ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  14 minutes ago
ਹੰਡਿਆਇਆ, 17ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਅੱਜ ਗਾਂਧੀ ਆਰੀਆ ਸਕੂਲ ਬਰਨਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਕੁੱਲ 143 ਵੋਟਾਂ ਹਨ। ਇਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ 'ਚ ਹਨ। ਇੱਥੇ ਇਹ ਵੀ ਵਰਨਣਯੋਗ...
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  42 minutes ago
ਮੈਕਸੀਕੋ ਸਿਟੀ, 17 ਫਰਵਰੀ- ਮੈਕਸੀਕੋ 'ਚ ਪ੍ਰਸਿੱਧ ਕੈਰੇਬੀਆਈ ਰਿਜ਼ਾਰਟ ਕੈਨਕਨ ਦੇ ਇੱਕ ਬਾਰ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਸ਼ੁੱਕਰਵਾਰ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ, ਭਾਰਤ 'ਤੇ ਜਤਾਇਆ ਗਿਆ ਸ਼ੱਕ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਅਧਿਕਾਰਕ ਵੈੱਬਸਾਈਟ ਨੂੰ ਹੈਕਰਾਂ ਨੇ ਹੈਕ ਕਰ ਲਿਆ। ਇਸ ਵੈੱਬਸਾਈਟ ਨੂੰ ਸ਼ਨੀਵਾਰ ਨੂੰ ਕੁਝ ਹੈਕਰਾਂ ਨੇ ਹੈਕ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਸ਼ਿਕਾਇਤ ਮਿਲੀ ਸੀ ਕਿ...
ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਜਾਣਗੇ। ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਅੱਜ ਦੁਪਹਿਰ ਬਿਹਾਰ ਦੇ ਬਰੌਨੀ 'ਚ ਜਾਣਗੇ ਅਤੇ ਇਸ ਤੋਂ ਬਾਅਦ ਝਾਰਖੰਡ...
ਕੱਲ੍ਹ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ- ਚੀਮਾ
. . .  about 1 hour ago
ਸੰਗਰੂਰ, 17 ਫਰਵਰੀ (ਧੀਰਜ ਪਸ਼ੋਰੀਆ)- 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾ ਰਹੇ ਸੂਬੇ ਦੇ ਬਜਟ ਬਾਰੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਜਟ ਸੂਬੇ ਦੀਆਂ ਮੁੱਖ ਸਮੱਸਿਆਵਾਂ 'ਤੇ ਕੇਂਦਰਿਤ...
ਅੱਜ ਦਾ ਵਿਚਾਰ
. . .  about 2 hours ago
ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਹੋਰ ਖ਼ਬਰਾਂ..

ਲੋਕ ਮੰਚ

ਫ਼ਰਿੱਜ ਨਾਲੋਂ ਕਈ ਗੁਣਾਂ ਚੰਗਾ, ਘੜੇ ਦਾ ਪਾਣੀ

ਇਤਿਹਾਸ ਗਵਾਹ ਹੈ ਕਿ ਅਸੀਂ ਜਦੋਂ-ਜਦੋਂ ਵੀ ਆਪਣੀ ਵਿਰਾਸਤ ਨਾਲੋਂ ਟੁੱਟੇ ਹਾਂ ਤਾਂ ਹਰ ਵਾਰੀ ਸਾਨੂੰ ਘਾਟਾ ਹੀ ਖਾਣਾ ਪਿਆ ਹੈ, ਫਿਰ ਉਹ ਭਾਵੇਂ ਸੱਭਿਆਚਾਰ ਹੋਵੇ ਜਾਂ ਸਾਹਿਤ। ਆਪਣੇ ਸੱਭਿਆਚਾਰ ਤੋਂ ਟੁੱਟ ਅਸੀਂ ਭਾਵੇਂ ਬਹੁਤਾ ਕੁਝ ਨਾ ਗਵਾਇਆ ਹੋਵੇ ਪਰ ਸਿਹਤ ਪੱਖੋਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਵਿਸਾਰ ਕੇ ਅਸੀਂ ਬਹੁਤ ਕੁਝ ਗਵਾ ਬੈਠੇ ਹਾਂ। ਭਾਵੇਂ ਕਿ ਫ਼ਰਿੱਜਾਂ ਦੇ ਆਉਣ ਨਾਲ ਸਾਨੂੰ ਘਰੇਲੂ ਪੱਧਰ 'ਤੇ ਖਾਣ-ਪੀਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਬਚਾਓ ਤੇ ਸਹੀ ਰੱਖ-ਰਖਾਵ ਬਾਰੇ ਫ਼ਾਇਦਾ ਵੀ ਹੋਇਆ, ਪਰ ਉਸ ਦੇ ਨਾਲ-ਨਾਲ ਪਿਆਸ ਬੁਝਾਉਣ ਲਈ ਵਾਰ-ਵਾਰ ਠੰਢਾ ਪਾਣੀ ਪੀਣ ਦੀ ਆਦਤ ਨੇ ਅੱਜ ਹਰ ਘਰ ਵਿਚ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਬਹੁਤ ਸਾਰੇ ਰੋਗੀ ਪੈਦਾ ਕਰ ਦਿੱਤੇ ਹਨ। ਬਦਹਜ਼ਮੀ, ਗੈਸ, ਤੇਜ਼ਾਬ ਤੇ ਅੰਤੜੀ ਰੋਗ ਜ਼ਿਆਦਾਤਰ ਫ਼ਰਿੱਜ ਵਾਲਾ ਠੰਢਾ ਪਾਣੀ ਪੀਣ ਕਰਕੇ ਪੈਦਾ ਹੋ ਰਹੇ ਹਨ।
ਇਸ ਦੇ ਉਲਟ ਜੇਕਰ ਅਸੀਂ ਘੜੇ ਦਾ ਭਾਵੇਂ ਕਿੰਨਾ ਵੀ ਠੰਢਾ ਕੁਦਰਤੀ ਪਾਣੀ ਪੀ ਲਈਏ, ਉਸ ਦਾ ਸਾਨੂੰ ਭੋਰਾ ਵੀ ਨੁਕਸਾਨ ਨਹੀਂ, ਬਲਕਿ ਘੜੇ ਦਾ ਠੰਢਾ ਪਾਣੀ ਸਾਡੀ ਪਿਆਸ ਬਝਾਉਣ ਦੇ ਨਾਲ-ਨਾਲ ਸਾਨੂੰ ਕੁਦਰਤੀ ਠੰਢਕ ਵੀ ਦੇਵੇਗਾ, ਜਿਸ ਨਾਲ ਸਾਨੂੰ ਅਜੋਕੇ ਸਮੇਂ ਮੁਫ਼ਤ ਵਿਚ ਪੀਣ ਲਈ ਤੇਜ਼ਾਬ ਰਹਿਤ ਪਾਣੀ ਮਿਲੇਗਾ। ਘੜੇ ਨਾਲ ਸਬੰਧਤ ਨੈਚਰੋਪੈਥੀ ਵਾਲੇ ਤਾਂ ਇੱਥੋਂ ਤੱਕ ਕਹਿ ਰਹੇ ਹਨ ਕੇ ਜੇਕਰ ਇਕ ਰਾਤ ਘੜੇ ਵਿਚ ਆਮ ਪਾਣੀ ਪਾ ਕਿ ਰੱਖ ਦਿੱਤਾ ਜਾਵੇ ਤਾਂ ਸਵੇਰ ਹੋਣ ਤੱਕ ਇਹ ਪਾਣੀ ਆਪਣੇ-ਆਪ ਅਲਕਾਲਿਨ ਜਾਣੀ ਤੇਜ਼ਾਬੀ ਮਾਦੇ ਤੋਂ ਮੁਕਤ ਹੋ ਜਾਂਦਾ ਹੈ, ਜਿਸ ਦਾ ਸੇਵਨ ਅਜੋਕੇ ਸਮੇਂ ਮਰਦਾਂ ਤੇ ਔਰਤਾਂ ਦੀਆਂ ਜਣਨ ਅੰਗਾਂ ਨਾਲ ਸਬੰਧਤ ਬਿਮਾਰੀਆਂ ਨੂੰ ਠੀਕ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਬਹੁਤ ਪੁਰਾਣੀ ਕਹਾਵਤ ਹੈ ਕਿ ਇਕ ਰੁੱਖ ਤੇ ਸੌ ਸੁੱਖ, ਇਸੇ ਤਰ੍ਹਾਂ ਅਜੋਕੇ ਸਮੇਂ ਇਕ ਘੜੇ ਦੀ ਵਰਤੋਂ ਸਾਨੂੰ ਬਹੁਤ ਸੁੱਖ ਦੇ ਸਕਦੀ ਹੈ ਪਰ ਲੋੜ ਹੈ ਆਪਣੇ -ਆਪ ਤੋਂ ਪੱਛਮੀ ਸੱਭਿਅਤਾ ਦਾ ਝੂਠਾ ਮਖੌਟਾ ਲਾਹ ਕੇ ਆਪਣੇ ਪੁਰਾਣੇ ਵਿਰਸੇ ਨਾਲ ਜੁੜਨ ਦੀ। ਜੇਕਰ ਸਾਡੇ ਲੋਕ ਬਿਨਾਂ ਸੰਕੋਚ ਤੋਂ ਘੜਿਆਂ ਦੀ ਵਰਤੋਂ ਕਰਨ ਲੱਗ ਜਾਣ ਤਾਂ ਸਿਹਤ ਦੇ ਨਾਲ-ਨਾਲ ਉਹ ਪ੍ਰਜਾਪਤ ਜਾਤੀ ਜਾਣੀ ਘੁਮਿਆਰ ਲੋਕਾਂ ਦੇ ਖਤਮ ਹੋ ਰਹੇ ਰੁਜ਼ਗਾਰ ਨੂੰ ਵੀ ਸਹਾਰਾ ਦੇ ਸਕਦੇ ਹਨ, ਜਿਸ ਨਾਲ ਇਕ ਤਾਂ ਉਨ੍ਹਾਂ ਦਾ ਪਿਤਾ-ਪੁਰਖੀ ਕਿੱਤਾ ਵੀ ਅਲੋਪ ਨਹੀਂ ਹੋਵੇਗਾ ਤੇ ਦੂਸਰਾ ਉਹ ਅਜਿਹਾ ਕਰਕੇ ਆਪਣੀ ਸਿਹਤ ਨੂੰ ਵੀ ਤੰਦਰੁਸਤ ਰੱਖ ਸਕਣਗੇ।

-ਪਿੰਡ ਤਖਤੂਪੁਰਾ (ਮੋਗਾ)
ਮੋਬਾ: 98140-68614


ਖ਼ਬਰ ਸ਼ੇਅਰ ਕਰੋ

ਅਸੁਰੱਖਿਅਤ ਹੈ ਨਵੀਂ ਪੈਨਸ਼ਨ ਯੋਜਨਾ

ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਦੇ ਬੁਢਾਪੇ ਦੀ ਬੇਫ਼ਿਕਰੀ ਉੱਪਰ ਨਵੀਂ ਪੈਨਸ਼ਨ ਸਕੀਮ ਤਲਵਾਰ ਬਣ ਕੇ ਲਟਕ ਚੁੱਕੀ ਹੈ। ਇਸ ਯੋਜਨਾ ਦੇ ਲਾਗੂ ਹੋਣ ਨਾਲ ਮੁਲਾਜ਼ਮਾਂ ਦੇ ਬਹੁਤੇ ਹੱਕਾਂ ਉੱਪਰ ਪਾਬੰਦੀ ਲੱਗ ਚੁੱਕੀ ਹੈ। ਇਸ ਯੋਜਨਾ ਮੁਤਾਬਕ ਹੁਣ ਕੋਈ ਮੁਲਾਜ਼ਮ ਆਪਣੀ ਨੌਕਰੀ ਦੌਰਾਨ ਇਸ ਵਿਚੋਂ ਪੈਸੇ ਨਹੀਂ ਕਢਵਾ ਸਕਦਾ, ਜਦਕਿ ਪੁਰਾਣੀ ਯੋਜਨਾ ਵਿਚ ਕਰਮਚਾਰੀ ਆਪਣੀਆਂ ਲੋੜਾਂ ਜਿਵੇਂ ਮਕਾਨ ਦਾ ਵਾਧਾ, ਕਾਰ ਖਰੀਦਣ, ਬੱਚਿਆਂ ਦੀ ਪੜ੍ਹਾਈ ਤੇ ਵਿਆਹ-ਸ਼ਾਦੀ ਆਦਿ ਲਈ ਆਪਣੀ ਜਮ੍ਹਾਂ ਰਾਸ਼ੀ ਵਿਚੋਂ ਮੋੜਨ ਯੋਗ ਜਾਂ ਨਾ ਮੋੜਨ ਯੋਗ ਰਾਸ਼ੀ ਕਢਵਾ ਸਕਦਾ ਹੈ। ਇਹ ਯੋਜਨਾ ਮੁਲਾਜ਼ਮਾਂ ਦਾ ਜੀ. ਪੀ. ਐਫ., ਗ੍ਰੈਚੁਟੀ, ਲੀਵ ਇਨਕੈਸ਼ਮੈਂਟ, ਐਕਸਗ੍ਰੇਸ਼ੀਆ, ਤਰਸ ਦੇ ਆਧਾਰ 'ਤੇ ਨੌਕਰੀ ਅਤੇ ਕਮਿਊਟਡ ਪੈਨਸ਼ਨ ਆਦਿ ਲਾਭਾਂ ਉੱਪਰ ਵੀ ਪਾਬੰਦੀ ਲਾਉਂਦੀ ਹੈ। ਮੁਲਾਜ਼ਮਾਂ ਦੇ ਦਬਾਅ ਤੋਂ ਬਾਅਦ ਪੰਜਾਬ ਸਰਕਾਰ ਵਲੋਂ 24 ਅਕਤੂਬਰ, 2016 ਨੂੰ ਪੀ.ਐਫ.ਆਰ.ਡੀ.ਏ. ਰਾਹੀਂ ਨੋਟੀਫਿਕੇਸ਼ਨ ਜਾਰੀ ਕਰਕੇ ਕੁਝ ਰਾਸ਼ੀ ਕਢਾਉਣ ਦਾ ਪ੍ਰਬੰਧ ਕੀਤਾ, ਪਰ ਉਹ ਵੀ ਸਖ਼ਤ ਸ਼ਰਤਾਂ ਮੁਤਾਬਕ। ਇਸ ਤਰ੍ਹਾਂ ਦੇ ਬਦਲਾਅ ਤੋਂ ਬਾਅਦ 2004 ਤੋਂ ਭਰਤੀ ਹੋਏ ਸਵਾ ਲੱਖ ਸਰਕਾਰੀ ਮੁਲਾਜ਼ਮ ਇਸ ਗੱਲ ਨੂੰ ਲੈ ਕੇ ਡਾਢੇ ਚਿੰਤਤ ਹਨ ਕਿ ਨਵੀਂ ਪੈਨਸ਼ਨ ਯੋਜਨਾ ਉਨ੍ਹਾਂ ਦੇ ਬਣਦੇ ਹੱਕ ਖਾ ਜਾਵੇਗੀ। ਇਸ ਯੋਜਨਾ ਮੁਤਾਬਕ ਮੁਲਾਜ਼ਮ ਤੋਂ ਹਰ ਮਹੀਨੇ ਤਨਖਾਹ ਦਾ 10 ਫੀਸਦੀ ਪੈਨਸ਼ਨ ਫੰਡ ਕੱਟਿਆ ਜਾਵੇਗਾ, ਜੋ ਨਾ ਵੱਧ ਕੱਟਿਆ ਜਾਵੇਗਾ ਤੇ ਨਾ ਹੀ ਘੱਟ ਅਤੇ ਸਰਕਾਰ ਵਲੋਂ ਵੀ 10 ਫੀਸਦੀ ਮੁਲਾਜ਼ਮ ਦੇ ਪੈਨਸ਼ਨ ਫੰਡ 'ਚ ਜਮ੍ਹਾਂ ਹੋਵੇਗਾ। ਜਦੋਂ ਮੁਲਾਜ਼ਮ ਦੀ ਰਿਟਾਇਰਮੈਂਟ ਹੋਵੇਗੀ, ਉਸ ਮੌਕੇ ਉਸ ਦੇ ਪੈਨਸ਼ਨ ਫੰਡ ਦਾ ਸਿਰਫ਼ 60 ਫੀਸਦੀ ਹੀ ਮਿਲੇਗਾ, ਜਿਸ ਉੱਤੇ ਵੀ 10 ਫੀਸਦੀ ਟੀ.ਡੀ.ਐੱਸ. ਕੱਟਿਆ ਜਾਵੇਗਾ ਅਤੇ ਬਾਕੀ ਦਾ 40 ਫੀਸਦੀ ਸਰਕਾਰ ਆਪਣੇ ਕੋਲ ਰੱਖੇਗੀ, ਜਿਸ ਦੇ ਆਧਾਰ 'ਤੇ ਇਕ ਪੱਕੀ ਪੈਨਸ਼ਨ ਨਿਰਧਾਰਤ ਕਰ ਦੇਵੇਗੀ, ਜੋ ਮੁਲਾਜ਼ਮ ਨੂੰ ਮਿਲਦੀ ਰਹੇਗੀ। ਐਨਾ ਹੀ ਨਹੀਂ, ਇੱਥੇ ਇਹ ਵੀ ਫ਼ਿਕਰ ਦੀ ਗੱਲ ਹੈ ਕਿ ਨਵੀਂ ਪੈਨਸ਼ਨ ਸਕੀਮ ਸ਼ੇਅਰ ਬਾਜ਼ਾਰ ਦੇ ਰਹਿਮੋ-ਕਰਮ 'ਤੇ ਟਿਕੀ ਹੋਈ ਹੈ। ਇਸ ਤਰ੍ਹਾਂ ਸ਼ੇਅਰ ਮਾਰਕੀਟ ਦੇ ਉਤਰਾਅ ਦਾ ਖਮਿਆਜ਼ਾ ਇਨ੍ਹਾਂ ਮੁਲਾਜ਼ਮਾਂ ਨੂੰ ਭੁਗਤਣਾ ਪਵੇਗਾ, ਪਰ ਜੇਕਰ ਖੁਸ਼ਕਿਸਮਤੀ ਨਾਲ ਸ਼ੇਅਰ ਬਾਜ਼ਾਰ ਵਿਚ ਚੜ੍ਹਾਅ ਆਉਂਦਾ ਹੈ ਤਾਂ ਇਸ ਦਾ ਫ਼ਾਇਦਾ ਉਨ੍ਹਾਂ ਨਿੱਜੀ ਕੰਪਨੀਆਂ ਨੂੰ ਹੋਵੇਗਾ, ਜਿਨ੍ਹਾਂ ਦੇ ਰਾਹੀਂ ਇਹ ਪੈਸਾ ਸ਼ੇਅਰ ਮਾਰਕੀਟ ਵਿਚ ਲਗਾਇਆ ਗਿਆ ਹੈ। ਇਸ ਨਵੀਂ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਵਾਲੇ ਸਾਡੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਲੋਂ ਖ਼ੁਦ ਨੂੰ ਇਸ ਸਕੀਮ ਤੋਂ ਬਾਹਰ ਰੱਖਦੇ ਹੋਏ ਸਾਰੀਆਂ ਸੁੱਖ ਸਹੂਲਤਾਂ ਪੁਰਾਣੀ ਪੈਨਸ਼ਨ ਸਕੀਮਾਂ ਵਾਲੀਆਂ ਰੱਖੀਆਂ ਗਈਆਂ ਹਨ। ਲੋੜ ਹੈ ਮੁਲਜ਼ਮ ਵਰਗ ਨੂੰ ਇਸ ਅਣਕਿਆਸੀ ਚਿੰਤਾ ਤੋਂ ਦੂਰ ਕਰਨ ਦੀ।

-ਸੀਨੀਅਰ ਮੀਤ ਪ੍ਰਧਾਨ, ਸੀ.ਪੀ.ਐੱਫ. ਇੰਪਲਾਈਜ਼ ਯੂਨੀਅਨ, ਪੰਜਾਬ। ਮੋਬਾ: 95920-08124

ਲੋਕਤੰਤਰ ਦਾ ਘਾਣ

ਕੀ ਅਸੀਂ ਲੋਕਤੰਤਰ ਵਿਚ ਰਹਿ ਰਹੇ ਹਾਂ? ਇਹ ਸਵਾਲ ਵਾਰ-ਵਾਰ ਮਨ 'ਚ ਆਉਂਦਾ ਹੈ ਤੇ ਦਿਮਾਗ ਵਲੋਂ ਹਮੇਸ਼ਾ ਨਾਂਹਵਾਚਕ ਉੱਤਰ ਮਿਲਦਾ ਹੈ। ਅਸਲ ਵਿਚ ਅੱਜ ਤਾਨਾਸ਼ਾਹੀ ਲੋਕਤੰਤਰ ਦੇ ਲਿਬਾਸ ਹੇਠਾਂ ਆਪਣਾ ਲੋਹਾ ਮੰਨਵਾ ਰਹੀ ਹੈ। ਕੋਈ ਮਹਿਕਮਾ ਸਰਕਾਰੀ ਜਾਂ ਗ਼ੈਰ-ਸਰਕਾਰੀ ਅੱਜ ਲੋਕਾਂ ਨੂੰ ਸਹੀ ਇਨਸਾਫ ਨਹੀਂ ਦੇ ਸਕਦਾ। ਉਸ ਪਿੱਛੇ ਬਹੁਤ ਸਾਰੇ ਤੱਥ ਕੰਮ ਕਰਦੇ ਹਨ। ਦੇਸ਼ ਦੀ ਸਿਆਸਤ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ, ਸਾਧਾਰਨ ਇਨਸਾਨ ਇਸ ਦੀ ਦਲਦਲ ਵਿਚ ਫਸਦਾ ਜਾ ਰਿਹਾ ਹੈ। ਕਿਤੇ-ਕਿਤੇ ਇਨਸਾਫ ਦੀ ਝਲਕ ਦਿਖਾਈ ਦੇ ਜਾਂਦੀ ਹੈ। ਸ਼ਾਇਦ ਉਸੇ ਦੀ ਆਸ ਵਿਚ ਹੀ ਕੁਝ ਇਨਸਾਫ ਪਸੰਦ ਲੋਕਾਂ ਨੂੰ ਧਰਵਾਸ ਮਿਲਦਾ ਹੈ ਤੇ ਉਨ੍ਹਾਂ ਵਿਚ ਇਕ ਆਸ ਦੀ ਚਿਣਗ ਬਣੀ ਰਹਿੰਦੀ ਹੈ ਪਰ ਸਮਾਜਿਕ ਢਾਂਚਾ ਕੁਝ ਅਜਿਹਾ ਬਣ ਗਿਆ ਹੈ ਕਿ ਸਚਾਈ ਤੇ ਇਨਸਾਫ ਦੀ ਲੜਾਈ ਲੜਨ ਵਾਲੇ ਵਿਅਕਤੀ ਨੂੰ ਬਹੁਤੇ ਲੋਕ ਪਾਗਲ ਸਮਝਦੇ ਹਨ ਤੇ ਕੁਝ ਨੇੜੇ ਦੇ ਵਿਅਕਤੀ ਉਸ ਨੂੰ ਸਮਝਾ ਜਾਂਦੇ ਹਨ ਕਿ ਇਥੇ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ, ਜੋ ਹੋ ਰਿਹਾ ਹੈ, ਉਸ ਨਾਲ ਸਮਝੌਤਾ ਕਰਨਾ ਸਿੱਖੋ।
ਸਿਆਸੀ ਕੈਰੀਅਰ ਵਾਲੇ ਲੋਕ ਜਨਤਾ ਨੂੰ ਭਰਮਾਉਣ ਲਈ ਇਕ-ਦੂਜੇ 'ਤੇ ਤੋਹਮਤਾਂ ਲਗਾਉਂਦੇ ਹਨ ਪਰ ਵਿਚੋਂ ਇਹ ਇਕ ਹੀ ਹੁੰਦੇ ਹਨ। ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਵੋਟ ਦੇ ਦਿੰਦੇ ਹਨ। ਵੈਸੇ ਵੀ ਵੋਟ ਨਾ ਦੇਣ ਤਾਂ ਕੀ ਕਰਨ? ਰਾਜਨੀਤੀ ਮੁੱਠੀ ਭਰ ਬੰਦਿਆਂ ਦੇ ਇਰਦ-ਗਿਰਦ ਘੁੰਮ ਰਹੀ ਹੈ। ਸੋ, ਉਹ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਰਹਿੰਦੇ ਹਨ, ਆਪਸੀ ਸਮਝੌਤੇ ਅੰਦਰਖਾਤੇ ਬਣਾਈ ਰੱਖਦੇ ਹਨ।
ਵੋਟਾਂ ਤੋਂ ਪਹਿਲਾਂ ਵੱਡੇ-ਵੱਡੇ ਭਾਸ਼ਣ ਦਿੱਤੇ ਜਾਂਦੇ ਹਨ। ਬਹੁਤ ਸਾਰੀਆਂ ਸੁਖ ਸਹੂਲਤਾਂ ਤੇ ਆਜ਼ਾਦੀ ਦੇ ਸੁਪਨੇ ਜਨਤਾ ਨੂੰ ਦਿਖਾਏ ਜਾਂਦੇ ਹਨ ਤੇ ਵੋਟਰ ਉਨ੍ਹਾਂ ਦੇ ਭਾਸ਼ਣਾਂ ਨੂੰ ਸਹੀ ਮੰਨ ਕੇ ਆਪਣੀ ਵੋਟ ਦੀ ਵਰਤੋਂ ਕਰਦਾ ਹੈ। ਭਾਸ਼ਣ ਦੇਣ ਦੀ ਕਲਾ ਨੂੰ ਹੀ ਪੈਮਾਨਾ ਬਣਾ ਲਿਆ ਜਾਂਦਾ ਹੈ। ਜੇ ਕਿਸੇ ਪਾਰਟੀ ਨੂੰ ਜਨਤਾ ਕੋਈ ਸਵਾਲ ਕਰ ਵੀ ਲਵੇ ਤਾਂ ਉਸ ਦਾ ਜਵਾਬ ਦੇਣ ਦੀ ਬਜਾਏ ਇਹ ਕਿਹਾ ਜਾਂਦਾ ਹੈ ਕਿ ਦੂਜੀ ਪਾਰਟੀ ਨੇ ਕੀ ਕੀਤਾ? ਕੀ ਇਹ ਹੀ ਮਸਲਿਆਂ ਦਾ ਹੱਲ ਹੈ?
ਅੱਜ ਜਨਤਾ ਨੂੰ ਸੁਚੇਤ ਹੋਣ ਦੀ ਲੋੜ ਹੈ। ਅਸੀਂ ਆਪਣੀ ਵੋਟ ਪਾਉਣ ਦੀ ਆਜ਼ਾਦੀ ਦੇ ਹੱਕ ਦੀ ਸਹੀ ਵਰਤੋਂ ਕਰੀਏ। ਨੇਤਾਵਾਂ ਦੇ ਭਾਸ਼ਣਾਂ ਵਿਚ ਆਉਣ ਦੀ ਬਜਾਏ ਇਨ੍ਹਾਂ ਨੂੰ ਕੰਮਾਂ ਲਈ ਜਵਾਬਦੇਹ ਬਣਾਈਏ ਤਾਂ ਹੀ ਲੋਕਤੰਤਰ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਸੱਤਾ ਵਿਚ ਇਮਾਨਦਾਰ ਲੋਕ ਆਉਣਗੇ, ਤਾਂ ਹੀ ਇਨਸਾਫ਼ ਤੇ ਸਚਾਈ ਜ਼ਿੰਦਾ ਰਹਿ ਸਕੇਗੀ, ਨਹੀਂ ਤਾਂ ਲੋਕਤੰਤਰ ਦਾ ਘਾਣ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ।

-403-ਆਈ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ।

ਕਿਵੇਂ ਪੁੱਛੀਏ ਹਾਲ-ਚਾਲ?

ਜਦੋਂ ਤੋਂ ਮਨੁੱਖਤਾ ਦਾ ਜਨਮ ਹੋਇਆ, ਉਦੋਂ ਤੋਂ ਹੀ ਆਪਸੀ ਸੰਚਾਰ ਸ਼ੁਰੂ ਹੋਇਆ, ਜਿਸ ਮਗਰੋਂ ਹਾਲ-ਚਾਲ ਪੁੱਛਣ ਦੀ ਰੀਤ ਵੀ ਸ਼ੁਰੂ ਹੋਈ। ਇਕ-ਦੂਸਰੇ ਦਾ ਹਾਲ-ਚਾਲ ਪੁੱਛਣ ਸਦਕਾ ਹੀ ਮਨੁੱਖੀ ਰਿਸ਼ਤਿਆਂ ਵਿਚ ਆਪਸੀ ਨੇੜਤਾ, ਸਾਂਝੀਵਾਲਤਾ ਅਤੇ ਸੰਵੇਦਨਸ਼ੀਲਤਾ ਦੀ ਉਸਾਰੀ ਸੰਭਵ ਹੋਈ। ਕਿਸੇ ਦਾ ਹਾਲ-ਚਾਲ ਪਤਾ ਕਰਕੇ ਹੀ ਅਸੀਂ ਉਸ ਦੇ ਸੁੱਖ-ਦੁੱਖ ਦੇ ਭਾਗੀਦਾਰ ਬਣਦੇ ਹਾਂ ਅਤੇ ਉਸ ਦੇ ਪਿਆਰ ਤੇ ਸਤਿਕਾਰ ਦੇ ਪਾਤਰ ਬਣਦੇ ਹਾਂ। ਅਸੀਂ ਭਾਵੇਂ ਹਰ ਰੋਜ਼ ਆਪਣੇ ਆਸ-ਪਾਸ ਦੇ ਲੋਕਾਂ ਨੂੰ ਮਿਲਣ-ਗਿਲਣ ਅਤੇ ਗੱਲਬਾਤ ਕਰਨ ਸਮੇਂ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਾਂ, ਪਰ ਸਾਡੀ ਸੂਝਬੂਝ ਦਾ ਅਸਲ ਪਤਾ ਉਦੋਂ ਚੱਲਦਾ ਹੈ ਜਦੋਂ ਸਾਡੇ ਵਲੋਂ ਕਿਸੇ ਸਰੀਰਕ, ਮਾਨਸਿਕ ਜਾਂ ਆਰਥਿਕ ਸਮੱਸਿਆ ਨਾਲ ਜੂਝ ਰਹੇ ਵਿਅਕਤੀ ਦਾ ਹਾਲ-ਚਾਲ ਪੁੱਛਿਆ ਜਾਂਦਾ ਹੈ। ਉਸ ਸਮੇਂ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਉਸ ਦੁਖੀ ਵਿਅਕਤੀ ਦੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਸਹੀ ਤਰੀਕੇ ਤੇ ਸਲੀਕੇ ਨਾਲ ਉਸ ਦਾ ਹਾਲ-ਚਾਲ ਪੁੱਛੀਏ, ਤਾਂ ਜੋ ਉਸ ਨੂੰ ਆਪਣੇ ਮੁਸ਼ਕਿਲ ਹਾਲਾਤ ਨਾਲ ਲੜਨ ਲਈ ਕੁਝ ਹਿੰਮਤ ਅਤੇ ਹੌਸਲਾ ਮਿਲ ਸਕੇ।
ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਵਿਚੋਂ ਬਹੁਤਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਸੇ ਦਾ ਹਾਲ-ਚਾਲ ਕਿਵੇਂ ਪੁੱਛਣਾ ਚਾਹੀਦਾ ਹੈ। ਕਈ ਵਾਰ ਕੁਝ ਬੇਸਮਝ ਲੋਕ ਕਿਸੇ ਦਾ ਹਾਲ-ਚਾਲ ਪੁੱਛਦੇ ਸਮੇਂ ਆਪਣੀ ਹਮਦਰਦੀ ਜਤਾਉਂਦੇ ਹੋਏ ਅਣਜਾਣਪੁਣੇ ਵਿਚ ਅਜਿਹੇ ਬੇਤੁਕੇ ਅਤੇ ਬੇਲੋੜੇ ਸ਼ਬਦਾਂ ਦੀ ਵਰਤੋਂ ਕਰ ਦਿੰਦੇ ਹਨ, ਜਿਸ ਨਾਲ ਉਹ ਪਹਿਲਾਂ ਤੋਂ ਹੀ ਨਿਰਾਸ਼ ਅਤੇ ਹਤਾਸ਼ ਵਿਅਕਤੀ ਨੂੰ ਉਤਸ਼ਾਹ ਤੇ ਹੌਸਲਾ ਦੇਣ ਦੀ ਬਜਾਏ ਹੋਰ ਨਿਰਾਸ਼ਾ ਅਤੇ ਉਦਾਸੀ ਦੇ ਆਉਂਦੇ ਹਨ।
ਬਿਮਾਰੀ ਜਾਂ ਤਕਲੀਫ਼ ਭਾਵੇਂ ਕੋਈ ਵੀ ਹੋਵੇ, ਕਿੰਨੀ ਵੀ ਵੱਡੀ ਜਾਂ ਛੋਟੀ ਕਿਉਂ ਨਾ ਹੋਵੇ, ਅੱਧਾ ਤੰਦਰੁਸਤ ਤਾਂ ਮਰੀਜ਼ ਉਦੋਂ ਹੀ ਹੋ ਜਾਂਦਾ ਹੈ ਜਦੋਂ ਡਾਕਟਰ, ਪਰਿਵਾਰ, ਸਾਕ-ਸਬੰਧੀ ਅਤੇ ਮਿੱਤਰ-ਪਿਆਰੇ ਉਸ ਨੂੰ ਪਿਆਰ ਅਤੇ ਵਿਸ਼ਵਾਸ ਨਾਲ ਇੰਨੇ ਕੁ ਹੀ ਸ਼ਬਦ ਆਖ ਦੇਣ, 'ਅਸੀਂ ਤੇਰੇ ਨਾਲ ਹਾਂ। ਘਬਰਾਉਣ ਵਾਲੀ ਕੋਈ ਗੱਲ ਨਹੀਂ। ਵਾਹਿਗੁਰੂ ਸਭ ਠੀਕ ਕਰੇਗਾ। ਤੂੰ ਬੜਾ ਦਲੇਰ ਬੰਦਾ ਹੈਂ। ਤੇਰੇ ਸਾਹਮਣੇ ਇਹ ਬਿਮਾਰੀ ਕੀ ਚੀਜ਼ ਹੈ। ਪਹਿਲਾਂ ਵੀ ਇਸ ਬਿਮਾਰੀ ਉੱਤੇ ਬਹੁਤ ਲੋਕਾਂ ਨੇ ਫ਼ਤਹਿ ਪ੍ਰਾਪਤ ਕੀਤੀ ਹੈ।' ਇਸ ਲਈ ਸਾਨੂੰ ਕਿਸੇ ਦਾ ਹਾਲ-ਚਾਲ ਪਤਾ ਕਰਦੇ ਸਮੇਂ ਹਮੇਸ਼ਾ ਹੀ ਚੰਗੇ ਅਤੇ ਉਸਾਰੂ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਵਲੋਂ ਸੱਚੇ ਦਿਲੋਂ ਤੇ ਨੇਕ ਭਾਵਨਾ ਨਾਲ ਉਚਾਰੇ ਗਏ ਕੁਝ ਸਕਾਰਾਤਮਕ ਸ਼ਬਦ ਜਿੱਥੇ ਕਿਸੇ ਹਾਰੇ-ਦੁਰਕਾਰੇ ਵਿਅਕਤੀ ਦੀ ਜ਼ਿੰਦਗੀ, ਹਾਲਾਤ ਅਤੇ ਸੋਚ ਬਦਲਣ ਦੀ ਸਮਰੱਥਾ ਰੱਖਦੇ ਹਨ, ਉੱਥੇ ਸਾਡੇ ਵਲੋਂ ਜਾਣੇ-ਅਣਜਾਣੇ ਵਿਚ ਉਚਾਰੇ ਗਏ ਨਕਾਰਾਤਮਕ ਸ਼ਬਦ ਕਿਸੇ ਦਾ ਜੀਵਨ ਉਸਾਰਨ ਦੀ ਥਾਂ 'ਤੇ ਉਜਾੜਨ ਦਾ ਕਾਰਜ ਕਰ ਸਕਦੇ ਹਨ। ਸਾਨੂੰ ਇਕ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਕਿ ਕਿਸੇ ਦੇ ਜੀਵਨ ਵਿਚ ਸਕਾਰਾਤਮਕਤਾ ਫ਼ੈਲਾਉਣ ਨਾਲ ਹੀ ਸਾਡਾ ਆਪਣਾ ਜੀਵਨ ਸਕਾਰਾਤਮਕ ਅਤੇੇ ਖੁਸ਼ਹਾਲ ਬਣ ਸਕਦਾ ਹੈ।

-137/2, ਗਲੀ ਨੰ.5, ਅਰਜਨ ਨਗਰ, ਪਟਿਆਲਾ-147001. ਮੋਬਾ: 94636-19353.

ਸਿਹਤ ਵਿਭਾਗ ਦੀਆਂ ਖ਼ਾਮੀਆਂ ਕਾਰਨ ਪੰਜਾਬ 'ਚ ਅਸਫ਼ਲ ਰਹੀ ਮੀਜ਼ਲ-ਰੂਬੇਲਾ ਟੀਕਾਕਰਨ ਮੁਹਿੰਮ

ਅੱਜ ਤੋਂ ਲਗਪਗ ਇਕ ਮਹੀਨਾ ਪਹਿਲਾਂ ਸ਼ੁਰੂ ਕੀਤੀ ਗਈ ਮੀਜ਼ਲ-ਰੂਬੇਲਾ ਟੀਕਾਕਰਨ ਮੁਹਿੰਮ ਪੰਜਾਬ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀ। ਹੁਣ ਇਸ ਨੂੰ ਸਫ਼ਲ ਕਰਨ ਲਈ ਸਿਹਤ ਵਿਭਾਗ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਪੰਜਾਬ ਬਾਕੀ ਸੂਬਿਆਂ ਤੋਂ ਇਸ ਮੁਹਿੰਮ ਵਿਚ ਪਛੜ ਗਿਆ ਹੈ। ਇਕ ਮਹੀਨੇ ਅੰਦਰ ਸਿਰਫ਼ 37 ਲੱਖ ਬੱਚਿਆਂ ਨੂੰ ਹੀ ਮੀਜ਼ਲ-ਰੂਬੇਲਾ ਟੀਕਾ ਲੱਗ ਸਕਿਆ, ਜੋ ਕਿ ਪੰਜਾਬ ਦੇ ਕੁਲ ਬੱਚਿਆਂ ਦੀ ਗਿਣਤੀ ਦਾ 50 ਫੀਸਦੀ ਹੀ ਹੈ, ਜਦ ਕਿ ਸਿਹਤ ਵਿਭਾਗ ਇਸ ਅਸਫ਼ਲਤਾ ਨੂੰ ਸੋਸ਼ਲ ਮੀਡੀਆ 'ਤੇ ਫੈਲੀਆਂ ਅਫਵਾਹਾਂ ਦਾ ਨਾਂਅ ਦੇ ਰਿਹਾ ਹੈ। ਪਰ ਹਕੀਕਤ ਕੁਝ ਹੋਰ ਹੀ ਹੈ। ਹਦਾਇਤਾਂ ਮੁਤਾਬਿਕ ਟੀਕਾਕਰਨ ਵਾਲੇ ਦਿਨ ਸਕੂਲ ਵਿਚ ਤਿੰਨ ਸਾਫ਼-ਸੁਥਰੇ ਕਮਰਿਆਂ ਦਾ ਪ੍ਰਬੰਧ ਕਰਨਾ ਸੀ, ਜਿਨ੍ਹਾਂ ਵਿਚੋਂ ਇਕ ਕਮਰੇ ਵਿਚ ਬੱਚਿਆਂ ਨੂੰ ਖਾਣਾ ਖੁਆਉਣਾ, ਦੂਜੇ ਕਮਰੇ ਵਿਚ ਟੀਕਾ ਲਾਉਣਾ ਤੇ ਤੀਜੇ ਕਮਰੇ ਵਿਚ ਬੱਚੇ ਨੂੰ ਕੁਝ ਸਮੇਂ ਲਈ ਆਰਾਮ ਕਰਵਾਉਣਾ ਸੀ, ਤਾਂ ਜੋ ਟੀਕਾਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਵੇ ਤਾਂ ਉਹ ਬੱਚਾ ਡਾਕਟਰਾਂ ਦੀ ਨਿਗਰਾਨੀ ਵਿਚ ਹੋਵੇ। ਇਸ ਤੋਂ ਇਲਾਵਾ ਦੂਜਾ ਪ੍ਰਬੰਧ ਬੱਚਿਆਂ ਲਈ ਖਾਣਾ ਬਣਾਉਣਾ ਸੀ, ਤਾਂ ਕਿ ਬੱਚਿਆਂ ਨੂੰ ਟੀਕਾ ਲਾਉਣ ਤੋਂ ਪਹਿਲਾਂ ਖਾਣਾ ਖਵਾਇਆ ਜਾ ਸਕੇ ਅਤੇ ਤੀਜਾ ਪ੍ਰਬੰਧ ਡਾਕਟਰਾਂ ਦੀ ਨਿਗਰਾਨ ਟੀਮ ਤੋਂ ਇਲਾਵਾ ਇਕ ਐਬੂਲੈਂਸ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਤਾਂ ਜੋ ਲੋੜ ਪੈਣ 'ਤੇ ਕਿਸੇ ਬਿਮਾਰ ਹੋਏ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਇਨ੍ਹਾਂ ਹਦਾਇਤਾਂ ਦਾ ਪੂਰਨ ਪਾਲਣ ਨਾ ਕਰਦਿਆਂ, ਨਾ ਤਾਂ ਸਕੂਲ ਵਿਚ ਐਬੂਲੈਂਸ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਨਾ ਹੀ ਟੀਕਾਕਰਨ ਤੋਂ ਬਾਅਦ ਬੱਚਿਆਂ ਨੂੰ ਕੁਝ ਸਮੇਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ, ਜਦ ਕਿ ਇਸ ਦੇ ਉਲਟ ਟੀਕਾਕਰਨ ਵਾਲੇ ਦਿਨ ਬੱਚਿਆਂ ਨੂੰ ਟੀਕਾ ਲਗਾ ਕੇ ਤੁਰੰਤ ਮਾਪਿਆਂ ਨਾਲ ਘਰ ਭੇਜ ਦਿੱਤਾ ਜਾਂਦਾ ਹੈ। ਸਿਹਤ ਵਿਭਾਗ ਆਪਣੀਆਂ ਖ਼ਾਮੀਆਂ ਨੂੰ ਦੂਰ ਕਰਨ ਦੀ ਬਜਾਏ ਸਿਹਤ ਵਿਭਾਗ ਨੇ ਬਾਕੀ ਰਹਿੰਦੇ ਬੱਚਿਆਂ ਦੇ ਟੀਕੇ ਲਾਉਣ ਦੀ ਜ਼ਿੰਮੇਵਾਰੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਹੱਥ ਸੌਂਪ ਦਿੱਤੀ ਹੈ। ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਸਿੱਧੇ ਤੌਰ 'ਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਮਾਂ-ਪਿਓ ਆਪਣੇ ਬੱਚੇ ਦੇ ਟੀਕਾ ਨਾ ਵੀ ਲਗਵਾਉਣਾ ਚਾਹੇ ਤਾਂ ਵੀ ਇਹ ਟੀਕਾ ਬੱਚਿਆਂ ਦੇ ਲਾ ਦਿੱਤਾ ਜਾਵੇ, ਜੋ ਕਿ ਸਿੱਧੇ ਤੌਰ 'ਤੇ ਕਾਨੂੰਨ ਤੇ ਹਦਾਇਤਾਂ ਦੀ ਉਲੰਘਣਾ ਹੈ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮਾਪਿਆਂ ਨੂੰ ਸਿਰਫ਼ ਗੱਲਾਂਬਾਤਾਂ ਨਾਲ ਭਰੋਸੇ ਵਿਚ ਲੈਣ ਦੀ ਬਜਾਏ ਉਨ੍ਹਾਂ ਦੇ ਬੱਚਿਆਂ ਨੂੰ ਟੀਕਾਕਰਨ ਤੋਂ ਬਾਅਦ ਆਈ ਕਿਸੇ ਵੀ ਸਮੱਸਿਆ ਦੀ ਜ਼ਿੰਮੇਵਾਰੀ ਲੈ ਕੇ ਭਰੋਸੇ 'ਚ ਲਵੇ ਅਤੇ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਦੇ ਹੋਏ ਟੀਕਾਕਰਨ ਤੋਂ ਬਾਅਦ ਸੀਨੀਅਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਕੁਝ ਸਮੇਂ ਲਈ ਰੱਖਿਆ ਜਾਵੇ ਅਤੇ ਸਕੂਲਾਂ ਵਿਚ ਐਬੂਲੈਂਸ ਦਾ ਖਾਸ ਪ੍ਰਬੰਧ ਕੀਤਾ ਜਾਵੇ ਅਤੇ ਬਿਮਾਰ ਹੋਏ ਬੱਚਿਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ।

-ਮੋਬਾ: 92574-01900

ਆਓ! ਪਾਣੀ ਦੀ ਕਦਰ ਪਛਾਣੀਏ

ਪਾਣੀ ਕੁਦਰਤ ਦੁਆਰਾ ਮਨੁੱਖਤਾ ਲਈ ਬਖਸ਼ੀ ਗਈ ਅਮੁੱਲ ਪਾਕੀਜ਼ਗੀ ਵਸਤੂ ਹੈ। ਗੁਰਬਾਣੀ ਨੇ ਇਸ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਜੇ ਇੰਜ ਕਹਿ ਲਈਏ ਕਿ ਪਾਣੀ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਤਾਂ ਕੋਈ ਅਤਿਕਥਨੀ ਨਹੀਂ। ਗਰਮੀਆਂ ਵਿਚ ਪਾਣੀ ਦੀ ਵਰਤੋਂ ਕੁਝ ਵੱਧ ਹੁੰਦੀ ਹੈ। ਜੇਕਰ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਦੀ ਗੱਲ ਕੀਤੀ ਜਾਵੇ, ਜਦੋਂ 'ਨਲਕਾ ਸੱਭਿਆਚਾਰ' ਪ੍ਰਫੁੱਲਤ ਸੀ, ਉਦੋਂ ਪਾਣੀ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾਂਦੀ ਸੀ, ਕਿਉਂਕਿ ਪਾਣੀ ਜ਼ਮੀਨ 'ਚੋਂ ਕੱਢਣ ਲਈ ਸਰੀਰਕ ਬਲ ਦੀ ਲੋੜ ਹੁੰਦੀ ਸੀ। ਉਨ੍ਹਾਂ ਵੇਲਿਆਂ 'ਚ ਪਾਣੀ ਦਾ ਪੱਧਰ ਵੀ ਕੋਈ ਬਹੁਤਾ ਨੀਵਾਂ ਨਹੀਂ ਸੀ। ਹੁਣ ਭਾਵੇਂ ਪਾਣੀ ਨੀਵਾਂ ਹੋ ਗਿਆ ਪਰ ਉਂਗਲ ਨਾਲ ਬਟਨ ਦੱਬਣ ਨਾਲ ਪਾਣੀ ਨਿਕਲਦਾ ਹੈ। ਕਿਸ ਨੂੰ ਚਿੰਤਾ ਹੈ ਪਾਣੀ ਦੀ ਬਰਬਾਦੀ ਦੀ? ਦੂਜੇ ਨੰਬਰ 'ਤੇ ਝੋਨੇ ਦੀ ਫਸਲ ਪਾਣੀ ਨੂੰ ਸਭ ਤੋਂ ਵੱਧ ਖੋਰਾ ਲਾਉਂਦੀ ਹੈ। ਇਕ ਗੱਲ ਸਾਡੇ ਦਿਮਾਗ 'ਚ ਵਦਾਨ ਵਾਂਗ ਵੱਜਦੀ ਹੈ ਕਿ ਜਾਂ ਤਾਂ ਸਾਡੀਆਂ ਸਰਕਾਰਾਂ ਕੋਲ ਝੋਨੇ ਦੇ ਬਦਲ ਵਜੋਂ ਕੋਈ ਹੋਰ ਫਸਲ ਨਹੀਂ ਜਾਂ ਫਿਰ ਸਾਡੇ ਕਿਸਾਨਾਂ ਨੂੰ ਝੋਨੇ ਤੋਂ ਬਿਨਾਂ ਹੋਰ ਕੋਈ ਫਸਲ ਬੀਜਣ ਦਾ ਵਲ ਨਹੀਂ। ਝੋਨੇ ਦੇ ਸੀਜ਼ਨ ਦੌਰਾਨ ਸਾਡੇ ਕਿਸਾਨਾਂ ਦੀ ਸਹੂਲਤ ਵਾਸਤੇ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਸਰਕਾਰ ਦਿੰਦੀ ਹੈ ਪਰ ਅਗਾਉਂ ਸਾਡੇ ਕਿਸਾਨ ਭਾਵੇਂ ਝੋਨੇ ਵਿਚ ਜਿੰਨਾ ਮਰਜ਼ੀ ਪਾਣੀ ਖੜ੍ਹਾ ਹੈ ਪਰ ਅਸੀਂ ਹਰ ਰੋਜ਼ ਬੇਵਜ੍ਹਾ ਧਰਤੀ 'ਚੋਂ ਪਾਣੀ ਕੱਢੀ ਜਾ ਰਹੇ ਹਾਂ ਤਾਂ ਕਿ ਸਾਡੀ ਵਾਰੀ ਅਜਾਈਂ ਨਾ ਚਲੀ ਜਾਵੇ।
ਪਿਛਲੇ ਸਾਲਾਂ ਦੌਰਾਨ ਸਰਕਾਰ ਨੇ ਪ੍ਰੈਸ਼ਰ ਨਾਲ ਗੱਡੀਆਂ, ਫਰਸ਼ ਧੋਣ ਅਤੇ ਹੋਰ ਪਾਣੀ ਬਰਬਾਦੀ 'ਤੇ ਚਾਲਾਨ ਕੱਟਣ ਦੀ ਵਿਵਸਥਾ ਲਾਗੂ ਕੀਤੀ ਪਰ ਅਸੀਂ ਉਸ ਦੇ ਉਲਟ ਕਾਨੂੰਨ ਦੀ ਖੁੱਲ੍ਹ ਕੇ ਉਲੰਘਣਾ ਕੀਤੀ। ਕਿਸੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਹਰ ਕੋਈ ਬਿਨਾਂ ਮਤਲਬ ਤੋਂ ਪਾਣੀ ਖੁੱਲ੍ਹਾ ਛੱਡ ਲੈਂਦਾ ਹੈ, ਕਿਉਂਕਿ ਅਸੀਂ ਬਿੱਲ ਜੁ ਦਿੰਦੇ ਹਾਂ। ਸਾਡੇ ਇਸੇ ਕਬੁੱਧਪੁਣੇ ਦੇ ਕਾਰਨ ਹੀ ਤਾਂ ਪਾਣੀ ਦੀ ਸਤਹ ਸਾਥੋਂ ਦਿਨ-ਬ-ਦਿਨ ਦੂਰ ਹੁੰਦੀ ਜਾ ਰਹੀ ਹੈ। ਪੁਰਾਤਨ ਸਮਿਆਂ ਵਿਚ ਲੋਕ ਸਾਥੋਂ ਵੱਧ ਸਿਆਣੇ ਸਨ, ਜੋ ਇਕ ਘੜੇ ਵਿਚ ਬੰਦ ਕਰਕੇ ਢਕ ਕੇ ਰੱਖਦੇ ਸਨ, ਜੋ ਕਿ ਲੋੜ ਅਨੁਸਾਰ ਪਾਣੀ ਵਰਤਦੇ ਤੇ ਪਾਣੀ ਦੀ ਸਤਹ ਵੀ ਕੋਈ ਬਹੁਤੀ ਦੂਰ ਨਹੀਂ ਸੀ ਪਰ ਅੱਜ ਅਸੀਂ ਤਰਜੀਹ ਤਾਂ ਬੋਤਲ-ਬੰਦ ਪਾਣੀ ਨੂੰ ਦਿੰਦੇ ਹਾਂ ਪਰ ਡੁੱਲ੍ਹਦੇ ਪਾਣੀ ਦੀ ਕਦਰ ਨਹੀਂ ਕਰਦੇ। ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ 'ਬੈਂਕ ਬੈਲੇਂਸ' ਤਾਂ ਵਧਾ ਰਹੇ ਹਾਂ ਪਰ ਪਾਣੀ ਦੀ ਅਗਾਉਂ ਸੰਭਾਲ ਲਈ ਗੰਭੀਰ ਨਹੀਂ।
ਪਾਣੀ ਨੂੰ ਸੇਫ ਅਤੇ ਸੁਰੱਖਿਅਤ ਰੱਖਣ ਲਈ ਅਸੀਂ ਕਿੰਨਾ ਕੁ ਸਹਿਯੋਗ ਦੇ ਰਹੇ ਹਾਂ, ਇਹ ਸਵਾਲ ਸਾਡੇ ਸਭ ਦੇ ਸਾਹਮਣੇ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਤਰ੍ਹਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਅਮੁੱਲ ਨਿਆਮਤ ਪਾਣੀ ਦੀ ਵਰਤੋਂ ਕਰਨ ਤਾਂ ਸਾਨੂੰ ਪਾਣੀ ਦੀ ਬੱਚਤ, ਫਜ਼ੂਲ ਪਾਣੀ ਡੁੱਲ੍ਹਣ ਤੋਂ ਗੁਰੇਜ਼ ਕਰਨਾ ਹੀ ਹੋਵੇਗਾ। ਇਤਿਹਾਸ ਗਵਾਹ ਹੈ, ਜਿਸ ਨੇ ਵੀ ਕੁਦਰਤ ਦੀਆਂ ਨਿਆਮਤਾਂ ਨਾਲ ਖਿਲਵਾੜ ਕੀਤਾ, ਉਸ ਨੂੰ ਇਸ ਦਾ ਖਮਿਆਜ਼ਾ ਵੱਖ-ਵੱਖ ਬਿਮਾਰੀਆਂ ਦੇ ਰੂਪ ਵਿਚ ਭੁਗਤਣਾ ਪਿਆ ਹੈ। ਪਾਣੀ ਦੀ ਬੱਚਤ ਦਾ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਨੁਸਖਾ ਆਪਣੇ-ਆਪਣੇ ਪਰਿਵਾਰਾਂ ਦੇ ਪੱਧਰ 'ਤੇ ਲਾਗੂ ਕਰਨ ਦਾ ਹੈ, ਕਿਉਂਕਿ ਜੇਕਰ ਹਰ ਇਕ ਘਰ ਪਾਣੀ ਪ੍ਰਤੀ ਜਾਗਰੂਕ ਅਤੇ ਚੌਕਸ ਹੋਵੇਗਾ ਤਾਂ ਅਸੀਂ ਕਾਫੀ ਹੱਦ ਤੱਕ ਪਾਣੀ ਸੰਕਟ ਨੂੰ ਟਾਲ ਸਕਦੇ ਹਾਂ। ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਸਵੈ-ਝਾਤ ਮਾਰੋ। ਸਕੂਲਾਂ ਵਿਚ ਵਿਦਿਆਰਥੀ ਵਰਗ ਨੂੰ ਇਸ ਵਿਸ਼ੇ ਬਾਰੇ ਅਹਿਮ ਜਾਣਕਾਰੀ ਦੇਣ ਦੀ ਵੱਡੀ ਲੋੜ ਹੈ।
ਸੋ ਆਓ, ਸਵੇਰੇ ਉੱਗਦੇ ਸੂਰਜ ਦੀ ਲਾਲੀ ਵਰਗੇ 'ਸਾਦਤਮੰਦ ਲੋਕੋ' ਆਪੇ ਤੋਂ ਉੱਪਰ ਉੱਠ ਲੋਕ ਹਿਤਾਂ ਲਈ ਕੁਝ ਸੋਚਣ ਦਾ ਯਤਨ ਕਰੀਏ ਤਾਂ ਕਿ ਸਾਨੂੰ ਪਾਣੀ ਖੁਣੋ ਵਿਲਕਣਾ ਨਾ ਪਵੇ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।
ਮੋਬਾ: 98156-88236

ਖ਼ਜ਼ਾਨਾ ਭਰਨ ਲਈ ਪੈਟਰੋਲ ਅਤੇ ਡੀਜ਼ਲ 'ਤੇ ਲਗਾਇਆ ਜਾਂਦਾ ਹੈ ਭਾਰੀ ਟੈਕਸ

ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਮਾਰਕੀਟ ਦੇ ਹਵਾਲੇ ਕਰਨ ਦੇ ਨਾਂਅ 'ਤੇ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਰੋਜ਼ ਹੀ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਕਈ ਸੂਬਿਆਂ ਵਿਚ ਪੈਟਰੋਲ 84 ਰੁਪਏ ਤੋਂ ਵੀ ਉੱਪਰ ਵਿਕਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਪੈਟਰੋਲ 82 ਰੁਪਏ ਤੋਂ ਉੱਪਰ ਵਿਕ ਰਿਹਾ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਇਹ ਜਾਣਦੇ ਹੋਏ ਵੀ ਕਿ ਪੈਟਰੋਲ ਆਮ ਅਤੇ ਖਾਸ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ ਪਰ ਫਿਰ ਵੀ ਇਸ ਦੇ ਟੈਕਸਾਂ ਵਿਚ ਕਮੀ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ। ਪੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਕੰਪਨੀਆਂ ਇਹ ਕਹਿ ਕੇ ਜਾਇਜ਼ ਠਹਿਰਾ ਰਹੀਆਂ ਹਨ ਕਿ ਅੰਤਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ, ਇਸ ਕਰਕੇ ਕੰਪਨੀਆਂ ਨੂੰ ਘਾਟਾ ਪੈ ਰਿਹਾ ਸੀ। ਇਸ ਲਈ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਵਾਧਾ ਕੀਤਾ ਗਿਆ ਹੈ। ਸਰਕਾਰ ਵਿਕਾਸ ਦੇ ਨਾਂਅ 'ਤੇ ਭਾਰੀ ਟੈਕਸ ਲਗਾ ਕੇ ਆਮ ਜਨਤਾ ਦਾ ਕਚੂਮਰ ਕੱਢੀ ਜਾ ਰਹੀ ਹੈ, ਜਦੋਂ ਕਿ ਭਾਰਤ ਦੇ ਨਾਲ ਲਗਦੇ ਕਈ ਦੂਸਰੇ ਮੁਲਕਾਂ ਵਿਚ ਪੈਟਰੋਲ ਭਾਰਤ ਨਾਲੋਂ ਕਈ ਗੁਣਾ ਸਸਤਾ ਹੈ। ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਖ਼ਜ਼ਾਨਾ ਭਰਨ ਲਈ ਪੈਟਰੋਲ ਉੱਪਰ ਭਾਰੀ ਟੈਕਸ ਲਏ ਜਾ ਰਹੇ ਹਨ ਅਤੇ ਸਰਕਾਰ ਅਤੇ ਕੰਪਨੀਆਂ ਵਲੋਂ ਦਿਖਾਇਆ ਇਹ ਜਾ ਰਿਹਾ ਹੈ ਕਿ ਜੋ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਜ਼ਰੂਰੀ ਹੈ, ਇਹ ਪੈਟਰੋਲੀਅਮ ਕੰਪਨੀਆਂ ਦੀ ਮਜਬੂਰੀ ਹੈ। ਆਮ ਗਾਹਕ ਨੂੰ ਤਾਂ ਮਹਿੰਗਾਈ ਕਾਰਨ ਜ਼ਰੂਰਤ ਦੀਆਂ ਵਸਤੂਆਂ ਪਹਿਲਾਂ ਹੀ ਮਹਿੰਗੀਆਂ ਮਿਲ ਰਹੀਆਂ ਹਨ। ਦੁੱਧ, ਦਾਲਾਂ, ਸਬਜ਼ੀਆਂ, ਫਲ ਹਰ ਚੀਜ਼ ਦੇ ਮੁੱਲ ਪਹਿਲਾਂ ਤੋਂ ਕਈ ਗੁਣਾ ਵਧ ਗਏ ਹਨ, ਜਿਸ ਨਾਲ ਆਮ ਲੋਕਾਂ ਲਈ ਆਪਣੇ ਪਰਿਵਾਰ ਦਾ ਪੇਟ ਪਾਲਣਾ ਔਖਾ ਹੋ ਗਿਆ ਹੈ। ਆਮ ਆਦਮੀ ਤਾਂ ਹਰ ਪਾਸਿਓਂ ਹੀ ਫਸਿਆ ਪਿਆ ਹੈ। ਉਹ ਮਹਿੰਗਾਈ ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੀ ਚੱਕੀ ਵਿਚ ਵੀ ਰੋਜ਼ ਪਿਸਣ ਲਈ ਮਜਬੂਰ ਹੈ। ਸਰਕਾਰ ਨੂੰ ਆਮ ਆਦਮੀ ਦੀ ਮਜਬੂਰੀ ਨੂੰ ਸਮਝਦੇ ਹੋਏ ਪੈਟਰੋਲ ਤੇ ਡੀਜ਼ਲ 'ਤੇ ਲਗਾਏ ਗਏ ਟੈਕਸ ਨੂੰ ਘਟਾਉਣਾ ਚਾਹੀਦਾ ਹੈ, ਤਾਂ ਜੋ ਇਸ ਦੀਆਂ ਕੀਮਤਾਂ ਆਮ ਆਦਮੀ ਦੀ ਸਮਰੱਥਾ ਵਿਚ ਆ ਸਕਣ, ਕਿਉਂਕਿ ਪੈਟਰੋਲ ਦੀਆਂ ਕੀਮਤਾਂ ਵਿਚ ਇਕ ਰੁਪਏ ਦਾ ਵੀ ਵਾਧਾ ਆਮ ਆਦਮੀ ਦੇ ਬਜਟ ਨੂੰ ਪੂਰੀ ਤਰ੍ਹਾਂ ਹਿਲਾ ਦਿੰਦਾ ਹੈ।

-ਮੋਬਾ: 98880-31426

ਅਜੀਤ ਹਰਿਆਵਲ ਲਹਿਰ ਦੀ ਲੋੜ

ਮਨੁੱਖ ਅਤੇ ਕੁਦਰਤ ਦਾ ਗਹਿਰਾ ਸਬੰਧ ਹੈ ਅਤੇ ਇਸ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਕੁਦਰਤ ਵਲੋਂ ਦਿੱਤੇ ਗਏ ਅਨਮੋਲ ਤੋਹਫ਼ਿਆਂ ਵਿਚੋਂ ਰੁੱਖ ਸਭ ਤੋਂ ਵਧੀਆ ਤੋਹਫ਼ੇ ਹਨ। ਇਸ ਗੱਲ ਲਈ ਇਨਸਾਨ ਨੂੰ ਕੁਦਰਤ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਰੁੱਖ ਸਾਡੇ ਜੀਵਨ ਵਿਚ ਭੋਜਨ ਅਤੇ ਪਾਣੀ ਵਾਂਗ ਹੀ ਮਹੱਤਵਪੂਰਨ ਹਨ। ਰੁੱਖਾਂ ਤੋਂ ਸਾਨੂੰ ਆਕਸੀਜਨ, ਠੰਢੀ ਹਵਾ, ਫਲ, ਮਸਾਲੇ, ਸਬਜ਼ੀਆਂ, ਦਵਾਈਆਂ, ਲੱਕੜੀ ਆਦਿ ਪ੍ਰਾਪਤ ਹੁੰਦੇ ਹਨ। ਪੁਰਾਣੇ ਸਮੇਂ ਤੋਂ ਹੀ ਰੁੱਖਾਂ ਦੇ ਮਹੱਤਵ ਨੂੰ ਮੰਨਿਆ ਗਿਆ ਹੈ ਅਤੇ ਭਾਰਤੀ ਸੱਭਿਆਚਾਰ ਵਿਚ ਕਈ ਰੁੱਖਾਂ ਨੂੰ ਪੂਜਣਯੋਗ ਸਥਾਨ ਵੀ ਪ੍ਰਾਪਤ ਹੈ ਪਰ ਫਿਰ ਵੀ ਅੱਜ ਦਾ ਮਨੁੱਖ ਲਾਲਚ ਵੱਸ ਪੈ ਕੇ ਕੁਦਰਤ ਦੇ ਅਣਮੁੱਲੇ ਖਜ਼ਾਨਿਆਂ ਦਾ ਨਾਸ਼ ਕਰ ਰਿਹਾ ਹੈ। ਕਿਸੇ ਵੀ ਇਨਸਾਨ ਦੇ ਜੀਵਨ ਵਿਚ ਰੁੱਖ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਂਦੇ ਹਨ। ਰੁੱਖਾਂ ਦੇ ਬੇਤਹਾਸ਼ਾ ਲਾਭ ਹੋਣ ਦੇ ਬਾਵਜੂਦ ਇਨਸਾਨ ਇਨ੍ਹਾਂ ਦੀ ਕਦਰ ਕਰਨਾ ਭੁੱਲ ਰਿਹਾ ਹੈ। ਇਨਸਾਨੀ ਗ਼ਲਤੀ ਦੇ ਕਾਰਨ ਹਰ ਸਾਲ ਲੱਖਾਂ ਰੁੱਖ ਖਤਮ ਹੋ ਰਹੇ ਹਨ ਅਤੇ ਵਾਤਾਵਰਨ ਵਿਚ ਇਕ ਤਰ੍ਹਾਂ ਦਾ ਵਿਗਾੜ ਪੈਦਾ ਹੋ ਰਿਹਾ ਹੈ। ਸਾਲ 2011 ਵਿਚ ਅਦਾਰਾ 'ਅਜੀਤ' ਅਖ਼ਬਾਰ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ 'ਅਜੀਤ ਹਰਿਆਵਲ ਲਹਿਰ' ਦਾ ਆਰੰਭ ਕੀਤਾ ਗਿਆ ਸੀ, ਜਿਸ ਦਾ ਮੁੱਖ ਮਕਸਦ ਪੰਜਾਬ ਦੇ ਲਗਾਤਾਰ ਡੂੰਘੇ ਹੋ ਰਹੇ ਪਾਣੀਆਂ, ਵਾਤਾਵਰਨ ਵਿਚ ਘੁਲੇ ਜ਼ਹਿਰਾਂ ਅਤੇ ਰੁੱਖਾਂ ਦੀ ਅੰਧਾਧੁੰਦ ਹੋ ਰਹੀ ਕਟਾਈ ਕਾਰਨ ਹੁੰਦੇ ਨੁਕਸਾਨ ਨੂੰ ਰੁੱਖ ਲਗਾ ਕੇ ਬਚਾਉਣਾ ਸੀ। ਇਸ ਲਈ ਸਮੂਹ ਅਜੀਤ ਪਰਿਵਾਰ ਨੇ ਵੱਡੇ ਪੱਧਰ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੇ ਵੀ ਵਧ-ਚੜ੍ਹ ਕੇ ਇਸ ਲਹਿਰ ਵਿਚ ਹਿੱਸਾ ਪਾਇਆ, ਜਿਸ ਦੇ ਨਤੀਜੇ ਵਜੋਂ ਅੱਜ ਲੱਖਾਂ ਹੀ ਰੁੱਖ ਵਾਤਾਵਰਨ ਨੂੰ ਸਾਫ਼ ਕਰਨ ਵਿਚ ਸਹਾਈ ਸਿੱਧ ਹੋ ਰਹੇ ਹਨ। ਇਸ ਨੇਕ ਕੰਮ ਲਈ ਅਦਾਰਾ 'ਅਜੀਤ' ਵਧਾਈ ਦਾ ਪਾਤਰ ਹੈ ਪਰ ਨਾਲੋ-ਨਾਲ ਇਸ ਹਰਿਆਵਲ ਲਹਿਰ ਨੂੰ ਚਲਦਾ ਰੱਖਣਾ ਸਮੇਂ ਦੀ ਮੁੱਖ ਮੰਗ ਹੈ, ਕਿਉਂਕਿ ਇਸ ਸਮੇਂ ਵੀ ਰੁੱਖ ਓਨੀ ਮਾਤਰਾ ਵਿਚ ਨਹੀਂ ਹਨ, ਜਿੰਨੀ ਮਾਤਰਾ ਵਿਚ ਹੋਣੇ ਚਾਹੀਦੇ ਹਨ। ਰੁੱਖਾਂ ਦੇ ਲਾਭ ਸਬੰਧੀ ਸੈਮੀਨਾਰ ਕਰਵਾ ਕੇ ਅਤੇ ਸਕੂਲੀ ਸਿੱਖਿਆ ਦੇ ਪਾਠਕ੍ਰਮ ਦਾ ਹਿੱਸਾ ਬਣਾ ਕੇ ਵੀ ਕਾਫੀ ਹੱਦ ਤੱਕ ਲਾਭ ਮਿਲ ਸਕਦਾ ਹੈ।

-ਮਲੌਦ (ਲੁਧਿਆਣਾ)।
princearora151@gmail.com

ਬੁਲੰਦ ਹੌਸਲੇ ਦਾ ਮਾਲਕ-ਮਨਪ੍ਰੀਤ ਲਸਾੜਾ

ਦੁਨੀਆ ਉੱਤੇ ਜੋ ਵੀ ਇਨਸਾਨ ਹੈ, ਉਹ ਆਪਣੇ ਲਈ ਵੱਡਾ ਦੁੱਖ ਤਾਂ ਕੀ ਇਕ ਕੰਡਾ ਤੱਕ ਵੀ ਲੱਗਣ ਨਹੀਂ ਦਿੰਦਾ। ਇੱਥੋਂ ਤੱਕ ਇਨਸਾਨ ਤਾਂ ਕੀ ਜਾਨਵਰ, ਪਸ਼ੂ-ਪੰਛੀ ਤੇ ਹੋਰ ਪਰਿੰਦੇ ਵੀ ਸਦਾ ਤੰਦਰੁਸਤੀ ਤੇ ਸਲਾਮਤੀ ਹੀ ਮੰਗਦੇ ਹਨ। ਕਲਪਨਾ ਕਰੋ ਕਿ ਜੇਕਰ ਕਿਸੇ ਇਨਸਾਨ ਦਾ ਬਿਮਾਰੀ ਕਾਰਨ ਪੂਰਾ ਸਰੀਰ ਹੀ ਨਕਾਰਾ ਹੋ ਜਾਵੇ ਤਾਂ ਕੀ ਹੋਵੇਗਾ? ਇਸੇ ਤਰ੍ਹਾਂ ਦੇ ਹੀ ਨੌਜਵਾਨ ਮਨਪ੍ਰੀਤ ਸਿੰਘ ਨਾਲ ਅਸੀਂ ਮਿਲਣ ਜਾ ਰਹੇ ਹਾਂ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪੁਰਾਤਨ ਪਿੰਡ ਲਸਾੜਾ (ਫਿਲੌਰ) ਦੇ ਜੰਮਪਲ ਇਸ ਸ਼ਖ਼ਸ ਨੂੰ ਇਹ ਨਹੀਂ ਪਤਾ ਸੀ ਕਿ ਬਚਪਨ ਵਿਚ ਹੀ ਉਸ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਏਗਾ। ਤੀਜੀ ਜਮਾਤ ਵਿਚ ਪੜ੍ਹਦੇ ਮਨਪ੍ਰੀਤ ਦੀ ਗਰਦਨ ਤੇ ਦਿਮਾਗ ਵਿਚ ਰਸੌਲੀ ਹੋ ਗਈ। ਜਦੋਂ ਆਪ੍ਰੇਸ਼ਨ ਕਰਾਇਆ ਤਾਂ ਇਸ ਦੀ ਗਰਦਨ ਤੋਂ ਥੱਲੇ ਜਾਣ ਵਾਲੀਆਂ ਨਸਾਂ ਕੱਟੀਆਂ ਗਈਆਂ ਤੇ ਬਾਲ-ਉਮਰ ਵਿਚ ਹੀ ਮਨਪ੍ਰੀਤ ਦਾ ਸਰੀਰ ਹੇਠਾਂ ਤੋਂ ਉੱਪਰ ਵੱਲ ਨੂੰ ਸੁੰਗੜਨਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਧੜ ਤੋਂ ਹੇਠਲਾ ਹਿੱਸਾ ਸੁੰਨੇਪਨ ਕਾਰਨ ਨਕਾਰਾ ਤਾਂ ਹੋ ਹੀ ਗਿਆ। ਇਸ ਵੇਲੇ ਮਨਪ੍ਰੀਤ ਦੀ ਉਮਰ ਕੇਵਲ 35 ਕੁ ਸਾਲ ਦੀ ਹੈ। ਇਸ ਤੋਂ ਪਿੱਛੋਂ ਮਨਪ੍ਰੀਤ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਫੇਰ ਆ ਟੁੱਟਿਆ ਕਿ ਉਸ ਦੇੇ ਭਰਾ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਹੁਣ ਮਾਪਿਆਂ ਲਈ ਸਹਾਰਾ ਸਿਰਫ਼ ਇਕ ਮਨਪ੍ਰੀਤ ਹੀ ਸੀ ਪਰ ਉਹ ਵੀ ਸਰੀਰਕ ਪੱਖੋਂ ਠੀਕ ਨਹੀਂ ਸੀ। ਇਕ ਦਿਨ ਮਨਪ੍ਰੀਤ ਦੇ ਦਿਮਾਗ 'ਚ ਆਇਆ ਕਿ ਉਸ ਦੇ ਬਚਪਨ ਦੇ ਸਾਥੀ ਪੜ੍ਹ-ਲਿਖ ਕੇ ਕੰਮਾਂਕਾਰਾਂ 'ਤੇ ਲੱਗ ਗਏ ਤੇ ਕੁਝ ਵਿਦੇਸ਼ ਚਲੇ ਗਏ ਪਰ ਮੇਰਾ ਬਿਮਾਰੀ ਦੀ ਹਾਲਤ 'ਚ ਕੀ ਤੋਂ ਕੀ ਹੋ ਗਿਆ। ਮਨਪ੍ਰੀਤ ਦੇ ਪਿੰਡ ਤੋਂ ਹੀ ਉਸ ਦਾ ਇਕ ਦੋਸਤ ਜੋ ਕੰਪਿਊਟਰ ਮਾਹਿਰ ਬਣ ਚੁੱਕਾ ਸੀ, ਉਹ ਮਨਪ੍ਰੀਤ ਕੋਲ ਲੈਪਟਾਪ ਆਦਿ ਲੈ ਕੇ ਆਉਂਦਾ ਰਹਿੰਦਾ ਤੇ ਇਸ ਤਰ੍ਹਾਂ ਮਨਪ੍ਰੀਤ ਦਾ ਧਿਆਨ ਕੰਪਿਊਟਰ ਵੱਲ ਖਿੱਚਿਆ ਗਿਆ ਪਰ ਗੱਲ ਸਿਹਤ 'ਤੇ ਆ ਕੇ ਰੁਕ ਜਾਂਦੀ। ਅਖੀਰ ਵਿਦੇਸ਼ ਵਸਦੇ ਮਾਮੇ ਨੇ ਮਨਪ੍ਰੀਤ ਨੂੰ ਕੰਪਿਊਟਰ ਲੈ ਕੇ ਦਿੱਤਾ। ਦੋਸਤ ਦੀ ਮਦਦ ਨਾਲ ਮੂੰਹ ਵਿਚ ਦਾਤਣ ਵਾਂਗ ਡੱਕਾ ਜਿਹਾ ਪਾ ਕੇ ਕੀ-ਬੋਰਡ ਚਲਾਉਣ ਲੱਗਾ। ਅਖੀਰ ਰੱਬ ਨੇ ਆਪਣਾ ਹੱਥ ਮਨਪ੍ਰੀਤ ਦੇ ਸਿਰ 'ਤੇ ਰੱਖਿਆ, ਮਨਪ੍ਰੀਤ ਦੀ ਮਿਹਨਤ ਰੰਗ ਲਿਆਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਤਿੰਨ ਜਮਾਤਾਂ ਪਾਸ ਸਰੀਰਕ ਪੱਖੋਂ ਨਕਾਰਾ ਲੜਕਾ, ਮੂੰਹ ਵਿਚ ਡੱਕਾ ਪਾ ਕੇ ਕੰਪਿਊਟਰ ਦੀਆਂ ਧੂੜਾਂ ਪੱਟ ਰਿਹਾ ਹੈ। ਆਧਾਰ ਕਾਰਡ, ਨੌਕਰੀ ਫਾਰਮ, ਜ਼ਮੀਨੀ ਫਰਦ, ਸਕੂਲੀ ਨਤੀਜੇ ਹਰ ਕੰਮ ਕੰਪਿਊਟਰ 'ਤੇ ਕਰਦਾ ਹੈ ਤੇ ਉਸ ਦੀ ਦੁਕਾਨ 'ਚ ਹਰ ਸਮੇਂ ਰੌਣਕ ਰਹਿੰਦੀ ਹੈ। ਗਰੀਬ ਬੱਚਿਆਂ ਲਈ ਮੁਫ਼ਤ ਕੰਪਿਊਟਰ ਕੋਰਸ ਕਰਵਾ ਰਿਹਾ ਹੈ। ਸਭ ਤੋਂ ਵੱਧ ਕੰਮ ਵਿਆਹਾਂ ਦੀਆਂ ਮੂਵੀਆਂ ਦੀ ਮਿਕਸਿੰਗ ਦਾ ਚੱਲਦਾ ਹੈ। ਮੈਂ ਤੇ ਮਨਜੀਤ ਰਾਜਪੁਰਾ ਉਚੇਚੇ ਮਨਪ੍ਰੀਤ ਨੂੰ ਮਿਲਣ ਗਏ ਤੇ ਉਸ ਵਲੋਂ ਮੂੰਹ ਨਾਲ ਚਲਾਏ ਜਾ ਰਹੇ ਕੰਪਿਊਟਰ ਨੂੰ ਦੇਖ ਕੇ ਦੰਗ ਰਹਿ ਗਏੇ। ਇਸ ਸਭ ਦੇ ਪਿੱਛੇ ਉਸ ਦੀ ਮਾਤਾ ਅਵਤਾਰ ਕੌਰ ਦਾ ਸਿਰੜ ਤੇ ਹੌਸਲਾ ਹੈ, ਜੋ ਦੁੱਖ ਸਹਿ ਕੇ ਰੱਬ ਦਾ ਭਾਣਾ ਮੰਨਦੀ ਹੈ ਤੇ ਮਨਪ੍ਰੀਤ ਦੀ ਦੇਖਭਾਲ ਹਰ ਸਮੇਂ ਛੋਟੇ ਬੱਚਿਆਂ ਵਾਂਗ ਕਰਦੀ ਹੈ। ਪਿਤਾ ਦਿਲਬਾਗ ਸਿੰਘ ਵੀ ਸਾਥ ਦੇ ਰਹੇ ਹਨ। ਮਨਪ੍ਰੀਤ ਸੱਚਮੁੱਚ ਹੀ ਸਮਾਜ ਲਈ ਚਾਨਣ ਮੁਨਾਰਾ ਹੈ। ਰੱਬ ਕਰੇ ਕਿ ਉਹ ਆਪਣੀ ਜ਼ਿੰਦਗੀ ਵਿਚ ਵੱਧ ਤੋਂ ਵੱਧ ਤਰੱਕੀ ਕਰੇ।

-ਪਿੰਡ ਤੱਖਰਾਂ (ਲੁਧਿਆਣਾ)। ਮੋਬਾ: 70091-07300


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX