ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਸਾਡੀ ਸਿਹਤ

ਯਾਦ ਕਿਉਂ ਨਹੀਂ ਰਹਿੰਦਾ?

ਅੱਜ ਦੇ ਭੌਤਿਕ ਅਤੇ ਕੰਪਿਊਟਰ ਯੁੱਗ ਵਿਚ ਵਿਅਕਤੀ ਵੀ ਕੰਪਿਊਟਰ ਬਣ ਕੇ ਹਰ ਕੰਮ ਬਹੁਤ ਛੇਤੀ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਦਿਮਾਗ 'ਤੇ ਦਬਾਅ, ਤਣਾਅ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ ਅਤੇ ਯਾਦ ਸ਼ਕਤੀ ਘਟਦੀ ਜਾ ਰਹੀ ਹੈ। ਲੋਕ ਪ੍ਰੇਸ਼ਾਨ ਹਨ ਕਿ ਯਾਦਦਾਸ਼ਤ ਕਿਵੇਂ ਵਧੇ?
ਯਾਦਦਾਸ਼ਤ ਦੀ ਕਮੀ ਦੇ ਕਾਰਨ
ਸਿਹਤ ਦੀ ਦ੍ਰਿਸ਼ਟੀ ਤੋਂ ਸਰੀਰਕ ਅਤੇ ਮਾਨਸਿਕ ਕਮਜ਼ੋਰੀ, ਅਤਿ ਚੰਚਲਤਾ, ਇਕਾਗਰਤਾ ਦੀ ਕਮੀ, ਖਾਣ-ਪੀਣ 'ਚ ਵਾਧਾ-ਘਾਟਾ।
ਕਿਵੇਂ ਯਾਦ ਰੱਖੀਏ
ਬਹੁਤ ਜ਼ਿਆਦਾ ਚਿੰਤਨ ਮਨਨ, ਮਨ ਵਿਚ ਯਾਦ ਰੱਖਣ ਯੋਗ ਗੱਲਾਂ ਦਾ ਚਿੱਤਰ ਬਣਾਉਣਾ, ਇਕ ਗੱਲ ਦਾ ਸਬੰਧ ਹੋਰ ਗੱਲ ਨਾਲ ਬਣਾਈ ਰੱਖਣਾ, ਵਾਰ-ਵਾਰ ਦੁਹਰਾਉਣਾ, ਲੰਬੀ ਅਤੇ ਜਟਿਲ ਸਮੱਗਰੀ ਅਤੇ ਸੰਖੇਪ ਕਰਨਾ, ਮਿੰਟ ਬਾਅਦ ਪ੍ਰਮੁੱਖ ਤੱਤਾਂ ਨੂੰ ਮੁੜ ਦੁਹਰਾਉਣਾ, ਮਨ ਦੀ ਇਕਾਗਰਤਾ।
ਯਾਦਦਾਸ਼ਤ ਕਿਵੇਂ ਵਧੇ
* ਕਿਸੇ ਵੀ ਤਰ੍ਹਾਂ ਦਾ ਤਣਾਅ ਨਾ ਰੱਖੋ।
* ਖਾਲੀ ਸਮਾਂ ਆਲਸ ਜਾਂ ਗੱਪ-ਸ਼ੱਪ ਵਿਚ ਨਾ ਬਿਤਾਓ।
* ਕਲਾਸ ਵਿਚ ਜੋ ਪੜ੍ਹਾਇਆ ਜਾਣਾ ਹੈ, ਉਸ ਨੂੰ ਪਹਿਲਾਂ ਹੀ ਪੜ੍ਹ ਕੇ ਜਾਓ।
* ਕਲਾਸ ਵਿਚ ਜੋ ਸਮਝਾਇਆ ਜਾਵੇ, ਉਸ ਨੂੰ ਧਿਆਨ ਨਾਲ ਸੁਣੋ ਅਤੇ ਚੇਤੇ ਰੱਖੋ।
* ਘਰ ਆ ਕੇ ਨੋਟਿਸ ਤਿਆਰ ਕਰੋ।
* ਯਾਦ ਕੀਤਾ ਹੋਇਆ ਵਿਸ਼ਾ ਲਿਖ ਕੇ ਦੇਖੋ।
* ਕੁਝ ਦੇਰ ਮਨ ਨੂੰ ਸਥਿਰ ਰੱਖਣ ਵਾਲੀ ਕਸਰਤ ਕਰੋ।
* ਹਲਕੇ ਸੰਗੀਤ ਦੇ ਨਾਲ ਅਧਿਐਨ ਜਾਰੀ ਰੱਖੋ।
* ਘਰ ਦੇ ਕਿਸੇ ਮੈਂਬਰ, ਮਿੱਤਰ ਜਾਂ ਸਹਿਪਾਠੀ ਨੂੰ ਪ੍ਰਸ਼ਨ ਪੁੱਛਣ ਲਈ ਕਹੋ ਅਤੇ ਆਪ ਉੱਤਰ ਦਿਓ। ਇਕ ਵਾਰ ਕਿਸੇ ਪੂਰੀ ਪੁਸਤਕ ਨੂੰ ਦੇਖ ਕੇ ਯਾਦ ਕਰਨਾ ਔਖਾ ਲਗਦਾ ਹੈ ਪਰ ਪਾਠ-ਪਾਠ, ਅਧਿਆਇ-ਅਧਿਆਇ ਅੱਗੇ ਵਧਦੇ ਜਾਓ। ਪੂਰੀ ਪੁਸਤਕ ਯਾਦ ਕਰ ਲਓਗੇ। ਜਦੋਂ ਵੀ ਸਮਾਂ ਮਿਲੇ, ਪੁਸਤਕ ਦੇ ਪੰਨੇ ਪਲਟ ਕੇ ਯਾਦ ਕੀਤੀਆਂ ਗੱਲਾਂ ਮੁੜ ਦੁਹਰਾ ਲਓ।
ਕੀ ਖਾਈਏ : ਭੋਜਨ ਦਿਮਾਗ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਹ ਯਾਦਦਾਸ਼ਤ ਵਧਾਉਣ ਵਿਚ ਸਹਾਇਕ ਹੁੰਦਾ ਹੈ। ਪਚਣਯੋਗ, ਹਲਕਾ, ਸੰਤੁਲਤ, ਪੌਸ਼ਟਿਕ ਭੋਜਨ ਨਿਯਮਤ ਸਮੇਂ ਸਿਰ ਕਰੋ। ਪੱਤੇਦਾਰ ਸਬਜ਼ੀਆਂ, ਸਲਾਦ, ਦੁੱਧ, ਦਹੀਂ, ਦਾਲ, ਪੱਤਾ ਗੋਭੀ, ਫੁੱਲ ਗੋਭੀ, ਸੌਂਫ, ਗੁੜ, ਤਿਲ, ਪਾਲਕ, ਲੌਕੀ, ਜਾਮਣ, ਸਟ੍ਰਾਬੇਰੀ, ਨਾਰੀਅਲ, ਲੀਚੀ, ਅੰਬ, ਸੇਬ, ਸੰਤਰਾ, ਟਮਾਟਰ ਆਦਿ ਖਾਓ।
ਸਹਾਇਕ ਉਪਾਅ
ਦਿਮਾਗੀ ਕੰਮ ਕਰਨ ਵਾਲੇ ਯਾਦਦਾਸ਼ਤ ਲਈ ਪ੍ਰੋਟੀਨ (ਦਾਲ ਦਲਹਨ) ਜ਼ਿਆਦਾ ਖਾਣ। ਭਿੱਜੇ ਬਦਾਮ ਨੂੰ ਪੀਸ ਕੇ ਸਵੇਰੇ ਖਾਣ। ਖਰਬੂਜ਼ੇ ਦੀ ਮੀਂਗੀ ਯਾਦਦਾਸ਼ਤ ਵਧਾਉਂਦੀ ਹੈ। ਅਖਰੋਟ ਜਾਂ ਬਦਾਮ ਕਿਸੇ ਵੀ ਰੂਪ ਵਿਚ ਖਾਓ। ਔਲੇ ਦਾ ਮੁਰੱਬਾ, ਅੰਗੂਰ, ਸਵੇਰ ਵੇਲੇ ਇਕ ਜਾਂ ਦੋ ਸੇਬ ਖਾ ਕੇ ਗਰਮ ਦੁੱਧ ਪੀਣ ਜਾਂ 15 ਮਿੰਟ ਬਾਅਦ ਭੋਜਨ ਕਰਨ ਨਾਲ ਪ੍ਰਾਪਤ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡ੍ਰੇਟ, ਆਕਸਾਈਡ ਯਾਦਦਾਸ਼ਤ ਵਧਾਉਂਦੇ ਹਨ। ਸੌਂਫ ਅਤੇ ਮਿਸ਼ਰੀ ਨੂੰ ਵੱਖ-ਵੱਖ ਕੁੱਟ ਕੇ ਬਰਾਬਰ ਮਾਤਰਾ ਵਿਚ ਮਿਲਾ ਕੇ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਭੋਜਨ ਕਰਨ ਤੋਂ ਬਾਅਦ ਇਕ-ਇਕ ਚਮਚ ਲੈਣ ਨਾਲ ਬੁੱਧੀ ਵਧਦੀ ਹੈ। ਲੌਕੀ ਦੀ ਸਬਜ਼ੀ ਖਾਣ ਅਤੇ ਤੇਲ ਸਿਰ ਵਿਚ ਲਗਾਉਣ ਨਾਲ ਯਾਦਦਾਸ਼ਤ ਵਧਦੀ ਹੈ। ਭਿੱਜੇ ਉੜਦ ਨੂੰ ਪੀਸ ਕੇ, ਦੁੱਧ, ਸ਼ੱਕਰ ਮਿਲਾ ਕੇ ਲੈਣ ਨਾਲ ਦਿਮਾਗ ਦੀ ਸਮਰੱਥਾ ਵਧਦੀ ਹੈ।
ਕੀ ਨਾ ਖਾਈਏ : ਕੜਕ ਚਾਹ ਅਤੇ ਨਸ਼ੇ ਤੋਂ ਦੂਰ ਰਹੋ। ਤੰਬਾਕੂ, ਗੁਟਕਾ ਨਾ ਖਾਓ।
ਸਹਾਇਕ ਉਪਾਅ ਕੀ ਕਰੀਏ
ਹਰ ਰੋਜ਼ ਸਵੇਰੇ ਖੁੱਲ੍ਹੀ ਹਵਾ ਵਿਚ ਘੁੰਮਣ ਜਾਓ। ਦਿਲਚਸਪ ਕਸਰਤ ਨਿਯਮਤ ਕਰੋ। ਗੱਲਾਂ ਅਤੇ ਪਾਠ ਨੂੰ ਇਕਾਗਰਤਾ ਅਤੇ ਮਨੋਯੋਗ ਨਾਲ ਯਾਦ ਕਰੋ। ਭਰਪੂਰ ਨੀਂਦ ਲਓ। ਖਾਣ-ਪੀਣ, ਕਸਰਤ, ਆਰਾਮ ਵਿਚ ਸੰਜਮ ਹੋਵੇ। ਵਿਚ-ਵਿਚ ਮਨੋਰੰਜਨ ਵੀ ਕਰਦੇ ਰਹੋ। ਦਿਨ ਵਿਚ ਜ਼ਿਆਦਾ ਨਾ ਸੌਵੋਂ। ਦੇਰ ਰਾਤ ਤੱਕ ਨਾ ਜਾਗੋ। ਸੂਰਜ ਚੜ੍ਹਨ ਤੋਂ ਦੋ ਘੰਟੇ ਪਹਿਲਾਂ ਉਠ ਕੇ ਯਾਦ ਕਰੋ। ਤਣਾਅ, ਕ੍ਰੋਧ, ਚਿੰਤਾ ਤੋਂ ਦੂਰ ਰਹੋ। ਆਪਣੀ ਯਾਦਦਾਸ਼ਤ ਨੂੰ ਲੈ ਕੇ ਪ੍ਰੇਸ਼ਾਨ ਨਾ ਰਹੋ। ਸਮੇਂ ਨੂੰ ਆਪਣੇ ਅਨੁਸਾਰ ਵਰਤੋ। ਲਾਭ ਜ਼ਰੂਰ ਮਿਲੇਗਾ।


ਖ਼ਬਰ ਸ਼ੇਅਰ ਕਰੋ

ਪੋਸ਼ਕ ਤੱਤਾਂ ਦਾ ਭੰਡਾਰ ਮੋਟਾ ਅਨਾਜ

ਹਾਲ ਹੀ ਵਿਚ ਸਰਕਾਰ ਨੇ 2018 ਨੂੰ ਮੋਟੇ ਅਨਾਜ ਦਾ ਸਾਲ ਐਲਾਨਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਜਵਾਰ ਅਤੇ ਬਾਜਰਾ ਵਰਗੇ ਮੋਟੇ ਅਨਾਜਾਂ ਵਿਚ ਭਰਪੂਰ ਪੋਸ਼ਕ ਤੱਤ ਹੁੰਦੇ ਹਨ ਅਤੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੰਭਾਲ ਲਈ ਇਨ੍ਹਾਂ ਅਨਾਜਾਂ ਨੂੰ ਬੜਾਵਾ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਸਕੂਲਾਂ ਵਿਚ ਦਿੱਤੇ ਜਾਂਦੇ ਭੋਜਨ ਵਿਚ ਵੀ ਮੋਟੇ ਅਨਾਜ ਦੀ ਵਰਤੋਂ ਕਰੇਗੀ ਤਾਂ ਜੋ ਬੱਚਿਆਂ ਨੂੰ ਚੰਗਾ ਪੋਸ਼ਣ ਮਿਲ ਸਕੇ।
ਛੋਲੇ, ਕਣਕ, ਮਟਰ, ਮੂੰਗੀ, ਚੌਲ, ਬਾਜਰਾ, ਜੌਂ, ਮੱਕਾ, ਜਵਾਰ, ਰੌਂਗੀ, ਉੜਦ ਵਗੈਰਾ ਸਾਰੇ ਤਰ੍ਹਾਂ ਦੀਆਂ ਫਸਲਾਂ ਪੁਰਾਣੇ ਸਮੇਂ ਵਿਚ ਕਾਫੀ ਵੱਡੇ ਰਕਬੇ ਵਿਚ ਉਗਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਲਘੂ ਅਨਾਜ ਵੀ ਕਿਹਾ ਜਾਂਦਾ ਸੀ। ਦਾਣਿਆਂ ਦੇ ਆਕਾਰ ਦੇ ਆਧਾਰ 'ਤੇ ਮੋਟੇ ਅਨਾਜਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਮੋਟਾ ਅਨਾਜ, ਜਿਨ੍ਹਾਂ ਵਿਚ ਜਵਾਰ ਅਤੇ ਬਾਜਰਾ ਆਉਂਦੇ ਹਨ। ਦੂਜਾ ਹੈ ਲਘੂ ਧਾਨਯ ਅਨਾਜ, ਜਿਨ੍ਹਾਂ ਵਿਚ ਬਹੁਤ ਛੋਟੇ ਦਾਣੇ ਵਾਲੇ ਮੋਟੇ ਅਨਾਜ ਜਿਵੇਂ ਰੌਂਗੀ, ਕੰਗਨੀ, ਕੋਦੋ, ਚੀਨਾ, ਸਾਂਵਾ ਅਤੇ ਕੁਟਕੀ ਵਗੈਰਾ ਆਉਂਦੇ ਹਨ। ਮੋਟੇ ਅਨਾਜਾਂ ਦੀ ਖੇਤੀ ਕਰਨ ਦੇ ਅਨੇਕ ਫਾਇਦੇ ਹਨ, ਜਿਵੇਂ ਸੋਕਾ ਸਹਿਣ ਕਰਨ ਦੀ ਸਮਰੱਥਾ, ਪੱਕਣ ਵਿਚ ਥੋੜ੍ਹਾ ਸਮਾਂ, ਰਸਾਇਣਾਂ, ਖਾਦਾਂ ਦੀ ਘੱਟ ਤੋਂ ਘੱਟ ਮੰਗ ਦੇ ਕਾਰਨ ਘੱਟ ਲਾਗਤ, ਕੀਟਾਂ ਨਾਲ ਲੜਨ ਦੀ ਰੋਗ ਪ੍ਰਤੀਰੋਧਕ ਤਾਕਤ।
ਲਘੂ ਧਾਨਯ ਫ਼ਸਲਾਂ ਵਿਚ 'ਪ੍ਰੋਸੋ ਮਿਲੇਟ' ਸਭ ਤੋਂ ਜ਼ਿਆਦਾ ਪੋਸ਼ਟਿਕ ਅਤੇ ਸਵਾਦੀ ਅਨਾਜ ਹੈ। ਇਸ ਦੀ ਖੇਤੀ ਸਾਰੇ ਤਰ੍ਹਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ। ਹੋਰ ਅਨਾਜਾਂ ਦੀ ਤੁਲਨਾ ਵਿਚ ਇਹ ਇਕ ਲਘੂ ਮੌਸਮੀ ਫ਼ਸਲ ਹੁੰਦੀ ਹੈ, ਜੋ ਬਿਜਾਈ ਤੋਂ 60 ਤੋਂ 75 ਦਿਨਾਂ ਵਿਚ ਪੱਕ ਜਾਂਦੀ ਹੈ। 'ਫਿੰਗਰ ਮਿਲੇਟ' ਲਾਲ ਰੰਗ ਦਾ ਦਾਣੇਦਾਰ ਅਨਾਜ ਹੈ। ਇਸ ਦਾ ਫ਼ਸਲ ਚੱਕਰ 3 ਤੋਂ 6 ਮਹੀਨਿਆਂ ਵਿਚ ਪੂਰਾ ਹੁੰਦਾ ਹੈ। ਦੱਸ ਦਈਏ ਕਿ ਦੱਖਣੀ ਭਾਰਤ ਵਿਚ ਇਸ ਦੀ ਖੇਤੀ ਬਹੁਤਾਤ ਵਿਚ ਕੀਤੀ ਜਾਂਦੀ ਹੈ। ਪੋਸ਼ਕ ਤੱਤਾਂ ਦੀ ਉਪਲਬਧਤਾ ਦੇ ਕਾਰਨ ਇਸ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ।
ਇਸ ਵਿਚ ਪਾਈਆਂ ਜਾਣ ਵਾਲੀਆਂ ਖੂਬੀਆਂ ਇਸ ਲਈ ਵੀ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦੀਆਂ ਹਨ, ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਅਮੀਨੋ ਅਮਲ ਪਾਏ ਜਾਂਦੇ ਹਨ, ਜਿਨ੍ਹਾਂ ਦੀ ਭਰਪਾਈ ਇਨਸਾਨ ਦੁਆਰਾ ਆਪਣੀ ਖੁਰਾਕ ਦੁਆਰਾ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਿਨ 'ਏ', ਵਿਟਾਮਿਨ 'ਬੀ' ਅਤੇ ਫਾਸਫੋਰਸ ਵੀ ਮੌਜੂਦ ਹਨ ਅਤੇ ਰੇਸ਼ਿਆਂ ਦੀ ਬਹੁਤਾਤ ਦੇ ਕਾਰਨ ਸਰੀਰ ਵਿਚ ਕਬਜ਼, ਸ਼ੂਗਰ ਅਤੇ ਅੰਤੜੀਆਂ ਦੇ ਕੈਂਸਰ ਆਦਿ ਰੋਗਾਂ ਤੋਂ ਬਚਾਅ ਕਰਨ ਵਿਚ ਵੀ ਸਮਰੱਥ ਹਨ।
ਇਹ ਘੱਟ ਪੋਸ਼ਟਿਕ ਅਨਾਜ ਗਰੀਬ ਲੋਕ ਖਾਂਦੇ ਹਨ ਪਰ ਪੋਸ਼ਕ ਤੱਤਾਂ ਦੀ ਉਪਲਬਧਤਾ ਪੱਖੋਂ ਦੇਖਿਆ ਜਾਵੇ ਤਾਂ ਇਹ ਸਾਬਤ ਹੋ ਜਾਂਦਾ ਹੈ ਕਿ ਲਘੂ ਧਾਨਯ ਅਨਾਜ ਕਣਕ ਅਤੇ ਚੌਲ ਆਦਿ ਦੀ ਤੁਲਨਾ ਵਿਚ ਇਸ ਮਾਮਲੇ ਵਿਚ ਕਾਫੀ ਸੰਘਣੀ ਹੁੰਦੀ ਹੈ। ਲਘੂ ਧਾਨਯ ਅਨਾਜ ਵਿਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਲੋਹਾ, ਵਿਟਾਮਿਨ ਅਤੇ ਹੋਰ ਖਣਿਜ ਪਦਾਰਥ ਚੌਲਾਂ ਅਤੇ ਕਣਕ ਦੀ ਤੁਲਨਾ ਵਿਚ ਦੁੱਗਣੀ ਮਾਤਰਾ ਵਿਚ ਪਾਏ ਜਾਂਦੇ ਹਨ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਇਨ੍ਹਾਂ ਅਨਾਜਾਂ ਦੀ ਪੋਸ਼ਟਿਕਤਾ ਸ੍ਰੇਸ਼ਠਤਾ ਨੂੰ ਸਮਝਾਇਆ ਹੈ। ਚੌਲਾਂ ਦੀ ਤੁਲਨਾ ਵਿਚ ਫਾਕਸ ਟੇਲਮਿਲੇਟ ਵਿਚ 81 ਫੀਸਦੀ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਵਰਤ ਦੌਰਾਨ ਖੀਰ-ਹਲਵਾ ਆਦਿ ਦੇ ਰੂਪਾਂ ਵਿਚ ਬਹੁਤੀ ਖਾਧੀ ਜਾਣ ਵਾਲੀ ਲਿਟਿਲਮਿਲੇਟ ਵਿਚ 840 ਫੀਸਦੀ ਜ਼ਿਆਦਾ ਚਰਬੀ, 340 ਫੀਸਦੀ ਰੇਸ਼ਾ ਅਤੇ 1226 ਫੀਸਦੀ ਲੋਹ ਪਾਇਆ ਜਾਂਦਾ ਹੈ।
ਕੋਦੋ ਵਿਚ 633 ਫੀਸਦੀ ਜ਼ਿਆਦਾ ਖਣਿਜ ਤੱਤ ਪਾਏ ਜਾਂਦੇ ਹਨ। ਰੌਂਗੀ ਵਿਚ 3340 ਫੀਸਦੀ ਕੈਲਸ਼ੀਅਮ ਅਤੇ ਬਾਜਰੇ ਵਿਚ 85 ਫੀਸਦੀ ਫਾਸਫੋਰਸ ਪਾਇਆ ਜਾਂਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਲਘੂ ਧਾਨਯ ਅਨਾਜ ਵਿਟਾਮਿਨਾਂ ਦਾ ਵੀ ਖਜ਼ਾਨਾ ਹੈ। ਜਿਵੇਂ ਥਾਯਮਿਨ, ਰਾਈਬੋਫਲੋਵਿਨ ਅਤੇ ਬਫੋਲਿਕ ਅਮਲ (ਬਾਜਰਾ), ਨਿਯਾਸਿਨ ਵਰਗੇ ਵਿਟਾਮਿਨ ਇਨ੍ਹਾਂ ਲਘੂ ਧਾਨਯੋਂ ਵਿਚ ਬਹੁਤਾਤ ਵਿਚ ਹੁੰਦੇ ਹਨ।
ਮੋਟਾ ਅਨਾਜ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਅਤੇ ਉਸ ਦੀ ਵਰਤੋਂ ਦੱਸਣੀ ਚਾਹੀਦੀ ਹੈ। ਇਹੀ ਸਥਿਤੀ ਜੌਂ ਵਰਗੇ ਅਨਾਜ ਦੀ ਵੀ ਹੈ। ਪੂਰੇ ਦੇਸ਼ ਵਿਚ ਇਨ੍ਹਾਂ ਅਨਾਜਾਂ ਦੀ ਬਹੁਤ ਕਮੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਮੋਟੇ ਅਨਾਜ ਦੀ ਮੰਗ ਨਹੀਂ ਹੈ। ਇਸ ਲਈ ਇਨ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਰਹੀ ਹੈ।
ਦੇਸ਼ ਵਿਚ ਮੋਟੇ ਅਨਾਜ ਨੂੰ ਬੜਾਵਾ ਦੇਣ ਲਈ ਸਰਕਾਰ ਪ੍ਰੋਤਸਾਹਨ ਯੋਜਨਾ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਇਸ ਨੂੰ ਵਿਚਕਾਰਲੇ ਭੋਜਨ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਮੋਟਾ ਅਨਾਜ ਘੱਟ ਮਿਹਨਤ ਨਾਲ ਤਿਆਰ ਹੋਣ ਵਾਲੀ ਫ਼ਸਲ ਹੈ। ਇਸ ਵਿਚ ਮਿਹਨਤ ਘੱਟ ਹੈ ਅਤੇ ਇਹ ਅਸਾਨੀ ਨਾਲ ਪੈਦਾ ਹੁੰਦਾ ਹੈ। ਇਸ ਲਈ ਇਸ ਦਾ ਮਹੱਤਵ ਘੱਟ ਅੰਕਿਆ ਜਾ ਰਿਹਾ ਹੈ। ਮੋਟੇ ਅਨਾਜ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿਚ ਲੋਹ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਜ਼ਬਰਦਸਤ ਸਮਰੱਥਾ ਸਰੀਰ ਵਿਚ ਪੈਦਾ ਕਰਦੇ ਹਨ।


-ਨਰੇਂਦਰ ਦੇਵਾਂਗਨ

ਹੋਮਿਓਪੈਥਿਕ ਇਲਾਜ ਪ੍ਰਣਾਲੀ

ਕਣਕ ਦੀ ਐਲਰਜੀ

ਕਣਕ ਦੀ ਐਲਰਜੀ ਇਕ ਜੈਨੇਟਿਕ ਆਟੋਇਮਿਓਨ ਬਿਮਾਰੀ ਹੈ, ਜਿਹੜੀ ਬੱਚਿਆਂ ਅਤੇ ਵੱਡਿਆਂ ਸਭ ਨੂੰ ਹੋ ਸਕਦੀ ਹੈ। ਜਿਹੜੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ, ਉਹ ਕਣਕ ਅਤੇ ਕਣਕ ਤੋਂ ਬਣੀਆਂ ਹੋਈਆਂ ਵਸਤੂਆਂ ਅਤੇ ਪਦਾਰਥ ਨਹੀਂ ਖਾ ਸਕਦੇ। ਉਹ ਪਦਾਰਥ ਜਿਵੇਂ ਕਣਕ, ਜਵਾਰ, ਬਾਜਰਾ ਆਦਿ ਜਿਨ੍ਹਾਂ ਵਿਚ ਗਲੂਟਿਨ ਨਾਂਅ ਦੀ ਪ੍ਰੋਟੀਨ ਹੁੰਦੀ ਹੈ, ਦਾ ਸੇਵਨ ਨਹੀਂ ਕਰ ਸਕਦੇ। ਇਨ੍ਹਾਂ ਪਦਾਰਥਾਂ ਦੀ ਵਰਤੋਂ ਕੀਤਿਆਂ ਹੀ ਮਰੀਜ਼ ਨੂੰ ਟੱਟੀਆਂ ਲੱਗ ਜਾਂਦੀਆਂ ਹਨ।
ਕਾਰਨ : ਮੈਡੀਕਲ ਸਾਇੰਸ ਇਸ ਬਿਮਾਰੀ ਦਾ ਕੋਈ ਪੁਖਤਾ ਕਾਰਨ ਨਹੀਂ ਦੱਸ ਸਕੀ। ਇਨ੍ਹਾਂ ਮਰੀਜ਼ਾਂ ਵਿਚ ਗਲੂਟਿਨ ਨਾਮਕ ਪ੍ਰੋਟੀਨ ਤੋਂ ਸੰਵੇਦਨਸ਼ੀਲਤਾ ਹੁੰਦੀ ਹੈ। ਇਸ ਬਿਮਾਰੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ :
1. ਕਈ ਮਰੀਜ਼ਾਂ ਵਿਚ ਇਹ ਬਿਮਾਰੀ ਜਮਾਂਦਰੂ ਹੁੰਦੀ ਹੈ।
2. ਕਈ ਮਰੀਜ਼ ਸ਼ੁਰੂ ਤੋਂ ਤਾਂ ਠੀਕ ਹੁੰਦੇ ਹਨ ਪਰ ਉਨ੍ਹਾਂ ਦਾ ਇਮਿਊਨ ਸਿਸਟਮ (ਪ੍ਰਤੀਰੱਖਿਆ ਤੰਤਰ) ਕਮਜ਼ੋਰ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਬਿਮਾਰੀ ਸ਼ੁਰੂ ਹੁੰਦੀ ਹੈ।
3. ਛੋਟੀ ਅੰਤੜੀ ਦੇ ਜਿਹੜੇ ਹਿੱਸੇ ਦੁਆਰਾ ਕਣਕ ਵਾਲਾ ਭੋਜਨ ਪਚਾਉਣ ਵਿਚ ਮਦਦ ਹੁੰਦੀ ਹੈ, 'ਵਿੱਲੀ' ਨਾਮਕ ਉਹ ਹਿੱਸਾ ਨਸ਼ਟ ਹੋ ਜਾਣ ਤੋਂ ਬਾਅਦ ਮਰੀਜ਼ ਕਣਕ ਪਚਾਉਣ ਵਿਚ ਅਸਮਰੱਥ ਹੋ ਜਾਂਦੇ ਹਨ।
ਇਸ ਬਿਮਾਰੀ ਬਾਰੇ ਕਦੋਂ ਸੋਚਿਆ ਜਾ ਸਕਦਾ ਹੈ?
* ਜਦੋਂ ਪੋਸ਼ਟਿਕ ਭੋਜਨ ਖਾਣ ਦੇ ਬਾਵਜੂਦ ਭਾਰ ਘਟੇ, ਖੂਨ ਨਾ ਬਣੇ।
* ਜਦੋਂ ਬੱਚੇ ਦਾ ਵਾਧਾ ਨਾ ਹੋ ਰਿਹਾ ਹੋਵੇ।
* ਜਦੋਂ ਕਣਕ ਅਤੇ ਕਣਕ ਤੋਂ ਬਣੇ ਕੋਈ ਵੀ ਪਦਾਰਥ ਖਾਣ ਨਾਲ ਹਰ ਵਾਰ ਟੱਟੀਆਂ ਲੱਗ ਜਾਂਦੀਆਂ ਹੋਣ।
* ਜਦੋਂ ਲੜਕੀਆਂ ਵਿਚ ਮਾਂਹਵਾਰੀ ਆਉਣ ਦੀ ਢੁਕਵੀਂ ਉਮਰ ਵਿਚ ਵੀ ਮਾਂਹਵਾਰੀ ਸ਼ੁਰੂ ਨਾ ਹੋਵੇ।
ਲੱਛਣ : * ਟੱਟੀਆਂ ਅਤੇ ਉਲਟੀਆਂ ਲੱਗਣਾ, ਪੇਟ ਦਰਦ ਰਹਿਣਾ, ਭੁੱਖ ਘਟ ਜਾਣਾ।
* ਭਾਰ ਘਟਣਾ, ਥਕਾਵਟ ਰਹਿਣਾ, ਕਮਜ਼ੋਰੀ ਮਹਿਸੂਸ ਕਰਨਾ।
* ਬੱਚਿਆਂ ਦੇ ਵਾਧੇ ਦਾ ਰੁਕ ਜਾਣਾ, ਚਿੜਚਿੜਾਪਨ, ਪੜ੍ਹਾਈ ਵਿਚ ਮਨ ਨਾ ਲੱਗਣਾ।
ਇਹ ਸ਼ੁਰੂਆਤੀ ਲੱਛਣ ਹਨ। ਬਿਮਾਰੀ ਵਧਣ ਤੋਂ ਬਾਅਦ ਹੇਠ ਲਿਖੇ ਲੱਛਣ ਪਾਏ ਜਾਂਦੇ ਹਨ-
* ਜੋੜਾਂ ਵਿਚ ਦਰਦਾਂ, ਹੱਡੀਆਂ ਖੁਰਨਾ, ਦੰਦ ਖੁਰਨੇ।
* ਔਰਤਾਂ ਵਿਚ ਬਾਂਝਪਨ ਅਤੇ ਵਾਰ-ਵਾਰ ਆਬਰਸ਼ਨ ਹੋਣਾ।
* ਮਾਨਸਿਕ ਪ੍ਰੇਸ਼ਾਨੀ, ਘਬਰਾਹਟ ਅਤੇ ਕਾਹਲਾਪਨ ਰਹਿਣਾ।
ਬਿਮਾਰੀ ਦੇ ਹੋਰ ਜ਼ਿਆਦਾ ਵਧਣ 'ਤੇ ਜਿਗਰ, ਪਿੱਤਾ ਅਤੇ ਸਪਲੀਨ ਵੀ ਖਰਾਬ ਹੋ ਜਾਂਦੇ ਹਨ।
ਕੀ ਇਹ ਬਿਮਾਰੀ ਲਾਇਲਾਜ ਹੈ?
ਪ੍ਰਚਲਿਤ ਮੈਡੀਕਲ ਸਾਇੰਸ ਅਨੁਸਾਰ ਇਸ ਬਿਮਾਰੀ ਦਾ ਦਵਾਈਆਂ ਰਾਹੀਂ ਕੋਈ ਇਲਾਜ ਨਹੀਂ ਹੈ। ਇਸ ਲਈ ਇਸ ਦਾ ਇਕੋ-ਇਕ ਹੱਲ ਕਣਕ ਅਤੇ ਕਣਕ ਤੋਂ ਬਣੀਆਂ ਹੋਈਆਂ ਵਸਤੂਆਂ ਦਾ ਸੇਵਨ ਨਾ ਕਰਨਾ ਹੁੰਦਾ ਹੈ।
ਪਰ ਇਸ ਦੇ ਉਲਟ ਹੋਮਿਓਪੈਥਿਕ ਇਲਾਜ ਪ੍ਰਣਾਲੀ ਕਣਕ ਦੀ ਐਲਰਜੀ ਦੇ ਮਰੀਜ਼ਾਂ ਲਈ ਆਸ ਦੀ ਕਿਰਨ ਲੈ ਕੇ ਆਈ ਹੈ। ਹੋਮਿਓਪੈਥਿਕ ਇਲਾਜ ਦੌਰਾਨ ਮਰੀਜ਼ ਦੇ ਸਾਰੇ ਸਰੀਰਕ ਅਤੇ ਮਾਨਸਿਕ ਲੱਛਣ ਲੈ ਕੇ ਉਸ ਨੂੰ ਇਕ ਢੁਕਵੀਂ ਦਵਾਈ ਦਿੱਤੀ ਜਾਂਦੀ ਹੈ, ਜੋ ਕਿ ਮਰੀਜ਼ ਦੇ ਅੰਦਰੂਨੀ ਸਿਸਟਮ ਨੂੰ ਸਹੀ ਕਰਕੇ ਮਰੀਜ਼ ਨੂੰ ਤੰਦਰੁਸਤ ਕਰਨ ਦੀ ਸਮਰੱਥਾ ਰੱਖਦੀ ਹੈ। ਪੂਰੇ ਇਲਾਜ ਤੋਂ ਬਾਅਦ ਮਰੀਜ਼ ਕਣਕ ਅਤੇ ਕਣਕ ਤੋਂ ਬਣੀਆਂ ਵਸਤੂਆਂ ਦਾ ਸੇਵਨ ਕਰਨ ਦੇ ਸਮਰੱਥ ਹੋ ਜਾਂਦਾ ਹੈ।


-ਰਵਿੰਦਰ ਹੋਮਿਓਪੈਥਿਕ ਕਲੀਨਿਕ। www.ravinderhomeopathy.com

ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਜੂਸ

ਪੀਣ ਵਾਲੇ ਪਦਾਰਥਾਂ ਦੇ ਰੂਪ ਵਿਚ ਜੂਸ ਦਾ ਸੇਵਨ ਹਰ ਜਗ੍ਹਾ ਕੀਤਾ ਜਾਂਦਾ ਹੈ ਪਰ ਆਮ ਤੌਰ 'ਤੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਕਿਹੜਾ ਜੂਸ ਕਦੋਂ ਲੈਣਾ ਲਾਭਦਾਇਕ ਹੁੰਦਾ ਹੈ। ਜੇ ਇਸ ਗੱਲ ਦਾ ਧਿਆਨ ਰੱਖ ਕੇ ਜੂਸ ਦਿੱਤਾ ਜਾਵੇ ਤਾਂ ਇਸ ਨਾਲ ਨਾ ਸਿਰਫ ਅਨੇਕ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਸਗੋਂ ਅਨੇਕ ਬਿਮਾਰੀਆਂ ਨੂੰ ਨੇੜੇ ਆਉਣ ਤੋਂ ਵੀ ਰੋਕਿਆ ਜਾ ਸਕਦਾ ਹੈ। ਕਿਸ ਬਿਮਾਰੀ ਵਿਚ ਕਿਸ ਜੂਸ ਦੀ ਵਰਤੋਂ ਕੀਤੀ ਜਾਵੇ, ਉਸ ਦੀ ਆਮ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨੀਂਦਰਾ : ਸੇਬ, ਅਮਰੂਦ ਅਤੇ ਆਲੂ ਦਾ ਰਸ ਅਤੇ ਪਾਲਕ, ਗਾਜਰ ਦੇ ਮਿਸ਼ਰਤ ਰਸ ਨੂੰ ਉਨੀਂਦਰੇ ਦੀ ਸਥਿਤੀ ਵਿਚ ਪੀਣਾ ਲਾਭਦਾਇਕ ਹੁੰਦਾ ਹੈ।
ਅਧਕਪਾਰੀ (ਮਾਈਗ੍ਰੇਨ) : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਦਾ ਰਸ ਅਤੇ ਇਕ ਚਮਚ ਅਦਰਕ ਦਾ ਰਸ ਮਿਲਾ ਕੇ ਪੀਓ।
ਬਦਹਜ਼ਮੀ : ਸਵੇਰ ਸਮੇਂ ਖਾਲੀ ਪੇਟ ਇਕ ਗਿਲਾਸ ਹਲਕੇ ਗਰਮ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਪੀਓ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਚਮਚ ਅਦਰਕ ਦਾ ਰਸ ਪੀਓ। ਪਪੀਤਾ, ਅਨਾਨਾਸ, ਤਰ ਅਤੇ ਪੱਤਾ ਗੋਭੀ ਦਾ ਰਸ ਅਤੇ ਗਾਜਰ ਅਤੇ ਪਾਲਕ ਦਾ ਮਿਸ਼ਰਤ ਰਸ ਵੀ ਲਾਭਦਾਇਕ ਹੈ।
ਐਸੀਡਿਟੀ : ਗੋਭੀ ਅਤੇ ਗਾਜਰ ਦਾ ਮਿਸ਼ਰਤ ਰਸ ਪੀਓ। ਉਸ ਤੋਂ ਬਾਅਦ ਤਰ, ਆਲੂ, ਸੇਬ, ਮੌਸੰਮੀ ਅਤੇ ਤਰਬੂਜ ਦਾ ਰਸ ਵੀ ਲਿਆ ਜਾ ਸਕਦਾ ਹੈ। ਦੁੱਧ ਦਾ ਸੇਵਨ ਵੀ ਕਰਨਾ ਚਾਹੀਦਾ ਹੈ।
ਪੇਟ ਦੇ ਕੀੜੇ : ਇਕ ਗਿਲਾਸ ਗਰਮ ਪਾਣੀ ਵਿਚ ਇਕ ਚਮਚ ਲਸਣ ਦਾ ਰਸ ਅਤੇ ਇਕ ਚਮਚ ਪਿਆਜ਼ ਦਾ ਰਸ ਮਿਲਾ ਕੇ ਉਸ ਦਾ ਸੇਵਨ ਕਰੋ। ਕੁਮਹੜੇ ਅਤੇ ਅਨਾਨਾਸ ਦਾ ਰਸ ਵੀ ਫਾਇਦੇਮੰਦ ਹੈ। ਇਸ ਤੋਂ ਬਾਅਦ ਮੇਥੀ-ਪੁਦੀਨੇ ਦਾ ਮਿਸ਼ਰਤ ਰਸ ਅਤੇ ਪਪੀਤੇ ਦਾ ਰਸ ਵੀ ਫਾਇਦੇਮੰਦ ਹੈ।
ਖੰਘ : ਸਵੇਰ ਸਮੇਂ ਗਰਮ ਪਾਣੀ ਵਿਚ ਸ਼ਹਿਦ ਦੇ ਨਾਲ ਨਿੰਬੂ ਦਾ ਰਸ ਪੀਓ। ਇਕ ਗਿਲਾਸ ਗਾਜਰ ਦੇ ਰਸ ਵਿਚ ਆਲੂ, ਤਰ, ਹਲਦੀ, ਤਰਬੂਜ, ਅਮਰੂਦ, ਸੇਬ, ਮੌਸੰਮੀ, ਪਪੀਤੇ ਅਤੇ ਤਰਬੂਜ ਦਾ ਰਸ ਵੀ ਪੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਆਲੂ ਦਾ ਰਸ ਖਾਜ ਵਾਲੀ ਚਮੜੀ 'ਤੇ ਰਗੜੋ।
ਜਵਰ : ਬੁਖਾਰ ਹੋਣ 'ਤੇ ਅੰਨ ਦੀ ਕਮੀ ਵਿਚ ਸ਼ਕਤੀ ਨੂੰ ਬਣਾਈ ਰੱਖਣ ਲਈ ਰਸਾਂ ਦਾ ਆਹਾਰ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਵੇਰ ਸਮੇਂ ਗਰਮ ਪਾਣੀ ਦੇ ਨਾਲ ਲਸਣ ਅਤੇ ਪਿਆਜ਼ ਦੇ ਰਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਦੁੱਧ, ਘਿਓ, ਤੁਲਸੀ, ਅਨਾਰ, ਸੰਤਰਾ ਅਤੇ ਮੌਸੰਮੀ ਦਾ ਰਸ ਪੀਓ।
ਦੰਦਾਂ ਦੀਆਂ ਤਕਲੀਫਾਂ : ਗਾਜਰ, ਸੇਬ, ਅਮਰੂਦ, ਸੰਤਰਾ ਆਦਿ ਦਾ ਰਸ ਪੀਓ। ਨਿੰਬੂ ਦਾ ਰਸ ਵੀ ਫਾਇਦੇਮੰਦ ਹੈ। ਸ਼ੱਕਰ ਦੀ ਵਰਤੋਂ ਨਾ ਦੇ ਬਰਾਬਰ ਕਰੋ।
ਨਿਮੋਨੀਆ : ਹੋਰ ਇਲਾਜ ਦੇ ਨਾਲ ਗਰਮ ਪਾਣੀ ਵਿਚ ਅਦਰਕ, ਨਿੰਬੂ ਅਤੇ ਸ਼ਹਿਦ ਲਓ ਅਤੇ ਗਰਮ ਪਾਣੀ ਵਿਚ ਲਸਣ, ਪਿਆਜ਼ ਦਾ ਰਸ ਮਿਲਾ ਕੇ ਲਓ। ਉਸ ਤੋਂ ਬਾਅਦ ਤੁਲਸੀ, ਮੌਸੰਮੀ, ਸੰਤਰੇ ਅਤੇ ਗਾਜਰ ਦੇ ਰਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ।
ਪਾਇਰੀਆ : ਗਾਜਰ, ਸੇਬ ਅਤੇ ਅਮਰੂਦ ਚਬਾ ਕੇ ਖਾਓ ਅਤੇ ਉਨ੍ਹਾਂ ਦਾ ਰਸ ਪੀਓ। ਨਿੰਬੂ, ਸੰਤਰੇ ਦਾ ਰਸ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਕਦੇ-ਕਦੇ ਲਸਣ-ਪਿਆਜ਼ ਦਾ ਰਸ ਪੀਓ।
ਬ੍ਰੋਂਕਾਈਟਿਸ : ਸਵੇਰ ਵੇਲੇ ਗਰਮ ਪਾਣੀ ਵਿਚ ਅਦਰਕ ਅਤੇ ਸ਼ਹਿਦ ਦੇ ਨਾਲ ਨਿੰਬੂ ਦੇ ਰਸ ਦਾ ਸੇਵਨ ਕਰੋ ਜਾਂ ਗਰਮ ਪਾਣੀ ਦੇ ਨਾਲ ਲਸਣ, ਪਿਆਜ਼ ਦਾ ਰਸ ਪੀਓ। ਇਸ ਤੋਂ ਬਾਅਦ ਮੂਲੀ, ਗੋਭੀ, ਤਰ ਅਤੇ ਗਾਜਰ ਦਾ ਰਸ ਵੀ ਦਿੱਤਾ ਜਾ ਸਕਦਾ ਹੈ। ਸਿਗਰਟਨੋਸ਼ੀ ਬੰਦ ਕਰ ਦਿਓ।

ਅਸਥਮਾ ਰੋਗੀਆਂ ਦੀ ਗਿਣਤੀ ਵਿਚ ਵਾਧਾ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਅਸਥਮਾ ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਸ ਦਾ ਸ਼ਿਕਾਰ ਬਹੁਤੇ ਛੋਟੇ ਬੱਚੇ ਹਨ। ਅਸਥਮਾ ਦਾ ਸਭ ਤੋਂ ਵੱਡਾ ਕਾਰਨ ਹੈ ਹਵਾ ਪ੍ਰਦੂਸ਼ਣ। ਇਸ ਤੋਂ ਇਲਾਵਾ ਅਸਥਮਾ ਦੇ ਹੋਰ ਕਾਰਨਾਂ ਵਿਚ ਹੈ ਸਿਗਰਟਨੋਸ਼ੀ। ਨਵੀਆਂ ਖੋਜਾਂ ਅਨੁਸਾਰ ਜੇ ਔਰਤ ਸਿਗਰਟਨੋਸ਼ੀ ਕਰਦੀ ਹੈ ਤਾਂ ਉਸ ਦੇ ਹੋਣ ਵਾਲੇ ਬੱਚੇ ਵਿਚ ਅਸਥਮਾ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿਚ ਕਾਲੀਨਾਂ ਦੀ ਵਰਤੋਂ, ਨਰਮ ਖਿਡੌਣੇ ਆਦਿ ਵੀ ਅਸਥਮਾ ਦੇ ਕਾਰਨ ਹਨ, ਇਸ ਲਈ ਸਿਗਰਟ ਦੇ ਧੂੰਏਂ ਤੋਂ ਵੀ ਦੂਰ ਰਹੋ। ਨਾ ਤਾਂ ਸਿਗਰਟਨੋਸ਼ੀ ਕਰੋ, ਨਾ ਤਿੱਖੀ ਗੰਧ ਵਾਲੀਆਂ ਸੁਗੰਧਾਂ ਦੀ ਵਰਤੋਂ ਕਰੋ। ਬੱਚਿਆਂ ਦੇ ਕਮਰਿਆਂ ਵਿਚ ਸਿੰਥੈਟਿਕ ਕਾਲੀਨਾਂ ਦੀ ਵਰਤੋਂ ਕਰੋ ਅਤੇ ਉਨ੍ਹਾਂ ਨੂੰ ਹਰ ਰੋਜ਼ ਵੈਕਿਊਮ ਕਰੋ। ਇਹੀ ਨਹੀਂ, ਬੈੱਡ ਸ਼ੀਟ ਬਦਲਦੇ ਸਮੇਂ ਚਟਾਈਆਂ ਨੂੰ ਵੀ ਵੈਕਿਊਮ ਕਰਨਾ ਨਾ ਭੁੱਲੋ। ਉਨ੍ਹਾਂ ਹੀ ਨਰਮ ਖਿਡੌਣਿਆਂ ਦੀ ਵਰਤੋਂ ਕਰੋ, ਜੋ ਪਾਣੀ ਨਾਲ ਸਾਫ਼ ਕੀਤੇ ਜਾ ਸਕਣ ਅਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਦੇ ਰਹੋ। ਜੇ ਤੁਸੀਂ ਕੋਈ ਪਸ਼ੂ, ਕੁੱਤਾ ਜਾਂ ਬਿੱਲੀ ਪਾਲੀ ਹੋਈ ਹੈ ਤਾਂ ਉਨ੍ਹਾਂ ਨੂੰ ਬੱਚਿਆਂ ਦੇ ਬਿਸਤਰ ਤੋਂ ਦੂਰ ਰੱਖੋ। ਅਸਥਮਾ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਇਕ ਬਹੁਤ ਵੱਡੀ ਸਿਹਤ ਸਮੱਸਿਆ ਬਣ ਸਕਦਾ ਹੈ।

ਸਿਹਤ ਖ਼ਬਰਨਾਮਾ

ਤਣਾਅ ਬਣ ਸਕਦਾ ਹੈ ਮੌਤ ਦਾ ਕਾਰਨ

ਤਣਾਅ ਨੂੰ ਜ਼ਿਆਦਾ ਗੰਭੀਰ ਰੋਗਾਂ ਵਿਚ ਨਹੀਂ ਗਿਣਿਆ ਜਾਂਦਾ ਪਰ ਤਣਾਅ ਕਈ ਗੰਭੀਰ ਰੋਗਾਂ ਦਾ ਜਨਮਦਾਤਾ ਬਣ ਸਕਦਾ ਹੈ। ਹਾਲ ਹੀ ਵਿਚ ਇਕ ਖੋਜ ਨਾਲ ਸਾਹਮਣੇ ਆਇਆ ਕਿ ਤਣਾਅ ਤੋਂ ਪੀੜਤ ਵਿਅਕਤੀ ਜੇ ਬਾਈਪਾਸ ਸਰਜਰੀ ਕਰਵਾਉਂਦੇ ਹਨ ਤਾਂ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਉਨ੍ਹਾਂ ਵਿਅਕਤੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਜੋ ਤਣਾਅ ਦਾ ਸ਼ਿਕਾਰ ਨਹੀਂ ਹੁੰਦੇ ਅਤੇ ਸਰਜਰੀ ਕਰਵਾਉਂਦੇ ਹਨ। ਇਸ ਖੋਜ ਵਿਚ 12 ਸਾਲਾਂ ਤੱਕ 800 ਰੋਗੀਆਂ ਦਾ ਅਧਿਐਨ ਕੀਤਾ ਗਿਆ ਅਤੇ ਸਰਜਰੀ ਤੋਂ ਪਹਿਲਾਂ ਅਤੇ ਸਰਜਰੀ ਤੋਂ 6 ਮਹੀਨੇ ਬਾਅਦ ਰੋਗੀਆਂ ਦੀ ਜਾਂਚ ਕੀਤੀ ਗਈ। ਇਹ ਜਾਂਚ 5 ਸਾਲ ਤੱਕ ਸਮੇਂ-ਸਮੇਂ 'ਤੇ ਕੀਤੀ ਗਈ ਅਤੇ ਇਨ੍ਹਾਂ ਵਿਚੋਂ 122 ਰੋਗੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ-ਤਿਹਾਈ ਰੋਗੀ ਤਣਾਅ ਦੇ ਸ਼ਿਕਾਰ ਸਨ।
ਜੀਨਸ ਨਾਲੋਂ ਜ਼ਿਆਦਾ ਘਾਤਕ ਹੈ ਗ਼ਲਤ ਜੀਵਨ ਸ਼ੈਲੀ

ਜ਼ਿਆਦਾਤਰ ਦਿਲ ਦੇ ਰੋਗਾਂ ਦਾ ਕਾਰਨ ਜੀਨਸ ਨੂੰ ਦੱਸਿਆ ਜਾਂਦਾ ਹੈ ਪਰ ਉਸ ਤੋਂ ਵੀ ਘਾਤਕ ਹੈ ਗ਼ਲਤ ਜੀਵਨ ਸ਼ੈਲੀ। 'ਦ ਕਲੀਵਲੈਂਡ ਕਲੀਨਿਕ ਫਾਊਂਡੇਸ਼ਨ' ਦੇ ਮਾਹਿਰ ਏਰਿਕ ਟੋਪੋਲ ਨੇ ਆਪਣੀ ਇਕ ਖੋਜ ਵਿਚ 1,20,000 ਦਿਲ ਦੇ ਰੋਗੀਆਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ 90 ਫੀਸਦੀ ਦਿਲ ਦੇ ਰੋਗੀਆਂ ਵਿਚ ਸਿਗਰਟਨੋਸ਼ੀ, ਸ਼ੂਗਰ, ਉੱਚ ਖੂਨ ਦਬਾਅ, ਉੱਚ ਕੋਲੈਸਟ੍ਰੋਲ ਅਤੇ ਕੋਈ ਨਾ ਕੋਈ ਕਾਰਨ ਮੌਜੂਦ ਸੀ। ਇਸ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਦਿਲ ਦੇ ਰੋਗਾਂ ਤੋਂ ਸੁਰੱਖਿਆ ਪਾਉਣ ਲਈ ਸਿਗਰਟਨੋਸ਼ੀ ਦਾ ਤਿਆਗ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਰੋਗਾਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ।

ਗੁੱਸੇ 'ਤੇ ਕਾਬੂ ਪਾਉਣਾ ਜ਼ਰੂਰੀ ਹੈ

ਗੁੱਸਾ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਇਕ ਕੁਦਰਤੀ ਸਾਧਨ ਹੈ ਪਰ ਜ਼ਿਆਦਾ ਗੁੱਸਾ ਦੂਜਿਆਂ ਨੂੰ ਸਾਡੇ ਤੋਂ ਦੂਰ ਤਾਂ ਕਰ ਹੀ ਦਿੰਦਾ ਹੈ ਅਤੇ ਸਾਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ, ਇਸ ਦੇ ਬਾਰੇ ਅਸੀਂ ਨਹੀਂ ਜਾਣ ਪਾਉਂਦੇ। ਗੁੱਸੇ ਨਾਲ ਚਿਹਰੇ ਦੇ ਹਾਵ-ਭਾਵ ਵਿਗੜਦੇ ਹਨ। ਹੌਲੀ-ਹੌਲੀ ਉਸ ਦਾ ਪ੍ਰਭਾਵ ਸਾਡੇ ਚਿਹਰੇ 'ਤੇ ਦਿਖਾਈ ਦੇਣ ਲਗਦਾ ਹੈ। ਮਨ ਅਸ਼ਾਂਤ ਰਹਿੰਦਾ ਹੈ, ਕੰਮ ਵਿਚ ਮਨ ਨਹੀਂ ਲਗਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਹਮੇਸ਼ਾ ਨਕਾਰਾਤਮਕ ਸੋਚਦਾ ਹੈ, ਤਣਾਅ ਬਣਿਆ ਰਹਿੰਦਾ ਹੈ। ਏਨੇ ਨੁਕਸਾਨ ਹੁੰਦੇ ਹਨ ਗੁੱਸੇ ਦੇ ਤਾਂ ਅਸੀਂ ਗੁੱਸਾ ਕਿਉਂ ਕਰਦੇ ਹਾਂ? ਜੇ ਇਸ 'ਤੇ ਵਿਚਾਰ ਕੀਤਾ ਜਾਵੇ ਤਾਂ ਕੁਝ ਨੁਸਖੇ ਸਾਨੂੰ ਖੁਦ ਹੀ ਮਿਲ ਜਾਣਗੇ।
ਗੁੱਸਾ ਆਉਣ ਦੇ ਵੀ ਕੁਝ ਕਾਰਨ ਹਨ। ਕੁਝ ਲੋਕ ਸੁਭਾਅ ਦੇ ਹੀ ਕ੍ਰੋਧੀ ਹੁੰਦੇ ਹਨ। ਸੋਚਦੇ ਬਾਅਦ ਵਿਚ ਹਨ, ਪਹਿਲਾਂ ਵਿਰੋਧ ਕਰਦੇ ਹਨ। ਕੁਝ ਸਥਿਤੀਆਂ ਦੇ ਸਾਹਮਣੇ ਆਪਣੇ ਮਨ ਮੁਤਾਬਿਕ ਕੁਝ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਕੁਝ ਲੋਕ ਦੂਜਿਆਂ ਨੂੰ ਅੱਗੇ ਵਧਦੇ ਦੇਖ ਮਨ ਹੀ ਮਨ ਈਰਖਾ ਕਰਦੇ ਹਨ ਅਤੇ ਸੁਭਾਅ ਗੁੱਸੇਖੋਰ ਹੋ ਜਾਂਦਾ ਹੈ। ਕਈ ਵਾਰ ਦੂਜੇ ਲੋਕ ਤੁਹਾਨੂੰ ਏਨਾ ਖਿਝਾਉਂਦੇ ਹਨ, ਜਿਸ ਨਾਲ ਤੁਹਾਡਾ ਆਪਣੇ-ਆਪ 'ਤੇ ਕਾਬੂ ਨਹੀਂ ਰਹਿੰਦਾ।
ਗੁੱਸੇ ਨੂੰ ਕੱਢਣ ਦੇ ਆਮ ਤੌਰ 'ਤੇ ਤਿੰਨ ਤਰੀਕੇ ਹੁੰਦੇ ਹਨ-ਗੁੱਸੇ ਨੂੰ ਮਨ ਵਿਚ ਦਬਾਅ ਲੈਣਾ, ਇਕਦਮ ਭੜਕ ਕੇ ਗੁੱਸਾ ਕੱਢਣਾ ਜਾਂ ਗੁੱਸੇ ਨੂੰ ਕਿਸੇ ਰੂਪ ਵਿਚ ਬਦਲ ਦੇਣਾ। ਪਹਿਲੇ ਤਰੀਕੇ ਨਾਲ ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਤੁਹਾਡੇ ਮਨ ਵਿਚ ਉਸ ਦੇ ਪ੍ਰਤੀ ਨਫ਼ਰਤ ਬਣੀ ਰਹਿੰਦੀ ਹੈ ਅਤੇ ਤੁਸੀਂ ਮਨ ਹੀ ਮਨ ਉਸ ਨੂੰ ਦਬਾਉਂਦੇ ਰਹਿੰਦੇ ਹੋ, ਜਦੋਂ ਕਿ ਸਾਹਮਣੇ ਵਾਲਾ ਜਾਣਦਾ ਹੀ ਨਹੀਂ ਹੁੰਦਾ ਕਿ ਤੁਸੀਂ ਅਜਿਹਾ ਵਿਵਹਾਰ ਕਿਉਂ ਕਰ ਰਹੇ ਹੋ। ਇਸ ਦਾ ਅਰਥ ਹੈ ਕਿ ਤੁਹਾਨੂੰ ਗੁੱਸਾ ਕੱਢਣਾ ਨਹੀਂ ਆਉਂਦਾ ਅਤੇ ਆਪਣੇ-ਆਪ ਨੂੰ ਦੂਜੇ ਦੇ ਸਾਹਮਣੇ ਪ੍ਰਗਟ ਕਰਨਾ ਵੀ ਨਹੀਂ ਆਉਂਦਾ।
ਉਂਜ ਤਾਂ ਗੁੱਸੇ ਵਿਚ ਭੜਕਣਾ ਇਕ ਇਨਸਾਨ ਵਿਚ ਆਮ ਆਦਤ ਨਹੀਂ ਹੁੰਦੀ ਪਰ ਕਦੇ-ਕਦੇ ਜਦੋਂ ਹਾਲਾਤ ਬੇਕਾਬੂ ਹੁੰਦੇ ਹਨ ਤਾਂ ਇਨਸਾਨ ਆਪਣਾ ਗੁੱਸਾ ਇਕਦਮ ਚੀਕ ਕੇ ਕੱਢ ਦਿੰਦਾ ਹੈ। ਜਦੋਂ ਤੁਸੀਂ ਗੁੱਸੇ ਵਿਚ ਚੀਖਦੇ ਹੋ ਤਾਂ ਤੁਸੀਂ ਉਸ ਸਮੇਂ ਇਹ ਨਹੀਂ ਸੋਚਦੇ ਕਿ ਤੁਸੀਂ ਕਿੱਥੇ ਹੋ, ਤੁਹਾਡੇ ਸਾਹਮਣੇ ਕੌਣ ਹੈ, ਤੁਸੀਂ ਉਸ ਸਮੇਂ ਬੇਕਾਬੂ ਹੁੰਦੇ ਹੋ। ਅਜਿਹੇ ਲੋਕ ਅਕਸਰ ਘੱਟ ਸਹਿਣਸ਼ੀਲ ਹੁੰਦੇ ਹਨ। ਵੈਸੇ ਅਜਿਹੇ ਲੋਕ ਜੀਵਨ ਵਿਚ ਉੱਚ ਸੋਚ ਵਾਲੇ ਹੁੰਦੇ ਹਨ, ਹਰ ਕੰਮ ਵਿਚ ਸੰਪੂਰਨ ਹੁੰਦੇ ਹਨ, ਉੱਚੀਆਂ ਆਸ਼ਾਵਾਂ ਰੱਖਣ ਵਾਲੇ ਹੁੰਦੇ ਹਨ। ਅਜਿਹੇ ਲੋਕ ਕਈ ਵਾਰ ਆਪਣਾ ਨੁਕਸਾਨ ਜ਼ਿਆਦਾ ਕਰਾਉਂਦੇ ਹਨ ਅਤੇ ਸਾਹਮਣੇ ਵਾਲੇ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਗੁੱਸੇ ਨੂੰ ਇੰਜ ਕਾਬੂ ਕਰੋ
* ਆਪਣੀ ਊਰਜਾ ਨੂੰ ਸਕਾਰਾਤਮਕ ਕੰਮ ਵਿਚ ਖਰਚ ਕਰੋ ਜਿਵੇਂ ਖੇਡ ਕੇ, ਕਸਰਤ ਕਰਕੇ ਅਤੇ ਆਪਣੀਆਂ ਰੁਚੀਆਂ ਨੂੰ ਅੱਗੇ ਵਧਾ ਕੇ।
* ਕਸਰਤ ਦੇ ਨਾਲ ਸਵੇਰੇ 10 ਮਿੰਟ ਤੱਕ ਸਾਹ ਪ੍ਰਕਿਰਿਆ ਦੀ ਕਸਰਤ ਵੀ ਕਰੋ। ਇਸ ਨਾਲ ਨਕਾਰਾਤਮਕ ਸੋਚ ਬਾਹਰ ਨਿਕਲਦੀ ਹੈ ਅਤੇ ਸਕਾਰਾਤਮਕ ਸੋਚ ਅੰਦਰ ਆਉਂਦੀ ਹੈ। ਚਾਹੋ ਤਾਂ ਇਸ ਨੂੰ ਤੁਸੀਂ ਡਰਾਈਵਿੰਗ ਕਰਦੇ ਸਮੇਂ, ਸੈਰ ਕਰਦੇ ਸਮੇਂ, ਸਫਰ ਕਰਦੇ ਸਮੇਂ ਵੀ ਕਰ ਸਕਦੇ ਹੋ। ਮਾਹਰਾਂ ਅਨੁਸਾਰ ਸਾਹ ਲੈਣ ਦੀ ਕਸਰਤ ਨਾਲ ਤੁਹਾਡਾ ਤੰਤੂ ਸਿਸਟਮ ਸੁਚਾਰੂ ਹੁੰਦਾ ਹੈ। ਸੋ, ਜਿਵੇਂ ਹੀ ਕਿਸੇ ਗੱਲ 'ਤੇ ਗੁੱਸਾ ਆਵੇ, ਸੋਚੋ ਕਿ ਕੀ ਇਹ ਮੇਰੇ ਵੱਸ ਵਿਚ ਹੈ, ਨਹੀਂ ਤਾਂ ਫਿਰ ਗੁੱਸਾ ਕਿਉਂ? ਇਸ ਨੂੰ ਮਾਮੂਲੀ ਸਮਝੋ, ਸੋਚੋ ਕਿ ਸਭ ਠੀਕ ਹੋ ਜਾਵੇਗਾ। ਕੁਝ ਹੀ ਦੇਰ ਵਿਚ ਤੁਸੀਂ ਸ਼ਾਂਤ ਹੋ ਜਾਓਗੇ।
* ਗੁੱਸਾ ਆਉਣ ਦਾ ਕਾਰਨ ਪਤਾ ਹੋਵੇ ਤਾਂ ਉਸ ਨੂੰ ਲਿਖ ਲਓ, ਫਿਰ ਵਿਚਾਰ ਕਰੋ ਕਿ ਕੀ ਮੈਂ ਠੀਕ ਸੀ ਜਾਂ ਗ਼ਲਤ।
* ਕਦੇ-ਕਦੇ ਗੁੱਸਾ ਅਜਿਹੇ ਵਿਅਕਤੀ 'ਤੇ ਆਉਂਦਾ ਹੈ, ਜੋ ਤੁਹਾਡਾ ਸਾਹਮਣੇ ਨਹੀਂ ਹੈ। ਅਜਿਹੇ ਵਿਚ ਅਜਿਹਾ ਅੰਦਾਜ਼ਾ ਲਗਾਓ ਕਿ ਉਹ ਤੁਹਾਡੇ ਸਾਹਮਣੇ ਹੈ ਅਤੇ ਤੁਸੀਂ ਵੀ ਇਕੱਲੇ ਹੋ। ਅਜਿਹੇ ਵਿਚ ਆਪਣਾ ਗੁੱਸਾ ਬੋਲ ਕੇ ਕੱਢ ਦਿਓ।
* ਇਕਦਮ ਵਿਰੋਧ ਕਰਨ ਦੀ ਆਦਤ ਨੂੰ ਹੌਲੀ-ਹੌਲੀ ਛੱਡ ਦਿਓ। ਗੁੱਸਾ ਆਪਣੇ-ਆਪ ਕਾਬੂ ਹੋਣਾ ਸ਼ੁਰੂ ਹੋ ਜਾਵੇਗਾ।
* ਆਪਣੇ ਕੁਝ ਗੁੱਸੇ ਦੇ ਕਾਰਨਾਂ ਨੂੰ ਆਪਣੇ ਕਿਸੇ ਨਜ਼ਦੀਕੀ ਨਾਲ ਸਾਂਝਾ ਕਰੋ, ਜੋ ਤੁਹਾਨੂੰ ਸਹੀ ਸਲਾਹ ਦੇ ਸਕੇ ਅਤੇ ਜਿਸ ਦੀ ਸਲਾਹ ਨੂੰ ਤੁਸੀਂ ਜੀਵਨ ਵਿਚ ਢਾਲ ਸਕੋ।
* ਆਮ ਤੌਰ 'ਤੇ ਉਨ੍ਹਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਜੋ ਜ਼ਿਆਦਾ ਉਮੀਦਾਂ ਰੱਖਦੇ ਹਨ। ਆਪਣੀਆਂ ਉਮੀਦਾਂ ਨੂੰ ਘੱਟ ਕਰੋ।
* ਜੋ ਲੋਕ ਤੁਹਾਨੂੰ ਤੰਗ ਕਰਦੇ ਹਨ (ਗੱਲਾਂ ਨਾਲ, ਵਿਵਹਾਰ ਨਾਲ ਜਾਂ ਸਰੀਰਕ ਰੂਪ ਨਾਲ), ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਸਪੱਸ਼ਟ ਕਰ ਦਿਓ ਕਿ ਤੁਹਾਨੂੰ ਉਹ ਸਭ ਪਸੰਦ ਨਹੀਂ।

ਸਿਹਤ ਨੂੰ ਪੋਸ਼ਣ ਦਿੰਦਾ ਹੈ ਜਾਮਣ

ਜਾਮਣ ਇਕ ਉੱਤਮ ਫਲ ਹੈ। ਗਰਮੀ ਰੁੱਤ ਦੇ ਅੰਤਮ ਸਮੇਂ ਵਿਚ ਅਤੇ ਵਰਖਾ ਰੁੱਤ ਦੀ ਸ਼ੁਰੂਆਤ ਦੇ ਸਮੇਂ ਜਾਮਣ ਸਾਨੂੰ ਪ੍ਰਾਪਤ ਹੁੰਦਾ ਹੈ। ਜਾਮਣ ਇਕ ਚੰਗਾ ਫਲ ਹੀ ਨਹੀਂ, ਸਗੋਂ ਸਿਹਤ ਦਾ ਪੋਸ਼ਕ ਵੀ ਹੈ। ਯਕ੍ਰਤ ਦੇ ਰੋਗਾਂ ਵਿਚ ਜਾਮਣ ਦਾ ਰਸ ਲਿਵਰ ਐਕਸਟ੍ਰੈਕਟ ਦੀ ਤਰ੍ਹਾਂ ਕੰਮ ਕਰਦਾ ਹੈ।
ਜਾਮਣ ਨੂੰ ਤਿੱਲੀ ਅਤੇ ਯਕ੍ਰਤ ਰੋਗਾਂ ਦੀ ਬੇਜੋੜ ਦਵਾਈ ਮੰਨਿਆ ਜਾਂਦਾ ਹੈ। 'ਲਿਵਰ ਐਕਸਟ੍ਰੈਕਟ' ਵਰਗੇ ਬਹੁਤ ਮਹਿੰਗੇ ਟੀਕੇ ਲੈਣ ਦੀ ਬਜਾਏ ਜੇ ਜਾਮਣ ਦਾ ਰਸ ਲਿਆ ਜਾਵੇ ਤਾਂ ਉਹ ਬਹੁਤ ਉਪਯੋਗੀ ਸਿੱਧ ਹੁੰਦਾ ਹੈ। ਇਹ ਯਕ੍ਰਤ ਨੂੰ ਕਾਰਜ ਸਮਰੱਥ ਬਣਾਉਂਦਾ ਹੈ ਅਤੇ ਪੇਟ ਦੀ ਦਰਦ ਦੂਰ ਕਰਦਾ ਹੈ। ਜਾਮਣ ਦਾ ਰਸ ਦਿਲ ਲਈ ਲਾਭਦਾਇਕ ਹੁੰਦਾ ਹੈ। ਇਹ ਪਾਂਡੂਰੋਗ ਅਤੇ ਮੂਤਰਪਿੰਡ ਦਾਹ ਵਿਚ ਵੀ ਬਹੁਤ ਲਾਭਦਾਇਕ ਹੈ।
ਖੂਨੀ ਦਸਤ ਵਿਚ ਜਾਮਣ ਦੀ ਗਿਟਕ ਬਰੀਕ ਕਰਕੇ ਚਾਰ-ਚਾਰ ਗ੍ਰਾਮ ਦੀ ਮਾਤਰਾ ਵਿਚ ਸਵੇਰੇ-ਸ਼ਾਮ ਤਾਜ਼ੇ ਪਾਣੀ ਨਾਲ ਲੈਂਦੇ ਰਹਿਣ 'ਤੇ ਬਹੁਤ ਲਾਭ ਹੁੰਦਾ ਹੈ। ਸੁਪਨਦੋਸ਼, ਬਹੁਮੂਤਰ, ਸਨਾਯੂਰੋਗ, ਸੁਖੰਡੀ ਆਦਿ ਵਿਚ ਵੀ ਜਾਮਣ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਪ੍ਰਮੇਹ ਅਤੇ ਸ਼ੂਗਰ ਦੇ ਇਲਾਜ ਵਿਚ ਵੀ ਜਾਮਣ ਦਾ ਰਸ ਵਧੀਆ ਦਵਾਈ ਹੈ।
ਜਾਮਣ ਜ਼ਿਆਦਾ ਖਾਣ ਨਾਲ ਵਾਤਦੋਸ਼ ਹੁੰਦਾ ਹੈ। ਇਸ ਲਈ ਖਾਲੀ ਪੇਟ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਾਮਣ ਦੇ ਸੇਵਨ ਤੋਂ ਪਹਿਲਾਂ ਅਤੇ ਬਾਅਦ ਵਿਚ ਤਿੰਨ ਘੰਟੇ ਤੱਕ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸੋਜ ਦੀ ਸਥਿਤੀ ਵਿਚ, ਕੈ ਹੋਣ 'ਤੇ, ਪ੍ਰਸੂਤਾ ਦੀ ਸਥਿਤੀ ਵਿਚ ਅਤੇ ਉਪਵਾਸ ਕਰਨ ਵਾਲੇ ਨੂੰ ਜਾਮਣ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦਿਲ ਦੇ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਅੱਖ ਦੀ ਪਾਰਦਰਸ਼ਕ ਝਿੱਲੀ (ਕੋਰਨੀਆ) ਨੂੰ ਛੱਡ ਕੇ ਦਿਲ ਮਨੁੱਖੀ ਸਰੀਰ ਦੇ ਲਗਪਗ 75 ਖਰਬ ਸੈੱਲਾਂ ਨੂੰ ਖੂਨ ਦੀ ਸਪਲਾਈ ਦਿੰਦਾ ਹੈ। ਦਿਲ ਇਕ ਦਿਨ ਵਿਚ ਲਗਪਗ ਇਕ ਲੱਖ ਵਾਰ ਧੜਕਦਾ ਹੈ। ਸਰੀਰ ਤੋਂ ਵੱਖ ਹੋਣ ਤੋਂ ਬਾਅਦ ਵੀ ਦਿਲ ਧੜਕਦਾ ਰਹਿੰਦਾ ਹੈ, ਕਿਉਂਕਿ ਇਸ ਦੀਆਂ ਆਪਣੀਆਂ ਬਿਜਲਈ ਤਰੰਗਾਂ ਹੁੰਦੀਆਂ ਹਨ। ਔਰਤਾਂ ਦਾ ਦਿਲ ਮਰਦਾਂ ਨਾਲੋਂ ਤੇਜ਼ ਧੜਕਦਾ ਹੈ।
ਦਿਲ ਦੀ ਚੰਗੀ ਸੰਭਾਲ, ਵਧੀਆ ਖਾਣ-ਪੀਣ, ਕਸਰਤ ਅਤੇ ਚਿੰਤਾ ਨੂੰ ਕੰਟਰੋਲ ਕਰਕੇ ਕੀਤੀ ਜਾ ਸਕਦੀ ਹੈ। ਅਨਿਯਮਤ ਖਾਣ-ਪੀਣ ਅਤੇ ਰੋਜ਼ਮਰਾ ਦੀ ਤਣਾਅਪੂਰਨ ਜ਼ਿੰਦਗੀ ਦੇ ਕਾਰਨ ਦਿਲ ਸਬੰਧੀ ਰੋਗ ਵਧ ਰਹੇ ਹਨ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ੍ਹ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੈ। ਦਿਲ ਦਾ ਰੋਗ ਹੋਣ 'ਤੇ ਜੇ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਦਿਲ ਦੇ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਦਿਲ ਦੇ ਰੋਗੀ ਲੰਬੀ ਉਮਰ ਜੀਅ ਸਕਦੇ ਹਨ।
ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਤਲਿਆ ਖਾਧ ਪਦਾਰਥ, ਮਾਸ, ਆਂਡਾ ਆਦਿ ਦਾ ਸੇਵਨ ਨਾ ਕਰੋ। ਦਿਲ ਦੇ ਰੋਗੀਆਂ ਨੂੰ ਕਾਰ, ਸਕੂਟਰ ਆਦਿ ਵਾਹਨ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਵਾਹਨ ਚਲਾਉਣ ਨਾਲ ਦਿਮਾਗ 'ਤੇ ਦਬਾਅ ਪੈਣ ਨਾਲ ਰੋਗੀ ਦੇ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ। ਦਿਲ ਦੇ ਰੋਗੀ ਜ਼ਿਆਦਾ ਭਾਰੀ ਕੰਮ ਨਾ ਕਰਨ। ਜੇ ਥੋੜ੍ਹੀ-ਬਹੁਤ ਮਿਹਨਤ ਜਾਂ ਕਸਰਤ ਕਰਨ 'ਤੇ ਥਕਾਨ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ।
ਦਿਲ ਦੇ ਰੋਗ ਵਿਚ ਸ਼ੂਗਰ ਅਤੇ ਖੂਨ ਦੇ ਸੰਚਾਰ ਦਾ ਠੀਕ ਅਤੇ ਕਾਬੂ ਵਿਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ। ਬਹੁਤ ਜ਼ਿਆਦਾ ਠੰਢ ਤੋਂ ਦਿਲ ਦੇ ਰੋਗੀਆਂ ਨੂੰ ਬਚਣਾ ਚਾਹੀਦਾ ਹੈ, ਕਿਉਂਕਿ ਠੰਢ ਦੇ ਕਾਰਨ ਨਾੜਾਂ ਸੁੰਗੜ ਜਾਣ ਕਾਰਨ ਖੂਨ ਦੇ ਵਹਾਅ ਵਿਚ ਰੁਕਾਵਟ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ। ਦਿਲ ਨੂੰ ਤੰਦਰੁਸਤ ਰੱਖਣ ਲਈ ਕੋਲੈਸਟ੍ਰੋਲ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ।
ਹੁਣ ਹੋਮਿਓਪੈਥੀ ਦਵਾਈਆਂ ਰਾਹੀਂ ਦਿਲ, ਗੁਰਦੇ, ਲਿਵਰ ਅਤੇ ਥਾਇਰਾਈਡ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ।


-ਜੈ ਹੋਮਿਓ ਹਾਰਟ ਕੇਅਰ ਸੈਂਟਰ, 323/16, ਕ੍ਰਿਸ਼ਨਾ ਨਗਰ, ਜਲੰਧਰ।

ਵਿਟਾਮਿਨ 'ਡੀ' ਜ਼ਰੂਰੀ ਹੈ ਸਿਹਤ ਲਈ

ਪਿਛਲੇ ਕੁਝ ਸਾਲਾਂ ਵਿਚ ਭਾਰਤੀਆਂ ਵਿਚ ਵਿਟਾਮਿਨ 'ਡੀ' ਦੀ ਕਮੀ ਵਧਦੀ ਜਾ ਰਹੀ ਹੈ। ਕਾਰਨ ਲੋਕਾਂ ਦਾ ਜ਼ਿਆਦਾ ਸਮਾਂ ਚਾਰਦੀਵਾਰੀ ਵਿਚ ਗੁਜ਼ਾਰਨਾ, ਜਿਵੇਂ ਏ. ਸੀ. ਦਫਤਰਾਂ ਵਿਚ ਕੰਮ ਕਰਨਾ, ਘਰ ਵਿਚ ਕੂਲਰ, ਏ. ਸੀ. ਵਿਚ ਬੈਠਣਾ, ਸੌਣਾ, ਟੀ. ਵੀ. ਦੇਖਣਾ, ਵੀਡੀਓ ਗੇਮ ਖੇਡਣਾ, ਕੰਪਿਊਟਰ 'ਤੇ ਸਰਫਿੰਗ ਕਰਨਾ ਆਦਿ। ਵਿਟਾਮਿਨ 'ਡੀ' ਹੀ ਇਕ ਅਜਿਹਾ ਵਿਟਾਮਿਨ ਹੈ, ਜੋ ਮੁਫਤ ਵਿਚ ਮਿਲਦਾ ਹੈ। ਵੈਸੇ ਵਿਟਾਮਿਨ 'ਡੀ' ਦੀ ਲੋੜ ਹਰ ਉਮਰ ਵਿਚ ਹੁੰਦੀ ਹੈ ਪਰ ਵਧਦੀ ਉਮਰ ਵਿਚ ਇਸ ਦੀ ਲੋੜ ਵਧਦੀ ਜਾਂਦੀ ਹੈ। ਇਸ ਨੂੰ ਬਣਾਉਣ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ।
ਵਿਟਾਮਿਨ 'ਡੀ' ਦੀ ਕਮੀ ਦੇ ਲੱਛਣ : * ਮਾਸਪੇਸ਼ੀਆਂ ਵਿਚ ਕਮਜ਼ੋਰੀ, * ਜੋੜਾਂ ਵਿਚ ਦਰਦ, * ਮਾਰਨਿੰਗ ਸਿਕਨੇਸ, * ਸਰੀਰਕ ਕਮਜ਼ੋਰੀ।
ਕਿਉਂ ਜ਼ਰੂਰੀ ਹੈ ਵਿਟਾਮਿਨ 'ਡੀ' : ਵਿਟਾਮਿਨ 'ਡੀ' ਸਾਡੀ ਸਿਹਤ ਲਈ ਜ਼ਰੂਰੀ ਹੈ। ਵਿਟਾਮਿਨ 'ਡੀ' ਸਰੀਰ ਵਿਚ ਕੈਲਸ਼ੀਅਮ ਦੇ ਪੱਧਰ ਨੂੰ ਕਾਬੂ ਵਿਚ ਰੱਖਦਾ ਹੈ। ਇਹ ਹੱਡੀਆਂ ਦੀ ਮਜ਼ਬੂਤੀ ਲਈ ਅਤੇ ਤੰਤ੍ਰਿਕਾ ਤੰਤਰ (ਨਰਵਸ ਸਿਸਟਮ) ਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨ 'ਡੀ' ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਮਦਦ ਕਰਦਾ ਹੈ। ਵਿਟਾਮਿਨ 'ਡੀ' ਦੀ ਸਰੀਰ ਵਿਚ ਉਚਿਤ ਮਾਤਰਾ ਹੋਣ 'ਤੇ ਉੱਚ ਖੂਨ ਦਬਾਅ ਦਾ ਖ਼ਤਰਾ ਘੱਟ ਰਹਿੰਦਾ ਹੈ।
ਵਿਟਾਮਿਨ 'ਡੀ' ਦੀ ਕਮੀ ਦੇ ਕਾਰਨ : ਉਮਰ ਵਧਣ ਦੇ ਨਾਲ ਸੂਰਜ ਦੀਆਂ ਕਿਰਨਾਂ ਨਾਲ ਵਿਟਾਮਿਨ 'ਡੀ' ਦਾ ਨਿਰਮਾਣ 75 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਵੈਸੇ ਵਿਟਾਮਿਨ 'ਡੀ' ਦੀ ਕਮੀ ਦੇ ਕਾਰਨ ਹਨ :
* ਏ. ਸੀ. ਵਿਚ ਜ਼ਿਆਦਾ ਸਮੇਂ ਤੱਕ ਰਹਿਣਾ।
* ਰਾਤ ਦੀ ਪਾਰੀ ਵਿਚ ਕੰਮ ਕਰਨਾ।
* ਧੁੱਪ ਵਿਚ ਚਮੜੀ ਟੈਨਿੰਗ ਜਾਂ ਸਨਬਰਨ ਹੋਣ ਦੇ ਡਰ ਕਾਰਨ ਬਾਹਰ ਨਾ ਨਿਕਲਣਾ।
* ਬਾਹਰ ਸਰਗਰਮੀ ਵਿਚ ਕਮੀ।
* ਕੈਂਸਰ ਤੋਂ ਪੀੜਤ ਲੋਕਾਂ ਵਿਚ।
* ਸਰਦੀਆਂ ਵਿਚ ਵਿਟਾਮਿਨ 'ਡੀ' ਦਾ ਪੱਧਰ ਘੱਟ ਹੋਣਾ, ਕਿਉਂਕਿ ਸਰੀਰ ਕੱਪੜਿਆਂ ਨਾਲ ਢਕਿਆ ਰਹਿੰਦਾ ਹੈ।
* ਜੋ ਲੋਕ ਧਾਰਮਿਕ, ਸਮਾਜਿਕ ਅਤੇ ਹੋਰ ਕਾਰਨਾਂ ਨਾਲ ਸਰੀਰ ਨੂੰ ਢਕ ਕੇ ਰੱਖਦੇ ਹਨ।
* ਮੋਟੇ ਲੋਕਾਂ ਵਿਚ ਵਿਟਾਮਿਨ 'ਡੀ' ਦੀ ਮਾਤਰਾ ਘੱਟ ਹੁੰਦੀ ਹੈ, ਕਿਉਂਕਿ ਇਹ ਵਿਟਾਮਿਨ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ।
* ਗੂੜ੍ਹੇ ਰੰਗ ਦੇ ਲੋਕਾਂ ਵਿਚ ਵਿਟਾਮਿਨ 'ਡੀ' ਦਾ ਨਿਰਮਾਣ ਘੱਟ ਹੁੰਦਾ ਹੈ।
ਵਿਟਾਮਿਨ 'ਡੀ' ਦੇ ਸਰੋਤ : ਵਿਟਾਮਿਨ 'ਡੀ' ਦਾ ਪ੍ਰਮੱਖ ਸਰੋਤ ਸੂਰਜ ਦੀਆਂ ਕਿਰਨਾਂ ਹਨ। ਇਸ ਤੋਂ ਇਲਾਵਾ ਸਪਲੀਮੈਂਟ ਜੋ ਦਵਾਈ ਦੇ ਰੂਪ ਵਿਚ ਲੈਣੇ ਪੈਂਦੇ ਹਨ। ਕੁਝ ਖਾਧ ਪਦਾਰਥਾਂ ਦੇ ਨਿਯਮਤ ਸੇਵਨ ਨਾਲ ਵੀ ਵਿਟਾਮਿਨ 'ਡੀ' ਦੀ ਕਮੀ ਕੁਝ ਹੱਦ ਤੱਕ ਘੱਟ ਹੋ ਜਾਂਦੀ ਹੈ ਜਿਵੇਂ ਕਾਡ ਲਿਵਰ ਆਇਲ, ਦੁੱਧ, ਆਂਡੇ, ਚਿਕਨ, ਮਸ਼ਰੂਮ, ਮੱਛੀ ਆਦਿ। 10 ਤੋਂ 15 ਮਿੰਟ ਸਰੀਰ ਦੀ ਖੁੱਲ੍ਹੀ ਚਮੜੀ 'ਤੇ ਹਰ ਰੋਜ਼ ਪੈਰਾਬੈਂਗਣੀ ਕਿਰਨਾਂ ਪੈਣ ਨਾਲ ਵਿਟਾਮਿਨ 'ਡੀ' ਦੀ ਲੋੜ ਪੂਰੀ ਹੋ ਜਾਂਦੀ ਹੈ।
ਬਿਨਾਂ ਡਾਕਟਰ ਦੀ ਸਲਾਹ ਤੋਂ ਸਪਲੀਮੈਂਟ ਨਾ ਲਓ।
ਟੈਸਟ ਕਰਾਉਣ ਨਾਲ ਪਤਾ ਲਗਦਾ ਹੈ : ਵਿਟਾਮਿਨ 'ਡੀ' ਦੀ ਸਰੀਰ ਵਿਚ ਕਮੀ ਦੀ ਮਾਤਰਾ ਨੂੰ ਜਾਨਣ ਲਈ ਵਿਟਾਮਿਨ 'ਡੀ' ਦਾ ਟੈਸਟ ਕਰਾਓ। 40 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਇਸ ਟੈਸਟ ਨੂੰ ਕਰਾਓ ਤਾਂ ਕਿ ਸਥਿਤੀ ਕੰਟਰੋਲ ਵਿਚ ਰਹਿ ਸਕੇ।
ਸਿਹਤ ਸਬੰਧੀ ਸਮੱਸਿਆਵਾਂ : * ਬੱਚਿਆਂ ਵਿਚ ਵਿਟਾਮਿਨ 'ਡੀ' ਦੀ ਕਮੀ ਨਾਲ ਹੱਡੀਆਂ ਦਾ ਰੋਗ ਰਿਕੇਟ ਹੋ ਜਾਂਦਾ ਹੈ, ਜਿਸ ਵਿਚ ਹੱਡੀਆਂ ਕਮਜ਼ੋਰ ਹੋ ਕੇ ਅਸਾਨੀ ਨਾਲ ਟੁੱਟਣ ਲਗਦੀਆਂ ਹਨ।
* ਇਸ ਦੀ ਕਮੀ ਨਾਲ ਆਸਟਿਓਪੋਰੋਸਿਸ ਹੋ ਜਾਂਦਾ ਹੈ, ਜੋ ਕੈਲਸ਼ੀਅਮ ਦੇ ਅਵਸ਼ੋਸ਼ਣ ਵਿਚ ਰੁਕਾਵਟ ਪਾਉਂਦਾ ਹੈ।
* ਵਿਟਾਮਿਨ 'ਡੀ' ਦੀ ਕਮੀ ਨਾਲ ਇੰਸੁਲਿਨ ਦਾ ਨਿਰਮਾਣ ਰੁਕਦਾ ਹੈ ਜੋ ਟਾਈਪ-2 ਸ਼ੂਗਰ ਨੂੰ ਗੰਭੀਰ ਬਣਾਉਂਦਾ ਹੈ।


-ਨ. ਗ.

ਤੁਸੀਂ ਵੀ ਵਧਾ ਸਕਦੇ ਹੋ ਆਪਣੀ ਊਰਜਾ

ਅੱਜ ਬਹੁਤੇ ਲੋਕ ਡਾਕਟਰ ਦੇ ਕੋਲ ਇਸ ਕਾਰਨ ਪਹੁੰਚਦੇ ਹਨ ਕਿ ਉਹ ਕਮਜ਼ੋਰੀ ਮਹਿਸੂਸ ਕਰਦੇ ਹਨ। ਥੋੜ੍ਹਾ ਜਿਹਾ ਕੰਮ ਕੀਤਾ ਨਹੀਂ ਕਿ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋਣ ਲਗਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਮਜ਼ੋਰੀ ਅਤੇ ਥਕਾਵਟ ਦੀ ਵਜ੍ਹਾ ਅੱਜ ਦੀ ਜੀਵਨ ਸ਼ੈਲੀ ਹੈ, ਜਿਸ ਵਿਚ ਵਿਅਕਤੀ ਨਾ ਕੇਵਲ ਬਾਹਰ ਦੇ ਕੰਮਾਂ ਨੂੰ ਕਰਦੇ ਸਮੇਂ ਤਣਾਅ ਮਹਿਸੂਸ ਕਰਦਾ ਹੈ, ਸਗੋਂ ਘਰ ਬੈਠੇ-ਬੈਠੇ ਵੀ ਉਹ ਤਣਾਅਮੁਕਤ ਨਹੀਂ ਹੈ। ਨਾ ਚੰਗੀ ਤਰ੍ਹਾਂ ਨੀਂਦ ਲੈ ਸਕਦਾ ਹੈ, ਨਾ ਸਹੀ ਖੁਰਾਕ, ਨਾ ਕਸਰਤ, ਜਿਸ ਕਾਰਨ ਉਹ ਆਪਣੇ-ਆਪ ਨੂੰ ਊਰਜਾ ਰਹਿਤ ਮਹਿਸੂਸ ਕਰਦਾ ਹੈ। ਇਹੀ ਵਜ੍ਹਾ ਹੈ ਕਿ ਉਹ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ।
ਵਿਅਕਤੀ ਵਿਚ ਊਰਜਾ ਤਾਂ ਹੁੰਦੀ ਹੈ ਪਰ ਉਸ ਦੀ ਵਰਤੋਂ ਉਨ੍ਹਾਂ ਕੰਮਾਂ ਵਿਚ ਹੋ ਜਾਂਦੀ ਹੈ, ਜਿਨ੍ਹਾਂ ਵਿਚ ਨਹੀਂ ਹੋਣੀ ਚਾਹੀਦੀ। ਆਓ ਜਾਣੀਏ ਕਿ ਤੁਸੀਂ ਆਪਣੀ ਊਰਜਾ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹੋ ਅਤੇ ਊਰਜਾ ਵਧਾਉਣ ਲਈ ਤੁਹਾਡੀ ਜੀਵਨ ਸ਼ੈਲੀ ਕਿਹੋ ਜਿਹੀ ਹੋਵੇ-
ਚੰਗੀ ਅਤੇ ਗੂੜ੍ਹੀ ਨੀਂਦ ਲਓ : ਹਰ ਉਮਰ ਵਿਚ ਨੀਂਦ ਦੀ ਲੋੜ ਵੱਖ-ਵੱਖ ਹੁੰਦੀ ਹੈ। ਬੱਚੇ ਜ਼ਿਆਦਾ ਨੀਂਦ ਲੈਂਦੇ ਹਨ, ਨੌਜਵਾਨ ਘੱਟ ਪਰ ਆਮ ਤੌਰ 'ਤੇ ਇਕ ਵਿਅਕਤੀ ਨੂੰ 8-9 ਘੰਟੇ ਹਰ ਰੋਜ਼ ਨੀਂਦ ਦੀ ਲੋੜ ਹੁੰਦੀ ਹੈ। ਸਾਡੇ ਸਰੀਰ ਅਤੇ ਦਿਮਾਗ ਨੂੰ ਦੁਬਾਰਾ ਕੰਮ ਕਰਨ ਲਈ ਤਿਆਰ ਹੋਣ ਵਾਸਤੇ ਘੱਟ ਤੋਂ ਘੱਟ 8 ਘੰਟੇ ਦਾ ਆਰਾਮ ਚਾਹੀਦਾ ਹੈ।
ਮਾਹਿਰਾਂ ਦੁਆਰਾ ਕੀਤੀ ਗਈ ਇਕ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਜੇ ਤੁਸੀਂ ਲੋੜ ਨਾਲੋਂ ਇਕ ਘੰਟਾ ਘੱਟ ਨੀਂਦ ਲੈਂਦੇ ਹੋ ਤਾਂ ਸਵੇਰੇ ਤੁਹਾਡੀ ਅਲਟਰਨੇਸ ਵਿਚ 20 ਫੀਸਦੀ ਕਮੀ ਆ ਜਾਂਦੀ ਹੈ ਅਤੇ ਜੇ ਤੁਹਾਡਾ ਇਹ ਸ਼ਡਿਊਲ 3-5 ਦਿਨ ਰਹਿੰਦਾ ਹੈ ਤਾਂ ਇਹ ਕਮੀ 50 ਫੀਸਦੀ ਤੱਕ ਪਹੁੰਚ ਜਾਂਦੀ ਹੈ। ਅੱਜਕਲ੍ਹ ਦੀ ਜੀਵਨ ਸ਼ੈਲੀ ਅਜਿਹੀ ਹੈ ਕਿ ਲੋਕ ਅੱਧੀ ਰਾਤ ਨੂੰ ਸੌਂਦੇ ਹਨ ਅਤੇ ਸਵੇਰੇ 10-11 ਵਜੇ ਉੱਠਦੇ ਹਨ। ਮਾਹਿਰਾਂ ਅਨੁਸਾਰ ਇਸ ਨਾਲ ਤੁਹਾਡਾ ਫਾਇਦਾ ਘੱਟ, ਨੁਕਸਾਨ ਜ਼ਿਆਦਾ ਹੁੰਦਾ ਹੈ।
ਆਪਣੀ ਊਰਜਾ ਵਧਾਉਣ ਲਈ ਤੁਸੀਂ ਭਾਵੇਂ ਇਕ ਘੰਟਾ ਪਹਿਲਾਂ ਸੌਂ ਜਾਓ ਪਰ ਸਵੇਰੇ ਦੇਰ ਤੱਕ ਸੌਣਾ ਤੁਹਾਡੇ ਵਿਚ ਊਰਜਾ ਨਹੀਂ, ਆਲਸ ਲਿਆਉਂਦਾ ਹੈ। ਸਾਰਾ ਦਿਨ ਕੰਮ ਕਰਦੇ-ਕਰਦੇ ਵਿਅਕਤੀ ਦੀ ਊਰਜਾ ਘਟਣ ਲਗਦੀ ਹੈ। ਤੁਸੀਂ ਦਿਨ ਵਿਚ ਇਕ ਵਾਰ ਨੀਂਦ ਦੀ ਝਪਕੀ ਲਓ ਅਤੇ ਮਾਹਿਰਾਂ ਅਨੁਸਾਰ ਇਹ ਸਹੀ ਸਮਾਂ 2 ਤੋਂ 3 ਵਜੇ ਦੁਪਹਿਰ ਹੈ ਪਰ ਇਹ ਝਪਕੀ ਇਕ ਘੰਟੇ ਤੋਂ ਵੱਧ ਨਾ ਹੋਵੇ, ਕਿਉਂਕਿ ਇਸ ਨਾਲ ਤੁਹਾਡੀ ਰਾਤ ਦੀ ਨੀਂਦ ਵਿਚ ਰੁਕਾਵਟ ਆਵੇਗੀ। ਜੋ ਲੋਕ ਨੌਕਰੀਪੇਸ਼ਾ ਹਨ, ਉਨ੍ਹਾਂ ਲਈ ਇਹ ਝਪਕੀ ਲੈਣਾ ਸੰਭਵ ਨਹੀਂ। ਉਹ 15 ਮਿੰਟ ਲੰਚ ਟਾਈਮ ਵਿਚ ਅੱਖਾਂ ਬੰਦ ਕਰਕੇ ਥੋੜ੍ਹਾ ਆਰਾਮ ਕਰ ਸਕਦੇ ਹਨ।
ਊਰਜਾ ਯੁਕਤ ਖੁਰਾਕ ਲਓ : ਪ੍ਰੋਟੀਨ ਯੁਕਤ ਆਹਾਰ ਲਓ। ਪ੍ਰੋਟੀਨ ਦਿਮਾਗ ਨੂੰ ਦੋ ਕੈਮੀਕਲਸ ਡੋਪਾਮਾਈਨ ਅਤੇ ਨੋਰੇਪਾਈਨਫਰਾਈਨ ਦੀ ਪੂਰਤੀ ਕਰਦਾ ਹੈ ਜੋ ਚੁਸਤੀ ਵਧਾਉਂਦੇ ਹਨ। ਇਕ ਖੋਜ ਵਿਚ ਪਾਇਆ ਗਿਆ ਕਿ ਸਵੇਰੇ ਪ੍ਰੋਟੀਨ ਯੁਕਤ ਆਹਾਰ ਗ੍ਰਹਿਣ ਕਰਨ 'ਤੇ ਵਿਅਕਤੀ ਦੀ ਦਿਮਾਗੀ ਕਾਰਜ ਸਮਰੱਥਾ ਵਿਚ ਵਾਧਾ ਹੁੰਦਾ ਹੈ।
ਦੁਪਹਿਰ ਦਾ ਖਾਣਾ ਬਹੁਤਾ ਭਾਰੀ ਨਾ ਲਓ। ਕਦੇ ਵੀ ਡਾਇਟਿੰਗ ਨਾ ਕਰੋ ਅਤੇ ਨਾ ਹੀ ਤਿੰਨੋਂ ਸਮੇਂ ਦੇ ਭੋਜਨ ਵਿਚੋਂ ਕੋਈ ਵੀ ਘੱਟ ਕਰੋ। ਸਵੇਰੇ, ਦੁਪਹਿਰ, ਰਾਤ ਵਿਚੋਂ ਤੁਸੀਂ ਜੇ ਇਕ ਵੀ ਸਮੇਂ ਦਾ ਭੋਜਨ ਨਹੀਂ ਲੈਂਦੇ ਤਾਂ ਤੁਹਾਡੇ ਵਿਚ ਊਰਜਾ ਦੀ ਕਮੀ ਤਾਂ ਆਵੇਗੀ ਹੀ, ਨਾਲ ਹੀ ਤੁਸੀਂ ਅਗਲਾ ਭੋਜਨ ਜ਼ਿਆਦਾ ਮਾਤਰਾ ਵਿਚ ਲਓਗੇ। ਆਪਣੇ ਭੋਜਨ ਵਿਚ ਸਾਰੇ ਪੋਸ਼ਕ ਤੱਤਾਂ ਨੂੰ ਸ਼ਾਮਿਲ ਕਰੋ, ਤਾਂ ਕਿ ਤੁਹਾਨੂੰ ਊਰਜਾ ਮਿਲਦੀ ਰਹੇ।
ਗਤੀਸ਼ੀਲ ਰਹੋ : ਜੇ ਤੁਸੀਂ ਗਤੀਸ਼ੀਲ ਰਹਿੰਦੇ ਹੋ ਤਾਂ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਤੁਹਾਡਾ ਦਿਲ ਅਤੇ ਫੇਫੜੇ ਤੰਦਰੁਸਤ ਰਹਿੰਦੇ ਹਨ। ਇੰਸਟੀਚਿਊਟ ਫਾਰ ਏਰੋਬਿਕਸ ਰਿਸਰਚ ਦੇ ਨਿਰਦੇਸ਼ਕ ਸਟੀਵਨ ਬਲੇਅਰ ਅਨੁਸਾਰ ਗਤੀਸ਼ੀਲ ਲੋਕ ਕਮਜ਼ੋਰੀ ਅਤੇ ਥਕਾਵਟ ਘੱਟ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਸਰੀਰ ਇਕ ਸ਼ਕਤੀਸ਼ਾਲੀ ਇੰਜਣ ਵਾਂਗ ਹੁੰਦਾ ਹੈ। ਊਰਜਾ ਵਧਾਉਣ ਲਈ ਥੋੜ੍ਹੀ ਜਿਹੀ ਕਸਰਤ ਦੀ ਲੋੜ ਹੁੰਦੀ ਹੈ।
10 ਮਿੰਟ ਦੀ ਸੈਰ ਵੀ ਤੁਹਾਡੀ ਊਰਜਾ ਵਧਾ ਸਕਦੀ ਹੈ ਅਤੇ ਤੁਹਾਨੂੰ ਆਰਾਮ ਪਹੁੰਚਾ ਸਕਦਾ ਹੈ। ਜੇ ਤੁਸੀਂ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਹੋ ਤਾਂ ਵਿਚ-ਵਿਚ ਖੜ੍ਹੇ ਹੋ ਕੇ ਇਕ-ਦੋ ਚੱਕਰ ਲਗਾਓ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਸਰਤ ਲਈ ਹਰ ਰੋਜ਼ ਅੱਧਾ ਘੰਟਾ ਕੱਢੋ। ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਚਾਹੇ 5 ਮਿੰਟ ਦਾ ਹੀ ਕਿਉਂ ਨਾ ਹੋਵੇ, ਇਕ-ਦੋ ਚੱਕਰ ਲਗਾਓ। ਬਸ ਅਜਿਹੇ 5 ਮਿੰਟ ਦਿਨ ਵਿਚ 5-6 ਵਾਰ ਕੱਢੋ।
ਤਣਾਅ 'ਤੇ ਕਾਬੂ ਰੱਖੋ : ਜੇ ਤੁਸੀਂ ਸਰੀਰਕ ਜਾਂ ਮਾਨਸਿਕ ਕਿਸੇ ਵੀ ਤੌਰ 'ਤੇ ਤਣਾਅਗ੍ਰਸਤ ਰਹਿੰਦੇ ਹੋ ਤਾਂ ਤੁਹਾਡੀ ਬਹੁਤ ਸਾਰੀ ਊਰਜਾ ਬੇਕਾਰ ਚਲੀ ਜਾਂਦੀ ਹੈ। ਥੋੜ੍ਹਾ-ਬਹੁਤ ਤਣਾਅ ਤਾਂ ਜ਼ਿੰਦਗੀ ਦਾ ਅੰਗ ਹੈ। ਇਸ ਤਣਾਅ ਵਿਚ ਤੁਹਾਡਾ ਪ੍ਰਤੀਕਰਮ ਕਿਹੋ ਜਿਹਾ ਹੋਣਾ ਚਾਹੀਦਾ, ਇਹ ਮਹੱਤਵਪੂਰਨ ਹੈ। ਜੇ ਤੁਹਾਡੀ ਜ਼ਿੰਦਗੀ ਵਿਚ ਤਣਾਅ ਹੈ ਤਾਂ ਤੁਸੀਂ ਰਾਹਤ ਲੈਣ ਲਈ ਕੋਈ ਚੰਗਾ ਜਿਹਾ ਸ਼ੌਕ ਅਪਣਾਓ, ਜਿਸ ਨੂੰ ਕਰਦੇ ਸਮੇਂ ਤੁਸੀਂ ਚੰਗਾ ਮਹਿਸੂਸ ਕਰੋ। ਜਦੋਂ ਵੀ ਤੁਹਾਨੂੰ ਤਣਾਅ ਮਹਿਸੂਸ ਹੋਵੇ, ਆਪਣਾ ਧਿਆਨ ਆਪਣੇ ਸ਼ੌਕ 'ਤੇ ਲਗਾਓ। ਇਸ ਤੋਂ ਇਲਾਵਾ ਮੈਡੀਟੇਸ਼ਨ ਦਾ ਸਹਾਰਾ ਲਓ।
ਡਿਪ੍ਰੈਸ਼ਨ (ਉਦਾਸੀ) ਤੋਂ ਦੂਰ ਰਹੋ : ਡਿਪ੍ਰੈਸ਼ਨ ਵੀ ਥਕਾਵਟ ਦਾ ਕਾਰਨ ਬਣ ਸਕਦਾ ਹੈ। ਅਮਰੀਕਾ ਵਿਚ ਨੈਸ਼ਨਲ ਸੈਂਟਰ ਫਾਰ ਹੈਲਥ ਸਰਵਿਸ ਦੇ ਮਾਹਿਰਾਂ ਨੇ ਆਪਣੀ ਖੋਜ ਵਿਚ ਪਾਇਆ ਕਿ ਜੇ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਤਾਂ ਤੁਸੀਂ ਕਮਜ਼ੋਰੀ, ਥਕਾਨ ਮਹਿਸੂਸ ਕਰਦੇ ਹੋ। ਡਿਪ੍ਰੈਸ਼ਨ ਨਾਲ ਨਿਪਟਣ ਲਈ ਡਾਕਟਰ ਦਵਾਈਆਂ ਦੀ ਮਦਦ ਲੈਂਦੇ ਹਨ ਪਰ ਤੁਸੀਂ ਆਪਣੇ ਅੰਦਰ ਕੁਝ ਤਬਦੀਲੀਆਂ ਲਿਆ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਸਭ ਤੋਂ ਪਹਿਲਾਂ ਆਸ਼ਾਵਾਦੀ ਬਣੋ। ਆਪਣੇ ਦਿਮਾਗ ਵਿਚੋਂ ਨਕਾਰਾਤਮਕ ਗੱਲਾਂ ਨੂੰ ਕੱਢੋ। ਕਸਰਤ ਦੁਆਰਾ ਤੁਹਾਡੇ ਵਿਚ ਆਤਮ-ਵਿਸ਼ਵਾਸ ਆਉਂਦਾ ਹੈ, ਜੋ ਤੁਹਾਨੂੰ ਡਿਪ੍ਰੈਸ਼ਨ ਨਾਲ ਨਿਪਟਣ ਵਿਚ ਸਹਾਇਤਾ ਦਿੰਦਾ ਹੈ। ਕਈ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਕਸਰਤ ਨਾਲ ਵਿਅਕਤੀ ਦੇ ਮੂਡ 'ਤੇ ਪ੍ਰਭਾਵ ਪੈਂਦਾ ਹੈ ਅਤੇ ਉਹ ਆਪਣੇ-ਆਪ ਵਿਚ ਨਵੀਂ ਸ਼ਕਤੀ ਮਹਿਸੂਸ ਕਰਦਾ ਹੈ।

ਸਿਹਤ ਖ਼ਬਰਨਾਮਾ

ਸਾਬਤ ਅਨਾਜ ਦਾ ਸੇਵਨ ਉਮਰ ਵਧਾਉਂਦਾ ਹੈ

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਜੋ ਵਿਅਕਤੀ ਸਾਬਤ ਅਨਾਜ ਦਾ ਜ਼ਿਆਦਾ ਸੇਵਨ ਕਰਦੇ ਹਨ, ਉਹ ਤੰਦਰੁਸਤ ਜੀਵਨ ਜਿਊਂਦੇ ਹਨ ਅਤੇ ਕਈ ਰੋਗਾਂ ਤੋਂ ਬਚੇ ਰਹਿੰਦੇ ਹਨ। ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ 35 ਹਜ਼ਾਰ ਵਿਅਕਤੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ ਅਤੇ ਪਾਇਆ ਗਿਆ ਕਿ ਜਿਨ੍ਹਾਂ ਨੇ ਜ਼ਿਆਦਾ ਸਾਬਤ ਅਨਾਜ ਦਾ ਸੇਵਨ ਕੀਤਾ, ਉਨ੍ਹਾਂ ਵਿਚ ਸਾਬਤ ਅਨਾਜ ਦਾ ਸੇਵਨ ਨਾ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਵਿਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ 21 ਫ਼ੀਸਦੀ ਘੱਟ ਪਾਈ ਗਈ। ਮਿਨੀਪੋਲੀਸ ਵਿਚ ਯੂਨੀਵਰਸਿਟੀ ਆਫ ਸਿਨੇਸਵਾ ਦੇ ਮਾਹਿਰ ਡਾ: ਡੇਵਿਡ ਜੈਬਸ, ਜਿਨ੍ਹਾਂ ਨੇ ਇਹ ਖੋਜ ਕੀਤੀ, ਦਾ ਮੰਨਣਾ ਹੈ ਕਿ ਸਾਬਤ ਅਨਾਜ ਦਾ ਸੇਵਨ ਵਿਅਕਤੀ ਨੂੰ ਕਈ ਗੰਭੀਰ ਰੋਗਾਂ ਤੋਂ ਬਚਾਉਂਦਾ ਹੈ ਅਤੇ ਵਿਅਕਤੀ ਦੀ ਉਮਰ ਨੂੰ ਵਧਾਉਂਦਾ ਹੈ।
ਮੇਲ-ਜੋਲ ਵਧਾਓ, ਤੰਦਰੁਸਤ ਸਰੀਰ ਅਤੇ ਮਨ ਪਾਓ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਦੇ ਬਿਨਾਂ ਰਹਿਣ ਵਾਲਾ ਵਿਅਕਤੀ ਨਾ ਤਾਂ ਸਰੀਰਕ ਤੌਰ 'ਤੇ ਤੰਦਰੁਸਤ ਰਹਿ ਸਕਦਾ ਹੈ ਅਤੇ ਨਾ ਹੀ ਮਾਨਸਿਕ ਤੌਰ 'ਤੇ। ਹਾਲ ਹੀ ਵਿਚ ਕੀਤੀਆਂ ਗਈਆਂ ਖੋਜਾਂ ਵਿਚ ਇਹ ਪਾਇਆ ਗਿਆ ਹੈ ਕਿ ਵਿਅਕਤੀ ਸਮਾਜ ਵਿਚ ਰਹਿ ਕੇ ਨਾ ਸਿਰਫ ਖੁਸ਼ ਰਹਿੰਦਾ ਹੈ, ਸਗੋਂ ਤੰਦਰੁਸਤ ਵੀ ਰਹਿੰਦਾ ਹੈ। ਸਭ ਨਾਲ ਮਿਲ-ਜੁਲ ਕੇ ਰਹਿਣ ਵਾਲੇ ਵਿਅਕਤੀ ਤੰਦਰੁਸਤ ਮਨ ਅਤੇ ਸਰੀਰ ਵਾਲੇ ਹੁੰਦੇ ਹਨ ਅਤੇ ਜੋ ਵਿਅਕਤੀ ਸਮਾਜਿਕ ਨਹੀਂ ਹੁੰਦੇ, ਉਹ ਮਾਨਸਿਕ ਤੌਰ 'ਤੇ ਚਿੜਚਿੜੇ ਅਤੇ ਸਰੀਰਕ ਤੌਰ 'ਤੇ ਬਿਮਾਰ ਪਾਏ ਗਏ। ਇਸ ਲਈ ਮੇਲ-ਜੋਲ ਵਧਾਓ ਅਤੇ ਤੰਦਰੁਸਤ ਸਰੀਰ ਅਤੇ ਮਨ ਪਾਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX