ਤਾਜਾ ਖ਼ਬਰਾਂ


ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਸੰਗਰੂਰ, 14 ਨਵੰਬਰ (ਦਮਨਜੀਤ ਸਿੰਘ)- ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ...
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਗੁਲਮਰਗ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਕਾਫੀ ਵੱਧ ਗਈ...
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
ਜੈਪੁਰ, 14 ਨਵੰਬਰ - ਰਾਜਸਥਾਨ 'ਚ ਭਾਜਪ ਵੱਲੋਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਅੱਜ ਕਾਂਗਰਸ 'ਚ ਸ਼ਾਮਲ ਹੋ...
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਨਵੀਂ ਦਿੱਲੀ, 14 ਨਵੰਬਰ - ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ। ਇਸ ਦੀ ਜਾਣਕਾਰੀ...
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਨਾਭਾ ਬੈਂਕ ਡਕੈਤੀ ਨੂੰ ਸੁਲਝਾਉਣ ਲਈ ਡੀ.ਜੀ.ਪੀ ਵੱਲੋਂ ਪਟਿਆਲਾ...
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ) - ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਨਾਲ ਬੈਠੀ ਇੱਕ ਔਰਤ ਨੂੰ ਜੂਸ...
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਨਾਭਾ ਵਿਖੇ ਦਿਨ ਦਿਹਾੜੇ ਸਿਕਿਉਰਿਟੀ ਗਾਰਡ ਨੂੰ ਜ਼ਖਮੀ ਕਰ ਕੇ 50 ਲੱਖ ਦੀ ਡਕੈਤੀ ਦਾ ਮਾਮਲਾ ਚਾਰ ਘੰਟਿਆਂ ਵਿਚ ਹੀ ਸੁਲਝਾਉਂਦੇ ਹੋਏ ਪਟਿਆਲਾ...
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਜਲੰਧਰ, 14 ਨਵੰਬਰ - ਵਿਜੀਲੈਂਸ ਬਿਉਰੋ ਨੇ ਇੱਕ ਬੀ.ਡੀ.ਪੀ.ਓ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਬੀ.ਡੀ.ਪੀ.ਓ ਦਾ ਨਾਂਅ ਗੁਰਮੀਤ ਸਿੰਘ ਹੈ ਜੋ ਕਿ ਲੋਹੀਆ...
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਮੁੰਬਈ, 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਅੱਜ ਇਟਲੀ ਵਿਖੇ ਰਵਾਇਤੀ ਕੋਂਕਣੀ ਸਮਾਰੋਹ ਦੌਰਾਨ ਵਿਆਹ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਰੋਗੇ ਗੱਲ - ਮਿਲੇਗਾ ਹੱਲ

ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਪਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ ਅਨੁਸਾਰ ਹਰ ਛੇਵੇਂ ਭਾਰਤੀ ਨੂੰ ਮਾਨਸਿਕ ਸਿਹਤ ਸਬੰਧੀ ਮਦਦ ਦੀ ਤੁਰੰਤ ਲੋੜ ਹੈ। ਵਿਸ਼ਵ ਪੱਧਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਲਈ ਮਾਨਸਿਕ ਰੋਗ, ਵਿਸ਼ੇਸ਼ ਕਰ ਲੰਮਾ ਚਿਰ ਉਦਾਸੀ (ਡਿਪਰੈਸ਼ਨ) ਹੀ ਜ਼ਿੰਮੇਦਾਰ ਹਨ। ਭਾਰਤ ਵਿਚ ਕਿਸਾਨ ਖੁਦਕੁਸ਼ੀਆਂ ਦਾ ਮਨੋਵਿਗਿਆਨਕ ਪੋਸਟਮਾਰਟਮ (ps਼cho&o{}ca& autops਼) ਨਹੀਂ ਕੀਤਾ ਜਾਂਦਾ ਪਰ ਫਿਰ ਵੀ ਆਮ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਤੋਂ ਪਹਿਲਾਂ ਕਿਸਾਨ ਡਿਪਰੈਸ਼ਨ (ਲੰਮਾ ਚਿਰ ਉਦਾਸੀ, ਨਿਰਾਸ਼ਾ) ਦੀ ਬਿਮਾਰੀ ਦਾ ਸ਼ਿਕਾਰ ਹੋਏ। ਜੇਕਰ ਅਸੀਂ ਡਿਪਰੈਸ਼ਨ ਨੂੰ ਰੋਕਣ ਜਾਂ ਘਟਾਉਣ ਵਿਚ ਸਫਲ ਹੋ ਜਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਵੰਡਣ ਨਾਲ ਘਟਦਾ ਹੈ। ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਿਚ ਤਾਂ ਲੋੜ ਤੋਂ ਵੀ ਵੱਧ ਅੱਗੇ ਹੋ ਗਏ ਹਾਂ ਭਾਵ ਵਿਆਹਾਂ ਤੇ ਜਿੱਥੇ 100 ਬੰਦੇ ਹੀ ਕਾਫੀ ਹੋਣੇ ਚਾਹੀਦੇ ਸਨ ਅਸੀਂ 400-500 ਤੇ ਕਿਤੇ-ਕਿਤੇ ਤਾਂ 800-900 ਤੱਕ ਵੀ ਪਹੁੰਚ ਗਏ ਹਾਂ। ਪਰ ਦੁਖ ਸਾਂਝਾ ਕਰਨ ਵਿਚ ਅਸੀਂ ਮੁੱਢੋਂ ਹੀ ਸੰਕੋਚ ਕਰਨ ਲਗ ਪਏ ਹਾਂ। ਇਥੋਂ ਤੱਕ ਕਿ ਕਈ ਵਾਰੀ ਘਰ ਪਰਿਵਾਰ ਵਿਚ ਨਹੀਂ ਦੱਸਦੇ ਕਿ ਮੈਂ ਐਨੀ ਮਾਨਸਿਕ ਉਲਝਣ ਵਿਚ ਫਸਿਆ ਹੋਇਆ ਹਾਂ। ਵੱਧਦੀ ਖੁਦਕੁਸ਼ੀਆਂ ਦੇ ਰੁਝਾਨ ਇਸ ਗੱਲ ਵਲ ਵੀ ਸੰਕੇਤ ਕਰਦੇ ਹਨ ਕਿ ਸਾਡਾ ਪਰਿਵਾਰਕ ਪਿਆਰ ਹੁਣ ਫਿੱਕਾ ਪੈ ਰਿਹਾ ਹੈ। ਰਿਸ਼ਤੇ ਵੀ ਖੱਪਤਕਾਰੀ ਬਾਜ਼ਾਰ ਦੀ ਵਸਤੂ ਬਣ ਗਏ ਹਨ। ਪਹਿਲਾਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜਾਂ ਵਰਤਦੇ ਸੀ ਹੁਣ ਇਹ ਉਲਟ ਹੋ ਗਿਆ ਹੈ। ਅਸੀਂ ਚੀਜਾਂ ਨਾਲ ਪਿਆਰ ਕਰਦੇ ਹਾਂ ਤੇ ਲੋਕਾਂ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਕਰ ਲੈਂਦੇ ਹਾਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਇਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਂਅ ਹੈ 'ਉਤਸ਼ਾਹ'। ਉਦਾਸ ਪੰਜਾਬ ਨੂੰ ਉਤਸ਼ਾਹਿਤ ਪੰਜਾਬ ਬਣਾਉਣ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਇਹ ਸੰਕਲਪ ਬੁਲੰਦ ਕੀਤਾ ਜਾ ਰਿਹਾ ਹੈ-ਕਰੋਗੇ ਗੱਲ ਮਿਲੇਗਾ ਹੱਲ।
ਇਸ ਦਾ ਪਹਿਲਾ ਭਾਗ ਹੈ-ਕਰੋ ਗੱਲ। ਪਿੰਡਾਂ ਵਿਚ ਕਿਸੇ ਵੇਲੇ ਆਮ ਕਿਹਾ ਜਾਂਦਾ ਸੀ ਕਿ ਕੋਈ ਤਕਲੀਫ ਹੋਵੇ, ਬਿਮਾਰੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਵੋ। ਸਿਆਣੇ ਤਾਂ ਇਹ ਕਹਿੰਦੇ ਸਨ ਕਿ ਜੇ ਮਨ 'ਤੇ ਭਾਰ ਹੋਵੇ ਤਾਂ ਕੰਧਾਂ ਨਾਲ ਵੀ ਗੱਲਾਂ ਕਰ ਲਵੋ, ਆਰਾਮ ਮਿਲੇਗਾ। ਜਦੋਂ ਮਨੁੱਖ ਚੁੱਪ ਰਹਿੰਦਾ ਹੈ ਤਾਂ ਉਸਦੀ ਉਦਾਸੀ ਵਧਦੀ ਜਾਂਦੀ ਹੈ ਪਰ ਗੱਲ ਕਰਨ ਨਾਲ ਇਹੀ ਉਦਾਸੀ ਘਟਣ ਲੱਗ ਪੈਂਦੀ ਹੈ। ਭਾਵੇਂ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਮਿਲੇ ਫਿਰ ਵੀ ਗੱਲ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸਨੂੰ ਵੈਂਟੀਲੇਸ਼ਨ (ਮਨ ਦਾ ਗੁਬਾਰ ਜਾਂ ਭੜਾਸ ਕੱਢਣਾ), ਕੈਥਾਰਸਿਸ (ਭਾਵਾਂ ਦਾ ਵਿਰੇਚਨ) ਆਦਿ ਦੇ ਸੰਕਲਪਾਂ ਨਾਲ ਵੀ ਸਮਝਿਆ ਜਾਂਦਾ ਹੈ। ਦੁਖੀ ਤੇ ਭਰੇ ਪੀਤੇ ਇਨਸਾਨ ਦੀ ਜੇ ਕੋਈ ਧਿਆਨ ਨਾਲ ਗੱਲ ਹੀ ਸੁਣ ਲਵੇ ਤਾਂ ਵੀ ਉਸ ਨੂੰ ਰਾਹਤ ਮਿਲ ਜਾਂਦੀ ਹੈ। ਹਮਦਰਦੀ ਕਰਨਾ ਇਹੀ ਹੈ। ਭਾਵੇਂ ਅਸੀਂ ਉਸ ਦੀ ਕੋਈ ਵੀ ਮਦਦ ਨਹੀਂ ਕਰ ਸਕੇ ਜਾਂ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਲਭ ਸਕੇ, ਉਸਨੂੰ ਕੋਈ ਵੀ ਸੁਝਾਅ ਨਹੀਂ ਦੇ ਸਕੇ ਫਿਰ ਵੀ ਕੇਵਲ ਹਮਦਰਦੀ ਕਰਨ ਨਾਲ, ਧਿਆਨ ਨਾਲ ਗੱਲ ਸੁਣਨ ਨਾਲ ਵੀ ਦੁਖੀ ਨੂੰ ਸਹਾਰਾ ਮਿਲ ਸਕਦਾ ਹੈ। ਕਿਸੇ ਦਾ ਦਰਦ ਸੁਣਨਾ ਤੇ ਉਸ ਨੂੰ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ। ਜੋੜਿਆਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਛਬੀਲ ਤੇ ਲੰਗਰਾਂ ਦੀ ਸੇਵਾ ਦੇ ਨਾਲ-ਨਾਲ ਅੱਜ ਸਾਡੇ ਸਮਾਜ ਵਿਚ ਹੱਲਾਸ਼ੇਰੀ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਲੋੜ ਹੈ। ਤਨ ਦੀ ਸੁੰਦਰਤਾ ਹਰ ਕੋਈ ਵੇਖ ਲੈਂਦੈ ਪਰ ਮਨ ਦੇ ਦਰਦ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦੈ। ਅੱਜ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ ਜਿਨ੍ਹਾਂ ਕੋਲ ਬੈਠ ਕੇ ਕੋਈ ਪ੍ਰੇਸ਼ਾਨ ਮਨੁੱਖ ਆਪਣਾ ਦੁਖ-ਦਰਦ ਸਾਂਝਾ ਕਰ ਸਕੇ। ਅਜਿਹੀ ਸੇਵਾ ਕਰਨ ਵਾਲੇ ਕੋਲ ਬਸ ਦੋ ਹੀ ਗੁਣ ਹੋਣੇ ਚਾਹੀਦੇ ਹਨ-ਪਹਿਲਾ ਉਹ ਕਿਸੇ ਦੇ ਭੇਤ ਆਪਣੇ ਤੱਕ ਹੀ ਰੱਖ ਸਕੇ। ਹੋਰਨਾਂ ਨੂੰ ਕਿਸੇ ਦੀਆਂ ਕਮੀਆਂ, ਔਗੁਣ ਦੱਸ ਕੇ ਮੌਜੂ ਨਾ ਬਣਾਵੇ, ਮਜ਼ਾਕ ਨਾ ਉਡਾਏ। ਜੇਕਰ ਕਿਸੇ ਦਾ ਸੁਭਾਅ ਅਜਿਹਾ ਹੋਵੇਗਾ ਕਿ ਦੱਸੀ ਗੱਲ ਨੂੰ ਹੋਰਾਂ ਤੱਕ ਪਹੁੰਚਾਵੇਗਾ ਤਾਂ ਕੋਈ ਵੀ ਦੁਖੀ ਉਸਨੂੰ ਆਪਣੀ ਗੱਲ ਨਹੀਂ ਦੱਸੇਗਾ। ਕਿਸੇ ਦੀਆਂ ਮਜਬੂਰੀਆਂ ਸੁਣ ਕੇ ਅਸੀਂ 'ਜਜਮੈਂਟਲ' (ਨਿਰਣਾ ਵਾਚਕ) ਨਾ ਹੋਈਏ ਭਾਵ ਉਸ ਬਾਰੇ ਆਪਣੀ ਮਾੜੀ-ਚੰਗੀ ਰਾਏ ਨਾ ਬਣਾ ਲਈਏ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਪ੍ਰਿੰਸੀਪਲ ਇਨਵੈਸਟੀਗੇਟਰ, ਕਿਸਾਨ ਖੁਦਕੁਸ਼ੀਆਂ ਰੋਕਣ ਲਈ ©1S6 (931R) ਪ੍ਰਾਜੈਕਟ।
ਮੋਬਾਈਲ : 09914242004


ਖ਼ਬਰ ਸ਼ੇਅਰ ਕਰੋ

ਲੀਚੀ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ

ਲੀਚੀ ਦੇ ਫਲ ਦੀ ਚੀਨ, ਭਾਰਤ, ਥਾਈਲੈਂਡ, ਮੇਦਾਸਕਾਰ, ਆਸਟ੍ਰੇਲੀਆ, ਦੱਖਣੀ ਅਫਰੀਕਾ, ਮੋਰਾਸ਼ੀਅਸ, ਤਾਈਵਾਨ, ਇਜ਼ਰਾਈਲ ਅਤੇ ਅਮਰੀਕਾ ਵਿਚ ਵਪਾਰਕ ਤੌਰ 'ਤੇ ਪੈਦਾਵਾਰ ਕੀਤੀ ਜਾਂਦੀ ਹੈ। ਭਾਰਤ ਵਿਚ ਬਿਹਾਰ, ਤ੍ਰਿਪੁਰਾ, ਪੱਛਮੀ ਬੰਗਾਲ, ਉਤੱਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿਚ ਕਾਸ਼ਤ ਕੀਤੀ ਜਾ ਰਹੀ ਹੈ। ਪੰਜਾਬ ਵਿਚ ਲੀਚੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਵਿਚ ਤਕਰੀਬਨ 2708 ਹੈਕਟੇਅਰ ਖੇਤਰ ਰਕਬੇ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ 43,958 ਮੀਟਰਿਕ ਟਨ ਦਾ ਉਤਪਾਦਨ ਅਤੇ ਪੈਦਾਵਾਰ 16.2 ਮੀਟਰਿਕ ਟਨ ਪ੍ਰਤੀ ਹੈਕਟੇਅਰ ਹੈ। ਪੰਜਾਬ ਵਿਚ ਮੁੱਖ ਤੌਰ 'ਤੇ ਦੇਹਰਾਦੂਨ, ਕਲਕੱਤਾ ਅਤੇ ਸੀਡਲੈਸ ਲੇਟ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਲੀਚੀ ਪੋਸਟਿਕ ਫਲ ਹੈ, ਜਿਸ ਵਿਚ ਵਿਟਾਮਿਨ ਸੀ, ਪ੍ਰੋਟੀਨ, ਖਣਿਜ ਦੇ ਨਾਲ-ਨਾਲ ਇਸ ਵਿਚ ਭਰਪੂਰ ਮਾਤਰਾ ਵਿਚ ਪੌਸ਼ਟਿਕ ਰੇਸ਼ੇ, ਐਂਟੀਆਕਸੀਡੈਂਟ ਹੁੰਦੇ ਹਨ। ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਉਤਸ਼ਾਹਤ ਕਰਨ ਲਈ ਲਾਭਦਾਇਕ ਹਨ। ਲੀਚੀ ਨੂੰ ਪੰਜਾਬ ਵਿਚ ਇਕ ਮਹੱਤਵਪੂਰਨ ਫਲ ਵਜੋਂ ਜਾਣਿਆ ਜਾਂਦਾ ਹੈ ਅਤੇ ਹਾਲ ਹੀ ਪੰਜਾਬ ਸਰਕਾਰ ਨੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਲੀਚੀ ਅਸਟੇਟ ਵੀ ਸਥਾਪਨਾ ਕੀਤੀ ਹੈ ਜੋ ਕਿ ਲੀਚੀ ਅਧੀਨ ਬਾਗ਼ਾਂ ਦਾ ਰਕਬਾ, ਉਤਪਾਦਨ ਅਤੇ ਦੂਰ-ਦੁਰਾਡੇ ਦੀਆਂ ਮੰਡੀਆਂ ਦੇ ਲਈ ਮੰਡੀਕਰਨ ਲਈ ਉਤਸ਼ਾਹਿਤ ਕਦਮ ਹੈ। ਇਸ ਨੂੰ ਧਿਆਨ ਵਿਚ ਰਖਦੇ ਹੋਏ, ਸਥਾਨਕ ਅਤੇ ਅੰਤਰਰਾਸ਼ਟਰੀ ਮੰਡੀਆਂ ਵਿਚ ਲੀਚੀ ਫਲ ਦੀ ਉਭਰਦੀ ਮੰਗ ਕਾਰਨ, ਇਸ ਫਲ ਦੀਆਂ ਭੰਡਾਰਨ ਕਰਨ ਲਈ ਢੁਕਵੀਆਂ ਤਕਨੀਕਾਂ ਵਿਕਸਿਤ ਕਰਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਤੁੜਾਈ : ਲੀਚੀ ਬੂਟੇ ਉਤੇ ਹੀ ਪੱਕਣ ਵਾਲਾ ਫਲ ਹੈੈ ਅਤੇ ਤੁੜਾਈ ਆਮ ਤੌਰ 'ਤੇ ਲਾਲ ਰੰਗ, ਫਲ ਦੇ ਆਕਾਰ ਅਤੇ ਮਿਠਾਸ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿਚ ਲੀਚੀ ਦੀਆਂ ਕਿਸਮਾਂ ਜਿਵੇਂ ਦੇਹਰਾਦੂਨ ਦਾ ਪੱਕਣ ਦਾ ਸਮਾਂ ਜੂਨ ਦਾ ਦੂਜਾ ਹਫਤਾ ਹੈ ਜਦ ਕਿ ਕੱਲਕਤੀਆ ਅਤੇ ਸ਼ੀਡਲੈਸ ਜੂਨ ਦੇ ਤੀਜੇ ਹਫਤੇ। ਇਹ ਕਿਸਮਾਂ ਆਮ ਤੌਰ 'ਤੇ ਫੁੱਲ ਨਿਕਲਣ ਤੋਂ 55-75 ਦਿਨ ਬਾਅਦ ਪੱਕ ਜਾਂਦੀਆਂ ਹਨ। ਲੀਚੀ ਦੀ ਤੁੜਾਈ ਗੁੱਛੇ ਸਮੇਤ ਟਾਹਣੀਆਂ ਅਤੇ ਕੁਝ ਪੱਤੇ ਰੱਖ ਕੇ ਕੀਤੀ ਜਾਂਦੀ ਹੈ। ਤੋੜਨ ਉਪਰੰਤ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਰੰਗ ਪੂਰਾ ਬਣ ਜਾਵੇ ਅਤੇ ਬਾਹਰਲੀ ਛਿੱਲ ਵਿਕਸਿਤ ਹੋਵੇ। ਦੂਰ ਦਰਾਡੇ ਮੰਡੀਆਂ ਲਈ ਇਸ ਦੀ ਤੁੜਾਈ ਉਸ ਵੇਲੇ ਕਰਨੀ ਚਾਹੀਦੀ ਹੈ ਜੱਦ ਇਸ ਦੀ ਮਿਠਾਸ 17-18 ਫੀਸਦੀ ਅਤੇ ਖਟਾਸ 0.3 ਤੋਂ 0.4 ਫੀਸਦੀ ਹੋਵੇ। ਤੁੜਾਈ ਉਪਰੰਤ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਫਲ ਜ਼ਮੀਨ ਅਤੇ ਧੁੱਪ ਵਿਚ ਨਾ ਰੱਖਿਆ ਜਾਵੇ।
ਦਰਜਾਬੰਦੀ : ਲੀਚੀ ਫਲ ਦੀ ਦਰਜਾਬੰਦੀ ਫਲ ਦੇ ਆਕਾਰ ਜਾਂ ਵਜ਼ਨ ਦੇ ਅਧਾਰ 'ਤੇ ਦਰਜਾਬੰਦੀ ਅਤੇ ਮੰਡੀਕਰਨ ਕੀਤੇ ਜਾਂਦੇ ਹਨ। ਜਿਸ ਵਿਚ 25-30 ਗ੍ਰਾਮ ਦੇ ਲੀਚੀ ਫਲ ਨੂੰ ਉੱਚ ਦਰਜਾ ਮੰਨਿਆ ਜਾਂਦਾ ਹੈ। ਮਾਰਕੀਟਿੰਗ ਅਤੇ ਨਿਰੀਖਣ ਡਾਇਰੈਕਟੋਰੇਟ ਦੁਆਰਾ ਸੁਝਾਏ ਗਏ ਲੀਚੀ ਦੇ ਵੱਖਰੇ ਦਰਜਾਬੰਦੀ ਇਸ ਪ੍ਰਕਾਰ ਹਨ :-
ਦਰਜਾਬੰਦੀ (ਗ੍ਰੇਡ) ਵਿਆਸ
ਐਕਸਟਰਾ ਕਲਾਸ 33.0
ਕਲਾਸ-1 28.0
ਕਲਾਸ-2 23.0
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨਾਲੋਜੀ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਮੋੜ ਦਿਓ ਮੇਰੀ ਲੱਜ ਤੇ ਡੋਲ

ਜੇ ਸਮੇਂ ਨੇ ਆਪਣਾ ਬਦਲਦਾ ਰੰਗ ਦਿਖਾਇਆ ਹੈ ਤਾਂ ਉਹ ਪਿੰਡਾਂ ਤੇ ਸ਼ਹਿਰਾਂ ਲਈ ਇਕੋ ਜਿਹਾ ਹੈ। ਜੇ ਪਿੰਡ ਚੋਂ ਖੂਹ ਸੁੱਕੇ ਹਨ ਤਾਂ, ਸ਼ਹਿਰਾਂ ਵਿਚੋਂ ਨਲਕੇ ਹੱਥੀਆਂ ਸਣੇ ਗਾਇਬ ਹੋ ਗਏ। ਹਰ ਚੀਜ਼, ਹਰ ਕੰਮ ਦੇ ਵਿਚ ਬਦਲਾਵ ਆਇਆ ਹੈ ਤੇ ਇਸ ਨੂੰ ਰੋਕਣ ਵਾਲਾ ਵੀ ਕੋਈ ਜੰਮ ਨਹੀਂ ਸਕਿਆ। ਇਸ ਬਦਲਾਵ ਦੀ ਹਨੇਰੀ ਅੱਗੇ ਕਦੋਂ ਕੋਈ ਟਿਕ ਸਕਿਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਾਡੇ ਸੁਭਾਅ ਵਿਚ ਆਈ ਕਾਹਲੀ, ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਲੱਖਾਂ ਕਰੋੜਾਂ ਰੁਪਏ ਦੀ ਮਸ਼ੀਨਰੀ ਬੇਕਾਰ ਹੋ ਗਈ। ਇਹ ਵਰਤਾਰਾ ਸਾਰੀ ਦੁਨੀਆ ਵਿਚ ਵਾਪਰਿਆ ਹੈ, ਮਿਸਾਲ ਦੇ ਤੌਰ 'ਤੇ ਡਿਜੀਟਲ ਫੋਟੋਗਰਾਫ਼ੀ ਆਉਣ ਨਾਲ, ਕੈਮਰੇ ਫ਼ਿਲਮਾਂ ਬਣਾਉਣ ਵਾਲੀ ਕੰਪਨੀ 'ਕੋਡਕ' ਦਾ ਦਿਵਾਲਾ ਨਿਕਲ ਗਿਆ। ਉਸ ਦੇ ਮੁਕਾਬਲੇ, ਸਾਡੀ ਭੌਣੀ, ਲੱਜ ਤੇ ਡੋਲ ਤਾਂ ਬਹੁਤ ਨਿੱਕੇ ਨੁਕਸਾਨ ਹਨ, ਪਰ ਉਹ ਛਲ-ਛਲ ਤੇ ਮੌਣ ਨਾਲ ਟਕਰਾ ਕੇ ਠੱਲ੍ਹ ਦੀਆਂ ਆਵਾਜ਼ਾਂ ਦਾ ਬੰਦ ਹੋ ਜਾਣਾ ਅਸਹਿ ਹੈ। ਬੁਲਬੁਲ ਵੀ ਹੁਣ ਤਾਜ਼ੇ ਮਿੱਠੇ ਪਾਣੀ ਨੂੰ ਤਰਸਦੀ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂਸੱਭਿਆਚਾਰ

aਪੰਜਾਬ ਦੇ ਪੁਰਾਣੇ ਪਿੰਡਾਂ ਵਿਚ ਬਹੁਤ ਕੁਝ ਵਿਸ਼ਵਾਸ, ਪਿਆਰ ਤੇ ਆਪਸੀ ਸਹਿਯੋਗ ਦੇ ਆਸਰੇ ਚਲਦਾ ਸੀ, ਬਹੁਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਰਿਸ਼ਤੇ ਪਿੰਡ ਦਾ ਨਾਈ, ਜਿਸ ਨੂੰ ਰਾਜਾ ਕਿਹਾ ਜਾਂਦਾ ਸੀ, ਆਪਣੀ ਜ਼ਿੰਮੇਵਾਰੀ ਤੇ ਕਰ ਆਉਂਦਾ ਸੀ ਤੇ ਇਹ ਰਿਸ਼ਤੇ ਅਕਸਰ ਪ੍ਰਵਾਨ ਚੜ੍ਹਦੇ ਸਨ, ਅਜਿਹੇ ਰਿਸ਼ਤਿਆਂ ਦੇ ਝਗੜੇ ਅਦਾਲਤਾਂ ਵਿਚ ਨਹੀਂ ਪਹੁੰਚਦੇ ਸਨ ਤੇ ਸ਼ਾਇਦ ਹੀ ਕਿਤੇ ਕੋਈ ਤਲਾਕ ਹੁੰਦਾ ਹੋਵੇ। ਕਿਸੇ ਦੀ ਵੀ ਲੜਕੀ ਨੂੰ, ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਸਾਰਾ ਪਿੰਡ ਆਪਣੀ ਹੀ ਧੀ ਸਮਝਦਾ ਸੀ। ਇਸੇ ਲਈ ਲੜਕੀ ਦੇ ਵਿਆਹ ਤੋਂ ਕਈ ਕਈ ਦਿਨ ਪਹਿਲਾਂ ਭਾਈਚਾਰੇ ਦੀਆਂ ਔਰਤਾਂ ਲੜਕੀ ਦੇ ਘਰ ਆ ਕੇ ਵਿਆਹ'ਚ ਵਰਤੀਆਂ ਜਾਣ ਵਾਲੀਆਂ ਖੁਰਾਕੀ ਵਸਤਾਂ ਦੀ ਸਾਫ਼ ਸਫ਼ਾਈ ਕਰਨ, ਇਨ੍ਹਾਂ ਨੂੰ ਚੁਗਣ, ਕੁੱਟਣ, ਛੱਟਣ ਤੇ ਪੀਹਣ ਦੇ ਕੰਮ ਵਿਚ ਮਦਦ ਕਰਦੀਆਂ ਸਨ, ਅਜਿਹੀ ਮਦਦ ਨੂੰ'ਕੋਠੀ ਹੱਥ ਲਾਉਣਾ'ਕਿਹਾ ਜਾਂਦਾ ਸੀ। ਲੜਕੀ ਦੇ ਵਿਆਹ ਵਾਲੇ ਦਿਨ ਵੀ ਭਾਈਚਾਰੇ ਦੇ ਨੌਜਵਾਨ ਮੁੰਡੇ ਵਿਆਹ ਦੇ ਸਾਰੇ ਰੁਝੇਵੇਂ ਸੰਭਾਲ ਲੈਂਦੇ, ਕੋਰਿਆਂ 'ਤੇ ਪੰਗਤ ਵਿਚ ਬੈਠੇ ਬਰਾਤੀਆਂ ਤੋਂ ਰਸੋਈ ਤੱਕ ਇਕ ਲਾਈਨ ਵਿਚ ਖੜ੍ਹ ਕੇ ਤੇ ਇਕ ਲੰਮੀ ਚੇਨ ਬਣਾ ਕੇ ਭਾਈਚਾਰੇ ਦੇ ਨੌਜਵਾਨ ਬਰਾਤੀਆਂ ਤੱਕ ਵੰਨ-ਸੁਵੰਨੇ ਪਦਾਰਥਾਂ ਨਾਲ ਭਰੀਆਂ ਥਾਲੀਆਂ ਪਹੁੰਚਦੀਆਂ ਕਰਦੇ। ਲੜਕੀ ਦੇ ਵਿਆਹ ਦੀ ਤਿਆਰੀ ਲੜਕੀ ਦੀਆਂ ਸਹੇਲੀਆਂ ਵਲੋਂ ਜੁੜੇ ਤ੍ਰਿੰਝਣਾਂ ਵਿਚੋਂ ਹੀ ਸ਼ੁਰੂ ਹੋ ਜਾਂਦੀ ਸੀ, ਇਥੇ ਵਿਆਹ ਲਈ ਕੱਪੜਿਆਂ ਵਾਸਤੇ ਸੂਤ ਵੀ ਕੱਤਿਆ ਜਾਂਦਾ ਤੇ ਕੁੜੀ ਦੀਆਂ ਸਹੇਲੀਆਂ ਉਸ ਨੂੰ ਉਸ ਦੇ ਕੰਤ ਨਾਲ ਸੰਬੰਧਤ ਰੁਮਾਂਟਿਕ ਗੱਲਾਂ ਦਾ ਸਿਲਸਿਲਾ ਵੀ ਚਲਾਈ ਰੱਖਦੀਆਂ ਤੇ ਹਾਸੇ ਮਸ਼ਕੂਲੇ ਕਰਦੀਆਂ, ਅਜਿਹੇ ਕੁਝ ਨਾਲ ਵਿਅ੍ਹਾਂਦੜ ਕੁੜੀ ਦੇ ਚਿਹਰੇ ਤੇ ਸੰਗ ਤੇ ਮਨ ਵਿਚ ਇਕ ਸੁਖਦ ਅਹਿਸਾਸ ਉਤਪੰਨ ਹੋ ਜਾਂਦਾ ਸੀ। ਲੜਕੀ ਦੇ ਵਿਆਹ ਲਈ ਦਰੀਆਂ, ਸਿਰਹਾਣੇ, ਪੱਖੀਆਂ, ਫੁਲਕਾਰੀਆਂ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਹੱਥੀਂ ਤਿਆਰ ਕਰਨ ਦਾ ਰਿਵਾਜ ਪ੍ਰਚਲਿਤ ਹੁੰਦਾ ਸੀ, ਫੁਲਕਾਰੀ, ਚੋਪ, ਸੁੱਭਰ ਦਾਜ ਦੀ ਸਾਰੀ ਸਮਗਰੀ ਦਾ ਦਿਲ ਹੁੰਦੇ ਸਨ, ਇਨ੍ਹਾਂ ਨੂੰ ਆਪਣੀਆਂ ਸਹੇਲੀਆਂ ਤੇ ਭੈਣਾਂ ਭਰਜਾਈਆਂ ਦੇ ਸਹਿਯੋਗ ਨਾਲ ਵਿਅ੍ਹਾਂਦੜ ਕੁੜੀ ਆਪ ਤਿਆਰ ਕਰਕੇ ਤਸੱਲੀ ਮਹਿਸੂਸ ਕਰਦੀ ਸੀ। ਵਿਆਹ ਸਮੇਂ ਵਿਆਂ੍ਹਦੜ ਲੜਕੀ ਨੂੰ ਚੂੜੀਆਂ, ਗਜਰੇ, ਛਾਪਾਂ, ਛੱਲੇ, ਲੌਂਗ, ਸੱਗੀਫੁੱਲ, ਹੌਲਦਰੀ, ਨੈਕਲਸ ਅਤੇ ਕਾਂਟੇ ਆਦਿ ਗਹਿਣੇ ਪਹਿਨਾਏ ਜਾਂਦੇ ਸਨ ਤੇ ਸ਼ਿੰਗਾਰ ਵਾਸਤੇ ਸਿੰਥੈਟਿਕ ਸੁਰਖੀਆਂ ਬਿੰਦੀਆਂ ਦੇ ਥਾਂ ਅਖਰੋਟ ਦੀ ਛਿੱਲ ਦਾ ਦੰਦਾਸਾ ਵਰਤਿਆ ਜਾਂਦਾ ਸੀ ਜੋ ਦੰਦਾਂ ਨੂੰ ਰੋਗਾਂ ਤੋੋਂ ਵੀ ਬਚਾਉਂਦਾ ਸੀ ਤੇ ਬੁੱਲ੍ਹਾਂ ਦੀ ਖੂਬਸੂਰਤੀ ਵਿਚ ਵੀ ਵਾਧਾ ਕਰਦਾ ਸੀ।
ਅੱਜ ਭਾਵੇਂ ਮਸ਼ੀਨਾਂ ਆ ਗਈਆਂ ਹਨ ਤੇ ਇਹ ਮਸ਼ੀਨਾਂ ਮਿੰਟਾਂ ਵਿਚ ਹੀ ਕਪੱੜਿਆਂ'ਤੇ ਬਹੁਤ ਹੀ ਖ਼ੂਬਸੂਰਤ ਫੁੱਲ ਬੂਟੇ ਪਾਉਣ (ਕੱਢਣ) ਦੀ ਸਮੱਰਥਾ ਰੱਖਦੀਆਂ ਹਨ ਪਰ ਫੁਲਕਾਰੀ ਦੇ ਇਕ ਤੰਦ ਇਕ ਇਕ ਟਾਂਕੇ ਵਿਚ ਵਿਆਂਦੜ੍ਹਕੁੜੀ ਆਪਣੇ ਹੱਥੀਂ ਜਿਹੜੇ ਆਪਣੇ ਅਨੁਪਮ ਸੁਫਨੇ ਬੁਣਦੀ ਸੀ, ਮਸ਼ੀਨਾਂ ਨਾਲ ਸ਼ਾਇਦ ਉਹ ਕਦੇ ਵੀ ਨਾਂ ਬੁਣੇ ਜਾ ਸਕਣ। ਅੱਜ ਲੜਕੀ ਦੇ ਵਿਆਹ ਤੋਂ ਇਕ ਦੋ ਦਿਨ ਪਹਿਲਾਂ ਹੀ ਲਗੋੜ ਲਾਣੇ ਨੂੰ ਸ਼ਰਾਬ ਪਿਲਾ ਕੇ ਖ਼ੁਸ਼ੀਆਂ 'ਚ ਨਾਚ ਕੀਤੇ ਤੇ ਮੱਘੇ ਮਾਰੇ ਜਾਂਦੇ ਹਨ ਤੇ ਲੜਕੀ ਨੂੰ ਸੁਹਰੇ ਤੌਰ ਕੇ ਸੁੱਖ ਦਾ ਸਾਹ ਲਿਆ ਜਾਂਦਾ ਹੈ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਕਦੇ ਲੜਕੀ ਨੂੰ ਡੋਲੇ ਵਿਚ ਬਿਠਾਲ ਕੇ, ਜਿਸ ਨੂੰ ਚਾਰ ਲਾਗੀ ਮੋਢਿਆਂ'ਤੇ ਚੁੱਕ ਕੇ ਲਿਜਾਂਦੇ ਸਨ ਤੇ ਉਨ੍ਹਾਂ ਨੂੰ 'ਕਹਾਰ'ਕਿਹਾ ਜਾਂਦਾ ਸੀ, ਲੜਕੀ ਦਾ ਸਾਰਾ ਪਰਿਵਾਰ ਉਦਾਸ ਹੋ ਜਾਂਦਾ ਸੀ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂਆਂ'ਦੇ ਦਰਿਆਂ ਵਗ ਜਾਂਦੇ ਸਨ ਕਈ ਕਈ ਮਹੀਨਿਆਂ ਤੱਕ ਵਿਆਹੀ ਗਈ ਲੜਕੀ ਤੇ ਉਹਦੇ ਪਰਿਵਾਰ ਦੇ ਮਨਾਂ ਵਿਚ ਵਿਛੋੜੇ ਦੀ ਟੀਸ ਤੇ ਉਨ੍ਹਾਂ ਦੀਆ ਅੱਖਾਂ ਵਿਚ ਵੇਦਨਾ ਚਸਕਦੀ ਰਹਿੰਦੀ ਸੀ। ਕੁੜੀ ਦੇ ਸਹੁਰੇ ਜੇ ਉਸ ਦੇ ਪੇਕੇ ਪਿੰਡ ਤੋਂ ਕੋਈ ਪਰਿਵਾਰ ਆਪਣਾਂ ਮੁੰਡਾ ਵਿਆਹੁਣ ਆਉਂਦਾ ਤਾਂ ਭਾਵੇਂ ਉਹ ਕੁੜੀ ਦੇ ਪਰਿਵਾਰ ਦਾ ਦੁਸ਼ਮਣ ਵੀ ਹੋਵੇ, ਬਰਾਤ ਵਿਚੋਂ ਆ ਕੇ ਤੇ ਕੁੜੀ ਦਾ ਘਰ ਲੱਭ ਕੇ ਵਿਆਹੁਣ ਆਏ ਪਰਿਵਾਰ ਦੇ ਬੰਦੇ ਉਸ ਨੂੰ ਕੁਝ ਪੈਸਿਆਂ ਦਾ ਸ਼ਗਨ ਦੇਣ ਤੋਂ ਕਦੇ ਖੁੰਝਦੇ ਨਹੀਂ ਸਨ। ਇਸ ਸ਼ਗਨ ਨੂੰ'ਧਿਆਣੀ' ਮੰਨਣਾਕਿਹਾ ਜਾਂਦਾ ਸੀ। ਕੁੜੀ ਦੇ ਪੇਕੇ ਪਰਿਵਾਰ ਵਿਚੋਂ ਜਦੋਂ ਵੀ ਕੋਈ ਉਸਦੇ ਸਹੁਰੀਂ ਉਸਨੂੰ ਮਿਲਣ ਆਉਂਦਾ ਸੀ ਤਾਂ ਉਥੋਂ ਕੋਈ ਚੀਜ਼ ਲੈ ਕੇ ਨਹੀਂ ਸੀ ਜਾਂਦਾ ਆਮ ਲੋਕ ਲੜਕੀ ਦੇ ਘਰ ਖਾਣਾ ਖਾਣ ਤੋਂ ਵੀ ਪ੍ਰਹੇਜ਼ ਕਰਦੇ ਸਨ, ਭਾਵੇਂ ਕਿ ਲੜਕੀ ਦੀ ਇੱਛਾ ਹੁੰਦੀ ਸੀ ਕਿ ਉਸਦੇ ਪੇਕੇ ਘਰੋਂ ਉਸਦਾ ਵੀਰਾ ਜਾ ਕੋਈ ਹੋਰ ਮਿਲਣ ਲਈ ਆਵੇ ਤਾਂ ਉਹਦੇ ਲਈ ਬੂਰੀ ਮੱਝ ਚੁਆਵੇ, ਘਿਉ ਸ਼ੱਕਰ ਪਾਵੇ ਤੇ ਵੱਧ ਤੋੋਂ ਵੱਧ ਸੇਵਾ ਖਾਤਰਾਂ ਕਰੇ, ਪਰ ਕਈ ਰਸਮਾਂ ਰਿਵਾਜ਼ਾਂ ਦੇ ਬੰਧਨਾਂ'ਚ ਫਸੇ ਲੋਕ ਤਾਂ ਪਾਣੀ ਵੀ ਲੜਕੀ ਦੇ ਘਰ ਦੇ ਥਾਂ ਉਸਦੇ ਪਿੰਡ ਦਾ ਵਸੀਮਾਂ ਟੱਪ ਕੇ ਕਿਸੇ ਖੂਹ ਤੋਂ ਪੀਂਦੇ ਸਨ। ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਦੂਜਾ ਵਿਆਹ ਕਰਾਉਣ ਦੀ ਰਵਾਇਤ ਨਹੀਂ ਸੀ ਹੁੰਦੀ ਭਾਵੇਂ ਕਿ ਇਸ ਵਾਸਤੇ ਕਾਨੂੰਨ ਦੇ ਕੋਈ ਸਖ਼ਤ ਬੰਧਨ ਵੀ ਨਹੀਂ ਸਨ ਹੁੰਦੇ, ਦੂਜਾ ਵਿਆਹ ਵਿਸ਼ੇਸ਼ ਅਵਸਥਾ ਵਿਚ ਕਰਾਉਣ ਦੀ ਲੋੜ ਸਮਝੀ ਜਾਂਦੀ ਸੀ, ਜਿਵੇਂ ਵਿਆਹੀ ਗਈ ਇਸਤਰੀ ਤੋਂ ਕੋਈ ਔਲਾਦ ਨਾ ਹੋਈ ਹੋਵੇ, ਜੇਕਰ ਹੋਵੇ ਤਾਂ ਔਲਾਦ ਲੜਕੀਆਂ ਦੇ ਰੂਪ ਚ ਹੋਵੇ, ਲੜਕੇ ਦੀ ਲੋੜ ਵਾਸਤੇ ਦੂਜਾ ਵਿਆਹ ਕਰਾਉਣ ਲਈ ਸਮਾਜਕ ਅਨੁਮਤੀ ਪ੍ਰਾਪਤ ਹੋ ਜਾਂਦੀ ਸੀ, ਪਰ ਅਜਿਹੀ ਅਵੱਸਥਾ ਵਿਚ ਪਹਿਲੀ ਪਤਨੀ ਦੀਆਂ ਲੜਕੀਆਂ ਅਕਸਰ ਵਿਤਕਰੇ ਦਾ ਸ਼ਿਕਾਰ ਹੋ ਜਾਂਦੀਆਂ ਸਨ, ਖ਼ਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੀ ਸਕੀ ਮਾਂ ਦਾ ਦਿਹਾਂਤ ਹੋ ਜਾਵੇ ਤੇ ਉਹ ਮਤਰੇਈ ਮਾਂ ਦੇ ਵੱਸ ਪੈ ਜਾਣ। ਸ਼ਾਇਦ ਅਜਿਹੀ ਅਵਸਥਾ ਵਿਚ ਹੀ ਕਿਸੇ ਲੜਕੀ ਨੇ ਆਪਣੀ ਮਾਂ ਦੀ ਸੁੱਖ ਮੰਗੀ ਸੀ, ਅਜਿਹੀ ਕਾਮਨਾ ਨੂੰ ਇਕ ਪੰਜਾਬੀ ਲੋਕ ਗੀਤ ਦੀਆਂ ਦੋ ਸਤਰਾਂ ਨੇ ਆਪਣੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਹੈ-
ਉੱਡ ਜਾ ਕਾਵਾਂ ਵੇ ਤੇਰੀਆਂ ਲੰਮੀਆਂ ਛਾਵਾਂ।
ਮਰਨ ਮਤੇਈਆਂ ਤੇ ਜੁੱਗ ਜੁੱਗ ਜੀਵਨ ਮਾਵਾਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਸੰਪਰਕ : 94632-33991.

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਦਿਲਾਂ 'ਚ ਪਿਆਰ ਹੋਵੇ
ਯਾਰਾਂ ਦਾ ਪੱਕਾ ਯਾਰ ਹੋਵੇ
ਕਲੇਸ਼ ਪੱਖੋਂ ਹਾਰ ਹੋਵੇ
ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਭੰਨੀਂ ਕੋਈ ਭੋਲ ਹੋਵੇ
ਸ਼ਰੀਕ ਦਾ ਬੋਲ ਹੋਵੇ
ਗੱਲ ਵਜ਼ਨਤੋਲ ਹੋਵੇ
ਖਾਹ-ਮਖਾਹ ਦੀ ਨਹੀਉਂ ਕਦੇ ਹਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤੀਂ ਘੁੱਗੀਆਂ-ਬਟੇਰੇ ਹੋਣ
ਬੱਝੇ ਹੋਏ ਖੇੜੇ ਹੋਣ
ਘਰ ਸੱਜਰੇ ਲਵੇਰੇ ਹੋਣ
ਉਸ ਸਮੇਂ ਵੱਜਦੀ ਸਤਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਕੀਤੀ ਗਈ ਕਮਾਈ ਹੋਵੇ
ਉੱਚ ਡਿਗਰੀ ਪੜ੍ਹਾਈ ਹੋਵੇ
ਚੁਫੇਰਿਉਂ ਵਧਾਈ ਹੋਵੇ
ਸੜਕ ਤੇ ਆਉਂਦੀ ਫੇਰ ਕਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਵਿਰਸਾ ਭਰਪੂਰ ਹੋਵੇ
ਪੱਛਮੀ ਸੱਭਿਅਤਾ ਦੂਰ ਹੋਵੇ
ਜਾਣ-ਬੁੱਝ ਨਾ ਕਸੂਰ ਹੋਵੇ
ਪਾਉਂਦੀ ਸਟੇਜ 'ਤੇ ਨੲ੍ਹੀਂ ਪੰਜਾਬਣ ਖਿਲਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ


-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ) ਮੋਬਾਈਲ : 98781-17285

ਵਿਰਸੇ ਦੀਆਂ ਬਾਤਾਂ

ਖੇਤਾਂ ਵਰਗਾ ਨਜ਼ਾਰਾ ਕਿਤੇ ਹੋਰ ਨਾ

ਤਸਵੀਰ ਨੂੰ ਗੌਰ ਨਾਲ ਦੇਖੋ। ਕਿੰਨਾ ਸੋਹਣਾ ਦ੍ਰਿਸ਼ ਹੈ। ਪਾਣੀ ਨਾਲ ਭਰੇ ਕਿਆਰੇ, ਮੋਟਰ, ਕੋਠਾ, ਕਿਸਾਨ, ਦਰੱਖਤ ਤੇ ਹੋਰ ਬੜਾ ਕੁਝ। ਇਹ ਸਭ ਕੁਝ ਦੇਖ ਆਪ ਮੁਹਾਰੇ ਕੁਝ ਨਾ ਕੁਝ ਸੁੱਝ ਪੈਂਦਾ। ਜੀਅ ਕਰਦਾ ਹੈ ਉੱਡ ਕੇ ਇਹੋ ਜਿਹੇ ਖੇਤ ਪਹੁੰਚ ਜਾਈਏ। ਜਦੋਂ ਗ਼ਰਮੀ ਵੱਟ ਕੱਢ ਰਹੀ ਹੋਵੇ, ਉਦੋਂ ਮੋਟਰ ਥੱਲੇ ਨਹਾਉਣ ਦਾ ਤੇ ਸੰਘਣੀ ਛਾਂ ਥੱਲੇ ਬੈਠਣ ਦਾ ਵੱਖਰਾ ਆਨੰਦ ਹੁੰਦਾ।
ਖੇਤਾਂ ਵਿਚਲੀ ਇਹੋ ਜਿਹੀ ਖੂਬਸੂਰਤੀ ਦੇ ਦਰਸ਼ਨ ਹੁਣ ਘਟਦੇ ਜਾ ਰਹੇ ਹਨ। ਮੋਟਰ ਵਾਲੇ ਇਹੋ ਜਿਹੇ ਕੋਠੇ ਵੀ ਹੁਣ ਥੋੜ੍ਹੇ ਕਿਸਾਨ ਬਣਾਉਂਦੇ ਹਨ। ਪੁਰਾਣੇ ਘਰਾਂ ਦੀ ਚਿਮਨੀ ਜਿੰਨੀ ਨਿੱਕੀ ਜਹੀ ਕੋਠੜੀ ਹੁੰਦੀ ਹੈ, ਜਿਸ ਵਿਚ ਕੁਝ ਵੀ ਨਹੀਂ ਰੱਖਿਆ ਜਾ ਸਕਦਾ। ਪਹਿਲਾਂ ਪੂਰਾ ਕਮਰਾ ਹੁੰਦਾ ਸੀ, ਜਿਸ ਵਿਚ ਕਹੀ, ਜਿੰਦਰੀ, ਰੰਬਾ, ਮੰਜਾ, ਕਸੀਆ ਤੇ ਹੋਰ ਬੜਾ ਕੁਝ ਪਿਆ ਹੁੰਦਾ ਸੀ। ਜਿਹੜੇ ਕਿਸਾਨਾਂ ਦੀ ਪਾਣੀ ਦੀ ਵਾਰੀ ਰਾਤ ਦੀ ਹੁੰਦੀ, ਉਹ ਕਈ ਵਾਰ ਖੇਤ ਵਾਲੇ ਕੋਠੇ ਵਿਚ ਹੀ ਰਾਤ ਕੱਟ ਲੈਂਦੇ। ਹੁਣ ਡੱਬੇਨੁਮਾ ਕੋਠੜੀਆਂ ਏਨੇ ਗ਼ਰੀਬੀਦਾਵੇ ਨਾਲ ਬਣਾਈਆਂ ਜਾਂਦੀਆਂ ਹਨ ਕਿ ਦੇਖ ਕੇ ਹਾਸਾ ਆਉਂਦਾ ਹੈ।
ਇਸ ਤਸਵੀਰ ਵਿਚ ਪਾਣੀ ਨਾਲ ਭਰੇ ਕਿਆਰੇ ਦੇਖ ਕਈ ਖਿਆਲ ਉਮੜਦੇ ਹਨ। ਕਿਸਾਨ ਝੋਨਾ ਲਾਉਣ ਦੀ ਤਿਆਰੀ ਕਰ ਚੁੱਕਾ ਹੈ। ਪਿਛਲੇ ਦਿਨੀਂ ਜਦੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 20 ਜੂਨ ਤੋਂ ਪਹਿਲਾਂ ਕੋਈ ਕਿਸਾਨ ਝੋਨਾ ਨਹੀਂ ਲਾਵੇਗਾ ਤਾਂ ਕੁਝ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਝੋਨਾ ਲਵਾ ਦਿੱਤਾ ਕਿ ਤੁਸੀਂ ਲਾਓ, ਅਸੀਂ ਦੇਖਦੇ ਹਾਂ ਤੁਹਾਨੂੰ ਕੌਣ ਰੋਕਦਾ।
ਸਿੱਟਾ ਇਹ ਨਿਕਲਿਆ ਕਿ ਕਈ ਕਿਸਾਨਾਂ 'ਤੇ ਪਰਚੇ ਦਰਜ ਹੋ ਗਏ। ਹੁਣ ਖੇਤੀਬਾੜੀ ਵਿਭਾਗ ਨੇ ਕਿਹਾ ਕਿ ਨਿਯਮ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ। ਬਿਜਲੀ, ਸੰਦ ਅਤੇ ਬੀਜਾਂ ਦੀ ਸਬਸਿਡੀ ਨੂੰ ਕੱਟ ਲੱਗੇਗਾ। ਹੁਣ ਉਹ ਕਿਸਾਨ ਜਥੇਬੰਦੀਆਂ ਕਿੱਥੇ ਗਈਆਂ, ਜਿਨ੍ਹਾਂ ਕਿਸਾਨਾਂ ਦੇ ਮੋਢੇ ਵਰਤ ਕੇ ਨਿਸ਼ਾਨੇ ਲਾਏ। ਕਿਸਾਨਾਂ ਨਾਲ ਰਾਜਨੀਤੀ ਖੇਡਣ ਵਾਲੇ ਇਨ੍ਹਾਂ ਲੋਕਾਂ ਨੂੰ ਪਛਾਨਣ ਦੀ ਲੋੜ ਹੈ।
ਅਸੀਂ ਮੰਨਦੇ ਹਾਂ ਕਿਸਾਨਾਂ ਦੀ ਮਜਬੂਰੀ ਹੈ। ਉਨ੍ਹਾਂ ਲਈ ਇਕ ਇਕ ਦਿਨ ਕੀਮਤੀ ਹੈ। ਪਰ ਇਹ ਵੀ ਤਾਂ ਸੱਚ ਹੈ ਕਿ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ। ਦਸ ਦਿਨ ਨਾਲ ਬਹੁਤਾ ਫ਼ਰਕ ਨਹੀਂ ਪੈਣ ਲੱਗਾ। ਇਹ ਭਰੇ ਹੋਏ ਕਿਆਰੇ ਵੀ ਦੱਸ ਰਹੇ ਹਨ ਕਿ ਲਾਇਆ ਜਾਣ ਵਾਲਾ ਝੋਨਾ ਕਿੰਨਾ ਪਾਣੀ ਪੀਵੇਗਾ। ਸਰਕਾਰ ਪਾਣੀ ਦਾ ਫ਼ਿਕਰ ਕਰਦੀ ਹੈ, ਵਧੀਆ ਗੱਲ ਹੈ। ਸਾਨੂੰ ਸਾਰਿਆਂ ਨੂੰ ਵੀ ਫ਼ਿਕਰ ਕਰਨਾ ਚਾਹੀਦਾ। ਪਰ ਜੇ ਸਰਕਾਰ ਹੋਰ ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰੇ ਤੇ ਕਿਸਾਨਾਂ ਦੀ ਸੱਚੇ ਦਿਲੋਂ ਬਾਂਹ ਫੜੇ ਤਾਂ ਸ਼ਾਇਦ ਖੇਤਾਂ ਵਿਚ ਝੋਨੇ ਦੀ ਥਾਂ ਹੋਰ ਫ਼ਸਲਾਂ ਝੂਮਣ ਲੱਗਣ।
ਕੁਦਰਤੀ ਨਜ਼ਾਰਿਆਂ ਨੂੰ ਸਲਾਮ। ਪਰ ਪਾਣੀ ਦੀ ਸੱਚੀਂ ਸੰਭਾਲ ਕਰੀਏ, ਜੇ ਆਉਂਦੀ ਪੀੜ੍ਹੀ ਨੂੰ ਕੁਝ ਦੇਣਾ ਚਾਹੁੰਦੇ ਹਾਂ ਤਾਂ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਬਾਸਮਤੀ ਦੀ ਸਿੱਧੀ ਬਿਜਾਈ ਕਰ ਕੇ ਪਾਣੀ ਬਚਾਓ ਅਤੇ ਖਰਚਾ ਘਟਾਓ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬਿਜਾਈ ਦਾ ਸਮਾਂ: ਸਿੱਧੀ ਬਿਜਾਈ ਲਈ ਜੂਨ ਦਾ ਦੂਜਾ ਪੰਦਰਵਾੜਾ (15-30 ਜੂਨ) ਬਹੁਤ ਹੀ ਢੁੱਕਵਾਂ ਸਮਾਂ ਹੈ। ਜੂਨ ਦੇ ਪਹਿਲੇ ਪੰਦਰਵਾਵੜੇ ਜਾਂ ਉਸ ਤੋਂ ਜਲਦੀ ਬਿਜਾਈ ਕਰਨ ਨਾਲ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਉਸ ਸਮੇਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਜੂਨ ਦੇ ਦੂਜੇ ਪੰਦਰਵਾੜੇ ਵਿਚ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਕਿਉਂਕਿ ਜੁਲਾਈ ਮਹੀਨੇ ਬਰਸਾਤ ਉਤਰਨ ਨਾਲ ਖੇਤ ਨੂੰ ਮੀਂਹ ਤੋਂ ਇਲਾਵਾ ਹੋਰ ਕਿਸੇ ਸਰੋਤ ਦੁਆਰਾ ਪਾਣੀ ਦੇਣ ਦੀ ਜ਼ਰੂਰਤ ਨਹੀਂ ਰਹਿੰਦੀ।
ਬੀਜ ਦੀ ਮਾਤਰਾ ਅਤੇ ਬੀਜਣ ਦਾ ਤਰੀਕਾ: ਬਾਸਮਤੀ ਦੀ ਸਿੱਧੀ ਬਿਜਾਈ ਝੋਨਾ ਬੀਜਣ ਵਾਲੀ ਡਰਿਲ ਜਾਂ ਮਲਟੀ ਪਲਾਂਟਰ ਡਰਿਲ ਨਾਲ ਕਰੋ। ਬਿਜਾਈ ਕਰਨ ਲਈ 8-10 ਕਿਲੋ ਪ੍ਰਤੀ ਕਿੱਲਾ ਬੀਜ ਕਾਫੀ ਹੈ ਅਤੇ ਜਿਸਨੂੰ 20 ਸੈ. ਮੀ. ਕਤਾਰ ਤੋਂ ਕਤਾਰ ਦੇ ਫਾਸਲੇ 'ਤੇ ਪੂਰੇ ਵੱਤਰ ਵਾਲੇ ਖੇਤ ਵਿਚ ਬੀਜੋ। ਇੱਕ ਗੱਲ ਦਾ ਧਿਆਨ ਜ਼ਰੂਰ ਦਿਓ ਕਿ ਬੀਜ 2-3 ਸੈ. ਮੀ. ਦੀ ਡੂੰਘਾਈ ਤੋਂ ਜ਼ਿਆਦਾ ਥੱਲੇ ਨਾ ਜਾਵੇ ਕਿਉਂਕਿ ਜ਼ਿਆਦਾ ਡੂੰਗਾ ਜਾਂ ਜ਼ਿਆਦਾ ਉੱਪਰ ਬੀਜਿਆ ਬੀਜ ਘੱਟ ਜੰਮਦਾ ਹੈ।
ਬੀਜ ਦੀ ਸੋਧ: ਬਾਸਮਤੀ ਦੀ ਬਿਜਾਈ ਲਈ 8-10 ਕਿਲੋ ਬੀਜ ਨੂੰ ਟੱਬ ਜਾਂ ਬਾਲਟੀ ਵਿਚ 10 ਲੀਟਰ ਪਾਣੀ ਵਿਚ ਪਾਕੇ ਚੰਗੀ ਤਰ੍ਹਾਂ ਹਿਲਾਓ ਅਤੇ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ। ਹਲਕਾ ਬੀਜ ਬਾਹਰ ਸੁੱਟਣ ਤੋਂ ਬਾਅਦ ਜਿਹੜਾ ਭਾਰਾ ਬੀਜ ਥੱਲੇ ਬੈਠ ਜਾਏਗਾ ਉਸ ਬੀਜ ਨੂੰ 20 ਗ੍ਰਾਮ ਬਵਿਸਟਨ 50 ਡਬਲਯੂ. ਪੀ. (ਕਾਰਬੈਂਡਾਜ਼ਿਮ) ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ 10 ਲਿਟਰ ਪਾਣੀ ਦੇ ਘੋਲ ਵਿਚ ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਓ । ਬੀਜ ਦੀ ਸੋਧ ਕਰਨ ਨਾਲ ਬੀਜ ਅਤੇ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਝੁਲਸ ਰੋਗ, ਪੈਰਾਂ ਦਾ ਗਲਣਾ ਅਤੇ ਹੋਰ ਬਿਮਾਰੀਆਂ ਤੋਂ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ: ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਇਕ ਚੁਣੌਤੀ ਹੈ। ਲੇਜ਼ਰ ਵਾਲੇ ਕਰਾਹੇ ਨਾਲ ਖੇਤ ਪੱਧਰ ਕਰਨ ਤੋਂ ਬਾਅਦ ਵਿਚ ਖੇਤ ਨੂੰ ਪਾਣੀ ਲਗਾ ਦਿਓ ਤਾਂ ਕਿ ਨਦੀਨ ਬਿਜਾਈ ਤੋਂ ਪਹਿਲਾਂ ਹੀ ਉੱਗ ਜਾਣ ਅਤੇ ਬਾਅਦ ਵਿਚ ਉੱਗੇ ਹੋਏ ਨਦੀਨਾਂ ਨੂੰ ਖੇਤ ਨੂੰ ਤਿਆਰ ਕਰਨ ਵੇਲੇ ਵਾਹ ਕੇ ਮਾਰ ਦਿਓ। ਇਸ ਤਰ੍ਹਾਂ ਕਰਨ ਨਾਲ ਖੇਤ ਵਿਚੋਂ ਕਾਫੀ ਨਦੀਨ ਖਤਮ ਹੋ ਜਾਂਦੇ ਹਨ ਅਤੇ ਨਾਲ ਹੀ ਜੰਗਲੀ ਝੋਨਾ ਵੀ ਖੇਤ ਵਿਚੋਂ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ।
ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਵਿਚ ਪਾਓ, ਇਸ ਨਾਲ ਖੇਤ ਵਿਚੌਂ ਸਵਾਂਕ, ਮਧਾਣਾ, ਮਕੜਾ, ਤੱਕੜੀ ਘਾਹ ਅਤੇ ਹੋਰ ਛੋਟੇ ਬੀਜ ਵਾਲੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ 2-3 ਹਫਤਿਆਂ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਬਿਜਾਈ ਤੋਂ 30 ਦਿਨਾਂ ਬਾਅਦ ਖੇਤ ਵਿਚ ਨਦੀਨ ਆ ਜਾਂਦੇ ਹਨ ਤਾਂ ਗੋਡੀ ਪਾਓ ਜਾਂ ਨੌਮਨੀਗੋਲਡ/ਵਾਸ਼ਆਉਟ/ਤਾਰਕ/ਮਾਚੋ 10 ਐਸ. ਸੀ. (ਬਿਸਪਾਇਰੀਬੈਕ) 100 ਮਿ.ਲਿ. ਪ੍ਰਤੀ ਏਕੜ ਪਾ ਦਿਓ, ਇਸ ਨਦੀਨਨਾਸ਼ਕ ਨਾਲ ਸਵਾਂਕ ਅਤੇ ਝੋਨੇ ਵਾਲੇ ਮੋਥੇ ਦੀ ਰੋਕਥਾਮ ਹੋ ਜਾਂਦੀ ਹੈ। ਜੇਕਰ ਖੇਤ ਵਿਚ ਝੋਨੇ ਵਾਲਾ ਮੋਥਾ, ਗੰਡੀ ਵਾਲਾ ਮੋਥਾ ਜਾਂ ਹੋਰ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਸੈਗਮੈਂਟ 50 ਡੀ ਐਫ (ਅਜ਼ਿਮਸਲਫੂਰਾਨ) 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ । ਜੇਕਰ ਖੇਤ ਵਿਚ ਮਧਾਣਾ, ਚੀਨੀ ਘਾਹ, ਚਿੜੀ ਘਾਹ, ਤੱਕੜੀ ਘਾਹ ਹੋਣ ਤਾਂ ਬਿਜਾਈ ਤੋਂ 20 ਦਿਨਾਂ ਬਾਅਦ ਖੇਤ ਵਿਚ ਰਾਈਸ ਸਟਾਰ 6.7 ਈ. ਸੀ. (ਫਿਨੋਕਸਾਪਰੋਪ) 400 ਮਿ. ਲੀ. ਨੂੰ ਖੇਤ ਵਿਚ ਪਾ ਦਿਓ। ਇਹ ਸਾਰੀਆਂ ਨਦੀਨਨਾਸ਼ਕ ਦਵਾਈਆਂ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਖੇਤ ਵਿਚੋਂ ਪਾਣੀ ਕੱਢ ਕੇ ਸਪਰੇਅ ਕਰਨਾ ਚਾਹੀਦਾ ਹੈ ਅਤੇ ਸਪਰੇਅ ਕਰਨ ਤੋਂ 24 ਘੰਟਿਆਂ ਬਾਅਦ ਖੇਤ ਨੂੰ ਪਾਣੀ ਲਾਇਆ ਜਾ ਸਕਦਾ ਹੈ।
ਪਾਣੀ: ਜੇਕਰ ਬਾਸਮਤੀ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਖੇਤ ਨੂੰ ਪਾਣੀ ਲਾ ਦਿਓ ਅਤੇ ਦੂਸਰਾ ਪਾਣੀ ਬਿਜਾਈ ਤੋਂ 4-5 ਦਿਨਾਂ ਬਾਅਦ ਲਗਾਓ। ਜੇਕਰ ਬਾਸਮਤੀ ਦੀ ਸਿੱਧੀ ਬਿਜਾਈ ਰੌਣੀ ਕਰਨ ਤੋਂ ਬਾਅਦ ਕੀਤੀ ਹੋਵੇ ਤਾਂ ਖੇਤ ਨੂੰ ਪਾਣੀ ਬਿਜਾਈ ਤੋਂ 5-7 ਦਿਨਾਂ ਬਾਅਦ ਲਗਾਉਣਾ ਚਾਹੀਦਾ ਹੈ, ਉਸ ਤੋਂ ਬਾਅਦ 5-10 ਦਿਨਾਂ ਦੇ ਵਕਫੇ ਤੋਂ ਬਾਅਦ ਜ਼ਮੀਨ ਦੀ ਕਿਸਮ ਅਤੇ ਬਾਰਿਸ਼ 'ਤੇ ਨਿਰਭਰ ਕਰਦਾ ਹੈ। ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਲਗਾਓ । (ਸਮਾਪਤ)


-ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।

ਬਾਸਮਤੀ ਦੀ ਸਿੱਧੀ ਬਿਜਾਈ ਕਰ ਕੇ ਪਾਣੀ ਬਚਾਓ ਅਤੇ ਖਰਚਾ ਘਟਾਓ

ਝੋਨਾ ਪੰਜਾਬ ਵਿਚ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਪੰਜਾਬ ਦੀ ਜਲਵਾਯੂ ਝੋਨੇ ਦੀ ਪੈਦਾਵਾਰ ਲਈ ਬਹੁਤ ਹੀ ਅਨੁਕੂਲ ਹੈ ਅਤੇ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਇਸ ਦੇ ਮੰਡੀਕਰਨ ਦੀ ਵੀ ਕੋਈ ਸਮੱਸਿਆ ਨਾ ਹੋਣ ਕਰਕੇ ਅਤੇ ਵੱਧ ਆਮਦਨ ਪ੍ਰਾਪਤ ਹੋਣ ਕਰਕੇ ਵੀ ਕਿਸਾਨ ਸਾਉਣੀ ਰੁੱਤੇ ਝੋਨੇ ਦੀ ਫ਼ਸਲ ਲਗਾਉਣ ਨੂੰ ਵੱਧ ਤਰਜੀਹ ਦਿੰਦੇ ਹਨ।
ਝੋਨੇ ਤੋਂ ਬਾਅਦ ਪੰਜਾਬ ਵਿਚ ਬਾਸਮਤੀ ਦੀ ਕਾਸ਼ਤ ਥੱਲੇ ਕਾਫੀ ਰਕਬਾ ਹੈ, ਪੰਜਾਬ ਵਿਚ ਬਾਸਮਤੀ ਦੀ ਕਾਸ਼ਤ ਤਕਰੀਬਨ 4.5 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਬਾਸਮਤੀ ਦੀ ਕਾਸ਼ਤ ਜ਼ਿਆਦਾਤਰ ਨੀਮ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ ਜਿਵੇਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਕੁਝ ਹਿੱਸਿਆਂ ਵਿਚ ਨਵਾਂਸ਼ਹਿਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਕਪੂਰਥਲਾ ਆਦਿ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਇਨ੍ਹਾਂ ਇਲਾਕਿਆਂ ਵਿਚ ਜਿੱਥੇ ਪਹਿਲਾਂ ਬਾਸਮਤੀ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਸੀ ਪਰੰਤੂ ਪਿਛਲੇ ਕੁਝ ਸਮੇਂ ਤੋਂ ਬਾਸਮਤੀ ਦੇ ਮੁੱਲ ਵਿਚ ਕਾਫੀ ਉਤਰਾਅ ਚੜ੍ਹਾਅ ਆਉਣ ਕਾਰਨ ਪੰਜਾਬ ਵਿਚ ਬਾਸਮਤੀ ਹੇਠਾਂ ਤਕਰੀਬਨ 30 ਫੀਸਦੀ ਤੱਕ ਰਕਬਾ ਘਟ ਗਿਆ। ਪ੍ਰੰਤੂ ਪਿਛਲੇ ਸਾਲ ਤੋਂ ਬਾਸਮਤੀ ਦੇ ਮੁੱਲ ਵਿਚ ਮੁੜ ਵਾਧਾ ਹੋਣ ਕਾਰਨ ਇਕ ਵਾਰ ਫਿਰ ਇਸ ਹੇਠ ਰਕਬਾ ਵਧਣ ਦੀ ਉਮੀਦ ਹੈ। ਆਮ ਤੌਰ 'ਤੇ ਬਾਸਮਤੀ ਦੀ ਕਾਸ਼ਤ ਸਾਉਣੀ ਦੇ ਚਾਰੇ ਵਾਲੇ ਖੇਤਾਂ ਵਿਚ, ਗਰਮ ਰੁੱਤ ਦੀ ਮੂੰਗੀ, ਮਾਂਹ, ਬਹਾਰ ਰੁੱਤ ਦੀ ਮੱਕੀ ਜਾਂ ਕੁੱਝ ਸਬਜ਼ੀਆਂ ਦੇ ਖਤਮ ਹੋਣ ਤੋਂ ਬਾਅਦ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਬਿਜਾਈ ਬਰਸਾਤ ਦੇ ਸ਼ੁਰੂ ਹੋਣ ਨਾਲ ਮੇਲ ਖਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਾਸਮਤੀ ਦੀਆਂ ਬਿਮਾਰੀਆਂ ਤੋਂ ਰਹਿਤ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ।
ਬਾਸਮਤੀ ਦੀ ਬਿਜਾਈ ਆਮ ਤੌਰ 'ਤੇ ਪਨੀਰੀ ਲਗਾ ਕੇ ਹੀ ਕੀਤੀ ਜਾਂਦੀ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ਜਿੱਥੇ ਪਨੀਰੀ ਰਾਹੀਂ ਬੂਟਾ ਲਾਉਣ ਲਈ ਇਸ ਦੀ ਬਿਜਾਈ ਇਕ ਮਹੀਨਾ ਪਹਿਲਾਂ ਹੀ ਕਰ ਦਿੱਤੀ ਜਾਂਦੀ ਹੈ ਅਤੇ ਕੱਦੂ ਕਰਨ ਉਪਰੰਤ ਪਨੀਰੀ ਲਾਉਣ ਵਾਸਤੇ ਕਾਫੀ ਪਾਣੀ ਅਤੇ ਮਜ਼ਦੂਰਾਂ ਦੀ ਵੀ ਜ਼ਰੂਰਤ ਪੈਂਦੀ ਹੈ, ਜਿਸ ਨਾਲ ਇਸ ਦੀ ਕਾਸ਼ਤ 'ਤੇ ਖਰਚਾ ਵੀ ਵਧਦਾ ਹੈ। ਦੂਸਰਾ ਸਿਫਾਰਿਸ਼ ਮੁਤਾਬਿਕ 33 ਬੂਟੇ ਪ੍ਰਤੀ ਵਰਗ ਮੀਟਰ ਵਿਚ ਵੀ ਨਹੀਂ ਲਗਦੇ ਹਨ ਅਤੇ ਆਮ ਕਰਕੇ ਕਿਸਾਨਾਂ ਦੇ ਖੇਤਾਂ ਵਿਚ ਬੂਟਿਆਂ ਦੀ ਗਿਣਤੀ ਵੀ 20-22 ਬੂਟੇ ਪ੍ਰਤੀ ਵਰਗ ਮੀਟਰ ਹੀ ਪਾਈ ਜਾਂਦੀ ਹੈ। ਇਸ ਲਈ ਘੱਟ ਬੂਟਿਆਂ ਦੀ ਗਿਣਤੀ ਤੇ ਮਜ਼ਦੂਰੀ ਜ਼ਿਆਦਾ ਲੱਗਣ ਦੀ ਮੁਸ਼ਕਿਲ ਨੂੰ ਹੱਲ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਬਾਸਮਤੀ ਦੀ ਸਿੱਧੀ ਬਿਜਾਈ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਪੰਜਾਬ ਵਿਚ ਜਿੱਥੇ ਪਾਣੀ ਦਾ ਪੱਧਰ ਵੀ ਹੇਠਾਂ ਜਾ ਰਿਹਾ ਹੈ, ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਤਕਨੀਕ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਹੇਠ ਲਿਖੇ ਜ਼ਰੂਰੀ ਨੁਕਤਿਆਂ ਨੂੰ ਅਪਣਾਉਣਾ ਚਾਹੀਦਾ ਹੈ:
ਸਿੱਧੀ ਬਿਜਾਈ ਲਈ ਮਿੱਟੀ ਦੀ ਚੋਣ: ਬਾਸਮਤੀ ਦੀ ਸਿੱਧੀ ਬਿਜਾਈ ਦਰਮਿਆਨੀ ਤੋਂ ਭਾਰੀ ਜ਼ਮੀਨ ਵਿਚ ਹੀ ਕਰਨੀ ਚਾਹੀਦੀ ਹੈ ਜੋ ਕਿ ਪੰਜਾਬ ਦਾ ਤਕਰੀਬਨ 40% ਖੇਤਰ ਵਿਚ ਪਾਈ ਜਾਂਦੀ ਹਨ। ਹਾਲਾਂਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਪਰਖ ਕਰਵਾ ਲੈਣੀ ਚਹਿਦੀ ਹੈ। ਸਿੱਧੀ ਬਿਜਾਈ ਕਦੇ ਵੀ ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਨਹੀਂ ਕਰਨੀ ਚਾਹੀਦੀ, ਕਿਉਂਕਿ ਇਨ੍ਹਾਂ ਜ਼ਮੀਨਾਂ ਵਿਚ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਬੂਟਿਆਂ ਦਾ ਜੰਮ ਵੀ ਸਹੀ ਨਹੀਂ ਹੁੰਦਾ। ਝੋਨੇ ਦੀ ਸਿੱਧੀ ਬਿਜਾਈ ਉਨ੍ਹਾਂ ਖੇਤਾਂ ਵਿਚ ਨਾ ਕਰੋ ਜਿੱਥੇ ਪਹਿਲਾਂ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਬੀਜੀਆਂ ਗਈਆਂ ਹੋਣ ਜਿਵੇਂ (ਨਰਮਾ, ਮੱਕੀ ਜਾਂ ਗੰਨਾ) ਕਿਉਂਕਿ ਇਨ੍ਹਾਂ ਖੇਤਾਂ ਵਿਚ ਲੋਹੇ ਧੱਤ ਦੀ ਘਾਟ ਅਤੇ ਨਦੀਨਾਂ ਦੀ ਸਮੱਸਿਆ ਬਹੁਤ ਆ ਜਾਂਦੀ ਹੈ।
ਲੇਜ਼ਰ ਲੈਵਲ ਅਤੇ ਖੇਤ ਦੀ ਤਿਆਰੀ: ਸਭ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਵਧੀਆ ਢੰਗ ਨਾਲ ਪੱਧਰ ਕਰ ਲਵੋ ਤਾਂ ਕਿ ਖੇਤ ਵਿਚ ਪਾਣੀ ਅਤੇ ਹੋਰ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜੰਮ ਰਹੇ ਦਾਣੇ ਅਤੇ ਨਵੇਂ ਜੰਮੇ ਬੂਟੇ ਖੇਤ ਵਿਚ ਜ਼ਿਆਦਾ ਪਾਣੀ ਆ ਜਾਣ 'ਤੇ ਬਚ ਜਾਣ। ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਪੱਧਰ ਕਰਨ ਉਪਰੰਤ ਇਕ ਤੋਂ ਦੋ ਵਾਰ ਤਵੀਆਂ ਨਾਲ ਚੰਗੀ ਤਰ੍ਹਾਂ ਨਾਲ ਵਾਹੋ ਤਾਂ ਜੋ ਖੇਤ ਵਿਚ ਡਲੇ ਨਾ ਰਹਿਣ ਅਤ ਖੇਤ ਚੰਗੀ ਤਰਾਂ੍ਹ ਨਾਲ ਤਿਆਰ ਹੋ ਜਾਵੇ।
ਕਿਸਮਾਂ ਦੀ ਚੋਣ: ਬਾਸਮਤੀ ਦੀਆਂ ਸਾਰੀਆਂ ਕਿਸਮਾਂ ਜਿਵੇਂ ਕਿ ਪੰਜਾਬ ਮਹਿਕ 1, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਕਾਸ਼ਤ ਸਿੱਧੀ ਬਿਜਾਈ ਰਾਹੀ ਕੀਤੀ ਜਾ ਸਕਦੀ ਹੈ। ਵੱਖ-ਵੱਖ ਤਜਰਬਿਆਂ ਵਿਚ ਵੀ ਇਹੀ ਹੀ ਸਾਹਮਣੇ ਆਇਆ ਹੈ ਕਿ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨਾਲ ਇਸ ਦਾ ਝਾੜ ਵੀ ਤਕਰੀਬਨ ਪਨੀਰੀ ਰਾਹੀਂ ਬੀਜੀ ਬਾਸਮਤੀ ਦੇ ਬਰਾਬਰ ਹੀ ਰਿਹਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।

ਗਾਜਰ ਘਾਹ ਦੇ ਨੁਕਸਾਨ ਅਤੇ ਰੋਕਥਾਮ

ਗਾਜਰ ਘਾਹ ਨੂੰ ਪਾਰਥੀਨੀਅਮ/ਸਫੈਦ ਟੋਪੀ/ਕਾਂਗਰਸ ਘਾਹ ਆਦਿ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪੰਜਾਬ ਵਿਚ ਗਾਜਰ ਘਾਹ ਸਭ ਤੋਂ ਪਹਿਲਾਂ 1975 ਵਿਚ ਦੇਖਿਆ ਗਿਆ ਪਰ ਹੁਣ ਇਹ ਨਦੀਨ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਫੈਲ ਚੁੱਕਾ ਹੈ। ਇਹ ਨਦੀਨ ਖਾਲੀ ਥਾਵਾਂ, ਸੜਕਾਂ, ਰੇਲ ਦੀਆਂ ਲਾਈਨਾਂ, ਨਹਿਰਾਂ ਦੇ ਦੁਆਲੇ, ਰਿਹਾਇਸ਼ੀ ਕਾਲੋਨੀਆਂ, ਸ਼ਾਮਲਾਟ ਜ਼ਮੀਨਾਂ ਅਤੇ ਕਈ ਫ਼ਸਲਾਂ ਵਿਚ ਪਾਇਆ ਜਾਂਦਾ ਹੈ। ਇਹ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਹੁੰਦਾ ਹੈ, ਬਰਸਾਤ ਦੇ ਮੌਸਮ ਵਿਚ ਭਰ ਜੋਬਨ 'ਤੇ ਹੁੰਦਾ ਹੈ ਅਤੇ ਸਰਦੀਆਂ ਵਿਚ ਇਸ ਦੇ ਪੌਦੇ ਸੁੱਕ ਜਾਂਦੇ ਹਨ। ਗਾਜਰ ਘਾਹ ਨੂੰ ਉੱਗਣ ਅਤੇ ਵਧਣ-ਫੁੱਲਣ ਵਾਸਤੇ ਸਭ ਤੋਂ ਅਨੁਕੂਲ ਵਾਤਾਵਰਨ ਮੀਂਹ ਦਾ ਸਮਾਂ (ਜੁਲਾਈ ਤੋਂ ਅਗਸਤ) ਹੈ। ਇਸ ਦੇ ਪੱਤੇ ਗਾਜਰ ਦੇ ਪੱਤਿਆਂ ਵਾਂਗ ਚੀਰਵੇਂ ਹੁੰਦੇ ਹਨ ਅਤੇ ਇਸ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁ-ਗਿਣਤੀ ਵਿਚ ਆਉਂਦੇ ਹਨ। ਇਸ ਦਾ ਬੀਜ ਬਾਰੀਕ ਹੋਣ ਕਰਕੇ ਹਵਾ ਜਾਂ ਪਾਣੀ ਨਾਲ ਦੂਸਰੀ ਜਗ੍ਹਾ 'ਤੇ ਚਲਾ ਜਾਂਦਾ ਹੈ। ਇਸ ਨੂੰ ਉੱਗਣ ਲਈ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੁੰਦੀ।
ਸਿਹਤ 'ਤੇ ਅਸਰ: ਇਸ ਨਦੀਨ ਕਾਰਨ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਜਿਵੇਂ ਕਿ ਐਲਰਜੀ, ਸਾਹ ਅਤੇ ਚਮੜੀ ਦੇ ਰੋਗ। ਇਸ ਦੇ ਪਰਾਗ ਕਣ ਜੇ ਸਾਹ ਰਾਹੀਂ ਅੰਦਰ ਚਲੇ ਜਾਣ ਤਾਂ ਦਮੇ ਦੀ ਬਿਮਾਰੀ, ਜ਼ੁਕਾਮ, ਖਾਂਸੀ ਲੱਗ ਜਾਂਦੀ ਹੈ। ਇਸ ਨਦੀਨ ਦੇ ਲਗਾਤਾਰ ਸੰਪਰਕ ਵਿਚ ਆਉਣ ਨਾਲ ਕਈ ਵਿਅਕਤੀਆਂ ਨੂੰ ਚਮੜੀ ਦੇ ਰੋਗ ਜਿਸ ਤਰ੍ਹਾਂ ਕਿ ਖੁਜਲੀ, ਸੜਨ, ਸੋਜਿਸ਼ ਆਦਿ ਵੀ ਹੋ ਸਕਦੇ ਹਨ। ਇਸ ਤੋਂ ਬਿਨਾਂ ਐਲਰਜੀ ਦੀਆਂ ਕਈ ਹੋਰ ਬਿਮਾਰੀਆਂ ਦਾ ਕਾਰਨ ਵੀ ਗਾਜਰ ਘਾਹ ਹੀ ਹੈ। ਇਸ ਨਦੀਨ ਦਾ ਪਸ਼ੂਆਂ ਦੀ ਸਿਹਤ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਜੇ ਜਾਨਵਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾ ਲੈਣ ਤਾਂ ਮਰ ਵੀ ਸਕਦੇ ਹਨ। ਜੇ ਦੁੱਧ ਦੇਣ ਵਾਲੇ ਜਾਨਵਰ ਇਸ ਨੂੰ ਖਾ ਲੈਣ ਤਾਂ ਦੁੱਧ ਦਾ ਸੁਆਦ ਬਦਲਣ ਕਰਕੇ ਕੁਆਲਿਟੀ ਵੀ ਘਟ ਜਾਂਦੀ ਹੈ।
ਰੋਕਥਾਮ: ਗਾਜਰ ਘਾਹ ਦਾ ਹੱਲ ਇਸ ਦੀ ਰੋਕਥਾਮ ਕਰਕੇ ਨਹੀਂ ਪਰ ਇਸ ਨੂੰ ਖਤਮ ਕਰਕੇ ਹੈ। ਇਸ ਮੰਤਵ ਦੀ ਪੂਰਤੀ ਲਈ ਵੱਡੇ ਪੱਧਰ 'ਤੇ ਆਮ ਲੋਕਾਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਇਸ ਨਦੀਨ ਦਾ ਖਾਤਮਾ ਸਰਕਾਰ ਦੇ ਪ੍ਰੋਗਰਾਮਾਂ ਅਤੇ ਪਬਲਿਕ ਦੇ ਮਿਲਵਰਤਣ ਨਾਲ ਹੀ ਹੋ ਸਕਦਾ ਹੈ।
ਮਕੈਨੀਕਲ ਕੰਟਰੋਲ : ਗਾਜਰ ਘਾਹ ਨੂੰ ਉੱਪਰੋਂ ਕੱਟਣ ਨਾਲ ਇਹ ਦੁਬਾਰਾ ਫਿਰ ਫੁੱਟ ਪੈਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਸ ਦੀ ਜੜ੍ਹ ਨੂੰ ਡੂੰਘਾ ਪੁੱਟਣਾ ਚਾਹੀਦਾ ਹੈ ਅਤੇ ਜਦੋਂ ਬੂਟੇ ਸੁੱਕ ਜਾਣ, ਉਨ੍ਹਾਂ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਕੰਮ ਫੁੱਲ ਪੈਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਤਾਂ ਜੋ ਬੂਟਾ ਬੀਜ ਨਾ ਬਣਾ ਸਕੇ। ਜੇਕਰ ਇਹ ਨਦੀਨ ਬਾਗਾਂ ਵਿਚ, ਸੜਕਾਂ ਦੁਆਲੇ ਜਾਂ ਹੋਰ ਖਾਲੀ ਥਾਵਾਂ ਉੱਤੇ ਉੱਗਿਆ ਹੋਵੇ ਤਾਂ ਉਸ ਖਾਲੀ ਥਾਂ ਨੂੰ ਥੋੜ੍ਹੇ ਸਮੇਂ ਬਾਅਦ ਜ਼ਰੂਰ ਵਾਹੁਣਾ ਚਾਹੀਦਾ ਹੈ ਤਾਂ ਕਿ ਫੁੱਲ ਪੈਣ ਤੋਂ ਪਹਿਲਾਂ ਇਹ ਨਦੀਨ ਪੁੱਟਿਆ ਜਾਵੇ। ਖੇਤ ਦੀਆਂ ਵੱਟਾਂ, ਖਾਲਾਂ ਜਾਂ ਕਈ ਹੋਰ ਥਾਵਾਂ ਨੂੰ ਜ਼ਿਮੀਂਦਾਰ ਵਾਹ ਨਹੀਂ ਸਕਦੇ। ਇਨ੍ਹਾਂ ਹਾਲਤਾਂ ਵਿਚ ਗਾਜਰ ਘਾਹ ਦੇ ਬੂਟਿਆਂ ਨੂੰ ਕਹੀ ਨਾਲ ਡੂੰਘਾ ਪੁੱਟੋ ਅਤੇ ਇਕੱਠੇ ਕਰ ਕੇ ਸਾੜ ਦਿਉ। ਹੱਥਾਂ ਵਿਚ ਦਸਤਾਨੇ ਪਾ ਕੇ ਜੜ੍ਹੋਂ ਪੁੱਟ ਕੇ ਵੀ ਖਤਮ ਕੀਤਾ ਜਾ ਸਕਦਾ ਹੈ। ਇਸ ਨਦੀਨ ਨੂੰ ਖਤਮ ਕਰਨ ਲਈ ਪਿੰਡ ਪੱਧਰ ਤੇ 'ਗਾਜਰ ਘਾਹ ਮਾਰੂ ਮੁਹਿੰਮ' ਚਲਾਉਣੀ ਚਾਹੀਦੀ ਹੈ ਜਿਸ ਵਿਚ ਜ਼ਮੀਨ ਦੇ ਮਾਲਕ, ਪੰਚਾਇਤਾਂ, ਕਮੇਟੀਆਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਅਦਾਰਿਆਂ ਦੀਆਂ ਡਿਊਟੀਆਂ ਲੱਗਣ ਅਤੇ ਅਣਗਹਿਲੀ ਕਰਨ ਵਾਲੇ ਨੂੰ ਸਖਤ ਸਜ਼ਾ ਦਾ ਐਲਾਨ ਹੋਣਾ ਚਾਹੀਦਾ ਹੈ।
ਦਵਾਈਆਂ ਦੀ ਵਰਤੋਂ: ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਨਾਲ ਇਸ ਨਦੀਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਦੀ ਰੋਕਥਾਮ ਲਈ 1 ਤੋਂ 2 ਪੱਤਿਆਂ ਦੀ ਹਾਲਤ ਵਿਚ 0.7 ਤੋਂ 1.0 ਫੀਸਦੀ (700 ਗ੍ਰਾਮ ਤੋਂ 1 ਕਿਲੋਗ੍ਰਾਮ 100 ਲੀਟਰ ਪਾਣੀ ਵਿਚ ਘੋਲ ਕੇ) ਐਟਰਾਟਾਫ 50 ਡਬਲਯੂ ਪੀ (ਐਟਰਾਜ਼ੀਨ) ਦਾ ਛਿੜਕਾਅ ਉੱਗਣ ਤੋਂ ਪਹਿਲਾਂ ਫਰਵਰੀ ਦੇ ਦੂਜੇ ਪੰਦ੍ਹਰਵਾੜੇ ਵਿਚ ਕਰਨਾ ਚਾਹੀਦਾ ਹੈ। ਜੇਕਰ ਨਦੀਨ ਦੇ 3 ਤੋਂ 4 ਪੱਤੇ ਜਾਂ ਜ਼ਿਆਦਾ ਹੋਣ ਤਾਂ ਰਾਊਂਡ-ਅੱਪ/ਗੈਨਕੀ 41 ਐਸ ਐਲ (ਗਲਾਈਫੋਸੇਟ) 0.7 ਤੋਂ 1.0 ਫੀਸਦੀ (700 ਮਿਲੀ ਲੀਟਰ ਤੋਂ 1 ਲੀਟਰ ਨਦੀਨ ਨਾਸ਼ਕ 100 ਲੀਟਰ ਪਾਣੀ ਵਿਚ ਘੋਲ ਕੇ) ਜਾਂ ਐਕਸਲ ਮੈਰਾ 71 ਐਸ ਜੀ (ਗਲਾਈਫੋਸੇਟ) 0.4 ਫੀਸਦੀ (400 ਗ੍ਰਾਮ ਨਦੀਨ ਨਾਸ਼ਕ 100 ਲੀਟਰ ਪਾਣੀ ਵਿਚ ਘੋਲ ਕੇ) ਦਾ ਛਿੜਕਾਅ ਕਰੋ।
ਸਾਵਧਾਨੀਆਂ: ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਉਸ ਸਮੇਂ ਕਰੋ ਜਦੋਂ ਹਵਾ ਬਿਲਕੁਲ ਘੱਟ ਰਫਤਾਰ ਨਾਲ ਚੱਲ ਰਹੀ ਹੋਵੇ। ਛਿੜਕਾਅ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਦਵਾਈਆਂ ਕਿਸੇ ਫੁੱਲਾਂ ਵਾਲੇ ਜਾਂ ਸਬਜ਼ੀਆਂ ਦੇ ਬੂਟਿਆਂ 'ਤੇ ਨਾ ਪੈਣ।
ਇਸ ਨਦੀਨ ਦਾ ਸਭ ਤੋਂ ਵੱਡਾ ਹੱਲ ਹੈ ਕਿ ਜਿੱਥੇ ਇਸ ਨਦੀਨ ਦੀ ਸਮੱਸਿਆ ਹੋਵੇ ਉਥੇ ਲੋਕਾਂ ਨੂੰ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਪਿੰਡਾਂ ਦੇ ਸਾਰੇ ਲੋਕ ਇਕੱਠੇ ਹੋ ਕੇ ਜਾਂ ਐੱਨ. ਐੱਸ. ਐੱਸ. ਦੀਆਂ ਟੀਮਾਂ ਆਦਿ ਨੂੰ ਸਮੱਸਿਆ ਵਾਲੀਆਂ ਥਾਵਾਂ 'ਤੇ ਲਿਜਾ ਕੇ ਇਸ ਨੂੰ ਡੂੰਘਾ ਪੁੱਟ ਕੇ ਇਕ ਥਾਂ ਇਕੱਠਾ ਕਰ ਕੇ ਸਾੜ ਦੇਣਾ ਚਾਹੀਦਾ ਹੈ। ਮਿਊਂਸਪਲ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਨੂੰ ਸ਼ਹਿਰਾਂ ਦੀਆਂ ਬੇ-ਆਬਾਦ ਜ਼ਮੀਨਾਂ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਗਾਜਰ ਘਾਹ ਬਾਰੇ ਲੋਕਾਂ ਨੂੰ ਚੌਕਸ ਕਰ ਕੇ ਖੇਤੀਬਾੜੀ ਅਤੇ ਮਨੁੱਖੀ ਸਿਹਤ ਨੂੰ ਇਸ ਖਤਰਨਾਕ ਨਦੀਨ ਤੋਂ ਬਚਾਇਆ ਜਾ ਸਕਦਾ ਹੈ।


-ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ।

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਅੰਨਦਾਤਾ ਮਹਾਨ ਹੋਵੇ,
ਜੈ ਜਵਾਨ ਜੈ ਕਿਸਾਨ ਹੋਵੇ,
ਮੁਸ਼ੱਕਤਾਂ ਦੀ ਸ਼ਾਨ ਹੋਵੇ,
ਫੇਰ ਬੈਲਾਂ ਦੀ ਟੱਲੀ ਦੀ
ਟਣਕਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ.... ।
ਕੁੱਛੜ 'ਚ ਭੋਲੂ ਹੋਵੇ,
ਹੱਥ ਲੱਸੀ ਡੋਲੂ ਹੋਵੇ,
ਹਲ ਵਾਹੁੰਦਾ ਮੋਲੂ ਹੋਵੇ,
ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ...।
ਫਸਲਾਂ ਨੂੰ ਬੂਰ ਹੋ ਜੇ,
ਕਿਸਾਨ ਖੁਸ਼ੀ ਚੂਰ ਹੋ ਜੇ,
ਸਿਰੋਂ ਬੋਝ ਦੂਰ ਹੋ ਜੇ,
ਪੈਂਦੀ ਮੱਠੀ-ਮੱਠੀ ਅੰਬਰੋਂ ਫੁਹਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ...।
ਟੱਬਰ 'ਚ ਮੁੱਲ ਹੋਵੇ,
ਨੂਰ ਡੁੱਲ੍ਹ-ਡੁੱਲ੍ਹ ਹੋਵੇ,
ਕਦੇ ਵੀ ਨਾ ਭੁੱਲ ਹੋਵੇ,
ਫੇਰ ਝਾਂਜਰਾਂ ਦੀ ਵਿਹੜੇ ਛਣਕਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ...।
ਨਾਨਕ ਅਵਤਾਰ ਹੋਵੇ,
ਸੱਚ ਬੇੜਾ ਪਾਰ ਹੋਵੇ,
ਝੂਠ ਦਾ ਲੰਗਾਰ ਹੋਵੇ,
ਗੁਰੂਆਂ ਦੀ ਬਾਣੀ ਸਤਿਕਾਰ ਚੰਗੀ ਲੱਗਦੀ।
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ।


-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285.

ਸਾਉਣੀ ਦੀਆਂ ਦਾਲਾਂ ਦੇ ਮੁੱਖ ਕੀੜੇ ਅਤੇ ਉਨ੍ਹਾਂ ਦੀ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਦੀ ਰੋਕਥਾਮ ਲਈ ਹਮਲਾ ਸ਼ੁਰੂ ਹੋਣ 'ਤੇ 200 ਮਿਲੀਲਿਟਰ ਕਿੰਗਡੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 200 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) 80-100 ਲਿਟਰ ਪਾਣੀ ਵਿਚ ਘੋਲ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਛਿੜਕਾਅ ਕਰੋ। ਇਸ ਕੀੜੇ ਦੀ ਫ਼ਸਲ ਉੱਪਰ ਜ਼ਿਆਦਾ ਗਿਣਤੀ ਸ਼ਾਮ ਦੇ ਸਮੇਂ ਹੁੰਦੀ ਹੈ, ਇਨ੍ਹਾਂ ਦਵਾਈਆਂ ਦਾ ਛਿੜਕਾਅ ਸ਼ਾਮ ਦੇ ਸਮੇਂ ਹੀ ਕਰਨਾ ਚਾਹੀਦਾ ਹੈ।
ਹਰੀ ਸੁੰਡੀ (ਸੈਮੀਲੂਪਰ): ਇਹ ਸੁੰਡੀ ਹਰੇ ਰੰਗ ਦੀ 2-4 ਸੈਂਟੀਮੀਟਰ ਲੰਮੀ ਹੁੰਦੀ ਹੈ। ਛੂਹਣ ਨਾਲ ਇਹ ਸੁੰਡੀ ਕੁੰਡਲ਼ੀ ਮਾਰ ਲੈਂਦੀ ਹੈ। ਇਹ ਸੁੰਡੀਆਂ ਪੌਦਿਆਂ ਦੇ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਜ਼ਿਆਦਾ ਹਮਲੇ ਦੀ ਹਾਲਤ ਵਿਚ ਪੌਦੇ ਕੁੱਝ ਹੀ ਦਿਨਾਂ ਵਿਚ ਪੱਤੇ ਰਹਿਤ ਹੋ ਜਾਂਦੇ ਹਨ।
ਫ਼ਲੀ ਛੇਦਕ ਸੁੰਡੀ: ਇਸ ਸੁੰਡੀ ਦਾ ਰੰਗ ਹਰਾ ਪੀਲਾ, ਭੂਰਾ ਜਾਂ ਕਾਲਾ ਹੁੰਦਾ ਹੈ ਅਤੇ ਇਸ ਦੇ ਸਰੀਰ ਦੀਆਂ ਦੋਵਾਂ ਵੱਖੀਆ 'ਤੇ ਲੰਮੀਆਂ ਧਾਰੀਆਂ ਹੁੰਦੀਆਂ ਹਨ। ਪੂਰੀ ਜਵਾਨ ਸੁੰਡੀ 3-5 ਸੈਂਟੀਮੀਟਰ ਲੰਮੀ ਹੁੰਦੀ ਹੈ। ਪੰਜਾਬ ਵਿਚ ਇਹ ਸੁੰਡੀ ਸਾਉਣੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਲਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਇਹ ਸੁੰਡੀ ਫ਼ਸਲ ਦੇ ਪੱਤੇ, ਫੁੱਲਾਂ ਅਤੇ ਡੋਡੀਆਂ ਨੂੰ ਖਾ ਕੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਦਾ ਪਤਾ ਪੱਤੇ, ਫ਼ਲੀਆਂ ਵਿਚ ਮੋਰੀਆਂ ਬੂਟਿਆਂ ਥੱਲੇ ਜ਼ਮੀਨ 'ਤੇ ਗੂੜ੍ਹੇ ਹਰੇ ਰੰਗ ਦੀਆਂ ਮੇਂਗਣਾਂ ਤਂੋ ਲਗਦਾ ਹੈ। ਇਸ ਦੀ ਰੋਕਥਾਮ ਲਈ ਹਮਲਾ ਸ਼ੁਰੂ ਹੋਣ 'ਤੇ 60 ਮਿਲੀਲਿਟਰ ਟਰੇਸਰ 45 ਐਸ ਸੀ (ਸਪਾਇਨੋਸੈਡ) ਜਾਂ 200 ਮਿਲੀਲਿਟਰ ਕਿੰਗਡੌੌਕਸਾ 14.5 ਐਸ ਸੀ (ਇੰਡੌਕਸਾਕਾਰਬ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ): ਇਸ ਕੀੜੇ ਦੇ ਪਤੰਗੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਅਗਲੇ ਖੰਭ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਖੰਭਾਂ ਉੱਪਰ ਭੂਰੇ ਅਤੇ ਪੀਲੇ ਰੰਗ ਦੀਆਂ ਪੱਟੀਆਂ ਹੁੰਦੀਆਂ ਹਨ। ਬਰਸਾਤ ਵਾਲੇ ਦਿਨ ਸ਼ਾਮ ਦੇ ਸਮੇਂ ਇਨ੍ਹਾਂ ਪਤੰਗਿਆਂ ਦੀ ਗਿਣਤੀ ਬਹੁਤ ਜ਼ਿਆਦਾ ਦਿਖਾਈ ਦਿੰਦੀ ਹੈ। ਇਸ ਦੀਆਂ ਸੁੰਡੀਆਂ ਦਾ ਸਾਰਾ ਸਰੀਰ ਵਾਲਾਂ ਨਾਲ ਢਕਿਆ ਹੁੰਦਾਂ ਹੈ । ਮਾਦਾ ਪਤੰਗੇ ਪੱਤਿਆਂ ਦੇ ਹੇਠਾਂ ਵਾਲੇ ਪਾਸੇ 600-700 ਆਂਡੇ ਇਕੱਠੇ ਗੁੱਛਿਆਂ ਦੇ ਵਿਚ ਦਿੰਦੇ ਹਨ। ਆਂਡਿਆਂ ਵਿਚੋਂ ਸੁੰਡੀਆਂ ਬਾਹਰ ਨਿਕਲ ਕੇ ਝੁੰਡਾਂ ਦੇ ਰੂਪ ਵਿਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤੇ ਦੀ ਸਿਰਫ ਵਿਚਕਾਰਲੀ ਨਾੜੀ ਹੀ ਛੱਡਦੀਆਂ ਹਨ। ਬਾਅਦ ਵਿਚ ਸੁੰਡੀਆਂ ਸਾਰੇ ਖੇਤ ਵਿਚ ਖਿੰਡ ਜਾਂਦੀਆਂ ਹਨ। ਪੱਤਿਆਂ ਦੇ ਨਾਲ ਇਹ ਡੋਡੀਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ। ਭਿਆਨਕ ਹਮਲੇ ਵਾਲਾ ਖੇਤ ਇਸ ਤਰ੍ਹਾਂ ਲਗਦਾ ਹੈ ਕਿ ਜਿਵੇ ਪਸ਼ੂਆਂ ਨੇ ਚਰਿਆ ਹੁੰਦਾ ਹੈ। ਇਸ ਦੀ ਰੋਕਥਾਮ ਲਈ ਹੇਠ ਲਿਖੀ ਵਿਧੀ ਅਪਣਾਓ :
* ਹਮਲੇ ਦੇ ਸ਼ੁਰੂ ਵਿਚ ਹੀ ਪੌਦਿਆਂ ਨੂੰ ਸੁੰਡੀਆਂ ਸਮੇਤ ਪੁੱਟ ਕਿ ਨਸ਼ਟ ਕਰਦੇ ਰਹੋ।
* ਵੱਡੀਆਂ ਸੁੰਡੀਆਂ ਨੂੰ ਪੈਰਾਂ ਹੇਠ ਦਬਾ ਕੇ ਜਾਂ ਇਕੱਠਿਆਂ ਕਰ ਕੇ ਮਿੱਟੀ ਦੇ ਤੇਲ ਵਿਚ ਪਾ ਕੇ ਮਾਰਿਆ ਜਾ ਸਕਦਾ ਹੈ।
* ਜੇਕਰ ਸੁੰਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ ਤਾ 500 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਓਨਲਫਾਸ) ਨੂੰ 80-100 ਲਿਟਰ ਪਾਣੀ ਵਿਚ ਘੋੜ ਕੇ ਪ੍ਰਤੀ ਏਕੜ ਪਿੱਠ ਵਾਲੇ ਪੰਪ ਨਾਲ ਛਿੜਕਾਅ ਕਰੋ।
ਤੰਬਾਕੂ ਵਾਲੀ ਸੁੰਡੀ: ਇਹ ਸੁੰਡੀ ਕਈ ਫ਼ਸਲਾਂ ਉੱਪਰ ਹਮਲਾ ਕਰਦੀ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਅਤੇ ਵੱਡੀਆਂ ਸੁੰਡੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ 'ਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਹੁੰਦੇ ਹਨ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਝੁੰਡਾਂ ਵਿਚ ਪੱਤਿਆਂ ਦਾ ਹਰਾ ਮਾਦਾ ਖਾਂਦੀਆ ਹਨ ਅਤੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ । ਬਾਅਦ ਵਿਚ ਇਹ ਸੁੰਡੀਆਂ ਵੱਡੀਆਂ ਹੋ ਕੇ ਸਾਰੇ ਖੇਤ ਵਿਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਤੋਂ ਇਲਾਵਾ ਇਹ ਸੁੰਡੀਆਂ ਫੁੱਲ ਅਤੇ ਫ਼ਲੀਆਂ ਦਾ ਵੀ ਨੁਕਸਾਨ ਕਰਦੀਆਂ ਹਨ।
ਰੋਕਥਾਮ
* ਖੇਤਾਂ ਦੇ ਆਲੇ-ਦੁਆਲੇ ਨਦੀਨਾਂ ਦੀ ਰੋਕਥਮ ਕਰੋ। ਕਿਉਂਕਿ ਨਦੀਨ ਇਸ ਸੁੰਡੀ ਲਈ ਬਦਲਵੇ ਪੌਦੇ ਦੇ ਤੌਰ 'ਤੇ ਕੰਮ ਕਰਦੇ ਹਨ।
* ਇਸ ਸੁੰਡੀ ਦੇ ਅੰਡੇ ਗੁੱਛਿਆਂ ਵਿਚ ਹੁੰਦੇ ਹਨ ਅਤੇ ਛੋਟੀਆ ਸੁੰਡੀਆ ਝੁੰਡਾਂ ਵਿਚ ਹੁੰਦੀਆਂ ਹਨ। ਇਸ ਲਈ ਪੱਤਿਆਂ ਨੂੰ ਸੁੰਡੀਆਂ ਸਮੇਤ ਨਸ਼ਟ ਕਰ ਦਿਓ।
* ਸੁੰਡੀ ਦਾ ਹਮਲਾ ਸ਼ੁਰੂ ਹੋਣ 'ਤੇ 150 ਮਿਲੀਲਿਟਰ ਰਿਮੋਨ 10 ਈ ਸੀ (ਨੂਵਾਲਰੌਨ) ਜਾਂ 800 ਗ੍ਰਾਮ ਐਸਾਟਾਫ 75 ਐਸ ਪੀ (ਐਸੀਫੇਟ) ਜਾਂ 1.5 ਲਿਟਰ ਡਰਸਬਾਨ 20 ਈ ਸੀ (ਕਲੋਰਪਾਇਰੀਫਾਸ) ਨੂੰ ਪ੍ਰਤੀ ਏਕੜ 100 ਲਿਟਰ ਪਾਣੀ ਵਿਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਛਿੜਕਾਅ ਕਰੋ ।
ਜੂੰ (ਮਾਈਟ): ਜੂੰ ਇਸ ਫ਼ਸਲ ਦੇ ਪੱਤਿਆਂ ਦੇ ਹੇਠਾਂ ਵੱਲ ਜਾਲੇ ਬਣਾ ਦਿੰਦੀ ਹੈ। ਇਸ ਦੇ ਹਮਲੇ ਕਰਕੇ ਪੱਤੇ ਪੀਲੇ ਪੈ ਜਾਂਦੇ ਹਨ। ਇਹੋ ਜਿਹੇ ਹਮਲੇ ਵਾਲੇ ਪੱਤਿਆਂ ਦਾ ਰੰਗ ਹਲਕੇ ਭੂਰੇ ਤੋਂ ਗੂੜ੍ਹਾ ਗਾਜਰੀ ਭੂਰਾ ਹੋ ਜਾਂਦਾ ਹੈ। ਹਮਲੇ ਵਾਲੇ ਪੱਤੇ ਮੁਰਝਾ ਕੇ ਸੁੱਕ ਜਾਂਦੇ ਹਨ। ਬੂਟਿਆਂ ਨੂੰ ਫੁੱਲ ਅਤੇ ਫਲੀਆਂ ਘੱਟ ਪੈਂਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ 150 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਪ੍ਰਤੀ ਏਕੜ ਛਿੜਕਾਅ ਕਰੋ। (ਸਮਾਪਤ)


-ਰਿਜਨਲ ਸਟੇਸ਼ਨ ਪੀ ਏ ਯੂ, ਗੁਰਦਾਸਪੁਰ, ਦਾਲਾਂ ਸੈਕਸਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀ. ਏ. ਯੂ., ਲੁਧਿਆਣਾ

ਅਮਲਤਾਸ ਦੀ ਰੁੱਤੇ

ਜੇ ਕਿਸੇ ਨੇ ਪੰਜਾਬ ਦੇ ਰੁੱਖਾਂ ਦੀ ਖੂਬਸੂਰਤੀ ਵੇਖਣੀ ਹੋਵੇ ਤਾਂ ਅਮਲਤਾਸ ਦੀ ਰੁੱਤੇ ਆਵੇ। ਮਿੱਠੇ ਪੀਲੇ ਰੰਗ ਦੇ ਗੁੱਛੇ, ਸੰਗੀਤਕ ਨਜ਼ਾਰਾ ਪੇਸ਼ ਕਰਦੇ ਹਨ ਤੇ ਮਨੁੱਖ ਨਸ਼ਿਆ ਜਾਂਦਾ ਹੈ। ਜਿੱਥੇ ਇਹ ਰੁੱਤ ਹਲਕੇ ਰੰਗਾਂ ਦੇ ਫੁੱਲ ਪੇਸ਼ ਕਰਦੀ ਹੈ, ਉੱਥੇ ਹੀ ਸਾਨੂੰ ਯਾਦ ਵੀ ਕਰਾਉਂਦੀ ਹੈ ਕਿ ਸਾਡੇ ਲਈ ਇਕ ਖਾਸ ਕੰਮ ਕਰਨ ਦੀ ਰੁੱਤ ਵੀ ਆ ਗਈ ਹੈ। ਹੁਣ ਸਭ ਰੁੱਖਾਂ ਨੂੰ ਫਲ ਲੱਗ ਚੁੱਕਾ ਹੈ, ਪਰ ਹੈ ਹਾਲੇ ਕੱਚਾ। ਅਗਲੇ 2 ਹਫਤੇ ਵਿਚ ਸਭ ਫਲ ਪੱਕਣੇ ਸ਼ੁਰੂ ਹੋ ਜਾਣੇ ਹਨ। ਬਸ ਇਹੀ ਸਮਾਂ ਹੈ, ਗਿੱਟਕਾਂ ਇਕੱਠੀਆਂ ਕਰਨ ਦਾ। ਜਾਮਣ, ਅੰਬ, ਡੇਕ, ਨਿੰਮ ਆਦਿ ਅਨੇਕਾਂ ਰੁੱਖ ਹਨ, ਜੋ ਗਿੱਟਕ ਤੋਂ ਆਸਾਨੀ ਨਾਲ ਉਗਾਏ ਜਾ ਸਕਦੇ ਹਨ। ਇਸ ਲਈ ਜ਼ਿਆਦਾ ਥਾਂ ਵੀ ਨਹੀਂ ਚਾਹੀਦੀ। ਜੇ ਘੱਟ ਤੋਂ ਘੱਟ ਵੀ ਕਰੀਏ ਤਾਂ ਹਰ ਘਰ ਵਿਚ 100 ਰੁੱਖ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ ਜੋ ਬਾਅਦ ਵਿਚ ਧਰਤੀ ਦੀਆਂ ਖਾਲੀ ਥਾਵਾਂ 'ਤੇ ਲਗਾ ਕੇ ਪੁੰਨ ਖੱਟਿਆ ਜਾ ਸਕਦਾ ਹੈ। ਇਨ੍ਹਾਂ ਦੇਸੀ ਰੁੱਖਾਂ 'ਤੇ ਹੀ ਬਾਅਦ ਵਿਚ ਕਲਮ ਲਗਾ ਕੇ ਕਿਸਮ ਬਦਲੀ ਜਾ ਸਕਦੀ ਹੈ। ਇਸ ਕੰਮ ਲਈ ਸਾਰੇ ਤਿਆਰ ਹੋ ਜਾਵੇ, ਨਹੀਂ ਤਾਂ ਅਮਲਤਾਸ ਦੀ ਰੁੱਤ ਸਾਲ ਬਾਅਦ ਹੀ ਆਵੇਗੀ, ਤੇ ਰੁੱਖਾਂ ਤੋਂ ਮਿਲਣ ਵਾਲੀ ਆਕਸੀਜਨ ਵੀ ਸਾਲ ਲੇਟ ਹੋ ਜਾਵੇਗੀ। ਸਾਲ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ, ਜੀਵਨ ਵਿਚ ਬਹੁਤ ਕੁਝ ਬਦਲ ਜਾਂਦਾ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਹਾੜ੍ਹੀ ਵਿਚ ਕਿਸਾਨ ਕਣਕ ਅਤੇ ਛੋੋਲਿਆਂ ਦੀ ਰਲਵੀਂ ਫਸਲ ਵੀ ਬੀਜ ਲੈਂਦੇ ਸਨ, ਇਸ ਨੂੰ 'ਬੇਰੜਾ' ਕਿਹਾ ਜਾਂਦਾ ਸੀ, ਬੇਰੜੇ ਦੇ ਦਾਣੇ ਕੱਢ ਕੇ ਤੇ ਛਾਣ ਕੇ ਕਣਕ ਤੇ ਛੋੋਲੇ ਵੱਖ ਵੱਖ ਕਰ ਲਏ ਜਾਂਦੇ ਸਨ, ਛੋਲੇ ਕੱਟ ਕੇ ਸੁਕਾ ਕੇ ਤੇ ਖਿਲਾਰ ਕੇ ਉਨ੍ਹਾਂ 'ਤੇ ਗੋਲ ਦਾਇਰੇ ਵਿਚ ਪਸ਼ੂ ਘੁਮਾ ਕੇ ਛੋਲਿਆਂ ਨੂੰ ਗਾਹ ਲਿਆ ਜਾਂਦਾ ਸੀ, ਇਸ ਨੂੰ ਮੇੜ੍ਹ ਪਾਉਣਾ ਕਿਹਾ ਜਾਂਦਾ ਸੀ।
ਜਦੋਂ ਕਿਸਾਨ ਕਣਕ ਦੀ ਕਟਾਈ ਕਰਦੇ ਸਨ ਤਾਂ ਕੱਟੀ ਹੋਈ ਕਣਕ ਦੀਆਂ ਭਰੀਆਂ ਬੰਨ੍ਹਣ ਤੋਂ ਬਾਅਦ ਮਜ਼ਦੂਰ ਵਰਗ ਦੀਆਂ ਔਰਤਾਂ ਤੇ ਨਿਆਣੇ ਖੇਤਾਂ ਵਿਚ ਖਿੱਲਰੇ ਕਣਕ ਦੇ ਸਿੱਟੇ ਇਕੱਠੇ ਕਰ ਲੈਂਦੇ ਸਨ, ਇਸ ਨੂੰ 'ਸਿਲਾ ਚੁਗਣਾ' ਕਿਹਾ ਜਾਂਦਾ ਸੀ, ਕਣਕ ਕਟਾਈ ਦੇ ਅੰਤ ਸਮੇਂ ਕਿਸਾਨ ਦੋੋ ਢਾਈ ਮਰਲੇ ਕਣਕ ਸਿਲ਼ਾ ਚੁਗਣ ਵਾਲਿਆਂ ਲਈ ਖੜ੍ਹੀ ਰਹਿਣ ਦਿੰਦੇ ਸਨ ਤੇ ਇਸ ਨੂੰ 'ਮਰੂੰਡਾ ਛੱਡਣਾ' ਕਿਹਾ ਜਾਂਦਾ ਸੀ।
ਗਰਮੀਆਂ ਵਿਚ ਕਈ ਕਿਸਾਨ ਕਨਾਲ ਜਾਂ ਦਸ ਮਰਲੇ ਖਰਬੂਜ਼ੇ, ਹਦਵਾਣੇ ਬੀਜ ਲੈਂਦੇ ਸਨ, ਪੈਦਾ ਕੀਤੇ ਇਸ ਫਲ ਨੂੰ ਲੋੋਕ ਬਹੁਤ ਪਸੰਦ ਕਰਦੇ ਸਨ, ਖਰਬੂਜ਼ੇ ਹਦਵਾਣੇ ਕਈ ਵਾਰ ਨਵੇਂ ਬੀਜੇ ਗੰਨੇ ਵਿਚ ਵੀ ਬੀਜ ਦਿੰਦੇ ਸਨ, ਜੇਠ ਹਾੜ੍ਹ ਦੀ ਸੰਗਰਾਂਦ ਤੱਕ ਖਰਬੂਜ਼ੇ ਖਾਧੇ ਜਾਂਦੇ ਤੇ ਫਿਰ ਕਿਸਾਨ ਆਮ ਲੋੋਕਾਂ ਨੂੰ ਖਰਬੂਜ਼ੇ ਤੋੋੜਨ ਦੀ ਖੁੱਲ੍ਹ ਦੇ ਦਿੰਦੇ ਸਨ, ਇਸ ਨੂੰ ਖਰਬੂਜ਼ਿਆਂ ਦਾ ਵਾੜਾ ਉਜਾੜਨ ਦਾ ਨਾਂਅ ਦਿੱਤਾ ਜਾਂਦੇ ਸੀ, ਗਰਮੀਆਂ 'ਚ ਆਮ ਲੋੋਕ ਖਰਬੂਜ਼ੇ ਖਾ ਕੇ ਜੰਕ ਫੂਡ ਆਦਿ ਦੇ ਥਾਂ ਸ਼ੱਕਰ ਦਾ ਠੰਢਾ ਮਿੱਠਾ ਸ਼ਰਬਤ ਪੀਂਦੇ ਸਨ ਤੇ ਸਿਹਤਮੰਦ ਰਹਿੰਦੇ ਸਨ।
ਆਪਸ ਵਿਚ ਕਿਸਾਨਾਂ ਦਾ ਮੇਲ ਮਿਲਾਪ ਵੀ ਬੇਮਿਸਾਲ ਹੁੰਦਾ ਸੀ, ਕਈ ਵਾਰ ਕਿਸਾਨਾਂ ਦੇ ਦੋ ਪਰਿਵਾਰ ਰਲ ਕੇ ਵੀ ਖੇਤੀ ਦਾ ਕੰਮ ਕਰਦੇ ਹੁੰਦੇ ਸਨ ਅਤੇ ਕਣਕ ਦੀ ਵਾਢੀ ਦੇ ਦਿਨਾਂ ਵਿਚ ਕਿਸੇ ਕਾਰਨ ਕਰਕੇ ਜੇ ਕਿਸੇ ਕਿਸਾਨ ਦੀ ਕਣਕ ਕਟਾਈ ਕਰਨ ਤੋਂ ਰਹਿ ਜਾਂਦੀ ਤਾਂ ਪਿੰਡ ਤੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਉਸ ਦੀ ਕਣਕ ਵੱਢ ਕੇ ਤੇ ਭਰੀਆਂ ਬੰਨ੍ਹ ਕੇ ਖਿਲਵਾੜਿਆਂ ਵਿਚ ਲਾ ਦਿੰਦੇ, ਇਉਂ ਕਣਕ ਵੱਢਣ ਦੇ ਕੰਮ ਨੂੰ'ਆਵਤ'ਕਿਹਾ ਜਾਂਦਾ ਸੀ ਆਵਤ ਨਾਲ ਕਣਕ ਦੀ ਕਟਾਈ ਕਰਾਉਣ ਵਾਲੇ ਕਿਸਾਨ ਪਰਿਵਾਰ ਵਲੋਂ ਆਵਤੀ ਕਿਸਾਨਾਂ ਦੀ ਖੂਬ ਸੇਵਾ ਖਾਤਰ ਕੀਤੀ ਜਾਂਦੀ ਸੀ।
ਪਿੰਡ ਵਿਚ ਜੇ ਕਿਸੇ ਕਿਸਾਨ ਦੀ ਖਲਵਾੜਿਆਂ'ਚ ਪਈ ਜਾਂ ਖੇਤਾਂ'ਚ ਖੜ੍ਹੀ ਪੱਕੀ ਕਣਕ ਨੂੰ ਕਿਸੇ ਕਾਰਨ ਕਰਕੇ ਅੱਗ ਲੱਗ ਜਾਂਦੀ ਤਾਂ ਪਿੰਡ ਦੇ ਸਾਰੇ ਮਿੱਤਰ ਦੁਸ਼ਮਣ ਕਿਸਾਨਾਂ ਦੇ ਹਰ ਪਰਿਵਾਰ ਵੱਲੋਂ ਪੀੜਤ ਕਿਸਾਨਾਂ ਨੂੰ ਦੋ ਦੋ ਤਿੰਨ ਤਿੰਨ ਭਰੀਆਂ ਕਣਕ ਦੀਆਂ ਆਪ ਗੱਡੇ ਜਾਂ ਸਿਰਾਂ 'ਤੇ ਰੱਖ ਕੇ ਦੇਣ ਦਾ ਰਿਵਾਜ ਪ੍ਰਚੱਲਤ ਸੀ ।
ਪੁਰਾਣੇ ਪੰਜਾਬ ਦੇ ਕਿਸਾਨ ਆਪਣੇ ਬਲਦਾਂ ਤੇ ਗਾਵਾਂ ਮੱਝਾਂ ਨਾਲ ਬਹੁਤ ਪਿਆਰ ਕਰਦੇ ਸਨ ਤੇ ਇਨ੍ਹਾਂ ਦੀਆਂ ਲੋੜਾਂ ਤੇ ਸੇਵਾ ਖਾਤਰ ਦਾ ਵਿਸ਼ੇਸ ਧਿਆਨ ਰੱਖਦੇ ਸਨ ਹਲ ਵਾਹੁਣ, ਸੁਹਾਗੇ ਦੇਣ, ਗੱਡੇ ਖਿੱਚਣ, ਚਰਸ ਚਲਾਉਣ ਤੇ ਖੇਤੀ ਦੇ ਹੋਰ ਕਈ ਕੰਮ ਬਲਦਾਂ ਤੋਂ ਹੀ ਲਏ ਜਾਂਦੇ ਸਨ ਤੇ ਬਲਦਾਂ ਦੇ ਅਰਾਮ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸੀ, ਸੰਗਰਾਂਦ ਵਾਲੇ ਦਿਨ ਕਿਸੇ ਵੀ ਲੋੜ ਲਈ ਬਲਦਾਂ ਨੂੰ ਨਹੀਂ ਸੀ ਜੋੜਿਆ ਜਾਂਦਾ ਤੇ ਉਨ੍ਹਾਂ ਨੂੰ ਅਰਾਮ ਦਾ ਮੌਕਾ ਦਿੱਤਾ ਜਾਂਦਾ ਸੀ।
ਪੰਜਾਬ ਵਿਚ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ, ਕਿਸਾਨ ਸੁਆਣੀਆਂ ਜਦੋਂ ਲੌਢੇ ਵੇਲੇ ਲਵੇਰੀਆਂ ਲਈ ਵੰਡ (ਪੇੜੇ) ਦੇ ਲੁਹਾਂਡੇ (ਬੱਠਲ) ਸਿਰਾਂ ਉੱਪਰ ਰੱਖ ਕੇ ਲਵੇਰੀਆਂ ਲਈ ਹਵੇਲੀਆਂ ਕੋਲ ਪਹੁੰਚਦੀਆਂ ਤਾਂ ਲਵੇਰੀਆਂ ਉਨ੍ਹਾਂ ਨੂੰ ਆਪਣੀਆਂ ਮਾਵਾਂ ਵਾਂਗ ਉਡੀਕਣ ਤੋਂ ਬਾਅਦ ਕੋੋਲ ਆਉਣ 'ਤੇ ਖ਼ੁਸ਼ ਹੁੰਦੀਆਂ। ਕਿਸਾਨ ਸੁਆਣੀਆਂ ਆਪਣੇ ਹੱਥੀਂ ਲਵੇਰੀਆਂ ਦੇ ਦੁੱਧ ਚੋਂਦੀਆਂ ਤੇ ਇਹ ਦੁੱਧ ਦਧੂਨਿਆਂ ਵਿਚ ਪਾ ਕੇ ਤੇ ਉੱਪਰ ਕਾੜ੍ਹਨੀਆਂ (ਛੇਕਾਂ ਵਾਲਾ ਢੱਕਣ) ਦੇ ਕੇ ਭੜੋਲੀਆਂ ਵਿਚ ਪਾਥੀਆਂ ਦੀ ਰੇਣ ਚਿਣ ਕੇ ਕਾੜ੍ਹਦੀਆਂ ਤੇ ਇਸ ਰੇਣ'ਤੇ ਦੁੱਧ ਕਾੜ ਕੇ ਰਾਤ ਨੂੰ ਠੰਢਾ ਕਰਕੇ ਦਹੀਂ ਦੀ ਫੁੱਟੀ ਦਾ ਜਾਗ ਲਾ ਦਿੰਦੀਆਂ ਤੇ ਸਵੇਰ ਨੂੰ ਇਹ ਦੁੱਧ ਰਿੜਕਦੀਆਂ ਤੇ ਚਾਟੀ ਵਿਚੋਂ ਅਧਰਿੜਕੇ ਦੇ ਗਿਲਾਸ ਭਰ ਕੇ ਨੌਜਵਾਨਾਂ ਨੂੰ ਪੀਣ ਲਈ ਦਿੰਦੀਆਂ, ਮੱਖਣ ਕੱਢ ਕੇ ਆਪਣੇ ਮੱਖਣ ਨਾਲ ਲਿਬੜੇ ਹੱਥਾਂ ਦੀ ਮਾਲਿਸ਼ ਆਪਣੀਆਂ ਲੱਤਾਂ ਬਾਹਾਂ ਉੱਪਰ ਕਰਦੀਆਂ ਤੇ ਸਰੀਰ ਸਰੀਏ ਵਰਗੇ ਮਜ਼ਬੂਤ ਹੁੰਦੇ ਸਨ। ਆਮ ਘਰਾਂ ਵਿਚ ਘਿਓ ਦੀਆਂ ਚਾਟੀਆਂ ਭਰੀਆਂ ਰਹਿੰਦੀਆਂ ਸਨ, ਆਮ ਨੌਜਵਾਨ ਚਾਹ ਨਹੀਂ ਗਿਲਾਸ ਤੇ ਛੰਨੇ ਭਰ ਭਰ ਕੇ ਦੁੱਧ ਦੇ ਪੀਂਦੇ, ਮੱਖਣ ਘਿਓ ਦੀ ਖੁੱਲ੍ਹੀ ਵਰਤੋਂ ਕਰਦੇ ਨੌਜਵਾਨਾਂ ਦੇ ਸਰੀਰ ਸ਼ਾਹ ਲੱਕੜੀ ਦੇ ਮੋਛਿਆਂ ਵਰਗੇ ਮਜ਼ਬੂਤ ਹੁੰਦੇ ਸਨ ਤੇ ਇਹ ਨੌਜਵਾਨ ਖੇਤੀ ਦੇ ਆਪਣੇ ਰੁਝੇਵੇਂ ਨਿਬੇੜ ਕੇ ਸ਼ਾਮ ਨੂੰ ਕਿਸੇ ਨਾ ਕਿਸੇ ਖਾਲੀ ਖੇਤ ਵਿਚ ਰਲ ਕੇ ਕਬੱਡੀਆਂ ਖੇਡਦੇ, ਦੇਸੀ ਤੇਲ ਨਾਲ ਮਾਲਿਸ਼ਾਂ ਕਰਕੇ ਡੰਡ ਬੈਠਕਾਂ ਕੱਢਦੇ, ਛਿੰਝਾਂ ਵਿਚ ਕੁਸ਼ਤੀਆਂ ਲੜਨ ਤੇ ਵੇਖਣ ਲਈ ਹੁੰਮ ਹੁੰਮਾ ਕੇ ਪਹੁੰਚਦੇ, ਹਮੇਸ਼ਾਂ ਖ਼ੁਸ਼, ਸੰਤੁਸ਼ਟ ਤੇ ਆਸਵੰਦ ਰਹਿੰਦੇ ਸਨ। ਪੁਰਾਣੇ ਪੰਜਾਬ ਵਿਚ ਪੇਂਡੂ ਔੌਰਤਾਂ ਤੜਕੇ ਉੱਠ ਕੇ ਕੰਮ ਵਿਚ ਲੱਗ ਜਾਂਦੀਆਂ ਸਨ, ਕਿਸਾਨ ਬੀਬੀਆਂ ਤਾਂ ਖੇਤਾਂ ਵਿਚ ਜਾ ਕੇ ਕਪਾਹਾਂ ਚੁਗਦੀਆਂ, ਛੱਲੀਆਂ ਕੱਢਦੀਆਂ, ਚਰ੍ਹੀ ਬਾਜਰੇ ਦੇ ਸਿੱਟੇ ਤੋੜਦੀਆਂ ਤੇ ਕੁੱਟ ਕੇ ਸਾਫ਼ ਕਰਦੀਆਂ, ਸਰ੍ਹੋੋਂ ਝਾੜ ਕੇ ਸਾਫ਼ ਕਰਦੀਆਂ ਤੇ ਖੇਤੀਬਾੜੀ ਦੇ ਹੋੋਰ ਅਨੇਕਾਂ ਕੰਮ ਕਰਦੀਆਂ ਸਨ। ਚੁਗੀ ਹੋੋਈ ਕਪਾਹ ਨੂੰ ਬਹੁਤੀ ਹੋੋਵੇ ਤਾਂ ਗੱਡੇ 'ਤੇ ਰੱਖ ਕੇ ਥੋੜ੍ਹੀ ਹੋੋਵੇ ਤਾਂ ਉਸ ਦੀਆਂ ਪੰਡਾਂ ਸਿਰਾਂ 'ਤੇ ਰੱਖ ਕੇ ਨੇੜੇ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਲਿਜਾ ਕੇ ਕਪਾਹ ਵਲਾਉਂਦੀਆਂ ਤੇ ਰੂੰਅ ਕਰਵਾ ਕੇ ਘਰਾਂ ਨੂੰ ਲਿਆਉਂਦੀਆਂ ਫੇਰ ਇਸ ਰੂੰਅ ਦੀਆਂ ਪੂਣੀਆਂ ਵੱਟ ਕੇ ਚਰਖਿਆਂ 'ਤੇ ਕੱਤਦੀਆਂ ਤੇ ਪਿੱਛੋਂ ਅਟੇਰਨ ਨਾਲ ਅਟੇਰ ਕੇ ਸੂਤ ਦੀਆਂ ਗੁੱਛੀਆਂ ਬਣਾ ਕੇ ਪਿੰਡ ਦੇ ਬੁਣਕਰਾਂ ਨੂੰ ਦੇ ਦਿੰਦੀਆਂ। ਬੁਣਕਰ ਇਸ ਸੂਤ ਤੋਂ ਖੱਦਰ ਦੇ ਕੱਪੜੇ ਤਿਆਰ ਕਰਦੇ ਇਹ ਕੱਪੜੇ ਗਰਮੀਆਂ ਵਿਚ ਠੰਢੇ ਤੇ ਸਰਦੀਆਂ ਵਿਚ ਗਰਮ ਰਹਿੰਦੇ, ਇਨ੍ਹਾਂ ਕੱਪੜਿਆਂ ਨੂੰ ਪਹਿਨਣ ਨਾਲ ਕਦੇ ਵੀ ਸਰੀਰਾਂ ਨੂੰ ਚਮੜੀ ਦੇ ਰੋਗ ਨਹੀਂ ਸਨ ਲਗਦੇ। ਲਗਪਗ ਹਰ ਪਰਿਵਾਰ ਵਿਚ ਔਰਤਾਂ ਘਰੇਲੂ ਚੱਕੀ ਨਾਲ ਆਟਾ ਪੀਂਹਦੀਆਂ ਸਨ, ਜਿਸ ਕਰਕੇ ਉਨ੍ਹਾਂ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਸਨ, ਜ਼ਿਆਦਾ ਆਟੇ ਦੀ ਲੋੋੜ ਹੋੋਵੇ ਤਾਂ ਪਿੰਡ ਵਿਚ ਖਰਾਸ ਹੁੰਦੇ ਸਨ ਜਿਹੜੇ ਬਲਦ ਜਾਂ ਊਠ ਜੋੋੜ ਕੇ ਚਲਾਏ ਜਾਂਦੇ ਸਨ। ਪਿੰਡਾਂ ਵਿਚ ਹਰ ਸ਼ਾਮ ਨੂੰ ਇਕ ਵਿਸ਼ੇਸ਼ ਵਰਗ ਦੀਆਂ ਔਰਤਾਂ ਭੱਠੀਆਂ ਚਾਲੂ ਕਰਕੇ ਮੱਕੀ ਅਤੇ ਛੋੋਲਿਆਂ ਦੇ ਦਾਣੇ ਭੁੰਨਣ ਦਾ ਕੰਮ ਕਰਦੀਆਂ ਸਨ, ਮੱਕੀ ਦੇ ਦਾਣੇ ਅਤੇ ਲੂਣ ਲਾ ਕੇ ਛੋੋਲਿਆਂ ਦੇ ਦਾਣੇ ਖਾਣ ਲਈ ਪਸੰਦ ਕੀਤੇ ਜਾਂਦੇ ਸਨ, ਜੋੋ ਭੁੱਜੇ ਦਾਣੇ ਖਿੜ ਜਾਂਦੇ ਉਨ੍ਹਾਂ ਨੂੰ ਖਿੱਲਾਂ ਤੇੇ ਅਣਖਿੜਿਆਂ ਨੂੰ 'ਰੋੋੜੇ' ਕਿਹਾ ਜਾਂਦਾ ਸੀ ਅੱਧ ਪੱਕੇ ਭੁੱਜੇ ਦਾਣਿਆਂ ਨੂੰ 'ਆਭੂ' ਕਿਹਾ ਜਾਂਦਾ ਸੀ। ਦਾਣੇ ਭੁੰਨਣ ਵਾਲੀਆਂ ਔੌਰਤਾਂ ਵਜ਼ਨ ਮੁਤਾਬਕ ਥੋੋੜ੍ਹੇ ਜਿਹੇ ਦਾਣੇ ਮਿਹਨਤ ਦੇ ਰੂਪ ਵਿਚ ਰੱਖ ਲੈਂਦੀਆ ਸਨ, ਜਿਸ ਨੂੰ 'ਭਾੜਾ' ਕਿਹਾ ਜਾਂਦਾ ਸੀ।
ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਲੋੋਕ ਅੱਗੇ ਹੋੋ ਕੇ ਦਿਲੋਂ ਇਕ ਦੂਜੇ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਸਨ, ਜੇ ਕਿਸੇ ਪਰਿਵਾਰ ਵਿਚ ਕੋੋਈ ਮੁਸ਼ਕਿਲ ਜਾਂ ਕੁਦਰਤੀ ਆਫ਼ਤ ਆ ਜਾਂਦੀ ਸੀ ਤਾਂ ਪਹਿਲਾਂ ਸਾਰਾ ਪਰਿਵਾਰ ਤੇ ਫੇਰ ਸਾਰਾ ਭਾਈਚਾਰਾ ਇਕੱਠੇ ਬੈਠ ਕੇ ਮੁਸ਼ਕਿਲਾਂ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਸਬੰਧਿਤ ਪ੍ਰਵਾਰ ਦੀ ਮਦਦ ਕਰਦਾ ਸੀ, ਕਣਕ ਗਹਾਈ ਦੇ ਦਿਨਾਂ ਵਿਚ ਜੇ ਕਿਸੇ ਕਿਸਾਨ ਨੇ ਤੂੜੀ ਦਾਣੇ ਇਕੱਠੇ ਕਰਕੇ ਧੜ ਲਾਈ ਹੋਣੀ ਤੇ ਪੱਛੋਂ ਦੀ ਹਵਾ ਚੱਲ ਪੈਣੀ ਤਾਂ ਆਲੇ ਦੁਆਲੇ ਦੇ ਕਿਸਾਨ ਆਪਣੇ ਕੰਮ ਛੱਡ ਕੇ ਆਪਣੀਆਂ ਤੰਗਲੀਆਂ ਲੈ ਕੇ ਬਿਨਾਂ ਸੱਦੇ ਧੜ ਉਡਾਉਣ ਲਈ ਧੜ 'ਤੇ ਚੜ੍ਹ ਜਾਂਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਸੰਪਰਕ : 94632-33991.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX