ਤਾਜਾ ਖ਼ਬਰਾਂ


ਗੁਜਰਾਤ 'ਚ ਬੀ. ਐੱਸ. ਐੱਫ. ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
. . .  2 minutes ago
ਨਵੀਂ ਦਿੱਲੀ, 26 ਮਾਰਚ- ਗੁਜਰਾਤ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਅੱਜ ਬੀ. ਐੱਸ. ਐੱਫ. ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ 35 ਸਾਲਾ ਮੁਹੰਮਦ ਅਲੀ ਦੇ ਰੂਪ 'ਚ...
ਇਸਲਾਮਾਬਾਦ ਹਾਈਕੋਰਟ ਦਾ ਹੁਕਮ- ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ
. . .  19 minutes ago
ਇਸਲਾਮਾਬਾਦ, 26 ਮਾਰਚ- ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਨਾਲ ਹੀ ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਦੋਹਾਂ ਕੁੜੀਆਂ...
ਕਾਰ ਦੇ ਦਰਖ਼ਤ ਨਾਲ ਟਰਕਾਉਣ ਕਾਰਨ ਚਾਰ ਲੋਕਾਂ ਦੀ ਮੌਤ
. . .  38 minutes ago
ਹੈਦਰਾਬਾਦ, 26 ਮਾਰਚ- ਤੇਲੰਗਾਨਾ ਦੇ ਜਗਤੀਅਲ ਜ਼ਿਲ੍ਹੇ 'ਚ ਇੱਕ ਕਾਰ ਦੇ ਸੜਕ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਇਹ ਹਾਦਸਾ ਜ਼ਿਲ੍ਹੇ ਦੇ ਧਰਮਾਰਾਮ ਪਿੰਡ ਦੇ ਨਜ਼ਦੀਕ...
ਭਾਜਪਾ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਟਿਕਟ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਲਖਨਊ, 26 ਮਾਰਚ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ 2019 ਦੀਆਂ ਲੋਕ ਸਭਾ ਚੋਣਾਂ ਕਿਤਿਓਂ ਵੀ ਨਹੀਂ ਲੜਨਗੇ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਲੋਕਾਂ ਨੂੰ...
ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਸ਼ਹਿਣਾ, 26 ਮਾਰਚ (ਸੁਰੇਸ਼ ਗੋਗੀ)- ਬਰਨਾਲਾ ਦੇ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਖੇਤਾਂ 'ਚ ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 19 ਸਾਲਾ ਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਰੂਪ 'ਚ ਹੋਈ ਹੈ...
ਝੌਂਪੜੀ 'ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਦੋ ਬੱਚਿਆਂ ਦੀ ਮੌਤ
. . .  about 1 hour ago
ਲਖਨਊ, 26 ਮਾਰਚ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਝਨਪੁਰ ਇਲਾਕੇ 'ਚ ਅੱਜ ਸਵੇਰੇ ਇੱਟਾਂ ਦੇ ਇੱਕ ਭੱਠੇ 'ਤੇ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਝੁਲਸ ਗਏ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ...
ਇਜ਼ਰਾਈਲ ਨੇ ਗਾਜਾ 'ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਗਾਜਾ, 26 ਮਾਰਚ- ਇਜ਼ਰਾਈਲ ਨੇ ਮੱਧ ਇਜ਼ਰਾਈਲ 'ਚ ਰਾਕੇਟ ਨਾਲ ਇੱਕ ਘਰ ਨੂੰ ਨਸ਼ਟ ਕਰਨ ਦੇ ਜਵਾਬ 'ਚ ਗਾਜਾ ਪੱਟੀ 'ਚ ਹਮਾਸ (ਇੱਕ ਫ਼ਲਸਤੀਨੀ ਸੁੰਨੀ-ਇਸਲਾਮਵਾਦੀ ਕੱਟੜਪੰਥੀ ਸੰਗਠਨ) ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਜ਼ਰਾਈਲ ਰੱਖਿਆ ਬਲ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  about 2 hours ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 3 hours ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 3 hours ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਪਾਣੀ ਬਚਾਓ

ਪਾਣੀ ਬਚਾਓ ਮੁਹਿੰਮ ਬੜੇ ਜੋਸ਼ ਨਾਲ ਚਲਾਈ ਜਾ ਰਹੀ ਸੀ | ਨਿਮਾਣਾ ਸਿਹੁੰ ਵੀ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਤੇ ਲੋਕਾਂ ਨੂੰ ਘਟ ਰਹੇ ਪਾਣੀ ਬਾਰੇ ਸੁਚੇਤ ਕਰਦਾ | ਪਾਣੀ ਬਚਾਓ ਮੁਹਿੰਮ ਤਹਿਤ ਇਕ ਸਮਾਗਮ ਵਿਚ ਨਿਮਾਣੇ ਨੂੰ ਭਾਸ਼ਣ ਦੇਣ ਦਾ ਮੌਕਾ ਮਿਲਿਆ | ਬੁੱਢੇ ਵਾਰੇ ਘਰ ਵਿਚ ਪੁੱਛ-ਪੜਤਾਲ ਘੱਟ ਹੋਣ ਕਰਕੇ ਤੇ ਦੂਜਾ ਭਾਸ਼ਣ ਦੇਣ ਦਾ ਜਨੂੰਨ ਸਵਾਰ ਹੋਣ ਕਰਕੇ ਨਿਮਾਣਾ ਕੁਝ ਦੇਰ ਪਹਿਲਾਂ ਹੀ ਸਮਾਗਮ ਵਿਚ ਪਹੁੰਚ ਗਿਆ | ਸਮਾਗਮ ਵਾਲੀ ਥਾਂ 'ਤੇ ਪਾਈਪਾਂ ਨਾਲ ਬੇਹਿਸਾਬ ਪਾਣੀ ਤਰਾਉਂਕਿਆ ਜਾ ਰਿਹਾ ਸੀ | ਰਸਤੇ ਦਾ ਮਿੱਟੀ-ਘੱਟਾ ਬਿਠਾਉਣ ਲਈ ਰਸਤੇ ਨੂੰ ਪਾਣੀ ਨਾਲ ਤਰ ਕੀਤਾ ਜਾ ਰਿਹਾ ਸੀ | ਅਧਿਕਾਰੀਆਂ ਦੇ ਵਹੀਕਲਜ਼ ਸੇਵਾਦਾਰਾਂ ਵਲੋਂ ਧੋਤੇ ਜਾ ਰਹੇ ਸਨ | ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲਿਆਂ ਵੀ ਭਰ-ਭਰ ਕੇ ਗਿਲਾਸ ਮੇਜ਼ 'ਤੇ ਰੱਖੇ ਹੋਏ ਸਨ | ਪਾਣੀ ਬਚਾਓ ਮੁਹਿੰਮ ਵਿਚ ਸ਼ਮੂਲੀਅਤ ਕਰਨ ਆਉਂਦੇ ਚਿੰਤਕ ਦੋ-ਚਾਰ ਘੁੱਟ ਪਾਣੀ ਪੀਂਦੇ ਬਾਕੀ ਪਾਣੀ ਵਗਾਹ ਕੇ ਰੋੜ ਦਿੰਦੇ | ਪੰਡਾਲ ਵਿਚ ਚਲਦੇ ਪਾਣੀ ਵਾਲੇ ਪੱਖੇ ਪੋਹ ਦੇ ਮਹੀਨੇ ਵਾਲੀ ਧੁੰਦ ਦਾ ਚੇਤਾ ਕਰਾਈ ਜਾਂਦੇ | ਨਿਮਾਣਾ ਵਾਸ਼ਰੂਮ ਗਿਆ ਵੇਖਦਾ ਕਿ ਉਥੇ ਵੀ ਪਾਣੀ ਵਾਲੀਆਂ ਖਰਾਬ ਟੂਟੀਆਂ ਹਰਲ-ਹਰਲ ਕਰਕੇ ਚੱਲ ਰਹੀਆਂ ਸਨ | ਪਾਣੀ ਵਾਲੀ ਟੈਂਕੀ ਦਾ ਓਵਰ ਫਲੋਅ ਹੋਇਆ ਪਾਣੀ ਝਰਨੇ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ | ਥਾਂ-ਥਾਂ ਪਾਣੀ ਬਚਾਓ ਦੇ ਲੱਗੇ ਬੋਰਡਾਂ ਅਤੇ ਰੁੱਖਾਂ ਵੱਲ ਨਿਮਾਣੇ ਨੇ ਗਹੁ ਨਾਲ ਵੇਖਿਆ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਸਭ ਕੁਝ ਵੇਖ ਰੁੱਖਾਂ ਦੇ ਪੀਲੇ ਪਏ ਪੱਤੇ ਹੋਰ ਵੀ ਪੀਲੇ ਪੈ ਗਏ ਹੋਣ | ਨਿਮਾਣਾ ਗੰਭੀਰ ਹੋਇਆ ਸੋਚਦਾ ਕਿ ਭਾਵੇਂ ਉਸ ਦੀ ਜੀਵਨ ਸਾਥਣ ਆਪਣੇ ਵੇਲੇ ਦੀ ਕੱਚੀ-ਪੱਕੀ ਪੜ੍ਹੀ ਆ ਪਰ ਹੈ ਬੜੀ ਸੁਲਝੀ | ਉਹ ਕਿਵੇਂ ਘਰ ਲੱਗੇ ਆਰ. ਓ. ਦੇ ਬੇਕਾਰ ਪਾਣੀ ਨੂੰ ਕੱਪੜੇ ਧੋਣ ਅਤੇ ਭਾਂਡੇ ਸਾਫ਼ ਕਰਨ ਵਿਚ ਬੜੀ ਸਿਆਣਪ ਨਾਲ ਵਰਤਦੀ | ਉਹ ਭਰੇ ਮਨ ਨਾਲ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੱਥ ਵੱਲ ਨੂੰ ਇਹ ਸੋਚਦਾ ਤੁਰ ਪਿਆ ਕਿ ਇਹ ਪਾਣੀ ਬਚਾਓ ਮੁਹਿੰਮ ਚੱਲ ਰਹੀ ਹੈ ਜਾਂ ਪਾਣੀ ਘਟਾਓ...?

-ਸੁਖਬੀਰ ਸਿੰਘ ਖੁਰਮਣੀਆਂ
477/21, ਕਿਰਨ ਕਾਲੋਨੀ ਬਾਈਪਾਸ ਗੁਮਟਾਲਾ, ਅੰਮਿ੍ਤਸਰ |
ਮੋਬਾਈਲ : 98555-12677.


ਖ਼ਬਰ ਸ਼ੇਅਰ ਕਰੋ

ਕਹਾਣੀ- ਮਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਹੂੰ... |' ਗੁਰਦਿਆਲ ਕੌਰ ਨੇ ਗੱਲ ਦਾ ਬਹੁਤਾ ਹੁੰਗਾਰਾ ਨਾ ਭਰਿਆ ਤੇ ਹੋਰ ਗੱਲਾਂ ਕਰਨ ਲੱਗੀ | ਐਨੇ ਚਿਰ ਨੂੰ ਲੱਸੀ ਪਾ ਕੇ ਬਲਜੀਤ ਨੇ ਡੋਲਣਾ ਕੰਤੋ ਨੂੰ ਲਿਆ ਫੜਾਇਆ |
'ਕਿਉਂ ਬਹੂ!ਜੀਤੇ ਨੇ ਨਹੀਂ ਬਣਾਏ ਅਜੇ ਕੋਈ ਕਾਗਜ਼-ਪੱਤਰ ਤੈਨੂੰ ਸੱਦਣ ਵਾਸਤੇ...ਤੇਰਾ ਨੀ ਜੀਅ ਕਰਦਾ ਬਾਹਰਲੇ ਮੁਲਕਾਂ ਦੀ ਸੈਲ ਕਰਨ ਵਾਸਤੇ...ਤੂੰ ਵੀ ਮੰਗਾ ਲੈ ਉਹ ਕੀ ਕਹਿੰਦੇ ਹੁੰਦੇ ਆ , ਆਹ ਔਾਤਰੀ ਜਿਹੀ ਦਾ ਚੰਦਰਾ ਨਾਂਅ ਕਿਹੜਾ ਆਉਦਾਂ ਆਹ ...ਹਾਂ ...ਉਹ 'ਪਸੈਂਜਰ ਜਿਪ' ਜਿਹੀ ...' | ਡੋਲਣਾ ਫੜਦੀ ਕੰਤੋ, ਬਲਜੀਤ ਨੂੰ ਸੰਬੋਧਨ ਹੋਈ |
ਕੰਤੋ ਦਾ 'ਸਪੌਾਸਰਸ਼ਿਪ' ਨੂੰ ਪਸੈਂਸਰ ਜਿਪ ਕਹਿਣਾ ਭਾਵੇਂ ਬਲਜੀਤ ਦੇ ਬੁੱਲਾਂ ਨੂੰ ਮੁਸਕਰਾਹਟ ਦੇ ਗਿਆ ਪਰ ਗੱਲ ਵਿਚਲੀ ਰਮਜ਼ ਨੇ ਉਸਦੇ ਦਿਲ ਦੇ ਜ਼ਖ਼ਮ ਨੂੰ ਜਿਵੇਂ ਖੁਰਚ ਦਿੱਤਾ ਹੋਵੇ |
ਕੰਤੋ ਦੀ ਗੱਲ ਨੇ ਗੁਰਦਿਆਲ ਕੌਰ ਦਾ ਮੂੜ ਵੀ ਕਿਰਕਿਰਾ ਕਰ ਦਿੱਤਾ | ਉਹ ਕੰਤੋ ਨੂੰ ਸੂਈ ਕੁੱਤੀ ਵਾਂਗ ਭੱਜ ਕੇ ਪਈ, 'ਦੇਖ ਭਾਈ ਕੰਤ ਕੁਰੇ! ਲੱਸੀ ਲੈਣ ਤਾਂ ਭਾਵੇਂ ਜੰਮ-ਜੰਮ ਆ ਤੈਨੂੰ ਜੁਆਬ ਕਿਸੇ ਗੱਲੋਂ ਵੀ ਨਹੀਂ ...ਪਰ ਗਾਂਹ ਤੋਂ ਐਹ ਲੂਤੀ ਨਾ ਬਹੂ ਨੂੰ ਆ ਕੇ ਲਾਈਾ...ਜੇ ਭਲਾ ਦੋ-ਚਾਰ ਸਾਲ ਖਸਮ ਤੋਂ ਪਾਸੇ ਰਹਿ ਲੂ ਤਾਂ ਕਿਹੜਾ ਮੌਤ ਪੈਂਦੀ ਆ...ਨਾਲੇ ਬਾਹਰ ਕਿਤੇ ਖਰਚੇ ਥੋੜ੍ਹੇ ਆ...ਉਥੇ ਟੱਬਰ ਰੱਖ ਕੇ ਪਾਲਣਾ ਬੜਾ ਔਖਾ...ਨਾਲੇ ਉਹਦੇ ਆਉਂਦੇ ਨੂੰ ਗੁਰਦਿੱਤਾ ਵੀ ਉਡਾਰ ਜਿਹਾ ਹੋਜੂ....ਫਿਰ ਬੜੀ ਉਮਰ ਆ ਕੱਠੇ ਰਹਿਣ ਨੂੰ ...ਨਾਲੇ ਚਾਰ ਪੈਸੇ ਬੋਝੇ 'ਚ ਹੋਣ ਤਾਂ, ਤਾਂ ਹੀ ਚੰਗਾ ਲੱਗਦੈ ਸਭ ਕੁਛ ...ਬਿਨਾ ਪੈਸੇ ਤਾਂ ਬੰਦਾ ਲੂਣ –ਮਿਰਚਾਂ ਦੇ ਭਾਅ ਪੁੱਛਦਾ ਈ ਮਰ ਜਾਂਦਾ, ਲੈਣ ਦੀ ਹਿੰਮਤ ਨੀ ਪੈਂਦੀ... |'
ਸੱਸ ਵਲੋਂ ਕੰਤੋ ਨੂੰ ਕਹੀ ਗੱਲ ਸੁਣ ਕੇ ਬਲਜੀਤ ਵੀ ਬੋਲ ਹੀ ਪਈ, 'ਮਾਂ ਜੀ!ਸਾਰਾ ਕੁਝ ਪੈਸਾ ਈ ਨਹੀਂ ਹੁੰਦਾ ਜ਼ਿੰਦਗੀ 'ਚ ਬਿਨਾਂ ਦਿਲਾਂ ਦੇ ਚਾਅ ਤੇ ਅੰਦਰੂਨੀ ਖੁਸ਼ੀ ਦੇ ...ਸੱਜਣ ਦੇ ਵਸਲ ਤੋਂ ਬਗੈਰ ਤਾਂ ਹੀਰੇ, ਮੋਤੀਆਂ ਜੜੇ ਮਹਿਲ ਵੀ ਵਿਹੁ ਵਰਗੇ ਲਗਦੇ ਆ...ਤੇ ਜਿਹੜੀ ਟਿੱਬੇ ਵੱਲ ਦੀ ਜ਼ਮੀਨ ਲੈਣ ਦੀ ਗੱਲ ਤੁਸੀਂ ਕਰਦੇ ਓ, ਓਹ ਵੀ ਮੇਰੇ ਨਸੀਬ ਵਾਂਗ ਰੇਤਲੀ ਆ, ਜਿਸ ਉੱਤੇ ਕਰਮਾਂ ਨਾਲ ਹੀ ਪਾਣੀ ਨੇ ਹਰਿਆਵਲ ਕਰਨੀ ਆ...ਉਸ ਜ਼ਮੀਨ ਨੇ ਵੀ ਮੇਰੇ ਅਰਮਾਨਾਂ ਵਾਂਗ ਸ਼ਾਇਦ ਬੰਜਰ ਹੀ ਰਹਿ ਜਾਣੈ... |'
'ਬੰਜਰ ਕਾਹਨੂੰ ਰਹਿਣ ਦਿੰਦੇ ਆ ਭਾਬੀ , ਅਸੀਂ ਤਾਂ ਟਿੱਬਿਆਂ 'ਤੇ ਪਾਣੀ ਚੜ੍ਹਾ ਤਾ, ਟਿੱਬਿਆਂ ' ਤੇ... |'
ਬਲਜੀਤ ਕੌਰ ਨੂੰ ਗੋਲ ਮਸਕਰੀ ਕਰਦਿਆਂ ਭਿੰਦਰ ਨੇ ਆ ਕੇ ਚਲ ਰਹੇ ਵਾਰਤਾਲਾਪ ਵਿਚ ਆਪਣੀ ਵੀ ਹਾਜ਼ਰੀ ਲੁਆ ਦਿੱਤੀ | ਨੂੰ ਹ-ਸੱਸ ਦੀ ਸ਼ਬਦੀ ਜੰਗ ਵਿਚ ਭਿੰਦਰ ਨੂੰ ਫਸਦਾ ਵੇਖ ਕੇ ਕੰਤੋ ਅੱਖ ਦੇ ਫੋਰੇ ਨਾਲ ਘਰੋਂ ਇਉਂ ਨਿਕਲੀ ਜਿਵੇਂ ਕਿਸੇ ਸਾਬਕਾ ਫ਼ੌਜੀ ਦੀ ਬੰਦੂਕ 'ਚੋਂ ਕਦੇ ਹੀ ਦਿਵਾਲੀ ਨੂੰ ਫਾਇਰ ਨਿਕਲਿਆ ਹੋਵੇ |
ਕੰਤੋ ਦੇ ਜਾਣ ਤੋਂ ਬਾਅਦ ਭਿੰਦਰ ਨੇ ਗੁਰਦਿਆਲ ਕੌਰ ਨਾਲ ਮੱਥਾ ਲਾਉਂਦਿਆ ਕਿਹਾ, 'ਚਾਚੀ!ਤੂੰ ਆਹ ਮਾਲਾ ਜਿਹੀ ਘੁਮਾਉਣ ਤੇ ਬਾਹਲਾ ਜ਼ੋਰ ਨਾ ਲਾਇਆ ਕਰ, ਐਾਵੇ ਉਂਗਲਾਂ ਨਾ ਘਸਾ ਬੈਂਠੀ, ਹੋਰ ਨਾ ਕਿਤੇ ਗੁਰਦਿੱਤੇ ਦੇ ਵਿਆਹ ਤੱਕ ਉਂਗਲ ਖੱਟੀ ਕਰਵਾਉਣ ਨੂੰ ਫਿਰ ਤੇਰੀ ਕੋਈ ਉਂਗਲ ਹੀ ਨਾ ਲੱਭੇ...ਨਾਲੇ ਅਗਲੇ ਛਾਪ-ਛੱਲਾ ਪਾਉਣ ਲੱਗੇ ਹੁਣ ਤਾਂ ਮੂਵੀ ਆਲੇ ਨੂੰ ਕਹਿ ਦਿੰਦੇ ਆ ਬਈ ਟਿਕਾ ਕੇ ਫੋਟੋ ਲਈਾ ਕਿ ਬੰਦਾ ਕੱਲ੍ਹ ਨੂੰ ਮੁੱਕਰ ਹੀ ਨਾ ਜਾਵੇ ਕਿ ਮੈਂ ਮੁੰਦਰੀ ਪਵਾਈ ਹੀ ਨੀ... |'
'ਚੰਗਾ ਵੇ!ਬਸ ਕਰ ਹੁਣ ਬਸ ਕਰ, ਤੈਨੂੰ ਹਰ ਵੇਲੇ ਹੀ ਮਸ਼ਕਰੀਆਂ ਸੁਝਦੀਆਂ ਰਹਿੰਦੀਆਂ, ਅਖੇ, 'ਅੰਨ੍ਹਾ ਜੁਲਾਹਾ ਮਾਂ ਨਾਲ ਮਸਕਰੀਆਂ ' ...ਇਸ ਤੋਂ ਬਿਨਾਂ ਵੀ ਹੋਰ ਕੁਝ ਆਉਂਦਾ ਤੈਨੂੰ ਕਿ ਨਹੀਂ |' ਬਲਜੀਤ ਕੌਰ ਅੱਗਿਓਾ ਬੋਲੀ |
'ਗੱਲ ਤਾਂ ਮੈਂ ਚਾਚੀ ਨਾਲ ਕਰਦਾਂ ਭਾਬੀ ! ਤੂੰ ਕਿਉਂ ਅੱਖਾਂ ਕੱਢਦੀ ਏਾ ਚੌਮੁਖੀਏ ਦੀਵੇ ਵਾਂਗੂੰ, ਵੱਡੀਆਂ-ਵੱਡੀਆਂ |'
'ਵੇ ਮੈਂ ਕੀ ਕਿਹਾ ਤੈਨੂੰ..?'
'ਲੈ ਭਾਬੀ! ਤੂੰ ਤਾਂ ਮਖੌਲ ਵੀ ਨੀ ਕਰਨ ਦਿੰਦੀ ...ਹਾਲੇ ਤਾਂ ਚਾਚੀ ਨੂੰ ਹੀ ਟਿੱਚਰਾਂ ਕਰੀਂ ਜਾਨਾ ...ਤੈਨੂੰ ਤਾਂ ਕੁਝ ਕਿਹਾ ਈ ਨੀ |'
'ਕਹਿਣ ਨੂੰ ਭਾਈ ਤੂੰ ਕਿਹੜਾ ਐਹਨੂੰ ਮੂੰਹ 'ਚ ਪਾ ਲਏਗਾ...ਕਰ ਲੇ ਜਿਹੜਾ ਮਖੌਲ ਕਰਨਾ |' ਹਸਦੀ ਹੋਈ ਗੁਰਦਿਆਲ ਕੁਰ ਭਿੰਦਰ ਨੂੰ ਬੋਲੀ |
'ਚਾਚੀ! ਨੂੰ ਹ ਤਾਂ ਤੇਰੀ ਚੰਨ ਦਾ ਟੁੱਕੜਾ, ਤੇ ਚੰਨ ਭਲਾ ਕਦੇ ਕੋਈ ਮੂੰਹ 'ਚ ਪਾਉਂਦਾ... |'
ਬਲਜੀਤ ਕੌਰ ਨੇ ਜਦੋਂ ਇਹ ਬੋਲ ਸੁਣੇ ਤਾਂ ਜਿਵੇਂ ਉਹਦੇ ਸਰੀਰ 'ਚ ਝਰਨਾਹਟ ਜਿਹੀ ਛਿੜ ਗਈ | ਉਹ ਹੋਰ ਵੀ ਗਹੁ ਨਾਲ ਭਿੰਦਰ ਨੂੰ ਗੱਲਾਂ ਕਰਦਿਆਂ ਤੱਕਣ ਲੱਗ ਪਈ |
ਉਮਰ ਵਿਹਾ ਚੁੱਕੀ ਗੁਰਦਿਆਲ ਕੌਰ ਨੇ , ਭਿੰਦਰ ਨੂੰ ਦੋਹਰੇ-ਸ਼ਬਦਾਂ ਰਾਹੀਂ ਅੱਗੇ ਵਧਦਾ ਵੇਖ ਉੱਥੇ ਹੀ ਰੋਕਣਾ ਮੁਨਾਸਿਬ ਸਮਝਦਿਆਂ ਕਿਹਾ, 'ਵੇਖ ਭਾਈ! ਬਹੁਤ ਹੋ ਗਿਆ ਹਾਸਾ ਮਜ਼ਾਕ, ਹੁਣ ਕੋਈ ਕੰਮ ਦੀ ਗੱਲ ਕਰੀਏ |'
'ਕੰਮ ਦੀ ਗੱਲ ਤਾਂ ਫਿਰ ਚਾਚੀ ਆਹ ਹੈ ਕਿ ਚਾਚੇ ਨੇ ਹੁਣ ਰੋਟੀ ਖ਼ੇਤ ਹੀ ਮੰਗਵਾਈ ਆ ਤੇ ਮੈਨੂੰ ਕਹਿੰਦਾ ਸੀ ਬਈ ਲਾਈਟ ਦਾ ਕੀ ਭਰੋਸਾ, ਆਹ ਗਿੱਠ –ਗਿੱਠ ਹੋਈ ਚਰ੍ਹੀ ਨੂੰ ਅੱਜ ਪਾਣੀ ਲਾ ਹੀ ਦਈਏ , ਫਿਰ ਰੇਹ ਪਾ ਕੇ ਸੁੱਖ ਨਾਲ ਹਫਤੇ ਤੱਕ ਵਾਹਢਾ ਲਾ ਲਵਾਂਗੇ... |'
ਭਿੰਦਰ ਤੇ ਗੁਰਦਿਆਲ ਕੌਰ ਦੇ ਗੱਲਾਂ ਕਰਦੇ –ਕਰਦੇ ਬਲਜੀਤ ਕੌਰ ਨੇ ਦਾਲ-ਰੋਟੀ ਬੰਨ੍ਹ ਕੇ ਕੰਧੋਲੀ ਦੀ ਬੰਨੀ ' 'ਤੇ ਰੱਖਦਿਆਂ ਕਿਹਾ, 'ਲੈ ਭਿੰਦਰਾ! ਰੋਟੀ ਤਿਆਰ ਪਈ ਆ, ਜਦੋਂ ਚਾਚੀ-ਭਤੀਜੇ ਦੀ ਰਾਮ-ਲੀਲ੍ਹਾ ਖ਼ਤਮ ਹੋਗੀ ਤਾਂ ਲੈ ਜਾਵੀਂ |'
ਰੋਟੀ ਚੁੱਕਣ ਲੱਗੇ ਭਿੰਦਰ ਨੇ ਬਲਜੀਤ ਕੌਰ ਵੱਲ ਸਰਸਰੀ ਜਿਹਾ ਤੱਕਿਆ ਤੇ ਰੋਟੀ ਲੈ ਦਰਵਾਜ਼ਿਓਾ ਬਾਹਰ ਹੋ ਗਿਆ |
ਗੁਰਦਿਆਲ ਕੁਰ ਕਈ ਦਿਨਾਂ ਤੋਂ ਭਿੰਦਰ ਦੀਆਂ ਗੱਲਾਂ-ਬਾਤਾਂ 'ਚ ਕੋਈ ਭੈਅ ਜਿਹਾ ਮਹਿਸੂਸ ਕਰ ਰਹੀ ਸੀ | ਬਲਜੀਤ ਕੌਰ ਨੂੰ ਸੰਬੋਧਨ ਹੁੰਦਿਆਂ ਉਹ ਬੋਲੀ, 'ਵੇਖ ਭਾਈ! ਬਹੁਤਾ ਮੂੰਹ ਨਾ ਲਾਇਆ ਕਰ ਇਹਨੂੰ...ਮੈਨੂੰ ਇਹਦੇ ਲੱਛਣ ਜਿਹੇ ਵਿਗੜੇ ਲਗਦੇ ਆ | ਐਵੇਂ ਆਹਨੇ –ਬਹਾਨੇ ਨਾਲ ਬਹੁਤੇ ਗੇੜੇ ਮਾਰਨ ਲੱਗ ਪਿਆ ਇਹ ਹੁਣ...ਕਦੇ ਗੁਰਦਿੱਤੇ ਨੂੰ ਖਿਡਾਉਣ ਬਹਾਨੇ ਆ ਜਾਂਦਾ, ਕਦੇ ਕਿਸੇ ਚੀਜ਼ ਨੁੰ ਮੰਗਣ |'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਪਿੰਡ ਤਖਤੂਪੁਰਾ (ਮੋਗਾ) ਪਿੰਨ 142055
ਮੋਬਾਈਲ : 98140-68614.

ਇਕ ਇਕ ਪੈਸੇ ਦੀ ਕੀਮਤ ਹੈ

ਇਹ ਗੌਰਮਿੰਟ ਏ ਜੀ
ਗੌਰਮਿੰਟ ਦਾ ਮਤਲਬ ਕੀ ਹੈ?
ਇਹੋ, ਸਰਕਾਰ ਜਿਹੜੀ ਇਕ-ਇਕ ਮਿੰਟ 'ਤੇ ਗੌਰ ਕਰਦੀ ਹੈ |
ਮਿੰਟ-ਮਿੰਟ 'ਤੇ ਗੌਰ ਕਰਨ ਵਾਲੀ ਗੌਰਮਿੰਟ ਵੀ ਮਿੰਟਾਂ-ਸਕਿੰਟਾਂ 'ਚ ਭੁਲੇਖਾ ਖਾ ਸਕਦੀ ਹੈ |
ਗ਼ੌਰ ਕਰੋ, ਗੌਰਮਿੰਟ ਦਾ ਮਿੰਟ-ਮਿੰਟ 'ਤੇ ਗੌਰ ਕਰਨਾ, ਸਭ ਪੈਸਿਆਂ ਦੀ ਖੇਡ ਹੈ | ਗੌਰਮਿੰਟ ਅੰਗਰੇਜ਼ੀ ਦਾ ਲਫ਼ਜ਼ ਹੈ, ਹਿੰਦੀ, ਪੰਜਾਬੀ 'ਚ ਇਹਦਾ ਬਦਲ ਹੈ, ਸਰਕਾਰ |
ਅੰਗਰੇਜ਼ੀ ਵਿਚ 'ਮਿੰਟ' ਦਾ ਮਤਲਬ ਹੈ—ਟਕਸਾਲ | ਸਰਕਾਰ ਦੀ ਟਕਸਾਲ ਜਿਥੇ ਇਕ ਪੈਸੇ ਤੋਂ ਲੈ ਕੇ ਦਸ ਰੁਪਿਆਂ ਦੇ ਮੁੱਲ ਵਾਲੇ ਸਰਕਾਰੀ ਸਿੱਕੇ ਢਾਲੇ ਜਾਂਦੇ ਹਨ | ਬਾਕੀ ਤਾਂ ਪੇਪਰ ਕਰੰਸੀ ਹੈ, ਜਿਹੜੀ ਸਰਕਾਰੀ ਛਾਪੇਖਾਨਿਆਂ 'ਚ ਛਾਪੀ ਜਾਂਦੀ ਹੈ | ਟਕਸਾਲ 'ਚ ਸਿੱਕੇ ਢਾਲੇ ਜਾਂਦੇ ਹਨ ਤੇ ਛਾਪੇਖਾਨੇ 'ਚ ਨੋਟ, ਇਕ ਰੁਪਏ ਦੇ ਨੋਟ, ਪੰਜ ਰੁਪਿਆਂ ਦੇ ਨੋਟ, ਦਸ ਰੁਪਿਆਂ ਦੇ ਨੋਟ, ਵੀਹ ਰੁਪਿਆਂ ਦੇ ਨੋਟ, ਫਿਰ ਸਿੱਧਾ ਪੰਜਾਹ ਰੁਪਿਅ ਤੋਂ ਲੈ ਕੇ ਪੰਜ ਸੌ ਰੁਪਿਆਂ ਦੇ, ਦੋ ਹਜ਼ਾਰ ਤੱਕ ਦੇ ਛਾਪੇ ਜਾਂਦੇ ਹਨ |
ਅੱਜਕਲ੍ਹ ਤਾਂ ਇਕ ਰੁਪਏ ਦੇ ਨੋਟ ਵੀ ਸ਼ਾਇਦ ਛਪਣੇ ਬੰਦ ਹੋ ਗਏ ਹਨ | ਪਰ ਇਨ੍ਹਾਂ ਦੇ ਮੁੱਲ ਦੇ, ਇਕ ਰੁਪਏ, ਦੋ ਰੁਪਏ, ਪੰਜ ਰੁਪਏ, ਦਸ ਰੁਪਏ ਦੇ ਸਿੱਕੇ ਜ਼ਰੂਰ ਸਰਕਾਰੀ ਟਕਸਾਲ 'ਚ ਢਾਲੇ ਜਾ ਰਹੇ ਹਨ | ਇਨ੍ਹਾਂ ਦੀ ਵਰਤੋਂ ਆਮ ਹੈ | ਸਿੱਕਿਆਂ ਵਿਚ ਵੀ ਪਹਿਲਾਂ ਇਕ ਪੈਸੇ ਦੇ ਸਿੱਕੇ ਤੋਂ ਲੈ ਕੇ ਦੋ ਪੈਸੇ, ਤਿੰਨ ਪੈਸੇ, ਪੰਜ ਪੈਸੇ, ਦਸ ਪੈਸੇ ਤੇ 20 ਪੈਸਿਆਂ ਦੇ ਸਿੱਕੇ ਆਮ ਵਰਤੋਂ 'ਚ ਸਨ, ਜਿਨ੍ਹਾਂ ਨੂੰ ਲੋਕੀਂ ਦੁੱਕੀ, ਤਿੱਕੀ, ਪੰਜੀ, ਦਸੀ ਆਖਦੇ ਸਨ | ਫਿਰ ਚੱਵਾਨੀ, ਅਠਿਆਨੀ ਤੇ ਸਿੱਧਾ ਰੁਪਿਆ | ਇਕ ਪੈਸੇ ਦਾ ਸਿੱਕਾ ਨਦਾਰਦ ਹੈ |
ਇਕ ਵੇਲਾ ਸੀ, ਜਦ ਇਕ ਪੈਸੇ ਦੀ ਵੀ ਆਪਣੀ ਇੱਜ਼ਤ ਸੀ, ਇਹਦਾ ਮੁੱਲ ਸੀ | ਮੰਗਤੇ, ਭਿਖਾਰੀ ਜਦ ਤਲੀ ਅੱਡਦੇ ਸਨ, ਉਨ੍ਹਾਂ ਦੀ ਤਲੀ 'ਤੇ ਜਦ ਕੋਈ ਇਕ ਪੈਸੇ ਦਾ ਸਿੱਕਾ ਰੱਖ ਦਿੰਦਾ ਤਾਂ ਉਹ ਦਾਤਾ ਨੂੰ ਸੌ-ਸੌ ਅਸੀਸਾਂ ਦਿੰਦੇ | ਉਨ੍ਹੀਂ ਦਿਨੀਂ ਜਿਹੜੀਆਂ ਹਿੰਦੀ ਫਿਲਮਾਂ ਬਣਦੀਆਂ ਸਨ, ਉਨ੍ਹਾਂ 'ਚ ਇਕ ਖਾਸ ਸੀਨ ਜ਼ਰੂਰ ਹੁੰਦਾ ਸੀ, ਬੱਸਾਂ ਵਿਚ ਤੇ ਰੇਲ ਗੱਡੀਆਂ ਦੇ ਡੱਬੇ ਵਿਚ-ਇਕ ਅੰਨ੍ਹਾ ਮੰਗਤਾ ਆਪਣੀ ਦਰਦ ਭਰ ਆਵਾਜ਼ ਵਿਚ, ਤਲੀ ਅੱਗੇ ਕਰਕੇ ਇਹ ਅਰਜੋਈ ਕਰਦਾ ਸੀ...
ਬਾਬੂ, ਓ ਜਾਨੇ ਵਾਲੇ ਬਾਬੂ ਇਕ ਪੈਸਾ ਦੇ ਦੇ | ਤੁਮ ਏਕ ਪੈਸਾ ਦੋਗੇ, ਵੋਹ ਦਸ ਲਾਖ ਦੇਗਾ |
(ਵੋਹ ਮਤਲਬ ਉੱਪਰ ਵਾਲਾ ਰੱਬ)
ਇਕ ਪੈਸੇ ਵਾਲਾ ਕਿੰਨਾ ਮਹਾਂਦਾਨੀ, ਕਿੰਨਾ ਅਮੀਰ ਪਰਿਵਾਰ, ਕਿੰਨਾ ਵੱਡੇ ਦਿਲ ਵਾਲਾ ਹੁੰਦਾ ਸੀ | ਪਰ ਹੁਣ ਪਿਛੇ ਜਿਹੇ ਹੀ ਸਾਡੀ ਇਸ ਮੋਦੀ ਸਰਕਾਰ ਨੇ, ਬੜਾ ਵੱਡਾ ਪਰੋਪਕਾਰੀ ਦਿਲ ਵਿਖਾਕੇ ਇਕ ਪੈਸੇ ਦੀ ਕਿੰਨੀ ਬੇਕਦਰੀ ਤੇ ਆਪਣੀ ਥੂ-ਥੂ ਕਰਵਾਈ ਹੈ | ਪੈਟਰੋਲ ਤੇ ਡੀਜ਼ਲ ਦੇ ਮੁੱਲ 'ਚ ਹਰ ਰੋਜ਼ ਲਗਾਤਾਰ ਵਾਧਾ ਹੋ ਰਿਹਾ ਸੀ | ਵਾਹਨਾਂ ਵਾਲੇ, ਟਰੱਕਾਂ ਵਾਲੇ, ਕਾਰਾਂ ਵਾਲੇ, ਸਕੂਟਰਾਂ ਤੇ ਮੋਟਰ ਸਾਈਕਲਾਂ ਵਾਲੇ ਬੜੇ ਦੁਖੀ ਸਨ | ਇਹੋ ਮੰਗ ਕਰ ਰਹੇ ਸਨ ਕਿ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਭਾਅ ਘੱਟ ਕਰੇ | ਇਕ ਸ਼ੁੱਭ ਦਿਹਾੜੇ, ਇਹ ਸ਼ੁਭ ਖ਼ਬਰ ਆਈ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ਸੱਠ ਪੈਸੇ ਪ੍ਰਤੀ ਲਿਟਰ ਘੱਟ ਕਰ ਦਿੱਤੇ ਹਨ, ਪਰ ਸ਼ਾਮ ਹੁੰਦਿਆਂ ਤੱਕ ਸਰਕਾਰ ਨੇ ਪਲਟੀ ਮਾਰੀ, ਇਹ ਸਪੱਸ਼ਟੀਕਰਨ ਦਿੱਤਾ, ਪਿਆਰੇ ਭਾਰਤ ਵਾਸੀਓ ਗ਼ਲਤੀ ਹੋ ਗਈ, ਮੁਆਫ਼ ਕਰਨਾ, ਸਵੇਰੇ ਜਿਹੜੇ ਪੈਟਰੋਲ ਤੇ ਡੀਜ਼ਲ ਦੇ 60 ਪੈਸੇ ਪ੍ਰਤੀ ਲਿਟਰ ਘੱਟ ਕਰਨ ਦੀ ਖ਼ਬਰ ਦਿੱਤੀ ਸੀ, ਉਹ ਸਹੀ ਨਹੀਂ ਹੈ, ਟਾਈਪਿੰਗ ਮਿਸਟੇਕ ਹੈ, ਅਸਲ 'ਚ 60 ਪੈਸੇ ਨਹੀਂ, ਸਗੋਂ ਸਿਰਫ਼ ਇਕ ਨਵਾਂ ਪੈਸਾ ਘੱਟ ਕੀਤਾ ਗਿਆ ਹੈ |
ਐਸੇ ਮੌਕੇ ਕਦੇ-ਕਦਾੲੀਂ ਆਉਂਦੇ ਹਨ, ਜਦ ਇਕੋ ਵੇਲੇ ਇਕੋ ਗੱਲ 'ਤੇ ਲੋਕੀਂ ਹੱਸਦੇ ਵੀ ਹਨ ਤੇ ਰੋਂਦੇ ਵੀ ਹਨ | ਐਹੋ ਜਿਹਾ ਮਜ਼ਾਕ, ਜਨਤਾ ਨਾਲ ਕਿਸੇ ਹੋਰ ਸਰਕਾਰ ਨੇ ਅੱਜ ਤਾੲੀਂ ਨਹੀਂ ਕੀਤਾ ਹੋਣਾ |
ਦੜ ਵੱਟ, ਜ਼ਮਾਨਾ ਕੱਟ, ਭਲੇ ਦਿਨ ਆਵਣਗੇ |
ਇਕ ਇਕ ਪੈਸੇ ਨੂੰ ਤਰਸਾ ਦਿੱਤੇ ਲੋਕੀਂ | ਇਕ ਬੜਾ ਖੁਸ਼ ਸੀ | ਕਹਿਣ ਲੱਗਾ, 'ਸਾਨੂੰ ਕੀ ਜੀ, ਸਾਡੇ ਕੋਲ ਨਾ ਕਾਰ ਹੈ, ਨਾ ਸਕੂਟਰ, ਅਸੀਂ ਤਾਂ 11 ਨੰਬਰ ਵਾਲੀ ਸਵਾਰੀ (ਪੈਦਲ ਚੱਲਣ ਵਾਲੇ) ਹਾਂ | ਸਾਨੂੰ ਕੀ? ਨਾ ਸੱਠ ਪੈਸਿਆਂ ਦੀ ਖੁਸ਼ੀ, ਨਾ ਇਕ ਪੈਸੇ ਦਾ ਗ਼ਮ |'
ਅੱਜ ਪੂਰੇ ਹਿੰਦੁਸਤਾਨ 'ਚ ਕੋਈ ਐਸਾ ਪੈਟਰੋਲ ਪੰਪ ਹੈ, ਜਿਥੇ ਤੁਸੀਂ ਇਕ ਰੁਪਿਆ ਦੇਵੋ, ਆਖੋ ਭਾਈ 99 ਪੈਸੇ ਰੱਖ ਲੈ, ਇਕ ਪੈਸਾ ਵਾਪਸ ਕਰ ਦੇ |
ਅੱਜ ਕਿਸੇ ਮੰਗਤੇ-ਭਿਖਾਰੀ ਨੂੰ ਇਕ ਪੈਸਾ ਦਾਨ ਦੇ ਦਿਓ ਤਾਂ ਉਹ ਗੁੱਸੇ ਨਾਲ ਪਰ੍ਹਾਂ ਵਗਾਹ ਮਾਰੇਗਾ | ਅਨਾਦਰ ਕਰੇਗਾ ਇਹ ਆਖ ਕੇ, ਬੱਸ ਇਕ ਪੈਸੇ ਦੀ ਹੀ ਔਕਾਤ ਹੈ?
ਇਕ ਕਾਰ ਵਾਲੇ ਸਿਆਣੇ ਨੇ ਅਖ਼ਬਾਰ 'ਚ ਇਸ਼ਤਿਹਾਰ ਦਿੱਤਾ, ਇਕ ਡਰਾਈਵਰ ਦੀ ਲੋੜ ਹੈ | ਤਨਖਾਹ ਇਕ ਪੈਸਾ ਨਹੀਂ, ਪਰ ਸਾਡੇ ਨਾਲ ਰਹੇਗਾ ਤਾਂ ਮੌਜ ਕਰੇਗਾ, ਖਾਣਾ ਮੁਫ਼ਤ | ਇਕ ਆਦਮੀ ਨੇ ਸੋਚਿਆ, ਚਲੋ ਤਨਖਾਹ ਨਾ ਸਹੀ, ਮੌਜ ਤਾਂ ਕਰਾਂਗੇ | ਉਸ ਨੇ ਉਹਦੇ ਕੋਲ ਨੌਕਰੀ ਕਰ ਲਈ | ਪਹਿਲੇ ਹੀ ਦਿਨ, ਜਦ ਉਹ ਹਾਈਵੇਅ 'ਤੇ ਕਾਰ ਡਰਾਈਵ ਕਰ ਰਿਹਾ ਸੀ ਤਾਂ ਇਕ ਖਾਸ ਥਾਂ 'ਤੇ ਮਾਲਕ ਨੇ ਰੌਲਾ ਪਾ ਕੇ, ਡਰਾਈਵਰ ਨੂੰ ਕਿਹਾ, ਰੋਕ ਰੋਕ ਰੋਕ... | ਡਰਾਈਵਰ ਨੇ ਕਾਰ ਰੋਕ ਦਿੱਤੀ | ਮਾਲਕ ਫਟਾਫਟ ਕਾਰ ਤੋਂ ਥੱਲੇ ਉਤਰਿਆ | ਸੜਕ 'ਤੇ ਇਕ ਮੰੂਗਫਲੀ ਡਿੱਗੀ ਪਈ ਸੀ | ਉਸ ਨੇ ਮੰੂਗਫਲੀ ਚੁੱਕੀ | ਅੰਦਰ ਕਾਰ 'ਚ ਲੈ ਗਿਆ | ਮੰੂਗਫਲੀ ਕੜਿੱਕ ਕਰਕੇ ਤੋੜੀ, ਵਿਚ ਦੋ ਦਾਣੇ ਮੰੂਗਫਲੀ ਦੇ ਪਏ ਸਨ | ਉਹਨੇ ਇਕ ਦਾਣਾ ਡਰਾਈਵਰ ਨੂੰ ਦਿੱਤਾ ਤੇ ਇਕ ਦਾਣਾ ਆਪਣੇ ਮੰੂਹ 'ਚ ਸੁੱਟ ਕੇ ਡਰਾਈਵਰ ਨੂੰ ਕਿਹਾ, 'ਵੇਖ ਅਸਾਂ ਤੈਨੂੰ ਆਖਿਆ ਸੀ ਨਾ, ਸਾਡੇ ਨਾਲ ਰਹੇਂਗਾ ਤਾਂ ਮੌਗ ਕਰੇਂਗਾ | ਲੈ, ਕਰ ਲੈ ਮੌਜਾਂ |'
ਇਕ ਪੈਸੇ ਦੀ ਕੀਮਤ ਹੀ ਕੀ ਹੈ?
ਹੈ, ਬੜੀ ਵੱਡੀ ਕੀਮਤ ਹੈ...
ਸ਼ਰਮੀਲਾ ਟੈਗੋਰ ਨੇ ਇਕ ਫ਼ਿਲਮ 'ਚ ਰਾਜੇਸ਼ ਖੰਨਾ ਨੂੰ ਆਖਿਆ ਸੀ ਨਾ, 'ਇਕ ਚੁਟਕੀ ਸੰਧੂਰ ਕੀ ਕੀਮਤ ਕਯਾ ਹੋਤੀ ਹੈ, ਤੁਮ ਕਯਾ ਜਾਨੋ ਬਾਬੂ |'
ਅੱਜ ਤਾਂ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਇਕ ਪੈਸੇ ਦੀ ਕੀਮਤ ਕਿੰਨੀ ਚੁਕਾਉਣੀ ਪੈਂਦੀ ਹੈ, ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਹੋਣਾ ਹੈ-ਹਾਲ 'ਚ ਹੋਈਆਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਜ਼ਿਮਨੀ ਚੋਣਾਂ 'ਚ, ਹੱਥ ਆਏ ਤੋਤੇ ਉੱਡ ਗਏ | ਕਿੰਨੀਆਂ ਸੀਟਾਂ ਗਵਾ ਬੈਠੇ |
ਅੱਜ ਵੀ ਅਮੀਰੀ ਦਾ ਮਾਣ ਪੈਸੇ ਨੂੰ ਹੀ ਹੈ, ਇਕ ਅਮੀਰ ਆਦਮੀ ਨੇ ਜਦ ਇਕ ਮਹਿਲਨੁਮਾ ਘਰ ਦੀ ਇਮਾਰਤ ਖੜ੍ਹੀ ਕੀਤੀ ਤਾਂ ਪੁੱਤਰਾਂ ਨੂੰ ਇਹ ਆਖਿਆ, 'ਤੁਹਾਨੂੰ ਕੀ ਪਤਾ, ਇਸ ਘਰ ਦੀ ਇਮਾਰਤ ਖੜ੍ਹੀ ਕਰਨ ਲਈ ਮੈਂ ਇਕ-ਇਕ ਪੈਸਾ ਕਮਾਉਣ ਲਈ ਕਿੰਨਾ ਕਿੰਨਾ ਪਸੀਨਾ ਵਹਾਇਆ ਹੈ |'
ਬੇਸ਼ੱਕ ਸਰਕਾਰੀ ਟਕਸਾਲ 'ਚ ਇਕ ਪੈਸੇ ਦਾ ਸਿੱਕਾ ਘੜਨਾ ਬੰਦ ਹੋ ਗਿਆ ਹੈ, ਪਰ ਮਾਨਤਾ-ਮਹਾਨਤਾ ਅੱਜ ਵੀ ਪੈਸੇ ਦੀ ਹੀ ਹੈ |
ਪੈਸਾ ਓ ਪੈਸਾ, ਅਮੀਰ ਹੋਏ, ਗ਼ਰੀਬ ਹੋਏ ਹਰ ਕੋਈ ਤੇਰਾ ਭੁੱਖਾ, ਹਰ ਕੋਈ ਤੇਰਾ ਪਿਆਸਾ |

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਹਾਸਰਸ : ਪੇਪਰ ਵਿਚ ਸੁਆਲ ਆਇਆ ਕਿ ਦੁਨੀਆ ਦੇ ਦੋ ਸਭ ਤੋਂ ਖ਼ਤਰਨਾਕ ਹਥਿਆਰਾਂ ਦਾ ਨਾਂਅ ਦੱਸੋ | ਸਿਮਰ ਨੇ ਜਵਾਬ ਲਿਖਿਆ ਕਿ ਘਰ ਵਾਲੀ ਦੇ ਅੱਥਰੂ ਤੇ ਗੁਆਂਢਣ ਦੀ ਸਮਾਈਲ |
• ਮੁਸਕਰਾਉਣਾ ਇਕ ਐਸਾ ਉਪਹਾਰ ਹੈ ਜੋ ਬਿਨਾਂ ਮੁੱਲ ਦੇ ਵੀ ਅਨਮੋਲ ਹੈ | ਜਿਸ ਵਿਚ ਦੇਣ ਵਾਲੇ ਦਾ ਕੁਝ ਘਟਦਾ ਨਹੀਂ ਅਤੇ ਪਾਉਣ ਵਾਲਾ ਨਿਹਾਲ ਹੋ ਜਾਂਦਾ ਹੈ |
• ਇਕ ਦਰੱਖਤ, ਜੰਗਲ ਦੀ ਸ਼ੁਰੂਆਤ ਕਰ ਸਕਦਾ ਹੈ | ਇਕ ਮੁਸਕਰਾਹਟ ਦੋਸਤੀ ਦੀ ਸ਼ੁਰੂਆਤ ਕਰ ਸਕਦੀ ਹੈ | ਇਕ ਛੋਹ ਪਿਆਰ ਦਿਖਾ ਸਕਦੀ ਹੈ ਅਤੇ ਇਕ ਤੁਹਾਡੇ ਵਰਗਾ ਦੋਸਤ ਜ਼ਿੰਦਗੀ ਨੂੰ ਜਿਊਣ ਯੋਗ ਬਣਾ ਸਕਦਾ ਹੈ |
• ਕਈ ਵਾਰ ਤੁਹਾਡੀ ਖ਼ੁਸ਼ੀ, ਤੁਹਾਡੀ ਮੁਸਕਰਾਹਟ ਦਾ ਸੋਮਾ ਹੁੰਦੀ ਹੈ ਅਤੇ ਕਈ ਵਾਰ ਤੁਹਾਡੀ ਮੁਸਕਰਾਹਟ ਤੁਹਾਡੀ ਖ਼ੁਸ਼ੀ ਦਾ ਸੋਮਾ ਹੋ ਸਕਦੀ ਹੈ |
• ਦੋ ਚੀਜ਼ਾਂ ਅਜਿਹੀਆਂ ਹਨ ਜਿਸ ਵਿਚ ਕਿਸੇ ਦਾ ਕੁਝ ਨਹੀਂ ਜਾਂਦਾ | ਇਸ ਲਈ ਇਕ ਮੁਸਕਰਾਹਟ ਅਤੇ ਦੂਸਰੀਆਂ ਦੁਆਵਾਂ ਹਮੇਸ਼ਾ ਵੰਡਦੇ ਰਹੋ |
• ਜਿਹੜਾ ਸਾਨੂੰ ਆਪਣੀ ਮੁਸਕਰਾਹਟ ਨਾਲ ਹਰਾਉਂਦਾ ਹੈ, ਉਸ ਦਾ ਅਸੀਂ ਵਿਰੋਧ ਨਹੀਂ ਕਰਦੇ, ਧੰਨਵਾਦ ਕਰਦੇ ਹਾਂ, ਚੰਗਿਆਈ ਹਮੇਸ਼ਾ ਵਿਅਕਤੀਗਤ ਹੁੰਦੀ ਹੈ |
• ਮੁਸਕਾਨ ਥੱਕੇ ਹੋਏ ਲਈ ਵਿਸ਼ਰਾਮ ਹੈ | ਉਦਾਸ ਲਈ ਦਿਨ ਦਾ ਪ੍ਰਕਾਸ਼ ਹੈ ਅਤੇ ਕਸ਼ਟ ਦੇ ਲਈ ਪ੍ਰਕਿਰਤੀ ਦਾ ਸਰਬੋਤਮ ਉਪਹਾਰ ਹੈ |
• ਸ਼ਾਂਤੀ ਦੀ ਸ਼ੁਰੂਆਤ ਮੁਸਕਰਾਹਟ ਤੋਂ ਹੁੰਦੀ ਹੈ |
• ਤੁਹਾਡਾ ਜੀਵਨ ਤਾਂ ਹੀ ਖੁਸ਼ਹਾਲ ਮੰਨਿਆ ਜਾਵੇਗਾ ਜਦੋਂ ਤੁਸੀਂ ਮੁਸਕਰਾਉਣਾ ਸਿੱਖ ਸਕੋ |
• ਮੁਸਕਰਾ ਕੇ ਆਦਮੀ ਆਪਣੇ-ਆਪ ਵਿਚ ਵੱਡਾ ਬਣਦਾ ਹੈ | ਇਸ ਲਈ ਮੁਸਕਰਾਓ ਅਤੇ ਆਪਣੀਆਂ ਅਤੇ ਲੋਕਾਂ ਦੀਆਂ ਵੀ ਜਾਣੀਆਂ-ਅਣਜਾਣੀਆਂ ਚਿੰਤਾਵਾਂ ਦੂਰ ਕਰੋ |
• ਜਦੋਂ ਤੁਸੀਂ ਇਕੱਲੇ ਹੋਵੋ ਤੇ ਇਕੱਲੇ ਹੀ ਮੁਸਕਰਾ ਰਹੇ ਹੋਵੋ ਤਾਂ ਉਸ ਸਮੇਂ ਤੁਸੀਂ ਅਸਲ ਰੂਪ ਵਿਚ ਮੁਸਕਰਾਉਂਦੇ ਹੋ |
• ਵਿਗਿਆਨ ਸਾਨੂੰ ਸੋਚਣਾ ਸਿਖਾਉਂਦਾ ਹੈ ਪਰ ਪ੍ਰੇਮ ਸਾਨੂੰ ਮੁਸਕਰਾਉਣਾ ਸਿਖਾਉਂਦਾ ਹੈ |
• ਹੋਠਾਂ 'ਤੇ ਮੁਸਕਾਨ ਹਰ ਮੁਸ਼ਕਿਲ ਕਾਰਜ ਨੂੰ ਆਸਾਨ ਕਰ ਦਿੰਦੀ ਹੈ |
• ਬੱਚਾ ਤੰਦਰੁਸਤ ਹੋਵੇ ਤਾਂ ਉਸ ਦੀ ਮੁਸਕਰਾਹਟ ਖੂਬਸੂਰਤ ਹੁੰਦੀ ਹੈ |
• ਕਦੇ-ਕਦੇ ਤੁਹਾਡੀ ਇਕ ਮੁਸਕਾਨ, ਮਾਰੂਥਲ ਦੇ ਪਾਣੀ ਦੀ ਬੰੂਦ ਵਰਗੀ ਲਾਭਦਾਇਕ ਸਿੱਧ ਹੋ ਸਕਦੀ ਹੈ |
• ਸੰੁਦਰਤਾ, ਮੁਸਕਰਾਹਟ ਅਤੇ ਅਕਲ, ਇਹ ਤਿੰਨੇ ਜਿਸ ਕੋਲ ਹਨ, ਉਹ ਦੁਨੀਆ ਦਾ ਧਨਾਢ ਇਨਸਾਨ ਹੈ |
• ਹਾਸਰਸ : ਦਾਦਾ (ਟੀਟੂ ਨੂੰ ) ਬੇਟਾ ਅੰਦਰੋਂ ਜ਼ਰਾ ਮੇਰੇ ਲਈ ਦੰਦ ਫੜ ਕੇ ਲਿਆਉਣਾ |
ਟੀਟੂ-ਪਰ ਦਾਦਾ ਜੀ ਅਜੇ ਰੋਟੀ ਤਾਂ ਬਣੀ ਨਹੀਂ |
ਦਾਦਾ-ਓਏ ਰੋਟੀ ਦੀ ਗੱਲ ਨੂੰ ਛੱਡ ਦੇ, ਮੈਂ ਸਾਹਮਣੇ ਵਾਲੀ ਪੜੋਸਨ ਨੂੰ ਸਮਾਈਲ ਦੇਣੀ ਹੈ |
• ਮਹਿਬੂਬ ਦਾ ਮੁਸਕਰਾਉਂਦਾ ਚਿਹਰਾ ਅੱਧੇ ਨਹੀਂ, ਸਾਰੇ ਦੁੱਖ ਤੋੜ ਦਿੰਦਾ ਹੈ |
• ਕਿਸੇ ਦੇ ਚਿਹਰੇ 'ਤੇ ਹਲਕੀ-ਹਲਕੀ ਜਿਹੀ ਮੁਸਕਾਨ ਲਿਆਉਣ ਦਾ ਅਨੰਦ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ | ਆਪਣੇ ਆਸ-ਪਾਸ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਦੇ ਲਈ ਥੋੜ੍ਹਾ ਜਿਹਾ ਯਤਨ ਜੀਵਨ ਵਿਚ ਅਨੰਦ ਦਾ ਰਸ ਘੋਲ ਦੇਵੇਗਾ |
• ਕੋਈ ਚਿਹਰਾ ਜਿੰਨਾ ਜ਼ਿਆਦਾ ਗੰਭੀਰ ਹੁੰਦਾ ਹੈ, ਓਨੀ ਹੀ ਸੋਹਣੀ ਉਸ ਦੀ ਮੁਸਕਰਾਹਟ ਹੁੰਦੀ ਹੈ |
• ਮੁਸਕਾਨ ਪਾਉਣ ਵਾਲਾ ਮਾਲਾਮਾਲ ਹੋ ਜਾਂਦਾ ਹੈ ਪਰ ਦੇਣ ਵਾਲਾ ਦਰਿੱਦਰ ਨਹੀਂ ਹੁੰਦਾ |
• ਵਿਦਵਾਨਾਂ ਦਾ ਮੰਨਣਾ ਹੈ ਕਿ ਜਦ ਮਨੁੱਖ ਹੱਸਦਾ ਜਾਂ ਮੁਸਕਰਾਉਂਦਾ ਹੈ ਤਾਂ ਈਸ਼ਵਰ ਦੀ ਅਰਾਧਨਾ ਕਰ ਰਿਹਾ ਹੁੰਦਾ ਹੈ ਅਤੇ ਜਦ ਉਹ ਦੂਜਿਆਂ ਨੂੰ ਹਸਾਉਂਦਾ ਹੈ, ਉਦੋਂ ਈਸ਼ਵਰ ਉਸ ਦੀ ਅਰਾਧਨਾ ਕਰ ਰਿਹਾ ਹੁੰਦਾ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਵਿਹੜਾ ਹੋਵੇ ਕਮਲਾ ਤਾਂ...

ਜਦੋਂ ਦਾ ਦੂਰਦਰਸ਼ਨ ਤੇ ਚੈਨਲਾਂ ਦਾ ਵਾਧਾ ਹੋਇਐ, ਘਰੇ ਕੰਮ ਕਰਨ ਵਾਲੀਆਂ ਬਾਕੀ ਔਰਤਾਂ ਵਾਂਗ ਤਾਈ ਭਾਨੋ ਵੀ ਸੀਰੀਅਲਾਂ ਦੇ ਪਾਤਰਾਂ ਨਾਲ ਕਾਫ਼ੀ ਨੇੜੇ ਦਾ ਰਿਸ਼ਤਾ ਸਮਝਣ ਲੱਗੀ | ਇਕ ਦਿਨ ਕੈਲੋ ਮਾਸੀ ਦੁਪਹਿਰ ਕੁ ਵੇਲੇ ਤਾਈ ਭਾਨੋ ਕੋਲ ਆ ਬੈਠੀ | ਤਾਈ ਭਾਨੋ ਉਦਾਸ ਸੀ |
'ਕੀ ਗੱਲ ਭੈਣੇ ਉਦਾਸ ਜੀ ਬੈਠੀ ਐਾ?' ਮਾਸੀ ਨੇ ਮੰਜੇ ਦੀ ਦੌਣ 'ਤੇ ਬੈਠਦਿਆਂ ਪੁੱਛਿਆ |
'ਕੁੜੇ ਗੋਪੀ ਦੇ ਸੱਟ ਵੱਜੀ ਰਾਤ, ਉਧਰੋਂ ਲੈਟ ਬਗਗੀ ਪਤਾ ਨੀ ਕੀਹਨੇ ਸਾਂਭੀ ਹੋਊ ਵਿਚਾਰੀ', ਤਾਈ ਨੇ ਉਦਾਸ ਸੁਰ ਵਿਚ ਕਿਹਾ | 'ਜੇ ਗੋਪੀ ਨੂੰ ਕੁਸ ਹੋ ਗਿਆ ਮੈਂ ਤਾਂ ਮਰ ਜੂੰ ਮੈਨੂੰ ਲਗਦੈ', ਤਾਈ ਫਿਰ ਬੋਲੀ |
'ਇਹ ਭੈਣੇ ਡਰਾਮੇ ਨੇ, ਸੱਚੀਂ ਥੋੜ੍ਹੇ ਹੁੰਦੇ ਨੇ', ਕੈਲੋ ਨੇ ਤਾਈ ਨੂੰ ਸਮਝਾਉਣ ਦੀ ਨਾਕਾਮ ਕੋਸ਼ਿਸ਼ ਕੀਤੀ |
'ਲਹੂ ਦੀ ਤਤੀਰੀ ਪੈ ਗਈ 'ਤੀ, ਤੂੰ ਕਹਿਨੀ ਐਾ ਡਰਾਮੇ ਕਰਦੀ ਐ, ਡਰਾਮੇ ਕਰਨ ਆਲੀ ਤਾਂ ਹੈਨੀ ਵਿਚਾਰੀ ਦਰਵੇਸ਼ਣੀ |' ਕੈਲੋ ਨੇ ਕਿਹਾ ਕੁਝ ਪਰ ਤਾਈ ਨੇ ਮਤਲਬ ਹੋਰ ਕੱਢ ਲਿਆ |
'ਨਾ ਵਿਚਾਰੀ ਨੇ ਪੇਕੀ ਸੁੱਖ ਭੋਗਿਆ ਨਾ ਸਹੁਰੀਂ | ਮੇਰੀ ਨੂੰ ਹ ਐਹੀ ਜੀ ਹੁੰਦੀ ਮੈਂ ਤਾਂ ਫੁੱਲਾਂ ਆਗੂੰ ਰੱਖਦੀ | ਪਤਾ ਨੀ ਕਿਹੜੇ ਪਾਪੀ ਬਚੋਲੇ ਨੇ ਪਾਪ ਖੱਟ ਲਿਆ, ਸਾਕ ਕਰਾ ਕੇ', ਤਾਈ ਪਤਾ ਨਹੀਂ ਆਪਣੇ-ਆਪ ਨਾਲ ਗੱਲ ਕਰ ਰਹੀ ਸੀ ਜਾਂ ਕੈਲੋ ਨਾਲ |
ਮਾਸੀ ਦਾ ਪੋਤਾ, ਉਸ ਨੂੰ ਬੁਲਾ ਕੇ ਲੈ ਗਿਆ ਉਹ 'ਫੇਰ ਆਊਾ' ਕਹਿ ਕੇ ਚਲੀ ਗਈ |
ਮੈਂ ਤਾਈ ਤੇ ਮਾਸੀ ਦੀਆਂ ਸਾਰੀਆਂ ਗੱਲਾਂ ਸੁਣੀਆਂ | ਭਾਵੇਂ ਮੈਂ ਥੋੜ੍ਹੀ ਦੂਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ | ਪਰ ਅਖ਼ਬਾਰਾਂ ਵਿਚਲੀਆਂ ਕਹਾਣੀਆਂ ਨਾਲੋਂ ਤਾਈ ਦੀਆਂ ਗੱਲਾਂ ਵੱਧ ਰੌਚਕ ਲੱਗ ਰਹੀਆਂ ਸਨ | ਮੇਰਾ ਜੀਅ ਕੀਤਾ ਤਾਈ ਨੂੰ ਸਮਝਾਵਾਂ, ਪਰ ਤਾਈ ਤਾਂ ਕੱਪੜਾ ਲੈ ਕੇ ਪੈ ਗਈ ਸੀ ਜਿਵੇਂ ਬਿਮਾਰ ਹੋਵੇ |
ਮੈਂ ਅਜੇ ਤਾਈ ਕੋਲ ਜਾਣ ਲਈ ਸੋਚ ਹੀ ਰਿਹਾ ਸੀ ਕਿ ਜਿਹੜੀ ਕੰਧ ਕੋਲ ਮੈਂ ਬੈਠਾ ਉਸ ਦੇ ਪਿਛਲੇ ਪਾਸਿਉਂ ਆਵਾਜ਼ ਆਈ |
ਹੈਲੋ, ਮੇਰੀ 'ਵਾਜ਼ ਸੁਣਦੀ ਐ ਤੈਨੂੰ?
'ਹਾਂ ਭੈਣੇ ਹੁਣ ਸੁਣਦੀ ਐ ਮੈਂ ਪਿਛਲੇ ਵਿਹੜੇ ਵਿਚ ਆ ਗੀ |'
'ਮੈਂ ਵੀ |'
ਮੇਰੇ ਕੰਨ ਖੜ੍ਹੇ ਹੋ ਗਏ | ਨਾਲ ਦੇ ਘਰਾਂ ਦੀਆਂ ਨੂੰ ਹਾਂ ਘਰਾਂ ਵਿਚਕਾਰ ਉੱਚੀ ਕੰਧ ਹੋਣ ਕਰਕੇ ਫੋਨ 'ਤੇ ਗੱਲਾਂ ਕਰ ਰਹੀਆਂ ਸਨ | ਮੈਂ ਅਖ਼ਬਾਰ ਪੜ੍ਹਨ ਦੀ ਕੋਸ਼ਿਸ਼ ਕੀਤੀ | ਨਾ ਚਾਹੁੰਦਿਆਂ ਵੀ ਧਿਆਨ ਗੱਲਾਂ ਵੱਲ ਚਲਾ ਗਿਆ |
ਪਹਿਲੀ-ਹੋਰ ਕੀ ਹਾਲ ਐ ਤੇਰੀ ਕੋਕਲਾ ਦਾ?
ਦੂਜੀ-ਹਾਲ ਕੀ ਹੋਣੈ ਭੈਣੇ, ਗੋਪੀ ਬਹੂ ਨੂੰ ਦੇਖ-ਦੇਖ ਰੋਂਦੀ ਰਹਿੰਦੀ ਐ, ਜਿਹੜੀਆਂ ਘਰੇ ਗੋਪੀ ਵਰਗੀਆਂ ਕੰਮ ਕਰਦੀਆਂ ਫਿਰਦੀਆਂ ਨੇ, ਉਹ ਦਿਸਦੀਆਂ ਨੀਂ | ਤੂੰ ਸੁਣਾ ਤੇਰੀ ਭਾਬੋ ਤੇ ਸੂਰਜ ਕਿਵੇਂ ਨੇ?
ਪਹਿਲੀ-ਭਾਬੋ ਤਾਂ ਟੀਂਡੇ ਕੱਢ ਰਹੀ ਐ ਧੁੱਪੇ ਬੈਠੀ, ਸੂਰਜ ਮੈਸ੍ਹਾਂ ਨਮ੍ਹਾ ਰਿਹੈ |
ਦੂਜੀ-ਤੈਨੂੰ ਇਕ ਗੱਲ ਦੱਸਾਂ, ਕੱਲ੍ਹ ਪਤੈ ਕੀ ਹੋਇਆ?
ਪਹਿਲੀ-ਕੀ?
ਦੂਜੀ-ਕੱਲ੍ਹ ਮੈਂ ਤੇ ਸਾਡੀ ਕੋਕਲਾ ਖੇਤ ਸਾਗ ਤੋੜਨ ਗਈਆਂ | ਕੋਕਲਾ ਤਾਂ ਬੱਟ ਤੋਂ ਰੁੜ੍ਹ 'ਗੀ ਭੈਣੇ |
ਪਹਿਲੀ-ਫੇਰ ਕੁੜੇ?
ਦੂਜੀ-ਫੇਰ ਕੀ ਅਹਿਮ ਆਇਆ ਭੱਜ ਕੇ, ਬਰਸੀਨ ਵੱਢਦਾ ਸੀ ਕੋਲ | ਮਸਾਂ ਖੜ੍ਹੀ ਕੀਤੀ ਅਸੀਂ ਦੋਵਾਂ ਨੇ |
ਪਹਿਲੀ-ਸੱਟ ਤਾਂ ਨੀ ਲੱਗੀ?
ਦੂਜੀ-ਬਚ 'ਗੀ, ਪਰ ਕੁੜੀਆਂ ਨੂੰ ਫੋਨ ਕਰਵਾ ਕੇ ਕਹਿੰਦੀ ਜੇ ਮੇਰੀ ਲੱਤ ਬਾਂਹ ਟੁੱਟ ਜਾਂਦੀ, ਫੇਰ ਵੀ ਤਾਂ ਆਉਂਦੀਆਂ ਪਤਾ ਲੈਣ, ਹੁਣ ਆ ਕੇ ਮਿਲ ਜਾਵੋ |
ਪਹਿਲੀ-ਚਲ ਫੇਰ ਤਾਂ ਲੱਗਣਗੀਆਂ ਰੌਣਕਾਂ |
ਦੂਜੀ-ਕੀਹਦੇ ਕੋਲ ਐਨਾ ਟੈਮ ਐ, ਆਥਣ ਨੂੰ ਮੁੜ੍ਹਨਗੀਆਂ | ਕੱਲ੍ਹ ਤਾਂ ਮੇਰੀਆਂ ਬੱਖੀਆਂ ਦੁਖਣ ਲੱਗ ਗਈਆਂ, ਅੰਦਰੋ-ਅੰਦਰ ਹੱਸਦੀ ਦੀਆਂ |
ਪਹਿਲੀ-ਖੁੱਲ੍ਹ ਕੇ ਹੱਸ ਲੈਂਦੀ ਕਿਹੜਾ ਸੱਟ ਲੱਗੀ 'ਤੀ |
ਦੂਜੀ-ਕਿਵੇਂ ਹੱਸ ਲੈਂਦੀ, ਜਿਹੜੀ ਅਹਿਮ ਡਾਂਗ ਰੱਖਦੈ, ਮੇਰੇ ਈ ਪੈਣੀ 'ਤੀ | ਉਹ ਨੀ ਕੋਕਲਾ ਨੂੰ ਕੁਸ ਕਹਿਣ ਦਿੰਦਾ, ਕੋਕਲਾ ਮੈਨੂੰ ਜੋ ਮਰਜ਼ੀ ਕਹੀ ਜਾਵੇ |
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਹਾਸਾ ਆ ਰਿਹਾ ਸੀ | ਪਰ ਮੈਂ ਸੋਚ ਰਿਹਾ ਸੀ ਕਿ ਅੱਧੀ ਦੁਨੀਆ ਟੀ.ਵੀ. ਦੇਖ-ਦੇਖ ਸ਼ੁਦਾਈ ਹੋਈ ਪਈ ਐ | ਮੇਰੇ ਘਰ ਵਾਲੀ ਨੇ ਮੈਨੂੰ 'ਵਾਜ਼ ਮਾਰੀ ਮੈਂ ਅੰਦਰ ਚਲਾ ਗਿਆ | ਸੋਚ ਰਿਹਾ ਸੀ ਕਿ ਉਸ ਨੂੰ ਦੱਸਾਂਗਾ ਕਿ ਔਰਤਾਂ ਕਿਵੇਂ ਕਮਲੀਆਂ ਹੋਈਆਂ ਪਈਆਂ ਨੇ | ਮੈਂ ਅਜੇ ਗੱਲ ਕਰਨ ਲਈ ਮੂੰਹ ਖੋਲ੍ਹਣ ਹੀ ਲੱਗਾ ਸੀ ਕਿ ਮੇਰੇ ਘਰ ਵਾਲੀ ਮੱਥੇ 'ਤੇ ਤਿਊੜੀਆਂ ਪਾ ਕੇ ਬੋਲੀ, 'ਤੁਸੀਂ ਕਿਵੇਂ ਰਾਸ਼ੀ ਦੀ ਮਾਂ ਆਂਗੂੰ ਲੋਕਾਂ ਦੀਆਂ ਚੋਰੀ ਛੁਪੇ ਗੱਲਾਂ ਸੁਣਦੇ ਓ |'
'ਇਕ ਹੋਵੇ ਕਮਲਾ ਸਮਝਾਏ ਵਿਹੜਾ, ਵਿਹੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ', ਮੈਂ ਬੁੜਬੁੜਾਇਆ |
ਮੇਰੀ ਪਤਨੀ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ, ਕਿਉਂਕਿ ਸੁਣਿਆ ਨਹੀਂ ਸੀ ਉਸ ਨੂੰ ਜੋ ਮੈਂ ਕਿਹਾ ਸੀ |

-ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ |
ਮੋਬਾਈਲ : 98767-14004.

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਹੋਈ

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਪੰਜਾਬੀ ਭਵਨ ਵਿਚ ਮੰਚ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਈ ਤੇ ਪ੍ਰਧਾਨਗੀ ਮੰਡਲ ਵਿਚ ਜਨਾਬ ਰਾਜਿੰਦਰ ਪ੍ਰਦੇਸੀ ਅਤੇ ਮੈਡਮ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਮਦੀਹਾ ਗੌਹਰ ਜੀ, ਰਾਮਪੁਰ ਦੇ ਸਵ: ਗ਼ਜ਼ਲਗੋ ਹਰਚਰਨ ਸਿੰਘ ਮਾਂਗਟ ਦੇ ਵੱਡੇ ਬੇਟੇ ਸਨੇਹਜੀਤ ਮਾਂਗਟ ਅਤੇ ਪ੍ਰਸਿੱਧ ਲੇਖਕ ਸ੍ਰੀ ਤੇਲੂ ਰਾਮ ਕੋਹਾੜਾ ਦੀ ਧਰਮਪਤਨੀ ਸ੍ਰੀਮਤੀ ਮਨਜੀਤ ਕੌਰ ਦੇ ਸਵਰਗ ਸਿਧਾਰਨ 'ਤੇ ਅਫਸੋਸ ਜ਼ਾਹਰ ਕੀਤਾ ਗਿਆ | ਇਸ ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਨੀਲੂ ਬੱਗਾ ਲੁਧਿਆਣਵੀ, ਤਰਲੋਚਨ ਝਾਂਡੇ, ਰਵਿੰਦਰ ਰਵੀ ਫੋਟੋਗ੍ਰਾਫਰ, ਗੁਰਪ੍ਰੀਤ ਧਾਲੀਵਾਲਾ, ਸੁਨੀਤਾ ਮਹਿਮੀ ਫਿਲੌਰ, ਪਰਮਜੀਤ ਕੌਰ ਮਹਿਕ, ਮੈਡਮ ਸੁਰਿੰਦਰ ਸੈਣੀ ਰੋਪੜ, ਜਨਾਬ ਭਗਵਾਨ ਢਿੱਲੋਂ, ਸੁਰਿੰਦਰ ਕੌਰ ਬਾੜਾ, ਬੀਬੀ ਜਗਜੀਵਨ ਕੌਰ, ਜਨਮੇਜਾ ਸਿੰਘ ਜੌਹਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਹਰਬੰਸ ਮਾਲਵਾ, ਡਾ: ਗੁਲਜ਼ਾਰ ਪੰਧੇਰ, ਜ. ਸ. ਪ੍ਰੀਤ, ਗੁਰਪ੍ਰੀਤ, ਰਾਜਿੰਦਰ ਪ੍ਰਦੇਸੀ, ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੀਆਂ ਰਚਨਾਵਾਂ ਸੁਣਾਈਆਂ | ਜਨਾਬ ਸਰਦਾਰ ਪੰਛੀ ਨੇ ਗ਼ਜ਼ਲ ਸੁਣਾਈ 'ਇਨਕਲਾਬ ਆਏ ਹਮੇਸ਼ਾ, ਐਸੀ ਤਬਦੀਲੀ ਨਾ ਥੀ-ਗਾਂਠ ਰਿਸ਼ਤੋਂ ਕੀ ਇਸ ਤਰ੍ਹਾਂ ਕਭੀ ਢੀਲੀ ਨਾ ਥੀ' ਸੁਣਾ ਕੇ ਅਗਲੇ ਮਹੀਨੇ ਤਰਾ ਮਿਸਰਾ ਦਿੱਤਾ, 'ਸਾਹਾਂ ਦੇ ਵਾਰ ਰੋਕਣਾ, ਸਾਹਾਂ ਦੀ ਢਾਲ ਨਾਲ' ਅਤੇ ਸਭਨਾਂ ਦਾ ਧੰਨਵਾਦ ਕੀਤਾ |
ਫਿਰ ਕੇਂਦਰੀ ਪੰਜਾਬੀ ਸਭਾ ਲੇਖਕ (ਸੇਖੋਂ) ਦੇ ਸੂਬਾ ਸਕੱਤਰ ਰਾਜਿੰਦਰ ਪ੍ਰਦੇਸੀ ਨੇ ਸਾਰਿਆਂ ਨੂੰ ਪੰਜਾਬੀ ਦੇ ਸਿਰਮੌਰ ਲੇਖਕ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ 'ਤੇ 27 ਜੂਨ ਨੂੰ ਢੁੱਡੀਕੇ ਪਹੁੰਚਣ ਦੀ ਅਪੀਲ ਕੀਤੀ |
-ਹਰਬੰਸ ਮਾਲਵਾ

ਲਘੂ ਕਹਾਣੀ

ਛੋਟੇ ਹੋ ਗਏ ਮਾਪੇ

ਕਈ ਵਰ੍ਹੇ ਪਹਿਲਾਂ ਜਦੋਂ ਫੋਨ ਨਹੀਂ ਸਨ, ਬਾਪੂ ਦਰਵਾਜ਼ੇ ਅੱਗੇ ਮੰਜੀ ਡਾਹ ਕੇ ਹਨੇਰਾ ਹੋਣ ਤੱਕ ਪੁੱਤਰ ਨੂੰ ਉਡੀਕ ਰਿਹਾ ਸੀ।
'ਐਨਾ ਲੇਟ ਕਿਉਂ ਆਇਆਂ?'
ਪੁੱਤਰ ਚੁੱਪ ਸੀ... ਪਰ ਬਾਪੂ ਦੀ ਉੱਚੀ ਆਵਾਜ਼ ਨੇ ਫੇਰ ਸਵਾਲ ਕੀਤਾ।
'...ਦੋਸਤਾਂ ਨੇ ਲੇਟ ਕਰਾ 'ਤਾ... ਨਾਲੇ ਹੁਣ ਮੈਂ ਵੱਡਾ ਹੋ ਗਿਆਂ। ਐਵੇਂ ਟੋਕਾ-ਟਾਕੀ ਨਾ ਕਰਿਆ ਕਰੋ...।'
ਹੁਣ ਬਾਪੂ ਚੁੱਪ ਸੀ।
'...ਜੇ ਬਾਪੂ ਤੋਂ ਵੱਡਾ ਹੋ ਗਿਐਂ, ਮੁੜ ਚਲਾ ਜਾਹ ਜਿਥੋਂ ਆਇਐਂ... ਜੇ ਪਿਉ ਨੂੰ ਵੱਡਾ ਸਮਝਦਾਂ... ਤਾਂ ਲੰਘ ਆ ਅੰਦਰ...। ਘਰ ਸਮੇਂ ਸਿਰ ਆਉਣਾ ਪਊ...।'
ਕੁਝ ਪਲ ਸੋਚ... ਪੁੱਤਰ ਅੰਦਰ ਲੰਘ ਗਿਆ ਸੀ।
ਬਹੁਤ ਸਾਲ ਪਿਛੋਂ, ਹੁਣ ਅਗਲੀ ਪੀੜ੍ਹੀ ਦੀ ਵਾਰੀ ਸੀ, ਉਦੋਂ ਦਾ ਪੁੱਤਰ ਹੁਣ ਆਪ 'ਬਾਪੂ' ਸੀ। ਅੱਧੀ ਰਾਤ ਨੂੰ ਘਰ ਪਰਤੇ ਪੁੱਤਰ ਨੂੰ ਉਹੀ ਸਵਾਲ..., 'ਕਿਥੋਂ ਆਇਐਂ... ਅੱਧੀ ਰਾਤ ਗਏ...?'
'...ਓ ਡੈਡ... ਮਿੱਤਰਾਂ ਦੀ ਪਾਰਟੀ ਸੀ, ਤੁਸੀਂ ਤਾਂ ਐਂ ਬੀਹੇਵ ਕਰਦੇ ਹੋ... ਮੈਂ ਜਿਵੇਂ ਦੁੱਧ ਚੁੰਘਦਾ ਬੱਚਾ ਹੋਵਾਂ... ਉਹੀ ਪੁਰਾਣੀ ਸੋਚ... ਸਪੇਸ ਦਿਓ ਸਪੇਸ.... ਡੈਡੀ... ਨਵੀਂ ਪੀੜ੍ਹੀ ਨੂੰ... ਵੱਡੇ ਹੋ ਗਏ ਆਂ ਅਸੀਂ ਹੁਣ...।'
ਕੁਝ ਚਿਰ ਚੁੱਪ ਪਸਰੀ ਰਹੀ।
'ਤੁਸਾਂ ਤਾਂ ਜੰਮੇ ਈ ਵੱਡੇ ਸੀ ਬੇਟਾ, ਮਾਂ-ਪਿਓ ਹੀ ਤੁਹਾਡੇ ਨਾਲੋਂ ਛੋਟੇ ਹੋ ਗਏ... ਹੁਣ ਤਾਂ...।'
ਚਿੰਤਾ ਵਿਚ ਡੁੱਬਿਆ ਪਿਓ... ਦੂਰ ਭਵਿੱਖ ਵੱਲ ਵੇਖ ਰਿਹਾ ਸੀ।


-ਪ੍ਰਿੰਸੀਪਲ ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ।
ਫੋਨ : 94173-32911.

ਕਹਾਣੀ

ਮਾਂ

ਵਿਹੜੇ 'ਚ ਨਿੰਮ ਦੇ ਥੱਲੇ ਆਟੇ ਨਾਲ ਭਰੀ ਹੋਈ ਪਰਾਤ ਲੈ ਕੇ, ਚੁਰ ' ਤੇ ਰੋਟੀਆਂ ਲਾਹ ਰਹੀ ਬਲਜੀਤ ਨੇ ਜਿਉਂ ਹੀ ਫੋਨ ਦੀ ਘੰਟੀ ਸੁਣੀ ਤਾਂ ਜਿਵੇਂ ਉਸ ਦੇ ਦਿਲ ਵਾਲੇ ਸਾਰੇ ਚਾਅ ਤੇ ਅਰਮਾਨ ਕਿਸੇ ਸੱਜ-ਵਿਆਹੀ ਵਾਂਗ ਅੰਗੜਾਈ ਲੈਣ ਲੱਗੇ ਤੇ ਉਹ ਹੱਥ ਵਿਚਲੇ ਪੇੜੇ ਨੂੰ ਪਰਾਤ ਵਿਚ ਛੱਡ ਕੇ ਜਿਵੇਂ ਹੀ ਪੱਬਾਂ ਭਾਰ ਹੋ ਕੇ ਫੋਨ ਵੱਲ ਜਾਣ ਲਈ ਉੱਠਣ ਲੱਗੀ ਤਾਂ ਅੱਗਿਉਂ ਫੋਨ ਸਬਾਤ ਵਿਚ ਬੈਠੀ ਉਸਦੀ ਸੱਸ ਗੁਰਦਿਆਲ ਕੌਰ ਨੇ ਚੁੱਕ ਲਿਆ। ਸੱਸ ਨੇ ਅੱਗੇ ਹੋ ਕੇ ਕੇ ਜਿਉਂ ਹੀ ਫੋਨ ਚੁੱਕਿਆ ਤਾਂ ਬਲਜੀਤ ਨੂੰ ਇਸ ਤਰਾਂ੍ਹ ਮਹਿਸੂਸ ਹੋਇਆ ਜਿਵੇਂ ਉਸਦੀ ਭਖਦੀ ਹੋਈ ਤਵੀ ਤੇ ਕਿਸੇ ਨੇ ਪਾਣੀ ਦੀ ਬਾਲਟੀ ਮੂਧੀ ਮਾਰ ਦਿੱਤੀ ਹੋਵੇ। ਉਹ ਉੱਥੇ ਹੀ ਬੈਠ ਸੋਚਣ ਲੱਗੀ, 'ਸੱਸ ਘੱਟ ਤੇ ਸੌਕਣ ਵੱਧ ਆ ਮੇਰੀ , ਇਹ ਬੁੱਢੀ...ਮਾਂ ਦੀ ਧੀ, ਪਤਾ ਨਹੀਂ ਕਿਹੜੇ ਪੁਆਧੇ ਤੋਂ ਪੜ੍ਹੀ ਆ, ਜਾ ਖਾਅ ਕਦੇ ਖੁੱਲ੍ਹ ਕੇ ਮੈਨੂੰ ਗੱਲ ਕਰਨ ਦਿੱਤੀ ਹੋਵੇ ...ਇਹ ਕਦੇ ਭੁੱਲੀ ਆ, ਮੇਰੇ ਤਾਂ ਅਜੇ ਵਿਆਹੀ ਆਈ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਤੇ ਇਹਨੇ ਜੀਤੇ ਨੂੰ 'ਬਾਹਰ' ਭੇਜ ਦਿੱਤਾ ਕਮਾਈਆਂ ਕਰਨ....ਆਹ! ਭੋਰਾ-ਭਰ ਦਾ ਮੇਰਾ ਪੁੱਤ ਗੁਰਦਿੱਤਾ ਤਾਂ ਮਸਾਂ ਛੇ ਮਹੀਨੇ ਦਾ ਸੀ..।'
ਫੋਨ ' ਤੇ ਲੰਬਾ ਸਮਾਂ ਗੱਲ ਕਰਨ ਤੋਂ ਬਾਅਦ ਗੁਰਦਿਆਲ ਕੌਰ ਨੇ ਜਿਹੜੀ ਖ਼ੁਸ਼ਖ਼ਬਰੀ ਸੋਚਾਂ 'ਚ ਡੁੱਬੀ ਬੈਠੀ ਬਲਜੀਤ ਨੂੰ ਆ ਕੇ ਸੁਣਾਈ , ਉਸ ਨੂੰ ਸੁਣ ਜਿਵੇਂ ਉਹਨੇ ਆਪਣਾ-ਆਪ ਧਰਤੀ 'ਚ ਧਸਦਾ ਮਹਿਸੂਸ ਕੀਤਾ। 'ਨੀ ਸੁਣ ਬਹੂ! ਐਤਕੀਂ ਸੁੱਖ ਨਾਲ ਆਪਾਂ ਨਾਲ ਲੱਗਦੀ ਟਿੱਬੇ ਆਲੀ ਪੈਲ਼ੀ ਵੀ ਬੈਅ ਲੈ ਲਵਾਂਗੇ, ਬੱਸ ਵਾਹਿਗੁਰੂ ਸਿਰ 'ਤੇ ਹੱਥ ਰੱਖੇ। ਜੀਤਾ ਕਹਿੰਦਾ ਸੀ ਬਈ ਪੈਸਿਆਂ ਦਾ ਇੰਤਜ਼ਾਮ ਬੱਸ ਹੋਏ ਵਰਗਾ ਈ ਆ...' ਇਹ ਸੱਸ ਨੇ ਖ਼ੁਸਖ਼ਬਰੀ ਆਪਣੀ ਨੂੰਹ ਬਲਜੀਤ ਨੂੰ ਸੁਣਾਈ।
ਪਹਿਲਾਂ ਜਦੋਂ ਗੁਰਦਿਆਲ ਕੌਰ ਗੱਲਾਂ ਕਰਦਿਆਂ ਕਦੇ 'ਵਾਹਿਗੁਰੂ' ਸ਼ਬਦ ਜ਼ੋਰ ਦੇ ਕੇ ਆਖਦੀ ਤਾਂ ਬਲਜੀਤ ਕੌਰ ਨੂੰ ਮਹਿਸੂਸ ਹੁੰਦਾ ਜਿਵੇਂ ਉਹਦੀ ਸੱਸ 'ਮਨ ਦੇ ਮਣਕੇ' ਨੂੰ ਛੱਡ 'ਤਨ ਦੇ ਮਣਕੇ' ਨੂੰ ਫੇਰਨ ਦਾ ਪਾਖੰਡ ਕਰਦੀ ਏ। ਜੇ ਕਦੇ ਭੁੱਲ-ਭੁਲੇਖੇ ਉਹ ਸੱਸ ਨੂੰ ਕਹਿ ਦਿੰਦੀ ਕਿ ਕੁਝ ਵਕਤ ਗੁਰਦਿੱਤੇ ਨੂੰ ਸੰਭਾਲ ਲੈ ਤਾਂ ਕਿ ਉਹ ਘਰ ਦਾ ਕੰਮ ਨਿਬੇੜ ਲਵੇ ਤਾਂ ਅੱਗੋਂ ਸੱਸ ਦਾ ਜੁਆਬ ਹੁੰਦਾ, 'ਭਾਈ ਇਹ ਕੰਮ ਨਹੀਂ ਹੁੰਦਾ ਮੈਥੋਂ ...ਆਪਣੇ ਜੁਆਕ ਆਪ ਹੀ ਸਾਂਭ ...ਆ ਹੀ ਸਮਾਂ ਤਾਂ ਰੱਬ ਦਾ ਨਾਂਅ ਲੈਣ ਦਾ ਨਾ ਕੁੜੇ , ਮੇਰਾ ਤਾਂ ਭਜਨ ਬੰਦਗੀ 'ਚ ਵਿਘਨ ਪੈਂਦਾ...।'
'ਭਲਾ ਕੋਈ ਇਹਨੂੰ ਪੁੱਛਣ ਵਾਲਾ ਹੋਵੇ ਬਈ ਆਹ ਭੋਰਾ-ਭਰ, ਰੱਬ ਦਾ ਰੂਪ, ਹਟਕੋਰੇ ਲੈਂਦਾ ਜੁਆਕ ਤਾਂ ਚੁੱਪ ਕਰਾ ਨਹੀਂ ਸਕਦੀ ਤੇ ਮਾਲਾ ਫੇਰ-ਫੇਰ ਕਿਧਰੋਂ ਰੱਬ ਨੂੰ ਪ੍ਰਗਟ ਕਰ ਲਊ?' ਬਲਜੀਤ ਸੋਚ-ਸੋਚ ਕੇ ਬੁੜਬੜਾਈ।
'ਨਾ ਕੀ ਗੱਲ ਬਹੂ ! ਜਮ੍ਹਾਂ ਹੀ ਚੁੱਪ ਕਰ ਕੇ ਬਹਿ ਗਈ? ਕੀ ਗੱਲ ਖੁਸ਼ੀ ਨੀ ਹੋਈ...ਲੈ ਦੱਸ ਭਲਾ ਉਹ ਜੱਟ ਈ ਕਾਹਦਾ ਜੀਹਨੇ ਕਮਾਈ ਕਰਕੇ ਜ਼ਮੀਨ ਨਾ ਬਣਾਈ ...ਨੀ ਉਹ ਜੱਟੀ ਕਾਹਦੀ ਜਿਹਦੇ ਖਸਮ ਕੋਲ ਝੋਟੇ ਦੇ ਸਿਰ ਵਰਗੇ ਵਾਹਨ ਹੀ ਨਾ ਹੋਣ....। ਅੱਜਕਲ੍ਹ ਤਾਂ ਦੋ-ਦੋ ਘੁਮਾਂ ਪੈਲੀ ਵਾਲੇ ਈ ਰਹਿ ਗਏ ਬਾਹਲੇ ਤਾਂ, ਆਪਾਂ ਤਾਂ ਫਿਰ ਥੋੜ੍ਹੀ-ਥੋੜ੍ਹੀ ਕਰ ਕੇ ਦਸ ਕਿਲੇ ਬਣਾ ਲਏ ਆ। ਪਹਿਲਾਂ ਇਹਦੇ ਪਿਉ ਨੇ ਕਮਾਈ ਕੀਤੀ ਦੱਬ ਕੇ , ਤੇ ਹੁਣ ਪੁੱਤ ਜੀਤਾ ਬੜੀ ਮਿਹਨਤ ਕਰੀ ਜਾਂਦਾ ਏ....।'
'ਲੈ!ਹੈ ਬੀਬੀ!!! ਮੈਂ ਕਿਉਂ ਨਾ ਖੁਸ਼ ਹੋਵਾਂ ਭਲਾਂ ? ਜੋ ਇਸ ਘਰ ਦਾ ਬਣਦਾ ਜੁੜਦਾ ਏ ਉਹ ਆਪਣਾ ਹੀ ਬਣਦਾ ਏ। ਨਾਲੇ ਸੁੱਖ ਨਾਲ ਕੱਲਾ੍ਹ ਈ ਤਾਂ ਪੁੱਤ ਆ ਇਹਨੂੰ ਮੁੱਕਦਾ ਨੀ ਕੱਲੇ ਨੁੂੰ , ਇਹਦੇ ਨਾਲ ਕਿਹੜਾ ਕੋਈ ਵੰਡਣ-ਵੰਡਾਉਣ ਵਾਲਾ ਏ...ਪਰ ਹੁਣ ਤਾਂ ਐਂ ਬਈ ਸਾਰੇ ਇਕ ਥਾਂ ਰਹੀਏ 'ਕੱਠੇ, ਮਿਲ ਕੇ...।' ਅੱਗੋਂ ਸੱਸ ਨੇ , ਨੂੰਹ ਦੇ ਮੂੰਹੋ ਨਿਕਲੇ ਲਫ਼ਜ਼ ਨਾਲ ਦੀ ਨਾਲ ਬੋਚ ਲਏ ਤੇ ਬੋਲੀ, 'ਰਲ-ਮਿਲ ਕੇ ਰਹਿਣ ਨੂੰ ਕਿਹੜਾ ਕੋਈ ਅੱਡ-ਵਿੱਢ ਆਂ, ਉਧਰ ਉਹ ਕਮਾਈ ਕਰੀ ਜਾਂਦਾ ਤੇ ਇੱਧਰ ਜੀਤੇ ਦਾ ਪਿਉ ਖੇਤੀਬਾੜੀ ਸਾਂਭੀ ਜਾਂਦਾ...। ਬੈਠ ਕੇ ਖਾਧਿਆਂ ਨਹੀਂ ਗੱਲ ਬਣਦੀ ਬੰਦਾ ਆਹਰ -ਪਾਹਰ 'ਚ ਲੱਗਾ ਰਹੇ ਤਾਂ ਹੀ ਟਾਈਮ ਟੱਪਦਾ, ਬਾਕੀ ਸਿਆਣੇ ਆਖਦੇ ਆ, ਬਈ ਪੈਸਾ ਤਾਂ ਪੇਟ ਨੂੰ ਗੰਢ ਮਾਰ ਕੇ ਹੀ ਕੱਠਾ ਹੁੰਦਾ...ਆਹ ਹੀ ਤਾਂ ਉਮਰ ਹੁੰਦੀ ਆ ਬੰਦੇ ਦੀ ਕਮਾਈ ਕਰਨ ਦੀ ...ਫਿਰ ਤਾਂ ਦਿਨ ਕਟੀ ਕਰਨ ਹੂੰਦੈ ਜਵਾਨੀ ਲੰਘੀ ਤੋਂ...ਢਿੱਲੀ ਚੂਲ ਵਾਂਗ ਸਰੀਰ ਚੋਂ ਵਾਜਾਂ ਆਉਣ ਲੱਗ ਪੈਂਦੀਆਂ ਫਿਰ ਤਾਂ...।'
ਸੱਸ ਦੇ ਭਾਸ਼ਣ ਝਾੜਦਿਆਂ-ਝਾੜਦਿਆਂ ਬਲਜੀਤ ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ , ਅਵਾਜ਼ ਤਾਂ ਮੇਰੇ ਅੰਦਰੋਂ ਵੀ ਹਰ ਵਕਤ ਆਉਂਦੀ ਰਹਿੰਦੀ ਆ ਸੱਸੜੀਏ!ਉਹ ਕਿਉਂ ਨੀ ਸੁਣਦੀ ... ਕਿਉਂ ਮੇਰਾ, ਮੇਰੇ ਕੰਤ ਨਾਲੋਂ ਵਿਛੋੜਾ ਪਾ ਕੇ ਮੈਨੂੰ ਜਿਉਂਦੀ ਨੂੰ ਪਲ-ਪਲ ਮਰ-ਮਰ ਕੇ ਜਿਉਣ ਲਈ ਮਜਬੂਰ ਕਰਦੀ ਏ...ਉਹ ਵਿਚਾਰਾ ਵੀ ਬਾਹਲਾ ਈ ਨਰਮ ਆ ਜਿਹਦੇ ਲੜ ਤੂੰ ਲੱਗ ਕੇ ਆਈ ਸੀ। ਪਹਿਲਾਂ ਤੂੰ ਆਪਣਾ ਕੰਤ ਪ੍ਰਦੇਸੀ ਤੋਰੀ ਰੱਖਿਆ ਤੇ ਹੁਣ ਪੁੱਤ ਆਪਣੇ ਨੂੰ...ਜੇ ਘਰ ਵਾਲੇ ਦੀ ਕਮਾਈ ਨਾਲ ਢਿੱਡ ਨਹੀਂ ਭਰਿਆ ਤਾਂ ਭਰਨਾ ਇਹ ਪੁੱਤ ਦੀ ਕਮਾਈ ਨਾਲ ਵੀ ਨਹੀਂ। ਨੀ ਸੱਸੜੀਏ!ਤੇਰੀ ਇਹ ਤ੍ਰਿਸ਼ਨਾ ਨੇ ਨਾ ਤੈਨੂੰ ਸਾਰੀ ਉਮਰ ਚੈਨ ਲ਼ੈਣ ਦਿੱਤਾ ਤੇ ਨਾ ਮੈਨੂੰ । ਵਿਛੋੜੇ ਦੀ ਅੱਗ 'ਚ ਮੈਂ ਨਿੱਤ ਤੜਫਦੀ ਤੈਂਨੂੰੰ ਦਿੱਸਦੀ ਕਿਉਂ ਨਹੀਂ....?'
ਜੇਕਰ ਗੁਆਂਢਣ ਕੰਤੋ ਨਾ ਆਉਂਦੀ ਤਾਂ ਪਤਾ ਨਹੀਂ ਨੂੰਹ -ਸੱਸ ਦੀ ਸੀਤ ਜੰਗ ਕਿੰਨਾ ਸਮਾਂ ਹੋਰ ਚਲਦੀ।
'ਮੈਂ ਤਾਂ ਲੱਸੀ ਦੀ ਘੁੱਟ ਲੈਣ ਆਈ ਸੀ ਗੁਰਦਿਆਲ ਕੁਰੇ...' ਕੰਤੋ ਬੋਲੀ।
'ਆ ਬਹਿ ਜਾ ਕੰਤ ਕੁਰੇ!ਪਹਿਲਾਂ ਲਿਆ ਆਹ ਡੋਲੂ ਫੜਾ ਬਲਜੀਤ ਨੂੰ, ਤੈਨੂੰ ਲੱਸੀ ਪਾ ਦੇਵੇ...' ਇਹ ਬੋਲ ਗੁਰਦਿਆਲ ਕੁਰ ਦੇ ਸਨ।
'ਮੈਂ ਸੁਣਿਆ ਬਈ ਕਾਕੇ ਕਾ ਦੀਪਾ ਆ ਗਿਆ ਕਨੈਡਿਓਂ...ਸੁੱਖ ਨਾਲ ਵਿਆਹ ਤੋਂ ਬਾਅਦ ਬਾਹਰ ਗਏ ਨੂੰ ਅਜੇ ਦੋ ਸਾਲ ਨੀ ਸੀ ਹੋਏ ਤੇ ਮੁੜ ਵੀ ਆਇਆ। ਸੁਣਿਆ ਸੀ ਬਈ ਦੀਪਾ ਆਪਦੀ ਮਾਂ ਨੂੰ ਕਨੈਡਿਓਂ ਫ਼ੋਨ ਕਰਕੇ ਆਂਹਦਾ ਸੀ ਬਈ ਮੈਂ ਛੇਤੀ ਬਹੂ ਨੂੰ ਕੋਲ ਮੰਗਵਾਉਣਾ ਅਤੇ ਜੇ ਤੁਸੀਂ ਨਾ ਮੰਨੋਗੇ ਤਾਂ ਮੈਂ ਵੀ ਪੰਜਾਬ ਵਾਪਿਸ ਮੁੜ ਆਊਂ....ਹੁਣ ਕਹਿੰਦੇ ਆ ਬਈ ਜਦੋਂ ਘਰ ਦਿਆਂ ਨੇ ਬਾਹਲੀ ਗੱਲ ਨਾ ਗੌਲੀ ਤਾਂ ਉਹ ਬਹੂ ਨੂੰ ਲੈਣ ਆ ਗਿਆ...ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਲੈ ਕੇ ਆਇਆ...।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪਿੰਡ ਤਖਤੂਪੁਰਾ (ਮੋਗਾ) ਪਿੰਨ 142055
ਮੋਬਾਈਲ : 98140-68614.

ਭਰਾ ਜੀ ਬਚ ਕੇ...

'ਆਪੇ ਤੈਨੂੰ ਲੈ ਜਾਣਗੇ, ਲੱਗੇਂਗੀ ਜਿਨ੍ਹਾਂ ਨੂੰ ਪਿਆਰੀ।'
ਸੁੰਦਰੀ ਜਾਂ ਬਿਊਟੀ ਜ਼ਰੂਰੀ ਨਹੀਂ ਕਿ ਉਹ ਗੋਰੀ ਨਿਛੋਹ ਹੋਵੇ, ਸਗੋਂ ਕਹਿੰਦੇ ਨੇ ਨੈਣ-ਨਕਸ਼ ਤਿੱਖੇ ਹੋਣੇ ਚਾਹੀਦੇ ਨੇ, ਅੰਗਰੇਜ਼ੀ 'ਚ ਇਹਨੂੰ ਫੋਟੋਜੈਨਿਕ ਆਖਦੇ ਨੇ ਕਿ ਫੋਟੋ ਖਿਚੋ ਤਾਂ ਫੋਟੋ 'ਚ ਵੀ ਤਿੱਖੇ ਨੈਣ-ਨਕਸ਼ਾਂ ਸਦਕਾ ਚਿਹਰਾ ਤੱਕਣ ਵਾਲਿਆਂ ਲਈ ਆਪਣੇ ਪ੍ਰਤੀ ਖਿੱਚ ਪਾਉਂਦਾ ਹੈ।
ਵਾਰ-ਵਾਰ ਵੇਖੋ, ਹਜ਼ਾਰ ਵਾਰ ਵੇਖੋ,
ਫਿਰ ਵੀ ਦਿਲ ਕਰਦੈ ਇਕ ਵਾਰ ਮੁੜ ਵੇਖੀਏ।
ਜ਼ਰੂਰੀ ਨਹੀਂ ਕਿ ਚਿਹਰੇ ਦਾ ਜਾਂ ਚਿਹਰੇ ਵਾਲੀ ਦਾ ਜਾਂ ਚਿਹਰੇ ਵਾਲੀ ਦਾ ਰੰਗ ਗੋਰਾ ਹੋਵੇ, ਖਿੱਚ ਤਾਂ ਤਿੱਖੇ ਨਕਸ਼ਾਂ ਦੀ ਕਰਾਮਾਤ ਹੈ।
ਅਮਰੀਕਾ ਦੀ ਫੀਮੇਲ, ਸਭ ਤੋਂ ਮਹਿੰਗੀ ਮਾਡਲ ਨਾਉਮੀ, ਨੀਗਰੋ ਹੈ ਕਾਲੀ ਚਮੜੀ ਵਾਲੀ ਪਰ 'ਕੁੜੀ ਕੱਢ ਕੇ ਕਾਲਜਾ ਲੈ ਗਈ ਓ' ਦੀ ਹਕੀਕਤ ਦੀ ਜਿਊਂਦੀ ਮਿਸਾਲ ਹੈ।
ਪਰ ਫਿਰ ਵੀ ਬੇਸ਼ੱਕ ਕਾਲੀ ਰੰਗਤ ਨੂੰ ਤਿੱਖੇ ਨਕਸ਼ਾਂ ਨੂੰ ਜਿਉਂ ਮਿਕਨਾਤੀਸ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਇਹ ਮਿਕਨਾਤੀਸੀ ਖਿੱਚ ਵਾਲਾ ਮਾਣ ਪ੍ਰਾਪਤ ਹੈ। ਸੱਚ ਇਹ ਹੈ ਕਿ ਗੋਰੀ ਚਮੜੀ, ਗੋਰੇ ਰੰਗ ਤੇ ਗੋਰੇ ਚਿਹਰੇ ਦਾ ਮੁਕਾਬਲਾ ਨਹੀਂ, ਨਾ ਹੀ ਇਸ ਦਾ ਜਵਾਬ ਹੈ।
'ਗੋਰਾ ਰੰਗ ਡੱਬੀਆਂ ਵਿਚ ਆਇਆ, ਕਾਲਿਆਂ ਨੂੰ ਚਾਅ ਚੜ੍ਹ ਗਏ।'
ਪਹਿਲਾਂ ਡੱਬੀਆਂ ਅੱਗ ਬਾਲਣ ਵਾਲੀਆਂ ਤੀਲ੍ਹੀਆਂ ਦੀਆਂ ਹੁੰਦੀਆਂ ਸਨ ਪਰ ਅੱਜਕਲ੍ਹ ਡੱਬੀਆਂ 'ਚ ਉਹ ਕਰੀਮਾਂ ਆ ਗਈਆਂ ਹਨ, ਜਿਨ੍ਹਾਂ ਪ੍ਰਤੀ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਰੀਮਾਂ ਕਾਲੇ ਜਾਂ ਸਾਂਵਲੇ ਚਿਹਰੇ ਨੂੰ ਗੋਰਾ ਚਿੱਟਾ ਕਰ ਦੇਣਗੀਆਂ।
ਕੁੜੀਆਂ ਬੇਸ਼ੱਕ ਪਹਿਲਾਂ ਹੀ ਜਨਮ ਤੋਂ ਹੀ ਗੋਰੀਆਂ ਚਿੱਟੀਆਂ ਹੋਣ, ਫਿਰ ਵੀ ਸੁੰਦਰ ਤੋਂ ਅਤਿ ਸੁੰਦਰ ਦਿਸਣ ਲਈ ਕਾਸਮੈਟਿਕਸ, ਪਾਊਡਰਾਂ, ਲਿਪਸਟਿੱਕਾਂ ਤੇ ਕ੍ਰੀਮਾਂ ਦੀ ਖੂਬ ਵਰਤੋਂ ਕਰਦੀਆਂ ਹਨ। ਅੱਜਕਲ੍ਹ ਤਾਂ ਰਿਵਾਜ ਹੈ ਨਾ, ਜਿਸ ਰੰਗ ਦਾ ਸੂਟ ਪਾਇਆ ਹੋਵੇ, ਉਸੇ ਰੰਗ ਦੀ ਲਿਪਸਟਿੱਕ ਬੁੱਲ੍ਹਾਂ 'ਤੇ ਸੁਸ਼ੋਭਿਤ ਹੁੰਦੀ ਹੈ। ਮੈਂ ਕੁੜੀਆਂ ਲਿਖ ਦਿੱਤਾ ਹੈ, ਕੁੜੀਆਂ ਦੇ ਜੀਵਨ ਪੜਾਅ ਇਉਂ ਨੇ...
* ਬੇਬੀ
* ਬੀਬੀ
* ਬੇਬੇ
ਬੇਬੀ ਤੋਂ ਲੈ ਕੇ ਬੇਬੇ ਤੱਕ, ਸਭਨਾਂ ਨੂੰ ਪਾਊਡਰ ਕਰੀਮਾਂ ਲਾ ਕੇ, ਸ਼ਿੰਗਾਰ ਕਰਨ ਦਾ ਚਾਅ ਹੈ। ਜਿਸ ਘਰ 'ਚ ਨਵੀਂ ਆਈ ਨੂੰਹ ਪਾਊਡਰ ਕਰੀਮਾਂ ਮਲਦੀ ਹੈ ਤਾਂ ਸੱਸ ਵੀ ਇਸ ਮੁਕਾਬਲੇ 'ਚ ਨੂੰਹ ਤੋਂ ਘੱਟ ਨਹੀਂ ਰਹਿੰਦੀ, ਵਾਲਾਂ ਤੋਂ ਲੈ ਕੇ ਚਿਹਰੇ ਤੋਂ ਲੈ ਕੇ ਸੂਟ-ਬੂਟ ਤਾਈਂ ਟਾਪੋ-ਟਾਪ ਰਹਿੰਦੀ ਹੈ। 'ਗਾਂਹ ਵਧਣ ਤੋਂ ਪਹਿਲਾਂ ਇਕ ਹਲਕਾ-ਫੁਲਕਾ ਚੁਟਕਲਾ ਸੁਣਾ ਕੇ, ਸਭਨਾਂ ਦਾ ਮਨੋਰੰਜਨ ਕਰਨਾ ਚਾਹਵਾਂਗਾ।
ਇਕ ਘਰ 'ਚ ਨਵੀਂ ਆਈ ਨੂੰਹ ਤੇ ਸੱਸ ਇਕ-ਦੂਜੀ ਤੋਂ ਵੱਧ ਬਿਊਟੀਫੁਲ ਦਿਸਣ ਲਈ ਮੇਕਅੱਪ, ਪਾਊਡਰ ਕਰੀਮਾਂ ਦਾ ਖੂਬ ਇਸਤੇਮਾਲ ਕਰਦੀਆਂ ਸਨ। ਸੱਸ ਨੂੰ ਰਤਾ ਸਾੜਾ ਲਗਦਾ ਕਿ ਵੇਖਣ ਵਾਲੇ ਸਦਾ ਨੂੰਹ ਵੱਲ ਹੀ ਝਾਕਦੇ ਰਹਿੰਦੇ ਨੇ। ਇਕ ਦਿਨ ਸੱਜ-ਧੱਜ ਕੇ ਦੋਵੇਂ ਇਕ ਸਮਾਰੋਹ ਵਿਚ ਪਹੁੰਚੀਆਂ। ਉਹ ਇਕੱਠੀਆਂ ਇਕ ਗੋਲਮੇਜ਼ ਦੇ ਦੁਆਲੇ ਬੈਠੀਆਂ ਸਨ, ਸੱਸ ਨੇ ਪਹਿਲੀ ਵਾਰ ਨੂੰਹ ਨੂੰ ਕੂਹਣੀ ਮਾਰ ਕੇ ਆਖਿਆ, 'ਕੁੜੇ ਵੇਖ, ਅਹੁ ਸਾਹਮਣੇ ਵਾਲੀ ਮੇਜ਼ ਦੁਆਲੇ ਜਿਹੜਾ ਭਾਈ ਬੈਠਾ ਹੈ ਨਾ, ਇਹ ਵਾਰ-ਵਾਰ ਮੈਨੂੰ ਵੇਖ ਰਿਹਾ ਹੈ।'
'ਮਾਂ ਜੀ, ਨੂੰਹ ਨੇ ਹੱਸ ਕੇ ਆਖਿਆ, ਉਹ ਕਬਾੜੀਆ ਹੈ, ਉਹਦੀਆਂ ਨਜ਼ਰਾਂ ਪੁਰਾਣੇ ਮਾਲ 'ਤੇ ਹੀ ਟਿਕਦੀਆਂ ਹਨ।'
ਬੇਬੀ ਤੋਂ ਬੇਬੇ ਤੱਕ ਕਰੀਮਾਂ ਮਲਣ ਵਾਲਾ ਵਿਸ਼ਾ ਨਹੀਂ ਹੈ ਅੱਜ। ਅਸਲ 'ਚ ਅੱਜਕਲ੍ਹ ਆਮ ਮੁੰਡਿਆਂ ਤੇ ਜੈਂਟਸ ਵਿਚ ਵੀ ਸਾਂਵਲੇਪਨ ਜਾਂ ਕਾਲੇ ਰੰਗ ਨੂੰ ਗੋਰੇ-ਚਿੱਟੇ ਰੰਗ 'ਚ ਬਦਲਣ ਦੀ ਰੀਤ ਆ ਗਈ ਹੈ। ਪਤੈ, ਪਹਿਲਾਂ ਜਿਹੜੇ ਭਾਂਡੇ ਕਾਲੇ ਪੈ ਜਾਂਦੇ ਸਨ, ਉਨ੍ਹਾਂ ਨੂੰ ਮੁੜ ਚਮਕਾਉਣ ਵਾਲੇ ਕਲਈ ਕਰਨ ਵਾਲੇ ਗਲੀਆਂ ਵਿਚ ਆ ਕੇ ਹੋਕਾ ਦਿਆ ਕਰਦੇ ਸਨ, 'ਭਾਂਡੇ ਕਲੀ ਕਰਾ ਲਓ', ਤੇ ਉਹ ਸੱਚਮੁੱਚ ਥਾਂ 'ਤੇ ਹੀ ਅੱਗ ਬਾਲ ਕੇ ਭਾਂਡਿਆਂ ਨੂੰ ਕਲੀ ਕਰਕੇ, ਚਮਕਦਾਰ ਬਣਾ ਦਿਆ ਕਰਦੇ ਸਨ। ਅੱਜਕਲ੍ਹ ਮੁੰਡਿਆਂ ਲਈ ਵੀ, ਬੂਥੇ ਕਲੀ ਕਰਨ ਵਾਲੀਆਂ ਕਰੀਮਾਂ ਆ ਗਈਆਂ ਹਨ। ਤੁਸਾਂ ਟੀ.ਵੀ. 'ਤੇ ਸ਼ਾਹਰੁਖ ਦੀ ਇਸੇ ਸੰਦਰਭ ਵਿਚ ਆਉਂਦੀ ਇਕ ਐਡ ਜ਼ਰੂਰ ਵੇਖੀ ਹੋਵੇਗੀ। ਇਕ ਨੌਜਵਾਨ ਮੁੰਡਾ ਲੁਕ ਕੇ ਚੋਰੀ ਚੋਰੀ ਆਪਣੇ-ਆਪ ਨੂੰ ਗੋਰਾ ਦਿਸਣ ਲਈ ਕੁੜੀਆਂ ਵਾਲੀ ਕਾਸਮੈਟਿਕ ਕਰੀਮ ਲਾ ਰਿਹਾ ਹੈ ਕਿ ਅਚਾਨਕ, ਸ਼ਾਹਰੁਖ ਆ ਕੇ ਉਸ ਨੂੰ ਰੋਕ ਦਿੰਦਾ ਹੈ ਤੇ ਕਹਿੰਦਾ ਹੈ ਕਿ, 'ਓਏ ਆਹ ਕੀ ਕੁੜੀਆਂ ਵਾਲੀ ਕਰੀਮ ਲਾ ਰਿਹਾ ਹੈਂ? ਅਹਿ ਲੈ ਮੁੰਡਿਆਂ ਲਈ ਗੋਰੇ ਨਿਛੋਹ ਹੋਣ ਲਈ ਇਸੇ ਕੰਪਨੀ ਦੀ ਅਹਿ ਕਰੀਮ ਹੈ। ਇਹ ਇਸਤੇਮਾਲ ਕਰ।' ਪਤਾ ਨਹੀਂ, ਹੀਰ ਨੂੰ ਹੀਰ ਸਲੇਟੀ ਕਿਉਂ ਆਖਦੇ ਹਨ। ਸਲੇਟੀ ਰੰਗ ਤਾਂ ਮਟਮੈਲਾ ਹੁੰਦਾ ਹੈ। ਹਾਂ ਰਾਂਝੇ ਨੂੰ ਬਾਂਕਾ ਜਵਾਨ ਨੱਢਾ ਹੀ ਆਖਿਆ ਜਾਂਦਾ ਹੈ। ਪਰ ਸਭੇ ਰਾਂਝਿਆਂ ਦੀ ਮਨ ਦੀ ਮੁਰਾਦ ਇਹੋ ਹੁੰਦੀ ਹੈ ਕਿ ਉਨ੍ਹਾਂ ਨੂੰ ਹੀਰ ਗੋਰੀ ਨਿਛੋਹ ਮਿਲੇ ਤੇ ਸਭੇ ਹੀਰਾਂ ਦੀ ਮੁਰਾਦ ਇਹੋ ਹੁੰਦੀ ਹੈ ਕਿ ਉਨ੍ਹਾਂ ਨੂੰ ਰਾਂਝਾ ਵੀ ਗੋਰ ਨਿਛੋਹ ਮਿਲੇ।
ਕਈ ਸਾਲ ਪਹਿਲਾਂ ਮਦਰਾਸ ਦੀ ਫ਼ਿਲਮ ਕੰਪਨੀ ਏ.ਵੀ.ਐਮ. ਦੀ ਇਕ ਫਿਲਮ ਆਈ ਸੀ, ਜਿਸ ਵਿਚ ਹੀਰੋਇਨ ਦਾ ਰੰਗ ਕਾਲਾ ਸੀ, ਇਹ ਫਿਲਮ ਤਾਮਿਲ ਤੇਲਗੂ ਤੇ ਹਿੰਦੀ 'ਚ ਬਣੀ ਸੀ। ਤਿੰਨਾਂ ਭਾਸ਼ਾਵਾਂ 'ਚ ਸੁਪਰ ਹਿੱਟ ਸੀ। ਹਿੰਦੀ ਫਿਲਮ 'ਚ ਹੀਰੋਇਨ ਮੀਨਾ ਕੁਮਾਰੀ ਸੀ। ਕਾਲਾ ਰੂਪ ਹੋਣ ਕਾਰਨ, ਮੀਨਾ ਕੁਮਾਰੀ ਦੇ ਤਿੱਖੇ ਨੈਣ-ਨਕਸ਼ ਦੀ ਵੀ ਬੇਕਦਰੀ ਹੋ ਰਹੀ ਸੀ। ਉਹਦੇ ਲਈ ਰਿਸ਼ਤੇ ਆਉਂਦੇ, ਪਰ ਇਕੋ ਨੁਕਸ ਕਾਰਨ ਨਾਪਸੰਦ ਹੋ ਜਾਂਦੇ ਕਿ ਕੁੜੀ ਦਾ ਰੰਗ ਕਾਲਾ ਹੈ। ਇਕ ਦਿਨ ਮੀਨਾ ਕੁਮਾਰੀ ਨੇ ਰੋ-ਰੋ ਕੇ ਭਗਵਾਨ ਕ੍ਰਿਸ਼ਨ ਜੀ ਅੱਗੇ ਇਹ ਗਿਲਾ ਕੀਤਾ ਸੀ:
ਕ੍ਰਿਸ਼ਨਾ... ਓ ਕਾਲੇ ਕ੍ਰਿਸ਼ਨਾ,
ਤੂ ਨੇ ਯੇਹ ਕਯਾ ਕੀਆ,
ਕੈਸਾ ਬਦਲਾ ਲੀਆ,
ਰੰਗ ਦੇ ਕੇ ਮੁਝੇ ਅਪਨਾ।
ਸੱਚੀ, ਇਸ ਗਾਣੇ ਦਾ ਅਸਰ ਇਹ ਸੀ ਕਿ ਪਰਦਾ ਸਕਰੀਨ ਤੇ ਮੀਨਾ ਕੁਮਾਰੀ ਰੋ ਰਹੀ ਸੀ ਤੇ ਹਾਲ 'ਚ ਬੈਠੇ ਸਭੇ ਫਿਲਮ ਦੇਖਣ ਵਾਲੇ।
* ਵਾਲ ਕਾਲੇ ਹੋਣੇ ਚਾਹੀਦੇ ਹਨ ਤੇ ਚਿਹਰਾ ਗੋਰਾ।
* ਦਿਲ ਕਾਲਾ ਨਹੀਂ ਹੋਣਾ ਚਾਹੀਦਾ, ਖ਼ੂਨ ਸਫੈਦ ਨਹੀਂ ਹੋਣਾ ਚਾਹੀਦਾ। ਬਸ, ਵਾਲ ਸਦਾ ਕਾਲੇ ਹੋਣੇ ਚਾਹੀਦੇ ਹਨ।
ਫਿਰ ਵੀ... ਕੀ ਮੇਲ, ਕੀ ਫੀਮੇਲ, ਕਾਲਾ ਕਦੇ ਨਹੀਂ ਹੋਣਾ ਚਾਹੁੰਦੇ। ਇਕੋ ਇੱਛਾ ਹੈ, ਗੋਰੇ ਹੋਈਏ, ਗੋਰੇ ਦਿਸੀਏ।
ਗੋਰਾ ਰੰਗ ਡੱਬੀਆਂ 'ਚ ਆਇਆ,
ਕਾਲਿਆਂ ਨੂੰ ਚਾਅ ਚੜ੍ਹ ਗਏ।
ਇਕ ਐਡ ਇਉਂ ਹੈ:
'ਇਕ ਜਵਾਨ ਕੁੜੀ ਜਿਹਦੇ ਚਿਹਰੇ 'ਤੇ ਮਲਟੀਨੈਸ਼ਨਲ ਕੰਪਨੀਆਂ ਵਲੋਂ ਤਿਆਰ ਕੀਤੀਆਂ ਗਈਆਂ ਫੇਸ ਕਰੀਮਾਂ ਤੇ ਲੋਸ਼ਨਾਂ ਦੀ ਵਰਤੋਂ ਕਾਰਨ ਚਿਹਰੇ 'ਤੇ ਖੂਬਸੂਰਤੀ ਆਉਣ ਦੀ ਥਾਂ ਉਲਟਾ ਚਿਹਰਾ ਸਖ਼ਤ ਤੋਂ ਬਦਰੰਗ ਹੋ ਗਿਆ ਹੈ, ਉਹ ਗੁੱਸੇ ਨਾਲ ਇਨ੍ਹਾਂ ਕੈਮੀਕਲ ਵਾਲੀਆਂ ਕਰੀਮਾਂ, ਲੋਸ਼ਨਾਂ ਨੂੰ ਹੱਥ ਮਾਰ ਕੇ ਆਪਣੇ ਮੇਕਅੱਪ ਟੇਬਲ ਤੋਂ ਥੱਲੇ ਸੁੱਟ ਦਿੰਦੀ ਹੈ ਤੇ ਉਹਨੂੰ ਉਹਦੀ ਇਕ ਸਹੇਲ ਇਹੋ ਸਲਾਹ ਦਿੰਦੀ ਹੈ ਕਿ ਉਹ ਆਪਣਾ ਰੰਗ ਰੂਪ ਸੰਵਾਰਨ ਲਈ ਬਰਾਂਡ ਕਰੀਮਾਂ ਤੇ ਲੋਸ਼ਨ ਇਸਤੇਮਾਲ ਕਰਨਾ ਸ਼ੁਰੂ ਕਰੇ। ਇਕ ਖਾਸ ਨਾਂਅ ਵਾਲੇ ਸਾਬਣ ਦੀ ਕਈ ਸਾਲਾਂ ਤੋਂ ਸਮੇਂ ਦੀਆਂ ਮਸ਼ਹੂਰ ਹੀਰੋਇਨਾਂ ਨੂੰ ਗੁਲਾਬ ਦੀਆਂ ਫੁਲ-ਪੱਤੀਆਂ ਨਾਲ ਭਰੇ ਟੱਪ 'ਚ ਨਹਾਉਂਦਿਆਂ, ਵਲੋਂ ਇਹ ਸੰਦੇਸ਼ਾ ਦਿੱਤਾ ਜਾਂਦਾ ਹੈ, 'ਮੇਰੇ ਰੰਗ ਰੂਪ ਦਾ ਰਾਜ਼.... ਸਾਬਣ।'
ਕਾਲੇ ਤੇ ਸਾਂਵਲੇ ਚਿਹਰੇ ਚਮਕਦਾਰ ਤੇ ਗੋਰੇ ਕਰਨ ਵਾਲੀਆਂ ਕਰੀਮਾਂ ਦੀ ਅਸਲੀਅਤ ਇਹ ਹੈ ਕਿ ਇਨ੍ਹਾਂ 'ਚ ਚਮੜੀ ਯਾਨਿ ਤਵਚਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਟੀਰਾਇਡਜ਼ ਹੁੰਦੇ ਹਨ, ਇਨ੍ਹਾਂ ਦੇ ਬੁਰੇ ਪ੍ਰਭਾਵ ਹੁੰਦੇ ਹਨ, ਚਮੜੀ ਸੁੰਗੜ ਜਾਂਦੀ ਹੈ, ਚਿਹਰੇ 'ਤੇ ਫੋੜੇ ਜਿਹੇ ਹੋ ਜਾਂਦੇ ਹਨ ਤੇ ਸੂਰਜ ਦੀਆਂ ਕਿਰਨਾਂ, ਮਤਲਬ ਧੁੱਪ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ। ਇਹ ਹੈ ਕਾਲਾ ਸੱਚ, ਇਨ੍ਹਾਂ ਗੱਲ੍ਹਾਂ ਗੋਰੀਆਂ ਕਰਨ ਵਾਲੀਆਂ ਕਰੀਮਾਂ ਦਾ।
ਭਰਾ ਜੀ ਬਚ ਕੇ...
ਜੇ ਕਾਲੀਆਂ ਗੱਲ੍ਹਾਂ ਗੋਰੀਆਂ ਕਰ ਕੇ ਮੁਸੀਬਤ ਮੁੱਲ ਨਹੀਂ ਲੈਣੀ ਤਾਂ ਰਹੋ ਇਨ੍ਹਾਂ ਕਰੀਮਾਂ ਤੋਂ ਹਟ ਕੇ, ਭਰਾ ਜੀ ਬੱਚ ਕੇ।
**

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਹੱਸਣ ਲਈ ਜਾਂ ਮੁਸਕਰਾਉਣ ਲਈ ਕੋਈ ਪੈਸਾ ਨਹੀਂ ਖਰਚ ਕਰਨਾ ਪੈਂਦਾ।
* ਜਿੰਨਾ ਭੋਜਨ ਖਾਣਾ ਸਾਡੇ ਲਈ ਜ਼ਰੂਰੀ ਹੈ, ਹੱਸਣਾ ਅਤੇ ਮੁਸਕਰਾਉਣਾ ਸਾਡੇ ਲਈ ਓਨਾ ਹੀ ਜ਼ਰੂਰੀ ਹੈ।
* ਬਨਾਵਟੀ ਹਾਸੇ ਨਾਲੋਂ ਇਕ ਅਸਲੀ ਮੁਸਕਰਾਹਟ ਦਾ ਮੁੱਲ ਵੱਧ ਹੁੰਦਾ ਹੈ।
* ਹੱਸਣਾ, ਮੁਸਕਰਾਉਣਾ ਇਕ ਅਨਮੋਲ ਗਹਿਣਾ ਹੈ। ਇਸ ਨਾਲ ਦਿਲ ਨੂੰ ਚੈਨ ਤੇ ਰੂਹ ਨੂੰ ਸਕੂਨ ਮਿਲਦਾ ਹੈ।
* ਉਰਦੂ ਦਾ ਸ਼ਿਅਰ :
ਹਜ਼ੂਮੇ ਗ਼ਮ ਮੇਰੀ ਫ਼ਿਤਰਤ ਨਹੀਂ ਬਦਲ ਸਕਤੇ,
ਕਿਉਂਕਿ ਮੇਰੀ ਆਦਤ ਹੈ ਮੁਸਕਰਾਨੇ ਕੀ।
* ਜੋ ਆਦਮੀ ਦੁੱਖਾਂ ਵਿਚ ਵੀ ਮੁਸਕਰਾਉਣਾ ਜਾਣਦਾ ਹੈ, ਉਸ ਦਾ ਹੌਸਲਾ ਅਤੇ ਸਾਹਸ ਕਦੇ ਵੀ ਘਟ ਨਹੀਂ ਸਕਦਾ।
* ਮੁਸਕਰਾਹਟ ਇਕ ਸ੍ਰੇਸ਼ਠ ਦਵਾਈ ਹੈ ਜੋ ਕੁਦਰਤ ਨੇ ਇਨਸਾਨ ਨੂੰ ਦਿੱਤੀ ਹੈ। ਜੇਕਰ ਮਨੁੱਖ ਸਵੇਰੇ ਹੱਸਦਾ ਹੋਇਆ ਉਠੇ ਤਾਂ ਉਸ ਦਾ ਸਾਰਾ ਦਿਨ ਖ਼ੁਸ਼ੀ ਨਾਲ ਬੀਤਦਾ ਹੈ।
* ਜੇ ਤੁਸੀਂ ਮੁਸਕਰਾਉਗੇ ਤਾਂ ਜੱਗ ਨਾਲ ਮੁਸਕਰਾਊਗਾ ਪਰ ਜੇ ਤੁਸੀਂ ਰੋਵੋਗੇ ਤਾਂ ਇਕੱਲੇ ਰੋਵੋਗੇ।
* ਮਾਹਿਰਾਂ ਮੁਤਾਬਿਕ ਮੁਸਕਰਾਉਣ ਨਾਲ ਤਣਾਅ ਨੂੰ ਜਨਮ ਦੇਣ ਵਾਲੇ ਹਾਰਮੋਨਾਂ ਦਾ ਪੱਧਰ ਘਟਦਾ ਹੈ। ਟੀ ਸੈੱਲਜ਼ ਵਿਚ ਵਾਧਾ ਹੁੰਦਾ ਹੈ ਅਤੇ ਇਮਿਊਨ ਸਿਸਟਮ ਠੀਕ ਰਹਿੰਦਾ ਹੈ।
* ਜੀਵਨ ਇਕ ਦਰਪਣ ਦੇ ਸਮਾਨ ਹੈ। ਸਾਨੂੰ ਚੰਗੇ ਨਤੀਜੇ ਤਦ ਮਿਲਦੇ ਹਨ ਜਦੋਂ ਅਸੀਂ ਇਸ ਨੂੰ ਦੇਖ ਕੇ ਮੁਸਕਰਾਉਂਦੇ ਹਾਂ।
* ਹੱਸਦਾ ਹੋਇਆ ਚਿਹਰਾ ਤੁਹਾਡੀ ਸ਼ਾਨ ਵਧਾਉਂਦਾ ਹੈ ਪਰ ਹੱਸ ਕੇ ਕੀਤਾ ਕੰਮ ਤੁਹਾਡੀ ਪਛਾਣ ਵਧਾਉਂਦਾ ਹੈ।
* ਜਦੋਂ ਅਸੀਂ ਮੁਸਕਰਾਹਟ ਨਾਲ ਲੋਕਾਂ ਨੂੰ ਮਿਲਦੇ ਹਾਂ ਤਾਂ ਸਾਹਮਣੇ ਵਾਲਾ ਵੀ ਸਾਨੂੰ ਖ਼ੁਸ਼ੀ ਨਾਲ ਮਿਲਦਾ ਹੈ।
* ਗਿਆਨ ਤੋਂ ਬਿਨਾਂ ਸ਼ਬਦ, ਮੁਸਕਾਨ ਤੋਂ ਬਿਨਾਂ ਚਿਹਰਾ, ਬੱਚਿਆਂ ਤੋਂ ਬਿਨਾਂ ਘਰ ਅਤੇ ਔਰਤ ਤੋਂ ਬਿਨਾਂ ਰਸੋਈ ਚੰਗੇ ਨਹੀਂ ਲਗਦੇ।
* ਕਈਆਂ ਦੀ ਮੁਸਕਾਨ ਵੀ ਮੁੱਲ ਵਿਕਦੀ ਹੈ ਤੇ ਕਈਆਂ ਦੇ ਹਾਸਿਆਂ ਨੂੰ ਵੀ ਕੋਈ ਨਹੀਂ ਪੁੱਛਦਾ ਕਿਉਂਕਿ ਉਹ ਬਨਾਵਟੀ ਹੁੰਦੇ ਹਨ। ਕਈਆਂ ਤੋਂ ਲੋਕ ਖਹਿੜਾ ਛੁਡਾਉਂਦੇ ਹਨ ਅਤੇ ਕਈਆਂ ਦੀ ਉਡੀਕ ਕੀਤੀ ਜਾਂਦੀ ਹੈ। ਮਰਨਾ ਕਿਸੇ ਲਈ ਵੀ ਸੌਖਾ ਨਹੀਂ ਪਰ ਕਿਸੇ ਲਈ ਜਿਊਣਾ ਇਸ ਤੋਂ ਵੀ ਵੱਡਾ ਕੰਮ ਹੈ।
* ਮੁਸਕਰਾਓ, ਕਿਉਂਕਿ ਦੁਨੀਆ ਦਾ ਹਰ ਆਦਮੀ ਖਿੜੇ ਹੋਏ ਫੁੱਲਾਂ ਤੇ ਖਿੜੇ ਹੋਏ ਚਿਹਰਿਆਂ ਨੂੰ ਪਸੰਦ ਕਰਦਾ ਹੈ।
* ਮੁਸਕਰਾਹਟ ਸਾਡੇ ਚਿਹਰੇ ਦਾ ਸਭ ਤੋਂ ਖੂਬਸੂਰਤ ਮੇਕਅੱਪ ਹੈ। ਇਹ ਇਕ ਅਜਿਹੀ ਖ਼ੁਸ਼ੀ ਹੈ ਜੋ ਸਾਨੂੰ ਸਾਡੇ ਨੱਕ ਹੇਠਾਂ ਹੀ ਮਿਲ ਜਾਂਦੀ ਹੈ। ਇਹ ਦੋਸਤੀ ਤੇ ਸ਼ਾਂਤੀ ਦੀ ਨਿਸ਼ਾਨੀ ਹੈ।
* ਮੁਸਕਾਨ ਚੰਦਨ ਵਾਂਗ ਹੈ, ਇਸ ਨੂੰ ਜਿੰਨਾ ਜ਼ਿਆਦਾ ਅਸੀਂ ਦੂਸਰਿਆਂ ਦੇ ਮੱਥੇ 'ਤੇ ਲਾਵਾਂਗੇ, ਓਨੀ ਜ਼ਿਆਦਾ ਸੁਗੰਧ ਸਾਡੇ ਅੰਦਰੋਂ ਆਵੇਗੀ।
* ਯਾਦ ਰੱਖੋ ਕਿ ਤੁਹਾਡਾ ਮੁਸ਼ਕਿਲਾਂ ਵਿਚ ਵੀ ਮੁਸਕਰਾਉਂਦੇ ਰਹਿਣਾ, ਤੁਹਾਡਾ ਬੁਰਾ ਚਾਹੁਣ ਵਾਲਿਆਂ ਲਈ ਸਭ ਤੋਂ ਵੱਡੀ ਸਜ਼ਾ ਹੈ।
* ਕਰੋਧ ਵਿਚ ਦਿੱਤਾ ਗਿਆ ਆਸ਼ੀਰਵਾਦ ਵੀ ਬੁਰਾ ਲੱਗਦਾ ਹੈ ਅਤੇ ਮੁਸਕਰਾ ਕੇ ਕਹੇ ਗਏ ਬੁਰੇ ਸ਼ਬਦ ਵੀ ਚੰਗੇ ਲਗਦੇ ਹਨ।
* ਜ਼ਿੰਦਗੀ ਤੁਹਾਡੇ 'ਤੇ ਹੱਸਦੀ ਹੈ, ਜਦੋਂ ਤੁਸੀਂ ਦੁਖੀ ਹੁੰਦੇ ਹੋ। ਜ਼ਿੰਦਗੀ ਤੁਹਾਡੇ 'ਤੇ ਮੁਸਕਰਾਉਂਦੀ ਹੈ ਜਦੋਂ ਤੁਸੀਂ ਹੱਸਦੇ ਹੋ। ਪਰ ਜ਼ਿੰਦਗੀ ਤੁਹਾਨੂੰ ਸਲਾਮ ਕਰਦੀ ਹੈ, ਜਦੋਂ ਤੁਸੀਂ ਦੂਜਿਆਂ ਨੂੰ ਖੁਸ਼ ਕਰਦੇ ਹੋ।
* ਹਰ ਰੋਜ਼ 15 ਮਿੰਟ ਹੱਸਣ ਨਾਲ ਬਿਮਾਰੀ ਨੇੜੇ ਨਹੀਂ ਫਟਕਦੀ ਅਤੇ ਉਮਰ ਵਿਚ ਵਾਧਾ ਹੁੰਦਾ ਹੈ। ਬੁਢਾਪਾ ਕੋਲ ਨਹੀਂ ਆਉਂਦਾ। ਜਦੋਂ ਵੀ ਕੋਈ ਮੁਸਕਰਾਉਂਦਾ ਹੈ ਜਾਂ ਹੱਸਦਾ ਹੈ ਤਾਂ ਉਹ ਆਪਣੇ ਜੀਵਨ ਵਿਚ ਪ੍ਰਸੰਨਤਾ ਦਾ ਵਾਧਾ ਕਰਦਾ ਹੈ।
* ਮੁਸਕਰਾ ਕੇ ਵੇਖੋ ਤਾਂ ਸਾਰਾ ਜਹਾਨ ਰੰਗੀਨ ਹੈ ਨਹੀਂ ਤਾਂ ਗਿੱਲੀਆਂ ਪਲਕਾਂ ਨਾਲ ਤਾਂ ਸ਼ੀਸ਼ਾ ਵੀ ਧੁੰਦਲਾ ਦਿਸਦਾ ਹੈ। (ਚਲਦਾ)


-ਮੋਬਾਈਲ : 99155-63406.

ਡਲਹੌਜ਼ੀ ਵਿਖੇ ਸੁਰੇਸ਼ ਸੇਠ ਦੀ ਪੁਸਤਕ 'ਨਸ਼ਤਰ ਕੀ ਮੁਸਕਾਨ' ਦੀ ਘੁੰਡ ਚੁਕਾਈ ਅਤੇ ਮਨਮੋਹਨ ਬਾਵਾ ਨਾਲ ਰੂ-ਬਰੂ

ਸਾਹਿਤਕ ਸਰਗਰਮੀਆਂ

ਬੀਤੇ ਦਿਨੀਂ ਤ੍ਰਿਵੇਣੀ ਸਾਹਿਤ ਅਕਾਦਮੀ ਜਲੰਧਰ ਵਲੋਂ 5ਵੀਂ ਸੰਵਾਦ ਯਾਤਰਾ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋਈ। ਯਾਤਰਾ ਦੇ ਪਹਿਲੇ ਦਿਨ ਮਿਹਰ ਹੋਟਲ ਡਲਹੌਜ਼ੀ ਦੇ ਸਟੂਡੀਓ ਵਿਖੇ ਉੱਘੇ ਪੱਤਰਕਾਰ ਸੁਰੇਸ਼ ਸੇਠ ਦੀ 35ਵੀਂ ਪੁਸਤਕ 'ਨਸ਼ਤਰ ਕੀ ਮੁਸਕਾਨ' ਦਾ ਘੁੰਡ ਚੁਕਾਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਮੌਕੇ ਡਾ: ਦਵਿੰਦਰ ਬਿਮਰਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਤ੍ਰਿਵੇਣੀ ਸੰਸਥਾ ਦੀਆਂ ਸੰਵਾਦ ਯਾਤਰਾਵਾਂ 'ਤੇੇ ਚਾਨਣਾ ਪਾਇਆ। ਡਾ: ਧਰਮਪਾਲ ਸਾਹਿਲ ਨੇ ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣ-ਪਹਿਚਾਣ ਕਰਵਾਈ। ਪੁਸਤਕ ਦੀ ਘੁੰਡ ਚੁਕਾਈ ਮਨਮੋਹਨ ਬਾਵਾ ਅਤੇ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਸੁਰੇਸ਼ ਸੇਠ ਵਲੋਂ ਵਿਚਾਰ ਰੱਖੇ ਗਏ। ਉੱਘੇ ਲੇਖਕ ਮਨਮੋਹਨ ਬਾਵਾ ਦੇ ਰੂ-ਬਰੂ ਤੋਂ ਪਹਿਲਾਂ ਲੇਖਕ ਅਮਰੀਕ ਸਿੰਘ ਦਿਆਲ ਨੇ ਲੇਖਕ ਬਾਵਾ ਦੇ ਜੀਵਨ ਅਤੇ ਸਾਹਿਤਕ ਸਫ਼ਰ 'ਤੇ ਚਾਨਣਾ ਪਾਇਆ। ਉਪਰੰਤ ਮਨਮੋਹਨ ਬਾਵਾ ਨੇ ਆਪਣੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਹੁਣ ਤੱਕ ਦੀ ਜ਼ਿੰਦਗੀ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ। 86 ਸਾਲਾ ਮਨਮੋਹਨ ਸਿੰਘ ਬਾਵਾ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਤ੍ਰਿਵੇਣੀ ਸੰਸਥਾ ਵਲੋਂ ਲੇਖਕ ਬਾਵਾ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਕਵੀ ਅਸ਼ੋਕ ਦਰਦ ਨੂੰ ਸਾਰਸਵੱਤ ਅਤੇ ਰਵੀ ਕੁਮਾਰ ਪਠਾਨਕੋਟ ਨੂੰ ਵਿਸ਼ੇਸ਼ ਕਵੀ ਦਾ ਸਨਮਾਨ ਪ੍ਰਦਾਨ ਕੀਤਾ ਗਿਆ। ਕਵੀਆਂ ਅਸ਼ਵਨੀ ਮਾਨਵ, ਡਾ: ਸ਼ੈਲਜਾ, ਰਵੀ ਕੁਮਾਰ ਅਤੇ ਅਸ਼ੋਕ ਦਰਦ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ: ਧਰਮਪਾਲ ਸਾਹਿਲ ਨੇ ਮੰਚ ਸੰਚਾਲਨ ਕੀਤਾ ਤੇ ਤ੍ਰਿਵੇਣੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੀਤਾ ਡੋਗਰਾ ਨੇ ਸਭ ਦਾ ਧੰਨਵਾਦ ਕੀਤਾ। ਦੂਜੇ ਦਿਨ ਚਮੇਰਾ ਝੀਲ ਦੀ ਯਾਤਰਾ ਦੌਰਾਨ ਲੋਕ ਸਾਹਿਤ 'ਤੇ ਚਰਚਾ ਕੀਤੀ ਗਈ ਜਿਸ ਵਿਚ ਡਾ: ਯੋਗਿਤਾ, ਮਹੇਸ਼ ਸ਼ਰਮਾ, ਸ਼ੈਲੀ ਬਲਜੀਤ, ਅਮਿਤੇਸ਼ਵਰ, ਸੁਖਦੇਵ ਬਾਵਾ, ਪ੍ਰੋ: ਸੀਮਾ ਬਾਵਾ, ਪ੍ਰੋਮਿਲਾ ਅਰੋੜਾ, ਸਤਵੰਤ ਕੌਰ ਬਿਮਰਾ, ਆਸ਼ੂ ਸੇਠ, ਰਛਪਾਲ ਦੇਵੀ, ਨਰਿੰਦਰ ਕੌਰ ਹਾਜ਼ਰ ਹੋਏ।


-ਲਖਵਿੰਦਰ ਸਿੰਘ ਧਾਲੀਵਾਲ,
ਪਿੰਡ ਤੇ ਡਾਕ ਗੋਗੋਂ, ਤਹਿ : ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਮਿੰਨੀ ਕਹਾਣੀਆਂ

ਰੁਤਬਾ

ਹਰਨੇਕ ਚਾਚੇ ਦਾ ਫੋਨ ਆਉਣ 'ਤੇ ਪਤਾ ਲੱਗਾ ਕਿ ਉਸ ਦੇ ਮੁੰਡੇ ਦਾ ਗੱਡੀ ਦੀ ਫੇਟ ਵੱਜਣ ਕਾਰਨ ਐਕਸੀਡੈਂਟ ਹੋ ਗਿਆ ਸੀ। ਫੋਨ 'ਤੇ ਹੀ ਉਹ ਸੜਕ 'ਤੇ ਵਧ ਰਹੇ ਟ੍ਰੈਫਿਕ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਮੈਂ ਤੇ ਮੇਰੀ ਘਰਵਾਲੀ ਤੁਰੰਤ ਹੀ ਹਸਪਤਾਲ ਵਿਚ ਦਾਖ਼ਲ ਚਾਚੇ ਦੇ ਮੁੰਡੇ ਦਾ ਪਤਾ ਲੈਣ ਪਹੁੰਚ ਗਏ।
ਹਸਪਤਾਲ ਪਹੁੰਚਦਿਆਂ ਗੇਟ 'ਤੇ ਹੀ ਚਾਚੇ ਨੇ ਸਾਨੂੰ ਵੇਖ ਲਿਆ। ਅਸੀਂ ਆਟੋ ਤੋਂ ਉੱਤਰ ਕੇ ਚਾਚੇ ਵੱਲ ਵਧੇ। ਇਸ ਤੋਂ ਪਹਿਲਾਂ ਕਿ ਅਸੀਂ ਚਾਚੇ ਨੂੰ ਫ਼ਤਹਿ ਬੁਲਾਉਂਦੇ, ਚਾਚਾ ਪਹਿਲਾਂ ਹੀ ਬੋਲ ਪਿਆ, 'ਉਏ ਪੁੱਤਰ, ਪੈਸੇ ਬਚਾ ਕੇ ਕੀ ਲੈਣਾ। ਕਾਰ ਲੈ ਕੇ ਆਉਣੀ ਸੀ। ਸ਼ਰੀਕੇ-ਕਬੀਲੇ, ਰੁਤਬੇ ਦਾ ਵੀ ਖਿਆਲ ਰੱਖਿਆ ਕਰ।'
ਮੈਂ ਘਰ ਵਾਲੀ ਵੱਲ ਵੇਖਿਆ, ਮੈਨੂੰ ਇੰਜ ਜਾਪਿਆ ਜਿਵੇਂ ਉਸ ਦੀਆਂ ਅੱਖਾਂ ਕਹਿ ਰਹੀਆਂ ਹੋਣ ਕਿ ਆਪਾਂ ਤਾਂ ਚਾਚੇ ਦਾ ਦੁੱਖ ਵੰਡਾਉਣ ਆਏ ਸੀ, ਥੋੜ੍ਹਾ ਸਮਾਂ ਪਹਿਲਾਂ ਤਾਂ ਚਾਚਾ ਵਧਦੇ ਟ੍ਰੈਫਿਕ ਨੂੰ ਗਾਲ੍ਹਾਂ ਕੱਢ ਰਿਹਾ ਸੀ।


-ਅੰਮ੍ਰਿਤ ਬਰਨਾਲਾ
ਮੋਬਾਈਲ : 94174-51074


ਕੀਮਤੀ ਸਾਮਾਨ

ਉਸ ਦਿਨ ਧੁੰਦ ਜ਼ਿਆਦਾ ਹੋਣ ਕਾਰਨ ਸੜਕ 'ਤੇ ਦੁਰਘਟਨਾ ਦਾ ਸ਼ਿਕਾਰ ਹੋਈ ਇਕ ਕਾਰ ਨੂੰ ਵੇਖ ਕੇ ਪ੍ਰਕਾਸ਼ ਰੁਕ ਗਿਆ ਤੇ ਦ੍ਰਿਸ਼ ਵੇਖ ਕੇ ਉਸ ਦੀਆਂ ਅੱਖਾਂ ਸੁੰਨ ਹੋ ਗਈਆਂ ਬੇਹੋਸ਼ ਪਿਆ ਉਹ ਆਦਮੀ ਜਾਪਦਾ ਸੀ ਕੋਈ ਉੱਚ ਅਹੁਦੇ 'ਤੇ ਲੱਗਿਆ ਹੋਣਾ, ਚੰਗੇ-ਸੋਹਣੇ ਕੱਪੜੇ ਪਾਏ ਸਨ, ਕੋਲ ਕੀਮਤੀ ਸਾਮਾਨ ਖਿਲਰਿਆ ਪਿਆ ਸੀ। ਪ੍ਰਕਾਸ਼ ਨੇ ਫਟਾ-ਫਟ ਕੀਮਤੀ ਸਾਮਾਨ ਇਕੱਠਾ ਕੀਤਾ, ਜਿਸ ਵਿਚ ਮਹਿੰਗਾ ਮੋਬਾਈਲ, ਲੈਪਟੋਪ, ਨੋਟਾਂ ਨਾਲ ਭਰਿਆ ਜੇਬ ਵਾਲਾ ਪਰਸ ਤੇ ਹੱਥ ਵਿਚੋਂ ਕੜਾ-ਅੰਗੂਠੀ ਵੀ ਲਾਹ ਕੇ ਲੈ ਗਿਆ, ਉਸ ਨੇ ਇਹ ਵੀ ਨਾ ਵੇਖਿਆ ਕਿ ਆਦਮੀ ਜਿਊਂਦਾ ਹੈ ਕਿ ਮਰ ਗਿਆ।
ਸਕੂਟਰ 'ਤੇ ਜਾਂਦੇ ਨੇ ਆਪਣੇ ਨੌਜਵਾਨ ਮੁੰਡੇ ਨੂੰ ਫੋਨ ਕਰਕੇ ਕਹਿ ਦਿੱਤਾ, ਜਲਦੀ ਆ ਮੈਂ ਘਰ ਵੱਲ ਵਾਪਸ ਆ ਰਿਹਾ ਹਾਂ ਮੇਰੇ ਕੋਲ ਬਹੁਤ ਕੀਮਤੀ ਸਾਮਾਨ ਹੈ ਤੂੰ ਘਰ ਲੈ ਜਾ ਮੈਂ ਕੰਮ 'ਤੇ ਜਾਣ ਤੋਂ ਲੇਟ ਹੋ ਰਿਹਾ ਹਾਂ। ਡਰ, ਭੈਅ ਤੇ ਕਾਹਲੀ ਨਾਲ ਜਾਂਦੇ ਪ੍ਰਕਾਸ਼ ਤੋਂ ਖੜ੍ਹੇ ਟਰੱਕ ਵਿਚ ਸਕੂਟਰ ਜਾ ਵੱਜਿਆ ਫਿਰ ਕੀ ਸੀ ਸਾਰਾ ਸਾਮਾਨ ਉਥੇ ਹੀ ਖਿਲਰ ਗਿਆ। ਉਧਰੋਂ ਮੁੰਡਾ ਆ ਗਿਆ ਤੇ ਪ੍ਰਕਾਸ਼ ਉਸ ਨੂੰ ਕਹਿ ਰਿਹਾ ਸੀ ਮੈਨੂੰ ਛੇਤੀ ਡਾਕਟਰ ਕੋਲ ਲੈ ਜਾ ਮੇਰੀ ਜਾਨ ਬਹੁਤ ਔਖੀ ਹੋ ਰਹੀ ਹੈ। ਮੈਂ ਮਰ ਜਾਵਾਂਗਾ ਹਾਏ! ਮੈਨੂੰ ਛੇਤੀ ਲੈ ਜਾ, ਮੈਨੂੰ ਮੇਰੀ ਗ਼ਲਤੀ ਦੀ ਸਜ਼ਾ ਮਿਲੀ ਹੈ, ਮੈਂ ਪਾਪੀ ਹਾਂ। ਪਰ ਮੁੰਡਾ ਕਦੇ ਕੀਮਤੀ ਸਾਮਾਨ ਵੱਲ ਤੇ ਕਦੇ ਆਪਣੇ ਜ਼ਖ਼ਮੀ ਬਾਪ ਵੱਲ ਵੇਖ ਕੇ ਸੋਚੀ ਪੈ ਜਾਂਦਾ ਹੈ ਕਿ ਕਿਹੜੀ ਚੀਜ਼ ਚੁੱਕਾਂ ਤੇ ਕਿਹੜੀ ਛੱਡਾਂ। ਅਖੀਰ ਸਾਰਾ ਸਾਮਾਨ ਉਥੇ ਹੀ ਛੱਡ ਕੇ ਆਪਣੇ ਬਾਪ ਨੂੰ ਜਲਦੀ ਇਲਾਜ ਲਈ ਲੈ ਗਿਆ।


-ਸ਼ਰਨਪ੍ਰੀਤ ਕੌਰ ਅਧਿਆਪਕਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ, ਪਟਿਆਲਾ।


ਧੂੰਆਂ

ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਆਪਣੀਆਂ ਅੱਖਾਂ ਸਾਹਵੇਂ ਸੜ ਕੇ ਸੁਆਹ ਹੁੰਦਿਆਂ ਵੇਖ ਭੁੱਬਾਂ ਮਾਰ-ਮਾਰ ਰੋਂਦੇ ਕਿਸਾਨ ਨੂੰ ਵੇਖ ਬਾਬੇ ਤੇਜੇ ਦੀਆਂ ਅੱਖਾਂ ਵਿਚ ਹੰਝੂ ਆ ਗਏ।' 'ਆਹ ਵੇਖ ਸਾਰੀ ਕਣਕ ਸੜ ਕੇ ਸੁਆਹ ਹੋ ਗਈ, ਪਰ ਵੇਖ ਲਈਂ ਇਹ ਧੂੰਆਂ ਸਰਕਾਰ ਦੀਆਂ ਅੱਖਾਂ ਤੱਕ ਨਹੀਂ ਪਹੁੰਚਣਾ', ਬਾਬੇ ਤੇਜੇ ਨੇ ਦੁਖੀ ਮਨ ਨਾਲ ਬਾਬੇ ਬੰਤੇ ਕੋਲ ਬਹਿੰਦਿਆਂ ਕਿਹਾ। 'ਆਹੋ ਤੇਜਿਆ ਉਹ ਪਰਾਲੀ ਦਾ ਧੂੰਆਂ ਈ ਹੁੰਦਾ, ਜਿਹੜਾ ਦਿੱਲੀ ਜਾ ਕੇ ਸਰਕਾਰ ਦਾ ਸਾਹ ਬੰਦ ਕਰ ਦਿੰਦਾ, ਪਰ ਮਚਦੀ ਕਣਕ ਦੇ ਸੇਕ 'ਚ ਤਾਂ ਇਕੱਲਾ ਜੱਟ ਈ ਮਚਦਾ।'


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।

ਮੋਬਾਈਲ : 87280-85958.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX