ਤਾਜਾ ਖ਼ਬਰਾਂ


ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਅਟਾਰੀ ,18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ )-ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਵੱਲੋਂ ਸਰਹੱਦੀ ਖੇਤਰ ਘਰਿੰਡਾ ਵਿਖੇ ...
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 18 ਫਰਵਰੀ (ਅ.ਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪਟਿਆਲਾ ਅਤੇ ਅੰਮ੍ਰਿਤਸਰ ...
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਬਿਲਾਸਪੁਰ, 18 ਫਰਵਰੀ- ਛੱਤੀਸਗੜ੍ਹ 'ਚ 10 ਫਰਵਰੀ ਨੂੰ ਬੀਜਾਪੁਰ ਜ਼ਿਲ੍ਹੇ ਦੇ ਈਰਾਪੱਲੀ 'ਚ ਨਕਸਲੀਆਂ ਨਾਲ ਹੋਈ...
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਨਵੀਂ ਦਿੱਲੀ, 18 ਫਰਵਰੀ- ਪਾਕਿਸਤਾਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ...
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਲੁਧਿਆਣਾ, 18 ਫਰਵਰੀ (ਰੁਪੇਸ਼)- ਐੱਸ.ਟੀ.ਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ 1 ਕਿੱਲੋ 40 ਗ੍ਰਾਮ...
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਦੇ ਗੁਰਪ੍ਰੀਤ...
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ-ਡਾ: ਅਜਨਾਲਾ
. . .  1 day ago
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ...
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪਟਿਆਲਾ ਅਦਾਲਤ 'ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਦੇ ਖ਼ਿਲਾਫ਼ ਜ਼ਮਾਨਤ ਲੈ...
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਕਸ਼ਮੀਰੀ ਪੰਡਤਾਂ ਦੇ ਇੱਕ ਵਫ਼ਦ ਨੇ ਅੱਜ ਰਾਜਧਾਨੀ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ...
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ.ਐਸ.ਡੀ. ਗੋਪਾਲ ਮਾਧਵ ਨੂੰ ਭ੍ਰਿਸ਼ਟਾਚਾਰ ਨਾਲ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸੁਰਮਾ ਹੋਵਾਂ ਤਾਂ ਵਸਾਂ ਵੇ ਪਹਾੜੀਂ...

ਭਾਰਤ ਦੇਸ਼ ਵਿਚ ਸੋਲ੍ਹਾਂ ਦਾ ਅੰਕੜਾ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ | ਚੰਦਰਮਾ ਦਾ ਜੋਬਨ ਸੋਲ੍ਹਾਂ ਕਲਾਂ ਸੰਪੂਰਨ ਮੰਨਿਆ ਜਾਂਦਾ ਹੈ | ਇਹ ਕਲਪਨਾ ਕੀਤੀ ਜਾਂਦੀ ਹੈ ਕਿ ਚਾਨਣ ਪੱਖ ਵਾਲੇ ਪੰਦਰਾਂ ਦਿਨ ਇਸ ਦੀ ਇਕ-ਇਕ ਕਲਾ ਵਧਦੀ ਹੈ ਅਤੇ ਪੂਰਨਮਾਸ਼ੀ ਵਾਲੇ ਦਿਨ ਇਹ ਸੋਲ੍ਹਾਂ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ | ਔਰਤ ਆਪਣੇ ਸਰੀਰ ਨੂੰ ਸੰਪੂਰਨ ਰੂਪ ਵਿਚ ਨਿਖਾਰਨ ਤੇ ਦੂਸਰਿਆਂ ਨੂੰ ਸੁੰਦਰ ਦਿਸਣ ਲਈ ਸਿਰ ਤੋਂ ਪੈਰਾਂ ਤੱਕ ਸੋਲ੍ਹਾਂ ਸ਼ਿੰਗਾਰਾਂ ਨੂੰ ਵਰਤੋਂ ਵਿਚ ਲਿਆਉਂਦੀ ਹੈ | ਵਟਣਾ ਮਲਣ, ਇਸ਼ਨਾਨ ਕਰਨ, ਸੁੰਦਰ ਪਹਿਰਾਵਾ ਪਹਿਨਣ, ਕੇਸਾਂ ਨੂੰ ਸਵਾਰ ਕੇ ਉਨ੍ਹਾਂ ਵਿਚ ਫੁੱਲ ਟੰਗਣ, ਇਤਰ ਲਗਾਉਣ, ਮਹਿੰਦੀ ਲਾਉਣ, ਗਹਿਣੇ ਪਾਉਣ, ਗਲ ਵਿਚ ਹਾਰ ਪਾਉਣ ਅਤੇ ਪੈਰਾਂ ਦੀਆਂ ਤਲੀਆਂ 'ਤੇ ਮਹਾਵਰ/ਲਾਖ ਤੋਂ ਬਣਿਆ ਗੂੜ੍ਹੇ ਲਾਲ ਰੰਗ ਦਾ ਅਲਤਾ ਲਗਾਉਣ ਤੋਂ ਇਲਾਵਾ ਚਿਹਰੇ ਨੂੰ ਸੁੰਦਰ ਬਣਾਉਣ ਲਈ ਸੰਧੂਰ, ਬਿੰਦੀ, ਦੰਦਾਸਾ ਤੇ ਸੁਰਮੇ ਦੀ ਵਰਤੋਂ ਸਮੇਤ ਉਸ ਵਲੋਂ ਚਿਹਰੇ 'ਤੇ ਤਿਲ ਦਾ ਨਿਸ਼ਾਨ ਬਣਾਇਆ ਜਾਂਦਾ ਹੈ |
ਇਸ ਰੰਗਲੀ ਦੁਨੀਆ ਨੂੰ ਮਨੁੱਖ ਅੱਖਾਂ ਰਾਹੀਂ ਦੇਖਦਾ ਹੈ | ਅੱਖਾਂ ਨੂੰ ਸੋਹਣਾ ਅਤੇ ਆਕਰਸ਼ਕ ਬਣਾਉਣ ਲਈ ਸੁਰਮੇ ਤੇ ਕੱਜਲ ਤੋਂ ਇਲਾਵਾ ਵਰਤਮਾਨ ਸਮੇਂ ਵਿਚ ਮਸਕਾਰੇ, ਆਈਬ੍ਰੋ ਪੈਨਸਿਲ, ਕਾਜਲ ਪੈਨਸਿਲ, ਆਈ ਸ਼ੈਡੋ, ਅਤੇ ਆਈ ਲਾਈਨਰ ਦੀ ਵਰਤੋਂ ਕੀਤੀ ਜਾਂਦੀ ਹੈ |'ਸੁਰਮਾ' ਕਾਲੀ ਅਤੇ ਚਮਕੀਲੀ ਉਪ-ਧਾਤੂ ਦਾ ਨਾਂਅ ਹੈ | ਇਹ ਇਕ ਕਿਸਮ ਦਾ ਕਾਲਾ ਪੱਥਰ ਹੁੰਦਾ ਹੈ | ਯਹੂਦੀਆਂ ਦੀ ਮਨੌਤ ਹੈ ਕਿ ਪੈਗ਼ੰਬਰ ਮੂਸਾ ਜਦੋਂ ਅੱਲਾ ਦੇ ਦਰਸ਼ਨਾਂ ਲਈ ਤੂਰ ਪਹਾੜ ਉਤੇ ਗਏ ਸਨ ਤਾਂ ਉਨ੍ਹਾਂ ਨੂੰ ਗ਼ੈਬੀ ਆਵਾਜ਼ ਸੁਣੀ ਸੀ ਕਿ ਕੋਈ ਦੁਨਿਆਵੀਂ ਅੱਖ ਅੱਲਾ ਦੇ ਨੂਰ ਨੂੰ ਝੇਲ ਨਹੀਂ ਸਕਦੀ ਸਗੋਂ ਉਸ ਦੀ ਇਕ ਕਿਰਨ ਦੇ ਹੀ ਦਰਸ਼ਨ ਕਰ ਸਕਦੀ ਹੈ | ਕਹਿੰਦੇ ਨੇ ਨੂਰ ਦੀ ਕਿਰਨ ਪ੍ਰਕਾਸ਼ਮਾਨ ਹੋ ਕੇ ਇਕ ਚੱਟਾਨ 'ਤੇ ਟਿਕ ਗਈ | ਉਹ ਚਟਾਨ ਉਸੇ ਵੇਲੇ ਸੜ ਕੇ ਕਾਲਾ ਪੱਥਰ ਬਣ ਗਈ ਤੇ ਉਸੇ ਕਾਲੇ ਪੱਥਰ ਤੋਂ ਸੰਸਾਰ ਦਾ ਪਹਿਲਾ ਸੁਰਮਾ ਬਣਿਆ | ਵਾਲਮੀਕੀ 'ਰਮਾਇਣ' ਵਿਚ ਇਕ 'ਅੰਜਨ ਗਿਰਿ' ਭਾਵ ਸੁਰਮੇ ਦੇ ਪਹਾੜ ਦਾ ਜ਼ਿਕਰ ਆਇਆ ਹੈ | ਪਹਾੜਾਂ ਦਾ ਵਸਨੀਕ ਸੁਰਮਾ ਪੰਜਾਬਣਾਂ ਦੇ ਲੰਮੇ ਗੌਣਾਂ ਦਾ ਸ਼ਿੰਗਾਰ ਰਿਹਾ ਹੈ:
-ਸੁਰਮਾ ਹੋਵਾਂ ਤਾਂ ਵਸਾਂ ਵੇ ਪਹਾੜੀਂ
ਅੜਿਆ ਵਿਕਨਾ ਏਾ ਹੱਟ ਪਸਾਰੀ
ਤੂੰ ਸੁਣ ਲਾਲ ਮੇਰਾ, ਤੂੰ ਸਰਦਾਰ ਮੇਰਾ
ਅੜਿਆ ਘੁੰਮਨਾ ਏਾ ਗੂੜ੍ਹੇ ਨੈਣੀਂ...
ਸੁਰਮੇ ਨੂੰ 'ਅੰਜਨ' ਵੀ ਕਹਿ ਲਿਆ ਜਾਂਦਾ ਹੈ | ਸੁਰਮੇ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਬਾਜ਼ਾਰੋਂ ਸੁਰਮੇ ਦੀ ਡਲੀ ਲਿਆ ਕੇ ਸਵਾਣੀਆਂ ਵਲੋਂ ਘਰ ਹੀ ਖਰਲ ਵਿਚ ਪੀਸ ਲਈ ਜਾਂਦੀ ਹੈ ਤੇ ਤਿਆਰ ਹੋਇਆ ਸੁਰਮਾ ਸੁਰਮੇਦਾਨੀ ਵਿਚ ਪਾ ਲਿਆ ਜਾਂਦਾ ਹੈ | ਕੱਜਲ ਤਿਆਰ ਕਰਨ ਲਈ ਉਹ ਨਿੰਮ ਦੀਆਂ ਸੁੱਕੀਆਂ ਟਾਹਣੀਆਂ ਲੈ ਲੈਂਦੀਆਂ ਹਨ | ਕਿਸੇ ਗੋਲ ਭਾਂਡੇ ਆਮ ਕਰਕੇ ਬਾਟੀ ਜਾਂ ਕੌਲੀ ਦੇ ਮੂੰਹ ਜਿੰਨਾ ਧਰਤੀ ਵਿਚ ਛੋਟਾ ਜਿਹਾ ਟੋਆ ਪੁੱਟ ਕੇ, ਉਹ ਭਾਂਡਾ ਉਸ ਟੋਏ ਉਤੇ ਇਸ ਤਰ੍ਹਾਂ ਮੂਧਾ ਮਾਰ ਦਿੰਦੀਆਂ ਹਨ ਕਿ ਟੋਏ ਵਿਚ ਬਾਲ਼ੀ ਜਾਣ ਵਾਲੀ ਅੱਗ ਦਾ ਧੂੰਆਂ ਬਿਲਕੁਲ ਬਾਹਰ ਨਹੀਂ ਨਿਕਲਦਾ | ਨਿੰਮ ਦੀਆਂ ਸੁੱਕੀਆਂ ਟਹਿਣੀਆਂ ਨੂੰ ਸਰ੍ਹੋਂ ਦੇ ਤੇਲ ਵਿਚ ਭਿਉਂ ਕੇ ਟੋਏ ਵਿਚ ਅੱਗ ਬਾਲ ਲੈਂਦੀਆਂ ਹਨ | ਸਾਰਾ ਧੂੰਆਂ ਭਾਂਡੇ ਦੇ ਅੰਦਰਲੇ ਪਾਸੇ ਸੁਰਮੇ ਦੀ ਪੇਪੜੀ ਦੇ ਰੂਪ ਵਿਚ ਜੰਮ ਜਾਂਦਾ ਹੈ | ਭਾਂਡਾ ਠੰਢਾ ਹੋਣ 'ਤੇ ਉਤਾਰ ਲਿਆ ਜਾਂਦਾ ਹੈ ਤੇ ਸੁਰਮੇ ਦੀ ਪੇਪੜੀ ਨੂੰ ਪਾਊਡਰ ਵਾਂਗ ਮਹੀਨ ਪੀਸ ਲਿਆ ਜਾਂਦਾ ਹੈ | ਉਪਰੰਤ ਸਵਾਣੀਆਂ ਤਾਜ਼ੇ ਮੱਖਣ ਨੂੰ ਆਮ ਕਰਕੇ 101 ਵਾਰ ਪਾਣੀ ਨਾਲ ਧੋ ਕੇ ਰੱਖ ਲੈਂਦੀਆਂ ਹਨ ਤਾਂ ਕਿ ਮੱਖਣ ਵਿਚ ਬਿਲਕੁਲ ਖਟਾਸ ਨਾ ਰਹੇ | ਫਿਰ ਤਿਆਰ ਕੀਤੇ ਸੁਰਮੇ ਵਿਚ ਮੱਖਣ ਦੀ ਲੋੜੀਂਦੀ ਮਾਤਰਾ ਮਿਲਾ ਕੇ ਕੱਜਲ ਤਿਆਰ ਕਰ ਲੈਂਦੀਆਂ ਹਨ ਤੇ ਕਜਲੋਟੀ ਵਿਚ ਪਾ ਲੈਂਦੀਆਂ ਹਨ | ਪੰਜਾਬਣਾਂ ਵਲੋਂ ਕੱਜਲ ਤਿਆਰ ਕਰਨ ਲਈ ਇਕ ਹੋਰ ਤਰੀਕਾ ਵੀ ਵਰਤਿਆ ਜਾਂਦਾ ਹੈ | ਕਈ ਸਵਾਣੀਆਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾ ਕੇ, ਕੱਚੇ ਕੋਰੇ ਭਾਂਡੇ ਵਿਚ ਉਸ ਦੀ ਲਾਟ ਇਕੱਠੀ ਕਰ ਲੈਂਦੀਆਂ ਹਨ ਤੇ ਫਿਰ ਉਸ ਨੂੰ ਕੱਜਲ ਵਜੋਂ ਸਲਾਈ ਜਾਂ ਉਂਗਲ ਦੀ ਸਹਾਇਤਾ ਨਾਲ ਅੱਖਾਂ ਵਿਚ ਪਾਉਂਦੀਆਂ ਰਹਿੰਦੀਆਂ ਹਨ | ਇਸ ਤਰ੍ਹਾਂ ਦੀਵੇ ਦੀ ਲਾਟ ਦੇ ਉਪਰ ਵਲ ਟਿਕਾਈ ਮੂਧੀ ਚੱਪਣੀ ਨੂੰ ਲੱਗੀ ਕਾਲਖ ਵੀ ਸੁਰਮੇ/ਕੱਜਲ ਵਾਂਗ ਅੱਖਾਂ ਵਿਚ ਲਾਈ ਜਾਂਦੀ ਹੈ |
ਸੁਰਮਾ, 'ਸੁਰਮਚੂ' ਜਾਂ 'ਸਲਾਈ' ਨਾਲ ਧਾਰੀ ਬੰਨ੍ਹ ਕੇ ਪਾਇਆ ਜਾਂਦਾ ਹੈ ਪਰ ਕੱਜਲ ਸਲਾਈ ਜਾਂ ਅੰਗੂਠੇ ਦੇ ਨਾਲ ਲਗਦੀ ਉਂਗਲ ਦੇ ਉਪਰਲੇ ਪੋਟੇ ਦੇ ਸਿਰੇ ਨਾਲ ਮੋਟਾ-ਮੋਟਾ ਪਾਇਆ ਜਾਂਦਾ ਹੈ | ਕਈ ਸ਼ੌਕੀਨ ਔਰਤਾਂ ਸੁਰਮਾ/ਕੱਜਲ ਪਾ ਕੇ ਉਸ ਦਾ ਲੰਬਾ ਨਿਸ਼ਾਨ ਕਨੱਖੀਆਂ 'ਤੇ ਲਗਾ ਲੈਂਦੀਆਂ ਹਨ ਭਾਵ ਅੱਖ ਦੇ ਬਾਹਰਲੇ ਪਾਸੇ ਪੁੜਪੁੜੀ ਵੱਲ ਪੂਛ ਬਣਾ ਲੈਂਦੀਆਂ ਹਨ | ਇਸ ਪੂਛ ਨੂੰ ਸੁਰਮੇ/ਕੱਜਲ ਦਾ ਡੋਰਾ ਜਾਂ ਧਾਰੀ ਅਤੇ ਜਿਸ ਮੁਟਿਆਰ ਦੇ ਨੈਣ ਕੱਜਲ ਜਾਂ ਸੁਰਮੇ ਦੀ ਧਾਰ ਵਾਲੇ ਹੁੰਦੇ ਹਨ, ਉਸ ਨੂੰ 'ਡੋਰੇਦਾਰ ਨੈਣਾਂ ਵਾਲੀ' ਕਿਹਾ ਜਾਂਦਾ ਹੈ | ਲੋਕ-ਮਨ ਕੁਆਰੀਆਂ ਧੀਆਂ ਨੂੰ ਸਜਣ-ਸੰਵਰਨ ਅਤੇ ਪੇਕੇ ਘਰ ਸੁਰਮਾ ਪਾਉਣੋਂ ਵਰਜਦਾ ਰਿਹਾ ਹੈ :
-ਧਾਰੀ ਬੰਨ੍ਹ ਸੁਰਮਾ ਨਾ ਪਾਈਏ,
ਧੀਏ ਘਰ ਪੇਕਿਆਂ ਦੇ |
-ਆਰੀ - ਆਰੀ - ਆਰੀ
ਫੈਸ਼ਨ ਨਾ ਕਰ ਨੀ, ਤੇਰੀ ਹਾਲੇ ਉਮਰ ਕੁਆਰੀ |
ਸਾਊ ਜਿਹੇ ਬਾਬਲ ਦੀ, ਨਹੀਂ ਪੱਟੀ ਜਾਊ ਸਰਦਾਰੀ |
ਵੱਸਦਾ ਘਰ ਪੱਟ ਦੂ, ਤੇਰੀ ਇਹ ਕੱਜਲੇ ਦੀ ਧਾਰੀ |...
ਅਣਮੁਕਲਾਈਆਂ ਨੂੰ ਵੀ ਧਾਰੀ ਵਾਲਾ ਸੁਰਮਾ ਪਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ :
-ਸੁਣ ਨੀ ਕੁੜੀਏ ਬਿਨ ਮੁਕਲਾਈਏ |
ਤੀਲੀ ਲੌਾਗ ਬਿਨਾਂ ਨਾ ਪਾਈਏ |
ਪੇਕਿਆਂ ਦੇ ਪਿੰਡ ਕੁੜੀਏ,
ਧਾਰੀ ਬੰਨ੍ਹ ਸੁਰਮਾ ਨਾ ਪਾਈਏ |
ਪਰਦੇਸੀ ਪਤੀ ਦੀ ਨਾਰ ਨੂੰ ਵੀ ਸੁਰਮਾ ਪਾਉਣ ਦੀ ਮਨਾਹੀ ਰਹੀ ਹੈ | ਕਾਲੀਦਾਸ ਰਚਿਤ 'ਮੇਘਦੂਤ' ਵਿਚ ਉਨ੍ਹਾਂ ਔਰਤਾਂ ਨੂੰ ਸੁਰਮੇ ਤੋਂ ਸੱਖਣੇ ਨੈਣਾਂ ਵਾਲੀਆਂ ਦਰਸਾਇਆ ਗਿਆ ਹੈ ਜਿਨ੍ਹਾਂ ਦੇ ਪਤੀ ਪਰਦੇਸ ਗਏ ਹੋਏ ਸਨ | ਵਿਧਵਾ ਵਲੋਂ ਸੁਰਮਾ ਪਾਉਣਾ ਵੀ ਲੋਕ-ਮਨ ਨੇ ਨਾ ਸਵੀਕਾਰਿਆ |
ਲੋਕਗੀਤ ਸ਼ਬਦਾਂ ਰਾਹੀਂ ਪੰਜਾਬਣ ਦੀਆਂ ਨਿਰਛਲ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ | ਜਦੋਂ ਮਾਹੀ ਦੀ ਤਸਵੀਰ ਅੱਖਾਂ ਵਿਚ ਵਸ ਜਾਂਦੀ ਹੈ ਤਾਂ ਮੁਟਿਆਰਾਂ ਅੱਖੀਂ ਪਾਏ ਕਜਲੇ ਵਿਚ ਹੰਝੂਆਂ ਦਾ ਪਾਣੀ ਮਿਲਾ ਕੇ ਸਿਆਹੀ ਤਿਆਰ ਕਰਦੀਆਂ ਹਨ ਤੇ ਫਿਰ ਆਪਣੇ ਭਾਵਾਂ ਨੂੰ ਦਿਲ 'ਤੇ ਉਕਰਦੀਆਂ ਹੋਈਆਂ ਉਹ ਗੀਤ ਦਾ ਰੂਪ ਦੇ ਦਿੰਦੀਆਂ ਹਨ ਜਿਸ ਨੂੰ ਆਵਾਜ਼ ਦਿੰਦੀ ਹੈ - ਪੰਜਾਬ ਦੀ ਕੋਇਲ ਮਰਹੂਮ ਸ੍ਰੀਮਤੀ ਸੁਰਿੰਦਰ ਕੌਰ:
-ਇਨ੍ਹਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ
ਵੇ ਅੱਖੀਆਂ 'ਚ ਤੂੰ ਵਸਦਾ |
ਅੱਖਾਂ ਇਕ ਤਰ੍ਹਾਂ ਦੀਆਂ ਨਹੀਂ ਹੁੰਦੀਆਂ | ਇਸਦਾ ਪ੍ਰਮਾਣ ਬਣਦੇ ਨੇ ਉਹ ਗੀਤ ਤੇ ਬੋਲੀਆਂ ਜਿਨ੍ਹਾਂ ਵਿਚ ਨੀਲੀਆਂ, ਨਸ਼ੀਲੀਆਂ, ਸ਼ਰਬਤੀ, ਬਲੌਰੀ, ਸ਼ਰਾਬੀ ਅਤੇ ਟੂਣੇਹਾਰੀ ਅੱਖਾਂ ਦੀ ਬਾਤ ਪਾਈ ਗਈ ਹੈ | ਇਸੇ ਤਰ੍ਹਾਂ ਗਿੱਧਾ ਭਾਵੇਂ ਕਿਸੇ ਵੀ ਖੁਸ਼ੀ ਦੇ ਮੌਕੇ ਪੈ ਰਿਹਾ ਹੋਵੇ, ਉਸ ਵਿਚ ਸੁਰਮੇ ਜਾਂ ਕੱਜਲ ਬਾਰੇ ਬੋਲੀਆਂ ਸੁਣ ਹੀ ਲੈਂਦੇ ਹਾਂ | ਬੋਲੀਆਂ ਵਿਚ ਉਨ੍ਹਾਂ ਮੁਟਿਆਰਾਂ ਦੀ ਮਹੱਤਤਾ ਸਵੀਕਾਰ ਕੀਤੀ ਗਈ ਹੈ ਜਿਨ੍ਹਾਂ ਦੀਆਂ ਅੱਖਾਂ ਕੁਝ ਖ਼ਾਸ ਜਨੌਰਾਂ ਦੀਆਂ ਅੱਖਾਂ ਨਾਲ ਮੇਲ ਖਾਂਦੀਆਂ ਹਨ | ਲੋਕ-ਮਨ ਨੇ ਹਿਰਨੀ, ਕਬੂਤਰ ਅਤੇ ਬਿੱਲੀ ਦੀਆਂ ਅੱਖਾਂ ਨੂੰ ਆਧਾਰ ਬਣਾ ਕੇ ਅਨੇਕ ਬੋਲੀਆਂ ਦੀ ਸਿਰਜਣਾ ਕੀਤੀ :
-ਬੱਲੇ ਬੱਲੇ ਬਈ ਹਿਰਨੀ ਦੀ ਅੱਖ ਵਾਲੀਏ
ਸਾਰੇ ਪਿੰਡ ਦਾ ਮੁਕਾ ਦਿੱਤਾ ਸੁਰਮਾ .... |
ਜਿਸ ਮੁਟਿਆਰ ਦੀਆਂ ਅੱਖਾਂ ਕਬੂਤਰ ਦੀਆਂ ਅੱਖਾਂ ਵਰਗੀਆਂ ਹੁੰਦੀਆਂ ਹਨ, ਉਸ ਦਾ ਹਾਣੀ ਉਸ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਸੁੰਦਰਤਾ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ :
-ਸੁਰਮੇ ਦਾ ਕੀ ਪਾਉਣਾ,
ਤੇਰੀ ਅੱਖ ਨੀ ਕਬੂਤਰ ਵਰਗੀ |
ਪਰ ਜੇ ਬਲੌਰੀ ਅੱਖਾਂ ਵਾਲੀ ਕੁੜੀ ਸੁਰਮਾ ਪਾ ਲੈਂਦੀ ਹੈ ਤਾਂ ਉਸ ਨੂੰ ਸਵਾਇਆ ਰੂਪ ਚੜ੍ਹ ਜਾਂਦਾ ਹੈ :
-ਸੁਰਮਾ ਕਹਿਰ ਦੀ ਗੋਲੀ
ਬਿੱਲੀਆਂ ਅੱਖੀਆਂ ਨੂੰ |
-ਬੁੱਲ ਨਾ ਹਿੱਲ੍ਹਦੇ ਬਿੱਲੋ ਦੇ, ਪਰ ਬਿੱਲੀਆਂ ਅੱਖੀਆਂ ਬੋੋਲਦੀਆਂ
-ਹਾੜ੍ਹੇ ਪਾਉਂਦੀਆਂ ਬਲੌਰੀ ਅੱਖਾਂ ਘੁੰਡ ਵਿਚ ਦੀ
ਅੱਖਾਂ ਸੋਹਣਿਆਂ ਤੇਰੇ 'ਚ ਰੱਖਾਂ ਘੁੰਡ ਵਿਚ ਦੀ...
ਮਾਲਵੇ ਵਿਚ ਮਸ਼ਹੂਰ ਮਰਦਾਂ ਦੇ ਗਿੱਧੇ ਵਿਚ ਮਿਰਗ ਜਿਹੀਆਂ ਅੱਖਾਂ ਵਾਲੀ ਮੁਟਿਆਰ ਦਾ ਜ਼ਿਕਰ ਕਰ ਕੇ ਕੱਜਲ ਤੇ ਕੱਜਲ ਦੀ ਧਾਰ ਦੀ ਜ਼ਰੂਰ ਚਰਚਾ ਛੇੜੀ ਜਾਂਦੀ ਹੈ :
-ਆਰੀ - ਆਰੀ - ਆਰੀ
ਹੇਠ ਬਰੋਟੇ ਦੇ, ਨੀ ਉਹ ਫੁੱਲ ਕਢਦੀ ਫੁਲਕਾਰੀ |
ਅੱਖੀਆਂ ਮਿਰਗ ਜਿਹੀਆਂ, ਵਿਚ ਕਜਲੇ ਦੀ ਧਾਰੀ |
ਨੀਮੀਂ ਨਜਰ ਰੱਖੇ, ਸ਼ਰਮ ਹਯਾ ਦੀ ਮਾਰੀ |
ਆਪੇ ਲੈ ਜਾਣਗੇ, ਜਿਨ੍ਹਾਂ ਨੂੰ ਲੱਗੂ ਪਿਆਰੀ ... |
ਮਲਵਈ ਮਰਦਾਂ ਦੇ ਗਿੱਧੇ ਦੀ ਢਾਣੀ ਜੇ ਵੇਖ ਲੈਂਦੀ ਕਿ ਸ਼ਰਬਤੀ ਅੱਖਾਂ ਵਾਲੀ ਗੋਰੀ ਮੁਟਿਆਰ ਸੁਰਮਾ ਪਾ ਕੇ ਬਣ-ਠਣ ਨਿਕਲੀ ਹੈ ਤਾਂ ਉਹ ਆਪਣੇ ਜਜ਼ਬਾਤ ਇਉਂ ਸਾਂਝੇ ਕਰਦੀ :-
-ਮਾਪਿਆਂ ਦੇ ਘਰ ਪਲੀ ਲਾਡਲੀ, ਖਾਂਦੀ ਦੁੱਧ ਮਲਾਈਆਂ...
ਗੋਰਾ ਰੰਗ ਸ਼ਰਬਤੀ ਅੱਖੀਆਂ, ਸੁਰਮੇ ਨਾਲ ਸਜਾਈਆਂ...
ਫੁੱਲ ਮਾਂਗੂੰ ਤਰ ਜੇਂਗੀ, ਹਾਣ ਦੇ ਮੁੰਡੇ ਨਾਲ ਲਾਈਆਂ... |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 8567886223


ਖ਼ਬਰ ਸ਼ੇਅਰ ਕਰੋ

ਦੁਨੀਆ ਭਰ ਦੇ ਲੋਕਾਂ ਦੀ ਪਸੰਦ ਬਣੇ ਇਤਾਲਵੀ ਖਾਣੇ

ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਮਨਪਸੰਦ ਭੋਜਨ ਖਾਣਾ ਅਤੇ ਮਾਨਣਾਂ ਮਨੁੱਖ ਦਾ ਸ਼ੌਕ | ਦੁਨੀਆ ਦੇ ਹਰ ਦੇਸ਼ ਅਤੇ ਸੱਭਿਅਤਾ ਦੇ ਆਪੋ-ਆਪਣੇ ਮਨਪਸੰਦ ਖਾਣੇ ਹਨ ਅਤੇ ਇਨ੍ਹਾਂ ਖਾਣਿਆਂ ਨੂੰ ਸਬੰਧਤ ਲੋਕ ਸ਼ੌਕ ਨਾਲ ਖਾਂਦੇ ਅਤੇ ਮਾਣਦੇ ਹਨ | ਬੇਸ਼ੱਕ ਇਹ ਵਰਤਾਰਾ ਕੁਦਰਤੀ ਅਤੇ ਵਿਸ਼ਵ ਵਿਆਪੀ ਹੈ, ਪਰ ਧਰਤੀ ਦੇ ਗਲੋਬਲ ਪਿੰਡ ਬਣ ਜਾਣ ਨਾਲ ਬਹੁਤ ਕੁਝ ਬਦਲਦਾ ਜਾ ਰਿਹਾ ਹੈ | ਸੋ, ਖਾਣਿਆਂ ਬਾਰੇ ਵੱਖ-ਵੱਖ ਸੱਭਿਆਤਾਵਾਂ ਦੀ ਪਸੰਦ ਜਾਂ ਨਾਂ-ਪਸੰਦ ਵੀ ਇਸ ਤੋਂ ਅਛੂਤੀ ਨਹੀਂ ਬਚੀ | ਜਾਣਕਾਰੀ ਅਤੇ ਤਕਨੀਕ ਦੇ ਇਸ ਜ਼ਮਾਨੇ 'ਚ ਸਭ ਸੱਭਿਆਤਾਵਾਂ ਇਕ ਹੀ ਮੰਚ 'ਤੇ ਆ ਰਹੀਆਂ ਹਨ ਅਤੇ ਵੱਖ-ਵੱਖ ਭਾਈਚਾਰਿਆਂ ਦੇ ਆਪਸੀ ਜੀਵਨ-ਢੰਗ ਵੀ ਰਲਗੱਡ ਹੋ ਰਹੇ ਹਨ , ਜਿਨ੍ਹਾਂ ਵਿਚ ਭੋਜਨ ਇਕ ਖਾਸ ਤੱਤ ਹੈ | ਸੋ, ਕੁਝ ਇਕ ਖਾਣੇ ਐਸੇ ਹਨ ਜੋ ਹੁਣ ਕਿਸੇ ਇਕ ਸੱਭਿਅਤਾ ਜਾਂ ਦੇਸ਼ ਤੱਕ ਸੀਮਤ ਨਹੀਂ ਰਹਿ ਗਏ ਸਗੋਂ ਪੂਰੀ ਦੁਨੀਆ ਵਿਚ ਪਸੰਦ ਕੀਤੇ ਜਾਂਦੇ ਹਨ |
ਇਕ ਵਿਸ਼ਵ ਪੱਧਰੀ ਖਬਰੀ ਚੈਨਲ ਵੱਖ-ਵੱਖ ਮਾਪਦੰਡਾਂ ਨੂੂੰ ਨਿਰਧਾਰਤ ਕਰਨ ਵਾਲੀਆਂ ਏਜੰਸੀਆਂ ਅਤੇ ਹੋਰ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਖੋਜੀ ਸੰਸਥਾਵਾਂ ਮੁਤਾਬਿਕ ਪਸੰਦੀਦਾ ਖਾਣਿਆਂ ਦੇ ਮਾਮਲੇ ਵਿਚ ਅੱਜ ਦੀ ਤਾਰੀਖ ਅੰਦਰ ਇਤਾਲਵੀ ਰਸੋਈ ਪੂਰੀ ਦੁਨੀਆ ਵਿਚ ਛਾਈ ਹੋਈ ਹੈ | ਸੋ ਆਉ ਜਾਣਦੇ ਹਾਂ ਕਿ ਉਹ ਕਿਹੜੇ ਇਤਾਲਵੀ ਖਾਣੇ ਸਨ ਜੋ ਦੁਨੀਆ ਦੇ ਸਫਰ ਤੇ ਨਿਕਲੇ ਅਤੇ ਵਿਸ਼ਵ ਦੀ ਪਸੰਦ ਬਣਦੇ ਗਏ |
ਇਤਾਲਵੀ ਰਸੋਈ ਦੇ ਖਾਣਿਆਂ ਦੀ ਗੱਲ ਕਰੀਏ ਤਾਂ ਦੁਨੀਆ ਵਿਚ ਸਭ ਤੋਂ ਮਸ਼ਹੂਰ ਅਤੇ ਪ੍ਰਵਾਨ ਚੜਿ੍ਹਆ ਖਾਣਾ ਹੈ 'ਪੀਜ਼ਾ' | ਅੱਜ ਦੀ ਤਾਰੀਖ ਵਿਚ ਇਹ ਦੁਨੀਆ 'ਚ ਸਭ ਤੋਂ ਜ਼ਿਆਦਾ ਪਸੰਦੀਦਾ ਅਤੇ ਮਸ਼ਹੂਰ ਪਕਵਾਨਾਂ ਵਿਚੋਂ ਇਕ ਹੈ | ਇਸ ਰਾਹੀਂ ਇਤਾਲਵੀ ਰਸੋਈ ਦੁਨੀਆ ਦੇ ਹਰ ਦੇਸ਼ 'ਚ ਛਾਈ ਹੋਈ ਹੈ | ਪੂਰੀ ਦੁਨੀਆ ਵਿਚ ਪੀਜ਼ੇ ਦੀਆਂ ਸੈਂਕੜੇ ਕਿਸਮਾਂ ਮਸ਼ਹੂਰ ਹੋ ਚੁੱਕੀਆਂ ਹਨ | ਇਸ ਨੂੰ ਬਣਾਉਣ ਲੱਗਿਆਂ ਕਣਕ ਦੇ ਮੈਦੇ ਨੂੰ ਖਮੀਰ ਨਾਲ ਤਿਆਰ ਕਰਕੇ ਇਕ ਵੱਡੀ ਅਤੇ ਭਾਰੀ ਰੋਟੀ ਦਾ ਆਕਾਰ ਦਿੱਤਾ ਜਾਂਦਾ ਹੈ | ਫਿਰ ਉਸ ਉੱਤੇ ਟਮਾਟਰ ਦੀ ਚਟਨੀਂ ਸਮੇਤ ਪਸੰਦ ਮੁਤਾਬਕ ਮਸਾਲੇ, ਨਮਕ, ਸਬਜ਼ੀਆਂ, ਪਨੀਰ ਜਾਂ ਮਾਸਾਹਾਰੀ ਕੱਚੇ ਭੋਜਨ ਨੂੰ ਸਜਾ ਕੇ ਬਿਨਾਂ ਤਲਣ ਤੋਂ ਖਾਸ ਢੰਗ ਨਾਲ ਬਣੇ ਤੰਦੂਰ ਅੰਦਰ ਪਕਾਇਆ ਜਾਂਦਾ ਹੈ | ਸੋ, ਇਸ ਨੂੰ ਮਾਸਾਹਾਰੀ ਜਾਂ ਸ਼ਾਕਾਹਾਰੀ ਦੋਵੇ ਕਿਸਮ ਦੇ ਲੋਕਾਂ ਲਈ ਤਿਆਰ ਕੀਤਾ ਜਾ ਸਕਦਾ ਹੈ | ਇਤਾਲਵੀ ਲੋਕ ਦੁਨੀਆ 'ਚ ਜਿੱਥੇ-ਜਿੱਥੇ ਵੀ ਗਏ, ਪੀਜ਼ੇ ਦਾ ਸੁਆਦ ਅਤੇ ਖੁਸ਼ਬੂ ਉਨ੍ਹਾਂ ਦੇ ਨਾਲ ਹੀ ਫੈਲਦੀ ਗਈ ਅਤੇ ਪੀਜ਼ਾ ਸਾਰੀ ਦੁਨੀਆ 'ਚ ਭੋਜਨ ਸਨਅਤ ਦੀ ਇੱਕ ਵੱਡੀ ਵੰਨਗੀ ਵਜੋਂ ਸਥਾਪਤ ਹੋ ਗਿਆ | ਖਾਸ ਕਰ ਜਦ ਇਤਾਲਵੀ ਲੋਕ ਅਮਰੀਕਾ ਗਏ ਤਾਂ ਇਹ ਖਾਣਾ ਅਮਰੀਕਨਾਂ ਦੀ ਪਸੰਦ ਬਣਨ ਕਰਕੇ ਸਾਰੀ ਦੁਨੀਆ ਵਿਚ ਚਰਚਿਤ ਹੋ ਗਿਆ | ਪੀਜ਼ੇ ਨੂੰ ਭਾਵੇਂ ਫਾਸਟ-ਫੂਡ ਵਜੋਂ ਵੀ ਵੇਖਿਆ ਜਾਂਦਾ ਹੈ ਪਰ ਅਸਲੀ ਇਤਾਲਵੀ ਪੀਜ਼ਾ ਅਜੇ ਵੀ ਇਕ ਸਿਹਤਮੰਦ ਖਾਣਾ ਹੈ ਜਿਸ ਵਿਚ ਸਬਜ਼ੀਆਂ, ਪਨੀਰ ਅਤੇ ਜੈਤੂਨ ਦੇ ਤੇਲ ਦੇ ਰੂਪ ਵਿਚ ਸਿਹਤਮੰਦ ਤੱਤਾਂ ਦੀ ਭਰਮਾਰ ਹੁੰਦੀ ਹੈ | ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਪੀਜ਼ਾ ਸਨਅਤ ਸਾਰੀ ਦੁਨੀਆ 'ਚ ਮਸ਼ਹੂਰ ਹੋ ਗਈ ਤਾਂ ਬਹੁਤ ਸਾਰੀਆਂ ਅਮਰੀਕਨ ਅਤੇ ਯੂਰੋਪੀਅਨ ਕੰਪਨੀਆਂ ਨੇ ਸਿਹਤ ਦੇ ਮਾਮਲੇ 'ਚ ਇਸ ਦੀ ਗੁਣਵੱਤਾ ਘਟਾ ਕੇ ਇਸ ਨੂੰ ਫਾਸਟ-ਫੂਡ ਖਾਣਿਆਂ 'ਚ ਸ਼ਾਮਿਲ ਕਰ ਲਿਆ | ਦੁਨੀਆ 'ਚ ਅੱਜ ਭੋਜਨ ਨਾਲ ਸਬੰਧਿਤ ਸੈਂਕੜੇ ਕਾਰੋਬਾਰੀ ਅਦਾਰੇ ਪੀਜ਼ੇ ਦੀਆਂ ਵੱਖ ਵੱਖ ਵੰਨਗੀਆਂ ਨੂੰ ਆਪਣੇ ਨਾਵਾਂ ਤੇ ਰਾਖਵਾਂ ਕਰਕੇ ਅਰਬਾਂ ਦਾ ਕਾਰੋਬਾਰ ਕਰ ਰਹੇ ਹਨ | ਭਾਰਤ 'ਚ ਅੱਜ ਜ਼ਿਆਦਾਤਾਰ ਬਣੇ-ਬਣਾਈ ਗੋਲ ਬਰੈਡ-ਰੋਟੀ ਵਾਲੇ ਪੀਜ਼ੇ ਮਿਲਦੇ ਹਨ ਜਿਨ੍ਹਾਂ ਦਾ ਤਾਜ਼ੇ ਆਟੇ ਵਾਲੇ ਰਵਾਇਤੀ ਇਤਾਲਵੀ ਪੀਜ਼ੇ ਨਾਲ ਕੋਈ ਮੁਕਾਬਲਾ ਨਹੀਂ ਹੈ | ਇਟਲੀ ਵਿਚ ਪੀਜ਼ੇ ਦਾ ਰਵਾਇਤੀ ਰੂਪ ਸਿਹਤਮੰਦ ਖਾਣੇ ਵਜੋਂ ਜਾਣਿਆਂ ਜਾਂਦਾ ਹੈ ਜਿਸ ਵਿਚ ਪੌਸ਼ਟਿਕ ਤੱਤਾਂ ਦੀ ਭਰਮਾਰ ਹੈ | ਇਤਾਲਵੀ ਲੋਕ ਅੱਜ ਵੀ ਘਰ ਦੀ ਰਸੋਈ ਵਿਚ ਹੱਥੀਂ ਬਣਾ ਕੇ ਪੀਜ਼ਾ ਖਾਂਦੇ ਹਨ | ਇਟਲੀ ਵਿਚ ਪੀਜ਼ੇ ਨਾਲ ਸਬੰਧਤ ਬਹੁਤ ਸਾਰੇ ਲੋਕ-ਤੱਥ, ਦਿਲਚਸਪ ਕਹਾਣੀਆਂ ਅਤੇ ਮੁਹਾਵਰੇ ਪ੍ਰਚਲਿਤ ਹਨ | ਪੀਜ਼ੇ ਦੀ ਖਾਸੀਅਤ ਇਹ ਹੈ ਇਹ ਆਪਣੇ-ਆਪ 'ਚ ਇਕ ਸੰਪੂਰਨ ਖਾਣਾ ਹੈ ਭਾਵ ਇਸ ਨੂੰ ਖਾਣ ਲਈ ਨਾਲ ਕਿਸੇ ਸਹਾਇਕ ਖਾਣੇ ਦੀ ਲੋੜ ਨਹੀਂ ਪੈਂਦੀ |
'ਪਾਸਤਾ' ਵੀ ਇਕ ਐਸਾ ਮਸ਼ਹੂਰ ਇਤਾਲਵੀ ਖਾਣਾ ਹੈ, ਜੋ ਸਾਰੀ ਦੁਨੀਆ ਵਿਚ ਪ੍ਰਚੱਲਿਤ ਹੈ | ਇਹ ਵੀ ਕਣਕ ਦੇ ਆਟੇ ਤੋਂ ਤਿਆਰ ਕੀਤਾ ਜਾਣ ਵਾਲਾ ਖਾਣਾ ਹੈ ਅਤੇ ਅਜੋਕੇ ਸਮੇਂ 'ਚ ਇਸ ਦੀਆਂ ਸੈਂਕੜੇ ਕਿਸਮਾਂ ਪ੍ਰਚਲਿਤ ਹਨ | ਮੁਢਲੇ ਰੂਪ 'ਚ ਇਸ ਦਾ ਆਕਾਰ ਕੁਝ ਇਸ ਤਰਾਂ ਦਾ ਸੀ ਜਿਵੇਂ ਪੰਜਾਬ 'ਚ ਆਟੇ ਦੀਆਂ ਸੇਵੀਆਂ ਬਣਾਈਆਂ ਜਾਂਦੀਆਂ ਸਨ ਪਰ ਹੌਲੀ ਹੌਲੀ ਇਹ ਸੈਂਕੜੇ ਕਿਸਮ ਦੀਆਂ ਬਣਤਰਾਂ 'ਚ ਬਣਨ ਲੱਗ ਪਿਆ | ਬਣਾਉਣ ਲੱਗਿਆਂ ਇਸ ਨੂੰ ਪਾਣੀ ਵਿਚ ਉਬਾਲ ਕੇ ਕੱਢ ਲਿਆ ਜਾਂਦਾ ਹੈ ਅਤੇ ਬਾਅਦ ਵਿਚ ਕਈ ਕਿਸਮ ਦੇ ਮਸਾਲੇ, ਨਮਕ, ਟਮਾਟਰ ਅਤੇ ਲਸਣ ਆਦਿ ਦੀਆਂ ਚਟਨੀਆਂ ਨਾਲ ਰਲਾ ਕੇ ਖਾਧਾ ਜਾਂਦਾ ਹੈ | ਇਟਲੀ ਵਿਚ ਪਾਸਤੇ ਨੂੰ ਕਣਕ ਦੇ ਆਟੇ ਤੋਂ ਇਕਦਮ ਤਾਜ਼ਾ ਬਣਾ ਕੇ ਵੀ ਖਾਧਾ ਜਾਂਦਾ ਸੀ ਪਰ ਇਸ ਦੇ ਕਾਰੋਬਾਰੀ ਸਨਅਤ ਵਿਚ ਆ ਜਾਣ ਕਰਕੇ ਇਸ ਨੂੰ ਬਣਾ ਕੇ ਅਤੇ ਸੁਕਾ ਕੇ ਸਟੋਰ ਕਰ ਕੇ ਵਰਤਣ ਦਾ ਰੁਝਾਨ ਜ਼ਿਆਦਾ ਹੋ ਗਿਆ | ਪੀਜ਼ੇ ਦੀ ਤਰ੍ਹਾਂ ਹੀ ਇਸ ਦੀਆਂ ਵੀ ਸਾਰੀ ਦੁਨੀਆ ਵਿਚ ਅਨੇੇਕਾਂ ਵੰਨਗੀਆਂ ਮਸ਼ਹੂਰ ਹੋ ਚੁੱਕੀਆਂ ਹਨ | ਮਾਕਰੋਨੀ, ਸਫਾਗਿਤੀ, ਪੈਨੇ, ਫੁਸੀਲੀ, ਫਾਰਫਲੇ ਵਗੈਰਾ ਪਾਸਤਾ ਦੀਆਂ ਮਸ਼ਹੂਰ ਕਿਸਮਾਂ ਦੇ ਹੀ ਨਾਂਅ ਹਨ | ਦਿਲਚਸਪ ਹੈ ਕਿ ਪੁਰਾਤਨ ਇਟਲੀ ਵਿਚ ਕਦੇ ਇਸ ਨੂੰ ਗਰੀਬ ਲੋਕਾਂ ਦੇ ਖਾਣੇ ਵਜੋਂ ਜਾਣਿਆਂ ਜਾਂਦਾ ਸੀ ਕਿਉਂਕਿ ਇਸ ਨੂੂੰ ਬਣਾਉਣਾ ਘੱਟ ਖਰਚੀਲਾ ਕੰਮ ਸੀ ਪਰ ਅੱਜ ਇਹ ਪੂਰੀ ਦੁਨੀਆ ਦੇ ਮੱਧ ਅਤੇ ਅਮੀਰ ਵਰਗ ਦੇ ਲੋਕਾਂ ਦਾ ਭੋਜਨ ਮੰਨਿਆ ਜਾਂਦਾ ਹੈ | ਇਟਲੀ ਵਿਚ ਰਵਾਇਤੀ ਤੌਰ 'ਤੇ ਇਸਨੂੰ ਨਿਰੋਲ ਹੱਥਾਂ ਨਾਲ ਹੀ ਖਾਣ ਦਾ ਰਿਵਾਜ ਸੀ ਪਰ ਆਧੁਨਿਕ ਸਮੇਂ ਵਿਚ ਇਹ ਜ਼ਿਆਦਾਤਾਰ ਛੁਰੀ ਕਾਂਟੇ ਨਾਲ ਖਾਧਾ ਜਾਂਦਾ ਹੈ | ਇਟਲੀ ਵਿਚ ਅਕਤੂਬਰ ਮਹੀਨੇ ਨੂੰ 'ਪਾਸਤਾ ਮਹੀਨੇ' ਵਜੋਂ ਮਨਾਇਆ ਜਾਂਦਾ ਹੈ | ਪੀਜ਼ਾ ਅਤੇ ਪਾਸਤਾ ਵਿਚ ਸਾਂਝਾ ਤੱਥ ਇਹ ਹੈ ਕਿ ਇਹ ਤਲ ਕੇ ਬਣਾਏ ਜਾਂਦੇ ਖਾਣਿਆਂ ਵਿਚ ਨਹੀਂ ਆਉਂਦੇ | ਦੂਸਰਾ ਕਿ ਬਹੁਤ ਸਾਰੇ ਹੋਰ ਵੀ ਇਤਲਾਵੀ ਖਾਣੇ ਇਨ੍ਹਾਂ ਦੋਹਾਂ ਪ੍ਰਸਿੱਧ ਖਾਣਿਆਂ ਦੇ ਹੀ ਬਦਲੇ ਜਾਂ ਵਿਗੜੇ ਹੋਏ ਰੂਪ ਹਨ |
ਸਿਖੈਟੀ (ਇਤਾਲਵੀ ਨਾਂਅ 'ਚਿਖੈਤੀ') ਇਕ ਵੱਖਰਾ ਮਸ਼ਹੂਰ ਇਤਾਲਵੀ ਖਾਣਾ ਹੈ ਜੋ ਮਸ਼ਹੂਰ ਤਾਂ ਸਾਰੀ ਦੁਨੀਆ ਵਿਚ ਹੈ ਪਰ ਮੁੱਖ ਤੌਰ ਇਸਦੀ ਪਛਾਣ ਇਟਲੀ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟੇ ਨਾਲ ਸਬੰਧਿਤ ਸ਼ਹਿਰ ਵੈਨਿਸ ਨਾਲ ਜੁੜੀ ਹੈ | ਇਹ ਬਹੁਤ ਹਲਕਾ ਫੁਲਕਾ ਖਾਣਾ ਹੈ ਅਤੇ ਰੈਸਤੋਰਾਂ ਵਿਚ ਇਸ ਨੂੰ ਸ਼ੁਰੂਆਤੀ ਖਾਣੇ ਵਜੋਂ ਵੀ ਪਰੋਸਿਆ ਜਾਂਦਾ ਹੈ | ਇਸ ਨੂੰ ਬਣਾਉਣ ਲਈ ਛੋਟੇ ਗੋਲ ਬਰੈਡ ਭੁੰਨ ਕੇ ਖਸਤਾ ਕੀਤੇ ਜਾਂਦੇ ਹਨ | ਬਾਅਦ ਵਿਚ ਉਨ੍ਹਾਂ ਉੱਤੇ ਨਮਕ ਵਾਲੀਆਂ ਟਮਾਟਰ ਜਾਂ ਹੋਰ ਕਈ ਕਿਸਮ ਦੀਆਂ ਚਟਨੀਆਂ ਲਾਈਆਂ ਜਾਂਦੀਆਂ ਹਨ ਅਤੇ ਪਸੰਦ ਮੁਤਾਬਿਕ ਕਈ ਕਿਸਮ ਦੀਆਂ ਭੁੰਨੀਆਂ ਹੋਈਆਂ ਸਬਜ਼ੀਆਂ, ਪਨੀਰ, ਮੱਖਣ, ਮਾਸ ਜਾਂ ਸਮੁੰਦਰੀ ਮਾਸਾਹਾਰੀ ਖਾਣਿਆਂ ਨੂੰ ਇਨ੍ਹਾਂ ਬਰੈੱਡਾਂ ਉੱਤੇ ਸਜਾ ਕੇ ਪਰੋਸਿਆ ਜਾਂਦਾ ਹੈ | ਇਹ ਕਾਫੀ ਸਸਤਾ ਅਤੇ ਸਿਹਤਮੰਦ ਖਾਣਾ ਹੈ ਅਤੇ ਪੱਛਮੀ ਜੀਵਨ ਢੰਗ ਦਾ ਹਿੱਸਾ ਬਣ ਚੁੱਕਾ ਹੈ |
ਕੈਪੋਨਾਟਾ ਵੀ ਸੁਆਦੀ ਅਤੇ ਮਸ਼ਹੂਰ ਇਤਾਲਵੀ ਖਾਣਾ ਹੈ ਜੋ ਇਟਲੀ ਦੇ ਸਿਸਲੀ ਖੇਤਰ ਦਾ ਪਕਵਾਨ ਹੈ ਅਤੇ ਸਾਰੇ ਯੂਰਪ ਤੋਂ ਇਲਾਵਾ ਅਫਰੀਕਨ ਅਤੇ ਅਰਬ ਦੇਸ਼ਾਂ ਵਿਚ ਵੀ ਪਸੰਦ ਕੀਤਾ ਜਾਂਦਾ ਹੈ | ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕੈਪੋਨਾਟਾ ਖਾ ਰਹੇ ਹੋ ਤਾਂ ਤੁਸੀਂ ਇਤਾਲਵੀ, ਗਰੀਸ, ਅਰਬੀ, ਸਪੈਨਿਸ਼ ਅਤੇ ਫਰਾਂਸੀਸੀ ਰਸੋਈ ਦੇ ਸਾਂਝੇ ਸੁਆਦ ਨੂੰ ਮਾਣ ਰਹੇ ਹੋ | ਰਵਾਇਤੀ ਤੌਰ ਤੇ ਇਸਨੂੰ ਬਤਾਊਾ, ਪਿਆਜ਼ ਅਤੇ ਸ਼ਿਮਲਾ ਮਿਰਚ ਵਗੈਰਾ ਨਾਲ ਕਈ ਕਿਸਮ ਦੀਆਂ ਚਟਨੀਆਂ ਸਮੇਤ ਨਾਲ ਬਣਾਇਆ ਜਾਂਦਾ ਹੈ | ਇਸ ਦੀਆਂ ਚਾਲੀ ਦੇ ਕਰੀਬ ਵੰਨਗੀਆਂ ਪ੍ਰਚੱਲਿਤ ਹਨ | ਇਸ ਦੀਆਂ ਜ਼ਿਆਦਾਤਾਰ ਵੰਨਗੀਆਂ ਸ਼ਾਕਾਹਾਰੀ ਹਨ ਅਤੇ ਇਹ ਇਕ ਸਿਹਤਮੰਦ ਖਾਣਾ ਮੰਨਿਆਂ ਜਾਂਦਾ ਹੈ |
ਇਸ ਤੋਂ ਇਲਾਵਾ ਬੁਰੈਟਾ, ਫੋਕਾਸੀਆ, ਗਿਲੈਤੋ ਅਤੇ ਪੈਨਜ਼ਾਨੇਲਾ ਆਦਿ ਮਸ਼ਹੂਰ ਇਤਾਲਵੀ ਖਾਣੇ ਹਨ ਜੋ ਸਾਰੀ ਦੁਨੀਆ ਵਿਚ ਪਸੰਦ ਕੀਤੇ ਜਾਂਦੇ ਹਨ ਹਰ ਦੇਸ਼ ਦੇ ਮਹਾਂਨਗਰਾਂ ਵਿਚ ਵੱਡੇ ਰੈਸਤੋਰਾਂ ਦੀ ਸ਼ਾਨ ਹਨ | ਇਤਾਲਵੀ ਖਾਣਿਆਂ ਦੀ ਖਾਸ ਖੂਬੀ ਇਹ ਹੈ ਕਿ ਜ਼ਿਆਦਤਾਰ ਖਾਣੇ ਬਿਨਾਂ ਤੜਕਿਆਂ ਅਤੇ ਤਲਣ ਤੋਂ ਬਣਦੇ ਹਨ ਅਤੇ ਤੇਜ਼ ਮਿਰਚ ਮਸਾਲਿਆਂ ਤੋਂ ਬਚੇ ਹੁੰਦੇ ਹਨ ਸੋ, ਇਹ ਸਿਹਤ ਲਈ ਵੀ ਢੁਕਵੇਂ ਮੰਨੇ ਜਾਂਦੇ ਹਨ | ਭਾਵੇਂ ਕਿ ਭਾਰਤੀ ਰਸੋਈ ਖਾਸ ਕਰ ਪੰਜਾਬੀ, ਗੁਜਰਾਤੀ ਅਤੇ ਰਾਜਸਥਾਨੀ ਖਾਣੇ ਵੀ ਦੁਨੀਆ ਵਿਚ ਪਸੰਦ ਕੀਤੇ ਜਾਂਦੇ ਹਨ | ਪਰ ਰੈਸਤੋਰਾਂ ਵਿਚ ਬਣੇ ਭਾਰਤੀ ਖਾਣੇ ਪਚਣ ਲਈ ਭਾਰੇ, ਤਲੇ ਹੋਏ ਅਤੇ ਮਸਾਲੇਦਾਰ ਹੁੰਦੇ ਹਨ | ਦੁਸਰਾ ਤੱਥ ਇਹ ਵੀ ਹੈ ਕਿ ਭਾਰਤੀ ਖਾਣਿਆਂ ਨੂੰ ਖਾਣ ਲਈ ਕਈ ਸਹਾਇਕ ਖਾਣਿਆਂ ਦੀ ਲੋੜ ਪੈਂਦੀ ਹੈ, ਜਿਵੇਂ ਰੋਟੀ ਜਾਂ ਨਾਨ ਨਾਲ ਦਾਲ ਜਾਂ ਸਬਜ਼ੀ ਅਤੇ ਅਚਾਰ ਅਤੇ ਸਲਾਦ, ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਅਤੇ ਲੱਸੀ, ਕੜ੍ਹੀ ਨਾਲ ਚੌਲ ਅਤੇ ਡੋਸੇ ਨਾਲ ਸਾਂਬਰ ਅਤੇ ਨਾਰੀਅਲ ਚਟਣੀ ਵਗੈਰਾ ਪਰ ਇਤਾਲਵੀ ਖਾਣੇ ਆਪਣੇ-ਆਪ ਵਿਚ ਸੰਪੂਰਨ ਖਾਣੇ ਹਨ | ਇਹੀ ਕਾਰਨ ਹੈ ਕਿ ਸਾਰੀ ਦੁਨੀਆ ਵਿਚ ਭਾਰਤੀ ਖਾਣੇ ਸਿਰਫ ਭਾਰਤੀ ਰੈਸਤੋਰਾਂ ਵਿਚ ਹੀ ਮਿਲਦੇ ਹਨ ਪਰ ਇਤਾਲਵੀ ਖਾਣੇ ਇਤਾਲਵੀ ਰੈਸਤੋਰਾਂ ਤੋਂ ਬਿਨਾਂ ਵੀ ਉਪਲਬਧ ਹਨ | ਜੇਕਰ ਭਾਰਤੀ ਖਾਣਿਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਅਤੇ ਕਾਟੀਨੈਂਟਲ ਖਾਣਿਆਂ ਦਾ ਮੁਕਾਬਲਾ ਕਰਨਾ ਹੈ ਤਾਂ ਭਾਰਤੀਆਂ ਨੂੰ ਇਨ੍ਹਾਂ ਉੱਤੇ ਅਜੇ ਹੋਰ ਪ੍ਰਯੋਗ ਕਰਨੇ ਪੈਣਗੇ ਜਿਨ੍ਹਾਂ ਨਾਲ ਇਨ੍ਹਾਂ ਦੀ ਤਾਸੀਰ ਹਲਕੀ ਅਤੇ ਸਿਹਤਮੰਦ ਬਣੇ ਅਤੇ ਇਹ ਇਕਲੌਤੇ ਵਿਅੰਜਨ ਵਜੋਂ ਵੀ ਖਾਧੇ ਜਾ ਸਕਣ | ਬੇਸ਼ੱਕ, ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਣ ਲਈ ਅੰਤਰਰਾਸ਼ਟਰੀ ਸੁਭਾਅ, ਮਿਆਰ ਅਤੇ ਪੱਖਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ |

-ਵਾਰਸਾ, ਪੋਲੈੈਂਡ |
ਫੋਨ : 0048516732105
yadsatkoha@ymail.com

ਆਓ! ਫੁੱਲਾਂ ਨਾਲ ਦੋਸਤੀ ਪਾਈਏ

ਬਸੰਤ ਰੁੱਤ ਭਰ ਜੋਬਨ 'ਤੇ ਹੈ | ਚਾਰ-ਚੁਫ਼ੇਰੇ ਹੀ ਭਾਂਤ-ਭਾਂਤ ਦੇ ਫੁੱਲ ਮਹਿਕ ਰਹੇ ਹਨ ਖ਼ੁਸ਼ੀਆਂ ਵੰਡ ਰਹੇ ਹਨ | ਪਾਰਕਾਂ ਵਿਚ ਪੂਰੀ ਰੌਣਕ ਹੈ | ਮੈਂ ਵੀ ਸ਼ਾਮ ਵੇਲੇ ਸੈਰ ਲਈ ਜਾਂਦਾ ਹਾਂ | ਠੰਢੀ-ਠੰਢੀ ਹਵਾ ਚੱਲ ਰਹੀ ਹੁੰਦੀ ਹੈ | ਕਿਧਰੇ ਕੋਈ ਸੈਰ ਕਰ ਰਿਹਾ ਹੁੰਦਾ ਹੈ, ਕਿਧਰੇ ਕੋਈ ਕਸਰਤ | ਬੱਚੇ ਛੂਹਣ-ਛੁਹਾਈ ਖੇਡ ਰਹੇ ਹੁੰਦੇ ਹਨ | ਬਜ਼ੁਰਗ ਬੈਂਚਾ 'ਤੇ ਬੈਠੇ ਹੋਏ ਸੱਜਰੀ-ਤਾਜ਼ੀ ਹਵਾ ਦਾ ਆਨੰਦ ਮਾਣ ਰਹੇ ਹੁੰਦੇ ਹਨ | ਸਾਡੇ ਮੁਹੱਲੇ ਵਿਚ ਇਸ ਤਰ੍ਹਾਂ ਦੇ ਕਈ ਪਾਰਕ ਹਨ, ਹੈ ਵੀ ਖੁੱਲ੍ਹੇ-ਡੁੱਲ੍ਹੇ ਤੇ ਫੁੱਲਾਂ ਨਾਲ ਲੱਦੇ ਹੋਏ | ਮਹਿਕਦੇ, ਟਹਿਕਦੇ | ..ਤੇ ਭਾਂਤ-ਭਾਂਤ ਦੀਆਂ ਸੁਗੰਧੀਆਂ ਬਿਖੇਰ ਰਹੇ ਹਨ | ਪਰ, ਜਿਸ ਪਾਰਕ ਵਿਚ ਮੈਂ ਸੈਰ ਕਰਦਾ ਹਾਂ, ਸਾਡੇ ਘਰ ਦੇ ਬਿਲਕੁਲ ਨਜ਼ਦੀਕ ਹੀ ਹੈ | ਰੰਗਲੇ ਪੰਛੀ ਹਠਖੇਲੀਆਂ ਕਰ ਰਹੇ ਹਨ | ਕੁਝ ਨਹਾ ਰਹੇ ਹਨ ਤੇ ਕੁਝ ਮਿੱਠੇ-ਮਿੱਠੇ ਗੀਤ ਅਲਾਪ ਰਹੇ ਹੁੰਦੇ ਹਨ | ਬੱਦਲਵਾਈ ਹੋਈ ਪਈ ਹੈ | ਮੌਸਮ ਖ਼ੁਸ਼ਮਿਜ਼ਾਜ ਹੈ |
ਫੁੱਲਾਂ ਨੇ ਆਪਣੀ ਮਹਿਫ਼ਲ ਲਾਈ ਹੋਈ ਹੈ | ਕੁਝ ਭਰ ਜਵਾਨੀ ਵਿਚ ਹਨ ਤੇ ਕੁਝ ਖਿੜਨ ਲਈ ਤਿਆਰ | ਹਵਾ ਵਿਚ ਹੁਲਾਰੇ ਖਾ ਰਹੇ ਹਨ, ਇਕ-ਦੂਜੇ 'ਤੇ ਲੋਟ-ਪੋਟ ਹੋ ਰਹੇ ਹਨ ਅਤੇ ਆਪਣੀ ਮਿੱਠੀ-ਮਿੱਠੀ ਤਾਜ਼ੀ-ਤਾਜ਼ੀ ਮਹਿਕ ਨਾਲ ਸਭ ਨੂੰ ਅੰਦਰੋਂ-ਬਾਹਰੋਂ ਤਰੋ-ਤਾਜ਼ਾ ਕਰ ਰਹੇ ਹਨ, ਸਭ ਦਾ ਦਿਲ ਪਰਚਾ ਰਹੇ ਹਨ |
ਹਾਲੇ ਤੀਕਰ ਮੈਂ ਦੋ-ਤਿੰਨ ਚੱਕਰ ਹੀ ਲਾਏ ਹਨ, 'ਲਾਲ ਸੂਹੇ ਗੁਲਾਬ ਦੇ ਫੁੱਲਾਂ ਨੇ ਮੈਨੂੰ ਸੈਨਤ ਮਾਰ ਲਈ ਹੈ' | ਮੈਂ ਰੁਕ ਜਾਂਦਾ ਹਾਂ | ਆਲਾ-ਦੁਆਲਾ ਦੇਖਦਾ ਹਾਂ | ਯੱਕੋ-ਤੱਕੋ ਕਰ ਕੇ ਜਿਉਂ ਹੀ ਮੈਂ ਫੁੱਲਾਂ ਵੱਲ ਵਧਦਾ ਹਾਂ, ਉਨ੍ਹਾਂ ਨੇ ਭਰੀ ਮੁਸਕਾਨ ਵਿਚ ਕਿਹਾ, 'ਦੋਸਤ, ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ, ਤੁਸੀਂ ਉਦਾਸ-ਉਦਾਸ ਰਹਿੰਦੇ ਹੋ; ਕੀ ਗੱਲ ਏ?'
ਮੈਂ ਸਰਸਰੀ ਕਿਹਾ, 'ਐਸੀ ਕੋੋਈ ਗੱਲ ਨਹੀਂ |'
'ਜੈਸੀ ਵੀ ਗੱਲ ਹੈਗੀ ਏ, ਸਾਨੂੰ ਦੱਸੋ ਨਾ ਦੋਸਤ | ਸੁਣਿਆ ਹੈ ਕਿ ਦੁੱਖ ਵੰਡਿਆਂ ਘਟਦਾ ਹੈ; ਖ਼ੁਸ਼ੀ ਵੰਡਿਆਂ ਵਧਦੀ ਹੈ | ਸਾਨੂੰ ਇਹ ਤਾਂ ਦੱਸੋ ਥੋਨੂੰ ਦੁੱਖ ਕੀ ਏ? ਕਾਹਤੋਂ ਇੰਨੇ ਉਦਾਸ-ਉਦਾਸ ਰਹਿੰਦੇ ਹੋ | ਸਾਡੇ ਲਾਲ-ਸੂਹੇ, ਸੱਜਰੇਪਨ ਨੂੰ ਦੇਖ ਕੇ, ਨਿਹਾਰ ਕੇ ਹਰ ਕੋਈ ਗਦਗਦ ਹੋ ਉੱਠਦਾ ਹੈ | ਇੱਥੋਂ ਤੀਕਰ ਕਿ ਬਿਮਾਰ ਵੀ ਠੀਕ ਹੋ ਜਾਂਦੇ ਹਨ | ਪਰ, ਇਕ ਤੁਸੀਂ ਹੋ, ਜੋ ਗ਼ਮਾਂ ਦੇ ਸਾਗਰ ਵਿਚ ਡੁਬਕੀਆਂ ਲਾ ਰਹੇ ਹੋ | ਕੋੋਈ ਨਾ ਕੋਈ ਗੱਲ ਜ਼ਰੂਰ ਹੈਗੀ ਏ, ਜੋ ਥੋਡਾ ਖਹਿੜਾ ਨਹੀਂ ਛੱਡਦੀ, ਪ੍ਰੇਸ਼ਾਨ ਕਰਦੀ ਰਹਿੰਦੀ ਏ', 'ਫੁੱਲਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਦੋਸਤ! ਇਕ ਗੱਲ ਸੱਚੋ-ਸੱਚ ਦੱਸਿਓ, ਚੰਨ ਜਿਹੇ ਮੁਖੜੇ 'ਤੇ ਉਦਾਸੀ ਦਾ ਦਾਗ਼ ਕਿਉਂ? ਇੰਜ ਜਾਪਦਾ ਏ ਜਿਵੇਂਾ ਨਾਜ਼ੁਕ ਦਿਲ 'ਤੇ ਡੂੰਘੀ, ਗਹਿਰੀ ਸੱਟ ਵੱਜੀ ਹੋਵੇ |'
'ਦੱਬੇ ਮੁਰਦੇ ਦੱਬੇ ਹੀ ਰਹਿਣ ਦਿਓ! ਤਾਂ ਚੰਗੀ ਗੱਲ ਹੈ | ਇਸ ਗੱਲ ਤੋਂ ਤੁਸੀਂ ਵੀ ਭਲੀ-ਭਾਂਤ ਜਾਣੂੰ ਹੋ ਕਿ ਦੁਖੀ ਦਿਲ ਵਿਚੋਂ ਦੁੱਖਾਂ ਦੀ ਬਰਸਾਤ ਹੁੰਦੀ ਹੈ, ਨਾ ਕਿ ਹਾਸਿਆਂ ਦੀ | ਫਿਰ ਤੁਸੀਂ ਕਹੋਗੇ ਕਿ ਚੰਗਾ ਦੋਸਤ ਮਿਲਿਆ ਹੈ, ਸਾਨੂੰ ਵੀ ਦੁਖੀ ਕਰ ਗਿਆ', ਇਹ ਕਹਿੰਦਿਆਂ ਹੋਇਆ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ |
'ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੋਸਤ | ਸਾਡਾ ਫ਼ਰਜ਼ ਬਣਦਾ ਹੈ ਕਿ ਸਭ ਨੂੰ ਖ਼ੁਸ਼ ਰੱਖੀਏ, ਖ਼ੁਸਮਿਜ਼ਾਜ ਬਣਾਈਏ | ਤੁਸੀਂ ਆਪਣੇ ਦਿਲ ਦੀਆਂ ਪਰਤਾਂ ਖੋਲ੍ਹ ਦਿਓ, ਸਾਨੂੰ ਚੰਗਾ-ਚੰਗਾ ਲੱਗੇਗਾ', ਫੁੱਲਾਂ ਨੇ ਕਿਹਾ |
'ਥੋਡੀ ਗੱਲ ਠੀਕ ਏ ਦੋਸਤ | ਇਹ ਜੋ ਮੁਖੜੇ 'ਤੇ ਉਦਾਸੀ ਦਾ ਦਾਗ਼ ਹੈ, ਦਿਲ 'ਤੇ ਹੋਏ ਡੂੰਘੇ ਜ਼ਖ਼ਮਾਂ ਦੀ ਤਰਜਮਾਨੀ ਕਰਦਾ ਹੈ | ਸੱਜਣਾਂ ਨੇ ਫੁੱਲ ਮਾਰਿਆ, ਗੋਰੀ ਗੱਲ੍ਹ ਉੱਤੇ ਨੀਲ ਪਿਆ |'
'ਅਸੀਂ ਵੀ ਜਾਣਦੇ ਹਾਂ ਕਿ ਅਜੋਕਾ ਪਿਆਰ ਪਦਾਰਥਵਾਦੀਆਂ ਤੇ ਸਵਾਰਥਵਾਦੀਆਂ ਦੀ ਝੋਲੀ ਵਿਚ ਜਾ ਡਿਗਦਾ ਹੈ | ਇਹ ਦਾਗ਼ ਜ਼ਰੂਰ ਕਿਸੇ ਜਾਨ ਤੋਂ ਪਿਆਰੇ ਦੋਸਤ ਦੀ ਨਿਸ਼ਾਨੀ ਹੋਵੇਗੀ | ਪਰ, ਸਾਡੀ ਦੋਸਤੀ ਇਸ ਤਰ੍ਹਾਂ ਦੀ ਨਹੀਂ ਹੈ | ਅਸੀਂ ਕਿਸੇ ਨਾਲ ਪਿਆਰ ਪਾਈਏ, ਤੋੜ ਨਿਭਾਈਦਾ ਹੈ; ਅੱਧ-ਵਿਚਾਲੇ ਨਹੀਂ ਛੱਡੀਦਾ | ਦੋਸਤੀ ਨੂੰ ਜੁੱਗਾਂ-ਜੁਗਾਂਤਰਾਂ ਤੀਕਰ ਅਮਰ ਕਰਨ ਲਈ ਸੋਹਣੀ ਨੇ ਆਪਣਾ ਵਜੂਦ ਵਾਰ ਦਿੱਤਾ | ਸਾਡੀ ਦੋਸਤੀ ਵੀ ਇਕ ਦਮ ਸੱਚੀ-ਸੁੱਚੀ ਹੈ | ਅਜ਼ਮਾ ਕੇ ਦੇਖੋ, ਮੁਸਕਾਨਾਂ ਦਾ ਢੇਰ ਲੱਗ ਜਾਏਗਾ', ਫੁੱਲਾਂ ਨੇ ਪਿਆਰ-ਭਰੇ ਲਹਿਜ਼ੇ ਵਿਚ ਕਿਹਾ |
'ਥੋਡੀ ਗੱਲ ਸੌ ਫ਼ੀਸਦੀ ਸੱਚ ਏ ਦੋਸਤ | ਕਾਦਰ ਦੀ ਕੁਦਰਤ ਹੈ ਹੀ ਬਹੁਤ ਸੋਹਣੀ-ਮਨਮੋਹਣੀ ਹੈ, ਇਕ ਦਮ ਸੱਚੀ-ਸੁੱਚੀ | ਇਹ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕਰਦੀ | ਨਾ ਹੀ ਕਿਸੇ ਦਾ ਦਿਲ ਦੁਖਾਉਂਦੀ ਹੈ ਤੇ ਨਾ ਹੀ ਅੱਧ-ਵਿਚਕਾਰ ਡੁੱਬਣ ਲਈ ਛੱਡਦੀ | ਇਹ ਤਾਂ ਚੱਤੋ-ਪਹਿਰ ਖ਼ੁਸ਼ੀਆਂ ਵੰਡਦੀ ਹੈ, ਹਰੇਕ ਨੂੰ ਸੀਨੇ ਲਾਉਂਦੀ ਹੈ, ਆਪਣਾ ਬਣਾਉਂਦੀ ਹੈ |' ਮੇਰੇ ਇੰਨੀ ਗੱਲ ਕਹਿਣ ਦੀ ਦੇਰ ਹੋਈ ਕਿ ਫੁੱਲਾਂ ਨੇ ਧਾਹ ਗਲਵਕੜੀ ਪਾ ਲਈ ਹੈ | ...ਤੇ ਚੰਨ ਜਿਹੇ ਮੁਖੜੇ 'ਤੇ ਮੁਸਕਾਨਾਂ ਦੀ ਫੁਹਾਰ ਛੁੱਟ ਗਈ ਹੈ |

-# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋਬਾਈਲ : 94170-01983.

ਸ਼ਹੀਦੀ ਦਿਨ 'ਤੇ ਵਿਸ਼ੇਸ਼

ਬਾਗੀ-ਚਿੰਤਕ ਵਿਗਿਆਨੀ ਬਰੂਨੋ ਜਿਸ ਨੂੰ ਜਿਊਾਦੇ ਸਾੜਿਆ ਗਿਆ

ਅੱਜ ਤੋਂ 420 ਸਾਲ ਪਹਿਲਾਂ 16 ਫਰਵਰੀ, 1600 ਨੂੰ ਇਟਲੀ ਅੰਦਰ ਨੇਪਲਜ਼ ਦੇ ਨੇੜੇ ਨੋਲਾ ਨਾਂ ਦੇ ਪਿੰਡ ਦੇ ਜੰਮਪਲ ਜਿਓਰਡੈਨੋ ਬਰੂਨੋ ਨੂੰ ਤਫਤੀਸ਼ੀ ਸੂਹੀਆਂ ਵਲੋਂ ਖੰਭੇ ਨਾਲ ਬੰਨ੍ਹ ਕੇ ਜਿਊਾਦੇ ਨੂੰ ਸਾੜ ਦਿੱਤਾ ਗਿਆ ਸੀ | ਬਰੂਨੋ ਉਨ੍ਹਾਂ ਪਹਿਲੇ ਦਾਰਸ਼ਨਿਕ-ਚਿੰਤਕਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਵਿਗਿਆਨਕ ਅਤੇ ਦਾਰਸ਼ਨਿਕ ਵਿਚਾਰ ਦੇਸੀ ਭਾਸ਼ਾ ਵਿਚ ਬਹਿਸ ਅਧੀਨ ਲਿਆਂਦੇ ਸਨ | ਉਨ੍ਹਾਂ ਸਮਿਆਂ 'ਚ ਬੌਧਿਕ ਵਾਰਤਾਲਾਪ ਦੀ ਭਾਸ਼ਾ ਲਾਤੀਨੀ ਸੀ | ਇਸ ਕਰਕੇ ਬਰੂਨੋ ਨੂੰ ਵਿਗਿਆਨ ਦੇ ਮੁੱਢਲੇ ਲੋਕ-ਪ੍ਰਚਾਰਕਾਂ ਵਿਚ ਗਿਣਿਆ ਜਾ ਸਕਦਾ ਹੈ | ਬਰੂਨੋ ਦਾ ਨਾਂ ਉਨ੍ਹਾਂ ਮੁੱਢਲੇ ਵਿਗਿਆਨੀਆਂ ਵਿਚੋਂ ਇਕ ਉੱਭਰਵੀਂ ਮਿਸਾਲ ਵਜੋਂ ਲਿਆ ਜਾਂਦਾ ਹੈ ਜਿਨ੍ਹਾਂ ਨੇ 16ਵੀਂ ਤੇ 17ਵੀਂ ਸਦੀ ਦੌਰਾਨ ਧਾਰਮਿਕ ਸੱਤਾਧਾਰੀਆਂ ਹੱਥੋਂ ਭਾਰੀ ਤਸੀਹੇ ਝੱਲੇ |
ਬਰੂਨੋ ਦਾ ਜੀਵਨ-ਕਾਲ ਉਹ ਸਮਾਂ ਸੀ ਜਦੋਂ ਅਜੋਕਾ ਵਿਗਿਆਨ ਅਜੇ ਉੱਭਰ ਰਿਹਾ ਸੀ | ਉਹ ਇਕ ਜੋਸ਼ੀਲਾ ਜਨਤਕ-ਬੁਲਾਰਾ ਸੀ | ਗਰਮ ਖਿਆਲੀ ਵਿਚਾਰਵਾਨ ਅਤੇ ਸੱਚਾ, ਸਿਰੜੀ-ਸਿਦਕੀ ਬੰਦਾ ਸੀ | ਉਹ ਸਚਾਈ ਨੂੰ ਸਾਬਤ ਕਰਨ ਲਈ ਤਰਕ ਅਤੇ ਦਲੀਲ ਵਿਚ ਯਕੀਨ ਰੱਖਦਾ ਸੀ ਅਤੇ ਇਸ ਦੀ ਜ਼ੋਰਦਾਰ ਵਕਾਲਤ ਵੀ ਕਰਦਾ ਸੀ | ਉਸਨੇ ਸਾਲ 1591 ਵਿਚ ਆਪਣੀ ਇਕ ਪੁਸਤਕ ਵਿਚ ਲਿਖਿਆ, 'ਜਿਹੜਾ ਵੀ ਦਾਰਸ਼ਨਿਕ ਬਣਨਾ ਚਾਹੁੰਦਾ ਹੈ ਉਸ ਨੂੰ ਸਭ ਤੋਂ ਪਹਿਲਾਂ ਸਭਨਾਂ ਵਿਚਾਰਾਂ ਉਪਰ ਕਿੰਤੂ-ਪ੍ਰੰਤੂ ਕਰਨਾ ਚਾਹੀਦਾ ਹੈ | ਉਸ ਨੂੰ ਕਿਸੇ ਵੀ ਵਾਦ-ਵਿਵਾਦ ਅੰਦਰ ਵੱਖ-ਵੱਖ ਦਲੀਲਾਂ ਸੁਣਨ ਅਤੇ ਹੱਕ ਤੇ ਵਿਰੋਧ ਵਿਚ ਦਿੱਤੀਆਂ ਦਲੀਲਾਂ ਉਪਰ ਵਿਚਾਰ ਕਰਨ ਤੋਂ ਬਿਨਾਂ ਆਪਣੀ ਪੱਕੀ ਰਾਇ ਨਹੀਂ ਬਣਾਉਣੀ ਚਾਹੀਦੀ | ਉਸਨੂੰ ਸਿਰਫ ਸੁਣੀ-ਸੁਣਾਈ ਗੱਲ ਉਪਰ ਭਰੋਸਾ ਕਰਕੇ ਜਾਂ ਬਹੁ-ਗਿਣਤੀ ਦੀ ਰਾਏ ਦੇ ਅਧਾਰ 'ਤੇ ਕਦੇ ਵੀ ਆਪਣਾ ਮਨ ਨਹੀਂ ਬਣਾਉਣਾ ਚਾਹੀਦਾ | ਸਗੋਂ ਉਸਨੂੰ ਇਕ ਜੀਵੰਤ ਸਿਧਾਂਤ ਦੀ ਸੇਧ ਮੁਤਾਬਕ ਚੱਲਣਾ ਚਾਹੀਦਾ ਹੈ, ਜਿਹੜਾ ਹਕੀਕਤ ਅਤੇ ਸਚਾਈ ਨਾਲ ਮੇਲ ਖਾਂਦਾ ਹੋਵੇ ਅਤੇ ਤਰਕ ਦੀ ਕਸੌਟੀ 'ਤੇ ਖਰਾ ਉਤਰਦਾ ਹੋਵੇ |'
ਆਮ ਕਰਕੇ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਬਰੂਨੋ ਨੂੰ ਤਫ਼ਤੀਸ਼ੀ ਸੂਹੀਆਂ ਵਲੋਂ ਇਸ ਲਈ ਖੰਭੇ ਨਾਲ ਬੰਨ੍ਹ ਕੇ ਜਿਊਾਦੇ ਸਾੜਿਆ ਗਿਆ ਕਿਉਂਕਿ ਉਹ ਕਾਪਰਨੀਕਸ ਦੇ 'ਸੂਰਜੀ ਕੇਂਦਰਕ ਬ੍ਰਹਿਮੰਡ' ਦੇ ਵਿਚਾਰਾਂ ਦੀ ਵਕਾਲਤ ਕਰਦਾ ਸੀ ਅਤੇ ਉਹ ਧਰਤੀ ਵਰਗੇ ਹੋਰ ਅਨੰਤ ਵਸਦੇ ਸੰਸਾਰਾਂ ਵਿਚ ਯਕੀਨ ਰੱਖਦਾ ਸੀ | ਇਹ ਕਾਪਰਨੀਕਸ ਹੀ ਸੀ ਜਿਸ ਨੇ ਇਹ ਇਨਕਲਾਬੀ ਮਨੌਤ ਪੇਸ਼ ਕੀਤੀ ਕਿ 'ਸਾਰੇ ਗੋਲਾਕਾਰ ਪਿੰਡ ਸੂਰਜੀ ਕੇਂਦਰ ਦੁਆਲੇ ਘੁੰਮਦੇ ਹਨ | ਇਸ ਲਈ ਸੂਰਜ ਹੀ ਬ੍ਰਹਿਮੰਡ ਦਾ ਕੇਂਦਰ ਹੈ |' ਇਸ ਦੀ ਪੁਸ਼ਟੀ ਗੈਲੀਲੀਓ ਦੀਆਂ ਖੋਜਾਂ ਰਾਹੀਂ ਹੋਈ | ਉਸ ਨੇ ਦਿਖਾਇਆ ਕਿ ਪਿ੍ਥਵੀ ਤਾਂ ਸੂਰਜ ਦੁਆਲੇ ਅਤੇ ਆਪਣੇ ਧੁਰੇ ਦੁਆਲੇ ਘੁੰਮਣ ਵਾਲੇ ਗ੍ਰਹਿਆਂ ਵਰਗਾ ਹੀ ਇਕ ਗ੍ਰਹਿ ਹੈ | ਬਰੂਨੋ ਦੀਆਂ ਲਿਖਤਾਂ ਵਿਚ ਭਾਵੇਂ ਕਾਪਰਨੀਕਸਵਾਦ ਦੀ ਵਕਾਲਤ ਕੀਤੀ ਗਈ ਦਿਸਦੀ ਹੈ ਪਰ ਉਹ ਤਾਰਾ ਵਿਗਿਆਨੀ ਨਹੀਂ ਸੀ | ਉਂਜ ਉਸਨੇ ਵਿਗਿਆਨ ਦੇ ਅਧਾਰ ਨੂੰ ਵਿਸ਼ਾਲ ਅਤੇ ਮਜਬੂਤ ਬਣਾਉਣ ਲਈ ਇਕ ਨਿਸ਼ਚਿਤ ਭੂਮਿਕਾ ਨਿਭਾਈ | ਉਸਨੇ ਕੁਦਰਤ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਨੂੰ ਕਾਪਰਨੀਕਸ ਦੇ ਸਿਧਾਂਤਾਂ ਦੀਆਂ ਦੂਰ-ਰਸ ਅਰਥ-ਸੰਭਾਵਨਾਵਾਂ ਪ੍ਰਤੀ ਸੋਚਣ ਲਈ ਮਜਬੂਰ ਕੀਤਾ ਜਿਸ ਨੇ ਅਜੋਕੇ ਵਿਗਿਆਨ ਦੇ ਬੂਹੇ 'ਤੇ ਦਸਤਕ ਦੇਣ ਵਿਚ ਮਦਦ ਕੀਤੀ |
ਬਰੂਨੋ ਨੇ ਸਭ ਕਿਸਮ ਦੇ ਰੂੜੀਵਾਦ ਨੂੰ ਚੁਣੌਤੀ ਦਿੱਤੀ | ਭਾਵੇਂ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਦੁਸ਼ਮਣ ਤੇ ਵਿਰੋਧੀ ਮੁਲਕਾਂ ਅੰਦਰ ਇਧਰ-ਉਧਰ ਘੁੰਮ ਫਿਰ ਕੇ ਹੀ ਗੁਜ਼ਾਰਿਆ | ਫਿਰ ਵੀ ਉਸਨੇ 20 ਦੇ ਲਗਭਗ ਪੁਸਤਕਾਂ ਲਿਖੀਆਂ | ਉਹ ਸ਼ਬਦ-ਸ਼ਾਸਤਰ ਵਿਚ ਰੁਚੀ ਰੱਖਦਾ ਸੀ | ਉਸ ਨੂੰ ਇਕ ਮੋਢੀ ਸ਼ਬਦਾਰਥ-ਵਿਗਿਆਨੀ ਵੀ ਕਿਹਾ ਜਾ ਸਕਦਾ ਹੈ | ਬਰੂਨੋ ਦੇ ਬ੍ਰਹਿਮੰਡ-ਵਿਗਿਆਨ ਬਾਰੇ ਵਿਚਾਰ ਉਸ ਦੀਆਂ ਤਿੰਨ ਲਿਖਤਾਂ ਵਿਚ ਦਰਜ ਹਨ | 1. ਬੁੱਧਵਾਰੀ ਰਾਤਰੀ ਭੋਜ, 2. ਕਾਰਨ ਸਿਧਾਂਤ ਤੇ ਏਕਤਾ ਬਾਰੇ, 3. ਅਸੀਮ ਬ੍ਰਹਿਮੰਡ ਤੇ ਅਨੰਤ ਸੰਸਾਰਾਂ ਬਾਰੇ | 'ਬੁੱਧਵਾਰੀ ਰਾਤਰੀ ਭੋਜ' ਵਿਚ ਬਰੂਨੋ ਨੇ ਕਾਪਰਨੀਕਸ ਦੇ ਸੂਰਜੀ ਕੇਂਦਰਕ ਬ੍ਰਹਿਮੰਡ ਵਿਚਾਰਾਂ ਦੀ ਵਕਾਲਤ ਕੀਤੀ ਹੈ | 'ਕਾਰਨ, ਸਿਧਾਂਤ ਤੇ ਏਕਤਾ ਬਾਰੇ' ਉਸ ਨੇ ਲਿਖਿਆ ਹੈ, 'ਇਸ ਸਮੁੱਚੇ ਭੂ-ਮੰਡਲ ਦੀ, ਇਸ ਤਾਰੇ ਦੀ ਕਿਉਂਕਿ ਨਾ ਮੌਤ ਅਤੇ ਨਾ ਹੀ ਤਬਾਹੀ ਹੋ ਸਕਦੀ ਹੈ ਅਤੇ ਵਿਨਾਸ਼ ਕੁਦਰਤ ਵਿਚ ਕਿਤੇ ਵੀ ਸੰਭਵ ਨਹੀਂ ਹੈ, ਇਸ ਲਈ ਇਹ ਭੂ-ਮੰਡਲ ਆਪਣੇ ਸਭ ਅੰਸ਼ਾਂ ਦੀ ਅਦਲਾ-ਬਦਲੀ ਅਤੇ ਰੂਪਾਂਤਰਨ ਰਾਹੀਂ ਸਮੇਂ-ਸਮੇਂ ਸਿਰ ਆਪਣੇ ਆਪ ਨੂੰ ਨਵਿਆਉਂਦਾ ਰਹਿੰਦਾ ਹੈ | ਨਿਰੋਲ ਅਮੂਰਤ 'ਉਪਰ-ਹੇਠਾਂ' ਕੁਝ ਵੀ ਨਹੀਂ ਹੁੰਦਾ (ਜਿਵੇਂ ਕਿ ਅਰਸਤੂ ਦੀ ਸਿੱਖਿਆ ਪ੍ਰਚੱਲਿਤ ਸੀ) ਸਗੋਂ ਕਿਸੇ ਵਸਤੂ ਦੀ ਸਥਿਤੀ ਦੂਜੀਆਂ ਵਸਤੂਆਂ ਦੀ ਸਥਿਤੀ ਦੇ ਤੁਲਨਾਤਮਿਕ ਹੀ ਹੁੰਦੀ ਹੈ | ਸਾਰੇ ਬ੍ਰਹਿਮੰਡ ਅੰਦਰ ਹਰ ਜਗ੍ਹਾ ਲਗਾਤਾਰ ਸਾਪੇਖ ਪਰਿਵਰਤਨ ਹੁੰਦਾ ਰਹਿੰਦਾ ਹੈ ਅਤੇ ਨਿਰੀਖਕ ਹਮੇਸ਼ਾ ਕੇਂਦਰ ਵਿਚ ਹੁੰਦਾ ਹੈ |' ਆਪਣੀ ਲਿਖਤ 'ਅਸੀਮ ਬ੍ਰਹਿਮੰਡ ਤੇ ਅਨੰਤ ਸੰਸਾਰ' ਵਿਚ ਬਰੂਨੋ ਨੇ ਦਲੀਲ ਦਿੱਤੀ ਹੈ ਕਿ, 'ਬ੍ਰਹਿਮੰਡ ਅਸੀਮ ਹੈ | ਇਸ ਅੰਦਰ ਅਨੰਤ ਸੰਸਾਰ ਹਨ ਅਤੇ ਇਨ੍ਹਾਂ ਅਨੰਤ ਸੰਸਾਰਾਂ ਉਪਰ ਸੂਝਵਾਨ ਜੀਵਾਂ ਦੀ ਹੋਂਦ ਹੈ |'
ਜਿਓਰਡੈਨੋ ਦਾ ਅਸਲੀ ਨਾਮ ਫਿਲੀਪੋ ਬਰੂਨੋ ਸੀ | ਉਸਦੇ ਫੌਜੀ ਪਿਤਾ ਜੀਓਵੈਲੀ ਬਰੂਨੋ ਨੇ ਉਸਨੂੰ ਨੇਪਲਜ਼ ਦੇ 'ਸੇਂਟ ਡੋਮੀਨੀਕੋ ਮੱਠ' ਵਿਚ ਦਾਖਲ ਕਰਵਾ ਦਿੱਤਾ | ਇਹ ਇਕ ਮਹਾਨ ਮੱਠ ਸੀ ਜਿਥੇ ਕਿਸੇ ਸਮੇਂ ਇਟਲੀ ਦਾ ਵਿਦਵਾਨ ਦਾਰਸ਼ਨਿਕ ਤੇ ਅਧਿਆਤਮਵਾਦੀ ਸੇਂਟ ਥਾਮਸ ਏਕਨਜ਼ (1225-1274) ਰਿਹਾ ਕਰਦਾ ਸੀ ਅਤੇ ਪੜ੍ਹਾਇਆ ਕਰਦਾ ਸੀ | ਬਰੂਨੋ ਦੇ ਮੱਠ ਵਿਚ ਸ਼ਾਮਲ ਹੋਣ ਤੋਂ ਬਾਅਦ ਉਸਦਾ ਨਾਮ ਜਿਅਰਡੈਨੋ ਪੈ ਗਿਆ | ਸਾਲ 1572 ਵਿਚ ਉਸਨੂੰ ਪਾਦਰੀ ਨਿਯੁਕਤ ਕਰ ਦਿੱਤਾ ਗਿਆ | ਇਸ ਡੋਮੀਨੀਕਨ ਮੱਤ ਦਾ ਮੁੱਖ ਉਦੇਸ਼ ਪ੍ਰਚਾਰ ਅਤੇ ਸਿੱਖਿਆ ਸੀ | ਇਸ ਦੇ ਪ੍ਰਚਾਰਕ ਰੂੜੀਵਾਦ ਦੇ ਪ੍ਰਮੁੱਖ ਮੁੱਦਈ ਸਨ | ਇਸ ਮੱਤ ਦੀ ਤਫ਼ਤੀਸ਼ੀ ਸੂਹੀਆ ਪ੍ਰਣਾਲੀ ਰਸਮੀ ਤੌਰ ਤੇ ਪੋਪ ਗਰੋਗਰੀ ਵਲੋਂ ਸਾਲ 1231 ਵਿਚ ਕਾਇਮ ਕੀਤੀ ਗਈ ਸੀ | ਇਸਦਾ ਮੁੱਖ ਮੰਤਵ ਵੱਧ ਰਹੇ 'ਨਾਸਤਿਕਤਾ ਦੇ ਖ਼ਤਰੇ' ਦਾ ਮੁਕਾਬਲਾ ਕਰਨਾ ਸੀ | ਤਫ਼ਤੀਸ਼ੀ ਸੂਹੀਏ, ਪੋਪ ਦੁਆਰਾ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤੇ ਜਾਂਦੇ ਸਨ | ਉਨ੍ਹਾਂ ਦੇ ਹੱਥ ਵਿਚ ਕਾਫੀ ਤਾਕਤ ਹੁੰਦੀ ਸੀ | ਸਾਲ 1252 ਵਿਚ ਤਸ਼ੱਦਦ ਦੀ ਵਰਤੋਂ ਜਾਇਜ਼ ਕਰਾਰ ਦੇ ਦਿੱਤੀ ਗਈ | ਮੁਕੱਦਮੇ ਗੁਪਤ ਤੌਰ 'ਤੇ ਚਲਾਏ ਜਾਂਦੇ ਸਨ | ਜਿਹੜੇ ਵਿਅਕਤੀ ਆਪਣਾ ਦੋਸ਼ ਸਵੀਕਾਰ ਕਰ ਲੈਂਦੇ ਸਨ, ਤਫ਼ਤੀਸ਼ੀ ਸੂਹੀਏ ਉਨ੍ਹਾਂ ਤੋਂ ਪਸ਼ਚਾਤਾਪ ਕਰਵਾਉਂਦੇ ਸਨ ਅਤੇ ਮੁਆਫ਼ੀ ਮੰਗਵਾਉਂਦੇ ਸਨ | ਜਿਹੜੇ ਆਪਣਾ ਦੋਸ਼ ਸਵੀਕਾਰ ਨਹੀਂ ਸੀ ਕਰਦੇ ਉਨ੍ਹਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਸੀ ਤੇ ਜਿਊਾਦਿਆਂ ਨੂੰ ਸਾੜ ਦਿੱਤਾ ਜਾਂਦਾ ਸੀ | ਬਰੂਨੋ ਆਪਣੇ ਵਿਦਿਆਰਥੀ ਜੀਵਨ ਵਿਚ ਵੀ ਆਪਣੇ ਮੌਲਿਕ ਵਿਚਾਰਾਂ ਕਰਕੇ ਅਤੇ ਪਰੰਪਰਾਗਤ ਅਧਿਆਤਮਕ ਸਿਧਾਂਤਾਂ ਦੀ ਬੇਬਾਕ ਆਲੋਚਨਾ ਕਰਨ ਕਰਕੇ ਖਾਸਾ ਚਰਚਿਤ ਸੀ | ਸਾਲ 1576 ਵਿਚ ਉਸ ਨੂੰ ਤਫ਼ਤੀਸ਼ੀ ਸੂਹੀਆਂ ਵਲੋਂ ਰਸਮੀ ਤੌਰ 'ਤੇ ਨਾਸਤਿਕਤਾ ਦਾ ਦੋਸ਼ੀ ਠਹਿਰਾਇਆ ਗਿਆ | ਉਹ ਗਿ੍ਫ਼ਤਾਰੀ ਤੋਂ ਬਚਣ ਲਈ ਨੇਪਲਜ਼ ਨੂੰ ਛੱਡ ਕੇ ਰੋਮ ਚਲਾ ਗਿਆ ਪਰ ਉਸ ਦੇ ਵਿਚਾਰਾਂ ਵਿਚ ਕੋਈ ਤਬਦੀਲੀ ਨਾ ਆਈ | ਇਸ ਲਈ ਉਸ ਵਿਰੁੱਧ ਦੋਸ਼ ਮੁੜ ਨਵੇਂ ਸਿਰਿਓਾ ਮੜ੍ਹ ਦਿੱਤੇ ਗਏ | ਇਸ ਮੌਕੇ ਉਸ ਨੇ 'ਡੋਮੀਨੀਕੀਨ' ਨਾਲੋਂ ਆਪਣਾ ਨਾਤਾ ਤੋੜ ਲਿਆ ਅਤੇ ਰੋਮ ਸ਼ਹਿਰ ਵੀ ਛੱਡ ਦਿੱਤਾ | ਬਰੂਨੋ ਇਟਲੀ, ਫਰਾਂਸ, ਇੰਗਲੈਂਡ ਅਤੇ ਜਰਮਨੀ ਸਾਰੇ ਘੁੰਮਿਆ | ਫਰਾਂਸ ਵਿਚ ਉਸ ਨੂੰ ਰਾਜਾ ਹੈਨਰੀ-3 (1551-89) ਨੇ ਥਾਪਣਾ ਦਿੱਤੀ ਜਿਸ ਨੇ ੳਸਦੀ ਕਾਲਜ ਆਫ ਫਰਾਂਸ ਵਿਚ ਨਿਯੁਕਤੀ ਕੀਤੀ | ਬਰੂਨੋ ਸਾਲ 1583 ਵਿਚ ਲੰਦਨ ਪਹੰੁਚਿਆ ਅਤੇ ਉਥੇ ਤਿੰਨ ਸਾਲ ਤੱਕ ਰਿਹਾ | ਇੰਗਲੈਂਡ ਵਿਚ ਉਸ ਦੀ ਠਹਿਰ ਉਸ ਦੇ ਜੀਵਨ ਦੇ ਸਭ ਤੋਂ ਵੱਧ ਸਫ਼ਲ ਸਮਿਆਂ ਵਿਚੋਂ ਇਕ ਸੀ | ਇਥੇ ਉਸ ਨੇ ਪਹਿਲੀ ਵਾਰ ਆਪਣੇ ਦਾਰਸ਼ਨਿਕ ਵਿਚਾਰਾਂ ਦੀ ਵਿਸਥਾਰਤ ਵਿਆਖਿਆ ਵਾਲੀਆਂ ਤਿੰਨ ਪੁਸਤਕਾਂ ਇਟਲੀ ਦੀ ਭਾਸ਼ਾ ਵਿਚ ਲਿਖੀਆਂ | ਵਿਲਿਅਮ ਗਿਲਗਰਟ (1544-1603) ਅਤੇ ਥਾਮਸ ਹੈਰੀਅਟ (1560-1621) ਵਰਗੇ ਉੱਘੇ ਵਿਗਿਆਨੀ ਬਰੂਨੋ ਦੇ ਬ੍ਰਹਿਮੰਡੀ ਵਿਚਾਰਾਂ ਦੇ ਮੋਢੀ ਹਮਾਇਤੀ ਬਣ ਗਏ | ਗਿਲਗਰਟ ਨੇ ਬਰੂਨੋ ਦੇ ਬ੍ਰਹਿਮੰਡੀ ਵਿਚਾਰਾਂ ਦੀ ਰੋਸ਼ਨੀ ਵਿਚ ਪਹਿਲੀ ਮਹਾਨ ਵਿਗਿਆਨਕ ਕਿਰਤ 'ਚੁੰਬਕ, ਚੁੰਬਕੀ ਵਸਤਾਂ ਤੇ ਮਹਾਨ ਧਰਤ-ਚੁੰਬਕ' ਸਾਲ 1600 ਵਿਚ ਛਪਵਾਈ | ਹੈਰੀਅਟ ਨੇ ਸਾਲ 1608 ਵਿਚ ਬਰੂਨੋ ਦੇ ਅਸੀਮ ਬ੍ਰਹਿਮੰਡ ਵਿਚਾਰਾਂ ਉਪਰ ਬਹਿਸ ਕਰਨ ਲਈ ਜੌਹਨ ਕੈਪਲਰ (1571-1630) ਨਾਲ ਖ਼ਤੋ-ਖਿਤਾਬ ਕੀਤਾ |
ਸਾਲ 1591 ਵਿਚ ਬਰੂਨੋ ਜੁਆਨੋ-ਮੋਸੀਨੀਗੋ ਨਾਂ ਦੇ ਪਾਦਰੀ ਦੇ ਸੱਦੇ 'ਤੇ ਇਟਲੀ ਵਾਪਸ ਆ ਗਿਆ | ਕਿਸੇ ਨਾ ਕਿਸੇ ਤਰ੍ਹਾਂ ਮੋਸੀਨੀਗੋ ਨੇ ਉਸਨੂੰ ਵੀਨਸ ਵਿਚ ਤਫ਼ਤੀਸ਼ੀ ਸੂਹੀਆਂ ਅੱਗੇ ਦੋਸ਼ੀ ਠਹਿਰਾ ਦਿੱਤਾ ਅਤੇ ਬਰੂਨੋ ਨੂੰ ਸਾਲ 1592 ਵਿਚ ਗਿ੍ਫ਼ਤਾਰ ਕਰ ਲਿਆ ਗਿਆ | ਫਿਰ ਉਸ ਨੂੰ ਰੋਮ ਵਿਚ ਤਫ਼ਤੀਸ਼ੀ ਸੂਹੀਆਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ | 7 ਸਾਲਾਂ ਦੇ ਮੁਕੱਦਮੇ ਤੋਂ ਬਾਅਦ ਤਫ਼ਤੀਸ਼ੀ ਸੂਹਿਆਂ ਨੇ 20 ਜਨਵਰੀ 1600 ਨੂੰ ਆਪਣਾ ਫ਼ੈਸਲਾ ਸੁਣਾਇਆ | ਸਜ਼ਾ ਸੁਣਾਉਣ ਤੋਂ ਬਾਅਦ ਵੀ ਉਸ ਨੂੰ ਪਸ਼ਚਾਤਾਪ ਕਰਨ ਅਤੇ ਮੁਆਫ਼ੀ ਮੰਗਣ ਲਈ 8 ਦਿਨ ਦਿੱਤੇ ਗਏ ਪਰ ਉਹ ਫਿਰ ਵੀ ਨਹੀਂ ਝੁਕਿਆ | 16 ਫਰਵਰੀ 1600 ਨੂੰ ਬਰੂਨੋ ਨੂੰ ਰੋਮ ਵਿਚ ਖੰਭੇ ਨਾਲ ਬੰਨ੍ਹ ਕੇ ਜਿਊਾਦੇ ਨੂੰ ਸਾੜ ਦਿੱਤਾ ਗਿਆ | ਮਰਦੇ ਦਮ ਤਕ ਬਰੂਨੋ ਬਾਗੀ ਰਿਹਾ |

-ਸੰਪਰਕ : 9814535005

ਕਿੱਸੇ ਬਟਵਾਰੇ ਦੇ

ਰਾਜ ਗੱਦੀ 'ਤੇ ਉਤਰਅਧਿਕਾਰੀ ਲਈ, ਰਾਜ ਦੇ ਬਟਵਾਰਿਆਂ ਲਈ, ਝਗੜਿਆਂ ਤੇ ਲੜਾਈਆਂ ਸਾਡੇ ਇਤਿਹਾਸ ਤੇ ਸਾਡੇ ਧਾਰਮਿਕ ਗ੍ਰੰਥਾਂ ਦਾ ਵੀ ਹਿੱਸਾ ਰਹੇ ਹਨ | ਸ੍ਰੀ ਰਾਮ ਨੂੰ ਕੈਕਈ ਨੇ 14 ਸਾਲ ਬਨਵਾਸ ਵੱਲ ਧੱਕ ਦਿੱਤਾ ਸੀ ਤਾਂ ਜੋ ਉਸ ਦਾ ਬੇਟਾ ਭਰਤ ਗੱਦੀ 'ਤੇ ਬੈਠ ਸਕੇ | ਉਹ ਗੱਲ ਵੱਖਰੀ ਹੈ ਕਿ ਭਰਤ ਇਕ ਵਫਾਦਾਰ ਭਰਾ ਬਣ ਕੇ 14 ਸਾਲ ਵੱਡੇ ਭਰਾ ਦੀਆਂ ਖੜਾਵਾਂ ਰਾਜ ਸਿੰਘਾਸਨ 'ਤੇ ਰੱਖ ਕੇ ਰਾਜ ਕਰਦਾ ਰਿਹਾ ਤੇ ਸ੍ਰੀ ਰਾਮ ਦੇ ਬਨਵਾਸ ਤੋਂ ਪਰਤਣ 'ਤੇ ਉਸ ਨੂੰ ਰਾਜ ਭਾਗ ਸੌਾਪ ਦਿੱਤਾ | ਕੁਰੂਕਸ਼ੇਤਰ ਦਾ ਯੁੱਧ ਹਸਤਨਾਪੁਰ ਦੀ ਰਾਜ ਗੱਦੀ ਲਈ ਹੀ ਤਾਂ ਹੋਇਆ ਸੀ | ਇਹੋ ਜਿਹੀਆਂ ਲੜਾਈਆਂ ਅਤੇ ਝਗੜਿਆਂ ਦੀ ਗਿਣਤੀ ਤਾਂ ਖਤਮ ਨਹੀਂ ਹੋਣੀ | 1947 ਵਿਚ ਭਾਰਤ ਤੇ ਪਾਕਿਸਤਾਨ ਦਾ ਬਟਵਾਰਾ ਹੋਇਆ ਸੀ ਜਿਸ ਦੇ ਜ਼ਖ਼ਮ ਅੱਜ ਵੀ ਤਾਜ਼ੇ ਹਨ | ਕਿੰਨੀਆਂ ਜਾਨਾਂ ਗਈਆਂ, ਕਿੰਨਾ ਖ਼ੂਨ ਖਰਾਬਾ ਹੋਇਆ, ਕਿੰਨੇ ਘਰ ਬਾਰ ਉੱਜੜ ਗਏ ਕਿੰਨੀਆਂ ਔਰਤਾਂ ਦੀ ਇੱਜ਼ਤ ਲੁੱਟੀ ਗਈ | ਇਨ੍ਹਾਂ ਘਟਨਾਵਾਂ ਬਾਰੇ ਸੋਚ ਕੇ ਰੌਾਗੜੇ ਖੜ੍ਹੇ ਹੋ ਜਾਂਦੇ ਹਨ |
ਪਰ ਅੱਜ ਮੈਂ ਅਜਿਹੀਆਂ ਲੜਾਈਆਂ ਤੇ ਬਟਵਾਰਿਆਂ ਦੀ ਨਹੀਂ ਸਗੋਂ ਉਸ ਬਟਵਾਰੇ ਦੀ ਗੱਲ ਕਰ ਰਹੀ ਹਾਂ ਜੋ ਘਰ ਵਿਚ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ | ਇਹ ਹੈ ਜ਼ਮੀਨ ਜਾਇਦਾਦ ਦਾ ਬਟਵਾਰਾ, ਮਕਾਨਾਂ ਤੇ ਕੋਠੀਆਂ ਦਾ ਬਟਵਾਰਾ, ਪੈਸਿਆਂ ਤੇ ਗਹਿਣਿਆਂ ਆਦਿ ਦਾ ਬਟਵਾਰਾ | ਇਨ੍ਹਾਂ ਬਟਵਾਰਿਆਂ ਨੂੰ ਮੈਂ ਦੋ ਸਮਿਆਂ ਵਿਚ ਵੰਡ ਕੇ ਵੇਖਦੀ ਹਾਂ-ਹਿੰਦੂ ਸਕਸੈਸ਼ਨ ਐਕਟ 2005 ਤੋਂ ਪਹਿਲੇ ਦਾ ਸਮਾਂ ਤੇ ਇਸ ਤੋਂ ਬਾਅਦ ਦਾ ਸਮਾਂ |
ਸਾਡੇ ਦੇਸ਼ ਵਿਚ ਪਰਿਵਾਰਕ ਫ਼ੈਸਲੇ ਆਮ ਤੌਰ 'ਤੇ ਪੰ੍ਰਪਰਾਵਾਂ ਜਾਂ ਧਰਮ ਦੇ ਆਧਾਰ 'ਤੇ ਹੁੰਦੇ ਆਏ ਹਨ | ਪਹਿਲੇ ਸਮੇਂ ਵਿਚ ਪਿਤਾ ਦੇ ਦਿਹਾਂਤ ਤੋਂ ਬਾਅਦ ਵੱਡੇ ਪੁੱਤਰ ਨੂੰ ਹੀ ਕਰਤਾ-ਧਰਤਾ ਮੰਨਿਆ ਜਾਂਦਾ ਸੀ | ਬਾਕੀ ਭਰਾਵਾਂ ਦਾ ਜਾਇਦਾਦ ਵਿਚ ਹਿੱਸਾ ਬਰਾਬਰ ਰਹਿੰਦਾ ਸੀ ਪਰ ਘਰ ਦੀ ਵਾਗ ਡੋਰ ਵੱਡੇ ਪੁੱਤਰ ਦੇ ਹਵਾਲੇ ਕਰ ਦਿੱਤੀ ਜਾਂਦੀ ਸੀ | ਕੁੜੀਆਂ ਪਰਿਵਾਰ ਦੀਆਂ ਮੈਂਬਰ ਤਾਂ ਹੁੰਦੀਆਂ ਸਨ ਪਰ ਜਾਇਦਾਦ ਵਿਚ ਉਨ੍ਹਾਂ ਦਾ ਹਿੱਸਾ ਨਹੀਂ ਹੁੰਦਾ ਸੀ | ਹਾਂ ਉਹ ਪਰਿਵਾਰ ਦੀ ਜ਼ਿੰਮੇਵਾਰੀ ਜ਼ਰੂਰ ਸਨ | ਕੁੜੀਆਂ ਦੇ ਵਿਆਹ ਤੇ ਸਮਰੱਥਾ ਅਨੁਸਾਰ ਖਰਚ ਕੀਤੇ ਜਾਂਦੇ ਸਨ ਤੇ ਵਿਆਹ ਤੋਂ ਬਾਅਦ ਉਹ ਸਹੁਰੇ ਪਰਿਵਾਰ ਦਾ ਹਿੱਸਾ ਬਣ ਜਾਂਦੀਆਂ ਸਨ | ਕੁੜੀਆਂ ਬਟਵਾਰੇ ਵਿਚ ਮੂਕ ਦਰਸ਼ਕ ਹੀ ਹੁੰਦੀਆਂ ਸਨ | ਇਸ ਗੱਲ 'ਤੇ ਮੈਨੂੰ ਆਪਣੇ ਨਾਲ ਬੀਤੀ ਇਕ ਘਟਨਾ ਯਾਦ ਆਈ |
ਮੈਂ ਤੇ ਮੇਰੀਆਂ ਦੋ ਭੈਣਾਂ ਪੁਰਾਣੀ ਪੀੜ੍ਹੀ ਦੀਆਂ ਹਾਂ ਜਦੋਂ ਕਿ ਲੜਕੀਆਂ ਦੇ ਹਿੱਸੇ ਬਾਰੇ ਘਰ ਵਿਚ ਕਦੇ ਗੱਲ ਵੀ ਨਹੀਂ ਸੀ ਹੁੰਦੀ | ਪੁੱਤਰਾਂ ਨੂੰ ਘਰ ਦਾ ਚਿਰਾਗ ਤੇ ਧੀਆਂ ਨੂੰ ਮੋਮਬੱਤੀਆਂ ਸਮਝਿਆ ਜਾਂਦਾ ਸੀ | ਇਕ ਦਿਨ ਕਿਸੇ ਸਮਾਗਮ 'ਤੇ ਅਸੀਂ ਤਿੰਨੇ ਭੈਣਾਂ ਇਕੱਠੀਆਂ ਹੋਈਆਂ ਤੇ ਇਕੋ ਕਮਰੇ ਵਿਚ ਰਹੀਆਂ | ਰਾਤ ਵੇਲੇ ਸੌਣ ਤੋਂ ਪਹਿਲਾਂ ਪੁਰਾਣੀਆਂ ਯਾਦਾਂ ਨੂੰ ਲੈ ਕੇ ਅਸੀਂ ਖਿੜਖਿੜਾ ਕੇ ਹੱਸ ਰਹੀਆਂ ਸੀ ਤੇ ਮਜ਼ੇ ਲੈ ਰਹੀਆਂ ਸੀ | ਸਾਡੇ ਕਮਰੇ ਦੇ ਬਾਹਰੋਂ ਦੋ ਰਿਸ਼ਤੇਦਾਰ ਲੰਘੇ ਤੇ ਮੈਂ ਉਨ੍ਹਾਂ ਨੂੰ ਕਹਿੰਦੇ ਸੁਣਿਆ, ਵੇਖ ਯਾਰ ਕਿਵੇਂ ਖਿੜਖਿੜਾ ਕੇ ਹੱਸ ਰਹੀਆਂ ਨੇ ਤੇ ਮਜ਼ੇ ਲੈ ਰਹੀਆਂ ਨੇ, ਜੇਕਰ ਇਨ੍ਹਾਂ ਨੇ ਇਕ ਮਰਲਾ ਵੀ ਜ਼ਮੀਨ ਵੰਡਣੀ ਹੁੰਦੀ ਤਾਂ ਇਕ-ਦੂਜੇ ਦੀਆਂ ਗੁੱਤਾਂ ਪੁੱਟ ਰਹੀਆਂ ਹੁੰਦੀਆਂ |
ਇਹ ਤਾਂ ਹੋਈ ਭੈਣਾਂ ਦੀ ਗੱਲ | ਹੁਣ ਭਰਾਵਾਂ ਦੀ ਗੱਲ ਕਰੀਏ | ਬਟਵਾਰੇ ਦੇ ਨਾਂਅ 'ਤੇ ਹੀ ਰਿਸ਼ਤਿਆਂ ਵਿਚ ਦਰਾੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸਨ | ਇਸ ਦਾ ਪਹਿਲਾ ਕਾਰਨ ਜੋ ਮੈਨੂੰ ਨਜ਼ਰ ਆਇਆ ਉਹ ਹੈ ਕਿ ਵੱਡਾ ਭਰਾ ਮੁਖੀਆ ਬਣ ਕੇ ਸਾਰੇ ਪਰਿਵਾਰ ਵੱਲ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ, ਸਾਰੇ ਪਰਿਵਾਰਕ ਫੈਸਲੇ ਆਪ ਕਰਨੇ ਸ਼ੁਰੂ ਕਰ ਦਿੰਦਾ ਸੀ | ਛੋਟੇ ਭਰਾ ਉਸ ਨੂੰ ਕਰਤਾ ਤਾਂ ਮੰਨ ਲੈਂਦੇ ਸਨ ਪਰ ਆਪਣੇ-ਆਪ ਨੂੰ ਨਜ਼ਰਅੰਦਾਜ਼ ਹੋਇਆ ਸਮਝਦੇ ਸਨ | ਕਈ ਵਾਰੀ ਵੱਡੇ ਭਰਾ ਦਾ ਸੁਝਾਅ ਵੀ ਮਤਲਬੀ ਹੁੰਦਾ ਸੀ | ਉਹ ਆਪਣੀ ਸਥਿਤੀ ਦਾ ਫਾਇਦਾ ਉਠ ਕੇ ਡੱਕਾ ਆਪਣੇ ਵੱਲ ਸੁਟਦਾ ਸੀ | ਦੋਵਾਂ ਹਾਲਤਾਂ ਵਿਚ ਛੋਟੇ ਭਰਾ ਰੰਜਸ਼ ਤੇ ਬੇਇਤਬਾਰੀ ਪਾਲ ਲੈਂਦੇ ਸਨ | ਇਹੀ ਰੰਜਸ਼ ਤੇ ਬੇਇਤਬਾਰੀ ਬਹਿਸਾਂ, ਦਲੀਲਾਂ ਤੇ ਝਗੜਿਆਂ ਵਿਚ ਬਦਲ ਜਾਂਦੀ ਸੀ | ਕਈ ਵਾਰੀ ਗੱਲ ਕਚਹਿਰੀਆਂ ਤੱਕ ਪਹੁੰਚ ਜਾਂਦੀ ਸੀ ਤੇ ਖ਼ੂਨ ਖਰਾਬੇ ਵੀ ਹੋ ਜਾਂਦੇ ਸਨ | ਇਹੋ ਜਿਹੇ ਹਾਲਾਤ ਸਾਰੇ ਪਰਿਵਾਰ ਲਈ ਨੁਕਸਾਨਦੇਹ ਸਾਬਤ ਹੁੰਦੇ ਸਨ | ਇਸੇ ਗੱਲ 'ਤੇ ਮੈਨੂੰ ਭਰਾਵਾਂ ਦੀ ਰੰਜਸ਼ ਬਾਰੇ ਇਕ ਚੁਟਕਲਾ ਯਾਦ ਆਇਆ |
ਦੋ ਦੋਸਤ ਪੀ ਰਹੇ ਸਨ | ਦੋਵਾਂ ਵਿਚੋਂ ਇਕ ਬੜਾ ਭਾਵਕ ਹੋ ਬੋਲਿਆ, 'ਯਾਰ ਤੂੰ ਤਾਂ ਮੇਰੇ ਭਰਾ ਵਰਗਾ ਹੈ'
'ਬਸ ਬਸ ਮੈਨੂੰ ਭਰਾ ਕਹਿ ਕੇ ਗਾਲ ਨਾ ਕੱਢ' ਦੂਜੇ ਨੇ ਜਵਾਬ ਦਿੱਤਾ |
'ਉਹ ਕਿਉਂ?'
'ਜੇ ਮੈਂ ਦੋਸਤ ਰਹਾਂਗਾ ਤਾਂ ਨਾ ਮੈਂ ਤੇਰੇ ਨਾਲ ਕੋਈ ਜਾਇਦਾਦ ਵੰਡਾਂਗਾ ਤੇ ਨਾ ਕੋਈ ਪੈਸਾ ਲੀੜਾ ਸੋ, ਸਾਡਾ ਪਿਆਰ ਹਮੇਸ਼ਾ ਬਣਿਆ ਰਹੇਗਾ |'
ਸੰਨ 2005 ਵਿਚ ਹਿੰਦੂ ਸਕਸੈਸ਼ਨ ਐਕਟ ਪਾਸ ਹੋਇਆ ਤੇ ਇਸ ਦੇ ਅਨੁਸਾਰ ਕੁੜੀਆਂ ਨੂੰ ਜੱਦੀ ਜਾਇਦਾਦ ਵਿਚ ਭਰਾਵਾਂ ਦੇ ਬਰਾਬਰ ਹਿੱਸਾ ਤੇ ਰੁਤਬਾ ਦੇ ਦਿੱਤਾ ਗਿਆ ਹੈ | ਇਹ ਕਾਨੂੰਨ ਗ਼ਲਤ ਨਹੀਂ ਹੈ | ਕੁੜੀਆਂ ਨੂੰ ਤਾਂ ਹਿੱਸਾ ਮਿਲਣਾ ਹੀ ਚਾਹੀਦਾ ਹੈ | ਇਹ ਉਨ੍ਹਾਂ ਦਾ ਹੱਕ ਹੈ | ਉਹ ਉਨ੍ਹਾਂ ਹੀ ਮਾਂ-ਬਾਪ ਦੀਆਂ ਜੰਮੀਆਂ ਹਨ | ਪਰ ਅੱਜ ਵੀ ਕਦੇ-ਕਦੇ ਤਰਕਸ਼ੀਲਤਾ ਤੇ ਪੰ੍ਰਪਰਾ ਭਾਰੀ ਪੈ ਜਾਂਦੀ ਹੈ | ਦਿਲ ਕਰਦਾ ਹੈ ਕਿ ਪੁੱਤਰਾਂ ਨੂੰ ਹੀ ਆਪਣਾ ਵਾਰਿਸ ਮੰਨੀਏ ਤੇ ਫਿਰ ਸਾਰੀ ਜਾਇਦਾਦ ਉਨ੍ਹਾਂ ਨੂੰ ਹੀ ਦੇ ਦੇਈਏ | ਕਦੀ ਇਹ ਵੀ ਸੋਚਦੇ ਹਾਂ ਕਿ ਕੁੜੀਆਂ ਨੂੰ ਦਿੱਤਾ ਹਿੱਸਾ ਜਵਾਈਆਂ ਦੇ ਟੱਬਰ ਵਿਚ ਚਲਾ ਜਾਏਗਾ | ਫਿਰ ਆਪਣੇ ਆਪ ਨੂੰ ਬਦਲੇ ਹੋਏ ਹਾਲਾਤ ਨਾਲ ਤੇ ਨਵੇਂ ਕਾਨੂੰਨ ਨਾਲ ਸਮਝੌਤਾ ਕਰਨ ਲਈ ਪ੍ਰੇਰਿਤ ਕਰਦੇ ਹਾਂ ਕਿਉਂਕਿ ਕਾਨੂੰਨ ਤਾਂ ਕਾਨੂੰਨ ਹੀ ਹੈ | ਕੋਈ ਵੀ ਇਸ ਦਾ ਸਹਾਰਾ ਲੈ ਕੇ ਤੁਹਾਡੇ ਫੈਸਲੇ ਨੂੰ ਚੁਣੌਤੀ ਦੇ ਸਕਦਾ ਹੈ | ਪਰ ਅਗਲੀ ਪੀੜ੍ਹੀ ਲਈ ਇਹ ਉਲਝਣ ਨਹੀਂ ਹੋਵੇਗੀ | ਉਨ੍ਹਾਂ ਨੂੰ ਕੁੜੀਆਂ ਤੇ ਮੰੁਡਿਆਂ ਦੀ ਬਰਾਬਰੀ ਇਕ ਆਮ ਜਿਹੀ ਗੱਲ ਲੱਗੇਗੀ | ਪਰ ਇਹ ਵੀ ਸੱਚ ਹੈ ਕਿ ਇਸ ਕਾਨੂੰਨ ਦੇ ਨਾਲ ਬਟਵਾਰਿਆਂ ਦਾ ਦਾਇਰਾ ਹੋਰ ਵਧ ਗਿਆ ਹੈ | ਇਸ ਦੇ ਵਧਣ ਕਰਕੇ ਕਈ ਨਵੀਆਂ ਸਮੱਸਿਆਵਾਂ ਨੇ ਜਨਮ ਲੈ ਲਿਆ ਹੈ ਤੇ ਦਰਾੜਾਂ ਹੋਰ ਵੀ ਵਧ ਗਈਆਂ ਹਨ | ਬਹੁਤ ਸਾਰੀਆਂ ਕੁੜੀਆਂ ਪੜ੍ਹ-ਲਿਖ ਗਈਆਂ ਹਨ, ਆਪਣੇ ਹੱਕਾਂ ਦੇ ਬਾਰੇ ਹੋਰ ਵੀ ਜਾਗਰੂਕ ਹੋ ਗਈਆਂ ਹਨ | ਹਾਲਾਂ ਵੀ ਕੁਝ ਕੁੜੀਆਂ ਆਪਣਾ ਹਿੱਸਾ ਮੰੂਹ ਖੋਲ੍ਹ ਕੇ ਨਹੀਂ ਮੰਗਦੀਆਂ ਪਰ ਇਹ ਸੰਗ ਵੀ ਜਲਦੀ ਹੀ ਖਤਮ ਹੋ ਜਾਵੇਗੀ | ਕਈ ਵਾਰੀ ਤਾਂ ਸਹੁਰੇ ਘਰ ਵੀ ਕੁੜੀ ਦੀ ਜਾਇਦਾਦ ਦੇ ਹਿੱਸੇ ਨੂੰ ਦਾਜ ਵਾਂਗ ਹੀ ਵੇਖਦੇ ਹਨ | ਇਹ ਤਾਂ ਮੰਨਣਾ ਪਵੇਗਾ ਕਿ ਲੋਕ ਉਪਰੋਂ ਜਿੰਨੀ ਮਰਜ਼ੀ ਪੋਚਾ-ਪਾਚੀ ਕਰਦੇ ਰਹਿਣ ਪਰ ਬਟਵਾਰੇ ਕਾਰਨ ਲੁਕੀਆਂ ਹੋਈਆਂ ਰੰਜਸ਼ਾਂ ਖਤਮ ਨਹੀਂ ਹੁੰਦੀਆਂ | ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਰੰਜਸ਼ਾਂ, ਝਗੜੇ, ਤਣਾਓ ਤੇ ਆਪਸੀ ਮਤਭੇਦ ਰੋਕੇ ਜਾ ਸਕਦੇ ਹਨ? ਉੱਤਰ ਸਾਫ਼ ਹੈ, ਨਹੀਂ | ਪਰ ਇਨ੍ਹਾਂ ਨੂੰ ਘੱਟ ਕਰਨ ਲਈ ਕੁਝ ਸੁਝਾਓ ਹਨ | ਜੇਕਰ ਤੁਸੀਂ ਆਪਣੇ ਬਾਅਦ ਜਾਇਦਾਦ ਦਾ ਬਟਵਾਰਾ ਨਹੀਂ ਚਾਹੁੰਦੇ ਤਾਂ ਫਿਰ ਇਕ ਹੀ ਬੱਚਾ ਪੈਦਾ ਕਰੋ | ਕਈ ਘਰਾਂ ਵਿਚ ਤਾਂ ਇਹ ਸ਼ੁਰੂ ਹੋ ਵੀ ਗਿਆ ਹੈ | ਸੋ, ਨਾ ਰਹੇ ਬਾਂਸ ਤੇ ਨਾ ਵਜੇ ਬੰਸਰੀ', ਪਰ ਜੇਕਰ ਇਕ ਤੋਂ ਜ਼ਿਆਦਾ ਬੱਚੇ ਪੈਦਾ ਕਰਨੇ ਹਨ ਤਾਂ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਆਪਸੀ ਪਿਆਰ ਨਾਲ ਰਹਿਣ ਤੇ ਬਟਵਾਰਿਆਂ ਨੂੰ ਖ਼ੁਸ਼ੀ ਨਾਲ ਮੰਨਣ ਦੀ ਟ੍ਰੇਨਿੰਗ ਬਚਪਨ ਤੋਂ ਹੀ ਦੇਣ | ਕਦੇ ਬੱਚਿਆਂ ਵਿਚ ਵਿਤਕਰਾ ਨਾ ਕਰਨ | ਨਾ ਹੀ ਇਕ ਬੱਚੇ ਦੀ ਦੂਜੇ ਨਾਲ ਬਿਨਾਂ ਵਜ੍ਹਾ ਤੁਲਨਾ ਕਰਨ ਕਿਉਂਕਿ ਹਰ ਬੱਚੇ ਦੀ ਸ਼ਖ਼ਸੀਅਤ ਇਕ-ਦੂਜੇ ਤੋਂ ਵੱਖਰੀ ਹੁੰਦੀ ਹੈ | ਸਿੱਧੇ ਅਸਿੱਧੇ ਤੌਰ 'ਤੇ ਬੱਚਿਆਂ ਨੂੰ ਇਹ ਵੀ ਸਮਝਾਓ ਕਿ ਜਾਇਦਾਦ ਦੀ ਵੰਡ ਖਾਸ ਕਰਕੇ ਜ਼ਮੀਨ ਜਾਂ ਜ਼ਮੀਨ 'ਤੇ ਉਸਾਰੇ ਘਰਾਂ ਤੇ ਹੋਰ ਬਿਲਡਿੰਗਾਂ ਦੀ, ਕਦੇ ਵੀ ਪੈਸਿਆਂ ਆਦਿ ਦੀ ਤਰ੍ਹਾਂ ਇਕੋ ਜਿਹੀ ਬਰਾਬਰ ਨਹੀਂ ਹੁੰਦੀ | ਕੁਝ ਨਾ ਕੁਝ ਫਰਕ ਮਿਣਤੀ ਜਾਂ ਕੀਮਤ ਦਾ, ਆਪਣੀ-ਆਪਣੀ ਸੋਚ ਦੇ ਮੁਤਾਬਿਕ ਰਹਿੰਦਾ ਹੀ ਹੈ | ਇਸ ਦੇ ਨਾਲ ਹੀ ਬੱਚਿਆਂ ਦੇ ਸਾਹਮਣੇ ਕਦੇ ਵੀ ਆਪਣੇ ਭੈਣਾਂ ਜਾਂ ਭਰਾਵਾਂ ਦੀ ਬਦਖੋਈ ਨਾ ਕਰੋ | ਨਾ ਹੀ ਉਨ੍ਹਾਂ ਵੱਲ ਨਫ਼ਰਤ ਦਾ ਰਵੱਈਆ ਰੱਖੋ | ਘਰ ਦੇ ਮਾਹੌਲ ਵਿਚ ਆਪਣੀਆਂ ਭੈਣਾਂ ਤੇ ਭਰਾਵਾਂ ਲਈ ਪਿਆਰ ਦਾ ਇਜ਼ਹਾਰ ਕਰਨ ਤੋਂ ਨਾ ਕਤਰਾਓ | ਤੁਹਾਡੇ ਰਵੱਈਏ ਤੇ ਸੋਚ ਦਾ ਅਸਰ ਬੱਚਿਆਂ 'ਤੇ ਜ਼ਰੂਰ ਪਵੇਗਾ | ਸੋ, ਜਾਇਦਾਦ ਦੇ ਨਾਲ-ਨਾਲ ਬੱਚਿਆਂ ਲਈ ਪਿਆਰ ਤੇ ਸਦਭਾਵਨਾ ਦੀ ਵਿਰਾਸਤ ਵੀ ਛੱਡ ਜਾਓ | ਬਟਵਾਰੇ ਕਦੀ ਖਤਮ ਨਹੀਂ ਹੋਣੇ | ਇਨ੍ਹਾਂ ਤੋਂ ਬਾਅਦ ਭੈਣਾਂ ਭਰਾਵਾਂ ਦਾ ਪਿਆਰ ਤੇ ਸਾਂਝ ਬਣੀ ਰਹੇ, ਅਸਲੀ ਸਫ਼ਲਤਾ ਇਹੋ ਹੀ ਹੈ | ਬਾਕੀ ਤੁਸੀਂ ਖ਼ੁਦ ਸਿਆਣੇ ਹੋ |

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ |
ਮੋਬਾਈਲ : 95015-31277.

ਕੰਪਿਊਟਰੀ ਨੁਕਤੇ: ਫ਼ਾਲਤੂ ਨੋਟੀਫ਼ਿਕੇਸ਼ਨਾਂ ਵਿਚ ਉਲਝੀ ਤਾਣੀ

ਸਾਡੀ ਇਕਾਗਰਤਾ ਨੂੰ ਭੰਗ ਕਰਨ 'ਚ ਮੋਬਾਈਲ ਦੇ ਅਣਚਾਹੇ ਨੋਟੀਫਿਕੇਸ਼ਨਾਂ ਦਾ ਵੱਡਾ ਹੱਥ |
ਸਮਾਰਟ ਫ਼ੋਨ ਦੇ ਵਰਤੋਂਕਾਰਾਂ ਲਈ 'ਗੂਗਲ ਅਸਿਸਟੈਂਟ' ਇਕ ਵਰਦਾਨ |
ਗੁੰਝਲਦਾਰ ਰੱਖੋ ਕੰਪਿਊਟਰ, ਈ-ਮੇਲ, ਫੇਸਬੁਕ, ਨੈੱਟ ਬੈਂਕਿੰਗ ਆਦਿ ਦਾ ਪਾਸਵਰਡ |
ਅੱਜ ਦੀ ਨੌਜਵਾਨ ਪੀੜ੍ਹੀ ਭਾਂਤ-ਭਾਂਤ ਦੀਆਂ ਮੋਬਾਈਲ ਐਪਜ਼ ਅਤੇ ਵੀਡੀਓ ਗੇਮਾਂ ਦੇ ਚੱਕਰਵਿਊ ਵਿਚ ਫਸੀ ਹੋਈ ਹੈ | ਮੋਬਾਈਲ ਉੱਤੇ ਵੱਖ-ਵੱਖ ਐਪਜ਼, ਫ਼ੋਨ ਕੰਪਨੀਆਂ ਆਦਿ ਵੱਲੋਂ ਵਾਰ-ਵਾਰ ਇਤਲਾਹ ਸੁਨੇਹੇ ਭੇਜੇ ਜਾਂਦੇ ਹਨ | ਇਨ੍ਹਾਂ ਇਤਲਾਹਨਾਮਿਆਂ ਕਾਰਨ (notifications) ਸਾਡੀ ਇਕਾਗਰਤਾ 'ਤੇ ਮਾੜਾ ਅਸਰ ਪੈਂਦਾ ਹੈ | ਇਨ੍ਹਾਂ ਆਪ ਮੁਹਾਰੇ ਵੱਡੀ ਗਿਣਤੀ ਵਿਚ ਆਉਂਦੇ ਸੁਨੇਹਿਆਂ ਵਿਚੋਂ ਸਾਡੇ ਲਈ ਕੰਮ ਦੇ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਮਹਿਜ਼ ਸਮਾਂ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ |
ਅਣਚਾਹੇ ਨੋਟੀਫਿਕੇਸ਼ਨਾਂ ਨੂੰ ਬੰਦ ਕਰਨ ਦਾ ਨੁਕਤਾ
ਮੋਬਾਈਲ ਦੀ ਸਕਰੀਨ ਦੇ ਉਤਲੇ ਕਿਨਾਰੇ ਤੋਂ ਹੇਠਾਂ ਨੂੰ ਉਂਗਲੀ ਘੁਮਾਓ | ਇਤਲਾਹੀ ਪੱਟੀ (notification bar) ਖੁੱਲ੍ਹ ਜਾਵੇਗੀ | ਹੁਣ ਇੱਥੋਂ ਅਣਚਾਹੇ ਸੁਨੇਹੇ 'ਤੇ ਥੋੜ੍ਹੀ ਦੇਰ ਦੱਬ ਕੇ ਰੱਖੋ | ਇਸ ਨੂੰ ਬੰਦ ਜਾਂ ਜਾਮ ਕਰਨ ਦਾ ਵਿਕਲਪ ਆਵੇਗਾ | ਬੰਦ ਕਰ ਦਿਓ | ਹੁਣ ਅੱਗੇ ਤੋਂ ਇਸ ਸਰੋਤ ਤੋਂ ਇਤਲਾਹ ਸੁਨੇਹੇ ਆਉਣੇ ਬੰਦ ਹੋ ਜਾਣਗੇ |
ਉਚਾਰ ਸਹਾਈ ਜੰਤਰਾਂਵਿਚ ਮੁਕਾਬਲਾ
ਇਕ ਹੁਸ਼ਿਆਰ ਤੇ ਮਨਸੂਈ ਬੁੱਧੀ ਨਾਲ ਪੂਰੀ ਤਰ੍ਹਾਂ ਲੈਸ ਉਚਾਰ ਸਹਾਈ (Voice 1ssistant) ਬਣਾਉਣ ਲਈ ਕਈ ਕੰਪਨੀਆਂ ਵਿਚ ਮੁਕਾਬਲਾ ਚੱਲ ਰਿਹਾ ਹੈ | ਐਮਾਜ਼ੋਨ ਦੁਆਰਾ ਬਣਾਏ ਅਲੈਕਸਾ ਨਾਂ ਦੇ ਉਚਾਰ ਸਹਾਈ ਯੰਤਰ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ | ਇਸ ਯੰਤਰ ਨੂੰ ਸਮਾਰਟ ਫ਼ੋਨ, ਟੀਵੀ, ਕਾਰ ਆਦਿ ਕਈ ਚੀਜ਼ਾਂ ਨਾਲ ਜੋੜਿਆ ਜਾ ਸਕਦਾ ਹੈ | ਇਹ ਤੁਹਾਡੇ ਵਲੋਂ ਉਚਾਰੇ ਹੁਕਮਾਂ ਨੂੰ ਸੁਣ ਕੇ ਕੰਮ ਕਰਦਾ ਹੈ | ਤੁਸੀਂ ਘਰ ਜਾਂ ਦਫ਼ਤਰ ਵਿਚ ਚੱਲਦੇ-ਫਿਰਦੇ ਅਲੈਕਸਾ ਨੂੰ ਉਚਾਰ (ਵਾਇਸ) ਕਮਾਂਡ ਦੇ ਕੇ ਕੰਮ ਕਰਵਾ ਸਕਦੇ ਹੋ |
ਐਪਲ ਨੇ ਆਪਣੇ 'ਸਿਰੀ' (Siri) ਨਾਂ ਦੇ ਉਚਾਰ ਯੰਤਰ ਤੇ ਕੰਮ ਸ਼ੁਰੂ ਕੀਤਾ ਹੋਇਆ ਹੈ | ਮਾਈਕਰੋਸਾਫ਼ਟ ਨੂੰ ਆਪਣੇ ਉਚਾਰ ਸਹਿਯੋਗੀ ਯੰਤਰ 'ਕੋਰਟਾਨਾ' ਤੋਂ ਢੇਰਾਂ ਆਸਾਂ ਹਨ | ਫੇਸਬੁਕ ਨੇ ਵੀ 2015 ਵਿਚ ਆਪਣੇ ਮੈਸੇਂਜਰ ਤੇ 'ਐਮ ਅਸਿਸਟੈਂਟ' ਜਾਰੀ ਕੀਤਾ ਸੀ ਜਿਸ ਨੂੰ 2018 ਵਿਚ ਹਟਾ ਲਿਆ ਗਿਆ | ਮੁਫ਼ਤ ਹੋਣ ਕਾਰਨ 'ਗੂਗਲ ਅਸਿਸਟੈਂਟ' ਵਰਤੋਂਕਾਰਾਂ ਦੀ ਪਹਿਲੀ ਪਸੰਦ ਹੈ | ਲੋਕ ਐਾਡਰਾਇਡ ਫੋਨਾਂ ਵਿਚ ਇਸ ਨੂੰ ਅਕਸਰ ਵਰਤਦੇ ਹਨ |
ਆਓ 'ਗੂਗਲ ਅਸਿਸਟੈਂਟ' ਵਰਤੀਏ
ਆਪਣੇ ਫ਼ੋਨ ਦਾ 'ਹੋਮ' ਬਟਨ ਦੱਬ ਕੇ ਰੱਖੋ | 'ਗੂਗਲ ਅਸਿਸਟੈਂਟ' ਖੁੱਲ੍ਹੇਗਾ | ਕੁਝ ਵੀ ਬੋਲੋ ਜਿਵੇਂ ਪੰਜਾਬ ਦੀ ਆਵਾਜ਼ 'ਅਜੀਤ' ਬੋਲੋ | ਗੂਗਲ ਅਸਿਸਟੈਂਟ ਤੁਹਾਡੇ ਦੁਆਰਾ ਬੋਲੇ ਗਏ ਸ਼ਬਦਾਂ ਬਾਰੇ ਜਾਣਕਾਰੀ ਲੱਭੇਗਾ | ਇੱਥੇ ਤੁਸੀਂ ਵੇਖੋਗੇ ਕਿ ਉਹ ਪਹਿਲੇ ਨੰਬਰ 'ਤੇ ਅਜੀਤ ਅਖ਼ਬਾਰ ਦੀ ਵੈੱਬਸਾਈਟ ਵਿਖਾਵੇਗਾ | ਇਸ ਵਿਸ਼ੇਸ਼ਤਾ ਨੂੰ ਗੂਗਲ ਵਿਚ ਟਾਈਪ ਕਰਕੇ ਲੱਭਣ ਦੀ ਬਜਾਏ ਬੋਲ ਕੇ ਲੱਭਿਆ ਜਾ ਸਕਦਾ ਹੈ |
ਸਭ ਤੋਂ ਘਟੀਆ ਪਾਸਵਰਡਾਂ ਦੀ ਸੂਚੀ ਵਿਚੋਂ 123456 ਸਭ ਤੋਂ ਸਿਖਰ 'ਤੇ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 123456 ਸਭ ਤੋਂ ਘਟੀਆ ਪਾਸਵਰਡਾਂ ਦੀ ਸੂਚੀ ਵਿਚੋਂ ਸਭ ਤੋਂ ਸਿਖਰ ਉੱਤੇ ਆਇਆ ਹੈ | ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੁੰਦਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਕੰਪਿਊਟਰ, ਨੈੱਟਵਰਕ ਅਤੇ ਇੰਟਰਨੈੱਟ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ | ਸਭ ਤੋਂ ਘਟੀਆ ਪਾਸਵਰਡਾਂ ਦੀ ਸੂਚੀ ਵਿਚੋਂ password ਖ਼ੁਦ ਦੂਜੇ ਨੰਬਰ 'ਤੇ ਅਤੇ 123456789 ਤੀਜੇ ਨੰਬਰ 'ਤੇ ਪਾਇਆ ਗਿਆ | ਇਸ ਸੂਚੀ ਵਿਚ qwerty ਅਤੇ admin ਪਹਿਲੇ ਇਕ ਦਰਜਨ ਪਾਸਵਾਰਡਾਂ ਵਿਚ ਸ਼ੁਮਾਰ ਹਨ | ਸਾਈਬਰ ਠੱਗ ਸੌਖੇ ਤੇ ਅਸੁਰੱਖਿਅਤ ਪਾਸਵਰਡ ਨੂੰ ਬੜੀ ਅਸਾਨੀ ਨਾਲ ਤੋੜ ਕੇ ਨੁਕਸਾਨ ਪਹੁੰਚਾ ਸਕਦੇ ਹਨ |
ਸੁਰੱਖਿਅਤ ਪਾਸਵਰਡ ਕਿਵੇਂ ਰੱਖੀਏ?
ਆਪਣੇ ਕੰਪਿਊਟਰ, ਈ-ਮੇਲ, ਫੇਸਬੁਕ, ਨੈੱਟ ਬੈਂਕਿੰਗ ਆਦਿ ਦਾ ਪਾਸਵਰਡ ਥੋੜ੍ਹਾ ਜਿਹਾ ਗੁੰਝਲਦਾਰ ਰੱਖੋ ਤੇ ਇਸ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੋ | ਪਾਸਵਰਡ ਅੰਕਾਂ (1, 2, 3...), ਅੰਗਰੇਜ਼ੀ ਦੇ ਛੋਟੇ/ਵੱਡੇ ਅੱਖਰਾਂ (a,b,c …/1,2,3 …) ਅਤੇ ਵਿਸ਼ੇਸ਼ ਚਿੰਨ੍ਹਾਂ (0, #, …) ਆਦਿ ਦੇ ਸੁਮੇਲ ਨਾਲ ਬਣਾਓ | ਮਿਸਾਲ ਵਜੋਂ Mk0123singh ਇਕ ਸੁਰੱਖਿਅਤ ਪਾਸਵਰਡ ਹੋ ਸਕਦਾ ਹੈ |

-ਪੰਜਾਬੀ ਯੂਨੀਵਰਸਿਟੀ, ਪਟਿਆਲਾ
www.cpkamboj.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਪ੍ਰੋ: ਮੋਹਨ ਸਿੰਘ ਦੀ ਬਰਸੀ ਸਮੇਂ ਪੰਜਾਬੀ ਭਵਨ, ਲੁਧਿਆਣਾ ਵਿਖੇ ਖਿੱਚੀ ਗਈ ਸੀ | ਸੁਰਜੀਤ ਪਾਤਰ ਗਾਇਕਾ ਸੁਰਿੰਦਰ ਕੌਰ ਨੂੰ ਆਪਣਾ ਗੀਤ ਜਾਂ ਗ਼ਜ਼ਲ ਗਾਉਣ ਲਈ ਆਖ ਰਿਹਾ ਸੀ | ਉਹ ਆਖ ਰਹੇ ਸੀ ਕਿ ਸਮਾਂ ਆਉਣ 'ਤੇ ਤੇਰਾ ਗੀਤ ਗਾ ਦੇਵਾਂਗੀ ਪਰ ਹੁਣ ਇਨ੍ਹਾਂ ਸਾਰਿਆਂ ਦੀਆਂ ਗੱਲਾਂ ਮੈਨੂੰ ਸੁਣਨ ਦੇ |

-ਮੋਬਾਈਲ : 98767-41231

ਆਓ! ਜਾਣਕਾਰੀ ਵਿਚ ਵਾਧਾ ਕਰੀਏ

1. ਦੀਵਾਲੀ ਘੋਸ਼ਣਾ ਤਹਿਤ ਭਾਰਤੀਆਂ ਨੂੰ ਪ੍ਰਭੂਸੱਤਾ ਪੂਰਨ ਸਟੇਟਸ ਦੇਣ ਦੀ ਗੱਲ ਕੀਤੀ ਗਈ ਸੀ | ਇਹ ਘੋਸ਼ਣਾ ਕਿਸ ਗਵਰਨਰ ਨੇ ਕੀਤੀ ਸੀ?
2. ਗਾਂਧੀ ਇਰਵਿਨ ਸਮਝੌਤੇ ਨੂੰ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ | ਇਸ ਨੂੰ ਹੋਰ ਕਿਸ ਨਾਂਅ ਨਾਲ ਜਾਣਿਆ ਜਾਂਦਾ ਹੈ?
3. ਕਿਸ ਵਿਦੇਸ਼ੀ ਨੂੰ ਕਾਂਗਰਸ ਦਾ ਦੋ ਵਾਰ ਪ੍ਰਧਾਨ ਬਣਨ ਦਾ ਗੌਰਵ ਪ੍ਰਾਪਤ ਹੈ?
4. ਮੁਹੰਮਦ ਅਲੀ ਜਿਨਾਹ ਲਈ ਸਭ ਤੋਂ ਪਹਿਲਾ 'ਕਾਇਦ-ਏ-ਆਜ਼ਮ' ਦੀ ਉਪਾਧੀ ਦਾ ਪ੍ਰਯੋਗ ਕਿਸ ਨੇ ਕੀਤਾ?
5. ਬਹਾਦਰ ਸ਼ਾਹ ਜ਼ਫ਼ਰ (ਦੂਜਾ) ਨੂੰ ਕਿਸ ਨੇ ਗਿ੍ਫ਼ਤਾਰ ਕੀਤਾ?
6. 'ਸ਼ਿਮਲਾ ਦੇ ਸੰਨਿਆਸੀ' ਨਾਂਅ ਨਾਲ ਕੌਣ ਮਸ਼ਹੂਰ ਸੀ?
7. ਮੁਸਲਮਾਨਾਂ ਦਾ ਅਸਹਿਯੋਗ ਅੰਦੋਲਨ ਵਿਚ ਹਿੱਸਾ ਲੈਣ ਦਾ ਮੁੱਖ ਕਾਰਨ ਕੀ ਸੀ?
8. ਜਲਿ੍ਹਆਂਵਾਲਾ ਬਾਗ ਹੱਤਿਆਕਾਂਡ-1919 ਦੇ ਵਿਰੋਧ ਵਿਚ ਕਿਸ ਨੇ ਗਵਰਨਰ ਜਨਰਲ ਦੀ ਕਾਰਜਕਾਰਨੀ ਤੋਂ ਤਿਆਗ ਪੱਤਰ ਦਿੱਤਾ ਸੀ |
9. ਕਿਸ ਮਸ਼ਹੂਰ ਰਾਸ਼ਟਰੀ ਨੇਤਾ ਨੇ ਪਾਕਿਸਤਾਨ ਦੇ ਪ੍ਰਸ਼ਨ 'ਤੇ ਮੁਸਲਿਮ ਲੀਗ ਦਾ ਸਮਰਥਨ ਕਰਦੇ ਹੋਏ 1942 ਵਿਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ |
10. ਕਾਮਾਗਾਟਾਮਾਰੂ ਦੀ ਘਟਨਾ ਕਿਸ ਸਾਲ ਵਿਚ ਹੋਈ ਸੀ?
ਉੱਤਰ : 1. ਲਾਰਡ ਇਰਵਿਨ ਨੇ, 2. ਦਿੱਲੀ ਸਮਝੌਤਾ, 3. ਵਿਲੀਅਮ ਵੇਡਰਬਰਨ ਨੂੰ , 4. ਮਹਾਤਮਾ ਗਾਂਧੀ ਨੇ, 5. ਹਡਸਨ ਨੇ, 6. ਸਰ ਏ. ਓ. ਹਿਊਮ, 7. ਖਿਲਾਫ਼ਤ ਅੰਦੋਲਨ ਵਿਚ ਮਿਲਿਆ ਸਹਿਯੋਗ, 8. ਸ਼ੰਕਰ ਨਾਇਰ ਨੇ, 9. ਸੀ. ਰਾਜਗੋਪਾਲ ਚਾਰਿਆ ਨੇ, 10. ਸੰਨ 1914 ਵਿਚ |

-ਸ. ਸ. ਅਧਿਆਪਕ, ਸਰਕਾਰੀ ਹਾਈ ਸਕੂਲ ਕਾਲਾ, ਅੰਮਿ੍ਤਸਰ | kanwarasr4@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX