆਨਕ ਤਕਨੀਕ ਦਾ ਸਹਾਰਾ ਲੈ ਕੇ ਬੱਚੀਆਂ ਨੂੰ ਮਾਂ ਦੀ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ, ਜਦ ਕਿ ਮਾਂ, ਭੈਣ, ਨੂੰਹ ਅਤੇ ਲੜਕੀ ਤੋਂ ਬਿਨਾਂ ਹਰ ਇਕ ਪਰਿਵਾਰ ਅਧੂਰਾ ਹੈ ਪਰ ਫਿਰ ਵੀ ਦਾਜ ਲੈਣ ਦੀ ਮਾਨਸਿਕਤਾ ਲਗਾਤਾਰ ਜਾਰੀ ਹੈ। ਇਨ੍ਹਾਂ ਦਾਜ ਵਰਗੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਹੈ ਕਿ ਲੜਕੀ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਤਾਂ ਕਿ ਉਹ ਆਪਣੇ ਪੇਕੇ ਅਤੇ ਸਹੁਰੇ ਘਰ ਦੋਹਾਂ ਪਰਿਵਾਰਾਂ ਨੂੰ ਅੱਗੇ ਵਧਾਉਣ ਵਿਚ ਯੋਗਦਾਨ ਪਾ ਸਕੇ।

-ਸ: ਸ: ਮਾਸਟਰ, ਸ: ਹਾ: ਸਕੂਲ, ਮਟੌਰ (ਅਨੰਦਪੁਰ ਸਾਹਿਬ)। ਮੋਬਾ: 94631-48284

'ਗਾਰਡੀਅਨ ਆਫ਼ ਗਵਰਨੈੱਸ' ਸਰਕਾਰ ਦੀ 'ਬਾਜ਼ ਅੱਖ'

ਪੰਜਾਬ ਦੀ ਕੈਪਟਨ ਸਰਕਾਰ ਦੀ ਦੇਖ-ਰੇਖ ਹੇਠ 'ਗਾਰਡੀਅਨ ਆਫ ਗਵਰਨੈੱਸ' (ਜੀ.ਓ.ਜੀ.) ਦੀ ਸਥਾਪਨਾ ਕੀਤੀ ਗਈ ਹੈ। ਇਸ ਸੰਸਥਾ ਦੀ ਕਾਰਜ ਵਿਧੀ ਨੂੰ ਦੇਖਦਿਆਂ ਇਸ ਸੰਸਥਾ ਨੂੰ ਸਰਕਾਰ ਦੀ 'ਬਾਜ ਅੱਖ' ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
ਲੋਕਤੰਤਰ ਵਿਚ ਸਰਕਾਰ ਲੋਕਾਂ ਵਲੋਂ ਚੁਣੀ ਜਾਂਦੀ ਹੈ। ਇਸ ਲਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਸੁੱਖ ਸਹੂਲਤਾਂ ਦਿੱਤੀਆਂ ਜਾਣ। ਪਰ ਸਾਡੇ ਭ੍ਰਿਸ਼ਟ ਸਿਸਟਮ ਕਾਰਨ ਸਰਕਾਰ ਵਲੋਂ ਬਣਾਏ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੇ। ਪੰਜਾਬ ਸਰਕਾਰ ਵਲੋਂ ਸਿਸਟਮ ਵਿਚ ਹੋ ਰਹੀ ਗੜਬੜ 'ਤੇ ਨਿਗਰਾਨੀ ਰੱਖਣ ਲਈ ਹੀ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ। ਸੰਸਥਾ ਦੀ ਬਣਤਰ ਕੀ ਹੈ : ਇਸ ਸੰਸਥਾ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਖੁਦ ਹਨ। ਇਸ ਸੰਸਥਾ ਦਾ ਮੁੱਖ ਦਫਤਰ ਚੰਡੀਗੜ੍ਹ ਵਿਚ ਹੈ, ਜਿਸ ਨੂੰ 'ਕੰਟਰੋਲ ਰੂਮ' ਦਾ ਨਾਂਅ ਦਿੱਤਾ ਗਿਆ ਹੈ। ਇਸ ਦਫਤਰ ਦੇ ਮੁੱਖ ਅਫਸਰ ਨੂੰ ਵਾਈਸ ਚੇਅਰਮੈਨ ਦੀ ਉਪਾਧੀ ਦਿੱਤੀ ਗਈ ਹੈ। ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਇੰਚਾਰਜ, ਤਹਿਸੀਲ ਪੱਧਰ 'ਤੇ ਸੁਪਰਵਾਈਜ਼ਰ ਅਤੇ ਪਿੰਡ ਪੱਧਰ 'ਤੇ ਗਾਰਡੀਅਨ ਆਫ ਗਰਵਨੈੱਸ (ਜੀ.ਓ.ਜੀ.) ਦਾ ਅਹੁਦਾ ਦਿੱਤਾ ਗਿਆ ਹੈ। ਇਸ ਸੰਸਥਾ ਦਾ ਕੰਮ ਕੀ ਹੈ : ਕੇਂਦਰ ਅਤੇ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ 'ਤੇ ਨਜ਼ਰ ਰੱਖਣਾ, ਗ਼ੈਰ-ਕਾਨੂੰਨੀ ਧੰਦਿਆਂ ਦੀ ਜਾਣਕਾਰੀ ਸਰਕਾਰ ਨੂੰ ਦੇਣਾ, ਪਿੰਡ ਜਾਂ ਸ਼ਹਿਰ ਵਿਚ ਕੋਈ ਵਧੀਆ ਕੰਮ ਹੋ ਰਿਹਾ ਹੋਵੇ ਤਾਂ ਉਸ ਦੀ ਜਾਣਕਾਰੀ ਵੀ ਸਰਕਾਰ ਨੂੰ ਦੇਣਾ। ਇਸ ਸੰਸਥਾ ਦੀ ਵਿਸ਼ੇਸ਼ਤਾ ਇਹ ਹੈ ਕਿ ਸੰਸਥਾ ਵਿਚ ਕੰਮ ਕਰਨ ਵਾਲੇ ਅਫਸਰ/ਵਰਕਰ ਸਾਰੇ ਹੀ ਸੇਵਾਮੁਕਤ ਫੌਜੀ ਹਨ।
ਇਹ ਸੰਸਥਾ ਕੰਮ ਕਿਵੇਂ ਕਰਦੀ ਹੈ : ਇਸ ਸੰਸਥਾ ਵਲੋਂ ਜੀ.ਓ.ਜੀ. ਨਾਂਅ ਦੀ ਇਕ ਐਪ ਬਣਾਈ ਗਈ ਹੈ। ਪਿੰਡ ਜਾਂ ਸ਼ਹਿਰ ਦਾ ਨਿਗਰਾਨ (ਜੀ.ਓ.ਜੀ.) ਆਪਣੀ ਰਿਪੋਰਟ ਇਸ ਐਪ 'ਤੇ ਪਾ ਦਿੰਦਾ ਹੈ ਜੋ ਕਿ ਡਿਪਟੀ ਕਮਿਸ਼ਨਰ ਸਾਹਿਬ ਪਾਸ ਪਹੁੰਚ ਜਾਂਦੀ ਹੈ ਅਤੇ ਨਾਲ ਹੀ ਕੰਟਰੋਲ ਰੂਮ (ਮੁੱਖ ਦਫਤਰ ਚੰਡੀਗੜ੍ਹ) ਵੀ ਚਲੀ ਜਾਂਦੀ ਹੈ। ਇਸ ਤਰ੍ਹਾਂ ਇਹ ਸੰਸਥਾ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਜਿਹੜੇ ਕੰਮ ਸਾਲਾਂ ਤੋਂ ਰੁਕੇ ਪਏ ਸਨ, ਉਹ ਕੰਮ ਹੁਣ ਤੇਜ਼ੀ ਨਾਲ ਹੋ ਰਹੇ ਹਨ। ਸੋ, ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸੰਸਥਾ (ਜੀ.ਓ.ਜੀ.) ਨੂੰ ਸਹਿਯੋਗ ਦੇਣ ਅਤੇ ਸਹਿਯੋਗ ਲੈਣ। ਅਸੀਂ ਇਸ ਸੰਸਥਾ ਨੂੰ ਖੁਸ਼ਆਮਦੀਦ ਕਹਿੰਦੇ ਹਾਂ।

-ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਿਲ

'ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ', ਇਹ ਗੱਲ ਤੇ ਸਮੱਸਿਆ ਹਰ ਕਿਸੇ ਦੀ ਜ਼ਬਾਨ ਤੋਂ ਸੁਣੀ ਜਾ ਸਕਦੀ ਹੈ। ਕੁਦਰਤ ਨੇ ਮਨੁੱਖ ਨੂੰ ਸਭ ਕੁਝ ਸਾਫ਼-ਸੁਥਰਾ ਦਿੱਤਾ ਸੀ। ਸਾਫ਼ ਹਵਾ, ਸਾਫ਼ ਪਾਣੀ ਦੇ ਸਰੋਤ ਤੇ ਜਿਉਂਦੇ ਰਹਿਣ ਤੇ ਸਮਾਜ ਨੂੰ ਚਲਾਉਣ ਵਾਸਤੇ ਇਨ੍ਹਾਂ ਨਾਲ ਸਬੰਧਤ ਕੁਦਰਤੀ ਤੋਹਫ਼ੇ। ਮਨੁੱਖ ਨੇ ਆਪਣੇ ਸਵਾਰਥ ਲਈ ਤੇ ਲਾਪ੍ਰਵਾਹੀਆਂ ਕਰਕੇ ਪਾਣੀ ਗੰਧਲਾ ਕਰ ਲਿਆ ਤੇ ਵਾਤਵਰਨ ਵੀ ਦੂਸ਼ਿਤ ਕਰ ਲਿਆ। ਤੋਮਰ ਨੇ ਲਿਖਿਆ ਹੈ, 'ਮਨੁੱਖ ਦਾ ਧਰਤੀ 'ਤੇ ਰਹਿਣਾ ਮਨੁੱਖ ਨੇ ਹੀ ਅਸੰਭਵ ਬਣਾਇਆ ਹੈ, ਪਰਮਾਤਮਾ ਨੇ ਨਹੀਂ।' ਸਭ ਤੋਂ ਪਹਿਲਾਂ ਅਸੀਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਗੱਲ ਕਰਾਂਗੇ। ਪੂਰੇ ਦੇਸ਼ ਵਿਚ ਸਾਰੇ ਹੀ ਪਾਣੀ ਸਰੋਤਾਂ ਨੂੰ ਬੁਰੀ ਤਰ੍ਹਾਂ ਗੰਦਾ ਕੀਤਾ ਹੋਇਆ, ਇਥੋਂ ਤੱਕ ਕਿ ਗੰਗਾ ਵਿਚ ਲੋਕਾਂ ਨੇ ਨਹਾਉਣ ਤੋਂ ਪ੍ਰਹੇਜ਼ ਕੀਤਾ। ਇਥੇ ਫੈਕਟਰੀਆਂ ਦਾ ਕੈਮੀਕਲ ਪਾਣੀ ਸਰੋਤ ਵਿਚ ਸੁੱਟ ਦਿੱਤਾ ਜਾਂਦਾ ਹੈ, ਜਿਸ ਕਰਕੇ ਪਾਣੀ ਪਸ਼ੂਆਂ ਦੇ ਪੀਣ ਯੋਗ ਵੀ ਨਹੀਂ ਹੈ। ਜ਼ਮੀਨ ਹੇਠਲਾ ਪਾਣੀ ਪੀਣ ਦੇ ਨਾਲ ਵੀ ਬਿਮਾਰੀਆਂ ਹੋ ਰਹੀਆਂ ਹਨ। ਸਤਲੁਜ ਵਿਚ ਵੀ ਲੁਧਿਆਣੇ ਦੀ ਗੰਦਗੀ ਸੁੱਟੀ ਜਾ ਰਹੀ ਹੈ। ਬੁੱਢਾ ਨਾਲਾ ਗੰਦੇ ਨਾਲੇ ਵਿਚ ਬਦਲ ਗਿਆ। ਸੀਵਰੇਜ ਵਧੇਰੇ ਕਰਕੇ ਇਵੇਂ ਹੀ ਸੁੱਟ ਦਿੱਤਾ ਜਾਂਦਾ ਹੈ। ਸੀਵਰੇਜ ਟਰੀਟਮੈਂਟ ਲੱਗਦੇ ਹਨ ਸਿਰਫ਼ ਵਿਖਾਵੇ ਲਈ। ਫੈਕਟਰੀਆਂ ਦੀਆਂ ਚਿਮਨੀਆਂ ਦਾ ਵੀ ਇਹ ਹੀ ਹਾਲ ਹੈ। ਮਾਣਯੋਗ ਸਰਬਉੱਚ ਅਦਾਲਤ ਨੇ ਵੀ ਰਾਤ ਨੂੰ 10 ਵਜੇ ਤੋਂ ਬਾਅਦ ਸਪੀਕਰ ਉੱਚੀ ਆਵਾਜ਼ 'ਚ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ ਤੇ ਇਵੇਂ ਹੀ ਸਵੇਰੇ 6 ਵਜੇ ਤੋਂ ਪਹਿਲਾਂ ਲਗਾਉਣ ਦੀ ਮਨਾਹੀ ਹੈ ਪਰ ਕੋਈ ਪ੍ਰਵਾਹ ਨਹੀਂ ਕਰਦਾ। ਇਸ ਵਿਚ ਕਿਧਰੇ ਪ੍ਰਸ਼ਾਸਨ ਵੀ ਕੁਤਾਹੀ ਵਰਤ ਰਿਹਾ ਹੈ। ਭੂਮੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਖਾਦਾਂ ਤੇ ਸਪਰੇਅ ਨੇ ਜ਼ਮੀਨ ਵੀ ਜ਼ਹਿਰੀਲੀ ਕਰ ਦਿੱਤੀ ਹੈ। ਕਿਸਾਨ ਨੇ ਆਪਣੇ ਮਿੱਤਰ ਕੀੜੇ ਵੀ ਮਾਰ ਦਿੱਤੇ ਤੇ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਵੀ ਸਿਹਤ ਲਈ ਹਾਨੀਕਾਰਕ ਹੋ ਗਈਆਂ। ਰਾਲਫ਼ ਨਾ ਡਾਰ ਅਨੁਸਾਰ, 'ਪ੍ਰਦੂਸ਼ਣ ਫੈਲਾਉਣ ਵਾਲਿਆਂ ਉੱਪਰ ਪਾਬੰਦੀਆਂ ਕਮਜ਼ੋਰ ਹਨ ਤੇ ਪੁਰਾਣੀਆਂ ਪੈ ਚੁੱਕੀਆਂ ਹਨ। ਆਮ ਤੌਰ 'ਤੇ ਸਰਕਾਰਾਂ ਉਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਨਹੀਂ ਕਰਦੀਆਂ।' ਸਭ ਤੋਂ ਖਤਰਨਾਕ ਪ੍ਰਦੂਸ਼ਣ ਜੋ ਮਹਾਂਮਾਰੀ ਦੇ ਰੂਪ ਵਿਚ ਫੈਲਿਆ ਹੈ, ਉਹ ਹੈ ਰਿਸ਼ਵਤ ਤੇ ਭ੍ਰਿਸ਼ਟਾਚਾਰ ਦਾ ਪ੍ਰਦੂਸ਼ਣ। ਇਸ ਨੂੰ ਹਰ ਪ੍ਰਦੂਸ਼ਣ ਦਾ ਜਨਮਦਾਤਾ ਕਹਿ ਲਿਆ ਜਾਵੇ ਤਾਂ ਅਤਿ-ਕਥਨੀ ਨਹੀਂ ਹੋਏਗੀ। ਜੇਕਰ ਇਸ ਨੂੰ ਅਜੇ ਵੀ ਨਾ ਕੰਟਰੋਲ ਕੀਤਾ ਗਿਆ ਤਾਂ ਸਥਿਤੀ ਭਿਆਨਕ ਹੋ ਜਾਏਗੀ, ਇਸ ਬਾਰੇ ਅਣਗਹਿਲੀ ਨਾ ਵਰਤੋ ਤੇ ਨਾ ਹੀ ਅਵੇਸਲੇ ਹੋਵੋ।

-ਮੁਹਾਲੀ। ਮੋਬਾ: 98150-30221

ਰਿਸ਼ਤਿਆਂ ਵਿਚੋਂ ਮਨਫ਼ੀ ਹੋ ਰਹੀ ਅਪਣੱਤ

ਮਨੁੱਖੀ ਰਿਸ਼ਤਿਆਂ ਵਿਚ ਅਪਣੱਤ ਦਾ ਮੁਢਲਾ ਅਤੇ ਅਹਿਮ ਕਰਮ ਹੈ। ਇਸ ਪਦਾਰਥਵਾਦੀ ਤੇ ਆਪੋ-ਧਾਪੀ ਵਾਲੇ ਯੁੱਗ ਵਿਚ ਅਪਣੱਤ ਦਾ ਦਿਨ-ਪ੍ਰਤੀਦਿਨ ਮੁੱਠੀ ਵਿਚੋਂ ਕਿਰਦੀ ਰੇਤ ਵਾਂਗ ਮੁੱਕਦੇ ਜਾਣਾ ਇਕ ਬਦਸ਼ਗਨੀ ਹੀ ਸਮਝੋ। ਅਪਣੱਤ ਤੋਂ ਬਿਨਾਂ ਸਾਡੇ ਰਿਸ਼ਤਿਆਂ ਵਿਚ ਇਕ ਖਲਾਅ ਜਿਹਾ ਪੈਦਾ ਹੋ ਰਿਹਾ ਹੈ। ਇਸ ਦੀ ਲਪੇਟ ਵਿਚ ਸਮੁੱਚਾ ਸਮਾਜ ਜਕੜਿਆ ਗਿਆ ਹੈ। ਹਰ ਇਨਸਾਨ ਦੇ ਜ਼ਿਹਨ ਵਿਚ ਇਕ ਅਜੀਬ ਕਿਸਮ ਦੀ ਘਬਰਾਹਟ ਅਤੇ ਬੇਚੈਨੀ ਪੈਦਾ ਹੋ ਰਹੀ ਹੈ। ਪਤੀ-ਪਤਨੀ, ਪਿਓ-ਪੁੱਤ, ਮਾਂ-ਧੀ ਦੇ ਕਰੀਬੀ ਤੇ ਪਵਿੱਤਰ ਰਿਸ਼ਤੇ ਤਿੜਕਦੇ ਹੀ ਨਹੀਂ, ਸਗੋਂ ਤਾਰ-ਤਾਰ ਹੋ ਰਹੇ ਹਨ। ਕਈ ਵਾਰ ਤਾਂ ਨੌਬਤ ਕਤਲੋਗਾਰਤ ਤੱਕ ਅੱਪੜਨ ਨੂੰ ਦੇਰ ਨਹੀਂ ਲਗਦੀ। ਇਨ੍ਹਾਂ ਰਿਸ਼ਤਿਆਂ ਵਿਚ ਨਫਰਤ, ਵੈਰ-ਵਿਰੋਧ, ਖੋਹ-ਖਿੱਚ, ਝਗੜਾਲੂ ਪ੍ਰਵਿਰਤੀ, ਬੇਵਿਸ਼ਵਾਸੀ, ਵਿਸ਼ਵਾਸਘਾਤ, ਨਿੱਤਾ ਪ੍ਰਤੀ ਦਾ ਕਲੇਸ਼ ਵਰਗੇ ਨਿਗੁਣੇ ਕਰਮ ਸਾਡੇ ਆਪੇ ਨੂੰ ਘੁਣ ਵਾਂਗ ਖਾ ਰਹੇ ਹਨ। ਅਸੀਂ ਹਉਮੈ ਦੀ ਭੱਠੀ ਵਿਚ ਸਿਮਟ ਕੇ ਰਹਿ ਗਏ ਹਾਂ। ਇਨ੍ਹਾਂ ਔਗੁਣਾਂ ਸਦਕਾ ਸਾਡੇ ਜ਼ਿਹਨ ਵਿਚ ਇਕ ਤਣਾਅ ਪੈਦਾ ਹੋ ਰਿਹਾ ਹੈ। ਉਸ ਦੀ ਵਜ੍ਹਾ ਹੀ ਬਲੱਡ ਪ੍ਰੈਸ਼ਰ, ਚਿੜਚਿੜਾਪਣ, ਸ਼ੂਗਰ ਅਤੇ ਐਸਿਡਿਟੀ ਵਰਗੇ ਅਨੇਕ ਮਾਰੂ ਰੋਗ ਸਾਡੇ ਤਨ, ਮਨ ਨੂੰ ਖੋਰਾ ਲਾ ਰਹੇ ਹਨ। ਸਹਿਣਸ਼ੀਲਤਾ ਤੋਂ ਸੱਖਣੇ, ਗੁੱਸੇਖੋਰ, ਬੇਅਸੂਲੇ, ਬੇਤਰਤੀਬੇ, ਗੱਲ-ਗੱਲ 'ਤੇ ਗਾਲ੍ਹਾਂ ਜਾਂ ਅਪਸ਼ਬਦ ਵਰਤਣ ਵਾਲੇ ਬੰਦੇ ਸਾਨੂੰ ਸਮਾਜ ਵਿਚ ਆਮ ਮਿਲ ਜਾਂਦੇ ਹਨ। ਸਾਡੀ ਜੀਵਨਸ਼ੈਲੀ ਵਿਚ ਆ ਰਿਹਾ ਨਿਘਾਰ, ਨੈਤਿਕਤਾ ਦਾ ਸਾਡੇ ਵਿਚੋਂ ਮਨਫ਼ੀ ਹੋਣਾ, ਖਾਣ-ਪੀਣ ਦੀਆਂ ਬੇਨਿਯਮੀਆਂ, ਮਿਲਾਵਟਾਂ, ਨਸ਼ਿਆਂ ਦਾ ਰੁਝਾਨ, ਬੇਰੁਜ਼ਗਾਰੀ, ਸਾਂਝੇ ਪਰਿਵਾਰਾਂ ਦਾ ਟੁੱਟਣਾ, ਸਮਾਜਿਕ ਸਾਂਝੀਵਾਲਤਾ ਦਾ ਪਤਨ, ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਸਾਡੀ ਜ਼ਮੀਰ ਦੇ ਖਾਮੋਸ਼ ਕਾਤਲ ਬਣ ਗਏ ਹਨ। ਮਾਨਸਿਕਤਾ ਵਿਚ ਇਕ ਖਿੰਡਾਅ ਪੈਦਾ ਹੋ ਗਿਆ ਹੈ। ਹੁਣ ਦਰਸ਼ਨੀ ਜੁੱਸੇ ਵਾਲੇ ਪੰਜਾਬੀ ਲੱਭਿਆਂ ਨਹੀਂ ਲੱਭਦੇ।
ਸਾਡੇ ਪਵਿੱਤਰ ਰਿਸ਼ਤੇ ਜਿਨ੍ਹਾਂ ਲੀਹਾਂ 'ਤੇ ਸਾਡਾ ਸਮਾਜ ਉਸਰਿਆ ਸੀ, ਇਨ੍ਹਾਂ ਨੂੰ ਬਚਾਉਣਾ ਸਾਡਾ ਹਰ ਪੰਜਾਬੀ ਦਾ ਮੁਢਲਾ ਅਤੇ ਨੈਤਿਕ ਫਰਜ਼ ਅਤੇ ਕਰਮ ਹੈ। ਆਓ, ਰਲ-ਮਿਲ ਕੇ ਇਨ੍ਹਾਂ ਪਵਿੱਤਰ ਰਿਸ਼ਤਿਆਂ ਦੀ ਸਲਾਮਤੀ ਲਈ ਯਤਨ ਕਰੀਏ।

-ਪਿੰਡ ਤੇ ਡਾਕ: ਬਧੌਛੀ ਕਲਾਂ (ਫ਼ਤਹਿਗੜ੍ਹ ਸਾਹਿਬ)। ਮੋਬਾ: 70098-78336

ਪੰਜਾਬ ਵਿਚੋਂ ਖ਼ਤਮ ਹੋ ਰਿਹਾ ਕਿਰਤ ਸੱਭਿਆਚਾਰ

ਅਜੋਕੇ ਸਮੇਂ ਵਿਚ ਸਾਡੇ ਵਿਚੋਂ ਕਿਰਤ ਦੇਵਤਾ ਅਲੋਪ ਹੋ ਰਿਹਾ ਜਾਪਦਾ ਹੈ। ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਮਹੀਨਿਆਂ ਦਾ ਕੰਮ ਦਿਨਾਂ ਤੇ ਘੰਟਿਆਂ ਵਿਚ ਖ਼ਤਮ ਹੋਣ ਕਰਕੇ ਇਥੋਂ ਦਾ ਨੌਜਵਾਨ ਵਿਹਲਾ ਹੋ ਰਿਹਾ ਹੈ। ਜੇ ਉਹ ਅੱਧੀ ਰਾਤੀਂ ਉੱਠ ਕੇ ਹਲ ਨਹੀਂ ਜੋੜਦਾ ਤਾਂ ਉਸ ਦੀ ਸੁਆਣੀ ਖੇਤੀਂ ਭੱਤਾ ਵੀ ਨਹੀਂ ਲੈ ਕੇ ਜਾਂਦੀ। ਖੇਤੀ ਕਰਨੀ (ਮੋਟਰ ਦਾ ਬਟਨ ਦਬਾਉਣ ਜਾਂ ਸਵੈ-ਚਾਲਕ ਯੰਤਰ ਹਨ), ਡੰਗਰਾਂ ਦੀ ਸਾਂਭ-ਸੰਭਾਲ, ਧਾਰਾਂ ਕੱਢਣੀਆਂ ਸਭ ਕੰਮ ਭਈਆਂ ਨੇ ਸੰਭਾਲ ਲਿਆ ਹੈ। ਪਿੰਡਾਂ ਤੱਕ ਗੈਸੀ ਚੁੱਲ੍ਹੇ ਪਹੁੰਚਣ ਕਾਰਨ ਰਸੋਈ ਦਾ ਕੰਮ ਬਹੁਤ ਘਟ ਗਿਆ ਹੈ। ਕਹਾਵਤ ਹੈ, ਵਿਹਲਾ ਮਨ ਸ਼ੈਤਾਨ ਦਾ ਘਰ। ਅੱਜ ਪੰਜਾਬੀ ਪੈਰਾਂ 'ਤੇ ਮਿੱਟੀ ਨਹੀਂ ਪੈਣ ਦਿੰਦਾ। ਸਾਦਗੀ ਉਸ ਦੇ ਜੀਵਨ ਵਿਚੋਂ ਮਨਫ਼ੀ ਹੋ ਚੁੱਕੀ ਹੈ। ਕੀਮਤੀ ਪੋਸ਼ਾਕ, ਮਹਿੰਗਾ ਮੋਬਾਈਲ, ਵੱਡਾ ਮੋਟਰਸਾਈਕਲ, ਮਹਿੰਗੀ ਵੱਡੀ ਕਾਰ, ਤਿੰਨ ਮੰਜ਼ਿਲੀ ਮਨ-ਲੁਭਾਉਣੀ ਕੋਠੀ ਨੂੰ ਉਹ ਮੁੱਢਲੀ ਲੋੜ ਸਮਝਦਾ ਹੈ। ਪ੍ਰੰਤੂ ਹੱਥੀਂ ਕਿਰਤ ਕਰੇ ਬਿਨਾਂ ਏਨੀ ਰਕਮ ਕਿੱਥੋਂ ਆਵੇ?
ਅੰਗਰੇਜ਼ੀ ਰਾਜ ਸਮੇਂ ਦੀ ਚਿੱਟ ਕੱਪੜੀਏ ਕਲਰਕ ਪੈਦਾ ਕਰਨ ਵਾਲੀ ਅਜੋਕੀ ਸਿੱਖਿਆ ਨੀਤੀ, ਦਿਨੋ-ਦਿਨ ਵਧ ਰਹੀ ਬੇਰੋਕ ਆਬਾਦੀ ਦੇ ਮੁਕਾਬਲੇ ਫੇਲ੍ਹ ਹੋ ਚੁੱਕੀ ਹੈ। ਸਰਕਾਰੀ ਨੌਕਰੀਆਂ ਘਟ ਰਹੀਆਂ ਹਨ। ਅਜਿਹੀ ਨੌਕਰੀ ਨਾ ਮਿਲਣ ਦੀ ਸੂਰਤ ਵਿਚ ਪੰਜਾਬੀ ਗੱਭਰੂ ਕੱਪੜੇ ਤੇ ਹੱਥ-ਮੂੰਹ ਕਾਲੇ ਕਰਨ ਵਾਲੇ ਦਸਤਕਾਰੀ ਦੇ ਕੰਮ ਕਰਨ ਤੋਂ ਹਿਚਕਚਾਉਂਦਾ ਹੈ। ਸੌ ਪਾਪੜ ਵੇਲ ਕੇ ਜਿਸ ਵਿਰਲੇ ਨੂੰ ਅਜਿਹਾ ਰੁਜ਼ਗਾਰ ਮਿਲ ਜਾਂਦਾ ਹੈ, ਉਹ ਕੁਰਸੀ 'ਤੇ ਵਿਹਲਾ ਬੈਠ ਕੇ ਤਨਖ਼ਾਹ ਲੈਣੀ ਆਪਣਾ ਹੱਕ ਸਮਝਦਾ ਹੈ। ਸਾਡੇ ਚੁਣੇ ਹੋਏ ਲੋਕ ਨੁਮਾਇੰਦਿਆਂ (ਵਿਧਾਇਕ, ਸੰਸਦ ਮੈਂਬਰ, ਵਜ਼ੀਰ ਆਦਿ) ਤੱਕ ਦੇ ਦਫ਼ਤਰੋਂ ਲੇਟ ਜਾਂ ਗ਼ੈਰ-ਹਾਜ਼ਰ ਹੋਣ ਦੀਆਂ ਖ਼ਬਰਾਂ ਅਸੀਂ ਅਕਸਰ ਹੀ ਪੜ੍ਹਦੇ ਰਹਿੰਦੇ ਹਾਂ। ਇਧਰ ਪੰਜਾਬ ਦਾ ਵਿਹਲੜ ਪੁੱਤ ਲੱਚਰ ਗਾਇਕੀ ਦੇ ਅਖਾੜੇ ਸੁਣਨ ਲਈ ਸੈਂਕੜੇ ਕੋਹਾਂ ਦਾ ਪੈਂਡਾ ਮਾਰ ਕੇ ਸਮੇਂ ਅਤੇ ਧਨ ਦੀ ਬਰਬਾਦੀ ਕਰਦਾ ਹੈ ਜਾਂ ਚਿੱਟਾ ਕੁੜਤਾ-ਪਜ਼ਾਮਾ ਪਹਿਨ ਕੇ ਰਾਜਸੀ ਪਾਰਟੀਆਂ ਦੀਆਂ ਰੈਲੀਆਂ ਵਿਚ ਸ਼ਾਮਿਲ ਹੋ ਕੇ ਸੜਕਾਂ ਦੀ ਧੂੜ ਚੱਟਦਾ, ਮਾਪਿਆਂ ਉਪਰ ਬੋਝ ਬਣਦਾ ਹੈ। ਚੋਣਾਂ ਸਮੇਂ ਉਨ੍ਹਾਂ ਵਲੋਂ ਵਰਤਾਏ ਜਾਂਦੇ ਕੁਝ ਦਿਨਾਂ ਦੇ ਨਸ਼ੇ ਖਾ ਕੇ ਪੱਕਾ ਅਮਲੀ ਬਣ ਜਾਂਦਾ ਹੈ। ਆਪਣੀ ਦੋ ਏਕੜ ਤੱਕ ਦੀ ਜ਼ਮੀਨ ਵੀ ਹੱਥ ਮੈਲੇ ਹੋਣ ਤੋਂ ਬਚਣ ਲਈ ਉਸ ਨੂੰ ਵੀ ਠੇਕੇ (ਮਾਮਲੇ) 'ਤੇ ਦੇ ਕੇ ਮੌਜਾਂ ਮਾਣਦਾ ਹੈ। ਜੇਕਰ ਅਸੀਂ ਹਾਲੇ ਵੀ ਆਪਣੇ ਕੰਮ ਤੋਂ ਮੁੱਖ ਮੋੜਨ ਵਾਲੇ ਸੁਭਾਅ ਤੋਂ ਵਾਪਸ ਨਾ ਪਰਤੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਮੇਰਾ ਰੰਗਲਾ ਪੰਜਾਬ 'ਕੰਗਲਾ ਪੰਜਾਬ' ਅਖਵਾਉਣ ਲੱਗ ਪਵੇਗਾ। ਅਜੇ ਵੀ ਸੰਭਲਣ ਦਾ ਵੇਲਾ ਹੈ। ਰੱਬ ਖ਼ੈਰ ਕਰੇ!

-ਗਲੀ ਨੰ: 1, ਤਰਨ ਤਾਰਨ ਨਗਰ, ਨੇੜੇ ਬਠਿੰਡਾ ਚੌਕ, ਸ੍ਰੀ ਮੁਕਤਸਰ ਸਾਹਿਬ। ਮੋਬਾ: 96461-41243

ਸਕੂਲਾਂ ਕਾਲਜਾਂ ਵਿਚ ਚੰਗੀ ਗਾਇਕੀ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਕਰਵਾਏ ਜਾਣ

ਕਿਸੇ ਵੇਲੇ ਮਹਾ-ਪੰਜਾਬ ਦੇ ਝੰਡੇ ਕਾਬਲ-ਕੰਧਾਰ ਤੋਂ ਲੈ ਕੇ ਤਿੱਬਤ ਦੀਆਂ ਚੋਟੀਆਂ ਤੱਕ ਝੁੱਲਿਆ ਕਰਦੇ ਸਨ। ਅੰਗਰੇਜ਼ੀ ਰਾਜ ਵੇਲੇ ਪੰਜਾਬ ਦੇ 39 ਜ਼ਿਲ੍ਹੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵੀ ਵੰਡਿਆ ਗਿਆ ਤਾਂ ਚੜ੍ਹਦੇ ਪੰਜਾਬ ਦੇ ਹਿੱਸੇ 12 ਅਤੇ ਲਹਿੰਦੇ ਪੰਜਾਬ ਨੂੰ 27 ਜ਼ਿਲ੍ਹੇ ਦੇ ਕੇ ਸਮੇਂ ਦਾ ਹਾਕਮ ਆਪਣੇ ਮਨ ਦੀ ਪੂਰਤੀ ਨੂੰ ਵੰਡ ਵਿਚ ਬਦਲ ਕੇ ਚਲਿਆ ਗਿਆ ਤੇ ਹੌਲੀ-ਹੌਲੀ ਇਸ ਖ਼ਿੱਤੇ ਨੂੰ ਨੇਸਤੋ-ਨਾਬੂਦ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਵੀ ਕੋਈ ਕਸਰ ਨਾ ਛੱਡੀ।
ਕਦੇ ਸੋਚਿਐ ਕਿ ਜਿਹੜੀ ਭਾਸ਼ਾ ਦੀ ਗਿਣਤੀ ਦੁਨੀਆ ਦੀਆਂ ਮਹਾਨ ਭਾਸ਼ਾਵਾਂ ਵਿਚ ਹੁੰਦੀ ਹੋਵੇ, ਜਿਸ ਭਾਸ਼ਾ ਵਿਚ ਜੋ ਸੋਚਿਆ ਹੋਵੇ, ਉਹ ਬੋਲਿਆ ਜਾਂਦਾ ਹੋਵੇ, ਕਿਉਂਕਿ ਦੁਨੀਆ ਭਰ ਵਿਚੋਂ ਪੰਜਾਬੀ ਉਨ੍ਹਾਂ ਪੰਜ ਭਾਸ਼ਾਵਾਂ ਵਿਚੋਂ ਇਕ ਹੈ, ਜਿਸ ਵਿਚ ਇਨਸਾਨ ਜੋ ਸੋਚਦਾ ਹੈ, ਉਹ ਬੋਲ ਵੀ ਸਕਦਾ ਹੈ। ਇਸ ਦੇ ਮੁਕਾਬਲੇ ਬਾਕੀ ਭਾਸ਼ਾਵਾਂ ਵਿਚ ਕੇਵਲ ਕਈ ਵਾਰ ਸੋਚਿਆ ਤਾਂ ਜਾ ਸਕਦਾ ਹੈ ਪਰ ਬੋਲਿਆ ਨਹੀਂ। ਇਸ ਤੋਂ ਇਲਾਵਾ ਕਈ ਪੱਛਮੀ ਦੇਸ਼ਾਂ ਅੰਦਰ ਵੀ ਪੰਜਾਬੀ ਨੂੰ ਦੂਜੇ ਅਤੇ ਤੀਜੇ ਦਰਜੇ ਦੀ ਭਾਸ਼ਾ ਦਾ ਰੁਤਬਾ ਮਿਲ ਚੁੱਕਿਆ।
ਹੈਰਾਨੀ ਹੁੰਦੀ ਹੈ ਜਦ ਆਪਣੇ ਹੀ ਸੂਬੇ ਵਿਚ ਇਸ ਦੇ ਆਪਣੇ ਲੋਕ ਇਸ ਨੂੰ ਵਿਸਾਰਣ ਦੇ ਰਾਹ ਪੈ ਜਾਣ ਤਾਂ ਚਿੰਤਾ ਕਰਨੀ ਵਾਜਬ ਹੈ, ਕਿਉਂਕਿ ਅੱਜ ਪੰਜਾਬੀ ਵੀ ਅਸੁਰੱਖਿਅਤ ਜ਼ੋਨ ਦੇ ਪਹਿਲੇ ਪੜਾਅ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਇਹ ਚਿੰਤਾ ਉਸ ਵੇਲੇ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ, ਜਦ ਸੰਸਾਰ ਭਰ ਦੀਆਂ ਸੱਤ ਹਜ਼ਾਰ ਭਾਸ਼ਾਵਾਂ ਵਿਚੋਂ ਦੋ ਸੌ ਭਾਸ਼ਾਵਾਂ ਅਲੋਪ ਹੋ ਜਾਣ ਦੇ ਕੰਢੇ ਪਹੁੰਚ ਚੁੱਕੀਆਂ ਹਨ। ਇਕ ਵਰਤਾਰਾ ਇਹ ਵੀ ਤੁਰ ਪਿਐ ਕਿ ਪੰਜਾਬੀ ਸਮਾਜ ਵਿਚ ਪਲੀ ਅਤੇ ਵੱਡੀ ਹੋਈ ਇਕ ਦਾਦੀ ਮਾਂ ਜੋ ਆਪ ਸ਼ਾਇਦ ਪੜ੍ਹੀ-ਲਿਖੀ ਘੱਟ ਵੀ ਹੋਵੇ, ਆਪਣੇ ਪੋਤਰੇ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਨਾਂਅ ਪੰਜਾਬੀ ਦੀ ਬਜਾਏ ਅੰਗਰੇਜ਼ੀ ਵਿਚ ਸਿਖਾਉਂਦੀ ਹੈ। ਉਸ ਤੋਂ ਬਾਅਦ ਅਗਲਾ ਸਿਲਸਿਲਾ ਸ਼ੁਰੂ ਹੁੰਦਾ ਹੈ-ਸੰਗਤ ਅਤੇ ਸਕੂਲ ਸਮੇਂ ਦਾ। ਹੁਣ ਤਾਂ ਇਹ ਵੀ ਸੁਰੱਖਿਅਤ ਨਹੀਂ। ਕਿੰਨੇ ਪਰਿਵਾਰ ਹੋਣਗੇ ਪੰਜਾਬ ਅੰਦਰ ਜੋ ਆਪਣੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਦੇ ਸੱਦਾ-ਪੱਤਰ ਪੰਜਾਬੀ ਵਿਚ ਛਪਵਾਉਣ ਨੂੰ ਪਹਿਲ ਦਿੰਦੇ ਹਨ। ਇਹ ਗੱਲ ਅਲੱਗ ਹੈ ਕਿ ਭਾਵੇਂ ਖ਼ੁਦ ਉਨ੍ਹਾਂ ਦੇ ਆਪਣੇ ਹੀ ਪਰਿਵਾਰਾਂ ਦੇ ਇਕ-ਦੋ ਜੀਆਂ ਤੋਂ ਸਿਵਾਏ ਬਾਕੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ। ਸ਼ਹਿਰਾਂ ਵਿਚ ਵੀ ਇਹ ਧਾਰਨਾ ਦਿਨੋ-ਦਿਨ ਅਮਰ ਵੇਲ ਦੀ ਤਰ੍ਹਾਂ ਵਧ ਰਹੀ ਹੈ। ਆਮ ਬੋਲਚਾਲ ਸਮੇਂ ਸ਼ਹਿਰੀਏ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦੇਣ ਲੱਗੇ ਹਨ।
ਮਾਹੌਲ ਹੀ ਅਜਿਹਾ ਸਿਰਜ ਦਿੱਤਾ ਗਿਐ ਕਿ ਪੰਜਾਬੀਆਂ ਦੀ ਮਜਬੂਰੀ ਬਣ ਗਈ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉੱਚ-ਕੋਟੀ ਦੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵਿਚ ਜਾਣਾ ਹੀ ਪਵੇਗਾ। ਕਾਰਪੋਰੇਟ ਜਗਤ ਦੀ ਚਕਾਚੌਂਧ ਭਰੀ ਜ਼ਿੰਦਗੀ ਨੇ ਵੀ ਹੱਥੀਂ ਕਿਰਤ ਕਰਨ ਵਾਲੇ ਪੰਜਾਬੀਆਂ ਨੂੰ ਮਾਂ-ਬੋਲੀ ਅਤੇ ਵਿਰਸੇ ਨਾਲੋਂ ਤੋੜਨ ਵਿਚ ਭਰਵਾਂ ਯੋਗਦਾਨ ਪਾਇਆ ਹੈ। ਹਰ ਖ਼ੇਤਰ ਵਿਚ ਥੋੜ੍ਹਾ ਭਾਵੇਂ ਬਹੁਤਾ, ਪੰਜਾਬੀ ਨੂੰ ਨਜ਼ਰਅੰਦਾਜ਼ ਜ਼ਰੂਰ ਕੀਤਾ ਜਾ ਰਿਹੈ। ਸਵਾਲ ਇਹ ਉੱਠਦੈ ਕਿ ਜਦ ਹੋਰਨਾਂ ਮੁਲਕਾਂ ਵਿਚ ਸਾਡੀ ਮਾਂ ਬੋਲੀ ਨੂੰ ਵਿਸ਼ੇਸ਼ ਪਹਿਚਾਣ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਆਪਣੇ ਵਿਹੜੇ ਅੰਦਰ ਇਸ ਨੂੰ ਕਿਉਂ ਇਕਹਿਰੀ ਅੱਖ ਨਾਲ ਵੇਖਿਆ ਜਾ ਰਿਹੈ?
ਗੀਤ-ਸੰਗੀਤ ਦੇ ਬਦਲੇ ਦੌਰ ਨੇ ਵੀ ਪੰਜਾਬੀ ਦੀ ਰੂਹ ਨੂੰ ਉਸ ਦੇ ਪੁੱਤਰਾਂ ਨਾਲੋਂ ਤੋੜਨ ਦਾ ਕੰਮ ਕੀਤੈ। ਉੱਥੇ ਵੀ ਵਪਾਰਕ ਪੱਖ ਮਾਤ ਭਾਸ਼ਾ 'ਤੇ ਭਾਰੀ ਪਿਐ। ਪੰਜਾਬ ਦੇ ਤਿੰਨਾਂ ਖੇਤਰਾਂ-ਮਾਲਵਾ, ਦੁਆਬਾ ਅਤੇ ਮਾਝਾ ਅੰਦਰ ਤਕਰੀਬਨ ਮਾਂ-ਬੋਲੀ ਵਿਰੋਧੀ ਵਿਕਾਰਾਂ ਨੇ ਆਪਣੇ ਪੈਰ ਪੱਕੇ ਕਰਨੇ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਅਤੇ ਨਾਲ ਲੱਗਦੇ ਸੂਬਿਆਂ ਵਿਚ ਤਾਂ ਇਹ ਵਰਤਾਰਾ ਲੰਬੇ ਸਮੇਂ ਤੋਂ ਚੱਲਿਆ ਆ ਰਿਹੈ। ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ।
ਸੋ ਲੋੜ ਹੈ ਅੱਜ ਵੱਡੇ ਉਪਰਾਲਿਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਅਤੇ ਆਪਣੀ ਜ਼ਬਾਨ ਨੂੰ ਬਚਾਉਣ ਦੀ ਖ਼ਾਤਰ ਜ਼ਿਲ੍ਹੇ, ਤਹਿਸੀਲਾਂ ਅਤੇ ਪਿੰਡ ਪੱਧਰ 'ਤੇ ਅਤੇ ਉਸ ਤੋਂ ਬਾਅਦ ਸਕੂਲਾਂ, ਕਾਲਜਾਂ ਵਿਚ 'ਮਾਂ-ਬੋਲੀ' ਵਿਸ਼ੇ 'ਤੇ ਸੈਮੀਨਾਰ ਸ਼ੁਰੂ ਕਰਨ ਦੀ। ਫਿਰ ਹੀ ਅਸੀਂ ਮਾਂ-ਬੋਲੀ ਦੇ ਸੱਚੇ ਸਪੂਤ ਅਖ਼ਵਾ ਸਕਦੇ ਹਾਂ।

-ਮੁੱਖ ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਗੀਤਕਾਰ ਤੇ ਲੇਖਕ ਮੰਚ। ਮੋਬਾ: 94634-63136

ਭਾਰਤੀ ਪੰਚਾਇਤ ਵਿਵਸਥਾ

ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਭਾਰਤ ਵਿਚ ਲਗਪਗ 5 ਲੱਖ 80 ਹਜ਼ਾਰ ਪਿੰਡ ਹਨ। ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਬਾਵਜੂਦ ਭਾਰਤੀ ਆਬਾਦੀ ਦੀ ਵੱਡੀ ਗਿਣਤੀ ਇਨ੍ਹਾਂ ਪਿੰਡਾਂ ਵਿਚ ਹੀ ਨਿਵਾਸ ਕਰਦੀ ਹੈ। ਪਿੰਡਾਂ ਦੀ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਹੀ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ। ਪੰਚਾਇਤੀ ਰਾਜ ਅਸਲ ਵਿਚ ਵੈਦਿਕ ਕਾਲ ਤੋਂ ਹੀ ਚੱਲ ਰਿਹਾ ਹੈ। ਸੁਤੰਤਰ ਭਾਰਤ ਵਿਚ ਇਹ ਪ੍ਰਣਾਲੀ ਅਕਤੂਬਰ, 1958 ਵਿਚ ਆਰੰਭ ਹੋਈ, ਪਰ ਅਸਫਲ ਰਹੀ। ਫਿਰ ਇਸ ਦੀ ਪੁਨਰ ਸ਼ੁਰੂਆਤ 1959 ਵਿਚ 'ਬਲਵੰਤ ਰਾਏ ਮਹਿਤਾ ਕਮੇਟੀ' ਦੀ ਰਿਪੋਰਟ ਦੇ ਅਧਾਰ 'ਤੇ ਕੀਤੀ ਗਈ। ਇਸ ਤਿੰਨ ਪੱਧਰੀ ਪ੍ਰਣਾਲੀ ਵਿਚ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਪੱਧਰ 'ਤੇ ਬਲਾਕ ਸੰਮਤੀ ਤੇ ਗ੍ਰਾਮ ਪੱਧਰ 'ਤੇ ਗ੍ਰਾਮ ਪੰਚਾਇਤ ਦੀ ਸਥਾਪਨਾ ਦਾ ਪ੍ਰਾਵਧਾਨ ਰੱਖਿਆ ਗਿਆ। ਇਸ ਪ੍ਰਣਾਲੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਵਿਚ ਹੋਈ। ਬਾਅਦ ਵਿਚ ਇਹ ਪੂਰੇ ਦੇਸ਼ ਵਿਚ ਲਾਗੂ ਕੀਤੀ ਗਈ।
ਪੰਚਾਇਤੀ ਪ੍ਰਣਾਲੀ ਲਾਗੂ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਸ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ। ਇਸ ਲਈ ਇਸ ਦੇ ਦੋਸ਼ਾਂ ਨੂੰ ਦੂਰ ਕਰਨ ਲਈ 1977 ਵਿਚ ਅਸ਼ੋਕ ਮਹਿਤਾ ਕਮੇਟੀ ਬਣਾਈ ਗਈ। ਉਸ ਤੋਂ ਬਾਅਦ 1985 ਵਿਚ ਜੀ. ਟੀ. ਕੇ. ਰਾਵ ਕਮੇਟੀ ਅਤੇ 1986 ਵਿਚ ਲਕਸ਼ਮੀ ਮਲ ਸਿੰਘਵੀ ਕਮੇਟੀ ਬਣਾਈ ਗਈ। ਇਨ੍ਹਾਂ ਸਾਰੀਆਂ ਕਮੇਟੀਆਂ ਦਾ ਇਹੀ ਸੁਝਾਅ ਸੀ ਕਿ ਪੰਚਾਇਤੀ ਰਾਜ ਨੂੰ ਮਜ਼ਬੂਤ ਬਣਾ ਕੇ ਹੀ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕਦਾ ਹੈ।
ਪੰਚਾਇਤੀ ਰਾਜ ਵਿਵਸਥਾ ਨੂੰ ਉੱਤਮ ਬਣਾਉਣ ਅਤੇ ਵਧੀਆ ਢੰਗ ਨਾਲ ਲਾਗੂ ਕਰਨ ਲਈ 24 ਅਪ੍ਰੈਲ, 1993 ਨੂੰ 73ਵੀਂ ਸੰਵਿਧਾਨਕ ਸੋਧ ਲਾਗੂ ਕੀਤੀ ਗਈ। ਇਸੇ ਕਾਰਨ 24 ਅਪ੍ਰੈਲ ਨੂੰ ਹਰ ਸਾਲ ਰਾਸ਼ਟਰੀ ਪੰਚਾਇਤ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਸੋਧ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਦਾ ਕਾਰਜਕਾਲ 5 ਸਾਲ ਨਿਸ਼ਚਿਤ ਕੀਤਾ ਗਿਆ ਹੈ ਅਤੇ ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਔਰਤਾਂ ਲਈ ਘੱਟੋ-ਘੱਟ ਇਕ-ਤਿਹਾਈ ਸੀਟਾਂ ਦਾ ਰਾਖਵਾਂਕਰਨ ਕਰਨ ਦੀ ਵਿਵਸਥਾ ਕੀਤੀ ਗਈ।
ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਡੀ ਪੰਚਾਇਤੀ ਰਾਜ ਪ੍ਰਣਾਲੀ ਵਿਚ ਅੱਜ ਵੀ ਕਾਫੀ ਦੋਸ਼ ਹਨ। ਕਿੰਨੇ ਹੀ ਰਾਜ ਅਜਿਹੇ ਹਨ, ਜਿਥੇ ਚੋਣਾਂ ਸਹੀ ਢੰਗ ਨਾਲ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਪੰਚਾਇਤਾਂ ਨੂੰ ਫੰਡ ਵੀ ਸਿੱਧੇ ਰੂਪ ਵਿਚ ਮੁਹੱਈਆ ਨਹੀਂ ਕਰਵਾਇਆ ਜਾਂਦਾ। ਜੇਕਰ ਪੰਚਾਇਤੀ ਚੋਣਾਂ ਨੂੰ ਸਹੀ ਢੰਗ ਨਾਲ ਕਰਵਾਇਆ ਜਾਵੇ ਅਤੇ ਪੰਚਾਇਤਾਂ ਨੂੰ ਖੁਦ ਯੋਜਨਾਵਾਂ ਬਣਾਉਣ ਤੇ ਆਪਣੀ ਮਰਜ਼ੀ ਨਾਲ ਫੰਡ ਦੀ ਵਰਤੋਂ ਕਰਨ ਦਾ ਅਧਿਕਾਰ ਮਿਲ ਜਾਵੇ ਤਾਂ ਕਾਫੀ ਹੱਦ ਤੱਕ ਪੰਚਾਇਤੀ ਰਾਜ ਦੇ ਦੋਸ਼ਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਲੋਕਤੰਤਰੀ ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ।

-ਪਿੰਡ ਤਨੂੰਲੀ (ਹੁਸ਼ਿਆਰਪੁਰ)।

ਸਵੱਛਤਾ ਸਰਵੇਖਣ ਤਹਿਤ ਹੀ ਵਿਸ਼ੇਸ਼ ਸਫ਼ਾਈ ਪ੍ਰਬੰਧ ਕਿਉਂ?

ਸਵੱਛਤਾ ਸਰਵੇਖਣ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਫਾਈ ਪੱਖੋਂ ਅੱਵਲ ਆਉਣ ਲਈ ਸਰਵੇਖਣ ਅਧੀਨ ਆਉਣ ਵਾਲੇ ਸੂਬਿਆਂ ਨੇ ਆਪਣੇ ਸ਼ਹਿਰਾਂ ਵਿਚ ਵਿਸ਼ੇਸ਼ ਸਫਾਈ ਅਭਿਆਨ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ 'ਤੇ ਹਦਾਇਤਾਂ ਅਤੇ ਸੁਝਾਅ ਸਬੰਧੀ ਬੋਰਡ ਲਗਾਏ ਜਾ ਰਹੇ ਹਨ। ਇਲਾਕੇ ਦੀ ਆਮ ਜਨਤਾ ਨੂੰ 'ਸਵੱਛਤਾ ਐਪ' ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਰਾਹੀਂ ਗੰਦਗੀ ਵਾਲੀ ਥਾਂ ਦੀ ਸੂਚਨਾ ਦੇਣ ਉਪਰੰਤ 24 ਘੰਟਿਆਂ ਅੰਦਰ ਉਸ ਥਾਂ ਦੀ ਸਫਾਈ ਕਰਨ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ। ਸਫ਼ਾਈ ਪ੍ਰਤੀ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਪਰ ਇਹ ਉਪਰਾਲੇ ਸਵੱਛਤਾ ਸਰਵੇਖਣ ਆਉਣ 'ਤੇ ਹੀ ਕਿਉਂ? ਸ਼ਹਿਰਾਂ ਵਿਚ ਗੰਦਗੀ ਸਬੰਧੀ ਖ਼ਬਰਾਂ ਨਿੱਤ ਹੀ ਪੜ੍ਹਨ ਨੂੰ ਮਿਲਦੀਆਂ ਹਨ ਪਰ ਉਸ ਗੰਦਗੀ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ। ਛੋਟੇ-ਵੱਡੇ ਸ਼ਹਿਰਾਂ ਵਿਚ ਗੰਦਗੀ ਦੇ ਢੇਰ ਆਮ ਹੀ ਦੇਖਣ ਨੂੰ ਮਿਲਦੇ ਹਨ। ਕੂੜੇਦਾਨਾਂ ਦੇ ਬਾਹਰ ਕੂੜਾ ਖਿੱਲਰਿਆ ਰਹਿੰਦਾ ਹੈ, ਜਿਸ 'ਤੇ ਆਵਾਰਾ ਪਸ਼ੂ ਆਮ ਹੀ ਮੂੰਹ ਮਾਰਦੇ ਨਜ਼ਰ ਆਉਂਦੇ ਹਨ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਸਵੱਛਤਾ ਸਰਵੇਖਣ ਹੋਣ ਕਾਰਨ ਹੀ ਹੁਣ ਸ਼ਹਿਰਾਂ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਲੋਕਾਂ ਨੂੰ ਘਰ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਕੂੜੇਦਾਨਾਂ ਵਿਚ ਵੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਪਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਹਿਰਾਂ ਵਿਚੋਂ ਕੂੜੇ ਦੇ ਢੇਰ ਤੇਜ਼ੀ ਨਾਲ ਚੁੱਕੇ ਜਾ ਰਹੇ ਹਨ। ਆਲਾ-ਦੁਆਲਾ ਸਾਫ਼ ਦੇਖ ਮਨ ਖੁਸ਼ ਹੁੰਦਾ ਹੈ, ਕਿਉਂਕਿ ਗੰਦਗੀ ਕਾਰਨ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ, ਜੋ ਜਨਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਸਫ਼ਾਈ ਅਜੋਕੇ ਸਮੇਂ ਦੀ ਅਹਿਮ ਲੋੜ ਹੈ ਤੇ ਸਾਫ਼-ਸਫ਼ਾਈ ਰੱਖਣ ਲਈ ਸਮਾਜ ਦੇ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਪਵੇਗਾ। ਲੋਕਾਂ ਨੂੰ ਅਪੀਲ ਹੈ ਕਿ ਉਹ ਸਫਾਈ ਪ੍ਰਤੀ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਂਦੇ ਹੋਏ ਕੂੜੇ ਨੂੰ ਸਹੀ ਤਰੀਕੇ ਨਾਲ ਸਹੀ ਥਾਂ 'ਤੇ ਸੁੱਟਣ, ਤਾਂ ਜੋ ਗੰਦਗੀ ਦੇ ਨਿਪਟਾਰੇ ਵਿਚ ਦਿੱਕਤਾਂ ਨਾ ਆਉਣ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਉਹ ਸਫ਼ਾਈ ਲਈ ਉਪਰਾਲੇ ਨਿਰੰਤਰ ਹੀ ਕਰਦੀਆਂ ਰਹਿਣ ਨਾ ਕਿ ਕਿਸੇ ਸਰਵੇਖਣ ਮੌਕੇ ਹੀ ਇਹ ਉਪਰਾਲੇ ਕੀਤੇ ਜਾਣ। ਜੇਕਰ ਸਾਡਾ ਆਲਾ-ਦੁਆਲਾ ਸਵੱਛ ਰਹੇਗਾ ਤਾਂ ਹੀ ਗੰਦਗੀ ਦੇ ਘਾਤਕ ਨਤੀਜਿਆਂ ਤੋਂ ਬਚਿਆ ਜਾ ਸਕੇਗਾ।

-ਪਿੰਡ ਬਰਾਰੀ, ਨੰਗਲ ਡੈਮ (ਰੂਪਨਗਰ)।
ਮੋਬਾ: 81465-84658

ਆਵਾਰਾ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ ਨੁਕਸਾਨਦੇਹ

ਆਧੁਨਿਕੀਕਰਨ ਨੇ ਜਿੱਥੇ ਮਨੁੱਖੀ ਜੀਵਨ ਨੂੰ ਸਰਲ ਬਣਾਇਆ ਹੈ, ਉੱਥੇ ਹੀ ਮਨੁੱਖ ਦਾ ਚੈਨ ਤੱਕ ਖੋਹ ਲਿਆ ਹੈ। ਦੇਸ਼ ਦੇ ਵਿਕਾਸ ਦੇ ਨਾਲ-ਨਾਲ ਜਨਸੰਖਿਆ ਦੀ ਦਰ ਵਿਚ ਵੀ ਵਾਧਾ ਹੋਇਆ ਹੈ। ਸੜਕਾਂ 'ਤੇ ਗੱਡੀਆਂ, ਮੋਟਰਸਾਈਕਲਾਂ ਤੇ ਹੋਰ ਕਈ ਵਾਹਨਾਂ ਦੀ ਭਰਮਾਰ ਵੇਖਣ ਨੂੰ ਮਿਲਦੀ ਹੈ। ਹਰ ਕੋਈ ਆਪਣੀ ਚਾਲ ਦੌੜ ਰਿਹਾ ਹੈ। ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਜ਼ਿਦ ਇਨਸਾਨ ਨੂੰ ਮੌਤ ਦੇ ਮੂੰਹ ਵਿਚ ਲਿਜਾ ਰਹੀ ਹੈ। ਉਸ ਤੋਂ ਵੀ ਵੱਧ ਚਿੰਤਾਜਨਕ ਵਿਸ਼ਾ ਹੈ ਆਵਾਰਾ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ। ਇਹ ਅਵਾਰਾ ਪਸ਼ੂ ਅਕਸਰ ਸੜਕਾਂ 'ਤੇ ਵੇਖਣ ਨੂੰ ਮਿਲਦੇ ਹਨ, ਜੋ ਕਿ ਕਈ ਵਾਰ ਭਿਆਨਕ ਸੜਕ ਹਾਦਸਿਆਂ ਨੂੰ ਵੀ ਜਨਮ ਦਿੰਦੇ ਹਨ। ਜਦੋਂ ਕਦੇ ਇਹ ਪਸ਼ੂ ਆਪਸ ਵਿਚ ਭਿੜ ਜਾਂਦੇ ਹਨ ਤਾਂ ਸੜਕਾਂ 'ਤੇ ਮੌਜੂਦ ਕਿੰਨੀਆਂ ਹੀ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਕਈ ਵਾਰੀ ਇਸ ਦਾ ਨਤੀਜਾ ਏਨਾ ਭਿਆਨਕ ਹੁੰਦਾ ਹੈ ਕਿ ਮਾਲੀ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਵੀ ਭੁਗਤਣਾ ਪੈਂਦਾ ਹੈ, ਪਰ ਫਿਰ ਵੀ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।
ਇਹ ਆਵਾਰਾ ਪਸ਼ੂ ਸੜਕਾਂ 'ਤੇ ਕੂੜਾ-ਕਰਕਟ ਖਾ ਕੇ ਹੀ ਆਪਣਾ ਨਿਰਵਾਹ ਕਰਦੇ ਹਨ। ਪਰ ਇਨ੍ਹਾਂ ਪਸ਼ੂਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਸਹੂਲਤ ਲਈ ਪ੍ਰਸ਼ਾਸਨ ਵਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ। ਭਾਵੇਂ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਵਿਚ ਸਰਕਾਰ ਨੇ ਕੁਝ ਸੁਧਾਰ ਕੀਤੇ ਹਨ ਪਰ ਕਈ ਪਿੰਡਾਂ ਵਿਚ ਸੜਕਾਂ ਦੀ ਹਾਲਤ ਅੱਜ ਵੀ ਉਹੀ ਬਣੀ ਹੋਈ ਹੈ। ਇਨ੍ਹਾਂ ਸੜਕਾਂ 'ਤੇ ਟੋਏ ਅਤੇ ਗੱਡਿਆਂ ਦੀ ਭਰਮਾਰ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਲਈ ਨਾ ਤਾਂ ਪਿੰਡ ਦੀ ਪੰਚਾਇਤ ਹੀ ਕੋਈ ਕਦਮ ਉਠਾਉਂਦੀ ਹੈ ਤੇ ਨਾ ਹੀ ਉਸ ਪਿੰਡ ਦੇ ਲੋਕ ਹੀ ਰਲ ਕੇ ਪਿੰਡ ਵਿਚ ਸੁਧਾਰ ਲਿਆਉਣ ਲਈ ਕੋਈ ਉਪਰਾਲਾ ਕਰਦੇ ਹਨ।
ਦੂਜੇ ਪਾਸੇ ਅੱਜ ਦੀ ਨੌਜਵਾਨ ਪੀੜ੍ਹੀ ਵੀ ਹਰ ਕੰਮ ਨੂੰ ਕਰਨ ਵਿਚ ਕਾਹਲ ਦੀ ਵਰਤੋਂ ਕਰਨ ਲੱਗ ਪਈ ਹੈ। ਕਈ ਨੌਜਵਾਨ ਮੁੰਡੇ ਵਾਹਨ ਐਨੀ ਤੇਜ਼ੀ ਨਾਲ ਚਲਾਉਂਦੇ ਹਨ ਕਿ ਖ਼ੁਦ ਤਾਂ ਦੁਰਘਟਨਾ ਦਾ ਸ਼ਿਕਾਰ ਹੁੰਦੇ ਹੀ ਹਨ, ਦੂਜੇ ਨੂੰ ਵੀ ਲੈ ਬਹਿੰਦੇ ਹਨ। ਸੜਕ ਹਾਦਸਿਆਂ ਦੇ ਵਧਣ ਦਾ ਇਕ ਮੁੱਖ ਕਾਰਨ ਲੋਕਾਂ ਦੁਆਰਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਵੀ ਹੈ। ਲੋਕਾਂ ਦਾ ਬਹੁਤਾ ਹਿੱਸਾ ਅਜਿਹਾ ਹੈ, ਜੋ ਕਾਨੂੰਨ ਦੇ ਬਣਾਏ ਟ੍ਰੈਫਿਕ ਨਿਯਮਾਂ ਨੂੰ ਅਣਗੌਲਿਆਂ ਕਰਦੇ ਹੋਏ ਸੜਕਾਂ 'ਤੇ ਵਾਹਨਾਂ ਦੀ ਵਰਤੋਂ ਕਰਦਾ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਬੈਠਦਾ ਹੈ। ਸਮਾਜ ਵਿਚ ਰਹਿ ਰਹੇ ਲੋਕ ਅਤੇ ਪ੍ਰਸ਼ਾਸਨ ਦੋਵਾਂ ਨੂੰ ਹੀ ਮਿਲ ਕੇ ਸੜਕ ਹਾਦਸਿਆਂ ਨੂੰ ਕਾਬੂ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।

-ਸੰਗਰੂਰ।

ਅਲੋਪ ਹੁੰਦੀ ਜਾ ਰਹੀ ਮਨੁੱਖਤਾ

ਮਨੁੱਖ ਨੂੰ ਸਮਾਜਿਕ ਪ੍ਰਾਣੀ ਮੰਨਿਆ ਜਾਂਦਾ ਹੈ, ਇਸ ਲਈ ਮਨੁੱਖ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਧਾਰਨੀ ਹੋਣਾ ਲਾਜ਼ਮੀ ਸਮਝਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਸਮਾਜ ਨੂੰ ਚੰਗੇ ਜਾਂ ਮਾੜੇ ਦੀ ਕਸਵੱਟੀ 'ਤੇ ਤੋਲਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਮੂਲ ਆਧਾਰ ਸਮਾਜਿਕਤਾ ਨੂੰ ਹੀ ਮੰਨਿਆ ਜਾਂਦਾ ਹੈ। ਜਿਸ ਵੀ ਸਮਾਜ ਵਿਚ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਹੈ, ਉਸ ਸਮਾਜ ਵਿਚ ਮਨੁੱਖਤਾ ਆਪਣੇ-ਆਪ ਹੀ ਖ਼ਤਮ ਹੋ ਜਾਂਦੀ ਹੈ ਅਤੇ ਘਾਤਕ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ।
ਮਨੁੱਖ ਨੂੰ ਦੂਜੇ ਪ੍ਰਾਣੀਆਂ ਤੋਂ ਉਸ ਦਾ ਮਨੁੱਖਤਾ ਵਾਲਾ ਗੁਣ ਹੀ ਵੱਖ ਕਰਦਾ ਹੈ। ਪਰ ਅਫ਼ਸੋਸ! ਅੱਜਕਲ੍ਹ ਮਨੁੱਖਤਾ ਵਿਚੋਂ ਮਨੁੱਖਤਾ ਖ਼ਤਮ ਹੁੰਦੀ ਜਾ ਰਹੀ ਹੈ। ਸਮਾਜਿਕ ਵਿਗਿਆਨੀਆਂ ਦਾ ਕਥਨ ਹੈ ਕਿ ਜਦੋਂ ਕੋਈ ਸ਼ੇਰ ਆਦਮਖ਼ੋਰ ਹੋ ਜਾਂਦਾ ਹੈ ਤਾਂ ਉਹ 5-7 ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ ਜਦੋਂ ਮਨੁੱਖ ਆਦਮਖੋਰ ਹੋ ਜਾਂਦਾ ਹੈ ਤਾਂ ਸ਼ਹਿਰ ਦੇ ਸ਼ਹਿਰ, ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ ਹੈ, ਬਰਬਾਦ ਕਰ ਦਿੰਦਾ ਹੈ। ਇਤਿਹਾਸਕ ਜੰਗਾਂ-ਯੁੱਧਾਂ ਦੇ ਵਰਕੇ ਫ਼ਰੋਲ ਕੇ ਇਸ ਗੱਲ ਨੂੰ ਦਰੁਸਤੀ ਨਾਲ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਮਨੁੱਖ ਨੇ ਆਦਮਖ਼ੋਰ ਹੋ ਕੇ ਮਨੁੱਖਤਾ ਦਾ ਘਾਣ ਕੀਤਾ ਹੈ।
ਸੜਕ ਉੱਤੇ ਮਾਮੂਲੀ ਜਿਹਾ ਟਕਰਾਉਣ ਨਾਲ ਇਕ ਕਾਰ ਸਵਾਰ ਬੰਦੇ ਨੇ ਸਾਈਕਲ ਸਵਾਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਕੁਝ 'ਸਮਾਜ ਸੁਧਾਰਕਾਂ' ਨੇ ਇਕ ਗ਼ਰੀਬ ਮੰਗਤੇ (ਜਿਸ ਦੀਆਂ ਦੋਵੇਂ ਬਾਹਾਂ ਨਹੀਂ ਸਨ) ਨੂੰ ਬੁਰੀ ਤਰ੍ਹਾਂ ਕੁੱਟ ਕੇ 'ਸਮਾਜ ਸੁਧਾਰ' ਵਿਚ ਆਪਣਾ ਬਣਦਾ ਯੋਗਦਾਨ ਪਾਇਆ ਪਰ ਮਨੁੱਖਤਾ ਨੂੰ ਸ਼ਰਮਸਾਰ ਕਰਕੇ। ਇਕ ਬੰਦੇ ਨੂੰ ਚਾਰ ਬੰਦਿਆਂ ਨੇ ਪੁੱਠਾ ਕਰਕੇ ਚੁੱਕਿਆ ਅਤੇ ਪੰਜਵੇਂ 'ਮਨੁੱਖ' ਨੇ ਡਾਂਗਾਂ ਮਾਰਨ ਦੀ ਹਨੇਰੀ ਲਿਆ ਦਿੱਤੀ, ਜਿਸ ਨਾਲ ਉਹ ਬੰਦਾ ਬੇਹੋਸ਼ ਹੋ ਗਿਆ। ਇਸ ਕਾਰਨਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਰਾਹੀਂ ਸੱਭਿਅਕ ਸਮਾਜ ਨੇ ਦੇਖੀ ਅਤੇ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਆਪਣੇ ਮੋਬਾਈਲ ਫ਼ੋਨ ਵਿਚੋਂ ਹਟਾ ਵੀ ਦਿੱਤੀ।
ਇਹ ਲੋਕ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਹਨ? ਇਹ ਬਹੁਤ ਗੰਭੀਰ ਚਰਚਾ ਦਾ ਵਿਸ਼ਾ ਹੈ ਪਰ ਇਸ ਗੰਭੀਰ ਵਿਸ਼ੇ ਵੱਲ ਨਾ ਤਾਂ ਸਰਕਾਰ ਦਾ ਕੋਈ ਧਿਆਨ ਹੈ ਅਤੇ ਨਾ ਹੀ ਸਮਾਜ ਸੁਧਾਰਕਾਂ ਦਾ। ਅੱਜਕਲ੍ਹ ਹਰ ਬੰਦਾ ਆਪਣੇ ਲਾਭ ਲਈ ਭੱਜਿਆ ਫਿਰਦਾ ਹੈ। ਕਿਸੇ ਨੂੰ ਵੀ ਆਪਣੇ ਸਮਾਜ ਦਾ ਕੋਈ ਫਿਕਰ ਨਹੀਂ ਲੱਗਦਾ। ਇਸ ਲਈ ਮਨੁੱਖਤਾ ਖ਼ਾਤਮੇ ਵੱਲ ਵਧ ਰਹੀ ਹੈ।
ਸਿਆਣਿਆਂ ਦਾ ਕਥਨ ਹੈ ਕਿ ਇਸ ਸੰਸਾਰ ਵਿਚ ਸਭ ਕੁਝ ਲੱਭ ਜਾਂਦਾ ਹੈ ਪਰ ਕਿਸੇ ਵੀ ਬੰਦੇ ਨੂੰ ਆਪਣੀ ਗ਼ਲਤੀ ਨਹੀਂ ਲੱਭਦੀ। ਹਰ ਬੰਦਾ ਦੂਜੇ ਬੰਦੇ ਨੂੰ ਦੋਸ਼ ਦਿੰਦਾ ਹੈ, ਦੂਜੇ ਵਿਚ ਕਮੀ ਕੱਢਦਾ ਹੈ ਪਰ ਆਪਣੇ ਔਗੁਣਾਂ ਵੱਲ ਕਦੇ ਝਾਤੀ ਨਹੀਂ ਮਾਰਦਾ। ਬਸ, ਇਹੀ ਕਾਰਨ ਹੈ ਕਿ ਮਨੁੱਖ ਵਿਚੋਂ ਮਨੁੱਖਤਾ ਅਲੋਪ ਹੁੰਦੀ ਜਾ ਰਹੀ ਹੈ। ਜਿਸ ਸਮੇਂ ਮਨੁੱਖ ਆਪਣੇ ਔਗੁਣਾਂ ਨੂੰ ਜਾਣ ਗਿਆ, ਸਮਝ ਗਿਆ, ਉਸ ਤੋਂ ਬਾਅਦ ਉਹ ਆਪਣੇ ਔਗੁਣਾਂ ਨੂੰ ਸੁਧਾਰਨ ਵੱਲ ਕਦਮ ਪੁੱਟੇਗਾ ਪਰ ਕਦੇ ਮਨੁੱਖਤਾ ਨੂੰ ਸ਼ਰਮਸਾਰ ਨਹੀਂ ਕਰੇਗਾ। ਪਰ ਉਹ ਸਮਾਂ ਕਦੋਂ ਆਵੇਗਾ? ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।

-1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੋਨੀ, ਪਿੱਪਲੀ, ਕੁਰੂਕਸ਼ੇਤਰ।
ਮੋਬਾ: 075892-33437

ਘਰਾਂ 'ਚ ਹੁੰਦੀਆਂ ਚੋਰੀਆਂ ਇਕ ਗੰਭੀਰ ਸਮੱਸਿਆ

ਪੰਜਾਬ ਦੇ ਸ਼ਹਿਰਾਂ ਵਿਚ ਕਈ ਘਰੇਲੂ ਨੌਕਰਾਂ ਦੀ ਜਿਹੜੇ ਘਰਾਂ ਵਿਚ ਕੰਮ ਕਰਦੇ ਹਨ, ਉਸ ਘਰ ਵਿਚੋਂ ਹੀ ਚੋਰੀ ਕਰਕੇ ਨੱਸਣ ਦੀਆਂ ਵਾਰਦਾਤਾਂ ਹਰ ਰੋਜ਼ ਵਧ ਰਹੀਆਂ ਹਨ ਤੇ ਇਹ ਸਮੱਸਿਆ ਬਹੁਤ ਗੰਭੀਰ ਰੁੂਪ ਧਾਰਨ ਕਰ ਰਹੀ ਹੈ। ਇਹ ਹਰ ਵਰਗ ਦੇ ਲੋਕ ਸਹਿਣ ਕਰ ਰਹੇ ਹਨ। ਇਸ ਗੰਭੀਰ ਹੋ ਰਹੀ ਸਮੱਸਿਆ ਵਿਚ ਬੇਤਹਾਸ਼ਾ ਵਾਧਾ ਉਸ ਸਮੇਂ ਹੋ ਜਾਂਦਾ ਹੈ, ਜਦੋਂ ਚੋਰੀ ਹੋਣ ਤੋਂ ਬਾਅਦ ਲੋਕ ਇਹ ਕਹਿਣ ਤੱਕ ਜਾਂਦੇ ਹਨ ਕਿ ਉਨ੍ਹਾਂ ਨੂੰ ਆਪ ਹੀ ਪਤਾ ਨਹੀਂ ਕਿ ਇਹ ਚੋਰੀਆਂ ਕਰਨ ਵਾਲੇ ਲੋਕ ਕੌਣ ਹਨ ਤੇ ਇਹ ਲੋਕ ਕਿਥੋਂ ਆਏ ਹਨ ਤੇ ਕਦ ਉਨ੍ਹਾਂ ਨੇ ਕਿਸੇ ਦੇ ਕਹਿਣ 'ਤੇ ਉਨ੍ਹਾਂ ਨੂੰ ਕੰਮ 'ਤੇ ਰੱਖ ਲਿਆ।
ਸਮੱਸਿਆ ਉਸ ਵੇਲੇ ਗੰਭੀਰ ਬਣ ਜਾਂਦੀ ਹੈ, ਜਦੋਂ ਘਰ ਵਾਲੇ ਇਹ ਜ਼ਰੂਰੀ ਵੀ ਨਹੀਂ ਸਮਝਦੇ ਕਿ ਘਰ ਵਿਚ ਉਨ੍ਹਾਂ ਨੂੰ ਕੰਮ ਵਿਚ ਰੱਖਣ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣ ਕਿ ਇਹ ਕੌਣ ਹਨ, ਕਿਸ ਥਾਂ ਦੇ ਰਹਿਣ ਵਾਲੇ ਹਨ, ਉਨ੍ਹਾਂ ਦਾ ਪਤਾ-ਟਿਕਾਣਾ ਕੀ ਹੈ, ਉਹ ਕਿਹੜੇ ਰਾਜਾਂ ਤੋਂ ਆਏ ਹਨ, ਉਨ੍ਹਾਂ ਦਾ ਗਲੀ-ਮੁਹੱਲਾ, ਜ਼ਿਲ੍ਹਾ ਕਿਹੜਾ ਹੈ? ਬਾਹਰਲੇ ਰਾਜ ਦਾ ਪਤਾ ਟਿਕਾਣਾ ਪਤਾ ਹੋਣਾ ਤਾਂ ਦੂਰ ਦੀ ਗੱਲ ਹੈ, ਬਹੁਤੀਆਂ ਹਾਲਤਾਂ ਵਿਚ ਤਾਂ ਲੋਕਾਂ ਨੂੰ ਉਨ੍ਹਾਂ ਦੇ ਸਥਾਨਕ ਸਿਰਨਾਵੇਂ ਦਾ ਪਤਾ-ਟਿਕਾਣਾ ਵੀ ਪਤਾ ਨਹੀਂ ਹੁੰਦਾ।
ਉਨ੍ਹਾਂ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਖਿਸਕ ਜਾਂਦੀ ਹੈ, ਜਦੋਂ ਘਰ ਵਿਚ ਇਸ ਗੱਲ ਦਾ ਰੌਲਾ ਪੈ ਜਾਂਦਾ ਹੈੈ ਕਿ ਘਰੇਲੂ ਨੌਕਰਾਂ ਨੇ ਤਾਂ ਸਫਾਈ ਹੁਣ ਕੀ ਕਰਨੀ ਹੈ, ਉਹ ਤਾਂ ਸਾਰੇ ਗਹਿਣੇ ਤੇ ਧਨ ਦੀ ਸਫਾਈ ਕਰਕੇ ਤੇ ਸਭ ਕੁਝ ਲੁੱਟ ਕੇ ਲੈ ਗਏ ਹਨ। ਘਰੇਲੂ ਚੋਰੀਆਂ ਵੀ ਹੁਣ ਕਈ ਕਿਸਮਾਂ ਦੀਆਂ ਹੋ ਗਈਆਂ ਹਨ। ਕਈ ਵਾਰੀ ਹਿੰਸਾਮਈ ਘਟਨਾਵਾਂ ਵੀ ਇਸ ਨਾਲ ਜੁੜ ਜਾਂਦੀਆਂ ਹਨ, ਅਜਿਹੀਆਂ ਘਟਨਾਵਾਂ ਵਿਚ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।
ਇਸ ਦਿਨੋ-ਦਿਨ ਗੰਭੀਰ ਹੋ ਰਹੀ ਸਮੱਸਿਆ ਵੱਲ ਲੋੜੀਂਦਾ ਧਿਆਨ ਕਦੇ ਦਿੱਤਾ ਹੀ ਨਹੀਂ ਗਿਆ। ਜਦੋਂ ਪੁਲਿਸ ਰਿਪੋਰਟ ਲਿਖਵਾਉਣ ਲਈ ਲੋਕ ਥਾਣੇ ਜਾਂਦੇ ਹਨ ਤਾਂ ਪੁਲਿਸ ਵਾਲੇ ਸਦਾ ਆਪਣਾ ਪੱਲਾ ਝਾੜਨ ਤੱਕ ਜਾਂਦੇ ਹਨ, ਇਹ ਕਹਿੰਦੇ ਹਨ ਕਿ ਦੂਸਰੇ ਰਾਜਾਂ ਵਿਚ ਜਾ ਕੇ ਘਰੇਲੂ ਨੌਕਰ ਦਾ ਪਤਾ-ਟਿਕਾਣਾ ਲੈਣਾ ਬਹੁਤ ਮੁਸ਼ਕਿਲ ਕੰਮ ਹੈ।
ਇਸ ਤਰ੍ਹਾਂ ਘਰੇਲੂ ਨੌਕਰ ਜਿਹੜਾ ਤੁਹਾਡੀਆਂ ਸਭ ਤੋਂ ਕੀਮਤੀ ਵਸਤਾਂ ਲੈ ਕੇ ਰਫੂ-ਚੱਕਰ ਹੋ ਗਿਆ ਹੈ, ਉਸ ਪ੍ਰਤੀ ਬੇਪ੍ਰਵਾਹੀ ਵਾਲਾ ਵਤੀਰਾ ਧਾਰਨ ਕਰਨਾ ਤੇ ਆਪਣੀ ਧਨ ਰਾਸ਼ੀ ਗੁਆ ਲੈਣੀ ਇਕ ਭਾਰੀ ਭੁੱਲ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਘਰ ਵਿਚ ਵਰਤੋਂ ਬਹੁਤ ਕਾਰਗਰ ਹੋ ਸਕਦੀ ਹੈ। ਜਿਥੋਂ ਤੱਕ ਸੰਭਵ ਹੋ ਸਕੇ, ਸਰਕਾਰ ਵਲੋਂ ਪ੍ਰਵਾਨਿਤ ਏਜੰਸੀਆਂ ਤੋਂ ਹੀ ਨੌਕਰਾਂ ਦੀ ਨਿਯੁਕਤੀ ਕੀਤੀ ਜਾਵੇ। ਸਰਕਾਰ ਨਵੀਂ ਤਕਨੀਕ ਰਾਹੀਂ ਇਕ ਨੈੱਟਵਰਕ ਤਿਆਰ ਕਰੇ, ਜਿਥੇ ਦੂਸਰੇ ਰਾਜਾਂ ਤੋਂ ਆਏ ਨੌਕਰਾਂ ਦਾ ਪਤਾ-ਟਿਕਾਣਾ ਲੱਭਣਾ ਸੰਭਵ ਹੋ ਸਕੇ।

-274 ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX