ਤਾਜਾ ਖ਼ਬਰਾਂ


ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  35 minutes ago
ਸ੍ਰੀ ਮੁਕਤਸਰ ਸਾਹਿਬ ,13 ਨਵੰਬਰ { ਰਣਜੀਤ ਸਿੰਘ }- ਗੋਨੇਆਲਾ ਰੋਡ ਦੀ ਗਲੀ ਨੰਬਰ 16 ਵਿਚ ਕਰੀਬ ਸਾਡੇ ਅੱਠ ਵਜੇ ਪੂਜਾ ਕਰਨ ਦੇ ਲਈ ਮੰਦਿਰ ਚ ਲਗਾਈ ਜੋਤ ਨਾਲ ਘਰ ‘ਚ ਅੱਗ ਲੱਗ ਗਈ। ਜਿਸ ਨਾਲ ਘਰ ਦਾ ...
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 13 ਨਵੰਬਰ - ਸ੍ਰੀਨਗਰ ਪੁਲਿਸ ਨੇ ਲਾਏਪੋਰਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਗਰਨੇਡ ਅਤੇ ਭਾਰੀ ਮਾਤਰਾ 'ਚ ਜਿੰਦਾ ਕਾਰਤੂਸ ਬਰਾਮਦ...
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਰਸਾਇਣ ਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਰਿੰਦਰ ਸਿੰਘ ਤੋਮਰ ਨੂੰ ਉਨ੍ਹਾਂ ਦੇ ਮਹਿਕਮੇ ਤੋਂ ਇਲਾਵਾ...
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਨੇ ਪੂਰਬ ਉੱਤਰੀ ਦੇ 8 ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ 5 ਸਾਲਾਂ ਲਈ ਹੋਰ ਵਧਾ ਦਿੱਤੀ...
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  about 3 hours ago
ਚੇਨਈ, 13 ਨਵੰਬਰ - ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ ਤੋਂ ਬਾਅਦ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਲਾਨ ਕੀਤਾ ਕਿ ਤਾਮਿਲਨਾਡੂ...
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  about 3 hours ago
ਲਹਿਰਾਗਾਗਾ, 13 ਨਵੰਬਰ (ਸੂਰਜ ਭਾਨ ਗੋਇਲ) - ਸਾਂਝਾ ਅਧਿਆਪਕ ਮੋਰਚਾ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਇੱਥੇ ਦੋ ਕਿੱਲੋਮੀਟਰ...
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ) - ਦਿੱਲੀ ਪੁਲਿਸ ਨੇ ਕਾਲਿੰਦੀ ਕੁੰਜ ਇਲਾਕੇ 'ਚੋਂ ਮੋਹਿਤ ਨਾਂਅ ਦੇ ਬਦਮਾਸ਼ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ...
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 13 ਨਵੰਬਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੈਂਦੇ ਕੇਰਨ ਸੈਕਟਰ ਵਿਖੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ...
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 3 hours ago
ਕੋਲੰਬੋ, 13 ਨਵੰਬਰ - ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿੱਤਾ...
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 4 hours ago
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)- ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ.ਸਿੰਘ, ਗੁਰਚਰਨ ਸਿੰਘ ਗਿੱਲ, (ਵਧੀਕ ਐਡਵੋਕੇਟ ਜਨਰਲ...
ਹੋਰ ਖ਼ਬਰਾਂ..

ਦਿਲਚਸਪੀਆਂ

ਘਰ ਦੀ ਰੌਸ਼ਨੀ ਨੁੂੰਹ

'ਜੇ ਮੇਰੇ ਘਰ ਦਾ ਦੀਵਾ ਮੇਰਾ ਪੁੱਤ ਆ, ਤਾਂ ਮੇਰੀ ਨੁੂੰਹ ਉਸ ਦੀਵੇ ਦੀ ਬੱਤੀ ਏ, ਜੇ ਮੇਰੇ ਘਰ ਪੁੱਤ ਨਾਲ ਰੋਸ਼ਨੀ ਏ ਤਾਂ ਨੂੰ ਹ ਬਿਨਾਂ ਮੇਰੇ ਘਰ ਘੁੱਪ ਹਨ੍ਹੇਰਾ ਏ, ਮੇਰਾ ਵੰਸ਼ ਵਧਣ ਦੀ ਆਸ ਤਾਂ ਉਦੋਂ ਏ ਬੱਝੀ ਸੀ ਜਦ ਮੈਂ ਆਪਣੀ ਨੂੰ ਹ ਦੇ ਸਿਰੋਂ ਪਾਣੀ ਵਾਰਿਆ ਸੀ, ਮੈਂ ਆਪਣੀ ਨੂੰ ਹ ਨੂੰ ਪੁੱਤ ਕਰ ਕੇ ਨਹੀਂ ਪਿਆਰ ਕਰਦੀ, ਸਗੋਂ ਇਸ ਲਈ ਕਰਦੀ ਆ ਕੇ ਮੇਰੀ ਮਮਤਾ ਤੇ ਮੇਰੀ ਨੂੰ ਹ ਦਾ ਵੀ ਓਨਾ ਹੱਕ ਆ ਜਿੰਨਾ ਮੇਰੇ ਪੁੱਤ ਦਾ, ਕੋਈ ਵੀ ਸੱਸ ਏ ਉਸ ਦਾ ਪਿਆਰ ਉਦੋ ਈ ਨੂੰ ਹ ਲਈ ਹੋਂਦ 'ਚ ਆ ਜਾਂਦਾ ਏ ਜਦੋਂ ਸੱਸ ਪੁੱਤ ਨੂੰ ਜਨਮ ਦਿੰਦੀ ਏ, ਉਸ ਨੂੰ ਪਤਾ ਹੁੰਦਾ ਏ ਕਿ ਇਕ ਨਾ ਇਕ ਦਿਨ ਨੂੰ ਹ ਘਰ ਆਵੇਗੀ ਹੀ, ਬਹੁਤ ਸਿਦਕ ਵਾਲੀਆਂ ਹੁੰਦੀਆਂ ਨੇ ਧੀਆਂ ਦੀਆਂ ਮਾਵਾਂ ਜੋ ਉਨ੍ਹਾਂ ਨੂੰ ਹਮੇਸ਼ਾ ਲਈ ਆਪਣੇ ਤੋਂ ਦੂਰ ਰੱਖਣ ਦਾ ਹੌਸਲਾ ਰੱਖਦੀਆਂ ਨੇ | ਜੇ ਮੈਨੂੰ ਕੋਈ ਕਹੇ ਆਪਣੇ ਪੁੱਤ ਨੂੰ ਕਿੱਧਰੇ ਥੋੜ੍ਹੇ ਸਮੇਂ ਲਈ ਵੀ ਭੇਜ ਦੇ ਮੇਰਾ ਹੌਸਲਾ ਨਹੀਂ ਪਊਗਾ | ਔਲਾਦ ਨੂੰ ਦੂਰ ਕਰਨਾ ਮਨ 'ਚ ਚੀਸ ਪੈਦਾ ਕਰਦਾ ਜੇ ਮੇਰੇ ਘਰ ਆ ਕੇ ਮੇਰੀ ਨੂੰ ਹ ਨੂੰ ਪਿਆਰ ਤੇ ਅਪਣੱਤ ਨਾ ਮਿਲੀ ਤਾਂ ਇਹ ਮਾਂ ਦੀ ਮਮਤਾ ਦੀ ਤੌਹੀਨ ਏ', ਐਨਾ ਕਹਿ ਮੇਰੀ ਅਨਪੜ੍ਹ ਮਾਸੀ ਨੇ ਮੈਨੂੰ ਜ਼ਿੰਦਗੀ ਦਾ ਪਾਠ ਪੜ੍ਹਾ ਦਿੱਤਾ ਅਤੇ ਆਪਣੀ ਨੂੰ ਹ ਨੂੰ ਬੁੱਕਲ 'ਚ ਲੈ ਲਿਆ |

-ਕੰਵਲ ਭੱਟੀ
ਪਿੰਡ-ਬੂਥਗੜ੍ਹ (ਖੰਨਾ), ਮੋਬਾ : 97801-00348


ਖ਼ਬਰ ਸ਼ੇਅਰ ਕਰੋ

ਰਿਸ਼ਤਿਆਂ ਦੀ ਅਮੀਰੀ

ਭਾਦੋਂ ਦੀ ਦੁਪਹਿਰ ਦਾ ਬੇਹੱਦ ਗਰਮ ਦਿਨ ਸੀ | ਡਿਊਟੀ ਤੋਂ ਆ ਕੇ ਬੱਚਿਆਂ ਨੂੰ ਰੋਟੀ-ਪਾਣੀ ਦੇ ਕੇ ਮਮਤਾ ਨੇ ਅਜੇ ਪਲ ਭਰ ਲਈ ਅੱਖ ਲਾਈ ਹੀ ਸੀ ਕਿ ਉਸ ਦੇ ਸਰਕਾਰੀ ਹਸਪਤਾਲ ਵਿਚ ਡਿਊਟੀ ਕਰਦੇ ਪਤੀ ਨੇ ਫੋਨ 'ਤੇ ਦੱਸਿਆ ਕਿ 'ਮਮਤਾ ਦੇ ਪੇਕਿਓਾ ਭੋਲੂ ਨਾਂਅ ਦਾ ਵਿਅਕਤੀ ਆਇਆ ਹੈ | ਹਸਪਤਾਲ 'ਚ ਕਿਸੇ ਦੀ ਖ਼ਬਰ ਲੈਣ | ਉਹ ਘਰ ਆਵੇਗਾ ਮੇਰੇ ਨਾਲ |' ਫੋਨ ਰੱਖ ਕੇ ਮਮਤਾ ਮਨ ਹੀ ਮਨ ਇਨਸਾਨੀਅਤ ਨਾਲ ਓਤ-ਪੋਤ ਆਪਣੇ ਪਿਤਾ ਜੀ ਬਾਰੇ ਸੋਚਣ ਲੱਗੀ | ਕਿਵੇਂ ਉਹ ਉਸ ਦੇ ਪੇਕਿਆਂ ਦੇ ਪਿੰਡੋਂ, ਸ਼ਹਿਰ ਇਲਾਜ ਲਈ ਆਏ ਹਰ ਵਿਅਕਤੀ ਨੂੰ ਉਸ ਦੇ ਪਤੀ ਦਾ ਫੋਨ ਨੰਬਰ ਦੇ ਕੇ ਫਖ਼ਰ ਨਾਲ ਆਖਦੇ, 'ਆਪਣਾ ਜਵਾਈ ਐ ਉੱਥੇ ਵੱਡੇ ਹਸਪਤਾਲ, ਜੇ ਕੋਈ ਲੋੜ ਹੋਈ ਬੇਝਿਜਕ ਫੋਨ ਕਰ ਲਿਓ |'
ਪਿਤਾ ਜੀ ਵਾਂਗ ਮਮਤਾ ਦਾ ਰਹਿਮ ਦਿਲ ਹੋਣਾ ਤਾਂ ਸੁਭਾਵਿਕ ਹੀ ਸੀ, ਉਸ ਦਾ ਪਤੀ ਵੀ ਦੀਨ-ਦੁਖੀ ਦੀ ਮਦਦ ਨੂੰ ਤਿਆਰ ਰਹਿੰਦਾ | ਅੱਧ ਮੀਚੀਆਂ ਜਿਹੀਆਂ ਅੱਖਾਂ ਨਾਲ ਬੈੱਡ 'ਤੇ ਪਈ ਮਮਤਾ ਦੇ ਚੇਤਿਆਂ 'ਚ ਪਿੰਡ ਦਾ ਨਕਸ਼ਾ ਘੁੰਮਣ ਲੱਗਿਆ | ਮੋਹ 'ਚ ਗੜੁੱਚ ਸਾਦ ਮੁਰਾਦੇ ਚਿਹਰੇ ਇਕ-ਇਕ ਕਰ ਕੇ ਅੱਗੇ ਆਉਣ ਲੱਗੇ | ਉਹ ਸੋਚਣ ਲੱਗੀ ਕਿੰਨੇ ਮੋਹ ਪਿਆਰ ਨਾਲ ਰਹਿੰਦੇ ਸਨ ਉਸ ਦੇ ਪਿੰਡ ਦੇ ਲੋਕ, ਆਪਣੇ ਸਕਿਆਂ ਵਾਂਗ | ਪਰਜਾਪਤਾਂ ਦੇ ਭੋਲੂ ਕਾ ਪਰਿਵਾਰ ਤਾਂ ਹਮੇਸ਼ਾ ਦੁੱਖ-ਸੁੱਖ 'ਚ ਢਾਲ ਬਣ ਕੇ ਨਾਲ ਖੜ੍ਹਦਾ ਸੀ ਉਹਦੇ ਮਾਪਿਆਂ ਦੇ | 'ਜਾਗੋ ਮੀਚੀ 'ਚ ਮਮਤਾ ਨੂੰ ਗੇਟ ਦੇ ਖੁੱਲ੍ਹਣ ਦੀ ਅਵਾਜ਼ ਆਈ | ਉਸ ਦਾ ਪਤੀ ਭੋਲੂ ਨੂੰ ਘਰ ਲੈ ਆਇਆ ਸੀ | ਮਮਤਾ ਦੇ ਪੈਰੀਂ ਹੱਥ ਲਾ ਹਾਲ-ਚਾਲ ਪੁੱਛਦਿਆਂ ਭੋਲੂ ਨੇ ਚਿੱਟੇ ਰੰਗ ਦੀ ਦਸੂਤੀ ਦਾ ਫੁੱਲਾਂ ਨਾਲ ਕੱਢਿਆ ਝੋਲਾ ਮਮਤਾ ਨੂੰ ਫੜਾਉਂਦਿਆਂ ਕਿਹਾ 'ਜੁਆਕਾਂ ਲਈ ਦੁੱਧ ਤੇ ਸੇਵੀਆਂ ਨੇ ਇਹਦੇ 'ਚ ਭੈਣੇ' | ਭੋਲੂ ਦੇ ਬੋਲਾਂ 'ਚ ਅੰਤਾਂ ਦਾ ਮੋਹ ਸੀ | 'ਇਹਦੀ ਕਿਉਂ ਖੇਚਲ ਕੀਤੀ ਵੀਰ' ਮਮਤਾ ਨੇ ਅਪਣੱਤ ਨਾਲ ਕਿਹਾ |
'ਲੈ ਆਪਦੇ ਜੀਆਂ ਦੀ ਕਾਹਦੀ ਖੇਚਲ ਭੈਣੇ, ਤੂੰ ਕੋਈ ਪਰਾਈ ਥੋੜ੍ਹੀ ਏਾ ਸਾਨੂੰ, ਤੇਰੀ ਭਾਬੀ ਆਂਹਦੀ ਸੀ ਖਾਲੀ ਹੱਥ ਨੀ ਜਾਈਦਾ ਭੈਣ ਦੇ ਘਰ | ਰੱਬ ਦਾ ਦਿੱਤਾ ਸਭ ਕੁਝ ਏ |' ਮਮਤਾ ਨੇ ਝੋਲਾ ਫੜ ਕੇ ਆਪਣੇ ਮੱਥੇ ਨੂੰ ਲਾ ਲਿਆ | ਮੋਹ ਭਿੱਜੀ ਸੌਗਾਤ ਨੂੰ ਕਿਸੇ ਨਾਯਾਬ ਤੋਹਫ਼ੇ ਵਾਂਗ ਵੇਖਦਿਆਂ ਉਸ ਦੀਆਂ ਅੱਖਾਂ ਵਿਚ ਪਾਣੀ ਡੱਬ-ਡੱਬ ਭਰ ਆਇਆ ਸੀ | ਮਮਤਾ ਰਸੋਈ 'ਚ ਰੋਟੀ-ਪਾਣੀ ਦਾ ਆਹਰ ਕਰਨ ਲੱਗੀ | ਭੋਲੂ ਮਮਤਾ ਦੇ ਪਤੀ ਨਾਲ ਇੱਟਾਂ ਦੇ ਭੱਠੇ 'ਤੇ ਇੱਟਾਂ ਪੱਥਣ ਦਾ ਠੇਕਾ ਲੈਣ ਬਾਰੇ ਅਤੇ ਇਸ ਕੰਮ 'ਚ ਆਉਂਦੀਆਂ ਕਠਿਨਾਈਆਂ ਬਾਰੇ ਗੱਲਾਂ ਕਰ ਰਿਹਾ ਸੀ | ਭੋਲੂ ਦੀ ਆਰਥਿਕ ਹਾਲਤ ਉਸ ਦੇ ਦਿਲ ਦੀ ਅਮੀਰੀ ਨਾਲ ਮੇਲ ਨਹੀਂ ਸੀ ਖਾਂਦੀ ਜਾਪਦੀ | ਰੋਟੀ ਪਰੋਸਦਿਆਂ ਮਮਤਾ ਨੇ ਪਿੰਡ ਦੀਆ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ | ਪਲ ਦੀ ਪਲ ਜਿਵੇਂ ਸਮਾਂ ਖਲੋ ਗਿਆ ਹੋਵੇ | ਮੋਹ ਦੇ ਰਿਸ਼ਤੇ ਅੱਗੇ ਸਭ ਕੁਝ ਬੌਣਾ ਹੋ ਗਿਆ ਹੋਵੇ | ਰੋਟੀ ਪਾਣੀ ਖਾ ਕੇ ਭੋਲੂ ਨੇ ਪੈਰ ਜੁੱਤੀ ਪਾਉਂਦਿਆਂ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ | ਮਮਤਾ ਦਾ ਪਤੀ ਉਸ ਨੂੰ ਛੱਡਣ ਜਾਣ ਲਈ ਉੱਠ ਖੜ੍ਹਾ ਹੋਇਆ | ਭੋਲੂ ਨੇ ਮਮਤਾ ਦੇ ਬੱਚਿਆਂ ਦੇ ਹੱਥਾਂ 'ਚ ਪਿਆਰ ਨਾਲ ਸ਼ਗਨ ਦਿੱਤਾ | ਮਮਤਾ ਅਤੇ ਉਸ ਦੇ ਪਤੀ ਦੇ ਮਨ੍ਹਾਂ ਕਰਨ 'ਤੇ ਭੋਲੂ ਨੇ ਬੜੇ ਮਾਣ ਨਾਲ ਕਿਹਾ, 'ਰੱਖ ਲੈ ਪੁੱਤ ਰੱਖ ਲੈ ਮਾਮਾ ਹਾਂ ਮੈਂ ਥੋਡਾ, ਦੇ ਨੀ ਸਕਦਾ ਪਿਆਰ?' ਬੱਚਿਆ ਦੇ ਸਿਰ 'ਤੇ ਹੱਥ ਫੇਰ ਮਮਤਾ ਨੂੰ ਮੱਥਾ ਟੇਕ , 'ਚੰਗਾ ਆਇਓ ਫੇਰ ਭੈਣ ਪਿੰਡ' ਆਖ ਭੋਲੂ ਤੁਰ ਪਿਆ | ਮਮਤਾ ਆਪਣੇ ਬੱਚਿਆਂ ਸਮੇਤ ਗੇਟ 'ਤੇ ਖੜ੍ਹੀ ਸਿਲ੍ਹੀਆਂ ਅੱਖਾਂ ਨਾਲ ਉਸ ਨੂੰ ਦੂਰ ਤੱਕ ਜਾਂਦੇ ਨੂੰ ਦੇਖਦੀ ਰਹੀ | ਉਸ ਦੀ ਚੁੱਪ ਤੋੜਦਿਆਂ ਬੱਚਿਆਂ ਨੇ ਪੁੱਛਿਆ, 'ਮੰਮੀ ਇਹ ਸੱਚੀਂ ਸਾਡੇ ਮਾਮਾ ਜੀ ਸਨ?' ਮਮਤਾ ਨੇ ਅੱਖਾਂ ਪੂੰਝ ਕੇ ਬੱਚਿਆਂ ਨੂੰ ਬੁੱਕਲ 'ਚ ਲੈਂਦਿਆਂ ਕਿਹਾ, 'ਹਾਂ ਪੁੱਤ ਇਹ ਮਾਮਾ ਜੀ ਸੀ ਤੁਹਾਡੇ, ਦੁਨੀਆ ਦੇ ਸਭ ਤੋਂ ਅਮੀਰ ਮਾਮਾ ਜੀ... ਰਿਸ਼ਤਿਆਂ ਦੀ ਅਮੀਰੀ ਹੈ ਮੇਰੇ ਇਸ ਪਿਆਰੇ ਭਰਾ ਕੋਲ |' ਆਖ ਕੇ ਮਮਤਾ ਨੇ ਅੰਦਰ ਆ ਕੇ ਸੇਵੀਆਂ ਤੇ ਦੱਧ ਵਾਲਾ ਦਸੂਤੀ ਦਾ ਕੱਢੇ ਫੁੱਲਾਂ ਵਾਲਾ ਝੋਲਾ ਇਕ ਵਾਰ ਫਿਰ ਚੁੱਕ ਕੇ ਆਪਣੇ ਮੱਥੇ ਨੂੰ ਲਾ ਲਿਆ |

-ਸਾਇੰਸ ਮਿਸਟਿ੍ਸ, ਸਰਕਾਰੀ ਸੀਨੀ: ਸੈਕੰ: ਸਕੂਲ, ਤਿ੍ਪੜੀ, ਪਟਿਆਲਾ
ਮੋਬਾਈਲ : 9915637567.

ਸਿਸਕੀਆਂ

ਪੋਹ ਦੇ ਮਹੀਨੇ ਦਿਨ ਢਲੇ, ਕਿਸੇ ਜ਼ਿੰਮੀਦਾਰ ਦੇ ਖੇਤਾਂ ਵਿਚ ਕੰਮ ਕਰਦਾ ਭਜਨ ਸਿੰਘ ਪਿੰਡ ਵੱਲ ਮੁੜ ਰਿਹਾ ਸੀ | ਦਿਨ ਢਲ ਕੇ ਖਾਮੋਸ਼ ਜਿਹਾ ਹੋ ਗਿਆ ਸੀ | ਨਿੱਕੀ-ਨਿੱਕੀ ਆਹਟ ਵੀ ਸਾਫ਼ ਸੁਣਾਈ ਦੇ ਰਹੀ ਸੀ | ਕਾਹਲ਼ੇ-ਕਾਹਲੇ ਕਦਮੀਂ ਤੁਰਦਾ ਭਜਨ ਰੱਬ ਨੂੰ ਉਲਾਂਭੇ ਦਿੰਦਾ ਜਾ ਰਿਹਾ ਸੀ ਕਿ ਕਿਧਰੇ ਮੇਰੇ ਘਰੇ ਵੀ ਜੁਆਕ ਦਾ ਮੂੰਹ ਦਿਖਾ ਦੇ ਰੱਬਾ! ਸ਼ਾਇਦ ਉਸ ਦੀ ਫ਼ਰਿਆਦ ਰੱਬ ਦੀ ਦਰਗਾਹ 'ਚ ਜਾ ਪਹੁੰਚੀ ਸੀ ਜੋ ਅਗਲੇ ਹੀ ਪੱਲ ਭਜਨ ਸਿੰਘ ਦੇ ਕੰਨੀ ਕਿਸੇ ਨੰਨੇ-ਮੁੰਨੇ ਦੀ ਆਵਾਜ਼ ਸਿਸਕੀਆਂ ਦੇ ਰੂਪ ਵਿਚ ਪੈਣੀ ਸ਼ੁਰੂ ਹੋ ਗਈ ਸੀ | ਉਸ ਨੇ ਨਜ਼ਰ-ਅੰਦਾਜ਼ ਜਿਹਾ ਕਰ ਦਿੱਤਾ ਸੀ ਕਿ ਸ਼ਾਇਦ ਭੁਲੇਖਾ ਲੱਗ ਰਿਹਾ ਹੈ, ਉਸ ਦੇ ਕੰਨਾਂ ਨੂੰ | ਪਰ, ਫਿਰ ਜਦਾੋ ਦੁਬਾਰਾ ਆਵਾਜ਼ ਆਈ ਤਾਂ ਉਸ ਨੇ ਗੌਰ ਨਾਲ ਸੁਣਨ ਦੀ ਕੋਸ਼ਿਸ਼ ਕੀਤੀ | ਉਸ ਨੂੰ ਇੰਝ ਲੱਗਿਆ ਜਿਵੇਂ ਕੋਈ ਠੰਢ ਦਾ ਮਾਰਿਆ ਸਿਸਕ ਰਿਹਾ ਹੋਵੇ | ਉਹ ਵਾਪਿਸ ਮੁੜਿਆ ਤਾਂ ਸਿਸਕੀਆਂ ਦੀ ਆਵਾਜ਼ ਹੋਰ ਉੱਚੀ ਹੋ ਗਈ | ਉਸ ਨੇ ਕੱਖਾਂ ਦੇ ਸੱਥਰ ਵੱਲ ਨੂੰ ਝੁਕ ਕੇ ਗਹੁ ਨਾਲ ਦੇਖਿਆ ਤਾਂ ਉਹ ਹੈਰਾਨ ਹੀ ਰਹਿ ਗਿਆ ਕਿ ਪਤਲੇ ਜਿਹੇ ਕੱਪੜੇ 'ਚ ਨੰਗੇ ਬਦਨ ਲਪੇਟੀ ਇਕ ਜੁਆਕੜੀ ਠੰਢ ਨਾਲ ਨੀਲੀ ਹੋਈ ਪਈ ਸਿਸਕ ਰਹੀ ਸੀ | ਭਜਨ ਸਿੰਘ ਦੇ ਕੋਈ ਔਲਾਦ ਨਹੀਂ ਸੀ | ਉਸ ਨੇ ਡਰਦਿਆਂ-ਡਰਦਿਆਂ ਕੰਬਦੇ ਹੱਥਾਂ ਨਾਲ ਜੁਆਕੜੀ ਚੁੱਕ ਆਪਣੀ ਕੰਬਲ ਦੀ ਬੁੱਕਲ ਵਿਚ ਲੈ ਲਈ | ਉਸ ਦੀਆਂ ਅੱਖਾਂ 'ਚ ਆਪ-ਮੁਹਾਰੇ ਤਿ੍ਪ-ਤਿ੍ਪ ਕਰਦੇ ਹੰਝੂ ਵਹਿ ਤੁਰੇ | ਘਰ ਵੱਲ ਮੁੜਦਾ ਉਹ ਇਹੀ ਸੋਚੀ ਜਾ ਰਿਹਾ ਸੀ ਕਿ ਕਿਸ ਜ਼ਾਲਮ ਨੇ ਇਹ ਨਵਜੰਮੀ ਜੁਆਕੜੀ ਇੰਨੀ ਠੰਢ 'ਚ ਬਾਹਰ ਸੁੱਟੀ ਹੋਵੇਗੀ ਪਰ, ਦੂਜੇ ਪਾਸੇ ਉਸ ਸੱਚੇ ਰੱਬ ਦੇ ਸ਼ੁਕਰਾਨੇ ਵੀ ਕਰੀ ਜਾ ਰਿਹਾ ਸੀ, ਉਹ | ਉਹ ਘਰ ਪਹੁੰਚਾ ਤਾਂ ਉਸ ਦੀ ਘਰ ਵਾਲੀ ਰਸੋਈ 'ਚ ਬੈਠੀ ਰੋਟੀ ਪਕਾ ਰਹੀ ਸੀ |
ਬਲਦੇ ਚੁੱਲ੍ਹੇ ਦੇ ਕੋਲ ਜਾ ਕੇ ਭਜਨ ਨੇ ਆਪਣੀ ਬੁੱਕਲ 'ਚੋਂ ਨੰਨੀ ਜੁਆਕੜੀ ਬਾਹਰ ਕੱਢੀ, ਜਿਹੜੀ ਕਿ ਉਸ ਦੀ ਹਿੱਕ ਨਾਲ ਲੱਗ ਕੇ ਹੁਣ ਨਿੱਘੀ ਜਿਹੀ ਹੋ ਗਈ ਸੀ | ਦੇਖਦੇ ਸਾਰ ਹੀ ਭਜਨ ਦੀ ਘਰ ਵਾਲੀ ਹੈਰਾਨ-ਪ੍ਰੇਸ਼ਾਨ ਹੋ ਕੇ ਬੋਲੀ, 'ਆਹ ਕਿਸ ਦਾ ਜੁਆਕ ਚੁੱਕ ਕੇ ਲੈ ਆਏ?' ਭਜਨ ਨੇ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਤਾਂ ਘਰ ਵਾਲੀ ਗੁੱਸੇ 'ਚ ਬੋਲੀ, 'ਲੈ ਸਾਨੂੰ ਕੀ ਪਤਾ ਕਿਸ ਦਾ ਗੰਦਾ ਲਹੂ ਹੈ! ਕਿਸ ਦੇ ਮਾੜੇ ਕੰਮਾਂ ਦੀ ਕਰਤੂਤ ਹੈ, ਇਹ ਜੁਆਕੜੀ! ਤੂੰ ਕਿਉਂ ਚੁੱਕ ਲਿਆਇਆਂ ਇਸ ਨੂੰ?'
ਲਗਾਤਾਰ ਬੋਲੀ ਜਾ ਰਹੀ ਦੇਖ ਕੇ ਭਜਨ ਘਰ ਵਾਲੀ ਨੂੰ ਕਹਿਣ ਲੱਗਾ, 'ਰਤਾ ਸ਼ਰਮ ਕਰ! ਕਿਉਂੁ ਇੰਨਾ ਮਾੜਾ ਬੋਲਦੀ ਏਾ, ਮਾਸੂਮ ਜੁਆਕੜੀ ਨੂੰ! ਰੱਬ ਦਾ ਖੌਫ ਕਰ! ਇਹ ਤਾਂ ਰੱਬ ਦਾ ਜੀਵ ਹੈ ਜਿਹੜਾ ਸਾਡੀ ਉਜੜੀ ਹੋਈ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਲਈ ਦਿੱਤਾ ਹੈ, ਉਸ ਰੱਬ ਨੇ | ਇਸ ਦੀ ਕੀਮਤ ਉਹ ਨਹੀਂ ਜਾਣ ਸਕੇ ਜੋ ਇਸ ਨੂੰ ਸੁੱਟ ਗਏ |' ਭਜਨ ਨੇ ਜੁਆਕੜੀ ਦੇ ਮੂੰਹ ਨੂੰ ਕੋਸਾ ਜਿਹਾ ਦੁੱਧ ਲਾਉਂਦੇ ਹੋਏ ਕਿਹਾ, 'ਹੈ ਨਾ ਮੇਰੀ ਕੀਮਤੋ!'
ਭਜਨ ਨੇ ਜੁਆਕੜੀ ਨੂੰ ਰੂਹ ਨਾਲ ਪਾਲਣਾ ਸ਼ੁਰੂ ਕਰ ਦਿੱਤਾ | ਉਹ ਸਦਾ ਉਸ ਨੂੰ ਕੀਮਤੋ ਕੀਮਤੋ ਆਖਦਾ ਨਾ ਥੱਕਦਾ | ਉਸ ਦੇ ਉਜੜੇ ਜਿਹੇ ਘਰ ਦੀ ਰੌਣਕ ਬਣ ਗਈ ਸੀ ਹੁਣ ਕੀਮਤੋ | ਪਰ, ਭਜਨ ਦੇ ਘਰਵਾਲੀ ਸਵਰਨੀ ਕਦੀ ਵੀ ਮੋਹ-ਤੇਹ ਨਾ ਕਰਦੀ ਕੀਮਤੋ ਦਾ | ਜਦੋਂ ਕਦੀ ਭਜਨ ਢਿੱਲਾ-ਮੱਠਾ ਹੋ ਜਾਂਦਾ ਤਾਂ ਕੀਮਤੋ ਦੀ ਜਾਨ ਨੂੰ ਬਣ ਜਾਂਦੀ | ਉਸ ਦੀਆਂ ਸਿਸਕੀਆਂ ਜਿਉਂੁ ਭਜਨ ਨੂੰ ਠੀਕ ਕਰ ਦਿੰਦੀਆਂ ਸਨ | ਉਹ ਆਖਦਾ, 'ਨਾ ਮੇਰਾ ਪੁੱਤ! ਬਾਪੂ ਤੇਰੇ ਨਾਲ ਹੈ! ਤੂੰ ਕਿਉਂੁ ਘਬਰਾਉਂੁਦਾ ਪੁੱਤ! ਬਸ, ਬਸ ਇੰਝ ਸਿਸਕੀਆਂ ਨਾ ਲਿਆ ਕਰ ਮੇਰੇ ਕੋਲ! ਮੇਰਾ ਕਾਲਜਾ ਫਟਦਾ, ਤੇਰੀਆਂ ਸਿਸਕੀਆਂ ਸੁਣ ਕੇ!'

-ਜੈਤੋ ਸਰਜਾ, ਬਟਾਲਾ (ਗੁਰਦਾਸਪੁਰ)
ਮੋਬਾਈਲ : 9646852416.

ਕਹਾਣੀ: ਵਿਛੋੜੇ ਦਾ ਦਰਦ

ਮੈਨੂੰ ਸ਼ਹਿਰੋਂ ਆਏ ਨੂੰ ਕੁਝ ਹੀ ਪਲ ਹੋਏ ਸਨ ਕਿ ਮਾਤਾ ਜੀ ਨੇ ਮੈਨੂੰ ਚਾਹ ਦਾ ਕੱਪ ਫੜਾ ਕੇ ਹਦਾਇਤ ਕਰ ਦਿੱਤੀ ਪੁੱਤਰ ਸੁਖਰਾਜ ਅੱਜ ਸਾਰੇ ਕੰਮ ਛੱਡ ਕੇ ਆਪਣੇ ਚਾਚਾ ਨਿਰੰਜਨ ਸਿਉਂ ਦਾ ਪਤਾ ਜ਼ਰੂਰ ਲੈ ਕੇ ਆੲੀਂ | ਉਸ ਨੂੰ ਦੋ ਦਿਨ ਹੋ ਗਏ ਹਸਪਤਾਲ ਤੋਂ ਛੁੱਟੀ ਮਿਲੀ ਨੂੰ , ਕੰਮ ਦੇ ਨਾਲ-ਨਾਲ ਰਿਸ਼ਤਿਆਂ ਦੀ ਕਦਰ ਵੀ ਜ਼ਰੂਰੀ ਹੈ ਪੁੱਤਰ | ਮੈਨੂੰ ਲੱਗਾ ਜਿਵੇਂ ਮਾਤਾ ਜੀ ਸਮਝਾ ਰਹੇ ਹੋਣ ਕਿ ਪੁੱਤਰਾ ਮੋਹ ਦੀਆਂ ਤੰਦਾਂ ਹੀ ਰਿਸ਼ਤਿਆਂ ਵਿਚ ਤਬਦੀਲ ਹੁੰਦੀਆਂ ਨੇ | ਮੈਂ ਚਾਹ ਦੀ ਘੁੱਟ ਭਰਦੇ ਨੇ ਕਿਹਾ ਮਾਤਾ ਜੀ ਤੁਸੀਂ ਫਿਕਰ ਨਾ ਕਰੋ, ਅੱਜ ਮੈਂ ਸਾਰੇ ਕੰਮ ਨਿਬੇੜ ਕੇ ਚਾਚਾ ਜੀ ਕੋਲ ਜ਼ਰੂਰ ਜਾ ਕੇ ਆਵਾਂਗਾ, ਤੁਹਾਡਾ ਕਿਹਾ ਖਿੜੇ ਮੱਥੇ ਮਨਜ਼ੂਰ | ਮੈਂ ਚਾਹ ਦਾ ਕੱਪ ਲੰਮੀ ਘੁੱਟੀ ਸਮੇਟ ਕੇ ਸਾਰੇ ਕੰਮ ਜਲਦੀ-ਜਲਦੀ ਕਰਨ ਲੱਗਾ ਕਿਉਂਕਿ ਚਾਚਾ ਜੀ ਦਾ ਪਤਾ ਲੈਣਾ ਮੇਰੇ ਲਈ ਜ਼ਰੂਰੀ ਸੀ | ਮੇਰੇ ਖੁਰਲੀ ਵਿਚ ਹੱਥ ਮਾਰਦੇ ਮਾਰਦੇ ਦੇ ਬਚਪਨ ਦੀਆਂ ਯਾਦਾਂ ਚੇਤੇ ਆਉਣ ਲੱਗੀਆਂ |
ਚਾਚਾ ਜੀ ਮੈਨੂੰ ਕੰਧੇੜੇ 'ਤੇ ਬਿਠਾ ਕੇ ਅਤੇ ਸਾਈਕਲ 'ਤੇ ਬਿਠਾ ਕੇ ਝੂਟੇ ਦਿੰਦਾ ਹੁੰਦਾ ਸੀ | ਮਾਘੀ ਦੇ ਮੇਲੇ ਤੋਂ ਕਿੰਨੇ ਹੀ ਖਿਡਾਉਣੇ ਲਿਆ ਕੇ ਪਹਿਲਾਂ ਮੈਨੂੰ ਖਿਝਾਉਂਦਾ ਕਿ ਇਹ ਮੇਰੇ ਐ | ਫਿਰ ਮੇਰੇ ਝੱਗੇ ਦੀ ਝੋਲੀ ਵਿਚ ਸਾਰੇ ਹੀ ਖਿਡਾਉਣੇ ਪਾ ਦੇਣੇ | ਮੈਨੂੰ ਚਾਅ ਜਿਹਾ ਚੜ੍ਹ ਜਾਂਦਾ | ਉਦੋਂ ਸਾਡੇ ਪਰਿਵਾਰ ਦਾ ਇਤਫ਼ਾਕ ਬੜਾ ਹੁੰਦਾ ਸੀ | ਮੇਰੇ ਦਾਦਾ ਜੀ ਨੇ ਸਾਰੇ ਪਰਿਵਾਰ ਨੂੰ ਮਾਲਾ ਦੇ ਮਣਕਿਆਂ ਵਾਂਗ ਇਕੱਠੇ ਰੱਖਿਆ ਹੋਇਆ ਸੀ | ਹੁਣ ਪਰਿਵਾਰ ਵੱਡਾ ਹੋਣ ਕਰਕੇ ਬੇਸ਼ੱਕ ਅਲੱਗ ਹੋ ਗਏ ਹਾਂ ਪਰ ਪਿਆਰ ਪਹਿਲਾਂ ਜਿੰਨਾ ਹੀ ਹੈ | ਪਰ ਅੱਜ ਦਾ ਮਨੁੱਖ ਆਪਣੇ-ਆਪ ਵਿਚ ਇੰਨਾ ਰੁਝ ਗਿਆ ਕਿ ਕਿਸੇ ਕੋਲ ਪੰਜ ਮਿੰਟ ਦੀ ਵਿਹਲ ਨਹੀਂ ਲਗਦੀ ਆਪਣਿਆਂ ਲਈ |
ਮੈਂ ਆਪਣੇ ਕੰਮ ਨਬੇੜ ਕੇ ਪਤਾ ਲੈਣ ਗਿਆ ਤਾਂ ਚਾਚਾ ਜੀ ਦੇ ਘਰ ਵਾਲੇ ਮੋੜ 'ਤੇ ਪਹੁੰਚੇ ਤਾਂ ਬਾਪੂ ਜੀ ਹੁਰਾਂ ਦੀ ਵੱਡੀ ਭੈਣ ਦਿੱਲੀ ਵਾਲੇ ਭੂਆ ਜੀ ਮੈਨੂੰ ਮਿਲ ਪਏ | ਮੈਂ ਪੈਰੀਂ ਹੱਥ ਲਾ ਕੇ ਉਨ੍ਹਾਂ ਕੋਲੋਂ ਬੈਗ ਫੜ ਲਿਆ | ਭੂਆ ਜੀ ਨੇ ਮੈਨੂੰ ਬੁੱਕਲ ਵਿਚ ਲੈ ਕੇ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਤੇ ਅਸੀਂ ਘਰ ਨੂੰ ਤੁਰ ਪਏ | ਮੋੜ ਤੋਂ ਹੀ ਜਿਉਂ ਚਾਚਾ ਜੀ ਨੇ ਸਾਨੂੰ ਵੇਖ ਲਿਆ ਅਤੇ ਹੱਸਣ ਲੱਗ ਪਏ ਅਤੇ ਖ਼ੁਸ਼ੀ ਦੇ ਹੰਝੂਆਂ ਨਾਲ ਅੱਖਾਂ ਭਰ ਆਈਆਂ | ਕੋਲ ਬੈਠੀ ਚਾਚੀ ਜੀ ਨੇ ਭੂਆ ਜੀ ਦੇ ਪੈਰੀਂ ਹੱਥ ਲਾ ਕੇ ਗਲਵੱਕੜੀ ਪਾ ਲਈ, ਨਾਲ ਹੀ ਬੋਲੀ 3-4 ਦਿਨ ਹੋ ਗਏ ਨੇ ਗਰਮੀ ਨੇ ਵੱਟ ਕੱਢ ਤੇ | ਚਲੋ ਬੀਬੀ ਜੀ ਦੇ ਆਉਣ ਨਾਲ ਹੀ ਹਨੇਰੀ ਵਰਗਾ ਮਾਹੌਲ ਬਣ ਗਿਆ | ਮੈਂ ਚਾਚਾ ਜੀ ਨੂੰ ਫਤਹਿ ਬੁਲਾ ਕੇ ਕੋਲ ਬੈਠ ਗਿਆ | ਭੂਆ ਜੀ ਨੇ ਚਾਚਾ ਜੀ ਨੂੰ ਬੁੱਕਲ ਵਿਚ ਲੈ ਕੇ ਪਰਮਾਤਮਾ ਪਾਸੋਂ ਤੰਦਰੁਸਤੀ ਦੀ ਕਾਮਨਾ ਮੰਗੀ | ਪਲਾਂ ਵਿਚ ਹੀ ਚਾਚੀ ਜੀ ਸਾਡੇ ਲਈ ਪਾਣੀ ਅਤੇ ਚਾਹ ਬਣਾ ਲਿਆਈ | ਚਾਹ ਪੀਂਦਿਆਂ-ਪੀਂਦਿਆਂ ਐਸੇ ਹਵਾ ਦੇ ਬੁੱਲ੍ਹੇ ਅਤੇ ਹਨੇਰੀ ਆਈ ਕਿ ਡੇਕ ਦੇ ਦਰੱਖਤ 'ਤੇ ਘੁੱਗੀ ਦੇ ਆਲ੍ਹਣੇ 'ਚੋਂ ਘੁੱਗੀ ਦੇ ਬੋਟ ਧਰਤੀ 'ਤੇ ਆ ਡਿੱਗੇ ਮੇਰੀ ਨਿਗ੍ਹਾ ਪੈ ਗਏ |
ਭੂਆ ਜੀ ਨੇ ਵੀ ਵੇਖ ਲਿਆ ਅਤੇ ਕਹਿਣ ਲੱਗੇ ਸੁਖਰਾਜ ਪੁੱਤ ਚੱਕ ਇਨ੍ਹਾਂ ਵਿਚਾਰੇ ਬੱਚਿਆਂ ਨੂੰ ਰੱਖ ਦੇ ਇਨ੍ਹਾਂ ਦੇ ਆਲ੍ਹਣੇ ਵਿਚ ਹਨੇਰੀ ਰੁਕਣ ਦਾ ਨਾਂਅ ਨਹੀਂ ਸੀ ਲੈ ਰਹੀ | ਮੈਂ ਉਨ੍ਹਾਂ ਉੱਪਰ ਟੋਕਰੀ ਮੂਧੀ ਮਾਰ ਦਿੱਤੀ | ਘੁੱਗੀ ਵਿਚਾਰੀ ਆਪਣੀ ਬੋਲੀ ਵਿਚ ਘੰੂ-ਘੰੂ ਕਰਦੀ ਕਦੇ ਦਰੱਖਤ 'ਤੇ ਕਦੇ ਟੋਕਰੀ 'ਤੇ ਲਗਾਤਾਰ ਗੇੜੇ ਕੱਢ ਰਹੀ ਸੀ | ਜਿਵੇਂ ਉਸ ਨੂੰ ਇੰਜ ਲੱਗ ਰਿਹਾ ਸੀ ਕਿ ਬੱਚਿਆਂ 'ਤੇ ਮੌਤ ਦੇ ਬੱਦਲ ਮੰਡਰਾ ਰਹੇ ਹੋਣ, ਬੇਵੱਸ ਹੋਈ ਨੂੰ | ਇਹ ਦਿ੍ਸ਼ ਦੇਖ ਕੇ ਭੂਆ ਜੀ ਨੇ ਲੰਮਾ ਸਾਰਾ ਹਓਕਾ ਲਿਆ ਅਤੇ ਬੋਲੀ ਵੇਖ ਵੀਰ ਨਿਰੰਜਣ ਸਿਆਂ ਆਪਣੇ ਬੱਚਿਆਂ ਦੀ ਖ਼ਾਤਰ ਵਿਚਾਰੀ ਬੇਵਸ ਹੋਈ ਬੌਾਦਲੀ ਫਿਰਦੀ ਐ | ਮਾਂ ਦੀ ਮਮਤਾ ਤਾਂ ਮਾਂ ਦਾ ਦਿਲ ਹੀ ਜਾਣਦਾ | ਇਨ੍ਹਾਂ ਨੇ ਕਿਹੜਾ ਬੱਚਿਆਂ ਦੀ ਕਮਾਈ ਖਾਣੀ ਐ, ਭਾਵੇਂ ਪਸ਼ੂ ਹੋਵੇ ਜਾਂ ਪੰਛੀ ਜੋ ਮਾਂ ਦੇ ਦਿਲ 'ਤੇ ਬੀਤਦੀ ਆ, ਮਾਂ ਦਾ ਦਿਲ ਹੀ ਪੁੱਛਿਆਂ ਜਾਣਦਾ |
ਇਸੇ ਤਰ੍ਹਾਂ ਹੀ ਸੁਖਰਾਜ ਅਸੀਂ ਵੀ ਬੇਵਸ ਹੋਇਆਂ ਨੇ ਆਪਣੇ ਪਰਿਵਾਰ ਗਵਾ ਲਏ | ਉਹ ਕਿਵੇਂ ਭੂਆ ਜੀ ਮੈਂ ਦੁਹਰਾਅ ਕੇ ਪੁੱਛਿਆ ਤਾਂ ਕਹਿੰਦੇ ਉਦੋਂ ਤਾਂ ਪੁੱਤਰਾ ਤੂੰ ਜੰਮਿਆ ਵੀ ਨਹੀਂ ਸੀ | ਸਾਡਾ ਦਿੱਲੀ ਵਿਚ ਬਹੁਤ ਵੱਡਾ ਕਾਰੋਬਾਰ ਹੁੰਦਾ ਸੀ, ਜਦੋਂ ਦਿੱਲੀ ਦੇ ਦੰਗਿਆਂ ਦਾ ਆਪਣੇ ਪਰਿਵਾਰ 'ਤੇ ਵੀ ਕਹਿਰ ਟੁੱਟ ਪਿਆ ਸੀ | ਇਥੋਂ ਦੇ ਖ਼ੂਨੀ ਦਰਿੰਦਿਆਂ ਨੇ ਤੇਰਾ ਫੁੱਫੜ ਅਤੇ ਆਪਣਾ ਨਿੱਕੂ ਵੀ ਮੌਤ ਦੇ ਘਾਟ ਉਤਾਰ ਦਿੱਤੇ ਸਨ | ਉਨ੍ਹਾਂ ਪਾਪੀਆਂ ਨੇ ਸਿੱਖਾਂ ਨੂੰ ਨਹੀਂ ਸੀ ਬਖ਼ਸ਼ਿਆ | ਜਿਧਰ ਦੇਖੋ ਚੀਕ ਚਿਹਾੜਾ ਹੀ ਪਿਆ ਹੋਇਆ ਸੀ | ਉਸ ਕਲਹਿਣੀ ਘੜੀ ਨੂੰ ਚੇਤੇ ਕਰਕੇ ਅੱਜ ਵੀ ਉਨ੍ਹਾਂ ਦਿ੍ਸ਼ਾਂ ਨੂੰ ਯਾਦ ਕਰ ਕੇ ਉਪਰਲਾ ਸਾਹ ਉੱਪਰ ਤੇ ਥੱਲੇ ਵਾਲਾ ਥੱਲੇ, ਅੱਖਾਂ ਮੂਹਰੇ ਹਨੇਰੀ ਆ ਜਾਂਦੀ ਹੈ | ਦਿਲ ਬਾਹਰ ਨੂੰ ਆਉਂਦਾ, ਪੈਰਾਂ ਥੱਲਿਉਂ ਧਰਤੀ ਖਿਸਕਦੀ ਐ ਅੱਜ ਵੀ ਭੁੱਬਾਂ ਨਿਕਲਦੀਆਂ ਦਿਲਾਂ ਨੂੰ ਹੌਲ ਪੈਂਦੇ ਆ | ਉਦੋਂ ਕਿਵੇਂ ਮਾਵਾਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਖ਼ਾਤਰ ਹਾੜ੍ਹੇ ਕੱਢਦੀਆਂ ਸੀ, ਕਿਵੇਂ ਭੈਣਾਂ-ਭਰਾਵਾਂ ਦੀ ਖ਼ਾਤਰ ਤਰਲੇ ਪਾਉਂਦੀਆਂ ਸੀ, ਕਿਵੇਂ ਔਰਤਾਂ ਆਪਣੇ ਮਰਦਾਂ ਦੀ ਖਾਤਰ ਪੈਰੀਂ ਚੰੁਨੀਆਂ ਧਰਦੀਆਂ | ਪਰ ਉਨ੍ਹਾਂ ਜ਼ਾਲਮਾਂ ਨੇ ਕਿਸੇ ਦੀ ਇਕ ਵੀ ਨਹੀਂ ਸੁਣੀ | ਜਿਨ੍ਹਾਂ ਨੇ ਪੁੱਤਰਾ ਆਪਣੇ ਪਿੰਡੇ 'ਤੇ ਉਹ ਦਰਦ ਹੰਢਾਏ ਨੇ ਉਹੀ ਜਾਣਦੇ ਨੇ | ਉਹੀ ਜਾਣਦੇ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਤੋਂ ਹੱਥ ਧੋ ਲਏ | ਜਿਹੜੇ ਦਿੱਲੀ ਦੰਗਿਆਂ ਦੇ ਪੀੜਤ ਉਦੋਂ ਬਾਲਗ ਸਨ,ਉਨ੍ਹਾਂ ਨੇ ਵੀ ਅੱਜ ਬੁਢਾਪੇ ਦੀ ਪੌੜੀ 'ਤੇ ਪੈਰ ਰੱਖ ਲਿਆ | ਉਨ੍ਹਾਂ ਦੇ ਇਨਸਾਫ਼ ਦੀ ਆਸ ਵਾਲੀ ਕਿਰਨ ਨਹੀਂ ਜਾਗੀ | ਇਨਸਾਫ਼ ਦੀ ਉਡੀਕ ਕਰਦੀਆਂ ਕਈ ਮਾਵਾਂ ਰੋਂਦੀਆਂ ਹੋਈਆਂ ਅੱਖਾਂ ਤੋਂ ਵੀ ਅੰਨ੍ਹੀਆਂ ਹੋ ਗਈਆਂ |
ਪੰਜ ਸਾਲਾਂ ਬਾਅਦ ਚੋਣਾਂ ਵੇਲੇ ਹਰੇਕ ਲੀਡਰ ਨੇ ਸਾਡੇ ਅੱਲ੍ਹੇ ਜ਼ਖ਼ਮਾਂ 'ਤੇ ਲੂਣ ਭੁੱਕਣ ਦੀ ਕੋਸ਼ਿਸ਼ ਕੀਤੀ | ਪਰ ਅਜੇ ਤੱਕ ਪੀੜਤਾਂ ਨੂੰ ਇਨਸਾਫ਼ ਦੀ ਕੰਧ ਦਾ ਸਹਾਰਾ ਨਹੀਂ ਮਿਲਿਆ, ਜਿਸ ਕੰਧ ਨਾਲ ਸਾਰੇ ਪੀੜਤ ਢੋਅ ਲਾ ਕੇ ਲੰਘੇ ਦਹਾਕਿਆਂ ਵਾਲਾ ਦੁੱਖ ਦਰਦ ਫਰੋਲ ਲੈਣ | ਭੂਆ ਜੀ ਆਪਣੇ ਲੰਘੇ ਵੇਲੇ ਦੇ ਦੁੱਖੜੇ ਸੁਣਾਉਂਦੀ ਸੀ ਤਾਂ ਉਸ ਦੀਆਂ ਅੱਖਾਂ 'ਚੋਂ ਡਿੱਗੇ ਅੱਥਰੂਆਂ 'ਚੋਂ ਆਵਾਜ਼ ਆ ਰਹੀ ਸੀ, 'ਪਾਪੀਓ ਹੁਣ ਤਾਂ ਇਨਸਾਫ਼ ਦੇ ਦਿਓ | ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਸ ਹੱਕ ਵਿਚ ਇਸ ਦੇ ਇਨਸਾਫ਼ ਮਿਲਣ ਵਿਚ ਅੜਚਨ ਬਣਨ ਵਾਲਾ ਸਿਰਫ਼ ਧਰਮ ਹੀ ਨਹੀਂ ਸਗੋਂ ਸਮੁੱਚਾ ਪ੍ਰਸਾਸ਼ਨ, ਰਾਜਨੀਤਕ ਢਾਂਚਾ ਅਤੇ ਕਾਨੂੰਨ ਵੀ ਬਰਾਬਰ ਦਾ ਜ਼ਿੰਮੇਵਾਰ ਹੈ | ਸੋਚਦੇ-ਸੋਚਦੇ ਮੈਂ ਵੀ ਆਪਣਾ ਮੱਥਾ ਫੜ ਲਿਆ | ਮੇਰਾ ਗਲਾ ਭਰ ਆਇਆ | ਮੇਰੇ ਵੀ ਅੱਖਾਂ 'ਚੋਂ ਤਿ੍ਪ-ਤਿ੍ਪ ਹੰਝੂ ਵਗਣ ਲੱਗ ਪਏ | ਗਹਿਰੀਆਂ ਸੋਚਾਂ ਵਿਚ ਡੁੱਬ ਗਿਆ ਅਤੇ ਚਾਚਾ ਜੀ ਨਾਲ ਦੁੱਖ-ਸੁੱਖ ਕਰਨਾ ਹੀ ਭੁੱਲ ਗਿਆ |

-ਮੋਬਾਈਲ : 97795-27418.

ਦੀਯਾ

ਘਰ ਤਾਂ ਘਰ | ਜਦੋਂ ਬੱਚਿਆਂ ਨੇ ਆਉਣਾ ਹੋਵੇ ਉਸ ਦੀ ਸੋਭਾ ਇਕ ਵੱਖਰੀ ਹੁੰਦੀ ਐ | ਨਜ਼ਾਰਾ ਹੋਰ ਦਾ ਹੋਰ |
ਘਰ 'ਚ ਅੱਜ ਬੱਚਿਆਂ ਨੇ ਆਉਣਾ ਸੀ | ਉਨ੍ਹਾਂ ਇਕ ਲੰਮਾ ਰਸਤਾ ਤੈਅ ਕਰਨਾ ਸੀ | ਘਰ ਅੰਦਰ ਇਕ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਸੀ | ਇਕ ਮਹਿਮਾਨ ਵਜੋਂ ਮੈਂ ਵੀ ਉਥੇ ਠਹਿਰਿਆ ਹੋਇਆ ਸੀ | ਮੇਰਾ ਵੀ ਉਸ ਘਰ ਨਾਲ ਇਕ ਗਹਿਰਾ ਰਿਸ਼ਤਾ ਜੁੜਿਆ ਹੋਇਆ ਸੀ | ਇਕ ਪੰਥ ਦੋ ਕਾਜ ਵਾਲੀ ਗੱਲ ਸੀ | ਇਕ ਮੇਲ-ਮਿਲਾਪ, ਦੂਜਾ ਬੱਚਿਆਂ ਨਾਲ ਸਮਾਂ ਬਤੀਤ ਕਰਨ ਦਾ ਇਕ ਸੁਨਹਿਰੀ ਮੌਕਾ |
'ਬੇਟੀ ਤੂੰ ਮੈਨੂੰ ਪਛਾਣ ਲਿਆ?' ਮੈਂ ਬੱਚੇ ਪਾਸੋਂ ਪੁੱਛਿਆ |
'ਹਾਂ ਤੁਸੀਂ ਮੇਰੇ ਦਾਦੂ ਹੋ | ਤਾਨੀਆ ਦੀਦੀ ਦੇ ਨਾਨੂ |'
ਸੁਣ ਮਨ ਬੜਾ ਹੀ ਪ੍ਰਸੰਨ ਹੋਇਆ |
ਬੱਸ ਫਿਰ ਕੀ ਸੀ, ਹੌਲੀ-ਹੌਲੀ ਮੈਂ ਉਸ ਨੂੰ ਗੱਲਾਂ 'ਚ ਲਾ ਲਿਆ | ਉਹ ਮੇਰੇ ਹਰ ਸਵਾਲ ਦਾ ਜਵਾਬ ਬੜੀ ਫੁਰਤੀ ਨਾਲ, ਦਿਲ ਨੂੰ ਟੁੰਬਦਾ ਸੋਲਾਂ ਆਨੇ ਸਹੀ ਦੇ ਰਹੀ ਸੀ |
'ਬੇਟੀ ਤੂੰ ਤਾਂ ਬੜੀ ਸਿਆਣੀ ਲੱਗਦੀ ਐਾ ਮੈਨੂੰ?' ਮੈਂ ਉਸ ਨੂੰ ਕਿਹਾ |
ਉਛਲਦੀ ਕੱੁਦਦੀ ਉਹ ਫਿਰ ਮੇਰੀ ਪਤਨੀ ਯਾਨੀ ਆਪਣੀ ਦਾਦੀ ਕੋਲ ਚਲੀ ਗਈ, ਜਾ ਸਾਰੀ ਕਹਾਣੀ ਉਸ ਦੇ ਕੰਨਾਂ ਵਿਚ ਪਾ ਦਿੱਤੀ |
'ਬੇਟੀ ਤੇਰੇ ਦਾਦੂ ਨੇ ਇਸ ਬਦਲੇ ਤੈਨੂੰ ਕੀ ਦਿੱਤਾ?'
'ਕੁਝ ਵੀ ਤਾਂ ਨਹੀਂ', ਬੱਚੀ ਵਲੋਂ ਉੱਤਰ ਸੀ |
'ਕੁਝ ਤਾਂ ਜ਼ਰੂਰ ਦਿੱਤਾ ਹੋਏਗਾ, ਤੇਰੇ ਦਾਦੂ... |'
'ਖ਼ੁਸ਼ੀ' ਬਾਅਦ 'ਚ ਗੋਦ 'ਚ ਆ ਬੈਠੀ ਤੇ ਉਸ ਦਾ ਮਸਤਕ ਚੰੁਮਿਆ |
ਬੱਚੀ ਬੜੀ ਹੀ ਹੋਣਹਾਰ ਤੇ ਪਿਆਰੀ ਸੀ | ਹੱਥ ਲਾਇਆਂ ਮੈਲੀ ਹੁੰਦੀ ਸੀ ਜੋ | ਨਾਂਅ ਸੀ ਦੀਯਾ ਉਸਦਾ |

ਵਿਅੰਗ: ਐਨ.ਆਰ.ਆਈ. ਕਵੀ ਦੀ ਸਵਦੇਸ਼ ਆਮਦ

ਐਨ.ਆਰ.ਆਈ. ਸੰਤਾ ਸਿੰਘ ਐਤਕੀਂ ਫਿਰ ਕੈਨੇਡਾ ਤੋਂ ਆਪਣੀ ਮਾਤ-ਭੂਮੀ ਇੰਡੀਆ ਪਹੁੰਚ ਗਏ ਸਨ | ਆਉਂਦੇ ਤਾਂ ਉਹ ਪਹਿਲਾਂ ਵੀ ਰਹਿੰਦੇ ਸਨ ਪਰ ਐਤਕੀਂ ਉਨ੍ਹਾਂ ਦੀ ਆਮਦ ਪਹਿਲਾਂ ਤੋਂ ਵੱਖਰੀ ਸੀ | ਇਸ ਵਾਰ ਉਹ ਸਿਰਫ਼ ਸੰਤਾ ਸਿੰਘ ਨਹੀਂ ਸਗੋਂ ਨਾਮੀ ਕਵੀ ਸੰਤਾ ਸਿੰਘ ਰਹਿਬਰ ਬਣ ਕੇ ਵਤਨ ਵਾਪਸ ਪਰਤ ਰਹੇ ਸਨ | ਕਹਿੰਦੇ ਨੇ 'ਲਾਲ ਗੋਪਾਲ ਤਾਂ ਪੰਘੂੜਿਓਾ ਹੀ ਪਛਾਣੇ ਜਾਂਦੇ ਹਨ |' ਇਸ ਤੱਥ ਨੂੰ ਸੱਚ ਸਿੱਧ ਕਰਦਿਆਂ ਰਹਿਬਰ ਜੀ ਨੇ ਲਗਾਂ, ਮਾਤਰਾਂ ਦੀ ਜਾਣਕਾਰੀ ਹਾਸਲ ਕਰਨ ਮਗਰੋਂ ਚੌਥੀ ਜਮਾਤ ਤੋਂ ਹੀ ਆਪਣੀ ਪੁੱਠੀ-ਸਿੱਧੀ ਤੁਕਬੰਦੀ ਨਾਲ ਆਪਣੇ ਸਰਕਾਰੀ ਸਕੂਲ ਦੇ ਮਾਸਟਰਾਂ, ਭੈਣ ਜੀਆਂ ਤੇ ਹਮਜਮਾਤੀਆਂ ਨੂੰ ਨਿਹਾਲ ਕਰਨਾ ਸ਼ੁਰੂ ਕਰ ਦਿੱਤਾ ਸੀ | ਇਹ ਰਹਿਬਰ ਜੀ ਦੀ ਤ੍ਰਾਸਦੀ ਸੀ ਕਿ ਅੱਧੀ ਸਦੀ ਦੀ ਧਾਰਾ ਪ੍ਰਵਾਹ ਤੇ ਕਲਮ ਘਸਾਈ ਤੋਂ ਬਾਅਦ ਵੀ ਇਨ੍ਹਾਂ ਦੀ ਕਾਵਿ ਪ੍ਰਤਿਭਾ ਨੂੰ ਇਨ੍ਹਾਂ ਦੀ ਮਾਤ-ਭੂਮੀ ਦੇ ਅਖ਼ਬਾਰਾਂ, ਮੈਗਜ਼ੀਨਾਂ ਤੇ ਇਨਾਮ ਦੇਣ ਵਾਲੀਆਂ ਸੰਸਥਾਵਾਂ ਨੇ ਟਕੇ ਸੇਰ ਵੀ ਨਹੀਂ ਸੀ ਪੁੱਛਿਆ | ਇਹ ਲੋਕ ਤਾਂ ਉਨ੍ਹਾਂ ਨੂੰ ਟੁੱਕ ਤੇ ਡੇਲਾ ਹੀ ਸਮਝਦੇ ਰਹੇ ਸਨ ਪਰ ਸੰਤਾ ਸਿੰਘ ਜੀ ਵੀ ਅੱਵਲ ਦਰਜੇ ਦੇ ਸਿਰੜੀ ਸਨ ਤੇ ਸਬਰ-ਸਿੱਦਕ ਨਾਲ ਸਾਹਿਤ ਸੇਵਾ ਦੇ ਵਡਮੁੱਲੇ ਕਾਰਜ਼ 'ਚ ਲੱਗੇ ਰਹੇ ਸਨ | ਫਿਰ 'ਬਿੱਲੀ ਭਾਣੇ ਛਿੱਕਾ ਟੁੱਟਾ' ਵਾਲੀ ਗੱਲ ਹੋ ਗਈ ਸੀ | ਉਨ੍ਹਾਂ ਦੇ ਪੇਟ ਘਰੋੜੀ ਦੇ ਪੁੱਤਰ ਨੇ ਮਲਟੀਪਲ ਵੀਜ਼ੇ 'ਤੇ ਉਨ੍ਹਾਂ ਨੂੰ ਕੈਨੇਡਾ ਬੁਲਾ ਲਿਆ ਸੀ ਤੇ ਹਫ਼ਤੇ 'ਚ ਹੀ ਜੌਬ 'ਤੇ ਲੁਆ ਦਿੱਤਾ ਸੀ | ਕੈਨੇਡਾ 'ਚ ਉਨ੍ਹਾਂ ਨੇ ਬੇਰੀਆਂ ਤੋੜਨ ਦੇ ਨਾਲ-ਨਾਲ ਪਿਛਲੇ ਪੰਜ ਸਾਲਾਂ ਵਿਚ ਪੰਜ ਮਹਾਂ-ਕਾਵਾਂ ਨੂੰ ਜਨਮ ਦੇ ਕੇ ਚੋਖੀ ਵਾਹ-ਵਾਹ ਖੱਟ ਲਈ ਸੀ | ਇਹੀ ਸਾਹਿਤਕ ਮਹਿਕ ਹੁਣ ਸਰਗੋਸ਼ੀਆਂ ਕਰਦੀ ਰੁਮਕਦੀਆਂ ਪੌਣਾਂ ਰਾਹੀਂ ਉਨ੍ਹਾਂ ਦੀ ਮਾਤ-ਭੂਮੀ ਅਛੋਪਲੇ ਹੀ ਪਹੁੰਚ ਚੁੱਕੀ ਸੀ |
ਮਾਤ-ਭੂਮੀ 'ਤੇ ਆਪਣੇ ਚਰਨ ਕਮਲ ਰੱਖਦਿਆਂ ਸਾਰ ਹੀ ਰਹਿਬਰ ਜੀ ਨੂੰ ਭਾਂਤ-ਭਾਂਤ ਦੀਆਂ ਸਾਹਿਤਕ ਸਭਾਵਾਂ ਤੇ ਕਲਾ ਮੰਚਾਂ ਤੋਂ ਸਨਮਾਨਿਤ ਹੋਣ ਲਈ ਸੱਦੇ ਆਉਣ ਲੱਗ ਪਏ | ਇਨ੍ਹਾਂ ਸੰਸਥਾਵਾਂ ਦੇ ਬੁੱਧੀਜੀਵੀ ਕਲਾ ਦੇ ਪਾਰਖੂ ਉਨ੍ਹਾਂ ਨੂੰ ਵੰਨ-ਸੁਵੰਨੇ ਪੁਰਸਕਾਰ ਦੇਣ ਲਈ ਪੱਬਾਂ ਭਾਰ ਹੋਏ ਫਿਰਦੇ ਸਨ | ਰਹਿਬਰ ਜੀ ਖੁਸ਼ੀ ਨਾਲ ਫੁੱਲੇ ਨਹੀਂ ਸਨ ਸਮਾ ਰਹੇ | ਉਨ੍ਹਾਂ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਆਪਣੇ 'ਤੇ ਮਾਣ ਹੋ ਰਿਹਾ ਸੀ | ਕਿੰਨੇ ਭੋਲੇ ਸਨ ਉਹ | ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਾ ਜ਼ਰਾ ਜਿੰਨਾ ਵੀ ਗਿਆਨ ਨਹੀਂ ਸੀ | ਹਿਰਨ ਵਾਂਗ ਉਨ੍ਹਾਂਦੀ ਕਾਵਿ-ਕਸਤੂਰੀ ਦੀ ਮਹਿਕ ਲੋਕਾਂ ਤੱਕ ਤਾਂ ਅਛੋਪਲੇ ਹੀ ਪਹੁੰਚ ਚੁੱਕੀ ਸੀ, ਜਦੋਂ ਕਿ ਉਨ੍ਹਾਂ ਦੀ ਗੱਲ ਸੀ ਕਿ ਵਿਦੇਸ਼ ਰਹਿੰਦੇ ਐਨ.ਆਰ.ਆਈ. ਵੀਰਾਂ ਨੇ ਉਨ੍ਹਾਂ ਜਿਹੀ ਗੁਣਾਂ ਦੀ ਗੁਥਲੀ ਦਾ ਕੌਡੀ ਜਿੰਨਾ ਵੀ ਮੁੱਲ ਨਹੀਂ ਪਾਇਆ ਸੀ | ਇਸ ਘਰ ਦੇ ਜੋਗੀ ਨੂੰ ਉਨ੍ਹਾਂ ਨੇ ਸਦਾ ਜੋਗੜਾ ਹੀ ਸਮਝਿਆ ਸੀ | ਵਾਕਿਆ ਹੀ ਅਕਲ ਬਦਾਮ ਚੱਬ ਕੇ ਨਹੀਂ ਆਉਂਦੀ | ਰਹੀ ਗੱਲ ਫਰੰਗੀਆਂ ਦੀ, ਇਨ੍ਹਾਂ ਕਮ-ਅਕਲ ਲੋਕਾਂ ਨੇ ਤਾਂ ਉਨ੍ਹਾਂ ਦਾ ਮਾਣ-ਸਨਮਾਨ ਕਰਨਾ ਹੀ ਕੀ ਸੀ? ਇਹ ਤਾਂ ਚਾਹੁੰਦੇ ਹੀ ਨਹੀਂ ਬਈ ਕੋਈ ਇਨ੍ਹਾਂ ਤੋਂ ਉੱਚਾ ਉਠੇ ਜਾਂ ਕਿਸੇ ਕਾਲੇ ਨੂੰ ਵਿਸ਼ਵ ਪੱਧਰ ਪਛਾਣ ਮਿਲੇ | ਬਲਿਹਾਰੇ ਜਾਵਾਂ ਆਪਣੇ ਹਮ ਵਤਨਾਂ ਦੇ | ਇਨ੍ਹਾਂ ਫਰਾਖ ਦਿਲ ਜ਼ਹੀਨ ਲੋਕਾਂ ਨੇ ਝੱਟ ਹੀ ਉਨ੍ਹਾਂ ਦੀ ਕਲਾ ਨੂੰ ਪਛਾਣ ਲਿਐ | ਇਹੋ ਜਿਹੇ ਵਿਚਾਰਾਂ ਨਾਲ ਓਤ-ਪੋਤ ਹੋ ਕੇ, 'ਰਹਿਬਰ ਸਾਬ੍ਹ' ਨੇ ਆਪਣੀ ਕਲਾ ਦੇ ਅਸਲ ਪਾਰਖੂਆਂ ਤੋਂ ਥਾਂ-ਥਾਂ ਸਨਮਾਨ ਕਰਵਾਉਣ ਦਾ ਅਹਿਮ ਫੈਸਲਾ ਕਰ ਲਿਆ | ਆਪਣੇ ਕਦਰਦਾਨਾਂ ਦੇ ਕੋਮਲ ਹਿਰਦੇ ਤੋੜਨ ਦਾ ਬਜਰ ਪਾਪ ਕਰਨਾ ਉਨ੍ਹਾਂ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ |
ਨਤੀਜੇ ਵਜੋਂ ਹੁਣ ਹਰ ਸਾਹਿਤ ਸਭਾ ਤੇ ਸਾਹਿਤਕ ਸੱਥ ਉਨ੍ਹਾਂ ਦੇ ਸਨਮਾਨ ਵਿਚ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ 'ਚ ਗੱਡਵੇਂ ਫੰਕਸ਼ਨ ਕਰਨ ਲੱਗ ਪਈ ਹੈ | ਉਨ੍ਹਾਂ ਨੂੰ ਸਭ ਜਗ੍ਹਾ ਟਰਾਫੀਆਂ, ਮੋਮੈਂਟੋ ਤੇ ਸ਼ੀਲਡਾਂ ਨਾਲ ਸਨਮਾਨਿਆ ਜਾ ਰਿਹਾ ਹੈ | ਉਨ੍ਹਾਂ ਦੀ ਲੇਖਣੀ 'ਤੇ ਪ੍ਰਬੁੱਧ ਵਿਦਵਾਨ ਤੇ ਨਾਮਵਰ ਆਲੋਚਕ 50-50 ਸਫ਼ਿਆਂ ਦੇ ਖੋਜ ਭਰਪੂਰ ਲੇਖ ਪੜ੍ਹ ਰਹੇ ਹਨ | ਰਹਿਬਰ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਧਰੂ ਤਾਰਾ ਗਰਦਾਨਿਆ ਜਾ ਰਿਹਾ ਹੈ | ਰਹਿਬਰ ਜੀ ਦੀ ਠੁੱਕ ਬਣਾਉਣ ਲਈ ਅਖ਼ਬਾਰਾਂ 'ਚ ਵੀ ਉਨ੍ਹਾਂ ਨਾਲ ਹੋਈਆਂ ਰੂ-ਬਰੂ ਮਿਲਣੀਆਂ ਦੇ ਸਚਿੱਤਰ ਵੇਰਵੇ ਪ੍ਰਕਾਸ਼ਿਤ ਹੋ ਰਹੇ ਹਨ | ਸਭਨਾਂ ਥਾਵਾਂ 'ਤੇ ਉਨ੍ਹਾਂ ਦੇ ਕਸੀਦੇ ਪੜ੍ਹੇ ਜਾ ਰਹੇ ਹਨ | ਸੋਹਲੇ ਗਾਏ ਜਾ ਰਹੇ ਹਨ | ਉਨ੍ਹਾਂ ਨੂੰ ਕਵਿਤਾ, ਗ਼ਜ਼ਲ, ਰੁਬਾਈ ਤੇ ਛੰਦਾਂ ਦੇ ਰੂਹ-ਏ-ਰਵਾਂ ਤੇ ਚੜ੍ਹਦਾ ਸੂਰਜ ਐਲਾਨ ਕੇ ਸਾਹਿਤ ਸਭਾਵਾਂ ਆਪਣੇ ਧੰਨ ਭਾਗ ਸਮਝ ਰਹੀਆਂ ਹਨ | ਹੋਟਲਾਂ 'ਚ ਉਹ ਆਪਣੇ ਧੰਨ ਭਾਗ ਸਮਝ ਰਹੀਆਂ ਹਨ ਹੋਟਲਾਂ 'ਚ ਉਹ ਆਪਣੇ ਕਦਰਦਾਨਾਂ ਨਾਲ ਇੰਡੀਅਨ, ਚਾਈਨੀਜ਼ ਤੇ ਕਾਂਨਟੀਨੈਂਟਲ ਡਿਸ਼ਾਂ ਦਾ ਚੁਟਕਾਰੇ ਮਾਰ-ਮਾਰ ਲੁਤਫ਼ ਉਠਾ ਰਹੇ ਹਨ | ਪਿਛਲੇ ਹਫ਼ਤੇ ਉਨ੍ਹਾਂ ਨੇ ਆਪਣੇ ਸਨਮਾਨ ਵਿਚ ਰੱਖੇ ਸ਼ਾਨਦਾਰ ਨਾਨਵੈੱਜ ਭੋਜਨ ਤੇ ਲਾਲ ਪਰੀ ਦਾ ਸੇਵਨ ਕਰਨ ਬਾਅਦ ਆਪਣੀ ਘੋਗੜ ਕਾਂ ਵਰਗੀ ਆਵਾਜ਼ ਵਿਚ ਆਪਣਾ ਇਕ ਤਾਜ਼ਾ ਕਲਾਮ ਵੀ ਸੁਣਾ ਦਿੱਤਾ ਸੀ | ਨਤੀਜੇ ਵਜੋਂ ਹੁਣ ਉਨ੍ਹਾਂ ਨੂੰ 'ਆਵਾਜ਼-ਏ-ਹਿੰਦੁਸਤਾਨ' ਤੇ 'ਸੁਰਾਂ ਦੇ ਸ਼ਹਿਨਸ਼ਾਹ' ਜਿਹੇ ਵੱਕਾਰੀ ਇਨਾਮਾਂ ਨਾਲ ਵੀ ਨਿਵਾਜਿਆ ਜਾ ਰਿਹਾ ਹੈ | ਆਪਣੇ ਸਵਦੇਸ਼ੀ ਕਲਾ ਦੇ ਪਾਰਖੂ ਪ੍ਰਸੰਸਕਾਂ ਦੁਆਰਾ ਰੋਜ਼-ਰੋਜ਼ ਕੀਤੇ ਜਾਣ ਵਾਲੇ ਮਾਣ-ਤਾਣ ਤੋਂ ਰਹਿਬਰ ਸਾਹਬ ਜੀ ਬਾਗੋਬਾਗ ਹਨ | ਸਭ ਸਾਹਿਤਕ ਸਭਾਵਾਂ ਉਨ੍ਹਾਂ ਤੋਂ ਆਪਣੀ-ਆਪਣੀ ਸਭਾ ਲਈ ਦੋ-ਦੋ ਹਜ਼ਾਰ ਡਾਲਰਾਂ ਦੀ ਮਾਇਕ ਸਹਾਇਤਾ ਵੀ ਧੰਨਵਾਦ ਸਾਹਿਤ ਲੈ ਰਹੀਆਂ ਹਨ | ਕੈਨੇਡੀਅਨ ਡਾਲਰਾਂ ਨਾਲ ਭਰੇ ਬੋਝਿਆਂ ਵਾਲੇ ਰਹਿਬਰ ਜੀ ਲਈ ਇਹ ਕੋਈ ਮਹਿੰਗਾ ਸੌਦਾ ਨਹੀਂ | ਚਿੜੀ ਦੇ ਚੰੁਝ ਭਰ ਕੇ ਪਾਣੀ ਪੀਣ ਨਾਲ ਨਦੀ ਦਾ ਜਲ ਮੁੱਕਣ ਨਹੀਂ ਲੱਗਾ |
ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜ ਰਿਹਾ ਹੈ | ਕੁਝ ਮੌਕਾਪ੍ਰਸਤ ਤੇ ਲੋਭੀ ਟੀ.ਵੀ. ਤੇ ਰੇਡੀਓ ਚੈਨਲਾਂ ਵਾਲਿਆਂ ਨੂੰ ਵੀ ਰਹਿਬਰ ਜੀ ਦੀ ਵਤਨ ਆਮਦ ਦੀ ਭਿਣਕ ਪੈ ਗਈ ਹੈ | ਉਹ ਸਭ ਵੀ ਇਹ ਮੋਟਾ ਤਾਜ਼ਾ ਬੱਕਰਾ ਹਲਾਲ ਕਰ ਕੇ ਵਹਿੰਦੀ ਗੰਗਾ 'ਚ ਹੱਥ ਧੋ ਲੈਣਾ ਚਾਹੁੰਦੇ ਹਨ | ਉਹ ਵੀ ਆਪਣੇ ਸਭ ਪ੍ਰੋਗਰਾਮਾਂ 'ਚ ਇਸ ਮਹਾਨ ਕਵੀ ਦੀ ਠੁੱਕ ਬੰਨ੍ਹ ਰਹੇ ਹਨ | ਉਨ੍ਹਾਂ ਨੂੰ 'ਕਲਮ ਦਾ ਧਨੀ' ਗਰਦਾਨ ਕੇ ਉਨ੍ਹਾਂ ਦੀ ਤੁਲਨਾ ਭਾਈ ਵੀਰ ਸਿੰਘ, ਬਟਾਲਵੀ, ਚਾਤਿ੍ਕ ਤੇ ਪਾਤਰ ਜਿਹੇ ਦਿਗਜ਼ਾਂ ਨਾਲ ਕਰ ਰਹੇ ਹਨ | ਉਹ ਆਪਣੇ ਸਾਹਿਤਕ ਪ੍ਰੋਗਰਾਮਾਂ 'ਚ ਉਨ੍ਹਾਂ ਨਾਲ ਲੜੀਵਾਰ ਮੁਲਾਕਾਤਾਂ ਕਰਾ ਰਹੇ ਹਨ | ਪ੍ਰਵਾਸੀ ਭਾਰਤੀ ਹੋਣ ਨਾਤੇ ਉਨ੍ਹਾਂ ਵਲੋਂ ਆਪਣੀ ਮਾਂ-ਬੋਲੀ ਨੂੰ ਅਮੀਰੀ ਪ੍ਰਦਾਨ ਕਰਨ ਦੇ ਹੰਭਲੇ ਦੀ ਪੁਰਜ਼ੋਰ ਸ਼ਲਾਘਾ ਕਰ ਰਹੇ ਹਨ | ਉਨ੍ਹਾਂ ਦੀਆਂ ਵੱਡਆਕਾਰੀ ਪੁਸਤਕਾਂ ਬੇਰੀਆਂ ਦੇ ਬੇਰ ਤੋੜ ਲੈ, ਕੁਰਖਤ ਗੋਰੇ, ਡਾਲਰਾਂ ਦੀ ਲੋਏ-ਲੋਏ, ਫਰੰਗੀਆਂ ਦਾ ਬੋਕਾਟਾ ਤੇ ਤੇਰੀਆਂ ਚੈਰੀਆਂ ਮੇਰੇ ਡਾਲੇ ਨੂੰ ਸਭ ਸਾਹਿਤ ਸਭਾਵਾਂ ਨੇ ਸਰਬਸੰਮਤੀ ਨਾਲ ਵਿਸ਼ਵ ਪੱਧਰ ਦੀਆਂ ਵਡਮੁੱਲੀਆਂ ਪੁਸਤਕਾਂ ਐਲਾਨ ਦਿੱਤਾ ਹੈ | ਨਵ-ਕਲਾ ਪਾਰਖੂ ਸਾਹਿਤ ਸਭਾ ਨੇ ਤਾਂ 'ਰਹਿਬਰ' ਜੀ ਨੂੰ ਸਾਹਿਤ ਦਾ ਨੋਬਲ ਇਨਾਮ ਦੇਣ ਦੀ ਵੀ ਸਿਫਾਰਸ਼ ਕੀਤੀ ਹੈ | ਹਾਂ, ਖਚਰੇ ਪ੍ਰੋਡਿਊਸਰ, ਐਾਕਰ, ਲਾਈਟਮੈਨ, ਮੇਕਅੱਪ ਮੈਨ ਤੇ ਡਾਇਰੈਕਟਰ ਹਰ ਪ੍ਰੋਗਰਾਮ ਰਿਕਾਰਡ ਹੋਣ ਬਾਅਦ ਪੰਜ ਤਾਰਾ ਹੋਟਲ 'ਚ ਲੰਚ, ਬਰੰਚ ਜਾਂ ਡਿਨਰ ਕਰਨਾ ਆਪਣਾ ਪੁਸ਼ਤੈਨੀ ਹੱਕ ਜ਼ਰੂਰ ਸਮਝਦੇ ਹਨ | ਰਹਿਬਰ ਜੀ ਐਨੀ ਕੁ ਮਾਇਕ ਚੰੂਢੀ ਵਢਾਉਣ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰ ਰਹੇ | ਸੁਆਹ ਦੀ ਚੰੂਢੀ ਨਾਲ ਜੇ ਕੰਮ ਲੋਟ ਆ ਜਾਵੇ ਤਾਂ ਇਸ ਤੋਂ ਵਧੀਆ ਮਸ਼ਹੂਰ ਤੇ ਸਥਾਪਤ ਲੇਖਕ ਹੋਣ ਦੀ ਹੋਰ ਕਿਹੜੀ ਜੁਗਤ ਹੋ ਸਕਦੀ ਹੈ?
ਅੱਧੀ ਸਦੀ ਬਾਅਦ, ਲੱਖਾਂ ਰਿੰਮ ਕਾਗਜ਼ ਕਾਲੇ ਕਰਨ ਪਿੱਛੋਂ ਵੀ ਸਾਨੂੰ ਕਿਸੇ ਵੀ ਕਲਾ ਦੀ ਪਾਰਖੂ ਸੰਸਥਾ ਨੇ ਦੁਆਨੀ ਸੇਰ ਨਹੀਂ ਪੁੱਛਿਆ | ਜਿੰਨੇ ਮੰੂਹ ਓਨੀਆਂ ਗੱਲਾਂ | ਕੋਈ ਕਹਿੰਦਾ ਹੈ ਤੁਹਾਡਾ ਨਾਂਅ ਗ਼ੈਰ-ਸਾਹਿਤਕ ਤੇ ਕਠੋਰ ਹੈ, ਕੋਈ ਕਹਿੰਦਾ ਹੈ ਗੋਤ ਨਹੀਂ ਲਾਉਂਦੇ | ਕੋਈ ਕਹਿੰਦਾ ਹੈ ਫਲਾਣੀ ਸਾਹਿਤ ਸਭਾ ਦੇ ਮੈਂਬਰ ਬਣੋ, ਕੋਈ ਹੋਰ ਹਿਤੈਸ਼ੀ ਕਹਿੰਦਾ ਹੈ ਢਿਮਕੇ ਮੈਗਜ਼ੀਨ ਨੂੰ ਦਸ ਸਾਲਾਂ ਦਾ ਚੰਦਾ ਦਿਓ ਤੇ ਫਿਰ ਦੇਖਿਓ ਤੁਹਾਡਾ ਨਾਂਅ ਕਿਵੇਂ ਵਾਵਰੋਲੇ ਵਾਂਗ ਹਰ ਸਾਹਿਤ ਪ੍ਰੇਮੀ ਤੇ ਐਵਾਰਡ ਦੇਣ ਵਾਲਿਆਂ ਤੱਕ ਪਹੁੰਚਣਾ ਹੈ | ਸਵਦੇਸ਼ੀ ਨਿਗੂਣੀ ਪੈਨਸ਼ਨ ਨਾਲ ਕੀਹਦਾ-ਕੀਹਦਾ ਘਰ ਭਰੀਏ? ਹੁਣ ਸਾਨੂੰ ਵੀ ਅਕਲ ਆ ਗਈ ਹੈ | ਅਸੀਂ ਵੀ ਰਹਿਬਰ ਜੀ ਵਾਂਗ ਦਸ ਸਾਲ ਦੇ ਮਲਟੀਪਲ ਵੀਜ਼ੇ 'ਤੇ ਕੈਨੇਡਾ ਜਾਣ ਦਾ ਫ਼ੈਸਲਾ ਕਰ ਲਿਆ ਹੈ | ਉਥੇ ਕੁੱਬੇ ਜਿਹੇ ਖੜੋ ਕੇ ਬੇਰੀਆਂ ਤੋੜਾਂਗੇ, ਓਵਰਟਾਈਮ ਕਰ-ਕਰ ਕੇ ਡਾਲਰਾਂ ਨਾਲ ਬੋਝੇ ਭਰਾਂਗੇ | ਡਾਲਰਾਂ ਨੂੰ 55 ਨਾਲ ਗੁਣਾਂ ਕੀਤੀ ਤਾਂ ਲੱਖਾਂ-ਕਰੋੜਾਂ ਰੁਪਏ ਬਣ ਜਾਣਗੇ | ਆਪਣਾ ਬੋਝਾ ਢਿੱਲਾ ਕਰਾ ਕੇ ਦਸ ਕੁ ਮੋਟੀਆਂ-ਮੋਟੀਆਂ ਕਿਤਾਬਾਂ ਛਪਾਵਾਂਗੇ | ਆਪਣੀ ਮਾਤ-ਭੂਮੀ ਪਰਤ ਕੇ ਖੁੱਲ੍ਹੇ ਦਿਲ ਨਾਲ ਖਰਚਾ ਕਰ ਕੇ ਥਾਂ-ਥਾਂ ਸਨਮਾਨ ਕਰਾਵਾਂਗੇ | ਸਥਾਪਤ ਲੇਖਕ ਬਣਾਂਗੇ | ਫਿਰ ਭਾਵੇਂ ਉੱਡਦੀ ਚਿੜੀ ਤੋਂ ਵੀ ਸਾਡਾ ਨਾਂਅ ਪੁੱਛ ਲਿਓ |

-ਵਾਰਡ ਨੰ: 28, ਮਕਾਨ ਨੰ: 582, ਮੋਗਾ |
ਮੋਬਾਈਲ: 93573-61417.

ਕਾਵਿ-ਵਿਅੰਗ

         ਵਿਕਾਊ ਮਾਲ
* ਨਵਰਾਹੀ ਘੁਗਿਆਣਵੀ *
ਵੋਟਾਂ ਵਿਕਦੀਆਂ, ਵਿਕਣ ਅਹਿਸਾਸ ਏਥੇ,
ਵਿਕਦੇ ਮੁੱਲ ਜ਼ਮੀਰ, ਭਰਾ ਮੇਰੇ!
ਲੱਗੀ ਦੌੜ ਹੈ ਟਕਾ ਕਮਾਵਣੇ ਦੀ,
ਹੋ ਗਿਆ ਅਖ਼ੀਰ, ਭਰਾ ਮੇਰੇ।
ਪਾ ਪਾ ਕੇ ਬਿਲਡਿੰਗਾਂ ਵੇਚ ਦਿੰਦੇ,
ਕੜੀਆਂ ਨਾਲ ਸ਼ਤੀਰ, ਭਰਾ ਮੇਰੇ।
ਰੂਹਾਂ ਵਿਚ ਆਕਾਸ਼ ਦੇ ਜਮ੍ਹਾਂ ਹੋਵਣ,
ਰਹਿ ਜਾਣ ਸਰੀਰ, ਭਰਾ ਮੇਰੇ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ। ਮੋਬਾ : 98150-02302

ਸੱਪ ਦੀ ਸੋਚ

ਇਕ ਦਿਨ ਸੱਪ ਡੰੂਘੀ ਸੋਚ ਵਿਚ ਸੀ | ਉਸ ਦਾ ਮਿੱਤਰ ਆਇਆ ਤੇ ਬੋਲਿਆ, 'ਨਾਗ ਜੀ ਮਹਾਰਾਜ ਕਿਵੇਂ ਡੰੂਘੀ ਸੋਚ ਵਿਚ ਡੁੱਬੇ ਹੋ |' ਸੱਪ ਦੇ ਅੰਦਰੋਂ ਵਲਵਲੇ ਫੁਟ ਨਿਕਲੇ | ਉਹ ਕਹਿਣ ਲੱਗਾ, 'ਇਕ ਤਾਂ ਉਨ੍ਹਾਂ ਦੀ ਤਰਾਸਦੀ ਹੈ ਕਿ ਉਹ ਸਰਾਪ ਦੇ ਮਾਰੇ ਹਨ | ਸੱਪਣੀ ਆਪਣੇ ਬੱਚੇ ਹੀ ਖਾ ਜਾਂਦੀ ਹੈ, ਔਲਾਦ ਘੱਟ ਬਚਦੀ ਹੈ | ਇਹ ਇਨਸਾਨ ਹੈ ਕਿ ਆਪਣੀ ਔਲਾਦ ਵਧਾਈ ਹੀ ਜਾਂਦਾ ਹੈ | ਸਾਡਾ ਆਦਮੀ ਦੁਸ਼ਮਣ ਹੈ | ਅਸੀਂ ਜਦੋਂ ਵੀ ਘਰ ਵਿਚ ਜਾਂ ਖੇਤ ਵਿਚ, ਬਾਹਰ ਨਿਕਲਦੇ ਹਾਂ ਤਾਂ 'ਸੱਪ, ਸੱਪ' ਕਰ ਕੇ ਛੋਟੇ-ਵੱਡੇ ਇਕਦਮ ਟੁੱਟ ਪੈਂਦੇ ਹਨ ਅਤੇ ਸਾਨੂੰ ਮਾਰ ਕੇ ਹੀ ਸਾਹ ਲੈਂਦੇ ਹਨ |' ਮਿੱਤਰ ਸੁਣਦਾ ਰਿਹਾ ਅਤੇ ਕਹਿਣ ਲੱਗਾ ਫਿਰ ਉਸ ਨੂੰ ਕੀ ਗਿਲਾ ਹੈ | ਸੱਪ ਬੋਲਿਆ, 'ਗਿਲਾ ਹੈ, ਭਾਰੀ ਰੋਸ ਹੈ | ਕਾਰਨ... | ਮਨੁੱਖੀ ਸਮਾਜ ਹੈ, ਬਹੁਤ ਵਸੋਂ ਹੈ, ਮਾਨਵ ਸ਼ਕਲ ਵਿਚ ਵੀ ਤਾਂ ਸੱਪ ਹਨ, ਪਰ ਉਹ ਆਪਣੇ ਸੱਪ ਦੇਖਦਾ ਨਹੀਂ ਕੀ ਉਹ ਮਨੁੱਖ ਜੋ ਖਾਧ-ਪਦਾਰਥਾਂ ਵਿਚ ਜ਼ਹਿਰ ਮਿਲਾਂਦੇ ਹਨ, ਨਕਲੀ ਦੁੱਧ ਬਣਾਉਂਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਦੇਖਦਾ ਜੋ ਦੇਖਦਾ ਹੈ...ਸੱਪ... ਸੱਪ... ਬੋਲ ਕੇ ਮਾਰਦਾ ਕਿਉਂ ਨਹੀਂ | ਉਹ ਆਪਣੇ ਸੱਪ ਕਿਉਂ ਪਾਲਦੇ ਹਨ?'

-70-1004, ਮੁਹਾਲੀ | ਮੋਬਾਈਲ : 87259-97333

ਮੂੰਹ ਆਈ ਗੱਲ ਸ਼ੈਤਾਨ

ਸਕੂਲ ਦੇ ਕੱਚੇ ਇਮਤਿਹਾਨਾਂ ਵਿੱਚ ਨਿਮਾਣੇ ਦੇ ਸਾਥੀ ਦਾ ਲੜਕਾ ਨਕਲ ਮਾਰਦਾ ਫੜਿਆ ਗਿਆ | ਲੜਕੇ ਦੇ ਮਾਪਿਆਂ ਨੂੰ ਸਕੂਲ ਸੱਦ ਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਚੈਕਰ ਵਲੋਂ ਬੜੇ ਗੁਪਤ ਢੰਗ ਨਾਲ ਲੁਕ-ਲੁਕ ਕੇ ਝਾਤੀਆਂ ਮਾਰ ਕੇ ਇਸ ਵਿਦਿਆਰਥੀ ਨੂੰ ਹੋਰ ਵਿਦਿਆਰਥੀ ਵਲੋਂ ਨਕਲ ਮਾਰਦਾ ਕਾਬੂ ਕੀਤਾ | ਇਹ ਤੇ ਆਪਣੇ ਵਲੋਂ ਬੜੀ ਸਫਾਈ ਨਾਲ ਨਕਲ ਮਾਰ ਰਿਹਾ ਸੀ, ਕੋਈ ਜੱਜ ਈ ਨਹੀਂ ਸੀ ਕਰ ਸਕਦਾ, ਦੂਸਰੇ ਵਿਦਿਆਰਥੀ ਵਲੋਂ ਵੇਖ-ਵੇਖ ਲਿਖੀ ਜਾ ਰਿਹਾ ਸੀ, ਤੇ ਲਿਖ ਵੀ ਉਹੋ ਰਿਹਾ ਸੀ ਜੋ ਅਗਲੇ ਨੇ ਲਿਖਿਆ, ਹੁਣ ਨੀਵੀਂ ਪਾਈ ਖੜ੍ਹਾ..., ਬਹੁਤ ਸ਼ੈਤਾਨ ਜੇ ਤੁਹਾਡਾ ਮੁੰਡਾ | ਨਕਲ ਮਾਰਦੇ ਲੜਕੇ ਨੂੰ ਫੜਨ ਵਾਲਾ ਇੱਕੋ ਸਾਹੇ ਬੋਲੀ ਗਿਆ | ਸਰ ਜੀ! ਫਿਰ ਮੇਰਾ ਮੁੰਡਾ ਸ਼ੈਤਾਨ ਕਾਹਦਾ, ਸ਼ੈਤਾਨ ਤੇ ਉਹ ਹੋਇਆ ਜਿਸ ਨੇ ਲੁਕ-ਲੁਕ ਕੇ ਇਹਨੂੰ ਫੜਿਆ | ਜਿਹੜਾ ਫੜਿਆ ਗਿਆ ਉਹ ਸ਼ੈਤਾਨ ਕਾਹਦਾ,ਉਹ ਤੇ ਭੋਲਾ ਹੋਇਆ ਫਿਰ... | ਲੜਕੇ ਦੇ ਪਿਤਾ ਦੇ ਬੋਲ ਸੁਣ ਕੇ ਇਕ ਦਮ ਦਫ਼ਤਰ ਵਿਚ ਚੁੱਪ ਪਸਰ ਗਈ | ਨਿਮਾਣਾ ਉਥੇ ਬੈਠਾ ਕਮਜ਼ੋਰ ਨਜ਼ਰ ਨਾਲ ਵਿਦਿਆਰਥੀ ਦੇ ਚਿਹਰੇ 'ਤੇ ਆਈਆਂ ਤਰੇਲੀਆਂ ਅਤੇ ਨਕਲ ਮਾਰਦਿਆਂ ਫੜਨ ਵਾਲੇ ਦੇ ਚਿਹਰੇ 'ਤੇ ਪਈਆਂ ਤਿਊੜੀਆਂ ਵੱਲ ਝਾਕਦਾ ਬੋਲਿਆ,ਚਲੋ ਸਰ ਜੀ ਹੁਣ ਮੁਆਫ਼ ਕਰ ਦਿਓ ਬੱਚੇ ਨੂੰ | ਇਸ ਨੂੰ ਸਮਝਾਓ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਕਰੇ | ਪਰ ਜਾਂਦੇ ਹੋਏ ਨਿਮਾਣੇ ਦੇ ਮਨ ਵਿਚ ਸ਼ੈਤਾਨ ਦੀ ਪਰਿਭਾਸ਼ਾ ਲੱਭਣ ਲਈ ਸੁਆਲ ਜੁਆਬ ਚਲਦੇ ਗਏ ਕਿ ਸੱਚਮੁਚ ਬੱਚਾ ਸ਼ੈਤਾਨ ਸੀ ਜਾਂ...?

-477/21, ਕਿਰਨ ਕਾਲੋਨੀ, ਬਾਈ ਪਾਸ ਗੁਮਟਾਲਾ ਅੰਮਿ੍ਤਸਰ-143008. ਮੋਬਾਈਲ : 98555-12677.

ਸਰਕਾਰੀ ਛੁੱਟੀ

ਤਕਰੀਬਨ ਤਿੰਨ ਦਿਨਾਂ ਦੀਆਂ ਛੁੱਟੀਆਂ ਉਪਰੰਤ ਦੋ ਦਿਨਾਂ ਲਈ ਸਕੂਲ ਖੁੱਲ੍ਹੇ ਸਨ ਕਿ ਸਰਕਾਰ ਨੇ ਦੇਰ ਸ਼ਾਮ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ | ਅਚਾਨਕ ਹੋਏ ਛੁੱਟੀ ਦੇ ਐਲਾਨ ਦੀ ਖ਼ਬਰ ਅਧਿਆਪਕਾਂ ਦੇ ਵਟਸਅਪ ਗਰੁੱਪਾਂ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ | ਛੁੱਟੀ ਦੀ ਖੁਸ਼ੀ ਵਿਚ ਖੀਵੀ ਹੋਈ ਮੈਡਮ ਪੂਨਮ ਨੇ ਆਪਣੇ ਸਾਰੇ ਸਟਾਫ਼ ਮੈਂਬਰਾਂ ਅਤੇ ਪਿੰ੍ਰਸੀਪਲ ਨੂੰ ਛੁੱਟੀ ਵਾਲਾ ਪੱਤਰ ਵਟਸਅਪ ਕਰਨ ਦੇ ਨਾਲ-ਨਾਲ ਪਿੰ੍ਰਸੀਪਲ ਨੂੰ ਫੋਨ ਵੀ ਕਰ ਲਿਆ, 'ਮੈਡਮ ਜੀ ਸਾਸਰੀਕਾਲ | ਮੈਂ ਤਾਂ ਥੋਨੂੰ ਦਿਨੇ ਹੀ ਕਿਹਾ ਸੀ, ਬਈ ਕੱਲ੍ਹ ਦੀ ਛੁੱਟੀ ਹੋਊਗੀ ਲਾਜ਼ਮੀ... ਆਦਿ-ਆਦਿ |' ਪੂਨਮ ਨੇ ਹਾਲੇ ਫੋਨ ਕੱਟਿਆ ਹੀ ਸੀ ਕਿ ਵਟਸਅਪ ਮੈਸੇਜ ਦੀ ਨੋਟੀਫਿਕੇਸ਼ਨ ਆ ਗਈ | ਉਸ ਨੇ ਵਟਸਅਪ ਖੋਲਿ੍ਹਆ ਤਾਂ ਸ਼ਹਿਰ ਦੇ ਮਹਿੰਗੇ ਸਕੂਲ ਵਿਚ ਤੀਜੀ ਜਮਾਤ ਵਿਚ ਪੜ੍ਹਦੇ ਉਸ ਦੇ ਬੇਟੇ ਦੇ ਸਕੂਲ ਵਲੋਂ ਕੱਲ੍ਹ ਦੀ ਛੁੱਟੀ ਦਾ ਮੈਸੇਜ ਸੀ | ਮੈਸੇਜ ਪੜ੍ਹਦਿਆਂ ਹੀ ਪੂਨਮ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪੁੱਜ ਗਿਆ | ਉਸ ਨੇ ਫਟਾਫਟ ਪਿੰ੍ਰਸੀਪਲ ਨੂੰ ਫੋਨ ਮਿਲਾਇਆ, 'ਮੈਡਮ ਜੀ ਆਹ ਕੀ? ਤੁਸੀਂ ਵੀ ਸਰਕਾਰੀ ਸਕੂਲਾਂ ਵਾਂਗ ਛੁੱਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ | ਜੇ ਬੱਚਿਆਂ ਨੂੰ ਇਸੇ ਤਰ੍ਹਾਂ ਛੁੱਟੀਆਂ ਹੁੰਦੀਆਂ ਰਹੀਆਂ ਤਾਂ ਇਹ ਪੜ੍ਹ ਚੁੱਕੇ | ਥੋਨੂੰ ਪਤਾ ਵੀ ਆ ਕਿ ਇਕ ਦਿਨ ਨਾਲ ਮੇਰੇ ਬੱਚੇ ਦੀ ਪੜ੍ਹਾਈ ਕਿੰਨੀ ਪਿੱਛੇ ਪੈ ਜਾਣੀ ਆ? ਪੜ੍ਹਾਈ ਤੋਂ ਲਿੰਕ ਟੁੱਟ ਜਾਣਾ ਇਹਦਾ... ਆਦਿ-ਆਦਿ |'

-ਗਲੀ ਨੰ: 1, ਸ਼ਕਤੀ ਨਗਰ, ਬਰਨਾਲਾ |
ਮੋਬਾਈਲ : 98786-05965.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX