ਤਾਜਾ ਖ਼ਬਰਾਂ


ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  9 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਆਉਣਗੇ। ਇਸ ਸੰਬੰਧੀ ਸੰਗਰੂਰ ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ...
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  31 minutes ago
ਅਜਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਅੰਦਰ ਵੱਖ-ਵੱਖ ਪੜਾਵਾਂ ਤਹਿਤ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਸੱਤਵੇਂ ਅਤੇ ਆਖ਼ਰੀ ਗੇੜ ਤਹਿਤ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ, ਜਿਹੜੀ ਕਿ 29 ਅਪ੍ਰੈਲ...
ਅੱਜ ਦਾ ਵਿਚਾਰ
. . .  42 minutes ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹੋਰ ਖ਼ਬਰਾਂ..

ਦਿਲਚਸਪੀਆਂ

ਮੱਘਰ ਦਾ ਮਹੀਨਾ

ਲੈਬਾਰਟਰੀ ਵਿਚ ਆਪਣੀ ਰਿਪੋਰਟ ਲੈਣ ਲਈ ਮੇਰੇ ਤੋਂ ਅੱਗੇ ਖੜ੍ਹੇ ਬਜ਼ੁਰਗ ਨੂੰ ਲੈਬਾਰਟਰੀ ਅਟੈਂਡੈਂਟ ਨੇ ਪੁੱਛਿਆ, 'ਬਾਬਾ ਜੀ ਕਦੇ ਪਹਿਲਾਂ ਵੀ ਤੁਸੀਂ ਇਹ ਟੈਸਟ ਕਰਵਾਏ ਨੇ?' ਬਜ਼ੁਰਗ ਨੇ ਕਿਹਾ, 'ਹਾਂ ਪੁੱਤਰ ਮੱਘਰ ਦੇ ਮਹੀਨੇ ਕਰਵਾਏ ਸਨ।' ਅਟੈਂਡੈਂਟ ਰਿਪੋਰਟ ਦੇਖਣ ਲੱਗ ਪਿਆ ਅਤੇ ਕੰਪਿਊਟਰ ਦੀ ਸਕਰੀਨ ਉਤੇ ਕੁਝ ਸਰਚ ਕਰਨ ਲੱਗ ਪਿਆ। ਫਿਰ ਉਹ ਕਦੇ ਰਿਪੋਰਟ ਵੱਲ ਦੇਖਦਾ ਅਤੇ ਕਦੇ ਸਕਰੀਨ ਵੱਲ। ਪੰਜ ਕੁ ਮਿੰਟ ਮੱਥਾ ਮਾਰਨ ਤੋਂ ਬਾਅਦ ਫਿਰ ਆਪਣੇ ਕੈਬਿਨ ਵਿਚ ਆ ਕੇ ਸਕਰੀਨ ਦੇਖਣ ਲੱਗ ਪਿਆ। ਮੈਂ ਸੋਚਿਆ ਕਿ ਬਜ਼ੁਰਗ ਦੀ ਕਿਸੇ ਗੰਭੀਰ ਬਿਮਾਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਲੈਬਾਰਟਰੀ ਅਟੈਂਡੈਂਟ ਇਕ ਵਾਰ ਫਿਰ ਆਪਣੇ ਕੈਬਿਨ ਤੋਂ ਬਾਹਰ ਨਿਕਲ ਗਿਆ। ਮੈਂ ਵੀ ਉਸ ਦੇ ਮਗਰ ਤੁਰ ਪਿਆ, ਕਿਉਂਕਿ ਮੈਨੂੰ ਵੀ ਆਪਣੇ ਨਾਲ ਲਿਆਂਦੇ ਮਰੀਜ਼ ਦੀ ਰਿਪੋਰਟ ਲੈਣ ਦੀ ਕਾਹਲੀ ਸੀ। ਅੱਗੇ ਜਾ ਕੇ ਅਟੈਂਡੈਂਟ ਇਕ ਨਰਸ ਕੋਲੋਂ ਮੱਘਰ ਦੇ ਮਹੀਨੇ ਬਾਰੇ ਪੁੱਛਣ ਲੱਗਾ। ਨਰਸ ਨੇ ਵੀ ਨਾਂਹ ਵਿਚ ਸਿਰ ਹਿਲਾ ਦਿੱਤਾ। ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਬਜ਼ੁਰਗ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ, ਸਗੋਂ ਇਸ ਨੂੰ ਮੱਘਰ ਮਹੀਨੇ ਨੇ ਉਲਝਾ ਰੱਖਿਆ ਸੀ। ਮੈਂ ਉਸ ਨੂੰ ਅੰਗਰੇਜ਼ੀ ਮਹੀਨੇ ਅਨੁਸਾਰ ਮੱਘਰ ਦੇ ਮਹੀਨੇ ਦੇ ਸਮੇਂ ਬਾਰੇ ਦੱਸਿਆ। ਹੁਣ ਉਸ ਦੇ ਚਿਹਰੇ ਉਤੇ ਸਕੂਨ ਜਿਹਾ ਦਿਖਾਈ ਦੇ ਰਿਹਾ ਸੀ। ਉਸ ਨੇ ਆਪਣੇ ਰਿਕਾਰਡ ਵਿਚ ਐਂਟਰੀ ਕਰਕੇ ਰਿਪੋਰਟ ਬਜ਼ੁਰਗ ਨੂੰ ਫੜਾ ਦਿੱਤੀ।

-ਮਾ: ਸਰਤਾਜ ਸਿੰਘ
ਪਿੰਡ ਤੇ ਡਾਕ: ਘੁੰਗਰਾਲੀ ਰਾਜਪੂਤਾਂ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 94172-51959.


ਖ਼ਬਰ ਸ਼ੇਅਰ ਕਰੋ

ਇੰਟਰਨੈੱਟ ਦੇ ਮਰੀਜ਼

ਮਨੋਵਿਗਿਆਨੀਆਂ ਤੇ ਮਾਨਸਿਕ ਬਿਮਾਰੀਆਂ ਦੇ ਮਾਹਿਰਾਂ ਨੇ ਸੋਸ਼ਲ ਸਾਈਟਸ ਦੀ ਜ਼ਿਆਦਾ ਵਰਤੋਂ ਕਰਨ ਨੂੰ ਇੰਟਰਨੈੱਟ ਦਾ ਨਸ਼ਾ ਮੰਨਿਆ ਹੈ। ਅੱਜਕੱਲ੍ਹ ਕਈ ਬੱਚੇ ਆਦਮੀ ਤੇ ਔਰਤਾਂ ਇਸ ਨਸ਼ੇ ਦੇ ਮਰੀਜ਼ ਹਨ। ਦੂਸਰਾ ਨਸ਼ਾ ਲੈਣ ਵਾਲਿਆਂ ਨੂੰ ਨਸ਼ੀਲੇ ਪਦਾਰਥ ਦੀ ਜ਼ਰੂਰਤ ਹੁੰਦੀ ਹੈ ਪਰ ਇੰਟਰਨੈੱਟ ਦੇ ਨਸ਼ੇ ਦੇ ਮਰੀਜ਼ਾਂ ਨੂੰ ਇੰਟਰਨੈੱਟ ਦੀ ਜ਼ਰੂਰਤ ਹੁੰਦੀ ਹੈ। ਇੰਟਰਨੈੱਟ ਦੇ ਮਰੀਜ਼ਾਂ ਦੀ ਇੰਟਰਨੈੱਟ ਤੋਂ ਬਿਨਾਂ ਮਰਨ ਵਾਲੀ ਹਾਲਤ ਹੋ ਜਾਂਦੀ ਹੈ। ਇਕ ਲੜਕੇ ਨੂੰ ਘਰਵਾਲੇ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲੈ ਕੇ ਆਏ। ਡਾਕਟਰ ਨੇ ਬੇਹੋਸ਼ੀ ਦਾ ਕਾਰਨ ਪੁੱਛਿਆ। ਘਰਵਾਲੇ ਕਹਿਣ ਲੱਗੇ ਇਹ ਹਰ ਸਮੇਂ ਇੰਟਰਨੈੱਟ 'ਤੇ ਲੱਗਾ ਰਹਿੰਦਾ ਹੈ। ਇੰਟਰਨੈੱਟ ਤੋਂ ਬਗੈਰ ਇਸ ਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ। ਇਹ ਰਾਤ ਇਕੱਲਾ ਕਮਰੇ ਵਿਚ ਸੌਂਦਾ ਹੈ। ਅੱਜ ਜਦੋਂ ਸਵੇਰੇ ਅਸੀਂ ਆਵਾਜ਼ਾਂ ਮਾਰੀਆਂ ਤਾਂ ਇਸ ਨੇ ਆਵਾਜ਼ ਨਾ ਦਿੱਤੀ। ਜਦ ਅਸੀਂ ਦਰਵਾਜ਼ਾ ਖੋਲਿਆ ਤਾਂ ਇਹ ਬੇਹੋਸ਼ ਪਿਆ ਸੀ ਤੇ ਇੰਟਰਨੈੱਟ ਬੰਦ ਸੀ। ਲੱਗਦੈ ਜਦ ਰਾਤ ਇੰਟਰਨੈੱਟ ਬੰਦ ਹੋਇਆ ਹੋਣੈਂ ਉਦੋਂ ਦਾ ਹੀ ਇਹ ਬੇਹੋਸ਼ ਹੋ ਗਿਐ ਹੋਣੈਂ। ਅੱਜਕੱਲ੍ਹ ਪਤੀ ਪਤਨੀ ਬੱਚਿਆਂ ਤੇ ਮਾਪਿਆਂ ਵਿਚਕਾਰ ਲੜਾਈ ਦੀ ਜੜ੍ਹ ਇੰਟਰਨੈੱਟ ਵੀ ਹੈ। ਇਕ ਇੰਟਰਨੈੱਟ ਦਾ ਮਰੀਜ਼ ਫੱਟੜ ਹੋਣ ਦੀ ਹਾਲਤ ਵਿਚ ਹਸਪਤਾਲ ਆਇਆ। ਡਾਕਟਰ ਨੇ ਫੱਟੜ ਹੋਣ ਦਾ ਕਾਰਨ ਪੁੱਛਿਆ। ਉਹ ਬੋਲਿਆ ਮੇਰੀ ਪਤਨੀ ਨੇ ਮੈਨੂੰ ਲੈਪਟਾਪ ਨਾਲ ਕੁੱਟਿਆ ਹੈ। ਮੇਰੀ ਪਤਨੀ ਮੇਰੇ ਨਵਜੰਮੇ ਬੇਟੇ ਦਾ ਨਾਂਅ ਫੇਸਬੁੱਕ ਕੁਮਾਰ ਰੱਖਣਾ ਚਾਹੁੰਦੀ ਹੈ ਪਰ ਮੈਂ ਗੂਗਲ ਕੁਮਾਰ ਰੱਖਣਾ ਚਾਹੁੰਦਾ ਹਾਂ। ਇਸੇ ਕਾਰਨ ਸਾਡੀ ਲੜਾਈ ਹੋ ਗਈ। ਇਕ ਇੰਟਰਨੈੱਟ ਦਾ ਮਰੀਜ਼ ਅੱਖਾਂ ਦੇ ਡਾਕਟਰ ਕੋਲ ਨਜ਼ਰ ਚੈੱਕ ਕਰਵਾਉਣ ਗਿਆ। ਡਾਕਟਰ ਕਹਿਣ ਲੱਗਾ ਤੁਹਾਨੂੰ ਐਨਕ ਦੀ ਜ਼ਰੂਰਤ ਹੈ। ਡਾਕਟਰ ਨੇ ਐਨਕ ਦੇ ਸ਼ੀਸ਼ਿਆਂ ਦੇ ਨੰਬਰ ਵਾਸਤੇ ਮਰੀਜ਼ ਨੂੰ ਸਾਹਮਣੇ ਲਿਖੇ ਅੱਖਰ ਪੜ੍ਹਨ ਲਈ ਕਿਹਾ। ਮਰੀਜ਼ ਬੋਲਿਆ ਮੈਂ ਬਿਲਕੁਲ ਅਨਪੜ੍ਹ ਹਾਂ ਮੈਨੂੰ ਅੱਖਰਾਂ ਦੀ ਪਹਿਚਾਣ ਹੀ ਨਹੀਂ ਹੈ। ਮੈਨੂੰ ਕਿਸੇ ਸੋਸ਼ਲ ਸਾਈਟ ਦਾ ਨਿਸ਼ਾਨ ਦਿਖਾਓ। ਮੈਂ ਕੋਈ ਅਖਬਾਰ ਜਾਂ ਕਿਤਾਬ ਨਹੀਂ ਪੜ੍ਹਨੀ ਚਲਾਉਣਾ ਤਾਂ ਇੰਟਰਨੈੱਟ ਐ।
ਲੱਗਦਾ ਹੈ ਭਵਿਖ ਵਿਚ ਇੰਟਰਨੈੱਟ ਦੇ ਮਰੀਜ਼ਾਂ ਲਈ ਵੱਖਰੇ ਹਸਪਤਾਲ ਹੋਣਗੇ ਜਿਨ੍ਹਾਂ ਵਿਚ ਫੇਸਬੁੱਕ ਵਟਸਐਪ ਇੰਸਟਾਗਰਾਮ ਯੂ-ਟਿਊਬ ਗੂਗਲ ਜੀ-ਮੇਲ ਤੇ ਯਾਹੂ ਆਦਿ ਵਾਰਡਜ਼ ਹੋਣਗੀਆਂ। ਖੂਨ ਟੈਸਟ ਕਰ ਕੇ ਬਿਮਾਰੀ ਲੱਭਣ ਤੋਂ ਬਾਅਦ ਡਾਕਟਰ ਮਰੀਜ਼ ਨੂੰ ਉਸ ਵਾਰਡ ਵਿਚ ਹੀ ਭੇਜਿਆ ਕਰਨਗੇ। ਡਾਕਟਰ ਵੀ ਫੇਸਬੁੱਕ ਵਟਸਐਪ ਯੂ-ਟਿਊਬ ਟਵਿਟਰ ਇੰਸਟਾਗਰਾਮ ਆਦਿ ਬਿਮਾਰੀਆਂ ਦੇ ਸਪੈਸ਼ਲਿਸਟ ਹੋਣਗੇ। ਫੇਸਬੁਕਮਾਈਸਿਨ ਵਟਸਐਪਗਾਰਡ ਯੂਟਿਊਬਟੋਨ ਯਾਹੂਫਲੇਮ ਜੀਮੇਲਮੈਕਸ ਇੰਸਟਾਗਰਾਮੋਫੋਮ ਗੂਗਲਗਲਾਈਮ ਆਦਿ ਦਵਾਈਆਂ ਦੇ ਨਾਂਅ ਹੋਣਗੇ। ਜਿਵੇਂ ਚਮੜੀ 'ਤੇ ਵਾਰ-ਵਾਰ ਖਾਰਿਸ਼ ਹੋਣ ਨੂੰ ਚਮੜੀ ਦੀ ਐਲਰਜੀ ਮੰਨਿਆ ਹੈ ਇਸੇ ਤਰ੍ਹਾਂ ਵਾਰ-ਵਾਰ ਮੋਬਾਈਲ ਦੇਖਣ ਦੀ ਆਦਤ ਨੂੰ ਮੋਬਾਈਲ ਐਲਰਜੀ ਮੰਨਿਆ ਜਾਵੇਗਾ। ਮੋਬਾਈਲ ਐਲਰਜੀ ਲਈ ਫੇਸਬੁੱਕ ਹੀਲਰ ਵਟਸਐਪ ਰਿਲੀਫ ਜੀਮੇਲਜੈੱਲ ਆਦਿ ਕਰੀਮਾਂ ਤੇ ਲੋਸ਼ਨ ਮਿਲਿਆ ਕਰਨਗੇ। ਡਾਕਟਰ ਜਾਂ ਨੀਮ ਹਕੀਮ ਬੱਸਾਂ ਤੇ ਕੰਧਾਂ 'ਤੇ ਪੋਸਟਰ ਚਿਪਕਾਉਣਗੇ ਜਾਂ ਲਿਖਾਉਣਗੇ ਕਿ ਇੰਟਰਨੈੱਟ ਦਾ ਨਸ਼ਾ ਗਰੰਟੀ ਨਾਲ ਛੁਡਾਓ। ਇਥੇ ਨਸ਼ੇ ਦੀ ਗਰੰਟੀ ਲਿਖ ਕੇ ਦਿੱਤੀ ਜਾਂਦੀ ਹੈ। ਮਰੀਜ਼ ਨਸ਼ਾ ਨਾ ਛੱਡੇ ਤਾਂ ਪੈਸੇ ਵਾਪਸ। ਨਸ਼ਾ ਛੁਡਾਉਣ ਦਾ ਤੀਹ ਸਾਲ ਦਾ ਤਜਰਬਾ। ਅਸਰ ਪਹਿਲੇ ਦਿਨ ਤੋਂ ਸ਼ੁਰੂ। ਨਿਰਾਸ਼ ਮਰੀਜ਼ ਜ਼ਰੂਰ ਮਿਲਣ। ਸਲਾਹ ਦੀ ਕੋਈ ਫੀਸ ਨਹੀਂ। ਸ਼ਹਿਰਾਂ ਤੇ ਦਿਨਾਂ ਦੇ ਨਾਂਅ ਲਿਖ ਕੇ ਡਾਕਟਰਾਂ ਜਾਂ ਹਕੀਮਾਂ ਦੇ ਮਿਲਣ ਦਾ ਸਮਾਂ ਤੇ ਟਿਕਾਣਾ ਵੀ ਲਿਖਿਆ ਹੋਵੇਗਾ। ਪਹਿਲਾਂ ਜਦ ਬੱਚੇ ਕੋਈ ਚੀਜ਼ ਨਹੀਂ ਖਾਂਦੇ ਸਨ ਤਾਂ ਮਾਵਾਂ ਅਜਿਹੇ ਡਰਾਵੇ ਦਿੰਦੀਆਂ ਸਨ ਕਿ ਮੈਂ ਤੇਰੇ ਪਾਪਾ ਜਾਂ ਮੈਡਮ ਨੂੰ ਦੱਸ ਦੇਣਾ ਤੈਨੂੰ ਫਲ੍ਹਾਣੀ ਚੀਜ਼ ਨਹੀਂ ਲੈ ਕੇ ਦੇਣੀਂ। ਹੁਣ ਮਾਵਾਂ ਇੰਟਰਨੈੱਟ ਦਾ ਡਰਾਵਾ ਦਿੰਦੀਆਂ ਹਨ। ਇਕ ਬੱਚਾ ਬੁਖਾਰ ਦੀ ਦਵਾਈ ਨਹੀਂ ਖਾ ਰਿਹਾ ਸੀ। ਮਾਂ ਬੋਲੀ ਦਵਾਈ ਖਾ ਲੈ ਨਹੀਂ ਤਾਂ ਮੈਂ ਤੇਰਾ ਵਾਈ ਫਾਈ ਬੰਦ ਕਰ ਦੇਣਾ ਤੇਰਾ ਨੈੱਟ ਪੈਕ ਨਹੀਂ ਪਵਾ ਕੇ ਦੇਣਾ। ਬੱਚਾ ਝੱਟ ਦਵਾਈ ਖਾ ਗਿਆ। ਮਾਂ ਬੋਲੀ ਤੈਨੂੰ ਬੁਖਾਰ ਨਾਲੋਂ ਜ਼ਿਆਦਾ ਤਾਂ ਇੰਟਰਨੈੱਟ ਦਾ ਬੁਖਾਰ ਲੱਗਦੈ। ਇੰਟਰਨੈੱਟ ਦੇ ਮਰੀਜ਼ ਸ਼ਾਇਦ ਮਰਨ ਤੋਂ ਬਾਅਦ ਵੀ ਇੰਟਰਨੈੱਟ ਬਾਰੇ ਹੀ ਸੋਚਦੇ ਹੋਣਗੇ। ਇਕ ਇੰਟਰਨੈੱਟ ਦਾ ਮਰੀਜ਼ ਮੌਤ ਕਿਨਾਰੇ ਸੀ। ਉਸ ਨੂੰ ਸੁਪਨੇ ਵਿਚ ਧਰਮਰਾਜ ਨੇ ਪੁੱਛਿਆ ਦੱਸ ਭਾਈ ਮਰਨ ਤੋਂ ਬਾਅਦ ਨਰਕ ਵਿਚ ਜਾਣੈਂ ਜਾਂ ਸਵਰਗ ਵਿਚ। ਮਰੀਜ਼ ਬੋਲਿਆ ਉਥੇ ਲੈ ਚੱਲ ਜਿਥੇ ਇੰਟਰਨੈੱਟ ਦੀ ਸਪੀਡ ਜ਼ਿਆਦਾ ਹੋਵੇ। ਪਹਿਲਾਂ ਸਾਰੇ ਆਪ ਤੋਂ ਵੱਡਿਆਂ ਨੂੰ ਜੀ ਕਹਿ ਕੇ ਬੁਲਾਉਂਦੇ ਸਨ। ਪਤਨੀਆਂ ਵੀ ਆਪਣੇ ਪਤੀਆਂ ਨੂੰ 'ਜੀ' ਕਹਿ ਕੇ ਬੁਲਾਉਂਦੀਆਂ ਸਨ। ਹੁਣ ਕਈ ਪਤਨੀਆਂ ਆਪਣੇ ਪਤੀਆਂ ਦੇ ਨਾਂਅ ਦੇ ਪਿੱਛੇ 'ਜੀ' ਨਹੀਂ ਲਗਾਉਂਦੀਆਂ ਪਰ ਇੰਟਰਨੈੱਟ ਪੈਕ ਦੇ ਅੰਕੜੇ ਪਿੱਛੇ 'ਜੀ' ਜ਼ਰੂਰ ਲਗਾਉਣਗੀਆਂ। ਕਹਿਣਗੀਆਂ ਭਾਈ ਸਾਹਿਬ ਮੋਬਾਈਲ ਵਿਚ ਫੋਰ-ਜੀ ਨੈੱਟਪੈਕ ਪਾ ਦਿਓ। ਅੱਜ ਇੰਟਰਨੈੱਟ ਸਭ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਇਸ ਤੋਂ ਬਗੈਰ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ ਪਰ ਇਸ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਸਮੇਂ ਪੈਸੇ ਤੇ ਸਿਹਤ ਦੀ ਬਰਬਾਦੀ ਹੈ। ਇਹ ਇਕ ਨਵਾਂ ਨਸ਼ਾ ਹੈ ਜਿਸ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ।

-ਮੋਬਾਈਲ: 98766-52900.

ਕਾਰਵਾਈ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਦੀ ਪ੍ਰੀਖਿਆ ਵਾਸਤੇ ਸਰਹੱਦੀ ਖੇਤਰ 'ਚ ਇਕ ਸਕੂਲ ਵਿਚ ਬਣਾਏ ਗਏ ਸੈਂਟਰ ਵਿਚ ਜ਼ੋਰ ਸ਼ੋਰ ਨਾਲ ਨਕਲ ਚਲ ਰਹੀ ਸੀ। ਸਕੂਲ ਦੇ ਹਾਲ ਦੇ ਬਾਹਰ ਪ੍ਰੀਖਿਆਰਥੀਆਂ ਦੇ ਵਾਰਿਸ ਅਤੇ ਹਮਾਇਤੀ ਨਕਲ ਕਰਵਾਉਣ ਲਈ ਪਰਚੀਆਂ ਬਣਵਾ ਰਹੇ ਸਨ ਅਤੇ ਉਨ੍ਹਾਂ ਨੂੰ ਹਾਲ ਵਿਚ ਪਹੁੰਚਾਉਣ ਵਾਲੇ ਕੰਧਾਂ ਤੇ ਬੂਹੇ ਬਾਰੀਆਂ ਟੱਪ ਪੇਪਰ ਦੇ ਰਹੇ ਆਪੋ-ਆਪਣੇ ਉਮੀਦਵਾਰਾਂ ਵੱਲ ਸੁੱਟ ਰਹੇ ਸਨ। ਮੈਂ ਪ੍ਰੀਖਿਆ ਕੇਂਦਰ ਵਿਚ ਬਤੌਰ ਡਿਪਟੀ ਸੁਪਰਡੈਂਟ ਡਿਊਟੀ ਦੇ ਰਿਹਾ ਸੀ ਅਤੇ ਨਿਗਰਾਨ ਅਮਲੇ ਵਲੋਂ ਇਕੱਠੀਆਂ ਕੀਤੀਆਂ ਪਰਚੀਆਂ ਬਾਹਰ ਸੁਟਵਾ ਰਿਹਾ ਸੀ। ਅਚਾਨਕ ਮੇਰੀ ਨਜ਼ਰ ਆਪਣੇ ਸਕੂਲ ਦੇ ਤਿੰਨ ਚਾਰ ਸਾਬਕਾ ਵਿਦਿਆਰਥੀਆਂ 'ਤੇ ਪਈ ਜਿਹੜੇ ਹਰ ਹੀਲਾ ਵਸੀਲਾ ਵਰਤਣ ਦੇ ਬਾਵਜੂਦ ਮੈਟ੍ਰਿਕ ਨਹੀਂ ਸਨ ਕਰ ਸਕੇ। ਮੈਂ ਉਨ੍ਹਾਂ ਨੂੰ ਆਵਾਜ਼ ਦੇ ਕੇ ਕਿਹਾ, 'ਓ ਗੱਲ ਸੁਣੋ! ਤੁਹਾਨੂੰ ਤਾਂ ਸ਼ਾਇਦ ਸਹੀ ਜਾਂ ਗ਼ਲਤ ਪਰਚੀ ਦਾ ਵੀ ਪਤਾ ਨਹੀਂ। ਫਿਰ ਕਿਉਂ ਕਿਸੇ ਵਿਦਿਆਰਥੀਆਂ ਨੂੰ ਫੇਲ੍ਹ ਕਰਵਾਉਣ 'ਚ ਲੱਗੇ ਹੋ।''ਸਰ ਜੀ! ਪਰਚੀ ਗ਼ਲਤ ਹੋਵੇ ਜਾਂ ਸਹੀ। ਅਸਾਂ ਕੀ ਲੈਣਾ, ਸਾਡਾ ਤਾਂ ਹਾਲ ਅੰਦਰ ਪਰਚੀਆਂ ਸੁੱਟਣ ਦਾ ਠੇਕਾ ਹੈ, ਸੋ ਅਸੀਂ ਤਾਂ ਆਪਣੀ 'ਕਾਰਵਾਈ' ਪਾ ਰਹੇ ਹਾਂ।

-ਪਿੰਡ ਪ੍ਰੀਤ ਨਗਰ, ਡਾਕ: ਚੋਗਾਵਾਂ-143109 (ਅੰਮ੍ਰਿਤਸਰ)।
ਮੋਬਾਈਲ : 98140-82217.

ਮਿੰਨੀ ਕਹਾਣੀਆਂ

ਨਿਰਭਰ

ਬਾਜ਼ਾਰ ਵਿਚ ਸਾਮਾਨ ਦੀ ਖਰੀਦੋ-ਫ਼ਰੋਖਤ ਕਰਦੇ ਹੋਏ ਸ਼ੁੱਭਮ ਆਪਣੀ ਮਾਡਰਨ ਮਾਂ ਨੂੰ ਇਕ ਖਿਡੌਣਾ ਵਿਖਾ ਕੇ ਲੈਣ ਦੀ ਜ਼ਿੱਦ ਕਰਨ ਲੱਗਾ। ਉਸ ਖਿਡੌਣੇ ਨੂੰ ਧਿਆਨ ਨਾਲ ਦੇਖਣ ਉਪਰੰਤ ਗੁੱਸੇ ਵਿਚ ਮਾਤਾ ਨੇ ਆਪਣੇ ਪੁੱਤਰ ਨੂੰ ਕਿਹਾ 'ਵਾੲ੍ਹੇ ਸ਼ੁੱਡ ਵੀ ਬਾਏ ਦਿਸ? ਦਿਸ ਇਜ਼ ਮੇਡ ਇਨ ਚਾਈਨਾ।' ਬੱਚੇ ਨੇ ਡਰਦੇ ਹੋਏ ਹੌਲੀ ਆਵਾਜ਼ ਵਿਚ ਕਿਹਾ ਕਿ ਸਾਡਾ ਦੇਸ਼ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਨਹੀਂ ਬਣਾਉਂਦਾ ਹੈ, ਤਾਂ ਮੈਂ ਇਸ ਨੂੰ ਕਦੋਂ ਅਤੇ ਕਿਵੇਂ ਲੈ ਸਕਾਂਗਾ। ਪੁੱਤਰ ਦੀ ਦਲੀਲ ਸੁਣ ਕੇ ਹੁਣ ਉਹ ਠੰਢੀ ਜਿਹੀ ਹੋ ਗਈ ਅਤੇ ਬੱਚੇ ਦੀ ਜ਼ਿੱਦ ਪੂਰੀ ਕਰ ਦਿੱਤੀ।

-ਚਮਨਦੀਪ ਸ਼ਰਮਾ
298, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ। ਸੰਪਰਕ- 95010 33005

 

ਮਿੰਨੀ ਕਹਾਣੀਆਂ

ਰਾਹਤ ਸਮੱਗਰੀ

ਗੁਜਰਾਤ ਵਿਚ ਭੁਚਾਲ ਦੀ ਖ਼ਬਰ ਸੁਣਦਿਆਂ ਹੀ ਰਾਹਤਕਾਰੀ ਫਟਾ-ਫਟ ਗੁਜਰਾਤ ਪਹੁੰਚ ਗਏ। ਰਾਹਤਕਾਰੀਆਂ ਨੇ ਕੁਝ ਬੰਦੇ ਮਲਬ੍ਹੇ 'ਚੋਂ ਬਾਹਰ ਕੱਢੇ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਸ ਦੀ ਮੰਤਰੀਆਂ ਦੇ ਵੀ ਕੰਨੀਂ ਭਿਣਕ ਪੈ ਗਈ। ਮੰਤਰੀਆਂ ਨੇ ਵੀ ਫਟਾ-ਫਟ ਆਪਣੀ ਤਿਆਰੀ ਕੱਸ ਲਈ ਤੇ ਗੁਜਰਾਤ ਦੇ ਭੁਚਾਲ ਪੀੜਤਾਂ ਦੀ ਹਮਦਰਦੀ ਲਈ ਗੁਜਰਾਤ 'ਚ ਗਏ। ਜਿਉਂ ਹੀ ਮੰਤਰੀ ਪਹੁੰਚੇ ਰਾਹਤਕਾਰੀ ਮੰਤਰੀਆਂ ਵੱਲ ਅੱਡੀਆਂ ਚੁੱਕ ਦੌੜੇ ਤਾਂ ਕਿ ਇਕ-ਅੱਧੀ ਸੈਲਫ਼ੀ ਲੈ ਸਕਣ। ਜ਼ਖ਼ਮੀ ਬੁਖਲਾਹਟ ਨਾਲ ਮਰ ਰਹੇ ਸਨ।

-ਰਾਮ ਪ੍ਰਕਾਸ਼ ਟੋਨੀ
ਪਿੰਡ ਤੇ ਡਾਕ: ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ-144502.
ਮੋਬਾਈਲ : 98763-51093.

ਹਾਸ ਵਿਅੰਗ

ਮਿਸਟਰ ਖਸਰਾ ਤੇ ਮੈਡਮ ਰੂਬੇਲਾ

ਜਦੋਂ ਦੇ ਖਸਰਾ-ਰੂਬੇਲਾ ਦੇ ਟੀਕੇ ਲੱਗਣੇ ਸ਼ੁਰੂ ਹੋਏ ਹਨ, ਪੂਰੇ ਸੂਬੇ 'ਚ ਤਰਥੱਲੀ ਮਚ ਗਈ ਹੈ। ਸੋਸ਼ਲ ਸਾਈਟਾਂ 'ਤੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਜਿੰਨੇ ਮੂੰਹ, ਓਨੀਆਂ ਗੱਲਾਂ। ਕੋਈ ਕਹਿੰਦਾ ਹੈ ਇਹ ਆਬਾਦੀ ਘਟਾਉਣ ਦੀ ਗਿਣੀ-ਮਿੱਥੀ ਸਾਜ਼ਿਸ਼ ਹੈ। ਕੋਈ ਹੋਰ ਇਸ ਨੂੰ ਵਧਦੀ ਜਨ-ਸੰਖਿਆ 'ਤੇ ਰੋਕ ਲਾਉਣ ਦੀ ਕੋਝੀ ਚਾਲ ਦੱਸਦਾ ਹੈ। ਕੋਈ ਇਸ ਸਾਜਿਸ਼ ਦਾ ਭਾਂਡਾ ਪਾਕਿਸਤਾਨ ਸਿਰ ਭੰਨਦਾ ਹੈ, ਕੋਈ ਚੀਨ ਸਿਰ 'ਤੇ ਕੋਈ ਹੋਰ ਵਿਦੇਸ਼ੀ ਤਾਕਤਾਂ ਸਿਰ। ਇਸ ਟੀਕੇ ਤੋਂ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਪੇ ਵੀ ਖੌਫਜ਼ਦਾ ਹਨ। ਬਹੁਤੇ ਬੱਚੇ ਇਨ੍ਹਾਂ ਟੀਕਿਆਂ ਤੋਂ ਐਦਾਂ ਡਰ ਰਹੇ ਹਨ, ਜਿਵੇਂ ਕਾਂ ਗੁਲੇਲੇ ਤੋਂ ਡਰਦਾ ਹੈ। ਟੀਕਾਕਰਨ ਵਾਲੇ ਦਿਨ ਮਸਾਂ ਅੱਧੇ ਕੁ ਬੱਚੇ ਹੀ ਸਕੂਲ ਦਰਸ਼ਨ ਦਿੰਦੇ ਹਨ, ਇਹ ਰਹਿੰਦੇ ਖੂੰਦੇ ਵੀ ਸਿਹਤ ਕਰਮਚਾਰੀਆਂ ਵਲੋਂ ਆਪਣੇ ਕੰਮ ਦਾ ਸ੍ਰੀਗਣੇਸ਼ ਕਰਨ 'ਤੇ ਛੂ-ਮੰਤਰ ਹੋ ਜਾਂਦੇ ਹਨ। ਸਕੂਲਾਂ 'ਚ ਮੁਫ਼ਤ ਦਾ ਮਿਡ-ਡੇ ਮੀਲ ਛਕਣ ਵਾਲੇ ਬੱਚੇ ਇਸ ਟੀਕੇ ਦੇ ਖੌਫ਼ ਕਾਰਨ, ਹੁਣ ਪਹਿਲੇ ਪੀਰੀਅਡ 'ਚ ਚਮਚੇ, ਕੜਛੀਆਂ ਖੜਕਾਉਣੀਆਂ ਭੁੱਲ ਕੇ, ਸੜਕਾਂ 'ਤੇ ਮਟਰਗਸ਼ਤੀ ਕਰਦੇ ਰਹਿੰਦੇ ਹਨ। ਨਤੀਜੇ ਵਜੋਂ ਸਾਡੇ ਦੇਸ਼ ਦੀ ਭਾਵੀ ਬੇੜੀ ਦੇ ਮਲਾਹ ਸੁੱਕ ਕੇ ਤੀਲਾ ਹੋ ਰਹੇ ਹਨ। ਦੂਜੇ ਪਾਸੇ ਸਰਕਾਰ, ਡਾਕਟਰ ਤੇ ਸਿਹਤ ਵਿਭਾਗ ਦੇ ਕਰਮਚਾਰੀ, ਇਸ ਟੀਕਾਕਰਨ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਟੀਕੇ ਨਾ ਲਗਾਉਣ ਕਾਰਨ ਹੋਣ ਵਾਲੇ ਖ਼ਤਰਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਮਾਇਕ ਥੁੜਾਂ ਨਾਲ ਜੂਝ ਰਹੀ ਸਰਕਾਰ ਦੇ ਲੱਖਾਂ ਰੁਪਏ ਇਸ਼ਤਿਹਾਰਾਂ ਦੀ ਬਲੀ ਚੜ੍ਹ ਰਹੇ ਹਨ ਪਰ ਇਸ ਟੀਕੇ ਪ੍ਰਤੀ ਲੋਕਾਂ ਦਾ ਖੌਫ਼ ਬਾਦਸਤੂਰ ਜਾਰੀ ਹੈ। ਉਹ ਇਹ ਟੀਕਾ ਨਾ ਲਗਵਾਉਣ ਕਾਰਨ ਹੋਣ ਵਾਲੇ ਮਾਰੂ ਪ੍ਰਭਾਵਾਂ ਨੂੰ ਅੱਖੋਂ-ਪਰੋਖੇ ਕਰ ਰਹੇ ਹਨ।
ਅਸੀਂ ਜਦੋਂ ਵੀ ਇਸ ਖਸਰੇ (ਮੀਜ਼ਲ) ਤੇ ਰੂਬੇਲਾ ਬਾਰੇ ਪੜ੍ਹਦੇ ਹਾਂ ਤਾਂ ਇਹ ਅਜੀਬੋ-ਗਰੀਬ ਨਾਂਅ ਸੁਣ ਕੇ ਸਾਡੇ ਆਪ-ਮੁਹਾਰੇ ਹੀ ਕੁਤਕਤਾਰੀਆਂ ਨਿਕਲਣ ਲੱਗ ਜਾਂਦੀਆਂ ਹਨ। ਖਸਰੇ ਬਾਰੇ ਸਾਨੂੰ ਬਾਲਪਨ ਤੋਂ ਪਤਾ ਹੈ। ਹੁਣ ਇਉਂ ਲਗਦਾ ਹੈ ਜਿਵੇਂ ਇਸ ਖਸਰਾ ਨਾਂਅ ਦੇ ਭਾਰਤੀ ਨੇ ਰੂਬੇਲਾ ਨਾਂਅ ਦੀ ਕਿਸੇ ਖੂਬਸੂਰਤ ਮੇਮ ਨਾਲ ਅੰਤਰਜਾਤੀ ਵਿਆਹ ਕਰਾ ਕੇ ਜੋੜੀ ਬਣਾ ਲਈ ਹੋਵੇ ਤੇ ਇਹ ਦੋਵੇਂ ਹੁਣ ਇੰਗਲੈਂਡ ਤੋਂ ਭਾਰਤ ਘੁੰਮਣ ਆਏ ਹੋਣ ਤੇ ਅੰਗਰੇਜ਼ਾਂ ਹਥੋਂ ਸਦੀਆਂ ਤੱਕ ਜ਼ੁਲਮ ਸਹਿਣ ਵਾਲੇ ਸਾਡੇ ਸੌੜੇ ਵਿਚਾਰਾਂ ਦੇ ਭਾਰਤੀ ਉਨ੍ਹਾਂ ਦਾ ਵਿਰੋਧ ਕਰ ਰਹੇ ਹੋਣ। ਇਨ੍ਹਾਂ ਟੀਕਿਆਂ ਬਾਰੇ ਪਏ ਰੋਲ-ਘਚੋਲੇ ਮਗਰੋਂ ਸਾਨੂੰ ਆਪਣੇ ਪ੍ਰਾਇਮਰੀ ਸਕੂਲ ਦੇ ਦਿਨ ਵੀ ਬੜੀ ਸ਼ਿੱਦਤ ਨਾਲ ਚੇਤੇ ਆ ਰਹੇ ਹਨ। ਸਾਨੂੰ 60 ਸਾਲ ਪੁਰਾਣੀ ਗੱਲ ਅੱਜ ਵੀ ਇੰਨ-ਬਿੰਨ ਯਾਦ ਹੈ। ਜਦੋਂ ਇਕ ਭੰਬੀਰੀ ਵਰਗੇ ਯੰਤਰ ਨਾਲ ਟੀਕੇ ਲਾਉਂਦੇ ਸੀ। ਉਦੋਂ ਅਸੀਂ ਸਭ ਜੁਆਕ ਸਭ ਤਰ੍ਹਾਂ ਦੇ ਟੀਕਿਆਂ ਨੂੰ ਲੋਦੇ ਕਹਿੰਦੇ ਹੁੰਦੇ ਸੀ ਤੇ ਸਿਹਤ ਕਰਮਚਾਰੀਆਂ ਨੂੰ ਲੋਦੇ ਵਾਲੇ ਭਾਈ। ਉਦੋਂ ਇਹ ਕਰਮਚਾਰੀ ਬਾਂਹ ਜਾਂ ਡੌਲੇ 'ਤੇ ਲੋਦੇ ਲਾ ਕੇ ਉਤੇ ਚਿੱਟਾ ਪਾਊਡਰ ਭੁੱਕ ਦਿੰਦੇ ਸੀ। ਇਨ੍ਹਾਂ ਲੋਦੇ ਵਾਲੇ ਭਾਈਆਂ ਦੇ ਚਰਨ ਕਮਲਾਂ ਦੀ ਆਹਟ ਸੁਣ ਕੇ ਬਾਂ-ਬਾਂ ਹੋ ਜਾਂਦੀ ਸੀ ਤੇ ਅੱਖ ਦੇ ਫੋਰ 'ਚ ਇਕ ਨੰਬਰ, ਦੋ ਨੰਬਰ ਜਾਣ ਦਾ ਬਹਾਨਾ ਲਾ ਕੇ ਅੱਧਾ ਸਕੂਲ ਪੱਤਰੇ ਵਾਚ ਜਾਂਦਾ ਸੀ। ਉਦੋਂ ਅਸੀਂ ਜੁਆਕ ਇਨ੍ਹਾਂ ਕਰਮਚਾਰੀਆਂ ਨੂੰ ਬਾਲ ਕਹਾਣੀਆਂ 'ਚ ਪੜ੍ਹੇ ਹੋਏ ਅਲਾਦੀਨ ਦੇ ਚਿਰਾਗ 'ਚੋਂ ਪ੍ਰਗਟ ਹੋਈ ਰੂਹ ਸਮਝਦੇ ਸੀ। ਸਕੂਲ 'ਚ ਕੱਚੀ, ਪਹਿਲੀ ਦੇ ਵਿਦਿਆਰਥੀਆਂ ਦੇ 'ਹਾਏ ਬੀਬੀ', 'ਹਾਏ ਭਾਪਾ' ਦੇ ਤਰਲੇੇ ਸੁਣ ਕੇ ਨੇੜ-ਤੇੜ ਦੀਆਂ ਗਲੀਆਂ ਦੇ ਤਮਾਸ਼ਬੀਨ ਸਾਡੇ ਸ਼ੇਖਾਂ ਵਾਲੇ ਚੌਕ ਦੇ ਸਕੂਲ ਦੇ ਬਾਹਰ ਵਹੀਰਾਂ ਘੱਤ ਕੇ ਪਹੁੰਚ ਜਾਂਦੇ ਸੀ ਤੇ ਸਾਡੀਆਂ ਵਿਚਾਰੀਆਂ ਭੈਣ ਜੀਆਂ ਨੂੰ ਦੋ ਮੋਰਚਿਆਂ 'ਤੇ ਲੜਾਈ ਲੜਨੀ ਪੈਂਦੀ ਸੀ। ਚੀਕ ਚਿਹਾੜਾ ਤੇ ਤਰਲੇ ਪਾਉਂਦੇ ਜੁਆਕ ਵੀ ਸਾਂਭਣੇ ਪੈਂਦੇ ਸੀ ਤੇ ਘੇਰਾ ਘੱਤ ਕੇ ਖੜ੍ਹੇ ਤਮਾਸ਼ਬੀਨ ਵੀ ਦਬੱਲਣੇ ਪੈਂਦੇ ਸੀ। ਅਸੀਂ ਚੌਥੀ ਜਮਾਤ ਦੇ ਤਾਲਿਬਇਲਮ ਆਪਣੇ ਸਕੂਲ ਦੇ ਪਹਿਲੀ, ਦੂਜੀ ਦੇ ਟੀਕੇ ਦੇ ਡਰੋਂ ਭਗੌੜੇ ਹੋਏ ਜੁਆਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਨ੍ਹੇਰੀਆਂ ਕੋਠਰੀਆਂ 'ਚੋਂ ਲੱਭ ਕੇ ਧੂਹ-ਧੂਹ ਕੇ ਲੋਦੇ ਲਾਉਣ ਵਾਲਿਆਂ ਕੋਲ ਪੇਸ਼ ਕਰਦੇ ਸੀ। ਅਸੀਂ ਕਿਹੜਾ ਅੱਜਕਲ੍ਹ ਜੇ ਜੁਆਕਾਂ ਵਾਂਗ ਢਾਈ ਸਾਲ ਦੇ ਸਕੂਲ ਭਰਤੀ ਹੋਏ ਸੀ। ਮਾਂ ਤੇ ਦਾਦੀ ਦਾ ਲਾਡਲਾ ਇਹ ਫਰਜੰਦ ਉਦੋਂ ਪੂਰੇ ਸੱਤ ਸਾਲਾਂ ਦਾ ਸੀ। ਇਸ ਸਿਆਣੀ ਉਮਰ ਸਦਕਾ ਲੋਦਿਆਂ ਦੇ ਡਰੋਂ ਰਜਾਈ 'ਚ ਲੁਕੇ ਪੀਤੂ ਨੂੰ ਅਥਾਹ ਜੱਦੋ-ਜਹਿਦ ਉਪਰੰਤ ਬਾਹਰ ਕੱਢਣ ਦਾ ਦ੍ਰਿਸ਼ ਤੇ ਗੁਸਲਖਾਨੇ 'ਚ ਕੁੰਡੀ ਲਾ ਕੇ ਲੁਕੇ ਧੰਤੂ ਨੂੰ ਬਾਹਰ ਕੱਢਣ ਦੀ ਕਾਰਵਾਈ, ਅੱਜ ਵੀ ਕਿਸੇ ਫਿਲਮੀ ਦ੍ਰਿਸ਼ ਵਾਂਗ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਹੋ ਜਾਂਦੀ ਹੈ। ਹੁਣ ਇਸ ਉਮਰ 'ਚ ਝੂਠ ਕਾਹਨੂੰ ਬੋਲਣਾ ਹੈ। ਕੱਲ੍ਹ ਨੂੰ ਰੱਬ ਨੂੰ ਵੀ ਮੂੰਹ ਦਿਖਾਉਣਾ ਹੈ। ਉਦੋਂ ਅਸੀਂ ਵੀ ਲੋਦਿਆਂ ਤੋਂ ਥਰ-ਥਰ ਕੰਬਦੇ ਸੀ ਤੇ ਸਾਡਾ ਇਹ ਡਰ 60 ਸਾਲ ਬਾਅਦ ਅੱਜ ਵੀ ਬਾਦਸਤੂਰ ਕਾਇਮ ਹੈ। ਹੁਣ ਵੀ ਜਦੋਂ ਡਾਕਟਰਾਂ ਜਾਂ ਨਰਸਾਂ ਨੇ ਸਾਡੇ ਟੀਕਾ ਲਾਉਣਾ ਹੁੰਦਾ ਹੈ ਤਾਂ ਉਹ ਟੀਕੇ ਪ੍ਰਤੀ ਸਾਡੇ ਡਰ ਦੇ ਦੇਖਦੇ ਹੋਏ ਆਪਣੇ ਸਮੁੱਚੇ ਡਾਕਟਰੀ ਮਨੋਵਿਗਿਆਨ ਦੀ ਭਰਪੂਰ ਵਰਤੋਂ ਕਰ ਕੇ ਸਾਨੂੰ ਵਰਚਾ ਕੇ ਤੇ ਆਨੀਂ-ਬਹਾਨੀਂ ਗੱਲਾਂ 'ਚ ਲਾ ਕੇ ਹੀ ਟੀਕਾ ਲਾਉਂਦੇ ਹਨ। ਸਾਨੂੰ ਯਾਦ ਹੈ ਕਿ ਪਿਛਲਾ ਲੋਦਾ ਅਸੀਂ ਅੱਤ ਮਜਬੂਰੀ ਦੀ ਹਾਲਤ ਵਿਚ ਅੱਜ ਤੋਂ ਅੱਧੀ ਸਦੀ ਪਹਿਲਾਂ ਲੁਆਇਆ ਸੀ।
ਹੁਣ ਅਸੀਂ ਪੋਤੇ, ਪੋਤੀਆਂ ਵਾਲੇ ਹੋ ਗਏ ਹਾਂ। ਇਕ ਵਾਰ ਫਿਰ ਲੋਦਿਆਂ ਦਾ ਮੌਸਮ ਆ ਗਿਆ ਹੈ। ਉਦੋਂ ਵੀ ਲੋਦਿਆਂ ਦਾ ਡਰ ਸੀ। ਅੱਜ ਵੀ ਇਹ ਡਰ ਬਰਕਰਾਰ ਹੈ। ਫਰਕ ਐਨਾ ਕੁ ਹੈ ਕਿ ਉਦੋਂ ਲੋਕਾਂ ਦੇ ਮਨਾਂ 'ਚ ਇਨ੍ਹਾਂ ਲੋਦਿਆਂ ਪ੍ਰਤੀ ਕੋਈ ਸ਼ੱਕ ਸ਼ੁਬ੍ਹਾ ਨਹੀਂ ਸੀ ਹੁੰਦਾ, ਕਿਸੇ ਮਿਲਾਵਟ ਜਾਂ ਅਸ਼ੁੱਧੀ ਦਾ ਭੈਅ ਨਹੀਂ ਸੀ। ਉਦੋਂ ਸਭ ਕੁਝ ਮਿਲਾਵਟ ਰਹਿਤ ਸੀ। ਦੁੱਧ, ਘਿਓ, ਦਵਾਈਆਂ, ਦਾਲਾਂ, ਸਬਜ਼ੀਆਂ, ਮਸਾਲੇ ਸਭ ਸ਼ੁੱਧ ਸਨ। ਉਦੋਂ ਮਸਾਲਿਆਂ ਤੇ ਹਲਦੀ 'ਚ ਸੰਤਰੇ ਦੇ ਛਿਲਕੇ ਜਾਂ ਕੰਕਰ ਪੀਸ ਕੇ ਨਹੀਂ ਸੀ ਮਿਲਾਏ ਜਾਂਦੇ, ਉਂਗਲ ਦੇ ਪੋਟੇ ਜਿੱਡਾ ਕੱਦੂ ਲੋਦਾ ਲਾ ਕੇ ਰਾਤੋ-ਰਾਤ ਦੋ ਗਿੱਠ ਲੰਮਾ ਨਹੀਂ ਸੀ ਕੀਤਾ ਜਾਂਦਾ। ਉਦੋਂ ਹਰ ਘਰ 'ਚ ਜੁਆਕ ਵੀ ਪੰਜ-ਪੰਜ, ਸੱਤ-ਸੱਤ ਹੁੰਦੇ ਸਨ, ਇਕ-ਦੋ ਦੇ ਲੋਦੇ ਪੱਕ ਵੀ ਜਾਣੇ ਤਾਂ ਕੋਈ ਪ੍ਰਵਾਹ ਨਹੀਂ ਸੀ ਕਰਦਾ। ਜੁਆਕ ਉਵੇਂ ਹੀ ਗਲੀਆਂ 'ਚ ਦੜੰਗੇ ਮਾਰਦੇ ਫਿਰਦੇ ਸੀ। ਚਿੱਟਾ ਪਾਊਡਰ ਭੁੱਕ-ਭੁੱਕ ਕੇ ਲੋਦੇ ਆਪੇ ਹੀ ਹਫ਼ਤੇ ਦਸੀਂ ਦਿਨੀਂ ਠੀਕ ਹੋ ਜਾਂਦੇ ਸੀ। ਹੁਣ ਇਕ ਇਕ ਜਾਂ ਦੋ ਦੋ ਜੁਆਕ ਹੋਣ ਕਾਰਨ ਲੋਦਿਆਂ ਪ੍ਰਤੀ ਭਾਂਤ-ਭਾਂਤ ਦੇ ਸੰਸਿਆਂ ਨੇ ਲੋਕਾਂ ਦੀ ਭੂਤਨੀ ਭੁਲਾਈ ਪਈ ਹੈ। ਸਭ ਲੋਕ ਦਵੰਦ 'ਚ ਹਨ।
ਕਿਸੇ ਸਿਆਣੇ ਨੇ ਕਿਹਾ ਹੈ ਕਿ ਚੰਗੀ ਗੌਰਮਿੰਟ ਤਾਂ ਮਿੰਟ ਮਿੰਟ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ 'ਤੇ ਗੌਰ ਕਰਦੀ ਹੈ, ਸਭ ਦਾ ਭਲਾ ਕਰਦੀ ਹੈ ਤੇ ਜਨਤਾ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੀ। ਸਾਨੂੰ ਵੀ ਲੋਦਿਆਂ ਬਾਰੇ ਲੋਕ ਹਿਤੈਸ਼ੀ ਸਰਕਾਰ ਤੇ ਇਸੇ ਤਰ੍ਹਾਂ ਦਾ ਯਕੀਨ ਹੈ। ਵੈਸੇ ਵੀ ਸਰਕਾਰੀ ਖਜ਼ਾਨਾ ਭਾਂ-ਭਾਂ ਕਰ ਰਿਹਾ ਹੈ। ਸਰਕਾਰ ਲੱਖ ਵਾਰ ਸੋਚ ਕੇ ਹੀ ਲੋਦੇ ਲਵਾ ਰਹੀ ਹੋਵੇਗੀ ਕਿਉਂਕਿ ਟੀਕੇ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਕਾਰਨ ਜਾਂ ਹਭੀ-ਨਭੀ ਹੋਣ ਦੀ ਸੂਰਤ 'ਚ ਇਸ ਕੋਲ ਲੋਦਾ ਪੀੜਤਾਂ ਨੂੰ ਧਰਵਾਸੇ ਤੋਂ ਬਿਨਾਂ ਦੇਣ ਜੋਗਾ ਕੁਝ ਵੀ ਨਹੀਂ। ਸਾਡਾ ਨਹੀਂ ਤਾਂ ਸਰਕਾਰ ਨੂੰ ਵਿਰੋਧੀ ਧਿਰ ਦਾ ਡਰ ਤਾਂ ਹੋਵੇਗਾ ਹੀ ਜਿਸ ਨੇ ਕੁਝ ਵੀ ਮਾੜਾ ਹੋ ਜਾਣ ਦੀ ਸੂਰਤ 'ਚ ਸਰਕਾਰ 'ਤੇ ਤੁਰੰਤ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਣ ਦਾ ਜਾਂ ਡਰੱਗ ਸਕੈਂਡਲ 'ਚ ਸ਼ਾਮਿਲ ਹੋਣ ਦਾ ਇਲਜ਼ਾਮ ਲਾ ਦੇਣਾ ਹੈ।

-ਵਾਰਡ ਨੰ: 28, ਮਕਾਨ ਨੰ: 582, ਮੋਗਾ।
ਮੋਬਾਈਲ : 93573-61417.

ਯਾਦਾਂ 'ਚੋਂ

ਇਕ ਦਿਲਚਸਪ ਸਵਾਦਲੀ ਗੱਲ

ਬਚਪਨ ਵਿਚ ਕੁਝ ਸਮਾਂ ਨਾਨਕੇ ਰਹਿੰਦਿਆਂ ਮਾਮਾ ਜੀ ਨੂੰ ਮੋਢੇ 'ਤੇ ਦੀ ਪਿਸਤੌਲ ਪਾਈ ਵੱਡੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਜਾਂਦਿਆਂ ਵੇਖ ਕੇ ਮੇਰੇ ਮਨ ਵਿਚ ਵੀ ਪਿਸਤੌਲ ਪਾਉਣ ਦਾ ਸ਼ੌਕ ਇਸ ਕਦਰ ਘਰ ਕਰ ਗਿਆ ਕਿ ਮੈਂ ਆਪਣੇ ਪਿੰਡ ਮਾਂ ਕੋਲ ਆ ਕੇ ਵੀ ਇਸ ਤੋਂ ਛੁਟਕਾਰਾ ਨਾ ਪਾ ਸਕਿਆ। ਮੈਨੂੰ ਯਾਦ ਆਉਂਦੈ ਕਿ ਮੈਂ ਉਦੋਂ ਅੱਠਵੀਂ ਵਿਚ ਹੋਵਾਂਗਾ ਤੇ ਛੋਟਾ ਛੇਵੀਂ 'ਚ ਕਿ ਇਕ ਦਿਨ ਅਚਨਚੇਤ ਇਕ ਪਰਚੇ 'ਤੇ ਕਿਸੇ ਕੰਪਨੀ ਵਲੋਂ ਦਿੱਤਾ ਇਸ਼ਤਿਹਾਰ ਮੇਰੀ ਨਜ਼ਰ ਪੈ ਗਿਆ, ਲਿਖਿਆ ਸੀ, ਅੱਗ ਦੇ ਸ਼ੋਲ੍ਹੇ ਬਰਸਾਉਂਦੀ ਧਮਾਕੇਦਾਰ ਆਵਾਜ਼, ਬੱਬਰ ਸ਼ੇਰ ਦੀ ਬੋਲਤੀ ਬੰਦ ਕਰ ਦੇਣ ਵਾਲੀ ਸ਼ਕਤੀ, ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕਣ ਦੇ ਸਮਰੱਥ ਕਾਰਤੂਸਾਂ ਦੀ ਬੈਲਟ ਸਮੇਤ ਸਿਰਫ ਵੀਹ ਰੁਪਏ ਵਿਚ ਇਕ ਵਿਲੱਖਣ ਪਿਸਟਲ ਕਵਰ ਸਮੇਤ ਹਾਸਲ ਕਰਕੇ ਜ਼ਿੰਦਗੀ ਨੂੰ ਦਮਦਾਰ ਬਣਾਓ, ਡਾਕ ਖਰਚ ਵੱਖਰਾ, ਮੈਂ ਛੇਤੀ ਦੇਣੇ ਗੱਲ ਛੋਟੇ ਨੂੰ ਦੱਸੀ, ਦਿਲ 'ਚ ਗੁਦਗੁਦੀ ਜਿਹੀ ਛਿੜ ਪਈ। ਬਚਪਨਾ ਸੀ ਸੋਚ ਉੱਚੀ ਉਡਾਰੀ ਅਜੇ ਨਹੀਂ ਸੀ ਭਰਨ ਲੱਗੀ। ਛੋਟਾ ਬੋਲਿਆ ਲਿਖ ਦੇ ਚਿੱਠੀ ਵੀਰੇ। ਮੈਂ ਡਾਕਖਾਨੇ ਗਿਆ, ਪੋਸਟ ਕਾਰਡ 'ਤੇ ਚਾਰ ਅੱਖਰ ਲਿਖ ਕੇ ਛਪੇ ਪਤੇ 'ਤੇ ਭੇਜ ਦਿੱਤੇ। ਹਫਤੇ ਕੁ ਮਗਰੋਂ ਸਕੂਲੋਂ ਆ ਕੇ ਮੱਝ ਲਈ ਪੱਠੇ ਲੈਣ ਜਾਂਦਿਆਂ ਛੋਟਾ ਕਹਿੰਦਾ, 'ਵੀਰੇ ਮੈਂ ਸੋਚਦਾਂ ਕਿ ਜੇ ਪਿਸਤੌਲ ਆ ਗਿਆ ਕੇਰਾਂ ਤਾਂ ਨਜ਼ਾਰਾ ਆ ਜਾਊ, ਜਿਵੇਂ ਉਨ੍ਹਾਂ ਲਿਖਿਆ ਏ ਉਸ ਹਿਸਾਬ ਤਾਂ ਇਕ ਕਾਰਤੂਸ ਤਾਂਹ ਚਲਾਇਆਂ ਹੀ ਸਾਰੇ ਪਿੰਡ ਵਿਚ ਪਤਾ ਲਾ ਦਊ। ਸੋਚਦਾ ਤਾਂ ਮੈਂ ਵੀ ਇਹੀ ਹਾਂ ਛੋਟੇ, ਕੁਝ ਚਿਰ ਇਹਦੇ ਨਾਲ ਸ਼ੌਕ ਪੁਰਾ ਕਰ ਲਵਾਂਗੇ ਫਿਰ ਵੱਡੇ ਹੋ ਕੇ ਮਾਮਾ ਜੀ ਵਰਗਾ ਪਿਸਤੌਲ ਲਵਾਂਗੇ, ਕਹਿੰਦੇ ਨੇ ਉਹਦੇ ਤਾਂ ਕਾਗਜ਼ ਪੱਤਰ ਵੀ ਬਣਾਉਣੇ ਪੈਂਦੇ ਆ। ਕੋਈ ਦਸ ਕੁ ਦਿਨਾਂ ਮਗਰੋਂ ਡਾਕਖਾਨਿਓਂ ਪਾਰਸਲ ਛਡਾਉਣ ਦਾ ਸੁਨੇਹਾ ਆ ਗਿਆ। ਅਸੀਂ ਅੱਗੜ ਪਿੱਛੜ ਭੱਜੇ ਸਾਹੋ ਸਾਹੀ ਹੋਏ ਡਾਕਖਾਨੇ ਪਹੁੰਚ ਗਏ। ਤੇਈ ਰੁਪਏ ਲਿਆਓ ਬਾਬੂ ਬੋਲਿਆ। ਪਿਸਤੌਲ ਵੇਖਣ ਦੀ ਤਾਂਘ ਸਾਡੇ ਅੰਦਰ ਕੀ ਕਰ ਰਹੀ ਸੀ ਲਿਖ ਕੇ ਨਹੀਂ ਦੱਸਿਆ ਜਾ ਸਕਦਾ, ਜਿਵੇਂ ਕਿਵੇਂ ਪੈਸੇ ਦਿੱਤੇ ਤਾਂ ਕੱਪੜੇ ਵਿਚ ਪੂਰੀ ਤਰ੍ਹਾਂ ਲਪੇਟਿਆ ਮੋਹਰ ਲੱਗੀ ਵਾਲਾ ਇਕ ਡੱਬਾ ਉਨ੍ਹਾਂ ਸਾਨੂੰ ਫੜਾਇਆ। ਛੋਟਾ ਬੋਲਿਆ, 'ਵੀਰੇ ਮੋਟਰ 'ਤੇ ਚਲਦੇ ਆਂ ਉਥੇ ਹੀ ਡੱਬਾ ਖੋਲ੍ਹ ਕੇ ਨਾਲੇ ਰੌਂਦ ਦਾਗ ਕੇ ਵੇਖਾਂਗੇ।' ਮੋਟਰ 'ਤੇ ਪਹੁੰਚੇ ਵੱਟ 'ਤੇ ਖੜ੍ਹੀ ਕਿੱਕਰ ਦੀ ਛਾਵੇਂ ਬਹਿ ਕੇ ਬੜੀ ਉਤਸੁਕਤਾ ਨਾਲ ਕਿੱਲਾਂ ਨਾਲ ਚੰਗੀ ਤਰ੍ਹਾਂ ਠੋਕ ਠੋਕ ਕੇ ਬੰਦ ਕੀਤੇ ਡੱਬੇ ਨੂੰ ਖੋਲ੍ਹਿਆ ਤਾਂ ਵਿਚਲਾ ਦ੍ਰਿਸ਼ ਸਾਹਮਣੇ ਆਇਆ। ਖਾਕੀ ਕਵਰ ਵਿਚ ਬੰਦ ਖਿਡਾਉਣਾ ਪਿਸਤੌਲ ਤੇ ਨਾਲ ਕਾਰਤੂਸਾਂ ਦੀ ਥਾਂ ਪੰਜ ਡੱਬੀਆਂ ਚਿੜਚਿੜਾਂ ਦੀਆਂ ਵੇਖ ਕੇ ਅਸੀ ਦੰਗ ਰਹਿ ਗਏ। ਹੁਣ ਜਦੋਂ ਮੇਰੇ ਪੋਤੇ ਦੀਵਾਲੀ ਦੇ ਏੜ ਗੇੜ ਪਟਾਕਿਆਂ ਦੀ ਦੁਕਾਨ ਤੋਂ ਪਿਸਤੌਲ ਤੇ ਕਈ ਕਈ ਤਰ੍ਹਾਂ ਦੇ ਰੌਂਦ ਲਿਆਉਂਦੇ ਤੇ ਚਲਾਉਂਦੇ ਨੇ ਤਾਂ ਮੈਨੂੰ ਝੱਟ ਬਚਪਨ ਦੀ ਉਹ ਗਲ ਯਾਦ ਆ ਜਾਂਦੀ ਏ। ਕਈ ਵਾਰ ਆਪ-ਮੁਹਾਰੇ ਮੇਰੇ ਮੂੰਹੋਂ ਨਿਕਲ ਵੀ ਜਾਂਦੈ, 'ਓ ਭਲੇ ਮਾਨਸਾ ਤੂੰ ਤਾਂ ਚਿੜਚਿੜਾਂ ਭੇਜ ਕੇ ਅਸਲੋਂ ਬੇੜਾ ਹੀ ਬਿਠਾ 'ਤਾ, ਕੋਈ ਠਾਹ ਠੂਹ ਕਰਨ ਵਾਲਾ ਪਟਾਕਾ ਹੀ ਭੇਜ ਦਿੰਦਾ।'

-ਸਾਹਨੇਵਾਲ। ਮੋਬਾਈਲ : 9814451558.

ਕਾਵਿ-ਵਿਅੰਗ

* ਨਵਰਾਹੀ ਘੁਗਿਆਣਵੀ *

ਚੜ੍ਹ ਗਿਆ ਦਿਮਾਗ਼ ਨੂੰ ਨਸ਼ਾ ਚੰਦਰਾ,
ਕੁਰਸੀ ਜੇਹਾ ਨਾ ਹੋਰ ਸਰੂਰ ਮਿੱਤਰੋ!
'ਜੋ ਮੰਗੋ ਮੈਂ ਹਾਜ਼ਰ ਕਰ ਦਿਆਂਗਾ,
ਮੈਨੂੰ ਕੁਰਸੀ ਇਕ ਦਿਓ ਜ਼ਰੂਰ ਮਿੱਤਰੋ।
ਜਣੀ ਖਣੀ ਨਾਲੋਂ ਮੇਰਾ ਬੜਾ ਰੁਤਬਾ,
ਉੱਚੇ ਹੋਣ ਦਾ ਖ਼ਾਸ ਗ਼ਰੂਰ ਮਿੱਤਰੋ।
ਸਮਾਂ ਆਉਣ ਉੱਤੇ ਕੁਰਸੀ ਖਿਸਕ ਜਾਂਦੀ,
ਪੈ ਜਾਂਦਾ ਏ ਮਾਂਦ ਫ਼ਤੂਰ ਮਿੱਤਰੋ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ। ਮੋਬਾ : 98150-02302

* ਹਰਦੀਪ ਢਿੱਲੋਂ *

ਭਰਦੇ ਮੁੱਠੀਆਂ ਨੇਤਾ ਨੂੰ ਸਾਧ ਘੂਰੇ,
ਤੈਨੂੰ ਪਚੇ ਨਾ ਵਜ਼ਾਰਤੀ ਖੀਰ ਬੱਚੂ।
ਹਾਮੀ ਟਿਕਟ ਦੀ ਕਿਸੇ ਨਾ ਭਰੀ ਹਾਲੇ,
ਘੁੰਮਦਾ ਫਿਰੇਂ ਕਿਉਂ ਵਾਂਗ ਭੰਬੀਰ ਬੱਚੂ।
ਪੜ੍ਹਨਾ ਸਿੱਖ ਲੈ ਸਿਆਸਤੀ ਅੱਖ ਥਾਣੀ,
ਪੈਂਦਾ ਅੱਖ ਵਿਚ ਸਿਆਸਤੀ ਟੀਰ ਬੱਚੂ।
'ਮੁਰਾਦਵਾਲਿਆ' ਨਿਸ਼ਾਨਚੀ ਫਿਰੇਂ ਬਣਿਆ,
ਮਾਰ ਤੂੜੀ ਦੇ ਟਰੱਕ ਵਿਚ ਤੀਰ ਬੱਚੂ।

-1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242

ਫ਼ਰਜ਼

ਜਾਗਰ ਸਿੰਘ ਦੇ ਦੋਵੇਂ ਚੂਲੇ ਕਿਸੇ ਗੰਭੀਰ ਬਿਮਾਰੀ ਕਾਰਨ ਬਿਲਕੁਲ ਨਕਾਰਾ ਹੋ ਗਏ ਸਨ, ਇਸ ਕਾਰਨ ਉਹ ਹੁਣ ਤੁਰਨੋਂ ਆਹਰੀ ਹੋ ਕੇ ਮੰਜੇ ਨਾਲ ਜੁੜ ਗਿਆ ਸੀ। ਉਸ ਦਾ ਪੁੱਤਰ ਤੇ ਨੂੰਹ ਉਸ ਨੂੰ ਸ਼ਹਿਰ ਦੇ ਹਸਪਤਾਲ ਵਿਚ ਦਿਖਾਉਣ ਲਈ ਲੈ ਕੇ ਆਏ। 'ਦੇਖੋ ਜੀ ਬਾਬਾ ਜੀ ਦੇ ਚੂਲੇ ਬਦਲਣੇ ਪੈਣੇ ਨੇ ਤਾਂ ਹੀ ਉਹ ਤੁਰਨ-ਫਿਰਨ ਜੋਗੇ ਹੋ ਸਕਣਗੇ, ਨਹੀਂ ਤਾਂ ਬਸ ਮੰਜੇ 'ਤੇ ਪੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ ਇਨ੍ਹਾਂ ਕੋਲ', ਡਾਕਟਰ ਨੇ ਗੁਰਜੀਵਨ ਨੂੰ ਦੱਸਿਆ।
'ਡਾਕਟਰ ਸਾਹਿਬ ਖਰਚਾ ਕਿੰਨਾ ਕੁ ਆਜੂ ਇਲਾਜ 'ਤੇ?' ਗੁਰਜੀਵਨ ਨੇ ਗੰਭੀਰ ਹੁੰਦਿਆਂ ਡਾਕਟਰ ਨੂੰ ਸਵਾਲ ਕੀਤਾ। 'ਆਪ੍ਰੇਸ਼ਨ 'ਤੇ ਲਗਪਗ ਚਾਰ ਲੱਖ ਖਰਚਾ ਆਵੇਗਾ, ਬਾਕੀ ਦਵਾਈਆਂ ਵਗੈਰਾ ਵੱਖਰੀਆਂ।' ਡਾਕਟਰ ਨੇ ਅਨੁਮਾਨਤ ਖਰਚੇ ਬਾਰੇ ਗੁਰਜੀਵਨ ਨੂੰ ਜਾਣੂ ਕਰਵਾ ਦਿੱਤਾ। ਗੁਰਜੀਵਨ ਦੀ ਪਤਨੀ ਸੁਮਨ ਜੋ ਇਹ ਸਾਰਾ ਕੁਝ ਸੁਣ ਰਹੀ ਸੀ ਆਪਣੇ ਪਤੀ ਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗੀ, 'ਦੇਖੋ ਜੀ ਏਨਾ ਖਰਚਾ ਆਪਾਂ ਕਿੱਥੋਂ ਝੱਲ ਲਵਾਂਗੇ? ਤੁਹਾਡੀ ਤਾਂ ਤਨਖਾਹ ਵੀ ਅਜੇ ਬੇਸਿਕ ਈ ਏ। ਨਾਲੇ ਬਾਪੂ ਕਿਹੜਾ ਕੋਈ ਕੰਮ ਕਰਦਾ। ਮੰਜੇ 'ਤੇ ਈ ਪੈਣਾ ਉਹਨੇ ਆਪ੍ਰੇਸ਼ਨ ਕਰਵਾ ਕੇ ਵੀ।' ਪਤਨੀ ਵਲੋਂ ਦਿੱਤੀ ਇਸ 'ਮੱਤ' ਨੂੰ ਸੁਣਨ ਤੋਂ ਬਾਅਦ ਗੁਰਜੀਵਨ ਦੀਆਂ ਅੱਖਾਂ ਭਰ ਆਈਆਂ, 'ਭਾਗਵਾਨੇ! ਮੈਨੂੰ ਯਾਦ ਨੇ ਉਹ ਗੱਲਾਂ ਜਦੋਂ ਬਾਪੂ ਨੇ ਮੇਰੇ ਬੀ.ਐੱਡ ਦੇ ਕੋਰਸ ਵਾਸਤੇ ਵਿਆਜੂ ਕਰਜ਼ਾ ਚੁੱਕਿਆ ਸੀ ਤੇ ਫਿਰ ਦਿਨ-ਰਾਤ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਉਹ ਕਰਜ਼ਾ ਤਾਰਿਆ ਸੀ। ਉਸੇ ਦੀ ਬਦੌਲਤ ਮੈਂ ਅੱਜ ਆਪਣੇ ਪੈਰਾਂ 'ਤੇ ਖੜ੍ਹਾ ਹਾਂ ਤੇ ਅੱਜ ਬਾਪੂ ਨੂੰ ਉਸ ਦੇ ਪੈਰਾਂ 'ਤੇ ਖੜ੍ਹਾ ਕਰਨ ਦੀ ਵਾਰੀ ਮੈਂ...ਨਹੀਂ....ਨਹੀਂ.... ਇਹ ਨਹੀਂ ਹੋ ਸਕਦਾ ਤੇ ਗੁਰਜੀਵਨ ਨੇ ਝੱਟ ਡਾਕਟਰ ਦੇ ਕਮਰੇ ਅੰਦਰ ਜਾ ਬਾਪੂ ਦੇ ਆਪ੍ਰੇਸ਼ਨ ਲਈ ਆਪਣੀ ਸਹਿਮਤੀ ਦੇ ਦਿੱਤੀ

-ਪੰਜਾਬੀ ਅਧਿਆਪਕਾ, ਸਰਕਾਰੀ ਸੈਕੰਡਰੀ ਸਕੂਲ,
ਚਹਿਲਾਂਵਾਲੀ (ਮਾਨਸਾ)। ਫੋਨ : 90565-26703

ਕਾਵਿ-ਵਿਅੰਗ

ਮੋਬਾਈਲ
ਜਦੋਂ ਦਾ ਸਾਡੇ ਹੱਥ 'ਚ ਮੋਬਾਈਲ ਆ ਗਿਆ,
ਇਹ ਤਾਂ ਸਾਡੀ ਜ਼ਿੰਦਗੀ 'ਚ ਬਹੁਤਾ ਛਾਅ ਗਿਆ।
ਇਹਦੇ ਆਉਣ ਨਾਲ ਵਿਹਲੇ ਸਾਰੇ ਬਿਜ਼ੀ ਹੋ ਗਏ,
ਪਰ ਕੰਮ ਵਾਲਿਆਂ ਨੂੰ ਥੋੜਾ ਸਾਹ ਆ ਗਿਆ।
ਮੂਹਰੇ ਪਈ ਹੋਵੇ ਰੋਟੀ ਬੰਦਾ ਖਾ ਨੀ ਸਕਦਾ,
ਪਰ ਫ਼ੋਨ 'ਚ ਟਿਕਾ ਕੇ ਪੂਰੀ ਨਿੱਗਾ ਰੱਖਦਾ।
ਧਾਰਮਿਕ ਸਥਾਨਾਂ 'ਤੇ ਵੀ ਇਸ ਦੀ ਚੜ੍ਹਾਈ ਆ,
ਬੈਠ ਸੰਗਤ 'ਚ ਬੰਦਾ ਰੱਖੇ ਟੁੱਕ-ਟੁੱਕ ਲਾਈ ਆ।
ਗਿਆ ਹੋਵੇ ਕੋਈ ਮਕਾਣੇ, ਜਾਂ ਸਸਕਾਰ ਆ,
ਮੋਬਾਈਲ ਦੀ ਤਾਂ ਉਥੇ ਵੀ ਪੂਰੀ ਜੈ ਜੈ ਕਾਰ ਆ।
ਬੱਚਿਆਂ ਲਈ ਗੇਮ ਵਾਲਾ ਇਹ ਖਿਡਾਉਣਾ ਆਂ,
ਪਰ ਵੱਡਿਆਂ ਨੇ ਹੁੰਦਾ ਗੇਮ ਨੂੰ ਬਣਾਉਣਾ ਆਂ।
ਨੌਜਵਾਨੀ ਇਹਦੇ ਪਿੱਛੇ ਆ ਸ਼ੁਦਾਈ ਹੋ ਗਈ,
ਛੱਡ ਆਪਣਾ ਭਵਿੱਖ ਚੰਦਰੇ 'ਚ ਖੋਅ ਗਈ।
ਮਿਹਰਬਾਨੀ ਇਹਦੀ ਰਿਸ਼ਤੇ ਤੜੱਕ ਟੁੱਟਦੇ,
ਕਈ ਰੋਂਦੇ ਆ ਵਿਚਾਰੇ ਕਈ ਮੌਜਾਂ ਲੁੱਟਦੇ।
ਨਵੀਂ ਵਿਆਹੀ ਸਹੁਰਿਆਂ ਦੀ ਕੋਈ ਨਾ ਸੁਣਦੀ,
ਹਰ ਵੇਲੇ ਇਹਦੇ ਰਾਹੀਂ ਸਹੁਰਿਆਂ ਨੂੰ ਪੁਣਦੀ।
ਵੱਟਸਐਪ, ਫ਼ੇਸਬੁੱਕ ਉਤੇ ਨੂੰਹ ਦੇ ਚਲਦੇ ਗਰੁੱਪ ਆ,
ਸੱਸ ਡਰਦੀ ਵਿਚਾਰੀ ਉਹਤੋਂ ਰਹਿੰਦੀ ਚੁੱਪ ਆ।
ਫ਼ਿਰ ਲਾੜੇ ਦਾ ਵੀ ਯਾਰੋ ਅੱਗੋਂ ਇਹੀ ਹਾਲ ਆ,
ਉਹ ਵੀ ਫ਼ੋਨ ਰਾਹੀਂ ਸਾਰਾ ਦਿਨ ਪਾਉਂਦਾ ਧਮਾਲ ਆ।
ਇਕ ਦੂਜੇ ਨਾਲੋਂ ਚੋਰੀਆਂ ਕਮਾਈ ਜਾਂਦੇ ਆ,
ਅਗੂੰਠੇ ਵਾਲਾ ਲੌਕ ਵੀ ਲਗਾਈ ਜਾਂਦੇ ਆ।
ਸਾਰਿਆਂ ਨੂੰ ਝੂਠ ਬੋਲਣਾ ਸਿਖਾਉਂਦਾ ਆ,
ਨਾਲੇ ਸੱਚੀ ਗੱਲ ਉਤੇ ਪਰਦੇ ਵੀ ਪਾਉਂਦਾ ਆ।
ਆਪਣਿਆਂ ਤੋਂ ਬੰਦਾ ਦੂਰ ਹੋਈ ਜਾ ਰਿਹਾ,
ਕਹਿੰਦਾ ਕਮਲਾ ਜ਼ਿੰਦਗੀ ਦਾ ਮਜ਼ਾ ਆ ਰਿਹਾ।
ਰਿਸ਼ਤਿਆਂ 'ਚ ਬਹੁਤਾ ਹੀ ਨਿਘਾਰ ਆ ਗਿਆ,
ਮੈਨੂੰ ਲੱਗਦਾ ਮੋਬਾਈਲ ਸਭ ਕੁਝ ਖਾ ਗਿਆ।
'ਥਿਆੜਾ' ਕਹੇ ਇਹਤੋਂ ਦੂਰੀਆਂ ਬਣਾ ਲਓ ਮਿੱਤਰੋ,
ਖੇਰੂੰ ਹੋ ਰਹੇ ਪਰਿਵਾਰਾਂ ਨੂੰ ਬਚਾ ਲਓ ਮਿੱਤਰੋ।

-ਸਤਵੰਤ ਸਿੰਘ ਥਿਆੜਾ
ਨਸਰਾਲਾ, ਹੁਸ਼ਿਆਰਪੁਰ। ਮੋਬਾ : 95010-65000

 

 

 

 

* ਜਸਵੰਤ ਸਿੰਘ 'ਖੂਡਰ ਸਾਹਿਬ' *
ਵਾਧੂ ਘਾਟੂ ਬੋਲਦਾ ਬੰਦਾ।
ਰਹਿੰਦਾ ਜ਼ਹਿਰ ਘੋਲਦਾ ਬੰਦਾ।
ਆਪਣੇ ਦੋਸ਼ ਛੁਪਾਉਣ ਵਾਸਤੇ,
ਦੋਸ਼ ਹੋਰਾਂ ਦੇ ਫੋਲਦਾ ਬੰਦਾ।
ਪੈਸਾ ਆਉਣ 'ਤੇ ਨੱਚਣ ਲੱਗੇ,
ਪੈਸਾ ਜਾਣ 'ਤੇ ਡੋਲਦਾ ਬੰਦਾ।
ਹੱਥ ਇਨਸਾਫ਼ ਦੀ ਤੱਕੜੀ ਲੈ ਕੇ,
ਪੂਰਾ ਕਦੇ ਹੀ ਤੋਲਦਾ ਬੰਦਾ।
ਸੱਚ ਆਸਰੇ ਸੁੱਕਾ ਰਹਿੰਦਾ,
ਝੂਠ ਆਸਰੇ ਮੌਲਦਾ ਬੰਦਾ।
ਤਕੜੇ ਤਾਈਂ ਕਰੇ ਸਲਾਮਾਂ,
ਮਾੜਾ ਦੇਖ ਘਚੋਲਦਾ ਬੰਦਾ।
ਹਿਰਦੇ ਵਿਚ ਹੈ ਰੱਬ ਦਾ ਵਾਸਾ,
ਜੰਗਲ ਬੇਲੇ ਟੋਲਦਾ ਬੰਦਾ।
ਫੋਕੇ ਮਾਣ 'ਜਸਵੰਤ' ਵੇਖ ਕੇ,
ਭੇਦ ਦਿਲਾਂ ਦੇ ਖੋਲ੍ਹਦਾ ਬੰਦਾ।

-ਨਰੋਤਮ ਵਿਹਾਰ, ਕਪੂਰਥਲਾ।
ਮੋਬਾਈਲ : 98141-15470.

 

 

 


* ਜੱਗਾ ਨਿੱਕੂਵਾਲ *

ਵਿਹਲੜ ਮੌਜਾਂ ਕਰਦੇ ਵੇਖਾਂ,
ਕਿਰਤੀ ਭੁੱਖੇ ਮਰਦੇ ਵੇਖਾਂ।
ਮਿਲੀ ਆਜ਼ਾਦੀ ਅਜੇ ਵੀ ਕਿੱਥੇ,
ਲੋਕ ਗੁਲਾਮੀ ਕਰਦੇ ਦੇਖਾਂ।
ਕੌਣ ਕਰੇਗਾ ਰਹਿਨੁਮਾਈਆਂ,
ਮੈਂ ਤਾਂ ਸੂਰਜ ਠਰਦੇ ਦੇਖਾਂ।
ਮੁਨਸਿਫ ਹੁਣ ਕਰਨ ਦਲਾਲੀ,
ਸੱਚ ਕਟਹਿਰੇ ਹਰਦੇ ਦੇਖਾਂ।
ਚੁੱਲ੍ਹੇ ਤੱਕ ਆਈ ਸਿਆਸਤ,
ਭਾਈ ਭਾਈ ਨਾਲ ਲੜਦੇ ਵੇਖਾਂ।
ਦੋ ਪੁੜੀਂ ਪਿਸੇ ਕਿਰਸਾਨੀ,
ਖੁਦਕੁਸ਼ੀਆਂ ਨਿੱਤ ਕਰਦੇ ਵੇਖਾਂ।
ਲਿੰਗ ਭੇਦ ਚਰਮ ਸੀਮਾ 'ਤੇ,
ਕੁੱਖੀਂ ਧੀਆਂ ਮਰਦੇ ਵੇਖਾਂ।
ਕੌਣ ਕਰੂ ਝੰਡਾ ਬਰਦਾਰੀ,
ਨਿੱਤ ਮੈਂ ਡੰਡੇ ਵਰ੍ਹਦੇ ਵੇਖਾਂ।
ਰੰਗ ਨਸਲ ਤੇ ਜਾਤਾਂ-ਪਾਤਾਂ,
ਤੁਅੱਸਬੀ ਅੱਗ 'ਚ ਸੜਦੇ ਵੇਖਾਂ।
ਐਨਾ ਸੱਚ 'ਨਿੱਕੂਵਾਲ' ਨਾ ਲਿਖੀਏ,
ਸੱਚ ਨੂੰ ਸੂਲੀ ਚੜ੍ਹਦੇ ਵੇਖਾਂ।

-ਮੋਬਾਈਲ : 98154-75019.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX