ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਲੋਕ ਮੰਚ

ਇਕ ਝਾਤ ਬਦਲ ਰਹੇ ਪੰਜਾਬੀ ਸੱਭਿਆਚਾਰ 'ਤੇ

ਸੱਭਿਆਚਾਰਕ ਸ਼ਬਦ ਸਭਯ+ਆਚਾਰ ਦੇ ਮੇਲ ਤੋਂ ਬਣਿਆ ਹੈ। 'ਸਭਯ' ਦਾ ਅਰਥ ਹੈ ਸੋਧਿਆ, ਸੁਲਝਿਆ ਜਾਂ ਸੁਚੱਜਾ। 'ਆਚਾਰ' ਦਾ ਅਰਥ ਹੈ ਰਹਿਣ-ਸਹਿਣ ਜਾਂ ਚੱਜ। ਸੱਭਿਆਚਾਰ ਦੇ ਅਸਲ ਅਰਥਾਂ ਵਿਚ ਮਨੁੱਖੀ ਜੀਵਨ ਦਾ ਹਰ ਪੱਖ ਸ਼ਾਮਿਲ ਹੁੰਦਾ ਹੈ। ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਹਰ ਮਨੁੱਖ ਨੂੰ ਜਿਥੇ ਉਹ ਜੰਮਿਆ, ਪਾਲਣ-ਪੋਸਣ ਅਤੇ ਸਿਖਲਾਈ ਹੋਈ ਉਥੋਂ ਦੇ ਸਮਾਜ ਦਾ ਸੱਭਿਆਚਾਰ ਉਸ ਨੂੰ ਗ੍ਰਹਿਣ ਕਰਨਾ ਪੈਂਦਾ ਹੈ। ਮਨੁੱਖੀ ਮਨ ਸੁਚੇਤ ਅਤੇ ਅਚੇਤ ਦੋਵਾਂ ਮਾਨਸਿਕ ਸਥਿਤੀਆਂ ਵਿਚ ਸੱਭਿਆਚਾਰ ਦੇ ਭਿੰਨ-ਭਿੰਨ ਅੰਸ਼ਾਂ ਨੂੰ ਗ੍ਰਹਿਣ ਕਰਦਾ ਹੈ। ਹੁਣ ਜੇਕਰ ਗੱਲ ਕਰੀਏ ਪੰਜਾਬ ਦੇ ਸੱਭਿਆਚਾਰ ਦੀ ਤਾਂ ਇਹ ਬਹੁਚਰਚਿਤ, ਗੰਭੀਰ ਅਤੇ ਚਿੰਤਤ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਪੱਛਮੀ ਪ੍ਰਭਾਵ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਗੰਧਲਾ ਕਰ ਛੱਡਿਆ ਹੈ। ਪੱਛਮੀ ਪ੍ਰਭਾਵ ਅਧੀਨ ਪੰਜਾਬੀ ਸੱਭਿਆਚਾਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਧਰਤੀ ਦੀ ਹੇਠਲੀ ਤਹਿ ਅੰਦਰ ਸਮਾਉਂਦਾ ਜਾ ਰਿਹਾ ਹੈ। ਦਿਨੋਂ-ਦਿਨ ਵਧ ਰਹੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਬਹੁਤੇ ਖੇਤਰੀ ਸੱਭਿਆਚਾਰਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਇਥੋਂ ਤੱਕ ਕਿ ਪੱਛਮੀ ਸੱਭਿਆਚਾਰ ਨੇ ਸਾਡੇ ਪੰਜਾਬੀ ਵਿਰਸੇ, ਧਰਮ, ਭਾਸ਼ਾ ਅਤੇ ਘਰਾਂ ਦੀ ਬਣਤਰ ਤੱਕ ਵੀ ਆਪਣੀ ਛਾਪ ਛੱਡ ਰੱਖੀ ਹੈ। ਪੱਛਮੀ ਸੱਭਿਆਚਾਰ ਦੀ ਤਾਕਤ ਜਾਂ ਹੋੜ ਸਾਡੀ ਪੰਜਾਬੀ ਰਹਿਣੀ-ਬਹਿਣੀ, ਪਹਿਰਾਵੇ ਅਤੇ ਬੋਲੀ 'ਤੇ ਆਮ ਹੀ ਦੇਖਣ ਨੂੰ ਨਜ਼ਰ ਆ ਰਹੀ ਹੈ। ਦੂਜਾ ਵੱਡਾ ਕਾਰਨ ਕਾਢ ਜਾਂ ਲੱਭਤ ਕਾਰਨ ਸੱਭਿਆਚਾਰ ਦਾ ਰੂਪਾਂਤਰਣ ਹੁੰਦਾ ਹੈ। ਮਸ਼ੀਨੀਕਰਨ ਨੇ ਜੀਵਨ ਦੇ ਹਰੇਕ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕੀਤਾ ਹੈ। ਇਲੈਕਟ੍ਰਾਨਿਕ ਮੀਡੀਆ ਦੀ ਕਾਢ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਉੱਪਰ ਚੁੱਕਣ ਦੀ ਬਜਾਏ ਧਰਤੀ ਹੇਠ ਦਬਾ ਦਿੱਤਾ ਹੈ। ਇਥੇ ਗ਼ਲਤੀ ਇਲੈਕਟ੍ਰਾਨਿਕ ਮੀਡੀਆ ਬਣਾਉਣ ਵਾਲੇ ਵਿਗਿਆਨੀਆਂ ਦੀ ਨਹੀਂ ਸਗੋਂ ਇਸ ਨੂੰ ਅਪਣਾ ਕੇ ਸਹੀ ਢੰਗ ਨਾ ਵਰਤੋਂ ਦੀ ਬਜਾਏ ਗ਼ਲਤ ਤਰੀਕੇ ਨਾਲ ਵਰਤੋਂ ਕਰ ਰਹੇ ਮਨੁੱਖੀ ਸਮਾਜ ਦੀ ਹੈ। ਸੱਭਿਆਚਾਰ ਦੇ ਕੁਝ ਅੰਗ ਤਾਂ ਅਜਿਹੇ ਹਨ ਜਿਨ੍ਹਾਂ ਵਿਚ ਧੀਮੀ ਗਤੀ ਨਾਲ ਪਰਿਵਰਤਨ ਹੁੰਦਾ ਹੈ ਜਦ ਕਿ ਕੁਝ ਵਿਚ ਬਹੁਤ ਤੇਜ਼ੀ ਨਾਲ। ਸਭ ਤੋਂ ਵੱਧ ਤੇ ਤੇਜ਼ ਨਾਲ ਪ੍ਰਭਾਵਿਤ ਹੋਏ ਸਾਡੇ ਦੋ ਮੁੱਖ ਅੰਸ਼ ਸਾਡੀ ਭਾਸ਼ਾ ਅਤੇ ਸਾਡੀ ਰਹਿਣੀ-ਬਹਿਣੀ ਹੈ। ਅੱਜ ਦਾ ਮਨੁੱਖ ਆਪਣੀ ਮਾਂ-ਬੋਲੀ ਭਾਸ਼ਾ ਨੂੰ ਵਿਸਾਰਦਾ ਹੋਇਆ ਆਪਣੇ ਸੱਭਿਆਚਾਰ ਨੂੰ ਠੁਕਰਾਉਂਦਾ ਹੋਇਆ ਪੈਸੇ ਕਮਾਉਣ ਦੀ ਹੋੜ ਅਤੇ ਲੁੱਟ-ਖਸੁੱਟ ਕਰਨ ਵਿਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ। ਮਨੁੱਖ ਪੈਸੇ ਦੀ ਆੜ ਵਿਚ ਸਭ ਰਿਸ਼ਤਿਆਂ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ। ਬਾਹਰ ਵੱਸਦੇ ਪੰਜਾਬੀ ਪਰਦੇਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੱਛਮੀ ਸੱਭਿਆਚਾਰ ਵਿਚ ਹੀ ਵੱਡੀਆਂ ਹੋ ਰਹੀਆਂ ਹਨ ਅਤੇ ਉਥੋਂ ਦੀਆਂ ਕਦਰਾਂ-ਕੀਮਤਾਂ ਨੂੰ ਹੀ ਅਪਣਾ ਰਹੇ ਹਨ। ਇਸੇ ਪ੍ਰਕਾਰ ਉਥੋਂ ਦੀ ਪੱਛਮੀ ਪ੍ਰਭਾਵ ਹੇਠਾਂ ਪਲੀ ਪੜ੍ਹੀ-ਲਿਖੀ ਪੀੜ੍ਹੀ ਅਤੇ ਇਧਰ ਪੰਜਾਬੀ ਸੱਭਿਆਚਾਰ ਹੇਠ ਪਲੀ ਪੜ੍ਹੀ-ਲਿਖੀ ਪੀੜ੍ਹੀ ਵਿਚਕਾਰ ਬੋਲੀ, ਸੋਚ, ਸਿੱਖਿਆ, ਵਰਤੋਂ ਵਿਹਾਰ ਅਤੇ ਕਦਰਾਂ-ਕੀਮਤਾਂ ਵਿਚਕਾਰ ਬੜਾ ਵੱਡਾ ਪਾੜਾ ਵੇਖਣ ਨੂੰ ਨਜ਼ਰ ਆ ਰਿਹਾ ਹੈ ਜੋ ਕਿ ਇਕ ਤਣਾਉ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਆਰਥਿਕ ਥੁੜ, ਤੰਗੀ ਇਥੋਂ ਦੀ ਨੌਜਵਾਨ ਪੀੜ੍ਹੀ ਨੂੰ ਪ੍ਰਦੇਸਾਂ ਵਿਚ ਪ੍ਰੇਰਦੇ ਲੈ ਜਾ ਰਹੀ ਹੈ ਪਰ ਉਨ੍ਹਾਂ ਲਈ ਉਥੋਂ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਉਨ੍ਹਾਂ ਲਈ ਸਮਝੌਤਾ ਕਰਨਾ ਇਕ ਅਤਿਅੰਤ ਦੁੱਖਮਈ ਹੈ। ਸੋ ਲੋੜ ਹੈ, ਜਾਗ੍ਰਿਤ ਹੋਣ ਲਈ, ਸਾਡੀਆਂ ਸਰਕਾਰਾਂ ਨੂੰ ਤਾਂ ਜੋ ਉਹ ਨੌਜਵਾਨ ਪੀੜ੍ਹੀ ਲਈ ਆਰਥਿਕ ਪੱਧਰ 'ਤੇ ਰੁਜ਼ਗਾਰ ਉਜਾਗਰ ਕਰਨ ਤਾਂ ਕਿ ਨਿਰਾਸ਼ਾਵਾਦ ਹੋਈ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਵੱਲ ਪ੍ਰੇਰਿਤ ਨਾ ਹੋ ਕੇ ਬਲਕਿ ਇਥੇ ਰਹਿ ਕੇ ਆਪਣੇ ਸੱਭਿਆਚਾਰ ਨੂੰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਕੱਢ ਕੇ ਵਾਪਸ ਲਿਆ ਸਕੇ ਅਤੇ ਤਾਂ ਜੋ ਸਾਡਾ ਪੰਜਾਬੀ ਸੱਭਿਆਚਾਰ ਸਾਨੂੰ ਫਿਰ ਤੋਂ ਹਰਿਆ-ਭਰਿਆ ਆਰਥਿਕ ਤੰਗੀ ਤੋਂ ਮੁਕਤ ਨਸ਼ਿਆਂ ਤੋਂ ਮੁਕਤ ਅਤੇ ਪੁਰਾਣੇ ਵਿਰਸੇ ਦੀਆਂ ਯਾਦਾਂ ਦੀ ਤਰ੍ਹਾਂ ਮੁੜ ਵਾਪਸ ਮਿਲ ਸਕੇ।

-854 ਸਿਵਲ ਲਾਈਨਜ਼ ਮੋਗਾ। ਮੋਬਾਈਲ : 83603 19449


ਖ਼ਬਰ ਸ਼ੇਅਰ ਕਰੋ

ਕੁਦਰਤੀ ਕਾਇਨਾਤ ਨੂੰ ਉਜਾੜਨ 'ਤੇ ਲੱਗਾ ਮਨੁੱਖ

ਪਰਮਾਤਮਾ ਵਲੋਂ ਸਿਰਜੀ ਸ੍ਰਿਸ਼ਟੀ ਵਿਚ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ, ਜਿਸ ਵਿਚ ਕੁਦਰਤ ਨੇ ਜੀਵਨ ਨੂੰ ਚਲਾਉਣ ਵਾਸਤੇ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਜਿਨ੍ਹਾਂ ਵਿਚੋਂ ਹਵਾ, ਪਾਣੀ, ਸੂਰਜੀ ਊਰਜਾ, ਬਨਸਪਤੀ ਆਦਿ ਹਨ, ਜਿਨ੍ਹਾਂ ਦਾ ਧਰਤੀ 'ਤੇ ਰਹਿੰਦੇ ਹਰ ਇਕ ਜੀਵ ਨੂੰ ਕੋਈ ਵੀ ਕਿਰਾਇਆ ਆਦਿ ਨਹੀਂ ਚੁਕਾਉਣਾ ਪੈਂਦਾ ਕਿਉਂਕਿ ਇਹ ਸਾਰੀਆਂ ਬਖ਼ਸ਼ਿਸ਼ਾਂ ਕੁਦਰਤ ਵਲੋਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਹਨ ਜੋ ਅਨਮੋਲ ਹਨ। ਹਾਂ ਜੇਕਰ ਕਿਰਾਏ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸਾਂਭ-ਸੰਭਾਲ ਹੀ ਇਨ੍ਹਾਂ ਪ੍ਰਤੀ ਬਣਦਾ ਕਿਰਾਇਆ ਹਨ। ਇਨ੍ਹਾਂ ਸਰੋਤਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਰਮਾਤਮਾ ਨੇ ਇਸ ਵਿਸ਼ਾਲ ਧਰਤੀ 'ਤੇ ਰਹਿੰਦੇ ਹਰ ਇਕ ਪ੍ਰਾਣੀ ਨੂੰ ਦਿੱਤੀ ਹੈ। ਜਿਨ੍ਹਾਂ ਵਿਚੋਂ ਮਨੁੱਖ ਵੀ ਇਕ ਹੈ। ਪਰ ਪਿਛਲੇ ਕੁਝ ਦਹਾਕਿਆਂ ਤੋਂ ਹੋ ਰਹੀਆਂ ਨਿੱਤ ਨਵੀਆਂ ਖੋਜਾਂ ਜੋ ਕਿ ਮਨੁੱਖੀ ਜੀਵਨ ਲਈ ਫਾਇਦੇਮੰਦ ਘੱਟ ਤੇ ਹਾਨੀਕਾਰਕ ਜ਼ਿਆਦਾ ਹਨ। ਪਤਾ ਨਹੀਂ ਕਿਸ ਜਿਗਰੇ ਨਾਲ ਇਹ ਅਜੋਕੇ ਮਨੁੱਖ ਇਨ੍ਹਾਂ ਕੁਦਰਤੀ ਸੌਗਾਤਾਂ ਨੂੰ ਉਜਾੜ ਰਹੇ ਹਨ। ਪੰਜਾਬ ਦੇ ਦਰਿਆਵਾਂ ਦਾ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ ਕਿਉਂਕਿ ਅਨੇਕਾਂ ਹੀ ਫੈਕਟਰੀਆਂ ਇਨ੍ਹਾਂ ਵਿਚ ਜ਼ਹਿਰੀਲਾ ਪਾਣੀ ਮਿਲਾ ਕੇ ਇਨ੍ਹਾਂ ਨੂੰ ਦੂਸ਼ਿਤ ਕਰ ਰਹੀਆਂ ਹਨ। ਜਿਨ੍ਹਾਂ ਵਿਚ ਅਨੇਕਾਂ ਹੀ ਜੀਵ-ਜੰਤੂ ਮਰ ਰਹੇ ਹਨ ਤੇ ਉੱਪਰੋਂ ਹੋਰ ਹੈਰਾਨੀ ਤੇ ਦੁੱਖ ਦੀ ਗੱਲ ਜ਼ਹਿਰੀਲੇ ਪਾਣੀਆਂ ਨਾਲ ਮਰੇ ਹੋਏ ਜੀਵਾਂ ਦਾ ਵਪਾਰ ਵੀ ਧੜੱਲੇ ਨਾਲ ਹੋ ਰਿਹਾ ਹੈ ਤੇ ਮਨੁੱਖ ਵਿਚ ਹੋਰ ਬਿਮਾਰੀਆਂ ਨੂੰ ਵਧਾ ਰਿਹਾ ਹੈ। ਅਸਲ ਵਿਚ ਇਸ ਤੇਜ਼ ਰਫ਼ਤਾਰ ਯੁੱਗ ਵਿਚ ਹਰ ਇਕ ਇਨਸਾਨ ਆਪਣੇ ਜਾਂ ਆਪਣੇ ਪਰਿਵਾਰ ਤੱਕ ਸੋਚ ਨੂੰ ਹੀ ਸੀਮਤ ਰੱਖੀ ਬੈਠਾ ਹੈ, ਕਿਸੇ ਦੂਸਰੇ ਲਈ ਜਾਂ ਕਿਸੇ ਵੀ ਕੁਦਰਤੀ ਸਾਧਨ ਪ੍ਰਤੀ ਰਤਾ ਜਿੰਨਾ ਵੀ ਫਿਕਰ ਨਹੀਂ, ਨਿਰੰਤਰ ਵਧ ਰਹੀਆਂ ਮੋਟਰ ਗੱਡੀਆਂ, ਫੈਕਟਰੀਆਂ, ਖੇਤਾਂ ਵਿਚ ਨਾੜ ਨੂੰ ਲਾਈ ਜਾ ਰਹੀ ਅੱਗ ਆਦਿ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ, ਜਿਸ ਨਾਲ ਮਨੁੱਖ ਤੋਂ ਲੈ ਕੇ ਹਰ ਇਕ ਜੀਵ-ਜੰਤੂ ਲਈ ਧਰਤੀ 'ਤੇ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ।

-ਜ਼ਿਲ੍ਹਾ ਲੁਧਿਆਣਾ।
ਈ-ਮੇਲ : ajitbajwa89@gmail.com

ਸਿਆਸੀ ਲੋਕ ਅਹੁਦਿਆਂ ਦੇ ਮਾਣ ਨੂੰ ਠੇਸ ਨਾ ਪਹੁੰਚਾਉਣ

1947 ਤੋਂ ਪਹਿਲਾਂ ਜਿਹੜੇ ਸੁੂਰਬੀਰ ਯੋਧਿਆਂ ਨੇ ਸ਼ਾਂਤਮਈ ਜਾਂ ਕਿਸੇ ਹੋਰ ਢੰਗ ਨਾਲ ਆਜ਼ਾਦੀ ਦੀ ਲੜਾਈ ਲੜੀ ਸੀ ਉਨ੍ਹਾਂ ਨੇ ਭਾਰਤ ਦੇ ਆਜ਼ਾਦ ਹੋਣ ਪਿੱਛੋਂ ਇਥੇ ਬਰਾਬਰੀ, ਧਾਰਮਿਕ ਏਕਤਾ, ਅਖੰਡਤਾ, ਸ਼ਾਂਤੀ, ਭਾਈਚਾਰੇ ਅਤੇ ਤਰੱਕੀ ਦੇ ਸੁਪਨੇ ਵੇਖੇ ਸਨ ਪਰ ਅੱਜ ਜਿਵੇਂ ਸਾਡੇ ਮੁਲਕ ਦੇ ਸਿਆਸੀ ਆਗੂ ਆਪਣੇ ਜਾਂ ਆਪਣੇ ਦਲਾਂ ਦੇੇ ਸੁਆਰਥ ਕਰਕੇ ਲੋਕਤੰਤਰੀ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰ ਰਹੇ ਹਨ ਉਸ ਨਾਲ ਦੇਸ਼ ਭਗਤਾਂ ਵਲੋਂ ਵੇਖੇ ਸੁਪਨੇ ਚਕਨਾਚੂਰ ਹੁੰਦੇ ਨਜ਼ਰ ਆ ਰਹੇ ਹਨ। ਅੱਜ ਆਪਣੇ ਉੱਚੇ ਤੇ ਸੁੱਚੇ ਕਿਰਦਾਰ ਜਾਂ ਆਪਣੀ ਪਾਰਟੀ ਵਲੋਂ ਸੱਤਾ ਕਾਲ ਦੌਰਾਨ ਕੀਤੇ ਕਾਰਜਾਂ ਦੇ ਸਿਰ 'ਤੇ ਚੋਣਾਂ ਨਹੀਂ ਲੜੀਆਂ ਜਾਂਦੀਆਂ ਹਨ, ਸਗੋਂ ਵਿਰੋਧੀ ਧਿਰ ਨੂੰ ਨੀਵਾਂ ਵਿਖਾਉਣ ਲਈ ਨੀਚ ਤੇ ਘਟੀਆ ਕਿਸਮ ਦੇ ਹਥਕੰਡੇ ਵਰਤੇ ਜਾਂਦੇ ਹਨ ਤੇ ਸੋਸ਼ਲ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਇਕ ਦੂਸਰੇ 'ਤੇ ਖ਼ੂਬ ਚਿੱਕੜ ਸੁੱਟਿਆ ਜਾਂਦਾ ਹੈ ਤੇ ਜਨਤਾ ਨੂੰ ਦਰਸਾਇਆ ਜਾਂਦਾ ਹੈ ਕਿ ਰਾਜਨੀਤੀ ਦੇ ਹਮਾਮ ਵਿਚ ਸਾਰੇ ਹੀ ਨੰਗੇ ਹਨ ਤੇ ਸਾਰੇ ਹੀ ਭ੍ਰਿਸ਼ਟਾਚਾਰ ਜਾਂ ਵਿਭਚਾਰ ਦੇ ਚਿੱਕੜ ਨਾਲ ਲਥਪਥ ਹਨ।
ਸੱਤਾ ਪ੍ਰਾਪਤੀ ਅੱਜ ਹਰੇਕ ਸਿਆਸੀ ਪਾਰਟੀ ਦਾ ਮੁੱਖ ਨਿਸ਼ਾਨਾ ਬਣ ਗਿਆ ਹੈ ਤੇ ਸੂਬਾ ਪੱਧਰ 'ਤੇ ਅਤੇ ਦੇਸ਼ ਦੇ ਪੱਧਰ 'ਤੇ ਸੱਤਾ ਪ੍ਰਾਪਤੀ ਲਈ ਸਾਮ, ਦਾਮ, ਦੰਡ, ਭੇਦ ਭਾਵ ਹਰ ਚੰਗਾ ਜਾਂ ਮਾੜਾ ਤਰੀਕਾ ਅਪਣਾਇਆ ਜਾਂਦਾ ਹੈ। ਹੋਰ ਤਾਂ ਹੋਰ ਉੱਚ ਅਹੁਦਿਆਂ 'ਤੇ ਬਿਰਾਜਮਾਨ ਸਿਆਸੀ ਆਗੂਆਂ ਦੀ ਨਾ ਤਾਂ ਭਾਸ਼ਾ ਦਾ ਪੱਧਰ ਉੱਚਾ ਰਿਹਾ ਹੈ ਤੇ ਨਾ ਹੀ ਕਿਰਦਾਰ ਦਾ। ਦਿਨ ਦਿਹਾੜੇ ਲੋਕੰਤਤਰੀ ਮਾਨਤਾਵਾਂ ਨੂੰ ਤਹਿਸ-ਨਹਿਸ ਕਰਕੇ ਸਿਆਸੀ ਦਲ ਬੜੀ ਬੇਸ਼ਰਮੀ ਨਾਲ ਆਪਣੇ ਕਦਮਾਂ ਨੂੰ ਜਾਇਜ਼ ਠਹਿਰਾਉਂਦੇ ਹਨ ਤੇ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਲੋਕ ਵੀ ਆਪਣੇ ਅਹੁਦੇ ਦੇ ਮਾਣ ਸਨਮਾਨ ਨੂੰ ਤਿਲਾਂਜਲੀ ਦਿੰਦਿਆਂ ਹੋਇਆਂ ਘਟੀਆ ਸਿਆਸਤ ਦਾ ਦਾਮਨ ਫੜ ਲੈਂਦੇ ਹਨ ਤੇ ਆਪਣੇ ਸਿਆਸੀ ਆਕਾਵਾਂ ਨੂੰ ਤਾਂ ਖ਼ੁਸ਼ ਕਰ ਦਿੰਦੇ ਹਨ ਪਰ ਆਪਣੇ ਅਹੁਦੇ ਦੀਆਂ ਮਰਿਆਦਾਵਾਂ ਨੂੰ ਮਿੱਟੀ 'ਚ ਮਿਲਾ ਦਿੰਦੇ ਹਨ। ਸਮਾਂ ਆ ਗਿਆ ਹੈ ਕਿ ਜੇਕਰ ਹਰੇਕ ਸਿਆਸੀ ਦਲ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਜਾਵੇ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਨੂੰ ਸਬਕ ਸਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਭਾਰਤ ਦੇ ਸੂਝਵਾਨ ਲੋਕ ਜੇਕਰ ਜਾਗ ਜਾਣ ਤਾਂ ਉਹ ਦਿਨ ਦੂੁਰ ਨਹੀਂ ਜਦੋਂ ਹਰੇਕ ਸਿਆਸੀ ਪਾਰਟੀ ਆਪਣੇ ਭ੍ਰਿਸ਼ਟ, ਚਰਿੱਤਰਹੀਣ, ਬੜਬੋਲੇ, ਫ਼ਿਰਕੂਵਾਦ ਫ਼ੈਲਾਉਣ ਵਾਲੇ ਤੇ ਅੱਤਵਾਦ ਦੇ ਸਮਰਥਕ ਨੇਤਾਵਾਂ ਨੂੰ ਕੱਢ ਬਾਹਰ ਕਰੇਗੀ ਤੇ ਲੋਕਤੰਤਰੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੇ ਨਿੱਜੀ ਹਿਤ ਤਿਆਗਣ ਲਈ ਮਜਬੂਰ ਹੋਵੇਗੀ।

-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008.

ਮੇਰੇ ਪਿੰਡ ਦੇ ਲੋਕਾਂ ਦੇ ਹੱਡੀਂ ਬੈਠਿਆ ਦਰਦ

ਹਥਲੇ ਲੇਖ ਵਿਚ ਮੈਂ ਜਿਸ ਫੈਕਟਰੀ ਦੇ ਪ੍ਰਦੂਸ਼ਣ ਅਤੇ ਗ਼ੈਰ ਢੰਗ ਨਾਲ ਕੀਤੇ ਜਾਂਦੇ ਕੰਮਾਂ ਦਾ ਵਰਣਨ ਕਰ ਰਿਹਾ ਹਾਂ, ਉਸ ਫੈਕਟਰੀ ਨਾਲ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਮੈਂ ਸਿਰਫ ਮੇਰੇ ਪਿੰਡ ਅਤੇ ਮੇਰੇ ਆਲੇ-ਦੁਆਲੇ ਦੇ ਪਿੰਡਾਂ ਦੇ ਉਨ੍ਹਾਂ ਲੋਕਾਂ ਦੀ ਗੱਲ ਕਰਦਾ ਹਾਂ ਜੋ ਲੋਕ ਜ਼ਿੰਦਗੀ ਜਿਊਣ ਦੀ ਹਸਰਤ ਨੂੰ ਵਿਚਾਲੇ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸ ਵਿਚ ਮਰਦਾਂ ਤੋਂ ਇਲਾਵਾ ਔਰਤਾਂ ਅਤੇ ਦੁੱਧ ਚੁੰਘਦੇ ਬੱਚੇ ਵੀ ਸ਼ਾਮਿਲ ਹਨ। ਦਾਸਤਾਂ ਇਹ ਕਿ ਪਿੰਡ ਧੌਲਾ ਜੋ ਜ਼ਿਲ੍ਹਾ ਬਰਨਾਲਾ ਦਾ ਸਭ ਤੋਂ ਪੁਰਾਣਾ ਤੇ ਵੱਡਾ ਪਿੰਡ ਹੈ। ਇਸੇ ਪਿੰਡ ਤੋਂ ਸਵ: ਸ: ਸੰਪੂਰਨ ਸਿੰਘ ਪੈਪਸੂ ਮੰਤਰੀ, ਤਾਮਿਲਨਾਡੂ ਦੇ ਰਾਜਪਾਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਜਿਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਜਨਮ ਲਿਆ। ਸਾਹਿਤਕ ਖੇਤਰ ਵਿਚ ਮਸ਼ਹੂਰ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਦਾ ਵੀ ਇਹੋ ਪਿੰਡ ਹੈ। ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਦਾ ਜਨਮਦਾਤਾ ਇਹ ਪਿੰਡ ਸਰਕਾਰ ਪੱਖੋਂ ਬਿਲਕੁਲ ਵਿਸਾਰਿਆ ਜਾ ਚੁੱਕਿਆ ਹੈ। ਪਿੰਡ ਤੋਂ ਦੋ-ਢਾਈ ਕੁ ਕਿਲੋਮੀਟਰ 'ਤੇ ਲੱਗੀ ਇਕ ਲਿਮਟਿਡ ਫੈਕਟਰੀ ਪਿੰਡ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਖੋਹ ਰਹੀ ਹੈ। ਫੈਕਟਰੀ ਦੇ ਪ੍ਰਦੂਸ਼ਣ ਅਤੇ ਕੈਮੀਕਲ ਵਾਲੇ ਜ਼ਹਿਰੀਲੇ ਧੂੰਏ ਨੇ ਲੋਕਾਂ ਲਈ ਨਿਰੋਗ ਜ਼ਿੰਦਗੀ ਜਿਊਣ ਦੀ ਹਸਰਤ ਇਕ ਅਧੂਰਾ ਸੁਪਨਾ ਬਣਾ ਦਿੱਤੀ ਹੈ। ਪਿੰਡ ਧੌਲਾ ਤੋਂ ਇਲਾਵਾ ਫ਼ਤਹਿਗੜ੍ਹ ਛੰਨਾ, ਕਾਹਨੇਕੇ, ਘੁੰਨਸ, ਹੰਡਿਆਇਆ ਆਦਿ ਪਿੰਡਾਂ ਦੇ ਲੋਕ ਵੀ ਬੇਹੱਦ ਦੁਖੀ ਹਨ। ਲਾਚਾਰ ਤੇ ਬੇਵੱਸ ਹੋਏ ਇਹ ਲੋਕ ਸਰਕਾਰਾਂ ਨੂੰ ਕੋਸਦੇ ਹੋਏ ਸਬਰਾਂ ਦੇ ਕੌੜੇ ਘੁੱਟ ਸਾਲਾਂਬੱਧੀ ਤੋਂ ਪੀਂਦੇ ਆ ਰਹੇ ਹਨ।
ਆਓ ਜਾਣਦੇ ਹਾਂ ਫੈਕਟਰੀ ਵਲੋਂ ਪੈਦਾ ਕੀਤੀਆਂ ਉਨ੍ਹਾਂ ਮੁਸ਼ਕਿਲਾਂ ਦੇ ਬਾਰੇ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਖੜੋਤ ਪੈਦਾ ਕਰ ਦਿੱਤੀ ਹੈ। ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਪਾਣੀ ਜ਼ਰੂਰੀ ਹੁੰਦਾ ਹੈ। ਇਨ੍ਹਾਂ ਪਿੰਡਾਂ ਦਾ ਪੀਣ ਵਾਲਾ ਪਾਣੀ, ਪਾਣੀ ਨਹੀਂ ਰਿਹਾ ਸਗੋਂ ਜ਼ਹਿਰ ਬਣ ਚੁੱਕਾ ਹੈ। ਫੈਕਟਰੀ ਵਲੋਂ ਪਿੰਡਾਂ ਲਾਗਿਓਂ ਲੰਘਦੀ ਡਰੇਨ ਵਿਚ ਛੱਡੇ ਜਾ ਰਹੇ ਕੈਮੀਕਲ ਵਾਲੇ ਪਾਣੀ ਨੇ ਧਰਤੀ ਅੰਦਰ ਰਿਸਾਵ ਕਰਕੇ ਹੇਠਲੇ ਪੀਣ ਵਾਲੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਯੂਰੇਨੀਅਮ ਤੋਂ ਇਲਾਵਾ ਪਾਣੀ ਵਿਚ ਅਨੇਕ ਤਰ੍ਹਾਂ ਦੀਆਂ ਧਾਤਾਂ ਘੁਲ ਗਈਆਂ ਹਨ। ਅੱਜ ਇਨ੍ਹਾਂ ਪਿੰਡਾਂ ਦੇ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਹਨ। ਹਾਲਾਂਕਿ ਕਾਨੂੰਨਨ ਤੌਰ 'ਤੇ ਪੂਰਨ ਪਾਬੰਦੀ ਹੈ ਕਿ ਕੋਈ ਮਿੱਲ, ਫੈਕਟਰੀ ਜਾਂ ਇੰਡਸਟਰੀ ਫੁਟਕਲ ਜ਼ਹਿਰੀਲਾ ਪਾਣੀ ਬਾਹਰਲੇ ਸਰੋਤਾਂ ਵਿਚ ਨਹੀਂ ਛੱਡ ਸਕੇਗਾ, ਪਰ ਫੈਕਟਰੀਆਂ ਕਾਨੂੰਨ ਦੇ ਨਿਯਮਾਂ ਨੂੰ ਛੱਕੇ ਟੰਗ ਕੇ ਸ਼ਰੇਆਮ ਗੰਧਲਾ ਪਾਣੀ ਛੱਡ ਰਹੀਆਂ ਹਨ। ਜਿਨ੍ਹਾਂ 'ਤੇ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਹੁੰਦੀ ਹੈ। ਫੈਕਟਰੀ ਵਲੋਂ ਦਿਨ-ਰਾਤ ਛੱਡਿਆ ਜਾ ਰਿਹਾ ਧੂੰਆਂ ਵੀ ਪਿੰਡ ਦੇ ਲੋਕਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜ਼ਹਿਰੀਲੇ ਧੂੰਏ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਿੰਡ ਦੇ ਲੋਕ ਅੱਜ ਅਨੇਕਾਂ ਬਿਮਾਰੀਆਂ ਨਾਲ ਘਿਰੇ ਹੋਏ ਹਨ।
ਸਾਹ ਰੋਗ, ਚਮੜੀ ਰੋਗ ਆਦਿ ਤੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੇ ਸ਼ਿਕਾਰ ਹਨ। ਉੱਕਤ ਪਿੰਡਾਂ ਦੇ ਸੈਂਕੜੇ ਲੋਕ ਕੈਂਸਰ ਦੇ ਮਰੀਜ਼ ਹਨ, ਜਿਨ੍ਹਾਂ 'ਚੋਂ ਕਈ ਤਾਂ ਆਪਣੀਆਂ ਜ਼ਿੰਦਗੀਆਂ ਹਾਰ ਚੁੱਕੇ ਹਨ ਅਤੇ ਕਈਆਂ ਦੀ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਜਾਰੀ ਹੈ। ਪਿੰਡ ਤੋਂ ਬਰਨਾਲਾ ਨੂੰ ਜਾਂਦੇ ਮੁੱਖ ਮਾਰਗ 'ਤੇ ਜਾਂਦਿਆਂ ਥੋੜ੍ਹੀ ਦੂਰੀ 'ਤੇ ਸਥਿਤ ਇਹ ਫੈਕਟਰੀ ਦੇ ਬਾਹਰ ਖੜ੍ਹੇ ਹਜ਼ਾਰਾਂ ਵਾਹਨ ਹਾਦਸਿਆਂ ਦਾ ਕਾਰਨ ਬਣਦੇ ਹਨ।
ਕਾਂਗਰਸ ਦੀ ਸੱਤਾ ਵੇਲੇ ਕਿਸਾਨਾਂ ਦੀ 376 ਏਕੜ ਜ਼ਮੀਨ ਐਕਵਾਇਰ ਕੀਤੀ ਗਈ। ਇਹ ਜ਼ਮੀਨ ਫੈਕਟਰੀ ਨੇ ਗੰਨਾ ਮਿੱਲ ਲਾਉਣ ਲਈ ਐਕਵਾਇਰ ਕੀਤੀ ਸੀ। ਪਰ ਅੱਜ ਕਈ ਸਾਲ ਬੀਤ ਜਾਣ 'ਤੇ ਮਿਲ ਸਥਾਪਿਤ ਨਹੀਂ ਹੋ ਸਕੀ। ਹਾਲਾਂਕਿ ਕਾਨੂੰਨ ਮੁਤਾਬਕ ਐਕਵਾਇਰ ਜਾਂ ਲਈ ਗਈ ਜ਼ਮੀਨ ਵਿਚ ਸੀਮਤ ਸਮੇਂ ਵਿਚ ਪ੍ਰੋਜੈਕਟ ਲਗਾਉਣਾ ਹੁੰਦਾ ਹੈ।

-ਬੇਅੰਤ ਸਿੰਘ ਬਾਜਵਾ

ਭੱਜ-ਦੌੜ ਦੀ ਜ਼ਿੰਦਗੀ ਨੇ ਕੀਤਾ ਆਪਣਿਆਂ ਤੋਂ ਦੂਰ

ਅਜੋਕਾ ਯੁੱਗ ਮੀਡੀਏ ਅਤੇ ਤਕਨੀਕ ਦਾ ਯੁੱਗ ਹੈ। ਹਰ ਗੱਲ ਦਾ ਜਵਾਬ ਹਰ ਪ੍ਰਸ਼ਨ ਦਾ ਉੱਤਰ ਸਾਡੀ ਮੁੱਠੀ ਵਿਚ ਹੈ। ਭਾਵੇਂ ਬੰਦਾ ਦੁਨੀਆ ਨਾਲ ਜੁੜ ਗਿਆ ਹੈ ਪਰ ਇਸ ਤਕਨੀਕ ਦੇ ਯੁੱਗ ਕਾਰਨ ਇਹ ਆਪਣੇ-ਆਪ ਨਾਲੋਂ ਦੂਰ ਚਲਾ ਗਿਆ ਜਾਪਦਾ ਹੈ। ਇਸ ਮੀਡੀਏ ਅਤੇ ਦੌੜ-ਭੱਜ ਦੀ ਜ਼ਿੰਦਗੀ ਨੇ ਉਸ ਨੂੰ ਕਦੋਂ ਆਪਣਿਆਂ ਤੋਂ ਖੋਹ ਲਿਆ ਪਤਾ ਹੀ ਨਹੀਂ ਲੱਗਿਆ। ਬੱਚਿਆਂ ਵਿਚ ਵਧਦੀ ਅਸਹਿਣਸ਼ੀਲਤਾ, ਹਿੰਸਕ ਪ੍ਰਵਿਰਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਇਸ ਦੀ ਹੀ ਉਪਜ ਜਾਪਦੇ ਹਨ। ਅਜੋਕੀ ਪੀੜ੍ਹੀ ਵਿਚੋਂ ਨੈਤਿਕ ਕਦਰਾਂ-ਕੀਮਤਾਂ ਦਾ ਗਾਇਬ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ। ਅੱਜ ਅਸੀਂ ਸਮਾਜ ਵਿਚ ਵਿਚਰਦੇ ਹੋਏ ਮਹਿਸੂਸ ਕਰਦੇ ਹਾਂ ਕਿ ਬੱਚਿਆਂ ਨੂੰ ਆਪਣੇ ਵੱਡਿਆਂ ਦੀ ਕੋਈ ਪ੍ਰਵਾਹ ਨਹੀਂ ਉਹ ਸ਼ਰੇਆਮ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਹ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਆਪਣੀ ਮਰਜ਼ੀ ਮੁਤਾਬਕ ਚੱਲਣ ਰਾਹੇ ਪੈ ਗਈ ਹੈ। ਪਿੱਛੇ ਜਿਹੇ ਸਾਡੇ ਸਮਾਜ ਵਿਚ ਵਾਪਰੀਆਂ ਘਟਨਾਵਾਂ ਸਾਡੇ ਰੌਂਗਟੇ ਖੜ੍ਹੇ ਕਰਦੀਆਂ ਹਨ। ਗੁੜਗਾਓਂ ਦੇ ਇਕ ਨਿੱਜੀ ਸਕੂਲ 'ਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਨੇ ਇਕ ਛੋਟੇ ਬੱਚੇ ਦਾ ਗਲਾ ਕੱਟ ਕੇ ਕੀਤੀ ਹੱਤਿਆ ਨੇ ਭਾਰਤੀ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਹਿਲਾਂ ਬੱਚੇ ਸਕੂਲਾਂ ਵਿਚ ਪੂਰੀ ਤਰ੍ਹਾਂ ਅਧਿਆਪਕਾਂ ਹਵਾਲੇ ਹੁੰਦੇ ਸਨ। ਅਧਿਆਪਕ ਸਕੂਲ ਸਮੇਂ ਦੌਰਾਨ ਨਾ ਪੜ੍ਹਨ ਅਤੇ ਸ਼ਰਾਰਤਾਂ ਕਰਨ ਵਾਲਿਆਂ ਬੱਚਿਆਂ ਨਾਲ ਪੂਰੀ ਸਖ਼ਤੀ ਵਰਤਦੇ ਅਤੇ ਕੁੱਟਦੇ ਵੀ ਸਨ ਤਾਂ ਜੋ ਬੱਚੇ ਵਿਚ ਚੰਗੇ ਗੁਣ ਭਰੇ ਜਾ ਸਕਣ। ਇਸ ਤੋਂ ਇਲਾਵਾ ਬੱਚੇ ਆਪਣੇ ਮਾਂ-ਬਾਪ ਦੀ ਘੂਰ ਵੀ ਮੰਨਦੇ ਸਨ ਅਤੇ ਘਰੇ ਉਲਾਂਭਾ ਜਾਣ ਤੋਂ ਡਰਦੇ ਸਕੂਲ ਅਤੇ ਪਿੰਡ ਵਿਚ ਕਦੇ ਵੀ ਕਿਸੇ ਨਾਲ ਗ਼ਲਤ ਵਿਹਾਰ ਨਹੀਂ ਸਨ ਕਰਦੇ। ਪਰ ਅੱਜ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ। ਬੱਚਿਆਂ ਵਿਚ ਬਦਲਦੇ ਵਿਹਾਰ ਅਤੇ ਹਿੰਸਕ ਪ੍ਰਵਿਰਤੀ ਤੋਂ ਅਸੀਂ ਸਾਰੇ ਹੀ ਅੱਜ ਘਬਰਾਹਟ ਵਿਚ ਹਾਂ ਪਰ ਕੀ ਅਸੀਂ ਇਸ ਦੇ ਮੂਲ ਕਾਰਨ ਨੂੰ ਜਾਨਣ ਦੀ ਕੋਸ਼ਿਸ਼ ਕਰਾਂਗੇ। ਅੱਜ ਬੱਚਿਆਂ ਤੋਂ ਪਹਿਲਾਂ ਸਾਨੂੰ ਮੁੜ ਆਪਣੇ-ਆਪ ਨਾਲ ਆਪਣੇ ਪਰਿਵਾਰ ਨਾਲ ਜੁੜਨ ਦੀ ਲੋੜ ਹੈ। ਬੱਚਿਆਂ ਨੂੰ ਕਿਤਾਬੀ ਗਿਆਨ ਅਤੇ ਡਿਜੀਟਲ ਗਿਆਨ ਦੇ ਨਾਲ-ਨਾਲ ਸਾਡੇ ਮੌਖਿਕ ਗਿਆਨ ਦੀ ਵੀ ਲੋੜ ਹੈ। ਕਦਰਾਂ-ਕੀਮਤਾਂ, ਚੰਗੇ ਸੰਸਕਾਰ ਅਤੇ ਚੱਜ ਆਚਾਰ ਬੱਚਿਆਂ ਨੂੰ ਘਰ ਵਿਚੋਂ ਹੀ ਮਿਲਦਾ ਹੈ। ਘਰ ਵਿਚਲੇ ਮਹੌਲ ਅਤੇ ਗੱਲਬਾਤ ਦਾ ਬੱਚਿਆਂ 'ਤੇ ਪੂਰਾ ਅਸਰ ਹੁੰਦਾ ਹੈ। ਸਾਨੂੰ ਆਪਣੇ-ਆਪ ਵਿਚ ਬਦਲਾਅ ਲਿਆ ਕੇ ਘਰ ਵਿਚ ਸਾਜ਼ਗਾਰ ਮਹੌਲ ਸਿਰਜਣ ਦੀ ਲੋੜ ਹੈ ਤੇ ਬੱਚਿਆਂ ਦੀ ਹਰ ਸਰਗਰਮੀ 'ਤੇ ਨਜ਼ਰ ਰੱਖਣ ਦੀ ਲੋੜ ਹੈ।

-ਮਕਾਨ ਨੰ: 192, ਸੈਕਟਰ 23-ਏ ਚੰਡੀਗੜ੍ਹ। ਮੋਬਾ : 94635-28494.

ਵਿਦਿਆਰਥੀਆਂ ਦਾ ਵੱਧਦਾ ਵਿਦੇਸ਼ਾਂ ਵੱਲ ਰੁਝਾਨ

ਸੂਬੇ ਭਰ ਵਿਚ ਅਨੇਕਾਂ ਯੂਨੀਵਰਸਿਟੀਆਂ, ਕਾਲਜ ਖੁੱਲ੍ਹੇ ਹੋਏ ਹੋਣ ਦੇ ਬਾਵਜੂਦ ਵਿਦਿਆਰਥੀਆਂ ਦਾ ਵਿਦੇਸ਼ਾਂ ਵਿਚ ਪੜ੍ਹਨ ਦਾ ਰੁਝਾਨ ਕਈ ਗੁਣਾਂ ਵਧ ਗਿਆ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਜੇਕਰ ਰੁਜ਼ਗਾਰ ਇਥੇ ਮਿਲਣ 'ਤੇ ਹਰ ਘਰ ਰੱਜਵੀਂ ਰੋਟੀ ਖਾਵੇ ਤਾਂ ਕੋਈ ਵੀ ਨੌਜਵਾਨ ਆਪਣੇਭੈਣ-ਭਰਾ, ਰਿਸ਼ਤੇਦਾਰਾਂ ਨੂੰ ਛੱਡ ਕੇ ਵਿਦੇਸ਼ਾਂ ਦੀ ਮਿੱਟੀ ਨਹੀਂ ਛਾਣੇਗਾ। ਪਿਛਲੇ ਕੁਝ ਸਾਲਾਂ ਤੋਂ ਅਨੁਮਾਨ ਲਗਦਾ ਕਿ ਭਾਵੇਂ ਵਧੇਰੇ ਪੜ੍ਹਾਈ ਹੈ ਜਾਂ ਘੱਟ ਜਾਂ ਸ਼ਹਿਰੀ ਹੈ ਜਾਂ ਪੇਂਡੂ ਸਾਰਿਆਂ ਦੀ ਮਾਨਸਿਕਤਾ ਕਿਸੇ ਤਰੀਕੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਿਦੇਸ਼ ਪਹੁੰਚਣ ਦੀ ਹੋ ਗਈ ਹੈ। ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆਂ ਕੀਤਾ ਹੋਇਆ ਹੈ। ਇਸੇ ਕਾਰਨ ਨੌਜਵਾਨ ਪੀੜ੍ਹੀ ਧੜਾ-ਧੜ 12ਵੀਂ ਕਲਾਸ ਤੋਂ ਬਾਅਦ ਲੱਖਾਂ ਦੀ ਗਿਣਤੀ 'ਚ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ਾਂ ਵਿਚ ਜਾ ਰਹੀ ਹੈ।
ਪਰਦੇਸ ਜਾਣ ਲਈ ਹਰੇਕ ਪੰਜਾਬੀ ਲਈ ਵੱਖ-ਵੱਖ ਹਾਲਾਤ ਬਣਦੇ ਹਨ। ਜਿਹੜੇ ਘਰਾਂ ਦੀਆਂ ਮਜਬੂਰੀਆਂ ਕਰਕੇ ਜਾਂ ਪੜ੍ਹ ਲਿਖ ਕਿ ਵੀ ਬੇਰੁਜ਼ਗਾਰੀ ਹੰਢਾੳਂੁਦੇ ਹਨ ਉਨ੍ਹਾਂ ਨੂੰ ਪਰਦੇਸੀ ਹੋਣਾ ਪੈਂਦਾ ਹੈ। ਅਜਿਹੀ ਮਾਨਸਿਕਤਾ ਦੇ ਸ਼ਿਕਾਰ ਕਾਰਨ ਆਮ ਲੋਕ ਟਰੈਵਲ ਏਜੰਟਾਂ ਵਲੋਂ ਦਿਖਾਏ ਵੱਡੇ-ਵੱਡੇ ਸੁਪਨਿਆਂ ਕਾਰਨ ਉਨ੍ਹਾਂ ਦੀ ਚੁੰਗਲ ਵਿਚ ਸੌਖੇ ਫਸ ਜਾਂਦੇ ਹਨ ਤੇ ਫਿਰ ਉਹ ਆਪਣਾ ਘਰ ਗਹਿਣੇ, ਬੈਂਕ ਲੋਅਨ, ਵਿਆਜ 'ਤੇ ਫੜ ਕੇ ਜਾਂ ਜ਼ਮੀਨ, ਮਸ਼ੀਨਰੀ ਵੇਚ ਕੇ ਦੇਣੇ ਪੈ ਜਾਣ, ਇਸ ਤਰ੍ਹਾਂ ਨਾਲ ਕਈ ਨੌਜਵਾਨ ਠੱਗੇ ਜਾਂਦੇ ਹਨ ਤੇ ਕਈ ਰਸਤੇ ਵਿਚ ਹੀ ਮਾਰ ਮੁਕਾਏ ਜਾਂਦੇ ਹਨ ਤੇ ਜਿਹੜੇ ਪਹੁੰਚ ਜਾਂਦੇ ਹਨ ਉਨ੍ਹਾਂ ਦਾ ਵਿਦੇਸ਼ਾਂ ਵਿਚ ਸੋਸ਼ਣ ਕੀਤਾ ਜਾਂਦਾ, ਘੱਟ ਪੈਸਿਆਂ 'ਤੇ ਮਜ਼ਦੂਰੀ ਕਰਵਾਈ ਜਾਂਦੀ ਹੈ। ਫਿਰ ਵੀ ਵਿਦੇਸ਼ਾਂ ਵਿਚ ਵਸਣਾ ਚਾਹੁੰਦੇ ਹਨ। ਕਈਆਂ ਨੂੰ ਵਿਦੇਸ਼ ਵਰਦਾਨ ਸਿੱਧ ਹੁੰਦਾ ਤੇ ਕਈਆਂ ਲਈ ਸੰਤਾਪ, ਬਹੁਤ ਸਾਰੇ ਨੌਜਵਾਨ ਉੱਥੇ ਵੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ । ਜਿਸ ਕਰਕੇ ਇਨ੍ਹਾਂ ਨੌਜਵਾਨਾ ਦਾ ਭਵਿੱਖ ਵਿਦੇਸ਼ਾਂ ਵਿਚ ਵੀ ਸੁਖਾਲਾ ਨਹੀਂ, ਧੁੰਦਲਾ ਹੀ ਨਜ਼ਰ ਆਉਂਦਾ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ 12ਵੀਂ ਕਲਾਸ ਤੋਂ ਬਾਅਦ ਵਿਦਿਆਰਥੀ ਆਈਲੈਟਸ ਕਰ ਰਹੇ ਹਨ। ਜੋ ਸੈਂਕੜੇ ਯੂਨੀਵਰਸਿਟੀ, ਕਾਲਜਾਂ ਲਈ ਖ਼ਤਰੇ ਦੀ ਘੰਟੀ ਹੈ। ਕਾਲਜਾਂ ਵਿਚਹਜ਼ਾਰਾਂ ਦੀ ਗਿਣਤੀ ਵਿਚ ਡਿਗਰੀਆਂ ਕਰ ਰਹੇ ਨੌਜਵਾਨਾਂ ਦੀਆਂ ਨੌਕਰੀਆਂ 'ਤੇ ਵੀ ਖ਼ਤਰਾ ਮੰਡਰਾ ਰਿਹਾ ਹੈ ਜਿਸ ਨਾਲ ਬੇਰੁਜ਼ਗਾਰੀ ਹੋਰ ਵਧੇਗੀ।
ਹੁਣ ਗੱਲ ਕਰੀਏ ਵਿਦਿਆਰਥੀਆਂ ਦੇ ਬਾਹਰਲੇ ਦੇਸ਼ਾਂ ਵੱਲ ਰੁਝਾਨ ਦੀ, ਸਾਡੀਆਂ ਸਰਕਾਰਾਂ ਸਾਨੂੰ ਉਹ ਸਿਸਟਮ ਨਹੀਂ ਦੇ ਸਕੀਆਂ ਜਿਸ ਵਿਚ ਮਿਹਨਤੀ, ਉੱਦਮੀ, ਇਮਾਨਦਾਰ ਵਿਅਕਤੀ ਸਮਾਜ ਵਿਚ ਵਧੀਆ ਰੁਤਬਾ ਹਾਸਿਲ ਕਰ ਸਕੇ। ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲਾ ਵਿਅਕਤੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਜਦੋਂ ਕਿ ਵਿਕਸਤ ਦੇਸ਼ਾਂ ਵਿਚ ਉਸ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਅਤੇ ਉਹ ਵਧੀਆ ਨਾਗਰਿਕ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ਸਾਡੇ ਦੇਸ਼ ਵਿਚ ਕਿਸੇ ਵਧੀਆ ਨੀਤੀ ਨੂੰ ਲਾਗੂ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਵੋਟ ਬੈਂਕ ਹੈ। ਲੋਕ ਕਲਿਆਣ ਦੀ ਜਗ੍ਹਾ ਲੋਕ ਪ੍ਰਵਾਨਿਤ ਨੀਤੀਆਂ ਨੂੰ ਲਾਗੂ ਕੀਤਾ ਜਾਂਦਾ ਹੈ ਜਿਸ ਵਿਚ ਆਰਥਿਕ ਢਾਂਚਾ ਸੁਧਰਨ ਦੀ ਬਜਾਏ ਹੋਰ ਵਿਗੜ ਜਾਂਦਾ ਹੈ। ਜਿਸ ਤਰ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਦੀ ਬਜਾਏ ਉਨ੍ਹਾਂ ਦਾ ਰਸਤਾ ਅਜਿਹਾ ਤਿਆਰ ਕੀਤਾ ਜਾਂਦਾ ਹੈ ਕਿ ਉਹ ਰਾਜਨੀਤਕ ਪਾਰਟੀਆਂ ਲਈ ਵੋਟ ਬੈਂਕ ਤਿਆਰ ਹੋਵੇ। ਪ੍ਰੰਤੂ ਵਿਕਸਿਤ ਦੇਸ਼ਾਂ ਵਿਚ ਉੱਥੋਂ ਦੇ (ਸਿਸਟਮ) ਪ੍ਰਬੰਧਾਂ ਬਾਰੇ ਧਿਆਨ ਰੱਖਿਆ ਜਾਂਦਾ ਹੈ।
ਸੋ ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਸਰਕਾਰਾਂ ਦੁਆਰਾ ਅਜਿਹਾ ਸਿਸਟਮ ਬਣਾਇਆ ਜਾਵੇ ਕਿ ਨੌਜਵਾਨਾਂ ਨੂੰ ਮਿਹਨਤ ਕਰਨ ਦਾ ਸਹੀ ਮੁੱਲ ਤੇ ਸਨਮਾਨ ਪ੍ਰਾਪਤ ਹੋਵੇ ਉਨ੍ਹਾਂ ਦਾ ਸਮਾਜਿਕ ਰੁਤਬਾ ਉੱਚਾ ਹੋਵੇ। ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਅਤੇ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਆਪਣੇ ਦੇਸ਼ ਦੀ ਤਾਕਤ ਬਣਨ।

-ਸਾਦਿਕ, ਜ਼ਿਲ੍ਹਾ ਫ਼ਰੀਦਕੋਟ। ਮੋਬਾਈਲ : 98720-49161

ਸਿੱਖਿਆ ਵਿਚ ਸੰਗੀਤ ਤੇ ਕਲਾ ਵੀ ਜ਼ਰੂਰੀ

ਸੰਗੀਤ ਬੱਚਿਆਂ ਦੇ ਭਾਵਨਾਤਮਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰਸਿੱਧ ਦਾਰਸ਼ਨਿਕ ਪਲੈਟੋ ਅਤੇ ਅਰਸਤੂ ਨੇ ਵੀ ਸੰਗੀਤ ਨੂੰ ਸਿੱਖਿਆ ਦਾ ਅਭਿੰਨ ਅੰਗ ਮੰਨਿਆ ਹੈ। ਪਲੈਟੋ ਆਪਣੀ ਪੁਸਤਕ 'ਦਿ ਰਿਪਬਲਿਕ' ਵਿਚ ਦੱਸਦੇ ਹਨ ਕਿ ਸੰਗੀਤ ਬੱਚਿਆਂ ਵਿਚ ਰਿਦਮ ਅਤੇ ਹਾਰਮਨੀ ਪੈਦਾ ਕਰਦਾ ਹੈ ਜੋ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹਨ। ਸੰਗੀਤ ਬੱਚਿਆਂ ਦੀ ਆਤਮਾ ਨੂੰ ਸਿੱਖਿਅਤ ਬਣਾਉਂਦਾ ਹੈ। ਅਰਸਤੂ ਆਪਣੀ ਪੁਸਤਕ 'ਦਿ ਪਾਲਿਟਿਕਸ' ਵਿਚ ਲਿਖਦੇ ਹਨ ਕਿ ਸੰਗੀਤ ਨੂੰ ਸਿੱਖਿਆ ਵਿਚ ਸ਼ਾਮਿਲ ਕਰਨ ਨਾਲ ਬੱਚੇ ਦੇ ਨੈਤਿਕ ਵਿਕਾਸ ਵਿਚ ਵਾਧਾ ਹੁੰਦਾ ਹੈ ਹਾਲ ਹੀ ਵਿਚ 28 ਫਰਵਰੀ 2018 ਨੂੰ 'ਫਰੰਟਿਅਰਸ ਇਨ ਨਿਊਰੋ ਸਾਇੰਸ' ਨਾਮਕ ਜਰਨਲ ਵਿਚ ਇਕ ਰਿਸਰਚ ਪਬਲਿਸ਼ ਹੋਈ ਹੈ ਜਿਸ ਨੂੰ ਵੀ. ਯੂ. ਯੂਨੀਵਰਸਿਟੀ ਆਫ਼ ਐਮਸਟਰਡਮ, ਨੀਦਰਲੈਂਡਸ ਦੇ ਅਰਤੁਰ ਸੀ.ਜੈਸ਼ਕੇ ਅਤੇ ਉਨ੍ਹਾਂ ਦੀ ਟੀਮ ਨੇ ਮੁਕੰਮਲ ਕੀਤਾ। ਇਸ ਖੋਜ ਰਾਹੀ ਉਨ੍ਹਾਂ ਦੱਸਿਆ ਕਿ ਸੰਗੀਤ ਸਿੱਖਣ ਨਾਲ ਬੱਚਿਆਂ ਦੀ ਸਮਝਣ ਸ਼ਕਤੀ, ਤਰਕ ਸ਼ਕਤੀ ਅਤੇ ਕਿਸੇ ਵੀ ਕੰਮ ਨੂੰ ਕਰਨ ਦੀ ਯੋਗਤਾ ਵਧਦੀ ਹੈ ਇਸ ਤੋਂ ਇਲਾਵਾ ਵਿਜ਼ੂਅਲ ਆਰਟਸ ਦੇ ਰਾਹੀਂ ਬੱਚਿਆਂ ਦੀ ਦੇਖਣ ਸ਼ਕਤੀ ਅਤੇ ਵਸਤੂਆਂ ਨੂੰ ਵੇਖ ਕੇ ਯਾਦ ਰੱਖ ਸਕਣ ਦੀ ਸਮਰੱਥਾ ਵਿਚ ਵੀ ਵਾਧਾ ਹੁੰਦਾ ਹੈ। ਜਿੱਥੋਂ ਤਕ ਮੰਦ-ਬੁੱਧੀ ਬੱਚਿਆਂ ਦਾ ਸਵਾਲ ਹੈ, ਇਹ ਆਖਿਆ ਜਾ ਸਕਦਾ ਹੈ ਕਿ ਇਨ੍ਹਾਂ ਬੱਚਿਆਂ ਲਈ ਸੰਗੀਤਕ ਗਤੀਵਿਧੀਆਂ ਅਤਿ ਜ਼ਰੂਰੀ ਹਨ ਕਿਉਂਕਿ ਸੰਗੀਤ ਨਾਲ ਸਪੈਸ਼ਲ ਐਜੂਕੇਸ਼ਨ ਨੂੰ ਰੌਚਕ ਬਣਾਇਆ ਜਾ ਸਕਦਾ ਹੈ। ਇਸ ਕੋਸ਼ਿਸ਼ ਦੀ ਸ਼ੁਰੂਆਤ ਭਾਰਤ ਵਿਚ ਮੈਸੂਰ ਦੇ ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹਿਅਰਿੰਗ ਨੇ ਕੀਤੀ ਹੈ। ਸੰਪੂਰਨ ਬਾਹਰੀ ਵਾਤਾਵਰਨ ਨੂੰ ਉਨ੍ਹਾਂ ਆਪਣੇ ਡਿਪਾਰਟਮੈਂਟ ਦੇ ਅੰਦਰ ਬਣਾਉਟੀ ਤੌਰ 'ਤੇ ਸਿਰਜਿਆ ਹੈ ਜਿਵੇਂ ਲਿਬੋਟੋਯ ਲਾਇਬਰੇਰੀ, ਕਾਰੀਡੋਰ ਵਿਚ ਟਰੈਫ਼ਿਕ ਲਾਈਟਾਂ ਵਾਲਾ ਚੌਕ, ਬਾਹਰਲੀ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਦੇ ਮਾਡਲ ਬਣਾ ਕੇ ਰੱਖੇ ਗਏ ਹਨ। ਸਪੈਸ਼ਲ ਐਜੂਕੇਸ਼ਨ ਵਿਚ ਸੰਗੀਤ ਦਾ ਪ੍ਰਯੋਗ ਕੋਈ ਨਵਾਂ ਕੰਮ ਨਹੀਂ ਸਗੋਂ ਇਸ ਦੀ ਸ਼ੁਰੂਆਤ 1959 ਵਿਚ ਅਮਰੀਕਾ ਦੇ ਪਾਲ ਨੌਰਡਫ ਜੋ ਇਕ ਮਿਊਜ਼ਿਕ ਕੰਪੋਜ਼ਰ ਤੇ ਪਿਆਨੋ ਵਾਦਕ ਸਨ ਅਤੇ ਇੰਗਲੈਂਡ ਦੇ ਕਲਾਇਵ ਰੌਬਿੰਸ ਜੋ ਇਕ ਸਪੈਸ਼ਲ ਐਜੂਕੇਟਰ ਸਨ, ਨੇ ਰਲ ਕੇ ਕੀਤੀ। ਉਨ੍ਹਾਂ ਦੀ ਇਹ ਤਕਨੀਕ ਨੌਰਡੋਫ-ਰੌਬਿੰਸ ਮਿਊਜ਼ਿਕ ਥਰੈਪੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਉਨ੍ਹਾਂ ਇਸ ਥਰੈਪੀ ਦੀ ਸ਼ੁਰੂਆਤ ਸਨਫੀਲਡ ਚਿਲਡਰਨ ਹੋਮ ਇੰਗਲੈਂਡ ਤੋਂ ਕੀਤੀ। ਇਹ ਸਪੈਸ਼ਲ ਬੱਚਿਆਂ ਦਾ ਸਕੂਲ ਹੈ ਜਿਸ ਨੂੰ ਫਰਾਇਡ ਗਯੂਟਰ ਨੇ 1930 ਵਿਚ ਕਲੈਂਟ ਵਰਮੈਂਸਟਰਸ਼ਾਇਰ ਨਾਮਕ ਥਾਂ 'ਤੇ ਖੋਲ੍ਹਿਆ ਸੀ। ਨੋਰਡੋਫ-ਰੌਬਿੰਸ ਦਾ ਵਿਜ਼ਨ ਹੈ ਕਿ ਸੰਗੀਤ ਉਨ੍ਹਾਂ ਸਾਰਿਆਂ ਤੱਕ ਪਹੁੰਚੇ ਜਿਨ੍ਹਾਂ ਨੂੰ ਉਸ ਦੀ ਲੋੜ ਹੈ। ਇਨ੍ਹਾਂ ਦਾ ਮਿਸ਼ਨ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਲਾਇਫ ਚੇਂਜਿੰਗ ਸੰਗੀਤ ਪਹੁੰਚਾਇਆ ਜਾਏ।

-ਐਸੋਸੀਏਟ ਪ੍ਰੋਫੈਸਰ, ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ। ਮੋਬਾਈਲ : 94177-19798

ਵਿਦਿਆਰਥੀ ਚੋਣ ਪ੍ਰਬੰਧਾਂ 'ਚ ਲੋੜੀਂਦੇ ਸੁਧਾਰਾਂ ਦੀ ਲੋੜ

ਲੋਕਤੰਤਰੀ ਪ੍ਰਣਾਲੀ ਵਿਚ ਵਿਦਿਆਰਥੀ ਵਰਗ ਤੋਂ ਰਾਸ਼ਟਰ ਦੇ ਨਿਰਮਾਣ ਦੀ ਨਵੀਂ ਸਵੇਰ ਦੀ ਉਮੀਦ ਦੀ ਡੋਰ ਹਮੇਸ਼ਾ ਬੱਝੀ ਰਹਿੰਦੀ ਹੈ। ਲੋਕਤੰਤਰੀ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਦੇਣ ਅਤੇ ਲੋਕਤੰਤਰ ਦੀ ਅਸਲ ਪਰਿਭਾਸ਼ਾ ਨੂੰ ਅਮਲੀ ਰੂਪ ਦੇਣ ਲਈ ਵਿਦਿਆਰਥੀ ਚੋਣਾਂ ਇਕ ਅਹਿਮ ਕੜੀ ਹਨ ਕਿਉਂਕਿ ਦੇਸ਼ ਦਾ ਭਵਿੱਖ ਇਨ੍ਹਾਂ ਵਿਦਿਆਰਥੀਆਂ ਦੇ ਹੱਥੋਂ ਹੋ ਕੇ ਗੁਜ਼ਰਨਾ ਹੈ। ਵਿਦਿਆਰਥੀ ਚੋਣਾਂ ਜਿਥੇ ਨੌਜਵਾਨਾਂ ਵਿਚ ਅਗਵਾਈ ਦੀ ਭਾਵਨਾ, ਆਪਣੇ ਮਸਲੇ ਉਠਾਉਣ, ਹੱਲ ਜਾਂ ਫੈਸਲੇ ਕਰਨ ਦੀ ਸਮਰੱਥਾ ਨੂੰ ਜਨਮ ਦਿੰਦੀਆਂ ਹਨ ਉਥੇ ਹੀ ਵਿਦਿਆਰਥੀ ਵਰਗ ਨੂੰ ਭਵਿੱਖ ਲਈ ਰਾਜਨੀਤੀ ਦੀ ਜ਼ਮੀਨ ਤਿਆਰ ਕਰਕੇ ਦਿੰਦੀਆਂ ਹਨ। ਦੇਸ਼ ਅੰਦਰ ਵਿਦਿਆਰਥੀ ਚੋਣਾਂ ਦਾ ਇਤਿਹਾਸ ਗਵਾਹ ਹੈ ਕਿ ਵਿਦਿਆਰਥੀ ਚੋਣਾਂ ਜ਼ਰੀਏ ਕਈ ਨੇਤਾ ਖੇਤਰੀ/ਭਾਰਤੀ ਰਾਜਨੀਤੀ ਵਿਚ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਅੱਗੇ ਚੱਲ ਕੇ ਰਾਜਨੀਤੀ ਵਿਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।
ਪੰਜਾਬ ਵਿਚ ਪਹਿਲੀ ਵਾਰ ਵਿਦਿਆਰਥੀ ਚੋਣਾਂ 1977 ਵਿਚ ਹੋਈਆਂ ਅਤੇ ਉਸ ਸਮੇਂ ਇਸ ਦੇ ਅਹੁਦੇਦਾਰ ਸਰਬ ਸੰਮਤੀ ਨਾਲ ਚੁਣੇ ਗਏ। ਵਿਦਿਆਰਥੀ ਚੋਣਾਂ ਦੇ 1978 ਤੋਂ ਵੋਟਾਂ ਰਾਹੀਂ ਚੋਣਾਂ ਹੋਣ ਲੱਗੀਆਂ। ਸਾਲ 1983 ਤੱਕ ਵਿਦਿਆਰਥੀ ਚੋਣਾਂ ਹੁੰਦੀਆਂ ਰਹੀਆਂ, 1984 ਤੋਂ ਪੰਜਾਬ ਵਿਚ ਵਿਦਿਆਰਥੀ ਚੋਣਾਂ ਨਹੀਂ ਹੋਈਆਂ।
ਸਮਾਂ ਆਪਣੀ ਰਫ਼ਤਾਰ ਨਾਲ ਚਲਦਾ ਰਿਹਾ ਅਤੇ ਪੰਜਾਬ ਵਿਚ ਵਿਦਿਆਰਥੀ ਚੋਣਾਂ ਹੋਈਆਂ ਨੂੰ ਤਕਰੀਬਨ 34 ਵਰ੍ਹੇ ਬੀਤ ਗਏ ਹਨ। ਕਰੀਬ 15 ਸਾਲ ਪਹਿਲਾਂ ਸਰਵਉੱਚ ਅਦਾਲਤ ਦੇ ਨਿਰਦੇਸ਼ 'ਤੇ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਜੇਮਜ਼ ਮਾਈਕਲ ਲਿੰਗਦੋਹ ਦੀ ਅਗਵਾਈ ਵਾਲੀ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਸਰਵਉੱਚ ਅਦਾਲਤ ਨੂੰ ਸੌਂਪਦੇ ਹੋਏ ਪੰਜਾਬ ਵਿਚ ਵਿਦਿਆਰਥੀ ਚੋਣਾਂ ਕਰਾਉਣ ਦੀ ਗੱਲ ਕਹੀ ਸੀ। ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਪੰਜਾਬੀ ਯੂਨੀਵਰਸਿਟੀ (ਪਟਿਆਲਾ) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਜਲੰਧਰ) ਦੇ ਨਾਲ ਨਾਲ ਇਨ੍ਹਾਂ ਯੂਨੀਵਰਸਿਟੀਆਂ ਨਾਲ ਸੰਬੰਧਤ ਕਾਲਜਾਂ ਵਿਚ ਆਗਾਮੀ ਵਿਦਿਆਰਥੀ ਚੋਣਾਂ ਹੋਣ ਜਾ ਰਹੀਆਂ ਹਨ।
ਵਿਦਿਆਰਥੀ ਚੋਣਾਂ ਸੰਬੰਧੀ ਜੋ ਖਦਸ਼ਾ ਪ੍ਰਗਟਾਇਆ ਜਾਂਦਾ ਹੈ ਕਿ ਵਿਦਿਆਰਥੀਆਂ ਚੋਣਾਂ ਕਿਤੇ ਗੰਧਲੀ ਰਾਜਨੀਤੀ ਦਾ ਸ਼ਿਕਾਰ ਨਾ ਹੋ ਜਾਣ, ਵਿਦਿਆਰਥੀ ਜਥੇਬੰਦੀਆਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਡਿੱਗ ਨਾ ਜਾਣ, ਜਿੱਤਣ-ਹਰਾਉਣ ਦੇ ਚੱਕਰ 'ਚ ਕਿਤੇ ਵਿਦਿਆਰਥੀ ਵਰਗ ਲਈ ਗੰਭੀਰ ਸਿੱਟੇ ਨਾ ਨਿਕਲਣ ਆਦਿ ਖ਼ਦਸ਼ਿਆਂ ਨੂੰ ਨਜਿੱਠਣ ਲਈ ਵਿਵਸਥਾ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀ ਚੋਣਾਂ ਦੀ ਵਿਦਿਆਰਥੀ ਹਿੱਤਕਾਰੀ ਮੂਲ ਭਾਵਨਾ ਨੂੰ ਅਮਲੀ ਜਾਮਾ ਪਹਿਣਾਉਣ ਲਈ ਚੋਣ ਪ੍ਰਬੰਧਾਂ ਜਾਂ ਨਿਯਮਾਂਵਲੀ ਵਿਚ ਸੁਧਾਰਾਂ ਲਈ ਲੋੜੀਂਦੇੇ ਕਦਮ ਪੁੱਟੇ ਤਾਂ ਜੋ ਵਿਦਿਆਰਥੀ ਚੋਣਾਂ ਦੇ ਸਾਰਥਕ ਨਤੀਜੇ ਮਿਲ ਸਕਣ।

-ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ), ਜ਼ਿਲ੍ਹਾ : ਸੰਗਰੂਰ।
ਈਮੇਲ : bardwal.gobinder@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX