ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ

ਜਲਵਾ ਹੀ ਜਲਵਾ

ਇਕ ਧੀ, ਇਕ ਖਿਡਾਰਨ ਤੇ ਇਕ ਬਹਾਦਰ ਕੁੜੀ ਤਾਪਸੀ ਪੰਨੂ ਨਵੇਂ ਪੋਸਟਰ ਜੋ 'ਸੂਰਮਾ' ਫ਼ਿਲਮ ਦਾ ਹੈ, 'ਚ ਨਜ਼ਰ ਆਈ ਹੈ। ਦਿਲਜੀਤ ਦੋਸਾਂਝ ਫ਼ਿਲਮ 'ਚ ਉਸ ਦਾ ਨਾਇਕ ਹੈ ਤੇ ਇਹ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਉੱਪਰ ਆਧਾਰਤ ਹੈ। ਅਗਲੇ ਮਹੀਨੇ ਇਹ ਫ਼ਿਲਮ ਆ ਰਹੀ ਹੈ। 'ਮਨਮਰਜ਼ੀਆਂ' ਉਸ ਦੀ ਅਭਿਸ਼ੇਕ ਬੱਚਨ ਨਾਲ ਆਉਣ ਵਾਲੀ ਇਕ ਹੋਰ ਫ਼ਿਲਮ ਹੈ। ਇਧਰ ਤਾਪਸੀ ਦੀ ਦੀਦੀ ਸ਼ਗਨ ਨੂੰ ਲੈ ਕੇ ਉੱਡ ਰਹੀਆਂ ਖ਼ਬਰਾਂ 'ਤੇ ਤਾਪਸੀ ਦਾ ਬਿਆਨ ਆਇਆ ਹੈ ਕਿ ਸ਼ਗਨ ਦਾ ਇੰਡਸਟਰੀ 'ਚ ਪਰਦੇ 'ਤੇ ਆਉਣ ਦਾ ਕੋਈ ਵਿਚਾਰ ਨਹੀਂ ਹੈ। ਆਨਲਾਈਨ ਫੈਸ਼ਨ ਨਾਲ ਜੁੜੀ ਤਾਪਸੀ ਦੀ ਦੀਦੀ ਸ਼ਗਨ ਉਸ ਨਾਲ ਰੋਮ ਗਈ ਸੀ। ਤਾਪਸੀ ਦੀ ਚਾਹਤ ਮੁੜ ਅਮਿਤਾਬ ਬੱਚਨ ਨਾਲ ਫ਼ਿਲਮ ਕਰਨ ਦੀ ਵੀ ਹੈ। ਉਹ 'ਪਿੰਕ' ਵਾਲਾ ਇਤਿਹਾਸ ਦੁਹਰਾਉਣਾ ਚਾਹੁੰਦੀ ਹੈ। ਸੁਜਾਏ ਘੋਸ਼ ਇਹ ਖਾਹਿਸ਼ ਪੂਰੀ ਕਰਨ ਜਾ ਰਹੇ ਹਨ ਤੇ ਸਪੇਨ ਦੀ ਇਕ ਫ਼ਿਲਮ 'ਤੇ ਆਧਾਰਤ ਨਵੀਂ ਫ਼ਿਲਮ 'ਚ ਬਿੱਗ ਬੀ ਤੇ ਤਾਪਸੀ ਨੂੰ ਫ਼ਿਲਮਾਇਆ ਗਿਆ ਹੈ। ਤਾਪਸੀ ਇਸ ਸਮੇਂ ਤੇਜ਼ੀ ਨਾਲ ਹਿੰਦੀ ਸਿਨੇਮਾ 'ਚ ਵੀ ਜ਼ਬਰਦਸਤ ਸਫ਼ਲਤਾ ਹਾਸਲ ਕਰਦੀ ਦਿਖਾਈ ਦੇ ਰਹੀ ਹੈ। 'ਸੂਰਮਾ' ਦੇ ਟਰੇਲਰ ਤੇ ਪੋਸਟਰ ਦੀ ਚਰਚਾ, ਅਮਿਤਾਬ ਨਾਲ ਨਵੀਂ ਫ਼ਿਲਮ ਤੇ ਦੋ ਵੱਡੀਆਂ ਫ਼ਿਲਮਾਂ ਆਖਰ ਤਾਪਸੀ ਦਾ ਜਾਦੂ ਚਲ ਰਿਹਾ ਹੈ। ਤਾਪਸੀ ਨੇ ਤਾਂ ਹੀ ਨਵਾਜ਼ੂਦੀਨ ਸਿੱਦੀਕੀ ਨਾਲ ਇਕ ਫ਼ਿਲਮ ਠੁਕਰਾਈ ਹੈ। ਆਖਰ ਅਮਿਤਾਬ ਅਭਿਸ਼ੇਕ ਸਾਹਮਣੇ ਨਵਾਜ਼ੂਦੀਨ? ਤਾਪਸੀ ਗੱਲ 'ਤੇ ਕਾਇਮ ਰਹਿੰਦੀ ਹੈ। ਮੁੱਕਰ ਜਾਣਾ ਉਸ ਦੀ ਆਦਤ ਨਹੀਂ ਹੈ। 'ਸੂਰਮਾ' ਦੇ ਚੱਲਣ ਦੀ ਪੂਰੀ ਉਮੀਦ ਹੈ ਤੇ ਅੰਗਦ ਬੇਦੀ ਨੇ ਵੀ ਤਾਪਸੀ ਲਈ ਕਿਹਾ ਹੈ ਕਿ ਹੁਣ ਇਥੇ ਇਕੱਲੀ ਤਾਪਸੀ ਨੇ ਇਕ ਲਘੂ ਫ਼ਿਲਮ ਵੀ ਕੀਤੀ। ਚੰਗੇ ਵਿਸ਼ੇ 'ਤੇ ਕਹਾਣੀ ਦਾ 'ਉਹ ਹਮੇਸ਼ਾ' ਸਵਾਗਤ ਕਰਦੀ ਹੈ। ਔਰਤਾਂ ਨਾਲ ਸਰੀਰਕ ਸ਼ੋਸ਼ਣ 'ਤੇ ਅਕਸਰ ਆਵਾਜ਼ ਉਠਾਉਣ ਵਾਲੀ ਤਾਪਸੀ ਪੰਨੂ ਨੇ ਕਿਹਾ ਕਿ ਪੰਜਾਬਣ ਰੰਗ (ਸੂਰਮਾ) ਉਸ ਵਾਸਤੇ ਮਦਦਗਾਰ ਰਿਹਾ ਹੈ। ਇਸ ਸਾਲ 'ਚ ਤਾਪਸੀ ਦਾ ਜਲਵਾ ਸਿਰ ਚੜ੍ਹ ਕੇ ਬੋਲਦਾ ਨਜ਼ਰ ਆਏਗਾ। 'ਜੁੜਵਾ-2' ਵਾਲੀ ਕਹਾਣੀ 'ਸੂਰਮਾ' ਦੁਹਰਾ ਦੇਵੇ ਤੇ ਚਲ ਜਾਏ। 'ਮਨਮਰਜ਼ੀਆਂ' ਤੋਂ ਬਾਅਦ ਤਾਂ ਸਮਝੋ ਤਾਪਸੀ ਪੰਨੂ ਨੰਬਰ ਇਕ ਦੀ ਕੁਰਸੀ 'ਤੇ ਮਾਣ ਨਾਲ ਬੈਠ ਹੁਕਮ ਚਲਾਏਗੀ।


ਖ਼ਬਰ ਸ਼ੇਅਰ ਕਰੋ

ਐਵਲਿਨ ਸ਼ਰਮਾ

ਹਾਜ਼ਰ ਹੋ

'ਬਬਲੀ ਗਰਲ', ਨਟਖਟ ਗੁੱਡੀਆ ਤੇ ਹੁਣ ਇਸ ਤੋਂ ਹਟ ਕੇ ਐਵਲਿਨ ਸ਼ਰਮਾ ਕੁਝ ਕਰੇ ਤਾਂ ਹੀ ਪਤਾ ਲੱਗੇ ਕਿ ਉਸ ਦੇ ਅਭਿਨੈ 'ਚ ਦਮ-ਖਮ ਹੈ। ਹਿੰਦੀ ਫ਼ਿਲਮਾਂ ਵਾਲਿਆਂ ਨੇ ਤਾਂ ਐਵਲਿਨ ਤੋਂ ਅੱਖਾਂ ਹੀ ਮੀਟੀਆਂ ਹੋਈਆਂ ਨੇ ਪਰ ਦੱਖਣ ਵਾਲੇ ਜ਼ਰੂਰ ਈਵ ਦੀਆਂ ਅੱਖੀਆਂ 'ਚ ਚਮਕ ਦੇਖ ਰਹੇ ਹਨ। ਐਵਲਿਨ ਜਲਦੀ ਹੀ ਇਕ ਤੇਲਗੂ ਫ਼ਿਲਮ ਕਰਨ ਜਾ ਰਹੀ ਹੈ। ਇਕ ਤਰ੍ਹਾਂ ਨਾਲ ਗੁੰਮਨਾਮੀ ਦੇ ਦੌਰ ਤੇ ਚਰਚਾ ਦੇ ਬਾਜ਼ਾਰ 'ਚ ਉਹ ਆ ਰਹੀ ਹੈ। ਗਰਮੀ ਤੇ ਵਿਚ-ਵਿਚ ਵਰਖਾ ਦੀਆਂ ਕਣੀਆਂ, ਫਿਰ ਨਿਊਜ਼ ਡਾਟ ਕਾਮ ਵਾਲੀ ਹੱਬਨੈਨ ਨਾਲ ਇਸ ਮੌਸਮ 'ਦੇ ਨਜ਼ਾਰੇ ਤੇ ਥਾਂ ਹੈ ਮਾਸੂਰੀ, ਜੀ ਹਾਂ ਉਥੇ ਪਹੁੰਚੀ ਹੈ ਐਵਲਿਨ ਤੇ ਅੱਧਾ ਹਫ਼ਤਾ ਉਹ ਮਾਸੂਰੀ ਠਹਿਰੀ। ਇਥੇ ਹੀ ਬਿਕਨੀ ਪਹਿਨ ਕੇ 'ਇੰਸਟਾਗ੍ਰਾਮ' ਭਰ ਦਿੱਤੀ ਉਸ ਆਪਣੀਆਂ ਖੁੱਲ੍ਹਮ-ਖੁੱਲ੍ਹਾ ਤਸਵੀਰਾਂ ਨਾਲ। ਹਾਂ ਮੁੜ੍ਹਕਾ ਗਰਮੀ ਤੇ ਵਰਖਾ ਇਸ ਦਾ ਨਜ਼ਾਰਾ ਲੈ ਕੇ ਮਾਸੂਰੀ ਦੇ ਪੰਜ ਤਾਰਾ ਹੋਟਲ 'ਚ ਐਵਲਿਨ ਇਕ ਪੱਤਰ-ਪ੍ਰੇਰਿਕਾ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮਿਲੀ। ਐਵਲਿਨ ਲਕਸ਼ਮੀ ਸ਼ਰਮਾ ਨੇ ਜਰਮਨ ਫ਼ਿਲਮਾਂ ਵੀ ਕੀਤੀਆਂ ਹਨ। 'ਯਾਰੀਆਂ', 'ਯੇ ਜਵਾਨੀ ਹੈ ਦੀਵਾਨੀ', 'ਨੌਟੰਕੀ ਸਾਲਾ' ਫ਼ਿਲਮਾਂ ਵਾਲੀ ਐਵਲਿਨ ਮਾਸੂਰੀ ਤੋਂ ਪਹਿਲਾਂ ਡੁਬਈ ਵੀ ਗਈ ਸੀ ਪਰ ਇਹ ਯਾਤਰਾ ਵੀ ਗੁਪਤ ਰੱਖੀ ਸੀ। ਇਕ ਕਰੋੜ ਛੇ ਲੱਖ ਇੰਸਟਾਗ੍ਰਾਮ ਪ੍ਰਸੰਸਕ 'ਤੇ 32 ਸਾਲ ਦੀ ਐਵਲਿਨ ਨੇ ਆਪਣੀਆਂ 1897 ਤਸਵੀਰਾਂ ਇੰਸਟਾਗ੍ਰਾਮ 'ਤੇ ਹੁਣ ਤੱਕ ਪਾਈਆਂ ਹਨ। ਖੁੱਲ੍ਹੀਆਂ-ਡੁੱਲ੍ਹੀਆਂ ਤਸਵੀਰਾਂ ਤੇ ਅਜਿਹੀਆਂ ਹੀ ਗੱਲਾਂ-ਬਾਤਾਂ ਐਵਲਿਨ ਦਾ ਸੁਭਾਅ ਹੈ, ਆਦਤ ਹੈ ਤੇ ਕੰਮ ਹੈ। ਡੱਬੂ ਰਤਨਾਨੀ ਦੇ ਇਸ ਸਾਲ ਦੇ ਕੈਲੰਡਰ 'ਚ ਐਵਲਿਨ ਆਈ ਹੈ। ਰੇਖਾ ਵੀ ਉਸ ਨਾਲ ਹੈ। 'ਮੈਂ ਤੇਰਾ ਹੀਰੋ' ਤੋਂ ਬਾਅਦ 'ਇਸ਼ਕੇਦਾਰੀਆਂ' ਵਾਲੀ ਈਵ ਸੰਕੇਤ ਦੇ ਰਹੀ ਹੈ ਕਿ ਬੁਹਤ ਦੇਰ ਚੁੱਪ ਰਹੀ ਹਾਂ, ਹੁਣ ਦੱਖਣ, ਮਾਡਲਿੰਗ ਤੇ ਨਾਲ-ਨਾਲ ਮਸਤੀ, ਜੀਵਨ ਦੇ ਆਨੰਦ, ਗਰਮੀ ਤੋਂ ਨਿਜਾਤ ਹਰ ਪਾਸੇ ਸਰਗਰਮੀ ਫੜਨੀ ਹੀ ਠੀਕ ਹੈ। ਐਵਲਿਨ ਦੀ ਦੋਸਤੀ ਜਵਾਨ ਇਸ਼ਾਨ ਖੱਟਰ ਨਾਲ ਹੋਣ 'ਤੇ ਕਈ ਹੈਰਾਨ ਹੋਏ ਹਨ। ਐਵਲਿਨ ਨੂੰ ਚਰਚਾ ਦੀ ਲੋੜ ਹੈ। ਇਸ ਲਈ ਇਸ਼ਾਨ ਖੱਟਰ ਨਾਲ ਦੋਸਤੀ ਇਕ ਖ਼ਬਰਾਂ ਪੈਦਾ ਕਰਨ ਦਾ ਜ਼ਰੀਆ ਬਣਿਆ ਹੈ। ਜਰਮਨ ਵੇਖਿਆ ਪਰ ਭਾਰਤ ਵੀ ਪੂਰਾ ਰਾਸ ਨਾ ਆਇਆ ਐਵਲਿਨ ਸ਼ਰਮਾ ਨੂੰ। ਫਿਰ ਵੀ ਕਈਆਂ ਨਾਲੋਂ ਉਹ ਚੰਗੀ ਰਹੀ ਹੈ ਤੇ ਜੇ ਦੱਖਣ 'ਚ ਸਿੱਕਾ ਚਲ ਗਿਆ ਤੇ ਇਸ ਨਾਲ ਸਮਝੋ ਉਧਰ ਐਵਲਿਨ ਸ਼ਰਮਾ ਦਾ ਫ਼ਿਲਮੀ ਆਸ਼ਿਆਨਾ ਸਜ-ਸੰਵਰ ਜਾਏਗਾ।

ਟਾਈਗਰ ਸ਼ਰਾਫ਼

ਤਕਦੀਰ ਮਿਹਰਬਾਨ

'ਐਕਸ਼ਨ ਸਟਾਰ' ਦਾ ਤਗਮਾ ਟਾਈਗਰ ਸ਼ਰਾਫ਼ ਦੇ ਗਲੇ ਦਾ ਸ਼ਿੰਗਾਰ ਬਣ ਚੁੱਕਾ ਹੈ ਤੇ ਅਗਾਂਹ ਉਸ ਦੀਆਂ ਆ ਰਹੀਆਂ ਫ਼ਿਲਮਾਂ ਦੀ ਝਲਕ ਦਰਸਾ ਰਹੀ ਹੈ ਕਿ ਕਾਮਯਾਬੀ ਤੇ ਕਾਮਯਾਬੀ ਇਸ ਜਵਾਨ ਐਕਸ਼ਨ ਹੀਰੋ ਦੀਆਂ ਕਿਸਮਤ ਰੇਖਾਵਾਂ 'ਚ ਚਮਕ ਰਹੀ ਹੈ। 'ਸਟੂਡੈਂਟ ਆਫ਼ ਦਾ ਯੀਅਰ-2' ਦੇ ਦ੍ਰਿਸ਼ ਲਈ ਉਸ ਨੇ ਦੌੜਨ 'ਤੇ ਖਾਸੀ ਮਿਹਨਤ ਕੀਤੀ। ਉਸ ਦੀ ਇਸ ਮਿਹਨਤ ਤੇ ਫ਼ਿਦਾ ਹੈ ਦਿਸ਼ਾ ਪਟਾਨੀ ਤੇ ਦਿਸ਼ਾ ਤੇ ਟਾਈਗਰ 'ਬਾਗੀ-2' ਹਿੱਟ ਫ਼ਿਲਮ ਦੇ ਸਿਤਾਰੇ ਹਨ। ਅਕਸ਼ੈ-ਅਜੈ ਦੇਵਗਨ 'ਤੇ ਭਾਰੂ ਪੈ ਰਿਹਾ ਹੈ ਕੱਲ੍ਹ ਦਾ ਇਹ ਨਵਾਂ ਜਿਹਾ ਗੱਭਰੂ ਮੁੰਡਾ। ਟਾਈਗਰ ਨੇ 'ਸਟੂਡੈਂਟ ਆਫ਼ ਦਾ ਯੀਅਰ-2' ਲਈ ਕਬੱਡੀ ਮਨੋਜ ਪਾਹਵਾ ਤੋਂ ਸਿੱਖਣੀ ਸ਼ੁਰੂ ਕੀਤੀ ਹੈ। ਮਾਸੂਰੀ ਵਿਖੇ ਕਬੱਡੀ ਦੇ ਦ੍ਰਿਸ਼ ਪਾਹਵਾ 'ਤੇ ਟਾਈਗਰ ਉੱਪਰ 'ਸਟੂਡੈਂਟ ਆਫ਼ ਦਾ ਯੀਅਰ-2' ਲਈ ਫ਼ਿਲਮਾਏ ਗਏ। ਟਾਈਗਰ ਆਪਣੀ ਦੀਦੀ ਕ੍ਰਿਸ਼ਨਾ ਤੇ ਦਿਸ਼ਾ ਪਟਾਨੀ ਨਾਲ ਘੁੰਮਣ ਨਿਕਲਿਆ ਪਰ ਮੀਡੀਆ ਨੂੰ ਦੇਖ ਕੇ ਉਹ ਪਰ੍ਹਾਂ ਖਿਸਕ ਕੇ ਇਕ ਤਰ੍ਹਾਂ ਲੁਕ ਗਿਆ। ਖ਼ੈਰ ਇਹ ਤਾਂ ਉਸ ਦਾ ਘਰੇਲੂ ਮਾਮਲਾ ਹੈ ਤੇ ਇਸ ਵਿਚ ਆਕੜ ਜਾਂ ਗੁੱਸੇ ਵਾਲੀ ਕੋਈ ਗੱਲ ਨਹੀਂ। ਗੋਆ ਦੀ ਸੈਰ ਤੋਂ ਲੈ ਕੇ ਮਸੂਰੀ ਤੇ ਹੁਣ ਕੁਝ ਦਿਨ ਮਾਲਦੀਵ ਵਿਖੇ ਉਸ ਨੇ ਦਿਸ਼ਾ ਨਾਲ ਗੁਜ਼ਾਰੇ ਹਨ। ਟਾਈਗਰ ਦੀ ਮਾਂ ਨੇ ਵੀ ਦਿਸ਼ਾ ਦੀ ਸਿਫ਼ਤ ਕੀਤੀ ਹੈ। ਟਾਈਗਰ ਦੀ ਦੀਦੀ ਕ੍ਰਿਸ਼ਨਾ ਵੀ ਦਿਸ਼ਾ ਨੂੰ ਪਸੰਦ ਕਰਦੀ ਹੈ। 'ਬਾਗੀ-2' ਦੀ ਕਾਮਯਾਬੀ ਤੋਂ ਬਾਅਦ ਹੀ ਉਤਸ਼ਾਹਿਤ ਜੈਕੀ ਦਾ ਇਹ ਕਾਮਯਾਬ ਹੀਰੋ ਪੁੱਤਰ ਹੁਣ 'ਰੈਂਬੋ' ਫ਼ਿਲਮ 'ਤੇ ਟੇਕ ਰੱਖ ਰਿਹਾ ਹੈ। ਸਿਧਾਰਥ ਆਨੰਦ ਦੀ 'ਰੈਂਬੋ' ਅੰਗਰੇਜ਼ੀ ਨਾਵਲ 'ਫਸਟ ਬਲੱਡ' 'ਤੇ ਆਧਾਰਤ ਹੈ। ਸਿਲਵਸਟਰ ਸਟਾਲਿਨ ਦੇ ਇਸ ਨਾਵਲ ਦੇ ਨਾਇਕ 'ਜੌਹਨ ਰੈਂਬੋ' ਦਾ ਕਿਰਦਾਰ ਟਾਈਗਰ ਸ਼ਰਾਫ਼ ਨਿਭਾਅ ਰਿਹਾ ਹੈ। 'ਐਕਸ਼ਨ ਹੀਰੋ, ਸੁਪਰ ਸਿਤਾਰਾ, ਜਵਾਨ ਪ੍ਰਸੰਸਕਾਂ ਦਾ ਚਹੇਤਾ ਤੇ ਦਿਸ਼ਾ ਪਟਾਨੀ ਦਾ ਖਾਸਮਖਾਸ ਟਾਈਗਰ ਜਿਥੇ ਫ਼ਿਲਮੀ ਕੈਰੀਅਰ ਸ਼ਾਨਦਾਰ ਬਣਾ ਰਿਹਾ ਹੈ, ਉਥੇ ਮਾਂ ਆਇਸ਼ਾ ਤੇ ਦੀਦੀ ਕ੍ਰਿਸ਼ਨਾ ਦੇ ਪਿਆਰ ਸਦਕਾ ਦਿਸ਼ਾ ਪਟਾਨੀ ਨਾਲ ਪਰਿਵਾਰਕ ਸਾਂਝ ਵੀ ਵਧੀਆ ਪੁਆ ਰਿਹਾ ਹੈ। ਬਚਪਨ ਦਾ ਇਹ ਸ਼ੈਤਾਨ, ਸ਼ਰਾਰਤੀ ਟਾਈਗਰ ਸ਼ਰਾਫ਼ ਜ਼ਿਆਦਾ ਰੁਝੇਵੇਂ ਕਾਰਨ ਆਰਥਿਕ ਤਣਾਅ ਵੀ ਝੱਲਣ ਦੀ ਗੱਲ ਨਾਲ ਸਹਿਮਤ ਹੈ। ਜਿਥੇ ਹੈ ਸਫਾਈ ਉਥੇ ਹੀ ਖੁਦਾਈ ਵਾਲੀ ਗੱਲ ਨਾਲ ਉਹ ਸੌ ਫੀਸਦੀ ਸਹਿਮਤ ਹੈ। 'ਪਦਮਾਵਤ', 'ਰੇਡ', 'ਪੈਡਮੈਨ' ਤੋਂ ਜ਼ਿਆਦਾ ਉਸ ਦੀ ਫ਼ਿਲਮ 'ਬਾਗੀ-2' ਚੱਲੀ ਹੈ। ਫਿਰ ਉਹ ਦਿਸ਼ਾ ਪਟਾਨੀ ਦੀ ਜੇ ਜਾਸੂਸੀ ਕਰ ਵੀ ਲਵੇ ਤਾਂ ਕੀ ਇਤਰਾਜ਼? ਆਖਰ ਦਿਸ਼ਾ ਉਸ ਦੀ ਤਾਂ ਹੈ ਖਾਸ।

ਏਲੀ ਅਵਰਾਮ

ਟੁੱਟੇ ਦਿਲ ਦੀ ਦਾਸਤਾਨ

ਕ੍ਰਿਕਟਰ ਹਾਰਦਿਕ ਪੰਡਯਾ ਤੇ ਏਲੀ ਅਵਰਾਮ, ਬਿਲਕੁਲ ਦੋਵਾਂ 'ਚ 'ਕੁਝ-ਕੁਝ ਹੁੰਦਾ ਹੈ', ਵਾਲੀ ਗੱਲ ਜ਼ਰੂਰ ਹੈ। ਹਾਰਦਿਕ ਦੇ ਭਰਾ ਕੁਨਾਲ ਪੰਡਯਾ ਦੇ ਵਿਆਹ 'ਤੇ ਆਖਰ ਏਲੀ ਦਾ ਕੀ ਕੰਮ ਸੀ? ਬਿੱਗ ਬੌਸ ਵਾਲੀ ਏਲੀ ਨੇ ਪ੍ਰਿਅੰਕਾ ਚੋਪੜਾ ਦੀ ਕਾਟ ਕੱਟਣ ਲਈ ਇਸ ਵਿਆਹ 'ਤੇ ਹਾਜ਼ਰੀ ਲੁਆਈ ਸੀ ਕਿਉਂਕਿ ਪ੍ਰਿਅੰਕਾ ਦੀ ਦਿਲਚਸਪੀ ਹਾਰਦਿਕ 'ਚ ਸੀ। ਸਲਮਾਨ ਖ਼ਾਨ ਦੀ ਸਲਾਹ ਨਾਲ ਹਰ ਕਦਮ ਇੰਡਸਟਰੀ 'ਚ ਪੁੱਟਣ ਦੀ ਗੱਲ ਕਹਿਣ ਵਾਲੀ ਏਲੀ ਅਵਰਾਮ ਧੜਾਧੜ ਨਵੀਆਂ ਫੋਟੋਆਂ ਖਿੱਚਵਾ ਰਹੀ ਹੈ। ਬਰਾਈਡਲ ਲੁੱਕ ਦੇ ਫੋਟੋ ਸੈਸ਼ਨ 'ਚ ਦਿਲਚਸਪੀ, ਸਾਰੇ ਆਈ.ਪੀ.ਐਲ. ਦੌਰਾਨ ਹਾਰਦਿਕ ਪੰਡਯਾ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਏਲੀ ਨੇ ਆਪਣੀ 'ਪੱਕੀ ਦੋਸਤੀ' ਦੀ ਰਸੀਦ ਕਟਵਾ ਲਈ ਹੈ। ਕਪਿਲ ਸ਼ਰਮਾ ਨਾਲ ਉਸ ਦੀਆਂ ਮੁਲਾਕਾਤਾਂ ਕੈਰੀਅਰ 'ਚ ਕੁਝ ਨਵਾਂ ਵਾਪਰਨ ਵੱਲ ਇਸ਼ਾਰਾ ਹੈ। ਏਲੀ ਖੂਬ ਸਰਗਰਮ ਹੈ ਤੇ ਸੱਲੂ ਦੀ ਉਹ ਮਨਪਸੰਦ ਅਭਿਨੇਤਰੀ ਹੈ। 'ਮਿੱਕੀ ਵਾਇਰਸ' ਵਾਲੀ ਏਲੀ ਸਵੀਡਨ ਦੀ ਹੈ ਤੇ ਉਥੇ ਆਈਸ ਸਕੇਟਿੰਗ ਕਰਨ ਦਾ ਵੀਡੀਓ ਉਸ ਨੇ ਪਾਇਆ ਹੈ। ਵਰੁਣ ਧਵਨ ਦੀ ਫ਼ਿਲਮ 'ਅਕਤੂਬਰ' ਦੇ ਗਾਣੇ 'ਤੇ ਥਿਰਕਦੀ ਉਹ ਸਕੇਟਿੰਗ ਕਰ ਰਹੀ ਸੀ। ਦੱਖਣ ਦੀਆਂ ਫ਼ਿਲਮਾਂ ਦੀ ਉਹ ਆਈਟਮ ਗਰਲ ਬਣ ਚੁੱਕੀ ਹੈ ਤੇ ਕਪਿਲ ਸ਼ਰਮਾ ਨਾਲ ਨਵੀਂ ਫ਼ਿਲਮ ਕਰਨ ਦੀ ਉਸ ਨੂੰ ਪੂਰੀ ਆਸ ਹੈ। ਜੂਨ ਮਹੀਨਾ ਬੀਤਣ ਵਾਲਾ ਹੈ ਤੇ ਇਹ ਜੂਨ ਏਲੀ ਲਈ ਅਸ਼ੁੱਭ ਰਿਹਾ ਹੈ। ਬਿਲਕੁਲ ਹਾਰਦਿਕ ਪੰਡਯਾ ਨਾਲ ਦੋ ਦਿਨ ਪਹਿਲਾਂ ਹੀ ਉਸ ਦੀ ਦੋਸਤੀ ਟੁੱਟਣ ਦੀ ਖ਼ਬਰ ਆਈ ਹੈ। ਟੁੱਟੇ ਦਿਲ ਨਾਲ ਏਲੀ ਅਵਰਾਮ ਸਿੱਧੀ ਇੰਡੀਆ ਤੋਂ ਸ੍ਰੀਲੰਕਾ ਪਹੁੰਚ ਗਈ ਹੈ। ਬਹਾਨਾ ਗਰਮੀਆਂ ਦਾ ਹੈ ਪਰ ਉਹ ਕਿਹੜਾ ਕਸੌਲੀ, ਮਾਸੂਰੀ, ਡਲਹੌਜ਼ੀ ਜਾਂ ਸ਼ਿਮਲਾ ਹੈ। ਹਵਾਈ ਅੱਡੇ 'ਤੇ ਏਲੀ ਦੀਆਂ ਅੱਖੀਆਂ 'ਚ ਗ਼ਮੀ ਦੇ ਅੱਥਰੂ ਸਾਫ਼ ਦਿਖਾਈ ਦਿੱਤੇ ਸਨ, ਜਦੋਂ ਉਹ ਸ੍ਰੀਲੰਕਾ ਦੀ ਫਲਾਈਟ ਫੜ ਰਹੀ ਸੀ। ਸ਼ੁਕਰ ਹੈ ਕਿ ਇਕ ਵਿਗਿਆਪਨ ਉਸ ਨੂੰ ਸ੍ਰੀਲੰਕਾ 'ਚ ਮਿਲ ਗਿਆ ਹੈ। 'ਹਾਊਸਫੁਲ-3', 'ਕਿਸ ਕਿਸ ਕੋ ਪਿਆਰ ਕਰੂੰ', 'ਨਾਮ ਸ਼ਬਾਨਾ' ਵਾਲੀ ਖੂਬਸੂਰਤ ਸਵੀਡਨ ਕੁੜੀ ਏਲੀ ਅਵਰਾਮ ਦਿਲ ਨੂੰ ਦਿਲਾਸਾ ਦੇ ਕੇ ਫਿਰ ਮਜ਼ਬੂਤ ਹੋ ਕੇ ਸ੍ਰੀਲੰਕਾ ਤੋਂ ਵਾਪਸ ਪਰਤੇਗੀ ਤੇ ਦੱਖਣ ਵੱਲ ਰੁਖ਼ ਕਰੇਗੀ। ਹਾਰਦਿਕ ਪੰਡਯਾ ਨਾਲ ਟੁੱਟੀ ਦੋਸਤੀ ਦਾ ਵਾਸਤਾ ਪਾਉਣ ਤੋਂ ਬਚਣ ਲਈ ਸ੍ਰੀਲੰਕਾ ਜਾਣ ਦਾ ਫੈਸਲਾ ਏਲੀ ਅਵਰਾਮ ਲਈ ਠੀਕ ਹੈ ਕਿਉਂਕਿ ਸਾਹਮਣੇ ਰਹਿ ਕੇ ਦਿਲ ਜ਼ਿਆਦਾ ਦੁੱਖਦਾ ਹੈ।

ਰਿਸ਼ਤਿਆਂ ਦੀ ਕਹਾਣੀ ਹੈ ਆਸੀਸ

ਬਹੁਤ ਘੱਟ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਸਮਾਜਿਕ ਮੁੱਦਿਆਂ ਦੀ ਪੇਸ਼ਕਾਰੀ ਕਰਦੀਆਂ ਸਾਰਥਕ ਸੁਨੇਹਾ ਦਿੰਦੀਆਂ ਹਨ। 'ਅਰਦਾਸ, 'ਰੱਬ ਦਾ ਰੇਡੀਓ', 'ਦਾਣਾ ਪਾਣੀ' ਵਰਗੀਆਂ ਅਰਥ ਭਰਪੂਰ ਫ਼ਿਲਮਾਂ ਨੇ ਪੰਜਾਬੀ ਸਿਨਮੇ ਦਾ ਮੁਹਾਂਦਰਾ ਬਦਲਿਆ ਹੈ। ਅਜਿਹੀਆਂ ਫ਼ਿਲਮਾਂ ਵਿਚ ਇਕ ਹੋਰ ਫ਼ਿਲਮ 'ਆਸੀਸ' ਸ਼ਾਮਿਲ ਹੋਣ ਜਾ ਰਹੀ ਹੈ। ਬਤੌਰ ਨਿਰਦੇਸ਼ਕ ਰਾਣਾ ਰਣਬੀਰ ਦੀ ਇਹ ਪਹਿਲੀ ਫ਼ਿਲਮ 'ਆਸੀਸ' ਵੀ ਮਨੁੱਖੀ ਭਾਵਨਾਵਾਂ ਨਾਲ ਜੁੜੀ ਮਨੋਰੰਜਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਫ਼ਿਲਮ ਹੈ। ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ, ਬਸੰਤ ਇੰਟਰਟੇਨਮੈਂਟ ਅਤੇ ਜ਼ਿੰਦਗੀ ਜ਼ਿੰਦਾਬਾਦ ਲਿਮਟਿਡ ਦੇ ਬੈਨਰ ਹੇਠ ਬਣੀ ਇਹ ਫ਼ਿਲਮ 22 ਜੂਨ ਨੂੰ ਰਿਲੀਜ਼ ਹੋ ਰਹੀ ਹੈ। 'ਆਸੀਸ' ਬਾਰੇ ਰਾਣਾ ਰਣਬੀਰ ਨੇ ਦੱਸਿਆ ਕਿ ਇਹ ਫ਼ਿਲਮ ਮਾਂ-ਪੁੱਤ ਦੀ ਕਹਾਣੀ 'ਤੇ ਅਧਾਰਤ ਹੈ ਜੋ ਕਿ ਇਕ ਸਮਾਜਿਕ ਤੇ ਪਰਿਵਾਰਕ ਡਰਾਮਾ ਹੈ। ਫ਼ਿਲਮ ਵੇਖਦਿਆਂ ਹਰੇਕ ਦਰਸ਼ਕ ਆਪਣੇ ਨਾਲ, ਆਪਣੇ ਆਲੇ-ਦੁਆਲੇ ਨਾਲ ਜੁੜਿਆ ਮਹਿਸੂਸ ਕਰੇਗਾ। ਸਮਾਜਿਕ ਮੁੱਦਿਆਂ 'ਤੇ ਅਧਾਰਤ ਬਣਨ ਵਾਲੀ ਇਹ ਫ਼ਿਲਮ ਰਿਸ਼ਤੇ-ਨਾਤਿਆਂ ਦੀ ਅਹਿਮੀਅਤ ਨੂੰ ਸਮਝਾਉਂਦੀ ਹੋਈ ਤਿੜਕੇ ਰਿਸ਼ਤਿਆਂ ਨੂੰ ਬਚਾਉਣ ਦਾ ਯਤਨ ਕਰੇਗੀ। ਇਸ ਵਿਚ ਮਨੁੱਖੀ ਜ਼ਿੰਦਗੀ ਦੇ ਕਈ ਰੰਗ ਵੇਖਣ ਨੂੰ ਮਿਲਣਗੇ। ਉਸਦਾ ਆਪਣਾ ਕਿਰਦਾਰ ਇਕ ਅਜਿਹੇ ਸਿੱਧੇ ਸਾਦੇ, ਰੱਬ ਦੇ ਬੰਦੇ ਦਾ ਹੈ ਜਿਸ ਲਈ ਮਾਂ ਹੀ ਸਭ ਕੁਝ ਹੈ।
ਇਸ ਫ਼ਿਲਮ ਦੇ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਸੰਧੂ , ਬਲਦੇਵ ਸਿੰਘ ਬਾਠ ਤੇ ਰਾਣਾ ਰਣਬੀਰ ਹਨ। ਨਿਰਮਾਤਾ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਨਿਰਮਾਤਾ ਬਣ ਕੇ ਫ਼ਿਲਮ ਉਦਯੋਗ ਵਿਚ ਸਾਡੀ ਸੋਚ ਜੇਬਾਂ ਭਰਨ ਤੱਕ ਸੀਮਤ ਨਹੀਂ ਬਲਕਿ ਦਰਸ਼ਕਾਂ ਨੂੰ ਚੰਗੀ ਸੇਧ, ਨੇਕ ਤੇ ਉਸਾਰੂ ਸੋਚ ਵਾਲੀ ਮਨੋਰੰਜਕ ਫ਼ਿਲਮ ਬਣਾਉਣਾ ਹੀ ਸਾਡਾ ਮੰਤਵ ਹੈ। ਇਹ ਪਰਿਵਾਰਾਂ ਸਮੇਤ ਵੇਖਣ ਵਾਲੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਤੇ ਸੰਵਾਦ ਰਾਣਾ ਰਣਬੀਰ ਨੇ ਲਿਖੇ ਹਨ। ਰਾਣਾ ਰਣਬੀਰ, ਨੇਹਾ ਪਵਾਰ, ਰੁਪਿੰਦਰ ਰੂਪੀ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਕੁਲਜਿੰਦਰ ਸਿੱਧੂ, ਸੀਮਾ ਕੌਸ਼ਲ, ਸ਼ਮਿੰਦਰ ਵਿੱਕੀ,ਵਿਜੈ ਟੰਡਨ, ਸੈਵਿਨ ਰੇਖੀ, ਪਰਦੀਪ ਸਰਾਂ, ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਲਈ ਸੰਗੀਤ ਤੇਜਵੰਤ ਕਿੱਟੂ ਤੇ ਰੂਪਨ ਕਾਹਲੋਂ ਨੇ ਦਿੱਤਾ ਹੈ। ਗਿੱਲ ਰੌਂਤਾ, ਅਮਰ ਕਵੀ, ਤੇ ਰਾਣਾ ਰਣਬੀਰ ਦੇ ਲਿਖੇ ਗੀਤਾਂ ਨੂੰ ਕੰਵਰ ਗਰੇਵਾਲ, ਲਖਵਿੰਦਰ ਵਡਾਲੀ, ਫ਼ਿਰੋਜ਼ ਖ਼ਾਨ, ਪਰਦੀਪ ਸਰਾਂ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦੀ ਜੋੜੀ ਨੇ ਗਾਇਆ ਹੈ।
**

ਧੜਕਣਾਂ ਵਧਾਉਂਦੀ ਧੜਕ

ਸਾਲ 2016 ਵਿਚ ਆਈ ਮਰਾਠੀ ਫ਼ਿਲਮ 'ਸੈਰਾਟ' ਨੇ ਟਿਕਟ ਖਿੜਕੀ 'ਤੇ ਕਮਾਈ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ ਸਨ। ਮਰਾਠੀ ਭਾਸ਼ਾ ਵਿਚ ਸੈਰਾਟ ਦਾ ਅਰਥ ਪਿਆਰ ਵਿਚ ਬੇਹੱਦ ਪਾਗਲ ਹੁੰਦਾ ਹੈ ਅਤੇ ਫ਼ਿਲਮ ਵਿਚ ਪਿਆਰ ਵਿਚ ਪਾਗਲ ਕੁੜੀ ਦੀ ਭੂਮਿਕਾ ਰਿੰਕੂ ਰਾਜਗੁਰੂ ਵਲੋਂ ਨਿਭਾਈ ਗਈ ਸੀ ਅਤੇ ਇਥੇ ਉਸ ਦੇ ਪ੍ਰੇਮੀ ਦੀ ਭੂਮਿਕਾ ਵਿਚ ਆਕਾਸ਼ ਠੋਸਰ ਸੀ। ਹੁਣ ਕਰਨ ਜੌਹਰ ਨੇ ਇਕ ਚੈਨਲ ਨਾਲ ਮਿਲ ਕੇ 'ਸੈਰਾਟ' ਦਾ ਹਿੰਦੀ ਭਾਗ ਬਣਾਇਆ ਹੈ ਅਤੇ ਇਸ ਦਾ ਟਾਈਟਲ ਹੈ 'ਧੜਕ'। ਆਪਣੇ ਐਲਾਨ ਦੇ ਨਾਲ ਹੀ ਇਹ ਫ਼ਿਲਮ ਚਰਚਾ ਵਿਚ ਆ ਗਈ ਸੀ ਅਤੇ ਇਸ ਦੀ ਅਹਿਮ ਵਜ੍ਹਾ ਇਹ ਸੀ ਕਿ ਸ੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਇਸ ਰਾਹੀਂ ਬਾਲੀਵੁੱਡ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਥੇ ਜਾਹਨਵੀ ਦੇ ਨਾਇਕ ਹਨ ਇਸ਼ਾਨ ਖੱਟਰ। ਅਭਿਨੇਤਾ ਪਿਤਾ ਰਾਜੇਸ਼ ਖੱਟੜ ਤੇ ਅਭਿਨੇਤਰੀ ਮਾਤਾ ਨੀਲਿਮਾ ਅਜ਼ੀਮ ਦੇ ਬੇਟੇ ਇਸ਼ਾਨ ਹਾਲ ਵਿਚ ਪ੍ਰਦਰਸ਼ਿਤ ਹੋਈ ਮਾਜਿਦ ਮਜੀਦੀ ਦੀ ਫ਼ਿਲਮ 'ਬਿਓਂਡ ਦ ਕਲਾਊਡਸ' ਵਿਚ ਵੀ ਸਨ। 'ਸੈਰਾਟ' ਦੀ ਤਰ੍ਹਾਂ 'ਧੜਕ' ਵਿਚ ਵੀ ਇਕ ਅਮੀਰ ਤੇ ਰਸੂਖਦਾਰ ਪਿਤਾ ਦੀ ਬੇਟੀ ਤੇ ਇਕ ਗ਼ਰੀਬ ਮੁੰਡੇ ਵਿਚਾਲੇ ਪਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਹਾਂ, ਹਿੰਦੀ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਇਥੇ ਕਹਾਣੀ ਦੀ ਪਿੱਠਭੂਮੀ ਰਾਜਸਥਾਨ ਦੀ ਰੱਖੀ ਗਈ ਹੈ ਅਤੇ ਜ਼ਿਆਦਾਤਰ ਸ਼ੂਟਿੰਗ ਉਦੈਪੁਰ ਵਿਚ ਕੀਤੀ ਗਈ ਹੈ। ਇਹ ਫ਼ਿਲਮ ਸ਼ਸ਼ਾਂਕ ਖੇਤਾਨ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਉਹ ਖ਼ੁਦ ਰਾਜਸਥਾਨ ਤੋਂ ਹੈ ਅਤੇ ਰਾਜਸਥਾਨੀ ਸੱਭਿਆਚਾਰ ਤੋਂ ਜਾਣੂ ਹੈ। ਇਸ ਵਜ੍ਹਾ ਨਾਲ ਕਹਾਣੀ ਵਿਚ ਰਾਜਸਥਾਨੀ ਰੰਗ ਭਰਿਆ ਗਿਆ ਹੈ। ਆਪਣੀ ਇਸ ਫ਼ਿਲਮ ਬਾਰੇ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਇਹ 'ਸੈਰਾਟ' ਦੀ ਪੂਰਨ ਰੂਪ ਨਾਲ ਨਕਲ ਨਹੀਂ ਹੈ। ਉਹ ਕਹਿੰਦੇ ਹਨ, 'ਮੈਂ ਪਹਿਲਾਂ 'ਹੰਪਟੀ ਸ਼ਰਮਾ ਕੀ ਦੁਲਹਨੀਆ' ਨਿਰਦੇਸ਼ਿਤ ਕੀਤੀ ਸੀ। ਉਹ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਤੋਂ ਪ੍ਰੇਰਿਤ ਸੀ ਪਰ ਉਸ ਦੀ ਨਕਲ ਨਹੀਂ ਸੀ। ਉਸੇ ਤਰਜ਼ 'ਤੇ ਇਥੇ ਵੀ 'ਸੈਰਾਟ' ਤੋਂ ਪ੍ਰੇਰਣਾ ਲਈ ਗਈ ਹੈ। ਇਹ ਉਸ ਦੀ ਨਕਲ ਨਹੀਂ ਹੈ।
ਇਸ ਫ਼ਿਲਮ ਵਿਚ ਜਾਹਨਵੀ ਵਲੋਂ ਪਾਰਥਵੀ ਕਿਰਦਾਰ ਨਿਭਾਇਆ ਗਿਆ ਹੈ ਜਦੋਂ ਕਿ ਇਸ਼ਾਨ ਦੇ ਕਿਰਦਾਰ ਦਾ ਨਾਂਅ ਮਧੁਕਰ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਨੂੰ 'ਸੈਰਾਟ' ਦੇਖਣ ਨੂੰ ਕਿਹਾ ਗਿਆ ਸੀ ਤਾਂ ਕਿ ਕਿਰਦਾਰ ਬਾਰੇ ਵਿਸਤਾਰ ਨਾਲ ਪਤਾ ਲਗ ਸਕੇ। ਜਾਹਨਵੀ ਅਨੁਸਾਰ ਜਦੋਂ 'ਸੈਰਾਟ' ਰਿਲੀਜ਼ ਹੋਈ ਸੀ ਉਦੋਂ ਉਸ ਨੇ ਆਪਣੀ ਮਾਂ ਨਾਲ ਇਹ ਫ਼ਿਲਮ ਦੇਖੀ ਸੀ ਅਤੇ ਇੱਛਾ ਪ੍ਰਗਟ ਕੀਤੀ ਸੀ ਕਿ ਇਸੇ ਤਰ੍ਹਾਂ ਦੀ ਕਿਸੇ ਫ਼ਿਲਮ ਵਿਚ ਉਸ ਨੂੰ ਮੌਕਾ ਮਿਲ ਜਾਵੇ ਤਾਂ ਮਜ਼ਾ ਆ ਜਾਵੇ। ਉੱਪਰ ਵਾਲੇ ਨੇ ਉਸ ਦੀ ਸੁਣ ਲਈ ਅਤੇ ਉਸ ਨੂੰ ਇਸੇ ਫ਼ਿਲਮ ਦੇ ਹਿੰਦੀ ਵਰਸ਼ਨ ਲਈ ਕਾਸਟ ਕਰ ਲਿਆ ਗਿਆ।
ਤਾਰੀਫ਼ਾਂ ਸੁਣ ਕੇ ਕਰਨ ਜੌਹਰ ਜਾਹਨਵੀ ਨੂੰ ਮਿਲਣ ਲਈ ਉਤਸੁਕ ਹੋਏ ਅਤੇ ਜਦੋਂ ਉਨ੍ਹਾਂ ਜਾਹਨਵੀ ਦੀਆਂ ਅੱਖਾਂ ਵਿਚ ਅਭਿਨੈ ਪ੍ਰਤੀ ਬੇਕਰਾਰੀ ਦੇਖੀ ਤਾਂ ਉਹ ਉਸ ਨੂੰ ਫ਼ਿਲਮ ਵਿਚ ਲੈਣ ਲਈ ਤਿਆਰ ਹੋ ਗਏ। ਜਿਥੋਂ ਤੱਕ ਇਸ਼ਾਨ ਦਾ ਸਵਾਲ ਹੈ ਤਾਂ ਉਨ੍ਹਾਂ ਨੇ ਉਸ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਵਿਚ ਦੇਖੀਆਂ ਸਨ। ਇਸ਼ਾਨ-ਜਾਹਨਵੀ ਦੀ ਇਸ ਫ਼ਿਲਮ ਵਿਚ ਆਸ਼ੂਤੋਸ਼ ਰਾਣਾ ਵੀ ਹੈ ਅਤੇ ਇਥੇ ਉਹ ਜਾਹਨਵੀ ਦੇ ਪਿਤਾ ਦੀ ਭੂਮਿਕਾ ਵਿਚ ਹੈ।

ਸੋਨਮ ਕਪੂਰ

ਆਪਣੇ ਮੂੰਹ, ਮੀਆਂ ਮਿੱਠੂ

ਬਾਲੀਵੁੱਡ ਦੀ ਸਟਾਈਲਿਸ਼ ਲੜਕੀ, ਸਭ ਤੋਂ ਵੱਧ ਪ੍ਰਤਿਭਾ ਭਰਪੂਰ ਅਭਿਨੇਤਰੀ, ਰਾਸ਼ਟਰੀ ਸਨਮਾਨ ਪ੍ਰਾਪਤ ਚੋਟੀ ਦੀ ਹੀਰੋਇਨ ਤੇ ਗੱਲ ਕੀ ਹੋਰ ਵੀ ਕਈ ਵਿਸ਼ੇਸ਼ਣ ਉਸ ਨਾਲ ਲੱਗ ਜਾਣ ਤਾਂ ਗ਼ਲਤ ਗੱਲ ਨਹੀਂ ਹੋਏਗੀ। ਸੁਪਰ ਸਟਾਰ ਸੋਨਮ ਕਪੂਰ ਆਹੂਜਾ ਸਬੰਧੀ ਹੀ ਇਹ ਗੱਲਾਂ ਹੋ ਰਹੀਆਂ ਹਨ। 33 ਸਾਲ ਉਮਰ ਉਸ ਦੀ ਹੋ ਗਈ ਹੈ। ਪ੍ਰਤਿਭਾ ਸਹਾਰੇ ਉਸ ਦੀ ਇੱਜ਼ਤ 'ਚ ਵਾਧਾ ਇਸ ਇੰਡਸਟਰੀ 'ਚ ਹੋਇਆ ਹੈ। ਹਾਂ, ਉਸ ਦੇ ਸਿੱਧੇ ਬਿਆਨ ਜ਼ਰੂਰ ਕਈਆਂ ਦੇ ਦਿਲ 'ਚ ਤੀਰ ਦੀ ਤਰ੍ਹਾਂ ਲਗਦੇ ਹਨ। ਕਈ ਵਾਰ ਸੋਨਮ ਦੀ ਤੋਏ-ਤੋਏ ਉਸ ਦੇ ਅਜਿਹੇ ਸਿੱਧੇ ਬਿਆਨਾਂ ਕਾਰਨ ਹੁੰਦੀ ਹੈ ਪਰ ਨਵਵਿਆਹੀ ਸੋਨਮ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ। ਜਿੱਤਣਾ ਹੋਵੇ ਫ਼ਿਲਮੀ ਸਨਮਾਨ ਜਾਂ ਹੋਇਆ ਹੋਵੇ ਵਿਆਹ, ਸੁਪਰ ਕਾਮਯਾਬ ਰਹੀ ਹੈ ਸੋਨਮ। ਸਹੁਰੇ ਘਰ ਚਲੀ ਗਈ ਹੈ ਪਰ ਕੈਰੀਅਰ 'ਤੇ ਕੋਈ ਚਿੰਤਾ ਦੀ ਲਕੀਰ ਨਹੀਂ ਆਈ। 9 ਸਾਲ ਇਥੇ ਰਹਿ ਕੇ ਅਹਿਮ ਪ੍ਰਾਪਤੀਆਂ ਕੀਤੀਆਂ, ਹਾਂ ਜੀਭ ਦੇ ਬੋਲ ਕਈਆਂ ਨੂੰ ਜ਼ਰੂਰ ਉਸ ਦੇ ਕੌੜੇ ਲੱਗੇ ਹਨ। ਸੋਨਮ ਨੇ ਆਪਣੀ ਜ਼ੁਬਾਨ ਸਦਕਾ ਕਈਆਂ ਨੂੰ ਨਾਰਾਜ਼ ਕੀਤਾ ਹੈ। ਚਾਹੇ ਮੀਡੀਆ ਨੂੰ ਪਿੱਠ ਦਿਖਾਉਣ ਵਾਲੀ ਘਟਨਾ ਹੋਵੇ ਤੇ ਚਾਹੇ ਸੈਂਸਰਸ਼ਿਪ 'ਚ ਵਿਸ਼ਵਾਸ ਨਹੀਂ। ਸੋਨਮ ਦੀਆਂ ਗੱਲਾਂ ਵੱਧ-ਚੜ੍ਹ ਕੇ ਹੋਈਆਂ ਹਨ। ਰਹੀ ਗੱਲ ਸਰੀਰ ਦਿਖਾਉਣ ਦੀ ਤਾਂ ਜ਼ਰਾ ਸ੍ਰੀਮਤੀ ਆਹੂਜਾ ਦਾ ਜਵਾਬ ਸੁਣੋ ਕਿ ਇਹ ਯੁਵਾ ਸ਼ਕਤੀ ਦਾ ਅਜੋਕੇ ਸਮੇਂ 'ਚ ਹੱਕ ਹੈ। ਆਉਣ ਵਾਲੀ ਪੀੜ੍ਹੀ ਦੀ ਅੰਟੀ ਉਸ ਨੇ ਐਸ਼ਵਰਿਆ ਰਾਏ ਬੱਚਨ ਨੂੰ ਕਿਹਾ ਤਾਂ ਰੌਲਾ ਪੈ ਗਿਆ। ਅਭੈ ਦਿਉਲ ਨਾਲ ਉਸ ਨੇ ਬੋਲਚਾਲ ਬੰਦ ਕਰ ਦਿੱਤੀ। ਜਰਨਲਿਸਟ ਸ਼ੋਭਾ ਡੇ ਨੂੰ ਤਾਂ ਸੋਨਮ ਨੇ 'ਪੋਰਨ ਰਾਈਟਰ' ਤੱਕ ਕਹਿ ਦਿੱਤਾ। ਕੈਟਰੀਨਾ ਨੂੰ 'ਬੇਸ਼ਰਮ' ਕਹਿਣ ਵਾਲੀ ਸੋਨਮ ਕਪੂਰ ਆਪਣੇ-ਆਪ ਨੂੰ ਸੋਹਣੀ ਕੁੜੀ ਮੰਨਦੀ ਹੈ ਤੇ ਬਾਕੀਆਂ ਨੂੰ ਉਹ ਬਦਸੂਰਤ ਕਹਿੰਦੀ ਹੈ। ਆਪਣੇ ਮੂੰਹੋਂ ਆਪਣੀ ਤਾਰੀਫ਼। ਰਣਬੀਰ ਕਪੂਰ ਨੂੰ ਉਹ ਮਾੜਕੂ ਕਹਿ ਚੁੱਕੀ ਹੈ। ਅਖੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜਿਊਣ। ਇਕ ਮੈਂ ਹਾਂ, ਮੈਂ ਉਸ 'ਚ ਖੁਸ਼ ਹਾਂ ਤੇ ਹਾਂ 'ਵੀਰੇ ਦੀ ਵੈਡਿੰਗ' ਖੂਬ ਚਲ ਰਹੀ ਹੈ। ਇਸ ਲਈ ਖੂਬ ਬੇਬਾਕ, ਸਿੱਧੀ ਮੂੰਹ 'ਤੇ ਕਹਿਣ ਵਾਲੀ ਸੋਨਮ ਕਪੂਰ ਜੋ ਵੀ ਕਹੇ, ਇੰਡਸਟਰੀ ਸਵੀਕਾਰ ਕਰ ਰਹੀ ਹੈ।

ਮੁੜ ਸਰਗਰਮ ਹੋਏ

ਕੇ. ਸੀ. ਬੋਕਾਡੀਆ

ਇਕ ਜ਼ਮਾਨਾ ਸੀ ਜਦੋਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਕਸਤੂਰ ਚੰਦ ਬੋਕਾਡੀਆ ਉਰਫ਼ ਕੇ. ਸੀ. ਬੋਕਾਡੀਆ ਦੇ ਨਾਂਅ ਦੀ ਧੂਮ ਹੁੰਦੀ ਸੀ। ਉਨ੍ਹਾਂ ਨੇ ਆਪਣੇ ਬੈਨਰ ਬੀ. ਐਮ. ਬੀ. ਪ੍ਰੋਡਕਸ਼ਨਸ ਦਾ ਨਾਂਅ ਆਪਣੇ ਪਿਤਾ ਭੂਰਮਲ ਬੋਕਾਡੀਆ ਦੇ ਨਾਂਅ 'ਤੇ ਰੱਖਿਆ ਸੀ ਅਤੇ ਇਸ ਬੈਨਰ ਰਾਹੀਂ ਧੜੱਲੇ ਨਾਲ ਫ਼ਿਲਮ ਨਿਰਮਾਣ ਕੀਤਾ ਸੀ। 'ਪਿਆਰ ਝੁਕਤਾ ਨਹੀਂ', 'ਤੇਰੀ ਮੇਹਰਬਾਨੀਆਂ', 'ਨਸੀਬ ਅਪਨਾ ਅਪਨਾ', 'ਲਾਲ ਬਾਦਸ਼ਾਹ', 'ਆਜ ਕਾ ਅਰਜੁਨ', 'ਤਿਆਗੀ', 'ਪੁਲਿਸ ਔਰ ਮੁਜਰਿਮ', 'ਫੂਲ ਬਨੇ ਅੰਗਾਰੇ' ਸਮੇਤ ਕਈ ਹੋਰ ਫ਼ਿਲਮਾਂ ਇਨ੍ਹਾਂ ਨੇ ਬਣਾਈਆਂ ਸਨ ਅਤੇ ਉਦੋਂ ਇਨ੍ਹਾਂ ਨੂੰ ਫ਼ਿਲਮ ਫੈਕਟਰੀ ਦਾ ਨਾਂਅ ਦਿੱਤਾ ਗਿਆ ਸੀ। ਸੰਜੀਵ ਕੁਮਾਰ ਦੀ ਫ਼ਿਲਮ ਸਾਲਾਂ ਤੋਂ ਡੱਬਾ ਬੰਦ ਪਈ 'ਲਵ ਐਂਡ ਗਾਡ' ਨੂੰ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵੱਡਾ ਪਰਦਾ ਨਸੀਬ ਹੋਇਆ ਸੀ।
ਉਦੋਂ ਜਨਾਬ ਬੋਕਾਡੀਆ ਨੇ ਫ਼ਿਲਮ ਫੈਕਟਰੀ ਨਾਂਅ ਨੂੰ ਕੁਝ ਜ਼ਿਆਦਾ ਹੀ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਇਕੱਠੀਆਂ ਤਿੰਨ-ਚਾਰ ਫ਼ਿਲਮਾਂ ਬਣਾਉਣ ਲੱਗੇ ਸਨ। ਕਵਾਂਟਿਟੀ ਦਾ ਕਵਾਲਿਟੀ 'ਤੇ ਅਸਰ ਪੈਣਾ ਸੁਭਾਵਿਕ ਹੀ ਸੀ। ਨਤੀਜਾ ਇਨ੍ਹਾਂ ਦੀਆਂ ਫ਼ਿਲਮਾਂ ਟਿਕਟ ਖਿੜਕੀ 'ਤੇ ਮੁੱਧੇ ਮੂੰਹ ਡਿੱਗਣ ਲੱਗੀਆਂ। ਉਨ੍ਹਾਂ ਨੇ ਕਾਫੀ ਸਮੇਂ ਤੱਕ ਫ਼ਿਲਮ ਨਿਰਮਾਣ ਤੋਂ ਦੂਰੀ ਬਣਾਈ ਰੱਖੀ ਪਰ ਹੁਣ ਉਹ ਫ਼ਿਲਮ ਨਿਰਮਾਣ ਵਿਚ ਦੁਬਾਰਾ ਸਰਗਰਮ ਹੋ ਗਏ ਹਨ।
ਹੁਣ ਇਨ੍ਹਾਂ ਨੇ ਸਚਿਨ ਤੇ ਸ਼ਿਲਪਾ ਤੁਲਸਕਰ ਨੂੰ ਲੈ ਕੇ ਮਰਾਠੀ ਫ਼ਿਲਮ 'ਸੋਹਲਾ' ਬਣਾਈ ਹੈ। ਕਿਉਂਕਿ ਇਨ੍ਹਾਂ ਦੀ ਮਰਾਠੀ ਭਾਸ਼ਾ 'ਤੇ ਚੰਗੀ ਪਕੜ ਨਹੀਂ ਹੈ, ਇਸ ਲਈ ਇਸ ਨੂੰ ਮਰਾਠੀ ਫ਼ਿਲਮ ਇੰਡਸਟਰੀ ਦੇ ਨਾਮੀ ਨਿਰਦੇਸ਼ਕ ਗਜੇਂਦਰ ਆਹਿਰੇ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਜਦੋਂ ਕਿਸੇ ਦਾ ਦਿਲ ਦੁਖਾਉਣ 'ਤੇ ਉਸ ਤੋਂ ਮਾਫੀ ਮੰਗਣ ਵਿਚ ਦੇਰੀ ਕਰ ਦਿੱਤੀ ਜਾਂਦੀ ਹੈ ਤਾਂ ਕਿੰਨਾ ਕੁਝ ਸਹਿਣਾ ਪੈ ਜਾਂਦਾ ਹੈ। 'ਸੋਹਲਾ' ਨੂੰ ਉਹ ਬਾਅਦ ਵਿਚ ਤਾਮਿਲ ਵਿਚ ਵੀ ਬਣਾਉਣਗੇ।
ਉਹ ਤੇਲਗੂ ਭਾਸ਼ਾ ਵਿਚ 'ਰੌਕੀ' ਤੇ ਹਿੰਦੀ ਵਿਚ 'ਤੇਰੀ ਮਹਿਰਬਾਨੀਆਂ-2' ਵੀ ਬਣਾ ਰਹੇ ਹਨ। ਨਾਲ ਹੀ ਇਕ ਹੋਰ ਫ਼ਿਲਮ ਵੀ ਉਹ ਤੇਲਗੂ ਵਿਚ ਬਣਾ ਰਹੇ ਹਨ। ਬੋਕਾਡੀਆ ਜੀ ਖ਼ੁਦ ਰਾਜਸਥਾਨ ਦੇ ਮੇੜਤਾ ਤੋਂ ਹੈ ਪਰ ਉਹ ਕਈ ਸਾਲਾਂ ਤੋਂ ਚੇਨਈ ਵਿਚ ਵਸੇ ਹੋਏ ਹਨ। ਉਹ ਚੰਗੀ ਤਾਮਿਲ ਬੋਲ ਲੈਂਦੇ ਹਨ। ਇਸ ਲਈ ਤਾਮਿਲ ਵਿਚ ਫ਼ਿਲਮਾਂ ਬਣਾ ਰਹੇ ਹਨ।


-ਪੰਨੂੰ

ਬੁਢਾਪੇ ਦਾ ਦਰਦ ਦਸ ਨਹੀਂ ਚਾਲੀਸ

ਬੁਢਾਪੇ ਦੇ ਵਿਸ਼ੇ 'ਤੇ ਬਾਲੀਵੁੱਡ ਵਿਚ ਸਮੇਂ-ਸਮੇਂ 'ਤੇ ਫ਼ਿਲਮਾਂ ਬਣਦੀਆਂ ਆਈਆਂ ਹਨ। ਕਦੀ 'ਅਵਤਾਰ' ਤੇ ਕਦੀ 'ਸ਼ਰਾਰਤ' ਜਾਂ 'ਕਲੱਬ 60' ਦੇ ਰਾਹੀਂ ਜ਼ਿੰਦਗੀ ਦੇ ਆਖਰੀ ਸਾਲਾਂ ਨੂੰ ਕਹਾਣੀ ਵਿਚ ਪਿਰੋ ਕੇ ਪੇਸ਼ ਕੀਤਾ ਗਿਆ ਹੈ। ਹੁਣ ਨਿਰਮਾਤਾ-ਨਿਰੇਦਸ਼ਕ ਡਾ. ਜੇ. ਐਸ. ਰੰਧਾਵਾ ਨੇ 'ਦਸ ਨਹੀਂ ਚਾਲੀਸ' ਰਾਹੀਂ ਬੁਢਾਪੇ ਦੀ ਵੇਦਨਾ ਨੂੰ ਪੇਸ਼ ਕੀਤਾ ਹੈ। ਫਿਮਲਾਂ ਨੂੰ ਮਨੋਰੰਜਨ ਦਾ ਮਾਧਿਅਮ ਕਿਹਾ ਜਾਂਦਾ ਹੈ। ਸੋ ਇਥੇ ਕਹਾਣੀ ਵਿਚ ਕਾਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ ਤਾਂ ਕਿ ਫ਼ਿਲਮ ਬੋਝਲ ਨਾ ਬਣ ਸਕੇ।
ਪਹਿਲਾਂ ਸੰਜੇ ਮਿਸ਼ਰਾ, ਸ਼ਿਆਮ ਮਸ਼ਾਲਕਰ, ਸੋਨਮ ਮੁਦਗਿਲ ਆਦਿ ਨੂੰ ਲੈ ਕੇ 'ਮੁਸਕਰਾਹਟੇਂ' ਬਣਾਉਣ ਵਾਲੇ ਜਨਾਬ ਰੰਧਾਵਾ ਨੇ ਹੀ ਆਪਣੀ ਇਸ ਨਵੀਂ ਪੇਸ਼ਕਾਰੀ ਦੀ ਕਹਾਣੀ ਲਿਖੀ ਹੈ। ਇਥੇ ਦਿੱਲੀ ਵਿਚ ਰਹਿ ਰਹੇ ਕੁਝ ਬਜ਼ੁਰਗਾਂ ਦੀ ਗੱਲ ਕੀਤੀ ਗਈ ਹੈ। ਦਿੱਲੀ ਦੀ ਇਕ ਕਾਲੋਨੀ ਵਿਚ ਕੁਝ ਬਜ਼ੁਰਗ ਆਪਣੇ ਪਰਿਵਾਰ ਨਾਲ ਰਹਿ ਰਹੇ ਹੁੰਦੇ ਹਨ। ਉਨ੍ਹਾਂ ਦੀ ਔਲਾਦ ਆਪਣੀ ਜ਼ਿੰਦਗੀ ਵਿਚ ਰੁਝੀ ਹੁੰਦੀ ਹੈ। ਇਸ ਲਈ ਇਨ੍ਹਾਂ ਵਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਉਹ ਸੁਸਾਇਟੀ ਦੀ ਸਾਫ-ਸਫਾਈ, ਪਾਰਕਿੰਗ, ਲੀਕੇਜ ਆਦਿ ਦੀ ਸਮੱਸਿਆ ਨੂੰ ਲੈ ਕੇ ਇਸ ਸੁਸਾਇਟੀ ਦੇ ਇਕ ਵਾਸੀ ਸੁਮੀਤ (ਡਾ. ਜੇ. ਐਸ. ਰੰਧਾਵਾ) ਕੋਲ ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਸੁਮੀਤ ਵੀ ਇਨ੍ਹਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆਇਆ ਹੁੰਦਾ ਹੈ। ਇਕ ਦਿਨ ਸੁਸਾਇਟੀ ਦੇ ਮੈਂਬਰਾਂ ਵਲੋਂ ਅਲਤਾਫ ਰਾਜਾ ਦੀ ਕੱਵਾਲੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ ਅਤੇ ਸੁਮੀਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਕਿ ਉਹ ਸੁਸਾਇਟੀ ਦੇ ਬਜ਼ੁਰਗਾਂ ਨੂੰ ਸੱਦਾ ਦੇਣ। ਕੱਵਾਲੀ ਦੇ ਇਸ ਪ੍ਰੋਗਰਾਮ ਵਿਚ ਕੁਝ ਬੁੱਢੇ ਨੱਚ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ ਅਤੇ ਉਨ੍ਹਾਂ ਦਾ ਇਹ ਨਵਾਂ ਰੂਪ ਦੇਖ ਕੇ ਸੁਮੀਤ ਹੈਰਾਨ ਰਹਿ ਜਾਂਦਾ ਹੈ। ਉਹ ਉਨ੍ਹਾਂ ਨਾਲ ਮੇਲ-ਜੋਲ ਵਧਾਉਂਦਾ ਹੈ ਅਤੇ ਇਨ੍ਹਾਂ ਦੇ ਡੂੰਘੀ ਪਛਾਣ ਵਿਚ ਆ ਕੇ ਸੁਮੀਤ ਨੂੰ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਜ਼ਿੰਦਗੀ ਵਿਚ ਕਿੰਨਾ ਇਕੱਲਾਪਨ ਹੈ। ਉਹ ਕਿਵੇਂ ਇਨ੍ਹਾਂ ਦੀ ਢਲਦੀ ਉਮਰ ਵਾਲੀ ਜ਼ਿੰਦਗੀ ਵਿਚ ਖੁਸ਼ੀਆਂ ਦੇ ਨਵੇਂ ਰੰਗ ਭਰਦਾ ਹੈ, ਇਹ ਅੱਗੇ ਦੀ ਕਹਾਣੀ ਹੈ। ਕਹਾਣੀ ਦੇ ਹਿਸਾਬ ਨਾਲ ਫ਼ਿਲਮ ਵਿਚ ਜੋ ਕਲਾਕਾਰ ਲਏ ਗਏ ਹਨ, ਉਹ ਸਾਰੇ ਉਮਰਦਰਾਜ ਹਨ ਅਤੇ ਇਹ ਹਨ ਬੀਰਬਲ, ਮਨਮੌਜੀ, ਰਮੇਸ਼ ਗੋਇਲ, ਮਹੇਸ਼ ਗਹਿਲੋਤ, ਰਾਧਾ ਰਾਨੀ, ਮਨੋਜ ਬਖਸ਼ੀ ਆਦਿ।


-ਮੁੰਬਈ ਪ੍ਰਤੀਨਿਧ

'ਮਾਇਆਵੀ ਮਲਿੰਗ' ਨਾਲ ਚਮਕੀ ਗ੍ਰੇਸੀ ਗੋਸਵਾਮੀ

ਇਨ੍ਹੀਂ ਦਿਨੀਂ 'ਸਟਾਰ ਭਾਰਤ' 'ਤੇ ਇਕ ਅਲੱਗ ਹੀ ਤਰ੍ਹਾਂ ਦੇ ਚਲ ਰਹੇ ਸ਼ੋਅ 'ਮਾਇਆਵੀ ਮਲਿੰਗ' ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਬਾਲ ਅਦਾਕਾਰਾ 'ਗ੍ਰੇਸੀ ਗੋਸਵਾਮੀ' ਦਾ ਜਨਮ 22 ਮਈ 2003 ਨੂੰ ਪਿਤਾ ਬਿਟਿਨ ਗੋਸਵਾਮੀ ਮਾਤਾ ਵੈਸ਼ਾਲੀ ਗੋਸਵਾਮੀ ਦੇ ਘਰ ਬੜੋਦਰਾ (ਗੁਜਰਾਤ) ਵਿਖੇ ਹੋਇਆ। ਗ੍ਰੇਸੀ ਗੋਸਵਾਮੀ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਹੈ। ਉਸ ਨੇ ਲਗਪਗ 10-15 ਵਿਗਿਆਪਨਾਂ 'ਚ ਵੀ ਕੰਮ ਕੀਤਾ ਪਰ ਅਦਾਕਾਰੀ ਦੀ ਦੁਨੀਆ 'ਚ ਉਸ ਨੇ ਆਪਣਾ ਕੈਰੀਅਰ 'ਕਲਰ ਟੀ.ਵੀ.' 'ਤੇ ਪੇਸ਼ ਹੁੰਦੇ ਲੜੀਵਾਰ 'ਬਾਲਿਕਾ ਬਧੂ' ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਨੇ 'ਝਲਕ ਦਿਖਲਾ ਜਾ', 'ਕ੍ਰਾਈਮ ਪੈਟ੍ਰੋਲ' ਤੇ 'ਬਾਲ ਕ੍ਰਿਸ਼ਨਾ' ਵਰਗੇ ਲੜੀਵਾਰਾਂ 'ਚ ਕੰਮ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਇਸ ਤੋਂ ਬਿਨਾਂ ਉਹ ਅਭਿਨੇਤਰੀ 'ਵਿੱਦਿਆ ਬਾਲਨ' ਦੀ ਫ਼ਿਲਮ 'ਬੇਗ਼ਮ ਜਾਨ' 'ਚ ਵੀ ਇਕ ਚਰਿੱਤਰ ਭੂਮਿਕਾ 'ਚ ਨਜ਼ਰ ਆਈ। ਜਿਵੇਂ ਹੀ ਉਸ ਦੀ ਚੋਣ ਲੜੀਵਾਰ 'ਮਾਇਆਵੀ ਮਲਿੰਗ' 'ਚ ਹੋਈ ਤਾਂ ਉਸ ਨੂੰ ਇਸ ਲੜੀਵਾਰ ਲਈ ਦਿਨ-ਰਾਤ ਇਕ ਕਰਨਾ ਪਿਆ ਕਿਉਂ ਕਿ ਇਸ ਲੜੀਵਾਰ 'ਚ ਉਸ 'ਤੇ ਕਈ ਸਟੰਟ ਦ੍ਰਿਸ਼ ਫਿਲਮਾਏ ਗਏ ਹਨ, ਜਿਸ ਕਾਰਨ ਉਸ ਨੇ ਮਾਰਸ਼ਲ ਆਰਟ, ਕਰਾਟੇ, ਤੈਰਾਕੀ, ਘੋੜ ਸਵਾਰੀ ਤੇ ਤਲਵਾਰਬਾਜ਼ੀ ਦੀ ਸਿੱਖਿਆ ਲਈ। ਇਸ ਲੜੀਵਾਰ 'ਚ ਸੰਸਕ੍ਰਿਤ ਭਾਸ਼ਾ 'ਚ ਸੰਵਾਦ ਬੋਲਣ ਲਈ ਉਸ ਨੇ ਸੰਸਕ੍ਰਿਤ ਭਾਸ਼ਾ ਦੀ ਵੀ ਸਿੱਖਿਆ ਲਈ ਕਿਉਂਕਿ 'ਮਾਇਆਵੀ ਮਲਿੰਗ' ਲੜੀਵਾਰ 'ਚ ਜੋ ਸੰਵਾਦ ਰੱਖੇ ਗਏ ਹਨ ਉਹ ਸ਼ੁੱਧ 'ਸੰਸਕ੍ਰਿਤ ਤੇ ਹਿੰਦੀ ਭਾਸ਼ਾ ਦਾ ਸੁਮੇਲ' ਹਨ।


-ਸਿਮਰਨ ਜਗਰਾਓਂ

ਹਾਕੀ ਦੇ ਪਹਿਲੇ ਗੋਲਡ ਤਗਮੇ 'ਤੇ ਬਣੀ 'ਗੋਲਡ'

ਸਾਲ 1947 ਵਿਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਆਜ਼ਾਦ 1948 ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਨੇ ਹਾਕੀ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਆਜ਼ਾਦ ਭਾਰਤ ਦਾ ਪਹਿਲਾ ਉਲੰਪਿਕ ਸੋਨ ਤਗਮਾ ਸੀ ਅਤੇ ਇਸ ਤਗਮੇ ਦੀ ਜਿੱਤ ਨੇ ਪੂਰੇ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹ ਦਿੱਤਾ ਸੀ। ਉਦੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਏ ਦੇਸ਼ਵਾਸੀਆਂ ਲਈ ਇਸ ਤਗਮੇ ਦੀ ਮਹਤੱਤਾ ਕਿੰਨੀ ਰਹੀ ਹੋਵੇਗੀ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਇਸ ਇਤਿਹਾਸਕ ਜਿੱਤ 'ਤੇ ਹੁਣ ਨਿਰਦੇਸ਼ਿਕਾ ਰੀਮਾ ਕਾਗਤੀ ਨੇ 'ਗੋਲਡ' ਨਾਂਅ ਦੀ ਫ਼ਿਲਮ ਬਣਾਈ ਹੈ। ਪਹਿਲਾਂ 'ਹਨੀਮੂਨ ਟ੍ਰੈਵਲਸ ਪ੍ਰਾ. ਲਿਮ.' ਤੇ 'ਤਲਾਸ਼' ਨਿਰੇਦਸ਼ਿਤ ਕਰਨ ਵਾਲੀ ਰੀਮਾ ਨੇ 'ਗੋਲਡ' ਰਾਹੀਂ ਇਕ ਵੱਖਰੇ ਹੀ ਵਿਸ਼ੇ 'ਤੇ ਹੱਥ ਅਜ਼ਮਾਇਆ ਹੈ। ਇਸ ਦਾ ਨਿਰਮਾਣ ਅਕਸ਼ੈ ਕੁਮਾਰ, ਫਰਹਾਨ ਅਖ਼ਤਰ ਤੇ ਰਿਤੇਸ਼ ਸਿਘਵਾਨੀ ਵਲੋਂ ਕੀਤਾ ਗਿਆ ਹੈ ਅਤੇ ਅਕਸ਼ੈ ਇਸ ਵਿਚ ਉਸ ਸ਼ਖ਼ਸ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਨੇ ਤਿਰੰਗਾ ਲਹਿਰਾ ਕੇ ਖਿਡਾਰੀਆਂ ਵਿਚ ਨਵਾਂ ਜੋਸ਼ ਭਰ ਦਿੱਤਾ ਸੀ।
ਕਿਉਂਕਿ ਉਦੋਂ ਹਾਕੀ ਸਟਿਕ ਤੋਂ ਲੈ ਕੇ ਖੇਡ ਦੇ ਨਿਯਮ ਵੀ ਵੱਖਰੇ ਤਰ੍ਹਾਂ ਦੇ ਸਨ। ਸੋ, ਉਸ ਜ਼ਮਾਨੇ ਦੀ ਜਾਣਕਾਰੀ ਲਈ ਰੀਮਾ ਵਲੋਂ ਪਹਿਲਾਂ ਹਾਕੀ ਖਿਡਾਰੀ ਮਾਈਕੇਲ ਨੋਬਸ ਦੀ ਸੇਵਾ ਲਈ ਗਈ ਸੀ ਜਿਨ੍ਹਾਂ ਨੇ ਸਾਲ 2011-13 ਦੌਰਾਨ ਭਾਰਤੀ ਹਾਕੀ ਟੀਮ ਨੂੰ ਸਿਖਲਾਈ ਦਿੱਤੀ ਸੀ।
ਅਕਸ਼ੈ ਕੁਮਾਰ ਦੇ ਨਾਲ ਇਸ ਵਿਚ ਮੌਨੀ ਰਾਏ, ਕੁਨਾਲ ਕਪੂਰ, ਸੰਨੀ ਕੌਸ਼ਲ, ਵਿਨੀਤ ਕੁਮਾਰ ਸਿੰਘ ਤੇ ਅਮਿਤ ਅਭਿਨੈ ਕਰ ਰਹੇ ਹਨ। ਫ਼ਿਲਮ ਵਿਚ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਜਜ਼ਬੇ ਨੂੰ ਧਿਆਨ ਵਿਚ ਰੱਖਦੇ ਹੋਏ ਇਹ 15 ਅਗਸਤ ਨੂੰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।


-ਮੁੰਬਈ ਪ੍ਰਤੀਨਿਧ

ਮਲਿਆਲਮ ਫ਼ਿਲਮ 'ਚ ਸਿੱਖ ਕਿਰਦਾਰ ਨਿਭਾਏਗਾ ਸਿਮਰਜੀਤ ਸਿੰਘ ਨਾਗਰਾ

ਸਿਮਰਜੀਤ ਸਿੰਘ ਨਾਗਰਾ ਮੁਹਾਲੀ ਦਾ ਜੰਮਿਆ-ਪਲਿਆ ਅਜਿਹਾ ਦਸਤਾਰਧਾਰੀ ਸਿੱਖ ਅਦਾਕਾਰ ਹੈ ਜੋ ਮਲਿਆਲਮ ਭਾਸ਼ਾ ਦੀ ਐਕਸ਼ਨ ਡਰਾਮਾ ਫ਼ਿਲਮ 'ਕਾਮਾਰਾ ਸੰਭਾਵਮ' ਵਿਚ ਮਲਿਆਲੀ ਭਾਸ਼ਾ ਦੇ ਪ੍ਰਸਿੱਧ ਕਲਾਕਾਰ ਦਿਲੀਪ ਅਤੇ ਤਾਮਿਲ ਕਲਾਕਾਰ ਅਤੇ 'ਰੰਗ ਦੇ ਬਸੰਤੀ' ਫ਼ਿਲਮ 'ਚ ਆਪਣੀ ਕਲਾਕਾਰੀ ਦੇ ਜਲਵੇ ਕਾਰਨ ਪ੍ਰਸਿੱਧੀ ਹਾਸਲ ਕਰਨ ਵਾਲੇ ਸਿਧਾਰਥ ਨਾਲ ਬਰਾਬਰ ਦੀ ਅਹਿਮੀਅਤ ਵਾਲਾ ਕਿਰਦਾਰ ਨਿਭਾਅ ਰਿਹਾ ਹੈ। ਫ਼ਿਲਮ ਮੁਰਲੀ ਗੋਪੀ ਵਲੋਂ ਲਿਖੀ ਗਈ ਹੈ ਅਤੇ ਰਤੀਸ਼ ਅੰਬਤ ਵਲੋਂ ਨਿਰਦੇਸ਼ਤ ਕੀਤੀ ਗਈ ਹੈ। ਸਿਮਰਜੀਤ ਨੇ ਇਸ ਫ਼ਿਲਮ ਵਿਚ ਕੰਮ ਕਰਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਫ਼ਿਲਮ ਕਰਕੇ ਬਿਲਕੁਲ ਅਨੋਖੀ ਤਰ੍ਹਾਂ ਦਾ ਤਜਰਬਾ ਹੋ ਰਿਹਾ ਹੈ। ਮਲਿਆਲੀ ਸਿਨੇਮਾ ਬੇਹੱਦ ਸੋਚ-ਵਿਚਾਰ ਕੇ ਫ਼ਿਲਮਾਂ ਬਣਾਉਂਦਾ ਹੈ। ਇਸ ਫ਼ਿਲਮ ਵਿਚ ਉਨ੍ਹਾਂ ਨੂੰ ਇਕ ਸਿੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਲੋੜ ਸੀ ਤੇ ਨਿਰਦੇਸ਼ਕ ਇਹ ਰੋਲ ਕਿਸੇ ਅਸਲ ਸਿੱਖ ਕੋਲੋਂ ਹੀ ਕਰਾਉਣਾ ਚਾਹੁੰਦੇ ਸੀ। ਕਿਉਂਕਿ ਲੇਖਕ ਮੁਰਲੀ ਗੋਪੀ ਸਿੱਖਾਂ ਪ੍ਰਤੀ ਬੜਾ ਆਦਰ ਭਾਵ ਰੱਖਦੇ ਹਨ। ਮੈਨੂੰ ਉਨ੍ਹਾਂ ਵਲੋਂ ਬੜਾ ਮਾਣ ਅਤੇ ਸਤਿਕਾਰ ਦਿੱਤਾ ਗਿਆ ਹੈ। ਮੈਂ ਸਮਝਦਾ ਹਾਂ ਕਿ ਮੇਰੀ ਦਸਤਾਰ ਦੇ ਸਤਿਕਾਰ ਕਰਕੇ ਹੀ ਮੈਨੂੰ ਇਹ ਰੋਲ ਦਿੱਤਾ ਗਿਆ ਹੈ। ਦੱਖਣ ਭਾਰਤ ਦੇ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ ਕਿਵੇਂ ਲੱਗਾ ਦੇ ਜਵਾਬ 'ਚ ਉਹ ਕਹਿੰਦੇ ਹਨ ਦਿਲੀਪ ਚੋਟੀ ਦੇ ਮਲਿਆਲਮ ਸਟਾਰ ਹਨ ਤੇ ਪਿਛਲੇ 25 ਸਾਲ ਤੋਂ ਵਧ ਸਮੇਂ ਤੋਂ ਉਹ ਫ਼ਿਲਮਾਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਸਿਧਾਰਥ ਤਾਮਿਲ ਫ਼ਿਲਮਾਂ ਦੇ ਸਟਾਰ ਹਨ ਤੇ 15 ਸਾਲ ਤੋਂ ਫ਼ਿਲਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਵੀ ਕਈ ਚੰਗੀਆਂ ਫ਼ਿਲਮਾਂ ਕੀਤੀਆਂ ਹਨ। ਅਸੀਂ ਕੇਰਲ ਅਤੇ ਤਾਮਿਲਨਾਡੂ ਦੀਆਂ 13 ਥਾਵਾਂ 'ਤੇ ਲਗਪਗ 50 ਦਿਨ ਤੋਂ ਸਮਾਂ ਚੱਲੀ ਸ਼ੂਟਿੰਗ ਦੌਰਾਨ ਇਕੱਠੇ ਰਹੇ। ਸੱਚਮੁੱਚ ਉਹ ਬੜੇ ਨਿਮਰ ਸੁਭਾਅ ਵਾਲੇ, ਮਿਲਣਸਾਰ ਤੇ ਤਜਰਬੇਕਾਰ ਹਨ। ਸੋ, ਮੈਨੂੰ ਉਨ੍ਹਾਂ ਕੋਲੋਂ ਸਿੱਖਣ ਲਈ ਬਹੁਤ ਕੁਝ ਮਿਲਿਆ। ਫ਼ਿਲਮ 'ਚ ਕੰਮ ਕਰਨ ਤੋਂ ਪਹਿਲਾਂ ਕੀ-ਕੀ ਤਿਆਰੀ ਕਰਨੀ ਪਈ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਫ਼ਿਲਮ 'ਚ ਮੇਰੇ ਕਿਰਦਾਰ ਦਾ ਨਾਂਅ ਸਤਨਾਮ ਸਿੰਘ ਹੈ। ਨਿਰਦੇਸ਼ਕ ਨੂੰ ਕਿਸੇ ਤਰ੍ਹਾਂ ਪਤਾ ਲੱਗਾ ਸੀ ਕੀ ਫ਼ਿਲਮ ਦਾ ਕਿਰਦਾਰ ਸਤਨਾਮ ਸਿੰਘ ਨਾਲ ਰਲਦਾ-ਮਿਲਦਾ ਕਿਰਦਾਰ ਮੇਰੇ ਅਸਲ ਕਿਰਦਾਰ ਦੇ ਬਹੁਤ ਨੇੜੇ ਹੈ। ਸੋ, ਮੈਨੂੰ ਕੋਈ ਖਾਸ ਤਿਆਰੀ ਨਹੀਂ ਕਰਨੀ ਪਈ। ਉਂਜ ਇਹ ਐਕਸ਼ਨ ਫ਼ਿਲਮ ਹੋਣ ਕਰਕੇ ਮੈਂ ਘੋੜ ਸਵਾਰੀ ਸਿੱਖੀ ਤੇ ਐਕਸ਼ਨ ਦ੍ਰਿਸ਼ਾਂ ਲਈ ਅਭਿਆਸ ਜ਼ਰੂਰ ਕੀਤਾ।
ਫ਼ਿਲਮ ਵਿਚਲੇ ਆਪਣੇ ਚਰਿਤਰ ਬਾਰੇ ਉਨ੍ਹਾਂ ਦੱਸਿਆ ਕਿ ਇਹ ਦੂਜੀ ਸੰਸਾਰ ਜੰਗ ਵੇਲੇ ਦੀ ਕਹਾਣੀ 'ਤੇ ਆਧਾਰਿਤ ਹੈ ਤੇ ਜ਼ਿੰਦਗੀ ਦੇ ਤਿੰਨ ਵੱਖ-ਵੱਖ ਪੜਾਵਾਂ 'ਚ ਕਿਸ-ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਆਉਂਦੇ ਹਨ 'ਤੇ ਆਧਾਰਿਤ ਕਹਾਣੀ ਹੈ। ਪਹਿਲੇ ਅੱਧ ਤੱਕ ਮੇਰਾ 1940 ਦੇ ਦਹਾਕੇ ਦੇ ਪੀਰੀਅਡ ਡਰਾਮਾ ਵਾਲਾ ਕਿਰਦਾਰ ਹੈ ਤੇ ਦੂਜੇ ਅੱਧ 'ਚ ਆਧੁਨਿਕ ਦਿਖ ਵਾਲਾ ਰੋਲ ਹੈ। ਮੇਰਾ ਕਿਰਦਾਰ ਕਾਫ਼ੀ ਪ੍ਰਭਾਵਸ਼ਾਲੀ ਹੈ।

-ਅ.ਬ.

ਬਾਲੀਵੁੱਡ 'ਚ ਹੁਣ ਗੂੰਜੇਗੀ ਆਵਾਜ਼: ਸੁਰਜੀਤ ਭੁੱਲਰ

ਸੁਰ ਦੇ ਸਹਾਰੇ ਕੀਤੀ ਮਿਹਨਤ, ਰੱਬ ਤੇ ਤਕਦੀਰ ਦਾ ਸਾਥ, ਸੱਚੇ ਦਿਲੋਂ ਲਗਨ ਨਾਲ ਗਾਇਕੀ ਦੇ ਕਿੱਤੇ ਨੂੰ ਨਿਭਾਉਣ ਵਾਲੇ ਗਾਇਕ ਸੁਰਜੀਤ ਭੁੱਲਰ ਨੂੰ ਉਸ ਦੀ ਮਿੱਠੀ ਆਵਾਜ਼ ਨੇ ਸਰੋਤਿਆਂ ਦਾ ਦੇਸ਼-ਵਿਦੇਸ਼ 'ਚ ਭਰਵਾਂ ਪਿਆਰ ਦੁਆਇਆ ਹੈ ਤਾਂ ਭਲਾ ਪਾਲੀਵੁੱਡ ਕਿਉਂ ਨਾ ਉਸ ਦੀ ਸੁਰ ਨੂੰ ਵਰਤਦੀ ਤੇ ਭੂਸ਼ਨ ਮਦਾਨ ਦੀ ਫ਼ਿਲਮ 'ਮਜਾਜਣ' ਦੇ ਦੋ ਗੀਤ ਸੁਦੇਸ਼ ਕੁਮਾਰੀ ਨਾਲ ਗਾਏ ਤੇ ਇਹ ਗੀਤ ਮੋਬਾਈਲਾਂ 'ਤੇ ਐਨੇ ਵੱਜੇ ਕਿ ਅੱਜ ਤੱਕ ਰਿਕਾਰਡ ਕਾਇਮ ਹੈ। ਫ਼ਿਲਮ 'ਵਿਦਰੋਹ' ਦੇ ਪੋਸਟਰਾਂ 'ਤੇ ਬਾਕਾਇਦਾ ਗੁੱਗੂ ਗਿੱਲ ਨਾਲ ਉਸ ਦੀ ਤਸਵੀਰ ਲੱਗੀ ਸੀ ਤੇ ਹੁਣ ਪੰਜਾਬੀ ਫ਼ਿਲਮ 'ਢੋਲ ਰੱਤੀ' ਦੇ ਗੀਤ ਗਾਉਣ ਦੇ ਮੌਕੇ ਨੇ ਪਾਲੀਵੁੱਡ 'ਚ ਸੁਰਜੀਤ ਭੁੱਲਰ ਦੀ ਆਵਾਜ਼ ਨੂੰ ਹੋਰ ਸੁਰਜੀਤ ਕਰ ਦਿੱਤਾ ਹੈ। ਸੰਨ 1970 ਦੇ ਦਹਾਕੇ ਦੀ ਕਹਾਣੀ 'ਤੇ ਆਧਾਰਤ 'ਢੋਲ ਰੱਤੀ' ਦਾ ਸੰਗੀਤ ਰਵੀ ਪਵਾਰ ਤੇ ਤਨੁਜ ਜੇਤਲੀ ਦਾ ਹੈ। ਮੀਨਾ ਸਿੰਘ, ਨਛੱਤਰ ਗਿੱਲ, ਸੁਦੇਸ਼ ਕੁਮਾਰੀ, ਰਾਣੀ ਰਣਦੀਪ ਨਾਲ ਉਸ ਦਾ ਗਾਉਣਾ ਉਸ ਦਾ ਪਾਲੀਵੁੱਡ 'ਚ ਚਮਕ ਰਿਹਾ ਪਿੱਠਵਰਤੀ ਗਾਇਕੀ ਦਾ ਕੈਰੀਅਰ ਹੈ। ਸ਼ਿਵਮ ਸ਼ਰਮਾ ਨਿਰਦੇਸ਼ਤ ਮਾਣਿਕ ਵਰਮਾ ਦੀ ਇਸ ਫ਼ਿਲਮ 'ਚ ਅਰਸ਼ ਚਾਵਲਾ, ਲੱਖਾ ਲਖਵਿੰਦਰ, ਹਰਬੀ ਸੰਘਾ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਦੇ ਨਾਲ ਸੁਰਜੀਤ ਭੁੱਲਰ ਦਾ ਵੀ ਪਰਦੇ 'ਤੇ ਕੰਮ ਹੈ। 'ਢੋਲ ਰੱਤੀ' ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਬਾਲੀਵੁੱਡ ਦੇ ਦਿੱਗਜ਼ ਲਾਇਨ ਨਿਰਮਾਤਾ ਦਰਸ਼ਨ ਔਲਖ ਨੇ ਉਸ ਦੀ ਆਵਾਜ਼ ਬਾਲੀਵੁੱਡ ਪਹੁੰਚਾਉਣ ਦਾ ਵਾਅਦਾ ਕੀਤਾ ਹੈ ਤੇ ਜਲਦੀ ਹੀ ਵੱਡੇ ਬੈਨਰਜ਼ 'ਚ ਉਸਦੀ ਫ਼ਿਲਮੀ ਗਾਇਕੀ ਸੁਣਾਈ ਦੇਵੇਗੀ, ਜਦ ਕਿ ਸੀ.ਡੀ. ਗਾਇਕੀ, ਦੋਗਾਣਾ ਤੇ ਸਿੰਗਲ ਟਰੈਕ 'ਚ ਨਿੱਤ ਮਿਲਦੀਆਂ ਸਫ਼ਲਤਾਵਾਂ ਕਿਸੇ ਤੋਂ ਲੁਕੀਆਂ ਨਹੀਂ ਹਨ।


-ਅੰਮ੍ਰਿਤ ਪਵਾਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX