ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  56 minutes ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 5 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 5 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 5 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 5 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-34

ਰਾਕਾ

ਖ਼ੌਫ਼ਨਾਕ ਅਤੇ ਜ਼ਾਲਮ ਕਿਸਮ ਦਾ ਕਾਰਟੂਨ ਚਰਿੱਤਰ ਹੈ 'ਰਾਕਾ' ਜਿਸ ਨੇ ਵੈਦਰਾਜ ਚਕਰਮਾਚਾਰਿਆ ਦੀ ਅਦਭੁੱਤ ਦਵਾਈ ਪੀਤੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਹ ਮਰ ਨਹੀਂ ਸਕਦਾ। ਉਹ ਸਮੁੰਦਰ ਵਿਚ ਇਕ ਵੇਲ ਮੱਛੀ ਦੇ ਢਿੱਡ ਵਿਚ ਲੰਮੀ ਨੀਂਦ ਸੌਣ ਵਾਲਾ ਪਾਤਰ ਹੈ। ਚਾਣਚੱਕ ਜਦੋਂ ਉਹ ਸਮੁੰਦਰ ਵਿਚੋਂ ਗੁੱਸੇ ਨਾਲ ਭਰਿਆ ਪੀਤਾ ਬਾਹਰ ਧਰਤੀ ਉੱਪਰ ਆਉਂਦਾ ਹੈ ਤਾਂ ਉਸ ਦਾ ਟਾਕਰਾ ਅਜਿਹੇ ਪਾਤਰਾਂ ਨਾਲ ਹੋ ਜਾਂਦਾ ਹੈ, ਜਿਨ੍ਹਾਂ ਵਿਚੋਂ ਇਕ ਦਾ ਦਿਮਾਗ਼ ਕੰਪਿਊਟਰ ਨਾਲੋਂ ਵੀ ਤੇਜ਼ ਦੌੜਦਾ ਹੈ ਅਤੇ ਦੂਜਾ ਤਾਕਤਵਰ ਹੈ। ਜਾਣੀ ਚਾਚਾ ਚੌਧਰੀ ਅਤੇ ਬਲਸ਼ਾਲੀ ਸਾਬੂ। ਦੋਵੇਂ ਪਾਤਰ ਰਾਕਾ ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਹਨ ਅਤੇ ਉਸ ਨੂੰ ਮੂੰਹ ਦੀ ਖਾਣ ਲਈ ਮਜਬੂਰ ਕਰ ਦਿੰਦੇ ਹਨ।
ਰਾਕਾ ਆਪਣੇ ਹੱਥ ਵਿਚ ਕੋਈ ਹਥਿਆਰ ਰੱਖਦਾ ਹੈ। ਚੰਗੀ ਡੀਲ ਡੌਲ ਵਾਲੇ ਅਤੇ ਜ਼ੀਨ ਪਹਿਨਣ ਵਾਲੇ ਇਸ ਗੁੱਸੇਖ਼ੋਰ ਪਾਤਰ ਨੂੰ ਅਖ਼ੀਰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਸੁਧਰ ਜਾਂਦਾ ਹੈ।


-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ। ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਸਹਿਆ ਅਤੇ ਖਰਗੋਸ਼

ਪਿਆਰੇ ਬੱਚਿਓ, ਅਕਸਰ ਆਪਾਂ ਵੱਖ-ਵੱਖ ਚਿੜੀਆਘਰਾਂ ਜਾਂ ਕਈ ਹੋਰ ਥਾਵਾਂ 'ਤੇ ਰੱਖੇ ਗਏ ਖਰਗੋਸ਼ ਦੇਖਦੇ ਹਾਂ। ਜਦੋਂ ਅਸੀਂ ਰਾਤ ਸਮੇਂ ਜਾਂ ਦਿਨ ਚੜ੍ਹਨ ਤੋਂ ਪਹਿਲਾਂ ਸੜਕਾਂ 'ਤੇ ਸਫਰ ਕਰਦੇ ਹਾਂ ਤਾਂ ਕਈ ਵਾਰ ਖਰਗੋਸ਼ ਵਰਗੇ ਹੀ ਇਕ ਹੋਰ ਜੀਵ ਜੋ ਖਰਗੋਸ਼ ਦੇ ਮੁਕਾਬਲੇ ਵੱਡੇ ਆਕਾਰ ਦਾ ਅਤੇ ਖਰਗੋਸ਼ ਤੋਂ ਵਧੇਰੇ ਫੁਰਤੀਲਾ ਹੁੰਦਾ ਹੈ, ਵੀ ਦੇਖਦੇ ਹਾਂ, ਜਿਸ ਨੂੰ ਆਮ ਬੋਲਚਾਲ ਵਿਚ ਸਹਿਆ ਕਿਹਾ ਜਾਂਦਾ ਹੈ। ਖਰਗੋਸ਼ ਦਾ ਵਿਗਿਆਨਕ ਭਾਸ਼ਾ ਵਿਚ ਨਾਂਅ ਓਰੀਕਟੋਲੈਗਸ ਕੂਨੀਕੂਲਸ ਹੁੰਦਾ ਹੈ, ਜਦੋਂ ਕਿ ਸਹਿਆ ਦਾ ਨਾਂਅ ਲੀਪਸ ਨੀਗਰੀਕੋਲਿਸ ਹੁੰਦਾ ਹੈ। ਦੂਰੋਂ ਦੇਖਣ 'ਤੇ ਇਹ ਦੋਵੇਂ ਜੀਵ ਇਕੋ ਜਿਹੇ ਲਗਦੇ ਹਨ ਪਰ ਅਸਲ ਵਿਚ ਇਹ ਇਕ-ਦੂਜੇ ਤੋਂ ਬਹੁਤ ਅਲੱਗ ਹੁੰਦੇ ਹਨ। ਇਨ੍ਹਾਂ ਵਿਚ ਫਰਕ ਇਨ੍ਹਾਂ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਖਰਗੋਸ਼ ਦੇ ਬੱਚੇ ਪੈਦਾ ਹੋਣ ਸਮੇਂ ਬਿਨਾਂ ਵਾਲਾਂ ਤੋਂ ਹੁੰਦੇ ਹਨ ਅਤੇ ਅੱਖਾਂ ਬੰਦ ਹੁੰਦੀਆਂ ਹਨ ਅਤੇ ਉਹ ਆਪਣੀ ਮਾਂ 'ਤੇ ਪੂਰੀ ਤਰ੍ਹਾਂ ਨਿਰਭਰ ਹੁੰਦੇ ਹਨ। ਸਹਿਆ ਦੇ ਬੱਚੇ ਵਾਲਾਂ ਸਮੇਤ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਹੁੰਦੀਆਂ ਹਨ ਅਤੇ ਉਹ ਜਨਮ ਤੋਂ ਇਕ ਘੰਟੇ ਦੇ ਅੰਦਰ-ਅੰਦਰ ਚੱਲਣ-ਫਿਰਨ ਦੇ ਸਮਰੱਥ ਹੋ ਜਾਂਦੇ ਹਨ। ਜਵਾਨ ਸਹਿਆ ਦਾ ਆਕਾਰ ਅਤੇ ਭਾਰ ਜਵਾਨ ਖਰਗੋਸ਼ ਨਾਲੋਂ ਜ਼ਿਆਦਾ ਹੁੰਦਾ ਹੈ। ਸਹਿਆ ਦੀਆਂ ਪਿਛਲੀਆਂ ਲੱਤਾਂ ਅਤੇ ਕੰਨ ਮੁਕਾਬਲਤਨ ਵੱਡੇ ਆਕਾਰ ਦੇ ਹੁੰਦੇ ਹਨ।
ਸਹਿਆ ਦੇ ਦੋਵਾਂ ਕੰਨਾਂ ਉੱਪਰ ਕਾਲੇ ਨਿਸ਼ਾਨ ਹੁੰਦੇ ਹਨ ਜੋ ਕਿ ਖਰਗੋਸ਼ ਵਿਚ ਦੇਖਣ ਨੂੰ ਨਹੀਂ ਮਿਲਦੇ। ਸਹਿਆ ਦੀ ਜੱਤ ਦਾ ਰੰਗ ਗਰਮੀਆਂ ਵਿਚ ਭੂਰਾ ਸਲੇਟੀ ਅਤੇ ਸਰਦੀਆਂ ਵਿਚ ਸਫੈਦ ਹੋ ਜਾਂਦਾ ਹੈ, ਜਦੋਂ ਕਿ ਖਰਗੋਸ਼ ਦੀ ਜੱਤ ਸਾਰਾ ਸਾਲ ਇਕੋ ਰੰਗ ਦੀ ਰਹਿੰਦੀ ਹੈ। ਇਨ੍ਹਾਂ ਦੋਵਾਂ ਜੀਵਾਂ ਦੀਆਂ ਖੁਰਾਕੀ ਆਦਤਾਂ ਵਿਚ ਵੀ ਫਰਕ ਹੁੰਦਾ ਹੈ। ਖਰਗੋਸ਼ ਨਰਮ ਘਾਹ ਅਤੇ ਸਬਜ਼ੀਆਂ ਆਦਿ ਖਾਣਾ ਪਸੰਦ ਕਰਦੇ ਹਨ ਜਦੋਂ ਕਿ ਸਹਿਆ ਦੀ ਮਨਭਾਉਂਦੀ ਖੁਰਾਕ ਦਰੱਖਤਾਂ ਦੀਆਂ ਜੜ੍ਹਾਂ ਅਤੇ ਛਿੱਲ ਆਦਿ ਹੁੰਦੀ ਹੈ। ਖਰਗੋਸ਼ ਧਰਤੀ ਹੇਠਾਂ ਖੁੱਡਾਂ ਬਣਾ ਕੇ ਰਹਿੰਦੇ ਹਨ ਜਦੋਂ ਕਿ ਸਹਿਆ ਧਰਤੀ ਦੇ ਉੱਪਰ ਹੀ ਟੋਇਆਂ ਵਿਚ ਰਹਿਣਾ ਪਸੰਦ ਕਰਦੇ ਹਨ। ਖਤਰੇ ਦੀ ਹਾਲਤ ਵਿਚ ਖਰਗੋਸ਼ ਆਪਣੀਆਂ ਸੁਰੰਗਾਂ ਵਿਚ ਲੁਕ ਜਾਂਦੇ ਹਨ ਜਦੋਂ ਕਿ ਸਹਿਆ ਆਪਣੀਆਂ ਮਜ਼ਬੂਤ ਲੱਤਾਂ ਦੀ ਸਹਾਇਤਾ ਨਾਲ ਖਤਰੇ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਖਰਗੋਸ਼ ਸਮਾਜਿਕ ਜੀਵਨ ਹੁੰਦੇ ਹਨ, ਜਿਸ ਕਰਕੇ ਇਹ ਸਮੂਹਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪਾਲਤੂ ਬਣਾ ਕੇ ਰੱਖਿਆ ਜਾ ਸਕਦਾ ਹੈ, ਜਦੋਂ ਕਿ ਸਹਿਆ ਦਾ ਸੁਭਾਅ ਜੰਗਲੀ ਹੁੰਦਾ ਹੈ ਅਤੇ ਇਹ ਪ੍ਰਜਨਣ ਰੁੱਤ ਨੂੰ ਛੱਡ ਕੇ ਬਾਕੀ ਸਮਾਂ ਇਕੱਲੇ ਹੀ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪਾਲਤੂ ਬਣਾ ਕੇ ਨਹੀਂ ਰੱਖਿਆ ਜਾ ਸਕਦਾ।


-ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਖੂੰਨਣ ਖੁਰਦ (ਸ੍ਰੀ ਮੁਕਤਸਰ ਸਾਹਿਬ)।

ਬਾਲ ਕਹਾਣੀ

ਪਰਿਵਰਤਨ

ਇੰਗਲੈਂਡ ਦੇਸ਼ ਵਿਚ ਇਕ ਪਾਦਰੀ ਦੀ ਦਿਆਲਤਾ ਨੇ ਬਹੁਤ ਵੱਡਾ ਪਰਿਵਰਤਨ ਲਿਆਂਦਾ। ਗੱਲ ਉਸ ਸਮੇਂ ਦੀ ਹੈ ਜਦ ਖਰਾਬ ਮੌਸਮ ਦੌਰਾਨ ਅੱਧੀ ਰਾਤ ਨੂੰ ਚਰਚ ਦੇ ਦਰਵਾਜ਼ੇ 'ਤੇ ਕਿਸੇ ਨੇ ਦਸਤਕ ਦਿੱਤੀ। ਪਾਦਰੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਕ ਅੱਧਮਰਿਆ ਜਿਹਾ ਵਿਅਕਤੀ, ਜਿਸ ਨੇ ਬੇਢੰਗੇ ਕੱਪੜੇ ਪਾਏ ਸਨ, ਬਾਹਰ ਖੜ੍ਹਾ ਸੀ। ਪਾਦਰੀ ਨੇ ਉਸ ਨੂੰ ਅੰਦਰ ਬੁਲਾਇਆ ਤੇ ਆਰਾਮ ਕਰਨ ਲਈ ਕਿਹਾ। ਉਹ ਵਿਅਕਤੀ ਦਰਅਸਲ ਇਕ ਚੋਰ ਸੀ ਤੇ ਪੁਲਿਸ ਤੋਂ ਬਚਦਾ-ਬਚਾਉਂਦਾ ਖਰਾਬ ਮੌਸਮ ਵਿਚ ਚਰਚ ਤੱਕ ਪਹੁੰਚ ਗਿਆ ਸੀ। ਪਾਦਰੀ ਨੇ ਉਸ ਨੂੰ ਭੋਜਨ ਕਰਾਇਆ ਤੇ ਆਰਾਮ ਕਰਨ ਲਈ ਬਿਸਤਰਾ ਦਿੱਤਾ। ਚੋਰ ਨੇ ਸੋਚਿਆ ਕਿਉਂ ਨਾ ਸਵੇਰੇ ਜਾਣ ਤੋਂ ਪਹਿਲਾਂ ਚਰਚ ਵਿਚੋਂ ਹੀ ਸਾਮਾਨ ਚੁੱਕ ਲਿਆ ਜਾਵੇ, ਰੱਬ ਨੇ ਕੀ ਕਰਨਾ ਹੈ। ਇਹੋ ਜਿਹੀ ਘਟੀਆ ਸੋਚ ਨਾਲ ਉਸ ਨੇ ਚਰਚ ਵਿਚੋਂ ਦੋ ਸੋਨੇ ਦੇ ਦੀਵੇ ਚੁੱਕ ਲਏ, ਕਿਉਂਕਿ ਸਵੇਰ ਦਾ ਵੇਲਾ ਹੋਣ ਵਾਲਾ ਸੀ ਤੇ ਅਗਲੀ ਚੋਰੀ ਦੀ ਯੋਜਨਾ ਬਣਾ ਕੇ ਉਹ ਜਲਦੀ-ਜਲਦੀ ਬਾਹਰ ਚਲਾ ਗਿਆ। ਉਸ ਦੇ ਮਨ ਵਿਚ ਇਕ ਵਾਰ ਵੀ ਹਮਦਰਦੀ ਤੇ ਦਇਆ ਭਾਵਨਾ ਨਹੀਂ ਆਈ, ਕਿਉਂਕਿ ਉਸ ਨੇ ਆਪਣੇ ਘਰ-ਪਰਿਵਾਰ ਤੇ ਹੋਰ ਵੀ ਬਹੁਤ ਨੇੜਲੇ ਸਥਾਨਾਂ 'ਤੇ ਚੋਰੀ ਕੀਤੀ ਹੋਈ ਸੀ। ਜਦੋਂ ਚੋਰ ਮੂੰਹ-ਹਨੇਰੇ ਦੌੜ ਰਿਹਾ ਸੀ ਤਾਂ ਪੁਲਿਸ ਵਲੋਂ ਫੜਿਆ ਗਿਆ। ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਜਦ ਰਿਹਾਅ ਨਾ ਹੋ ਸਕਿਆ ਤਾਂ ਮਨ ਨੂੰ ਮਾਰ ਕੇ ਬੈਠ ਗਿਆ। ਉਸ ਦੇ ਹੱਥ ਸੋਨੇ ਦੇ ਵੱਡੇ-ਵੱਡੇ ਦੀਵੇ ਦੇਖ ਕੇ ਪੁਲਿਸ ਨੇ ਕੁੱਟਿਆ-ਮਾਰਿਆ ਤਾਂ ਉਸ ਨੇ ਦੱਸਿਆ ਕਿ ਇਹ ਚਰਚ ਦੇ ਦੀਵੇ ਹਨ। ਪੁਲਿਸ ਨੇ ਪਾਦਰੀ ਨੂੰ ਨਮਸਕਾਰ ਕਰਕੇ ਚੋਰੀ ਬਾਰੇ ਪੁੱਛਿਆ।
ਪਾਦਰੀ ਨੇ ਬੜੀ ਨਿਮਰਤਾ ਤੇ ਹਲੀਮੀ ਨਾਲ ਉੱਤਰ ਦਿੱਤਾ ਕਿ ਇਹ ਦੀਵੇ ਮੇਰੇ ਹਨ ਪਰ ਮੈਂ ਆਪਣੇ ਮਹਿਮਾਨ ਨੂੰ ਕੱਲ੍ਹ ਰਾਤ ਤੋਹਫ਼ੇ ਵਜੋਂ ਦਿੱਤੇ ਸਨ। ਚੋਰ ਇਹ ਸੁਣ ਕੇ ਹੱਕਾ-ਬੱਕਾ ਰਹਿ ਗਿਆ ਤੇ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਗਈਆਂ। ਇਸ ਵਰਤਾਓ ਨੇ ਉਸ ਚੋਰ ਦੇ ਮਨ 'ਤੇ ਅਜਿਹਾ ਗਹਿਰਾ ਅਸਰ ਪਾਇਆ ਕਿ ਉਸ ਨੇ ਚੋਰੀ ਦਾ ਕੰਮ ਛੱਡ ਕੇ ਲੋਕਾਂ ਦਾ ਭਲਾ ਕਰਨਾ ਤੇ ਇਮਾਨਦਾਰੀ ਵਾਲਾ ਕੰਮ ਸ਼ੁਰੂ ਕਰ ਦਿੱਤਾ।


-ਸ: ਸੀ: ਸੈ: ਸਕੂਲ, ਧੰਨੋਵਾਲੀ (ਜਲੰਧਰ)।

ਬੁਝਾਰਤਾਂ

1. ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ।
2. ਹਾਬੜ-ਦਾਬੜ ਪਈ ਕੁੜੇ ਪੜਥੱਲ ਕਿਧਰ ਗਈ ਕੁੜੇ।
3. ਰਾਹ ਦਾ ਡੱਬਾ ਚੁੱਕਿਆ ਨਾ ਜਾਵੇ ਹਾਏ ਵੇ ਰੱਬਾ।
4. ਹਵਾ ਖਾਵੇ ਤਾਂ ਜੁੱਗ-ਜੁੱਗ ਜੀਵੇ ਮਰ ਜਾਵੇ ਜੇ ਪਾਣੀ ਪੀਵੇ।
5. ਪਾਰੋਂ ਆਏ ਦੋ ਅੰਗਰੇਜ਼, ਇਕ ਮਿੱਠਾ, ਇਕ ਤੇਜ਼।
6. ਪੇਕੇ ਸੀ ਮੈਂ ਲਾਡ-ਲਡਿਕੀ,
ਸਹੁਰੇ ਆ ਕੇ ਪੈ ਗਈ ਫਿੱਕੀ।
ਜੀਹਦੇ ਨਾਲ ਲਈਆਂ ਮੈਂ ਲਾਵਾਂ,
ਉਹਦੇ ਹੁਣ ਪਸੰਦ ਨਾ ਆਵਾਂ।
ਉਹਨੇ ਕੀਤਾ ਹੋਰ ਵਿਆਹ,
ਮੈਨੂੰ ਦਿੱਤਾ ਮਗਰੋਂ ਲਾਹ।
ਉੱਤਰ : (1) ਪਰਾਂਦਾ, (2) ਕੜਛੀ, (3) ਕੁੱਪ, (4) ਅੱਗ, (5) ਚੰਦ-ਸੂਰਜ, (6) ਜੁੱਤੀਆਂ ਦਾ ਜੋੜਾ)।


-ਸ਼ੰਕਰ ਦਾਸ,
ਮੋਗਾ। ਮੋਬਾ: 96469-27646

ਪਿਆਰੇ ਦਾਦਾ-ਦਾਦੀ

ਬੱਚਿਓ! ਜੇਕਰ ਰਹਿਣਾ ਖੁਸ਼ਹਾਲ,
ਦਾਦੇ-ਦਾਦੀ ਦਾ ਰੱਖਿਓ ਖਿਆਲ।
ਤੁਸੀਂ ਉਨ੍ਹਾਂ ਦਾ ਹੋ ਪਰਿਵਾਰ,
ਦੇਣਗੇ ਤੁਹਾਨੂੰ ਬਹੁਤ ਪਿਆਰ।
ਕਦੇ ਨਾ ਉਨ੍ਹਾਂ ਦਾ ਦਿਲ ਦੁਖਾਉਣਾ,
ਕਰਕੇ ਸੇਵਾ ਕਰਮ ਕਮਾਉਣਾ।
ਉਨ੍ਹਾਂ ਤੋਂ ਕਦੇ ਨਾ ਰਹਿਣਾ ਵੱਖ,
ਮੰਮੀ-ਡੈਡੀ ਭਾਵੇਂ ਆਖਣ ਲੱਖ।
ਤੁਸੀਂ ਉਨ੍ਹਾਂ ਨੂੰ ਹੈ ਸਮਝਾਉਣਾ,
ਰਲ-ਮਿਲ ਪਿਆਰ ਦੇ ਨਾਲ ਮਨਾਉਣਾ।
ਬਜ਼ੁਰਗ ਹੁੰਦੇ ਨੇ ਘਰ ਦਾ ਤਾਲਾ,
ਘਰ ਹੁੰਦਾ ਉਹ ਕਰਮਾਂ ਵਾਲਾ।
ਜਿਥੇ ਬਜ਼ੁਰਗਾਂ ਦਾ ਹੋਵੇ ਸਤਿਕਾਰ,
ਖੁਸ਼ਹਾਲ ਉਹ ਹੀ ਹੁੰਦਾ ਪਰਿਵਾਰ।
ਬਜ਼ੁਰਗ ਜਿਨ੍ਹਾਂ ਦੇ ਰਹਿੰਦੇ ਨਾਲ,
ਉਹ ਰਹਿੰਦੇ 'ਬਸਰੇ' ਮਾਲੋ-ਮਾਲ।


-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)।
ਮੋਬਾ: 97790-43348

ਬੁਝਾਰਤ-4

ਮੈਂ ਹਾਂ ਸਭ ਤੋਂ ਤਾਕਤਵਰ,
ਸਭ ਨੂੰ ਮੈਥੋਂ ਲੱਗੇ ਡਰ।
ਜੀਹਨੂੰ ਪੈ ਜਾਏ ਮੇਰੀ ਮਾਰ,
ਉੱਠ ਸਕੇ ਨਾ ਦੂਜੀ ਵਾਰ।
ਜਿਹੜਾ ਮੇਰੀ ਕਦਰ ਪਛਾਣੇ,
ਸਾਰੀ ਜ਼ਿੰਦਗੀ ਮੌਜਾਂ ਮਾਣੇ।
ਮੇਰੇ ਤੁਹਾਡੇ ਵਿਚ ਹੈ ਪਰਦਾ,
ਨਾ ਮੈਂ ਜੰਮਦਾ ਨਾ ਮੈਂ ਮਰਦਾ।
ਦੱਸੋ ਬੱਚਿਓ ਮੈਂ ਹਾਂ ਕੌਣ,
ਦੱਸੇ ਬਿਨਾਂ ਨ੍ਹੀਂ ਦੇਣਾ ਸੌਣ।
ਜਾਂ ਫਿਰ ਖੜ੍ਹੇ ਕਰੋ ਹੱਥ,
ਆਪਣਾ ਨਾਂਅ ਮੈਂ ਦੇਵਾਂ ਦੱਸ।
-*-
ਲੋਕੀਂ ਮੈਨੂੰ ਕਹਿੰਦੇ 'ਵਕਤ',
ਨਾਲ ਤੁਰੋ ਬਿਠਾਵਾਂ ਤਖ਼ਤ।


-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।

ਬਾਲ ਸਾਹਿਤ

ਬੋਲ ਨੀ ਧੀਏ ਮਿਠੜੇ ਬੋਲ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਮੁੱਲ : 80 ਰੁਪਏ, ਸਫੇ : 50
ਸੰਪਰਕ : 0172-5027427


ਡਾ: ਗੁਰਚਰਨ ਸਿੰਘ ਔਲਖ ਦੀ ਇਕ ਖੂਬੀ ਹੈ ਕਿ ਉਹ ਨਿਧੜਕ ਲੇਖਕ ਹੈ। ਉਸ ਨੇ ਸਮਾਜਿਕ, ਸਿਆਸਤ ਅਤੇ ਰਾਜ ਪ੍ਰਬੰਧ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨਿਡਰ ਹੋ ਕੇ ਲਿਖਿਆ। ਉਹ ਚਾਹੁੰਦਾ ਹੈ ਕਿ ਉਸ ਦੀ ਕਲਮ ਵਿਚੋਂ ਨਿਕਲਿਆ ਸਾਹਿਤ ਸਮਾਜ ਦਾ ਮੁਹਾਂਦਰਾ ਬਦਲ ਸਕੇ। ਹਥਲੀ ਪੁਸਤਕ ਵਿਚ 14 ਲੇਖ ਵੱਖ-ਵੱਖ ਵਿਸ਼ਿਆਂ ਨੂੰ ਬਿਆਨ ਕਰਦੇ ਹਨ। 'ਨਰੋਈ ਸਿਹਤ', 'ਵਿਹਲ', 'ਭੋਲਾ ਬਚਪਨ' ਅਤੇ 'ਬੱਚਿਆਂ ਦਾ ਪਾਲਣ ਪੋਸ਼ਣ' ਆਦਿ ਲੇਖਾਂ ਵਿਚ ਉਹ ਕਮਾਲ ਦੀਆਂ ਗੱਲਾਂ ਕਰਦਾ ਹੈ। ਉਸ ਦੇ ਲੇਖਾਂ ਦੀ ਸ਼ੁਰੂਆਤ ਕਹਾਣੀ ਵਾਂਗ ਹੁੰਦੀ ਹੈ। ਉਹ ਛੋਟੇ-ਛੋਟੇ ਤੇ ਸਰਲ ਵਾਕਾਂ ਰਾਹੀਂ ਪਾਠਕ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਨਮੂਨਾ ਦੇਖੋ, 'ਆਦਮੀ ਦੇ ਜੀਵਨ ਦਾ ਸਿਖਰ ਜਵਾਨੀ ਹੁੰਦੀ ਹੈ। ਇਸ ਸਮੇਂ ਹੀ ਉਹ ਵਧੇਰੇ ਕਰਕੇ ਨਿਰੋਗ ਰਹਿੰਦਾ ਹੈ।' ਪਾਠਕ ਹੋਰ ਜਾਣਕਾਰੀ ਹਾਸਲ ਕਰਨ ਲਈ ਅੱਗੇ-ਅੱਗੇ ਪੜ੍ਹਦਾ ਹੈ। 'ਨਸ਼ਿਆਂ ਤੋਂ ਮੁਕਤੀ', 'ਭ੍ਰਿਸ਼ਟਾਚਾਰ', 'ਦੁੱਖ-ਸੁੱਖ ਪ੍ਰਦੇਸਾਂ ਦੇ', 'ਲੜੀਏ ਪਰ ਇਨਸਾਨੀਅਤ ਲਈ' ਆਦਿ ਲੇਖ ਪੜ੍ਹ ਕੇ ਪਾਠਕ ਦੀ ਰੂਹ ਕੰਬ ਉੱਠਦੀ ਹੈ। ਸਾਰੇ ਲੇਖ ਪੜ੍ਹਨਯੋਗ ਹਨ। 'ਬੋਲ ਨੀ ਧੀਏ ਮਿਠੜੇ ਬੋਲ' ਵਿਚ ਲੇਖਕ ਲਿਖਦਾ, 'ਮਾਵਾਂ-ਧੀਆਂ ਦਾ ਰਿਸ਼ਤਾ ਸੰਸਾਰ ਦੇ ਸਾਰੇ ਰਿਸ਼ਤਿਆਂ 'ਚੋਂ ਗੂੜ੍ਹਾ, ਸੰਘਣਾ, ਪਿਆਰਾ, ਚਿਰੰਜੀਵੀ ਤੇ ਮਾਣਮੱਤਾ ਹੁੰਦਾ ਹੈ।' ਅੱਗੇ ਦੇਖੋ, 'ਮਾਂ-ਧੀ ਦੇ ਰਿਸ਼ਤੇ ਵਿਚ ਵੀ ਤਰੇੜਾਂ ਆ ਗਈਆਂ ਹਨ।' ਲੇਖਕ ਨੂੰ ਦੁੱਖ ਹੈ ਕਿ ਪੁੱਤ-ਕਪੁੱਤ ਤਾਂ ਹੋ ਜਾਂਦੇ ਹਨ ਪਰ ਹੁਣ ਧੀਆਂ ਵੀ ਮਾਪਿਆਂ ਵਲੋਂ ਮੁੱਖ ਮੋੜ ਰਹੀਆਂ ਹਨ। 'ਮਾਵਾਂ-ਧੀਆਂ ਦੀ ਦੋਸਤੀ ਟੁੱਟਦੀ ਕਹਿਰਾਂ ਦੇ ਨਾਲ। ਮਾਂ-ਧੀ ਦੀ ਦੋਸਤੀ ਘਰ, ਪਰਿਵਾਰ ਅਤੇ ਸਮਾਜ ਦੀ ਨੀਂਹ ਹੈ। ਕਾਸ਼! ਐਸਾ ਯੁੱਗ ਆਵੇ ਕਿ ਮਾਵਾਂ-ਧੀਆਂ ਆਪਣੇ ਰਿਸ਼ਤੇ ਨੂੰ ਸੱਚਾ-ਸੁੱਚਾ ਬਣਾ ਸਕਣ।' ਸਾਰੀ ਪੁਸਤਕ ਪੜ੍ਹਨਯੋਗ ਹੈ। ਲੇਖਕ ਦੀ ਸੋਚ ਹੈ ਕਿ ਸਾਹਿਤ ਸਮਾਜ ਨੂੰ ਨਵੀਂ ਸੇਧ ਦਿੰਦਾ ਹੈ। ਸੋ, ਹਰ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹਾ ਸਾਹਿਤ ਲਿਖੇ, ਜੋ ਸਮਾਜ ਨੂੰ ਸੋਹਣਾ ਅਤੇ ਸੁਚੱਜਾ ਬਣਾ ਸਕੇ, ਕਿਉਂਕਿ ਪਦਾਰਥਵਾਦੀ ਯੁੱਗ ਵਿਚ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਆਰਥਿਕ ਲਾਭ ਲਈ ਦੋਸਤ ਤਾਂ ਇਕ ਪਾਸੇ, ਆਪਣਾ ਖੂਨ ਵੀ ਧੋਖਾ ਦੇ ਜਾਂਦਾ ਹੈ। ਸੋ, ਅੱਜ ਇਸ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੈ, ਜੋ ਨਵੀਂ ਪੀੜ੍ਹੀ ਨੂੰ ਸੇਧ ਦੇ ਸਕਣ। ਡਾ: ਗੁਰਚਰਨ ਸਿੰਘ ਔਲਖ ਨੇ 'ਬੋਲ ਨੀ ਧੀਏ ਮਿਠੜੇ ਬੋਲ' ਪੰਜਾਬੀ ਸਾਹਿਤ ਦੀ ਝੋਲੀ ਵਿਚ ਵਡਮੁੱਲਾ ਤੋਹਫ਼ਾ ਪਾਇਆ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਅਵਤਾਰ ਸਿੰਘ ਸੰਧੂ
ਮੋਬਾ: 99151-82971

ਬਾਲ ਗੀਤ

ਪਿਤਾ ਨੂੰ ਨਾ ਦੇਵੀਂ

ਪਿਤਾ ਦਿਵਸ 'ਤੇ ਵਿਸ਼ੇਸ਼

ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
ਦਿੱਤਾ ਤੈਨੂੰ ਰੱਜਵਾਂ ਪਿਆਰ ਸੋਹਣਿਆਂ।
ਜੰਮਿਆਂ ਤੂੰ ਖੂਬ ਖੁਸ਼ੀਆਂ ਮਨਾਈਆਂ ਸੀ,
ਸਾਰਿਆਂ ਨੇ ਆ ਕੇ ਦਿੱਤੀਆਂ ਵਧਾਈਆਂ ਸੀ।
ਬਣਿਆ ਤੂੰ ਘਰ ਦਾ ਸ਼ਿੰਗਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
ਮਨ ਵਿਚ ਜਿਹੜੇ ਸੁਪਨੇ ਸਜਾਏ ਨੇ,
ਪੂਰੇ ਕਰੀਂ ਆਸਾਂ ਦੇ ਜੋ ਖੰਭ ਲਾਏ ਨੇ।
ਤੇਰੇ ਨਾਲ ਵਸੇ ਸੰਸਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
ਵੱਡੇ ਹੋ ਕੇ ਬਾਪ ਦਾ ਸਹਾਰਾ ਬਣਨਾ,
ਦੁੱਖ ਸਮੇਂ ਸੋਹਣਿਆਂ ਕਿਨਾਰਾ ਬਣਨਾ।
ਬੇੜਾ ਲਾਵੀਂ ਜ਼ਿੰਦਗੀ ਦਾ ਪਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।
'ਡਾਲਵੀ' ਦੇ ਵਾਂਗੂੰ ਨਾਮ ਚਮਕਾਵਣਾ,
ਪੜ੍ਹ-ਲਿਖ ਵੱਡਾ ਰੁਤਬਾ ਤੂੰ ਪਾਵਣਾ।
ਬਾਪ ਦਾ ਤੂੰ ਸੀਨਾ ਦੇਵੀਂ ਠਾਰ ਸੋਹਣਿਆਂ,
ਪਿਤਾ ਨੂੰ ਨਾ ਦੇਵੀਂ ਤੂੰ ਵਿਸਾਰ ਸੋਹਣਿਆਂ।


-ਬਹਾਦਰ ਡਾਲਵੀ,
ਮ: ਨੰ: 6/120, ਰਾਜਗੁਰੂ ਨਗਰ, ਮੋਗਾ-142001.
ਮੋਬਾ: 94172-35502

ਬਾਲ ਨਾਵਲ-67

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਨੂੰ ਆਪਣੇ ਸਕੂਲ ਦੇ ਨਤੀਜੇ ਨਾਲੋਂ ਵੀ ਹਰੀਸ਼ ਦੇ ਨਤੀਜੇ ਦਾ ਜ਼ਿਆਦਾ ਫਿਕਰ ਸੀ। ਉਸ ਨੇ ਮਾਤਾ ਜੀ ਨੂੰ ਕਈ ਵਾਰ ਕਿਹਾ, 'ਮਾਤਾ ਜੀ, ਜਿਸ ਵੇਲੇ ਨਤੀਜਾ ਆਇਆ, ਉਸੇ ਵੇਲੇ ਮੈਂ ਤੁਹਾਨੂੰ ਫੋਨ ਕਰਕੇ ਦੱਸਾਂਗਾ।' ਪਰ ਮਾਤਾ ਜੀ ਕੋਲੋਂ ਜਿਵੇਂ ਹੁਣ ਸਬਰ ਨਹੀਂ ਸੀ ਹੋ ਰਿਹਾ। ਇਸੇ ਕਰਕੇ ਉਹ ਘੜੀ-ਮੁੜੀ ਸਿਧਾਰਥ ਨੂੰ ਫੋਨ ਕਰੀ ਜਾ ਰਹੇ ਸਨ। ਮਾਤਾ ਜੀ ਸੋਚ ਰਹੇ ਸਨ ਕਿ 'ਹਰੀਸ਼ ਵੀ ਸਵੇਰ ਦਾ ਕਾਲਜ ਗਿਆ ਹੋਇਆ ਹੈ। ਉਹ ਵੀ ਨਤੀਜੇ ਦੀ ਉਡੀਕ ਵਿਚ ਤਰਲੋਮੱਛੀ ਹੋ ਰਿਹਾ ਹੋਣੈ।'
ਫੋਨ ਦੀ ਘੰਟੀ ਵੱਜੀ। ਮਾਤਾ ਜੀ ਫੋਨ ਦੇ ਕੋਲ ਹੀ ਬੈਠੇ ਸਨ। ਉਨ੍ਹਾਂ ਨੇ ਘੰਟੀ ਵੱਜਦਿਆਂ ਹੀ ਫੋਨ ਚੁੱਕ ਲਿਆ, 'ਹੈਲੋ।'
'ਮਾਤਾ ਜੀ, ਸਿਧਾਰਥ ਬੋਲ ਰਿਹਾਂ।'
'ਹਾਂ, ਹਾਂ ਮੈਨੂੰ ਪਤੈ। ਨਤੀਜਾ ਆ ਗਿਆ?'
'ਹਾਂ ਜੀ, ਇਸੇ ਕਰਕੇ ਫੋਨ ਕੀਤੈ।'
'ਜਲਦੀ ਜਲਦੀ ਨਤੀਜਾ ਦੱਸ।'
'ਤੁਹਾਡਾ ਪੋਤਰਾ ਪਾਸ ਹੋ ਗਿਆ ਏ।'
'ਪਾਸ ਤੇ ਉਸ ਨੇ ਹੋ ਈ ਜਾਣਾ ਸੀ, ਤੂੰ ਨੰਬਰ ਦੱਸ ਕਿੰਨੇ ਆਏ ਹਨ?'
'ਬਹੁਤ ਵਧੀਆ ਆ ਗਏ ਹਨ, ਮਾਤਾ ਜੀ, 90 ਫੀਸਦੀ ਆਏ ਹਨ।'
'ਸ਼ੁਕਰ ਐ ਪਰਮਾਤਮਾ ਦਾ। ਮੁੰਡੇ ਦੀ ਮਿਹਨਤ ਸਫਲ ਹੋਈ।'
'ਇਕੱਲੇ ਮੁੰਡੇ ਦੀ ਨਹੀਂ, ਤੁਹਾਡੀ ਵੀ ਪੂਰੀ ਮਿਹਨਤ ਲੱਗੀ ਐ।'
'ਤੇ ਤੇਰੀ ਨਹੀਂ ਲੱਗੀ? ਰਹਿੰਦਾ ਉਹ ਭਾਵੇਂ ਮੇਰੇ ਕੋਲ ਸੀ ਪਰ ਤੇਰਾ ਪੂਰਾ ਧਿਆਨ ਉਸੇ ਵਿਚ ਹੀ ਹੁੰਦਾ ਸੀ।'
'ਚੰਗਾ ਮਾਤਾ ਜੀ, ਮੈਂ ਥੋੜ੍ਹੀ ਦੇਰ ਤੱਕ ਆਉਂਦਾ ਹਾਂ। ਹਰੀਸ਼ ਵੀ ਉਦੋਂ ਤੱਕ ਕਾਲਜ ਤੋਂ ਆ ਜਾਏਗਾ।'
'ਠੀਕ ਐ, ਬੇਟਾ।'
ਥੋੜ੍ਹੀ ਦੇਰ ਬਾਅਦ ਹਰੀਸ਼ ਕਾਲਜ ਤੋਂ ਆ ਗਿਆ। ਉਹ ਆਉਂਦਿਆਂ ਹੀ ਮਾਤਾ ਜੀ ਦੇ ਪੈਰਾਂ ਵਿਚ ਡਿਗ ਕੇ ਰੋਣ ਲੱਗ ਪਿਆ। ਮਾਤਾ ਜੀ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਜ ਜ਼ਿਆਦਾ ਹੀ ਭਾਵੁਕ ਹੋ ਗਿਆ ਸੀ। ਉਸ ਨੂੰ ਆਪਣੀ ਮਾਂ ਯਾਦ ਆ ਗਈ ਸੀ। ਮਾਤਾ ਜੀ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਉਠਾ ਕੇ ਗਲ ਨਾਲ ਲਗਾਇਆ, ਉਸ ਦੀ ਪਿੱਠ 'ਤੇ ਪਿਆਰ ਕਰਦਿਆਂ ਅਤੇ ਮੁਬਾਰਕ ਦਿੰਦਿਆਂ ਕਿਹਾ, 'ਅੱਜ ਤੂੰ ਸਾਡਾ ਸਾਰਿਆਂ ਦਾ ਸਿਰ ਉੱਚਾ ਕਰ ਦਿੱਤੈ।'
'ਨਹੀਂ ਮਾਤਾ ਜੀ, ਮੈਂ ਕੁਝ ਨਹੀਂ ਕੀਤਾ। ਇਹ ਸਾਰੀ ਤੁਹਾਡੀ ਅਤੇ ਵੀਰ ਜੀ ਦੀ ਮਿਹਨਤ ਹੈ।'
ਹਰੀਸ਼ ਅਜੇ ਗੱਲ ਕਰਦਾ ਪਿਆ ਸੀ ਕਿ ਸਿਧਾਰਥ ਅਤੇ ਮੇਘਾ ਵੀ ਆ ਗਏ। ਉਨ੍ਹਾਂ ਦੇ ਹੱਥ ਵਿਚ ਮਠਿਆਈ ਵਾਲਾ ਡੱਬਾ ਸੀ। ਹਰੀਸ਼ ਨੇ ਮੇਘਾ ਦੇ ਪੈਰੀਂ ਹੱਥ ਲਗਾਏ, ਮੇਘਾ ਨੇ ਉਸ ਨੂੰ ਘੁੱਟ ਕੇ ਪਿਆਰ ਕੀਤਾ। ਜਦੋਂ ਉਹ ਸਿਧਾਰਥ ਦੇ ਪੈਰਾਂ ਵੱਲ ਜਾਣ ਲੱਗਾ ਤਾਂ ਉਸ ਨੇ ਉਸ ਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ। ਸਿਧਾਰਥ ਦੇ ਜੱਫੀ ਵਿਚ ਲੈਂਦਿਆਂ ਉਹ ਇਕ ਵਾਰੀ ਫਿਰ ਫਿੱਸ ਪਿਆ। ਸਿਧਾਰਥ ਨੇ ਉਸ ਨੂੰ ਫਿਰ ਘੁੱਟ ਕੇ ਜੱਫੀ ਪਾਉਂਦਿਆਂ ਮੇਘਾ ਨੂੰ ਕਿਹਾ, 'ਮਠਿਆਈ ਵਾਲਾ ਡੱਬਾ ਖੋਲ੍ਹ ਕੇ ਮਾਤਾ ਜੀ ਅਤੇ ਹਰੀਸ਼ ਦਾ ਮੂੰਹ ਮਿੱਠਾ ਕਰਾ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬਾਲ ਗੀਤ

ਛੁੱਟੀਆਂ ਦਾ ਚਾਅ

ਖੇਡਣੇ ਤੋਂ ਸਾਨੂੰ ਹੁਣ ਕੋਈ ਵੀ ਨਾ ਹਟਾਵੇ।
ਛੁੱਟੀਆਂ ਦਾ ਚਾਅ ਸਾਥੋਂ ਚੁੱਕਿਆ ਨਾ ਜਾਵੇ।
ਛੇਤੀ-ਛੇਤੀ ਜਾਗਣੇ ਦਾ ਹੁਣ ਜੱਭ ਮੁੱਕਿਆ।
ਰਹਿੰਦਾ ਸੀਗ੍ਹਾ ਸਦਾ ਸਾਡਾ ਸਾਹ ਸੁੱਕਿਆ।
ਸੁੱਤਿਆਂ ਨੂੰ ਸਾਨੂੰ ਹੁਣ ਕੋਈ ਵੀ ਨਾ ਜਗਾਵੇ।
ਛੁੱਟੀਆਂ ਦਾ ਚਾਅ..........।

ਬੜੇ ਭਾਰੇ ਬਸਤੇ ਤੋਂ ਸਾਡਾ ਖਹਿੜਾ ਛੁੱਟਿਆ।
ਗਰਮੀ ਵਿਚ ਜਾਂਦਾ ਨਹੀਂ ਸੀ ਪੈਰ ਪੁੱਟਿਆ।
ਕੁੱਟ-ਮਾਰ ਹਰ ਕੋਈ ਸਾਨੂੰ ਸਕੂਲ ਨੂੰ ਭਜਾਵੇ।
ਛੁੱਟੀਆਂ ਦਾ ਚਾਅ..........।

ਛੁੱਟੀਆਂ ਦੇ ਵਿਚ ਅਸੀਂ ਨਾਨਕੇ ਵੀ ਜਾਵਾਂਗੇ।
ਮਾਮੇ-ਮਾਮੀ ਦਾ ਉਲ੍ਹਾਮਾਂ ਚੰਗੀ ਤਰ੍ਹਾਂ ਲਾਹਾਂਗੇ।
ਨਾਨਾ-ਨਾਨੀ ਸਾਡੇ ਉੱਤੋਂ ਸਦਾ ਸਦਕੜੇ ਜਾਵੇ।
ਛੁੱਟੀਆਂ ਦਾ ਚਾਅ..........।

ਸਕੂਲੋਂ ਮਿਲੇ ਕੰਮ ਦਾ ਵੀ ਕਰਨਾ ਹੈ ਇਲਾਜ।
'ਤਲਵੰਡੀ' ਸਰ ਕਰਦੇ ਨਹੀਂ ਕਦੇ ਵੀ ਲਿਹਾਜ਼।
ਕਹਿ ਦਿੰਦੇ ਪਹਿਲਾਂ ਹੀ ਕੋਈ ਬਹਾਨਾ ਨਾ ਲਾਵੇ।
ਛੁੱਟੀਆਂ ਦਾ ਚਾਅ...........।


-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX