ਤਾਜਾ ਖ਼ਬਰਾਂ


ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  8 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਆਉਣਗੇ। ਇਸ ਸੰਬੰਧੀ ਸੰਗਰੂਰ ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ...
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  30 minutes ago
ਅਜਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਅੰਦਰ ਵੱਖ-ਵੱਖ ਪੜਾਵਾਂ ਤਹਿਤ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਸੱਤਵੇਂ ਅਤੇ ਆਖ਼ਰੀ ਗੇੜ ਤਹਿਤ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ, ਜਿਹੜੀ ਕਿ 29 ਅਪ੍ਰੈਲ...
ਅੱਜ ਦਾ ਵਿਚਾਰ
. . .  41 minutes ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹੋਰ ਖ਼ਬਰਾਂ..

ਖੇਡ ਜਗਤ

ਫੀਫਾ ਵਿਸ਼ਵ ਕੱਪ ਦਾ ਨਤੀਜਾ ਤੈਅ ਕਰਨਗੇ ਇਹ ਖਿਡਾਰੀ

ਫੁੱਟਬਾਲ ਇਕ ਟੀਮ ਦੀ ਖੇਡ ਹੈ ਅਤੇ ਖਿਡਾਰੀਆਂ ਦੇ ਸਿਰ ਉੱਤੇ ਜਾਂ ਕਿਸੇ ਇਕ ਖਿਡਾਰੀ ਦੇ ਚਮਤਕਾਰੀ ਪ੍ਰਦਰਸ਼ਨ ਸਦਕਾ ਹੀ ਨਤੀਜੇ ਆਉਂਦੇ ਹਨ। ਫ਼ੀਫ਼ਾ ਵਿਸ਼ਵ ਕੱਪ ਵਿਚ 32 ਟੀਮਾਂ ਦੇ ਕੁੱਲ 736 ਖਿਡਾਰੀ ਆਪਣੇ ਜਲਵੇ ਵਿਖਾ ਰਹੇ ਹਨ। ਇਨ੍ਹਾਂ ਵਿਚ ਦੁਨੀਆ ਦੇ ਕੁਝ ਜ਼ਬਰਦਸਤ ਅਤੇ ਕਾਬਲੀਅਤ ਭਰਪੂਰ ਚੋਣਵੇਂ ਫੁੱਟਬਾਲ ਖਿਡਾਰੀ ਹਨ ਜਿਹੜੇ ਫ਼ੀਫ਼ਾ ਵਿਸ਼ਵ ਕੱਪ 2018 ਦਾ ਨਤੀਜਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਇਨ੍ਹਾਂ ਖਿਡਾਰੀਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਅਰਜਨਟੀਨਾ ਦੇ ਸੁਪਰਸਟਾਰ 31 ਸਾਲਾ ਲਿਓਨਲ ਮੈਸੀ ਦਾ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਆਪਣੀ ਮਹਾਨਤਾ ਲਗਾਤਾਰ ਸਾਬਤ ਕੀਤੀ ਹੈ। ਦੂਜਾ ਨਾਂਅ ਆਉਂਦਾ ਹੈ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦਾ। ਪਿਛਲੇ ਪੰਜ ਸਾਲਾਂ ਵਿਚ ਫੀਫਾ ਦਾ ਬਿਹਤਰੀਨ ਫੁੱਟਬਾਲਰ ਦਾ ਸਨਮਾਨ ਹਾਸਲ ਕਰਨ ਵਾਲੇ ਰੋਨਾਲਡੋ ਨੇ ਪੁਰਤਗਾਲ ਨੂੰ 2016 ਵਿਚ ਯੂਰਪੀ ਚੈਂਪੀਅਨਸ਼ਿਪ ਦਾ ਖਿਤਾਬ ਦੁਆਇਆ ਸੀ। ਬ੍ਰਾਜ਼ੀਲੀ ਟੀਮ ਦੀ ਵੱਡੀ ਉਮੀਦ ਸੁਪਰਸਟਾਰ 26 ਸਾਲ ਨੇਮਾਰ ਉੱਤੇ ਹੈ ਜੋ ਪੈਰ ਦੀ ਸਰਜਰੀ ਤੋਂ 3 ਮਹੀਨਿਆਂ ਮਗਰੋਂ ਕੌਮੀ ਟੀਮ ਵਿਚ ਵਾਪਸੀ ਕਰ ਚੁੱਕਾ ਹੈ। ਇਸ ਨੌਜਵਾਨ ਫੁੱਟਬਾਲਰ ਨੇ ਬ੍ਰਾਜ਼ੀਲ ਨੂੰ 2016 ਰੀਓ ਉਲੰਪਿਕ ਦੌਰਾਨ ਪਹਿਲਾ ਸੋਨ ਤਗਮਾ ਦੁਆਇਆ ਸੀ। 26 ਸਾਲ ਦੀ ਉਮਰ ਵਿਚ ਉਹ 84 ਮੈਚਾਂ ਵਿਚ 54 ਗੋਲ ਕਰਕੇ ਬ੍ਰਾਜ਼ੀਲ ਲਈ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਪੇਲੇ, ਰੋਨਾਲਡੋ ਅਤੇ ਰੋਮਾਰੀਓ ਮਗਰੋਂ ਚੌਥੇ ਸਥਾਨ ਉੱਤੇ ਹੈ। ਇਸੇ ਤਰ੍ਹਾਂ ਫਰਾਂਸ ਦੀ ਟੀਮ ਵਿਚ 27 ਸਾਲਾ ਐਂਟੋਇਨ ਗਰੀਜ਼ਮੈਨ ਉਹ ਖਿਡਾਰੀ ਹੈ, ਜੋ ਯੂਰੋ 2016 ਦੌਰਾਨ 6 ਗੋਲ ਕਰਨ ਅਤੇ ਦੋ ਵਿਚ ਮਦਦ ਕਰਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਅਤੇ 'ਗੋਲਡਨ ਬੂਟ' ਖਿਤਾਬ ਜਿੱਤਿਆ ਸੀ। ਜਰਮਨ ਦੇ ਇਤਿਹਾਸਕ ਕਲੱਬ ਬਾਇਰਨ ਮਿਊਨਿਖ ਦਾ ਸਟ੍ਰਾਈਕਰ ਪੋਲੈਂਡ ਦੇਸ਼ ਦਾ ਰੌਬਰਟ ਲੈਵੈਨਡੋਸਕੀ 'ਗੋਲ ਮਸ਼ੀਨ' ਵਜੋਂ ਜਾਣਿਆ ਜਾਂਦਾ ਹੈ।
ਮਿਡਫੀਲਡ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਬੈਲਜ਼ੀਅਮ ਦੇ ਏਡਨ ਐਜ਼ਾਰਡ ਅਤੇ ਕੈਵਿਨ ਡੇ ਬਰੂਇਨੇ ਵਿਰੋਧੀ ਟੀਮ ਮੂਹਰੇ ਤੇਜ਼ ਰਫਤਾਰ ਨਾਲ ਫੁੱਟਬਾਲ ਕਾਬੂ ਹੇਠ ਰੱਖ ਕੇ ਭੱਜਣ ਦੇ ਮਾਹਿਰ ਹਨ ਅਤੇ ਮਿਡਫੀਲਡਰ ਹੋਣ ਦੇ ਬਾਵਜੂਦ ਗੋਲ ਦਾਗਣ ਦੀ ਸਮਰੱਥਾ ਰੱਖਦੇ ਹਨ। ਡਿਫੈਂਸ ਦੇ ਖਿਡਾਰੀਆਂ ਵਿਚ ਵੀ ਸਭ ਤੋਂ ਉੱਪਰਲਾ ਨਾਂਅ ਬੈਲਜ਼ੀਅਮ ਦੇ ਟੋਬੀ ਐਲਡਰਵੈਰਲਡ ਅਤੇ ਵਿਨਸੰਟ ਕੰਪਾਨੀ ਦਾ ਆਉਂਦਾ ਹੈ। ਸਪੇਨ ਦਾ ਸਰਜੀਓ ਰਾਮੋਸ, ਜੇਰਾਡ ਪੀਕੇ ਆਦਿ ਵਰਗੇ ਡਿਫੈਂਡਰਾਂ ਨੂੰ ਝਕਾਨੀ ਦੇਣਾ ਵੀ ਬੇਹੱਦ ਮੁਸ਼ਕਿਲ ਕੰਮ ਹੋਵੇਗਾ। ਡਿਫੈਂਡਰ ਖਿਡਾਰੀਆਂ ਦੇ ਪਿੱਛੇ ਖੜ੍ਹਨ ਵਾਲੇ ਗੋਲਕੀਪਰਾਂ ਦੀ ਗੱਲ ਹੋਵੇ ਤਾਂ ਕੁਝ ਗੋਲਕੀਪਰ ਅਜਿਹੇ ਹਨ, ਜਿਨ੍ਹਾਂ ਕੋਲੋਂ ਬਾਲ ਲੰਘਾ ਕੇ ਗੋਲ ਪੋਸਟ ਵਿਚ ਪਾਉਣੀ ਬੇਹੱਦ ਮੁਸ਼ਕਿਲ ਹੋਵੇਗੀ ਅਤੇ ਇਹ ਗੋਲਕੀਪਰ ਹਨ ਥੀਬੋ ਕੋਰਟੂਆ (ਬੈਲਜ਼ੀਅਮ), ਮੈਨੁਏਰ ਨੂਏਰ (ਜਰਮਨੀ), ਡੈਵਿਡ ਡੇ ਹੇਆ (ਸਪੇਨ), ਐਲੀਸਨ (ਬ੍ਰਾਜ਼ੀਲ) ਅਤੇ ਹੂਗੋ ਲੌਰੀਸ (ਫਰਾਂਸ)। ਇਹ ਹਨ ਉਹ ਸਾਰੇ ਖਿਡਾਰੀ, ਜੋ ਆਪਣੇ ਚਮਤਕਾਰੀ ਪ੍ਰਦਰਸ਼ਨ ਸਦਕਾ ਫ਼ੀਫ਼ਾ ਵਿਸ਼ਵ ਕੱਪ ਦਾ ਚੈਂਪੀਅਨ ਤੈਅ ਕਰਨਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਵਿਸ਼ਵ ਕੱਪ ਫੁੱਟਬਾਲ : ਕਿਤੇ ਅਰਮਾਨ ਟੁੱਟਣਗੇ, ਕਿਤੇ ਇਤਿਹਾਸ ਬਦਲੇਗਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਹਾਲਾਂਕਿ ਏਸ਼ੀਆ, ਅਫਰੀਕਾ, ਲੇਟਿਨ ਅਮਰੀਕਾ ਅਤੇ ਯੂਰਪ ਦਰਮਿਆਨ ਉੱਤਮਤਾ ਦੀ ਲੜਾਈ ਲਈ ਫੈਸਲਾਕੁੰਨ ਟੱਕਰ ਜ਼ਰੂਰ ਹੁੰਦੀ ਰਹੀ ਹੈ ਪਰ ਮੁੱਖ ਮੁਕਾਬਲਾ ਲੇਟਿਨ ਅਮਰੀਕਾ ਅਤੇ ਯੂਰਪ ਵਿਚਕਾਰ ਹੀ ਰਿਹਾ ਹੈ। ਸੰਨ 1934 ਅਤੇ 1938 'ਚ ਲਗਾਤਾਰ ਦੋ ਵਾਰ ਖਿਤਾਬ ਜੇਤੂ ਇਟਲੀ ਨੂੰ 44 ਸਾਲ ਲੰਬਾ ਇੰਤਜ਼ਾਰ ਕਰਨਾ ਪਿਆ। ਆਖਰ 1982 'ਚ ਉਸ ਦੀ ਖਿਤਾਬ ਜਿੱਤਣ ਦੀ ਹਸਰਤ ਪੂਰੀ ਹੋ ਗਈ। ਸੰਨ 1990 'ਚ ਇਟਲੀ ਮੇਜ਼ਬਾਨ ਹੋਣ ਦੇ ਬਾਵਜੂਦ ਹਾਰ ਗਿਆ ਤੇ ਪੱਛਮੀ ਜਰਮਨੀ ਚੈਂਪੀਅਨ ਵਜੋਂ ਨਾਂਅ ਦਰਜ ਕਰਾਉਣ 'ਚ ਕਾਮਯਾਬ ਰਿਹਾ ਸੀ।
1986 'ਚ ਅਰਜਨਟੀਨਾ ਨੇ ਦੁਬਾਰਾ ਖਿਤਾਬ ਜਿੱਤਿਆ। ਮਾਰਾਡੋਨਾ ਫੁੱਟਬਾਲ ਇਤਿਹਾਸ ਦਾ ਮਹਾਂਨਾਇਕ ਬਣ ਗਿਆ। 1998 'ਚ ਮੇਜ਼ਬਾਨ ਫਰਾਂਸ ਨੇ ਫੁੱਟਬਾਲ ਪੰਡਤਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਛਿੱਕੇ ਟੰਗਦਿਆਂ ਚੈਂਪੀਅਨ ਦੀ ਹੈਸੀਅਤ ਵਜੋਂ ਪਹਿਲੀ ਉਪਸਥਿਤੀ ਦਰਜ ਕਰਵਾਈ। ਮੀਡੀਆ 'ਚ ਬ੍ਰਾਜ਼ੀਲ ਅਤੇ ਰੋਨਾਲਡੋ ਦੀ ਬੱਲੇ-ਬੱਲੇ ਦੇ ਬਾਵਜੂਦ ਬ੍ਰਾਜ਼ੀਲ ਬੁਰੀ ਤਰ੍ਹਾਂ ਹਾਰਿਆ। ਇਸ ਕੱਪ ਦੀਆਂ ਕਈ ਅਣਸੁਲਝੀਆਂ ਕਹਾਣੀਆਂ ਅੱਜ ਵੀ ਬ੍ਰਾਜ਼ੀਲ ਦੇ ਨਾਂਅ 'ਤੇ ਕਾਇਮ ਹਨ। ਸੰਨ 2002 'ਚ ਫ਼ੀਫ਼ਾ ਨੇ ਵੱਡੇ ਬਦਲਾਅ ਵਾਲਾ ਫੈਸਲਾ ਲੈਂਦਿਆਂ ਏਸ਼ੀਆਈ ਧਰਤੀ 'ਤੇ ਪਹਿਲੀ ਕੋਰੀਆ ਅਤੇ ਜਪਾਨ ਨੂੰ ਸਾਂਝੇ ਤੌਰ 'ਤੇ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ। ਇਥੇ ਏਸ਼ੀਆਈ ਟੀਮਾਂ ਜਪਾਨ ਅਤੇ ਕੋਰੀਆ ਨੇ ਆਲਾ ਦਰਜੇ ਦਾ ਪ੍ਰਦਰਸ਼ਨ ਕੀਤਾ। ਕੋਰੀਆ ਇਸ ਵੱਡੀ ਜੰਗ 'ਚ ਸੈਮੀਫਾਈਨਲ ਤੱਕ ਪਹੁੰਚਿਆ ਤੇ ਚੌਥੇ ਨੰਬਰ 'ਤੇ ਰਿਹਾ। ਸੰਨ 2006 'ਚ ਫਰਾਂਸ ਨੂੰ ਹਰਾ ਕੇ ਇਟਲੀ ਚੌਥੀ ਵਾਰ ਚੈਂਪੀਅਨ ਬਣਿਆ। ਸੰਨ 2010 'ਚ ਵਿਸ਼ਵ ਚੈਂਪੀਅਨ ਦੀ ਮੇਜ਼ਬਾਨੀ ਪਹਿਲੀ ਵਾਰ ਦੱਖਣੀ ਅਫਰੀਕਾ ਨੇ ਕੀਤੀ। ਗੋਲਕੀਪਰ ਕੈਸੀਲੱਸ ਦੀ ਅਗਵਾਈ 'ਚ ਹਾਲੈਂਡ ਨੂੰ ਹਰਾ ਕੇ ਸਪੇਨ ਨੇ ਪਹਿਲੀ ਵਾਰ ਵਿਜੇਤਾ ਵਜੋਂ ਟਰਾਫੀ 'ਤੇ ਆਪਣਾ ਨਾਂਅ ਦਰਜ ਕੀਤਾ।
ਰੂਸ ਦੀ ਸਰਜ਼ਮੀਂ 'ਤੇ 12 ਵੱਖ-ਵੱਖ ਸਟੇਡੀਅਮਾਂ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ 21ਵੇਂ ਅਖਾੜੇ 'ਚ ਕੁਆਲੀਫਾਈ ਕਰਨ ਵਾਲੀਆਂ ਟੀਮਾਂ 'ਚ ਅਫਰੀਕੀ ਮਹਾਂਦੀਪ ਤੋਂ ਮੁਰਾਕੋ, ਨਾਈਜੀਰੀਆ, ਈਜੈਪਟ, ਸ਼ੈਨੇਗਲ ਅਤੇ ਟੋਨੀਸ਼ੀਆ, ਏਸ਼ੀਆਈ ਖਿੱਤੇ 'ਚੋਂ ਆਸਟ੍ਰੇਲੀਆ, ਜਪਾਨ, ਇਰਾਨ, ਸਾਊਦੀ ਅਰਬ ਅਤੇ ਦੱਖਣੀ ਕੋਰੀਆ, ਯੂਰਪ 'ਚੋਂ ਬੈਲਜ਼ੀਅਮ, ਕਰੋਏਸ਼ੀਆ, ਡੈਨਮਾਰਕ, ਇੰਗਲੈਂਡ, ਫਰਾਂਸ, ਜਰਮਨੀ, ਆਈਸਲੈਂਡ, ਪੋਲੈਂਡ, ਪੁਰਤਗਾਲ, ਰੂਸ, ਸਰਬੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਉੱਤਰੀ ਅਤੇ ਮੱਧ ਅਮਰੀਕਾ ਤੋਂ ਕੋਸਟਰੀਕਾ, ਮੈਕਸੀਕੋ, ਪੈਨਾਮਾ, ਦੱਖਣੀ ਅਮਰੀਕਾ ਤੋਂ ਅਰਜਨਟੀਨਾ, ਬ੍ਰਾਜ਼ੀਲ, ਕੋਲੰਬੀਆ, ਪੇਰੂ ਅਤੇ ਉਰੂਗਵੇ। ਇਸ ਵਾਰ 4 ਵਾਰ ਦਾ ਵਿਸ਼ਵ ਚੈਂਪੀਅਨ ਇਟਲੀ ਕੁਆਲੀਫਾਈ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਹਾਲੈਂਡ, ਅਮਰੀਕਾ ਤੇ ਚਿੱਲੀ ਦੀਆਂ ਟੀਮਾਂ ਵੀ ਕੁਆਲੀਫਾਈ ਯੋਗਤਾ ਪਾਸ ਨਹੀਂ ਕਰ ਸਕੀਆਂ। ਜਦ ਕਿ ਪੇਰੂ ਦੀ ਟੀਮ 36 ਸਾਲਾਂ ਬਾਅਦ ਮੁੜ ਮੈਦਾਨ 'ਚ ਉਤਰੇਗੀ। ਆਈਸਲੈਂਡ ਅਤੇ ਪਨਾਮਾ ਪਹਿਲੀ ਵਾਰ ਵਿਸ਼ਵ ਕੱਪ 'ਚ ਖੇਡਣਗੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਭਾਰਤ ਦੀ ਉੱਭਰਦੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ

ਬਹੁਤ ਹੀ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਵਾਲੀ ਨਵਜੀਤ ਕੌਰ ਢਿੱਲੋਂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਜੋ ਗੋਲਡਕੋਸਟ ਵਿਖੇ ਹੋਈਆਂ, ਵਿਚੋਂ 57.46 ਮੀਟਰ ਨਾਲ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ। ਕੌਮਾਂਤਰੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ ਦਾ ਜਨਮ 6 ਮਾਰਚ, 1995 ਨੂੰ ਪਿਤਾ ਜਸਪਾਲ ਸਿੰਘ ਢਿੱਲੋਂ ਅਤੇ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਨਵਜੀਤ ਕੌਰ ਢਿੱਲੋਂ ਦੇ ਮਾਤਾ-ਪਿਤਾ ਵੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ। ਮਾਤਾ ਕੁਲਦੀਪ ਕੌਰ ਢਿੱਲੋਂ ਏਸ਼ੀਅਨ ਗੇਮਜ਼ 1986 ਸਿਓਲ 'ਚ ਹਾਕੀ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕਰ ਚੁੱਕੀ ਹੈ ਅਤੇ ਪਿਤਾ ਜਸਪਾਲ ਸਿੰਘ ਢਿੱਲੋਂ ਜੋ ਕਿ ਨਵਜੀਤ ਦੇ ਕੋਚ ਵੀ ਹਨ, ਨਵਜੀਤ ਨੂੰ ਖੇਡਾਂ ਦਾ ਸ਼ੌਕ ਉਸ ਦੇ ਆਪਣੇ ਵੱਡੇ ਭਰਾ ਜਸਦੀਪ ਸਿੰਘ ਢਿੱਲੋਂ ਦੀ ਖੇਡ ਤੋਂ ਪਿਆ, ਜੋ ਕਿ ਸ਼ਾਟਪੁੱਟ ਦਾ ਅੰਤਰਰਾਸ਼ਟਰੀ ਅਥਲੀਟ ਹੈ। ਨਵਜੀਤ ਕੌਰ ਦਾ ਖੇਡਾਂ ਦਾ ਜਨੂੰਨ ਪਰਿਵਾਰ ਦੇ ਖੂਨ ਵਿਚ ਹੀ ਹੈ। ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ ਤੋਂ ਅਤੇ ਬੀ.ਏ. ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਤੋਂ ਕੀਤੀ।
ਨਵਜੀਤ ਕੌਰ ਨੇ ਆਪਣਾ ਖੇਡ ਕੈਰੀਅਰ 2007 ਤੋਂ ਸ਼ੁਰੂ ਕੀਤਾ ਤੇ 2009 ਤੱਕ ਉਸ ਨੇ ਅੰਤਰ'ਵਰਸਿਟੀ ਅਤੇ ਨੈਸ਼ਨਲ ਪੱਧਰ 'ਤੇ ਕਈ ਤਗਮੇ ਪ੍ਰਾਪਤ ਕੀਤੇ ਅਤੇ ਆਪਣੇ ਨਾਂਅ 'ਤੇ ਕੀਰਤੀਮਾਨ ਸਥਾਪਿਤ ਕੀਤੇ। ਸਾਲ 2011 ਵਿਚ ਯੂਥ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। 2011 ਵਿਚ ਯੂਥ ਕਾਮਨਵੈਲਥ ਖੇਡਾਂ 'ਚੋਂ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਨਵਜੀਤ ਢਿੱਲੋਂ ਨੇ 2012 ਵਿਚ ਦੋਹਰੇ ਤਗਮੇ ਪ੍ਰਾਪਤ ਕੀਤੇ। ਸ਼ਾਟਪੁੱਟ/ਡਿਸਕਸ ਥ੍ਰੋਅ ਵਿਚ ਜੂਨੀਅਰ ਨੈਸ਼ਨਲ ਖੇਡਾਂ ਵਿਚ 2012 ਵਿਚ ਜੂਨੀਅਰ ਏਸ਼ੀਅਨ ਖੇਡਾਂ ਸ੍ਰੀਲੰਕਾ ਵਿਚ ਹਿੱਸਾ ਲਿਆ ਅਤੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। 2011 ਯੂਥ ਵਰਲਡ ਜੋ ਫਰਾਂਸ ਵਿਚ ਹੋਈਆਂ, ਉਸ ਵਿਚ 44.46 ਮੀਟਰ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। 2014 ਵਿਚ ਏਸ਼ੀਅਨ ਐਥਲੈਟਿਕਸ ਤਾਈਵਾਨ, ਚੈਂਪੀਅਨਸ਼ਿਪ ਵਿਚ ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਵਿਚ ਤਗਮੇ ਪ੍ਰਾਪਤ ਕੀਤੇ। ਇਸ ਤਰ੍ਹਾਂ ਨਵਜੀਤ ਢਿੱਲੋਂ ਦਾ ਅੰਤਰਰਾਸ਼ਟਰੀ ਖੇਡ ਕੈਰੀਅਰ ਸ਼ੁਰੂ ਹੋਇਆ। ਨਵਜੀਤ ਢਿੱਲੋਂ ਨੇ ਹੁਣ ਤੱਕ ਆਪਣੇ ਖੇਡ ਕੈਰੀਅਰ ਦੀ 59.18 ਮੀਟਰ ਨਾਲ ਸਰਬੋਤਮ ਪਰਫਾਰਮੈਂਸ ਦਿੱਤੀ।
ਨਵਜੀਤ ਢਿੱਲੋਂ ਨੇ ਜਿੱਥੇ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਗਮਾ ਲੈ ਕੇ ਭਾਰਤ ਤਗਮਾ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ, ਉੱਥੇ ਪੰਜਾਬ ਦਾ ਮਾਣ ਵਧਾਇਆ। ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬ ਦੇ ਚਾਰ ਅਥਲੀਟ ਚੁਣੇ ਗਏ, ਜਿਨ੍ਹਾਂ ਵਿਚੋਂ 3 ਅਥਲੀਟ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨ। ਨਵਜੀਤ ਕੌਰ ਨੂੰ ਜਿੱਥੇ ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਲੈ ਕੇ ਖੁਸ਼ੀ ਹੋਈ, ਉਥੇ ਹੀ ਉਸ ਨੂੰ ਆਪਣੀ ਪੰਜਾਬ ਸਰਕਾਰ 'ਤੇ ਗਿਲਾ ਹੈ ਕਿ ਉਸ ਨੇ ਹੁਣ ਤੱਕ ਦੇ ਖੇਡ ਕੈਰੀਅਰ ਵਿਚ ਆਪਣੇ ਕੋਚ ਪਿਤਾ ਜਸਪਾਲ ਢਿੱਲੋਂ ਦੀ ਨਿਗਰਾਨੀ ਹੇਠ ਸਿਖਲਾਈ ਲੈ ਕੇ ਆਪਣੇ ਲੱਖਾਂ ਰੁਪਏ ਖਰਚ ਕੀਤੇ ਹਨ ਪਰ ਪੰਜਾਬ ਸਰਕਾਰ ਵਲੋਂ ਉਸ ਦੀ ਕੋਈ ਵੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਤੇ ਨਾ ਹੀ ਉਸ ਦੀ ਚੰਗੀ ਟ੍ਰੇਨਿੰਗ ਲਈ ਕੋਈ ਉਪਰਾਲਾ ਕੀਤਾ ਗਿਆ। ਨਵਜੀਤ ਕੌਰ ਦਾ ਕਹਿਣਾ ਹੈ ਕਿ ਉਹ 2017 ਵਿਚ ਆਪਣੇ ਖਰਚ 'ਤੇ ਅਮਰੀਕਾ ਵਿਚ ਟ੍ਰੇਨਿੰਗ ਲਈ ਗਈ, ਜਿਸ ਨਾਲ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜੇਕਰ ਪੰਜਾਬ ਸਰਕਾਰ ਕੁਝ ਖੇਡਾਂ ਵਿਚ ਚੰਗੇ ਉਪਰਾਲੇ ਕਰੇ ਤਾਂ ਨਵਜੀਤ ਕੌਰ ਢਿੱਲੋਂ ਉਲੰਪਿਕਸ ਵਿਚ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਨਵਜੀਤ ਕੌਰ ਢਿੱਲੋਂ ਇਸ ਸਮੇਂ ਏਸ਼ੀਅਨ ਖੇਡਾਂ, ਜੋ ਕਿ ਅਗਸਤ ਵਿਚ ਜਕਾਰਤਾ ਵਿਖੇ ਹੋ ਰਹੀਆਂ ਹਨ, ਉਸ ਵਿਚ ਤਗਮਾ ਲੈ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਂਅ ਉੱਚਾ ਕਰੇਗੀ। ਨਵਜੀਤ ਕੌਰ ਢਿੱਲੋਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਖੇਤਰ ਵਿਚ ਪ੍ਰੈਕਟਿਸ ਕਰਦਿਆਂ 10 ਸਾਲ ਹੋ ਗਏ ਹਨ ਪਰ ਉਸ ਦੇ ਸ਼ਹਿਰ ਅੰਮ੍ਰਿਤਸਰ ਵਿਚ ਪ੍ਰੈਕਟਿਸ ਕਰਨ ਲਈ ਕੋਈ ਸਿੰਥੈਟਿਕ ਟਰੈਕ ਨਹੀਂ ਹੈ।
ਨਵਜੀਤ ਢਿੱਲੋਂ ਦਾ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕਰਨ 'ਤੇ ਪੰਜਾਬ ਸਰਕਾਰ ਨੂੰ ਛੱਡ ਹੋਰ ਕਈ ਸੰਸਥਾਵਾਂ ਨੇ ਸਮੇਂ-ਸਮੇਂ 'ਤੇ ਸਨਮਾਨ ਵੀ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਅਤੇ ਡਾਇਰੈਕਟਰ ਸਪੋਰਟਸ ਡਾ: ਸੁਖਦੇਵ ਸਿੰਘ ਵਲੋਂ ਵੀ ਖਾਸ ਸਨਮਾਨ ਕੀਤਾ ਗਿਆ। ਨਵਜੀਤ ਕੌਰ ਢਿੱਲੋਂ ਇਕ ਖਿਡਾਰਨ ਹੋਣ ਦੇ ਨਾਲ-ਨਾਲ ਇਕ ਸਮਾਜ ਸੇਵਕ ਵੀ ਹੈ। ਉਹ ਆਪਣੇ ਖੇਡ ਸੈਂਟਰ 'ਚੋਂ ਛੋਟੇ-ਛੋਟੇ ਬੱਚਿਆਂ ਅਤੇ ਖਿਡਾਰੀਆਂ ਨੂੰ ਵੀ ਸਮੇਂ-ਸਮੇਂ ਕਿੱਟਾਂ, ਸਪੋਰਟਸ ਸ਼ੂਜ਼ ਅਤੇ ਡਾਇਟ ਵੰਡ ਕੇ ਉਨ੍ਹਾਂ ਦੀ ਮਦਦ ਕਰਦੀ ਹੈ ਅਤੇ ਨਾਲ ਇਕ ਚੰਗਾ ਖਿਡਾਰੀ ਬਣਨ ਲਈ ਪ੍ਰੇਰਦੀ ਹੈ। ਨਵਜੀਤ ਕੌਰ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖ ਕੇ 100 ਤੋਂ ਵੱਧ ਖਿਡਾਰੀ ਯੂਨੀਵਰਸਿਟੀ ਖੇਡ ਵਿਚ ਟ੍ਰੇਨਿੰਗ ਕਰਨ ਆਉਂਦੇ ਹਨ। ਨਵਜੀਤ ਢਿੱਲੋਂ ਇਸ ਸਮੇਂ ਭਾਰਤੀ ਰੇਲਵੇ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਭਾਰਤੀ ਰੇਲ ਵਲੋਂ ਵੀ ਨਵਜੀਤ ਦੇ ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਪ੍ਰਾਪਤ ਕਰਨ 'ਤੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਵਜੀਤ ਕੌਰ ਢਿੱਲੋਂ ਅਤੇ ਉਸ ਦਾ ਭਰਾ ਜਸਦੀਪ ਸਿੰਘ ਢਿੱਲੋਂ ਇਸ ਸਮੇਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਏਸ਼ੀਅਨ ਖੇਡਾਂ ਦੀ ਤਿਆਰੀ ਕਰ ਰਹੇ ਹਨ। ਨਵਜੀਤ ਕੌਰ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਚੰਗੇ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਟ੍ਰੇਨਿੰਗ ਕਰਨ ਲਈ ਭੇਜਿਆ ਜਾਵੇ, ਤਾਂ ਜੋ ਆਉਣ ਵਾਲੀਆਂ 2020 ਟੋਕੀਓ ਉਲੰਪਿਕ ਖੇਡਾਂ ਵਿਚ ਇਹ ਖਿਡਾਰੀ ਭਾਰਤ ਦੇਸ਼ ਦੀ ਝੋਲੀ ਵਿਚ ਵੱਧ ਤੋਂ ਵੱਧ ਤਗਮੇ ਪਾ ਸਕਣ।


-ਮੋਬਾ: 98729-78781

ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ

ਦੋ ਦਿਨਾਂ 'ਚ ਹੀ ਬਣੇ ਕਈ ਰਿਕਾਰਡ

ਟੈਸਟ ਕ੍ਰਿਕਟ 'ਚ ਸੰਸਾਰ 'ਚ ਪਹਿਲੇ ਦਰਜੇ ਦੀ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਤੇ ਇਤਿਹਾਸਕ ਮੈਚ ਖੇਡ ਰਹੀ ਅਫ਼ਗਾਨਿਸਤਾਨ ਦੀ ਟੀਮ ਦਾ ਬਿਸਤਰਾ ਦੋ ਦਿਨਾਂ 'ਚ ਹੀ ਗੋਲ ਕਰਕੇ ਇਸ ਇਕੋ ਮੈਚ 'ਚ ਕਈ ਰਿਕਾਰਡ ਆਪਣੇ ਨਾਂਅ ਲਿਖਵਾਏ।
ਗੱਲ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੋਂ ਸ਼ੁਰੂ ਕਰਦੇ ਹਾਂ। ਧਵਨ ਨੇ ਲੰਚ ਤੋਂ ਪਹਿਲਾਂ ਹੀ ਸੈਂਕੜਾ ਠੋਕ ਛੱਡਿਆ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਅਤੇ ਸੰਸਾਰ ਦੇ ਛੇਵੇਂ ਬੱਲੇਬਾਜ਼ ਬਣੇ। ਪਾਕਿਸਤਾਨ ਦੇ ਮਾਜਿਦ ਖਾਨ ਤੋਂ ਇਲਾਵਾ ਬਾਕੀ ਦੇ ਚਾਰ ਖਿਡਾਰੀ ਡਾਨ ਬ੍ਰੈਡਮੈਨ, ਵਿਕਟਰ ਟਰੰਪਰ, ਚਾਰਲੀ ਮੈਕਾਰਟਨੀ ਤੇ ਡੇਵਿਡ ਵਾਰਨਰ ਸਾਰੇ ਆਸਟ੍ਰੇਲੀਆਈ ਹਨ। ਉਂਜ ਧਵਨ ਨੇ ਇਕ ਸੈਸ਼ਨ 'ਚ ਤੀਜੀ ਵਾਰ ਸੈਂਕੜਾ ਬਣਾ ਕੇ ਵਰਿੰਦਰ ਸਹਿਵਾਗ ਦੀ ਬਰਾਬਰੀ ਕੀਤੀ ਹੈ। ਇਸ ਪਾਰੀ ਨਾਲ ਧਵਨ ਨੇ ਇਕ ਹੋਰ ਅਨੋਖਾ ਰਿਕਾਰਡ ਵੀ ਆਪਣੇ ਨਾਂਅ ਕੀਤਾ। ਉਸ ਨੇ ਆਪਣੀ 107 ਦੌੜਾਂ ਦੀ ਪਾਰੀ 'ਚ 94 ਦੌੜਾਂ ਸਿਰਫ ਚੌਕੇ-ਛਿੱਕਿਆਂ ਨਾਲ ਹੀ ਬਣਾਈਆਂ। ਮਤਲਬ 87.85 ਫੀਸਦੀ ਦੌੜਾਂ ਬਾਊਂਡਰੀ ਲਗਾ ਕੇ ਪੂਰੀਆਂ ਕੀਤੀਆਂ। ਉਸ ਨੇ 19 ਚੌਕੇ ਤੇ 3 ਛਿੱਕੇ ਲਗਾਏ। ਭਾਰਤ ਦੇ ਦੂਜੇ ਓਪਨਰ ਮੁਰਲੀ ਵਿਜੈ ਨੇ ਵੀ ਸੈਂਕੜਾ ਲਗਾਇਆ। ਇਕ ਵੇਲੇ ਸਕੋਰ ਇਕ ਵਿਕਟ 'ਤੇ 248 'ਤੇ ਪੁੱਜ ਚੁੱਕਾ ਸੀ ਪਰ ਇਥੇ 54 ਦੌੜਾਂ ਜੋੜਦਿਆਂ ਭਾਰਤ ਦੀਆਂ 5 ਵਿਕਟਾਂ ਜਦੋਂ ਹੋਰ ਡਿਗ ਗਈਆਂ ਤਾਂ ਲੱਗਣ ਲੱਗ ਪਿਆ ਸੀ ਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਨੂੰ ਆਰਾਮ ਦੇ ਕੇ ਕੀ ਭਾਰਤੀ ਟੀਮ ਨੇ ਆਪਣਾ ਮੱਧਕ੍ਰਮ ਤਾਂ ਕਮਜ਼ੋਰ ਨਹੀਂ ਕਰ ਲਿਆ। ਪਰ ਸ਼ਾਬਾਸ਼ ਹੈ ਖਿਡਾਰੀ ਹਾਰਦਿਕ ਪਾਂਡੇਆ ਨੂੰ, ਜਿਸ ਨੇ ਟੀਮ 'ਚ ਆਪਣੀ ਚੋਣ ਨੂੰ ਸਾਰਥਿਕ ਕਰਦਿਆਂ ਹੇਠਲੇ ਕ੍ਰਮ 'ਚ ਸੱਤਵੇਂ ਨੰਬਰ 'ਤੇ ਖੇਡਦਿਆਂ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੀ ਹਿੰਮਤ ਨੂੰ ਦੇਖਦਿਆਂ ਪੂਛਲ ਬੱਲੇਬਾਜ਼ ਜਡੇਜਾ (20 ਦੌੜਾਂ) ਤੇ ਉਮੇਸ਼ ਯਾਦਵ ਅਜੇਤੂ 26 ਦੌੜਾਂ ਨੇ ਵੀ ਪੂਰਾ ਲਾਹਾ ਲਿਆ। ਇਸੇ ਕਾਰਨ ਟੀਮ ਦਾ ਸਕੋਰ 474 'ਤੇ ਪੁੱਜਾ ਤੇ ਅਫ਼ਗਾਨਿਸਤਾਨ ਦੀ ਟੀਮ ਦਬਾਅ 'ਚ ਆ ਗਈ।
ਟੈਸਟ ਮੈਚ ਦਾ ਦੂਜਾ ਦਿਨ ਵੀ ਰਿਕਾਰਡਾਂ ਭਰਿਆ ਰਿਹਾ। ਪਿਛਲੇ 115 ਸਾਲਾਂ 'ਚ ਇਕ ਦਿਨ 'ਚ ਸਭ ਤੋਂ ਵੱਧ 24 ਵਿਕਟਾਂ ਡਿੱਗਣ ਦਾ ਰਿਕਾਰਡ ਬਣਿਆ। ਭਾਰਤੀ ਟੀਮ ਦੀਆਂ ਬਾਕੀ ਚਾਰ ਵਿਕਟਾਂ ਤੋਂ ਇਲਾਵਾ ਅਫ਼ਗਾਨਿਸਤਾਨ ਦੀਆਂ ਦੋਵਾਂ ਪਾਰੀਆਂ ਦੀਆਂ 20 ਵਿਕਟਾਂ ਢਹਿ-ਢੇਰੀ ਹੋ ਗਈਆਂ। ਭਾਰਤ ਨੇ ਜਿਥੇ ਪਹਿਲੀ ਵਾਰ ਦੋ ਦਿਨਾਂ 'ਚ ਟੈਸਟ ਮੈਚ ਜਿੱਤਿਆ ਹੈ, ਉਥੇ ਟੈਸਟ ਇਤਿਹਾਸ 'ਚ ਇਹ 21ਵਾਂ ਮੌਕਾ ਹੈ। ਸਾਲ 2011 'ਚ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਦਰਮਿਆਨ ਇਕ ਦਿਨ 'ਚ 23 ਵਿਕਟਾਂ ਡਿਗੀਆਂ ਸਨ। ਸਭ ਤੋਂ ਵੱਧ ਵਿਕਟਾਂ ਇਕ ਦਿਨ 'ਚ ਡਿੱਗਣ ਦਾ ਰਿਕਾਰਡ 1888 'ਚ 130 ਸਾਲ ਪਹਿਲਾਂ ਇੰਗਲੈਂਡ ਤੇ ਆਸਟ੍ਰੇਲੀਆ ਦਰਮਿਆਨ ਬਣਿਆ ਸੀ। ਸਾਲ 1902 'ਚ ਵੀ ਇਨ੍ਹਾਂ ਟੀਮਾਂ ਦਰਮਿਆਨ ਇਕ ਦਿਨ 'ਚ 25 ਵਿਕਟਾਂ ਤੇ 1896 'ਚ ਵੀ 24 ਵਿਕਟਾਂ ਡਿਗੀਆਂ ਸਨ।
ਟਵੰਟੀ-20 ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਤੇ ਹਾਲ ਹੀ 'ਚ ਬੰਗਲਾਦੇਸ਼ ਦੀ ਟੀਮ ਨੂੰ 3-0 ਨਾਲ ਹਰਾ ਕੇ ਹਵਾ 'ਚ ਉੱਡੀ ਫਿਰਦੀ ਅਫਗਾਨ ਟੀਮ ਨੂੰ ਭਾਰਤੀ ਟੀਮ ਨੇ ਸਬਕ ਦਿੰਦਿਆਂ ਦੱਸਿਆ ਕਿ ਸਹੀ ਮਾਅਨੇ 'ਚ ਕ੍ਰਿਕਟ ਸਮਝੇ ਜਾਂਦੇ 'ਟੈਸਟ' ਨੂੰ ਪਾਰ ਪਾਉਣ ਲਈ ਹਾਲੇ ਉਸ ਨੂੰ ਬਹੁਤ ਮਿਹਨਤ ਤੇ ਅਨੁਭਵ ਦੀ ਲੋੜ ਹੈ। ਅਫਗ਼ਾਨਿਸਤਾਨ 'ਤੇ ਜਿੱਤ ਤੋਂ ਬਾਅਦ ਟੀਮ ਦਾ ਹੌਸਲਾ ਯਕੀਨਨ ਹੋਰ ਵਧਿਆ ਹੋਵੇਗਾ। ਪਰ ਭਾਰਤੀ ਟੀਮ ਕੁਝ ਦਿਨਾਂ ਬਾਅਦ ਹੀ ਇੰਗਲੈਂਡ ਦਾ ਦੌਰਾ ਕਰਨ ਜਾ ਰਹੀ ਹੈ, ਜਿਥੇ ਪਿਛਲੇ ਦੋ ਦੌਰਿਆਂ 'ਚ ਭਾਰਤੀ ਬੱਲੇਬਾਜ਼ੀ ਨੂੰ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਉਖਾੜ ਸੁੱਟਿਆ ਸੀ। ਇੰਗਲੈਂਡ ਦੀਆਂ ਪਿੱਚਾਂ 'ਤੇ ਹੁਣ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਆਪਣੀ ਅਸਲੀ ਤਾਕਤ ਦਿਖਾਉਣੀ ਪਵੇਗੀ, ਤਾਂ ਜੋ ਇਹ ਸਾਬਤ ਹੋ ਸਕੇ ਕਿ ਭਾਰਤੀ ਟੀਮ ਟੈਸਟ ਵਿਚ ਪਹਿਲੇ ਦਰਜੇ 'ਤੇ ਕਾਬਜ਼ ਕਿਉਂ ਹੈ।


-ਮੋਬਾਈਲ : 98141-32420

ਸਾਫ਼-ਸੁਥਰੀ, ਅਨੁਸ਼ਾਸਨਬੱਧ ਹਾਕੀ ਖੇਡਣ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਾਡੇ ਹਾਕੀ ਖਿਡਾਰੀ ਨੂੰ ਦੂਜੇ ਪਾਸੇ ਵਹਿਮ ਹੋ ਗਿਆ ਕਿ ਸ਼ਾਇਦ ਉਹ ਬਹੁਤ ਜ਼ਿਆਦਾ ਜੁਝਾਰੂ ਹੈ। ਉਸ ਵਿਚ ਬਹੁਤ ਜ਼ਿਆਦਾ ਕਿਲਰ ਇਨਸੰਟਿਕਟ ਦੀ ਭਾਵਨਾ ਆ ਗਈ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦਾ ਅਜਿਹਾ ਲੱਚਰ ਪ੍ਰਦਰਸ਼ਨ ਮੀਡੀਏ ਤੇ ਅਵਾਮ 'ਚ ਹਮੇਸ਼ਾ ਨਾਕਾਰਾਤਮਕ ਚਰਚਾ ਦਾ ਵਿਸ਼ਾ ਬਣਦਾ ਅਤੇ ਉਸ ਦੀ ਖੇਡ ਲਈ ਮਾਰੂ ਹੈ। ਉਸ ਦੇ ਆਪਣੇ ਖੇਡ ਕੈਰੀਅਰ 'ਤੇ ਧੱਬਾ ਹੈ। ਕਈ ਖਿਡਾਰੀਆਂ 'ਤੇ ਖੇਡਣ ਦੀ ਪਾਬੰਦੀ ਵੀ ਲਗਦੀ ਰਹੀ ਹੈ। ਹਾਕੀ ਫੈਡਰੇਸ਼ਨ ਇਹ ਵੱਖਰੀ ਗੱਲ ਹੈ ਕਿ ਕਈਆਂ ਲਈ ਪੂਰੀ ਤਰ੍ਹਾਂ ਸਖਤ ਤੇ ਕਈਆਂ ਲਈ ਨਰਮ ਪੈ ਗਈ। ਸਭ ਤੋਂ ਸ਼ਰਮਨਾਕ ਦ੍ਰਿਸ਼ ਹਾਕੀ ਦੇ ਮੈਦਾਨ 'ਚ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਇਹ ਖਿਡਾਰੀ ਵਕਤੀ ਗੁੱਸਾ ਖਾ ਕੇ ਅੰਪਾਇਰ ਨੂੰ ਵੀ ਨਹੀਂ ਬਖਸ਼ਦੇ ਤੇ ਉਂਜ ਕਈ ਵਾਰ ਕੁਝ ਅੰਪਾਇਰ ਵੀ ਕਿਸੇ ਟੀਮ ਨਾਲ ਵਿਤਕਰਾ ਕਰਕੇ ਸਪੋਰਟਸਮੈਨਸ਼ਿਪ ਦੀ ਵੱਖੀ 'ਚ ਲੱਤ ਮਾਰਨ ਤੋਂ ਗੁਰੇਜ਼ ਨਹੀਂ ਕਰਦੇ।
ਅਸੀਂ ਕਈ ਅੰਪਾਇਰ ਵੀ ਗ਼ਲਤ ਦੇਖੇ ਹਨ ਤੇ ਕਈ ਖਿਡਾਰੀ ਉਨ੍ਹਾਂ ਤੋਂ ਵੀ 20 ਗੁਣਾ ਵੱਧ ਦੇਖੇ ਹਨ। ਪਰ ਸਾਡੀ ਜਾਚੇ ਹਾਕੀ ਦਾ ਹੀ ਇਸ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ। ਭਲਿਓ ਮਾਣਸੋ! ਹਾਕੀ ਜਾਦੂਗਰ ਧਿਆਨ ਚੰਦ, ਰੂਪ ਸਿੰਘ ਆਦਿ ਜਿਹੇ ਜਹੀਨ ਖਿਡਾਰੀਆਂ ਦੇ ਜੀਵਨ 'ਚੋਂ ਕੁਝ ਤਾਂ ਸਿੱਖੋ। ਹਾਕੀ ਵਾਲਿਓ! ਵੇਲਾ ਹੈ ਅਜੇ ਵੀ ਸੰਭਲ ਜਾਓ, ਨਹੀਂ ਤਾਂ ਕੋਈ ਵੀ ਤੁਹਾਡੇ ਪਿੱਛੋਂ ਤੁਹਾਡੀ ਇਹ ਹਾਕੀ ਸਟਿਕ ਫੜਨ ਲਈ ਤਿਆਰ ਨਹੀਂ ਹੋਵੇਗਾ। ਕੁਝ ਤਾਂ ਹਾਕੀ ਖੇਡ ਦੇ ਪੱਲੇ ਰਹਿਣ ਦਿਓ। ਸਾਫ਼-ਸੁਥਰੀ ਹਾਕੀ ਖੇਡ ਦਾ ਮੁਜ਼ਾਹਰਾ ਹੀ ਇਸ ਦਾ ਤੁਹਾਡਾ ਸਨਮਾਨ ਹੈ ਅਸਲ 'ਚ। ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪੇਂਡੂ ਹਾਕੀ ਟੂਰਨਾਮੈਂਟਾਂ, ਰਾਸ਼ਟਰੀ ਪੱਧਰੀ ਖਿਤਾਬੀ ਟੂਰਨਾਮੈਂਟ 'ਚ ਅਸੀਂ ਕਿਸੇ ਖਿਡਾਰੀ ਦੇ ਸਿਰ 'ਚੋਂ ਖੂਨ ਦੇ ਫੁਹਾਰੇ ਚਲਦੇ ਦੇਖੇ, ਕਿਸੇ ਦੇ ਕੰਨ-ਮੱਥੇ 'ਚੋਂ ਖੂਨ ਨਿਕਲਦਾ ਤੱਕਿਆ। ਕਿਸੇ ਦੀ ਅੱਖ ਦਾ ਮਸਾਂ ਬਚਾਅ ਹੋਇਆ, ਕਿਸੇ ਦਾ ਜਬਾੜਾ ਹਿੱਲ ਗਿਆ, ਕਿਸੇ ਦੇ ਦੰਦ ਟੁੱਟ ਗਏ, ਕਿਸੇ ਦੇ ਨੱਕ 'ਚੋਂ ਖੂਨ ਦੀਆਂ ਨਦੀਆਂ ਚੱਲ ਪਈਆਂ, ਕਿਸੇ ਨੂੰ ਮੋਢੇ ਤੋਂ ਫੜ ਠਿੱਬੀ ਲਾ ਦਿੱਤੀ, ਕਿਸੇ ਦੇ ਗੋਡੇ-ਗਿੱਟੇ ਸੇਕ ਦਿੱਤੇ। ਹੋ ਸਕਦੈ ਤੁਸੀਂ ਸਾਡੇ ਤੋਂ ਜ਼ਿਆਦਾ ਕੁਝ ਡਰਾਉਣਾ ਦੇਖਿਆ ਹੋਵੇ। ਬਾਹਰ ਬੈਠਾ ਕੋਈ ਵੀ ਸੂਝਵਾਨ ਦਰਸ਼ਕ, ਹਾਕੀ ਪ੍ਰੇਮੀ ਇਹ ਸੋਚਣ ਲਈ ਮਜਬੂਰ ਹੋ ਜਾਂਦੈ... ਹਾਕੀ! ਪਰ ਆਹ ਕੀ? ਹਾਕੀ ਵਾਲਿਓ! ਕੀ ਇਹੀ ਤੁਹਾਡਾ 'ਸਟਿੱਕ ਵਰਕ' ਹੈ? ਕੀ ਇਹੀ ਤੁਹਾਡਾ ਹਾਕੀ ਸਕਿੱਲ ਹੈ। ਗੁੱਸੇ 'ਚ ਆ ਕੇ, ਰੋਹ 'ਚ ਆ ਕੇ ਆਪਣੇ ਵਿਰੋਧੀਆਂ 'ਤੇ ਹਾਕੀਆਂ ਚਲਾ ਦੇਣੀਆਂ, ਅੰਪਾਇਰ ਨਾਲ ਗਾਲੀ-ਗਲੋਚ ਕਰਦਿਆਂ ਉਹਦੇ ਪਿੱਛੇ ਭੱਜਣਾ, ਕੀ ਇਹੀ ਤੁਹਾਡੀ ਖੇਡ ਭਾਵਨਾ ਹੈ? ਟੀਮ ਗੇਮ ਹੈ, ਹਮਲਾਵਰ ਨੀਤੀ ਹੈ? ਕੀ ਇਹ ਸਭ ਕੁਝ ਤੱਕਦਿਆਂ ਕੋਈ ਪਿਤਾ, ਕੋਈ ਮਾਂ ਆਪਣੇ ਬੱਚੇ, ਬੱਚੀ ਦੇ ਹੱਥ 'ਚ ਹਾਕੀ ਫੜਾਏਗਾ?
ਅਸੀਂ ਮਹਿਸੂਸ ਕਰਦੇ ਹਾਂ ਕਿ ਹਾਕੀ ਇੰਡੀਆ, ਭਾਰਤੀ ਹਾਕੀ ਫੈਡਰੇਸ਼ਨ ਅਤੇ ਵੱਖ-ਵੱਖ ਰਾਜਾਂ ਦੀਆਂ ਹਾਕੀ ਐਸੋਸੀਏਸ਼ਨਾਂ ਇਕ ਅਨੁਸ਼ਾਸਨਹੀਣ ਖਿਡਾਰੀ ਨਾਲ ਕਿਸੇ ਪੱਖੋਂ ਵੀ ਕੋਈ ਨਰਮੀ ਨਾ ਵਰਤਣ। ਹਰ ਮੈਚ ਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ, ਕੋਈ ਕਿੰਨਾ ਕਸੂਰਵਾਰ ਹੈ, ਹੁਣ ਇਹ ਛੁਪ ਨਹੀਂ ਸਕਦਾ। ਹਾਕੀ ਦੇ ਵਕਾਰ ਤੇ ਸਤਿਕਾਰ ਨੂੰ ਬਹਾਲ ਕਰਨ ਲਈ ਇਹ ਵੀ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਹਾਕੀ ਖਿਡਾਰੀ ਨੂੰ ਪੂਰੀ ਤਰ੍ਹਾਂ 'ਅਨੁਸ਼ਾਸਨਬੱਧ' ਬਣਾਇਆ ਜਾਵੇ। ਉਸ ਦੇ ਬਾਰੇ ਜੋ 'ਇਮੇਜ' ਅਵਾਮ ਦੇ ਦਿਲ 'ਚ ਬਣਦਾ ਜਾ ਰਿਹਾ, ਉਸ ਨਾਲ ਹਾਕੀ ਦੀ ਲੋਕਪ੍ਰਿਅਤਾ 'ਤੇ ਹੋਰ ਨਾਕਾਰਾਤਮਕ ਤੇ ਮਾਰੂ ਅਸਰ ਪਵੇਗਾ। ਹਾਕੀ ਵਾਲਿਓ! ਆਓ ਭਵਿੱਖ 'ਚ ਆਯੋਜਿਤ ਹੋਣ ਵਾਲੇ ਸਾਰੇ ਰਾਜ ਪੱਧਰੀ, ਰਾਸ਼ਟਰੀ ਟੂਰਨਾਮੈਂਟਾਂ 'ਚ ਇਕ ਸੱਭਿਅਕ ਖੇਡ ਨੂੰ ਖੇਡਦੇ, ਇਕ ਸੱਭਿਅਕ ਖਿਡਾਰੀ ਦਾ ਸਬੂਤ ਦਈਏ, ਖਿਤਾਬੀ ਜਿੱਤ ਦੇ ਨਸ਼ੇ ਤੇ ਗਰੂਰ 'ਚ ਵੀ ਹਾਕੀ ਦੀ ਮਾਣ-ਮਰਿਆਦਾ ਬਰਕਰਾਰ ਰੱਖੀਏ ਤਾਂ ਕਿ ਹਾਕੀ ਜਨੂੰਨ ਬਣੇ, ਖੌਫ ਜਾਂ ਡਰ ਨਹੀਂ। (ਸਮਾਪਤ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਅਪਾਹਜ ਹੋ ਕੇ ਵੀ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ ਅਮਨਪ੍ਰੀਤ ਸਿੰਘ

ਅਮਨਪ੍ਰੀਤ ਸਿੰਘ ਬਚਪਨ ਤੋਂ ਹੀ ਖੱਬੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਹੈ ਪਰ ਉਹ ਅਪਾਹਜ ਹੋ ਕੇ ਵੀ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ ਅਤੇ ਪੰਜਾਬ ਦੀ ਅਪਾਹਜ ਕ੍ਰਿਕਟ ਟੀਮ ਦਾ ਉਹ ਇਕ ਮਹੱਤਵਪੂਰਨ ਖਿਡਾਰੀ ਹੈ ਅਤੇ ਇਕ ਸਫ਼ਲ ਬੱਲੇਬਾਜ਼ ਕਰਕੇ ਜਾਣਿਆ ਜਾਂਦਾ ਹੈ। ਅਮਨਪ੍ਰੀਤ ਸਿੰਘ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਬਲੂ ਵਿਖੇ 21 ਜਨਵਰੀ, 1987 ਨੂੰ ਪਿਤਾ ਬਲਦੇਵ ਸਿੰਘ ਘੁਮਾਣ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਅਮਨਪ੍ਰੀਤ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ ਅਤੇ ਇਸੇ ਲਈ ਖੇਡ ਪ੍ਰਤੀ ਉਸ ਦੀ ਲਗਨ ਅਤੇ ਜਨੂੰਨ ਅੱਗੇ ਉਸ ਦੀ ਅਪਾਹਜਤਾ ਨੇ ਗੋਡੇੇ ਟੇਕ ਦਿੱਤੇ ਅਤੇ ਉਹ ਬਚਪਨ ਤੋਂ ਹੀ ਆਪਣੇ ਸਾਥੀਆਂ ਨਾਲ ਪਿੰਡ ਵਿਚ ਹੀ ਕ੍ਰਿਕਟ ਦੀ ਟੀਮ ਬਣਾ ਕੇ ਖੇਡਣ ਲੱਗਾ। ਭਾਵੇਂ ਕਿ ਉਹ ਅਪਾਹਜ ਸੀ ਪਰ ਉਹ ਆਮ ਖਿਡਾਰੀਆਂ ਨਾਲ ਹੀ ਖੇਡਦਾ। ਬਿਨਾਂ ਸ਼ੱਕ ਉਸ ਨੂੰ ਆਮ ਖਿਡਾਰੀਆਂ ਦੇ ਨਾਲ ਖੇਡਣ ਲਈ ਬੜੀਆਂ ਮੁਸ਼ਕਿਲਾਂ ਵੀ ਆਉਂਦੀਆਂ ਪਰ ਉਸ ਦੇ ਸਾਹਸ ਅਤੇ ਜਜ਼ਬੇ ਨੇ ਕਦੇ ਵੀ ਉਸ ਨੂੰ ਡੋਲਣ ਨਾ ਦਿੱਤਾ ਤੇ ਉਹ ਖੇਡਦਾ ਹੀ ਗਿਆ। ਸਾਲ 2014 ਵਿਚ ਮੁੰਬਈ ਵਿਖੇ ਅਪਾਹਜ ਖਿਡਾਰੀਆਂ ਦੀ ਕ੍ਰਿਕਟ ਟੀਮ ਲਈ ਟਰਾਇਲ ਲਏ ਗਏ, ਜਿੱਥੇ ਅਮਨਪ੍ਰੀਤ ਵੀ ਟਰਾਇਲ ਦੇਣ ਲਈ ਗਿਆ ਅਤੇ ਪਹਿਲੀ ਵਾਰ ਉਸ ਨੂੰ ਪੂਨੇ ਵਿਖੇ ਹਰਿਆਣਾ ਪ੍ਰਾਂਤ ਦੀ ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਕ੍ਰਿਕਟ ਦੇ ਖੇਤਰ ਵਿਚ ਲਗਾਤਾਰ ਪ੍ਰਾਪਤੀਆਂ ਕਰਦਾ ਗਿਆ।
ਅਮਨਪ੍ਰੀਤ ਨੇ ਹੁਣ ਤੱਕ ਕਈ ਦਰਜਨਾਂ ਦੇ ਕਰੀਬ ਨੈਸ਼ਨਲ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਖੇਡੇ ਹਨ ਅਤੇ ਆਪਣੀ ਚੰਗੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਮੁੰਬਈ, ਕਲਕੱਤਾ, ਅਜਮੇਰ, ਪਾਣੀਪਤ, ਦਿੱਲੀ, ਕਰਨਾਲ ਅਤੇ ਹੋਰ ਸ਼ਹਿਰਾਂ ਵਿਚ ਉਹ ਲਗਾਤਾਰ ਖੇਡ ਰਿਹਾ ਹੈ। ਅਮਨਪ੍ਰੀਤ ਕ੍ਰਿਕਟ ਖੇਡਣ ਦੇ ਨਾਲ-ਨਾਲ ਕਵਿਤਾ ਲਿਖਣ ਅਤੇ ਚੰਗਾ ਮਿਆਰੀ ਸਾਹਿਤ ਪੜ੍ਹਨ ਦਾ ਵੀ ਸ਼ੌਕ ਰੱਖਦਾ ਹੈ। ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਏ., ਬੀ.ਈ.ਐਡ., ਐਮ.ਏ. ਆਰਟ ਐਂਡ ਕਰਾਫਟ ਨਾਲ ਕਰਨ ਦੇ ਨਾਲ-ਨਾਲ ਪੀ.ਜੀ.ਡੀ.ਸੀ.ਏ. ਅਤੇ ਦੋ ਵਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵੀ ਦੇ ਚੁੱਕਾ ਹੈ ਅਤੇ ਕੋਈ ਨੌਕਰੀ ਨਹੀਂ ਮਿਲੀ। ਅਮਨਪ੍ਰੀਤ ਆਖਦਾ ਹੈ ਕਿ ਸਰਕਾਰਾਂ ਨੇ, ਖਾਸ ਕਰਕੇ ਪੰਜਾਬ ਦੀਆਂ ਆਈਆਂ-ਗਈਆਂ ਸਰਕਾਰਾਂ ਨੇ ਖਿਡਾਰੀਆਂ ਦੀ ਕੋਈ ਸਾਰ ਨਹੀਂ ਲਈ ਅਤੇ ਉਨ੍ਹਾਂ ਸਮੇਤ ਪੰਜਾਬ ਦੇ ਸਾਰੇ ਖਿਡਾਰੀ ਨਿਰਾਸ਼ਾ ਦੇ ਆਲਮ 'ਚੋਂ ਦੀ ਗੁਜ਼ਰ ਰਹੇ ਹਨ। ਹੋਰ ਤਾਂ ਹੋਰ, ਐਨਾ ਪੜ੍ਹਨ ਦੇ ਬਾਵਜੂਦ ਅਤੇ ਅਪਾਹਜ ਹੁੰਦਿਆਂ ਵੀ ਸਰਕਾਰ ਨੌਕਰੀ ਨਹੀਂ ਦੇ ਸਕੀ। ਗੌਰਤਲਬ ਹੈ ਕਿ ਨਿਸਚਿਤ ਰੂਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸਿਹਤ, ਸਿੱਖਿਆ ਅਤੇ ਖੇਡਾਂ 'ਤੇ ਵੱਡੇ ਦਮਗੱਜੇ ਮਾਰਨ ਵਾਲੀ ਪੰਜਾਬ ਸਰਕਾਰ ਇਨ੍ਹਾਂ ਤਿੰਨਾਂ ਪੱਖਾਂ ਤੋਂ ਹੀ ਬੁਰੀ ਤਰ੍ਹਾਂ ਪਛੜ ਚੁੱਕੀ ਹੈ, ਇਸੇ ਲਈ ਅੱਜ ਪੰਜਾਬ ਦਾ ਨੌਜਵਾਨ ਖੇਡਾਂ ਪ੍ਰਤੀ ਰੁਖ਼ ਕਰਨ ਦੀ ਬਜਾਏ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਖੈਰ, ਅਮਨਪ੍ਰੀਤ ਸਿੰਘ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਵਿਸ਼ਵ ਕੱਪ ਫੁੱਟਬਾਲ ਜੇਤੂ ਦੇਸ਼

ਸਾਲ ਜੇਤੂ ਦੇਸ਼
1930 ਉਰੂਗਵੇ
1934 ਇਟਲੀ
1938 ਇਟਲੀ
1950 ਉਰੂਗਵੇ
1954 ਪੱਛਮੀ ਜਰਮਨੀ
1958 ਬ੍ਰਾਜ਼ੀਲ
1962 ਬ੍ਰਾਜ਼ੀਲ
1966 ਇੰਗਲੈਂਡ
1970 ਬ੍ਰਾਜ਼ੀਲ
1974 ਪੱਛਮੀ ਜਰਮਨੀ
1978 ਅਰਜਨਟੀਨਾ
1982 ਇਟਲੀ
1986 ਅਰਜਨਟੀਨਾ
1990 ਪੱਛਮੀ ਜਰਮਨੀ
1994 ਬ੍ਰਾਜ਼ੀਲ
1998 ਫਰਾਂਸ
2002 ਬ੍ਰਾਜ਼ੀਲ
2006 ਇਟਲੀ
2010 ਸਪੇਨ
2014 ਜਰਮਨੀ
2018 ?


-ਗੁਰਪ੍ਰੀਤ ਸਿੰਘ,
ਡੀ.ਪੀ.ਈ., ਏ. ਡੀ. ਸੀ. ਸੈ. ਸਕੂਲ, ਧਰਮਕੋਟ (ਮੋਗਾ)।

ਦਿਲਰਾਜਪ੍ਰੀਤ ਕੌਰ ਦੀ ਪੰਜਾਬ 'ਚ ਵੀ ਯੋਗਾ ਨੂੰ ਪ੍ਰਫੁੱਲਤ ਕਰਨ ਦੀ ਚਾਹਤ

ਯੋਗਾ 'ਚ ਨਾਮਣਾ ਖੱਟਣ ਵਾਲੀ ਅਤੇ ਉੱਤਰਾਖੰਡ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਵਲੋਂ ਪਹਿਲੇ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ, 2015 ਤੋਂ ਘੋਸ਼ਿਤ ਕੀਤੀ ਗਈ ਉੱਤਰਾਖੰਡ ਯੋਗਾ ਦੀ ਬ੍ਰਾਂਡ ਅੰਬੈਸਡਰ ਪੰਜਾਬ ਦੀ ਧੀ ਦਿਲਰਾਜਪ੍ਰੀਤ ਕੌਰ ਗੋਲਡ ਮੈਡਲਿਸਟ ਵਲੋਂ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਜਾ ਰਿਹਾ ਹੈ, ਜਦਕਿ ਇਸ ਪੰਜਾਬ ਦੀ ਧੀ ਦੀ ਜਿਥੇ ਪੰਜਾਬ 'ਚ ਯੋਗਾ ਨੂੰ ਪ੍ਰਫੁੱਲਤ ਕਰਨ ਦੀ ਇੱਛਾ ਹੈ, ਉਥੇ ਪੰਜਾਬ ਸਰਕਾਰ ਵਲੋਂ ਅਣਗੌਲਿਆ ਕਰਨ ਦਾ ਰੋਸ ਵੀ ਹੈ। ਦਿਲਰਾਜਪ੍ਰੀਤ ਕੌਰ ਦਾ ਜਨਮ 20 ਮਈ, 1994 ਨੂੰ ਅੰਮ੍ਰਿਤਸਰ 'ਚ ਪਿਤਾ ਸ: ਜਗੀਰ ਸਿੰਘ ਦੇ ਘਰ ਅਤੇ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ। ਮੁਢਲੀ ਸਿੱਖਿਆ ਪੁਲਿਸ ਡੀ.ਏ.ਵੀ. ਸਕੂਲ ਅੰਮ੍ਰਿਤਸਰ ਤੋਂ ਕੀਤੀ ਅਤੇ ਬਾਅਦ 'ਚ 12ਵੀਂ ਤੋਂ ਬਾਅਦ ਦੇਹਰਾਦੂਨ 'ਚ ਦੇਵਸੰਸਕ੍ਰਿਤ ਵਿਸ਼ਵਵਿਦਿਆਲਿਆ ਹਰਿਦੁਆਰ 'ਚ ਯੋਗਾ 'ਚ ਬੀ.ਏ., ਯੋਗਾ 'ਚ ਮਾਸਟਰ ਡਿਗਰੀ ਹੋਲਡਰ ਹੈ, ਜੋ ਹੁਣ ਨੈਚਰੋਪੈਥੀ 'ਚ ਡਾਕਟਰੀ ਕਰ ਰਹੀ ਹੈ।
ਦਿਲਰਾਜਪ੍ਰੀਤ ਕੌਰ ਨੇ ਯੋਗਾ ਦੀ ਸ਼ੁਰੂਆਤ 6 ਸਾਲ ਦੀ ਉਮਰ 'ਚ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਦਿਲਰਾਜਪ੍ਰੀਤ ਕੌਰ ਮੁਕਾਬਲੇ 'ਚ ਜਾਂਦੀ ਤਾਂ ਜਿੱਤਾਂ ਮਿਲਣ ਤੋਂ ਬਾਅਦ ਦਿਲਰਾਜਪ੍ਰੀਤ ਕੌਰ ਦੀ ਲਗਨ ਹੋਰ ਗੂੜ੍ਹੀ ਹੋ ਗਈ ਅਤੇ ਪੂਰੀ ਮਿਹਨਤ ਕੀਤੀ। ਦਿਲਰਾਜਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਕਦੇ ਵੀ ਯੋਗਾ 'ਚ ਸ਼ਮੂਲੀਅਤ ਨਹੀਂ ਸੀ ਕਰਦਾ ਤੇ ਜੇਕਰ ਕੋਈ ਖਿਡਾਰੀ ਜਾਂਦਾ ਤਾਂ ਖੇਡਣ ਦੇ ਬਾਵਜੂਦ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਸੀ ਕਰ ਸਕਿਆ, ਜਦਕਿ ਪੰਜਾਬ ਦੀ ਧੀ ਦਿਲਰਾਜਪ੍ਰੀਤ ਕੌਰ ਨੇ ਲਗਾਤਾਰ 3 ਵਾਰ ਸੋਨ ਤਗਮੇ ਆਪਣੇ ਨਾਂਅ ਕੀਤੇ। ਦਿਲਰਾਜਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਯੋਗਾ ਦੀ ਚੰਗੀ ਖਿਡਾਰਨ ਵੀ ਐਲਾਨਿਆ ਗਿਆ ਸੀ। ਦਿਲਰਾਜਪ੍ਰੀਤ ਕੌਰ ਵਲੋਂ ਦੂਸਰੇ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਭੂਟਾਨ 'ਚ ਵੀ ਪ੍ਰਦਰਸ਼ਨ ਕੀਤਾ ਗਿਆ ਹੈ। ਦਿਲਰਾਜਪ੍ਰੀਤ ਕੌਰ, ਜਿਸ ਨੇ ਸਾਲ 2005 ਤੋਂ 2017 ਤੱਕ ਵਿਦੇਸ਼ ਥਾਈਲੈਂਡ ਤੋਂ ਇਲਾਵਾ ਰਾਜਸਥਾਨ, ਕੋਲਕਾਤਾ, ਪੰਜਾਬ, ਦਿੱਲੀ, ਵੈਸਟ ਬੰਗਾਲ, ਪਲਵਲ, ਯੂ.ਪੀ., ਗੁਜਰਾਤ, ਹਰਿਆਣਾ, ਹਰਿਦੁਆਰ, ਦੇਹਰਾਦੂਨ, ਪਾਂਡੂਚੇਰੀ, ਉੱਤਰਾਖੰਡ, ਮੰਗਲੌਰ ਤੇ ਝਾਰਖੰਡ ਆਦਿ 'ਚ ਆਯੋਜਿਤ ਹੋਈਆਂ ਯੋਗਾ ਖੇਡਾਂ 'ਚ 19 ਸੋਨੇ ਦੇ, 8 ਚਾਂਦੀ ਦੇ ਅਤੇ 4 ਕਾਂਸੇ ਦੇ ਕੁਲ 31 ਤਗਮੇ ਪ੍ਰਾਪਤ ਕੀਤੇ ਹਨ, ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਰੋਸ ਜ਼ਾਹਰ ਕੀਤਾ ਕਿ ਉਸ ਨੂੰ ਉੱਤਰਾਖੰਡ ਸਰਕਾਰ ਵਲੋਂ ਬ੍ਰਾਂਡ ਅੰਬੈਸਡਰ ਬਣਾਉਣ ਦੀ ਜਿਥੇ ਖ਼ੁਸ਼ੀ ਹੈ, ਉਥੇ ਪੰਜਾਬ ਸਰਕਾਰ ਪ੍ਰਤੀ ਰੋਸ ਵੀ ਹੈ, ਕਿਉਂਕਿ ਪੰਜਾਬ 'ਚ ਉਸ ਨੂੰ ਅਣਗੌਲਿਆ ਗਿਆ ਹੈ। ਦਿਲਰਾਜਪ੍ਰੀਤ ਕੌਰ ਚਾਹੁੰਦੀ ਹੈ ਕਿ ਉਹ ਪੰਜਾਬ ਦੀ ਧੀ ਹੈ ਅਤੇ ਪੰਜਾਬ 'ਚ ਹੀ ਯੋਗਾ ਨੂੰ ਪ੍ਰਫੁੱਲਤ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਉਸ ਨੂੰ ਬਣਦਾ ਮਾਣ-ਸਤਿਕਾਰ ਦੇਵੇ।


-ਗੁਰਸ਼ਰਨਜੀਤ ਸਿੰਘ ਪੁਰੇਵਾਲ
ਕਲਾਨੌਰ (ਗੁਰਦਾਸਪੁਰ)।Purewal390@gmail.com

ਵਿਸ਼ਵ ਕੱਪ ਫੁੱਟਬਾਲ : ਕਿਤੇ ਅਰਮਾਨ ਟੁੱਟਣਗੇ, ਕਿਤੇ ਇਤਿਹਾਸ ਬਦਲੇਗਾ

ਬੇਮਿਸਾਲ ਖਿਡਾਰੀ, ਲਾਜਵਾਬ ਮੁਕਾਬਲੇ, ਬੇਹਿਸਾਬ ਦਰਸ਼ਕ, ਕਮਾਲ ਦਾ ਰੁਮਾਂਚ, ਅਸਾਧਾਰਨ ਅੰਕੜੇ ਅਤੇ ਢੇਰ ਸਾਰੇ ਰਿਕਾਰਡਾਂ ਦੀ ਗੂੰਜ 'ਚ 31 ਦਿਨ ਤੱਕ ਹੋਣ ਵਾਲੇ ਕੁੱਲ 64 ਮੈਚਾਂ ਦੇ ਕ੍ਰਿਸ਼ਮਈ ਸਫਰ 'ਤੇ ਨਿਕਲਣ ਲਈ ਕੁੱਲ ਆਲਮ ਇਕਜੁੱਟ ਹੋ ਗਿਆ ਹੈ। ਅਤੀਤ ਦੀਆਂ ਸੁਨਹਿਰੀ ਯਾਦਾਂ ਨੂੰ ਸਮੇਟਦਾ ਹੋਇਆ ਵਿਸ਼ਵ ਕੱਪ ਆਪਣੇ 21ਵੇਂ ਪੜਾਅ 'ਚ ਪ੍ਰਵੇਸ਼ ਕਰੇਗਾ। 14 ਜੂਨ ਨੂੰ ਫੁੱਟਬਾਲ ਦੀ ਦੁਨੀਆ ਦੇ ਸਭ ਤੋਂ ਵੱਡੇ ਸ਼ੋਅ ਦਾ ਪਰਦਾ ਉਠ ਜਾਵੇਗਾ ਤੇ ਇਸ ਦੇ ਨਾਲ ਹੀ ਸ਼ੁਰੂ ਹੋਵੇਗੀ ਸਨਮਾਨ ਪ੍ਰਤਿਸ਼ਠਤਾ ਅਤੇ ਬਾਦਸ਼ਾਹਤ ਦੀ ਰੁਮਾਂਚਿਕ ਜੰਗ।
ਖੇਡਾਂ ਦੀ ਦੁਨੀਆ ਦਾ ਵੱਡਾ ਜਨੂਨ ਜਾਨੀ ਕਿ ਵਿਸ਼ਵ ਕੱਪ ਫੁੱਟਬਾਲ ਦਾ ਮਹਾਂਸੰਗਰਾਮ ਦਹਿਲੀਜ਼ 'ਤੇ ਆ ਖੜੋਤਾ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਇਕ ਵਾਰ ਫਿਰ ਫੁੱਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲੇਗਾ। ਇਕ ਮਹੀਨੇ ਤੱਕ ਪੂਰੀ ਦੁਨੀਆ ਸਿਰਫ ਫੁੱਟਬਾਲ ਦੇ ਰੰਗ ਵਿਚ ਰੰਗੀ ਨਜ਼ਰ ਆਵੇਗੀ। ਇਸ ਵਾਰ ਵਿਸ਼ਵ ਕੱਪ ਟਰਾਫੀ 'ਤੇ ਜੇਤੂ ਨਾਂਅ ਕਿਸ ਦਾ ਉਕਰੇਗਾ, ਹੁਣ ਖੁੰਢ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਟਰਾਫੀ 32 ਸਿਰਕੱਢ ਦਾਅਵੇਦਾਰ, ਤਾਂ ਯਕੀਨਨ ਮੁਕਾਬਲਾ ਹੋਵੇਗਾ ਜ਼ੋਰਦਾਰ। ਕਰੋ ਜਾਂ ਮਰੋ ਦੀ ਇਸ ਆਖਰੀ ਜੰਗ ਦੀ 14 ਜੂਨ ਤੋਂ 15 ਜੁਲਾਈ ਤੱਕ ਗੁੱਥੀ ਉਦੋਂ ਤੱਕ ਉਲਝਦੀ ਤੇ ਸੁਲਝਦੀ ਰਹੇਗੀ, ਜਦੋਂ ਤੱਕ ਫੁੱਟਬਾਲ ਵਿਸ਼ਵ ਕੱਪ ਦੇ ਬਾਦਸ਼ਾਹ ਦਾ ਫੈਸਲਾ ਨਹੀਂ ਹੋ ਜਾਂਦਾ। ਉਲੰਪਿਕ ਤੋਂ ਬਾਅਦ ਖੇਡਾਂ ਦੀ ਦੁਨੀਆ ਦੇ ਸਭ ਤੋਂ ਵੱਡੇ ਆਯੋਜਨ ਦਾ ਫਾਈਨਲ 15 ਜੁਲਾਈ ਨੂੰ ਖੇਡਿਆ ਜਾਣਾ ਹੈ ਤੇ ਇਸ ਦੀ ਸ਼ਾਨਦਾਰ ਸ਼ੁਰੂਆਤ 14 ਜੂਨ ਨੂੰ ਮੇਜ਼ਬਾਨ ਰੂਸ ਅਤੇ ਸਾਊਦੀ ਅਰਬ ਦਰਮਿਆਨ ਖੇਡੇ ਜਾਣ ਵਾਲੇ ਮੈਚ ਨਾਲ ਹੋਵੇਗੀ। ਕੌਣ ਜਿੱਤੇਗਾ ਖਿਤਾਬ, ਕਿਸ ਦੇ ਖਾਤੇ 'ਚ ਦਰਜ ਹੋਣਗੇ ਸਭ ਤੋਂ ਜ਼ਿਆਦਾ ਗੋਲ, ਕਿਹੜਾ ਧਰੂ ਤਾਰਾ ਬਣ ਉੱਭਰੇਗਾ ਨਵਾਂ ਸਿਤਾਰਾ, ਬੇੜੀ ਬੰਨੇ ਲਾ ਸਕਣਗੇ ਪੁਰਾਣੇ ਦਿੱਗਜ ਜਾਂ ਫਿਰ ਬਾਜ਼ੀ ਮਾਰ ਜਾਣਗੇ ਗੁੰਮਨਾਮ ਸਿਤਾਰੇ, ਕਿਹੜੀ ਟੀਮ ਸਾਬਤ ਹੋਵੇਗੀ ਛੁਪੀ ਰੁਸਤਮ, ਕੌਣ ਕਰੇਗਾ ਵੱਡਾ ਉਲਟਫੇਰ, ਜ਼ੋਰਦਾਰ ਚਰਚਾ ਛਿੜੀ ਹੈ ਕਿ ਇਸ ਮਹਾਂਕੁੰਭ 'ਚ ਯੂਰਪ ਅਤੇ ਲਾਤੀਨੀ ਅਮਰੀਕੀ ਖਿੱਤੇ ਦਰਮਿਆਨ ਹੋਣ ਵਾਲੀ ਵਕਾਰ ਦੀ ਲੜਾਈ 'ਚ ਬਾਜ਼ੀ ਕਿਸ ਦੇ ਹੱਕ 'ਚ ਜਾਵੇਗੀ। ਹੁਣ ਤੱਕ ਹੋਏ ਵਿਸ਼ਵ ਕੱਪ ਦੇ 20 ਸੰਸਕਰਣਾਂ 'ਚ ਬ੍ਰਾਜ਼ੀਲ ਨੇ ਸਭ ਤੋਂ ਜ਼ਿਆਦਾ 5 ਵਾਰ, ਇਟਲੀ 4 ਵਾਰ, ਜਰਮਨੀ 4 ਵਾਰ, ਅਰਜਨਟੀਨਾ ਅਤੇ ਉਰੂਗਏ 2-2 ਵਾਰ, ਇੰਗਲੈਂਡ, ਫਰਾਂਸ ਅਤੇ ਸਪੇਨ ਇਕ-ਇਕ ਵਾਰ ਵਿਸ਼ਵ ਕੱਪ 'ਤੇ ਬਤੌਰ ਜੇਤੂ ਹਸਤਾਖਰ ਕਰਨ ਵਿਚ ਸਫਲ ਰਹੇ ਹਨ।
ਰੂਸ ਪਹਿਲੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ, ਉਂਜ ਯੂਰਪ ਅਤੇ ਦੱਖਣੀ ਅਮਰੀਕੀ ਦੇਸ਼ਾਂ ਦਰਮਿਆਨ ਚੱਲ ਰਹੇ ਜ਼ੋਰਦਾਰ ਸੰਘਰਸ਼ 'ਚ ਫਿਲਹਾਲ ਯੂਰਪ ਦੀ ਸਰਦਾਰੀ ਹੈ, ਜਿਸ ਨੇ 11 ਵਾਰ ਖਿਤਾਬ ਜਿੱਤਿਆ, ਜਦਕਿ ਲੇਟਿਨ ਅਮਰੀਕੀ ਦੇਸ਼ ਦੋ ਕਦਮ ਪਿੱਛੇ ਚੱਲ ਰਹੇ ਹਨ ਤੇ 9 ਵਾਰ ਜੇਤੂ ਇਤਿਹਾਸ ਲਿਖਣ 'ਚ ਕਾਮਯਾਬ ਰਹੇ ਹਨ। ਅੱਜ ਫ਼ੀਫ਼ਾ ਦੇ ਮੈਂਬਰ ਦੇਸ਼ਾਂ ਦੀ ਗਿਣਤੀ 211 ਹੈ, ਵਿਸ਼ਵ ਕੱਪ ਦੇ 88 ਸਾਲਾਂ ਦੇ ਇਤਿਹਾਸ ਵਿਚ ਸਿਰਫ 79 ਦੇਸ਼ ਹੀ ਕੁਆਲੀਫਾਈ ਕਰ ਸਕੇ ਹਨ, ਹੁਣ ਤੱਕ ਸਿਰਫ 8 ਦੇਸ਼ ਹੀ ਫ਼ੀਫ਼ਾ ਕੱਪ ਨੂੰ ਹਥਿਆਉਣ 'ਚ ਕਾਮਯਾਬ ਰਹੇ ਹਨ।
ਵਿਸ਼ਵ ਕੱਪ ਫੁੱਟਬਾਲ ਦਾ ਇਤਿਹਾਸ ਜ਼ਿਆਦਾ ਪੁਰਾਣਾ ਨਹੀਂ ਹੈ ਪਰ ਇਸ ਦੀ ਸ਼ੁਰੂਆਤ ਲਈ ਪ੍ਰਬੰਧਕਾਂ ਨੂੰ ਲੰਬੀ ਮੁਸ਼ੱਕਤ ਕਰਨੀ ਪਈ। ਫ਼ੀਫ਼ਾ ਦਾ ਗਠਨ ਹੋਇਆਂ ਭਾਵੇਂ 114 ਸਾਲ ਹੋ ਗਏ ਹਨ ਪਰ ਦੁਨੀਆ ਫ਼ਤਹਿ ਕਰਨ ਦੀ ਬੇਤਾਬੀ 1930 'ਚ ਉਰੂਗਵੇ 'ਚ ਹੋਈ ਸੀ। ਇਸ ਵਕਾਰੀ ਮੁਕਾਬਲੇ ਨੂੰ ਸ਼ੁਰੂ ਕਰਨ ਦਾ ਖਿਆਲ 1920 'ਚ ਫਰਾਂਸ ਨਾਲ ਸਬੰਧਿਤ ਜੂਲੇ ਰਿਮੈ ਅਤੇ ਉਸ ਦੇ ਸਾਥੀਆਂ ਦੇ ਜ਼ਿਹਨ 'ਚ ਆਇਆ। ਉਨ੍ਹਾਂ ਨੇ ਤਜਵੀਜ਼ ਰੱਖੀ ਕਿ ਹਰ ਚਾਰ ਸਾਲ ਬਾਅਦ ਫੁੱਟਬਾਲ ਦੀ ਵਿਸ਼ਵ ਚੈਂਪੀਅਨਸ਼ਿਪ ਕਰਵਾਈ ਜਾਵੇ। ਲੰਬੇ ਵਾਦ-ਵਿਵਾਦ, ਉਤਰਾਅ-ਚੜ੍ਹਾਅ ਤੇ ਜੱਦੋ-ਜਹਿਦ ਤੋਂ ਬਾਅਦ ਵਿਸ਼ਵ ਕੱਪ ਕਰਵਾਉਣ ਦੀ ਸਹਿਮਤੀ ਹੋ ਗਈ।
ਸੰਨ 1930 'ਚ ਪਹਿਲੇ ਵਿਸ਼ਵ ਕੱਪ ਦੀ ਇਤਿਹਾਸਕ ਸ਼ੁਰੂਆਤ ਉਰੂਗਵੇ ਤੋਂ ਹੋਈ। ਇਸ ਵਿਚ ਸਿਰਫ 13 ਟੀਮਾਂ ਨੇ ਹਿੱਸਾ ਲਿਆ। ਸੰਨ 1978 ਤੱਕ ਵਾਲੇ ਵਿਸ਼ਵ ਕੱਪ 'ਚ ਟੀਮਾਂ ਦੀ ਗਿਣਤੀ 16 ਤੱਕ ਰਹੀ। ਸੰਨ 1982 'ਚ ਸਪੇਨ ਦੀ ਮੇਜ਼ਬਾਨੀ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ 24 ਤੇ ਫਿਰ 1998 ਫਰਾਂਸ ਵਿਸ਼ਵ ਕੱਪ 'ਚ ਟੀਮਾਂ ਦੀ ਸੰਖਿਆ ਵਧਾ ਕੇ 32 ਕਰ ਦਿੱਤੀ, ਜੋ ਅਜੇ ਤੱਕ ਕਾਇਮ ਹੈ।
ਸੰਨ 1930 ਦੇ ਪਲੇਠੇ ਵਿਸ਼ਵ ਕੱਪ 'ਚ ਯੂਰਪ ਦੀਆਂ ਵੱਡੀਆਂ ਤਾਕਤਾਂ ਦੀ ਗ਼ੈਰ-ਹਾਜ਼ਰੀ 'ਚ ਮੇਜ਼ਬਾਨੀ ਉਰੂਗਵੇ ਨੇ ਵਿਸ਼ਵ ਖਿਤਾਬ ਅਸਾਨੀ ਨਾਲ ਜਿੱਤ ਲਿਆ ਪਰ 4 ਸਾਲ ਬਾਅਦ 1934 'ਚ ਇਟਲੀ ਨੇ ਖਿਤਾਬ ਜਿੱਤ ਕੇ ਯੂਰਪ ਦੀ ਦਮਦਾਰ ਦਸਤਕ ਦਾ ਝੰਡਾ ਬੁਲੰਦ ਕਰ ਦਿਖਾਇਆ। 1930 'ਚ ਸ਼ੁਰੂ ਹੋਇਆ ਵਿਸ਼ਵ ਕੱਪ ਅਜੇ ਸਿਰਫ 3 ਪੜਾਅ ਦਾ ਸਫਰ ਤਹਿ ਕਰ ਚੁੱਕਾ ਸੀ ਕਿ ਦੁਨੀਆ ਆਪਸੀ ਨਫਰਤ ਅਤੇ ਈਰਖਾ ਦੀ ਭੇਟ ਚੜ੍ਹ ਗਈ। 1942 ਅਤੇ 1946 ਦਾ ਵਿਸ਼ਵ ਕੱਪ ਕਰਵਾਇਆ ਨਾ ਜਾ ਸਕਿਆ। 1950 ਦੇ ਦਹਾਕੇ 'ਚ ਵਿਸ਼ਵ ਫੁੱਟਬਾਲ 'ਚ ਬ੍ਰਾਜ਼ੀਲ, ਜਰਮਨੀ, ਹੰਗਰੀ, ਇੰਗਲੈਂਡ ਅਤੇ ਸਵੀਡਨ ਦਾ ਦਬਦਬਾ ਰਿਹਾ। 1954 'ਚ ਪੰਜਵੇਂ ਵਿਸ਼ਵ ਕੱਪ ਦੇ ਮੰਚ 'ਤੇ ਪਾਵਰ ਪਲੇਅ ਦੀ ਸ਼ੈਲੀ ਨਾਲ ਮੈਦਾਨ 'ਚ ਉਤਰੀ ਜਰਮਨ ਟੀਮ ਨੇ ਸਭ ਨੂੰ ਹੈਰਾਨ ਕਰਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਫਿਰ ਵਿਰੋਧੀ ਟੀਮਾਂ ਵਿਰੁੱਧ ਸਿਸਟਮ ਅਤੇ ਰਣਨੀਤੀ ਬਣਾ ਕੇ ਕੀਤੀ ਵਿਉਂਤਬੰਦੀ ਨਾਲ ਜਰਮਨ 1974, 1990 ਅਤੇ 2014 'ਚ ਬਤੌਰ ਚੈਂਪੀਅਨ ਇਤਿਹਾਸ ਲਿਖਣ 'ਚ ਸਫਲ ਰਿਹਾ। 1966 ਦਾ ਵਰ੍ਹਾ ਇੰਗਲੈਂਡ ਲਈ ਖੁਸ਼ਕਿਸਮਤੀ ਵਾਲਾ ਰਿਹਾ। ਉਸ ਨੇ ਜਰਮਨ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਜੇਤੂ ਅਖਵਾਉਣ ਦਾ ਫਖ਼ਰ ਹਾਸਲ ਕੀਤਾ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਯੂਰਪੀਨ ਤੇ ਲਾਤੀਨੀ ਅਮਰੀਕੀ ਮੁਲਕਾਂ ਦਾ ਹੀ ਰਿਹਾ ਹੈ ਦਬਦਬਾ

ਫੀਫਾ ਵਿਸ਼ਵ ਕੱਪ ਦੇ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਫੁੱਟਬਾਲ ਵਿਸ਼ਵ ਕੱਪ ਸਿਰਫ ਦੋ ਮਹਾਂਦੀਪਾਂ ਦੇ ਮੁਲਕਾਂ ਦੇ ਹਿੱਸੇ ਆਇਆ ਹੈ। ਯੂਰਪ ਤੇ ਦੱਖਣੀ ਅਮਰੀਕਾ (ਲਾਤੀਨੀ ਅਮਰੀਕਾ) ਦੇ ਮੁਲਕ ਨੇ ਹੀ ਹਰ ਵਾਰ ਟਰਾਫੀ ਜਿੱਤੀ ਹੈ। ਬਾਕੀ ਹੋਰ ਕਿਸੇ ਵੀ ਮਹਾਂਦੀਪ ਨੂੰ ਵਿਸ਼ਵ ਕੱਪ ਦੀ ਟਰਾਫੀ ਨਸੀਬ ਨਹੀਂ ਹੋਈ। ਹੁਣ ਤੱਕ ਹੋਏ 20 ਮੁਕਾਬਲਿਆਂ ਵਿਚੋਂ ਯੂਰਪ ਦੇ ਹਿੱਸੇ 11 ਅਤੇ ਲਾਤੀਨੀ ਅਮਰੀਕਾ ਦੇ ਹਿੱਸੇ 9 ਵਾਰ ਵਿਸ਼ਵ ਕੱਪ ਆਇਆ ਹੈ।
ਬ੍ਰਾਜ਼ੀਲ ਨੇ ਸਭ ਤੋਂ ਵੱਧ ਵਾਰ (5) ਵਿਸ਼ਵ ਕੱਪ ਜਿੱਤਿਆ ਹੈ। ਹੁਣ ਤੱਕ ਦੇ ਸਾਰੇ ਵਿਸ਼ਵ ਕੱਪ ਖੇਡਣ ਵਾਲੇ ਬ੍ਰਾਜ਼ੀਲ ਨੂੰ 1958, 1962, 1979, 1994 ਤੇ 2002 ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ। ਇਟਲੀ ਤੇ ਜਰਮਨੀ ਨੂੰ 4-4 ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ। ਇਟਲੀ ਨੇ 1934, 1938, 1982 ਤੇ 2006 ਅਤੇ ਜਰਮਨੀ ਨੇ 1954, 1974 ਤੇ 1990 ਤੇ 2014 ਵਿਚ ਵਿਸ਼ਵ ਕੱਪ ਜਿੱਤਿਆ ਹੈ। ਜਰਮਨੀ ਮੌਜੂਦਾ ਚੈਂਪੀਅਨ ਹੈ। ਅਰਜਨਟੀਨਾ ਨੇ 1978 ਤੇ 1986 ਅਤੇ ਉਰੂਗੁਏ ਨੇ 1930 ਤੇ 1950 ਵਿਚ 2-2 ਵਾਰ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਇਲਾਵਾ ਇੰਗਲੈਂਡ (1966), ਫਰਾਂਸ (1998) ਤੇ ਸਪੇਨ (2010) ਨੇ 1-1 ਵਾਰ ਵਿਸ਼ਵ ਕੱਪ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ।
ਫਾਈਨਲ ਵਿਚ ਪੁੱਜ ਕੇ ਵੀ ਵਿਸ਼ਵ ਕੱਪ ਤੋਂ ਵਾਂਝੇ ਰਹਿਣ ਵਾਲੇ ਮੁਲਕਾਂ ਵਿਚ ਹਾਲੈਂਡ, ਚੈਕੋਸਲੋਵਾਕੀਆ, ਹੰਗਰੀ ਤੇ ਸਵੀਡਨ ਦਾ ਨਾਂਅ ਆਉਂਦਾ ਹੈ। ਹਾਲੈਂਡ 3 ਵਾਰ (1974, 1978 ਤੇ 2010) ਫਾਈਨਲ ਵਿਚ ਹਾਰ ਦਾ ਸਾਹਮਣਾ ਕਰ ਚੁੱਕਾ ਹੈ। ਚੈਕੋਸਲੋਵਾਕੀਆ (1934 ਤੇ 1962) ਤੇ ਹੰਗਰੀ (1938 ਤੇ 1954) ਨੂੰ 2-2 ਵਾਰ ਫਾਈਨਲ ਵਿਚ ਮਾਤ ਮਿਲੀ ਹੈ, ਜਦੋਂ ਕਿ ਸਵੀਡਨ 1958 ਵਿਚ ਆਪਣੇ ਇਕਲੌਤੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰ ਚੁੱਕਾ ਹੈ। ਜਰਮਨੀ ਸਭ ਤੋਂ ਵੱਧ 8 ਵਾਰ ਅਤੇ ਬ੍ਰਾਜ਼ੀਲ 7 ਵਾਰ ਫਾਈਨਲ ਵਿਚ ਦਾਖ਼ਲਾ ਪਾ ਚੁੱਕੇ ਹਨ। ਜੇਕਰ ਸੈਮੀ ਫਾਈਨਲ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਜਰਮਨੀ ਨੇ ਸਭ ਤੋਂ ਵੱਧ 13 ਵਾਰ ਸੈਮੀਫਾਈਨਲ ਖੇਡੇ ਹਨ। ਇਸ ਤੋਂ ਬਾਅਦ ਬ੍ਰਾਜ਼ੀਲ ਨੇ 11 ਅਤੇ ਇਟਲੀ ਨੇ 8 ਵਾਰ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਕੀਤਾ ਹੈ। ਬ੍ਰਾਜ਼ੀਲ ਤੇ ਜਰਮਨੀ ਨੇ ਹੁਣ ਤੱਕ 17 ਵਾਰ ਘੱਟੋ-ਘੱਟ ਕੁਆਰਟਰ ਫਾਈਨਲ ਤੱਕ ਸਫ਼ਰ ਤੈਅ ਕੀਤਾ ਹੈ। ਇਸ ਤਰ੍ਹਾਂ ਦੋਵੇਂ ਮੁਲਕ ਸਿਰਫ ਤਿੰਨ ਮੌਕਿਆਂ ਨੂੰ ਛੱਡ ਕੇ ਪਹਿਲੇ ਅੱਠ ਮੁਲਕਾਂ ਵਿਚ ਹਰ ਵਾਰ ਸ਼ੁਮਾਰ ਹੋਏ ਹਨ।


-5151-ਬੀ, ਸੈਕਟਰ 38 ਵੈਸਟ, ਚੰਡੀਗੜ੍ਹ। ਮੋਬਾ: 97800-36216

ਅਫ਼ਗਾਨਿਸਤਾਨ ਦੇ ਨਾਲ ਭਾਰਤੀ ਕ੍ਰਿਕਟ ਟੀਮ ਦਾ 'ਟੈਸਟ'

ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਟੈਸਟ ਸੰਸਾਰ 'ਚ ਦਾਖ਼ਲਾ ਲੈ ਰਹੀ ਹੈ। ਇਸ ਦਾ ਪਹਿਲਾ 'ਟੈਸਟ' ਭਾਰਤ ਦੀ ਸਰਜ਼ਮੀਂ 'ਤੇ 14 ਜੂਨ ਨੂੰ ਬੈਂਗਲੁਰੂ ਵਿਖੇ ਭਾਰਤੀ ਕ੍ਰਿਕਟ ਟੀਮ ਨਾਲ ਹੋ ਰਿਹਾ ਹੈ। ਅਫ਼ਗਾਨਿਸਤਾਨ ਨੂੰ ਇਕ-ਦਿਨਾ ਮੈਚਾਂ ਤੇ ਟੀ-20 ਲਈ ਪਹਿਲਾਂ ਹੀ ਕੌਮਾਂਤਰੀ ਦਰਜਾ ਮਿਲਿਆ ਹੋਇਆ ਹੈ ਪਰ ਪਿਛਲੇ ਸਾਲ ਇਨ੍ਹਾਂ ਦਿਨਾਂ 'ਚ ਹੀ ਇਸ ਨੂੰ ਟੈਸਟ ਮੈਚ ਖੇਡਣ ਦੀ ਇਜਾਜ਼ਤ ਵੀ ਮਿਲ ਗਈ ਸੀ।
ਕੌਮਾਂਤਰੀ ਮੈਚਾਂ 'ਚ ਅਫ਼ਗਾਨਿਸਤਾਨ ਦਾ ਪ੍ਰਦਰਸ਼ਨ ਜੇ ਕਿਤੇ ਬਹੁਤ ਵਧੀਆ ਨਾ ਵੀ ਕਹੀਏ ਤਾਂ 'ਫਾਡੀ' ਵੀ ਨਹੀਂ ਕਹਿ ਸਕਦੇ। ਇਨ੍ਹਾਂ ਦੇ ਕਈ ਖਿਡਾਰੀਆਂ ਨੇ ਸਹੀ ਮਾਅਨਿਆਂ 'ਚ ਕੌਮਾਂਤਰੀ ਪੱਧਰ ਦੀ ਖੇਡ ਦਿਖਾਈ ਹੈ। ਜੇ ਹੁਣੇ ਖ਼ਤਮ ਹੋਏ ਆਈ.ਪੀ.ਐਲ. ਦੀ ਗੱਲ ਕਰੀਏ ਤਾਂ ਅਫ਼ਗਾਨਿਸਤਾਨ ਦੇ 19 ਸਾਲਾਂ ਦੇ ਸਨਸਨੀਖੇਜ਼ ਲੈਗ ਸਪਿਨ-ਗੁਗਲੀ ਗੇਂਦਬਾਜ਼ ਰਾਸ਼ਿਦ ਖਾਨ ਦਾ ਨਾਂਅ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਸ ਨੇ ਆਪਣੇ ਗੇਂਦਾਂ ਨਾਲ ਵੱਡੇ-ਵਡੇਰੇ ਬੱਲੇਬਾਜ਼ਾਂ ਨੂੰ ਭੜਥੂ ਪਾਈ ਰੱਖਿਆ। ਕੋਹਲੀ ਤੇ ਧੋਨੀ ਵਰਗੇ ਬੱਲੇਬਾਜ਼ਾਂ ਨੂੰ ਇਸ ਨੇ ਆਪਣੀ ਗੁਗਲੀ ਨਾਲ ਛਕਾਇਆ ਹੈ। ਇਸ ਦੇ ਅਤੇ ਇਕ ਹੋਰ ਸਪਿਨਰ ਮੁਜੀਬ-ਉਰ-ਰਹਿਮਾਨ ਨੂੰ ਆਈ.ਪੀ.ਐਲ. ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੈਸਟ ਟੀਮ 'ਚ ਸ਼ਾਮਿਲ ਕਰ ਲਿਆ ਗਿਆ ਹੈ। ਭਾਵੇਂ ਕਿ ਟੀ-20 ਤੇ ਟੈਸਟ ਮੈਚ ਦੀ ਖੇਡ ਸ਼ੈਲੀ ਬਹੁਤ ਅਲੱਗ-ਅਲੱਗ ਹੈ ਪਰ ਗੁਗਲੀ ਜਿਹੜੀ ਧਾਰ ਰਾਸ਼ਿਦ ਨੇ ਦਿਖਾਈ ਹੈ, ਉਸ ਤੋਂ ਲਗਦਾ ਹੈ ਕਿ ਉਹ ਕ੍ਰਿਕਟ ਦੇ ਹਰ ਸਰੂਪ 'ਚ ਕੁਝ ਕਰਕੇ ਦਿਖਾ ਸਕਦਾ ਹੈ।
ਅਫ਼ਗਾਨਿਸਤਾਨ ਦੀ ਟੀਮ ਦੀ ਅਗਵਾਈ ਅਗਸਰ ਸਟੈਨਿਕਜ਼ਾਈ ਕਰ ਰਹੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਬੱਲੇਬਾਜ਼ੀ ਦਾ ਮੁੱਖ ਭਾਰ ਮੁਹੰਮਦ ਨਬੀ ਤੇ ਵਿਕਟਕੀਪਰ ਮੁਹੰਮਦ ਸ਼ਹਿਜ਼ਾਦ ਦੇ ਮੋਢਿਆਂ 'ਤੇ ਰਹੇਗਾ। ਜਾਵੇਦ ਅਹਿਮਦੀ, ਨਾਸਿਰ ਜਮਾਲ, ਰਹਿਮਤ ਸ਼ਾਹ, ਹਸ਼ਮਤਉੱਲਾ ਸ਼ਹਿਦੀ, ਅਫਸਰ ਜ਼ਜ਼ਾਈ 'ਚੋਂ ਕਿਸ ਨੂੰ ਮੌਕਾ ਮਿਲਦਾ ਹੈ, ਇਹ ਦੇਖਣਾ ਬਾਕੀ ਹੈ।
ਗੇਂਦਬਾਜ਼ੀ 'ਚ ਖੱਬੂ ਤੇਜ਼ ਗੇਂਦਬਾਜ਼ ਸ਼ਾਪੁਰ ਜ਼ਾਦਰਾਨ ਨੂੰ ਇਸ ਟੈਸਟ ਟੀਮ 'ਚ ਜਗ੍ਹਾ ਨਾ ਮਿਲਣਾ ਹੈਰਾਨੀ ਭਰਿਆ ਹੈ ਪਰ ਫਿਰ ਵੀ ਨਵੀਂ ਗੇਂਦ ਲਈ ਟੀਮ 'ਚ ਸਈਅਦ ਸਿਰਜ਼ਾਦ, ਵਫਾਦਾਰ, ਯਾਮੀਨ ਅਹਿਮਦਜ਼ਾਈ ਹਨ ਜਦ ਕਿ ਸਪਿਨ ਵਿਭਾਗ 'ਚ ਰਾਸ਼ਿਦ ਤੇ ਮੁਜੀਬ ਤੋਂ ਇਲਾਵਾ 'ਚਾਈਨਾਮੈਨ' ਗੇਂਦਬਾਜ਼ ਜ਼ਾਹਿਰ ਖਾਨ, ਆਮਿਰ ਹੰਜ਼ਾ ਵੀ ਹਨ।
ਭਾਰਤੀ ਟੀਮ ਦੀ ਅਗਵਾਈ ਅਜਿੰਨਿਆ ਰਹਾਣੇ ਕਰ ਰਿਹਾ ਹੈ, ਕਿਉਂਕਿ ਵਿਰਾਟ ਕੋਹਲੀ ਨੇ ਅਗਾਮੀ ਇੰਗਲੈਂਡ ਦੌਰੇ ਦੀ ਤਿਆਰੀ ਲਈ ਉਥੇ ਜਾ ਕੇ ਕਾਊਂਟੀ ਕ੍ਰਿਕਟ ਖੇਡ ਕੇ ਆਪਣੇ-ਆਪ ਨੂੰ ਉਥੇ ਦੇ ਮੌਸਮ ਅਨੁਸਾਰ ਢਾਲਣ ਲਈ ਇਸ ਮੈਚ ਤੋਂ ਛੁੱਟੀ ਲਈ ਸੀ। ਪਿਛਲੀਆਂ 2 ਲੜੀਆਂ 'ਚ ਇੰਗਲੈਂਡ ਨੇ ਆਪਣੀ ਧਰਤੀ 'ਤੇ ਜਿਸ ਤਰ੍ਹਾਂ ਭਾਰਤੀ ਬੱਲੇਬਾਜ਼ਾਂ ਦਾ ਜਲੂਸ ਕੱਢਿਆ ਸੀ, ਉਹ ਸਭ ਨੂੰ ਪਤਾ ਹੀ ਹੈ। ਪਰ ਇੰਗਲੈਂਡ ਜਾਣ ਤੋਂ ਪਹਿਲਾਂ ਹੀ ਉਸ ਦੇ ਸੱਟ ਲੱਗ ਗਈ ਤਾਂ ਉਸ ਦਾ ਉਥੇ ਜਾਣ ਦਾ ਪ੍ਰੋਗਰਾਮ ਵੀ ਰੱਦ ਹੋ ਗਿਆ। ਬੱਲੇਬਾਜ਼ੀ 'ਚ ਰਹਾਣੇ ਦਾ ਸਾਥ ਸ਼ਿਖਰ ਧਵਨ, ਕੇ. ਐਲ. ਰਾਹੁਲ, ਮੁਰਲੀ ਵਿਜੈ, ਕਰੁਣ ਨਾਇਰ, ਚੇਤੇਸ਼ਵਰ ਪੁਜਾਰਾ ਦੇਣਗੇ, ਜਦਕਿ ਰਿਧਿਮਾਨ ਸਾਹਾ ਦੇ ਸੱਟ ਲੱਗਣ ਕਾਰਨ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਦਿਨੇਸ਼ ਕਾਰਤਿਕ ਨਿਭਾਉਣਗੇ। ਤੇਜ਼ ਗੇਂਦਬਾਜ਼ੀ ਦੀ ਕਮਾਨ ਉਮੇਸ਼ ਯਾਦਵ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਸ਼ਾਰਦੁਲ ਠਾਕੁਰ ਤੇ ਆਲਰਾਊਂਡਰ ਹਾਰਦਿਕ ਪਾਂਡਿਆ ਹੱਥ ਰਹੇਗੀ, ਜਦਕਿ ਸਪਿਨ ਵਿਭਾਗ 'ਚ ਆਰ. ਆਸ਼ਵਿਨ, ਰਵਿੰਦਰ ਜਡੇਜਾ ਤੇ 'ਚਾਈਨਾਮੈਨ' ਕੁਲਦੀਪ ਯਾਦਵ ਦੇ ਹੱਥ ਰਹੇਗੀ।
ਅਫ਼ਗਾਨਿਸਤਾਨ ਹੱਥ ਗੁਆਉਣ ਨੂੰ ਕੁਝ ਨਹੀਂ। ਉਸ ਦੀ ਜਿੱਤ ਉਲਟਫੇਰ ਮੰਨੀ ਜਾਵੇਗੀ ਪਰ ਭਾਰਤੀ ਟੀਮ ਆਪਣੇ ਕਈ ਮੁੱਖ ਖਿਡਾਰੀਆਂ ਦੀ ਗ਼ੈਰ-ਮੌਜੂਦਗੀ 'ਚ ਅਜਿਹਾ ਹੋਣ ਨਹੀਂ ਦੇਣਾ ਚਾਹੇਗੀ। ਦੇਖਣਾ ਹੈ ਕਿ ਅਫ਼ਗਾਨਿਸਤਾਨ ਦੇ ਖਿਡਾਰੀ ਕਿੰਨਾ ਦਮ-ਖਮ ਲਗਾਉਂਦੇ ਹਨ ਤੇ ਭਾਰਤੀ ਖਿਡਾਰੀ ਆਪਣੀ ਸਾਖ ਕਿਵੇਂ ਬਚਾਉਂਦੇ ਹਨ?


-63, ਪ੍ਰੋਫੈਸਰ ਕਾਲੋਨੀ, ਰਾਮਾ ਮੰਡੀ, ਜਲੰਧਰ।

ਸਾਫ਼-ਸੁਥਰੀ, ਅਨੁਸ਼ਾਸਨਬੱਧ ਹਾਕੀ ਖੇਡਣ ਦੀ ਲੋੜ

ਆਦਮੀ ਦੀ ਬੁੱਧੀ ਤੇ ਵਿਵੇਕ ਨੂੰ ਸਲਾਮ! ਹਾਕੀ ਖੇਡ ਪੱਖੋਂ ਵੀ ਉਹ ਦਾਦ ਦੀ ਹੱਕਦਾਰ ਹੈ, ਜਿਸ ਨੇ ਹਾਕੀ ਵਰਗੀ ਤੇਜ਼, ਜੋਸ਼ੀਲੀ, ਸਨਸਨੀਖੇਜ ਖੇਡ ਹੋਂਦ 'ਚ ਲਿਆਂਦੀ, ਜਿਸ ਵਿਚ ਹਥਿਆਰ ਨੁਮਾ ਹਾਕੀਆਂ ਦਾ ਇਸ ਤਰ੍ਹਾਂ ਹੁਨਰਮੰਦ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਕਿ ਕਿਸੇ ਨੂੰ ਸੱਟ ਨਾ ਲੱਗੇ। ਇਸ ਲਈ ਇਸ ਖੇਡ ਨੂੰ ਅਪਣਾਉਣ ਵਾਲੇ ਸਾਰੇ ਹਾਕੀ ਖਿਡਾਰੀ ਇਸ ਪੱਖੋਂ ਸੁਚੇਤ ਰਹਿਣ। ਉਨ੍ਹਾਂ ਦਾ ਇਸ ਖੇਡ ਪ੍ਰਤੀ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਸਾਫ਼-ਸੁਥਰਾ, ਅਨੁਸ਼ਾਸਨਬੱਧ ਪ੍ਰਦਰਸ਼ਨ ਦਾ ਮੁਜ਼ਾਹਰਾ ਕਰਦਿਆਂ ਸਪੋਰਟਸਮੈਨਸ਼ਿਪ ਦਾ ਨਿਹਾਇਤ ਖੂਬਸੂਰਤ ਨਮੂਨਾ ਪੇਸ਼ ਕਰਨ। ਖਿਤਾਬ ਜਿੱਤ ਦੀ ਦੌੜ 'ਚ ਖੇਡ ਦੇ ਨਿਯਮਾਂ, ਖੇਡ ਦੀ ਮਰਿਆਦਾ ਨੂੰ ਅਣਗੌਲਿਆ ਕਰਨਾ ਕਦੇ ਵੀ ਕਿਸੇ ਖੇਡ ਮੈਦਾਨ 'ਚ ਪ੍ਰਸੰਸਾ ਦਾ ਸਬੱਬ ਨਹੀਂ ਬਣਦਾ।
ਪਿਛਲੇ ਕੁਝ ਅਰਸੇ ਤੋਂ ਅਸੀਂ ਤੱਕਿਆ ਕਿ ਹਾਕੀ ਨੂੰ ਸਾਡੇ ਖਿਡਾਰੀਆਂ ਨੇ ਇਕ ਸੱਭਿਅਕ ਖੇਡ ਰਹਿਣ ਨਹੀਂ ਦਿੱਤਾ। ਖਾਸ ਕਰਕੇ ਸਕੂਲ, ਕਾਲਜ, ਯੂਨੀਵਰਸਿਟੀ ਪੱਧਰੀ ਨਿਹਾਇਤ ਲੋਕਪ੍ਰਿਆ ਟੂਰਨਾਮੈਂਟ 'ਚ ਵੀ ਉਨ੍ਹਾਂ ਦੇ ਲੱਚਰ ਪ੍ਰਦਰਸ਼ਨ ਨੇ ਆਪਣੀਆਂ ਸਾਰੀਆਂ ਹੱਦਾਂ-ਬੰਨ੍ਹੀਆਂ ਤੋੜੀਆਂ ਹਨ। ਉਨ੍ਹਾਂ ਨੇ ਭਾਵੇਂ ਇਸ ਵਿਚ ਕੋਈ ਸ਼ਰਮ ਮਹਿਸੂਸ ਕੀਤੀ ਜਾਂ ਨਹੀਂ ਪਰ ਹਾਕੀ ਜ਼ਰੂਰ ਸ਼ਰਮਸਾਰ ਤੇ ਜ਼ਲੀਲ ਹੋਈ ਹੈ। ਅੰਪਾਇਰਾਂ ਵਲੋਂ ਹਰੇ, ਪੀਲੇ ਅਤੇ ਲਾਲ ਕਾਰਡਾਂ ਦਾ ਦਿਖਾਵਾ ਵਧਿਆ, ਜੋ ਹਾਕੀ ਲਈ ਸ਼ੁੱਭ ਸੰਕੇਤ ਨਹੀਂ।
ਅਸੀਂ ਜਿਸ ਦੌਰ ਵਿਚੋਂ ਗੁਜ਼ਰ ਰਹੇ ਹਾਂ, ਹਾਕੀ ਦੇ ਜ਼ਿਆਦਾ ਲੋਕਪ੍ਰਿਆ ਨਾ ਰਹਿਣ ਦਾ ਕਾਰਨ ਇਕ ਇਹ ਵੀ ਹੈ ਕਿ ਸਾਡੇ ਕੁਝ ਰਾਸ਼ਟਰੀ ਪੱਧਰ ਦੇ ਹੀ ਨਹੀਂ, ਬਲਕਿ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੇ ਵੀ ਮੈਦਾਨਾਂ 'ਚ ਉਹ ਹੁੱਲੜਬਾਜ਼ੀ ਦਾ ਮੁਜ਼ਾਹਰਾ ਕੀਤਾ ਹੈ, ਉਹ ਗਾਲੀ-ਗਲੋਚ ਦਾ ਪ੍ਰਦਰਸ਼ਨ ਕੀਤਾ, ਇਕ-ਦੂਜੇ ਨੂੰ ਜਾਣ-ਬੁੱਝ ਕੇ ਉਹ ਸੱਟਾਂ ਲਾਈਆਂ ਹਨ, ਜ਼ਖਮੀ ਕੀਤਾ ਹੈ, ਜਿਸ ਕਰਕੇ ਅਵਾਮ ਨੂੰ ਲੱਗਣ ਲੱਗ ਪਿਆ ਕਿ 'ਹਾਕੀ ਸਭ ਤੋਂ ਖ਼ਤਰਨਾਕ ਖੇਡ' ਅਤੇ ਹਾਕੀ ਖਿਡਾਰੀ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਅਨੁਸ਼ਾਸਨਹੀਣ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਦੇਸ਼ ਨੂੰ ਮਿਲੀ ਟੇਬਲ ਟੈਨਿਸ ਦੀ ਨਵੀਂ ਰਾਣੀ-ਮਣਿਕਾ ਬੱਤਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਣਿਕਾ ਦੀਆਂ ਹੋਰ ਸਫਲਤਾਵਾਂ ਵੀ ਕਾਬਲੇ ਤਾਰੀਫ ਹਨ :-2015 ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਤਿੰਨ ਤਗਮੇ ਜਿੱਤੇ, 2016 ਵਿਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਾ ਸਿੰਗਲ ਖਿਤਾਬ ਜਿੱਤਿਆ, 2016 ਦੇ ਦੱਖਣੀ ਏਸ਼ਿਆਈ ਖੇਡਾਂ ਵਿਚ ਤਿੰਨ ਸੋਨ ਤਗਮਿਆਂ ਨਾਲ ਚਾਰ ਤਗਮੇ ਜਿੱਤੇ, 2016 ਦੇ ਰੀਓ ਉਲੰਪਿਕ ਲਈ ਕੁਆਲੀਫਾਈ ਕੀਤਾ, ਉਹ ਉਸ ਔਰਤ ਟੀਮ ਦਾ ਹਿੱਸਾ ਸੀ, ਜਿਸ ਨੇ ਵਿਸ਼ਵ ਟੇਬਲ ਟੇਨਿਸ ਟੀਮ ਚੈਂਪੀਅਨਸ਼ਿਪ ਦਾ ਸੈਕਿੰਡ ਡਵੀਜ਼ਨ ਜਿੱਤ ਕੇ ਇਤਿਹਾਸ ਰਚਿਆ ਅਤੇ 2016 ਦੇ ਇਲੀਟ ਡਿਵੀਜ਼ਨ ਲਈ ਕੁਆਲੀਫਾਈ ਕੀਤਾ ਅਤੇ ਮੋਉਮਾ ਦਾਸ ਨਾਲ ਮਿਲ ਕੇ ਪਹਿਲੀ ਭਾਰਤੀ ਜੋੜੀ ਬਣੀ ਜੋ 2017 ਦੀ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿਚ ਪਹੁੰਚੀ।
ਹਾਲਾਂਕਿ ਜਦੋਂ ਮਣਿਕਾ ਟੇਬਲ 'ਤੇ ਹੁੰਦੀ ਹੈ ਤਾਂ ਇਕ ਨਿਡਰ ਤੇ ਜਾਂਬਾਜ਼ ਖਿਡਾਰੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਆਪਣੀ ਸਫਲਤਾ ਦਾ ਪ੍ਰਦਰਸ਼ਨ ਮੁੱਠੀ ਮੀਚ ਕੇ ਕਰਦੀ ਹੈ। ਪਰ ਜਦੋਂ ਤੁਸੀਂ ਉਨ੍ਹਾਂ ਨਾਲ ਗੱਲ ਕਰਨ ਲਈ ਬੈਠੋ ਤਾਂ ਉਹ ਸ਼ਬਦਾਂ ਨੂੰ ਲੱਭਦੇ ਹੋਏ ਬਹੁਤ ਹੀ ਹੌਲੀ-ਹੌਲੀ ਬੋਲਦੀ ਹੈ ਕਿ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਸਮਝਣ ਲਈ ਆਪਣੇ ਕੰਨਾਂ 'ਤੇ ਜ਼ੋਰ ਦੇਣਾ ਪੈਂਦਾ ਹੈ। ਗੋਲਡ ਕੋਸਟ ਵਿਚ ਭਾਰਤੀ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੀ ਮਣਿਕਾ ਸ਼ਰਮੀਲੀ ਅਤੇ ਨਰਮ ਸੁਭਾਅ ਦੀ ਮਾਲਕ ਹੈ। ਇਹ ਸੰਭਵ ਹੈ ਕਿ ਉਹ ਆਪਣੇ ਨਵੇਂ ਸਟਾਰਡਮ ਵਿਚ ਢਲਣ ਦੀ ਕੋਸ਼ਿਸ਼ ਕਰ ਰਹੀ ਹੋਵੇ, ਪਰ ਉਨ੍ਹਾਂ ਨੂੰ ਇਸ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਹ ਦੱਸਦੀ ਹੈ, 'ਮੈਂ ਸ਼ਰਮੀਲੀ ਜ਼ਰੂਰ ਹਾਂ ਪਰ ਸਟਾਰਡਮ ਨੂੰ ਇਨਜੁਆਏ ਕਰਦੀ ਹਾਂ। ਜ਼ਾਹਿਰ ਹੈ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਹਰ ਕੋਈ ਮੇਰਾ ਨਾਂਅ ਜਾਣਦਾ ਅਤੇ ਜਦੋਂ ਮੈਂ ਬਾਹਰ ਜਾਂਦੀ ਹਾਂ ਤਾਂ ਲੋਕ ਕਹਿੰਦੇ, ਓਹ! 'ਮਣਿਕਾ ਬੱਤਰਾ ਇਹ ਹੈ'। ਮੈਂ ਇਸ ਨੂੰ ਇਨਜੁਆਏ ਕਰਦੀ ਹਾਂ।'
ਪਰ ਜਦੋਂ ਮੈਂ ਏਅਰਪੋਰਟ ਤੋਂ ਬਾਹਰ ਨਿਕਲੀ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਏਨੇ ਸਾਰੇ ਲੋਕ, ਮੀਡੀਆ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੰਮੀ ਨੇ ਕੁਝ ਸੰਕੇਤ ਜ਼ਰੂਰ ਦਿੱਤੇ ਸਨ, ਪਰ ਏਨਾ ਵੱਡਾ ਸਵਾਗਤ ਹੋਵੇਗਾ ਇਸ ਦੀ ਆਸ ਨਹੀਂ ਸੀ। ਟੇਬਲ ਟੇਨਿਸ ਭਾਰਤ ਵਿਚ ਲੋਕਪ੍ਰਿਆ ਕਿੱਥੇ ਹੈ, ਪਰ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਮੈਂ ਯਕੀਨ ਕਰਨਾ ਚਾਹੁੰਦੀ ਹਾਂ ਕਿ ਟੇਬਲ ਟੇਨਿਸ ਵੀ ਦੇਸ਼ ਵਿਚ ਲੋਕਪ੍ਰਿਆ ਹੋ ਜਾਏ।' ਵਿਸ਼ਵ ਵਿਚ 58 ਰੈਂਕਿੰਗ ਦੀ ਖਿਡਾਰਨ ਮਣਿਕਾ ਪੱਛਮੀ ਦਿੱਲੀ ਦੇ ਨਰਾਇਣਾ ਵਿਹਾਰ ਵਿਚ ਰਹਿੰਦੀ ਹੈ। ਉਹ ਤਿੰਨ ਭਰਾ-ਭੈਣਾਂ ਵਿਚ ਸਭ ਤੋਂ ਛੋਟੀ ਹੈ। ਉਨ੍ਹਾਂ ਦੇ ਭਰਾ ਸਾਹਿਲ ਤੇ ਭੈਣ ਆਂਚਲ ਵੀ ਟੇਬਲ ਟੇਨਿਸ ਖੇਡਦੇ ਸਨ। ਆਂਚਲ ਨੇ ਤਾਂ ਕੌਮਾਂਤਰੀ ਪੱਧਰ 'ਤੇ ਟੇਬਲ ਟੇਨਿਸ ਖੇਡਿਆ ਹੈ। ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਮਣਿਕਾ ਵੀ ਪੰਜਾਬੀ ਬਾਗ ਦੀ ਸਟੈਗ ਹੰਸਰਾਜ ਮਾਡਲ ਸਕੂਲ ਅਕਾਦਮੀ ਵਿਚ ਜਾਣ ਲੱਗੀ, ਜਿਥੇ ਉਨ੍ਹਾਂ ਨੂੰ ਕੋਚ ਸੰਦੀਪ ਗੁਪਤਾ ਮਿਲੇ। ਗੁਪਤਾ ਨੇ ਮਣਿਕਾ ਦੀ ਪ੍ਰਤਿਭਾ ਤੇ ਤਾਕਤ ਨੂੰ ਪਰਖਿਆ ਅਤੇ ਉਸ ਵਿਚ ਨਿਖਾਰ ਲਿਆਉਣਾ ਤੈਅ ਕੀਤਾ। ਮਣਿਕਾ ਦੀ ਵੀ ਦਿਲਚਸਪੀ ਵਧੀ ਅਤੇ ਉਨ੍ਹਾਂ ਟੇਬਲ ਟੇਨਿਸ ਨੂੰ ਕੈਰੀਅਰ ਬਣਾਉਣ ਦਾ ਨਿਰਣਾ ਕੀਤਾ। ਉਹ ਦੱਸਦੀ ਹੈ, 'ਮੈਨੂੰ ਟੇਬਲ ਟੇਨਿਸ ਦੀ ਹਰ ਚੀਜ਼ ਪਸੰਦ ਹੈ, ਟੇਬਲ, ਰੈਕੇਟ, ਰਫ਼ਤਾਰ। ਯੂਥ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਮੈਂ ਟੇਬਲ ਟੇਨਿਸ ਨੂੰ ਕੈਰੀਅਰ ਬਣਾਉਣ ਲਈ ਗੰਭੀਰਤਾ ਨਾਲ ਸੋਚਣ ਲੱਗੀ। ਮੈਨੂੰ ਚੁਣੌਤੀਆਂ ਪਸੰਦ ਹਨ ਅਤੇ ਜਦੋਂ ਮੈਂ ਟੇਬਲ 'ਤੇ ਹੁੰਦੀ ਹਾਂ ਤਾਂ ਆਪਣੇ ਆਪ ਨੂੰ ਪੇਸ਼ ਕਰਦੀ ਹਾਂ।'
ਅਕਾਦਮੀ ਵਿਚ ਆਪਣੇ ਤੋਂ ਛੇ ਸਾਲ ਸੀਨੀਅਰ ਨੇਹਾ ਅਗਰਵਾਲ (2008 ਬੀਜਿੰਗ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ) ਦੇ ਨਾਲ ਮਣਿਕਾ ਪਿੰਪਲਡ ਰਬਰ (ਡਿਫੈਂਸ ਲਈ ਵਰਤੋਂ ਕੀਤੀ ਜਾਣ ਵਾਲੀ) ਤੋਂ ਅਭਿਆਸ ਕਰਦੀ ਹੈ ਅਤੇ ਬੈਟ ਨੂੰ ਫਲਿਪ ਕਰਨ ਦੀ ਕਲਾ ਵੀ ਸਿੱਖਦੀ ਹੈ ਜਿਸ ਨਾਲ ਮੁਕਾਬਲੇਬਾਜ਼ ਨੂੰ ਸ਼ਸ਼ੋਪੰਜ ਵਿਚ ਪਾਉਣ ਲਈ ਜਵਾਬੀ ਹਮਲਾ ਕੀਤਾ ਜਾਂਦਾ ਹੈ। ਗੋਲਡ ਕੋਸਟ ਵਿਚ ਸਿੰਗਾਪੁਰ ਦੀ ਫੇਂਗ ਨੂੰ ਚੱਕਰ ਵਿਚ ਪਾਉਣ ਲਈ ਇਹ ਮਾਸਟਰ ਸਟ੍ਰੋਕ ਸਾਬਤ ਹੋਇਆ। ਧਿਆਨ ਰਹੇ ਕਿ ਟੇਬਲ ਟੇਨਿਸ ਬੈਟ ਦੀਆਂ ਦੋ ਸਾਈਡ ਹੁੰਦੀਆਂ ਹਨ-ਇਕ, ਪਿੰਪਲਡ ਤੇ ਦੂਜੀ ਨਾਰਮਲ। ਇਕ ਦੀ ਵਰਤੋਂ ਡਿਫੈਂਸ ਲਈ ਕੀਤੀ ਜਾਂਦੀ ਹੈ ਅਤੇ ਦੂਜੀ ਦਾ ਅਟੈਕ ਲਈ। ਇਸ ਨੂੰ ਅਦਲ-ਬਦਲ ਕੇ ਖੇਡਣ ਨਾਲ ਮੁਕਾਬਲੇਬਾਜ਼ ਪ੍ਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਕੌਮਾਂਤਰੀ ਖਿਡਾਰੀ ਇਸ ਤਕਨੀਕ ਦੀ ਵਰਤੋਂ ਨਹੀਂ ਕਰਦੇ ਹਨ। ਮਣਿਕਾ ਇਸ ਤਕਨੀਕ ਦੀ ਪ੍ਰੈਕਟਿਸ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਰ ਰਹੀ ਹੈ। (ਸਮਾਪਤ)

ਆਇਰਨ ਮੈਨ ਵਜੋਂ ਜਾਣਿਆ ਜਾਂਦਾ ਹੈ ਮਾਣਮੱਤਾ ਖਿਡਾਰੀ ਅਮਿਤ ਸਰੋਆ

ਦੇਸ਼ ਦੇ ਆਇਰਨ ਮੈਨ ਵਜੋਂ ਜਾਣਿਆ ਜਾਂਦਾ ਹੈ ਮਾਣ-ਮੱਤਾ ਖਿਡਾਰੀ ਅਮਿਤ ਸਰੋਆ, ਜਿਸ ਨੇ ਦੇਸ਼ ਲਈ ਖੇਡਦਿਆਂ ਐਨੇ ਕੁ ਕੀਰਤੀਮਾਨ ਸਥਾਪਤ ਕੀਤੇ ਕਿ ਉਹ ਕੀਰਤੀਮਾਨ ਅਜੇ ਵੀ ਅਮਿਤ ਸਰੋਆ ਦੇ ਨਾਂਅ ਬੋਲਦੇ ਹਨ ਅਤੇ ਅਮਿਤ ਸਰੋਆ ਦਾ ਨਾਂਅ ਅੰਤਰਰਾਸ਼ਟਰੀ ਖਿਡਾਰੀਆਂ ਦੀ ਪਹਿਲੀ ਸੂਚੀ ਵਿਚ ਆਉਂਦਾ ਹੈ ਅਤੇ ਵਿਸ਼ਵ ਪੱਧਰੀ ਖਿਤਾਬ ਵੀ ਉਸ ਦੇ ਨਾਂਅ ਬੋਲਦੇ ਹਨ। ਅਮਿਤ ਸਰੋਆ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸੋਨੀਪਤ ਦੇ ਇਕ ਛੋਟੇ ਜਿਹੇ ਪਿੰਡ ਬਾਈਆਂਪੁਰ ਵਿਖੇ 20 ਅਕਤੂਬਰ, 1985 ਨੂੰ ਪਿਤਾ ਸਵਰਗੀ ਬਲਬੀਰ ਸਿੰਘ ਦੇ ਘਰ ਮਾਤਾ ਦਰਸ਼ਨਾ ਦੇਵੀ ਦੀ ਕੁੱਖੋਂ ਹੋਇਆ। ਅਮਿਤ ਸਰੋਆ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਂਕ ਸੀ ਅਤੇ ਸਕੂਲ ਪੜ੍ਹਦਿਆਂ ਹੀ ਉਸ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਉਹ ਨੈਸ਼ਨਲ ਲੈਵਲ ਦਾ ਹਾਕੀ ਦਾ ਸਟਾਰ ਖਿਡਾਰੀ ਸੀ ਪਰ ਉਸ ਵਕਤ ਉਸ ਦੀ ਜ਼ਿੰਦਗੀ ਦਾ ਇਹ ਸਫ਼ਰ ਰੁਕ ਗਿਆ, ਜਦੋਂ ਉਹ ਭਰ ਜੁਆਨ 22 ਵਰ੍ਹਿਆਂ ਦਾ ਸੀ ਕਿ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਇਸ ਹੋਏ ਖ਼ਤਰਨਾਕ ਹਾਦਸੇ ਨੇ ਅਮਿਤ ਸਰੋਆ ਨੂੰ ਅਜਿਹੀ ਸੱਟ ਮਾਰੀ ਕਿ ਉਹ ਮੁੜ ਤੋਂ ਹਾਕੀ ਖੇਡਣ ਦੇ ਕਾਬਲ ਨਹੀਂ ਰਿਹਾ, ਕਿਉਂਕਿ ਹਾਦਸੇ ਤੋਂ ਬਾਅਦ ਉਹ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਿਆ ਅਤੇ ਹੁਣ ਉਹ ਸਾਰੀ ਜ਼ਿੰਦਗੀ ਲਈ ਵੀਲਚੇਅਰ 'ਤੇ ਜ਼ਿੰਦਗੀ ਜਿਊਣ ਲਈ ਮਜਬੂਰ ਸੀ।
ਅਮਿਤ ਦਾ ਖੇਡ ਮਨ ਵਲਵਲੇ ਲੈਂਦਾ ਅਤੇ ਕਦੇ-ਕਦੇ ਉਹ ਵੀਲਚੇਅਰ 'ਤੇ ਬੈਠਾ-ਬੈਠਾ ਸੋਚਦਾ ਕਿ ਜ਼ਿੰਦਗੀ ਦਗਾ ਦੇ ਗਈ ਅਤੇ ਉਸ ਦੀਆਂ ਅੱਖਾਂ ਭਰ ਆਉਂਦੀਆਂ। ਇਕ ਵਾਰ ਵਿਦੇਸ਼ ਤੋਂ ਵੀਲਚੇਅਰ 'ਤੇ ਖੇਡਣ ਵਾਲਾ ਪ੍ਰਸਿੱਧ ਖਿਡਾਰੀ ਜੋਨਥਨ ਸਿਗਵੱਰਥ ਭਾਰਤੀ ਵੀਲਚੇਅਰ 'ਤੇ ਖੇਡਣ ਵਾਲੇ ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਆਇਆ ਤਾਂ ਅਮਿਤ ਸਰੋਆ ਦੀ ਉਸ ਨਾਲ ਮੁਲਾਕਾਤ ਹੋਈ। ਉਸ ਨੇ ਅਮਿਤ ਵਿਚ ਖੇਡਣ ਦੀ ਐਨੀ ਪ੍ਰਬਲ ਇੱਛਾ ਵੇਖੀ ਕਿ ਉਸ ਨੇ ਅਮਿਤ ਸਰੋਆ ਨੂੰ ਵੀਲਚੇਅਰ 'ਤੇ ਹੀ ਬੈਠ ਕੇ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਅਮਿਤ ਸਰੋਆ ਜੋਨਥਨ ਤੋਂ ਐਨਾ ਉਤਸ਼ਾਹਿਤ ਹੋਇਆ ਕਿ ਉਸ ਦੇ ਹੌਸਲੇ ਇਕ ਵਾਰ ਫਿਰ ਤੋਂ ਜੁਆਨ ਹੋ ਗਏ ਅਤੇ ਉਸ ਨੇ ਆਪਣੀ ਵੀਲਚੇਅਰ ਖੇਡ ਦੇ ਮੈਦਾਨ ਵਿਚ ਅਜਿਹੀ ਉਤਾਰੀ ਕਿ ਅੱਜ ਅਮਿਤ ਸਰੋਆ ਦਾ ਨਾਂਅ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਤਾਰੇ ਵਾਂਗ ਚਮਕਦਾ ਹੈ। ਸਾਲ 2010 ਵਿਚ ਉਸ ਨੇ ਚੀਨ ਦੇ ਸ਼ਹਿਰ ਗੰਗਜੂ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ, ਜਿੱਥੇ ਅਮਿਤ ਸਰੋਆ ਨੇ ਡਿਸਕਸ ਥਰੋ ਵਿਚ ਚਾਂਦੀ ਦਾ ਤਗਮਾ ਲੈ ਕੇ ਭਾਰਤ ਦਾ ਨਾਂਅ ਉੱਚਾ ਕੀਤਾ ਅਤੇ ਉਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਕੁਲ 14 ਤਗਮੇ ਜਿੱਤੇ ਸਨ, ਜਿਨ੍ਹਾਂ ਵਿਚ ਅਮਿਤ ਸਰੋਆ ਵੀ ਸ਼ਾਮਿਲ ਸੀ ਅਤੇ ਇਸ ਤੋਂ ਦੋ ਸਾਲ ਬਾਅਦ ਹੀ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਹੋਈ ਪੈਰਾ ਉਲੰਪਿਕ ਵਿਚ ਅਮਿਤ ਸਰੋਆ ਨੇ ਦੇਸ਼ ਲਈ ਖੇਡਦਿਆਂ ਦੋ ਸੋਨ ਤਗਮੇ ਆਪਣੇ ਨਾਂਅ ਹੀ ਨਹੀਂ ਕੀਤੇ, ਏਸ਼ੀਅਨ ਰਿਕਾਰਡ ਤੋੜ ਕੇ ਪੂਰੇ ਵਿਸ਼ਵ ਵਿਚ ਆਪਣਾ ਤੀਸਰਾ ਰੈਂਕ ਹਾਸਲ ਕਰਨ ਵਿਚ ਵੱਡੀ ਜਿੱਤ ਹਾਸਲ ਕੀਤੀ।
ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਹੋਈ ਸਾਲ 2012 ਵਿਚ ਪੈਰਾ ਉਲੰਪਿਕ ਵਿਚ ਅਮਿਤ ਸਰੋਆ ਭਾਰਤ ਦਾ ਉਹ ਪਹਿਲਾ ਇਕੋ-ਇਕ ਖਿਡਾਰੀ ਸੀ, ਜਿਹੜਾ ਦੋਵੇਂ ਲੱਤਾਂ ਤੋਂ ਅਪਾਹਜ ਹੋ ਕੇ ਭਾਰਤ ਦੀ ਪ੍ਰਤੀਨਿਧਤਾ ਕਰ ਰਿਹਾ ਸੀ ਅਤੇ ਉਥੇ ਉਸ ਨੇ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਮੁੱਚੇ ਭਾਰਤ ਦਾ ਨਾਂਅ ਪੂਰੇ ਸੰਸਾਰ ਵਿਚ ਚਮਕਾਇਆ। ਸਾਲ 2014 ਕੋਰੀਆ ਵਿਖੇ ਹੋਈਆਂ ਪੈਰਾ ਖੇਡਾਂ ਵਿਚ ਅਮਿਤ ਸਰੋਆ ਨੇ ਡਿਸਕਸ ਥਰੋਅ ਅਤੇ ਕਲੱਬ ਥਰੋ ਵਿਚ ਦੋ ਤਗਮੇ ਭਾਰਤ ਦੀ ਝੋਲੀ ਪਾਏ। ਸਾਲ 2015 ਵਿਚ ਹੀ ਦੋਹਾ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਅਤੇ ਕੋਰੀਆ ਵਿਚ ਹੋਈਆਂ ਪੈਰਾ ਖੇਡਾਂ ਵਿਚ ਵੀ ਤਗਮੇ ਹੀ ਆਪਣੇ ਨਾਂਅ ਨਹੀਂ ਕੀਤੇ, ਸਗੋਂ ਉਥੇ ਵੀ ਉਸ ਨੇ ਖੇਡਦਿਆਂ ਏਸ਼ੀਅਨ ਰਿਕਾਰਡ ਬਣਾਇਆ। ਸ਼ਾਰਜਾਹ ਦੁਬਈ ਵਿਖੇ ਵੀ ਉਹ ਅਥਲੈਟਿਕ ਵਿਚ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਬਣਿਆ। ਸਾਲ 2016 ਵਿਚ ਰੀਓ ਬ੍ਰਾਜ਼ੀਲ ਵਿਚ ਵੀ ਉਸ ਨੇ ਖੇਡਦਿਆਂ ਭਾਰਤ ਨੂੰ ਤਗਮੇ ਨਾਲ ਨਿਵਾਜਿਆ।
ਅਮਿਤ ਸਰੋਆ ਦਾ ਇਹ ਸਫ਼ਰ ਨਿਰੰਤਰ ਤੌਰ 'ਤੇ ਜਾਰੀ ਹੈ ਅਤੇ ਉਸ ਨੇ ਹੁਣ ਤੱਕ 21 ਤਗਮੇ ਅੰਤਰਰਾਸ਼ਟਰੀ ਅਤੇ 17 ਰਾਸ਼ਟਰੀ ਤਗਮੇ ਆਪਣੇ ਨਾਂਅ ਕੀਤੇ ਹਨ। ਅਮਿਤ ਸਰੋਆ ਦੀਆਂ ਪ੍ਰਾਪਤੀਆਂ ਉੱਪਰ ਮਾਣ ਕਰਦੇ ਹੋਏ ਭਾਰਤ ਸਰਕਾਰ ਉਸ ਨੂੰ ਬਹੁਤ ਹੀ ਵਕਾਰੀ ਪੁਰਸਕਾਰ ਅਰਜਨ ਐਵਾਰਡ ਨਾਲ ਸਨਮਾਨਿਤ ਕਰ ਚੁੱਕੀ ਹੈ ਅਤੇ ਹਰਿਆਣਾ ਸਰਕਾਰ ਸਟੇਟ ਪੁਰਸਕਾਰ ਨਾਲ। ਅਮਿਤ ਸਰੋਆ ਅੱਜਕਲ੍ਹ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਬਤੌਰ ਕੋਚ ਸਪੈਸ਼ਲ ਤੌਰ 'ਤੇ ਪੈਰਾ ਖਿਡਾਰੀਆਂ ਨੂੰ ਤਰਾਸ਼ ਰਿਹਾ ਹੈ ਅਤੇ ਉਸ ਨੇ ਆਪਣੀ ਰਹਿਨੁਮਾਈ ਹੇਠ ਬਹੁਤ ਹੀ ਉੱਚ-ਕੋਟੀ ਦੇ ਖਿਡਾਰੀ ਪੈਦਾ ਕੀਤੇ ਹਨ ਅਤੇ ਕਰ ਰਹੇ ਹਨ। ਇਥੇ ਹੀ ਬਸ ਨਹੀਂ, ਇਹ ਮਾਣ ਵੀ ਅਮਿਤ ਸਰੋਆ ਨੂੰ ਹੀ ਜਾਂਦਾ ਹੈ ਕਿ ਉਸ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਜੋ ਵੀ ਤਨਖਾਹ ਮਿਲਦੀ ਹੈ, ਉਸ ਨੂੰ ਉਹ ਪੈਰਾ ਖਿਡਾਰੀਆਂ ਉੱਪਰ ਹੀ ਖਰਚ ਕਰਦੇ ਹਨ। ਇਸ ਦੇ ਨਾਲ ਹੀ ਉਹ ਹੋਰ ਵੀ ਪੈਰਾ ਖਿਡਾਰੀਆਂ ਨੂੰ ਲਗਾਤਾਰ ਉਤਸ਼ਾਹਿਤ ਕਰਦੇ ਰਹਿੰਦੇ ਹਨ ਅਤੇ ਦੇਸ਼ ਭਰ ਵਿਚ ਹੀ ਉਸ ਨੂੰ ਇਕ ਚੰਗੇ ਸਪੋਕਸਮੈਨ ਵਜੋਂ ਜਾਣਿਆ ਜਾਂਦਾ ਹੈ ਅਤੇ ਅਕਸਰ ਹੀ ਉਹ ਦੇਸ਼ ਦੇ ਵੱਡੇ ਸਮਾਗਮਾਂ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੁੰਦੇ ਹਨ। ਅਮਿਤ ਸਰੋਆ 'ਤੇ ਦੇਸ਼ ਡਾਹਢਾ ਮਾਣ ਕਰਦਾ ਹੈ।


-ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX