ਤਾਜਾ ਖ਼ਬਰਾਂ


99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  19 minutes ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  48 minutes ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 1 hour ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 1 hour ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  about 2 hours ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  about 2 hours ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਹੁਣ ਖਿੰਡ ਗਏ ਸਾਰੇ ਰੰਗ ਵੇ

ਕਈ ਰੰਗਾਂ ਦਾ ਝਲਕਾਰਾ, ਪਾਣੀਆਂ, ਫ਼ਿਜ਼ਾਵਾਂ, ਹਵਾਵਾਂ, ਫਸਲਾਂ, ਧਰਮਾਂ, ਰਿਵਾਜਾਂ ਨਾਲ ਗੁੰਦੇ ਪੰਜਾਬ ਦੇ ਸੱਭਿਆਚਾਰ ਦੀ ਆਪਣੀ ਨਿਵੇਕਲੀ ਪਛਾਣ ਹੈ | ਇਨ੍ਹਾਂ ਰੰਗਾਂ, ਮਹਿਕਾਂ 'ਚ ਵੱਸਦੇ, ਗੁਜ਼ਰਦੇ ਕਈ ਪਲ਼ ਅੱਜ ਜ਼ਿਹਨ 'ਚ ਘੁੰਮ ਰਹੇ ਤੇ ਸੋਚਿਆ ਹਰਫ਼ਾਂ 'ਚ ਪਰੋ ਦੇਵਾਂ-
ਮੁੰਡੇ ਜਾਂ ਕੁੜੀ ਦੇ ਵਿਆਹ ਤੋਂ ਪਹਿਲਾਂ ਬਿਠਾਏ ਜਾਂਦੇ ਗਾਉਣ ਵਿਚ, ਜਿਸ ਨੂੰ ਅੱਜ ਬਦਲਦੇ ਜ਼ਮਾਨੇ ਵਿਚ ਅਸੀਂ 'ਲੇਡੀ ਸੰਗੀਤ' ਨਾਲ ਨਿਵਾਜਦੇ ਹਾਂ- ਉਦੋਂ ਬਿਨਾਂ ਕਿਸੇ ਉਚੇਚ ਅਤੇ ਤਿਆਰੀ ਤੋਂ ਘਰ ਵਿਚ ਜ਼ਮੀਨ 'ਤੇ ਆਮ ਚਾਦਰਾਂ 'ਤੇ ਬੈਠ ਕੇ ਕੁੜੀਆਂ, ਬੁੱਢੀਆਂ, ਜਵਾਨ ਔਰਤਾਂ ਦਾ ਮਿਲ ਬੈਠ ਕੇ ਗਾਉਣਾ, ਮਾਹੌਲ ਨੂੰ ਅਜਿਹੀ ਰੰਗਤ ਦੇ ਜਾਂਦਾ ਕਿ ਘਰ ਭਾਗਾਂ ਭਰਿਆ ਲਗਦਾ, ਗਿੱਧੇ ਦੀ ਤਾੜੀ, ਪਿੰਡ ਦੀ ਖਾਮੋਸ਼ੀ ਵਿਚ ਸਾਫ਼ ਸੁਣਦੀ, ਉਹ ਜੋਸ਼, ਤਾੜੀ ਅੱਜ ਕਿਤੇ ਵੀ ਨਹੀਂ ਦਿੱਸਦੀ, ਲੇਡੀ ਸੰਗੀਤ ਦੀ ਸਜ-ਧਜ ਅਤੇ ਕੱਪੜਿਆਂ ਦੀ ਫੱਬ 'ਤੇ ਸ਼ਾਇਦ ਸਾਰਾ ਜ਼ੋਰ ਲੱਗ ਜਾਂਦਾ, ਤਾੜੀਆਂ ਅਤੇ ਆਵਾਜ਼ ਵਿਚ ਜਿਵੇਂ ਬਨਾਵਟ ਰਲ ਗਈ ਹੋਵੇ, ਆਪ ਮੁਹਾਰੇ ਉਮੜਦੇ ਚਾਅ ਖੁੰਢੇ ਹੋ ਗਏ ਜਾਪਦੇ ਹਨ |
ਵਿਆਹਾਂ ਵਿਚ ਗਾਉਣ ਸਮੇਂ, ਪਿੰਡ ਵਿਚ ਸੁਣੇ ਗੀਤ ਜੋ ਬਿਨਾਂ ਕਿਸੇ ਬਨਾਵਟੀਪਨ ਅਤੇ ਰਲੇ ਤੋਂ ਸੁੱਚੇ ਅਹਿਸਾਸਾਂ ਨਾਲ ਗੁੰਦੀ ਆਵਾਜ਼ ਵਿਚ ਹੁੰਦੇ ਕਿ
'ਸੱਸ ਤੋਂ ਨਾ ਪੁੱਛਿਆ,
ਨਣਾਨ ਤੋਂ ਨਾ ਪੁੱਛਿਆ,
ਵੰਗਾਂ ਤੇ ਮੈਂ ਲਈਆਂ ਈ ਚੜ੍ਹਾ'
ਵਣਜਾਰੇ ਨਾਲ ਸਬੰਧਿਤ ਕਈ ਲੋਕ ਗੀਤ ਸਾਡੇ ਵਿਰਸੇ ਦਾ ਸ਼ਿੰਗਾਰ ਬਣੇ, ਵਣਜ ਭਾਵ ਵਪਾਰ ਕਰਨ ਵਾਲਾ ਵਣਜਾਰੇ ਦਾ ਅਕਸ ਜੋ ਬਚਪਨ ਵਿਚ ਵੇਖਿਆ ਤੇ ਸੁਣਿਆ 'ਚੂੜੀਆਂ, ਛੱਲੇ ਮੁੰਦੀਆਂ ਵੇਚਣ ਵਾਲਾ, ਪਿੰਡੋ-ਪਿੰਡ ਤੁਰਿਆ ਫਿਰਨ ਵਾਲਾ, ਇਹ ਛੋਟਾ ਜਿਹਾ ਵਪਾਰੀ ਜਿਸ ਦੀ ਆਵਾਜ਼ ਅੱਜ ਵੀ ਕੰਨਾਂ ਵਿਚ ਗੂੰਜਦੀ ਹੈ- ਚੂੜੀਆਂ ਚੜ੍ਹਾ ਲਓ, ਵੰਗਾਂ ਚੜ੍ਹਾ ਲਓ, ਰੰਗ ਬਿਰੰਗੀਆਂ, ਹਰੀਆਂ, ਪੀਲੀਆਂ, ਵੰਗਾਂ ਚੜਾ ਲਓ, ਕੋਕੇ ਲੈ ਲਓ ਆਦਿ |
ਅੱਜ ਵੀ ਉਸਦੀ ਤਸਵੀਰ ਅੱਖਾਂ ਅੱਗੇ ਸਾਫ਼ ਹੈ | 20-22 ਸਾਲ ਦਾ ਮੁੰਡਾ, ਵਧੀਆ ਪੱਗ ਬੰਨ੍ਹੀ, ਸਾਈਕਲ 'ਤੇ ਇਕ ਛੋਟੀ ਜਿਹੀ ਸੰਦੂਕੜੀ ਰੱਖੀ ਹੁੰਦੀ, ਜਿਸ ਦਾ ਉਪਰਲਾ ਹਿੱਸਾ ਸ਼ੀਸ਼ੇ ਦਾ ਬਣਿਆ ਹੁੰਦਾ ਸੀ, ਉਹਦੇ ਵਿਚ ਰੱਖੇ ਕੋਕੇ, ਵਾਲੀਆਂ ਤੇ ਛਾਪਾਂ ਛੱਲੇ ਨਜ਼ਰ ਆਉਂਦੇ |
ਚੂੜੀਆਂ ਹੋਰ ਝੋਲੇ ਵਿਚ ਬੰਨ੍ਹ ਕੇ ਰੱਖੀਆਂ ਹੁੰਦੀਆਂ | ਉਹਦੀ ਆਵਾਜ਼ 'ਤੇ ਕਈ ਕੁੜੀਆਂ ਬਾਹਰ ਨਿਕਲ ਆਉਂਦੀਆਂ ਅਤੇ ਇਕ ਸਾਂਝੀ ਜਿਹੀ ਥਾਂ 'ਤੇ ਹੋਰ ਕੰਮ ਕਾਰ ਛੱਡ ਕੇ ਉਹਦੇ ਦੁਆਲੇ ਬੈਠ ਜਾਂਦੀਆਂ | ਉਹਦੇ ਆਉਣ ਦਾ ਵੇਲਾ ਵੀ ਉਹੋ ਸੀ, ਜਦੋਂ ਉਹ ਕੰਮ-ਕਾਰ ਨਿਬੇੜ ਲੈਂਦੀਆਂ, ਮਹੀਨੇ ਵਿਚ ਦੋ ਵਾਰ ਉਹਦਾ ਗੇੜਾ ਲਗਦਾ | ਵਣਜਾਰੇ ਨਾਲ ਸਬੰਧਿਤ ਇਕ ਬੋਲੀ ਯਾਦ ਆ ਰਹੀ ਏ-
ਆ ਗਿਆ ਵਣਜਾਰਾ ਨੀ,
ਚੜ੍ਹਾਉਣੀਆਂ ਨੇ ਚੂੜੀਆਂ |

-0-

ਵੇਖ ਉਹਦੇ ਕੋਲ ਕਿਵੇਂ ਜੁੜੀਆਂ ਨੇ ਕੁੜੀਆਂ
ਮੈਂ ਵੀ ਉਹਦੇ ਕੋਲੋਂ ਲੈਣਾ ਛੱਲਾ ਭਾਬੀਏ,
ਨੀ ਜਦੋਂ ਹੋਊ ਵਣਜਾਰਾ 'ਕੱਲਾ ਭਾਬੀਏ-
ਅਜਿਹੇ ਬੋਲ ਵਣਜਾਰੇ ਨੂੰ ਹੋਰ ਵੀ ਖਾਸ ਬਣਾ ਦੇਂਦੇ, ਸੱਚੀ ਮੁੱਚੀ ਤੇ ਅਣਭੋਲ ਮੁਹੱਬਤ ਦੇ ਭਾਵਾਂ ਦੀ ਤਰਜਮਾਨੀ ਕਰਦੇ, ਅੱਜ ਮੁਹੱਬਤ ਦੇ ਮਾਪਦੰਡ ਵੀ ਬਦਲ ਗਏ ਨੇ ਤੇ ਪਰਿਭਾਸ਼ਾ ਵੀ | ਉਸ ਵਕਤ ਨਾ ਉਨ੍ਹਾਂ ਭਾਵਨਾਵਾਂ ਦੀ ਸਮਝ ਸੀ, ਪਰ ਮਨ ਦੇ ਚੇਤਿਆਂ ਵਿਚ ਸੁਰੱਖਿਅਤ ਏ ਉਹ ਸੱਚੇ, ਕੋਮਲ ਭਾਵ ਅੱਜ ਵੀ ਉਸੇ ਤਰ੍ਹਾਂ ਨਿਖਰੇ ਤੇ ਤਾਜ਼ੇ ਹਨ ਪਰ ਵਣਜਾਰਾ ਕਿਤੇ ਨਹੀਂ, ਤੇ ਨਾ ਹੀ ਚੂੜੀਆਂ ਚੜ੍ਹਾਉਣ ਵਾਲੀਆਂ ਕਿਤੇ | ਉਹਦੇ ਵਣਜ ਨੂੰ ਦੇਸ਼ ਦੀ ਤਰੱਕੀ ਨੇ ਨਵਾਂ ਰੂਪ ਦੇ ਦਿੱਤਾ, ਬਦਲਾਵ ਕੁਦਰਤੀ ਹੈ |
ਪੇਂਡੂ ਸੱਭਿਆਚਾਰ ਦੀਆਂ ਫਿਜ਼ਾਵਾਂ 'ਚ ਕਈ ਰੰਗ ਘੁਲੇ ਹਨ ਤੇ ਘਰੋ-ਘਰੀ ਸੂਈਆਂ ਵੇਚਣ ਵਾਲੀਆਂ ਬਾਜ਼ੀਗਰਨੀਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ | ਲਾਗਲੇ ਪਿੰਡ ਤੋਂ 2-3 ਔਰਤਾਂ, ਜਿਨ੍ਹਾਂ ਦੇ ਨੱਕ ਕੰਨ ਵਿੰਨੇ ਹੁੰਦੇ, ਰੰਗ ਸਾਂਵਲੇ ਚਮਕਦਾਰ, ਸਾਧਾਰਨ ਸੂਟਾਂ ਵਿਚ ਸਿਰ 'ਤੇ ਚੁੰਨੀ ਦੀ ਬੁੱਕਲ ਤੇ ਮੋਢੇ 'ਤੇ ਲੱਠੇ ਦੇ ਕੱਪੜੇ ਦੀ ਵੱਡੀ ਸਾਰੀ ਗੁਥਲੀ ਲਟਕਾਈ ਹੁੰਦੀ, ਜਿਸ ਵਿਚ ਕਈ ਘਰਾਂ ਤੋਂ 'ਕੱਠਾ ਕੀਤਾ ਆਟਾ ਹੁੰਦਾ | ਉਹ ਘਰ ਦੀਆਂ ਔਰਤਾਂ ਨੂੰ ਸੂਈਆਂ, ਧਾਗੇ, ਫਿਰਕੀ 'ਤੇ ਹੋਰ ਵਰਤੋਂ ਦੀਆਂ ਨਿੱਕੀਆਂ ਚੀਜ਼ਾਂ ਦਿੰਦੀਆਂ ਤੇ ਨਾਲ ਘੋੜੀਆਂ ਸੁਣਾਉਂਦੀਆਂ, ਚਾਹ ਪਾਣੀ ਪੀਂਦੀਆਂ, ਅੰਨ-ਪਾਣੀ ਛਕ ਕੇ ਦੁਆਵਾਂ ਦੇਂਦੀਆਂ ਜਾਂਦੀਆਂ, ਉਨ੍ਹਾਂ ਦੇ ਆਉਣ ਦਾ ਇਕ ਚਾਅ ਜਿਹਾ ਚੜ੍ਹ ਜਾਂਦਾ, ਮੈਨੂੰ ਅੱਜ ਵੀ ਯਾਦ ਹੈ ਟਾਹਲੀ ਦੀ ਛਾਵੇਂ ਦੋ ਜਣੀਆਂ ਗਾਉਂਦੀਆਂ- ਲਟਕੇਂਦੇ ਵਾਲ ਸੋਨੇ ਦੇ, ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜੋਨੀ ਆਂ... ਉਨ੍ਹਾਂ ਦੀ ਆਵਾਜ਼ ਵਿਚਲੀ ਲਰਜ਼ ਤੇ ਤਰਜ਼ ਸੁਣ ਕੇ ਭਾਵੁਕ ਹੋ ਕੇ, ਮੇਰੇ ਲੂ-ਕੰਡੇ ਖੜ੍ਹੇ ਹੋ ਜਾਂਦੇ ਸਨ |
ਜੇ ਕਿਸੇ ਦੇ ਘਰੇ ਮੁੰਡਾ ਜੰਮਿਆ ਹੁੰਦਾ ਤਾਂ ਉਸ ਨੂੰ ਕਾਲੀ ਤੜਾਗੀ, ਜਿਸ ਵਿਚ ਰੰਗ-ਬਿਰੰਗੇ ਮਣਕੇ ਪਰੋਏ ਹੁੰਦੇ, ਜ਼ਰੂਰ ਪਹਿਨਾਉਂਦੀਆਂ ਜਾਂ ਨੂੰ ਹ ਨੂੰ ਅਸੀਸ ਦਿੰਦੀਆਂ, 'ਰੱਬ ਪੋਤਾ ਦੇਵੇ, ਮੈਂ ਤੜਾਗੀ ਲੈ ਕੇ ਆਉਂਗੀ' | ਪਰ ਹੁਣ ਕਦੇ ਵੀ ਮੈਂ ਬਾਜ਼ੀਗਰਨੀਆਂ ਨਹੀਂ ਵੇਖੀਆਂ ਕਿਉਂਕਿ ਬਦਲਦੇ ਜ਼ਮਾਨੇ ਨਾਲ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਕੰਮ ਧੰਦੇ ਤੇ ਸੋਚਾਂ ਸਭ ਬਦਲ ਗਏ ਹੋਣਗੇ |
ਪਿੰਡ ਵਿਚ ਵਿਆਹ ਵਾਲੇ ਘਰ ਦਾ ਹਰ ਸੱਦਾ ਪਿੰਡ ਵਾਸੀਆਂ ਨੂੰ ਪਹੁੰਚਾਉਣ ਵਾਲੀ ਲਾਗਣ ਦਾ ਵੱਖਰਾ ਹੀ ਟੌਹਰ ਹੁੰਦਾ | ਉਹਦਾ ਆਉਣਾ ਜਿਵੇਂ ਸ਼ੁੱਭ ਮੰਨਿਆ ਜਾਂਦਾ ਹੋਵੇ | ਕੋਈ ਸੁਲੱਖਣੀ ਖਬਰ ਲੈ ਕੇ ਆਉਣਾ ਤੇ ਮੁਸਕਰਾਉਂਦੇ ਚਿਹਰਿਆਂ ਨਾਲ ਉਹਨੂੰ ਜੀ ਆਇਆਂ ਆਖਣਾ |
ਵਿਆਹ ਵਾਲੇ ਘਰ ਕਈ ਲਾਗੀ ਕੰਮ ਕਰਦੇ ਹੁੰਦੇ, ਕੋਈ ਸੱਦਾ ਦੇਣ ਲਈ, ਕੋਈ ਮੰਜੇ ਬਿਸਤਰੇ 'ਕੱਠੇ ਕਰਨ ਲਈ, ਕੋਈ ਭਾਂਡਿਆਂ ਨੂੰ ਵੇਖਣ ਵਾਲੀ-ਇਨ੍ਹਾਂ ਦਾ ਵਿਹੜੇ ਵਿਚ ਫਿਰਨਾ ਤੇ ਹਰ ਕੰਮ ਵਿਚ ਭਾਗੀਦਾਰ ਹੋਣਾ ਜਿਵੇਂ ਸੁੱਖਾਂ, ਸ਼ਗਨਾਂ ਦਾ ਸੂਚਕ ਹੋਵੇ | ਵਿਆਹ ਦੇ ਕਾਰਜ ਸਿਰੇ ਚਾੜਨ ਮਗਰੋਂ, ਕੱਪੜੇ, ਖਾਣ-ਪੀਣ ਤੇ ਹੋਰ ਨਿੱਕ-ਸੁੱਕ ਦੇ ਕੇ ਉਨ੍ਹਾਂ ਨੂੰ ਵਿਦਾ ਕਰਨਾ ਅਤੇ ਜੋ ਤਸੱਲੀ ਉਨ੍ਹਾਂ ਦੇ ਚਿਹਰਿਆਂ 'ਤੇ ਹੁੰਦੀ ਅਤੇ ਬਦਲੇ 'ਚ ਢੇਰ ਅਸੀਸਾਂ ਦੇ- 'ਭਲਾ ਹੋਵੇ ਜਜਮਾਨਣੀ, ਹਵੇਲੀਆਂ ਭਰੀਆਂ ਰਹਿਣ, ਚੁਬਾਰੇ ਉੱਚੇ ਹੋਣ'- ਅੱਜ ਕਿਤਿਉਂ ਲੱਭਿਆਂ ਨਹੀਂ ਲੱਭਦੇ |
ਇਨ੍ਹਾਂ ਹੀ ਰੰਗਾਂ ਦਾ ਇਕ ਹੋਰ ਪ੍ਰਛਾਵਾਂ ਸਾਡੇ ਸਮਾਜ ਤੋਂ ਹਮੇਸ਼ਾਂ ਦੂਰ, ਪਰ ਖੁਸ਼ੀ ਦੇ ਹਰ ਮੌਕੇ, ਭਾਵੇਂ ਵਿਆਹ ਹੋਵੇ ਅਤੇ ਭਾਵੇਂ ਮੁੰਡੇ ਦਾ ਜੰਮਣਾ, ਇਨ੍ਹਾਂ ਦੇ ਥਿਰਕਦੇ ਕਦਮ ਤੇ ਤਾੜੀ ਦੀ ਤਾਲ, ਹੇਕਾਂ, ਆਲੇ-ਦੁਆਲੇ 'ਤੇ ਆਪਣਾ ਰੰਗ ਚਾੜ੍ਹ ਦਿੰਦੀਆਂ, ਖੁਸ਼ੀ-ਖੁਸ਼ੀ ਤੇ ਕਦੇ ਥੋੜ੍ਹੀ ਬਹਿਸ-ਮੁਬਾਹਸੀ ਤੋਂ ਮਗਰੋਂ ਦੇਣ-ਲੈਣ ਸਿਰੇ ਚੜ੍ਹ ਜਾਂਦਾ | ਹਾਸਿਆਂ ਦੀਆਂ ਛਣਕਾਰਾਂ ਇਨ੍ਹਾਂ ਤੋਂ ਬਿਨਾਂ ਸੰਭਵ ਨਹੀਂ ਹੁੰਦੀਆਂ |
'ਛੁਰੀਮਾਰ' ਨਾਂਅ ਨਾਲ ਜਾਣਿਆ ਜਾਂਦਾ ਇਕ ਪਾਤਰ ਵੀ ਸੁਣਨ 'ਚ ਆਉਂਦਾ, ਜਿਸ ਦੇ ਹੱਥਾਂ ਨਾਲ ਛੁਰੀਆਂ ਬੰਨ੍ਹੀਆਂ ਹੁੰਦੀਆਂ, ਖੁਸ਼ੀ ਦੇ ਮੌਕੇ 'ਤੇ ਉਹ ਵੀ ਸ਼ਗਨ ਲੈਣ ਲਈ ਆਪਣਾ ਹੱਕ ਜਿਤਾਉਂਦਾ | ਘਰਵਾਲਿਆਂ ਵਲੋਂ ਆਨਾਕਾਨੀ ਕਰਨ 'ਤੇ ਬੜੇ ਹੱਕ ਨਾਲ ਆਪਣੇ-ਆਪ ਨੂੰ ਛੁਰੀ ਮਾਰਨ ਦੀ ਧਮਕੀ ਦਿੰਦਾ | ਪਰ ਇਹ ਸਭ ਕਦੇ ਵੀ ਵਾਪਰਦਾ ਨਾ-ਕਿਉਂਕਿ ਸਿੱਧੇ ਅਸਿੱਧੇ ਤੌਰ 'ਤੇ ਸਭ ਦਾ ਸਵਾਗਤ ਹੀ ਹੁੰਦਾ, ਖੁਸ਼ੀਆਂ ਦੇ ਮੌਕੇ 'ਤੇ |
ਪਿੰਡਾਂ 'ਚ ਵੱਸੇ ਮੀਰ ਅਜਿਹੇ ਪਾਤਰ ਹਨ, ਜਿਨ੍ਹਾਂ ਤੋਂ ਬਿਨਾਂ ਸਤਰੰਗੀ ਪੂਰੀ ਨਹੀਂ ਹੁੰਦੀ, ਗੁਰੂ ਸਾਹਿਬ ਨੇ ਵੀ ਮੀਰਾਂ ਨੂੰ ਮਾਣ ਬਖਸ਼ਿਆ ਅਤੇ ਇਨ੍ਹਾਂ ਦੇ ਗਲੇ ਵਿਚਲੀਆਂ ਸੁਰਾਂ ਤੇ ਰਾਗਾਂ ਨੂੰ ਮਾਣਦੇ ਰਹੇ |
ਪਿੰਡ ਦਾ ਇਕ ਸਾਂਹਸੀ ਜਿਸ ਨੂੰ ਸਾਰੇ ਫਕੀਰੀਆ ਕਹਿੰਦੇ ਸਨ, ਉਹਦੇ ਹੱਥ ਵਿਚ ਲੰਬੀ ਡਾਂਗ, ਤੇੜ ਚਾਦਰ, ਉੱਤੇ ਲੋਈ ਦੀ ਬੁੱਕਲ ਤੇ ਸਿਰ 'ਤੇ ਪੱਗ, ਲੰਮਾ ਛੀਂਟਕਾ ਸਰੀਰ, ਸਾਰੇ ਪਿੰਡ ਵਿਚ ਲਾਗੀ ਦਾ ਕੰਮ ਤੇ ਸੱਦੇ ਦੇਣ ਦਾ ਕੰਮ ਉਹ ਹੀ ਕਰਦਾ, ਸਰਦਾਰਨੀ ਫੁਲਕਾ ਛਕਾ ਦੇ, ਲੱਸੀ ਪਿਆ ਦੇ,- ਪੂਰੇ ਹੱਕ ਨਾਲ ਬਹਿਣਾ ਤੇ ਕਹਿਣਾ, ਉਹਦੇ ਆਵਾਜ਼ ਮਾਰਨ ਦਾ ਢੰਗ, ਇਹ ਲੋਕ ਕਿੰਨੇ ਆਪਣੇ ਲਗਦੇ, ਜਿਵੇਂ ਪਿੰਡ ਦੇ ਲੋਕਾਂ ਦੀ ਜ਼ਿੰਦਗੀ, ਇਨ੍ਹਾਂ ਬਿਨਾਂ ਅਧੂਰੀ ਹੋਵੇ |
ਇਸੇ ਹੀ ਕੁਲ ਵਿਚੋਂ ਇਕ ਹੋਰ ਜਾਤੀ, ਜਿਨ੍ਹਾਂ ਦਾ ਕੰਮ 'ਕਲਿਆਣ' ਕਰਨਾ ਸੀ | ਸਾਲ ਵਿਚ ਇਕ ਗੇੜਾ ਉਨ੍ਹਾਂ ਦਾ ਹੁੰਦਾ, ਦੋਵੇਂ ਪਤੀ-ਪਤਨੀ ਆਉਂਦੇ, ਹੱਥ ਵਿਚ ਚਿੱਟੇ ਘਸਮੈਲੇ ਲੱਠੇ ਦੀ ਗਠੜੀ, ਜਿਹਦੇ ਵਿਚ ਆਟਾ-ਚੌਲ ਇਕੱਠਾ ਕੀਤਾ ਹੁੰਦਾ, ਸਾਹਸੀ ਦੇ ਕੰਨਾਂ ਵਿਚ ਸੋਨੇ ਦਾ ਵਾਲਾ ਪਿਆ ਹੁੰਦਾ ਤੇ ਤੁਰਲੇ ਵਾਲੀ ਪੱਗ ਬੰਨੀ ਹੁੰਦੀ, ਹੱਥ ਵਿਚ ਇਕ ਪੁਰਾਣੀ ਵਹੀ ਹੁੰਦੀ, ਜਿਸ ਵਿਚ ਖਾਨਦਾਨ ਦੇ ਵੱਡੇ ਵਡੇਰਿਆਂ ਦੇ ਨਾਵਾਂ ਦਾ ਰਿਕਾਰਡ ਦਰਜ ਹੁੰਦਾ, ਉਹ ਪੀੜ੍ਹੀ ਵਾਰ ਪੜ੍ਹ ਕੇ ਸੁਣਾਉਂਦਾ ਅਤੇ ਸਾਰੇ ਬੜੇ ਧਿਆਨ ਨਾਲ ਸੁਣਦੇ ਕਿ ਸਾਡੇ ਦਾਦੇ ਦੇ ਦਾਦੇ ਦਾ ਕੀ ਨਾਂਅ, ਯਾਦ ਕਰਨ ਦੀ ਕੋਸ਼ਿਸ਼ ਕਰਦੇ, ਲਿਖ ਵੀ ਲੈਂਦੇ ਤੇ ਫਿਰ ਕਈ ਦਿਨ ਯਾਦ ਕਰਦੇ ਰਹਿੰਦੇ, 'ਗੁੱਜਰ ਸਿਹੁੰ ਦੇ ਪਿਉ ਦਾ ਨਾਂਅ ਨੰਦ ਸਿੰਘ, ਨੰਦ ਸਿੰਘ ਬੁੱਧ ਸਿੰਘ ਦਾ, ਬੁੱਧ ਸਿਹੁੰ ਦੇ ਸੱਗੂ ਦਾ'-ਇਹ ਉਹਦੇ ਬੋਲਣ ਦਾ ਅੰਦਾਜ਼ ਹੁੰਦਾ | ਲੰਮੀ ਹੇਕ ਲਾ ਕੇ | ਬਦਲੇ ਵਿਚ ਦਾਣਿਆਂ ਜਾਂ ਆਟੇ ਦੇ ਰੂਪ ਵਿਚ ਉਹ ਸੌਗਾਤ ਲੈਂਦੇ | ਸਭ ਜੀਆਂ ਦੀ ਸੁਖ-ਸਾਂਦ ਪੁੱਛਦੇ ਤੇ ਖੈਰਾਂ ਮੰਗਦੇ ਤੁਰ ਜਾਂਦੇ |
ਇੱਥੇ ਹੀ ਗੱਲ ਨਹੀਂ ਮੁੱਕਦੀ, ਪਿੰਡਾਂ ਦੇ ਵਿਹੜਿਆਂ ਦੇ ਸਦਾ ਹੀ ਖੁੱਲ੍ਹੇ ਦਰਵਾਜ਼ਿਆਂ ਵਿਚ ਆ ਫੇਰਾ ਪਾਉਂਦੇ ਜੋਗੀਆਂ ਨੂੰ ਕਿਵੇਂ ਵਿਸਾਰ ਦੇਈਏ | ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ-ਜਦੋਂ ਵੀ ਜੋਗੀ ਨੇ ਆਉਣਾ ਤੇ ਇਹ ਗਾਉਣ ਚੇਤੇ ਜ਼ਰੂਰ ਆਉਂਦਾ ਕਿ ਜਿਵੇਂ ਇਹ ਜੋਗੀ ਵੀ ਹੁਣੇ ਪਹਾੜੋਂ ਉੱਤਰ ਕੇ ਆਇਆ ਹੋਵੇ ਪਰ ਕਿਸ ਦੇ ਚਰਖੇ ਦੀ ਘੂਕ ਸੁਣ ਕੇ ਇਹ ਪਤਾ ਨਹੀਂ | ਭਗਵਾਂ ਚੋਲਾ, ਕੰਨਾਂ 'ਚ ਮੁੰਦਰਾਂ, ਸਿਰ 'ਤੇ ਲਪੇਟੇ ਸਾਫੇ 'ਚੋਂ ਨਿਕਲਦੇ ਘੁੰਗਰਾਲੇ ਵਾਲ, ਮੋਢੇ 'ਤੇ ਗਠੜੀ, ਜਿਸ ਵਿਚ ਨਿੱਕ-ਸੁੱਕ, ਜੜੀਆਂ-ਬੂਟੀਆਂ ਤੇ ਇਕ ਮੋਢੇ 'ਤੇ ਡੰਡੇ ਨਾਲ ਲਟਕਦੇ ਦੋ ਪਿਟਾਰੇ, ਜਿਨ੍ਹਾਂ ਵਿਚ ਸੱਪ ਹੁੰਦੇ, ਉਹਦੀ ਆਵਾਜ਼ ਤੇ ਘਰ ਦੇ ਬੱਚੇ, ਜੋਗੀ ਆਇਆ, ਜੋਗੀ ਆਇਆ ਕਹਿ ਕੇ ਉਸ ਦੇ ਦੁਆਲੇ ਜੁੜ ਜਾਂਦੇ | ਉਹ ਬੀਨ ਵਜਾਉਂਦਾ, ਛਾਬੇ ਦਾ ਕੱਪੜਾ ਹਟਾ ਕੇ ਸੱਪ ਨੂੰ ਬਾਹਰ ਕੱਢਦਾ ਤੇ ਇਕ ਖਾਸ ਅੰਦਾਜ਼ ਵਿਚ ਖੜ੍ਹਾ ਹੋ ਕੇ, ਝੁਕ ਕੇ ਬੀਨ ਵਜਾਉਂਦਾ ਤੇ ਸੱਪ ਉਸ ਦੀ ਬੀਨ 'ਤੇ ਝੂਮਦਾ |
ਵੈਸੇ ਸੱਪ ਦੇ ਕੰਨ ਨਹੀਂ ਹੁੰਦੇ, ਉਹ ਧਰਤੀ 'ਤੇ ਆਪਣੀ ਚਮੜੀ ਰਾਹੀਂ ਰੀਂਗ ਕੇ ਤਰੰਗਾਂ ਨੂੰ ਮਹਿਸੂਸ ਕਰਦਾ ਤੇ ਝੂਮਦਾ | ਜੋਗੀ ਆਪਣੀ ਕਲਾ ਦਿਖਾਉਣ ਤੋਂ ਬਾਅਦ ਪਹਾੜਾਂ ਤੋਂ ਲਿਆਂਦੀਆਂ ਜੜ੍ਹੀ-ਬੂਟੀਆਂ ਦੇ ਅਸਲੀ ਹੋਣ ਦਾ ਦਾਅਵਾ ਕਰਦਾ ਤੇ ਹੋਰ ਕਈ ਤਰ੍ਹਾਂ ਦੇ ਇਲਾਜ ਦੇ ਸੁਝਾਅ ਦਿੰਦਾ | ਕਈ ਵਾਰ ਔਰਤਾਂ ਪ੍ਰਭਾਵਿਤ ਹੋ ਕੇ ਸਾਮਾਨ ਲੈ ਵੀ ਲੈਂਦੀਆਂ |
ਇਨ੍ਹਾਂ ਸਭ ਨੂੰ ਯਾਦ ਕਰਦਿਆਂ ਗੱਡੀਆਂ ਵਾਲਿਆਂ ਨੂੰ ਕਿਵੇਂ ਭੁੱਲ ਸਕਦੇ ਹਾਂ | ਪੂਰੇ ਦਾ ਪੂਰਾ ਕਾਫਲਾ ਇਕ ਪਿੰਡ ਵਿਚ ਮਹੀਨਾ ਭਰ ਰਹਿਣਾ ਤੇ ਇਨ੍ਹਾਂ ਦੇ ਤੁਰਨ ਲੱਗਿਆਂ ਮਨ ਭਰਦਾ ਤੇ ਉਹ ਰੌਣਕੀਲੀ ਥਾਂ ਜਿਵੇਂ ਕੂਕਦੀ ਹੌਕੇ ਭਰਦੀ | ਗੱਡੀਆਂ ਵਾਲਿਆਂ ਦੀਆਂ ਮੁਟਿਆਰਾਂ ਦੇ ਕੱਪੜੇ ਤੇ ਗਹਿਣੇ ਵੇਖ ਕੇ ਮੇਰਾ ਵੀ ਪਾਉਣ ਨੂੰ ਜੀਅ ਕਰਦਾ |
ਸ਼ਿਵਰਾਤਰੀ ਦੇ ਦਿਨਾਂ ਵਿਚ ਜੰਗਮ- ਜੋ ਇਕ ਥਾਂ 'ਤੇ ਟਿਕ ਕੇ ਨਹੀਂ ਬੈਠਦੇ, ਵੀ ਘਰਾਂ ਵਿਚ ਦਸਤਕ ਦਿੰਦੇ ਵੇਖੇ ਜਾ ਸਕਦੇ ਨੇ, ਸਿਰ 'ਤੇ ਮੋਰ ਦੇ ਖੰਭਾਂ ਦੀ ਕਲਗੀ ਤੇ ਭਗਵੇਂ ਚੋਲ਼ੇ ਵਿਚ, ਹੱਥ ਵਿਚ ਟੱਲੀ ਖੜਕਾ ਕੇ ਆਉਣ ਦੀ ਸੂਚਨਾ ਦੇਣੀ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਸੀ | ਸੁਰਜੀਤ ਸਿੰਘ ਮਰਜਾਰਾ ਦੀ ਇਕ ਕਵਿਤਾ:
'ਪਿੰਡ ਮੇਰੇ ਦੇ ਨਕਲੀਏ, ਬਹੁਤ ਰਹੇ ਮਸ਼ਹੂਰ,
ਹਰ ਥਾਂ ਹਰ ਕੋਈ ਉਨ੍ਹਾਂ ਦੀ, ਸੁਣਦਾ ਗੱਲ ਜ਼ਰੂਰ'
ਉਨ੍ਹਾਂ ਦੀ ਗੱਲ ਕੀਤੇ ਬਿਨਾਂ ਹਥਲੀ ਲਿਖਤ ਪੂਰੀ ਨਹੀਂ ਹੁੰਦੀ | ਡੀ.ਜੇ. ਦੇ ਸ਼ੋਰ ਵਿਚ ਗਵਾਚੇ ਅੱਜ ਦੇ ਵਿਆਹ ਤੇ ਖੁਸ਼ੀਆਂ ਨਾਲੋਂ ਕਿਤੇ ਬਿਹਤਰ ਸੀ | ਉਨ੍ਹਾਂ ਦੇ ਹਾਸੇ ਠੱਠੇ ਤੇ ਸੱਚੀਆਂ ਛੁਰਲੀਆਂ ਨੂੰ ਸੁਣਨਾ, ਫਿਰ ਸੁਣਨ ਵਾਲਿਆਂ ਦਾ ਇਕੱਠਾ ਹਾਸਾ ਤੇ ਆਵਾਜ਼ਾਂ ਆਪਸੀ ਸਾਂਝ ਦੀਆਂ ਗਵਾਹੀਆਂ ਭਰਦੀਆਂ |
ਮੇਰੇ ਪਿੰਡ ਦੇ ਨਕਲੀਆਂ ਨੂੰ ਅੱਜ ਨਵੇਂ ਜ਼ਮਾਨੇ ਦੇ ਬਣਾਏ ਸੱਭਿਆਚਾਰਕ ਪਿੜਾਂ, ਜਿਵੇਂ ਹਵੇਲੀ ਤੇ ਸਾਡਾ ਪਿੰਡ ਵਰਗੀਆਂ ਥਾਵਾਂ 'ਤੇ ਆਪਣੀ ਕਲਾ ਵੰਡਦਿਆਂ ਵੇਖਿਆ, ਲੋਕ ਇਕੱਠੇ ਹੋਏ, ਸੁਣਦੇ ਤੇ ਅਗਾਂਹ ਲੰਘ ਜਾਂਦੇ ਕਿਸੇ ਨੂੰ ਸਮਝ ਆਉਂਦੀ ਤੇ ਕਿਸੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਕਿਸ ਦੁਨੀਆ ਦੇ ਲੋਕ ਹਨ |
ਉਨ੍ਹਾਂ ਵਲੋਂ ਵਰਤੇ ਜਾਂਦੇ ਤਮਾਚੇ, ਇੰਝ ਲਗਦਾ ਜਿਵੇਂ ਸਾਡੀ ਜ਼ਮੀਰ 'ਤੇ ਪੈ ਰਹੇ ਹੋਣ ਕਿ ਕਿਤੇ ਬਿਲਕੁਲ ਹੀ ਨਾ ਟੁੱਟ ਜਾਇਉ, ਆਪਣੀਆਂ ਜੜ੍ਹਾਂ ਦੀ ਡੂੰਘਾਈ ਤੋਂ ਜਾਣੂ ਕਰਵਾ ਜਾਇਉ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਵਿਰਸੇ ਦੀਆਂ ਬਾਤਾਂ ਸੁਣਾ ਜਾਇਉ |

-ਅੰਮਿ੍ਤਸਰ |
ਮੋਬਾ: 7009249658


ਖ਼ਬਰ ਸ਼ੇਅਰ ਕਰੋ

ਅਬਰਾਹਮ ਲਿੰਕਨ ਅਨੁਸਾਰ, ਪੜ੍ਹਾਈ ਕਿੱਦਾਂ ਦੀ ਹੋਵੇ?

ਅਬਰਾਹਮ ਲਿੰਕਨ ਮਾਰਚ 1861 ਵਿਚ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਚਾਰ ਸਾਲ ਬਾਅਦ ਅਪ੍ਰੈਲ 1865 ਵਿਚ ਉਨ੍ਹਾਂ ਦੀ ਹੱਤਿਆ ਹੋ ਗਈ ਸੀ | ਉਨ੍ਹਾਂ ਨੇ ਅਮਰੀਕਾ ਵਿਚ ਉਸ ਵੇਲੇ ਚਲ ਰਹੇ ਖਾਨਾਜੰਗੀ ਦੇ ਦੌਰ ਵਿਚ ਦੇਸ਼ ਦਾ ਸਹੀ ਦਿਸ਼ਾ ਨਿਰਦੇਸ਼ਨ ਕੀਤਾ ਅਤੇ ਉਸ ਨੂੰ ਸਾਰਥਕ ਅਗਵਾਈ ਦਿਤੀ | ਅਮਰੀਕਾ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚ ਛਿੜੀ ਇਸ ਖਾਨਾਜੰਗੀ ਵਿਚ ਬਹੁਤ ਲਹੂ ਡੁੱਲਿ੍ਹਆ | ਅਮਰੀਕਾ ਲਈ ਇਹ ਸਭ ਤੋਂ ਵੱਧ ਇਖ਼ਲਾਕੀ, ਸੰਵਿਧਾਨਿਕ ਅਤੇ ਰਾਜਨੀਤਕ ਔਕੜਾਂ ਭਰਿਆ ਸਮਾਂ ਸੀ | ਅਬਰਾਹਮ ਲਿੰਕਨ ਦੀ ਅਗਵਾਈ ਵਿਚ ਅਮਰੀਕਾ ਸੰਗਠਿਤ ਰਿਹਾ ਅਤੇ ਆਪਸ ਵਿਚ ਜੁੜਿਆ ਰਿਹਾ | ਅਮਰੀਕਾ ਵਿਚ ਬੜੇ ਵੱਡੇ ਪੈਮਾਨੇ 'ਤੇ ਅਤੇ ਦੇਸ਼ ਦੀ ਪੱਧਰ 'ਤੇ ਚਲ ਰਹੀ ਮਨੁੱਖਾਂ ਦੀ ਗੁਲਾਮੀ ਦੀ ਅਣਮਨੁੱਖੀ ਅਤੇ ਸ਼ਰਮਨਾਕ ਪ੍ਰਥਾ ਖ਼ਤਮ ਹੋ ਗਈ | ਅਮਰੀਕਾ ਦਾ ਸੰਘੀ ਢਾਂਚਾ ਮਜ਼ਬੂਤ ਹੋਇਆ ਅਤੇ ਆਰਥਿਕ ਪੱਖਾਂ ਤੋਂ ਅਮਰੀਕਾ ਮਜ਼ਬੂਤ ਹੋਇਆ | ਆਿਖ਼ਰ ਇਸ ਖਾਨਾਜੰਗੀ ਵਿਚ ਦੱਖਣੀ ਵਾਲਿਆਂ ਦੀ ਹਾਰ ਹੋਈ ਅਤੇ ਜ਼ਾਹਿਰਾ ਤੌਰ 'ਤੇ ਲੜਾਈ ਮੁੱਕ ਗਈ | ਪਰ ਅਮਰੀਕਾ ਵਿਚ ਦੱਖਣ ਵਾਲਿਆਂ ਅਤੇ ਦੱਖਣੀ ਵਿਚਾਰਧਾਰਾ ਦੇ ਕਈ ਹਿਮਾਇਤੀ ਹਾਲੇ ਵੀ ਮੌਜੂਦ ਸਨ | ਇਸ ਲੜਾਈ ਦੇ ਖਤਮ ਹੋਣ ਦੀ ਘੋਸ਼ਣਾ ਦੇ ਪੰਜ ਦਿਨਾਂ ਬਾਅਦ ਦੱਖਣੀ ਸੋਚ ਦੇ ਇਕ ਕੱਟੜ ਹਿਮਾਇਤੀ ਨੇ ਅਬਰਾਹਮ ਲਿੰਕਨ ਨੂੰ 15 ਅਪ੍ਰੈਲ 1865 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਵਿਦਵਾਨਾਂ ਵਿਚ ਅਤੇ ਲੋਕਾਂ ਵਿਚ ਅਬਰਾਹਮ ਲਿੰਕਨ ਦਾ ਨਾਂਅ ਅਮਰੀਕਾ ਦੇ ਮਹਾਨ ਰਾਸ਼ਟਰਪਤੀਆਂ ਵਿਚ ਗਿਣਿਆ ਜਾਂਦਾ ਹੈ |
ਅਬਰਾਹਮ ਲਿੰਕਨ ਬੜੇ ਸਿਆਣੇ ਅਤੇ ਵਿਦਵਾਨ ਵਿਅਕਤੀ ਸਨ | ਸਭ ਕੁਝ ਹੋਣ ਦੇ ਨਾਲ-ਨਾਲ ਉਹ ਇਕ ਚੰਗੇ ਬਾਪ ਵੀ ਸਨ ਅਤੇ ਹਰ ਬਾਪ ਵਾਂਗ ਉਨ੍ਹਾਂ ਦੇ ਮਨ ਵਿਚ ਵੀ ਖਾਹਿਸ਼ ਸੀ ਕਿ ਉਨ੍ਹਾਂ ਦਾ ਪੁੱਤਰ ਉੱਤਮ ਵਿਦਿਆ ਪ੍ਰਾਪਤ ਕਰੇ, ਵੱਡਾ ਹੋ ਕੇ ਵਧੀਆ ਇਨਸਾਨ ਬਣੇ ਅਤੇ ਚੰਗੇ ਗੁਣਾਂ ਦਾ ਮਾਲਕ ਹੋਵੇ | ਆਪਣੀ ਇਸ ਇੱਛਾ ਦੀ ਪੂਰਤੀ ਲਈ ਅਬਰਾਹਮ ਲਿੰਕਨ ਨੇ ਆਪਣੇ ਪੁੱਤਰ ਦੇ ਸਕੂਲ ਦੇ ਹੈਡਮਾਸਟਰ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਉਨ੍ਹਾਂ ਗੁਣਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਵਿਚ ਵੇਖਣਾ ਚਾਹੁੰਦੇ ਸਨ | ਇਸ ਚਿੱਠੀ ਨੂੰ ਪੜ੍ਹ ਕੇ ਸਾਨੂੰ ਲਗਦਾ ਹੈ ਕਿ ਅਬਰਾਹਮ ਲਿੰਕਨ ਨੇ ਆਪਣੀ ਚਿੱਠੀ ਵਿਚ ਦੁਨੀਆ ਦੇ ਹਰ ਮਾਤਾ ਪਿਤਾ ਦੀ ਆਪਣੀ ਸੰਤਾਨ ਦੀ ਪੜ੍ਹਾਈ ਪ੍ਰਤੀ ਦਿਲੀ ਇੱਛਾ ਨੂੰ ਉਹ ਪ੍ਰਗਟਾਵਾ ਦਿੱਤਾ ਹੈ ਜਿਸ ਨੂੰ ਹਰ ਮਾਤਾ-ਪਿਤਾ ਜਾਣਦੇ ਸਮਝਦੇ ਹੋਏ ਵੀ ਸ਼ਾਇਦ ਓਨੀਂ ਸੋਹਣੀ ਤਰ੍ਹਾਂ ਨਹੀਂ ਦੱਸ ਸਕਦੇ |
ਅਬਰਾਹਮ ਲਿੰਕਨ ਦੇ ਮਨ ਨੂੰ ਅਤੇ ਉਨ੍ਹਾਂ ਦੀ ਉੱਚ ਪਾਏ ਦੀ ਸ਼ਖ਼ਸੀਅਤ ਬਾਰੇ ਜਾਣਨ ਅਤੇ ਸਮਝਣ ਲਈ ਉਨ੍ਹਾਂ ਦੀ ਸਕੂਲ਼ ਨੂੰ ਲਿਖੀ ਇਹ ਚਿੱਠੀ ਪੜ੍ਹ ਲੈਣੀ ਹੀ ਕਾਫ਼ੀ ਹੈ | ਇਹ ਚਿੱਠੀ ਹੁਣ ਸੰਸਾਰ ਪ੍ਰਸਿੱਧ ਹੋ ਚੁੱਕੀ ਹੈ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਬੱਚਿਆਂ ਨੂੰ ਸਕੂਲ਼ ਵਿਚ ਕਰਾਈ ਜਾਂਦੀ ਪੜ੍ਹਾਈ ਲਈ ਇਸ ਨੂੰ ਇਕ ਮਿਆਰ ਅਤੇ ਮਾਣਕ ਵਾਂਗ ਵੇਖਿਆ ਜਾਂਦਾ ਹੈ | ਇਹ ਚਿੱਠੀ ਇਸ ਗੱਲੋਂ ਵੀ ਪੜ੍ਹਣ ਯੋਗ ਹੈ ਕਿਉਂਕਿ ਇਸ ਵਿਚ ਅਬਰਾਹਮ ਲਿੰਕਨ ਨੇ ਇਸ ਗੱਲ 'ਤੇ ਜ਼ੋਰ ਨਹੀਂ ਦਿੱਤਾ ਸੀ ਕਿ ਸਕੂਲ ਵਿਚ ਉਨ੍ਹਾਂ ਦੇ ਪੁੱਤਰ ਨੂੰ ਕਿਹੜੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ | ਉਨ੍ਹਾਂ ਨੇ ਸਿਰਫ਼ ਉਨ੍ਹਾਂ ਗੁਣਾਂ ਦਾ ਜ਼ਿਕਰ ਕੀਤਾ ਸੀ ਜੋ ਸਕੂਲ ਤੋਂ ਵਿਦਿਆ ਪ੍ਰਾਪਤੀ ਉਪਰੰਤ ਉਹ ਆਪਣੇ ਪੁੱਤਰ ਵਿਚ ਬਣੇ ਅਤੇ ਵਿਕਸਿਤ ਹੋਏ ਵੇਖਣੇ ਚਾਹੁੰਦੇ ਸਨ | ਇਹ ਚਿੱਠੀ ਮੂਲ ਰੂਪ ਵਿਚ ਅੰਗ੍ਰੇਜ਼ੀ ਵਿਚ ਹੈ ਅਤੇ ਇੰਟਰਨੈੱਟ ਤੋਂ ਪੜ੍ਹੀ ਜਾ ਸਕਦੀ ਹੈ ਜਾਂ ਉਤਾਰੀ ਜਾ ਸਕਦੀ ਹੈ |
ਅਬਰਾਹਮ ਲਿੰਕਨ ਦੀ ਇਸ ਚਿੱਠੀ ਦਾ ਪੰਜਾਬੀ ਰੂਪ ਇਸ ਤਰ੍ਹਾਂ ਹੈ:
'ਹੈਡਮਾਸਟਰ ਸਾਹਿਬ, ਮੇਰਾ ਪੁੱਤਰ ਅੱਜ ਪਹਿਲੀ ਵਾਰ ਸਕੂਲ ਜਾ ਰਿਹਾ ਹੈ | ਉਸ ਲਈ ਕੁਝ ਦਿਨ ਤਾਂ ਇਹ ਸਭ ਬੜਾ ਨਵਾਂ, ਓਪਰਾ ਅਤੇ ਅਜੀਬ ਹੋਵੇਗਾ ਅਤੇ ਮੈਂ ਚਾਹਾਂਗਾ ਕਿ ਸਕੂਲ ਵਿਚ ਉਸ ਦੇ ਸ਼ੁਰੂ ਦੇ ਦਿਨਾਂ ਵਿਚ ਤੁਸੀਂ ਉਸ ਨਾਲ ਕੁਝ ਨਰਮੀ ਵਰਤੋ | ਪੜ੍ਹਾਈ ਇਕ ਰੋਮਾਂਚਕ ਸਫ਼ਰ ਹੈ ਜਿਹੜਾ, ਹੋ ਸਕਦਾ ਹੈ ਬਾਅਦ ਵਿਚ ਉਸ ਨੂੰ ਦੁਨੀਆ ਦੇ ਮਹਾਂਦੀਪਾਂ ਦੀ ਯਾਤਰਾ ਕਰਵਾਏ | ਉਸ ਦੇ ਇਹ ਰੋਮਾਂਚਕ ਸਫ਼ਰ ਹਰ ਤਰ੍ਹਾਂ ਦੇ ਹੋ ਸਕਦੇ ਹਨ ਅਤੇ ਜੰਗਾਂ, ਤਰਾਸਦੀਆਂ ਅਤੇ ਨਿਰਾਸ਼ਾਵਾਂ ਵਾਲੇ ਵੀ | ਆਪਣਾ ਜੀਵਨ ਜਿਊਣ ਲਈ ਉਸ ਨੂੰ ਭਰੋਸੇ, ਪਿਆਰ ਅਤੇ ਹੌਸਲੇ ਦੀ ਲੋੜ ਪਵੇਗੀ |'
'ਇਸ ਲਈ ਹੈਡਮਾਸਟਰ ਸਾਹਿਬ, ਤੁਸੀਂ ਉਸ ਨੂੰ ਉਸ ਦਾ ਹੱਥ ਫ਼ੜ ਕੇ ਲੈ ਜਾਣਾ ਅਤੇ ਉਸ ਨੂੰ ਉਹ ਸਾਰੀਆਂ ਗੱਲਾਂ ਸਿਖਾਉਣੀਆਂ ਜਿਨ੍ਹਾਂ ਨੂੰ ਜਾਣਨ ਦੀ ਉਸ ਨੂੰ ਲੋੜ ਹੈ | ਹੋ ਸਕੇ ਤਾਂ ਉਸ ਨੂੰ ਪਿਆਰ ਅਤੇ ਸਨੇਹ ਨਾਲ ਸਿਖਾਇਓ |'
'ਮੈਨੂੰ ਪਤਾ ਹੈ ਕਿ ਉਸ ਨੂੰ ਜਾਣਨਾ ਪਵੇਗਾ ਕਿ ਦੁਨੀਆ ਵਿਚ ਸਾਰੇ ਮਨੁੱਖ ਭਲੇ ਅਤੇ ਨਿਆਂ ਕਰਨ ਵਾਲੇ ਨਹੀਂ ਹੁੰਦੇ | ਤੁਸੀਂ ਉਸ ਨੂੰ ਇਹ ਵੀ ਸਿਖਾਇਓ ਕਿ ਜ਼ਿੰਦਗੀ ਵਿਚ ਹਰ ਇਕ ਦੁਸ਼ਟ ਬੰਦੇ ਦੇ ਨਾਲ-ਨਾਲ ਇਕ ਹੀਰੋ, ਵਰਿਆਮ ਅਤੇ ਨਾਇਕ ਵੀ ਹੁੰਦਾ ਹੈ | ਉਸ ਨੂੰ ਇਹ ਵੀ ਸਿਖਾਇਓ ਕਿ ਜੀਵਨ ਵਿਚ ਤੁਹਾਨੂੰ ਹਰ ਬੁਰੇ ਸਿਆਸਤਦਾਨ ਪਿੱਛੇ ਇਕ ਮਿਹਨਤੀ, ਲਗਨ ਨਾਲ ਕੰਮ ਕਰਨ ਵਾਲਾ ਅਤੇ ਸਹੀ ਰਹਿਨੁਮਾਈ ਦੇਣ ਵਾਲਾ ਸਾਫ਼-ਸੁਥਰਾ ਆਗੂ ਵੀ ਮਿਲੇਗਾ | ਉਸ ਨੂੰ ਸਿਖਾਉਣਾ ਕਿ ਹਰ ਵੈਰੀ ਦੇ ਨਾਲ-ਨਾਲ ਜ਼ਿੰਦਗੀ ਵਿਚ ਇਕ ਜਿਗਰੀ ਦੋਸਤ ਵੀ ਹੁੰਦਾ ਹੈ |'
'ਮੈਨੂੰ ਪਤਾ ਹੈ ਕਿ ਸਮਾਂ ਤਾਂ ਲੱਗੇਗਾ, ਪਰ ਜੇ ਕਰ ਤੁਸੀਂ ਉਸ ਨੂੰ ਸਿਖਾ ਸਕਦੇ ਹੋ ਤਾਂ ਉਸ ਨੂੰ ਸਿਖਾਇਓ ਕਿ ਮਿਹਨਤ ਅਤੇ ਈਮਾਨਦਾਰੀ ਨਾਲ ਕਮਾਇਆ ਇਕ ਡਾਲਰ ਰਾਹ ਵਿਚੋਂ ਡਿੱਗੇ ਪਏ ਲੱਭੇ ਪੰਜ ਡਾਲਰਾਂ ਨਾਲੋਂ ਕਿਤੇ ਵੱਧ ਮੁੱਲਵਾਨ ਹੁੰਦਾ ਹੈ | ਉਸ ਨੂੰ ਸਿਖਾਇਓ ਕਿ ਹਾਰੀਦਾ ਕਿੱਦਾਂ ਹੈ ਅਤੇ ਇਸ ਦੇ ਨਾਲ ਉਸ ਨੂੰ ਜਿੱਤ ਦਾ ਆਨੰਦ ਮਾਨਣਾ ਵੀ ਸਿਖਾਇਓ | ਹੋ ਸਕੇ ਤਾਂ ਉਸ ਨੂੰ ਈਰਖਾ ਅਤੇ ਰੰਜਿਸ਼ ਤੋਂ ਪਰੇ ਹੀ ਰੱਖਣਾ | ਉਸ ਨੂੰ ਆਪਣੇ ਅੰਦਰ, ਮਨ ਹੀ ਮਨ, ਹਾਸਾ ਅਤੇ ਖੇੜਾ ਮਾਣਨਾ ਵੀ ਸਿਖਾਇਓ | ਉਸ ਨੂੰ ਆਰੰਭ ਵਿਚ ਹੀ ਸਿੱਖਣ ਦਿਓ ਕਿ ਐਵੇਂ ਧਮਕਾਉਣ, ਫ਼ੋਕੀਆਂ ਗਿੱਦੜ ਭਬਕੀਆਂ ਮਾਰਨ ਅਤੇ ਬੇਵਜ੍ਹਾ ਦਬਕਾਉਣ ਵਾਲੇ ਕੱਬਿਆਂ ਨੂੰ ਸਿੱਧਾ ਕਰਨਾ ਕਿੰਨਾਂ ਸੌਖਾ ਹੁੰਦਾ ਹੈ |'
'ਜੇਕਰ ਤੁਸੀਂ ਕਰ ਸਕਦੇ ਹੋ ਤਾਂ ਉਸ ਨੂੰ ਕਿਤਾਬਾਂ ਦੇ ਅਚੰਭਿਆਂ ਅਤੇ ਅਜੂਬਿਆਂ ਬਾਰੇ ਵੀ ਸਿਖਾਇਓ | ਪਰ ਉਸ ਨੂੰ ਆਪਣੇ-ਆਪ ਲਈ ਸ਼ਾਂਤ ਅਤੇ ਖੁੱਲ੍ਹਾ ਸਮਾਂ ਵੀ ਦਿਓ ਤਾ ਕਿ ਉਹ ਅਸਮਾਨਾਂ ਵਿਚ ਉਡਦੇ ਪੰਛੀਆਂ, ਧੁੱਪ ਵਿਚ ਏਧਰ-ਓਧਰ ਉਡਦੀਆਂ ਮਧੂਮੱਖੀਆਂ ਅਤੇ ਪਹਾੜਾਂ ਦੀਆਂ ਹਰੀਆਂ ਢਲਾਨਾਂ ਉੱਤੇ ਉੱਗੇ ਫ਼ੁੱਲਾਂ ਦੇ ਆਦਿ ਕਾਲ ਤੋਂ ਚਲੇ ਆ ਰਹੇ ਪ੍ਰਕਿਰਤੀ ਦੇ ਰਹੱਸਾਂ ਉੱਤੇ ਵੀ ਧਿਆਨ ਲਾ ਸਕੇ | ਸਕੂਲ ਵਿਚ ਉਸ ਨੂੰ ਸਿਖਾਇਓ ਕਿ ਧੋਖਾਧੜੀ ਨਾਲ ਅਤੇ ਨਕਲ ਮਾਰ ਕੇ ਪਾਸ ਹੋਣ ਨਾਲੋਂ ਫ਼ੇਲ ਹੋਣ ਵਿਚ ਕਿਤੇ ਵੱਧ ਇੱਜ਼ਤ ਹੈ | ਉਸ ਨੂੰ ਆਪਣੇ ਖੁਦ ਦੇ ਫ਼ੈਸਲਿਆਂ ਅਤੇ ਵਿਚਾਰਾਂ ਉੱਤੇ ਭਰੋਸਾ ਕਰਨਾ ਸਿਖਾਇਓ, ਭਾਵੇਂ ਉਸ ਦੇ ਦੁਆਲੇ ਦਾ ਹਰ ਸ਼ਖਸ ਉਸ ਨੂੰ ਕਹੇ ਕਿ ਉਹ ਗ਼ਲਤ ਹੈ | ਉਸ ਨੂੰ ਭਲਿਆਂ ਨਾਲ ਭਲਾ ਅਤੇ ਸ਼ਿਸ਼ਟ ਵਿਹਾਰ ਕਰਨਾ ਸਿਖਾਇਓ ਅਤੇ ਨਾਲ-ਨਾਲ ਬੁਰਿਆਂ ਅਤੇ ਦੁਸ਼ਟਾਂ ਨਾਲ ਸਖ਼ਤੀ ਅਤੇ ਕਰੜਾਈ ਨਾਲ ਪੇਸ਼ ਆਉਣਾ ਵੀ ਸਿਖਾਇਓ |'
'ਕੋਸ਼ਿਸ਼ ਕਰਕੇ ਮੇਰੇ ਪੁੱਤਰ ਨੂੰ ਇਹ ਸ਼ਕਤੀ ਦੇਣੀ ਕਿ ਜਦੋਂ ਲੋਕਾਂ ਦੀਆਂ ਵਹੀਰਾਂ ਕਿਸੇ ਲਾਹੇ ਅਤੇ ਨਫ਼ੇਵੰਦ ਦਿਸਦੀ ਵਿਚਾਰਧਾਰਾ ਦੀ ਗੱਡ 'ਤੇ ਸਵਾਰ ਹੋਣ ਲਈ ਆਤੁਰ ਹੋ ਕੇ ਧੱਕਾ-ਮੁੱਕੀ ਹੋ ਰਹੀਆਂ ਹੋਣ ਤਾਂ ਉਹ ਲਾਈਲੱਗ ਬਣ ਕੇ ਉਨ੍ਹਾਂ ਦੇ ਮਗਰ ਨਾ ਜਾਣ ਦਾ ਮਜ਼ਬੂਤ ਇਰਾਦਾ ਕਰ ਸਕੇ | ਉਸ ਨੂੰ ਸਿਖਾਇਓ ਕਿ ਉਹ ਸਭ ਦੀ ਗੱਲ ਸੁਣੇ ਪਰ ਇਹ ਵੀ ਸਿਖਾਇਓ ਕਿ ਉਹ ਜੋ ਵੀ ਸੁਣਦਾ ਹੈ ਉਸ ਨੂੰ ਵਿਵੇਕ ਅਤੇ ਸੱਚ ਦੀ ਛਾਣਨੀ ਵਿਚੋਂ ਦੀ ਛਾਣੇ ਅਤੇ ਜਿਹੜੀ ਚੰਗਿਆਈ ਇਸ ਕਸਵੱਟੀ ਅਤੇ ਪਰਖ ਨਾਲ ਛਣ ਕੇ ਨਿਕਲੇ, ਉਸ ਨੂੰ ਅਖ਼ਤਿਆਰ ਕਰੇ |'
'ਜੇ ਕਰ ਸਿਖਾ ਸਕਦੇ ਹੋ ਤਾਂ ਉਸ ਨੂੰ ਸਿਖਾਇਓ ਕਿ ਅੱਖਾਂ ਵਿਚ ਅੱਥਰੂ ਆਉਣੇ ਕੋਈ ਸ਼ਰਮ ਦੀ ਗੱਲ ਨਹੀਂ ਹੈ | ਉਸ ਨੂੰ ਸਿਖਾਇਓ ਕਿ ਖਿੱਲੀ ਅਤੇ ਮਖੌਲ ਉਡਾਉਣ ਵਾਲਿਆਂ ਦੀ ਕਿਵੇਂ ਅਣਦੇਖੀ ਕਰਨੀ ਹੈ ਅਤੇ ਉਨ੍ਹਾਂ ਨੂੰ ਗੌਲਣਾ ਹੀ ਨਹੀਂ ਹੈ ਅਤੇ ਇਹ ਵੀ ਕਿ ਉਨ੍ਹਾਂ ਲੋਕਾਂ ਤੋਂ ਵੀ ਬਚਣਾ ਹੈ ਜਿਹੜੇ ਲੋੜ ਨਾਲੋਂ ਵੱਧ ਮਿੱਠੇ ਹੋਣ | ਉਸ ਨੂੰ ਸਿਖਾਇਓ ਕਿ ਉੱਚਾ ਰੌਲਾ ਪਾਉਂਦੀ ਅਤੇ ਚੀਕਦੀ ਫ਼ਸਾਦੀ ਭੀੜ ਵੱਲੋਂ ਆਪਣੇ ਕੰਨ ਵਲ੍ਹੇਟ ਲਏ ਅਤੇ ਜੇਕਰ ਉਹ ਸੋਚਦਾ ਹੈ ਕਿ ਉਹ ਸਹੀ ਹੈ ਤਾਂ ਖੜ੍ਹਾ ਹੋ ਕੇ ਉਸ ਭੀੜ ਨਾਲ ਆਹਮੋ-ਸਾਹਮਣੇ ਦੀ ਲੜਾਈ ਲੜੇ |'
'ਉਸ ਨੂੰ ਪਿਆਰ ਨਾਲ ਸਿਖਾਇਓ ਪਰ ਉਸ ਨੂੰ ਸਿਰ 'ਤੇ ਵੀ ਨਾ ਚੜ੍ਹਾਇਓ ਕਿਉਂਕਿ ਲੋਹਾ ਅੱਗ ਵਿਚ ਤਪ ਕੇ ਹੀ ਫ਼ੌਲਾਦ ਬਣਦਾ ਹੈ | ਉਸ ਵਿਚ ਬੇਸਬਰਾ ਹੋਣ ਦੀ ਦਲੇਰੀ ਆਉਣ ਦਿਓ | ਉਸ ਨੂੰ ਦਲੇਰ ਹੋਣ ਲਈ ਸਬਰ ਵੀ ਪੈਦਾ ਕਰਨ ਦਿਓ | ਉਸ ਨੂੰ ਸਦਾ ਆਪਣੇ-ਆਪ ਵਿਚ ਇਕ ਸ਼ਾਨਦਾਰ, ਬੁਲੰਦ ਅਤੇ ਪਰਮ ਭਰੋਸਾ ਪੈਦਾ ਕਰਨਾ ਸਿਖਾਇਓ ਕਿਉਂਕਿ ਤਦ ਹੀ ਉਸ ਦਾ ਮਨੁੱਖਤਾ ਵਿਚ ਭਰੋਸਾ ਅਤੇ ਅਕੀਦਾ ਬਣੇਗਾ |'
'ਮੈਨੂੰ ਜਾਪਦਾ ਹੈ ਕਿ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਮੰਗ ਲਿਆ ਹੈ ਪਰ ਤੁਸੀਂ ਆਪ ਵੇਖਣਾ ਕਿ ਕੀ ਕੀਤਾ ਜਾ ਸਕਦਾ ਹੈ | ਮੇਰਾ ਪੁੱਤਰ ਛੋਟਾ ਹੈ ਪਰ ਉਹ ਮੈਨੂੰ ਬੜਾ ਹੀ ਪਿਆਰਾ ਹੈ | ਆਪ ਦਾ ਹਿਤੀ- ਅਬਰਾਹਮ ਲਿੰਕਨ |'

-ਜੇ-240, ਸੈਕਟਰ-25, ਨੋਇਡਾ, ਉੱਤਰ ਪ੍ਰਦੇਸ਼-201301. ਮੋਬਾਈਲ : 098181-59944.
commodoregurnam@gmail. com

ਭਾਰਤੀ ਫ਼ਿਲਮਸਾਜ਼ਾਂ ਦਾ ਹਾਕੀ ਪ੍ਰਤੀ ਵਧ ਰਿਹਾ ਹੈ ਮੋਹ

ਭਾਵੇਂ ਅੱਜਕਲ੍ਹ ਭਾਰਤ 'ਚ ਕਿ੍ਕਟ ਮਕਬੂਲੀਅਤ ਪੱਖੋਂ ਅੱਵਲ ਸਥਾਨ 'ਤੇ ਹੈ ਪਰ ਹਾਕੀ ਅਜਿਹੀ ਖੇਡ ਹੈ ਜਿਸ ਨੇ ਖੇਡ ਜਗਤ 'ਚ ਭਾਰਤ ਨੂੰ 20ਵੀਂ ਸਦੀ 'ਚ ਵਿਸ਼ਵ ਮੰਚ 'ਤੇ ਪਹਿਚਾਣ ਦਿਵਾਈ | ਅੱਜ ਵੀ ਖੇਡਾਂ ਨੂੰ ਪੇਸ਼ੇਵਰ ਰੰਗਤ ਦੇਣ ਵਾਲਿਆਂ ਦੀ ਨਜ਼ਰ 'ਚ ਹਾਕੀ ਲਈ ਭਾਰਤ ਹੀ ਸਭ ਤੋਂ ਵੱਡੀ ਮੰਡੀ ਮੰਨਿਆ ਜਾਂਦਾ ਹੈ | ਇਸੇ ਕਰਕੇ ਅਜੋਕੇ ਦੌਰ 'ਚ ਹਰ ਸਾਲ ਕੌਮਾਂਤਰੀ ਹਾਕੀ ਸੰਘ ਵਲੋਂ ਭਾਰਤ 'ਚ ਇਕ ਵਿਸ਼ਵ ਪੱਧਰ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ | ਇਸੇ ਤਰ੍ਹਾਂ ਭਾਰਤੀ ਫ਼ਿਲਮਸਾਜ਼ਾਂ 'ਚ ਵੀ ਹਾਕੀ ਪ੍ਰਤੀ ਮੋਹ ਸਮੇਂ-ਸਮੇਂ ਸਿਰ ਜਾਗਦਾ ਰਹਿੰਦਾ ਹੈ | ਭਾਵੇਂ ਸਾਡੇ ਦੇਸ਼ ਦੇ ਹੋਰਨਾਂ ਸੰਚਾਰ ਸਾਧਨਾਂ 'ਚ ਜਿਸ ਤਰ੍ਹਾਂ ਕਿ੍ਕਟ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਸਾਡੇ ਸਿਨੇਮੇ 'ਚ ਵੀ ਖੇਡਾਂ 'ਤੇ ਬਣੀਆਂ ਫ਼ਿਲਮਾਂ 'ਚ ਵੀ ਕਿ੍ਕਟ ਹੀ ਭਾਰੂ ਰਹੀ ਹੈ | ਪਰ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਲੋਕਾਂ ਦੀ ਦੁਨੀਆ 'ਚ ਪਹਿਚਾਣ ਬਣਾਉਣ ਵਾਲੀ ਖੇਡ ਹਾਕੀ ਨੂੰ ਵੀ ਭਾਰਤੀ ਫ਼ਿਲਮਸਾਜ਼ਾਂ ਨੇ ਆਪਣੀਆਂ ਫ਼ਿਲਮਾਂ ਦਾ ਵਿਸ਼ਾ-ਵਸਤੂ ਬਣਾਇਆ ਹੈ | ਇਹ ਨਵੀਂ ਪਨੀਰੀ ਨੂੰ ਹਾਕੀ ਨਾਲ ਜੋੜਨ ਅਤੇ ਹਾਕੀ ਖਿਡਾਰੀਆਂ ਨੂੰ ਵਧੇਰੇ ਉਤਸ਼ਾਹਿਤ ਕਰਨ 'ਚ ਸਹਾਈ ਸਿੱਧ ਹੋ ਰਿਹਾ ਹੈ |
ਪਹਿਲੀ ਵਾਰ 1975 'ਚ ਵਿਸ਼ਵ ਚੈਂਪੀਅਨ ਬਣੀ ਭਾਰਤੀ ਹਾਕੀ ਟੀਮ ਨੂੰ ਬਾਲੀਵੁੱਡ ਦੇ ਸਿਤਾਰਿਆਂ ਨੇ ਸਤਿਕਾਰ ਦਿੱਤਾ | ਇਸ ਆਦਰ ਮਾਣ ਤਹਿਤ ਫ਼ਿਲਮੀ ਸਿਤਾਰਿਆਂ ਅਤੇ ਹਾਕੀ ਖਿਡਾਰੀਆਂ ਦੌਰਾਨ ਇਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ ਜਿਸ ਵਿਚ ਉਸ ਵੇਲੇ ਦੀ ਅੱਵਲ ਨੰਬਰ ਅਭਿਨੇਤਰੀ ਪਰਵੀਨ ਬਾਬੀ ਵਰਗੀਆਂ ਹਸਤੀਆਂ ਨੇ ਵੀ ਹਿੱਸਾ ਲਿਆ ਸੀ | ਇਸ ਉਪਰੰਤ ਭਾਰਤੀ ਹਾਕੀ ਟੀਮ ਨੇ 1980 ਦੀਆਂ ਮਾਸਕੋ ਉਲੰਪਿਕਸ 'ਚ ਸੋਨ ਤਗਮਾ ਜਿੱਤਿਆ ਅਤੇ ਫਿਰ ਇਹ ਨਿਵਾਣਾਂ ਵੱਲ ਆ ਗਈ | ਇਸ ਕਾਰਨ ਫ਼ਿਲਮੀ ਸਿਤਾਰਿਆਂ ਨੇ ਵੀ ਹਾਕੀ ਨਾਲ ਮੋਹ ਘਟਾ ਲਿਆ | ਪਿਛਲੇ ਦਹਾਕੇ ਦੌਰਾਨ 2007 'ਚ ਯਸ਼ ਰਾਜ ਫ਼ਿਲਮਜ਼ ਨੇ ਸ਼ਿਮਿਤ ਅਮੀਨ ਦੀ ਨਿਰਦੇਸ਼ਨਾ 'ਚ ਹਿੰਦੀ ਫ਼ਿਲਮ 'ਚੱਕ ਦੇ ਇੰਡੀਆ' ਬਣਾਈ ਜੋ ਇਕ ਭਾਰਤੀ ਹਾਕੀ ਕੋਚ ਦੀ ਦੇਸ਼ ਪ੍ਰਤੀ ਵਫ਼ਾਦਾਰੀ 'ਤੇ ਅਧਾਰਤ ਸੀ | ਕਬੀਰ ਖਾਨ ਨਾਮ ਦੇ ਕੋਚ ਦੀ ਮੁੱਖ ਭੂਮਿਕਾ ਸ਼ਾਹਰੁਖ ਖਾਨ ਨੇ ਨਿਭਾਈ | ਕਬੀਰ ਖਾਨ ਭਾਰਤੀ ਔਰਤਾਂ ਦੀ ਹਾਕੀ ਨੂੂੰ ਕਿਵੇਂ ਬੁਲੰਦੀਆਂ 'ਤੇ ਲੈ ਕੇ ਜਾਂਦਾ ਹੈ ਅਤੇ ਹਾਕੀ 'ਚ ਮੌਜੂਦ ਖੇਤਰੀਵਾਦ ਤੇ ਹੋਰ ਅਲਾਮਤਾਂ ਨੂੰ ਇਸ ਫ਼ਿਲਮ ਰਾਹੀਂ ਬਹੁਤ ਹੀ ਬਾਰੀਕੀ ਨਾਲ ਦਰਸਾਇਆ ਗਿਆ ਸੀ | ਜੈਦੀਪ ਸਾਹਨੀ ਦੀ ਲਿਖੀ ਇਸ ਫ਼ਿਲਮ 'ਚ ਸੁਖਵਿੰਦਰ ਸਿੰਘ ਦੁਆਰਾ ਗਾਇਆ ਗੀਤ 'ਚੱਕ ਦੇ ਇੰਡੀਆ' ਅੱਜ ਵੀ ਹਰੇਕ ਖੇਡ ਉਤਸਵ 'ਚ ਵਾਰ-ਵਾਰ ਵੱਜਦਾ ਹੈ | ਇਸ ਫ਼ਿਲਮ ਨੇ ਭਾਰਤੀ ਹਾਕੀ 'ਚ ਨਵੀਂ ਰੂਹ ਫੂਕੀ | ਖਾਸ ਤੌਰ 'ਤੇ ਔਰਤਾਂ ਦੀ ਹਾਕੀ ਨੂੰ ਬਹੁਤ ਉਤਸ਼ਾਹਿਤ ਕੀਤਾ | ਅਜੋਕੇ ਦੌਰ 'ਚ ਭਾਰਤੀ ਜੂਨੀਅਰ ਹਾਕੀ ਟੀਮ ਦੇ ਵਿਸ਼ਵ ਚੈਂਪੀਅਨ ਬਣਨ, ਸੀਨੀਅਰ ਟੀਮ ਦੇ ਏਸ਼ੀਅਨ ਚੈਂਪੀਅਨ ਬਣਨ ਅਤੇ ਹੋਰਨਾਂ ਵਿਸ਼ਵ ਪੱਧਰੀ ਟੂਰਨਾਮੈਂਟਾਂ 'ਚ ਮੋਹਰੀ ਟੀਮਾਂ 'ਚ ਸ਼ਾਮਲ ਹੋਣ ਨਾਲ, ਜਿੱਥੇ ਖੇਡ ਪ੍ਰੇਮੀਆਂ ਦਾ ਹਾਕੀ ਪ੍ਰਤੀ ਮੋਹ ਵਧਿਆ ਹੈ, ਉੱਥੇ ਭਾਰਤੀ ਫ਼ਿਲਮਸਾਜ਼ ਵੀ ਮੁੜ ਹਾਕੀ 'ਤੇ ਅਧਾਰਤ ਫ਼ਿਲਮਾਂ ਬਣਾਉਣ ਵੱਲ ਤੁਰੇ ਹਨ | ਅੱਜ-ਕੱਲ੍ਹ ਮਸ਼ਹੂਰ ਡਰੈਗ ਫਲਿੱਕਰ ਸੰਦੀਪ ਸਿੰਘ 'ਤੇ ਅਧਾਰਤ ਹਿੰਦੀ ਫ਼ਿਲਮ ਬਣ ਰਹੀ ਹੈ | ਇਸ ਫ਼ਿਲਮ ਦਾ ਪਹਿਲਾਂ ਨਾਂਅ 'ਫਲਿੱਕਰ ਸਿੰਘ' ਰੱਖਿਆ ਗਿਆ ਸੀ, ਫਿਰ ਬਦਲ ਕੇ ਸੂਰਮਾ ਰੱਖ ਦਿੱਤਾ ਗਿਆ | ਅਦਾਕਾਰਾ ਚਿੱਤਰਾਂਗਦਾ ਸਿੰਘ ਦੁਆਰਾ ਬਣਾਈ ਜਾ ਰਹੀ ਇਸ ਫ਼ਿਲਮ 'ਚ ਸੰਦੀਪ ਸਿੰਘ ਦੀ ਭੂਮਿਕਾ ਨਾਮਵਰ ਪੰਜਾਬੀ ਗਾਇਕ ਤੇ ਬਾਲੀਵੁੱਡ 'ਚ ਸਥਾਪਤੀ ਵੱਲ ਵਧ ਰਿਹਾ ਨੌਜਵਾਨ ਕਲਾਕਾਰ ਦਿਲਜੀਤ ਦੁਸਾਂਝ ਨਿਭਾ ਰਿਹਾ ਹੈ | ਇਸ ਫ਼ਿਲਮ ਦੀ ਨਾਇਕਾ ਬਾਲੀਵੁੱਡ ਦੀ ਸਿਰਕੱਢ ਅਦਾਕਾਰਾ ਤਾਪਸੀ ਪੰਨੂੰ ਹੈ | ਇਸ ਫ਼ਿਲਮ 'ਚ ਸੰਦੀਪ ਸਿੰਘ ਦੇ ਰੇਲ ਗੱਡੀ 'ਚ ਅਚਾਨਕ ਗੋਲੀ ਲੱਗਣ ਵਾਲੀ ਘਟਨਾ ਸਮੇਤ ਉਸ ਦੇ ਬੁਲੰਦੀਆਂ ਤੱਕ ਪੁੱਜਣ ਦੇ ਸਫਰ ਨੂੰ ਇਸ ਤਰੀਕੇ ਨਾਲ ਦਰਸਾਇਆ ਜਾ ਰਿਹਾ ਹੈ, ਜੋ ਨਵੀਂ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਸਾਬਤ ਹੋਵੇਗਾ | ਇਸ ਦੇ ਨਾਲ-ਨਾਲ ਬਾਲੀਵੁੱਡ ਦੀ ਫ਼ਿਲਮਸਾਜ਼ ਰੀਮਾ ਕਾਗਤੀ ਵਲੋਂ ਭਾਰਤੀ ਹਾਕੀ ਦੇ ਸ਼ਹਿਨਸ਼ਾਹ ਬਲਵੀਰ ਸਿੰਘ ਸੀਨੀਅਰ ਦੀ ਜੀਵਨੀ 'ਤੇ ਅਧਾਰਤ ਫ਼ਿਲਮ 'ਗੋਲਡ' ਬਣਾਈ ਜਾ ਰਹੀ ਹੈ | ਰਿਤੇਸ਼ ਸਿੰਧਵਾਨੀ ਤੇ ਫਰਹਾਨ ਅਖਤਰ ਦੁਆਰਾ ਬਣਾਈ ਜਾ ਰਹੀ ਇਸ ਫ਼ਿਲਮ 'ਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਨਿਭਾ ਰਿਹਾ ਹੈ | ਇਸ ਤੋਂ ਇਲਾਵਾ ਕੁਨਾਲ ਕਪੂਰ, ਮੋਨੀ ਰਾਏ, ਅਮਿਤ ਸਾਧ, ਸੰਨੀ ਕੌਸ਼ਲ ਤੇ ਗੌਹਰ ਖਾਨ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ | ਇਹ ਫ਼ਿਲਮ 15 ਅਗਸਤ 2018 ਨੂੰ ਰਿਲੀਜ਼ ਹੋਵੇਗੀ |
ਇਸ ਦੇ ਨਾਲ ਹੀ ਭਾਰਤੀ ਹਾਕੀ ਦਾ ਹਮੇਸ਼ਾ ਹੀ ਧੁਰਾ ਰਹੇ ਪੰਜਾਬ ਦੇ ਫ਼ਿਲਮਸਾਜ਼ ਵੀ ਹਾਕੀ ਨੂੰ ਆਪਣੀਆਂ ਫ਼ਿਲਮਾਂ ਦਾ ਵਿਸ਼ਾ-ਵਸਤੂ ਬਣਾਉਣ ਵੱਲ ਤੁਰੇ ਹਨ | ਭਾਰਤੀ ਹਾਕੀ ਦੀ ਨਰਸਰੀ ਮੰਨੇ ਜਾਂਦੇ ਜਲੰਧਰ ਸ਼ਹਿਰ ਦੀ ਬੁੱਕਲ 'ਚ ਵਸੇ ਪਿੰਡ ਸੰਸਾਰਪੁਰ ਦੇ ਹਾਕੀ ਸਿਤਾਰਿਆਂ ਤੇ ਸਰਗਰਮੀਆਂ 'ਤੇ ਅਧਾਰਤ ਪੰਜਾਬੀ ਫ਼ਿਲਮ 'ਖਿੱਦੋ-ਖੂੰਡੀ' ਰੋਹਿਤ ਜੁਗਰਾਜ ਦੁਆਰਾ ਬਣਾਈ ਗਈ, ਜੋ ਇਸੇ ਵਰ੍ਹੇ ਰਿਲੀਜ਼ ਹੋ ਚੁੱਕੀ ਹੈ | ਸੰਸਾਰਪੁਰ ਪਿੰਡ ਦੇ 1920 ਤੋਂ 1968 ਤੱਕ 12 ਖਿਡਾਰੀ ਵੱਖ-ਵੱਖ ਦੇਸ਼ਾਂ ਵਲੋਂ ਉਲੰਪਿਕ ਖੇਡਾਂ 'ਚ ਖੇਡੇ | ਇਸ ਪਿੰਡ ਦੇ 15 ਖਿਡਾਰੀ ਵੱਖ-ਵੱਖ ਉਲੰਪਿਕ ਖੇਡਾਂ 'ਚੋਂ 8 ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ ਅਤੇ ਹੋਰਨਾਂ ਕੌਮਾਂਤਰੀ ਟੂਰਨਾਮੈਂਟਾਂ 'ਚ ਇਸ ਪਿੰਡ ਦੇ ਤਗਮਾ ਜੇਤੂਆਂ ਦੀ ਗਿਣਤੀ ਕਾਫੀ ਵੱਡੀ ਹੈ | ਇਹ ਸਾਰੇ ਤੱਥ 'ਖਿੱਦੋ-ਖੂੰਡੀ' ਫ਼ਿਲਮ 'ਚ ਦਿਖਾਏ ਗਏ ਸਨ | ਇਸ ਫ਼ਿਲਮ 'ਚ ਨਾਮਵਰ ਗਾਇਕ ਰਣਜੀਤ ਬਾਵਾ ਨਾਇਕ ਦੀ ਭੂਮਿਕਾ ਰਿਹਾ ਹੈ | ਇਸ ਦੇ ਨਾਲ ਹੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੀ ਸੰਘਰਸ਼ਮਈ ਗਾਥਾ 'ਤੇ ਅਧਾਰਤ ਪੰਜਾਬੀ ਫ਼ਿਲਮ 'ਹਰਜੀਤਾ' ਰਿਲੀਜ਼ ਹੋ ਚੁੱਕੀ ਹੈ | ਨਿੱਕ ਬਹਿਲ ਤੇ ਵਿਜੇ ਕੁਮਾਰ ਅਰੋੜਾ ਹੋਰਾਂ ਦੀ ਟੀਮ ਵਲੋਂ ਬਣਾਈ ਗਈ ਇਸ ਫ਼ਿਲਮ 'ਚ ਹਰਜੀਤ ਦਾ ਕਿਰਦਾਰ ਨਾਮਵਰ ਗਾਇਕ ਤੇ ਨਾਇਕ ਐਮੀ ਵਿਰਕ ਨੇ ਨਿਭਾਇਆ ਹੈ |
ਇਸ ਤਰ੍ਹਾਂ ਭਾਰਤੀ ਫ਼ਿਲਮਸਾਜ਼ਾਂ ਵਲੋਂ ਦੇਸ਼ ਨੂੰ ਖੇਡ ਜਗਤ 'ਚ ਵੱਡੀ ਪਹਿਚਾਣ ਦੇਣ ਵਾਲੀ ਖੇਡ ਹਾਕੀ ਨੂੰ ਆਪਣੀਆਂ ਫ਼ਿਲਮਾਂ ਦਾ ਹਿੱਸਾ ਬਣਾਉਣਾ, ਸ਼ਲਾਘਾਯੋਗ ਅਤੇ ਸਵਾਗਤਯੋਗ ਹੈ | ਉਮੀਦ ਕਰਦੇ ਹਾਂ ਕਿ ਭਾਰਤੀ ਹਾਕੀ ਦੇ ਨਾਇਕਾਂ ਅਤੇ ਇਤਿਹਾਸਿਕ ਘਟਨਾਵਾਂ 'ਤੇ ਅਧਾਰਤ ਨਿਰੰਤਰ ਫ਼ਿਲਮਾਂ ਬਣਦੀਆਂ ਰਹਿਣਗੀਆਂ, ਜਿਸ ਨਾਲ ਭਾਰਤੀ ਹਾਕੀ ਨੂੰ ਹੁਲਾਰਾ ਮਿਲਦਾ ਰਹੇਗਾ ਅਤੇ ਨਵੀਂ ਪੀੜ੍ਹੀ ਇਸ ਖੇਡ ਨਾਲ ਨਿਰੰਤਰ ਜੁੜਦੀ ਰਹੇਗੀ |

-ਪਟਿਆਲਾ |

ਲੇਖਿਕਾ ਬੀਟਰਿਕਸ ਪੌਟਰ ਦਾ ਬਾਲ ਸੰਸਾਰ

ਸਕੂਲ ਸਮੇਂ ਤੋਂ ਖ਼ੁਸ਼ੀ ਦੇਣ ਵਾਲੀ ਬਾਲ ਪੁਸਤਕ 'ਟੇਲ ਆਫ਼ ਪੀਟਰ ਰੈਬਿਟ' ਦੀਆਂ ਯਾਦਾਂ ਲੈ ਕੇ ਅਸੀਂ ਅੰਗਰੇਜ਼ ਲੇਖਿਕਾ ਬੀਟਰਿਕਸ ਪੌਟਰ ਦੇ 'ਹਿਲ ਟੌਪ ਹੋਮ' ਪਹਾੜੀ 'ਤੇ ਬਣੇ ਘਰ ਲਈ ਰਵਾਨਾ ਹੋਏ ਜੋ ਇੰਗਲੈਂਡ ਦੇ 'ਲੇਖ ਡਿਸਟਿ੍ਕਟ' ਵਿਚ ਸਥਿਤ ਹੈ ਤੇ ਸ਼ਾਨਦਾਰ ਕੁਦਰਤੀ ਸੁੰਦਰਤਾ ਲਈ ਵਿਸ਼ਵ ਪ੍ਰਸਿੱਧ ਹੈ |
ਅਸੀਂ ਉਸ ਜਾਦੂ ਦੀ ਭਾਲ ਵਿਚ ਨਿਕਲੇ ਸੀ ਜੋ 19ਵੀਂ ਸ਼ਤਾਬਦੀ ਦੇ ਅਖੀਰ ਤੋਂ ਅੱਜ ਤੱਕ ਬੱਚਿਆਂ ਅਤੇ ਵੱਡਿਆਂ ਨੂੰ ਆਪਣੀਆਂ 23 ਕਹਾਣੀਆਂ ਨਾਲ ਮੋਹਿਤ ਕਰ ਰਿਹਾ ਹੈ | ਬੀਟਰਿਕਸ ਪੌਟਰ ਇਕ ਮਹਾਨ ਔਰਤ ਸੀ ਜਿਨ੍ਹਾਂ ਵਿਚ ਲੇਖਿਕਾ ਤੋਂ ਇਲਾਵਾ, ਵਿਗਿਆਨੀ, ਚਿੱਤਰਕਾਰ, ਵਪਾਰੀ ਅਤੇ ਵਾਤਾਵਰਨ ਰੱਖਿਅਕ ਵਰਗੇ ਅਨੇਕ ਗੁਣ ਮੌਜੂਦ ਸਨ | ਕਾਰ ਪਾਰਕ ਕਰਕੇ ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਸਾਨੂੰ ਇਕ ਪਹਾੜੀ 'ਤੇ ਬਣੇ ਨਿੱਜੀ 'ਹਿਲ ਟੌਪ ਹੋਮ' ਜਾਣ ਦੇ ਸੰਕੇਤ ਦਿਸੇ | ਉਥੇ ਜਾਣ ਦਾ ਰਸਤਾ ਸਾਡੇ ਭਾਰਤੀ 'ਹਿਲ ਸਟੇਸ਼ਨ' ਜਾਣ ਵਰਗਾ ਸੀ |

ਬੀਟਰਿਕਸ ਪੌਟਰ : ਅਨੋਖੀ ਔਰਤ
ਹਿਲ ਟੌਪ ਹੋਮ ਵੱਲ ਜਾਂਦੇ ਹੋਏ ਮੈਂ ਬੀਟਰਿਕਸ ਦੇ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਕੀਤਾ | ਜੁਲਾਈ 1866 ਵਿਚ ਜਨਮੀ ਬੀਟਰਿਕਸ ਨੂੰ ਬਚਪਨ ਤੋਂ ਹੀ ਸਕੈਚਿੰਗ (ਰੂਪ-ਰੇਖਾ ਚਿੱਤਰਕਾਰੀ) ਵਿਚ ਰੁਚੀ ਸੀ ਅਤੇ 24 ਸਾਲ ਦੀ ਉਮਰ ਵਿਚ ਬੀਟਰਿਕਸ ਨੇ ਕੁਝ ਵਿਸ਼ੇਸ਼ ਰੈਬਿਟ (ਖਰਗੋਸ਼) ਦੇ ਚਿੱਤਰ ਬਣਾਏ ਜਿਨ੍ਹਾਂ ਦੇ ਕ੍ਰਿਸਮਸ ਕਾਰਡ ਵੀ ਛਪਵਾਏ ਜੋ ਬਹੁਤ ਵਿਕੇ | ਉਦੋਂ ਉਸ ਨੇ ਨਿਰਣਾ ਕੀਤਾ ਕਿ ਇਸ ਪਿਆਰੇ ਰੈਬਿਟ 'ਤੇ ਇਕ ਬਾਲ ਪੁਸਤਕ ਵੀ ਲਿਖੇਗੀ | ਇਹ ਕਹਿਣਾ ਅੱਤਕਥਨੀ ਨਹੀਂ ਹੋਵੇਗਾ ਕਿ ਉਦੋਂ ਇਤਿਹਾਸ ਰਚਿਆ ਗਿਆ, ਜਦੋਂ ਬੀਟਰਿਕਸ ਪੌਟਰ ਨੇ ਪ੍ਰਸਿੱਧ ਚੁਲਬੁਲੇ, ਪਿਆਰੇ ਜਿਹੇ ਪਾਤਰ ਪੀਟਰ ਰੇਬਿਟ ਨੂੰ ਜਨਮ ਦਿੱਤਾ | ਹਰੇਕ ਪਬਲਿਸ਼ਰ ਨੇ ਉਸ ਦੀ ਪੁਸਤਕ ਨੂੰ ਨਕਾਰ ਦਿੱਤਾ ਤਾਂ ਉਸ ਨੇ ਖ਼ੁਦ 250 ਕਾਪੀਆਂ ਛਪਵਾਈਆਂ ਅਤੇ ਪੀਟਰ ਰੈਬਿਟ ਦੀ ਕਹਾਣੀ ਦੀ ਹਰ ਕਾਪੀ ਵਿਕੀ | ਫਿਰ 1902 ਵਿਚ ਪ੍ਰਜ਼ਿਆਤ ਪਬਲਿਸ਼ਰ ਵਾਰਨੇ ਨੇ ਪੁਸਤਕ ਨੂੰ ਪਸੰਦ ਕਰਕੇ ਛਾਪਿਆ ਅਤੇ ਉਸ ਦੀਆਂ 8000 ਕਾਪੀਆਂ ਵਿਕੀਆਂ | ਫਿਰ ਬੀਟਰਿਕਸ ਦੀਆਂ 6 ਹੋਰ ਪੁਸਤਕਾਂ ਵੀ ਵੱਡੀ ਗਿਣਤੀ ਵਿਚ ਛਪੀਆਂ ਅਤੇ ਵਿਕਣ ਲੱਗੀਆਂ | ਵਰਤਮਾਨ ਵਿਚ ਹਾਲੀਵੁੱਡ ਅਭਿਨੇਤਰੀ ਰੇਨੀ ਜੇਲਵੇਗਨਰ ਨੇ ਫਿਲਮ 'ਮਿਸ ਪੌਟਰ' ਵਿਚ ਬੀਟਰਿਕਸ ਦੇ ਪਾਤਰ ਨੂੰ ਏਨੇ ਵਧੀਆ ਢੰਗ ਨਾਲ ਪੇਸ਼ ਕੀਤਾ ਕਿ ਉਹ ਦੇਖਣਯੋਗ ਹੈ |
ਹਿਲ ਟੌਪ ਹੋਮ : ਬੀਟਰਿਕਸ ਦਾ ਘਰ
ਸੁਨਹਿਰੀ ਧੁੱਪ ਵਿਚ, 17ਵੀਂ ਸ਼ਤਾਬਦੀ ਵਿਚ ਬਣੇ ਬੀਟਰਿਕਸ ਦੇ ਘਰ ਦੀ ਪਹਿਲੀ ਝਲਕ ਮਿਲੀ ਜੋ ਲੇਖਲੈਂਡ ਆਰਕੀਟੈਕਚਰ ਦੇ ਵਿਸ਼ੇਸ਼ ਲੱਛਣਾਂ ਵਾਲਾ ਸੀ : ਸਲੇਟ ਦੀ ਛੱਤ ਅਤੇ ਸਥਾਨਕ ਪੱਥਰ ਦੀਆਂ ਦੀਵਾਰਾਂ | 1905 ਵਿਚ ਜਦੋਂ ਬੀਟਰਿਕਸ ਨੇ ਇਹ ਘਰ ਖਰੀਦਿਆ ਤਾਂ ਪਰੰਪਰਿਕ ਸੌੜੇ ਵਿਚਾਰਾਂ ਵਾਲੇ ਵਿਕਟੋਰੀਅਨ ਸਮਾਜ ਵਿਚ ਇਕ ਅਣਵਿਆਹੀ ਵਲੋਂ ਚੁੱਕਿਆ ਗਿਆ ਇਹ ਇਕ ਬੇਹੱਦ ਮਹੱਤਵਪੂਰਨ ਕਦਮ ਸੀ | ਸੱਤਾਵਾਦੀ ਮਾਤਾ-ਪਿਤਾ ਨਾਲ ਬੋਰਿੰਗ ਸਮਾਂ ਬਿਤਾਉਂਦੀ ਹੋਈ ਬੀਟਰਿਕਸ ਦੇ ਜੀਵਨ ਵਿਚ ਨਾਟਕੀ ਢੰਗ ਨਾਲ ਬਦਲਾਅ ਆਇਆ | ਹਿਲ ਟੌਪ ਹਾਊਸ ਦਾ ਵਾਤਾਵਰਨ ਉਸ ਨੂੰ ਏਨਾ ਪਸੰਦ ਆਇਆ ਕਿ ਉਸ ਨੇ ਇਥੇ ਰਹਿ ਕੇ 13 ਕਥਾਵਾਂ ਰਚੀਆਂ ਜਿਸ ਵਿਚ ਮਾਨਵ ਵਾਂਗ ਪਾਤਰ : ਖਰਗੋਸ਼, ਚੂਹੇ, ਗਿਲਹਿਰੀ (ਕਾਟੋ) ਅਤੇ ਹੇਜਹੋਗ (ਸੇਹੀ) ਸੀ | ਮੁੱਖ ਘਰ, ਉਸ ਦੇ ਬਗ਼ੀਚੇ, ਬਗ਼ੀਚੇ ਦੇ ਰਸਤੇ ਅਤੇ ਮੁੱਖ ਦਰਵਾਜ਼ੇ ਦੀ ਚਿੱਤਰਕਾਰੀ ਦੇ ਨਾਲ ਉਹ ਆਪਣੀਆਂ ਕਹਾਣੀਆਂ ਲਿਖਦੀ ਸੀ | ਇਸ ਲਈ ਸਾਡੇ ਲਈ ਉਸ ਦੀਆਂ ਬਾਲ ਕਥਾਵਾਂ ਦੀਆਂ ਥਾਵਾਂ ਨੂੰ ਹੁਣ ਅਸਲ ਵਿਚ ਲੱਭਣਾ ਸੌਖਾ ਸੀ ਜੋ ਸਾਡੇ ਆਲੇ-ਦੁਆਲੇ ਸਨ |
ਮੁੱਖ ਦੁਆਰ
ਘਰ ਵਿਚ ਦਾਖਲ ਹੁੰਦਿਆਂ ਹੀ ਐਾਟਰੈਂਸ ਪਾਰਲਰ ਸੀ ਜਿਥੇ ਸਵਾਗਤ ਦਾ ਵਾਤਾਵਰਨ ਸੀ | ਦੀਵਾਰ 'ਤੇ ਇਕ ਬਹੁਤ ਵੱਡੀ ਫਾਇਰ ਰੇਂਜ ਸੀ ਜਿਸ ਦਾ ਬੀਟਰਿਕਸ ਪੌਟਰ ਦੀਆਂ ਕਥਾ ਪੁਸਤਕਾਂ ਵਿਚ ਵੀ ਚਿੱਤਰਣ ਮਿਲਦਾ ਹੈ ਅਤੇ ਦੀਵਾਰ 'ਤੇ ਵੀ ਪੁਰਾਣੇ ਵਾਲ ਪੇਪਰ ਦੀ ਦਿਖ ਵਰਗਾ ਨਵਾਂ ਵਾਲ ਪੇਪਰ ਲੱਗਿਆ ਹੋਇਆ ਸੀ | ਇਥੇ 17ਵੀਂ ਸਦੀ ਦੇ ਅਨੇਕ ਪ੍ਰਦਰਸ਼ਨ ਸਨ, ਜਿਨ੍ਹਾਂ ਦਾ ਉਸ ਦੀਆਂ ਕਹਾਣੀਆਂ ਪੁਸਤਕਾਂ ਵਿਚ ਵੀ ਚਿੱਤਰਣ ਮਿਲਦਾ ਹੈ | ਜਿਵੇਂ ਵਿਸ਼ਾਲ ਘੜੀ, ਓਖ-ਲੱਕੜੀ ਦਾ ਕਰਬੋਡ ਅਤੇ ਪ੍ਰਸਿੱਧ ਚਿਅਨ-ਡੇਲ ਸ਼ੈਲੀ ਦੀਆਂ ਕੁਰਸੀਆਂ | ਨਾਲ ਹੀ 19ਵੀਂ ਸਦੀ ਦਾ ਇਕ ਵੱਡਾ ਡ੍ਰੈਸਰ ਪ੍ਰਦਰਸ਼ਿਤ ਸੀ ਜੋ ਬੀਟਰਿਕਸ ਦੀ ਪੁਸਤਕ 'ਟੇਲ ਆਫ ਸੈਮੁਅਲ ਵਿਸਕਰਸ' ਦਾ ਵੀ ਹਿੱਸਾ ਹੈ ਅਤੇ ਉਸ 'ਤੇ ਇਸ ਬਾਲ ਪੁਸਤਕਾ ਦੀ ਇਕ ਕਾਪੀ ਵੀ ਸਜੀ ਹੋਈ ਸੀ |
ਬੀਟਰਿਕਸ ਨੇ ਇਸ ਪਾਰਲਰ (ਬੈਠਕ ਕਮਰਾ) ਵਿਚ ਇਕ ਚਿਮਨੀ ਵੀ ਲਗਵਾਈ ਹੋਈ ਸੀ ਜਿਸ ਦੇ ਆਲੇ-ਦੁਆਲੇ 18ਵੀਂ ਤੇ 19ਵੀਂ ਸਦੀ ਦੇ ਪੋਰਸ ਲੇਨ (ਚੀਨੀ) ਦਾ ਵਿਸ਼ੇਸ਼ ਸਮਾਨ ਸਜਿਆ ਹੋਇਆ ਸੀ | ਐਾਟਰੈਂਸ ਪਾਰਲਰ (ਬੈਠਕ 'ਚ ਜਾਣ ਦਾ ਰਸਤਾ) ਦੀ ਸਜਾਵਟ ਕਿਸੇ ਫਿਲਮੀ ਸੈੱਟ ਵਰਗੀ ਸੀ | ਉਥੇ 1902 ਦੀ ਚਾਹਦਾਨੀ (ਟੀ-ਪੌਟ) ਸਜੀ ਹੋਈ ਸੀ ਜੋ ਬੀਟਰਿਕਸ ਦੀ ਬਾਲ ਪੁਸਤਕ 'ਟੇਲ ਆਫ਼ ਪਾਈ ਐਾਡ ਪੈਟੀ ਪੈਨ' ਦੇ ਰੀਬੀ ਪਾਤਰ ਵਲੋਂ ਵਰਤੀ ਜਾਂਦੀ ਸੀ |
ਫਿਰ ਅਸੀਂ 18ਵੀਂ ਸਦੀ ਦੀਆਂ ਲੱਕੜੀ ਦੀਆਂ ਪੌੜੀਆਂ ਚੜ੍ਹ ਕੇ ਹਿਲ ਟੌਪ ਫਾਰਮ ਹਾਊਸ ਦੇ ਉੱਪਰਲੇ ਹਿੱਸੇ ਵਿਚ ਗਏ ਜਿਥੋਂ ਬਿਲਕੁਲ ਇਸ ਤਰ੍ਹਾਂ ਲੱਗਿਆ ਕਿ ਅਸੀਂ ਬੀਟਰਿਕਸ ਪੌਟਰ ਦੀ ਕਹਾਣੀ ਦਾ ਹਿੱਸਾ ਹੋਈਏ | ਵਾਲਨਟ ਲੱਕੜੀ ਦੀ ਸੁੰਦਰ ਅਲਮਾਰੀ ਵਾਲੀ ਘੜੀ ਦੇ ਅੱਗਿਓਾ ਹੋ ਕੇ ਅਸੀਂ ਉੱਪਰ ਪਹੁੰਚੇ ਜਿਥੇ ਕੁਰਸੀ ਦੇ ਪਿੱਛੇ ਬੀਟਰਿਕਸ ਦੀ ਸੈਰ ਕਰਨ ਵਾਲੀ ਜੈਕਟ ਇਸ ਤਰ੍ਹਾਂ ਟੰਗੀ ਹੋਈ ਸੀ ਜਿਵੇਂ ਕਿ ਉਸ ਦੇ ਜੀਵਨ ਕਾਲ ਵਿਚ ਉਹ ਖ਼ੁਦ ਰਖਦੀ ਹੋਵੇਗੀ | ਪੌੜੀਆਂ ਅਤੇ ਉਸ ਦੀ ਚੜ੍ਹਨ ਦਾ ਤਰੀਕਾ ਦੇਖ ਕੇ ਅਤੇ ਉਥੇ ਵਿਛਿਆ ਕਾਲੀਨ ਦੇਖ ਕੇ, ਮੈਨੂੰ ਯਾਦ ਆਇਆ ਕਿ ਬੀਟਰਿਕਸ ਨੇ ਕਹਾਣੀ ਪੁਸਤਕ 'ਦ ਟੇਲ ਆਫ਼ ਸੈਮੂਅਲ ਵਿਸਕਰਸ' ਵਿਚ ਵੀ ਇਨ੍ਹਾਂ ਤਿੰਨਾਂ ਦਾ ਵਰਣਨ ਕੀਤਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

1935-36 ਵਿਚ 'ਪਿੰਡ ਦੀ ਕੁੜੀ' ਤੋਂ ਸ਼ੁਰੂ ਹੋਇਆ ਪੰਜਾਬੀ ਸਿਨੇਮਾ ਦਾ ਸਫ਼ਰ 'ਜੱਟ ਐਾਡ ਜੂਲੀਅਟ' ਅਤੇ 'ਲਵ ਪੰਜਾਬ' ਤਕ ਪਹੁੰਚ ਗਿਆ ਹੈ | ਇਨ੍ਹਾਂ ਫ਼ਿਲਮਾਂ ਦਿਆਂ ਟਾਈਟਲਾਂ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਸਮੇਂ ਅਨੁਸਾਰ ਸਿਨੇਮਾ ਕਿਵੇਂ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਨੂੰ ਜਜ਼ਬ ਕਰਨ ਦੀ ਅਦਭੁੱਤ ਸਮਰਥਾ ਰੱਖਦਾ ਹੈ |
ਵੈਸੇ ਪੰਜਾਬੀ ਫ਼ਿਲਮਾਂ ਦੇ ਵਿਕਾਸ ਦੀ ਕਹਾਣੀ ਬੜੀ ਦਿਲਚਸਪ ਹੈ | ਕੇ. ਡੀ. ਮਹਿਰਾ ਨੇ ਜਦੋਂ 'ਸ਼ੀਲਾ—ਪਿੰਡ ਦੀ ਕੁੜੀ' ਬਣਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਉਸ ਵੇਲੇ ਲਾਹੌਰ ਵੀ ਇਕ ਪ੍ਰਮੁੱਖ ਨਿਰਮਾਣ ਕੇਂਦਰ ਸੀ | ਮੁੰਬਈ, ਕੋਲਕਾਤਾ ਅਤੇ ਲਾਹੌਰ ਤਿੰਨਾਂ ਫ਼ਿਲਮ-ਨਿਰਮਾਣ ਕੇਂਦਰਾਂ 'ਚ ਹਿੰਦੀ/ਉਰਦੂ ਫ਼ਿਲਮਾਂ ਬਣਦੀਆਂ ਹੁੰਦੀਆਂ ਸਨ | ਕੇ. ਡੀ. ਮਹਿਰਾ ਨੇ ਜਦੋਂ ਪੰਜਾਬੀ ਫ਼ਿਲਮ ਬਣਾਉਣ ਦਾ ਬੀਜੜਾ ਚੁੱਕਿਆ ਤਾਂ ਉਸ ਨੂੰ ਲਾਹੌਰ ਤੋਂ ਕੋਈ ਬਹੁਤ ਉਤਸ਼ਾਹ ਨਹੀਂ ਮਿਲਿਆ ਸੀ | ਇਸ ਲਈ ਉਸ ਨੇ ਕਲਕੱਤਾ ਵਿਖੇ ਸਥਿਤ ਇਕ ਫਾਈਨੈਂਸਰ ਨਾਲ ਗੱਲਬਾਤ ਕੀਤੀ | ਫਾਈਨੈਂਸਰ ਨੇ ਸ਼ਰਤ ਇਹ ਰੱਖੀ ਕਿ ਜੇਕਰ ਫ਼ਿਲਮ ਦੀ ਸ਼ੂਟਿੰਗ ਕਲਕੱਤੇ ਵਿਚ ਰਹਿ ਕੇ ਕੀਤੀ ਜਾਵੇ ਤਾਂ ਉਹ ਸਰਮਾਇਆ ਲਗਾ ਸਕਦਾ ਸੀ | ਕੇ. ਡੀ. ਮਹਿਰਾ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ | ਇਸ ਲਈ ਉਸ ਨੇ ਸਾਰੀ ਦੀ ਸਾਰੀ ਸਟਾਰ ਕਾਸਟ ਨੂੰ ਕਲਕੱਤੇ ਸ਼ਿਫ਼ਟ ਕੀਤਾ ਅਤੇ ਦੋ ਮਹੀਨਿਆਂ ਦੀ ਲਗਾਤਾਰ ਸ਼ੂਟਿੰਗ ਕਰ ਕੇ ਲਾਹੌਰ ਵਾਪਸ ਆ ਗਿਆ |
'ਪਿੰਡ ਦੀ ਕੁੜੀ' ਇਕ ਸਫ਼ਲ ਫ਼ਿਲਮ ਸਿੱਧ ਹੋਈ ਸੀ | ਇਸ ਦੀ ਨਾਇਕਾ (ਨੂਰ ਜਹਾਂ) ਦੀ ਉਮਰ ਉਸ ਵੇਲੇ ਸਿਰਫ਼ ਪੰਦਰਾਂ-ਸੋਲਾਂ ਸਾਲ ਦੀ ਸੀ | ਪਰ ਇਸ ਫ਼ਿਲਮ ਨੇ ਉਸ ਲਈ ਹਿੰਦੀ/ਉਰਦੂ ਫ਼ਿਲਮਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਸਨ |
ਕੇ. ਡੀ. ਮਹਿਰਾ ਇਕ ਬਹੁਤ ਹੀ ਪ੍ਰਤਿਭਾਸ਼ੀਲ ਸ਼ਖ਼ਸੀਅਤ ਸੀ | ਉਸ ਨੇ ਆਪਣੀ ਫ਼ਿਲਮ ਦੀ ਪਟਕਥਾ ਇਕ ਅਜਿਹੀ ਲੜਕੀ (ਸ਼ੀਲਾ) ਦੇ ਇਰਦ-ਗਿਰਦ ਰਚੀ ਜਿਹੜੀ ਕਿ ਆਪਣੇ ਪ੍ਰੇਮੀ ਨੂੰ ਹਾਸਿਲ ਕਰਨ ਲਈ ਹਰ ਤਰ੍ਹਾਂ ਦਾ ਤਿਆਗ ਕਰਦੀ ਹੈ | 1965 ਵਿਚ ਇਸੇ ਹੀ ਕਥਾਨਕ ਨੂੰ ਪ੍ਰਮੁੱਖ ਰੱਖ ਕੇ ਰਾਜ ਕੁਮਾਰ ਕੋਹਲੀ ਨੇ ਇਸੇ ਹੀ ਟਾਈਟਲ ਅਧੀਨ ਫ਼ਿਲਮ ਬਣਾਈ ਸੀ | ਨਿਸ਼ੀ ਇਸ ਦੀ ਨਾਇਕਾ ਸੀ ਅਤੇ ਇਹ ਫ਼ਿਲਮ ਵੀ ਬਲਾਕ-ਬਾਸਟਰ ਸਿੱਧ ਹੋਈ ਸੀ |
ਖ਼ੈਰ, 'ਪਿੰਡ ਦੀ ਕੁੜੀ' ਤੋਂ ਬਾਅਦ ਲਾਹੌਰ 'ਚ ਪੰਜਾਬੀ ਫ਼ਿਲਮਾਂ ਬਣਾਉਣ ਦਾ ਦੌਰ ਸ਼ੁਰੂ ਹੋ ਗਿਆ | ਸਥਿਤੀ ਇਹ ਹੋ ਗਈ ਕਿ ਉਰਦੂ/ਹਿੰਦੀ ਫ਼ਿਲਮਾਂ ਤੋਂ ਵੀ ਵੱਧ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ | ਕਾਰਨ ਸਪੱਸ਼ਟ ਸੀ—ਉਸ ਵੇਲੇ ਦੇਸ਼-ਵੰਡ ਨਹੀਂ ਹੋਈ ਸੀ ਅਤੇ ਅਣਵੰਡਿਆ ਪੰਜਾਬ ਆਪਣੇ ਆਪ 'ਚ ਕਾਫ਼ੀ ਵਿਸ਼ਾਲਤਾ ਰੱਖਦਾ ਸੀ |
ਸਿਰਫ਼ ਗਿਣਤੀ ਦੇ ਦਿ੍ਸ਼ਟੀਕੋਣ ਤੋਂ ਹੀ ਨਹੀਂ, ਬਲਕਿ ਗੁਣਵੱਤਾ ਦੇ ਪੱਖ ਤੋਂ ਵੀ ਉਸ ਵੇਲੇ ਦੇ ਪੰਜਾਬੀ ਸਿਨੇਮਾ ਨੇ ਬਾਲੀਵੁੱਡ ਨੂੰ ਬਹੁਤ ਕੁਝ ਦਿੱਤਾ ਸੀ | ਕਰਨ ਦੀਵਾਨ, ਪ੍ਰਾਣ, ਮਨੋਰਮਾ, ਓਮ ਪ੍ਰਕਾਸ਼ ਅਤੇ ਪ੍ਰੇਮ ਨਾਥ ਵਰਗੇ ਹਿੰਦੀ ਸਿਨੇਮਾ ਦੇ ਚਰਚਿਤ ਕਲਾਕਾਰ ਇਸੇ ਪੰਜਾਬੀ ਸਿਨੇਮਾ ਦੀ ਪੈਦਾਇਸ਼ ਹੀ ਸਨ | ਸੰਗੀਤਕਾਰਾਂ 'ਚੋਂ ਗ਼ੁਲਾਮ ਅਹਿਮਦ ਅਤੇ ਹੁਸਨ ਲਾਲ ਭਗਤ ਰਾਮ ਨੇ ਹਿੰਦੀ ਫ਼ਿਲਮ ਸੰਗੀਤ ਨੂੰ ਉਚਾਈਆਂ ਤਕ ਪਹੁੰਚਾਇਆ ਸੀ | ਗਾਇਕਾਂ ਵਿਚੋਂ ਮੁਹੰਮਦ ਰਫ਼ੀ, ਨੂਰ ਜਹਾਂ ਅਤੇ ਸ਼ਮਸ਼ਾਦ ਬੇਗ਼ਮ ਕਿਸੇ ਸੰਗੀਤ ਪ੍ਰੇਮੀ ਦੇ ਦਿਮਾਗ਼ 'ਚੋਂ ਕਦੇ ਵੀ ਮਨਫ਼ੀ ਨਹੀਂ ਹੋ ਸਕਦੇ ਹਨ |
ਸੰਕਲਪ ਦੇ ਦਿ੍ਸ਼ਟੀਕੋਣ ਤੋਂ ਉਸ ਵੇਲੇ ਦੀਆਂ ਪੰਜਾਬੀ ਫ਼ਿਲਮਾਂ ਨੇ ਸਾਮੰਤਵਾਦੀ ਜਾਂ ਜਗੀਰਦਾਰੀ ਰੁਚੀਆਂ ਨੂੰ ਤਰਜੀਹ ਦਿੱਤੀ | ਹਾਂ, ਕਥਾ-ਰਸ ਕੁਝ ਵੀ ਹੋਵੇ, ਉਸ ਦਾ ਸੰਗੀਤਕ ਪੱਖ ਬਹੁਤ ਹੀ ਆਕਰਸ਼ਕ ਹੋਇਆ ਕਰਦਾ ਸੀ |
'ਪਿੰਡ ਦੀ ਕੁੜੀ' ਤੋਂ ਬਾਅਦ ਕਲਕੱਤਾ 'ਚ ਹੀ ਬਣੀ ਹਕੀਮ ਰਾਮ ਪ੍ਰਸਾਦ ਦੀ ਫ਼ਿਲਮ 'ਹੀਰ ਰਾਂਝਾ' ਵੀ ਪ੍ਰਦਰਸ਼ਤ ਹੋਈ ਸੀ | ਦਰਅਸਲ ਇਹ ਫ਼ਿਲਮ 1934 ਵਿਚ ਬਣਨੀ ਸ਼ੁਰੂ ਹੋਈ ਸੀ | ਪਰ ਨਿਰਮਾਤਾਵਾਂ ਨੂੰ ਕੁਝ ਕੁ ਮਾਇਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਇਸ ਦੇ ਮੁਕੰਮਲ ਹੋਣ 'ਚ ਕੁਝ ਲੋੜੋਂ ਵੱਧ ਸਮਾਂ ਲੱਗ ਗਿਆ ਸੀ | ਹਾਂ, ਜੇਕਰ ਇਹ ਫ਼ਿਲਮ ਸਮੇਂ ਅਨੁਸਾਰ ਤਿਆਰ ਹੋ ਜਾਂਦੀ ਤਾਂ ਸ਼ਾਇਦ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੋਣ ਦਾ ਮਾਣ ਪ੍ਰਾਪਤ ਕਰਦੀ |
ਆਪਣੀ ਫ਼ਿਲਮ 'ਪਿੰਡ ਦੀ ਕੁੜੀ' ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ. ਡੀ. ਮਹਿਰਾ ਨੇ ਆਪਣੇ ਇਕ ਸਹਿਯੋਗੀ (ਬਿੱਲੂ ਮਹਿਰਾ) ਨਾਲ ਰਲ ਕੇ 'ਹੀਰ ਸਿਆਲ' (1938) ਦਾ ਨਿਰਮਾਣ ਵੀ ਕੀਤਾ ਸੀ | ਇਸ ਵਿਚ ਇਸਮਾਈਲ, ਨੂਰ ਜਹਾਂ ਅਤੇ ਬਾਲੋ ਨੇ ਪ੍ਰਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ |
ਵੰਡ ਤੋਂ ਪਹਿਲਾਂ 1938 ਤੋਂ ਲੈ ਕੇ 1947 ਤਕ ਲਗਪਗ 13 ਫ਼ਿਲਮਾਂ ਦਾ ਨਿਰਮਾਣ ਹੋਇਆ ਸੀ | ਇਨ੍ਹਾਂ ਫ਼ਿਲਮਾਂ ਦੇ ਕਥਾਨਕ ਵਿਵਸਤਾ ਦੇ ਪ੍ਰਤੀਕ ਸਨ | 'ਯਮਲਾ ਜੱਟ' ਇਕ ਕਾਮੇਡੀ ਪ੍ਰਧਾਨ ਫ਼ਿਲਮ ਸੀ | ਇਸ 'ਚ ਪ੍ਰਾਣ ਨੇ ਨਾਇਕ ਦੀ ਭੂਮਿਕਾ ਅਦਾ ਕੀਤੀ ਸੀ ਜਦੋਂ ਕਿ ਇਸ ਦੀ ਨਾਇਕਾ ਰੰਜਨਾ ਸੀ | 'ਰਾਜਾ ਗੋਪੀ ਚੰਦ' ਇਕ ਮਿਥਿਹਾਸਿਕ ਕਿਰਤ ਸੀ | 'ਗੁਲ ਬਕੌਲੀ' ਵਿਚ ਫੈਂਤੇਸੀ ਨੂੰ ਪ੍ਰਾਥਮਿਕਤਾ ਦਿੱਤੀ ਗਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99154-93043

ਭੁੱਲੀਆਂ ਵਿਸਰੀਆਂ ਯਾਦਾਂ

ਸਿਟੀ ਸੈਂਟਰ ਅੰਮਿ੍ਤਸਰ ਵਿਚ ਜਿਹੜਾ ਹੋਟਲ ਬਣਾਇਆ ਗਿਆ ਸੀ, ਉਸ ਵਿਚ ਦੇਸ਼ਾਂ-ਵਿਦੇਸ਼ਾਂ ਦੇ ਯਾਤਰੀ ਆ ਕੇ ਠਹਿਰਦੇ ਸਨ ਤੇ ਉਸ ਹੋਟਲ ਨੇ 1984 ਦਾ ਨੀਲਾ ਤਾਰਾ ਵੀ ਸਾਰਾ ਵੇਖਿਆ ਸੀ | ਜਦੋਂ ਉਸ ਹੋਟਲ ਦਾ ਉਦਘਾਟਨ ਹੋਇਆ ਸੀ, ਉਸ ਵਕਤ ਸ: ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਸਿੱਖਿਆ ਮੰਤਰੀ ਸਨ | ਕਿਉਂਕਿ ਇਹ ਹੋਟਲ ਅਕਾਲੀ ਸਰਕਾਰ ਨੇ ਬਣਾਇਆ ਸੀ, ਇਸ ਕਰਕੇ ਸ: ਢੀਂਡਸਾ ਨੇ ਹੀ ਇਸ ਦਾ ਉਦਘਾਟਨ ਕੀਤਾ ਸੀ | ਇਹ ਹੋਟਲ ਲੀਡਰਾਂ ਤੇ ਅਫ਼ਸਰਾਂ ਦੀ ਹੀ ਬੇਰੁਖ਼ੀ ਦਾ ਸ਼ਿਕਾਰ ਰਿਹਾ ਹੈ |

-ਮੋਬਾਈਲ : 98767-41231

ਮਿੰਨੀ ਕਹਾਣੀ ਪਛਾਣ

ਬੇਰੁਜ਼ਗਾਰ ਪੁੱਤਰ, ਸਿਰ ਉੱਤੇ ਚਾਰ ਜਵਾਨ ਭੈਣਾਂ, ਬਾਪੂ ਅੰਤਲੇ ਸਾਹਾਂ 'ਤੇ, ਮਾਂ ਦੀਆਂ ਪੁੱਤਰ ਲਈ ਨੌਕਰੀ ਦੀਆਂ ਦੁਆਵਾਂ ਮੰਗਦੀਆਂ ਨਿੱਤ ਦੀਆਂ ਬੇਬਸੀ ਦੀਆਂ ਆਵਾਜ਼ਾਂ¢ ਬਿੱਟੂ ਦੇ ਘਰ ਦੀਆਂ ਕੰਧਾਂ ਉੱਤੇ ਹਰ ਥਾਂ ਗ਼ਰੀਬੀ ਅਤੇ ਲਾਚਾਰਗੀ ਲਿਖੀ ਹੋਈ ਸੀ ¢ 
ਘਰ ਵਾਲਿਆਂ ਨਾਲੋਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਵੱਧ ਫਿਕਰ ਹੁੰਦੀ ਸੀ | ਤਾਅਨੇ ਦੇ ਰੂਪ ਵਿਚ ਕਿਸੇ ਦੀ ਮਜਬੂਰੀ ਦਾ ਤਮਾਸ਼ਾ ਵੇਖਣ ਦੀ 'ਇੰਨੀ ਪੜ੍ਹਾਈ ਲਿਖਾਈ ਦਾ ਕੀ ਫ਼ਾਇਦਾ ਜੇ ਨੌਕਰੀ ਨਾ ਮਿਲੇ' | ਯਾਰਾਂ ਦੋਸਤਾਂ ਦੇ ਨਿੱਤ ਦੇ ਸਵਾਲ 'ਕਿਵੇਂ ਬਣੀ ਕਿਤੇ ਨੌਕਰੀ ਦੀ ਗੱਲ?' 
ਅੱਕ ਥੱਕ ਕੇ ਪ੍ਰਾਈਵੇਟ ਨੌਕਰੀ ਕਰ ਲੈਂਦਾ | ਵਿਚ ਵਿਚ ਫਿਰ ਮਾਲਕਾਂ ਦੇ ਨਖਰੇ ਜਿਵੇਂ ਕੋਈ ਗ਼ੁਲਾਮ ਖ਼ਰੀਦ ਲਿਆ ਹੋਵੇ | ਪੜਿ੍ਹਆ-ਲਿਖਿਆ ਉਹ ਵੀ ਕੌਡੀਆਂ ਦੇ ਭਾਅ¢ ਕਦੀ ਜ਼ਮੀਰ ਮਾਰ ਕੇ ਸਾਲ ਲਗਾ ਲੈਂਦਾ, ਕਦੀ ਜ਼ਮੀਰ ਜਾਗਦਾ ਰੱਖਣ ਲਈ ਛੱਡ ਕੇ ਘਰ ਬੈਠ ਜਾਂਦਾ | ਫਿਰ ਬਾਪੂ ਦੀਆਂ ਸਲਾਹਾਂ 'ਪੁੱਤ ਨੌਕਰੀ ਕੀ ਤੇ ਨਖਰਾ ਕੀ', ਥੋੜ੍ਹਾ ਹੀ ਸਹੀ, ਕੁਝ ਤੇ ਆਉਂਦਾ ਸੀ ਘਰ ¢ ਭੈਣਾਂ ਵੀਰ ਦੀ ਮਜਬੂਰੀ ਵੇਖ-ਵੇਖ ਕਈ ਵਾਰ ਬਾਪੂ ਨਾਲ ਖਿਝ ਜਾਂਦੀਆਂ¢ ਨੌਕਰੀ ਦੇ ਇਸ਼ਤਿਹਾਰ ਪੜ੍ਹ-ਪੜ੍ਹ ਅੱਕਿਆ ਹੋਇਆ ਤੇ ਇੰਟਰਵਿਊ ਵਿਚ ਪੈਸਿਆਂ ਦੀ ਮੰਗ ਕਰੇ ਵੀ ਤਾਂ ਕੀ ਕਰੇ¢ ਕਦੀ ਕਦੀ ਉਸ ਦਾ ਧਿਆਨ ਹੁਣ ਕਿਡਨੀ ਦੀ ਜ਼ਰੂਰਤ ਵੱਲ ਵੀ ਜਾਣ ਲੱਗ ਪਿਆ | ਹਸਪਤਾਲ ਜਾਂਦਾ ਤਾਂ ਪਹਿਲਾਂ ਹੀ ਸੌਦਾ ਹੋ ਚੁੱਕਾ ਹੁੰਦਾ ¢ 
ਘਰ ਵਿਚ ਗ਼ਰੀਬੀ ਨੰਗੀ ਹੋ ਕੇ ਨੱਚ ਰਹੀ ਸੀ ਤੇ ਉਹ ਲਾਚਾਰ ਬਣ ਆਪਣੀ ਡਿਗਰੀ ਨੂੰ ਵੇਖਦਾ ਰਹਿੰਦਾ¢
ਕੁਝ ਦਿਨਾਂ ਤੋਂ ਪ੍ਰੇਸ਼ਾਨ ਜ਼ਿਆਦਾ ਹੀ ਰਹਿਣ ਲੱਗਿਆ ਬਿੱਟੂ, ਇਕ ਦਿਨ ਕਿਸੇ ਪ੍ਰਾਈਵੇਟ ਨੌਕਰੀ ਲਈ ਇੰਟਰਵਿਊ ਦੇਣ ਜਾ ਰਿਹਾ ਸੀ ਕਿ ਇਕ ਬੱਸ ਨੇ ਟੱਕਰ ਮਾਰ ਕੇ ਉਸ ਨੂੰ ਲਾਸ਼ ਬਣਾ ਦਿੱਤਾ ਕੁਝ ਵੀ ਬਾਕੀ ਨਹੀਂ ਰਿਹਾ | ਸਭ ਖਤਮ | ਨੌਕਰੀ, ਭੈਣਾਂ ਦੇ ਵਿਆਹ ਦੀ ਚਿੰਤਾ ਮਾਂ ਦੀਆਂ ਦੁਆਵਾਂ ਬਾਪੂ ਦੀਆਂ ਸਲਾਹਾਂ ਰਿਸ਼ਤੇਦਾਰ ਅਤੇ ਯਾਰਾਂ ਦੇ ਸਵਾਲ ਸਭ ਸੜਕ ਉੱਤੇ ਉਸ ਦੀ ਲਾਸ਼ ਵਿਚੋਂ ਵਹਿੰਦੇ ਲਹੂ ਵਿਚ ਵਹਿ ਗਏ ¢
ਚਿਹਰੇ ਤੋਂ ਪਛਾਣ ਔਖੀ ਸੀ | ਫਿਰ ਕਾਗ਼ਜ਼ਾਂ ਤੋਂ ਘਰ ਦਾ ਪਤਾ ਲੱਗਿਆ, ਲਾਸ਼ ਦਾ ਪੋਸਟਮਾਰਟਮ ਹੋਇਆ ਕਿਡਨੀਆਂ, ਅੱਖਾਂ ਦੀ ਕੀਮਤ ਵੀ ਪੈ ਗਈ ਪਰ ਪਰਿਵਾਰ ਦੇ ਪੱਲੇ ਸਿਵਾਏ ਬਰਬਾਦੀ ਦੇ ਕੁਝ ਨਹੀਂ ਪਿਆ | ਰੋਂਦਾ ਕੁਰਲਾਉਂਦਾ ਪਰਿਵਾਰ ਬਿੱਟੂ ਦੀ ਲਾਸ਼ ਉੱਤੇ ਗਸ਼ ਖਾ-ਖਾ ਡਿੱਗਦਾ | ਪੜ੍ਹਾਈ ਲਈ ਗਹਿਣੇ ਰੱਖੀਆਂ ਮਾਂ ਦੀਆਂ ਵਾਲੀਆਂ ਸਦਾ ਲਈ ਜ਼ਬਤ ਹੋ ਗਈਆਂ ¢
ਬਾਪੂ ਰੋਂਦਾ, ਕਦੇ ਹੱਸਦਾ ਪਾਗਲ ਹੋਇਆ ਕਹਿੰਦਾ ਫਿਰ ਰਿਹਾ ਸੀ, 'ਮੇਰੇ ਪੁੱਤ ਦੀ ਡਿਗਰੀ ਦਾ ਇਕ ਤੇ ਫਾਇਦਾ ਹੋਇਆ ਉਸ ਦੀ ਲਾਸ਼ ਦੀ ਪਛਾਣ ਹੋ ਗਈ | ਤੁਸੀਂ ਹੁਣ ਦੱਸੋ ਸਾਰੇ ਸ਼ਰੀਕੋ ਪੜ੍ਹਾਈ-ਲਿਖਾਈ ਦਾ ਫੈਦਾ ਹੋਇਆ ਨਾ?' ਇਹ ਲਫ਼ਜ਼ ਉਸ ਦੇ ਨਾਲ ਨਾਲ ਰਹੇ ਜਦੋਂ ਤੱਕ ਬਾਪੂ ਜਿਉਂਦਾ ਰਿਹਾ ਤੇ ਜਿਊਾਦਾ ਇਸ ਲਈ ਰਿਹਾ ਕਿ ਉਹ ਪਾਗਲ ਹੋ ਗਿਆ ਸੀ | ਪਾਗਲ ਨਾ ਹੁੰਦਾ ਤਾਂ ਸ਼ਾਇਦ ਬਿੱਟੂ ਦੀ ਲਾਸ਼ ਨਾਲ ਪਿਓ ਦੀ ਲਾਸ਼ ਵੀ, ਨਾਲ ਹੀ ਸਿਵੇ ਵਿਚ ਬਲ ਜਾਂਦੀ ¢

-ਸੀ-60 ਮਕਸੂਦਾਂ ਜਲੰਧਰ | ਮੋਬਾ : 8699157303

ਨਹਿਲੇ 'ਤੇ ਦਹਿਲਾ- ਸ਼ੁਕਰ ਹੈ ਤੈਨੂੰ ਐਤਵਾਰ ਨੂੰ ਨਹੀਂ ਬੁਲਾਇਆ

ਚਾਰਲੀ ਚੈਪਲਿਨ ਆਪਣੇ ਦਫ਼ਤਰ ਲਈ ਖੁਦ ਵੀ ਵਕਤ ਦੀ ਬਹੁਤ ਹੀ ਪਾਬੰਦੀ ਰੱਖਦਾ ਸੀ | ਹਮੇਸ਼ਾ ਸਮੇਂ ਸਿਰ ਦਫ਼ਤਰ ਪਹੁੰਚਣਾ, ਸਮੇਂ ਸਿਰ ਸਾਰੇ ਕੰਮ ਸਿਰੇ ਚਾੜ੍ਹਨਾ, ਉਸ ਦੇ ਸੁਭਾਅ ਵਿਚ ਸ਼ਾਮਿਲ ਸੀ | ਉਸ ਦੇ ਇਨ੍ਹਾਂ ਗੁਣਾਂ ਕਰਕੇ ਹੀ ਉਸ ਦਾ ਅਫ਼ਸਰ ਉਸ ਦੀ ਸਿਫ਼ਤ ਕਰਦਾ ਅਤੇ ਦੂਜੇ ਕਰਮਚਾਰੀਆਂ ਨੂੰ ਇਸ ਦੀ ਮਿਸਾਲ ਦੇਣ ਦੇ ਨਾਲ-ਨਾਲ ਉਸ ਦੇ ਪੂਰਨਿਆਂ 'ਤੇ ਚੱਲਣ ਦੀ ਸਲਾਹ ਵੀ ਦਿੰਦਾ ਸੀ |
ਇਕ ਸਨਿਚਰਵਾਰ ਨੂੰ ਚਾਰਲੀ ਦੇ ਅਫ਼ਸਰ ਦਾ ਫ਼ੋਨ ਆਇਆ ਕਿ ਤੁਰੰਤ ਦਫ਼ਤਰ ਪਹੁੰਚੋ | ਚਾਰਲੀ ਜਿਸ ਹਾਲਤ ਵਿਚ ਸੀ ਉਸੇ ਤਰ੍ਹਾਂ ਉਠ ਕੇ ਤੁਰ ਪਿਆ ਅਤੇ ਦਫ਼ਤਰ ਪਹੁੰਚ ਗਿਆ | ਉਸ ਨੂੰ ਵੇਖ ਕੇ ਉਸ ਦਾ ਅਫ਼ਸਰ ਹੱਕਾ-ਬੱਕਾ ਰਹਿ ਗਿਆ ਅਤੇ ਪੁੱਛਿਆ, 'ਤੁਸੀਂ ਬਨਿਆਨ ਅਤੇ ਨਿੱਕਰ ਪਾਈ ਦਫਤਰ ਆ ਗਏ, ਕੀ ਗੱਲ?' ਚਾਰਲੀ ਨੇ ਫੌਰਨ ਜਵਾਬ ਦਿੱਤਾ ਅਤੇ ਕਿਹਾ, 'ਅੱਜ ਹਾਫ਼ ਡੇਅ ਹੈ ਨਾ ਸਰ, ਇਸ ਲਈ ਅੱਧੇ ਕੱਪੜੇ ਪਾਏ ਨੇ |'
ਉਸ ਦੇ ਅਫ਼ਸਰ ਨੇ ਸੁਖ ਦਾ ਸਾਹ ਲਿਆ ਅਤੇ ਆਖਿਆ 'ਸ਼ੁਕਰ ਹੈ, ਮੈਂ ਤੈਨੂੰ ਐਤਵਾਰ ਨੂੰ ਨਹੀਂ ਬੁਲਾਇਆ |' ਤੇ ਬਾਕੀ ਦੀ ਗੱਲ ਉਨ੍ਹਾਂ ਨੇ ਮੰੂਹੋਂ ਨਹੀਂ ਕਹੀ, ਪਰ ਹਾਂ, ਉਨ੍ਹਾਂ ਦੀਆਂ ਅੱਖਾਂ ਨੇ ਕਹਿ ਦਿੱਤੀ, ਜੇ ਤੈਨੂੰ ਐਤਵਾਰ ਨੂੰ ਬੁਲਾਇਆ ਹੁੰਦਾ ਤਾਂ ਬਿਲਕੁਲ ਨੰਗੇ ਹੀ ਆ ਜਾਣਾ ਸੀ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਸ਼ਹੀਦੀ ਪੁਰਬ 'ਤੇ ਵਿਸ਼ੇਸ਼

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

ਸ਼ਹੀਦਾਂ ਦੇ ਸਰਤਾਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇਤਿਹਾਸ ਵਿਚ ਆਪਣਾ ਇਕ ਨਿਵੇਕਲਾ ਸਥਾਨ ਹੈ। ਭਾਈ ਵੀਰ ਸਿੰਘ ਨੇ ਆਪਣੀ ਇਕ ਲਿਖਤ ਵਿਚ ਦਰਦਨਾਕ ਸ਼ਹਾਦਤ ਦੇ ਬਿਰਤਾਂਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਰਜ ਕੀਤਾ ਹੈ। ਉਨ੍ਹਾਂ ਦੀਆਂ ਇਹ ਸਤਰਾਂ ਉਚੇਚੇ ਤੌਰ 'ਤੇ ਪੜ੍ਹਨ ਵਾਲੀਆਂ ਹਨ। ਭਾਈ ਸਾਹਿਬ ਦਾ ਕਥਨ ਹੈ, 'ਸੰਗੀਤ ਤੇ ਕਾਵਯ ਆਦਿ ਕੋਮਲ ਹੁਨਰਾਂ ਦੇ ਪਰਮ ਗਯਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਰਸਿਕ ਵੈਰਾਗੀ ਤੇ ਪਰਮ ਉੱਚ ਰਸੀਏ, ਫ਼ਲਸਫ਼ੇ ਤੇ ਦਾਰਸ਼ਨਿਕ ਵਿਦਯਾ ਦੇ ਸਿਰਮੌਰ, ਵਾਹਿਗੁਰੂ ਜੀ ਦੇ ਦਰੋਂ ਆਏ ਪੈਗ਼ੰਬਰ ਤੇ ਅਵਤਾਰ, ਹਾਂ ਹਾਂ ਨਿਰੇ ਅਵਤਾਰ ਨਹੀਂ ਪੂਰੇ ਗੁਰ ਅਵਤਾਰ, ਕਿਸ ਇਨਸਾਨੀ ਸੰਗ-ਦਿਲੀ ਦੀ ਕਸ਼ਟਣੀਆਂ ਵਾਲੀ ਪੀੜਾ ਨੂੰ ਕਿਸ ਅਡੋਲਤਾ ਨਾਲ ਸਹਾਰਦੇ ਰਹੇ? ਹਾਂ ਐਡੀ ਸੁਹਲ ਭਾਵਾਂ ਨਾਲ ਭਰੀ ਜ਼ਿੰਦਗੀ ਕਿਸ ਵਹਿਸ਼ੀਆਨਾ ਤਸੀਹਿਆਂ ਨਾਲ ਸਮਾਪਤ ਕੀਤੀ ਗਈ, ਵਾਚ ਕੇ ਹੋਸ਼, ਹੋਸ਼ ਵਿਚ ਨਹੀਂ ਰਹਿੰਦੀ। ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਜਿਸ ਬੇਰਹਿਮੀ ਨਾਲ ਕੀਤੇ ਗਏ ਵਾਕਿਆ ਨੂੰ ਪੜ੍ਹਦਿਆਂ ਨੈਣ ਵਹਿੰਦੇ ਨਹੀਂ ਠੱਲ੍ਹੇ ਰਹਿੰਦੇ, ਜਿਨ੍ਹਾਂ ਨੂੰ ਲਿਖਦਿਆਂ ਹੱਥ ਕੰਬਦੇ, ਦਿਲ ਧੜਕਦਾ ਤੇ ਕਲਮ ਰੁਕ ਰੁਕ ਜਾਂਦੀ ਹੈ। ਉਹ ਕੌਣ ਦਿਲ ਸਨ ਜਿਨ੍ਹਾਂ ਨੇ ਓਹ ਕਹਿਰ ਰਵਾਂ ਰਖੇ, ਉਹ ਕੌਣ ਇਨਸਾਨ ਸਨ ਜਿਨ੍ਹਾਂ ਨੇ ਓਹ ਕਹਿਰ ਅਪਣੇ ਹਥੀਂ ਵਰਤਾਏ।' ਭਾਈ ਸਾਹਿਬ ਅੱਗੇ ਲਿਖਦੇ ਹਨ-'ਪਰ ਦੇਖੋ ਇਸ ਦਰਦਨਾਕ ਹੋਣੀ ਦੀ ਵਿਸਮਾਦ ਪੈਦਾ ਕਰ ਦੇਣ ਵਾਲੀ ਤੇ ਸਿਫ਼ਤ ਸਲਾਹ ਵਿਚ ਡੋਬ ਦੇਣ ਵਾਲੀ ਇਕ ਹੋਰ 'ਤਸਵੀਰ'। ਉਹ ਇਹ ਹੈ ਕਿ ਇਤਨੀ ਬੜੀ ਕੋਮਲ ਹੁਨਰਾਂ ਤੇ ਸੁਹਲ ਭਾਵਾਂ ਦੇ ਮਾਲਕ ਵਿਅਕਤੀ ਕੀਕੂੰ ਸਹਿਣਸ਼ੀਲਤਾ ਨਾਲ, ਕਿਸ ਸਹਾਰੇ ਨਾਲ, ਕਿਸ ਅਡੋਲ ਅਹਿੱਲ ਧੈਰਯ ਨਾਲ, ਵਹਿਸ਼ੀਆਨਾ ਜ਼ੁਲਮਾਂ ਤੇ ਅਸਹਿ ਕਸ਼ਟਾਂ ਨੂੰ ਸਹਾਰਦੇ ਹੈ।
ਇਸੇ ਸੰਦਰਭ ਵਿਚ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਰੂਹਾਨੀ ਸ਼ਖ਼ਸੀਅਤ ਨੂੰ ਅਕੀਦਤ ਭੇਟ ਕਰਦੀ ਭਾਈ ਗੁਰਦਾਸ ਦੀ ਇਹ ਰਚਨਾ ਵੀ ਧਿਆਨ ਦੇਣ ਵਾਲੀ ਹੈ :
ਰਹਿੰਦੇ ਗੁਰ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉਂ ਜੋਤੀ ਅੰਦਰਿ ਜੋਤਿ ਸਮਾਣੀ।
ਸ਼ਬਦੁ ਸੁਰਤਿ ਲਿਵ ਮਿਰਗ ਜਿਉਂ
ਭੀੜ ਪਈ ਚਿਤਿ ਅਵਰ ਨ ਆਣੀ।
ਚਰਜਨ ਕਵਲ ਮਿਲਿ ਭਵਰ ਜਿਉਂ
ਸੁਖ ਸੰਪੁਟ ਵਿਚਿ ਰੈਣਿ ਵਿਹਾਣੀ।
ਗੁਰੁ ਉਪਦੇਸੁ ਨ ਵਿੱਸਰੈ ਬਾਬੀਹੇ ਜਿਉਂ ਆਖਿ ਵਖਾਣੀ।
ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ।
ਗੁਰ ਅਰਜੁਨ ਵਿਟਹੁਂ ਕੁਰਬਾਣੀ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਖੇ 15 ਅਪ੍ਰੈਲ, 1563 ਈਸਵੀ (ਵੈਸਾਖ ਵਦੀ 7 ਸੰਮਤ 1620) ਨੂੰ ਹੋਇਆ ਸੀ। ਆਪ ਤੀਜੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਦੇ ਦੋਹਤੇ ਸਨ। ਨਾਨਾ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬਾਲ ਸ਼ਖ਼ਸੀਅਤ ਨੂੰ ਆਪਣੀ ਦਿਬ-ਦ੍ਰਿਸ਼ਟੀ ਨਾਲ ਘੋਖ ਕੇ 'ਦੋਹਿਤਾ ਬਾਣੀ ਕਾ ਬੋਹਿਥਾ' ਦੀ ਭਵਿੱਖਬਾਣੀ ਕੀਤੀ ਸੀ। ਫਿਰ ਗੁਰੂ ਅਰਜਨ ਦੇਵ ਜੀ ਦੀ ਰੂਹਾਨੀਅਤ, ਉਨ੍ਹਾਂ ਦੀ ਨਿਮਰਤਾ ਤੇ ਸੇਵਾ ਅਤੇ ਲੋਕਾਈ ਦੇ ਕਲਿਆਣ ਦੀ ਸੋਝੀ ਤੇ ਸਮਰੱਥਾ ਨੂੰ ਵੇਖਦਿਆਂ, ਸ੍ਰੀ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਗੁਰਿਆਈ ਦੀ ਗੱਦੀ ਸੌਂਪਣ ਦਾ ਫ਼ੈਸਲਾ ਕੀਤਾ ਸੀ।
1581 ਈਸਵੀ ਵਿਚ, 18 ਸਾਲ ਦੀ ਉਮਰ ਵਿਚ ਗੁਰੂ ਅਰਜਨ ਦੇਵ ਜੀ ਗੁਰਿਆਈ ਦੇ ਤਖ਼ਤ'ਤੇ ਬਿਰਾਜਮਾਨ ਹੋਏ ਸਨ। ਜ਼ਿੰਮੇਵਾਰੀ ਸੰਭਾਲਦਿਆਂ ਹੀ ਉਨ੍ਹਾਂ ਨੇ ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਆਰੰਭ ਦਿੱਤਾ। ਸਰੋਵਰ ਦੇ ਦੁਆਲੇ ਪੌੜੀਆਂ ਪੱਕੀਆਂ ਕਰਵਾ ਦਿੱਤੀਆਂ ਗਈਆਂ। ਫਿਰ ਸਰੋਵਰ ਦੇ ਵਿਚਕਾਰ 'ਹਰਿਮੰਦਰ' ਉਸਾਰਨ ਦਾ ਸੰਕਲਪ ਉਲੀਕ ਲਿਆ ਗਿਆ। ਗੁਰੂ ਸਾਹਿਬ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਅਤੇ ਫਿਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ ਵਿਚ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ। ਸਾਰੇ ਧਰਮ ਅਸਥਾਨ ਉੱਚੀ ਤੋਂ ਉੱਚੀ ਥਾਂ ਭਾਲ ਕੇ ਬਣਾਏ ਜਾਂਦੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਵਾਣ ਵਾਲੀ ਥਾਂ 'ਤੇ ਉਸਾਰਿਆ ਗਿਆ। ਚਾਰ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਸਨ ਕਿ ਬਿਨਾਂ ਕਿਸੇ ਭਿੰਨ-ਭੇਦ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਰ ਸਾਰਿਆਂ ਲਈ ਖੁੱਲ੍ਹੇ ਹਨ। ਨੀਂਹ-ਪੱਥਰ ਰੱਖਣ ਲਈ ਬਹੁਤ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਬੁਲਾਇਆ ਗਿਆ। ਸਾਈਂ ਮੀਆਂ ਮੀਰ ਜੀ ਨੂੰ ਉਚੇਚਾ ਸੱਦਾ ਦਿੱਤਾ ਗਿਆ। ਉਸਾਰੀ ਮੁਕੰਮਲ ਹੋਣ 'ਤੇ ਸਰਬ-ਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪ ਦਿੱਤਾ ਗਿਆ। ਦਰਬਾਰ ਸਾਹਿਬ ਵਿਚ ਪਰਮਾਤਮਾ ਦੀ ਉਸਤਿਤ ਦੇ ਗੀਤ ਗਾਇਨ ਦੀ ਅਲੌਕਿਕ ਰਵਾਇਤ ਪਰਿਪੱਕ ਕਰ ਦਿੱਤੀ ਗਈ।
ਅਸਲ ਵਿਚ, ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਫਿਰ ਉਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਸਿੱਖ ਪੰਥ ਨੂੰ ਧਾਰਮਿਕ ਅਤੇ ਸੰਸਥਾਪਕ ਰੂਪ ਵਿਚ ਪੂਰੀ ਤਰ੍ਹਾਂ ਸੰਗਠਿਤ ਕਰ ਦਿੱਤਾ ਸੀ। ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਦੁੱਤੀ ਸੁਮੇਲ ਦੀ ਉਸਤਤਿ ਕਰਦੀਆਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਅੰਕਿਤ ਮਹਾਂਕਵੀ ਭਾਈ ਸੰਤੋਖ ਸਿੰਘ ਦੀਆਂ ਇਹ ਸਤਰਾਂ ਪੜ੍ਹਨ ਵਾਲੀਆਂ ਹਨ :
ਬਨਯੋ ਸੁਧਾਸਰ ਬਿਚ ਹਰਿਮੰਦਰ।
ਇਹ ਸਮ ਨਹੀ ਤ੍ਰਿਲੋਕੀ ਅੰਦਰਿ।
ਤਥਾ ਗ੍ਰੰਥ ਸਾਹਿਬ ਸ਼ੁਭ ਰਚਯੋ।
ਸਰਬੋਤਮ ਹਰਿ ਨਾਮਨ ਖਚਯੋ।
ਉਚਿਤ ਮੇਲ ਦੋਨਹੁ ਕੋ ਬਨੈ।
ਨਿਸ ਬਾਸਨ ਹਰਿ ਕੀਰਤਨ ਭਨੈਂ।
ਗਹੁ ਨਾਲ ਵਿਚਾਰੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਗੁਰਿਆਈ ਦੇ ਦੌਰ ਵਿਚ ਸੰਸਥਾਤਮਿਕ ਪੱਧਰ 'ਤੇ ਇਹੋ ਜਿਹੇ ਮਹੱਤਵਪੂਰਨ ਫ਼ੈਸਲੇ ਕੀਤੇ ਸਨ, ਜਿਨ੍ਹਾਂ ਨੇ ਜ਼ਾਹਿਰਾ ਰੂਪ ਵਿਚ ਸਿੱਖ ਪੰਥ ਦੇ ਭਵਿੱਖ ਦੀ ਨਵੀਂ ਨੁਹਾਰ ਸਿਰਜਣ ਦਾ ਮੁੱਢ ਬੰਨ੍ਹ ਦਿੱਤਾ ਸੀ। ਇਹ ਵੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਪਾਤਸ਼ਾਹ ਦੇ ਜੀਵਨ ਦੀਆਂ ਦੋ ਵੱਡੀਆਂ ਪ੍ਰਾਪਤੀਆਂ ਹਨ। ਇਨ੍ਹਾਂ ਦੋਵਾਂ ਪ੍ਰਾਪਤੀਆਂ ਦੀ ਪਰਕਿਰਤੀ ਤੇ ਉਦੇਸ਼ ਇਕ ਪਾਸੇ ਸਰਵਭੌਮਿਕ ਹੈ ਅਤੇ ਸਰਬਤ ਦੇ ਭਲੇ ਦੀ ਭਾਵਨਾ ਨਾਲ ਓਤ-ਪੋਤ ਹੈ। ਦੂਜੇ ਪਾਸੇ ਇਹ ਦੋਵੇਂ ਪ੍ਰਾਪਤੀਆਂ ਗੁਰੂ ਨਾਨਕ ਦੀ ਸਿੱਖੀ ਨੂੰ ਇਕ ਸੰਗਠਿਤ ਧਰਮ ਦੇ ਰੂਪ ਵਿਚ ਵੱਖਰੀ ਪਛਾਣ ਦਿੰਦੀਆਂ ਹਨ।
ਪਰ ਬੜੀ ਹੈਰਾਨੀ ਵਿਚ ਪਾ ਦੇਣ ਵਾਲੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਤੋਂ ਦੋ ਸਾਲਾਂ ਬਾਅਦ ਹੀ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਜਾਪਦਾ ਇੰਜ ਹੈ ਕਿ ਵੇਲੇ ਦੇ ਹੁਕਮਰਾਨ ਜਹਾਂਗੀਰ ਨੂੰ ਸ਼ਾਇਦ ਇਹ ਬਿਲਕੁਲ ਬਰਦਾਸ਼ਤ ਨਹੀਂ ਸੀ ਕਿ ਸਿੱਖ ਧਰਮ, ਸੰਸਥਾਤਮਿਕ ਰੂਪ ਵਿਚ ਪੂਰੀ ਤਰ੍ਹਾਂ ਸੰਗਠਿਤ ਹੋ ਜਾਵੇ। ਹਰਿਮੰਦਰ ਸਾਹਿਬ ਵਰਗੇ ਧਰਮ-ਕੇਂਦਰ ਦੀ ਸਥਾਪਨਾ ਹੋ ਜਾਵੇ ਅਤੇ ਉਸ ਵਿਚ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਗ੍ਰੰਥ ਪ੍ਰਕਾਸ਼ਮਾਨ ਹੋ ਜਾਵੇ, ਇਹ ਹੁਕਮਰਾਨ ਜਮਾਤ ਦੇ ਗਲੇ ਨਹੀਂ ਸੀ ਉਤਰ ਰਿਹਾ।
ਇਤਿਹਾਸ ਦੇ ਨਜ਼ਰੀਏ ਨਾਲ ਵੇਖੀਏ ਤਾਂ ਇਹ ਵੀ ਤੱਥ ਬੜੀ ਸਪੱਸ਼ਟਤਾ ਨਾਲ ਉੱਘੜ ਕੇ ਸਾਹਮਣੇ ਆਉਂਦਾ ਹੈ ਕਿ ਜਦੋਂ 1605 ਈਸਵੀ ਵਿਚ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਤਖ਼ਤ 'ਤੇ ਬੈਠਾ ਸੀ ਤਾਂ ਹਾਲਾਤ ਬਦਲ ਗਏ ਸਨ। ਹਕੂਮਤ ਦੀਆਂ ਧਾਰਮਿਕ ਤੇ ਸਿਆਸੀ ਨੀਤੀਆਂ ਵਿਚ ਤਬਦੀਲੀ ਆ ਗਈ ਸੀ। ਵੈਸੇ ਵੀ ਜਹਾਂਗੀਰ ਆਪਣੇ ਪਿਤਾ ਅਕਬਰ ਦੀ ਤਰ੍ਹਾਂ ਦੂਜੇ ਧਰਮਾਂ ਪ੍ਰਤੀ ਫਰਾਖ਼-ਦਿਲ ਨਹੀਂ ਸੀ। ਉਹ ਕੱਟੜਵਾਦੀ ਮੌਲਾਣਿਆਂ ਦੇ ਪ੍ਰਭਾਵ ਹੇਠ ਵੀ ਆ ਗਿਆ ਸੀ-ਇਹ ਵੀ ਇਕ ਸਚਾਈ ਹੈ। ਫਿਰ ਇਨ੍ਹਾਂ ਹਾਲਾਤ ਵਿਚ 'ਚੰਦੂ' ਵਰਗੇ ਦੋਖੀਆਂ ਨੂੰ ਵੀ ਹੁਕਮਰਾਨਾਂ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ ਸੀ।
ਅਸਲ ਵਿਚ, ਤਵਾਰੀਖ਼ ਦੇ ਪੰਨਿਆਂ 'ਤੇ ਇਹ ਹਕੀਕਤ ਵੀ ਬੜੇ ਸਾਫ਼ ਲਫ਼ਜ਼ਾਂ ਵਿਚ ਦਰਜ ਹੈ ਕਿ ਮੁਤੱਸਬੀਆਂ ਨੂੰ ਸਾਂਝੀਵਾਲਤਾ ਨਹੀਂ ਚੰਗੀ ਲੱਗਦੀ। ਫਿਰਕੂਆਂ ਨੂੰ ਸਰਬੱਤ ਦੇ ਭਲੇ ਦੀ ਗੱਲ ਕਦੇ ਰਾਸ ਨਹੀਂ ਆਉਂਦੀ। ਫਿਰ ਇਹ ਵੀ ਇਤਿਹਾਸ ਦੀ ਸਚਾਈ ਹੈ ਕਿ ਹਰ ਵੱਡੇ ਬਦਲਾਅ ਦੇ ਇਨਕਲਾਬੀ ਫ਼ੈਸਲਿਆਂ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਗੁਰੂ ਅਰਜਨ ਪਾਤਸ਼ਾਹ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ ਸੀ।
ਹੁਕਮਰਾਨ ਤਬਕੇ ਦੀ ਜ਼ਿਹਨੀਅਤ ਸਮਝਣ ਲਈ 'ਤੁਜ਼ਕੇ-ਜਹਾਂਗੀਰੀ' ਦੀ ਇਬਾਰਤ ਦੀਆਂ ਸਤਰਾਂ ਗ਼ੌਰ ਨਾਲ ਪੜ੍ਹਨ ਵਾਲੀਆਂ ਹਨ। ਇਸ ਇਬਾਰਤ ਮੁਤਾਬਕ ਬਾਦਸ਼ਾਹ ਦਾ ਕਹਿਣਾ ਹੈ - 'ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ-ਘਾਟ ਤੇ ਬੱਚੇ ਮੁਰਤਜਾ ਖ਼ਾਂ ਦੇ ਹਵਾਲੇ ਕਰ ਦਿੱਤੇ ਅਤੇ ਉਸ ਦਾ ਮਾਲ ਅਸਬਾਬ ਜ਼ਬਤ ਕਰ ਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ ਜਾਵੇ।' ਇਬਾਰਤ ਵਿਚ ਇਸ ਗੱਲ ਦੀ ਵੀ ਗਵਾਹੀ ਮਿਲਦੀ ਹੈ ਕਿ ਜਹਾਂਗੀਰ ਨੂੰ ਇਸ ਗੱਲ ਦੀ ਵੀ ਪ੍ਰੇਸ਼ਾਨੀ ਸੀ ਕਿ 'ਭੋਲੇ ਹਿੰਦੂ' ਅਤੇ 'ਮੂਰਖ ਮੁਸਲਮਾਨ' ਗੁਰੂ ਦੇ ਅਨੁਯਾਈ ਬਣ ਰਹੇ ਸਨ। ਫਿਰ ਉਸ ਨੇ ਆਪਣੇ ਅੰਦਰ ਦੀ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਉਹ ਗੁਰੂ ਘਰ ਦੇ ਮਜ਼ਬੂਤ ਹੁੰਦੇ ਸੰਸਥਾਤਮਿਕ ਰੂਪ ਨੂੰ ਵੇਖ ਕੇ ਚਿਰਾਂ ਤੋਂ ਨਾਖ਼ੁਸ਼ ਸੀ ਅਤੇ ਉਸ ਦੇ ਮਨ ਵਿਚ ਤਿੱਖਾ ਰੋਸ ਸੀ। ਹਕੀਕਤ ਹੈ ਕਿ ਇਹੋ ਸਾਰਾ ਕੁਝ ਕਾਰਨ ਬਣਿਆ ਸੀ ਗੁਰੂ ਸਾਹਿਬ ਦੀ ਦਰਦਨਾਕ ਸ਼ਹਾਦਤ ਦਾ।
ਆਖ਼ਿਰ ਵਿਚ, ਇਕ ਸਿਧਾਂਤਕ ਨੁਕਤਾ ਹੋਰ ਸਾਂਝਾ ਕਰਨਾ ਚਾਹੁੰਦਾ ਹਾਂ। ਗੁਰੂ ਅਰਜਨ ਸਾਹਿਬ ਦੀ ਬਾਣੀ ਦਾ ਫ਼ਰਮਾਨ ਹੈ - 'ਪਹਿਲਾ ਮਰਣੁ ਕਬੂਲ ਜੀਵਣ ਕੀ ਛਡਿ ਆਸ'। ਮੌਤ ਨੂੰ ਕਬੂਲ ਕਰਨਾ ਸਿੱਖੀ ਦੀ ਪਹਿਲੀ ਅਤੇ ਲਾਜ਼ਮੀ ਸ਼ਰਤ ਹੈ। ਮੌਤ ਦਾ ਭੈਅ ਰੱਖਣ ਵਾਲੇ ਲਈ, ਸਿੱਖੀ ਦੇ ਘੇਰੇ ਵਿਚ ਦਾਖ਼ਲਾ ਅਸੰਭਵ ਹੈ। ਪਰ ਇਤਿਹਾਸ ਇਸ ਹਕੀਕਤ ਦਾ ਵੀ ਸਾਖ਼ੀ ਹੈ ਕਿ ਗੁਰੂ ਸਾਹਿਬ ਦਾ ਇਹ ਸਿਧਾਂਤ-ਵਾਕ ਸਿਰਫ਼ ਪੈਰੋਕਾਰ ਸਿੱਖਾਂ ਲਈ ਨਹੀਂ ਸੀ। ਗੁਰੂ ਸਾਹਿਬ ਨੇ ਆਪ ਸ਼ਹਾਦਤ ਦੀ ਮਿਸਾਲ ਕਾਇਮ ਕੀਤੀ ਸੀ। ਜਿਸ ਮਾਰਗ 'ਤੇ ਸਿੱਖਾਂ ਨੂੰ ਚੱਲਣ ਦਾ ਸੁਨੇਹਾ ਦਿੱਤਾ ਹੈ, ਪਹਿਲਾਂ ਉਸ ਮਾਰਗ 'ਤੇ ਚੱਲਦਿਆਂ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਸੀ। ਕਥਨੀ ਨੂੰ ਕਰਨੀ ਵਿਚ ਢਾਲਿਆ ਸੀ।


-ਸਾਬਕਾ ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ,
ਪਟਿਆਲਾ।

...ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ

ਐਸਾ ਚੁੱਭਿਆ ਹਾਕਮ ਨੂੰ ਇਨਕਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਕਿਹਾ ਚੰਦੂ ਨੇ ਨਾਈ ਤੂੰ ਕੀ ਕਹਿਰ ਕਮਾ ਆਇਆਂ,
ਮਹਿਲਾਂ ਦੀ ਇੱਟ ਗੰਦੀ ਨਾਲੀ ਦੇ ਵਿਚ ਲਾ ਆਇਆਂ।
ਸੰਗਤ ਨੇ ਜਦ ਹੰਕਾਰੀ ਲਈ ਹੁਕਮ ਸੁਣਾ ਦਿੱਤਾ,
ਗੁਰਾਂ ਨੇ ਚੰਦੂ ਦੀ ਧੀ ਦਾ ਰਿਸ਼ਤਾ ਠੁਕਰਾ ਦਿੱਤਾ।
ਤੀਰ ਇਹ ਹੋਇਆ ਉਹਦੇ ਜਿਗਰ ਤੋਂ ਪਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।
ਜਾਬਰ ਚੁੱਲ੍ਹੇ ਹੇਠਾਂ ਅੱਗ ਮਚਾਈ ਜਾਂਦਾ ਸੀ,
ਸਤਿਗੁਰ ਵੀ ਗੁਰ ਚਰਨਾਂ ਵਿਚ ਲੌ ਲਾਈ ਜਾਂਦਾ ਸੀ।
ਜ਼ਾਲਿਮ ਤੱਤਾ ਰੇਤਾ ਸਿਰ 'ਤੇ ਪਾਈ ਜਾਂਦਾ ਸੀ,
ਸਤਿਗੁਰ ਵੀ ਸੁਰ ਤਾਲ 'ਚ ਬਾਣੀ ਗਾਈ ਜਾਂਦਾ ਸੀ।
ਲੱਗਿਆ ਜਾਪੇ ਤਵੀ 'ਤੇ ਹੀ ਦਰਬਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਸਾਈਂ ਮੀਆਂ ਮੀਰ ਵੀ ਤਪਦੀ ਲੋਹ ਤੱਕ ਆਇਆ ਸੀ,
ਲਹੌਰ ਦੀ ਇੱਟ ਨਾਲ ਇੱਟ ਵਜਾ ਦਾਂ ਗਾ ਫਰਮਾਇਆ ਸੀ।
ਗੁਰਾਂ ਨੇ ਭਾਣਾ ਮੰਨਣ ਦਾ ਉਪਦੇਸ਼ ਸੁਣਾਇਆ ਸੀ,
ਹੁਕਮ ਆਪਦਾ ਸਿਰ ਮੱਥੇ ਕਹਿ ਸੀਸ ਝੁਕਾਇਆ ਸੀ।
ਸਮਝ ਗਿਆ ਕੀ ਹੁੰਦਾ ਹੈ ਕਿਰਦਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਭਾਵੇਂ ਬਦਨ ਗੁਰੂ ਅਰਜਨ ਦਾ ਛਾਲੇ ਛਾਲੇ ਸੀ,
ਭਾਣਾ ਮੀਠਾ ਲਾਗੇ ਦੇ ਅੰਦਾਜ਼ ਨਿਰਾਲੇ ਸੀ।
ਸਿਰ ਉੱਚਾ ਕਰ ਮਰਨਾ ਦੱਸਿਆ ਇਸ ਕੁਰਬਾਨੀ ਨੇ,
ਚਰਨ ਬੰਦਨਾ ਕੀਤੀ ਜਦ ਰਾਵੀ ਦੇ ਪਾਣੀ ਨੇ।
ਕੁਰਬਾਨੀ ਬਣਦੀ ਹੈ ਗਲ ਦਾ ਹਾਰ ਸ਼ਹੀਦਾਂ ਦਾ,
ਤੱਤੀ ਤਵੀ 'ਤੇ ਬੈਠਾ ਸੀ ਸਰਦਾਰ ਸ਼ਹੀਦਾਂ ਦਾ।
ਐਸਾ ਚੁੱਭਿਆ ਹਾਕਮ ਨੂੰ ਇਨਕਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।


-ਸਰਦਾਰ ਪੰਛੀ-
ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਸ਼ੁਰੂ ਹੈ ਤਾਕਤ ਤੇ ਤਰਕੀਬ ਦਾ ਭੇੜ

ਫੁੱਟਬਾਲ ਦੁਨੀਆ ਦੀ ਸਭ ਤੋਂ ਜ਼ਿਆਦਾ ਖੇਡੀ ਅਤੇ ਦੇਖੀ ਜਾਣ ਵਾਲੀ ਖੇਡ ਹੈ। ਇਸ ਖੇਡ ਦੇ ਨਿਯਮ ਸਰਲ ਹੋਣ ਕਾਰਨ ਇਸ ਨੂੰ ਖੇਡਣਾ ਅਤੇ ਸਮਝਣਾ ਬਹੁਤ ਸੌਖਾ ਹੈ। ਇਸ ਫ਼ਾਨੀ ਜਹਾਨ ਦੇ ਲਗਪਗ ਹਰ ਬੰਦੇ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜ੍ਹਾਅ 'ਤੇ ਫੁੱਟਬਾਲ ਖੇਡਣ ਦਾ ਅਨੁਭਵ ਜ਼ਰੂਰ ਕੀਤਾ ਹੁੰਦਾ ਹੈ। ਭਾਵੇਂ ਉਸ ਨੇ ਬਚਪਨ ਦੇ ਦਿਨਾਂ ਵਿਚ ਕਿਧਰੇ ਗੇਂਦ ਨੂੰ ਠੁੱਡੇ ਮਾਰੇ ਹੋਣ ਜਾਂ ਜਵਾਨੀ ਦੇ ਦਿਨਾਂ ਵਿਚ ਕਿਧਰੇ ਫੁੱਟਬਾਲ ਨੂੰ ਕਿੱਕਾਂ ਮਾਰੀਆਂ ਹੋਣ। ਫੁੱਟਬਾਲ ਵਿਸ਼ਵ ਕੱਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਮੰਨਿਆ ਜਾਂਦਾ ਹੈ। ਰੂਸ ਦੀ ਧਰਤੀ 'ਤੇ ਹੋਣ ਵਾਲੇ ਇਸ 21ਵੇਂ ਵਿਸ਼ਵ ਨੂੰ ਕੁੱਲ ਦੁਨੀਆ ਦੇ ਅੱਧੇ ਤੋਂ ਵੱਧ (380 ਕਰੋੜ/3.8 ਬਿਲੀਅਨ) ਲੋਕ ਟੈਲੀਵਿਜ਼ਨ ਰਾਹੀਂ ਦੇਖਣ ਲਈ ਜੁੜ ਰਹੇ ਹਨ।
ਫੁੱਟਬਾਲ ਵਿਸ਼ਵ ਕੱਪ 2018 ਵਿਚ ਉਪ-ਮਹਾਂਦੀਪਾਂ ਦੀਆਂ 32 ਟੀਮਾਂ ਭਾਗ ਲੈ ਰਹੀਆਂ ਹਨ। ਯੂਰਪ ਦੀਆਂ 14, ਦੱਖਣੀ ਅਮਰੀਕਾ ਦੀਆਂ 5, ਏਸ਼ੀਆ-ਓਸ਼ੀਅਨਾਂ-5, ਅਫਰੀਕਾ 5 ਅਤੇ ਉੱਤਰੀ ਅਮਰੀਕਾ ਦੀਆਂ 3 ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ 32 ਟੀਮਾਂ ਨੂੰ ਅੱਗੋਂ 8 ਪੂਲਾਂ ਵਿਚ ਵੰਡਿਆ ਗਿਆ ਹੈ। 14 ਜੂਨ ਤੋਂ 15 ਜੁਲਾਈ (ਕੁੱਲ 32 ਦਿਨ) ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿਚ 48 ਲੀਗ ਦੇ ਮੈਚ, ਫਿਰ ਪ੍ਰੀ-ਕੁਆਰਟਰ, ਕੁਆਰਟਰ-ਫਾਈਨਲ, ਸੈਮੀ-ਫਾਈਨਲ ਅਤੇ ਫਾਈਨਲ ਸਮੇਤ ਕੁੱਲ 64 ਮੈਚ ਖੇਡੇ ਜਾਣਗੇ।
ਰੂਸ ਦੀ ਧਰਤੀ 'ਤੇ ਦੇਖਣ ਵਾਲੀ ਦਿਲਚਸਪ ਗੱਲ ਇਹ ਹੋਵੇਗੀ ਕਿ ਫਾਈਨਲ ਮੁਕਾਬਲੇ ਵਿਚ 15 ਜੁਲਾਈ ਨੂੰ ਫੀਫਾ ਵਿਸ਼ਵ ਕੱਪ-2018 ਨੂੰ ਜਿੱਤਣ ਦੀ ਬਾਜ਼ੀ ਕੌਣ ਮਾਰਦਾ ਹੈ। ਇਨ੍ਹਾਂ ਦਿਨਾਂ ਵਿਚ ਪੂਰੀ ਦੁਨੀਆ ਪੱਬਾਂ ਭਾਰ ਹੋਵੇਗੀ ਕਿ ਇਸ ਹਾਰ ਜਿੱਤ ਦਾ ਸਿਹਰਾ ਫੁੱਟਬਾਲ ਨੂੰ ਨਿਯਮਤ ਅਤੇ ਆਧੁਨਿਕ ਸਰੂਪ ਦੇਣ ਵਾਲੇ ਯੂਰਪੀਅਨ ਜਾਂ ਫੁੱਟਬਾਲ ਨੂੰ ਧਰਮ ਮੰਨਣ ਅਤੇ ਜਾਦੂਗਰ ਕਹਾਉਣ ਵਾਲੇ ਦੱਖਣੀ ਅਮਰੀਕਨਾਂ ਵਿਚੋਂ ਕਿਸ ਦੇ ਸਿਰ ਬੱਝੇਗਾ। ਖ਼ੈਰ ਇਹ ਤਾਂ ਸਮਾਂ ਹੀ ਦੱਸੇਗਾ ਪਰ ਖਿਡਾਰੀ, ਅਧਿਕਾਰੀ, ਕੋਚ ਅਤੇ ਦਰਸ਼ਕ ਆਪਣੀਆਂ ਟੀਮਾਂ ਦੀ ਜਿੱਤ ਲਈ ਹਰ ਸੰਭਵ ਯਤਨ ਕਰਨਗੇ।
ਮੁੱਖ ਦਾਅਵੇਦਾਰੀ ਜਰਮਨ, ਬ੍ਰਾਜ਼ੀਲ, ਅਰਜਟਾਈਨਾ ਅਤੇ ਸਪੇਨ ਦੀ ਮੰਨੀ ਜਾ ਰਹੀ ਹੈ ਪਰ ਫਰਾਂਸ, ਬੈਲਜੀਅਮ, ਉਰੂਗਵੇ ਅਤੇ ਇੰਗਲੈਂਡ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਯਕੀਨਨ ਹੈ ਕਿ ਇਸ ਵਿਸ਼ਵ ਕੱਪ ਦਾ ਤਾਜ ਵੀ ਯੂਰਪੀਅਨ ਅਤੇ ਦੱਖਣੀ ਅਮਰੀਕਾ ਦੇ ਕਿਸੇ ਦੇਸ਼ ਦੇ ਸਿਰ ਹੀ ਬੱਝੇਗਾ। ਅਫਰੀਕਾ ਦਾ ਮਿਸਰ, ਦੱਖਣੀ ਅਮਰੀਕਾ ਦਾ ਕੋਲੰਬੀਆ ਅਤੇ ਏਸ਼ੀਆ ਦਾ ਈਰਾਨ ਵੀ ਉਲਟ-ਫੇਰ ਕਰਨ ਦੇ ਸਮਰੱਥ ਹਨ। ਪਰ ਲੰਬੀ ਦੌੜ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਲਗਦੀ। ਇਸ ਵਿਸ਼ਵ ਕੱਪ ਵਿਚ ਪੁਰਾਣੇ ਸਿਤਾਰਿਆਂ 'ਤੇ ਜ਼ਿਆਦਾ ਟੇਕ ਹੈ ਜਿਨ੍ਹਾਂ ਵਿਚ ਰੋਨਾਲਡੋ, ਮੈਸੀ, ਨੀਮਾਰ ਅਤੇ ਸੁਆਰੇਜ਼ ਦੇ ਨਾਂਅ ਸ਼ਾਮਿਲ ਹਨ। ਨਵੇਂ ਉਭਰਦੇ ਸਿਤਾਰੇ ਸਾਨਾ ਮਿਸਰ, ਇਸਕੋ ਸਪੇਨ, ਕਰੂਸ ਜਰਮਨ ਅਤੇ ਗਰੀਸਮੈਨ ਫਰਾਂਸ ਦੇ ਨਾਂਅ ਵੀ ਚਰਚਾ ਵਿਚ ਹਨ ਪਰ ਉਨ੍ਹਾਂ ਨੂੰ ਆਪਣਾ ਲੋਹਾ ਮਨਵਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਇਸ ਵਿਸ਼ਵ ਕੱਪ ਦਾ ਤਕਨੀਕੀ ਪੱਖ ਬਹੁਤ ਹੀ ਉੱਚ ਪੱਧਰ ਦਾ ਮੰਨਿਆ ਜਾ ਰਿਹਾ ਹੈ। ਸਾਰੇ ਹੀ ਸਟੇਡੀਅਮ ਅਤਿ-ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤੇ ਗਏ ਹਨ। ਖੇਡ ਮੈਦਾਨਾਂ ਵਿਚ ਨਵੀਂ ਤਕਨੀਕ ਨਾਲ ਘਾਹ ਲਗਾਇਆ ਗਿਆ ਹੈ, ਜਿਸ ਵਿਚ ਇਕਸਾਰਤਾ ਬਹੁਤ ਉੱਚ ਪੱਧਰ ਦੀ ਹੈ। ਐਡੀਡਾਸ ਵਲੋਂ ਨਵੇਂ ਤਿਆਰ ਕੀਤੇ ਛੇ ਪੈਨਲ ਵਾਲੇ ਫੁੱਟਬਾਲ ਟੈਲਸਟਾਰ ਨਾਲ ਸਾਰੇ ਮੈਚ ਖੇਡੇ ਜਾਣਗੇ। ਇਸ ਬਾਲ ਦੀ ਸਟੀਕ (ਐਕੂਰੇਸੀ) ਨਿਸ਼ਾਨਾ ਲਾਉਣ ਦੀ ਸਮਰੱਥਾ ਵਧੇਰੀ ਪਰਖੀ ਗਈ ਹੈ। ਇਸ ਵਾਰ ਗੋਲ ਲਾਈਨ ਤਕਨਾਲੋਜੀ ਨੂੰ ਵੀ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਵੀਡੀਓ ਰੈਫਰਲ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਹਿਰਾਂ ਅਨੁਸਾਰ ਇਹ ਬਹੁਤ ਪ੍ਰਭਾਵਸ਼ਾਲੀ ਹੋਵੇਗੀ ਅਤੇ ਅਸਲ ਜੇਤੂ ਦੇ ਸਿਰ ਤਾਜ ਸਜਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ।
ਫੁੱਟਬਾਲ ਵਿਸ਼ਵ ਕੱਪ-2018 ਦੇ ਜੇਤੂ ਨੂੰ ਫੀਫਾ ਵਿਸ਼ਵ ਕੱਪ ਟਰਾਫੀ ਨਾਲ ਨਿਵਾਜਿਆ ਜਾਵੇਗਾ। 6 ਕਿਲੋ 100 ਗ੍ਰਾਮ ਦੇ 18 ਕੈਰਟ ਸੋਨੇ ਦੇ ਕੱਪ 'ਤੇ 32 ਮੁਲਕਾਂ ਦੇ ਖਿਡਾਰੀਆਂ, ਕੋਚਾਂ ਅਤੇ ਉਨ੍ਹਾਂ ਦੇ ਦੇਸ਼ ਵਾਸੀਆਂ ਦੀ ਅੱਖ ਹੈ ਪਰ ਇਸ ਨੂੰ ਜਿੱਤਣ ਲਈ ਟੀਮ ਭਾਵਨਾ ਨਾਲ, ਅਨੁਸ਼ਾਸਨ ਵਿਚ ਪ੍ਰਦਰਸ਼ਨ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਸਭ ਤੋਂ ਚੰਗੇ ਖਿਡਾਰੀ ਨੂੰ ਗੋਲਡਨ ਬਾਲ ਅਤੇ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬੂਟ ਨਾਲ ਨਿਵਾਜਿਆ ਜਾਵੇਗਾ। ਸਭ ਤੋਂ ਚੰਗੇ ਗੋਲਕੀਪਰ ਨੂੰ ਗੋਲਡਨ ਗਲਵਜ਼ ਦਿੱਤੇ ਜਾਣਗੇ। ਦੂਜੇ ਗੇੜ ਵਿਚ ਪਹੁੰਚਣ ਅਤੇ ਸਾਫ਼-ਸੁਥਰੀ ਖੇਡ ਖੇਡਣ ਵਾਲੀ ਟੀਮ ਨੂੰ ਫੇਅਰ ਪਲੇਅ ਟਰਾਫੀ ਦਿੱਤੀ ਜਾਵੇਗੀ।
ਇਸ ਵਿਸ਼ਵ ਕੱਪ ਵਿਚ ਬਹੁਤੇ ਦੇਸ਼ ਪੇਸ਼ੇਵਾਰਾਨਾ ਪਹੁੰਚ ਦੇ ਸਹਾਰੇ ਕਾਮਯਾਬੀ ਦੀ ਪੌੜੀ ਚੜ੍ਹਨ ਦੀ ਕੋਸ਼ਿਸ਼ ਕਰਨਗੇ ਅਤੇ ਕੁਝ ਆਪਣੀ ਰਵਾਇਤੀ ਖੇਡ ਦੇ ਸਹਾਰੇ ਲੜਾਈ ਲੜਨਗੇ। ਇਸ ਵਿਸ਼ਵ ਕੱਪ ਵਿਚ ਵੀ ਫਿਟਨੈੱਸ, ਦਾਅ-ਪੇਚ, ਰਣਨੀਤੀ ਪੱਖੋਂ ਹਰ ਟੀਮ ਬਹੁਤ ਹੀ ਅੱਵਲ ਦਰਜ਼ੇ ਦੀ ਫੁੱਟਬਾਲ ਖੇਡ ਪੇਸ਼ ਕਰੇਗੀ। ਜੇਕਰ ਸਿਸਟਮ ਦੀ ਘੋਖ ਕਰੀਏ ਤਾਂ ਟੀਮਾਂ ਵਲੋਂ 1-4-3-3, 1-4-4-2, 1-4-3-2-1, 1-4-1-4-1 ਦਾ ਸਹਾਰਾ ਲੈਣ ਦੀ ਆਸ ਹੈ। ਕੁਝ ਵੀ ਹੋਵੇ 'ਅਟੈਕ ਇਜ਼ ਦ ਬੈਸਟ ਡਿਫੈਂਸ', ਟੋਟਲ ਫੁੱਟਬਾਲ, ਟੀਮ ਦੀ ਇਕਜੁਟਤਾ ਅਤੇ ਟੀਮ ਭਾਵਨਾ ਦਾ ਜੇਤੂ ਤਾਜ ਲਈ ਮੁੱਖ ਭੂਮਿਕਾ ਰਹੇਗੀ।


ਮੋਬਾਈਲ : 94170-32500

ਮੌਨਸੂਨ ਪੌਣਾਂ ਦਾ ਸਫ਼ਰ ਅਤੇ ਭਵਿੱਖਵਾਣੀ

ਮੌਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਸ਼ਬਦ ਮੌਸਿਨ ਤੋਂ ਹੋਇਆ ਜਿਸ ਦਾ ਮਤਲਬ ਹੈ, ਰੁੱਤ ਅਤੇ ਇਹ ਸ਼ਬਦ ਮੌਸਮੀ ਵਰਖਾ ਨਾਲ ਸੰਬੰਧਿਤ ਹੈ। ਮੌਨਸੂਨ ਵੱਡੇ ਪੱਧਰ 'ਤੇ ਚੱਲਣ ਵਾਲੀਆਂ ਮੌਸਮੀ ਹਵਾਵਾਂ ਦੀ ਪ੍ਰਣਾਲੀ ਹੈ ਜੋ ਕਿ ਧਰਤੀ ਦੇ ਆਲੇ-ਦੁਆਲੇ ਇਕੋ ਦਿਸ਼ਾ ਵਿਚ ਚੱਲਦੀਆਂ ਹਨ ਪਰ ਰੁੱਤ ਬਦਲਣ ਨਾਲ ਹੀ ਆਪਣੀ ਦਿਸ਼ਾ ਬਦਲਦੀਆਂ ਹਨ। ਇਹ ਪੌਣਾਂ ਵੱਡੇ ਧਰਤ ਖੇਤਰ ਨੂੰ ਪ੍ਰਭਾਵਿਤ ਕਰਦੀਆਂ ਹਨ ਖਾਸ ਕਰਕੇ ਏਸ਼ੀਆ ਮਹਾਂਦੀਪ ਨੂੰ। ਆਸਟ੍ਰੇਲੀਆ ਅਤੇ ਅਫਰੀਕਾ ਵੀ ਮੌਨਸੂਨ ਪੌਣਾਂ ਦੀ ਲਪੇਟ ਵਿਚ ਆਉਂਦੇ ਹਨ ਪਰ ਏਸ਼ੀਆ ਤੇ ਇਨ੍ਹਾਂ ਦਾ ਲਗਾਤਾਰ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਭਾਰਤ ਵਿਚ ਗਰਮੀ ਦੇ ਮੌਸਮ ਵਿਚ ਚੱਲਣ ਵਾਲੀਆਂ ਪੌਣਾਂ ਦਾ ਰੁਖ਼ ਦੱਖਣ-ਪੱਛਮੀ ਹੁੰਦਾ ਹੈ, ਇਸ ਲਈ ਇਸ ਨੂੰ ਦੱਖਣ-ਪੱਛਮੀ ਮੌਨਸੂਨ ਕਿਹਾ ਜਾਂਦਾ ਹੈ। ਪਰ ਇਸ ਦੇ ਉਲਟ ਸਰਦ ਰੁੱਤ ਵਿਚ ਪੌਣਾਂ ਦਾ ਰੁਖ਼ ਉੱਤਰ-ਪੂਰਬੀ ਹੋਣ ਕਰਕੇ ਇਸ ਨੂੰ ਉੱਤਰ-ਪੂਰਬੀ ਮੌਨਸੂਨ ਕਿਹਾ ਜਾਂਦਾ ਹੈ। ਪਰ ਭਾਰਤ ਦੇ ਉੱਤਰ-ਪੱਛਮੀ ਸੂਬਿਆਂ ਵਿਚ ਸਰਦੀਆਂ ਵਿਚ ਵਰਖਾ ਪੱਛਮੀ ਚੱਕਰਵਾਤਾਂ ਕਰਕੇ ਹੀ ਹੁੰਦੀ ਹੈ।
ਮੌਨਸੂਨ ਦਾ ਆਗਾਜ਼: ਗਰਮੀਆਂ ਦੌਰਾਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਉਪਰ ਹਵਾ ਦਾ ਦਬਾਅ ਘਟਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਹੌਲੀ-ਹੌਲੀ ਉੱਤਰ- ਪੱਛਮੀ ਦਿਸ਼ਾ ਵੱਲ ਵਧਦਾ ਹੋਇਆ ਭਾਰਤ ਦੇ ਕੇਂਦਰੀ ਇਲਾਕੇ ਵਿਚ ਵਰਖਾ ਦਾ ਕਾਰਨ ਬਣਦਾ ਹੈ। ਭਾਰਤ ਦੇ ਦੱਖਣ-ਪੂਰਬੀ ਇਲਾਕਿਆਂ ਵਿਚ ਜੇਕਰ 14 ਸਟੇਸ਼ਨਾਂ ਚੋਂ 60 ਪ੍ਰਤੀਸ਼ਤ ਸਟੇਸ਼ਨਾਂ 'ਤੇ ਲਗਾਤਾਰ 2-3 ਦਿਨ 2.5 ਮਿਲੀਮੀਟਰ ਤੋਂ ਜ਼ਿਆਦਾ ਵਰਖਾ ਦਰਜ ਕੀਤੀ ਜਾਵੇ ਤਾਂ ਕੇਰਲਾ ਵਿਖੇ ਮੌਨਸੂਨ ਦੀ ਆਮਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਪਰ ਉਸ ਦੇ ਨਾਲ-ਨਾਲ ਚੱਕਰਵਾਤਾਂ ਅਤੇ ਹਵਾ ਦੀ ਗਤੀ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ ਹੈ। ਅੰਦਾਜ਼ਨ ਇਕ ਤੋਂ ਤਿੰਨ ਘੱਟ ਦਬਾਓ ਨੂੰ ਘੱਟ ਦਬਾਓ ਦਾ ਨਾਂਅ ਦਿੱਤਾ ਜਾਂਦਾ ਹੈ। ਇਸ ਹਵਾਈ ਦਬਾਓ ਨਾਲ ਇਕ ਬੜਾ ਹੀ ਦਿਲਚਸਪ ਤੱਤ ਜੁੜਿਆ ਹੋਇਆ ਹੈ। ਮੌਨਸੂਨ ਦੇ ਸਿਖਰ ਮਹੀਨੇ (ਜੁਲਾਈ ਅਤੇ ਅਗਸਤ) ਵਿਚ ਇਹ ਘੱਟ ਦਬਾਅ ਚੱਕਰਵਾਤ ਜਾਂ ਵਾਵਰੋਲੇ (ਜਿਸ ਵਿਚ ਹਵਾ ਦੀ ਗਤੀ 64 ਨੌਟ ਜਾਂ ਵੱਧ ਹੁੰਦੀ ਹੈ) ਦਾ ਰੂਪ ਨਹੀਂ ਅਖਤਿਆਰ ਕਰਦਾ ਜਦੋਂ ਕਿ ਮੌਨਸੂਨ ਦੀ ਆਮਦ ਤੋਂ ਪਹਿਲੇ ਮਹੀਨਿਆਂ (ਅਪ੍ਰੈਲ ਅਤੇ ਮਈ) ਅਤੇ ਬਾਅਦ ਵਾਲੇ ਮਹੀਨਿਆਂ (ਅਕਤੂਬਰ-ਨਵੰਬਰ) ਵਿਚ ਇਹ ਚਕਰਵਾਤ ਜਾਂ ਵਾਵਰੋਲੇ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜੇਕਰ ਮਈ ਮਹੀਨੇ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਹੇ ਭਾਵੇਂ ਜੂਨ ਦਾ ਮਹੀਨਾ ਥੋੜ੍ਹਾ ਠੰਢਾ ਵੀ ਰਹੇ ਤਾਂ ਮੌਨਸੂਨ ਵਧੀਆ ਰਹਿੰਦੀ ਹੈ। ਮੌਨਸੂਨ ਦੀ 80 ਪ੍ਰਤੀਸ਼ਤ ਵਰਖਾ ਜੁਲਾਈ ਅਤੇ ਅਗਸਤ ਮਹੀਨਿਆਂ ਵਿਚ ਹੋ ਜਾਂਦੀ ਹੈ। ਜੇਕਰ ਮਈ ਦਾ ਮਹੀਨਾ ਗਰਮ ਰਹਿੰਦਾ ਹੈ ਤਾਂ ਜੁਲਾਈ ਤੇ ਅਗਸਤ ਵਿਚ ਔਸਤਨ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਪਰ ਜੇਕਰ ਜੂਨ ਮਹੀਨਾ ਗਰਮ ਹੋਵੇ ਤਾਂ ਅਗਸਤ ਤੇ ਸਤੰਬਰ ਮਹੀਨਿਆਂ ਵਿਚ ਵਰਖਾ ਜ਼ਿਆਦਾ ਹੁੰਦੀ ਹੈ। ਭਾਰਤ ਵਿਚ ਮੌਨਸੂਨ ਦੀ ਦੱਖਣੀ ਭਾਰਤ ਵਿਚ ਤਿਰੂਵਨੰਤਪੁਰਮ ਵਿਖੇ ਪਹਿਲੀ ਜੂਨ ਨੂੰ ਆਮਦ ਹੋ ਜਾਂਦੀ ਹੈ ਅਤੇ ਦੱਖਣ ਤੋਂ ਉੱਤਰ ਪੱੱਛਮ ਦਾ ਸਫਰ 45 ਦਿਨ੍ਹਾਂ ਵਿਚ ਤੈਅ ਕਰਦੀ ਹੋਈ 15 ਜੁਲਾਈ ਤੱਕ ਸਾਰੇ ਭਾਰਤ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ। ਦੇਸ਼ ਦੇ ਪੱਛਮੀ ਹਿੱਸੇ ਵਿਚ ਅਤੇ ਕਸ਼ਮੀਰ ਵਿਚ ਅਗਸਤ ਦੇ ਅਖੀਰ ਤੱਕ ਮੌਨਸੂਨ ਪੌਣਾਂ ਆਪਣੀ ਤਾਕਤ ਗੁਆ ਬਹਿੰਦੀਆਂ ਹਨ। ਇਸ ਕਾਰਨ ਇਹ ਪੌਣਾਂ ਗਰਮੀ ਦੇ ਚੱਕਰਵਾਤਾਂ ਤੋਂ ਸਰਦੀ ਦੇ ਚੱਕਰਵਾਤਾਂ ਵਿਚ ਬਦਲ ਜਾਂਦੀਆਂ ਹਨ ਅਤੇ ਇਹ ਪਿੱਛੇ ਹਟਣ ਲਗਦੀਆਂ ਹਨ। ਇਸ ਤਰ੍ਹਾਂ ਉਤਰ-ਪੱਛਮੀ ਖੇਤਰ ਵਿਚ ਸਤੰਬਰ ਦੇ ਸ਼ੁਰੂ ਵਿਚ ਮੌਨਸੂਨੀ ਪੌਣਾਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ।
ਮੌਨਸੂਨ ਦੇ ਕਾਰਨ: ਏਸ਼ੀਆ ਵਿਚ ਗਰਮੀ ਦੀ ਰੁੱਤ ਦੌਰਾਨ ਧਰਤੀ ਦਾ ਤੱਪਣਾ, ਗਰਮ ਰੁੱਤ ਦੀਆਂ ਹਵਾਵਾਂ ਦੀ ਆਮਦ ਆਦਿ ਵਰਖਾ ਦਾ ਮੁਢਲਾ ਕਾਰਨ ਹਨ। ਤਿੱਬਤੀ ਪਠਾਰ ਜੋ ਕਿ ਖਲਬਲੀ ਮੰਡਲ ਦੇ ਅੱਧ ਵਿਚਕਾਰ ਸਥਿਤ ਹੈ, ਗਰਮੀ ਦਾ ਮੁੱਖ ਸੋਮਾ ਹੈ ਅਤੇ ਇਹ ਮੌਨਸੂਨ ਦੀ ਆਮਦ ਨੂੰ ਪ੍ਰਭਾਵਿਤ ਕਰਦਾ ਹੈ। ਵਿਗਿਆਨੀਆਂ ਦੀਆਂ ਖੋਜਾਂ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਹਿਮਾਲਿਆ ਉਤੇ ਤਿੱਬਤ ਦੇ ਉੱਚੇ ਸਥਾਨਾਂ ਤੋਂ ਬਗੈਰ ਮੌਨਸੂਨ ਦਾ ਵਹਾਅ ਸੰਭਵ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਇਨ੍ਹਾਂ ਸਦਕਾ ਗਰਮੀ ਦਾ ਵਹਾਅ ਵੀ ਵਰਖਾ ਦੀ ਆਮਦ ਅਤੇ ਵਾਪਸੀ ਉਪਰ ਚੋਖਾ ਪ੍ਰਭਾਵ ਪਾਉਂਦਾ ਹੈ। ਕਰਕ-ਰੇਖਾ ਅਤੇ ਮਕਰ-ਰੇਖਾ ਵਿਚਕਾਰ ਸੂਰਜ ਦੀ ਸਥਿਤੀ ਵਿਚਲਾ ਵਹਾਅ, ਧਰਤੀ ਅਤੇ ਭੂ-ਮੱਧ ਰੇਖਾ ਵਾਲੇ ਵਹਾਅ ਨਾਲ ਸਬੰਧ ਰੱਖਦਾ ਹੈ। ਇਹ ਵਹਾਅ ਸਿਰਫ ਤਾਪਮਾਨ ਹੀ ਨਹੀਂ ਬਲਕਿ ਦਬਾਅ, ਹਵਾ, ਬੱਦਲਵਾਈ ਅਤੇ ਵਰਖਾ ਨਾਲ ਵੀ ਸੰਬੰਧਿਤ ਹੈ ਜੋ ਕਿ ਸੰਸਾਰੀ ਪੱਧਰ 'ਤੇ ਵਰਖਾ ਦਾ ਕਾਰਨ ਹਨ। ਐਲ-ਲੀਨੋ (*9-*}no) ਅਤੇ ਲਾ-ਲੀਨੋ (*a-*}no) ਧਰਤੀ ਦੀਆਂ ਅਜਿਹੀਆਂ ਦੋ ਵਿਸ਼ਾਲ ਪ੍ਰਕਿਰਿਆਵਾਂ ਹਨ ਜੋ ਕਿ ਮੌਨਸੂਨ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀਆਂ ਹਨ। ਜੇਕਰ ਸ਼ਾਂਤ ਸਮੁੰਦਰ ਤੇ ਤਾਪਮਾਨ ਵਧ ਜਾਵੇ ਤਾਂ ਭਾਰਤੀ ਸਮੁੰਦਰ ਉਪਰ ਤਾਪਮਾਨ ਘਟ ਜਾਂਦਾ ਹੈ, ਜਿਸ ਨਾਲ ਹਵਾ ਦਾ ਦਬਾਅ ਵਧ ਜਾਂਦਾ ਹੈ ਅਤੇ ਵਰਖਾ ਘੱਟ ਹੁੰਦੀ ਹੈ, ਕਿਉਕਿ ਦਬਾਅ ਅਤੇ ਵਰਖਾ ਦਾ ਆਪਸ ਵਿਚ ਉਲਟਾ ਸਬੰਧ ਹੈ। ਜਿੱਥੇ ਹਵਾ ਦਾ ਦਬਾਅ ਘਟਦਾ ਹੈ, ਉੱਥੇ ਵਰਖਾ ਵੱਧ ਹੁੰਦੀ ਹੈ ਅਤੇ ਜਿੱਥੇ ਦਬਾਅ ਵਧਦਾ ਹੈ ਉਥੇ ਵਰਖਾ ਘਟਦੀ ਹੈ।
ਮੌਨਸੂਨ ਦੀ ਕਾਰਗੁਜ਼ਾਰੀ : ਪੰਜਾਬ ਵਿਚ ਅੰੌਸਤਨ ਮੌਨਸੂਨ ਵਰਖਾ 500 ਮਿਲੀਮੀਟਰ ਹੁੰਦੀ ਹੈ। ਇਸ ਵਿਚ ਜੇਕਰ ਵਰਖਾ 19 ਪ੍ਰਤੀਸ਼ਤ ਤੋਂ ਘਟ ਜਾਵੇ ਤਾਂ ਸੋਕਾ ਗ੍ਰਸਤ ਸਾਲ ਮੰਨਿਆ ਜਾਂਦਾ ਹੈ ਪਰ ਜੇਕਰ 19 ਪ੍ਰਤੀਸ਼ਤ ਤੋਂ ਵੱਧ ਵਰਖਾ ਹੋ ਜਾਵੇ ਤਾਂ ਉਸ ਨੂੰ ਹੜ੍ਹ ਮਾਰੂ ਸਾਲ ਉਲੀਕਿਆ ਜਾਂਦਾ ਹੈ। ਪੂਰੇ ਦੇਸ਼ ਵਿਚ ਸਾਲ 2014 ਅਤੇ 2015 ਵਿਚ ਲਗਾਤਾਰ ਦੋ ਸਾਲ ਦੇ ਸੋਕੇ ਤੋਂ ਬਾਅਦ 2016 ਵਿਚ ਮੌਨਸੂਨ ਦੀ ਸਥਿਤੀ ਵਿਚ ਸੁਧਾਰ ਹੋਇਆ ਅਤੇ ਉਸ ਸਾਲ 97 ਪ੍ਰਤੀਸ਼ਤ ਵਰਖਾ ਹੋਈ। ਪਿਛਲੇ ਸਾਲ ਮੌਨਸੂਨ ਲਗਪਗ ਸਧਾਰਨ ਹੀ ਰਿਹਾ। ਪਰ ਜੇ ਅਸੀਂ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪਿਛਲੇ 3-4 ਸਾਲਾਂ (2014-17) ਵਿਚ ਮੌਨਸੂਨ ਦੀ ਕਾਰਗੁਜ਼ਾਰੀ ਬਹੁਤੀ ਤਸੱਲੀਬਖਸ਼ ਨਹੀਂ ਰਹੀ ਅਤੇ ਵਰਖਾ 22 ਪ੍ਰਤੀਸ਼ਤ ਤੋਂ ਲੈ ਕੇ 50 ਪ੍ਰਤੀਸ਼ਤ ਤੱਕ ਔਸਤਨ ਨਾਲੋਂ ਘਟ ਰਹੀ। ਇਸ ਦਾ ਸਾਡੇ ਧਰਤੀ ਹੇਠਲੇ ਪਾਣੀ 'ਤੇ ਮਾੜਾ ਅਸਰ ਪੈਂਦਾ ਦਿਖਾਈ ਦਿੰਦਾ ਹੈ। ਸੂਬੇ ਦੇ 145 ਬਲਾਕਾਂ ਵਿਚੋਂ 100 ਬਲਾਕਾਂ ਦਾ ਪਾਣੀ ਤਕਰੀਬਨ 1 ਮੀਟਰ ਥੱਲੇ ਜਾ ਚੁੱਕਾ ਹੈ। ਭਾਰਤ ਵਿਚ ਖੇਤੀਬਾੜੀ ਸਿੱਧੇ ਤੌਰ 'ਤੇ ਮੌਸਮੀ ਵਰਖਾ (ਮੌਨਸੂਨ) 'ਤੇ ਨਿਰਭਰ ਕਰਦੀ ਹੈ। ਮੌਨਸੂਨ ਵਰਖਾ ਦੀ ਆਮਦ, ਮਾਤਰਾ, ਮਿਆਦ ਅਤੇ ਰਵਾਨਗੀ ਸਾਉਣੀ ਦੀਆਂ ਫ਼ਸਲਾਂ ਉੱਪਰ ਉੱਪਰ ਚੋਖਾ ਪ੍ਰਭਾਵ ਪਾਉਂਦੀ ਹੈ। ਕਈ ਵਾਰ ਮੌਨਸੂਨ ਸਮੇਂ ਸਿਰ ਆ ਕੇ ਵੀ ਰਸਤਾ ਭਟਕ ਜਾਂਸੀ ਹੈ ਅਤੇ ਹਿਮਾਲਿਆ ਦੀਆਂ ਪਹਾੜੀਆਂ 'ਤੇ ਸਥਿਰ ਹੋ ਜਾਂਦੀ ਹੈ, ਜਿਸ ਨੂੰ ਅਸੀਂ ਮੌਨਸੂਨ ਦਾ ਟੁੱਟਣਾ ਵੀ ਕਹਿ ਸਕਦੇ ਹਾਂ। ਮੌਨਸੂਨ ਪੌਣਾਂ ਦੇ ਨਿਯਮਿਤ ਸਮੇਂ ਵਿਚ ਕੁਝ ਨਾ ਕੁਝ ਬਦਲਾਅ ਆਉਣਾ ਵੀ ਸੁਭਾਵਿਕ ਹੈ। ਕਈ ਵਾਰ ਇਕ ਸਾਲ ਕਿਸੇ ਜਗ੍ਹਾ ਕਾਫੀ ਵਰਖਾ ਹੁੁੰਦੀ ਹੈ ਅਤੇ ਦੂਸਰੇ ਸਾਲ ਉਸੇ ਜਗ੍ਹਾ ਬਹੁਤ ਹੀ ਘੱਟ ਵਰਖਾ ਹੁੁੰਦੀ ਹੈ। ਦੇਸ਼ ਦੇ ਪੂਰਬੀ ਭਾਗਾਂ ਵਿਚ ਸਥਿਤ ਮੇਘਾਲਿਆ ਰਾਜ ਦੇ ਮੋਹਸਿਨਰਾਮ ਜ਼ਿਲ੍ਹੇ ਵਿਚ ਸਭ ਤੋਂ ਵੱਧ ਵਰਖਾ (11,873 ਮਿ.ਮਿ.) ਰਿਕਾਰਡ ਕੀਤੀ ਜਾਂਦੀ ਹੈ ਅਤੇ ਇਸ ਦੇ ਬਿਲਕੁਲ ਉਲਟ ਪੱਛਮ ਵਿਚ ਸਥਿਤ ਰਾਜਿਸਥਾਨ ਦੇ ਜੈਸਲਮੇਰ ਅਤੇ ਬੀਕਾਨੇਰ ਵਿਖੇ ਸਭ ਤੋਂ ਘੱਟ (350 ਮਿ.ਲਿ.) ਵਰਖਾ ਦਰਜ ਕੀਤੀ ਜਾਂਦੀ ਹੈ।
ਮੌਨਸੂਨ ਬਾਰੇ ਭਵਿੱਖਵਾਣੀ : ਮੌਨਸੂਨ ਦੀ ਦੇਰੀ ਮੌਨਸੂਨੀ ਇਲਾਕਿਆਂ ਵਿਚ ਤ੍ਰਾਹ ਪੈਦਾ ਕਰਦੀ ਹੈ ਜਦੋਂ ਕਿ ਮੌਨਸੂਨ ਦੀ ਆਮਦ ਗਰਮੀ ਦੇ ਪ੍ਰਕੋਪ ਨੂੰ ਖਤਮ ਕਰ ਦਿੰਦੀ ਹੈ। ਜਿੱਥੇ ਇਸ ਦੀ ਆਮਦ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਉਥੇ ਮੌਨਸੂਨ ਪੌਣਾਂ ਦੀ ਵਾਪਸੀ ਵੀ ਕਾਫੀ ਮਹੱਤਵਪੂਰਣ ਪੱਖ ਹੈ। ਮੌਨਸੂਨ ਪੌਣਾਂ ਦੀ ਆਮਦ, ਮਾਤਰਾ ਅਤੇ ਵਾਪਸੀ ਕਿਸਾਨਾਂ ਲਈ ਇਕੋ ਜਿੰਨੇ ਮਹੱਤਵਪੂਰਨ ਵਰਤਾਰੇ ਹਨ। ਦਰਅਸਲ ਸਿਰਫ ਕਿਸਾਨ ਹੀ ਨਹੀਂ ਸਾਰੇ ਦੇਸ਼ ਦੀ ਆਰਥਿਕਤਾ ਹੀ ਮੌਨਸੂਨ ਦੇ ਮੀਹਾਂ ਉਪਰ ਨਿਰਭਰ ਕਰਦੀ ਹੈ। ਕੁਦਰਤੀ ਗੱਲ ਹੈ ਕਿ ਹਰ ਸਬੰਧਿਤ ਦੇਸ਼ ਦੀ ਜਨਤਾ ਮੌਨਸੂਨ ਦੀ ਭਵਿੱਖਵਾਣੀ ਬਾਰੇ ਰਾਸ਼ਟਰੀ ਮੌਸਮ ਵਿਗਿਆਨ ਵਿਭਾਗ ਵੱਲ ਦੇਖਦੀ ਹੈ। ਰਾਸ਼ਟਰੀ ਪੱਧਰ 'ਤੇ ਮੌਸਮ ਵਿਗਿਆਨੀਆਂ ਨਾਲ ਮੇਲ-ਜੋਲ, ਆਧੁਨਿਕ ਸੰਚਾਰ ਸਾਧਨਾਂ ਅਤੇ ਖੋਜਾਂ ਆਦਿ ਰਾਹੀਂ ਮੌਨਸੂਨ ਦੀ ਦਿਸ਼ਾ ਅਤੇ ਦਸ਼ਾ ਬਾਰੇ ਜਾਣਨ ਦਾ ਯਤਨ ਕਰਦੇ ਹਨ ਜਿਸ ਦੇ ਤਹਿਤ ਲੋਕ, ਖਾਸ ਕਰਕੇ ਕਾਸ਼ਤਕਾਰ, ਪੇਸ਼ਗੀ ਤੌਰ 'ਤੇ ਇਹ ਜਾਣਨ ਲਈ ਉਤਾਵਲੇ ਰਹਿੰਦੇ ਹਨ ਕਿ ਮੌਨਸੂਨ ਦੀ ਸਥਿਤੀ ਕੀ ਰਹੇਗੀ। ਹਰ ਸਾਲ ਮੌਸਮ ਵਿਭਾਗ ਵਲੋਂ ਮੌਨਸੂਨ ਦੀ ਆਮਦ ਲਈ ਲੰਬੇ ਸਮੇਂ ਦੀ ਭਵਿੱਖਵਾਣੀ ਜਾਰੀ ਕੀਤੀ ਜਾਂਦੀ ਹੈ। ਇਸ ਦੇ ਆਧਾਰ 'ਤੇ ਔਸਤਨ ਬਾਰਿਸ਼ ਤੈਅ ਕੀਤੀ ਜਾਂਦੀ ਹੈ, ਜਿਸ ਵਿਚ 5 ਪ੍ਰਤੀਸ਼ਤ ਵੱਧ ਜਾਂ ਘੱਟ ਦੀ ਗੁੰਜ਼ਾਇਸ਼ ਹੁੁੰਦੀ ਹੈ। ਇਸ ਤੋਂ ਭਾਵ ਹੈ ਕਿ ਜੇਕਰ ਅਨੁਮਾਨ ਹੈ ਕਿ ਮੌਨਸੂਨ 100 ਪ੍ਰਤੀਸ਼ਤ ਰਹੇਗੀ ਤਾਂ ਇਹ 105 ਪ੍ਰਤੀਸ਼ਤ ਵੀ ਹੋ ਸਕਦੀ ਹੈ ਅਤੇ 95 ਪ੍ਰਤੀਸ਼ਤ ਵੀ। ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਉੱਤਰ-ਪੱਛਮ ਵਿਚ ਔਸਤਨ ਦਾ 100 ਪ੍ਰਤੀਸ਼ਤ, ਮੱਧ ਭਾਰਤ ਵਿਚ 99 ਪ੍ਰਤੀਸ਼ਤ, ਦੱਖਣ ਵਿਚ 95 ਪ੍ਰਤੀਸ਼ਤ ਅਤੇ ਉਤਰ-ਪੂਰਬ ਵਿਚ 93 ਪ੍ਰਤੀਸ਼ਤ ਬਾਰਿਸ਼ ਹੋਵੇਗੀ। ਇਸ ਵਾਰ ਮੌਸਮ ਵਿਭਾਗ ਨੇ 102 ਪ੍ਰਤੀਸ਼ਤ ਬਾਰਿਸ਼ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਜ਼ਾਰੀ ਅਨੁਮਾਨ ਵਿਚ ਇਸ ਨੂੰ 97 ਪ੍ਰਤੀਸ਼ਤ ਦੱਸਿਆ ਗਿਆ ਸੀ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 15 ਜੁਲਾਈ ਤੱਕ ਮੌਨਸੂਮ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਮੌਸਮ ਵਿਭਾਗ ਦੇ ਮੁਤਾਬਿਕ ਮੌਨਸੂਨ ਦੇ ਚਾਰ ਮਹੀਨਿਆਂ (ਜੂਨ-ਸਤੰਬਰ) ਦੌਰਾਨ ਸਭ ਤੋਂ ਜ਼ਿਆਦਾ ਸੰਭਾਵਨਾ 96-110% ਬਾਰਿਸ਼ ਹੋਣ ਦੀ ਹੈ।
ਮੌਨਸੂਨ ਸਬੰਧੀ ਭਵਿੱਖਵਾਣੀ ਦਾ ਇਕ ਮਹੱਤਵਪੂਰਨ ਪੱਖ ਇਹ ਹੈ ਕਿ ਕਈ ਵਾਰ ਮੌਸਮ ਵਿਗਿਅਨੀਆਂ ਵਲੋਂ ਕੀਤੀ ਭਵਿੱਖਵਾਣੀ ਗ਼ਲਤ ਸਾਬਤ ਹੋ ਜਾਂਦੀ ਹੈ। ਇਸ ਦੇ ਕੁਝ ਖਾਸ ਕਾਰਨ ਹਨ। ਦੇਸ਼ ਦੇ ਪੱਛਮੀ ਤੱਟ ਉਪਰ ਮੌਨਸੂਨ ਦੀ ਆਮਦ ਦੇ ਕਈ ਰੂਪ ਹਨ। ਇਹ ਰੂਪ ਪੌਣਾਂ ਦੀ ਤੀਬਰਤਾ, ਸਮਰੱਥਾ ਅਤੇ ਮੌਨਸੂਨੀ ਮਾਤਰਾ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ। ਅਸੀਂ ਆਸ ਕਰਦੇ ਹਾਂ ਕਿ ਇਸ ਵਰ੍ਹੇ ਮੌਸਮ ਵਿਭਾਗ ਵਲੋਂ ਕੀਤੀ ਗਈ ਭਵਿੱਖਵਾਣੀ ਸ਼ਤਪ੍ਰਤੀਸ਼ਤ ਸਹੀ ਰਹੇ ਤਾਂ ਜੋ ਪਿਛਲੇ ਵਰ੍ਹਿਆਂ ਦਾ ਘਾਟਾ ਪੂਰਾ ਹੋ ਸਕੇ । ਜੂਨ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਮੌਨਸੂਨ ਤੋਂ ਪਹਿਲਾਂ ਵਾਲੀ ਵਰਖਾ (ਪ੍ਰੀ-ਮੌਨਸੂਨ) ਦੇ ਕਿਆਸ ਲਗਾਏ ਜਾ ਰਹੇ ਹਨ, ਜੋ ਕਿ ਸਾਡੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਲਈ ਬਹੁਤ ਵਰਦਾਨ ਸਿੱਧ ਹੋਵੇਗੀ। ਇਹ ਵਰਖਾ ਫ਼ਸਲ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੀ ਮਦਦਗਾਰ ਹੋਵੇਗੀ।


-ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਅੱਜ ਪਿਤਾ ਦਿਵਸ 'ਤੇ ਵਿਸ਼ੇਸ਼

ਹੁੰਦਾ ਪਿਤਾ ਵੀ ਰੱਬ ਦਾ ਰੂਪ

ਅਸਲ 'ਚ ਪਿਤਾ ਤੋਂ ਭਾਵ ਪੈਦਾ ਕਰਨ ਵਾਲੇ ਤੋਂ ਲਿਆ ਜਾਂਦਾ ਹੈ। ਅਧਿਆਤਮਿਕ ਸ਼ਬਦਾਂ ਵਿਚ ਪ੍ਰਤੀਪਾਲਣਾ ਕਰਨ ਵਾਲਾ ਜਾਂ ਦੇਖਭਾਲ ਕਰਨ ਵਾਲੇ ਨੂੰ ਵੀ ਪਿਤਾ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ। ਗੁਰਮਤਿ ਫਿਲਾਸਫ਼ੀ ਵਿਚ ਪ੍ਰਮਾਤਮਾ ਨੂੰ ਵੀ ਪਰਮ ਪਿਤਾ ਨਾਲ ਸੰਬੋਧਨ ਕੀਤਾ ਜਾਂਦਾ ਹੈ। ਅਰਥਾਤ ਸਭਨਾਂ ਦਾ ਪਿਤਾ ਜੋ ਸਾਰਿਆਂ ਦੀ ਪ੍ਰਤੀਪਾਲਣਾ ਕਰਦਾ ਹੈ।
ਸਾਡੀ ਭਾਰਤੀ ਸੰਸਕ੍ਰਿਤੀ ਵਿਚ ਪਿਤਾ ਨੂੰ ਪਰਿਵਾਰ ਦਾ ਮੁਖੀ ਮੰਨਿਆ ਜਾਂਦਾ ਹੈ। ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਪਰਿਵਾਰ ਦੀ ਖ਼ੁਦ ਮੁਖ਼ਤਿਆਰੀ ਪਿਤਾ ਕੋਲ ਹੀ ਹੁੰਦੀ ਹੈ। ਪਰਿਵਾਰ ਦੀ ਰੋਜ਼ੀ-ਰੋਟੀ ਦਾ ਆਹਰ ਕਰਨਾ ਉਸ ਦਾ ਜ਼ਿੰਮਾ ਹੁੰਦਾ ਹੈ। ਪਤੀ-ਪਤਨੀ, ਦੋਵਾਂ ਦੇ ਸੰਯੋਗ ਨਾਲ ਪਰਿਵਾਰ ਪ੍ਰਵਾਨ ਚੜ੍ਹਦਾ ਹੈ ਅਤੇ ਵੱਖ-ਵੱਖ ਰਿਸ਼ਤਿਆਂ ਵਿਚ ਬੱਝਾ ਮਨੁੱਖ ਆਪਸੀ ਕਾਰ-ਵਿਹਾਰ ਕਰਦਾ ਹੈ। ਜਦੋਂ ਅਸੀਂ ਸੁਭਾਅ ਜਾਂ ਤਰਬੀਅਤ ਦੇ ਪੱਖੋਂ ਇਨ੍ਹਾਂ ਰਿਸ਼ਤਿਆਂ ਦਾ ਮੁਲਾਂਕਣ ਕਰਦੇ ਹਾਂ ਤਾਂ ਪਿਤਾ ਦੇ ਮੁਕਾਬਲੇ ਮਾਂ ਦਾ ਬਿੰਬ ਵਧੇਰੇ ਉਦਾਰਤਾ ਤੇ ਕੋਮਲਤਾ ਦੇ ਪ੍ਰਤੀਕ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਜਦੋਂ ਕਿ ਪਿਤਾ ਨੂੰ ਸਥੂਲ ਭਾਵੀ ਵਜੋਂ ਵੇਖਿਆ ਜਾਂਦਾ ਹੈ ਪਰੰਤੂ ਅਸਲ ਵਿਚ ਅਜਿਹਾ ਨਹੀਂ ਹੈ। ਇਕ ਪਾਸੇ ਜਿਥੇ ਮਾਂ ਬੱਚੇ ਨੂੰ ਜਨਮ ਦੇਣ, ਪਾਲਣ ਪੋਸ਼ਣ ਅਤੇ ਪੜ੍ਹਾਉਣ-ਲਿਖਾਉਣ ਦੇ ਨਾਲ-ਨਾਲ ਉਸ ਦੀਆਂ ਸਮੁੱਚੀਆਂ ਲੋੜਾਂ ਦਾ ਹੱਲ ਕਰਦੀ ਹੈ, ਉਥੇ ਪਿਤਾ ਪਰਿਵਾਰ ਲਈ ਰੋਜ਼ੀ-ਰੋਟੀ ਅਤੇ ਬੱਚਿਆਂ ਦੀ ਪੜ੍ਹਾਈ ਆਦਿ ਲਈ ਖ਼ਰਚ ਜਟਾਉਂਦਾ ਹੈ। ਦੋਵਾਂ ਦੇ ਸਾਂਝੇ ਯਤਨਾਂ ਨਾਲ ਹੀ ਬੱਚੇ ਪ੍ਰਵਾਨ ਚੜ੍ਹਦੇ ਹਨ। ਅਸਲ ਵਿਚ ਪਿਤਾ ਉਸ ਨਿੰਮ ਦੇ ਦਰੱਖਤ ਸਮਾਨ ਹੁੰਦਾ ਹੈ, ਜਿਸ ਦੇ ਪੱਤੇ ਬੇਸ਼ੱਕ ਕੌੜੇ ਹੁੰਦੇ ਹਨ ਪਰ ਛਾਂ ਹਮੇਸ਼ਾ ਠੰਢੀ ਦਿੰਦਾ ਹੈ।
ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ 'ਪਿਤਾ ਦਿਵਸ' ਮਨਾਇਆ ਜਾਂਦਾ ਹੈ। ਭਾਰਤ ਵਿਚ ਇਹ ਹਰ ਸਾਲ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਅਮਰੀਕਾ ਵਿਚ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਇਸ ਦਿਨ ਦੀ ਸ਼ੁਰੂਆਤ 'ਮਾਂ ਦਿਵਸ' ਦੇ ਸਮਾਗਮ ਤੋਂ ਪ੍ਰੇਰਣਾ ਲੈ ਕੇ ਸ਼ੁਰੂ ਕੀਤੀ ਗਈ। ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕਰਨ ਦਾ ਸਿਹਰਾ ਵਾਸ਼ਿੰਗਟਨ ਦੇ ਸ਼ਹਿਰ ਸਪੋਕੇਨ ਦੀ ਰਹਿਣ ਵਾਲੀ ਸੋਨੋਰਾ ਸਮਰਾਟ ਡੋਡ ਨੂੰ ਦਿੱਤਾ ਜਾਂਦਾ ਹੈ। ਸਦੀ ਦੀ ਸ਼ੁਰੂਆਤ ਵਿਚ ਸਮੁੱਚੇ ਅਮਰੀਕਾ ਵਿਚ 'ਮਾਂ ਦਿਵਸ' ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਸੰਘ ਸਰਕਾਰ ਵਲੋਂ ਅਜੇ ਇਸ ਸਬੰਧ ਵਿਚ ਛੁੱਟੀ ਘੋਸ਼ਿਤ ਕੀਤੀ ਜਾਣੀ ਸੀ ਪਰੰਤੂ ਬਹੁਤ ਸਾਰੇ ਰਾਜਾਂ ਵਲੋਂ ਮਈ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਮਾਂ ਦਿਵਸ' ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। 20 ਜੂਨ 1909 ਨੂੰ ਚਰਚ ਵਿਚ ਮਨਾਏ ਜਾ ਰਹੇ 'ਮਾਂ ਦਿਵਸ' ਦੇ ਮੌਕੇ 'ਤੇ ਸੋਨੋਰਾ ਸਮਰਾਟ ਡੋਡ ਨੂੰ ਇਹ ਫੁਰਨਾ ਫੁਰਿਆ ਕਿ ਮਾਂ ਦਿਵਸ ਵਾਂਗ 'ਪਿਤਾ ਦਿਵਸ' ਕਿਉਂ ਨਾ ਮਨਾਇਆ ਜਾਵੇ।
ਜਦੋਂ ਸੋਨੋਰਾ 16 ਸਾਲ ਦੀ ਸੀ ਤਾਂ ਆਪਣੇ ਛੇਵੇਂ ਬੱਚੇ ਨੂੰ ਜਨਮ ਦਿੰਦੇ ਸਮੇਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਅੱਜ ਵਾਂਗ ਉਸ ਸਮੇਂ ਇਕੱਲੇ ਮਾਂ ਜਾਂ ਪਿਤਾ ਵਲੋਂ ਬੱਚਿਆਂ ਦੀ ਪਾਲਣਾ ਕਰਨਾ ਮੁਸ਼ਕਿਲ ਕਾਰਜ ਸੀ। ਸੋਨੋਰਾ ਦਾ ਪਿਤਾ ਵਿਲੀਅਮ ਜੈਕਸ਼ਨ ਸਮਰਾਟ, ਅਮਰੀਕਨ ਸਿਵਲ ਵਾਰ ਦਾ ਵੈਟਰਨ ਸੀ।
'ਪਿਤਾ ਦਿਵਸ' ਸਬੰਧੀ ਸਭ ਤੋਂ ਪਹਿਲਾ ਸਮਾਗਮ 1910 ਵਿਚ ਸਪੋਕੋਨ ਵਿਚ ਮਨਾਇਆ ਗਿਆ ਸੀ। ਬਾਅਦ ਵਿਚ ਇਹ ਅਮਰੀਕਾ ਦੇ ਹੋਰ ਕਸਬਿਆਂ ਅਤੇ ਸ਼ਹਿਰਾਂ ਵਿਚ ਮਨਾਇਆ ਜਾਣਾ ਸ਼ੁਰੂ ਹੋਇਆ। ਇਸ ਲਈ ਸੋਨੋਰਾ ਸਮਰਾਟ ਡੋਡ ਨੂੰ 'ਪਿਤਾ ਦਿਵਸ' ਮਨਾਉਣ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਵੈਸਟ ਵਰਜੀਨੀਆ ਦੇ ਸ਼ਹਿਰ ਫਰਮਾਂਟ ਦੀ ਰਹਿਣ ਵਾਲੀ ਗਰੇਸਗੋਲਡਨ ਕਲੇਟਨ ਨੂੰ 'ਪਿਤਾ ਦਿਵਸ' ਮਨਾਉਣ ਦੀ ਸ਼ੁਰੂਆਤ ਕਰਨ ਦਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਇਸ ਨੇ 1908 ਈ: ਵਿਚ ਪਿਤਾ ਦਿਵਸ ਮਨਾਉਣ ਦਾ ਇਹ ਪ੍ਰਸਤਾਵ ਸਾਹਮਣੇ ਲਿਆਂਦਾ ਸੀ। ਉਸ ਨੇ ਨਾਲ ਦੇ ਕਸਬੇ ਵਿਚ ਹੋਏ ਖਾਨ-ਧਮਾਕੇ ਦਾ ਹਵਾਲਾ ਦਿੱਤਾ ਜਿਸ ਵਿਚ ਕਿ 360 ਵਿਅਕਤੀ ਮਾਰੇ ਗਏ ਸਨ। ਕਲੇਟਨ ਨੇ ਆਪਣੀ ਰਾਏ ਵਿਚ ਇਸ ਗੱਲ ਉੱਪਰ ਜ਼ੋਰ ਦਿੱਤਾ ਸੀ ਕਿ ਕਸਬੇ ਵਿਚਲੇ ਬੱਚਿਆਂ ਨੂੰ ਉਨ੍ਹਾਂ ਦੇ ਪਿਤਾਵਾਂ ਦੀ ਯਾਦ ਲਈ ਸਮੇਂ ਦੀ ਜ਼ਰੂਰਤ ਹੈ। ਉਸ ਦੀ ਇਸ ਗੱਲ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।
19 ਜੂਨ, 1910 ਨੂੰ ਵਾਸ਼ਿੰਗਟਨ ਵਿਖੇ ਪਹਿਲਾ 'ਪਿਤਾ ਦਿਵਸ' ਮਨਾਇਆ ਗਿਆ ਸੀ। 'ਪਿਤਾ ਦਿਵਸ' ਨੂੰ ਸਰਕਾਰੀ ਤੌਰ 'ਤੇ ਮਨਾਉਣ ਦਾ ਵਿਚਾਰ ਜਲਦੀ ਹੀ ਅਮਰੀਕਾ ਦੇ ਦੂਸਰੇ ਰਾਜਾਂ ਵਿਚ ਵੀ ਫੈਲ ਗਿਆ ਸੀ। 1924 ਵਿਚ ਰਾਸ਼ਟਰਪਤੀ ਕੈਲਵਿਨ ਕੂਲਿਜ਼ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਪਿਤਾ ਦਿਵਸ' ਵਜੋਂ ਪ੍ਰਵਾਨਗੀ ਦਿੱਤੀ ਅਤੇ ਰਾਜਾਂ ਨੂੰ ਇਸ ਸਬੰਧੀ ਉਤਸ਼ਾਹਿਤ ਕੀਤਾ। 1956 ਵਿਚ 'ਪਿਤਾ ਦਿਵਸ' ਨੂੰ ਸਾਂਝੇ ਮਤੇ ਰਾਹੀਂ ਪ੍ਰਵਾਨ ਕੀਤਾ ਗਿਆ।
ਦਸ ਸਾਲ ਬਾਅਦ 1966 ਈ: ਵਿਚ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ 'ਪਿਤਾ ਦਿਵਸ' ਵਜੋਂ ਪ੍ਰਵਾਨ ਕਰਨ ਸਬੰਧੀ ਘੋਸ਼ਣਾ ਜਾਰੀ ਕੀਤੀ।
1972 ਵਿਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਅਮਰੀਕਾ ਵਿਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਸਥਾਈ ਰੂਪ ਵਿਚ 'ਪਿਤਾ ਦਿਵਸ' ਵਜੋਂ ਸਥਾਪਤ ਕਰ ਦਿੱਤਾ। ਹੌਲੀ-ਹੌਲੀ ਦੁਨੀਆ ਦੇ ਦੂਸਰੇ ਮੁਲਕਾਂ ਨੇ ਵੀ ਪਿਤਾ ਦਿਵਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।
ਅੱਜ ਅਮਰੀਕਾ, ਇੰਗਲੈਂਡ, ਕੈਨੇਡਾ, ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਸ੍ਰੀਲੰਕਾ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਲਕ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਂਦੇ ਹਨ। ਪਰੰਤੂ ਬਹੁਤ ਸਾਰੇ ਮੁਲਕ ਅਜਿਹੇ ਹਨ, ਜਿਥੇ ਵੱਖਰੇ-ਵੱਖਰੇ ਦਿਨਾਂ ਅਤੇ ਮਹੀਨਿਆਂ ਵਿਚ ਪਿਤਾ ਦਿਵਸ ਮਨਾਇਆ ਜਾਂਦਾ ਹੈ। ਜਿਵੇਂ ਈਰਾਨ ਵਿਚ 14 ਮਾਰਚ ਨੂੰ, ਬੋਲੀਵੀਆ, ਇਟਲੀ, ਪੁਰਤਗਾਲ ਅਤੇ ਸਪੇਨ ਵਿਚ 19 ਮਾਰਚ ਨੂੰ, ਦੱਖਣੀ ਕੋਰੀਆ ਵਿਚ 8 ਮਈ ਨੂੰ, ਆਸਟ੍ਰੇਲੀਆ, ਏਕਵਾਡੋਰ ਅਤੇ ਬੈਲਜੀਅਮ ਵਿਚ ਜੂਨ ਦੇ ਦੂਸਰੇ ਐਤਵਾਰ, ਪੋਲੈਂਡ ਅਤੇ ਯੁਗਾਂਡਾ ਵਿਚ 23 ਜੂਨ, ਬ੍ਰਾਜ਼ੀਲ ਵਿਚ ਅਗਸਤ ਮਹੀਨੇ ਦਾ ਦੂਸਰਾ ਐਤਵਾਰ, ਤਾਈਵਾਨ ਅਤੇ ਚੀਨ ਵਿਚ 8 ਅਗਸਤ, ਅਰਜਨਟੀਨਾ ਵਿਚ 24 ਅਗਸਤ ਅਤੇ ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਸਤੰਬਰ ਮਹੀਨੇ ਦਾ ਪਹਿਲਾ ਐਤਵਾਰ, ਇੰਗਲੈਂਡ, ਨਾਰਵੇ ਅਤੇ ਸਵੀਡਨ ਵਿਚ ਨਵੰਬਰ ਦਾ ਦੂਸਰਾ ਐਤਵਾਰ ਅਤੇ ਥਾਈਲੈਂਡ ਵਿਚ 5 ਦਸੰਬਰ ਨੂੰ 'ਪਿਤਾ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਅਸਲ ਵਿਚ ਪਿਤਾ ਆਪਣੇ ਪਰਿਵਾਰ ਵਿਚ ਸੁਪਰ ਹੀਰੋ ਹੁੰਦਾ ਹੈ। ਪਿਤਾ ਹੀ ਹਮੇਸ਼ਾ ਔਲਾਦ ਦੀ ਸੁਰੱਖਿਆ ਕਰਦਾ ਹੈ। ਇਕ ਪਿਤਾ ਹੀ ਤਾਂ ਹੈ ਜੋ ਆਪਣੀ ਮੁਸਕਾਨ ਛੁਪਾ ਕੇ ਬੱਚਿਆਂ ਦੇ ਚਿਹਰੇ 'ਤੇ ਇਕ ਮੁਸਕਾਨ ਲਿਆਉਂਦਾ ਹੈ। ਬੱਚਿਆਂ ਦੀ ਸਫ਼ਲਤਾ 'ਤੇ ਸਭ ਤੋਂ ਵੱਧ ਖ਼ੁਸ਼ੀ ਪਿਤਾ ਨੂੰ ਹੁੰਦੀ ਹੈ। ਪਿਤਾ ਹਮੇਸ਼ਾ ਆਪਣੇ ਬੱਚਿਆਂ ਨੂੰ ਸਹੀ ਮਾਰਗ 'ਤੇ ਪਾਉਂਦਾ ਹੈ। ਇਸੇ ਲਈ ਕਹਿੰਦੇ ਹਨ ਕਿ ਮਾਂ ਘਰ ਦਾ ਗੌਰਵ ਹੈ ਤੇ ਪਿਤਾ ਘਰ ਦਾ ਅਸਤਿਤਵ ਹੁੰਦਾ ਹੈ। ਦੋਵਾਂ ਸਮਿਆਂ ਦਾ ਭੋਜਨ ਮਾਂ ਬਣਾਉਂਦੀ ਹੈ ਤੇ ਪਿਤਾ ਜੀਵਨ ਭਰ ਭੋਜਨ ਦਾ ਜੁਗਾੜ ਕਰਦਾ ਹੈ। ਪਿਤਾ ਬੋਹੜ ਰੂਪੀ ਉਹ ਦਰੱਖਤ ਹੈ, ਜਿਸ ਦੀ ਛਾਂ ਹੇਠ ਸਾਰਾ ਪਰਿਵਾਰ ਸੁੱਖ ਸ਼ਾਂਤੀ ਨਾਲ ਰਹਿੰਦਾ ਹੈ।
ਰੋਜ਼ਾਨਾ ਖਾਣਾ ਬਣਾਉਣ ਵਾਲੀ ਮਾਂ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ ਪਰੰਤੂ ਜੀਵਨ ਭਰ ਖਾਣੇ ਦੀ ਵਿਵਸਥਾ ਕਰਨ ਵਾਲੇ ਪਿਓ ਨੂੰ ਅਸੀਂ ਭੁੱਲ ਜਾਂਦੇ ਹਾਂ :-
ਮਾਂ ਦੀ ਸਿਫ਼ਤ ਤਾਂ ਹਰ ਕੋਈ ਕਰ ਜਾਂਦਾ,
ਪਿਤਾ ਕਿਸੇ ਨੂੰ ਵੀ ਨਹੀਓਂ ਯਾਦ ਰਹਿੰਦਾ।
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ,
ਜਿਸ ਦੇ ਸਿਰ 'ਤੇ ਘਰ ਆਬਾਦ ਰਹਿੰਦਾ।
ਉਸ ਦੇ ਸੀਨੇ 'ਚ ਵੀ ਇਕ ਦਿਲ ਹੁੰਦਾ,
ਜੋ ਔਲਾਦ ਦੀ ਖ਼ੁਸ਼ੀ ਲਈ ਸਦਾ ਬੇਤਾਬ ਰਹਿੰਦਾ।
ਬੇਹਿਸਾਬ ਪਿਆਰ ਨਹੀਂ ਵੇਖਦਾ ਕੋਈ,
ਉਸ ਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ।
ਮਾਂ ਰੋਂਦੀ ਹੈ, ਪਿਤਾ ਰੋ ਨਹੀਂ ਸਕਦਾ। ਖ਼ੁਦ ਦਾ ਪਿਤਾ ਮਰ ਜਾਏ, ਫਿਰ ਵੀ ਰੋ ਨਹੀਂ ਸਕਦਾ, ਕਿਉਂਕਿ ਛੋਟੇ ਭੈਣ ਭਰਾਵਾਂ ਨੂੰ ਵੀ ਸੰਭਾਲਣਾ ਹੁੰਦਾ ਹੈ। ਮਾਂ ਦੀ ਮੌਤ 'ਤੇ ਵੀ ਨਹੀਂ ਰੋਂਦਾ ਕਿਉਂਕਿ ਭੈਣਾਂ ਨੂੰ ਵੀ ਸਹਾਰਾ ਦੇਣਾ ਹੁੰਦਾ ਹੈ। ਪਤਨੀ ਹਮੇਸ਼ਾ ਲਈ ਸਾਥ ਛੱਡ ਜਾਏ, ਫਿਰ ਵੀ ਨਹੀਂ ਰੋਂਦਾ ਕਿਉਂਕਿ ਬੱਚਿਆਂ ਨੂੰ ਹੌਸਲਾ ਦੇਣਾ ਹੁੰਦਾ ਹੈ। ਪਿਤਾ ਕਦੇ ਬਿਮਾਰ ਨਹੀਂ ਹੁੰਦਾ, ਹੋ ਵੀ ਜਾਏ ਤਾਂ ਹਸਪਤਾਲ ਨਹੀਂ ਜਾਂਦਾ। ਡਾਕਟਰ ਇਕ ਅੱਧ ਮਹੀਨੇ ਦਾ ਆਰਾਮ ਦੱਸ ਦੇਵੇ ਤਾਂ ਮੱਥੇ ਦੀਆਂ ਸਿਲਵੱਟਾਂ ਹੋਰ ਗਹਿਰੀਆਂ ਹੋ ਜਾਂਦੀਆਂ ਹਨ ਕਿਉਂਕਿ ਬੇਟੀ ਦੀ ਸ਼ਾਦੀ ਤੇ ਬੇਟੇ ਦੀ ਫ਼ੀਸ ਭਰਨ ਦੀ ਚਿੰਤਾ ਹੁੰਦੀ ਹੈ। ਆਮਦਨ ਘੱਟ ਹੋਣ ਦੇ ਬਾਵਜੂਦ ਵੀ ਬੇਟੇ-ਬੇਟੀ ਨੂੰ ਮਹਿੰਗੇ ਕੋਰਸ ਕਰਵਾਉਂਦਾ ਹੈ। ਅਸਲ ਵਿਚ ਮਾਤਾ-ਪਿਤਾ ਦਾ ਆਪਸੀ ਸਹਿਯੋਗ ਹੀ ਪਰਿਵਾਰ ਨੂੰ ਅੱਗੇ ਲਿਜਾਣ ਵਿਚ ਸਹਾਇਤਾ ਕਰਦਾ ਹੈ।
ਮਾਤਾ ਬੱਚੇ ਨੂੰ ਜਨਮ ਦਿੰਦੀ ਹੈ,
ਪਿਓ ਉਸ ਦਾ ਪਾਲਣ ਕਰਦਾ ਹੈ।
ਮਾਂ ਭੋਜਨ ਬਣਾਉਂਦੀ ਹੈ,
ਪਿਤਾ ਭੋਜਨ ਦਾ ਪ੍ਰਬੰਧ ਕਰਦਾ ਹੈ।
ਮਾਂ ਛੋਟੀਆਂ ਮੁਸ਼ਕਿਲਾਂ ਹੱਲ ਕਰਦੀ ਹੈ,
ਪਿਤਾ ਵੱਡੀਆਂ ਮੁਸ਼ਕਿਲਾਂ ਹੱਲ ਕਰਦਾ ਹੈ।
ਮਾਂ ਦੀ ਸ਼ਰਮ ਹੁੰਦੀ ਹੈ,
ਪਿਤਾ ਦਾ ਡਰ ਹੁੰਦਾ ਹੈ।
ਮਾਂ 'ਤੇ ਵਿਸ਼ਵਾਸ ਹੁੰਦਾ ਹੈ,
ਪਿਤਾ 'ਤੇ ਮਾਣ ਹੁੰਦਾ ਹੈ।
ਭਾਵੇਂ ਬੱਚੇ ਨੂੰ 9 ਮਹੀਨੇ ਆਪਣੀ ਕੁੱਖ ਵਿਚ ਪਾਲ ਕੇ ਜਨਮ ਦੇਣ ਅਤੇ ਬਚਪਨ ਵਿਚ ਉਸ ਦਾ ਪਾਲਣ-ਪੋਸ਼ਣ ਕਰਨ ਕਰ ਕੇ ਵਧੇਰੇ ਪ੍ਰਭਾਵ ਮਾਤਾ ਦਾ ਹੁੰਦਾ ਹੈ, ਪਰੰਤੂ ਇਸ ਸਮੇਂ ਪਿਤਾ ਦੇ ਬਲਿਦਾਨ ਨੂੰ ਵੀ ਛੁਟਿਆ ਕੇ ਨਹੀਂ ਵੇਖਿਆ ਜਾ ਸਕਦਾ। ਜਦੋਂ ਬਚਪਨ ਦੇ ਸ਼ੁਰੂਆਤੀ ਮਹੀਨਿਆਂ ਵਿਚ ਅਣਬੋਲ ਬੱਚੇ ਸਰੀਰਕ ਕਸ਼ਟ ਕਰ ਕੇ ਬਿਸਤਰ ਉੱਪਰ ਪਿੱਠ ਨਹੀਂ ਲਗਾਉਂਦੇ ਤਾਂ ਸਿਆਲ ਦੀਆਂ ਲੰਮੀਆਂ ਰਾਤਾਂ ਵਿਚ ਬਾਲਾਂ ਨੂੰ ਮੋਢੇ ਨਾਲ ਲਾ ਕੇ ਸਾਰੀ ਸਾਰੀ ਰਾਤ ਘੁੰਮਦੇ ਰਹਿਣਾ ਵੀ ਤਾਂ ਪਿਤਾ ਦੇ ਹਿੱਸੇ ਆਉਂਦਾ ਹੈ। ਇਕ ਪਿਤਾ ਹੀ ਤਾਂ ਹੁੰਦਾ ਹੈ ਜਿਹੜਾ ਆਪਣੀਆਂ ਖ਼ੁਦ ਦੀਆਂ ਖਾਹਿਸ਼ਾਂ ਦੀ ਕੁਰਬਾਨੀ ਦੇ ਕੇ ਬੱਚਿਆਂ ਦੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ।
ਪਿਤਾ ਦੇ ਸਬੰਧ ਵਿਚ ਲਿਖੀਆਂ ਇਕ ਹਿੰਦੀ ਕਵਿਤਾ ਦੀਆਂ ਬਹੁਤ ਹੀ ਭਾਵਪੂਰਤ ਲਾਈਨਾਂ ਇਸ ਪ੍ਰਕਾਰ ਹਨ :
ਪਿਤਾ ਹੈ ਤੋ, ਸਾਰਾ ਸੰਸਾਰ ਅਪਨਾ ਹੈ,
ਪਿਤਾ ਕੇ ਬਗ਼ੈਰ ਜੀਵਨ ਏਕ ਸਪਨਾ ਹੈ।
ਪਿਤਾ ਗ੍ਰਹਿਸਥ ਆਸ਼ਰਮ ਮੇਂ ਉੱਚ ਸਥਿਤੀ ਕੀ ਭਗਤੀ ਹੈ,
ਪਿਤਾ ਸ੍ਰਿਸ਼ਟੀ ਮੇਂ ਨਿਰਮਾਣ ਕੀ ਅਭਿਵਿਅਕਤੀ ਹੈ।
ਪਿਤਾ ਸੇ ਹੀ ਪਰਿਵਾਰ ਮੇਂ ਪ੍ਰਤਿਪਲ ਰਾਗ ਹੈ,
ਪਿਤਾ ਸੇ ਹੀ ਮਾਂ ਕੀ ਬਿੰਦੀ ਔਰ ਸੁਹਾਗ ਹੈ।
ਪਿਤਾ ਸੇ ਹੀ ਬੱਚੋਂ ਕੇ ਢੇਰ ਸਾਰੇ ਸਪਨੇ ਹੈਂ,
ਪਿਤਾ ਹੈ ਤੋ ਬਾਜ਼ਾਰ ਕੇ ਸਬ ਖਿਲੌਨੇ ਅਪਨੇ ਹੈਂ।
ਪਿਤਾ ਰੋਟੀ ਹੈ, ਕੱਪੜਾ ਹੈ, ਮਕਾਨ ਹੈ,
ਪਿਤਾ ਛੋਟੇ ਸੇ ਪਰਿੰਦੇ ਕਾ ਬੜਾ ਆਸਮਾਨ ਹੈ।
ਪਿਤਾ ਉਂਗਲੀ ਪਕੜੇ ਬੱਚੇ ਕਾ ਸਹਾਰਾ ਹੈ,
ਪਿਤਾ ਕਭੀ ਖੱਟਾ, ਕਭੀ ਮੀਠਾ, ਕਭੀ ਖਾਰਾ ਹੈ।
ਇਹ ਬਿਲਕੁਲ ਹਕੀਕਤ ਹੈ ਕਿ ਪਿਤਾ ਦੇ ਸਾਏ ਹੇਠ ਸਾਰਾ ਸੰਸਾਰ ਆਪਣਾ ਲਗਦਾ ਹੈ ਅਤੇ ਪਿਤਾ ਤੋਂ ਬਿਨਾਂ ਤਾਂ ਸੰਸਾਰ ਵੀ ਇਕ ਸੁਪਨਾ ਮਾਤਰ ਬਣ ਕੇ ਰਹਿ ਜਾਂਦਾ ਹੈ। ਪਿਤਾ ਦੀ ਹੋਂਦ ਨਾਲ ਹੀ ਪਰਿਵਾਰ ਵਿਚ ਖੁਸ਼ੀਆਂ ਰਹਿੰਦੀਆਂ ਹਨ ਅਤੇ ਪਿਤਾ ਦੀ ਹੋਂਦ ਮਾਂ ਦੀ ਬਿੰਦੀ ਅਤੇ ਸੁਹਾਗ ਦੀ ਨਿਸ਼ਾਨੀ ਹੁੰਦੀ ਹੈ। ਬੱਚਿਆਂ ਦੇ ਸੁਪਨਿਆਂ ਦੀ ਪੂਰਤੀ ਲਈ ਪਿਤਾ ਦੀ ਹੋਂਦ ਬਹੁਤ ਜ਼ਰੂਰੀ ਹੈ।
ਇਕ ਧੀ ਵਿਆਹੇ ਜਾਣ ਤੋਂ ਬਾਅਦ ਜੇਕਰ ਆਪਣੇ ਪਤੀ ਤੋਂ ਇਲਾਵਾ ਸਭ ਤੋਂ ਵਧੇਰੇ ਪਿਆਰ ਕਿਸੇ ਨੂੰ ਕਰਦੀ ਹੈ ਤਾਂ ਉਹ ਹੈ ਉਸ ਦਾ ਪਿਤਾ। ਕਈ ਵਾਰ ਤਾਂ ਪੁੱਤਰੀਆਂ ਲਈ ਪਤੀ ਅਤੇ ਪਿਤਾ ਦੇ ਪਿਆਰ ਵਿਚ ਨਿਖੇੜਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਇਕ ਪਿਤਾ ਜਦੋਂ ਆਪਣੀ ਵਿਆਹੀ ਪੁੱਤਰੀ ਨੂੰ ਪੁੱਛਦਾ ਹੈ ਕਿ ਉਹ ਵਧੇਰੇ ਪਿਆਰ ਆਪਣੇ ਪਤੀ ਨੂੰ ਕਰਦੀ ਹੈ ਜਾਂ ਪਿਤਾ ਨੂੰ, ਤਾਂ ਉਸ ਪੁੱਤਰੀ ਦਾ ਜਵਾਬ ਹੁੰਦਾ ਹੈ :
ਮੈਨੂੰ ਸੱਚਮੁੱਚ ਪਤਾ ਨਹੀਂ, ਪ੍ਰੰਤੂ ਮੈਂ ਜਦੋਂ ਤੁਹਾਨੂੰ ਦੇਖਦੀ ਹਾਂ ਤਾਂ ਉਨ੍ਹਾਂ ਨੂੰ ਭੁੱਲ ਜਾਂਦੀ ਹਾਂ। ਲੇਕਿਨ ਜਦੋਂ ਉਨ੍ਹਾਂ ਨੂੰ ਵੇਖਦੀ ਹਾਂ ਤਾਂ ਤੁਹਾਨੂੰ ਯਾਦ ਕਰਦੀ ਹਾਂ। ਸੋ, ਇਹ ਗੱਲ ਸਪੱਸ਼ਟ ਹੈ ਕਿ ਪਰਿਵਾਰ ਵਿਚ ਮਾਂ ਵਾਂਗ ਪਿਤਾ ਦੀ ਵੀ ਅਹਿਮੀਅਤ ਹੁੰਦੀ ਹੈ। ਮਾਂ ਅਤੇ ਪਿਤਾ ਦੋਵਾਂ ਦੇ ਸਹਿਯੋਗ ਨਾਲ ਹੀ ਪਰਿਵਾਰ ਚਲਦਾ ਹੈ। ਪਰਿਵਾਰ ਵਿਚ ਪਿਤਾ ਦੀ ਹੋਂਦ ਨੂੰ ਮਨਫ਼ੀ ਕਰਕੇ ਨਹੀਂ ਵੇਖਿਆ ਜਾ ਸਕਦਾ।


-ਐਫ.-15, ਮਾਲਵਾ ਕਾਲੋਨੀ, ਪਿੱਛੇ ਨਵਾਂ ਮੋਤੀ ਬਾਗ਼, ਪਟਿਆਲਾ।
ਮੋਬਾਈਲ : 98727-28109.

ਵੱਖਰਾ ਹੀ ਅਨੰਦ ਹੈ ਖਿਡੌਣਾ ਰੇਲ ਰਾਹੀਂ ਸ਼ਿਮਲਾ ਦੀ ਯਾਤਰਾ ਦਾ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਣਜਾਣ ਸੈਲਾਨੀਆਂ ਦੇ ਹੱਥ ਵਿਚਲੀ ਚੀਜ਼, ਜੇਬਾਂ 'ਚ ਪਏ ਮੋਬਾਈਲ ਜਾਂ ਐਨਕ ਇੰਨੀ ਸਫ਼ਾਈ ਨਾਲ ਆਪਣੇ ਕਬਜ਼ੇ 'ਚ ਲੈਂਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ। ਚੀਜ਼ ਝਪਟ ਕੇ ਉਹ ਉੱਚੇ ਦਰੱਖਤਾਂ 'ਤੇ ਚੜ੍ਹ ਜਾਂਦੇ ਹਨ। ਗੱਡੀਆਂ ਵਾਲੇ ਜਾਂ ਸਥਾਨਕ ਲੋਕ ਇਨ੍ਹਾਂ ਦੀਆਂ ਹਰਕਤਾਂ ਤੋਂ ਲੋਕਾਂ ਨੂੰ ਸੁਚੇਤ ਕਰ ਦਿੰਦੇ ਹਨ ਪਰ ਇਹ ਫਿਰ ਵੀ ਕਿਸੇ ਨਾ ਕਿਸੇ ਸੈਲਾਨੀ ਨੂੰ ਆਪਣਾ ਰੰਗ ਵਿਖਾ ਹੀ ਦਿੰਦੇ ਹਨ। ਸਾਡੇ ਸਾਹਮਣੇ ਹੀ ਇਕ ਸੈਲਾਨੀ ਦੀ ਮਹਿੰਗੀ ਐਨਕ ਉਤਾਰ ਕੇ ਬਾਂਦਰ ਦਰੱਖਤ 'ਤੇ ਚੜ੍ਹ ਗਿਆ। ਉਹ ਜਦ ਐਨਕ ਪ੍ਰਾਪਤ ਕਰਨ ਲਈ ਬਾਂਦਰ ਦੇ ਨੇੜੇ ਜਾਵੇ ਤਾਂ ਬਾਂਦਰ ਦਰੱਖਤ 'ਤੇ ਹੋਰ ਉੱਚਾ ਚੜ੍ਹਦਾ ਜਾਵੇ। ਇੱਥੋਂ ਸਾਡਾ ਕੁਫ਼ਰੀ ਨੂੰ ਜਾਣ ਦਾ ਪ੍ਰੋਗਰਾਮ ਸੀ। ਰਸਤੇ ਵਿਚ ਸ਼ਿਮਲਾ ਦੇ ਹੀ ਇਲਾਕੇ ਸੰਜੌਲੀ ਵਿਖੇ ਗੁਰੂ ਘਰ ਦੇ ਦਰਸ਼ਨ ਕੀਤੇ। ਕੁਫ਼ਰੀ ਤੇ ਸ਼ਿਮਲਾ ਵਿਚਕਾਰ ਗਰੀਨ ਵੈਲੀ ਹੈ ਜਿਸ ਦੀ ਸੁੰਦਰਤਾ ਕਮਾਲ ਹੈ। 14 ਕਿਲੋਮੀਟਰ ਦੇ ਘੇਰੇ 'ਚ ਦੇਵਦਾਰ ਤੇ ਹੋਰ ਕਿਸਮ ਦੇ ਹਰੇ-ਭਰੇ ਦਰੱਖਤ ਵੱਖਰਾ ਨਜ਼ਾਰਾ ਪੇਸ਼ ਕਰਦੇ ਹਨ। ਸੈਲਾਨੀ ਇੱਥੇ ਖੜ੍ਹ ਕੇ ਇਸ ਹਰਿਆਵਲ ਘਾਟੀ ਨੂੰ ਨਿਹਾਰਦੇ ਹਨ ਅਤੇ ਤਸਵੀਰਾਂ ਆਦਿ ਵੀ ਕਰਵਾਉਂਦੇ ਹਨ। ਦਰੱਖਤ ਤੇ ਪਹਾੜ ਕੱਟਣ ਦੀ ਸਖ਼ਤ ਮਨਾਹੀ ਹੈ। ਇੱਥੋਂ ਅਸੀਂ ਕੁਫ਼ਰੀ ਗਏ। ਇਸ ਸਥਾਨ 'ਤੇ ਹੋਟਲ ਦੇ ਨਾਲ ਹੀ ਘੋੜਿਆਂ ਦੀ ਸਵਾਰੀ ਕਰਨ ਦਾ ਪ੍ਰਬੰਧ ਹੈ। ਇੱਥੇ 1000 ਤੋਂ ਵਧੇਰੇ ਘੋੜੇ ਹਨ। ਹਿਮਾਚਲੀ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਘੋੜਿਆਂ ਦੀ ਸਵਾਰੀ ਕਰਨ, ਫ਼ਿਲਮੀ ਸ਼ੂਟਿੰਗ ਸਥਾਨ, ਸੇਬਾਂ ਦੇ ਬਾਗ਼ ਆਦਿ ਦਿਖਾਉਣ ਦੀਆਂ ਗੱਲਾਂ ਕਰਦੇ ਹਨ ਪਰ ਅਸਲ 'ਚ ਜਿੰਨੀ ਵਧਾ ਕੇ ਗੱਲ ਉਹ ਕਰਦੇ ਹਨ ਉਨੀ ਹੈ ਨਹੀਂ। 250 ਰੁਪਏ ਪ੍ਰਤੀ ਵਿਅਕਤੀ ਅੱਧਾ ਕੁ ਕਿਲੋਮੀਟਰ ਘੋੜੇ ਦੀ ਸਵਾਰੀ ਕਰਾਈ ਜਾਂਦੀ ਹੈ। ਰਸਤੇ ਵਿਚ ਦੇਖਣ ਨੂੰ ਕੁਝ ਵੀ ਖ਼ਾਸ ਨਹੀਂ ਹੈ। ਉੱਚੇ ਨੀਵੇਂ, ਉੱਭੜ ਖਾਬੜ ਰਸਤੇ 'ਚ ਘੋੜ ਸਵਾਰੀ ਤੋਂ ਡਰੇ ਲੋਕ ਵਾਪਸ ਆਉਂਦੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਹਨ। ਇੱਥੋਂ ਥੋੜ੍ਹੀ ਦੂਰ 'ਤੇ ਲਿਜਾਣ ਲਈ 380 ਰੁਪਏ ਪ੍ਰਤੀ ਵਿਅਕਤੀ ਲਏ ਜਾਂਦੇ ਹਨ। ਇੱਥੇ ਬੱਚਿਆਂ ਦੇ ਮਨੋਰੰਜਨ ਲਈ ਕੁਝ ਚੀਜ਼ਾਂ ਜ਼ਰੂਰ ਹਨ। ਸੇਬਾਂ ਦੇ ਬਾਗ਼ ਦੀ ਬਜਾਏ 5-7 ਸੇਬਾਂ ਦੇ ਦਰੱਖਤ ਹਨ ਅਤੇ ਪੁਰਾਣੀਆਂ ਨਵੀਆਂ ਫ਼ਿਲਮਾਂ ਦੀ ਸ਼ੂਟਿੰਗ ਦਾ ਜ਼ਿਕਰ ਕਰ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਜੇਬ ਢਿੱਲੀ ਕਰਵਾਉਣੀ ਹੋਵੇ ਤਾਂ ਕੁਫ਼ਰੀ ਜ਼ਰੂਰ ਜਾਓ। ਵਾਪਸੀ ਉਪਰੰਤ ਇਸ ਦੇ ਨਾਲ ਹੀ ਇਕ ਚਿੜੀਆ ਘਰ ਦਿਖਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇੱਥੇ ਵੀ ਚਿੜੀਆ ਘਰ ਵਰਗੀ ਕੋਈ ਗੱਲ ਨਹੀਂ। ਥੱਕ ਟੁੱਟ ਕੇ ਲੋਕ ਵਾਪਸ ਸ਼ਿਮਲਾ ਵੱਲ ਮੂੰਹ ਕਰ ਲੈਂਦੇ ਹਨ ਜਾਂ ਫਿਰ ਕੁਝ ਉਤਸ਼ਾਹੀ 'ਚੈਲ' ਅਤੇ ਕੁਝ 'ਤੱਤਾ ਪਾਣੀ' ਸਥਾਨ ਵੇਖਣ ਤੁਰ ਜਾਂਦੇ ਹਨ। ਅਸੀਂ ਵਾਪਸ ਸ਼ਿਮਲਾ ਆਉਣਾ ਹੀ ਠੀਕ ਸਮਝਿਆ। ਸ਼ਾਮ 5:30 ਕੁ ਵਜੇ ਦੇ ਕਰੀਬ ਅਸੀਂ ਸ਼ਿਮਲਾ ਪਹੁੰਚ ਗਏ ਅਤੇ ਮਾਲ ਰੋਡ ਦਾ ਨਜ਼ਾਰਾ ਫਿਰ ਦੇਖਿਆ। ਇੱਥੇ ਪਹਿਲੇ ਦਿਨ ਨਾਲੋਂ ਵੱਧ ਚਹਿਲ ਪਹਿਲ ਸੀ। ਹਿਮਾਚਲ ਪੁਲਿਸ ਦੇ ਬੈਂਡ ਨਾਲ ਵੱਖ-ਵੱਖ ਰਾਜਾਂ ਤੋਂ ਆਏ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਨੌਜਵਾਨ ਲੜਕੇ ਲੜਕੀਆਂ ਆਪਣੇ ਫਨ ਦਾ ਮੁਜ਼ਾਹਰਾ ਕਰ ਰਹੇ ਸਨ। ਕਈ ਮੇਰੇ ਵਰਗੇ ਬੇਸੁਰੇ/ਬੇਤਾਲੇ ਵੀ ਹਾਜ਼ਰੀ ਲਵਾ ਰਹੇ ਸਨ। ਅਸੀਂ ਨਾਲ ਹੀ ਮੌਜੂਦ ਚਰਚ ਦੇ ਦਰਸ਼ਨ ਕੀਤੇ। ਮਾਲ ਰੋਡ 'ਤੇ ਲੋਕ ਹਿਮਾਚਲੀ ਪਹਿਰਾਵੇ ਨਾਲ ਤਸਵੀਰਾਂ ਖਿਚਵਾ ਰਹੇ ਸਨ। ਭਾਵੇਂ ਮੋਬਾਈਲਾਂ 'ਤੇ ਕੈਮਰਿਆਂ ਦੀ ਬਹੁਤਾਤ ਸਦਕਾ ਫ਼ੋਟੋਗ੍ਰਾਫ਼ੀ ਦਾ ਕੰਮ ਠੱਪ ਹੋਣ ਕਿਨਾਰੇ ਹੈ ਪਰ ਇਸ ਪਹਿਰਾਵੇ ਦੀ ਵਜ੍ਹਾ ਕਾਰਨ ਸਥਾਨਕ ਬਹੁਤ ਸਾਰੇ ਫ਼ੋਟੋਗ੍ਰਾਫ਼ਰ ਕੰਮ 'ਚ ਰੁੱਝੇ ਹੋਏ ਸਨ ਅਤੇ ਉਹ ਚੰਗੀ ਦਿਹਾੜੀ ਬਣਾ ਰਹੇ ਸਨ। 60 ਰੁਪਏ 'ਚ ਇਕ ਤਸਵੀਰ ਖਿੱਚੀ ਜਾਂਦੀ ਸੀ ਅਤੇ ਹਰ ਸੈਲਾਨੀ 3-4 ਤਸਵੀਰਾਂ ਤਾਂ ਖਿਚਾਅ ਹੀ ਲੈਂਦਾ ਸੀ ਜੋ ਉਨ੍ਹਾਂ ਨੂੰ ਅੱਧੇ ਘੰਟੇ ਦੇ ਸਮੇਂ ਦੌਰਾਨ ਮਿਲ ਜਾਂਦੀਆਂ ਸਨ। ਇੱਥੋਂ ਪਰਤ ਕੇ ਅਸੀਂ ਦੇਸੀ ਢਾਬੇ 'ਤੇ ਰੋਟੀ ਖਾਣ ਨੂੰ ਤਰਜੀਹ ਦਿੱਤੀ, ਉਪਰੰਤ ਹੋਟਲ 'ਚ ਪਹੁੰਚ ਗਏ। ਸਵੇਰ ਵੇਲੇ ਉੱਠਣ ਸਾਰ ਮੀਂਹ ਨੇ ਸਾਡਾ ਸਵਾਗਤ ਕੀਤਾ। ਬ੍ਰੇਕਫਾਸਟ ਕਰ ਕੇ ਅਸੀਂ ਰੇਲਵੇ ਸਟੇਸ਼ਨ ਵੱਲ ਚਾਲੇ ਪਾ ਦਿੱਤੇ ਜਿੱਥੋਂ 10:30 ਵਜੇ ਖਿਡੌਣਾ ਰੇਲ ਕਾਲਕਾ ਵੱਲ ਚੱਲ ਪਈ। ਗਰਮੀਆਂ ਦਾ ਇਹ ਟੂਰ ਬਹੁਤ ਹੀ ਅਨੰਦਮਈ ਅਤੇ ਰੋਮਾਂਚਕ ਰਿਹਾ।
(ਸਮਾਪਤ)


-ਇੰਚਾਰਜ 'ਅਜੀਤ' ਉਪ ਦਫ਼ਤਰ, ਮਾਨਸਾ।
ਮੋਬਾਈਲ : 94177-74558

ਭੁੱਲੀਆਂ ਵਿਸਰੀਆਂ ਯਾਦਾਂ

ਸ: ਤੇਜਾ ਸਿੰਘ ਸੁਤੰਤਰ ਅਲੂਣਾ ਦੀ ਪਹਿਲੀ ਬਰਸੀ 1974 ਵਿਚ ਮਨਾਈ ਗਈ ਸੀ। ਉਸ ਬਰਸੀ 'ਤੇ ਗਿਆਨੀ ਗੁਰਨਾਮ ਸਿੰਘ ਮੁਸਾਫਿਰ ਦਿੱਲੀ ਤੋਂ ਖਾਸ ਤੌਰ 'ਤੇ ਆਏ ਸਨ। ਸ: ਸੰਤੋਖ ਸਿੰਘ ਰੰਧਾਵਾ ਪੰਜਾਬ ਦੇ ਵਜ਼ੀਰ ਸਨ। ਉਹ ਵੀ ਬਰਸੀ 'ਤੇ ਆਏ ਸੀ।
ਗਿਆਨੀ ਜਗਜੀਤ ਸਿੰਘ, ਵਰਿੰਦਰ ਭਾਰਤੀ ਪੱਤਰਕਾਰ ਵੀ ਆਏ ਸਨ। ਹੋਰ ਬਹੁਤ ਸਾਰੇ ਕਾਮਰੇਡ ਸੁਤੰਤਰ ਹੁਰਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਹਰ ਹਿੱਸੇ ਵਿਚੋਂ ਆਏ ਸਨ। ਇਸ ਵਕਤ ਸੰਸਾਰ ਵਿਚ ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਸ: ਸੰਤੋਖ ਸਿੰਘ, ਗਿਆਨੀ ਜਗਜੀਤ ਸਿੰਘ, ਵਰਿੰਦਰ ਭਾਰਤੀ, ਸ: ਚੰਨਣ ਸਿੰਘ ਕਾਮਰੇਡ ਤੁਗਲਵਾਲ ਨਹੀਂ ਰਹੇ। ਇਸ ਯਾਦਗਾਰੀ ਤਸਵੀਰ ਵਿਚੋਂ ਹੀ ਦੇਖੇ ਜਾ ਸਕਦੇ ਹਨ।


-ਮੋਬਾਈਲ : 98767-41231

ਗੁਰਦੇਵ ਸਿੰਘ ਮਾਨ ਨੂੰ ਚੇਤੇ ਕਰਦਿਆਂ

ਪੰਜ ਗੀਤਕਾਰ ਮੈਨੂੰ ਬੇਹੱਦ ਚੰਗੇ ਲਗਦੇ ਹਨ। ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਕਰਤਾਰ ਸਿੰਘ ਬਲੱਗਣ ਤੇ ਸ਼ਿਵ ਕੁਮਾਰ।
ਪਰ ਅੱਜ ਸਿਰਫ਼ ਗੁਰਦੇਵ ਸਿੰਘ ਮਾਨ ਦੀ ਗੱਲ ਹੀ ਕਰਾਂਗੇ।
ਸਾਡੇ ਪਿੰਡ ਜਦ ਕਿਸੇ ਘਰ ਵਿਆਹ ਹੁੰਦਾ ਤਾਂ ਸਵੇਰ ਸਾਰ ਇਕ ਰਿਕਾਰਡ ਪੂਰੇ ਪਿੰਡ ਨੂੰ ਜਗਾਉਂਦਾ ਹੁੰਦਾ ਸੀ।
ਸਾਈਂ ਦੀਵਾਨਾ ਗਾਉਂਦਾ ਸੀ ਗੁਰਦੇਵ ਸਿੰਘ ਮਾਨ ਦੇ ਬੋਲ ਬੇਦਾਵੇ ਦੇ :
ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ,
ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ।
ਸਾਨੂੰ ਚੁੱਪ ਚੁਪੀਤਿਆਂ ਜਾਣ ਦੇ ਤੂੰ,
ਅਸੀਂ ਥੱਕ ਗਏ ਹਾਂ ਤੁਹਾਨੂੰ ਕਹਿ ਕਹਿ ਕੇ।
ਰਿਕਾਰਡ ਦੇ ਦੂਸਰੇ ਪਾਸੇ ਮਾਈ ਭਾਗੋ ਮਾਝੇ 'ਚ ਪਰਤੇ ਬੇਦਾਵੀਏ ਸਿੰਘਾਂ ਨੂੰ ਮਿਹਣੇ ਮਾਰ ਕੇ ਮੁੜ ਜੰਗ 'ਚ ਭੇਜਦੀ ਹੈ।
ਮੇਰੇ ਲਈ ਇਤਿਹਾਸ ਦਾ ਇਹ ਪਹਿਲਾ ਵਰਕਾ ਸੀ, ਜੋ ਮੈਂ ਪੌਣਾਂ ਚੋਂ ਪੜ੍ਹਿਆ।
ਕਿੰਨੇ ਹੀ ਹੋਰ ਗੀਤ
* ਊੜਾ ਐੜਾ ਈੜੀ ਸੱਸਾ ਹਾਹਾ ਊੜਾ ਐੜਾ ਵੇ।
ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ।
* ਚਰਖ਼ੀ ਰੰਗੀਲੀ ਦਾਜ ਦੀ ਮੇਰੇ ਵੀਰ ਨੇ ਵਲਾਇਤੋਂ ਆਂਦੀ।
* ਰਾਤੀਂ ਸੀ ਉਡੀਕਾਂ ਤੇਰੀਆਂ
ਸੁੱਤੇ ਪਲ ਨਾ ਹਿਜਰ ਦੇ ਮਾਰੇ।
ਬੜੇ ਹੋਰ ਗੀਤ ਵੀ ਰੇਸ਼ਮੀ ਥਾਨ ਵਾਂਗ ਯਾਦਾਂ ਚੋਂ ਉੱਛਲ ਉੱਛਲ ਪੈ ਰਹੇ ਹਨ।
ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ।
ਬੜੇ ਥੋੜ੍ਹੇ ਲੋਕ ਜਾਣਦੇ ਹਨ ਕਿ ਲਾਇਲਪੁਰ ਤੋਂ 1947 'ਚ ਉੱਜੜ ਕੇ ਆਏ ਇਸ ਪਰਿਵਾਰ ਨੂੰ ਤਿੰਨ ਸਾਲ ਸਰਾਭਾ ਪਿੰਡ (ਲੁਧਿਆਣਾ) 'ਚ ਕੱਚੀ ਅਲਾਟਮੈਂਟ ਤੇ ਰਹਿਣ ਦਾ ਸੁਭਾਗ ਮਿਲਿਆ। ਅੱਧਾ ਟੱਬਰ ਜੱਦੀ ਪਿੰਡ ਨੰਗਲਾਂ (ਨੇੜੇ ਡੇਹਲੋਂ ਲੁਧਿਆਣਾ) 'ਚ ਵੱਸਿਆ।
ਸਰਾਭਾ ਪਿੰਡ 'ਚ ਹੀ ਉਨ੍ਹਾਂ ਪਹਿਲੀ ਵਾਰ ਆਜ਼ਾਦ ਭਾਰਤ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪਹਿਲੀ ਬਰਸੀ ਨੌਜਵਾਨ ਸਪੋਰਟਸ ਕਲੱਬ ਬਣਾ ਕੇ ਮਨਾਈ। ਇਹ ਇਤਿਹਾਸਕ ਤੱਥ ਅੱਖੋਂ ਓਹਲੇ ਕਰਨ ਵਾਲਾ ਨਹੀਂ ਹੈ।
ਫਿਰ ਇਹ ਪਰਿਵਾਰ ਪੱਕੇ ਪੈਰੀਂ ਮਲੇਰਕੋਟਲਾ ਨੇੜੇ ਪਿੰਡ ਭੂਮਸੀ 'ਚ ਵੱਸ ਗਿਆ।
ਲੋਕ ਸੰਪਰਕ ਮਹਿਕਮੇ ਚ ਭਰਤੀ ਹੋ ਕੇ ਡਰਾਮਾ ਪਾਰਟੀ 'ਚ ਮੁਹੰਮਦ ਸਦੀਕ, ਕਰਨੈਲ ਗਿੱਲ ਤੇ ਦੀਦਾਰ ਸੰਧੂ ਵਰਗੇ ਨੌਜਵਾਨ ਭਰਤੀ ਕਰਕੇ ਪੇਂਡੂ ਵਿਕਾਸ ਦੇ ਗੀਤ ਨਾਟਕਾਂ ਦੀ ਹਨ੍ਹੇਰੀ ਲਿਆ ਦਿੱਤੀ।
ਸਟੇਜੀ ਕਵਿਤਾ ਦੇ ਸਿਰਕੱਢ ਕਵੀਆਂ 'ਚ ਗੁਰਦੇਵ ਸਿੰਘ ਮਾਨ ਦਾ ਸਿਰਮੌਰ ਨਾਂਅ ਸੀ।
ਉਸ ਨੂੰ ਵਾਰਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ।
1984 'ਚ ਉਸ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਅਕਾਲ ਤਖ਼ਤ ਸਾਹਿਬ ਦੀ ਵਾਰ ਲਿਖੀ। ਗੁਰੂ ਤੇਗ ਬਹਾਦਰ ਬੋਲਿਆ ਉਨ੍ਹਾਂ ਦੀ ਉੱਤਮ ਰਚਨਾ ਹੈ।
ਉਨ੍ਹਾਂ ਦਾ ਕਿੱਸਾ ਹੀਰ ਰਾਂਝਾ ਵਾਰਿਸਸ਼ਾਹ ਫਾਊਂਡੇਸ਼ਨ ਨੇ ਪ੍ਰਕਾਸ਼ਿਤ ਕੀਤਾ ਸੀ। ਉੱਤਰੀ ਅਮਰੀਕਾ ਦੇ ਪੰਜਾਬੀ ਲੇਖਕਾਂ ਦੀ ਸਭਾ ਦੇ ਉਹ ਪ੍ਰਧਾਨ ਸਨ ਤੇ ਮੋਹਨ ਗਿੱਲ ਜਨਰਲ ਸਕੱਤਰ।
ਵੱਡਾ ਬੰਦਾ ਸੀ, ਆਓ, ਵੱਡੇ ਨੂੰ ਚੇਤੇ ਕਰਕੇ ਵੱਡੇ ਹੋਈਏ।


-ਮੋਬਾਈਲ : 98726-31199

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-146

ਬਾਲੀਵੁੱਡ ਦਾ ਸੌਦਾਗਰ ਸੁਭਾਸ਼ ਘਈ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਉਸ ਦੀ ਪਤਨੀ ਮੁਕਤਾ ਉਸ ਸਮੇਂ ਗਰਭਵਤੀ ਸੀ। ਅਚਾਨਕ ਮੁਕਤਾ ਦੇ ਦਰਦ ਹੋਣੀ ਸ਼ੁਰੂ ਹੋ ਗਈ ਤਾਂ ਸੁਭਾਸ਼ ਨੇ ਆਪਣੇ ਇਕ ਖਾਸ ਦੋਸਤ ਨੂੰ ਮੁਕਤਾ ਨੂੰ ਹਸਪਤਾਲ ਦਾਖ਼ਲ ਕਰਾਉਣ ਦੀ ਬੇਨਤੀ ਕੀਤੀ। ਉਹ ਚਾਹੁੰਦਾ ਸੀ ਕਿ ਆਪਣਾ ਉਸ ਦਿਨ ਦਾ ਕੰਮ ਮੁਕੰਮਲ ਕਰਵਾ ਕੇ ਹੀ ਮੁਕਤਾ ਦੇ ਕੋਲ ਪਹੁੰਚੇ। ਪਰ ਮੁਕਤਾ ਦੀ ਤਬੀਅਤ ਜ਼ਿਆਦਾ ਹੀ ਖਰਾਬ ਹੋ ਗਈ ਸੀ ਅਤੇ ਉਸ ਨੇ ਇਕ ਸਤਮਾਹੇ ਬੱਚੇ ਨੂੰ ਵੀ ਜਨਮ ਦਿੱਤਾ ਸੀ। ਅਫ਼ਸੋਸ ਵਾਲੀ ਗੱਲ ਇਹ ਹੋਈ ਕਿ ਆਪ੍ਰੇਸ਼ਨ ਦੌਰਾਨ ਬੱਚੇ ਦੀ ਮੌਤ ਹੋ ਗਈ ਸੀ ਅਤੇ ਮੁਕਤਾ ਵੀ ਸਾਰੀ ਉਮਰ ਲਈ ਬਾਂਝ ਬਣ ਕੇ ਰਹਿ ਗਈ ਸੀ। ਜਦੋਂ ਸੁਭਾਸ਼ ਨੂੰ ਇਸ ਦੁਖਾਂਤ ਦਾ ਪਤਾ ਲੱਗਿਆ ਤਾਂ ਸੈੱਟ ਦੇ ਇਕ ਕੋਨੇ 'ਚ ਬਹਿ ਕੇ ਉਹ ਕੁਝ ਚਿਰ ਤਾਂ ਇਕੱਲਾ ਭੁੱਬਾਂ ਮਾਰ-ਮਾਰ ਕੇ ਰੋਂਦਾ ਰਿਹਾ ਸੀ ਪਰ ਫਿਰ ਉਹ ਛੇਤੀ ਹੀ ਸੰਭਲ ਗਿਆ ਅਤੇ ਫ਼ਿਲਮ ਦੇ ਅਗਲੇ ਸ਼ਾਟ ਦੀ ਤਿਆਰੀ ਕਰਨ ਲੱਗ ਪਿਆ ਸੀ। ਸਿਨੇਮਾ ਦੇ ਇਤਿਹਾਸ 'ਚ ਸ਼ਾਇਦ ਹੀ ਅਜਿਹੀ ਪ੍ਰਤੀਬੱਧਤਾ ਕਿਸੇ ਹੋਰ ਨਿਰਦੇਸ਼ਕ ਨੇ ਦਿਖਾਈ ਹੈ।
ਸੁਭਾਸ਼ ਦੇ ਆਪਣੀ ਤਾਂ ਕੋਈ ਔਲਾਦ ਨਹੀਂ ਹੋਈ ਪਰ ਆਪਣੀ ਜ਼ਿੰਦਗੀ ਦੇ ਖਾਲੀਪਣ ਨੂੰ ਭਰਨ ਲਈ ਉਸ ਨੇ ਦੋ ਕੰਮ ਕੀਤੇ ਹਨ। ਇਕ ਤਾਂ ਆਪਣੇ ਭਰਾ (ਅਸ਼ੋਕ) ਦੀ ਬੇਟੀ ਨੂੰ ਉਸ ਨੇ ਆਪਣੀ ਬੇਟੀ ਬਣਾ ਲਿਆ ਹੈ। ਦੂਜਾ ਇਹ ਕਿ ਉਸ ਨੇ ਆਪਣੀਆਂ ਫ਼ਿਲਮਾਂ ਨੂੰ ਹੀ ਆਪਣੀ ਅਸਲੀ ਔਲਾਦ ਸਮਝਿਆ ਹੈ। ਉਸ ਨੇ ਇਕ ਬਾਪ ਦੀ ਤਰ੍ਹਾਂ ਹੀ ਆਪਣੀਆਂ ਫ਼ਿਲਮਾਂ ਦੇ ਕਥਾਨਕਾਂ ਨਾਲ ਲਾਡ-ਦੁਲਾਰ ਕੀਤਾ ਹੈ ਅਤੇ ਰਜਤਪਟ 'ਤੇ ਉਤਾਰਿਆ ਹੈ।
ਇਸ ਦ੍ਰਿਸ਼ਟੀਕੋਣ ਤੋਂ ਉਸ ਦੀਆਂ 'ਪ੍ਰਦੇਸ' (1997) ਅਤੇ 'ਤਾਲ' (1999) ਵਰਗੀਆਂ ਫ਼ਿਲਮਾਂ ਦੀ ਸ਼ਾਟ-ਦਰ-ਸ਼ਾਟ ਪੜਚੋਲ ਕਰੋ। ਹਰੇਕ ਫਰੇਮ ਆਪਣੇ-ਆਪ 'ਚ ਇਕ ਚਿੱਤਰਕਾਰ ਦੀ ਕਲਾ-ਕਿਰਤ ਦਾ ਨਮੂਨਾ ਪੇਸ਼ ਕਰਦਾ ਹੈ। 'ਪ੍ਰਦੇਸ' ਦੀ ਫ਼ਤਹਿਪੁਰ ਸੀਕਰੀ 'ਚ ਫ਼ਿਲਮਾਈ ਗਈ ਕੱਵਾਲੀ 'ਹੋ ਗਿਆ ਹੈ ਮੁਝੇ ਪਿਆਰ' ਅਤੇ 'ਤਾਲ' ਵਿਚਲਾ ਚੰਬੇ ਦੀਆਂ ਪਹਾੜੀਆਂ ਫ਼ਿਲਮਾਇਆ ਗੀਤ 'ਤਾਲ ਸੇ ਤਾਲ ਮਿਲਾ' ਨਿਰਦੇਸ਼ਕ ਦੀ ਕਲਪਨਾਸ਼ੀਲ ਕਾਰਜਵਿਧੀ ਦਾ ਪ੍ਰਮਾਣ ਹਨ।
ਇਹ ਨਤੀਜੇ ਇਸ ਲਈ ਵਧੀਆ ਰਹੇ, ਕਿਉਂਕਿ ਸੁਭਾਸ਼ ਨੂੰ ਫੋਟੋਗ੍ਰਾਫ਼ੀ ਤੋਂ ਇਲਾਵਾ ਸੰਗੀਤ ਦਾ ਵੀ ਪੂਰਾ-ਪੂਰਾ ਗਿਆਨ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਉਸ ਦੀਆਂ ਫ਼ਿਲਮਾਂ ਦਾ ਸੰਗੀਤ ਰਾਜ ਕਪੂਰ ਦੀ ਤਰ੍ਹਾਂ ਉਸ ਤੋਂ ਵੀ ਪ੍ਰਭਾਵਿਤ ਰਿਹਾ ਹੈ। ਇਸ ਸਬੰਧ 'ਚ 'ਕਰਮਾ' ਦੇ ਟਾਈਟਲ ਗੀਤ 'ਮੇਰਾ ਕਰਮਾ ਭੀ ਤੂ, ਮੇਰਾ ਧਰਮਾ ਭੀ ਤੂ' ਵਿਚਲਾ ਵਜਾਇਆ ਗਿਆ ਇਕ ਤਾਰਾ ਸੁਭਾਸ਼ ਦੇ ਕਹਿਣ 'ਤੇ ਹੀ ਵਰਤਿਆ ਗਿਆ ਸੀ। ਇਸ ਇਕ ਤਾਰੇ ਨੂੰ ਫ਼ਿਲਮ ਜਗਤ 'ਚ ਸੰਗੀਤਕਾਰ ਸੱਜਾਦ ਖ਼ਾਨ ਦਾ ਲੜਕਾ ਹੀ ਸਿਰਫ਼ ਵਜਾ ਸਕਦਾ ਹੈ। ਸੁਭਾਸ਼ ਨੇ ਇਕ ਕਲਾਕਾਰ ਨੂੰ ਉਚੇਚੇ ਤੌਰ 'ਤੇ ਇਸ ਗੀਤ ਦੀ ਰਿਕਾਰਡਿੰਗ ਦੇ ਸਮੇਂ ਬੁਲਾਇਆ ਸੀ।
ਇਹ ਠੀਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਬਣਾਈਆਂ ਕੁਝ ਫ਼ਿਲਮਾਂ 'ਤ੍ਰਿਮੂਰਤੀ', 'ਬਲੈਕ ਐਂਡ ਵਾਈਟ', 'ਯਾਦੇਂ', 'ਅਪਨਾ ਸਪਨਾ ਮਨੀ ਮਨੀ', '36 ਚਾਈਨਾ ਟਾਊਨ', 'ਕ੍ਰਿਸ਼ਨਾ' ਉਸ ਦੇ ਮਿਆਰ 'ਤੇ ਖਰੀਆਂ ਨਹੀਂ ਉਤਰੀਆਂ ਸਨ, ਪਰ ਇਸ ਦੇ ਨਾਲ ਉਸ ਦੇ ਉਤਸ਼ਾਹ 'ਚ ਕੋਈ ਫਰਕ ਨਹੀਂ ਆਇਆ ਹੈ।
ਫਿਰ ਵੀ, ਅੱਜਕਲ੍ਹ ਸੁਭਾਸ਼ ਦਾ ਜ਼ਿਆਦਾ ਸਮਾਂ ਆਪਣੀ ਅਕੈਡਮੀ Wh}st&}n{ Woods ਨੂੰ ਅੱਗੇ ਵਧਾਉਣ 'ਚ ਗੁਜ਼ਰਦਾ ਹੈ। ਇਸ ਅਕੈਡਮੀ 'ਚ ਫ਼ਿਲਮਾਂ ਨਾਲ ਸਾਰੇ ਹੀ ਵਿਭਾਗਾਂ ਦੀ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ। ਮੁੰਬਈ ਦੀ ਫ਼ਿਲਮ ਸਿਟੀ ਦੇ ਨਜ਼ਦੀਕ ਸਥਿਤ ਇਹ ਇੰਸਟੀਚਿਊਟ ਕੁਝ ਚਿਰ ਪਹਿਲਾਂ ਕਾਨੂੰਨੀ ਵਿਵਾਦਾਂ 'ਚ ਵੀ ਫਸ ਗਈ ਸੀ। ਪਰ ਨਵੀਂ ਸਥਿਤੀ ਇਹ ਹੈ ਕਿ ਅਦਾਲਤ ਨੇ ਇਸ ਸੰਸਥਾ ਨੂੰ ਜਾਇਜ਼ ਠਹਿਰਾਇਆ ਹੈ ਅਤੇ ਇਸ ਦੇ ਬਣੇ ਰਹਿਣ ਦਾ ਹੁਕਮ ਵੀ ਦਿੱਤਾ ਹੈ। ਸੁਭਾਸ਼ ਨੂੰ ਇਸ ਫ਼ੈਸਲੇ ਤੋਂ ਕਾਫੀ ਰਾਹਤ ਮਹਿਸੂਸ ਹੋਈ ਹੋਵੇਗੀ, ਕਿਉਂਕਿ ਇਕ ਅਜਿਹੇ ਹੀ ਕੇਸ ਦਾ ਨਿਰਣਾ ਦੇਣ ਲੱਗਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਦੀ ਹਰਿਆਣਾ ਵਿਖੇ ਸਥਿਤ ਇਕ ਹੋਰ ਸੰਸਥਾ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਸੀ।
ਪਰ ਸੁਭਾਸ਼ ਨੂੰ ਅਦਾਲਤ ਦੇ ਫ਼ੈਸਲੇ ਬਹੁਤਾ ਪ੍ਰਭਾਵਿਤ ਨਹੀਂ ਕਰ ਸਕਦੇ। ਉਹ ਤਾਂ ਫ਼ਿਲਮਾਂ ਦੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਦਿਲ ਹੀ ਜਿੱਤਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦਿੰਦਾ ਲਗਦਾ ਹੈ:
ਜ਼ਿੰਦਗੀ ਹਰ ਤਰਫ਼ ਏਕ ਨਈ ਜੰਗ ਹੈ,
ਜੀਤ ਜਾਏਂਗੇ ਹਮ ਅਗਰ ਤੂ ਸੰਗ ਹੈ।
(ਮੇਰੀ ਜੰਗ)
ਧੰਨਵਾਦ
Profile Mukta Arts.
Subhash Ghai asked me : The times of India 24 Feb. 2006.


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX