ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  20 minutes ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  48 minutes ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  1 minute ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 2 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ਼ਹੀਦੀ ਪੁਰਬ 'ਤੇ ਵਿਸ਼ੇਸ਼

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

ਸ਼ਹੀਦਾਂ ਦੇ ਸਰਤਾਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਤਿਹਾਸ ਵਿਚ ਆਪਣਾ ਇਕ ਨਿਵੇਕਲਾ ਸਥਾਨ ਹੈ। ਭਾਈ ਵੀਰ ਸਿੰਘ ਨੇ ਆਪਣੀ ਇਕ ਲਿਖਤ ਵਿਚ ਦਰਦਨਾਕ ਸ਼ਹਾਦਤ ਦੇ ਬਿਰਤਾਂਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਰਜ ਕੀਤਾ ਹੈ। ਉਨ੍ਹਾਂ ਦੀਆਂ ਇਹ ਸਤਰਾਂ ਉਚੇਚੇ ਤੌਰ 'ਤੇ ਪੜ੍ਹਨ ਵਾਲੀਆਂ ਹਨ। ਭਾਈ ਸਾਹਿਬ ਦਾ ਕਥਨ ਹੈ, 'ਸੰਗੀਤ ਤੇ ਕਾਵਯ ਆਦਿ ਕੋਮਲ ਹੁਨਰਾਂ ਦੇ ਪਰਮ ਗਯਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਰਸਿਕ ਵੈਰਾਗੀ ਤੇ ਪਰਮ ਉੱਚ ਰਸੀਏ, ਫ਼ਲਸਫ਼ੇ ਤੇ ਦਾਰਸ਼ਨਿਕ ਵਿਦਯਾ ਦੇ ਸਿਰਮੌਰ, ਵਾਹਿਗੁਰੂ ਜੀ ਦੇ ਦਰੋਂ ਆਏ ਪੈਗ਼ੰਬਰ ਤੇ ਅਵਤਾਰ, ਹਾਂ ਹਾਂ ਨਿਰੇ ਅਵਤਾਰ ਨਹੀਂ ਪੂਰੇ ਗੁਰ ਅਵਤਾਰ, ਕਿਸ ਇਨਸਾਨੀ ਸੰਗ-ਦਿਲੀ ਦੀ ਕਸ਼ਟਣੀਆਂ ਵਾਲੀ ਪੀੜਾ ਨੂੰ ਕਿਸ ਅਡੋਲਤਾ ਨਾਲ ਸਹਾਰਦੇ ਰਹੇ? ਹਾਂ ਐਡੀ ਸੁਹਲ ਭਾਵਾਂ ਨਾਲ ਭਰੀ ਜ਼ਿੰਦਗੀ ਕਿਸ ਵਹਿਸ਼ੀਆਨਾ ਤਸੀਹਿਆਂ ਨਾਲ ਸਮਾਪਤ ਕੀਤੀ ਗਈ, ਵਾਚ ਕੇ ਹੋਸ਼, ਹੋਸ਼ ਵਿਚ ਨਹੀਂ ਰਹਿੰਦੀ। ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਜਿਸ ਬੇਰਹਿਮੀ ਨਾਲ ਕੀਤੇ ਗਏ ਵਾਕਿਆ ਨੂੰ ਪੜ੍ਹਦਿਆਂ ਨੈਣ ਵਹਿੰਦੇ ਨਹੀਂ ਠੱਲ੍ਹੇ ਰਹਿੰਦੇ, ਜਿਨ੍ਹਾਂ ਨੂੰ ਲਿਖਦਿਆਂ ਹੱਥ ਕੰਬਦੇ, ਦਿਲ ਧੜਕਦਾ ਤੇ ਕਲਮ ਰੁਕ ਰੁਕ ਜਾਂਦੀ ਹੈ। ਉਹ ਕੌਣ ਦਿਲ ਸਨ ਜਿਨ੍ਹਾਂ ਨੇ ਓਹ ਕਹਿਰ ਰਵਾਂ ਰਖੇ, ਉਹ ਕੌਣ ਇਨਸਾਨ ਸਨ ਜਿਨ੍ਹਾਂ ਨੇ ਓਹ ਕਹਿਰ ਅਪਣੇ ਹਥੀਂ ਵਰਤਾਏ।' ਭਾਈ ਸਾਹਿਬ ਅੱਗੇ ਲਿਖਦੇ ਹਨ-'ਪਰ ਦੇਖੋ ਇਸ ਦਰਦਨਾਕ ਹੋਣੀ ਦੀ ਵਿਸਮਾਦ ਪੈਦਾ ਕਰ ਦੇਣ ਵਾਲੀ ਤੇ ਸਿਫ਼ਤ ਸਲਾਹ ਵਿਚ ਡੋਬ ਦੇਣ ਵਾਲੀ ਇਕ ਹੋਰ 'ਤਸਵੀਰ'। ਉਹ ਇਹ ਹੈ ਕਿ ਇਤਨੀ ਬੜੀ ਕੋਮਲ ਹੁਨਰਾਂ ਤੇ ਸੁਹਲ ਭਾਵਾਂ ਦੇ ਮਾਲਕ ਵਿਅਕਤੀ ਕੀਕੂੰ ਸਹਿਣਸ਼ੀਲਤਾ ਨਾਲ, ਕਿਸ ਸਹਾਰੇ ਨਾਲ, ਕਿਸ ਅਡੋਲ ਅਹਿੱਲ ਧੈਰਯ ਨਾਲ, ਵਹਿਸ਼ੀਆਨਾ ਜ਼ੁਲਮਾਂ ਤੇ ਅਸਹਿ ਕਸ਼ਟਾਂ ਨੂੰ ਸਹਾਰਦੇ ਹੈ।
ਇਸੇ ਸੰਦਰਭ ਵਿਚ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਰੂਹਾਨੀ ਸ਼ਖ਼ਸੀਅਤ ਨੂੰ ਅਕੀਦਤ ਭੇਟ ਕਰਦੀ ਭਾਈ ਗੁਰਦਾਸ ਦੀ ਇਹ ਰਚਨਾ ਵੀ ਧਿਆਨ ਦੇਣ ਵਾਲੀ ਹੈ :
ਰਹਿੰਦੇ ਗੁਰ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉਂ ਜੋਤੀ ਅੰਦਰਿ ਜੋਤਿ ਸਮਾਣੀ।
ਸ਼ਬਦੁ ਸੁਰਤਿ ਲਿਵ ਮਿਰਗ ਜਿਉਂ
ਭੀੜ ਪਈ ਚਿਤਿ ਅਵਰ ਨ ਆਣੀ।
ਚਰਜਨ ਕਵਲ ਮਿਲਿ ਭਵਰ ਜਿਉਂ
ਸੁਖ ਸੰਪੁਟ ਵਿਚਿ ਰੈਣਿ ਵਿਹਾਣੀ।
ਗੁਰੁ ਉਪਦੇਸੁ ਨ ਵਿੱਸਰੈ ਬਾਬੀਹੇ ਜਿਉਂ ਆਖਿ ਵਖਾਣੀ।
ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ।
ਗੁਰ ਅਰਜੁਨ ਵਿਟਹੁਂ ਕੁਰਬਾਣੀ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਖੇ 15 ਅਪ੍ਰੈਲ, 1563 ਈਸਵੀ (ਵੈਸਾਖ ਵਦੀ 7 ਸੰਮਤ 1620) ਨੂੰ ਹੋਇਆ ਸੀ। ਆਪ ਤੀਜੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਦੇ ਦੋਹਤੇ ਸਨ। ਨਾਨਾ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬਾਲ ਸ਼ਖ਼ਸੀਅਤ ਨੂੰ ਆਪਣੀ ਦਿਬ-ਦ੍ਰਿਸ਼ਟੀ ਨਾਲ ਘੋਖ ਕੇ 'ਦੋਹਿਤਾ ਬਾਣੀ ਕਾ ਬੋਹਿਥਾ' ਦੀ ਭਵਿੱਖਬਾਣੀ ਕੀਤੀ ਸੀ। ਫਿਰ ਗੁਰੂ ਅਰਜਨ ਦੇਵ ਜੀ ਦੀ ਰੂਹਾਨੀਅਤ, ਉਨ੍ਹਾਂ ਦੀ ਨਿਮਰਤਾ ਤੇ ਸੇਵਾ ਅਤੇ ਲੋਕਾਈ ਦੇ ਕਲਿਆਣ ਦੀ ਸੋਝੀ ਤੇ ਸਮਰੱਥਾ ਨੂੰ ਵੇਖਦਿਆਂ, ਸ੍ਰੀ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਗੁਰਿਆਈ ਦੀ ਗੱਦੀ ਸੌਂਪਣ ਦਾ ਫ਼ੈਸਲਾ ਕੀਤਾ ਸੀ।
1581 ਈਸਵੀ ਵਿਚ, 18 ਸਾਲ ਦੀ ਉਮਰ ਵਿਚ ਗੁਰੂ ਅਰਜਨ ਦੇਵ ਜੀ ਗੁਰਿਆਈ ਦੇ ਤਖ਼ਤ'ਤੇ ਬਿਰਾਜਮਾਨ ਹੋਏ ਸਨ। ਜ਼ਿੰਮੇਵਾਰੀ ਸੰਭਾਲਦਿਆਂ ਹੀ ਉਨ੍ਹਾਂ ਨੇ ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਆਰੰਭ ਦਿੱਤਾ। ਸਰੋਵਰ ਦੇ ਦੁਆਲੇ ਪੌੜੀਆਂ ਪੱਕੀਆਂ ਕਰਵਾ ਦਿੱਤੀਆਂ ਗਈਆਂ। ਫਿਰ ਸਰੋਵਰ ਦੇ ਵਿਚਕਾਰ 'ਹਰਿਮੰਦਰ' ਉਸਾਰਨ ਦਾ ਸੰਕਲਪ ਉਲੀਕ ਲਿਆ ਗਿਆ। ਗੁਰੂ ਸਾਹਿਬ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਅਤੇ ਫਿਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ ਵਿਚ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ। ਸਾਰੇ ਧਰਮ ਅਸਥਾਨ ਉੱਚੀ ਤੋਂ ਉੱਚੀ ਥਾਂ ਭਾਲ ਕੇ ਬਣਾਏ ਜਾਂਦੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਵਾਣ ਵਾਲੀ ਥਾਂ 'ਤੇ ਉਸਾਰਿਆ ਗਿਆ। ਚਾਰ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਸਨ ਕਿ ਬਿਨਾਂ ਕਿਸੇ ਭਿੰਨ-ਭੇਦ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਰ ਸਾਰਿਆਂ ਲਈ ਖੁੱਲ੍ਹੇ ਹਨ। ਨੀਂਹ-ਪੱਥਰ ਰੱਖਣ ਲਈ ਬਹੁਤ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਬੁਲਾਇਆ ਗਿਆ। ਸਾਈਂ ਮੀਆਂ ਮੀਰ ਜੀ ਨੂੰ ਉਚੇਚਾ ਸੱਦਾ ਦਿੱਤਾ ਗਿਆ। ਉਸਾਰੀ ਮੁਕੰਮਲ ਹੋਣ 'ਤੇ ਸਰਬ-ਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਦਿੱਤਾ ਗਿਆ। ਦਰਬਾਰ ਸਾਹਿਬ ਵਿਚ ਪਰਮਾਤਮਾ ਦੀ ਉਸਤਿਤ ਦੇ ਗੀਤ ਗਾਇਨ ਦੀ ਅਲੌਕਿਕ ਰਵਾਇਤ ਪਰਿਪੱਕ ਕਰ ਦਿੱਤੀ ਗਈ।
ਅਸਲ ਵਿਚ, ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਫਿਰ ਉਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਸਿੱਖ ਪੰਥ ਨੂੰ ਧਾਰਮਿਕ ਅਤੇ ਸੰਸਥਾਪਕ ਰੂਪ ਵਿਚ ਪੂਰੀ ਤਰ੍ਹਾਂ ਸੰਗਠਿਤ ਕਰ ਦਿੱਤਾ ਸੀ। ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਦੁੱਤੀ ਸੁਮੇਲ ਦੀ ਉਸਤਤਿ ਕਰਦੀਆਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਅੰਕਿਤ ਮਹਾਂਕਵੀ ਭਾਈ ਸੰਤੋਖ ਸਿੰਘ ਦੀਆਂ ਇਹ ਸਤਰਾਂ ਪੜ੍ਹਨ ਵਾਲੀਆਂ ਹਨ :
ਬਨਯੋ ਸੁਧਾਸਰ ਬਿਚ ਹਰਿਮੰਦਰ।
ਇਹ ਸਮ ਨਹੀ ਤ੍ਰਿਲੋਕੀ ਅੰਦਰਿ।
ਤਥਾ ਗ੍ਰੰਥ ਸਾਹਿਬ ਸ਼ੁਭ ਰਚਯੋ।
ਸਰਬੋਤਮ ਹਰਿ ਨਾਮਨ ਖਚਯੋ।
ਉਚਿਤ ਮੇਲ ਦੋਨਹੁ ਕੋ ਬਨੈ।
ਨਿਸ ਬਾਸਨ ਹਰਿ ਕੀਰਤਨ ਭਨੈਂ।
ਗਹੁ ਨਾਲ ਵਿਚਾਰੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਗੁਰਿਆਈ ਦੇ ਦੌਰ ਵਿਚ ਸੰਸਥਾਤਮਿਕ ਪੱਧਰ 'ਤੇ ਇਹੋ ਜਿਹੇ ਮਹੱਤਵਪੂਰਨ ਫ਼ੈਸਲੇ ਕੀਤੇ ਸਨ, ਜਿਨ੍ਹਾਂ ਨੇ ਜ਼ਾਹਿਰਾ ਰੂਪ ਵਿਚ ਸਿੱਖ ਪੰਥ ਦੇ ਭਵਿੱਖ ਦੀ ਨਵੀਂ ਨੁਹਾਰ ਸਿਰਜਣ ਦਾ ਮੁੱਢ ਬੰਨ੍ਹ ਦਿੱਤਾ ਸੀ। ਇਹ ਵੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਪਾਤਸ਼ਾਹ ਦੇ ਜੀਵਨ ਦੀਆਂ ਦੋ ਵੱਡੀਆਂ ਪ੍ਰਾਪਤੀਆਂ ਹਨ। ਇਨ੍ਹਾਂ ਦੋਵਾਂ ਪ੍ਰਾਪਤੀਆਂ ਦੀ ਪਰਕਿਰਤੀ ਤੇ ਉਦੇਸ਼ ਇਕ ਪਾਸੇ ਸਰਵਭੌਮਿਕ ਹੈ ਅਤੇ ਸਰਬਤ ਦੇ ਭਲੇ ਦੀ ਭਾਵਨਾ ਨਾਲ ਓਤ-ਪੋਤ ਹੈ। ਦੂਜੇ ਪਾਸੇ ਇਹ ਦੋਵੇਂ ਪ੍ਰਾਪਤੀਆਂ ਗੁਰੂ ਨਾਨਕ ਦੀ ਸਿੱਖੀ ਨੂੰ ਇਕ ਸੰਗਠਿਤ ਧਰਮ ਦੇ ਰੂਪ ਵਿਚ ਵੱਖਰੀ ਪਛਾਣ ਦਿੰਦੀਆਂ ਹਨ।
ਪਰ ਬੜੀ ਹੈਰਾਨੀ ਵਿਚ ਪਾ ਦੇਣ ਵਾਲੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਤੋਂ ਦੋ ਸਾਲਾਂ ਬਾਅਦ ਹੀ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਜਾਪਦਾ ਇੰਜ ਹੈ ਕਿ ਵੇਲੇ ਦੇ ਹੁਕਮਰਾਨ ਜਹਾਂਗੀਰ ਨੂੰ ਸ਼ਾਇਦ ਇਹ ਬਿਲਕੁਲ ਬਰਦਾਸ਼ਤ ਨਹੀਂ ਸੀ ਕਿ ਸਿੱਖ ਧਰਮ, ਸੰਸਥਾਤਮਿਕ ਰੂਪ ਵਿਚ ਪੂਰੀ ਤਰ੍ਹਾਂ ਸੰਗਠਿਤ ਹੋ ਜਾਵੇ। ਹਰਿਮੰਦਰ ਸਾਹਿਬ ਵਰਗੇ ਧਰਮ-ਕੇਂਦਰ ਦੀ ਸਥਾਪਨਾ ਹੋ ਜਾਵੇ ਅਤੇ ਉਸ ਵਿਚ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਗ੍ਰੰਥ ਪ੍ਰਕਾਸ਼ਮਾਨ ਹੋ ਜਾਵੇ, ਇਹ ਹੁਕਮਰਾਨ ਜਮਾਤ ਦੇ ਗਲੇ ਨਹੀਂ ਸੀ ਉਤਰ ਰਿਹਾ।
ਇਤਿਹਾਸ ਦੇ ਨਜ਼ਰੀਏ ਨਾਲ ਵੇਖੀਏ ਤਾਂ ਇਹ ਵੀ ਤੱਥ ਬੜੀ ਸਪੱਸ਼ਟਤਾ ਨਾਲ ਉੱਘੜ ਕੇ ਸਾਹਮਣੇ ਆਉਂਦਾ ਹੈ ਕਿ ਜਦੋਂ 1605 ਈਸਵੀ ਵਿਚ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਤਖ਼ਤ 'ਤੇ ਬੈਠਾ ਸੀ ਤਾਂ ਹਾਲਾਤ ਬਦਲ ਗਏ ਸਨ। ਹਕੂਮਤ ਦੀਆਂ ਧਾਰਮਿਕ ਤੇ ਸਿਆਸੀ ਨੀਤੀਆਂ ਵਿਚ ਤਬਦੀਲੀ ਆ ਗਈ ਸੀ। ਵੈਸੇ ਵੀ ਜਹਾਂਗੀਰ ਆਪਣੇ ਪਿਤਾ ਅਕਬਰ ਦੀ ਤਰ੍ਹਾਂ ਦੂਜੇ ਧਰਮਾਂ ਪ੍ਰਤੀ ਫਰਾਖ਼-ਦਿਲ ਨਹੀਂ ਸੀ। ਉਹ ਕੱਟੜਵਾਦੀ ਮੌਲਾਣਿਆਂ ਦੇ ਪ੍ਰਭਾਵ ਹੇਠ ਵੀ ਆ ਗਿਆ ਸੀ-ਇਹ ਵੀ ਇਕ ਸਚਾਈ ਹੈ। ਫਿਰ ਇਨ੍ਹਾਂ ਹਾਲਾਤ ਵਿਚ 'ਚੰਦੂ' ਵਰਗੇ ਦੋਖੀਆਂ ਨੂੰ ਵੀ ਹੁਕਮਰਾਨਾਂ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ ਸੀ।
ਅਸਲ ਵਿਚ, ਤਵਾਰੀਖ਼ ਦੇ ਪੰਨਿਆਂ 'ਤੇ ਇਹ ਹਕੀਕਤ ਵੀ ਬੜੇ ਸਾਫ਼ ਲਫ਼ਜ਼ਾਂ ਵਿਚ ਦਰਜ ਹੈ ਕਿ ਮੁਤੱਸਬੀਆਂ ਨੂੰ ਸਾਂਝੀਵਾਲਤਾ ਨਹੀਂ ਚੰਗੀ ਲੱਗਦੀ। ਫਿਰਕੂਆਂ ਨੂੰ ਸਰਬੱਤ ਦੇ ਭਲੇ ਦੀ ਗੱਲ ਕਦੇ ਰਾਸ ਨਹੀਂ ਆਉਂਦੀ। ਫਿਰ ਇਹ ਵੀ ਇਤਿਹਾਸ ਦੀ ਸਚਾਈ ਹੈ ਕਿ ਹਰ ਵੱਡੇ ਬਦਲਾਅ ਦੇ ਇਨਕਲਾਬੀ ਫ਼ੈਸਲਿਆਂ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਗੁਰੂ ਅਰਜਨ ਪਾਤਸ਼ਾਹ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ ਸੀ।
ਹੁਕਮਰਾਨ ਤਬਕੇ ਦੀ ਜ਼ਿਹਨੀਅਤ ਸਮਝਣ ਲਈ 'ਤੁਜ਼ਕੇ-ਜਹਾਂਗੀਰੀ' ਦੀ ਇਬਾਰਤ ਦੀਆਂ ਸਤਰਾਂ ਗ਼ੌਰ ਨਾਲ ਪੜ੍ਹਨ ਵਾਲੀਆਂ ਹਨ। ਇਸ ਇਬਾਰਤ ਮੁਤਾਬਕ ਬਾਦਸ਼ਾਹ ਦਾ ਕਹਿਣਾ ਹੈ - 'ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ-ਘਾਟ ਤੇ ਬੱਚੇ ਮੁਰਤਜਾ ਖ਼ਾਂ ਦੇ ਹਵਾਲੇ ਕਰ ਦਿੱਤੇ ਅਤੇ ਉਸ ਦਾ ਮਾਲ ਅਸਬਾਬ ਜ਼ਬਤ ਕਰ ਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ ਜਾਵੇ।' ਇਬਾਰਤ ਵਿਚ ਇਸ ਗੱਲ ਦੀ ਵੀ ਗਵਾਹੀ ਮਿਲਦੀ ਹੈ ਕਿ ਜਹਾਂਗੀਰ ਨੂੰ ਇਸ ਗੱਲ ਦੀ ਵੀ ਪ੍ਰੇਸ਼ਾਨੀ ਸੀ ਕਿ 'ਭੋਲੇ ਹਿੰਦੂ' ਅਤੇ 'ਮੂਰਖ ਮੁਸਲਮਾਨ' ਗੁਰੂ ਦੇ ਅਨੁਯਾਈ ਬਣ ਰਹੇ ਸਨ। ਫਿਰ ਉਸ ਨੇ ਆਪਣੇ ਅੰਦਰ ਦੀ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਉਹ ਗੁਰੂ ਘਰ ਦੇ ਮਜ਼ਬੂਤ ਹੁੰਦੇ ਸੰਸਥਾਤਮਿਕ ਰੂਪ ਨੂੰ ਵੇਖ ਕੇ ਚਿਰਾਂ ਤੋਂ ਨਾਖ਼ੁਸ਼ ਸੀ ਅਤੇ ਉਸ ਦੇ ਮਨ ਵਿਚ ਤਿੱਖਾ ਰੋਸ ਸੀ। ਹਕੀਕਤ ਹੈ ਕਿ ਇਹੋ ਸਾਰਾ ਕੁਝ ਕਾਰਨ ਬਣਿਆ ਸੀ ਗੁਰੂ ਸਾਹਿਬ ਦੀ ਦਰਦਨਾਕ ਸ਼ਹਾਦਤ ਦਾ।
ਆਖ਼ਿਰ ਵਿਚ, ਇਕ ਸਿਧਾਂਤਕ ਨੁਕਤਾ ਹੋਰ ਸਾਂਝਾ ਕਰਨਾ ਚਾਹੁੰਦਾ ਹਾਂ। ਗੁਰੂ ਅਰਜਨ ਸਾਹਿਬ ਦੀ ਬਾਣੀ ਦਾ ਫ਼ਰਮਾਨ ਹੈ - 'ਪਹਿਲਾ ਮਰਣੁ ਕਬੂਲ ਜੀਵਣ ਕੀ ਛਡਿ ਆਸ'। ਮੌਤ ਨੂੰ ਕਬੂਲ ਕਰਨਾ ਸਿੱਖੀ ਦੀ ਪਹਿਲੀ ਅਤੇ ਲਾਜ਼ਮੀ ਸ਼ਰਤ ਹੈ। ਮੌਤ ਦਾ ਭੈਅ ਰੱਖਣ ਵਾਲੇ ਲਈ, ਸਿੱਖੀ ਦੇ ਘੇਰੇ ਵਿਚ ਦਾਖ਼ਲਾ ਅਸੰਭਵ ਹੈ। ਪਰ ਇਤਿਹਾਸ ਇਸ ਹਕੀਕਤ ਦਾ ਵੀ ਸਾਖ਼ੀ ਹੈ ਕਿ ਗੁਰੂ ਸਾਹਿਬ ਦਾ ਇਹ ਸਿਧਾਂਤ-ਵਾਕ ਸਿਰਫ਼ ਪੈਰੋਕਾਰ ਸਿੱਖਾਂ ਲਈ ਨਹੀਂ ਸੀ। ਗੁਰੂ ਸਾਹਿਬ ਨੇ ਆਪ ਸ਼ਹਾਦਤ ਦੀ ਮਿਸਾਲ ਕਾਇਮ ਕੀਤੀ ਸੀ। ਜਿਸ ਮਾਰਗ 'ਤੇ ਸਿੱਖਾਂ ਨੂੰ ਚੱਲਣ ਦਾ ਸੁਨੇਹਾ ਦਿੱਤਾ ਹੈ, ਪਹਿਲਾਂ ਉਸ ਮਾਰਗ 'ਤੇ ਚੱਲਦਿਆਂ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਸੀ। ਕਥਨੀ ਨੂੰ ਕਰਨੀ ਵਿਚ ਢਾਲਿਆ ਸੀ।


-ਸਾਬਕਾ ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ,
ਪਟਿਆਲਾ।


ਖ਼ਬਰ ਸ਼ੇਅਰ ਕਰੋ

...ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ

ਐਸਾ ਚੁੱਭਿਆ ਹਾਕਮ ਨੂੰ ਇਨਕਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਕਿਹਾ ਚੰਦੂ ਨੇ ਨਾਈ ਤੂੰ ਕੀ ਕਹਿਰ ਕਮਾ ਆਇਆਂ,
ਮਹਿਲਾਂ ਦੀ ਇੱਟ ਗੰਦੀ ਨਾਲੀ ਦੇ ਵਿਚ ਲਾ ਆਇਆਂ।
ਸੰਗਤ ਨੇ ਜਦ ਹੰਕਾਰੀ ਲਈ ਹੁਕਮ ਸੁਣਾ ਦਿੱਤਾ,
ਗੁਰਾਂ ਨੇ ਚੰਦੂ ਦੀ ਧੀ ਦਾ ਰਿਸ਼ਤਾ ਠੁਕਰਾ ਦਿੱਤਾ।
ਤੀਰ ਇਹ ਹੋਇਆ ਉਹਦੇ ਜਿਗਰ ਤੋਂ ਪਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।
ਜਾਬਰ ਚੁੱਲ੍ਹੇ ਹੇਠਾਂ ਅੱਗ ਮਚਾਈ ਜਾਂਦਾ ਸੀ,
ਸਤਿਗੁਰ ਵੀ ਗੁਰ ਚਰਨਾਂ ਵਿਚ ਲੌ ਲਾਈ ਜਾਂਦਾ ਸੀ।
ਜ਼ਾਲਿਮ ਤੱਤਾ ਰੇਤਾ ਸਿਰ 'ਤੇ ਪਾਈ ਜਾਂਦਾ ਸੀ,
ਸਤਿਗੁਰ ਵੀ ਸੁਰ ਤਾਲ 'ਚ ਬਾਣੀ ਗਾਈ ਜਾਂਦਾ ਸੀ।
ਲੱਗਿਆ ਜਾਪੇ ਤਵੀ 'ਤੇ ਹੀ ਦਰਬਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਸਾਈਂ ਮੀਆਂ ਮੀਰ ਵੀ ਤਪਦੀ ਲੋਹ ਤੱਕ ਆਇਆ ਸੀ,
ਲਹੌਰ ਦੀ ਇੱਟ ਨਾਲ ਇੱਟ ਵਜਾ ਦਾਂ ਗਾ ਫਰਮਾਇਆ ਸੀ।
ਗੁਰਾਂ ਨੇ ਭਾਣਾ ਮੰਨਣ ਦਾ ਉਪਦੇਸ਼ ਸੁਣਾਇਆ ਸੀ,
ਹੁਕਮ ਆਪਦਾ ਸਿਰ ਮੱਥੇ ਕਹਿ ਸੀਸ ਝੁਕਾਇਆ ਸੀ।
ਸਮਝ ਗਿਆ ਕੀ ਹੁੰਦਾ ਹੈ ਕਿਰਦਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਭਾਵੇਂ ਬਦਨ ਗੁਰੂ ਅਰਜਨ ਦਾ ਛਾਲੇ ਛਾਲੇ ਸੀ,
ਭਾਣਾ ਮੀਠਾ ਲਾਗੇ ਦੇ ਅੰਦਾਜ਼ ਨਿਰਾਲੇ ਸੀ।
ਸਿਰ ਉੱਚਾ ਕਰ ਮਰਨਾ ਦੱਸਿਆ ਇਸ ਕੁਰਬਾਨੀ ਨੇ,
ਚਰਨ ਬੰਦਨਾ ਕੀਤੀ ਜਦ ਰਾਵੀ ਦੇ ਪਾਣੀ ਨੇ।
ਕੁਰਬਾਨੀ ਬਣਦੀ ਹੈ ਗਲ ਦਾ ਹਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਸੀ ਸਰਦਾਰ ਸ਼ਹੀਦਾਂ ਦਾ।
ਐਸਾ ਚੁੱਭਿਆ ਹਾਕਮ ਨੂੰ ਇਨਕਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।


-ਸਰਦਾਰ ਪੰਛੀ-
ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਸ਼ੁਰੂ ਹੈ ਤਾਕਤ ਤੇ ਤਰਕੀਬ ਦਾ ਭੇੜ

ਫੁੱਟਬਾਲ ਦੁਨੀਆ ਦੀ ਸਭ ਤੋਂ ਜ਼ਿਆਦਾ ਖੇਡੀ ਅਤੇ ਦੇਖੀ ਜਾਣ ਵਾਲੀ ਖੇਡ ਹੈ। ਇਸ ਖੇਡ ਦੇ ਨਿਯਮ ਸਰਲ ਹੋਣ ਕਾਰਨ ਇਸ ਨੂੰ ਖੇਡਣਾ ਅਤੇ ਸਮਝਣਾ ਬਹੁਤ ਸੌਖਾ ਹੈ। ਇਸ ਫ਼ਾਨੀ ਜਹਾਨ ਦੇ ਲਗਪਗ ਹਰ ਬੰਦੇ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜ੍ਹਾਅ 'ਤੇ ਫੁੱਟਬਾਲ ਖੇਡਣ ਦਾ ਅਨੁਭਵ ਜ਼ਰੂਰ ਕੀਤਾ ਹੁੰਦਾ ਹੈ। ਭਾਵੇਂ ਉਸ ਨੇ ਬਚਪਨ ਦੇ ਦਿਨਾਂ ਵਿਚ ਕਿਧਰੇ ਗੇਂਦ ਨੂੰ ਠੁੱਡੇ ਮਾਰੇ ਹੋਣ ਜਾਂ ਜਵਾਨੀ ਦੇ ਦਿਨਾਂ ਵਿਚ ਕਿਧਰੇ ਫੁੱਟਬਾਲ ਨੂੰ ਕਿੱਕਾਂ ਮਾਰੀਆਂ ਹੋਣ। ਫੁੱਟਬਾਲ ਵਿਸ਼ਵ ਕੱਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਮੰਨਿਆ ਜਾਂਦਾ ਹੈ। ਰੂਸ ਦੀ ਧਰਤੀ 'ਤੇ ਹੋਣ ਵਾਲੇ ਇਸ 21ਵੇਂ ਵਿਸ਼ਵ ਨੂੰ ਕੁੱਲ ਦੁਨੀਆ ਦੇ ਅੱਧੇ ਤੋਂ ਵੱਧ (380 ਕਰੋੜ/3.8 ਬਿਲੀਅਨ) ਲੋਕ ਟੈਲੀਵਿਜ਼ਨ ਰਾਹੀਂ ਦੇਖਣ ਲਈ ਜੁੜ ਰਹੇ ਹਨ।
ਫੁੱਟਬਾਲ ਵਿਸ਼ਵ ਕੱਪ 2018 ਵਿਚ ਉਪ-ਮਹਾਂਦੀਪਾਂ ਦੀਆਂ 32 ਟੀਮਾਂ ਭਾਗ ਲੈ ਰਹੀਆਂ ਹਨ। ਯੂਰਪ ਦੀਆਂ 14, ਦੱਖਣੀ ਅਮਰੀਕਾ ਦੀਆਂ 5, ਏਸ਼ੀਆ-ਓਸ਼ੀਅਨਾਂ-5, ਅਫਰੀਕਾ 5 ਅਤੇ ਉੱਤਰੀ ਅਮਰੀਕਾ ਦੀਆਂ 3 ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ 32 ਟੀਮਾਂ ਨੂੰ ਅੱਗੋਂ 8 ਪੂਲਾਂ ਵਿਚ ਵੰਡਿਆ ਗਿਆ ਹੈ। 14 ਜੂਨ ਤੋਂ 15 ਜੁਲਾਈ (ਕੁੱਲ 32 ਦਿਨ) ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿਚ 48 ਲੀਗ ਦੇ ਮੈਚ, ਫਿਰ ਪ੍ਰੀ-ਕੁਆਰਟਰ, ਕੁਆਰਟਰ-ਫਾਈਨਲ, ਸੈਮੀ-ਫਾਈਨਲ ਅਤੇ ਫਾਈਨਲ ਸਮੇਤ ਕੁੱਲ 64 ਮੈਚ ਖੇਡੇ ਜਾਣਗੇ।
ਰੂਸ ਦੀ ਧਰਤੀ 'ਤੇ ਦੇਖਣ ਵਾਲੀ ਦਿਲਚਸਪ ਗੱਲ ਇਹ ਹੋਵੇਗੀ ਕਿ ਫਾਈਨਲ ਮੁਕਾਬਲੇ ਵਿਚ 15 ਜੁਲਾਈ ਨੂੰ ਫੀਫਾ ਵਿਸ਼ਵ ਕੱਪ-2018 ਨੂੰ ਜਿੱਤਣ ਦੀ ਬਾਜ਼ੀ ਕੌਣ ਮਾਰਦਾ ਹੈ। ਇਨ੍ਹਾਂ ਦਿਨਾਂ ਵਿਚ ਪੂਰੀ ਦੁਨੀਆ ਪੱਬਾਂ ਭਾਰ ਹੋਵੇਗੀ ਕਿ ਇਸ ਹਾਰ ਜਿੱਤ ਦਾ ਸਿਹਰਾ ਫੁੱਟਬਾਲ ਨੂੰ ਨਿਯਮਤ ਅਤੇ ਆਧੁਨਿਕ ਸਰੂਪ ਦੇਣ ਵਾਲੇ ਯੂਰਪੀਅਨ ਜਾਂ ਫੁੱਟਬਾਲ ਨੂੰ ਧਰਮ ਮੰਨਣ ਅਤੇ ਜਾਦੂਗਰ ਕਹਾਉਣ ਵਾਲੇ ਦੱਖਣੀ ਅਮਰੀਕਨਾਂ ਵਿਚੋਂ ਕਿਸ ਦੇ ਸਿਰ ਬੱਝੇਗਾ। ਖ਼ੈਰ ਇਹ ਤਾਂ ਸਮਾਂ ਹੀ ਦੱਸੇਗਾ ਪਰ ਖਿਡਾਰੀ, ਅਧਿਕਾਰੀ, ਕੋਚ ਅਤੇ ਦਰਸ਼ਕ ਆਪਣੀਆਂ ਟੀਮਾਂ ਦੀ ਜਿੱਤ ਲਈ ਹਰ ਸੰਭਵ ਯਤਨ ਕਰਨਗੇ।
ਮੁੱਖ ਦਾਅਵੇਦਾਰੀ ਜਰਮਨ, ਬ੍ਰਾਜ਼ੀਲ, ਅਰਜਟਾਈਨਾ ਅਤੇ ਸਪੇਨ ਦੀ ਮੰਨੀ ਜਾ ਰਹੀ ਹੈ ਪਰ ਫਰਾਂਸ, ਬੈਲਜੀਅਮ, ਉਰੂਗਵੇ ਅਤੇ ਇੰਗਲੈਂਡ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਯਕੀਨਨ ਹੈ ਕਿ ਇਸ ਵਿਸ਼ਵ ਕੱਪ ਦਾ ਤਾਜ ਵੀ ਯੂਰਪੀਅਨ ਅਤੇ ਦੱਖਣੀ ਅਮਰੀਕਾ ਦੇ ਕਿਸੇ ਦੇਸ਼ ਦੇ ਸਿਰ ਹੀ ਬੱਝੇਗਾ। ਅਫਰੀਕਾ ਦਾ ਮਿਸਰ, ਦੱਖਣੀ ਅਮਰੀਕਾ ਦਾ ਕੋਲੰਬੀਆ ਅਤੇ ਏਸ਼ੀਆ ਦਾ ਈਰਾਨ ਵੀ ਉਲਟ-ਫੇਰ ਕਰਨ ਦੇ ਸਮਰੱਥ ਹਨ। ਪਰ ਲੰਬੀ ਦੌੜ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਲਗਦੀ। ਇਸ ਵਿਸ਼ਵ ਕੱਪ ਵਿਚ ਪੁਰਾਣੇ ਸਿਤਾਰਿਆਂ 'ਤੇ ਜ਼ਿਆਦਾ ਟੇਕ ਹੈ ਜਿਨ੍ਹਾਂ ਵਿਚ ਰੋਨਾਲਡੋ, ਮੈਸੀ, ਨੀਮਾਰ ਅਤੇ ਸੁਆਰੇਜ਼ ਦੇ ਨਾਂਅ ਸ਼ਾਮਿਲ ਹਨ। ਨਵੇਂ ਉਭਰਦੇ ਸਿਤਾਰੇ ਸਾਨਾ ਮਿਸਰ, ਇਸਕੋ ਸਪੇਨ, ਕਰੂਸ ਜਰਮਨ ਅਤੇ ਗਰੀਸਮੈਨ ਫਰਾਂਸ ਦੇ ਨਾਂਅ ਵੀ ਚਰਚਾ ਵਿਚ ਹਨ ਪਰ ਉਨ੍ਹਾਂ ਨੂੰ ਆਪਣਾ ਲੋਹਾ ਮਨਵਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਇਸ ਵਿਸ਼ਵ ਕੱਪ ਦਾ ਤਕਨੀਕੀ ਪੱਖ ਬਹੁਤ ਹੀ ਉੱਚ ਪੱਧਰ ਦਾ ਮੰਨਿਆ ਜਾ ਰਿਹਾ ਹੈ। ਸਾਰੇ ਹੀ ਸਟੇਡੀਅਮ ਅਤਿ-ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤੇ ਗਏ ਹਨ। ਖੇਡ ਮੈਦਾਨਾਂ ਵਿਚ ਨਵੀਂ ਤਕਨੀਕ ਨਾਲ ਘਾਹ ਲਗਾਇਆ ਗਿਆ ਹੈ, ਜਿਸ ਵਿਚ ਇਕਸਾਰਤਾ ਬਹੁਤ ਉੱਚ ਪੱਧਰ ਦੀ ਹੈ। ਐਡੀਡਾਸ ਵਲੋਂ ਨਵੇਂ ਤਿਆਰ ਕੀਤੇ ਛੇ ਪੈਨਲ ਵਾਲੇ ਫੁੱਟਬਾਲ ਟੈਲਸਟਾਰ ਨਾਲ ਸਾਰੇ ਮੈਚ ਖੇਡੇ ਜਾਣਗੇ। ਇਸ ਬਾਲ ਦੀ ਸਟੀਕ (ਐਕੂਰੇਸੀ) ਨਿਸ਼ਾਨਾ ਲਾਉਣ ਦੀ ਸਮਰੱਥਾ ਵਧੇਰੀ ਪਰਖੀ ਗਈ ਹੈ। ਇਸ ਵਾਰ ਗੋਲ ਲਾਈਨ ਤਕਨਾਲੋਜੀ ਨੂੰ ਵੀ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਵੀਡੀਓ ਰੈਫਰਲ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਹਿਰਾਂ ਅਨੁਸਾਰ ਇਹ ਬਹੁਤ ਪ੍ਰਭਾਵਸ਼ਾਲੀ ਹੋਵੇਗੀ ਅਤੇ ਅਸਲ ਜੇਤੂ ਦੇ ਸਿਰ ਤਾਜ ਸਜਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ।
ਫੁੱਟਬਾਲ ਵਿਸ਼ਵ ਕੱਪ-2018 ਦੇ ਜੇਤੂ ਨੂੰ ਫੀਫਾ ਵਿਸ਼ਵ ਕੱਪ ਟਰਾਫੀ ਨਾਲ ਨਿਵਾਜਿਆ ਜਾਵੇਗਾ। 6 ਕਿਲੋ 100 ਗ੍ਰਾਮ ਦੇ 18 ਕੈਰਟ ਸੋਨੇ ਦੇ ਕੱਪ 'ਤੇ 32 ਮੁਲਕਾਂ ਦੇ ਖਿਡਾਰੀਆਂ, ਕੋਚਾਂ ਅਤੇ ਉਨ੍ਹਾਂ ਦੇ ਦੇਸ਼ ਵਾਸੀਆਂ ਦੀ ਅੱਖ ਹੈ ਪਰ ਇਸ ਨੂੰ ਜਿੱਤਣ ਲਈ ਟੀਮ ਭਾਵਨਾ ਨਾਲ, ਅਨੁਸ਼ਾਸਨ ਵਿਚ ਪ੍ਰਦਰਸ਼ਨ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਸਭ ਤੋਂ ਚੰਗੇ ਖਿਡਾਰੀ ਨੂੰ ਗੋਲਡਨ ਬਾਲ ਅਤੇ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬੂਟ ਨਾਲ ਨਿਵਾਜਿਆ ਜਾਵੇਗਾ। ਸਭ ਤੋਂ ਚੰਗੇ ਗੋਲਕੀਪਰ ਨੂੰ ਗੋਲਡਨ ਗਲਵਜ਼ ਦਿੱਤੇ ਜਾਣਗੇ। ਦੂਜੇ ਗੇੜ ਵਿਚ ਪਹੁੰਚਣ ਅਤੇ ਸਾਫ਼-ਸੁਥਰੀ ਖੇਡ ਖੇਡਣ ਵਾਲੀ ਟੀਮ ਨੂੰ ਫੇਅਰ ਪਲੇਅ ਟਰਾਫੀ ਦਿੱਤੀ ਜਾਵੇਗੀ।
ਇਸ ਵਿਸ਼ਵ ਕੱਪ ਵਿਚ ਬਹੁਤੇ ਦੇਸ਼ ਪੇਸ਼ੇਵਾਰਾਨਾ ਪਹੁੰਚ ਦੇ ਸਹਾਰੇ ਕਾਮਯਾਬੀ ਦੀ ਪੌੜੀ ਚੜ੍ਹਨ ਦੀ ਕੋਸ਼ਿਸ਼ ਕਰਨਗੇ ਅਤੇ ਕੁਝ ਆਪਣੀ ਰਵਾਇਤੀ ਖੇਡ ਦੇ ਸਹਾਰੇ ਲੜਾਈ ਲੜਨਗੇ। ਇਸ ਵਿਸ਼ਵ ਕੱਪ ਵਿਚ ਵੀ ਫਿਟਨੈੱਸ, ਦਾਅ-ਪੇਚ, ਰਣਨੀਤੀ ਪੱਖੋਂ ਹਰ ਟੀਮ ਬਹੁਤ ਹੀ ਅੱਵਲ ਦਰਜ਼ੇ ਦੀ ਫੁੱਟਬਾਲ ਖੇਡ ਪੇਸ਼ ਕਰੇਗੀ। ਜੇਕਰ ਸਿਸਟਮ ਦੀ ਘੋਖ ਕਰੀਏ ਤਾਂ ਟੀਮਾਂ ਵਲੋਂ 1-4-3-3, 1-4-4-2, 1-4-3-2-1, 1-4-1-4-1 ਦਾ ਸਹਾਰਾ ਲੈਣ ਦੀ ਆਸ ਹੈ। ਕੁਝ ਵੀ ਹੋਵੇ 'ਅਟੈਕ ਇਜ਼ ਦ ਬੈਸਟ ਡਿਫੈਂਸ', ਟੋਟਲ ਫੁੱਟਬਾਲ, ਟੀਮ ਦੀ ਇਕਜੁਟਤਾ ਅਤੇ ਟੀਮ ਭਾਵਨਾ ਦਾ ਜੇਤੂ ਤਾਜ ਲਈ ਮੁੱਖ ਭੂਮਿਕਾ ਰਹੇਗੀ।


ਮੋਬਾਈਲ : 94170-32500

ਮੌਨਸੂਨ ਪੌਣਾਂ ਦਾ ਸਫ਼ਰ ਅਤੇ ਭਵਿੱਖਵਾਣੀ

ਮੌਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਸ਼ਬਦ ਮੌਸਿਨ ਤੋਂ ਹੋਇਆ ਜਿਸ ਦਾ ਮਤਲਬ ਹੈ, ਰੁੱਤ ਅਤੇ ਇਹ ਸ਼ਬਦ ਮੌਸਮੀ ਵਰਖਾ ਨਾਲ ਸੰਬੰਧਿਤ ਹੈ। ਮੌਨਸੂਨ ਵੱਡੇ ਪੱਧਰ 'ਤੇ ਚੱਲਣ ਵਾਲੀਆਂ ਮੌਸਮੀ ਹਵਾਵਾਂ ਦੀ ਪ੍ਰਣਾਲੀ ਹੈ ਜੋ ਕਿ ਧਰਤੀ ਦੇ ਆਲੇ-ਦੁਆਲੇ ਇਕੋ ਦਿਸ਼ਾ ਵਿਚ ਚੱਲਦੀਆਂ ਹਨ ਪਰ ਰੁੱਤ ਬਦਲਣ ਨਾਲ ਹੀ ਆਪਣੀ ਦਿਸ਼ਾ ਬਦਲਦੀਆਂ ਹਨ। ਇਹ ਪੌਣਾਂ ਵੱਡੇ ਧਰਤ ਖੇਤਰ ਨੂੰ ਪ੍ਰਭਾਵਿਤ ਕਰਦੀਆਂ ਹਨ ਖਾਸ ਕਰਕੇ ਏਸ਼ੀਆ ਮਹਾਂਦੀਪ ਨੂੰ। ਆਸਟ੍ਰੇਲੀਆ ਅਤੇ ਅਫਰੀਕਾ ਵੀ ਮੌਨਸੂਨ ਪੌਣਾਂ ਦੀ ਲਪੇਟ ਵਿਚ ਆਉਂਦੇ ਹਨ ਪਰ ਏਸ਼ੀਆ ਤੇ ਇਨ੍ਹਾਂ ਦਾ ਲਗਾਤਾਰ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਭਾਰਤ ਵਿਚ ਗਰਮੀ ਦੇ ਮੌਸਮ ਵਿਚ ਚੱਲਣ ਵਾਲੀਆਂ ਪੌਣਾਂ ਦਾ ਰੁਖ਼ ਦੱਖਣ-ਪੱਛਮੀ ਹੁੰਦਾ ਹੈ, ਇਸ ਲਈ ਇਸ ਨੂੰ ਦੱਖਣ-ਪੱਛਮੀ ਮੌਨਸੂਨ ਕਿਹਾ ਜਾਂਦਾ ਹੈ। ਪਰ ਇਸ ਦੇ ਉਲਟ ਸਰਦ ਰੁੱਤ ਵਿਚ ਪੌਣਾਂ ਦਾ ਰੁਖ਼ ਉੱਤਰ-ਪੂਰਬੀ ਹੋਣ ਕਰਕੇ ਇਸ ਨੂੰ ਉੱਤਰ-ਪੂਰਬੀ ਮੌਨਸੂਨ ਕਿਹਾ ਜਾਂਦਾ ਹੈ। ਪਰ ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿਚ ਸਰਦੀਆਂ ਵਿਚ ਵਰਖਾ ਪੱਛਮੀ ਚੱਕਰਵਾਤਾਂ ਕਰਕੇ ਹੀ ਹੁੰਦੀ ਹੈ।
ਮੌਨਸੂਨ ਦਾ ਆਗਾਜ਼: ਗਰਮੀਆਂ ਦੌਰਾਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਉਪਰ ਹਵਾ ਦਾ ਦਬਾਅ ਘਟਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਹੌਲੀ-ਹੌਲੀ ਉੱਤਰ- ਪੱਛਮੀ ਦਿਸ਼ਾ ਵੱਲ ਵਧਦਾ ਹੋਇਆ ਭਾਰਤ ਦੇ ਕੇਂਦਰੀ ਇਲਾਕੇ ਵਿਚ ਵਰਖਾ ਦਾ ਕਾਰਨ ਬਣਦਾ ਹੈ। ਭਾਰਤ ਦੇ ਦੱਖਣ-ਪੂਰਬੀ ਇਲਾਕਿਆਂ ਵਿਚ ਜੇਕਰ 14 ਸਟੇਸ਼ਨਾਂ ਚੋਂ 60 ਪ੍ਰਤੀਸ਼ਤ ਸਟੇਸ਼ਨਾਂ 'ਤੇ ਲਗਾਤਾਰ 2-3 ਦਿਨ 2.5 ਮਿਲੀਮੀਟਰ ਤੋਂ ਜ਼ਿਆਦਾ ਵਰਖਾ ਦਰਜ ਕੀਤੀ ਜਾਵੇ ਤਾਂ ਕੇਰਲਾ ਵਿਖੇ ਮੌਨਸੂਨ ਦੀ ਆਮਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਪਰ ਉਸ ਦੇ ਨਾਲ-ਨਾਲ ਚੱਕਰਵਾਤਾਂ ਅਤੇ ਹਵਾ ਦੀ ਗਤੀ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ ਹੈ। ਅੰਦਾਜ਼ਨ ਇਕ ਤੋਂ ਤਿੰਨ ਘੱਟ ਦਬਾਓ ਨੂੰ ਘੱਟ ਦਬਾਓ ਦਾ ਨਾਂਅ ਦਿੱਤਾ ਜਾਂਦਾ ਹੈ। ਇਸ ਹਵਾਈ ਦਬਾਓ ਨਾਲ ਇਕ ਬੜਾ ਹੀ ਦਿਲਚਸਪ ਤੱਤ ਜੁੜਿਆ ਹੋਇਆ ਹੈ। ਮੌਨਸੂਨ ਦੇ ਸਿਖਰ ਮਹੀਨੇ (ਜੁਲਾਈ ਅਤੇ ਅਗਸਤ) ਵਿਚ ਇਹ ਘੱਟ ਦਬਾਅ ਚੱਕਰਵਾਤ ਜਾਂ ਵਾਵਰੋਲੇ (ਜਿਸ ਵਿਚ ਹਵਾ ਦੀ ਗਤੀ 64 ਨੌਟ ਜਾਂ ਵੱਧ ਹੁੰਦੀ ਹੈ) ਦਾ ਰੂਪ ਨਹੀਂ ਅਖਤਿਆਰ ਕਰਦਾ ਜਦੋਂ ਕਿ ਮੌਨਸੂਨ ਦੀ ਆਮਦ ਤੋਂ ਪਹਿਲੇ ਮਹੀਨਿਆਂ (ਅਪ੍ਰੈਲ ਅਤੇ ਮਈ) ਅਤੇ ਬਾਅਦ ਵਾਲੇ ਮਹੀਨਿਆਂ (ਅਕਤੂਬਰ-ਨਵੰਬਰ) ਵਿਚ ਇਹ ਚਕਰਵਾਤ ਜਾਂ ਵਾਵਰੋਲੇ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜੇਕਰ ਮਈ ਮਹੀਨੇ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਹੇ ਭਾਵੇਂ ਜੂਨ ਦਾ ਮਹੀਨਾ ਥੋੜ੍ਹਾ ਠੰਢਾ ਵੀ ਰਹੇ ਤਾਂ ਮੌਨਸੂਨ ਵਧੀਆ ਰਹਿੰਦੀ ਹੈ। ਮੌਨਸੂਨ ਦੀ 80 ਪ੍ਰਤੀਸ਼ਤ ਵਰਖਾ ਜੁਲਾਈ ਅਤੇ ਅਗਸਤ ਮਹੀਨਿਆਂ ਵਿਚ ਹੋ ਜਾਂਦੀ ਹੈ। ਜੇਕਰ ਮਈ ਦਾ ਮਹੀਨਾ ਗਰਮ ਰਹਿੰਦਾ ਹੈ ਤਾਂ ਜੁਲਾਈ ਤੇ ਅਗਸਤ ਵਿਚ ਔਸਤਨ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਪਰ ਜੇਕਰ ਜੂਨ ਮਹੀਨਾ ਗਰਮ ਹੋਵੇ ਤਾਂ ਅਗਸਤ ਤੇ ਸਤੰਬਰ ਮਹੀਨਿਆਂ ਵਿਚ ਵਰਖਾ ਜ਼ਿਆਦਾ ਹੁੰਦੀ ਹੈ। ਭਾਰਤ ਵਿਚ ਮੌਨਸੂਨ ਦੀ ਦੱਖਣੀ ਭਾਰਤ ਵਿਚ ਤਿਰੂਵਨੰਤਪੁਰਮ ਵਿਖੇ ਪਹਿਲੀ ਜੂਨ ਨੂੰ ਆਮਦ ਹੋ ਜਾਂਦੀ ਹੈ ਅਤੇ ਦੱਖਣ ਤੋਂ ਉੱਤਰ ਪੱੱਛਮ ਦਾ ਸਫਰ 45 ਦਿਨ੍ਹਾਂ ਵਿਚ ਤੈਅ ਕਰਦੀ ਹੋਈ 15 ਜੁਲਾਈ ਤੱਕ ਸਾਰੇ ਭਾਰਤ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ। ਦੇਸ਼ ਦੇ ਪੱਛਮੀ ਹਿੱਸੇ ਵਿਚ ਅਤੇ ਕਸ਼ਮੀਰ ਵਿਚ ਅਗਸਤ ਦੇ ਅਖੀਰ ਤੱਕ ਮੌਨਸੂਨ ਪੌਣਾਂ ਆਪਣੀ ਤਾਕਤ ਗੁਆ ਬਹਿੰਦੀਆਂ ਹਨ। ਇਸ ਕਾਰਨ ਇਹ ਪੌਣਾਂ ਗਰਮੀ ਦੇ ਚੱਕਰਵਾਤਾਂ ਤੋਂ ਸਰਦੀ ਦੇ ਚੱਕਰਵਾਤਾਂ ਵਿਚ ਬਦਲ ਜਾਂਦੀਆਂ ਹਨ ਅਤੇ ਇਹ ਪਿੱਛੇ ਹਟਣ ਲਗਦੀਆਂ ਹਨ। ਇਸ ਤਰ੍ਹਾਂ ਉਤਰ-ਪੱਛਮੀ ਖੇਤਰ ਵਿਚ ਸਤੰਬਰ ਦੇ ਸ਼ੁਰੂ ਵਿਚ ਮੌਨਸੂਨੀ ਪੌਣਾਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ।
ਮੌਨਸੂਨ ਦੇ ਕਾਰਨ: ਏਸ਼ੀਆ ਵਿਚ ਗਰਮੀ ਦੀ ਰੁੱਤ ਦੌਰਾਨ ਧਰਤੀ ਦਾ ਤੱਪਣਾ, ਗਰਮ ਰੁੱਤ ਦੀਆਂ ਹਵਾਵਾਂ ਦੀ ਆਮਦ ਆਦਿ ਵਰਖਾ ਦਾ ਮੁਢਲਾ ਕਾਰਨ ਹਨ। ਤਿੱਬਤੀ ਪਠਾਰ ਜੋ ਕਿ ਖਲਬਲੀ ਮੰਡਲ ਦੇ ਅੱਧ ਵਿਚਕਾਰ ਸਥਿਤ ਹੈ, ਗਰਮੀ ਦਾ ਮੁੱਖ ਸੋਮਾ ਹੈ ਅਤੇ ਇਹ ਮੌਨਸੂਨ ਦੀ ਆਮਦ ਨੂੰ ਪ੍ਰਭਾਵਿਤ ਕਰਦਾ ਹੈ। ਵਿਗਿਆਨੀਆਂ ਦੀਆਂ ਖੋਜਾਂ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਹਿਮਾਲਿਆ ਉਤੇ ਤਿੱਬਤ ਦੇ ਉੱਚੇ ਸਥਾਨਾਂ ਤੋਂ ਬਗੈਰ ਮੌਨਸੂਨ ਦਾ ਵਹਾਅ ਸੰਭਵ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਇਨ੍ਹਾਂ ਸਦਕਾ ਗਰਮੀ ਦਾ ਵਹਾਅ ਵੀ ਵਰਖਾ ਦੀ ਆਮਦ ਅਤੇ ਵਾਪਸੀ ਉਪਰ ਚੋਖਾ ਪ੍ਰਭਾਵ ਪਾਉਂਦਾ ਹੈ। ਕਰਕ-ਰੇਖਾ ਅਤੇ ਮਕਰ-ਰੇਖਾ ਵਿਚਕਾਰ ਸੂਰਜ ਦੀ ਸਥਿਤੀ ਵਿਚਲਾ ਵਹਾਅ, ਧਰਤੀ ਅਤੇ ਭੂ-ਮੱਧ ਰੇਖਾ ਵਾਲੇ ਵਹਾਅ ਨਾਲ ਸਬੰਧ ਰੱਖਦਾ ਹੈ। ਇਹ ਵਹਾਅ ਸਿਰਫ ਤਾਪਮਾਨ ਹੀ ਨਹੀਂ ਬਲਕਿ ਦਬਾਅ, ਹਵਾ, ਬੱਦਲਵਾਈ ਅਤੇ ਵਰਖਾ ਨਾਲ ਵੀ ਸੰਬੰਧਿਤ ਹੈ ਜੋ ਕਿ ਸੰਸਾਰੀ ਪੱਧਰ 'ਤੇ ਵਰਖਾ ਦਾ ਕਾਰਨ ਹਨ। ਐਲ-ਲੀਨੋ (*9-*}no) ਅਤੇ ਲਾ-ਲੀਨੋ (*a-*}no) ਧਰਤੀ ਦੀਆਂ ਅਜਿਹੀਆਂ ਦੋ ਵਿਸ਼ਾਲ ਪ੍ਰਕਿਰਿਆਵਾਂ ਹਨ ਜੋ ਕਿ ਮੌਨਸੂਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀਆਂ ਹਨ। ਜੇਕਰ ਸ਼ਾਂਤ ਸਮੁੰਦਰ ਤੇ ਤਾਪਮਾਨ ਵਧ ਜਾਵੇ ਤਾਂ ਭਾਰਤੀ ਸਮੁੰਦਰ ਉਪਰ ਤਾਪਮਾਨ ਘਟ ਜਾਂਦਾ ਹੈ, ਜਿਸ ਨਾਲ ਹਵਾ ਦਾ ਦਬਾਅ ਵਧ ਜਾਂਦਾ ਹੈ ਅਤੇ ਵਰਖਾ ਘੱਟ ਹੁੰਦੀ ਹੈ, ਕਿਉਕਿ ਦਬਾਅ ਅਤੇ ਵਰਖਾ ਦਾ ਆਪਸ ਵਿਚ ਉਲਟਾ ਸਬੰਧ ਹੈ। ਜਿੱਥੇ ਹਵਾ ਦਾ ਦਬਾਅ ਘਟਦਾ ਹੈ, ਉੱਥੇ ਵਰਖਾ ਵੱਧ ਹੁੰਦੀ ਹੈ ਅਤੇ ਜਿੱਥੇ ਦਬਾਅ ਵਧਦਾ ਹੈ ਉਥੇ ਵਰਖਾ ਘਟਦੀ ਹੈ।
ਮੌਨਸੂਨ ਦੀ ਕਾਰਗੁਜ਼ਾਰੀ : ਪੰਜਾਬ ਵਿਚ ਅੰੌਸਤਨ ਮੌਨਸੂਨ ਵਰਖਾ 500 ਮਿਲੀਮੀਟਰ ਹੁੰਦੀ ਹੈ। ਇਸ ਵਿਚ ਜੇਕਰ ਵਰਖਾ 19 ਪ੍ਰਤੀਸ਼ਤ ਤੋਂ ਘਟ ਜਾਵੇ ਤਾਂ ਸੋਕਾ ਗ੍ਰਸਤ ਸਾਲ ਮੰਨਿਆ ਜਾਂਦਾ ਹੈ ਪਰ ਜੇਕਰ 19 ਪ੍ਰਤੀਸ਼ਤ ਤੋਂ ਵੱਧ ਵਰਖਾ ਹੋ ਜਾਵੇ ਤਾਂ ਉਸ ਨੂੰ ਹੜ੍ਹ ਮਾਰੂ ਸਾਲ ਉਲੀਕਿਆ ਜਾਂਦਾ ਹੈ। ਪੂਰੇ ਦੇਸ਼ ਵਿਚ ਸਾਲ 2014 ਅਤੇ 2015 ਵਿਚ ਲਗਾਤਾਰ ਦੋ ਸਾਲ ਦੇ ਸੋਕੇ ਤੋਂ ਬਾਅਦ 2016 ਵਿਚ ਮੌਨਸੂਨ ਦੀ ਸਥਿਤੀ ਵਿਚ ਸੁਧਾਰ ਹੋਇਆ ਅਤੇ ਉਸ ਸਾਲ 97 ਪ੍ਰਤੀਸ਼ਤ ਵਰਖਾ ਹੋਈ। ਪਿਛਲੇ ਸਾਲ ਮੌਨਸੂਨ ਲਗਪਗ ਸਧਾਰਨ ਹੀ ਰਿਹਾ। ਪਰ ਜੇ ਅਸੀਂ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪਿਛਲੇ 3-4 ਸਾਲਾਂ (2014-17) ਵਿਚ ਮੌਨਸੂਨ ਦੀ ਕਾਰਗੁਜ਼ਾਰੀ ਬਹੁਤੀ ਤਸੱਲੀਬਖਸ਼ ਨਹੀਂ ਰਹੀ ਅਤੇ ਵਰਖਾ 22 ਪ੍ਰਤੀਸ਼ਤ ਤੋਂ ਲੈ ਕੇ 50 ਪ੍ਰਤੀਸ਼ਤ ਤੱਕ ਔਸਤਨ ਨਾਲੋਂ ਘਟ ਰਹੀ। ਇਸ ਦਾ ਸਾਡੇ ਧਰਤੀ ਹੇਠਲੇ ਪਾਣੀ 'ਤੇ ਮਾੜਾ ਅਸਰ ਪੈਂਦਾ ਦਿਖਾਈ ਦਿੰਦਾ ਹੈ। ਸੂਬੇ ਦੇ 145 ਬਲਾਕਾਂ ਵਿਚੋਂ 100 ਬਲਾਕਾਂ ਦਾ ਪਾਣੀ ਤਕਰੀਬਨ 1 ਮੀਟਰ ਥੱਲੇ ਜਾ ਚੁੱਕਾ ਹੈ। ਭਾਰਤ ਵਿਚ ਖੇਤੀਬਾੜੀ ਸਿੱਧੇ ਤੌਰ 'ਤੇ ਮੌਸਮੀ ਵਰਖਾ (ਮੌਨਸੂਨ) 'ਤੇ ਨਿਰਭਰ ਕਰਦੀ ਹੈ। ਮੌਨਸੂਨ ਵਰਖਾ ਦੀ ਆਮਦ, ਮਾਤਰਾ, ਮਿਆਦ ਅਤੇ ਰਵਾਨਗੀ ਸਾਉਣੀ ਦੀਆਂ ਫ਼ਸਲਾਂ ਉੱਪਰ ਉੱਪਰ ਚੋਖਾ ਪ੍ਰਭਾਵ ਪਾਉਂਦੀ ਹੈ। ਕਈ ਵਾਰ ਮੌਨਸੂਨ ਸਮੇਂ ਸਿਰ ਆ ਕੇ ਵੀ ਰਸਤਾ ਭਟਕ ਜਾਂਸੀ ਹੈ ਅਤੇ ਹਿਮਾਲਿਆ ਦੀਆਂ ਪਹਾੜੀਆਂ 'ਤੇ ਸਥਿਰ ਹੋ ਜਾਂਦੀ ਹੈ, ਜਿਸ ਨੂੰ ਅਸੀਂ ਮੌਨਸੂਨ ਦਾ ਟੁੱਟਣਾ ਵੀ ਕਹਿ ਸਕਦੇ ਹਾਂ। ਮੌਨਸੂਨ ਪੌਣਾਂ ਦੇ ਨਿਯਮਿਤ ਸਮੇਂ ਵਿਚ ਕੁਝ ਨਾ ਕੁਝ ਬਦਲਾਅ ਆਉਣਾ ਵੀ ਸੁਭਾਵਿਕ ਹੈ। ਕਈ ਵਾਰ ਇਕ ਸਾਲ ਕਿਸੇ ਜਗ੍ਹਾ ਕਾਫੀ ਵਰਖਾ ਹੁੁੰਦੀ ਹੈ ਅਤੇ ਦੂਸਰੇ ਸਾਲ ਉਸੇ ਜਗ੍ਹਾ ਬਹੁਤ ਹੀ ਘੱਟ ਵਰਖਾ ਹੁੁੰਦੀ ਹੈ। ਦੇਸ਼ ਦੇ ਪੂਰਬੀ ਭਾਗਾਂ ਵਿਚ ਸਥਿਤ ਮੇਘਾਲਿਆ ਰਾਜ ਦੇ ਮੋਹਸਿਨਰਾਮ ਜ਼ਿਲ੍ਹੇ ਵਿਚ ਸਭ ਤੋਂ ਵੱਧ ਵਰਖਾ (11,873 ਮਿ.ਮਿ.) ਰਿਕਾਰਡ ਕੀਤੀ ਜਾਂਦੀ ਹੈ ਅਤੇ ਇਸ ਦੇ ਬਿਲਕੁਲ ਉਲਟ ਪੱਛਮ ਵਿਚ ਸਥਿਤ ਰਾਜਿਸਥਾਨ ਦੇ ਜੈਸਲਮੇਰ ਅਤੇ ਬੀਕਾਨੇਰ ਵਿਖੇ ਸਭ ਤੋਂ ਘੱਟ (350 ਮਿ.ਲਿ.) ਵਰਖਾ ਦਰਜ ਕੀਤੀ ਜਾਂਦੀ ਹੈ।
ਮੌਨਸੂਨ ਬਾਰੇ ਭਵਿੱਖਵਾਣੀ : ਮੌਨਸੂਨ ਦੀ ਦੇਰੀ ਮੌਨਸੂਨੀ ਇਲਾਕਿਆਂ ਵਿਚ ਤ੍ਰਾਹ ਪੈਦਾ ਕਰਦੀ ਹੈ ਜਦੋਂ ਕਿ ਮੌਨਸੂਨ ਦੀ ਆਮਦ ਗਰਮੀ ਦੇ ਪ੍ਰਕੋਪ ਨੂੰ ਖਤਮ ਕਰ ਦਿੰਦੀ ਹੈ। ਜਿੱਥੇ ਇਸ ਦੀ ਆਮਦ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਉਥੇ ਮੌਨਸੂਨ ਪੌਣਾਂ ਦੀ ਵਾਪਸੀ ਵੀ ਕਾਫੀ ਮਹੱਤਵਪੂਰਣ ਪੱਖ ਹੈ। ਮੌਨਸੂਨ ਪੌਣਾਂ ਦੀ ਆਮਦ, ਮਾਤਰਾ ਅਤੇ ਵਾਪਸੀ ਕਿਸਾਨਾਂ ਲਈ ਇਕੋ ਜਿੰਨੇ ਮਹੱਤਵਪੂਰਨ ਵਰਤਾਰੇ ਹਨ। ਦਰਅਸਲ ਸਿਰਫ ਕਿਸਾਨ ਹੀ ਨਹੀਂ ਸਾਰੇ ਦੇਸ਼ ਦੀ ਆਰਥਿਕਤਾ ਹੀ ਮੌਨਸੂਨ ਦੇ ਮੀਹਾਂ ਉਪਰ ਨਿਰਭਰ ਕਰਦੀ ਹੈ। ਕੁਦਰਤੀ ਗੱਲ ਹੈ ਕਿ ਹਰ ਸਬੰਧਿਤ ਦੇਸ਼ ਦੀ ਜਨਤਾ ਮੌਨਸੂਨ ਦੀ ਭਵਿੱਖਵਾਣੀ ਬਾਰੇ ਰਾਸ਼ਟਰੀ ਮੌਸਮ ਵਿਗਿਆਨ ਵਿਭਾਗ ਵੱਲ ਦੇਖਦੀ ਹੈ। ਰਾਸ਼ਟਰੀ ਪੱਧਰ 'ਤੇ ਮੌਸਮ ਵਿਗਿਆਨੀਆਂ ਨਾਲ ਮੇਲ-ਜੋਲ, ਆਧੁਨਿਕ ਸੰਚਾਰ ਸਾਧਨਾਂ ਅਤੇ ਖੋਜਾਂ ਆਦਿ ਰਾਹੀਂ ਮੌਨਸੂਨ ਦੀ ਦਿਸ਼ਾ ਅਤੇ ਦਸ਼ਾ ਬਾਰੇ ਜਾਣਨ ਦਾ ਯਤਨ ਕਰਦੇ ਹਨ ਜਿਸ ਦੇ ਤਹਿਤ ਲੋਕ, ਖਾਸ ਕਰਕੇ ਕਾਸ਼ਤਕਾਰ, ਪੇਸ਼ਗੀ ਤੌਰ 'ਤੇ ਇਹ ਜਾਣਨ ਲਈ ਉਤਾਵਲੇ ਰਹਿੰਦੇ ਹਨ ਕਿ ਮੌਨਸੂਨ ਦੀ ਸਥਿਤੀ ਕੀ ਰਹੇਗੀ। ਹਰ ਸਾਲ ਮੌਸਮ ਵਿਭਾਗ ਵਲੋਂ ਮੌਨਸੂਨ ਦੀ ਆਮਦ ਲਈ ਲੰਬੇ ਸਮੇਂ ਦੀ ਭਵਿੱਖਵਾਣੀ ਜਾਰੀ ਕੀਤੀ ਜਾਂਦੀ ਹੈ। ਇਸ ਦੇ ਆਧਾਰ 'ਤੇ ਔਸਤਨ ਬਾਰਿਸ਼ ਤੈਅ ਕੀਤੀ ਜਾਂਦੀ ਹੈ, ਜਿਸ ਵਿਚ 5 ਪ੍ਰਤੀਸ਼ਤ ਵੱਧ ਜਾਂ ਘੱਟ ਦੀ ਗੁੰਜ਼ਾਇਸ਼ ਹੁੁੰਦੀ ਹੈ। ਇਸ ਤੋਂ ਭਾਵ ਹੈ ਕਿ ਜੇਕਰ ਅਨੁਮਾਨ ਹੈ ਕਿ ਮੌਨਸੂਨ 100 ਪ੍ਰਤੀਸ਼ਤ ਰਹੇਗੀ ਤਾਂ ਇਹ 105 ਪ੍ਰਤੀਸ਼ਤ ਵੀ ਹੋ ਸਕਦੀ ਹੈ ਅਤੇ 95 ਪ੍ਰਤੀਸ਼ਤ ਵੀ। ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਉੱਤਰ-ਪੱਛਮ ਵਿਚ ਔਸਤਨ ਦਾ 100 ਪ੍ਰਤੀਸ਼ਤ, ਮੱਧ ਭਾਰਤ ਵਿਚ 99 ਪ੍ਰਤੀਸ਼ਤ, ਦੱਖਣ ਵਿਚ 95 ਪ੍ਰਤੀਸ਼ਤ ਅਤੇ ਉਤਰ-ਪੂਰਬ ਵਿਚ 93 ਪ੍ਰਤੀਸ਼ਤ ਬਾਰਿਸ਼ ਹੋਵੇਗੀ। ਇਸ ਵਾਰ ਮੌਸਮ ਵਿਭਾਗ ਨੇ 102 ਪ੍ਰਤੀਸ਼ਤ ਬਾਰਿਸ਼ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਜ਼ਾਰੀ ਅਨੁਮਾਨ ਵਿਚ ਇਸ ਨੂੰ 97 ਪ੍ਰਤੀਸ਼ਤ ਦੱਸਿਆ ਗਿਆ ਸੀ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 15 ਜੁਲਾਈ ਤੱਕ ਮੌਨਸੂਮ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਮੌਸਮ ਵਿਭਾਗ ਦੇ ਮੁਤਾਬਿਕ ਮੌਨਸੂਨ ਦੇ ਚਾਰ ਮਹੀਨਿਆਂ (ਜੂਨ-ਸਤੰਬਰ) ਦੌਰਾਨ ਸਭ ਤੋਂ ਜ਼ਿਆਦਾ ਸੰਭਾਵਨਾ 96-110% ਬਾਰਿਸ਼ ਹੋਣ ਦੀ ਹੈ।
ਮੌਨਸੂਨ ਸਬੰਧੀ ਭਵਿੱਖਵਾਣੀ ਦਾ ਇਕ ਮਹੱਤਵਪੂਰਨ ਪੱਖ ਇਹ ਹੈ ਕਿ ਕਈ ਵਾਰ ਮੌਸਮ ਵਿਗਿਅਨੀਆਂ ਵਲੋਂ ਕੀਤੀ ਭਵਿੱਖਵਾਣੀ ਗ਼ਲਤ ਸਾਬਤ ਹੋ ਜਾਂਦੀ ਹੈ। ਇਸ ਦੇ ਕੁਝ ਖਾਸ ਕਾਰਨ ਹਨ। ਦੇਸ਼ ਦੇ ਪੱਛਮੀ ਤੱਟ ਉਪਰ ਮੌਨਸੂਨ ਦੀ ਆਮਦ ਦੇ ਕਈ ਰੂਪ ਹਨ। ਇਹ ਰੂਪ ਪੌਣਾਂ ਦੀ ਤੀਬਰਤਾ, ਸਮਰੱਥਾ ਅਤੇ ਮੌਨਸੂਨੀ ਮਾਤਰਾ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ। ਅਸੀਂ ਆਸ ਕਰਦੇ ਹਾਂ ਕਿ ਇਸ ਵਰ੍ਹੇ ਮੌਸਮ ਵਿਭਾਗ ਵਲੋਂ ਕੀਤੀ ਗਈ ਭਵਿੱਖਵਾਣੀ ਸ਼ਤਪ੍ਰਤੀਸ਼ਤ ਸਹੀ ਰਹੇ ਤਾਂ ਜੋ ਪਿਛਲੇ ਵਰ੍ਹਿਆਂ ਦਾ ਘਾਟਾ ਪੂਰਾ ਹੋ ਸਕੇ । ਜੂਨ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਮੌਨਸੂਨ ਤੋਂ ਪਹਿਲਾਂ ਵਾਲੀ ਵਰਖਾ (ਪ੍ਰੀ-ਮੌਨਸੂਨ) ਦੇ ਕਿਆਸ ਲਗਾਏ ਜਾ ਰਹੇ ਹਨ, ਜੋ ਕਿ ਸਾਡੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਲਈ ਬਹੁਤ ਵਰਦਾਨ ਸਿੱਧ ਹੋਵੇਗੀ। ਇਹ ਵਰਖਾ ਫ਼ਸਲ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੀ ਮਦਦਗਾਰ ਹੋਵੇਗੀ।


-ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਅੱਜ ਪਿਤਾ ਦਿਵਸ 'ਤੇ ਵਿਸ਼ੇਸ਼

ਹੁੰਦਾ ਪਿਤਾ ਵੀ ਰੱਬ ਦਾ ਰੂਪ

ਅਸਲ 'ਚ ਪਿਤਾ ਤੋਂ ਭਾਵ ਪੈਦਾ ਕਰਨ ਵਾਲੇ ਤੋਂ ਲਿਆ ਜਾਂਦਾ ਹੈ। ਅਧਿਆਤਮਿਕ ਸ਼ਬਦਾਂ ਵਿਚ ਪ੍ਰਤੀਪਾਲਣਾ ਕਰਨ ਵਾਲਾ ਜਾਂ ਦੇਖਭਾਲ ਕਰਨ ਵਾਲੇ ਨੂੰ ਵੀ ਪਿਤਾ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ। ਗੁਰਮਤਿ ਫਿਲਾਸਫ਼ੀ ਵਿਚ ਪ੍ਰਮਾਤਮਾ ਨੂੰ ਵੀ ਪਰਮ ਪਿਤਾ ਨਾਲ ਸੰਬੋਧਨ ਕੀਤਾ ਜਾਂਦਾ ਹੈ। ਅਰਥਾਤ ਸਭਨਾਂ ਦਾ ਪਿਤਾ ਜੋ ਸਾਰਿਆਂ ਦੀ ਪ੍ਰਤੀਪਾਲਣਾ ਕਰਦਾ ਹੈ।
ਸਾਡੀ ਭਾਰਤੀ ਸੰਸਕ੍ਰਿਤੀ ਵਿਚ ਪਿਤਾ ਨੂੰ ਪਰਿਵਾਰ ਦਾ ਮੁਖੀ ਮੰਨਿਆ ਜਾਂਦਾ ਹੈ। ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਪਰਿਵਾਰ ਦੀ ਖ਼ੁਦ ਮੁਖ਼ਤਿਆਰੀ ਪਿਤਾ ਕੋਲ ਹੀ ਹੁੰਦੀ ਹੈ। ਪਰਿਵਾਰ ਦੀ ਰੋਜ਼ੀ-ਰੋਟੀ ਦਾ ਆਹਰ ਕਰਨਾ ਉਸ ਦਾ ਜ਼ਿੰਮਾ ਹੁੰਦਾ ਹੈ। ਪਤੀ-ਪਤਨੀ, ਦੋਵਾਂ ਦੇ ਸੰਯੋਗ ਨਾਲ ਪਰਿਵਾਰ ਪ੍ਰਵਾਨ ਚੜ੍ਹਦਾ ਹੈ ਅਤੇ ਵੱਖ-ਵੱਖ ਰਿਸ਼ਤਿਆਂ ਵਿਚ ਬੱਝਾ ਮਨੁੱਖ ਆਪਸੀ ਕਾਰ-ਵਿਹਾਰ ਕਰਦਾ ਹੈ। ਜਦੋਂ ਅਸੀਂ ਸੁਭਾਅ ਜਾਂ ਤਰਬੀਅਤ ਦੇ ਪੱਖੋਂ ਇਨ੍ਹਾਂ ਰਿਸ਼ਤਿਆਂ ਦਾ ਮੁਲਾਂਕਣ ਕਰਦੇ ਹਾਂ ਤਾਂ ਪਿਤਾ ਦੇ ਮੁਕਾਬਲੇ ਮਾਂ ਦਾ ਬਿੰਬ ਵਧੇਰੇ ਉਦਾਰਤਾ ਤੇ ਕੋਮਲਤਾ ਦੇ ਪ੍ਰਤੀਕ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਜਦੋਂ ਕਿ ਪਿਤਾ ਨੂੰ ਸਥੂਲ ਭਾਵੀ ਵਜੋਂ ਵੇਖਿਆ ਜਾਂਦਾ ਹੈ ਪਰੰਤੂ ਅਸਲ ਵਿਚ ਅਜਿਹਾ ਨਹੀਂ ਹੈ। ਇਕ ਪਾਸੇ ਜਿਥੇ ਮਾਂ ਬੱਚੇ ਨੂੰ ਜਨਮ ਦੇਣ, ਪਾਲਣ ਪੋਸ਼ਣ ਅਤੇ ਪੜ੍ਹਾਉਣ-ਲਿਖਾਉਣ ਦੇ ਨਾਲ-ਨਾਲ ਉਸ ਦੀਆਂ ਸਮੁੱਚੀਆਂ ਲੋੜਾਂ ਦਾ ਹੱਲ ਕਰਦੀ ਹੈ, ਉਥੇ ਪਿਤਾ ਪਰਿਵਾਰ ਲਈ ਰੋਜ਼ੀ-ਰੋਟੀ ਅਤੇ ਬੱਚਿਆਂ ਦੀ ਪੜ੍ਹਾਈ ਆਦਿ ਲਈ ਖ਼ਰਚ ਜਟਾਉਂਦਾ ਹੈ। ਦੋਵਾਂ ਦੇ ਸਾਂਝੇ ਯਤਨਾਂ ਨਾਲ ਹੀ ਬੱਚੇ ਪ੍ਰਵਾਨ ਚੜ੍ਹਦੇ ਹਨ। ਅਸਲ ਵਿਚ ਪਿਤਾ ਉਸ ਨਿੰਮ ਦੇ ਦਰੱਖਤ ਸਮਾਨ ਹੁੰਦਾ ਹੈ, ਜਿਸ ਦੇ ਪੱਤੇ ਬੇਸ਼ੱਕ ਕੌੜੇ ਹੁੰਦੇ ਹਨ ਪਰ ਛਾਂ ਹਮੇਸ਼ਾ ਠੰਢੀ ਦਿੰਦਾ ਹੈ।
ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ 'ਪਿਤਾ ਦਿਵਸ' ਮਨਾਇਆ ਜਾਂਦਾ ਹੈ। ਭਾਰਤ ਵਿਚ ਇਹ ਹਰ ਸਾਲ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਅਮਰੀਕਾ ਵਿਚ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਇਸ ਦਿਨ ਦੀ ਸ਼ੁਰੂਆਤ 'ਮਾਂ ਦਿਵਸ' ਦੇ ਸਮਾਗਮ ਤੋਂ ਪ੍ਰੇਰਣਾ ਲੈ ਕੇ ਸ਼ੁਰੂ ਕੀਤੀ ਗਈ। ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕਰਨ ਦਾ ਸਿਹਰਾ ਵਾਸ਼ਿੰਗਟਨ ਦੇ ਸ਼ਹਿਰ ਸਪੋਕੇਨ ਦੀ ਰਹਿਣ ਵਾਲੀ ਸੋਨੋਰਾ ਸਮਰਾਟ ਡੋਡ ਨੂੰ ਦਿੱਤਾ ਜਾਂਦਾ ਹੈ। ਸਦੀ ਦੀ ਸ਼ੁਰੂਆਤ ਵਿਚ ਸਮੁੱਚੇ ਅਮਰੀਕਾ ਵਿਚ 'ਮਾਂ ਦਿਵਸ' ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਸੰਘ ਸਰਕਾਰ ਵਲੋਂ ਅਜੇ ਇਸ ਸਬੰਧ ਵਿਚ ਛੁੱਟੀ ਘੋਸ਼ਿਤ ਕੀਤੀ ਜਾਣੀ ਸੀ ਪਰੰਤੂ ਬਹੁਤ ਸਾਰੇ ਰਾਜਾਂ ਵਲੋਂ ਮਈ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਮਾਂ ਦਿਵਸ' ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। 20 ਜੂਨ 1909 ਨੂੰ ਚਰਚ ਵਿਚ ਮਨਾਏ ਜਾ ਰਹੇ 'ਮਾਂ ਦਿਵਸ' ਦੇ ਮੌਕੇ 'ਤੇ ਸੋਨੋਰਾ ਸਮਰਾਟ ਡੋਡ ਨੂੰ ਇਹ ਫੁਰਨਾ ਫੁਰਿਆ ਕਿ ਮਾਂ ਦਿਵਸ ਵਾਂਗ 'ਪਿਤਾ ਦਿਵਸ' ਕਿਉਂ ਨਾ ਮਨਾਇਆ ਜਾਵੇ।
ਜਦੋਂ ਸੋਨੋਰਾ 16 ਸਾਲ ਦੀ ਸੀ ਤਾਂ ਆਪਣੇ ਛੇਵੇਂ ਬੱਚੇ ਨੂੰ ਜਨਮ ਦਿੰਦੇ ਸਮੇਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਅੱਜ ਵਾਂਗ ਉਸ ਸਮੇਂ ਇਕੱਲੇ ਮਾਂ ਜਾਂ ਪਿਤਾ ਵਲੋਂ ਬੱਚਿਆਂ ਦੀ ਪਾਲਣਾ ਕਰਨਾ ਮੁਸ਼ਕਿਲ ਕਾਰਜ ਸੀ। ਸੋਨੋਰਾ ਦਾ ਪਿਤਾ ਵਿਲੀਅਮ ਜੈਕਸ਼ਨ ਸਮਰਾਟ, ਅਮਰੀਕਨ ਸਿਵਲ ਵਾਰ ਦਾ ਵੈਟਰਨ ਸੀ।
'ਪਿਤਾ ਦਿਵਸ' ਸਬੰਧੀ ਸਭ ਤੋਂ ਪਹਿਲਾ ਸਮਾਗਮ 1910 ਵਿਚ ਸਪੋਕੋਨ ਵਿਚ ਮਨਾਇਆ ਗਿਆ ਸੀ। ਬਾਅਦ ਵਿਚ ਇਹ ਅਮਰੀਕਾ ਦੇ ਹੋਰ ਕਸਬਿਆਂ ਅਤੇ ਸ਼ਹਿਰਾਂ ਵਿਚ ਮਨਾਇਆ ਜਾਣਾ ਸ਼ੁਰੂ ਹੋਇਆ। ਇਸ ਲਈ ਸੋਨੋਰਾ ਸਮਰਾਟ ਡੋਡ ਨੂੰ 'ਪਿਤਾ ਦਿਵਸ' ਮਨਾਉਣ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਵੈਸਟ ਵਰਜੀਨੀਆ ਦੇ ਸ਼ਹਿਰ ਫਰਮਾਂਟ ਦੀ ਰਹਿਣ ਵਾਲੀ ਗਰੇਸਗੋਲਡਨ ਕਲੇਟਨ ਨੂੰ 'ਪਿਤਾ ਦਿਵਸ' ਮਨਾਉਣ ਦੀ ਸ਼ੁਰੂਆਤ ਕਰਨ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਇਸ ਨੇ 1908 ਈ: ਵਿਚ ਪਿਤਾ ਦਿਵਸ ਮਨਾਉਣ ਦਾ ਇਹ ਪ੍ਰਸਤਾਵ ਸਾਹਮਣੇ ਲਿਆਂਦਾ ਸੀ। ਉਸ ਨੇ ਨਾਲ ਦੇ ਕਸਬੇ ਵਿਚ ਹੋਏ ਖਾਨ-ਧਮਾਕੇ ਦਾ ਹਵਾਲਾ ਦਿੱਤਾ ਜਿਸ ਵਿਚ ਕਿ 360 ਵਿਅਕਤੀ ਮਾਰੇ ਗਏ ਸਨ। ਕਲੇਟਨ ਨੇ ਆਪਣੀ ਰਾਏ ਵਿਚ ਇਸ ਗੱਲ ਉੱਪਰ ਜ਼ੋਰ ਦਿੱਤਾ ਸੀ ਕਿ ਕਸਬੇ ਵਿਚਲੇ ਬੱਚਿਆਂ ਨੂੰ ਉਨ੍ਹਾਂ ਦੇ ਪਿਤਾਵਾਂ ਦੀ ਯਾਦ ਲਈ ਸਮੇਂ ਦੀ ਜ਼ਰੂਰਤ ਹੈ। ਉਸ ਦੀ ਇਸ ਗੱਲ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।
19 ਜੂਨ, 1910 ਨੂੰ ਵਾਸ਼ਿੰਗਟਨ ਵਿਖੇ ਪਹਿਲਾ 'ਪਿਤਾ ਦਿਵਸ' ਮਨਾਇਆ ਗਿਆ ਸੀ। 'ਪਿਤਾ ਦਿਵਸ' ਨੂੰ ਸਰਕਾਰੀ ਤੌਰ 'ਤੇ ਮਨਾਉਣ ਦਾ ਵਿਚਾਰ ਜਲਦੀ ਹੀ ਅਮਰੀਕਾ ਦੇ ਦੂਸਰੇ ਰਾਜਾਂ ਵਿਚ ਵੀ ਫੈਲ ਗਿਆ ਸੀ। 1924 ਵਿਚ ਰਾਸ਼ਟਰਪਤੀ ਕੈਲਵਿਨ ਕੂਲਿਜ਼ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਪਿਤਾ ਦਿਵਸ' ਵਜੋਂ ਪ੍ਰਵਾਨਗੀ ਦਿੱਤੀ ਅਤੇ ਰਾਜਾਂ ਨੂੰ ਇਸ ਸਬੰਧੀ ਉਤਸ਼ਾਹਿਤ ਕੀਤਾ। 1956 ਵਿਚ 'ਪਿਤਾ ਦਿਵਸ' ਨੂੰ ਸਾਂਝੇ ਮਤੇ ਰਾਹੀਂ ਪ੍ਰਵਾਨ ਕੀਤਾ ਗਿਆ।
ਦਸ ਸਾਲ ਬਾਅਦ 1966 ਈ: ਵਿਚ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਪਿਤਾ ਦਿਵਸ' ਵਜੋਂ ਪ੍ਰਵਾਨ ਕਰਨ ਸਬੰਧੀ ਘੋਸ਼ਣਾ ਜਾਰੀ ਕੀਤੀ।
1972 ਵਿਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਅਮਰੀਕਾ ਵਿਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਸਥਾਈ ਰੂਪ ਵਿਚ 'ਪਿਤਾ ਦਿਵਸ' ਵਜੋਂ ਸਥਾਪਤ ਕਰ ਦਿੱਤਾ। ਹੌਲੀ-ਹੌਲੀ ਦੁਨੀਆ ਦੇ ਦੂਸਰੇ ਮੁਲਕਾਂ ਨੇ ਵੀ ਪਿਤਾ ਦਿਵਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।
ਅੱਜ ਅਮਰੀਕਾ, ਇੰਗਲੈਂਡ, ਕੈਨੇਡਾ, ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਸ੍ਰੀਲੰਕਾ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਲਕ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਂਦੇ ਹਨ। ਪਰੰਤੂ ਬਹੁਤ ਸਾਰੇ ਮੁਲਕ ਅਜਿਹੇ ਹਨ, ਜਿਥੇ ਵੱਖਰੇ-ਵੱਖਰੇ ਦਿਨਾਂ ਅਤੇ ਮਹੀਨਿਆਂ ਵਿਚ ਪਿਤਾ ਦਿਵਸ ਮਨਾਇਆ ਜਾਂਦਾ ਹੈ। ਜਿਵੇਂ ਈਰਾਨ ਵਿਚ 14 ਮਾਰਚ ਨੂੰ, ਬੋਲੀਵੀਆ, ਇਟਲੀ, ਪੁਰਤਗਾਲ ਅਤੇ ਸਪੇਨ ਵਿਚ 19 ਮਾਰਚ ਨੂੰ, ਦੱਖਣੀ ਕੋਰੀਆ ਵਿਚ 8 ਮਈ ਨੂੰ, ਆਸਟ੍ਰੇਲੀਆ, ਏਕਵਾਡੋਰ ਅਤੇ ਬੈਲਜੀਅਮ ਵਿਚ ਜੂਨ ਦੇ ਦੂਸਰੇ ਐਤਵਾਰ, ਪੋਲੈਂਡ ਅਤੇ ਯੁਗਾਂਡਾ ਵਿਚ 23 ਜੂਨ, ਬ੍ਰਾਜ਼ੀਲ ਵਿਚ ਅਗਸਤ ਮਹੀਨੇ ਦਾ ਦੂਸਰਾ ਐਤਵਾਰ, ਤਾਈਵਾਨ ਅਤੇ ਚੀਨ ਵਿਚ 8 ਅਗਸਤ, ਅਰਜਨਟੀਨਾ ਵਿਚ 24 ਅਗਸਤ ਅਤੇ ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਸਤੰਬਰ ਮਹੀਨੇ ਦਾ ਪਹਿਲਾ ਐਤਵਾਰ, ਇੰਗਲੈਂਡ, ਨਾਰਵੇ ਅਤੇ ਸਵੀਡਨ ਵਿਚ ਨਵੰਬਰ ਦਾ ਦੂਸਰਾ ਐਤਵਾਰ ਅਤੇ ਥਾਈਲੈਂਡ ਵਿਚ 5 ਦਸੰਬਰ ਨੂੰ 'ਪਿਤਾ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਅਸਲ ਵਿਚ ਪਿਤਾ ਆਪਣੇ ਪਰਿਵਾਰ ਵਿਚ ਸੁਪਰ ਹੀਰੋ ਹੁੰਦਾ ਹੈ। ਪਿਤਾ ਹੀ ਹਮੇਸ਼ਾ ਔਲਾਦ ਦੀ ਸੁਰੱਖਿਆ ਕਰਦਾ ਹੈ। ਇਕ ਪਿਤਾ ਹੀ ਤਾਂ ਹੈ ਜੋ ਆਪਣੀ ਮੁਸਕਾਨ ਛੁਪਾ ਕੇ ਬੱਚਿਆਂ ਦੇ ਚਿਹਰੇ 'ਤੇ ਇਕ ਮੁਸਕਾਨ ਲਿਆਉਂਦਾ ਹੈ। ਬੱਚਿਆਂ ਦੀ ਸਫ਼ਲਤਾ 'ਤੇ ਸਭ ਤੋਂ ਵੱਧ ਖ਼ੁਸ਼ੀ ਪਿਤਾ ਨੂੰ ਹੁੰਦੀ ਹੈ। ਪਿਤਾ ਹਮੇਸ਼ਾ ਆਪਣੇ ਬੱਚਿਆਂ ਨੂੰ ਸਹੀ ਮਾਰਗ 'ਤੇ ਪਾਉਂਦਾ ਹੈ। ਇਸੇ ਲਈ ਕਹਿੰਦੇ ਹਨ ਕਿ ਮਾਂ ਘਰ ਦਾ ਗੌਰਵ ਹੈ ਤੇ ਪਿਤਾ ਘਰ ਦਾ ਅਸਤਿਤਵ ਹੁੰਦਾ ਹੈ। ਦੋਵਾਂ ਸਮਿਆਂ ਦਾ ਭੋਜਨ ਮਾਂ ਬਣਾਉਂਦੀ ਹੈ ਤੇ ਪਿਤਾ ਜੀਵਨ ਭਰ ਭੋਜਨ ਦਾ ਜੁਗਾੜ ਕਰਦਾ ਹੈ। ਪਿਤਾ ਬੋਹੜ ਰੂਪੀ ਉਹ ਦਰੱਖਤ ਹੈ, ਜਿਸ ਦੀ ਛਾਂ ਹੇਠ ਸਾਰਾ ਪਰਿਵਾਰ ਸੁੱਖ ਸ਼ਾਂਤੀ ਨਾਲ ਰਹਿੰਦਾ ਹੈ।
ਰੋਜ਼ਾਨਾ ਖਾਣਾ ਬਣਾਉਣ ਵਾਲੀ ਮਾਂ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ ਪਰੰਤੂ ਜੀਵਨ ਭਰ ਖਾਣੇ ਦੀ ਵਿਵਸਥਾ ਕਰਨ ਵਾਲੇ ਪਿਓ ਨੂੰ ਅਸੀਂ ਭੁੱਲ ਜਾਂਦੇ ਹਾਂ :-
ਮਾਂ ਦੀ ਸਿਫ਼ਤ ਤਾਂ ਹਰ ਕੋਈ ਕਰ ਜਾਂਦਾ,
ਪਿਤਾ ਕਿਸੇ ਨੂੰ ਵੀ ਨਹੀਓਂ ਯਾਦ ਰਹਿੰਦਾ।
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ,
ਜਿਸ ਦੇ ਸਿਰ 'ਤੇ ਘਰ ਆਬਾਦ ਰਹਿੰਦਾ।
ਉਸ ਦੇ ਸੀਨੇ 'ਚ ਵੀ ਇਕ ਦਿਲ ਹੁੰਦਾ,
ਜੋ ਔਲਾਦ ਦੀ ਖ਼ੁਸ਼ੀ ਲਈ ਸਦਾ ਬੇਤਾਬ ਰਹਿੰਦਾ।
ਬੇਹਿਸਾਬ ਪਿਆਰ ਨਹੀਂ ਵੇਖਦਾ ਕੋਈ,
ਉਸ ਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ।
ਮਾਂ ਰੋਂਦੀ ਹੈ, ਪਿਤਾ ਰੋ ਨਹੀਂ ਸਕਦਾ। ਖ਼ੁਦ ਦਾ ਪਿਤਾ ਮਰ ਜਾਏ, ਫਿਰ ਵੀ ਰੋ ਨਹੀਂ ਸਕਦਾ, ਕਿਉਂਕਿ ਛੋਟੇ ਭੈਣ ਭਰਾਵਾਂ ਨੂੰ ਵੀ ਸੰਭਾਲਣਾ ਹੁੰਦਾ ਹੈ। ਮਾਂ ਦੀ ਮੌਤ 'ਤੇ ਵੀ ਨਹੀਂ ਰੋਂਦਾ ਕਿਉਂਕਿ ਭੈਣਾਂ ਨੂੰ ਵੀ ਸਹਾਰਾ ਦੇਣਾ ਹੁੰਦਾ ਹੈ। ਪਤਨੀ ਹਮੇਸ਼ਾ ਲਈ ਸਾਥ ਛੱਡ ਜਾਏ, ਫਿਰ ਵੀ ਨਹੀਂ ਰੋਂਦਾ ਕਿਉਂਕਿ ਬੱਚਿਆਂ ਨੂੰ ਹੌਸਲਾ ਦੇਣਾ ਹੁੰਦਾ ਹੈ। ਪਿਤਾ ਕਦੇ ਬਿਮਾਰ ਨਹੀਂ ਹੁੰਦਾ, ਹੋ ਵੀ ਜਾਏ ਤਾਂ ਹਸਪਤਾਲ ਨਹੀਂ ਜਾਂਦਾ। ਡਾਕਟਰ ਇਕ ਅੱਧ ਮਹੀਨੇ ਦਾ ਆਰਾਮ ਦੱਸ ਦੇਵੇ ਤਾਂ ਮੱਥੇ ਦੀਆਂ ਸਿਲਵੱਟਾਂ ਹੋਰ ਗਹਿਰੀਆਂ ਹੋ ਜਾਂਦੀਆਂ ਹਨ ਕਿਉਂਕਿ ਬੇਟੀ ਦੀ ਸ਼ਾਦੀ ਤੇ ਬੇਟੇ ਦੀ ਫ਼ੀਸ ਭਰਨ ਦੀ ਚਿੰਤਾ ਹੁੰਦੀ ਹੈ। ਆਮਦਨ ਘੱਟ ਹੋਣ ਦੇ ਬਾਵਜੂਦ ਵੀ ਬੇਟੇ-ਬੇਟੀ ਨੂੰ ਮਹਿੰਗੇ ਕੋਰਸ ਕਰਵਾਉਂਦਾ ਹੈ। ਅਸਲ ਵਿਚ ਮਾਤਾ-ਪਿਤਾ ਦਾ ਆਪਸੀ ਸਹਿਯੋਗ ਹੀ ਪਰਿਵਾਰ ਨੂੰ ਅੱਗੇ ਲਿਜਾਣ ਵਿਚ ਸਹਾਇਤਾ ਕਰਦਾ ਹੈ।
ਮਾਤਾ ਬੱਚੇ ਨੂੰ ਜਨਮ ਦਿੰਦੀ ਹੈ,
ਪਿਓ ਉਸ ਦਾ ਪਾਲਣ ਕਰਦਾ ਹੈ।
ਮਾਂ ਭੋਜਨ ਬਣਾਉਂਦੀ ਹੈ,
ਪਿਤਾ ਭੋਜਨ ਦਾ ਪ੍ਰਬੰਧ ਕਰਦਾ ਹੈ।
ਮਾਂ ਛੋਟੀਆਂ ਮੁਸ਼ਕਿਲਾਂ ਹੱਲ ਕਰਦੀ ਹੈ,
ਪਿਤਾ ਵੱਡੀਆਂ ਮੁਸ਼ਕਿਲਾਂ ਹੱਲ ਕਰਦਾ ਹੈ।
ਮਾਂ ਦੀ ਸ਼ਰਮ ਹੁੰਦੀ ਹੈ,
ਪਿਤਾ ਦਾ ਡਰ ਹੁੰਦਾ ਹੈ।
ਮਾਂ 'ਤੇ ਵਿਸ਼ਵਾਸ ਹੁੰਦਾ ਹੈ,
ਪਿਤਾ 'ਤੇ ਮਾਣ ਹੁੰਦਾ ਹੈ।
ਭਾਵੇਂ ਬੱਚੇ ਨੂੰ 9 ਮਹੀਨੇ ਆਪਣੀ ਕੁੱਖ ਵਿਚ ਪਾਲ ਕੇ ਜਨਮ ਦੇਣ ਅਤੇ ਬਚਪਨ ਵਿਚ ਉਸ ਦਾ ਪਾਲਣ-ਪੋਸ਼ਣ ਕਰਨ ਕਰ ਕੇ ਵਧੇਰੇ ਪ੍ਰਭਾਵ ਮਾਤਾ ਦਾ ਹੁੰਦਾ ਹੈ, ਪਰੰਤੂ ਇਸ ਸਮੇਂ ਪਿਤਾ ਦੇ ਬਲਿਦਾਨ ਨੂੰ ਵੀ ਛੁਟਿਆ ਕੇ ਨਹੀਂ ਵੇਖਿਆ ਜਾ ਸਕਦਾ। ਜਦੋਂ ਬਚਪਨ ਦੇ ਸ਼ੁਰੂਆਤੀ ਮਹੀਨਿਆਂ ਵਿਚ ਅਣਬੋਲ ਬੱਚੇ ਸਰੀਰਕ ਕਸ਼ਟ ਕਰ ਕੇ ਬਿਸਤਰ ਉੱਪਰ ਪਿੱਠ ਨਹੀਂ ਲਗਾਉਂਦੇ ਤਾਂ ਸਿਆਲ ਦੀਆਂ ਲੰਮੀਆਂ ਰਾਤਾਂ ਵਿਚ ਬਾਲਾਂ ਨੂੰ ਮੋਢੇ ਨਾਲ ਲਾ ਕੇ ਸਾਰੀ ਸਾਰੀ ਰਾਤ ਘੁੰਮਦੇ ਰਹਿਣਾ ਵੀ ਤਾਂ ਪਿਤਾ ਦੇ ਹਿੱਸੇ ਆਉਂਦਾ ਹੈ। ਇਕ ਪਿਤਾ ਹੀ ਤਾਂ ਹੁੰਦਾ ਹੈ ਜਿਹੜਾ ਆਪਣੀਆਂ ਖ਼ੁਦ ਦੀਆਂ ਖਾਹਿਸ਼ਾਂ ਦੀ ਕੁਰਬਾਨੀ ਦੇ ਕੇ ਬੱਚਿਆਂ ਦੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ।
ਪਿਤਾ ਦੇ ਸਬੰਧ ਵਿਚ ਲਿਖੀਆਂ ਇਕ ਹਿੰਦੀ ਕਵਿਤਾ ਦੀਆਂ ਬਹੁਤ ਹੀ ਭਾਵਪੂਰਤ ਲਾਈਨਾਂ ਇਸ ਪ੍ਰਕਾਰ ਹਨ :
ਪਿਤਾ ਹੈ ਤੋ, ਸਾਰਾ ਸੰਸਾਰ ਅਪਨਾ ਹੈ,
ਪਿਤਾ ਕੇ ਬਗ਼ੈਰ ਜੀਵਨ ਏਕ ਸਪਨਾ ਹੈ।
ਪਿਤਾ ਗ੍ਰਹਿਸਥ ਆਸ਼ਰਮ ਮੇਂ ਉੱਚ ਸਥਿਤੀ ਕੀ ਭਗਤੀ ਹੈ,
ਪਿਤਾ ਸ੍ਰਿਸ਼ਟੀ ਮੇਂ ਨਿਰਮਾਣ ਕੀ ਅਭਿਵਿਅਕਤੀ ਹੈ।
ਪਿਤਾ ਸੇ ਹੀ ਪਰਿਵਾਰ ਮੇਂ ਪ੍ਰਤਿਪਲ ਰਾਗ ਹੈ,
ਪਿਤਾ ਸੇ ਹੀ ਮਾਂ ਕੀ ਬਿੰਦੀ ਔਰ ਸੁਹਾਗ ਹੈ।
ਪਿਤਾ ਸੇ ਹੀ ਬੱਚੋਂ ਕੇ ਢੇਰ ਸਾਰੇ ਸਪਨੇ ਹੈਂ,
ਪਿਤਾ ਹੈ ਤੋ ਬਾਜ਼ਾਰ ਕੇ ਸਬ ਖਿਲੌਨੇ ਅਪਨੇ ਹੈਂ।
ਪਿਤਾ ਰੋਟੀ ਹੈ, ਕੱਪੜਾ ਹੈ, ਮਕਾਨ ਹੈ,
ਪਿਤਾ ਛੋਟੇ ਸੇ ਪਰਿੰਦੇ ਕਾ ਬੜਾ ਆਸਮਾਨ ਹੈ।
ਪਿਤਾ ਉਂਗਲੀ ਪਕੜੇ ਬੱਚੇ ਕਾ ਸਹਾਰਾ ਹੈ,
ਪਿਤਾ ਕਭੀ ਖੱਟਾ, ਕਭੀ ਮੀਠਾ, ਕਭੀ ਖਾਰਾ ਹੈ।
ਇਹ ਬਿਲਕੁਲ ਹਕੀਕਤ ਹੈ ਕਿ ਪਿਤਾ ਦੇ ਸਾਏ ਹੇਠ ਸਾਰਾ ਸੰਸਾਰ ਆਪਣਾ ਲਗਦਾ ਹੈ ਅਤੇ ਪਿਤਾ ਤੋਂ ਬਿਨਾਂ ਤਾਂ ਸੰਸਾਰ ਵੀ ਇਕ ਸੁਪਨਾ ਮਾਤਰ ਬਣ ਕੇ ਰਹਿ ਜਾਂਦਾ ਹੈ। ਪਿਤਾ ਦੀ ਹੋਂਦ ਨਾਲ ਹੀ ਪਰਿਵਾਰ ਵਿਚ ਖੁਸ਼ੀਆਂ ਰਹਿੰਦੀਆਂ ਹਨ ਅਤੇ ਪਿਤਾ ਦੀ ਹੋਂਦ ਮਾਂ ਦੀ ਬਿੰਦੀ ਅਤੇ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ। ਬੱਚਿਆਂ ਦੇ ਸੁਪਨਿਆਂ ਦੀ ਪੂਰਤੀ ਲਈ ਪਿਤਾ ਦੀ ਹੋਂਦ ਬਹੁਤ ਜ਼ਰੂਰੀ ਹੈ।
ਇਕ ਧੀ ਵਿਆਹੇ ਜਾਣ ਤੋਂ ਬਾਅਦ ਜੇਕਰ ਆਪਣੇ ਪਤੀ ਤੋਂ ਇਲਾਵਾ ਸਭ ਤੋਂ ਵਧੇਰੇ ਪਿਆਰ ਕਿਸੇ ਨੂੰ ਕਰਦੀ ਹੈ ਤਾਂ ਉਹ ਹੈ ਉਸ ਦਾ ਪਿਤਾ। ਕਈ ਵਾਰ ਤਾਂ ਪੁੱਤਰੀਆਂ ਲਈ ਪਤੀ ਅਤੇ ਪਿਤਾ ਦੇ ਪਿਆਰ ਵਿਚ ਨਿਖੇੜਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਇਕ ਪਿਤਾ ਜਦੋਂ ਆਪਣੀ ਵਿਆਹੀ ਪੁੱਤਰੀ ਨੂੰ ਪੁੱਛਦਾ ਹੈ ਕਿ ਉਹ ਵਧੇਰੇ ਪਿਆਰ ਆਪਣੇ ਪਤੀ ਨੂੰ ਕਰਦੀ ਹੈ ਜਾਂ ਪਿਤਾ ਨੂੰ, ਤਾਂ ਉਸ ਪੁੱਤਰੀ ਦਾ ਜਵਾਬ ਹੁੰਦਾ ਹੈ :
ਮੈਨੂੰ ਸੱਚਮੁੱਚ ਪਤਾ ਨਹੀਂ, ਪ੍ਰੰਤੂ ਮੈਂ ਜਦੋਂ ਤੁਹਾਨੂੰ ਦੇਖਦੀ ਹਾਂ ਤਾਂ ਉਨ੍ਹਾਂ ਨੂੰ ਭੁੱਲ ਜਾਂਦੀ ਹਾਂ। ਲੇਕਿਨ ਜਦੋਂ ਉਨ੍ਹਾਂ ਨੂੰ ਵੇਖਦੀ ਹਾਂ ਤਾਂ ਤੁਹਾਨੂੰ ਯਾਦ ਕਰਦੀ ਹਾਂ। ਸੋ, ਇਹ ਗੱਲ ਸਪੱਸ਼ਟ ਹੈ ਕਿ ਪਰਿਵਾਰ ਵਿਚ ਮਾਂ ਵਾਂਗ ਪਿਤਾ ਦੀ ਵੀ ਅਹਿਮੀਅਤ ਹੁੰਦੀ ਹੈ। ਮਾਂ ਅਤੇ ਪਿਤਾ ਦੋਵਾਂ ਦੇ ਸਹਿਯੋਗ ਨਾਲ ਹੀ ਪਰਿਵਾਰ ਚਲਦਾ ਹੈ। ਪਰਿਵਾਰ ਵਿਚ ਪਿਤਾ ਦੀ ਹੋਂਦ ਨੂੰ ਮਨਫ਼ੀ ਕਰਕੇ ਨਹੀਂ ਵੇਖਿਆ ਜਾ ਸਕਦਾ।


-ਐਫ.-15, ਮਾਲਵਾ ਕਾਲੋਨੀ, ਪਿੱਛੇ ਨਵਾਂ ਮੋਤੀ ਬਾਗ਼, ਪਟਿਆਲਾ।
ਮੋਬਾਈਲ : 98727-28109.

ਵੱਖਰਾ ਹੀ ਅਨੰਦ ਹੈ ਖਿਡੌਣਾ ਰੇਲ ਰਾਹੀਂ ਸ਼ਿਮਲਾ ਦੀ ਯਾਤਰਾ ਦਾ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਣਜਾਣ ਸੈਲਾਨੀਆਂ ਦੇ ਹੱਥ ਵਿਚਲੀ ਚੀਜ਼, ਜੇਬਾਂ 'ਚ ਪਏ ਮੋਬਾਈਲ ਜਾਂ ਐਨਕ ਇੰਨੀ ਸਫ਼ਾਈ ਨਾਲ ਆਪਣੇ ਕਬਜ਼ੇ 'ਚ ਲੈਂਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ। ਚੀਜ਼ ਝਪਟ ਕੇ ਉਹ ਉੱਚੇ ਦਰੱਖਤਾਂ 'ਤੇ ਚੜ੍ਹ ਜਾਂਦੇ ਹਨ। ਗੱਡੀਆਂ ਵਾਲੇ ਜਾਂ ਸਥਾਨਕ ਲੋਕ ਇਨ੍ਹਾਂ ਦੀਆਂ ਹਰਕਤਾਂ ਤੋਂ ਲੋਕਾਂ ਨੂੰ ਸੁਚੇਤ ਕਰ ਦਿੰਦੇ ਹਨ ਪਰ ਇਹ ਫਿਰ ਵੀ ਕਿਸੇ ਨਾ ਕਿਸੇ ਸੈਲਾਨੀ ਨੂੰ ਆਪਣਾ ਰੰਗ ਵਿਖਾ ਹੀ ਦਿੰਦੇ ਹਨ। ਸਾਡੇ ਸਾਹਮਣੇ ਹੀ ਇਕ ਸੈਲਾਨੀ ਦੀ ਮਹਿੰਗੀ ਐਨਕ ਉਤਾਰ ਕੇ ਬਾਂਦਰ ਦਰੱਖਤ 'ਤੇ ਚੜ੍ਹ ਗਿਆ। ਉਹ ਜਦ ਐਨਕ ਪ੍ਰਾਪਤ ਕਰਨ ਲਈ ਬਾਂਦਰ ਦੇ ਨੇੜੇ ਜਾਵੇ ਤਾਂ ਬਾਂਦਰ ਦਰੱਖਤ 'ਤੇ ਹੋਰ ਉੱਚਾ ਚੜ੍ਹਦਾ ਜਾਵੇ। ਇੱਥੋਂ ਸਾਡਾ ਕੁਫ਼ਰੀ ਨੂੰ ਜਾਣ ਦਾ ਪ੍ਰੋਗਰਾਮ ਸੀ। ਰਸਤੇ ਵਿਚ ਸ਼ਿਮਲਾ ਦੇ ਹੀ ਇਲਾਕੇ ਸੰਜੌਲੀ ਵਿਖੇ ਗੁਰੂ ਘਰ ਦੇ ਦਰਸ਼ਨ ਕੀਤੇ। ਕੁਫ਼ਰੀ ਤੇ ਸ਼ਿਮਲਾ ਵਿਚਕਾਰ ਗਰੀਨ ਵੈਲੀ ਹੈ ਜਿਸ ਦੀ ਸੁੰਦਰਤਾ ਕਮਾਲ ਹੈ। 14 ਕਿਲੋਮੀਟਰ ਦੇ ਘੇਰੇ 'ਚ ਦੇਵਦਾਰ ਤੇ ਹੋਰ ਕਿਸਮ ਦੇ ਹਰੇ-ਭਰੇ ਦਰੱਖਤ ਵੱਖਰਾ ਨਜ਼ਾਰਾ ਪੇਸ਼ ਕਰਦੇ ਹਨ। ਸੈਲਾਨੀ ਇੱਥੇ ਖੜ੍ਹ ਕੇ ਇਸ ਹਰਿਆਵਲ ਘਾਟੀ ਨੂੰ ਨਿਹਾਰਦੇ ਹਨ ਅਤੇ ਤਸਵੀਰਾਂ ਆਦਿ ਵੀ ਕਰਵਾਉਂਦੇ ਹਨ। ਦਰੱਖਤ ਤੇ ਪਹਾੜ ਕੱਟਣ ਦੀ ਸਖ਼ਤ ਮਨਾਹੀ ਹੈ। ਇੱਥੋਂ ਅਸੀਂ ਕੁਫ਼ਰੀ ਗਏ। ਇਸ ਸਥਾਨ 'ਤੇ ਹੋਟਲ ਦੇ ਨਾਲ ਹੀ ਘੋੜਿਆਂ ਦੀ ਸਵਾਰੀ ਕਰਨ ਦਾ ਪ੍ਰਬੰਧ ਹੈ। ਇੱਥੇ 1000 ਤੋਂ ਵਧੇਰੇ ਘੋੜੇ ਹਨ। ਹਿਮਾਚਲੀ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਘੋੜਿਆਂ ਦੀ ਸਵਾਰੀ ਕਰਨ, ਫ਼ਿਲਮੀ ਸ਼ੂਟਿੰਗ ਸਥਾਨ, ਸੇਬਾਂ ਦੇ ਬਾਗ਼ ਆਦਿ ਦਿਖਾਉਣ ਦੀਆਂ ਗੱਲਾਂ ਕਰਦੇ ਹਨ ਪਰ ਅਸਲ 'ਚ ਜਿੰਨੀ ਵਧਾ ਕੇ ਗੱਲ ਉਹ ਕਰਦੇ ਹਨ ਉਨੀ ਹੈ ਨਹੀਂ। 250 ਰੁਪਏ ਪ੍ਰਤੀ ਵਿਅਕਤੀ ਅੱਧਾ ਕੁ ਕਿਲੋਮੀਟਰ ਘੋੜੇ ਦੀ ਸਵਾਰੀ ਕਰਾਈ ਜਾਂਦੀ ਹੈ। ਰਸਤੇ ਵਿਚ ਦੇਖਣ ਨੂੰ ਕੁਝ ਵੀ ਖ਼ਾਸ ਨਹੀਂ ਹੈ। ਉੱਚੇ ਨੀਵੇਂ, ਉੱਭੜ ਖਾਬੜ ਰਸਤੇ 'ਚ ਘੋੜ ਸਵਾਰੀ ਤੋਂ ਡਰੇ ਲੋਕ ਵਾਪਸ ਆਉਂਦੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਹਨ। ਇੱਥੋਂ ਥੋੜ੍ਹੀ ਦੂਰ 'ਤੇ ਲਿਜਾਣ ਲਈ 380 ਰੁਪਏ ਪ੍ਰਤੀ ਵਿਅਕਤੀ ਲਏ ਜਾਂਦੇ ਹਨ। ਇੱਥੇ ਬੱਚਿਆਂ ਦੇ ਮਨੋਰੰਜਨ ਲਈ ਕੁਝ ਚੀਜ਼ਾਂ ਜ਼ਰੂਰ ਹਨ। ਸੇਬਾਂ ਦੇ ਬਾਗ਼ ਦੀ ਬਜਾਏ 5-7 ਸੇਬਾਂ ਦੇ ਦਰੱਖਤ ਹਨ ਅਤੇ ਪੁਰਾਣੀਆਂ ਨਵੀਆਂ ਫ਼ਿਲਮਾਂ ਦੀ ਸ਼ੂਟਿੰਗ ਦਾ ਜ਼ਿਕਰ ਕਰ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਜੇਬ ਢਿੱਲੀ ਕਰਵਾਉਣੀ ਹੋਵੇ ਤਾਂ ਕੁਫ਼ਰੀ ਜ਼ਰੂਰ ਜਾਓ। ਵਾਪਸੀ ਉਪਰੰਤ ਇਸ ਦੇ ਨਾਲ ਹੀ ਇਕ ਚਿੜੀਆ ਘਰ ਦਿਖਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇੱਥੇ ਵੀ ਚਿੜੀਆ ਘਰ ਵਰਗੀ ਕੋਈ ਗੱਲ ਨਹੀਂ। ਥੱਕ ਟੁੱਟ ਕੇ ਲੋਕ ਵਾਪਸ ਸ਼ਿਮਲਾ ਵੱਲ ਮੂੰਹ ਕਰ ਲੈਂਦੇ ਹਨ ਜਾਂ ਫਿਰ ਕੁਝ ਉਤਸ਼ਾਹੀ 'ਚੈਲ' ਅਤੇ ਕੁਝ 'ਤੱਤਾ ਪਾਣੀ' ਸਥਾਨ ਵੇਖਣ ਤੁਰ ਜਾਂਦੇ ਹਨ। ਅਸੀਂ ਵਾਪਸ ਸ਼ਿਮਲਾ ਆਉਣਾ ਹੀ ਠੀਕ ਸਮਝਿਆ। ਸ਼ਾਮ 5:30 ਕੁ ਵਜੇ ਦੇ ਕਰੀਬ ਅਸੀਂ ਸ਼ਿਮਲਾ ਪਹੁੰਚ ਗਏ ਅਤੇ ਮਾਲ ਰੋਡ ਦਾ ਨਜ਼ਾਰਾ ਫਿਰ ਦੇਖਿਆ। ਇੱਥੇ ਪਹਿਲੇ ਦਿਨ ਨਾਲੋਂ ਵੱਧ ਚਹਿਲ ਪਹਿਲ ਸੀ। ਹਿਮਾਚਲ ਪੁਲਿਸ ਦੇ ਬੈਂਡ ਨਾਲ ਵੱਖ-ਵੱਖ ਰਾਜਾਂ ਤੋਂ ਆਏ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਨੌਜਵਾਨ ਲੜਕੇ ਲੜਕੀਆਂ ਆਪਣੇ ਫਨ ਦਾ ਮੁਜ਼ਾਹਰਾ ਕਰ ਰਹੇ ਸਨ। ਕਈ ਮੇਰੇ ਵਰਗੇ ਬੇਸੁਰੇ/ਬੇਤਾਲੇ ਵੀ ਹਾਜ਼ਰੀ ਲਵਾ ਰਹੇ ਸਨ। ਅਸੀਂ ਨਾਲ ਹੀ ਮੌਜੂਦ ਚਰਚ ਦੇ ਦਰਸ਼ਨ ਕੀਤੇ। ਮਾਲ ਰੋਡ 'ਤੇ ਲੋਕ ਹਿਮਾਚਲੀ ਪਹਿਰਾਵੇ ਨਾਲ ਤਸਵੀਰਾਂ ਖਿਚਵਾ ਰਹੇ ਸਨ। ਭਾਵੇਂ ਮੋਬਾਈਲਾਂ 'ਤੇ ਕੈਮਰਿਆਂ ਦੀ ਬਹੁਤਾਤ ਸਦਕਾ ਫ਼ੋਟੋਗ੍ਰਾਫ਼ੀ ਦਾ ਕੰਮ ਠੱਪ ਹੋਣ ਕਿਨਾਰੇ ਹੈ ਪਰ ਇਸ ਪਹਿਰਾਵੇ ਦੀ ਵਜ੍ਹਾ ਕਾਰਨ ਸਥਾਨਕ ਬਹੁਤ ਸਾਰੇ ਫ਼ੋਟੋਗ੍ਰਾਫ਼ਰ ਕੰਮ 'ਚ ਰੁੱਝੇ ਹੋਏ ਸਨ ਅਤੇ ਉਹ ਚੰਗੀ ਦਿਹਾੜੀ ਬਣਾ ਰਹੇ ਸਨ। 60 ਰੁਪਏ 'ਚ ਇਕ ਤਸਵੀਰ ਖਿੱਚੀ ਜਾਂਦੀ ਸੀ ਅਤੇ ਹਰ ਸੈਲਾਨੀ 3-4 ਤਸਵੀਰਾਂ ਤਾਂ ਖਿਚਾਅ ਹੀ ਲੈਂਦਾ ਸੀ ਜੋ ਉਨ੍ਹਾਂ ਨੂੰ ਅੱਧੇ ਘੰਟੇ ਦੇ ਸਮੇਂ ਦੌਰਾਨ ਮਿਲ ਜਾਂਦੀਆਂ ਸਨ। ਇੱਥੋਂ ਪਰਤ ਕੇ ਅਸੀਂ ਦੇਸੀ ਢਾਬੇ 'ਤੇ ਰੋਟੀ ਖਾਣ ਨੂੰ ਤਰਜੀਹ ਦਿੱਤੀ, ਉਪਰੰਤ ਹੋਟਲ 'ਚ ਪਹੁੰਚ ਗਏ। ਸਵੇਰ ਵੇਲੇ ਉੱਠਣ ਸਾਰ ਮੀਂਹ ਨੇ ਸਾਡਾ ਸਵਾਗਤ ਕੀਤਾ। ਬ੍ਰੇਕਫਾਸਟ ਕਰ ਕੇ ਅਸੀਂ ਰੇਲਵੇ ਸਟੇਸ਼ਨ ਵੱਲ ਚਾਲੇ ਪਾ ਦਿੱਤੇ ਜਿੱਥੋਂ 10:30 ਵਜੇ ਖਿਡੌਣਾ ਰੇਲ ਕਾਲਕਾ ਵੱਲ ਚੱਲ ਪਈ। ਗਰਮੀਆਂ ਦਾ ਇਹ ਟੂਰ ਬਹੁਤ ਹੀ ਅਨੰਦਮਈ ਅਤੇ ਰੋਮਾਂਚਕ ਰਿਹਾ।
(ਸਮਾਪਤ)


-ਇੰਚਾਰਜ 'ਅਜੀਤ' ਉਪ ਦਫ਼ਤਰ, ਮਾਨਸਾ।
ਮੋਬਾਈਲ : 94177-74558

ਭੁੱਲੀਆਂ ਵਿਸਰੀਆਂ ਯਾਦਾਂ

ਸ: ਤੇਜਾ ਸਿੰਘ ਸੁਤੰਤਰ ਅਲੂਣਾ ਦੀ ਪਹਿਲੀ ਬਰਸੀ 1974 ਵਿਚ ਮਨਾਈ ਗਈ ਸੀ। ਉਸ ਬਰਸੀ 'ਤੇ ਗਿਆਨੀ ਗੁਰਨਾਮ ਸਿੰਘ ਮੁਸਾਫਿਰ ਦਿੱਲੀ ਤੋਂ ਖਾਸ ਤੌਰ 'ਤੇ ਆਏ ਸਨ। ਸ: ਸੰਤੋਖ ਸਿੰਘ ਰੰਧਾਵਾ ਪੰਜਾਬ ਦੇ ਵਜ਼ੀਰ ਸਨ। ਉਹ ਵੀ ਬਰਸੀ 'ਤੇ ਆਏ ਸੀ।
ਗਿਆਨੀ ਜਗਜੀਤ ਸਿੰਘ, ਵਰਿੰਦਰ ਭਾਰਤੀ ਪੱਤਰਕਾਰ ਵੀ ਆਏ ਸਨ। ਹੋਰ ਬਹੁਤ ਸਾਰੇ ਕਾਮਰੇਡ ਸੁਤੰਤਰ ਹੁਰਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਹਰ ਹਿੱਸੇ ਵਿਚੋਂ ਆਏ ਸਨ। ਇਸ ਵਕਤ ਸੰਸਾਰ ਵਿਚ ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਸ: ਸੰਤੋਖ ਸਿੰਘ, ਗਿਆਨੀ ਜਗਜੀਤ ਸਿੰਘ, ਵਰਿੰਦਰ ਭਾਰਤੀ, ਸ: ਚੰਨਣ ਸਿੰਘ ਕਾਮਰੇਡ ਤੁਗਲਵਾਲ ਨਹੀਂ ਰਹੇ। ਇਸ ਯਾਦਗਾਰੀ ਤਸਵੀਰ ਵਿਚੋਂ ਹੀ ਦੇਖੇ ਜਾ ਸਕਦੇ ਹਨ।


-ਮੋਬਾਈਲ : 98767-41231

ਗੁਰਦੇਵ ਸਿੰਘ ਮਾਨ ਨੂੰ ਚੇਤੇ ਕਰਦਿਆਂ

ਪੰਜ ਗੀਤਕਾਰ ਮੈਨੂੰ ਬੇਹੱਦ ਚੰਗੇ ਲਗਦੇ ਹਨ। ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਕਰਤਾਰ ਸਿੰਘ ਬਲੱਗਣ ਤੇ ਸ਼ਿਵ ਕੁਮਾਰ।
ਪਰ ਅੱਜ ਸਿਰਫ਼ ਗੁਰਦੇਵ ਸਿੰਘ ਮਾਨ ਦੀ ਗੱਲ ਹੀ ਕਰਾਂਗੇ।
ਸਾਡੇ ਪਿੰਡ ਜਦ ਕਿਸੇ ਘਰ ਵਿਆਹ ਹੁੰਦਾ ਤਾਂ ਸਵੇਰ ਸਾਰ ਇਕ ਰਿਕਾਰਡ ਪੂਰੇ ਪਿੰਡ ਨੂੰ ਜਗਾਉਂਦਾ ਹੁੰਦਾ ਸੀ।
ਸਾਈਂ ਦੀਵਾਨਾ ਗਾਉਂਦਾ ਸੀ ਗੁਰਦੇਵ ਸਿੰਘ ਮਾਨ ਦੇ ਬੋਲ ਬੇਦਾਵੇ ਦੇ :
ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ,
ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ।
ਸਾਨੂੰ ਚੁੱਪ ਚੁਪੀਤਿਆਂ ਜਾਣ ਦੇ ਤੂੰ,
ਅਸੀਂ ਥੱਕ ਗਏ ਹਾਂ ਤੁਹਾਨੂੰ ਕਹਿ ਕਹਿ ਕੇ।
ਰਿਕਾਰਡ ਦੇ ਦੂਸਰੇ ਪਾਸੇ ਮਾਈ ਭਾਗੋ ਮਾਝੇ 'ਚ ਪਰਤੇ ਬੇਦਾਵੀਏ ਸਿੰਘਾਂ ਨੂੰ ਮਿਹਣੇ ਮਾਰ ਕੇ ਮੁੜ ਜੰਗ 'ਚ ਭੇਜਦੀ ਹੈ।
ਮੇਰੇ ਲਈ ਇਤਿਹਾਸ ਦਾ ਇਹ ਪਹਿਲਾ ਵਰਕਾ ਸੀ, ਜੋ ਮੈਂ ਪੌਣਾਂ ਚੋਂ ਪੜ੍ਹਿਆ।
ਕਿੰਨੇ ਹੀ ਹੋਰ ਗੀਤ
* ਊੜਾ ਐੜਾ ਈੜੀ ਸੱਸਾ ਹਾਹਾ ਊੜਾ ਐੜਾ ਵੇ।
ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ।
* ਚਰਖ਼ੀ ਰੰਗੀਲੀ ਦਾਜ ਦੀ ਮੇਰੇ ਵੀਰ ਨੇ ਵਲਾਇਤੋਂ ਆਂਦੀ।
* ਰਾਤੀਂ ਸੀ ਉਡੀਕਾਂ ਤੇਰੀਆਂ
ਸੁੱਤੇ ਪਲ ਨਾ ਹਿਜਰ ਦੇ ਮਾਰੇ।
ਬੜੇ ਹੋਰ ਗੀਤ ਵੀ ਰੇਸ਼ਮੀ ਥਾਨ ਵਾਂਗ ਯਾਦਾਂ ਚੋਂ ਉੱਛਲ ਉੱਛਲ ਪੈ ਰਹੇ ਹਨ।
ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ।
ਬੜੇ ਥੋੜ੍ਹੇ ਲੋਕ ਜਾਣਦੇ ਹਨ ਕਿ ਲਾਇਲਪੁਰ ਤੋਂ 1947 'ਚ ਉੱਜੜ ਕੇ ਆਏ ਇਸ ਪਰਿਵਾਰ ਨੂੰ ਤਿੰਨ ਸਾਲ ਸਰਾਭਾ ਪਿੰਡ (ਲੁਧਿਆਣਾ) 'ਚ ਕੱਚੀ ਅਲਾਟਮੈਂਟ ਤੇ ਰਹਿਣ ਦਾ ਸੁਭਾਗ ਮਿਲਿਆ। ਅੱਧਾ ਟੱਬਰ ਜੱਦੀ ਪਿੰਡ ਨੰਗਲਾਂ (ਨੇੜੇ ਡੇਹਲੋਂ ਲੁਧਿਆਣਾ) 'ਚ ਵੱਸਿਆ।
ਸਰਾਭਾ ਪਿੰਡ 'ਚ ਹੀ ਉਨ੍ਹਾਂ ਪਹਿਲੀ ਵਾਰ ਆਜ਼ਾਦ ਭਾਰਤ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪਹਿਲੀ ਬਰਸੀ ਨੌਜਵਾਨ ਸਪੋਰਟਸ ਕਲੱਬ ਬਣਾ ਕੇ ਮਨਾਈ। ਇਹ ਇਤਿਹਾਸਕ ਤੱਥ ਅੱਖੋਂ ਓਹਲੇ ਕਰਨ ਵਾਲਾ ਨਹੀਂ ਹੈ।
ਫਿਰ ਇਹ ਪਰਿਵਾਰ ਪੱਕੇ ਪੈਰੀਂ ਮਲੇਰਕੋਟਲਾ ਨੇੜੇ ਪਿੰਡ ਭੂਮਸੀ 'ਚ ਵੱਸ ਗਿਆ।
ਲੋਕ ਸੰਪਰਕ ਮਹਿਕਮੇ ਚ ਭਰਤੀ ਹੋ ਕੇ ਡਰਾਮਾ ਪਾਰਟੀ 'ਚ ਮੁਹੰਮਦ ਸਦੀਕ, ਕਰਨੈਲ ਗਿੱਲ ਤੇ ਦੀਦਾਰ ਸੰਧੂ ਵਰਗੇ ਨੌਜਵਾਨ ਭਰਤੀ ਕਰਕੇ ਪੇਂਡੂ ਵਿਕਾਸ ਦੇ ਗੀਤ ਨਾਟਕਾਂ ਦੀ ਹਨ੍ਹੇਰੀ ਲਿਆ ਦਿੱਤੀ।
ਸਟੇਜੀ ਕਵਿਤਾ ਦੇ ਸਿਰਕੱਢ ਕਵੀਆਂ 'ਚ ਗੁਰਦੇਵ ਸਿੰਘ ਮਾਨ ਦਾ ਸਿਰਮੌਰ ਨਾਂਅ ਸੀ।
ਉਸ ਨੂੰ ਵਾਰਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ।
1984 'ਚ ਉਸ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਅਕਾਲ ਤਖ਼ਤ ਸਾਹਿਬ ਦੀ ਵਾਰ ਲਿਖੀ। ਗੁਰੂ ਤੇਗ ਬਹਾਦਰ ਬੋਲਿਆ ਉਨ੍ਹਾਂ ਦੀ ਉੱਤਮ ਰਚਨਾ ਹੈ।
ਉਨ੍ਹਾਂ ਦਾ ਕਿੱਸਾ ਹੀਰ ਰਾਂਝਾ ਵਾਰਿਸਸ਼ਾਹ ਫਾਊਂਡੇਸ਼ਨ ਨੇ ਪ੍ਰਕਾਸ਼ਿਤ ਕੀਤਾ ਸੀ। ਉੱਤਰੀ ਅਮਰੀਕਾ ਦੇ ਪੰਜਾਬੀ ਲੇਖਕਾਂ ਦੀ ਸਭਾ ਦੇ ਉਹ ਪ੍ਰਧਾਨ ਸਨ ਤੇ ਮੋਹਨ ਗਿੱਲ ਜਨਰਲ ਸਕੱਤਰ।
ਵੱਡਾ ਬੰਦਾ ਸੀ, ਆਓ, ਵੱਡੇ ਨੂੰ ਚੇਤੇ ਕਰਕੇ ਵੱਡੇ ਹੋਈਏ।


-ਮੋਬਾਈਲ : 98726-31199

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-146

ਬਾਲੀਵੁੱਡ ਦਾ ਸੌਦਾਗਰ ਸੁਭਾਸ਼ ਘਈ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਉਸ ਦੀ ਪਤਨੀ ਮੁਕਤਾ ਉਸ ਸਮੇਂ ਗਰਭਵਤੀ ਸੀ। ਅਚਾਨਕ ਮੁਕਤਾ ਦੇ ਦਰਦ ਹੋਣੀ ਸ਼ੁਰੂ ਹੋ ਗਈ ਤਾਂ ਸੁਭਾਸ਼ ਨੇ ਆਪਣੇ ਇਕ ਖਾਸ ਦੋਸਤ ਨੂੰ ਮੁਕਤਾ ਨੂੰ ਹਸਪਤਾਲ ਦਾਖ਼ਲ ਕਰਾਉਣ ਦੀ ਬੇਨਤੀ ਕੀਤੀ। ਉਹ ਚਾਹੁੰਦਾ ਸੀ ਕਿ ਆਪਣਾ ਉਸ ਦਿਨ ਦਾ ਕੰਮ ਮੁਕੰਮਲ ਕਰਵਾ ਕੇ ਹੀ ਮੁਕਤਾ ਦੇ ਕੋਲ ਪਹੁੰਚੇ। ਪਰ ਮੁਕਤਾ ਦੀ ਤਬੀਅਤ ਜ਼ਿਆਦਾ ਹੀ ਖਰਾਬ ਹੋ ਗਈ ਸੀ ਅਤੇ ਉਸ ਨੇ ਇਕ ਸਤਮਾਹੇ ਬੱਚੇ ਨੂੰ ਵੀ ਜਨਮ ਦਿੱਤਾ ਸੀ। ਅਫ਼ਸੋਸ ਵਾਲੀ ਗੱਲ ਇਹ ਹੋਈ ਕਿ ਆਪ੍ਰੇਸ਼ਨ ਦੌਰਾਨ ਬੱਚੇ ਦੀ ਮੌਤ ਹੋ ਗਈ ਸੀ ਅਤੇ ਮੁਕਤਾ ਵੀ ਸਾਰੀ ਉਮਰ ਲਈ ਬਾਂਝ ਬਣ ਕੇ ਰਹਿ ਗਈ ਸੀ। ਜਦੋਂ ਸੁਭਾਸ਼ ਨੂੰ ਇਸ ਦੁਖਾਂਤ ਦਾ ਪਤਾ ਲੱਗਿਆ ਤਾਂ ਸੈੱਟ ਦੇ ਇਕ ਕੋਨੇ 'ਚ ਬਹਿ ਕੇ ਉਹ ਕੁਝ ਚਿਰ ਤਾਂ ਇਕੱਲਾ ਭੁੱਬਾਂ ਮਾਰ-ਮਾਰ ਕੇ ਰੋਂਦਾ ਰਿਹਾ ਸੀ ਪਰ ਫਿਰ ਉਹ ਛੇਤੀ ਹੀ ਸੰਭਲ ਗਿਆ ਅਤੇ ਫ਼ਿਲਮ ਦੇ ਅਗਲੇ ਸ਼ਾਟ ਦੀ ਤਿਆਰੀ ਕਰਨ ਲੱਗ ਪਿਆ ਸੀ। ਸਿਨੇਮਾ ਦੇ ਇਤਿਹਾਸ 'ਚ ਸ਼ਾਇਦ ਹੀ ਅਜਿਹੀ ਪ੍ਰਤੀਬੱਧਤਾ ਕਿਸੇ ਹੋਰ ਨਿਰਦੇਸ਼ਕ ਨੇ ਦਿਖਾਈ ਹੈ।
ਸੁਭਾਸ਼ ਦੇ ਆਪਣੀ ਤਾਂ ਕੋਈ ਔਲਾਦ ਨਹੀਂ ਹੋਈ ਪਰ ਆਪਣੀ ਜ਼ਿੰਦਗੀ ਦੇ ਖਾਲੀਪਣ ਨੂੰ ਭਰਨ ਲਈ ਉਸ ਨੇ ਦੋ ਕੰਮ ਕੀਤੇ ਹਨ। ਇਕ ਤਾਂ ਆਪਣੇ ਭਰਾ (ਅਸ਼ੋਕ) ਦੀ ਬੇਟੀ ਨੂੰ ਉਸ ਨੇ ਆਪਣੀ ਬੇਟੀ ਬਣਾ ਲਿਆ ਹੈ। ਦੂਜਾ ਇਹ ਕਿ ਉਸ ਨੇ ਆਪਣੀਆਂ ਫ਼ਿਲਮਾਂ ਨੂੰ ਹੀ ਆਪਣੀ ਅਸਲੀ ਔਲਾਦ ਸਮਝਿਆ ਹੈ। ਉਸ ਨੇ ਇਕ ਬਾਪ ਦੀ ਤਰ੍ਹਾਂ ਹੀ ਆਪਣੀਆਂ ਫ਼ਿਲਮਾਂ ਦੇ ਕਥਾਨਕਾਂ ਨਾਲ ਲਾਡ-ਦੁਲਾਰ ਕੀਤਾ ਹੈ ਅਤੇ ਰਜਤਪਟ 'ਤੇ ਉਤਾਰਿਆ ਹੈ।
ਇਸ ਦ੍ਰਿਸ਼ਟੀਕੋਣ ਤੋਂ ਉਸ ਦੀਆਂ 'ਪ੍ਰਦੇਸ' (1997) ਅਤੇ 'ਤਾਲ' (1999) ਵਰਗੀਆਂ ਫ਼ਿਲਮਾਂ ਦੀ ਸ਼ਾਟ-ਦਰ-ਸ਼ਾਟ ਪੜਚੋਲ ਕਰੋ। ਹਰੇਕ ਫਰੇਮ ਆਪਣੇ-ਆਪ 'ਚ ਇਕ ਚਿੱਤਰਕਾਰ ਦੀ ਕਲਾ-ਕਿਰਤ ਦਾ ਨਮੂਨਾ ਪੇਸ਼ ਕਰਦਾ ਹੈ। 'ਪ੍ਰਦੇਸ' ਦੀ ਫ਼ਤਹਿਪੁਰ ਸੀਕਰੀ 'ਚ ਫ਼ਿਲਮਾਈ ਗਈ ਕੱਵਾਲੀ 'ਹੋ ਗਿਆ ਹੈ ਮੁਝੇ ਪਿਆਰ' ਅਤੇ 'ਤਾਲ' ਵਿਚਲਾ ਚੰਬੇ ਦੀਆਂ ਪਹਾੜੀਆਂ ਫ਼ਿਲਮਾਇਆ ਗੀਤ 'ਤਾਲ ਸੇ ਤਾਲ ਮਿਲਾ' ਨਿਰਦੇਸ਼ਕ ਦੀ ਕਲਪਨਾਸ਼ੀਲ ਕਾਰਜਵਿਧੀ ਦਾ ਪ੍ਰਮਾਣ ਹਨ।
ਇਹ ਨਤੀਜੇ ਇਸ ਲਈ ਵਧੀਆ ਰਹੇ, ਕਿਉਂਕਿ ਸੁਭਾਸ਼ ਨੂੰ ਫੋਟੋਗ੍ਰਾਫ਼ੀ ਤੋਂ ਇਲਾਵਾ ਸੰਗੀਤ ਦਾ ਵੀ ਪੂਰਾ-ਪੂਰਾ ਗਿਆਨ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਉਸ ਦੀਆਂ ਫ਼ਿਲਮਾਂ ਦਾ ਸੰਗੀਤ ਰਾਜ ਕਪੂਰ ਦੀ ਤਰ੍ਹਾਂ ਉਸ ਤੋਂ ਵੀ ਪ੍ਰਭਾਵਿਤ ਰਿਹਾ ਹੈ। ਇਸ ਸਬੰਧ 'ਚ 'ਕਰਮਾ' ਦੇ ਟਾਈਟਲ ਗੀਤ 'ਮੇਰਾ ਕਰਮਾ ਭੀ ਤੂ, ਮੇਰਾ ਧਰਮਾ ਭੀ ਤੂ' ਵਿਚਲਾ ਵਜਾਇਆ ਗਿਆ ਇਕ ਤਾਰਾ ਸੁਭਾਸ਼ ਦੇ ਕਹਿਣ 'ਤੇ ਹੀ ਵਰਤਿਆ ਗਿਆ ਸੀ। ਇਸ ਇਕ ਤਾਰੇ ਨੂੰ ਫ਼ਿਲਮ ਜਗਤ 'ਚ ਸੰਗੀਤਕਾਰ ਸੱਜਾਦ ਖ਼ਾਨ ਦਾ ਲੜਕਾ ਹੀ ਸਿਰਫ਼ ਵਜਾ ਸਕਦਾ ਹੈ। ਸੁਭਾਸ਼ ਨੇ ਇਕ ਕਲਾਕਾਰ ਨੂੰ ਉਚੇਚੇ ਤੌਰ 'ਤੇ ਇਸ ਗੀਤ ਦੀ ਰਿਕਾਰਡਿੰਗ ਦੇ ਸਮੇਂ ਬੁਲਾਇਆ ਸੀ।
ਇਹ ਠੀਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਬਣਾਈਆਂ ਕੁਝ ਫ਼ਿਲਮਾਂ 'ਤ੍ਰਿਮੂਰਤੀ', 'ਬਲੈਕ ਐਂਡ ਵਾਈਟ', 'ਯਾਦੇਂ', 'ਅਪਨਾ ਸਪਨਾ ਮਨੀ ਮਨੀ', '36 ਚਾਈਨਾ ਟਾਊਨ', 'ਕ੍ਰਿਸ਼ਨਾ' ਉਸ ਦੇ ਮਿਆਰ 'ਤੇ ਖਰੀਆਂ ਨਹੀਂ ਉਤਰੀਆਂ ਸਨ, ਪਰ ਇਸ ਦੇ ਨਾਲ ਉਸ ਦੇ ਉਤਸ਼ਾਹ 'ਚ ਕੋਈ ਫਰਕ ਨਹੀਂ ਆਇਆ ਹੈ।
ਫਿਰ ਵੀ, ਅੱਜਕਲ੍ਹ ਸੁਭਾਸ਼ ਦਾ ਜ਼ਿਆਦਾ ਸਮਾਂ ਆਪਣੀ ਅਕੈਡਮੀ Wh}st&}n{ Woods ਨੂੰ ਅੱਗੇ ਵਧਾਉਣ 'ਚ ਗੁਜ਼ਰਦਾ ਹੈ। ਇਸ ਅਕੈਡਮੀ 'ਚ ਫ਼ਿਲਮਾਂ ਨਾਲ ਸਾਰੇ ਹੀ ਵਿਭਾਗਾਂ ਦੀ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ। ਮੁੰਬਈ ਦੀ ਫ਼ਿਲਮ ਸਿਟੀ ਦੇ ਨਜ਼ਦੀਕ ਸਥਿਤ ਇਹ ਇੰਸਟੀਚਿਊਟ ਕੁਝ ਚਿਰ ਪਹਿਲਾਂ ਕਾਨੂੰਨੀ ਵਿਵਾਦਾਂ 'ਚ ਵੀ ਫਸ ਗਈ ਸੀ। ਪਰ ਨਵੀਂ ਸਥਿਤੀ ਇਹ ਹੈ ਕਿ ਅਦਾਲਤ ਨੇ ਇਸ ਸੰਸਥਾ ਨੂੰ ਜਾਇਜ਼ ਠਹਿਰਾਇਆ ਹੈ ਅਤੇ ਇਸ ਦੇ ਬਣੇ ਰਹਿਣ ਦਾ ਹੁਕਮ ਵੀ ਦਿੱਤਾ ਹੈ। ਸੁਭਾਸ਼ ਨੂੰ ਇਸ ਫ਼ੈਸਲੇ ਤੋਂ ਕਾਫੀ ਰਾਹਤ ਮਹਿਸੂਸ ਹੋਈ ਹੋਵੇਗੀ, ਕਿਉਂਕਿ ਇਕ ਅਜਿਹੇ ਹੀ ਕੇਸ ਦਾ ਨਿਰਣਾ ਦੇਣ ਲੱਗਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਦੀ ਹਰਿਆਣਾ ਵਿਖੇ ਸਥਿਤ ਇਕ ਹੋਰ ਸੰਸਥਾ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਸੀ।
ਪਰ ਸੁਭਾਸ਼ ਨੂੰ ਅਦਾਲਤ ਦੇ ਫ਼ੈਸਲੇ ਬਹੁਤਾ ਪ੍ਰਭਾਵਿਤ ਨਹੀਂ ਕਰ ਸਕਦੇ। ਉਹ ਤਾਂ ਫ਼ਿਲਮਾਂ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਦਿਲ ਹੀ ਜਿੱਤਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦਿੰਦਾ ਲਗਦਾ ਹੈ:
ਜ਼ਿੰਦਗੀ ਹਰ ਤਰਫ਼ ਏਕ ਨਈ ਜੰਗ ਹੈ,
ਜੀਤ ਜਾਏਂਗੇ ਹਮ ਅਗਰ ਤੂ ਸੰਗ ਹੈ।
(ਮੇਰੀ ਜੰਗ)
ਧੰਨਵਾਦ
Profile Mukta Arts.
Subhash Ghai asked me : The times of India 24 Feb. 2006.


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX