ਤਾਜਾ ਖ਼ਬਰਾਂ


ਵਿਆਹ ਮੌਕੇ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  2 minutes ago
ਨਵੀਂ ਦਿੱਲੀ, 13 ਦਸੰਬਰ- ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੇ ਮੌਕੇ ਦਿਲਕਸ਼ ਅੰਦਾਜ਼ 'ਚ ਨਜ਼ਰ ....
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  15 minutes ago
ਜਲੰਧਰ, 13 ਦਸੰਬਰ- ਜਲੰਧਰ ਪੁਲਿਸ ਅਤੇ ਥਾਨਾ ਲਾਂਬੜਾ ਪੁਲਿਸ ਵੱਲੋਂ ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰਾਂ ਨੂੰ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ 7 ਪਿਸਤੌਲਾਂ, ਤੇਜ਼ਧਾਰ ਹਥਿਆਰ, ਇਕ ਕਾਰ ਅਤੇ.....
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  27 minutes ago
ਲੁਧਿਆਣਾ, 13 ਦਸੰਬਰ (ਰੁਪੇਸ਼) - ਲੁਧਿਆਣਾ ਪੁਲਿਸ ਵੱਲੋਂ ਬੈਂਕ ਡਕੈਤੀ, ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤੇ ਗਏ ਇਨ੍ਹਾਂ ਦੋਸ਼ੀਆਂ ਤੋਂ ਪੁਲਿਸ ਨੇ ਕਰੀਬ...
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  52 minutes ago
ਜੈਪੁਰ, 13 ਦਸੰਬਰ- ਰਾਜਸਥਾਨ ਦੇ ਅਲਵਰ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 3 ਅਧਿਆਪਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋਇਆ ਹੈ। ਦੱਸ ਦੇਈਏ ਕਿ ਇਹ ਹਾਦਸਾ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ ਵਾਪਰਿਆ। ਪੁਲਿਸ .....
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  about 1 hour ago
ਨਵੀਂ ਦਿੱਲੀ- ਅਫ਼ਰੀਕਾ ਦੇ ਘਾਨਾ 'ਚ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਵਿਰੋਧ ਦੇ ਚੱਲਦਿਆਂ ਘਾਨਾ ਯੂਨੀਵਰਸਿਟੀ ਨੇ ਆਪਣੇ ਕੈਂਪਸ 'ਚੋਂ ਮਹਾਤਮਾ ਗਾਂਧੀ ਦੀ ਮੂਰਤੀ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ....
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  about 1 hour ago
ਜਲੰਧਰ, 13 ਦਸੰਬਰ - ਜਲੰਧਰ 'ਚ ਭਾਜਪਾ ਦੇ ਲੀਗਲ ਸੈੱਲ ਦੇ ਸੀਨੀਅਰ ਆਗੂ ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਐਡਵੋਕੇਟ ਜੋਲੀ ਝਾਂਜੀ ਦੀ ਹਰਿਦਵਾਰ ਤੋਂ ਜਲੰਧਰ ਆਉਂਦੇ ਸਮੇਂ ਯਮੁਨਾਨਗਰ 'ਚ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ। ਘਟਨਾ 'ਚ ਹਰਸ਼ ਵੀ.....
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 2 hours ago
ਮਾਨਸਾ, 13 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ/ਬਸੰਤ ਸਿੰਘ)- ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਕਰਜ਼ਾਈ ਕਿਸਾਨ ਬਸੰਤ ਸਿੰਘ (45) ਵੱਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, 4 ਏਕੜ ਜ਼ਮੀਨ ਦੀ ਵਾਹੀ ਕਰਨ....
ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
. . .  about 2 hours ago
ਨਵੀਂ ਦਿੱਲੀ, 13 ਦਸੰਬਰ (ਜਗਤਾਰ ਸਿੰਘ)- ਪਟਿਆਲਾ ਹਾਊਸ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ 24 ਘੰਟਿਆਂ ਦੇ ਅੰਦਰ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ....
ਸਰਦ ਰੁੱਤ ਇਜਲਾਸ : ਸਦਨ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ
. . .  about 3 hours ago
ਚੰਡੀਗੜ੍ਹ, 13 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਅੱਜ ਸ਼ੁਰੂ ਹੋਈ। ਇਸ ਮੌਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਦੀ ਰਸਮ ਸ਼ੁਰੂ ਕਰ ਦਿੱਤੀ ਗਈ। ਸਰਦ ਰੁੱਤ ਇਜਲਾਸ ਦੀ ਕਾਰਵਾਈ ਦੇ ਦੌਰਾਨ
ਸਰਦ ਰੁੱਤ ਇਜਲਾਸ : 2 ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਚੰਡੀਗੜ੍ਹ, 13 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਮੌਕੇ ਵਿੱਛੜੀਆਂ ਰੂਹਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀਆਂ ਦਿੱਤੀ ਗਈ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਕਰੋਗੇ ਗੱਲ - ਮਿਲੇਗਾ ਹੱਲ

ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਪਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ ਅਨੁਸਾਰ ਹਰ ਛੇਵੇਂ ਭਾਰਤੀ ਨੂੰ ਮਾਨਸਿਕ ਸਿਹਤ ਸਬੰਧੀ ਮਦਦ ਦੀ ਤੁਰੰਤ ਲੋੜ ਹੈ। ਵਿਸ਼ਵ ਪੱਧਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਲਈ ਮਾਨਸਿਕ ਰੋਗ, ਵਿਸ਼ੇਸ਼ ਕਰ ਲੰਮਾ ਚਿਰ ਉਦਾਸੀ (ਡਿਪਰੈਸ਼ਨ) ਹੀ ਜ਼ਿੰਮੇਦਾਰ ਹਨ। ਭਾਰਤ ਵਿਚ ਕਿਸਾਨ ਖੁਦਕੁਸ਼ੀਆਂ ਦਾ ਮਨੋਵਿਗਿਆਨਕ ਪੋਸਟਮਾਰਟਮ (ps਼cho&o{}ca& autops਼) ਨਹੀਂ ਕੀਤਾ ਜਾਂਦਾ ਪਰ ਫਿਰ ਵੀ ਆਮ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਤੋਂ ਪਹਿਲਾਂ ਕਿਸਾਨ ਡਿਪਰੈਸ਼ਨ (ਲੰਮਾ ਚਿਰ ਉਦਾਸੀ, ਨਿਰਾਸ਼ਾ) ਦੀ ਬਿਮਾਰੀ ਦਾ ਸ਼ਿਕਾਰ ਹੋਏ। ਜੇਕਰ ਅਸੀਂ ਡਿਪਰੈਸ਼ਨ ਨੂੰ ਰੋਕਣ ਜਾਂ ਘਟਾਉਣ ਵਿਚ ਸਫਲ ਹੋ ਜਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਵੰਡਣ ਨਾਲ ਘਟਦਾ ਹੈ। ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਿਚ ਤਾਂ ਲੋੜ ਤੋਂ ਵੀ ਵੱਧ ਅੱਗੇ ਹੋ ਗਏ ਹਾਂ ਭਾਵ ਵਿਆਹਾਂ ਤੇ ਜਿੱਥੇ 100 ਬੰਦੇ ਹੀ ਕਾਫੀ ਹੋਣੇ ਚਾਹੀਦੇ ਸਨ ਅਸੀਂ 400-500 ਤੇ ਕਿਤੇ-ਕਿਤੇ ਤਾਂ 800-900 ਤੱਕ ਵੀ ਪਹੁੰਚ ਗਏ ਹਾਂ। ਪਰ ਦੁਖ ਸਾਂਝਾ ਕਰਨ ਵਿਚ ਅਸੀਂ ਮੁੱਢੋਂ ਹੀ ਸੰਕੋਚ ਕਰਨ ਲਗ ਪਏ ਹਾਂ। ਇਥੋਂ ਤੱਕ ਕਿ ਕਈ ਵਾਰੀ ਘਰ ਪਰਿਵਾਰ ਵਿਚ ਨਹੀਂ ਦੱਸਦੇ ਕਿ ਮੈਂ ਐਨੀ ਮਾਨਸਿਕ ਉਲਝਣ ਵਿਚ ਫਸਿਆ ਹੋਇਆ ਹਾਂ। ਵੱਧਦੀ ਖੁਦਕੁਸ਼ੀਆਂ ਦੇ ਰੁਝਾਨ ਇਸ ਗੱਲ ਵਲ ਵੀ ਸੰਕੇਤ ਕਰਦੇ ਹਨ ਕਿ ਸਾਡਾ ਪਰਿਵਾਰਕ ਪਿਆਰ ਹੁਣ ਫਿੱਕਾ ਪੈ ਰਿਹਾ ਹੈ। ਰਿਸ਼ਤੇ ਵੀ ਖੱਪਤਕਾਰੀ ਬਾਜ਼ਾਰ ਦੀ ਵਸਤੂ ਬਣ ਗਏ ਹਨ। ਪਹਿਲਾਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜਾਂ ਵਰਤਦੇ ਸੀ ਹੁਣ ਇਹ ਉਲਟ ਹੋ ਗਿਆ ਹੈ। ਅਸੀਂ ਚੀਜਾਂ ਨਾਲ ਪਿਆਰ ਕਰਦੇ ਹਾਂ ਤੇ ਲੋਕਾਂ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਕਰ ਲੈਂਦੇ ਹਾਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਇਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਂਅ ਹੈ 'ਉਤਸ਼ਾਹ'। ਉਦਾਸ ਪੰਜਾਬ ਨੂੰ ਉਤਸ਼ਾਹਿਤ ਪੰਜਾਬ ਬਣਾਉਣ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਇਹ ਸੰਕਲਪ ਬੁਲੰਦ ਕੀਤਾ ਜਾ ਰਿਹਾ ਹੈ-ਕਰੋਗੇ ਗੱਲ ਮਿਲੇਗਾ ਹੱਲ।
ਇਸ ਦਾ ਪਹਿਲਾ ਭਾਗ ਹੈ-ਕਰੋ ਗੱਲ। ਪਿੰਡਾਂ ਵਿਚ ਕਿਸੇ ਵੇਲੇ ਆਮ ਕਿਹਾ ਜਾਂਦਾ ਸੀ ਕਿ ਕੋਈ ਤਕਲੀਫ ਹੋਵੇ, ਬਿਮਾਰੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਵੋ। ਸਿਆਣੇ ਤਾਂ ਇਹ ਕਹਿੰਦੇ ਸਨ ਕਿ ਜੇ ਮਨ 'ਤੇ ਭਾਰ ਹੋਵੇ ਤਾਂ ਕੰਧਾਂ ਨਾਲ ਵੀ ਗੱਲਾਂ ਕਰ ਲਵੋ, ਆਰਾਮ ਮਿਲੇਗਾ। ਜਦੋਂ ਮਨੁੱਖ ਚੁੱਪ ਰਹਿੰਦਾ ਹੈ ਤਾਂ ਉਸਦੀ ਉਦਾਸੀ ਵਧਦੀ ਜਾਂਦੀ ਹੈ ਪਰ ਗੱਲ ਕਰਨ ਨਾਲ ਇਹੀ ਉਦਾਸੀ ਘਟਣ ਲੱਗ ਪੈਂਦੀ ਹੈ। ਭਾਵੇਂ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਮਿਲੇ ਫਿਰ ਵੀ ਗੱਲ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸਨੂੰ ਵੈਂਟੀਲੇਸ਼ਨ (ਮਨ ਦਾ ਗੁਬਾਰ ਜਾਂ ਭੜਾਸ ਕੱਢਣਾ), ਕੈਥਾਰਸਿਸ (ਭਾਵਾਂ ਦਾ ਵਿਰੇਚਨ) ਆਦਿ ਦੇ ਸੰਕਲਪਾਂ ਨਾਲ ਵੀ ਸਮਝਿਆ ਜਾਂਦਾ ਹੈ। ਦੁਖੀ ਤੇ ਭਰੇ ਪੀਤੇ ਇਨਸਾਨ ਦੀ ਜੇ ਕੋਈ ਧਿਆਨ ਨਾਲ ਗੱਲ ਹੀ ਸੁਣ ਲਵੇ ਤਾਂ ਵੀ ਉਸ ਨੂੰ ਰਾਹਤ ਮਿਲ ਜਾਂਦੀ ਹੈ। ਹਮਦਰਦੀ ਕਰਨਾ ਇਹੀ ਹੈ। ਭਾਵੇਂ ਅਸੀਂ ਉਸ ਦੀ ਕੋਈ ਵੀ ਮਦਦ ਨਹੀਂ ਕਰ ਸਕੇ ਜਾਂ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਲਭ ਸਕੇ, ਉਸਨੂੰ ਕੋਈ ਵੀ ਸੁਝਾਅ ਨਹੀਂ ਦੇ ਸਕੇ ਫਿਰ ਵੀ ਕੇਵਲ ਹਮਦਰਦੀ ਕਰਨ ਨਾਲ, ਧਿਆਨ ਨਾਲ ਗੱਲ ਸੁਣਨ ਨਾਲ ਵੀ ਦੁਖੀ ਨੂੰ ਸਹਾਰਾ ਮਿਲ ਸਕਦਾ ਹੈ। ਕਿਸੇ ਦਾ ਦਰਦ ਸੁਣਨਾ ਤੇ ਉਸ ਨੂੰ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ। ਜੋੜਿਆਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਛਬੀਲ ਤੇ ਲੰਗਰਾਂ ਦੀ ਸੇਵਾ ਦੇ ਨਾਲ-ਨਾਲ ਅੱਜ ਸਾਡੇ ਸਮਾਜ ਵਿਚ ਹੱਲਾਸ਼ੇਰੀ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਲੋੜ ਹੈ। ਤਨ ਦੀ ਸੁੰਦਰਤਾ ਹਰ ਕੋਈ ਵੇਖ ਲੈਂਦੈ ਪਰ ਮਨ ਦੇ ਦਰਦ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦੈ। ਅੱਜ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ ਜਿਨ੍ਹਾਂ ਕੋਲ ਬੈਠ ਕੇ ਕੋਈ ਪ੍ਰੇਸ਼ਾਨ ਮਨੁੱਖ ਆਪਣਾ ਦੁਖ-ਦਰਦ ਸਾਂਝਾ ਕਰ ਸਕੇ। ਅਜਿਹੀ ਸੇਵਾ ਕਰਨ ਵਾਲੇ ਕੋਲ ਬਸ ਦੋ ਹੀ ਗੁਣ ਹੋਣੇ ਚਾਹੀਦੇ ਹਨ-ਪਹਿਲਾ ਉਹ ਕਿਸੇ ਦੇ ਭੇਤ ਆਪਣੇ ਤੱਕ ਹੀ ਰੱਖ ਸਕੇ। ਹੋਰਨਾਂ ਨੂੰ ਕਿਸੇ ਦੀਆਂ ਕਮੀਆਂ, ਔਗੁਣ ਦੱਸ ਕੇ ਮੌਜੂ ਨਾ ਬਣਾਵੇ, ਮਜ਼ਾਕ ਨਾ ਉਡਾਏ। ਜੇਕਰ ਕਿਸੇ ਦਾ ਸੁਭਾਅ ਅਜਿਹਾ ਹੋਵੇਗਾ ਕਿ ਦੱਸੀ ਗੱਲ ਨੂੰ ਹੋਰਾਂ ਤੱਕ ਪਹੁੰਚਾਵੇਗਾ ਤਾਂ ਕੋਈ ਵੀ ਦੁਖੀ ਉਸਨੂੰ ਆਪਣੀ ਗੱਲ ਨਹੀਂ ਦੱਸੇਗਾ। ਕਿਸੇ ਦੀਆਂ ਮਜਬੂਰੀਆਂ ਸੁਣ ਕੇ ਅਸੀਂ 'ਜਜਮੈਂਟਲ' (ਨਿਰਣਾ ਵਾਚਕ) ਨਾ ਹੋਈਏ ਭਾਵ ਉਸ ਬਾਰੇ ਆਪਣੀ ਮਾੜੀ-ਚੰਗੀ ਰਾਏ ਨਾ ਬਣਾ ਲਈਏ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਪ੍ਰਿੰਸੀਪਲ ਇਨਵੈਸਟੀਗੇਟਰ, ਕਿਸਾਨ ਖੁਦਕੁਸ਼ੀਆਂ ਰੋਕਣ ਲਈ ©1S6 (931R) ਪ੍ਰਾਜੈਕਟ।
ਮੋਬਾਈਲ : 09914242004


ਖ਼ਬਰ ਸ਼ੇਅਰ ਕਰੋ

ਲੀਚੀ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ

ਲੀਚੀ ਦੇ ਫਲ ਦੀ ਚੀਨ, ਭਾਰਤ, ਥਾਈਲੈਂਡ, ਮੇਦਾਸਕਾਰ, ਆਸਟ੍ਰੇਲੀਆ, ਦੱਖਣੀ ਅਫਰੀਕਾ, ਮੋਰਾਸ਼ੀਅਸ, ਤਾਈਵਾਨ, ਇਜ਼ਰਾਈਲ ਅਤੇ ਅਮਰੀਕਾ ਵਿਚ ਵਪਾਰਕ ਤੌਰ 'ਤੇ ਪੈਦਾਵਾਰ ਕੀਤੀ ਜਾਂਦੀ ਹੈ। ਭਾਰਤ ਵਿਚ ਬਿਹਾਰ, ਤ੍ਰਿਪੁਰਾ, ਪੱਛਮੀ ਬੰਗਾਲ, ਉਤੱਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿਚ ਕਾਸ਼ਤ ਕੀਤੀ ਜਾ ਰਹੀ ਹੈ। ਪੰਜਾਬ ਵਿਚ ਲੀਚੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਵਿਚ ਤਕਰੀਬਨ 2708 ਹੈਕਟੇਅਰ ਖੇਤਰ ਰਕਬੇ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ 43,958 ਮੀਟਰਿਕ ਟਨ ਦਾ ਉਤਪਾਦਨ ਅਤੇ ਪੈਦਾਵਾਰ 16.2 ਮੀਟਰਿਕ ਟਨ ਪ੍ਰਤੀ ਹੈਕਟੇਅਰ ਹੈ। ਪੰਜਾਬ ਵਿਚ ਮੁੱਖ ਤੌਰ 'ਤੇ ਦੇਹਰਾਦੂਨ, ਕਲਕੱਤਾ ਅਤੇ ਸੀਡਲੈਸ ਲੇਟ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਲੀਚੀ ਪੋਸਟਿਕ ਫਲ ਹੈ, ਜਿਸ ਵਿਚ ਵਿਟਾਮਿਨ ਸੀ, ਪ੍ਰੋਟੀਨ, ਖਣਿਜ ਦੇ ਨਾਲ-ਨਾਲ ਇਸ ਵਿਚ ਭਰਪੂਰ ਮਾਤਰਾ ਵਿਚ ਪੌਸ਼ਟਿਕ ਰੇਸ਼ੇ, ਐਂਟੀਆਕਸੀਡੈਂਟ ਹੁੰਦੇ ਹਨ। ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਉਤਸ਼ਾਹਤ ਕਰਨ ਲਈ ਲਾਭਦਾਇਕ ਹਨ। ਲੀਚੀ ਨੂੰ ਪੰਜਾਬ ਵਿਚ ਇਕ ਮਹੱਤਵਪੂਰਨ ਫਲ ਵਜੋਂ ਜਾਣਿਆ ਜਾਂਦਾ ਹੈ ਅਤੇ ਹਾਲ ਹੀ ਪੰਜਾਬ ਸਰਕਾਰ ਨੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਲੀਚੀ ਅਸਟੇਟ ਵੀ ਸਥਾਪਨਾ ਕੀਤੀ ਹੈ ਜੋ ਕਿ ਲੀਚੀ ਅਧੀਨ ਬਾਗ਼ਾਂ ਦਾ ਰਕਬਾ, ਉਤਪਾਦਨ ਅਤੇ ਦੂਰ-ਦੁਰਾਡੇ ਦੀਆਂ ਮੰਡੀਆਂ ਦੇ ਲਈ ਮੰਡੀਕਰਨ ਲਈ ਉਤਸ਼ਾਹਿਤ ਕਦਮ ਹੈ। ਇਸ ਨੂੰ ਧਿਆਨ ਵਿਚ ਰਖਦੇ ਹੋਏ, ਸਥਾਨਕ ਅਤੇ ਅੰਤਰਰਾਸ਼ਟਰੀ ਮੰਡੀਆਂ ਵਿਚ ਲੀਚੀ ਫਲ ਦੀ ਉਭਰਦੀ ਮੰਗ ਕਾਰਨ, ਇਸ ਫਲ ਦੀਆਂ ਭੰਡਾਰਨ ਕਰਨ ਲਈ ਢੁਕਵੀਆਂ ਤਕਨੀਕਾਂ ਵਿਕਸਿਤ ਕਰਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਤੁੜਾਈ : ਲੀਚੀ ਬੂਟੇ ਉਤੇ ਹੀ ਪੱਕਣ ਵਾਲਾ ਫਲ ਹੈੈ ਅਤੇ ਤੁੜਾਈ ਆਮ ਤੌਰ 'ਤੇ ਲਾਲ ਰੰਗ, ਫਲ ਦੇ ਆਕਾਰ ਅਤੇ ਮਿਠਾਸ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿਚ ਲੀਚੀ ਦੀਆਂ ਕਿਸਮਾਂ ਜਿਵੇਂ ਦੇਹਰਾਦੂਨ ਦਾ ਪੱਕਣ ਦਾ ਸਮਾਂ ਜੂਨ ਦਾ ਦੂਜਾ ਹਫਤਾ ਹੈ ਜਦ ਕਿ ਕੱਲਕਤੀਆ ਅਤੇ ਸ਼ੀਡਲੈਸ ਜੂਨ ਦੇ ਤੀਜੇ ਹਫਤੇ। ਇਹ ਕਿਸਮਾਂ ਆਮ ਤੌਰ 'ਤੇ ਫੁੱਲ ਨਿਕਲਣ ਤੋਂ 55-75 ਦਿਨ ਬਾਅਦ ਪੱਕ ਜਾਂਦੀਆਂ ਹਨ। ਲੀਚੀ ਦੀ ਤੁੜਾਈ ਗੁੱਛੇ ਸਮੇਤ ਟਾਹਣੀਆਂ ਅਤੇ ਕੁਝ ਪੱਤੇ ਰੱਖ ਕੇ ਕੀਤੀ ਜਾਂਦੀ ਹੈ। ਤੋੜਨ ਉਪਰੰਤ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਰੰਗ ਪੂਰਾ ਬਣ ਜਾਵੇ ਅਤੇ ਬਾਹਰਲੀ ਛਿੱਲ ਵਿਕਸਿਤ ਹੋਵੇ। ਦੂਰ ਦਰਾਡੇ ਮੰਡੀਆਂ ਲਈ ਇਸ ਦੀ ਤੁੜਾਈ ਉਸ ਵੇਲੇ ਕਰਨੀ ਚਾਹੀਦੀ ਹੈ ਜੱਦ ਇਸ ਦੀ ਮਿਠਾਸ 17-18 ਫੀਸਦੀ ਅਤੇ ਖਟਾਸ 0.3 ਤੋਂ 0.4 ਫੀਸਦੀ ਹੋਵੇ। ਤੁੜਾਈ ਉਪਰੰਤ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਫਲ ਜ਼ਮੀਨ ਅਤੇ ਧੁੱਪ ਵਿਚ ਨਾ ਰੱਖਿਆ ਜਾਵੇ।
ਦਰਜਾਬੰਦੀ : ਲੀਚੀ ਫਲ ਦੀ ਦਰਜਾਬੰਦੀ ਫਲ ਦੇ ਆਕਾਰ ਜਾਂ ਵਜ਼ਨ ਦੇ ਅਧਾਰ 'ਤੇ ਦਰਜਾਬੰਦੀ ਅਤੇ ਮੰਡੀਕਰਨ ਕੀਤੇ ਜਾਂਦੇ ਹਨ। ਜਿਸ ਵਿਚ 25-30 ਗ੍ਰਾਮ ਦੇ ਲੀਚੀ ਫਲ ਨੂੰ ਉੱਚ ਦਰਜਾ ਮੰਨਿਆ ਜਾਂਦਾ ਹੈ। ਮਾਰਕੀਟਿੰਗ ਅਤੇ ਨਿਰੀਖਣ ਡਾਇਰੈਕਟੋਰੇਟ ਦੁਆਰਾ ਸੁਝਾਏ ਗਏ ਲੀਚੀ ਦੇ ਵੱਖਰੇ ਦਰਜਾਬੰਦੀ ਇਸ ਪ੍ਰਕਾਰ ਹਨ :-
ਦਰਜਾਬੰਦੀ (ਗ੍ਰੇਡ) ਵਿਆਸ
ਐਕਸਟਰਾ ਕਲਾਸ 33.0
ਕਲਾਸ-1 28.0
ਕਲਾਸ-2 23.0
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨਾਲੋਜੀ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਮੋੜ ਦਿਓ ਮੇਰੀ ਲੱਜ ਤੇ ਡੋਲ

ਜੇ ਸਮੇਂ ਨੇ ਆਪਣਾ ਬਦਲਦਾ ਰੰਗ ਦਿਖਾਇਆ ਹੈ ਤਾਂ ਉਹ ਪਿੰਡਾਂ ਤੇ ਸ਼ਹਿਰਾਂ ਲਈ ਇਕੋ ਜਿਹਾ ਹੈ। ਜੇ ਪਿੰਡ ਚੋਂ ਖੂਹ ਸੁੱਕੇ ਹਨ ਤਾਂ, ਸ਼ਹਿਰਾਂ ਵਿਚੋਂ ਨਲਕੇ ਹੱਥੀਆਂ ਸਣੇ ਗਾਇਬ ਹੋ ਗਏ। ਹਰ ਚੀਜ਼, ਹਰ ਕੰਮ ਦੇ ਵਿਚ ਬਦਲਾਵ ਆਇਆ ਹੈ ਤੇ ਇਸ ਨੂੰ ਰੋਕਣ ਵਾਲਾ ਵੀ ਕੋਈ ਜੰਮ ਨਹੀਂ ਸਕਿਆ। ਇਸ ਬਦਲਾਵ ਦੀ ਹਨੇਰੀ ਅੱਗੇ ਕਦੋਂ ਕੋਈ ਟਿਕ ਸਕਿਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਾਡੇ ਸੁਭਾਅ ਵਿਚ ਆਈ ਕਾਹਲੀ, ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਲੱਖਾਂ ਕਰੋੜਾਂ ਰੁਪਏ ਦੀ ਮਸ਼ੀਨਰੀ ਬੇਕਾਰ ਹੋ ਗਈ। ਇਹ ਵਰਤਾਰਾ ਸਾਰੀ ਦੁਨੀਆ ਵਿਚ ਵਾਪਰਿਆ ਹੈ, ਮਿਸਾਲ ਦੇ ਤੌਰ 'ਤੇ ਡਿਜੀਟਲ ਫੋਟੋਗਰਾਫ਼ੀ ਆਉਣ ਨਾਲ, ਕੈਮਰੇ ਫ਼ਿਲਮਾਂ ਬਣਾਉਣ ਵਾਲੀ ਕੰਪਨੀ 'ਕੋਡਕ' ਦਾ ਦਿਵਾਲਾ ਨਿਕਲ ਗਿਆ। ਉਸ ਦੇ ਮੁਕਾਬਲੇ, ਸਾਡੀ ਭੌਣੀ, ਲੱਜ ਤੇ ਡੋਲ ਤਾਂ ਬਹੁਤ ਨਿੱਕੇ ਨੁਕਸਾਨ ਹਨ, ਪਰ ਉਹ ਛਲ-ਛਲ ਤੇ ਮੌਣ ਨਾਲ ਟਕਰਾ ਕੇ ਠੱਲ੍ਹ ਦੀਆਂ ਆਵਾਜ਼ਾਂ ਦਾ ਬੰਦ ਹੋ ਜਾਣਾ ਅਸਹਿ ਹੈ। ਬੁਲਬੁਲ ਵੀ ਹੁਣ ਤਾਜ਼ੇ ਮਿੱਠੇ ਪਾਣੀ ਨੂੰ ਤਰਸਦੀ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂਸੱਭਿਆਚਾਰ

aਪੰਜਾਬ ਦੇ ਪੁਰਾਣੇ ਪਿੰਡਾਂ ਵਿਚ ਬਹੁਤ ਕੁਝ ਵਿਸ਼ਵਾਸ, ਪਿਆਰ ਤੇ ਆਪਸੀ ਸਹਿਯੋਗ ਦੇ ਆਸਰੇ ਚਲਦਾ ਸੀ, ਬਹੁਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਰਿਸ਼ਤੇ ਪਿੰਡ ਦਾ ਨਾਈ, ਜਿਸ ਨੂੰ ਰਾਜਾ ਕਿਹਾ ਜਾਂਦਾ ਸੀ, ਆਪਣੀ ਜ਼ਿੰਮੇਵਾਰੀ ਤੇ ਕਰ ਆਉਂਦਾ ਸੀ ਤੇ ਇਹ ਰਿਸ਼ਤੇ ਅਕਸਰ ਪ੍ਰਵਾਨ ਚੜ੍ਹਦੇ ਸਨ, ਅਜਿਹੇ ਰਿਸ਼ਤਿਆਂ ਦੇ ਝਗੜੇ ਅਦਾਲਤਾਂ ਵਿਚ ਨਹੀਂ ਪਹੁੰਚਦੇ ਸਨ ਤੇ ਸ਼ਾਇਦ ਹੀ ਕਿਤੇ ਕੋਈ ਤਲਾਕ ਹੁੰਦਾ ਹੋਵੇ। ਕਿਸੇ ਦੀ ਵੀ ਲੜਕੀ ਨੂੰ, ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਸਾਰਾ ਪਿੰਡ ਆਪਣੀ ਹੀ ਧੀ ਸਮਝਦਾ ਸੀ। ਇਸੇ ਲਈ ਲੜਕੀ ਦੇ ਵਿਆਹ ਤੋਂ ਕਈ ਕਈ ਦਿਨ ਪਹਿਲਾਂ ਭਾਈਚਾਰੇ ਦੀਆਂ ਔਰਤਾਂ ਲੜਕੀ ਦੇ ਘਰ ਆ ਕੇ ਵਿਆਹ'ਚ ਵਰਤੀਆਂ ਜਾਣ ਵਾਲੀਆਂ ਖੁਰਾਕੀ ਵਸਤਾਂ ਦੀ ਸਾਫ਼ ਸਫ਼ਾਈ ਕਰਨ, ਇਨ੍ਹਾਂ ਨੂੰ ਚੁਗਣ, ਕੁੱਟਣ, ਛੱਟਣ ਤੇ ਪੀਹਣ ਦੇ ਕੰਮ ਵਿਚ ਮਦਦ ਕਰਦੀਆਂ ਸਨ, ਅਜਿਹੀ ਮਦਦ ਨੂੰ'ਕੋਠੀ ਹੱਥ ਲਾਉਣਾ'ਕਿਹਾ ਜਾਂਦਾ ਸੀ। ਲੜਕੀ ਦੇ ਵਿਆਹ ਵਾਲੇ ਦਿਨ ਵੀ ਭਾਈਚਾਰੇ ਦੇ ਨੌਜਵਾਨ ਮੁੰਡੇ ਵਿਆਹ ਦੇ ਸਾਰੇ ਰੁਝੇਵੇਂ ਸੰਭਾਲ ਲੈਂਦੇ, ਕੋਰਿਆਂ 'ਤੇ ਪੰਗਤ ਵਿਚ ਬੈਠੇ ਬਰਾਤੀਆਂ ਤੋਂ ਰਸੋਈ ਤੱਕ ਇਕ ਲਾਈਨ ਵਿਚ ਖੜ੍ਹ ਕੇ ਤੇ ਇਕ ਲੰਮੀ ਚੇਨ ਬਣਾ ਕੇ ਭਾਈਚਾਰੇ ਦੇ ਨੌਜਵਾਨ ਬਰਾਤੀਆਂ ਤੱਕ ਵੰਨ-ਸੁਵੰਨੇ ਪਦਾਰਥਾਂ ਨਾਲ ਭਰੀਆਂ ਥਾਲੀਆਂ ਪਹੁੰਚਦੀਆਂ ਕਰਦੇ। ਲੜਕੀ ਦੇ ਵਿਆਹ ਦੀ ਤਿਆਰੀ ਲੜਕੀ ਦੀਆਂ ਸਹੇਲੀਆਂ ਵਲੋਂ ਜੁੜੇ ਤ੍ਰਿੰਝਣਾਂ ਵਿਚੋਂ ਹੀ ਸ਼ੁਰੂ ਹੋ ਜਾਂਦੀ ਸੀ, ਇਥੇ ਵਿਆਹ ਲਈ ਕੱਪੜਿਆਂ ਵਾਸਤੇ ਸੂਤ ਵੀ ਕੱਤਿਆ ਜਾਂਦਾ ਤੇ ਕੁੜੀ ਦੀਆਂ ਸਹੇਲੀਆਂ ਉਸ ਨੂੰ ਉਸ ਦੇ ਕੰਤ ਨਾਲ ਸੰਬੰਧਤ ਰੁਮਾਂਟਿਕ ਗੱਲਾਂ ਦਾ ਸਿਲਸਿਲਾ ਵੀ ਚਲਾਈ ਰੱਖਦੀਆਂ ਤੇ ਹਾਸੇ ਮਸ਼ਕੂਲੇ ਕਰਦੀਆਂ, ਅਜਿਹੇ ਕੁਝ ਨਾਲ ਵਿਅ੍ਹਾਂਦੜ ਕੁੜੀ ਦੇ ਚਿਹਰੇ ਤੇ ਸੰਗ ਤੇ ਮਨ ਵਿਚ ਇਕ ਸੁਖਦ ਅਹਿਸਾਸ ਉਤਪੰਨ ਹੋ ਜਾਂਦਾ ਸੀ। ਲੜਕੀ ਦੇ ਵਿਆਹ ਲਈ ਦਰੀਆਂ, ਸਿਰਹਾਣੇ, ਪੱਖੀਆਂ, ਫੁਲਕਾਰੀਆਂ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਹੱਥੀਂ ਤਿਆਰ ਕਰਨ ਦਾ ਰਿਵਾਜ ਪ੍ਰਚਲਿਤ ਹੁੰਦਾ ਸੀ, ਫੁਲਕਾਰੀ, ਚੋਪ, ਸੁੱਭਰ ਦਾਜ ਦੀ ਸਾਰੀ ਸਮਗਰੀ ਦਾ ਦਿਲ ਹੁੰਦੇ ਸਨ, ਇਨ੍ਹਾਂ ਨੂੰ ਆਪਣੀਆਂ ਸਹੇਲੀਆਂ ਤੇ ਭੈਣਾਂ ਭਰਜਾਈਆਂ ਦੇ ਸਹਿਯੋਗ ਨਾਲ ਵਿਅ੍ਹਾਂਦੜ ਕੁੜੀ ਆਪ ਤਿਆਰ ਕਰਕੇ ਤਸੱਲੀ ਮਹਿਸੂਸ ਕਰਦੀ ਸੀ। ਵਿਆਹ ਸਮੇਂ ਵਿਆਂ੍ਹਦੜ ਲੜਕੀ ਨੂੰ ਚੂੜੀਆਂ, ਗਜਰੇ, ਛਾਪਾਂ, ਛੱਲੇ, ਲੌਂਗ, ਸੱਗੀਫੁੱਲ, ਹੌਲਦਰੀ, ਨੈਕਲਸ ਅਤੇ ਕਾਂਟੇ ਆਦਿ ਗਹਿਣੇ ਪਹਿਨਾਏ ਜਾਂਦੇ ਸਨ ਤੇ ਸ਼ਿੰਗਾਰ ਵਾਸਤੇ ਸਿੰਥੈਟਿਕ ਸੁਰਖੀਆਂ ਬਿੰਦੀਆਂ ਦੇ ਥਾਂ ਅਖਰੋਟ ਦੀ ਛਿੱਲ ਦਾ ਦੰਦਾਸਾ ਵਰਤਿਆ ਜਾਂਦਾ ਸੀ ਜੋ ਦੰਦਾਂ ਨੂੰ ਰੋਗਾਂ ਤੋੋਂ ਵੀ ਬਚਾਉਂਦਾ ਸੀ ਤੇ ਬੁੱਲ੍ਹਾਂ ਦੀ ਖੂਬਸੂਰਤੀ ਵਿਚ ਵੀ ਵਾਧਾ ਕਰਦਾ ਸੀ।
ਅੱਜ ਭਾਵੇਂ ਮਸ਼ੀਨਾਂ ਆ ਗਈਆਂ ਹਨ ਤੇ ਇਹ ਮਸ਼ੀਨਾਂ ਮਿੰਟਾਂ ਵਿਚ ਹੀ ਕਪੱੜਿਆਂ'ਤੇ ਬਹੁਤ ਹੀ ਖ਼ੂਬਸੂਰਤ ਫੁੱਲ ਬੂਟੇ ਪਾਉਣ (ਕੱਢਣ) ਦੀ ਸਮੱਰਥਾ ਰੱਖਦੀਆਂ ਹਨ ਪਰ ਫੁਲਕਾਰੀ ਦੇ ਇਕ ਤੰਦ ਇਕ ਇਕ ਟਾਂਕੇ ਵਿਚ ਵਿਆਂਦੜ੍ਹਕੁੜੀ ਆਪਣੇ ਹੱਥੀਂ ਜਿਹੜੇ ਆਪਣੇ ਅਨੁਪਮ ਸੁਫਨੇ ਬੁਣਦੀ ਸੀ, ਮਸ਼ੀਨਾਂ ਨਾਲ ਸ਼ਾਇਦ ਉਹ ਕਦੇ ਵੀ ਨਾਂ ਬੁਣੇ ਜਾ ਸਕਣ। ਅੱਜ ਲੜਕੀ ਦੇ ਵਿਆਹ ਤੋਂ ਇਕ ਦੋ ਦਿਨ ਪਹਿਲਾਂ ਹੀ ਲਗੋੜ ਲਾਣੇ ਨੂੰ ਸ਼ਰਾਬ ਪਿਲਾ ਕੇ ਖ਼ੁਸ਼ੀਆਂ 'ਚ ਨਾਚ ਕੀਤੇ ਤੇ ਮੱਘੇ ਮਾਰੇ ਜਾਂਦੇ ਹਨ ਤੇ ਲੜਕੀ ਨੂੰ ਸੁਹਰੇ ਤੌਰ ਕੇ ਸੁੱਖ ਦਾ ਸਾਹ ਲਿਆ ਜਾਂਦਾ ਹੈ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਕਦੇ ਲੜਕੀ ਨੂੰ ਡੋਲੇ ਵਿਚ ਬਿਠਾਲ ਕੇ, ਜਿਸ ਨੂੰ ਚਾਰ ਲਾਗੀ ਮੋਢਿਆਂ'ਤੇ ਚੁੱਕ ਕੇ ਲਿਜਾਂਦੇ ਸਨ ਤੇ ਉਨ੍ਹਾਂ ਨੂੰ 'ਕਹਾਰ'ਕਿਹਾ ਜਾਂਦਾ ਸੀ, ਲੜਕੀ ਦਾ ਸਾਰਾ ਪਰਿਵਾਰ ਉਦਾਸ ਹੋ ਜਾਂਦਾ ਸੀ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂਆਂ'ਦੇ ਦਰਿਆਂ ਵਗ ਜਾਂਦੇ ਸਨ ਕਈ ਕਈ ਮਹੀਨਿਆਂ ਤੱਕ ਵਿਆਹੀ ਗਈ ਲੜਕੀ ਤੇ ਉਹਦੇ ਪਰਿਵਾਰ ਦੇ ਮਨਾਂ ਵਿਚ ਵਿਛੋੜੇ ਦੀ ਟੀਸ ਤੇ ਉਨ੍ਹਾਂ ਦੀਆ ਅੱਖਾਂ ਵਿਚ ਵੇਦਨਾ ਚਸਕਦੀ ਰਹਿੰਦੀ ਸੀ। ਕੁੜੀ ਦੇ ਸਹੁਰੇ ਜੇ ਉਸ ਦੇ ਪੇਕੇ ਪਿੰਡ ਤੋਂ ਕੋਈ ਪਰਿਵਾਰ ਆਪਣਾਂ ਮੁੰਡਾ ਵਿਆਹੁਣ ਆਉਂਦਾ ਤਾਂ ਭਾਵੇਂ ਉਹ ਕੁੜੀ ਦੇ ਪਰਿਵਾਰ ਦਾ ਦੁਸ਼ਮਣ ਵੀ ਹੋਵੇ, ਬਰਾਤ ਵਿਚੋਂ ਆ ਕੇ ਤੇ ਕੁੜੀ ਦਾ ਘਰ ਲੱਭ ਕੇ ਵਿਆਹੁਣ ਆਏ ਪਰਿਵਾਰ ਦੇ ਬੰਦੇ ਉਸ ਨੂੰ ਕੁਝ ਪੈਸਿਆਂ ਦਾ ਸ਼ਗਨ ਦੇਣ ਤੋਂ ਕਦੇ ਖੁੰਝਦੇ ਨਹੀਂ ਸਨ। ਇਸ ਸ਼ਗਨ ਨੂੰ'ਧਿਆਣੀ' ਮੰਨਣਾਕਿਹਾ ਜਾਂਦਾ ਸੀ। ਕੁੜੀ ਦੇ ਪੇਕੇ ਪਰਿਵਾਰ ਵਿਚੋਂ ਜਦੋਂ ਵੀ ਕੋਈ ਉਸਦੇ ਸਹੁਰੀਂ ਉਸਨੂੰ ਮਿਲਣ ਆਉਂਦਾ ਸੀ ਤਾਂ ਉਥੋਂ ਕੋਈ ਚੀਜ਼ ਲੈ ਕੇ ਨਹੀਂ ਸੀ ਜਾਂਦਾ ਆਮ ਲੋਕ ਲੜਕੀ ਦੇ ਘਰ ਖਾਣਾ ਖਾਣ ਤੋਂ ਵੀ ਪ੍ਰਹੇਜ਼ ਕਰਦੇ ਸਨ, ਭਾਵੇਂ ਕਿ ਲੜਕੀ ਦੀ ਇੱਛਾ ਹੁੰਦੀ ਸੀ ਕਿ ਉਸਦੇ ਪੇਕੇ ਘਰੋਂ ਉਸਦਾ ਵੀਰਾ ਜਾ ਕੋਈ ਹੋਰ ਮਿਲਣ ਲਈ ਆਵੇ ਤਾਂ ਉਹਦੇ ਲਈ ਬੂਰੀ ਮੱਝ ਚੁਆਵੇ, ਘਿਉ ਸ਼ੱਕਰ ਪਾਵੇ ਤੇ ਵੱਧ ਤੋੋਂ ਵੱਧ ਸੇਵਾ ਖਾਤਰਾਂ ਕਰੇ, ਪਰ ਕਈ ਰਸਮਾਂ ਰਿਵਾਜ਼ਾਂ ਦੇ ਬੰਧਨਾਂ'ਚ ਫਸੇ ਲੋਕ ਤਾਂ ਪਾਣੀ ਵੀ ਲੜਕੀ ਦੇ ਘਰ ਦੇ ਥਾਂ ਉਸਦੇ ਪਿੰਡ ਦਾ ਵਸੀਮਾਂ ਟੱਪ ਕੇ ਕਿਸੇ ਖੂਹ ਤੋਂ ਪੀਂਦੇ ਸਨ। ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਦੂਜਾ ਵਿਆਹ ਕਰਾਉਣ ਦੀ ਰਵਾਇਤ ਨਹੀਂ ਸੀ ਹੁੰਦੀ ਭਾਵੇਂ ਕਿ ਇਸ ਵਾਸਤੇ ਕਾਨੂੰਨ ਦੇ ਕੋਈ ਸਖ਼ਤ ਬੰਧਨ ਵੀ ਨਹੀਂ ਸਨ ਹੁੰਦੇ, ਦੂਜਾ ਵਿਆਹ ਵਿਸ਼ੇਸ਼ ਅਵਸਥਾ ਵਿਚ ਕਰਾਉਣ ਦੀ ਲੋੜ ਸਮਝੀ ਜਾਂਦੀ ਸੀ, ਜਿਵੇਂ ਵਿਆਹੀ ਗਈ ਇਸਤਰੀ ਤੋਂ ਕੋਈ ਔਲਾਦ ਨਾ ਹੋਈ ਹੋਵੇ, ਜੇਕਰ ਹੋਵੇ ਤਾਂ ਔਲਾਦ ਲੜਕੀਆਂ ਦੇ ਰੂਪ ਚ ਹੋਵੇ, ਲੜਕੇ ਦੀ ਲੋੜ ਵਾਸਤੇ ਦੂਜਾ ਵਿਆਹ ਕਰਾਉਣ ਲਈ ਸਮਾਜਕ ਅਨੁਮਤੀ ਪ੍ਰਾਪਤ ਹੋ ਜਾਂਦੀ ਸੀ, ਪਰ ਅਜਿਹੀ ਅਵੱਸਥਾ ਵਿਚ ਪਹਿਲੀ ਪਤਨੀ ਦੀਆਂ ਲੜਕੀਆਂ ਅਕਸਰ ਵਿਤਕਰੇ ਦਾ ਸ਼ਿਕਾਰ ਹੋ ਜਾਂਦੀਆਂ ਸਨ, ਖ਼ਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੀ ਸਕੀ ਮਾਂ ਦਾ ਦਿਹਾਂਤ ਹੋ ਜਾਵੇ ਤੇ ਉਹ ਮਤਰੇਈ ਮਾਂ ਦੇ ਵੱਸ ਪੈ ਜਾਣ। ਸ਼ਾਇਦ ਅਜਿਹੀ ਅਵਸਥਾ ਵਿਚ ਹੀ ਕਿਸੇ ਲੜਕੀ ਨੇ ਆਪਣੀ ਮਾਂ ਦੀ ਸੁੱਖ ਮੰਗੀ ਸੀ, ਅਜਿਹੀ ਕਾਮਨਾ ਨੂੰ ਇਕ ਪੰਜਾਬੀ ਲੋਕ ਗੀਤ ਦੀਆਂ ਦੋ ਸਤਰਾਂ ਨੇ ਆਪਣੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਹੈ-
ਉੱਡ ਜਾ ਕਾਵਾਂ ਵੇ ਤੇਰੀਆਂ ਲੰਮੀਆਂ ਛਾਵਾਂ।
ਮਰਨ ਮਤੇਈਆਂ ਤੇ ਜੁੱਗ ਜੁੱਗ ਜੀਵਨ ਮਾਵਾਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਸੰਪਰਕ : 94632-33991.

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਦਿਲਾਂ 'ਚ ਪਿਆਰ ਹੋਵੇ
ਯਾਰਾਂ ਦਾ ਪੱਕਾ ਯਾਰ ਹੋਵੇ
ਕਲੇਸ਼ ਪੱਖੋਂ ਹਾਰ ਹੋਵੇ
ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਭੰਨੀਂ ਕੋਈ ਭੋਲ ਹੋਵੇ
ਸ਼ਰੀਕ ਦਾ ਬੋਲ ਹੋਵੇ
ਗੱਲ ਵਜ਼ਨਤੋਲ ਹੋਵੇ
ਖਾਹ-ਮਖਾਹ ਦੀ ਨਹੀਉਂ ਕਦੇ ਹਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤੀਂ ਘੁੱਗੀਆਂ-ਬਟੇਰੇ ਹੋਣ
ਬੱਝੇ ਹੋਏ ਖੇੜੇ ਹੋਣ
ਘਰ ਸੱਜਰੇ ਲਵੇਰੇ ਹੋਣ
ਉਸ ਸਮੇਂ ਵੱਜਦੀ ਸਤਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਕੀਤੀ ਗਈ ਕਮਾਈ ਹੋਵੇ
ਉੱਚ ਡਿਗਰੀ ਪੜ੍ਹਾਈ ਹੋਵੇ
ਚੁਫੇਰਿਉਂ ਵਧਾਈ ਹੋਵੇ
ਸੜਕ ਤੇ ਆਉਂਦੀ ਫੇਰ ਕਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਵਿਰਸਾ ਭਰਪੂਰ ਹੋਵੇ
ਪੱਛਮੀ ਸੱਭਿਅਤਾ ਦੂਰ ਹੋਵੇ
ਜਾਣ-ਬੁੱਝ ਨਾ ਕਸੂਰ ਹੋਵੇ
ਪਾਉਂਦੀ ਸਟੇਜ 'ਤੇ ਨੲ੍ਹੀਂ ਪੰਜਾਬਣ ਖਿਲਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ


-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ) ਮੋਬਾਈਲ : 98781-17285

ਵਿਰਸੇ ਦੀਆਂ ਬਾਤਾਂ

ਖੇਤਾਂ ਵਰਗਾ ਨਜ਼ਾਰਾ ਕਿਤੇ ਹੋਰ ਨਾ

ਤਸਵੀਰ ਨੂੰ ਗੌਰ ਨਾਲ ਦੇਖੋ। ਕਿੰਨਾ ਸੋਹਣਾ ਦ੍ਰਿਸ਼ ਹੈ। ਪਾਣੀ ਨਾਲ ਭਰੇ ਕਿਆਰੇ, ਮੋਟਰ, ਕੋਠਾ, ਕਿਸਾਨ, ਦਰੱਖਤ ਤੇ ਹੋਰ ਬੜਾ ਕੁਝ। ਇਹ ਸਭ ਕੁਝ ਦੇਖ ਆਪ ਮੁਹਾਰੇ ਕੁਝ ਨਾ ਕੁਝ ਸੁੱਝ ਪੈਂਦਾ। ਜੀਅ ਕਰਦਾ ਹੈ ਉੱਡ ਕੇ ਇਹੋ ਜਿਹੇ ਖੇਤ ਪਹੁੰਚ ਜਾਈਏ। ਜਦੋਂ ਗ਼ਰਮੀ ਵੱਟ ਕੱਢ ਰਹੀ ਹੋਵੇ, ਉਦੋਂ ਮੋਟਰ ਥੱਲੇ ਨਹਾਉਣ ਦਾ ਤੇ ਸੰਘਣੀ ਛਾਂ ਥੱਲੇ ਬੈਠਣ ਦਾ ਵੱਖਰਾ ਆਨੰਦ ਹੁੰਦਾ।
ਖੇਤਾਂ ਵਿਚਲੀ ਇਹੋ ਜਿਹੀ ਖੂਬਸੂਰਤੀ ਦੇ ਦਰਸ਼ਨ ਹੁਣ ਘਟਦੇ ਜਾ ਰਹੇ ਹਨ। ਮੋਟਰ ਵਾਲੇ ਇਹੋ ਜਿਹੇ ਕੋਠੇ ਵੀ ਹੁਣ ਥੋੜ੍ਹੇ ਕਿਸਾਨ ਬਣਾਉਂਦੇ ਹਨ। ਪੁਰਾਣੇ ਘਰਾਂ ਦੀ ਚਿਮਨੀ ਜਿੰਨੀ ਨਿੱਕੀ ਜਹੀ ਕੋਠੜੀ ਹੁੰਦੀ ਹੈ, ਜਿਸ ਵਿਚ ਕੁਝ ਵੀ ਨਹੀਂ ਰੱਖਿਆ ਜਾ ਸਕਦਾ। ਪਹਿਲਾਂ ਪੂਰਾ ਕਮਰਾ ਹੁੰਦਾ ਸੀ, ਜਿਸ ਵਿਚ ਕਹੀ, ਜਿੰਦਰੀ, ਰੰਬਾ, ਮੰਜਾ, ਕਸੀਆ ਤੇ ਹੋਰ ਬੜਾ ਕੁਝ ਪਿਆ ਹੁੰਦਾ ਸੀ। ਜਿਹੜੇ ਕਿਸਾਨਾਂ ਦੀ ਪਾਣੀ ਦੀ ਵਾਰੀ ਰਾਤ ਦੀ ਹੁੰਦੀ, ਉਹ ਕਈ ਵਾਰ ਖੇਤ ਵਾਲੇ ਕੋਠੇ ਵਿਚ ਹੀ ਰਾਤ ਕੱਟ ਲੈਂਦੇ। ਹੁਣ ਡੱਬੇਨੁਮਾ ਕੋਠੜੀਆਂ ਏਨੇ ਗ਼ਰੀਬੀਦਾਵੇ ਨਾਲ ਬਣਾਈਆਂ ਜਾਂਦੀਆਂ ਹਨ ਕਿ ਦੇਖ ਕੇ ਹਾਸਾ ਆਉਂਦਾ ਹੈ।
ਇਸ ਤਸਵੀਰ ਵਿਚ ਪਾਣੀ ਨਾਲ ਭਰੇ ਕਿਆਰੇ ਦੇਖ ਕਈ ਖਿਆਲ ਉਮੜਦੇ ਹਨ। ਕਿਸਾਨ ਝੋਨਾ ਲਾਉਣ ਦੀ ਤਿਆਰੀ ਕਰ ਚੁੱਕਾ ਹੈ। ਪਿਛਲੇ ਦਿਨੀਂ ਜਦੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 20 ਜੂਨ ਤੋਂ ਪਹਿਲਾਂ ਕੋਈ ਕਿਸਾਨ ਝੋਨਾ ਨਹੀਂ ਲਾਵੇਗਾ ਤਾਂ ਕੁਝ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਝੋਨਾ ਲਵਾ ਦਿੱਤਾ ਕਿ ਤੁਸੀਂ ਲਾਓ, ਅਸੀਂ ਦੇਖਦੇ ਹਾਂ ਤੁਹਾਨੂੰ ਕੌਣ ਰੋਕਦਾ।
ਸਿੱਟਾ ਇਹ ਨਿਕਲਿਆ ਕਿ ਕਈ ਕਿਸਾਨਾਂ 'ਤੇ ਪਰਚੇ ਦਰਜ ਹੋ ਗਏ। ਹੁਣ ਖੇਤੀਬਾੜੀ ਵਿਭਾਗ ਨੇ ਕਿਹਾ ਕਿ ਨਿਯਮ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ। ਬਿਜਲੀ, ਸੰਦ ਅਤੇ ਬੀਜਾਂ ਦੀ ਸਬਸਿਡੀ ਨੂੰ ਕੱਟ ਲੱਗੇਗਾ। ਹੁਣ ਉਹ ਕਿਸਾਨ ਜਥੇਬੰਦੀਆਂ ਕਿੱਥੇ ਗਈਆਂ, ਜਿਨ੍ਹਾਂ ਕਿਸਾਨਾਂ ਦੇ ਮੋਢੇ ਵਰਤ ਕੇ ਨਿਸ਼ਾਨੇ ਲਾਏ। ਕਿਸਾਨਾਂ ਨਾਲ ਰਾਜਨੀਤੀ ਖੇਡਣ ਵਾਲੇ ਇਨ੍ਹਾਂ ਲੋਕਾਂ ਨੂੰ ਪਛਾਨਣ ਦੀ ਲੋੜ ਹੈ।
ਅਸੀਂ ਮੰਨਦੇ ਹਾਂ ਕਿਸਾਨਾਂ ਦੀ ਮਜਬੂਰੀ ਹੈ। ਉਨ੍ਹਾਂ ਲਈ ਇਕ ਇਕ ਦਿਨ ਕੀਮਤੀ ਹੈ। ਪਰ ਇਹ ਵੀ ਤਾਂ ਸੱਚ ਹੈ ਕਿ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ। ਦਸ ਦਿਨ ਨਾਲ ਬਹੁਤਾ ਫ਼ਰਕ ਨਹੀਂ ਪੈਣ ਲੱਗਾ। ਇਹ ਭਰੇ ਹੋਏ ਕਿਆਰੇ ਵੀ ਦੱਸ ਰਹੇ ਹਨ ਕਿ ਲਾਇਆ ਜਾਣ ਵਾਲਾ ਝੋਨਾ ਕਿੰਨਾ ਪਾਣੀ ਪੀਵੇਗਾ। ਸਰਕਾਰ ਪਾਣੀ ਦਾ ਫ਼ਿਕਰ ਕਰਦੀ ਹੈ, ਵਧੀਆ ਗੱਲ ਹੈ। ਸਾਨੂੰ ਸਾਰਿਆਂ ਨੂੰ ਵੀ ਫ਼ਿਕਰ ਕਰਨਾ ਚਾਹੀਦਾ। ਪਰ ਜੇ ਸਰਕਾਰ ਹੋਰ ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰੇ ਤੇ ਕਿਸਾਨਾਂ ਦੀ ਸੱਚੇ ਦਿਲੋਂ ਬਾਂਹ ਫੜੇ ਤਾਂ ਸ਼ਾਇਦ ਖੇਤਾਂ ਵਿਚ ਝੋਨੇ ਦੀ ਥਾਂ ਹੋਰ ਫ਼ਸਲਾਂ ਝੂਮਣ ਲੱਗਣ।
ਕੁਦਰਤੀ ਨਜ਼ਾਰਿਆਂ ਨੂੰ ਸਲਾਮ। ਪਰ ਪਾਣੀ ਦੀ ਸੱਚੀਂ ਸੰਭਾਲ ਕਰੀਏ, ਜੇ ਆਉਂਦੀ ਪੀੜ੍ਹੀ ਨੂੰ ਕੁਝ ਦੇਣਾ ਚਾਹੁੰਦੇ ਹਾਂ ਤਾਂ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਬਾਸਮਤੀ ਦੀ ਸਿੱਧੀ ਬਿਜਾਈ ਕਰ ਕੇ ਪਾਣੀ ਬਚਾਓ ਅਤੇ ਖਰਚਾ ਘਟਾਓ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬਿਜਾਈ ਦਾ ਸਮਾਂ: ਸਿੱਧੀ ਬਿਜਾਈ ਲਈ ਜੂਨ ਦਾ ਦੂਜਾ ਪੰਦਰਵਾੜਾ (15-30 ਜੂਨ) ਬਹੁਤ ਹੀ ਢੁੱਕਵਾਂ ਸਮਾਂ ਹੈ। ਜੂਨ ਦੇ ਪਹਿਲੇ ਪੰਦਰਵਾਵੜੇ ਜਾਂ ਉਸ ਤੋਂ ਜਲਦੀ ਬਿਜਾਈ ਕਰਨ ਨਾਲ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਉਸ ਸਮੇਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਜੂਨ ਦੇ ਦੂਜੇ ਪੰਦਰਵਾੜੇ ਵਿਚ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਕਿਉਂਕਿ ਜੁਲਾਈ ਮਹੀਨੇ ਬਰਸਾਤ ਉਤਰਨ ਨਾਲ ਖੇਤ ਨੂੰ ਮੀਂਹ ਤੋਂ ਇਲਾਵਾ ਹੋਰ ਕਿਸੇ ਸਰੋਤ ਦੁਆਰਾ ਪਾਣੀ ਦੇਣ ਦੀ ਜ਼ਰੂਰਤ ਨਹੀਂ ਰਹਿੰਦੀ।
ਬੀਜ ਦੀ ਮਾਤਰਾ ਅਤੇ ਬੀਜਣ ਦਾ ਤਰੀਕਾ: ਬਾਸਮਤੀ ਦੀ ਸਿੱਧੀ ਬਿਜਾਈ ਝੋਨਾ ਬੀਜਣ ਵਾਲੀ ਡਰਿਲ ਜਾਂ ਮਲਟੀ ਪਲਾਂਟਰ ਡਰਿਲ ਨਾਲ ਕਰੋ। ਬਿਜਾਈ ਕਰਨ ਲਈ 8-10 ਕਿਲੋ ਪ੍ਰਤੀ ਕਿੱਲਾ ਬੀਜ ਕਾਫੀ ਹੈ ਅਤੇ ਜਿਸਨੂੰ 20 ਸੈ. ਮੀ. ਕਤਾਰ ਤੋਂ ਕਤਾਰ ਦੇ ਫਾਸਲੇ 'ਤੇ ਪੂਰੇ ਵੱਤਰ ਵਾਲੇ ਖੇਤ ਵਿਚ ਬੀਜੋ। ਇੱਕ ਗੱਲ ਦਾ ਧਿਆਨ ਜ਼ਰੂਰ ਦਿਓ ਕਿ ਬੀਜ 2-3 ਸੈ. ਮੀ. ਦੀ ਡੂੰਘਾਈ ਤੋਂ ਜ਼ਿਆਦਾ ਥੱਲੇ ਨਾ ਜਾਵੇ ਕਿਉਂਕਿ ਜ਼ਿਆਦਾ ਡੂੰਗਾ ਜਾਂ ਜ਼ਿਆਦਾ ਉੱਪਰ ਬੀਜਿਆ ਬੀਜ ਘੱਟ ਜੰਮਦਾ ਹੈ।
ਬੀਜ ਦੀ ਸੋਧ: ਬਾਸਮਤੀ ਦੀ ਬਿਜਾਈ ਲਈ 8-10 ਕਿਲੋ ਬੀਜ ਨੂੰ ਟੱਬ ਜਾਂ ਬਾਲਟੀ ਵਿਚ 10 ਲੀਟਰ ਪਾਣੀ ਵਿਚ ਪਾਕੇ ਚੰਗੀ ਤਰ੍ਹਾਂ ਹਿਲਾਓ ਅਤੇ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ। ਹਲਕਾ ਬੀਜ ਬਾਹਰ ਸੁੱਟਣ ਤੋਂ ਬਾਅਦ ਜਿਹੜਾ ਭਾਰਾ ਬੀਜ ਥੱਲੇ ਬੈਠ ਜਾਏਗਾ ਉਸ ਬੀਜ ਨੂੰ 20 ਗ੍ਰਾਮ ਬਵਿਸਟਨ 50 ਡਬਲਯੂ. ਪੀ. (ਕਾਰਬੈਂਡਾਜ਼ਿਮ) ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ 10 ਲਿਟਰ ਪਾਣੀ ਦੇ ਘੋਲ ਵਿਚ ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਓ । ਬੀਜ ਦੀ ਸੋਧ ਕਰਨ ਨਾਲ ਬੀਜ ਅਤੇ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਝੁਲਸ ਰੋਗ, ਪੈਰਾਂ ਦਾ ਗਲਣਾ ਅਤੇ ਹੋਰ ਬਿਮਾਰੀਆਂ ਤੋਂ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ: ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਇਕ ਚੁਣੌਤੀ ਹੈ। ਲੇਜ਼ਰ ਵਾਲੇ ਕਰਾਹੇ ਨਾਲ ਖੇਤ ਪੱਧਰ ਕਰਨ ਤੋਂ ਬਾਅਦ ਵਿਚ ਖੇਤ ਨੂੰ ਪਾਣੀ ਲਗਾ ਦਿਓ ਤਾਂ ਕਿ ਨਦੀਨ ਬਿਜਾਈ ਤੋਂ ਪਹਿਲਾਂ ਹੀ ਉੱਗ ਜਾਣ ਅਤੇ ਬਾਅਦ ਵਿਚ ਉੱਗੇ ਹੋਏ ਨਦੀਨਾਂ ਨੂੰ ਖੇਤ ਨੂੰ ਤਿਆਰ ਕਰਨ ਵੇਲੇ ਵਾਹ ਕੇ ਮਾਰ ਦਿਓ। ਇਸ ਤਰ੍ਹਾਂ ਕਰਨ ਨਾਲ ਖੇਤ ਵਿਚੋਂ ਕਾਫੀ ਨਦੀਨ ਖਤਮ ਹੋ ਜਾਂਦੇ ਹਨ ਅਤੇ ਨਾਲ ਹੀ ਜੰਗਲੀ ਝੋਨਾ ਵੀ ਖੇਤ ਵਿਚੋਂ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ।
ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਵਿਚ ਪਾਓ, ਇਸ ਨਾਲ ਖੇਤ ਵਿਚੌਂ ਸਵਾਂਕ, ਮਧਾਣਾ, ਮਕੜਾ, ਤੱਕੜੀ ਘਾਹ ਅਤੇ ਹੋਰ ਛੋਟੇ ਬੀਜ ਵਾਲੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ 2-3 ਹਫਤਿਆਂ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਬਿਜਾਈ ਤੋਂ 30 ਦਿਨਾਂ ਬਾਅਦ ਖੇਤ ਵਿਚ ਨਦੀਨ ਆ ਜਾਂਦੇ ਹਨ ਤਾਂ ਗੋਡੀ ਪਾਓ ਜਾਂ ਨੌਮਨੀਗੋਲਡ/ਵਾਸ਼ਆਉਟ/ਤਾਰਕ/ਮਾਚੋ 10 ਐਸ. ਸੀ. (ਬਿਸਪਾਇਰੀਬੈਕ) 100 ਮਿ.ਲਿ. ਪ੍ਰਤੀ ਏਕੜ ਪਾ ਦਿਓ, ਇਸ ਨਦੀਨਨਾਸ਼ਕ ਨਾਲ ਸਵਾਂਕ ਅਤੇ ਝੋਨੇ ਵਾਲੇ ਮੋਥੇ ਦੀ ਰੋਕਥਾਮ ਹੋ ਜਾਂਦੀ ਹੈ। ਜੇਕਰ ਖੇਤ ਵਿਚ ਝੋਨੇ ਵਾਲਾ ਮੋਥਾ, ਗੰਡੀ ਵਾਲਾ ਮੋਥਾ ਜਾਂ ਹੋਰ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਸੈਗਮੈਂਟ 50 ਡੀ ਐਫ (ਅਜ਼ਿਮਸਲਫੂਰਾਨ) 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ । ਜੇਕਰ ਖੇਤ ਵਿਚ ਮਧਾਣਾ, ਚੀਨੀ ਘਾਹ, ਚਿੜੀ ਘਾਹ, ਤੱਕੜੀ ਘਾਹ ਹੋਣ ਤਾਂ ਬਿਜਾਈ ਤੋਂ 20 ਦਿਨਾਂ ਬਾਅਦ ਖੇਤ ਵਿਚ ਰਾਈਸ ਸਟਾਰ 6.7 ਈ. ਸੀ. (ਫਿਨੋਕਸਾਪਰੋਪ) 400 ਮਿ. ਲੀ. ਨੂੰ ਖੇਤ ਵਿਚ ਪਾ ਦਿਓ। ਇਹ ਸਾਰੀਆਂ ਨਦੀਨਨਾਸ਼ਕ ਦਵਾਈਆਂ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਖੇਤ ਵਿਚੋਂ ਪਾਣੀ ਕੱਢ ਕੇ ਸਪਰੇਅ ਕਰਨਾ ਚਾਹੀਦਾ ਹੈ ਅਤੇ ਸਪਰੇਅ ਕਰਨ ਤੋਂ 24 ਘੰਟਿਆਂ ਬਾਅਦ ਖੇਤ ਨੂੰ ਪਾਣੀ ਲਾਇਆ ਜਾ ਸਕਦਾ ਹੈ।
ਪਾਣੀ: ਜੇਕਰ ਬਾਸਮਤੀ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਖੇਤ ਨੂੰ ਪਾਣੀ ਲਾ ਦਿਓ ਅਤੇ ਦੂਸਰਾ ਪਾਣੀ ਬਿਜਾਈ ਤੋਂ 4-5 ਦਿਨਾਂ ਬਾਅਦ ਲਗਾਓ। ਜੇਕਰ ਬਾਸਮਤੀ ਦੀ ਸਿੱਧੀ ਬਿਜਾਈ ਰੌਣੀ ਕਰਨ ਤੋਂ ਬਾਅਦ ਕੀਤੀ ਹੋਵੇ ਤਾਂ ਖੇਤ ਨੂੰ ਪਾਣੀ ਬਿਜਾਈ ਤੋਂ 5-7 ਦਿਨਾਂ ਬਾਅਦ ਲਗਾਉਣਾ ਚਾਹੀਦਾ ਹੈ, ਉਸ ਤੋਂ ਬਾਅਦ 5-10 ਦਿਨਾਂ ਦੇ ਵਕਫੇ ਤੋਂ ਬਾਅਦ ਜ਼ਮੀਨ ਦੀ ਕਿਸਮ ਅਤੇ ਬਾਰਿਸ਼ 'ਤੇ ਨਿਰਭਰ ਕਰਦਾ ਹੈ। ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਲਗਾਓ । (ਸਮਾਪਤ)


-ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX