ਤਾਜਾ ਖ਼ਬਰਾਂ


ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  7 minutes ago
ਫ਼ਰੀਦਕੋਟ 8 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਪੁਲਿਸ ਨੇ ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਸਮੇਤ ਕਈ ਧਰਨਾਕਾਰੀ ਲੜਕੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਪਹਿਲਾ...
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  19 minutes ago
ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ) - ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਅਣਗੌਲਿਆ ਕਰਨ ਦੇ ਰੋਸ ਵਜੋਂ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ...
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  25 minutes ago
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਉਣ ਸਮੇਂ ਦੋਵੇਂ ਭਰਾ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ...
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  46 minutes ago
ਹਰਚੋਵਾਲ, 8 ਦਸੰਬਰ (ਭਾਮ)-ਬੀਤੇ ਕੱਲ੍ਹ ਹੋਈਆਂ ਯੂਥ ਕਾਂਗਰਸ ਦੀ ਚੋਣਾਂ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਚੁਣੇ ਗਏ ਹਲਕਾ ਯੂਥ ਪ੍ਰਧਾਨ ਹਰਮਨਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਹਰਚੋਵਾਲ ਜੋ ਕਿ ਸ: ਬਰਿੰਦਰਜੀਤ ਸਿੰਘ ਪਾਹੜਾ ਵਿਧਾਇਕ ਗੁਰਦਾਸਪੁਰ ਦੇ ਨਜ਼ਦੀਕ ਰਿਸ਼ਤੇਦਾਰ ਹਨ, ਦੇ ਯੂਥ...
ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
. . .  52 minutes ago
ਲੁਧਿਆਣਾ, 8 ਦਸੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਅੱਜ ਦੁਪਹਿਰੇ ਗੋਲੀਆਂ ਚੱਲਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਦਕਿ ਗੋਲੀਆਂ ਦੀ...
ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 1 hour ago
ਰਾਜਾਸਾਂਸੀ, 8 ਦਸੰਬਰ (ਹੇਰ)- ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਸ਼ਾਰਜਾਹ (ਯੂ. ਏ. ਈ.) ਗਏ 23 ਸਾਲਾ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ...
ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਰਾਜਧਾਨੀ ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਫੈਕਟਰੀ 'ਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਉੱਥੇ...
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਜੇਕਰ ਕੋਈ ਫੈਕਟਰੀ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਤਾਂ ਉਸ ਨੂੰ ਬੰਦ ਕਰਨ ਦੀ...
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਚਾਂਦਨੀ ਚੌਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਅਨਾਜ ਮੰਡੀ ਇਲਾਕੇ 'ਚ ਫੈਕਟਰੀ 'ਚ ਅੱਗ ਲੱਗਣ ਕਾਰਨ ਹੋਈ 43 ਲੋਕਾਂ ਦੀ...
ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  about 2 hours ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ

ਸਮਾਜ ਵਿਚ ਵੱਡੀ ਤਬਦੀਲੀ ਦਾ ਆਧਾਰ ਬਣੀ

ਗੁਰੂ ਨਾਨਕ ਦੇਵ ਜੀ ਦੀ ਆਮਦ (1469-1539) ਇਕ ਐਸਾ ਵਰਤਾਰਾ ਹੈ, ਜੋ ਕਿਸੇ ਇਕ ਪੱਖ ਤੱਕ ਸੀਮਤ ਨਹੀਂ ਹੈ। ਗੁਰੂ ਸਾਹਿਬ ਨੇ ਆਪਣੇ ਵੇਲੇ ਦੇ ਸਮਾਜ ਨੂੰ ਸਭ ਪੱਖਾਂ ਤੋਂ ਹਲੂਣਿਆ ਤੇ ਜੀਵਨ-ਜਾਚ ਦਾ ਨਵਾਂ ਗਾਡੀ ਰਾਹ ਪੇਸ਼ ਕੀਤਾ। ਕਿਸੇ ਵੀ ਮਹਾਨ ਸ਼ਖ਼ਸੀਅਤ ਦੀ ਦੇਣ ਨੂੰ ਸਮਝਣ ਤੋਂ ਪਹਿਲਾਂ ਉਸ ਦੇ ਸਮੇਂ ਨੂੰ ਸਮਝਣਾ ਜ਼ਰੂਰੀ ਹੈ। ਗੁਰੂ ਜੀ ਦੇ ਸਮੇਂ ਭਾਰਤ ਵਿਚ ਵਿਦੇਸ਼ੀ ਹਮਲਾਵਰਾਂ ਦਾ ਰਾਜ ਸੀ। ਤੇਰ੍ਹਵੀਂ ਸਦੀ ਤੋਂ ਹੀ ਦਿੱਲੀ ਉੱਤੇ ਵਿਦੇਸ਼ੀ ਹਮਲਾਵਰਾਂ ਦਾ ਕਬਜ਼ਾ ਰਿਹਾ ਹੈ। ਬਾਬਰ ਦੇ 1526 ਵਿਚ ਦਿੱਲੀ ਦੇ ਤਖ਼ਤ ਦਾ ਮਾਲਕ ਬਣਨ ਕਰਕੇ ਮੁਗ਼ਲ ਰਾਜ ਦੀ ਸ਼ੁਰੂਆਤ ਹੋਈ। ਵਿਦੇਸ਼ੀ ਹਮਲਾਵਰ ਅਕਸਰ ਹੀ ਸਥਾਨਕ ਲੋਕਾਂ ਦੀ ਧਨ-ਦੌਲਤ ਨੂੰ ਲੁੱਟਣ ਦੇ ਨਜ਼ਰੀਏ ਨਾਲ ਹੀ ਰਾਜ ਕਰਦੇ ਹਨ। ਇਸ ਨਾਲ ਆਮ ਜਨਤਾ ਨਾਲ ਅਨਿਆਂ ਤੇ ਜ਼ੁਲਮ ਹੁੰਦਾ ਹੈ। ਮੁਗ਼ਲ ਹਕੂਮਤ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਕਰਕੇ ਬਾਦਸ਼ਾਹ ਤੋਂ ਲੈ ਕੇ ਅੱਗੇ ਨਵਾਬ, ਨਾਜ਼ਮ ਅਤੇ ਪਿੰਡਾਂ ਦੇ ਚੌਧਰੀ ਜਨਤਾ ਨਾਲ ਕਈ ਵਧੀਕੀਆਂ ਕਰਦੇ ਸਨ। ਆਪਣੀ ਹਕੂਮਤ ਦੇ ਜਲੌਅ ਤਹਿਤ ਕਾਜ਼ੀ ਵੀ ਅਨਿਆਂ ਕਰ ਰਹੇ ਸਨ। ਭਾਰਤ ਦੇ ਹਿੰਦੂ ਸਮਾਜ ਦੀ ਆਪਣੀ ਅੰਦਰਲੀ ਹਾਲਤ ਵੀ ਕਾਫ਼ੀ ਤਰਸਯੋਗ ਸੀ। ਸਾਡਾ ਸਮਾਜ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ। ਇਸ ਵਿਚ ਜਾਤੀ ਊਚ-ਨੀਚ ਬਹੁਤ ਸੀ। ਇਥੋਂ ਦੇ ਵਸਨੀਕ ਬ੍ਰਾਹਮਣ ਵੀ ਆਪਣੇ ਤੋਂ ਹੇਠਲੇ ਵਰਣਾਂ ਨਾਲ ਮਾੜਾ ਸਲੂਕ ਕਰਦੇ ਸਨ। ਉਸ ਸਮੇਂ ਦੇ ਜੋਗੀ ਤੇ ਸਿੱਧ ਸੰਸਾਰ ਨੂੰ ਮਾਇਆ ਜਾਲ ਮੰਨਦੇ ਸਨ। ਇਹ ਸਮਾਜ ਦੇ ਤਿਆਗ ਉੱਤੇ ਜ਼ੋਰ ਦਿੰਦੇ ਸਨ। ਇਹ ਸਮਾਜ ਤੋਂ ਭਾਂਜਵਾਦੀ (ਦੂਰ ਭੱਜਣ ਦਾ) ਵਤੀਰਾ ਅਪਣਾਉਂਦੇ ਸਨ। ਗੁਰੂ ਸਾਹਿਬ ਦੇ ਸਮੇਂ ਦਾ ਸਮਾਜ ਕਈ ਕਿਸਮ ਦੇ ਬਾਹਰੀ ਦਬਦਬੇ ਅਤੇ ਅੰਦਰੂਨੀ ਹਨੇਰ-ਗੁਬਾਰ ਵਿਚ ਫਸਿਆ ਹੋਇਆ ਸੀ।
ਇਥੇ ਜੈਨੀ ਅਤੇ ਬੋਧੀ ਵਿਚਾਰਧਾਰਾਵਾਂ (ਮੱਤਾਂ) ਦਾ ਵੀ ਜਨਮ ਹੋਇਆ। ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ ਨੇ ਮਨੁੱਖ ਨੂੰ ਕੁਝ ਵਿਸ਼ੇਸ਼ ਨੁਕਤਿਆਂ 'ਤੇ ਆਪਸੀ ਸਾਂਝ ਤਹਿਤ ਉੱਤਮ ਇਨਸਾਨ ਬਣਾਉਣ ਦੀ ਕੋਸਿਸ਼ ਕੀਤੀ ਸੀ। ਇਨ੍ਹਾਂ ਦਾ ਜ਼ਿਆਦਾ ਜ਼ੋਰ ਸਮਾਜਿਕਤਾ ਉੱਪਰ ਸੀ। ਇਸ ਵਿਚ ਰੂਹਾਨੀ ਤੇ ਧਾਰਮਿਕ ਪੱਖ ਪਿੱਛੇ ਸੀ। ਇਸ ਕਰਕੇ ਧਾਰਮਿਕਤਾ ਦੇ ਅਨਿੰਨ ਸ਼ਰਧਾਲੂਆਂ ਲਈ ਅਜਿਹੇ ਵਿਚਾਰ ਇਕ ਅਚੰਭਾ ਸਨ ਜਾਂ ਇਹ ਸਮੇਂ ਤੋਂ ਪਹਿਲਾਂ ਦੀ ਉਪਜ ਸਨ। ਇਨ੍ਹਾਂ ਮੱਤਾਂ ਨੂੰ ਆਪਣੇ ਵੇਲੇ ਦੇ ਕੱਟੜ ਹਿੰਦੂ ਸਮਾਜ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਸੀ। ਇਹ ਇਕ ਤਰ੍ਹਾਂ ਦੀਆਂ ਸੀਮਤ ਸੰਪਰਦਾਵਾਂ ਸਨ। ਇਨ੍ਹਾਂ ਨੂੰ ਜ਼ਿਆਦਾ ਹੁੰਗਾਰਾ ਭਾਰਤ ਤੋਂ ਬਾਹਰਲੇ ਨੇੜੇ ਦੇ ਦੇਸ਼ਾਂ ਜਾਂ ਇਲਾਕਿਆਂ ਵਿਚ ਮਿਲਿਆ ਸੀ। ਭਾਰਤੀ ਸਮਾਜ ਦੀ ਕੱਟੜ ਜਾਤ-ਪਾਤ ਨੂੰ ਅਜਿਹੇ ਮੱਤ ਬਹੁਤਾ ਪ੍ਰਭਾਵਿਤ ਨਹੀਂ ਕਰ ਸਕੇ ਸਨ।
ਤੇਰ੍ਹਵੀਂ-ਚੌਦਵੀਂ ਸਦੀ ਵਿਚ ਇਥੇ ਸੂਫ਼ੀ ਤੇ ਭਗਤੀ ਲਹਿਰ ਵੀ ਪੈਦਾ ਹੋਈ। ਬਾਬਾ ਫ਼ਰੀਦ ਤੇ ਕਬੀਰ ਜੀ ਅਜਿਹੀਆਂ ਲਹਿਰਾਂ ਦੇ ਮੋਢੀ ਮੰਨੇ ਜਾਂਦੇ ਹਨ। ਸੂਫ਼ੀ ਲਹਿਰ ਮੁਸਲਮਾਨ ਹਕੂਮਤ ਦੀ ਕੱਟੜਤਾ ਦੇ ਉਲਟ ਪਿਆਰ ਅਤੇ ਸਹਿਣਸ਼ੀਲਤਾ ਦੀ ਹਾਮੀ ਸੀ। ਸੂਫ਼ੀ ਫ਼ਕੀਰ ਸਾਧਾਰਨ ਰਹਿਣੀ-ਬਹਿਣੀ ਉੱਤੇ ਜ਼ੋਰ ਦਿੰਦੇ ਸਨ। ਭਗਤੀ ਲਹਿਰ ਨੇ ਵੀ ਭਾਰਤ ਦੀ ਜਾਤ-ਪਾਤ ਦੇ ਦਾਇਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਇਸ ਲਹਿਰ ਨੇ ਮਨੁੱਖੀ ਵਿਹਾਰ ਨੂੰ ਮਨੁੱਖ ਦੇ ਚੰਗੇ-ਮਾੜੇ ਹੋਣ ਦਾ ਆਧਾਰ ਬਣਾਇਆ ਸੀ। ਇਨ੍ਹਾਂ ਲਹਿਰਾਂ (ਮੱਤਾਂ) ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਪਰ ਫਿਰ ਵੀ ਸਮਾਜ ਵਿਚ ਕੋਈ ਵੱਡੀ ਬੁਨਿਆਦੀ ਤਬਦੀਲੀ ਨਾ ਆ ਸਕੀ। ਇਹ ਮੱਤ ਸੰਪਰਦਾਵਾਂ ਦੇ ਰੂਪ ਵਜੋਂ ਪ੍ਰਚਲਿੱਤ ਰਹੇ ਸਨ। ਇਨ੍ਹਾਂ ਦਾ ਪ੍ਰਭਾਵ ਇਕ ਹੱਦ ਤੱਕ ਹੀ ਸੀ ਪਰ ਇਨ੍ਹਾਂ ਮੱਤਾਂ ਨਾਲ ਗੁਰੂ ਸਾਹਿਬ ਦੇ ਸਮੇਂ ਭਾਰਤੀ ਸਮਾਜ ਦੀ ਅੰਦਰੂਨੀ ਬਣਤਰ ਸਬੰਧੀ ਹਿਲਜੁਲ ਸ਼ੁਰੂ ਹੋ ਚੁੱਕੀ ਸੀ। ਇਸ ਬਣਤਰ ਨੂੰ ਗੁਰੂ ਸਾਹਿਬ ਨੇ ਵੱਡੇ ਫ਼ਲਸਫ਼ੇ ਤੇ ਦ੍ਰਿੜ੍ਹ ਇਰਾਦੇ ਨਾਲ ਤਕੜਾ ਹੱਥ ਪਾਇਆ। ਇਸ ਨਾਲ ਹੀ ਜੀਵਨ-ਜਾਚ ਦੇ ਨਵੇਂ ਰਾਹ ਖੁੱਲ੍ਹ ਗਏ।
ਗੁਰੂ ਸਾਹਿਬ ਦੀਆਂ ਬਚਪਨ ਦੀਆਂ ਕਈ ਵਿਸ਼ੇਸ਼ ਘਟਨਾਵਾਂ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਸੁਲਤਾਨਪੁਰ ਲੋਧੀ ਵਿਖੇ ਨੌਕਰੀ ਦੌਰਾਨ 'ਵੇਈਂ ਪ੍ਰਵੇਸ਼' (1499) ਦੀ ਹੈ। ਇਸ ਨੂੰ 'ਵੇਈਂ ਉਪਦੇਸ਼' ਤੇ 'ਗਿਆਨ ਦੀ ਟੁੱਬੀ' ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵੇਈਂ ਦੀ ਟੁੱਭੀ ਤੋਂ ਬਾਅਦ ਆਪਣਾ ਧਾਰਮਿਕ ਤੇ ਸਮਾਜਕ ਉਪਦੇਸ਼ ਆਰੰਭ ਕਰ ਦਿੱਤਾ। ਇਸ ਦੌਰਾਨ ਹੀ ਗੁਰੂ ਸਾਹਿਬ ਦੀ ਸੀਰਤ ਪੂਰੀ ਤਰ੍ਹਾਂ ਸਮਾਜਿਕਤਾ ਤੇ ਰੂਹਾਨੀਅਤ ਵੱਲ ਪਾਸਾ ਪਲਟਦੀ ਹੈ। ਉਹ ਅੰਦਰਲੇ ਦੀ ਸੋਝੀ ਤਹਿਤ ਬਾਹਰਲੇ ਵਰਤਾਰੇ ਨੂੰ ਸਮਝਣ/ਸਮਝਾਉਣ ਦੇ ਰਾਹ ਪੈਂਦੇ ਹਨ। ਇਸ ਸਮੇਂ ਹੀ ਗੁਰੂ ਸਾਹਿਬ ਨੇ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਉਪਦੇਸ਼ ਦਿੱਤਾ ਸੀ। ਕਿਉਂਕਿ ਉਸ ਵੇਲੇ ਸਮੁੱਚਾ ਸਮਾਜ ਹਿੰਦੂ ਅਤੇ ਮੁਸਲਮਾਨਾਂ ਦੀਆਂ ਦੋ ਮੁੱਖ ਵਿਰੋਧੀ ਧਿਰਾਂ ਵਿਚ ਵੰਡਿਆ ਹੋਇਆ ਸੀ। ਇਥੋਂ ਹੀ ਸਭੈ ਸਾਂਝੀਵਾਲ ਸਦਾਇਣ ਅਤੇ ਮਾਣਸ ਕੀ ਜਾਤ ਸਭੈ ਏਕੈ ਪਹਿਚਾਣਬੋ ਦਾ ਬੁਨਿਆਦੀ ਸਿੱਖ ਫਲਸਫ਼ਾ ਬਲ ਫੜਦਾ ਹੈ। ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਕ ਜਾਤ ਜਾਂ ਵਰਣ ਕਰਕੇ ਕੋਈ ਚੰਗਾ ਹਿੰਦੂ ਜਾਂ ਮੁਸਲਮਾਨ ਨਹੀਂ ਹੈ। ਮਨੁੱਖ ਦੀ ਅਸਲ ਜਾਤ ਉਸ ਦੇ ਕਰਮ (ਕਾਰਜ ਜਾਂ ਕੰਮ) ਹਨ। ਉਨ੍ਹਾਂ ਆਪਣੇ ਅਮਲ ਰਾਹੀਂ ਸਮਾਜ ਲਈ ਕੁਝ ਕਰਨ ਦਾ ਨਿਰਣਾ ਕਰ ਲਿਆ ਸੀ। ਇਥੋਂ ਹੀ ਬਾਬਾ ਚੜ੍ਹਿਆ ਸੋਧਣਿ ਧਰਤੀ ਲੋਕਾਈ ਦੀ ਆਰੰਭਤਾ ਹੁੰਦੀ ਹੈ। ਉਨ੍ਹਾਂ ਨੇ ਪਰਮਾਤਮਾ ਦੇ ਸਰੂਪ ਬਾਰੇ ਆਪਣਾ ਨਿਵੇਕਲਾ 'ਮੂਲ ਮੰਤਰ' ਪੇਸ਼ ਕੀਤਾ :

ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।
ਅਕਾਲ ਰੂਪ ਇਕ ਪਰਮਾਤਮਾ ਨੂੰ ਹੀ ਸਰਬ ਸ਼ਕਤੀਮਾਨ ਮੰਨਿਆ ਗਿਆ ਹੈ। ਬਾਕੀ ਸਭ ਦੁਨਿਆਵੀ ਤਾਕਤਾਂ ਨੂੰ ਕਾਲ ਦੀ ਛੋਟੀ ਸੱਤਾ ਦਾ ਰੂਪ ਦਰਸਾਇਆ ਗਿਆ ਹੈ। ਉਹ ਆਪਣੇ ਅਜਿਹੇ ਰੂਹਾਨੀ ਸੰਦੇਸ਼ ਅਤੇ ਆਪਣੇ ਜੀਵਨ ਵਿਹਾਰ ਨਾਲ ਲੋਕਾਈ ਨੂੰ ਜਿਊਣ ਦਾ ਨਵਾਂ ਰਸਤਾ ਵਿਖਾਉਂਦੇ ਹਨ। ਗੁਰੂ ਸਾਹਿਬ ਦਾ ਰਾਹ ਨਵਾਂ ਸੀ। ਇਸ ਰਾਹ ਦੇ ਰਾਹੀ ਵਜੋਂ ਹੀ ਨਵਾਂ ਗੁਰਮੁੱਖ ਮਨੁੱਖ ਉੱਭਰਦਾ ਹੈ। ਉਨ੍ਹਾਂ ਮੁਤਾਬਿਕ ਹਰ ਮਨੁੱਖ ਨੂੰ ਆਪਣੇ ਕਰਮਾਂ (ਕਾਰਜਾਂ) ਦਾ ਹੀ ਫਲ ਮਿਲਦਾ ਹੈ। ਮਨੁੱਖ ਜੋ ਬੀਜਦਾ ਹੈ, ਉਹ ਖਾਂਦਾ ਹੈ:
ਆਪੇ ਬੀਜਿ ਆਪੇ ਹੀ ਖਾਹੁ।
ਨਾਨਕ ਹੁਕਮੀ ਆਵਹੁ ਜਾਹ।
ਕਰਮ (ਕਾਰਜ) ਹੀ ਬੰਦੇ ਦੀ ਅਸਲ ਜਾਤ ਮੰਨੇ ਗਏ ਹਨ। ਗੁਰਮਤਿ ਮੁਤਾਬਿਕ ਜੀਵਨ ਕਰਮਾ ਸੰਦੜਾ ਖੇਤ ਹੈ। ਇਹ 'ਸੋ ਬ੍ਰਾਹਮਣੁ ਜੋ ਬਿੰਦੈ ਬ੍ਰਹਮੁ॥' ਹੈ। ਬ੍ਰਹਮ ਦਾ ਗਿਆਨ ਰੱਖਣ ਵਾਲਾ ਹੀ ਅਸਲ ਬ੍ਰਾਹਮਣ ਹੈ। ਨਿਰੀ ਜਾਤ ਕਰਕੇ ਕੋਈ ਉੱਚਾ (ਬ੍ਰਾਹਮਣ) ਨਹੀਂ ਹੈ। ਉਸ ਸਮੇਂ ਚਾਰ-ਚੁਫ਼ੇਰੇ ਕੂੜ-ਪਾਸਾਰਾ ਸੀ। ਅਜਿਹੇ ਪਾਸਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ-ਬੋਲ ਦੇ ਅਮਲ ਰਾਹੀਂ ਦੂਰ ਕਰਨ ਦੀ ਵਿਉਂਤ ਬਣਾ ਲਈ ਸੀ। ਉਨ੍ਹਾਂ ਦੀ ਬੋਲ-ਬਾਣੀ ਮਿੱਠੀ ਵੀ ਸੀ ਤੇ ਰਾਗ ਵਜੋਂ ਅੱਤ ਦੀ ਸੁਰੀਲੀ ਵੀ। ਨਾਲ ਮਰਦਾਨੇ ਦੀ ਰਬਾਬ ਦਾ ਸਾਜ਼ ਵੀ ਸੀ। ਇਹ ਸਾਰੇ ਕੁਝ ਸਮੇਤ ਗੁਰੂ ਸਾਹਿਬ ਨੇ ਦੁਨਿਆਵੀ ਮੈਦਾਨ ਵਿਚ ਨਿੱਤਰਨ ਦੀ ਠਾਣ ਲਈ ਸੀ। ਉਸ ਸਮੇਂ ਦੇ ਸਮਾਜ ਵਿਚ ਆਪਸੀ ਸੰਵਾਦ ਟੁੱਟ ਚੁੱਕਾ ਸੀ। ਸਿਰਫ਼ ਇਕੋ ਭਾਰੂ ਜਾਂ ਹਾਕਮ ਧਿਰ ਦਾ ਪ੍ਰਵਚਨ ਚਾਲੂ ਸੀ। ਬਾਕੀ ਸਭ ਸਰੋਤੇ ਰੂਪੀ ਸਨ। ਸਰੋਤਿਆਂ ਵਿਚ ਨਵੀਂ ਜੁਸਤਜੂ ਛੇੜਨ ਨਾਲ ਹੀ ਕੁਝ ਨਵਾਂ ਹੋਣਾ ਸੀ। ਇਸ ਸਬੰਧੀ ਗੁਰੂ ਸਾਹਿਬ ਨੇ ਲੋਕਾਂ ਵਿਚ ਕਹਿਣ-ਸੁਣਨ ਦਾ ਮਹਾਂ-ਮਾਰਗ ਅਪਣਾ ਲਿਆ:
ਜਬ ਲਗੁ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ॥
ਗੁਰੂ ਨਾਨਕ ਅਤੇ ਰਬਾਬੀ ਮਰਦਾਨੇ ਦੀ ਜੋੜੀ ਨੇ ਸਮਾਜ ਨੂੰ ਜੋੜਨ ਦਾ ਵੱਡਾ ਕਾਰਜ ਕੀਤਾ ਸੀ। ਉਨ੍ਹਾਂ ਨੇ ਜਾਤਾਂ ਤੇ ਵਰਣਾਂ ਨੂੰ ਪਿੱਛੇ ਸੁੱਟ ਦਿੱਤਾ ਸੀ। ਇਹ ਸਾਂਝ ਸਮਾਜਿਕ ਵਲਗਣਾਂ ਨੂੰ ਕੱਟਦੀ ਸੀ। ਇਸ ਕਰਕੇ ਗੁਰੂ ਸਾਹਿਬ ਨੂੰ ਸਭ ਆਪਣਾ ਮੰਨਦੇ ਹਨ। ਸਮਾਜ ਵਿਚ 'ਬਾਬਾ ਨਾਨਕ ਸ਼ਾਹ ਫ਼ਕੀਰ, ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ' ਵਜੋਂ ਪ੍ਰਸਿੱਧੀ ਹੋਣ ਲੱਗੀ ਸੀ। ਉਹ ਫ਼ਕੀਰੀ ਦਾ ਨਵਾਂ ਸਿਧਾਂਤ ਪੇਸ਼ ਕਰਦੇ ਹਨ। ਫ਼ਕੀਰੀ ਮਨ ਦਾ ਮਨਨ ਤੇ ਮੁਨਣ ਹੈ। ਇਹ ਰਟਨ ਦੀ ਮਾਨਸਿਕ ਕਿਰਿਆਸ਼ੀਲਤਾ ਹੈ। ਇਹ ਬਾਹਰੀ ਵਿਕਾਸ ਨਾਲੋਂ ਅੰਦਰਲੇ ਦਾ ਵਿਗਾਸ ਹੈ। ਮਾਤਾ ਤ੍ਰਿਪਤਾ ਦੇ ਪੁੱਤਰ ਨੂੰ ਸਮਾਜ ਪ੍ਰਤੀ ਅਤ੍ਰਿਪਤੀ ਮਹਿਸੂਸ ਹੋਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ। ਮੋਬਾ: 98722-66667


ਖ਼ਬਰ ਸ਼ੇਅਰ ਕਰੋ

ਭਾਰਤ ਦੀ ਸਰਬਉੱਚ ਅਦਾਲਤ ਵਿਚ ਸਿੱਖਾਂ ਨੂੰ ਕਲਟ (cult) ਮੰਨਣ ਦਾ ਕੀ ਮਤਲਬ ਹੈ?

ਦੁਨੀਆ ਭਰ ਵਿਚ ਜਦੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਰਾ ਸੀ, ਉਸ ਸਮੇਂ ਭਾਰਤ ਦੀ ਸਰਬਉੱਚ ਅਦਾਲਤ ਵਿਚ ਸਿੱਖਾਂ ਨੂੰ ਕਲਟ ਕਹਿਣਾ ਸਿੱਖ ਧਰਮ ਦੀ ਮੌਲਿਕਤਾ ਨੂੰ ਅਸਵੀਕਾਰ ਕਰਨਾ ਹੈ। ਭਾਰਤ ਦੀ ਸੁਪਰੀਮ ਕੋਰਟ ਵਿਚ ਅਯੁੱਧਿਆ ਬਾਰੇ ਫੈਸਲਾ ਸੁਣਾਇਆ 9 ਨਵੰਬਰ, 2019 ਨੂੰ ਜਾਣਾ ਸੀ। ਇਸ ਦਿਨ ਦੀ ਫੈਸਲਾ ਸੁਣਾਉਣ ਲਈ ਚੋਣ ਕੀਤੀ ਗਈ ਸੀ। ਇਹ ਦਿਨ ਇਸ ਕਰਕੇ ਵੀ ਅਹਿਮ ਮੰਨਿਆ ਜਾ ਸਕਦਾ ਹੈ ਇਸ ਦਿਨ ਹੀ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਵਲੋਂ ਕਰਤਾਰਪੁਰ ਲਾਂਘੇ ਲਈ ਉਦਘਾਟਨ ਲਈ ਸਮਾਗਮ ਕੀਤੇ ਜਾ ਰਹੇ ਸਨ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਦੋਂ ਡੇਰਾ ਬਾਬਾ ਨਾਨਕ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖਾਂ ਨੂੰ ਵਧਾਈ ਦੇ ਰਹੇ ਸਨ, ਉਸ ਸਮੇਂ ਅਯੁੱਧਿਆ ਦੇ ਬਾਬਰੀ ਮਸਜਿਦ ਬਨਾਮ ਰਾਮ ਮੰਦਰ ਬਾਰੇ ਦਿੱਲੀ ਵਿਖੇ ਫੈਸਲਾ ਸੁਣਾਉਣ ਲਈ ਅਦਾਲਤ ਲੱਗੀ ਹੋਈ ਸੀ। ਸੁਪਰੀਮ ਕੋਰਟ ਵਿਚ ਸਿੱਖਾਂ ਨੂੰ ਹਿੰਦੂਆਂ ਦਾ ਕਲਟ ਕਿਹਾ ਜਾ ਰਿਹਾ ਅਤੇ ਡੇਰਾ ਬਾਬਾ ਨਾਨਕ (ਭਾਰਤੀ ਪੰਜਾਬ) ਵਿਖੇ ਜਦੋਂ ਇਥੋਂ ਦੇ ਪ੍ਰਧਾਨ ਮੰਤਰੀ ਇਹ ਦੱਸ ਰਹੇ ਸਨ ਕਿ ਧਾਰਾ 370 ਨੂੰ ਖਤਮ ਕਰਨ ਦਾ ਸਿੱਖਾਂ ਨੂੰ ਲਾਭ ਹੋਵੇਗਾ। ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਤਾੜੀਆਂ ਵੱਜ ਰਹੀਆਂ ਸਨ, ਉਸ ਸਮੇਂ ਭਾਰਤ ਦੀ ਸੁਪਰੀਮ ਕੋਰਟ ਵਿਚ ਰਾਮ ਜਨਮ ਭੂਮੀ ਵਿਵਾਦ ਬਾਰੇ ਸੁਣਾਏ ਜਾ ਰਹੇ ਫੈਸਲੇ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਅਯੁੱਧਿਆ ਵਿਚ ਮੰਦਰ ਹੋਣ ਦੀ ਗਵਾਹੀ ਤੇ ਕਾਨੂੰਨ ਦੀ ਮੋਹਰ ਲਗਾਈ ਜਾ ਰਹੀ ਸੀ। ਸੁਪਰੀਮ ਕੋਰਟ ਵਲੋਂ ਸੁਣਾਏ ਫੈਸਲੇ ਵਿਚ ਸਿੱਖਾਂ ਨੂੰ ਇਕ ਕਲਟ ਵਜੋਂ ਰਿਕਾਰਡ ਕੀਤਾ ਜਾਣਾ ਆਮ ਘਟਨਾ ਨਹੀਂ ਅਤੇ ਨਾ ਹੀ ਇਹ ਸਹਿਜ ਵਿਚ ਵਾਪਰਿਆ ਹੈ।
ਭਾਰਤ ਦੀ ਸਰਬਉੱਚ ਅਦਾਲਤ ਵਿਚ ਸਿੱਖ ਨੂੰ ਕਲਟ ਵਜੋਂ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣਾਉਣ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਇਹ ਕਿ ਜੱਜਾਂ ਅਤੇ ਵਕੀਲਾਂ ਨੇ ਜਾਣਬੁੱਝ ਕੇ ਸਿੱਖਾਂ ਨੂੰ ਕਲਟ ਲਿਖਿਆ ਹੈ, ਕਿਉਂਕਿ ਇਸ ਨਾਲ ਸਿੱਖਾਂ ਨੂੰ ਸਹਿਜੇ ਹੀ ਹਿੰਦੂਆਂ ਦਾ ਅੰਗ ਸਾਬਤ ਕੀਤਾ ਜਾ ਸਕਦਾ ਹੈ। ਭਾਰਤੀ ਸੰਵਿਧਾਨ ਮੁਤਾਬਕ ਇਹ ਸਹੀ ਵੀ ਹੈ। ਦੂਸਰਾ ਇਹ ਵੀ ਹੋ ਸਕਦਾ ਹੈ ਕਿ ਜੱਜ ਅਤੇ ਵਕੀਲ ਇਸ ਪੱਖੋਂ ਅਣਜਾਣ ਹੋਣ ਅਤੇ ਗਵਾਹ ਰਾਜਿੰਦਰ ਸਿੰਘ ਨੂੰ ਵੀ ਇਹ ਸਪੱਸ਼ਟ ਨਾ ਹੋਵੇ ਕਿ ਕਲਟ ਸ਼ਬਦ ਦੇ ਸਹੀ ਅਰਥ ਕੀ ਹਨ? ਸਹੀ ਕੀ ਹੈ? ਇਸ ਬਾਰੇ ਨਿਰਣਾ ਕਰਨ ਲਈ ਵਾਪਰੀਆਂ ਘਟਨਾਵਾਂ ਦੀ ਤਹਿ ਫਰੋਲਣੀ ਪਵੇਗੀ। ਫਿਰ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਦੋਵੇਂ ਕਾਰਨ ਇਸ ਮੁਲਕ ਦੀ ਬੌਧਿਕ ਕੰਗਾਲੀ ਦੀ ਜਿਉਂਦੀ ਮਿਸਾਲ ਹਨ।
ਕਲਟ ਸ਼ਬਦ ਦੀ ਉਤਪਤੀ ਭਾਰਤ ਦੀ ਕਿਸੇ ਵੀ ਭਾਸ਼ਾ ਵਿਚੋਂ ਨਹੀਂ ਹੋਈ ਅਤੇ ਨਾ ਇਹ ਸੰਕਲਪ ਇਥੋਂ ਦੇ ਸੱਭਿਆਚਾਰ ਦਾ ਹਿੱਸਾ ਹੈ। ਇਸ ਸ਼ਬਦ ਦਾ ਭਾਰਤ ਜਾਂ ਭਾਰਤ ਦੇ ਕਿਸੇ ਧਰਮ ਜਾਂ ਮਤਿ ਨਾਲ ਕੋਈ ਸੰਬੰਧ ਨਹੀਂ ਬਣਦਾ ਅਤੇ ਇਸ ਸੰਕਲਪ ਦੀ ਵਰਤੋਂ ਪੂਰਵੀ ਚਿੰਤਨ ਵਿਚ ਕਦੇ ਹੋਈ ਹੀ ਨਹੀਂ। ਇਸ ਕਰਕੇ ਇਸ ਸ਼ਬਦ ਦਾ ਸਮਾਨਰਥੀ ਸ਼ਬਦ ਇਥੇ ਪ੍ਰਚੱਲਤ ਨਹੀਂ ਹੋ ਸਕਿਆ। ਦਰਅਸਲ ਕਲਟ ਸ਼ਬਦ ਦੀ ਵਰਤੋਂ ਈਸਾਈ ਧਰਮ ਦੇ ਸੰਦਰਭ ਵਿਚ ਕੀਤੀ ਜਾਂਦੀ ਹੈ। ਕਲਟ ਤੋਂ ਭਾਵ ਲੋਕਾਂ ਦੇ ਅਜਿਹੇ ਸਮੂਹ ਤੋਂ ਹੈ ਜੋ ਬਹੁਗਿਣਤੀ ਨਾਲੋਂ ਆਪਣੀ ਅਲੱਗ ਮਰਿਆਦਾ ਸ਼ੁਰੂ ਕਰ ਲੈਂਦਾ ਹੈ। ਅਜਿਹਾ ਸਮੂਹ ਆਪਣੇ ਧਰਮ ਤੋਂ ਅਲੱਗ ਨਹੀਂ ਹੁੰਦਾ, ਇਸ ਕਰਕੇ ਇਕ ਧਰਮ ਨੂੰ ਮੰਨਣ ਵਾਲਿਆਂ ਦੇ ਕਈ ਕਲਟ ਹੋ ਸਕਦੇ ਹਨ। ਇਕ ਕਲਟ ਦੇ ਲੋਕ ਆਪਣੇ ਧਰਮ ਦੇ ਵਿਸ਼ਵਾਸ ਨੂੰ ਮੰਨਣ ਲਈ ਵੱਖਰੀ ਮਰਿਆਦਾ ਸ਼ੁਰੂ ਕਰ ਲੈਂਦੇ ਹਨ। ਵੱਖਰੇ ਜਾਂ ਆਪਣੇ ਤਰੀਕੇ ਨਾਲ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਕਲਟ ਨੂੰ ਮੁੱਖ ਧਰਮ ਤੋਂ ਅਲੱਗ ਨਹੀਂ ਸਮਝਦੇ।
ਸੁਪਰੀਮ ਕੋਰਟ ਵਿਚ ਸਿੱਖਾਂ ਨੂੰ ਹਿੰਦੂਆਂ ਦੇ ਕਲਟ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਹਿਜ਼ ਵਕੀਲ ਰਾਹੀਂ ਇਕ ਗਵਾਹ ਵਲੋਂ ਦਰਜ ਕਰਵਾਈ ਸਟੇਟਮੈਂਟ ਨਹੀਂ, ਸਗੋਂ ਰਾਸ਼ਟਰਵਾਦੀ ਵਿਚਾਰਧਾਰਾ ਵਲੋਂ ਸਿੱਖਾਂ ਦੀ ਮੌਲਿਕਤਾ ਨੂੰ ਨਕਾਰਨ ਦਾ ਯਤਨ ਕੀਤਾ ਗਿਆ ਹੈ। ਇਸ ਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਾ ਕੇ ਸਿੱਖ ਦੀ ਵਿਲੱਖਣ ਪਚਾਣ 'ਤੇ ਪ੍ਰਸ਼ਨ-ਚਿੰਨ ਲਗਾਇਆ ਗਿਆ ਹੈ। ਇਸ ਗਵਾਹੀ ਨਾਲ ਇਕ ਤੀਰ ਰਾਹੀਂ ਦੋ ਨਿਸ਼ਾਨੇ ਬਿੰਨ੍ਹੇ ਗਏ ਹਨ। ਹਿੰਦੂਆਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਸਿੱਖ ਉਨ੍ਹਾਂ ਦੀ ਰਖਵਾਲੀ ਲਈ ਹਨ। ਦੂਸਰੇ ਪਾਸੇ ਸਿੱਖਾਂ ਨੂੰ ਭਾਰਤ ਦੀਆਂ ਘੱਟ ਗਿਣਤੀਆਂ ਵਿਚੋਂ ਬਾਹਰ ਕੱਢ ਕੇ ਮੁੱਖਧਾਰਾ ਦਾ ਅੰਗ ਬਣਾਇਆ ਗਿਆ ਹੈ।
ਸੁਪਰੀਮ ਕੋਰਟ ਵਿਚ ਅਯੁੱਧਿਆ ਬਾਰੇ ਹੋਈ ਸੁਣਵਾਈ ਵਿਚ ਇਕ ਗਵਾਹ ਰਾਜਿੰਦਰ ਸਿੰਘ ਦੀ ਗਵਾਹੀ ਨੂੰ ਰਿਕਾਰਡ ਕਰਦਿਆਂ ਇਹ ਨੋਟ ਕੀਤਾ ਹੈ ਕਿ ਉਸ ਨੇ ਸਿੱਖ ਕਲਟ ਬਾਰੇ ਕਈ ਕਿਤਾਬਾਂ ਵਿਚ ਪੜ੍ਹਿਆ ਹੈ। ਗਵਾਹ ਦੀ ਇਹ ਗੱਲ ਤੱਥਾਂ 'ਤੇ ਆਧਾਰਿਤ ਹੈ ਜਾਂ ਨਹੀਂ, ਇਸ ਦੀ ਪੜਤਾਲ ਕੀਤੇ ਬਿਨਾਂ ਸੁਪਰੀਮ ਕੋਰਟ ਵਲੋਂ ਆਪਣੇ ਫੈਸਲੇ ਦੀ ਅੰਤਿਕਾ ਵਿਚ ਇਸ ਨੂੰ ਦਰਜ ਕਰ ਲੈਣਾ ਮੰਦਭਾਗਾ ਹੈ, ਕਿਉਂਕਿ ਕਿਸੇ ਵੀ ਆਧਾਰ 'ਤੇ ਸਿੱਖਾਂ ਨੂੰ ਕਲਟ ਨਹੀਂ ਕਿਹਾ ਜਾ ਸਕਦਾ। ਇਸ ਬਾਰੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਕਿਹਾ ਹੈ ਕਿ 'ਜਾਪਦਾ ਹੈ ਕਿ ਗਵਾਹ ਰਾਜਿੰਦਰ ਸਿੰਘ ਨੇ ਤਾਂ 'ਸਿੱਖ ਪੰਥ ਦੀ ਵਰਤੋਂ ਕੀਤੀ ਹੋਵੇਗੀ ਪਰ ਉਸ ਦਾ ਤਰਜਮਾ ਕਰਦੇ ਹੋਏ 'ਕਲਟ' ਸ਼ਬਦ ਵਰਤਿਆ ਗਿਆ ਹੋਵੇਗਾ'। ਉਨ੍ਹਾਂ ਨੇ ਖੁਦ ਵੀ ਡਿਕਸ਼ਨਰੀ ਦਾ ਹਵਾਲਾ ਦਿੱਤਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਿਕਸ਼ਨਰੀ ਵਿਚ ਕਲਟ ਦਾ ਤਰਜਮਾ 'ਪੰਥ' ਲਿਖਿਆ ਹੋਇਆ ਹੈ।'
ਇਹ ਮਸਲਾ ਮਹਿਜ਼ ਇਕ ਸ਼ਬਦ ਪੰਥ ਦੇ ਅੰਗਰੇਜ਼ੀ ਅਨੁਵਾਦ ਦਾ ਨਹੀਂ ਹੈ। ਇਸ ਤੋਂ ਇਹ ਪਤਾ ਚਲਦਾ ਹੈ ਕਿ ਤਾਕਤਵਰ ਦੇਸ਼ਾਂ/ਕੌਮਾਂ ਦੀਆਂ ਭਾਸ਼ਾਵਾਂ ਹੋਰਨਾਂ ਭਾਸ਼ਾਵਾਂ 'ਤੇ ਆਪਣੇ ਸੰਕਲਪ ਭਾਰੂ ਕਰ ਦਿੰਦੀਆਂ ਹਨ। ਪੰਥ ਸ਼ਬਦ ਦਾ ਤਰਜਮਾ ਕਲਟ ਵਿਚ ਕਰਨ ਨਾਲ ਪੰਥ ਸ਼ਬਦ ਦੀ ਨਾ ਕੇਵਲ ਮੌਲਿਕਤਾ ਖਤਮ ਹੁੰਦੀ ਹੈ, ਬਲਕਿ ਅਜਿਹੇ ਅਨੁਵਾਦ ਨਾਲ ਕਈ ਤਰ੍ਹਾਂ ਦੇ ਸਿਆਸੀ ਮੁੱਦੇ ਵੀ ਜੁੜ ਜਾਂਦੇ ਹਨ। ਸਿੱਖਾਂ ਨੂੰ ਕਲਟ ਵਜੋਂ ਪਰਿਭਾਸ਼ਿਤ ਕਰਨਾ ਬਹੁਗਿਣਤੀ ਦੀ ਵਿਚਾਰਧਾਰਾ ਦੇ ਰਾਸ ਆਉਂਦਾ ਹੈ। ਹਿੰਦੂਵਾਦ ਦਾ ਇਕ ਏਜੰਡਾ ਇਹ ਵੀ ਹੈ ਕਿ ਛੋਟੀਆਂ ਪਛਾਣਾਂ ਦੀ ਮੌਲਿਕਤਾ ਨੂੰ ਖਤਮ ਕਰ ਕੇ ਸਭ ਨੂੰ ਆਪਣੇ ਵਿਚ ਸਮਿਲਤ ਕਰ ਲਿਆ ਜਾਵੇ। ਇਸ ਵਿਚਾਰਧਾਰਾ ਮੁਤਾਬਕ ਸਿੱਖਾਂ ਨੂੰ ਹਿੰਦੂਆਂ ਦੀ ਬਹੁਗਿਣਤੀ ਦਾ ਕਲਟ ਸਾਬਤ ਕਰਨ ਲਈ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਸਿੱਖਾਂ ਦੀ ਵਿਲੱਖਣਤਾ ਨੂੰ ਨਜ਼ਰਅੰਦਾਜ਼ ਕਰਨ ਲਈ ਇਤਿਹਾਸਕਾਰਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਾਜ ਸੁਧਾਰਕ, ਕ੍ਰਾਂਤੀਕਾਰੀ ਆਦਿ ਸਾਬਤ ਕਰਨ ਦੇ ਯਤਨ ਕੀਤੇ ਹਨ। ਡਬਲਯੂ. ਐਚ. ਮੈਕਲਾਉਡ ਨੇ ਇਹ ਨਤੀਜਾ ਕੱਢ ਮਾਰਿਆ ਸੀ ਕਿ ਗੁਰੂ ਨਾਨਕ ਸਾਹਿਬ ਵਲੋਂ ਸਥਾਪਿਤ ਕੀਤੀ ਸਿੱਖੀ ਭਾਰਤ ਦੀ ਸੰਤ ਪਰੰਪਰਾ ਦੀ ਹੀ ਲਗਾਤਾਰਤਾ ਹੈ। ਇਹ ਗੱਲ ਵੀ ਜ਼ੋਰ ਨਾਲ ਪ੍ਰਚਾਰੀ ਗਈ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ/ਪੰਥ ਨਹੀਂ ਚਲਾਇਆ। ਭਾਰਤ ਵਿਚ ਰਹਿੰਦੇ ਸਿੱਖਾਂ ਨੂੰ ਬੇਸ਼ੱਕ ਆਪਣੀ ਸਿੱਖ ਪਛਾਣ ਕਾਇਮ ਰੱਖਣ ਦਾ ਸੰਵਿਧਾਨਕ ਅਧਿਕਾਰ ਹਾਸਲ ਹੈ, ਫਿਰ ਕਿਉਂ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਬੌਧਿਕ ਹਲਕਿਆਂ ਵਿਚ ਮਾਨਤਾ ਨਹੀਂ ਮਿਲ ਸਕੀ ਜਾਂ ਮਾਨਤਾ ਨਹੀਂ ਦਿੱਤੀ ਗਈ? ਇਸ ਦੇ ਕਾਰਨਾਂ ਦੀ ਖੋਜ ਕਰਨ ਦੀ ਲੋੜ ਹੈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਪ੍ਰਵੇਸ਼ ਤੋਂ ਪਿੱਛੋਂ ਇਹ ਕਿਹਾ ਸੀ ਕਿ 'ਨਾ ਕੋ ਹਿੰਦੂ ਨਾ ਮੁਸਲਮਾਨ'। ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਨੇ ਪ੍ਰਚੱਲਤ ਪਛਾਣਾਂ ਨਾਲੋਂ ਆਪਣੀ ਨਿਆਰੀ ਪਛਾਣ ਬਾਰੇ ਸ਼ੁਰੂ ਵਿਚ ਹੀ ਸਪੱਸ਼ਟ ਕਰ ਦਿੱਤਾ ਸੀ। ਉਨ੍ਹਾਂ ਵਲੋਂ ਸਥਾਪਿਤ ਕੀਤੇ ਨਿਆਰੇ ਪੰਥ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਨਿਰਮਲ ਪੰਥ ਦਾ ਨਾਂਅ ਦਿੱਤਾ ਹੈ, ਜਿਸ ਤੋਂ ਇਹ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਵਲੋਂ ਸਥਾਪਿਤ ਕੀਤੇ ਪੰਥ ਨੂੰ ਕਿਸੇ ਵੀ ਲਿਹਾਜ਼ ਨਾਲ ਕਲਟ ਨਹੀਂ ਕਿਹਾ ਜਾ ਸਕਦਾ। ਸਿੱਖਾਂ ਨੂੰ ਕਲਟ ਕਹਿਣ ਨਾਲ ਜਿਥੇ ਸਿੱਖ ਪਛਾਣ ਦੀ ਮੌਲਿਕਤਾ ਦਾ ਮਸਲਾ ਖੜ੍ਹਾ ਹੋਵੇਗਾ, ਉਥੇ ਇਸ ਨਾਲ ਗੁਰੂ ਨਾਨਕ ਸਾਹਿਬ ਵਲੋਂ ਸਥਾਪਿਤ ਕੀਤੇ ਨਿਵੇਕਲੇ ਪੰਥ ਦੀ ਅਹਿਮੀਅਤ ਵੀ ਘਟ ਜਾਵੇਗੀ ਅਤੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਪ੍ਰਚੱਲਿਤ ਫਿਲਾਸਫੀ ਦਾ ਅੰਗ ਸਾਬਤ ਕਰ ਕੇ ਇਨ੍ਹਾਂ ਨੂੰ ਕੇਵਲ ਸੁਧਾਰਵਾਦੀ ਭਗਤ ਤੱਕ ਸੀਮਤ ਕਰ ਦਿੱਤਾ ਜਾਵੇਗਾ।
ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸੁਪਰੀਮ ਕੋਰਟ ਵਿਚ ਇਕ ਗਵਾਹ ਦੇ ਹਵਾਲੇ ਨਾਲ ਸਿੱਖਾਂ ਨੂੰ ਕਲਟ ਵਜੋਂ ਰਿਕਾਰਡ ਦਾ ਹਿੱਸਾ ਬਣਾਉਣਾ ਇਹ ਸਾਬਤ ਕਰਦਾ ਹੈ ਕਿ ਸਾਢੇ ਪੰਜ ਸਦੀਆਂ ਵਿਚ ਵੀ ਸਿੱਖ ਆਪਣੀ ਨਿਆਰੀ ਪਛਾਣ ਅਤੇ ਇਸ ਦੀ ਮੌਲਿਕਤਾ ਨੂੰ ਸਥਾਪਿਤ ਕਾਇਮ ਰੱਖਣ ਦੇ ਸਮਰੱਥ ਨਹੀਂ ਹਨ। ਇਹ ਹੋਰ ਵੀ ਤਰਾਸਦੀ ਹੈ ਕਿ ਸਿੱਖਾਂ ਦੇ ਆਪਣੇ ਮੁਲਕ ਦੀ ਅਦਾਲਤ ਵਿਚ ਸਿੱਖਾਂ ਨਾਲ ਇਹ ਮਜ਼ਾਕ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਬੇਸ਼ੱਕ ਦੇਸ਼-ਵਿਦੇਸ਼ ਵਿਚ ਬਹੁਤ ਵੱਡੇ ਸਮਾਗਮ ਹੋਏ ਹਨ ਅਤੇ ਹੋ ਰਹੇ ਹਨ ਪਰ ਸਿੱਖਾਂ ਦੀ ਪਛਾਣ ਬਾਰੇ ਵਿਦੇਸ਼ਾਂ ਦੇ ਤਾਂ ਕੀ, ਇਨ੍ਹਾਂ ਦੇ ਆਪਣੇ ਮੁਲਕ ਵਿਚ ਸਥਿਤੀ ਸਪੱਸ਼ਟ ਨਹੀਂ ਹੈ। ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਸਿੱਖ ਆਪਣੀ ਵਿਰਾਸਤ ਅਤੇ ਇਸ ਦੀ ਮੌਲਿਕਤਾ ਦੀ ਅਕਾਦਮਿਕ ਖੇਤਰ ਵਿਚ ਪਛਾਣ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ।


-ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98145-90699
ਈਮੇਲ :gsspatiala@gmail.co

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸ਼ਹੀਦ ਭਾਈ ਸੁਖੀਆ

ਉੱਚੇ ਸਿਦਕ ਅਤੇ ਸੁੱਚੇ ਇਸ਼ਕ ਦੇ ਅਨੇਕਾਂ ਪਰਵਾਨੇ ਸਾਡੇ ਨਿਆਰੇ ਇਤਿਹਾਸ ਦੀ ਸ਼ਾਨ ਹਨ। ਕਈ ਆਸ਼ਕਾਂ ਨੇ ਆਪਣੀਆਂ ਪੀੜ੍ਹੀਆਂ ਹੀ ਕੁਰਬਾਨ ਕਰ ਦਿੱਤੀਆਂ ਪਰ ਸੱਚ, ਅਣਖ ਅਤੇ ਬੀਰਤਾ ਦੀ ਸ਼ਮ੍ਹਾਂ ਬੁਝਣ ਨਾ ਦਿੱਤੀ। ਭਾਈ ਸੁਖੀਆ ਰਾਠੌਰ ਦਾ ਖਾਨਦਾਨ ਵੀ ਸ਼ਹਾਦਤਾਂ ਦੀ ਸ਼ਾਨਦਾਰ ਲੜੀ ਹੈ। ਭਾਈ ਸੁਖੀਆ ਦਾ ਜਨਮ ਸੋਧਰਾ, ਜ਼ਿਲ੍ਹਾ ਵਜ਼ੀਰਾਬਾਦ (ਪਾਕਿਸਤਾਨ) ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਭਾਈ ਮਾਂਡਨ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਅਨਿਨ ਸ਼ਰਧਾਲੂ ਸਨ। ਭਾਈ ਸੁਖੀਆ ਨੇ ਆਪਣੇ ਤਿੰਨ ਭਰਾਵਾਂ ਭਾਈ ਭੂਰਾ, ਭਾਈ ਰਵਿਦਾਸ ਅਤੇ ਭਾਈ ਬਿਹਾਰੀ ਸਮੇਤ ਛੇਵੇਂ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਆਪ ਜੀ ਦਾ ਪੂਰਾ ਪਰਿਵਾਰ ਜਿਥੇ ਤਨ, ਮਨ, ਧਨ ਨਾਲ ਅਣਥੱਕ ਸੇਵਾ ਕਰਦਾ ਸੀ, ਉਥੇ ਹੀ ਜੰਗੀ ਕਰਤਬਾਂ ਵਿਚ ਮਾਹਿਰ ਸੀ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੇ ਸਾਰਿਆਂ ਵਿਚ ਰੋਹ ਅਤੇ ਬੀਰਰਸ ਭਰ ਦਿੱਤਾ ਸੀ। ਛੇਵੇਂ ਪਾਤਸ਼ਾਹ ਜੀ ਨੇ ਸਾਰੇ ਪਰਿਵਾਰ ਦੀ ਸੇਵਾ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਸਿਖਾਉਣ 'ਤੇ ਲਾਈ। ਸ੍ਰੀ ਹਰਿਗੋਬਿੰਦਪੁਰ ਦੇ ਸਥਾਨ 'ਤੇ ਲੜੀ ਗਈ ਜੰਗ ਵਿਚ ਇਨ੍ਹਾਂ ਦਾ ਭਰਾ ਭਾਈ ਬਿਹਾਰੀ ਅਤੇ ਪਿਤਾ ਭਾਈ ਮਾਂਡਨ ਜ਼ਖਮੀ ਹੋਏ। ਭਾਈ ਸੁਖੀਆ ਦੀ ਪਤਨੀ ਬੀਬੀ ਮਲੂਕੀ ਜੀ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਜਿਹੇ ਮਹਾਨ ਸ਼ਹੀਦਾਂ ਦੀ ਭੂਆ ਸਨ। ਆਪ ਦੇ ਸਹੁਰਾ ਭਾਈ ਬੱਲੂ ਰਾਇ ਜੀ ਛੇਵੇਂ ਪਾਤਸ਼ਾਹ ਜੀ ਦੇ ਮੁਖੀ ਸਿੱਖ ਸਨ, ਜੋ 13 ਅਪ੍ਰੈਲ, 1634 ਈ: ਨੂੰ ਸ੍ਰੀ ਅੰਮ੍ਰਿਤਸਰ ਦੇ ਯੁੱਧ ਵਿਚ ਜੂਝ ਕੇ ਸ਼ਹੀਦ ਹੋਏ। ਮਹਿਰਾਜ ਦੇ ਸਥਾਨ 'ਤੇ 16 ਦਸੰਬਰ, 1634 ਈ: ਨੂੰ ਮਹਾਰਾਜ ਜੀ 'ਤੇ ਮੁਗ਼ਲ ਸੈਨਾ ਭਾਰੀ ਗਿਣਤੀ ਵਿਚ ਚੜ੍ਹ ਕੇ ਆਈ। ਇਸ ਜੰਗ ਵਿਚ ਭਾਈ ਸੁਖੀਆ ਜੀ ਕਮਾਲ ਦੀ ਬਹਾਦਰੀ ਨਾਲ ਲੜੇ। ਇਨ੍ਹਾਂ ਨੇ ਮੁਗ਼ਲ ਜਰਨੈਲ ਇਬਰਾਹੀਮ ਖਾਨ ਨੂੰ ਵੀ ਮਾਰ ਗਿਰਾਇਆ। ਅਨੇਕਾਂ ਮੁਗ਼ਲਾਂ ਨੂੰ ਕੱਟ-ਵੱਢ ਕੇ ਇਹ ਆਪ ਵੀ ਮੈਦਾਨਿ ਜੰਗ ਵਿਚ ਸ਼ਹੀਦ ਹੋ ਗਏ। ਵਿਰਸੇ ਵਿਚ ਮਿਲੇ ਉੱਚੇ ਸੰਸਕਾਰਾਂ ਕਾਰਨ ਇਨ੍ਹਾਂ ਦੇ ਪਰਿਵਾਰ ਵਿਚ ਵੀ ਅਣਥੱਕ ਸੇਵਾ ਅਤੇ ਸ਼ਹੀਦੀਆਂ ਦਾ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਦੇ ਪੋਤਰੇ ਭਾਈ ਦੇਵਾ ਸਿੰਘ, ਭਾਈ ਨੇਤਾ ਸਿੰਘ ਅਤੇ ਭਾਈ ਜੀਤਾ ਸਿੰਘ ਦਸਵੇਂ ਪਾਤਸ਼ਾਹ ਜੀ ਵਲੋਂ ਜੂਝਦੇ ਹੋਏ ਨਿਰਮੋਹਗੜ੍ਹ ਦੀ ਜੰਗ ਵਿਚ ਸ਼ਹੀਦ ਹੋਏ। ਇਨ੍ਹਾਂ ਦੇ ਇਕ ਪੋਤਰੇ ਭਾਈ ਉਦੈ ਸਿੰਘ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ। ਇਨ੍ਹਾਂ ਦੇ ਪੜਪੋਤਰੇ ਭਾਈ ਹਿੰਮਤ ਸਿੰਘ 13 ਅਕਤੂਬਰ ਨੂੰ ਨਿਰਮੋਹਗੜ੍ਹ ਦੀ ਜੰਗ ਵਿਚ ਅਤੇ ਭਾਈ ਚੰਨਣ ਸਿੰਘ 11 ਅਕਤੂਬਰ, 1711 ਈ: ਨੂੰ ਆਲੋਵਾਲ, ਲਾਹੌਰ ਵਿਖੇ ਸ਼ਹੀਦ ਹੋਏ। ਭਾਈ ਸੁਖੀਆ ਜੀ ਦੀ ਪੜਪੋਤਰੀ ਬੀਬੀ ਭਿੱਖਾਂ ਜੀ ਨੇ ਵੀ ਸਰਸਾ ਨਦੀ ਦੇ ਕੰਢੇ ਜੂਝ ਕੇ ਸ਼ਹੀਦੀ ਪਾਈ।

ਗੁਰੂ ਨਾਨਕ ਦਾ ਜਸ ਦੁਬਈ-ਬੈਂਕਾਕ

ਇਹ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ ਕਿ 12 ਨਵੰਬਰ ਨੂੰ ਵਿਸ਼ਵ ਭਰ ਵਿਚ ਉਨ੍ਹਾਂ ਦਾ 550ਵਾਂ ਪ੍ਰਕਾਸ਼ ਉਤਸਵ ਬੜੇ ਧੂਮ ਨਾਲ ਮਨਾਇਆ ਗਿਆ ਹੈ। ਕੋਈ ਵੀ ਦੇਸ਼ ਤੇ ਸ਼ਹਿਰ ਅਜਿਹਾ ਨਹੀਂ, ਜਿਥੇ ਗੁਰੂ ਨਾਨਕ ਦੇਵ ਜੀ ਦਾ ਜਸ ਨਾ ਗਾਇਆ ਗਿਆ ਹੋਵੇ। ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ, ਵਜ਼ੀਰ, ਉੱਚ ਅਧਿਕਾਰੀ ਆਪ ਚੱਲ ਕੇ ਗੁਰੂ-ਘਰਾਂ 'ਚ ਪੁੱਜੇ। ਇੰਗਲੈਂਡ ਦਾ ਬਣਨ ਵਾਲਾ ਬਾਦਸ਼ਾਹ ਪ੍ਰਿੰਸ ਚਰਲਸ ਦਿੱਲੀ, ਬੰਗਲਾ ਸਾਹਿਬ ਗੁਰਦੁਆਰੇ ਆਇਆ ਤੇ ਲੰਗਰ ਦੀ ਸੇਵਾ ਕੀਤੀ। ਸਾਊਥ ਹਾਲ ਲੰਡਨ ਦੇ ਗੁਰਦੁਆਰੇ ਵਿਚ ਪ੍ਰਧਾਨ ਮੰਤਰੀ ਨੇ ਸੰਗਤ ਵਿਚ ਲੰਗਰ ਛਕਿਆ। ਪ੍ਰਧਾਨ ਮੰਤਰੀ ਮੋਦੀ ਨੇ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਤੇ ਰਾਸ਼ਟਰਪਤੀ ਸ੍ਰੀ ਕੋਵਿੰਦ ਵੀ ਉੱਥੇ ਆਏ। ਅਮਰੀਕਾ ਦੀ ਸੈਨੇਟ ਨੇ ਮਤਾ ਪਾਸ ਕਰ ਕੇ ਸਿੱਖ ਕੌਮ ਨੂੰ ਵਧਾਈ ਦਿੱਤੀ। ਨਿਪਾਲ ਵਿਚ ਸਰਕਾਰ ਨੇ ਸਿੱਕਾ ਬਣਾ ਦਿੱਤਾ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਿਚ ਬੜੇ ਵੱਡੇ ਪ੍ਰੋਗਰਾਮ ਹੋਏ। ਸਤਿਗੁਰੂ ਦੀ ਬਖਸ਼ਿਸ਼ ਦਾ ਅਨੰਦ ਸਭ ਨੇ ਮਾਣਿਆ।
ਮੈਂ ਕਰਤਾਰਪੁਰ ਦੇ ਦਰਸ਼ਨ ਕਰ ਕੇ ਪੰਜਾਬ ਮੁੱਖ ਮੰਤਰੀ ਦੇ ਦਿੱਤੇ ਸਨਮਾਨ ਸਮਾਗਮ ਵਿਚ ਜਲੰਧਰ ਸ਼ਾਮਲ ਹੋਇਆ। ਸ: ਸੁਰਿੰਦਰ ਸਿੰਘ ਕੰਧਾਰੀ ਪ੍ਰਧਾਨ ਗੁਰਦੁਆਰਾ ਦੁਬਈ ਪਤਨੀ ਸਮੇਤ ਕਰਤਾਰਪੁਰ ਦੇ ਦਰਸ਼ਨਾਂ ਲਈ ਆਏ ਸਨ। ਉਨ੍ਹਾਂ ਨੇ ਮੈਨੂੰ ਦੁਬਈ ਆਉਣ ਲਈ ਮਨਾ ਲਿਆ। ਮੈਂ ਚੰਡੀਗੜ੍ਹ ਤੋਂ ਹਵਾਈ ਜਹਾਜ਼ ਰਾਹੀਂ ਦੁਬਈ ਪੁੱਜ ਗਿਆ। ਗੁਰਪੁਰਬ ਵਾਲੇ ਦਿਨ ਜਿਸ ਲਗਨ ਤੇ ਸ਼ਾਨ ਨਾਲ ਦੀਵਾਨ ਸਜਾਏ, ਉਹ ਅਚੰਭਾ ਕਰ ਗਏ। ਸਾਰਿਆਂ ਨੂੰ ਪਤਾ ਹੈ ਕਿ ਦੁਬਈ ਦਾ ਗੁਰਦੁਆਰਾ ਸਾਰੇ ਵਿਸ਼ਵ ਭਰ ਵਿਚ ਮਸ਼ਹੂਰ ਹੈ। ਇਸ ਦੀ ਸ਼ਾਨ ਵੇਖਦੇ ਹੋਏ ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ ਸਟੇਟਸ ਦਾ ਦਰਜਾ ਦਿੱਤਾ ਹੈ। ਉਸ ਦਿਨ ਗੁਰਦੁਆਰੇ ਦੇ ਬਾਹਰ ਇਕ ਪ੍ਰਭਾਵਸ਼ਾਲੀ ਪੰਡਾਲ ਬਣਾਇਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਉਸ 'ਤੇ ਹੋਈ ਸਜਾਵਟ ਕਮਾਲ ਦੀ ਸੀ। ਸੰਗਤਾਂ ਦਾ ਇਕੱਠ ਤੇ ਸ਼ਰਧਾ ਇਕ ਨਜ਼ਾਰਾ ਸੀ। ਪੰਡਾਲ ਦੇ ਬਾਹਰ ਇਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸ਼ਾਨਦਾਰ ਪੇਂਟਿੰਗ ਦੀ ਨੁਮਾਇਸ਼ ਲਗਾਈ ਗਈ ਸੀ, ਜਿਸ ਦਾ ਉਦਘਾਟਨ ਦੁਬਈ ਸਰਕਾਰ ਦੀ ਵਿੱਦਿਆ ਮੰਤਰੀ ਨੇ ਕੀਤਾ। ਇਹ ਪੇਂਟਿੰਗ ਸ: ਵਿਕਰਮਜੀਤ ਸਿੰਘ ਸਾਹਨੀ ਪ੍ਰਧਾਨ ਡਬਲਿਊ. ਪੀ. ਓ. ਨੇ ਬਣਵਾਈ ਹੈ। ਉਹ ਆਪ ਪ੍ਰਧਾਨ ਮੰਤਰੀ ਮੋਦੀ ਨਾਲ ਬਰਾਜ਼ੀਲ ਗਏ ਹੋਏ ਸਨ। ਉਨ੍ਹਾਂ ਦਾ ਪੁੱਤਰ ਅਮਨ ਸਿੰਘ ਹਾਜ਼ਰ ਸੀ। ਸ: ਸੁਰਜੀਤ ਸਿੰਘ ਅਬੂ ਧਾਬੀ ਤੇ ਸ: ਹਰਚਰਨ ਸਿੰਘ ਸਾਬਕਾ ਚੀਫ਼ ਸੈਕਟਰੀ ਐਸ.ਜੀ.ਪੀ.ਸੀ. ਵੀ ਉੱਥੇ ਸਨ। ਲੰਗਰ ਤੋਂ ਲੈ ਕੇ ਸਭ ਪ੍ਰਬੰਧ ਬਾ-ਕਮਾਲ ਸਨ। ਨੌਜਵਾਨ ਲੜਕੇ ਸੇਵਾ ਵਿਚ ਜੁਟੇ ਹੋਏ ਸਨ। ਉਸ ਪ੍ਰੋਗਰਾਮ ਵਿਚ ਭਾਰਤੀ ਸਫੀਰ ਵਲੋਂ ਇਕ ਦਸ ਮਿੰਟ ਦੀ ਗੁਰੂ ਨਾਨਕ ਜੀ ਦੇ ਸੰਦੇਸ਼ 'ਤੇ ਇਕ ਫ਼ਿਲਮ ਵੀ ਦਿਖਾਈ ਗਈ ਸੀ। ਮੈਂ ਗੁਰੂ ਜੀ ਦੀ ਫਿਲਾਸਫੀ ਬਾਰੇ ਲੈਕਚਰ ਕੀਤਾ। ਦੁਬਈ ਦੇ ਵਜ਼ੀਰ ਤੇ ਭਾਰਤੀ ਕੌਂਸਲਰ ਨੂੰ ਸਨਮਾਨਤ ਕੀਤਾ ਗਿਆ। ਸ਼ਾਮ ਨੂੰ ਕੀਰਤਨ ਦਾ ਸਮਾਗਮ ਸੀ। ਬੱਚਿਆਂ ਦਾ ਪ੍ਰੋਗਰਾਮ ਅਗਲੇ ਦਿਨ ਰੱਖਿਆ ਗਿਆ। ਗੁਰਦੁਆਰੇ ਵਲੋਂ ਉਸ ਦਿਨ ਖਜੂਰਾਂ ਦੇ ਪੈਕੇਟ ਸਾਰੇ ਸਕੂਲਾਂ ਵਿਚ ਵੰਡੇ ਗਏ। ਸਿੰਧੀ ਸਮਾਜ ਨੇ ਆਪਣੇ ਗੁਰਦੁਆਰੇ ਵਿਚ ਬੜਾ ਸ਼ਾਨਦਾਰ ਪ੍ਰੋਗਰਾਮ ਕੀਤਾ। ਦੁਬਈ ਦੇਸ਼ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰੋਗਰਾਮਾਂ ਦੀ ਬੜੀ ਚਰਚਾ ਸੀ।
ਭਾਰਤ ਵਿਦੇਸ਼ ਮੰਤਰਾਲਾ ਦੇ ਆਈ.ਸੀ.ਸੀ.ਆਰ. ਵਿੰਗ ਨੇ ਬੜੀ ਅਦੁੱਤੀ ਸੇਵਾ ਆਰੰਭ ਕਰ ਰੱਖੀ ਹੈ। ਇਸ ਵਲੋਂ ਸਾਰੇ ਭਾਰਤੀ ਸਫੀਰਾਂ ਵਲੋਂ ਆਪਣੇ ਦੇਸ਼ ਵਿਚ ਸੈਮੀਨਾਰ ਕਰਵਾਏ ਜਾ ਰਹੇ ਹਨ। ਥਾਈਲੈਂਡ ਦੇ ਭਾਰਤੀ ਸਫੀਰ ਨੇ 17 ਨਵੰਬਰ ਨੂੰ ਇਕ ਪ੍ਰਭਾਵਸ਼ਾਲੀ ਸੈਮੀਨਾਰ ਵਿਵੇਕਾਨੰਦ ਹਾਲ ਵਿਚ ਆਯੋਜਨ ਕੀਤਾ। ਇਹ ਭਾਰਤ-ਥਾਈਲੈਂਡ ਚੈਂਬਰ ਆਫ਼ ਕਾਮਰਸ ਰਾਹੀਂ ਕੀਤਾ ਗਿਆ ਹੈ। ਮੈਨੂੰ ਉਸ ਪ੍ਰੋਗਰਾਮ ਲਈ ਉਚੇਚਾ ਬੁਲਾਇਆ ਗਿਆ ਸੀ। ਖਚਾਖਚ ਭਰੇ ਹਾਲ ਵਿਚ ਪਹਿਲਾਂ ਸ਼ਬਦ ਪੜ੍ਹਿਆ ਗਿਆ, ਫਿਰ ਸ੍ਰੀਮਤੀ ਸੁਚਿਤਰਾ ਦੁਰਾਈ ਅੰਬੈਸਡਰ ਨੇ ਲੈਕਚਰ ਦਿੱਤਾ ਤੇ ਮੈਨੂੰ ਬੋਲਣ ਦਾ ਸਦਾ ਦਿੱਤਾ। ਮੈਂ 40 ਮਿੰਟ ਦੇ ਭਾਸ਼ਣ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਿਲਾਸਫੀ ਬਾਰੇ ਵਿਚਾਰ ਰੱਖੇ। ਬੜੀ ਗੁਰੂ ਦੀ ਕਿਰਪਾ ਹੈ ਕਿ ਇਸ ਦੀ ਬੜੀ ਪ੍ਰਸੰਸਾ ਹੋਈ। ਹਾਲ ਵਿਚ ਬੈਠੇ ਧਨਾਢ ਵਪਾਰੀ, ਜਿਨ੍ਹਾਂ ਵਿਚ ਬੜੇ ਗੈਰ-ਸਿੱਖ ਸਨ, ਨੇ ਅਨੰਦ ਮਾਣਿਆ। ਕਈ ਥਾਈ ਵੀ ਸਨ। ਬੈਂਕਾਕ ਵਿਚ ਨਾਮਧਾਰੀ ਤੇ ਨੀਲਧਾਰੀ ਵੀ ਬੜੇ ਹਨ। ਉਨ੍ਹਾਂ ਨੇ ਵੀ ਉੱਥੇ ਆ ਕੇ ਪ੍ਰੋਗਰਾਮ ਦੀ ਰੌਣਕ ਵਧਾਈ।
ਐਤਵਾਰ ਨੂੰ ਮੈਂ ਗੁਰਦੁਆਰਾ ਸਾਹਿਬ ਪੁੱਜਾ। ਛੇ ਮੰਜ਼ਿਲਾ ਗੁਰਦੁਆਰਾ ਇਕ ਅਦੁੱਤੀ ਸ਼ਾਨ ਹੈ। ਇਸ ਦੀਆਂ 84 ਪੌੜੀਆਂ ਹਨ। ਲਿਫਟਾਂ ਦੀ ਭਰਮਾਰ ਹੈ। ਥਾਈਲੈਂਡ ਇਕੋ ਦੇਸ਼ ਹੈ, ਜਿਥੇ ਸਿੱਖਾਂ ਨੇ ਕੇਵਲ ਇਕ ਗੁਰਦੁਆਰਾ ਹੀ ਰੱਖਿਆ ਹੈ। ਸਿੱਖ ਸੰਗਤ ਨੂੰ ਦਾਦ ਦਿੰਦਾ ਹਾਂ ਕਿ ਜੋ ਏਕਤਾ ਉੱਥੇ ਹੈ, ਉਹ ਇਕ ਮਿਸਾਲ ਹੈ। ਅੱਜ ਤੱਕ ਗੁਰਦੁਆਰਾ ਕਮੇਟੀ ਦੀ ਚੋਣ ਦਾ ਕੋਈ ਝਗੜਾ ਨਹੀਂ ਹੈ। ਹਰ ਵਾਰ ਸਰਬ-ਸੰਮਤੀ ਹੁੰਦੀ ਹੈ। ਗਰੁੱਪਬਾਜ਼ੀ ਨਜ਼ਰ ਵੀ ਨਹੀਂ ਆਉਂਦੀ। ਸ: ਜਸਪਾਲ ਸਿੰਘ ਪ੍ਰਧਾਨ ਹਨ। ਇਨ੍ਹਾਂ ਦੇ ਪਿਤਾ ਸਵਰਗੀ ਸ: ਨਰਿੰਜਨ ਸਿੰਘ ਵੀ ਮਸੂਰੀ ਸਕੂਲ 1969 ਵਿਚ ਬਣਾਉਣ ਵਾਲਿਆਂ ਵਿਚ ਸ਼ਾਮਲ ਸਨ। ਫਿਰ ਉਨ੍ਹਾਂ ਦੀ ਹਿੰਮਤ ਨਾਲ 1980 ਵਿਚ ਖਾਲਸਾ ਸਕੂਲ ਬੈਂਕਾਕ ਵਿਚ ਬਣ ਗਿਆ। ਸ: ਜੈਦੇਵ ਸਿੰਘ ਮਸੂਰੀ ਤੋਂ ਉੱਥੇ ਆ ਕੇ ਪ੍ਰਿੰਸੀਪਲ ਬਣ ਗਏ। ਮੈਂ ਉਨ੍ਹਾਂ ਨੂੰ ਮਿਲ ਕੇ ਆਇਆ ਹਾਂ। 90 ਸਾਲ ਦੀ ਉਮਰ ਹੈ ਤੇ ਆਪਣੇ ਲੜਕੇ ਕਿਸ਼ਨ ਪਾਲ ਸਿੰਘ ਜੋ ਜਹਾਜ਼ਾਂ ਦਾ ਮਾਲਕ ਹੈ, ਉਸ ਕੋਲ ਰਹਿੰਦੇ ਹਨ। ਬੈਂਕਾਕ ਵਿਚ ਸਾਰੇ ਸਿੱਖ ਗੁਜਰਾਵਾਲਾਂ ਸ਼ਹਿਰ ਤੋਂ ਆਏ ਸਨ। ਮੈਨੂੰ ਸ: ਪਿੰਦਰਪਾਲ ਸਿੰਘ ਮਦਾਨ ਜੋ ਹੋਟਲਾਂ ਦੇ ਮਾਲਕ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਪੜਦਾਦਾ 1869 ਵਿਚ ਉੱਥੋਂ ਆ ਕੇ ਵਸੇ ਸਨ। ਬਹੁਤੇ ਸਿੱਖ ਕੱਪੜੇ ਦੇ ਵਪਾਰੀ ਹਨ। ਬਾਬਾ ਰਾਮ ਸਿੰਘ ਜੀ ਜਦ ਰੰਗੂਨ ਭੇਜੇ ਗਏ ਸਨ ਤਾਂ ਉਸ ਸਮੇਂ ਤੋਂ ਨਾਮਧਾਰੀ ਥਾਈਲੈਂਡ ਆਉਣ ਲੱਗ ਗਏ ਸਨ। ਇਹ ਵੱਡੀ ਗਿਣਤੀ ਵਿਚ ਹਨ ਤੇ ਹਰ ਪਾਸੇ ਚਿੱਟੇ ਵਸਤਰਾਂ ਵਿਚ ਨਜ਼ਰ ਆਉਂਦੇ ਹਨ। ਬੈਂਕਾਕ ਵਿਚ ਗੁਰਪੁਰਬ ਪੂਰੀ ਸ਼ਾਨ ਨਾਲ ਮਨਾਇਆ ਗਿਆ ਹੈ। ਸਰਕਾਰ ਦੀ ਬੜੀ ਮਦਦ ਹੈ। ਨਗਰ ਕੀਰਤਨ ਬੜਾ ਪ੍ਰਭਾਵਸ਼ਾਲੀ ਸੀ। ਸਿੱਖਾਂ ਵਿਚ ਬੜੀ ਸ਼ਰਧਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਇਨ੍ਹਾਂ ਦੇਸ਼ਾਂ ਬਾਰੇ ਵੇਖ ਕੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਗੁਰੂ ਨਾਨਕ ਜੀ ਦੀ ਵਡਿਆਈ ਸਾਰੇ ਵਿਸ਼ਵ ਵਿਚ ਪ੍ਰਗਟ ਹੋਈ ਹੈ।


-ਸਾਬਕਾ ਐਮ. ਪੀ.

ਜਿੱਥੇ ਦਿੱਤੀ ਗੁਰੂ ਨਾਨਕ ਦੇਵ ਜੀ ਨੇ 'ਵਸਦੇ ਰਹੋ' ਤੇ 'ਉੱਜੜ ਜਾਉ' ਦੀ ਅਸੀਸ

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ 'ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਯਾਦਗਾਰ ਗੁਰਦੁਆਰਾ ਮਾਲ ਜੀ ਸਾਹਿਬ ਅੱਜ ਵੀ ਮੌਜੂਦ ਹੈ। ਇਸ ਅਸਥਾਨ ਦਾ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਵ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਉਕਤ ਪਿੰਡ 'ਚ ਆਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਇੱਥੇ ਵਸਣ ਨਾ ਦਿੱਤਾ ਅਤੇ ਇੱਟਾਂ-ਵੱਟੇ ਮਾਰੇ ਅਤੇ ਬੁਰਾ-ਭਲਾ ਵੀ ਕਿਹਾ। ਇਸ 'ਤੇ ਗੁਰੂ ਸਾਹਿਬ ਉਨ੍ਹਾਂ ਨੂੰ 'ਵਸਦੇ ਰਹੋ' ਕਹਿ ਕੇ ਅਗਲੇ ਪਿੰਡ ਮਾਣਕ ਦੇਕੇ ਵੱਲ ਚਲੇ ਗਏ।
ਭਾਈ ਕਾਨ੍ਹ ਸਿੰਘ ਨਾਭਾ, 'ਮਹਾਨ ਕੋਸ਼', ਸਫ਼ਾ 354 'ਤੇ ਇਸ ਪ੍ਰਕਾਰ ਲਿਖਦੇ ਹਨ-'ਲਾਹੌਰ ਦੇ ਜ਼ਿਲ੍ਹਾ ਕਸੂਰ ਦੀ ਤਹਿਸੀਲ ਚੂਣੀਆ ਦੇ ਪਿੰਡ ਕੰਗਣਪੁਰ 'ਚ ਉੱਥੋਂ ਦੇ ਲੋਕਾਂ ਨੇ ਜਗਤ ਗੁਰੂ ਨਾਨਕ ਦੇਵ ਜੀ ਦੀ ਨਿਰਾਦਰੀ ਕੀਤੀ ਅਤੇ ਵੱਸਣ ਨੂੰ ਥਾਂ ਨਾ ਦਿੱਤੀ। ਗੁਰੂ ਸਾਹਿਬ ਨੇ 'ਵੱਸਦੇ ਰਹੋ' ਕਹਿ ਕੇ ਇੱਥੋਂ ਕੂਚ ਕੀਤਾ। ਜਿਸ ਵਣ ਬਿਰਛ ਹੇਠ ਗੁਰੂ ਸਾਹਿਬ ਬਿਰਾਜੇ, ਉਹ ਗੁਰਦੁਆਰਾ ਮਾਲ ਸਾਹਿਬ ਕਰਕੇ ਪ੍ਰਸਿੱਧ ਹੈ। ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ। ਪੁਜਾਰੀ ਨਾਮਧਾਰੀ ਸਿੰਘ ਹੈ। ਇਕ ਚੇਤ ਨੂੰ ਮੇਲਾ ਲਗਦਾ ਹੈ। ਪਿੰਡ ਕੰਗਣਪੁਰ ਮੌਜੂਦਾ ਸਮੇਂ ਲਾਹੌਰ ਤੋਂ 115 ਕਿੱਲੋਮੀਟਰ ਅਤੇ ਕਸੂਰ ਤੋਂ 64 ਕਿੱਲੋਮੀਟਰ ਦੀ ਦੂਰੀ 'ਤੇ ਹੈ।
ਗੁਰੂ ਸਾਹਿਬ ਦੇ ਪਿੰਡ ਮਾਣਕ ਦੇਕੇ ਪਹੁੰਚਣ ਬਾਰੇ ਜਦੋਂ ਉਸ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਲਿਆਂ ਉਨ੍ਹਾਂ ਦੀ ਬੜੀ ਆਉ-ਭਗਤ ਕੀਤੀ ਅਤੇ ਤਹਿ ਦਿਲੋਂ ਸਤਿਕਾਰ ਕੀਤਾ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ 'ਉੱਜੜ ਜਾਣ' ਦੀ ਅਸੀਸ ਦਿੱਤੀ। ਸਿੱਖ ਇਤਿਹਾਸ ਮੁਤਾਬਿਕ ਭਾਈ ਮਰਦਾਨਾ ਤੋਂ ਇਹ ਸਭ ਵੇਖ ਰਿਹਾ ਨਾ ਗਿਆ ਅਤੇ ਉਨ੍ਹਾਂ ਗੁਰੂ ਸਾਹਿਬ ਅੱਗੇ ਅਰਜੋਈ ਕੀਤੀ ਕਿ, 'ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਉਨ੍ਹਾਂ ਨੂੰ ਵਸਦੇ ਰਹੋ ਅਤੇ ਜਿਨ੍ਹਾਂ ਨੇ ਸੇਵਾ ਕੀਤੀ ਉਨ੍ਹਾਂ ਲਈ ਵਚਨ ਹੋਇਆ ਕਿ ਉੱਜੜ ਜਾਓ; ਇਸ ਬਾਰੇ ਵਿਸਥਾਰ ਨਾਲ ਸਮਝਾਉਣ ਦੀ ਕਿਰਪਾਲਤਾ ਕਰੋ।' ਗੁਰੂ ਜੀ ਨੇ ਫ਼ਰਮਾਇਆ ਕਿ ਪਿੰਡ ਮਾਣਕ ਦੇਕੇ ਦੇ ਲੋਕ ਜਿੱਥੇ ਵੀ ਉੱਜੜ ਕੇ ਜਾਣਗੇ, ਉੱਥੇ ਨੇਕੀ ਤੇ ਭਲਾਈ ਹੀ ਵਰਤਾਉਣਗੇ, ਪਰ ਪਿੰਡ ਕੰਗਣਪੁਰ ਦੇ ਲੋਕ ਜਿੱਥੇ ਵੀ ਜਾਣਗੇ ਉੱਥੇ ਨਫ਼ਰਤ ਤੇ ਵਿਰੋਧ ਹੀ ਪ੍ਰਗਟ ਕਰਨਗੇ। ਇਸ ਲਈ ਪਿੰਡ ਕੰਗਣਪੁਰ ਦੇ ਵਸਨੀਕਾਂ ਨੂੰ ਇਕ ਹੀ ਜਗ੍ਹਾ ਵਸਦੇ ਰਹਿਣ ਅਤੇ ਪਿੰਡ ਮਾਣਕ ਦੇਕੇ ਦੇ ਵਸਨੀਕਾਂ ਨੂੰ ਉੱਜੜਨ ਦੀ ਅਸੀਸ ਦਿੱਤੀ ਹੈ। ਗੁਰਦੁਆਰਾ ਮਾਲ ਜੀ ਸਾਹਿਬ ਖੁਡੀਆਂ-ਕੰਗਣਪੁਰ ਰੋਡ 'ਤੇ ਮੌਜੂਦ ਹੈ। ਗੁਰਦੁਆਰੇ ਦੀ ਮੌਜੂਦਾ ਇਮਾਰਤ ਸੰਨ 1939 'ਚ ਉਸਾਰੀ ਗਈ। ਦੇਸ਼ ਦੀ ਵੰਡ ਤੋਂ ਬਾਅਦ ਇਸ 'ਚ ਭਾਰਤ ਤੋਂ ਗਏ ਸ਼ਰਨਾਰਥੀ ਪਰਿਵਾਰ ਰਹਿ ਰਹੇ ਹਨ, ਪਰ ਰੱਖ-ਰਖਾਅ ਦੀ ਕਮੀ ਕਰਕੇ ਅਸਥਾਨ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਉਕਤ ਦੇ ਇਲਾਵਾ ਪਿੰਡ ਮਾਣਕ ਦੇਕੇ ਦੇ ਬਾਹਰਵਾਰ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਗਲੀ 'ਚ ਗੁਰਦੁਆਰਾ ਮੰਜੀ ਸਾਹਿਬ ਮੌਜੂਦ ਹੈ। ਇਸ ਅਸਥਾਨ ਦੀ ਹਾਲਤ ਵੀ ਬਹੁਤ ਖ਼ਸਤਾ ਹੈ ਅਤੇ ਇਸ ਦੇ ਅੰਦਰ ਦੇਸ਼ ਦੀ ਵੰਡ ਵੇਲੇ ਮੇਵਾੜ ਤੋਂ ਗਏ ਸ਼ਰਨਾਰਥੀ ਪਰਿਵਾਰ ਰਹਿ ਰਹੇ ਹਨ। ਇਸੇ ਪ੍ਰਕਾਰ ਪਿੰਡ ਕੰਗਣਪੁਰ ਦੇ ਮੁਹੱਲਾ ਮੋਤੀ ਮਸਜਿਦ 'ਚ ਸਥਾਪਿਤ ਗੁਰਦੁਆਰਾ ਬੜਾ ਸਿੰਘ ਵਧਵਾ ਦੀ ਗੁੰਬਦਦਾਰ ਇਮਾਰਤ ਤਾਂ ਮੌਜੂਦ ਹੈ, ਪਰ ਇਸ ਦੇ ਅੰਦਰ ਦੇਸ਼ ਦੀ ਵੰਡ ਵੇਲੇ ਫ਼ਿਰੋਜ਼ਪੁਰ ਤੋਂ ਗਏ ਰਫ਼ਿਊਜ਼ੀ ਪਰਿਵਾਰ ਰਹਿ ਰਹੇ ਹਨ।


-ਅੰਮ੍ਰਿਤਸਰ। ਮੋਬਾ: 93561-27771

ਅੱਜ ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)

ਚੰਡੀਗੜ੍ਹ ਤੋਂ ਆਉਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮੁੱਖ ਮਾਰਗ 'ਤੇ ਸਥਿਤ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ)। ਇਹ ਅਸਥਾਨ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦਾ ਸ਼ਹੀਦੀ ਅਸਥਾਨ ਹੈ। ਬਾਬਾ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ 18 ਮੱਘਰ 1755 ਈ: ਨੂੰ ਨਾਰੰਗਪੁਰ ਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ। ਉਨ੍ਹਾਂ ਨੇ 10 ਸਾਲ ਬੁੱਢਾ ਦਲ ਦੇ ਜਥੇਦਾਰ ਰਹਿਣ ਦਾ ਮਾਣ ਪ੍ਰਾਪਤ ਕੀਤਾ। ਦਸੰਬਰ, 1845 ਈ: ਨੂੰ ਜਿਸ ਵਕਤ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ ਤਾਂ ਉਸ ਵੇਲੇ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਰਾਹੀਂ ਸ: ਸ਼ਾਮ ਸਿੰਘ ਅਟਾਰੀ ਨੂੰ ਖ਼ਾਲਸਾ ਪੰਥ ਬੁੱਢਾ ਦਲ ਦੇ ਨਾਂਅ ਸੰਦੇਸ਼ ਲਿਖ ਕੇ ਪੰਥ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਪਾਸ ਸ੍ਰੀ ਅੰਮਿਤਸਰ ਬੇਨਤੀ ਕੀਤੀ। ਬਾਬਾ ਜੀ ਨੇ ਉਸੇ ਵੇਲੇ ਸਿੰਘਾਂ ਸਮੇਤ ਮੈਦਾਨੇ ਜੰਗ ਲਈ ਚਾਲੇ ਪਾ ਦਿੱਤੇ।
ਮੁੁਦਕੀ ਅਤੇ ਫੇਰੂ ਸ਼ਹਿਰ ਪਹੁੰਚ ਕੇ ਸਿੰਘਾਂ ਅਤੇ ਅੰਗਰੇਜ਼ਾਂ ਵਿਚ ਘਮਾਸਾਨ ਯੁੱਧ ਹੋਇਆ, ਜਿਸ ਵਿਚ ਸਿੰਘਾਂ ਨੇ ਅੰਗਰੇਜ਼ਾਂ ਦੀ 10 ਹਜ਼ਾਰ ਤੋਂ ਵਧੇਰੇ ਫ਼ੌਜ ਨੂੰ ਮੌਤ ਦੇ ਘਾਟ ਉਤਾਰਦਿਆਂ ਮੂੰਹ-ਤੋੜਵਾਂ ਜਵਾਬ ਦਿੱਤਾ। ਬੁੱਢਾ ਦਲ ਪਟਿਆਲੇ ਨਿਹੰਗ ਸਿੰਘਾਂ ਦੇ ਟੋਭੇ 'ਤੇ ਪਹੁੰਚ ਗਿਆ, ਅੰਗਰੇਜ਼ਾਂ ਦੇ ਇਕ ਝੋਲੀ ਚੁੱਕ ਕਰਮ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੰਘਾਂ 'ਤੇ ਤੋਪਾਂ ਨਾਲ ਹਮਲਾ ਕਰਵਾ ਦਿੱਤਾ, ਜਿਸ ਵਿਚ 15 ਕੁ ਹਜ਼ਾਰ ਸਿੰਘ ਸ਼ਹੀਦ ਹੋ ਗਏ। ਅਖੀਰ ਸਿੰਘਾਂ ਨੇ ਲੜਦਿਆਂ-ਲੜਦਿਆਂ ਘੜਾਮ ਵੱਲ ਚਾਲੇ ਪਾ ਦਿੱਤੇ। ਘੜਾਮ ਪੁੱਜ ਕੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਤੋਪ ਦਾ ਗੋਲਾ ਲੱਗਣ ਕਾਰਨ ਸਖ਼ਤ ਜ਼ਖਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਰਾਜਪੁਰਾ ਹੁੰਦੇ ਹੋਏ ਨਗਰ ਸੋਹਾਣਾ, ਮੁਹਾਲੀ ਵਿਖੇ ਪਹੁੰਚੇ ਅਤੇ ਹਜ਼ਾਰਾਂ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿਚ ਇਸ ਅਸਥਾਨ 'ਤੇ ਸ਼ਹੀਦੀ ਦਾ ਜਾਮ ਪੀ ਗਏ। ਪਿੰਡ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਬੜੇ ਹੀ ਸਤਿਕਾਰ ਸਹਿਤ ਗੁਰੂ-ਘਰ ਦੀ ਸਾਂਭ-ਸੰਭਾਲ ਅਤੇ ਕਾਰ ਸੇਵਾ ਕੀਤੀ ਜਾ ਰਹੀ ਹੈ। ਇਸ ਸ਼ਹੀਦੀ ਅਸਥਾਨ ਵਿਖੇ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਕਈ ਕਾਰਜ ਚੱਲ ਰਹੇ ਹਨ, ਜਿਸ ਵਿਚ 29 ਨਵੰਬਰ, 1993 ਤੋਂ ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰੰਤਰ ਲੜੀ ਜਾਰੀ ਹੈ। ਲੜੀ ਦੇ 101 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਣ 'ਤੇ ਬਾਬਾ ਜੀ ਦੇ ਬਚਨਾਂ ਅਨੁਸਾਰ ਦੇਸੀ ਘਿਓ ਦੀਆਂ ਜਲੇਬੀਆਂ ਦਾ ਅਤੁੱਟ ਜੱਗ ਕਰਾਇਆ ਜਾਂਦਾ ਹੈ।
ਸੰਤ ਹੰਸਾਲੀ ਵਾਲਿਆਂ ਵਲੋਂ 140 ਫੁੱਟ ਲੰਬਾਈ, 110 ਫੁੱਟ ਚੌੜਾਈ, 127 ਫੁੱਟ ਉਚਾਈ ਵਾਲੇ ਗੁਰਦੁਆਰਾ ਸਾਹਿਬ ਦੇ ਗੁੰਬਦਾਂ ਦੇ ਉੱਪਰ ਸੋਨੇ ਦੇ ਕਲਸ਼ਾਂ ਨੂੰ ਚੜ੍ਹਾਉਣ ਦੀ ਸੇਵਾ ਆਪਣੇ ਕਰ ਕਮਲਾਂ ਨਾਲ ਕਰਵਾਈ ਗਈ ਹੈੈ। ਇਸ ਸਮੇਂ ਆਲੀਸ਼ਾਨ ਦਰਬਾਰ ਸਾਹਿਬ ਜੀ ਤੇ ਅੰਦਰੋਂ-ਬਾਹਰੋਂ ਤਰਾਸ਼ੇ ਹੋਏ ਸਫ਼ੇਦ ਸੰਗਮਰਮਰ ਲਗਾਉਣ ਦੀ ਸੇਵਾ, ਛੱਤਾਂ 'ਤੇ ਸੁਨਹਿਰੀ ਮੀਨਾਕਾਰੀ ਦੀ ਸੇਵਾ, ਪੂਰੇ ਦਰਬਾਰ ਸਾਹਿਬ ਜੀ ਨੂੰ ਹੋਰ ਸੁੰਦਰ ਤੇ ਸਹੂਲਤਾਂ ਵਾਲਾ ਬਣਾਉਣ ਦੀ ਸੇਵਾ ਚੱਲ ਰਹੀ ਹੈ। ਇਸ ਅਸਥਾਨ 'ਤੇ ਬਾਬਾ ਹਨੂੰਮਾਨ ਸਿੰਘ ਦੀ ਯਾਦ ਵਿਚ ਡਿਸਪੈਂਸਰੀ ਅਤੇ ਕੰਪਿਊਟਰਾਈਜ਼ਡ ਲੈਬੋਰੇਟਰੀ ਵੀ ਚੱਲ ਰਹੀ ਹੈ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਬਾਬਾ ਹਨੂੰਮਾਨ ਸਿੰਘ ਯਾਦਗਾਰੀ ਕੁਸ਼ਤੀ ਦੰਗਲ ਕਰਵਾਏ ਜਾਂਦੇ ਹਨ, ਜਿਸ ਵਿਚ ਦੇਸ਼-ਵਿਦੇਸ਼ ਦੇ ਨਾਮੀ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦੇ ਹਨ। ਸ਼ਹੀਦ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਹਰ ਸਾਲ 18 ਮੱਘਰ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਅੱਜ 3 ਦਸੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।


-ਮੁਹਾਲੀ। ਮੋਬਾ: 98157-07865

ਬਰਸੀ 'ਤੇ ਵਿਸ਼ੇਸ਼

ਉੱਘੇ ਸਿੱਖ ਚਿੰਤਕ ਡਾ: ਭਾਈ ਜੋਧ ਸਿੰਘ ਨੂੰ ਯਾਦ ਕਰਦਿਆਂ

80 ਵਰ੍ਹਿਆਂ ਦੀ ਵਡੇਰੀ ਉਮਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਬਣਨ ਵਾਲੇ 'ਸਰਦਾਰ ਬਹਾਦਰ' ਅਤੇ 'ਪਦਮ ਭੂਸ਼ਨ' ਦਾ ਸਨਮਾਨ ਪ੍ਰਾਪਤ ਕਰਨ ਵਾਲੇ ਡਾ: ਭਾਈ ਜੋਧ ਸਿੰਘ ਅਜਿਹੇ ਸਿੱਖ-ਚਿੰਤਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕ ਅੱਜ ਵੀ ਪਿਆਰ ਅਤੇ ਸਨੇਹ ਨਾਲ ਯਾਦ ਕਰ ਰਹੇ ਹਨ। ਡਾ: ਭਾਈ ਜੋਧ ਸਿੰਘ ਨੇ ਆਪਣੀ ਹਯਾਤੀ ਦੌਰਾਨ ਸਿੱਖ ਸੋਚ ਅਤੇ ਸਿੱਖ ਸੱਭਿਆਚਾਰ ਦੇ ਵਿਸਥਾਰ ਲਈ ਅਜਿਹੇ ਯਾਦਗਾਰੀ ਕਾਰਜ ਕੀਤੇ, ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਇਕੱਠੇ ਹੋ ਕੇ ਵੀ ਨਹੀਂ ਕਰ ਸਕੀਆਂ। ਇਸ ਉੱਘੀ ਸ਼ਖ਼ਸੀਅਤ ਦਾ ਜਨਮ 31 ਮਈ, 1882 ਈ: ਨੂੰ ਬਖਸ਼ੀ ਰਾਮ ਲਾਂਬਾ ਦੇ ਘਰ ਮਾਈ ਗੁਲਾਬ ਦੇਵੀ ਦੀ ਕੁੱਖ ਤੋਂ ਪਿੰਡ ਘੁੰਗਰੀਲਾ, ਤਹਿ: ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ ਵਿਚ ਹੋਇਆ। ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਂਅ ਸੰਤ ਸਿੰਘ ਸੀ। ਇਨ੍ਹਾਂ ਦੀ ਪਰਵਰਿਸ਼ ਦਾਦਾ ਸ: ਤੇਜਾ ਸਿੰਘ ਨੇ ਕੀਤੀ। 1898 ਈ: ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਵਿਚ ਵਜ਼ੀਫਾ ਪ੍ਰਾਪਤ ਕੀਤਾ।
ਇਸ ਤੋਂ ਪਿੱਛੋਂ ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਐਫ. ਏ. ਦਾ ਇਮਤਿਹਾਨ ਪਾਸ ਕੀਤਾ। ਸੰਨ 1900 ਈ: ਵਿਚ ਡਾਕਖਾਨੇ ਦੀ ਨੌਕਰੀ ਤੋਂ ਪਿੱਛੋਂ ਟ੍ਰਾਂਸਪੋਰਟ ਵਿਭਾਗ ਵਿਚ ਵੀ ਕੰਮ ਕੀਤਾ। 1902 ਈ: ਵਿਚ ਸ: ਸੁੰਦਰ ਸਿੰਘ ਮਜੀਠੀਆ ਨੇ ਭਾਈ ਜੋਧ ਸਿੰਘ ਨੂੰ ਆਪਣੇ ਘਰ ਵਿਚ ਹੀ ਆਪਣੇ ਬੱਚਿਆਂ ਦੇ ਅਧਿਆਪਕ ਵਜੋਂ ਨਿਯੁਕਤ ਕੀਤਾ। 1904 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਪਿੱਛੋਂ ਫਾਰ ਮੈਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਗਣਿਤ ਦੇ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ। 1906 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ 'ਚ ਗਣਿਤ ਅਤੇ ਧਾਰਮਿਕ ਸਿੱਖਿਆ ਦੇ ਲੈਕਚਰਾਰ ਵਜੋਂ ਨਿਯੁਕਤੀ ਪ੍ਰਾਪਤ ਕੀਤੀ।
ਅੰਗਰੇਜ਼ੀ ਵਿਚ 'ਜਪੁਜੀ', 'ਲਾਈਫ ਆਫ ਸ੍ਰੀ ਗੁਰੂ ਅਮਰਦਾਸ ਜੀ', '33 ਸਵੱਯੇ', 'ਸਮ ਸਟਡੀਜ਼ ਇਨ ਸਿੱਖਇਜ਼ਮ', 'ਗੋਸਪਲ ਆਫ ਗੁਰੂ ਨਾਨਕ ਇਨ ਹਿਜ਼ ਓਨ ਵਰਡਜ਼' ਅਤੇ 'ਕਬੀਰ' ਆਦਿ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ। ਇਸ ਵੱਡੇ ਕਾਰਜ ਤੋਂ ਇਲਾਵਾ ਕਈ ਵਿਸ਼ਵਕੋਸ਼ਾਂ ਅਤੇ ਪੁਸਤਕਾਂ ਵਿਚ ਉਨ੍ਹਾਂ ਵੱਲੋਂ ਕੀਤੇ ਇੰਦਰਾਜ਼ ਅਤੇ ਵੱਖ-ਵੱਖ ਵਿਸ਼ਿਆਂ 'ਤੇ ਲਿਖੇ ਲੇਖ ਵੀ ਯਾਦਗਾਰੀ ਕੰਮ ਵਜੋਂ ਸਤਿਕਾਰੇ ਜਾਂਦੇ ਹਨ। ਡਾ: ਭਾਈ ਜੋਧ ਸਿੰਘ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਲੁਧਿਆਣਾ 'ਚ ਆਪਣੀ ਰਿਹਾਇਸ਼ ਵਿਚ ਬਿਤਾਏ। ਇਸ ਸਮੇਂ ਦੌਰਾਨ ਉਨ੍ਹਾਂ ਪ੍ਰੋ: ਗੁਰਬਚਨ ਸਿੰਘ ਤਾਲਿਬ ਵੱਲੋਂ ਤਿਆਰ ਕੀਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਅੰਗਰੇਜ਼ੀ ਅਨੁਵਾਦ ਦੀ ਸੋਧ-ਸੁਧਾਈ ਦਾ ਕਾਰਜ ਕੀਤਾ। ਆਪਣੀ ਲੰਮੀ, ਸੂਝ ਤੇ ਸਹਿਜ ਵਾਲੀ ਉਮਰ ਦੇ ਸੌਵੇਂ ਵਰ੍ਹੇ ਵਿਚ ਉਨ੍ਹਾਂ 4 ਦਸੰਬਰ, 1981 ਨੂੰ ਆਪਣੇ ਅੰਤਿਮ ਸੁਆਸ ਲੁਧਿਆਣਾ ਵਿਖੇ ਲਏ।


bhagwansinghjohal@gmail.com

ਸ਼ਬਦ ਵਿਚਾਰ

ਸੁਣਿਐ ਸਰਾ ਗੁਣਾ ਕੇ ਗਾਹ॥

'ਜਪੁ' ਪਉੜੀ ਗਿਆਰਵੀਂ
ਸੁਣਿਐ ਸਰਾ ਗੁਣਾ ਕੇ ਗਾਹ॥
ਸੁਣਿਐ ਸੇਖ ਪੀਰ ਪਾਤਿਸਾਹ॥
ਸੁਣਿਐ ਅੰਧੇ ਪਾਵਹਿ ਰਾਹੁ॥
ਸੁਣਿਐ ਹਾਥ ਹੋਵੈ ਅਸਗਾਹੁ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥ ੧੧॥ (ਅੰਗ 3)
ਪਦ ਅਰਥ : ਸਰਾ ਗੁਣਾ-ਗੁਣਾਂ ਦਾ ਸਰੋਵਰ, ਬੇਅੰਤ ਗੁਣ। ਗਾਹ-ਗਾਹ ਲਈਦਾ ਹੈ, ਸੋਝੀ ਪੈ ਜਾਂਦੀ ਹੈ। ਅੰਧੇ-ਗਿਆਨਹੀਣ, ਅਗਿਆਨੀ। ਰਾਹੁ-ਰਸਤਾ, ਮਾਰਗ। ਹਾਥ ਹੋਵੈ-ਹੱਥ ਜਿੰਨਾ ਹੋ ਜਾਂਦਾ ਹੈ, ਅਸਲੀਅਤ ਦੀ ਸੋਝੀ ਪੈ ਜਾਂਦੀ ਹੈ। ਅਸਗਾਹੁ-ਡੂੰਘਾ ਸੰਸਾਰ ਸਮੁੰਦਰ।
ਸੁਣੀਐ ਦੀ ਇਹ ਚੌਥੀ ਪਉੜੀ ਹੈ, ਜਿਸ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਵੇਂ-ਜਿਵੇਂ ਜਗਿਆਸੂ ਦੀ ਲਿਵ ਪ੍ਰਭੂ ਵਿਚ ਜੁੜਦੀ ਹੈ, ਪ੍ਰਭੂ ਦੇ ਨਾਮ ਨੂੰ ਸੁਣਨਾ ਕਰਦਾ ਹੈ, ਉਸ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਇਹ ਸੰਸਾਰ ਅਥਾਹ ਸਮੁੰਦਰ ਵਾਂਗ ਹੈ, ਜਿਸ ਵਿਚ ਮਨੁੱਖ ਅੰਨ੍ਹਿਆਂ ਵਾਂਗ ਇਧਰ-ਉਧਰ ਭਟਕਦਾ ਹੱਥ-ਪੈਰ ਮਾਰਦਾ ਰਹਿੰਦਾ ਹੈ। ਪਰ ਜਿਨ੍ਹਾਂ ਨੇ ਨਾਮ ਨੂੰ ਸੁਣਨਾ ਕੀਤਾ ਹੈ, ਉਹ ਇਨ੍ਹਾਂ ਘੁੰਮਣਘੇਰੀਆਂ 'ਚੋਂ ਤਰ ਕੇ ਪਾਰ ਲੰਘ ਜਾਂਦੇ ਹਨ। ਅਜਿਹੇ ਜਗਿਆਸੂਆਂ, ਜਿਨ੍ਹਾਂ ਨੂੰ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ, ਆਪ ਜੀ ਨੇ ਉਨ੍ਹਾਂ ਨੂੰ ਸ਼ੇਖ, ਪੀਰ ਅਤੇ ਪਾਤਸ਼ਾਹ ਕਰਕੇ ਗਰਦਾਨਿਆ ਹੈ।
ਅਸਲ ਵਿਚ ਸ਼ੇਖ ਤੇ ਪੀਰ ਅੱਖਰ ਇਸਲਾਮੀ ਮੱਤ ਨਾਲ ਸਬੰਧ ਰੱਖਦੇ ਹਨ। ਸ਼ੇਖ ਤੋਂ ਭਾਵ ਹੈ ਜੋ ਰੱਬ ਨਾਲ ਇਕਮਿਕ ਹੋਏ ਰਹਿੰਦੇ ਹਨ। ਪੀਰ ਤੋਂ ਭਾਵ ਹੈ ਗੁਰੂ ਜਿਵੇਂ ਪੀਰ ਬੁਧੂ ਸ਼ਾਹ। ਪਾਤਸ਼ਾਹ ਤੋਂ ਅਰਥ ਹੈ ਬਾਦਸ਼ਾਹ ਪਰ ਬਾਦਸ਼ਾਹ ਜਿਥੇ ਰਾਇਆ 'ਤੇ ਰਾਜ ਕਰਦਾ ਹੈ, ਉਥੇ ਪਾਤਸ਼ਾਹ ਰਈਅਤ ਦੇ ਦਿਲਾਂ 'ਤੇ ਰਾਜ ਕਰਦਾ ਹੈ। ਬਾਦਸ਼ਾਹ ਦਾ ਸਬੰਧ ਦੁਨਿਆਵੀ ਸੁਖਾਂ ਨਾਲ ਹੈ, ਜੋ ਧਨ-ਦੌਲਤ ਜਾਂ ਹੋਰ ਦੁਨਿਆਵੀ ਸੁਖ ਤਾਂ ਦੇ ਸਕਦਾ ਹੈ ਪਰ ਜਗਿਆਸੂ ਨੂੰ ਪ੍ਰਭੂ ਨਾਲ ਮਿਲਾ ਨਹੀਂ ਸਕਦਾ। ਇਸ ਨੂੰ ਹੋਰ ਸਪੱਸ਼ਟ ਕਰਨ ਲਈ ਗੁਰ ਇਤਿਹਾਸ ਵਿਚੋਂ ਇਕ ਸਾਖੀ ਦਿੱਤੀ ਜਾਂਦੀ ਹੈ।
ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਨੂੰ ਜਾਂਦੇ ਹੋਏ ਕੁਝ ਦਿਨਾਂ ਲਈ ਮਜਨੂੰ ਦੇ ਟਿੱਲੇ, ਦਿੱਲੀ ਵਿਖੇ ਆ ਕੇ ਠਹਿਰੇ, ਜਿਥੇ ਬਾਦਸ਼ਾਹ ਜਹਾਂਗੀਰ ਉਨ੍ਹਾਂ ਨੂੰ ਮਿਲਣ ਆਇਆ ਅਤੇ ਗੁਰੂ-ਘਰ ਬਾਰੇ ਪਈ ਗ਼ਲਤ ਫਹਿਮੀ ਬਾਰੇ ਗੁਰੂ ਜੀ ਨੂੰ ਦੱਸਿਆ। ਉਸ ਨੇ ਗੁਰੂ-ਘਰ ਨਾਲ ਨੇੜਤਾ ਬਣਾਈ ਰੱਖਣ ਦੀ ਇੱਛਾ ਵੀ ਜ਼ਾਹਿਰ ਕੀਤੀ। ਗੁਰੂ ਜੀ ਬਾਦਸ਼ਾਹ ਦੀਆਂ ਨੀਤੀਆਂ ਤੋਂ ਭਾਵੇਂ ਭਲੀਭਾਂਤ ਜਾਣੂ ਸਨ ਪਰ ਫਿਰ ਵੀ ਉਹ ਬਾਦਸ਼ਾਹ ਨੂੰ ਮੌਕਾ ਦੇਣਾ ਚਾਹੁੰਦੇ ਸਨ। ਬਾਦਸ਼ਾਹ ਦੇ ਕਹਿਣ 'ਤੇ ਗੁਰੂ ਜੀ ਕੁਝ ਦਿਨਾਂ ਲਈ ਦਿੱਲੀ ਠਹਿਰ ਗਏ।
ਇਕ ਦਿਨ ਬਾਦਸ਼ਾਹ ਅਤੇ ਗੁਰੂ ਜੀ ਸ਼ਿਕਾਰ ਖੇਡਦੇ-ਖੇਡਦੇ ਦੂਰ ਨਿਕਲ ਗਏ। ਗੁਰੂ ਜੀ ਅਤੇ ਬਾਦਸ਼ਾਹ ਜਹਾਂਗੀਰ ਦੇ ਥੋੜ੍ਹੀ ਹੀ ਵਿੱਥ 'ਤੇ ਵੱਖ-ਵੱਖ ਤੰਬੂ ਲੱਗੇ ਹੋਏ ਸਨ। ਇਥੇ ਇਕ ਬੜੀ ਦਿਲਚਸਪ ਗੱਲ ਹੋਈ। ਇਕ ਘਾਹੀ ਜਿਸ ਨੇ ਗੁਰੂ ਜੀ ਦੀ ਬੜੀ ਉਪਮਾ ਅਤੇ ਮਹਿਮਾ ਸੁਣੀ ਹੋਈ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਥੋੜ੍ਹੀ ਦੂਰੀ 'ਤੇ ਠਹਿਰੇ ਹੋਏ ਹਨ ਤਾਂ ਉਹ ਬੜੀ ਸ਼ਰਧਾ ਤੇ ਪਿਆਰ ਨਾਲ ਗੁਰੂ ਜੀ ਦੇ ਘੋੜੇ ਵਾਸਤੇ ਘਾਹ ਲੈ ਕੇ ਆਇਆ।
ਪਹਿਲਾ ਤੰਬੂ ਜਹਾਂਗੀਰ ਦਾ ਸੀ। ਕੋਈ ਫਰਿਆਦੀ ਸਮਝ ਕੇ ਚੋਬਦਾਰ ਉਸ ਨੂੰ ਤੰਬੂ ਵਿਚ ਲੈ ਗਿਆ, ਜਿਥੇ ਬਾਦਸ਼ਾਹ ਜਹਾਂਗੀਰ ਠਹਿਰਿਆ ਹੋਇਆ ਸੀ।
ਗਾਹੀ ਨੇ ਬੜੇ ਸਤਿਕਾਰ ਨਾਲ ਜਹਾਂਗੀਰ ਅੱਗੇ ਇਕ ਟਕਾ ਭੇਟ ਕਰ ਕੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੇਰੇ 'ਤੇ ਬਖਸ਼ਿਸ਼ ਦੀ ਨਜ਼ਰ ਕਰ ਦਿਓ, ਤਾਂ ਜੋ ਮੈਂ ਭਵਜਲ ਤੋਂ ਪਾਰ ਹੋ ਸਕਾਂ ਅਤੇ ਮੇਰਾ ਜਨਮ ਸਕਾਰਥ ਹੋ ਜਾਏ। ਜਹਾਂਗੀਰ ਸਮਝ ਗਿਆ ਕਿ ਇਹ ਗਾਹੀ ਗ਼ਲਤੀ ਨਾਲ ਸਾਡੇ ਤੰਬੂ ਵਿਚ ਆ ਗਿਆ ਹੈ। ਕਹਿਣ ਲੱਗਾ ਕਿ ਬਖਸ਼ਿਸ਼ਾਂ ਦਾ ਸੱਚਾ ਪਾਤਸ਼ਾਹ ਤਾਂ ਨਾਲ ਵਾਲੇ ਤੰਬੂ ਵਿਚ ਹੈ। ਸਾਡੇ ਪਾਸ ਧਨ-ਦੌਲਤ ਹੈ ਅਤੇ ਮਿਲਖ ਜਗੀਰਾਂ ਹਨ ਪਰ ਅਸੀਂ ਤੈਨੂੰ ਪਰਵਦਗਾਰ ਨਾਲ ਨਹੀਂ ਮਿਲਾ ਸਕਦੇ।
ਇਹ ਸੁਣ ਕੇ ਘਾਹੀ ਨੇ ਬਾਦਸ਼ਾਹ ਦੇ ਅੱਗਿਓਂ ਟਕਾ ਚੁੱਕ ਲਿਆ ਅਤੇ ਆਖਣ ਲੱਗਾ ਕਿ ਬਾਦਸ਼ਾਹ ਸਲਾਮਤ, ਮੇਰੇ ਪਾਸੋਂ ਭੁੱਲ ਹੋ ਗਈ ਹੈ। ਮੈਨੂੰ ਪਤਾ ਨਹੀਂ ਸੀ, ਜਿਸ ਲਈ ਮੈਨੂੰ ਖਿਮਾ ਕਰ ਦਿਓ। ਇਹ ਟਕਾ ਮੈਂ ਸੱਚੇ ਪਾਤਸ਼ਾਹ ਵਾਸਤੇ ਹੀ ਜੋੜ ਰੱਖਿਆ ਹੈ। ਮੇਰੀ ਇਸ ਕੀਤੀ ਭੁੱਲ ਨੂੰ ਮੁਆਫ਼ ਕਰ ਦਿਓ।
ਇਹ ਸੁਣ ਕੇ ਬਾਦਸ਼ਾਹ ਦੀ ਹੈਰਾਨੀ ਦੀ ਹੱਦ ਨਾ ਰਹੀ। ਸੋਚਣ ਲੱਗਾ ਕਿ ਅਸੀਂ ਰਾਇਆ 'ਤੇ ਰਾਜ ਜ਼ੋਰ ਅਤੇ ਜਬਰ ਨਾਲ ਕਰਦੇ ਹਾਂ ਪਰ ਗੁਰੂ ਇਨ੍ਹਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਸ ਲਈ ਸਿੱਖ ਗੁਰੂ 'ਤੇ ਸਭ ਕੁਝ ਕੁਰਬਾਨ ਕਰ ਸਕਦਾ ਹੈ। ਅਜਿਹੇ ਗੁਰੂ ਨਾਲ ਹਾਲ ਦੀ ਘੜੀ ਦੋਸਤੀ ਦਾ ਹੱਥ ਵਧਾਉਣ ਵਿਚ ਹੀ ਬਿਹਤਰੀ ਹੈ, ਉਨ੍ਹਾਂ ਨਾਲ ਮਿੱਤਰਤਾ ਰੱਖਣ ਵਿਚ ਹੀ ਸਿਆਣਪ ਅਤੇ ਨੀਤੀ ਹੈ।
ਬਾਦਸ਼ਾਹ ਦੇ ਆਖਣ 'ਤੇ ਚੋਬਦਾਰ ਘਾਹੀ ਨੂੰ ਗੁਰੂ ਜੀ ਦੇ ਤੰਬੂ ਵਿਚ ਲੈ ਗਿਆ। ਘਾਹੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਕੇ ਨਿਹਾਲ ਹੋ ਗਿਆ। ਕਿਸੇ ਚੀਜ਼ ਦੀ ਮਨ ਅੰਦਰ ਅਭਿਲਾਸ਼ਾ ਹੀ ਨਾ ਰਹੀ। ਗੁਰੂ ਜੀ ਦੇ ਤੇਜ ਪ੍ਰਤਾਪ ਅਤੇ ਮੁੱਖ 'ਤੇ ਜਲਾਲ ਨੂੰ ਦੇਖ ਕੇ ਉਸ ਦੀਆਂ ਸਾਰੀਆਂ ਕਾਮਨਾਵਾਂ ਜਿਵੇਂ ਪੂਰੀਆਂ ਹੋ ਗਈਆਂ ਹੋਣ। ਇਹੋ ਹੈ ਬਾਦਸ਼ਾਹ ਅਤੇ ਪਾਤਸ਼ਾਹ ਵਿਚ ਅੰਤਰ।
ਰਾਗੁ ਬਿਲਾਵਲੁ ਵਿਚ ਜਗਤ ਗੁਰੂ ਬਾਬਾ ਜੀਵ-ਇਸਤਰੀ ਨੂੰ ਸਾਵਧਾਨ ਕਰ ਰਹੇ ਹਨ ਕਿ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਇਸ ਵਿਚ ਨਿਸ਼ਚੇ ਨੂੰ ਬਣਾਈ ਰੱਖਿਆ ਹੈ, ਅਜਿਹੀ ਜੀਵ-ਇਸਤਰੀ ਆਤਮਿਕ ਅਵਸਥਾ 'ਤੇ ਪੁੱਜ ਕੇ ਪਰਮਾਤਮਾ ਦੀ ਸਿਫਤ-ਸਾਲਾਹ ਕਰਨ ਲੱਗ ਪੈਂਦੀ ਹੈ, ਜਿਥੇ ਫਿਰ ਉਸ ਨੂੰ ਕੋਈ ਵਾਸ਼ਨਾ ਪੋਹ ਨਹੀਂ ਸਕਦੀ ਪਰ ਇਸ ਗੱਲ ਦੀ ਸੋਝੀ ਵਿਰਲੇ ਮਨੁੱਖ ਨੂੰ ਹੀ ਹੁੰਦੀ ਹੈ-
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ॥
ਅਕਥ ਕਹਾਣੀ ਪਦੁ ਨਿਰਬਾਣੀ
ਕੋ ਵਿਰਲਾ ਗੁਰਮੁਖਿ ਬੂਝਏ॥ (ਅੰਗ 844)
ਅਕਥ-ਜਿਸ ਨੂੰ ਕਥਿਆ ਨਾ ਜਾ ਸਕੇ, ਬਿਆਨ ਕੀਤਾ ਨਾ ਜਾ ਸਕੇ। ਪਦੁ-ਆਤਮਿਕ ਅਵਸਥਾ। ਨਿਰਬਾਣੀ-ਵਾਸ਼ਨਾ ਤੋਂ ਰਹਿਤ। ਬੂਝਏ-ਸਮਝਦਾ ਹੈ। ਮੰਨਿਅੜੀ-ਮੰਨ ਲੈਂਦੀ ਹੈ, ਨਿਸ਼ਚਾ ਬਣਾਈ ਰੱਖਦੀ ਹੈ।
ਰਾਗੁ ਸਾਰਗ ਕੀ ਵਾਰ ਮਹਲਾ ੪ ਵਿਚ ਵੀ ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਨਾਮ ਨੂੰ ਸੁਣਨ ਨਾਲ ਮਨ ਖਿੜਾਉ ਵਿਚ ਆ ਜਾਂਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ, ਮਨ ਅੰਦਰ ਸ਼ਾਂਤੀ ਵਰਤ ਜਾਂਦੀ ਹੈ ਅਤੇ ਸਭ ਦੁੱਖਾਂ ਦਾ ਨਾਸ ਹੋ ਜਾਂਦਾ ਹੈ-
ਨਾਇ ਸੁਣਿਐ ਮਨੁ ਰਹਸੀਐ
ਨਾਮੇ ਸਾਂਤਿ ਆਈ॥
ਨਾਇ ਸੁਣਿਐ ਮਨੁ ਤ੍ਰਿਪਤੀਐ
ਸਭ ਦੁਖ ਗਵਾਈ॥
(ਅੰਗ 1240)
ਰਹਸੀਆ-ਖਿੜ ਜਾਂਦਾ ਹੈ।
ਪਉੜੀ ਦੇ ਅੱਖਰੀਂ ਅਰਥ : ਪਰਮਾਤਮਾ ਦੇ ਨਾਮ ਨੂੰ ਸਰਵਣ ਕਰਨ ਨਾਲ ਸਾਧਾਰਨ ਮਨੁੱਖ ਵੀ ਬੇਅੰਤ ਗੁਣਾਂ ਵਾਲਾ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਜਸ ਨੂੰ ਸੁਣਨ ਵਾਲੇ ਮਨੁੱਖ ਸ਼ੇਖ, ਪੀਰ ਅਤੇ ਪਾਤਸ਼ਾਹ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਨਾਮ ਨੂੰ ਸੁਣਨ ਨਾਲ ਗਿਆਨਹੀਣ ਅਗਿਆਨੀ ਮਨੁੱਖ ਵੀ ਪਰਮਾਤਮਾ ਨੂੰ ਮਿਲਣ ਦਾ ਮਾਰਗ ਲੱਭ ਲੈਂਦਾ ਹੈ। ਪਰਮਾਤਮਾ ਦਾ ਨਾਮ ਜਸ ਸੁਣਨ ਸਦਕਾ ਸੰਸਾਰ ਰੂਪੀ ਡੂੰਘੇ ਅਤੇ ਅਥਾਹ ਸਾਗਰ (ਸਮੁੰਦਰ) ਦੇ ਭੇਦਾਂ ਦੀ ਸੋਝੀ ਪੈ ਜਾਂਦੀ ਹੈ।
ਅੰਤ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਦੀ ਸਿਫਤ-ਸਾਲਾਹ ਸੁਣਨ ਨਾਲ ਪ੍ਰਾਣੀ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਤੇ ਅਜਿਹੇ ਭਗਤਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਕੁਦਰਤ ਹੀ ਨਿਯਮਾਂ ਤਹਿਤ ਕਰਮਫ਼ਲ ਨਿਰਧਾਰਤ ਕਰਦੀ ਹੈ

ਅਕਸਰ ਲੋਕ ਆਪਣੇ-ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਸਫਲ ਬਣਾਉਣ ਲਈ ਆਪਣੇ ਵਰਗੇ ਅਗਾਂਹਵਧੂ ਜਾਂ ਸਫਲ ਸਾਥੀਆਂ ਦੀ ਉਦਾਹਰਨ ਦੇ ਕੇ ਮੁਕਾਬਲੇ ਲਈ ਪ੍ਰੇਰਦੇ ਹਨ। ਪਰ ਉਹ ਸ਼ਾਇਦ ਭੁੱਲ ਜਾਂਦੇ ਹਨ ਕਿ ਮੁਕਾਬਲੇ ਦੀ ਭਾਵਨਾ ਈਰਖਾ ਵੀ ਪੈਦਾ ਕਰਦੀ ਹੈ। ਸਵਾਮੀ ਵਿਵੇਕਾਨੰਦ ਜੀ 'ਸ਼ਖ਼ਸੀਅਤ ਨਿਰਮਾਣ' ਬਾਰੇ ਲਿਖਦੇ ਹਨ ਕਿ ਕਰਮਫਲ ਨਾਲ ਲਗਾਵ ਰੱਖਣ ਵਾਲਾ ਵਿਅਕਤੀ ਆਪਣੀ ਕਿਸਮਤ ਵਿਚ ਆਏ ਕਾਰਜ ਨੂੰ ਕੋਸਦਾ ਹੈ ਅਤੇ ਈਰਖਾਲੂ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਹੈ। ਦੂਜੇ ਪਾਸੇ ਜਿਹੜਾ ਵਿਅਕਤੀ ਕਰਮਫਲ ਵਿਚ ਲਗਾਵ ਨਹੀਂ ਰੱਖਦਾ, ਉਸ ਲਈ ਸਾਰੇ ਕਾਰਜ ਸਮਾਨ ਹਨ। ਉਸ ਲਈ ਤਾਂ ਸਾਰੇ ਕਾਰਜ ਖੁਦਗਰਜ਼ੀ ਅਤੇ ਇੰਦਰੀ-ਸੁਖ ਨੂੰ ਨਸ਼ਟ ਕਰ ਕੇ ਆਤਮਾ ਨੂੰ ਮੁਕਤ ਕਰ ਦੇਣ ਵਾਲੇ ਸ਼ਕਤੀਸ਼ਾਲੀ ਸਾਧਨ ਹਨ। ਕੁਦਰਤ ਹੀ ਆਪਣੇ ਨਿਯਮਾਂ ਅਨੁਸਾਰ ਸਾਡੇ ਕਰਮਾਂ ਦੇ ਕਰਮਫ਼ਲ ਨਿਰਧਾਰਤ ਕਰਦੀ ਹੈ। ਭਾਵੇਂ ਅਸੀਂ ਕਿਸੇ ਕਾਰਜ ਨੂੰ ਕਰਨ ਦੇ ਇਛੁੱਕ ਨਾ ਵੀ ਹੋਈਏ ਪਰ ਫਿਰ ਵੀ ਸਾਡੇ ਕੀਤੇ ਕਾਰਜ ਅਤੇ ਉਸ ਦੇ ਸਿੱਟੇ ਅਨੁਸਾਰ ਸਾਡੇ ਕਰਮਫ਼ਲ ਨਿਰਧਾਰਤ ਹੁੰਦੇ ਹਨ। ਈਰਖਾਲੂ ਵਿਅਕਤੀ ਹਮੇਸ਼ਾ ਦੁਖੀ ਰਹਿੰਦਾ ਹੈ ਅਤੇ ਆਪਣੇ-ਆਪ ਨੂੰ ਕੋਸਦਾ ਹੈ। ਅਜਿਹੇ ਵਿਅਕਤੀ ਦੇ ਕਾਰਜ ਵੀ ਨੀਰਸ ਹੁੰਦੇ ਹਨ। ਸਾਨੂੰ ਤਾਂ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਕਾਰਜ ਵਿਚ ਮਗਨ ਰਹੀਏ, ਸਾਨੂੰ ਨਿਸ਼ਚਿਤ ਹੀ ਪ੍ਰਕਾਸ਼ ਦੀ ਪ੍ਰਾਪਤੀ ਹੋਵੇਗੀ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਰਾਜਾ ਸਲਾਹੀ ਚੰਦ ਦੀ ਰਿਆਸਤ ਬਸਾਲੀ

ਜਿਥੇ ਗੁਰੂ ਗੋਬਿੰਦ ਸਿੰਘ ਜੀ ਕਈ ਦਿਨ ਠਹਿਰੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਸਾਲੀ ਵਿਖੇ ਗੁਰੂ ਜੀ ਅਤੇ ਰਾਜਾ ਸਲਾਹੀ ਚੰਦ ਦੀ ਯਾਦ ਵਿਚ ਗੁਰਦੁਆਰਾ ਝਿੜੀ ਸਾਹਿਬ ਬਣਿਆ ਹੋਇਆ ਹੈ। ਇਸ ਦੀ ਨਵੀਂ ਤੇ ਸ਼ਾਨਦਾਰ ਇਮਾਰਤ ਦਾ ਨਿਰਮਾਣ ਮਾਰਚ, 2019 ਮਹੀਨੇ ਵਿਚ ਮੁਕੰਮਲ ਕੀਤਾ ਗਿਆ ਹੈ। ਇਸ ਅਸਥਾਨ ਦੀ ਖੋਜ ਪਹਿਲਾਂ ਹੀ ਹੋ ਚੁੱਕੀ ਹੈ। ਪਹਿਲਾਂ ਇਥੇ ਇਕ ਚੌਂਕੀ ਹੀ ਬਣੀ ਹੋਈ ਸੀ ਪਰ ਬਾਅਦ ਵਿਚ ਰਾਜਾ ਸਲਾਹੀ ਚੰਦ ਦੇ ਖਾਨਦਾਨ ਨਾਲ ਸਬੰਧਿਤ ਰਾਜਪੂਤ ਲੋਕ, ਜਿਨ੍ਹਾਂ ਵਿਚ ਬਸਾਲੀ ਦੇ ਮਾਸਟਰ ਬਚਿੱਤਰ ਸਿੰਘ ਬੀ.ਐਸ.ਸੀ. ਅਤੇ ਸਵ: ਮਾਸਟਰ ਗੁਰਬਚਨ ਸਿੰਘ ਜੇਤੇਵਾਲ ਦੀ ਪਹਿਲਕਦਮੀ ਸਦਕਾ ਇਸ ਚੌਂਕੀ ਵਾਲੀ ਥਾਂ 'ਤੇ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੇ ਨਿਰਮਾਣ ਦਾ ਕੰਮ 1982 ਵਿਚ ਸ਼ੁਰੂ ਕਰਵਾਇਆ ਗਿਆ। ਜਿਸ ਪੁਰਾਣੇ ਗੁਰਦੁਆਰਾ ਸਾਹਿਬ ਦੀ ਥਾਂ ਹੁਣ ਨਵੀਂ ਸ਼ਾਨਦਾਰ ਇਮਾਰਤ ਬਣਾ ਦਿੱਤੀ ਗਈ ਹੈ। ਬਹੁਤੀ ਸਿੱਖ ਸੰਗਤ ਗੁਰੂ ਜੀ ਦੇ ਠਹਿਰਾਓ ਵਾਲੇ ਪਿੰਡ ਬਸਾਲੀ ਤੋਂ ਹਾਲੇ ਵੀ ਅਣਜਾਣ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੋਕਲ ਕਮੇਟੀ ਕੋਲ ਹੋਣ ਕਾਰਨ ਇਸ ਬਾਰੇ ਸੰਗਤਾਂ ਵਿਚ ਬਹੁਤਾ ਪ੍ਰਚਾਰ ਨਹੀਂ ਹੋ ਸਕਿਆ। ਉੱਘੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਸ: ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਬਸਾਲੀ ਦਾ ਸਿੱਖ ਇਤਿਹਾਸ ਵਿਚ ਵੱਡਾ ਸਥਾਨ ਹੈ।
ਗੁਰੂ ਜੀ ਦੇ ਬਸਾਲੀ ਠਹਿਰਾਓ ਵਾਲੇ ਦਿਨਾਂ ਵਿਚ ਸਿੱਖ ਸੰਗਤ ਤੇ ਸਥਾਨਕ ਗੁਰਦੁਆਰਾ ਕਮੇਟੀ ਨੂੰ ਨਿਰੰਤਰ ਨਗਰ ਕੀਰਤਨ ਤੇ ਧਾਰਮਿਕ ਸਮਾਗਮਾਂ ਦੀ ਲੜੀ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਨਵੀਂ ਪੀੜ੍ਹੀ ਤੇ ਬਾਹਰਲੀ ਸੰਗਤ ਵੀ ਇਸ ਇਤਿਹਾਸ ਤੋਂ ਜਾਣੂੰ ਹੋ ਸਕੇ। ਉਨ੍ਹਾਂ ਕਿਹਾ ਕਿ ਨਿਰਮੋਹਗੜ੍ਹ ਸਾਹਿਬ ਤੋਂ ਗੁਰੂ ਜੀ ਦੇ ਬਸਾਲੀ ਰੂਟ ਦੀ ਖੋਜ ਕਰਨ ਦੀ ਵੀ ਲੋੜ ਹੈ। ਰਾਜਾ ਸਲਾਹੀ ਚੰਦ ਦੇ ਖਾਨਦਾਨ ਨਾਲ ਸਬੰਧਿਤ ਬਜ਼ੁਰਗ ਰਾਣਾ ਸ਼ਮਸ਼ੇਰ ਸਿੰਘ ਕਾਂਗੜ ਅਤੇ ਮਾ: ਸੁਭਾਸ਼ ਰਾਣਾ ਬਸਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੂਰਵਜ ਰਾਜਾ ਸਲਾਹੀ ਚੰਦ ਨੇ ਗੁਰੂ ਜੀ ਦਾ ਅਥਾਹ ਸਤਿਕਾਰ ਕੀਤਾ ਸੀ ਤੇ ਗੁਰੂ ਜੀ ਵੀ ਉਨ੍ਹਾਂ ਪ੍ਰਤੀ ਬਹੁਤ ਸਨੇਹ ਰੱਖਦੇ ਸਨ। ਪਰ ਉਨ੍ਹਾਂ ਨੂੰ ਗਿਲਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਨੇ ਉਨ੍ਹਾਂ ਦੇ ਪਰਿਵਾਰ ਦੀ ਮਹਾਨ ਸੇਵਾ ਨੂੰ ਮੁੱਖ ਰੱਖਦਿਆਂ ਕਦੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਰਾਣਾ ਸੁਮੇਰ ਸਿੰਘ ਲਾਲਪੁਰ ਦਾ ਸਬੰਧ ਵੀ ਰਾਜਾ ਸਲਾਹੀ ਚੰਦ ਦੇ ਖਾਨਦਾਨ ਨਾਲ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਆਪਣੇ ਸੰਗਤ ਦਰਸ਼ਨਾਂ ਦੌਰਾਨ ਰਾਜਾ ਸਲਾਹੀ ਚੰਦ ਦੀ ਯਾਦ ਵਿਚ ਪਿੰਡ ਚੰਦਪੁਰ ਅਸਮਾਨੀ (ਸੇਰ) ਨੇੜੇ ਬਸਾਲੀ ਵਿਖੇ ਇਕ ਏਕੜ ਪੰਚਾਇਤੀ ਜ਼ਮੀਨ ਵਿਚ ਰਾਜਾ ਸਲਾਹੀ ਚੰਦ ਦੀ ਯਾਦ ਵਿਚ ਕਮਿਊਨਿਟੀ ਸੈਂਟਰ ਬਣਾਉਣ ਲਈ 25 ਲੱਖ ਦੀ ਗ੍ਰਾਂਟ ਦਿੱਤੀ ਸੀ ਪਰ ਉਹ ਯਾਦਗਾਰ ਬਣ ਨਹੀਂ ਸਕੀ। (ਸਮਾਪਤ)


-ਪਿੰਡ ਬਿੱਲਪੁਰ, ਡਾਕ: ਨੂਰਪੁਰ ਬੇਦੀ, ਤਹਿ: ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)-140117. ਮੋਬਾ: 94179 73200

95ਵੀਂ ਬਰਸੀ 'ਤੇ ਵਿਸ਼ੇਸ਼

ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲੇ

ਲੁਧਿਆਣਾ ਜ਼ਿਲ੍ਹਾ ਦੀ ਤਹਿਸੀਲ ਜਗਰਾਉਂ ਦੇ ਨੇੜਲੇ ਪਿੰਡ ਰਾਮਗੜ੍ਹ-ਭੁੱਲਰ ਦਾ ਨਾਂਅ ਪੂਰੀ ਦੁਨੀਆ ਵਿਚ ਰੁਸ਼ਨਾਉਣ ਵਾਲੇ ਮਹਾਂਪੁਰਸ਼ ਬਾਬਾ ਮੱਘਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿਆਰ-ਬਰ-ਤਿਆਰ ਸਜੇ ਹੋਏ ਸਿੰਘ ਸਨ। ਬਾਬਾ ਮੱਘਰ ਸਿੰਘ ਦਾ ਜਨਮ ਪਿੰਡ ਰਾਮਗੜ੍ਹ ਭੁੱਲਰ (ਜਗਰਾਉਂ) ਵਿਖੇ ਪਿਤਾ ਸ਼ੋਭਾ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖੋਂ 30 ਮੱਘਰ ਸੰਮਤ 1947 (13 ਦਸੰਬਰ, 1890) ਨੂੰ ਹੋਇਆ। ਉਹ ਬਚਪਨ ਤੋਂ ਹੀ ਪ੍ਰਭੂ ਭਗਤੀ ਵਿਚ ਰੰਗੇ ਹੋਏ ਸਨ। ਜਵਾਨੀ ਵਿਚ ਪੈਰ ਰੱਖਦਿਆਂ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਉਨ੍ਹਾਂ ਦੇ ਦੋ ਵਿਆਹ ਹੋਏ ਸਨ, ਪਹਿਲਾ ਵਿਆਹ ਟੂਸੇ ਪਿੰਡ ਦੇ ਸਮੁੰਦ ਸਿੰਘ ਦੀ ਲੜਕੀ ਬੀਬੀ ਧੰਨ ਕੌਰ ਨਾਲ ਹੋਇਆ ਸੀ ਅਤੇ ਦੂਸਰਾ ਵਿਆਹ ਪਿੰਡ ਮੱਲ੍ਹਾ (ਜਗਰਾਉਂ) ਦੇ ਬੁੱਧ ਸਿੰਘ ਦੀ ਲੜਕੀ ਨਾਲ ਹੋਇਆ। ਜਦੋਂ ਦੇਸ਼ ਵਿਚ ਅੰਗਰੇਜ਼ ਹਕੂਮਤ ਸੀ, ਉਸ ਵੇਲੇ ਉਹ ਫ਼ੌਜ ਵਿਚ ਭਰਤੀ ਹੋਏ। ਜਿੱਥੇ ਉਨ੍ਹਾਂ ਨੇ ਇਕ ਸਿਪਾਹੀ ਦੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਈ, ਉੱਥੇ ਉਨ੍ਹਾਂ ਨੇ ਡਿਊਟੀ ਦੌਰਾਨ ਵੀ ਪ੍ਰਭੂ ਭਗਤੀ ਨੂੰ ਨਹੀਂ ਵਿਸਾਰਿਆ, ਸਗੋਂ ਅਕਾਲ ਪੁਰਖ 'ਚ ਸ਼ਰਧਾ ਭਾਵਨਾ ਹੋਰ ਵੀ ਪ੍ਰਪੱਕ ਕਰਦਿਆਂ ਬ੍ਰਹਮ ਗਿਆਨੀ ਦੀ ਪਦਵੀ ਨੂੰ ਪ੍ਰਾਪਤ ਹੋਏ। ਉਨ੍ਹਾਂ ਨੇ 34 ਸਾਲ ਦੀ ਛੋਟੀ ਉਮਰ ਵਿਚ ਹੀ ਸਿੱਖ ਕੌਮ ਵਿਚ ਉਹ ਮੁਕਾਮ ਹਾਸਲ ਕੀਤਾ, ਜਿਸ ਨੂੰ ਪ੍ਰਾਪਤ ਕਰਨ ਲਈ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਉਹ ਦਸ ਗੁਰੂਆਂ ਦੇ ਦਰਸਾਏ ਮਾਰਗ ਦੀ ਸੇਧ ਮੁਤਾਬਿਕ ਭੁੱਲੀ-ਭਟਕੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਹੀ ਇਸ ਸੰਸਾਰ 'ਤੇ ਆਏ ਸਨ। ਫ਼ੌਜ ਦੀ ਡਿਊਟੀ ਦੌਰਾਨ ਵੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਤੀ ਅਤੇ ਗੁਰਬਾਣੀ ਦੇ ਕਥਨ 'ਕਲਯੁਗਿ ਮਹਿ ਕੀਰਤਨੁ ਪ੍ਰਧਾਨਾ' ਅਨੁਸਾਰ ਕੀਰਤਨ ਕਰਨਾ ਸ਼ੁਰੂ ਕੀਤਾ। ਨੌਕਰੀ ਛੱਡਣ ਉਪਰੰਤ ਉਨ੍ਹਾਂ ਨੇ ਕੀਰਤਨ ਕਰਨ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਅਤੇ ਮਾਲਵੇ ਖੇਤਰ ਵਿਚ ਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਆਰੰਭੀ। ਉਨ੍ਹਾਂ ਨੇ ਕਈ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਕਰਵਾਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀਆਣਾ ਸਾਹਿਬ (ਰਾਏਕੋਟ), ਸੰਸਾਰ ਪ੍ਰਸਿੱਧ ਗੁਰਦੁਆਰਾ ਮੈਹਦੇਆਣਾ ਸਾਹਿਬ, ਤਖ਼ਤੂਪੁਰਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਹੋਣ ਦੀ ਖੋਜ ਕਰ ਕੇ ਸਿੱਖ ਸੰਗਤਾਂ ਨੂੰ ਇਕ ਮਹਾਨ ਦੇਣ ਦਿੱਤੀ। ਉਨ੍ਹਾਂ ਨੇ ਜੈਤੋ ਦੇ ਮੋਰਚੇ ਲਈ ਸਿੰਘਾਂ ਦੇ ਜਥੇ ਭੇਜੇ, ਹੇਰਾਂ ਪਿੰਡ ਦੇ ਗੁਰਦੁਆਰੇ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਲੱਗੇ ਮੋਰਚੇ ਦੀ ਅਗਵਾਈ ਕੀਤੀ। ਆਖਰੀ ਦਿਨਾਂ ਵਿਚ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ ਪਹਿਲਾਂ ਪਿੰਡ ਵਿਚਾਲੇ ਤੇ ਫਿਰ ਚੜ੍ਹਦੇ ਵਾਲੇ ਪਾਸੇ ਆ ਕੇ ਬਿਰਾਜੇ ਅਤੇ ਪ੍ਰਭੂ ਭਗਤੀ ਵਿਚ ਲੀਨ ਰਹੇ ਅਤੇ ਫਿਰ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਇੱਥੇ ਹੀ ਰਹੇ।
ਆਖਰ 4 ਦਸੰਬਰ, 1924 ਨੂੰ ਉਹ 34 ਸਾਲ ਦੀ ਉਮਰ ਬਿਤਾਅ ਕੇ ਪਿੰਡ ਦੇਹੜਕਾ ਵਿਖੇ ਹੀ ਆਪਣੇ ਪੰਜ ਭੂਤਕ ਸਰੀਰ ਦਾ ਪ੍ਰਤਿਆਗ ਕਰ ਕੇ ਨਿਰੰਕਾਰ ਦੇ ਦੇਸ਼ ਜਾ ਬਿਰਾਜੇ। ਉਨ੍ਹਾਂ ਦੀ ਇੱਛਾ ਅਨੁਸਾਰ ਹੀ ਦੇਹੜਕੇ ਤੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਟਾਹਲੀਆਣਾ ਸਾਹਿਬ (ਰਾਏਕੋਟ) ਵਿਖੇ ਕੀਤਾ, ਜਿੱਥੇ ਉਨ੍ਹਾਂ ਦੀ ਅੱਜ ਵੀ ਯਾਦ ਬਣੀ ਹੋਈ ਹੈ।
ਉਨ੍ਹਾਂ ਦੀ 95ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ (ਲੁਧਿਆਣਾ) ਵਿਖੇ ਸੰਗਤਾਂ ਵਲੋਂ ਸ਼ਰਧਾ ਭਾਵਨਾ ਤੇ ਆਪਸੀ ਏਕੇ ਦਾ ਪ੍ਰਗਟਾਵਾ ਕਰਦਿਆਂ 7 ਰੋਜ਼ਾ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿਚ ਸ੍ਰੀ ਸੰਪਟ ਅਖੰਡ ਪਾਠ, ਸ੍ਰੀ ਅਖੰਡ ਪਾਠਾਂ ਦੀ ਇਕੋਤਰੀ ਤੋਂ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਕੱਲ੍ਹ 4 ਦਸੰਬਰ ਨੂੰ ਭੋਗ ਪੈ ਰਹੇ ਹਨ। ਬਾਬਾ ਮੱਘਰ ਸਿੰਘ ਦੇ ਬਰਸੀ ਸਮਾਗਮ ਪਿੰਡ ਛੀਨੀਵਾਲ ਵੀ ਮਨਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਸਹੁਰਾ ਪਿੰਡ ਮੱਲ੍ਹੇ ਤੇ ਜਨਮ ਨਗਰ ਪਿੰਡ ਰਾਮਗੜ੍ਹ ਭੁੱਲਰ ਵਿਖੇ ਬਾਬਾ ਮੱਘਰ ਸਿੰਘ ਦਾ ਜਨਮ ਦਿਹਾੜਾ ਵੀ ਧੂਮਧਾਨ ਨਾਲ ਮਨਾਇਆ ਜਾਂਦਾ ਹੈ।


-ਮੋਬਾ: 98721-93320

ਵਿਰਾਸਤ ਦੀ ਸੰਭਾਲ ਲਈ ਯਤਨਾਂ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਸ਼ਾਖਾ ਦੇ ਲੇਖਕਾਂ ਵਿਚ ਮੁੱਖ ਲੇਖਕ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਜਿਸ ਦੀਆਂ ਕੁਝ ਰਚਨਾਵਾਂ ਪੰਜਾਬੀ ਅਤੇ ਹਿੰਦੀ ਵਿਚ ਸੰਪਾਦਿਤ ਹੋ ਕੇ ਛਪੀਆਂ ਤੇ ਇਨ੍ਹਾਂ ਬਾਰੇ ਕੁਝ ਖੋਜ ਕਾਰਜ ਵੀ ਹੋਇਆ ਹੈ। ਸ਼ਮਸ਼ੇਰ ਸਿੰਘ ਅਸ਼ੋਕ ਤੇ ਕਿਰਪਾਲ ਸਿੰਘ ਦੀਆਂ ਮਿਹਰਬਾਨ ਦੀ ਸਾਹਿਤ ਸਾਧਨਾ ਬਾਰੇ ਸੁਤੰਤਰ ਪੁਸਤਕਾਂ ਮਿਲਦੀਆਂ ਹਨ ਤੇ ਮਿਹਰਬਾਨ ਦੀ ਪ੍ਰਸਿੱਧ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛਪੀ ਹੋਈ ਵੀ ਮਿਲਦੀ ਹੈ। ਇਸੇ ਸ਼ਾਖਾ ਦਾ ਇਕ ਹੋਰ ਲੇਖਕ ਭਾਈ ਦਰਬਾਰੀ ਦਾਸ ਵੀ ਹੋਇਆ ਹੈ, ਜਿਸ ਬਾਰੇ ਕੁਝ ਖੋਜ ਹੋਈ ਹੈ ਪਰ ਇਸ ਸ਼ਾਖਾ ਦੇ ਸਮੁੱਚੇ ਸਾਹਿਤ ਨੂੰ ਸਾਂਭਣ ਅਤੇ ਇਸ ਦੇ ਮੁਲਾਂਕਣ ਦਾ ਇਕ ਤਾਜ਼ਾ ਯਤਨ ਹੋਇਆ ਹੈ ਤੇ ਵਿਰਾਸਤ ਦੀ ਸੰਭਾਲ ਲਈ ਹੋਇਆ ਇਹ ਯਤਨ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ। ਇਸ ਖੋਜ ਯੋਜਨਾ ਨੂੰ ਉਲੀਕਣ ਤੇ ਇਸ ਨਾਲ ਵੱਖ-ਵੱਖ ਵਿਦਵਾਨਾਂ ਨੂੰ ਜੋੜਨ ਦਾ ਉਪਰਾਲਾ ਸਵਰਗੀ ਪ੍ਰੋ: ਪ੍ਰੀਤਮ ਸਿੰਘ ਨੇ ਕੀਤਾ ਸੀ। ਇਸ ਸ਼ਾਖਾ ਦੇ ਲੇਖਕਾਂ ਦੇ ਕਈ ਗ੍ਰੰਥ ਉਸ ਦੀ ਨਿੱਜੀ ਲਾਇਬ੍ਰੇਰੀ ਵਿਚ ਹੱਥ-ਲਿਖਤਾਂ ਦੇ ਰੂਪ ਵਿਚ ਸਾਂਭੇ ਪਏ ਸਨ, ਜਿਨ੍ਹਾਂ ਨੂੰ ਪ੍ਰਕਾਸ਼ ਵਿਚ ਲਿਆਉਣ ਹਿਤ ਉਨ੍ਹਾਂ ਨੇ ਇਹ ਖੋਜ ਯੋਜਨਾ ਉਲੀਕੀ।
ਪ੍ਰੋ: ਪ੍ਰੀਤਮ ਸਿੰਘ ਦੀ ਖੋਜ ਪ੍ਰਤਿਭਾ ਤੇ ਖੋਜ-ਸਮਰੱਥਾ ਨਿਰਵਿਵਾਦ ਹੈ। ਉਨ੍ਹਾਂ ਦੁਆਰਾ ਲਿਖੀਆਂ ਗਈਆਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਦੀ ਕੁੱਲ ਗਿਣਤੀ 60 ਤੋਂ ਉੱਪਰ ਹੈ ਤੇ ਇਹ ਸਾਰੀਆਂ ਹੀ ਕਿਸੇ ਨਾ ਕਿਸੇ ਰੂਪ ਵਿਚ ਖੋਜ ਪੁਸਤਕਾਂ ਹੀ ਹਨ। ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਪੂਰੀ ਲਗਨ ਤੇ ਮਿਹਨਤ ਨਾਲ ਖੋਜ ਖੇਤਰ ਵਿਚ ਸਰਗਰਮ ਰਿਹਾ। ਉਸ ਨੇ ਇਕ ਪ੍ਰਵਾਸੀ ਭਾਰਤੀ ਡਾ: ਜੋਗਿੰਦਰ ਸਿੰਘ ਆਲੂਵਾਲੀਆ ਨਾਲ ਰਲ ਕੇ ਮੀਣਾ ਸ਼ਾਖਾ ਦੁਆਰਾ ਰਚੇ ਗਏ ਸਾਹਿਤ ਦੇ ਸੰਕਲਨ, ਸੰਭਾਲਣ ਤੇ ਅਧਿਐਨ ਦਾ ਉੱਦਮ ਆਰੰਭਿਆ। ਮੀਣਿਆਂ ਦੀ ਇਸ ਸ਼ਾਖਾ ਨੂੰ 'ਸਿੱਖਾਂ ਦਾ ਛੋਟਾ ਮੇਲ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਅਜਿਹੇ ਸਾਰੇ ਸਾਹਿਤ ਨੂੰ ਉਜਾਗਰ ਕਰਨ ਹਿਤ ਪ੍ਰੋ: ਪ੍ਰੀਤਮ ਸਿੰਘ ਨੇ ਇਕ ਦਸ ਜਿਲਦੀ ਖੋਜ ਯੋਜਨਾ ਬਣਾਈ। ਇਸ ਯੋਜਨਾ ਦੀ ਪਹਿਲੀ ਜਿਲਦ ਵਿਚ ਅਜਿਹੇ ਸਾਰੇ ਸਾਹਿਤ ਦੀ ਜਿੱਥੇ ਵੀ ਉਹ ਪਿਆ ਹੈ, ਨਿਸ਼ਾਨਦੇਹੀ ਕੀਤੀ ਗਈ ਹੈ ਤੇ ਹਰ ਗ੍ਰੰਥ ਦਾ ਤਤਕਰਾ ਵੀ ਦਿੱਤਾ ਹੋਇਆ ਹੈ, ਤਾਂ ਜੋ ਪਾਠਕਾਂ ਨੂੰ ਕੁਝ ਪੂਰਵ ਅਨੁਮਾਨ ਹੋ ਸਕੇ। ਇੰਜ ਪਹਿਲੀ ਜਿਲਦ ਮੀਣਾ ਸ਼ਾਖਾ ਦੇ ਸਾਹਿਤ ਦਾ ਪ੍ਰਵੇਸ਼ ਦੁਆਰ ਹੈ। ਆਪਣੀ ਇਸ ਖੋਜ ਦੀ ਉਪਯੋਗਤਾ ਬਾਰੇ ਸੰਕੇਤ ਕਰਦਿਆਂ ਪ੍ਰੋ: ਪ੍ਰੀਤਮ ਸਿੰਘ ਨੇ ਲਿਖਿਆ ਹੈ, 'ਸਿੱਖਾਂ ਦੇ ਛੋਟੇ ਮੇਲ ਨੇ ਕਿਸ ਤਰ੍ਹਾਂ ਦਾ ਸਾਹਿਤ ਪੈਦਾ ਕੀਤਾ ਜਾਂ ਕਰਾਇਆ ਹੈ। ਉਹ ਸਾਡੀ ਪੁਸਤਕ ਲੜੀ ਦੇ ਸੰਪੂਰਨ ਹੋਣ ਉਪਰੰਤ ਹੀ ਮੁਲਾਂਕਣਯੋਗ ਹੋਵੇਗਾ ਪਰ ਇਹ ਦਾਅਵਾ ਅਸੀਂ ਪਹਿਲਾਂ ਹੀ ਕਰ ਸਕਦੇ ਹਾਂ ਕਿ ਸਾਡਾ ਇਸ ਲੜੀ ਰਾਹੀਂ ਜਦੋਂ ਹਰਿ ਜੀ ਕ੍ਰਿਤ 'ਸੁਖਮਨੀ ਸਹੰਸਰਨਾਮਾ', ਹਰੀਆ ਜੀ ਰਚਿਤ ਗ੍ਰੰਥ ਤੇ ਕਵੀ ਦਰਬਾਰੀ ਰਚਿਤ ਪੋਥੀ ਹਰਿ ਜਸ ਵਰਗੀਆਂ ਰਚਨਾਵਾਂ ਸ਼ੁੱਧ ਰੂਪ ਵਿਚ ਛਪ ਕੇ ਪਾਠਕਾਂ ਦੇ ਸਾਹਮਣੇ ਆਉਣਗੀਆਂ ਤਾਂ ਸਾਨੂੰ ਯਕੀਨ ਹੈ ਕਿ ਪੰਜਾਬੀ ਭਾਸ਼ਾ ਦਾ ਹਰ ਹਿਤੈਸ਼ੀ ਸਾਡੀ ਘਾਲ ਕਮਾਈ ਲਈ ਸਾਨੂੰ ਸ਼ਾਬਾਸ਼ ਦੇਵੇਗਾ।' (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX