ਤਾਜਾ ਖ਼ਬਰਾਂ


ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  7 minutes ago
ਨਵੀਂ ਦਿੱਲੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਅਪ੍ਰੈਲ ਨੂੰ ਵਾਰਾਨਸੀ 'ਚ ਨਾਮਜ਼ਦਗੀ ਭਰਨ ਤੋਂ ਪਹਿਲਾ ਰੋਡ ਸ਼ੋਅ ਕੱਢਣਗੇ। ਇਹ ਰੋਡ ਸ਼ੋਅ ਕਰੀਬ 7 ਕਿੱਲੋਮੀਟਰ ਲੰਬਾ ਹੋਵੇਗਾ। ਇਸ ਦੌਰਾਨ ਭਾਜਪਾ ਦੇ 52 ਵੱਡੇ ਨੇਤਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਦੀ ਪ੍ਰਕਿਰਿਆ 11 ਵੱਜ ਕੇ 30 ਮਿੰਟ...
ਅੱਜ ਦਾ ਵਿਚਾਰ
. . .  23 minutes ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਗਾਜਰ ਚੋਰ

ਖਚਾਖਚ ਭਰੀ ਅਦਾਲਤ | ਪੁਲਸੀਏ ਨੇ ਇਕ ਵੀਹ-ਬਾਈ ਸਾਲ ਦੇ ਮੰੁਡੇ ਨੂੰ ਅੱਗੇ ਕਰਕੇ ਪੇਸ਼ ਕੀਤਾ | ਮੰੁਡੇ ਦੇ ਹੱਥ ਛੇ-ਸੱਤ ਇੰਚ ਲੰਮੀ ਗਾਜਰ ਫੜੀ ਹੋਈ ਸੀ | ਮੰੁਡਾ ਗਾਜਰ ਨੂੰ ਦੋਹਰੀ ਕਰਨ ਦੀ ਕੋਸ਼ਿਸ਼ ਵਿਚ ਹਿਲਾ ਰਿਹਾ ਸੀ | ਗਾਜਰ ਢਿੱਲੀ ਪੈ ਚੁੱਕੀ ਸੀ |
'ਇਹ...' ਸਾਹਮਣੇ ਤੋਂ ਜੱਜ ਸਾਹਿਬ ਦੀ ਆਵਾਜ਼ |
'ਇਹ ਜੀ ਗਾਜਰ ਚੋਰ...' ਮੰਡੀ 'ਚੋਂ ਗਾਜਰਾਂ ਚੋਰੀ ਕਰਦਾ ਫੜਿਆ ਗਿਆ | ਆਹ ਦੇਖੋ ਇਕ ਗਾਜਰ ਅਜੇ ਵੀ ਇਹਦੇ ਹੱਥ ਵਿਚ ਫੜੀ ਹੋਈ ਹੈ |
'ਗਾਜਰ ਚੋਰ...?'
'ਜੀ...'
'ਕਦੋਂ ਫੜਿਆ...?'
'ਕੱਲ੍ਹ ਸ਼ਾਮ ਦਾ ਫੜਿਆ | ਆਪਣੀ ਮੰਡੀ ਵਿਚੋਂ | ਪੁਲਸੀਆ ਅੱਗੇ ਤੋਂ ਬੋਲਿਆ |
'ਰਾਤ...?'
'ਰਾਤ ਸਾਡੇ ਕੋਲ ਸੀ... ਆਹ ਦੇਖੋ ਚੋਰੀ ਦੀ ਗਾਜਰ ਅਜੇ ਵੀ ਇਸ ਦੇ ਹੱਥ ਵਿਚ ਫੜੀ ਹੋਈ ਹੈ |'
'ਜੱਜ ਨੇ ਮੰੁਡੇ ਵੱਲ ਵੇਖਿਆ | ਮੰੁਡਾ ਗਾਜਰ ਨੂੰ ਦੋਵਾਂ ਸਿਰਿਆਂ ਤੋਂ ਫੜ ਕੇ ਦੋਹਰੀ ਕਰਨ ਦੀ ਖੇਡ ਖੇਡ ਰਿਹਾ ਸੀ, ਉਹ ਗਾਜਰ ਨੂੰ ਟੁੱਟਣ ਵੀ ਨਹੀਂ ਸੀ ਦੇ ਰਿਹਾ, ਗਾਜਰ ਮਜ਼ਬੂਤ ਸੀ... |'
'ਕਿੰਨੀਆਂ ਗਾਜਰਾਂ ਚੋਰੀ ਕੀਤੀਆਂ... ਇਸ ਨੇ ਸਿਰਫ਼ ਇਕ ਗਾਜਰ...?'
'ਨਹੀਂ ਜੀ ਗਾਜਰਾਂ ਤਾਂ ਹੋਰ ਵੀ ਸੀ ਪਰ ਇਕ ਗਾਜਰ ਇਸ ਨੇ ਆਪਣੇ ਕੋਲ ਰੱਖੀ ਹੋਈ ਹੈ | ਛੱਡ ਹੀ ਨਹੀਂ ਰਿਹਾ |'
'ਕਿਉਂ ਓਏ ਗਾਜਰ ਚੋਰੀ ਕੀਤੀ', ਜੱਜ ਸਾਹਿਬ ਨੇ ਮੰੁਡੇ ਵੱਲ ਦੇਖ ਕੇ ਕਿਹਾ |
'ਨਹੀਂ ਜਨਾਬ ਗਾਜਰ ਚੋਰੀ ਨਹੀਂ ਕੀਤੀ |'
'ਫਿਰ...?'
'ਇਹ ਚੋਰੀ ਦੀ ਗਾਜਰ ਨਹੀਂ | ਇਹ ਖੋਹੀ ਹੈ,' ਮੰੁਡਾ ਬੋਲਿਆ |
'ਖੋਹੀ ਹੋਈ ਗਾਜਰ', ਜੱਜ ਸਾਹਿਬ ਚੌਾਕੇ |
'ਕਿਉਂ ਬਈ ਤੂੰ ਕਹਿੰਨਾ ਗਾਜਰ ਚੋਰੀ ਕੀਤੀ, ਉਹ ਕਹਿੰਦਾ ਗਾਜਰ ਖੋਹੀ ਹੈ | ਇਹ 'ਲੁੱਟ, ਖੋਹ, ਚੋਰੀ' ਦਾ ਕੀ ਮਾਮਲਾ ਹੈ | ਤੁਹਾਨੂੰ ਠੀਕ ਧਾਰਾ ਨਹੀਂ ਲਾਉਣੀ ਆਉਂਦੀ', ਜੱਜ ਸਾਹਿਬ ਫਿਰ ਕੜਕੇ |
'ਜੀ...', ਪੁਲਸੀਆ ਚੁੱਪ ਰਿਹਾ | ਸਿਰਫ਼ ਜੀ ਹੀ ਕਿਹਾ |
'ਕਿਉਂ ਓਏ ਕੀ ਮਾਜਰਾ? ਤੂੰ ਗਾਜਰ ਚੋਰੀ ਕੀਤੀ? ਤੂੰ ਝੂਠ ਬੋਲਦਾਂ..', ਜੱਜ ਸਾਹਿਬ ਨੇ ਮੰੁਡੇ ਵੱਲ ਘੂਰ ਕੇ ਦੇਖਿਆ |
'ਨਹੀਂ ਜਨਾਬ ਮੈਂ ਗਾਜਰ ਚੋਰ ਨਹੀਂ ਹਾਂ | ਇਹ ਮੈਂ ਪਹਿਲੀ ਵਾਰ ਸੁਣਿਆ | ਕੱਲ੍ਹ ਦਾ ਜਦੋਂ ਦਾ ਮੈਨੂੰ ਪੁਲਿਸ ਵਾਲਿਆਂ ਫੜਿਆ ਉਦੋਂ ਦੇ ਹੀ ਮੈਨੂੰ ਮਾਂ..., ਭੈਣ..., ਕਹਿ ਰਹੇ ਹਨ | ਹੁਣ ਇਥੇ ਜਨਾਬ ਦੇ ਸਾਹਮਣੇ 'ਭੈਣ.... ਮਾਂ.... ਨਾ ਕਹਿ ਕੇ ਨਵਾਂ ਨਾਂਅ ਗਾਜਰ ਚੋਰ ਰੱਖ ਦਿੱਤਾ ਹੈ, ਮੈਂ ਗਾਜਰ ਚੋਰੀ ਨਹੀਂ ਕੀਤੀ, ਮੈਂ ਤਾਂ ਗਾਜਰ ਖੋਹੀ ਹੈ', ਮੰੁਡਾ ਡੁਸਕਿਆ |
'ਤੈਨੂੰ ਪਤਾ ਗਾਜਰ ਖੋਹਣੀ ਵੀ ਜੁਰਮ ਹੈ', ਜੱਜ ਨੂੰ ਮੰੁਡੇ ਦੇ ਡੁਸਕਣ 'ਤੇ ਤਰਸ ਜਿਹਾ ਆਇਆ |
'ਇਹ ਗਾਜਰ ਫੜ ਲੈ ਇਸ ਕੋਲੋਂ', ਪੁਲਸੀਏ ਨੂੰ ਆਖਿਆ ਜੱਜ ਸਾਹਿਬ ਨੇ | ਮੰੁਡੇ ਨੇ ਉਹ ਗਾਜਰ ਪੁਲਸੀਏ ਵੱਲ ਫੜਾ ਦਿੱਤੀ | ਉਹ ਗਾਜਰ ਵੱਲ ਦੇਖਦਾ ਰਿਹਾ | ਸ਼ਾਇਦ ਜੱਜ ਸਾਹਿਬ ਨੂੰ ਡਰ ਸੀ ਕਿ ਮੰੁਡਾ ਗਾਜਰ ਮਾਰ ਨਾ ਦੇਵੇ |
'ਕੀ ਕਹਾਣੀ ਹੈ?' ਸੱਚ ਦੱਸ ਜੱਜ ਨੇ ਫਾਈਲ ਏਧਰ-ਉਧਰ ਕਰਦਿਆਂ ਕਿਹਾ |
ਫਿਰ ਗਾਜਰ ਕਿਥੋਂ ਆਈ...?
'ਜਨਾਬ ਗਾਜਰ ਤਾਂ ਜ਼ਮੀਨ ਵਿਚੋਂ ਆਈ, ਫਿਰ ਸਬਜ਼ੀ ਵਾਲੇ ਦੀ ਦੁਕਾਨ 'ਤੇ ਆਪਣੀ ਮੰਡੀ ਵਿਚ ਆਈ | ਮੈਂ ਤਾਂ ਕੂੜਾ ਕਰਕਟ ਵਿਚ ਸੁੱਟੀਆਂ ਬਚੀਆਂ-ਖੁਚੀਆਂ, ਗਲੀਆਂ-ਸੜੀਆਂ ਸਬਜ਼ੀਆਂ ਦੇ ਢੇਰ ਵਿਚੋਂ ਛਾਂਟੀ ਕਰ ਰਿਹਾ ਸੀ ਕਿ ਕੋਈ ਵੀ ਸਬੂਤਾ ਪੀਸ ਮਿਲ ਜਾਵੇ | ਘਰ ਦਾ ਡੰਗ ਸਰ ਜਾਵੇ | ਨਾਲ ਵਾਲੀ ਦੁਕਾਨ 'ਤੇ ਰੌਲਾ ਪੈ ਰਿਹਾ ਸੀ... ਟੈਂ...ਟੈਂ...ਟੈਂ... ਕਿਸੇ ਆ ਕੇ ਪੁੱਛਿਆ, 'ਮੂਲੀ'? 'ਮੂਲੀ' ਦਸ ਦੀ ਡੇਢ ਕਿਲੋ, ਦੋ ਕਿਲੋ ਲਾ ਲਾ ਦਸ ਦੀ, ਗਾਹਕ ਬੋਲਿਆ |
'ਦੋ ਨਾ ਲਗਦੀ, ਮੁਫ਼ਤ ਦੀ ਨਾ ਆਈ, ਦੋ ਲਾ-ਲਾ ਆ ਜਾਂਦੇ ਮੰੂਹ ਚੱਕ ਕੇ |'
ਗਾਹਕ ਮੂਲੀ ਛਾਂਟਣ ਲੱਗਾ | ਉਸ ਨੇ ਇਕ ਮੂਲੀ ਨਾਲੋਂ ਪੱਤੇ ਤੋੜ ਕੇ ਅਲੱਗ ਕੀਤੇ ਤਾਂ ਸਬਜ਼ੀ ਵਾਲਾ ਚਿੜ ਗਿਆ | ਬਾਬੂ ਆਹ ਪੱਤਿਆਂ ਸਮੇਤ ਮੂਲੀ ਆਈ ਤੇ ਪੱਤਿਆਂ ਸਮੇਤ ਜਾਣੀ | ਲੈਣੀ ਲੈ ਨਹੀਂ ਜਾਹ ਤੁਰਦਾ ਲੱਗ... ਗਾਹਕ ਮੂਲੀਆਂ ਛੱਡ ਕੇ ਚਲਾ ਗਿਆ | ਸਬਜ਼ੀ ਵਾਲੇ ਨੇ ਮੂਲੀਆਂ ਦੁਬਾਰਾ ਚਿਣ ਕੇ ਰੱਖੀਆਂ | ਉਹ ਹੋਕਾ ਦੇਣ ਲੱਗਾ 'ਲੈ ਜਾਓ ਲੈ ਜਾਓ ਤਾਜ਼ਾ ਮਾਲ, ਤਾਜ਼ੀ ਮੂਲੀ, ਤਾਜ਼ੀ ਗਾਜਰ, ਗੋਭੀ, ਆਲੂ, ਅਦਰਕ |'
ਫਿਰ ਪਤਾ ਨਹੀਂ ਅਚਾਨਕ ਸਬਜ਼ੀ ਵਾਲੇ ਨੂੰ ਕੀ ਹੋਇਆ, ਉਹ ਰੌਲਾ ਪਾਉਣ ਲੱਗਾ, 'ਬਚਾਓ ਬਚਾਓ ਬਚਾਓ, ਆਹ ਮੂਲੀ ਚੋਰ ਆ ਗਏ, ਮੂਲੀ ਚੋਰਾਂ ਤੋਂ ਬਚੋ... ਆ ਗਏ ਜੇ ਮੂਲੀ ਚੋਰ... ਮੂਲੀ ਚੋਰ... ਦੌੜੋ-ਦੌੜੋ...', ਉਹ ਸ਼ੋਰ ਪਾਉਣ ਤੋਂ ਹਟ ਗਿਆ |
ਦੋ-ਤਿੰਨ ਹੱਟੇ-ਕੱਟੇ ਨੌਜਵਾਨ ਹੱਥ ਵਿਚ ਦੋ-ਤਿੰਨ ਬੋਰੇ | ਉਨ੍ਹਾਂ ਹਰ ਸਬਜ਼ੀ 'ਚੋਂ ਕਿਲੋ-ਕਿਲੋ ਦੋ-ਦੋ ਕਿਲੋ ਸਬਜ਼ੀ ਬੋਰੀ ਵਿਚ ਪਾਈ, ਉਹ ਤੁਰਦੇ ਬਣੇ | ਸਬਜ਼ੀ ਵਾਲਾ ਕੁਝ ਨਾ ਬੋਲਿਆ | ਉਹ ਜ਼ਰਾ ਕੁ ਨਾਲ ਦੀ ਫੜ੍ਹੀ ਵਾਲੇ ਵੱਲ ਹੋਏ ਤਾਂ ਉਸ ਨੇ ਹੋਕਾ ਦੇਣਾ ਚਾਲੂ ਕਰ ਦਿੱਤਾ | ਬਚਕੇ ਬਚ ਕੇ ਆ ਗਏ ਮੂਲੀ ਚੋਰ ਆ ਗਏ, ਮੂਲੀ ਚੋਰ ਮੂਲੀ ਚੋਰ... ਲੈ ਜਾਓ ਹੋਰ ਮੂਲੀ ਚੋਰ |' ਸਬਜ਼ੀ ਵਾਲਾ ਮੂਲੀ ਚੋਰਾਂ ਦੀ ਪਿੱਠ ਵੇਖ ਰਿਹਾ ਸੀ ਏਧਰ ਦੂਜੇ ਪਾਸੇ ਤੋਂ ਇਕ ਗਾਂ ਆਈ | ਗਾਂ ਰੁਕੀ ਉਸ ਨੇ ਗਾਜਰਾਂ ਦੇ ਪੱਤਿਆਂ ਨੂੰ ਮੰੂਹ ਮਾਰਿਆ | ਗਾਜਰਾਂ ਦੇ ਪੱਤੇ ਉਸ ਦੇ ਮੰੂਹ ਵਿਚ ਆ ਗਏ | ਉਹ ਅੱਗੇ ਤੁਰ ਪਈ | ਛੇ-ਸੱਤ ਗਾਜਰਾਂ ਗਾਂ ਦੇ ਮੰੂਹ 'ਚੋਂ ਬਾਹਰ ਡਿੱਗ ਪਈਆਂ, ਗਾਜਰਾਂ ਦੇ ਪੱਤੇ ਗਾਂ ਦੇ ਮੰੂਹ ਵਿਚ ਸਨ, 'ਬਚਾਓ ਬਚਾਓ...' ਸਬਜ਼ੀ ਵਾਲੇ ਫਿਰ ਰੌਲਾ ਪਾਇਆ | ਗਾਂ ਸਰਕਾਰੀ ਸੀ, ਗਾਂ ਦੇ ਮੰੂਹ 'ਚੋਂ ਗਾਜਰ ਖੋਹਣ ਦੀ ਹਿੰਮਤ ਨਾ ਪਈ ਜਨਾਬ | ਸਾਰੇ ਖੜ੍ਹੇ ਦੇਖਦੇ ਰਹੇ ਆਸ-ਪਾਸ ਵਾਲੇ | ਆਪਣੀਆਂ ਸਬਜ਼ੀਆਂ ਦੇ ਬਚਾਅ ਲਈ ਅੱਗੇ ਆ ਗਏ, ਰੌਲਾ ਪੈ ਰਿਹਾ ਸੀ | ਮੈਂ ਹੌਸਲਾ ਕੀਤਾ ਗਾਂ ਦੇ ਮੰੂਹ ਵਿਚੋਂ ਗਾਜਰਾਂ ਫੜ ਲਈਆਂ | ਦੋ-ਤਿੰਨ ਗਾਜਰਾਂ ਹੇਠਾਂ ਡਿਗੀਆਂ | ਦੋ-ਤਿੰਨ ਗਾਜਰਾਂ ਗਾਂ ਖਾ ਗਈ ਤੇ ਆਹ ਇਕ ਗਾਜਰ ਮੇਰੇ ਕੋਲ ਬਚੀ, ਇਹ ਮੈਂ ਗਾਂ ਦੇ ਮੰੂਹ ਵਿਚੋਂ ਖੋਹੀ ਸੀ | ਕਿੰਨਾ ਘੋਰ ਅਨਿਆਂ, ਪੁਲਿਸ ਵਾਲਿਆਂ ਮੈਨੂੰ ਫੜ ਲਿਆ 'ਨਾ ਮੂਲੀ ਚੋਰਾਂ ਨੂੰ ਕੁਝ ਆਖਿਆ ਨਾ ਸਰਕਾਰੀ ਗਾਂ ਨੂੰ ਕੁਝ ਆਖਿਆ |' ਗਾਜਰ ਚੋਰ ਮੰੁਡੇ ਬੋਲਦਾ-ਬੋਲਦਾ ਰੁਕ ਗਿਆ |
'ਆਹ ਮੂਲੀ ਚੋਰ ਕੌਣ ਹਨ?' ਜੱਜ ਸਾਹਿਬ ਨੇ ਪੁਲਸੀਏ ਨੂੰ ਪੁੱਛਿਆ |
'ਜਨਾਬ ਹੈਗੇ ਇਹ ਵੀ ਸਰਕਾਰੀ ਬੰਦੇ ਨੇ |'
'ਸਰਕਾਰੀ ਬੰਦੇ ਸਰਕਾਰੀ ਗਾਂ', ਗਾਜਰ ਚੋਰ ਕੀ ਕੇਸ ਲਿਆਇਆਂ ਨੈਬ ਕੋਰਟ ਇਹ ਅਦਾਲਤ ਹੈ, ਮੈਨੂੰ ਮੂਲੀ ਚੋਰਾਂ ਬਾਰੇ ਦੱਸ?'
'ਹਾਂ ਸਰ ਇਹ ਕਮੇਟੀ ਵਾਲਿਆਂ ਦੇ ਬੰਦੇ ਹਨ, ਹਰ ਫੜ੍ਹੀ ਵਾਲੇ ਕੋਲ ਜਾਂਦੇ ਹਨ, ਉਥੋਂ ਉਨ੍ਹਾਂ ਕਿਲੋ-ਕਿਲੋ, ਦੋ ਕਿਲੋ ਹਰ ਸਬਜ਼ੀ ਚੁੱਕਣੀ ਹੈ, ਬੋਰੀ ਵਿਚ ਪਾਉਣੀ ਹੈ, ਜਿਵੇਂ ਮੂਲੀਆਂ 'ਚੋਂ ਮੂਲੀਆਂ ਚੁੱਕੀਆਂ, ਮੂਲੀਆਂ ਵਾਲੇ ਲਈ ਉਹ ਮੂਲੀ ਚੋਰ ਹਨ | ਗੋਭੀ ਵਾਲੇ ਲਈ ਉਹ ਗੋਭੀ ਚੋਰ ਹਨ | ਫੜ੍ਹੀ ਵਾਲੇ ਵਿਚਾਰੇ ਰੌਲਾ ਪਾਉਂਦੇ ਹਨ, ਬਚਾਓ ਬਚਾਓ, ਲੈ ਜੋ ਲੈ ਜੋ |'
'ਇਹ ਫਿਰ ਮੂਲੀ ਚੋਰ ਇਕੱਠੀ ਕੀਤੀ ਸਬਜ਼ੀ ਦਾ ਕੀ ਕਰਦੇ ਹਨ?'
'ਜਨਾਬ ਇਹ ਸੈਕਟਰੀ ਸਾਹਿਬ ਦੱਸ ਸਕਦੇ ਹਨ, ਬਾਹਰ ਖੜ੍ਹੇ ਹਨ |'
'ਅੰਦਰ ਬੁਲਾਓ ਉਨ੍ਹਾਂ ਨੂੰ ', ਅਦਾਲਤ ਨੇ ਹੁਕਮ ਕੀਤਾ |
'ਸੈਕਟਰੀ ਸਾਹਿਬ ਅੰਦਰ ਆਏ', ਸੈਕਟਰੀ ਸਾਹਬ ਇਹ ਗਾਜਰ ਚੋਰ, ਮੂਲੀ ਚੋਰ, ਗੋਭੀ ਚੋਰ, ਕੀ ਮਾਮਲਾ ਹੈ | ਇਹ ਸਰਕਾਰੀ ਗਾਂ ਕਿਹੜੇ ਮਹਿਕਮੇ ਦੀ ਹੈ | ਏਨੀ ਸਬਜ਼ੀ ਦਾ ਕੀ ਕਰਦੇ ਜੇ?'
'ਜਨਾਬ ਇਹ ਸਾਰੇ ਨਾਂਅ ਤਾਂ ਪੁਲਿਸ ਵਾਲਿਆਂ ਦਿੱਤੇ ਜੇ, ਅਸੀਂ ਗੰਦ-ਮੰਦ ਨਾ ਬਕਦੇ ਹਾਂ ਨਾ ਖਾਂਦੇ | ਜਨਾਬ ਅਸੀਂ ਹੁਕਮ ਵਜਾਉਂਦੇ ਹਾਂ | ਸਾਡੇ ਕੋਲ ਪੁਲਿਸ ਲਾਈਨ ਤੋਂ ਵਗਾਰ ਦਾ ਹੁਕਮ ਆਉਂਦਾ ਹੈ | ਕੀ-ਕੀ ਕਿਸ-ਕਿਸ ਅਧਿਕਾਰੀ ਦੇ ਭੇਜਣਾ ਹੈ | ਮੂਲੀ, ਗੋਭੀ, ਗਾਜਰ, ਧਨੀਆ, ਪੁਦੀਨਾ, ਲਸਣ, ਪਿਆਜ.... ਅਸੀਂ ਉਹ ਡਿਮਾਂਡ ਅਨੁਸਾਰ ਭੇਜ ਦਿੰਦੇ ਹਾਂ... ਬਸ |'
'ਆਹ ਦੇਖੋ ਮੰੁਡੇ ਨੇ ਸਰਕਾਰੀ ਗਾਂ ਦੇ ਮੰੂਹ ਵਿਚੋਂ ਗਾਜਰ ਖੋਹੀ ਹੈ, ਇਹ ਇਸ ਨੇ ਸਰਕਾਰ ਦੀ ਚੋਰੀ ਕੀਤੀ ਹੈ ਕਿ ਸਬਜ਼ੀ ਵਾਲੇ ਦੀ...', ਅਦਾਲਤ ਨੇ ਪੁੱਛਿਆ |
ਸੈਕਟਰੀ ਸਾਹਿਬ ਕੁਝ ਨਾ ਬੋਲੇ... ਉਸ ਨੇ ਗਾਜਰ ਚੋਰ ਮੰੁਡੇ ਵੱਲ ਦੇਖਿਆ | ਮੰੁਡੇ ਨੇ ਗਾਜਰ ਸੈਕਟਰੀ ਵੱਲ ਤਾਣ ਲਈ | ਫਿਰ ਉਸ ਨੇ ਤਾਣੀ ਹੋਈ ਗਾਜਰ ਵਾਪਸ ਕਰ ਲਈ, ਉਹ ਗਾਜਰ ਨੂੰ ਦੋਵਾਂ ਸਿਰਿਆਂ ਤੋਂ ਫੜ ਕੇ ਘੰੁਮਾਉਣ ਲੱਗਾ |
'ਸਰਕਾਰੀ ਗਾਂ ਦੇ ਮੰੂਹ 'ਚੋਂ ਖੋਹੀ ਗਾਜਰ ਤਾਂ ਸਰਕਾਰੀ ਹੋਈ ਜਨਾਬ, ਬਾਕੀ ਫੈਸਲਾ ਤਾਂ ਜਨਾਬ ਅਦਾਲਤ ਦੇ ਹੱਥ', ਸੈਕਟਰੀ ਡਰ ਜਿਹਾ ਗਿਆ |
'ਤੁਸੀਂ ਕਦੀ ਸੋਚਿਆ ਜਦ ਮੰੁਡੇ ਨੇ ਗਾਂ ਤੋਂ ਗਾਜਰ ਖੋਹੀ ਹੋਵੇਗੀ, ਗਾਂ ਇਸ ਮੰੁਡੇ ਦੇ ਪੇਟ 'ਚ ਸਿੰਗ ਵੀ ਮਾਰ ਸਕਦੀ ਸੀ, ਕੀਹਨੇ ਦਰਜ ਕੀਤੀ ਇਹ ਐਫ.ਆਈ.ਆਰ. |'
ਚੁੱਪ ਜਿਹੀ ਛਾ ਗਈ, ਉਸ ਗਾਜਰ ਚੋਰ ਦੇ ਹੱਥੋਂ ਗਾਜਰ ਹੇਠਾਂ ਡਿੱਗ ਪਈ | ਉਸ ਨੇ ਹੇਠਾਂ ਤੋਂ ਡਿਗੀ ਹੋਈ ਗਾਜਰ ਫਿਰ ਚੁੱਕ ਲਈ | ਉਸ ਨੇ ਗਾਜਰ ਨੂੰ ਦੂਸਰੇ ਹੱਥ ਨਾਲ ਸਾਫ਼ ਕੀਤਾ | ਜਿਵੇਂ ਗਾਜਰ ਹੀ ਉਸ ਦਾ ਸਭ ਕੁਝ ਹੋਵੇ | ਇਕ ਹੋਰ ਪੁਲਸੀਏ ਨੇ ਜੱਜ ਸਾਹਿਬ ਦੇ ਕੰਨ ਵਿਚ ਆ ਕੇ ਕੁਝ ਆਖਿਆ | ਜੱਜ ਸਾਹਿਬ ਨੇ ਸਾਹਮਣੇ ਦੀਵਾਰ 'ਤੇ ਲਮਕਦੀ ਘੜੀ ਵੱਲ ਦੇਖਿਆ | ਫਿਰ ਬੋਲੇ, 'ਓ ਲੰਚ ਹੋ ਗਿਆ, ਪਤਾ ਹੀ ਨਹੀਂ ਲੱਗਿਆ...ਰੱਖੋ ਇਹਨੂੰ ਲੰਚ ਤੋਂ ਬਾਅਦ ਦੇਖਦੇ ਹਾਂ | ਜਿਸ ਨੇ ਐਫ.ਆਈ.ਆਰ. ਲਿਖਵਾਈ ਉਸ ਨੂੰ ਵੀ ਬੁਲਾਓ... |'
ਏਨਾ ਕਹਿ ਜੱਜ ਸਾਹਿਬ ਘਰ ਲੰਚ ਲਈ ਚਲੇ ਗਏ | ਡਾਈਨਿੰਗ ਟੇਬਲ 'ਤੇ ਖਾਣਾ ਲੱਗਿਆ ਪਿਆ ਸੀ | ਸਬਜ਼ੀਆਂ ਮਹਿਕ ਰਹੀਆਂ ਸਨ, ਮੈਡਮ ਜੱਜ ਸਾਹਿਬਾ ਇੰਤਜ਼ਾਰ ਕਰ ਰਹੀ ਸੀ | ਖਾਣੇ ਲਈ ਜੱਜ ਸਾਹਿਬ ਬੈਠ ਗਏ | ਹੱਥ ਸਾਫ਼ ਕੀਤੇ | ਚਮਚ ਚੁੱਕ ਕੇ ਦਾਲ, ਸਬਜ਼ੀ ਅਤੇ ਦਹੀਂ ਵਿਚ ਫੇਰਨ ਲੱਗੇ | ਪਹਿਲਾਂ ਸਲਾਦ ਚੁੱਕਿਆ, ਮੂਲੀ ਚੋਰ, ਗਾਜਰ ਚੋਰ, ਪਿਆਜ, ਚੋਰ' ਗੋਭੀ ਚੋਰ, ਦਹੀਂ ਚੋਰ, ਦਾਲ ਚੋਰ, ਉਹ ਚੋਰ-ਚੋਰ ਉਚਰਦੇ ਗਏ ਆਪਣੀ ਕਟੋਰੀ ਵਿਚ ਸਬਜ਼ੀ ਪਾਉਂਦੇ ਗਏ | ਇਹ 'ਰੋਟੀ ਚੋਰ' ਉਨ੍ਹਾਂ ਫੁਲਕਾ ਚੁੱਕ ਕੇ ਆਪਣੀ ਪਲੇਟ ਵਿਚ ਰੱਖਿਆ |
ਜੱਜ ਸਾਹਿਬ ਦੀ ਪਤਨੀ ਇਹ ਸਭ ਦੇਖਦੀ ਰਹੀ | ਹੈਰਾਨ ਹੋ ਰਹੀ ਸੀ, ਰਿਹਾ ਨਾ ਗਿਆ, 'ਇਹ ਕੀ ਚੋਰ-ਚੋਰ ਚੋਰ ਦੀ ਰੱਟ ਲਾ ਰੱਖੀ ਹੈ, ਜੱਜ ਸਾਹਿਬ ਤੁਸੀਂ ਕਚਹਿਰੀ 'ਚ ਨਹੀਂ ਖਾਣੇ ਦੀ ਟੇਬਲ 'ਤੇ ਬੈਠੇ ਹੋ | ਰੋਟੀ ਖਾਓ |'
ਜੱਜ ਸਾਹਿਬ ਆਪਣੇ-ਆਪ ਵਿਚ ਪਰਤੇ | ਸਾਹਮਣੇ ਉਸ ਨੂੰ ਮੂਲੀਆਂ, ਗਾਜਰਾਂ ਵਿਚੋਂ 'ਮੂਲੀ ਚੋਰ', 'ਗਾਜਰ ਚੋਰ' ਦਿਖਣ ਲੱਗੇ, ਸਰਕਾਰੀ ਗਾਂਵਾਂ ਦਿਸਣ ਲੱਗੀਆਂ ਜੱਜ ਸਾਹਿਬ ਨੇ ਗਾਜਰ ਦੇ ਟੁਕੜੇ ਨੂੰ ਹੱਥ ਪਾਇਆ ਤਾਂ ਗਾਜਰ ਦਾ ਸੁਆਦ ਬਦਲਿਆ ਹੋਇਆ ਸੀ | ਲੱਗਿਆ ਉਸ ਗਾਜਰ ਚੋਰ ਦੇ ਹੱਥ ਵਿਚ ਫੜੀ ਹੋਈ ਗਾਜਰ ਉਸ ਦੀ ਪਲੇਟ ਵਿਚ ਆ ਡਿੱਗੀ ਹੋਵੇ | ਜੱਜ ਸਾਹਿਬ ਨੇ ਗਾਜਰ ਖਾਣੀ ਬੰਦ ਕਰ ਦਿੱਤੀ |
ਜੱਜ ਸਾਹਿਬ ਨੂੰ ਉਖੜਿਆ ਹੋਇਆ ਦੇਖ ਮੈਡਮ ਨੇ ਪੁੱਛਿਆ, 'ਕਿਉਂ?'
'ਲਗਦਾ ਗਾਜਰ ਵਿਚ ਕਿਰਕ ਹੈ ਜਾਂ ਇਸ ਦੇ ਸੁਆਦ ਵਿਚ ਅਲੱਗ ਤਰ੍ਹਾਂ ਦਾ ਸੁਆਦ ਹੈ?'
'ਰੇਖਾ.... ਆ...ਆ...', ਮੈਡਮ ਨੇ ਜ਼ੋਰ ਦੀ ਆਵਾਜ਼ ਨੌਕਰਾਣੀ ਨੂੰ ਮਾਰੀ |
ਨੌਕਰਾਣੀ ਕੋਲ ਆ ਖੜ੍ਹੀ |
'ਆਹ ਚੁੱਕ ਗਾਜਰਾਂ, ਚੰਗੀ ਤਰ੍ਹਾਂ ਧੋ ਲਿਆ ਕਰ, ਕਿੰਨੀ ਵਾਰ ਆਖਿਆ, ਸੁਣਦੀਂ ਨਹੀਂ ਹੈਾ... |'
'ਜੱਜ ਸਾਹਿਬ ਕਿੰਨੀ ਦੇਰ ਕੱਟੀਆਂ ਹੋਈਆਂ ਗਾਜਰਾਂ ਨੂੰ ਵਾਪਸ ਜਾਂਦਿਆਂ ਦੇਖਦੇ ਰਹੇ | ਗਾਜਰ ਚੋਰ, ਮੂਲੀ ਚੋਰ, ਗੋਭੀ ਚੋਰ, ਸਰਕਾਰੀ ਗਾਂ ਇਹ ਨਾਅਰੇ ਉਸ ਨੂੰ ਫਿਰ ਸੁਣਾਈ ਦੇਣ ਲੱਗੇ |'

-ਚੈਂਬਰ ਨੰ: 232, ਨਿਊ ਕੋਰਟ, ਜਲੰਧਰ |
ਮੋਬਾਈਲ : 98884-05888


ਖ਼ਬਰ ਸ਼ੇਅਰ ਕਰੋ

'ਅਭੀ ਤੋ ਮੈਂ ਜਵਾਨ ਹੰੂ'

ਅੱਜ ਐਤਵਾਰ ਹੈ |
ਪਹਿਲਾਂ ਕੀ ਹੁੰਦਾ ਸੀ ਕਿ ਇਸ ਐਤਵਾਰ ਵਾਲੇ ਦਿਨ ਸਾਰੇ ਬਜ਼ੁਰਗ ਪਿੰਡਾਂ ਵਿਚ ਸੱਥ 'ਤੇ ਜਾਂ ਸ਼ਹਿਰਾਂ 'ਚ ਇਕ ਮਿਥੀ ਥਾਂ 'ਤੇ ਇਕੱਤਰ ਹੋ ਕੇ ਤਾਸ਼ ਦੀ ਬਾਜ਼ੀ ਸ਼ੀਪ ਆਦਿ ਖੇਡਣ 'ਚ ਮਸਤ ਤੇ ਵਿਅਸਥ ਹੋ ਜਾਂਦੇ ਸਨ | ਉਨ੍ਹੀਂ ਦਿਨੀਂ ਮਸ਼ਹੂਰ ਸੀ ਕਿ ਘਰੋਂ ਭੱਜਦਾ ਆਉਂਦਾ ਕਾਕਾ, ਆ ਕੇ ਆਪਣੇ ਪਿਤਾ ਬਜ਼ੁਰਗ ਨੂੰ ਮਾਂ ਦਾ ਸੁਨੇਹਾ ਦਿੰਦਾ ਸੀ, 'ਭਾਪਾ ਘਰ ਚਲ, ਝਾਈ ਸਿਨੇਮੇ ਲਈ ਤਿਆਰ ਹੈ |'
ਪਰ ਅੱਜਕਲ੍ਹ ਬਜ਼ੁਰਗ ਐਤਵਾਰ ਵਾਲੇ ਦਿਨ ਸੱਥਾਂ 'ਤੇ ਤਾਸ਼ ਖੇਡਣ 'ਚ ਮਸਤ ਨਹੀਂ ਮਿਲਦੇ, ਨਾ ਹੀ ਨਿਆਣਿਆਂ ਦੀ ਝਾਈ ਨਾਲ ਫ਼ਿਲਮ ਵੇਖਣ ਦੇ ਸ਼ੌਕੀਨ ਹਨ | ਅੱਜਕਲ੍ਹ ਨਿਆਣਿਆਂ ਦੀ ਝਾਈ ਨਾਲ ਇਨ੍ਹਾਂ ਦਾ ਪ੍ਰਾਮਿਸ ਕੀਤਾ ਕੋਈ ਪ੍ਰੋਗਰਾਮ ਨਹੀਂ ਹੁੰਦਾ, ਸਗੋਂ ਆਪਣੇ-ਆਪਣੇ ਘਰਾਂ 'ਚ ਬੂਹੇ ਬੰਦ ਕਰਕੇ ਇਕ ਖਾਸ ਨਿਵੇਕਲੀ ਥਾਂ 'ਤੇ ਇਹ ਬਜ਼ੁਰਗੀ ਨੂੰ ਜਵਾਨੀ 'ਚ ਬਦਲਣ ਦੀ ਇਕ ਖਾਸ ਕਵਾਇਦ ਜਾਂ ਮੁਸ਼ਕਿਤ 'ਚ ਬਿਜ਼ੀ ਹੁੰਦੇ ਹਨ |
ਉਹ ਵੇਲੇ ਲੱਦ ਗਏ, ਜਦ ਇਹ ਬਜ਼ੁਰਗ ਉਪਰੋਂ ਮਿਲੇ ਬਜ਼ੁਰਗੀ ਦੇ ਸਰਟੀਫਿਕੇਟ, ਚਿੱਟੇ-ਬੱਗੇ ਵਾਲਾਂ 'ਤੇ ਮਾਣ ਕਰਦਿਆਂ ਕਿਹਾ ਕਰਦੇ ਸਨ, 'ਇਹ ਵਾਲ ਅਸਾਂ ਧੁੱਪ 'ਚ ਚਿੱਟੇ ਨਹੀਂ ਕੀਤੇ |'
ਅੱਜਕਲ੍ਹ ਇਹ ਮਾਣ ਭਰਿਆ ਡਾਇਲਾਗ ਇਉਂ ਬਦਲ ਗਿਆ ਹੈ ਇਹ ਚਿੱਟੇ ਵਾਲ ਅਸਾਂ ਧੁੱਪ 'ਚ ਬਹਿ ਕੇ ਕਾਲੇ ਨਹੀਂ ਕੀਤੇ |
ਬਿਲਕੁਲ ਠੀਕ ਭਲਾ ਇਹ ਦੱਸੋ ਕਿ ਮਨੁੱਖ ਕੋਈ ਵੀ ਕਾਲਾ ਕਰਮ ਚਾਨਣੇ ਜਾਂ ਰੌਸ਼ਨੀ 'ਚ ਕਰਦਾ ਹੈ? ਧੁੱਪੇ ਜ਼ਿਆਦਾ ਬਹੋ ਤਾਂ ਚਮੜੀ ਵੀ ਕਾਲੀ ਪੈਣ ਲਗਦੀ ਹੈ | ਬੰਦੇ ਦੀ ਫ਼ਿਤਰਤ ਹੈ, ਇਹ ਚਾਹ ਵੀ ਹੈ, ਇਹ ਚਾਅ ਵੀ ਹੈ ਕਿ ਉਹਦਾ ਮੁੱਖ ਗੋਰਾ ਦਿਸੇ, ਸਿਰ ਦੇ, ਭਵਾਂ ਦੇ ਮੁੱਛ ਦੇ ਦਾੜ੍ਹੀ ਦੇ ਵਾਲ ਸਦਾ ਕਾਲੇ, ਸ਼ਾਹ ਕਾਲੇ ਦਿਸਣ | ਕਾਲੇ ਵਾਲ ਨਿਸ਼ਾਨੀ, ਜਵਾਨੀ ਦੀ : ਚਿੱਟੇ ਵਾਲ ਨਿਸ਼ਾਨੀ, ਗਈ ਜਵਾਨੀ ਦੀ |
ਕਿੰਨੀ ਮਸ਼ਹੂਰ ਹੈ ਇਹ ਕਹਾਵਤ, ਜਵਾਨੀ ਲੌਟ ਕੇ ਆਏ ਨਾ | ਅੱਜ ਤਾਂ ਵੱਡੀ ਉਮਰ ਵਾਲੇ ਵੱਡੇ-ਵੱਡੇ ਲੀਡਰਾਂ, ਵਜ਼ੀਰਾਂ ਨੂੰ ਵੇਖੋ, ਗੰਜੇ ਸਿਰ ਤੇ ਢਾਈ ਟੋਟਰੂ ਵਾਲ ਹਨ, ਉਹ ਵੀ ਕਾਲੇ, ਡਾਈ ਕੀਤੇ ਹੋਏ ਹੁੰਦੇ ਹਨ |
ਮਰਦਾਂ ਨੂੰ ਛੱਡੋ, ਔਰਤਾਂ ਦੀ ਵੀ ਪਰਮ ਇੱਛਾ ਇਹੀ ਹੈ ਕਿ ਉਹ ਵੀ ਸਦਾ ਜਵਾਨ ਦਿਸਣ | ਉਨ੍ਹਾਂ ਲਈ ਵੀ ਬੱਗੇ ਵਾਲ ਪ੍ਰੇਸ਼ਾਨੀ ਹੈ |
ਸ਼ਾਇਦ ਬੇਗ਼ਮ ਅਖ਼ਤਰ ਦੀ ਗਾਈ ਗ਼ਜ਼ਲ ਇਸ ਦੀ ਤਰਜ਼ਮਾਨੀ ਹੈ:
'ਅਭੀ ਤੋ ਮੈਂ ਜਵਾਨ ਹੰੂ,
ਅਭੀ ਤੋ ਮੈਂ ਜਵਾਨ ਹੰੂ |'
ਕੌਣ ਕਹਿੰਦੈ, ਜਵਾਨੀ ਲੌਟ ਕੇ ਆਏ ਨਾ? ਘਰੋਂ ਭੱਜੀ ਜ਼ਨਾਨੀ ਲੌਟ ਕੇ ਆਏ ਜਾਂ ਨਾ ਆਏ ਜਵਾਨੀ ਦੀ ਨਿਸ਼ਾਨੀ ਕਾਲੇ ਵਾਲ, ਰਤਾ ਮਿਹਨਤ ਮੰਗਦੇ ਹਨ | ਥੋੜ੍ਹੀ ਮਿਹਨਤ ਕਰ ਲਓ ਤੇ ਫਿਰ ਨਿਸ਼ੰਗ ਹੋ ਜਾਓ, ਬਜ਼ੁਰਗੀ ਗਈ... ਜਵਾਨੀ ਸੱਚਮੁੱਚ ਅਸਲ 'ਚ ਮੁੜ ਆਈ ਜਾਂ ਨਾ ਆਈ, ਮਨ ਨੂੰ ਤਸੱਲੀ ਜ਼ਰੂਰ ਹੋ ਜਾਂਦੀ ਹੈ ਕਿ 'ਅਭੀ ਤੋ ਮੈਂ ਜਵਾਨ ਹੰੂ |'
ਅੱਜਕਲ੍ਹ ਕਈ ਤਰ੍ਹਾਂ ਦੇ ਵਸਮੇ ਕਿੰਨੇ ਹੀ ਆਯੁਰਵੈਦਿਕ ਤੇ ਦੂਜੇ ਤੇਲ ਆ ਗਏ ਹਨ, ਜਿਹੜੇ ਗਾਰੰਟੀ ਕਰਦੇ ਹਨ ਕਿ ਇਨ੍ਹਾਂ ਦੇ ਲਾਉਣ ਨਾਲ ਚਿੱਟੇ ਕੇਸ ਕਾਲੇ ਹੋ ਜਾਂਦੇ ਹਨ | ਜ਼ੁਲਫਾਂ ਕਾਲੀਆਂ ਹੋਣ ਤਾਂ ਹੀ ਇਨ੍ਹਾਂ ਨੂੰ ਕਾਲੇ ਬਦਲਾਂ ਦੀ ਤਸ਼ਬੀਹ ਦਿੱਤੀ ਜਾਂਦੀ ਹੈ | ਕੋਈ ਵੀ ਕਵੀ ਕਿੰਨੇ ਅਰਮਾਨ ਨਾਲ ਕਵਿਤਾ 'ਚ ਕਾਮਨਾ ਕਰਦਾ ਹੈ ਕਿ ਤੇਰੀ ਆਗੋਸ਼ ਮੇਂ ਸਰ ਹੋ, ਔਰ ਵੋਹ ਡਕਾ ਹੋ ਤੇਰੀ ਕਾਲੀ ਸ਼ਿਆਹ ਜ਼ੁਲਫੋਂ ਮੇਂ |
ਅੱਜਕਲ੍ਹ ਕਮਾਲ ਹੈ ਨਾ | ਛੋਟੀ ਉਮਰ ਵਿਚ ਹੀ ਮੰੁਡੇ-ਕੁੜੀਆਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ | ਅਸਲ 'ਚ ਕਾਰਨ ਤਾਂ ਇਹ ਹੈ ਕਿ ਉਹ ਵਾਲ ਕੈਮੀਕਲਾਂ ਨਾਲ ਭਰਪੂਰ ਸ਼ੈਂਪੂਆਂ ਨਾਲ ਧੋਂਦੇ ਹਨ, ਜਿਨ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਵਾਲ ਛੇਤੀ ਹੀ ਚਿੱਟੇ ਹੋ ਜਾਂਦੇ ਹਨ | ਕੁਝ ਮਹਿੰਗੇ ਸਾਬਣ ਵੀ ਇਸ ਦੇ ਜ਼ਿੰਮੇਵਾਰ ਹਨ—ਪਹਿਲਾਂ ਲੋਕੀਂ ਦਹੀਂ ਨਾਲ ਸਿਰ ਧੋਇਆ ਕਰਦੇ ਸਨ | ਸ਼ੁੱਧ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਦੇ ਸਨ, ਹੁਣ ਤਾਂ ਸ਼ੁੱਧ ਪਾਣੀ ਵੀ ਨਹੀਂ ਲੱਭਦਾ | ਉਹਦੇ ਲਈ ਵੀ ਇਲੈਕਟ੍ਰਾਨਿਕ ਫਿਲਟਰਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ |
ਇਕ ਪੁਰਾਣੀ ਪੰਜਾਬੀ ਫ਼ਿਲਮ ਦਾ ਸੀਨ ਮੈਨੂੰ ਯਾਦ ਆ ਗਿਆ ਹੈ | ਪਹਿਲਾਂ ਹਰ ਪੰਜਾਬੀ ਫ਼ਿਲਮ 'ਚ ਇਕ ਕਾਮੇਡੀਅਨ ਜ਼ਰੂਰ ਹੁੰਦਾ ਸੀ, ਜਿਹੜਾ ਜਵਾਨੀ ਲੰਘਾ ਚੁੱਕਾ ਹੈ ਪਰ ਉਸ ਦਾ ਵਿਆਹ ਨਹੀਂ ਹੁੰਦਾ | ਉਸ ਪੰਜਾਬੀ ਫ਼ਿਲਮ ਵਿਚ ਦੋ ਕਾਮੇਡੀਅਨ ਇਕ ਮਜਨੂੰ ਤੇ ਦੂਜਾ ਸ਼ਾਇਦ ਸੰੁਦਰ ਸੀ, ਜਿਨ੍ਹਾਂ ਦਾ ਵਿਆਹ ਨਹੀਂ ਸੀ ਹੁੰਦਾ | ਹੁਣ ਤਾਂ ਹੋਰ ਵੀ ਪ੍ਰੇਸ਼ਾਨੀ ਹੋ ਗਈ ਕਿ ਉਨ੍ਹਾਂ ਦੇ ਵਾਲ ਵੀ ਚਿੱਟੇ ਹੋ ਗਏ ਸਨ-ਇਸ ਲਈ ਚਿੱਟੇ ਵਾਲ ਵੇਖਦਿਆਂ ਹੀ ਲੋਕੀਂ ਕੁੜੀ ਦਾ ਰਿਸ਼ਤਾ ਦੇਣ ਤੋਂ ਇਨਕਾਰ ਕਰ ਦਿੰਦੇ ਸਨ | ਜਿਨ੍ਹਾਂ ਦਿਨਾਂ ਦੀ ਇਹ ਪੰਜਾਬੀ ਫ਼ਿਲਮ ਸੀ, ਉਨ੍ਹੀਂ ਦਿਨੀਂ ਜ਼ਿਆਦਾ ਕਾਲੇ ਕਰਨ ਵਾਲੇ ਵਸਮੇ ਤੇ ਤੇਲ ਨਹੀਂ ਲੱਭਦੇ ਸਨ | ਇਕ ਥਾਂ ਤੋਂ ਇਨ੍ਹਾਂ ਦੋਵਾਂ ਨੂੰ ਰਿਸ਼ਤਾ ਆ ਗਿਆ, ਪਹਿਲੀ ਸ਼ਰਤ ਕੁੜੀ ਵਾਲਿਆਂ ਨੇ ਇਹ ਰੱਖੀ ਕਿ ਉਹ ਮੰੁਡਿਆਂ ਨੂੰ ਵੇਖਣਗੇ | ਇਹ ਦੋਵਾਂ ਮੰੁਡਿਆਂ ਦੀ ਇਕ ਮਾਸੀ, ਓਸ ਚੁੱਲ੍ਹੇ 'ਤੇ ਤਵਾ ਰੱਖੀ ਰੋਟੀਆਂ ਪਕਾ ਰਹੀ ਸੀ, ਜਿਸ 'ਚ ਗੋਹਿਆਂ ਤੇ ਲੱਕੜੀਆਂ ਦੀ ਅੱਗ ਬਲ ਰਹੀ ਸੀ | ਮਾਸੀ ਨੇ ਮੰੁਡਿਆਂ ਨੂੰ ਧਰਵਾਸ ਦਿੱਤਾ, 'ਕੋਈ ਗੱਲ ਨਹੀਂ, ਹੁਣੇ ਤੁਹਾਡੇ ਦੋਵਾਂ ਦੇ ਬੱਗੇ ਵਾਲ ਕਾਲੇ ਕਰ ਦਿੰਦੀ ਹਾਂ |' ਉਹਨੇ ਤਵਾ ਲਾਹ ਕੇ ਪੁੱਠਾ ਕੀਤਾ ਤੇ ਉਹਦੀ ਸਾਰੀ ਕਾਲਖ ਲਾਹ ਕੇ ਉਨ੍ਹਾਂ ਦੋਵਾਂ ਦੇ ਸਿਰਾਂ 'ਤੇ ਮਲ ਦਿੱਤੀ | ਵਾਹ ਬਈ ਵਾਹ | ਮਿੰਟਾਂ-ਸਕਿੰਟਾਂ 'ਚ ਦੋਵਾਂ ਦੇ ਵਾਲ ਕਾਲੇ ਹੋ ਗਏ ਤੇ ਦੋਵੇਂ ਜਵਾਨ ਦਿਸਣ ਲੱਗੇ | ਦੋਵੇਂ ਪਹੁੰਚੇ ਕੁੜੀਆਂ ਵਾਲੇ ਘਰ | ਕੁੜੀਆਂ ਦੀ ਮਾਂ ਦੋਵਾਂ ਨੂੰ ਵੇਖ ਕੇ ਨਿਹਾਲ ਹੋ ਗਈ | ਦੋਵਾਂ ਨੂੰ ਕੋਲ ਬਹਾ ਕੇ, ਦੋਵਾਂ ਦੇ ਸਿਰਾਂ 'ਤੇ ਹੱਥ ਫੇਰ ਕੇ ਅਸੀਸ ਦਿੱਤੀ, ਜਿਊਾਦੇ ਰਹੋ ਪੁੱਤ, ਸੋਹਣੇ ਜਵਾਨ ਹੋ | ਪਰ ਹਾਏ ਰੱਬਾ, ਇਹ ਕੀ ਹੋਇਆ? ਪੁੱਠੇ ਤਵੇ ਦੀ ਸਾਰੀ ਕਾਲਖ ਬੀਬੀ ਦਾ ਹੱਥ ਪੂੰਝ ਕੇ ਲੈ ਗਿਆ | ਬੁਢਾਪੇ ਵਾਲੀ ਜਵਾਨੀ ਗਾਇਬ ਹੋ ਗਈ ਤੇ ਉਨ੍ਹਾਂ ਦੇ ਵਿਆਹ ਵਾਲੀ ਆਸ ਵੀ |
ਇਕ ਅਜੋਕੇ ਯੁੱਗ ਦੀ ਕਹਾਣੀ ਹੈ-ਇਕ ਜਵਾਨ ਮੰੁਡਾ ਸ਼ਹਿਰ ਆਪਣੇ ਮਾਮਾ ਜੀ ਕੋਲ ਆਇਆ | ਇਕ ਦਿਨ ਉਸ ਨੇ ਸਵੇਰੇ-ਸਵੇਰੇ ਸ਼ੀਸ਼ੇ 'ਚ ਵੇਖਿਆ, ਇਕ ਦੋ ਚਿੱਟੇ ਵਾਲ ਸਿਰ 'ਤੇ ਦਰਸ਼ਨ ਦੇ ਰਹੇ ਸਨ | ਉਹਨੇ ਝੱਟ ਉਹ ਵਾਲ ਪੁੱਟ ਕੇ ਬਾਹਰ ਸੁੱਟ ਦਿੱਤੇ, ਦੂਜੇ ਦਿਨ ਵੇਖਿਆ ਕਈ ਹੋਰ ਚਿੱਟੇ ਵਾਲ ਦਰਸ਼ਨ ਦੇ ਰਹੇ ਸਨ | ਫਿਰ ਤਾਂ ਹਰ ਨਵੇਂ ਦਿਨ ਲੱਗਾ ਸਿਰ ਕਪਾਹ ਦਾ ਖੇਤ ਹੈ, ਕਪਾਹ ਖਿੜਨ ਲੱਗੀ | ਮੰੁਡਾ ਬੇਚੈਨ ਹੋ ਗਿਆ | ਘਬਰਾ ਕੇ ਮਾਮੇ ਨੂੰ ਸਾਰੀ ਕਹਾਣੀ ਦੱਸ ਦਿੱਤੀ | ਮਾਮੇ ਨੇ ਕਿਹਾ, 'ਓਏ ਜਵਾਨੀ 'ਚ ਹੀ ਐਨੇ ਚਿੱਟੇ ਵਾਲ, ਤੇਰਾ ਵਿਆਹ ਕਿੱਦਾਂ ਹੋਏਗਾ?
ਫਿਰ ਮਾਮੇ ਨੇ ਇਲਾਜ ਦੱਸਿਆ, 'ਓਏ ਵਾਲ ਡਾਈ ਕਰ ਲਿਆ ਕਰ | ਵੇਖ ਮੈਂ 60 ਸਾਲਾਂ ਦਾ ਹਾਂ, ਤਾਂ ਵੀ ਸੰਡੇ ਦੇ ਸੰਡੇ ਵਾਲ ਡਾਈ ਕਰਦਾ ਹਾਂ | ਤੂੰ ਅਗਲੇ ਐਤਵਾਰ ਨੂੰ ਆ ਜਾੲੀਂ ਮੇਰੇ ਘਰ, ਮੈਂ ਤੈਨੂੰ ਵੀ ਸਿਖਾ ਦਿਆਂਗਾ | ਉਸ ਨੇ ਮਾਮਾ ਜੀ ਤੋਂ ਵਾਲ ਡਾਈ ਕਰਨ ਦੀ ਟ੍ਰੇਨਿੰਗ ਲੈ ਲਈ |
ਜਵਾਨੀ 'ਚ ਬੁਢਾਪੇ ਦੀ ਤੁਹਮਤ ਨਾ ਲੱਗੀ, ਮੰੁਡੇ ਦਾ ਇਕ ਦਿਨ ਜਵਾਨ-ਹਸੀਨ ਕੁੜੀ ਨਾਲ ਵਿਆਹ ਹੋ ਗਿਆ |
ਸੁਹਾਗ ਰਾਤ ਵੇਲੇ, ਉਹ ਲਾੜਾ-ਲਾੜੀ ਸੁਹਾਗ ਸੇਜ਼ 'ਤੇ ਬੈਠੇ ਸਨ, ਤਾਂ ਮੰੁਡੇ ਨੇ ਕਿਹਾ, 'ਅਸਾਂ ਜੀਵਨ ਭਰ ਇਕ-ਦੂਜੇ ਦੇ ਨਾਲ ਰਹਿਣਾ ਹੈ, ਅੱਜ ਇਕ-ਦੂਜੇ ਨੂੰ ਆਪਣੀ ਜ਼ਿੰਦਗੀ ਦਾ ਹਰ ਸੱਚ ਦੱਸ ਦੇਣਾ ਚਾਹੀਦਾ ਹੈ-ਇਸ ਲਈ ਉਸ ਨੇ ਲਾੜੀ ਅੱਗੇ ਸੱਚ ਬੋਲਿਆ, 'ਬੁਰਾ ਨਾ ਮੰਨੀਂ, ਮੈਂ ਆਪਣੇ ਵਾਲ ਡਾਈ ਕਰਦਾ ਹਾਂ |'
ਕੁੜੀ ਖਿੜ-ਖਿੜਾ ਕੇ ਹੱਸੀ | ਆਖਿਆ,'ਲੈ..., ਇਹਦੇ 'ਚ ਬੁਰਾ ਮੰਨਣ ਵਾਲੀ ਕਿਹੜੀ ਗੱਲ ਹੈ? ਮੈਂ ਵੀ ਤਾਂ ਆਪਣੇ ਵਾਲ ਡਾਈ ਕਰਦੀ ਹਾਂ |'

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮੁਸਕਾਨ ਜ਼ਿੰਦਗੀ ਦੀ ਅਨਮੋਲ ਅਮਾਨਤ ਹੈ, ਜੋ ਦੂਜਿਆਂ ਨੂੰ ਦੇਣ ਲਈ ਹੈ, ਨਾ ਕਿ ਇਸ ਨੂੰ ਆਪਣੇ ਅੰਦਰ ਮੰੂਹ ਦੀ ਬਾਲਕੋਨੀ 'ਚ ਕੈਦ ਰੱਖਣ ਲਈ |
• ਕੁਦਰਤ ਨੇ ਸਿਰਫ਼ ਮਨੁੱਖ ਨੂੰ ਹੀ ਮੁਸਕਰਾਹਟ ਵਰਗਾ ਦੁਰਲੱਭ ਵਰਦਾਨ ਦਿੱਤਾ ਹੈ | ਖ਼ੁਸ਼ੀ ਦੇ ਪਲਾਂ ਵਿਚ ਸਿਰਫ਼ ਮਨੁੱਖ ਹੀ ਖਿੜਖਿੜਾ ਸਕਦਾ ਹੈ | ਕਿਹਾ ਜਾਂਦਾ ਹੈ ਕਿ ਮੱਥੇ 'ਤੇ ਤਿਉੜੀਆਂ ਚੜ੍ਹਾਉਣ ਵਿਚ ਮਨੁੱਖ ਨੂੰ ਆਪਣੀਆਂ 62 ਮਾਸਪੇਸ਼ੀਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਜਦਕਿ ਮੁਸਕਰਾਉਣ ਲਈ ਸਿਰਫ਼ 26 ਮਾਸਪੇਸ਼ੀਆਂ ਨੂੰ ਮਿਹਨਤ ਕਰਨੀ ਪੈਂਦੀ ਹੈ |
• ਸਭ ਤੋਂ ਮਿੱਠੀ ਮੁਸਕਰਾਹਟ ਮਾਂ ਤੇ ਬੱਚੇ ਦੇ ਮਿਲਣ ਵੇਲੇ ਪ੍ਰਗਟ ਹੁੰਦੀ ਹੈ |
• ਕਈ ਐਹੋ ਜਿਹੇ ਮਨੁੱਖ ਵੀ ਵੇਖੇ ਹਨ ਜਿਨ੍ਹਾਂ ਦਾ ਪਾਰਾ ਹਰ ਸਮੇਂ ਚੜਿ੍ਹਆ ਹੀ ਰਹਿੰਦਾ ਹੈ ਅਤੇ ਉਹ ਆਪਣੀ ਸ਼ਕਲ ਸਾਰਾ ਦਿਨ ਇੰਜ ਬਣਾ ਕੇ ਰੱਖਦੇ ਹਨ ਜਿਵੇਂ ਕੁਨੈਣ ਖਾਧੀ ਹੋਵੇ | ਉਨ੍ਹਾਂ ਦੇ ਚਿਹਰੇ 'ਤੇ ਮੀਸਣੀ ਜਿਹੀ ਮੁਸਕਰਾਹਟ ਸਿਰਫ਼ ਤੇ ਸਿਰਫ਼ ਆਪਣੇ ਤੋਂ ਤਾਕਤਵਰ, ਸੀਨੀਅਰ ਦੇ ਸਾਹਮਣੇ ਜਾਣ 'ਤੇ ਹੀ ਆਉਂਦੀ ਹੈ | ਅਜਿਹੀ ਮੁਸਕਰਾਹਟ ਨੂੰ ਬਨਾਵਟੀ ਮੁਸਕਰਾਹਟ ਹੀ ਕਿਹਾ ਜਾ ਸਕਦਾ ਹੈ |
• ਸੋਚ ਲਓ ਕਿ ਇਕ ਮਿੰਟ ਦੀ ਨਾਰਾਜ਼ਗੀ ਨਾਲ ਤੁਸੀਂ 60 ਸੈਕਿੰਡ ਮੁਸਕਰਾਉਣਾ ਗਵਾ ਦਿਓਗੇ |
• ਜਿਹਦੀਆਂ ਅੱਖਾਂ ਵਿਚ ਆਦਰ ਨਹੀਂ | ਹੋਠਾਂ 'ਤੇ ਮੁਸਕਰਾਹਟ ਨਹੀਂ, ਉਹ ਹੋਰ ਜਿਹੜਾ ਮਰਜ਼ੀ ਕੰਮ ਕਰ ਲਵੇ ਪਰ ਦੁਕਾਨਦਾਰੀ ਨਾ ਕਰੇ |
• ਕਾਮਯਾਬ ਦੁਕਾਨਦਾਰ ਆਪਣੇ ਗਾਹਕ ਨੂੰ ਵਾਪਸੀ ਵੇਲੇ ਸ਼ੁਕਰੀਆ ਸ਼ਬਦ ਕਹਿ ਕੇ, ਖਰੀਦਦਾਰ ਨੂੰ ਮੁਫ਼ਤ ਮੁਸਕਰਾਹਟ ਵੰਡ ਕੇ ਦੁਬਾਰਾ ਆਉਣ ਦਾ ਸੱਦਾ ਦੇ ਜਾਂਦੇ ਹਨ |
• ਕਈ ਵਾਰ ਮੁਸਕਰਾਹਟ ਪਿਛੇ ਹੰਝੂ ਵੀ ਛਿਪੇ ਹੁੰਦੇ ਹਨ |
• ਜ਼ਿੰਦਗੀ ਉਸੇ ਨੂੰ ਅਜਮਾਉਂਦੀ ਹੈ, ਜੋ ਹਰ ਮੋੜ 'ਤੇ ਚਲਣਾ ਜਾਣਦਾ ਹੈ | ਕੁਝ ਹਾਸਲ ਕਰਕੇ ਤਾਂ ਹਰ ਕੋਈ ਮੁਸਕਰਾਉਂਦਾ ਹੈ, ਜ਼ਿੰਦਗੀ ਉਸੇ ਦੀ ਹੁੰਦੀ ਹੈ ਜੋ ਸਭ ਕੁਝ ਗੁਆ ਕੇ ਵੀ ਮੁਸਕਰਾਉਣਾ ਜਾਣਦਾ ਹੈ |
• ਕਿਸੇ ਨੂੰ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਕਿ ਉਹ ਸਾਡੇ ਚਿਹਰੇ ਦੀ ਮੁਸਕਰਾਹਟ ਖੋਹ ਲਵੇ |
• ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਨੂੰ ਗੁੱਸਾ ਆਉਂਦਾ ਹੈ, ਉਹ ਲੋਕ ਸੱਚੇ ਹੁੰਦੇ ਹਨ | ਮੈਂ ਝੂਠਿਆਂ ਨੂੰ ਅਕਸਰ ਮੁਸਕਰਾਉਂਦੇ ਦੇਖਿਆ ਹੈ |
• ਸਿਆਣੇ ਕਹਿੰਦੇ ਹਨ ਕਿ ਮੁਸਕਰਾਉਣਾ ਹਰ ਕਿਸੇ ਦੇ ਵੱਸ ਦਾ ਨਹੀਂ | ਕੇਵਲ ਦਿਲ ਦਾ ਅਮੀਰ ਬੰਦਾ ਹੀ ਮੁਸਕਰਾਉਂਦਾ ਹੈ |
• ਮਾਂ ਆਪਣੀ ਅੰਦਰੂਨੀ ਪੀੜਾ 'ਚੋਂ ਉਪਜੇ ਹੰਝੂਆਂ ਨੂੰ ਪੂੰਝ ਕੇ ਬੱਚਿਆਂ ਨੂੰ ਮੁਸਕਰਾਉਂਦਾ ਚਿਹਰਾ ਵਿਖਾਉਂਦੀ ਹੈ ਤੇ ਹਉਕਿਆਂ ਦੀ ਤੱਤੀ ਵਾ ਆਪਣੇ ਅੰਦਰ ਸਮੇਟ ਰੱਖਦੀ ਹੈ |
• ਜਦੋਂ ਦਿਲ ਖ਼ੁਸ਼ ਹੁੰਦਾ ਹੈ ਤਾਂ ਅੱਖਾਂ 'ਚ ਤੇ ਬੁੱਲ੍ਹਾਂ 'ਤੇ ਮੁਸਕਾਨ ਖੁਦ-ਬਖੁਦ ਆ ਜਾਂਦੀ ਹੈ |
• ਕਾਮਯਾਬ ਲੋਕਾਂ ਦੇ ਬੁੱਲ੍ਹਾਂ 'ਤੇ ਦੋ ਚੀਜ਼ਾਂ ਹੁੰਦੀਆਂ ਹਨ-ਚੁੱਪ ਤੇ ਮੁਸਕਰਾਹਟ | ਮੁਸਕਰਾਹਟ ਮਸਲਿਆਂ ਦੇ ਹੱਲ ਕਰਨ ਲਈ ਤੇ ਚੁੱਪ ਮਸਲਿਆਂ ਤੋਂ ਦੂਰ ਰਹਿਣ ਲਈ |
• ਸ਼ਿਅਰ : ਗੁਲ ਸੇ ਹੌਸਲਾ ਸੀਖੋ, ਗ਼ਮ ਮੇਂ ਮੁਸਕਰਾਨੇ ਕਾ,
ਕੈਦ ਹੈ ਵੋ ਕਾਂਟੋਂ ਮੇਂ, ਮਗਰ ਫਿਰ ਭੀ ਮੁਸਕਰਾਤਾ ਹੈ |
• ਇਸ ਨਾਲ ਫਰਕ ਨਹੀਂ ਪੈਂਦਾ ਕਿ ਕਿਸ ਨੇ ਤੁਹਾਨੂੰ ਝੁਕਾਇਆ ਜਾਂ ਰੁਲਾਇਆ | ਫਰਕ ਉਸ ਨਾਲ ਪੈਂਦਾ ਹੈ ਜਿਸ ਨੇ ਤੁਹਾਨੂੰ ਮੁਸਕਾਨ ਦਿੱਤੀ |
• ਰਿਸੈਪਸ਼ਨਿਸਟ, ਸੇਲਜ਼ ਗਰਲ, ਸੇਲਜ਼ਮੈਨ ਨੂੰ ਨੌਕਰੀ ਲਈ ਦਿਨ ਭਰ ਝੂਠੀ ਮੁਸਕਾਨ ਅਤੇ ਹਾਸਾ ਲਿਆਉਣਾ ਪੈਂਦਾ ਹੈ | ਉਹ ਗਾਹਕਾਂ ਨਾਲ ਨਿਪਟਣ ਲਈ ਅਜਿਹਾ ਝੂਠੇ ਤੌਰ 'ਤੇ ਕਰਦੇ ਹਨ | ਪਰ ਬਿਨਾਂ ਕਾਰਨ ਹੱਸਣਾ ਅਤੇ ਝੂਠੀ ਮੁਸਕਾਨ ਪ੍ਰਗਟ ਕਰਨਾ ਨੁਕਸਾਨਦੇਹ ਹੋ ਸਕਦਾ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਸਾਹਿਤਕ ਸਰਗਰਮੀਆਂ: ਪੰਜਾਬ ਲੇਖਕ ਸੰਘ ਵਲੋਂ 'ਅਗਲੇ ਕਦਮ ਸੇ ਪਹਿਲੇ' ਦਾ ਲੋਕ-ਅਰਪਣ ਸਮਾਗਮ

ਪੰਜਾਬ ਲੇਖਕ ਸੰਘ ਵਲੋਂ, ਪੰਕਸ ਅਕਾਦਮੀ, ਵਿਚਾਰਧਾਰਾ ਮੰਚ ਅਤੇ, ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ ਦੇ ਸਹਿਯੋਗ ਨਾਲ ਹਿੰਦੀ ਦੀ ਨਾਮਵਰ ਕਵਿੱਤਰੀ, ਸ੍ਰੀਮਤੀ ਕਮਲੇਸ਼ ਆਹੂਜਾ ਦਾ ਕਾਵਿ-ਸੰਗ੍ਰਹਿ 'ਅਗਲੇ ਕਦਮ ਸੇ ਪਹਿਲੇ' ਦਾ ਬੀਤੇ ਦਿਨ ਲੋਕ-ਅਰਪਣ ਕੀਤਾ ਗਿਆ |
ਸਮਾਗਮ ਦੇ ਪ੍ਰਮੁੱਖ ਬੁਲਾਰੇ ਸ਼੍ਰੋਮਣੀ ਸਾਹਿਤਕਾਰ ਡਾ: ਤਰਸੇਮ ਗੁਜਰਾਲ ਕਾਵਿ ਸੰਗ੍ਰਹਿ ਬਾਰੇ ਬੋਲਦਿਆਂ ਕਿਹਾ ਕਿ ਇਸਤਰੀ ਜੀਵਨ ਦੀਆਂ ਉਹ ਪਰਤਾਂ ਖੁੱਲ੍ਹਦੀਆਂ ਨਜ਼ਰ ਆਉਂਦੀਆਂ ਜੋ ਗੰਭੀਰ ਅਤੇ ਉਲਝੇ ਪ੍ਰਸ਼ਨਾਂ ਨੂੰ ਸਾਡੇ ਸਨਮੁੱਖ ਕਰਦੀਆਂ ਹਨ | ਸ਼੍ਰੋਮਣੀ ਸਾਹਿਤਕਾਰ ਅਤੇ ਗੋਸ਼ਟੀ ਦੇ ਪ੍ਰਬੰਧਕ ਪ੍ਰੋ: ਮੋਹਨ ਸਪਰਾ ਹੋਰਾਂ ਕਮਲੇਸ਼ ਅਹੂਜਾ ਨੇ ਮਨੁੱਖੀ ਸੰਵੇਦਨਾਵਾਂ ਮਨੁੱਖੀ ਰਿਸ਼ਤਿਆਂ ਦੀ ਬੁਣਤੀ ਕਰਨ ਵਾਲੀ ਪ੍ਰਮੁੱਖ ਕਵਿੱਤਰੀ ਹੈ |
ਉਪਰੰਤ 'ਅਗਲੇ ਕਦਮ ਸੇ ਪਹਿਲੇ' ਕਾਵਿ ਸੰਗ੍ਰਹਿ ਨੂੰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪ੍ਰਧਾਨਗੀ ਮੰਡਲ ਵਲੋਂ ਲੋਕ-ਅਰਪਣ ਕੀਤਾ ਗਿਆ ਅਤੇ ਫਿਰ ਕਵਿੱਤਰੀ ਕਮਲੇਸ਼ ਅਹੂਜਾ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ | ਸਰਾਹਿਆ | ਪ੍ਰਮੁੱਖ ਵਿਦਵਾਨ ਡਾ: ਲੇਖ ਰਾਜ ਹੋਰਾਂ ਆਪਣਾ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਸੰਗ੍ਰਹਿ ਜੀਵਨ ਦੀਆਂ ਔਖੀਆਂ ਘਾਟੀਆਂ ਸਰ ਕਰਨ ਲਈ ਪ੍ਰੇਰਦਾ ਹੈ ਅਤੇ ਸਮਾਜਕ ਜਾਗਰੂਕਤਾ ਪੈਦਾ ਕਰਦਾ ਹੈ | ਡਾ: ਅਨਿਲ ਪਾਂਡੇ ਨੇ ਕਿਹਾ ਕਿ ਇਸਤਰੀ ਕਵਿਤਾ ਇਕ ਸ਼ਕਤੀ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ | ਡਾ: ਕੀਰਤੀ ਕੇਸਰ ਡਾ: ਰਾਜ ਸ਼ਰਮਾ, ਡਾ: ਵਿਨੋਦ ਕੁਮਾਰ ਅਤੇ ਡਾ: ਅਜੇ ਸ਼ਰਮਾ ਨੇ ਕਿਹਾ ਕਿ ਕਮਲੇਸ਼ ਆਹੂਜਾ ਪੂਰਨ ਸਮਰੱਥ ਕਵਿੱਤਰੀ ਹੈ ਉਨ੍ਹਾਂ ਇਸਤਰੀ ਪੱਖ ਨੂੰ ਵਿਸਥਾਰਪੂਰਵਕ ਉਭਾਰਨ ਦਾ ਸਫ਼ਲ ਯਤਨ ਕੀਤਾ ਹੈ ਸ੍ਰੀ ਰਾਕੇਸ਼ ਸ਼ਾਂਤੀਦੂਤ ਅਤੇ ਆਕਾਸ਼ਵਾਣੀ ਦੇ ਪ੍ਰਮੁੱਖ ਅਧਿਕਾਰੀ ਸੋਹਨ ਕੁਮਾਰ ਹੋਰਾਂ ਕਮਲੇਸ਼ ਅਹੂਜਾ ਨੂੰ ਸਫ਼ਲ ਕਿਰਿਆਸ਼ੀਲ ਕਵਿੱਤਰੀ ਮੰਨਿਆ ਅਤੇ ਕਿਹਾ ਕਵਿੱਤਰੀ ਨੇ ਕਵਿਤਾਵਾਂ ਵਿਚ ਨਿਰਾ ਰਾਜਸੀ ਤੇ ਸਮਾਜਿਕ ਪ੍ਰਬੰਧ ਬਾਰੇ ਚਿੰਤਨ ਹੀ ਨਹੀਂ ਕੀਤਾ ਇਨ੍ਹਾਂ ਦੇ ਹੱਲ ਅਤੇ ਸੰਭਾਵਨਾਵਾਂ ਨੂੰ ਵੀ ਕਵਿਤਾਵਾਂ ਵਿਚ ਪਿਰੋਇਆ ਹੈ |
ਪੰਕਸ ਦੇ ਪ੍ਰਧਾਨ ਸ੍ਰੀ ਸਿਮਰ ਸਦੋਸ਼, ਡਾ: ਰਸ਼ਮੀ ਖੁਰਾਨਾ, ਪਿ੍ੰ: ਜੇ.ਸੀ.ਜੋਸ਼ੀ ਹੋਰਾਂ ਆਪਣੇ-ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਮਲੇਸ਼ ਅਹੂਜਾ ਦੀਆਂ ਕਵਿਤਾਵਾਂ ਬਾਰੇ ਦੱਸਿਆ ਤੇ ਕਿਹਾ ਕਿ ਇਸ ਨੂੰ ਨਾਰੀ ਮਨ ਦੀ ਪੇਸ਼ਕਾਰੀ ਅਤੇ ਸਮੇਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਚਲਣ ਵਾਲੀਆਂ ਕਵਿਤਾਵਾਂ, ਵਿਰੋਧ ਅਤੇ ਵਿਦਰੋਹ ਵੀ ਇਕ ਮਰਿਆਦਾ ਦੇ ਵਿਚ ਰਹਿ ਕੇ ਹੀ ਕਰਦੀਆਂ ਹਨ | ਪ੍ਰਧਾਨਗੀ ਮੰਡਲ ਨੇ ਪੁਸਤਕ ਦੀ ਪ੍ਰਕਾਸ਼ਨਾ ਅਤੇ ਆਸਥਾ ਪ੍ਰਕਾਸ਼ਨ ਦੇ ਵਿਕਾਸ ਦੀ ਗੱਲ ਵੀ ਕੀਤੀ | ਅੰਤ ਵਿਚ ਮੁੱਖ ਮਹਿਮਾਨ ਡਾ: ਬੇਦੀ ਹੋਰਾਂ ਕਮਲੇਸ਼ ਅਹੂਜਾ ਦੀਆਂ ਕਵਿਤਾਵਾਂ ਨੂੰ ਜਾਦੂਈ ਅਸਰ ਰੱਖਣ ਵਾਲੀਆਂ ਅਤੇ ਸਮਾਜ ਅਤੇ ਜੀਵਨ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਉਧੇੜ ਕੇ ਇਕ ਸਾਰਥਕ ਚਿੱਤਰ ਪੇਸ਼ ਕਰਨ ਵਾਲੀਆਂ ਕਿਹਾ | ਪੁਸਤਕ ਦੇ ਕਲਾਤਮਕ ਪੱਖ ਦੀ ਵੀ ਸਰਾਹਨਾ ਕੀਤੀ | ਸਮਾਗਮ ਦੀ ਸ਼ੋਭਾ ਵਧਾਉਣ ਵਾਲੀਆਂ ਮੁਮਤਾਜ਼ ਸ਼ਖਸੀਅਤਾਂ ਵਿਚ ਸ੍ਰੀਮਤੀ ਗੁਰਨਾਮ ਕੌਰ ਬੇਦੀ, ਡਾ: ਕੁਲਵਿੰਦਰ ਕੌਰ, ਡਾ: ਕੰਵਲ ਭੱਲਾ, ਰਮੇਸ਼ ਸ਼ੌਾਕੀ, ਨੀਤੂ ਸ਼ਰਮਾ, ਸੁਰਿੰਦਰ ਸੈਣੀ, ਰਮੇਸ਼ ਵਿਨੋਦੀ, ਐਮ.ਐਲ. ਮਲਹੋਤਰਾ, ਅਮਿਤਾ ਅਗਰਵਾਲ, ਵੀਰੇਂਦਰ ਸੋਨੀ, ਅਨੀਤਾ ਸੋਨੀ, ਵਿਸ਼ਾਲ ਸੂਰੀ, ਡਾ: ਰਾਹੁਲ ਜਸਵਾਲ, ਅਸ਼ਵਨੀ ਕੁਮਾਰ, ਰਾਕੇਸ਼ ਆਨੰਦ, ਦੀਪਕ ਜਲੰਧਰੀ, ਨੀਲਮ ਜੁਲਕਾ, ਜੀਵਨ ਆਹੂਜਾ, ਸੰਦੀਪਿਕਾ ਮੋਹਨ ਸ਼ਾਮਲ ਸਨ | ਮੰਚ ਸੰਚਾਲਨ ਪ੍ਰਸਿੱਧ ਸ਼ਾਇਰ ਰਾਜਿੰਦਰ ਪ੍ਰਦੇਸੀ ਹੋਰਾਂ ਕੀਤਾ |
ਅੰਤ ਵਿਚ ਗੋਸ਼ਟੀ ਦੇ ਪ੍ਰਬੰਧਕ ਪ੍ਰੋ: ਮੋਹਨ ਸਪਰਾ ਹੋਰਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

-ਡਾ: ਕੰਵਲ ਭੱਲਾ

ਨਹਿਲੇ 'ਤੇ ਦਹਿਲਾ: ਬੱਦਲ ਦਾ ਗਰਜਣਾ ਤੇ ਬਰਸਣਾ

ਦੁਨੀਆ ਦੇ ਇਤਿਹਾਸ ਵਿਚ ਸੂਰਜ ਵਾਂਗੰੂ ਚਮਕਣ ਵਾਲੇ ਸੁਕਰਾਤ ਜ਼ਹਿਰ ਪੀ ਕੇ ਜਾਨ ਕੁਰਬਾਨ ਕਰਨ ਵਾਲੇ ਪਹਿਲੇ ਵਿਅਕਤੀ ਸਨ | ਉਨ੍ਹਾਂ ਦੀ ਇਸ ਢੰਗ ਨਾਲ ਕੀਤੀ ਕੁਰਬਾਨੀ ਲੋਕਾਂ ਦੀ ਯਾਦ ਦਾ ਹਿੱਸਾ ਹੈ |
ਉਨ੍ਹਾਂ ਦੀ ਪਤਨੀ ਬੜੀ ਲੜਾਕੇ ਸੁਭਾਅ ਦੀ ਸੀ | ਕੋਈ ਦਿਨ ਐਸਾ ਨਹੀਂ ਸੀ ਹੁੰਦਾ, ਜਦੋਂ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਲੜਾਈ ਝਗੜਾ ਨਾ ਕਰਦੀ ਹੋਵੇ | ਉਹ ਲੜਨ ਵੇਲੇ ਸਖ਼ਤ ਲਫ਼ਜ਼ਾਂ ਦਾ ਇਸਤੇਮਾਲ ਕਰਦੀ ਅਤੇ ਬਹੁਤ ਉੱਚੀ-ਉੱਚੀ ਬੋਲਦੀ | ਆਂਢ-ਗੁਆਂਢ ਦੇ ਲੋਕ ਇਨ੍ਹਾਂ ਦੀ ਸ਼ਬਦੀ ਜੰਗ ਤੋਂ ਬੜੇ ਪ੍ਰੇਸ਼ਾਨ ਸਨ ਪਰ ਮਾਮਲਾ ਪਤੀ-ਪਤਨੀ ਦਾ ਹੋਣ ਕਰਕੇ ਕੋਈ ਦਖਲਅੰਦਾਜ਼ੀ ਨਹੀਂ ਸੀ ਕਰਦਾ |
ਇਕ ਦਿਨ ਜਦੋਂ ਸੁਕਰਾਤ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਉੱਚੀ-ਉੱਚੀ ਬੋਲ ਕੇ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ | ਸੁਕਰਾਤ ਆਪਣੀ ਆਦਤ ਅਨੁਸਾਰ ਚੁੱਪ-ਚਾਪ ਉਸ ਦੀਆਂ ਗੱਲਾਂ ਸੁਣਦੇ ਰਹੇ | ਆਪਣੀ ਬਕੜ-ਬਕੜ ਦਾ ਕੋਈ ਉੱਤਰ ਨਾ ਮਿਲਣ 'ਤੇ ਉਨ੍ਹਾਂ ਦੀ ਪਤਨੀ ਨੇ ਪਾਣੀ ਨਾਲ ਭਰੀ ਹੋਈ ਬਾਲਟੀ ਉਨ੍ਹਾਂ ਦੇ ਸਿਰ 'ਤੇ ਦੇ ਮਾਰੀ | ਹੁਣ ਸੁਕਰਾਤ ਚੁੱਪ ਨਾ ਰਹਿ ਸਕੇ ਅਤੇ ਆਖਿਆ, 'ਬੱਦਲ ਦਾ ਗਰਜਣ ਤੋਂ ਬਾਅਦ ਬਰਸਣਾ ਵੀ ਜ਼ਰੂਰੀ ਹੈ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਾਵਿ-ਮਹਿਫ਼ਲ

• ਗੁਰਭਜਨ ਗਿੱਲ •
ਤੁਰ ਰਿਹਾ ਹੈ ਵਕਤ ਸਹਿਜੇ, ਸਿਰਫ਼ ਇਕੋ ਚਾਲ ਨਾਲ |
ਤੂੰ ਭਲਾ ਨੱਚੇ ਪਿਆ ਕਿਉਂ, ਗਰਜ਼ ਬੱਧੀ ਤਾਲ ਨਾਲ |

ਬੈਠ ਜਾਣਾ ਮੌਤ ਵਰਗਾ, ਸਬਕ ਤੇਰਾ ਯਾਦ ਮਾਂ,
ਤੁਰ ਰਿਹਾ ਹਾਂ ਮੈਂ ਨਿਰੰਤਰ ਦਰਦ ਵਿੰਨ੍ਹੇ ਹਾਲ ਨਾਲ |

ਤੂੰ ਮੇਰੀ ਉਂਗਲ ਨਾ ਛੱਡੀਂ, ਨੀ ਉਮੀਦੇ ਯਾਦ ਰੱਖ,
ਤਪਦੇ ਥਲ ਵਿਚ, ਸੂਰਜੇ ਸੰਗ ਮੈਂ ਤੁਰਾਂਗਾ ਨਾਲ ਨਾਲ |

ਸਮਝਿਆ ਕਰ ਤੂੰ ਪਰਿੰਦੇ, ਇਹ ਸ਼ਿਕਾਰੀ ਬਹੁਤ ਤੇਜ਼,
ਪਿੰਜਰੇ ਵਿਚ ਪਾਉਣ ਖ਼ਾਤਰ, ਚੋਗ ਪਾਉਂਦੇ ਚਾਲ ਨਾਲ |

ਤੀਰ ਤੇ ਤਲਵਾਰ ਮੈਨੂੰ ਮਾਰ, ਤੇਰਾ ਕਰਮ ਹੈ,
ਮੈਂ ਤੇਰਾ ਹਰ ਵਾਰ ਮੋੜੰੂ, ਸਿਦਕ ਵਾਲੀ ਢਾਲ ਨਾਲ |

ਕਾਹਲਿਆ ਨਾ ਕਾਹਲ ਕਰ ਤੰੂ, ਸਹਿਜ ਨੂੰ ਸਾਹੀਂ ਪਰੋ,
ਧਰਤ ਨੂੰ ਮਿਣਿਆ ਕਿਸੇ ਨਾ ਅੱਜ ਤੀਕਰ ਛਾਲ ਨਾਲ |

ਮਾਛੀਆਂ ਦੀ ਚਾਲ ਵੇਖੀਂ, ਮਗਰਮੱਛ ਨੇ ਬੇਲਗਾਮ,
ਨਿੱਕੀਆਂ ਮੱਛੀਆਂ ਨੂੰ ਘੇਰਨ, ਪੂੰਗ ਫੜਦੇ ਜਾਲ ਨਾਲ |

-ਮੋਬਾਈਲ : 98726-31199

ਕਹਾਣੀ: ਸੰਗੂ ਮੰਗੂ

ਮਹੇਸ਼ ਮੇਰਾ ਦਰਜਾ ਚਾਰ ਕਰਮਚਾਰੀ ਸੀ | ਹੈ ਤਾਂ ਉਹ ਹਿਮਾਚਲ ਪ੍ਰਦੇਸ਼ ਤੋਂ ਸੀ ਪਰ ਭਲੇ ਸਮਿਆਂ ਵਿਚ ਬਾਹਰਲੇ ਸੂਬਿਆਂ ਦੇ ਲੜਕੇ ਪੰਜਾਬ ਵਿਚ ਅਫ਼ਸਰਾਂ ਦੇ ਘਰਾਂ ਵਿਚ ਕੰਮ ਕਰਨ ਲੱਗ ਜਾਂਦੇ ਤੇ ਅਫ਼ਸਰਾਂ ਦੇ ਦੋਹੀਂ ਹੱਥੀਂ ਲੱਡੂ, ਕੰਮ ਘਰ ਦਾ ਕਰਾਈ ਜਾਂਦੇ ਤੇ ਤਨਖ਼ਾਹ ਸਰਕਾਰੀ ਖਜ਼ਾਨੇ ਵਿਚੋਂ ਦਈ ਜਾਂਦੇ, ਬਸ ਇਨ੍ਹਾਂ ਦੀ ਤਾਂ ਬਤੌਰ ਕੱਚੇ ਕਰਮਚਾਰੀ ਦਫ਼ਤਰ ਵਿਚ ਕੇਵਲ ਹਾਜ਼ਰੀ ਹੀ ਲੱਗਦੀ ਸੀ ਤੇ ਹੌਲੀ-ਹੌਲੀ ਅਫ਼ਸਰਾਂ ਦੀਆਂ ਬੀਵੀਆਂ ਦੀ ਸੇਵਾ ਕਰ ਕੇ ਉਨ੍ਹਾਂ ਦੇ ਮਨ 'ਤੇ ਚੜ੍ਹ ਜਾਂਦੇ, ਮਿੰਨਤ-ਤਰਲਾ ਕਰ ਕੇ ਕੁਝ ਸਮੇਂ ਬਾਅਦ ਪੱਕੇ ਵੀ ਕਰ ਦਿੱਤੇ ਜਾਂਦੇ | ਹੁਣ ਇਨ੍ਹਾਂ ਦਾ ਮੁੱਢ ਤੋਂ ਹੀ ਸੁਭਾਅ ਸੇਵਾ ਭਾਵਨਾ ਵਾਲਾ ਹੋਣ ਕਰਕੇ ਹਰ ਇਕ ਅਫ਼ਸਰ ਦਾ ਮਨ ਮੋਹ ਲੈਂਦੇ, ਇਹੀ ਗੁਣ ਮਹੇਸ਼ ਵਿਚ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ | ਉਹ ਦਫ਼ਤਰ ਟਾਈਮ ਤੋਂ ਇਕ ਘੰਟਾ ਪਹਿਲਾਂ ਆ ਕੇ ਸਫ਼ਾਈ ਆਦਿ ਕਰਨ ਤੋਂ ਬਾਅਦ ਦੁੱਧ ਦਾ ਪੈਕਟ ਲਿਆ ਕੇ ਮੇਰੇ ਸੈਰ ਕਰ ਕੇ ਆਉਣ ਤੋਂ ਪਹਿਲਾਂ ਵਧੀਆ ਚਾਹ ਬਣਾ ਲੈਂਦਾ ਤੇ ਕਦੇ-ਕਦੇ ਦੋ ਪਰੌਾਠੇ ਵੀ ਲੈ ਆਉਂਦਾ |
ਮੇਰੇ ਨਾਲ ਉਸ ਦਾ ਐਨਾ ਪਿਆਰ ਪੈ ਗਿਆ ਸੀ ਕਿ ਮੇਰੀ ਰਿਟਾਇਰਮੈਂਟ ਤੋਂ ਬਾਅਦ ਵੀ ਉਸ ਦਾ ਫ਼ੋਨ ਆਉਂਦਾ ਰਹਿੰਦਾ ਤੇ ਸਾਰਾ ਘਰ ਦਾ ਹਾਲ-ਚਾਲ ਪੁੱਛਦਾ | ਫਿਰ ਇਕ ਦਿਨ ਉਸ ਨੇ ਦੱਸਿਆ ਕਿ ਉਹ ਵੀ ਰਿਟਾਇਰ ਹੋ ਗਿਆ ਹੈ ਤੇ ਆਪਣੇ ਪਿੰਡ ਵਾਪਸ ਜਾ ਰਿਹਾ ਹੈ | ਉਸ ਨੇ ਮੇਰੇ ਨਾਲ ਤਾਕੀਦ ਕੀਤੀ ਕਿ ਮੈਂ ਜ਼ਰੂਰ ਉਸ ਦੇ ਪਿੰਡ ਆਵਾਂ ਤੇ ਮੇਰੇ ਤੋਂ ਪੱਕਾ ਵਾਅਦਾ ਵੀ ਲੈ ਲਿਆ |
ਇਕ ਦਿਨ ਪੁਰਾਣੇ ਕਾਗਜ਼ ਫਰੋਲਦਿਆਂ ਮਹੇਸ਼ ਦੇ ਪਿੰਡ ਦਾ ਅਡਰੈੱਸ ਹੱਥ ਲੱਗ ਗਿਆ | ਮੇਰਾ ਜੀਅ ਕੀਤਾ ਕਿ ਚੱਲ ਇਥੇ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਮਹੇਸ਼ ਦੇ ਪਿੰਡ ਹੀ ਜਾ ਆਉਨੇ ਆਂ | ਨਾਲੇ ਬਹਾਨੇ ਨਾਲ ਟੂਰ ਹੋਜੂ | ਮੈਂ ਉਸ ਨੂੰ ਫ਼ੋਨ 'ਤੇ ਸੁਨੇਹਾ ਲਾ ਕੇ ਕੁਲੂ ਮਨਾਲੀ ਵਾਲੀ ਬੱਸ ਬੈਠ ਗਿਆ | ਉਸ ਦਾ ਲੜਕਾ ਮੈਨੂੰ ਕੁੱਲੂ ਦੇ ਬੱਸ ਅੱਡੇ ਤੋਂ ਮੋਟਰ ਸਾਈਕਲ 'ਤੇ ਆ ਕੇ ਲੈ ਗਿਆ | ਉਸ ਦਾ ਪਿੰਡ ਕੁੱਲੂ ਅਤੇ ਮਨਾਲੀ ਦੇ ਵਿਚਕਾਰ ਕੁੱਲੂ ਤੋਂ ਛੇ ਕਿਲੋਮੀਟਰ 'ਤੇ ਸੀ | ਖ਼ੂਬਸੂਰਤ ਪਹਾੜੀ ਵਾਦੀਆਂ ਵਿਚ ਵਸਿਆ ਉਸ ਦਾ ਪਿੰਡ ਕੋਈ ਜੰਨਤ ਤੋਂ ਘੱਟ ਨਹੀਂ ਸੀ ਨਾ ਧੂੜ ਮਿੱਟੀ ਨਾ ਮੱਖੀ ਮੱਛਰ | ਮਈ ਦੇ ਮਹੀਨੇ ਵੀ ਗੁਲਾਬੀ ਜਿਹੀ ਠੰਢ ਲੋਕਾਂ ਨੇ ਅਜੇ ਸੁਆਟਰ (ਸਵੈਟਰ) ਨਹੀਂ ਸੀ ਉਤਾਰਿਆ |
ਘਰ ਜਾ ਕੇ ਮੇਰਾ ਸ਼ਾਹੀ ਮਹਿਮਾਨਾਂ ਵਰਗਾ ਸਵਾਗਤ ਕੀਤਾ ਗਿਆ | ਮਹੇਸ਼ ਦੀਆਂ ਦੋ ਨੂੰ ਹਾਂ ਨੇ ਘੰੁਡ ਕੱਢ ਕੇ ਮੇਰੇ ਪੈਰੀਂ ਹੱਥ ਲਾਏ ਤੇ ਦੋ ਪੋਤਿਆਂ ਨੇ ਵੀ, ਉਸ ਦਾ ਛੋਟਾਪੋਤਾ ਕੁਝ ਦੇਰ ਬਾਅਦ ਦੋ ਭੇਡ ਦੇ ਲੇਲੇ ਅਣਭੋਲ ਜਿਹੇ ਲੈ ਕੇ ਮੇਰੇ ਕੋਲ ਆ ਕੇ ਕਹਿਣ ਲੱਗਿਆ, 'ਅੰਕਲ ਯੇ ਦੇਖੋ ਯੇ ਮੇਰੇ ਸਭ ਸੇ ਪਿਆਰੇ ਦੋਸਤ ਹੈਾ, ਮੈਂ ਇਨਹੀ ਕੇ ਸਾਥ ਖੇਲਤਾ ਹੰੂ, ਯੇ ਮੁਝੇ ਬਹੁਤ ਪਿਆਰ ਕਰਤੇ ਹੈਾ |' ਉਸ ਨੇ ਇਕ ਲੇਲੇ ਦਾ ਮੰੂਹ ਆਪਣੇ ਖੱਬੇ ਅਤੇ ਇਕ ਦਾ ਸੱਜੇ ਮੋਢੇ 'ਤੇ ਰੱਖ ਲਿਆ ਤੇ ਪਿਆਰ ਨਾਲ ਦੋਵਾਂ ਦੀਆਂ ਪਿੱਠਾਂ 'ਤੇ ਹੱਥ ਫੇਰਦਾ ਰਿਹਾ | 'ਅੱਛਾ ਬੇਟਾ ਇਨਕਾ ਨਾਮ ਕਿਆ ਰੱਖਾ ਹੈ ਆਪ ਨੇ?' ਉਸ ਨੇ ਇਕ ਲੇਲੇ ਨੂੰ ਉਂਗਲੀ ਲਾ ਕੇ ਕਿਹਾ 'ਈ ਸੰਗੂ, ਈ ਮੰਗੂ |' ਮੈਂ ਜਾਣ ਕੇ ਇਕ ਲੇਲੇ 'ਤੇ ਉਂਗਲੀ ਲਾ ਕੇ ਕਿਹਾ ਈ ਮੰਗੂ? ਨਾੲੀਂ ਨਾੲੀਂ ਈ ਸੰਗੂ ਈ ਮੰਗੂ | ਔਰ ਤੁਮਾਰਾ ਨਾਮ ਕਿਆ ਹੈ? ਮੇਰਾ ਨਾਮ ਸ਼ਿਵਾ ਰਾਣਾ, ਰਾਣਾ ਸ਼ਾਇਦ ਉਨ੍ਹਾਂ ਦਾ ਗੋਤ ਸੀ | ਇਸ ਤਰ੍ਹਾਂ ਉਹ ਜਦੋਂ ਦੇਰ ਤੱਕ ਮੇਰੇ ਨਾਲ ਗੱਲਾਂ ਮਾਰਦਾ ਰਿਹਾ ਤਾਂ ਮਹੇਸ਼ ਨੇ ਉਸ ਨੂੰ ਆਖਿਆ ਬੇਟਾ, 'ਅਬ ਅੰਕਲ ਕੋ ਆਰਾਮ ਕਰਨੇ ਦੇ ਫਿਰ ਸ਼ਾਮ ਕੋ ਘੂਮਨੇ ਚਲੇਂਗੇ |' ਉਹ ਝੱਟ ਮੰਨ ਗਿਆ ਤੇ ਆਪਣੇ ਸੰਗੂ-ਮੰਗੂ ਨਾਲ ਬਾਹਰ ਖੇਡਣ ਚਲਿਆ ਗਿਆ |
ਸ਼ਾਮ ਨੂੰ ਚਾਰ ਕੁ ਵਜੇ ਮਹੇਸ਼ ਮੈਨੂੰ ਖੇਤਾਂ ਵਿਚ ਘੁਮਾਉਣ ਲੈ ਗਿਆ | ਉਸ ਦਾ ਪੋਤਾ ਵੀ ਨਾਲ ਸੀ, ਸ਼ਿਵਾ ਰਾਣੇ ਨੇ ਮੇਰਾ ਹੱਥ ਫੜ ਕੇ ਸੇਬਾਂ ਦੇ ਬਾਗ਼ਾਂ ਦੀ ਸੈਰ ਕਰਾਈ ਤੇ ਮਹੇਸ਼ ਨੇ ਇਕਤਾਜਾ ਸੇਬ ਤੋੜ ਕੇ ਮੈਨੂੰ ਦਿੱਤਾ ਤੇ ਕਿਹਾ ਸਰ ਜੀ ਇਹ ਸੇਬ ਖਾ ਕੇ ਦੇਖੋ ਜ਼ਰਾ | ਮੈਂ ਸੇਬ ਨੂੰ ਦੰਦੀ ਵੱਢੀ ਤਾਂ ਮੈਨੂੰ ਲੱਗਿਆ ਜਿਵੇਂ ਇਹ ਸੇਬ ਧਰਤੀ ਦਾ ਨਹੀਂ ਬਲਕਿ ਬਹਿਸ਼ਤਾਂ ਦਾ ਹੋਵੇ, ਖੱਟਾ ਮਿੱਠਾ ਜਿਹਾ, ਇਸ ਤੋਂ ਇਲਾਵਾ ਆੜੂ, ਬੱਗੂਗੋਸ਼ੇ ਤੇ ਖੁਰਮਾਨੀ ਦੇ ਬਾਗ਼ ਵੀ ਉਸ ਨੇ ਮੈਨੂੰ ਦਿਖਾਏ | ਮੇਰਾ ਘਰ ਮੁੜਨ ਨੂੰ ਦਿਲ ਨਾ ਕਰੇ, ਦਿਲ ਕਰੇ ਬਾਗ਼ਾਂ ਵਿਚ ਹੀ ਫਿਰਦਾ ਰਹਾਂ |
ਹੁਣ ਰਾਤ ਦੀ ਰੋਟੀ ਤਿਆਰ ਹੋ ਗਈ | ਮਹੇਸ਼ ਦੋ ਥੈਲੀਆਂ ਹਿਮਾਚਲ ਦੀ ਸ਼ਰਾਬ ਦੀਆਂ ਲੈ ਆਇਆ ਤੇ ਇਕ ਡੌਾਗੇ ਵਿਚ ਮੀਟ ਸਾਡੇ ਸਾਹਮਣੇ ਪਏ ਟੇਬਲ 'ਤੇ ਲਿਆ ਕੇ ਰੱਖ ਦਿੱਤਾ | ਅਸੀਂ ਨਾਲੇ ਗੱਲਾਂ ਕਰਦੇ ਰਹੇ ਤੇ ਨਾਲੇ ਖਾਈ ਪੀਈ ਗਏ | ਰੋਟੀ ਖਾਂਦਿਆਂ ਤੇ ਸਾਰੀ ਜ਼ਿੰਦਗੀ ਦੀਆਂ ਗੱਲਾਂ ਕਰਦਿਆਂ ਸਾਨੂੰ ਬਾਰਾਂ ਵੱਜ ਗਏ |
ਸਵੇਰੇ ਉਠ ਕੇ ਮੈਂ ਵਾਪਸ ਆਉਣ ਲਈ ਤਿਆਰ ਹੋ ਗਿਆ ਤਾਂ ਮਹੇਸ਼ ਨੇ ਬਤੇਰਾ ਜ਼ੋਰ ਲਾਇਆ ਕਿ ਮੈਂ ਇਕ ਰਾਤ ਹੋਰ ਰਹਿ ਜਾਵਾਂ ਪਰ ਮੈਂ ਨਾ ਮੰਨਿਆ ਤੇ ਪੁੱਛਿਆ ਮਹੇਸ਼ ਤੇਰਾ ਛੋਟਾ ਪੋਤਾ ਕਿੱਥੇ ਐ? ਮੈਂ ਉਸ ਨੂੰ ਮਿਲ ਕੇ ਜਾਣੈ | ਹੋਵੇਗਾ ਐਥੇ ਈ ਕਿਤੇ ਬਾਹਰ ਖੇਲਦਾ, ਸਾਡੀਆਂ ਗੱਲਾਂ ਸੁਣ ਕੇ ਉਸ ਦਾ ਵੱਡਾ ਪੋਤਾ ਸ਼ਿਵਾ ਨੂੰ ਬਾਹੋਂ ਫੜ ਕੇ ਧੂਹੀ ਆਵੇ ਪਰ ਉਹ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰਦਾ ਇਕ ਤਰ੍ਹਾਂ ਲਿਟ ਹੀ ਗਿਆ | ਜਿਵੇਂ ਉਸ ਨੂੰ ਮੇਰੇ ਤੋਂ ਭੈਅ ਆਉਂਦਾ ਹੋਵੇ | ਮਹੇਸ਼ ਨੇ ਆਖਿਆ ਬੇਟਾ ਅੰਕਲ ਕੇ ਪੈਰ ਛੂਹੋ, ਪਰ ਉਹ ਨਾ ਮੰਨਿਆ | ਮੈਂ ਬਾਹੋਂ ਫੜ ਕੇ ਪਿਆਰ ਨਾਲ ਸੌ ਰੁਪਏ ਦਾ ਨੋਟ ਉਸ ਦੇ ਹੱਥ ਵਿਚ ਦਿੱਤਾ ਪਰ ਉਸ ਨੇ ਵਗਾਹ ਕੇ ਮਾਰਿਆ ਤੇ ਉੱਚੀ-ਉੱਚੀ ਰੋਣ ਲੱਗ ਪਿਆ | ਮਹੇਸ਼ ਉਸ ਦੇ ਥੱਪੜ ਮਾਰਨ ਲੱਗਿਆ ਪਰ ਮੈਂ ਉਸ ਨੂੰ ਰੋਕ ਦਿੱਤਾ ਤੇ ਸ਼ਿਵਾ ਰਾਣਾ ਡਰ ਨਾਲ ਸਹਿਮ ਕੇ ਚੁੱਪ ਕਰ ਕੇ ਖੜ੍ਹ ਗਿਆ ਤੇ ਮੈਨੂੰ ਇਸ ਤਰ੍ਹਾਂ ਘੂਰਦਾ ਰਿਹਾ ਜਿਵੇਂ ਮੈਂ ਕੋਈ ਬੱਚੇ ਚੁੱਕਣ ਵਾਲਾ ਚੋਰ ਹੋਵਾਂ ਤੇ ਉਸ ਨੂੰ ਚੁੱਕ ਕਿਧਰੇ ਲੈ ਜਾਵਾਂਗਾ | ਮੈਂ ਉਸ ਨੂੰ ਪਿਆਰ ਨਾਲ ਪੁੱਛਿਆ, 'ਬੇਟਾ ਮੇਰੇ ਸੇ ਨਰਾਜ਼ ਹੋ?' ਉਸ ਨੇ ਸਿਰ ਹਿਲਾਇਆ, 'ਮੇਰੇ ਵਾਪਸ ਜਾਨੇ ਸੇ ਨਾਰਾਜ਼ ਹੋ?' ਉਸ ਨੇ ਨਾਂਹ ਵਿਚ ਸਿਰ ਹਿਲਾਇਆ | 'ਫਿਰ ਬਤਾਓ ਤੋ ਸਹੀ ਬਾਤ ਕਿਆ ਹੈ, ਨਹੀਂ ਤੋ ਮੈਂ ਵਾਪਸ ਨਹੀਂ ਜਾ ਪਾਊਾਗਾ |' ਉਸ ਨੇ ਮੇਰਾ ਹੱਥ ਫੜਿਆ ਤੇ ਇਕ ਤਰ੍ਹਾਂ ਮੈਨੂੰ ਘਸੀਟਦਾ ਹੋਇਆ ਇਕ ਟੋਏ ਦੇ ਕੋਲ ਲੈ ਗਿਆ ਤੇ ਟੋਏ ਵਿਚ ਨੂੰ ਉਂਗਲੀ ਦਾ ਇਸ਼ਾਰਾ ਕਰ ਕੇ ਫੇਰ ਡਾਡਾਂ ਮਾਰ ਮਾਰ ਕੇ ਰੋਣ ਲੱਗ ਪਿਆ |
ਟੋਏ ਵਿਚ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਤੇ ਮੇਰਾ ਜੀਅ ਕਰੇ ਮੈਂ ਉਸ ਤੋਂ ਵੀ ਉੱਚੀ-ਉੱਚੀ ਰੋਵਾਂ | ਟੋਏ ਵਿਚ ਉਸ ਦੇ ਪਿਆਰੇ ਸੰਗੂ ਦੀ ਖੱਲ ਅਤੇ ਆਂਡਾ ਪੇਟਾ ਸੁੱਟਿਆ ਪਿਆ ਸੀ ਜਿਸ ਨੂੰ ਅਸੀਂ ਰਾਤ ਬੜੇ ਸੁਆਦ ਲਾ ਲਾ ਕੇ ਖਾਧਾ ਸੀ | ਸ਼ਿਵਾ ਰਾਣੇ ਨੂੰ ਲੱਗਿਆ ਜੇਕਰ ਮੈਂ ਇਕ ਰਾਤ ਹੋਰ ਰਹਿ ਗਿਆ ਤਾਂ ਉਸ ਦੇ ਮੰਗੂ ਨੂੰ ਵੀ ਨਾ ਖਾ ਜਾਵਾਂ |

-ਮਕਾਨ ਨੰ: 424, ਸੈਕਟਰ 25 ਸੀ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ |
ਫੋਨ : 98884-95524.

ਕਰ-ਨਾਟਕ ਬਣਿਆ ਮਖੌਲ ਜੀ...

ਹੁਣ ਕਰਨਾਟਕ 'ਚ ਵੀ, ਨਗਰੀ ਨਗਰੀ, ਦੁਆਰੇ-ਦੁਆਰੇ ਤੁਸੀਂ ਬੜੀਆਂ ਪੁਲਾਂਘਾਂ ਪੁੱਟੀਆਂ ਭੁੱਖ ਬੜੀ ਲੱਗੀ, ਵੋਟਾਂ ਵਾਲਾ ਭੰਡਾਰਾ ਲੱਗਾ ਸੀ, ਤੁਸੀਂ ਡਬਲ ਪੁਲਾਂਘਾਂ ਪੁੱਟ ਕੇ ਦੌੜੇ ਪਰ ਫਿਰ ਉਹੀਓ ਗੁਜਰਾਤ ਵਾਲਾ ਹਾਲ ਹੋਇਆ, ਜਦ ਪਹੁੰਚੇ ਭੰਡਾਰਾ ਮਸਤਾਨਾ ਹੋ ਗਿਆ | ਲੋਕੀਂ 'ਮੋਦੀ... ਮੋਦੀ...' ਕਹਿ ਗਏ, ਰਾਹੁਲ ਜੀ ਐਾਡ ਪਾਰਟੀ, ਭੁੱਖੇ ਦੇ ਭੁੱਖੇ ਰਹਿ ਗਏ |
ਹਾਏ ਹਾਏ, ਖਾਣ ਦਾ ਹੁਕਮ ਨਾ ਹੋਇਆ |
ਮੈਂ ਮਹਾਰਾਸ਼ਟਰ ਦੀ ਮੰੁਬਈ ਮਹਾਂਨਗਰੀ 'ਚ ਰਹਿੰਦਾ ਹਾਂ, ਇਥੋਂ ਦਾ ਸਭ ਤੋਂ ਵੱਡਾ ਪਰਵ ਹੈ, 'ਦਹੀਂ ਹਾਂਡੀ' ਇਹ ਹਰ ਸਾਲ ਬੜੀ ਧੂਮਧਾਮ ਤੇ ਨਿਸ਼ਠਾ ਨਾਲ ਮਨਾਇਆ ਜਾਂਦਾ ਹੈ | ਥਾਂ-ਥਾਂ ਬੜੀ ਉਚਾਈ 'ਤੇ ਇਕ ਰੱਸੀ 'ਤੇ ਦਹੀਂ ਦੀ ਹਾਂਡੀ ਲਟਕਾਈ ਜਾਂਦੀ ਹੈ | ਇਸ ਨੂੰ ਹਾਸਲ ਕਰਨ ਲਈ ਗਵਾਲਿਆਂ ਦੀਆਂ ਟੋਲੀਆਂ, ਇਕ ਸਮੂਹਿਕ ਵਿਉਂਤਬੰਦੀ ਰਚ ਕੇ, ਇਕ-ਦੂਜੇ 'ਤੇ ਸਵਾਰ ਹੋ ਕੇ, ਅੰਤ ਵਿਚ ਕੋਈ ਇਕ, ਇਕੱਲਾ ਸਭ ਤੋਂ ਉਤੇ ਚੜ੍ਹ ਕੇ ਉਸ ਹਾਂਡੀ ਨੂੰ ਫੜ ਕੇ ਆਪਣੇ ਸਿਰ ਦੀ ਟੱਕਰ ਮਾਰ ਕੇ ਤੋੜ ਦਿੰਦਾ ਹੈ | ਇਸ ਲਈ ਆਯੋਜਕਾਂ ਵਲੋਂ, ਇਸ ਪੂਰੀ ਟੋਲੀ ਨੂੰ ਹਜ਼ਾਰਾਂ ਰੁਪਏ ਦੀ ਬਖ਼ਸ਼ੀਸ਼ ਦਿੱਤੀ ਜਾਂਦੀ ਹੈ |
ਤੁਸਾਂ ਇਹ ਮਸ਼ਹੂਰ ਗਾਣਾ ਵੀ ਸੁਣਿਆ ਹੋਣਾ ਹੈ,
'ਗੋਵਿੰਦਾ ਆਲਾ ਰੇ... ਆਲਾ... |
ਜ਼ਰਾ ਮਟਕੀ ਸੰਭਾਲ ਬਿ੍ਜ ਬਾਲਾ |'
ਇਹ ਵੀ ਇਸੇ ਸੰਦਰਭ 'ਚ ਹੈ | ਬਚਪਨ 'ਚ ਹੀ ਕ੍ਰਿਸ਼ਨ ਜੀ ਆਪਣੇ ਘਰ 'ਚ ਤਾਂ ਮੱਖਣ ਦੀ ਮਟਕੀ ਤੋੜ ਦਿੰਦੇ ਸਨ ਤੇ ਬਿ੍ਜ 'ਚ ਪਾਣੀ ਭਰ ਕੇ ਸਿਰ 'ਤੇ ਚੁੱਕੀ ਬਿ੍ਜ ਬਾਲਾਵਾਂ ਦੀਆਂ ਮਟਕੀਆਂ ਵੱਟੇ ਮਾਰ ਕੇ ਤੋੜ ਦਿੰਦੇ ਸਨ |
ਖ਼ੈਰ ਪਹਿਲਾਂ ਕਰਨਾਟਕ ਵੀ ਮਹਾਰਾਸ਼ਟਰ ਦਾ ਹਿੱਸਾ ਸੀ |
ਅੱਜਕਲ੍ਹ 'ਮੱਖਣ' ਦੀ ਥਾਂ 'ਨੈਤਿਕਤਾ' ਸ਼ਬਦ ਨੇ ਲੈ ਲਈ ਹੈ | ਇਕ ਲੋਕਤੰਤਰ ਹੈ | ਇਕ ਸੱਤਾ ਹੈ | ਸੱਤਾ ਦੇ ਕਿੰਨੇ ਲੋਭੀ ਹਨ | ਹਰ ਕੋਈ ਲੋਭੀ ਹੈ, ਸਭੇ ਕਿਸੇ ਤਰ੍ਹਾਂ ਵੀ, ਹਰ ਹਾਲ, ਇਸ ਸੱਤਾ ਸੁੱਖ ਲਈ ਤੜਫਦੇ ਹਨ |
ਕਰਨਾਟਕ... ਕਰ-ਨਾਟਕ, ਲੋਕਤੰਤਰ ਦੀ ਐਸੀ-ਤੈਸੀ ਕਰਨ ਵਾਲਾ ਨਾਟਕ, ਕਰਨਾਟਕ ਨੂੰ ਕਾਂਗਰਸ ਮੁਕਤ ਕਰਨਾਟਕ ਹੋਣ ਵਾਲੀ ਤੋਹੇ-ਤੋਹੇ ਤੋਂ ਬਚਣ ਲਈ ਕਾਂਗਰਸ ਨੇ ਜਿਹੜਾ ਨਾਟਕ ਖੇਡਿਆ ਹੈ, ਉਹ ਤਾਂ ਨਹੀਂ ਪਸੰਦ ਆਇਆ ਹੈ, ਨਾ ਹੀ ਸਾਰੇ ਸੰਸਾਰ 'ਚ ਕਿਸੇ ਹੋਰ ਲੋਕਤੰਤਰ ਨੂੰ , ਜਾਂ ਕਿਸੇ ਹੋਰ ਸਰਕਾਰ ਨੂੰ | ਲੋਕਤੰਤਰ ਨੂੰ ਤਾਂ ਦੇਸ਼ ਅਤੇ ਸੰਸਾਰ 'ਚ ਸ਼ਰਮਸਾਰ ਹੋਣਾ ਪਿਆ ਹੈ |
ਉਲੰਪਿਕ ਖੇਡਾਂ ਵਿਚ, ਏਸ਼ਿਆਈ ਖੇਡਾਂ 'ਚ ਜਾਂ ਕਿਸੇ ਯੂਨੀਵਰਸਿਟੀ ਜਾਂ ਸਥਾਨਕ ਜ਼ਿਲ੍ਹੇ ਜਾਂ ਕਾਲਜ-ਸਕੂਲ ਦੀਆਂ ਖੇਡਾਂ, 'ਚ ਆਪਣੀ-ਆਪਣੀ ਮੁਕਾਬਲੇ ਦੀ ਖੇਡ ਵਿਚ ਜੇਤੂ ਖਿਡਾਰੀਆਂ ਲਈ ਤਿੰਨ ਸਥਾਨ ਹੁੰਦੇ ਹਨ:
ਪਹਿਲਾ, ਦੂਜਾ ਤੇ ਤੀਜਾ
ਪਹਿਲਾ ਗੋਲਡ ਮੈਡਲ, ਦੂਜਾ ਸਿਲਵਰ ਮੈਡਲ ਤੇ ਤੀਜਾ ਕਾਂਸੀ ਮੈਡਲ | ਇਹ ਚੱਕਰ, ਕਦੇ ਉਲਟਾ ਨਹੀਂ ਹੋ ਸਕਦਾ | ਪਰ ਕਰਨਾਟਕ 'ਚ ਕਾਂਗਰਸ ਤੇ ਪਹਿਲਾਂ ਰਹਿ ਚੁੱਕ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਦੇਵਗੌੜਾ ਦੀ ਪਾਰਟੀ, ਜੇ.ਡੀ.ਐਸ. ਨੇ ਆਪਣਾ ਚੱਕਰ ਚਲਾ ਕੇ, ਸੰਸਾਰ 'ਚ ਸਭ ਤੋਂ ਅਨੈਤਿਕ ਪਾਰਟੀਆਂ ਹੋਣ ਦਾ ਸਬੂਤ ਦੇ ਦਿੱਤਾ |
ਤੀਜੇ ਨੰਬਰ 'ਤੇ ਰਹੀ ਪਾਰਟੀ ਨੂੰ ਗੋਲਡ ਮੈਡਲਿਸਟ ਵਾਲੀ ਥਾਂ ਦੇ ਕੇ, ਪਹਿਲੇ ਨੰਬਰ 'ਤੇ ਖੜ੍ਹਾ ਕਰਨ ਦਾ ਨਾਟਕ ਕੀਤਾ ਗਿਆ, ਦੋ ਨੰਬਰ 'ਤੇ ਹੀ ਰਹੀ ਤੇ ਪਹਿਲੇ ਨੰਬਰ 'ਤੇ ਆਈ ਪਾਰਟੀ ਭਾਜਪਾ ਨੂੰ ਤੀਜੇ ਨੰਬਰ ਵਾਲੀ ਪਾਰਟੀ ਦੀ ਥਾਂ 'ਤੇ ਖੜ੍ਹਾ ਕਰ ਦਿੱਤਾ |
ਜੇ.ਡੀ.ਐਸ. ਦੇ 222 ਸੀਟਾਂ 'ਚੋਂ 38 ਐਮ.ਐਲ.ਏ., ਕਾਂਗਰਸ ਦੇ 78 ਤੇ ਭਾਜਪਾ ਦੇ 104 ਵਾਲੇ ਤੀਜੇ ਨੰਬਰ 'ਤੇ ਪਹੁੰਚਾ ਦਿੱਤੇ | 78 ਵਾਲੇ ਦੂਜੇ ਸਥਾਨ 'ਤੇ ਕਾਇਮ ਰਹੇ, ਗੋਲਡ ਮੈਡਲ 38 ਵਾਲਿਆਂ ਨੂੰ ਕਿਸਮਤ ਦੇ ਧਨੀ ਹੋਣ ਵਾਲਾ ਸਰਪਰਾਈਜ਼ ਕਰਨ ਵਾਲਾ ਸੁਭਾਗ ਪ੍ਰਾਪਤ ਹੋ ਗਿਆ |
ਇਹ ਸਿਰਫ਼ ਭਾਰਤ ਮਹਾਨ 'ਚ ਹੀ ਹੋ ਸਕਦਾ ਹੈ, ਇਥੇ ਹੀ ਹੋਇਆ, ਦੁਨੀਆ ਦੇ ਕਿਸੇ ਹੋਰ ਦੇਸ਼ 'ਚ ਸੰਭਵ ਨਹੀਂ ਹੈ | ਅਸਾਂ ਡੈਮੋਕ੍ਰੇਸੀ ਅੰਗਰੇਜ਼ਾਂ ਤੋਂ ਸਿੱਖੀ ਹੈ | ਮਜਾਲ ਹੈ ਅੰਗਰੇਜ਼ ਇਸ ਤਰ੍ਹਾਂ ਦੇ ਨਤੀਜੇ ਆਉਣ 'ਤੇ ਇਸ ਤਰ੍ਹਾਂ ਦੀ ਚਾਲ ਚਲਦੇ | ਘੱਟ ਵਾਲੇ ਪੂਰੀ ਨਿਮਰਤਾ ਨਾਲ, ਮਿਲੇ ਨਤੀਜਿਆਂ ਨੂੰ ਸਵੀਕਾਰ ਕਰਕੇ ਨੈਤਿਕਤਾ ਦਾ ਸਬੂਤ ਦਿੰਦੇ, ਵਿਰੋਧੀ ਧਿਰ 'ਚ ਬਹਿ ਜਾਂਦੇ | ਕਰ-ਨਾਟਕ 'ਚ ਹੋਈਆਂ ਇਨ੍ਹਾਂ ਹੀ ਚੋਣਾਂ 'ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬੜੇ ਮਾਣ ਨਾਲ ਆਖਿਆ ਸੀ, 'ਹਾਂ ਮੇਰੀ ਮਾਂ ਇਟੈਲੀਅਨ ਹੈ, ਪਰ ਉਹਨੇ ਉਮਰ ਦਾ ਬਹੁਤਾ ਹਿੱਸਾ ਭਾਰਤ 'ਚ ਬਿਤਾਇਆ ਹੈ, ਇਸ ਲਈ ਉਹ ਪੂਰੀ ਤਰ੍ਹਾਂ ਭਾਰਤੀ ਹੈ |' ਪਤੈ ਸਾਰੇ ਸੰਸਾਰ 'ਚ ਮਾਫੀਆ ਇਟਲੀ ਦਾ ਮਸ਼ਹੂਰ ਹੈ | ਮਾਫੀਆ ਤੇ ਇਕ ਮਸ਼ਹੂਰ ਨਾਵਲ 'ਗਾਡ ਫਾਦਰ' ਹੈ, ਜਿਸ 'ਤੇ ਅੰਗਰੇਜ਼ੀ ਦੀ ਪ੍ਰਸਿੱਧ ਫਿਲਮ 'ਗਾਡ ਫਾਦਰ' ਬਣੀ ਹੈ | ਇਸ ਨਾਵਲ 'ਤੇ ਫ਼ਿਲਮ ਵਿਚ ਇਟਲੀ 'ਚ ਮਾਫੀਆ ਰਾਜ ਦੇ ਸਰਗਣਾ ਕਿਵੇਂ ਖ਼ੂਨੀ ਖੇਡ ਖੇਡਦੇ ਹਨ, ਬਾਖੂਬੀ ਦਰਸਾਇਆ ਗਿਆ ਹੈ | ਇਟਲੀ ਵਾਲਿਆਂ ਕੁਝ ਤਾਂ ਉਥੋਂ ਸਿੱਖਿਆ ਹੀ ਹੋਵੇਗਾ, ਤੇ ਬਾਕੀ 'ਤਿਗੜਮ' ਵਾਲੇ ਨਾਟਕ ਕਿੱਦਾਂ ਕਰੀ ਦੇ ਹਨ, ਇਹ ਭਾਰਤ 'ਚ ਰਹਿ ਕੇ ਸਾਡੇ ਸਿਆਸੀ ਤਿਕੜਮਬਾਜ਼ਾਂ ਤੋਂ ਚੰਗੀ ਤਰ੍ਹਾਂ ਸਿੱਖ ਲਏ ਹੋਣਗੇ |
ਰਾਹੁਲ ਗਾਂਧੀ, ਜਿਸ ਨੂੰ ਪੂਰੀ ਮਮਤਾ ਨਾਲ ਸੋਨੀਆ ਗਾਂਧੀ ਨੇ, ਆਪਣੀ ਵਿਰਾਸਤ ਦੇ ਕੇ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ, ਉਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਚੋਣ ਵਾਲੇ ਮੈਦਾਨ 'ਚ ਖੂਬ ਮਿਹਨਤ-ਮੁਸ਼ੱਕਤ ਮਗਰੋਂ ਵੀ ਹਾਰ ਹੀ ਹਾਰ ਖਾਧੀ | ਮਹਾਰਾਸ਼ਟਰ 'ਚ ਮਸ਼ਹੂਰ ਕਹਾਵਤ ਹੈ:
ਕਿਸਮਤ ਹੋ ਮਾਂਡੂ (ਮੰਦੀ ਭੈੜੀ)
ਤਾਂ ਕੀ ਕਰੇ ਪਾਂਡੂ?
ਵਿਚਾਰਾ ਰਾਹੁਲ ਥਾਂ-ਥਾਂ ਕਰਨਾਟਕ 'ਚ ਮੰਦਿਰਾਂ ਵਿਚ ਗਿਆ, ਮੱਠਾਂ 'ਚ ਗਿਆ, ਅਖੇ ਤਿਲਕ ਲਵਾਏ, ਪੂਜਾ ਅਰਚਨਾ ਕੀਤੀ | ਪ੍ਰਧਾਨ ਮੰਤਰੀ ਮੋਦੀ ਨੂੰ ਵੀ ਰੱਜ ਕੇ ਕੋਸਿਆ, ਪਰ ਨਤੀਜਾ:
ਜਹਾਂ ਜਹਾਂ ਪਾਂਵ ਪੜੇ ਰਾਹੁਲ ਕੇ,
ਵਹਾਂ ਵਹਾਂ ਬੰਟਾਧਾਰ ਭਏ |
-0-
ਜਹਾਂ ਜਹਾਂ ਪਾਂਵ ਪੜੇ ਮੋਦੀ ਕੇ,
ਬੀ.ਜੇ.ਪੀ. ਦੀ ਬਹਾਰ ਭਏ |
ਬੇ.ਜੇ.ਪੀ. ਦੇ ਯੇਦੀਯੁਰੱਪਾ ਨੇ ਇਕ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਸੀ |
ਕਰਨਾਟਕ ਆਖਰੀ ਵੱਡਾ ਰਾਜ ਰਹਿ ਗਿਆ ਸੀ, ਕਾਂਗਰਸ ਕੋਲ | ਉਹ ਵੀ ਗਿਆ | ਰਾਹਲੁ ਜੀ ਨੇ ਗੱਜ-ਵੱਜ ਕੇ ਦਾਅਵਾ ਕੀਤਾ ਸੀ ਕਿ ਉਹ ਸਿਰਫ਼ ਕਰਨਾਟਕ ਹੀ ਨਹੀਂ ਜਿੱਤਣਗੇ, ਸਗੋਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵੀ ਭਾਰੀ ਬਹੁਮਤ ਨਾਲ ਜਿੱਤਣਗੇ ਤੇ ਜੇਕਰ ਉਨ੍ਹਾਂ ਦੀ ਪਾਰਟੀ ਦਾ ਬਹੁਮਤ ਆ ਗਿਆ ਤਾਂ ਉਹ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਹਨ |
ਧਰਮ ਨਾਲ ਹਿੰਦੂ ਧਰਮਵਾਲੇ ਸ਼ਿਵ ਭਗਤ ਹੋਣ ਦਾ ਭਰਪੂਰ ਨਾਟਕ ਰਚਿਆ ਪਰ ਚੋਣ ਨਤੀਜੇ ਨਿਕਲੇ ਤਾਂ ਟਾਇਰ ਪੰਚਰ ਹੋਣ ਵਾਂਗ ਫੂਕ ਨਿਕਲ ਗਈ | ਨਤੀਜੇ ਵਾਲੇ ਦਿਨ, ਸਾਰਾ ਦਿਨ ਘਰੋਂ ਬਾਹਰ ਨਹੀਂ ਨਿਕਲੇ, ਧਰਮ ਨਾਲ ਸ਼ਰਮ ਆ ਗਈ ਸੀ | ਕਾਂਗਰਸ ਨੇ ਆਪਣੇ ਦੋ ਨੇਤਾ ਝਟ ਬੈਂਗਲੌਰ ਰਵਾਨਾ ਕਰ ਦਿੱਤੇ ਤੇ ਤੀਜੇ ਨੰਬਰ ਵਾਲੀ ਪਾਰਟੀ, ਜੇ.ਡੀ.ਐਸ. ਨੂੰ ਕਾਂਗਰਸ ਦਾ ਬਿਨਾਂ ਸ਼ਰਤ ਸਮਰਥਨ ਦੇ ਕੇ, ਉਹਦੀ ਸਰਕਾਰ ਬਣਾਉਣ ਦਾ ਨਾਟਕ ਖੇਡ ਦਿਤਾ | ਇਕ ਵਾਰੀ ਤਾਂ ਦੁਨੀਆ ਹੈਰਾਨ ਰਹਿ ਗਈ |
ਰਾਹੁਲ ਗਾਂਧੀ ਜੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਵਾਲੀ ਇੱਛਾ ਬਾਰੇ ਇਕ ਵਿਅੰਗ ਹਾਜ਼ਰ ਹੈ, 'ਇਕ ਪਿੰਡ ਦਾ ਲੰਬੜਦਾਰ ਗੁਜ਼ਰ ਗਿਆ | ਉਸ ਪਿੰਡ ਦਾ ਇਕ ਪੁੱਤ ਦੌੜਿਆ-ਦੌੜਿਆ ਆਪਣੀ ਮਾਂ ਕੋਲ ਗਿਆ ਤੇ ਪੁੱਛਿਆ, 'ਮਾਂ ਹੁਣ ਅਗਲਾ ਲੰਬੜਦਾਰ ਕੌਣ ਬਣੇਗਾ?'
'ਲੰਬੜਦਾਰ ਦਾ ਵੱਡਾ ਮੰੁਡਾ'
'ਜੇਕਰ ਉਹ ਵੀ ਮਰ ਗਿਆ ਤਾਂ....?
'ਤਾਂ ਉਹਦਾ ਛੋਟਾ ਭਰਾ |'
'ਉਹ ਵੀ ਮਰ ਗਿਆ ਤਾਂ...?'
'ਉਹਦਾ ਤਾਇਆ'
'ਉਹ ਵੀ ਮਰ ਗਿਆ ਤਾਂ...?
'ਉਹਦਾ ਚਾਚਾ |'
'ਉਹ ਵੀ ਮਰ ਗਿਆ ਤਾਂ...?'
ਮਾਂ ਨੇ ਖਿਝ ਕੇ ਕਿਹਾ, 'ਪੁੱਤ ਭਾਵੇਂ ਸਾਰਾ ਪਿੰਡ ਮਰ ਜਾਏ ਤਾਂ ਵੀ ਤੂੰ ਲੰਬੜਦਾਰ ਨਹੀਂ ਬਣ ਸਕਦਾ |'
••

ਮੁਸਕਰਾਹਟ

• ਮੁਸਕਰਾਹਟ ਨੂੰ ਅੰਗਰੇਜ਼ੀ ਵਿਚ ਸਮਾਈਲ ਕਿਹਾ ਜਾਂਦਾ ਹੈ | ਰੋਮਨ ਪੰਜਾਬੀ ਵਿਚ ਸਮਾਈਲ ਦਾ ਫੁਲ ਫਾਰਮ ਹੈ
ਐਸ—ਸੈਟਸ ਯੂਫਰੀ |
ਐਮ—ਮੇਕਸ ਯੂ ਸਪੈਸ਼ਲ |
ਆਈ—ਇਨਕਰੀਜ ਯੂਅਰ ਫੇਸ ਵੈਲਿਊ |
ਐਲ—ਲਿਫਟਸ ਯੂਅਰ ਸਪਿਰਿਟਸ |
ਈ—ਈਰੇਸਜ ਆਲ ਯੂਆਰ ਟੈਨਸ਼ਜ |
ਇਸ ਲਈ ਮੁਸਕਰਾਉਂਦੇ ਰਹੋ ਅਤੇ ਖ਼ੁਸ਼ ਰਹੋ |
• ਇਸ ਦੁਨੀਆ ਵਿਚ ਹਜ਼ਾਰਾਂ ਭਾਸ਼ਾਵਾਂ ਹਨ | ਪਰ ਮੁਸਕਰਾਹਟ ਜਾਂ ਮੁਸਕਾਨ ਸਭ ਤੋਂ ਚੰਗੀ ਭਾਸ਼ਾ ਕਹੀ ਜਾ ਸਕਦੀ ਹੈ ਕਿਉਂਕਿ ਮੁਸਕਰਾਹਟ ਯੂਨੀਵਰਸਲ ਭਾਸ਼ਾ ਹੈ ਜਿਹੜੀ ਕਿ ਇਕ ਬੱਚਾ ਵੀ ਬੋਲ ਸਕਦਾ ਹੈ |
• ਮੁਸਕਰਾਹਟ ਜਾਂ ਮੁਸਕਾ ਖ਼ਮੋ ਗੁਫਤਗੂ ਦਾ ਦੂਸਰਾ ਨਾਂਅ ਹੈ |
• ਮੁਸਕਰਾਹਟ ਉਸ ਸਮੇਂ ਪੂਰੀ ਹੁੰਦੀ ਹੈ ਜਦੋਂ ਇਹ ਤੁਹਾਡੇ ਬੁੱਲ੍ਹਾਂ ਨਾਲ ਸ਼ੁਰੂ ਹੁੰਦੀ ਹੈ, ਤੁਹਾਡੀਆਂ ਅੱਖਾਂ ਵਿਚ ਰਿਫਲੈਕਟ ਹੁੰਦੀ ਹੈ ਅਤੇ ਤੁਹਾਡੇ ਚਿਹਰੇ ਤੇ ਗਲੋਅ (ਚਮਕ) ਦੇ ਨਾਲ ਸਮਾਪਤ ਹੁੰਦੀ ਹੈ |
• ਮੁਸਕਰਾਹਟ ਚਿਹਰੇ ਦਾ ਲਾਈਟਿੰਗ ਸਿਸਟਮ ਹੈ | ਸਿਰ ਦਾ ਕੂਲਿੰਗ ਸਿਸਟਮ ਅਤੇ ਦਿਲ ਦਾ ਹੀਲਿੰਗ ਸਿਸਟਮ ਹੈ |
• ਜ਼ਿੰਦਗੀ ਇਕ ਬੈਟਰੀ ਦੀ ਤਰ੍ਹਾਂ ਹੈ ਅਤੇ ਮੁਸਕਰਾਹਟ ਬਿਜਲੀ ਦੀ ਤਰ੍ਹਾਂ ਹੈ | ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਬੈਟਰੀ ਚਾਰਜ ਹੋ ਜਾਂਦੀ ਹੈ ਅਤੇ ਇਸ ਨਾਲ ਦਿਨ ਵਧੀਆ ਲੰਘਦਾ ਹੈ |
• ਮੁਸਕਰਾਹਟ ਇਕ ਅਜਿਹਾ ਹੀਰਾ ਹੈ, ਜਿਸ ਨੂੰ ਤੁਸੀਂ ਬਿਨਾਂ ਖਰੀਦੇ ਪ੍ਰਾਪਤ ਕਰ ਸਕਦੇ ਹੋ |
• ਕਹਿੰਦੇ ਹਨ ਕਿ ਮੁਸਕਾਨ ਪ੍ਰੇਮ ਦੀ ਭਾਸ਼ਾ ਹੈ | ਮੁਸਕਾਨ ਦੀ ਭਾਸ਼ਾ ਸੰਗੀਤ ਵਾਂਗ ਅੰਤਰਰਾਸ਼ਟਰੀ ਹੈ | ਹਰ ਬੰਦਾ ਮੁਸਕਾਨ ਦਾ ਜਵਾਬ ਮੁਸਕਾਨ ਨਾਲ ਦਿੰਦਾ ਹੈ | ਮੁਸਕਾਨ ਚਿਹਰੇ ਨੂੰ ਚਾਰ ਚੰਨ ਲਗਾਉਂਦੀ ਹੈ |
• ਮੁਸਕਰਾਹਟ ਇਕ ਕਮਾਲ ਦੀ ਪਹੇਲੀ ਹੈ, ਜਿੰਨਾ ਦੱਸਦੀ ਹੈ, ਉਹ ਤੋਂ ਜ਼ਿਆਦਾ ਛੁਪਾਉਂਦੀ ਹੈ |
• ਬੱਚਾ ਕਿਸੇ ਨੂੰ ਪਛਾਨਣ ਦਾ ਸੰਕੇਤ ਆਪਣੀ ਮੁਸਕਰਾਹਟ ਨਾਲ ਦਿੰਦਾ ਹੈ |
• ਸੁਖਾਵੇਂ ਅਤੇ ਅਣਸੁਖਾਵੇਂ ਹਾਲਾਤ ਵਿਚ ਰਹਿਣ ਨੂੰ 'ਪਾਰਟ ਆਫ਼ ਲਾਈਫ਼' ਕਿਹਾ ਜਾਂਦਾ ਹੈ | ਪਰ ਉਕਤ ਸਾਰੀਆਂ ਹਾਲਾਤਾਂ ਵਿਚ ਮੁਸਕਰਾਉਣ ਨੂੰ 'ਆਰਟ ਆਫ਼ ਲਾਈਫ਼' ਕਿਹਾ ਜਾਂਦਾ ਹੈ |
• ਜ਼ਿੰਦਗੀ ਵਿਚ ਭਾਵੇਂ ਅਸਫ਼ਲਾਤਾਵਾਂ ਆਉਂਦੀਆਂ ਹਨ | ਔਕੜਾਂ, ਦੁੱਖ-ਹੰਝੂ ਵੀ ਮਿਲਦੇ ਹਨ | ਪਰ ਜ਼ਿੰਦਗੀ ਵਿਚ ਮੁਸਕਰਾਉਣ ਦਾ ਕਾਰਨ ਵੀ ਜ਼ਰੂਰ ਹੁੰਦਾ ਹੈ |
• ਜੇਕਰ ਤੁਹਾਡੀ ਮੁਸਕਰਾਹਟ ਆਕਰਸ਼ਕ ਹੋਵੇਗੀ ਤਾਂ ਯਕੀਨਨ ਦੂਸਰੇ ਨੂੰ ਤੁਹਾਨੂੰ ਮਿਲ ਕੇ ਪ੍ਰਸੰਨਤਾ ਹੋਵੇਗੀ |
• ਸਾਡੇ ਚਿਹਰੇ ਦੀ ਮੁਸਕਾਨ ਸਾਡੀਆਂ ਭਾਵਨਾਵਾਂ ਦਾ ਸੂਚਨਾਤੰਤਰ ਹੈ | ਅਨੇਕਾਂ ਸੁਨੇਹਿਆਂ ਨੂੰ ਬਿਨਾਂ ਆਵਾਜ਼ ਅਦਾਨ-ਪ੍ਰਦਾਨ ਕਰਨ ਦਾ ਇਹ ਸਰਬ-ਉੱਤਮ ਅਤੇ ਮੁਫ਼ਤ ਦਾ ਸਾਧਨ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਲਘੂ ਕਥਾ:ਹੋਰ ਰੱਬ

ਇਕ ਦਿਨ ਮੈਨੂੰ ਸੁਪਨੇ ਵਿਚ ਆ ਕੇ ਰੱਬ ਨੇ ਆਖਿਆ, 'ਬੇਟਾ, ਤੰੂ ਮੇਰੇ ਕਸ਼ਟਾਂ ਦਾ ਨਿਵਾਰਨ ਕਰ ਦੇ |' ਤਾਂ ਮੈਂ ਹੈਰਾਨ ਹੋ ਕੇ ਆਖਿਆ ਕਿ 'ਰੱਬ ਜੀ, ਤੁਸੀਂ ਤਾਂ ਦੁਨੀਆ ਦੇ ਕਸ਼ਟਾਂ ਦਾ ਨਿਵਾਰਨ ਕਰਦੇ ਹੋ ਤੇ ਤੁਹਾਡੇ... ਮੈਂ?' ਤਾਂ ਰੱਬ ਨੇ ਕਿਹਾ ਕਿ ਇਹ ਕਸ਼ਟ ਪੈਦਾ ਵੀ ਤਾਂ ਬੰਦੇ ਨੇ ਹੀ ਕੀਤੇ ਨੇ, ਤੇ ਦੂਰ ਵੀ ਏਹੀ ਕਰੇਗਾ |
ਵੇਖ ਨਾ ਮੈਂ ਤਾਂ ਇਕੋ ਰੱਬ ਹਾਂ ਸਾਰਿਆਂ ਦਾ ਪਿਤਾ | ਤੇ ਬੰਦੇ ਸਾਰੇ ਮੇਰੇ ਹੀ ਪੱੁਤਰ ਨੇ | ਪਹਿਲਾਂ ਤਾਂ ਇਨ੍ਹਾਂ ਮੇਰੇ ਕਈ ਨਾਂਅ ਰੱਖ ਦਿੱਤੇ, ਫੇਰ ਇਨ੍ਹਾਂ ਨੇ ਇਨ੍ਹਾਂ ਨਾਵਾਂ ਉੱਤੇ ਧਰਮ ਬਣਾ ਲਏ ਤੇ ਹੁਣ ਇਨ੍ਹਾਂ ਧਰਮਾਂ ਵਿਚ ਪਾੜੇ ਪਾ ਕੇ ਆਪਸ ਵਿਚ ਲੜਾਈ-ਮਰਵਾਈ ਜਾਂਦੇ ਨੇ, ਤਾਂ ਕਿ ਇਨ੍ਹਾਂ ਦਾ ਤੋਰੀ-ਫੁਲਕਾ ਚਲਦਾ ਰਹੇ | ਮੈਂ ਇਹ ਰੋਜ਼ ਦੇ ਦੰਗੇ-ਫ਼ਸਾਦ ਖੂਨ-ਖ਼ਰਾਬੇ ਦੇਖ-ਦੇਖ ਤੰਗ ਆ ਗਿਆਂ | ਐਹੋ ਜਿਹਾ ਕਿਹੜਾ ਬਾਪ ਹੈ ਜਿਹੜਾ ਆਪਣੇ ਪੱੁਤਰਾਂ ਨੂੰ ਲੜਦੇ-ਮਰਦੇ ਦੇਖ ਸਕਦੈ |
ਮੈਂ ਕਿਹਾ ਰੱਬ ਜੀ, ਇਨ੍ਹਾਂ ਸਾਰੇ ਧਰਮਾਂ ਨੂੰ ਇਕ ਬਣਾਉਣ ਦੀ ਕਰਾਮਾਤ ਤਾਂ ਤੁਸੀਂ ਹੀ ਕਰ ਸਕਦੇ ਹੋ | ਮੈਂ ਤਾਂ ਆਪ ਜੀ ਨੂੰ ਮਸ਼ਵਰਾ ਦੇ ਸਕਦਾ ਹਾਂ ਕਿ ਇਸ ਦੁਨੀਆ ਵਿਚੋਂ ਸਿਆਸਤ ਕੱਢ ਦੇਵੋ | ਇਹ ਜਿਥੇ ਵੀ ਰਹੇਗੀ, ਏਸ ਨੇ ਕਿਸੇ ਨੂੰ ਰਲ ਕੇ ਬੈਠਣ ਨਹੀਂ ਦੇਣਾ | ਇਹ ਤਾਂ ਜੇਕਰ ਤੁਹਾਡੇ ਘਰ ਆ ਵੜੀ, ਫੇਰ ਤਾਂ ਤੁਹਾਡਾ ਰਾਖਾ ਵੀ ਕੋਈ ਹੋਰ ਹੀ ਰੱਬ ਹੋਵੇਗਾ |

-ਕਿਰਪਾਲ ਸਿੰਘ 'ਨਾਜ਼',
155, ਸੈਕਟਰ 2-ਏ, ਢਿੱਲੋਂ ਕਾਟੇਜ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ)-147301. ਮੋਬਾ: 98554-80191

ਕਹਾਣੀ: ਉੱਚੀ-ਸੁੱਚੀ ਸੋਚ

'ਵਾਹਿਗੁਰੂ... ਵਾਹਿਗੁਰੂ... ਕਿਵੇਂ ਸਾਰਾ ਟੱਬਰ ਦਿਨ ਚੜ੍ਹੇ ਤਾੲੀਂ ਘੋੜੇ ਵੇਚ ਕੇ ਸੁੱਤੈ... ਦਹਿਲੀਜ਼ੋਂ ਬਾਹਰ ਨਿਕਲੀ ਹੀ ਸਾਂ ਕਿ ਆਹ ਕਾਰਾ ਹੋਇਆ ਵੇਖ ਮੇਰੇ ਤਾਂ ਜਿਵੇਂ ਸਾਹ ਹੀ ਸੂਤੇ... | ਤੜਕਸਾਰ ਹੀ ਮਾਂ ਵਲੋਂ ਕਹੇ, ਉਕਤ ਡਰਾਉਣੇ ਜਿਹੇ ਬੋਲਾਂ ਨੇ ਮੈਨੂੰ ਅੱਬੜ੍ਹਵਾਹੇ ਹੀ ਨੀਂਦ ਤੋਂ ਜਗਾ ਕੇ ਰੱਖ ਦਿੱਤਾ ਸੀ | 'ਕੀ ਹੋਇਆ ਮਾਂ?... ਅੱਜ ਛੁੱਟੀ ਵਾਲਾ ਦਿਨ ਝਟ ਕੁ ਹੋਰ... | ਅਲਸਾਏ ਜਿਹੇ ਬੋਲ ਮਸਾਂ ਹੀ ਮੇਰੇ ਮੰੂਹੋਂ ਨਿਕਲੇ ਸਨ | 'ਹਾਲੇ ਤੈਨੂੰ ਸੌਣ ਦੀ ਪਈ... ਬਾਹਰ ਕਿਸੇ ਕਲਮੰੂਹੇਂ ਵਲੋਂ ਆਹ ਮਨਹੂਸ ਕਾਰਾ... | ਮਾਂ ਦੇ ਬੋਲਾਂ 'ਚ ਗੁੱਸਾ ਅਤੇ ਚਿੰਤਾ ਸਪੱਸ਼ਟ ਹੀ ਝਲਕ ਰਹੇ ਸੀ | ਮੈਂ ਤਪਾਕ ਦੇਣੇ ਉੱਠ ਕੇ ਵੇਖਿਆ ਕਿ ਬਾਹਰਲੇ ਛੋਟੇ ਮੇਨ ਗੇਟ ਵਾਲੇ ਥਮਲੇ ਨਾਲ 5-6 ਫੁੱਟਾ ਕਾਨ੍ਹਾਂ ਜਿਹਾ ਖੜ੍ਹਾ ਸੀ | ਜਿਸ ਨੂੰ ਹੱਥ 'ਚ ਫੜ ਉਥੋਂ ਹਟਾਉਣ ਲਈ ਅਹੁਲਿਆ ਹੀ ਸਾਂ ਕਿ 'ਨਾ ਪੁੱਤ!... ਨਾ... ਮੇਰਾ ਤਾਂ ਸਵੇਰੇ-ਸਵੇਰੇ ਕਹਿੰਦੀ ਦਾ ਕਲੇਜਾ ਹੀ ਮੰੂਹ ਨੂੰ ਆਉਣ ਡਿਹੈ... ਪੁੱਤ! ਇਹ ਕਾਨਾਂ ਡਾਢੀ ਬਦਸ਼ਗਨੀ ਦੀ ਨਿਸ਼ਾਨੀ... ਜਦ ਕਿਸੇ ਦੀ ਅਰਥੀ ਜਾਣੀ ਹੋਵੇ ਤਾਂ ਪਹਿਲਾਂ ਹੀ ਉਸ ਦੇ ਕੱਦ ਬਰਾਬਰ ਕਾਨਾਂ ਮਿਣ ਕੇ ਨਾਲ ਹੀ ਰੱਖ ਦਿੱਤਾ ਜਾਂਦੈ... ਤੂੰ ਹੱਥ ਨਾ ਲਾੲੀਂ ਇਹਨੂੰ... ਪਰ ਪੁੱਤ! ਤੂੰ ਛੇਤੀ ਹੀ ਬਾਹਰਲੀ ਪੱਤੀ ਡੇਰੇ ਵਾਲੇ ਬਾਬੇ ਨੂੰ ਲੈ ਆ... ਮੌਕੇ 'ਤੇ... |, ਹੁਕਮ ਅਤੇ ਅਪਣੱਤ ਭਰੇ ਲਹਿਜ਼ੇ 'ਚ ਮਾਂ ਬੋਲੀ |
ਅਗਲੇ ਕੁਝ ਹੀ ਮਿੰਟਾਂ 'ਚ ਮੈਂ ਡੇਰੇ ਵਾਲੇ ਬਾਬੇ ਨੂੰ ਬਾਈਕ 'ਤੇ ਬਿਠਾ ਲਿਆਇਆ | 'ਮਾਤਾ... ਘੋਰ ਕਲਯੁੱਗ... ਕਿਹੜੇ ਦੋਖੀ ਨੇ ਕਿਸੇ ਸਿਆਣੇ ਪਾਸੋਂ ਇਹ ਕਾਨਾਂ ਮੰਤਰਵਾ ਕੇ ਥੋਡੇ ਬਾਰ ਮੂਹਰੇ ਰੱਖਿਆ ਲਗਦੈ... ਭਾਈ! ਤੁਸੀਂ ਚੰਗਾ ਕੀਤੈ ਜਿਹੜਾ ਮੈਨੂੰ ਟਾਇਮ ਸਿਰ ਬੁਲਾ ਲਿਆਂਦਾ, ਅੱਖਾਂ ਮੀਟ ਕੁਝ ਫੁਸਫੁਸਾਉਂਦਿਆਂ ਉਸ ਕਾਨਾਂ ਆਪਣੇ ਹੱਥ ਵਿਚ ਲੈਂਦਿਆਂ ਸਾਨੂੰ ਮਾਂ-ਪੁੱਤ ਦੋਵਾਂ ਨੂੰ ਹੁਣੇ ਹੀ ਆਪਣੇ ਡੇਰੇ ਆਉਣ ਦਾ ਹੁਕਮ ਚਾੜ੍ਹ ਦਿੱਤਾ |
ਵੇਖੋ ਭਾਈ... ਕੋਈ ਚੰਗਾ ਬੰਨ੍ਹ-ਸ਼ੁੱਬ ਕਰਨਾ ਪੈਣੈ... ਇਸ ਤੋਂ ਪਹਿਲਾਂ ਕਿ ਇਹ ਮੰਤਰਿਆ ਕਾਨਾਂ ਥੋਡੇ ਕਿਸੇ ਜੀਅ ਦੀ ਅਭੀ-ਨਭੀ ਕਰੇ | ਇਹ ਥੋਡੀ ਮਰਜ਼ੀ ਹੈ ਭਾਵੇਂ ਇਥੇ ਡੇਰੇ, ਭਾਵੇਂ ਆਪਣੇ ਘਰ ਕਰਵਾਓ... ਸੱਤ ਦਿਨੀਂ ਜਾਪ ਅਤੇ ਉਪਾਅ... ਇਸ ਦੌਰਾਨ ਰੋਜ਼ਾਨਾ ਪੀਰ ਦੀ ਨਿਆਜ਼... ਸਮੱਗਰੀ... ਭੰਡਾਰਾ ਅਤੇ ਬਸਤਰ ਇੱਕੀ ਕੁ ਹਜ਼ਾਰ ਦਾ ਕੁੱਲ ਖਰਚਾ... |
'ਕੋਈ ਨਾ ਬਾਬਾ ਜੀ...ਖਰਚੇ ਦੀ ਪ੍ਰਵਾਹ ਨਾ ਕਰਿਓ... ਪਰ ਕੰਮ ਕਰਿਓ ਪੱਕਾ... ਮੇਰੇ ਤਾਂ ਕੱਲਾ-ਕਾਰਾ ਪੁੱਤ... ਨੂੰ ਹ ਅਤੇ ਸੁੱਖ ਨਾਲ ਛੋਟਾ ਜਿਹਾ ਪੋਤਰਾ... ਇਨ੍ਹਾਂ ਨਾਲ ਹੀ ਜਹਾਨ, ਤੁਸੀਂ ਸਾਰਾ ਕੰਮ ਡੇਰੇ 'ਚ ਹੀ ਕਰਿਓ, ਵਿਧੀ ਵਿਧਾਨ ਨਾਲ...', ਮਾਂ ਨੇ ਬਾਬੇ ਦੀ ਗੱਲ ਵਿਚੇ ਹੀ ਕੱਟਦਿਆਂ ਕਿਹਾ |
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮਾਂ, ਮੇਰੀ ਪਤਨੀ ਅਤੇ ਬੇਟਾ ਰੋਜ਼ਾਨਾ ਹੀ ਡੇਰੇ ਵਿਖੇ ਜਾਂਦੇ | ਬਾਬਾ ਕਰੀਬ ਅੱਧਾ ਘੰਟਾ ਧੂਣੇ ਮੂਹਰਲੀ ਗੱਦੀ 'ਤੇ ਬੈਠੇ ਅੱਖਾਂ ਮੀਟ ਕੁਝ ਮੰਤਰ-ਤੰਤਰ ਪੜ੍ਹਦਾ ਅਤੇ ਲਾਚੀ-ਮਿਸ਼ਰੀ ਪ੍ਰਸ਼ਾਦ ਦੇ ਸਾਨੂੰ ਸਿੱਧਾ ਘਰ ਵੱਲ ਤੋਰ ਦਿੰਦਾ | ਸੱਤਵੇਂ ਦਿਨ ਫੇਰੀ ਦੀ ਸਮਾਪਤੀ ਸਮੇਂ ਉਸ ਆਸ-ਪਾਸ ਬੈਠੇ ਹੋਰ ਸੇਵਕਾਂ ਤੋਂ ਪਰਦੇ ਭਰੀ ਹੌਲੀ ਜਿਹੀ ਆਵਾਜ਼ 'ਚ ਸਾਨੂੰ ਦੱਸਿਆ, 'ਵੇਖੋ ਭਾਈ... ਭਾਰੀ ਮੰਤਰਣਾਂ ਸੀ ਕਾਨੇ 'ਤੇ... ਪਰ ਸੇਵਕਾਂ ਦਾ ਸਾਰਾ ਭਾਰ ਆਪਣੇ ਪਿੰਡੇ 'ਤੇ ਸਹਿ ਮਸਾਂ ਹੀ ਬਲਾ ਗਲੋਂ ਲਾਹੀ... ਨਹੀਂ ਤਾਂ ਪਤਾ ਨਹੀਂ ਕੀ?... ਨਾਲੇ ਭਾਈ... ਕੱਲ੍ਹ ਸੁੱਚੇ ਮੰੂਹ ਸਵੇਰ ਸਾਰ ਭੱਦੋ ਕੇ ਪੀਰ ਦੀ ਖੂਹੀ ਤੋਂ ਪੰਜ ਇਸ਼ਨਾਨਾ ਕਰ ਉਥੋਂ ਹੀ ਲਿਆਂਦੇ ਜਲ ਦਾ ਘਰ ਦੇ ਗੇਟ ਮੂਹਰੇ ਕਾਨੇ ਵਾਲੀ ਥਾਂ 'ਤੇ ਛਿੱਟਾ ਦੇ ਦੇਣੈ... ਬੱਸ |
ਦੱਸੇ ਮੁਤਾਬਿਕ ਅਗਲੀ ਸਵੇਰ ਅਸੀਂ ਪੀਰ ਦੀ ਖੂਹੀ ਤੋਂ ਲਿਆਂਦੇ ਜਲ ਦਾ ਛਿੱਟਾ ਦਰਵਾਜ਼ੇ ਮੂਹਰੇ ਦੇ ਹੀ ਰਹੇ ਸਾਂ ਕਿ ਮੇਰਾ ਹਮਜਮਾਤੀ ਰਿਹਾ ਗੂੜ੍ਹ ਦੋਸਤ ਚਿੱਟਾ ਕੁੜਤਾ-ਪਜਾਮਾ ਪਹਿਨੀ ਕਾਮਰੇਡ ਜੀਤ ਸਿਹੰੁ ਜੋ ਕਿ ਸੈਰ ਕਰ ਵਾਪਸ ਆ ਰਿਹਾ ਸੀ ਨੇ ਮਾਂ ਦੇ ਪੈਰੀਂ ਹੱਥ ਲਾਉਂਦਿਆਂ ਮੈਨੂੰ ਮੁਖਾਤਿਬ ਹੁੰਦਿਆਂ ਕਿਹਾ, 'ਭਾਈ! ਸੁੱਖ ਤਾਂ ਹੈ... ਸਵੇਰੇ ਸਵੇਰੇ ਸਾਰੇ ਜਣੇ...?'
ਉਸ ਦੇ ਨੇੜੇ ਹੁੰਦਿਆਂ ਮੈਂ ਕੁਝ ਪਰਦੇ ਭਰੀ ਆਵਾਜ਼ 'ਚ ਕਿਹਾ, 'ਯਾਰ! ਜੀਤ... ਸੁੱਖ ਹੈ ਵੀ... ਅਤੇ ਨਹੀਂ ਵੀ... ਕੁਝ ਦਿਨ ਪਹਿਲਾਂ ਇਸੇ ਗੇਟ ਮੂਹਰੇ ਕਿਸੇ ਭੜੂਏ ਨੇ ਇਕ ਕਾਨਾ ਜਿਹਾ ਖੜ੍ਹਾ... ਮਾਂ ਦੇ ਕਹੇ ਅਤੇ ਕਿਸੇ ਅਸ਼ੰਕੇ ਤੋਂ ਡਰਦਿਆਂ ਡੇਰੇ ਵਾਲੇ ਬਾਬੇ ਦੇ ਕਹੇ ਮੁਤਾਬਿਕ ਪਹਿਲਾਂ ਸੱਤ ਦਿਨ ਡੇਰੇ 'ਚ ਜਾਪ, ਹਵਨ, ਅੱਜ ਅੱਠਵੇਂ ਦਿਨ ਭੱਦੋ ਕੇ ਪੀਰ ਵਾਲੀ ਖੂਹੀ ਤੋਂ ਇਸ਼ਨਾਨ ਅਤੇ ਉਥੋਂ ਲਿਆਂਦੇ ਜਲ ਦਾ ਛੱਟਾ ਦੇਣ... |
ਜੀਤ ਕੁਝ ਪਲ ਸੋਚਣ ਉਪਰੰਤ ਮੱਥੇ 'ਤੇ ਹੱਥ ਮਾਰ ਮੇਰੀ ਗੱਲ ਟੋਕਦਿਆਂ ਤੇਜ਼ਤਰਾਰ ਉੱਚੀ ਆਵਾਜ਼ ਵਿਚ ਬੋਲਿਆ, 'ਕਾਨਾ... ਹੱਛਾ... ਬੱਲੇ ਓਏ ਬਹਾਦਰਾ...ਕਮਾਲ ਐ... ਤੂੰ ਤਾਂ ਪੜਿ੍ਹਆ-ਲਿਖਿਆ ਨੌਜਵਾਨ... ਮਾਰ ਲਿਆ ਓਏ ਅੰਧ-ਵਿਸ਼ਵਾਸਾਂ, ਬਾਬਿਆਂ ਅਤੇ ਪਿਛਾਂਹ ਖਿੱਚੂ ਸੋਚ ਨੇ ਸਾਡੇ ਪੰਜਾਬ ਨੂੰ ... ਤਾਂਤਰਿਕਾਂ, ਚਲਾਕ ਠੱਗ ਕਿਸਮ ਦੇ ਸਿਆਣਿਆਂ, ਬਾਬਿਆਂ ਵਲੋਂ ਆਪਣੇ ਸਵਾਰਥ ਹਿਤ ਸਾਨੂੰ ਗੁਮਰਾਹਕੁਨ ਕੂੜ ਪ੍ਰਚਾਰ ਵਲ ਧੱਕਿਆ ਜਾ ਰਿਹੈ, ਜਿਸ 'ਚ ਫਸ ਕੇ ਅਸੀਂ-ਤੁਸੀਂ ਬਿਨਾਂ ਕੁਝ ਸੋਚੇ-ਸਮਝੇ ਆਪਣੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਵਾਈ ਜਾ ਰਹੇ ਹਾਂ |
ਕੁਝ ਪਲ ਰੁਕਣ ਤੋਂ ਬਾਅਦ ਉਹ ਫਿਰ ਬੋਲਿਆ, 'ਦਰਅਸਲ, ਕੁਝ ਦਿਨ ਪਹਿਲਾਂ ਜਦ ਮੈਂ ਤੜਕਸਾਰ ਸੈਰ ਕਰਨ ਲਈ ਇਥੋਂ ਲੰਘ ਰਿਹਾ ਸੀ ਤਾਂ ਇਕ ਕਾਨਾਂ ਗਲੀ ਵਿਚਾਲੇ ਡਿੱਗਾ ਵੇਖ ਸੋਚਦਿਆਂ ਕਿ ਇਹ ਕਿਸੇ ਦੇ ਪੈਰ 'ਚ ਵੱਜ ਕੇ ਅਗਲੇ ਨੂੰ ਜ਼ਖ਼ਮੀ ਨਾ ਕਰ ਦੇਵੇ, ਕਾਨੇ ਨੂੰ ਥੋਡੀ ਕੰਧ ਨਾਲ ਟਿਕਾ ਦਿੱਤਾ... ਪਰ ਤੁਸੀਂ ਤਾਂ ਬਾਤ ਦਾ ਬਤੰਗੜ... |'
'ਪਰ ਪੁਰ ਕੁਝ ਨਹੀਂ ਜੀਤ... ਤੇਰੇ ਇਸ ਕਾਨੇ ਨੇ ਤਾਂ ਜਿਥੇ ਸਾਨੂੰ ਸਾਰੇ ਟੱਬਰ ਨੂੰ ਸੱਤ ਦਿਨ ਸੁੱਕਣੇ ਪਾਈ ਰੱਖਿਆ, ਉਥੇ ਹੀ ਇਹ ਕਾਨਾਂ ਸਾਨੂੰ ਇੱਕੀ-ਬਾਈ ਹਜ਼ਾਰ ਤੋਂ ਵੀ ਵਧੇਰੇ ਦਾ ਠੁੱਕਿਐ |' ਮੈਂ ਉਸ ਦੀ ਗੱਲ ਕੱਟਦਿਆਂ ਕਿਹਾ |
'ਚਲੋ ਜੋ ਹੋਇਆ ਸੋ ਹੋਇਆ... ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ... ਜੇ ਮੌਕਾ ਸੰਭਾਲਦਿਆਂ ਹਾਲੇ ਵੀ ਸਮਾਜਿਕ, ਰਾਜਨੀਤਕ, ਧਾਰਮਿਕ ਸੰਸਥਾਵਾਂ ਅਤੇ ਹਰ ਕੋਈ ਸਮਾਜ ਨੂੰ ਅੰਧ-ਵਿਸ਼ਵਾਸੀ ਕੂੜ ਪ੍ਰਚਾਰ ਵਿਰੁੱਧ ਜਾਗਰੂਕ ਕਰਨ ਅਤੇ ਨੌਜਵਾਨਾਂ ਤੇ ਬੱਚਿਆਂ ਨੂੰ ਉਸਾਰੂ ਸਾਹਿਤ, ਮੈਗਜ਼ੀਨ ਪੜ੍ਹਨ ਲਈ ਉਤਸ਼ਾਹਿਤ ਕਰਨ ਦਾ ਫ਼ਰਜ਼ ਨਿਭਾਉਣ ਤਾਂ... ਹਾਲੇ ਜੀਤ ਸਿਹੰੁ ਪਤਾ ਨਹੀਂ ਕੀ ਕੁਝ ਹੋਰ ਕਹਿ ਰਿਹਾ ਸੀ ਪਰ ਮੈਂ ਤਾਂ ਉਸ ਦੀ ਇਸ ਉੱਚੀ-ਸੁੱਚੀ ਸੋਚ ਮੂਹਰੇ ਬੁੱਤ ਬਣ ਚੁੱਪ-ਚਾਪ ਖੜ੍ਹਾ ਆਪਣੇ-ਆਪ ਨੂੰ ਬੌਣਾ ਜਿਹਾ ਹੀ ਮਹਿਸੂਸ ਕਰ ਰਿਹਾ ਸੀ |

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) | ਮੋਬਾਈਲ : 70870-48140.

ਨਹਿਲੇ 'ਤੇ ਦਹਿਲਾ

ਮੈਨੂੰ ਖੜ੍ਹੇ ਰਹਿਣਾ ਹੁੰਦਾ ਏ
ਮਾਰਕ ਟਵੀਨ ਬੜੇ ਉੱਚੇ ਦਰਜੇ ਦੇ ਭਾਸ਼ਣਕਾਰ ਸਨ | ਉਨ੍ਹਾਂ ਦਾ ਭਾਸ਼ਣ ਸੁਣਨ ਲਈ ਲੋਕ ਮਹਿੰਗੀਆਂ ਟਿਕਟਾਂ ਲੈ ਕੇ ਸੀਟਾਂ ਬੁੱਕ ਕਰਵਾ ਲਿਆ ਕਰਦੇ ਸਨ | ਇਕ ਵਾਰੀ ਇਕ ਸ਼ਹਿਰ ਵਿਚ ਭਾਸ਼ਣ ਦੇਣ ਲਈ ਆਏ ਅਤੇ ਇਕ ਨਾਈ ਦੀ ਦੁਕਾਨ 'ਤੇ ਹਜਾਮਤ ਕਰਵਾਉਣ ਲਈ ਗਏ | ਨਾਈ ਨੇ ਉਨ੍ਹਾਂ ਦੀ ਹਜਾਮਤ ਬਨਾਉਣੀ ਸ਼ੁਰੂ ਕੀਤੀ ਅਤੇ ਆਪਣੇ ਗਾਲੜੀ ਸੁਭਾਅ ਨਾਲ ਉਨ੍ਹਾਂ ਨਾਲ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ | ਉਸ ਨੇ ਮਾਰਕ ਸਾਹਿਬ ਨੂੰ ਪੁੱਛਿਆ, 'ਕੀ ਤੁਹਾਨੂੰ ਪਤਾ ਹੈ ਕਿ ਮਸ਼ਹੂਰ ਅਦੀਬ ਜਨਾਬ ਮਾਰਕ ਟਵੀਨ ਸਾਹਿਬ ਅੱਜ ਸਾਡੇ ਨਗਰ ਵਿਚ ਭਾਸ਼ਣ ਦੇਣ ਆ ਰਹੇ ਹਨ |'
ਇਹ ਸੁਣ ਕੇ ਮਾਰਕ ਸਾਹਿਬ ਨੇ ਜਵਾਬ ਦਿੱਤਾ, 'ਹਾਂ, ਮੈਨੂੰ ਪਤਾ ਹੈ |'
ਨਾਈ ਨੇ ਫਿਰ ਕਿਹਾ, 'ਤੁਸਾਂ ਉਨ੍ਹਾਂ ਦਾ ਭਾਸ਼ਣ ਸੁਣਨ ਲਈ ਟਿਕਟ ਲੈ ਕੇ ਸੀਟ ਬੁੱਕ ਕਰਵਾ ਲਈ ਹੋਵੇਗੀ | ਨਹੀਂ ਤਾਂ ਤੁਹਾਨੂੰ ਖੜ੍ਹੇ ਰਹਿਣਾ ਪਵੇਗਾ |'
ਮਾਰਕ ਸਾਹਿਬ ਨੇ ਜਵਾਬ ਦਿੱਤਾ, 'ਹਾਂ, ਜਦ ਉਹ ਭਾਸ਼ਣ ਦਿੰਦੇ ਹਨ ਮੈਨੂੰ ਖੜ੍ਹੇ ਰਹਿਣਾ ਪੈਂਦਾ ਏ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX