ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  19 minutes ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  47 minutes ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  about 2 hours ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 2 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਹੋਰ ਖ਼ਬਰਾਂ..

ਫ਼ਿਲਮ ਅੰਕ

ਪੂਜਾ ਹੈਗੜ

ਕਦਮ ਸਫ਼ਲਤਾ ਵੱਲ

ਰਾਧਾ ਕ੍ਰਿਸ਼ਨ ਕੁਮਾਰ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਗਿਆ ਹੈ। ਇਹ ਹਿੰਦੀ ਤੇ ਤੇਲਗੂ 'ਚ ਬਣੇਗੀ ਤੇ ਇਸ 'ਚ 'ਬਾਹੂਬਲੀ' ਪ੍ਰਭਾਸ ਨੂੰ 'ਸਾਹੋ' ਤੋਂ ਬਾਅਦ ਲਿਆ ਗਿਆ ਹੈ। ਪ੍ਰਭਾਸ ਦੇ ਨਾਲ ਹੀਰੋਇਨ ਪੂਜਾ ਹੈਗੜੇ ਨੂੰ ਲਿਆ ਗਿਆ ਹੈ। ਪ੍ਰਭਾਸ ਤੇ ਪੂਜਾ ਦੀ ਇਹ ਇਕੱਠਿਆਂ ਪਹਿਲੀ ਫ਼ਿਲਮ ਹੋਵੇਗੀ। ਰਿਤਿਕ ਰੌਸ਼ਨ ਦੀ ਹੀਰੋਇਨ ਰਹਿ ਚੁੱਕੀ ਪੂਜਾ ਹੈਗੜੇ ਲਈ ਹੁਣ ਮੌਕਾ ਕੁਝ ਕਰ ਦਿਖਾਉਣ ਦਾ ਹੈ। ਪੂਜਾ ਚਾਹੁੰਦੀ ਹੈ ਕਿ ਰਿਤਿਕ ਤੋਂ ਬਾਅਦ ਉਹ 'ਏ ਗਰੇਡ' ਦੇ ਹੀਰੋਆਂ ਨਾਲ ਹੀ ਕੰਮ ਕਰੇ। ਪੂਜਾ ਦਾ ਸੁਪਨਾ ਪੂਰੀ ਦੁਨੀਆ ਦੇਖਣਾ ਹੈ। ਤੁਰਕੀ ਵਿਚ ਪੂਜਾ ਨੇ ਆਪਣਾ ਫੋਟੋ ਸੈਸ਼ਨ ਵੀ ਕਰਵਾਇਆ। ਜਦ ਉਹ ਰਿਤਿਕ ਨਾਲ ਫ਼ਿਲਮ ਕਰ ਰਹੀ ਸੀ ਤਦ ਦੋ ਸਾਲ ਤੱਕ ਉਹ ਵਿਦੇਸ਼ ਨਹੀਂ ਘੁੰਮ ਸਕੀ ਸੀ। ਇਸ ਲਈ ਤੁਰਕੀ ਵਿਖੇ ਉਸ ਨੇ ਖੂਬ ਮਸਤੀ ਕੀਤੀ ਤੇ ਅਨੰਦ ਮਾਣਿਆ। ਪੂਜਾ ਇਸ ਸਮੇਂ ਇਕ ਤੇਲਗੂ ਫ਼ਿਲਮ ਵੀ ਕਰ ਰਹੀ ਹੈ। 'ਸਾਹੋ' ਦੀ ਰਿਲੀਜ਼ ਤੋਂ ਬਾਅਦ ਪ੍ਰਭਾਸ ਨੇ ਪੂਜਾ ਹੈਗੜੇ ਨੂੰ ਮਿਲਣਾ ਹੈ ਤੇ ਦੋਵੇਂ ਆਪਣੀ ਰੁਮਾਂਟਿਕ ਜੋੜੀ ਹਿੱਟ ਬਣਾਉਣ ਦੀ ਚਰਚਾ ਕਰਨਗੇ। 'ਹਾਊਸਫੁਲ-4' ਪੂਜਾ ਹੈਗੜੇ ਤਕਰੀਬਨ ਆ ਹੀ ਗਈ ਹੈ। ਅਕਸ਼ੈ ਕੁਮਾਰ, ਰਿਤੇਸ਼, ਬੌਬੀ ਦਿਉਲ ਦੇ ਨਾਲ ਕੀਰਤੀ ਖਰਬੰਦਾ ਤੇ ਪੂਜਾ ਹੈਗੜੇ ਨੂੰ ਲਿਆ ਗਿਆ ਹੈ। ਵੈਸੇ ਅਧਿਕਾਰਤ ਤੌਰ 'ਤੇ 'ਹਾਊਸਫੁਲ-4' ਪੂਜਾ ਦੀ ਦੂਸਰੀ ਹਿੰਦੀ ਫ਼ਿਲਮ ਹੋਵੇਗੀ। ਉਹ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਦਾ ਚਰਚਿਤ ਚਿਹਰਾ ਹੈ ਤੇ ਰਣਬੀਰ ਕਪੂਰ ਨਾਲ ਐਕਟਿੰਗ ਦਾ ਵਿਗਿਆਪਨ ਵੀ ਉਹ ਕਰ ਚੁੱਕੀ ਹੈ। ਪੂਜਾ ਦੇ ਆਉਣ ਨਾਲ ਕੈਟਰੀਨਾ ਤੇ ਕ੍ਰਿਤੀ ਸੇਨਨ ਨੂੰ ਜ਼ਰੂਰ ਘਾਟਾ ਪਿਆ ਹੈ।


ਖ਼ਬਰ ਸ਼ੇਅਰ ਕਰੋ

ਦੀਪਿਕਾ ਪਾਦੂਕੋਨ

'ਘਰ' ਜਾਣ ਦੀ ਤਿਆਰੀ!

ਹਾਲੀਵੁੱਡ ਫ਼ਿਲਮ '3 ਐਕਸ ਐਕਸ ਐਕਸ : ਰਿਟਰਨ ਆਫ਼ ਜੇਂਡਰ ਕੇਸ' ਦੇ ਡਾਇਰੈਕਟਰ ਡੀ.ਜੇ. ਕਾਰੂਸੋ ਦੀਪਿਕਾ ਪਾਦੂਕੋਨ ਨਾਲ ਇਕ ਬੀ-ਟਾਊਨ ਅੰਦਾਜ਼ ਨਾਲ ਡਾਂਸ ਨੰਬਰ ਕਰਨ ਜਾ ਰਹੇ ਹਨ। 'ਟ੍ਰਿਪਲ ਐਕਸ-4 ਜੇਂਡਰ ਕੇਸ' ਨਵੀਂ ਫ਼ਿਲਮ ਦਾ ਅੰਤ ਉਹ ਬੀ-ਟਾਊਨ ਡਾਂਸ ਨੰਬਰ ਕਰਨ ਜਾ ਰਹੇ ਹਨ। 'ਲੂੰਗੀ ਡਾਂਸ' ਅਰਥਾਤ ਹਾਲੀਵੁੱਡ ਫ਼ਿਲਮ ਵਿਚ ਇਹ ਕੁਝ ਹੁਣ ਦੀਪੀ ਕਰੇਗੀ। ਇਹ ਦੀਪੀ ਦੀ ਦੂਸਰੀ ਹਾਲੀਵੁੱਡ ਫ਼ਿਲਮ ਹੋਵੇਗੀ। ਦੁਨੀਆ ਦੀਆਂ ਚਰਚਿਤ 100 ਹਸਤੀਆਂ 'ਚ ਉਹ ਸ਼ਾਮਿਲ ਹੈ। ਚਾਹੇ ਹਾਲੀਵੁੱਡ 'ਚ ਦੀਪੀ ਨੂੰ ਮਨਚਾਹੀ ਕਾਮਯਾਬੀ ਨਹੀਂ ਨਸੀਬ ਹੋਈ ਪਰ ਦੂਸਰੀ ਫ਼ਿਲਮ ਕਰਨੀ ਦਰਸਾਉਂਦਾ ਹੈ ਕਿ ਉਹ ਹਾਲੀਵੁੱਡ 'ਚ ਪੈਰ ਟਿਕਾਏਗੀ। 'ਯੇ ਜਵਾਨੀ ਹੈ ਦੀਵਾਨੀ' ਨਾਲ ਦੀਪੀ ਦੀ ਰਣਬੀਰ ਕਪੂਰ ਨਾਲ 'ਚੰਨ ਤਾਰਾ' ਵਾਲੀ ਸ਼ਾਨਦਾਰ ਜੋੜੀ ਬਣੀ ਸੀ। ਹੁਣ ਦੋਵਾਂ 'ਚ ਹਾਏ-ਹੈਲੋ ਵੀ ਬੰਦ ਹੈ। ਦੀਪਿਕਾ ਹੁਣ 'ਸੁਪਰ ਵੋਮੈਨ' ਬਣ ਗਈ ਹੈ। ਹਾਲੀਵੁੱਡ ਫ਼ਿਲਮ 'ਵੰਡਰ ਵੋਮੈਨ' 'ਤੇ ਆਧਾਰਿਤ ਬਣ ਰਹੀ ਫ਼ਿਲਮ 'ਸੁਪਰ ਵੋਮੈਨ' ਲਈ ਉਸ ਨੇ ਮਾਰਸ਼ਲ ਆਰਟ ਦੀ ਸਿੱਖਿਆ ਲਈ ਹੈ। ਇਸ ਤੋਂ ਇਲਾਵਾ ਉਹ ਵਿਸ਼ਾਲ ਨਾਲ ਫ਼ਿਲਮ 'ਸਪਨਾ ਦੀਦੀ' ਵੀ ਕਰ ਰਹੀ ਹੈ। ਉੱਧਰ ਰਣਬੀਰ ਕਪੂਰ ਦੀ ਥਾਂ ਉਸੇ ਹੀ ਰਾਸ਼ੀ ਵਾਲੇ ਪਰ 'ਕਪੂਰ' ਨਹੀਂ 'ਸਿੰਘ ਭਾਵ ਰਣਵੀਰ ਸਿੰਘ' ਨਾਲ ਦੀਪੀ ਦੇ ਵਿਆਹ ਦੀਆਂ ਗੱਲਾਂ ਇਸ ਸਮੇਂ ਕਾਫੀ ਹੋ ਰਹੀਆਂ ਹਨ। ਰਣਵੀਰ ਨੇ ਤਾਂ ਦੀਪੀ ਲਈ ਨਵਾਂ ਘਰ ਵੀ ਲੈ ਲਿਆ ਹੈ। ਹੁਣ ਚਰਚਾ ਤੇਜ਼ ਹੈ ਕਿ ਦੀਪਿਕਾ ਨੇ ਨੇਹਾ ਧੂਪੀਆ, ਹਿਮੇਸ਼ ਰੇਸ਼ਮੀਆਂ ਤੇ ਸੋਨਮ ਕਪੂਰ ਦੀ ਤਰ੍ਹਾਂ ਵਿਆਹੁਤਾ ਜੀਵਨ ਲਈ ਸੋਚਣਾ ਸ਼ੁਰੂ ਕੀਤਾ ਹੈ। ਨਵੰਬਰ ਮਹੀਨੇ 'ਚ ਦੀਪਿਕਾ ਹੋ ਸਕਦਾ ਹੈ ਰਣਵੀਰ ਸਿੰਘ ਦੀ ਦੁਲਹਨ ਬਣ ਜਾਏ। ਦੁਲਹਨ ਅਜਿਹੀ ਜਿਹੜੀ ਪੀਆ ਅਰਥਾਤ ਰਣਵੀਰ ਸਿੰਘ ਦੇ ਮਨ ਨੂੰ ਜਿੱਤ ਲਏ। ਮਾਂ ਨਾਲ ਗਹਿਣੇ ਬਣਾਉਣੇ, ਕੱਪੜੇ ਖਰੀਦਣੇ ਵਿਆਹ ਦੀਆਂ ਹੀ ਤਿਆਰੀਆਂ ਹਨ। ਮਾਂ ਉਜਵਲਾ ਬਾਂਦਰਾ ਦੇ ਕੰਪਲੈਕਸ 'ਚ ਰੋਜ਼ ਦੀਪੀ ਲਈ ਖਰੀਦੋ-ਫਰੋਖ਼ਤ ਕਰ ਰਹੀ ਹੈ। ਉਹ 300 ਕਰੋੜ ਦੇ ਆਲੀਸ਼ਾਨ ਬਜਟ ਵਾਲੀ 'ਸੁਪਰ ਵੋਮੈਨ' ਕਰ ਰਹੀ ਤੇ 'ਸਪਨਾ ਦੀਦੀ' ਬਣੀ ਦੀਪਿਕਾ ਪਾਦੂਕੋਨ ਫ਼ਿਲਮਾਂ ਦੀ ਤਰ੍ਹਾਂ ਕਾਮਯਾਬ ਵਿਆਹੁਤਾ ਜੀਵਨ 'ਚ ਪ੍ਰਵੇਸ਼ ਕਰੇ, ਹੁਣ ਜ਼ਿਆਦਾ ਸਮਾਂ ਤੇ ਧਿਆਨ ਉਸ ਦਾ ਇਸ ਵੱਲ ਹੀ ਹੈ।

ਦੀਕਸ਼ਾ ਸੇਠ

ਮਟਨ ਤੋਂ ਤੌਬਾ

ਆਈ.ਟੀ.ਸੀ. ਕੰਪਨੀ 'ਚ ਪਿਤਾ ਜੀ ਦੇ ਹੋਣ ਕਾਰਨ ਤੇ ਉਨ੍ਹਾਂ ਦੀ ਇਕ ਥਾਂ ਤੋਂ ਦੂਸਰੀ ਥਾਂ 'ਤੇ ਬਦਲੀ ਕਾਰਨ ਦੀਕਸ਼ਾ ਸੇਠ ਨੇ ਬਚਪਨ ਤੋਂ ਜਵਾਨੀ ਤੱਕ ਪੂਰਾ ਭਾਰਤ ਘੁੰਮਿਆ ਤੇ ਹਰ ਤਰ੍ਹਾਂ ਦਾ ਸੱਭਿਆਚਾਰ, ਵੱਖ-ਵੱਖ ਪਹਿਰਾਵੇ, ਬੋਲੀਆਂ ਤੇ ਸ਼ਹਿਰਾਂ ਦੀ ਸੈਰ ਕੀਤੀ। ਦੀਕਸ਼ਾ ਨੇ ਕਦੇ ਵੀ ਅਭਿਨੇਤਰੀ ਬਣਨ ਸਬੰਧੀ ਨਹੀਂ ਸੀ ਸੋਚਿਆ। ਦੀਕਸ਼ਾ ਅੱਜ ਤੱਕ ਸ਼ੁਕਰ ਗੁਜ਼ਾਰ ਹੈ ਫੈਮਿਨਾ ਦੀ ਜਿਸ ਸਦਕਾ ਉਹ 'ਮਿਸ ਫੈਮਿਨਾ' ਬਣੀ ਸੀ ਤੇ ਇਕੱਲੀ ਹੀ ਦੀਕਸ਼ਾ ਦੀ ਮਨੋਰੰਜਨ ਸੰਸਾਰ 'ਚ ਯਾਤਰਾ ਸ਼ੁਰੂ ਹੋਈ ਸੀ। ਦੀਕਸ਼ਾ ਨੇ ਕੰਨੜ ਫ਼ਿਲਮਾਂ ਵੀ ਕੀਤੀਆਂ ਹਨ। 'ਜੱਗੂ ਦਾਦਾ' ਨਾਲ ਦੀਕਸ਼ਾ ਨੇ ਕਈ ਕੰਨੜ ਫ਼ਿਲਮਾਂ ਵੀ ਕੀਤੀਆਂ। ਦੀਕਸ਼ਾ ਨੇ 'ਲੇਕਰ ਹਮ ਦੀਵਾਨਾ ਦਿਲ' ਹਿੰਦੀ ਫ਼ਿਲਮ ਵੀ ਕੀਤੀ ਪਰ ਬਾਲੀਵੁੱਡ 'ਚ ਉਸ ਦਾ ਸਿੱਕਾ ਨਹੀਂ ਚੱਲਿਆ। ਅਰਮਾਨ ਦੇ ਨਾਲ ਹੁਣ ਤਾਂ ਉਸ ਦੀ ਬੋਲਚਾਲ ਵੀ ਬੰਦ ਹੈ। ਦੀਕਸ਼ਾ ਕਦੇ ਵੀ ਦਬਾਅ 'ਚ ਨਹੀਂ ਰਹੀ। ਫ਼ਿਲਮ ਖੇਤਰ 'ਚ ਸਫ਼ਲਤਾ ਨਾ ਮਿਲਣ 'ਤੇ ਦੀਕਸ਼ਾ ਸੇਠ ਨੇ ਫੂਡ ਸ਼ੋਅ 'ਜੰਗਲੀ ਮਟਨ' ਵੀ ਕੀਤਾ। ਦੀਕਸ਼ਾ ਹਾਲਾਂਕਿ ਸ਼ੁੱਧ ਸ਼ਾਕਾਹਾਰੀ ਹੈ ਤੇ ਉਸ ਦਾ ਪਰਿਵਾਰ ਪੰਡਿਤ ਸੰਸਕ੍ਰਿਤੀ ਨੂੰ ਮੰਨਦਾ ਹੈ ਪਰ ਕਿੱਤੇ ਕਾਰਨ ਉਸ ਨੂੰ 'ਜੰਗਲੀ ਮਟਨ' ਸ਼ੋਅ ਕਰਨਾ ਪਿਆ। ਇਸ ਸ਼ੋਅ ਨੂੰ ਲੈ ਕੇ ਦੀਕਸ਼ਾ ਦੇ ਰਿਸ਼ਤੇਦਾਰਾਂ ਨੇ ਉਸ ਦੇ ਪਰਿਵਾਰ ਨਾਲ ਨਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਉਹ ਦੱਸਦੀ ਹੈ ਕਿ ਇਹ ਸ਼ੋਅ ਉਸ ਲਈ ਸਭ ਤੋਂ ਵੱਧ ਕਠਿਨ ਰਿਹਾ। ਦੀਕਸ਼ਾ ਨੇ ਤਿੰਨ ਤਾਮਿਲ ਫ਼ਿਲਮਾਂ ਪ੍ਰਭਾਸ, ਰਵੀ ਤੇਜਾ ਨਾਲ ਕੀਤੀਆਂ। 'ਵੇਦਮ' ਫ਼ਿਲਮ 'ਚ ਪੂਜਾ ਦਾ ਕਿਰਦਾਰ 'ਵਾਂਟੇਡ' ਦੀ 'ਨੰਦਿਨੀ' ਨੇ 'ਸਾਤ ਕਦਮ' ਜਿਹੀਆਂ ਫ਼ਿਲਮਾਂ ਵੀ ਕੀਤੀਆਂ ਹਨ ਪਰ ਵੱਡੀ ਪ੍ਰਾਪਤੀ ਉਸ ਦੇ ਖਾਤੇ 'ਚ ਨਹੀਂ ਹੈ। ਅਮਿਤ ਸਾਧ ਨਾਲ ਦੀਕਸ਼ਾ ਦਾ ਨਾਂਅ ਵੀ ਜੁੜਿਆ ਪਰ ਇਸ ਨਾਂਹ-ਪੱਖੀ ਪ੍ਰਚਾਰ ਨੇ ਦੀਕਸ਼ਾ ਨੂੰ ਕੋਈ ਲਾਭ ਨਹੀਂ ਦਿੱਤਾ। ਅਭਿਨੇਤਰੀ ਤਮੰਨਾ ਭਾਟੀਆ ਨਾਲ ਹੀ ਸਿਰਫ਼ ਦੋਸਤੀ ਹੈ ਤੇ ਤਮੰਨਾ ਨਾਲ ਉਸ ਨੇ ਇਕ ਹੀ ਫ਼ਿਲਮ ਕੀਤੀ ਹੈ। ਕਾਫ਼ੀ ਸੰਘਰਸ਼ ਤੇ ਮਿਹਨਤ ਵੀ ਦੀਕਸ਼ਾ ਨੂੰ ਬਾਲੀਵੁੱਡ 'ਚ ਸੁਰੱਖਿਅਤ ਥਾਂ ਨਹੀਂ ਦਿਵਾ ਸਕੀ। ਤਾਮਿਲ, ਕੰਨੜ ਤੇ ਤੇਲਗੂ ਫ਼ਿਲਮਾਂ ਦੇ ਕਾਰਨ ਹੀ ਉਹ ਟਿਕੀ ਹੋਈ ਹੈ ਤੇ ਫ਼ਿਲਮਾਂ ਦੇ ਕਾਰਨ ਦੀਕਸ਼ਾ ਨੇ ਟੀ.ਵੀ. ਤੇ ਮਾਡਲਿੰਗ ਤੋਂ ਵੀ ਦੂਰੀ ਹੀ ਬਣਾ ਕੇ ਰੱਖੀ ਹੈ। ਦੀਕਸ਼ਾ ਨੂੰ ਫਿਰ ਵੀ ਉਮੀਦ ਹੈ ਕਿ ਅਜੇ ਉਸ ਨੂੰ ਮੌਕਾ ਮਿਲ ਸਕਦਾ ਹੈ ਤੇ ਇਕ ਹੀ ਮੌਕਾ ਉਸ ਦੀ ਜ਼ਿੰਦਗੀ ਪਲਟ ਦੇਵੇਗਾ।


-ਸੁਖਜੀਤ ਕੌਰ

ਵਿੱਕੀ ਕੌਸ਼ਲ

ਚੰਗੇ ਸਮੇਂ ਦੀ ਆਮਦ

'ਸੰਜੂ' ਦਾ ਨਵਾਂ ਟ੍ਰੇਲਰ ਆ ਗਿਆ ਹੈ। ਰਣਬੀਰ ਕਪੂਰ ਦੇ ਨਾਲ ਵਿੱਕੀ ਕੌਸ਼ਲ ਵੀ ਹੈ। ਰਾਜ ਕੁਮਾਰ ਹਿਰਾਨੀ ਦੀ ਇਹ ਫ਼ਿਲਮ ਵਿੱਕੀ ਲਈ ਨਵੇਂ ਰਾਹ ਖੋਲ੍ਹੇਗੀ। ਵਿੱਕੀ ਪੰਜਾਬੀ ਪੁੱਤਰ ਹੈ ਤੇ ਪ੍ਰਤਿਭਾ ਵਾਲਾ ਵੀ ਹੈ। 'ਮਸਾਨ' ਦੇ ਨਾਲ ਵਿੱਕੀ ਪਰਦੇ 'ਤੇ ਆਇਆ ਸੀ। ਹੁਣ ਮੇਘਨਾ ਦੀ ਫ਼ਿਲਮ 'ਰਾਜ਼ੀ' ਨੇ ਫਿਰ ਵਿੱਕੀ ਦਾ ਸਿਤਾਰਾ ਚਮਕਾਇਆ ਹੈ। 'ਰਮਨ ਰਾਘਵ 2.0' ਉਸਨੇ ਨਵਾਜ਼ੂਦੀਨ ਸਿੱਦੀਕੀ ਨਾਲ ਕੀਤੀ ਸੀ। ਵਿੱਕੀ ਦੇ ਅਭਿਨੈ ਨੂੰ ਘੱਟ ਕਰ ਕੇ ਜਾਨਣਾ ਵੱਡੀ ਭੁਲ ਹੋਵੇਗੀ। ਜਿਥੋਂ ਤੱਕ ਸ਼ੋਹਰਤ ਦਾ ਸਵਾਲ ਹੈ ਤੇ ਉਹ ਉਸ ਨੂੰ 'ਰਾਜ਼ੀ' ਨੇ ਹੀ ਦਿੱਤੀ ਹੈ। ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਉਸ ਨੂੰ ਏ-ਗਰੇਡ ਸਿਤਾਰਿਆਂ ਦੀ ਸੂਚੀ 'ਚ ਲਿਆ ਰਹੀ ਹੈ। ਇੱਧਰ ਰਾਜਕੁਮਾਰ ਹਿਰਾਨੀ ਆਪਣੀ ਨਵੀਂ ਫ਼ਿਲਮ ਵੀ ਵਿੱਕੀ ਨਾਲ ਕਰ ਰਿਹਾ ਹੈ। ਉਸ ਨੂੰ ਪਤਾ ਹੈ ਕਿ 'ਰਾਜ਼ੀ' ਤੇ 'ਸੰਜੂ' ਵਾਲਾ ਵਿੱਕੀ ਹੁਣ ਰੁਝਿਆ ਹੋਇਆ ਸਿਤਾਰਾ ਬਣ ਜਾਣ ਵਾਲਾ ਹੈ। 'ਬੜੀਆ' ਗਾਣੇ 'ਚ ਵਿੱਕੀ ਦਾ ਅਭਿਨੈ ਸਭ ਨੇ ਸਰਾਹਿਆ ਹੈ। ਵਿੱਕੀ ਇਸ ਸਮੇਂ ਤਾਪਸੀ ਪੰਨੂ ਤੇ ਅਭਿਸ਼ੇਕ ਬੱਚਨ ਦੇ ਨਾਲ 'ਮਨਮਰਜ਼ੀਆਂ' ਵੀ ਕਰ ਰਿਹਾ ਹੈ। ਵਿੱਕੀ ਇਕ ਨਵੀਂ ਫ਼ਿਲਮ 'ਉੜੀ' ਵੀ ਕਰ ਰਿਹਾ ਹੈ। ਇਸ 'ਚ ਉਹ ਫ਼ੌਜੀ ਅਧਿਕਾਰੀ ਦਾ ਕਿਰਦਾਰ ਨਿਭਾਏਗਾ। ਇਹ ਫ਼ਿਲਮ 'ਉੜੀ' ਹਮਲੇ 'ਤੇ ਆਧਾਰਿਤ ਹੈ। ਕਰਨ ਜੌਹਰ ਦੀ ਲੜੀ 'ਲਸਟ ਸਟੋਰੀਜ਼' ਵੀ ਵਿੱਕੀ ਕੋਲ ਹੈ। ਕਿਆਰਾ ਅਡਵਾਨੀ ਉਸ ਨਾਲ ਹੈ ਤੇ ਇਹ ਲੜੀ ਨੈੱਟ 'ਤੇ ਆਏਗੀ। 'ਲਵ ਸ਼ਵ ਚਿਕਨ ਖੁਰਾਨਾ' 'ਚ ਨਿੱਕੀ ਜਿਹੀ ਭੂਮਿਕਾ ਨਿਭਾਉਣ ਵਾਲੇ ਵਿੱਕੀ ਕੌਸ਼ਲ ਦੀਆਂ ਇਹ ਚਾਰ ਫ਼ਿਲਮਾਂ ਉਸ ਦੀ ਤਕਦੀਰ ਹੀ ਪਲਟ ਦੇਣਗੀਆਂ। 'ਸੰਜੂ', 'ਮਨਮਰਜ਼ੀਆਂ', 'ਉੜੀ', 'ਲਸਟ ਸਟੋਰੀਜ਼' ਅਰਥਾਤ ਵਿੱਕੀ ਦਾ ਕੈਰੀਅਰ ਹੁਣ ਟੌਹਰੀ ਬਣਨ ਜਾ ਰਿਹਾ ਹੈ। ਸਭ ਪਾਸੇ ਹੁਣ ਉਸ ਦੀ ਚਰਚਾ ਹੋਣ ਵਾਲੀ ਹੈ।

ਸ੍ਰੀਦੇਵੀ ਦੀ ਧੀ ਜਾਹਨਵੀ ਦੀ ਚਰਚਾ ਸ਼ੁਰੂ

ਸਵਰਗਵਾਸੀ ਅਭਿਨੇਤਰੀ ਸ੍ਰੀਦੇਵੀ ਦੀ ਧੀ ਜਾਹਨਵੀ ਕਪੂਰ ਬਾਲੀਵੁੱਡ ਦੀ ਫ਼ਿਲਮ 'ਧੜਕ' ਰਾਹੀਂ ਅਗਲੇ ਮਹੀਨੇ 20 ਜੁਲਾਈ ਨੂੰ ਪਰਦੇ 'ਤੇ ਨਜ਼ਰ ਆਏਗੀ ਤੇ ਆਸ ਹੈ ਉਹ ਸ੍ਰੀਦੇਵੀ ਵਾਂਗ ਲੋਕ ਦਿਲਾਂ ਦੀ ਧੜਕਣ ਬਣੇਗੀ। ਇਕ ਮੁਲਾਕਾਤ ਵਿਚ ਉਸ ਨੇ ਆਪਣੀ ਮਾਂ ਸ੍ਰੀਦੇਵੀ ਨਾਲ ਗੁਜ਼ਾਰੇ ਆਖਰੀ ਦਿਨਾਂ ਦਾ ਜ਼ਿਕਰ ਕੀਤਾ ਹੈ ਤੇ ਦੱਸਿਆ ਹੈ ਕਿ ਉਸ ਦੀ ਮਾਂ ਨੇ ਫ਼ਿਲਮ ਦੀ ਸਿਰਫ਼ 25 ਮਿੰਟ ਦੀ ਫੁਟੇਜ ਹੀ ਦੇਖੀ ਸੀ। ਉਹ ਦੱਸਦੀ ਹੈ ਕਿ ਮਾਂ ਨੇ ਮੈਨੂੰ ਫ਼ਿਲਮ ਬਾਰੇ ਟਿਪਸ ਵੀ ਦਿੱਤੇ ਸਨ ਤੇ ਮੇਰੇ ਮੇਕਅੱਪ ਬਾਰੇ ਵੀ ਉਹ ਅਕਸਰ ਸਲਾਹ ਦਿਆ ਕਰਦੀ ਸੀ। ਜਾਹਨਵੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਕੰਮ ਰਾਹੀਂ ਆਪਣੇ ਮਾਤਾ-ਪਿਤਾ ਨੂੰ ਗੌਰਵ ਮਹਿਸੂਸ ਕਰਾਉਣ ਦੀ ਇਛੁਕ ਸੀ ਪਰ ਕਾਸ਼ ਮੰਮੀ ਕੁਝ ਸਮਾਂ ਹੋਰ ਜਿਊਂਦੇ ਰਹਿੰਦੇ। ਸ੍ਰੀਦੇਵੀ ਦੇ ਚਾਹੁਣ ਵਾਲੇ ਹੁਣ ਸ੍ਰੀਦੇਵੀ ਦੀ ਥਾਂ ਉਸ ਦੀ ਧੀ ਦੀ ਕਲਾ ਦੇਖ ਕੇ ਹੀ ਸਬਰ ਕਰ ਸਕਣਗੇ।

ਸੀਤਾ ਅਤੇ ਸੱਤਾ ਦੋਵਾਂ ਦਾ ਅਨੁਭਵ ਹੋਇਆ : ਦੀਪਿਕਾ ਚਿਖਲੀਆ

ਅੱਜ ਜਿਥੇ ਚਾਰੇ ਪਾਸੇ ਦੀਪਿਕਾ ਪਾਦੂਕੋਨ ਦੇ ਨਾਂਅ ਦੀ ਧੁਮ ਮਚੀ ਹੋਈ ਹੈ, ਉਥੇ ਅੱਸੀ ਦੇ ਦਹਾਕੇ ਵਿਚ ਇਕ ਹੋਰ ਦੀਪਿਕਾ ਨੇ ਆਪਣੇ ਨਾਂਅ ਦੇ ਝੰਡੇ ਗੱਡੇ ਸਨ। ਇਹ ਸੀ ਦੀਪਿਕਾ ਚਿਖਲੀਆ ਜੋ ਲੜੀਵਾਰ 'ਰਾਮਾਇਣ' ਵਿਚ ਸੀਤਾ ਬਣੀ ਸੀ। ਇਸ ਲੜੀਵਾਰ ਨੇ ਲੋਕਾਂ ਨੂੰ ਏਨਾ ਪ੍ਰਭਾਵਿਤ ਕੀਤਾ ਸੀ ਕਿ ਦੀਪਿਕਾ ਜਿਥੇ ਜਾਂਦੀ ਲੋਕ ਉਸ ਦੇ ਪੈਰ ਛੂਹੰਦੇ ਸਨ। 'ਰਾਮਾਇਣ' ਦੀ ਲੋਕਪ੍ਰਿਅਤਾ ਦੇ ਦਮ 'ਤੇ ਹੀ ਦੀਪਿਕਾ ਵਡੋਦਰਾ ਤੋਂ ਚੋਣਾਂ ਜਿੱਤ ਕੇ ਲੋਕ ਸਭਾ ਵਿਚ ਵੀ ਪਹੁੰਚਣ ਵਿਚ ਕਾਮਯਾਬ ਰਹੀ ਸੀ।
ਹੁਣ ਤਕਰੀਬਨ ਚੌਵੀ ਸਾਲ ਦੇ ਸਮੇਂ ਬਾਅਦ ਦੀਪਿਕਾ ਨੇ ਅਭਿਨੈ ਦੀ ਦੁਨੀਆ ਵਿਚ ਆਪਣੀ ਵਾਪਸੀ ਕੀਤੀ ਹੈ। ਉਹ ਹਿੰਦੀ ਫ਼ਿਲਮ 'ਗ਼ਾਲਿਬ' ਤੇ ਗੁਜਰਾਤੀ ਫ਼ਿਲਮ 'ਨਟਸਮਰਾਟ' ਵਿਚ ਅਭਿਨੈ ਕਰ ਰਹੀ ਹੈ। ਇਥੇ ਉਹ ਆਪਣੀ ਵਾਪਸੀ ਬਾਰੇ ਗੱਲ ਕਰ ਰਹੀ ਹੈ।
* 'ਰਾਮਾਇਣ' ਦੇ ਲਿਹਾਜ਼ ਨਾਲ ਕਹੀਏ ਤਾਂ ਤੁਸੀਂ ਅਭਿਨੈ ਤੋਂ ਚੌਵੀ ਸਾਲ ਦਾ ਬਨਵਾਸ ਲਿਆ। ਹੁਣ ਇਸ ਬਨਵਾਸ ਦੀ ਸਮਾਪਤੀ ਕਿਵੇਂ ਹੋਈ?
-ਜਦੋਂ ਮੈਂ ਚੋਣਾਂ ਜਿੱਤ ਕੇ ਲੋਕ ਸਭਾ ਵਿਚ ਪਹੁੰਚੀ ਸੀ ਉਦੋਂ ਹੀ ਮੇਰੇ ਦਿਮਾਗ਼ ਵਿਚ ਸੀ ਕਿ ਮੈਂ ਦੋ ਕਿਸ਼ਤੀਆਂ 'ਤੇ ਸਵਾਰ ਨਹੀਂ ਹੋ ਸਕਦੀ। ਉਦੋਂ ਮੈਂ ਸੋਚਿਆ ਸੀ ਕਿ ਮੈਂ ਕੋਈ ਨਵੀਂ ਫ਼ਿਲਮ ਹੱਥ ਵਿਚ ਨਹੀਂ ਲਵਾਂਗੀ ਅਤੇ ਅਧੂਰੀ ਫ਼ਿਲਮ ਪੂਰੀ ਕਰ ਕੇ ਆਪਣੇ ਚੋਣ ਖੇਤਰ 'ਤੇ ਧਿਆਨ ਦੇਵਾਂਗੀ। ਮੈਂ ਆਖ਼ਰੀ ਵਾਰ ਕੈਮਰੇ ਦਾ ਸਾਹਮਣਾ ਤਾਮਿਲ ਫ਼ਿਲਮ ਲਈ ਕੀਤਾ ਸੀ ਜਿਸ ਵਿਚ ਸ਼ਿਵਾਜੀ ਗਣੇਸ਼ਨ ਅਤੇ ਪ੍ਰਭੂ ਸਨ। ਉਸ ਫ਼ਿਲਮ ਵਿਚ ਦੋ ਦਿਨ ਦਾ ਕੰਮ ਬਾਕੀ ਸੀ ਜਿਸ ਨੂੰ ਪੂਰਾ ਕਰ ਕੇ ਮੈਂ ਅਭਿਨੈ ਤੋਂ ਦੂਰ ਹੋ ਗਈ। ਫਿਰ ਵਿਆਹ ਕੀਤਾ ਅਤੇ ਦੋ ਬੇਟੀਆਂ ਦੀ ਮਾਂ ਬਣੀ। ਪਰਿਵਾਰਕ ਜ਼ਿੰਮੇਦਾਰੀਆਂ ਦੇ ਚਲਦਿਆਂ ਫ਼ਿਲਮਾਂ ਤੇ ਲੜੀਵਾਰਾਂ ਵਿਚ ਕੰਮ ਕਰ ਸਕਣਾ ਮੁਸ਼ਕਿਲ ਸੀ। ਸੋ, ਅਭਿਨੈ ਤੋਂ ਦੂਰ ਹੀ ਰਹੀ।
* ਇਸ ਵਿਚ ਤੁਹਾਡੀ ਭੂਮਿਕਾ ਕੀ ਹੈ?
-ਇਥੇ ਮੈਂ ਗ਼ਾਲਿਬ ਦੀ ਮਾਂ ਬਣੀ ਹਾਂ। ਇਹ ਅੱਜ ਦੇ ਦੌਰ ਦੀ ਫ਼ਿਲਮ ਹੈ ਅਤੇ ਕਸ਼ਮੀਰ 'ਤੇ ਆਧਾਰਿਤ ਹੈ। ਕਹਾਣੀ ਇਹ ਹੈ ਕਿ ਜਦੋਂ ਕੋਈ ਅੱਤਵਾਦੀ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਪਰਿਵਾਰ 'ਤੇ ਕੀ ਬੀਤਦੀ ਹੈ। ਇਥੇ ਮੇਰੇ ਪਤੀ ਦੀ ਭੂਮਿਕਾ ਵਿਚ ਕਸ਼ਮੀਰੀ ਕਲਾਕਾਰ ਮੀਰ ਸਰਵਰ ਹਨ, ਜਿਨ੍ਹਾਂ ਨੂੰ ਅੱਤਵਾਦੀ ਦੇ ਰੂਪ ਵਿਚ ਦਿਖਾਇਆ ਗਿਆ ਹੈ। ਅਫ਼ਜ਼ਲ ਗੁਰੂ ਸਮੇਤ ਕੁਝ ਹੋਰ ਅੱਤਵਾਦੀਆਂ ਦੇ ਨਾਲ ਵਾਪਰੀਆਂ ਘਟਨਾਵਾਂ ਤੋਂ ਫ਼ਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਂ ਗੁਜਰਾਤੀ ਫ਼ਿਲਮ 'ਨਟਸਮਰਾਟ' ਵੀ ਕਰ ਰਹੀ ਹਾਂ। ਇਹ ਮਰਾਠੀ 'ਨਟਸਮਰਾਟ' ਦੀ ਰੀਮੇਕ ਹੈ। ਮਰਾਠੀ ਵਰਸ਼ਨ ਵਿਚ ਜੋ ਭੂਮਿਕਾ ਨਾਨਾ ਪਾਟੇਕਰ ਨੇ ਨਿਭਾਈ ਸੀ ਉਹ ਇਥੇ ਸਿਧਾਰਥ ਰਾਂਦੇਰੀਆ ਵਲੋਂ ਨਿਭਾਈ ਜਾ ਰਹੀ ਹੈ ਅਤੇ ਮੈਂ ਉਨ੍ਹਾਂ ਦੀ ਪਤਨੀ ਦੇ ਕਿਰਦਾਰ ਵਿਚ ਹਾਂ।
* ਆਪਣੀ ਵਾਪਸੀ ਨੂੰ ਲੈ ਕੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪਈਆਂ ਸੀ?
-ਜ਼ਿਆਦਾ ਤਿਆਰੀਆਂ ਨਹੀਂ ਕਰਨੀਆਂ ਪਈਆਂ ਕਿਉਂਕਿ ਇਕ ਕਲਾਕਾਰ ਅਭਿਨੈ ਕਰਨਾ ਕਦੀ ਭੁੱਲ ਨਹੀਂ ਸਕਦਾ। ਹਾਂ, 'ਨਟਸਮਰਾਟ' ਲਈ ਹੋਮਵਰਕ ਕਰਨਾ ਪਿਆ। ਕੁਝ ਗੁਜਰਾਤੀ ਨਾਟਕ ਤੇ ਫ਼ਿਲਮਾਂ ਦੇਖੀਆਂ ਤਾਂ ਕਿ ਇਹ ਪਤਾ ਲੱਗੇ ਕਿ ਕਿਸ ਤਰ੍ਹਾਂ ਦੀ ਗੁਜਰਾਤੀ ਬੋਲੀ ਜਾਂਦੀ ਹੈ। ਮੈਂ ਖ਼ੁਦ ਗੁਜਰਾਤੀ ਹਾਂ ਪਰ ਘਰ ਵਿਚ ਸਿਰਫ਼ ਸੱਸ ਦੇ ਨਾਲ ਹੀ ਗੁਜਰਾਤੀ ਵਿਚ ਗੱਲ ਕਰਦੀ ਹਾਂ। ਮੇਰੇ ਪਤੀ ਜਦੋਂ ਗੁਜਰਾਤੀ ਬੋਲਦੇ ਹਨ ਤੇ ਉਹ ਬੰਬਈਆ ਟਚ ਵਾਲੀ ਗੁਜਰਾਤੀ ਹੁੰਦੀ ਹੈ। 'ਨਟਸਮਰਾਟ' ਵਿਚ ਖੇਤਰੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ। ਸੋ, ਗੁਜਰਾਤੀ ਭਾਸ਼ਾ ਦੀ ਜ਼ਿਆਦਾ ਜਾਣਕਾਰੀ ਹੋਣਾ ਜ਼ਰੂਰੀ ਸੀ।
* ਕੀ ਵਜ੍ਹਾ ਰਹੀ ਕਿ ਤੁਸੀਂ ਹੁਣ ਤੱਕ ਸੀਤਾ ਦੀ ਇਮੇਜ ਤੋਂ ਉੱਭਰ ਨਹੀਂ ਸਕੇ?
-ਮੈਂ ਖ਼ੁਦ ਸੀਤਾ ਦੀ ਇਮੇਜ ਤੋੜਨਾ ਨਹੀਂ ਚਾਹੁੰਦੀ ਸੀ। ਮੈਂ ਸੀਤਾ ਬਣ ਕੇ ਲੋਕਾਂ ਦੇ ਦਿਲ ਵਿਚ ਵਸੀ ਹੋਈ ਹਾਂ। ਇਸ ਤਰ੍ਹਾਂ ਸੀਤਾ ਦੀ ਇਮੇਜ ਤੋੜ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੀ ਸੀ। ਇਸ ਇਮੇਜ ਦੀ ਵਜ੍ਹਾ ਨਾਲ ਹੀ ਅੱਜ ਵੀ ਜਦੋਂ ਮੈਂ ਜਨਤਕ ਪ੍ਰੋਗਰਾਮਾਂ ਵਿਚ ਜਾਂਦੀ ਹਾਂ ਤਾਂ ਸਾੜ੍ਹੀ ਪਾ ਕੇ ਜਾਂਦੀ ਹਾਂ। ਇਸ ਭੂਮਿਕਾ ਦੀ ਵਜ੍ਹਾ ਨਾਲ ਮੈਨੂੰ ਸੀਤਾ ਅਤੇ ਸੱਤਾ ਦੋਵਾਂ ਦਾ ਅਨੁਭਵ ਮਿਲਿਆ ਤੇ ਫਿਰ ਭਲਾ ਮੈਂ ਕਿਉਂ ਇਕ ਚੰਗੀ ਇਮੇਜ ਨੂੰ ਤੋੜਾਂ।

ਮਜਬੂਰੀਆਂ 'ਚ ਘਿਰੀ

ਜ਼ਰੀਨ ਖ਼ਾਨ

ਸਲਮਾਨ ਖ਼ਾਨ ਦੀ ਹੀਰੋਇਨ ਬਣਨ ਦਾ ਮੌਕਾ ਪ੍ਰਾਪਤ ਕਰਕੇ ਵੀ ਧੱਕੇ ਖਾ ਰਹੀ ਜ਼ਰੀਨ ਖ਼ਾਨ ਨੂੰ ਜੇ ਦੱਖਣ ਦਾ ਸਹਾਰਾ ਨਾ ਹੋਵੇ ਤਾਂ ਉਹ ਹੁਣ ਤੱਕ ਲੋਕਾਂ ਦੇ ਚੇਤਿਆਂ ਤੋਂ ਗੁੰਮ ਹੀ ਹੋ ਜਾਂਦੀ। ਜ਼ਰੀਨ ਕੋਲ ਕੰਮ ਚਾਹੇ ਘੱਟ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਕਾਫ਼ੀ ਸਰਗਰਮ ਹੈ ਤੇ ਇਸ ਸੋਸ਼ਲ ਮੀਡੀਆ ਨੇ ਲਾਭ ਘੱਟ, ਬਦਨਾਮੀ ਜ਼ਿਆਦਾ ਉਸ ਨੂੰ ਦਿੱਤੀ ਹੈ। ਇਥੇ ਅਕਸਰ ਉਸ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹਨ। ਇਸ ਸਬੰਧੀ ਜ਼ਰੀਨ ਸਪੱਸ਼ਟ ਕਰਦੀ ਹੈ ਕਿ ਸ਼ੁਕਰ ਹੈ ਕਿ ਉਸ ਦੀ ਮੰਮੀ ਸੋਸ਼ਲ ਮੀਡੀਆ 'ਤੇ ਨਹੀਂ ਹੈ, ਵਰਨਾ ਉਹ ਪ੍ਰੇਸ਼ਾਨ ਹੋ ਜਾਂਦੀ। ਜ਼ਰੀਨ ਖ਼ਾਨ ਐਮ. ਟੀ.ਵੀ. ਦਾ ਸ਼ੋਅ 'ਐਮ. ਟੀ.ਵੀ. ਟਰੋਲ ਪੁਲਿਸ' ਕਰ ਰਹੀ ਹੈ। ਜ਼ਰੀਨ ਦੇ ਨਾਲ ਇਹ ਸ਼ੋਅ ਰਣਵਿਜੈ ਕਰ ਰਿਹਾ ਹੈ। ਜ਼ਰੀਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਚਾਹੇ 'ਵੀਰ' ਹਿੱਟ ਨਹੀਂ ਸੀ ਪਰ ਲੋਕ ਉਸ ਨੂੰ ਫ਼ਿਲਮ ਕਾਰਨ ਹੀ ਜਾਣਦੇ ਹਨ। 'ਰੈਡੀ', 'ਹਾਊਸਫੁਲ' ਕੇਵਲ ਉਸ ਨੇ ਸਮਾਂ ਪਾਸ ਤੇ ਚਰਚਾ ਲਈ ਹੀ ਕੀਤੀਆਂ ਤਾਂ 'ਹੇਟ ਸਟੋਰੀ-3' ਨੇ ਉਸ ਦੀ ਪਛਾਣ ਜ਼ਰੂਰ ਬਣਾਈ। ਜ਼ਰੀਨ ਨੂੰ ਅਕਸਰ ਲੋਕ ਪੁੱਛਦੇ ਹਨ ਕਿ ਜਦ ਉਹ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ ਦਿੰਦੀ ਹੈ ਤਾਂ ਉਸ ਦੀ ਪਹਿਲੀ ਫ਼ਿਲਮ ਦੇ ਹੀਰੋ ਸਲਮਾਨ ਖ਼ਾਨ ਦੇ ਦਿਲ 'ਤੇ ਕੀ ਬੀਤੇਗੀ? ਜ਼ਰੀਨ ਇਸ ਦਾ ਸਪੱਸ਼ਟ ਜਵਾਬ ਨਹੀਂ ਦੇ ਸਕਦੀ। 'ਹੇਟ ਸਟੋਰੀ-3' ਉਹ ਨਹੀਂ ਸੀ ਕਰਨੀ ਚਾਹੁੰਦੀ ਪਰ ਮਾਂ ਦੇ ਕਹਿਣ 'ਤੇ ਉਸ ਨੇ ਇਹ ਫ਼ਿਲਮ ਕੀਤੀ ਸੀ, ਕਾਰਨ ਪੈਸਾ ਜਾਂ ਫਿਰ ਪਾਪੀ ਪੇਟ ਦਾ ਸਵਾਲ ਸੀ।

ਹਾਕੀ ਦੇ ਸਟਾਰ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਬਣੀ 'ਸੂਰਮਾ'

ਬਾਲੀਵੁੱਡ ਵਿਚ ਚੱਲ ਰਹੀ ਬਾਇਓਪਿਕ ਦੀ ਬਹਾਰ ਦੀ ਬਦੌਲਤ ਕਈ ਨਾਮੀ ਖਿਡਾਰੀਆਂ ਦੀ ਜ਼ਿੰਦਗੀ 'ਤੇ ਬਣੀਆਂ ਯਾਦਗਾਰ ਫ਼ਿਲਮਾਂ ਦੇਖਣ ਨੂੰ ਮਿਲੀਆਂ। ਇਨ੍ਹਾਂ ਫ਼ਿਲਮਾਂ ਦੀ ਵਜ੍ਹਾ ਨਾਲ ਆਮ ਆਦਮੀ ਨੂੰ ਮਹਿੰਦਰ ਸਿੰਘ ਧੋਨੀ, ਮੈਰੀ ਕਾਮ, ਸਚਿਨ ਤੇਂਦੁਲਕਰ, ਮਿਲਖਾ ਸਿੰਘ, ਅਜ਼ਹਰ ਵਰਗੇ ਖਿਡਾਰੀਆਂ ਦੀ ਜ਼ਿੰਦਗੀ ਵਿਚ ਝਾਕਣ ਦਾ ਮੌਕਾ ਮਿਲਿਆ। ਹੁਣ ਹਾਕੀ ਦੇ ਸਟਾਰ ਖਿਡਾਰੀ ਸੰਦੀਪ ਸਿੰਘ ਦੀ ਵਾਰੀ ਹੈ। ਇਨ੍ਹਾਂ ਦੀ ਜ਼ਿੰਦਗੀ 'ਤੇ ਨਿਰਦੇਸ਼ਕ ਸ਼ਾਦ ਅਲੀ ਨੇ 'ਸੂਰਮਾ' ਬਣਾਈ ਹੈ। ਪਹਿਲਾਂ 'ਬੰਟੀ ਔਰ ਬਬਲੀ', 'ਸਾਥੀਆ', 'ਝੂਮ ਬਰਾਬਰ ਝੂਮ', 'ਕਿਲ ਦਿਲ' ਤੇ 'ਓ ਕੇ ਜਾਨੂੰ' ਨਿਰਦੇਸ਼ਿਤ ਕਰਨ ਵਾਲੇ ਸ਼ਾਦ ਅਲੀ ਲਈ ਬਾਇਓਪਿਕ ਨਿਰਦੇਸ਼ਿਤ ਕਰਨ ਦਾ ਇਹ ਪਹਿਲਾ ਮੌਕਾ ਹੈ। ਇਥੇ ਦਿਲਜੀਤ ਦੋਸਾਂਝ ਵਲੋਂ ਸੰਦੀਪ ਸਿੰਘ ਦੇ ਕਿਰਦਾਰ ਨੂੰ ਪਰਦੇ 'ਤੇ ਨਿਭਾਇਆ ਗਿਆ ਹੈ ਅਤੇ ਕਿਸੇ ਜਿਊਂਦੇ ਵਿਅਕਤੀ ਦੇ ਕਿਰਦਾਰ ਨੂੰ ਹਿੰਦੀ ਫ਼ਿਲਮ ਦੇ ਪਰਦੇ 'ਤੇ ਪੇਸ਼ ਕਰਨਾ ਉਨ੍ਹਾਂ ਲਈ ਇਹ ਪਹਿਲਾ ਮੌਕਾ ਹੈ। ਸੰਦੀਪ ਸਿੰਘ ਦੀ ਜ਼ਿੰਦਗੀ ਦੀ ਖ਼ਾਸ ਗੱਲ ਇਹ ਰਹੀ ਹੈ ਕਿ ਜਦੋਂ ਉਹ ਵਿਸ਼ਵ ਕੱਪ ਹਾਕੀ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਆਪਣੇ ਘਰ ਤੋਂ ਦਿੱਲੀ ਜਾ ਰਹੇ ਸਨ ਉਦੋਂ ਗੱਡੀ ਵਿਚ ਉਨ੍ਹਾਂ ਨੂੰ ਗੋਲੀ ਲੱਗ ਗਈ ਸੀ। ਮੌਤ ਨੂੰ ਮਾਤ ਦੇ ਕੇ ਸੰਦੀਪ ਸਿੰਘ ਦੁਬਾਰਾ ਕਿਵੇਂ ਹਾਕੀ ਦੇ ਮੈਦਾਨ ਵਿਚ ਵਾਪਸ ਆਏ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ, ਇਹ ਪ੍ਰੇਰਨਾਦਾਈ ਕਹਾਣੀ ਫ਼ਿਲਮ ਵਿਚ ਪੇਸ਼ ਕੀਤੀ ਗਈ ਹੈ।
ਆਪਣੀ ਜ਼ਿੰਦਗੀ ਦੀ ਇਸ ਪਹਿਲੀ ਬਾਇਓਪਿਕ ਬਾਰੇ ਦਿਲਜੀਤ ਕਹਿੰਦੇ ਹਨ, 'ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਉਦੋਂ ਮੈਂ ਨਕਾਰ ਦਿੱਤੀ ਸੀ। ਮੈਂ ਸੋਚਿਆ ਸੀ ਕਿ ਇਸ ਵਿਚ ਹਾਕੀ ਬਾਰੇ ਗੱਲ ਹੋਵੇਗੀ ਅਤੇ ਮੇਰਾ ਹਾਕੀ ਨਾਲ ਕੋਈ ਸਬੰਧ ਵੀ ਨਹੀਂ ਸੀ। ਮੇਰੇ ਪਿਤਾ ਜੀ ਹਾਕੀ ਖੇਡਿਆ ਕਰਦੇ ਸਨ ਪਰ ਮੇਰੀ ਇਸ ਖੇਡ ਵਿਚ ਕੋਈ ਦਿਲਚਸਪੀ ਨਹੀਂ ਸੀ। ਬਚਪਨ ਵਿਚ ਪਿਤਾ ਜੀ ਨੇ ਹਾਕੀ ਲਿਆ ਕੇ ਦਿੱਤੀ ਸੀ ਪਰ ਮੈਂ ਉਸ ਨੂੰ ਇਕ ਵਾਰ ਵੀ ਹੱਥ ਨਹੀਂ ਲਗਾਇਆ ਸੀ ਕਿਉਂਕਿ ਮੇਰੀ ਰੁਚੀ ਹਾਕੀ ਵਿਚ ਨਹੀਂ, ਸੰਗੀਤ ਵਿਚ ਸੀ। ਇਸ ਫ਼ਿਲਮ ਲਈ ਨਾਂਹ ਕਹਿਣ ਲਈ ਮੈਂ ਖ਼ੁਦ ਚੱਲ ਕੇ ਨਿਰਮਾਤਾ ਦੇ ਦਫ਼ਤਰ ਗਿਆ ਸੀ ਪਰ ਜਦੋਂ ਕਿਹਾ ਗਿਆ ਕਿ ਮੈਂ ਇਕ ਵਾਰ ਸਕਰਿਪਟ ਪੜ੍ਹਾਂ ਤਾਂ ਉਨ੍ਹਾਂ ਦਾ ਕਿਹਾ ਮੰਨ ਕੇ ਮੈਂ ਸਕਰਿਪਟ ਪੜ੍ਹੀ। ਜਦੋਂ ਮੈਂ ਪੜ੍ਹੀ ਤਾਂ ਖ਼ੁਦ ਬੜਾ ਸ਼ਰਮਿੰਦਾ ਹੋਇਆ ਕਿ ਇਸ ਮਹਾਨ ਖਿਡਾਰੀ ਦੀ ਜ਼ਿੰਦਗੀ ਵਿਚ ਜੋ ਕੁਝ ਹੋਇਆ, ਉਸ ਤੋਂ ਮੈਂ ਅਣਜਾਣ ਹਾਂ। ਪ੍ਰਾਣਘਾਤਕ ਘਟਨਾ ਤੋਂ ਬਾਅਦ ਮੈਦਾਨ ਵਿਚ ਵਾਪਸ ਆਉਣ ਦਾ ਕਾਰਨਾਮਾ ਕੋਈ ਵਿਰਲਾ ਹੀ ਕਰ ਸਕਦਾ ਹੈ। ਸੰਦੀਪ ਦੀ ਜ਼ਿੰਦਗੀ ਬਾਰੇ ਜਾਣ ਕੇ ਮੈਂ ਉਸ ਦੀ ਵਿੱਲ ਪਾਵਰ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮੈਨੂੰ ਲੱਗਿਆ ਕਿ ਇਸ ਮਹਾਨ ਖਿਡਾਰੀ ਦੀ ਕਹਾਣੀ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਮੈਂ ਇਹ ਫ਼ਿਲਮ ਕਰਨ ਲਈ ਤਿਆਰ ਹੋ ਗਿਆ।


-ਮੁੰਬਈ ਪ੍ਰਤੀਨਿਧ

'ਉਰੀ' ਫ਼ਿਲਮ ਲਈ ਯਾਮੀ ਦਾ ਨਵਾਂ ਵਾਲਾਂ ਦਾ ਸਟਾਈਲ

ਜਦੋਂ ਰਿਤਿਕ ਰੌਸ਼ਨ 'ਲਕਸ਼ੈ' ਵਿਚ ਫ਼ੌਜੀ ਦੀ ਭੂਮਿਕਾ ਨਿਭਾਅ ਰਹੇ ਸਨ, ਉਦੋਂ ਉਨ੍ਹਾਂ ਨੇ ਆਪਣੇ ਵਾਲ ਛੋਟੇ ਕਰਵਾ ਲਏ ਸਨ। ਉਦੋਂ ਰਿਤਿਕ 'ਤੇ ਇਹ ਪਾਬੰਦੀ ਵੀ ਲਗਾਈ ਗਈ ਸੀ ਕਿ ਫ਼ਿਲਮ ਦੀ ਰਿਲੀਜ਼ ਤੱਕ ਉਹ ਆਪਣਾ ਨਵੇਂ ਵਾਲਾਂ ਦਾ ਸਟਾਈਲ ਜ਼ਾਹਿਰ ਨਹੀਂ ਹੋਣ ਦੇਣਗੇ। ਉਦੋਂ ਉਹ ਟੋਪੀ ਪਾ ਕੇ ਘਰ ਤੋਂ ਬਾਹਰ ਨਿਕਲਿਆ ਕਰਦੇ ਸਨ।
ਹੁਣ ਫ਼ਿਲਮ 'ਉਰੀ' ਲਈ ਯਾਮੀ ਗੌਤਮ ਨੇ ਆਪਣੇ ਵਾਲਾਂ ਦਾ ਸਟਾਈਲ ਬਦਲਿਆ ਹੈ। ਕਿਉਂਕਿ ਯਾਮੀ ਦੀ ਇਸ ਨਵੀਂ ਦਿਖ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਇਸ ਕਰਕੇ ਉਹ ਆਪਣੀ ਇਸ ਨਵੀਂ ਦਿੱਖ ਨਾਲ ਧੜੱਲੇ ਨਾਲ ਪ੍ਰਚਾਰ ਕਰ ਰਹੀ ਹੈ। ਯਾਮੀ ਇਸ ਫ਼ਿਲਮ ਵਿਚ ਇੰਟੈਲੀਜੈਂਸ ਅਫ਼ਸਰ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਇਸ ਭੂਮਿਕਾ ਨੂੰ ਧਿਆਨ ਵਿਚ ਰੱਖ ਕੇ ਉਸ ਨੇ ਨਵੀਂ ਦਿੱਖ ਅਪਣਾਈ ਹੈ।
ਇਸ ਭੂਮਿਕਾ ਬਾਰੇ ਯਾਮੀ ਕਹਿੰਦੀ ਹੈ, 'ਮੈਨੂੰ ਹਰ ਫ਼ਿਲਮ ਦੇ ਨਾਲ ਨਵਾਂ ਤਜਰਬਾ ਕਰਨਾ ਪਸੰਦ ਹੈ। 'ਵਿੱਕੀ ਡੋਨਰ', 'ਕਾਬਿਲ' ਤੇ ਹੋਰ ਫ਼ਿਲਮਾਂ ਵਿਚ ਮੈਂ ਕੁਝ ਨਾ ਕੁਝ ਨਵਾਂ ਕੀਤਾ ਸੀ। ਇਥੇ ਮੈਂ ਆਪਣੇ ਵਾਲਾਂ ਦੇ ਨਾਲ ਨਵਾਂ ਤਜਰਬਾ ਕੀਤਾ ਹੈ। ਉਂਝ ਫ਼ਿਲਮ ਦੇ ਨਿਰਦੇਸ਼ਕ ਆਦਿਤਿਆ ਧਰ ਦਾ ਵੀ ਸੁਝਾਅ ਸੀ ਕਿ ਇਥੇ ਮੈਂ ਆਪਣੇ ਕਿਰਦਾਰ ਲਈ ਕੁਝ ਨਵਾਂਪਣ ਪੇਸ਼ ਕਰਾਂ। ਨਵੇਂ ਵਾਲਾਂ ਦੇ ਸਟਾਈਲ ਦਾ ਵਿਚਾਰ ਉਸ ਨੂੰ ਵੀ ਪਸੰਦ ਆਇਆ ਅਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੇਰੀ ਇਹ ਨਵੀਂ ਦਿੱਖ ਪਸੰਦ ਆਈ ਹੈ।' ਇਸ ਫ਼ਿਲਮ ਦੀ ਕਹਾਣੀ ਸਾਲ 2016 ਵਿਚ ਹੋਏ ਉਰੀ ਹਮਲੇ 'ਤੇ ਆਧਾਰਿਤ ਹੈ। ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਸ਼ੂਟਿੰਗ ਕਰਨਾ ਸੰਭਵ ਨਹੀਂ, ਇਸ ਲਈ ਇਸ ਫ਼ਿਲਮ ਦੇ ਮੁੱਖ ਦ੍ਰਿਸ਼ਾਂ ਦੀ ਸ਼ੂਟਿੰਗ ਸਰਬੀਆ ਵਿਚ ਕੀਤੀ ਜਾਵੇਗੀ।

ਪਾਇਲਟ ਤੋਂ ਬੜੇ ਪਾਪਾ ਤੱਕ ਜਿੱਤਪ੍ਰੀਤ ਸਿੰਘ ਗਿੱਲ

ਜਲੰਧਰ ਸ਼ਹਿਰ ਦੇ ਨਾਲ ਲਗਦੇ ਕਸਬਾ ਰਾਮਾਮੰਡੀ ਦੇ ਰਹਿਣ ਵਾਲੇ ਜਿੱਤਪ੍ਰੀਤ ਸਿੰਘ ਗਿੱਲ ਇਕ ਖੁਸ਼ਹਾਲ ਜਿਮੀਂਦਾਰ ਪਰਿਵਾਰ ਨਾਲ ਸਬੰਧਤ ਹਨ ਜਿਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਜੂਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ ਤੋਂ ਪ੍ਰਾਪਤ ਕੀਤੀ ਹੈ ਅਤੇ ਗ੍ਰੈਜੂਏਸ਼ਨ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਲੜਾਕੂ ਜਹਾਜ਼ਾਂ ਦੇ ਪਾਇਲਟ ਵਜੋਂ ਭਾਰਤੀ ਏਅਰ ਫੋਰਸ 'ਚ ਨੌਕਰੀ ਕੀਤੀ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਖੇਤੀਬਾੜੀ ਦੇ ਨਾਲ-ਨਾਲ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ। ਜਿਸ ਨੂੰ ਉਨ੍ਹਾਂ ਨੇ ਸਫ਼ਲਤਾ ਨਾਲ ਚਲਾਇਆ। ਪਰ ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਦੇ ਅੰਦਰਲਾ ਕਲਾਕਾਰ ਖਾਮੋਸ਼ ਆਪਣੀਆਂ ਸਰਗਰਮੀਆਂ ਵਿਚ ਲੱਗਾ ਰਿਹਾ ਅਤੇ ਉਨ੍ਹਾਂ ਦੇ ਅੰਦਰ ਛਿਪੀ ਪ੍ਰਤਿਭਾ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਿਆ। ਫਿਰ ਇਕ ਦਿਨ ਅਚਾਨਕ ਨਿਰਦੇਸ਼ਕ ਸ਼ਸ਼ਾਂਕ ਘੋਸ਼ ਨਾਲ ਮੁਲਾਕਾਤ ਹੋਈ। ਉਨ੍ਹਾਂ ਨੇ ਉਨ੍ਹਾਂ ਦੇ ਅੰਦਰਲੇ ਕਲਾਕਾਰ ਨੂੰ ਪਹਿਚਾਣਿਆ ਅਤੇ ਫ਼ਿਲਮ 'ਵੀਰੇ ਦੀ ਵੈਡਿੰਗ' ਵਿਚ ਬੜੇ ਪਾਪਾ ਦੇ ਰੋਲ ਦੀ ਪੇਸ਼ਕਸ਼ ਕੀਤੀ, ਜੋ ਉਨ੍ਹਾਂ ਖ਼ੁਸ਼ੀ ਨਾਲ ਸਵੀਕਾਰ ਕਰ ਲਈ। ਇਸ ਤਰ੍ਹਾਂ ਐਕਟਿੰਗ ਦੇ ਖੇਤਰ ਵਿਚ ਉਨ੍ਹਾਂ ਦਾ ਦਾਖਲਾ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਉਹ ਕਈ ਟੀ.ਵੀ. ਸੀਰੀਅਲਾਂ ਤੋਂ ਇਲਾਵਾ ਕਈ ਫ਼ਿਲਮਾਂ 'ਚ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਦਾ ਝੁਕਾਅ ਅਦਾਕਾਰੀ ਦੇ ਨਾਲ-ਨਾਲ ਸੰਗੀਤ ਵੱਲ ਵੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਦਰੱਖਤਾਂ ਦੇ ਪੱਤਿਆਂ ਤੋਂ ਕਈ ਤਰ੍ਹਾਂ ਦੀਆਂ ਧੁਨਾਂ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਪਾਇਲਟ ਨਾ ਬਣਦੇ ਤਾਂ ਜ਼ਰੂਰ ਨਿਰਦੇਸ਼ਕ ਹੁੰਦੇ।

ਅੱਜ ਬਰਸੀ 'ਤੇ ਵਿਸੇਸ਼

ਸੱਚਮੁੱਚ ਪੰਜਾਬ ਦੀ ਕੋਇਲ ਸੀ ਸੁਰਿੰਦਰ ਕੌਰ

ਅਗਸਤ 1943 ਵਿਚ ਸੁਰਿੰਦਰ ਕੌਰ ਨੇ 12 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੌਰ ਰੇਡੀਓ 'ਤੇ ਗਾਇਆ। ਇਸ ਉਪਰੰਤ ਉਸੇ ਸਾਲ ਹੀ 31 ਅਗਸਤ ਨੂੰ ਐਚ ਐਮ ਵੀ ਕੰਪਨੀ ਨੇ ਦੋਵਾਂ ਭੈਣਾਂ ਦੀ ਆਵਾਜ਼ ਵਿਚ ਪਹਿਲਾ ਗੀਤ ਮਾਵਾਂ ਤੇ ਧੀਆਂ ਰਲ ਬੈਠੀਆਂ, ਰਿਕਾਰਡ ਕੀਤਾ ਜਿਸ ਨੂੰ ਪੰਜਾਬੀਆਂ ਨੇ ਖ਼ੂਬ ਪਸੰਦ ਕੀਤਾ। ਉਨ੍ਹਾਂ ਨੇ ਪੰਜਾਬੀ ਗਾਇਕੀ ਦੇ ਨਾਲ਼-ਨਾਲ਼ ਹਿੰਦੀ ਫ਼ਿਲਮ ਇੰਡਸਟਰੀ ਵਿਚ ਵੀ ਪਿੱਠਵਰਤੀ ਗਾਇਕਾ ਦੇ ਤੌਰ 'ਤੇ ਕੁਝ ਚਿਰ ਕੰਮ ਕੀਤਾ ਅਤੇ 1949 ਵਿਚ ਹਿੰਦੀ ਦੀ ਮਸ਼ਹੂਰ ਫ਼ਿਲਮ 'ਸ਼ਹੀਦ' ਲਈ ਉਨ੍ਹਾਂ ਦਾ ਬਹੁਤ ਹੀ ਯਾਦਗਾਰੀ ਗੀਤ 'ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ' ਰਿਕਾਰਡ ਹੋਇਆ।
ਜਦੋਂ ਸੁਰਿੰਦਰ ਕੌਰ ਦੀ ਪੂਰੀ ਚੜ੍ਹਾਈ ਸੀ ਤਾਂ ਪਰਿਵਾਰ ਨੇ ਉਸ ਨੂੰ ਸੰਨ 1952 'ਚ ਵਾਪਸ ਦਿੱਲੀ ਬੁਲਾ ਲਿਆ। ਵਾਪਸ ਪਰਤਣ 'ਤੇ ਸੁਰਿੰਦਰ ਕੌਰ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ। ਸੁਰਿੰਦਰ ਕੌਰ ਦਾ ਪਤੀ ਸੋਢੀ ਵੀ ਕਲਾ ਖੇਤਰ ਦਾ ਮੁਰੀਦ ਸੀ। ਦੋਵਾਂ ਦੀ ਆਪੋ-ਆਪਣੇ ਕਲਾ ਦੇ ਖੇਤਰ 'ਚ ਪਕੜ ਸੀ, ਦੋਵਾਂ ਨੇ ਇਕ ਦੂਜੇ ਦਾ ਪੂਰਾ ਸਾਥ ਦਿੱਤਾ । ਉਨ੍ਹਾਂ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ਵਿਚੋਂ ਵੱਡੀ ਡੌਲੀ ਗੁਲੇਰੀਆ ਪੰਜਾਬੀ ਦੀ ਨਾਮਵਰ ਗਾਇਕਾ ਹੈ। ਜੇਕਰ ਸੁਰਿੰਦਰ ਕੌਰ ਵਲੋਂ ਗਾਏ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਗੀਤਾਂ ਦਾ ਜ਼ਿਕਰ ਕਰਨਾ ਕਾਫੀ ਕਠਿਨ ਕੰਮ ਹੈ । ਉਸ ਦੇ ਕੁਝ ਕਿ ਗੀਤਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਜਿਸ ਨਾਲ ਉਸ ਦੀ ਪਛਾਣ ਬਣੀ।
* ਚੰਨ ਕਿਥਾਂ ਗੁਜ਼ਾਰੀ ਅਈ ਰਾਤ ਵੇ, * ਲੱਠੇ ਦੀ ਚਾਦਰ, * ਸ਼ੌਂਕਣ ਮੇਲੇ ਦੀ, * ਗੋਰੀ ਦੀਆਂ ਝਾਂਜਰਾਂ, * ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, * ਮਾਵਾਂ ਤੇ ਧੀਆਂ, * ਜੁੱਤੀ ਕਸੂਰੀ ਪੈਰੀਂ ਨਾ ਪੂਰੀ, * ਮਧਾਣੀਆਂ, * ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ, * ਗ਼ਮਾਂ ਦੀ ਰਾਤ ਲੰਮੀ ਏ, * ਸੂਹੇ ਵੇ ਚੀਰੇ ਵਾਲਿਆ, * ਚੰਨ ਵੇ ਕਿ ਸ਼ੌਂਕਣ ਮੇਲੇ ਦੀ, * ਤੇਰਾ ਮੁੰਡਾ ਨਿਰਾ ਸਨਿਚਰ ਈ (ਆਸਾ ਸਿੰਘ ਮਸਤਾਨਾ)
ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ, ਅਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਵੀ ਰੂਹ ਨਾਲ ਗਾਇਆ। ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ 'ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਤੇ ਉਨੀਂਦਰੇ ਨੇ ਮਾਰਿਆ' ਅੱਜ ਵੀ ਚਾਅ ਨਾਲ ਸੁਣਿਆ ਜਾਂਦਾ ਹੈ।
ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋ-ਗਾਣਿਆਂ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਣ ਵਾਲੀ ਅਤੇ ਕਈ ਮੁਲਕਾਂ ਦੇ ਸਫਲ ਟੂਰ ਲਾਉਣ ਵਾਲੀ ਸੁਰਿੰਦਰ ਕੌਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ, ਜਦ 1975 ਵਿਚ ਉਸ ਦੇ ਪਤੀ ਜੋਗਿੰਦਰ ਸਿੰਘ ਸੋਢੀ ਵਿਛੋੜਾ ਦੇ ਗਏ। ਪਤੀ ਦੀ ਮੌਤ ਤੋਂ ਬਾਅਦ ਉਹ ਕਾਫੀ ਟੁੱਟ ਚੁੱਕੀ ਸੀ ਪਰ ਉਹ ਕਸੀਸ ਵੱਟ ਇਨ੍ਹਾਂ ਹਾਲਾਤ ਵਿਚ ਵੀ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲ ਕੇ ਗਾਉਂਦੇ ਰਹੇ। ਸੁਰਿੰਦਰ ਕੌਰ ਨੇ ਆਪਣੀ ਧੀ ਅਤੇ ਦੋਹਤੀ ਨਾਲ ਮਿਲ ਕੇ 'ਥ੍ਰੀ ਜਨਰੇਸ਼ਨਜ਼' ਨਾਂਅ ਦੀ ਐਲਬਮ ਕੱਢੀ ਜੋ 1995 ਵਿਚ ਰਿਲੀਜ਼ ਹੋਈ।
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਆਪਣੀ ਗਾਇਕੀ ਦੇ ਖੇਤਰ 'ਚ ਪਾਏ ਯੋਗਦਾਨ ਕਰਕੇ ਭਾਰਤ ਸਰਕਾਰ ਵਲੋਂ ਸੰਗੀਤ ਨਾਟਕ ਅਕੈਡਮੀ ਐਵਾਰਡ (1984), ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ (2002), ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਂਸ ਵਰਗੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਸੁਰਿੰਦਰ ਕੌਰ ਨੇ ਇੱਕ ਵਾਰ ਕਿਹਾ ਸੀ, ਜੋ ਪਿਆਰ ਮੇਰੇ ਗੀਤਾਂ ਨੂੰ ਪੰਜਾਬੀਆਂ ਨੇ ਦਿੱਤਾ ਏ ਇਹ ਮੇਰੇ ਮਰਨ ਮਗਰੋਂ ਵੀ ਮੈਨੂੰ ਜਿਊਂਦਾ ਰੱਖੇਗਾ।
2006 ਵਿਚ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ, ਜਿੱਥੇ ਹਸਪਤਾਲ ਵਿਚ ਹੀ ਪੰਜਾਬ ਦੀ ਇਸ ਮਹਾਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ। ਭਾਵੇਂ ਅੱਜ ਸੁਰਿੰਦਰ ਕੌਰ ਸਾਡੇ ਵਿਚ ਜਿਸਮਾਨੀ ਤੌਰ 'ਤੇ ਨਹੀਂ ਰਹੇ ਪਰ ਸਾਡੇ ਦਿਲਾਂ ਵਿਚੋਂ ਦੂਰ ਨਹੀਂ ਗਏ। ਸੁਰਿੰਦਰ ਕੌਰ ਦੇ ਗਾਏ ਗੀਤ ਸਾਡੇ ਪੰਜਾਬੀ ਸੰਗੀਤ ਜਗਤ ਵਿਚ ਸਦਾ ਗੂੰਜਦੇ ਰਹਿਣਗੇ।


- ਅਵਤਾਰ ਸਿੰਘ ਆਨੰਦ
ਪਿੰਡ ਹੁਸ਼ਿਆਰ ਨਗਰ , ਜ਼ਿਲ੍ਹਾ ਅੰਮ੍ਰਿਤਸਰ।

ਪਹਿਲਾਂ ਕਦੀ ਮੱਖੀ ਵੀ ਨਹੀਂ ਮਾਰੀ ਸੀ : ਸਾਕਿਬ ਸਲੀਮ

'ਮੁਝਸੇ ਫ੍ਰੈਂਡਸ਼ਿਪ ਕਰੋਗੇ', 'ਮੇਰੇ ਡੈਡ ਕੀ ਮਾਰੂਤੀ', 'ਦੋਬਾਰਾ', 'ਦਿਲ ਜੰਗਲੀ' ਆਦਿ ਫ਼ਿਲਮਾਂ ਕਰਨ ਵਾਲੇ ਦਿੱਲੀ ਦੇ ਮੁੰਡੇ ਸਾਕਿਬ ਸਲੀਮ ਦੀ ਜ਼ਿੰਦਗੀ ਵਿਚ 'ਰੇਸ-3' ਦੀ ਬਦੌਲਤ ਨਵਾਂ ਮੋੜ ਆਇਆ ਹੈ। ਸਲਮਾਨ ਖ਼ਾਨ, ਬੌਬੀ ਦਿਓਲ, ਅਨਿਲ ਕਪੂਰ ਵਰਗੇ ਸਿਤਾਰਿਆਂ ਨਾਲ ਸਾਕਿਬ ਨੂੰ ਇਸ ਫ਼ਿਲਮ ਵਿਚ ਚਮਕਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਉਨ੍ਹਾਂ ਨੂੰ ਨਵੀਂ ਪਹਿਚਾਣ ਦਿਵਾਉਣ ਵਿਚ ਕਾਰਗਰ ਸਿੱਧ ਹੋਵੇਗੀ।
ਇਹ ਫ਼ਿਲਮ ਕਿਵੇਂ ਮਿਲੀ ਇਸ ਬਾਰੇ ਸਾਕਿਬ ਕਹਿੰਦੇ ਹਨ, 'ਮੈਂ ਸਟਾਰ ਕ੍ਰਿਕਟ ਟੂਰਨਾਮੈਂਟ ਦੇ ਸਿਲਸਿਲੇ ਵਿਚ ਗੋਆ ਗਿਆ ਸੀ। ਉਥੇ ਬੌਬੀ ਦਿਓਲ ਵੀ ਸਨ। ਜਦੋਂ ਅਸੀਂ ਵਾਪਸ ਆ ਰਹੇ ਸੀ ਉਦੋਂ ਏਅਰਪੋਰਟ 'ਤੇ ਗੱਲਾਂ-ਗੱਲਾਂ ਵਿਚ ਬੌਬੀ ਨੇ ਦੱਸਿਆ ਕਿ ਉਹ 'ਰੇਸ-3' ਵਿਚ ਕੰਮ ਕਰਨ ਜਾ ਰਹੇ ਹਨ। ਮੈਂ ਖੁਸ਼ੀ ਜ਼ਾਹਿਰ ਕੀਤੀ, ਨਾਲ ਹੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਸੇ ਸ਼ਾਮ ਪੰਜ ਵਜੇ ਮੈਨੂੰ ਨਿਰਮਾਤਾ ਰਮੇਸ਼ ਤੌਰਾਨੀ ਦਾ ਫ਼ੋਨ ਆਇਆ। ਦੋ ਸਾਲ ਪਹਿਲਾਂ ਉਹ ਮੈਨੂੰ ਲੈ ਕੇ ਇਕ ਸਪੈਨਿਸ਼ ਫ਼ਿਲਮ ਦੀ ਰੀਮੇਕ ਬਣਾਉਣਾ ਚਾਹੁੰਦੇ ਸਨ ਪਰ ਗੱਲ ਅੱਗੇ ਨਹੀਂ ਵਧ ਸਕੀ ਸੀ। ਮੈਂ ਸੋਚਿਆ ਕਿ ਸ਼ਾਇਦ ਉਸੇ ਫ਼ਿਲਮ ਦੇ ਸਿਲਸਿਲੇ ਵਿਚ ਫੋਨ ਹੋਵੇਗਾ। ਉਨ੍ਹਾਂ ਨੇ ਦਫ਼ਤਰ ਆ ਕੇ ਮਿਲਣ ਨੂੰ ਕਿਹਾ ਅਤੇ ਮੈਂ ਕਹਿ ਦਿੱਤਾ ਕਿ ਕਲ੍ਹ ਆ ਕੇ ਮਿਲਦਾ ਹਾਂ। ਬਾਅਦ ਵਿਚ ਸਲਮਾਨ ਖ਼ਾਨ ਦਾ ਫੋਨ ਆਇਆ ਅਤੇ ਦੱਸਿਆ ਕਿ ਤੈਨੂੰ 'ਰੇਸ-3' ਦੀ ਪੇਸ਼ਕਸ਼ ਹੋ ਰਹੀ ਹੈ। ਅਗਲੇ ਦਿਨ ਜਦੋਂ ਮੈਂ ਰਮੇਸ਼ ਜੀ ਨੂੰ ਮਿਲਿਆ ਤਾਂ ਉਨ੍ਹਾਂ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਅਤੇ ਇਸ ਤਰ੍ਹਾਂ ਮੈਂ ਇਸ ਫ਼ਿਲਮ ਦਾ ਹਿੱਸਾ ਬਣ ਗਿਆ। ਜਦੋਂ ਮੈਂ ਦਿੱਲੀ ਵਿਚ ਸੀ ਉਦੋਂ ਮੈਂ ਥੀਏਟਰ ਵਿਚ ਜਾ ਕੇ 'ਰੇਸ' ਦੇਖੀ ਸੀ ਪਰ ਉਦੋਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸ ਦੇ ਤੀਜੇ ਹਿੱਸੇ ਵਿਚ ਮੈਂ ਹੋਵਾਂਗਾ। ਇਹ ਨਸੀਬ ਦੀ ਖੇਡ ਹੈ।
ਇਸ ਵੱਡੇ ਬਜਟ ਵਾਲੀ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਸਾਕਿਬ ਕਹਿੰਦੇ ਹਨ, 'ਇਥੇ ਮੇਰਾ ਕਿਰਦਾਰ ਗ੍ਰੇਅ ਸ਼ੇਡਸ ਵਾਲਾ ਹੈ। ਇਸ ਤਰ੍ਹਾਂ ਦੀ ਭੂਮਿਕਾ ਪਹਿਲਾਂ ਕਦੀ ਨਹੀਂ ਕੀਤੀ। ਪਹਿਲੀਆਂ ਕੁਝ ਫ਼ਿਲਮਾਂ ਵਿਚ ਸੰਸਕਾਰੀ ਮੁੰਡੇ ਦੀ ਭੂਮਿਕਾ ਨਿਭਾਈ। ਉਦੋਂ ਪਰਦੇ 'ਤੇ ਪਹਿਲਾਂ ਕਦੀ ਮੱਖੀ ਵੀ ਨਹੀਂ ਮਾਰੀ ਸੀ ਜਦੋਂ ਕਿ ਇਥੇ ਦੋਵਾਂ ਹੱਥਾਂ ਵਿਚ ਬੰਦੂਕ ਫੜ ਕੇ ਤਬਾਹੀ ਮਚਾਉਂਦਾ ਫਿਰਦਾ ਹਾਂ। ਦੋਵੇਂ 'ਰੇਸ' ਦੀ ਤਰ੍ਹਾਂ ਇਥੇ ਵੀ ਕਿਰਦਾਰਾਂ ਦਾ ਰੰਗ ਬਦਲਦਾ ਰਹਿੰਦਾ ਹੈ। ਇਸ ਤਰ੍ਹਾਂ ਦੀ ਭੂਮਿਕਾ ਕਰਨਾ ਚੁਣੌਤੀਪੂਰਨ ਰਿਹਾ।


-ਮੁੰਬਈ ਪ੍ਰਤੀਨਿਧ

ਬੀਤੇ ਦੀ ਪੈੜ

'ਕਿਆਮਤ...' ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗੀ : ਆਮਿਰ ਖਾਨ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਆਖਿਰ ਮੁੰਬਈ ਟੈਰੇਟਰੀ ਵਿਚ ਅਸੀਂ ਖ਼ੁਦ ਇਸ ਨੂੰ ਰਿਲੀਜ਼ ਕਰਨ ਦਾ ਨਿਰਣਾ ਲਿਆ ਅਤੇ ਨਾਮੀ ਵਿਤਰਕ ਸ਼ਿੰਗਾਰ ਫ਼ਿਲਮਜ਼ ਨੂੰ ਕਮਿਸ਼ਨ ਦੇ ਆਧਾਰ 'ਤੇ ਰਿਲੀਜ਼ ਕਰਨ ਨੂੰ ਦੇ ਦਿੱਤੀ। ਅਸੀਂ ਜਾਣਦੇ ਸੀ ਕਿ ਜੇਕਰ ਸਾਡੀ ਫ਼ਿਲਮ ਕਿਸੇ ਵੱਡੀ ਫ਼ਿਲਮ ਦੇ ਸਾਹਮਣੇ ਰਿਲੀਜ਼ ਹੋਵੇਗੀ ਤਾਂ ਇਹ ਫੁੱਟਬਾਲ ਦੀ ਤਰ੍ਹਾਂ ਉੱਡ ਜਾਵੇਗੀ। ਇਸ ਵਜ੍ਹਾ ਕਰਕੇ ਅਸੀਂ ਉਹ ਸਮਾਂ ਚੁਣਿਆ ਜਦੋਂ ਵੱਡੀ ਫ਼ਿਲਮ ਰਿਲੀਜ਼ ਨਹੀਂ ਹੁੰਦੀ ਹੈ। ਰਮਜ਼ਾਨ ਦੇ ਮਹੀਨੇ ਨੂੰ ਬਾਲੀਵੁੱਡ ਵਿਚ 'ਡਲ ਪੀਰੀਅਡ' ਮੰਨਿਆ ਜਾਂਦਾ ਹੈ। ਉਦੋਂ ਵੱਡੀਆਂ ਫ਼ਿਲਮਾਂ ਨਹੀਂ ਆਉਂਦੀਆਂ। ਸੋ, ਅਸੀਂ ਰਮਜ਼ਾਨ ਤੋਂ ਪਹਿਲੇ ਸ਼ੁੱਕਰਵਾਰ ਨੂੰ ਇਹ ਰਿਲੀਜ਼ ਕੀਤੀ। ਸਾਡੇ ਕੋਲ ਇਕ ਮਹੀਨੇ ਦਾ 'ਕਲੀਅਰ ਪੀਰੀਅਡ' ਸੀ। ਫ਼ਿਲਮ ਦੂਜੇ ਤੇ ਤੀਜੇ ਹਫ਼ਤੀੇ ਵਿਚ ਠੰਢੀ ਰਹੀ। ਉਦੋਂ ਲੱਗਿਆ ਕਿ ਫ਼ਿਲਮ ਦੀ ਜ਼ਿੰਦਗੀ ਪੂਰੀ ਹੋ ਗਈ ਹੈ ਪਰ ਚੌਥੇ ਹਫ਼ਤੇ ਵਿਚ ਜਦੋਂ ਭੀੜ ਆਉਣ ਲੱਗੀ ਤਾਂ ਫਿਰ ਤਾਂ ਥਾਂ-ਥਾਂ ਹਾਊਸ-ਫੁੱਲ ਦੇ ਬੋਰਡ ਝੂਲਣ ਲੱਗੇ। ਇਸ ਫ਼ਿਲਮ ਨੇ ਮੈਨੂੰ ਸਟਾਰ ਬਣਾ ਦਿੱਤਾ। ਇਸ ਵਜ੍ਹਾ ਕਰਕੇ ਇਹ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗੀ।'
ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਵੀ ਆਮਿਰ ਲਈ ਸਫ਼ਲਤਾ ਦਾ ਰਸਤਾ ਕੰਡਿਆਂ ਭਰਿਆ ਰਿਹਾ ਸੀ।
(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)


-ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX