ਤਾਜਾ ਖ਼ਬਰਾਂ


ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਖੀ ਲੋਕ ਟੈਂਕੀ 'ਤੇ ਚੜ੍ਹੇ
. . .  1 minute ago
ਬਰਨਾਲਾ, 24 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਸ਼ਹਿਰ ਬਰਨਾਲਾ ਦੇ ਰਾਮਗੜ੍ਹੀਆ ਰੋਡ 'ਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਖੀ ਲੋਕ ਅੱਜ ਸੀਵਰੇਜ ਬੋਰਡ ਵਿਚਲੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਲੋਕਾਂ ਨੇ ਜਿੱਥੇ ਪੰਜਾਬ ਸਰਕਾਰ ਅਤੇ ਸੀਵਰੇਜ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  8 minutes ago
ਗੁਰੂਗ੍ਰਾਮ, 24 ਜੁਲਾਈ- ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਰਮਨ ਸਿੰਘ ਨੂੰ ਬੀਤੀ ਰਾਤ ਹਰਿਆਣਾ ਦੇ ਗੁਰੂਗ੍ਰਾਮ 'ਚ ਪੈਂਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ। ਸੀਨੇ 'ਚ ਦਰਦ ਦੀ ਸ਼ਿਕਾਇਤ ਨੂੰ ਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ...
ਕੈਨੇਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 69 ਲੋਕ ਜ਼ਖ਼ਮੀ
. . .  17 minutes ago
ਓਟਾਵਾ, 24 ਜੁਲਾਈ- ਕੈਨੇਡਾ ਦੇ ਸੇਂਟ ਯੂਸਟਚੇ 'ਚ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਘੱਟੋ-ਘੱਟ 69 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਵਧੇਰੇ ਸਕੂਲੀ ਬੱਚੇ ਸ਼ਾਮਲ ਹਨ। ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਦੋ ਸਕੂਲੀ ਬੱਸਾਂ ਅੱਗੇ ਜਾ ਰਿਹਾ...
ਪ੍ਰੋਜਾਇਡਿੰਗ ਅਫ਼ਸਰ ਦੇ ਨਾ ਪਹੁੰਚਣ ਕਾਰਨ ਪਿੰਡ ਕੁੰਸਾ 'ਚ ਸਹਿਕਾਰੀ ਸਭਾ ਦੀ ਚੋਣ ਹੋਈ ਮੁਲਤਵੀ
. . .  45 minutes ago
ਬੱਧਨੀ ਕਲਾਂ, 24 ਜੁਲਾਈ (ਸੰਜੀਵ ਕੋਛੜ)- ਮੋਗਾ ਜ਼ਿਲ੍ਹੇ ਦੇ ਪਿੰਡ ਕੁੰਸਾ ਵਿਖੇ ਅੱਜ ਸਹਿਕਾਰੀ ਸਭਾ ਦੀ ਚੋਣ ਰੱਖੀ ਗਈ ਸੀ, ਜਿਸ 'ਚ ਪ੍ਰੋਜਾਇੰਡਿਗ ਅਫ਼ਸਰ ਸੁਰਿੰਦਰ ਸਿੰਘ ਦੀ ਡਿਊਟੀ ਲੱਗਾਈ ਗਈ ਸੀ ਪਰ ਉਹ ਮੌਕੇ 'ਤੇ ਨਹੀਂ ਪਹੁੰਚੇ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ...
ਮੌਸਮ ਵਿਭਾਗ ਵੱਲੋਂ ਮੁੰਬਈ 'ਚ ਭਾਰੀ ਬਰਸਾਤ ਦਾ ਅਲਰਟ
. . .  about 1 hour ago
ਮੁੰਬਈ, 24 ਜੁਲਾਈ - ਮੌਸਮ ਵਿਭਾਗ ਵੱਲੋਂ ਮੁੰਬਈ 'ਚ ਅੱਜ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ...
ਤਿੰਨ ਕਾਰਾਂ ਦੀ ਟੱਕਰ 'ਚ 8 ਜ਼ਖਮੀ
. . .  about 1 hour ago
ਮੁੰਬਈ, 24 ਜੁਲਾਈ - ਮੁੰਬਈ ਵਿਖੇ ਭਾਰੀ ਬਰਸਾਤ ਦੇ ਚੱਲਦਿਆਂ ਤਿੰਨ ਕਾਰਾਂ ਆਪਸ 'ਚ ਟਕਰਾ ਗਈਆਂ। ਹਾਦਸੇ 'ਚ 8 ਲੋਕ ਜ਼ਖਮੀ ਹੋਏ...
ਕੇਰਲ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
. . .  about 2 hours ago
ਤਿਰੂਵਨੰਤਪੁਰਮ, 24 ਜੁਲਾਈ - ਮੌਸਮ ਵਿਭਾਗ ਨੇ ਕੇਰਲ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ...
ਬੱਚੇ ਚੋਰੀ ਦੇ ਦੋਸ਼ 'ਚ ਕਿੰਨਰ ਦੀ ਕੁੱਟ ਕੁੱਟ ਕੇ ਹੱਤਿਆ
. . .  about 2 hours ago
ਕੋਲਕਾਤਾ, 24 ਜੁਲਾਈ - ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿਖੇ ਲੋਕਾਂ ਨੇ ਬੱਚੇ ਚੋਰੀ ਕਰਨ ਦੇ ਦੋਸ਼ 'ਚ ਇੱਕ ਕਿੰਨਰ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਟਰਾਲਾ, ਡਰਾਈਵਰ ਦੀ ਮੌਤ
. . .  about 2 hours ago
ਜਲੰਧਰ, 24ਜੁਲਾਈ - ਜਲੰਧਰ ਦੇ ਮਿੱਠਾਪੁਰ ਵਿਖੇ 18 ਟਾਇਰੀ ਟਰਾਲਾ ਹਾਈ ਵੋਲਟੇਜ ਤਾਰਾ ਦੀ ਚਪੇਟ ਵਿਚ ਆ ਗਿਆ ਜਿਸ ਕਾਰਨ ਟਰਾਲੇ ਨੂੰ ਅੱਗ ਲੱਗਣ ਕਾਰਨ ਵਿਚ ਬੈਠੇ ਡਰਾਈਵਰ ਦੀ ਮੌਤ...
ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੇ ਅਣਅਧਿਕਾਰਤ ਹੋਟਲਾਂ ਖ਼ਿਲਾਫ਼ ਕਾਰਵਾਈ ਦਾ ਹੋਟਲਾਂ ਵਾਲਿਆਂ ਵੱਲੋਂ ਵਿਰੋਧ
. . .  about 2 hours ago
ਅੰਮ੍ਰਿਤਸਰ, 24 ਜੁਲਾਈ (ਹਰਮਿੰਦਰ ਸਿੰਘ) - ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਦੀ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜਦੋਂ ਚੰਨ 'ਤੇ ਪਏ ਪਹਿਲੇ ਮਨੁੱਖ ਦੇ ਕਦਮ

ਮਨੁੱਖ ਦੇ ਚੰਨ 'ਤੇ ਪਹੁੰਚਣ ਦੇ ਪੰਜ ਦਹਾਕੇ' ਪੂਰੇ ਹੋ ਗਏ ਹਨ | ਅੱਜ ਤੋਂ 3 ਸਾਲ ਬਾਅਦ ਕੋਈ ਭਾਰਤ ਵਾਸੀ ਵੀ ਚੰਨ 'ਤੇ ਉਤਰੇਗਾ ਅਤੇ ਚੰਨ 'ਤੇ ਪਹੁੰਚ ਕੇ ਭਾਰਤੀ ਤਿਰੰਗਾ ਲਹਿਰਾਉਣ ਵਿਚ ਕਾਮਯਾਬੀ ਹਾਸਲ ਕਰਕੇ ਭਾਰਤ ਦੇ ਮਾਣ ਵਿਚ ਵਾਧਾ ਕਰੇਗਾ | ਅਜਿਹੇ ਮਿਸ਼ਨ ਨੂੰ ਨੇਪਰੇ ਚਾੜ੍ਹਣ ਲਈ ਭਾਰਤੀ ਵਿਗਿਆਨੀ ਲਗਾਤਾਰ ਯਤਨਸ਼ੀਲ ਹਨ |
50 ਸਾਲ ਪਹਿਲਾਂ 16 ਜੁਲਾਈ 1969 ਨੂੰ ਅਮਰੀਕਾ ਦੇ ਫਲੋਰੀਡਾ ਤੋਂ ਸਥਾਨਕ ਸਮੇਂ ਅਨੁਸਾਰ ਦਿਨ ਦੇ ਢਾਈ ਵਜੇ ਅਪੋਲੋ 11 ਰਵਾਨਾ ਹੋਇਆ ਸੀ ਅਤੇ 20 ਜੁਲਾਈ 1969 ਨੂੰ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਚੰਦਰਯਾਨ ਈਗਲ ਤੋਂ ਬਾਹਰ ਨਿਕਲਿਆ | ਚੰਨ 'ਤੇ ਕਦਮ ਰੱਖਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ, 'ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਦੀ ਵੱਡੀ ਛਲਾਂਗ ਹੈ |' ਐਲਡਰਿਨ ਬਜ ਅਤੇ ਆਰਮਸਟ੍ਰਾਂਗ ਨੇ ਚੰਨ ਦੀ ਸਤ੍ਹਾ 'ਤੇ ਤਿੰਨ ਘੰਟੇ ਤੋਂ ਥੋੜ੍ਹਾ ਜ਼ਿਆਦਾ ਸਮਾਂ ਬਿਤਾਇਆ | ਇਸ ਛੋਟੇ ਜਿਹੇ ਸਮੇਂ ਨੇ ਸਾਡੇ ਲਈ ਚੰਦਰਮਾ ਨੂੰ ਪਰੰਪਰਾਗਤ ਕਥਾਵਾਂ, ਮਿਥਕਾਂ, ਕਵੀਆਂ ਦੀਆਂ ਕਲਪਨਾਵਾਂ ਅਤੇ ਕਥਾਵਾਂ ਤੋਂ ਕੁਝ ਜ਼ਿਆਦਾ ਸਮਝੇ ਜਾਣ ਦਾ ਦੁਆਰ ਖੋਲ੍ਹ ਦਿੱਤਾ | ਸਾਡੇ ਤੋਂ, ਸਾਡੀਆਂ ਧਾਰਨਾਵਾਂ ਤੋਂ ਕੁਝ ਚੁਰਾ ਲਿਆ | ਅੱਜ ਉਨ੍ਹਾਂ ਨੂੰ ਫਿਰ ਯਾਦ ਕਰਨ ਦਾ ਸਮਾਂ ਹੈ | ਚੰਨ 'ਤੇ ਮਨੁੱਖ ਦੇ ਕਦਮ ਪੈਣ ਦੀ 50ਵੀਂ ਵਰ੍ਹੇਗੰਢ 'ਤੇ ਅਮਰੀਕੀ ਪੁਲਾੜ ਏਜੰਸੀ 'ਨਾਸਾ' ਕੁਝ ਅਨੋਖਾ ਕਰਨ ਵਾਲੀ ਹੈ | 'ਚੰਦਰਯਾਨ-2' ਨੂੰ ਚੰਨ ਦੇ ਰਸਤੇ 'ਤੇ ਰਵਾਨਾ ਕਰ ਕੇ ਅਸੀਂ ਵੀ ਇਸ ਮੌਕੇ ਨੂੰ ਮਨਾ ਹੀ ਰਹੇ ਹਾਂ, ਭਾਵੇਂ ਦੋ ਦਿਨ ਬਾਅਦ ਹੀ ਸਹੀ | ਫਿਲਹਾਲ ਨਾਸਾ ਚੰਨ 'ਤੇ ਕਦਮ ਰੱਖਣ ਵਾਲੇ ਦਰਜਨ ਭਰ ਲੋਕਾਂ ਵਿਚੋਂ ਜੋ ਚਾਰ ਜ਼ਿੰਦਾ ਹਨ ਅਤੇ ਉਨ੍ਹਾਂ 530 ਲੱਖ ਲੋਕਾਂ ਵਿਚੋਂ ਕੁਝ ਇਕ ਜਿਨ੍ਹਾਂ ਨੇ ਇਸ ਘਟਨਾ ਨੂੰ ਟੀ. ਵੀ. 'ਤੇ ਦੇਖਿਆ, ਉਨ੍ਹਾਂ ਤੋਂ ਅਨੁਭਵ ਜਾਣਨ ਦੀ ਕੋਸ਼ਿਸ਼ ਕਰੇਗਾ |
ਫਲੋਰੀਡਾ ਸਥਿਤ 'ਕੈਨੇਡੀ ਸਪੇਸ ਸੈਂਟਰ' ਨੇ ਵੀ ਚੰਨ 'ਤੇ ਮਨੁੱਖ ਦੇ ਕਦਮ ਪੈਣ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਬੇਹੱਦ ਖ਼ਾਸ ਇੰਤਜ਼ਾਮ ਕੀਤੇ ਹਨ | ਇਸ ਤੋਂ ਇਲਾਵਾ ਨਾਸਾ ਆਪਣੇ 'ਜਾਨਸਨ ਸਪੇਸ ਸੈਂਟਰ' ਲੈਬੋਰੇਟਰੀ ਵਿਚ ਰੱਖੇ ਅਪੋਲੋ ਮਿਸ਼ਨ ਰਾਹੀਂ ਚੰਨ ਦੀ ਸਤ੍ਹਾ ਤੋਂ ਇਕੱਠੇ ਕੀਤੇ ਗਏ ਬਹੁਤ ਸਾਰੇ ਨਮੂਨਿਆਂ ਨੂੰ 50 ਸਾਲਾਂ ਤੋਂ ਬਾਅਦ ਪਹਿਲੀ ਵਾਰ ਖੋਲ੍ਹੇਗਾ | ਇਨ੍ਹਾਂ ਨਮੂਨਿਆਂ ਵਿਚੋਂ ਤਾਂ ਕੁਝ ਹਾਲੇ ਤੱਕ ਅਣਛੋਹੇ ਹਨ | ਇਨ੍ਹਾਂ ਨਮੂਨਿਆਂ ਦਾ ਅਤਿਆਧੁਨਿਕ ਤਕਨੀਕ ਨਾਲ ਪ੍ਰੀਖਣ ਹੋਣ 'ਤੇ ਉਮੀਦ ਹੈ ਕਿ ਚੰਨ ਬਾਰੇ ਨਵੇਂ ਰਹੱਸ ਖੱੁਲ੍ਹਣਗੇ | ਚੰਨ ਵੱਲ ਦੇਖਣ ਵਾਲੇ ਵਿਗਿਆਨੀਆਂ ਨੂੰ ਨਵੀਂ ਰਾਹ ਮਿਲੇਗੀ | 50 ਸਾਲ ਪਹਿਲਾਂ ਦੀ ਉਸ ਘਟਨਾ ਤੋਂ ਲੈ ਕੇ ਹੁਣ ਤੱਕ ਚੰਨ ਨੂੰ ਜਾਣਨ-ਸਮਝਣ ਦੀਆਂ ਅਣਥੱਕ ਕੋਸ਼ਿਸ਼ਾਂ ਹੁੰਦੀਆਂ ਹੀ ਰਹੀਆਂ ਹਨ | ਇਸ ਦਾ ਨਤੀਜਾ ਇਹ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਇਨਸਾਨੀ ਕਦਮ ਚੰਨ 'ਤੇ ਪੈ ਚੁੱਕੇ ਹਨ ਅਤੇ 96 ਬੋਰੇ ਮਨੁੱਖੀ ਮਲ ਤੋਂ ਇਲਾਵਾ ਬਹੁਤ ਸਾਰਾ ਕੂੜਾ-ਕਰਕਟ ਮਨੁੱਖ ਉਥੇ ਛੱਡ ਆਇਆ ਹੈ |
ਅੱਜ ਇਸ ਗੱਲ ਦੀ ਪਰਵਾਹ ਸ਼ਾਇਦ ਹੀ ਕਿਸੇ ਨੂੰ ਹੋਵੇ ਕਿ ਪੁਲਾੜ ਯਾਤਰੀ ਅਸਲ ਵਿਚ ਕਦੀ ਚੰਨ 'ਤੇ ਨਹੀਂ ਉਤਰੇ ਬਲਕਿ ਸਟੂਡੀਓ ਵਿਚ ਫਰਜੀ ਵੀਡੀਓ ਜ਼ਰੀਏ ਰੂਸ ਨੂੰ ਨੀਵਾਂ ਦਿਖਾਉਣ ਲਈ ਇਹ ਅਮਰੀਕੀ ਪ੍ਰੋਪੋਗੈਂਡਾ ਸੀ | ਕੋਈ ਇਨ੍ਹਾਂ ਸਵਾਲਾਂ 'ਚ ਵੀ ਨਹੀਂ ਉਲਝਣਾ ਦਾ ਕਿ ਚੰਨ 'ਤੇ ਹਵਾ ਤੋਂ ਬਿਨਾਂ ਝੰਡਾ ਕਿਵੇਂ ਲਹਿਰਾਇਆ ਜਾਂ ਬੂਟ ਦੇ ਨਿਸ਼ਾਨ ਕਿਵੇਂ ਬਣੇ ਜਾਂ ਉਥੋਂ ਦਾ ਅਸਮਾਨ ਕਾਲਾ ਕਿਉਂ ਹੈ, ਉਥੇ ਤਾਰੇ ਕਿਉਂ ਨਹੀਂ ਦਿਸਦੇ, ਵਗੈਰਾ-ਵਗੈਰਾ... | ਹੁਣ ਉਹ ਸਭ ਇਤਿਹਾਸ ਹੈ | ਇਹ ਮਨੁੱਖ ਸਮੇਤ 'ਚੰਦਰਾਨ ਅਪੋਲੋ-11' ਦਾ ਹੀ ਦਿਖਾਇਆ ਰਸਤਾ ਅਤੇ ਦਿੱਤੀ ਹੋਈ ਹਿੰਮਤ ਹੈ ਕਿ ਅੱਜ ਚੰਨ 'ਤੇ ਪਹੁੰਚਣ ਲਈ ਦਰਜਨ ਭਰ ਤੋਂ ਜ਼ਿਆਦਾ ਦੇਸ਼ ਕੋਸ਼ਿਸ਼ਾਂ ਕਰ ਰਹੇ ਹਨ | ਉਦੋਂ ਉਥੇ ਪਹੁੰਚਣਾ ਚਮਤਕਾਰ ਸੀ ਪਰ ਹੁਣ ਵਪਾਰ ਬਣਨ ਵਾਲਾ ਹੈ | ਇਸ ਸਾਲ ਬਹੁਤ ਸਾਰੇ ਦੇਸ਼ ਆਪਣੇ ਯਾਨ ਉਥੇ ਭੇਜ ਰਹੇ ਹਨ | ਸਾਲ 2022 ਤੱਕ ਚੰਦਰਮਾ 'ਤੇ ਭਾਰੀ ਭੀੜ ਜਮ੍ਹਾਂ ਹੋਵੇਗੀ | ਸਾਲ 2025 ਤੱਕ ਉਥੇ ਮਨੁੱਖੀ ਉੱਦਮ ਕੁਝ ਵੱਡਾ ਸਥਾਪਿਤ ਕਰ ਲਵੇਗਾ |
ਚੰਨ 'ਤੇ ਮਨੁੱਖ ਦੇ ਪਹੁੰਚਣ ਤੋਂ 50 ਸਾਲ ਬਾਅਦ ਹੁਣ ਤੱਕ ਵੀ ਕਈ ਸਵਾਲਾਂ ਦਾ ਅਜੇ ਤੱਕ ਜਵਾਬ ਨਹੀਂ ਲੱਭਿਆ | ਆਖਿਰ ਕਿਉਂ ਸਭ ਪਹੁੰਚਣਾ ਚਾਹੁੰਦੇ ਹਨ ਚੰਨ 'ਤੇ, ਚੰਨ ਨੂੰ ਲੈ ਕੇ ਇਸ ਕਦਰ ਚਾਹਤ ਦਾ ਸਮੁੰਦਰ ਕਿਉਂ ਉਮੜਿਆ ਹੈ, ਪਿਛਲੇ ਇਕ-ਦੋ ਦਹਾਕਿਆਂ ਦੇ ਅੰਦਰ? ਸਾਲ 1950 ਵਿਚ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਅਗਲੇ ਦੋ ਦਹਾਕਿਆਂ ਵਿਚ ਸਾਡੇ ਵਿਚੋਂ ਕੋਈ ਮਨੁੱਖ ਚੰਨ ਦੀ ਸਤ੍ਹਾ 'ਤੇ ਚਹਿਲਕਦਮੀ ਕਰਦਾ ਦਿਸ ਸਕੇਗਾ | ਅੱਜ ਇਹ ਕਥਾ-ਕਹਾਣੀ ਵਰਗਾ ਜ਼ਰੂਰ ਲੱਗਦਾ ਹੈ ਪਰ ਉਹ ਦਿਨ ਦੂਰ ਨਹੀਂ ਜਦੋਂ ਕੋਈ ਇਹ ਪੁੱਛੇ ਕਿ ਇਸ ਵਾਰ ਦੀਆਂ ਛੁੱਟੀਆਂ ਵਿਚ ਕਿਥੇ ਜਾਣ ਦਾ ਇਰਾਦਾ ਹੈ ਤਾਂ ਜਵਾਬ ਮਿਲੇ ਕਿ ਆਕਾਸ਼ ਵਿਚ | ਮੈਂ ਬਹੁਤ ਦਿਨਾਂ ਤੋਂ ਸੋਚਦਾ ਸੀ ਕਿ ਇਕ ਵਾਰ ਚੰਨ 'ਤੇ ਜਾ ਕੇ ਆਵਾਂ | ਚੰਨ 'ਤੇ ਪਹੁੰਚਣ ਦਾ ਟੀਚਾ ਸਾਰਿਆਂ ਲਈ ਵੱਖਰਾ ਅਤੇ ਸਭ ਦੇ ਵੱਖਰੇ ਹਿਤ ਹਨ | ਇਹ ਬਿਨਾਂ ਸ਼ੱਕ ਸਿਰਫ਼ ਭਾਵਨਾਤਮਕ, ਤਕਨੀਕੀ ਜਾਂ ਵਿਗਿਆਨੀ ਖੋਜ ਤੋਂ ਪ੍ਰੇਰਿਤ ਨਹੀਂ ਹੈ |
ਕੁਝ ਦੇਸ਼ ਚੰਨ ਦੇ ਸੋਮਿਆਂ 'ਤੇ ਨਜ਼ਰਾਂ ਟਿਕਾਈ ਬੈਠੇ ਹਨ, ਤੇ ਕੁਝ ਦਾ ਇਰਾਦਾ ਇਸ ਤੋਂ ਵੀ ਵੱਖਰਾ ਹੈ | ਜ਼ਿਆਦਾਤਰ ਦੇਸ਼ ਜਾਣ ਚੁੱਕੇ ਹਨ ਕਿ ਇਥੇ ਜ਼ਬਰਦਸਤ ਖਣਿਜਾਂ ਭੰਡਾਰ ਹਨ | ਕਿਸੇ ਨੂੰ ਹੀਲੀਅਮ ਗੈਸ ਦਾ ਭਰਪੂਰ ਭੰਡਾਰ ਆਕਰਸ਼ਿਤ ਕਰਦਾ ਹੈ ਤੇ ਕਿਸੇ ਨੂੰ ਕੋਈ ਹੋਰ ਤੱਤ | ਕੁਝ ਇਥੇ ਦੀਆਂ ਵਸਤਾਂ ਦੇ ਸਹਾਰੇ ਇਥੇ ਇਕ ਟਿਕਾਊ, ਵਪਾਰਕ ਉਦਯੋਗ ਸ਼ੁਰੂ ਕਰਨ ਦੇ ਮੌਕੇ ਦੇ ਤੌਰ 'ਤੇ ਦੇਖ ਰਹੇ ਹਨ | ਕੁਝ ਕਾਰਪੋਰੇਟ ਇਸ ਵਿਚ ਪੁਲਾੜ ਸੈਲਾਨੀਆਂ ਦੀਆਂ ਸੰਭਾਵਨਾਵਾਂ ਲੱਭ ਚੁੱਕੇ ਹਨ | ਇਹ ਧਰਤੀ ਤੋਂ ਨੇੜੇ ਹੈ, ਅਤਿਆਧੁਨਿਕ ਰਾਕੇਟਾਂ ਜ਼ਰੀਏ ਹੁਣ ਇਕ-ਦੋ ਦਿਨ ਵਿਚ ਪਹੁੰਚਣ ਅਤੇ ਓਨੇ ਹੀ ਸਮੇਂ ਵਿਚ ਵਾਪਸ ਆਇਆ ਜਾ ਸਕਦਾ ਹੈ | ਕੁਝ ਨੂੰ ਲਗਦਾ ਹੈ ਕਿ ਨੇੜ ਭਵਿੱਖ ਵਿਚ ਜਦੋਂ ਚੰਦਰਮਾ ਦੇ ਸੋਮਿਆਂ ਦੀ ਵਰਤੋਂ ਸ਼ੁਰੂ ਹੋਵੇਗੀ ਤਾਂ ਭਾਰ ਢੋਣ ਵਾਲਿਆਂ ਦੀ ਜ਼ਰੂਰਤ ਪਵੇਗੀ ਤੇ ਉਹ ਉਸ ਲਈ ਤਿਆਰ ਹੋ ਰਹੇ ਹਨ | ਕੋਈ ਖੁਦਾਈ ਉਪਕਰਨ ਅਤੇ ਚੰਨ 'ਤੇ ਜ਼ਰੂਰੀ ਹੋਣ ਵਾਲੀ ਤਕਨੀਕੀ ਦੇ ਵਿਕਾਸ ਨਾਲ ਅਰਬਾਂ ਕਮਾਉਣ ਦੇ ਸੁਪਨੇ ਸੰਜੋਈ ਬੈਠਾ ਹੈ | ਕਿਸੇ ਦਾ ਇਰਾਦਾ ਮਨੁੱਖੀ ਬਸਤੀਆਂ ਵਸਾਉਣ ਦਾ ਹੈ ਤੇ ਉਹ ਸੰਭਾਵਿਤ ਘਰ ਲੱਭ ਰਿਹਾ ਹੈ | ਕੋਈ ਇਥੋਂ ਮੰਗਲ ਅਤੇ ਦੂਜੇ ਗ੍ਰਹਿਆਂ ਲਈ ਲਾਂਚਿੰਗ ਪੈਡ ਬਣਾਉਣਾ ਚਾਹੁੰਦਾ ਹੈ | ਇਸ ਤੋਂ ਇਹ ਸਫ਼ਰ ਸਸਤਾ, ਸੌਖਾ ਅਤੇ ਸੰਖੇਪ ਹੋ ਜਾਵੇਗਾ |
ਚੰਨ ਭਵਿੱਖ ਦੇ ਮਿਸ਼ਨਾਂ ਲਈ ਸੌਰਮੰਡਲ ਦੇ ਦੂਜੇ ਗ੍ਰਹਿਆਂ 'ਤੇ ਜਾਣ ਲਈ ਇਕ ਸਟੇਸ਼ਨ ਦੇ ਤੌਰ 'ਤੇ ਵੀ ਵਿਕਸਤ ਕਰਨ ਲਈ ਸਭ ਤੋਂ ਵਧੀਆ ਹੈ | ਉਂਝ ਵੀ ਚੰਦਰਮਾ 'ਤੇ ਰਾਕੇਟ ਲਈ ਬਾਲਣ ਉਥੇ ਉਪਲੱਬਧ ਹੋ ਜਾਵੇਗਾ | ਯੂਰਪੀ ਸਪੇਸ ਏਜੰਸੀ ਸਵੀਕਾਰਦੀ ਹੈ ਕਿ ਇਸ ਰਫ਼ਤਾਰ ਨਾਲ ਚੱਲੇ ਤਾਂ ਅਗਲੇ ਪੰਜ ਸਾਲਾਂ ਵਿਚ ਚੰਨ 'ਤੇ ਖੋਜ ਸਟੇਸ਼ਨ ਜ਼ਰੂਰ ਬਣ ਜਾਵੇਗਾ | ਉਸ ਅਨੁਸਾਰ ਚੰਨ 'ਤੇ ਰਹਿਣ ਲਈ ਸਾਰੀ ਜ਼ਰੂਰੀ ਸਮੱਗਰੀ ਚੰਦਰਮਾ ਦੀ ਹੀ ਧਰਤੀ 'ਤੇ ਮੌਜੂਦ ਹੈ, ਉਥੇ ਊਰਜਾ ਦਾ ਵੀ ਇੰਤਜ਼ਾਮ ਹੈ | ਇਸ ਲਈ ਉਹ ਥ੍ਰੀਡੀ ਪਿ੍ੰਟਿੰਗ ਦਾ ਸਹਾਰਾ ਲੈ ਕੇ ਖੋਜ ਸੈਂਟਰ ਦੇ ਇਸ ਤਰ੍ਹਾਂ ਦੇ ਢਾਂਚੇ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਚੁੱਕੀ ਹੈ, ਜਿਸ 'ਤੇ ਉਲਕਾ ਪਿੰਡਾਂ ਅਤੇ ਵਿਕੀਰਣ ਦਾ ਅਸਰ ਨਾ ਪਵੇ | ਪ੍ਰੋ. ਯਸ਼ਪਾਲ ਨੇ ਕਿਹਾ ਸੀ ਕਿ ਚੰਨ 'ਤੇ 50 ਤੋਂ 75 ਸਾਲ ਬਾਅਦ ਇਨਸਾਨੀ ਬਸਤੀ ਸੰਭਵ ਹੈ ਪਰ ਹਾਲੇ ਨਹੀਂ | ਹੁਣ ਇਸਰੋ ਕਹਿੰਦਾ ਹੈ, ਅਸੀਂ ਬਸਤੀ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਹੁਣ ਉਹ ਸਭ ਸਮਝ, ਤਕਨੀਕ ਅਤੇ ਤਾਕਤ ਮੌਜੂਦ ਹੈ | ਚੰਨ 'ਤੇ ਬਹੁਤ ਸਾਰਾ ਬਰਫੀਲਾ ਪਾਣੀ ਅਤੇ ਚਟਾਨਾਂ ਵਿਚ ਕੈਦ ਆਕਸੀਜਨ, ਸਾਡੀ ਹਵਾ, ਪਾਣੀ ਦੀ ਜ਼ਰੂਰਤ ਪੂਰੀ ਕਰ ਦੇਣਗੇ | ਇੰਫ੍ਰਾਰੈੱਡ ਈਅਰ ਥਰਮਾਮੀਟਰ ਅਤੇ ਐਲ. ਈ. ਡੀ. ਆਧਾਰਿਤ ਉਪਕਰਨ, ਵੱਖ-ਵੱਖ ਤਰ੍ਹਾਂ ਦੇ ਸੈਂਸਰ, ਤਰ੍ਹਾਂ-ਤਰ੍ਹਾਂ ਦੇ ਰੋਬੋਟ ਆਦਿ ਚੰਨ 'ਤੇ ਜੀਵਨ ਨੂੰ ਸੁਖਾਲਾ ਕਰ ਦੇਣਗੇ |
ਭਾਰਤ 2022 ਅਤੇ ਅਮਰੀਕਾ 2024 ਵਿਚ ਆਪਣਾ ਮਨੁੱਖ ਸਮੇਤ ਪੁਲਾੜਯਾਨ ਚੰਨ ਵਲ ਰਵਾਨਾ ਕਰਨ ਵਾਲਾ ਹੈ, ਉਦੋਂ ਨਵੇਂ ਅਨੁਭਵਾਂ ਦਾ ਪਤਾ ਲੱਗੇਗਾ | ਸਵਿਸ ਬੈਂਕ ਦੇ ਖੋਜਾਰਥੀਆਂ ਦਾ ਕਹਿਣਾ ਹੈ ਕਿ 2030 ਵਿਚ ਪੁਲਾੜ ਯਾਤਰੀ 8000 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਵਧਦਾ-ਫੁੱਲਦਾ ਕਾਰੋਬਾਰ ਹੋਵੇਗਾ | ਭਾਰਹੀਣਤਾ ਦਾ ਮਜ਼ਾ ਲੈਣ ਲਈ 500 ਡਾਲਰ ਜਾਂ ਚੰਨ ਤੱਕ ਜਾਣ ਦਾ ਸ਼ੁਰੂਆਤੀ ਕਿਰਾਇਆ 150 ਮਿਲੀਅਨ ਡਾਲਰ ਹੋ ਸਕਦਾ ਹੈ | ਦਾਅਵਾ ਇਹ ਵੀ ਹੈ ਕਿ ਸਿਰਫ਼ 10 ਘੰਟਿਆਂ ਵਿਚ ਚੰਨ ਤੱਕ ਪਹੁੰਚਾ ਦੇਣਗੇ | ਇਕ ਕੰਪਨੀ 'ਸਪੇਸ ਐਕਸ' ਤਾਂ ਸੈਲਾਨੀਆਂ ਦੀ ਬਜਾਏ ਢੁਆਈ ਵਿਚ ਜ਼ਿਆਦਾ ਰੁਚੀ ਲੈ ਰਹੀ ਹੈ | ਅਗਲੇ ਪੰਜ ਸਾਲਾਂ ਵਿਚ ਚੰਨ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਯੋਜਨਾ ਹੈ | ਸੰਭਵ ਹੈ ਕਿ ਜਦੋਂ ਮਨੁੱਖ ਸੱਭਿਅਤਾ ਚੰਨ ਨੂੰ ਛੂਹਣ ਦੀ ਸ਼ਤਾਬਦੀ ਮਨਾਉਣ ਵਾਲੀ ਹੋਵੇਗੀ ਤਾਂ ਬਿਨਾਂ ਸ਼ੱਕ ਇਸ ਨਾਲ ਸਬੰਧਿਤ ਅਨੇਕ ਪ੍ਰੋਗਰਾਮ ਚੰਨ 'ਤੇ ਆਯੋਜਿਤ ਹੋਣਗੇ |

-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਵਿਦਾਇਗੀ ਦੇ ਦਿ੍ਸ਼

ਪੰਜਾਬ ਅਣਗਿਣਤ ਸਮਰਾਟਾਂ ਦੀ ਸਲਤਨਤ ਰਿਹਾ ਹੈ ਜਿਨ੍ਹਾਂ ਵਿਚ ਸਿਕੰਦਰ ਅਤੇ ਅਕਬਰ ਵਰਗੇ ਨਾਂਅ ਵੀ ਸ਼ਾਮਿਲ ਹਨ, ਪਰ ਜੋ ਪੰਜਾਬ ਦੀ ਆਨ ਅਤੇ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ, ਪਹਿਲਾਂ ਕਦੀ ਵੀ ਨਹੀਂਾ ਰਹੀ | ਮਹਾਰਾਜਾ ਰਣਜੀਤ ਸਿੰਘ ਸ਼ਾਇਦ ਪਹਿਲਾ ਤੇ ਆਖਰੀ ਰਾਜਾ ਸੀ ਜਿਸ ਨੇ ਪੰਜਾਬ ਵਿਚ ਸੁਤੰਤਰ ਪੰਜਾਬੀ ਰਾਜ ਕਾਇਮ ਕੀਤਾ ਤੇ ਸੰਸਾਰ ਵਿਚ ਪੰਜਾਬੀਆਂ ਦੀ ਵਡਿਆਈ ਤੇ ਦਲੇਰੀ ਦਾ ਸਿੱਕਾ ਜਮਾਇਆ | ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਸਦੀਆਂ ਪਿੱਛੋਂ ਅਮਨ ਅਤੇ ਚੈਨ ਦਾ ਯੁੱਗ ਪ੍ਰਦਾਨ ਕੀਤਾ |
ਡਾ: ਹਰਨਾਮ ਸਿੰਘ ਸ਼ਾਨ ਦੇ ਅਨੁਸਾਰ ਪੰਜਾਬੀਆਂ ਨੇ ਵੀ ਸਮੂਹਿਕ ਤੌਰ 'ਤੇ ਜਿੰਨਾ ਪਿਆਰ ਤੇ ਸਤਿਕਾਰ ਉਸ ਮਹਾਨ ਪੰਜਾਬੀ ਭਾਵ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ, ਉਸ ਤੋਂ ਪਹਿਲਾਂ ਅਜਿਹਾ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਜਾਂ ਗ਼ੈਰ-ਪੰਜਾਬੀ ਨੂੰ ਕਦੇ ਵੀ ਦਿੱਤਾ ਗਿਆ ਹੋਵੇ | ਸ਼ਾਇਦ ਹੀ ਕਿਸੇ ਰਾਜੇ, ਮਹਾਰਾਜੇ ਦੇ ਚਲਾਣੇ 'ਤੇ ਉਹ ਕਦੇ ਮਜਮੂਈ ਤੌਰ 'ਤੇ ਇੰਨੇ ਰੋਏ ਤੇ ਕੁਰਲਾਏ ਹੋਣ ਜਿੰਨੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ 27 ਜੂਨ, 1839 ਨੂੰ ਅੱਖਾਂ ਮੀਟ ਜਾਣ 'ਤੇ ਰੋਏ | ਮਹਾਰਾਜਾ ਨਾਲ ਹਰੇਕ ਵਰਗ ਦਾ ਪਿਆਰ ਸੀ | ਇਸ ਕਰਕੇ ਉਸ ਸਮੇਂ ਲਾਹੌਰ ਸ਼ਾਹਿਰ ਦੇ ਹਰ ਅਮੀਰ ਅਤੇ ਗ਼ਰੀਬ ਨੂੰ , ਮੁਸਲਮਾਨ, ਹਿੰਦੂ ਤੇ ਸਿੱਖ ਨੂੰ ਰੋਂਦਿਆਂ ਦੇਖਿਆ ਗਿਆ |
ਸਈਅਦ ਮੁਹੰਮਦ ਲਤੀਫ਼ ਜਿਸ ਨੇ 1891 ਵਿਚ 'ਹਿਸਟਰੀ ਆਫ਼ ਪੰਜਾਬ' ਕਿਤਾਬ ਲਿਖੀ ਸੀ, ਲਿਖਦਾ ਹੈ, ਮਹਾਰਾਜਾ ਦੀ ਅਰਥੀ ਨਾਲ ਜਾ ਰਹੇ ਢੋਲ ਰੋਣੀਆਂ ਆਵਾਜ਼ਾਂ ਕੱਢ ਰਹੇ ਸਨ, ਰਾਗੀ ਮਾਤਮੀ ਗੀਤ ਗਾ ਰਹੇ ਸਨ ਤੇ ਉਨ੍ਹਾਂ ਦੇ ਸਾਜ ਵੀ ਵੇਖਣ ਵਾਲਿਆਂ ਵਿਚ ਰੰਜ ਤੇ ਮਾਤਮ ਪਸਾਰ ਰਹੇ ਸਨ | ਇਸ ਦੇ ਨਾਲ ਹੀ ਉਸ ਬਹੁਤ ਵੱਡੇ ਮਾਤਮੀ ਇਕੱਠ ਵਿਚ ਸ਼ਾਮਿਲ ਲੋਕਾਂ ਦੇ ਗ਼ਮਗੀਨ ਚਿਹਰੇ ਉਨ੍ਹਾਂ ਦੇ ਦਿਲਾਂ ਦੇ ਅੰਦਰ ਦੀ ਵੇਦਨਾ ਨੂੰ ਸਪੱਸ਼ਟ ਤੌਰ 'ਤੇ ਪ੍ਰਗਟ ਕਰਦੇ ਸਨ ਤੇ ਨਾਲ ਹੀ ਜ਼ਾਹਰ ਕਰਦੇ ਸਨ ਉਸ ਪਿਆਰ ਤੇ ਸਨੇਹ ਨੂੰ , ਜੋ ਉਨ੍ਹਾਂ ਦੇ ਦਿਲਾਂ ਅੰਦਰ ਸਵਰਗੀ ਮਾਲਕ ਲਈ ਸੀ ਤੇ ਜੋ ਉਨ੍ਹਾਂ ਨੂੰ ਉਵੇਂ ਹੀ ਪਿਆਰ ਕਰਦਾ ਸੀ | ਇਨ੍ਹਾਂ ਸਾਰੀਆਂ ਗੱਲਾਂ ਨੇ ਮਿਲ ਕੇ ਦਿ੍ਸ਼ ਨੂੰ ਰੰਜੀਦਾ ਬਣਾ ਰੱਖਿਆ ਸੀ |
ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ -
ਮਹਾਰਾਜ ਕੌ ਸਰੀਰ ਦਾਹ ਹੋਤ ਦੇਖਿ ਦੇਖਿ,
ਰੋਵਤੇ ਅਮੀਰ ਔ ਫਕੀਰ ਛੋਡ ਤਾਬ ਕੌ |
ਭਾਖੈਂ-ਆਜ ਖਾਕ ਭਈ ਬੀਰਤਾਈ ਬੀਰਨ ਕੀ,
ਮੀਰਨ ਕੀ ਮੀਰਤਾ ਅੰਮੀਰਨ ਪ੍ਰਭਾਵ ਕੋ |
ਹਿੰਦੁਨ ਕੀ ਹਿੰਦ ਜਹੀ ਸਿੰਘਨ ਕੀ ਜਿੰਦ ਜਰੀ,
ਗਾਯਨ ਰਹਿ ਗਵੀਅਨ ਕੋ ਜਰਯੋ ਆਫਤਾਬ ਕੌ |
ਭੁਪਨ ਆਬਾਦੀ ਜਰੀ ਅਵਪੁਰ ਕੀ ਗਾਦੀ ਜਰੀ,
ਜਦ ਗਯੋ ਸੁਹਾਗ ਭਾਗ ਸਗਰੀ ਪੰਜਾਬ ਕੌ |

ਤਵਾਰੀਖ ਗੁਰੂ ਖ਼ਾਲਸਾ ਵਿਚ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ 'ਜਦ ਮਹਾਰਾਜਾ ਦਾ ਬਵਾਨ ਕਿਲ੍ਹੇ ਤੋਂ ਬਾਹਰ ਨਿਕਲਿਆ ਤਾਂ ਅੱਗੇ ਬੇਅੰਤ ਖ਼ਲਕਤ ਆਪਣੇ ਪਿਆਰੇ ਮਹਾਰਾਜੇ ਦੇ ਅੰਤਿਮ ਦਰਸ਼ਨ ਕਰਨ ਲਈ ਇਕੱਠੀ ਹੋਈ ਸੀ | ਕੋਈ ਅਜਿਹਾ ਆਦਮੀ ਨਹੀਂ ਸੀ ਜਿਸ ਦੇ ਚਿਹਰੇ ਤੇ ਉਦਾਸੀਨਤਾ, ਫਿਕਰ ਅਤੇ ਸ਼ੋਕ ਦੇ ਚਿੰਨ੍ਹ ਨਾ ਪ੍ਰਗਟ ਹੁੰਦੇ ਹੋਣ |' ਮਹਾਰਾਜ ਰਣਜੀਤ ਸਿੰਘ ਇਕ ਸੂਝਵਾਨ ਤੇ ਇਨਸਾਫ਼-ਪਸੰਦ ਇਨਸਾਨ ਸੀ | ਇਹੀ ਕਾਰਨ ਸੀ ਉਸ ਦੇ ਰਾਜ ਨੂੰ ਹਰ ਵਿਅਕਤੀ ਆਪਣਾ ਰਾਜ ਸਮਝਦਾ ਸੀ | ਇਕ ਅੰਗਰੇਜ਼ ਮਿਲਟਰੀ ਸੈਕਟਰੀ ਕੈਪਟਨ ਔਜਬਰਨ ਨੇ ਆਪਣੀ ਇਕ ਚਿੱਠੀ ਵਿਚ ਉਸ ਸਮੇਂ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ |
'ਤੁਸੀਂ ਉਨ੍ਹਾਂ ਦੀ ਮੌਤ ਕਾਰਨ ਪੈਦਾ ਹੋਈ ਪੀੜ ਦੀ ਤੀਖਣਤਾ ਨੂੰ ਚਿਤਾਰ ਵੀ ਨਹੀਂ ਸਕਦੇ | ਲਾਹੌਰ ਤੋਂ ਜਾਣ ਤੋਂ ਪਹਿਲਾਂ ਲਿਖੀ ਚਿੱਠੀ ਵਿਚ ਆਪਣੇ ਹਮਵਤਨਾਂ ਨੂੰ ਉਸ ਨੇ ਦੱਸਿਆ ਜਿਨ੍ਹਾਂ ਅਹਿਸਾਸਾਂ ਤੇ ਜਜ਼ਬਿਆਂ ਨਾਲ ਉਨ੍ਹਾਂ ਨੂੰ ਹਰ ਕੋਈ ਪਿਆਰਦਾ ਤੇ ਸਤਿਕਾਰਦਾ ਰਿਹਾ ਸੀ, ਉਹ ਇੰਨੇ ਡੂੰਘੇ ਤੇ ਹਾਰਦਿਕ ਸਨ ਕਿ ਉਨ੍ਹਾਂ ਦੇ ਹੁਕਮਾਂ, ਹਦਾਇਤਾਂ ਤੇ ਇਸ਼ਾਰਿਆਂ (ਜਦੋਂ ਮਹਾਰਾਜਾ ਬੋਲਣੋ ਰੁਕ ਗਏ ਸਨ) ਨੂੰ ਵੀ ਆਖਰੀ ਸਮੇਂ ਤੱਕ ਵੱਧ ਤੋਂ ਵੱਧ ਨਿਸਚਿਤ ਤਾਬੇਦਾਰੀ ਨਾਲ ਮੰਨਿਆ ਜਾਂਦਾ ਰਿਹਾ ਹੈ |'
ਸਈਅਦ ਵਹੀਦੁਦੀਨ ਜੋ ਕਿ ਰਣਜੀਤ ਸਿੰਘ ਦੇ ਸਮੇਂ ਦੇ ਫਕੀਰ ਅਜ਼ੀਜ਼ਉਦੀਨ ਦੇ ਘਰਾਣੇ ਵਿਚੋਂ ਸੀ, ਨੇ ਆਪਣੀ ਪੁਸਤਕ 'ਦਾ ਰੀਅਲ ਰਣਜੀਤ ਸਿੰਘ' ਵਿਚ ਲਿਖਿਆ ਹੈ ਕਿ ਬੁੱਢੇ ਸ਼ੇਰ ਨੂੰ ਆਖਿਰ ਮੌਤ ਨੇ ਆਪਣੇ ਪਿੰਜਰੇ ਵਿਚ ਪਾ ਹੀ ਲਿਆ | ਫਕੀਰ ਆਜ਼ੀਜ਼ਉਦੀਨ ਜੋ ਆਖਰੀ ਸਮੇਂ ਤੱਕ ਮਹਾਰਾਜਾ ਦੇ ਨਾਲ ਸੀ ਜਿਸ ਨੂੰ ਮਹਾਰਾਜੇ ਨੇ ਦਾਨ ਪੁੰਨ ਲਈ ਕਿਹਾ ਸੀ, ਇਥੋਂ ਤੱਕ ਕਿ ਮਹਾਰਾਜਾ ਨੇ ਕੋਹਿਨੂਰ ਹੀਰਾ ਵੀ ਜਗਨਨਾਥ ਮੰਦਰ ਨੂੰ ਦੇਣ ਲਈ ਕਿਹਾ ਦਿੱਤਾ ਸੀ |
ਮਹਾਰਾਜਾ ਦੀ ਚਿਤਾ ਬਾਰੇ ਉਹ ਲਿਖਦਾ ਹੈ, 'ਪੂਰਾ ਲਾਹੌਰ ਗ਼ਮਗੀਨ ਸੀ | ਮਹਾਰਾਜੇ ਦੀਆਂ ਕੁਝ ਰਾਣੀਆਂ ਤੇ ਦਾਸੀਆਂ ਅਤੇ ਕੁਝ ਚਹੇਤੇ ਵਜ਼ੀਰ ਸਤੀ ਹੋਣ ਲਈ ਤਿਆਰ ਸਨ | ਸ਼ਹਿਰ ਦੇ ਬਾਜ਼ਾਰਾਂ ਦੇ ਦੋਵਾਂ ਪਾਸਿਆਂ ਦੇ ਲੋਕ ਕਤਾਰਾਂ ਬੰਨ੍ਹੀ ਖੜ੍ਹੇ ਸਨ | ਜਦੋਂ ਅਰਥੀ ਲੰਘੀ ਲੋਕੀਂ ਉੱਚੀ-ਉੱਚੀ ਰੋਂਦੇ ਸਨ | ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਆਪਣੇ-ਆਪਣੇ ਤਰੀਕੇ ਨਾਲ ਪ੍ਰਾਰਥਨਾਵਾਂ ਕੀਤੀਆਂ | ਰਾਣੀਆਂ ਆਪਣੇ ਜ਼ੇਵਰ ਉਤਾਰਦੀਆਂ ਤੇ ਗ਼ਰੀਬਾਂ ਵੱਲ ਸੁੱਟਦੀਆਂ ਜਾ ਰਹੀਆਂ ਸਨ |
ਉਸ ਸਮੇਂ ਮੌਕੇ ਦੇ ਗਵਾਹ ਡਾ: ਹਾਨਿਗਬਰਗਰ ਨੇ ਉਨ੍ਹਾਂ ਦੇ ਮਾਤਮੀ ਜਲੂਸ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ, 'ਉਸ ਨੂੰ ਵੇਖ ਕੇ ਸਾਡੇ ਦਿਲ ਧੜਕ ਰਹੇ ਸਨ |'
ਇਕ ਸਮਕਾਲੀ ਮਰਾਠੀ ਪੱਤਰ ਜਿਸ ਨੂੰ ਜੀ.ਐਸ. ਸਰ ਡਿਸਾਈ ਨੇ ਆਪਣੇੇ ਇਕ ਪੇਪਰ ਵਿਚ ਦਰਜ ਕੀਤਾ, ਵਿਚ ਲਿਖਿਆ ਹੈ ਕਿ ਮਹਾਰਾਜੇ ਦੀ ਚਿਖਾ ਦੁਆਲੇ ਇੱਕਤਰ ਹੋਈ ਭੀੜ ਨੇ ਉਸ ਉੱਤੇ ਝਬਦੇ ਹੀ, ਲਪਕਣ ਤੇ ਉਨ੍ਹਾਂ ਦੀ ਦੇਹ ਨਾਲ ਹੀ ਆਪਣੇ-ਆਪ ਨੂੰ ਸਾੜ ਲੈਣ ਦਾ ਜੋ ਆਪ-ਮੁਹਾਰਾ ਯਤਨ ਕੀਤਾ ਸੀ, ਉਸ ਨੂੰ ਬੜੀ ਮੁਸ਼ਕਿਲ ਨਾਲ ਠੱਲਿ੍ਹਆ ਤੇ ਰੋਕਿਆ ਗਿਆ | ਨੈਸ਼ਨਲ ਆਰਕਾਈਵ ਆਫ ਇੰਡੀਆ ਨਵੀਂ ਦਿੱਲੀ ਵਿਚ ਪਈਆਂ ਸਿਕਰੇਟ ਕਰੌਸ ਫਾਈਲਜ਼ ਅਨੁਸਾਰ 27-28 ਜੂਨ 1839 ਦੇ ਪੰਜਾਬ ਅਖ਼ਬਾਰ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਚਲਾਣੇ ਤੇ ਦਾਹ ਸੰਸਕਾਰ ਸਮੇਂ ਜੋ ਦੁੱਖ ਤੇ ਕਲੇਸ਼ ਹਰ ਉਮਰ ਦੇ ਲੋਕਾਂ ਨੇ ਮਹਿਸੂਸ ਕੀਤਾ ਸੀ ਅਤੇ ਜੋ ਕੁਰਲਾਹਟ ਉਦੋਂ ਲਾਹੌਰ ਵਿਚ ਪਈ ਸੀ, ਉਸ ਨੂੰ ਬਿਆਨ ਕਰਦਿਆਂ ਦਿਲ ਪਾਸ ਪਾਸ ਹੋ ਜਾਂਦਾ ਹੈ |
ਸੋਹਨ ਲਾਲ ਸੂਰੀ ਜੋ ਮਹਾਰਾਜਾ ਰਣਜੀਤ ਦਾ ਡਾਇਰੀ ਨਵੀਸ ਸੀ ਜਿਸ ਨੇ ਉਮਦਾ-ਉਤ-ਤਵਾਰੀਖ ਲਿਖੀ | ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਇਕ ਇਕ ਦਿਨ ਦਾ ਹਾਲ ਦਰਜ ਹੈ | ਮਹਾਰਾਜੇ ਦੇ ਦਿਹਾਂਤ ਸਬੰਧੀ ਉਹ ਲਿਖਦਾ ਹੈ ਕਿ ਲੋਕਾਂ ਦੀ ਭੀੜ ਦੀ ਅਵਾਜ਼ ਅਤੇ ਹੜਬੜਾਹਟ ਕਾਰਨ ਦਰਬਾਰ ਵਿਚ ਉਥਲ-ਪੁਥਲ ਮਚੀ ਪਈ ਸੀ | ਸਾਰੇ ਪਾਸੇ ਤੋਂ ਆ ਰਹੀਆਂ ਰੋਣ ਦੀਆਂ ਉੱਚੀਆਂ ਅਵਾਜ਼ਾਂ ਵਿਚ ਮਹਾਰਾਜਾ ਨੂੰ ਚੁੱਕ ਕੇ ਬਿਵਾਨ ਉੱਪਰ ਪਾਇਆ ਗਿਆ | ਸਾਰੀਆਂ ਰਾਣੀਆਂ ਅਤੇ ਬੇਗਮਾਂ ਬੁਰੀ ਤਰ੍ਹਾਂ ਰੋ ਰਹੀਆਂ ਸਨ ਜਿਵੇਂ ਉਹ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੀਆਂ ਹੋਣ | ਇੰਝ ਲੱਗ ਰਿਹਾ ਸੀ ਜਿਵੇਂ ਪੂਰਾ ਚਮਕਦਾ ਦਿਨ ਹਨੇਰੇ ਵਿਚ ਡੁੱਬ ਗਿਆ ਹੈ | ਚਿਤਾ ਦੇ ਦੁਆਲੇ ਸਾਰੇ ਸਰਦਾਰਾਂ ਨੇ ਆਪਣੇ ਸਿਰ ਸਜਦੇ ਵਿਚ ਰੱਖ ਲਏ ਸਨ |
ਕਨੱਈਆ ਲਾਲ ਜਿਸ ਨੇ ਤਾਰੀਖ-ਏ-ਪੰਜਾਬ 1875 ਵਿਚ ਲਿਖੀ ਸੀ, ਨੇ ਉਸ ਸਮੇਂ ਦਾ ਹਾਲ ਇਸ ਤਰ੍ਹਾਂ ਵਰਨਣ ਕੀਤਾ ਹੈ ਕਿ ਉਸ ਵੇਲੇ ਹਜ਼ਾਰਾਂ ਨੌਕਰ ਚਾਕਰ ਤੇ ਸ਼ਹਿਰ ਦੇ ਲੋਕ ਮਹਾਰਾਜੇ ਦੀ ਅਰਥੀ ਦੇ ਨਾਲ ਜਾ ਰਹੇ ਸਨ, ਹਜ਼ਾਰਾਂ ਰੁਪਈਆਂ, ਬੁਤਕੀਆਂ ਤੇ ਮੋਤੀਆਂ ਦੀ ਬਰਸਾਤ ਕੀਤੀ ਗਈ ਅਤੇ ਮਹਾਰਾਜੇ ਦੇ ਬਿਵਾਨ ਨੂੰ ਹਜ਼ੂਰੀ ਬਾਗ਼ ਦੇ ਪੱਛਮੀ ਦਰਵਾਜ਼ੇ ਰਾਹੀਂ ਦਰਿਆ ਰਾਵੀ ਦੇ ਕੰਢੇ ਲਿਜਾਇਆ ਗਿਆ | ਚਿਤਾ ਨੂੰ ਬਾਲਣ ਤੋਂ ਬਾਅਦ ਇਕ ਕਬੂਤਰਾਂ ਦਾ ਜੋੜਾ ਵੀ ਆ ਕੇ ਚਿਤਾ ਵਿਚ ਡਿੱਗ ਕੇ ਮਰ ਗਿਆ ਅਤੇ ਨਾਲ ਹੀ ਇਕ ਬੱਦਲੀ ਵੀ ਅਕਾਸ਼ ਵਿਚੋਂ ਉਠੀ ਅਤੇ ਪਾਣੀ ਦੀਆਂ ਬੰੂਦਾਂ ਵਰ੍ਹਣ ਲੱਗੀਆਂ | ਇਉਂ ਜਾਪਦਾ ਸੀ ਕਿ ਮਹਾਰਾਜਾ ਦੇ ਮਿ੍ਤਕ ਸਰੀਰ ਉਪਰ ਅਸਮਾਨ ਵੀ ਸ਼ੋਕ ਦੇ ਅੱਥਰੂ ਕੇਰ ਰਿਹਾ ਸੀ | ਅਜਿਹੇ ਵਿਆਪਕ ਵਿਰਲਾਪ, ਅਜਿਹੀ ਸਮੂਹਿਕ ਕੁਰਲਾਹਟ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਪੰਜਾਬੀਆਂ ਨਾਲ ਕੀਤਾ ਪਿਆਰ, ਉਨਾਂ ਦੀ ਸੇਵਾ ਤੇ ਸੰਭਾਲ ਲਈ ਉਸ ਵਲੋਂ ਉਮਰਾਂਬੱਧੀ ਕੀਤੀ ਗਈ ਘਾਲਣਾ ਅਤੇ ਉਨ੍ਹਾਂ ਦਾ ਮਾਣ-ਤਾਣ ਵਧਾਉਣ ਲਈ ਕੀਤਾ ਗਿਆ ਅਜਿਹਾ ਉੱਦਮ ਹੀ ਸੀ ਜੋ ਉਨ੍ਹਾਂ ਤੋਂ ਪਹਿਲਾਂ ਕਦੇ ਵੀ ਕਿਸੇ ਹੋਰ ਨੇ ਨਹੀਂ ਕੀਤਾ ਸੀ |
ਜੇ. ਸੀ. ਮਾਰਸ ਮੈਨ ਨੇ ਲਿਖਿਆ ਹੈ ਕਿ ਉਹ ਆਪਣੇ ਸਮੇਂ ਵਿਚ ਕੁਸਤਨਤੁਨੀਆਂ ਤੋਂ ਲੈ ਕੇ ਪੀਨਿੰਗ ਤਕ ਸਭ ਤੋਂ ਵੱਡੇ ਤੇ ਗ਼ੈਰ-ਮਮੂਲੀ ਇਨਸਾਨ ਸਨ |
ਡਾ: ਮੈਕਗਰੈਗਰ ਨੇ ਆਪਣੀ ਕਿਤਾਬ 'ਦਾ ਹਿਸਟਰੀ ਆਫ਼ ਦਾ ਸਿੱਖ' ਵਿਚ ਲਿਖਿਆ ਹੈ, 'ਕਿ 1839 ਵਿਚ ਜਦੋਂ ਉਹ ਸਵਰਗਵਾਸ ਹੋਏ ਸਨ ਤਾਂ ਸਾਰੇ ਦੇਸ਼ ਵਿਚ ਬੜਾ ਡੂੰਘਾ ਜਗੱਤਰੀ ਸੋਗ ਛਾ ਗਿਆ ਗਿਆ ਸੀ |' ਇਸ ਬਾਰੇ ਸਰ ਗੋਕਲ ਚੰਦ ਨਾਰੰਗ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਉਸ ਸਮੇਂ ਹਰ ਕਿਸੇ ਨੇ ਇਵੇਂ ਮਹਿਸੂਸ ਕੀਤਾ ਸੀ ਜਿਵਾੇ ਕਿ ਉਸ ਦਾ ਆਪਣਾ ਪਿਤਾ ਤੇ ਰਾਖਾ ਉਸ ਤੋਂ ਖੁੰਝ ਗਿਆ ਹੋਵੇ | ਇਹ ਗੱਲ ਹਰ ਥਾਂ ਕਹੀ ਗਈ ਸੀ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬ ਦੀ ਧਰਤੀ ਰੰਡੀ ਹੋ ਗਈ ਹੈ |
ਕੁਝ ਇਤਿਹਾਸਕਾਰਾਂ ਵਲੋਂ 4 ਰਾਣੀਆਂ ਅਤੇ ਸੱਤ ਦਾਸੀਆਂ ਦੇ ਰਣਜੀਤ ਸਿੰਘ ਦੀ ਚਿਤਾ ਨਾਲ ਸਤੀ ਹੋਣ ਬਾਰੇ 'ਸਤੀ ਪ੍ਰਥਾ' ਦੀ ਰਣਜੀਤ ਸਿੰਘ ਦੇ ਸਮੇਂ ਪਾਲਣਾ ਦੀ ਨਿੰਦਿਆਂ ਕੀਤੀ ਗਈ ਹੈ ਪਰ ਉਪਰੋਕਤ ਇਤਿਹਾਸਕ ਸਰੋਤਾਂ ਨੂੰ ਘੋਖ ਕੇ ਇਹ ਸਾਬਿਤ ਹੋ ਜਾਂਦੇ ਹੈ ਕਿ ਉਹ 'ਸਤੀ ਪ੍ਰਥਾ' ਨਹੀਂ ਸੀ, ਸਗੋਂ ਰਾਣੀਆਂ ਦਾ ਰਾਜੇ ਨਾਲ ਪਿਆਰ ਹੀ ਸੀ | ਕਨੱਈਆ ਲਾਲ 'ਤਾਰੀਖ ਏ ਪੰਜਾਬ' ਵਿਚ ਲਿਖਦਾ ਹੈ ਕਿ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀਆਂ ਲੜਕੀਆਂ ਮਹਾਰਾਜਾ ਨਾਲ ਸਤੀ ਹੋਣ ਲਈ ਤਿਆਰ ਹੋ ਗਈਆਂ | ਪਹਿਲਾਂ ਉਨ੍ਹਾਂ ਨੇ ਆਪਣੀ ਇੱਛਾ ਨਾਲ ਆਪਣੀਆਂ ਜਗੀਰਾਂ, ਮਾਲ, ਧਨ, ਦੌਲਤ ਨਕਦੀ ਗਹਿਣੇ ਦਾਨ ਵਿਚ ਦੇ ਦਿੱਤੇ ਅਤੇ ਫਿਰ ਉਹ ਸੱਚੀ ਪ੍ਰੀਤ ਕਾਰਨ ਮਹਿਲਾਂ ਵਿਚੋਂ ਬਾਹਰ ਨਿਕਲ ਆਈਆਂ | ਜੇਕਰ ਸਤੀ ਦੀ ਪ੍ਰਥਾ ਦੀ ਪਾਲਣਾ ਕੀਤੀ ਗਈ ਹੁੰਦੀ ਤਾਂ ਬਾਕੀ ਰਾਣੀਆਂ ਦਾ ਵੀ 'ਸਤੀ ਹੋਣਾ' ਤੈਅ ਸੀ ਅਤੇ ਦਾਸੀਆਂ ਦੇ ਸਤੀ ਹੋਣ ਦਾ ਕੋਈ ਕਾਰਨ ਹੀ ਨਹੀਂ ਸੀ ਬਣਦਾ |

-ਮਾਰਫਤ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ |
ਮੋਬਾਈਲ : 98149-75686

ਕੁਦਰਤੀ ਝਰਨਿਆਂ ਤੇ ਨਜ਼ਾਰਿਆਂ ਵਾਲਾ ਕਸੌਲੀ

ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕੇ ਤੋਂ ਹਿਮਾਲਿਆ ਪਰਬਤ ਵੱਲ ਰੁਖ਼ ਕਰਦਿਆਂ ਚੰਡੀਗੜ੍ਹ ਤੋਂ 66 ਕਿਲੋਮੀਟਰ ਦੀ ਦੂਰੀ 'ਤੇ ਸਮੰੁਦਰ ਤੱਟ ਤੋਂ 6000 ਦੀ ਔਸਤਨ ਉਚਾਈ ਤੇ ਕੁਦਰਤੀ ਝਰਨਿਆਂ ਵਾਲਾ ਕਸੌਲੀ ਸੈਲਾਨੀਆਂ ਤੇ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ | ਕਸੌਲੀ ਤੋਂ ਸ਼ਿਮਲਾ ਦੀ ਦੂਰੀ 75 ਕਿਲੋਮੀਟਰ ਹੈ ਤੇ ਮਨਾਲੀ 275 ਕਿਲੋਮੀਟਰ ਦੀ ਵਿੱਥ 'ਤੇ ਹੈ | ਮੀਟਰ ਗੇਜ਼ ਰੇਲਵੇ ਲਾਈਨ 'ਤੇ ਧਰਮਪੁਰ ਨਜ਼ਦੀਕ ਰੇਲਵੇ ਸਟੇਸ਼ਨ ਪੈਂਦਾ ਹੈ | ਇਸ ਤੋਂ ਪਹਿਲਾਂ ਕਿ ਕਸੌਲੀ ਦੀ ਵਿਸ਼ੇਸ਼ਤਾ, ਪਾਣੀ ਦੀ ਸਮੱਸਿਆ ਤੇ ਕੁਦਰਤੀ ਸੋਮਿਆਂ ਬਾਰੇ ਚਰਚਾ ਕੀਤੀ ਜਾਵੇ, ਸਾਡੇ ਵਾਸਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨਿਵੇਕਲੇ ਪਹਾੜੀ ਇਲਾਕੇ ਦਾ ਪਿਛੋਕੜ ਤੇ ਮਿਲਟਰੀ ਛਾਉਣੀ ਸਥਾਪਤ ਕਰਨ ਦੀ ਲੋੜ ਕਿਉਂ ਪਈ, ਇਸ ਬਾਰੇ ਇਕ ਝਾਤ ਮਾਰ ਲਈ ਜਾਵੇ |
ਪਿਛੋਕੜ : 17ਵੀਂ ਸਦੀ ਦੇ ਸ਼ੁਰੂ 'ਚ ਕੁਝ ਪਨਵਰ ਘਰਾਣੇ ਦੇ ਰਾਜਪੂਤ ਮੁਗਲਾਂ ਵਲੋਂ ਧਾਰਮਿਕ ਅੱਤਿਆਚਾਰਾਂ ਦੇ ਸਤਾਏ ਹੋਏ ਸੁਰੱਖਿਅਤ ਥਾਵਾਂ ਦੀ ਭਾਲ 'ਚ ਪਹਾੜਾਂ ਵੱਲ ਨੂੰ ਕੂਚ ਕਰ ਗਏ, ਇਨ੍ਹਾਂ ਪਰਿਵਾਰਾਂ ਨੇ ਕਸੂਲ ਘਾਟੀ ਜਿਸ ਨੂੰ 'ਕਸੋਵਲੀ' ਵੀ ਕਿਹਾ ਜਾਂਦਾ ਸੀ ਅਤੇ ਜਿਥੇ ਪਾਣੀ ਦੀ ਕੋਈ ਘਾਟ ਨਹੀਂ ਸੀ, ਉਥੇ ਜਾ ਡੇਰੇ ਲਾਏ |
ਸੰਨ 1816 'ਚ ਨਿਪਾਲੀਆਂ ਨਾਲ ਜੰਗ ਉਪਰੰਤ ਗੋਰਖਿਆਂ ਨੇ ਈਸਟ ਇੰਡੀਆ ਕੰਪਨੀ ਨਾਲ ਸੀਗਲੀ ਸੰਧੀ ਕਰ ਲਈ ਜਿਸ ਕਰਕੇ ਹੋਰਨਾ ਬਿੰਦੂਆਂ ਤੋਂ ਇਲਾਵਾ ਕਸੌਲੀ ਦੇ ਉੱਤਰੀ ਖੇਤਰ ਵਾਲਾ ਇਲਾਕਾ ਸਬਾਥੂ (ਜ਼ਿਲ੍ਹਾ ਸੋਲਨ) ਜਿਥੇ ਕਿ ਅੱਜਕਲ੍ਹ ਗੋਰਖਾ ਰੈਜੀਮੈਂਟਲ ਸੈਂਟਰ ਹੈ, ਅੰਗਰੇਜ਼ਾਂ ਨੂੰ ਸੌਾਪ ਦਿੱਤਾ | ਬਰਤਾਨੀਆ ਨੇ ਆਪਣੇ ਫ਼ੌਜੀਆਂ ਨੂੰ ਸਿਹਤਯਾਬ ਰੱਖਣ ਲਈ ਇਹ ਸਥਾਨ ਭਾਵ ਵਾਲਾ ਸਬਾਥੂ ਡਿਪੋ ਕਾਇਮ ਕੀਤਾ ਸੀ | ਇਥੇ ਹਰ ਸਾਲ ਅਪ੍ਰੈਲ ਤੋਂ 15 ਅਕਤੂਬਰ ਤੱਕ ਬਰਤਾਨੀਆ ਦੀ ਫੌਜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ 500 ਦੀ ਕੁੱਲ ਨਫਰੀ ਤੱਕ ਵਾਤਾਵਰਨ ਦੀ ਤਬਦੀਲੀ ਵਾਸਤੇ ਭੇਜਿਆ ਜਾਂਦਾ ਸੀ |
ਪ੍ਰਸਿੱਧ ਵਿਦਵਾਨ ਤੇ ਉੱਘੇ ਇਤਿਹਾਸਕਾਰ ਸਵ: ਖ਼ੁਸ਼ਵੰਤ ਸਿੰਘ ਅਨੁਸਾਰ ਬਰਤਾਨਵੀ ਸਰਕਾਰ ਨੇ ਕਸੌਲੀ ਪਹਾੜੀ ਇਲਾਕਾ 5000 ਰੁਪਏ ਦੀ ਰਕਮ ਨਾਲ ਖਰੀਦ ਲਿਆ ਤੇ ਉਥੇ ਮਿਲਟਰੀ ਛਾਉਣੀ ਕਾਇਮ ਕੀਤੀ | ਇਹ ਛਾਉਣੀ ਅੰਬਾਲਾ ਮਿਲਟਰੀ ਬਿ੍ਗੇਡ ਏਰੀਏ ਦਾ ਹਿੱਸਾ ਸੀ ਤੇ ਉਸ ਸਮੇਂ ਸਰਹਿੰਦ ਮਿਲਟਰੀ ਜ਼ਿਲ੍ਹੇ ਦੇ ਅਧਿਕਾਰ ਹੇਠ ਸੀ | ਖ਼ੁਸ਼ਵੰਤ ਸਿੰਘ ਮੁਤਾਬਿਕ ਕਸੌਲੀ ਉਨ੍ਹਾਂ ਫ਼ੌਜੀ ਛਾਉਣੀਆਂ ਦੀ ਲੜੀ ਵਿਚੋਂ ਇਕ ਸੀ, ਜਿਥੇ ਸੰਨ 1840 ਦੇ ਆਸ-ਪਾਸ ਗ਼ੈਰੀਜਨਾਂ 'ਚ ਬਰਤਾਨਵੀ ਫ਼ੌਜਾਂ ਨੂੰ ਸਿੱਖ ਫ਼ੌਜਾਂ ਨਾਲ ਜੰਗ ਲੜਨ ਵਾਸਤੇ ਤਿਆਰ ਕੀਤਾ ਜਾਂਦਾ ਸੀ |
ਇਸ ਸਮੇਂ ਕਸੌਲੀ ਛਾਉਣੀ 'ਚ ਇਕ ਇਨਫੈਂਟਰੀ ਬਿ੍ਗੇਡ, ਕੈਂਟ ਬੋਰਡ, ਵਿਰਾਸਤੀ ਬਾਜ਼ਾਰ, ਕਸੌਲੀ ਕਲੱਬ, ਇਕ ਛੋਟਾ ਵਿਸ਼ੇਸ਼ ਏਅਰ ਫੋਰਸ ਸਟੇਸ਼ਨ ਮਾਈਕ੍ਰੋਵੇਵ ਸਟੇਸ਼ਨ, ਸੈਂਟਰਲ ਰਿਸਰਚ ਇੰਸਟੀਚਿਊਟ (ਸੀ.ਆਰ.ਆਈ.) ਤੇ ਹੋਰ ਸਥਿਤ ਹਨ |
ਵਿਸ਼ੇਸ਼ਤਾ ਤੇ ਵਾਤਾਵਰਨ : ਸਿੱਖ ਰਾਜ ਤੋਂ ਬਾਅਦ ਬਿ੍ਟਿਸ਼ ਇੰਡੀਆ ਸਰਕਾਰ ਨੇ ਕਸੌਲੀ ਨੂੰ ਪਹਾੜੀ ਆਵਾਜਾਈ-ਸਥਾਨ ਵਜੋਂ ਵਿਕਸਤ ਕੀਤਾ ਤੇ ਸਭ ਤੋਂ ਪਹਿਲਾਂ ਛਾਉਣੀ ਬਹਾਲ ਕਰਨ ਦੇ ਨਾਲ ਗਿਰਜਾ ਘਰਾਂ ਦੀ ਉਸਾਰੀ ਸ਼ੁਰੂ ਹੋਈ | ਸੰਨ 1844 'ਚ ਚਰਚ ਆਫ਼ ਇੰਗਲੈਂਡ, ਫਿਰ ਸੰਨ 1847 'ਚ ਰੋਮਨ ਕੈਥੋਲਿਕ ਚਰਚ ਤੇ ਆਖਿਰ 'ਚ 1879 'ਚ ਇਕ ਹੋਰ ਗਿਰਜਾ ਘਰ ਕਾਇਮ ਕੀਤਾ |
ਸੰਨ 1860 'ਚ ਬਦਨਾਮ ਜਨਰਲ ਡਾਇਰ ਦੇ ਬਾਪ ਨੇ ਕਸੌਲੀ ਬਰੂ-ਐਰਈ ਕਾਇਮ ਕੀਤੀ ਜੋ ਕਿ ਸੰਨ 1873 'ਚ ਮੋਹਨ ਮੀਕਨ ਨੇ ਖਰੀਦ ਲਈ, ਜਿਥੋਂ ਦੀ ਸੋਲਨ ਨੰਬਰ 1 ਵਿਸਕੀ ਬੜੀ ਮਸ਼ਹੂਰ ਹੈ |
658 ਏਕੜ ਵਾਲੇ ਰਕਬੇ 'ਚ ਫੈਲਿਆ ਲੰਮੀ ਪਰਬਤ ਸ਼੍ਰੇਣੀ ਵਾਲਾ ਖੂਬਸੂਰਤ ਕਸੌਲੀ ਚੀੜ, ਦੇਵਦਾਰ, ਸਫੇਦ ਪੱਤਿਆਂ ਵਾਲਾ ਬਲੂਤ (ਓਕ) ਜੰਗਲੀ ਚੈਰੀ, ਘੋੜਾ ਅਖਰੋਟ ਅਤੇ ਹੋਰ ਕਈ ਕਿਸਮ ਦੇ ਦਰੱਖਤਾਂ ਨਾਲ ਢਕਿਆ ਹੋਇਆ ਹੈ | ਸਰਦ ਰੁੱਤ ਸਮੇਂ ਕੁਦਰਤ ਦੀ ਨਿਹਮਤ ਸਦਕਾ ਇਹ ਲੰਮੀ ਪਹਾੜੀ ਬਹੁਰੰਗੀ ਫੁੱਲਾਂ ਨਾਲ ਆਪ ਮੁਹਾਰੇ ਸਜ ਜਾਂਦੀ ਹੈ ਜਿਸ ਦੀ ਮਹਿਕ ਵਾਲਾ ਨਜ਼ਾਰਾ ਬਿਆਨ ਨਹੀਂ ਕੀਤਾ ਜਾ ਸਕਦਾ |
ਜਲਵਾਯੂ ਤੇ ਵਾਤਾਵਰਨ ਤਬਦੀਲੀ ਦਾ ਅਸਰ ਇਸ ਅਨਮੋਲ ਧਰਤੀ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ | ਦਿੱਲੀ, ਪੰਜਾਬ, ਹਰਿਆਣਾ ਵਾਲੀਆਂ ਗਰਮ ਹਵਾਵਾਂ ਕਾਰਨ ਗਰਮੀਆਂ ਦੇ ਮੌਸਮ 'ਚ ਦਿਨ ਦੇ ਸਮੇਂ ਔਸਤਨ ਤਾਪਮਾਨ 30 ਡਿਗਰੀ ਸੈਲਸੀਅਸ ਤੇ ਰਾਤ ਨੂੰ 24 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ | ਉਂਜ ਸਾਲਾਨਾ 16 ਇੰਚ ਔਸਤਨ ਬਾਰਿਸ਼ ਤੇ ਠੰਢੀਆਂ ਹਵਾਵਾਂ ਮੌਸਮ ਸੁਹਾਵਣਾ ਬਣਾ ਦਿੰਦੀਆਂ ਹਨ | ਸਰਦ ਰੁੱਤ ਸਮੇਂ ਥੋੜ੍ਹੀ ਬਹੁਤੀ ਬਰਫ਼ ਵੀ ਪੈਂਦੀ ਹੈ | ਸੰਨ 1905 'ਚ ਕਸੌਲੀ 'ਚ 4ੱ ਫੁੱਟ ਬਰਫ਼ ਰਿਕਾਰਡ ਕੀਤੀ ਗਈ ਸੀ |
ਲਾਲ ਰੰਗ ਦੀ ਮਿਨੀਵੇਟ ਦੇ ਝੰੁਡ, ਕਈ ਕਿਸਮ ਦੀਆਂ ਰੰਗ-ਬਰੰਗੀਆਂ ਚਿੜੀਆਂ, ਦਾਲਚੀਨੀ ਚਿੜੀ, ਕਾਲਾ ਤਿੱਤਰ, ਬੁਲਬੁਲ, ਗਰਮੀਆਂ 'ਚ ਕੋਇਲ ਤੇ ਹੋਰ ਸੰੁਦਰ ਪਰਿੰਦੇ ਚਹਿਕਦੇ-ਮਹਿਕਦੇ ਮਨਾਂ ਨੂੰ ਮੋਹ ਲੈਂਦੇ ਹਨ | ਇਸ ਤੋਂ ਇਲਾਵਾ ਜੰਗਲੀ ਜਾਨਵਰ ਜਿਵੇਂ ਕਿ ਕੰਡੈਲਾ, ਲੰੂਬੜ, ਚੂਹਾ-ਹਿਰਨ, ਲੰਗੂਰ, ਲਾਲ ਬਾਂਦਰ, ਗਿੱਦੜ, ਜੰਗਲੀ ਬਿੱਲੀ, ਚੀੜ ਦੇ ਦਰੱਖਤਾਂ ਦੇ ਆਸ-ਪਾਸ ਘੰੁਮਦੇ ਆਮ ਦਿਖਾਈ ਦਿੰਦੇ ਹਨ | ਕਦੇ-ਕਦੇ ਤੇਂਦੂਆ ਵੀ ਗੇੜੇ ਲਾਉਂਦਾ ਰਹਿੰਦਾ ਹੈ |
ਮੰਕੀ ਪੁਆਇੰਟ : ਕਸੌਲੀ ਦੀ ਲੰਮੀ ਪਰਬਤ ਸ਼੍ਰੇਣੀ ਦੇ ਦੱਖਣ ਵੱਲ ਨੂੰ ਉਭਰਿਆ ਭੂ-ਦਿ੍ਸ਼ ਸੈਲਾਨੀਆਂ ਵਾਸਤੇ ਹਮੇਸ਼ਾ ਖਿੱਚ ਦਾ ਕੇਂਦਰ ਬਣਦਾ ਹੈ | ਇਸ ਨੂੰ ਜੱਦੀ ਨਿਵਾਸੀਆਂ ਵਲੋਂ ਬਿ੍ਟਿਸ਼ ਕਰਨਲ 'ਟੈਪਸ ਦਾ ਨੱਕ' ਦਾ ਨਾਂਅ ਦਿੱਤਾ ਗਿਆ ਸੀ, ਜਿਸ ਨੂੰ ਹੁਣ 'ਮੰਕੀ ਪੁਆਇੰਟ' ਕਿਹਾ ਜਾਂਦਾ ਹੈ | ਇਸ ਪਹਾੜੀ ਦੇ ਸਿਖਰ 'ਤੇ ਇਕ ਪੱਥਰ ਸੀ, ਜਿਸ ਨੂੰ ਸਥਾਨਕ ਲੋਕ 'ਕਰਕ ਦੇਵ' ਕਹਿ ਕੇ ਪੂਜਾ ਕਰਦੇ ਸਨ | ਇਸ ਜਗ੍ਹਾ 'ਤੇ ਹੁਣ ਹਨੂੰਮਾਨ ਮੰਦਰ ਸਥਾਪਿਤ ਹੈ | ਜਦੋਂ ਮੌਸਮ ਸਾਫ਼ ਹੁੰਦਾ ਹੈ ਤਾਂ ਇਸ ਟੀਸੀ ਤੋਂ ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਸਤਿਲੁਜ ਤੇ ਹੋਰ ਇਲਾਕੇ ਵੀ ਅਸਾਨੀ ਨਾਲ ਸ਼ਨਾਖਤ ਕੀਤੇ ਜਾ ਸਕਦੇ ਹਨ |
ਜ਼ਿਕਰਯੋਗ ਹੈ ਕਿ ਦੋ ਅੰਗਰੇਜ਼ ਭੈਣਾਂ ਜਦੋਂ ਉਹ ਬੰਦਰ ਪੁਆਇੰਟ 'ਤੇ ਪਹੁੰਚਣ ਵਾਸਤੇ ਘੋੜੇ 'ਤੇ ਸਵਾਰ ਸਨ ਤਾਂ ਘੋੜਾ ਠੁੱਡਾ ਖਾ ਕੇ ਡਿੱਗ ਪਿਆ ਤੇ ਬੱਚੀਆਂ ਮਸਲੀਆਂ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ | ਉਨ੍ਹਾਂ ਦੀ ਪਹਾੜੀ ਦੇ ਆਧਾਰ 'ਤੇ ਕਬਰ ਬਣਾ ਕੇ ਉਸ ਦੇ ਆਸ-ਪਾਸ ਸਰੂ ਦੇ ਪੌਦੇ ਲਗਾ ਦਿੱਤੇ ਗਏ ਜੋ ਕਿ ਆਕਰਸ਼ਕ ਪਿਕਨਿਕ ਪੁਆਇੰਟ ਹੈ ਪੰ੍ਰਤੂ ਰਾਤ ਦੇ ਸਮੇਂ ਉਥੇ ਕੋਈ ਨਹੀਂ ਜਾਂਦਾ | ਖ਼ੁਸ਼ਵੰਤ ਸਿੰਘ ਨੇ ਇਸ ਜਗ੍ਹਾ ਦਾ ਜ਼ਿਕਰ ਕਰਦਿਆਂ ਲਿਖਿਆ, 'ਬਰਤਾਨਵੀ ਤਾਂ ਚਲੇ ਗਏ ਪੰ੍ਰਤੂ ਆਪਣੇ ਪਿੱਛੇ ਭੂਤ ਛੱਡ ਗਏ |' ਵੈਸੇ ਤਾਂ ਸੈਰ ਕਰਨ ਵਾਸਤੇ ਉਪਰਲਾ ਤੇ ਹੇਠਲਾ ਮਾਲ ਬਹੁਤ ਵਧੀਆ ਪੱਧਰੀ ਜਗ੍ਹਾ ਹੈ |
ਸੀ.ਆਰ.ਆਈ. : ਕੋਈ ਸਮਾਂ ਸੀ ਜਦੋਂ ਟੀ.ਬੀ. ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਹੁੰਦਾ ਪਰ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਚੀੜ ਦੇ ਦਰੱਖਤਾਂ ਦੀ ਖੁਸ਼ਬੂ ਵਾਲੀ ਆਬੋ-ਹਵਾ ਇਸ ਰੋਗ ਨੂੰ ਦੂਰ ਕਰਨ 'ਚ ਸਹਾਈ ਹੋ ਸਕਦੀ ਹੈ | ਇਸ ਵਾਸਤੇ ਸੰਨ 1900 ਦੇ ਸ਼ੁਰੂ 'ਚ ਕਈ ਕਿਸਮ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਕਸੌਲੀ ਪਾਸਚਰ ਸੰਸਥਾਨ ਕਾਇਮ ਕੀਤਾ ਗਿਆ ਹੈ ਤੇ ਟੀ.ਬੀ. ਸੈਨੇਟੋਰੀਅਮ ਵੀ ਬਣਾਏ ਗਏ | ਵਿਸ਼ੇਸ਼ ਤੌਰ 'ਤੇ ਇਥੇ ਐਾਟੀ ਰੈਬੀਜ਼ ਟੀਕੇ, ਪਾਗਲ ਕੁੱਤੇ ਤੇ ਸੱਪਾਂ ਆਦਿ ਦੇ ਕੱਟਣ ਦੇ ਇਲਾਜ ਵਾਸਤੇ ਟੀਕੇ ਬਣਨ ਲੱਗੇ | 3 ਮਈ, 1905 ਨੂੰ ਇਸ ਸੰਸਥਾ ਦਾ ਨਾਂਅ ਬਦਲ ਕੇ ਸੈਂਟਰਲ ਰਿਸਰਚ ਇੰਸਟੀਚਿਊਟ (ਸੀ.ਆਰ.ਆਈ.) ਯਾਨੀ ਕਿ ਕੇਂਦਰੀ ਖੋਜ ਸੰਸਥਾ ਰੱਖ ਦਿੱਤਾ ਗਿਆ | ਇਸ ਦਾ ਮੁੱਖ ਉਦੇਸ਼ ਤੇ ਕਰਤਵ ਮੈਡੀਕਲ ਤੇ ਜਨਤਕ ਸਿਹਤ ਤੇ ਮਨੁੱਖੀ ਸਰੋਤ ਦਾ ਵਿਕਾਸ ਤੇ ਜੀਵਨ ਬਚਾਊ ਦਵਾਈਆਂ ਜਿਵੇਂ ਕਿ ਡੀ.ਪੀ.ਟੀ. ਗਰੁੱਪ ਦੇ ਟੀਕੇ ਵੀ ਬਣਾਉਣਾ ਹੈ |ਸੀ.ਆਰ.ਆਈ. ਦੇ ਉੱਚ ਅਧਿਕਾਰੀ ਡਾ: ਵਿਜੈ ਕੁਮਾਰ ਨੇ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਸਮੇਂ ਵਿਸ਼ਵ ਭਰ 'ਚ ਕੇਵਲ ਕਸੌਲੀ ਹੀ ਇਕੋ ਇਕ ਐਸੀ ਖੋਜੀ ਸੰਸਥਾ ਸੀ, ਜਿਥੇ ਇਸ ਕਿਸਮ ਦੇ ਰੋਗਾਂ ਦਾ ਇਲਾਜ ਤੇ ਟੀਕੇ ਬਣਾਏ ਜਾਂਦੇ ਸਨ | ਅੱਜਕਲ੍ਹ ਤਾਂ ਇਥੇ ਮਾਈਕ੍ਰੋਬਾਇਆਲੋਜੀ ਦੀ ਉਚੇਰੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਫੋਨ : 0172-2740991.

ਸਨਮਾਨਜਨਕ ਜ਼ਿੰਦਗੀ ਚਾਹੁੰਦੇ ਹਨ ਸਾਂਸੀ ਕਬੀਲੇ ਦੇ ਲੋਕ

ਪੰਜਾਬ ਵਿਚ ਨਸ਼ਿਆਂ ਦਾ ਦੈਂਤ ਲਗਾਤਾਰ ਖੌਰੂ ਪਾ ਰਿਹਾ ਹੈ ਪਰ ਸਰਕਾਰਾਂ ਦਾ ਇਸ ਬੰਦੇਖਾਣੀ ਵਬਾ ਵੱਲ ਕੋਈ ਧਿਆਨ ਨਹੀਂ | ਪੁਲਿਸ ਨਸ਼ਾਬੰਦੀ ਦੇ ਨਾਂਅ ਤੇ ਨਸ਼ੱਈਆਂ, ਛੋਟੇ ਤਸਕਰਾਂ ਤੇ ਕੋਰੀਅਰਾਂ (ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਲਈ ਰੱਖੇ ਨੌਜਵਾਨ) ਨੂੰ ਫੜ ਕੇ ਆਪਣੀ ਕਾਰਗੁਜ਼ਾਰੀ ਦਿਖਾ ਰਹੀ ਹੈ | ਸਿਆਸਤ, ਪੁਲਿਸ ਤੇ ਨਸ਼ਾ ਤਸਕਰਾਂ ਦਾ ਆਪਸੀ ਗੱਠਜੋੜ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਵਿਚ ਸਭ ਤੋਂ ਵੱਡਾ ਅੜਿੱਕਾ ਹੈ | ਸਰਹੱਦਾਂ 'ਤੇ ਤਾਇਨਾਤ ਸੁਰੱਖਿਆ ਬਲ ਨਸ਼ੇ ਦਾ ਬੁਲਿਟਨ ਜਾਰੀ ਕਰਦਿਆਂ ਸਰਹੱਦੋਂ ਪਾਰਲੀ ਖੇਪ ਬਾਰੇ ਨਵੇਂ-ਨਵੇਂ ਅੰਕੜੇ ਨਸ਼ਰ ਕਰਦੇ ਹਨ | ਹਾਲਤ ਇਹ ਹੈ ਕਿ ਸਰਹੱਦੀ ਜ਼ਿਲਿਆਂ ਦੇ ਬਹੁਤੇ ਨਿਵਾਸੀਆਂ ਨੂੰ ਸਰਹੱਦ ਪਾਰੋਂ ਤਾਂ ਜਿਹੜਾ ਮਾਲ ਪਹੁੰਚਦਾ ਹੈ ਉਹ ਵੱਖਰਾ ਹੈ ਪਰ ਇਹ ਲੋਕ ਆਪਣੇ ਤੌਰ 'ਤੇ ਵੀ ਨਸ਼ਿਆਂ ਰਾਹੀਂ ਆਪਣੀ ਰੋਟੀ-ਰੋਜ਼ੀ ਤੋਰਦੇ ਹਨ | ਕਿਉਂਕਿ ਉਨ੍ਹਾਂ ਲੋਕਾਂ ਕੋਲ ਕੋਈ ਵੀ ਆਮਦਨ ਦਾ ਹੀਲਾ ਵਸੀਲਾ ਨਹੀਂ | ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਕਈ ਮਰਦਾਂ ਦੇ ਨਾਲ ਇਥੋਂ ਦੀਆਂ ਔਰਤਾਂ ਵੀ ਸ਼ਰੇ੍ਹਆਮ ਨਸ਼ਾ ਵੇਚਦੀਆਂ ਤੇ ਤਿਆਰ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ | ਸਰਹੱਦੀ ਲੋਕਾਂ ਕੋਲ ਤਾਂ ਮੁੱਢਲੀਆਂ ਸਹੂਲਤਾਂ ਜਿਵੇਂ ਸਿਹਤ ਸਿੱਖਿਆ ਸੁਰੱਖਿਆ ਵੀ ਨਹੀਂ ਹਨ | ਸੂਬੇ ਦੇ ਇਨ੍ਹਾਂ ਸਰਹੱਦੀ ਪਿੰਡਾਂ ਨੂੰ ਲਗਦੇ ਦਰਿਆ ਨਹਿਰਾਂ, ਨਾਲਿਆਂ ਉਤੇ ਪੁਲ ਹੀ ਨਹੀਂ ਹਨ | ਕਈ ਥਾਵਾਂ ਤੇ ਫ਼ੌਜ ਵਲੋਂ ਪੁਲ ਆਰਜ਼ੀ ਤੌਰ 'ਤੇ ਬਣਾਏ ਗਏ ਹਨ ਪਰ ਜਿਉਂ ਹੀ ਬਾਰਸ਼ਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਉਹ ਪੁਲ ਚੁੱਕ ਲੈਂਦੀ ਹੈ ਤਾਂ ਕਿ ਉਹ ਬਾਰਸ਼ ਦੇ ਪਾਣੀ ਵਿਚ ਨਾ ਰੁੜ੍ਹ ਜਾਣ | ਜਾਣੀ ਇਹ ਪੁਲ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਜ਼ਿਆਦਾ ਮਹਿੰਗੇ ਹਨ ਜਿਹੜੇ ਇਨ੍ਹਾਂ ਦਿਨਾਂ ਵਿਚ ਦਰਿਆ ਤੈਰ ਕੇ ਪਾਰ ਕਰਦੇ ਹਨ | ਬਹੁਤੀ ਵਾਰੀ ਤਾਂ ਉਹ ਦਰਿਆ ਪਾਰ ਕਰਦੇ ਰੁੜ੍ਹ ਵੀ ਜਾਂਦੇ ਹਨ | ਇਸ ਦੇ ਬਾਵਜੂਦ ਉਹ 'ਜ਼ਰਾਇਮ ਪੇਸ਼ਾ' ਲੋਕ ਅਖਵਾਉਂਦੇ ਹਨ |
ਪੰਜਾਬ ਵਿਚ ਨਸ਼ਿਆਂ 'ਤੇ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਨੇ ਇਕ ਸਰਵੇ ਕਰਵਾਇਆ ਹੈ ਜਿਸ ਵਿਚ 7.2 ਲੱਖ ਦੇ ਕਰੀਬ ਪੰਜਾਬੀ ਚਿੱਟਾ, ਅਫੀਮ, ਭੁੱਕੀ, ਨਸ਼ੀਲੀਆਂ ਗੋਲੀਆਂ ਤੇ 28 ਲੱਖ ਦੇ ਕਰੀਬ ਪੰਜਾਬੀ ਸ਼ਰਾਬ ਤੋਂ ਪੈਦਾ ਹੋਈਆਂ ਬੀਮਾਰੀਆਂ ਦੇ ਸ਼ਿਕਾਰ ਹਨ | ਕੋਕੀਨ, ਟੀਕਿਆਂ ਵਾਲੇ ਵੱਖਰੇ ਹਨ | ਨਸ਼ਿਆਂ ਦੀ ਮੰਡੀ ਦੇ ਇਨ੍ਹਾਂ ਮਗਰਮੱਛਾਂ ਨੂੰ ਕੋਈ ਨਹੀਂ ਛੇੜਦਾ ਬਸ ਨਸ਼ਈ ਹੀ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ |
ਸਰਕਾਰਾਂ ਤੇ ਪੁਲਿਸ ਦੇ ਇਸ ਵਰਤਾਰੇ ਦਾ ਸਭ ਤੋਂ ਵੱਧ ਸ਼ਿਕਾਰ ਇਥੋਂ ਦੇ ਸਾਂਸੀ ਕਬੀਲੇ ਦੇ ਕੁਝ ਲੋਕ ਹੋਏ ਹਨ | ਇਨ੍ਹਾਂ ਦਾ ਮੁੱਖ ਧੰਦਾ ਨਸ਼ਾ ਵੇਚਣਾ ਹੀ ਬਣ ਗਿਆ ਹੈ | ਪੁਲਿਸ ਨੂੰ ਇਨ੍ਹਾਂ ਦੇ ਘਰ ਦਬਸ਼ ਦੇਣੀ, ਬੱਚੇ ਬੁੱਢੇ ਤੇ ਨੌਜਵਾਨਾਂ ਉਤੇ ਮੁਕੱਦਮੇ ਦਰਜ ਕਰਨੇ ਬਹੁਤ ਹੀ ਸੌਖੇ ਹੁੰਦੇ ਹਨ | ਜਦੋਂ ਉੱਚ ਪੁਲਿਸ ਅਧਿਕਾਰੀ ਥਾਣਿਆਂ ਤੋਂ ਕੇਸ ਮੰਗਦੇ ਹਨ ਤਾਂ ਪੁਲਿਸ ਰਾਤੋ ਰਾਤ ਹੀ ਇਨ੍ਹਾਂ 'ਤੇ ਪਰਚੇ ਦਰਜ ਕਰਕੇ ਇਨ੍ਹਾਂ ਨੂੰ ਘੇਰ ਕੇ ਥਾਣੇ ਲਿਆ ਬਿਠਾਉਂਦੀ ਹੈ | ਝੂਠੇ ਸੱਚੇ ਪਰਚੇ ਦਰਜ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੀ ਖਾਨਾਪੂਰਤੀ ਕਰ ਦਿੰਦੇ ਹਨ |
ਉਕਤ ਕਿਸਮ ਦੀ ਘਟਨਾ ਦੇ ਸਿਲਸਿਲੇ ਵਿਚ ਨਾਭਾ ਦੇ ਇਕੋ ਥਾਣੇ ਵਿਚ ਪੁਲਿਸ ਵਲੋਂ ਇਕ ਮਹੀਨੇ ਵਿਚ ਸਾਂਸੀ ਕਬੀਲੇ ਦੇ 6 ਵਿਅਕਤੀਆਂ ਜਿਨ੍ਹਾਂ ਵਿਚ 4 ਔਰਤਾਂ ਸ਼ਾਮਿਲ ਸਨ, ਉਤੇ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਕੀਤੇ ਗਏ ਸਨ | ਇਨ੍ਹਾਂ ਵਿਚ ਇਕ 18 ਕੁ ਸਾਲ ਦੀ ਸਟੈਨੋ ਦਾ ਕੋਰਸ ਕਰਦੀ ਬੱਚੀ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ | ਉਸ ਦੀ ਵਿਧਵਾ ਮਾਂ ਨੇ ਦੱਸਿਆ ਕਿ ਉਸ ਨੇ ਬੇਟੀ ਦੀ ਥਾਂ ਉਸ ਨੂੰ ਜੇਲ੍ਹ ਭੇਜਣ ਲਈ ਮਿੰਨਤਾਂ ਕੀਤੀਆਂ ਪਰ ਕਿਸੇ ਨੇ ਕੋਈ ਨਹੀਂ ਸੁਣੀ | ਉਹ ਚਾਹੁੰਦੀ ਸੀ ਕਿ ਉਸ ਨੇ ਤਾਂ ਸਾਰੀ ਉਮਰ ਇਸ ਜੁਰਮ ਦੀ ਦੁਨੀਆ ਵਿਚ ਗੁਜ਼ਾਰ ਦਿੱਤੀ ਹੁਣ ਘੱਟੋ-ਘੱਟ ਉਸ ਦੀ ਧੀ ਤਾਂ ਇਸ ਤੋਂ ਬਚੀ ਰਹੇ | ਪਰ ਜਦੋਂ ਉਹ ਕਾਲ ਕੋਠੜੀ ਵਿਚ ਤਾੜ ਦਿੱਤੀ ਗਈ ਹੈ ਤਾਂ ਪੜ੍ਹਾਈ ਤਾਂ ਕੀ ਹੁਣ ਤਾਂ ਉਹ ਵੀ ਇਸ ਅਪਰਾਧਿਕ ਦੁਨੀਆ ਦੀ ਨਿਵਾਸੀ ਬਣ ਕੇ ਘਰ ਪਰਤੇਗੀ |
ਅਸਲ ਵਿਚ ਇਸ ਪੁਲਸੀਆ ਕਾਰਵਾਈ ਦਾ ਮੁੱਢ ਉਦੋਂ ਬੱਝਾ ਜਦੋਂ ਨਸ਼ਿਆਂ ਦੀ ਬਹੁਤਾਤ ਤੋਂ ਅੱਕੇ ਰੋਹਟੀ ਛੰਨਾਂ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਦੋ ਵਾਰੀ ਇੱਥੇ ਧਰਨਾ ਦੇ ਕੇ ਪੁਲਿਸ 'ਤੇ ਸਾਂਸੀਆਂ ਨਾਲ ਮਿਲੇ ਹੋਣ ਦਾ ਦੋਸ਼ ਲਾਇਆ | ਇਥੋਂ ਤੱਕ ਕਿ ਉਨ੍ਹਾਂ ਨੇ ਸਾਂਸੀਆਂ 'ਤੇ ਨਜ਼ਰ ਰੱਖਣ ਲਈ ਪਿੰਡ 'ਚ ਨਾਕਾ ਵੀ ਲਾ ਦਿੱਤਾ ਸੀ |
ਦਰਅਸਲ ਸੋਚਣ ਵਾਲੀ ਗੱਲ ਹੈ ਕਿ ਸਾਂਸੀਆਂ ਕੋਲ ਨਸ਼ਾ ਆਉਂਦਾ ਕਿਥੋਂ ਹੈ? ਨਸ਼ਿਆਂ ਦੀ ਸਪਲਾਈ ਲਾਈਨ ਕਿੱਥੇ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬਰਾਦਰੀ ਦੇ ਕੁਝ ਲੋਕਾਂ ਦਾ ਮਜਬੂਰੀਵੱਸ ਮੱੁਖ ਕਿੱਤਾ ਛੋਟੀ ਮੋਟੀ ਚੋਰੀ, ਜੇਬ ਕੱਟਣਾ , ਬੱਸਾਂ ਵਿਚ ਔਰਤਾਂ ਦੇ ਗਹਿਣੇ ਆਦਿ ਤੇ ਹੱਥ ਸਾਫ ਕਰਨਾ ਤੇ ਨਸ਼ਾ ਤਸਕਰੀ ਹੀ ਬਣ ਗਿਆ ਹੈ | ਬੇਜ਼ਮੀਨੇ ਤੇ ਸਾਧਨ ਵਿਹੂਣੇ ਇਸ ਸਮਾਜ ਦੇ ਲੋਕਾਂ ਕੋਲ ਰੋਟੀ-ਰੋਜ਼ੀ ਕਮਾਉਣ ਦਾ ਕੋਈ ਹੋਰ ਸਾਧਨ ਨਹੀਂ ਹੈ | ਉਕਤ ਕਿਸਮ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਬਹੁਗਿਣਤੀ ਇਸ ਬਰਾਦਰੀ ਵਾਲੇ ਪਿੰਡਾਂ ਰੋਹਟੀ ਛੰਨਾਂ, ਮੰਡੌੜ , ਅਲੀਪੁਰ ਵਿਖੇ ਇਨ੍ਹਾਂ ਲੋਕਾਂ ਨੂੰ ਨੇੜਿਓਾ ਤੱਕਣ ਸਮਝਣ ਦਾ ਮੌਕਾ ਮਿਲਿਆ | ਬਰਾਦਰੀ ਦੇ ਇਕ ਟੈੱਟ ਪਾਸ ਨੌਜਵਾਨ ਅਤੇ ਹੋਰ ਬਰਾਦਰੀ ਵਾਲਿਆਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਸਰਕਾਰਾਂ ਕੋਲ ਉਨ੍ਹਾਂ ਲਈ ਰੁਜ਼ਗਾਰ ਦਾ ਕੋਈ ਅਜੰਡਾ ਨਹੀ ਹੈਾ | ਬਰਾਦਰੀ ਦੇ ਬਹੁਤੇ ਮਰਦ ਪੁਲਿਸ ਦੀ ਕੁਟਾਈ ਦੀ ਝਾਲ ਨਾ ਝਲਦੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ | ਇਸ ਕਮਾਈ ਵਿਚੋਂ ਪੁਲਿਸ, ਵਕੀਲ, ਕੋਰਟ ਕਚਹਿਰੀਆਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ | ਸਾਰੀ ਉਮਰ ਉਨ੍ਹਾਂ ਦੀ ਪੇਸ਼ੀਆਂ ਭੁਗਤਦਿਆਂ ਨਿਕਲ ਜਾਂਦੀ ਹੈ | ਹੱਡ ਨਕਾਰਾ ਹੋ ਜਾਂਦੇ ਹਨ | ਜਿਸ ਕਾਰਨ ਉਹ ਦਿਹਾੜੀ ਕਰਨ ਦੇ ਕਾਬਲ ਵੀ ਨਹੀਂ ਰਹਿੰਦੇ | ਵਿਧਵਾ ਰੇਖਾ ਦਾ ਕਹਿਣਾ ਹੈ ਕਿ ਮਗਨਰੇਗਾ ਅਧੀਨ ਅੱਵਲ ਤਾਂ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲਦੀ | ਜੇਕਰ ਮਿਲਦੀ ਹੈ ਤਾਂ ਪਿੰਡ ਦੇ ਚੌਧਰੀਆਂ ਦੀਆਂ ਨਾਲੀਆਂ ਸਾਫ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਰੇਗਾ ਅਧੀਨ ਆਈ ਉਜਰਤ ਵੀ ਸਾਲਾਂ ਬੱਧੀ ਨਹੀਂ ਦਿੱਤੀ ਜਾਂਦੀ |
-ਇਹ ਛੋਟੇ ਮੋਟੇ ਅਪਰਾਧ ਹੀ ਇਸ ਬਰਾਦਰੀ ਦੇ ਕਈ ਲੋਕਾਂ ਦੀ ਪਹਿਚਾਣ ਬਣ ਚੁੱਕੇ ਹਨ | ਕਈ ਔਰਤਾਂ ਦਾ ਕਹਿਣਾ ਹੈ ਕਿ ਉਹ ਥਾਣੇ, ਜੇਲਾਂ, ਅਦਾਲਤਾਂ ਦਾ ਬੇ-ਗ਼ੈਰਤ ਤੇ ਕਸ਼ਟਮਈ ਜੀਵਨ ਆਪਣੇ ਬੱਚਿਆਂ ਲਈ ਹਰਗਿਜ਼ ਨਹੀਂ ਚਾਹੁੰਦੀਆਂ | ਕੁਝ ਪਰਿਵਾਰਾਂ ਨੇ ਇਸ ਕਿੱਤੇ ਨੂੰ ਛੱਡਣ ਦਾ ਯਤਨ ਕੀਤਾ ਪਰ ਬਦਨਾਮੀ ਅਤੇ ਰੋਜ਼ਗਾਰ ਦੀ ਅਣਹੋਂਦ ਉਨ੍ਹਾਂ ਨੂੰ ਮੁੜ ਉਸੇ ਜੁਰਮ ਦੀ ਦੁਨੀਆਂ ਵਿਚ ਧਕੇਲ ਦਿੰਦੀ ਹੈ, ਜਦੋਂ ਕਿ ਇਸ ਕਿੱਤੇ ਨਾਲ ਨਾਂਅ ਤਾਂ ਉਹ ਸ਼ਾਹੂਕਾਰ ਬਣੇ ਤੇ ਨਾ ਹੀ ਕੋਈ ਇੱਜ਼ਤ ਮਾਣ ਵਾਲਾ ਜੀਵਨ ਹੀ ਜੀਅ ਸਕੇ | ਅਲੀਪੁਰ ਦੇ ਕੁਝ ਸਾਂਸੀ ਪਰਿਵਾਰਾਂ ਦਾ ਕਹਿਣਾ ਸੀ ਕਿ 'ਇਹ ਸਾਨੂੰ ਹੀ ਪਤਾ ਹੈ ਕਿ ਸਮਾਜਿਕ ਰੁਤਬੇ ਵਿਹੂਣੀ, ਅਦਾਲਤ, ਪੁਲਿਸ ਜੇਲ੍ਹਾਂ ਦੀ ਜ਼ਿੰਦਗੀ ਅਸੀਂ ਕਿਵੇਂ ਜਿਊਾਦੇ ਹਾਂ | ਪਿੰਡ ਦੇ ਚੌਧਰੀਆਂ, ਪੁਲਿਸ ਤੇ ਹੋਰ ਗ਼ੈਰ ਸਮਾਜੀ ਅਨਸਰਾਂ ਵਲੋਂ ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਕਿਸ ਤਰ੍ਹਾਂ ਦਾ ਗੈਰ ਇਖਲਾਕੀ, ਗ਼ੈਰ-ਕਾਨੂੰਨੀ ਸਲੂਕ ਕੀਤਾ ਜਾਂਦਾ ਹੈ |'
ਪੜ੍ਹਨ ਲਿਖਣ ਦੇ ਬਾਵਜੂਦ ਉਨ੍ਹਾਂ ਦੇ ਬੱਚਿਆਂ ਲਈ ਰੁਜ਼ਗਾਰ ਦੀ ਕੋਈ ਵਿਵਸਥਾ ਨਹੀਂ ਹੈ | ਮੰਡੌੜ ਪਿੰਡ ਵਾਲਿਆਂ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਕਮਾਈ ਦਾ ਵੱਡਾ ਹਿੱਸਾ ਪੁਲਿਸ ਲੈ ਜਾਂਦੀ ਹੈ | ਜਦੋਂ ਉਨ੍ਹਾਂ ਆਪਣੇ ਮੋਢਿਆਂ 'ਤੇ ਸਟਾਰ ਲਗਵਾਉਣੇ ਹੁੰਦੇ ਹਨ ਤਾਂ ਬਲੀ ਦਾ ਬੱਕਰਾ ਸਾਂਸੀ ਬਰਾਦਰੀ ਦੇ ਲੋਕਾਂ ਨੂੰ ਹੀ ਬਣਾਇਆ ਜਾਂਦਾ ਹੈ | ਉਹ ਕੱਚੇ ਘਰਾਂ ਤੇ ਝੌਪੜੀਆਂ ਵਿਚ ਰਹਿਣ ਲਈ ਮਜਬੂਰ ਹਨ | ਇਥੋਂ ਤਕ ਕਿ ਬਰਾਦਰੀ ਦੇ ਇਕ ਮੁੰਡੇ ਨੂੰ ਫਰਨੀਚਰ ਦੀ ਦੁਕਾਨ ਵਿਚ ਕੰਮ ਉਦੋਂ ਹੀ ਮਿਲਿਆ ਜਦੋਂ ਕਿਸੇ ਮੋਹਤਬਰ ਵਿਅਕਤੀ ਨੇ ਉਸਦੀ ਜਾਮਨੀ ਦਿੱਤੀ | ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਨੌਕਰੀ ਦੇਣ ਵਾਸਤੇ ਫਾਰਮ ਭਰਵਾਏ ਸਨ ਪਰ ਸਰਕਾਰ ਬਣਨ 'ਤੇ ਉਨ੍ਹਾਂ ਫਾਰਮਾਂ ਦਾ ਕੀ ਬਣਿਆ, ਕੋਈ ਪਤਾ ਨਹੀਂ ਲੱਗਾ | ਪੰਜਾਬੀ ਯੂਨੀਵਰਸਟੀ ਦੇ ਸੇਵਾ ਮੁਕਤ ਉੱਘੇ ਲੇਖਕ ਕਿਰਪਾਲ ਕਜ਼ਾਕ ਨੇ ਤਾਂ ਇਥੋਂ ਤਕ ਕਿਹਾ ਕਿ ਸਾਂਸੀ ਬਰਾਦਰੀ ਨੂੰ ਤਾਂ ਐਸ ਟੀ ਦਾ ਦਰਜਾ ਵੀ ਹਾਸਲ ਨਹੀਂ ਹੈ |
ਸਾਂਸੀ ਕਬੀਲਾ ਅੰਗਰੇਜ਼ੀ ਹਕੂਮਤ ਦੇ ਵੇਲੇ ਤੋਂ ਹੀ ਅਪਰਾਧਿਕ ਪਰ ਅਹਿੰਸਕ ਕਾਰਵਾਈਆਂ ਲਈ ਜਾਣਿਆਂ ਜਾਂਦਾ ਹੈ | ਹਕੂਮਤਾਂ ਵਲੋਂ ਨਜ਼ਰ ਅੰਦਾਜ਼ ਕੀਤੀ ਇਹ ਬਰਾਦਰੀ ਪੀੜ੍ਹੀ-ਦਰ-ਪੀੜ੍ਹੀ ਇਸ ਧੰਦੇ 'ਚ ਹੀ ਲਿਪਤ ਰਹੀ ਹੈ | ਰਾਜਸਥਾਨ ਦੇ ਪਿਛੋਕੜ ਵਾਲਾ ਇਹ ਸਾਂਸੀ ਕਬੀਲਾ 18 ਵੀਂ/19ਵੀਂ ਸਦੀ ਵਿਚ ਕੰਮ ਦੀ ਭਾਲ ਵਿਚ ਪੰਜਾਬ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਆ ਵਸਿਆ ਸੀ | ਅੰਗਰੇਜ਼ ਹਕੂਮਤ ਵਲੋਂ 'ਕਿ੍ਮੀਨਲ ਟਰਾਈਬ ਐਕਟ' ਦੇ ਤਹਿਤ ਇਨ੍ਹਾਂ ਨੂੰ ਅਪਰਾਧੀ ਕਬੀਲਾ ਘੋਸ਼ਿਤ ਕੀਤਾ ਗਿਆ ਸੀ ਜੋ 31 ਅਗਸਤ 1952 ਤਕ ਜਾਰੀ ਰਿਹਾ | ਉਦੋਂ ਪਰਿਵਾਰ ਦੇ ਮੁਖੀ ਲਈ ਹਰ ਰੋਜ਼ ਥਾਣੇ ਵਿਚ ਹਾਜ਼ਰੀ ਲੁਆਉਣੀ ਜ਼ਰੂਰੀ ਹੁੰਦੀ ਸੀ | ਅੰਗਰੇਜ਼ ਹਕੂਮਤ ਨੇ ਇਨ੍ਹਾਂ ਨੂੰ ਅਪਰਾਧ ਦੀ ਦੁਨੀਆ ਵਿਚੋਂ ਕੱਢਣ ਲਈ ਉਨ੍ਹਾਂ ਪਰਿਵਾਰਾਂ ਨੂੰ ਇਸ ਹਾਜ਼ਰੀ ਤੋਂ ਛੋਟ ਦਿੱਤੀ ਜੋ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਸਨ | ਪਰ ਹੁਣ ਅਜ਼ਾਦ ਦੇਸ਼ ਦੀਆਂ ਹਕੂਮਤਾਂ ਨੇ ਵੀ ਇਨ੍ਹਾਂ ਨੂੰ ਕੋਈ ਖ਼ਾਸ ਸਹੂਲਤ ਨਹੀਂ ਦਿੱਤੀ | ਕਬੀਲੇ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਤਾਂ ਉਹ ਇਸ ਜੁਰਮ ਦੀ ਦੁਨੀਆਂ ਨੂੰ ਛੱਡਣ ਲਈ ਤਿਆਰ ਹਨ |
ਇਕ ਸਮਾਜ ਸੇਵੀ ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਵਿਨੋਬਾ ਭਾਵੇ ਦੀ ਤਰ੍ਹਾਂ ਮਨੁੱਖਤਾਵਾਦੀ ਸੋਚ ਅਪਣਾਉਂਦਿਆਂ ਇਸ ਕਬੀਲੇ ਨੂੰ ਮੁੜ ਮੁਖਧਾਰਾ ਵਿਚ ਲਿਆਉਣ ਲਈ ਸਰਕਾਰ ਵਲੋਂ ਗੰਭੀਰ ਯਤਨ ਕੀਤੇ ਜਾਣ ਤਾਂ ਇਕ ਬਿਹਤਰ ਸਮਾਜ ਦਾ ਨਿਰਮਾਣ ਹੋ ਸਕਦਾ ਹੈ |

-ਨਾਭਾ |
mohit.imdr0810@gmail.com

ਚੰਡੀਗੜ੍ਹ ਦੇ ਦੋ ਦਰੱਖਤ

1950 ਤੋਂ ਭਾਰਤ ਵਿਚ ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਵਣ ਮਹਾਂਉਤਸਵ ਬਹੁਤ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦਰੱਖਤ ਲਗਾਏ ਜਾਂਦੇ ਹਨ | ਇਨ੍ਹਾਂ ਵਿਚੋਂ ਜੇਕਰ ਅੱਧੇ ਵੀ ਪਰਵਾਨ ਚੜ੍ਹ ਜਾਂਦੇ ਤਾਂ ਹੁਣ ਤੱਕ ਸਾਰਾ ਦੇਸ਼ ਹਰਾ ਭਰਾ ਹੋ ਜਾਣਾ ਸੀ | ਬਾਅਦ ਵਿਚ ਇਨ੍ਹਾਂ ਨਾਜ਼ੁਕ ਬੂਟਿਆਂ ਦੀ ਦੇਖ ਭਾਲ ਨਹੀਂ ਕੀਤੀ ਜਾਂਦੀ ਅਤੇ ਉਹ ਪਾਣੀ ਦੀ ਕਮੀ ਕਰਕੇ ਮਰ ਜਾਂਦੇ ਹਨ ਜਾਂ ਉਨ੍ਹਾਂ ਨੂੰ ਅਵਾਰਾ ਪਸ਼ੂ ਮੁੱਛ ਜਾਂਦੇ ਹਨ | ਸੜਕਾਂ ਚੌੜੀਆਂ ਕਰਨ ਸਮੇਂ ਅਣਗਿਣਤ ਦਰੱਖਤ ਕੱਟ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਨਵੇਂ ਦਰੱਖਤ ਨਾ ਲਗਾਏ ਗਏ ਹਨ ਅਤੇ ਨਾ ਹੀ ਲਗਾਉਣ ਜੋਗੀ ਥਾਂ ਬਚੀ ਹੈ | ਵਿਚਾਲੇ ਐਵੇਂ ਝਾੜੀਆਂ ਜਿਹੀਆਂ ਲਾ ਕੇ ਬੁੱਤਾ ਸਾਰ ਲਿਆ ਹੈ | ਇਹ 'ਮਹਾਂ ਉਤਸਵ' ਸਿਰਫ਼ ਫੋਟੋ ਖਿਚਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ | ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਦੂਜੀ ਵਾਰ ਸੁਖਨਾ ਝੀਲ ਕੰਢੇ ਦਰੱਖਤ ਲਗਾਉਣਾ ਸੀ ਤਾਂ ਉਨ੍ਹਾਂ ਨੇ ਪਹਿਲਾਂ ਆਪਣਾ ਪਿਛਲੇ ਸਾਲ ਵਾਲਾ ਬੂਟਾ ਵੇਖਣ ਦੀ ਮੰਗ ਕਰ ਕੇ ਭਾਜੜਾਂ ਪਾ ਦਿੱਤੀਆਂ ਸਨ | ਹਰ ਕਿਸੇ ਵਿਚ ਅਜਿਹੀ ਭਾਵਨਾ ਹੋਣੀ ਚਾਹੀਦੀ ਹੈ | ਸੋਸ਼ਲ ਮੀਡੀਆ ਦਰੱਖਤਾਂ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਂਦਾ ਹੈ, ਸ਼ਿਵ ਕੁਮਾਰ ਦਾ ਗੀਤ ਗਾਇਆ ਜਾਂਦਾ ਹੈ ਅਤੇ ਗੱਲ ਖਤਮ | ਆਕਸੀਜਨ, ਠੰਢਕ ਅਤੇ ਬਰਸਾਤ ਦੀ ਕਿਸੇ ਨੂੰ ਲੋੜ ਨਹੀਂ ਜਾਪਦੀ |
ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਨਮਾਨ ਵਿਚ ਪੰਜਾਬ ਦੇ ਹਰੇਕ ਪਿੰਡ ਵਿਚ 550 ਦਰੱਖਤ ਲਗਾਏ ਜਾਣੇ ਹਨ | ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਜੇਕਰ ਇਹ ਸਫ਼ਲਤਾਪੂਰਕ ਸਿਰੇ ਚੜ੍ਹ ਗਿਆ ਤਾਂ ਕੁਦਰਤ ਵਿਚ ਪ੍ਰਮਾਤਮਾ ਦੀ ਹੋਂਦ ਵੇਖਣ ਵਾਲੇ ਗੁਰੂ ਜੀ ਨੂੰ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ | ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ | ਬੂਟੇ ਸਰਕਾਰ ਦੇਵੇਗੀ ਅਤੇ ਇਨ੍ਹਾਂ ਨੂੰ ਸੰਭਾਲਣ ਲਈ ਸਾਰੇ ਪਿੰਡਾਂ ਵਿਚ 'ਵਣ ਮਿੱਤਰ' ਲਾਏ ਜਾਣਗੇ | ਉਨ੍ਹਾਂ ਨੂੰ ਤਨਖਾਹ ਮਿਲੇਗੀ ਅਤੇ ਕਈ ਸਾਲ ਤੱਕ ਬੂਟੇ ਸੰਭਾਲਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ | ਪਰ 'ਟਰੀ ਗਾਰਡ' ਲਾਏ ਬਗੈਰ ਬੂਟਿਆਂ ਨੂੰ ਭੇਡ-ਬੱਕਰੀਆਂ ਅਤੇ ਅਵਾਰਾ ਪਸ਼ੂਆਂ ਤੋਂ ਬਚਾਉਣਾ ਅਸੰਭਵ ਹੈ | ਲੋਹੇ ਦੇ 'ਟਰੀ ਗਾਰਡ' ਚੋਰੀ ਹੋ ਜਾਂਦੇ ਹਨ | ਇਹ ਛਾਂਗੇ ਹੋਏ ਪੁਰਾਣੇ ਦਰੱਖਤਾਂ ਦੀਆਂ ਮੋਟੀਆਂ ਟਾਹਣੀਆਂ ਦੇ ਹੀ ਬਣੇ ਹੋਣੇ ਚਾਹੀਦੇ ਹਨ | ਦਰੱਖਤਾਂ ਦੇ ਰਾਖੇ ਦਰੱਖਤ | ਇਹ ਕੰਮ ਪੰਚਾਇਤਾਂ ਨੂੰ ਕਰਨਾ ਚਾਹੀਦਾ ਹੈ |
ਦਰੱਖਤਾਂ ਦੀ ਰਖਵਾਲੀ ਦੇ ਮਸਲੇ ਵਿਚ ਇਸ ਇਲਾਕੇ ਦਾ ਸਭ ਤੋਂ ਹਰਿਆ-ਭਰਿਆ ਸ਼ਹਿਰ ਚੰਡੀਗੜ੍ਹ ਸਭ ਤੋਂ ਅੱਗੇ ਹੈ | ਉੱਥੇ ਚੌੜੀਆਂ ਸੜਕਾਂ ਦੇ ਨਾਲ ਨਾਲ ਬਹੁਤ ਕਿਸਮ ਦੇ ਉੱਚੇ ਦਰੱਖਤ ਝੂਲਦੇ ਹਨ ਜੋ ਮੁੱਖ ਤੌਰ 'ਤੇ ਮਹਿੰਦਰ ਸਿੰਘ ਰੰਧਾਵਾ ਦੀ ਦੇਣ ਹਨ | ਆਮ ਤੌਰ 'ਤੇ ਇਕ ਸੜਕ 'ਤੇ ਇਕ ਹੀ ਕਿਸਮ ਦੇ ਦਰੱਖਤ ਹਨ—ਅਮਲਤਾਸ, ਗੁਲਮੋਹਰ ਆਦਿ | 16 ਸੈਕਟਰ 'ਚ ਇਕ ਛੋਟੀ ਸੜਕ ਤੇ ਨਿਰੋਲ ਦੁਰਲੱਭ ਰਹੂੜੇ ਹਨ | ਉਨ੍ਹਾਂ ਨੇ ਦਰੱਖਤਾਂ ਤੇ ਉਨ੍ਹਾਂ ਦੇ ਨਾਂਅ ਵੀ ਲਿਖਵਾ ਦਿੱਤੇ ਸਨ | ਹਰੇਕ ਦਰੱਖਤ 'ਤੇ ਨੰਬਰ ਲੱਗਿਆ ਹੈ ਤਾਂ ਕਿ ਚੋਰੀ ਨਾ ਹੋ ਸਕੇ | ਕੱਟਣਾ ਤਾਂ ਦੂਰ, ਕਿਸੇ ਦਰੱਖਤ ਨੂੰ ਸਰਦੀਆਂ ਵਿਚ ਛਾਂਗਿਆ ਵੀ ਨਹੀਂ ਜਾ ਸਕਦਾ | ਨਿਯਮ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ | ਵੈਸੇ ਕਈ ਵਾਰ ਇਹ ਸਖਤਾਈ ਮੁਸੀਬਤ ਵੀ ਬਣ ਜਾਂਦੀ ਹੈ ਅਤੇ ਕੁਝ ਤਾਕਤਵਰ ਲੋਕ ਇਸ ਦੀ ਉਲੰਘਣਾ ਵੀ ਕਰ ਜਾਂਦੇ ਹਨ | ਇਕ ਦੂਜੇ ਦੇ ਬਿਲਕੁਲ ਉਲਟ ਦੋ ਦਿਲਚਸਪ ਉਦਾਹਰਣ ਵਰਨਣਯੋਗ ਹਨ |
ਇਕ ਵਾਰ ਮੈਂ ਮੇਰੇ ਇਕ ਪੁਰਾਣੇ ਵਿਦਿਆਰਥੀ ਨੂੰ ਮਿਲਣ ਉਸ ਦੇ ਘਰ ਗਿਆ | ਉਹ ਉਸ ਸਮੇਂ ਪੰਜਾਬ ਸਰਕਾਰ ਵਿਚ ਉੱਚੀ ਪਦਵੀ 'ਤੇ ਸੀ | ਸੈਕਟਰ ਦਾ ਨੰਬਰ ਤਾਂ ਯਾਦ ਨਹੀਂ, ਪਰ ਉਨ੍ਹਾਂ ਦੀ ਰਿਹਾਇਸ਼ ਇਕ ਬਹੁਤ ਵੱਡੇ ਫ਼ਲੈਟ ਵਿਚ ਸੀ | ਕਾਲੋਨੀ ਦੇ ਮੁੱਖ ਗੇਟ 'ਤੇ ਉਤਰਨ ਸਮੇਂ ਮੈਂ ਵੇਖਿਆ ਕਿ ਇਕ ਮਧਰੇ ਜੇਹੇ ਦਰੱਖਤ ਦਾ ਇਕ ਕੁੱਬਾ ਟਾਹਣਾ ਪੰਜ ਕੁ ਫ਼ੁੱਟ ਦੀ ਉਚਾਈ 'ਤੇ ਸੜਕ ਦੇ ਕਾਫੀ ਅੰਦਰ ਤੱਕ ਝੁਕਿਆ ਹੋਇਆ ਸੀ | ਮੈਨੂੰ ਉਹ ਬਹੁਤ ਖਤਰਨਾਕ ਲੱਗਾ | ਕਿਸੇ ਸਮੇਂ ਦੁਰਘਟਨਾ ਹੋ ਸਕਦੀ ਸੀ | ਹੈਰਾਨੀ ਹੋਈ ਕਿ ਇੰਨੇ ਵੱਡੇ ਅਫ਼ਸਰ ਇਸ ਨੂੰ ਕਟਵਾਉਂਦੇ ਕਿਉਂ ਨਹੀਂ |
ਗੱਲ ਬਾਤ ਕਰਨ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਮੈਥੋਂ ਉਸ ਖ਼ਤਰਨਾਕ ਦਰੱਖਤ ਦੀ ਗੱਲ ਤੋਰੇ ਬਿਨਾਂ ਰਿਹਾ ਨਾ ਗਿਆ | ਉਸ ਨੇ ਦੱਸਿਆ ਕਿ ਇੱਥੇ ਸਾਰੇ ਵੱਡੇ ਅਫ਼ਸਰ ਰਹਿੰਦੇ ਹਨ ਜੋ ਕਾਨੂੰਨ ਦੀ ਪਾਲਣਾ ਕਰਦੇ ਹੋਏ ਇਸ ਟਾਹਣੇ ਨੂੰ ਨਹੀਂ ਕਟਵਾਉਂਦੇ | ਪਹਿਲਾਂ ਇਹ ਟੁੰਡ ਸੜਕ ਤੋਂ ਪਾਸੇ ਸੀ | ਸੜਕ ਚੌੜੀ ਹੋਣ ਸਮੇਂ ਇਹ ਸੜਕ ਦੇ ਉੱਪਰ ਆ ਗਿਆ | ਉਸ ਨੇ ਇਹ ਵੀ ਦੱਸਿਆ ਕਿ ਇਸ ਨੇ ਇਕ ਸਕੂਟਰ ਵਾਲੇ ਦਾ ਸਿਰ ਪਾੜ ਦਿੱਤਾ ਸੀ | ਇਕ ਮੋਬਾਈਲ ਵੇਖਦੀ ਤੁਰੀ ਜਾਂਦੀ ਔਰਤ ਵੀ ਕਾਫੀ ਸੱਟ ਖਾ ਬੈਠੀ ਸੀ | ਇਕ ਸਵੈ-ਸੇਵੀ ਸੰਸਥਾ ਨੇ ਸਬੰਧਤ ਮਹਿਕਮੇ ਤੋਂ ਸਿਰਫ਼ ਇਹ ਟਾਹਣਾ ਕੱਟਣ ਦੀ ਇਜਾਜ਼ਤ ਮੰਗੀ ਸੀ ਜੋ ਹੇਠੋਂ ਉੱਪਰ ਤੱਕ ਰੱਦ ਹੁੰਦੀ ਗਈ | ਅਖੀਰ ਉਹ ਕੇਸ ਪੰਜਾਬ ਦੇ ਗਵਰਨਰ, ਜੋ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵੀ ਸਨ, ਕੋਲ ਵੀ ਗਿਆ | ਉੱਥੋਂ ਵੀ ਇਨਕਾਰ ਹੋ ਗਿਆ | ਸ਼ਾਇਦ ਹੁਣ ਵੀ ਉਹ ਉੱਥੇ ਹੀ ਖੜ੍ਹਾ ਹੋਵੇਗਾ |
ਦੂਸਰਾ ਕੇਸ ਇਕ ਪੁਲਿਸ ਅਫ਼ਸਰ ਨੇ ਕਈ ਸਾਲ ਪਹਿਲਾਂ ਦੱਸਿਆ ਸੀ | ਉਨ੍ਹਾਂ ਦੇ ਬਹੁਤ ਉੱਚੇ ਅਹੁਦੇ 'ਤੇ ਤਾਇਨਾਤ ਇਕ ਅਫ਼ਸਰ ਨੇ ਸ਼ਾਨਦਾਰ ਕੋਠੀ ਬਣਵਾਈ ਸੀ | ਗੇਟ ਬਣਵਾਉਣ ਵੇਲੇ ਇਕ ਸਮੱਸਿਆ ਆ ਗਈ | ਇਕ ਬਹੁਤ ਵੱਡਾ ਦਰੱਖਤ ਕੁਝ ਸਾਹਮਣੇ ਆਉਂਦਾ ਸੀ | ਕਾਫੀ ਸੋਚ ਵਿਚਾਰ ਤੋਂ ਬਾਅਦ ਇਕ ਹੁਸ਼ਿਆਰ ਅਫ਼ਸਰ ਨੇ ਹੱਲ ਕੱਢ ਲਿਆ | ਉਸ ਨੇ ਕੋਠੀ ਦੇ ਮਾਲਕ ਨੂੰ ਛੁੱਟੀ ਲੈ ਕੇ ਕੁਝ ਦਿਨ ਵਿਦੇਸ਼ ਭੇਜ ਦਿੱਤਾ | ਇਕ ਵੱਡੇ ਠੇਕੇਦਾਰ ਨਾਲ ਗੱਲ ਕਰ ਲਈ | ਕਿਸੇ ਬਹਾਨੇ ਸੜਕ ਰਾਤ ਭਰ ਲਈ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤੀ | ਰਾਤੋ ਰਾਤ ਦਰੱਖਤ ਕੱਟਿਆ ਵੀ ਗਿਆ, ਚੁੱਕਿਆ ਵੀ ਗਿਆ ਅਤੇ ਟੋਆ ਭਰ ਕੇ ਸੜਕ ਦੇ ਨਾਲ ਮਿਲਾ ਦਿੱਤਾ ਗਿਆ | ਗੁਆਂਢੀਆਂ ਨੂੰ ਤਾਂ ਪਤਾ ਹੋਣਾ ਹੈ, ਪਰ ਕੋਈ ਨਹੀਂ ਕੁਸਕਿਆ | ਜੇ ਉੱਥੇ ਇਹ ਕੁਝ ਹੋ ਸਕਦਾ ਹੈ ਤਾਂ ਹੋਰ ਸ਼ਹਿਰਾਂ ਵਿਚ ਕੀ ਨਹੀਂ ਹੋ ਸਕਦਾ, ਜਿੱਥੇ ਨੰਬਰ ਵੀ ਘੱਟ ਵੱਧ ਹੀ ਲੱਗੇ ਹੁੰਦੇ ਹਨ |

-305, ਮਾਡਲ ਟਾਊਨ (ਫੇਜ਼-1), ਬਠਿੰਡਾ-151001
ਫੋਨ: 9814941214

ਨਹਿਲੇ 'ਤੇ ਦਹਿਲਾ ਮੈਂ ਰਸਤਾ ਦੇ ਦੇਂਦਾ ਹਾਂ

ਜਾਰਜ ਬਰਨਾਡ ਸ਼ਾਹ ਅੰਗਰੇਜ਼ ਹੁੰਦੇ ਹੋਏ ਵੀ ਸੋਹਣੇ ਨਹੀਂ ਸਨ ਸਗੋਂ ਬਹੁਤ ਹੀ ਭੈੜੀ ਸ਼ਕਲ ਸੂਰਤ ਦੇ ਮਾਲਕ ਸਨ | ਦੂਜੇ ਪਾਸੇ ਉਹ ਸੰਸਾਰ ਪੱਧਰ ਦੇ ਮੰਨੇ ਪ੍ਰਮੰਨੇ ਲੇਖਕ ਸਨ | ਉਨ੍ਹਾਂ ਦੀਆਂ ਲਿਖ਼ਤਾਂ ਦੇ ਦੀਵਾਨੇ ਸੰਸਾਰ ਭਰ ਦੇ ਸਾਰੇ ਦੇਸ਼ਾਂ ਵਿਚ ਸਨ | ਲੋਕ ਉਨ੍ਹਾਂ ਨੂੰ ਮਿਲ ਕੇ ਅਤੇ ਉਨ੍ਹਾਂ ਨਾਲ ਹੱਥ ਮਿਲਾ ਕੇ ਫ਼ਖ਼ਰ ਮਹਿਸੂਸ ਕਰਦੇ ਸਨ | ਉਨ੍ਹਾਂ ਨਾਲ ਵਿਆਹ ਕਰਵਾਉਣ ਲਈ ਸੋਹਣੀਆਂ ਮੁਟਿਆਰਾਂ ਬੇਚੈਨ ਰਹਿੰਦੀਆਂ ਸਨ |'
ਇਕ ਵਾਰੀ ਇਕ ਸੰਸਾਰ ਪ੍ਰਸਿੱਧ ਨਾਚੀ ਜਾਰਜ ਬਰਨਾਡਸ਼ਾਹ ਕੋਲ ਆਈ ਅਤੇ ਉਨ੍ਹਾਂ ਸਾਹਵੇਂ ਸ਼ਾਦੀ ਦਾ ਪ੍ਰਸਤਾਵ ਰੱਖਦਿਆਂ ਦਲੀਲ ਦਿੱਤੀ ਕਿ ਸਾਡੀ ਹੋਣ ਵਾਲੀ ਸੰਤਾਨ ਮੇਰੀ ਖ਼ੂਬਸੂਰਤੀ ਅਤੇ ਆਪ ਜੀ ਦੀ ਸਾਹਿਤਕ ਸਮਰੱਥਾ ਅਤੇ ਸਲਾਹੀਅਤਾਂ ਨਾਲ ਮਾਲਾਮਾਲ ਹੋਵੇਗੀ | ਇਹ ਸੁਣ ਕੇ ਬਰਨਾਡਸ਼ਾਹ ਨੇ ਕਿਹਾ, 'ਮੈਂ ਆਪ ਜੀ ਦੇ ਪ੍ਰਸਤਾਵ 'ਤੇ ਫ਼ਖ਼ਰ ਮਹਿਸੂਸ ਕਰਦਾ ਹਾਂ ਪਰ ਜੇਕਰ ਸਾਡੀ ਔਲਾਦ ਨੂੰ ਮੇਰੀ ਸ਼ਕਲ ਸੂਰਤ ਮਿਲੀ ਅਤੇ ਆਪ ਜੀ ਦੀ ਅਕਲ, ਫਿਰ ਤਾਂ ਕਿਆਮਤ ਆ ਜਾਵੇਗੀ |'
ਇਕ ਵਾਰੀ ਬਰਨਾਡਸ਼ਾਹ ਇਕ ਛੋਟੇ ਜਿਹੇ ਰਸਤੇ'ਤੇ ਤੁਰ ਰਹੇ ਸਨ | ਇਹ ਰਸਤਾ ਪਾਣੀ ਨਾਲ ਭਰੀ ਹੋਈ ਜ਼ਮੀਨ ਵਿਚ ਸੀ | ਇਸ ਰਸਤੇ ਦੀ ਸਭ ਤੋਂ ਵੱਡੀ ਮੁਸੀਬਤ ਇਹ ਸੀ ਕਿ ਜੇਕਰ ਆਹਮਣੇ ਸਾਹਮਣੇ ਦੋ ਬੰਦੇ ਆ ਜਾਣ ਤਾਂ ਇਕ ਬੰਦੇ ਨੂੰ ਇਕ ਪਾਸੇ ਝੁਕ ਕੇ ਦੂਜੇ ਨੂੰ ਲੰਘਾਉਣ ਲਈ ਇਹ ਕੰਮ ਕਰਨਾ ਪੈਂਦਾ ਸੀ | ਉਨ੍ਹਾਂ ਦੇ ਸਾਹਮਣੇ ਜੋ ਬੰਦਾ ਸੀ ਉਹ ਬਰਨਾਡਸ਼ਾਹ ਨੂੰ ਪਛਾਣ ਗਿਆ ਅਤੇ ਉਨ੍ਹਾਂ ਕੋਲ ਆ ਕੇ ਕਹਿਣ ਲੱਗਾ, 'ਮੈਂ ਤੁਹਾਨੂੰ ਲੰਘਾਉਣ ਲਈ ਰਸਤਾ ਦੇ ਦਿਆਂ ਪਰ ਆਦਤ ਹੈ ਮੈਂ ਕਿਸੇ ਵੀ ਬੇਵਕੂਫ਼ ਨੂੰ ਰਸਤਾ ਨਹੀਂ ਦੇਂਦਾ |'
ਇਹ ਸੁਣ ਕੇ ਬਰਨਾਡਸ਼ਾਹ ਨੇ ਖ਼ੁਦ ਇਕ ਪਾਸੇ ਹੁੰਦੇ ਹੋਏ ਆਖਿਆ, '...ਪਰ ਮੈਂ ਰਸਤਾ ਦੇ ਦੇਂਦਾ ਹਾਂ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਪਾਲੀਵੁੱਡ ਝਰੋਖਾ ਨਾਇਕ-ਗਾਇਕ ਪ੍ਰਥਾ ਦਾ ਮੋਢੀ : ਗੁਰਦਾਸ ਮਾਨ

ਗੁਰਦਾਸ ਮਾਨ ਨੂੰ ਗਾਇਕੀ ਦੇ ਖੇਤਰ 'ਚ ਸਥਾਪਤ ਕਰਨ 'ਚ ਜਿਥੇ ਹਰਜੀਤ ਦਾ ਵਿਸ਼ੇਸ਼ ਯੋਗਦਾਨ ਸਮਝਿਆ ਜਾਂਦਾ ਹੈ, ਉਥੇ ਪੰਜਾਬੀ ਸਿਨੇਮਾ 'ਚ ਉਸ ਦੀ ਪਛਾਣ ਨਿਰਦੇਸ਼ਕ ਹਰੀ ਦੱਤ ਨੇ ਬਣਾਈ ਸੀ | ਹਰਜੀਤ ਨੇ ਜਦੋਂ ਉਸ ਨੂੰ ਜਲੰਧਰ ਦੂਰਦਰਸ਼ਨ ਰਾਹੀਂ ਗੀਤ 'ਦਿਲ ਦਾ ਮਾਮਲਾ' ਦੇ ਮਾਧਿਅਮ ਨਾਲ ਦਰਸ਼ਕਾਂ ਦੇ ਰੂ-ਬਰੂ ਕੀਤਾ ਤਾਂ ਲਗਦਾ ਸੀ ਕਿ ਪੰਜਾਬੀ ਗਾਇਕੀ ਰਾਤੋ-ਰਾਤ ਨਵੀਆਂ ਸਿਖ਼ਰਾਂ ਤੱਕ ਪਹੁੰਚ ਗਈ ਸੀ |
ਇਸੇ ਤਰ੍ਹਾਂ ਹੀ ਹਰੀ ਦੱਤ ਨੇ ਉਸ ਨੂੰ 'ਮਾਮਲਾ ਗੜਬੜ ਹੈ' ਫ਼ਿਲਮ ਰਾਹੀਂ ਬਰੇਕ ਦਿੱਤਾ ਸੀ | ਗੁਰਦਾਸ ਨੂੰ ਇਹ ਮੌਕਾ ਵੀ ਸੁਭਾਵਿਕ ਹੀ ਮਿਲਿਆ ਸੀ | ਦਰਅਸਲ ਉਹ ਲੁਧਿਆਣਾ ਆਪਣਾ ਇਕ ਪ੍ਰੋਗਰਾਮ ਪੇਸ਼ ਕਰਨ ਆਇਆ ਸੀ | ਹਾਜ਼ਰ ਸਰੋਤਿਆਂ 'ਚ ਹਰੀ ਦੱਤ ਅਤੇ ਭਾਗ ਸਿੰਘ ਵੀ ਸ਼ਾਮਿਲ ਸਨ | ਹਰੀ ਦੱਤ ਉਸ ਵੇਲੇ ਭਾਗ ਸਿੰਘ ਦੀ ਇਕ ਕਹਾਣੀ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ | ਉਹ ਨਵੇਂ ਅਦਾਕਾਰਾਂ ਨੂੰ ਆਪਣੀ ਫ਼ਿਲਮ 'ਚ ਮੌਕਾ ਦੇਣਾ ਚਾਹੁੰਦਾ ਸੀ | ਜਦੋਂ ਗੁਰਦਾਸ ਦੀ ਪਰਫਾਰਮੈਂਸ ਨੂੰ ਉਸ ਨੇ ਦੇਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਫ਼ਿਲਮ ਦੇ ਨਾਇਕ ਪ੍ਰਤੀ ਖੋਜ ਹੁਣ ਖਤਮ ਹੋ ਗਈ ਹੈ | ਉਸ ਨੇ ਜਦੋਂ ਆਪਣਾ ਫੈਸਲਾ ਭਾਗ ਸਿੰਘ ਨੂੰ ਸੁਣਾਇਆ ਤਾਂ ਉਹ ਵੀ ਬੜਾ ਹੈਰਾਨ ਹੋਇਆ | ਪਰ ਹਰੀ ਦੱਤ ਤਾਂ ਹੀਰਾ ਪਰਖਣਾ ਜਾਣਦਾ ਸੀ | ਇਸ ਲਈ ਉਸ ਨੇ ਤਤਕਾਲ ਰੂਪ 'ਚ ਹੀ ਕੁਝ ਪੈਸੇ ਗੁਰਦਾਸ ਮਾਨ ਨੂੰ ਬਤੌਰ ਸਾਈਨਿੰਗ ਅਮਾਊਾਟ ਦਿੱਤੇ ਅਤੇ ਆਪਣੀ ਫ਼ਿਲਮ ਦੇ ਨਾਇਕ ਵਜੋਂ ਐਲਾਨ ਕਰ ਦਿੱਤਾ | ਕਹਿਣ ਦੀ ਲੋੜ ਨਹੀਂ ਕਿ ਹਰੀ ਦੱਤ ਦਾ ਫੈਸਲਾ ਸਹੀ ਨਿਕਲਿਆ ਅਤੇ ਗੁਰਦਾਸ ਮਾਨ ਬਾਅਦ 'ਚ ਪੰਜਾਬੀ ਸਿਨੇਮਾ ਦਾ ਚਹੇਤਾ ਨਾਇਕ ਬਣ ਕੇ ਉਭਰਿਆ |
ਗੁਰਦਾਸ ਮਾਨ ਦਾ ਜਨਮ ਗਿੱਦੜਬਾਹਾ 'ਚ 4 ਜਨਵਰੀ, 1957 ਨੂੰ ਸ: ਗੁਰਦੇਵ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ ਸੀ | ਗੁਰਦਾਸ ਪੜ੍ਹਾਈ ਨਾਲੋਂ ਵਧੇਰੇ ਖੇਡਾਂ 'ਚ ਰੁਚੀ ਰੱਖਦਾ ਸੀ | ਇਸ ਲਈ ਉਸ ਨੇ ਸਪੋਰਟਸ ਇੰਸਟੀਚਿਊਟ (ਪਟਿਆਲਾ) ਵਿਚ ਦਾਖਲਾ ਲੈ ਲਿਆ | ਇਥੋਂ ਸਬੰਧਿਤ ਡਿਗਰੀ ਲੈਣ ਤੋਂ ਬਾਅਦ ਉਸ ਨੇ ਕੁਝ ਚਿਰ ਡੇਰਾ ਬੱਸੀ ਕਾਲਜ ਵਿਚ ਬਤੌਰ ਅਸਥਾਈ ਲੈਕਚਰਾਰ (ਸਰੀਰਕ ਸਿੱਖਿਆ) ਵੀ ਕੰਮ ਕੀਤਾ | ਇਸੇ ਤਰ੍ਹਾਂ ਪੰਜਾਬ ਬਿਜਲੀ ਬੋਰਡ ਦੇ ਪਟਿਆਲੇ ਵਾਲੇ ਦਫ਼ਤਰ 'ਚ ਵੀ ਉਸ ਨੇ ਕੁਝ ਚਿਰ ਕੰਮ ਕੀਤਾ ਸੀ | ਇਸੇ ਸਮੇਂ ਦੌਰਾਨ ਹੀ ਉਸ ਨੂੰ ਜਲੰਧਰ ਦੂਰਦਰਸ਼ਨ ਦੇ ਇਕ ਪ੍ਰੋਗਰਾਮ 'ਚ ਭਾਗ ਲੈਣ ਦਾ ਮੌਕਾ ਮਿਲਿਆ | ਬਸ ਇਥੋਂ ਹੀ ਗੁਰਦਾਸ ਦੇ ਬਤੌਰ ਪੰਜਾਬੀ ਫ਼ਿਲਮਾਂ ਦੇ ਨਾਇਕ-ਗਾਇਕ ਬਣਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ |
ਬਤੌਰ ਅਭਿਨੇਤਾ ਗੁਰਦਾਸ ਨੇ ਅਨੇਕਾਂ ਮਿਆਰੀ ਫ਼ਿਲਮਾਂ 'ਚ ਕੰਮ ਕੀਤਾ ਹੈ | ਉਸ ਦੀ ਪੰਜਾਬੀ ਸਿਨੇਮਾ 'ਚ ਇਹ ਇਕ ਵਡਮੁੱਲੀ ਦੇਣ ਹੈ ਕਿ ਉਸ ਨੇ ਇਸ ਨੂੰ ਸਸਤੇਪਨ ਦੇ ਦਾਇਰੇ ਤੋਂ ਕੱਢ ਕੇ ਵਿਸ਼ਵ ਪੱਧਰ ਤੱਕ ਪਹੁੰਚਾਉਣ ਦੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ | ਉਸ ਦੀਆਂ ਫ਼ਿਲਮਾਂ 'ਚੋਂ 'ਉੱਚਾ ਦਰ ਬਾਬੇ ਨਾਨਕ ਦਾ' (1982), 'ਲੌਾਗ ਦਾ ਲਿਸ਼ਕਾਰਾ' (1986), 'ਕੁਰਬਾਨੀ ਜੱਟ ਦੀ' (1990), 'ਪ੍ਰਤਿੱਗਿਆ' (1990), 'ਵਾਂਟੇਡ : ਗੁਰਦਾਸ ਮਾਨ' (1994), 'ਕਚਹਿਰੀ' (1994) ਅਤੇ 'ਜ਼ਿੰਦਗੀ ਖ਼ੂਬਸੂਰਤ ਹੈ' (2002) ਆਦਿ ਦੇ ਨਾਂਅ ਆਸਾਨੀ ਨਾਲ ਲਏ ਜਾ ਸਕਦੇ ਹਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1973 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਬਰਸੀ ਸਮੇਂ ਜਲੰਧਰ ਦੇ ਅਖ਼ਬਾਰਾਂ ਦੇ ਚਾਰ ਮੁੱਖ ਸੰਪਾਦਕ ਬਟਾਲਾ ਵਿਖੇ ਆਏ ਸਨ | ਡਾ: ਸਾਧੂ ਸਿੰਘ ਹਮਦਰਦ, ਗਿ: ਸ਼ਾਦੀ ਸਿੰਘ, ਸ: ਭਰਪੂਰ ਸਿੰਘ ਬਲਬੀਰ ਅਤੇ ਸ੍ਰੀ ਰਮੇਸ਼ | ਇਹ ਚਾਰੇ ਸੰਪਾਦਕ ਡੇਰਾ ਬਾਬਾ ਨਾਨਕ ਵਿਖੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਵੀ ਗਏ ਸਨ | ਇਨ੍ਹਾਂ ਸਾਰਿਆਂ ਨੂੰ ਸ: ਕੁਲਦੀਪ ਸਿੰਘ ਬੇਦੀ ਐਡਵੋਕੇਟ ਨੇ ਬੀੜ ਸਾਹਿਬ ਦੇ ਦਰਸ਼ਨ ਕਰਵਾਏ ਸਨ |

-ਮੋਬਾਈਲ : 98767-41231





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX