ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  about 1 hour ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  about 1 hour ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  about 2 hours ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  about 3 hours ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  about 3 hours ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  about 4 hours ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  about 5 hours ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  about 5 hours ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  about 5 hours ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 5 hours ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸੂਰਜਮੁਖੀ ਦੀ ਬਿਜਾਈ ਕਰਨ ਤੋਂ ਪਹਿਲਾਂ

ਕਾਸ਼ਤ ਦੇ ਢੰਗ: ਜ਼ਮੀਨ ਦੀ ਤਿਆਰੀ: ਸੂਰਜਮੁਖੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਇਸ ਤਰਾਂ ਖੇਤ ਚੰਗਾ ਤਿਆਰ ਹੋ ਜਾਂਦਾ ਹੈ।
ਬਿਜਾਈ ਦਾ ਸਮਾਂ: ਵਧੇਰੇ ਝਾੜ ਲੈਣ ਲਈ ਅਤੇ ਪਾਣੀ ਦੀ ਬੱਚਤ ਕਰਨ ਲਈ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਕਰ ਲੈਣੀ ਚਾਹੀਦੀ ਹੈ। ਜੇਕਰ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਪੀ ਐਸ ਐਚ 569 ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫ਼ਰਵਰੀ ਦੇ ਦੂਜੇ ਪੰਦ੍ਹਰਵਾੜੇ ਜਾਂ ਮਾਰਚ ਦੇ ਮਹੀਨੇ ਵਿਚ ਸਿੱਧੀ ਬਿਜਾਈ ਕਰਨ ਨਾਲ ਜਦੋਂ ਤੱਕ ਫ਼ਸਲ ਵਿਚ ਪਰਾਗਣ ਕਿਰਿਆ ਸ਼ੁਰੂ ਹੁੰਦੀ ਹੈ, ਤਾਪਮਾਨ ਕਾਫ਼ੀ ਜ਼ਿਆਦਾ ਹੋਣ ਕਾਰਨ ਬੀਜ ਘੱਟ ਬਣਦੇ ਹਨ ਅਤੇ ਜ਼ਿਆਦਾਤਰ ਬੀਜ ਫੋਕੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਪਛੇਤੀ ਬਿਜਾਈ ਕਰਨ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ।
ਬੀਜ ਦੀ ਮਾਤਰਾ ਅਤੇ ਸੋਧ: ਸੂਰਜਮੁਖੀ ਦੀ ਬਿਜਾਈ ਲਈ ਦੋ ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ (ਟ੍ਰੈਟਾਮੀਥਾਈਲ ਥਾਈਯੂਰਮ ਡਾਈਸਲਫਾਈਡ) ਨਾਲ ਸੋਧ ਲਵੋ। ਇਕ ਕਿੱਲੋ ਬੀਜ ਲਈ 2 ਗ੍ਰਾਮ ਦਵਾਈ ਵਰਤੋ। ਜਿਨ੍ਹਾਂ ਖੇਤਾਂ ਵਿਚ ਚਿੱਟੀ ਉੱਲੀ ਦੇ ਰੋਗ ਦੀ ਸਮੱਸਿਆ ਹੈ, ਉੱਥੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਮੈਟਾਲੈਕਸਲ 35 ਡਬਲਯੂ ਐਸ 6 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ।
ਬਿਜਾਈ ਦਾ ਢੰਗ: ਬੀਜ 4-5 ਸੈਂਟੀਮੀਟਰ ਡੂੰਘਾ ਬੀਜੋ। ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਇਸ ਦੀ ਬਿਜਾਈ ਵਾਸਤੇ ਫਾਲਿਆਂ ਵਾਲਾ ਜਾਂ ਸਿਆੜਾਂ ਵਾਲਾ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ। ਜੇ ਜ਼ਰੂਰਤ ਪਵੇ ਤਾਂ ਬੀਜ ਉੱਗਣ ਤੋਂ ਦੋ ਹਫਤਿਆਂ ਬਾਅਦ ਬੂਟੇ ਵਿਰਲੇ ਕਰੋ। ਅਗੇਤੀ ਫ਼ਸਲ ਨੂੰ ਜੇ ਪੂਰਬ-ਪੱਛਮ ਦਿਸ਼ਾ ਵਾਲੀਆ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਿਆ ਜਾਵੇ ਤਾਂ ਵੱਧ ਝਾੜ ਪ੍ਰਾਪਤ ਹੁੰਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜੋ। ਵੱਟ ਤੇ ਬੀਜੀ ਫ਼ਸਲ ਨੂੰ ਬਿਜਾਈ ਤੋਂ 2-3 ਦਿਨਾਂ ਪਿਛੋਂ ਪਾਣੀ ਦਿਓ। ਧਿਆਨ ਰੱਖੋ ਕਿ ਪਾਣੀ ਦੀ ਸਤ੍ਹਾ ਬੀਜਾਂ ਤੋਂ ਕਾਫੀ ਥੱਲੇ ਰਹੇ। ਵੱਟਾਂ ਤੇ ਬੀਜੀ ਫ਼ਸਲ ਢਹਿੰਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿਚ ਪਾਣੀ ਦੀ ਬੱਚਤ ਵਿਚ ਵੀ ਸਹਾਈ ਹੁੰਦੀ ਹੈ।
ਮੈਂਥੇ ਨੂੰ ਸੂਰਜਮੁਖੀ ਵਿਚ ਰਲਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਦੇ ਲਈ ਸੂਰਜਮੁਖੀ ਨੂੰ 120 ਸੈਂਟੀਮੀਟਰ ] 15 ਸੈਂਟੀਮੀਟਰ ਦੇ ਫ਼ਾਸਲੇ ਤੇ ਉੱਤਰ ਦੱਖਣ ਦਿਸ਼ਾ ਵਿਚ ਬੀਜੋ। ਇਸ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਵਰਤੋ। ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 23 ਕਿੱਲੋ ਨਾਈਟ੍ਰੋਜਨ (50 ਕਿੱਲੋ ਯੂਰੀਆ), 12 ਕਿੱਲੋ ਫ਼ਾਸਫ਼ੋਰਸ (75 ਕਿੱਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਪੂਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ।
ਸਿੰਚਾਈ ਪ੍ਰਬੰਧ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਦੇ ਮੁਤਾਬਕ 6-9 ਸਿੰਚਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੀਆਂ ਸਿੰਚਾਈਆਂ 2 ਤੋਂ 3 ਹਫਤੇ ਦੇ ਅੰਤਰ ਤੇ ਕਰੋ। ਮਾਰਚ ਦੇ ਮਹੀਨੇ ਸਿੰਚਾਈਆਂ ਲਈ 2 ਹਫਤਿਆਂ ਦਾ ਵਕਫਾ ਕਰ ਦਿਓ। ਅਪ੍ਰੈਲ-ਮਈ ਦੇ ਗਰਮ ਮਹੀਨਿਆਂ ਵਿਚ ਸਿੰਚਾਈਆਂ 8-10 ਦਿਨਾਂ ਦੇ ਵਕਫੇ ਤੇ ਕਰੋ। ਫ਼ਸਲ ਕੱਟਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਪ੍ਰਤੀਸ਼ਤ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖਤ ਦੋਧੇ ਸਮੇਂ ਤੇ ਸਿੰਚਾਈ ਅਤਿ ਜ਼ਰੂਰੀ ਹੈ। ਸੂਰਜਮੁਖੀ ਦੇ ਬੂਟਿਆਂ ਨੂੰ ਡਿਗਣ ਤੋਂ ਬਚਾਉਣ ਲਈ ਬੂਟਿਆਂ ਦੇ ਨਾਲ ਮਿੱਟੀ ਚੜ੍ਹਾਉਣੀ ਚਾਹੀਦੀ ਹੈ ਭਾਵੇਂ ਫ਼ਸਲ ਪੱਧਰੀ ਜਾਂ ਵੱਟਾਂ 'ਤੇ ਬੀਜੀ ਹੋਵੇ। ਮਿੱਟੀ ਚੜ੍ਹਾਉਣ ਦਾ ਕੰਮ ਫੁੱਲ ਨਿਕਲਣ ਤੋਂ ਪਹਿਲਾਂ ਜਦੋਂ ਫ਼ਸਲ 60-70 ਸੈਂਟੀਮੀਟਰ ਉੱਚੀ ਹੋ ਜਾਵੇ, ਕਰਨਾ ਚਾਹੀਦਾ ਹੈ।
ਕਟਾਈ: ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਕੱਟਣ ਲਈ ਤਿਆਰ ਹੈ। ਇਸ ਸਮੇਂ ਬੀਜ ਕਾਲੇ ਲਗਦੇ ਹਨ ਜੋ ਪੂਰੇ ਪੱਕੇ ਹੁੰਦੇ ਹਨ। ਕਟਾਈ ਕੀਤੇ ਸਿਰਾਂ ਦੀ ਸੂਰਜਮੁਖੀ ਦੇ ਥਰੈਸ਼ਰ ਨਾਲ ਗਹਾਈ ਕਰ ਲਵੋ।


-ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ
ਮੋਬਾਈਲ : 94654-20097
balwinderdhillon.pau@gmail.com


ਖ਼ਬਰ ਸ਼ੇਅਰ ਕਰੋ

ਪਿਆਜ਼ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਵਿਚ ਹੋ ਸਕਦਾ ਹੈ ਵਾਧਾ

ਮੰਡੀ ਵਿਚ ਪਿਆਜ਼ ਦੀ ਕੀਮਤ 100 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸ ਦੀ ਵਰਤੋਂ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪੰਜਾਬ ਵਿਚ ਪਿਆਜ਼ ਦੀ ਸਫ਼ਲ ਖੇਤੀ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਸਹਾਇਤਾ ਹੋ ਸਕਦੀ ਹੈ। ਪਰ ਪੰਜਾਬ ਦੇ ਕਿਸਾਨਾਂ ਵਲੋਂ ਪਿਆਜ਼ ਦੀ ਖੇਤੀ ਵੱਲ ਘੱਟ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨ ਆਲੂਆਂ ਦੀ ਕਾਸ਼ਤ ਵਲ ਵਧੇਰੇ ਰੁਚੀ ਰੱਖਦੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਲੂਆਂ ਦੇ ਮੁਕਾਬਲੇ ਪਿਆਜ਼ ਦੀ ਕਾਸ਼ਤ ਸੌਖੀ ਅਤੇ ਘੱਟ ਖਰਚੇ ਵਾਲੀ ਹੈ ਪਰ ਝਾੜ ਆਲੂਆਂ ਦੇ ਬਰਾਬਰ ਹੈ। ਇਹ ਵੀ ਸੱਚ ਹੈ ਕਿ ਪਿਆਜ਼ ਦੀਆਂ ਕੀਮਤਾਂ ਆਲੂਆਂ ਦੇ ਮੁਕਾਬਲੇ ਵਧੇਰੇ ਸਥਾਈ ਰਹਿੰਦੀਆਂ ਹਨ। ਪਿਆਜ਼ ਦੀ ਖੇਤੀ ਵੱਲ ਘੱਟ ਉਤਸ਼ਾਹ ਦਾ ਇਕ ਕਾਰਨ ਹੈ ਕਈ ਕਿਸਾਨ ਭਾਈਚਾਰੇ ਇਸ ਨੂੰ ਹਲਕਾ ਕੰਮ ਆਖਦੇ ਹਨ। ਹੁਣ ਇਸ ਸੋਚ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ।
ਪੰਜਾਬ ਵਿਚ ਪਿਆਜ਼ ਦੀ ਖੇਤੀ ਕੋਈ 9000 ਹੈਕਟਰ ਵਿਚ ਹੁੰਦੀ ਹੈ। ਇਸ ਹੇਠ ਰਕਬੇ ਵਿਚ ਵਾਧੇ ਦੀ ਲੋੜ ਹੈ ਕਿਉਂਕਿ ਆਲੂਆਂ ਵਾਂਗ ਇਸ ਦੀਆਂ ਵੀ ਸਾਲ ਵਿਚ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਪਹਿਲੀ ਫ਼ਸਲ ਲਈ ਪਨੀਰੀ ਪੁੱਟ ਕੇ ਲਗਾਉਣ ਦਾ ਸਮਾਂ ਅਗਸਤ ਦਾ ਪਹਿਲਾ ਅੱਧ ਹੈ ਜਦੋਂ ਕਿ ਦੂਜੀ ਫ਼ਸਲ ਦੀ ਪਨੀਰੀ ਖੇਤ ਵਿਚ ਜਨਵਰੀ ਦੇ ਮਹੀਨੇ ਲਗਾਈ ਜਾਂਦੀ ਹੈ। ਇਹ ਫ਼ਸਲ ਪੁੱਟਣ ਲਈ ਚਾਰ ਕੁ ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ। ਸਾਉਣੀ ਦੀ ਫ਼ਸਲ ਲਈ ਐਗਰੀਫ਼ੋਂਡ ਡਾਰਕ ਰੈੱਡ ਕਿਸਮ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪੀ. ਆਰ. ਓ.-6 ਪੰਜਾਬ ਵਾਈਟ ਅਤੇ ਪੰਜਾਬ ਨਰੋਆ ਸਿਆਲੂ ਫ਼ਸਲ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਸ ਵਾਰ ਇਕ ਨਵੀਂ ਕਿਸਮ ਪੀ. ਆਰ. ਓ.-7 ਦੀ ਸਿਫਾਰਸ਼ ਕੀਤੀ ਗਈ ਹੈ। ਇਸ ਵਾਰ ਦੋ ਹੋਰ ਨਵੀਆਂ ਕਿਸਮਾਂ ਪੀ. ਡਬਲਯੂ. ੳ.-35 ਚਿੱਟੇ ਪਿਆਜ਼ਾਂ ਦੀ ਕਿਸਮ ਹੈ ਜਦੋਂ ਕਿ ਪੀ. ਆਈ. ੳ. - 102 ਪੀਲੇ ਰੰਗੇ ਪਿਆਜ਼ਾਂ ਦੀ ਕਿਸਮ ਹੈ। ਪੀ. ਆਰ. ਓ.-7 ਕਿਸਮ ਤੋਂ ਤਾਂ 175 ਕੁਇੰਟਲ ਪਿਆਜ਼ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ। ਪਿਆਜ਼ ਦੀ ਵਰਤੋਂ ਹਰੇਕ ਪੰਜਾਬੀ ਘਰ ਵਿਚ ਕੀਤੀ ਜਾਂਦੀ ਹੈ। ਇਹ ਹਰੇਕ ਸਬਜ਼ੀ ਦਾਲ ਵਿਚ ਪਾਇਆ ਜਾਂਦਾ ਹੈ ਅਤੇ ਸਲਾਦ ਦੇ ਰੂਪ ਵਿਚ ਕੱਚਾ ਖਾਧਾ ਜਾਂਦਾ ਹੈ। ਬਹੁਤੀਆਂ ਸਬਜ਼ੀਆਂ ਯੂਰਪੀਅਨ ਆਪਣੇ ਨਾਲ ਲੈ ਕੇ ਆਏ ਸਨ ਪਰ ਪਿਆਜ਼ ਨੂੰ ਨਿਰੋਲ ਭਾਰਤੀ ਮੰਨਿਆ ਜਾਂਦਾ ਹੈ। ਪਿਆਜ਼ ਵਿਚ ਕੈਲਸ਼ੀਅਮ ਹੁੰਦਾ ਹੈ। ਇਸ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਹੁੰਦੀ ਹੈ। ਇਸੇ ਕਰ ਕੇ ਇਨ੍ਹਾਂ ਨੂੰ ਸੁਕਾ ਕੇ ਪਾਊਡਰ ਵੀ ਬਣਾਇਆ ਜਾਂਦਾ ਹੈ। ਕੋਈ 50 ਕੁ ਦਿਨਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਈ ਜਾਂਦੀ ਹੈ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕੋਈ ਪੰਜ ਕਿਲੋ ਬੀਜ ਦੀ ਲੋੜ ਪੈਂਦੀ ਹੈ। ਗਰਮੀਆਂ ਦੀ ਪਨੀਰੀ ਜੂਨ ਵਿਚ ਤੇ ਸਰਦੀਆਂ ਦੀ ਫ਼ਸਲ ਲਈ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜੀ ਜਾਂਦੀ ਹੈ।
ਪਨੀਰੀ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪਿਆਜ਼ ਲਈ ਜੈਵਿਕ ਖਾਦ ਬਣਾਈ ਹੈ। ਕਨਸ਼ੋਰਸ਼ੀਅਮ ਜੀਵਾਣੂ ਖਾਦ ਚਾਰ ਕਿਲੋ ਪ੍ਰਤੀ ਏਕੜ ਦੇ ਹਿਸਾਬ ਮਿੱਟੀ ਵਿਚ ਰਲਾ ਕੇ ਪਾਈ ਜਾਂਦੀ ਹੈ। ਇਸ ਨਾਲ ਝਾੜ ਹੀ ਨਹੀਂ ਵਧਦਾ ਸਗੋਂ ਧਰਤੀ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਪਿਆਜ਼ ਲਈ 20 ਟਨ ਰੂੜੀ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੂਟੇ ਲਗਾਉਣ ਤੋਂ ਪਹਿਲਾਂ 20 ਕਿਲੋ ਨਾਈਟ੍ਰੋਜਨ 20 ਕਿਲੋ ਫਾਰਫੋਰਸ ਤੇ 20 ਕਿਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਤਨੀ ਹੀ ਨਾਈਟ੍ਰੋਜਨ ਕੋਈ ਛੇ ਹਫ਼ਤਿਆਂ ਪਿਛੋਂ ਮੁੜ ਪਾਉਣੀ ਚਾਹੀਦੀ ਹੈ। ਪਹਿਲਾ ਪਾਣੀ ਪਨੀਰੀ ਲਗਾਉਣ ਤੋਂ ਤੁਰੰਤ ਪਿਛੋਂ ਦੇਵੋ। ਨਦੀਨਾਂ ਦੀ ਰੋਕਥਾਮ ਗੋਡੀ ਨਾਲ ਕਰਨੀ ਚਾਹੀਦੀ ਹੈ। ਜੇਕਰ ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕਾਂ ਨਾਲ ਕਰਨੀ ਹੈ ਤਾਂ ਸਟੌਂਪ 30 ਈ. ਸੀ. ਦਾ 750 ਮਿਲੀਲਿਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਗਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ। ਜਦੋਂ ਭੂਕਾਂ ਸੁੱਕ ਕੇ ਡਿਗ ਪੈਣ ਤਾਂ ਪਿਆਜ਼ ਪੁੱਟ ਲੈਣੇ ਚਾਹੀਦੇ ਹਨ। ਪੁਟਾਈ ਪਿਛੋਂ ਤਿੰਨ ਚਾਰ ਦਿਨ ਇਨ੍ਹਾਂ ਨੂੰ ਛਾਂ ਹੇਠ ਖਲਾਰ ਦੇਵੋ। ਪਿਆਜ਼ ਦੀਆਂ ਕੋਈ ਦੋ ਸੈਂਟੀਮੀਟਰ ਭੂਕਾਂ ਰਖ ਕੇ ਕਟ ਦੇਵੋ। ਭੰਡਾਰ ਘਰ ਵਿਚ 15 ਦਿਨਾਂ ਪਿਛੋਂ ਪਿਆਜ਼ ਹਿਲਾਉਂਦੇ ਰਹੋ। ਗਲੇ ਹੋਏ ਪਿਆਜ਼ ਬਾਹਰ ਕੱਢ ਦੇਵੋ। ਪੰਜਾਬ ਵਿਚ ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। -0-

ਭਵਿੱਖ 'ਚ ਬਾਸਮਤੀ ਦੀ ਨਿਰਯਾਤ

ਬਾਸਮਤੀ ਦੇ ਬਰਾਮਦਕਾਰਾਂ ਨੇ ਈਰਾਨ ਨੂੰ ਬਾਸਮਤੀ ਚਾਵਲ ਉਧਾਰ ਨਾ ਭੇਜਣ ਦਾ ਫ਼ੈਸਲਾ ਲਿਆ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸੇਤੀਆ ਨੇ ਦੱਸਿਆ ਕਿ ਇਸ ਫ਼ੈਸਲੇ 'ਤੇ ਸਾਰੇ ਬਰਾਮਦਕਾਰਾਂ ਨੂੰ ਖੜ੍ਹੇ ਰਹਿਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਤੇ ਹਰਿਆਣਾ ਵਿਚ ਹੀ ਬਾਸਮਤੀ ਚਾਵਲ ਦੇ ਮੁੱਖ ਬਰਾਮਦਕਾਰ ਹਨ। ਉਨ੍ਹਾਂ ਨਾਲ ਸੰਪਰਕ ਕਰ ਲਿਆ ਗਿਆ ਹੈ। ਇਹ ਫ਼ੈਸਲਾ ਅਮਰੀਕਾ ਤੇ ਈਰਾਨ ਦਰਮਿਆਨ ਜੋ ਹਾਲੀਆ ਤਣਾਅ ਬਣਿਆ ਹੈ, ਉਸ ਕਾਰਨ ਹੈ ਜਾਂ ਈਰਾਨ ਦੇ ਵਪਾਰੀਆਂ ਵਲੋਂ ਪਿਛਲੇ ਸਾਲ ਭੇਜੇ ਗਏ ਚਾਵਲ ਦੀ ਕੀਮਤ ਦੀ ਅਦਾਇਗੀ ਨਾ ਕਰਨ ਵਜੋਂ? ਪਿਛਲੇ ਸਾਲ ਭਾਰਤ ਤੋਂ ਤਕਰੀਬਨ 33,000 ਕਰੋੜ ਰੁਪਏ ਦੇ 44.14 ਲੱਖ ਟਨ ਬਾਸਮਤੀ ਚਾਵਲ ਬਰਾਮਦ ਕੀਤੇ ਗਏ। ਇਨ੍ਹਾਂ ਵਿਚ ਸਭ ਤੋਂ ਵੱਧ ਮਾਤਰਾ ਈਰਾਨ ਨੂੰ ਬਰਾਮਦ ਕੀਤੀ ਗਈ। ਈਰਾਨ ਨੂੰ 15 ਲੱਖ ਟਨ ਚਾਵਲ ਭੇਜੇ ਗਏ। ਜਿਨ੍ਹਾਂ ਦੀ ਕੀਮਤ ਤਕਰੀਬਨ 11000 ਕਰੋੜ ਰੁਪਏ ਸੀ। ਇਸ ਵਜੋਂ ਜੋ ਈਰਾਨ ਦੇ ਵਪਾਰੀਆਂ ਤੋਂ 1500 ਕਰੋੜ ਰੁਪਿਆ ਪੰਜਾਬ- ਹਰਿਆਣਾ ਦੇ ਵਪਾਰੀਆਂ ਨੇ ਚਾਵਲਾਂ ਦਾ ਲੈਣਾ ਸੀ, ਉਸ ਵਿਚੋਂ ਪਿਛਲੇ ਕੁਝ ਮਹੀਨਿਆਂ ਦੌਰਾਨ 600 ਕਰੋੜ ਰੁਪਿਆ ਤਾਂ ਆ ਗਿਆ ਪਰ ਅਜੇ 900 ਕਰੋੜ ਰੁਪਏ ਬਕਾਇਆ ਪਏ ਹਨ। ਨਵੰਬਰ ਤੱਕ ਇਸ ਸਾਲ ਤਕਰੀਬਨ 500 ਕਰੋੜ ਰੁਪਏ ਦੇ ਬਾਸਮਤੀ ਚਾਵਲ ਈਰਾਨ ਨੂੰ ਹੋਰ ਭੇਜੇ ਗਏ ਹਨ। ਜਿਸ ਵਿਚੋਂ ਜੋ ਈਰਾਨ ਦੀ ਸਰਕਾਰ ਨੂੰ ਚਾਵਲ ਭੇਜਿਆ ਗਿਆ ਹੈ, ਉਸ ਰਕਮ ਦੀ ਅਦਾਇਗੀ ਤਾਂ ਛੇਤੀ ਹੀ ਵਪਾਰੀਆਂ ਨੂੰ ਮਿਲ ਜਾਵੇਗੀ, ਬਾਕੀ ਦਾ ਰੁਪਿਆ ਜਿਹੜਾ ਈਰਾਨ ਦੇ ਵਪਾਰੀਆਂ ਵਲੋਂ ਪਿੱਛੇ ਵਾਂਗ ਤੁਰੰਤ ਨਾ ਭੇਜਿਆ ਗਿਆ ਤਾਂ 900 ਕਰੋੜ 'ਚ ਸ਼ਾਮਿਲ ਹੋ ਕੇ ਫਿਰ ਵੱਡੀ ਰਕਮ ਬਣ ਜਾਵੇਗੀ। ਵਪਾਰੀਆਂ ਨੇ ਫ਼ੈਸਲਾ ਲਿਆ ਹੈ ਕਿ ਅਗਾਂਹ ਨੂੰ ਚਾਵਲ ਰਕਮ ਦੀ ਅਦਾਇਗੀ ਪੇਸ਼ਗੀ ਲੈ ਕੇ ਭੇਜਿਆ ਜਾਵੇ ਜਾਂ ਫਿਰ ਲੈਟਰ ਆਫ ਕਰੈਡਿਟ (ਜਿਸ ਰਾਹੀਂ ਬੈਂਕ ਦੂਜੇ ਮੁਲਕ ਦੇ ਬੈਂਕ ਰਾਹੀਂ ਗਾਰੰਟੀ ਦਿੰਦਾ ਹੈ) ਮੁਹਈਆ ਕਰਨ 'ਤੇ। ਈਰਾਨ ਪੰਜਾਬ ਤੇ ਹਰਿਆਣਾ ਦੇ ਬਾਸਮਤੀ ਚਾਵਲਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਭਾਵੇਂ ਬਾਸਮਤੀ ਚਾਵਲਾਂ ਦੀ ਦਰਾਮਦ ਯੂਰਪੀਅਨ ਯੂਨੀਅਨ, ਅਮਰੀਕਾ, ਮੱਧ ਪੂਰਬ ਦੇ ਮੁਲਕ, ਰੂਸ, ਯਕਰੇਨ, ਤੁਰਕੀ ਤੇ ਕਾਮਨ ਵੈਲਥ ਦੇ ਆਜ਼ਾਦ ਰਾਜਾਂ ਆਦਿ ਮੁਲਕਾਂ ਨੂੰ ਵੀ ਕੀਤੀ ਜਾਂਦੀ ਹੈ। ਇਕੱਲਾ ਈਰਾਨ ਭਾਰਤ ਤੋਂ ਬਰਾਮਦ ਕੀਤੀ ਜਾ ਰਹੀ ਬਾਸਮਤੀ ਦਾ 20 ਤੋਂ 25 ਫ਼ੀਸਦੀ ਦਰਾਮਦ ਕਰਦਾ ਹੈ।
ਈਰਾਨ ਤੇ ਅਮਰੀਕਾ ਦੇ ਸਬੰਧਾਂ ਵਿਚ ਤਬਦੀਲੀ ਆਉਣ ਕਾਰਨ ਈਰਾਨ ਨੂੰ ਬਰਾਮਦ ਕੀਤੇ ਜਾਣ ਵਾਲੇ ਚਾਵਲ (ਸੇਲਾ) ਦਾ ਭਾਅ 5500 ਰੁਪਏ ਪ੍ਰਤੀ ਕੁਇੰਟਲ ਤੋਂ ਡਿਗ ਕੇ 5000 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਿਆ। ਪੰਜਾਬ ਤੇ ਹਰਿਆਣਾ 'ਚ ਫ਼ਸਲੀ-ਵਿਭਿੰਨਤਾ ਲਿਆਉਣ ਲਈ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਇਸ ਸਾਲ ਦੇ 6.29 ਲੱਖ ਹੈਕਟੇਅਰ ਤੋਂ ਵਧਾਉਣ ਦੀ ਲੋੜ ਹੈ ਤਾਂ ਜੋ ਵਰਤਮਾਨ 23 ਲੱਖ ਹੈਕਟੇਅਰ ਰਕਬੇ 'ਤੇ ਕਾਸ਼ਤ ਕੀਤੇ ਜਾ ਰਹੇ ਝੋਨੇ ਥੱਲੇ ਰਕਬਾ ਘਟੇ। ਇਸ ਲਈ ਬਾਸਮਤੀ ਚਾਵਲ ਦੀ ਵਿਦੇਸ਼ੀ ਮੰਡੀ 'ਚ ਬਰਾਮਦ ਵਧਾਉਣੀ ਪਵੇਗੀ ਤਾਂ ਜੋ ਕਿਸਾਨਾਂ ਨੂੰ ਬਾਸਮਤੀ ਦਾ ਲਾਹੇਵੰਦ ਭਾਅ ਮਿਲਦਾ ਰਹੇ। ਘਰੇਲੂ ਮੰਡੀ ਦੀ ਤਾਂ ਬਾਸਮਤੀ ਚਾਵਲਾਂ ਦੀ ਖਪਤ ਬੜੀ ਘੱਟ ਹੈ। ਤਕਰੀਬਨ 20 ਕੁ ਲੱਖ ਟਨ ਹੈ। ਭਾਵੇਂ ਇਸ ਦੇ ਵਧਣ ਦੀ ਸੰਭਾਵਨਾ ਹੈ। ਯੂਰਪੀਅਨ ਯੂਨੀਅਨ ਵਲੋਂ ਚੌਲਾਂ ਵਿਚ ਟਰਾਈਸਾਇਕਲਾਜ਼ੋਲ ਦੀ ਵੱਧ ਤੋਂ ਵੱਧ ਮਾਤਰਾ 0.01 ਐਮ. ਜੀ. ਪ੍ਰਤੀ ਕਿਲੋਗ੍ਰਾਮ ਨਿਯਤ ਕੀਤੇ ਜਾਣ ਉਪਰੰਤ ਬਾਸਮਤੀ ਚਾਵਲ ਦੀ ਬਰਾਮਦ ਬੜੀ ਮੁਸ਼ਕਲ ਹੋ ਗਈ ਹੈ। ਯੂਰਪੀਅਨ ਯੂਨੀਅਨ ਤੋਂ ਬਾਹਰ ਦੂਜੇ ਮੁਲਕ ਵੀ ਹੁਣ ਇਸੇ ਕਿਸਮ ਦੀ ਗੁਣਵੱਤਾ ਵਾਲੇ ਚਾਵਲ ਮੰਗਦੇ ਹਨ। ਭਾਰਤ ਸਰਕਾਰ ਵਲੋਂ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਕੇ ਬਰਾਮਦ ਲਈ ਭੇਜੇ ਜਾਣ ਵਾਲੇ ਚਾਵਲਾਂ ਦੀ ਐਕਸਪੋਰਟ ਇੰਸਪੈਕਸ਼ਨ ਕੌਂਸਲ ਅਤੇ ਐਕਸਪੋਰਟ ਇੰਸਪੈਕਸ਼ਨ ਏਜੰਸੀ ਤੋਂ ਪਰਖ ਕਰਵਾ ਕੇ ਇਸ ਦੀ ਗੁਣਵੱਤਾ ਅਤੇ ਸੁਰੱਖਿਆ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਇਸ ਸਬੰਧੀ ਦਿੱਲੀ, ਕੋਚੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਿਖੇ ਪ੍ਰਯੋਗਸ਼ਾਲਾਵਾਂ ਸਥਾਪਤ ਹਨ। ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਕਹਿੰਦੇ ਹਨ ਕਿ ਇਸ ਸਾਲ ਪੰਜਾਬ ਵਿਚ ਪੰਜਾਬ ਦੇ ਉਤਪਾਦਕਾਂ ਨੇ ਬਾਸਮਤੀ ਦੀ ਫ਼ਸਲ ਤੇ 9 ਵਰਜਿਤ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕੀਤਾ ਅਤੇ ਪੰਜਾਬ ਦੀ ਬਾਸਮਤੀ ਦੀ ਫ਼ਸਲ ਕੀਟਨਾਸ਼ਕਾਂ ਦੇ ਅੰਸ਼ ਪੱਖੋਂ ਨਿਯਤ ਕੀਤੀ ਗਈ ਸੀਮਾ ਅਨੁਕੂਲ ਹੈ। ਪੰਜਾਬ 20 ਲੱਖ ਟਨ ਬਾਸਮਤੀ ਪੈਦਾ ਕਰਦਾ ਹੈ।
ਐਗਰੀਕਲਚਰਲ ਐਂਡ ਪ੍ਰੋਸੈਸੱਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਅਪੀਡਾ) ਤੇ ਭਾਰਤ ਦੇ ਵਿੱਤ ਮੰਤਰਾਲੇ ਅਤੇ ਵਪਾਰ ਤੇ ਉਦਯੋਗ ਮੰਤਰਾਲੇ ਨੂੰ ਬਾਸਮਤੀ ਦੀ ਬਰਾਮਦ ਵਧਾਉਣ ਲਈ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਹੈ ਤਾਂ ਜੋ ਇਸ ਨਾਲ ਜੋ ਸਰਕਾਰ ਦਾ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਨਿਸ਼ਾਨਾ ਹੈ, ਉਸ ਦੀ ਪੂਰਤੀ ਵੱਲ ਕਦਮ ਵਧੇ। ਕਿਸਾਨਾਂ ਤੇ ਵਪਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿਚ ਸਵੈ-ਅਨੁਸਾਸ਼ਨ ਲਿਆਉਣ ਅਤੇ ਨਿਰਯਾਤ ਲਈ ਗੁਣਵੱਤਾ ਵਾਲੇ ਬਾਸਮਤੀ ਚਾਵਲ ਵਿਦੇਸ਼ਾਂ ਨੂੰ ਭੇਜਣ। ਵਿਸ਼ੇਸ਼ ਕਰ ਕੇ ਕਿਸਾਨ ਬਾਸਮਤੀ ਵਿਚ ਪ੍ਰਯੋਗ ਕਰਨ ਲਈ ਬੰਦ ਕੀਤੇ ਗਏ ਕੀਟਨਾਸ਼ਕਾਂ ਦਾ ਇਸਤੇਮਾਲ ਨਾ ਕਰਨ।


-ਮੋਬਾਈਲ : 98152-36307

ਫ਼ੈਸਲੇ ਦੀ ਘੜੀ

ਗਿੱਠ-ਗਿੱਠ ਹੋਈਆਂ ਕਣਕਾਂ ਨੇ ਕਈ ਅਹਿਮ ਸੁਆਲ ਪੈਦਾ ਕਰ ਦਿੱਤੇ ਹਨ। ਸਰਕਾਰ ਤੇ ਖੇਤੀ ਸੰਸਥਾਵਾਂ ਦਾ ਐਤਕੀਂ ਪੂਰਾ ਜ਼ੋਰ ਲੱਗਾ ਰਿਹੈ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜੋ। ਸਿਰਫ਼ ਵਾਹ ਕੇ ਜਾਂ ਕੱਟੇ ਟੱਕ ਵਿਚ ਹੀ ਕਣਕ ਬੀਜੋ। ਇਸ ਪ੍ਰਚਾਰ ਦਾ ਅਸਰ ਵੀ ਹੋਇਆ। ਕਾਫ਼ੀ ਗਿਣਤੀ ਵਿਚ ਕਿਸਾਨਾਂ ਨੇ ਇਹ ਸਲਾਹ ਮੰਨ ਵੀ ਲਈ। ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕਿਤੇ ਤਾਂ ਕਣਕ ਬਹੁਤ ਵਧੀਆ ਹੈ ਤੇ ਕਈ ਥਾਂ ਘੱਟ ਉੱਗੀ ਜਾਂ ਸੁੰਡੀ ਵੀ ਪਈ ਹੋਈ ਹੈ। ਇਹ ਚਿੰਤਾ ਦੀ ਗੱਲ ਹੈ। ਹਾਲੇ ਤੱਕ ਕਿਸੇ ਵੀ ਸੰਸਥਾ ਜਾਂ ਸਰਕਾਰ ਵਲੋਂ ਸਪੱਸ਼ਟ ਸਲਾਹ ਨਹੀਂ ਦਿੱਤੀ ਗਈ ਕਿ ਕੀ ਤੇ ਕਿਵੇਂ ਕਰਨਾ ਹੈ। ਖੇਤ ਦੀ ਸਹੀ ਤਿਆਰੀ ਕੀ ਹੈ ਆਦਿ? ਕਿਸਾਨ ਆਪ ਹੀ ਤਜਰਬੇ ਕਰੀ ਜਾ ਰਹੇ ਹਨ। ਉੱਧਰੋਂ ਦਵਾਈਆਂ ਵਾਲੇ ਵੀ ਕਿਸਾਨ ਨੂੰ ਛਿੱਲੀ ਜਾ ਰਹੇ ਹਨ। ਲੋੜ ਹੈ, ਕਣਕ ਬੀਜਣ ਦੀ ਤਿਆਰੀ ਤੋਂ ਲੈ ਕੇ ਖੇਤ ਵਿਚ ਪੈਂਦੀ ਸੁੰਡੀ ਮਾਰਨ ਤੱਕ ਸਹੀ ਸਾਰਨੀ ਤੇ ਸਿਫ਼ਾਰਿਸ਼ ਕੀਤੀ ਜਾਵੇ। ਕਿਸਾਨ ਅੱਜ ਵਾਂਗ ਅਟਕਲ ਪੱਚੂ ਨਾ ਲਾਉਣ। ਜੇਕਰ ਕਿਸਾਨ ਨੂੰ ਸਹੀ ਸਲਾਹ ਤੇ ਜਾਣਕਾਰੀ ਨਾ ਦਿੱਤੀ ਗਈ ਤਾਂ ਯਾਦ ਰੱਖਿਓ, ਕੋਈ ਵੀ ਤਾਕਤ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਨਹੀਂ ਸਕੇਗੀ।


-ਮੋਬਾ: 98159-45018

ਕਿਰਤ ਦਾ ਸੁਲਤਾਨ

ਕਿਸਾਨ

ਸੁਣ ਓ' ਮੇਰੇ ਭੋਲ੍ਹਿਆ ਜੱਟਾ
ਤੂੰ ਏਂ ਪੁੱਤ ਮਹਾਨ।
ਪੂਰੀ ਦੁਨੀਆ ਦਾ ਅੰਨਦਾਤਾ
ਤੇਰੀ ਉੱਚੀ ਸ਼ਾਨ।
ਸੋਕਾ 'ਨ੍ਹੇਰੀ ਜਰਦਾ ਏਂ ਤੂੰ
ਹੜ੍ਹ ਕਰਦਾ ਨੁਕਸਾਨ।
ਸੱਪਾਂ ਦੀਆਂ ਤੂੰ ਮਿੱਧੇਂ ਸਿਰੀਆਂ
ਰੱਖ ਤਲੀ 'ਤੇ ਜਾਨ।
ਕਿਸਮਤ ਤੇਰੀ ਡਾਹਢੀ ਅੜਿਆ
ਪੇਸ਼ ਦਏ ਨਾ ਜਾਣ।
ਲਾਗਤ ਮਹਿੰਗੀ, ਮੁੱਲ ਨਾ ਮਿਲਦਾ,
ਲੀਡਰ ਮੂਰਖ ਬਣਾਣ।
ਕਰਜ਼ਾ ਚੁੱਕਣਾ ਲੋੜ ਏ ਤੇਰੀ,
ਲੱਖ ਲੋਕ ਸਮਝਾਣ।
ਫ਼ਾਹਾ ਲੈ ਕੇ ਮਰ ਨਾ ਝੱਲਿਆ,
ਜੀਵਨ ਬੜਾ ਮਹਾਨ।
ਸੋਚਾਂ, ਫ਼ਿਕਰਾਂ ਛੱਡ ਕੇ ਵੇ ਤੂੰ,
ਉੱਤਰ ਵਿਚ ਮੈਦਾਨ
ਹਿੰਮਤ, ਸਬਰ ਤੇ ਮਿਹਨਤ ਕਰ ਕੇ
ਕਰ ਸਭ ਨੂੰ ਹੈਰਾਨ।
ਬੇਸ਼ੱਕ ਤੇਰੀ ਜੂਨ ਬੁਰੀ,
ਨਾ ਦੁੱਖ ਵਿਚ ਹੋ ਗ਼ਲਤਾਨ।
ਤੇਰੀ ਕਿਰਤ ਹੈ ਉੱਚੀ-ਸੁੱਚੀ,
ਤੂੰ ਕਿਰਤੀ ਸੁਲਤਾਨ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

ਅਲੋਪ ਹੋ ਗਿਆ

ਕਾੜ੍ਹਨਾ

ਦੁੱਧ ਕਾੜਨ ਵਾਲਾ ਕਾੜ੍ਹਨਾ। ਚੌਕੇ ਦੇ ਇਕ ਕੋਨੇ ਦੇ ਉੱਪਰ ਕੰਧ ਨਾਲ ਜੋੜ ਕੇ ਸਾਡੀ ਬੀਜੀ ਨੇ ਬਣਾਇਆਂ ਹੁੰਦਾ ਸੀ। ਜਿਸ ਵਿਚ ਪਾਥੀਆਂ ਦੀ ਅੱਗ ਧੁਖਾਈ ਜਾਂਦੀ ਸੀ। ਇਸ ਉੱਪਰ ਕੱਚਾ ਦੁੱਧ ਕਾੜ੍ਹਨੇ ਵਿਚ ਪਾਕੇ ਕੜਨ ਲਈ ਰੱਖਿਆ ਜਾਂਦਾ ਸੀ। ਉਸ ਉੱਪਰ ਛਕਾਲਾ ਰੱਖਿਆ ਜਾਂਦਾ ਸੀ ਜਿਸ ਵਿਚ ਮੋਰੀਆਂ ਹੁੰਦੀਆਂ ਸਨ। ਇਹ ਕਈ ਘੰਟੇ ਦੁੱਧ ਕੜ੍ਹਦਾ ਰਹਿੰਦਾ ਸੀ। ਕੜ੍ਹੇ ਹੋਏ ਦੁੱਧ ਦੀ ਜਦੋਂ ਸਾਡੀ ਬੀਜੀ ਮਲਾਈ ਦਿੰਦੀ ਸੀ ਉਸ ਦੇ ਖਾਣ ਦਾ ਆਪਣਾ ਵੱਖਰਾ ਹੀ ਸੰਵਾਦ ਹੁੰਦਾ ਸੀ। ਇਹ ਤਕਰੀਬਨ ਕਈ ਘਰਾਂ ਵਿਚ ਆਮ ਹੀ ਮਿਲ ਜਾਂਦਾ ਸੀ।
ਮੇਰੇ ਦੋਸਤ ਸੁਲੱਖਣ ਦੀ ਮਾਂ ਨੇ ਆਲਾ ਚੌਕੇ ਉੱਪਰ ਬਣਾ ਕੇ ਇਕ ਕੋਠੜੀ ਦੇ ਰੂਪ ਵਿਚ ਛੱਡਿਆ ਹੁੰਦਾ ਸੀ। ਜਿਸ ਵਿਚ ਦਰਵਾਜ਼ੇ ਵਰਗੀ ਛੋਟੀ ਖਿੜਕੀ ਲਗਾਈ ਹੁੰਦੀ ਸੀ। ਇਸ ਵਿਚ ਮੋਰੀਆਂ ਕੱਢੀਆਂ ਹੁੰਦੀਆਂ ਸਨ। ਜਿਸ ਨਾਲ ਥੁੱਖਦੀ ਅੱਗ ਦਾ ਧੂੰਆਂ ਬਾਹਰ ਨਿਕਲਦਾ ਸੀ। ਇਹ ਇਸ ਕਰ ਕੇ ਬਣਾਇਆਂ ਹੁੰਦਾ ਸੀ ਤਾਂ ਜੋ ਬਿੱਲੀਆਂ ਦੁੱਧ ਨਾ ਪੀ ਜਾਣ।
ਬਹੁਤੀ ਵਾਰੀ ਕਈ ਘਰਾਂ ਵਿਚ ਕਾੜ੍ਹਨਾਂ ਧਰਤੀ ਵਿਚ ਗੱਡ ਦਿੱਤਾ ਜਾਂਦਾ ਸੀ। ਪਾਥੀਆਂ ਨੂੰ ਬਾਲਿਆ ਜਾਂਦਾ ਸੀ। ਜੋ ਹੌਲੀ-ਹੌਲੀ ਧੁਖਣ ਨਾਲ ਦੁੱਧ ਦਾ ਰੰਗ ਲਾਲ ਹੋ ਜਾਂਦਾ ਸੀ ਤੇ ਉਸ ਉਪਰ ਮਲਾਈ ਮੋਟੀ ਤਹਿ ਵਾਂਗ ਆ ਜਾਂਦੀ ਸੀ। ਜਦੋਂ ਸਕੂਲੋਂ ਆਉਂਦੇ ਸੀ ਗਲਾਸ ਦੁੱਧ ਦਾ ਮਿਲ ਜਾਂਦਾ ਸੀ ਜਿਸ ਉੱਪਰ ਸਾਡੀ ਬੀਜੀ ਮਲਾਈ ਪਾਕੇ ਦਿੰਦੀ ਸੀ। ਜਿਸ ਦਾ ਜ਼ਾਇਕਾ ਹੀ ਹੋਰ ਹੋ ਜਾਂਦਾ ਸੀ। ਬੀਜੀ ਕਹਿੰਦੇ ਸਨ ਇਸ ਨਾਲ ਤਾਕਤ ਆਉਂਦੀ ਹੈ ਤੇ ਦਿਮਾਗ਼। ਵਧਦਾ ਹੈ ਤੇ ਪੜ੍ਹਾਈ ਜ਼ਿਆਦਾ ਆਉਂਦੀ ਹੈ। ਰਾਤ ਸਾਉਣ ਲੱਗਿਆਂ ਵੀ ਦੁੱਧ ਦਾ ਗਲਾਸ ਸਰ੍ਹਾਣੇ ਆ ਜਾਂਦਾ ਸੀ। ਜੋ ਸਾਨੂੰ ਦੁੱਧ ਪੀਣ ਤੋ ਬਗੈਰ ਨੀਂਦ ਨਹੀਂ ਸੀ ਆਉਂਦੀ। ਜੋ ਪੀ ਕੇ ਸੌਂਦੇ ਸੀ।
ਜੋ ਪਿੰਡਾਂ ਦਾ ਮਾਹੌਲ ਵੀ ਸ਼ਹਿਰਾਂ ਵਰਗਾ ਹੋ ਗਿਆ ਹੈ। ਅੱਗੇ ਵਾਂਗ ਹਰ ਇਕ ਦੇ ਘਰ ਜੋ ਲਵੇਰਾ ਹੁੰਦਾ ਸੀ ਨਹੀਂ ਹੈ। ਦੁੱਧ ਮੁੱਲ ਲੈਂਦੇ ਹਨ। ਚਾਹ ਹੀ ਮਸਾਂ ਬਣਦੀ ਹੈ। ਜਿਸ ਕਰ ਲਵੇਰਾ ਹੈ ਉਹ ਡੇਅਰੀ 'ਤੇ ਪਾ ਆਉਂਦਾ ਹੈ। ਕਾੜ੍ਹਨੇ ਦੇ ਹਿੱਸੇ ਕੁਝ ਨਹੀਂ ਆਉਂਦਾ। ਕੜ੍ਹਿਆ ਦੁੱਧ ਤਾਂ ਕੀ ਮਿਲਣਾ ਹੈ ਕੱਚਾ ਵੀ ਨਹੀਂ ਮਿਲਦਾ। ਇਸ ਦੀ ਜਗ੍ਹਾ ਕੋਕ ਨੇ ਲੈ ਲਈ ਹੈ। ਕਾੜ੍ਹਨੇ ਦਾ ਵੇਲਾ ਨਿਕਲ ਗਿਆ ਹੈ।


-ਸੰਪਰਕ : 9878600221

ਕਣਕ ਦੀ ਫ਼ਸਲ ਦਾ ਪੀਲਾਪਣ, ਕਾਰਨ ਅਤੇ ਇਲਾਜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿਚ ਕੀਤੀ ਜਾਵੇ ਤਾਂ ਉਸ 'ਤੇ ਗੰਧਕ ਦੀ ਘਾਟ ਆ ਜਾਂਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ । ਇਸ ਦੀ ਘਾਟ ਦੀਆਂ ਨਿਸ਼ਾਨੀਆਂ ਵਿਚ ਨਵੇਂ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ। ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ । ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫ਼ਸਲ ਵਿਚ 100 ਕਿੱਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਸਸਤਾ ਅਤੇ ਉਤੱਮ ਸਰੋਤ ਹੈ । ਇਹ ਖਿਆਲ ਰਖੋ ਕਿ ਜਿਪਸਮ ਤ੍ਰੇਲ ਉਤਰਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ ਕਿਉਂ ਕਿ ਤ੍ਰੇਲ ਕਾਰਨ ਜਿਪਸਮ ਦੇ ਕਣ ਪੱਤਿਆਂ ਦੇ ਉਪਰ ਚਿੰਬੜ ਜਾਂਦੇ ਹਨ ਅਤੇ ਇਸ ਨਾਲ ਪੱਤੇ ਸੜਨ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।
ਪੀਲੀ ਕੁੰਗੀ: ਪੀਲੀ ਕੁੰਗੀ ਦੇ ਪ੍ਰਭਾਵ ਕਾਰਨ ਵੀ ਫ਼ਸਲ ਪੀਲੀ ਨਜ਼ਰ ਆਉਂਦੀ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿਚ ਧੱਬਿਆਂ ਦੇ ਰੂਪ ਵਿਚ ਦਿਖਾਈ ਦਿੰਦੀ ਹੈ, ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉਂਗਲਾਂ ਵਿਚ ਫੜਿਆ ਜਾਵੇ ਤਾਂ ਉਂਗਲਾਂ 'ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਇਹੀ ਇਕ ਅਜਿਹੀ ਨਿਸ਼ਾਨੀ ਹੈ ਜੋ ਕਣਕ ਦੀ ਪੀਲੀ ਕੁੰਗੀ ਕਾਰਨ ਪੀਲੇਪਣ ਨੂੰ ਉਪੱਰ ਦੱਸੇ ਕਾਰਨਾਂ ਕਰਕੇ ਪੀਲੇਪਣ ਤੋਂ ਵੱਖ ਕਰਦੀ ਹੈ। ਜਦੋਂ ਪੀਲੀ ਕੁੰਗੀ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ 'ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ। ਪੀਲੀ ਕੁੰਗੀ ਦੇ ਪੀਲੇ ਕਣ, ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ 'ਤੇ ਵੀ ਲੱਗ ਜਾਂਦੇ ਹਨ, ਜੋ ਬਿਮਾਰੀ ਦੇ ਅਗਾਂਹ ਫੈਲਣ ਵਿਚ ਸਹਾਈ ਹੁੰਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ.ਲੀ. ਪ੍ਰੋਪੀਕੋਨਾਜ਼ੋਲ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਗੰਭੀਰ ਹਾਲਤਾਂ ਵਿਚ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ 'ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ। ਕਈ ਵਾਰ ਕਿਸਾਨ ਕਣਕ ਦੀ ਫ਼ਸਲ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ 'ਤੇ ਪੀਲੀ ਕੁੰਗੀ ਦੇ ਭੁਲੇਖੇ ਦਵਾਈ ਦਾ ਛਿੜਕਾਓ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ। ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਫੋਨ ਨੰ. 18001801551 'ਤੇ ਮੋਬਾਈਲ ਰਾਹੀਂ ਅਤੇ ਲੈਂਡ ਲਾਈਨ ਤੋਂ 1551 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸਮੇਂ ਸਿਰ ਪੀਲੀ ਕੁੰਗੀ ਬਿਮਾਰੀ ਨੂੰ ਪੰਜਾਬ ਵਿਚ ਵਧਣ ਤੋਂ ਰੋਕਿਆ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਹ ਫੋਨ ਸੇਵਾ ਪੰਜਾਬ ਸਰਕਾਰ ਵਲੋਂ ਬਿਲਕੁਲ ਮੁਫ਼ਤ ਮੁਹੱਈਆ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਵਿਚ ਖੇਤੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।
(ਸਮਾਪਤ)


-ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਮੋਬਾਈਲ : 94630-71919.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX