ਤਾਜਾ ਖ਼ਬਰਾਂ


ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  12 minutes ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  30 minutes ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  about 1 hour ago
ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ ਜਾਣ ਦੇ ਫ਼ੈਸਲੇ ਦਾ ਸਵਾਗਤ ...
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  about 1 hour ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਜ਼ਿਲ੍ਹੇ 'ਚ ਮੌਜੂਦ ਸਾਰੇ ਮੰਤਰੀਆਂ ਨੂੰ ਰਾਹਤ ਅਤੇ ਬਚਾਅ...
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  about 1 hour ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਦੇਵੀਪਟਨਮ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ 61 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਗੋਦਾਵਰੀ ....
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਗੁਆਟੇਮਾਲਾ ਸਿਟੀ, 15 ਸਤੰਬਰ- ਗੁਆਟੇਮਾਲਾ ਦੇ ਨੁਏਵਾ ਕੰਸੈਪਸ਼ਨ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  about 1 hour ago
ਲਖਨਊ, 15 ਸਤੰਬਰ- ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇਸ਼...
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  about 2 hours ago
ਜਲਾਲਾਬਾਦ/ਮੰਡੀ ਘੁਬਾਇਆ, 15 ਸਤੰਬਰ (ਕਰਨ ਚੁਚਰਾ, ਅਮਨ ਬਵੇਜਾ)- ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ 2022 ਦੀਆਂ ਚੋਣਾਂ ਉਹ ਫਿਰ ...
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  about 2 hours ago
ਮੁੰਬਈ, 15 ਸਤੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਕਸ਼ਮੀਰ ਮਸਲੇ 'ਤੇ ਭਾਰਤ-ਪਾਕਿ ਤਣਾਅ ਵਿਚਾਲੇ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ। ਪਵਾਰ ਨੇ ਕਿਹਾ,''ਮੈਂ ਪਾਕਿਸਤਾਨ ਦੇ ਦੌਰੇ 'ਤੇ...
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  about 1 hour ago
ਲਖਨਊ, 15 ਸਤੰਬਰ- ਪ੍ਰਯਾਗਰਾਜ 'ਚ ਇੱਕ ਪਟਾਕਾ ਕਾਰੋਬਾਰੀ ਦੇ ਘਰ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ ਜਿਸ ਇੱਕ ਵਿਅਕਤੀ ਦੀ ਮੌਤ...
ਹੋਰ ਖ਼ਬਰਾਂ..

ਲੋਕ ਮੰਚ

ਬੇਲੋੜਾ ਕਰਜ਼ਾ ਚੁੱਕਣਾ, ਖ਼ੁਦਕੁਸ਼ੀ ਵੱਲ ਜਾਂਦਾ ਰਾਹ

ਪਿਛਲੇ ਕਾਫੀ ਸਮੇਂ ਤੋਂ ਆੜ੍ਹਤੀਏ ਜਾਂ ਬੈਂਕ ਤੋਂ ਲਏ ਕਰਜ਼ੇ ਦੇ ਸਮਾਂ ਪਾ ਕੇ ਜ਼ਿਆਦਾ ਵਧਣ ਕਰਕੇ ਖ਼ੁਦਕੁਸ਼ੀਆਂ ਹੋ ਰਹੀਆਂ ਹਨ। ਭਾਵੇਂ ਕੁਝ ਲੋਕ ਕਰਜ਼ਾ ਆਪਣੀਆਂ ਲੋੜਾਂ ਮੁਤਾਬਕ ਹੀ ਲੈਂਦੇ ਹਨ ਪਰ ਖ਼ੁਦਕੁਸ਼ੀਆਂ ਹੋਣ ਦਾ ਵੱਡਾ ਕਾਰਨ ਬੇਲੋੜਾ ਕਰਜ਼ਾ ਹੀ ਹੈ। ਅਸੀਂ 'ਚਾਦਰ ਦੇਖ ਕੇ ਪੈਰ ਪਸਾਰਨ' ਵਾਲੀ ਕਹਾਵਤ ਨੂੰ ਭੁੱਲ ਕੇ ਕਰਜ਼ੇ ਵਜੋਂ ਚੁੱਕੇ ਪੈਸਿਆਂ ਨੂੰ ਘਰ ਬਣਾਉਣ ਜਾਂ ਵਿਆਹ ਸ਼ਾਦੀਆਂ, ਭੋਗਾਂ 'ਤੇ ਫਜ਼ੂਲ ਖਰਚੀ ਕਰਨ ਲਈ ਵਰਤ ਦਿੰਦੇ ਹਾਂ। ਸਮਾਂ ਪਾ ਕੇ ਬੈਂਕ ਵਲੋਂ ਲਿਆ ਕਰਜ਼ਾ ਵਿਆਜ ਪੈਣ ਕਰਕੇ ਜ਼ਿਆਦਾ ਹੋ ਜਾਂਦਾ ਹੈ, ਜਿਸ ਨੂੰ ਕਰਜ਼ਦਾਰ ਮੋੜਨ ਤੋਂ ਅਸਮਰੱਥ ਹੁੰਦਾ ਹੈ। ਇਸ ਕਰਕੇ ਬੈਂਕਾਂ ਤੇ ਆੜ੍ਹਤੀਆਂ ਵਲੋਂ ਤੰਗ-ਪ੍ਰੇਸ਼ਾਨ ਕਰਨ, ਸਮਾਜ ਵਿਚ ਹੋਣ ਵਾਲੀ ਆਪਣੀ ਬੇਇੱਜ਼ਤੀ ਤੇ ਘਰ ਦੇ ਕਲੇਸ਼ ਤੋਂ ਤੰਗ ਆ ਕੇ ਉਸ ਨੂੰ ਇਕੋ ਹੀ ਰਾਹ ਦਿਸਦਾ ਹੈ... ਖ਼ੁਦਕੁਸ਼ੀ। ਪਿਛਲੇ ਕਾਫੀ ਸਮੇਂ ਤੋਂ ਸਰਕਾਰਾਂ ਵਲੋਂ ਵੋਟਾਂ ਬਟੋਰਨ ਖਾਤਰ ਕਰਜ਼ਾ ਮੁਆਫ਼ੀ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ, ਜਿਸ ਕਰਕੇ ਬਹੁਤ ਸਾਰੇ ਕਿਸਾਨਾਂ ਦਾ ਸਹਿਕਾਰੀ ਤੇ ਕਮਰਸ਼ੀਅਲ ਬੈਂਕਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਪਰ ਇਸ ਕਰਜ਼ਾ ਮੁਆਫ਼ੀ ਨਾਲ ਕਿਸਾਨਾਂ ਦਾ ਭਲਾ ਹੋਣ ਵਾਲਾ ਨਹੀਂ। ਲੋਕ ਅੱਜ ਵੀ ਬੇਲੋੜਾ ਕਰਜ਼ਾ ਚੁੱਕ ਰਹੇ ਹਨ ਤੇ ਇਸ ਸੋਚ ਵਿਚ ਹਨ ਕਿ 'ਆਪਾਂ ਕਿਹੜਾ ਇਹ ਕਰਜ਼ਾ ਮੋੜਨਾ ਹੈ, ਕਦੇ ਨਾ ਕਦੇ ਸਰਕਾਰ ਆਪੇ ਮੁਆਫ਼ ਕਰ ਦਊ।' ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਗੰਭੀਰ ਹੋ ਰਹੀ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਤਾਂ ਕਿ ਫਿਰ ਕਦੇ ਕੋਈ ਕਿਸਾਨ ਖੁਦਕੁਸ਼ੀ ਨਾ ਕਰੇ। ਕਰਜ਼ਾ ਜਿਸ ਕੰਮ ਲਈ ਲਿਆ ਜਾਵੇ, ਉਸੇ ਕੰਮ ਲਈ ਹੀ ਵਰਤਿਆ ਜਾਵੇ। ਦੇਖੋ-ਦੇਖੀ ਇਕ-ਦੂਜੇ ਤੋਂ ਵਧ ਕੇ ਵਿਆਹ-ਸ਼ਾਦੀਆਂ ਤੇ ਭੋਗਾਂ 'ਤੇ ਲੋੜੋਂ ਵੱਧ ਖਰਚ ਕਰਨ, ਟਰੈਕਟਰ ਖਰੀਦਣ, ਦੂਜਿਆਂ ਤੋਂ ਵੱਡੀਆਂ ਕੋਠੀਆਂ ਪਾਉਣ, ਲੜਕੇ ਲੜਕੀ ਨੂੰ ਵਿਦੇਸ਼ ਭੇਜਣ ਲਈ ਬੇਲੋੜਾ ਕਰਜ਼ਾ ਚੁੱਕਣਾ ਕੋਈ ਅਕਲਮੰਦੀ ਨਹੀਂ। ਬੇਲੋੜਾ ਕਰਜ਼ਾ ਚੁੱਕਣਾ ਅੱਡੀਆਂ ਚੁੱਕ ਕੇ ਫਾਹਾ ਲੈਣ ਦੇ ਬਰਾਬਰ ਹੈ। ਫੋਕੀ ਸ਼ਾਨ ਬਣਾਉਣ ਤੇ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਦੀ ਆਸ ਲਾਈ ਅੱਜ ਪੰਜਾਬੀ ਕਰਜ਼ਾਈ ਹੋਣ ਨੂੰ ਤਰਜੀਹ ਦੇ ਰਿਹਾ ਹੈ। ਹਰ ਆਮ -ਖਾਸ ਵਿਅਕਤੀ ਨੂੰ ਬੇਨਤੀ ਹੈ ਕਿ ਬੇਲੋੜਾ ਕਰਜ਼ਾ ਨਾ ਚੁੱਕਿਆ ਜਾਵੇ। ਬੈਂਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੋਚ-ਸਮਝ ਕੇ ਹੀ ਕਰਜ਼ੇ ਵੰਡਣ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਬੈਂਕਾਂ ਦੇ ਜਾਲ ਵਿਚੋਂ ਨਿਕਲ ਕੇ ਸਹਿਕਾਰੀ ਬੈਂਕਾਂ ਨਾਲ ਜੁੜਨ, ਖੇਤੀ ਦਾ ਕੰਮ ਹੱਥੀਂ ਕਰਨ, ਬੇਲੋੜਾ ਖਰਚਾ ਘੱਟ ਕਰਨ, ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਣਾਉਣ ਤਾਂ ਕਿ ਜਦੋਂ ਕਦੇ ਕੁਦਰਤੀ ਆਫ਼ਤ ਕਾਰਨ ਫ਼ਸਲ ਬਰਬਾਦ ਹੋ ਜਾਵੇ ਤਾਂ ਇਨ੍ਹਾਂ ਸਹਾਇਕ ਧੰਦਿਆਂ ਨਾਲ ਪਰਿਵਾਰ ਦਾ ਗੁਜ਼ਾਰਾ ਚਲਦਾ ਰਹੇ। ਔਰਤਾਂ ਨੂੰ ਵੀ ਚਾਹੀਦਾ ਹੈ ਉਹ ਸਹਿਕਾਰਤਾ ਲਹਿਰ ਤਹਿਤ ਚਲਾਏ ਜਾ ਰਹੇ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰਨ। ਪੀ.ਏ.ਯੂ ਵਲੋਂ ਚਲਾਈ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਵਾਲੀ ਲਹਿਰ ਦਾ ਹਿੱਸਾ ਬਣ ਕੇ ਬੇਲੋੜਾ ਕਰਜ਼ਾ ਚੁੱਕਣ ਤੇ ਵਾਧੂ ਖਰਚ ਕਰਨ ਤੋਂ ਬਚਿਆ ਜਾਵੇ। ਆਓ ਅਸੀਂ ਸਾਰੇ ਪੰਜਾਬੀ ਆਪਣੀ ਝੂਠੀ ਹਉਮੈ ਤੇ ਵਿਖਾਵੇ ਦੀ ਰੁਚੀ ਤਿਆਗ ਕੇ ਸਾਦੇ ਵਿਆਹਾਂ ਤੇ ਭੋਗਾਂ ਦੀਆਂ ਰਸਮਾਂ ਅਪਣਾਈਏ, ਤਾਂ ਹੀ ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਬੈਂਕਾਂ ਤੇ ਆੜ੍ਹਤੀਆਂ ਦਾ ਕਰਜ਼ਾ ਮੋੜ ਕੇ ਫਿਰ ਤੋਂ ਖੁਸ਼ਹਾਲ ਜ਼ਿੰਦਗੀ ਜਿਊਣ ਦੇ ਰਾਹ ਪੈ ਸਕੇਗਾ ਤੇ ਬੇਫ਼ਿਕਰੀ ਭਰਿਆ ਤੇ ਸ਼ਾਂਤਮਈ ਜੀਵਨ ਬਤੀਤ ਕਰ ਸਕੇਗਾ।

-ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਕੁਦਰਤ ਦਾ ਸੰਤੁਲਨ ਵਿਗਾੜਦੀ ਹੈ ਕੀਟਨਾਸ਼ਕਾਂ ਦੀ ਕੁਚੱਜੀ ਵਰਤੋਂ

ਕੁਦਰਤ ਦੇ ਨਿਯਮ ਕਰੋੜਾਂ ਸਾਲਾਂ ਵਿਚ ਆਪਣੇ-ਆਪ ਬਣਦੇ ਹਨ। ਇਹ ਨਿਯਮ ਆਪਣੇ-ਆਪ ਵਿਚ ਸੰਪੂਰਨ ਹਨ ਪਰ ਅੱਜ ਆਦਮੀ ਨੇ ਆਪਣੀ ਪੈਸੇ ਦੀ ਹਵਸ ਕਾਰਨ ਕੁਦਰਤ ਦੇ ਇਨ੍ਹਾਂ ਨਿਯਮਾਂ ਵਿਚ ਖਲਲ ਪਾ ਦਿੱਤਾ ਹੈ। ਇਸੇ ਲਈ ਉਸ ਨੂੰ ਕਈ ਤਰ੍ਹਾਂ ਦੀਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਤੀ 'ਤੇ ਜੀਵਨ ਪੈਦਾ ਹੋਏ ਨੂੰ ਕਰੋੜਾਂ ਸਾਲ ਹੋ ਗਏ ਹਨ। ਕੀੜੇ-ਮਕੌੜੇ ਮਨੁੱਖ ਤੋਂ ਕਰੋੜਾਂ ਸਾਲ ਪਹਿਲਾਂ ਪੈਦਾ ਹੋਏ ਪਰ ਕੀਟਨਾਸ਼ਕ ਦਵਾਈਆਂ ਦੀ ਖੋਜ ਤਾਂ 4-5 ਦਹਾਕੇ ਪਹਿਲਾਂ ਹੀ ਹੋਈ ਹੈ, ਫਿਰ ਹੁਣ ਤੱਕ ਤਾਂ ਇਹ ਸਾਰੀ ਧਰਤੀ ਕੀੜੇ-ਮਕੌੜਿਆਂ ਨਾਲ ਭਰ ਜਾਣੀ ਚਾਹੀਦੀ ਸੀ। ਪਰ ਇਸ ਤਰ੍ਹਾਂ ਹੋਇਆ ਨਹੀਂ। ਕੁਦਰਤ ਵਿਚ ਇਕ ਸੰਤੁਲਨ ਬਣਿਆ ਹੋਇਆ ਹੈ। ਜੇ ਚੂਹੇ ਹਨ ਤਾਂ ਉਨ੍ਹਾਂ ਨੂੰ ਖਾਣ ਲਈ ਸੱਪ ਅਤੇ ਬਿੱਲੀਆਂ ਜਿਹੇ ਮਾਸਾਹਾਰੀ ਜਾਨਵਰ ਹਨ। ਸੱਪਾਂ ਨੂੰ ਮਾਰਨ ਵਾਲੇ ਨਿਉਲੇ, ਮੋਰ ਅਤੇ ਝਹੇ ਜਿਹੇ ਜਾਨਵਰ ਹਨ। ਜੇ ਪੰਛੀਆਂ (ਚਿੜੀਆਂ ਜਨੌਰਾਂ) ਨੂੰ ਅਗਾਂਹ ਖਾਣ ਵਾਲੇ ਹੋਰ ਪੰਛੀ ਕੋਚਰ, ਸ਼ਿਕਰੇ ਅਤੇ ਬਾਜ ਆਦਿ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਪੰਛੀਆਂ ਨਾਲ ਹੀ ਭਰ ਜਾਣੀ ਸੀ ਪਰ ਕੁਦਰਤ ਦੇ ਨਿਜ਼ਾਮ ਦਾ ਆਪਣਾ ਹੀ ਇਕ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜਦ ਵਿਗਿਆਨੀ ਪਾਲ ਮੂਲਰ ਨੇ 1948 ਵਿਚ ਡੀ.ਡੀ.ਟੀ. ਦੀ ਕਾਢ ਕੱਢੀ ਤਾਂ ਪੂਰੀ ਦੁਨੀਆ ਵਿਚ ਬੱਲੇ-ਬੱਲੇ ਹੋ ਗਈ ਕਿ ਹੁਣ ਧਰਤੀ 'ਤੇ ਕੋਈ ਖਤਰਨਾਕ ਕੀਟ ਨਹੀਂ ਰਹੇਗਾ। ਉਸ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ। ਜਦ ਇਸ ਦੀ ਸਪਰੇਅ ਕਾਰਨ ਅਮਰੀਕਾ ਦੀਆਂ ਸੁੰਦਰ ਵਾਦੀਆਂ 'ਚ ਪੰਛੀ ਹੀ ਚਹਿਕਣੋ ਹਟ ਗਏ (ਸਾਰੇ ਮਰ ਗਏ) ਤਾਂ ਲੋਕ ਡੀ.ਡੀ.ਟੀ. ਦਾ ਵਿਰੋਧ ਕਰਨ ਲੱਗੇ ਅਤੇ ਪਾਲ ਮੂਲਰ ਨੂੰ ਦਿੱਤਾ ਨੋਬਲ ਇਨਾਮ ਵਾਪਸ ਲੈਣ ਦੀ ਮੰਗ ਕਰਨ ਲੱਗੇ। ਅਖੀਰ 1970 ਵਿਚ ਅਮਰੀਕਾ ਨੂੰ ਡੀ.ਡੀ .ਟੀ. 'ਤੇ ਪਾਬੰਦੀ ਲਾਉਣੀ ਪਈ। ਉਨ੍ਹਾਂ ਇਹ ਜ਼ਹਿਰ ਸਾਡੇ ਦੇਸ਼ ਵਿਚ ਭੇਜ ਦਿੱਤਾ ਤਾਂ ਕਿ ਭਾਰਤ 'ਚੋਂ ਮੱਛਰ ਦਾ ਖਾਤਮਾ ਹੋ ਸਕੇ, ਪਰ ਹੋਇਆ ਕੀ? 30 ਸਾਲ ਦੀ ਸਪਰੇਅ ਤੋਂ ਬਾਅਦ ਮੱਛਰ ਹੋਰ ਵੀ ਤਾਕਤਵਰ (ਸਹਿਣਸ਼ੀਲ) ਹੋ ਗਿਆ। ਹੁਣ ਇਹ ਖਤਰਨਾਕ ਕੀਟਨਾਸ਼ਕਾਂ ਨਾਲ ਵੀ ਨਹੀਂ ਮਰਦਾ। ਫਿਰ ਸਿਹਤ ਵਿਭਾਗ ਕੰਧਾਂ 'ਤੇ ਲਿਖਣ ਲੱਗ ਪਿਆ 'ਮੱਛਰ ਰਹੇਗਾ, ਮਲੇਰੀਆ ਨਹੀਂ।' ਹੁਣ ਮੋਟਾ ਮੱਛਰ ਆਦਮੀ ਦੇ ਕੰਨਾਂ ਕੋਲ ਭੀਂ-ਭੀਂ ਕਰਕੇ ਉਸ ਦੀ ਕੱਢੀ ਕਾਢ ਡੀ.ਡੀ.ਟੀ. ਦਾ ਮਜ਼ਾਕ ਉਡਾਉਂਦਾ ਹੈ। ਸਤੰਬਰ ਮਹੀਨੇ ਜਦ ਝੋਨਾ ਪੱਕਣ ਦੇ ਨੇੜੇ ਆਉਂਦਾ ਹੈ ਤਾਂ ਮੱਕੜੀ ਝੋਨੇ ਉਪਰ ਜਾਲ ਬੁਣ ਲੈਂਦੀ ਹੈ। ਇਸ ਤਰ੍ਹਾਂ ਮੱਛਰ ਕੁਦਰਤੀ ਤੌਰ 'ਤੇ ਹੀ ਮਕੜੀ ਨੇ ਖਤਮ ਕਰ ਦੇਣਾ ਹੁੰਦਾ ਹੈ ਪਰ ਕਿਸਾਨ ਕੀਟਨਾਸ਼ਕਾਂ ਦੀ ਸਪਰੇਅ ਕਰ ਦਿੰਦੇ ਹਨ, ਜਿਸ ਨਾਲ ਸਭ ਤੋਂ ਪਹਿਲਾਂ ਮੱਛਰ ਨੂੰ ਮਾਰਨ ਵਾਲੀ ਮਕੜੀ ਹੀ ਮਰਦੀ ਹੈ। ਇਸੇ ਤਰ੍ਹਾਂ ਸਰਬਪੱਖੀ ਕੀਟ ਕੰਟਰੋਲ ਕੁਦਰਤ ਆਪ ਕਰਦੀ ਹੈ ਪਰ ਇਨਸਾਨ ਕੁਦਰਤ ਦੇ ਨਿਯਮਾਂ ਵਿਚ ਦਖਲ ਦੇ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਬਹੁਕੌਮੀ ਕੰਪਨੀਆਂ ਦਾ ਬੁਣਿਆ ਮੁਨਾਫ਼ਾ ਜਾਲ ਆਦਮੀ ਨੂੰ ਹਮੇਸ਼ਾ ਕੁਦਰਤ ਤੋਂ ਦੂਰ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਜ਼ਹਿਰਾਂ ਦੇ ਛਿੜਕਾਅ ਕਰਕੇ ਕੁਦਰਤ ਦੀ ਕਰੋਪੀ ਨਾ ਸਹੇੜੀਏ ਅਤੇ ਕੁਦਰਤ ਨਾਲ ਇਕਮਿੱਕ ਹੋ ਕੇ ਸਰਬਪੱਖੀ ਕੀਟ ਪ੍ਰਬੰਧ ਅਪਣਾਉਣ ਦੀ ਕੋਸ਼ਿਸ਼ ਕਰੀਏ।

-ਵਿਨੀਪੈੱਗ, ਕੈਨੇਡਾ। ਫੋਨ : 431-374-6646

ਸੱਭਿਅਕ ਫ਼ਿਲਮਾਂ ਰਾਹੀਂ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਵਿਕਾਸ

ਅੱਜਕਲ੍ਹ ਦੇ ਬੱਚਿਆਂ ਅਤੇ ਨੌਜਵਾਨ ਉਮਰ ਦੇ ਇਨਸਾਨਾਂ ਦਾ ਰਹਿਣ- ਸਹਿਣ ਦਾ ਢੰਗ ਅਤੇ ਬੋਲ-ਚਾਲ ਦਾ ਢੰਗ ਮਾਪਿਆਂ ਲਈ ਕਾਫ਼ੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਰੀਸੋ-ਰੀਸ ਬੇਕਦਰੀ ਅਤੇ ਬੇਪ੍ਰਵਾਹੀ ਵਾਲੀ ਜ਼ਿੰਦਗੀ ਜਿਊਣ ਦੀ ਹੋੜ ਅਜੋਕੀ ਪੀੜ੍ਹੀ ਵਿਚ ਵਿਕਸਿਤ ਹੋ ਰਹੀ ਹੈ ਅਤੇ ਸਿਆਣੇ ਬੰਦੇ ਜਾਂ ਬਜ਼ੁਰਗਾਂ ਦੀਆਂ ਸਲਾਹਾਂ ਨੂੰ ਨਾ ਮੰਨਣਾ ਅਤੇ ਆਪਣੀ ਮਨਮਰਜ਼ੀ ਨਾਲ ਜੀਵਨ ਜਿਊਣਾ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਵਾਤਾਵਰਨ ਦੀ ਸੁਰੱਖਿਆ ਬਾਰੇ ਵੀ ਬਹੁਤਾ ਫ਼ਿਕਰ ਨਹੀਂ ਤੇ ਨਾ ਹੀ ਸਮਾਜ ਦੀ ਪ੍ਰਵਾਹ ਰਹੀ ਹੈ। ਅਜੋਕੀ ਨੌਜਵਾਨ ਪੀੜ੍ਹੀ ਉੱਪਰ ਟੀ.ਵੀ. ਅਤੇ ਸਿਨੇਮਾ ਦਾ ਬਹੁਤ ਪ੍ਰਭਾਵ ਹੈ। ਅੱਜਕਲ੍ਹ ਇੰਟਰਨੈੱਟ ਅਤੇ ਸੋਸ਼ਲ ਮੀਡਿਆ ਵੀ ਬੱਚਿਆਂ, ਕਿਸ਼ੋਰਾਂ ਅਤੇ ਨੌਜਵਾਨਾਂ ਦੇ ਸੁਭਾਅ ਅਤੇ ਆਦਤਾਂ 'ਤੇ ਕਾਫ਼ੀ ਪ੍ਰਭਾਵ ਪਾ ਰਿਹਾ ਹੈ। ਉਹ ਜੋ ਕੁਝ ਵੀ ਦੇਖਦੇ ਹਨ, ਉਸੇ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਦੇ ਹਨ। ਜਿੱਥੇ ਅੱਜਕਲ੍ਹ ਚੱਕਵੇਂ ਗਾਣੇ ਅਤੇ ਅਸ਼ਲੀਲਤਾ ਭਰਪੂਰ ਫ਼ਿਲਮਾਂ ਦਾ ਨਾਕਾਰਾਤਮਿਕ ਪ੍ਰਭਾਵ ਕਿਸ਼ੋਰ ਮਨਾਂ ਉੱਪਰ ਪੈਂਦਾ ਹੈ, ਉਥੇ ਦੂਜੇ ਪਾਸੇ ਕੁਝ ਅਜਿਹੇ ਨੈਤਿਕ ਗਾਣੇ ਅਤੇ ਫ਼ਿਲਮਾਂ ਵੀ ਬਣ ਰਹੀਆਂ ਹਨ, ਜੋ ਸਮਾਜ ਨੂੰ ਇਕ ਵਧੀਆ ਸੁਨੇਹਾ ਦਿੰਦੀਆਂ ਹਨ ਅਤੇ ਨੌਜਵਾਨ ਮਨਾਂ 'ਤੇ ਸਾਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਅਜਿਹੀਆਂ ਫ਼ਿਲਮਾਂ ਅਤੇ ਗਾਣੇ ਗਿਣਤੀ ਵਿਚ ਤਾਂ ਘੱਟ ਹੁੰਦੇ ਹਨ ਅਤੇ ਲੋਕਾਂ ਦੇ ਵਿਊਜ਼ ਵੀ ਇਨ੍ਹਾਂ ਲਈ ਘੱਟ ਹੁੰਦੇ ਹਨ ਪਰ ਇਹ ਮਨਾਂ 'ਤੇ ਡੂੰਘੀ ਛਾਪ ਛੱਡਦੇ ਹਨ। ਅੱਜਕਲ੍ਹ ਵੀ ਕਈ ਨੈਤਿਕ ਅਤੇ ਸੱਭਿਅਕ ਪੰਜਾਬੀ ਫ਼ਿਲਮਾਂ ਅਤੇ ਗੀਤ ਬਣ ਰਹੇ ਹਨ, ਜੋ ਸਾਡੀ ਜੀਵਨ ਜਾਚ ਨੂੰ ਵਧੀਆ ਬਣਾਉਣ ਵਿਚ ਯੋਗਦਾਨ ਪਾਉਂਦੀਆਂ ਹਨ। ਅਜਿਹੀਆਂ ਪਰਿਵਾਰਕ ਫ਼ਿਲਮਾਂ ਦੀਆਂ ਕਹਾਣੀਆਂ ਤੋਂ ਇੰਜ ਜਾਪਦਾ ਹੈ ਕਿ ਆਮ ਤੌਰ 'ਤੇ ਸਭ ਦੀ ਕਹਾਣੀ ਹੀ ਹੈ। ਜਿੱਥੇ ਇਨ੍ਹਾਂ ਵਿਚ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਦਾ ਉਦੇਸ਼ ਪੂਰਾ ਹੁੰਦਾ ਹੈ, ਉਥੇ ਇਕ ਮਾਂ ਦਾ ਸਥਾਨ ਅਤੇ ਵਿਸ਼ਵਾਸ ਬਹੁਤ ਬਲਵਾਨ ਦਿਖਾਇਆ ਜਾਂਦਾ ਹੈ। ਇਹ ਵੀ ਦਿਖਾਇਆ ਜਾਂਦਾ ਹੈ ਕਿ ਕਿਸੇ ਭੋਲੇ-ਭਾਲੇ ਇਨਸਾਨ ਦਾ ਮਜ਼ਾਕ ਬਣਾਉਣਾ ਚੁਸਤ-ਚਲਾਕ ਕਿਸਮ ਦੇ ਬੰਦਿਆਂ ਨੂੰ ਅਖੀਰ ਮਹਿੰਗਾ ਪੈਂਦਾ ਹੈ ਅਤੇ ਸਵਾਰਥੀ ਲੋਕ ਜੋ ਆਪਣੇ-ਆਪ ਨੂੰ ਬਹੁਤ ਸਿਆਣੇ ਸਮਝਦੇ ਹਨ, ਉਨ੍ਹਾਂ ਨੂੰ ਵੀ ਇਹ ਸੋਝੀ ਹੋਣੀ ਚਾਹੀਦੀ ਹੈ ਕਿ ਦਿਲ ਦੇ ਸਾਫ਼-ਸੱਚੇ ਇਨਸਾਨ ਪਾਗਲ ਨਹੀਂ ਹੁੰਦੇ, ਬਸ ਉਨ੍ਹਾਂ ਵਿਚ ਵਲ-ਛਲ ਅਤੇ ਧੋਖਾ ਨਹੀਂ ਹੁੰਦਾ। ਸਮਾਜ ਦੀਆਂ ਸਭ ਧੀਆਂ ਨੂੰ ਵੀ ਇਨ੍ਹਾਂ ਰਾਹੀਂ ਸੁਨੇਹਾ ਮਿਲਦਾ ਰਹਿੰਦਾ ਹੈ ਕਿ ਬਾਬੁਲ ਦੀ ਅਣਖ-ਇੱਜ਼ਤ ਨੂੰ ਕਦੇ ਦਾਗ ਨਹੀਂ ਲਾਉਣਾ ਚਾਹੀਦਾ। ਸਮਾਜਿਕ ਬੁਰਾਈਆਂ, ਮਾਂ-ਬਾਪ ਦਾ ਤ੍ਰਿਸਕਾਰ, ਲਾਲਚ, ਸਵਾਰਥ, ਨਸ਼ੇ, ਅੱਲੜ੍ਹ ਉਮਰ ਵਿਚ ਭਟਕ ਜਾਣਾ ਇਨ੍ਹਾਂ ਸਭ ਗੱਲਾਂ 'ਤੇ ਗਹਿਰਾਈ ਨਾਲ ਚਾਨਣਾ ਪਾ ਕੇ ਇਸ ਦੇ ਨਤੀਜੇ ਅਤੇ ਬਾਕੀ ਬਚੇ ਪਛਤਾਵੇ ਨੂੰ ਦਿਖਾਇਆ ਜਾਂਦਾ ਹੈ, ਜੋ ਕਿ ਸਮਾਜ ਨੂੰ ਸਹੀ ਸੇਧ ਦੇਣ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਜੇਕਰ ਅਜਿਹੀਆਂ ਹੀ ਨੈਤਿਕਤਾ ਭਰਪੂਰ ਫ਼ਿਲਮਾਂ ਅਤੇ ਗਾਣੇ ਨਿਰਮਾਤਾਵਾਂ ਵਲੋਂ ਪੇਸ਼ ਕੀਤੇ ਜਾਣ ਤਾਂ ਨੌਜਵਾਨ ਪੀੜ੍ਹੀ ਸਿੱਧੇ ਰਾਹ ਪਾਵੇਗੀ, ਨਹੀਂ ਤਾਂ ਖੜਕਾ-ਦੜਕਾ, ਲੜਾਈ-ਝਗੜਾ, ਬੇਲੋੜਾ ਫ਼ੈਸ਼ਨ, ਨਸ਼ੇ, ਵੰਨ-ਸੁਵੰਨੇ ਵਾਲਾਂ ਦੇ ਡਿਜ਼ਾਈਨ, ਲੜਕੀਆਂ ਦਾ ਸ਼ੋਸ਼ਣ ਆਦਿ ਗੱਲਾਂ ਤਾਂ ਉਹ ਅਪਣਾ ਹੀ ਰਹੇ ਹਨ। ਦੂਜੇ ਪਾਸੇ ਨੌਜਵਾਨ ਵੀ ਕੁਰਾਹੇਡ ਪੈ ਰਹੇ ਹਨ। ਸੋ ਨੌਜਵਾਨ ਵਰਗ ਨੂੰ ਸਮੇਂ-ਸਮੇਂ 'ਤੇ ਸਹੀ ਸੇਧ ਮਿਲਦੀ ਰਹੇ ਤਾਂ ਵਧੀਆ ਗੱਲ ਹੈ। ਸੱਭਿਅਕ, ਪਰਿਵਾਰਕ ਅਤੇ ਨੈਤਿਕ ਫ਼ਿਲਮਾਂ ਤੋਂ ਬੱਚਿਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ।

-(ਮਾਨਸਾ)। ਮੋਬਾ: 82838-32839

ਹੜ੍ਹਾਂ ਦੌਰਾਨ ਨੌਜਵਾਨਾਂ ਨੇ ਦਿਖਾਈ ਇਕਜੁਟਤਾ

ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਪੰਜਾਬੀ ਸ਼ੁਰੂ ਤੋਂ ਹੀ ਹਰ ਮੁਸੀਬਤ ਦਾ ਮੁਕਾਬਲਾ ਕਰਦੇ ਰਹੇ ਹਨ। ਇਸ ਕੌਮ ਨੇ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕੀਤਾ ਹੈ। ਇਹ ਕੌਮ ਦੁਨੀਆ ਵਿਚ ਹਰ ਕੋਨੇ ਵਿਚ ਮਾਨਵਤਾ ਦੀ ਮਦਦ ਕਰਨ ਲਈ ਪਹੁੰਚਦੀ ਰਹੀ ਹੈ। ਇਹ ਅਲੱਗ ਗੱਲ ਹੈ ਕਿ ਹੁਣ ਜਦ ਇਸ ਕੌਮ 'ਤੇ ਮੁਸ਼ਕਿਲ ਆਈ ਹੈ ਤਾਂ ਦੇਸ਼ ਦੇ ਬਾਕੀ ਸੂਬਿਆਂ ਵਿਚੋਂ ਬਹੁਤ ਘੱਟ ਮਦਦ ਵਾਲੇ ਹੱਥ ਇਨ੍ਹਾਂ ਕੋਲ ਪਹੁੰਚੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਹੋਣ ਦਾ ਮਿਹਣਾ ਦੇ ਕੇ ਮੀਡੀਆ ਵਿਚ ਭੰਡਿਆ ਜਾ ਰਿਹਾ ਹੈ। ਮੰਨਿਆ ਕਿ ਕੁਝ ਨੌਜਵਾਨ ਗਲਤ ਰਸਤੇ 'ਤੇ ਜਾ ਪਏ ਹਨ, ਜ਼ਿਆਦਾਤਰ ਸਿੱਖੀ ਤੋਂ ਭਟਕ ਵੀ ਚੁੱਕੇ ਹਨ। ਫਿਰ ਵੀ ਇਹ ਨੌਜਵਾਨ ਹੀ ਹਨ ਜੋ ਅੱਜ ਪੰਜਾਬ ਦੇ ਹੜ੍ਹਾਂ ਨਾਲ ਪੀੜਤ ਪਿੰਡਾਂ ਵਿਚ ਜਾ ਕੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਹਰ ਧਰਮ-ਜਾਤ ਦੇ ਲੋਕਾਂ ਨੂੰ ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਦੇਖੀਆਂ, ਜਿਨ੍ਹਾਂ ਵਿਚ ਨੌਜਵਾਨ ਜੋ ਗਲ ਤੱਕ ਪਾਣੀ ਵਿਚ ਡੁੱਬੇ ਹੋਏ ਹਨ, ਪਰ ਉਨ੍ਹਾਂ ਨੇ ਫਿਰ ਵੀ ਆਪਣੇ ਮੋਢਿਆਂ ਉੱਤੇ ਸਬਜ਼ੀ ਦੀਆਂ ਬਾਲਟੀਆਂ, ਸਿਰ 'ਤੇ ਰੋਟੀ ਵਾਲੇ ਟੋਕਰੇ ਅਤੇ ਹੋਰ ਜ਼ਰੂਰਤ ਦਾ ਸਾਮਾਨ ਰੱਖਿਆ ਹੋਇਆ ਹੈ, ਉਹ ਪਾਣੀ ਵਿਚ ਘਿਰੇ ਲੋਕਾਂ ਦੇ ਘਰ-ਘਰ ਜਾ ਕੇ ਲੰਗਰ ਵਰਤਾ ਰਹੇ ਹਨ। ਮੈਨੂੰ ਇਹ ਸਾਰੇ ਨੌਜਵਾਨ ਕਿਸੇ ਰੱਬੀ ਰੂਪ ਨਾਲੋਂ ਘੱਟ ਨਹੀਂ ਜਾਪ ਰਹੇ ਸਨ, ਜੋ ਹੋਰਾਂ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਭਾਈ ਘਨੱਈਆ ਜੀ ਵਾਂਗ ਨਿਰਸੁਆਰਥ ਸੇਵਾ ਕਰ ਰਹੇ ਹਨ। ਅਖ਼ਬਾਰਾਂ ਵਿਚ ਖ਼ਬਰਾਂ ਲੱਗ ਰਹੀਆਂ ਹਨ ਕਿ ਲੋਕਾਂ ਦੀ ਸਹਾਇਤਾ ਕਰਨ ਲਈ ਇੰਨੀ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ ਕਿ ਉਨ੍ਹਾਂ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ 'ਤੇ ਵੀ ਕਾਰ ਜਾਂ ਟਰੈਕਟਰ ਖੜ੍ਹਾਉਣ ਲਈ ਥਾਂ ਨਹੀਂ ਮਿਲ ਰਹੀ ਹੈ। ਕੁਝ ਸਾਲ ਪਹਿਲਾਂ ਜਦੋਂ ਨੋਟਬੰਦੀ ਦੇ ਕਾਰਨ ਪੈਸੇ ਦੀ ਕਮੀ ਹੋਣ ਕਾਰਨ ਸਾਰੇ ਦੇਸ਼ ਦਾ ਬੁਰਾ ਹਾਲ ਹੋਇਆ ਪਿਆ ਸੀ ਤਾਂ ਵੀ ਦਸੰਬਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਲੱਗੇ ਹੋਏ ਇਨ੍ਹਾਂ ਸੈਂਕੜੇ ਲੰਗਰਾਂ 'ਤੇ ਪੈਸੇ ਦੀ ਪ੍ਰਵਾਹ ਕੀਤੇ ਬਿਨਾਂ ਹਰ ਰੋਜ਼ ਲੱਖਾਂ ਸੰਗਤਾਂ ਨੂੰ ਰੋਜ਼ ਲੰਗਰ ਛਕਾਇਆ ਜਾ ਰਿਹਾ ਸੀ। ਇੱਥੇ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਪੰਜਾਬ ਵਿਚ ਕੋਈ ਨੋਟਬੰਦੀ ਦੀ ਸਮੱਸਿਆ ਹੈ। ਅੰਤ ਵਿਚ ਇਹ ਕਹਿਣਾ ਠੀਕ ਰਹੇਗਾ ਕਿ ਸਿੱਖ ਕੌਮ ਵਿਚ ਚਾਹੇ ਸਮੇਂ ਦੇ ਨਾਲ ਕੁਝ ਗਿਰਾਵਟ ਆਈ ਹੈ, ਪਰ ਅੱਜ ਵੀ ਇਸ ਕੌਮ ਵਿਚ ਅਣਖ ਬਾਕੀ ਹੈ। ਇਨ੍ਹਾਂ ਦੇ ਗੁਰੂ ਨੇ ਇਨ੍ਹਾਂ ਨੂੰ ਹਰ ਮੁਸ਼ਕਿਲ ਸਮੇਂ ਵਿਚ ਰਹਿਣਾ ਅਤੇ ਇਕ-ਦੂਜੇ ਦੀ ਮਦਦ ਕਰਨ ਦਾ ਸਬਕ ਸਿਖਾਇਆ ਹੋਇਆ ਹੈ। ਇਸ ਲਈ ਇਨ੍ਹਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ। ਇਸ ਦੇ ਕੁਝ ਨੌਜਵਾਨ ਭਟਕ ਗਏ ਹਨ, ਜਿਨ੍ਹਾਂ ਦੇ ਜਲਦ ਹੀ ਮੁੜਨ ਦੀ ਆਸ ਹੈ।

-ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ-140406. ਮੋਬਾ: 82848-88700

ਅੰਤਿਮ ਅਰਦਾਸ ਮੌਕੇ ਫਜ਼ੂਲ ਖਰਚਿਆਂ ਤੋਂ ਕੀਤਾ ਜਾਵੇ ਪਰਹੇਜ਼

ਅੱਜ ਦੇ ਦੌਰ ਵਿਚ ਸਾਇੰਸ ਨੇ ਜਿੰਨੀ ਵੀ ਤਰੱਕੀ ਕੀਤੀ ਹੈ, ਉਹ ਬੇਮਿਸਾਲ ਹੈ। ਇਸ ਤਰੱਕੀ ਨੇ ਲੋਕਾਂ ਨੂੰ ਸਮਾਜ ਦੀਆਂ ਕਦਰਾਂ-ਕੀਮਤਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ ਅਤੇ ਲੋਕ ਫੌਕੀ ਸ਼ੋਹਰਤ ਤੇ ਸਮਾਜ ਵਿਚ ਫੋਕੇ ਦਿਖਾਵੇ ਲਈ ਆਪ ਕਰਜ਼ਈ ਹੋਣ ਲੱਗ ਪਏ ਹਨ। ਪਿਛਲੇ ਕੁਝ ਸਾਲ ਪਹਿਲਾਂ ਜਦੋਂ ਸਾਇੰਸ ਨੇ ਏਨੀ ਤਰੱਕੀ ਨਹੀਂ ਸੀ ਕੀਤੀ, ਉਸ ਸਮੇਂ ਪਿੰਡਾਂ ਦੇ ਲੋਕਾਂ ਵਿਚ ਬਹੁਤ ਇਤਫਾਕ, ਸਾਂਝੀਵਾਲਤਾ, ਭਾਈਚਾਰਾ ਕਾਇਮ ਰੱਖਿਆ ਜਾਂਦਾ ਸੀ। ਜਿਉਂ-ਜਿਉਂ ਇਸ ਆਧੁਨਿਕ ਯੁੱਗ ਨੇ ਲੋਕਾਂ ਨੂੰ ਤਰੱਕੀ ਦੇ ਰਾਹ ਦਿਖਾਏ ਹਨ, ਉਸ ਤੋਂ ਵੱਧ ਪਿਛਲੇ ਸਿਆਣੇ ਲੋਕਾਂ ਵਲੋਂ ਬਣਾਏ ਰੀਤੀ-ਰਿਵਾਜ ਵੀ ਤੋੜ ਦਿੱਤੇ ਹਨ। ਪਿਛਲੇ ਸਮੇਂ ਜੇਕਰ ਕਿਸੇ ਘਰ ਮੌਤ ਹੋ ਜਾਂਦੀ ਸੀ ਤਾਂ ਸਾਰਾ ਪਿੰਡ ਸੋਗ ਮਨਾਉਂਦਾ ਸੀ ਅਤੇ ਕਈ ਵਾਰ ਸਾਰਾ ਪਿੰਡ ਮੌਤ ਦੇ ਦਰਦ ਨੂੰ ਮਹਿਸੂਸ ਕਰਕੇ ਘਰ ਰੋਟੀ ਨਹੀਂ ਸਨ ਪਕਾਉਂਦੇ। ਇਸ ਤਰੱਕੀ ਵਾਲੇ ਯੁੱਗ ਨੇ ਸਾਰਾ ਕੁਝ ਉਲਟ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਜਿਸ ਘਰ ਦਾ ਜੀਅ ਮਰਿਆ ਹੋਵੇ, ਦਰਦ ਉਸ ਨੂੰ ਹੁੰਦਾ ਹੈ, ਲਾਗੇ ਗਵਾਂਢੀ ਨੂੰ ਨਹੀਂ। ਇਸ ਤਰ੍ਹਾਂ ਦੀ ਸੋਚ ਲੋਕਾਂ ਦੇ ਦਿਮਾਗ ਵਿਚ ਘਰ ਕਰ ਚੁੱਕੀ ਹੈ। ਅੱਜ ਦੇ ਦੌਰ ਵਿਚ ਦੇਖਿਆ ਜਾਵੇ ਤਾਂ ਕਈ ਅਜਿਹੇ ਬਹੁਤ ਬਜ਼ੁਰਗ ਹੁੰਦੇ ਹਨ, ਜਿਨ੍ਹਾਂ ਦੀ ਜਿਉਂਦੇ ਜੀਅ ਕੋਈ ਸੇਵਾ ਨਹੀਂ ਕਰਦਾ ਤੇ ਉਨ੍ਹਾਂ ਦੇ ਮਰਨ ਉਪਰੰਤ ਭੋਗ ਵੇਲੇ ਬਹੁਤ ਵੱਡਾ ਇਕੱਠ ਕਰਕੇ ਲੋਕਾਂ ਵਿਚ ਆਪਣੀ ਫੋਕੀ ਸ਼ੋਹਰਤ ਕਾਇਮ ਰੱਖਣ ਵਾਸਤੇ ਪ੍ਰੋਗਰਾਮ ਕਰਦੇ ਹਨ ਅਤੇ ਖੁਦ ਕਰਜ਼ਾਈ ਹੋ ਜਾਂਦੇ ਹਨ, ਫਿਰ ਭਾਵੇਂ ਉਹ ਜ਼ਮੀਨ ਵੇਚ ਕੇ ਸਿਰ ਚੜ੍ਹੇ ਪੈਸੇ ਲਾਹੁਣ। ਮ੍ਰਿਤਕ ਪ੍ਰਾਣੀ ਦੇ ਭੋਗਾਂ 'ਤੇ ਮਠਿਆਈਆਂ ਅਤੇ ਪਕੌੜੇ ਆਦਿ ਤੋਂ ਇਲਾਵਾ ਕਈ ਪ੍ਰੋਗਰਾਮਾਂ ਵਿਚ ਮੀਟ-ਸ਼ਰਾਬਾਂ ਤੱਕ ਲੋਕਾਂ ਨੂੰ ਪਰੋਸੇ ਜਾਂਦੇ ਹਨ। ਭੋਗ ਵਾਲੇ ਦਿਨ ਵੱਡੇ ਲੀਡਰਾਂ ਨੂੰ ਬੁਲਾ ਕੇ ਸ਼ਰਧਾਂਜਲੀ ਭੇਟ ਕਰਵਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਹੜਾ ਲੀਡਰ ਭੋਗ ਵਾਲੇ ਦਿਨ ਮ੍ਰਿਤਕ ਪ੍ਰਾਣੀ ਨੂੰ ਸ਼ਰਧਾਜਲੀ ਭੇਂਟ ਕਰਦਾ ਹੈ, ਉਹ ਪਹਿਲਾਂ ਭਾਵੇਂ ਉਸ ਨੂੰ ਕਦੇ ਮਿਲਿਆ ਹੀ ਨਾ ਹੋਵੇ, ਉਹ ਮ੍ਰਿਤਕ ਨਾਲ ਚੰਗੇ ਸਬੰਧ ਹੋਣ ਦੇ ਭਾਸ਼ਣ ਕਰਨ ਲੱਗ ਜਾਂਦੇ ਹਨ। ਇਹ ਲੀਡਰ ਲੋਕ ਤਾਂ ਪਹਿਲਾਂ ਹੀ ਏਹੋ ਜਿਹੇ ਪ੍ਰੋਗਰਾਮਾਂ ਵਿਚ ਜਾਣਾ ਪਸੰਦ ਕਰਦੇ ਹਨ ਕਿ ਜਿੱਥੇ ਚਾਰ ਲੋਕ ਇਕੱਠੇ ਹੋਏ ਹੋਣ, ਉਥੇ ਆਪਣਾ ਵੋਟ ਬੈਂਕ ਹੋਰ ਵਧਾ ਲਿਆ ਜਾਵੇ। ਭੋਗ 'ਤੇ ਪਹੁੰਚੇ ਲੋਕ ਖਾ ਪੀ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਅਤੇ ਦੇਖਣ ਵਿਚ ਆਉਂਦਾ ਹੈ ਕਿ ਘਰ ਵਾਲੇ ਨੇ ਭਾਵੇਂ ਆਪਣੀ ਹੈਸੀਅਤ ਤੋਂ ਵੱਧ ਲੋਕਾਂ ਦੀ ਵਾਹ-ਵਾਹ ਖੱਟਣ ਵਾਸਤੇ ਖਰਚਾ ਕੀਤਾ ਹੋਵੇ ਪਰ ਲੋਕ ਜਾਂਦੇ-ਜਾਂਦੇ ਫਿਰ ਕੋੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਹਨ। ਜਿਵੇਂ ਲੋਕ ਮਿਸਾਲ ਦਿੰਦੇ ਹਨ ਕਿ ਦਾਤਰੀ ਨੂੰ ਦੰਦੇ ਇਕ ਪਾਸੇ ਹੁੰਦੇ ਅਤੇ ਲੋਕਾਂ ਨੂੰ ਦੰਦੇ ਦੋਵੇਂ ਪਾਸੇ ਹੁੰਦੇ ਹਨ। ਸੋ, ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੀ ਰਹਿਤ ਮਰਿਯਾਦਾ ਅਨੁਸਾਰ ਕਿਸੇ ਵੀ ਮ੍ਰਿਤਕ ਪ੍ਰਾਣੀ ਦੇ ਘਰ ਭੋਗ ਵੇਲੇ ਸਾਦਾ ਭੋਜਨ ਛਕਾਇਆ ਜਾਵੇ। ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਿੰਡ ਵਾਸੀਆਂ ਦਾ ਇਕੱਠ ਕਰਕੇ ਮਤੇ ਪਾਸ ਕਰਕੇ ਮ੍ਰਿਤਕ ਪ੍ਰਾਣੀਆਂ ਦੇ ਭੋਗਾਂ 'ਤੇ ਵੱਡੇ-ਵੱਡੇ ਪੰਡਾਲ ਲਗਾ ਕੇ ਖਰਚਾ ਕਰਨ ਵਾਲੇ ਲੋਕਾਂ 'ਤੇ ਰੋਕ ਲਗਾਉਣ। ਅਜਿਹੇ ਫੈਸਲੇ ਲਾਗੂ ਹੋਣ ਨਾਲ ਅਨੇਕਾਂ ਹੀ ਲੋਕ ਕਰਜ਼ਾਈ ਹੋਣ ਤੋਂ ਬਚ ਜਾਣਗੇ।

-ਮੋਬਾ: 98767-85672

ਨੌਜਵਾਨ ਅਧਿਆਪਕਾਂ ਲਈ ਮਿਸਾਲ ਹਨ ਵਿੱਦਿਆਦਾਨੀ ਕੁਲਦੀਪ ਸ਼ਰਮਾ

76 ਸਾਲਾ ਬਜ਼ੁਰਗ ਸੇਵਾ-ਮੁਕਤ ਮਾਸਟਰ ਕੁਲਦੀਪ ਰਾਜ ਸ਼ਰਮਾ ਭਾਵੇਂ ਪਹਿਲੀ ਨਜ਼ਰੇ ਤੁਹਾਨੂੰ ਸਾਧਾਰਨ ਮਨੁੱਖ ਪ੍ਰਤੀਤ ਹੋਣ ਪਰ ਜਦੋਂ ਤੁਸੀਂ ਇਨ੍ਹਾਂ ਦੀ ਸਮਾਜ ਪ੍ਰਤੀ ਦੇਣ ਨੂੰ ਦੇਖਦੇ ਹੋ ਤਾਂ ਇਨ੍ਹਾਂ ਅੱਗੇ ਸਤਿਕਾਰ ਵਿਚ ਤੁਹਾਡਾ ਸਿਰ ਆਪਮੁਹਾਰੇ ਝੁਕ ਜਾਂਦਾ ਹੈ। ਮਾਸਟਰ ਕੁਲਦੀਪ ਰਾਜ ਬਜ਼ੁਰਗਾਂ, ਅਨਾਥਾਂ, ਵਿਧਵਾਵਾਂ, ਬੇਸਹਾਰਿਆਂ ਅਤੇ ਗਰੀਬਾਂ ਦੀ ਉਹ ਮਹਾਨ ਸੇਵਾ ਕਰ ਰਹੇ ਹਨ, ਜਿਸ ਨੂੰ ਹਰ ਧਰਮ ਵਿਚ ਸਭ ਤੋਂ ਉੱਤਮ ਦੱਸਿਆ ਗਿਆ ਹੈ। ਮਾਸਟਰ ਕੁਲਦੀਪ ਸ਼ਰਮਾ ਬਟਾਲਾ ਸ਼ਹਿਰ ਵਿਚ ਸਟੂਡੈਂਟ ਵੈੱਲਫੇਅਰ ਸੁਸਾਇਟੀ (ਰਜਿ:) ਚਲਾ ਰਹੇ ਹਨ, ਜਿਸ ਰਾਹੀਂ ਉਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕਰਕੇ ਉਨ੍ਹਾਂ ਨੂੰ ਵਿੱਦਿਆ ਦਾ ਦਾਨ ਦਿਵਾਇਆ ਹੈ। ਮਾਸਟਰ ਜੀ ਦੀ ਮਿਹਨਤ ਦਾ ਫ਼ਲ ਹੈ ਕਿ ਉਨ੍ਹਾਂ ਦੀ ਮਦਦ ਨਾਲ ਪੜ੍ਹੇ 47 ਵਿਦਿਆਰਥੀ ਕਲਾਸ-1 ਸਰਕਾਰੀ ਅਫ਼ਸਰ ਬਣ ਕੇ ਉੱਚ ਅਹੁਦਿਆਂ 'ਤੇ ਤਾਇਨਾਤ ਹਨ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿਚ 1943 ਵਿਚ ਜਨਮੇ ਮਾਸਟਰ ਕੁਲਦੀਪ ਰਾਜ ਸ਼ਰਮਾ ਅਜੇ 4 ਸਾਲਾਂ ਦੇ ਹੀ ਸਨ ਕਿ ਦੇਸ਼ ਦੀ ਵੰਡ ਹੋ ਗਈ। 1947 ਵਿਚ ਆਪਣੇ ਪਰਿਵਾਰ ਸਮੇਤ ਬਟਾਲਾ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਆ ਕੇ ਵਸੇ ਕੁਲਦੀਪ ਰਾਜ ਸ਼ਰਮਾ ਨੇ ਇਥੇ ਹੀ ਤਾਲੀਮ ਹਾਸਲ ਕੀਤੀ ਅਤੇ 1964 ਵਿਚ ਅਧਿਆਪਕ ਵਜੋਂ ਸਿੱਖਿਆ ਵਿਭਾਗ ਵਿਚ ਭਰਤੀ ਹੋ ਗਏ। ਗੱਲ 1977 ਦੀ ਹੈ। ਮਾਸਟਰ ਕੁਲਦੀਪ ਰਾਜ ਪਿੰਡ ਮਸਾਣੀਆਂ ਵਿਖੇ ਪੜ੍ਹਾ ਰਹੇ ਸਨ ਕਿ ਇਕ ਗਰੀਬ ਔਰਤ ਆਪਣੇ ਪੁੱਤਰ ਨੂੰ ਸਕੂਲ ਲੈ ਕੇ ਆਈ। ਉਸ ਔਰਤ ਨੇ ਕਿਹਾ ਕਿ ਉਹ ਬਹੁਤ ਗਰੀਬ ਹੈ, ਆਪਣੇ ਪੁੱਤਰ ਨੂੰ ਵਰਦੀ ਅਤੇ ਕਿਤਾਬਾਂ ਨਹੀਂ ਲੈ ਕੇ ਦੇ ਸਕਦੀ। ਔਰਤ ਦੀ ਗੱਲ ਸੁਣ ਕੇ ਮਾਸਟਰ ਕੁਲਦੀਪ ਰਾਜ ਨੇ ਉਸ ਔਰਤ ਨੂੰ ਭਰੋਸਾ ਦਿੱਤਾ ਕਿ ਤੁਸੀਂ ਬੱਚੇ ਨੂੰ ਸਕੂਲ ਭੇਜੋ, ਕਿਤਾਬਾਂ ਅਤੇ ਵਰਦੀ ਦਾ ਇੰਤਜ਼ਾਮ ਉਹ ਖੁਦ ਕਰ ਦੇਣਗੇ। ਉਸ ਦਿਨ ਆਏ ਸੇਵਾ ਦੇ ਸੰਕਲਪ ਨੇ ਕੁਲਦੀਪ ਸ਼ਰਮਾ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਦਿੱਤਾ। ਉਨ੍ਹਾਂ ਨੇ ਸਟੂਡੈਂਟ ਵੈੱਲਫੇਅਰ ਸੁਸਾਇਟੀ ਦਾ ਗਠਨ ਕਰਕੇ ਗਰੀਬ ਵਿਦਿਆਰਥੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਮਾਸਟਰ ਕੁਲਦੀਪ ਰਾਜ ਸ਼ਰਮਾ ਇਕੱਲੇ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਲਈ ਉਤਸ਼ਾਹਤ ਨਹੀਂ ਕਰਦੇ, ਸਗੋਂ ਨਾਲ ਦੀ ਨਾਲ ਉਹ ਬਟਾਲਾ ਦੇ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਦੀ ਸੇਵਾ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਿਧਵਾਵਾਂ, ਅਨਾਥਾਂ ਅਤੇ ਬੇਸਹਾਰਿਆਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਹੁਣ ਤੱਕ ਕੁਲਦੀਪ ਰਾਜ ਸ਼ਰਮਾ 1,20,283 ਲੋੜਵੰਦ ਵਿਅਕਤੀਆਂ ਦੀ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਕਰ ਚੁੱਕੇ ਹਨ। ਉਨ੍ਹਾਂ ਦੀ ਸੰਸਥਾ ਵਲੋਂ ਹਰ ਮਹੀਨੇ ਸੰਗਰਾਂਦ ਮੌਕੇ ਇਕ ਵਿਸ਼ੇਸ਼ ਸਮਾਗਮ ਕੀਤਾ ਜਾਂਦਾ ਹੈ। ਮਾਸਟਰ ਕੁਲਦੀਪ ਰਾਜ ਸ਼ਰਮਾ ਦਾ ਉਦੇਸ਼ ਮਾਨਵਤਾ ਦੀ ਸੇਵਾ ਹੈ ਅਤੇ ਉਹ ਆਪਣੇ ਇਸ ਨੇਕ ਕਾਰਜ ਨੂੰ ਧਰਮ ਅਤੇ ਜਾਤੀ ਤੋਂ ਉੱਪਰ ਉੱਠ ਕੇ ਕਰ ਰਹੇ ਹਨ। ਭਾਵੇਂ ਕਿ 76 ਸਾਲ ਦੀ ਉਮਰ ਹੋਣ ਕਾਰਨ ਉਹ ਆਪ ਵੀ ਕਾਫੀ ਬਜ਼ੁਰਗ ਹੋ ਗਏ ਹਨ ਪਰ ਲੋਕ ਸੇਵਾ ਦੀ ਚਾਟ ਅਤੇ ਆਪਣੇ ਸਿਰੜ ਕਾਰਨ ਉਹ ਅਜੇ ਵੀ ਜਵਾਨਾਂ ਵਾਂਗ ਲੋਕ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਅਤੇ ਜੇਕਰ ਉਹ ਕਿਸੇ ਦੇ ਕੰਮ ਆ ਸਕਦੇ ਹਨ ਤਾਂ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਉਨ੍ਹਾਂ ਲਈ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਹੁਸ਼ਿਆਰ ਵਿਦਿਆਰਥੀ ਸਿਰਫ ਪੈਸੇ ਕਾਰਨ ਹੀ ਨਹੀਂ ਪੜ੍ਹ ਪਾ ਰਿਹਾ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

-ਮੋਬਾ: 99157-27311

ਮੋਬਾਈਲ ਕਾਰਨ ਗੂੰਗੇ ਤੇ ਫਿੱਕੇ ਹੋ ਰਹੇ ਹਨ ਪਰਿਵਾਰਕ ਰਿਸ਼ਤੇ

ਚਿੱਠੀਆਂ ਦਾ ਸਾਡੇ ਸੱਭਿਆਚਾਰ ਨਾਲ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਰਿਹਾ ਹੈ। ਦਿਲੋਂ ਲਿਖੇ ਸ਼ਬਦਾਂ ਨਾਲ ਪਰੋਈ ਚਿੱਠੀ ਨੂੰ ਪਰਿਵਾਰ 'ਚ ਇਕੱਠੇ ਬੈਠ ਕੇ ਪੜ੍ਹਿਆ ਅਤੇ ਸੁਣਿਆ ਜਾਂਦਾ ਰਿਹਾ ਹੈ। ਜਿੱਥੇ ਇਨ੍ਹਾਂ ਚਿੱਠੀਆਂ ਨੇ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਗੂੜ੍ਹਾ ਕਰਕੇ ਰੱਖਿਆ ਹੈ, ਉਸ ਦੇ ਨਾਲ ਹੀ ਆਪਸੀ ਭਾਈਚਾਰੇ ਦੇ ਪਿਆਰ ਨੂੰ ਮਜ਼ਬੂਤ ਕੀਤਾ ਹੈ। ਚਿੱਠੀ ਲੈ ਕੇ ਆਏ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਜਦੋਂ ਚਿੱਠੀ ਵਾਲੇ ਘਰ ਦੇ ਦਰਵਾਜ਼ੇ ਅੱਗੇ ਵੱਜਦੀ ਸੀ ਤਾਂ ਗੁਆਂਢੀਆਂ ਦੇ ਦਿਲਾਂ 'ਚ ਵੀ ਖੁਸ਼ੀ ਵਾਲੀ ਇਕ ਤਰੰਗ ਜਿਹੀ ਪੈਦਾ ਕਰ ਦਿੰਦੀ ਸੀ। ਵਿਗਿਆਨ ਦੇ ਯੁੱਗ 'ਚ ਪ੍ਰਵੇਸ਼ ਹੋ ਕੇ ਸਮੇਂ ਨੇ ਅਜਿਹੀ ਕਰਵਟ ਲਈ ਕਿ ਇਨਸਾਨ ਲਈ ਤਾਰ ਵਾਲੇ ਟੈਲੀਫੋਨਾਂ ਦੀ ਗਿਣਤੀ 'ਚ ਕਈ ਗੁਣਾ ਵਾਧਾ ਹੋਇਆ। ਫਿਰ ਪੇਜਰ ਆ ਗਏ। ਕਾਫੀ ਸਮਾਂ ਇਨਸਾਨ ਦੀ ਪੈਂਟ ਦੀ ਜੇਬ ਨੂੰ ਪੈਜਰ ਲੱਗੇ ਰਹੇ, ਜਿਸ 'ਤੇ ਗੱਲ ਨਹੀਂ ਸੀ ਕੀਤੀ ਜਾਂਦੀ ਪਰ ਸੰਦੇਸ਼ ਮਿਲ ਜਾਂਦਾ ਸੀ। ਇਹ ਦੌਰ ਵੀ ਜ਼ਿਆਦਾ ਸਮਾਂ ਨਾ ਚੱਲਿਆ। ਫਿਰ ਇਹ ਥਾਂ ਛੋਟੇ ਮੋਬਾਈਲਾਂ ਨੇ ਲੈ ਲਈ। ਸਮੇਂ ਦੀ ਰਫਤਾਰ ਨਾਲ ਲੋਕਾਂ ਦੀ ਇਹ ਮੰਗ ਏਨੀ ਕੁ ਵਧ ਗਈ ਕਿ ਹਰੇਕ ਘਰ ਦੀ ਲੋੜ ਬਣ ਗਿਆ ਮੋਬਾਈਲ। ਅੱਜ ਇਹ ਬੱਚੇ ਤੋਂ ਲੈ ਕੇ ਬਜ਼ੁਰਗਾਂ ਲਈ ਟੱਚ ਵਾਲਾ ਮੋਬਾਈਲ ਸਰੀਰ ਦਾ ਇਕ ਅਹਿਮ ਅੰਗ ਬਣ ਗਿਆ ਹੈ। ਆਪਣੀ ਕਿਰਤ ਤੋਂ ਵਿਹਲਾ ਹੋਇਆ ਹਰ ਇਨਸਾਨ ਮੋਬਾਈਲ ਦੀ ਸਕਰੀਨ 'ਤੇ ਅੰਗੂਠਾ ਮਾਰਦਾ ਹੋਇਆ ਆਪਣੇ-ਆਪ 'ਚ ਵਿਹਲਾ ਨਹੀਂ ਹੈ। ਇਸ 'ਮੋਬਾਈਲ ਕਲਚਰ' ਨੇ ਜਿੱਥੇ ਅਪਰਾਧ, ਜਬਰ ਜਨਾਹ, ਸੜਕ ਦੁਰਘਟਨਾਵਾਂ, ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ਿਆਂ 'ਚ ਵਾਧਾ ਕੀਤਾ ਹੈ, ਉਥੇ ਸਾਡੇ ਪਰਿਵਾਰਕ ਰਿਸ਼ਤਿਆਂ ਵਿਚਲੀਆਂ ਤੰਦਾਂ ਨੂੰ ਫਿੱਕਾ ਕਰਕੇ ਰੱਖ ਦਿੱਤਾ ਹੈ। ਆਪਸੀ ਭਾਈਚਾਰੇ 'ਚ ਤਰੇੜਾਂ ਪਾ ਦਿੱਤੀਆਂ ਹਨ। ਜਦੋਂ ਦਾ ਹੱਥਾਂ 'ਚ ਮੋਬਾਈਲ ਆਇਆ ਹੈ, ਸੱਥਾਂ ਵਿਚਲਾ ਹਾਸਾ-ਠੱਠਾ ਕਿਤੇ ਖੰਭ ਲਾ ਕੇ ਉੱਡ ਗਿਆ ਹੈ। ਸਾਡੇ ਸਾਂਝੇ ਵਿਹੜਿਆਂ ਦੀ ਰੌਣਕ ਨੂੰ ਨਜ਼ਰ ਲੱਗ ਗਈ ਹੈ। ਸਾਡੇ ਪਰਿਵਾਰਕ ਰਿਸ਼ਤੇ ਗੂੰਗੇ ਤੇ ਫਿੱਕੇ ਪੈ ਗਏ ਹਨ। ਸਾਡੀ ਪ੍ਰਾਹੁਣਚਾਰੀ ਵਿਚਲਾ ਮੋਹ ਭੰਗ ਹੋ ਗਿਆ ਹੈ। ਸਾਡੀ ਮਾਂ-ਬੋਲੀ ਦੇ ਸੁੰਗੜ ਰਹੇ ਸ਼ਬਦਾਂ ਨੇ ਸਾਡੇ ਰਿਸ਼ਤਿਆਂ ਦਾ ਨਿੱਘ ਖੋਹ ਲਿਆ ਹੈ। ਘਰ ਦੇ ਜਿੰਨੇ ਮੈਂਬਰ, ਸਭ ਕੋਲ ਮੋਬਾਈਲ ਹਨ, ਪਰ ਅਸੀਂ ਨੇੜੇ ਦੇ ਰਿਸ਼ਤਿਆਂ ਨੂੰ ਛੱਡ ਦੂਰ ਦੀ ਮਿੱਤਰਤਾ ਨੂੰ ਪਹਿਲ ਦੇਣ ਲੱਗ ਪਏ ਹਾਂ, ਜੋ ਕਿ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਭਿਆਨਕ ਤੇ ਇਕ ਵੱਡਾ ਦੁਖਾਂਤ ਬਣ ਗਿਆ ਹੈ ਅਤੇ ਬਣਦਾ ਜਾ ਰਿਹਾ ਹੈ। ਲੋੜ ਸੋਚਣ ਅਤੇ ਸਮਝਣ ਦੀ ਹੈ। ਅਸੀਂ ਮੋਬਾਈਲ ਦੀ ਸਹੀ ਵਰਤੋਂ ਨਹੀਂ ਕਰ ਸਕੇ, ਜਿਸ ਦਾ ਨਤੀਜਾ ਇਹ ਹੋਇਆ ਕਿ ਮੋਬਾਈਲ ਸਾਡੀਆਂ ਪੀੜੀ੍ਹਆਂ ਦਾ ਦੁਸ਼ਮਣ ਬਣ ਰਿਹਾ ਹੈ।

-56, ਸਵਰਾਜ ਨਗਰ, ਖਰੜ, ਜ਼ਿਲ੍ਹਾ ਐੱਸ.ਏ.ਐੱਸ. ਨਗਰ। ਮੋਬਾ: 99882-80386

ਕਿਤੇ ਤੁਸੀਂ ਆਪਣੇ ਬੱਚਿਆਂ ਨੂੰ ਚੁਗਲੀ ਕਰਨ ਦੀ ਆਦਤ ਤਾਂ ਨਹੀਂ ਪਾ ਰਹੇ?

ਇਸ ਸੰਸਾਰ 'ਤੇ ਬੱਚੇ ਦਾ ਸਭ ਤੋਂ ਨਜ਼ਦੀਕੀ ਜੇ ਕੋਈ ਰਿਸ਼ਤਾ ਹੈ ਤਾਂ ਉਹ ਹੈ ਆਪਣੀ ਮਾਂ ਨਾਲ। ਮਾਂ ਆਪਣੇ ਬੱਚੇ ਨੂੰ ਜਨਮ ਤਾਂ ਦਿੰਦੀ ਹੀ ਹੈ, ਵਧੀਆ ਤੋਂ ਵਧੀਆ ਪਾਲਣ-ਪੋਸ਼ਣ ਵੀ ਕਰਦੀ ਹੈ। ਮਾਂ ਚਾਹੁੰਦੀ ਹੈ ਕਿ ਮੇਰੇ ਬੱਚਿਆਂ ਕੋਲ ਦੁਨੀਆ ਦੀਆਂ ਸਭ ਸੁਖ ਸਹੂਲਤਾਂ ਹੋਣ ਤੇ ਉਹ ਆਪਣੀ ਹੈਸੀਅਤ ਮੁਤਾਬਿਕ ਬੱਚੇ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਹਰ ਸੰਭਵ ਕੋਸ਼ਿਸ਼ ਵੀ ਕਰਦੀ ਹੈ। ਹਰ ਮਾਂ ਆਪਣੇ ਬੱਚਿਆਂ ਵਿਚ ਚੰਗੀਆਂ-ਚੰਗੀਆਂ ਆਦਤਾਂ ਪਾਉਣਾ ਚਾਹੁੰਦੀ ਹੈ, ਤਾਂ ਕਿ ਉਸ ਦਾ ਬੱਚਾ ਵੱਡਾ ਹੋ ਕੇ ਇਕ ਚੰਗਾ ਇਨਸਾਨ ਬਣੇ। ਪਰ ਜਾਣੇ-ਅਣਜਾਣੇ ਮਾਵਾਂ ਆਪਣੇ ਬੱਚਿਆਂ ਨੂੰ ਕੁਝ ਗ਼ਲਤ ਆਦਤਾਂ ਆਪ ਹੀ ਪਾ ਦਿੰਦੀਆਂ ਹਨ, ਜਿਵੇਂ ਕਿ ਕਾਫੀ ਔਰਤਾਂ ਨੂੰ ਇਹ ਆਦਤ ਹੁੰਦੀ ਹੈ ਕਿ ਉਹ ਆਪਣੇ ਲੜਕੇ ਜਾਂ ਲੜਕੀ ਨੂੰ ਪੁੱਛਦੀਆਂ ਹਨ, 'ਕੀ ਕਹਿੰਦੀ ਸੀ ਤੇਰੀ ਦਾਦੀ...? ਦੱਸ ਬੇਟੇ... ਮੇਰੀ ਪਿੱਠ ਪਿੱਛੇ ਕੀ ਗੱਲਾਂ ਕਰਦੀ ਹੁੰਦੀ ਆ... ਆਪਣੀ ਵੱਡੀ ਮੰਮਾ...?' ਜਾਂ ਆਪਣੀ ਨਣਾਨ, ਦਰਾਣੀ, ਜਠਾਣੀ, ਭਰਜਾਈ ਜਾਂ ਇਥੋਂ ਤੱਕ ਕਿ ਆਪਣੇ ਸਕੇ ਭੈਣਾਂ-ਭਰਾਵਾਂ ਬਾਰੇ ਵੀ ਪੁੱਛਦੀਆਂ ਹਨ ਅਤੇ ਕਈ ਔਰਤਾਂ ਤਾਂ ਇਥੋਂ ਤੱਕ ਆਪਣੇ ਬੱਚਿਆਂ ਨੂੰ ਕਹਿ ਦਿੰਦੀਆਂ ਹਨ 'ਤੂੰ ਖਿਆਲ ਰੱਖਿਆ ਕਰ... ਚੋਰੀ-ਚੋਰੀ ਸੁਣਿਆ ਕਰ ਇਨ੍ਹਾਂ ਦੀਆਂ ਗੱਲਾਂ... ਤੇ ਸਿੱਧਾ ਆ ਕੇ ਮੈਨੂੰ ਦੱਸਿਆ ਕਰ, ਮੈਂ ਤੈਨੂੰ ਆਹ ਇਨਾਮ (ਚਾਕਲੇਟ/ਗਿਫਟ) ਦੇਵਾਂਗੀ।' ਜਿਹੜੀਆਂ ਔਰਤਾਂ ਇਸ ਤਰ੍ਹਾਂ ਕਰਦੀਆਂ ਹਨ, ਕੀ ਉਹ ਆਪਣੇ ਬੱਚਿਆਂ ਨੂੰ ਚੁਗਲੀ ਸੁਣਨ ਜਾਂ ਕਰਨ ਦੀ ਆਦਤ ਨਹੀਂ ਪਾ ਰਹੀਆਂ? ਪਾ ਰਹੀਆਂ ਹਨ, ਬੱਚਾ ਇਸ ਤਰ੍ਹਾਂ ਸੁਣ ਕੇ ਦੱਸਦਾ-ਦੱਸਦਾ ਕਈ ਵਾਰ ਇਨਾਮ ਦੇ ਲਾਲਚ ਵਿਚ ਕੁਝ ਗੱਲਾਂ ਆਪਣੇ ਕੋਲੋਂ ਵੀ ਜੋੜ ਕੇ ਕਰਨ ਲੱਗ ਜਾਂਦਾ ਹੈ। ਇਸ ਤਰ੍ਹਾਂ ਦੇ ਬੱਚਿਆਂ ਨੂੰ ਸਾਡੇ ਸਮਾਜ ਵਿਚ ਲਾਵਾਂ ਲੂਤਰੇ ਕਿਹਾ ਜਾਂਦਾ ਹੈ। ਉਹ ਬੱਚਾ, ਜੋ ਇਸ ਤਰ੍ਹਾਂ ਦੀਆਂ ਗੱਲਾਂ ਆਪਣੀ ਮੰਮੀ ਦੇ ਕਹਿਣ 'ਤੇ ਕਰਨ ਲਗਦਾ ਹੈ, ਹੌਲੀ-ਹੌਲੀ ਮੰਮੀ ਦੀਆਂ ਗੱਲਾਂ ਨੂੰ ਵੀ ਅੱਗੇ ਆਪਣੀ ਦਾਦੀ, ਭੂਆ, ਤਾਈ, ਚਾਚੀ ਜਾਂ ਗੁਆਂਢਣਾਂ ਨੂੰ ਵੀ ਦੱਸਣ ਲੱਗ ਜਾਂਦਾ ਹੈ ਅਤੇ ਹੌਲੀ-ਹੌਲੀ ਪੱਕਾ ਚੁਗਲਖੋਰ ਬਣ ਜਾਂਦਾ ਹੈ। ਸਾਰੀਆਂ ਔਰਤਾਂ ਨੂੰ ਬੇਨਤੀ ਹੈ ਕਿ ਕਿਤੇ ਤੁਸੀਂ ਤਾਂ ਅਜਿਹਾ ਨਹੀਂ ਕਰ ਰਹੀਆਂ, ਜੇ ਕਰ ਰਹੀਆਂ ਹੋ ਤਾਂ ਸਾਵਧਾਨ ਹੋ ਜਾਓ।

-ਦਿਉਣ ਖੇੜਾ (ਸ੍ਰੀ ਮੁਕਤਸਰ ਸਾਹਿਬ)।
ਮੋਬਾ: 94174-47941

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX