ਤਾਜਾ ਖ਼ਬਰਾਂ


ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  6 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  41 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  56 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  56 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  about 2 hours ago
ਨਵੀਂ ਦਿੱਲੀ, 22 ਅਪ੍ਰੈਲ - ਦਿੱਲੀ ਹਾਈਕੋਰਟ ਨੇ ਸੀ.ਬੀ.ਆਈ. ਨੇ ਕ੍ਰਿਸਚੀਅਨ ਮਿਸ਼ੇਲ ਦੇ ਵਕੀਲ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਦੇ ਲਈ ਸਮਾਂ ਦਿੱਤਾ ਹੈ। ਇਸ ਪਟੀਸ਼ਨ 'ਚ ਹੇਠਲੀ ਅਦਾਲਤ ਨੂੰ ਚੁਨੌਤੀ ਦਿੰਦੇ ਹੋਏ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਬਾਣੀ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਪਾਠ ਬੋਧ ਸਮਾਗਮ

ਪਿਛਲੇ ਸਮੇਂ ਦੌਰਾਨ ਧਰਮ ਪ੍ਰਚਾਰ ਦੀ ਅਜੋਕੇ ਪ੍ਰਸੰਗ 'ਚ ਪਿੰਡਾਂ-ਸ਼ਹਿਰਾਂ ਵਿਚ ਸਹੀ ਪਹੁੰਚ ਨਾ ਹੋ ਸਕਣ ਕਾਰਨ ਜਿੱਥੇ ਜਾਤਾਂ-ਪਾਤਾਂ ਅਤੇ ਰਾਜਨੀਤਕ ਧੜਿਆਂ ਦੇ ਆਧਾਰ 'ਤੇ ਇਕ-ਇਕ ਪਿੰਡ 'ਚ ਕਈ-ਕਈ ਗੁਰਦੁਆਰਾ ਸਾਹਿਬ ਉਸਾਰੇ ਗਏ, ਉਥੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਅਸਿੱਖਿਅਤ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਬਾਣੀ ਦੇ ਚਾਨਣ ਨੂੰ ਸਹੀ ਰੂਪ ਵਿਚ ਮਨੁੱਖਤਾ ਵਿਚ ਵੰਡਣ ਦੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਅਨਜਾਣ ਦੇਖੇ ਜਾਂਦੇ ਰਹੇ ਹਨ। ਹਾਲਾਂਕਿ ਰਵਾਇਤੀ ਤੌਰ 'ਤੇ ਟਕਸਾਲਾਂ, ਨਿਰਮਲੇ ਅਤੇ ਉਦਾਸੀ ਸਿੱਖ ਸੰਪਰਦਾਵਾਂ ਦੀ ਸਿੱਖਿਅਤ ਅਤੇ ਨਿਪੁੰਨ ਗ੍ਰੰਥੀ-ਭਾਈ ਤਿਆਰ ਕਰਨ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਵਿਚ ਵੱਡੀ ਦੇਣ ਰਹੀ ਹੈ। ਕੁਝ ਅਰਸੇ ਤੋਂ ਬੇਰੁਜ਼ਗਾਰੀ ਦੇ ਪ੍ਰਭਾਵ ਕਾਰਨ ਸਭ ਤੋਂ ਸੌਖਾ ਕੰਮ ਗ੍ਰੰਥੀ ਸਿੰਘ ਬਣਨਾ ਸਮਝ ਲਿਆ ਗਿਆ ਅਤੇ ਪੰਜਾਬੀ ਲਿਖਣ-ਪੜ੍ਹਨ ਦੀ ਥੋੜ੍ਹੀ ਜਿਹੀ ਸੋਝੀ ਨੂੰ ਹੀ ਗ੍ਰੰਥੀ ਸਿੰਘ ਬਣਨ ਦੀ ਯੋਗਤਾ ਸਮਝ ਲਿਆ ਜਾਂਦਾ ਰਿਹਾ, ਜਦੋਂਕਿ ਗੁਰਬਾਣੀ ਦੀ ਇਕ ਆਪਣੀ ਸ਼ੈਲੀ ਅਤੇ ਵਿਆਕਰਨ ਹੈ। ਗੁਰਬਾਣੀ ਪਾਠ ਬੋਧ ਤੇ ਵਿਆਕਰਨ ਦੇ ਗਿਆਨ ਤੋਂ ਬਗ਼ੈਰ ਸ਼ੁੱਧ ਗੁਰਬਾਣੀ ਉਚਾਰਨ ਅਤੇ ਇਸ ਦੇ ਅਰਥ ਹਾਸਲ ਨਹੀਂ ਕੀਤੇ ਜਾ ਸਕਦੇ। ਪਿੰਡਾਂ, ਕਸਬਿਆਂ ਦੇ ਬਹੁਤੇ ਗ੍ਰੰਥੀ ਸਿੰਘ ਸ਼ੁੱਧ ਗੁਰਬਾਣੀ ਉਚਾਰਨ ਨਾ ਕਰ ਸਕਣ ਕਾਰਨ ਖ਼ੁਦ ਹੀ ਗੁਰਬਾਣੀ ਦੇ ਸ਼ਾਬਦਿਕ ਅਰਥਾਂ ਦੀ ਸਹੀ ਸਮਝ ਨਹੀਂ ਰੱਖਦੇ। ਇਸ ਤਰ੍ਹਾਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ ਦੇ ਗੁਰਬਾਣੀ ਉਚਾਰਨ, ਲਗਾਂ ਮਾਤਰਾਂ, ਵਿਸ਼ਰਾਮ ਅਤੇ ਗੁਰਬਾਣੀ ਵਿਆਕਰਨ ਵਿਚ ਵੀ ਬਹੁਤ ਸਾਰੇ ਭਿੰਨ-ਭੇਦ ਪੈਦਾ ਹੋ ਗਏ ਹਨ, ਜੋ ਕਿ ਗੁਰਬਾਣੀ ਦੇ ਜਗਿਆਸੂਆਂ ਅਤੇ ਅਭਿਆਸੀਆਂ ਲਈ ਦੁਬਿਧਾ ਪੈਦਾ ਕਰਦੇ ਹਨ।
ਇਤਿਹਾਸਕ ਮਹਾਤਮ
ਸਿੱਖ ਧਰਮ ਨੂੰ ਇਹ ਸੁਭਾਗ ਹਾਸਲ ਹੈ ਕਿ ਸਾਡੇ ਗੁਰੂ ਸਾਹਿਬਾਨ ਵਲੋਂ ਉਚਾਰੀ ਹੋਈ ਇਲਾਹੀ ਬਾਣੀ ਜਿਉਂ ਦੀ ਤਿਉਂ ਸਾਡੇ ਕੋਲ ਮੌਜੂਦ ਹੈ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਨਾ ਸਿਰਫ਼ ਆਪਣੀ ਹਜ਼ੂਰੀ ਵਿਚ 'ਧੁਰ ਕੀ ਬਾਣੀ' ਨੂੰ ਕਲਮਬੰਦ ਕਰਵਾਇਆ, ਸਗੋਂ ਨਾਲ-ਨਾਲ ਵਾਚਦੇ ਅਤੇ ਸੁਧਾਈ ਵੀ ਕਰਦੇ ਰਹੇ। ਗੁਰਬਾਣੀ ਵਿਚ ਕਈ ਵਾਰ 'ਸੁਧ' ਅਤੇ 'ਸੁਧ ਕੀਚੇ' ਸ਼ਬਦ ਦਾ ਆਉਣਾ ਇਸ ਦਾ ਪ੍ਰਮਾਣ ਹੈ ਕਿ ਗੁਰਬਾਣੀ ਦੀ ਮੁੱਢਲੀ ਸੰਪਾਦਨਾ ਵੇਲੇ ਇਸ ਨੂੰ ਬਿਲਕੁਲ ਸ਼ੁੱਧ ਕਰਕੇ ਲਿਖਿਆ ਗਿਆ ਹੈ। ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਹੀ ਆਦੇਸ਼ ਕਰ ਗਏ ਸਨ ਕਿ ਅਕਾਲ ਪੁਰਖ ਦੀ ਬਾਣੀ ਵਿਚ ਕਿਸੇ ਪ੍ਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਕਰਨੀ ਅਤੇ ਇਹ ਜਿਸ ਤਰ੍ਹਾਂ ਲਿਖੀ ਗਈ ਹੈ, ਉਸ ਤਰ੍ਹਾਂ ਹੀ ਸ਼ੁੱਧ ਰੂਪ ਵਿਚ ਉਚਾਰਨ ਕਰਨੀ ਹੈ।
ਗੁਰਬਾਣੀ ਅਗਾਧ ਬੋਧ ਅਤੇ ਕਾਮਧੇਨ ਹੈ। ਰੱਬੀ ਕੀਰਤੀ ਦੇ ਇਸ ਸਾਗਰ ਵਿਚ ਜਿੰਨੀ-ਜਿੰਨੀ ਕੋਈ ਅਭਿਆਸ ਕਰਕੇ ਚੁੱਭੀ ਮਾਰੇਗਾ, ਓਨਾ-ਓਨਾ ਹੀ ਉਸ ਨੂੰ ਆਤਮਿਕ ਗਿਆਨ ਤੇ ਅਨੰਦ ਹਾਸਲ ਹੋਵੇਗਾ, ਪਰ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਉਸ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ। ਇਸੇ ਕਾਰਨ ਦਸ ਗੁਰੂ ਸਾਹਿਬਾਨ ਸਿੱਖਾਂ ਨੂੰ ਪ੍ਰੇਮ ਅਤੇ ਸਾਵਧਾਨੀ ਨਾਲ ਲਗਾਂ ਮਾਤਰਾਂ ਸੋਧ ਕੇ ਗੁਰਬਾਣੀ ਦਾ ਸ਼ੁੱਧ ਪਾਠ ਮਨ ਲਾ ਕੇ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਸ੍ਰੀ ਹਰਿਗੋਬਿੰਦਪੁਰ ਵਿਚ ਯੁੱਧ ਤੋਂ ਬਾਅਦ ਸਿੱਖ ਯੋਧਿਆਂ ਅਤੇ ਸੰਗਤਾਂ ਦੇ ਇਕ ਬੜੇ ਭਾਰੀ ਸਜੇ ਦੀਵਾਨ ਅੰਦਰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਹੜਾ ਸਿੱਖ ਸ਼ੁੱਧ ਜਪੁਜੀ ਸਾਹਿਬ ਦਾ ਪਾਠ ਸੁਣਾਵੇਗਾ, ਉਸ ਨੂੰ ਮੂੰਹੋਂ ਮੰਗਿਆ ਫਲ਼ ਮਿਲੇਗਾ।
ਕਰਹੁ ਸੁਨਾਵਨ ਸੁਧ ਜਪੁ ਮੋਹੀ॥
ਜਾਚਹਿ ਕਹੈਂ ਸੁ ਦੇਵੋਂ ਤੋਹੀ॥
(ਗੁਰਪ੍ਰਤਾਪ ਸੂਰਜ, ਰਾਸ ੬, ਅੰਸੂ ੪੬)
ਸੰਗਤਾਂ ਵਿਚੋਂ ਭਾਈ ਗੋਪਾਲਾ ਨਾਂਅ ਦੇ ਸਿੱਖ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹਜ਼ੂਰੀ ਵਿਚ ਬੈਠ ਕੇ ਅਜਿਹੀ ਇਕਾਗਰਤਾ ਅਤੇ ਲਿਵਲੀਨਤਾ ਨਾਲ ਅੱਖਰ ਤੇ ਲਗ ਮਾਤਰ ਸੋਧ ਕੇ ਸ੍ਰੀ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਕਿ ਸਤਿਗੁਰੂ ਜੀ ਪਾਠ ਦੇ ਭੋਗ ਤੋਂ ਬਾਅਦ ਪ੍ਰਸੰਨ ਹੋ ਕੇ ਭਾਈ ਗੋਪਾਲਾ ਜੀ ਨੂੰ ਸਰਬਸ੍ਰੇਸ਼ਟ ਗੁਰਤਾਗੱਦੀ ਤੱਕ ਦੇਣ ਲਈ ਤਿਆਰ ਹੋ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਕ ਵਾਰ ਇਕ ਗੁਰਸਿੱਖ ਵਲੋਂ ਗੁਰਬਾਣੀ ਦੀ ਲਗਾਂ ਮਾਤਰਾਂ ਦਾ ਗ਼ਲਤ ਉਚਾਰਨ ਕਰਨ 'ਤੇ ਦਸਮ ਪਾਤਿਸ਼ਾਹ ਨੇ ਬਹੁਤ ਦੁੱਖ ਮਨਾਇਆ ਅਤੇ ਸਿੰਘ ਨੂੰ ਤਾੜਨਾ ਕਰਦਿਆਂ ਫ਼ੁਰਮਾਨ ਕੀਤਾ, 'ਸਿੰਘਾ! ਤੂੰ ਸਾਡੇ ਅੰਗ ਤੋੜ ਰਿਹਾ ਹੈਂ।'
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਜੰਗ-ਯੁੱਧਾਂ ਤੋਂ ਬਾਅਦ ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਮਾਲਵੇ ਦੀ ਧਰਤੀ 'ਤੇ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਦੇ ਅਸਥਾਨ 'ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਕੰਠੋਂ ਉਚਾਰ ਕੇ ਲਿਖਵਾਇਆ ਅਤੇ ਉਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸਮੁੱਚਾ ਅਰਥ ਬੋਧ ਵੀ ਕਰਵਾਇਆ। ਇਨ੍ਹਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਦੀ ਟਕਸਾਲ ਚਲਾਈ।
ਸ਼੍ਰੋਮਣੀ ਕਮੇਟੀ ਦਾ ਉਪਰਾਲਾ
ਪਿਛਲੇ ਸਮੇਂ ਤੋਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ 'ਚ ਗੁਰਬਾਣੀ ਸ਼ੁੱਧ ਉਚਾਰਨ ਅਤੇ ਸਹੀ ਬੋਧ ਦੀ ਘਾਟ ਕਾਰਨ ਇਨ੍ਹਾਂ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਸਿੱਖਿਅਤ ਕਰਨ, ਉਨ੍ਹਾਂ ਦੀ ਯੋਗਤਾ ਅਤੇ ਕਾਬਲੀਅਤ ਨੂੰ ਤਰਾਸ਼ਣ ਲਈ ਸ਼੍ਰੋਮਣੀ ਕਮੇਟੀ ਤੋਂ ਮਾਰਗ-ਦਰਸ਼ਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ। ਭਾਵੇਂ ਕਿ ਦੇਰ ਨਾਲ ਹੀ ਸਹੀ, ਪਿਛਲੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਪਾਠ ਬੋਧ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੁਆਰਾ ਪੰਜਾਬ ਭਰ 'ਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਤਿੰਨ ਤਖ਼ਤਾਂ; ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਈ ਇਸ ਪਾਠ ਬੋਧ ਸਮਾਗਮਾਂ ਦੀ ਲੜੀ ਤੋਂ ਚੰਗੇ ਨਤੀਜਿਆਂ ਦੀ ਆਸ ਬੱਝਣ ਲੱਗੀ ਹੈ। ਇਹ ਪਾਠ ਬੋਧ ਸਮਾਗਮ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਅਤੇ ਅਖੰਡ ਪਾਠੀਆਂ ਨੂੰ ਸ਼ੁੱਧ ਗੁਰਬਾਣੀ ਉਚਾਰਨ ਦੀ ਮੁਹਾਰਤ ਦੇ ਨਾਲ-ਨਾਲ ਧਰਮ ਪ੍ਰਚਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਪੰਜਾਬੀ ਮਾਂ-ਬੋਲੀ ਦੀ ਮੁੱਢਲੀ ਸਿੱਖਿਆ ਦੇਣ ਲਈ ਸਮਰੱਥ ਬਣਾਉਣ ਵਿਚ ਸਹਾਈ ਹੋ ਸਕਦੇ ਹਨ।
ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਇਨ੍ਹਾਂ ਪਾਠ ਬੋਧ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਇਕ ਮਹੀਨੇ ਤੱਕ ਚੱਲਣ ਵਾਲੇ ਇਨ੍ਹਾਂ ਪਾਠ ਬੋਧ ਸਮਾਗਮਾਂ ਵਿਚ ਸ਼ਾਮਿਲ ਹੋਣ 'ਤੇ 5100-5100 ਰੁਪਏ, ਸਰਟੀਫ਼ਿਕੇਟ ਅਤੇ ਸਿਰੋਪਾਓ ਦਿੱਤੇ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ 'ਤੇ ਲਗਪਗ 700 ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਠ ਬੋਧ ਸਮਾਗਮਾਂ ਵਿਚ ਸ਼ਾਮਿਲ ਹੋ ਕੇ 300 ਤੋਂ ਵੱਧ ਗ੍ਰੰਥੀ, ਅਖੰਡ ਪਾਠੀ ਸਿੰਘ ਗੁਰਬਾਣੀ ਲਗਾਂ ਮਾਤਰਾਂ ਦੇ ਸਹੀ ਉਚਾਰਨ ਅਤੇ ਔਖੇ ਸ਼ਬਦਾਂ ਦੇ ਅਰਥਾਂ ਦਾ ਗਿਆਨ ਲੈ ਚੁੱਕੇ ਹਨ। ਇਹ ਪਾਠ ਬੋਧ ਸਮਾਗਮ ਇਕ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਤੋਂ ਬਾਹਰਲੇ ਪ੍ਰਬੰਧਾਂ ਵਾਲੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਜੋੜ ਕੇ ਗੁਰਮਤਿ ਰਹਿਣੀ-ਬਹਿਣੀ 'ਚ ਪ੍ਰਪੱਕ ਕਰਨ ਦੇ ਨਾਲ-ਨਾਲ ਪੰਥ ਦੀ ਪ੍ਰਵਾਨਤ ਰਹਿਤ ਮਰਯਾਦਾ ਦੇ ਧਾਰਨੀ ਬਣਾਉਣ ਲਈ ਸਿਖਲਾਈ ਕੈਂਪਾਂ ਵਰਗੇ ਸਾਬਤ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਪੰਥ ਦੇ ਪ੍ਰਸਿੱਧ ਤੇ ਮਾਹਰ ਗੁਰਬਾਣੀ ਵਿਆਖਿਆਕਾਰ, ਵਿਦਵਾਨ ਅਤੇ ਗ੍ਰੰਥੀ ਸਾਹਿਬਾਨ ਗੁਰਬਾਣੀ ਸੰਥਿਆ ਦੇਣ ਦੇ ਨਾਲ-ਨਾਲ ਗੁਰਬਾਣੀ ਵਿਆਕਰਨ, ਸ਼ੁੱਧ ਉਚਾਰਨ, ਵਿਆਖਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਵੀ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਵਿਚ ਦ੍ਰਿੜ੍ਹ ਕਰਵਾ ਰਹੇ ਹਨ, ਤਾਂ ਜੋ ਪੰਥ ਨੂੰ ਅਨੁਸ਼ਾਸਨ ਅਤੇ ਏਕਤਾ ਦੇ ਸੂਤਰ ਵਿਚ ਬੰਨ੍ਹਣ ਲਈ ਘੱਟੋ-ਘੱਟ ਸਾਂਝੀ ਰਹਿਤ ਮਰਿਆਦਾ ਨਾਲ ਜੋੜਿਆ ਜਾ ਸਕੇ।
ਤਿੰਨਾਂ ਤਖ਼ਤਾਂ 'ਤੇ ਪਾਠ ਬੋਧ ਸਮਾਗਮਾਂ ਦੀ ਇਕ ਲੜੀ ਸੰਪੂਰਨ ਹੋ ਚੁੱਕੀ ਹੈ, ਜਿਨ੍ਹਾਂ ਤੋਂ ਬਾਅਦ ਹੋਰ ਵੱਡੇ ਇਤਿਹਾਸਕ ਅਸਥਾਨਾਂ 'ਤੇ ਲਗਾਤਾਰ ਇਹ ਪਾਠ ਬੋਧ ਸਮਾਗਮ ਰੱਖੇ ਜਾ ਰਹੇ ਹਨ। ਨਿਰਸੰਦੇਹ ਇਹ ਪਾਠ ਬੋਧ ਸਮਾਗਮ ਜਿੱਥੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੇ ਇਕਸਾਰ ਸ਼ੁੱਧ ਉਚਾਰਨ ਅਤੇ ਸਹੀ ਵਿਆਕਰਨ ਦੀ ਸਮਝ ਵਿਚ ਨਿਪੁੰਨ ਬਣਾਉਣਗੇ, ਉਥੇ ਧਰਮ ਪ੍ਰਚਾਰ ਵਿਚ ਪਿੰਡਾਂ, ਕਸਬਿਆਂ ਦੇ ਛੋਟੇ-ਵੱਡੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਵਧਾਉਣ ਵਾਲੇ ਵੀ ਸਾਬਤ ਹੋ ਸਕਦੇ ਹਨ। ਇਸ ਦੇ ਨਾਲ ਗੁਰਦੁਆਰਾ ਸੰਸਥਾ ਨੂੰ ਸਿੱਖੀ ਦੇ ਪ੍ਰਚਾਰ ਅਤੇ ਗੁਰਬਾਣੀ ਗਿਆਨ ਦੇ ਚਾਨਣ ਨੂੰ ਵੰਡਣ 'ਚ ਵਧੇਰੇ ਪ੍ਰਭਾਵਸ਼ਾਲੀ ਅਤੇ ਸਾਰਥਿਕ ਬਣਾਉਣ ਦੀ ਦਿਸ਼ਾ 'ਚ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਇਕ ਸ਼ੁੱਧ ਗੁਰਬਾਣੀ ਉਚਾਰਨ ਦਾ ਟੈਸਟ ਦੇਣ ਲਈ ਵੀ ਸੱਦਾ ਦਿੱਤਾ ਗਿਆ ਹੈ। ਜਿਹੜੇ ਗ੍ਰੰਥੀ ਸਿੰਘ ਇਹ ਟੈੱਸਟ ਪਾਸ ਕਰਨਗੇ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ 1000 ਰੁਪਏ ਪ੍ਰਤੀ ਮਹੀਨਾ ਪੱਕੇ ਤੌਰ 'ਤੇ ਵਜ਼ੀਫ਼ਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਇਕ ਵਾਰ ਸ਼੍ਰੋਮਣੀ ਕਮੇਟੀ ਕੋਲ ਪੰਜਾਬ ਵਿਚਲੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਰਜਿਸਟ੍ਰੇਸ਼ਨ ਹੋ ਜਾਵੇਗੀ, ਜੋ ਕਿ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵਧੇਰੇ ਉੱਤਰਦਾਈ ਬਣਾਉਣ, ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਵਿਚ ਪ੍ਰਪੱਕਤਾ ਅਤੇ ਵਿਧੀਬੱਧ ਤਰੀਕੇ ਨਾਲ ਪਿੰਡਾਂ, ਸ਼ਹਿਰਾਂ ਵਿਚ ਗੁਰਮਤਿ ਦੇ ਪ੍ਰਚਾਰ ਅਤੇ ਗੁਰਬਾਣੀ ਦੇ ਗਿਆਨ ਨੂੰ ਸਹੀ ਰੂਪ ਵਿਚ ਲੋਕਾਈ ਤੱਕ ਪਹੁੰਚਾਉਣ ਦੀ ਇਕ ਨਵੀਂ ਮੁਹਿੰਮ ਵਿੱਢਣ ਦਾ ਪਿੜ ਬੰਨ੍ਹਣ ਲਈ ਸਹਾਈ ਹੋ ਸਕਦੀ ਹੈ। ਜਦੋਂ ਪਿੰਡਾਂ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਵਧੇਰੇ ਸਿੱਖਿਅਤ, ਕਾਬਲ ਅਤੇ ਗੁਰਬਾਣੀ ਪਾਠ ਬੋਧ ਦੇ ਗਿਆਤਾ ਹੋਣਗੇ ਤਾਂ ਇਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵਿਚ ਪਿੰਡਾਂ ਦੇ ਗੁਰਦੁਆਰਿਆਂ, ਸਭਾ-ਸੁਸਾਇਟੀਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਹਰਲੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦਾ ਸਹਿਯੋਗ ਵਧੇਗਾ। ਉਹ ਆਮ ਲੋਕਾਂ ਨੂੰ ਗੁਰਬਾਣੀ ਦੇ ਫ਼ਲਸਫ਼ੇ, ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ, ਕੁਦਰਤ ਪ੍ਰਤੀ ਪ੍ਰੇਮ-ਭਾਵਨਾ, ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਸੁਧਾਰਾਂ ਵਿਚ ਵੀ ਆਪਣੀ ਜ਼ਿਕਰਯੋਗ ਭੂਮਿਕਾ ਨਿਭਾ ਸਕਣਗੇ, ਕਿਉਂਕਿ ਪਿੰਡਾਂ ਦੇ ਆਮ ਲੋਕਾਂ ਵਿਚ ਵਿਚਰਨ ਵਾਲੇ ਇਹ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਹੀ ਆਮ ਲੋਕਾਂ ਨਾਲ ਧਰਮ ਦੇ ਪ੍ਰਚਾਰ ਲਈ 'ਸੰਵਾਦ' ਦਾ ਸਭ ਤੋਂ ਨੇੜਲਾ ਜ਼ਰੀਆ ਬਣ ਸਕਦੇ ਹਨ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਫ਼ੋਨ : 98780-70008
ts1984buttar@yahoo.com


ਖ਼ਬਰ ਸ਼ੇਅਰ ਕਰੋ

ਆਧੁਨਿਕ ਸ਼ਿਲਪ ਕਲਾ ਦਾ ਸ਼ਾਹਕਾਰ-ਸ਼ੇਖ ਜ਼ਾਇਦ ਗਰੈਂਡ ਮਸਜਿਦ

ਅਬੂਧਾਬੀ ਦੀ ਸ਼ੇਖ ਜ਼ਾਇਦ ਗਰੈਂਡ ਮਸਜਿਦ ਪਰੰਪਰਾ, ਆਧੁਨਿਕ ਇਸਲਾਮਿਕ ਕਲਾ ਅਤੇ ਸ਼ਿਲਪਕਾਰੀ ਦਾ ਸ਼ਾਹਕਾਰ ਹੈ। ਇਹ ਇਸ ਮੁਲਕ ਦੀ ਸਭ ਤੋਂ ਵੱਡੀ ਮਸਜਿਦ ਹੈ। ਜਿਵੇਂ ਦੁਬਈ ਵਿਚ ਬੁਰਜ ਖਲੀਫ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਇਵੇਂ ਹੀ ਅਬੂਧਾਬੀ ਵਿਚ ਸ਼ੇਖ ਜ਼ਾਇਦ ਮਸਜਿਦ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ। ਸ਼ਰਾ-ਯੁਕਤ ਇਸਲਾਮਿਕ ਮੁਲਕਾਂ, ਸਮੇਤ ਸੰਯੁਕਤ ਅਰਬ ਅਮੀਰਾਤ, ਦੀਆਂ ਬਹੁਤ ਘੱਟ ਵੱਡੀਆਂ ਮਸਜਿਦਾਂ ਵਿਚੋਂ ਇਹ ਮਸਜਿਦ ਅਜਿਹੀ ਇਕ ਹੈ, ਜਿਸ ਵਿਚ ਗ਼ੈਰ-ਮੁਸਲਮਾਨਾਂ ਨੂੰ ਵੀ ਜਾਣ ਦੀ ਆਗਿਆ ਹੈ ਅਤੇ ਉਹ ਵੀ ਬਿਨਾਂ ਕਿਸੇ ਟਿਕਟ ਦੇ।
ਇਸ ਨੂੰ ਡਿਜ਼ਾਈਨ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਇਸਲਾਮਿਕ ਵਿਰਾਸਤ ਅਤੇ ਸੱਭਿਆਚਾਰ ਨੂੰ ਕਾਇਮ ਰੱਖਿਆ ਜਾਵੇ। ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਿਨ (1918-2004), ਜੋ ਮੁਲਕ ਦੇ ਬਾਨੀ ਸਨ ਅਤੇ ਜਿਨ੍ਹਾਂ ਨੂੰ ਯੂ.ਏ.ਈ. ਦੇ ਪਿਤਾਮਾ ਕਿਹਾ ਜਾਂਦੈ, ਦੇ ਨਾਂਅ ਉਪਰ ਇਹ ਮਸਜਿਦ ਹੈ। ਉਨ੍ਹਾਂ ਨੇ ਆਪ ਇਸ ਦੇ ਡਿਜ਼ਾਈਨ ਦੇ ਵੱਖਰੇ-ਵੱਖਰੇ ਪਹਿਲੂਆਂ ਦੀ ਨਿਗਰਾਨੀ ਕੀਤੀ ਸੀ। ਸ਼ੇਖ ਜ਼ਾਇਦ ਦਾ ਮਕਬਰਾ ਵੀ ਇਸੇ ਪਰਿਸਰ ਵਿਚ ਹੈ।
ਇਸ ਦਾ ਕੰਮ 1996 ਵਿਚ ਆਰੰਭ ਹੋਇਆ ਸੀ ਅਤੇ 2007 ਵਿਚ ਸੰਪੂਰਨ ਹੋਇਆ ਸੀ। ਇਸ ਦਾ ਸ਼ਿਲਪਕਾਰ ਸੀਰੀਆ ਦਾ ਯੋਸਫ ਅਬਡੇਲਕੀ ਸੀ। ਇਸ ਦਾ ਕੰਪਲੈਕਸ 30 ਏਕੜ ਦੇ ਵਿਸ਼ਾਲ ਰਕਬੇ ਵਿਚ ਫੈਲਿਆ ਹੈ। ਲਗਪਗ ਏਨਾ ਰਕਬਾ ਹੀ ਪਾਰਕਿੰਗ ਅਤੇ ਬਾਗ-ਬਗੀਚਿਆਂ ਲਈ ਹੈ। ਇਹ 115 ਮੀਟਰ (377.2 ਫੁੱਟ) ਉੱਚੀ ਹੈ। ਇਸ ਦੀ ਇਮਾਰਤ ਦੀ ਪੈਮਾਇਸ਼ 290 ਮੀਟਰ (960 ਫੁੱਟ)×420 ਮੀਟਰ (1,377.6 ਫੁੱਟ) ਹੈ। ਹਰ ਮੀਨਾਰ ਦੀ ਉਚਾਈ 107 ਮੀਟਰ (351 ਫੁੱਟ) ਹੈ। ਇਕ ਅੰਦਾਜ਼ੇ ਅਨੁਸਾਰ ਇਸ ਵਿਚ 1,00,000 ਟਨ ਸ਼ੁੱਧ ਯੂਨਾਨੀ ਅਤੇ ਮੈਸੇਡੋਨੀਅਨ ਚਿੱਟਾ ਸੰਗਮਰਮਰ ਲੱਗੈ। 3000 ਤੋਂ ਵੱਧ ਕਰਮੀਆਂ, 38 ਉਪ-ਠੇਕੇਦਾਰਾਂ ਨੇ ਇਟਲੀ ਦੇ ਮੁੱਖ ਠੇਕੇਦਾਰ ਇੰਪਰੈਗਿਲੋ ਨਾਲ ਇਸ ਨੂੰ ਉਸਾਰਿਆ।
ਸ਼ੇਖ ਜ਼ਾਇਦ ਗਰੈਂਡ ਮੌਸਕ ਸੈਂਟਰ, ਜੋ ਇਸ ਮਸਜਿਦ ਦੇ ਰੋਜ਼ਮਰਾ ਪ੍ਰਬੰਧ ਦੀ ਦੇਖ-ਰੇਖ ਕਰਦਾ ਹੈ, ਵਲੋਂ ਪ੍ਰਦਾਨ ਕੀਤੇ ਅੰਗਰੇਜ਼ੀ ਅਤੇ ਅਰਬੀ ਵਿਚ ਛਪੇ ਇਕ ਖੂਬਸੂਰਤ ਸਚਿੱਤਰ ਕਿਤਾਬਚੇ ਵਿਚ ਇਸ ਮਸਜਿਦ ਨੂੰ ਬਣਾਉਣ ਦੇ ਮਕਸਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਨੁਸਾਰ ਸ਼ੇਖ ਸਾਹਿਬ ਦਾ ਇਹ ਸੁਪਨਾ ਸੀ ਕਿ ਇਹ ਮਸਜਿਦ ਇਸਲਾਮ ਦੀ ਲਾਮਿਸਾਲ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀ ਦੇ ਸੰਕਲਪ ਦੀ ਬੇਮਿਸਾਲ ਸੂਚਕ ਹੋਵੇਗੀ। ਇਹ ਵਿਸ਼ਵ ਦੇ ਲੋਕਾਂ ਨੂੰ, ਬਿਨਾਂ ਮਜ਼ਹਬੋ-ਮਿੱਲਤ ਦੇ ਭੇਦ-ਭਾਵ ਦੇ, ਅਮਨ-ਸ਼ਾਂਤੀ ਦਾ ਸੁਨੇਹਾ ਦੇਵੇਗੀ। ਇਸ ਕਿਤਾਬਚੇ ਅਨੁਸਾਰ ਸ਼ੇਖ ਜ਼ਾਇਦ ਦਾ ਇਹ ਸੁਪਨਾ ਸਾਖਸ਼ਾਤ ਪੂਰਾ ਹੋਇਐ, ਕਿਉਂਕਿ ਮਸਜਿਦ ਨੇ ਦਰਸਾ ਦਿੱਤੈ ਕਿ ਯੂ.ਏ.ਈ. ਅਮਨ ਅਤੇ ਮੁਹੱਬਤ ਦਾ ਗਹਿਵਾਰਾ ਹੈ।
ਸ਼ੇਖ ਜ਼ਾਇਦ ਦੀ ਦੂਰਦ੍ਰਿਸ਼ਟੀ ਮਸਜਿਦ ਦੀ ਹਰਮਨ-ਪਿਆਰਤਾ ਤੋਂ ਪ੍ਰਗਟ ਹੁੰਦੀ ਹੈ। ਸੈਰ-ਸਪਾਟਾ ਪਲੈਨ ਕਰਨ ਅਤੇ ਬੁਕਿੰਗ ਕਰਨ ਵਾਲੀ ਸੰਸਥਾ 'ਟਰਿੱਪ-ਐਡਵਾਈਜ਼ਰ' ਨੇ ਇਸ ਮਸਜਿਦ ਨੂੰ ਲਗਾਤਾਰ ਦੋ ਸਾਲ ਸੈਲਾਨੀਆਂ ਦਾ ਵਿਸ਼ਵ ਦਾ ਦੂਸਰਾ ਸਭ ਤੋਂ ਮਨਪਸੰਦ ਲੈਂਡਮਾਰਕ ਐਲਾਨਿਆ (ਪਹਿਲਾ ਕੰਬੋਡੀਆ ਦਾ ਅੰਗਕੋਰ ਵਾਟ ਹੈ)। ਪਿਛਲੇ ਸਾਲ ਦੇ ਇਕ ਸਰਵੇਖਣ ਵਿਚ ਇਸ ਸੰਸਥਾ ਅਨੁਸਾਰ ਇਸ ਮਸਜਿਦ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ 52,09,801 ਇਕ ਸੀ। ਸੈਲਾਨੀਆਂ ਨੇ ਇਸ ਨੂੰ ਹੋਸ਼-ਗੁਆਊ ਹੱਦ ਤੱਕ ਮਨਮੋਹਕ, ਸੁੰਦਰ, ਸ਼ਾਂਤ ਅਤੇ ਮਾਡਰਨ ਅਜੂਬਾ ਅੰਕਿਐ।
ਮਸਜਿਦ ਵਿਚ ਇਕੋ ਸਮੇਂ 41,000 ਸ਼ਰਧਾਲੂ ਸਮਾ ਜਾਂਦੇ ਹਨ। ਮੁੱਖ ਪ੍ਰਾਰਥਨਾ ਹਾਲ ਵਿਚ 7,000 ਤੋਂ ਵੱਧ, ਦੋ ਛੋਟੇ ਹਾਲਾਂ ਵਿਚ 1500-1500, ਜਿਨ੍ਹਾਂ ਵਿਚੋਂ ਇਕ ਸਿਰਫ ਔਰਤਾਂ ਵਾਸਤੇ ਹੈ, ਸ਼ਰਧਾਲੂ ਨਮਾਜ਼ ਅਦਾ ਕਰ ਸਕਦੇ ਹਨ। ਚਾਰ ਖੁੱਲ੍ਹੇ ਵਿਹੜਿਆਂ ਦੇ ਕੋਨਿਆਂ 'ਤੇ ਚਾਰ ਮੀਨਾਰ ਹਨ, ਜਿਨ੍ਹਾਂ 'ਚੋਂ ਹਰੇਕ ਦੀ ਉਚਾਈ 107 ਮੀਟਰ (351 ਫੁੱਟ) ਹੈ। ਫੁੱਲਾਂ ਦੇ ਨਮੂਨੇ ਵਾਲੇ ਸੰਗਮਰਮਰ ਨਾਲ ਬਣੇ ਕੇਂਦਰੀ ਕੋਰਟਯਾਰਡ (ਖੁੱਲ੍ਹਾ ਵਿਹੜਾ), ਜਿਸ ਨੂੰ 'ਸੇਹਨ' ਕਹਿੰਦੇ ਹਨ, ਦਾ ਏਰੀਆ 17,400 ਵਰਗ ਮੀਟਰ (1,87,224 ਵਰਗ ਫੁੱਟ) ਹੈ ਅਤੇ ਇਹ ਵਿਸ਼ਵ ਦਾ ਸਭ ਤੋਂ ਵੱਡਾ ਸੰਗਮਰਮਰੀ ਚੌਰੰਗੀ/ਪੱਚੀਕਾਰੀ (ਮਾਰਬਲ ਮੋਜ਼ੇਕ) ਕਿਹਾ ਜਾਂਦੈ। ਇਸ ਦਾ ਡਿਜ਼ਾਈਨ ਬਰਤਾਨਵੀ ਕਲਾਕਾਰ ਕੇਵਿਨ ਡੀਨ ਨੇ ਤਿਆਰ ਕੀਤਾ ਸੀ। ਫੁੱਲਾਂ ਦੇ ਡਿਜ਼ਾਈਨ ਉੱਤਰੀ ਤੇ ਦੱਖਣੀ ਧਰੁਵੀ ਗੋਲਾਰਧ ਅਤੇ ਅਰੇਬੀਅਨ ਗਲਫ ਵਿਚੋਂ ਚੁਣੇ ਫੁੱਲਾਂ ਦੇ ਨਮੂਨਿਆਂ ਉਪਰ ਢਾਲੇ ਗਏ ਹਨ। ਇਸ 'ਸੇਹਨ' ਵਿਚ 1000 ਤੋਂ ਵੱਧ ਕੌਲਿਆਂ/ਥੰਮ੍ਹਾਂ ਵਾਲੇ ਮਹਿਰਾਬਦਾਰ ਲਾਂਘੇੇ ਹਨ। ਥਾਂ-ਥਾਂ ਉੱਪਰ 24 ਕੈਰੇਟ ਸੋਨੇ ਦੀ ਵਰਤੋਂ ਕੀਤੀ ਗਈ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਫਗਵਾੜਾ।

ਬਰਸੀ 'ਤੇ ਵਿਸ਼ੇਸ਼

ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ

ਬਾਬਾ ਬਕਾਲਾ ਸਾਹਿਬ-ਤਰਨਾ ਦਲ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਤਰਨਾ ਦਲ ਦੀ ਚੜ੍ਹਦੀ ਕਲਾ ਲਈ ਅਤੇ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ ਵਿਚ ਗੁਜ਼ਾਰ ਦਿੱਤੀ, ਦਾ ਜਨਮ ਸੰਨ 1892 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖੋਂ, ਪਿਤਾ ਸ: ਉਜਾਗਰ ਸਿੰਘ ਦੇ ਗ੍ਰਹਿ, ਪਿੰਡ ਵਡਾਲਾ ਕਲਾਂ (ਤਹਿਸੀਲ ਬਾਬਾ ਬਕਾਲਾ) ਵਿਖੇ ਹੋਇਆ। ਜਦੋਂ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਸ੍ਰੀ ਭੋਰਾ ਸਾਹਿਬ (ਪਾਤਸ਼ਾਹੀ ਨੌਵੀਂ) ਬਾਬਾ ਬਕਾਲਾ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਬਾਬਾ ਬਿਸ਼ਨ ਸਿੰਘ, ਸ੍ਰੀ ਭੋਰਾ ਸਹਿਬ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ ਹੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਉਸ ਵੇਲੇ ਦੇ ਮੁਖੀ ਬਾਬਾ ਗੁਰਮੁੱਖ ਸਿੰਘ ਦੀ ਸੇਵਾ ਵਿਚ ਵੀ ਜੁਟ ਗਏ। ਬਾਬਾ ਗੁਰਮੁੱਖ ਸਿੰਘ ਦੇ ਸੱਚਖੰਡ ਜਾਣ ਪਿੱਛੋਂ ਸੰਗਤ ਨੇ ਤਰਨਾ ਦਲ ਬਾਬਾ ਬਕਾਲਾ ਦੀ ਸਾਰੀ ਜ਼ਿੰਮੇਵਾਰੀ ਬਾਬਾ ਸਾਧੂ ਸਿੰਘ ਨੂੰ ਸੌਂਪ ਦਿੱਤੀ, ਜਦੋਂ ਬਾਬਾ ਸਾਧੂ ਸਿੰਘ ਸੱਚਖੰਡ ਗਏ ਤਾਂ ਸੰਗਤਾਂ ਨੇ ਪਿੱਛੋਂ 1934 ਈਸਵੀ ਨੂੰ ਬਾਬਾ ਬਿਸ਼ਨ ਸਿੰਘ ਨੂੰ ਤਰਨਾ ਦਲ ਦੇ 12ਵੇਂ ਜਥੇਦਾਰ ਥਾਪ ਦਿੱਤਾ। ਬਾਬਾ ਬਿਸ਼ਨ ਸਿੰਘ ਨੇ ਤਰਨਾ ਦਲ ਦਾ ਮੁਖੀ ਬਣਨ ਪਿੱਛੋਂ ਬੇਅੰਤ ਗੁਰਦੁਆਰਾ ਸਾਹਿਬਾਨ ਅਤੇ ਸਰੋਵਰ ਸਾਹਿਬ ਬਣਵਾਏ ਅਤੇ ਅਣਗਿਣਤ ਹੀ ਨਿਸ਼ਾਨ ਸਾਹਿਬ ਝੁਲਾ ਕੇ ਤਰਨਾ ਦਲ ਦੀ ਸ਼ਾਨ ਨੂੰ ਹੋਰ ਵਧਾਇਆ।
ਆਪ ਜੀ 20 ਜੂਨ, 1994 ਨੂੰ ਸੱਚਖੰਡ ਪਿਆਨਾ ਕਰ ਗਏ। ਬਾਬਾ ਬਿਸ਼ਨ ਸਿੰਘ ਦੀ 24ਵੀਂ ਸਾਲਾਨਾ ਬਰਸੀ, ਤਰਨਾ ਦਲ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਤਰਨਾ ਦਲ ਦੇ ਮੌਜੂਦਾ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਗੁ: ਛੇਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ਵਿਖੇ 20 ਜੂਨ (ਮੁਤਾਬਕ 6 ਹਾੜ੍ਹ), ਬੁੱਧਵਾਰ ਨੂੰ ਬੜੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ। ਇਸ ਮੌਕੇ ਗੁ: ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਮੁਖੀ, ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧ ਪੁੱਜ ਕੇ ਬਾਬਾ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ। ਸ਼ਾਮ ਨੂੰ ਨਿਹੰਗ ਸਿੰਘਾਂ ਵਲੋਂ ਮਹੱਲਾ ਸਜਾਇਆ ਜਾਵੇਗਾ, ਜਿਸ ਵਿਚ ਘੋਲ, ਕਬੱਡੀ, ਨੇਜ਼ੇਬਾਜ਼ੀ, ਗਤਕੇਬਾਜ਼ੀ ਅਤੇ ਘੋੜਸਵਾਰੀ ਦੇ ਮੁਕਾਬਲੇ ਹੋਣਗੇ।


-ਬਾਬਾ ਬਕਾਲਾ ਸਾਹਿਬ।
ਮੋਬਾ: 98157-69164)

ਹੁਣ ਡੋਗਰਿਆਂ ਦੀ ਚੌਧਰ ਹੇਠ ਸੀ ਪੰਜਾਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਰਾਜਾ ਰਣਜੀਤ ਸਿੰਘ ਦੇ ਕਈ ਪੁੱਤਰ ਸਨ ਪਰ ਉਹ ਕਿਸੇ ਨੂੰ ਵੀ ਓਨਾ ਪਸੰਦ ਨਹੀਂ ਸੀ ਕਰਦੇ, ਜਿੰਨਾ ਆਪਣੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਦੇ ਗੋਰੇ-ਚਿੱਟੇ ਪੁੱਤਰ ਹੀਰਾ ਸਿੰਘ ਨੂੰ। ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਸਿੰਘ ਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ ਸੀ ਤੇ ਉਸ ਨੂੰ ਬਕਾਇਦਾ 'ਫ਼ਰਜ਼ੰਦੇ ਖਾਸ' ਦਾ ਖਿਤਾਬ ਵੀ ਦਿੱਤਾ, ਜਿਸ ਦਾ ਮਤਲਬ ਵੀ ਵਿਸ਼ੇਸ਼ ਪੁੱਤਰ ਬਣਦਾ ਹੈ। ਮਹਾਰਾਜਾ ਨੇ ਉਸ ਨੂੰ 'ਰਾਜਾ' ਬਣਾਇਆ, ਉਸ ਦੇ ਵਿਆਹ ਦਾ ਪ੍ਰਬੰਧ ਕੀਤਾ, ਕੀਮਤੀ ਤੋਹਫੇ ਦਿੱਤੇ ਤੇ ਉਸ ਨੂੰ ਦਰਬਾਰ ਵਿਚ ਬੈਠਣ ਵਾਸਤੇ ਉਹ ਅਸਥਾਨ ਦਿੱਤਾ, ਜਿਹੜਾ ਉਸ ਦੇ ਪਿਤਾ, ਪ੍ਰਧਾਨ ਮੰਤਰੀ, ਕੋਲ ਵੀ ਨਹੀਂ ਸੀ। ਉਸ ਨੂੰ ਖੁੱਲ੍ਹ ਕੇ ਬੋਲਣ ਤੇ ਮਹਾਰਾਜਾ ਦੇ ਕੰਮ ਦੀ ਨੁਕਤਾਚੀਨੀ ਕਰਨ ਦਾ ਵੀ ਹੱਕ ਸੀ। ਹੀਰਾ ਸਿੰਘ ਮਹਾਰਾਜਾ ਨੂੰ ਕਿਸੇ ਇੱਜ਼ਤ ਵਾਲੇ ਲਫਜ਼ਾਂ ਨਾਲ ਸੰਬੋਧਨ ਨਹੀਂ ਕਰਦਾ ਸੀ, ਉਸ ਨੂੰ 'ਬਾਪੂ' ਕਹਿ ਕੇ ਬੁਲਾਉਂਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਮਹਾਰਾਜਾ ਚਲਦੀਆਂ ਆ ਰਹੀਆਂ ਰਵਾਇਤਾਂ ਤੇ ਰਸਮਾਂ ਨੂੰ ਤੋੜ ਸਕਦਾ ਹੁੰਦਾ ਤਾਂ ਆਪਣੇ ਪੁੱਤਰਾਂ ਦੀ ਬਜਾਏ ਇਸ ਡੋਗਰਿਆਂ ਦੇ ਮੁੰਡੇ ਨੂੰ ਗੱਦੀ ਦਾ ਵਾਰਸ ਬਣਾਉਂਦਾ। ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ। ਹੀਰਾ ਸਿੰਘ ਨੂੰ ਵੀ ਕੋਈ ਭੁਲੇਖਾ ਨਹੀਂ ਸੀ ਕਿ ਪੰਜਾਬ ਦੀ ਗੱਦੀ ਦਾ ਰਸਮੀ ਵਾਰਸ ਸ਼ਾਹੀ ਖਾਨਦਾਨ ਵਿਚੋਂ ਹੀ ਹੋ ਸਕਦਾ ਹੈ। ਪਰ ਜੋ ਮਾਹੌਲ ਉਸ ਵਕਤ ਲਾਹੌਰ ਵਿਚ ਬਣਿਆ ਸੀ, ਦਰਬਾਰੀ ਤੇ ਸਲਾਹਕਾਰ ਵੀ ਇਸ ਸਬੰਧੀ ਸੋਚਦੇ, ਵਾਰ-ਵਾਰ ਉਨ੍ਹਾਂ ਨੂੰ ਇਹ ਖਿਆਲ ਆਉਂਦਾ ਕਿ ਅਜਿਹੀ ਹਾਲਤ ਵਿਚ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ। ਇਹ ਪੱਕਾ ਹੋ ਗਿਆ ਕਿ ਪ੍ਰਧਾਨ ਮੰਤਰੀ ਵਾਸਤੇ ਧਿਆਨ ਸਿੰਘ ਦੀ ਜਗ੍ਹਾ ਉਸ ਦਾ ਪੁੱਤਰ ਹੀਰਾ ਸਿੰਘ ਹੀ ਲਵੇਗਾ।
ਪਰ ਸਭ ਤੋਂ ਭਖਦਾ ਸਵਾਲ ਇਹ ਸੀ ਕਿ ਉਸ ਦੇ ਪੁੱਤਰਾਂ ਵਿਚੋਂ ਕਿਸ ਨੂੰ ਰਣਜੀਤ ਸਿੰਘ ਦੇ ਤਖ਼ਤ 'ਤੇ ਬਿਠਾਇਆ ਜਾਵੇ। ਸਭ ਚੋਣਾਂ ਦਲੀਪ ਸਿੰਘ 'ਤੇ ਆ ਕੇ ਰੁਕ ਜਾਂਦੀਆਂ ਸਨ, ਜਿਹੜਾ ਉਸ ਵੇਲੇ 6 ਸਾਲ ਦਾ ਸੀ। ਸੰਧਾਵਾਲੀਆਂ ਨੇ ਪਹਿਲਾਂ ਹੀ ਉਸ ਨੂੰ ਮਹਾਰਾਜਾ ਐਲਾਨਿਆ ਹੋਇਆ ਸੀ। ਹੀਰਾ ਸਿੰਘ ਵੀ ਸੋਚਦਾ ਸੀ ਕਿ ਉਸ ਦੀ ਨਾਬਾਲਗੀ ਦੇ ਮੌਕੇ ਉਹ ਪ੍ਰਧਾਨ ਮੰਤਰੀ ਵੀ ਹੋਵੇਗਾ ਤੇ ਮਹਾਰਾਜਾ ਦਾ ਅਖਤਿਆਰ ਵੀ ਉਸੇ ਕੋਲ ਹੋਵੇਗਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਸੀ ਕਿ ਦਲੀਪ ਸਿੰਘ ਦੀ ਨੌਜਵਾਨ ਤੇ ਖੂਬਸੂਰਤ ਮਾਂ ਜਿੰਦਾਂ, ਜਿਸ ਦਾ ਸੁਚੇਤ ਸਿੰਘ ਡੋਗਰਾ ਉੱਪਰ ਚੰਗਾ ਪ੍ਰਭਾਵ ਸੀ, ਇਸ ਤਜਵੀਜ਼ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਸਕਦੀ ਸੀ। ਨਤੀਜੇ ਵਜੋਂ ਜਦੋਂ ਗਲੀਆਂ ਵਿਚੋਂ ਲਾਸ਼ਾਂ ਉਠਾ ਲਈਆਂ ਗਈਆਂ ਤੇ ਅਮਨ ਬਹਾਲ ਹੋ ਗਿਆ ਤਾਂ ਦਲੀਪ ਸਿੰਘ ਨੂੰ ਮਹਾਰਾਜਾ ਐਲਾਨਿਆ ਗਿਆ ਤੇ ਹੀਰਾ ਸਿੰਘ ਡੋਗਰਾ ਨੂੰ ਉਸ ਦਾ ਪ੍ਰਧਾਨ ਮੰਤਰੀ।
ਪਰ ਨਾ 15 ਤੇ 16 ਸਤੰਬਰ ਦੇ ਖੂਨੀ ਸਾਕੇ ਤੇ ਨਾ ਹੀ ਦਲੀਪ ਨੂੰ ਮਹਾਰਾਜਾ ਐਲਾਨਣ ਨਾਲ ਦਰਬਾਰ ਦੇ ਅੰਦਰ ਦੀ ਧੜੇਬੰਦੀ ਖ਼ਤਮ ਹੋਈ। ਬਹੁਤ ਸਾਰੇ ਲੋਕ ਤਖ਼ਤ ਦੇ ਵੱਖ-ਵੱਖ ਦਾਅਵੇਦਾਰਾਂ ਪਿੱਛੇ ਇਕੱਠੇ ਹੋ ਗਏ ਤੇ ਹਰ ਗਰੁੱਪ ਦਾ ਆਪਣਾ ਪ੍ਰਧਾਨ ਮੰਤਰੀ ਵੀ ਸੀ। ਦਲੀਪ ਸਿੰਘ ਦੀ ਵਾਜਬੀਅਤ ਬਾਰੇ ਉਸ ਦੇ ਵੱਡੇ ਮਤਰੇਏ ਭਰਾਵਾਂ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ ਇਤਰਾਜ਼ ਉਠਾਏ। ਹੀਰਾ ਸਿੰਘ ਡੋਗਰਾ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ ਤਾਂ ਉਸ ਦੇ ਰਿਸ਼ਤੇਦਾਰ ਸੁਚੇਤ ਸਿੰਘ ਨੇ ਸਵਾਲ ਖੜ੍ਹੇ ਕੀਤੇ, ਜਿਸ ਦੀ ਹਮਾਇਤ ਮਹਾਰਾਣੀ ਜਿੰਦਾਂ ਨੇ ਵੀ ਕੀਤੀ। ਸੁਚੇਤ ਸਿੰਘ ਬਾਰੇ ਚਰਚਾ ਸੀ ਕਿ ਉਹ ਰਾਣੀ ਜਿੰਦਾਂ ਦਾ ਆਸ਼ਕ ਹੈ। ਸੁਚੇਤ ਸਿੰਘ ਦਾ ਵੱਡਾ ਭਰਾ ਗੁਲਾਬ ਸਿੰਘ ਵੀ ਹੀਰਾ ਸਿੰਘ ਦੇ ਹੱਕ ਵਿਚ ਨਹੀਂ ਸੀ। ਕਿਉਂਕਿ ਸੁਚੇਤ ਸਿੰਘ ਦਾ ਆਪਣਾ ਕੋਈ ਪੁੱਤਰ ਨਹੀਂ ਸੀ, ਇਸ ਕਰਕੇ ਗੁਲਾਬ ਸਿੰਘ ਨੇ ਉਸ ਨੂੰ ਕਿਹਾ ਹੋਇਆ ਸੀ ਕਿ ਉਹ ਉਸ ਦੇ ਛੋਟੇ ਪੁੱਤਰ ਰਣਬੀਰ ਸਿੰਘ ਨੂੰ ਗੋਦ ਲੈ ਲਵੇ, ਜਿਸ ਨੂੰ 'ਮੀਆਂ ਫੀਨਾ' ਕਰਕੇ ਬੁਲਾਇਆ ਜਾਂਦਾ ਸੀ। ਇਸ ਵਿਚ ਗੁਲਾਬ ਸਿੰਘ ਆਪਣੀ ਕਿਸਮਤ ਨੂੰ ਸੁਚੇਤ ਸਿੰਘ ਦੀ ਕਿਸਮਤ ਨਾਲ ਜੋੜ ਕੇ ਆਪਣਾ ਫਾਇਦਾ ਦੇਖ ਰਿਹਾ ਸੀ। ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਇਕ ਹੋਰ ਦਾਅਵੇਦਾਰ ਜਿੰਦਾਂ ਦਾ ਭਰਾ ਜਵਾਹਰ ਸਿੰਘ ਸੀ, ਜੋ ਰਿਸ਼ਤੇ ਦੇ ਹਿਸਾਬ ਨਾਲ ਵੀ ਛੋਟੇ ਮਹਾਰਾਜਾ ਦਾ ਰੱਖਿਅਕ-ਸਲਾਹਕਾਰ ਸੀ। ਅਚਾਨਕ ਇਕ ਹੋਰ ਬੰਦਾ ਵੀ ਪ੍ਰਧਾਨ ਮੰਤਰੀ ਵਾਸਤੇ ਉਮੀਦਵਾਰ ਬਣ ਕੇ ਸਾਹਮਣੇ ਆ ਗਿਆ। ਉਹ ਇਕ ਬ੍ਰਾਹਮਣ ਪੁਜਾਰੀ, ਪੰਡਤ ਜੱਲਾ ਸੀ, ਜੋ ਹੀਰਾ ਸਿੰਘ ਦਾ ਬਚਪਨ ਦਾ ਸਾਥੀ ਤੇ ਉਸ ਦਾ ਅਧਿਆਪਕ ਵੀ ਸੀ। ਉਹ ਬਹੁਤ ਹੀ ਉਜੱਡ ਕਿਸਮ ਦਾ ਬੰਦਾ ਸੀ ਤੇ ਕੋਈ ਵੀ ਉਸ ਨੂੰ ਪਸੰਦ ਨਹੀਂ ਕਰਦਾ ਸੀ।
ਅਸਲ ਵਿਚ ਦਰਬਾਰ ਦੀ ਸਟੇਜ ਦੇ ਸਾਰੇ ਪਾਤਰ ਹੁਣ ਕਠਪੁਤਲੀਆਂ ਰਹਿ ਗਏ ਸਨ, ਜਿਨ੍ਹਾਂ ਦੀਆਂ ਤਾਰਾਂ ਫ਼ੌਜ ਦੇ ਪੰਚਾਂ ਦੇ ਹੱਥਾਂ ਵਿਚ ਚਲੇ ਗਈਆਂ ਸਨ। ਫ਼ੌਜੀਆਂ ਸਾਹਮਣੇ ਕੋਈ ਸਿਆਸੀ ਮਕਸਦ ਨਹੀਂ ਸੀ, ਉਹ ਆਪਣੀ ਹਸਤੀ ਦੀ ਮਾਨਤਾ ਚਾਹੁੰਦੇ ਸਨ ਤੇ ਵੱਡੀ ਗੱਲ ਕਿ ਅੰਗਰੇਜ਼ਾਂ ਦੀਆਂ ਚਾਲਾਂ ਦਾ ਧਿਆਨ ਰੱਖ ਰਹੇ ਸਨ। ਇਨ੍ਹਾਂ ਦਾ ਉਨ੍ਹਾਂ ਆਦਮੀਆਂ ਬਾਰੇ ਰਵੱਈਆ ਬਹੁਤ ਸਖਤ ਸੀ, ਜਿਨ੍ਹਾਂ ਬਾਰੇ ਅੰਗਰੇਜ਼ਾਂ ਨਾਲ ਗੰਢਤੁੱਪ ਦਾ ਸ਼ੰਕਾ ਸੀ। ਸ਼ਾਹੀ ਖਾਨਦਾਨ ਦੇ ਲੋਕਾਂ ਨੇ ਫ਼ੌਜ ਦੇ ਇਸ ਅੰਗਰੇਜ਼ ਵਿਰੋਧੀ ਫੋਬੀਆ ਨੂੰ ਵਰਤਿਆ ਤੇ ਹਰ ਕੋਈ ਆਪਣੇ ਵਿਰੋਧੀਆਂ ਉੱਪਰ ਅੰਗਰੇਜ਼ਾਂ ਤੋਂ ਤਨਖਾਹ ਲੈਣ ਦਾ ਇਲਜ਼ਾਮ ਲਗਾਉਂਦੇ ਰਹੇ। ਉਹ ਫ਼ੌਜ ਨੂੰ ਅੰਗਰੇਜ਼ਾਂ ਤੋਂ ਹਮਲੇ ਦੇ ਖਤਰੇ ਬਾਰੇ ਵੀ ਦੱਸਦੇ ਰਹੇ। ਕਿਉਂਕਿ ਫ਼ੌਜ ਵਿਚ ਵੱਡੀ ਗਿਣਤੀ ਸਿੱਖਾਂ ਦੀ ਸੀ, ਇਸ ਵਾਸਤੇ ਉਹ ਧਾਰਮਿਕ ਰੰਗ ਵਿਚ ਵੀ ਰੰਗੇ ਹੋਏ ਸਨ। ਇਸ ਦੌਰਾਨ ਇਕ ਆਦਮੀ ਭਾਈ ਬੀਰ ਸਿੰਘ ਚਰਚਾ ਵਿਚ ਆਇਆ। ਉਹ ਇਕ ਰਿਟਾਇਰਡ ਫ਼ੌਜੀ ਸੀ ਤੇ ਹੁਣ ਸਤਲੁਜ ਦੇ ਕੰਢੇ ਨੌਰੰਗਾਬਾਦ ਵਿਚ ਆਪਣਾ ਗੁਰਦੁਆਰਾ ਚਲਾ ਰਿਹਾ ਸੀ। ਉਸ ਦੀ ਹਾਜ਼ਰੀ ਵਿਚ 1200 ਬੰਦੂਕਚੀ ਤੇ 3,000 ਘੋੜਸਵਾਰ ਰਹਿੰਦੇ ਸਨ। ਉਸ ਦੇ ਲੰਗਰ ਵਿਚੋਂ ਹਰ ਰੋਜ਼ ਕੋਈ 1500 ਲੋਕ ਅੰਨ ਛਕਦੇ ਸਨ।
ਅੰਗਰੇਜ਼ਾਂ ਦੇ ਹਮਲੇ ਦਾ ਖਤਰਾ ਸਿਰਫ ਪ੍ਰਾਪੇਗੰਡਾ ਹੀ ਨਹੀਂ ਸੀ, ਸਗੋਂ ਹਿੰਦੁਸਤਾਨ ਵਿਚ ਫ਼ੌਜੀ ਤਿਆਰੀਆਂ ਦੇ ਸਬੂਤ ਵੀ ਮਿਲ ਰਹੇ ਸਨ। ਪੰਜਾਬੀ ਜਾਣਦੇ ਸਨ ਕਿ ਅੰਗਰੇਜ਼ਾਂ ਨੂੰ ਹਮਲੇ ਵਾਸਤੇ ਸਿਰਫ ਬਹਾਨੇ ਦੀ ਜ਼ਰੂਰਤ ਹੈ। ਅੰਗਰੇਜ਼ ਪੰਜਾਬ ਵਿਚ ਬਹੁਤ ਸਰਗਰਮ ਸਨ। ਉਨ੍ਹਾਂ ਨੇ ਯੂਰਪੀਨ ਅਫਸਰਾਂ ਤੇ ਬਹੁਤ ਸਾਰੇ ਸਿੱਖ ਸਰਦਾਰਾਂ ਨਾਲ ਰਾਬਤਾ ਬਣਾਇਆ ਹੋਇਆ ਸੀ। ਉਨ੍ਹਾਂ ਦੀ ਪੰਜਾਬ ਨਾਲ ਗੱਲਬਾਤ ਜਾਂ ਤਾਂ ਸਰਪ੍ਰਸਤੀ ਵਾਲੀ ਸੀ ਜਾਂ ਤਾਨਾਸ਼ਾਹੀ ਵਾਲੀ। ਸ਼ੇਰ ਸਿੰਘ ਤੇ ਧਿਆਨ ਸਿੰਘ ਦੇ ਕਤਲ ਤੋਂ ਬਾਅਦ ਅੰਗਰੇਜ਼ਾਂ ਦੀਆਂ ਫ਼ੌਜੀ ਤਿਆਰੀਆਂ ਤੇ ਫ਼ੌਜਾਂ ਦੀ ਹਰਕਤ ਪੰਜਾਬ ਵਿਚ ਮਾਨਸਿਕ ਦਬਾਅ ਵਧਾ ਰਹੀ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਝੰਗ ਸਦਰ ਦਾ ਨਿਹੰਗ ਦਰਬਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਸਫ਼ਾ 704 'ਤੇ ਲਿਖਦੇ ਹਨ ਕਿ ਨਿਹੰਗ ਸਿੰਘ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਲਈ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਇਸ ਦੇ ਨਾਲ ਹੀ ਉਹ ਲਿਖਦੇ ਹਨ ਕਿ ਨਿਹੰਗ ਦਾ ਅਰਥ ਹੈ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ (ਨਿਰਭਉ ਹੋਇਓ ਭਇਆ ਨਿਹੰਗਾ)।
ਡਿਸਟ੍ਰਿਕਟ ਗਜ਼ਟੀਅਰ ਝੰਗ ਵਿਚ ਦਰਜ ਹੈ ਕਿ ਸ਼ਾਹ ਸਾਦਿਕ 'ਨਿਹੰਗ' ਨਾਂਅ ਨਾਲ ਸੰਬੋਧਤ ਕੀਤੇ ਜਾਣ ਵਾਲੇ ਕਲੰਧਰੀਆ ਸੰਪਰਦਾਇ ਦੇ ਉਪਰੋਕਤ ਮੁਸਲਿਮ ਸੰਤ ਦਾ ਨਾਂਅ ਹਜ਼ਰਤ ਸ਼ਾਹ ਸੱਯਦ ਮੁਹੰਮਦ ਬੁਖ਼ਾਰੀ ਰਹਿਮਤ ਅੱਲ੍ਹਾ ਹੈ। ਉਨ੍ਹਾਂ ਦੇ ਪਿਤਾ ਸੱਯਦ ਨਸੀਰੁਦੀਨ ਮਹਿਮੂਦ (ਆਰ.ਏ.) ਮਖਦੂਮ ਸੱਯਦ ਜ਼ਹਾਨੀਆ ਜਹਾਂਗੁਸ਼ਤ ਪੀਰ ਸੱਯਦ ਸ਼ਾਹ ਜਲਾਲੂਦੀਨ ਕੁਤਬ ਕਮਾਲ 'ਸੁਰਖ਼ ਪੋਸ਼' ਬੁਖ਼ਾਰੀ ਦੇ ਵੰਸ਼ਜ ਸਨ।
ਉਨ੍ਹੀਂ ਦਿਨੀਂ ਸਿੰਧ ਦੇ ਪ੍ਰਸਿੱਧ ਫ਼ਕੀਰ ਸ਼ੇਖ਼ ਸਲੀਮ ਕਲੰਦਰ ਦੇ ਦਰਬਾਰ ਵਿਚ ਰੋਜ਼ਾਨਾ ਉਥੋਂ ਦੇ ਸਥਾਨਕ ਸਾਰੇ ਸੰਤ-ਫ਼ਕੀਰ ਇਕੱਠੇ ਹੁੰਦੇ ਸਨ ਅਤੇ ਦਰਬਾਰ ਵਿਚ ਪਹੁੰਚਣ ਵਾਲੇ ਸੰਤਾਂ ਅਤੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ। ਲੰਗਰ ਵਿਚ ਰੋਜ਼ਾਨਾ ਦਰਿਆ ਸਿੰਧ ਵਿਚੋਂ ਫੜ ਕੇ ਲਿਆਂਦੀਆਂ ਗਈਆਂ ਮੱਛੀਆਂ ਪਕਾ ਕੇ ਪਰੋਸੀਆਂ ਜਾਂਦੀਆਂ ਸਨ। ਦੱਸਦੇ ਹਨ ਕਿ ਇਕ ਦਿਨ ਫ਼ਕੀਰ ਕਲੰਦਰ ਦੇ ਦਰਬਾਰ ਦੇ ਸੰਤਾਂ ਨੂੰ ਦਰਿਆ ਵਿਚੋਂ ਕੋਈ ਮੱਛੀ ਨਾ ਮਿਲੀ, ਜਿਸ ਕਾਰਨ ਉਸ ਦਿਨ ਦਰਬਾਰ ਵਿਚ ਆਏ ਸਾਰੇ ਸ਼ਰਧਾਲੂਆਂ ਅਤੇ ਫ਼ਕੀਰਾਂ ਨੂੰ ਬਗੈਰ ਲੰਗਰ ਖਾਧਿਆਂ ਭੁੱਖੇ ਹੀ ਵਾਪਸ ਪਰਤਣਾ ਪਿਆ। ਇਸ 'ਤੇ ਫ਼ਕੀਰ ਨੇ ਐਲਾਨ ਕੀਤਾ ਕਿ ਜਦੋਂ ਤੱਕ ਲੰਗਰ ਲਈ ਭੋਜਨ (ਮੱਛੀਆਂ) ਨਹੀਂ ਮਿਲੇਗਾ, ਤਦ ਤੱਕ ਉਹ ਰੋਜ਼ਾਨਾ ਆਪਣੇ ਇਕ ਸੰਤ ਦੀ ਕੁਰਬਾਨੀ ਦੇਣਗੇ। ਉਨ੍ਹਾਂ ਦਾ ਐਲਾਨ ਸੁਣਦਿਆਂ ਹੀ ਸ਼ਾਹ ਸਾਦਿਕ ਸਭ ਤੋਂ ਪਹਿਲਾਂ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਉਨ੍ਹਾਂ ਦੀ ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਫ਼ਕੀਰ ਸ਼ੇਖ਼ ਸਲੀਮ ਸੱਧਰ ਕਲੰਦਰ ਦੁਆਰਾ ਉਨ੍ਹਾਂ ਨੂੰ 'ਨਿਹੰਗ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਪਹਿਲੀ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ

ਗੁਰਦੁਆਰਾ ਨਾਨਕ ਪਿਆਉ ਸਾਹਿਬ ਜੋ ਕਿ ਉੱਤਰੀ ਦਿੱਲੀ ਵਿਚ ਸਬਜ਼ੀ ਮੰਡੀ ਖੇਤਰ 'ਤੇ ਜੀ.ਟੀ. ਰੋਡ ਕਰਨਾਲ 'ਤੇ ਸਥਿਤ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਦੋਂ ਗੁਰੂ ਸਾਹਿਬ ਚਾਰ ਉਦਾਸੀਆਂ ਕਰ ਰਹੇ ਸਨ ਤਾਂ 1505 ਈ: ਨੂੰ ਉਦਾਸੀਆਂ ਕਰਦੇ-ਕਰਦੇ ਦਿੱਲੀ ਪਹੁੰਚੇ। ਉਸ ਸਮੇਂ ਦਿੱਲੀ ਵਿਚ ਸੁਲਤਾਨ ਸਿਕੰਦਰ ਸ਼ਾਹ ਲੋਧੀ ਦਾ ਰਾਜ ਸੀ। ਗੁਰੂ ਸਾਹਿਬ ਨੇ ਇਕ ਬਾਗ਼ ਵਿਚ ਡੇਰਾ ਲਗਾਇਆ ਜੋ ਕਿ ਜੀ.ਟੀ. ਰੋਡ ਕਰਨਾਲ 'ਤੇ ਸਥਿਤ ਸੀ, ਜਿੱਥੇ ਹੁਣ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਨਾਨਕ ਪਿਆਉ ਸਾਹਿਬ ਦੇ ਨਾਂਅ ਨਾਲ ਸਥਾਪਿਤ ਹੈ। ਗੁਰੂ ਨਾਨਕ ਦੇਵ ਜੀ ਵਲੋਂ ਬਾਗ਼ ਵਿਚ ਹੀ ਭਾਈ ਮਰਦਾਨਾ ਨਾਲ ਕੀਰਤਨ ਕਰਦਿਆਂ ਹੀ ਗੁਰੂ ਸਾਹਿਬ ਬਾਰੇ ਇਲਾਕੇ ਦੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ਲੱਗਾ ਅਤੇ ਹੌਲੀ-ਹੌਲੀ ਬਾਗ਼ ਵਿਚ ਸੰਗਤਾਂ ਦਾ ਇਕੱਠ ਹੋਣ ਲੱਗ ਗਿਆ।
ਸਮਾਂ ਬੀਤਦਾ ਗਿਆ, ਗੁਰੂ ਸਾਹਿਬ ਵਲੋਂ ਰੋਜ਼ਾਨਾ ਹੀ ਕੀਰਤਨ ਦਰਬਾਰ ਸਜਣ ਲੱਗ ਪਿਆ। ਬਾਗ਼ ਦੇ ਲਾਗਿਓਂ ਲੰਘਦੇ ਰਸਤੇ ਤੋਂ ਵੱਡੀ ਗਿਣਤੀ ਵਿਚ ਰਾਹੀ ਗੁਜ਼ਰਦੇ ਸਨ। ਨੇੜੇ-ਤੇੜੇ ਕਿਤੇ ਵੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਗੁਰੂ ਸਾਹਿਬ ਵਲੋਂ ਸੰਗਤਾਂ ਅਤੇ ਰਾਹਗੀਰਾਂ ਲਈ ਲੰਗਰ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਵਲੋਂ ਇਕ ਖੂਹ ਖੁਦਵਾਇਆ ਗਿਆ, ਜੋ ਕਿ ਅੱਜ ਵੀ ਸੰਗਤਾਂ ਦੀ ਪਿਆਸ ਆਪਣੇ ਜਲ ਨਾਲ ਮਿਟਾ ਰਿਹਾ ਹੈ। ਉਸ ਸਮੇਂ ਦੇ ਬਾਗ਼ ਦੇ ਮਾਲਕ ਵਲੋਂ ਬਾਗ਼ ਗੁਰੂ ਸਾਹਿਬ ਦੇ ਨਾਂਅ ਕਰ ਦਿੱਤਾ ਗਿਆ। ਇਸ ਗੁਰਦੁਆਰੇ ਨਾਲ ਮਿਤੇ ਇਤਿਹਾਸ ਮੁਤਾਬਿਕ ਇਕ ਦਿਨ ਗੁਰੂ ਸਾਹਿਬ ਨੇ ਕੁਝ ਲੋਕਾਂ ਨੂੰ ਰੋਂਦੇ ਹੋਏ ਦੇਖਿਆ ਅਤੇ ਉਹ ਉਨ੍ਹਾਂ ਕੋਲ ਗਏ ਤੇ ਉਨ੍ਹਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਾਥੀ ਦੀ ਮੌਤ ਹੋ ਗਈ ਹੈ, ਜਿਸ ਕਾਰਨ ਉਹ ਦੁਖੀ ਹਨ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਉਨ੍ਹਾਂ ਦੇ ਹਾਥੀ ਦੀ ਮੌਤ ਨਹੀਂ ਹੋਈ, ਬਲਕਿ ਉਹ ਸੁੱਤਾ ਹੋਇਆ ਹੈ। ਜਦੋਂ ਲੋਕ ਹਾਥੀ ਕੋਲ ਗਏ ਅਤੇ ਉਸ ਨੂੰ ਹਿਲਾਇਆ ਤਾਂ ਉਹ ਹਿੱਲਣ ਲੱਗ ਪਿਆ। ਇਸ ਬਾਰੇ ਸਮਰਾਟ ਸਿਕੰਦਰ ਲੋਧੀ ਨੂੰ ਦੱਸਿਆ ਗਿਆ ਕਿ ਨਾਨਕ ਇਕ ਗ਼ੈਰ-ਮੁਸਲਮਾਨ ਫ਼ਕੀਰ ਹੈ, ਜਿਸ ਨੇ ਕੁਝ ਦਿਨਾਂ ਤੋਂ ਬਾਗ਼ ਵਿਚ ਡੇਰਾ ਲਗਾਇਆ ਹੋਇਆ ਹੈ। ਗੁਰੂ ਸਾਹਿਬ ਦੀ ਹਿੰਦੂਆਂ ਅਤੇ ਮੁਸਲਮਾਨਾਂ ਨੇ ਸਿਕੰਦਰ ਅੱਗੇ ਬਰਾਬਰ ਦੀ ਹੀ ਪ੍ਰਸੰਸਾ ਕੀਤੀ।
ਇਕ ਦਿਨ ਸਮਰਾਟ ਦੇ ਪਿਆਰੇ ਹਾਥੀ ਦੀ ਮੌਤ ਹੋ ਗਈ। ਉਸ ਨੇ ਗੁਰੂ ਸਾਹਿਬ ਨੂੰ ਹਾਥੀ ਨੂੰ ਜੀਵਤ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜੀਵਨ ਅਤੇ ਮੌਤ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿਚ ਹੈ। ਮੈਂ ਇਸ ਵਿਚ ਕੁਝ ਨਹੀਂ ਕਰ ਸਕਦਾ। ਇਹ ਸੁਣ ਕੇ ਸਮਰਾਟ ਲੋਧੀ ਸ਼ਾਹ ਨੇ ਗੁਰੂ ਸਾਹਿਬ ਨੂੰ ਬੰਦੀ ਬਣਾਉਣ ਦੇ ਹੁਕਮ ਦੇ ਦਿੱਤੇ ਅਤੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਇਸ ਸਮੇਂ ਦੌਰਾਨ ਇਕ ਕੁਦਰਤੀ ਕਰਾਮਾਤ ਵਾਪਰੀ। ਜਿਸ ਸਮੇਂ ਗੁਰੂ ਸਾਹਿਬ ਜੇਲ੍ਹ ਅੰਦਰ ਬੰਦ ਸਨ ਕਿ ਦਿੱਲੀ ਵਿਚ ਇਕ ਭਿਆਨਕ ਭੂਚਾਲ ਆਇਆ, ਜਿਸ ਨੇ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਤੋਂ ਬਾਅਦ ਬਾਦਸ਼ਾਹ ਸਿਕੰਦਰ ਲੋਧੀ ਦਾ ਮਨ ਬਦਲ ਗਿਆ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਰਿਹਾਅ ਕਰਨ ਦੇ ਉਦੇਸ਼ ਦੇ ਦਿੱਤੇ। ਗੁਰੂ ਨਾਨਕ ਦੇਵ ਜੀ ਵਲੋਂ ਹੋਰ ਕੈਦੀਆਂ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਗਈ ਤਾਂ ਜਿੰਨੇ ਵੀ ਕੈਦੀ ਜੇਲ੍ਹ ਅੰਦਰ ਸਨ, ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਗੁਰੂ ਸਾਹਿਬ ਵਲੋਂ ਉਸਾਰਿਆ ਗਿਆ ਖੂਹ ਜੋ ਕਿ ਗੁਰਦੁਆਰਾ ਪਿਆਉ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਸਮੇਂ ਦੇ ਨਾਲ-ਨਾਲ ਇਸ ਇਤਿਹਾਸਕ ਗੁਰਦੁਆਰੇ ਦਾ ਨਾਂਅ ਨਾਨਕ ਪਿਆਉ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ।
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਾਜਿੰਦਰ ਸਿੰਘ ਬੀ.ਏ. ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਣਮੁੱਲੀ ਦੇਣ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 4 ਤੋਂ 5 ਏਕੜ ਵਿਚ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਇਕ ਪ੍ਰਭਾਵਸ਼ਾਲੀ ਮੁਗ਼ਲ ਸ਼ੈਲੀ ਗੇਟ ਦੇ ਅੰਦਰੋਂ ਹੁੰਦੇ ਹੋਏ 4 ਤੋਂ 5 ਫੁੱਟ ਉੱਚੇ ਮੰਚ 'ਤੇ ਉਸਾਰਿਆ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਦੇ ਅੰਦਰ ਬਹੁਤ ਹੀ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ ਜੋ ਕਿ ਮਨ ਮੋਹ ਲੈਂਦੀ ਹੈ। ਮੁੱਖ ਦੀਵਾਨ ਹਾਲ ਦੇ ਅੰਦਰ ਸੁੰਦਰ ਪਾਲਕੀ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਮੁੱਖ ਦਰਬਾਰ ਦੇ ਬਿਲਕੁਲ ਸੱਜੇ ਪਾਸੇ ਇਕ ਵਿਸ਼ਾਲ ਲੰਗਰ ਹਾਲ ਹੈ, ਜਿੱਥੇ ਸੰਗਤਾਂ ਲਈ 24 ਘੰਟੇ ਲੰਗਰ ਦੀ ਵਿਵਸਥਾ ਹੈ। ਗ਼ਰੀਬਾਂ, ਸਿੱਖਾਂ ਅਤੇ ਹੋਰ ਧਰਮਾਂ ਲਈ ਇਕ ਵਿਸ਼ਾਲ ਹਾਲ ਬਣਾਇਆ ਗਿਆ ਹੈ, ਜਿਸ ਵਿਚ ਗੁਰਮਰਿਆਦਾ ਵਿਚ ਵਿਆਹ ਵਰਗੇ ਸਮਾਗਮ ਕਰਵਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਗੁਰੂ ਨਾਨਕ ਦੇਵ ਜੀ ਵਲੋਂ ਉਸਾਰਿਆ ਗਿਆ ਪਿਆਉ ਸਾਹਿਬ ਇਕ ਬਹੁਤ ਹੀ ਸੁੰਦਰ ਮਾਰਬਲ ਦੇ ਬਣੇ ਗੁੰਮਟ ਅੰਦਰ ਸਥਿਤ ਹੈ, ਜੋ ਕਿ ਅਜੇ ਵੀ ਆਪਣੇ ਪਵਿੱਤਰ ਜਲ ਰਾਹੀਂ ਸੰਗਤਾਂ ਨੂੰ ਉਨ੍ਹਾਂ ਦੇ ਦੁੱਖ-ਦਰਦਾਂ ਤੋਂ ਦੂਰ ਕਰ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਠੀਕ ਪਿਛਲੇ ਪਾਸੇ ਬਹੁਤ ਹੀ ਸੁੰਦਰ ਅਤੇ ਵਿਸ਼ਾਲ ਸਰੋਵਰ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਅੰਦਰ ਬਣੇ ਹੋਏ ਵਿੱਦਿਅਕ ਅਦਾਰੇ ਇਲਾਕੇ ਦੇ ਬੱਚਿਆਂ ਨੂੰ ਸਿੱਖੀ ਦੇ ਨਾਲ-ਨਾਲ ਵਿੱਦਿਆ ਦਾ ਦਾਨ ਵੀ ਬਖ਼ਸ਼ ਰਹੇ ਹਨ।


-ਮੋਬਾ: 99141-75751

ਦਰਵੇਸ਼ੀ ਫ਼ਕੀਰ ਨੂਰ ਮੁਹੰਮਦ

ਇਰਫ਼ਾਨ ਪੁਸਤਕ ਦਾ ਲੇਖਕ ਫਕੀਰ ਨੂਰ ਮੁਹੰਮਦ ਕਾਦਰੀ, ਸੁਲਤਾਨ ਬਾਹੂ ਦੇ ਪੈਰੋਕਾਰਾਂ ਵਿਚੋਂ ਸੀ। ਇਸ ਦਾ ਜਨਮ ਸੂਬਾ ਸਰਹੱਦ ਦੇ ਇਕ ਪਛੜੇ ਜਿਹੇ ਇਲਾਕੇ ਦੇ ਪਿੰਡ ਕਲਾਚੀ, ਜ਼ਿਲ੍ਹਾ ਡੇਰਾ ਇਸਮਾਈਲ ਖਾਂ ਵਿਚ ਸੰਨ 1883 ਈ: ਵਿਚ ਗੁੱਲ ਮੁਹੰਮਦ ਦੇ ਘਰ ਹੋਇਆ। ਇਨ੍ਹਾਂ ਦਾ ਖਾਨਦਾਨੀ ਸਿਲਸਿਲਾ ਮੀਰ ਸੱਯਦ ਮੁਹੰਮਦ ਗੇਸੂ ਦਰਾਜ਼ ਨਾਲ ਜਾ ਮਿਲਦਾ ਹੈ। ਹਜ਼ਰਤ ਗੇਸੂ ਦਰਾਜ਼ ਨੇ ਕੋਹਿ ਸਲੇਮਾਨ ਦੀਆਂ ਵਾਦੀਆਂ ਨੂੰ ਆਪਣਾ ਰੈਣ ਬਸੇਰਾ ਬਣਾਇਆ। ਇਥੇ ਹੀ ਇਸ ਦਾ ਨਿਕਾਹ ਹੋਇਆ। ਇਸ ਪਿੱਛੋਂ ਰੂਹਾਨੀ ਤਾਲੀਮ ਦੀ ਤਲਾਸ਼ ਵਿਚ ਹਿੰਦੁਸਤਾਨ ਆ ਕੇ ਦਿੱਲੀ ਅਤੇ ਫਿਰ ਦਿੱਲੀ ਤੋਂ ਹੈਦਰਾਬਾਦ (ਦੱਖਣ) ਵਿਚ ਗੁਲਬਰਗਾ ਦੇ ਸਥਾਨ 'ਤੇ ਆਪਣੀ ਸਥਾਈ ਰਿਹਾਇਸ਼ ਬਣਾ ਲਈ। ਫਕੀਰ ਸਾਹਿਬ ਪੜ੍ਹੇ-ਲਿਖੇ ਸਨ। ਮੁੱਢਲੀ ਪੜ੍ਹਾਈ ਕਲਾਚੀ ਵਿਚੋਂ ਪ੍ਰਾਪਤ ਕੀਤੀ। ਅਰਬੀ-ਫ਼ਾਰਸੀ ਘਰ ਵਿਚੋਂ ਪੜ੍ਹੀ। ਮੈਟ੍ਰਿਕ ਕਰਨ ਮਗਰੋਂ ਇਸਲਾਮੀਆ ਕਾਲਜ, ਲਾਹੌਰ ਵਿਚ ਦਾਖ਼ਲਾ ਲੈ ਲਿਆ ਪਰ ਇਥੇ ਪੜ੍ਹਦਿਆਂ ਹੀ ਰੂਹਾਨੀਅਤ ਦੇ ਰੰਗ ਵਿਚ ਏਨੇ ਰੰਗੇ ਗਏ ਕਿ ਸਭ ਕੁਝ ਛੱਡ-ਛਡਾਅ ਕੇ ਦਰਵੇਸ਼ੀ ਅਖ਼ਤਿਆਰ ਕਰ ਲਈ। ਉਮਰ ਦੇ ਆਖਰੀ ਪੰਜ ਸਾਲ ਪੰਜਾਬ ਵਿਚ ਗੁਜ਼ਾਰੇ। ਫਕੀਰ ਨੂਰ ਮੁਹੰਮਦ ਕਾਦਰੀ 17 ਅਕਤੂਬਰ, 1960 ਈ: ਨੂੰ ਰੱਬ ਨੂੰ ਪਿਆਰੇ ਹੋ ਗਏ।
ਫ਼ਕੀਰ ਨੂਰ ਮੁਹੰਮਦ ਨੇ ਸੁਲਤਾਨ ਬਾਹੂ ਦੀਆਂ ਪੁੁਸਤਕਾਂ ਪੜ੍ਹ ਕੇ ਅਤੇ ਕੁਝ ਹੋਰਨਾਂ ਸਰੋਤਾਂ ਤੋਂ ਮਦਦ ਲੈ ਕੇ 'ਇਰਫਾਨ' ਪੁਸਤਕ ਲਿਖੀ, ਜੋ ਦੋ ਜਿਲਦਾਂ ਵਿਚ ਸੀ। ਲੋਕਗੀਤ ਪ੍ਰਕਾਸ਼ਨ ਵਾਲਿਆਂ ਨੇ ਇਸ ਉਰਦੂ ਪੁਸਤਕ ਦਾ ਹਿੰਦੀ ਵਿਚ ਅਨੁਵਾਦ ਕਰਾਇਆ ਅਤੇ ਇਸ ਹਿੰਦੀ ਅਨੁਵਾਦ ਤੋਂ ਸੁਲੱਖਣ ਸਰਹੱਦੀ ਨੇ ਇਸ ਦਾ ਪੰਜਾਬੀ ਤਰਜਮਾ ਕੀਤਾ, ਜੋ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ ਪਹਿਲੀ ਵਾਰ 2010 ਵਿਚ ਛਾਪਿਆ ਗਿਆ, ਪਰ ਮੇਰੇ ਸਾਹਮਣੇ ਇਸ ਵੇਲੇ ਇਸ ਦਾ 2017 ਵਿਚ ਛਪਿਆ ਤੀਸਰਾ ਸੰਸਕਰਨ ਹੈ। 'ਹੱਕ ਨੁਮਾਏ' ਵਾਂਗ ਹੀ ਸਰਹੱਦੀ ਨੇ ਇਰਫ਼ਾਨ ਵਿਚਲੇ ਸਿਧਾਂਤਾਂ ਦੀ ਸਿੱਖ ਧਰਮ ਨਾਲ ਸਮਾਨਤਾ ਵੇਖ ਕੇ ਇਸ ਨੂੰ ਤਰਜਮੇ ਲਈ ਚੁਣਿਆ। ਇਸ ਪੁਸਤਕ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਸੂਫੀਵਾਦ ਬਾਰੇ ਪ੍ਰਾਪਤ ਪੁਸਤਕਾਂ ਕਾਵਿ ਵਿਚ ਹਨ, ਉਥੇ ਇਹ ਵਾਰਤਕ ਵਿਚ ਹੈ। ਇਰਫ਼ਾਨ ਦਾ ਪਹਿਲਾ ਭਾਗ ਚਰਚਾ ਅਧੀਨ ਹੈ। ਇਰਫ਼ਾਨ ਪੁਸਤਕ ਚਾਰ ਕੁ ਸੌ ਸਫੇ ਦੀ ਵੱਡ-ਆਕਾਰੀ ਪੁਸਤਕ ਹੈ।
ਭੂਮਿਕਾ ਦੇ ਆਰੰਭਲੇ ਸਫ਼ਿਆਂ ਵਿਚ ਇਸ ਪੁਸਤਕ ਦੀ ਜਾਣ-ਪਛਾਣ ਕਰਾਉਂਦਿਆਂ ਅਤੇ ਇਸ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸੁਲੱਖਣ ਸਰਹੱਦੀ ਲਿਖਦਾ ਹੈ, 'ਇਰਫ਼ਾਨ ਦੇ ਸ਼ਬਦੀ ਅਰਥ ਗਿਆਨ ਜਾਂ ਜਾਣ-ਪਛਾਣ ਹਨ। ਇਸ ਨੂੰ ਪੜ੍ਹ ਕੇ ਅਕੀਦਤਮੰਦ ਮਨੁੱਖ ਦੀਆਂ ਸਾਰੀਆਂ ਸ਼ੰਕਾਵਾਂ ਨਵਿਰਤ ਹੋ ਜਾਂਦੀਆਂ ਹਨ। ਇਰਫ਼ਾਨ ਵਿਚ ਹੁਣ ਤੱਕ ਅਰਜਿਤ ਹੋ ਚੁੱਕੇ ਸੂਫੀ ਸਿਧਾਂਤਾਂ ਦੀ ਇਕਸਾਰ ਪੇਸ਼ਕਾਰੀ ਹੈ। ਇਸ ਵਿਚ ਧਾਰਮਿਕ ਕੱਟੜਤਾ ਨੂੰ ਪ੍ਰੇਮਵਾਦ ਵਿਚ ਤਬਦੀਲ ਕੀਤਾ ਗਿਆ ਹੈ। ਮਨੁੱਖ ਦੇ ਰੂਹਾਨੀਅਤ ਦੇ ਵਿਕਾਸ ਵਿਚ ਗੁਰ ਪ੍ਰਸਾਦਿ ਭਾਵ ਰੱਬ ਦੇ ਫ਼ਜ਼ਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਰਫ਼ਾਨ ਵਿਚ ਮਨੁੱਖ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਸ ਦੀ ਰੂਹ ਗੁੰਮਨਾਮੀ ਵਿਚ ਨਹੀਂ ਰਹਿੰਦੀ, ਭਾਵੇਂ ਇਹ ਜਹਾਨ ਫਾਨੀ ਹੈ ਅਤੇ ਅਧਿਆਤਮਵਾਦੀਆਂ ਅਨੁਸਾਰ ਇਹ ਇਕ ਸੁਪਨਾ ਮਾਤਰ ਅਤੇ ਮਿੱਥ ਹੈ। 'ਇਰਫ਼ਾਨ' ਦ੍ਰਿੜ੍ਹਾਉਂਦੀ ਹੈ ਕਿ ਮੌਤ ਜੀਵਨ ਦਾ ਹਿੱਸਾ ਹੈ। ਜੀਵਨ ਦੇ ਅਨੇਕਾਂ ਰੂਪਾਂ ਵਿਚੋਂ ਮੌਤ ਵੀ ਇਸ ਦਾ ਇਕ ਰੂਪ ਹੈ। 'ਇਰਫ਼ਾਨ' ਪੁਸਤਕ ਮਨੁੱਖਾਂ ਨੂੰ ਐਸੀ ਜ਼ਿੰਦਗੀ ਜਿਊਣ ਦਾ ਰਾਹ ਪ੍ਰਦਾਨ ਕਰਦੀ ਹੈ, ਜਿਸ ਉੱਤੇ ਤੁਰਦਿਆਂ ਜੀਓ ਅਤੇ ਜਿਊਣ ਦਿਓ ਦੀ ਮੰਜ਼ਿਲ ਪ੍ਰਦਰਸ਼ਿਤ ਹੁੰਦੀ ਹੈ। ਜਦ ਤੱਕ ਅਧਿਆਤਮਵਾਦ ਕਾਇਮ ਹੈ, ਤਦ ਤੱਕ 'ਇਰਫ਼ਾਨ' ਇਸ ਖੇਤਰ ਦੀ ਮੀਲ ਪੱਥਰ ਬਣੀ ਰਹੇਗੀ।' (ਪੰਨੇ 9-16)
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-398083

ਸ਼ਬਦ ਵਿਚਾਰ

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥

ਸਿਰੀਰਾਗੁ ਮਹਲਾ ੧
ਮਛੁਲੀ ਜਾਲੁ ਨ ਜਾਣਿਆ
ਸਰੁ ਖਾਰਾ ਅਸਗਾਹੁ॥
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥
ਕੀਤੇ ਕਾਰਣਿ ਪਾਕੜੀ
ਕਾਲੁ ਨ ਟਲੈ ਸਿਰਾਹੁ॥ ੧॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ॥
ਜਿਉ ਮਛੀ ਤਿਉ ਮਾਣਸਾ
ਪਵੈ ਅਚਿੰਤਾ ਜਾਲੁ॥ ੧॥ ਰਹਾਉ॥
ਸਭੁ ਜਗੁ ਬਾਧੋ ਕਾਲ ਕੋ
ਬਿਨੁ ਗੁਰ ਕਾਲੁ ਅਫਾਰੁ॥
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ॥
ਹਉ ਤਿਨ ਕੈ ਬਲਿਹਾਰਣੈ
ਦਰਿ ਸਚੈ ਸਚਿਆਰ॥ ੨॥
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ॥
ਗੁਰਿ ਰਾਖੇ ਸੇ ਉਬਰੇ
ਹੋਰਿ ਫਾਥੈ ਚੋਗੈ ਸਾਥਿ॥
ਬਿਨੁ ਨਾਵੈ ਚੁਣਿ ਸੁਟੀਅਹਿ
ਕੋਇ ਨ ਸੰਗੀ ਸਾਥਿ॥ ੩॥
ਸਚੋ ਸਚਾ ਆਖੀਐ ਸਚੇ ਸਚਾ ਥਾਨੁ॥
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ॥
ਮਨਿ ਮੁਖਿ ਸੂਚੇ ਜਾਣੀਅਹਿ
ਗੁਰਮੁਖਿ ਜਿਨਾ ਗਿਆਨੁ॥ ੪॥
ਸਤਿਗੁਰ ਅਗੈ ਅਰਦਾਸਿ ਕਰਿ
ਸਾਜਨੁ ਦੇਇ ਮਿਲਾਇ॥
ਸਾਜਨੁ ਮਿਲਿਐ ਸੁਖੁ ਪਾਇਆ
ਜਮਦੂਤ ਮੁਏ ਬਿਖ ਖਾਇ॥
ਨਾਵੈ ਅੰਦਰਿ ਹਉ ਵਸਾਂ
ਨਾਉ ਵਸੈ ਮਨਿ ਆਇ॥ ੫॥
ਬਾਝੁ ਗੁਰੂ ਗੁਬਾਰੁ ਹੈ
ਬਿਨੁ ਸਬਦੈ ਬੂਝ ਨ ਪਾਇ॥
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵਲਾਇ॥
ਤਿਥੈ ਕਾਲੁ ਨ ਸੰਚਰੈ
ਜੋਤੀ ਜੋਤਿ ਸਮਾਇ॥ ੬॥
ਤੂੰ ਹੈ ਸਾਜਨੁ ਤੂੰ ਸੁਜਾਣੁ
ਤੂੰ ਆਪੇ ਮੇਲਣਹਾਰੁ॥
ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ॥
ਤਿਥੈ ਕਾਲੁ ਨ ਅਪੜੈ
ਜਿਥੈ ਗੁਰ ਕਾ ਸਬਦੁ ਅਪਾਰੁ॥ ੭॥
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥
ਨਾਨਕ ਜੋ ਤਿਸੁ ਭਾਵੈ ਸੋ ਥੀਐ
ਇਨਾ ਜੰਤਾ ਵਸਿ ਕਿਛੁ ਨਾਹਿ॥ ੮॥ ੪॥
(ਅੰਗ 55)
ਪਦ ਅਰਥ : ਸੁਰ-ਸਾਗਰ, ਸਮੁੰਦਰ। ਅਸਗਾਹੁ-ਬਹੁਤ ਡੂੰਘਾ। ਅਤਿ-ਬਹੁਤ ਹੀ। ਵੇਸਾਹੁ-ਭਰੋਸਾ, ਇਤਬਾਰ। ਕੀਤੇ ਕਾਰਣਿ-ਕਰਨ ਕਰਕੇ। ਪਾਕੜੀ-ਪਕੜੀ ਗਈ। ਕਾਲੁ-ਮੌਤ। ਨ ਟਲੈ ਸਿਰਾਹੁ-ਮੌਤ ਸਿਰ ਤੋਂ ਟਲ ਨਹੀਂ ਸਕਦੀ। ਇਉ-ਇਸੇ ਤਰ੍ਹਾਂ। ਤਿਉ ਮਾਣਸਾ-ਇਸੇ ਤਰ੍ਹਾਂ ਮਨੁੱਖ ਨੂੰ ਵੀ। ਅਚਿੰਤਾ-ਅਚਨਚੇਤ ਹੀ, ਅਚਾਨਕ ਹੀ।
ਸਭੁ ਜਗੁ-ਸਾਰਾ ਜਗਤ ਹੀ। ਬਾਧੋ ਕਾਲ ਕੋ-ਕਾਲ ਵਿਚ ਬੱਧਾ ਹੋਇਆ ਹੈ। ਅਫਾਰੁ-ਅਮਿਟ। ਦੁਬਿਧਾ-ਦੁਚਿੱਤਾਪਨ। ਸਚਿ ਰਤੇ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਰੰਗੇ ਰਹਿੰਦੇ ਹਨ। ਦਰਿ ਸਚੈ ਸਚਿਆਰ-ਪ੍ਰਭੂ ਦੇ ਦਰ 'ਤੇ ਸੁਰਖਰੂ ਹੋ ਕੇ ਜਾਂਦੇ ਹਨ। ਸੀਚਾਨੇ-ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਛੋਟਾ ਹੁੰਦਾ ਹੈ। ਬਧਿਕ-ਸ਼ਿਕਾਰੀ। ਬਧਿਕ ਹਾਥਿ-ਸ਼ਿਕਾਰੀ ਦੇ ਹੱਥ ਵਿਚ। ਜਾਲੀ-ਪੰਛੀਆਂ ਨੂੰ ਫੜਨ ਵਾਲਾ ਜਾਲ। ਸੇ ਉਬਰੇ-ਉਹ ਬਚ ਗਏ। ਫਾਥੇ-ਫਸ ਜਾਂਦੇ ਹਨ। ਚੋਗੇ ਸਾਥਿ-ਚੋਗੇ ਸਮੇਤ। ਬਿਨੁ ਨਾਵੈ-ਨਾਮ ਹੀਣਾ ਨੂੰ। ਚੁਣਿ ਸੁਟੀਅਹਿ-ਚੁਣ ਚੁਣ ਕੇ (ਨਰਕਾਂ ਵਿਚ) ਸੁੱਟਿਆ ਜਾਂਦਾ ਹੈ। ਕੋਇ ਨ ਸੰਗੀ ਸਾਥਿ-ਕੋਈ ਸੰਗੀ ਸਾਥੀ (ਸਾਥ ਦੇਣ ਵਾਲਾ) ਨਹੀਂ ਹੁੰਦਾ।
ਆਖੀਐ-ਸਿਮਰਨਾ ਚਾਹੀਦਾ ਹੈ। ਥਾਨੁ-ਸਥਾਨ, ਟਿਕਾਣਾ। ਤਿਨ ਮਨਿ-ਉਨ੍ਹਾਂ ਦੇ ਮਨ ਦਾ। ਸਚੁ ਧਿਆਨੁ-ਪਰਮਾਤਮਾ ਵਿਚ ਧਿਆਨ ਲੱਗਾ ਰਹਿੰਦਾ ਹੈ। ਸਚਾ ਮੰਨਿਆ-ਸਦਾ ਥਿਰ ਪ੍ਰਭੂ ਨੂੰ ਮੰਨਿਆ ਹੈ, ਸਿਮਰਿਆ ਹੈ। ਸਚੁ ਧਿਆਨੁ-ਪਰਮਾਤਮਾ ਵਿਚ ਲਿਵ ਨੂੰ ਜੋੜਿਆ ਹੈ। ਸੂਚੇ-ਪਵਿੱਤਰ। ਜਿਨਾ ਗਿਆਨੁ-ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ।
'ਮਰਣੁ ਲਿਖਾਇ ਮੰਡਲ ਮਹਿ ਆਇ' (ਅੰਗ 685) ਅਨੁਸਾਰ ਮਨੁੱਖ ਇਸ ਸੰਸਾਰ ਵਿਚ ਆਉਣ ਲੱਗਿਆਂ, ਮਰਨ ਦਾ ਲੇਖਾ (ਸਮਾਂ) ਪਹਿਲਾਂ ਹੀ ਲਿਖਵਾ ਕੇ ਆਉਂਦਾ ਹੈ।
ਰਾਗੁ ਮਾਝ ਕੀ ਵਾਰ ਮਹਲਾ ੧ ਵਿਚ ਵੀ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਸਾਰੇ ਜਗਤ ਦੇ ਸਿਰ 'ਤੇ ਮੰਡਰਾ ਰਿਹਾ ਹੈ। ਇਹ ਜਮਕਲ ਪਰਮਾਤਮਾ ਦੇ ਹੁਕਮ ਵਿਚ ਹਰੇਕ ਪ੍ਰਾਣੀ ਦੇ ਸਿਰ 'ਤੇ ਖੜ੍ਹਾ ਹੈ ਅਤੇ ਦਾਅ ਲਾ ਕੇ ਮਾਰਦਾ ਹੈ-
ਕਾਲੁ ਬੁਰਾ ਖੈ ਕਾਲੁ
ਸਿਰਿ ਦੁਨੀਆਈਐ॥
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ॥
(ਅੰਗ 147)
ਬੁਰਾ-ਭੈੜਾ। ਖੈ-ਨਾਸ ਕਰਨ ਵਾਲਾ। ਦੁਨੀਆਈਐ-ਦੁਨੀਆ ਦੇ, ਜਗਤ ਦੇ। ਜੰਦਾਰੁ-ਜਮ। ਦਾਈਐ-ਦਾਅ ਲਾ ਕੇ।
ਹਿੰਦ ਤੇ ਧਰਮ ਦੀ ਚਾਦਰ, ਗੁਰੂ ਤੇਗ ਬਹਾਦਰ ਜੀ ਮਨੁੱਖ ਨੂੰ ਸੁਚੇਤ ਕਰ ਰਹੇ ਹਨ ਕਿ ਸਤਿ ਸੰਗਤ ਵਿਚ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ ਵਿਕਾਰਾਂ ਵਿਚ ਫਸੇ ਹੋਏ ਵੀ ਪਵਿੱਤਰ ਹੋ ਜਾਂਦੇ ਹਨ। ਇਸ ਲਈ ਹੇ ਮਿੱਤਰ, ਇਸ ਨੇਕ ਕੰਮ ਕਰਨ ਵਿਚ ਦੇਰ ਨਾ ਕਰ, ਕਿਉਂਕਿ ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ-
ਕਰਿ ਸਾਧਸੰਗਤਿ ਸਿਮਰੁ ਮਾਧੋ
ਹੋਹਿ ਪਤਿਤ ਪੁਨੀਤ॥
ਕਾਲੁ ਬਿਆਲੁ ਜਿਉ ਪਰਿਉ ਡੋਲੈ
ਮੁਖੁ ਪਸਾਰੇ ਮੀਤ॥ (ਅੰਗ 631)
ਮਾਧੋ-ਪਰਮਾਤਮਾ। ਪਤਿਤ-ਵਿਕਾਰੀ ਬੰਦੇ। ਪੁਨੀਤ-ਪਵਿੱਤਰ ਹੋ ਜਾਂਦੇ ਹਨ। ਬਿਆਲੁ-ਸੱਪ। ਪਰਿਉ ਡੋਲੈ-ਫਿਰ ਰਹੀ ਹੈ। ਪਸਾਰੇ-ਪਸਾਰ ਕੇ, ਖੋਲ੍ਹ ਕੇ। ਮੀਤ-ਹੇ ਮਿੱਤਰ।
ਸ਼ਬਦ ਦੇ ਅੱਖਰੀਂ ਅਰਥ : ਮੱਛੀ ਤੇ ਇਸ ਨੂੰ ਫੜਨ ਵਾਲੇ ਜਾਲ ਦਾ ਹਵਾਲਾ ਦੇ ਕੇ ਜਗਤ ਗੁਰੂ ਬਾਬਾ ਜੀਵ ਨੂੰ ਸਮਝਾ ਰਹੇ ਹਨ ਕਿ ਸਮੁੰਦਰ ਦੇ ਖਾਰੇ ਅਤੇ ਡੂੰਘੇ ਪਾਣੀ ਵਿਚ ਰਹਿੰਦੀ ਹੋਈ ਮੱਛੀ ਨੂੰ ਇਸ ਗੱਲ ਦੀ ਸੋਝੀ ਨਾ ਪਈ ਕਿ ਉਸ ਨੂੰ ਫਸਾਉਣ ਵਾਲਾ ਜਾਲ ਵੀ ਹੈ। ਐਨੀ ਸਿਆਣੀ ਅਤੇ ਸੋਹਣੀ ਮੱਛੀ ਨੇ ਇਸ ਗੱਲ 'ਤੇ ਭਰੋਸਾ ਕਿਵੇਂ ਕਰ ਲਿਆ ਕਿ ਵੱਡੇ ਅਥਾਹ ਸਮੁੰਦਰ ਵਿਚ ਹੋਣ ਕਰਕੇ ਉਸ ਨੂੰ ਕੋਈ ਫੜ ਨਹੀਂ ਸਕਦਾ। ਆਪਣੇ ਇਸੇ ਭਰੋਸੇ ਕਾਰਨ ਹੀ ਮੱਛੀ ਫੜੀ ਗਈ, ਕਿਉਂਕਿ ਕਾਲ ਨੂੰ ਸਿਰ ਤੋਂ ਟਲਿਆ ਨਹੀਂ ਜਾ ਸਕਦਾ।
ਹੇ ਭਾਈ, ਇਸੇ ਤਰ੍ਹਾਂ ਕਾਲ ਨੂੰ ਆਪਣੇ ਸਿਰ 'ਤੇ ਕੂਕਦਾ ਜਾਣੋ। ਜਿਵੇਂ ਮੱਛੀ ਨੂੰ ਸਮੁੰਦਰ ਵਿਚ ਰਹਿੰਦੀ ਨੂੰ ਅਚਾਨਕ ਜਾਲ ਆ ਪੈਂਦਾ ਹੈ, ਇਸੇ ਤਰ੍ਹਾਂ ਮਨੁੱਖ ਨੂੰ ਕਿਸੇ ਵੇਲੇ ਜਮ ਰੂਪ ਜਾਲ ਨੇ ਆ ਦਬੋਚਣਾ ਹੈ।
ਵਾਸਤਵ ਵਿਚ ਸਾਰਾ ਜਗਤ ਹੀ ਕਾਲ ਵਿਚ ਬੱਝਾ ਹੋਇਆ ਹੈ। ਗੁਰੂ ਦੀ ਸ਼ਰਨ ਲੱਗਣ ਤੋਂ ਬਿਨਾਂ ਇਹ ਕਾਲ ਅਮਿਟ ਹੈ, ਜੋ ਸਭ ਦੇ ਸਿਰ 'ਤੇ ਕੂਕਦਾ ਹੈ ਪਰ ਜੋ ਦੁਬਿਧਾ ਅਤੇ ਵਿਕਾਰਾਂ ਨੂੰ ਤਿਆਗ ਕੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਨੋ ਬਚ ਗਏ। ਗੁਰੂ ਬਾਬੇ ਦੇ ਬਚਨ ਹਨ ਕਿ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਸਚਿਆਰਾਂ ਵਜੋਂ ਸਾਲਾਹਿਆ ਜਾਂਦਾ ਹੈ।
ਜਿਵੇਂ ਵੱਡਾ ਪੰਛੀ ਛੋਟੇ ਪੰਛੀਆਂ ਨੂੰ ਫੜਨ ਲਈ ਅਸਮਾਨ ਵਿਚ ਉਡਦਾ ਫਿਰਦਾ ਹੈ ਅਤੇ ਸ਼ਿਕਾਰੀ ਮੱਛੀਆਂ ਅਤੇ ਹੋਰ ਜੀਵਾਂ ਨੂੰ ਫਸਾਉਣ ਲਈ ਹੱਥ ਵਿਚ ਜਾਲ ਲੈ ਕੇ ਫਿਰਦਾ ਹੈ, ਇਸੇ ਤਰ੍ਹਾਂ ਮਨੁੱਖ ਦੇ ਸਿਰ 'ਤੇ ਕਾਲ ਚੱਕਰ ਲਾ ਰਿਹਾ ਹੈ ਪਰ ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ ਹੈ, ਉਹ ਮੌਤ ਦੀ ਫਾਹੀ 'ਚੋਂ ਬਚ ਨਿਕਲੇ ਅਤੇ ਬਾਕੀ ਦੇ ਮਾਇਆ ਰੂਪੀ ਚੋਗ ਦੇ ਮੋਹ ਜਾਲ ਵਿਚ ਫਸ ਗਏ। ਨਾਮ ਤੋਂ ਸੱਖਣੇ ਜੀਵਾਂ ਨੂੰ ਚੁਣ-ਚੁਣ ਕੇ (ਨਰਕਾਂ ਵਿਚ) ਸੁੱਟਿਆ ਜਾਂਦਾ ਹੈ, ਜਿਨ੍ਹਾਂ ਦਾ ਫਿਰ ਕੋਈ ਸੰਗੀ ਨਹੀਂ ਬਣਦਾ।
ਹੇ ਭਾਈ, ਜਿਸ ਪ੍ਰਭੂ ਦਾ ਸਥਾਨ ਅਥਵਾ ਟਿਕਾਣਾ ਸਦਾ ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ। ਜਿਨ੍ਹਾਂ ਨੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਧਿਆਇਆ ਹੈ, ਉਨ੍ਹਾਂ ਦੇ ਮਨ ਦੀ ਲਿਵ ਪ੍ਰਭੂ ਵਿਚ ਲੱਗ ਜਾਂਦੀ ਹੈ। ਇਸ ਤਰ੍ਹਾਂ ਗੁਰੂ ਸਦਕਾ ਜਿਨ੍ਹਾਂ ਨੂੰ ਸੱਚਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਅਜਿਹੇ ਜਗਿਆਸੂ ਮਨ ਅਤੇ ਮੁੱਖ ਕਰਕੇ ਭਾਵ ਅੰਦਰੋਂ-ਬਾਹਰੋਂ ਪਵਿੱਤਰ ਹੋ ਜਾਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਉਪਕਾਰ ਦੀ ਇੱਛਾ ਸਰਬਉੱਤਮ ਪ੍ਰੇਰਨਾ ਸ਼ਕਤੀ ਹੈ

ਮਹਾਨ ਉਹ ਨਹੀਂ ਹੁੰਦੇ ਜੋ ਦੂਜਿਆਂ ਤੋਂ ਪ੍ਰਾਪਤ ਕਰਦੇ ਹਨ ਤੇ ਦੂਜਿਆਂ ਦੀ ਮਿਹਨਤ 'ਤੇ ਆਨੰਦ ਮਾਣਦੇ ਹਨ, ਸਗੋਂ ਮਹਾਨ ਤਾਂ ਉਹ ਹੁੰਦੇ ਹਨ, ਜੋ ਪਰਉਪਕਾਰ ਕਰਦੇ ਹਨ। ਸਵਾਮੀ ਵਿਵੇਕਾਨੰਦ ਜੀ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਤੁਹਾਡੇ ਅੰਦਰ ਪਰਉਪਕਾਰ ਦੀ ਇੱਛਾ ਹੈ ਤਾਂ ਇਹ ਸਰਬਉੱਤਮ ਪ੍ਰੇਰਨਾ ਸ਼ਕਤੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਦੂਜਿਆਂ ਦੀ ਸਹਾਇਤਾ ਕਰਨਾ ਇਕ ਖੁਸ਼ਨਸੀਬੀ ਹੈ। ਇਹ ਸੋਚ ਕੇ ਦੂਜਿਆਂ ਦੀ ਸਹਾਇਤਾ ਨਾ ਕਰੋ ਕਿ ਉਹ ਭਿਖਾਰੀ ਹਨ। ਇਸ ਗੱਲ ਲਈ ਆਪਣੇ-ਆਪ ਨੂੰ ਖੁਸ਼ਨਸੀਬ ਸਮਝੋ ਕਿ ਤੁਹਾਨੂੰ ਕਿਸੇ ਦੀ ਸਹਾਇਤਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਤੁਸੀਂ ਦੂਜਿਆਂ ਦੀ ਸਹਾਇਤਾ ਦੇ ਯੋਗ ਹੋ। ਪਰਉਪਕਾਰ ਦੇ ਸਾਰੇ ਕਾਰਜ ਸ਼ੁੱਧ ਬਣਨ ਅਤੇ ਪੂਰਨ ਹੋਣ ਵਿਚ ਸਹਾਇਕ ਹੁੰਦੇ ਹਨ। ਸੱਚ ਪੁੱਛੋ ਤਾਂ ਅਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਹਾਂ। ਕਿਸੇ ਲਈ ਕੀਤੇ ਗਏ ਸਾਡੇ ਨਿਰਮਾਣ ਨੂੰ ਕੁਦਰਤ ਜਦ ਵੀ ਚਾਹੇ, ਹਨੇਰੀ, ਤੂਫਾਨ, ਭੁਚਾਲ ਨਾਲ ਨਸ਼ਟ ਕਰ ਸਕਦੀ ਹੈ। ਇਸ ਲਈ ਇਸ ਦਾ ਘੁਮੰਡ ਨਾ ਕਰੋ ਕਿ ਅਸੀਂ ਦੂਜਿਆਂ ਲਈ ਇਹ ਬਣਵਾਇਆ ਹੈ। ਕੇਵਲ ਸਹਾਇਤਾ ਦੀਆਂ ਖੋਖਲੀਆਂ ਗੱਲਾਂ ਹੀ ਨਹੀਂ ਕਰਨੀਆਂ ਚਾਹੀਦੀਆਂ। ਇਹ ਦੁਨੀਆ ਸਾਥੋਂ ਬਿਨਾਂ ਵੀ ਚਲਦੀ ਸੀ ਅਤੇ ਚਲਦੀ ਰਹੇਗੀ ਪਰ ਫਿਰ ਵੀ ਸਾਨੂੰ ਨਿਰੰਤਰ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਚ ਸਾਡਾ ਵੀ ਭਲਾ ਹੈ। ਇਹ ਤਾਂ ਪੂਰਨ ਬਣਨ ਦਾ ਇਕ ਸਾਧਨ ਹੈ, ਜਿਸ ਨਾਲ ਤੁਹਾਡੀ ਸਰਬਉੱਤਮ ਪ੍ਰੇਰਨਾ ਸ਼ਕਤੀ ਕਰਮ ਵਿਚ ਬਦਲਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕੜਾਹ ਪ੍ਰਸ਼ਾਦ ਦੀ ਮਹੱਤਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
'ਗੁਰਪ੍ਰਤਾਪ ਸੂਰਜ' ਵਿਚ ਭਾਈ ਸੰਤੋਖ ਸਿੰਘ ਨੇ ਇਸ ਦੀ ਮਹਾਨਤਾ ਨੂੰ ਬਿਆਨਦਿਆਂ ਲਿਖਿਆ ਹੈ-
'ਪਾਵਨ ਤਨ ਪਾਵਣ ਕਰ ਥਾਨ,
ਘ੍ਰਿਤ ਮੈਦਾ ਲੇ ਖੰਡ ਸਮਾਨ।
ਕਰ ਕੜਾਹ ਜਪੁ ਪਾਠ ਸੁ ਠਾਨੈ,
ਗੁਰਪ੍ਰਸਾਦਿ ਅਰਦਾਸ ਬਖਾਨੈ॥'
ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਨੂੰ 'ਮਹਾਪ੍ਰਸਾਦ' ਦਾ ਨਾਂਅ ਦਿੱਤਾ ਹੈ, ਜਿਸ ਦਾ ਅਰਥ ਹੈ, 'ਵੱਡਾ ਜਾਂ ਸ੍ਰੇਸ਼ਠ ਪ੍ਰਸਾਦਿ।' ਉਨ੍ਹਾਂ ਆਪਣੇ ਕਬਿੱਤ 'ਚ ਇਸ ਦੀ ਮਹਾਨਤਾ ਦਾ ਵਰਨਣ ਕਰਦਿਆਂ ਲਿਖਿਆ ਹੈ-
'ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦਿ,
ਏਕ ਗੁਰੁਪੁਰਬ ਕੈ ਸਿਖਨੁ ਬੁਲਾਵਹੀ।'
ਧਾਰਮਿਕ ਆਸਥਾ ਮੁਤਾਬਿਕ ਕੜਾਹ ਪ੍ਰਸ਼ਾਦ ਦਾ ਅਰਥ ਹੈ, 'ਕਿਸੇ ਦੇਵ-ਇਸ਼ਟ ਨੂੰ ਭੇਟ ਕੀਤਾ ਗਿਆ ਖਾਧ ਪਦਾਰਥ, ਜੋ ਬਾਅਦ 'ਚ ਸ਼ਰਧਾਲੂਆਂ 'ਚ ਵੰਡਿਆ ਜਾਵੇ।'
ਭਾਈ ਕਾਹਨ ਸਿੰਘ ਨਾਭਾ ਦੇ 'ਮਹਾਨਕੋਸ਼' ਅਨੁਸਾਰ-
'ਉਹ ਕੜਾਹ ਪ੍ਰਸ਼ਾਦ ਜੋ ਮਰਿਆਦਾ ਅਨੁਸਾਰ ਤਿਆਰ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਰੱਖ ਕੇ, ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰਕੇ ਵਰਤਾਈਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ।' ਪ੍ਰਸ਼ਾਦ ਦਾ ਅਰਥ ਹੈ ਖ਼ੁਸ਼ੀ, ਪ੍ਰਸੰਨਤਾ, ਸਵੱਛਤਾ, ਨਿਰਮਲਤਾ, ਅਰੋਗਤਾ, ਦੇਵਤਿਆਂ ਨੂੰ ਅਰਪਿਆ ਹੋਇਆ ਖਾਣ ਯੋਗ ਪਦਾਰਥ, ਕਾਵਯ ਦਾ ਗੁਣ, ਕ੍ਰਿਪਯ, ਅਨੁਗ੍ਰਹ। ਅਤੇ ਕੜਾਹ ਦਾ ਅਰਥ ਹੈ 'ਕੜਾਹਾ-ਲੋਹੇ ਦਾ ਖੁੱਲ੍ਹੇ ਮੂੰਹ ਵਾਲਾ ਕੁੰਡੇਦਾਰ ਬਰਤਨ। ਕੜਾਹੇ 'ਚ ਤਿਆਰ ਕੀਤਾ ਅੰਨ-ਹਲੂਆ ਜਾਂ ਕੜਾਹ।'
ਵੱਖ-ਵੱਖ ਖੋਜਾਂ ਅਤੇ ਡਾਕਟਰੀ ਰਿਪੋਰਟਾਂ ਵੀ ਇਸ ਦੀ ਪੌਸ਼ਟਿਕਤਾ ਪ੍ਰਤੀ ਸਬੂਤ ਦੇ ਚੁੱਕੀਆਂ ਹਨ। ਇਹ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਦੇਗ ਬਹੁਤ ਹੀ ਸਿਹਤਵਰਧਕ ਨਿਆਮਤ ਹੈ । ਡਾਕਟਰ ਬੈਂਸ ਦਾ ਕਹਿਣਾ ਹੈ ਕਿ ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ, ਜਦੋਂ ਇਸ ਦੀ ਬਰੀਕੀ ਨਾਲ ਪੜਤਾਲ ਕੀਤੀ ਅਤੇ ਕਿਹਾ, 'ਜੇ ਸਾਰੇ ਗੁਣ ਲਿਖਣ ਬੈਠਾ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।' ਡਾਕਟਰ ਬਲਰਾਜ ਬੈਂਸ ਨੇ ਇਸ ਦੇ ਗੁਣ ਸਾਂਝੇ ਕਰਦਿਆਂ ਲਿਖਿਆ ਹੈ-'ਕੜਾਹ ਪ੍ਰਸ਼ਾਦ ਸਿਹਤ ਲਈ ਬੇਹੱਦ ਲਾਭਦਾਇਕ ਅਤੇ ਫ਼ਾਇਦੇਮੰਦ ਹੈ।' ਉਨ੍ਹਾਂ ਹਰ ਵਿਅਕਤੀ ਨੂੰ ਦਿਨ 'ਚ ਇਕ ਵਾਰ ਜ਼ਰੂਰ ਦੇਗ ਛਕਣ ਦੀ ਸਲਾਹ ਦਿੱਤੀ ਹੈ।
ਗੁਰੂ ਸਾਹਿਬਾਨਾਂ ਨੇ ਆਪਣੇ ਸਿੱਖਾਂ ਨੂੰ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਣ ਅਤੇ ਗੁਰਬਾਣੀ ਸੁਣਨ ਦੀ ਤਾਕੀਦ ਸ਼ਾਇਦ ਇਸੇ ਕਰਕੇ ਹੀ ਕੀਤੀ ਸੀ ਕਿ ਗੁਰੂ ਦਾ ਸਿੱਖ ਹਮੇਸ਼ਾ ਸਰੀਰਕ ਅਤੇ ਰੂਹਾਨੀਅਤ ਪੱਖੋਂ ਤਾਕਤਵਰ ਅਤੇ ਮਜ਼ਬੂਤ ਰਹੇ। ਕੜਾਹ ਪ੍ਰਸ਼ਾਦ ਵੰਡਣ ਦੀ ਰਵਾਇਤ ਹੋਰ ਧਰਮਾਂ ਅਤੇ ਸੰਪ੍ਰਦਾਵਾਂ ਵਿਚ ਪ੍ਰਚਲਿਤ ਹੋ ਰਹੀ ਹੈ, ਪਰ ਸਿੱਖ ਧਰਮ 'ਚ ਇਹ ਰੂੜ ਹੋ ਗਈ ਹੈ। (ਸਮਾਪਤ)


-ਬੀਂਬੜ, ਸੰਗਰੂਰ। ਮੋਬਾ: 97797-08257

ਨਵਾਬ ਕਪੂਰ ਸਿੰਘ ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਹੋਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸ: ਜੱਸਾ ਸਿੰਘ ਆਹਲੂਵਾਲੀਆ ਨੇ 1777 ਈ: ਨੂੰ ਕਪੂਰਥਲੇ ਨੂੰ ਫਤਹਿ ਕਰਕੇ ਆਪਣੀ ਰਾਜਧਾਨੀ ਬਣਾਇਆ।
ਉਸ ਸਮੇਂ ਧੀਰਮੱਲੀਏ ਜੋ ਪੰਥ ਵਿਚੋਂ ਛੇਕੇ ਹੋਏ ਸਨ, ਨੂੰ ਗੁਲਾਬ ਸਿੰਘ ਸੋਢੀ ਦੀ ਬੇਨਤੀ ਉਪਰੰਤ ਖ਼ਾਲਸਾ ਪੰਥ ਦੀਆਂ ਸ਼ਰਤਾਂ ਅਨੁਸਾਰ ਧੀਰਮੱਲੀਆਂ ਨੂੰ ਮੁੜ ਸਿੱਖ ਪੰਥ ਦਾ ਅੰਗ ਬਣਾਇਆ। ਇਹ ਫੈਸਲਾ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਿਆ ਗਿਆ।
ਸਿੱਖ ਫ਼ੌਜਾਂ ਨੇ 11 ਮਾਰਚ, 1783 ਈ: ਨੂੰ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਸ: ਬਘੇਲ ਸਿੰਘ, ਸ: ਤਾਰਾ ਸਿੰਘ ਘੇਬਾ, ਸ: ਮਹਾਂ ਸਿੰਘ ਸ਼ੁਕਰਚੱਕੀਆ, ਸ: ਖੁਸ਼ਹਾਲ ਸਿੰਘ, ਸ: ਕਰਮ ਸਿੰਘ, ਸ: ਭਾਗ ਸਿੰਘ, ਸ: ਸਾਹਿਬ ਸਿੰਘ, ਸ: ਸ਼ੇਰ ਸਿੰਘ ਬੂੜੀਆ, ਸ: ਗੁਰਦਿੱਤ ਸਿੰਘ ਲਾਡੋਵਾਲੀਆ, ਸ: ਕਰਮ ਸਿੰਘ ਸ਼ਾਹਬਾਦ, ਸ: ਗੁਰਬਖਸ਼ ਸਿੰਘ ਅੰਬਾਲਾ ਆਦਿ ਸਭ ਮਜਨੂੰ ਟਿੱਲੇ ਇਕੱਠੇ ਹੋਏ ਇਨ੍ਹਾਂ ਜਥੇਦਾਰਾਂ ਦੀ ਅਗਵਾਈ ਵਿਚ ਦਿੱਲੀ 'ਤੇ ਹਮਲਾ ਕੀਤਾ ਗਿਆ ਅਤੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨ ਉਪਰੰਤ ਖ਼ਾਲਸਾਈ ਨਿਸ਼ਾਨ ਦਿੱਲੀ ਦੇ ਲਾਲ ਕਿਲ੍ਹੇ 'ਤੇ ਝੁਲਾ ਦਿੱਤਾ। ਉਸ ਸਮੇਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਬਘੇਲ ਸਿੰਘ, ਸ: ਜੱਸਾ ਸਿੰਘ ਰਾਮਗੜ੍ਹੀਆ ਆਦਿ ਪੰਜ ਸਿੱਖ ਜਰਨੈਲਾਂ ਨੂੰ ਦਿੱਲੀ ਤਖ਼ਤ 'ਤੇ ਬਿਠਾਇਆ ਗਿਆ। ਇਹ ਕਿਹਾ ਜਾਂਦਾ ਹੈ ਕਿ ਸਿੱਖ ਜਰਨੈਲ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਐਲਾਨ ਕਰਨਾ ਚਾਹੁੰਦੇ ਸਨ ਪਰ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਇਹ ਗੱਲ ਪ੍ਰਵਾਨ ਨਹੀਂ ਸੀ। ਜਦ ਇਸ ਗੱਲ ਦਾ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ 'ਪੰਥ ਨੇ ਮੈਨੂੰ ਜੋ ਤਖ਼ਤ ਦੀ ਸੇਵਾ ਬਖਸ਼ੀ ਹੈ, ਉਸ ਦੇ ਸਾਹਮਣੇ ਇਹ ਤਖ਼ਤ ਤੁੱਛ ਹੈ।' ਏਨਾ ਕਹਿ ਕੇ ਤਖ਼ਤ ਤੋਂ ਹੇਠਾਂ ਉੱਤਰ ਆਏ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਬਹੁਤ ਸਿਆਣੇ, ਸਮਝਦਾਰ, ਦੂਰਅੰਦੇਸ਼ੀ ਜਥੇਦਾਰ ਸਨ।
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀਵਾਲੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਪਹੁੰਚੇ ਹੀ ਸਨ, ਪੇਟ ਵਿਚ ਤਕਲੀਫ ਸ਼ੁਰੂ ਹੋ ਗਈ। ਅੰਤਿਮ ਸਮਾਂ ਨੇੜੇ ਜਾਣ ਕੇ ਸਭ ਸਰਦਾਰਾਂ ਨੂੰ ਬੁਲਾ ਕੇ ਕਿਹਾ ਕਿ-
'ਅੰਤਮ ਸਮਾਂ ਨੇੜੇ ਆ ਗਿਆ, ਹੁਣ ਉਨ੍ਹਾਂ ਦਾ ਧਿਆਨ ਹੋਰ ਕਿਸੇ ਪਾਸੇ ਨਾ ਖਿੱਚਣਾ। ਕੋਈ ਦੁਨਿਆਵੀ ਗੱਲ ਕੰਨਾਂ ਤੱਕ ਨਾ ਪਹੁੰਚਾਈ ਜਾਵੇ।'
ਅਖੀਰ 20 ਅਕਤੂਬਰ, 1783 ਈ: ਨੂੰ ਅਕਾਲ ਚਲਾਣਾ ਕਰ ਗਏ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸਸਕਾਰ ਨਵਾਬ ਕਪੂਰ ਸਿੰਘ ਦੇ ਨੇੜੇ ਬਾਬਾ ਅਟੱਲ ਸਾਹਿਬ ਦੇ ਅਸਥਾਨ 'ਤੇ ਕੀਤਾ ਗਿਆ।
(ਸਮਾਪਤ)


-ਬਠਿੰਡਾ। ਮੋਬਾ: 98155-33725

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਪ੍ਰਸੰਗ ਵਿਚ

ਗੁਰੂ ਨਾਨਕ ਸਾਹਿਬ ਦਾ ਜੱਸ (ਹੱਕ ਤੇ ਸੱਚ ਦੀ ਆਵਾਜ਼)

* ਲੇਖਕ : ਇਹਸਾਨ ਬਾਜਵਾ *

ਨਾਨਕ ਹੱਕ ਤੇ ਸੱਚ ਦੀ ਵਾਜ ਲਾਈ,
ਸੌਦਾ ਅਮਰ ਹਯਾਤ ਦਾ ਤੋਲਿਆ ਏ।
ਬਾਣੀ ਰਮਝ ਦੀ ਓਸ ਬਿਆਨ ਕੀਤੀ,
ਅੰਮ੍ਰਿਤ ਜੀਵਨੇ 'ਚੋਂ ਮਾਣਕ ਟੋਲਿਆ ਏ।
ਨਾਲ ਸੁਰਾਂ ਦੇ ਮੇਲ ਮਿਲਾਪ ਕੀਤਾ,
ਰੰਗ ਜੀਣ ਦਾ ਅਸਲ ਟਟੋਲਿਆ ਏ।
ਜਗਤ ਵਾਸ ਗਵਾਹੀਆਂ ਪਿਆ ਦੇਵੇ,
ਨਾਨਕ ਜੀਵਨੇ ਦਾ ਵਰਕਾ ਫੋਲਿਆ ਏ।
ਉਲਫ਼ਤ ਨਾਲ ਹੈ ਰੰਗਿਆ ਜੀਣ ਤਾਈਂ,
ਲਫ਼ਜ਼ ਕਦਰ ਕਿਆਸ ਦਾ ਬੋਲਿਆ ਏ।
ਕਾਮਿਲ ਸਿਦਕ ਥੀਂ ਅਮਰ ਗਿਆਨ ਵਾਲਾ,
ਮੋਤੀ ਜੀਵਨੇ 'ਚੋਂ ਓਹਨੇ ਰੋਲਿਆ ਏ।
ਸਾਬਤ ਸਿਦਕ ਯਕੀਨ ਦੇ ਖੇਤ ਅੰਦਰ,
ਲੱਖ ਔੜ ਵੇਖੀ ਨਾਹੀ ਡੋਲਿਆ ਏ।
ਅੰਮ੍ਰਿਤ ਗੀਤ ਮੁਹੱਬਤੀਂ ਫਿਰੇ ਗਾਉਂਦਾ,
ਜੀਵਨਾ ਓਸ ਅਮੋਲਿਆ ਏ।
ਅੰਬਰੋਂ ਸੁੱਕਿਆਂ ਨੂੰ ਨਾਨਕ ਕਰੇ ਸਾਵੇ,
ਕਾਮਿਲ ਜੀਣ ਦਾ ਰਾਜ਼ ਨਿਰੋਲਿਆ ਏ।
ਸਦਾ ਸੱਚੀਆਂ ਆਖ ਇਹਸਾਨ ਸਾਈਆਂ,
ਨਾਨਕ ਜੀਵਨੇ ਦਾ ਬੂਹਾ ਖੋਲ੍ਹਿਆ ਏ।


ਅਨੁਵਾਦ : ਗੁਰਨਾਮ ਸਿੰਘ ਚੀਮਾ
ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ (ਹੁਸ਼ਿਆਰਪੁਰ)।
ਮੋਬਾ: 98140-44425

ਧਾਰਮਿਕ ਸਾਹਿਤ

15 ਭਗਤ 500 ਸਵਾਲ
ਲੇਖਕ :
ਬਲਵਿੰਦਰ ਸਿੰਘ ਕੋਟਕਪੂਰਾ
ਪ੍ਰਕਾਸ਼ਕ : ਫੂਲ ਭਾਰਤੀ, ਜਲੰਧਰ।
ਪੰਨੇ : 56, ਕੀਮਤ : 40 ਰੁਪਏ
ਸੰਪਰਕ : 94171-85565


ਲੇਖਕ ਦੀ ਇਹ ਪੁਸਤਕ ਭਗਤ ਕਬੀਰ ਜੀ ਦੀ 2018 ਵਿਚ ਪੰਜ ਸੌ ਸਾਲਾ ਪ੍ਰਲੋਕ ਗਮਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੀ ਸਮਾਪਤੀ ਤੇ ਚੌਥੀ ਉਦਾਸੀ ਦੀ ਆਰੰਭਤਾ ਦੀ ਪੰਜ ਸੌ ਸਾਲਾ ਸ਼ਤਾਬਤੀ ਨੂੰ ਸਮਰਪਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਦੀ ਬਾਣੀ ਦਰਜ ਹੈ, ਉਨ੍ਹਾਂ ਨਾਲ ਸਬੰਧਤ ਜਾਣਕਾਰੀ ਇਸ ਪੁਸਤਕ ਵਿਚ ਸ਼ਾਮਿਲ ਹੈ। ਲੇਖਕ ਨੇ ਬੜੇ ਨਿਵੇਕਲੇ ਢੰਗ ਨਾਲ ਇਨ੍ਹਾਂ ਮਹਾਂਪੁਰਖਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਸ਼ਨ-ਉੱਤਰ ਵਿਧੀ ਰਾਹੀਂ ਪਾਠਕਾਂ ਨਾਲ ਸਾਂਝੀ ਕੀਤੀ ਹੈ। ਇਹ ਵਿਧੀ ਬੜੀ ਲਾਹੇਵੰਦੀ ਜਾਪਦੀ ਹੈ।
ਛੋਟੇ-ਛੋਟੇ ਸਵਾਲਾਂ ਦੇ ਸੰਖੇਪ ਉੱਤਰਾਂ ਰਾਹੀਂ ਇਹ ਜਾਣਕਾਰੀ ਪਾਠਕ ਦੇ ਮਨ ਵਿਚ ਉਤਰ ਜਾਂਦੀ ਹੈ। ਪੁਸਤਿਕਾ ਵਿਚ ਸ਼ਾਮਿਲ ਪ੍ਰਥਮ ਸਵਾਲ ਹੈ-'ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਭਗਤਾਂ ਦੀ ਬਾਣੀ ਉਚਾਰੀ ਹੋਈ ਮਿਲਦੀ ਹੈ?'
ਉੱਤਰ : ਪੰਦਰਾਂ ਭਗਤਾਂ ਦੀ।
ਪ੍ਰਸ਼ਨ ਚੌਥਾ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਕਿੰਨੇ ਰਾਗਾਂ ਵਿਚ ਦਰਜ ਹੈ?
ਉੱਤਰ : 22 ਰਾਗਾਂ ਵਿਚ।
ਪੰਜਵਾਂ ਪ੍ਰਸ਼ਨ : ਭਗਤਾਂ ਦੇ 22 ਰਾਗਾਂ ਵਿਚ ਕਿੰਨੇ ਸ਼ਬਦ ਹਨ?
ਉੱਤਰ : 349 ਸ਼ਬਦ
ਬੜੇ ਹੀ ਸਰਲ, ਸਪੱਸ਼ਟ ਤੇ ਠੋਸ ਢੰਗ ਰਾਹੀਂ ਇਸ ਵਿਧੀ ਨਾਲ ਲੇਖਕ ਨੇ ਪੰਦਰਾਂ ਭਗਤ ਸਾਹਿਬਾਨ ਦੇ ਸਮੁੱਚੇ ਜੀਵਨ ਦਰਸ਼ਨ, ਵਿਚਾਰਧਾਰਾਂ, ਸਿਧਾਂਤਾਂ ਅਤੇ ਲੋਕਾਈ ਪ੍ਰਤੀ ਰੂਹਾਨੀ ਸੰਦੇਸ਼ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। 6 ਪੁਸਤਕਾਂ ਦੇ ਵਿਦਵਾਨ ਲੇਖਕ ਨੇ ਹਰ ਸਵਾਲ ਦਾ ਉੱਤਰ ਸਬੰਧਤ ਭਗਤ ਜੀ ਦੀ ਬਾਣੀ ਵਿਚੋਂ ਢੁਕਵੇਂ ਪ੍ਰਮਾਣ ਦੇ ਕੇ ਬਾਖੂਬੀ ਦਿੱਤਾ ਹੈ। ਸਰਵਰਕ 'ਤੇ ਪੰਦਰਾਂ ਹੀ ਭਗਤਾਂ ਦੇ ਸੁੰਦਰ ਰੰਗੀਨ ਚਿੱਤਰ ਤੇ ਅੰਤਲੇ ਪੰਨੇ 'ਤੇ ਭਗਤਾਂ ਦੀ ਉਪਮਾ ਬਾਰੇ ਗੁਰਬਾਣੀ ਵਿਚੋਂ 10 ਪ੍ਰਮਾਣ ਦਿੱਤੇ ਹਨ। ਪੁਸਤਕ ਕੁੱਜੇ ਵਿਚ ਬੰਦ ਸਮੁੰਦਰ ਵਾਂਗ ਹੈ।


-ਤੀਰਥ ਸਿੰਘ ਢਿੱਲੋਂ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX