ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 1 hour ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 1 hour ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 2 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 3 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  1 minute ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਹੋਰ ਖ਼ਬਰਾਂ..

ਖੇਡ ਜਗਤ

ਵਿਸ਼ਵ ਕੱਪ ਫੁੱਟਬਾਲ : ਕਿਤੇ ਅਰਮਾਨ ਟੁੱਟਣਗੇ, ਕਿਤੇ ਇਤਿਹਾਸ ਬਦਲੇਗਾ

ਬੇਮਿਸਾਲ ਖਿਡਾਰੀ, ਲਾਜਵਾਬ ਮੁਕਾਬਲੇ, ਬੇਹਿਸਾਬ ਦਰਸ਼ਕ, ਕਮਾਲ ਦਾ ਰੁਮਾਂਚ, ਅਸਾਧਾਰਨ ਅੰਕੜੇ ਅਤੇ ਢੇਰ ਸਾਰੇ ਰਿਕਾਰਡਾਂ ਦੀ ਗੂੰਜ 'ਚ 31 ਦਿਨ ਤੱਕ ਹੋਣ ਵਾਲੇ ਕੁੱਲ 64 ਮੈਚਾਂ ਦੇ ਕ੍ਰਿਸ਼ਮਈ ਸਫਰ 'ਤੇ ਨਿਕਲਣ ਲਈ ਕੁੱਲ ਆਲਮ ਇਕਜੁੱਟ ਹੋ ਗਿਆ ਹੈ। ਅਤੀਤ ਦੀਆਂ ਸੁਨਹਿਰੀ ਯਾਦਾਂ ਨੂੰ ਸਮੇਟਦਾ ਹੋਇਆ ਵਿਸ਼ਵ ਕੱਪ ਆਪਣੇ 21ਵੇਂ ਪੜਾਅ 'ਚ ਪ੍ਰਵੇਸ਼ ਕਰੇਗਾ। 14 ਜੂਨ ਨੂੰ ਫੁੱਟਬਾਲ ਦੀ ਦੁਨੀਆ ਦੇ ਸਭ ਤੋਂ ਵੱਡੇ ਸ਼ੋਅ ਦਾ ਪਰਦਾ ਉਠ ਜਾਵੇਗਾ ਤੇ ਇਸ ਦੇ ਨਾਲ ਹੀ ਸ਼ੁਰੂ ਹੋਵੇਗੀ ਸਨਮਾਨ ਪ੍ਰਤਿਸ਼ਠਤਾ ਅਤੇ ਬਾਦਸ਼ਾਹਤ ਦੀ ਰੁਮਾਂਚਿਕ ਜੰਗ।
ਖੇਡਾਂ ਦੀ ਦੁਨੀਆ ਦਾ ਵੱਡਾ ਜਨੂਨ ਜਾਨੀ ਕਿ ਵਿਸ਼ਵ ਕੱਪ ਫੁੱਟਬਾਲ ਦਾ ਮਹਾਂਸੰਗਰਾਮ ਦਹਿਲੀਜ਼ 'ਤੇ ਆ ਖੜੋਤਾ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਇਕ ਵਾਰ ਫਿਰ ਫੁੱਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲੇਗਾ। ਇਕ ਮਹੀਨੇ ਤੱਕ ਪੂਰੀ ਦੁਨੀਆ ਸਿਰਫ ਫੁੱਟਬਾਲ ਦੇ ਰੰਗ ਵਿਚ ਰੰਗੀ ਨਜ਼ਰ ਆਵੇਗੀ। ਇਸ ਵਾਰ ਵਿਸ਼ਵ ਕੱਪ ਟਰਾਫੀ 'ਤੇ ਜੇਤੂ ਨਾਂਅ ਕਿਸ ਦਾ ਉਕਰੇਗਾ, ਹੁਣ ਖੁੰਢ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਟਰਾਫੀ 32 ਸਿਰਕੱਢ ਦਾਅਵੇਦਾਰ, ਤਾਂ ਯਕੀਨਨ ਮੁਕਾਬਲਾ ਹੋਵੇਗਾ ਜ਼ੋਰਦਾਰ। ਕਰੋ ਜਾਂ ਮਰੋ ਦੀ ਇਸ ਆਖਰੀ ਜੰਗ ਦੀ 14 ਜੂਨ ਤੋਂ 15 ਜੁਲਾਈ ਤੱਕ ਗੁੱਥੀ ਉਦੋਂ ਤੱਕ ਉਲਝਦੀ ਤੇ ਸੁਲਝਦੀ ਰਹੇਗੀ, ਜਦੋਂ ਤੱਕ ਫੁੱਟਬਾਲ ਵਿਸ਼ਵ ਕੱਪ ਦੇ ਬਾਦਸ਼ਾਹ ਦਾ ਫੈਸਲਾ ਨਹੀਂ ਹੋ ਜਾਂਦਾ। ਉਲੰਪਿਕ ਤੋਂ ਬਾਅਦ ਖੇਡਾਂ ਦੀ ਦੁਨੀਆ ਦੇ ਸਭ ਤੋਂ ਵੱਡੇ ਆਯੋਜਨ ਦਾ ਫਾਈਨਲ 15 ਜੁਲਾਈ ਨੂੰ ਖੇਡਿਆ ਜਾਣਾ ਹੈ ਤੇ ਇਸ ਦੀ ਸ਼ਾਨਦਾਰ ਸ਼ੁਰੂਆਤ 14 ਜੂਨ ਨੂੰ ਮੇਜ਼ਬਾਨ ਰੂਸ ਅਤੇ ਸਾਊਦੀ ਅਰਬ ਦਰਮਿਆਨ ਖੇਡੇ ਜਾਣ ਵਾਲੇ ਮੈਚ ਨਾਲ ਹੋਵੇਗੀ। ਕੌਣ ਜਿੱਤੇਗਾ ਖਿਤਾਬ, ਕਿਸ ਦੇ ਖਾਤੇ 'ਚ ਦਰਜ ਹੋਣਗੇ ਸਭ ਤੋਂ ਜ਼ਿਆਦਾ ਗੋਲ, ਕਿਹੜਾ ਧਰੂ ਤਾਰਾ ਬਣ ਉੱਭਰੇਗਾ ਨਵਾਂ ਸਿਤਾਰਾ, ਬੇੜੀ ਬੰਨੇ ਲਾ ਸਕਣਗੇ ਪੁਰਾਣੇ ਦਿੱਗਜ ਜਾਂ ਫਿਰ ਬਾਜ਼ੀ ਮਾਰ ਜਾਣਗੇ ਗੁੰਮਨਾਮ ਸਿਤਾਰੇ, ਕਿਹੜੀ ਟੀਮ ਸਾਬਤ ਹੋਵੇਗੀ ਛੁਪੀ ਰੁਸਤਮ, ਕੌਣ ਕਰੇਗਾ ਵੱਡਾ ਉਲਟਫੇਰ, ਜ਼ੋਰਦਾਰ ਚਰਚਾ ਛਿੜੀ ਹੈ ਕਿ ਇਸ ਮਹਾਂਕੁੰਭ 'ਚ ਯੂਰਪ ਅਤੇ ਲਾਤੀਨੀ ਅਮਰੀਕੀ ਖਿੱਤੇ ਦਰਮਿਆਨ ਹੋਣ ਵਾਲੀ ਵਕਾਰ ਦੀ ਲੜਾਈ 'ਚ ਬਾਜ਼ੀ ਕਿਸ ਦੇ ਹੱਕ 'ਚ ਜਾਵੇਗੀ। ਹੁਣ ਤੱਕ ਹੋਏ ਵਿਸ਼ਵ ਕੱਪ ਦੇ 20 ਸੰਸਕਰਣਾਂ 'ਚ ਬ੍ਰਾਜ਼ੀਲ ਨੇ ਸਭ ਤੋਂ ਜ਼ਿਆਦਾ 5 ਵਾਰ, ਇਟਲੀ 4 ਵਾਰ, ਜਰਮਨੀ 4 ਵਾਰ, ਅਰਜਨਟੀਨਾ ਅਤੇ ਉਰੂਗਏ 2-2 ਵਾਰ, ਇੰਗਲੈਂਡ, ਫਰਾਂਸ ਅਤੇ ਸਪੇਨ ਇਕ-ਇਕ ਵਾਰ ਵਿਸ਼ਵ ਕੱਪ 'ਤੇ ਬਤੌਰ ਜੇਤੂ ਹਸਤਾਖਰ ਕਰਨ ਵਿਚ ਸਫਲ ਰਹੇ ਹਨ।
ਰੂਸ ਪਹਿਲੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ, ਉਂਜ ਯੂਰਪ ਅਤੇ ਦੱਖਣੀ ਅਮਰੀਕੀ ਦੇਸ਼ਾਂ ਦਰਮਿਆਨ ਚੱਲ ਰਹੇ ਜ਼ੋਰਦਾਰ ਸੰਘਰਸ਼ 'ਚ ਫਿਲਹਾਲ ਯੂਰਪ ਦੀ ਸਰਦਾਰੀ ਹੈ, ਜਿਸ ਨੇ 11 ਵਾਰ ਖਿਤਾਬ ਜਿੱਤਿਆ, ਜਦਕਿ ਲੇਟਿਨ ਅਮਰੀਕੀ ਦੇਸ਼ ਦੋ ਕਦਮ ਪਿੱਛੇ ਚੱਲ ਰਹੇ ਹਨ ਤੇ 9 ਵਾਰ ਜੇਤੂ ਇਤਿਹਾਸ ਲਿਖਣ 'ਚ ਕਾਮਯਾਬ ਰਹੇ ਹਨ। ਅੱਜ ਫ਼ੀਫ਼ਾ ਦੇ ਮੈਂਬਰ ਦੇਸ਼ਾਂ ਦੀ ਗਿਣਤੀ 211 ਹੈ, ਵਿਸ਼ਵ ਕੱਪ ਦੇ 88 ਸਾਲਾਂ ਦੇ ਇਤਿਹਾਸ ਵਿਚ ਸਿਰਫ 79 ਦੇਸ਼ ਹੀ ਕੁਆਲੀਫਾਈ ਕਰ ਸਕੇ ਹਨ, ਹੁਣ ਤੱਕ ਸਿਰਫ 8 ਦੇਸ਼ ਹੀ ਫ਼ੀਫ਼ਾ ਕੱਪ ਨੂੰ ਹਥਿਆਉਣ 'ਚ ਕਾਮਯਾਬ ਰਹੇ ਹਨ।
ਵਿਸ਼ਵ ਕੱਪ ਫੁੱਟਬਾਲ ਦਾ ਇਤਿਹਾਸ ਜ਼ਿਆਦਾ ਪੁਰਾਣਾ ਨਹੀਂ ਹੈ ਪਰ ਇਸ ਦੀ ਸ਼ੁਰੂਆਤ ਲਈ ਪ੍ਰਬੰਧਕਾਂ ਨੂੰ ਲੰਬੀ ਮੁਸ਼ੱਕਤ ਕਰਨੀ ਪਈ। ਫ਼ੀਫ਼ਾ ਦਾ ਗਠਨ ਹੋਇਆਂ ਭਾਵੇਂ 114 ਸਾਲ ਹੋ ਗਏ ਹਨ ਪਰ ਦੁਨੀਆ ਫ਼ਤਹਿ ਕਰਨ ਦੀ ਬੇਤਾਬੀ 1930 'ਚ ਉਰੂਗਵੇ 'ਚ ਹੋਈ ਸੀ। ਇਸ ਵਕਾਰੀ ਮੁਕਾਬਲੇ ਨੂੰ ਸ਼ੁਰੂ ਕਰਨ ਦਾ ਖਿਆਲ 1920 'ਚ ਫਰਾਂਸ ਨਾਲ ਸਬੰਧਿਤ ਜੂਲੇ ਰਿਮੈ ਅਤੇ ਉਸ ਦੇ ਸਾਥੀਆਂ ਦੇ ਜ਼ਿਹਨ 'ਚ ਆਇਆ। ਉਨ੍ਹਾਂ ਨੇ ਤਜਵੀਜ਼ ਰੱਖੀ ਕਿ ਹਰ ਚਾਰ ਸਾਲ ਬਾਅਦ ਫੁੱਟਬਾਲ ਦੀ ਵਿਸ਼ਵ ਚੈਂਪੀਅਨਸ਼ਿਪ ਕਰਵਾਈ ਜਾਵੇ। ਲੰਬੇ ਵਾਦ-ਵਿਵਾਦ, ਉਤਰਾਅ-ਚੜ੍ਹਾਅ ਤੇ ਜੱਦੋ-ਜਹਿਦ ਤੋਂ ਬਾਅਦ ਵਿਸ਼ਵ ਕੱਪ ਕਰਵਾਉਣ ਦੀ ਸਹਿਮਤੀ ਹੋ ਗਈ।
ਸੰਨ 1930 'ਚ ਪਹਿਲੇ ਵਿਸ਼ਵ ਕੱਪ ਦੀ ਇਤਿਹਾਸਕ ਸ਼ੁਰੂਆਤ ਉਰੂਗਵੇ ਤੋਂ ਹੋਈ। ਇਸ ਵਿਚ ਸਿਰਫ 13 ਟੀਮਾਂ ਨੇ ਹਿੱਸਾ ਲਿਆ। ਸੰਨ 1978 ਤੱਕ ਵਾਲੇ ਵਿਸ਼ਵ ਕੱਪ 'ਚ ਟੀਮਾਂ ਦੀ ਗਿਣਤੀ 16 ਤੱਕ ਰਹੀ। ਸੰਨ 1982 'ਚ ਸਪੇਨ ਦੀ ਮੇਜ਼ਬਾਨੀ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ 24 ਤੇ ਫਿਰ 1998 ਫਰਾਂਸ ਵਿਸ਼ਵ ਕੱਪ 'ਚ ਟੀਮਾਂ ਦੀ ਸੰਖਿਆ ਵਧਾ ਕੇ 32 ਕਰ ਦਿੱਤੀ, ਜੋ ਅਜੇ ਤੱਕ ਕਾਇਮ ਹੈ।
ਸੰਨ 1930 ਦੇ ਪਲੇਠੇ ਵਿਸ਼ਵ ਕੱਪ 'ਚ ਯੂਰਪ ਦੀਆਂ ਵੱਡੀਆਂ ਤਾਕਤਾਂ ਦੀ ਗ਼ੈਰ-ਹਾਜ਼ਰੀ 'ਚ ਮੇਜ਼ਬਾਨੀ ਉਰੂਗਵੇ ਨੇ ਵਿਸ਼ਵ ਖਿਤਾਬ ਅਸਾਨੀ ਨਾਲ ਜਿੱਤ ਲਿਆ ਪਰ 4 ਸਾਲ ਬਾਅਦ 1934 'ਚ ਇਟਲੀ ਨੇ ਖਿਤਾਬ ਜਿੱਤ ਕੇ ਯੂਰਪ ਦੀ ਦਮਦਾਰ ਦਸਤਕ ਦਾ ਝੰਡਾ ਬੁਲੰਦ ਕਰ ਦਿਖਾਇਆ। 1930 'ਚ ਸ਼ੁਰੂ ਹੋਇਆ ਵਿਸ਼ਵ ਕੱਪ ਅਜੇ ਸਿਰਫ 3 ਪੜਾਅ ਦਾ ਸਫਰ ਤਹਿ ਕਰ ਚੁੱਕਾ ਸੀ ਕਿ ਦੁਨੀਆ ਆਪਸੀ ਨਫਰਤ ਅਤੇ ਈਰਖਾ ਦੀ ਭੇਟ ਚੜ੍ਹ ਗਈ। 1942 ਅਤੇ 1946 ਦਾ ਵਿਸ਼ਵ ਕੱਪ ਕਰਵਾਇਆ ਨਾ ਜਾ ਸਕਿਆ। 1950 ਦੇ ਦਹਾਕੇ 'ਚ ਵਿਸ਼ਵ ਫੁੱਟਬਾਲ 'ਚ ਬ੍ਰਾਜ਼ੀਲ, ਜਰਮਨੀ, ਹੰਗਰੀ, ਇੰਗਲੈਂਡ ਅਤੇ ਸਵੀਡਨ ਦਾ ਦਬਦਬਾ ਰਿਹਾ। 1954 'ਚ ਪੰਜਵੇਂ ਵਿਸ਼ਵ ਕੱਪ ਦੇ ਮੰਚ 'ਤੇ ਪਾਵਰ ਪਲੇਅ ਦੀ ਸ਼ੈਲੀ ਨਾਲ ਮੈਦਾਨ 'ਚ ਉਤਰੀ ਜਰਮਨ ਟੀਮ ਨੇ ਸਭ ਨੂੰ ਹੈਰਾਨ ਕਰਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਫਿਰ ਵਿਰੋਧੀ ਟੀਮਾਂ ਵਿਰੁੱਧ ਸਿਸਟਮ ਅਤੇ ਰਣਨੀਤੀ ਬਣਾ ਕੇ ਕੀਤੀ ਵਿਉਂਤਬੰਦੀ ਨਾਲ ਜਰਮਨ 1974, 1990 ਅਤੇ 2014 'ਚ ਬਤੌਰ ਚੈਂਪੀਅਨ ਇਤਿਹਾਸ ਲਿਖਣ 'ਚ ਸਫਲ ਰਿਹਾ। 1966 ਦਾ ਵਰ੍ਹਾ ਇੰਗਲੈਂਡ ਲਈ ਖੁਸ਼ਕਿਸਮਤੀ ਵਾਲਾ ਰਿਹਾ। ਉਸ ਨੇ ਜਰਮਨ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਜੇਤੂ ਅਖਵਾਉਣ ਦਾ ਫਖ਼ਰ ਹਾਸਲ ਕੀਤਾ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਯੂਰਪੀਨ ਤੇ ਲਾਤੀਨੀ ਅਮਰੀਕੀ ਮੁਲਕਾਂ ਦਾ ਹੀ ਰਿਹਾ ਹੈ ਦਬਦਬਾ

ਫੀਫਾ ਵਿਸ਼ਵ ਕੱਪ ਦੇ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਫੁੱਟਬਾਲ ਵਿਸ਼ਵ ਕੱਪ ਸਿਰਫ ਦੋ ਮਹਾਂਦੀਪਾਂ ਦੇ ਮੁਲਕਾਂ ਦੇ ਹਿੱਸੇ ਆਇਆ ਹੈ। ਯੂਰਪ ਤੇ ਦੱਖਣੀ ਅਮਰੀਕਾ (ਲਾਤੀਨੀ ਅਮਰੀਕਾ) ਦੇ ਮੁਲਕ ਨੇ ਹੀ ਹਰ ਵਾਰ ਟਰਾਫੀ ਜਿੱਤੀ ਹੈ। ਬਾਕੀ ਹੋਰ ਕਿਸੇ ਵੀ ਮਹਾਂਦੀਪ ਨੂੰ ਵਿਸ਼ਵ ਕੱਪ ਦੀ ਟਰਾਫੀ ਨਸੀਬ ਨਹੀਂ ਹੋਈ। ਹੁਣ ਤੱਕ ਹੋਏ 20 ਮੁਕਾਬਲਿਆਂ ਵਿਚੋਂ ਯੂਰਪ ਦੇ ਹਿੱਸੇ 11 ਅਤੇ ਲਾਤੀਨੀ ਅਮਰੀਕਾ ਦੇ ਹਿੱਸੇ 9 ਵਾਰ ਵਿਸ਼ਵ ਕੱਪ ਆਇਆ ਹੈ।
ਬ੍ਰਾਜ਼ੀਲ ਨੇ ਸਭ ਤੋਂ ਵੱਧ ਵਾਰ (5) ਵਿਸ਼ਵ ਕੱਪ ਜਿੱਤਿਆ ਹੈ। ਹੁਣ ਤੱਕ ਦੇ ਸਾਰੇ ਵਿਸ਼ਵ ਕੱਪ ਖੇਡਣ ਵਾਲੇ ਬ੍ਰਾਜ਼ੀਲ ਨੂੰ 1958, 1962, 1979, 1994 ਤੇ 2002 ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ। ਇਟਲੀ ਤੇ ਜਰਮਨੀ ਨੂੰ 4-4 ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ। ਇਟਲੀ ਨੇ 1934, 1938, 1982 ਤੇ 2006 ਅਤੇ ਜਰਮਨੀ ਨੇ 1954, 1974 ਤੇ 1990 ਤੇ 2014 ਵਿਚ ਵਿਸ਼ਵ ਕੱਪ ਜਿੱਤਿਆ ਹੈ। ਜਰਮਨੀ ਮੌਜੂਦਾ ਚੈਂਪੀਅਨ ਹੈ। ਅਰਜਨਟੀਨਾ ਨੇ 1978 ਤੇ 1986 ਅਤੇ ਉਰੂਗੁਏ ਨੇ 1930 ਤੇ 1950 ਵਿਚ 2-2 ਵਾਰ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਇਲਾਵਾ ਇੰਗਲੈਂਡ (1966), ਫਰਾਂਸ (1998) ਤੇ ਸਪੇਨ (2010) ਨੇ 1-1 ਵਾਰ ਵਿਸ਼ਵ ਕੱਪ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ।
ਫਾਈਨਲ ਵਿਚ ਪੁੱਜ ਕੇ ਵੀ ਵਿਸ਼ਵ ਕੱਪ ਤੋਂ ਵਾਂਝੇ ਰਹਿਣ ਵਾਲੇ ਮੁਲਕਾਂ ਵਿਚ ਹਾਲੈਂਡ, ਚੈਕੋਸਲੋਵਾਕੀਆ, ਹੰਗਰੀ ਤੇ ਸਵੀਡਨ ਦਾ ਨਾਂਅ ਆਉਂਦਾ ਹੈ। ਹਾਲੈਂਡ 3 ਵਾਰ (1974, 1978 ਤੇ 2010) ਫਾਈਨਲ ਵਿਚ ਹਾਰ ਦਾ ਸਾਹਮਣਾ ਕਰ ਚੁੱਕਾ ਹੈ। ਚੈਕੋਸਲੋਵਾਕੀਆ (1934 ਤੇ 1962) ਤੇ ਹੰਗਰੀ (1938 ਤੇ 1954) ਨੂੰ 2-2 ਵਾਰ ਫਾਈਨਲ ਵਿਚ ਮਾਤ ਮਿਲੀ ਹੈ, ਜਦੋਂ ਕਿ ਸਵੀਡਨ 1958 ਵਿਚ ਆਪਣੇ ਇਕਲੌਤੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰ ਚੁੱਕਾ ਹੈ। ਜਰਮਨੀ ਸਭ ਤੋਂ ਵੱਧ 8 ਵਾਰ ਅਤੇ ਬ੍ਰਾਜ਼ੀਲ 7 ਵਾਰ ਫਾਈਨਲ ਵਿਚ ਦਾਖ਼ਲਾ ਪਾ ਚੁੱਕੇ ਹਨ। ਜੇਕਰ ਸੈਮੀ ਫਾਈਨਲ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਜਰਮਨੀ ਨੇ ਸਭ ਤੋਂ ਵੱਧ 13 ਵਾਰ ਸੈਮੀਫਾਈਨਲ ਖੇਡੇ ਹਨ। ਇਸ ਤੋਂ ਬਾਅਦ ਬ੍ਰਾਜ਼ੀਲ ਨੇ 11 ਅਤੇ ਇਟਲੀ ਨੇ 8 ਵਾਰ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਕੀਤਾ ਹੈ। ਬ੍ਰਾਜ਼ੀਲ ਤੇ ਜਰਮਨੀ ਨੇ ਹੁਣ ਤੱਕ 17 ਵਾਰ ਘੱਟੋ-ਘੱਟ ਕੁਆਰਟਰ ਫਾਈਨਲ ਤੱਕ ਸਫ਼ਰ ਤੈਅ ਕੀਤਾ ਹੈ। ਇਸ ਤਰ੍ਹਾਂ ਦੋਵੇਂ ਮੁਲਕ ਸਿਰਫ ਤਿੰਨ ਮੌਕਿਆਂ ਨੂੰ ਛੱਡ ਕੇ ਪਹਿਲੇ ਅੱਠ ਮੁਲਕਾਂ ਵਿਚ ਹਰ ਵਾਰ ਸ਼ੁਮਾਰ ਹੋਏ ਹਨ।


-5151-ਬੀ, ਸੈਕਟਰ 38 ਵੈਸਟ, ਚੰਡੀਗੜ੍ਹ। ਮੋਬਾ: 97800-36216

ਅਫ਼ਗਾਨਿਸਤਾਨ ਦੇ ਨਾਲ ਭਾਰਤੀ ਕ੍ਰਿਕਟ ਟੀਮ ਦਾ 'ਟੈਸਟ'

ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਟੈਸਟ ਸੰਸਾਰ 'ਚ ਦਾਖ਼ਲਾ ਲੈ ਰਹੀ ਹੈ। ਇਸ ਦਾ ਪਹਿਲਾ 'ਟੈਸਟ' ਭਾਰਤ ਦੀ ਸਰਜ਼ਮੀਂ 'ਤੇ 14 ਜੂਨ ਨੂੰ ਬੈਂਗਲੁਰੂ ਵਿਖੇ ਭਾਰਤੀ ਕ੍ਰਿਕਟ ਟੀਮ ਨਾਲ ਹੋ ਰਿਹਾ ਹੈ। ਅਫ਼ਗਾਨਿਸਤਾਨ ਨੂੰ ਇਕ-ਦਿਨਾ ਮੈਚਾਂ ਤੇ ਟੀ-20 ਲਈ ਪਹਿਲਾਂ ਹੀ ਕੌਮਾਂਤਰੀ ਦਰਜਾ ਮਿਲਿਆ ਹੋਇਆ ਹੈ ਪਰ ਪਿਛਲੇ ਸਾਲ ਇਨ੍ਹਾਂ ਦਿਨਾਂ 'ਚ ਹੀ ਇਸ ਨੂੰ ਟੈਸਟ ਮੈਚ ਖੇਡਣ ਦੀ ਇਜਾਜ਼ਤ ਵੀ ਮਿਲ ਗਈ ਸੀ।
ਕੌਮਾਂਤਰੀ ਮੈਚਾਂ 'ਚ ਅਫ਼ਗਾਨਿਸਤਾਨ ਦਾ ਪ੍ਰਦਰਸ਼ਨ ਜੇ ਕਿਤੇ ਬਹੁਤ ਵਧੀਆ ਨਾ ਵੀ ਕਹੀਏ ਤਾਂ 'ਫਾਡੀ' ਵੀ ਨਹੀਂ ਕਹਿ ਸਕਦੇ। ਇਨ੍ਹਾਂ ਦੇ ਕਈ ਖਿਡਾਰੀਆਂ ਨੇ ਸਹੀ ਮਾਅਨਿਆਂ 'ਚ ਕੌਮਾਂਤਰੀ ਪੱਧਰ ਦੀ ਖੇਡ ਦਿਖਾਈ ਹੈ। ਜੇ ਹੁਣੇ ਖ਼ਤਮ ਹੋਏ ਆਈ.ਪੀ.ਐਲ. ਦੀ ਗੱਲ ਕਰੀਏ ਤਾਂ ਅਫ਼ਗਾਨਿਸਤਾਨ ਦੇ 19 ਸਾਲਾਂ ਦੇ ਸਨਸਨੀਖੇਜ਼ ਲੈਗ ਸਪਿਨ-ਗੁਗਲੀ ਗੇਂਦਬਾਜ਼ ਰਾਸ਼ਿਦ ਖਾਨ ਦਾ ਨਾਂਅ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਸ ਨੇ ਆਪਣੇ ਗੇਂਦਾਂ ਨਾਲ ਵੱਡੇ-ਵਡੇਰੇ ਬੱਲੇਬਾਜ਼ਾਂ ਨੂੰ ਭੜਥੂ ਪਾਈ ਰੱਖਿਆ। ਕੋਹਲੀ ਤੇ ਧੋਨੀ ਵਰਗੇ ਬੱਲੇਬਾਜ਼ਾਂ ਨੂੰ ਇਸ ਨੇ ਆਪਣੀ ਗੁਗਲੀ ਨਾਲ ਛਕਾਇਆ ਹੈ। ਇਸ ਦੇ ਅਤੇ ਇਕ ਹੋਰ ਸਪਿਨਰ ਮੁਜੀਬ-ਉਰ-ਰਹਿਮਾਨ ਨੂੰ ਆਈ.ਪੀ.ਐਲ. ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੈਸਟ ਟੀਮ 'ਚ ਸ਼ਾਮਿਲ ਕਰ ਲਿਆ ਗਿਆ ਹੈ। ਭਾਵੇਂ ਕਿ ਟੀ-20 ਤੇ ਟੈਸਟ ਮੈਚ ਦੀ ਖੇਡ ਸ਼ੈਲੀ ਬਹੁਤ ਅਲੱਗ-ਅਲੱਗ ਹੈ ਪਰ ਗੁਗਲੀ ਜਿਹੜੀ ਧਾਰ ਰਾਸ਼ਿਦ ਨੇ ਦਿਖਾਈ ਹੈ, ਉਸ ਤੋਂ ਲਗਦਾ ਹੈ ਕਿ ਉਹ ਕ੍ਰਿਕਟ ਦੇ ਹਰ ਸਰੂਪ 'ਚ ਕੁਝ ਕਰਕੇ ਦਿਖਾ ਸਕਦਾ ਹੈ।
ਅਫ਼ਗਾਨਿਸਤਾਨ ਦੀ ਟੀਮ ਦੀ ਅਗਵਾਈ ਅਗਸਰ ਸਟੈਨਿਕਜ਼ਾਈ ਕਰ ਰਹੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਬੱਲੇਬਾਜ਼ੀ ਦਾ ਮੁੱਖ ਭਾਰ ਮੁਹੰਮਦ ਨਬੀ ਤੇ ਵਿਕਟਕੀਪਰ ਮੁਹੰਮਦ ਸ਼ਹਿਜ਼ਾਦ ਦੇ ਮੋਢਿਆਂ 'ਤੇ ਰਹੇਗਾ। ਜਾਵੇਦ ਅਹਿਮਦੀ, ਨਾਸਿਰ ਜਮਾਲ, ਰਹਿਮਤ ਸ਼ਾਹ, ਹਸ਼ਮਤਉੱਲਾ ਸ਼ਹਿਦੀ, ਅਫਸਰ ਜ਼ਜ਼ਾਈ 'ਚੋਂ ਕਿਸ ਨੂੰ ਮੌਕਾ ਮਿਲਦਾ ਹੈ, ਇਹ ਦੇਖਣਾ ਬਾਕੀ ਹੈ।
ਗੇਂਦਬਾਜ਼ੀ 'ਚ ਖੱਬੂ ਤੇਜ਼ ਗੇਂਦਬਾਜ਼ ਸ਼ਾਪੁਰ ਜ਼ਾਦਰਾਨ ਨੂੰ ਇਸ ਟੈਸਟ ਟੀਮ 'ਚ ਜਗ੍ਹਾ ਨਾ ਮਿਲਣਾ ਹੈਰਾਨੀ ਭਰਿਆ ਹੈ ਪਰ ਫਿਰ ਵੀ ਨਵੀਂ ਗੇਂਦ ਲਈ ਟੀਮ 'ਚ ਸਈਅਦ ਸਿਰਜ਼ਾਦ, ਵਫਾਦਾਰ, ਯਾਮੀਨ ਅਹਿਮਦਜ਼ਾਈ ਹਨ ਜਦ ਕਿ ਸਪਿਨ ਵਿਭਾਗ 'ਚ ਰਾਸ਼ਿਦ ਤੇ ਮੁਜੀਬ ਤੋਂ ਇਲਾਵਾ 'ਚਾਈਨਾਮੈਨ' ਗੇਂਦਬਾਜ਼ ਜ਼ਾਹਿਰ ਖਾਨ, ਆਮਿਰ ਹੰਜ਼ਾ ਵੀ ਹਨ।
ਭਾਰਤੀ ਟੀਮ ਦੀ ਅਗਵਾਈ ਅਜਿੰਨਿਆ ਰਹਾਣੇ ਕਰ ਰਿਹਾ ਹੈ, ਕਿਉਂਕਿ ਵਿਰਾਟ ਕੋਹਲੀ ਨੇ ਅਗਾਮੀ ਇੰਗਲੈਂਡ ਦੌਰੇ ਦੀ ਤਿਆਰੀ ਲਈ ਉਥੇ ਜਾ ਕੇ ਕਾਊਂਟੀ ਕ੍ਰਿਕਟ ਖੇਡ ਕੇ ਆਪਣੇ-ਆਪ ਨੂੰ ਉਥੇ ਦੇ ਮੌਸਮ ਅਨੁਸਾਰ ਢਾਲਣ ਲਈ ਇਸ ਮੈਚ ਤੋਂ ਛੁੱਟੀ ਲਈ ਸੀ। ਪਿਛਲੀਆਂ 2 ਲੜੀਆਂ 'ਚ ਇੰਗਲੈਂਡ ਨੇ ਆਪਣੀ ਧਰਤੀ 'ਤੇ ਜਿਸ ਤਰ੍ਹਾਂ ਭਾਰਤੀ ਬੱਲੇਬਾਜ਼ਾਂ ਦਾ ਜਲੂਸ ਕੱਢਿਆ ਸੀ, ਉਹ ਸਭ ਨੂੰ ਪਤਾ ਹੀ ਹੈ। ਪਰ ਇੰਗਲੈਂਡ ਜਾਣ ਤੋਂ ਪਹਿਲਾਂ ਹੀ ਉਸ ਦੇ ਸੱਟ ਲੱਗ ਗਈ ਤਾਂ ਉਸ ਦਾ ਉਥੇ ਜਾਣ ਦਾ ਪ੍ਰੋਗਰਾਮ ਵੀ ਰੱਦ ਹੋ ਗਿਆ। ਬੱਲੇਬਾਜ਼ੀ 'ਚ ਰਹਾਣੇ ਦਾ ਸਾਥ ਸ਼ਿਖਰ ਧਵਨ, ਕੇ. ਐਲ. ਰਾਹੁਲ, ਮੁਰਲੀ ਵਿਜੈ, ਕਰੁਣ ਨਾਇਰ, ਚੇਤੇਸ਼ਵਰ ਪੁਜਾਰਾ ਦੇਣਗੇ, ਜਦਕਿ ਰਿਧਿਮਾਨ ਸਾਹਾ ਦੇ ਸੱਟ ਲੱਗਣ ਕਾਰਨ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਦਿਨੇਸ਼ ਕਾਰਤਿਕ ਨਿਭਾਉਣਗੇ। ਤੇਜ਼ ਗੇਂਦਬਾਜ਼ੀ ਦੀ ਕਮਾਨ ਉਮੇਸ਼ ਯਾਦਵ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਸ਼ਾਰਦੁਲ ਠਾਕੁਰ ਤੇ ਆਲਰਾਊਂਡਰ ਹਾਰਦਿਕ ਪਾਂਡਿਆ ਹੱਥ ਰਹੇਗੀ, ਜਦਕਿ ਸਪਿਨ ਵਿਭਾਗ 'ਚ ਆਰ. ਆਸ਼ਵਿਨ, ਰਵਿੰਦਰ ਜਡੇਜਾ ਤੇ 'ਚਾਈਨਾਮੈਨ' ਕੁਲਦੀਪ ਯਾਦਵ ਦੇ ਹੱਥ ਰਹੇਗੀ।
ਅਫ਼ਗਾਨਿਸਤਾਨ ਹੱਥ ਗੁਆਉਣ ਨੂੰ ਕੁਝ ਨਹੀਂ। ਉਸ ਦੀ ਜਿੱਤ ਉਲਟਫੇਰ ਮੰਨੀ ਜਾਵੇਗੀ ਪਰ ਭਾਰਤੀ ਟੀਮ ਆਪਣੇ ਕਈ ਮੁੱਖ ਖਿਡਾਰੀਆਂ ਦੀ ਗ਼ੈਰ-ਮੌਜੂਦਗੀ 'ਚ ਅਜਿਹਾ ਹੋਣ ਨਹੀਂ ਦੇਣਾ ਚਾਹੇਗੀ। ਦੇਖਣਾ ਹੈ ਕਿ ਅਫ਼ਗਾਨਿਸਤਾਨ ਦੇ ਖਿਡਾਰੀ ਕਿੰਨਾ ਦਮ-ਖਮ ਲਗਾਉਂਦੇ ਹਨ ਤੇ ਭਾਰਤੀ ਖਿਡਾਰੀ ਆਪਣੀ ਸਾਖ ਕਿਵੇਂ ਬਚਾਉਂਦੇ ਹਨ?


-63, ਪ੍ਰੋਫੈਸਰ ਕਾਲੋਨੀ, ਰਾਮਾ ਮੰਡੀ, ਜਲੰਧਰ।

ਸਾਫ਼-ਸੁਥਰੀ, ਅਨੁਸ਼ਾਸਨਬੱਧ ਹਾਕੀ ਖੇਡਣ ਦੀ ਲੋੜ

ਆਦਮੀ ਦੀ ਬੁੱਧੀ ਤੇ ਵਿਵੇਕ ਨੂੰ ਸਲਾਮ! ਹਾਕੀ ਖੇਡ ਪੱਖੋਂ ਵੀ ਉਹ ਦਾਦ ਦੀ ਹੱਕਦਾਰ ਹੈ, ਜਿਸ ਨੇ ਹਾਕੀ ਵਰਗੀ ਤੇਜ਼, ਜੋਸ਼ੀਲੀ, ਸਨਸਨੀਖੇਜ ਖੇਡ ਹੋਂਦ 'ਚ ਲਿਆਂਦੀ, ਜਿਸ ਵਿਚ ਹਥਿਆਰ ਨੁਮਾ ਹਾਕੀਆਂ ਦਾ ਇਸ ਤਰ੍ਹਾਂ ਹੁਨਰਮੰਦ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਕਿ ਕਿਸੇ ਨੂੰ ਸੱਟ ਨਾ ਲੱਗੇ। ਇਸ ਲਈ ਇਸ ਖੇਡ ਨੂੰ ਅਪਣਾਉਣ ਵਾਲੇ ਸਾਰੇ ਹਾਕੀ ਖਿਡਾਰੀ ਇਸ ਪੱਖੋਂ ਸੁਚੇਤ ਰਹਿਣ। ਉਨ੍ਹਾਂ ਦਾ ਇਸ ਖੇਡ ਪ੍ਰਤੀ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਸਾਫ਼-ਸੁਥਰਾ, ਅਨੁਸ਼ਾਸਨਬੱਧ ਪ੍ਰਦਰਸ਼ਨ ਦਾ ਮੁਜ਼ਾਹਰਾ ਕਰਦਿਆਂ ਸਪੋਰਟਸਮੈਨਸ਼ਿਪ ਦਾ ਨਿਹਾਇਤ ਖੂਬਸੂਰਤ ਨਮੂਨਾ ਪੇਸ਼ ਕਰਨ। ਖਿਤਾਬ ਜਿੱਤ ਦੀ ਦੌੜ 'ਚ ਖੇਡ ਦੇ ਨਿਯਮਾਂ, ਖੇਡ ਦੀ ਮਰਿਆਦਾ ਨੂੰ ਅਣਗੌਲਿਆ ਕਰਨਾ ਕਦੇ ਵੀ ਕਿਸੇ ਖੇਡ ਮੈਦਾਨ 'ਚ ਪ੍ਰਸੰਸਾ ਦਾ ਸਬੱਬ ਨਹੀਂ ਬਣਦਾ।
ਪਿਛਲੇ ਕੁਝ ਅਰਸੇ ਤੋਂ ਅਸੀਂ ਤੱਕਿਆ ਕਿ ਹਾਕੀ ਨੂੰ ਸਾਡੇ ਖਿਡਾਰੀਆਂ ਨੇ ਇਕ ਸੱਭਿਅਕ ਖੇਡ ਰਹਿਣ ਨਹੀਂ ਦਿੱਤਾ। ਖਾਸ ਕਰਕੇ ਸਕੂਲ, ਕਾਲਜ, ਯੂਨੀਵਰਸਿਟੀ ਪੱਧਰੀ ਨਿਹਾਇਤ ਲੋਕਪ੍ਰਿਆ ਟੂਰਨਾਮੈਂਟ 'ਚ ਵੀ ਉਨ੍ਹਾਂ ਦੇ ਲੱਚਰ ਪ੍ਰਦਰਸ਼ਨ ਨੇ ਆਪਣੀਆਂ ਸਾਰੀਆਂ ਹੱਦਾਂ-ਬੰਨ੍ਹੀਆਂ ਤੋੜੀਆਂ ਹਨ। ਉਨ੍ਹਾਂ ਨੇ ਭਾਵੇਂ ਇਸ ਵਿਚ ਕੋਈ ਸ਼ਰਮ ਮਹਿਸੂਸ ਕੀਤੀ ਜਾਂ ਨਹੀਂ ਪਰ ਹਾਕੀ ਜ਼ਰੂਰ ਸ਼ਰਮਸਾਰ ਤੇ ਜ਼ਲੀਲ ਹੋਈ ਹੈ। ਅੰਪਾਇਰਾਂ ਵਲੋਂ ਹਰੇ, ਪੀਲੇ ਅਤੇ ਲਾਲ ਕਾਰਡਾਂ ਦਾ ਦਿਖਾਵਾ ਵਧਿਆ, ਜੋ ਹਾਕੀ ਲਈ ਸ਼ੁੱਭ ਸੰਕੇਤ ਨਹੀਂ।
ਅਸੀਂ ਜਿਸ ਦੌਰ ਵਿਚੋਂ ਗੁਜ਼ਰ ਰਹੇ ਹਾਂ, ਹਾਕੀ ਦੇ ਜ਼ਿਆਦਾ ਲੋਕਪ੍ਰਿਆ ਨਾ ਰਹਿਣ ਦਾ ਕਾਰਨ ਇਕ ਇਹ ਵੀ ਹੈ ਕਿ ਸਾਡੇ ਕੁਝ ਰਾਸ਼ਟਰੀ ਪੱਧਰ ਦੇ ਹੀ ਨਹੀਂ, ਬਲਕਿ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੇ ਵੀ ਮੈਦਾਨਾਂ 'ਚ ਉਹ ਹੁੱਲੜਬਾਜ਼ੀ ਦਾ ਮੁਜ਼ਾਹਰਾ ਕੀਤਾ ਹੈ, ਉਹ ਗਾਲੀ-ਗਲੋਚ ਦਾ ਪ੍ਰਦਰਸ਼ਨ ਕੀਤਾ, ਇਕ-ਦੂਜੇ ਨੂੰ ਜਾਣ-ਬੁੱਝ ਕੇ ਉਹ ਸੱਟਾਂ ਲਾਈਆਂ ਹਨ, ਜ਼ਖਮੀ ਕੀਤਾ ਹੈ, ਜਿਸ ਕਰਕੇ ਅਵਾਮ ਨੂੰ ਲੱਗਣ ਲੱਗ ਪਿਆ ਕਿ 'ਹਾਕੀ ਸਭ ਤੋਂ ਖ਼ਤਰਨਾਕ ਖੇਡ' ਅਤੇ ਹਾਕੀ ਖਿਡਾਰੀ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਅਨੁਸ਼ਾਸਨਹੀਣ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਦੇਸ਼ ਨੂੰ ਮਿਲੀ ਟੇਬਲ ਟੈਨਿਸ ਦੀ ਨਵੀਂ ਰਾਣੀ-ਮਣਿਕਾ ਬੱਤਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਣਿਕਾ ਦੀਆਂ ਹੋਰ ਸਫਲਤਾਵਾਂ ਵੀ ਕਾਬਲੇ ਤਾਰੀਫ ਹਨ :-2015 ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਤਿੰਨ ਤਗਮੇ ਜਿੱਤੇ, 2016 ਵਿਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਾ ਸਿੰਗਲ ਖਿਤਾਬ ਜਿੱਤਿਆ, 2016 ਦੇ ਦੱਖਣੀ ਏਸ਼ਿਆਈ ਖੇਡਾਂ ਵਿਚ ਤਿੰਨ ਸੋਨ ਤਗਮਿਆਂ ਨਾਲ ਚਾਰ ਤਗਮੇ ਜਿੱਤੇ, 2016 ਦੇ ਰੀਓ ਉਲੰਪਿਕ ਲਈ ਕੁਆਲੀਫਾਈ ਕੀਤਾ, ਉਹ ਉਸ ਔਰਤ ਟੀਮ ਦਾ ਹਿੱਸਾ ਸੀ, ਜਿਸ ਨੇ ਵਿਸ਼ਵ ਟੇਬਲ ਟੇਨਿਸ ਟੀਮ ਚੈਂਪੀਅਨਸ਼ਿਪ ਦਾ ਸੈਕਿੰਡ ਡਵੀਜ਼ਨ ਜਿੱਤ ਕੇ ਇਤਿਹਾਸ ਰਚਿਆ ਅਤੇ 2016 ਦੇ ਇਲੀਟ ਡਿਵੀਜ਼ਨ ਲਈ ਕੁਆਲੀਫਾਈ ਕੀਤਾ ਅਤੇ ਮੋਉਮਾ ਦਾਸ ਨਾਲ ਮਿਲ ਕੇ ਪਹਿਲੀ ਭਾਰਤੀ ਜੋੜੀ ਬਣੀ ਜੋ 2017 ਦੀ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿਚ ਪਹੁੰਚੀ।
ਹਾਲਾਂਕਿ ਜਦੋਂ ਮਣਿਕਾ ਟੇਬਲ 'ਤੇ ਹੁੰਦੀ ਹੈ ਤਾਂ ਇਕ ਨਿਡਰ ਤੇ ਜਾਂਬਾਜ਼ ਖਿਡਾਰੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਆਪਣੀ ਸਫਲਤਾ ਦਾ ਪ੍ਰਦਰਸ਼ਨ ਮੁੱਠੀ ਮੀਚ ਕੇ ਕਰਦੀ ਹੈ। ਪਰ ਜਦੋਂ ਤੁਸੀਂ ਉਨ੍ਹਾਂ ਨਾਲ ਗੱਲ ਕਰਨ ਲਈ ਬੈਠੋ ਤਾਂ ਉਹ ਸ਼ਬਦਾਂ ਨੂੰ ਲੱਭਦੇ ਹੋਏ ਬਹੁਤ ਹੀ ਹੌਲੀ-ਹੌਲੀ ਬੋਲਦੀ ਹੈ ਕਿ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਸਮਝਣ ਲਈ ਆਪਣੇ ਕੰਨਾਂ 'ਤੇ ਜ਼ੋਰ ਦੇਣਾ ਪੈਂਦਾ ਹੈ। ਗੋਲਡ ਕੋਸਟ ਵਿਚ ਭਾਰਤੀ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੀ ਮਣਿਕਾ ਸ਼ਰਮੀਲੀ ਅਤੇ ਨਰਮ ਸੁਭਾਅ ਦੀ ਮਾਲਕ ਹੈ। ਇਹ ਸੰਭਵ ਹੈ ਕਿ ਉਹ ਆਪਣੇ ਨਵੇਂ ਸਟਾਰਡਮ ਵਿਚ ਢਲਣ ਦੀ ਕੋਸ਼ਿਸ਼ ਕਰ ਰਹੀ ਹੋਵੇ, ਪਰ ਉਨ੍ਹਾਂ ਨੂੰ ਇਸ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਹ ਦੱਸਦੀ ਹੈ, 'ਮੈਂ ਸ਼ਰਮੀਲੀ ਜ਼ਰੂਰ ਹਾਂ ਪਰ ਸਟਾਰਡਮ ਨੂੰ ਇਨਜੁਆਏ ਕਰਦੀ ਹਾਂ। ਜ਼ਾਹਿਰ ਹੈ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਹਰ ਕੋਈ ਮੇਰਾ ਨਾਂਅ ਜਾਣਦਾ ਅਤੇ ਜਦੋਂ ਮੈਂ ਬਾਹਰ ਜਾਂਦੀ ਹਾਂ ਤਾਂ ਲੋਕ ਕਹਿੰਦੇ, ਓਹ! 'ਮਣਿਕਾ ਬੱਤਰਾ ਇਹ ਹੈ'। ਮੈਂ ਇਸ ਨੂੰ ਇਨਜੁਆਏ ਕਰਦੀ ਹਾਂ।'
ਪਰ ਜਦੋਂ ਮੈਂ ਏਅਰਪੋਰਟ ਤੋਂ ਬਾਹਰ ਨਿਕਲੀ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਏਨੇ ਸਾਰੇ ਲੋਕ, ਮੀਡੀਆ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੰਮੀ ਨੇ ਕੁਝ ਸੰਕੇਤ ਜ਼ਰੂਰ ਦਿੱਤੇ ਸਨ, ਪਰ ਏਨਾ ਵੱਡਾ ਸਵਾਗਤ ਹੋਵੇਗਾ ਇਸ ਦੀ ਆਸ ਨਹੀਂ ਸੀ। ਟੇਬਲ ਟੇਨਿਸ ਭਾਰਤ ਵਿਚ ਲੋਕਪ੍ਰਿਆ ਕਿੱਥੇ ਹੈ, ਪਰ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਮੈਂ ਯਕੀਨ ਕਰਨਾ ਚਾਹੁੰਦੀ ਹਾਂ ਕਿ ਟੇਬਲ ਟੇਨਿਸ ਵੀ ਦੇਸ਼ ਵਿਚ ਲੋਕਪ੍ਰਿਆ ਹੋ ਜਾਏ।' ਵਿਸ਼ਵ ਵਿਚ 58 ਰੈਂਕਿੰਗ ਦੀ ਖਿਡਾਰਨ ਮਣਿਕਾ ਪੱਛਮੀ ਦਿੱਲੀ ਦੇ ਨਰਾਇਣਾ ਵਿਹਾਰ ਵਿਚ ਰਹਿੰਦੀ ਹੈ। ਉਹ ਤਿੰਨ ਭਰਾ-ਭੈਣਾਂ ਵਿਚ ਸਭ ਤੋਂ ਛੋਟੀ ਹੈ। ਉਨ੍ਹਾਂ ਦੇ ਭਰਾ ਸਾਹਿਲ ਤੇ ਭੈਣ ਆਂਚਲ ਵੀ ਟੇਬਲ ਟੇਨਿਸ ਖੇਡਦੇ ਸਨ। ਆਂਚਲ ਨੇ ਤਾਂ ਕੌਮਾਂਤਰੀ ਪੱਧਰ 'ਤੇ ਟੇਬਲ ਟੇਨਿਸ ਖੇਡਿਆ ਹੈ। ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਮਣਿਕਾ ਵੀ ਪੰਜਾਬੀ ਬਾਗ ਦੀ ਸਟੈਗ ਹੰਸਰਾਜ ਮਾਡਲ ਸਕੂਲ ਅਕਾਦਮੀ ਵਿਚ ਜਾਣ ਲੱਗੀ, ਜਿਥੇ ਉਨ੍ਹਾਂ ਨੂੰ ਕੋਚ ਸੰਦੀਪ ਗੁਪਤਾ ਮਿਲੇ। ਗੁਪਤਾ ਨੇ ਮਣਿਕਾ ਦੀ ਪ੍ਰਤਿਭਾ ਤੇ ਤਾਕਤ ਨੂੰ ਪਰਖਿਆ ਅਤੇ ਉਸ ਵਿਚ ਨਿਖਾਰ ਲਿਆਉਣਾ ਤੈਅ ਕੀਤਾ। ਮਣਿਕਾ ਦੀ ਵੀ ਦਿਲਚਸਪੀ ਵਧੀ ਅਤੇ ਉਨ੍ਹਾਂ ਟੇਬਲ ਟੇਨਿਸ ਨੂੰ ਕੈਰੀਅਰ ਬਣਾਉਣ ਦਾ ਨਿਰਣਾ ਕੀਤਾ। ਉਹ ਦੱਸਦੀ ਹੈ, 'ਮੈਨੂੰ ਟੇਬਲ ਟੇਨਿਸ ਦੀ ਹਰ ਚੀਜ਼ ਪਸੰਦ ਹੈ, ਟੇਬਲ, ਰੈਕੇਟ, ਰਫ਼ਤਾਰ। ਯੂਥ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਮੈਂ ਟੇਬਲ ਟੇਨਿਸ ਨੂੰ ਕੈਰੀਅਰ ਬਣਾਉਣ ਲਈ ਗੰਭੀਰਤਾ ਨਾਲ ਸੋਚਣ ਲੱਗੀ। ਮੈਨੂੰ ਚੁਣੌਤੀਆਂ ਪਸੰਦ ਹਨ ਅਤੇ ਜਦੋਂ ਮੈਂ ਟੇਬਲ 'ਤੇ ਹੁੰਦੀ ਹਾਂ ਤਾਂ ਆਪਣੇ ਆਪ ਨੂੰ ਪੇਸ਼ ਕਰਦੀ ਹਾਂ।'
ਅਕਾਦਮੀ ਵਿਚ ਆਪਣੇ ਤੋਂ ਛੇ ਸਾਲ ਸੀਨੀਅਰ ਨੇਹਾ ਅਗਰਵਾਲ (2008 ਬੀਜਿੰਗ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ) ਦੇ ਨਾਲ ਮਣਿਕਾ ਪਿੰਪਲਡ ਰਬਰ (ਡਿਫੈਂਸ ਲਈ ਵਰਤੋਂ ਕੀਤੀ ਜਾਣ ਵਾਲੀ) ਤੋਂ ਅਭਿਆਸ ਕਰਦੀ ਹੈ ਅਤੇ ਬੈਟ ਨੂੰ ਫਲਿਪ ਕਰਨ ਦੀ ਕਲਾ ਵੀ ਸਿੱਖਦੀ ਹੈ ਜਿਸ ਨਾਲ ਮੁਕਾਬਲੇਬਾਜ਼ ਨੂੰ ਸ਼ਸ਼ੋਪੰਜ ਵਿਚ ਪਾਉਣ ਲਈ ਜਵਾਬੀ ਹਮਲਾ ਕੀਤਾ ਜਾਂਦਾ ਹੈ। ਗੋਲਡ ਕੋਸਟ ਵਿਚ ਸਿੰਗਾਪੁਰ ਦੀ ਫੇਂਗ ਨੂੰ ਚੱਕਰ ਵਿਚ ਪਾਉਣ ਲਈ ਇਹ ਮਾਸਟਰ ਸਟ੍ਰੋਕ ਸਾਬਤ ਹੋਇਆ। ਧਿਆਨ ਰਹੇ ਕਿ ਟੇਬਲ ਟੇਨਿਸ ਬੈਟ ਦੀਆਂ ਦੋ ਸਾਈਡ ਹੁੰਦੀਆਂ ਹਨ-ਇਕ, ਪਿੰਪਲਡ ਤੇ ਦੂਜੀ ਨਾਰਮਲ। ਇਕ ਦੀ ਵਰਤੋਂ ਡਿਫੈਂਸ ਲਈ ਕੀਤੀ ਜਾਂਦੀ ਹੈ ਅਤੇ ਦੂਜੀ ਦਾ ਅਟੈਕ ਲਈ। ਇਸ ਨੂੰ ਅਦਲ-ਬਦਲ ਕੇ ਖੇਡਣ ਨਾਲ ਮੁਕਾਬਲੇਬਾਜ਼ ਪ੍ਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਕੌਮਾਂਤਰੀ ਖਿਡਾਰੀ ਇਸ ਤਕਨੀਕ ਦੀ ਵਰਤੋਂ ਨਹੀਂ ਕਰਦੇ ਹਨ। ਮਣਿਕਾ ਇਸ ਤਕਨੀਕ ਦੀ ਪ੍ਰੈਕਟਿਸ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਰ ਰਹੀ ਹੈ। (ਸਮਾਪਤ)

ਆਇਰਨ ਮੈਨ ਵਜੋਂ ਜਾਣਿਆ ਜਾਂਦਾ ਹੈ ਮਾਣਮੱਤਾ ਖਿਡਾਰੀ ਅਮਿਤ ਸਰੋਆ

ਦੇਸ਼ ਦੇ ਆਇਰਨ ਮੈਨ ਵਜੋਂ ਜਾਣਿਆ ਜਾਂਦਾ ਹੈ ਮਾਣ-ਮੱਤਾ ਖਿਡਾਰੀ ਅਮਿਤ ਸਰੋਆ, ਜਿਸ ਨੇ ਦੇਸ਼ ਲਈ ਖੇਡਦਿਆਂ ਐਨੇ ਕੁ ਕੀਰਤੀਮਾਨ ਸਥਾਪਤ ਕੀਤੇ ਕਿ ਉਹ ਕੀਰਤੀਮਾਨ ਅਜੇ ਵੀ ਅਮਿਤ ਸਰੋਆ ਦੇ ਨਾਂਅ ਬੋਲਦੇ ਹਨ ਅਤੇ ਅਮਿਤ ਸਰੋਆ ਦਾ ਨਾਂਅ ਅੰਤਰਰਾਸ਼ਟਰੀ ਖਿਡਾਰੀਆਂ ਦੀ ਪਹਿਲੀ ਸੂਚੀ ਵਿਚ ਆਉਂਦਾ ਹੈ ਅਤੇ ਵਿਸ਼ਵ ਪੱਧਰੀ ਖਿਤਾਬ ਵੀ ਉਸ ਦੇ ਨਾਂਅ ਬੋਲਦੇ ਹਨ। ਅਮਿਤ ਸਰੋਆ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸੋਨੀਪਤ ਦੇ ਇਕ ਛੋਟੇ ਜਿਹੇ ਪਿੰਡ ਬਾਈਆਂਪੁਰ ਵਿਖੇ 20 ਅਕਤੂਬਰ, 1985 ਨੂੰ ਪਿਤਾ ਸਵਰਗੀ ਬਲਬੀਰ ਸਿੰਘ ਦੇ ਘਰ ਮਾਤਾ ਦਰਸ਼ਨਾ ਦੇਵੀ ਦੀ ਕੁੱਖੋਂ ਹੋਇਆ। ਅਮਿਤ ਸਰੋਆ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਂਕ ਸੀ ਅਤੇ ਸਕੂਲ ਪੜ੍ਹਦਿਆਂ ਹੀ ਉਸ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਉਹ ਨੈਸ਼ਨਲ ਲੈਵਲ ਦਾ ਹਾਕੀ ਦਾ ਸਟਾਰ ਖਿਡਾਰੀ ਸੀ ਪਰ ਉਸ ਵਕਤ ਉਸ ਦੀ ਜ਼ਿੰਦਗੀ ਦਾ ਇਹ ਸਫ਼ਰ ਰੁਕ ਗਿਆ, ਜਦੋਂ ਉਹ ਭਰ ਜੁਆਨ 22 ਵਰ੍ਹਿਆਂ ਦਾ ਸੀ ਕਿ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਇਸ ਹੋਏ ਖ਼ਤਰਨਾਕ ਹਾਦਸੇ ਨੇ ਅਮਿਤ ਸਰੋਆ ਨੂੰ ਅਜਿਹੀ ਸੱਟ ਮਾਰੀ ਕਿ ਉਹ ਮੁੜ ਤੋਂ ਹਾਕੀ ਖੇਡਣ ਦੇ ਕਾਬਲ ਨਹੀਂ ਰਿਹਾ, ਕਿਉਂਕਿ ਹਾਦਸੇ ਤੋਂ ਬਾਅਦ ਉਹ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਿਆ ਅਤੇ ਹੁਣ ਉਹ ਸਾਰੀ ਜ਼ਿੰਦਗੀ ਲਈ ਵੀਲਚੇਅਰ 'ਤੇ ਜ਼ਿੰਦਗੀ ਜਿਊਣ ਲਈ ਮਜਬੂਰ ਸੀ।
ਅਮਿਤ ਦਾ ਖੇਡ ਮਨ ਵਲਵਲੇ ਲੈਂਦਾ ਅਤੇ ਕਦੇ-ਕਦੇ ਉਹ ਵੀਲਚੇਅਰ 'ਤੇ ਬੈਠਾ-ਬੈਠਾ ਸੋਚਦਾ ਕਿ ਜ਼ਿੰਦਗੀ ਦਗਾ ਦੇ ਗਈ ਅਤੇ ਉਸ ਦੀਆਂ ਅੱਖਾਂ ਭਰ ਆਉਂਦੀਆਂ। ਇਕ ਵਾਰ ਵਿਦੇਸ਼ ਤੋਂ ਵੀਲਚੇਅਰ 'ਤੇ ਖੇਡਣ ਵਾਲਾ ਪ੍ਰਸਿੱਧ ਖਿਡਾਰੀ ਜੋਨਥਨ ਸਿਗਵੱਰਥ ਭਾਰਤੀ ਵੀਲਚੇਅਰ 'ਤੇ ਖੇਡਣ ਵਾਲੇ ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਆਇਆ ਤਾਂ ਅਮਿਤ ਸਰੋਆ ਦੀ ਉਸ ਨਾਲ ਮੁਲਾਕਾਤ ਹੋਈ। ਉਸ ਨੇ ਅਮਿਤ ਵਿਚ ਖੇਡਣ ਦੀ ਐਨੀ ਪ੍ਰਬਲ ਇੱਛਾ ਵੇਖੀ ਕਿ ਉਸ ਨੇ ਅਮਿਤ ਸਰੋਆ ਨੂੰ ਵੀਲਚੇਅਰ 'ਤੇ ਹੀ ਬੈਠ ਕੇ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਅਮਿਤ ਸਰੋਆ ਜੋਨਥਨ ਤੋਂ ਐਨਾ ਉਤਸ਼ਾਹਿਤ ਹੋਇਆ ਕਿ ਉਸ ਦੇ ਹੌਸਲੇ ਇਕ ਵਾਰ ਫਿਰ ਤੋਂ ਜੁਆਨ ਹੋ ਗਏ ਅਤੇ ਉਸ ਨੇ ਆਪਣੀ ਵੀਲਚੇਅਰ ਖੇਡ ਦੇ ਮੈਦਾਨ ਵਿਚ ਅਜਿਹੀ ਉਤਾਰੀ ਕਿ ਅੱਜ ਅਮਿਤ ਸਰੋਆ ਦਾ ਨਾਂਅ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਤਾਰੇ ਵਾਂਗ ਚਮਕਦਾ ਹੈ। ਸਾਲ 2010 ਵਿਚ ਉਸ ਨੇ ਚੀਨ ਦੇ ਸ਼ਹਿਰ ਗੰਗਜੂ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ, ਜਿੱਥੇ ਅਮਿਤ ਸਰੋਆ ਨੇ ਡਿਸਕਸ ਥਰੋ ਵਿਚ ਚਾਂਦੀ ਦਾ ਤਗਮਾ ਲੈ ਕੇ ਭਾਰਤ ਦਾ ਨਾਂਅ ਉੱਚਾ ਕੀਤਾ ਅਤੇ ਉਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਕੁਲ 14 ਤਗਮੇ ਜਿੱਤੇ ਸਨ, ਜਿਨ੍ਹਾਂ ਵਿਚ ਅਮਿਤ ਸਰੋਆ ਵੀ ਸ਼ਾਮਿਲ ਸੀ ਅਤੇ ਇਸ ਤੋਂ ਦੋ ਸਾਲ ਬਾਅਦ ਹੀ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਹੋਈ ਪੈਰਾ ਉਲੰਪਿਕ ਵਿਚ ਅਮਿਤ ਸਰੋਆ ਨੇ ਦੇਸ਼ ਲਈ ਖੇਡਦਿਆਂ ਦੋ ਸੋਨ ਤਗਮੇ ਆਪਣੇ ਨਾਂਅ ਹੀ ਨਹੀਂ ਕੀਤੇ, ਏਸ਼ੀਅਨ ਰਿਕਾਰਡ ਤੋੜ ਕੇ ਪੂਰੇ ਵਿਸ਼ਵ ਵਿਚ ਆਪਣਾ ਤੀਸਰਾ ਰੈਂਕ ਹਾਸਲ ਕਰਨ ਵਿਚ ਵੱਡੀ ਜਿੱਤ ਹਾਸਲ ਕੀਤੀ।
ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਹੋਈ ਸਾਲ 2012 ਵਿਚ ਪੈਰਾ ਉਲੰਪਿਕ ਵਿਚ ਅਮਿਤ ਸਰੋਆ ਭਾਰਤ ਦਾ ਉਹ ਪਹਿਲਾ ਇਕੋ-ਇਕ ਖਿਡਾਰੀ ਸੀ, ਜਿਹੜਾ ਦੋਵੇਂ ਲੱਤਾਂ ਤੋਂ ਅਪਾਹਜ ਹੋ ਕੇ ਭਾਰਤ ਦੀ ਪ੍ਰਤੀਨਿਧਤਾ ਕਰ ਰਿਹਾ ਸੀ ਅਤੇ ਉਥੇ ਉਸ ਨੇ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਮੁੱਚੇ ਭਾਰਤ ਦਾ ਨਾਂਅ ਪੂਰੇ ਸੰਸਾਰ ਵਿਚ ਚਮਕਾਇਆ। ਸਾਲ 2014 ਕੋਰੀਆ ਵਿਖੇ ਹੋਈਆਂ ਪੈਰਾ ਖੇਡਾਂ ਵਿਚ ਅਮਿਤ ਸਰੋਆ ਨੇ ਡਿਸਕਸ ਥਰੋਅ ਅਤੇ ਕਲੱਬ ਥਰੋ ਵਿਚ ਦੋ ਤਗਮੇ ਭਾਰਤ ਦੀ ਝੋਲੀ ਪਾਏ। ਸਾਲ 2015 ਵਿਚ ਹੀ ਦੋਹਾ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਅਤੇ ਕੋਰੀਆ ਵਿਚ ਹੋਈਆਂ ਪੈਰਾ ਖੇਡਾਂ ਵਿਚ ਵੀ ਤਗਮੇ ਹੀ ਆਪਣੇ ਨਾਂਅ ਨਹੀਂ ਕੀਤੇ, ਸਗੋਂ ਉਥੇ ਵੀ ਉਸ ਨੇ ਖੇਡਦਿਆਂ ਏਸ਼ੀਅਨ ਰਿਕਾਰਡ ਬਣਾਇਆ। ਸ਼ਾਰਜਾਹ ਦੁਬਈ ਵਿਖੇ ਵੀ ਉਹ ਅਥਲੈਟਿਕ ਵਿਚ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਬਣਿਆ। ਸਾਲ 2016 ਵਿਚ ਰੀਓ ਬ੍ਰਾਜ਼ੀਲ ਵਿਚ ਵੀ ਉਸ ਨੇ ਖੇਡਦਿਆਂ ਭਾਰਤ ਨੂੰ ਤਗਮੇ ਨਾਲ ਨਿਵਾਜਿਆ।
ਅਮਿਤ ਸਰੋਆ ਦਾ ਇਹ ਸਫ਼ਰ ਨਿਰੰਤਰ ਤੌਰ 'ਤੇ ਜਾਰੀ ਹੈ ਅਤੇ ਉਸ ਨੇ ਹੁਣ ਤੱਕ 21 ਤਗਮੇ ਅੰਤਰਰਾਸ਼ਟਰੀ ਅਤੇ 17 ਰਾਸ਼ਟਰੀ ਤਗਮੇ ਆਪਣੇ ਨਾਂਅ ਕੀਤੇ ਹਨ। ਅਮਿਤ ਸਰੋਆ ਦੀਆਂ ਪ੍ਰਾਪਤੀਆਂ ਉੱਪਰ ਮਾਣ ਕਰਦੇ ਹੋਏ ਭਾਰਤ ਸਰਕਾਰ ਉਸ ਨੂੰ ਬਹੁਤ ਹੀ ਵਕਾਰੀ ਪੁਰਸਕਾਰ ਅਰਜਨ ਐਵਾਰਡ ਨਾਲ ਸਨਮਾਨਿਤ ਕਰ ਚੁੱਕੀ ਹੈ ਅਤੇ ਹਰਿਆਣਾ ਸਰਕਾਰ ਸਟੇਟ ਪੁਰਸਕਾਰ ਨਾਲ। ਅਮਿਤ ਸਰੋਆ ਅੱਜਕਲ੍ਹ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਬਤੌਰ ਕੋਚ ਸਪੈਸ਼ਲ ਤੌਰ 'ਤੇ ਪੈਰਾ ਖਿਡਾਰੀਆਂ ਨੂੰ ਤਰਾਸ਼ ਰਿਹਾ ਹੈ ਅਤੇ ਉਸ ਨੇ ਆਪਣੀ ਰਹਿਨੁਮਾਈ ਹੇਠ ਬਹੁਤ ਹੀ ਉੱਚ-ਕੋਟੀ ਦੇ ਖਿਡਾਰੀ ਪੈਦਾ ਕੀਤੇ ਹਨ ਅਤੇ ਕਰ ਰਹੇ ਹਨ। ਇਥੇ ਹੀ ਬਸ ਨਹੀਂ, ਇਹ ਮਾਣ ਵੀ ਅਮਿਤ ਸਰੋਆ ਨੂੰ ਹੀ ਜਾਂਦਾ ਹੈ ਕਿ ਉਸ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਜੋ ਵੀ ਤਨਖਾਹ ਮਿਲਦੀ ਹੈ, ਉਸ ਨੂੰ ਉਹ ਪੈਰਾ ਖਿਡਾਰੀਆਂ ਉੱਪਰ ਹੀ ਖਰਚ ਕਰਦੇ ਹਨ। ਇਸ ਦੇ ਨਾਲ ਹੀ ਉਹ ਹੋਰ ਵੀ ਪੈਰਾ ਖਿਡਾਰੀਆਂ ਨੂੰ ਲਗਾਤਾਰ ਉਤਸ਼ਾਹਿਤ ਕਰਦੇ ਰਹਿੰਦੇ ਹਨ ਅਤੇ ਦੇਸ਼ ਭਰ ਵਿਚ ਹੀ ਉਸ ਨੂੰ ਇਕ ਚੰਗੇ ਸਪੋਕਸਮੈਨ ਵਜੋਂ ਜਾਣਿਆ ਜਾਂਦਾ ਹੈ ਅਤੇ ਅਕਸਰ ਹੀ ਉਹ ਦੇਸ਼ ਦੇ ਵੱਡੇ ਸਮਾਗਮਾਂ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੁੰਦੇ ਹਨ। ਅਮਿਤ ਸਰੋਆ 'ਤੇ ਦੇਸ਼ ਡਾਹਢਾ ਮਾਣ ਕਰਦਾ ਹੈ।


-ਮੋਬਾ: 98551-14484





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX