ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  16 minutes ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  44 minutes ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  about 1 hour ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 2 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਾਸਮਤੀ ਦੀ ਸਿੱਧੀ ਬਿਜਾਈ ਕਰ ਕੇ ਪਾਣੀ ਬਚਾਓ ਅਤੇ ਖਰਚਾ ਘਟਾਓ

ਝੋਨਾ ਪੰਜਾਬ ਵਿਚ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਪੰਜਾਬ ਦੀ ਜਲਵਾਯੂ ਝੋਨੇ ਦੀ ਪੈਦਾਵਾਰ ਲਈ ਬਹੁਤ ਹੀ ਅਨੁਕੂਲ ਹੈ ਅਤੇ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਇਸ ਦੇ ਮੰਡੀਕਰਨ ਦੀ ਵੀ ਕੋਈ ਸਮੱਸਿਆ ਨਾ ਹੋਣ ਕਰਕੇ ਅਤੇ ਵੱਧ ਆਮਦਨ ਪ੍ਰਾਪਤ ਹੋਣ ਕਰਕੇ ਵੀ ਕਿਸਾਨ ਸਾਉਣੀ ਰੁੱਤੇ ਝੋਨੇ ਦੀ ਫ਼ਸਲ ਲਗਾਉਣ ਨੂੰ ਵੱਧ ਤਰਜੀਹ ਦਿੰਦੇ ਹਨ।
ਝੋਨੇ ਤੋਂ ਬਾਅਦ ਪੰਜਾਬ ਵਿਚ ਬਾਸਮਤੀ ਦੀ ਕਾਸ਼ਤ ਥੱਲੇ ਕਾਫੀ ਰਕਬਾ ਹੈ, ਪੰਜਾਬ ਵਿਚ ਬਾਸਮਤੀ ਦੀ ਕਾਸ਼ਤ ਤਕਰੀਬਨ 4.5 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਬਾਸਮਤੀ ਦੀ ਕਾਸ਼ਤ ਜ਼ਿਆਦਾਤਰ ਨੀਮ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ ਜਿਵੇਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਕੁਝ ਹਿੱਸਿਆਂ ਵਿਚ ਨਵਾਂਸ਼ਹਿਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਕਪੂਰਥਲਾ ਆਦਿ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਇਨ੍ਹਾਂ ਇਲਾਕਿਆਂ ਵਿਚ ਜਿੱਥੇ ਪਹਿਲਾਂ ਬਾਸਮਤੀ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਸੀ ਪਰੰਤੂ ਪਿਛਲੇ ਕੁਝ ਸਮੇਂ ਤੋਂ ਬਾਸਮਤੀ ਦੇ ਮੁੱਲ ਵਿਚ ਕਾਫੀ ਉਤਰਾਅ ਚੜ੍ਹਾਅ ਆਉਣ ਕਾਰਨ ਪੰਜਾਬ ਵਿਚ ਬਾਸਮਤੀ ਹੇਠਾਂ ਤਕਰੀਬਨ 30 ਫੀਸਦੀ ਤੱਕ ਰਕਬਾ ਘਟ ਗਿਆ। ਪ੍ਰੰਤੂ ਪਿਛਲੇ ਸਾਲ ਤੋਂ ਬਾਸਮਤੀ ਦੇ ਮੁੱਲ ਵਿਚ ਮੁੜ ਵਾਧਾ ਹੋਣ ਕਾਰਨ ਇਕ ਵਾਰ ਫਿਰ ਇਸ ਹੇਠ ਰਕਬਾ ਵਧਣ ਦੀ ਉਮੀਦ ਹੈ। ਆਮ ਤੌਰ 'ਤੇ ਬਾਸਮਤੀ ਦੀ ਕਾਸ਼ਤ ਸਾਉਣੀ ਦੇ ਚਾਰੇ ਵਾਲੇ ਖੇਤਾਂ ਵਿਚ, ਗਰਮ ਰੁੱਤ ਦੀ ਮੂੰਗੀ, ਮਾਂਹ, ਬਹਾਰ ਰੁੱਤ ਦੀ ਮੱਕੀ ਜਾਂ ਕੁੱਝ ਸਬਜ਼ੀਆਂ ਦੇ ਖਤਮ ਹੋਣ ਤੋਂ ਬਾਅਦ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਬਿਜਾਈ ਬਰਸਾਤ ਦੇ ਸ਼ੁਰੂ ਹੋਣ ਨਾਲ ਮੇਲ ਖਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਾਸਮਤੀ ਦੀਆਂ ਬਿਮਾਰੀਆਂ ਤੋਂ ਰਹਿਤ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ।
ਬਾਸਮਤੀ ਦੀ ਬਿਜਾਈ ਆਮ ਤੌਰ 'ਤੇ ਪਨੀਰੀ ਲਗਾ ਕੇ ਹੀ ਕੀਤੀ ਜਾਂਦੀ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ਜਿੱਥੇ ਪਨੀਰੀ ਰਾਹੀਂ ਬੂਟਾ ਲਾਉਣ ਲਈ ਇਸ ਦੀ ਬਿਜਾਈ ਇਕ ਮਹੀਨਾ ਪਹਿਲਾਂ ਹੀ ਕਰ ਦਿੱਤੀ ਜਾਂਦੀ ਹੈ ਅਤੇ ਕੱਦੂ ਕਰਨ ਉਪਰੰਤ ਪਨੀਰੀ ਲਾਉਣ ਵਾਸਤੇ ਕਾਫੀ ਪਾਣੀ ਅਤੇ ਮਜ਼ਦੂਰਾਂ ਦੀ ਵੀ ਜ਼ਰੂਰਤ ਪੈਂਦੀ ਹੈ, ਜਿਸ ਨਾਲ ਇਸ ਦੀ ਕਾਸ਼ਤ 'ਤੇ ਖਰਚਾ ਵੀ ਵਧਦਾ ਹੈ। ਦੂਸਰਾ ਸਿਫਾਰਿਸ਼ ਮੁਤਾਬਿਕ 33 ਬੂਟੇ ਪ੍ਰਤੀ ਵਰਗ ਮੀਟਰ ਵਿਚ ਵੀ ਨਹੀਂ ਲਗਦੇ ਹਨ ਅਤੇ ਆਮ ਕਰਕੇ ਕਿਸਾਨਾਂ ਦੇ ਖੇਤਾਂ ਵਿਚ ਬੂਟਿਆਂ ਦੀ ਗਿਣਤੀ ਵੀ 20-22 ਬੂਟੇ ਪ੍ਰਤੀ ਵਰਗ ਮੀਟਰ ਹੀ ਪਾਈ ਜਾਂਦੀ ਹੈ। ਇਸ ਲਈ ਘੱਟ ਬੂਟਿਆਂ ਦੀ ਗਿਣਤੀ ਤੇ ਮਜ਼ਦੂਰੀ ਜ਼ਿਆਦਾ ਲੱਗਣ ਦੀ ਮੁਸ਼ਕਿਲ ਨੂੰ ਹੱਲ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਬਾਸਮਤੀ ਦੀ ਸਿੱਧੀ ਬਿਜਾਈ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਪੰਜਾਬ ਵਿਚ ਜਿੱਥੇ ਪਾਣੀ ਦਾ ਪੱਧਰ ਵੀ ਹੇਠਾਂ ਜਾ ਰਿਹਾ ਹੈ, ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਤਕਨੀਕ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਹੇਠ ਲਿਖੇ ਜ਼ਰੂਰੀ ਨੁਕਤਿਆਂ ਨੂੰ ਅਪਣਾਉਣਾ ਚਾਹੀਦਾ ਹੈ:
ਸਿੱਧੀ ਬਿਜਾਈ ਲਈ ਮਿੱਟੀ ਦੀ ਚੋਣ: ਬਾਸਮਤੀ ਦੀ ਸਿੱਧੀ ਬਿਜਾਈ ਦਰਮਿਆਨੀ ਤੋਂ ਭਾਰੀ ਜ਼ਮੀਨ ਵਿਚ ਹੀ ਕਰਨੀ ਚਾਹੀਦੀ ਹੈ ਜੋ ਕਿ ਪੰਜਾਬ ਦਾ ਤਕਰੀਬਨ 40% ਖੇਤਰ ਵਿਚ ਪਾਈ ਜਾਂਦੀ ਹਨ। ਹਾਲਾਂਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਪਰਖ ਕਰਵਾ ਲੈਣੀ ਚਹਿਦੀ ਹੈ। ਸਿੱਧੀ ਬਿਜਾਈ ਕਦੇ ਵੀ ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਨਹੀਂ ਕਰਨੀ ਚਾਹੀਦੀ, ਕਿਉਂਕਿ ਇਨ੍ਹਾਂ ਜ਼ਮੀਨਾਂ ਵਿਚ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਬੂਟਿਆਂ ਦਾ ਜੰਮ ਵੀ ਸਹੀ ਨਹੀਂ ਹੁੰਦਾ। ਝੋਨੇ ਦੀ ਸਿੱਧੀ ਬਿਜਾਈ ਉਨ੍ਹਾਂ ਖੇਤਾਂ ਵਿਚ ਨਾ ਕਰੋ ਜਿੱਥੇ ਪਹਿਲਾਂ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਬੀਜੀਆਂ ਗਈਆਂ ਹੋਣ ਜਿਵੇਂ (ਨਰਮਾ, ਮੱਕੀ ਜਾਂ ਗੰਨਾ) ਕਿਉਂਕਿ ਇਨ੍ਹਾਂ ਖੇਤਾਂ ਵਿਚ ਲੋਹੇ ਧੱਤ ਦੀ ਘਾਟ ਅਤੇ ਨਦੀਨਾਂ ਦੀ ਸਮੱਸਿਆ ਬਹੁਤ ਆ ਜਾਂਦੀ ਹੈ।
ਲੇਜ਼ਰ ਲੈਵਲ ਅਤੇ ਖੇਤ ਦੀ ਤਿਆਰੀ: ਸਭ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਵਧੀਆ ਢੰਗ ਨਾਲ ਪੱਧਰ ਕਰ ਲਵੋ ਤਾਂ ਕਿ ਖੇਤ ਵਿਚ ਪਾਣੀ ਅਤੇ ਹੋਰ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜੰਮ ਰਹੇ ਦਾਣੇ ਅਤੇ ਨਵੇਂ ਜੰਮੇ ਬੂਟੇ ਖੇਤ ਵਿਚ ਜ਼ਿਆਦਾ ਪਾਣੀ ਆ ਜਾਣ 'ਤੇ ਬਚ ਜਾਣ। ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਪੱਧਰ ਕਰਨ ਉਪਰੰਤ ਇਕ ਤੋਂ ਦੋ ਵਾਰ ਤਵੀਆਂ ਨਾਲ ਚੰਗੀ ਤਰ੍ਹਾਂ ਨਾਲ ਵਾਹੋ ਤਾਂ ਜੋ ਖੇਤ ਵਿਚ ਡਲੇ ਨਾ ਰਹਿਣ ਅਤ ਖੇਤ ਚੰਗੀ ਤਰਾਂ੍ਹ ਨਾਲ ਤਿਆਰ ਹੋ ਜਾਵੇ।
ਕਿਸਮਾਂ ਦੀ ਚੋਣ: ਬਾਸਮਤੀ ਦੀਆਂ ਸਾਰੀਆਂ ਕਿਸਮਾਂ ਜਿਵੇਂ ਕਿ ਪੰਜਾਬ ਮਹਿਕ 1, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਕਾਸ਼ਤ ਸਿੱਧੀ ਬਿਜਾਈ ਰਾਹੀ ਕੀਤੀ ਜਾ ਸਕਦੀ ਹੈ। ਵੱਖ-ਵੱਖ ਤਜਰਬਿਆਂ ਵਿਚ ਵੀ ਇਹੀ ਹੀ ਸਾਹਮਣੇ ਆਇਆ ਹੈ ਕਿ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨਾਲ ਇਸ ਦਾ ਝਾੜ ਵੀ ਤਕਰੀਬਨ ਪਨੀਰੀ ਰਾਹੀਂ ਬੀਜੀ ਬਾਸਮਤੀ ਦੇ ਬਰਾਬਰ ਹੀ ਰਿਹਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਗਾਜਰ ਘਾਹ ਦੇ ਨੁਕਸਾਨ ਅਤੇ ਰੋਕਥਾਮ

ਗਾਜਰ ਘਾਹ ਨੂੰ ਪਾਰਥੀਨੀਅਮ/ਸਫੈਦ ਟੋਪੀ/ਕਾਂਗਰਸ ਘਾਹ ਆਦਿ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪੰਜਾਬ ਵਿਚ ਗਾਜਰ ਘਾਹ ਸਭ ਤੋਂ ਪਹਿਲਾਂ 1975 ਵਿਚ ਦੇਖਿਆ ਗਿਆ ਪਰ ਹੁਣ ਇਹ ਨਦੀਨ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਫੈਲ ਚੁੱਕਾ ਹੈ। ਇਹ ਨਦੀਨ ਖਾਲੀ ਥਾਵਾਂ, ਸੜਕਾਂ, ਰੇਲ ਦੀਆਂ ਲਾਈਨਾਂ, ਨਹਿਰਾਂ ਦੇ ਦੁਆਲੇ, ਰਿਹਾਇਸ਼ੀ ਕਾਲੋਨੀਆਂ, ਸ਼ਾਮਲਾਟ ਜ਼ਮੀਨਾਂ ਅਤੇ ਕਈ ਫ਼ਸਲਾਂ ਵਿਚ ਪਾਇਆ ਜਾਂਦਾ ਹੈ। ਇਹ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਹੁੰਦਾ ਹੈ, ਬਰਸਾਤ ਦੇ ਮੌਸਮ ਵਿਚ ਭਰ ਜੋਬਨ 'ਤੇ ਹੁੰਦਾ ਹੈ ਅਤੇ ਸਰਦੀਆਂ ਵਿਚ ਇਸ ਦੇ ਪੌਦੇ ਸੁੱਕ ਜਾਂਦੇ ਹਨ। ਗਾਜਰ ਘਾਹ ਨੂੰ ਉੱਗਣ ਅਤੇ ਵਧਣ-ਫੁੱਲਣ ਵਾਸਤੇ ਸਭ ਤੋਂ ਅਨੁਕੂਲ ਵਾਤਾਵਰਨ ਮੀਂਹ ਦਾ ਸਮਾਂ (ਜੁਲਾਈ ਤੋਂ ਅਗਸਤ) ਹੈ। ਇਸ ਦੇ ਪੱਤੇ ਗਾਜਰ ਦੇ ਪੱਤਿਆਂ ਵਾਂਗ ਚੀਰਵੇਂ ਹੁੰਦੇ ਹਨ ਅਤੇ ਇਸ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁ-ਗਿਣਤੀ ਵਿਚ ਆਉਂਦੇ ਹਨ। ਇਸ ਦਾ ਬੀਜ ਬਾਰੀਕ ਹੋਣ ਕਰਕੇ ਹਵਾ ਜਾਂ ਪਾਣੀ ਨਾਲ ਦੂਸਰੀ ਜਗ੍ਹਾ 'ਤੇ ਚਲਾ ਜਾਂਦਾ ਹੈ। ਇਸ ਨੂੰ ਉੱਗਣ ਲਈ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੁੰਦੀ।
ਸਿਹਤ 'ਤੇ ਅਸਰ: ਇਸ ਨਦੀਨ ਕਾਰਨ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਜਿਵੇਂ ਕਿ ਐਲਰਜੀ, ਸਾਹ ਅਤੇ ਚਮੜੀ ਦੇ ਰੋਗ। ਇਸ ਦੇ ਪਰਾਗ ਕਣ ਜੇ ਸਾਹ ਰਾਹੀਂ ਅੰਦਰ ਚਲੇ ਜਾਣ ਤਾਂ ਦਮੇ ਦੀ ਬਿਮਾਰੀ, ਜ਼ੁਕਾਮ, ਖਾਂਸੀ ਲੱਗ ਜਾਂਦੀ ਹੈ। ਇਸ ਨਦੀਨ ਦੇ ਲਗਾਤਾਰ ਸੰਪਰਕ ਵਿਚ ਆਉਣ ਨਾਲ ਕਈ ਵਿਅਕਤੀਆਂ ਨੂੰ ਚਮੜੀ ਦੇ ਰੋਗ ਜਿਸ ਤਰ੍ਹਾਂ ਕਿ ਖੁਜਲੀ, ਸੜਨ, ਸੋਜਿਸ਼ ਆਦਿ ਵੀ ਹੋ ਸਕਦੇ ਹਨ। ਇਸ ਤੋਂ ਬਿਨਾਂ ਐਲਰਜੀ ਦੀਆਂ ਕਈ ਹੋਰ ਬਿਮਾਰੀਆਂ ਦਾ ਕਾਰਨ ਵੀ ਗਾਜਰ ਘਾਹ ਹੀ ਹੈ। ਇਸ ਨਦੀਨ ਦਾ ਪਸ਼ੂਆਂ ਦੀ ਸਿਹਤ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਜੇ ਜਾਨਵਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾ ਲੈਣ ਤਾਂ ਮਰ ਵੀ ਸਕਦੇ ਹਨ। ਜੇ ਦੁੱਧ ਦੇਣ ਵਾਲੇ ਜਾਨਵਰ ਇਸ ਨੂੰ ਖਾ ਲੈਣ ਤਾਂ ਦੁੱਧ ਦਾ ਸੁਆਦ ਬਦਲਣ ਕਰਕੇ ਕੁਆਲਿਟੀ ਵੀ ਘਟ ਜਾਂਦੀ ਹੈ।
ਰੋਕਥਾਮ: ਗਾਜਰ ਘਾਹ ਦਾ ਹੱਲ ਇਸ ਦੀ ਰੋਕਥਾਮ ਕਰਕੇ ਨਹੀਂ ਪਰ ਇਸ ਨੂੰ ਖਤਮ ਕਰਕੇ ਹੈ। ਇਸ ਮੰਤਵ ਦੀ ਪੂਰਤੀ ਲਈ ਵੱਡੇ ਪੱਧਰ 'ਤੇ ਆਮ ਲੋਕਾਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਇਸ ਨਦੀਨ ਦਾ ਖਾਤਮਾ ਸਰਕਾਰ ਦੇ ਪ੍ਰੋਗਰਾਮਾਂ ਅਤੇ ਪਬਲਿਕ ਦੇ ਮਿਲਵਰਤਣ ਨਾਲ ਹੀ ਹੋ ਸਕਦਾ ਹੈ।
ਮਕੈਨੀਕਲ ਕੰਟਰੋਲ : ਗਾਜਰ ਘਾਹ ਨੂੰ ਉੱਪਰੋਂ ਕੱਟਣ ਨਾਲ ਇਹ ਦੁਬਾਰਾ ਫਿਰ ਫੁੱਟ ਪੈਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਸ ਦੀ ਜੜ੍ਹ ਨੂੰ ਡੂੰਘਾ ਪੁੱਟਣਾ ਚਾਹੀਦਾ ਹੈ ਅਤੇ ਜਦੋਂ ਬੂਟੇ ਸੁੱਕ ਜਾਣ, ਉਨ੍ਹਾਂ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਕੰਮ ਫੁੱਲ ਪੈਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਤਾਂ ਜੋ ਬੂਟਾ ਬੀਜ ਨਾ ਬਣਾ ਸਕੇ। ਜੇਕਰ ਇਹ ਨਦੀਨ ਬਾਗਾਂ ਵਿਚ, ਸੜਕਾਂ ਦੁਆਲੇ ਜਾਂ ਹੋਰ ਖਾਲੀ ਥਾਵਾਂ ਉੱਤੇ ਉੱਗਿਆ ਹੋਵੇ ਤਾਂ ਉਸ ਖਾਲੀ ਥਾਂ ਨੂੰ ਥੋੜ੍ਹੇ ਸਮੇਂ ਬਾਅਦ ਜ਼ਰੂਰ ਵਾਹੁਣਾ ਚਾਹੀਦਾ ਹੈ ਤਾਂ ਕਿ ਫੁੱਲ ਪੈਣ ਤੋਂ ਪਹਿਲਾਂ ਇਹ ਨਦੀਨ ਪੁੱਟਿਆ ਜਾਵੇ। ਖੇਤ ਦੀਆਂ ਵੱਟਾਂ, ਖਾਲਾਂ ਜਾਂ ਕਈ ਹੋਰ ਥਾਵਾਂ ਨੂੰ ਜ਼ਿਮੀਂਦਾਰ ਵਾਹ ਨਹੀਂ ਸਕਦੇ। ਇਨ੍ਹਾਂ ਹਾਲਤਾਂ ਵਿਚ ਗਾਜਰ ਘਾਹ ਦੇ ਬੂਟਿਆਂ ਨੂੰ ਕਹੀ ਨਾਲ ਡੂੰਘਾ ਪੁੱਟੋ ਅਤੇ ਇਕੱਠੇ ਕਰ ਕੇ ਸਾੜ ਦਿਉ। ਹੱਥਾਂ ਵਿਚ ਦਸਤਾਨੇ ਪਾ ਕੇ ਜੜ੍ਹੋਂ ਪੁੱਟ ਕੇ ਵੀ ਖਤਮ ਕੀਤਾ ਜਾ ਸਕਦਾ ਹੈ। ਇਸ ਨਦੀਨ ਨੂੰ ਖਤਮ ਕਰਨ ਲਈ ਪਿੰਡ ਪੱਧਰ ਤੇ 'ਗਾਜਰ ਘਾਹ ਮਾਰੂ ਮੁਹਿੰਮ' ਚਲਾਉਣੀ ਚਾਹੀਦੀ ਹੈ ਜਿਸ ਵਿਚ ਜ਼ਮੀਨ ਦੇ ਮਾਲਕ, ਪੰਚਾਇਤਾਂ, ਕਮੇਟੀਆਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਅਦਾਰਿਆਂ ਦੀਆਂ ਡਿਊਟੀਆਂ ਲੱਗਣ ਅਤੇ ਅਣਗਹਿਲੀ ਕਰਨ ਵਾਲੇ ਨੂੰ ਸਖਤ ਸਜ਼ਾ ਦਾ ਐਲਾਨ ਹੋਣਾ ਚਾਹੀਦਾ ਹੈ।
ਦਵਾਈਆਂ ਦੀ ਵਰਤੋਂ: ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਨਾਲ ਇਸ ਨਦੀਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਦੀ ਰੋਕਥਾਮ ਲਈ 1 ਤੋਂ 2 ਪੱਤਿਆਂ ਦੀ ਹਾਲਤ ਵਿਚ 0.7 ਤੋਂ 1.0 ਫੀਸਦੀ (700 ਗ੍ਰਾਮ ਤੋਂ 1 ਕਿਲੋਗ੍ਰਾਮ 100 ਲੀਟਰ ਪਾਣੀ ਵਿਚ ਘੋਲ ਕੇ) ਐਟਰਾਟਾਫ 50 ਡਬਲਯੂ ਪੀ (ਐਟਰਾਜ਼ੀਨ) ਦਾ ਛਿੜਕਾਅ ਉੱਗਣ ਤੋਂ ਪਹਿਲਾਂ ਫਰਵਰੀ ਦੇ ਦੂਜੇ ਪੰਦ੍ਹਰਵਾੜੇ ਵਿਚ ਕਰਨਾ ਚਾਹੀਦਾ ਹੈ। ਜੇਕਰ ਨਦੀਨ ਦੇ 3 ਤੋਂ 4 ਪੱਤੇ ਜਾਂ ਜ਼ਿਆਦਾ ਹੋਣ ਤਾਂ ਰਾਊਂਡ-ਅੱਪ/ਗੈਨਕੀ 41 ਐਸ ਐਲ (ਗਲਾਈਫੋਸੇਟ) 0.7 ਤੋਂ 1.0 ਫੀਸਦੀ (700 ਮਿਲੀ ਲੀਟਰ ਤੋਂ 1 ਲੀਟਰ ਨਦੀਨ ਨਾਸ਼ਕ 100 ਲੀਟਰ ਪਾਣੀ ਵਿਚ ਘੋਲ ਕੇ) ਜਾਂ ਐਕਸਲ ਮੈਰਾ 71 ਐਸ ਜੀ (ਗਲਾਈਫੋਸੇਟ) 0.4 ਫੀਸਦੀ (400 ਗ੍ਰਾਮ ਨਦੀਨ ਨਾਸ਼ਕ 100 ਲੀਟਰ ਪਾਣੀ ਵਿਚ ਘੋਲ ਕੇ) ਦਾ ਛਿੜਕਾਅ ਕਰੋ।
ਸਾਵਧਾਨੀਆਂ: ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਉਸ ਸਮੇਂ ਕਰੋ ਜਦੋਂ ਹਵਾ ਬਿਲਕੁਲ ਘੱਟ ਰਫਤਾਰ ਨਾਲ ਚੱਲ ਰਹੀ ਹੋਵੇ। ਛਿੜਕਾਅ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਦਵਾਈਆਂ ਕਿਸੇ ਫੁੱਲਾਂ ਵਾਲੇ ਜਾਂ ਸਬਜ਼ੀਆਂ ਦੇ ਬੂਟਿਆਂ 'ਤੇ ਨਾ ਪੈਣ।
ਇਸ ਨਦੀਨ ਦਾ ਸਭ ਤੋਂ ਵੱਡਾ ਹੱਲ ਹੈ ਕਿ ਜਿੱਥੇ ਇਸ ਨਦੀਨ ਦੀ ਸਮੱਸਿਆ ਹੋਵੇ ਉਥੇ ਲੋਕਾਂ ਨੂੰ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਪਿੰਡਾਂ ਦੇ ਸਾਰੇ ਲੋਕ ਇਕੱਠੇ ਹੋ ਕੇ ਜਾਂ ਐੱਨ. ਐੱਸ. ਐੱਸ. ਦੀਆਂ ਟੀਮਾਂ ਆਦਿ ਨੂੰ ਸਮੱਸਿਆ ਵਾਲੀਆਂ ਥਾਵਾਂ 'ਤੇ ਲਿਜਾ ਕੇ ਇਸ ਨੂੰ ਡੂੰਘਾ ਪੁੱਟ ਕੇ ਇਕ ਥਾਂ ਇਕੱਠਾ ਕਰ ਕੇ ਸਾੜ ਦੇਣਾ ਚਾਹੀਦਾ ਹੈ। ਮਿਊਂਸਪਲ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਨੂੰ ਸ਼ਹਿਰਾਂ ਦੀਆਂ ਬੇ-ਆਬਾਦ ਜ਼ਮੀਨਾਂ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਗਾਜਰ ਘਾਹ ਬਾਰੇ ਲੋਕਾਂ ਨੂੰ ਚੌਕਸ ਕਰ ਕੇ ਖੇਤੀਬਾੜੀ ਅਤੇ ਮਨੁੱਖੀ ਸਿਹਤ ਨੂੰ ਇਸ ਖਤਰਨਾਕ ਨਦੀਨ ਤੋਂ ਬਚਾਇਆ ਜਾ ਸਕਦਾ ਹੈ।


-ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ।

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਅੰਨਦਾਤਾ ਮਹਾਨ ਹੋਵੇ,
ਜੈ ਜਵਾਨ ਜੈ ਕਿਸਾਨ ਹੋਵੇ,
ਮੁਸ਼ੱਕਤਾਂ ਦੀ ਸ਼ਾਨ ਹੋਵੇ,
ਫੇਰ ਬੈਲਾਂ ਦੀ ਟੱਲੀ ਦੀ
ਟਣਕਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ.... ।
ਕੁੱਛੜ 'ਚ ਭੋਲੂ ਹੋਵੇ,
ਹੱਥ ਲੱਸੀ ਡੋਲੂ ਹੋਵੇ,
ਹਲ ਵਾਹੁੰਦਾ ਮੋਲੂ ਹੋਵੇ,
ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ...।
ਫਸਲਾਂ ਨੂੰ ਬੂਰ ਹੋ ਜੇ,
ਕਿਸਾਨ ਖੁਸ਼ੀ ਚੂਰ ਹੋ ਜੇ,
ਸਿਰੋਂ ਬੋਝ ਦੂਰ ਹੋ ਜੇ,
ਪੈਂਦੀ ਮੱਠੀ-ਮੱਠੀ ਅੰਬਰੋਂ ਫੁਹਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ...।
ਟੱਬਰ 'ਚ ਮੁੱਲ ਹੋਵੇ,
ਨੂਰ ਡੁੱਲ੍ਹ-ਡੁੱਲ੍ਹ ਹੋਵੇ,
ਕਦੇ ਵੀ ਨਾ ਭੁੱਲ ਹੋਵੇ,
ਫੇਰ ਝਾਂਜਰਾਂ ਦੀ ਵਿਹੜੇ ਛਣਕਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ...।
ਨਾਨਕ ਅਵਤਾਰ ਹੋਵੇ,
ਸੱਚ ਬੇੜਾ ਪਾਰ ਹੋਵੇ,
ਝੂਠ ਦਾ ਲੰਗਾਰ ਹੋਵੇ,
ਗੁਰੂਆਂ ਦੀ ਬਾਣੀ ਸਤਿਕਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।


-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285.

ਸਾਉਣੀ ਦੀਆਂ ਦਾਲਾਂ ਦੇ ਮੁੱਖ ਕੀੜੇ ਅਤੇ ਉਨ੍ਹਾਂ ਦੀ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਦੀ ਰੋਕਥਾਮ ਲਈ ਹਮਲਾ ਸ਼ੁਰੂ ਹੋਣ 'ਤੇ 200 ਮਿਲੀਲਿਟਰ ਕਿੰਗਡੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 200 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) 80-100 ਲਿਟਰ ਪਾਣੀ ਵਿਚ ਘੋਲ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਛਿੜਕਾਅ ਕਰੋ। ਇਸ ਕੀੜੇ ਦੀ ਫ਼ਸਲ ਉੱਪਰ ਜ਼ਿਆਦਾ ਗਿਣਤੀ ਸ਼ਾਮ ਦੇ ਸਮੇਂ ਹੁੰਦੀ ਹੈ, ਇਨ੍ਹਾਂ ਦਵਾਈਆਂ ਦਾ ਛਿੜਕਾਅ ਸ਼ਾਮ ਦੇ ਸਮੇਂ ਹੀ ਕਰਨਾ ਚਾਹੀਦਾ ਹੈ।
ਹਰੀ ਸੁੰਡੀ (ਸੈਮੀਲੂਪਰ): ਇਹ ਸੁੰਡੀ ਹਰੇ ਰੰਗ ਦੀ 2-4 ਸੈਂਟੀਮੀਟਰ ਲੰਮੀ ਹੁੰਦੀ ਹੈ। ਛੂਹਣ ਨਾਲ ਇਹ ਸੁੰਡੀ ਕੁੰਡਲ਼ੀ ਮਾਰ ਲੈਂਦੀ ਹੈ। ਇਹ ਸੁੰਡੀਆਂ ਪੌਦਿਆਂ ਦੇ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਜ਼ਿਆਦਾ ਹਮਲੇ ਦੀ ਹਾਲਤ ਵਿਚ ਪੌਦੇ ਕੁੱਝ ਹੀ ਦਿਨਾਂ ਵਿਚ ਪੱਤੇ ਰਹਿਤ ਹੋ ਜਾਂਦੇ ਹਨ।
ਫ਼ਲੀ ਛੇਦਕ ਸੁੰਡੀ: ਇਸ ਸੁੰਡੀ ਦਾ ਰੰਗ ਹਰਾ ਪੀਲਾ, ਭੂਰਾ ਜਾਂ ਕਾਲਾ ਹੁੰਦਾ ਹੈ ਅਤੇ ਇਸ ਦੇ ਸਰੀਰ ਦੀਆਂ ਦੋਵਾਂ ਵੱਖੀਆ 'ਤੇ ਲੰਮੀਆਂ ਧਾਰੀਆਂ ਹੁੰਦੀਆਂ ਹਨ। ਪੂਰੀ ਜਵਾਨ ਸੁੰਡੀ 3-5 ਸੈਂਟੀਮੀਟਰ ਲੰਮੀ ਹੁੰਦੀ ਹੈ। ਪੰਜਾਬ ਵਿਚ ਇਹ ਸੁੰਡੀ ਸਾਉਣੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਲਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਇਹ ਸੁੰਡੀ ਫ਼ਸਲ ਦੇ ਪੱਤੇ, ਫੁੱਲਾਂ ਅਤੇ ਡੋਡੀਆਂ ਨੂੰ ਖਾ ਕੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਦਾ ਪਤਾ ਪੱਤੇ, ਫ਼ਲੀਆਂ ਵਿਚ ਮੋਰੀਆਂ ਬੂਟਿਆਂ ਥੱਲੇ ਜ਼ਮੀਨ 'ਤੇ ਗੂੜ੍ਹੇ ਹਰੇ ਰੰਗ ਦੀਆਂ ਮੇਂਗਣਾਂ ਤਂੋ ਲਗਦਾ ਹੈ। ਇਸ ਦੀ ਰੋਕਥਾਮ ਲਈ ਹਮਲਾ ਸ਼ੁਰੂ ਹੋਣ 'ਤੇ 60 ਮਿਲੀਲਿਟਰ ਟਰੇਸਰ 45 ਐਸ ਸੀ (ਸਪਾਇਨੋਸੈਡ) ਜਾਂ 200 ਮਿਲੀਲਿਟਰ ਕਿੰਗਡੌੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ): ਇਸ ਕੀੜੇ ਦੇ ਪਤੰਗੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਅਗਲੇ ਖੰਭ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਖੰਭਾਂ ਉੱਪਰ ਭੂਰੇ ਅਤੇ ਪੀਲੇ ਰੰਗ ਦੀਆਂ ਪੱਟੀਆਂ ਹੁੰਦੀਆਂ ਹਨ। ਬਰਸਾਤ ਵਾਲੇ ਦਿਨ ਸ਼ਾਮ ਦੇ ਸਮੇਂ ਇਨ੍ਹਾਂ ਪਤੰਗਿਆਂ ਦੀ ਗਿਣਤੀ ਬਹੁਤ ਜ਼ਿਆਦਾ ਦਿਖਾਈ ਦਿੰਦੀ ਹੈ। ਇਸ ਦੀਆਂ ਸੁੰਡੀਆਂ ਦਾ ਸਾਰਾ ਸਰੀਰ ਵਾਲਾਂ ਨਾਲ ਢਕਿਆ ਹੁੰਦਾਂ ਹੈ । ਮਾਦਾ ਪਤੰਗੇ ਪੱਤਿਆਂ ਦੇ ਹੇਠਾਂ ਵਾਲੇ ਪਾਸੇ 600-700 ਆਂਡੇ ਇਕੱਠੇ ਗੁੱਛਿਆਂ ਦੇ ਵਿਚ ਦਿੰਦੇ ਹਨ। ਆਂਡਿਆਂ ਵਿਚੋਂ ਸੁੰਡੀਆਂ ਬਾਹਰ ਨਿਕਲ ਕੇ ਝੁੰਡਾਂ ਦੇ ਰੂਪ ਵਿਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤੇ ਦੀ ਸਿਰਫ ਵਿਚਕਾਰਲੀ ਨਾੜੀ ਹੀ ਛੱਡਦੀਆਂ ਹਨ। ਬਾਅਦ ਵਿਚ ਸੁੰਡੀਆਂ ਸਾਰੇ ਖੇਤ ਵਿਚ ਖਿੰਡ ਜਾਂਦੀਆਂ ਹਨ। ਪੱਤਿਆਂ ਦੇ ਨਾਲ ਇਹ ਡੋਡੀਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ। ਭਿਆਨਕ ਹਮਲੇ ਵਾਲਾ ਖੇਤ ਇਸ ਤਰ੍ਹਾਂ ਲਗਦਾ ਹੈ ਕਿ ਜਿਵੇ ਪਸ਼ੂਆਂ ਨੇ ਚਰਿਆ ਹੁੰਦਾ ਹੈ। ਇਸ ਦੀ ਰੋਕਥਾਮ ਲਈ ਹੇਠ ਲਿਖੀ ਵਿਧੀ ਅਪਣਾਓ :
* ਹਮਲੇ ਦੇ ਸ਼ੁਰੂ ਵਿਚ ਹੀ ਪੌਦਿਆਂ ਨੂੰ ਸੁੰਡੀਆਂ ਸਮੇਤ ਪੁੱਟ ਕਿ ਨਸ਼ਟ ਕਰਦੇ ਰਹੋ।
* ਵੱਡੀਆਂ ਸੁੰਡੀਆਂ ਨੂੰ ਪੈਰਾਂ ਹੇਠ ਦਬਾ ਕੇ ਜਾਂ ਇਕੱਠਿਆਂ ਕਰ ਕੇ ਮਿੱਟੀ ਦੇ ਤੇਲ ਵਿਚ ਪਾ ਕੇ ਮਾਰਿਆ ਜਾ ਸਕਦਾ ਹੈ।
* ਜੇਕਰ ਸੁੰਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ ਤਾ 500 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਓਨਲਫਾਸ) ਨੂੰ 80-100 ਲਿਟਰ ਪਾਣੀ ਵਿਚ ਘੋੜ ਕੇ ਪ੍ਰਤੀ ਏਕੜ ਪਿੱਠ ਵਾਲੇ ਪੰਪ ਨਾਲ ਛਿੜਕਾਅ ਕਰੋ।
ਤੰਬਾਕੂ ਵਾਲੀ ਸੁੰਡੀ: ਇਹ ਸੁੰਡੀ ਕਈ ਫ਼ਸਲਾਂ ਉੱਪਰ ਹਮਲਾ ਕਰਦੀ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਅਤੇ ਵੱਡੀਆਂ ਸੁੰਡੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ 'ਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਹੁੰਦੇ ਹਨ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਝੁੰਡਾਂ ਵਿਚ ਪੱਤਿਆਂ ਦਾ ਹਰਾ ਮਾਦਾ ਖਾਂਦੀਆ ਹਨ ਅਤੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ । ਬਾਅਦ ਵਿਚ ਇਹ ਸੁੰਡੀਆਂ ਵੱਡੀਆਂ ਹੋ ਕੇ ਸਾਰੇ ਖੇਤ ਵਿਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਤੋਂ ਇਲਾਵਾ ਇਹ ਸੁੰਡੀਆਂ ਫੁੱਲ ਅਤੇ ਫ਼ਲੀਆਂ ਦਾ ਵੀ ਨੁਕਸਾਨ ਕਰਦੀਆਂ ਹਨ।
ਰੋਕਥਾਮ
* ਖੇਤਾਂ ਦੇ ਆਲੇ-ਦੁਆਲੇ ਨਦੀਨਾਂ ਦੀ ਰੋਕਥਮ ਕਰੋ। ਕਿਉਂਕਿ ਨਦੀਨ ਇਸ ਸੁੰਡੀ ਲਈ ਬਦਲਵੇ ਪੌਦੇ ਦੇ ਤੌਰ 'ਤੇ ਕੰਮ ਕਰਦੇ ਹਨ।
* ਇਸ ਸੁੰਡੀ ਦੇ ਅੰਡੇ ਗੁੱਛਿਆਂ ਵਿਚ ਹੁੰਦੇ ਹਨ ਅਤੇ ਛੋਟੀਆ ਸੁੰਡੀਆ ਝੁੰਡਾਂ ਵਿਚ ਹੁੰਦੀਆਂ ਹਨ। ਇਸ ਲਈ ਪੱਤਿਆਂ ਨੂੰ ਸੁੰਡੀਆਂ ਸਮੇਤ ਨਸ਼ਟ ਕਰ ਦਿਓ।
* ਸੁੰਡੀ ਦਾ ਹਮਲਾ ਸ਼ੁਰੂ ਹੋਣ 'ਤੇ 150 ਮਿਲੀਲਿਟਰ ਰਿਮੋਨ 10 ਈ ਸੀ (ਨੂਵਾਲਰੌਨ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫੇਟ) ਜਾਂ 1.5 ਲਿਟਰ ਡਰਸਬਾਨ 20 ਈ ਸੀ (ਕਲੋਰਪਾਇਰੀਫਾਸ) ਨੂੰ ਪ੍ਰਤੀ ਏਕੜ 100 ਲਿਟਰ ਪਾਣੀ ਵਿਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਛਿੜਕਾਅ ਕਰੋ ।
ਜੂੰ (ਮਾਈਟ): ਜੂੰ ਇਸ ਫ਼ਸਲ ਦੇ ਪੱਤਿਆਂ ਦੇ ਹੇਠਾਂ ਵੱਲ ਜਾਲੇ ਬਣਾ ਦਿੰਦੀ ਹੈ। ਇਸ ਦੇ ਹਮਲੇ ਕਰਕੇ ਪੱਤੇ ਪੀਲੇ ਪੈ ਜਾਂਦੇ ਹਨ। ਇਹੋ ਜਿਹੇ ਹਮਲੇ ਵਾਲੇ ਪੱਤਿਆਂ ਦਾ ਰੰਗ ਹਲਕੇ ਭੂਰੇ ਤੋਂ ਗੂੜ੍ਹਾ ਗਾਜਰੀ ਭੂਰਾ ਹੋ ਜਾਂਦਾ ਹੈ। ਹਮਲੇ ਵਾਲੇ ਪੱਤੇ ਮੁਰਝਾ ਕੇ ਸੁੱਕ ਜਾਂਦੇ ਹਨ। ਬੂਟਿਆਂ ਨੂੰ ਫੁੱਲ ਅਤੇ ਫਲੀਆਂ ਘੱਟ ਪੈਂਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ 150 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਪ੍ਰਤੀ ਏਕੜ ਛਿੜਕਾਅ ਕਰੋ। (ਸਮਾਪਤ)


-ਰਿਜਨਲ ਸਟੇਸ਼ਨ ਪੀ ਏ ਯੂ, ਗੁਰਦਾਸਪੁਰ, ਦਾਲਾਂ ਸੈਕਸਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀ. ਏ. ਯੂ., ਲੁਧਿਆਣਾ

ਅਮਲਤਾਸ ਦੀ ਰੁੱਤੇ

ਜੇ ਕਿਸੇ ਨੇ ਪੰਜਾਬ ਦੇ ਰੁੱਖਾਂ ਦੀ ਖੂਬਸੂਰਤੀ ਵੇਖਣੀ ਹੋਵੇ ਤਾਂ ਅਮਲਤਾਸ ਦੀ ਰੁੱਤੇ ਆਵੇ। ਮਿੱਠੇ ਪੀਲੇ ਰੰਗ ਦੇ ਗੁੱਛੇ, ਸੰਗੀਤਕ ਨਜ਼ਾਰਾ ਪੇਸ਼ ਕਰਦੇ ਹਨ ਤੇ ਮਨੁੱਖ ਨਸ਼ਿਆ ਜਾਂਦਾ ਹੈ। ਜਿੱਥੇ ਇਹ ਰੁੱਤ ਹਲਕੇ ਰੰਗਾਂ ਦੇ ਫੁੱਲ ਪੇਸ਼ ਕਰਦੀ ਹੈ, ਉੱਥੇ ਹੀ ਸਾਨੂੰ ਯਾਦ ਵੀ ਕਰਾਉਂਦੀ ਹੈ ਕਿ ਸਾਡੇ ਲਈ ਇਕ ਖਾਸ ਕੰਮ ਕਰਨ ਦੀ ਰੁੱਤ ਵੀ ਆ ਗਈ ਹੈ। ਹੁਣ ਸਭ ਰੁੱਖਾਂ ਨੂੰ ਫਲ ਲੱਗ ਚੁੱਕਾ ਹੈ, ਪਰ ਹੈ ਹਾਲੇ ਕੱਚਾ। ਅਗਲੇ 2 ਹਫਤੇ ਵਿਚ ਸਭ ਫਲ ਪੱਕਣੇ ਸ਼ੁਰੂ ਹੋ ਜਾਣੇ ਹਨ। ਬਸ ਇਹੀ ਸਮਾਂ ਹੈ, ਗਿੱਟਕਾਂ ਇਕੱਠੀਆਂ ਕਰਨ ਦਾ। ਜਾਮਣ, ਅੰਬ, ਡੇਕ, ਨਿੰਮ ਆਦਿ ਅਨੇਕਾਂ ਰੁੱਖ ਹਨ, ਜੋ ਗਿੱਟਕ ਤੋਂ ਆਸਾਨੀ ਨਾਲ ਉਗਾਏ ਜਾ ਸਕਦੇ ਹਨ। ਇਸ ਲਈ ਜ਼ਿਆਦਾ ਥਾਂ ਵੀ ਨਹੀਂ ਚਾਹੀਦੀ। ਜੇ ਘੱਟ ਤੋਂ ਘੱਟ ਵੀ ਕਰੀਏ ਤਾਂ ਹਰ ਘਰ ਵਿਚ 100 ਰੁੱਖ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ ਜੋ ਬਾਅਦ ਵਿਚ ਧਰਤੀ ਦੀਆਂ ਖਾਲੀ ਥਾਵਾਂ 'ਤੇ ਲਗਾ ਕੇ ਪੁੰਨ ਖੱਟਿਆ ਜਾ ਸਕਦਾ ਹੈ। ਇਨ੍ਹਾਂ ਦੇਸੀ ਰੁੱਖਾਂ 'ਤੇ ਹੀ ਬਾਅਦ ਵਿਚ ਕਲਮ ਲਗਾ ਕੇ ਕਿਸਮ ਬਦਲੀ ਜਾ ਸਕਦੀ ਹੈ। ਇਸ ਕੰਮ ਲਈ ਸਾਰੇ ਤਿਆਰ ਹੋ ਜਾਵੇ, ਨਹੀਂ ਤਾਂ ਅਮਲਤਾਸ ਦੀ ਰੁੱਤ ਸਾਲ ਬਾਅਦ ਹੀ ਆਵੇਗੀ, ਤੇ ਰੁੱਖਾਂ ਤੋਂ ਮਿਲਣ ਵਾਲੀ ਆਕਸੀਜਨ ਵੀ ਸਾਲ ਲੇਟ ਹੋ ਜਾਵੇਗੀ। ਸਾਲ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ, ਜੀਵਨ ਵਿਚ ਬਹੁਤ ਕੁਝ ਬਦਲ ਜਾਂਦਾ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਹਾੜ੍ਹੀ ਵਿਚ ਕਿਸਾਨ ਕਣਕ ਅਤੇ ਛੋੋਲਿਆਂ ਦੀ ਰਲਵੀਂ ਫਸਲ ਵੀ ਬੀਜ ਲੈਂਦੇ ਸਨ, ਇਸ ਨੂੰ 'ਬੇਰੜਾ' ਕਿਹਾ ਜਾਂਦਾ ਸੀ, ਬੇਰੜੇ ਦੇ ਦਾਣੇ ਕੱਢ ਕੇ ਤੇ ਛਾਣ ਕੇ ਕਣਕ ਤੇ ਛੋੋਲੇ ਵੱਖ ਵੱਖ ਕਰ ਲਏ ਜਾਂਦੇ ਸਨ, ਛੋਲੇ ਕੱਟ ਕੇ ਸੁਕਾ ਕੇ ਤੇ ਖਿਲਾਰ ਕੇ ਉਨ੍ਹਾਂ 'ਤੇ ਗੋਲ ਦਾਇਰੇ ਵਿਚ ਪਸ਼ੂ ਘੁਮਾ ਕੇ ਛੋਲਿਆਂ ਨੂੰ ਗਾਹ ਲਿਆ ਜਾਂਦਾ ਸੀ, ਇਸ ਨੂੰ ਮੇੜ੍ਹ ਪਾਉਣਾ ਕਿਹਾ ਜਾਂਦਾ ਸੀ।
ਜਦੋਂ ਕਿਸਾਨ ਕਣਕ ਦੀ ਕਟਾਈ ਕਰਦੇ ਸਨ ਤਾਂ ਕੱਟੀ ਹੋਈ ਕਣਕ ਦੀਆਂ ਭਰੀਆਂ ਬੰਨ੍ਹਣ ਤੋਂ ਬਾਅਦ ਮਜ਼ਦੂਰ ਵਰਗ ਦੀਆਂ ਔਰਤਾਂ ਤੇ ਨਿਆਣੇ ਖੇਤਾਂ ਵਿਚ ਖਿੱਲਰੇ ਕਣਕ ਦੇ ਸਿੱਟੇ ਇਕੱਠੇ ਕਰ ਲੈਂਦੇ ਸਨ, ਇਸ ਨੂੰ 'ਸਿਲਾ ਚੁਗਣਾ' ਕਿਹਾ ਜਾਂਦਾ ਸੀ, ਕਣਕ ਕਟਾਈ ਦੇ ਅੰਤ ਸਮੇਂ ਕਿਸਾਨ ਦੋੋ ਢਾਈ ਮਰਲੇ ਕਣਕ ਸਿਲ਼ਾ ਚੁਗਣ ਵਾਲਿਆਂ ਲਈ ਖੜ੍ਹੀ ਰਹਿਣ ਦਿੰਦੇ ਸਨ ਤੇ ਇਸ ਨੂੰ 'ਮਰੂੰਡਾ ਛੱਡਣਾ' ਕਿਹਾ ਜਾਂਦਾ ਸੀ।
ਗਰਮੀਆਂ ਵਿਚ ਕਈ ਕਿਸਾਨ ਕਨਾਲ ਜਾਂ ਦਸ ਮਰਲੇ ਖਰਬੂਜ਼ੇ, ਹਦਵਾਣੇ ਬੀਜ ਲੈਂਦੇ ਸਨ, ਪੈਦਾ ਕੀਤੇ ਇਸ ਫਲ ਨੂੰ ਲੋੋਕ ਬਹੁਤ ਪਸੰਦ ਕਰਦੇ ਸਨ, ਖਰਬੂਜ਼ੇ ਹਦਵਾਣੇ ਕਈ ਵਾਰ ਨਵੇਂ ਬੀਜੇ ਗੰਨੇ ਵਿਚ ਵੀ ਬੀਜ ਦਿੰਦੇ ਸਨ, ਜੇਠ ਹਾੜ੍ਹ ਦੀ ਸੰਗਰਾਂਦ ਤੱਕ ਖਰਬੂਜ਼ੇ ਖਾਧੇ ਜਾਂਦੇ ਤੇ ਫਿਰ ਕਿਸਾਨ ਆਮ ਲੋੋਕਾਂ ਨੂੰ ਖਰਬੂਜ਼ੇ ਤੋੋੜਨ ਦੀ ਖੁੱਲ੍ਹ ਦੇ ਦਿੰਦੇ ਸਨ, ਇਸ ਨੂੰ ਖਰਬੂਜ਼ਿਆਂ ਦਾ ਵਾੜਾ ਉਜਾੜਨ ਦਾ ਨਾਂਅ ਦਿੱਤਾ ਜਾਂਦੇ ਸੀ, ਗਰਮੀਆਂ 'ਚ ਆਮ ਲੋੋਕ ਖਰਬੂਜ਼ੇ ਖਾ ਕੇ ਜੰਕ ਫੂਡ ਆਦਿ ਦੇ ਥਾਂ ਸ਼ੱਕਰ ਦਾ ਠੰਢਾ ਮਿੱਠਾ ਸ਼ਰਬਤ ਪੀਂਦੇ ਸਨ ਤੇ ਸਿਹਤਮੰਦ ਰਹਿੰਦੇ ਸਨ।
ਆਪਸ ਵਿਚ ਕਿਸਾਨਾਂ ਦਾ ਮੇਲ ਮਿਲਾਪ ਵੀ ਬੇਮਿਸਾਲ ਹੁੰਦਾ ਸੀ, ਕਈ ਵਾਰ ਕਿਸਾਨਾਂ ਦੇ ਦੋ ਪਰਿਵਾਰ ਰਲ ਕੇ ਵੀ ਖੇਤੀ ਦਾ ਕੰਮ ਕਰਦੇ ਹੁੰਦੇ ਸਨ ਅਤੇ ਕਣਕ ਦੀ ਵਾਢੀ ਦੇ ਦਿਨਾਂ ਵਿਚ ਕਿਸੇ ਕਾਰਨ ਕਰਕੇ ਜੇ ਕਿਸੇ ਕਿਸਾਨ ਦੀ ਕਣਕ ਕਟਾਈ ਕਰਨ ਤੋਂ ਰਹਿ ਜਾਂਦੀ ਤਾਂ ਪਿੰਡ ਤੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਉਸ ਦੀ ਕਣਕ ਵੱਢ ਕੇ ਤੇ ਭਰੀਆਂ ਬੰਨ੍ਹ ਕੇ ਖਿਲਵਾੜਿਆਂ ਵਿਚ ਲਾ ਦਿੰਦੇ, ਇਉਂ ਕਣਕ ਵੱਢਣ ਦੇ ਕੰਮ ਨੂੰ'ਆਵਤ'ਕਿਹਾ ਜਾਂਦਾ ਸੀ ਆਵਤ ਨਾਲ ਕਣਕ ਦੀ ਕਟਾਈ ਕਰਾਉਣ ਵਾਲੇ ਕਿਸਾਨ ਪਰਿਵਾਰ ਵਲੋਂ ਆਵਤੀ ਕਿਸਾਨਾਂ ਦੀ ਖੂਬ ਸੇਵਾ ਖਾਤਰ ਕੀਤੀ ਜਾਂਦੀ ਸੀ।
ਪਿੰਡ ਵਿਚ ਜੇ ਕਿਸੇ ਕਿਸਾਨ ਦੀ ਖਲਵਾੜਿਆਂ'ਚ ਪਈ ਜਾਂ ਖੇਤਾਂ'ਚ ਖੜ੍ਹੀ ਪੱਕੀ ਕਣਕ ਨੂੰ ਕਿਸੇ ਕਾਰਨ ਕਰਕੇ ਅੱਗ ਲੱਗ ਜਾਂਦੀ ਤਾਂ ਪਿੰਡ ਦੇ ਸਾਰੇ ਮਿੱਤਰ ਦੁਸ਼ਮਣ ਕਿਸਾਨਾਂ ਦੇ ਹਰ ਪਰਿਵਾਰ ਵੱਲੋਂ ਪੀੜਤ ਕਿਸਾਨਾਂ ਨੂੰ ਦੋ ਦੋ ਤਿੰਨ ਤਿੰਨ ਭਰੀਆਂ ਕਣਕ ਦੀਆਂ ਆਪ ਗੱਡੇ ਜਾਂ ਸਿਰਾਂ 'ਤੇ ਰੱਖ ਕੇ ਦੇਣ ਦਾ ਰਿਵਾਜ ਪ੍ਰਚੱਲਤ ਸੀ ।
ਪੁਰਾਣੇ ਪੰਜਾਬ ਦੇ ਕਿਸਾਨ ਆਪਣੇ ਬਲਦਾਂ ਤੇ ਗਾਵਾਂ ਮੱਝਾਂ ਨਾਲ ਬਹੁਤ ਪਿਆਰ ਕਰਦੇ ਸਨ ਤੇ ਇਨ੍ਹਾਂ ਦੀਆਂ ਲੋੜਾਂ ਤੇ ਸੇਵਾ ਖਾਤਰ ਦਾ ਵਿਸ਼ੇਸ ਧਿਆਨ ਰੱਖਦੇ ਸਨ ਹਲ ਵਾਹੁਣ, ਸੁਹਾਗੇ ਦੇਣ, ਗੱਡੇ ਖਿੱਚਣ, ਚਰਸ ਚਲਾਉਣ ਤੇ ਖੇਤੀ ਦੇ ਹੋਰ ਕਈ ਕੰਮ ਬਲਦਾਂ ਤੋਂ ਹੀ ਲਏ ਜਾਂਦੇ ਸਨ ਤੇ ਬਲਦਾਂ ਦੇ ਅਰਾਮ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸੀ, ਸੰਗਰਾਂਦ ਵਾਲੇ ਦਿਨ ਕਿਸੇ ਵੀ ਲੋੜ ਲਈ ਬਲਦਾਂ ਨੂੰ ਨਹੀਂ ਸੀ ਜੋੜਿਆ ਜਾਂਦਾ ਤੇ ਉਨ੍ਹਾਂ ਨੂੰ ਅਰਾਮ ਦਾ ਮੌਕਾ ਦਿੱਤਾ ਜਾਂਦਾ ਸੀ।
ਪੰਜਾਬ ਵਿਚ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ, ਕਿਸਾਨ ਸੁਆਣੀਆਂ ਜਦੋਂ ਲੌਢੇ ਵੇਲੇ ਲਵੇਰੀਆਂ ਲਈ ਵੰਡ (ਪੇੜੇ) ਦੇ ਲੁਹਾਂਡੇ (ਬੱਠਲ) ਸਿਰਾਂ ਉੱਪਰ ਰੱਖ ਕੇ ਲਵੇਰੀਆਂ ਲਈ ਹਵੇਲੀਆਂ ਕੋਲ ਪਹੁੰਚਦੀਆਂ ਤਾਂ ਲਵੇਰੀਆਂ ਉਨ੍ਹਾਂ ਨੂੰ ਆਪਣੀਆਂ ਮਾਵਾਂ ਵਾਂਗ ਉਡੀਕਣ ਤੋਂ ਬਾਅਦ ਕੋੋਲ ਆਉਣ 'ਤੇ ਖ਼ੁਸ਼ ਹੁੰਦੀਆਂ। ਕਿਸਾਨ ਸੁਆਣੀਆਂ ਆਪਣੇ ਹੱਥੀਂ ਲਵੇਰੀਆਂ ਦੇ ਦੁੱਧ ਚੋਂਦੀਆਂ ਤੇ ਇਹ ਦੁੱਧ ਦਧੂਨਿਆਂ ਵਿਚ ਪਾ ਕੇ ਤੇ ਉੱਪਰ ਕਾੜ੍ਹਨੀਆਂ (ਛੇਕਾਂ ਵਾਲਾ ਢੱਕਣ) ਦੇ ਕੇ ਭੜੋਲੀਆਂ ਵਿਚ ਪਾਥੀਆਂ ਦੀ ਰੇਣ ਚਿਣ ਕੇ ਕਾੜ੍ਹਦੀਆਂ ਤੇ ਇਸ ਰੇਣ'ਤੇ ਦੁੱਧ ਕਾੜ ਕੇ ਰਾਤ ਨੂੰ ਠੰਢਾ ਕਰਕੇ ਦਹੀਂ ਦੀ ਫੁੱਟੀ ਦਾ ਜਾਗ ਲਾ ਦਿੰਦੀਆਂ ਤੇ ਸਵੇਰ ਨੂੰ ਇਹ ਦੁੱਧ ਰਿੜਕਦੀਆਂ ਤੇ ਚਾਟੀ ਵਿਚੋਂ ਅਧਰਿੜਕੇ ਦੇ ਗਿਲਾਸ ਭਰ ਕੇ ਨੌਜਵਾਨਾਂ ਨੂੰ ਪੀਣ ਲਈ ਦਿੰਦੀਆਂ, ਮੱਖਣ ਕੱਢ ਕੇ ਆਪਣੇ ਮੱਖਣ ਨਾਲ ਲਿਬੜੇ ਹੱਥਾਂ ਦੀ ਮਾਲਿਸ਼ ਆਪਣੀਆਂ ਲੱਤਾਂ ਬਾਹਾਂ ਉੱਪਰ ਕਰਦੀਆਂ ਤੇ ਸਰੀਰ ਸਰੀਏ ਵਰਗੇ ਮਜ਼ਬੂਤ ਹੁੰਦੇ ਸਨ। ਆਮ ਘਰਾਂ ਵਿਚ ਘਿਓ ਦੀਆਂ ਚਾਟੀਆਂ ਭਰੀਆਂ ਰਹਿੰਦੀਆਂ ਸਨ, ਆਮ ਨੌਜਵਾਨ ਚਾਹ ਨਹੀਂ ਗਿਲਾਸ ਤੇ ਛੰਨੇ ਭਰ ਭਰ ਕੇ ਦੁੱਧ ਦੇ ਪੀਂਦੇ, ਮੱਖਣ ਘਿਓ ਦੀ ਖੁੱਲ੍ਹੀ ਵਰਤੋਂ ਕਰਦੇ ਨੌਜਵਾਨਾਂ ਦੇ ਸਰੀਰ ਸ਼ਾਹ ਲੱਕੜੀ ਦੇ ਮੋਛਿਆਂ ਵਰਗੇ ਮਜ਼ਬੂਤ ਹੁੰਦੇ ਸਨ ਤੇ ਇਹ ਨੌਜਵਾਨ ਖੇਤੀ ਦੇ ਆਪਣੇ ਰੁਝੇਵੇਂ ਨਿਬੇੜ ਕੇ ਸ਼ਾਮ ਨੂੰ ਕਿਸੇ ਨਾ ਕਿਸੇ ਖਾਲੀ ਖੇਤ ਵਿਚ ਰਲ ਕੇ ਕਬੱਡੀਆਂ ਖੇਡਦੇ, ਦੇਸੀ ਤੇਲ ਨਾਲ ਮਾਲਿਸ਼ਾਂ ਕਰਕੇ ਡੰਡ ਬੈਠਕਾਂ ਕੱਢਦੇ, ਛਿੰਝਾਂ ਵਿਚ ਕੁਸ਼ਤੀਆਂ ਲੜਨ ਤੇ ਵੇਖਣ ਲਈ ਹੁੰਮ ਹੁੰਮਾ ਕੇ ਪਹੁੰਚਦੇ, ਹਮੇਸ਼ਾਂ ਖ਼ੁਸ਼, ਸੰਤੁਸ਼ਟ ਤੇ ਆਸਵੰਦ ਰਹਿੰਦੇ ਸਨ। ਪੁਰਾਣੇ ਪੰਜਾਬ ਵਿਚ ਪੇਂਡੂ ਔੌਰਤਾਂ ਤੜਕੇ ਉੱਠ ਕੇ ਕੰਮ ਵਿਚ ਲੱਗ ਜਾਂਦੀਆਂ ਸਨ, ਕਿਸਾਨ ਬੀਬੀਆਂ ਤਾਂ ਖੇਤਾਂ ਵਿਚ ਜਾ ਕੇ ਕਪਾਹਾਂ ਚੁਗਦੀਆਂ, ਛੱਲੀਆਂ ਕੱਢਦੀਆਂ, ਚਰ੍ਹੀ ਬਾਜਰੇ ਦੇ ਸਿੱਟੇ ਤੋੜਦੀਆਂ ਤੇ ਕੁੱਟ ਕੇ ਸਾਫ਼ ਕਰਦੀਆਂ, ਸਰ੍ਹੋੋਂ ਝਾੜ ਕੇ ਸਾਫ਼ ਕਰਦੀਆਂ ਤੇ ਖੇਤੀਬਾੜੀ ਦੇ ਹੋੋਰ ਅਨੇਕਾਂ ਕੰਮ ਕਰਦੀਆਂ ਸਨ। ਚੁਗੀ ਹੋੋਈ ਕਪਾਹ ਨੂੰ ਬਹੁਤੀ ਹੋੋਵੇ ਤਾਂ ਗੱਡੇ 'ਤੇ ਰੱਖ ਕੇ ਥੋੜ੍ਹੀ ਹੋੋਵੇ ਤਾਂ ਉਸ ਦੀਆਂ ਪੰਡਾਂ ਸਿਰਾਂ 'ਤੇ ਰੱਖ ਕੇ ਨੇੜੇ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਲਿਜਾ ਕੇ ਕਪਾਹ ਵਲਾਉਂਦੀਆਂ ਤੇ ਰੂੰਅ ਕਰਵਾ ਕੇ ਘਰਾਂ ਨੂੰ ਲਿਆਉਂਦੀਆਂ ਫੇਰ ਇਸ ਰੂੰਅ ਦੀਆਂ ਪੂਣੀਆਂ ਵੱਟ ਕੇ ਚਰਖਿਆਂ 'ਤੇ ਕੱਤਦੀਆਂ ਤੇ ਪਿੱਛੋਂ ਅਟੇਰਨ ਨਾਲ ਅਟੇਰ ਕੇ ਸੂਤ ਦੀਆਂ ਗੁੱਛੀਆਂ ਬਣਾ ਕੇ ਪਿੰਡ ਦੇ ਬੁਣਕਰਾਂ ਨੂੰ ਦੇ ਦਿੰਦੀਆਂ। ਬੁਣਕਰ ਇਸ ਸੂਤ ਤੋਂ ਖੱਦਰ ਦੇ ਕੱਪੜੇ ਤਿਆਰ ਕਰਦੇ ਇਹ ਕੱਪੜੇ ਗਰਮੀਆਂ ਵਿਚ ਠੰਢੇ ਤੇ ਸਰਦੀਆਂ ਵਿਚ ਗਰਮ ਰਹਿੰਦੇ, ਇਨ੍ਹਾਂ ਕੱਪੜਿਆਂ ਨੂੰ ਪਹਿਨਣ ਨਾਲ ਕਦੇ ਵੀ ਸਰੀਰਾਂ ਨੂੰ ਚਮੜੀ ਦੇ ਰੋਗ ਨਹੀਂ ਸਨ ਲਗਦੇ। ਲਗਪਗ ਹਰ ਪਰਿਵਾਰ ਵਿਚ ਔਰਤਾਂ ਘਰੇਲੂ ਚੱਕੀ ਨਾਲ ਆਟਾ ਪੀਂਹਦੀਆਂ ਸਨ, ਜਿਸ ਕਰਕੇ ਉਨ੍ਹਾਂ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਸਨ, ਜ਼ਿਆਦਾ ਆਟੇ ਦੀ ਲੋੋੜ ਹੋੋਵੇ ਤਾਂ ਪਿੰਡ ਵਿਚ ਖਰਾਸ ਹੁੰਦੇ ਸਨ ਜਿਹੜੇ ਬਲਦ ਜਾਂ ਊਠ ਜੋੋੜ ਕੇ ਚਲਾਏ ਜਾਂਦੇ ਸਨ। ਪਿੰਡਾਂ ਵਿਚ ਹਰ ਸ਼ਾਮ ਨੂੰ ਇਕ ਵਿਸ਼ੇਸ਼ ਵਰਗ ਦੀਆਂ ਔਰਤਾਂ ਭੱਠੀਆਂ ਚਾਲੂ ਕਰਕੇ ਮੱਕੀ ਅਤੇ ਛੋੋਲਿਆਂ ਦੇ ਦਾਣੇ ਭੁੰਨਣ ਦਾ ਕੰਮ ਕਰਦੀਆਂ ਸਨ, ਮੱਕੀ ਦੇ ਦਾਣੇ ਅਤੇ ਲੂਣ ਲਾ ਕੇ ਛੋੋਲਿਆਂ ਦੇ ਦਾਣੇ ਖਾਣ ਲਈ ਪਸੰਦ ਕੀਤੇ ਜਾਂਦੇ ਸਨ, ਜੋੋ ਭੁੱਜੇ ਦਾਣੇ ਖਿੜ ਜਾਂਦੇ ਉਨ੍ਹਾਂ ਨੂੰ ਖਿੱਲਾਂ ਤੇੇ ਅਣਖਿੜਿਆਂ ਨੂੰ 'ਰੋੋੜੇ' ਕਿਹਾ ਜਾਂਦਾ ਸੀ ਅੱਧ ਪੱਕੇ ਭੁੱਜੇ ਦਾਣਿਆਂ ਨੂੰ 'ਆਭੂ' ਕਿਹਾ ਜਾਂਦਾ ਸੀ। ਦਾਣੇ ਭੁੰਨਣ ਵਾਲੀਆਂ ਔੌਰਤਾਂ ਵਜ਼ਨ ਮੁਤਾਬਕ ਥੋੋੜ੍ਹੇ ਜਿਹੇ ਦਾਣੇ ਮਿਹਨਤ ਦੇ ਰੂਪ ਵਿਚ ਰੱਖ ਲੈਂਦੀਆ ਸਨ, ਜਿਸ ਨੂੰ 'ਭਾੜਾ' ਕਿਹਾ ਜਾਂਦਾ ਸੀ।
ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਲੋੋਕ ਅੱਗੇ ਹੋੋ ਕੇ ਦਿਲੋਂ ਇਕ ਦੂਜੇ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਸਨ, ਜੇ ਕਿਸੇ ਪਰਿਵਾਰ ਵਿਚ ਕੋੋਈ ਮੁਸ਼ਕਿਲ ਜਾਂ ਕੁਦਰਤੀ ਆਫ਼ਤ ਆ ਜਾਂਦੀ ਸੀ ਤਾਂ ਪਹਿਲਾਂ ਸਾਰਾ ਪਰਿਵਾਰ ਤੇ ਫੇਰ ਸਾਰਾ ਭਾਈਚਾਰਾ ਇਕੱਠੇ ਬੈਠ ਕੇ ਮੁਸ਼ਕਿਲਾਂ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਸਬੰਧਿਤ ਪ੍ਰਵਾਰ ਦੀ ਮਦਦ ਕਰਦਾ ਸੀ, ਕਣਕ ਗਹਾਈ ਦੇ ਦਿਨਾਂ ਵਿਚ ਜੇ ਕਿਸੇ ਕਿਸਾਨ ਨੇ ਤੂੜੀ ਦਾਣੇ ਇਕੱਠੇ ਕਰਕੇ ਧੜ ਲਾਈ ਹੋਣੀ ਤੇ ਪੱਛੋਂ ਦੀ ਹਵਾ ਚੱਲ ਪੈਣੀ ਤਾਂ ਆਲੇ ਦੁਆਲੇ ਦੇ ਕਿਸਾਨ ਆਪਣੇ ਕੰਮ ਛੱਡ ਕੇ ਆਪਣੀਆਂ ਤੰਗਲੀਆਂ ਲੈ ਕੇ ਬਿਨਾਂ ਸੱਦੇ ਧੜ ਉਡਾਉਣ ਲਈ ਧੜ 'ਤੇ ਚੜ੍ਹ ਜਾਂਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਸੰਪਰਕ : 94632-33991.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX