ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  17 minutes ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  45 minutes ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  about 1 hour ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 2 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਨਵਾਂ ਯੁੱਗ ਤੇ ਸਿੱਖ ਧਰਮ

ਮਨੁੱਖ ਵਿਚ ਹੋਰ ਨੀਵੇਂ ਦਰਜੇ ਦੇ ਜੀਵਾਂ ਨਾਲੋਂ ਇਹ ਇਕ ਵੱਡਾ ਵਾਧਾ ਹੈ ਕਿ ਇਸ ਵਿਚ ਪਿਛਲੇ ਤਜਰਬਿਆਂ ਤੋਂ ਲਾਭ ਉਠਾ ਕੇ ਭਵਿਖ ਨੂੰ ਸੁਧਾਰ ਸਕਣ ਦੀ ਸ਼ਕਤੀ ਹੈ। ਫਿਰ ਵਰਤਮਾਨ ਯੁੱਗ ਵਿਚ ਧਰਮ ਵਿਰੁੱਧ ਪ੍ਰਚਾਰ ਕਰਨ ਤੇ 'ਖਾਵੋ ਖਰਚੋ ਮੌਜ ਉਡਾਵੋ' ਦੇ ਨਾਅਰਿਆਂ ਥੱਲੇ ਜੀਵਨ ਮਨੋਰਥ ਨੂੰ ਰੋਲਣ ਵਾਲੇ ਪਿਛਲੇ ਤਜਰਬਿਆਂ ਤੋਂ ਲਾਭ ਕਿਉਂ ਨਹੀਂ ਉਠਾਉਂਦੇ? ਧਰਮ ਤੋਂ ਮੇਰਾ ਭਾਵ ਕਿਸੇ ਖਾਸ ਸ਼ਰੀਅਤ ਤੋਂ ਨਹੀਂ, ਸਗੋਂ ਉਨ੍ਹਾਂ ਸਦੀਵੀ ਸਚਾਈਆਂ ਦੇ ਸੰਗ੍ਰਹਿ ਤੋਂ ਹੈ ਜੋ ਮਨੁੱਖ ਦੇ ਜੀਵਨ ਲਈ ਅਨਮੋਲ ਮੋਤੀ ਹਨ।
ਹੋ ਸਕਦਾ ਹੈ ਸੰਸਾਰ ਵਿਚ ਕੁਝ ਮੱਤ ਅਜਿਹੇ ਵੀ ਲੱਭਣ, ਜੋ ਸਥਾਨਕ ਤੇ ਸਮੇਂ ਦੀਆਂ ਮਜਬੂਰੀਆਂ ਕਰਕੇ ਮਨੁੱਖ ਨੂੰ ਮਨੁੱਖ ਨਾਲੋਂ ਨਿਖੇੜਨ, ਸਮਾਜਿਕ ਅਸਮਾਨਤਾ, ਸਰਮਾਏਦਾਰੀ, ਮਜ਼੍ਹਬੀ ਤੇ ਸਿਆਸੀ ਛੂਤ-ਛਾਤ ਪ੍ਰਚਾਰਨ ਦੇ ਸਮਰਥਕ ਹੋਣ। ਪਰ ਇਸ ਤੋਂ ਇਹ ਸਿੱਟਾ ਉੱਕਾ ਹੀ ਨਹੀਂ ਕੱਢਿਆ ਜਾ ਸਕਦਾ ਕਿ ਹਰ ਉਸ ਧਰਮ ਫਲਸਫੇ ਨੂੰ ਵੀ, ਜੋ ਇਨਸਾਨਾਂ ਨੂੰ ਤਨ, ਮਨ ਤੇ ਆਤਮਾ ਕਰਕੇ ਹਰੇਕ ਪਹਿਲੂ ਤੋਂ ਬਲਵਾਨ ਵੇਖਣ ਦਾ ਇੱਛਾਵਾਨ ਹੋਵੇ ਤੇ ਜਿਸ ਦੀ ਕਸਵੱਟੀ ਹੀ ਇਹ ਹੋਵੇ ਕਿ ਮਨੁੱਖ ਮਨੁੱਖ ਨਾਲ ਬਿਨਾਂ ਕਿਸੇ ਜਾਤ, ਕੁਲ ਜਾਂ ਦੇਸ਼ ਦੇ ਵਿਤਕਰੇ ਦੇ ਕਿੰਨਾ ਪਿਆਰ ਕਰਦਾ, ਵੰਡ ਛਕਦਾ ਤੇ ਦਰਦ ਵੰਡਾਉਂਦਾ ਹੈ ਦੇ ਅਸੂਲਾਂ ਨੂੰ ਤਿਆਗਣ ਦੀ ਭੁੱਲ ਕਰਕੇ ਮਨੁੱਖੀ ਵਿਕਾਸ ਹਿਤ ਪ੍ਰਾਪਤ ਹੋਏ ਅਨਮੋਲ ਲਾਲਾਂ ਦੇ ਖਜ਼ਾਨੇ ਨੂੰ ਕੌਡੀਆਂ ਦੇ ਭਾਅ ਗਵਾ ਕੇ ਆਪਣੀ ਕੰਗਾਲਤਾ ਨੂੰ ਵਧਾਇਆ ਜਾਵੇ। ਅਨਮੱਤਾਂ ਸਬੰਧੀ ਟੀਕਾ-ਟਿੱਪਣੀ ਤੋਂ ਸੰਕੋਚ ਕਰਦਾ ਹੋਇਆ ਮੈਂ ਇਹ ਗੱਲ ਨਿਸਚੇ ਨਾਲ ਕਹਿ ਸਕਦਾ ਹਾਂ ਕਿ ਸਿੱਖ ਧਰਮ ਸੰਸਾਰ ਵਿਚ ਮਾਨਵਤਾ ਦੀ ਰਹਿਬਰੀ ਲਈ, ਕੁਝ ਅਜਿਹੇ ਅਸੂਲਾਂ ਤੇ ਸਦੀਵੀ ਸਚਾਈਆਂ ਦਾ ਸੰਗ੍ਰਹਿ ਹੈ, ਜੋ ਕਿਸੇ ਅਗਲੀ ਜ਼ਿੰਦਗੀ ਵਿਚ ਮੁਕਤੀ ਦੀ ਭਾਲ ਹਿਤ ਨਹੀਂ, ਸਗੋਂ ਇਥੇ ਹੀ ਘਾਲ ਖੱਟ ਕੇ, ਵੰਡ ਛਕ ਕੇ, ਦੁਨੀਆ ਵਿਚ ਸੇਵ ਕਮਾ ਕੇ, ਸੰਸਾਰ ਨੂੰ ਵਧੇਰੇ ਜੀਵਨ ਯੋਗ ਬਣਾਉਣ ਲਈ ਅਤਿ ਜ਼ਰੂਰੀ ਹਨ। ਜ਼ਿੰਦਗੀ ਦੇ ਹਰ ਪਹਿਲੂ ਨੂੰ ਅਮਲੀ ਤੌਰ 'ਤੇ ਸਮਝਣ ਤੇ ਕਮਾਉਣ ਦਾ ਜੇ ਕਿਸੇ ਕਮਾਲ ਕੀਤਾ ਹੈ ਤਾਂ ਉਹ ਸਿੱਖ ਸਤਿਗੁਰੂ ਹੀ ਸਨ। ਜੀਵਨ ਦਾ ਕੋਈ ਅੰਗ ਅਜਿਹਾ ਨਹੀਂ ਦਿਸਦਾ, ਜਿਸ 'ਤੇ ਸਤਿਗੁਰਾਂ ਨੇ ਮਨੁੱਖ ਨੂੰ ਨਰੋਈ, ਨਿੱਗਰ ਤੇ ਸਹੀ ਸਿਖਿਆ, ਨਾ ਕੇਵਲ ਜ਼ੁਬਾਨੀ ਸਗੋਂ ਕਮਾ ਕੇ ਨਾ ਦੱਸੀ ਹੋਵੇ। ਦਰਅਸਲ ਸਿੱਖ ਸਤਿਗੁਰੂ ਲੋਕ ਰੂਹ ਨੂੰ, ਭਰਮਾਂ, ਫੋਕੀਆਂ ਰਸਮਾਂ, ਨਸਲੀ ਭੇਦਾਂ, ਦੂਜਿਆਂ ਦਾ ਖੂਨ ਚੂਸ ਕੇ ਮਾਇਆ ਜੋੜਨ ਦੀਆਂ ਰੁਚੀਆਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਊਚ-ਨੀਚ ਦੇ ਜੱਫ਼ਿਆ ਤੋਂ ਛੁਡਾਉਣ ਆਏ ਸਨ। ਆਪ ਉਸ ਸਮੇਂ ਦੇ ਗੈਰ-ਕੁਦਰਤੀ ਜੀਵਨ ਵਿਚ ਇਨਕਲਾਬ ਲਿਆਉਣ ਲਈ ਸੰਘਰਸ਼ਸ਼ੀਲ ਰਹੇ।
ਕਈ ਸੱਜਣਾਂ ਨੂੰ ਸਿੱਖ ਸਤਿਗੁਰੂਆਂ ਦੀ ਬੁਨਿਆਦੀ ਤਾਲੀਮ ਨਾਲ ਤਾਂ ਨਹੀਂ ਪਰ ਸਮੁੱਚੇ ਤੌਰ 'ਤੇ ਵਰਤਮਾਨ ਸਿੱਖਾਂ ਦੇ ਜੀਵਨ ਤੇ ਚਲਨ 'ਤੇ ਇਤਰਾਜ਼ ਹੈ। ਉਨ੍ਹਾਂ ਨੂੰ ਸ਼ਿਕਾਇਤ ਹੈ ਕਿ ਬਹੁਤ ਸਾਰੇ ਸਿੱਖਾਂ ਦੀਆਂ ਬਨਾਉਟੀ ਜ਼ਿੰਦਗੀਆਂ ਵਿਚ ਸਤਿਗੁਰੂਆਂ ਦੇ ਦਰਸਾਏ, ਅਪਣਾਏ ਤੇ ਕਮਾਏ ਜਿੰਦ ਜਾਨ ਤੋਂ ਪਿਆਰੇ ਅਸੂਲਾਂ ਦੀ ਪੂਰੀ ਝਲਕ ਨਹੀਂ ਮਿਲਦੀ। ਉਹ ਇਸ ਕਾਰਨ ਕਈ ਵਾਰ ਸਿੱਖ ਧਰਮ ਸਬੰਧੀ ਕਈ ਗ਼ਲਤ ਨਤੀਜੇ ਕੱਢ ਲੈਂਦੇ ਹਨ, ਪਰ ਇਸ ਵਿਚ ਸਿੱਖ ਸਤਿਗੁਰੂ ਸਾਹਿਬਾਨ ਵਲੋਂ ਪੂਰਨੇ ਪਾ ਕੇ ਦੱਸੇ ਗਏ ਜਨਤਕ ਅਸੂਲਾਂ ਦਾ ਕੀ ਦੋਸ਼?
ਕੋਈ ਫਲਸਫਾ ਵੀ ਸੰਸਾਰ ਵਿਚ ਅਜਿਹਾ ਨਹੀਂ ਲੱਭ ਸਕਦਾ ਜੋ ਜਦੋਂ ਵੀ ਜਨ ਸਾਧਾਰਨ ਵਲੋਂ ਅਪਣਾਇਆ ਜਾਵੇ, ਤਾਂ ਉਹ ਹਰ ਇਕ ਦੇ ਜੀਵਨ ਵਿਚ ਉਸ ਫਲਸਫੇ ਦੀਆਂ ਸਮੁੱਚੀਆਂ ਸਚਾਈਆਂ ਉੱਤੇ ਨਿਰਭਰ ਇਕਸਾਰਤਾ ਪੈਦਾ ਕਰ ਸਕੇ। ਹਾਂ, ਕੁਝ ਗਿਣਤੀ ਦੇ ਬੰਦਿਆਂ ਵਿਚ ਤਾਂ ਕੋਈ ਲਹਿਰ ਅੰਦਰੋਂ-ਬਾਹਰੋਂ ਇਕੋ ਰੂਪ ਵਿਚ ਅਪਣਾਈ ਮਿਲ ਸਕਦੀ ਹੈ। ਦੂਜਾ ਤਰੀਕਾ ਕਿਸੇ ਨਜ਼ਾਮ ਜਾਂ ਮੰਤਕ ਦੀਆਂ ਵਿਚਾਰਧਾਰਾਵਾਂ ਨੂੰ ਹਰ ਇਕ 'ਤੇ ਘਟਾਉਣ ਤੇ ਮਨਾਉਣ ਦਾ ਸਰਕਾਰੀ ਦਬਾਅ ਹੋ ਸਕਦਾ ਹੈ ਜੋ ਬਕਾਇਦਾ ਸਟੇਟ ਵਲੋਂ ਪਾਇਆ ਜਾ ਸਕੇ, ਪਰ ਅਜਿਹਾ ਦਬਾਅ ਧਰਮ ਭਾਵਾਂ ਬਾਰੇ ਜਾਇਜ਼ ਨਹੀਂ ਮੰਨਿਆ ਜਾਵੇਗਾ ਤੇ ਨਾ ਹੀ ਗ੍ਰਸ ਕੇ ਸੂਖਮ ਭਾਵ ਪੂਰਨ ਤੌਰ 'ਤੇ ਦ੍ਰਿੜ੍ਹਾਏ ਜਾ ਸਕਦੇ ਹਨ।
ਇਸ ਲਈ ਇਨਸਾਫ ਮੰਗ ਕਰਦਾ ਹੈ ਕਿ ਸਿੱਖੀ ਸਬੰਧੀ ਕੋਈ ਰਾਏ ਬਣਾਉਣ ਤੋਂ ਪਹਿਲਾਂ ਇਸ ਦੇ ਮੁੱਢਲੇ ਕਾਇਦਿਆਂ ਤੇ ਜਨਤਕ ਅਮਲੀ ਸਚਾਈਆਂ ਦੀ ਪੜਚੋਲ ਕੀਤੀ ਜਾਵੇ। ਅਜਿਹੀ ਸੂਰਤ ਵਿਚ ਫਿਰ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸਿੱਖੀ ਇਕ ਜਿਊਂਦਾ ਧਰਮ ਹੈ ਤੇ ਮਾਨਵਤਾ ਨੂੰ ਆਪਣੇ ਅਸਲੀ ਨਿਸ਼ਾਨੇ-ਹਰ ਪਹਿਲੂ ਤੋਂ ਪੂਰਨ ਤੇ ਸੁਖੀ ਜੀਵਨ ਵੱਲ ਪ੍ਰੇਰਨ ਲਈ ਸੰਸਾਰ ਵਿਚ ਪ੍ਰਚਾਰਿਆ ਜਾਣਾ ਜ਼ਰੂਰੀ ਹੈ।
ਸ਼ੋਕ ਨਾਲ ਮੰਨਣਾ ਪੈਂਦਾ ਹੈ ਕਿ ਕਈ ਇਕ ਰਾਜਨੀਤਕ ਅੰਦੋਲਨਾਂ ਤੇ ਕੌਮੀ ਕੋਤਾਹੀਆਂ ਦੇ ਕਾਰਨ ਇਸ ਨੂੰ ਅਜੇ ਤੱਕ ਸਹੀ ਤੌਰ 'ਤੇ ਨਾ ਹੀ ਦੇਸ਼ ਤੇ ਨਾ ਹੀ ਪ੍ਰਦੇਸ ਵਿਚ ਪ੍ਰਚਾਰਿਆ ਜਾ ਸਕਿਆ ਹੈ। ਇਸ ਕੰਮ ਵਿਚ ਹੋਰ ਢਿੱਲ ਕਰਨੀ ਕੇਵਲ ਸਿੱਖੀ ਲਈ ਹੀ ਨਹੀਂ, ਸਗੋਂ ਸੰਸਾਰ ਭਰ ਦੀ ਸ਼ਾਂਤੀ ਲਈ ਇਕ ਖਤਰਨਾਕ ਕੋਤਾਹੀ ਹੋਵੇਗੀ।
ਮਾਇਆਵਾਦ ਦੇ ਵਧ ਰਹੇ ਹੜ੍ਹ ਦੇ ਸਾਹਮਣੇ ਕਈ ਭੇਖੀ ਸਥਾਨਕ ਜਾਂ ਮਨੌਤੀ ਧਰਮਾਂ ਦੇ ਸਿੰਘਾਸਨ ਡੋਲ ਰਹੇ ਹਨ, ਪਰ ਸਿੱਖ ਅਸੂਲਾਂ ਨੂੰ ਇਸ ਤੋਂ ਘਬਰਾਹਟ ਨਹੀਂ ਹੋ ਸਕਦੀ। ਸਿੱਖੀ ਦਾ ਮਹਿਲ ਤਾਂ ਪਹਿਲਾਂ ਹੀ ਸਾਂਝੇ ਰੱਬ, ਸਾਂਝੇ ਗੁਰੂ, ਸਾਂਝੇ ਧਰਮ, ਸਾਂਝੀ ਧਰਮ ਪੁਸਤਕ, ਸਾਂਝੇ ਧਰਮ ਮੰਦਰ, ਸਾਂਝੇ ਸਮਾਜ ਤੇ ਸਾਂਝੇ ਸੰਮਿਲਤ ਰਾਜ ਦੀਆਂ ਨੀਹਾਂ 'ਤੇ ਉਸਾਰਿਆ ਗਿਆ ਹੈ। ਜਿਧਰ ਵੇਖੋ ਸਾਂਝੀਵਾਲਤਾ ਹੀ ਸਾਂਝੀਵਾਲਤਾ ਦਿਸ ਆਵੇਗੀ।
ਇਤਨੀ ਵਿਸ਼ਾਲ ਚੁੜੱਤਣ ਤੇ ਸਾਂਝੀਵਾਲਤਾ ਰੱਖਣ ਤੇ ਪ੍ਰਚਾਰਨ ਵਾਲੇ ਲੋਕ ਧਰਮ ਨੂੰ ਆਪਣਾ ਸੁਨਹਿਰੀ ਯੁੱਗ ਨੇੜੇ ਆਉਂਦਾ ਵੇਖ ਕੇ ਉਤਸ਼ਾਹਜਨਕ ਹੋਣਾ ਚਾਹੀਦਾ ਹੈ। ਹੋਰ ਇਤਨਾ ਤੁਲਵਾਂ-ਧਰਮ ਫਲਸਫਾ ਜੋ ਜ਼ਿੰਦਗੀ ਦੇ ਦੋਹਾਂ ਪੱਖਾਂ ਦੀਨ ਤੇ ਦੁਨੀਆ ਨੂੰ ਜੀਵਨ ਦੀਆਂ ਦੋ ਟੇਕਾਂ ਬਣਾ ਕੇ ਏਨੀ ਸੁਚੱਜਤਾ ਦੀਰਘਤਾ ਤੇ ਯੋਗਤਾ ਨਾਲ ਮਨੁੱਖੀ ਜੀਵਨ ਨੂੰ ਹਰ ਪਹਿਲੂ ਤੋਂ ਪੂਰਨਤਾ ਤੱਕ ਪਹੁੰਚਾਉਣ ਦਾ ਸਾਧਨ ਹੋਵੇ, ਮਿਲਣਾ ਅਸੰਭਵ ਹੈ। ਲੋੜ ਕੇਵਲ ਇਸ ਦੇ ਬੁਨਿਆਦੀ ਫਲਸਫੇ ਨੂੰ ਦੁਨੀਆ ਦੇ ਸਾਹਮਣੇ ਸਹੀ ਤੌਰ 'ਤੇ ਪੇਸ਼ ਕਰਨ ਤੇ ਨਾਲ-ਨਾਲ ਜੀਵਨ ਵਿਚ ਅਪਣਾ ਕੇ ਜਨਤਾ ਦੀ ਰੁਚੀ ਇਸ ਦੇ ਅਮੁੱਲੇ ਅਸੂਲਾਂ ਵੱਲ ਖਿੱਚਣ ਦੀ ਹੈ।
ਸਿੱਖ ਧਰਮ ਤੋਂ ਬਿਨਾਂ ਇਸ ਤਪਦੇ ਸੰਸਾਰ ਨੂੰ ਨਾ ਹੀ ਸਮਾਜਵਾਦ ਤੇ ਨਾ ਹੀ ਪਦਾਰਥਕ ਬਹੁਲਤਾ, ਮਨੁੱਖ ਵਿਚ ਸੁਭਾਵਕ ਵਿਆਪ ਰਹੀ ਈਰਖਾ, ਸੁਆਰਥ, ਤ੍ਰਿਸ਼ਨਾ ਤੇ ਵੈਰ ਭਾਵਾਂ ਨੂੰ ਨਿਰਮਲ ਕਰਕੇ, ਬੇਗਮਪੁਰਾ (ਸਵਰਗ) ਬਣਾ ਸਕਦੇ ਹਨ ਤੇ ਨਾ ਹੀ ਨਿਰਾ ਆਤਮਵਾਦ। ਜਿੰਨੀ ਛੇਤੀ ਇਸ ਅਟੱਲ ਸਚਾਈ ਨੂੰ ਸਾਹਮਣੇ ਰੱਖ ਕੇ ਵਰਤਮਾਨ ਲੋਕ ਅੰਦੋਲਨ ਕੀਤੇ ਜਾਣਗੇ, ਓਨਾ ਹੀ ਇਨਸਾਨ ਵਧੇਰੇ ਸਾਊ, ਸੁਖੀ, ਸੰਤੁਸ਼ਟ ਤੇ ਸੀਰਤ ਵਾਲਾ ਹੋ ਕੇ ਇਸ ਇਨਕਲਾਬ ਨੂੰ ਚਮਕੀਲਾ ਤੇ ਚਿਰੰਜੀਵ ਕਰੇਗਾ। ਸਰਬੱਤ ਦੇ ਭਲੇ 'ਤੇ ਆਧਾਰਿਤ ਸਿੱਖ ਧਰਮ 'ਤੇ ਆਧਾਰਿਤ ਦੁਨੀਆ ਸੰਸਾਰ ਨਾਲੋਂ ਕਿਤੇ ਵੱਧ ਸੁੰਦਰ, ਪਿਆਰ ਤੇ ਨਿੱਘ-ਭਰੀ ਹੋਵੇਗੀ।
ਦੁੱਖ-ਭੁੱਖ ਤੋਂ ਚੰਗੇਰਾ ਸੰਸਾਰ ਵੇਖਣ ਦੇ ਮਤਵਾਲਿਓ! ਅਰਦਾਸ ਕਰੋ, ਉੱਦਮ ਕਰੋ ਤੇ ਹੋਣੀ ਬਣ ਕੇ ਸਿੱਖ ਸਤਿਗੁਰੂਆਂ ਦੀ ਦੁਨੀਆ ਨੂੰ ਬੇਗਮਪੁਰਾ ਵੇਖਣ ਦੇ ਸੁਪਨੇ ਨੂੰ ਪੂਰਾਵੋ।


-ਹਮਰਾਜ਼-ਬਿਨ-ਹਮਰਾਜ਼
1186, ਸੈਕਟਰ 18-ਸੀ ਚੰਡੀਗੜ੍ਹ। ਮੋਬਾ: 98880-47979


ਖ਼ਬਰ ਸ਼ੇਅਰ ਕਰੋ

ਕੜਾਹ ਪ੍ਰਸ਼ਾਦ ਦੀ ਮਹੱਤਤਾ

ਸਿੱਖ ਧਰਮ ਦਾ ਮੁੱਢ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬੱਝਾ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨਾਂ ਨੇ ਇਸ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ। ਹਰ ਗੁਰੂ ਸਾਹਿਬ ਨੇ ਇਸ ਧਰਮ ਦੇ ਜ਼ਰੀਏ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਮਾਨਵਵਾਦੀ ਅਤੇ ਬਰਾਬਰੀ ਦੇ ਸੰਦੇਸ਼ 'ਤੇ ਪਹਿਰਾ ਦਿੱਤਾ। ਜਾਤੀਵਾਦ, ਊਚ-ਨੀਚ, ਛੂਤ-ਛਾਤ, ਗਰੀਬ-ਅਮੀਰ, ਵਿਤਕਰੇਬਾਜ਼ੀ, ਭੇਦਭਾਵ ਆਦਿ ਦਾ ਖੰਡਨ ਕਰਕੇ 'ਸਭ ਬਰਾਬਰ ਹਨ' ਦੀ ਲੋੜ 'ਤੇ ਪਹਿਰਾ ਦੇਣ 'ਤੇ ਜ਼ੋਰ ਦਿੱਤਾ। ਇਸ ਸਭ ਕਾਸੇ ਲਈ ਗੁਰੂ ਸਾਹਿਬਾਨਾਂ ਨੇ 'ਪੰਗਤ 'ਚ ਸੰਗਤ' ਲੰਗਰ ਦੀ ਪ੍ਰਥਾ ਚਲਾ ਕੇ ਇਨਸਾਨੀਅਤ ਬਰਾਬਰੀ ਦੀ ਸਿੱਖਿਆ ਦਿੱਤੀ ਹੈ। ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਨਾਂ ਭੇਦਭਾਵ ਦੇ ਸਭ ਧਰਮਾਂ ਦੀ ਬਾਣੀ ਸ਼ਾਮਿਲ ਕਰਕੇ ਪ੍ਰਤੱਖ ਪ੍ਰਮਾਣ ਦਿੱਤਾ ਹੈ।
ਗੁਰੂ ਕਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੀ ਵੰਡ ਸਮੇਂ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦੇ ਭੇਦ-ਭਾਵ ਨੂੰ ਗੁਰੂ ਸਾਹਿਬ ਮੁਤਾਬਿਕ ਕੋਈ ਥਾਂ ਨਹੀਂ ਹੈ। ਇਕ ਸਿੱਖ ਲਈ ਇਹ ਸਭ ਭੇਦ ਭਾਵ ਭੁੱਲ ਕੇ ਏਕਤਾ, ਸਾਂਝੀਵਾਲਤਾ, ਪਿਆਰ, ਇਕਸਾਰਤਾ, ਬਰਾਬਰਤਾ ਆਦਿ ਦਾ ਧਾਰਨੀ ਹੋਣਾ ਵੀ ਇਸੇ ਕੜੀ ਦਾ ਪ੍ਰਤੀਕ ਹੈ। ਸਿੱਖ ਧਰਮ ਰਹਿਤ ਮਰਿਆਦਾ ਵਿਚ ਇਸ ਸਬੰਧੀ ਕਰੜੀ ਹਦਾਇਤ ਕੀਤੀ ਗਈ ਹੈ ਕਿ 'ਕਿਸੇ ਲਿਹਾਜ਼ ਜਾਂ ਘ੍ਰਿਣਾ ਕਰਕੇ ਵਿਤਕਰਾ ਨਹੀਂ ਹੋਣਾ ਚਾਹੀਦਾ। ਦੇਗ ਵਰਤਾਉਣ ਸਮੇਂ ਹਿੰਦੂ, ਸਿੱੱਖ, ਇਸਾਈ, ਮੁਸਲਿਮ, ਨੀਚ-ਊਚ ਜਾਤ ਵਾਲੇ ਨੂੰ ਇਕੋ ਜਿਹਾ ਵਰਤਾਇਆ ਜਾਵੇ। ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਸੰਗਤ ਵਿਚ ਬੈਠੇ ਕਿਸੇ ਮਨੁੱਖ ਤੋਂ ਜਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਭੇਦਭਾਵ ਨਹੀਂ ਕੀਤਾ ਜਾਵੇਗਾ। ਕੜਾਹ ਪ੍ਰਸ਼ਾਦ ਵਰਤਾਉਣ ਦੀ ਸ਼ੁਰੂਆਤ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਕੀਤੀ ਸੀ। ਵਿਸ਼ੇਸ਼ ਪੁਰਬ ਅਤੇ ਤਿਉਹਾਰਾਂ ਮੌਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ 'ਚ ਵਰਤਾਇਆ ਜਾਂਦਾ ਸੀ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਵਿਚ ਵਰਤਾਈ ਜਾਂਦੀ ਦੇਗ ਜਾਂ ਪ੍ਰਸ਼ਾਦ ਸਾਡੇ ਸਰੀਰ ਲਈ ਕਿੰਨੀ ਲਾਭਦਾਇਕ ਚੀਜ਼ ਬਣਾਈ ਗਈ ਹੈ? ਆਓ ਜਾਣੀਏ।
ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਪ੍ਰਚਾਰ ਸਮੇਂ ਜਾਂ ਭੋਗ ਤੋਂ ਬਾਅਦ ਜੋ ਦੇਗ ਵਰਤਾਈ ਜਾਂਦੀ ਹੈ, ਉਸ ਦੇ ਮਨੁੱਖੀ ਸਰੀਰ ਲਈ ਕ੍ਰਿਸ਼ਮਈ ਫਾਇਦੇ ਹਨ। ਕਣਕ ਦੇ ਆਟੇ ਜਾਂ ਸੂਜੀ ਨੂੰ ਦੇਸੀ ਘਿਉ 'ਚ ਭੁੰਨ ਕੇ ਗੁਰਸਿੱਖ ਰਹਿਤ ਮਰਿਆਦਾ ਅਨੁਸਾਰ ਤਿਆਰ ਪ੍ਰਸ਼ਾਦ ਗੁਰੂ-ਘਰ ਵਿਚ ਸੰਗਤ ਨੂੰ ਵਰਤਾਈ ਜਾਣ ਵਾਲੀ ਦੇਗ ਅਖਵਾਉਂਦੀ ਹੈ। ਇਸ ਨੂੰ ਤਿਆਰ ਕਰਨ ਦਾ ਉਲੇਖ ਧਾਰਮਿਕ ਗ੍ਰੰਥਾਂ ਵਿਚ ਵੀ ਮਿਲਦਾ ਹੈ। ਤਨਖਾਹਨਾਮਾ ਵਿਚ ਲਿਖਿਆ ਹੈ-
'ਕੜਾਹ ਕਰਨ ਕੀ ਬਿਧਿ ਸੁਨ ਲੀਜੈ॥
ਤੀਨ ਭਾਗ ਕੋ ਸਮਸਰ ਕੀਜੈ॥
ਲੇਪਨ ਆਗੈ ਬਹੁਕਰ ਦੀਜੈ॥
ਮਾਂਜਨ ਕਰ ਭਾਂਜਨ ਧੋਵੀਜੈ॥
ਕਰ ਸਨਾਨ ਪਵਿੱਤ੍ਰ ਹ੍ਵੈ ਹੈ॥
ਵਾਹਿਗੁਰੂ ਬਿਨ ਆਵਰਿ ਨ ਕਹੈ॥
ਕਰ ਤਿਆਰ ਚੌਕੀ ਪਰ ਧਰੈ॥
ਚਾਰ ਓਰ ਕੀਰਤਨ ਬਹਿ ਕਰੈ॥
ਇਸ ਦੇਗ ਨੂੰ ਬਣਾਉਣ ਦਾ ਇਕ ਬਹੁਤ ਹੀ ਨਿਰੋਲ ਅਤੇ ਸਾਧਾਰਨ ਤਰੀਕਾ ਹੈ। ਕਣਕ ਦਾ ਆਟਾ ਜਾਂ ਸੂਜੀ, ਪਾਣੀ, ਮਿੱਠਾ ਤੇ ਦੇਸੀ ਘਿਓ ਮਿਲਾ ਕੇ ਬਾਕਮਾਲ ਯੋਗ ਬਣਦਾ ਹੈ। ਦੇਗ ਛਕ ਕੇ ਜਿੱਥੇ ਮਨੁੱਖ ਨੂੰ ਰੂਹਾਨੀਅਤ ਸਕੂਨ ਮਿਲਦਾ ਹੈ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਲੋੜੀਂਦੇ ਤੱਤਾਂ ਨਾਲ ਭਰਪੂਰ ਇਨਸਾਨੀ ਦਿਮਾਗ, ਸਰੀਰਕ ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪ੍ਰਣਾਲੀ ਲਈ ਲਾਭਦਾਇਕ ਹੁੰਦੀ ਹੈ।
ਇਸ ਧਾਰਮਿਕ ਭਾਵਨਾ ਦੀ ਪ੍ਰਤੀਕ ਦੇਗ 'ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-12, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਆਇਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਂਗਨੀਜ਼, ਸੋਡੀਅਮ, ਪੋਟਾਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਤੋਂ ਇਲਾਵਾ ਅਨੇਕ ਫੈਟੀ ਐਸਿਡ ਆਦਿ ਦੀ ਭਰਪੂਰ ਮਾਤਰਾ 'ਚ ਮੌਜੂਦਗੀ ਇਸ ਨੂੰ ਬਹੁਤ ਹੀ ਪੌਸ਼ਟਿਕ ਬਣਾਉਂਦੀ ਹੈ।
ਇਹ ਤੱਤ ਇਨਸਾਨ ਨੂੰ ਰੋਜ਼ਾਨਾ ਖਾਲੀ ਪੇਟ ਮਿਲਣ 'ਤੇ ਸਰੀਰ ਦੇ ਕੁਨੈਕਟਿਵ ਟਿਸ਼ੂਜ਼, ਨਰਵਸ ਟਿਸ਼ੂਜ਼, ਮਸਲ ਟਿਸ਼ੂਜ਼ ਅਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਬਣੇ ਰਹਿੰਦੇ ਹਨ ਅਤੇ ਚੰਗੀ ਤਰ੍ਹਾਂ ਕੰਮ ਵੀ ਕਰਦੇ ਹਨ। ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਇਨ੍ਹਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ। ਇਹ ਤੱਤ ਉਮਰ ਲੰਬੀ ਕਰਦੇ ਹਨ, ਯਾਦਾਸ਼ਤ, ਤੰਦਰੁਸਤੀ, ਬੁੱੱਧੀ, ਸੁੰਦਰਤਾ ਨੂੰ ਵੀ ਵਧਾਉਂਦੇ ਹਨ, ਬੱਚਿਆਂ ਦਾ ਕੱਦ ਵਧਾਉਂਦੇ ਹਨ ।
ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰ੍ਹਾਂ ਕੰਮ ਕਰਨ ਲਈ ਵੀ ਇਸ 'ਚ ਲੋੜੀਂਦੇ ਤੱਤ ਹੁੰਦੇ ਹਨ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਦੇਗ ਛਕਦਾ ਹੈ, ਉਸ ਵਿਅਕਤੀ ਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰ੍ਹਾਂ ਕੰਮ ਕਰਨ ਲਗਦੇ ਹਨ। ਉਹਦੇ ਚਿਹਰੇ 'ਤੇ ਜਾਹੋ ਜਲਾਲ ਵਧਣ ਲੱਗਦਾ ਹੈ। ਅੱਖਾਂ 'ਚ ਚਮਕ ਵਧਦੀ ਹੈ। ਚਿਹਰੇ 'ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲੱਗਦੀ ਹੈ। ਵਿਅਕਤੀ ਨੂੰ ਹਰ ਤਰ੍ਹਾਂ ਦੀ ਤੰਦਰੁਸਤੀ ਮਿਲਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ 'ਚ)


-ਬੀਂਬੜ, ਸੰਗਰੂਰ। ਮੋਬਾ: 97797-08257

ਗੁਰਦੁਆਰਾ ਬਾਬਾ ਨੰਦ ਚੰਦ

ਡਰੋਲੀ ਭਾਈ, ਜ਼ਿਲ੍ਹਾ ਮੋਗਾ ਦਾ ਘੁੱਗ ਵਸਦਾ ਸੰਘਣੀ ਆਬਾਦੀ ਵਾਲਾ ਕਾਫੀ ਵੱਡਾ ਪਿੰਡ ਹੈ। ਇਹ ਪਿੰਡ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਸੜਕ ਤੋਂ 4 ਕਿਲੋਮੀਟਰ ਅਤੇ ਡਗਰੂ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੱਖਣ ਵੱਲ ਨੂੰ ਹੈ। ਇਸ ਪਿੰਡ ਦੀ ਮਾਈ ਰਾਮੋ ਦਾ ਪਤੀ ਸਾਈਂਦਾਸ ਸ੍ਰੀ ਗੁਰੂ ਹਰਿਗਬਿੰਦ ਸਾਹਿਬ ਜੀ ਦਾ ਸਾਂਢੂ ਲਗਦਾ ਸੀ, ਜਿਸ ਕਰਕੇ ਗੁਰੂ ਜੀ ਦਾ ਇਥੇ ਆਉਣਾ-ਜਾਣਾ ਰਹਿੰਦਾ ਸੀ। ਜਿਥੇ ਬੈਠ ਕੇ ਗੁਰੂ ਜੀ ਦਰਬਾਰ ਲਾਉਂਦੇ ਸਨ, ਉਥੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰੂ ਜੀ ਦੇ ਹੱਥਾਂ ਦਾ ਲਗਵਾਇਆ ਹੋਇਆ ਖੂਹ ਵੀ ਮੌਜੂਦ ਹੈ। ਹੋਰ ਵੀ ਗੁਰੂ ਜੀ ਨਾਲ ਸਬੰਧ ਰੱਖਦੇ ਗੁਰਦੁਆਰੇ ਹਨ। ਇਸੇ ਪਿੰਡ ਹੀ ਗੁਰੂ ਜੀ ਦੇ ਬੇਟੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਅਤੇ ਇਥੇ ਹੀ ਮਾਤਾ ਦਮੋਦਰੀ ਦਾ ਦਿਹਾਂਤ ਹੋਇਆ।
ਡਰੋਲੀ ਭਾਈ ਦਾ ਉਮਰਾ ਸ਼ਾਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ ਅਤੇ ਉਸ ਦਾ ਪੋਤਾ ਨੰਦ ਚੰਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਸੰਦ ਸੀ। ਸਤਿਗੁਰ ਜੀ ਨੂੰ ਮਾਮੇ ਕਿਰਪਾਲ ਜੀ ਦੇ ਕਹਿਣ ਅਨੁਸਾਰ ਨੰਦ ਚੰਦ ਮਸੰਦ ਬੜਾ ਬੁੱਧੀਮਾਨ, ਦੁਸ਼ਮਣ ਦਾ ਨਾਸ਼ ਕਰਨ ਵਿਚ ਬੜਾ ਹੁਸ਼ਿਆਰ, ਸ਼ਸਤਰਾਂ ਦਾ ਸਦਾ ਅਭਿਆਸ ਕਰਦਾ ਰਹਿੰਦਾ ਹੈ। ਵਿਰੋਧੀ ਰਾਜੇ ਪਾਸ ਭੇਜਣ ਵਾਸਤੇ ਆਪਣਾ ਵਿਸ਼ੇਸ਼ ਆਦਮੀ ਹੋਣਾ ਚਾਹੀਦਾ ਹੈ, ਜੋ ਪੂਰੀ ਯੋਗਤਾ ਨਾਲ ਆਪਣੇ ਪੱਖ ਨੂੰ ਸਪੱਸ਼ਟ ਕਰਦਾ ਹੋਵੇ, ਜਿਸ ਕਾਰਜ ਵਾਸਤੇ ਨੰਦ ਚੰਦ ਯੋਗ ਆਦਮੀ ਹੈ। ਸੋ, ਇਸ ਨੂੰ ਦੀਵਾਨ ਦੀ ਪਦਵੀ ਬਖਸ਼ਿਸ਼ ਕੀਤੀ ਜਾਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਲਗਾਇਆ ਅਤੇ ਸਿਰੋਪਾਓ ਮੰਗਵਾ ਕੇ ਨੰਦ ਚੰਦ ਨੂੰ ਬੜੇ ਸਨਮਾਨ ਨਾਲ ਦੀਵਾਨ ਦੀ ਪਦਵੀ ਬਖਸ਼ਿਸ਼ ਕੀਤੀ ਅਤੇ ਨਾਲ ਦੀ ਨਾਲ ਇਹ ਵੀ ਫ਼ਰਮਾਇਆ, ਅੱਜ ਤੋਂ ਸਾਰੀ ਸੈਨਾ ਦੀ ਸੰਭਾਲ ਤੁਹਾਡੇ ਜ਼ਿੰਮੇ ਹੈ। ਨੰਦ ਚੰਦ ਨੂੰ ਦੀਵਾਨ ਦੀ ਪਦਵੀ ਦੇ ਨਾਲ ਸੈਨਾਪਤੀ ਦੀ ਪਦਵੀ ਵੀ ਬਖਸ਼ਿਸ਼ ਕਰ ਦਿੱਤੀ।
ਰਾਜੇ ਮੇਧਨੀ ਪ੍ਰਕਾਸ਼ ਨੇ ਦਸਵੇਂ ਪਾਤਸ਼ਾਹ ਜੀ ਕੋਲ ਆ ਕੇ ਅਰਜ਼ ਕੀਤੀ ਕਿ ਗੁਰੂ ਜੀ ਮੈਨੂੰ ਰਾਜਾ ਫਤਹਿ ਸ਼ਾਹ ਗੜ੍ਹਵਾਲੀਆ ਬਹੁਤ ਤੰਗ ਕਰਦਾ ਹੈ। ਗੁਰੂ ਜੀ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ। ਗੁਰੂ ਜੀ ਨੇ ਉਸ ਦੀ ਫਰਿਆਦ ਕਬੂਲ ਕਰਕੇ ਅਨੰਦਪੁਰ ਸਾਹਿਬ ਤੋਂ ਕੂਚ ਕਰਕੇ ਪਾਉਂਟਾ ਸਾਹਿਬ ਜਾ ਡੇਰਾ ਲਾਇਆ। ਜਦੋਂ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੀ ਆਮਦ ਦਾ ਪਤਾ ਲੱਗਾ ਤਾਂ ਫਤਹਿ ਸ਼ਾਹ, ਹਯਾਤ ਖਾਂ, ਹਰੀ ਚੰਦ ਹੰਡੂਰੀਆਂ ਨੇ ਰਲ ਕੇ ਬਹੁਤ ਸਾਰੀ ਫੌਜ ਲੈ ਕੇ ਗੁਰੂ ਜੀ 'ਤੇ ਹੱਲਾ ਬੋਲ ਦਿੱਤਾ। ਇਧਰੋਂ ਵੀ ਸਿੱਖ ਕਿਹੜੇ ਘੱਟ ਸਨ। ਦੀਵਾਨ ਨੰਦ ਚੰਦ, ਸਾਹਿਬ ਚੰਦ, ਦਯਾ ਰਾਮ, ਮਾਮਾ ਕ੍ਰਿਪਾਲ ਚੰਦ, ਸੰਗੋਸ਼ਾਹ ਨੇ ਰਲ ਕੇ ਐਸਾ ਹੱਲਾ ਬੋਲਿਆ ਕਿ ਪਹਾੜੀ ਰਾਜਿਆਂ ਦੇ ਆਹੂ ਲਾਹ ਦਿੱਤੇ। ਕਾਫੀ ਸਾਰੇ ਮਾਰ ਦਿੱਤੇ, ਕਾਫੀ ਫੱਟੜ ਕਰ ਦਿੱਤੇ, ਬਾਕੀ ਜਿਹੜੇ ਬਚ ਗਏ, ਜਾਨਾਂ ਬਚਾ ਕੇ ਦੌੜ ਗਏ।
ਇਕ ਦਿਨ ਗੁਰੂ ਜੀ ਨੂੰ ਖਿਆਲ ਆਇਆ ਕਿ ਲੋਕਾਂ ਦੇ ਘਰਾਂ ਵਿਚ ਸਾਂਭ-ਸੰਭਾਲ ਤੋਂ ਵਾਂਝੇ ਪਏ ਗ੍ਰੰਥਾਂ ਨੂੰ ਮੰਗਵਾ ਕੇ ਉਨ੍ਹਾਂ ਦਾ ਅਧਿਐਨ ਕੀਤਾ ਜਾਵੇ ਅਤੇ ਗ੍ਰੰਥਾਂ ਦੀ ਸ਼ਰਧਾਪੂਰਵਕ ਸਾਂਭ-ਸੰਭਾਲ ਕੀਤੀ ਜਾਵੇ। ਗੁਰੂ ਜੀ ਨੇ ਸਿੱਖਾਂ ਦੇ ਭਰੇ ਇਕੱਠ ਵਿਚ ਹੁਕਮ ਕਰ ਦਿੱਤਾ। ਜਿਸ ਪਾਸ ਕੋਈ ਵੇਦ ਸ਼ਾਸਤਰ ਜਾਂ ਗ੍ਰੰਥ ਹੈ, ਜੋ ਸਾਨੂੰ ਲਿਆ ਕੇ ਦੇਵੇਗਾ, ਅਸੀਂ ਉਸ ਨੂੰ ਮੋਹਰਾਂ ਇਨਾਮ ਵਜੋਂ ਦੇਵਾਂਗੇ। ਇਸ ਤਰ੍ਹਾਂ ਲੋਕ ਦੂਰੋਂ-ਦੂਰੋਂ ਗ੍ਰੰਥ ਲਿਆ ਕੇ ਗੁਰੂ ਜੀ ਨੂੰ ਭੇਟ ਕਰਨ ਲੱਗ ਪਏ ਅਤੇ ਇਨਾਮ ਵਜੋਂ ਮੋਹਰਾਂ ਲੈ ਜਾਂਦੇ।
ਉਦਾਸੀ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੇ-ਵੱਡੇ ਬਹੁਤ ਸੁੰਦਰ ਅੱਖਰਾਂ ਵਿਚ ਬੀੜ ਲਿਖੀ ਹੋਈ ਲੈ ਕੇ ਆਏ। ਉਨ੍ਹਾਂ ਨੇ ਦੀਵਾਨ ਨੰਦ ਚੰਦ ਨੂੰ ਫੜਾ ਦਿੱਤੀ ਕਿ ਉਹ ਗੁਰੂ ਜੀ ਪਾਸੋਂ ਸਹੀ ਪੁਆਏ। ਦੀਵਾਨ ਨੰਦ ਚੰਦ ਦੇ ਮਨ ਵਿਚ ਖਿਆਲ ਆਇਆ ਕਿ ਕਿਉਂ ਨਾ ਇਨ੍ਹਾਂ ਸਾਧੂਆਂ ਨੂੰ ਟਾਲਮਟੋਲ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰੂ ਜੀ ਅੱਗੇ ਪੇਸ਼ ਕਰਾਂ ਕਿ ਮੈਂ ਆਪ ਲਿਖੀ ਹੈ। ਇਹ ਹੱਥਲਿਖਤ ਬੀੜ ਸਾਹਿਬ ਪੜ੍ਹ ਕੇ ਗੁਰੂ ਜੀ ਮੈਨੂੰ ਬਹੁਤ ਸਾਰੀਆਂ ਮੋਹਰਾਂ ਦੇਣਗੇ। ਉਦਾਸੀ ਸਾਧੂ ਜਦੋਂ ਵੀ ਆਉਂਦੇ, ਦੀਵਾਨ ਨੰਦ ਚੰਦ ਕੋਈ ਨਾ ਕੋਈ ਬਹਾਨਾ ਲਾ ਕੇ ਵਾਪਸ ਕਰ ਦਿੰਦਾ। ਇਕ-ਇਕ ਕਰਕੇ ਛੇ ਮਹੀਨੇ ਬੀਤ ਗਏ। ਆਖਰ ਸਾਧੂ ਆਪ ਹੀ ਗੁਰੂ ਜੀ ਦੇ ਪੇਸ਼ ਹੋ ਗਏ। ਦੱਸਿਆ ਕਿ ਦੀਵਾਨ ਨੰਦ ਚੰਦ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹੱਥਲਿਖਤ ਬੀੜ ਫੜਾ ਗਏ ਸੀ, ਨਾ ਤੇ ਦੀਵਾਨ ਨੰਦ ਚੰਦ ਤੁਹਾਡੇ ਪਾਸੋਂ ਉਸ 'ਤੇ ਸਹੀ ਪਵਾਉਂਦਾ ਹੈ, ਨਾ ਹੀ ਸਾਨੂੰ ਵਾਪਸ ਕਰਦਾ ਹੈ।
ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਨ ਨੰਦ ਚੰਦ ਨੂੰ ਬੁਲਾਓ। ਦੀਵਾਨ ਨੰਦ ਚੰਦ ਨੂੰ ਪਤਾ ਸੀ ਕਿ ਗੁਰੂ ਜੀ ਸਜ਼ਾ ਬਹੁਤ ਸਖਤ ਦਿੰਦੇ ਹਨ। ਦੀਵਾਨ ਨੰਦ ਚੰਦ ਗੁਰੂ ਗ੍ਰੰਥ ਦੀ ਬੀੜ ਲੈ ਕੇ ਆਪਣੇ ਪਿੰਡ ਡਰੋਲੀ ਭਾਈ ਆ ਗਿਆ। ਜਦੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਦੀਵਾਨ ਨੰਦ ਚੰਦ ਬੀੜ ਲੈ ਕੇ ਇਥੋਂ ਚਲਾ ਗਿਆ ਹੈ ਤਾਂ ਗੁਰੂ ਜੀ ਨੇ ਆਖਿਆ ਜਿਹੜਾ ਕੋਈ ਉਸ ਬੀੜ ਨੂੰ ਪੜ੍ਹੇਗਾ, ਉਹ ਅੰਨ੍ਹਾ ਹੋ ਜਾਵੇਗਾ। ਉਹ ਬੀੜ ਦੀਵਾਨ ਨੰਦ ਚੰਦ ਦੇ ਪਿੰਡ ਉਹਦੇ ਪਰਿਵਾਰ ਪਾਸ ਮੌਜੂਦ ਹੈ।
ਕੁਝ ਚਿਰ ਬਾਅਦ ਦੀਵਾਨ ਨੰਦ ਚੰਦ ਧੀਰ ਮੱਲ ਪਾਸ ਕਰਤਾਰਪੁਰ ਆ ਗਿਆ। ਧੀਰ ਮਲ ਦੇ ਮਸੰਦਾਂ ਨੇ ਉਸ ਨੂੰ ਆਖਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਜਸੂਸ ਹੈ। ਇਹ ਤੁਹਾਡੀ ਜਸੂਸੀ ਕਰਨ ਆਇਆ ਹੈ। ਧੀਰ ਮੱਲ ਨੇ ਦੀਵਾਨ ਨੰਦ ਚੰਦ ਨੂੰ ਗੋਲੀ ਮਾਰ ਕੇ ਸਖ਼ਤ ਫੱਟੜ ਕਰ ਦਿੱਤਾ। ਉਸ ਦੇ ਸਾਥੀ ਉਸ ਨੂੰ ਚੁੱਕ ਕੇ ਉਸ ਦੇ ਪਿੰਡ ਲਿਜਾਣਾ ਚਾਹੁੰਦੇ ਸਨ। ਪਰ ਕਰਤਾਰਪੁਰ ਤੋਂ ਥੋੜ੍ਹੀ ਦੂਰੀ 'ਤੇ ਉਸ ਦੀ ਮੌਤ ਹੋ ਗਈ। ਪਿੰਡ ਕਾਲਾ ਸੰਘਿਆਂ ਉਸ ਦਾ ਸਸਕਾਰ ਕਰ ਦਿੱਤਾ। ਇਸ ਪਿੰਡ ਦੇ ਲੋਕਾਂ ਦੀ ਦੰਦ-ਕਥਾ ਹੈ ਕਿ ਉਸ ਨੂੰ ਇਕ ਬ੍ਰਾਹਮਣ ਨੇ ਜ਼ਹਿਰ ਦਿੱਤਾ ਸੀ ਪਰ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਲਿਖਿਆ ਹੈ ਕਿ ਉਸ ਦੀ ਗੋਲੀ ਨਾਲ ਮੌਤ ਹੋਈ ਸੀ। ਭਾਈ ਸੰਤੋਖ ਸਿੰਘ ਲਿਖਦੇ ਹਨ-
ਕਾਲੇ ਸੰਘਾ ਫੂਕਯੋ ਜਾਈ॥
ਮ੍ਰਿਤਕ ਭਯੋ ਇਮ ਧਰਮ ਗਵਾਇ॥
(ਰੁਤ ੩ ਅੰਸੂ ੩੧ ਅੰਕ ੫੩)
ਪਿੰਡ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਦਾ ਸਭ ਤੋਂ ਵੱਡਾ ਪਿੰਡ ਹੈ। ਇਹ ਪਿੰਡ ਨਕੋਦਰ ਤੋਂ ਕਪੂਰਥਲਾ ਵਾਲੀ ਸੜਕ 'ਤੇ ਵਸਿਆ ਹੋਇਆ ਹੈ। ਇਸ ਪਿੰਡ ਵਿਚ ਬਾਬਾ ਨੰਦ ਚੰਦ ਦੇ ਨਾਂਅ 'ਤੇ ਗੁਰਦੁਆਰਾ ਸੁਸ਼ੋਭਿਤ ਹੈ।


-ਮੋਬਾ: 98723-21136

ਧਿਆਨ ਸਿੰਘ ਡੋਗਰਾ ਨੂੰ ਵੀ ਕਤਲ ਕਰ ਦਿੱਤਾ ਗਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਧਰਮ ਤੇ ਵਿਰਸਾ ਦੇਖੋ)
ਧਿਆਨ ਸਿੰਘ ਕੋਲ ਬਹੁਤ ਥੋੜ੍ਹੇ ਜਿਹੇ ਅੰਗ ਰੱਖਿਅਕ ਸਨ ਤੇ ਉਹ ਇਨ੍ਹਾਂ ਸੰਧਾਵਾਲੀਆਂ ਦੀ ਕਰਤੂਤ ਤੋਂ ਪ੍ਰੇਸ਼ਾਨ ਵੀ ਸੀ ਤੇ ਘਬਰਾਇਆ ਹੋਇਆ ਵੀ ਪਰ ਉਸ ਕੋਲ ਉਨ੍ਹਾਂ ਦੇ ਨਾਲ ਚੱਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਹ ਸਾਰਾ ਗਰੁੱਪ ਪਹਿਲੇ ਦਰਵਾਜ਼ੇ ਵਲੋਂ ਅੰਦਰ ਗਿਆ। ਅਜੀਤ ਸਿੰਘ ਨੇ ਦੀਵਾਰ 'ਤੇ ਬੈਠੇ ਸਿਪਾਹੀਆਂ ਵੱਲ ਇਸ਼ਾਰਾ ਕਰਕੇ ਧਿਆਨ ਸਿੰਘ ਦਾ ਮੂੰਹ ਪਾਸੇ ਕੀਤਾ ਤੇ ਉਸ ਨੂੰ ਗੋਲੀ ਮਾਰਦਿਆਂ ਕਿਹਾ ਤੂੰ ਬੀਬੀ ਚਾਂਦ ਕੌਰ ਨੂੰ ਕਤਲ ਕੀਤਾ ਸੀ। ਇਸ ਤੋਂ ਬਾਅਦ ਡੋਗਰਾ ਦੇ 25 ਅੰਗ-ਰੱਖਿਅਕਾਂ ਦੇ ਵੀ ਟੋਟੇ ਕਰ ਦਿੱਤੇ ਗਏ।
ਸੁਚੇਤ ਸਿੰਘ ਤੇ ਹੀਰਾ ਸਿੰਘ ਨੇ, ਜੋ ਲਾਹੌਰ ਤੋਂ ਦੋ ਕੁ ਮੀਲ ਹੀ ਦੂਰੀ 'ਤੇ ਸਨ, ਮਹਾਰਾਜਾ ਤੇ ਉਸ ਦੇ ਪੁੱਤਰ ਦੇ ਕਤਲ ਦੀ ਖ਼ਬਰ ਸੁਣੀ। ਉਨ੍ਹਾਂ ਨੂੰ ਸੰਧਾਵਾਲੀਆ ਵਲੋਂ ਤੁਰੰਤ ਕਿਲ੍ਹੇ ਵਿਚ ਪਹੁੰਚਣ ਦੇ ਸੰਮਨ ਵੀ ਮਿਲੇ ਪਰ ਉਹ ਸਾਵਧਾਨ ਹੋ ਗਏ। ਉਨ੍ਹਾਂ ਨੂੰ ਸੰਮਨਾਂ ਉੱਪਰ ਧਿਆਨ ਸਿੰਘ ਡੋਗਰਾ ਦੇ ਦਸਤਖਤ ਹੋਣ 'ਤੇ ਵੀ ਸ਼ੰਕਾ ਹੋਈ। ਫਿਰ ਜਿਵੇਂ ਹੀ ਉਨ੍ਹਾਂ ਨੂੰ ਧਿਆਨ ਸਿੰਘ ਦੇ ਕਤਲ ਦੀ ਖ਼ਬਰ ਮਿਲੀ, ਉਨ੍ਹਾਂ ਨੇ ਖ਼ਾਲਸਾ ਫੌਜ ਕੋਲ ਸ਼ਰਨ ਲੈ ਲਈ।
ਸੰਧਾਵਾਲੀਆ ਨੇ ਕਿਲ੍ਹਾ ਤੇ ਮਹੱਲ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਉਮੀਦ ਬਣਾ ਲਈ ਕਿ ਹੁਣ ਉਹ ਪੰਜਾਬ ਉੱਪਰ ਰਾਜ ਕਰਨਗੇ। ਉਨ੍ਹਾਂ ਨੇ ਅਜੇ ਲੋਕਾਂ ਬਾਰੇ ਨਹੀਂ ਸੋਚਿਆ ਸੀ।
ਇਸ ਤਰ੍ਹਾਂ ਦੇ ਘਿਨਾਉਣੇ ਕਤਲ ਦੀ ਖ਼ਬਰ ਨਾਲ ਲਾਹੌਰ ਸ਼ਹਿਰ ਵਿਚ ਹਲਚਲ ਫੈਲ ਗਈ। ਛਾਉਣੀ ਵਿਚ ਫੌਜੀਆਂ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਾਵੇ ਤੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਆਪਣਾ ਆਗੂ ਬਣਾਇਆ, ਜਿਸ ਨੇ ਉਨ੍ਹਾਂ ਨੂੰ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਮਦਦ ਦੀ ਅਪੀਲ ਕੀਤੀ ਸੀ। ਉਸ ਨੇ ਕਸਮ ਖਾਧੀ ਕਿ ਜਿੰਨੀ ਦੇਰ ਤੱਕ ਸੰਧਾਵਾਲੀਆਂ ਨੂੰ ਸਜ਼ਾ ਨਹੀਂ ਮਿਲਦੀ, ਉਹ ਅੰਨ ਗ੍ਰਹਿਣ ਨਹੀਂ ਕਰੇਗਾ। ਧਿਆਨ ਸਿੰਘ ਡੋਗਰਾ ਦੀ ਵਿਧਵਾ ਨੇ ਆਪਣੇ ਪਤੀ ਦਾ ਸਸਕਾਰ ਨਾ ਹੋਣ ਦਿੱਤਾ ਕਿ ਜਿੰਨੀ ਦੇਰ ਤੱਕ ਉਸ ਦੇ ਕਾਤਲਾਂ ਦੇ ਸਿਰ ਉਸ ਦੇ ਪੈਰਾਂ ਵਿਚ ਨਹੀਂ ਰੱਖੇ ਜਾਂਦੇ, ਉਹ ਚਿਤਾ ਨਹੀਂ ਬਣਨ ਦੇਵੇਗੀ। ਡੋਗਰਿਆਂ ਨੇ ਫੌਜੀਆਂ ਨੂੰ ਸੰਧਾਵਾਲੀਆਂ ਦੇ ਅੰਗਰੇਜ਼ਾਂ ਨਾਲ ਸਬੰਧਾਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਫੌਜੀਆਂ ਦੀਆਂ ਤਨਖਾਹਾਂ ਵਿਚ ਇਕ ਰੁਪਈਆ ਹੋਰ ਵਧਾਉਣ ਦੀ ਵੀ ਪੇਸ਼ਕਸ਼ ਕੀਤੀ। ਫੌਜ ਨੇ ਅਪੀਲ ਦਾ ਚੰਗਾ ਹੁੰਗਾਰਾ ਦਿੱਤਾ ਤੇ ਸ਼ਾਮ ਤੱਕ ਕਿਲ੍ਹੇ ਨੂੰ ਘੇਰ ਲਿਆ। ਸਾਰੀ ਰਾਤ ਤੋਪਾਂ ਕਿਲ੍ਹੇ ਦੀਆਂ ਦੀਵਾਰਾਂ ਵਿਚ ਛੇਕ ਕਰਦੀਆਂ ਰਹੀਆਂ। ਅਗਲੀ ਸਵੇਰ ਨਿਹੰਗਾਂ ਨੇ ਹਮਲਾ ਕੀਤਾ ਤੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ।
ਹੀਰਾ ਸਿੰਘ ਤੇ ਸੁਚੇਤ ਸਿੰਘ ਨੇ ਸੰਧਾਵਾਲੀਆ ਤੋਂ ਭਿਅੰਕਰ ਬਦਲੇ ਲਏ। ਅਜੀਤ ਸਿੰਘ ਭੱਜਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਤੇ ਲਹਿਣਾ ਸਿੰਘ ਇਕ ਭੋਰੇ ਵਿਚ ਲੁਕਿਆ ਫੜਿਆ ਗਿਆ, ਜਿਸ ਨੇ ਇਕ ਲੱਤ ਤੁੜਵਾਈ ਹੋਈ ਸੀ। ਦੋਵੇਂ ਸਰਦਾਰਾਂ ਤੇ ਉਨ੍ਹਾਂ ਦੇ 600 ਸਿਪਾਹੀਆਂ ਨੂੰ ਤਲਵਾਰਾਂ ਨਾਲ ਕਤਲ ਕਰ ਦਿੱਤਾ ਗਿਆ। ਮਾਰੇ ਜਾਣ ਵਾਲਿਆਂ ਵਿਚ ਭਾਈ ਗੁਰਮੁਖ ਸਿੰਘ ਤੇ ਮਿਸਰ ਬੇਲੀ ਰਾਮ ਵੀ ਸਨ, ਜਿਨ੍ਹਾਂ ਬਾਰੇ ਹੀਰਾ ਸਿੰਘ ਨੂੰ ਸ਼ੱਕ ਸੀ ਕਿ ਇਹ ਉਸ ਦੇ ਪਿਤਾ ਦੇ ਕਤਲ ਦੇ ਪਿੱਛੇ ਸਨ। ਉਧਰ ਅਤਰ ਸਿੰਘ ਸੰਧਾਵਾਲੀਆ ਨੂੰ ਆਪਣੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਉਦੋਂ ਮਿਲੀ, ਜਦੋਂ ਉਹ ਲਾਹੌਰ ਦੇ ਰਸਤੇ ਵਿਚ ਸੀ। ਉਸ ਨੇ ਸਿੱਖ ਫੌਜੀਆਂ ਨੂੰ ਡੋਗਰਿਆਂ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਗੱਲ ਕਿਸੇ ਨੇ ਨਾ ਸੁਣੀ। ਫੌਜ ਵਿਚ ਜ਼ਿਆਦਾਤਰ ਸਿੱਖ ਸਨ ਪਰ ਉਹ ਰਾਜਘਾਤੀਆਂ ਦੇ ਪਰਿਵਾਰ ਦਾ ਸਾਥ ਦੇਣ ਵਾਸਤੇ ਬਿਲਕੁਲ ਤਿਆਰ ਨਹੀਂ ਸਨ। ਅਤਰ ਸਿੰਘ ਸਤਲੁਜ ਤੋਂ ਪਾਰ ਦੌੜ ਗਿਆ ਤੇ ਅੰਗਰੇਜ਼ਾਂ ਨੂੰ ਆਪਣੀ ਖੇਡ ਵਾਸਤੇ ਤਾਸ਼ ਦਾ ਇਕ ਹੋਰ ਪੱਤਾ ਮਿਲ ਗਿਆ।
ਧਿਆਨ ਸਿੰਘ ਡੋਗਰਾ ਦੀਆਂ ਹੱਡੀਆਂ ਜੋ ਤੋੜ ਕੇ ਗਟਰ ਵਿਚ ਸੁੱਟ ਦਿੱਤੀਆਂ ਸਨ, ਇਕੱਠੀਆਂ ਕੀਤੀਆਂ ਗਈਆਂ। ਇਨ੍ਹਾਂ ਨੂੰ ਚਿਤਾ ਉੱਪਰ ਰੱਖਿਆ ਗਿਆ। ਉਸ ਦੀਆਂ ਵਿਧਵਾਵਾਂ ਤੇ ਦਾਸੀਆਂ ਵੀ ਚਿਤਾ ਉੱਪਰ ਬੈਠ ਗਈਆਂ। ਮੁੱਖ ਰਾਣੀ ਨੇ ਆਪਣੇ ਪਤੀ ਦੀ ਕਲਗੀ ਹੀਰਾ ਸਿੰਘ ਦੀ ਪਗੜੀ ਉੱਪਰ ਲਗਾ ਦਿੱਤੀ ਤੇ ਕਿਹਾ ਕਿ ਜਦੋਂ ਉਹ ਆਪਣੇ ਪਤੀ ਨੂੰ ਮਿਲੇਗੀ ਤਾਂ ਦੱਸੇਗੀ ਕਿ ਉਸ ਦੇ ਪੁੱਤਰ ਨੇ ਬਹਾਦਰੀ ਨਾਲ ਬਦਲਾ ਲਿਆ। ਸੰਧਾਵਾਲੀਆਂ ਦੇ ਸਿਰ ਉਸ ਦੇ ਪੈਰਾਂ ਵਿਚ ਰੱਖੇ ਗਏ ਅਤੇ ਫਿਰ ਮ੍ਰਿਤਕ ਦੇਹ ਤੇ ਜ਼ਿੰਦਾ ਵਿਅਕਤੀ ਵੀ ਅਗਨੀ ਦੀਆਂ ਲਾਟਾਂ ਦੇ ਸਪੁਰਦ ਕਰ ਦਿੱਤੇ ਗਏ।
ਇਸ ਤਰ੍ਹਾਂ ਲਾਹੌਰ ਦਰਬਾਰ ਦੀ ਸਭ ਤੋਂ ਵੱਧ ਵਿਵਾਦਗ੍ਰਸਤ ਹਸਤੀ ਰਾਜਾ ਧਿਆਨ ਸਿੰਘ ਡੋਗਰੇ ਦਾ ਜੀਵਨ ਖਤਮ ਹੋ ਗਿਆ। ਕੁਝ ਲੋਕਾਂ ਅਨੁਸਾਰ ਉਹ ਮਹਾਰਾਜਾ ਰਣਜੀਤ ਸਿੰਘ ਸਮੇਤ, ਪੂਰੇ ਦਰਬਾਰ ਦਾ ਸਭ ਤੋਂ ਵੱਧ ਇਤਬਾਰੀ ਸੇਵਕ ਸੀ ਤੇ ਹੋਰ ਕਈਆਂ ਵਾਸਤੇ ਉਹ ਸਭ ਬੁਰਾਈਆਂ ਦੀ ਜੜ੍ਹ ਸੀ ਤੇ ਰਾਜ ਦੇ ਖਾਤਮੇ ਵਾਸਤੇ ਉਹੀ ਜ਼ਿੰਮੇਵਾਰ ਸੀ।
ਕੀ 15 ਤੇ 16 ਸਤੰਬਰ ਦੀ ਹਨੇਰ ਗਰਦੀ ਵਿਚ ਅੰਗਰੇਜ਼ਾਂ ਦਾ ਹੱਥ ਸੀ? ਕੁਝ ਅਜਿਹੇ ਤੱਥ ਹਨ, ਜਿਨ੍ਹਾਂ ਦਾ ਕੋਈ ਅੰਗਰੇਜ਼ ਇਤਿਹਾਸਕਾਰ ਬੜੀ ਮੁਸ਼ਕਿਲ ਨਾਲ ਜਵਾਬ ਦੇ ਸਕੇਗਾ। ਜਿਸ ਸ਼ਿੱਦਤ ਨਾਲ ਲੁਧਿਆਣਾ ਤੇ ਬ੍ਰਿਟਿਸ਼ ਏਜੰਟ ਮਿਸਟਰ ਕਲੇਰਕ ਨੇ ਸੰਧਾਵਾਲੀਆ ਦਾ ਕੇਸ ਮਹਾਰਾਜਾ ਸ਼ੇਰ ਸਿੰਘ ਅੱਗੇ ਰੱਖਿਆ ਤੇ ਕਿਵੇਂ ਉਸ ਨੂੰ ਲਾਹੌਰ ਵਿਚ ਰੱਖਣ ਵਾਸਤੇ ਪ੍ਰੇਰਿਤ ਕੀਤਾ? ਇਸ ਕਤਲ ਤੋਂ ਸਿਰਫ ਇਕ ਮਹੀਨਾ ਪਹਿਲਾਂ ਜਦੋਂ ਅਜੇ ਸ਼ੇਰ ਸਿੰਘ ਚੰਗੀ ਸਿਹਤ ਵਿਚ ਸੀ, ਗਵਰਨਰ ਜਨਰਲ ਨੇ ਲਿਖਿਆ ਕਿ 'ਸ਼ੇਰ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਮਸਲਾ ਬਿਲਕੁਲ ਹੋਰ ਤਰ੍ਹਾਂ ਦਾ ਹੋ ਜਾਵੇਗਾ।'
ਪੰਜਾਬੀ ਸਮਝਦੇ ਸਨ ਕਿ ਸ਼ੇਰ ਸਿੰਘ ਉੱਪਰ ਜਿਸ ਬੰਦੂਕ ਵਿਚੋਂ ਗੋਲੀ ਚੱਲੀ, ਉਸ ਦਾ ਘੋੜਾ ਨੱਪਣ ਵਾਲੀ ਉਂਗਲ ਅੰਗਰੇਜ਼ਾਂ ਦੀ ਸੀ। ਉਹ ਰਾਜ ਦੇ ਵਾਰਸ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਇਕ ਹਜ਼ਾਰ ਤੋਂ ਉੱਪਰ ਪੰਜਾਬੀ ਤੇ ਗੋਰਖਾ ਸਿਪਾਹੀਆਂ ਦੀ ਮੌਤ ਦਾ ਕਾਰਨ ਬਣੇ। ਇਥੋਂ ਤੱਕ ਕਿ ਕਲਕੱਤੇ ਦੇ ਭਾਰਤੀ ਤੇ ਅੰਗਰੇਜ਼ ਅਖ਼ਬਾਰ ਨਵੀਸਾਂ ਦਾ ਕਹਿਣਾ ਸੀ ਕਿ ਭਾਵੇਂ ਈਸਟ ਇੰਡੀਆ ਕੰਪਨੀ ਦੀ ਸਿੱਧੀ ਸ਼ਮੂਲੀਅਤ ਦੇ ਪੱਕੇ ਸਬੂਤ ਨਹੀਂ ਹਨ, ਫਿਰ ਵੀ ਇਹ ਕੰਮ ਕੰਪਨੀ ਦਾ ਹੀ ਮੰਨਿਆ ਜਾ ਰਿਹਾ ਹੈ। ਇਕ ਰਸਾਲੇ 'ਭਾਰਤ ਦੇ ਦੋਸਤ' ਨੇ ਲਿਖਿਆ ਕਿ 'ਦਾਲ ਵਿਚ ਕੁਝ ਕਾਲਾ-ਕਾਲਾ ਜ਼ਰੂਰ ਹੈ।' (ਚਲਦਾ)

ਝੰਗ ਸਦਰ ਦਾ ਨਿਹੰਗ ਦਰਬਾਰ

ਪਾਕਿਸਤਾਨ ਦੇ ਸ਼ਹਿਰ ਝੰਗ ਸਦਰ ਵਿਚ 60 ਤੋਂ ਜ਼ਿਆਦਾ ਪ੍ਰਸਿੱਧ ਸੂਫ਼ੀ ਮਜ਼ਾਰਾਂ ਅਤੇ ਦਰਬਾਰ ਕਾਇਮ ਹਨ। ਇਨ੍ਹਾਂ ਦਰਬਾਰਾਂ ਨਾਲ ਸਬੰਧਤ ਵੱਖ-ਵੱਖ ਕਰਾਮਾਤਾਂ ਅਤੇ ਕਿੱਸੇ-ਕਹਾਣੀਆਂ ਵਰ੍ਹਿਆਂ ਤੋਂ ਝੰਗ ਦੀ ਤਾਰੀਖ਼ ਦਾ ਹਿੱਸਾ ਬਣੀਆਂ ਹੋਈਆਂ ਹਨ।
ਇਨ੍ਹਾਂ ਸੂਫ਼ੀ ਸਮਾਰਕਾਂ ਨਾਲ ਜੁੜੀ ਇਨ੍ਹਾਂ ਦੇ ਸ਼ਰਧਾਲੂਆਂ ਦੀ ਆਸਥਾ ਅਤੇ ਇਨ੍ਹਾਂ ਦਰਬਾਰਾਂ ਦੀ ਸ਼ਾਨ ਤੇ ਖੂਬਸੂਰਤੀ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਆਸਾਨ ਨਹੀਂ ਹੈ। ਇਨ੍ਹਾਂ ਦਰਬਾਰਾਂ ਤੇ ਮਜ਼ਾਰਾਂ ਦੀ ਮੌਜੂਦਗੀ ਦੇ ਕਾਰਨ ਹੀ ਪੂਰਾ ਝੰਗ ਸਦਰ ਹਫ਼ਤੇ ਦੇ ਹਰ ਵੀਰਵਾਰ ਨੂੰ ਕਿਸੇ ਵੱਡੇ ਮੇਲੇ ਦਾ ਰੂਪ ਲੈ ਲੈਂਦਾ ਹੈ ਅਤੇ ਇਥੇ ਦੂਰ-ਦਰਾਜ ਦੇ ਸ਼ਹਿਰਾਂ-ਕਸਬਿਆਂ ਵਿਚੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਰਨਾ ਅਸੰਭਵ ਹੋ ਜਾਂਦਾ ਹੈ।
ਭਾਵੇਂ ਕਿ ਝੰਗ ਸਦਰ ਸ਼ਹਿਰ ਵਿਚ ਪੰਜ ਦਰਜਨ ਤੋਂ ਜ਼ਿਆਦਾ ਇਤਿਹਾਸਕ ਸੂਫ਼ੀ ਦਰਬਾਰ ਅਤੇ ਇਸ ਤੋਂ ਦੋ ਗੁਣਾ ਗਿਣਤੀ ਵਿਚ ਹੋਰ ਦਰਬਾਰ ਕਾਇਮ ਹਨ, ਪਰ ਸ਼ਹਿਰ ਦੀ ਫੈਸਲਾਬਾਦ ਰੋਡ 'ਤੇ ਸਥਿਤ ਦਰਬਾਰ ਮਾਈ ਹੀਰ ਅਤੇ ਝੰਗ ਸਦਰ ਦੀ ਤਹਿਸੀਲ ਸ਼ੋਰਕੋਟ ਵਿਚ ਸਥਿਤ ਦਰਬਾਰ ਹਜ਼ਰਤ ਸੁਲਤਾਨ ਬਾਹੂ ਰਹਿਮਤ ਅੱਲ੍ਹਾ (ਆਰ.ਏ.) ਸਮੇਤ ਸ਼ਹਿਰ ਦੀ ਮੁਲਤਾਨ ਰੋਡ 'ਤੇ ਆਬਾਦ ਪਿੰਡ ਗੜ੍ਹ ਮਹਾਰਾਜਾ ਵਿਚ ਸਥਾਪਿਤ ਦਰਬਾਰ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਵਿਚ ਸੂਫ਼ੀ ਸ਼ਰਧਾਲੂਆਂ ਦੀ ਆਸਥਾ ਅਤੇ ਵਿਸ਼ੇਸ਼ ਸਨਮਾਨ ਕਾਇਮ ਹੈ। ਇਨ੍ਹਾਂ ਸੂਫ਼ੀ ਦਰਬਾਰਾਂ ਦੀ ਪ੍ਰਸਿੱਧੀ ਅੱਜ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕੀ ਹੈ।
ਤਹਿਸੀਲ ਸ਼ੋਰਕੋਟ ਵਿਚ ਦਰਬਾਰ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਦੇ ਇਲਾਵਾ ਦਰਬਾਰ ਹਜ਼ਰਤ ਫ਼ੈਜ਼ ਸੁਲਤਾਨ (ਆਰ.ਏ.), ਦਰਬਾਰ ਹਜ਼ਰਤ ਮਨਜ਼ੂਰ ਸੁਲਤਾਨ (ਆਰ.ਏ.), ਦਰਬਾਰ ਹਜ਼ਰਤ ਮੁਜ਼ੀਬ ਸੁਲਤਾਨ (ਆਰ.ਏ.), ਦਰਬਾਰ ਹਜ਼ਰਤ ਸੁਲਤਾਨ ਨੂਰ ਮੁਹੰਮਦ, ਦਰਬਾਰ ਹਜ਼ਰਤ ਸੁਲਤਾਨ ਮੁਹੰਮਦ ਨਵਾਜ਼ ਅਤੇ ਦਰਬਾਰ ਸੁਲਤਾਨ ਉੱਲ ਹਜ਼ਰਤ ਗ਼ੁਲਾਮ ਦਸਤਗੀਰ ਅਲ-ਕਾਦਰੀ ਵੀ ਕਾਇਮ ਹਨ। ਪਰ ਦਰਬਾਰ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਦੇ ਪ੍ਰਮੁੱਖ ਦਰਵਾਜ਼ੇ ਦੇ ਉੱਪਰ ਚੀਨੀ ਦੀਆਂ ਟਾਈਲਾਂ ਨਾਲ ਸਜਾਵਟ ਕਰਕੇ ਗੁਰਮੁਖੀ ਵਿਚ ਲਿਖੀ ਇਬਾਰਤ 'ਜੀ ਆਇਆਂ ਨੂੰ' ਖ਼ੁਦ-ਬਖ਼ੁਦ ਉਥੇ ਕਦਮ ਰੋਕ ਲੈਂਦੀ ਹੈ। ਗੁਰਮੁਖੀ ਵਿਚ ਲਿਖੇ 'ਜੀ ਆਇਆਂ ਨੂੰ' ਪੜ੍ਹ ਕੇ ਹੈਰਾਨੀ ਹੁੰਦੀ ਹੈ ਅਤੇ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਆਖਰ ਸੂਫ਼ੀ ਪੀਰ ਦੀ ਮਜ਼ਾਰ 'ਤੇ ਗੁਰਮੁਖੀ ਵਿਚ ਇਹ ਇਬਾਰਤ ਕਿਉਂ ਲਿਖੀ ਗਈ ਹੈ? ਵਾਰ-ਵਾਰ ਜ਼ਿਹਨ ਵਿਚ ਇਹ ਸਵਾਲ ਉੱਠਦਾ ਹੈ ਕਿ ਇਹ ਸ਼ਾਹ ਸਾਦਿਕ 'ਨਿਹੰਗ' ਕੌਣ ਸਨ ਅਤੇ ਉਨ੍ਹਾਂ ਨੂੰ 'ਨਿਹੰਗ' ਉਪਨਾਮ ਨਾਲ ਸੰਬੋਧਤ ਕਿਉਂ ਕੀਤਾ ਜਾਂਦਾ ਹੈ?
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਭਾਈ ਹਿੰਮਤ ਸਿੰਘ ਯਾਦਗਾਰੀ ਪਾਰਕ ਜਗਨਨਾਥਪੁਰੀ

30 ਮਾਰਚ, 1699 ਈ: ਨੂੰ (ਵਿਸਾਖੀ ਵਾਲੇ ਦਿਨ) ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਪਰ ਖ਼ਾਲਸਾ ਪੰਥ ਦੀ ਸਿਰਜਣਾ ਹਿੱਤ ਦਸਵੇਂ ਪਾਤਸ਼ਾਹ ਵਲੋਂ ਇਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਇਕੱਠ ਦਾ ਮਨੋਰਥ ਕੌਮ ਵਿਚ ਇਕ ਨਵੀਂ ਰੂਹ ਫੂਕ ਕੇ ਅਣਖੀ ਅਤੇ ਪਰਉਪਕਾਰੀ ਜੀਵਨ ਦਾ ਪਾਠ ਪੜ੍ਹਾਉਣਾ ਸੀ। ਜਦੋਂ ਇਸ ਪੜ੍ਹਾਈ ਦੀ ਫ਼ੀਸ ਵਜੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਵਿਚ ਨੰਗੀ ਤਲਵਾਰ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਇਕੱਠ ਵਿਚ ਸਨਾਟਾ ਛਾ ਗਿਆ। ਜਦੋਂ ਗੁਰੂ ਸਾਹਿਬ ਨੇ ਆਪਣੀ ਇਸ ਮੰਗ ਨੂੰ ਦੂਸਰੀ-ਤੀਸਰੀ ਵਾਰ ਦੁਹਰਾਇਆ ਤਾਂ ਜਿਹੜੇ ਪੰਜ ਪਿਆਰਿਆਂ ਨੇ ਸੀਸ ਤਲੀ 'ਤੇ ਧਰ ਗੁਰੂ ਜੀ ਦੇ ਪ੍ਰਤੀ ਆਪਣੇ ਸੱਚੇ ਤੇ ਸੁੱਚੇ ਪਿਆਰ ਦਾ ਪ੍ਰਗਟਾਵਾ ਕੀਤਾ, ਉਨ੍ਹਾਂ ਵਿਚੋਂ ਇਕ ਪਿਆਰੇ ਦਾ ਨਾਂਅ ਭਾਈ ਹਿੰਮਤ ਰਾਇ ਸੀ।
ਵੱਡੇ ਇਕੱਠ ਵਿਚੋਂ ਆਪਣੀ ਹਿੰਮਤ ਇਕੱਠੀ ਕਰਕੇ ਬਾਜਾਂ ਵਾਲੇ ਗੁਰੂ ਦੀ ਵੰਗਾਰ/ਤਲਵਾਰ 'ਤੇ ਸੀਸ ਦੀ ਭੇਟ ਚੜ੍ਹਾਉਣ ਵਾਲੇ ਭਾਈ ਹਿੰਮਤ ਰਾਇ ਦਾ ਜਨਮ ਉੜੀਸਾ ਦੇ ਪ੍ਰਸਿੱਧ ਸ਼ਹਿਰ ਜਗਨਨਾਥਪੁਰੀ ਵਿਖੇ 18 ਜਨਵਰੀ, 1661 ਈਸਵੀ (ਸੰਮਤ 1718) ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਂਅ ਭਾਈ ਗੁਲਜ਼ਾਰੀ ਜੀ ਅਤੇ ਮਾਤਾ ਦਾ ਨਾਂਅ ਧੰਨੋ ਸੀ ਪਰ ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦੁਆਰਾ ਦਿੱਤੇ ਗਏ ਇਕ ਹਵਾਲੇ ਅਨੁਸਾਰ ਆਪ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਪਿੰਡ ਸੰਗਤਪੁਰਾ ਦੇ ਵਸਨੀਕ ਭਾਈ ਜੋਤੀ ਰਾਮ ਝੀਊਰ ਅਤੇ ਮਾਤਾ ਰਾਮੋ ਦੇ ਘਰ ਹੋਇਆ ਵੀ ਮੰਨਿਆ ਜਾਂਦਾ ਹੈ। 17 ਸਾਲ ਦੀ ਉਮਰ ਵਿਚ ਉਹ ਜਗਨਨਾਥਪੁਰੀ ਤੋਂ ਸ੍ਰੀ ਅਨੰਦਪੁਰ ਸਾਹਿਬ ਆਏ ਅਤੇ ਗੁਰੂ ਘਰ ਦੀ ਸੇਵਾ ਵਿਚ ਜੁਟ ਗਏ। ਜਦੋਂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੀ ਫ਼ੌਜ (ਖ਼ਾਲਸੇ) ਦੀ ਸਿਰਜਣਾ ਕੀਤੀ ਤਾਂ ਉਸ ਵਕਤ ਭਾਈ ਹਿੰਮਤ ਰਾਏ ਦੀ ਉਮਰ 38 ਸਾਲ ਦੇ ਨੇੜੇ ਪਹੁੰਚ ਚੁੱਕੀ ਸੀ। ਗੁਰੂ ਸਾਹਿਬ ਦੇ ਮਿਸ਼ਨ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਖੰਡੇ ਤੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਅਤੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਗਏ।
ਭਾਈ ਹਿੰਮਤ ਸਿੰਘ ਭਾਵੇਂ ਉੜੀਆ (ਉੜੀਸਾ ਪ੍ਰਾਂਤ ਨਾਲ ਸਬੰਧਤ) ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਉਨ੍ਹਾਂ ਦੀਆਂ ਜੜ੍ਹਾਂ ਸਿੱਖੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਸਨ। ਇਨ੍ਹਾਂ ਜੜ੍ਹਾਂ ਦੇ ਅਨੁਸਾਰ ਭਾਈ ਹਿੰਮਤ ਸਿੰਘ ਉਸ ਛੱਜੂ ਝੀਊਰ ਦੇ ਪੋਤਰੇ ਲੱਗਦੇ ਸਨ, ਜਿਸ ਉਪਰ ਅੱਠਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਅਪਾਰ ਬਖ਼ਸ਼ਿਸ਼ ਹੋਈ ਸੀ ।
ਅੱਠਵੇਂ ਪਾਤਸ਼ਾਹ ਦੀ ਪੰਜੋਖਰੇ ਦੀ ਠਹਿਰ ਸਮੇਂ ਜਦੋਂ ਇਕ ਹੰਕਾਰੀ ਪੰਡਿਤ ਲਾਲ ਚੰਦ ਨੇ ਗੁਰੂ ਜੀ ਪ੍ਰਤੀ ਆਪਣੀ ਸ਼ੰਕਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੋਲੋਂ ਗੀਤਾ ਦੇ ਅਰਥ ਕਰਵਾਉਣੇ ਚਾਹੇ ਤਾਂ ਗੁਰੂ ਜੀ ਨੇ ਉਸ ਹੰਕਾਰੀ ਦਾ ਹੰਕਾਰ ਤੋੜਨ ਲਈ ਉਸ ਨੂੰ ਕਿਹਾ ਕਿ ਉਹ ਪਿੰਡ ਵਿਚੋਂ ਕਿਸੇ ਅਜਿਹੇ ਵਿਅਕਤੀ ਨੂੰ ਭਾਲ ਕੇ ਲਿਆਵੇ, ਜਿਹੜਾ ਉਸ (ਪੰਡਿਤ) ਦੀ ਅਤੇ ਨਗਰ ਨਿਵਾਸੀਆਂ ਦੀ ਨਜ਼ਰ ਵਿਚ ਅਨਪੜ੍ਹ ਅਤੇ ਗੰਵਾਰ ਹੋਵੇ। ਪੰਡਿਤ ਲਾਲ ਚੰਦ ਚਲਾਕੀ ਨਾਲ ਛੱਜੂ ਨਾਂਅ ਦੇ ਇਕ ਅਨਪੜ੍ਹ ਅਤੇ ਗੂੰਗੇ ਵਿਅਕਤੀ ਨੂੰ ਲੈ ਆਇਆ।
ਗੁਰੂ ਸਾਹਿਬ ਨੇ ਛੱਜੂ ਝੀਊਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਚਨ ਕੀਤਾ ਕਿ 'ਛੱਜੂ! ਗੁਰੂ ਨਾਨਕ ਦੀ ਕਿਰਪਾ ਨਾਲ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ। ਇਸ ਪੰਡਿਤ ਨਾਲ ਸ਼ਾਸਤਰ-ਅਰਥ ਕਰਕੇ ਇਸ ਦੀ ਤਸੱਲੀ ਕਰ ਦੇ।'
ਇਹ ਬਚਨ ਕਹਿ ਕੇ ਗੁਰੂ ਜੀ ਨੇ ਆਪਣੀ ਸੋਟੀ ਛੱਜੂ ਦੇ ਸਿਰ 'ਤੇ ਰੱਖ ਦਿੱਤੀ ਅਤੇ ਉਹ ਇਕ ਚੰਗੇ ਗਿਆਨੀ ਵਾਂਗ ਗੀਤਾ ਦੇ ਸਲੋਕਾਂ ਦੇ ਅਰਥ ਕਰੀ ਗਿਆ। ਇਸ ਕੌਤਕ ਨਾਲ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਅਤੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
ਪੰਡਿਤ ਦੀ ਨਿਸ਼ਾ ਕਰਾ ਕੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਅਗਲੇਰੇ ਪੰਧ ਲਈ ਰਵਾਨਗੀ ਫੜਨ ਲੱਗੇ ਤਾਂ ਛੱਜੂ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ 'ਸੱਚੇ ਪਾਤਸ਼ਾਹ! ਹੁਣ ਮੇਰੇ ਲਈ ਕੀ ਹੁਕਮ ਹੈ?'
ਜਵਾਬ ਵਿਚ ਗੁਰੂ ਜੀ ਨੇ ਕਿਹਾ ਕਿ, 'ਤੁਸੀਂ ਹੁਣ ਜਗਨਨਾਥਪੁਰੀ ਵਿਚ ਪਹੁੰਚੋ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੀ ਸਿੱਖ ਸੰਗਤ ਵਿਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੋ।'
ਸਤਿ ਬਚਨ ਕਹਿ ਕੇ ਭਾਈ ਛੱਜੂ ਜੀ ਜਗਨਨਾਥਪੁਰੀ (ਉੜੀਸਾ) ਆ ਗਏ ਅਤੇ ਇਥੇ ਆ ਕੇ ਉਨ੍ਹਾਂ ਨੇ ਆਪਣਾ ਘਰ ਵੀ ਵਸਾ ਲਿਆ। ਘਰ ਵਸ ਜਾਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਪੁੱਤਰ ਗੁਲਜਾਰੀ ਪੈਦਾ ਹੋਇਆ। ਗੁਲਜ਼ਾਰੀ ਜਦੋਂ ਵੱਡਾ ਹੋਇਆ ਤਾਂ ਉਸ ਦਾ ਵਿਆਹ ਇਕ ਉੜੀਆ ਔਰਤ ਬੀਬੀ ਧੰਨੋ ਨਾਲ ਕਰ ਦਿੱਤਾ ਗਿਆ। ਇਹ ਗੁਲਜ਼ਾਰੀ ਅਤੇ ਮਾਤਾ ਧੰਨੋ ਹੀ ਭਾਈ ਹਿੰਮਤ ਸਿੰਘ ਦੇ ਮਾਤਾ-ਪਿਤਾ ਸਨ, ਜਿਨ੍ਹਾਂ ਨੇ ਬਚਪਨ ਵਿਚ ਹੀ ਉਸ ਨੂੰ ਗੁਰਸਿੱਖੀ ਦੀ ਗੁੜ੍ਹਤੀ ਦੇ ਦਿੱਤੀ ਸੀ। ਇਸ ਗੁੜ੍ਹਤੀ ਦੇ ਕਾਰਨ ਹੀ ਭਾਈ ਹਿੰਮਤ ਸਿੰਘ ਜਗਨਨਾਥਪੁਰੀ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਿਆਰ ਕੀਤੇ ਖ਼ਾਲਸਾ ਪੰਥ ਵਿਚ ਸ਼ਾਮਿਲ ਹੋ ਕੇ ਗੁਰੂ ਦੇ ਪਿਆਰੇ ਬਣ ਗਏ। ਸਿਰ ਦੇ ਕੇ ਹਾਸਲ ਕੀਤੇ ਗੁਰੂ ਦੇ ਪਿਆਰ ਨੂੰ ਭਾਈ ਹਿੰਮਤ ਸਿੰਘ ਨੇ ਆਪਣੇ ਆਖ਼ਰੀ ਦਮ ਤੱਕ ਨਿਭਾਇਆ ਅਤੇ ਸੰਮਤ 1761 ਵਿਚ ਪੋਹ ਦੇ ਮਹੀਨੇ ਦੀ ਇਕ ਠਰੀ ਰਾਤ ਨੂੰ ਚਮਕੌਰ ਸਾਹਿਬ ਦੀ ਲੜਾਈ ਵਿਚ ਜੂਝਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ।
ਭਾਈ ਸਾਹਿਬ ਦੀ ਪਵਿੱਤਰ ਸ਼ਹਾਦਤ ਨੂੰ ਸਦੀਵੀ ਬਣਾਉਣ ਹਿੱਤ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਲਗਪਗ 65 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਬਲੀਆ ਪਾਂਡਾ (ਜਗਨਨਾਥਪੁਰੀ) ਵਿਖੇ ਇਕ ਹਰਿਆ-ਭਰਿਆ ਭਾਈ ਹਿੰਮਤ ਸਿੰਘ ਯਾਦਗਾਰੀ ਚਿਲਡਰਨ ਪਾਰਕ ਬਣਾਇਆ ਗਿਆ ਹੈ, ਜਿਸ ਦੀ ਹਰਿਆਵਲ ਮਨਮੋਹਕ ਹੋਣ ਦੇ ਨਾਲ ਸਿਹਤਵਰਧਕ ਵੀ ਹੈ।


-1348/17/1 ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬਾ: 94631-32719

ਆਧੁਨਿਕ ਅਤੇ ਪ੍ਰਾਚੀਨ ਸ਼ੈਲੀ ਦਾ ਪ੍ਰਤੀਕ ਸ਼ਿਵ ਮੰਦਰ ਪੰਡੋਰੀ ਭਗਤ

ਸ਼ਿਵ ਮੰਦਰ ਪੰਡੋਰੀ ਭਗਤ ਮੁਕੇਰੀਆਂ ਤੋਂ 13 ਕਿੱਲੋਮੀਟਰ ਦੂਰ ਹੈ ਅਤੇ ਪੰਜਾਬ ਦਾ ਆਖਰੀ ਪਿੰਡ ਹੈ, ਜਿਸ ਦੀ ਸਰਹੱਦ ਹਿਮਾਚਲ ਪ੍ਰਦੇਸ਼ ਨੂੰ ਗਲਵਕੜੀ ਪਾਉਂਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ਉੱਪਰ ਇਹ ਮੰਦਰ ਦੋਵਾਂ ਰਾਜਾਂ ਲਈ ਸ਼ੁੱਭਕਾਮਨਾ ਮੰਗਦਾ ਹੈ। ਇਸ ਸਥਾਨ ਉੱਪਰ ਜਾਣ ਲਈ ਮੁਕੇਰੀਆਂ ਤੋਂ ਮਾਨਸਾ ਤੇ ਫਿਰ ਪੰਡੋਰੀ ਭਗਤ। ਇਸੇ ਤਰ੍ਹਾਂ ਹਿਮਾਚਲ ਦੇ ਪਿੰਡ ਲਾੜੀਆਂ ਦੇ ਬਿਲਕੁਲ ਨਾਲ ਲਗਦਾ ਹੈ। ਪਿੰਡ ਦੇ ਬਾਹਰਵਾਰ ਮੰਦਰ ਹੈ। ਪ੍ਰਵੇਸ਼ ਕਰਦੇ ਹੀ ਸੱਜੇ ਪਾਸੇ ਵੱਡੇ ਆਕਾਰ ਦੀ ਹਨੂੰਮਾਨ ਦੀ ਪ੍ਰਤਿਮਾ ਹਿਰਦੇ ਵਿਚ ਠੰਢ ਪਾ ਦਿੰਦੀ ਹੈ। ਸ਼ਕਤੀ ਤੇ ਅਰਪਣ ਦੀ ਇਹ ਮੂਰਤ ਮਨੁੱਖਤਾ ਨੂੰ ਸਮਰਪਣ, ਆਚਰਣ ਅਤੇ ਸੇਵਾ ਭਾਵ ਦੀ ਸਿੱਖਿਆ ਦਿੰਦੀ ਪ੍ਰਤੀਤ ਹੁੰਦੀ ਹੈ। ਖੱਬੇ ਪਾਸੇ ਇਕ ਉੱਚੇ ਥੜ੍ਹੇ ਵਿਚ ਕੇਸਰੀ ਰੰਗ ਦਾ ਪਰਚਮ ਸ਼ਕਤੀ, ਭਗਤੀ ਅਤੇ ਸ਼ਾਂਤੀ ਦਾ ਪ੍ਰਤੀਕ। ਮੰਦਰ ਦੇ ਚਾਰੇ ਪਾਸੇ ਪ੍ਰਾਚੀਨ ਰੁੱਖ, ਪ੍ਰਾਚੀਨ ਰੁੱਖ ਸੱਭਿਅਤਾ ਦੀ ਹਕੀਕਤ ਉਤਾਰਦੇ, ਠੰਢੀਆਂ ਛਾਵਾਂ ਬਿਖੇਰਦੇ ਹਨ।
ਇਸ ਮੰਦਰ ਵਿਚ ਅਨੇਕਾਂ ਹੀ ਭਗਵਾਨ ਮੂਰਤੀਆਂ ਸੁਸ਼ੋਭਿਤ ਹਨ। ਕਈ ਕਮਰੇ ਹਨ। ਪ੍ਰਾਚੀਨ ਥੰਮ੍ਹਾਂ ਦਾ ਬਰਾਮਦਾ ਕਈ ਰੰਗਾਂ ਦੀ ਸੁੰਦਰਤਾ ਬਿਖੇਰਦਾ ਹੈ। ਬਰਾਮਦੇ ਦੇ ਪਿੱਛੇ ਇਕ ਕਮਰੇ ਵਿਚ ਪੂਜਾ-ਪਾਠ ਦੀ ਸਮੱਗਰੀ ਅਤੇ ਤਪ ਅਸਥਾਨ ਵੀ ਹੈ, ਜਿਥੇ 24 ਘੰਟੇ ਧੂਣਾ ਪਵਿੱਤਰਤਾ ਦਾ ਸੰਦੇਸ਼ ਦਿੰਦਾ ਹੈ। ਦੱਸਿਆ ਜਾਂਦਾ ਹੈ ਕਿ ਮਹੰਤ ਵਿਜੇ ਗਿਰੀ ਇਸ ਸਥਾਨ ਵਿਖੇ ਇਕ ਲੱਤ ਉੱਪਰ 17 ਸਾਲ ਦੇ ਕਰੀਬ ਖੜ੍ਹੇ ਰਹੇ, ਜਿਨ੍ਹਾਂ ਦੀ ਇਸ ਇਲਾਕੇ ਵਿਚ ਬਹੁਤ ਮਾਨਤਾ ਅਤੇ ਸਤਿਕਾਰ ਹੈ।
ਮੰਦਰ ਵਿਚ ਗਣੇਸ਼ ਜੀ, ਬਾਬਾ ਬਾਲਕ ਨਾਥ ਜੀ ਅਤੇ ਹੋਰ ਅਨੇਕਾਂ ਰਿਸ਼ੀਆਂ-ਮੁਨੀਆਂ ਦੀਆਂ ਸਮਾਧੀਆਂ ਵੀ ਇਸ ਇਲਾਕੇ ਨੂੰ ਪਵਿੱਤਰ ਕਰਦੀਆਂ ਹਨ। ਸਫੈਦ ਰੰਗ ਨੇਕੀ ਸ਼ਾਂਤੀ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਮੰਦਰ ਦਾ ਗੁੰਬਦ ਸਫੈਦ ਰੰਗ ਦਾ ਹੈ। ਇਕ ਛੋਟੇ ਮੰਦਰ ਦਾ ਗੁੰਬਦ ਲਾਲ ਤੇ ਪੀਲੇ ਰੰਗ ਵਿਚ, ਉੱਪਰ ਪੀਲੇ ਰੰਗ ਦਾ ਝੰਡਾ ਸੁਸ਼ੋਭਿਤ ਹੈ। ਇਸ ਇਲਾਕੇ ਦੇ ਇਕ ਲੇਖਕ ਕੇ. ਐਸ. ਅਮਰ ਨੇ ਦੱਸਿਆ ਕਿ ਇਸ ਦੀ ਪ੍ਰਤਿਸ਼ਠਾ ਦੂਰ-ਦੂਰ ਤੱਕ ਹੈ ਅਤੇ ਇਲਾਕਾ ਨਿਵਾਸੀ ਹਿਮਾਚਲੀ ਤੇ ਪੰਜਾਬੀ ਇਸ ਮੰਦਰ ਤੋਂ ਅਸ਼ੀਰਵਾਦ, ਸ਼ੁੱਭ ਕਾਮਨਾ ਲੈਂਦੇ ਹਨ।


-ਉਂਕਾਰ ਨਗਰ, ਗੁਰਦਾਸਪੁਰ।
ਮੋਬਾ: 98156-25409

ਪ੍ਰੇਰਨਾ-ਸਰੋਤ

ਸੱਚੀ ਅਧਿਆਤਮਿਕਤਾ ਦਾ ਭਾਵ ਹੈ ਦੂਜਿਆਂ ਨਾਲ ਪ੍ਰੇਮ

ਨੇਕ ਵਿਚਾਰ ਹੀ ਨੇਕ ਕਰਮਾਂ ਨੂੰ ਜਨਮ ਦਿੰਦੇ ਹਨ। ਅਧਿਆਤਮਵਾਦ ਹੀ ਸਾਡੇ ਅੰਦਰ ਨੇਕ ਵਿਚਾਰ ਪੈਦਾ ਕਰਦਾ ਹੈ। ਸਵਾਮੀ ਵਿਵੇਕਾਨੰਦ ਜੀ ਗਿਆਨਯੋਗ ਵਿਚ ਲਿਖਦੇ ਹਨ ਕਿ ਅਧਿਆਤਮਿਕਤਾ ਦਾ ਅਸਲ ਅਰਥ ਹੈ ਦੂਜਿਆਂ ਨਾਲ ਪ੍ਰੇਮ ਕਰਨਾ। ਅਧਿਆਤਮਕ ਜੀਵਨ ਤਾਂ ਪਰਮਾਤਮਾ ਦੀ ਇੱਛਾ ਅਨੁਸਾਰ ਅੰਦਰੂਨੀ ਚੇਤਨਾ ਨਾਲ ਸੰਚਾਲਿਤ ਹੁੰਦਾ ਹੈ। ਧਨ-ਦੌਲਤ, ਸ਼ੋਹਰਤ, ਗਰੀਬੀ ਆਦਿ ਦਾ ਅਧਿਆਤਮਕ ਜੀਵਨ ਵਿਚ ਕੋਈ ਮਹੱਤਵ ਨਹੀਂ ਹੁੰਦਾ। ਅਸਲ ਅਧਿਆਤਮਕ ਵਿਅਕਤੀ ਤਾਂ ਅੰਤਰ ਧਿਆਨ ਲਗਾ ਕੇ ਆਤਮਿਕ ਸੁਖ ਨੂੰ ਪ੍ਰਾਪਤ ਕਰਦਾ ਹੈ। ਤੰਦਰੁਸਤ ਸਰੀਰ ਅਤੇ ਨੇਕ ਸੋਚ ਕੁਦਰਤ ਦੇ ਵਰਦਾਨ ਹਨ। ਸਾਡਾ ਇਹ ਸਰੀਰ ਤੰਦਰੁਸਤ ਰਹੇ ਅਤੇ ਪਰਮਾਤਮਾ ਰੂਪੀ ਆਤਮਾ ਦਾ ਨਿਵਾਸ ਸਥਾਨ ਬਣੇ ਅਤੇ ਅਸੀਂ ਉਸ ਅਨੁਸਾਰ ਹੀ ਕਾਰਜ ਕਰੀਏ। ਇਸ ਲਈ ਸ਼ੁੱਧ ਵਿਚਾਰ ਹੀ ਤੁਹਾਨੂੰ ਰਾਹ ਦੱਸ ਸਕਦੇ ਹਨ। ਜਿਸ ਵਿਅਕਤੀ ਦਾ ਮੰਦਰ ਰੂਪੀ ਸਰੀਰ ਆਤਮ-ਭਾਵ ਨੂੰ ਪ੍ਰਾਪਤ ਕਰਦਾ ਹੈ, ਉਹ ਲਗਾਤਾਰ ਵਿਕਾਸ ਕਰਕੇ ਸਫਲਤਾ ਪ੍ਰਾਪਤ ਕਰਦਾ ਹੈ। ਅਜਿਹਾ ਸਰੀਰ ਵਿਚਾਰਾਂ ਅਤੇ ਭਾਵਨਾਵਾਂ ਵਿਚ ਨਹੀਂ ਉਲਝਦਾ। ਉਹ ਇਨ੍ਹਾਂ ਤੋਂ ਉੱਪਰ ਉੱਠ ਕੇ, ਭੇਦ ਸਮਝ ਕੇ ਆਪਣੇ ਕੰਮ ਵਿਚ ਹੋਰ ਵੀ ਨਿਪੁੰਨ ਹੋ ਜਾਂਦਾ ਹੈ। ਮਨੁੱਖ ਨੂੰ ਤਾਂ ਚਾਹੀਦਾ ਹੈ ਕਿ ਪਰਮਾਤਮਾ ਰੂਪੀ ਤੱਤ ਆਤਮਾ ਵਜੋਂ ਉਹ ਸਰਬਵਿਆਪਕ ਸ਼ਕਤੀ ਦਾ ਇਕ ਕੇਂਦਰ ਸਮਝੇ ਅਤੇ ਉਸੇ ਅਨੁਸਾਰ ਕਰਮ ਕਰੇ। ਜਿਵੇਂ-ਜਿਵੇਂ ਇਹ ਭਾਵਨਾ ਸੁਸ਼ਕਤ ਹੁੰਦੀ ਜਾਵੇਗੀ, ਓਨੀ ਹੀ ਉਹ ਵਿਸ਼ਵ ਸ਼ਕਤੀ ਨੂੰ ਆਪਣੇ ਅੰਦਰ ਕੇਂਦਰਿਤ ਕਰ ਸਕੇਗੀ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਸ਼ਬਦ ਵਿਚਾਰ

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ॥

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹਰਿ ਜੀਉ ਸਬਦਿ ਪਛਾਣੀਐ
ਸਾਚਿ ਰਤੇ ਗੁਰ ਵਾਕਿ॥
ਤਿਤੁ ਤਨਿ ਮੈਲੁ ਨ ਲਗਈ
ਸਚ ਘਰਿ ਜਿਸੁ ਓਤਾਕੁ॥
ਨਦਰਿ ਕਰੇ ਸਚੁ ਪਾਈਐ
ਬਿਨੁ ਨਾਵੈ ਕਿਆ ਸਾਕੁ॥ ੫॥
ਜਿਨ੍ਰੀ ਸਚੁ ਪਛਾਣਿਆ
ਸੇ ਸੁਖੀਏ ਜੁਗ ਚਾਰਿ॥
ਹਉਮੈ ਤ੍ਰਿਸਨਾ ਮਾਰਿ ਕੈ
ਸਚੁ ਰਖਿਆ ਉਰ ਧਾਰਿ॥
ਜਗ ਮਹਿ ਲਾਹਾ ਏਕੁ ਨਾਮੁ
ਪਾਈਐ ਗੁਰ ਵੀਚਾਰਿ॥ ੬॥
ਸਾਚਉ ਵਖਰੁ ਲਾਦੀਐ
ਲਾਭੁ ਸਦਾ ਸਚੁ ਰਾਸਿ॥
ਸਾਚੀ ਦਰਗਹ ਬੈਸਈ
ਭਗਤਿ ਸਚੀ ਅਰਦਾਸਿ॥
ਪਤਿ ਸਿਉ ਲੇਖਾ ਨਿਬੜੈ
ਰਾਮ ਨਾਮੁ ਪਰਗਾਸਿ॥ ੭॥
ਊਚਾ ਊਚਉ ਆਖੀਐ
ਕਹਉ ਨ ਦੇਖਿਆ ਜਾਇ॥
ਜਹ ਦੇਖਾ ਤਹ ਏਕੁ ਤੂੰ
ਸਤਿਗੁਰਿ ਦੀਆ ਦਿਖਾਇ॥
ਜੋਤਿ ਨਿਰੰਤਰਿ ਜਾਣੀਐ
ਨਾਨਕ ਸਹਜਿ ਸੁਭਾਇ॥ ੮॥ ੩॥ (ਅੰਗ 55)
ਪਦ ਅਰਥ : ਸਾਚਿ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਰਤੇ-ਰੰਗੇ ਰਹਿੰਦੇ ਹਨ, ਲੀਨ ਰਹਿੰਦੇ ਹਨ। ਗੁਰ ਵਾਕਿ-ਗੁਰੂ ਦੇ ਬਚਨਾਂ ਦੁਆਰਾ। ਤਿਤੁ-ਉਸ ਦੇ। ਤਨਿ-ਸਰੀਰ ਵਿਚ। ਓਤਾਕੁ-ਟਿਕਾਣਾ। ਨਦਰਿ-ਨਿਗਾਹ, ਮਿਹਰ ਦੀ ਨਜ਼ਰ। ਸਾਕੁ-ਸਾਕ ਸੰਬੰਧੀ, ਰਿਸ਼ਤੇਦਾਰ। ਬਿਨੁ ਨਾਵੈ-ਨਾਮ ਤੋਂ ਬਿਨਾਂ। ਕਿਆ ਸਾਕੁ-ਕਿਆ ਸਾਕ ਸੰਬੰਧ ਹੈ, ਕਿਆ ਰਿਸ਼ਤੇਦਾਰੀ। ਜੁਗ ਚਾਰਿ-ਚਾਰੇ ਜੁਗਾਂ ਵਿਚ, ਸਦਾ ਹੀ। ਸਚੁ ਪਛਾਣਿਆ-ਸਦਾ ਥਿਰ ਪ੍ਰਭੂ ਨੂੰ ਪਛਾਣ ਲਿਆ ਹੈ, ਨਾਲ ਸਾਂਝ ਪਾ ਲਈ ਹੈ। ਸੁਖੀਏ-ਸੁਖੀ ਰਹਿੰਦੇ ਹਨ। ਉਰ ਧਾਰਿ-ਹਿਰਦੇ ਵਿਚ। ਲਾਹਾ-ਲਾਭ। ਪਾਈਐ ਗੁਰ ਵੀਚਾਰਿ-ਗੁਰੂ ਦੀ ਸਿੱਖਿਆ ਦੁਆਰਾ ਹੀ ਪਾਈਦਾ ਹੈ।
ਸਾਚਉ ਵਖਰੁ ਲਾਦੀਐ-ਸੱਚਾ ਸੌਦਾ ਹੀ ਲੱਧਣਾ ਚਾਹੀਦਾ ਹੈ, ਸਦਾ ਥਿਰ ਰਹਿਣ ਵਾਲਾ ਸੌਦਾ ਹੀ ਇਕੱਠਾ ਕਰਨਾ ਚਾਹੀਦਾ ਹੈ। ਲਾਭੁ ਸਦਾ-ਸਦਾ ਹੀ ਲਾਭ ਹੁੰਦਾ ਹੈ, ਵਾਧਾ ਹੁੰਦਾ ਹੈ। ਸਚੁ ਰਾਸਿ-ਸਦਾ ਥਿਰ ਰਹਿਣ ਵਾਲੀ ਰਾਸ ਪੂੰਜੀ। ਸਾਚੀ ਦਰਗਹ ਬੈਸਈ-ਸੱਚੀ ਦਰਗਾ ਵਿਚ ਬੈਠਦਾ ਹੈ। ਭਗਤਿ ਸਚੀ ਅਰਦਾਸਿ-ਭਗਤੀ ਅਤੇ ਸੱਚੇ ਮਨ ਨਾਲ ਅਰਦਾਸ ਕਰਦਾ ਹੈ। ਪਤਿ ਸਿਉ-ਇੱਜ਼ਤ ਨਾਲ। ਲੇਖਾ ਨਿਬੜੈ-(ਕੀਤੇ ਕਰਮਾਂ ਦਾ) ਲੇਖਾ ਨਿਬੜ ਜਾਂਦਾ ਹੈ। ਰਾਮ ਨਾਮੁ ਪਰਗਾਸਿ-(ਜਿਨ੍ਹਾਂ ਦੇ ਅੰਦਰ) ਰਾਮ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ।
ਊਚਾ ਊਚਉ-ਉੱਚੇ ਤੋਂ ਵੀ ਉੱਚਾ। ਕਹਉ ਨ ਦੇਖਿਆ ਜਾਇ-(ਪਰ) ਕਿਸੇ ਨੇ ਜਾ ਕੇ ਉਸ ਨੂੰ ਦੇਖਿਆ ਨਹੀਂ। ਜਹ ਦੇਖਾ ਤਹ ਏਕੁ ਤੂੰ-ਜਿਧਰ ਵੀ ਮੈਂ ਦੇਖਦਾ ਹਾਂ ਇਕ ਤੂੰ ਹੀ ਤੂੰ ਹੈਂ। ਸਤਿਗੁਰਿ ਦੀਆ ਦਿਖਾਇ-(ਜਦੋਂ) ਸਤਿਗੁਰੂ ਨੇ ਮੈਨੂੰ ਉਸ ਦੇ ਦਰਸ਼ਨ ਕਰਵਾ ਦਿੱਤੇ। ਜੋਤਿ-ਪਰਮਾਤਮਾ ਦੀ ਜੋਤਿ। ਨਿਰੰਤਰਿ-ਲਗਾਤਾਰ, ਇਕ ਰਸ। ਸਹਜਿ-ਆਤਮਿਕ ਅਡੋਲਤਾ ਵਿਚ ਟਿਕ ਕੇ। ਸੁਭਾਇ-ਪ੍ਰੇਮ ਦੁਆਰਾ।
ਗੁਰੂ ਦੇ ਬਚਨ ਅਰਥਾਤ ਉਪਦੇਸ਼ ਦੈਵੀ ਹਨ ਭਾਵ ਸਦਾ ਕਾਇਮ ਰਹਿਣ ਵਾਲੇ ਹਨ। ਗੁਰੂ ਦੇ ਉਪਦੇਸ਼ ਦੁਆਰਾ ਜਮ ਦੀ ਫਾਹੀ ਕੱਟੀ ਜਾਂਦੀ ਹੈ ਭਾਵ ਪ੍ਰਾਣੀ ਜਮ ਦੇ ਵੱਸ ਨਹੀਂ ਪੈਂਦਾ। ਰਾਗੁ ਗਉੜੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਗੁਰ ਕਾ ਬਚਨੁ ਸਦਾ ਅਬਿਨਾਸੀ॥
ਗੁਰ ਕੈ ਬਚਨਿ ਕਾਟੀ ਜਮ ਫਾਸੀ॥
(ਅੰਗ 177)
ਬਚਨੁ-ਵਾਕੁ, ਉਪਦੇਸ਼। ਅਬਿਨਾਸੀ-ਕਦੇ ਨਾਸ ਨਾ ਹੋਣ ਵਾਲਾ, ਸਦੈਵੀ।
ਇਸ ਤਰ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਸਿਫ਼ਤ ਸਾਲਾਹ ਸੁਣ ਕੇ ਆਪਣੇ ਮਨ ਦੀ (ਵਿਕਾਰਾਂ ਦੀ) ਮੈਲ ਲਾਹ ਲਈ ਹੈ, ਉਹ ਫਿਰ ਬੜੇ ਪਵਿੱਤਰ ਜੀਵਨ ਵਾਲੇ ਬਣ ਗਏ ਅਤੇ ਉਨ੍ਹਾਂ ਨੂੰ ਬੜੇ ਸੁਖ ਪ੍ਰਾਪਤ ਹੋ ਗਏ-
ਸੁਣਿ ਹਰਿ ਕਥਾ ਉਤਾਰੀ ਮੈਲੁ॥
ਮਹਾ ਪੁਨੀਤ ਭਏ ਸੁਖ ਸੈਲੁ॥
(ਅੰਗ 178)
ਮਹਾ ਪੁਨੀਤ-ਬੜੇ ਪਵਿੱਤਰ। ਭਏ-ਹੋ ਗਏ। ਸੁਖ ਸੈਲੁ-ਅਨੇਕਾਂ ਸੁਖ।
ਗੁਰ ਦੇ ਮਿਲਾਪ ਸਦਕਾ ਸਰੀਰ ਨੂੰ ਵਿਕਾਰਾਂ ਤੋਂ ਬਚਾਉਣ ਦੀ ਸੋਝੀ ਪੈ ਜਾਂਦੀ ਹੈ, ਜਿਸ ਸਦਕਾ ਅੰਦਰੋਂ ਹਉਮੈ ਅਤੇ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਜਦੋਂ ਕ੍ਰੋਧ ਦਾ ਨਾਸ ਹੋ ਗਿਆ, ਖਿਮਾ ਮਨ ਵਿਚ ਆ ਵਸੀ-
ਹਉਮੈ ਤ੍ਰਿਸਨਾ ਸਭ ਅਗਨਿ ਬੁਝਈ॥
ਬਿਨਸੇ ਕ੍ਰੋਧ ਖਿਮਾ ਗਹਿ ਲਈ॥
(ਰਾਗੁ ਗਉੜੀ ਮਹਲਾ ੩, ਅੰਗ 233)
ਅਗਨਿ ਬੁਝਈ-ਅੱਗ ਬੁਝ ਜਾਂਦੀ ਹੈ। ਬਿਨਸੇ-ਨਾਸ ਹੋ ਗਿਆ। ਗਹਿ-ਫੜਿ ਲਈ।
ਸਦਾ ਕਾਇਮ ਰਹਿਣ ਵਾਲਾ ਸੌਦਾ ਕੇਵਲ ਇਕ ਪਰਮਾਤਮਾ ਦੇ ਨਾਮ ਦਾ ਹੀ ਹੈ। ਨਾਮ ਇਕ ਅਜਿਹਾ ਸੌਦਾ ਹੈ, ਜੋ ਸਦਾ ਕਾਇਮ ਰਹਿੰਦਾ ਹੈ। ਗੁਰੂ ਦੀ ਮੱਤ ਲੈ ਕੇ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਨਾਮ ਤੋਂ ਬਿਨਾਂ ਹੋਰ ਕੋਈ ਲਾਹੇ ਵਾਲਾ ਕੰਮ ਨਹੀਂ। ਨਾਮ ਤੋਂ ਬਿਨਾਂ ਮਾਇਆ ਨਾਲ ਪਿਆਰ ਪਾਉਣਾ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ। ਰਾਗੁ ਮਾਰੂ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ॥
ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ॥
ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ॥ ੫॥ (ਅੰਗ 1009)
ਵਖਰੁ-ਸੌਦਾ। ਦੂਜੈ ਭਾਇ-ਮਾਇਆ ਵਿਚ ਪਿਆਰ ਪਾਉਣਾ। ਕਾਰ-ਕੰਮ। ਤੋਟਾ-ਘਾਟਾ। ਲਾਹਾ-ਲਾਭ।
ਸ਼ਬਦ ਦੇ ਅੱਖਰੀਂ ਅਰਥ : ਜਿਹੜੇ ਗੁਰੂ ਦੇ ਸੱਚੇ ਬਚਨਾਂ ਵਿਚ ਰੱਤੇ ਹਨ, ਉਨ੍ਹਾਂ ਨੂੰ ਹੀ ਸ਼ਬਦ ਦੁਆਰਾ ਸਦਾ ਥਿਰ ਪ੍ਰਭੂ ਦੀ ਸੋਝੀ ਪੈਂਦੀ ਹੈ। ਇਸ ਪ੍ਰਕਾਰ ਜਿਸ ਨੂੰ ਸੱਚੇ ਘਰ ਵਿਚ ਟਿਕਾਣਾ ਮਿਲ ਜਾਂਦਾ ਹੈ, ਉਨ੍ਹਾਂ ਦੇ ਸਰੀਰ ਨੂੰ ਫਿਰ ਕਿਸੇ ਤਰ੍ਹਾਂ ਦੇ ਵਿਕਾਰਾਂ ਦੀ ਮੈਲ ਨਹੀਂ ਲਗਦੀ। ਜੇਕਰ ਉਸ ਦੀ (ਪ੍ਰਭੂ ਦੀ) ਨਜ਼ਰ ਸਵੱਲੀ ਹੋਵੇ ਤਾਂ ਸੱਚੇ ਘਰ ਦੀ ਪ੍ਰਾਪਤੀ ਹੁੰਦੀ ਹੈ। ਨਾਮ ਤੋਂ ਬਿਨਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਕੋਈ ਸਬੰਧ ਨਹੀਂ ਬਣ ਸਕਦਾ।
ਜਿਨ੍ਹਾਂ ਨੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ (ਦੇ ਗੁਣਾਂ) ਦੀ ਸੋਝੀ ਪੈਂਦੀ ਹੈ, ਉਹ ਚਾਰੇ ਜੁਗਾਂ ਅਰਥਾਤ ਸਦਾ ਹੀ ਸੁਖੀ ਵਸਦੇ ਹਨ। ਹਉਮੈ ਅਤੇ ਮਾਇਆ ਦੀ ਭੁੱਖ ਨੂੰ ਮਾਰ ਕੇ ਉਹ ਆਪਣੇ ਹਿਰਦੇ ਵਿਚ ਸੱਚੇ ਪ੍ਰਭੂ ਨੂੰ ਵਸਾਈ ਰੱਖਦੇ ਹਨ। ਗੁਰੂ (ਦੇ ਬਚਨਾਂ) 'ਤੇ ਵਿਚਾਰ ਕਰਨ ਨਾਲ ਹੀ ਇਸ ਜਗਤ ਵਿਚ ਨਾਮ ਦਾ ਲਾਭ ਲਿਆ ਜਾ ਸਕਦਾ ਹੈ।
ਸਦਾ ਕਾਇਮ ਰਹਿਣ ਵਾਲਾ ਸੌਦਾ ਹੀ ਇਕੱਠਾ ਕਰਨਾ ਚਾਹੀਦਾ ਹੈ। ਅਜਿਹੀ ਰਾਸ ਪੂੰਜੀ ਵਿਚ ਹੀ ਸਦਾ ਲਾਹਾ ਅਥਵਾ ਵਾਧਾ ਹੁੰਦਾ ਹੈ। ਜੋ ਜਗਿਆਸੂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਦਾ ਹੈ ਅਤੇ ਸੱਚੇ ਮਨ ਨਾਲ ਅਰਦਾਸ ਕਰਦਾ ਹੈ, ਉਸ ਨੂੰ ਦਰਗਾਹੇ ਬੈਠਣ ਲਈ ਥਾਂ ਮਿਲ ਜਾਂਦੀ ਹੈ ਅਤੇ ਇੱਜ਼ਤ ਨਾਲ (ਪਿਛਲੇ ਕੀਤੇ) ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ।
(ਸਭ ਇਹੋ) ਆਖਦੇ ਹਨ ਕਿ ਪ੍ਰਭੂ ਉੱਚੇ ਤੋਂ ਉੱਚਾ ਹੋ ਪਰ ਕਿਸੇ ਨੇ ਨੇ ਜਾ ਕੇ ਉਸ ਨੂੰ ਨਹੀਂ ਦੇਖਿਆ (ਕਿ ਉਹ ਕਿੰਨਾ ਕੁ) ਉੱਚਾ ਹੈ। ਹੁਣ ਜਦੋਂ ਸਤਿਗੁਰੂ ਨੇ ਮੈਨੂੰ ਤੇਰੇ ਦਰਸ਼ਨ ਕਰਵਾ ਦਿੱਤੇ ਹਨ, ਹੇ ਪ੍ਰਭੂ, ਮੈਂ ਜਿਧਰ ਵੀ ਦੇਖਦਾ ਹਾਂ ਹਰ ਥਾਂ ਇਕ ਤੂੰ ਹੀ ਸਮਾਇਆ ਹੋਇਆ ਹੈਂ।
ਅੰਤਲੀ ਤੁਕ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਆਤਮਿਕ ਅਡੋਲਤਾ ਵਿਚ ਟਿਕਣ ਅਤੇ (ਪ੍ਰਭੂ ਦੇ) ਪ੍ਰੇਮ ਵਿਚ (ਮਨ ਨੂੰ) ਜੋੜਨ ਨਾਲ (ਇਸ ਰਹੱਸ ਦੀ) ਸੋਝੀ ਪੈ ਜਾਂਦੀ ਹੈ ਕਿ ਇਕ ਰਸ ਨਿਰੰਤਰ ਉਸ ਪ੍ਰਭੂ ਦੀ ਜੋਤਿ ਹਰ ਥਾਂ ਸਮਾਈ ਹੋਈ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਧਾਰਮਿਕ ਸਾਹਿਤ

ਗੁਰਬਾਣੀ ਦਾ ਸਰਬਾਂਗੀ ਵਿਆਕਰਨ
(ਦਸ ਭਾਗ)
ਲੇਖਕ : ਬਲਦੇਵ ਸਿੰਘ ਚੀਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 2829, ਮੁੱਲ : 4550 ਰੁਪਏ
ਸੰਪਰਕ : 98883-43807


ਡਾ: ਬਲਦੇਵ ਸਿੰਘ ਚੀਮਾ ਇਕ ਭਾਸ਼ਾ ਵਿਗਿਆਨੀ ਅਤੇ ਗੁਰਬਾਣੀ ਵਿਆਕਰਨ ਦਾ ਵਿਦਵਾਨ ਲੇਖਕ ਹੈ। ਇਸ ਖੇਤਰ ਵਿਚ ਉਸ ਦੀਆਂ ਕਈ ਮਹੱਤਵਪੂਰਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ ਨੂੰ ਉਸ ਨੇ ਦਸ ਭਾਗਾਂ ਵਿਚ ਵੰਡਿਆ ਹੈ ਅਤੇ ਹਰ ਇਕ ਭਾਗ ਨੂੰ ਵੱਖ-ਵੱਖ ਜਿਲਦ ਵਿਚ ਤਿਆਰ ਕੀਤਾ ਹੈ। ਅਰਥਾਤ ਦਸ ਪੁਸਤਕਾਂ ਦਾ ਇਹ ਮੁਕੰਮਲ ਸੈੱਟ ਹੈ। ਪਹਿਲੇ ਭਾਗ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੀ ਸ਼ਬਦਾਵਲੀ ਦੇ ਸ਼ਬਦ-ਜੋੜ ਰੂਪਾਂ ਦਾ ਵਿਸ਼ਲੇਸ਼ਣ ਕੀਤਾ ਹੈ। ਕਿਰਿਆ ਸ਼ਬਦਾਵਲੀ ਦੇ ਸ਼ਬਦ-ਜੋੜਾਂ ਦੀ ਰੂਪਾਵਲੀ ਦੀ ਵਿਆਖਿਆ ਕੀਤੀ ਹੈ ਅਤੇ ਗੁਰਬਾਣੀ ਦੇ ਵਿਸ਼ੇਸ਼ਣ ਮੂਲਕ, ਸੰਖਿਆ ਸੂਚਕ ਸ਼ਬਦ, ਗੁਰਬਾਣੀ ਦੀ ਸ਼ਬਦਾਵਲੀ ਦੇ ਗਿਣਤੀ ਭਾਵ ਰੂਪ ਆਦਿ ਬਾਰੇ ਦੱਸਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਕਿਰਿਆ ਸ਼ਬਦਾਵਲੀ ਨੂੰ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਗਿਆ ਹੈ, ਕਿਰਿਆ-ਸ਼ਬਦਾਂ ਨੂੰ ਰੂਪਾਵਲੀ ਸਹਿਤ ਸ਼ਾਮਿਲ ਕੀਤਾ ਗਿਆ ਹੈ ਅਤੇ ਸ਼ਬਦ-ਜੋੜ ਵਰਤਾਰੇ ਬਾਰੇ ਚਾਨਣ ਪਾਇਆ ਗਿਆ ਹੈ। ਤੀਜੇ ਭਾਗ ਵਿਚ ਪੜਨਾਂਵ ਸ਼ਬਦਾਵਲੀ ਰੂਪ-ਭੇਦਾਂ ਬਾਰੇ ਦੱਸਿਆ ਗਿਆ ਹੈ। ਚੌਥੇ ਭਾਗ ਵਿਚ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਣ ਸੂਚਕ ਸ਼ਬਦਾਵਲੀ ਦੇ ਰੂਪ-ਭੇਦਾਂ ਦਾ ਗਿਆਨ ਦਿੱਤਾ ਗਿਆ ਹੈ। ਪੰਜਵੇਂ ਭਾਗ ਵਿਚ ਕਿਰਿਆ ਵਿਸ਼ੇਸ਼ਣ ਤੇ ਗੌਣ ਸ਼ਬਦ ਸ਼੍ਰੇਣੀਆਂ ਦੀ ਸ਼ਬਦਾਵਲੀ ਦਾ ਵਰਨਣ ਹੈ। ਛੇਵੇਂ ਤੇ ਸੱਤਵੇਂ ਭਾਗ ਵਿਚ ਸ਼ਬਦ-ਰੂਪਾਂ ਦੀ ਸਮਰੂਪਕਤਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅੱਠਵੇਂ ਭਾਗ ਵਿਚ ਵਾਕੰਸ਼ ਜੁਗਤ : ਬਣਤਰ, ਪ੍ਰਕਾਰਜ ਤੇ ਵਰਤੋਂ ਬਾਰੇ ਵਿਵਰਣ ਮਿਲਦਾ ਹੈ। ਨੌਵਾਂ ਭਾਗ ਵਾਕ-ਬਣਤਰ ਵਿਚਲੀ ਇਕਾਈ ਉਪਵਾਕ 'ਤੇ ਕੇਂਦਰਿਤ ਹੈ। ਪੁਸਤਕ ਦੇ ਦਸਵੇਂ ਭਾਗ ਵਿਚ ਸ਼ਬਦ-ਜਗਤ ਦੇ ਵੱਖ-ਵੱਖ ਪੱਖਾਂ ਨੂੰ ਵਿਚਾਰਿਆ ਗਿਆ ਹੈ।
ਗੁਰਬਾਣੀ ਵਿਆਕਰਨ ਬਾਰੇ ਵੱਖ-ਵੱਖ ਪੱਖਾਂ ਤੋਂ ਪ੍ਰਕਾਸ਼ ਪਾਉਣ ਵਾਲੀ ਇਹ ਇਕ ਮਹੱਤਵਪੂਰਨ ਪੁਸਤਕ ਹੈ ਜੋ ਕਿ ਲੇਖਕ ਦੀ ਅਦੁੱਤੀ ਪ੍ਰਤਿਭਾ ਦੀ ਲਖਾਇਕ ਹੈ। ਉਮੀਦ ਹੈ ਇਹ ਵੱਡ-ਆਕਾਰੀ ਪੁਸਤਕ ਗੁਰਮਤਿ ਦੇ ਖੋਜੀਆਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ ਅਤੇ ਉਨ੍ਹਾਂ ਦੀ ਇਸ ਖੇਤਰ ਵਿਚ ਯੋਗ ਅਗਵਾਈ ਕਰੇਗੀ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241


ਤੁਕ ਤਤਕਰਾ
(ਵਾਰਾਂ ਭਾਈ ਗੁਰਦਾਸ)
ਸੰਪਾਦਕ : ਪਵਨ ਟਿੱਬਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਪੰਨੇ : 224, ਮੁੱਲ : 200 ਰੁਪਏ
ਸੰਪਰਕ : 98766-35285


ਭਾਈ ਗੁਰਦਾਸ ਦੀਆਂ ਵਾਰਾਂ ਨੂੰ 'ਗੁਰਬਾਣੀ ਦੀ ਕੁੰਜੀ' ਕਿਹਾ ਜਾਂਦਾ ਹੈ। ਭਾਈ ਗੁਰਦਾਸ ਗੁਰਮਤਿ ਸਾਹਿਤ ਦੇ ਪਹਿਲੇ ਵਿਆਖਿਆਕਾਰ ਹਨ। ਪੰਜਾਬੀ ਭਾਸ਼ਾ ਵਿਚ ਰਚੀਆਂ ਗਈਆਂ ਇਹ ਵਾਰਾਂ ਬਾਣੀ ਦੀ ਸਰਲ ਵਿਆਖਿਆ ਕਰਦੀਆਂ ਹਨ। ਇਹ ਪੁਸਤਕ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਦਾ ਤੁਕਤਤਕਰਾ ਹੈ। 41ਵੀਂ ਵਾਰ ਇਸ ਵਿਚ ਸਮਿਲਤ ਨਹੀਂ ਹੈ, ਕਿਉਂਕਿ ਉਹ ਵਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ। ਸੰਪਾਦਕ ਪਵਨ ਟਿੱਬਾ ਅਨੁਸਾਰ ਇਸ ਤੁਕਤਤਕਰੇ ਦੀ ਜ਼ਰੂਰਤ ਇਸ ਕਰਕੇ ਪਈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਕੁਝ ਸਤਰਾਂ ਜਦੋਂ ਹਵਾਲੇ ਵਜੋਂ ਪੇਸ਼ ਕਰਨ ਦੀ ਲੋੜ ਪੈਂਦੀ ਤਾਂ ਇਨ੍ਹਾਂ 40 ਵਾਰਾਂ, ਜਿਸ ਦੀਆਂ ਕੁੱਲ 6444 ਸਤਰਾਂ ਹਨ, ਦੇ ਵੱਡ-ਆਕਾਰੀ ਗ੍ਰੰਥ ਵਿਚੋਂ ਇਨ੍ਹਾਂ ਕੁਝ ਸਤਰਾਂ ਨੂੰ ਲੱਭਣਾ ਇਕ ਜਟਿਲ, ਮੁਸ਼ਕਿਲ ਤੇ ਸਮਾਂ-ਖ਼ਰਚੂ ਕਾਰਜ ਹੋ ਨਿਬੜਦਾ। (ਪੰਨਾ 05)
ਭਾਈ ਗੁਰਦਾਸ ਦੀਆਂ 40 ਵਾਰਾਂ ਦਾ ਤੁਕਤਤਕਰਾ ਤਿਆਰ ਕਰਨ ਲਈ ਸੰਪਾਦਕ ਨੇ ਅਥਾਹ ਮਿਹਨਤ ਕੀਤੀ ਹੈ। ਸਮੁੱਚੀਆਂ ਵਾਰਾਂ ਦਾ ਤੁਕਤਤਕਰਾ ਭਾਸ਼ਾ ਵਿਗਿਆਨਕ ਨੇਮਾਂ 'ਤੇ ਆਧਾਰਿਤ ਕੀਤਾ ਗਿਆ ਹੈ। ਇਸ ਤਤਕਰੇ ਦੀ ਸਹਾਇਤਾ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਲੋੜੀਂਦੀਆਂ ਸਤਰਾਂ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। ਸੰਪਾਦਕ ਦੀ ਇਸ ਕਰੜੀ ਘਾਲਣਾ ਦਾ ਫ਼ਾਇਦਾ ਭਾਈ ਗੁਰਦਾਸ ਜੀ ਬਾਰੇ ਖੋਜ ਕਰਨ ਵਾਲਿਆਂ ਅਤੇ ਗੁਰਮਤਿ ਸਾਹਿਤ ਦੇ ਰਸੀਆਂ ਨੂੰ ਬਹੁਤ ਹੋਵੇਗਾ। ਸੰਪਾਦਕ ਵਧਾਈ ਦਾ ਹੱਕਦਾਰ ਹੈ।


-ਪ੍ਰੋ: ਸਤਪਾਲ ਸਿੰਘ
ਮੋਬਾ: 98725-21515

ਨਵਾਬ ਕਪੂਰ ਸਿੰਘ ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਹੋਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਅਦੀਨਾ ਬੇਗ ਦੀ ਚਲਾਕੀ ਨੂੰ ਸ: ਜੱਸਾ ਸਿੰਘ ਆਹਲੂਵਾਲੀਆ ਪੂਰੀ ਤਰ੍ਹਾਂ ਸਮਝਦਾ ਸੀ। ਜਥੇਦਾਰ ਨੇ ਜੁਆਬੀ ਉੱਤਰ ਦਿੱਤਾ, 'ਸਾਡੀ ਮੁਲਾਕਾਤ ਜੰਗ ਦੇ ਮੈਦਾਨ ਵਿਚ ਹੋਵੇਗੀ ਅਤੇ ਉਸ ਸਮੇਂ ਜੋ ਹਥਿਆਰ ਚੱਲਣਗੇ, ਉਹੀ ਦਿਲੀ ਗੱਲਾਂ ਹੋਣਗੀਆਂ। ਰਲ ਕੇ ਬੰਦੋਬਸਤ ਕੀ ਕਰਨਾ ਹੋਇਆ। ਤੁਹਾਡੀ ਵਿਚਾਰਧਾਰਾ ਹੋਰ, ਸਾਡੀ ਵਿਚਾਰਧਾਰਾ ਹੋਰ। ਤੁਸੀਂ ਮੁਗ਼ਲਈ ਰਾਜ ਪ੍ਰਬੰਧ ਦੇ ਹਾਮੀ, ਅਸੀਂ ਖ਼ਾਲਸਈ ਆਦਰਸ਼ਾਂ ਨੂੰ ਮੂਰਤੀਮਾਨ ਕਰਨ ਵਾਲੇ ਰਾਜ ਪ੍ਰਬੰਧ ਦੇ ਸਮਰਥਕ, ਅਸੀਂ ਸੁੱਚੀ ਕਿਰਤ, ਸਮਾਜਿਕ ਸਮਾਨਤਾ ਦੇ ਆਧਾਰਾਂ 'ਤੇ ਸਮਾਜ ਦਾ ਨਿਰਮਾਣ ਕਰਨ ਦੇ ਚਾਹਵਾਨ, ਤੁਸੀਂ ਜਗੀਰਦਾਰੀ ਆਧਾਰਿਤ ਅਤੇ ਤੁਅਸਬੀ ਸਰਕਾਰ ਦੇ ਪੱਖੀ ਹੋ। ਸਾਡੀ ਜਦੋ-ਜਹਿਦ ਇਨਸਾਫ਼, ਸਚਾਈ, ਲੋਕ ਹਿਤ ਅਤੇ ਨੈਤਿਕਤਾ ਦੇ ਅਸੂਲਾਂ 'ਤੇ ਕਾਇਮ ਹੈ। ਇਸ ਲਈ ਅਸੀਂ ਨਿਵੇਕਲਾ ਰਾਜ ਬਣਾਵਾਂਗੇ। ਅਸੀਂ ਹਰ ਕੁਰਬਾਨੀ ਕਰਾਂਗੇ। ਜਦ ਅਸੀਂ ਤਲਵਾਰ ਚੁੱਕੀ ਹੈ ਤਾਂ ਤੁਸੀਂ ਸੁਲਾਹ ਦਾ ਹੁੰਗਾਰਾ ਭਰਿਆ ਹੈ ਪਰ ਸੁਲਾਹ ਕਾਹਦੀ, ਅਸੂਲ ਕੁਰਬਾਨ ਨਹੀਂ ਕੀਤੇ ਜਾ ਸਕਦੇ।' ਅਦੀਨਾ ਬੇਗ ਨੇ 2-3 ਵਾਰੀ ਇਸੇ ਤਰ੍ਹਾਂ ਸੁਨੇਹੇ ਭੇਜੇ ਪਰ ਸਰਦਾਰ ਜੱਸਾ ਸਿੰਘ ਦਾ ਇਕੋ ਉੱਤਰ ਸੀ ਕਿ-
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ॥
ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ॥
ਸ: ਜੱਸਾ ਸਿੰਘ ਆਹਲੂਵਾਲੀਆ ਦਾ ਇਹ ਉੱਤਰ ਨਿਰਸੰਦੇਹ ਸਿੱਖਾਂ ਲਈ ਚੜ੍ਹਦੀਕਲਾ ਦਾ ਪ੍ਰੋਗਰਾਮ ਸੀ। ਇਸ ਸਦਕਾ ਮੀਰ ਮੰਨੂੰ ਦੀ ਦਮਨਕਾਰੀ ਨੀਤੀ ਸਿੱਖਾਂ ਦੇ ਹੌਸਲੇ ਨਾ ਡੁਲਾ ਸਕੀ।
ਮੀਰ ਮੰਨੂੰ ਨੇ ਸਿੱਖਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ। ਸਿੱਖ ਬੀਬੀਆਂ ਨੂੰ ਜੇਲ੍ਹਾਂ ਵਿਚ ਸੁੱਟਿਆ, ਸਵਾ-ਸਵਾ ਮਣ ਪੀਸਣੇ ਪਿਸਾਏ, ਛੋਟੇ ਬੱਚਿਆਂ ਨੂੰ ਸ਼ਹੀਦ ਕਰਕੇ ਉਨ੍ਹਾਂ ਦੇ ਹਾਰ ਬਣਾ ਕੇ ਸਿੱਖ ਬੀਬੀਆਂ ਦੇ ਗਲਾਂ ਵਿਚ ਪਾਏ, ਸਿੱਖ ਬੀਬੀਆਂ ਨੇ ਸਿਦਕ ਨਹੀਂ ਹਾਰਿਆ। ਮੀਰ ਮੰਨੂੰ ਨੇ ਸਿੰਘਾਂ ਦੀਆਂ ਖੋਪਰੀਆਂ ਨਾਲ ਖੂਹ ਭਰ ਦਿੱਤੇ। ਸਿੰਘਾਂ ਵਿਚ ਇਹ ਮਸ਼ਹੂਰ ਹੋ ਗਿਆ ਕਿ-
ਮੀਰ ਮੰਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ।
ਜਿਉਂ ਜਿਉਂ ਮੰਨੂੰ ਵਢਦਾ ਅਸੀਂ ਦੂਣ ਸਵਾਏ ਹੋਏ।
ਮੀਰ ਮੰਨੂੰ ਸਿੱਖਾਂ ਨੂੰ ਖ਼ਤਮ ਨਾ ਕਰ ਸਕਿਆ ਅਤੇ 4 ਨਵੰਬਰ, 1753 ਨੂੰ ਰੱਬ ਨੂੰ ਪਿਆਰਾ ਹੋ ਗਿਆ। ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਦਾ ਪ੍ਰਬੰਧਕੀ ਢਾਂਚਾ ਵਿਗੜ ਗਿਆ। ਪੰਜਾਬ ਵਿਚ 1755-1756 ਈ: ਤੱਕ ਨੌਂ ਗਵਰਨਰ ਬਣੇ। ਨਵਾਬ ਕਪੂਰ ਸਿੰਘ 7 ਅਕਤੂਬਰ, 1753 ਈ: ਨੂੰ ਅਕਾਲ ਚਲਾਣਾ ਕਰ ਗਏ। ਅਖੀਰਲੇ ਸਮੇਂ ਉਨ੍ਹਾਂ ਨੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਜੋ ਉਸ ਸਮੇਂ ਅੰਮ੍ਰਿਤਸਰ ਵਿਖੇ ਹੀ ਸਨ, ਆਪਣੇ ਕੋਲ ਬੁਲਾਇਆ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਲਾਦੀ ਚੋਬ ਦੇ ਕੇ ਖ਼ਾਲਸੇ ਦੀ ਸੇਵਾ ਕਰਨ ਦਾ ਬਚਨ ਕੀਤਾ। ਨਵਾਬ ਕਪੂਰ ਸਿੰਘ ਤੋਂ ਬਾਅਦ ਸ: ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਦੇ ਆਗੂ ਬਣੇ।
ਸ: ਜੱਸਾ ਸਿੰਘ ਭਾਵੇਂ ਜੰਗਾਂ-ਯੁੱਧਾਂ ਵਿਚ ਰੁੱਝੇ ਰਹਿੰਦੇ ਸਨ ਪਰ ਅੰਮ੍ਰਿਤ ਪ੍ਰਚਾਰ ਵੱਲ ਪੂਰਾ ਧਿਆਨ ਦਿੰਦੇ ਸਨ। ਸਿੱਖ ਰਾਜ ਘਰਾਣਿਆਂ ਦੇ ਸਰਦਾਰ ਵੀ ਆਪ ਵਲੋਂ ਅੰਮ੍ਰਿਤ ਸੰਚਾਰ ਸਮੇਂ ਅੰਮ੍ਰਿਤ ਛਕਣਾ ਧਨ ਭਾਗ ਸਮਝਦੇ ਸਨ।
ਵੱਡਾ ਘੱਲੂਘਾਰਾ ਜੋ 5 ਫਰਵਰੀ, 1762 ਈ: ਨੂੰ ਕੁਪ-ਰਹੀੜੇ ਦੇ ਅਸਥਾਨ 'ਤੇ ਵਾਪਰਿਆ, ਇਹ ਅਹਿਮਦ ਸ਼ਾਹ ਅਬਦਾਲੀ ਵਲੋਂ ਸਿੰਘਾਂ 'ਤੇ ਅਚਨਚੇਤ ਹਮਲਾ ਸੀ। ਇਸ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਦੀਆਂ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ।
ਸ: ਜੱਸਾ ਸਿੰਘ ਆਹਲੂਵਾਲੀਆ ਨੇ ਸਮੇਂ-ਸਮੇਂ ਸਿੱਖ ਰਿਆਸਤਾਂ ਦੀ ਲੋੜ ਮੁਤਾਬਿਕ ਸਹਾਇਤਾ ਕੀਤੀ। ਵੱਡੇ ਘੱਲੂਘਾਰੇ ਤੋਂ ਬਾਅਦ ਸਰਹਿੰਦ ਫ਼ਤਹਿ ਕਰਕੇ ਜੈਨ ਖਾਨ ਨੂੰ ਮਾਰ ਮੁਕਾਇਆ। ਜਥੇਦਾਰ ਜੱਸਾ ਸਿੰਘ ਨੇ ਸਿੱਖ ਕੌਮ ਵਿਚ ਨਿਰਾਸ਼ਤਾ ਨਾ ਆਉਣ ਦਿੱਤੀ। ਵੱਡੇ ਘੱਲੂਘਾਰੇ ਤੋਂ ਬਾਅਦ ਉਸੇ ਸਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਨਵੇਂ ਸਿਰਿਓਂ ਉਸਾਰੀ ਲਈ ਪਹਿਲਾਂ ਆਪਣੇ ਵਲੋਂ 9 ਲੱਖ ਰੁਪਏ ਸੇਵਾ ਵਿਚ ਪਾਏ ਤੇ ਫਿਰ 5 ਲੱਖ ਹੋਰ ਇਕੱਠੇ ਹੋ ਗਏ। ਇਹ 14 ਲੱਖ ਰੁਪਏ ਭਾਈ ਦੇਸ ਰਾਜ ਜੀ ਨੂੰ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ।
ਸ: ਜੱਸਾ ਸਿੰਘ ਆਹਲੂਵਾਲੀਆ ਲੋੜਵੰਦ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਆਪ ਧੀ, ਭੈਣ ਦੀ ਇੱਜ਼ਤ ਦੇ ਰਖਵਾਲੇ ਸਨ। ਆਪ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸਨ। ਆਪ ਸਿੱਖ ਪੰਥ ਦੀ ਇਕੋ-ਇਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਲਾਹੌਰ ਤਖ਼ਤ ਅਤੇ ਦਿੱਲੀ ਦੇ ਤਖ਼ਤ ਉੱਪਰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ।
ਮੋਬਾ: 98155-33725

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਪ੍ਰਸੰਗ ਵਿਚ

ਗੁਰੂ ਨਾਨਕ ਸਾਹਿਬ ਦਾ ਜੱਸ

ਚਾਹੜੀ ਰੰਗਣਾ ਅਮਰ ਸਲੂਕ ਵਾਲੀ, ਨਾਨਕ ਫਿਕਰ ਨੂੰ ਰੰਗ ਹਜ਼ਾਰ ਕੀਤਾ।
ਅੰਦਰ ਏਕਤਾ ਅਮਰ ਸਲੂਕ ਉਹਨੇ, ਬੇੜਾ ਆਣ ਸਮੁੰਦਰੋਂ ਪਾਰ ਕੀਤਾ।

ਪੱਗ ਬੰਨ੍ਹ ਦਿੱਤੀ ਸੁੰਦਰ ਜੋਬਨੇ ਦੀ, ਜੀਵਨ ਰੂਪ ਨੂੰ ਗਲੇ ਦਾ ਹਾਰ ਕੀਤਾ।
ਦਿੱਤੀ ਸੁੰਦਰਤਾ ਦੇਸ਼ ਪੰਜਾਬ ਤਾਈਂ, ਬੋਲੀ ਮਿਠੜੀ ਨਾਲ ਸ਼ਿੰਗਾਰ ਕੀਤਾ।

ਸੋਭਾ ਵਰਤ ਵਰਤਾ ਦੀ ਪਿਆਰ ਬਾਣੀ, ਨਵਾਂ ਯੁੱਗ ਹੈ ਉਸ ਤਿਆਰ ਕੀਤਾ।
ਅਲਫੋਂ ਅਲਖ ਜਗਾ ਕੇ ਪ੍ਰੇਮ ਵਾਲੀ, ਨਾਨਕ ਜੀਵਨਾ ਸਦਾ ਬਹਾਰ ਕੀਤਾ।

ਉਹਦੇ ਰੂਪ ਸਰੂਪ ਦੀ ਰੰਗਣਾ ਨੇ, ਜੀਵਨ ਚੱਜ ਨੂੰ ਇਕ ਤੋਂ ਚਾਰ ਕੀਤਾ।
ਦਿਆਵਾਣ ਦਿਆਲ ਦੀ ਕਾਰ ਕੀਤੀ, ਏਸੇ ਗੱਲ ਨੂੰ ਸਦਾ ਵਿਹਾਰ ਕੀਤਾ।

ਸੂਰਤ ਮੇਲ ਕੇ ਅਮਰ ਹਿਆਤ ਵਾਲੀ, ਸੋਹਣਾ ਜੱਗ 'ਤੇ ਵਣਜ ਵਪਾਰ ਕੀਤਾ।
ਸਦਾ ਸੱਚੀਆਂ ਆਖ ਇਹਸਾਨ ਸਾਈਆਂ, ਨਾਨਕ ਮਾਨੀਆਂ ਦਾ ਬੇੜਾ ਪਾਰ ਕੀਤਾ।


ਲੇਖਕ : ਇਹਸਾਨ ਬਾਜਵਾ


ਅਨੁਵਾਦ : ਗੁਰਨਾਮ ਸਿੰਘ ਚੀਮਾ
ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ (ਹੁਸ਼ਿਆਰਪੁਰ)। ਮੋਬਾ: 98140-44425


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX