ਤਾਜਾ ਖ਼ਬਰਾਂ


ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  15 minutes ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 'ਅਦਾਰਾ' ਅਜੀਤ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ...
ਅੱਜ ਹੋਵੇਗਾ ਆਈ.ਪੀ.ਐਲ. 12 ਦਾ ਆਗਾਜ਼
. . .  26 minutes ago
ਨਵੀਂ ਦਿੱਲੀ, 23 ਮਾਰਚ - ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਆਈ.ਪੀ.ਐਲ. ਸੀਜ਼ਨ 12 ਦਾ ਉਦਘਾਟਨੀ ਮੁਕਾਬਲਾ ਅੱਜ ਰਾਤ 8 ਵਜੇ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਸ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ...
ਅੱਜ ਦਾ ਵਿਚਾਰ
. . .  29 minutes ago
ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  about 1 hour ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸੋਪੋਰ ਸਥਿਤ ਵਾਰਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਐਸ.ਐਚ.ਓ. ਸਮੇਤ ਦੋ ਪੁਲਿਸ ਜਵਾਨ ਜ਼ਖਮੀ ਹੋਏ ਹਨ। ਜਵਾਨਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ...
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 22 ਮਾਰਚ - ਦਿੱਲੀ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ...
ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰ ਵੀ ਬਰਾਮਦ...
ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 22 ਮਾਰਚ - ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨ ਵਿਖੇ ਅੱਜ ਪਾਕਿਸਤਾਨ ਦਾ ਰਾਸ਼ਟਰੀ ਦਿਵਸ...
ਸੂਬਾ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਿਆਰੀ
. . .  1 day ago
ਮਾਹਿਲਪੁਰ ,22 ਮਾਰਚ (ਦੀਪਕ ਅਗਨੀਹੋਤਰੀ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਮੂਹ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਕੰਮ ਕਰਦੀਆਂ ਮਿਡ ਡੇ ਮੀਲ ਕੁਕ ਕਮ ਹੈਲਪਰਾਂ ਨੂੰ ...
ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਨਾਲ 71 ਮੌਤਾਂ
. . .  1 day ago
ਮੁੰਬਈ, 22 ਮਾਰਚ - ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਦੇ 928 ਮਾਮਲੇ ਸਾਹਮਣੇ ਹਨ, ਜਦਕਿ 71 ਲੋਕਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 17 ਮੌਤਾਂ...
ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ
. . .  1 day ago
ਨਵੀਂ ਦਿੱਲੀ, 22 ਮਾਰਚ - ਕੇਂਦਰ ਸਰਕਾਰ ਨੇ ਵੱਖਵਾਦੀ ਨੇਤਾ ਯਾਸਿਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐੱਲ.ਐੱਫ) 'ਤੇ ਪਾਬੰਦੀ ਲਗਾ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਘੂ ਕਹਾਣੀ

ਛੋਟੇ ਹੋ ਗਏ ਮਾਪੇ

ਕਈ ਵਰ੍ਹੇ ਪਹਿਲਾਂ ਜਦੋਂ ਫੋਨ ਨਹੀਂ ਸਨ, ਬਾਪੂ ਦਰਵਾਜ਼ੇ ਅੱਗੇ ਮੰਜੀ ਡਾਹ ਕੇ ਹਨੇਰਾ ਹੋਣ ਤੱਕ ਪੁੱਤਰ ਨੂੰ ਉਡੀਕ ਰਿਹਾ ਸੀ।
'ਐਨਾ ਲੇਟ ਕਿਉਂ ਆਇਆਂ?'
ਪੁੱਤਰ ਚੁੱਪ ਸੀ... ਪਰ ਬਾਪੂ ਦੀ ਉੱਚੀ ਆਵਾਜ਼ ਨੇ ਫੇਰ ਸਵਾਲ ਕੀਤਾ।
'...ਦੋਸਤਾਂ ਨੇ ਲੇਟ ਕਰਾ 'ਤਾ... ਨਾਲੇ ਹੁਣ ਮੈਂ ਵੱਡਾ ਹੋ ਗਿਆਂ। ਐਵੇਂ ਟੋਕਾ-ਟਾਕੀ ਨਾ ਕਰਿਆ ਕਰੋ...।'
ਹੁਣ ਬਾਪੂ ਚੁੱਪ ਸੀ।
'...ਜੇ ਬਾਪੂ ਤੋਂ ਵੱਡਾ ਹੋ ਗਿਐਂ, ਮੁੜ ਚਲਾ ਜਾਹ ਜਿਥੋਂ ਆਇਐਂ... ਜੇ ਪਿਉ ਨੂੰ ਵੱਡਾ ਸਮਝਦਾਂ... ਤਾਂ ਲੰਘ ਆ ਅੰਦਰ...। ਘਰ ਸਮੇਂ ਸਿਰ ਆਉਣਾ ਪਊ...।'
ਕੁਝ ਪਲ ਸੋਚ... ਪੁੱਤਰ ਅੰਦਰ ਲੰਘ ਗਿਆ ਸੀ।
ਬਹੁਤ ਸਾਲ ਪਿਛੋਂ, ਹੁਣ ਅਗਲੀ ਪੀੜ੍ਹੀ ਦੀ ਵਾਰੀ ਸੀ, ਉਦੋਂ ਦਾ ਪੁੱਤਰ ਹੁਣ ਆਪ 'ਬਾਪੂ' ਸੀ। ਅੱਧੀ ਰਾਤ ਨੂੰ ਘਰ ਪਰਤੇ ਪੁੱਤਰ ਨੂੰ ਉਹੀ ਸਵਾਲ..., 'ਕਿਥੋਂ ਆਇਐਂ... ਅੱਧੀ ਰਾਤ ਗਏ...?'
'...ਓ ਡੈਡ... ਮਿੱਤਰਾਂ ਦੀ ਪਾਰਟੀ ਸੀ, ਤੁਸੀਂ ਤਾਂ ਐਂ ਬੀਹੇਵ ਕਰਦੇ ਹੋ... ਮੈਂ ਜਿਵੇਂ ਦੁੱਧ ਚੁੰਘਦਾ ਬੱਚਾ ਹੋਵਾਂ... ਉਹੀ ਪੁਰਾਣੀ ਸੋਚ... ਸਪੇਸ ਦਿਓ ਸਪੇਸ.... ਡੈਡੀ... ਨਵੀਂ ਪੀੜ੍ਹੀ ਨੂੰ... ਵੱਡੇ ਹੋ ਗਏ ਆਂ ਅਸੀਂ ਹੁਣ...।'
ਕੁਝ ਚਿਰ ਚੁੱਪ ਪਸਰੀ ਰਹੀ।
'ਤੁਸਾਂ ਤਾਂ ਜੰਮੇ ਈ ਵੱਡੇ ਸੀ ਬੇਟਾ, ਮਾਂ-ਪਿਓ ਹੀ ਤੁਹਾਡੇ ਨਾਲੋਂ ਛੋਟੇ ਹੋ ਗਏ... ਹੁਣ ਤਾਂ...।'
ਚਿੰਤਾ ਵਿਚ ਡੁੱਬਿਆ ਪਿਓ... ਦੂਰ ਭਵਿੱਖ ਵੱਲ ਵੇਖ ਰਿਹਾ ਸੀ।


-ਪ੍ਰਿੰਸੀਪਲ ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ।
ਫੋਨ : 94173-32911.


ਖ਼ਬਰ ਸ਼ੇਅਰ ਕਰੋ

ਕਹਾਣੀ

ਮਾਂ

ਵਿਹੜੇ 'ਚ ਨਿੰਮ ਦੇ ਥੱਲੇ ਆਟੇ ਨਾਲ ਭਰੀ ਹੋਈ ਪਰਾਤ ਲੈ ਕੇ, ਚੁਰ ' ਤੇ ਰੋਟੀਆਂ ਲਾਹ ਰਹੀ ਬਲਜੀਤ ਨੇ ਜਿਉਂ ਹੀ ਫੋਨ ਦੀ ਘੰਟੀ ਸੁਣੀ ਤਾਂ ਜਿਵੇਂ ਉਸ ਦੇ ਦਿਲ ਵਾਲੇ ਸਾਰੇ ਚਾਅ ਤੇ ਅਰਮਾਨ ਕਿਸੇ ਸੱਜ-ਵਿਆਹੀ ਵਾਂਗ ਅੰਗੜਾਈ ਲੈਣ ਲੱਗੇ ਤੇ ਉਹ ਹੱਥ ਵਿਚਲੇ ਪੇੜੇ ਨੂੰ ਪਰਾਤ ਵਿਚ ਛੱਡ ਕੇ ਜਿਵੇਂ ਹੀ ਪੱਬਾਂ ਭਾਰ ਹੋ ਕੇ ਫੋਨ ਵੱਲ ਜਾਣ ਲਈ ਉੱਠਣ ਲੱਗੀ ਤਾਂ ਅੱਗਿਉਂ ਫੋਨ ਸਬਾਤ ਵਿਚ ਬੈਠੀ ਉਸਦੀ ਸੱਸ ਗੁਰਦਿਆਲ ਕੌਰ ਨੇ ਚੁੱਕ ਲਿਆ। ਸੱਸ ਨੇ ਅੱਗੇ ਹੋ ਕੇ ਕੇ ਜਿਉਂ ਹੀ ਫੋਨ ਚੁੱਕਿਆ ਤਾਂ ਬਲਜੀਤ ਨੂੰ ਇਸ ਤਰਾਂ੍ਹ ਮਹਿਸੂਸ ਹੋਇਆ ਜਿਵੇਂ ਉਸਦੀ ਭਖਦੀ ਹੋਈ ਤਵੀ ਤੇ ਕਿਸੇ ਨੇ ਪਾਣੀ ਦੀ ਬਾਲਟੀ ਮੂਧੀ ਮਾਰ ਦਿੱਤੀ ਹੋਵੇ। ਉਹ ਉੱਥੇ ਹੀ ਬੈਠ ਸੋਚਣ ਲੱਗੀ, 'ਸੱਸ ਘੱਟ ਤੇ ਸੌਕਣ ਵੱਧ ਆ ਮੇਰੀ , ਇਹ ਬੁੱਢੀ...ਮਾਂ ਦੀ ਧੀ, ਪਤਾ ਨਹੀਂ ਕਿਹੜੇ ਪੁਆਧੇ ਤੋਂ ਪੜ੍ਹੀ ਆ, ਜਾ ਖਾਅ ਕਦੇ ਖੁੱਲ੍ਹ ਕੇ ਮੈਨੂੰ ਗੱਲ ਕਰਨ ਦਿੱਤੀ ਹੋਵੇ ...ਇਹ ਕਦੇ ਭੁੱਲੀ ਆ, ਮੇਰੇ ਤਾਂ ਅਜੇ ਵਿਆਹੀ ਆਈ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਤੇ ਇਹਨੇ ਜੀਤੇ ਨੂੰ 'ਬਾਹਰ' ਭੇਜ ਦਿੱਤਾ ਕਮਾਈਆਂ ਕਰਨ....ਆਹ! ਭੋਰਾ-ਭਰ ਦਾ ਮੇਰਾ ਪੁੱਤ ਗੁਰਦਿੱਤਾ ਤਾਂ ਮਸਾਂ ਛੇ ਮਹੀਨੇ ਦਾ ਸੀ..।'
ਫੋਨ ' ਤੇ ਲੰਬਾ ਸਮਾਂ ਗੱਲ ਕਰਨ ਤੋਂ ਬਾਅਦ ਗੁਰਦਿਆਲ ਕੌਰ ਨੇ ਜਿਹੜੀ ਖ਼ੁਸ਼ਖ਼ਬਰੀ ਸੋਚਾਂ 'ਚ ਡੁੱਬੀ ਬੈਠੀ ਬਲਜੀਤ ਨੂੰ ਆ ਕੇ ਸੁਣਾਈ , ਉਸ ਨੂੰ ਸੁਣ ਜਿਵੇਂ ਉਹਨੇ ਆਪਣਾ-ਆਪ ਧਰਤੀ 'ਚ ਧਸਦਾ ਮਹਿਸੂਸ ਕੀਤਾ। 'ਨੀ ਸੁਣ ਬਹੂ! ਐਤਕੀਂ ਸੁੱਖ ਨਾਲ ਆਪਾਂ ਨਾਲ ਲੱਗਦੀ ਟਿੱਬੇ ਆਲੀ ਪੈਲ਼ੀ ਵੀ ਬੈਅ ਲੈ ਲਵਾਂਗੇ, ਬੱਸ ਵਾਹਿਗੁਰੂ ਸਿਰ 'ਤੇ ਹੱਥ ਰੱਖੇ। ਜੀਤਾ ਕਹਿੰਦਾ ਸੀ ਬਈ ਪੈਸਿਆਂ ਦਾ ਇੰਤਜ਼ਾਮ ਬੱਸ ਹੋਏ ਵਰਗਾ ਈ ਆ...' ਇਹ ਸੱਸ ਨੇ ਖ਼ੁਸਖ਼ਬਰੀ ਆਪਣੀ ਨੂੰਹ ਬਲਜੀਤ ਨੂੰ ਸੁਣਾਈ।
ਪਹਿਲਾਂ ਜਦੋਂ ਗੁਰਦਿਆਲ ਕੌਰ ਗੱਲਾਂ ਕਰਦਿਆਂ ਕਦੇ 'ਵਾਹਿਗੁਰੂ' ਸ਼ਬਦ ਜ਼ੋਰ ਦੇ ਕੇ ਆਖਦੀ ਤਾਂ ਬਲਜੀਤ ਕੌਰ ਨੂੰ ਮਹਿਸੂਸ ਹੁੰਦਾ ਜਿਵੇਂ ਉਹਦੀ ਸੱਸ 'ਮਨ ਦੇ ਮਣਕੇ' ਨੂੰ ਛੱਡ 'ਤਨ ਦੇ ਮਣਕੇ' ਨੂੰ ਫੇਰਨ ਦਾ ਪਾਖੰਡ ਕਰਦੀ ਏ। ਜੇ ਕਦੇ ਭੁੱਲ-ਭੁਲੇਖੇ ਉਹ ਸੱਸ ਨੂੰ ਕਹਿ ਦਿੰਦੀ ਕਿ ਕੁਝ ਵਕਤ ਗੁਰਦਿੱਤੇ ਨੂੰ ਸੰਭਾਲ ਲੈ ਤਾਂ ਕਿ ਉਹ ਘਰ ਦਾ ਕੰਮ ਨਿਬੇੜ ਲਵੇ ਤਾਂ ਅੱਗੋਂ ਸੱਸ ਦਾ ਜੁਆਬ ਹੁੰਦਾ, 'ਭਾਈ ਇਹ ਕੰਮ ਨਹੀਂ ਹੁੰਦਾ ਮੈਥੋਂ ...ਆਪਣੇ ਜੁਆਕ ਆਪ ਹੀ ਸਾਂਭ ...ਆ ਹੀ ਸਮਾਂ ਤਾਂ ਰੱਬ ਦਾ ਨਾਂਅ ਲੈਣ ਦਾ ਨਾ ਕੁੜੇ , ਮੇਰਾ ਤਾਂ ਭਜਨ ਬੰਦਗੀ 'ਚ ਵਿਘਨ ਪੈਂਦਾ...।'
'ਭਲਾ ਕੋਈ ਇਹਨੂੰ ਪੁੱਛਣ ਵਾਲਾ ਹੋਵੇ ਬਈ ਆਹ ਭੋਰਾ-ਭਰ, ਰੱਬ ਦਾ ਰੂਪ, ਹਟਕੋਰੇ ਲੈਂਦਾ ਜੁਆਕ ਤਾਂ ਚੁੱਪ ਕਰਾ ਨਹੀਂ ਸਕਦੀ ਤੇ ਮਾਲਾ ਫੇਰ-ਫੇਰ ਕਿਧਰੋਂ ਰੱਬ ਨੂੰ ਪ੍ਰਗਟ ਕਰ ਲਊ?' ਬਲਜੀਤ ਸੋਚ-ਸੋਚ ਕੇ ਬੁੜਬੜਾਈ।
'ਨਾ ਕੀ ਗੱਲ ਬਹੂ ! ਜਮ੍ਹਾਂ ਹੀ ਚੁੱਪ ਕਰ ਕੇ ਬਹਿ ਗਈ? ਕੀ ਗੱਲ ਖੁਸ਼ੀ ਨੀ ਹੋਈ...ਲੈ ਦੱਸ ਭਲਾ ਉਹ ਜੱਟ ਈ ਕਾਹਦਾ ਜੀਹਨੇ ਕਮਾਈ ਕਰਕੇ ਜ਼ਮੀਨ ਨਾ ਬਣਾਈ ...ਨੀ ਉਹ ਜੱਟੀ ਕਾਹਦੀ ਜਿਹਦੇ ਖਸਮ ਕੋਲ ਝੋਟੇ ਦੇ ਸਿਰ ਵਰਗੇ ਵਾਹਨ ਹੀ ਨਾ ਹੋਣ....। ਅੱਜਕਲ੍ਹ ਤਾਂ ਦੋ-ਦੋ ਘੁਮਾਂ ਪੈਲੀ ਵਾਲੇ ਈ ਰਹਿ ਗਏ ਬਾਹਲੇ ਤਾਂ, ਆਪਾਂ ਤਾਂ ਫਿਰ ਥੋੜ੍ਹੀ-ਥੋੜ੍ਹੀ ਕਰ ਕੇ ਦਸ ਕਿਲੇ ਬਣਾ ਲਏ ਆ। ਪਹਿਲਾਂ ਇਹਦੇ ਪਿਉ ਨੇ ਕਮਾਈ ਕੀਤੀ ਦੱਬ ਕੇ , ਤੇ ਹੁਣ ਪੁੱਤ ਜੀਤਾ ਬੜੀ ਮਿਹਨਤ ਕਰੀ ਜਾਂਦਾ ਏ....।'
'ਲੈ!ਹੈ ਬੀਬੀ!!! ਮੈਂ ਕਿਉਂ ਨਾ ਖੁਸ਼ ਹੋਵਾਂ ਭਲਾਂ ? ਜੋ ਇਸ ਘਰ ਦਾ ਬਣਦਾ ਜੁੜਦਾ ਏ ਉਹ ਆਪਣਾ ਹੀ ਬਣਦਾ ਏ। ਨਾਲੇ ਸੁੱਖ ਨਾਲ ਕੱਲਾ੍ਹ ਈ ਤਾਂ ਪੁੱਤ ਆ ਇਹਨੂੰ ਮੁੱਕਦਾ ਨੀ ਕੱਲੇ ਨੁੂੰ , ਇਹਦੇ ਨਾਲ ਕਿਹੜਾ ਕੋਈ ਵੰਡਣ-ਵੰਡਾਉਣ ਵਾਲਾ ਏ...ਪਰ ਹੁਣ ਤਾਂ ਐਂ ਬਈ ਸਾਰੇ ਇਕ ਥਾਂ ਰਹੀਏ 'ਕੱਠੇ, ਮਿਲ ਕੇ...।' ਅੱਗੋਂ ਸੱਸ ਨੇ , ਨੂੰਹ ਦੇ ਮੂੰਹੋ ਨਿਕਲੇ ਲਫ਼ਜ਼ ਨਾਲ ਦੀ ਨਾਲ ਬੋਚ ਲਏ ਤੇ ਬੋਲੀ, 'ਰਲ-ਮਿਲ ਕੇ ਰਹਿਣ ਨੂੰ ਕਿਹੜਾ ਕੋਈ ਅੱਡ-ਵਿੱਢ ਆਂ, ਉਧਰ ਉਹ ਕਮਾਈ ਕਰੀ ਜਾਂਦਾ ਤੇ ਇੱਧਰ ਜੀਤੇ ਦਾ ਪਿਉ ਖੇਤੀਬਾੜੀ ਸਾਂਭੀ ਜਾਂਦਾ...। ਬੈਠ ਕੇ ਖਾਧਿਆਂ ਨਹੀਂ ਗੱਲ ਬਣਦੀ ਬੰਦਾ ਆਹਰ -ਪਾਹਰ 'ਚ ਲੱਗਾ ਰਹੇ ਤਾਂ ਹੀ ਟਾਈਮ ਟੱਪਦਾ, ਬਾਕੀ ਸਿਆਣੇ ਆਖਦੇ ਆ, ਬਈ ਪੈਸਾ ਤਾਂ ਪੇਟ ਨੂੰ ਗੰਢ ਮਾਰ ਕੇ ਹੀ ਕੱਠਾ ਹੁੰਦਾ...ਆਹ ਹੀ ਤਾਂ ਉਮਰ ਹੁੰਦੀ ਆ ਬੰਦੇ ਦੀ ਕਮਾਈ ਕਰਨ ਦੀ ...ਫਿਰ ਤਾਂ ਦਿਨ ਕਟੀ ਕਰਨ ਹੂੰਦੈ ਜਵਾਨੀ ਲੰਘੀ ਤੋਂ...ਢਿੱਲੀ ਚੂਲ ਵਾਂਗ ਸਰੀਰ ਚੋਂ ਵਾਜਾਂ ਆਉਣ ਲੱਗ ਪੈਂਦੀਆਂ ਫਿਰ ਤਾਂ...।'
ਸੱਸ ਦੇ ਭਾਸ਼ਣ ਝਾੜਦਿਆਂ-ਝਾੜਦਿਆਂ ਬਲਜੀਤ ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ , ਅਵਾਜ਼ ਤਾਂ ਮੇਰੇ ਅੰਦਰੋਂ ਵੀ ਹਰ ਵਕਤ ਆਉਂਦੀ ਰਹਿੰਦੀ ਆ ਸੱਸੜੀਏ!ਉਹ ਕਿਉਂ ਨੀ ਸੁਣਦੀ ... ਕਿਉਂ ਮੇਰਾ, ਮੇਰੇ ਕੰਤ ਨਾਲੋਂ ਵਿਛੋੜਾ ਪਾ ਕੇ ਮੈਨੂੰ ਜਿਉਂਦੀ ਨੂੰ ਪਲ-ਪਲ ਮਰ-ਮਰ ਕੇ ਜਿਉਣ ਲਈ ਮਜਬੂਰ ਕਰਦੀ ਏ...ਉਹ ਵਿਚਾਰਾ ਵੀ ਬਾਹਲਾ ਈ ਨਰਮ ਆ ਜਿਹਦੇ ਲੜ ਤੂੰ ਲੱਗ ਕੇ ਆਈ ਸੀ। ਪਹਿਲਾਂ ਤੂੰ ਆਪਣਾ ਕੰਤ ਪ੍ਰਦੇਸੀ ਤੋਰੀ ਰੱਖਿਆ ਤੇ ਹੁਣ ਪੁੱਤ ਆਪਣੇ ਨੂੰ...ਜੇ ਘਰ ਵਾਲੇ ਦੀ ਕਮਾਈ ਨਾਲ ਢਿੱਡ ਨਹੀਂ ਭਰਿਆ ਤਾਂ ਭਰਨਾ ਇਹ ਪੁੱਤ ਦੀ ਕਮਾਈ ਨਾਲ ਵੀ ਨਹੀਂ। ਨੀ ਸੱਸੜੀਏ!ਤੇਰੀ ਇਹ ਤ੍ਰਿਸ਼ਨਾ ਨੇ ਨਾ ਤੈਨੂੰ ਸਾਰੀ ਉਮਰ ਚੈਨ ਲ਼ੈਣ ਦਿੱਤਾ ਤੇ ਨਾ ਮੈਨੂੰ । ਵਿਛੋੜੇ ਦੀ ਅੱਗ 'ਚ ਮੈਂ ਨਿੱਤ ਤੜਫਦੀ ਤੈਂਨੂੰੰ ਦਿੱਸਦੀ ਕਿਉਂ ਨਹੀਂ....?'
ਜੇਕਰ ਗੁਆਂਢਣ ਕੰਤੋ ਨਾ ਆਉਂਦੀ ਤਾਂ ਪਤਾ ਨਹੀਂ ਨੂੰਹ -ਸੱਸ ਦੀ ਸੀਤ ਜੰਗ ਕਿੰਨਾ ਸਮਾਂ ਹੋਰ ਚਲਦੀ।
'ਮੈਂ ਤਾਂ ਲੱਸੀ ਦੀ ਘੁੱਟ ਲੈਣ ਆਈ ਸੀ ਗੁਰਦਿਆਲ ਕੁਰੇ...' ਕੰਤੋ ਬੋਲੀ।
'ਆ ਬਹਿ ਜਾ ਕੰਤ ਕੁਰੇ!ਪਹਿਲਾਂ ਲਿਆ ਆਹ ਡੋਲੂ ਫੜਾ ਬਲਜੀਤ ਨੂੰ, ਤੈਨੂੰ ਲੱਸੀ ਪਾ ਦੇਵੇ...' ਇਹ ਬੋਲ ਗੁਰਦਿਆਲ ਕੁਰ ਦੇ ਸਨ।
'ਮੈਂ ਸੁਣਿਆ ਬਈ ਕਾਕੇ ਕਾ ਦੀਪਾ ਆ ਗਿਆ ਕਨੈਡਿਓਂ...ਸੁੱਖ ਨਾਲ ਵਿਆਹ ਤੋਂ ਬਾਅਦ ਬਾਹਰ ਗਏ ਨੂੰ ਅਜੇ ਦੋ ਸਾਲ ਨੀ ਸੀ ਹੋਏ ਤੇ ਮੁੜ ਵੀ ਆਇਆ। ਸੁਣਿਆ ਸੀ ਬਈ ਦੀਪਾ ਆਪਦੀ ਮਾਂ ਨੂੰ ਕਨੈਡਿਓਂ ਫ਼ੋਨ ਕਰਕੇ ਆਂਹਦਾ ਸੀ ਬਈ ਮੈਂ ਛੇਤੀ ਬਹੂ ਨੂੰ ਕੋਲ ਮੰਗਵਾਉਣਾ ਅਤੇ ਜੇ ਤੁਸੀਂ ਨਾ ਮੰਨੋਗੇ ਤਾਂ ਮੈਂ ਵੀ ਪੰਜਾਬ ਵਾਪਿਸ ਮੁੜ ਆਊਂ....ਹੁਣ ਕਹਿੰਦੇ ਆ ਬਈ ਜਦੋਂ ਘਰ ਦਿਆਂ ਨੇ ਬਾਹਲੀ ਗੱਲ ਨਾ ਗੌਲੀ ਤਾਂ ਉਹ ਬਹੂ ਨੂੰ ਲੈਣ ਆ ਗਿਆ...ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਲੈ ਕੇ ਆਇਆ...।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪਿੰਡ ਤਖਤੂਪੁਰਾ (ਮੋਗਾ) ਪਿੰਨ 142055
ਮੋਬਾਈਲ : 98140-68614.

ਭਰਾ ਜੀ ਬਚ ਕੇ...

'ਆਪੇ ਤੈਨੂੰ ਲੈ ਜਾਣਗੇ, ਲੱਗੇਂਗੀ ਜਿਨ੍ਹਾਂ ਨੂੰ ਪਿਆਰੀ।'
ਸੁੰਦਰੀ ਜਾਂ ਬਿਊਟੀ ਜ਼ਰੂਰੀ ਨਹੀਂ ਕਿ ਉਹ ਗੋਰੀ ਨਿਛੋਹ ਹੋਵੇ, ਸਗੋਂ ਕਹਿੰਦੇ ਨੇ ਨੈਣ-ਨਕਸ਼ ਤਿੱਖੇ ਹੋਣੇ ਚਾਹੀਦੇ ਨੇ, ਅੰਗਰੇਜ਼ੀ 'ਚ ਇਹਨੂੰ ਫੋਟੋਜੈਨਿਕ ਆਖਦੇ ਨੇ ਕਿ ਫੋਟੋ ਖਿਚੋ ਤਾਂ ਫੋਟੋ 'ਚ ਵੀ ਤਿੱਖੇ ਨੈਣ-ਨਕਸ਼ਾਂ ਸਦਕਾ ਚਿਹਰਾ ਤੱਕਣ ਵਾਲਿਆਂ ਲਈ ਆਪਣੇ ਪ੍ਰਤੀ ਖਿੱਚ ਪਾਉਂਦਾ ਹੈ।
ਵਾਰ-ਵਾਰ ਵੇਖੋ, ਹਜ਼ਾਰ ਵਾਰ ਵੇਖੋ,
ਫਿਰ ਵੀ ਦਿਲ ਕਰਦੈ ਇਕ ਵਾਰ ਮੁੜ ਵੇਖੀਏ।
ਜ਼ਰੂਰੀ ਨਹੀਂ ਕਿ ਚਿਹਰੇ ਦਾ ਜਾਂ ਚਿਹਰੇ ਵਾਲੀ ਦਾ ਜਾਂ ਚਿਹਰੇ ਵਾਲੀ ਦਾ ਰੰਗ ਗੋਰਾ ਹੋਵੇ, ਖਿੱਚ ਤਾਂ ਤਿੱਖੇ ਨਕਸ਼ਾਂ ਦੀ ਕਰਾਮਾਤ ਹੈ।
ਅਮਰੀਕਾ ਦੀ ਫੀਮੇਲ, ਸਭ ਤੋਂ ਮਹਿੰਗੀ ਮਾਡਲ ਨਾਉਮੀ, ਨੀਗਰੋ ਹੈ ਕਾਲੀ ਚਮੜੀ ਵਾਲੀ ਪਰ 'ਕੁੜੀ ਕੱਢ ਕੇ ਕਾਲਜਾ ਲੈ ਗਈ ਓ' ਦੀ ਹਕੀਕਤ ਦੀ ਜਿਊਂਦੀ ਮਿਸਾਲ ਹੈ।
ਪਰ ਫਿਰ ਵੀ ਬੇਸ਼ੱਕ ਕਾਲੀ ਰੰਗਤ ਨੂੰ ਤਿੱਖੇ ਨਕਸ਼ਾਂ ਨੂੰ ਜਿਉਂ ਮਿਕਨਾਤੀਸ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਇਹ ਮਿਕਨਾਤੀਸੀ ਖਿੱਚ ਵਾਲਾ ਮਾਣ ਪ੍ਰਾਪਤ ਹੈ। ਸੱਚ ਇਹ ਹੈ ਕਿ ਗੋਰੀ ਚਮੜੀ, ਗੋਰੇ ਰੰਗ ਤੇ ਗੋਰੇ ਚਿਹਰੇ ਦਾ ਮੁਕਾਬਲਾ ਨਹੀਂ, ਨਾ ਹੀ ਇਸ ਦਾ ਜਵਾਬ ਹੈ।
'ਗੋਰਾ ਰੰਗ ਡੱਬੀਆਂ ਵਿਚ ਆਇਆ, ਕਾਲਿਆਂ ਨੂੰ ਚਾਅ ਚੜ੍ਹ ਗਏ।'
ਪਹਿਲਾਂ ਡੱਬੀਆਂ ਅੱਗ ਬਾਲਣ ਵਾਲੀਆਂ ਤੀਲ੍ਹੀਆਂ ਦੀਆਂ ਹੁੰਦੀਆਂ ਸਨ ਪਰ ਅੱਜਕਲ੍ਹ ਡੱਬੀਆਂ 'ਚ ਉਹ ਕਰੀਮਾਂ ਆ ਗਈਆਂ ਹਨ, ਜਿਨ੍ਹਾਂ ਪ੍ਰਤੀ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਰੀਮਾਂ ਕਾਲੇ ਜਾਂ ਸਾਂਵਲੇ ਚਿਹਰੇ ਨੂੰ ਗੋਰਾ ਚਿੱਟਾ ਕਰ ਦੇਣਗੀਆਂ।
ਕੁੜੀਆਂ ਬੇਸ਼ੱਕ ਪਹਿਲਾਂ ਹੀ ਜਨਮ ਤੋਂ ਹੀ ਗੋਰੀਆਂ ਚਿੱਟੀਆਂ ਹੋਣ, ਫਿਰ ਵੀ ਸੁੰਦਰ ਤੋਂ ਅਤਿ ਸੁੰਦਰ ਦਿਸਣ ਲਈ ਕਾਸਮੈਟਿਕਸ, ਪਾਊਡਰਾਂ, ਲਿਪਸਟਿੱਕਾਂ ਤੇ ਕ੍ਰੀਮਾਂ ਦੀ ਖੂਬ ਵਰਤੋਂ ਕਰਦੀਆਂ ਹਨ। ਅੱਜਕਲ੍ਹ ਤਾਂ ਰਿਵਾਜ ਹੈ ਨਾ, ਜਿਸ ਰੰਗ ਦਾ ਸੂਟ ਪਾਇਆ ਹੋਵੇ, ਉਸੇ ਰੰਗ ਦੀ ਲਿਪਸਟਿੱਕ ਬੁੱਲ੍ਹਾਂ 'ਤੇ ਸੁਸ਼ੋਭਿਤ ਹੁੰਦੀ ਹੈ। ਮੈਂ ਕੁੜੀਆਂ ਲਿਖ ਦਿੱਤਾ ਹੈ, ਕੁੜੀਆਂ ਦੇ ਜੀਵਨ ਪੜਾਅ ਇਉਂ ਨੇ...
* ਬੇਬੀ
* ਬੀਬੀ
* ਬੇਬੇ
ਬੇਬੀ ਤੋਂ ਲੈ ਕੇ ਬੇਬੇ ਤੱਕ, ਸਭਨਾਂ ਨੂੰ ਪਾਊਡਰ ਕਰੀਮਾਂ ਲਾ ਕੇ, ਸ਼ਿੰਗਾਰ ਕਰਨ ਦਾ ਚਾਅ ਹੈ। ਜਿਸ ਘਰ 'ਚ ਨਵੀਂ ਆਈ ਨੂੰਹ ਪਾਊਡਰ ਕਰੀਮਾਂ ਮਲਦੀ ਹੈ ਤਾਂ ਸੱਸ ਵੀ ਇਸ ਮੁਕਾਬਲੇ 'ਚ ਨੂੰਹ ਤੋਂ ਘੱਟ ਨਹੀਂ ਰਹਿੰਦੀ, ਵਾਲਾਂ ਤੋਂ ਲੈ ਕੇ ਚਿਹਰੇ ਤੋਂ ਲੈ ਕੇ ਸੂਟ-ਬੂਟ ਤਾਈਂ ਟਾਪੋ-ਟਾਪ ਰਹਿੰਦੀ ਹੈ। 'ਗਾਂਹ ਵਧਣ ਤੋਂ ਪਹਿਲਾਂ ਇਕ ਹਲਕਾ-ਫੁਲਕਾ ਚੁਟਕਲਾ ਸੁਣਾ ਕੇ, ਸਭਨਾਂ ਦਾ ਮਨੋਰੰਜਨ ਕਰਨਾ ਚਾਹਵਾਂਗਾ।
ਇਕ ਘਰ 'ਚ ਨਵੀਂ ਆਈ ਨੂੰਹ ਤੇ ਸੱਸ ਇਕ-ਦੂਜੀ ਤੋਂ ਵੱਧ ਬਿਊਟੀਫੁਲ ਦਿਸਣ ਲਈ ਮੇਕਅੱਪ, ਪਾਊਡਰ ਕਰੀਮਾਂ ਦਾ ਖੂਬ ਇਸਤੇਮਾਲ ਕਰਦੀਆਂ ਸਨ। ਸੱਸ ਨੂੰ ਰਤਾ ਸਾੜਾ ਲਗਦਾ ਕਿ ਵੇਖਣ ਵਾਲੇ ਸਦਾ ਨੂੰਹ ਵੱਲ ਹੀ ਝਾਕਦੇ ਰਹਿੰਦੇ ਨੇ। ਇਕ ਦਿਨ ਸੱਜ-ਧੱਜ ਕੇ ਦੋਵੇਂ ਇਕ ਸਮਾਰੋਹ ਵਿਚ ਪਹੁੰਚੀਆਂ। ਉਹ ਇਕੱਠੀਆਂ ਇਕ ਗੋਲਮੇਜ਼ ਦੇ ਦੁਆਲੇ ਬੈਠੀਆਂ ਸਨ, ਸੱਸ ਨੇ ਪਹਿਲੀ ਵਾਰ ਨੂੰਹ ਨੂੰ ਕੂਹਣੀ ਮਾਰ ਕੇ ਆਖਿਆ, 'ਕੁੜੇ ਵੇਖ, ਅਹੁ ਸਾਹਮਣੇ ਵਾਲੀ ਮੇਜ਼ ਦੁਆਲੇ ਜਿਹੜਾ ਭਾਈ ਬੈਠਾ ਹੈ ਨਾ, ਇਹ ਵਾਰ-ਵਾਰ ਮੈਨੂੰ ਵੇਖ ਰਿਹਾ ਹੈ।'
'ਮਾਂ ਜੀ, ਨੂੰਹ ਨੇ ਹੱਸ ਕੇ ਆਖਿਆ, ਉਹ ਕਬਾੜੀਆ ਹੈ, ਉਹਦੀਆਂ ਨਜ਼ਰਾਂ ਪੁਰਾਣੇ ਮਾਲ 'ਤੇ ਹੀ ਟਿਕਦੀਆਂ ਹਨ।'
ਬੇਬੀ ਤੋਂ ਬੇਬੇ ਤੱਕ ਕਰੀਮਾਂ ਮਲਣ ਵਾਲਾ ਵਿਸ਼ਾ ਨਹੀਂ ਹੈ ਅੱਜ। ਅਸਲ 'ਚ ਅੱਜਕਲ੍ਹ ਆਮ ਮੁੰਡਿਆਂ ਤੇ ਜੈਂਟਸ ਵਿਚ ਵੀ ਸਾਂਵਲੇਪਨ ਜਾਂ ਕਾਲੇ ਰੰਗ ਨੂੰ ਗੋਰੇ-ਚਿੱਟੇ ਰੰਗ 'ਚ ਬਦਲਣ ਦੀ ਰੀਤ ਆ ਗਈ ਹੈ। ਪਤੈ, ਪਹਿਲਾਂ ਜਿਹੜੇ ਭਾਂਡੇ ਕਾਲੇ ਪੈ ਜਾਂਦੇ ਸਨ, ਉਨ੍ਹਾਂ ਨੂੰ ਮੁੜ ਚਮਕਾਉਣ ਵਾਲੇ ਕਲਈ ਕਰਨ ਵਾਲੇ ਗਲੀਆਂ ਵਿਚ ਆ ਕੇ ਹੋਕਾ ਦਿਆ ਕਰਦੇ ਸਨ, 'ਭਾਂਡੇ ਕਲੀ ਕਰਾ ਲਓ', ਤੇ ਉਹ ਸੱਚਮੁੱਚ ਥਾਂ 'ਤੇ ਹੀ ਅੱਗ ਬਾਲ ਕੇ ਭਾਂਡਿਆਂ ਨੂੰ ਕਲੀ ਕਰਕੇ, ਚਮਕਦਾਰ ਬਣਾ ਦਿਆ ਕਰਦੇ ਸਨ। ਅੱਜਕਲ੍ਹ ਮੁੰਡਿਆਂ ਲਈ ਵੀ, ਬੂਥੇ ਕਲੀ ਕਰਨ ਵਾਲੀਆਂ ਕਰੀਮਾਂ ਆ ਗਈਆਂ ਹਨ। ਤੁਸਾਂ ਟੀ.ਵੀ. 'ਤੇ ਸ਼ਾਹਰੁਖ ਦੀ ਇਸੇ ਸੰਦਰਭ ਵਿਚ ਆਉਂਦੀ ਇਕ ਐਡ ਜ਼ਰੂਰ ਵੇਖੀ ਹੋਵੇਗੀ। ਇਕ ਨੌਜਵਾਨ ਮੁੰਡਾ ਲੁਕ ਕੇ ਚੋਰੀ ਚੋਰੀ ਆਪਣੇ-ਆਪ ਨੂੰ ਗੋਰਾ ਦਿਸਣ ਲਈ ਕੁੜੀਆਂ ਵਾਲੀ ਕਾਸਮੈਟਿਕ ਕਰੀਮ ਲਾ ਰਿਹਾ ਹੈ ਕਿ ਅਚਾਨਕ, ਸ਼ਾਹਰੁਖ ਆ ਕੇ ਉਸ ਨੂੰ ਰੋਕ ਦਿੰਦਾ ਹੈ ਤੇ ਕਹਿੰਦਾ ਹੈ ਕਿ, 'ਓਏ ਆਹ ਕੀ ਕੁੜੀਆਂ ਵਾਲੀ ਕਰੀਮ ਲਾ ਰਿਹਾ ਹੈਂ? ਅਹਿ ਲੈ ਮੁੰਡਿਆਂ ਲਈ ਗੋਰੇ ਨਿਛੋਹ ਹੋਣ ਲਈ ਇਸੇ ਕੰਪਨੀ ਦੀ ਅਹਿ ਕਰੀਮ ਹੈ। ਇਹ ਇਸਤੇਮਾਲ ਕਰ।' ਪਤਾ ਨਹੀਂ, ਹੀਰ ਨੂੰ ਹੀਰ ਸਲੇਟੀ ਕਿਉਂ ਆਖਦੇ ਹਨ। ਸਲੇਟੀ ਰੰਗ ਤਾਂ ਮਟਮੈਲਾ ਹੁੰਦਾ ਹੈ। ਹਾਂ ਰਾਂਝੇ ਨੂੰ ਬਾਂਕਾ ਜਵਾਨ ਨੱਢਾ ਹੀ ਆਖਿਆ ਜਾਂਦਾ ਹੈ। ਪਰ ਸਭੇ ਰਾਂਝਿਆਂ ਦੀ ਮਨ ਦੀ ਮੁਰਾਦ ਇਹੋ ਹੁੰਦੀ ਹੈ ਕਿ ਉਨ੍ਹਾਂ ਨੂੰ ਹੀਰ ਗੋਰੀ ਨਿਛੋਹ ਮਿਲੇ ਤੇ ਸਭੇ ਹੀਰਾਂ ਦੀ ਮੁਰਾਦ ਇਹੋ ਹੁੰਦੀ ਹੈ ਕਿ ਉਨ੍ਹਾਂ ਨੂੰ ਰਾਂਝਾ ਵੀ ਗੋਰ ਨਿਛੋਹ ਮਿਲੇ।
ਕਈ ਸਾਲ ਪਹਿਲਾਂ ਮਦਰਾਸ ਦੀ ਫ਼ਿਲਮ ਕੰਪਨੀ ਏ.ਵੀ.ਐਮ. ਦੀ ਇਕ ਫਿਲਮ ਆਈ ਸੀ, ਜਿਸ ਵਿਚ ਹੀਰੋਇਨ ਦਾ ਰੰਗ ਕਾਲਾ ਸੀ, ਇਹ ਫਿਲਮ ਤਾਮਿਲ ਤੇਲਗੂ ਤੇ ਹਿੰਦੀ 'ਚ ਬਣੀ ਸੀ। ਤਿੰਨਾਂ ਭਾਸ਼ਾਵਾਂ 'ਚ ਸੁਪਰ ਹਿੱਟ ਸੀ। ਹਿੰਦੀ ਫਿਲਮ 'ਚ ਹੀਰੋਇਨ ਮੀਨਾ ਕੁਮਾਰੀ ਸੀ। ਕਾਲਾ ਰੂਪ ਹੋਣ ਕਾਰਨ, ਮੀਨਾ ਕੁਮਾਰੀ ਦੇ ਤਿੱਖੇ ਨੈਣ-ਨਕਸ਼ ਦੀ ਵੀ ਬੇਕਦਰੀ ਹੋ ਰਹੀ ਸੀ। ਉਹਦੇ ਲਈ ਰਿਸ਼ਤੇ ਆਉਂਦੇ, ਪਰ ਇਕੋ ਨੁਕਸ ਕਾਰਨ ਨਾਪਸੰਦ ਹੋ ਜਾਂਦੇ ਕਿ ਕੁੜੀ ਦਾ ਰੰਗ ਕਾਲਾ ਹੈ। ਇਕ ਦਿਨ ਮੀਨਾ ਕੁਮਾਰੀ ਨੇ ਰੋ-ਰੋ ਕੇ ਭਗਵਾਨ ਕ੍ਰਿਸ਼ਨ ਜੀ ਅੱਗੇ ਇਹ ਗਿਲਾ ਕੀਤਾ ਸੀ:
ਕ੍ਰਿਸ਼ਨਾ... ਓ ਕਾਲੇ ਕ੍ਰਿਸ਼ਨਾ,
ਤੂ ਨੇ ਯੇਹ ਕਯਾ ਕੀਆ,
ਕੈਸਾ ਬਦਲਾ ਲੀਆ,
ਰੰਗ ਦੇ ਕੇ ਮੁਝੇ ਅਪਨਾ।
ਸੱਚੀ, ਇਸ ਗਾਣੇ ਦਾ ਅਸਰ ਇਹ ਸੀ ਕਿ ਪਰਦਾ ਸਕਰੀਨ ਤੇ ਮੀਨਾ ਕੁਮਾਰੀ ਰੋ ਰਹੀ ਸੀ ਤੇ ਹਾਲ 'ਚ ਬੈਠੇ ਸਭੇ ਫਿਲਮ ਦੇਖਣ ਵਾਲੇ।
* ਵਾਲ ਕਾਲੇ ਹੋਣੇ ਚਾਹੀਦੇ ਹਨ ਤੇ ਚਿਹਰਾ ਗੋਰਾ।
* ਦਿਲ ਕਾਲਾ ਨਹੀਂ ਹੋਣਾ ਚਾਹੀਦਾ, ਖ਼ੂਨ ਸਫੈਦ ਨਹੀਂ ਹੋਣਾ ਚਾਹੀਦਾ। ਬਸ, ਵਾਲ ਸਦਾ ਕਾਲੇ ਹੋਣੇ ਚਾਹੀਦੇ ਹਨ।
ਫਿਰ ਵੀ... ਕੀ ਮੇਲ, ਕੀ ਫੀਮੇਲ, ਕਾਲਾ ਕਦੇ ਨਹੀਂ ਹੋਣਾ ਚਾਹੁੰਦੇ। ਇਕੋ ਇੱਛਾ ਹੈ, ਗੋਰੇ ਹੋਈਏ, ਗੋਰੇ ਦਿਸੀਏ।
ਗੋਰਾ ਰੰਗ ਡੱਬੀਆਂ 'ਚ ਆਇਆ,
ਕਾਲਿਆਂ ਨੂੰ ਚਾਅ ਚੜ੍ਹ ਗਏ।
ਇਕ ਐਡ ਇਉਂ ਹੈ:
'ਇਕ ਜਵਾਨ ਕੁੜੀ ਜਿਹਦੇ ਚਿਹਰੇ 'ਤੇ ਮਲਟੀਨੈਸ਼ਨਲ ਕੰਪਨੀਆਂ ਵਲੋਂ ਤਿਆਰ ਕੀਤੀਆਂ ਗਈਆਂ ਫੇਸ ਕਰੀਮਾਂ ਤੇ ਲੋਸ਼ਨਾਂ ਦੀ ਵਰਤੋਂ ਕਾਰਨ ਚਿਹਰੇ 'ਤੇ ਖੂਬਸੂਰਤੀ ਆਉਣ ਦੀ ਥਾਂ ਉਲਟਾ ਚਿਹਰਾ ਸਖ਼ਤ ਤੋਂ ਬਦਰੰਗ ਹੋ ਗਿਆ ਹੈ, ਉਹ ਗੁੱਸੇ ਨਾਲ ਇਨ੍ਹਾਂ ਕੈਮੀਕਲ ਵਾਲੀਆਂ ਕਰੀਮਾਂ, ਲੋਸ਼ਨਾਂ ਨੂੰ ਹੱਥ ਮਾਰ ਕੇ ਆਪਣੇ ਮੇਕਅੱਪ ਟੇਬਲ ਤੋਂ ਥੱਲੇ ਸੁੱਟ ਦਿੰਦੀ ਹੈ ਤੇ ਉਹਨੂੰ ਉਹਦੀ ਇਕ ਸਹੇਲ ਇਹੋ ਸਲਾਹ ਦਿੰਦੀ ਹੈ ਕਿ ਉਹ ਆਪਣਾ ਰੰਗ ਰੂਪ ਸੰਵਾਰਨ ਲਈ ਬਰਾਂਡ ਕਰੀਮਾਂ ਤੇ ਲੋਸ਼ਨ ਇਸਤੇਮਾਲ ਕਰਨਾ ਸ਼ੁਰੂ ਕਰੇ। ਇਕ ਖਾਸ ਨਾਂਅ ਵਾਲੇ ਸਾਬਣ ਦੀ ਕਈ ਸਾਲਾਂ ਤੋਂ ਸਮੇਂ ਦੀਆਂ ਮਸ਼ਹੂਰ ਹੀਰੋਇਨਾਂ ਨੂੰ ਗੁਲਾਬ ਦੀਆਂ ਫੁਲ-ਪੱਤੀਆਂ ਨਾਲ ਭਰੇ ਟੱਪ 'ਚ ਨਹਾਉਂਦਿਆਂ, ਵਲੋਂ ਇਹ ਸੰਦੇਸ਼ਾ ਦਿੱਤਾ ਜਾਂਦਾ ਹੈ, 'ਮੇਰੇ ਰੰਗ ਰੂਪ ਦਾ ਰਾਜ਼.... ਸਾਬਣ।'
ਕਾਲੇ ਤੇ ਸਾਂਵਲੇ ਚਿਹਰੇ ਚਮਕਦਾਰ ਤੇ ਗੋਰੇ ਕਰਨ ਵਾਲੀਆਂ ਕਰੀਮਾਂ ਦੀ ਅਸਲੀਅਤ ਇਹ ਹੈ ਕਿ ਇਨ੍ਹਾਂ 'ਚ ਚਮੜੀ ਯਾਨਿ ਤਵਚਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਟੀਰਾਇਡਜ਼ ਹੁੰਦੇ ਹਨ, ਇਨ੍ਹਾਂ ਦੇ ਬੁਰੇ ਪ੍ਰਭਾਵ ਹੁੰਦੇ ਹਨ, ਚਮੜੀ ਸੁੰਗੜ ਜਾਂਦੀ ਹੈ, ਚਿਹਰੇ 'ਤੇ ਫੋੜੇ ਜਿਹੇ ਹੋ ਜਾਂਦੇ ਹਨ ਤੇ ਸੂਰਜ ਦੀਆਂ ਕਿਰਨਾਂ, ਮਤਲਬ ਧੁੱਪ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ। ਇਹ ਹੈ ਕਾਲਾ ਸੱਚ, ਇਨ੍ਹਾਂ ਗੱਲ੍ਹਾਂ ਗੋਰੀਆਂ ਕਰਨ ਵਾਲੀਆਂ ਕਰੀਮਾਂ ਦਾ।
ਭਰਾ ਜੀ ਬਚ ਕੇ...
ਜੇ ਕਾਲੀਆਂ ਗੱਲ੍ਹਾਂ ਗੋਰੀਆਂ ਕਰ ਕੇ ਮੁਸੀਬਤ ਮੁੱਲ ਨਹੀਂ ਲੈਣੀ ਤਾਂ ਰਹੋ ਇਨ੍ਹਾਂ ਕਰੀਮਾਂ ਤੋਂ ਹਟ ਕੇ, ਭਰਾ ਜੀ ਬੱਚ ਕੇ।
**

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਹੱਸਣ ਲਈ ਜਾਂ ਮੁਸਕਰਾਉਣ ਲਈ ਕੋਈ ਪੈਸਾ ਨਹੀਂ ਖਰਚ ਕਰਨਾ ਪੈਂਦਾ।
* ਜਿੰਨਾ ਭੋਜਨ ਖਾਣਾ ਸਾਡੇ ਲਈ ਜ਼ਰੂਰੀ ਹੈ, ਹੱਸਣਾ ਅਤੇ ਮੁਸਕਰਾਉਣਾ ਸਾਡੇ ਲਈ ਓਨਾ ਹੀ ਜ਼ਰੂਰੀ ਹੈ।
* ਬਨਾਵਟੀ ਹਾਸੇ ਨਾਲੋਂ ਇਕ ਅਸਲੀ ਮੁਸਕਰਾਹਟ ਦਾ ਮੁੱਲ ਵੱਧ ਹੁੰਦਾ ਹੈ।
* ਹੱਸਣਾ, ਮੁਸਕਰਾਉਣਾ ਇਕ ਅਨਮੋਲ ਗਹਿਣਾ ਹੈ। ਇਸ ਨਾਲ ਦਿਲ ਨੂੰ ਚੈਨ ਤੇ ਰੂਹ ਨੂੰ ਸਕੂਨ ਮਿਲਦਾ ਹੈ।
* ਉਰਦੂ ਦਾ ਸ਼ਿਅਰ :
ਹਜ਼ੂਮੇ ਗ਼ਮ ਮੇਰੀ ਫ਼ਿਤਰਤ ਨਹੀਂ ਬਦਲ ਸਕਤੇ,
ਕਿਉਂਕਿ ਮੇਰੀ ਆਦਤ ਹੈ ਮੁਸਕਰਾਨੇ ਕੀ।
* ਜੋ ਆਦਮੀ ਦੁੱਖਾਂ ਵਿਚ ਵੀ ਮੁਸਕਰਾਉਣਾ ਜਾਣਦਾ ਹੈ, ਉਸ ਦਾ ਹੌਸਲਾ ਅਤੇ ਸਾਹਸ ਕਦੇ ਵੀ ਘਟ ਨਹੀਂ ਸਕਦਾ।
* ਮੁਸਕਰਾਹਟ ਇਕ ਸ੍ਰੇਸ਼ਠ ਦਵਾਈ ਹੈ ਜੋ ਕੁਦਰਤ ਨੇ ਇਨਸਾਨ ਨੂੰ ਦਿੱਤੀ ਹੈ। ਜੇਕਰ ਮਨੁੱਖ ਸਵੇਰੇ ਹੱਸਦਾ ਹੋਇਆ ਉਠੇ ਤਾਂ ਉਸ ਦਾ ਸਾਰਾ ਦਿਨ ਖ਼ੁਸ਼ੀ ਨਾਲ ਬੀਤਦਾ ਹੈ।
* ਜੇ ਤੁਸੀਂ ਮੁਸਕਰਾਉਗੇ ਤਾਂ ਜੱਗ ਨਾਲ ਮੁਸਕਰਾਊਗਾ ਪਰ ਜੇ ਤੁਸੀਂ ਰੋਵੋਗੇ ਤਾਂ ਇਕੱਲੇ ਰੋਵੋਗੇ।
* ਮਾਹਿਰਾਂ ਮੁਤਾਬਿਕ ਮੁਸਕਰਾਉਣ ਨਾਲ ਤਣਾਅ ਨੂੰ ਜਨਮ ਦੇਣ ਵਾਲੇ ਹਾਰਮੋਨਾਂ ਦਾ ਪੱਧਰ ਘਟਦਾ ਹੈ। ਟੀ ਸੈੱਲਜ਼ ਵਿਚ ਵਾਧਾ ਹੁੰਦਾ ਹੈ ਅਤੇ ਇਮਿਊਨ ਸਿਸਟਮ ਠੀਕ ਰਹਿੰਦਾ ਹੈ।
* ਜੀਵਨ ਇਕ ਦਰਪਣ ਦੇ ਸਮਾਨ ਹੈ। ਸਾਨੂੰ ਚੰਗੇ ਨਤੀਜੇ ਤਦ ਮਿਲਦੇ ਹਨ ਜਦੋਂ ਅਸੀਂ ਇਸ ਨੂੰ ਦੇਖ ਕੇ ਮੁਸਕਰਾਉਂਦੇ ਹਾਂ।
* ਹੱਸਦਾ ਹੋਇਆ ਚਿਹਰਾ ਤੁਹਾਡੀ ਸ਼ਾਨ ਵਧਾਉਂਦਾ ਹੈ ਪਰ ਹੱਸ ਕੇ ਕੀਤਾ ਕੰਮ ਤੁਹਾਡੀ ਪਛਾਣ ਵਧਾਉਂਦਾ ਹੈ।
* ਜਦੋਂ ਅਸੀਂ ਮੁਸਕਰਾਹਟ ਨਾਲ ਲੋਕਾਂ ਨੂੰ ਮਿਲਦੇ ਹਾਂ ਤਾਂ ਸਾਹਮਣੇ ਵਾਲਾ ਵੀ ਸਾਨੂੰ ਖ਼ੁਸ਼ੀ ਨਾਲ ਮਿਲਦਾ ਹੈ।
* ਗਿਆਨ ਤੋਂ ਬਿਨਾਂ ਸ਼ਬਦ, ਮੁਸਕਾਨ ਤੋਂ ਬਿਨਾਂ ਚਿਹਰਾ, ਬੱਚਿਆਂ ਤੋਂ ਬਿਨਾਂ ਘਰ ਅਤੇ ਔਰਤ ਤੋਂ ਬਿਨਾਂ ਰਸੋਈ ਚੰਗੇ ਨਹੀਂ ਲਗਦੇ।
* ਕਈਆਂ ਦੀ ਮੁਸਕਾਨ ਵੀ ਮੁੱਲ ਵਿਕਦੀ ਹੈ ਤੇ ਕਈਆਂ ਦੇ ਹਾਸਿਆਂ ਨੂੰ ਵੀ ਕੋਈ ਨਹੀਂ ਪੁੱਛਦਾ ਕਿਉਂਕਿ ਉਹ ਬਨਾਵਟੀ ਹੁੰਦੇ ਹਨ। ਕਈਆਂ ਤੋਂ ਲੋਕ ਖਹਿੜਾ ਛੁਡਾਉਂਦੇ ਹਨ ਅਤੇ ਕਈਆਂ ਦੀ ਉਡੀਕ ਕੀਤੀ ਜਾਂਦੀ ਹੈ। ਮਰਨਾ ਕਿਸੇ ਲਈ ਵੀ ਸੌਖਾ ਨਹੀਂ ਪਰ ਕਿਸੇ ਲਈ ਜਿਊਣਾ ਇਸ ਤੋਂ ਵੀ ਵੱਡਾ ਕੰਮ ਹੈ।
* ਮੁਸਕਰਾਓ, ਕਿਉਂਕਿ ਦੁਨੀਆ ਦਾ ਹਰ ਆਦਮੀ ਖਿੜੇ ਹੋਏ ਫੁੱਲਾਂ ਤੇ ਖਿੜੇ ਹੋਏ ਚਿਹਰਿਆਂ ਨੂੰ ਪਸੰਦ ਕਰਦਾ ਹੈ।
* ਮੁਸਕਰਾਹਟ ਸਾਡੇ ਚਿਹਰੇ ਦਾ ਸਭ ਤੋਂ ਖੂਬਸੂਰਤ ਮੇਕਅੱਪ ਹੈ। ਇਹ ਇਕ ਅਜਿਹੀ ਖ਼ੁਸ਼ੀ ਹੈ ਜੋ ਸਾਨੂੰ ਸਾਡੇ ਨੱਕ ਹੇਠਾਂ ਹੀ ਮਿਲ ਜਾਂਦੀ ਹੈ। ਇਹ ਦੋਸਤੀ ਤੇ ਸ਼ਾਂਤੀ ਦੀ ਨਿਸ਼ਾਨੀ ਹੈ।
* ਮੁਸਕਾਨ ਚੰਦਨ ਵਾਂਗ ਹੈ, ਇਸ ਨੂੰ ਜਿੰਨਾ ਜ਼ਿਆਦਾ ਅਸੀਂ ਦੂਸਰਿਆਂ ਦੇ ਮੱਥੇ 'ਤੇ ਲਾਵਾਂਗੇ, ਓਨੀ ਜ਼ਿਆਦਾ ਸੁਗੰਧ ਸਾਡੇ ਅੰਦਰੋਂ ਆਵੇਗੀ।
* ਯਾਦ ਰੱਖੋ ਕਿ ਤੁਹਾਡਾ ਮੁਸ਼ਕਿਲਾਂ ਵਿਚ ਵੀ ਮੁਸਕਰਾਉਂਦੇ ਰਹਿਣਾ, ਤੁਹਾਡਾ ਬੁਰਾ ਚਾਹੁਣ ਵਾਲਿਆਂ ਲਈ ਸਭ ਤੋਂ ਵੱਡੀ ਸਜ਼ਾ ਹੈ।
* ਕਰੋਧ ਵਿਚ ਦਿੱਤਾ ਗਿਆ ਆਸ਼ੀਰਵਾਦ ਵੀ ਬੁਰਾ ਲੱਗਦਾ ਹੈ ਅਤੇ ਮੁਸਕਰਾ ਕੇ ਕਹੇ ਗਏ ਬੁਰੇ ਸ਼ਬਦ ਵੀ ਚੰਗੇ ਲਗਦੇ ਹਨ।
* ਜ਼ਿੰਦਗੀ ਤੁਹਾਡੇ 'ਤੇ ਹੱਸਦੀ ਹੈ, ਜਦੋਂ ਤੁਸੀਂ ਦੁਖੀ ਹੁੰਦੇ ਹੋ। ਜ਼ਿੰਦਗੀ ਤੁਹਾਡੇ 'ਤੇ ਮੁਸਕਰਾਉਂਦੀ ਹੈ ਜਦੋਂ ਤੁਸੀਂ ਹੱਸਦੇ ਹੋ। ਪਰ ਜ਼ਿੰਦਗੀ ਤੁਹਾਨੂੰ ਸਲਾਮ ਕਰਦੀ ਹੈ, ਜਦੋਂ ਤੁਸੀਂ ਦੂਜਿਆਂ ਨੂੰ ਖੁਸ਼ ਕਰਦੇ ਹੋ।
* ਹਰ ਰੋਜ਼ 15 ਮਿੰਟ ਹੱਸਣ ਨਾਲ ਬਿਮਾਰੀ ਨੇੜੇ ਨਹੀਂ ਫਟਕਦੀ ਅਤੇ ਉਮਰ ਵਿਚ ਵਾਧਾ ਹੁੰਦਾ ਹੈ। ਬੁਢਾਪਾ ਕੋਲ ਨਹੀਂ ਆਉਂਦਾ। ਜਦੋਂ ਵੀ ਕੋਈ ਮੁਸਕਰਾਉਂਦਾ ਹੈ ਜਾਂ ਹੱਸਦਾ ਹੈ ਤਾਂ ਉਹ ਆਪਣੇ ਜੀਵਨ ਵਿਚ ਪ੍ਰਸੰਨਤਾ ਦਾ ਵਾਧਾ ਕਰਦਾ ਹੈ।
* ਮੁਸਕਰਾ ਕੇ ਵੇਖੋ ਤਾਂ ਸਾਰਾ ਜਹਾਨ ਰੰਗੀਨ ਹੈ ਨਹੀਂ ਤਾਂ ਗਿੱਲੀਆਂ ਪਲਕਾਂ ਨਾਲ ਤਾਂ ਸ਼ੀਸ਼ਾ ਵੀ ਧੁੰਦਲਾ ਦਿਸਦਾ ਹੈ। (ਚਲਦਾ)


-ਮੋਬਾਈਲ : 99155-63406.

ਡਲਹੌਜ਼ੀ ਵਿਖੇ ਸੁਰੇਸ਼ ਸੇਠ ਦੀ ਪੁਸਤਕ 'ਨਸ਼ਤਰ ਕੀ ਮੁਸਕਾਨ' ਦੀ ਘੁੰਡ ਚੁਕਾਈ ਅਤੇ ਮਨਮੋਹਨ ਬਾਵਾ ਨਾਲ ਰੂ-ਬਰੂ

ਸਾਹਿਤਕ ਸਰਗਰਮੀਆਂ

ਬੀਤੇ ਦਿਨੀਂ ਤ੍ਰਿਵੇਣੀ ਸਾਹਿਤ ਅਕਾਦਮੀ ਜਲੰਧਰ ਵਲੋਂ 5ਵੀਂ ਸੰਵਾਦ ਯਾਤਰਾ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋਈ। ਯਾਤਰਾ ਦੇ ਪਹਿਲੇ ਦਿਨ ਮਿਹਰ ਹੋਟਲ ਡਲਹੌਜ਼ੀ ਦੇ ਸਟੂਡੀਓ ਵਿਖੇ ਉੱਘੇ ਪੱਤਰਕਾਰ ਸੁਰੇਸ਼ ਸੇਠ ਦੀ 35ਵੀਂ ਪੁਸਤਕ 'ਨਸ਼ਤਰ ਕੀ ਮੁਸਕਾਨ' ਦਾ ਘੁੰਡ ਚੁਕਾਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਮੌਕੇ ਡਾ: ਦਵਿੰਦਰ ਬਿਮਰਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਤ੍ਰਿਵੇਣੀ ਸੰਸਥਾ ਦੀਆਂ ਸੰਵਾਦ ਯਾਤਰਾਵਾਂ 'ਤੇੇ ਚਾਨਣਾ ਪਾਇਆ। ਡਾ: ਧਰਮਪਾਲ ਸਾਹਿਲ ਨੇ ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣ-ਪਹਿਚਾਣ ਕਰਵਾਈ। ਪੁਸਤਕ ਦੀ ਘੁੰਡ ਚੁਕਾਈ ਮਨਮੋਹਨ ਬਾਵਾ ਅਤੇ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਸੁਰੇਸ਼ ਸੇਠ ਵਲੋਂ ਵਿਚਾਰ ਰੱਖੇ ਗਏ। ਉੱਘੇ ਲੇਖਕ ਮਨਮੋਹਨ ਬਾਵਾ ਦੇ ਰੂ-ਬਰੂ ਤੋਂ ਪਹਿਲਾਂ ਲੇਖਕ ਅਮਰੀਕ ਸਿੰਘ ਦਿਆਲ ਨੇ ਲੇਖਕ ਬਾਵਾ ਦੇ ਜੀਵਨ ਅਤੇ ਸਾਹਿਤਕ ਸਫ਼ਰ 'ਤੇ ਚਾਨਣਾ ਪਾਇਆ। ਉਪਰੰਤ ਮਨਮੋਹਨ ਬਾਵਾ ਨੇ ਆਪਣੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਹੁਣ ਤੱਕ ਦੀ ਜ਼ਿੰਦਗੀ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ। 86 ਸਾਲਾ ਮਨਮੋਹਨ ਸਿੰਘ ਬਾਵਾ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਤ੍ਰਿਵੇਣੀ ਸੰਸਥਾ ਵਲੋਂ ਲੇਖਕ ਬਾਵਾ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਕਵੀ ਅਸ਼ੋਕ ਦਰਦ ਨੂੰ ਸਾਰਸਵੱਤ ਅਤੇ ਰਵੀ ਕੁਮਾਰ ਪਠਾਨਕੋਟ ਨੂੰ ਵਿਸ਼ੇਸ਼ ਕਵੀ ਦਾ ਸਨਮਾਨ ਪ੍ਰਦਾਨ ਕੀਤਾ ਗਿਆ। ਕਵੀਆਂ ਅਸ਼ਵਨੀ ਮਾਨਵ, ਡਾ: ਸ਼ੈਲਜਾ, ਰਵੀ ਕੁਮਾਰ ਅਤੇ ਅਸ਼ੋਕ ਦਰਦ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ: ਧਰਮਪਾਲ ਸਾਹਿਲ ਨੇ ਮੰਚ ਸੰਚਾਲਨ ਕੀਤਾ ਤੇ ਤ੍ਰਿਵੇਣੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੀਤਾ ਡੋਗਰਾ ਨੇ ਸਭ ਦਾ ਧੰਨਵਾਦ ਕੀਤਾ। ਦੂਜੇ ਦਿਨ ਚਮੇਰਾ ਝੀਲ ਦੀ ਯਾਤਰਾ ਦੌਰਾਨ ਲੋਕ ਸਾਹਿਤ 'ਤੇ ਚਰਚਾ ਕੀਤੀ ਗਈ ਜਿਸ ਵਿਚ ਡਾ: ਯੋਗਿਤਾ, ਮਹੇਸ਼ ਸ਼ਰਮਾ, ਸ਼ੈਲੀ ਬਲਜੀਤ, ਅਮਿਤੇਸ਼ਵਰ, ਸੁਖਦੇਵ ਬਾਵਾ, ਪ੍ਰੋ: ਸੀਮਾ ਬਾਵਾ, ਪ੍ਰੋਮਿਲਾ ਅਰੋੜਾ, ਸਤਵੰਤ ਕੌਰ ਬਿਮਰਾ, ਆਸ਼ੂ ਸੇਠ, ਰਛਪਾਲ ਦੇਵੀ, ਨਰਿੰਦਰ ਕੌਰ ਹਾਜ਼ਰ ਹੋਏ।


-ਲਖਵਿੰਦਰ ਸਿੰਘ ਧਾਲੀਵਾਲ,
ਪਿੰਡ ਤੇ ਡਾਕ ਗੋਗੋਂ, ਤਹਿ : ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਮਿੰਨੀ ਕਹਾਣੀਆਂ

ਰੁਤਬਾ

ਹਰਨੇਕ ਚਾਚੇ ਦਾ ਫੋਨ ਆਉਣ 'ਤੇ ਪਤਾ ਲੱਗਾ ਕਿ ਉਸ ਦੇ ਮੁੰਡੇ ਦਾ ਗੱਡੀ ਦੀ ਫੇਟ ਵੱਜਣ ਕਾਰਨ ਐਕਸੀਡੈਂਟ ਹੋ ਗਿਆ ਸੀ। ਫੋਨ 'ਤੇ ਹੀ ਉਹ ਸੜਕ 'ਤੇ ਵਧ ਰਹੇ ਟ੍ਰੈਫਿਕ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਮੈਂ ਤੇ ਮੇਰੀ ਘਰਵਾਲੀ ਤੁਰੰਤ ਹੀ ਹਸਪਤਾਲ ਵਿਚ ਦਾਖ਼ਲ ਚਾਚੇ ਦੇ ਮੁੰਡੇ ਦਾ ਪਤਾ ਲੈਣ ਪਹੁੰਚ ਗਏ।
ਹਸਪਤਾਲ ਪਹੁੰਚਦਿਆਂ ਗੇਟ 'ਤੇ ਹੀ ਚਾਚੇ ਨੇ ਸਾਨੂੰ ਵੇਖ ਲਿਆ। ਅਸੀਂ ਆਟੋ ਤੋਂ ਉੱਤਰ ਕੇ ਚਾਚੇ ਵੱਲ ਵਧੇ। ਇਸ ਤੋਂ ਪਹਿਲਾਂ ਕਿ ਅਸੀਂ ਚਾਚੇ ਨੂੰ ਫ਼ਤਹਿ ਬੁਲਾਉਂਦੇ, ਚਾਚਾ ਪਹਿਲਾਂ ਹੀ ਬੋਲ ਪਿਆ, 'ਉਏ ਪੁੱਤਰ, ਪੈਸੇ ਬਚਾ ਕੇ ਕੀ ਲੈਣਾ। ਕਾਰ ਲੈ ਕੇ ਆਉਣੀ ਸੀ। ਸ਼ਰੀਕੇ-ਕਬੀਲੇ, ਰੁਤਬੇ ਦਾ ਵੀ ਖਿਆਲ ਰੱਖਿਆ ਕਰ।'
ਮੈਂ ਘਰ ਵਾਲੀ ਵੱਲ ਵੇਖਿਆ, ਮੈਨੂੰ ਇੰਜ ਜਾਪਿਆ ਜਿਵੇਂ ਉਸ ਦੀਆਂ ਅੱਖਾਂ ਕਹਿ ਰਹੀਆਂ ਹੋਣ ਕਿ ਆਪਾਂ ਤਾਂ ਚਾਚੇ ਦਾ ਦੁੱਖ ਵੰਡਾਉਣ ਆਏ ਸੀ, ਥੋੜ੍ਹਾ ਸਮਾਂ ਪਹਿਲਾਂ ਤਾਂ ਚਾਚਾ ਵਧਦੇ ਟ੍ਰੈਫਿਕ ਨੂੰ ਗਾਲ੍ਹਾਂ ਕੱਢ ਰਿਹਾ ਸੀ।


-ਅੰਮ੍ਰਿਤ ਬਰਨਾਲਾ
ਮੋਬਾਈਲ : 94174-51074


ਕੀਮਤੀ ਸਾਮਾਨ

ਉਸ ਦਿਨ ਧੁੰਦ ਜ਼ਿਆਦਾ ਹੋਣ ਕਾਰਨ ਸੜਕ 'ਤੇ ਦੁਰਘਟਨਾ ਦਾ ਸ਼ਿਕਾਰ ਹੋਈ ਇਕ ਕਾਰ ਨੂੰ ਵੇਖ ਕੇ ਪ੍ਰਕਾਸ਼ ਰੁਕ ਗਿਆ ਤੇ ਦ੍ਰਿਸ਼ ਵੇਖ ਕੇ ਉਸ ਦੀਆਂ ਅੱਖਾਂ ਸੁੰਨ ਹੋ ਗਈਆਂ ਬੇਹੋਸ਼ ਪਿਆ ਉਹ ਆਦਮੀ ਜਾਪਦਾ ਸੀ ਕੋਈ ਉੱਚ ਅਹੁਦੇ 'ਤੇ ਲੱਗਿਆ ਹੋਣਾ, ਚੰਗੇ-ਸੋਹਣੇ ਕੱਪੜੇ ਪਾਏ ਸਨ, ਕੋਲ ਕੀਮਤੀ ਸਾਮਾਨ ਖਿਲਰਿਆ ਪਿਆ ਸੀ। ਪ੍ਰਕਾਸ਼ ਨੇ ਫਟਾ-ਫਟ ਕੀਮਤੀ ਸਾਮਾਨ ਇਕੱਠਾ ਕੀਤਾ, ਜਿਸ ਵਿਚ ਮਹਿੰਗਾ ਮੋਬਾਈਲ, ਲੈਪਟੋਪ, ਨੋਟਾਂ ਨਾਲ ਭਰਿਆ ਜੇਬ ਵਾਲਾ ਪਰਸ ਤੇ ਹੱਥ ਵਿਚੋਂ ਕੜਾ-ਅੰਗੂਠੀ ਵੀ ਲਾਹ ਕੇ ਲੈ ਗਿਆ, ਉਸ ਨੇ ਇਹ ਵੀ ਨਾ ਵੇਖਿਆ ਕਿ ਆਦਮੀ ਜਿਊਂਦਾ ਹੈ ਕਿ ਮਰ ਗਿਆ।
ਸਕੂਟਰ 'ਤੇ ਜਾਂਦੇ ਨੇ ਆਪਣੇ ਨੌਜਵਾਨ ਮੁੰਡੇ ਨੂੰ ਫੋਨ ਕਰਕੇ ਕਹਿ ਦਿੱਤਾ, ਜਲਦੀ ਆ ਮੈਂ ਘਰ ਵੱਲ ਵਾਪਸ ਆ ਰਿਹਾ ਹਾਂ ਮੇਰੇ ਕੋਲ ਬਹੁਤ ਕੀਮਤੀ ਸਾਮਾਨ ਹੈ ਤੂੰ ਘਰ ਲੈ ਜਾ ਮੈਂ ਕੰਮ 'ਤੇ ਜਾਣ ਤੋਂ ਲੇਟ ਹੋ ਰਿਹਾ ਹਾਂ। ਡਰ, ਭੈਅ ਤੇ ਕਾਹਲੀ ਨਾਲ ਜਾਂਦੇ ਪ੍ਰਕਾਸ਼ ਤੋਂ ਖੜ੍ਹੇ ਟਰੱਕ ਵਿਚ ਸਕੂਟਰ ਜਾ ਵੱਜਿਆ ਫਿਰ ਕੀ ਸੀ ਸਾਰਾ ਸਾਮਾਨ ਉਥੇ ਹੀ ਖਿਲਰ ਗਿਆ। ਉਧਰੋਂ ਮੁੰਡਾ ਆ ਗਿਆ ਤੇ ਪ੍ਰਕਾਸ਼ ਉਸ ਨੂੰ ਕਹਿ ਰਿਹਾ ਸੀ ਮੈਨੂੰ ਛੇਤੀ ਡਾਕਟਰ ਕੋਲ ਲੈ ਜਾ ਮੇਰੀ ਜਾਨ ਬਹੁਤ ਔਖੀ ਹੋ ਰਹੀ ਹੈ। ਮੈਂ ਮਰ ਜਾਵਾਂਗਾ ਹਾਏ! ਮੈਨੂੰ ਛੇਤੀ ਲੈ ਜਾ, ਮੈਨੂੰ ਮੇਰੀ ਗ਼ਲਤੀ ਦੀ ਸਜ਼ਾ ਮਿਲੀ ਹੈ, ਮੈਂ ਪਾਪੀ ਹਾਂ। ਪਰ ਮੁੰਡਾ ਕਦੇ ਕੀਮਤੀ ਸਾਮਾਨ ਵੱਲ ਤੇ ਕਦੇ ਆਪਣੇ ਜ਼ਖ਼ਮੀ ਬਾਪ ਵੱਲ ਵੇਖ ਕੇ ਸੋਚੀ ਪੈ ਜਾਂਦਾ ਹੈ ਕਿ ਕਿਹੜੀ ਚੀਜ਼ ਚੁੱਕਾਂ ਤੇ ਕਿਹੜੀ ਛੱਡਾਂ। ਅਖੀਰ ਸਾਰਾ ਸਾਮਾਨ ਉਥੇ ਹੀ ਛੱਡ ਕੇ ਆਪਣੇ ਬਾਪ ਨੂੰ ਜਲਦੀ ਇਲਾਜ ਲਈ ਲੈ ਗਿਆ।


-ਸ਼ਰਨਪ੍ਰੀਤ ਕੌਰ ਅਧਿਆਪਕਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ, ਪਟਿਆਲਾ।


ਧੂੰਆਂ

ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਆਪਣੀਆਂ ਅੱਖਾਂ ਸਾਹਵੇਂ ਸੜ ਕੇ ਸੁਆਹ ਹੁੰਦਿਆਂ ਵੇਖ ਭੁੱਬਾਂ ਮਾਰ-ਮਾਰ ਰੋਂਦੇ ਕਿਸਾਨ ਨੂੰ ਵੇਖ ਬਾਬੇ ਤੇਜੇ ਦੀਆਂ ਅੱਖਾਂ ਵਿਚ ਹੰਝੂ ਆ ਗਏ।' 'ਆਹ ਵੇਖ ਸਾਰੀ ਕਣਕ ਸੜ ਕੇ ਸੁਆਹ ਹੋ ਗਈ, ਪਰ ਵੇਖ ਲਈਂ ਇਹ ਧੂੰਆਂ ਸਰਕਾਰ ਦੀਆਂ ਅੱਖਾਂ ਤੱਕ ਨਹੀਂ ਪਹੁੰਚਣਾ', ਬਾਬੇ ਤੇਜੇ ਨੇ ਦੁਖੀ ਮਨ ਨਾਲ ਬਾਬੇ ਬੰਤੇ ਕੋਲ ਬਹਿੰਦਿਆਂ ਕਿਹਾ। 'ਆਹੋ ਤੇਜਿਆ ਉਹ ਪਰਾਲੀ ਦਾ ਧੂੰਆਂ ਈ ਹੁੰਦਾ, ਜਿਹੜਾ ਦਿੱਲੀ ਜਾ ਕੇ ਸਰਕਾਰ ਦਾ ਸਾਹ ਬੰਦ ਕਰ ਦਿੰਦਾ, ਪਰ ਮਚਦੀ ਕਣਕ ਦੇ ਸੇਕ 'ਚ ਤਾਂ ਇਕੱਲਾ ਜੱਟ ਈ ਮਚਦਾ।'


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।

ਮੋਬਾਈਲ : 87280-85958.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX