ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  4 minutes ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭਾਪ ਦੀ ਪੰਜਾਬ ਦੀ ਜੇਲ੍ਹ 'ਚ ਤਬਾਦਲੇ 'ਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਦਰਾ ਰਾਜੇ ਨੂੰ ਚਿੱਠੀ ਲਿਖੀ ਹੈ। ਹਰਨੇਕ ਸਿੰਘ ਮੌਜੂਦਾ ਸਮੇਂ...
ਅੱਤਵਾਦੀ ਗੁਰਦੀਪ ਖਹਿਰਾ ਦੀ ਰਿਹਾਈ ਲਈ ਕੈਪਟਨ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  23 minutes ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਗੁਰਦੀਪ ਸਿੰਘ ਖਹਿਰਾ ਦੀ ਚੰਗੇ ਵਤੀਰੇ ਦੇ ਆਧਾਰ 'ਤੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੂੰ ਚਿੱਠੀ ਲਿਖੀ ਹੈ। ਦਿੱਲੀ ਅਤੇ ਬਿਹਾਰ...
ਅੰਮ੍ਰਿਤਸਰ ਦੇ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਲਈ 150 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟ ਦਾ ਜਲਦ ਹੋਵੇਗਾ ਟੈਂਡਰ- ਸਿੱਧੂ
. . .  44 minutes ago
ਚੰਡੀਗੜ੍ਹ, 18 ਜੁਲਾਈ- ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉੱਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ 150 ਕਰੋੜ ਰੁਪਏ ਦੀ ਲਾਗਤ ਨਾਲ...
ਬਾਬਾ ਬਜਿੰਦਰ ਸਿੰਘ ਮਾਸਟਰ ਗ੍ਰਿਫ਼ਤਾਰ
. . .  55 minutes ago
ਨਵੀਂ ਦਿੱਲੀ, 18 ਜੁਲਾਈ- ਮੁਰਦਿਆਂ ਨੂੰ ਜਿਊਂਦਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਬਜਿੰਦਰ ਸਿੰਘ ਮਾਸਟਰ ਨੂੰ ਮੋਹਾਲੀ ਪੁਲਿਸ ਨੇ ਇੱਕ ਲੜਕੀ ਨਾਲ ਜਬਰ-ਜਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਅੱਜ ਦਿੱਲੀ ਹਵਾਈ ਅੱਡੇ ਤੋਂ...
15 ਸਾਲਾ ਮੰਦਬੁੱਧੀ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਜਬਰ-ਜਨਾਹ
. . .  about 1 hour ago
ਪਟਿਆਲਾ, 18 ਜੁਲਾਈ- 15 ਸਾਲਾ ਮੰਦਬੁੱਧੀ ਲੜਕੀ ਨਾਲ 3 ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਗੁਜ਼ਰਹੇੜੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ...
ਸਰਕਾਰ ਨੇ ਗੰਨਾ ਕੀਮਤ 'ਚ ਕੀਤਾ ਵਾਧਾ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਸੂਤਰਾਂ ਮੁਤਾਬਿਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਮਾਰਕਿਟਿੰਗ ਸਾਲ 'ਚ ਸ਼ੂਗਰ ਮਿਲਾਂ ਵਲੋਂ ਘੱਟੋ ਘੱਟ ਕੀਮਤ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਘਟੋ ਘੱਟ ਕੀਮਤ ਵਧਾਉਣ...
ਅਸਾਮ ਸਰਕਾਰ ਨੇ ਹਿਮਾ ਦਾਸ ਨੂੰ ਸੂਬੇ ਦੀ ਸਪੋਰਟਸ ਅੰਬੈਸਡਰ ਬਣਾਉਣ ਦਾ ਕੀਤਾ ਐਲਾਨ
. . .  about 1 hour ago
ਦਿਸਪੁਰ, 18 ਜੁਲਾਈ- ਅਸਾਮ ਦੇ ਮੁੱਖ ਮੰਤਰੀ ਸਬਰਾਨੰਦ ਸੋਨੋਵਾਲ ਨੇ ਹਿਮਾ ਦਾਸ ਨੂੰ ਸੂਬੇ ਦੀ ਪਹਿਲੀ ਸਪੋਰਟਸ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਹਿਮਾ ਨੇ ਫਿਨਲੈਂਡ 'ਚ ਆਯੋਜਿਤ ਵਰਲਡ ਅੰਡਰ-20 ਚੈਂਪੀਅਨਸ਼ਿਪ 'ਚ ਔਰਤਾਂ ਦੀ 400 ਮੀਟਰ ਦੌੜ 'ਚ...
ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਸਪੱਸ਼ਟ ਬਹੁਮਤ ਸਾਬਤ ਕਰਾਂਗੇ- ਅਠਵਲੇ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ 'ਕਿਸੇ ਨੇ ਕਿਹਾ, ਸਾਡੇ ਲੋਕ ਬਹੁਮਤ ਨਹੀਂ ਹੈ' ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਰਾਮਦਾਸ ਅਠਵਲੇ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੱਦੋ ਵੱਧ ਆਤਮ ਵਿਸ਼ਵਾਸ ਕਿਸੇ...
ਕਾਂਗੜਾ ਜਹਾਜ਼ ਹਾਦਸਾ : ਹਵਾਈ ਫੌਜ ਨੇ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਪਠਾਨਕੋਟ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਅੱਜ ਦੁਪਹਿਰੇ ਲੜਾਕੂ ਜਹਾਜ਼ ਮਿਗ-21 ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਸੰਬੰਧੀ ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਜਹਾਜ਼ ਨੇ ਦੁਪਹਿਰ 12.20 ਵਜੇ ਪਠਾਨਕੋਟ ਏਅਰ ਫੋਰਸ...
ਬੇਭਰੋਸਗੀ ਮਤੇ 'ਤੇ ਬੋਲੀ ਸੋਨੀਆ- ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ
. . .  about 2 hours ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਵਲੋਂ ਲੋਕ ਸਭਾ 'ਚ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸਵੀਕਾਰ ਕਰ ਲਿਆ ਗਿਆ। ਮਤੇ 'ਤੇ ਸ਼ੁੱਕਰਵਾਰ ਨੂੰ ਲੋਕ...
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਪਰਿਵਾਰ ਹੀ ਕਰ ਸਕਦਾ ਹੈ ਬੱਚਿਆਂ ਨੂੰ ਨੈਤਿਕ ਕਦਰਾਂ ਵਿਚ ਪਰਪੱਕ

ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਅਜੋਕੀ ਵਿੱਦਿਆ ਪ੍ਰਣਾਲੀ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਰਮ ਦੀਆਂ ਕਦਰਾਂ-ਕੀਮਤਾਂ ਤੋਂ ਜਾਣੂੰ ਕਰਵਾ ਕੇ ਮਨੁੱਖੀ ਸ਼ਖਸੀਅਤ ਨੂੰ ਪੂਰਾ ਵਿਕਸਿਤ ਕਰ ਰਹੀ ਹੈ? ਕਿਸੇ ਵੀ ਮਨੁੱਖ ਦੇ ਵਿਅਕਤੀਤਵ ਦੀ ਘਾੜਤ ਵਿਚ ਦੋ ਵਿਅਕਤੀ ਵਿਸ਼ੇਸ਼ ਯੋਗਦਾਨ ਪਾਉਂਦੇ ਹਨ-ਇਕ ਅਧਿਆਪਕ ਅਤੇ ਦੂਜੀ ਮਾਤਾ। ਅਧਿਆਪਕ ਦੇ ਯੋਗਦਾਨ ਨੂੰ ਛੁਟਿਆਏ ਬਿਨਾਂ ਇਹ ਕਿਹਾ ਜਾ ਸਕਦਾ ਹੈ ਕਿ ਜੋ ਕੰਮ ਮਾਤਾ ਕਰ ਸਕਦੀ ਹੈ, ਉਹ ਕਿਸੇ ਵੀ ਅਧਿਆਪਕ ਦੇ ਕੰਮ ਨਾਲੋਂ ਉਚੇਰਾ ਹੈ। ਜਾਰਜ ਹਰਬਰਟ ਨੇ ਕਿਹਾ ਹੈ 'ਇਕ ਚੰਗੀ ਮਾਤਾ ਸੌ ਅਧਿਆਪਕਾਂ ਦੇ ਬਰਾਬਰ ਹੈ।'
ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸਕੂਲ ਦੇ ਨਾਲ ਘਰ ਵਿਚ ਵੀ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਸਿੱਖਿਆ ਵੀ ਦਿੱਤੀ ਜਾਏ। ਗੁਰਬਾਣੀ ਇਸ ਸਿੱਖਿਆ ਦਾ ਵੱਡਾ ਸਰੋਤ ਹੈ। ਗੌਰਵਮਈ ਸਿੱਖ ਇਤਿਹਾਸ ਵੀ ਇਸ ਅਧਿਆਤਮਕ ਵਿਰਸੇ ਦੀ ਹੀ ਦੇਣ ਹੈ।
ਗਿਆਨਹਿ ਕੀ ਬਢਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ॥
ਬਹਾਦਰ ਸੂਰਮਿਆਂ ਨੇ ਆਤਮ ਗਿਆਨ ਦਾ ਹਥਿਆਰ ਹੱਥ ਵਿਚ ਲੈ ਕਾਇਰਤਾ ਨੂੰ ਹੂੰਝ ਕੇ ਬਾਹਰ ਕੱਢ ਦਿੱਤਾ-
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥ (ਅੰਗ 679)
ਬਹਾਦਰ ਸਿੰਘਾਂ ਨੇ ਗੁਰਬਾਣੀ ਤੋਂ ਅਜਿਹੀ ਸ਼ਕਤੀ ਪ੍ਰਾਪਤ ਕੀਤੀ ਕਿ 'ਨਿਰਭਉ ਜਪੈ ਸਗਲ ਭਉ ਮਿਟੈ' ਅਨੁਸਾਰ ਉਨ੍ਹਾਂ ਦੇ ਸਾਰੇ ਡਰ ਮਿਟ ਗਏ ਅਤੇ ਉਹ ਸੱਚ ਦੀ ਲੜਾਈ ਲੜਦੇ ਬੇਮਿਸਾਲ ਪੂਰਨੇ ਪਾ ਗਏ। ਖੰਡੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ, ਗੁਰੂ ਸਾਹਿਬ ਨੇ ਸ਼ਕਤੀ ਗੁਰਬਾਣੀ ਤੋਂ ਹੀ ਲਈ। ਜੋਤੀ-ਜੋਤ ਸਮਾਉਣ ਸਮੇਂ ਦਸਮ ਪਾਤਸ਼ਾਹ ਨੇ ਗੁਰਬਾਣੀ ਦੇ ਇਸ ਬਹੁਮੁੱਲੇ ਵਿਰਸੇ, ਪਿਓ-ਦਾਦੇ ਦੇ ਇਸ ਖਜ਼ਾਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ, ਇਸ ਨੂੰ ਇਸ ਦੇ ਅਸਲ ਵਾਰਸ 'ਖਾਲਸਾ ਪੰਥ' ਦੇ ਹਵਾਲੇ ਕਰ ਦਿੱਤਾ। ਹੁਣ ਇਸ ਵਾਰਸ ਦਾ ਫਰਜ਼ ਬਣਦਾ ਹੈ ਕਿ ਇਸ ਖਜ਼ਾਨੇ ਦੀ ਸੰਭਾਲ ਕਰੇ ਅਤੇ ਇਸ ਨੂੰ ਮਨੁੱਖ-ਮਾਤਰ ਦੀ ਸੇਵਾ ਲਈ ਵਰਤੇ!
ਦੇਖਣ ਵਾਲੀ ਗੱਲ ਹੈ ਕਿ ਇਸ ਗੌਰਵਮਈ ਵਿਰਸੇ ਦੀ ਮਾਲਕ ਕੌਮ ਅੱਜ ਕਿੱਥੇ ਖੜ੍ਹੀ ਹੈ? ਪਤਾਲ ਦੀਆਂ ਡੂੰਘੀਆਂ ਖੱਡਾਂ ਵਿਚ ਡਿਗ ਰਹੀ ਕੌਮ ਅੱਜ ਕਿਉਂ ਇਸ ਦਿਸ਼ਾ ਵੱਲ ਜਾ ਰਹੀ ਹੈ?
ਦੁਨੀਆ ਦੇ ਇਤਿਹਾਸ ਦਾ ਅਧਿਐਨ ਕਰਦਿਆਂ ਧਿਆਨ ਵਿਚ ਆਉਂਦਾ ਹੈ ਕਿ ਕਿਸੇ ਸਮੇਂ ਦਾ ਬਹੁਤ ਵੱਡਾ ਰੋਮਨ ਸਾਮਰਾਜ ਅੱਜ ਕਿਤੇ ਨਜ਼ਰ ਨਹੀਂ ਆ ਰਿਹਾ। ਲੇਖਕ ਐਡਵਰਡ ਗਿਬਨ, ਇਸ ਦੇ ਕੁਝ ਕੁ ਕਾਰਨ ਇਸ ਤਰ੍ਹਾਂ ਦੱਸਦਾ ਹੈ-
1. ਕੇਂਦਰੀ ਹਕੂਮਤ ਦਾ ਅੰਨ੍ਹੇਵਾਹ ਖਰਚ ਕਰੀ ਜਾਣਾ।
2. ਨੌਜਵਾਨਾਂ ਦਾ ਦੇਸ਼ ਲਈ ਹਥਿਆਰ ਚੁੱਕਣ ਤੋਂ ਕੰਨੀ ਕਤਰਾਉਣਾ।
3. ਐਸ਼ਾਂ ਵਿਚ ਖਚਿਤ ਹੋ ਜਾਣਾ, ਵਿਭਚਾਰ ਅਤੇ ਜਿਨਸੀ ਭੁੱਖ ਦਾ ਵਧ ਜਾਣਾ।
4. ਘਰ ਦੀ ਪਵਿੱਤਰਤਾ ਖ਼ਤਮ ਹੋ ਜਾਣੀ।
5. ਨਜ਼ਾਕਤ ਤੇ ਮਰਦਊਪੁਣੇ ਦਾ ਖ਼ਤਮ ਹੋ ਜਾਣਾ। ਕੁੜੀਆਂ ਦਾ ਮਰਦਾਂ ਵਾਂਗ ਅਤੇ ਮਰਦਾਂ ਦਾ ਔਰਤਾਂ ਵਾਂਗ ਵਿਚਰਨਾ।
6. ਸਭ ਤੋਂ ਵੱਧ ਧਰਮ ਲਈ ਸਤਿਕਾਰ ਅਤੇ ਆਦਰ ਦਾ ਉੱਡ-ਪੁੱਡ ਜਾਣਾ।
ਅੱਜ ਉੱਪਰ ਲਿਖੀਆਂ ਗੱਲਾਂ ਸਾਡੇ ਨਾਲ ਵੀ ਵਾਪਰਦੀਆਂ ਨਜ਼ਰ ਆ ਰਹੀਆਂ ਹਨ। ਐਸ਼ਪ੍ਰਸਤੀ ਵਿਚ ਖਚਿਤ ਨੌਜਆਨ ਪੀੜ੍ਹੀ ਜਿਨਸੀ ਭੁੱਖ ਦਾ ਸ਼ਿਕਾਰ ਹੋ ਰਹੀ ਹੈ। ਮਰਦ ਮਰਦਉੂਪੁਣਾ ਗੁਆ ਕੇ ਅਤੇ ਇਸਤਰੀਆਂ ਸ਼ੁਭ ਗੁਣਾਂ ਨੂੰ ਤਿਲਾਂਜਲੀ ਦੇ ਕੇ, ਇਕ-ਦੂਜੇ ਦੀ ਨਕਲ ਕਰਨ ਨੂੰ ਅਗਾਂਹਵਧੂ ਹੋਣ ਦੀ ਨਿਸ਼ਾਨੀ ਸਮਝ ਰਹੇ ਹਨ। ਔਰਤ ਅਤੇ ਮਰਦ ਦੀ ਬਰਾਬਰੀ ਦੇ ਨਾਂਅ ਥੱਲੇ ਪਤੀ-ਪਤਨੀ ਦੇ ਰਿਸ਼ਤੇ ਦੀ ਅਤੇ ਨਤੀਜੇ ਵਜੋਂ ਘਰ ਦੀ ਪਵਿੱਤਰਤਾ ਖ਼ਤਮ ਹੋ ਰਹੀ ਹੈ। ਇਸ ਸਭ ਕੁਝ ਦੇ ਨਤੀਜੇ ਵਜੋਂ ਨਵੀਂ ਪੀੜ੍ਹੀ ਦਿਸ਼ਾਹੀਣ ਹੋ ਕੇ, ਆਪਣੇ ਵਿਰਸੇ ਨਾਲੋਂ ਟੁੱਟ ਕੇ ਕਈ ਤਰ੍ਹਾਂ ਦੀਆਂ ਅਲਾਮਤਾਂ ਦੀ ਸ਼ਿਕਾਰ ਹੋ ਰਹੀ ਹੈ।
ਡਾ: ਦਿਨੇਸ਼, ਪ੍ਰੋਫੈਸਰ ਆਫ ਫੈਮਿਲੀ ਮੈਡੀਸਨ, ਆਪਣੀ ਕਿਤਾਬ ਵਿਚ ਪਰਿਵਾਰ ਨੂੰ ਸੱਭਿਅਤਾ ਦੀ ਕਾਰਜਸ਼ਾਲਾ ਕਹਿੰਦੇ ਹਨ। ਪਰਿਵਾਰ ਵਿਚ ਹੀ ਬੱਚੇ ਦੇ ਆਚਰਣ ਦੀ ਘਾੜਤ ਘੜੀ ਜਾਂਦੀ ਹੈ। ਡਾ: ਸਾਹਿਬ ਦੇ ਵਿਚਾਰ ਅਨੁਸਾਰ ਇਕਸੁਰਤਾ ਵਾਲੇ ਪਰਿਵਾਰ ਹੀ ਇਸ ਕੰਮ ਨੂੰ ਯੋਗ ਤਰੀਕੇ ਨਾਲ ਕਰ ਸਕਦੇ ਹਨ। ਇਹੋ ਜਿਹੇ ਪਰਿਵਾਰ ਦੇ ਲੱਛਣ ਦੱਸਦਿਆਂ ਆਪ ਲਿਖਦੇ ਹਨ-ਇਕਸੁਰਤਾ ਵਾਲੇ ਪਰਿਵਾਰ ਅਤੇ ਸਮਾਜ ਵਿਚ, ਹਰ ਵਿਅਕਤੀ ਦੂਜੇ ਦੀ ਸੇਵਾ ਨੂੰ ਆਪਣਾ ਪਰਮ-ਧਰਮ ਸਮਝਦਾ ਹੈ, ਜਦੋਂ ਕਿ ਪਰਿਵਾਰ ਅਤੇ ਸਮਾਜ ਯਕੀਨੀ ਬਣਾਉਂਦੇ ਹਨ ਕਿ ਸਮਾਜ ਵਿਚ ਹਰ ਵਿਅਕਤੀ ਨੂੰ ਨਿਆਂ ਮਿਲੇ।
ਇਕਸੁਰਤਾ ਵਾਲੇ ਪਰਿਵਾਰ ਦੇ ਲੱਛਣ ਦੱਸਦਿਆਂ ਗੁਰੂ ਸਾਹਿਬ ਫੁਰਮਾਉਂਦੇ ਹਨ-
ਧਨ ਪਿਰੁ ਏਹਿ ਨਾ ਆਖੀਅਨਿ
ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ
ਧਨ ਪਿਰੁ ਕਹੀਐ ਸੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 788)
ਜਦੋਂ ਪਰਿਵਾਰ ਰੂਪੀ ਗੱਡੀ ਦੇ ਦੋ ਪਹੀਏ (ਧਨ ਪਿਰ) ਏਨੇ ਇਕਸੁਰ ਹੋ ਕੇ ਚੱਲਣ ਕਿ ਦੇਖਣ ਵਿਚ ਦੋ ਹੁੰਦਿਆਂ ਵੀ ਇਕ ਜੋਤ ਹੀ ਜਾਪਣ, ਤਾਂ ਹੀ ਪਰਿਵਾਰ ਵਿਚ ਇਕਸੁਰਤਾ ਆ ਸਕਦੀ ਹੈ ਅਤੇ ਜੀਵਨ ਸੁੱਖਮਈ ਹੋ ਸਕਦਾ ਹੈ। ਅਜਿਹੇ ਰਿਸ਼ਤੇ ਵਿਚੋਂ ਪੈਦਾ ਹੋਈ ਸੰਤਾਨ ਸਤਿਗੁਰੂ ਦੇ ਆਦਰਸ਼ਾਂ 'ਤੇ ਚੱਲਣ ਵਾਲੀ ਹੀ ਹੋਵੇਗੀ-
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ
ਜਿਨੀ ਗੁਰਮੁਖਿ ਨਾਮੁ ਧਿਆਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 79)
ਸਤਿਗੁਰੂ ਦਾ ਵਿਰਸਾ ਸੰਭਾਲਣ ਵਾਲੀ ਨਵੀਂ ਪੀੜ੍ਹੀ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਮਾਂ-ਬਾਪ ਆਪ ਅਧਿਆਤਮਕ ਕਦਰਾਂ-ਕੀਮਤਾਂ ਦੇ ਧਾਰਨੀ ਹੋਣ। ਸੱਚ ਤਾਂ ਇਹ ਹੈ ਕਿ ਅਜਿਹੀਆਂ ਕਦਰਾਂ-ਕੀਮਤਾਂ ਤੋਂ ਵਿਹੁੁੂਣੇ ਪਰਿਵਾਰ 'ਏਕ ਜੋਤ ਦੁਇ ਮੂਰਤੀ' ਵਾਲੀ ਅਵਸਥਾ ਵਾਲੇ ਹੋ ਹੀ ਨਹੀਂ ਸਕਦੇ।
ਡਾ: ਦਿਨੇਸ਼ ਅਨੁਸਾਰ-ਵਿਅਕਤੀਗਤ, ਸਮਾਜਿਕ ਅਤੇ ਪਰਿਵਾਰਕ ਪੱਧਰ 'ਤੇ ਆਤਮਿਕ ਅਤੇ ਵਿਗਿਆਨਕ ਭਾਵਾਂ ਨੂੰ ਇਕਸੁਰ ਕੀਤੇ ਬਿਨਾਂ ਇਕਸੁਰਤਾ ਵਾਲਾ ਪਰਿਵਾਰ ਸੰਭਵ ਨਹੀਂ ਹੋ ਸਕਦਾ। ਅਜਿਹੀ ਇਕਸੁਰਤਾ ਬਿਨਾਂ ਇਸ ਸੰਸਾਰ ਵਿਚ ਵਾਪਰੀ ਹਰ ਤਬਦੀਲੀ ਵਿਕਾਸ ਨਾ ਹੋ ਕੇ, ਕੇਵਲ ਅਤੇ ਕੇਵਲ ਗਿਰਾਵਟ ਦਾ ਸਾਧਨ ਹੀ ਬਣਦੀ ਹੈ।
ਗੁਰੂ ਸਾਹਿਬ ਅਧਿਆਤਮਕ ਆਧਾਰ ਵਿਹੂਣੀ ਦੁਨਿਆਵੀ ਵਿੱਦਿਆ ਨੂੰ 'ਝਖਣਾ ਝਾਖ' ਹੀ ਮੰਨਦੇ ਹਨ। ਗੁਰੂ ਨਾਨਕ ਸਾਹਿਬ ਦੇ ਇਹ ਫੁਰਮਾਨ ਗੁਰੂ ਸਾਹਿਬ ਨੂੰ ਇਕ ਸਫਲ ਵਿੱਦਿਆ ਸ਼ਾਸਤਰੀ ਦੇ ਰੂਪ ਵਿਚ ਪੇਸ਼ ਕਰਦੇ ਹਨ। ਮਨੁੱਖ ਨੂੰ ਇਕ ਵਧੀਆ ਇਨਸਾਨ ਬਣਾਉਣ ਵਾਲੀ ਅਧਿਆਤਮਕ ਵਿੱਦਿਆ ਤੋਂ ਬਿਨਾਂ ਸੱਚ ਆਚਾਰ ਵਾਲੀ ਕੌਮ ਦੀ ਉਸਾਰੀ ਨਹੀਂ ਹੋ ਸਕਦੀ। ਇਸ ਲਈ ਮਾਤਾ-ਪਿਤਾ ਦਾ ਫਰਜ਼ ਬਣ ਜਾਂਦਾ ਹੈ ਕਿ ਬਚਪਨ ਤੋਂ ਹੀ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਬੱਚਿਆਂ ਦੇ ਅਚੇਤ ਮਨ ਦੀਆਂ ਤਹਿਆਂ ਵਿਚ ਗੁਰਬਾਣੀ ਵਸਾਉਣ ਦੀ ਕੋਸ਼ਿਸ਼ ਕਰਨ।
ਪ੍ਰੋ: ਪੂਰਨ ਸਿੰਘ ਆਪਣੇ ਲੇਖ 'ਘਰ ਕੀ ਗੀਹਨ', ਵਿਚ ਪੰਜਾਬੀ ਮਾਤਾ ਦਾ ਸ਼ਬਦ ਚਿੱਤਰ ਖਿੱਚਦੇ ਹੋਏ ਲਿਖਦੇ ਹਨ ਕਿ ਸਾਡੀਆਂ ਮਾਤਾਵਾਂ ਦੁੱਧ ਵਿਚ ਮਧਾਣੀਆਂ ਪਾਉਂਦੀਆਂ ਗੁਰਬਾਣੀ ਗਾਉਂਦੀਆਂ ਸਨ। ਬੱਚਾ ਜਦੋਂ ਉਠਦਾ ਸੀ ਤਾਂ ਉਸ ਦੇ ਕੰਨੀਂ ਪਹਿਲੀ ਆਵਾਜ਼ ਗੁਰਬਾਣੀ ਦਾ ਫੁਰਮਾਨ ਹੀ ਪੈਂਦਾ ਸੀ। ਪਰ ਅੱਜ ਤਾਂ ਬੱਚੇ ਦੇ ਉਠਣ ਤੋਂ ਪਹਿਲਾਂ ਹੀ ਘਰ ਵਿਚ ਟੈਲੀਵੀਜ਼ਨ ਤੇ ਅਸ਼ਲੀਲ ਗਾਣੇ ਲੱਗੇ ਹੁੰਦੇ ਹਨ।
ਮਨੋਵਿਗਿਆਨ ਕਹਿੰਦਾ ਹੈ ਕਿ ਸੁਚੇਤ ਮਨ ਨਾਲੋਂ ਅਚੇਤ ਮਨ ਨੂੰ ਕੀਤੀ ਹੋਈ ਪ੍ਰੇਰਨਾ ਵਧੇਰੇ ਅਸਰਦਾਇਕ ਅਤੇ ਸਥਿਰ ਰਹਿਣ ਵਾਲੀ ਹੁੰਦੀ ਹੈ। ਰਾਤ ਨੂੰ ਸੌਂਦੇ ਸਮੇਂ ਅਤੇ ਸਵੇਰੇ ਉਠਦੇ ਸਮੇਂ, ਸੁਚੇਤ ਮਨ ਆਲਸ ਵਿਚ ਹੁੰਦਾ ਹੈ ਅਤੇ ਅਚੇਤ ਮਨ ਵਧੇਰੇ ਕੰਮ ਕਰ ਰਿਹਾ ਹੁੰਦਾ ਹੈ। ਇਸ ਸਮੇਂ ਮਨ ਨੂੰ ਦਿੱਤੀ ਗਈ ਪ੍ਰੇਰਨਾ ਵਧੇਰੇ ਸਮੇਂ ਤੱਕ ਰਹਿੰਦੀ ਹੈ। ਸੋ ਰਾਤੀਂ ਸੌਣ ਦਾ ਸਮਾਂ ਅਤੇ ਸਵੇਰੇ ਉੱਠਣ ਦਾ ਸਮਾਂ ਦੋ ਅਜਿਹੇ ਸਮੇਂ ਹਨ, ਜਦੋਂ ਚੇਤੰਨ ਤੌਰ 'ਤੇ ਬੱਚਿਆਂ ਨੂੰ ਗਲਤ ਪ੍ਰਭਾਵਾਂ ਤੋਂ ਬਚਾਉਣ ਦੀ ਲੋੜ ਹੈ। ਕਿਸੇ ਵੀ ਉਪਜ ਵਾਸਤੇ ਅਨੁਕੂਲ ਧਰਤੀ, ਵਾਤਾਵਰਨ, ਬੀਜ ਅਤੇ ਪਾਣੀ ਦੀ ਲੋੜ ਹੁੰਦੀ ਹੈ। ਧਰਮ ਦੀ ਉਪਜ ਵਾਸਤੇ ਅਨੁਕੂਲ ਵਾਤਾਵਰਨ ਇਨ੍ਹਾਂ ਦੋ ਸਮਿਆਂ ਦਾ ਹੈ।
ਇਸੇ ਲਈ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਸੰਭਾਲਣ ਦਾ ਆਦੇਸ਼ ਦਿੱਤਾ ਹੈ ਅਤੇ ਨਾਲ ਹੀ ਰਾਤ ਨੂੰ ਸੌਣ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਨ ਦੀ ਹਦਾਇਤ ਹੈ। ਸੋ, ਇਹ ਦੋ ਸਮੇਂ ਬੜੇ ਮਹੱਤਵਪੂਰਨ ਹਨ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸੰਭਾਲਣਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਕੰਮ ਕੇਵਲ ਮਾਂ-ਬਾਪ ਹੀ ਕਰ ਸਕਦੇ ਹਨ। ਮਾਂ-ਬਾਪ ਵਿਚੋਂ ਵੀ ਵਧੇਰੇ ਜ਼ਿੰਮੇਵਾਰੀ ਮਾਂ ਦੀ ਬਣ ਜਾਂਦੀ ਹੈ, ਕਿਉਂਕਿ ਵਧੇਰੇ ਤੌਰ 'ਤੇ ਇਨ੍ਹਾਂ ਵੇਲਿਆਂ 'ਤੇ, ਉਹ ਹੀ ਬੱਚੇ ਕੋਲ ਹੁੰਦੀ ਹੈ। ਗੁਰਬਾਣੀ ਅਨੁਸਾਰ ਵੀ 'ਮਤਿ ਮਾਤਾ' ਅਤੇ 'ਸੰਤੋਖ ਪਿਤਾ' ਹੈ, ਭਾਵ ਮੱਤ ਤਾਂ ਮਾਤਾ ਨੇ ਹੀ ਦੇਣੀ ਹੁੰਦੀ ਹੈ।
ਸਿੱਖ ਇਤਿਹਾਸ ਵਿਚ ਅਨੇਕਾਂ ਹੀ ਅਜਿਹੀਆਂ ਉਦਾਰਹਨਾਂ ਮਿਲਦੀਆਂ ਹਨ, ਜਦੋਂ ਮਾਵਾਂ ਨੇ ਬਾਪ ਦੀ ਗ਼ੈਰ-ਹਾਜ਼ਰੀ ਵਿਚ, ਇਕੱਲਿਆਂ ਹੀ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਉਹ ਮਹਾਨ ਸ਼ਖਸੀਅਤਾਂ ਹੋ ਨਿਬੜੇ। ਇਕ ਗਰੀਬ ਕਿਰਤੀ ਸਿੰਘ ਭਾਈ ਦਿਆਲ ਸਿੰਘ ਗੁਜ਼ਰ ਗਿਆ ਤਾਂ ਉਸ ਦੀ ਪਤਨੀ ਨੇ ਬਾਪ ਵਿਹੂਣੇ ਬੱਚੇ ਦਾ ਪਾਲਣ-ਪੋਸ਼ਣ ਇਸ ਸ਼ਾਨਦਾਰ ਢੰਗ ਨਾਲ ਕੀਤਾ ਕਿ ਉਹ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਣ ਗਿਆ। ਮਹਾਰਾਣੀ ਜਿੰਦਾਂ ਨੇ ਓਨੀ ਦੇਰ ਚੈਨ ਦਾ ਸਾਹ ਨਹੀਂ ਲਿਆ, ਜਿੰਨੀ ਦੇਰ ਉਸ ਨੇ ਦਲੀਪ ਸਿੰਘ ਨੂੰ ਮੁੜ ਸਿੱਖੀ ਸਰੂਪ ਵਿਚ ਨਹੀਂ ਦੇਖ ਲਿਆ।
ਬਾਲ ਗੋਬਿੰਦ ਰਾਏ ਜੀ ਨੌਂ ਸਾਲ ਦੀ ਉਮਰ ਵਿਚ ਗੁਰੂ ਬਣ ਗਏ। ਏਨੀ ਉਮਰ ਤੱਕ ਆਪ ਕੇਵਲ ਦੋ ਸਾਲ ਹੀ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸੰਗਤ ਵਿਚ ਰਹੇ। ਬਾਕੀ ਦੇ ਸੱਤ ਸਾਲ, ਜੀਵਨ ਦੇ ਮੁੱਢਲੇ ਸਾਲਾਂ ਵਿਚ ਮਾਤਾ ਜੀ ਨੇ ਹੀ ਬਾਲ ਗੋਬਿੰਦ ਰਾਏ ਜੀ ਨੂੰ 'ਦੀਨੀ ਭਾਂਤ ਭਾਂਤ ਕੀ ਸਿੱਛਾ'। ਮਾਤਾ ਜੀ ਨੇ ਗੁਰੂ ਜੀ ਨੂੰ ਬਾਲ ਅਵਸਥਾ ਵਿਚ ਹੀ ਅਜਿਹੀ ਸਿੱਖਿਆ ਦਿੱਤੀ ਕਿ ਉਨ੍ਹਾਂ ਨੇ ਨੌਂ ਸਾਲ ਦੀ ਉਮਰ ਵਿਚ ਹੀ ਡਾਢੇ ਬਿਖੜੇ ਸਮੇਂ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕਮਰਕੱਸਾ ਕਰ ਲਿਆ। ਛੋਟੇ ਸਾਹਿਬਜ਼ਾਦਿਆਂ ਪ੍ਰਤੀ ਵੀ ਮਾਤਾ ਜੀ ਨੇ ਅੰਤਿਮ ਸਮੇਂ ਤੱਕ 'ਮਤਿ-ਮਾਤਾ' ਦਾ ਅਜਿਹਾ ਫਰਜ਼ ਨਿਭਾਇਆ ਕਿ ਉਹ ਸਾਰੇ ਸੰਸਾਰ ਲਈ ਪੂਰਨੇ ਪਾ ਗਏ।
ਅੱਜ ਲੋੜ ਹੈ, ਮਾਤਾਵਾਂ ਨੂੰ ਮਾਤਾ ਗੁਜਰੀ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਲੜ ਲਾਉਣ ਦੀ, ਤਾਂ ਕਿ ਸਤਿਗੁਰ ਦੀ ਵਿਰਾਸਤ ਨੂੰ ਸੰਭਾਲਣ ਵਾਲੀ ਪੀੜ੍ਹੀ ਜੁਗੋ-ਜੁਗ ਤੱਕ ਕਾਇਮ ਰਹਿ ਸਕੇ-
ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 79)
(ਪੁਸਤਕ 'ਬਤੀਹ ਸੁਲਖਣੀ' ਵਿਚੋਂ)


-ਪ੍ਰਿੰਸੀਪਲ (ਰਿਟਾ:)। ਮੋਬਾ: 98159-03453


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਪਿੰਡ ਆਲੀਵਾਲ ਨਾਲ ਜੁੜਿਆ ਹੈ ਅਫ਼ਰੀਕਾ ਦੇ ਸ਼ਹਿਰ 'ਆਲੀਵਾਲ' ਦਾ ਪਿਛੋਕੜ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਦੇ ਨਾਂਅ 'ਤੇ ਅਫਰੀਕਾ 'ਚ 'ਆਲੀਵਾਲ' ਸ਼ਹਿਰ ਵਸਿਆ ਹੋਇਆ ਹੈ, ਇਹ ਪੜ੍ਹ ਕੇ ਸ਼ਾਇਦ ਇਕ ਵਾਰ ਸਭ ਨੂੰ ਹੈਰਾਨੀ ਹੋਵੇਗੀ, ਪਰ ਇਹ ਸੱਚ ਹੈ ਕਿ ਇਸ ਸ਼ਹਿਰ ਦੇ ਨਾਂਅ ਦੀ ਸਾਂਝ ਪੰਜਾਬ ਦੇ ਪਿੰਡ ਆਲੀਵਾਲ ਨਾਲ ਜੁੜਦੀ ਹੈ ਤੇ ਇਸ ਨੂੰ ਅਹਿਮ ਐਂਗਲੋ-ਸਿੱਖ ਜੰਗ ਜੋ ਕਿ ਪਿੰਡ ਆਲੀਵਾਲ ਵਿਖੇ ਲੜੀ ਗਈ ਸੀ, 'ਚ ਅੰਗਰੇਜ਼ ਫ਼ੌਜ ਦੀ ਅਗਵਾਈ ਕਰਨ ਵਾਲੇ ਜਨਰਲ ਹੈਰੀ ਸਮਿਥ ਨੇ ਵਸਾਇਆ ਸੀ। ਭਾਵੇਂ ਇਕ ਵਾਰ ਵਿਦੇਸ਼ੀ ਧਰਤੀ 'ਤੇ ਪਿੰਡ ਆਲੀਵਾਲ ਦੇ ਨਾਂਅ 'ਤੇ ਸ਼ਹਿਰ ਵਸੇ ਹੋਣ ਦੀ ਗੱਲ ਸੁਣਦਿਆਂ ਤੇ ਇਸ ਬਾਰੇ ਨੈਟ 'ਤੇ ਪਾਈ ਜਾਣਕਾਰੀ ਪੜ੍ਹਦਿਆਂ ਮਾਣ ਜਿਹਾ ਮਹਿਸੂਸ ਹੁੰਦਾ ਹੈ, ਪਰ ਜਦੋਂ ਇਸ ਸ਼ਹਿਰ ਦੇ ਇਤਿਹਾਸ 'ਤੇ ਝਾਤ ਮਾਰਦੇ ਹਾਂ ਤਾਂ ਇਕਦਮ ਕਰਾਰਾ ਝਟਕਾ ਲਗਦਾ ਹੈ, ਕਿਉਂਕਿ ਇਸ ਸ਼ਹਿਰ ਨੂੰ ਹੈਰੀ ਸਮਿੱਥ ਵਲੋਂ ਆਲੀਵਾਲ ਦੀ ਜੰਗ ਜਿੱਤਣ ਦੀ ਖੁਸ਼ੀ 'ਚ ਵਸਾਇਆ ਗਿਆ ਸੀ, ਜਿਸ ਵਿਚ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਸਨ।
ਇਸ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਲੜੀਆਂ ਜੰਗਾਂ 'ਚ ਅਹਿਮੀਅਤ ਰੱਖਣ ਵਾਲੀ ਆਲੀਵਾਲ ਦੀ ਇਸ ਜੰਗ ਦੇ ਸਿੱਖ ਸ਼ਹੀਦਾਂ ਨੂੰ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਵਲੋਂ ਅਣਗੌਲਿਆਂ ਕੀਤਾ ਗਿਆ ਤੇ ਪੌਣੇ ਦੋ ਸੌ ਸਾਲ ਬਾਅਦ ਪਿੰਡ ਆਲੀਵਾਲ 'ਚ ਉਸਰੀ ਸਿੱਖ ਸ਼ਹੀਦਾਂ ਦੀ ਯਾਦਗਾਰ 'ਤੇ ਕਦੇ ਕਿਸੇ ਸਰਕਾਰੀ ਅਮਲੇ ਨੇ ਪੁੱਜ ਕੇ ਸਲਾਮ ਤੱਕ ਨਹੀਂ ਕੀਤਾ, ਜਦੋਂਕਿ ਦੂਸਰੇ ਪਾਸੇ ਇਸ ਜੰਗ ਦੇ ਮਰੇ ਅੰਗਰੇਜ਼ ਸਿਪਾਹੀਆਂ ਦੀ ਯਾਦ ਵਿਚ ਪਿੰਡ ਆਲੀਵਾਲ ਤੇ ਗੋਰਾਹੂਰ ਵਿਚਕਾਰ ਵੀ ਇਕ ਯਾਦਗਾਰ ਉਸਰੀ ਹੋਈ ਹੈ ਤੇ ਹੁਣ ਵੀ ਅੰਗਰੇਜ਼ ਇਸ ਯਾਦਗਾਰ 'ਤੇ ਪੁੱਜ ਕੇ ਸਲਾਮੀ ਦਿੰਦੇ ਹਨ ਤੇ ਇਸ ਯਾਦਗਾਰ ਨੂੰ ਪੁਰਾਤਤਵ ਵਿਭਾਗ ਨੇ ਅਪਣਾਇਆ ਹੋਇਆ ਹੈ। ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਲੜੀ ਗਈ ਇਸ ਜੰਗ 'ਚ ਸਿੱਖ ਫ਼ੌਜਾਂ ਦੀ ਅਗਵਾਈ ਸਿੱਖ ਜਰਨੈਲ ਰਣਜੋਧ ਸਿੰਘ ਮਜੀਠੀਆ ਵਲੋਂ ਕੀਤੀ ਗਈ ਸੀ ਤੇ ਇਸ ਜੰਗ 'ਚ ਬਹੁਤ ਸਾਰੇ ਸਿੱਖ ਬਿਨਾਂ ਕਿਸੇ ਤਨਖਾਹ ਤੋਂ ਸਿੱਖ ਰਾਜ ਦੀ ਸਥਾਪਤੀ ਬਰਕਰਾਰ ਰੱਖਣ ਲਈ ਲੜੇ ਸਨ। 24 ਦਸੰਬਰ, 1845 ਨੂੰ ਮੁੱਦਕੀ ਤੇ ਫਿਰੋਜ਼ਸ਼ਾਹ ਦੀ ਲੜਾਈ ਦੌਰਾਨ ਅੰਗਰੇਜ਼ਾਂ ਤੇ ਸਿੱਖ ਫ਼ੌਜਾਂ ਵਿਚਕਾਰ ਤਕੜਾ ਟਕਰਾਅ ਹੋਇਆ ਸੀ।
ਇਸ ਤੋਂ ਬਾਅਦ 21 ਜਨਵਰੀ, 1846 ਨੂੰ ਬੱਦੋਵਾਲ ਵਿਖੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਜੰਗ ਹੋਈ ਤੇ ਇਸ ਤੋਂ ਬਾਅਦ 28 ਜਨਵਰੀ, 1846 ਨੂੰ ਤੜਕਸਾਰ ਸਿੱਖ ਫ਼ੌਜਾਂ ਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਵਿਖੇ ਗਹਿਗੱਚ ਲੜਾਈ ਹੋਈ ਸੀ, ਜਿਸ ਵਿਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਦਾ ਡਟਵਾਂ ਮੁਕਾਬਲਾ ਕੀਤਾ, ਪਰ ਲਹੂ-ਡੋਲ੍ਹਵੀਂ ਇਸ ਜੰਗ ਦੌਰਾਨ ਅਖ਼ੀਰ ਸਿੱਖ ਫ਼ੌਜਾਂ ਇਹ ਜੰਗ ਹਾਰ ਗਈਆਂ ਤੇ ਇਸ ਜੰਗ 'ਚ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ। ਅਫਰੀਕਾ 'ਚ ਵਸੇ ਆਲੀਵਾਲ ਸ਼ਹਿਰ ਦੀ ਜਾਣਕਾਰੀ ਤੋਂ ਬਾਅਦ 'ਅਜੀਤ' ਦੀ ਟੀਮ ਵਲੋਂ ਪਿੰਡ ਆਲੀਵਾਲ ਪੁੱਜ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਜੰਗ 'ਚ 12 ਹਜ਼ਾਰ ਸਿੱਖ ਸ਼ਹੀਦ ਹੋ ਗਏ ਸਨ ਤੇ ਕਰੀਬ ਤਿੰਨ ਸਾਲ ਪਹਿਲਾਂ ਇਸ ਪਿੰਡ ਦੇ ਇਕ ਪਾਸੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਵੱਡੇ ਯਤਨਾਂ ਨਾਲ ਸਿੱਖ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ ਹੈ। ਇਸ ਮੌਕੇ ਸਾਬਕਾ ਵਿਧਾਇਕ ਇਯਾਲੀ ਨੇ ਦੱਸਿਆ ਕਿ ਪਿੰਡ ਆਲੀਵਾਲ ਦੇ ਨਾਂਅ 'ਤੇ ਅਫਰੀਕਾ 'ਚ ਸ਼ਹਿਰ ਵਸੇ ਹੋਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਤੇ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਵੀ ਇਸ ਜੰਗ ਨਾਲ ਜੁੜਿਆ ਹੋਣ ਕਰਕੇ ਜਿਥੇ ਉਹ ਇਸ ਜੰਗ ਦੇ ਸ਼ਹੀਦਾਂ ਬਾਰੇ ਹੋਰ ਖੋਜ ਕਰ ਰਹੇ ਹਨ, ਉਥੇ ਉਹ ਅਫਰੀਕਾ ਜਾ ਕੇ ਵੀ ਸਿੱਖ ਸ਼ਹੀਦਾਂ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਸੋਚ ਰਹੇ ਹਨ।
ਸ: ਇਯਾਲੀ ਨੇ ਇਹ ਵੀ ਦੱਸਿਆ ਕਿ ਇਸ ਜੰਗ ਦਾ ਇਕ ਮਹਾਨ ਨਾਇਕ ਰਾਜਾ ਰਣਮਹੇਸ਼ ਸਿੰਘ ਵਾਰਨਹਾੜਾ ਵੀ ਹੈ, ਜਿਸ ਬਾਰੇ ਖੋਜ ਦੌਰਾਨ ਪਤਾ ਲੱਗਾ ਕਿ ਉਸ ਵਲੋਂ ਟੁੰਡੀ ਲਾਟ ਦੇ ਨਾਂਅ ਨਾਲ ਜਾਣੇ ਜਾਂਦੇ ਇਕ ਅੰਗਰੇਜ਼ ਅਫ਼ਸਰ ਦੀ ਅੱਖ 'ਚ ਆਲੀਵਾਲ ਦੀ ਜੰਗ ਦੌਰਾਨ ਗੋਲੀ ਮਾਰੀ ਗਈ ਸੀ ਤੇ ਬਾਅਦ 'ਚ ਅੰਗਰੇਜ਼ਾਂ ਵਲੋਂ ਰਾਜਾ ਰਣਮਹੇਸ਼ ਨੂੰ ਫੜ ਕੇ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਸਿੱਖਾਂ 'ਚ ਇਸ ਬਾਰੇ ਜ਼ਿਕਰ ਆਉਂਦਾ ਹੈ ਜਾਂ ਐਂਗਲੋ-ਸਿੱਖ ਜੰਗਾਂ ਦੇ ਇਨ੍ਹਾਂ ਜਰਨੈਲਾਂ ਦਾ ਜ਼ਿਕਰ ਨਹੀਂ ਆਉਂਦਾ, ਇਸ ਬਾਰੇ ਵੀ ਉਹ ਜਾਣਕਾਰੀ ਲੈ ਰਹੇ ਹਨ ਤੇ ਜਲਦੀ ਹੀ ਉਹ ਇਸ ਮਹਾਨ ਜਰਨੈਲ ਬਾਰੇ ਵੀ ਖੋਜ ਕਰਕੇ ਉਸ ਦੀ ਯਾਦਗਾਰ ਵੱਖਰੇ ਤੌਰ 'ਤੇ ਪਿੰਡ ਵਾਰਨਹਾੜਾ ਵਿਖੇ ਉਸਾਰਨਗੇ। ਸ: ਇਯਾਲੀ ਨੇ ਇਹ ਵੀ ਦੱਸਿਆ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ ਤੇ ਐਂਗਲੋ ਸਿੱਖ ਜੰਗਾਂ ਬਾਰੇ ਲਿਖੀ ਕਿਤਾਬ 'ਚ ਵੀ ਇਹ ਦੋ ਵਾਰ ਜ਼ਿਕਰ ਆਉਂਦਾ ਕਿ ਜੰਗ ਤੋਂ ਪਹਿਲਾਂ ਸਿੱਖ ਜਰਨੈਲ ਸ: ਰਣਜੋਧ ਸਿੰਘ ਮਜੀਠੀਆ ਪਿੰਡ ਵਾਰਨਹਾੜਾ ਵਿਖੇ ਆ ਕੇ ਰੁਕੇ ਸਨ। ਉਨ੍ਹਾਂ ਇਹ ਗੱਲ ਵਿਸ਼ੇਸ਼ ਤੌਰ 'ਤੇ ਆਖੀ ਕਿ ਭਾਵੇਂ ਆਲੀਵਾਲ ਦੀ ਜੰਗ 'ਚ ਸਿੱਖ ਫ਼ੌਜਾਂ ਹਾਰ ਗਈਆਂ ਸਨ ਪਰ ਇਸ ਤੋਂ ਬਾਅਦ ਵੀ ਸਿੱਖਾਂ ਵਲੋਂ ਆਜ਼ਾਦੀ ਦੀ ਜੰਗ ਜਾਰੀ ਰੱਖੀ ਗਈ।
ਇਸ ਮੌਕੇ ਪਿੰਡ ਆਲੀਵਾਲ ਦੇ ਸਰਪੰਚ ਪ੍ਰਗਟ ਸਿੰਘ ਨੇ ਦੱਸਿਆ ਕਿ ਆਲੀਵਾਲ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ 'ਚ ਸਾਬਕਾ ਵਿਧਾਇਕ ਇਯਾਲੀ ਵਲੋਂ ਅਕਾਲੀ ਸਰਕਾਰ ਦੇ ਸਮੇਂ 20 ਲੱਖ ਰੁਪਏ ਦਿੱਤੇ ਗਏ ਸਨ ਤੇ ਸ਼੍ਰੋਮਣੀ ਕਮੇਟੀ ਪਾਸੋਂ 10 ਲੱਖ ਰੁਪਏ ਦੀ ਗ੍ਰਾਂਟ ਲੈ ਕੇ ਦਿੱਤੀ ਗਈ ਸੀ ਤੇ ਪਿੰਡ ਵਾਸੀਆਂ ਵਲੋਂ ਆਪਣੀ ਪੱਧਰ 'ਤੇ ਲੱਖਾਂ ਰੁਪਏ ਇਕੱਠੇ ਕਰਕੇ ਇਹ ਯਾਦਗਾਰ ਉਸਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰ ਨੂੰ ਦੇਖਣ ਲਈ ਬਹੁਤ ਸਾਰੇ ਪਿੰਡਾਂ ਤੋਂ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਇਹ ਜਾਣਕਾਰੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਵਡੇਰੇ ਇਸ ਜੰਗ 'ਚ ਸ਼ਹੀਦ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਜੰਗ 'ਚ ਸਿੱਖ ਫ਼ੌਜਾਂ ਦੀ ਅਗਵਾਈ ਕਰਨ ਵਾਲੇ ਜਰਨੈਲ ਰਣਜੋਧ ਸਿੰਘ ਮਜੀਠੀਆ ਦੇ ਪਰਿਵਾਰ ਵਲੋਂ ਮੈਂਬਰ ਆ ਕੇ ਗਏ ਹਨ, ਜਿਨ੍ਹਾਂ ਵਲੋਂ ਯਾਦਗਾਰ ਵਾਲੀ ਥਾਂ 'ਤੇ ਸਥਾਪਤ ਲਾਇਬ੍ਰੇਰੀ ਲਈ ਸਿੱਖ ਜਰਨੈਲਾਂ ਦੀ ਤਸਵੀਰਾਂ ਦਿੱਤੀਆਂ ਗਈਆਂ ਹਨ, ਜੋ ਉਥੇ ਲਗਵਾਈਆਂ ਗਈਆਂ ਹਨ। ਸਰਪੰਚ ਪ੍ਰਗਟ ਸਿੰਘ ਨੇ ਮੰਗ ਕੀਤੀ ਕਿ ਅੰਗਰੇਜ਼ਾਂ ਵਾਂਗ, ਸਾਡੇ ਵੀ ਪੁਰਾਤਤਵ ਵਿਭਾਗ ਨੂੰ ਇਸ ਜੰਗ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਲਈ ਵੀ ਵਿਸ਼ੇਸ਼ ਗ੍ਰਾਂਟ ਦੇਣੀ ਚਾਹੀਦੀ ਹੈ ਤੇ ਹਰ ਸਾਲ ਇਸ ਜੰਗ ਦੇ ਸ਼ਹੀਦਾਂ ਦੀ ਯਾਦ 'ਚ ਹੋਣ ਵਾਲੇ ਸਮਾਗਮ 'ਚ ਸਰਕਾਰੀ ਨੁੁਮਾਇੰਦਿਆਂ ਨੂੰ ਵੀ ਪੁੱਜ ਕੇ ਸਿੱਖ ਸ਼ਹੀਦਾਂ ਯਾਦ ਕਰਨਾ ਚਾਹੀਦਾ ਹੈ।
ਆਲੀਵਾਲ ਦੀ ਜੰਗ ਜਿੱਤਣ ਤੋਂ ਬਾਅਦ ਹੈਰੀ ਸਮਿਥ ਬਣਿਆ ਸੀ ਅਫਰੀਕਾ ਦਾ ਗਵਰਨਰ
ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਆਲੀਵਾਲ ਵਿਖੇ ਹੋਈ ਜੰਗ ਦੀ ਅਗਵਾਈ ਕਰਨ ਵਾਲੇ ਅੰਗਰੇਜ਼ ਅਫ਼ਸਰ ਹੈਰੀ ਸਮਿਥ ਨੂੰ ਰਾਣੀ ਵਿਕਟੋਰੀਆ ਵਲੋਂ ਇਸ ਜੰਗ ਦੀ ਜਿੱਤ ਤੋਂ ਬਾਅਦ ਅਫਰੀਕਾ ਵਿਖੇ ਗਵਰਨਰ ਬਣਾ ਕੇ ਭੇਜਿਆ ਗਿਆ ਸੀ, ਜਿਥੇ ਉਸ ਵਲੋਂ ਆਲੀਵਾਲ ਦੇ ਨਾਂਅ 'ਤੇ ਇਹ ਸ਼ਹਿਰ ਵਸਾਇਆ ਗਿਆ।


-ਜਗਰਾਉਂ।

ਗੁਰਬਾਣੀ ਦਾ ਰੂਹਾਨੀ ਚਾਨਣ ਵੰਡਦਾ

ਗੁਰਦੁਆਰਾ ਸਿੱਧ ਭੋਇ ਬੀਹਲਾ ਖੁਰਦ (ਬਰਨਾਲਾ)

ਪੰਜਾਬ ਦੀ ਧਰਤੀ ਗੁਰੂਆਂ, ਭਗਤਾਂ, ਮਹਾਂਪੁਰਖਾਂ, ਸ਼ਹੀਦਾਂ, ਕੌਮੀ ਯੋਧਿਆਂ ਤੇ ਧਰਮ ਅਸਥਾਨਾਂ ਅਤੇ ਸੰਘਰਸ਼ਸ਼ੀਲ ਕਿਰਤੀ ਲੋਕਾਂ ਦੀ ਪਵਿੱਤਰ ਧਰਤੀ ਹੈ। ਸਿੱਖ ਧਰਮ ਦੀ ਨਿਆਰੀ ਤੇ ਵਿਲੱਖਣ ਹਸਤੀ ਦੇ ਪ੍ਰਤੀਕ, ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਨ, ਰੱਬੀ ਗੀਤ ਗਾਉਣ, ਲੋੜਵੰਦਾਂ ਅਤੇ ਭੁੱਖਿਆਂ ਦਾ ਪੇਟ ਭਰਨ ਲਈ ਗੁਰੂ ਸਾਹਿਬਾਨਾਂ ਨੇ ਅਨੇਕਾਂ ਗੁਰੂ-ਘਰਾਂ ਦੀ ਉਸਾਰੀ ਕਰਵਾਈ। ਸਿੱਖਾਂ ਦਾ ਕੇਂਦਰੀ ਧਰਮ ਅਸਥਾਨ ਤਾਂ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਹੈ ਪਰ ਪਿੰਡਾਂ ਅੰਦਰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਲਈ ਸਿੱਖਾਂ ਨੇ ਰਲ ਮਿਲ ਕੇ ਗੁਰੂ-ਘਰ ਬਣਾਏ, ਜਿੱਥੇ ਹਰਿ ਦੇ ਇਨ੍ਹਾਂ ਮੰਦਰਾਂ ਤੇ ਰੱਬ ਦੇ ਇਨ੍ਹਾਂ ਘਰਾਂ ਵਿਚ ਸੁਸ਼ੋਭਿਤ ਹਨ ਰੱਬੀ ਬਾਣੀ ਦੇ ਖਜ਼ਾਨੇ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਬੀਹਲਾ ਖੁਰਦ ਵਿਖੇ ਚੰਨਣਵਾਲ ਰੋਡ 'ਤੇ ਸਥਿਤ ਹੈ ਗੁਰਦੁਆਰਾ ਸਿੱਧ ਭੋਇ ਜੀ ਜੋ ਗੁਰਬਾਣੀ ਦਾ ਰੱਬੀ ਗਿਆਨ ਇਲਾਕੇ ਦੀਆਂ ਸੰਗਤਾਂ ਨੂੰ ਵੰਡ ਰਿਹਾ ਹੈ ਅਤੇ ਕਿਰਤ ਕਰਨ ਵੰਡ ਛਕਣ ਦਾ ਸੰਦੇਸ਼ ਦੇ ਰਿਹਾ ਹੈ।
ਧਾਲੀਵਾਲ ਪਰਿਵਾਰਾਂ ਦੇ ਵੱਡ-ਵਡੇਰਿਆਂ ਦੇ ਇਸ ਸਥਾਨ 'ਤੇ 20 ਫ਼ਰਵਰੀ, 2001 (9 ਫੱਗਣ) ਨੂੰ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੱਧ ਭੋਇ ਦੀ ਉਸਾਰੀ ਆਰੰਭ ਕੀਤੀ ਗਈ, ਜਿਸ ਦੀ ਨੀਂਹ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਰੱਖੀ ਗਈ। ਇਸ ਗੁਰਦੁਆਰਾ ਸਾਹਿਬ ਵਿਖੇ 2 ਅਗਸਤ, 2002 ਨੂੰ ਨਿਸ਼ਾਨ ਸਾਹਿਬ ਝੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਗਏ। ਆਰੰਭ ਤੋਂ ਹੀ ਇਸ ਗੁਰੂ-ਘਰ ਵਿਚ ਮੁੱਖ ਸੇਵਾਦਾਰ ਵਜੋਂ ਸੇਵਾ ਕਰਦੇ ਆ ਰਹੇ ਬਾਬਾ ਸੁਖਦੇਵ ਸਿੰਘ ਮਸਤਾਨ ਜੋ ਕਿ 1 ਜਨਵਰੀ, 1958 ਨੂੰ ਪਿਤਾ ਸੰਤਾ ਸਿੰਘ ਅਤੇ ਮਾਤਾ ਰਾਏ ਕੌਰ (ਮਿਸਤਰੀ ਘਰਾਣੇ) ਦੇ ਘਰ ਪਿੰਡ ਮੂੰਮ ਵਿਖੇ ਜਨਮੇ, ਇਸ ਅਸਥਾਨ 'ਤੇ ਨਿਰੰਤਰ ਤੇ ਨਿਰਵਿਘਨ ਸੇਵਾ ਕਰ ਰਹੇ ਹਨ। 13ਵੇਂ ਠਾਠ ਨਾਨਕਸਰ ਠਾਠ ਮਹਿਲ ਕਲਾਂ ਵਿਖੇ ਸੰਤ ਬਾਬਾ ਹਰਨਾਮ ਸਿੰਘ ਕੋਲ ਸੇਵਾ ਨਿਭਾਅ ਰਹੇ ਬਾਬਾ ਸੁਖਦੇਵ ਸਿੰਘ ਮਸਤਾਨ ਪਿਛਲੇ 18 ਸਾਲਾਂ ਤੋਂ ਗੁਰਦੁਆਰਾ ਸਿੱਧ ਭੋਇ ਵਿਖੇ ਹੀ ਸੇਵਾ ਕਰ ਰਹੇ ਹਨ। ਇਸ ਧਰਮ ਅਸਥਾਨ 'ਤੇ ਇਲਾਕੇ ਦੀਆਂ ਸੰਗਤਾਂ ਅਤੇ ਧਾਲੀਵਾਲ ਪਰਿਵਾਰ ਵੱਡੀ ਗਿਣਤੀ 'ਚ ਨਤਮਸਤਕ ਹੁੰਦੇ ਹਨ।
ਇਸ ਧਰਮ ਅਸਥਾਨ 'ਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ, ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਵਾਲੇ, ਸੰਤ ਬਾਬਾ ਚੰਦ ਸਿੰਘ ਝੋਰੜਾਂ ਵਾਲੇ, ਸੰਤ ਬਾਬਾ ਸੂਬਾ ਸਿੰਘ ਚੰਦੂਆਣਾ ਸਾਹਿਬ ਵਾਲੇ ਅਤੇ ਸੰਤ ਬਾਬਾ ਕੁਲਦੀਪ ਸਿੰਘ ਘੁਲਾਲ ਵਾਲਿਆਂ ਸਮੇਤ ਅਨੇਕਾਂ ਮਹਾਂਪੁਰਖਾਂ ਨੇ ਧਾਰਮਿਕ ਦੀਵਾਨ ਸਜਾਏ। ਗੁਰਮਤਿ ਨੂੰ ਪ੍ਰਣਾਏ ਇਸ ਅਸਥਾਨ 'ਤੇ ਕੋਈ ਵੀ ਅਜਿਹਾ ਕਰਮਕਾਂਡ ਨਹੀਂ ਹੁੰਦਾ ਜਿਸ ਨਾਲ ਸਿੱਖੀ ਸਿਧਾਂਤਾਂ ਨੂੰ ਢਾਹ ਲੱਗੇ। ਨਾ ਹੀ ਇਲਾਕੇ 'ਚੋਂ ਲੰਗਰਾਂ ਲਈ ਉਗਰਾਹੀ ਕੀਤੀ ਜਾਂਦੀ ਹੈ। ਸਗੋਂ ਹਰ ਲੋੜਵੰਦ ਦੀ ਮਦਦ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਹਰ ਦਸਵੀਂ ਨੂੰ ਇਸ ਅਸਥਾਨ 'ਤੇ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਜੇਠ ਸੁਦੀ ਤੇਰਸਿ ਨੂੰ ਸਾਲਾਨਾ ਜੋੜ ਮੇਲਾ ਲਗਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਤੇ ਕੀਰਤਨੀ ਜਥੇ, ਢਾਡੀ ਜਥੇ ਅਤੇ ਕਵੀਸ਼ਰ ਸੰਗਤਾਂ ਨੂੰ ਇਤਿਹਾਸ ਨਾਲ ਜੋੜਦੇ ਹਨ। ਇਸ ਵਾਰ ਸਾਲਾਨਾ ਜੋੜ ਮੇਲਾ 25 ਜੂਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਸਮੇਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ।


-(ਬਰਨਾਲਾ)। ਮੋਬਾ: 98142-74369

ਅੰਗਰੇਜ਼ਾਂ ਤੇ ਲਾਹੌਰ ਦਰਬਾਰ ਦਰਮਿਆਨ ਲੜਾਈ ਦੀ ਸੰਭਾਵਨਾ ਵਧੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਨੇ ਇਸ ਦਾ ਤੋੜ ਅਜਿਹੀਆਂ ਅਫਵਾਹਾਂ ਨਾਲ ਕੀਤਾ ਕਿ ਅੰਗਰੇਜ਼ੀ ਫੌਜ ਵਿਚ ਬੇਚੈਨੀ ਦੀ ਲਹਿਰ ਚੱਲ ਰਹੀ ਹੈ। ਹਿੰਦੁਸਤਾਨੀ ਰੈਜਮੈਂਟਾਂ ਦੇ ਜੋ ਲੋਕ ਪੰਜਾਬ ਦੀ ਸਰਹੱਦ ਨਾਲ ਤਾਇਨਾਤ ਕੀਤੇ ਸਨ, ਉਨ੍ਹਾਂ ਵਿਚੋਂ ਕਈ ਛੱਡ ਕੇ ਜਾ ਰਹੇ ਸਨ। ਸਿੰਧ ਦੀਆਂ ਛਾਉਣੀਆਂ ਵਿਚ ਬਗਾਵਤਾਂ ਦੀਆਂ ਰਿਪੋਰਟਾਂ ਸਨ। ਸਤਲੁਜ ਦੇ ਇਲਾਕੇ ਖਾਸ ਕਰਕੇ ਫਿਰੋਜ਼ਪੁਰ ਵਿਚ ਅੰਗਰੇਜ਼ੀ ਫੌਜੀਆਂ ਦੀ ਨਾਰਾਜ਼ਗੀ ਦਾ ਇਕ ਕਾਰਨ ਘੱਟ ਤਨਖਾਹਾਂ ਸਨ। ਉਨ੍ਹਾਂ ਨੂੰ ਮਹੀਨੇ ਦੇ 8 ਰੁਪਏ ਤੇ 8 ਆਨੇ ਮਿਲਦੇ ਸਨ ਜਦੋਂ ਕਿ ਦਰਬਾਰ ਵਲੋਂ 12 ਰੁਪਏ ਤੇ 8 ਆਨੇ ਦੀ ਪੇਸ਼ਕਸ਼ ਸੀ। ਲਾਰਡ ਐਲਬਰੋ ਚੌਕੰਨਾ ਹੋ ਗਿਆ ਕਿ ਇਹ ਬਗਾਵਤਾਂ ਖਾਲਸਾ ਫੌਜ ਦੇ ਹਮਲੇ ਨਾਲੋਂ ਵੀ ਜ਼ਿਆਦਾ ਨੁਕਸਾਨ ਕਰ ਸਕਦੀਆਂ ਹਨ। ਫਿਰੋਜ਼ਪੁਰ ਦੀ ਬਗਾਵਤ ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਵਿਚ ਝਗੜੇ ਦਾ ਸਬੱਬ ਬਣ ਗਈ। ਨਤੀਜੇ ਵਜੋਂ ਸਰ ਰਾਬਰਟ ਡਿੱਕ ਨੂੰ ਕਮਾਂਡ ਤੋਂ ਹਟਾ ਲਿਆ ਗਿਆ ਤੇ ਮੇਜਰ ਜਨਰਲ ਵਾਲਟਰ ਗਿਲਬਰਟ ਨੂੰ ਸਤਲੁਜ ਦੇ ਫਰੰਟ ਦਾ ਇੰਚਾਰਜ ਮੁਕੱਰਰ ਕਰ ਦਿੱਤਾ।
ਨੌਜਵਾਨ ਹੀਰਾ ਸਿੰਘ ਨੇ ਹਾਲਾਤ ਨੂੰ ਬਹੁਤ ਤਰੀਕੇ ਨਾਲ ਸੰਭਾਲਿਆ। ਉਸ ਨੇ ਯੂਰਪੀਨ ਅਫਸਰਾਂ ਨੂੰ ਡਿਸਮਿਸ ਕਰ ਦਿੱਤਾ ਤੇ ਸਤਲੁਜ ਤੋਂ ਪਾਰ ਜਸੂਸਾਂ ਨੂੰ ਭੇਜਿਆ ਕਿ ਉਹ ਅੰਗਰੇਜ਼ਾਂ ਦੀ ਫੌਜੀ ਤਿਆਰੀ ਦੀਆਂ ਖ਼ਬਰਾਂ ਦੇਣ। ਇਤਲਾਹ ਮਿਲੀ ਕਿ ਅੰਗਰੇਜ਼ਾਂ ਨੇ ਫਿਰੋਜ਼ਪੁਰ ਵਿਚ 200 ਤੋਪਾਂ ਲੈ ਆਂਦੀਆਂ ਹਨ ਤੇ ਗੋਲਾ-ਬਰੂਦ ਦਾ ਭੰਡਾਰ ਵੀ ਜਮ੍ਹਾਂ ਕੀਤਾ ਜਾ ਰਿਹਾ ਹੈ। ਇਕ ਗੋਰਾ ਰੈਜਮੈਂਟ ਰੋਪੜ ਨੂੰ ਮਾਰਚ ਕਰ ਰਹੀ ਸੀ। ਹੀਰਾ ਸਿੰਘ ਨੇ ਦਰਬਾਰ ਦੀਆਂ ਫੌਜਾਂ ਦੇ ਇਕ ਗੈਰੀਸਨ ਨੂੰ ਕਸੂਰ ਤਾਇਨਾਤ ਕੀਤਾ, ਜੋ ਫਿਰੋਜ਼ਪੁਰ ਦੇ ਸਾਹਮਣੇ ਦਰਿਆ ਦੇ ਦੂਜੇ ਕਿਨਾਰੇ ਸੀ ਤੇ ਫਿਲੌਰ ਦੇ ਕਿਲ੍ਹੇ ਦੀਆਂ ਖਾਈਆਂ ਨੂੰ ਪਾਣੀ ਨਾਲ ਭਰਵਾ ਦਿੱਤਾ। ਇਕ ਖੁੱਲ੍ਹੇ ਦਰਬਾਰ ਵਿਚ ਹੀਰਾ ਸਿੰਘ ਨੇ ਬ੍ਰਿਟਿਸ਼ ਵਕੀਲ ਨੂੰ ਪੁੱਛਿਆ ਕਿ ਫਿਰੋਜ਼ਪੁਰ ਦੀ ਕਿਲ੍ਹੇਬੰਦੀ ਕਿਉਂ ਕੀਤੀ ਜਾ ਰਹੀ ਹੈ ਅਤੇ ਅਤਰ ਸਿੰਘ ਸੰਧਾਵਾਲੀਆ ਨੂੰ ਸ਼ਰਨ ਕਿਉਂ ਦਿੱਤੀ ਗਈ, ਜਦੋਂ ਕਿ ਪਤਾ ਹੈ ਕਿ ਉਹ ਮਹਾਰਾਜਾ ਸ਼ੇਰ ਸਿੰਘ ਤੇ ਪ੍ਰਧਾਨ ਮੰਤਰੀ ਦੇ ਕਤਲ ਵਿਚ ਸ਼ਾਮਿਲ ਹੈ। ਵਕੀਲ ਨੇ ਕਿਹਾ ਕਿ ਉਹ ਦਰਬਾਰ ਦੇ ਸ਼ੰਕੇ ਆਪਣੀ ਸਰਕਾਰ ਤੱਕ ਪਹੁੰਚਾ ਦੇਵੇਗਾ।
ਦੋਵੇਂ ਪਾਸਿਓਂ ਸਰਹੱਦ ਉੱਪਰ ਫੌਜਾਂ ਦੀ ਹਿਲਜੁਲ ਨਾਲ ਪੇਂਡੂ ਇਲਾਕਿਆਂ ਦੇ ਲੋਕਾਂ ਵਿਚ ਸਹਿਮ ਫੈਲ ਗਿਆ। ਸ਼ਹਿਰਾਂ ਦੇ ਵੀ ਅਮੀਰ ਆਦਮੀ ਆਪਣੇ ਪੈਸੇ ਤੇ ਜੇਵਰਾਤ ਲੈ ਕੇ ਹਿੰਦੁਸਤਾਨ ਦੇ ਅਗਲੇ ਸ਼ਹਿਰਾਂ ਵੱਲ ਜਾ ਰਹੇ ਸਨ। ਬਹੁਤੇ ਲੋਕ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਜਾ ਰਹੇ ਸਨ। ਇਸ ਤਰ੍ਹਾਂ ਛੱਡ ਕੇ ਜਾਣ ਵਾਲਿਆਂ ਵਿਚ ਲਹਿਣਾ ਸਿੰਘ ਮਜੀਠੀਆ ਵੀ ਸੀ।
ਇਸ ਬੇਚੈਨੀ ਵਾਲੀ ਹਾਲਤ ਨੂੰ ਦੇਖ ਕੇ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ ਤਖ਼ਤ ਦਾ ਦਾਅਵਾ ਉਠਾਇਆ। ਹੀਰਾ ਸਿੰਘ ਨੇ ਆਪਣੇ ਤਾਏ ਗੁਲਾਬ ਸਿੰਘ ਨੂੰ ਆਖਿਆ ਕਿ ਇਨ੍ਹਾਂ ਅੱਖੜ ਸ਼ਹਿਜ਼ਾਦਿਆਂ ਨਾਲ ਨਜਿੱਠਣ ਵਾਸਤੇ ਉਹ ਸਿਆਲਕੋਟ ਪਹੁੰਚੇ। ਗੁਲਾਬ ਸਿੰਘ ਨੇ ਇਹ ਜ਼ਿੰਮੇਵਾਰੀ ਲੈ ਲਈ, ਕਿਉਂਕਿ ਸਿਆਲਕੋਟ ਉਸ ਦੇ ਇਲਾਕੇ ਦੇ ਨਾਲ ਲਗਦਾ ਸੀ। ਉਹ ਇਹ ਵੀ ਸਮਝਦਾ ਸੀ ਕਿ ਉਥੋਂ ਸ਼ਹਿਜ਼ਾਦਿਆਂ ਦੇ ਨਿਕਲ ਜਾਣ ਨਾਲ ਉਹ ਇਲਾਕਾ ਵੀ ਉਸ ਦਾ ਹੋ ਸਕਦਾ ਹੈ। ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ ਗੁਲਾਬ ਸਿੰਘ ਦਾ ਬਹੁਤ ਵਿਰੋਧ ਕੀਤਾ ਪਰ ਉਥੋਂ ਕੱਢ ਦਿੱਤੇ ਗਏ। ਸਿਆਲਕੋਟ ਵਿਚੋਂ ਨਿਕਲ ਕੇ ਉਹ ਮਾਝੇ ਦੇ ਪਿੰਡਾਂ ਵਿਚ ਘੁੰਮੇ ਤੇ ਅਖੀਰ ਨੌਰੰਗਾਬਾਦ ਵਿਚ ਭਾਈ ਬੀਰ ਸਿੰਘ ਦੇ ਡੇਰੇ ਪਹੁੰਚ ਗਏ। ਉਨ੍ਹਾਂ ਨੇ ਸਿੱਖ ਫੌਜੀਆਂ ਨੂੰ ਇਹ ਕਹਿ ਕੇ ਭੜਕਾਇਆ ਕਿ ਅਸਲ ਵਿਚ ਹੀਰਾ ਸਿੰਘ ਨੇ ਹੀ ਤਖ਼ਤ ਨੂੰ ਹਥਿਆਇਆ ਹੋਇਆ ਹੈ। ਫੌਜੀ ਪੰਚਾਂ ਨੇ ਹੋਰ ਕਈ ਗੱਲਾਂ ਤੋਂ ਇਲਾਵਾ ਮੰਗ ਕੀਤੀ ਕਿ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਐਲਾਨਿਆ ਜਾਵੇ, ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੂੰ ਉਨ੍ਹਾਂ ਦੀਆਂ ਜਗੀਰਾਂ ਵਾਪਸ ਕੀਤੀਆਂ ਜਾਣ ਤੇ ਡੋਗਰਾ ਫੌਜੀ ਟੁਕੜੀਆਂ ਜੋ ਲਾਹੌਰ ਮੰਗਾਈਆਂ ਸਨ, ਵਾਪਸ ਪਹਾੜਾਂ ਵਿਚ ਭੇਜੀਆਂ ਜਾਣ। ਹੀਰਾ ਸਿੰਘ ਨੇ ਪੰਚਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਉਸ ਨੇ ਸਭ ਨੂੰ ਹਾਂ ਜੀ ਕਹਿਣਾ ਸਿੱਖ ਲਿਆ ਸੀ, ਭਾਵੇਂ ਕੁਝ ਕਰੇ ਜਾਂ ਨਾ ਅਤੇ ਇਥੇ ਉਸ ਨੂੰ ਇਹ ਵੀ ਪਤਾ ਸੀ ਕਿ ਫੌਜ ਨੂੰ ਨਾਰਾਜ਼ ਨਹੀਂ ਕਰ ਸਕਦਾ।
ਦਰਬਾਰ ਦੇ ਜੋਤਸ਼ੀ ਪੰਡਿਤ ਮਧੂਸੂਧਨ ਨੇ 2 ਫਰਵਰੀ, 1844 ਨੂੰ ਦਲੀਪ ਸਿੰਘ ਨੂੰ ਮਹਾਰਾਜਾ ਦੀ ਤਾਜਪੋਸ਼ੀ ਕਰਨ ਵਾਸਤੇ ਠੀਕ ਮਹੂਰਤ ਦੱਸਿਆ। ਉਸ ਨੇ ਦੱਸਿਆ ਕਿ ਇਹ ਮਹਾਰਾਜਾ ਸਿਕੰਦਰ ਦੀ ਤਰ੍ਹਾਂ ਮਹਾਨ ਬਣੇਗਾ। ਪਰ ਜੋਤਸ਼ੀ ਦੀ ਭਵਿੱਖਬਾਣੀ ਕੁਝ ਸ਼ੱਕੀ ਲਗਦੀ ਸੀ। 2 ਫਰਵਰੀ ਦੀ ਸਵੇਰ ਨੂੰ ਬਹੁਤ ਤੂਫਾਨੀ ਝੱਖੜ ਆਇਆ ਤੇ ਤੇਜ਼ ਔਲਿਆਂ ਨਾਲ ਬਾਰਸ਼ ਆਈ। ਸਭ ਪਾਸੇ ਗਿੱਲਾ ਤੇ ਠੰਢਾ ਸੀ। ਰਾਣੀ ਜਿੰਦਾਂ ਕ੍ਰੋਧਵਾਨ ਹੋ ਗਈ। ਹਫਤੇ ਬਾਅਦ ਉਹ ਆਪਣੇ ਪੁੱਤਰ ਨੂੰ ਲੈ ਕੇ ਅੰਮ੍ਰਿਤਸਰ ਗਈ, ਉਸ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ। ਮਹਾਰਾਜਾ ਦਾ ਮਾਮਾ ਜਵਾਹਰ ਸਿੰਘ, ਜਿਸ ਨੂੰ ਗ੍ਰਿਫਤਾਰ ਕਰ ਲਿਆ ਸੀ, ਹੁਣ ਰਿਹਾਅ ਹੋ ਗਿਆ ਸੀ ਅਤੇ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੂੰ ਉਨ੍ਹਾਂ ਦੀਆਂ ਜਗੀਰਾਂ ਵਾਪਸ ਮਿਲ ਗਈਆਂ ਸਨ। ਉਨ੍ਹਾਂ ਨੂੰ ਦਰਬਾਰ ਵਿਚ ਸ਼ਹਿਜ਼ਾਦਿਆਂ ਵਾਲਾ ਪੂਰਾ ਮਾਣ-ਸਤਿਕਾਰ ਦਿੱਤਾ ਗਿਆ।
ਹੀਰਾ ਸਿੰਘ ਵਾਸਤੇ ਅਗਲੀ ਚੁਣੌਤੀ ਉਸ ਦਾ ਚਾਚਾ ਸੁਚੇਤ ਸਿੰਘ ਸੀ ਜੋ ਇਹ ਸਮਝਦਾ ਸੀ ਕਿ ਰਾਣੀ ਜਿੰਦਾਂ ਤੇ ਉਸ ਦਾ ਭਰਾ ਜਵਾਹਰ ਸਿੰਘ ਉਸ ਵਾਸਤੇ ਕਿਲ੍ਹੇ ਵਿਚ ਕੋਈ ਇਨਕਲਾਬ ਪੈਦਾ ਕਰ ਸਕਦੇ ਹਨ। ਸੁਚੇਤ ਸਿੰਘ ਤੇ ਉਸ ਦਾ ਲੈਫਟੀਨੈਂਟ ਰਾਏ ਕੇਸਰੀ ਸਿੰਘ 45 ਡੋਗਰਾ ਸਿਪਾਹੀਆਂ ਦਾ ਛੋਟਾ ਜਿਹਾ ਦਸਤਾ ਲੈ ਕੇ ਲਾਹੌਰ ਆ ਗਿਆ ਤੇ ਖਾਲਸਾ ਫੌਜ ਨੂੰ ਕਿਹਾ ਕਿ ਉਹ ਹੀਰਾ ਸਿੰਘ ਤੇ ਪੰਡਤ ਜੱਲਾ ਨੂੰ ਕਿਲ੍ਹੇ ਵਿਚੋਂ ਕੱਢ ਦੇਣ।
ਹੀਰਾ ਸਿੰਘ ਇਸ ਸੰਕਟ ਨਾਲ ਤਕੜਾ ਹੋ ਕੇ ਨਿਪਟਿਆ। ਉਹ ਫੌਜੀਆਂ ਦੀਆਂ ਬੈਰਕਾਂ ਵਿਚ ਗਿਆ ਤੇ ਕਿਹਾ ਕਿ ਇਸ ਤਰ੍ਹਾਂ ਆਉਣ ਦੀ ਮੁਆਫੀ ਦਿੱਤੀ ਜਾਵੇ ਤੇ ਉਸ ਨੇ ਸਿੱਖ ਫੌਜੀਆਂ ਨੂੰ ਇਥੋਂ ਤੱਕ ਕਿਹਾ ਕਿ ਉਹ ਇਕ ਦਿਨ ਅੰਮ੍ਰਿਤ ਛਕਣ ਵਾਸਤੇ ਵੀ ਤਿਆਰ ਹੋਵੇਗਾ। ਉਸ ਨੇ ਪੰਚਾਂ ਨੂੰ ਕਾਇਲ ਕਰ ਲਿਆ ਕਿ ਸੁਚੇਤ ਸਿੰਘ ਦੀ ਜਿੱਤ ਦਰਬਾਰ ਵਿਚ ਅੰਗਰੇਜ਼ ਪ੍ਰਸਤਾਂ ਦੀ ਜਿੱਤ ਹੋਵੇਗੀ। ਉਸ ਨੇ ਦੱਸਿਆ ਕਿ ਸੁਚੇਤ ਸਿੰਘ ਨੇ ਪਹਿਲਾਂ ਹੀ ਅੰਗਰੇਜ਼ਾਂ ਦੀ ਕੰਪਨੀ ਵਿਚ ਅਫਗਾਨਿਸਤਾਨ ਵਿਚ ਪੈਸਾ ਲਗਾਇਆ ਹੋਇਆ ਹੈ ਤੇ ਉਹ ਸੰਧਾਵਾਲੀਆਂ ਦਾ ਯਾਰ ਰਿਹਾ ਹੈ, ਜਦੋਂ ਕਿ ਉਹ ਅੰਗਰੇਜ਼ੀ ਇਲਾਕੇ ਵਿਚ ਸਨ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)

ਝੰਗ ਸਦਰ ਦਾ ਨਿਹੰਗ ਦਰਬਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨ ਕਾਲ ਵਿਚ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਨੇ ਸਿੰਧ ਤੋਂ ਝੰਗ ਦੇ ਸ਼ੋਰਕੋਟ ਵਿਚ ਆ ਕੇ ਡੇਰਾ ਕੀਤਾ। ਸੰਨ 1767 ਵਿਚ ਉਨ੍ਹਾਂ ਦਾ ਦਿਹਾਂਤ ਹੋਣ ਉਪਰੰਤ ਉਨ੍ਹਾਂ ਨੂੰ ਇਸੇ ਦਰਬਾਰ ਵਿਚ ਦਫ਼ਨ ਕਰਕੇ ਉਨ੍ਹਾਂ ਦੀ ਕਬਰ ਬਣਾ ਦਿੱਤੀ ਗਈ। ਇਹ ਕਬਰ ਦਰਬਾਰ ਦੇ ਪਿੱਛੇ ਮੌਜੂਦ ਹੈ ਅਤੇ ਅੱਜ ਵੀ ਕੱਚੀ ਹੈ। ਬਾਅਦ ਵਿਚ ਸੰਨ 1878 ਵਿਚ ਦਰਬਾਰ ਦੇ ਸਜ਼ਾਦਾ ਨਸ਼ੀਨ ਹਜ਼ਰਤ ਮੁਹੰਮਦ ਪਨਾਹ ਸ਼ਾਹ ਦੁਆਰਾ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਦੀ ਯਾਦ ਵਿਚ ਆਲੀਸ਼ਾਨ ਦਰਬਾਰ ਦਾ ਨਿਰਮਾਣ ਕਰਵਾਇਆ ਗਿਆ, ਜੋ ਕਿ ਕਾਸ਼ਿਕਾਰੀ ਆਰਟ ਦਾ ਦਿਲਕਸ਼ ਨਮੂਨਾ ਹੈ। ਸੰਨ 1910 ਵਿਚ ਉਪਰੋਕਤ ਦਰਬਾਰ ਦੇ ਪ੍ਰਵੇਸ਼ ਦੁਆਰ ਸਹਿਤ ਹੋਰਨਾਂ ਭਵਨਾਂ ਦਾ ਜਦੋਂ ਨਵਨਿਰਮਾਣ ਕਰਵਾਇਆ ਗਿਆ ਤਾਂ ਇਲਾਕੇ ਦੇ ਹਿੰਦੂ-ਸਿੱਖਾਂ ਨੇ ਇਸ ਵਿਚ ਵਧ-ਚੜ੍ਹ ਕੇ ਯੋਗਦਾਨ ਪਾਇਆ। ਡਿਸਟ੍ਰਿਕਟ ਗਜ਼ਟੀਅਰ ਝੰਗ ਸੰਨ 1941 ਦੇ ਅਨੁਸਾਰ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਦਾ ਸਾਲਾਨਾ ਉਰਸ 5 ਤੋਂ 7 ਮਾਘ ਤੱਕ ਮਨਾਇਆ ਜਾਂਦਾ ਸੀ, ਜਿਸ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਸਨ।
ਦਰਬਾਰ ਹਜ਼ਰਤ ਸ਼ਾਹ ਸਾਦਿਕ 'ਨਿਹੰਗ' ਦੀਆਂ ਦੀਵਾਰਾਂ ਤੇ ਛੱਤਾਂ 'ਤੇ ਚੀਨੀ ਦੀਆਂ ਟਾਈਲਾਂ ਨਾਲ ਕੀਤੀ ਗਈ ਸਜਾਵਟ, ਪੱਚੀਕਾਰੀ, ਤੇਲ ਚਿੱਤਰ, ਸ਼ੀਸ਼ੇ, ਲੱਕੜੀ ਅਤੇ ਸੀਮੈਂਟ ਨਾਲ ਕੀਤੀ ਗਈ ਮੀਨਾਕਾਰੀ ਹਰ ਕਿਸੇ ਦਾ ਮਨ ਮੋਹ ਲੈਣ ਵਾਲੀ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਸਲ੍ਹਾਬ ਦੇ ਕਾਰਨ ਇਨ੍ਹਾਂ ਸਭ ਦਾ ਕਾਫ਼ੀ ਨੁਕਸਾਨ ਹੋ ਰਿਹਾ ਸੀ, ਪਰ ਪੁਰਾਤੱਤਵ ਵਿਭਾਗ ਪਾਕਿਸਤਾਨ ਨੇ ਸਮਾਂ ਰਹਿੰਦਿਆਂ ਨਵਉਸਾਰੀ ਦਾ ਕੰਮ ਸ਼ੁਰੂ ਕਰਵਾ ਕੇ ਇਸ ਨੂੰ ਸਹੇਜਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਵਿਭਾਗ ਦੁਆਰਾ ਦਰਬਾਰ ਦੇ ਮੱਥੇ 'ਤੇ ਗੁਰਮੁਖੀ ਵਿਚ ਲਿਖੀ ਇਬਾਰਤ 'ਜੀ ਆਇਆਂ ਨੂੰ' ਸਹਿਤ ਫਰਸ਼ 'ਤੇ ਗੁਰਮੁਖੀ ਅਤੇ ਦੇਵਨਾਗਰੀ ਵਿਚ ਲਿਖੀਆਂ ਹਿੰਦੂ-ਸਿੱਖ ਦਾਨੀਆਂ ਦੇ ਨਾਵਾਂ ਦੀਆਂ ਸਿਲਾਂ ਨੂੰ ਵੀ ਸਫ਼ਲ ਢੰਗ ਨਾਲ ਸਹਿਜ ਕੇ ਨਸ਼ਟ ਹੋਣ ਤੋਂ ਬਚਾ ਲਿਆ ਗਿਆ ਹੈ। ਵਿਭਾਗ ਅਤੇ ਦਰਬਾਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਪਰੋਕਤ ਦਰਬਾਰ ਵਿਚ ਗੁਰਮੁਖੀ ਅਤੇ ਦੇਵਨਾਗਰੀ ਵਿਚ ਲਿਖੀਆਂ ਇਹ ਸਿਲਾਂ ਇਸ ਸਮਾਰਕ ਦੀ ਵਿਰਾਸਤ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦੇ ਖ਼ਤਮ ਹੋਣ ਨਾਲ ਇਸ ਸਮਾਰਕ ਦੀ ਵਿਰਾਸਤ ਵਿਚ ਬਹੁਤ ਵੱਡੀ ਕਮੀ ਆ ਸਕਦੀ ਹੈ।


-ਅੰਮ੍ਰਿਤਸਰ। ਮੋਬਾ: 93561-27771

ਪਾਵਨ ਗੁਫ਼ਾ ਬਾਬਾ ਬਰਫ਼ਾਨੀ ਸ੍ਰੀ ਅਮਰਨਾਥ

ਪ੍ਰਕਿਰਤੀ ਅਤੇ ਆਸਥਾ ਦੇ ਸੰਗਮ, ਪਾਵਨ ਗੁਫ਼ਾ ਬਾਬਾ ਬਰਫਾਨੀ ਸ੍ਰੀ ਅਮਰਨਾਥ, ਧਰਤੀ ਦੇ ਸਵਰਗ ਕਸ਼ਮੀਰ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ਤੋਂ 48 ਕਿੱਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਚਾਰੇ ਪਾਸੇ ਬਰਫ ਦੀ ਚਾਦਰ ਲਪੇਟੀ ਹਿਮਾਲਿਆ ਦੀ ਚੋਟੀ ਅਤੇ ਠੰਢੀਆਂ ਹਵਾਵਾਂ 'ਚ 'ਬਮ ਬਮ ਬਾਬਾ ਭੋਲੇ ਨਾਥ...' ਦੇ ਜੈਕਾਰਿਆਂ ਦੀ ਗੂੰਜ ਅਮਰਨਾਥ ਯਾਤਰਾ ਨੂੰ ਸ਼ਰਧਾਮਈ ਬਣਾਉਂਦੀ ਹੈ। ਇਸ ਪਾਵਨ ਗੁਫ਼ਾ ਸ੍ਰੀ ਅਮਰਨਾਥ 'ਚ ਸ਼ਰਧਾਲੂ ਹਰ ਸਾਲ ਬਣਨ ਵਾਲੇ ਕੁਦਰਤੀ ਹਿਮ ਸ਼ਿਵ ਲਿੰਗ ਦੀ ਪੂਜਾ ਅਰਚਨਾ ਕਰਦੇ ਹਨ। ਇਸ ਵਾਰ ਇਹ ਯਾਤਰਾ 29 ਜੂਨ ਤੋਂ 26 ਅਗਸਤ (ਰੱਖੜ ਪੁੰਨਿਆ) ਤੱਕ 48 ਦਿਨ ਚੱਲੇਗੀ। ਸ੍ਰੀ ਅਮਰਨਾਥ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ ਬੇਸ ਕੈਂਪ ਪਹਿਲਗਾਮ ਜਾਂ ਬਾਲਟਾਲ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਪ੍ਰਾਚੀਨ ਕਥਾ ਅਨੁਸਾਰ ਭੋਲੇ ਨਾਥ ਨੇ ਇਸ ਪਾਵਨ ਗੁਫ਼ਾ ਵਿਚ ਮਾਤਾ ਪਾਰਵਤੀ ਨੂੰ ਅਮਰ ਹੋਣ ਦਾ ਰਹੱਸ ਦੱਸਿਆ ਸੀ। ਇਹ ਅਮਰ ਕਥਾ ਗੁਫ਼ਾ 'ਚ ਰਹਿੰਦੇ ਕਬੂਤਰਾਂ ਦੇ ਜੋੜੇ ਨੇ ਵੀ ਸੁਣ ਲਈ ਸੀ। ਉਹ ਵੀ ਅਮਰ ਹੋ ਗਏ। ਅੱਜ ਵੀ ਕਦੇ-ਕਦੇ ਕਬੂਤਰਾਂ ਦਾ ਉਹ ਜੋੜਾ ਗੁਫ਼ਾ ਵਿਚ ਵਿਖਾਈ ਦਿੰਦਾ ਹੈ। ਗੁਫ਼ਾ ਤੱਕ ਪੁੱਜਣ ਲਈ ਦੋ ਰਸਤੇ ਹਨ ਪਰ ਰਵਾਇਤੀ ਯਾਤਰਾ ਮਾਰਗ ਪਹਿਲਗਾਮ ਤੋਂ ਚੰਦਨਵਾੜੀ, ਪਿਸੂ ਘਾਟੀ, ਸ਼ੇਸ਼ਨਾਗ ਤੇ ਪੰਜ ਤਰਨੀ ਹੁੰਦਾ ਹੋਇਆ ਹੈ। ਦੂਸਰਾ ਰਸਤਾ ਬਾਲਟਾਲ ਤੋਂ ਗੁਫ਼ਾ ਤੱਕ ਦੀ ਦੂਰੀ 18 ਕਿੱਲੋਮੀਟਰ ਹੈ।
ਬੇਸ ਕੈਂਪ ਪਹਿਲਗਾਮ ਤੋਂ ਯਾਤਰੀ 16 ਕਿੱਲੋਮੀਟਰ ਸਫਰ ਕਰ ਚੰਦਨਵਾੜੀ ਪਹੁੰਚਦੇ ਹਨ। ਭੋਲੇ ਸ਼ੰਕਰ ਨੇ ਇਥੇ ਆਪਣੇ ਮੱਥੇ ਦਾ ਚੰਦਨ ਛੱਡਿਆ ਸੀ। ਚੰਦਨਵਾੜੀ ਤੋਂ 3 ਕਿੱਲੋਮੀਟਰ ਪਿੱਸੂ ਘਾਟੀ ਹੈ। ਇਥੇ ਦੇਵਤਿਆਂ, ਰਾਖਸ਼ਾਂ ਨੂੰ ਮਾਰ ਕੇ ਉਨ੍ਹਾਂ ਦਾ ਚੂਰਨ ਬਣਾ ਛੱਡਿਆ ਸੀ, ਜਿਹੜਾ ਚੋਟੀ ਦਾ ਰੂਪ ਧਾਰ ਭਾਵ ਪਿਸੂ ਟੌਪ ਬਣ ਗਿਆ। ਪਿਸੂ ਟੌਪ ਤੋਂ ਯਾਤਰੀ 9 ਕਿੱਲੋਮੀਟਰ ਦੂਰੀ ਤੈਅ ਕਰ ਸ਼ੇਸ਼ਨਾਗ ਪੁੱਜਦੇ ਹਨ। ਸ਼ੇਸ਼ਨਾਗ ਤੋਂ ਪੰਜ ਤਰਨੀ 14 ਕਿੱਲੋਮੀਟਰ ਹੈ। ਇਥੋਂ ਯਾਤਰੂ ਸੰਗਮ ਘਾਟੀ ਹੁੰਦੇ ਹੋਏ 6 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਪਾਵਨ ਗੁਫ਼ਾ ਤੱਕ ਪਹੁੰਚਦੇ ਹਨ। ਬਾਲਟਾਲ ਤੋਂ ਪਾਵਨ ਗੁਫ਼ਾ ਤੱਕ ਦਾ 18 ਕਿਲੋਮੀਟਰ ਰਸਤਾ ਤੰਗ ਤੇ ਚੜ੍ਹਾਈ ਵਾਲਾ ਹੈ। ਪਾਵਨ ਗੁਫ਼ਾ ਤੱਕ ਪਹੁੰਚਣ ਤੋਂ ਪਹਿਲਾਂ ਸ਼ਰਧਾਲੂ ਅਮਰਾਵਤੀ ਨਦੀ ਵਿਚ ਇਸ਼ਨਾਨ ਕਰਦੇ ਹਨ। ਫਿਰ ਗੁਫ਼ਾ'ਚ ਸ਼ਿਵਲਿੰਗ ਦੇ ਦਰਸ਼ਨ ਤੇ ਪੂਜਾ ਅਰਚਨਾ ਕਰਦੇ ਹਨ। ਰਸਤੇ ਵਿਚ ਲੰਗਰ ਤੇ ਡਾਕਟਰੀ ਸਹਾਇਤਾ ਕੈਂਪ ਲਗਾਏ ਜਾਂਦੇ ਹਨ। ਸਾਉਣ ਦੀ ਪੂਰਨਮਾਸ਼ੀ ਵਾਲੇ ਦਿਨ ਇਹ ਪਾਵਨ ਗੁਫ਼ਾ ਬਾਬਾ ਬਰਫਾਨੀ ਸ੍ਰੀ ਅਮਰਨਾਥ ਯਾਤਰਾ ਸਮਾਪਤ ਹੁੰਦੀ ਹੈ।


-ਪਿੰਡ ਪ੍ਰੀਤਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ) ਮੋਬਾ: 98140-82217

ਦਰਵੇਸ਼ੀ ਫ਼ਕੀਰ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਸੇ ਪੁਸਤਕ ਵਿਚ 'ਦੋ ਸ਼ਬਦ' ਨਾਂਅ ਥੱਲੇ ਮੁਹੰਮਦ ਅਰਸ਼ਦ ਕਾਸਮੀ (ਮੇਰਠ) ਦੀ ਰਾਇ ਵੀ ਛਪੀ ਹੈ। ਉਸ ਨੇ ਲਿਖਿਆ ਹੈ, 'ਇਰਫ਼ਾਨ ਹਕੀਕਤ ਵਿਚ ਰੱਬੀ ਰੂਹ ਦੀ ਅਸਲ ਮਾਰਫਤ ਅਤੇ ਪਹਿਚਾਣ ਕਰਾਉਣ ਵਿਚ ਇਕ ਮੀਲ ਪੱਥਰ ਦੀ ਹਕੀਕਤ ਰੱਖਦੀ ਹੈ। ਇਸ ਦਾ ਵਿਸ਼ਾ ਖਾਲਿਸ ਰੂਹਾਨੀਅਤ ਅਤੇ ਤਸਵੁੱਫ ਉਪਰ ਹੈ, ਜਿਸ ਦਾ ਇਸਲਾਮ ਵਿਚ ਅਹਿਮ ਸਥਾਨ ਹੈ... ਇਕ ਵਾਰ ਇਰਫ਼ਾਨ ਦਾ ਮੁਤਾਲਿਆ ਕਰਨ ਨਾਲ ਇਹ ਮਾਲੂਮ ਹੁੰਦਾ ਹੈ ਕਿ ਬੇਸ਼ੁਮਾਰ ਕਿਤਾਬਾਂ ਦੇ ਦਰਸ਼ਨ ਕਰ ਲਏ ਹੋਣ। ਇਸ ਕਿਤਾਬ ਵਿਚ ਬੇਸ਼ੁਮਾਰ ਇਲਮਾਂ ਅਤੇ ਫਨਾਂ ਉੱਤੇ ਬਹਿਸ ਕੀਤੀ ਗਈ ਹੈ ਜੋ ਹੋਰ ਕਿਤਾਬਾਂ ਵਿਚ ਇਕ ਥਾਂ ਨਹੀਂ ਮਿਲਦੀ। ਮਜ਼੍ਹਬ ਦੀ ਫਿਲਾਸਫੀ ਵਿਚ ਦਿਲਚਸਪੀ ਰੱਖਣ ਵਾਲੇ ਹਰ ਇਨਸਾਨ ਨੂੰ 'ਇਰਫ਼ਾਨ' ਪੜ੍ਹਨ ਦੀ ਸਿਫਾਰਿਸ਼ ਹੈ। (ਪੰਨੇ 19-21)
ਸਾਰੀ ਪੁਸਤਕ ਨੂੰ 13 ਵੱਖ-ਵੱਖ ਸਿਰਲੇਖ ਦੇ ਕੇ ਉਨ੍ਹਾਂ ਮਸਲਿਆਂ ਨੂੰ ਵਿਚਾਰਨ ਦਾ ਉਪਰਾਲਾ ਕੀਤਾ ਗਿਆ ਹੈ। ਮੂਲ ਰੂਪ ਵਿਚ 'ਇਰਫ਼ਾਨ' ਬੇਸ਼ੱਕ ਫ਼ਕੀਰ ਨੂਰ ਮੁਹੰਮਦ ਦੀ ਕਲਮ ਤੋਂ ਹੈ ਪਰ ਉਸ ਦੇ ਪੁੱਤਰ ਫਕੀਰ ਅਬਦੁੱਲ ਹਮੀਦ ਅਤੇ ਪੋਤਰੇ ਹਾਰੂਨ ਅਹਿਮਦ ਨੇ ਇਸ ਦੀ ਸੋਧ ਸੁਧਾਈ ਕਰਦਿਆਂ ਇਸ ਨੂੰ ਅੱਜ ਦੀ ਸੋਚ ਅਤੇ ਵਿਗਿਆਨਕ ਲੱਭਤਾਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਸਿਰਲੇਖ ਦਿੱਤੇ ਗਏ ਹਨ, ਉਹ ਹਨ-ਅੱਲ੍ਹਾ ਤਾਲਾ ਦੀ ਹਸਤੀ ਦਾ ਸਬੂਤ, ਰੱਬ ਦੀ ਹੋਂਦ ਬਾਰੇ ਯੂਰਪ ਦੇ ਵਿਗਿਆਨੀਆਂ ਦੇ ਮੱਤ, ਸਾਇੰਸ ਅਤੇ ਮਜ਼੍ਹਬ ਦਾ ਮੁਕਾਬਲਾ, ਦੁਨੀਆ ਦੀ ਹਕੀਕਤ, ਜ਼ਿੰਦਗੀ ਦਾ ਮਕਸਦ, ਜ਼ਰੂਰਤ ਪੀਰ ਮੁਰਸ਼ਦ, ਮਾਦਾ (ਪਦਾਰਥ) ਦੁਨੀਆ ਵਿਚ ਆਤਮਿਕ ਜਿਸਮਾਂ ਦੇ ਕੰਮ 'ਤੇ ਅਸਰ ਅਤੇ ਇਲਮੀ ਦਾਅਵਤ ਆਦਿ।
'ਅੱਲ੍ਹਾ ਤਾਲਾ ਦੀ ਹਸਤੀ ਦਾ ਸਬੂਤ' ਅਧਿਆਇ ਵਿਚ ਨਾਸਤਕ ਲੋਕਾਂ ਨੂੰ ਇਕ ਤਰ੍ਹਾਂ ਨਾਲ ਉਸ ਦੀ ਹਸਤੀ ਜਾਂ ਵਜੂਦ ਸਾਬਤ ਕਰਨ ਲਈ ਕਥਨ ਦੇ ਪੱਧਰ ਉੱਪਰ ਅਤੇ ਦ੍ਰਿਸ਼ਟਾਤਾਂ ਦੀ ਮਦਦ ਲੈਂਦਿਆਂ ਪ੍ਰਮਾਣ ਪੇਸ਼ ਕੀਤੇ ਗਏ ਹਨ। ਕਥਨ ਦੀ ਪੱਧਰ ਦੀ ਇਕ ਮਿਸਾਲ ਇਹ ਹੈ ਕਿ ਇਸ ਯਕੀਨ ਤੋਂ ਇਕਰਾਰ ਕਰਨ ਵਾਲੇ ਨੂੰ ਇਕ ਕਿਸਮ ਦਾ ਖਬਤੀ ਤੇ ਜਨੂੰਨੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਜ਼ਮੀਨ ਅਤੇ ਅਸਮਾਨ ਦੀ ਇਹ ਅਜੀਬ ਸਨਅਤ ਆਪਣੇ ਹਕੀਕੀ ਜਨਮਦਾਤਾ ਦੀ ਪੂਰੀ ਜਾਣਕਾਰੀ ਦੇ ਰਹੀ ਹੈ। ਪੂਰਨ ਬ੍ਰਹਿਮੰਡ ਕਾਇਨਾਤ ਦਾ ਮੁੱਨਜ਼ਮ (ਯੋਜਨਾਬੱਧ) ਕਾਰਖਾਨਾ ਆਪਣੇ ਅਜ਼ਲੀ (ਕਦੀਮੀ) ਕਾਰੀਗਰ ਨੂੰ ਪੁਕਾਰ-ਪੁਕਾਰ ਕੇ ਦੱਸ ਰਿਹਾ ਹੈ ਕਿ ਇਸ ਦੇ ਤਮਾਮ ਅਸੂਲਾਂ ਤੇ ਨਿਯਮਾਂ ਦੇ ਕਮਲ ਅਤੇ ਹਿਕਮਤ ਉੱਤੇ ਅਧਾਰਿਤ ਵੇਖਦੇ ਹਾਂ। ਇੱਥੋਂ ਤੱਕ ਕਿ ਠੋਸ ਅਤੇ ਬੇਹਿੱਸ ਪੱਥਰ ਦਾ ਹਰ ਜ਼ਰਾ ਕੁਦਰਤ ਦੇ ਇਕ ਨਹਾਇਤ ਕਾਰਆਮਦ ਅਤੇ ਇੰਤੁਜਾਮੀਆਂ ਕਾਨੂੰਨ ਦੇ ਅਨੁਸਾਰ ਹੀ ਕਾਇਮ ਹੈ। (ਪੰਨਾ 46)
ਦ੍ਰਿਸ਼ਟਾਂਤ ਇਕ ਚਰਵਾਹੇ ਦਾ ਹੈ। ਇਕ ਵਾਰ ਇਕ ਊਠ ਚਾਰਨ ਵਾਲੇ ਸਿੱਧੇ-ਸਾਦੇ ਬੰਦੇ ਨੂੰ ਕਿਸੇ ਨੇ ਸਵਾਲ ਕੀਤਾ ਕਿ ਤੂੰ ਅੱਲ੍ਹਾ ਤਾਲਾ ਦੀ ਹਸਤੀ ਨੂੰ ਕਿਸ ਤਰ੍ਹਾਂ ਪਹਿਚਾਣਦਾ ਹੈਂ? ਉਸ ਨੇ ਉੱਤਰ ਦਿੱਤਾ ਕਿ ਜੰਗਲ ਵਿਚ ਊਠ ਦੀਆਂ ਮੇਂਗਣਾਂ ਊਠ ਦੇ ਵਜੂਦ ਦਾ ਸਬੂਤ ਹਨ ਅਤੇ ਜ਼ਮੀਨ ਅਤੇ ਅਸਮਾਨ ਆਪਣੇ ਖਲਕ ਅਤੇ ਅਸਲੀ ਕਾਰੀਗਰ (ਰੱਬ) ਦਾ ਥਹੁ ਪਤਾ ਨਹੀਂ ਦਿੰਦੇ? (ਪੰਨੇ 47-48)
'ਇਰਫ਼ਾਨ' ਦਾ ਇਕ ਦਿਲਚਸਪ ਅਧਿਆਇ ਸਾਇੰਸ ਅਤੇ ਮਜ਼੍ਹਬ ਦਾ ਮੁਕਾਬਲਾ ਹੈ, ਜਿਸ ਵਿਚ ਪਦਾਰਥਵਾਦੀਆਂ ਅਤੇ ਅਧਿਆਤਮਵਾਦੀਆਂ ਦੀ ਤੁਲਨਾ ਕਰਕੇ ਪਦਾਰਥ ਜਾਂ ਸਾਇੰਸ ਨੂੰ ਛੁੱਟਿਆਇਆ ਗਿਆ ਹੈ। ਜ਼ਾਹਰਾ ਤੌਰ 'ਤੇ ਬੇਸ਼ੱਕ ਨੂਰ ਮੁਹੰਮਦ ਸਾਇੰਸ ਨੂੰ ਮਾੜਾ ਨਹੀਂ ਕਹਿੰਦਾ ਪਰ ਇਸ ਉੱਪਰ ਮਾਦਾ ਜਾਂ ਮਾਦਾਪ੍ਰਸਤੀ ਦਾ ਠੱਪਾ ਲਾ ਕੇ ਇਸ ਨੂੰ ਛੁੱਟਿਆਉਂਦਾ ਤਾਂ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 98889-398083

ਸ਼ਬਦ ਵਿਚਾਰ

ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ॥

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਸਤਿਗੁਰ ਅਗੈ ਅਰਦਾਸਿ ਕਰਿ
ਸਾਜਨੁ ਦੇਇ ਮਿਲਾਇ॥
ਸਾਜਨਿ ਮਿਲਿਐ ਸੁਖੁ ਪਾਇਆ
ਜਮਦੂਤ ਮੁਏ ਬਿਖੁ ਖਾਇ॥
ਨਾਵੈ ਅੰਦਰਿ ਹਉ ਵਸਾਂ
ਨਾਉ ਵਸੈ ਮਨਿ ਆਇ॥ ੫॥
ਬਾਝੁ ਗੁਰੂ ਗੁਬਾਰੁ ਹੈ
ਬਿਨੁ ਸਬਦੈ ਬੂਝ ਨ ਪਾਇ॥
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ॥
ਤਿਥੈ ਕਾਲੁ ਨ ਸੰਚਰੈ
ਜੋਤੀ ਜੋਤਿ ਸਮਾਇ॥ ੬॥
ਤੂੰ ਹੈ ਸਾਜਨੁ ਤੂੰ ਸੁਜਾਣੁ
ਤੂੰ ਆਪੇ ਮੇਲਣਹਾਰੁ॥
ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ॥
ਤਿਥੈ ਕਾਲੁ ਨ ਅਪੜੈ
ਜਿਥੈ ਗੁਰ ਕਾ ਸਬਦੁ ਅਪਾਰੁ॥ ੭॥
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥
ਨਾਨਕ ਜੋ ਤਿਸੁ ਭਾਵੈ ਸੋ ਥੀਐ
ਇਨਾ ਜੰਤਾ ਵਸਿ ਕਿਛੁ ਨਾਹਿ॥ ੮॥ ੪॥
(ਅੰਗ 55)
ਪਦ ਅਰਥ : ਸਾਜਨੁ-ਸੱਜਣ, ਸੱਜਣ ਪ੍ਰਭੂ। ਬਿਖੁ-ਜ਼ਹਿਰ। ਹਉ-ਮੈਂ। ਗੁਬਾਰੁ-ਹਨੇਰਾ, ਅਗਿਆਨਤਾ ਦਾ ਹਨੇਰਾ, ਮਾਇਆ ਦੇ ਮੋਹ ਦਾ ਘੁਪ ਹਨੇਰਾ। ਬੂਝ ਨ ਪਾਇ-ਸੋਝੀ ਨਹੀਂ ਪੈਂਦੀ। ਬਿਨੁ ਸਬਦੈ-ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ। ਗੁਰਮਤੀ-ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ। ਪਰਗਾਸੁ-ਪ੍ਰਕਾਸ਼ ਹੋ ਜਾਂਦਾ ਹੈ। ਲਿਵ ਲਾਇ-ਲਿਵ (ਸੁਰਤ) ਨੂੰ ਜੋੜੀ ਰੱਖਦਾ ਹੈ। ਤਿਥੈ ਕਾਲੁ ਨ ਸੰਚਰੈ-ਉਥੇ ਕਾਲ ਨਹੀਂ ਪਹੁੰਚ ਸਕਦਾ, ਮੌਤ ਦਾ ਡਰ ਨਹੀਂ ਪਹੁੰਚਦਾ। ਜੋਤੀ ਜੋਤਿ ਸਮਾਇ-ਸਾਧਕ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਸਮਾਈ ਰਹਿੰਦੀ ਹੈ।
ਸਾਜਨੁ-ਸੱਜਣ, ਮਿੱਤਰ। ਸੁਜਾਣੁ-ਜਾਣੀਜਾਣ, ਦਿਲਾਂ ਦੀਆਂ ਜਾਣਨ ਵਾਲਾ। ਮੇਲਣਹਾਰੁ-ਮੇਲਣ ਵਾਲਾ ਹੈਂ। ਸਾਲਾਹੀਐ-ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਪਾਰਾਵਾਰੁ-ਪਾਰਲਾ ਉਰਲਾ ਬੰਨਾ। ਸਬਦੁ ਅਪਾਰੁ-ਅਪਾਰ ਸ਼ਬਦ ਵਸਦਾ ਹੈ, ਅਪਾਰ ਸ਼ਬਦ ਟਿਕਿਆ ਹੋਇਆ ਹੈ। ਊਪਜਹਿ-ਪੈਦਾ ਹੁੰਦੇ ਹਨ। ਕਾਰ ਕਮਾਹਿ-ਕੰਮਕਾਰ ਕਰਦੇ ਹਨ, ਕਾਰ ਵਿਹਾਰ ਕਰਦੇ ਹਨ। ਕਾਲੈ ਵਸਿ ਹੈ-ਕਾਲ ਦੇ ਵੱਸ ਵਿਚ ਬੱਝੀ ਹੋਈ ਹੈ। ਸਾਚਿ ਸਮਾਹਿ-ਸੱਚ ਵਿਚ ਜਾ ਸਮਾਉਂਦੇ ਹਨ। ਤਿਸੁ ਭਾਵੈ-ਉਸ ਨੂੰ ਚੰਗਾ ਲਗਦਾ ਹੈ। ਸੋ ਥੀਐ-ਉਹੀ ਕੁਝ ਹੁੰਦਾ ਹੈ।
ਵਿਚਾਰ ਅਧੀਨ ਅਸਟਪਦੀ ਦੇ ਪਹਿਲੇ ਚਾਰ ਅੰਕਾਂ 'ਤੇ ਵਿਚਾਰ ਹੋ ਚੁੱਕੀ ਹੈ। ਚੌਥੇ ਅੰਕ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਨੂੰ ਸੱਚਾ ਪਿਆਰ ਪ੍ਰਾਪਤ ਹੋ ਜਾਂਦਾ ਹੈ, ਅਜਿਹੇ ਜਗਿਆਸੂ ਮਨ ਅਤੇ ਮੁਖ ਅਰਥਾਤ ਅੰਦਰੋਂ-ਬਾਹਰੋਂ ਪਵਿੱਤਰ ਹੋ ਜਾਂਦੇ ਹਨ।
ਇਸ ਲਈ ਹੇ ਭਾਈ, ਗੁਰੂ ਨੂੰ ਮਿਲਣਾ ਕਰੋ ਅਤੇ ਉਸ ਪਾਸੋਂ ਪ੍ਰਭੂ ਨੂੰ ਮਿਲਣ ਦਾ ਢੰਗ-ਤਰੀਕਾ ਸਿੱਖੋ ਤਾਂ ਕਿ ਕੀਤੇ ਕਰਮਾਂ ਦਾ ਕੋਈ ਲੇਖਾ ਗਿਣਨਾ ਨਾ ਰਹਿ ਜਾਵੇ। ਇਸ ਤਰ੍ਹਾਂ ਆਪਣੀ (ਅੰਦਰਲੀ) ਹਉਮੈ ਨੂੰ ਮਾਰ ਕੇ ਗੁਰੂ ਦੀ (ਦੱਸੀ) ਸੇਵਾ ਕਰੋ, ਜਿਸ ਨਾਲ ਫਿਰ ਪਰਮਾਤਮਾ ਦੇ ਨਾਮ ਰੰਗ ਵਿਚ ਭਿੱਜ ਜਾਈਦਾ ਹੈ। ਰਾਗੁ ਮਾਰੂ ਸੋਲਹੇ ਵਿਚ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਸਤਿਗੁਰ ਮਿਲਹੁ ਚੀਨਹੁ
ਬਿਧਿ ਸਾਈ॥
ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ॥
ਹਉਮੈ ਮਾਰਿ ਕਰਹੁ ਗੁਰ ਸੇਵਾ
ਜਨ ਨਾਨਕ ਹਰਿ ਰੰਗਿ ਭੀਨਾ ਹੇ॥
(ਅੰਗ 1028)
ਚੀਨਹੁ-ਮਿਲਣਾ ਕਰੋ। ਬਿਧਿ-ਢੰਗ ਤਰੀਕਾ। ਗਣਤ-ਲੇਖਾ। ਨ ਕਾਈ-ਕੋਈ ਨਾ ਰਹਿ ਜਾਵੇ। ਹਰਿ ਰੰਗਿ-ਪਰਮਾਤਮਾ ਦੇ ਨਾਮ ਰੰਗ ਵਿਚ। ਭੀਨਾ ਹੇ-ਭਿੱਜ ਜਾਈਦਾ ਹੈ।
ਬਾਣੀ ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ਵਿਚ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਸਹੀ ਅਰਥਾਂ ਵਿਚ ਪ੍ਰਭੂ ਹੀ ਸਾਡਾ ਸਿਆਣਾ ਸੱਜਣ-ਮਿੱਤਰ ਹੈ, ਜੋ ਆਪ ਹੀ ਸੰਸਾਰ ਰੂਪੀ ਸਰੋਵਰ ਹੈ ਅਤੇ ਆਪ ਹੀ ਇਸ ਸਰੋਵਰ ਦਾ ਜੀਵ-ਰੂਪੀ ਹੰਸ ਹੈ। ਹੇ ਪ੍ਰਭੂ, ਮੈਂ ਬਲਿਹਾਰ ਜਾਂਦਾ ਹਾਂ ਉਸ ਹੰਸ ਤੋਂ ਜਿਸ ਦੇ ਮਨ ਵਿਚ ਸਦਾ ਥਿਰ ਰਹਿਣ ਵਾਲਾ ਤੂੰ (ਠਾਕੁਰ) ਵਸਦਾ ਹੈਂ-
ਸਾਜਨੁ ਮੀਤੁ ਸੁਜਾਣੁ ਤੂੰ
ਤੂ ਸਰਵਰੁ ਤੂੰ ਹੰਸ॥
ਸਾਚਉ ਠਾਕੁਰੁ ਮਨਿ ਵਸੈ
ਹਉ ਬਲਹਾਰੀ ਤਿਸੁ॥ (ਅੰਗ 937)
ਸਰਵਰੁ-ਸਰੋਵਰ। ਹੰਸ-ਜੀਵ ਰੂਪੀ ਹੰਸ। ਸਾਚਉ-ਸੱਚਾ, ਸਦਾ ਥਿਰ ਰਹਿਣ ਵਾਲਾ।
ਹੇ ਭਾਈ, ਉਸ ਪ੍ਰਭੂ ਨੂੰ (ਮਨ ਵਿਚ) ਚੇਤੇ ਰੱਖੋ, ਜਿਸ ਨੇ ਜੀਵਾਂ ਨੂੰ ਮੋਹਣੀ ਮਾਇਆ ਦੀ ਮਮਤਾ ਵਿਚ ਲਾ ਰੱਖਿਆ ਹੈ ਪਰ ਜਿਸ-ਜਿਸ ਨੂੰ ਵੀ ਸੁਜਾਣ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ, ਉਸ ਲਈ ਮਾਨੋ ਕੇਵਲ ਨਾਮ ਰੂਪੀ ਅੰਮ੍ਰਿਤ ਹੀ ਮਾਇਆ ਹੈ-
ਮਾਇਆ ਮਮਤਾ ਮੋਹਣੀ
ਜਿਨਿ ਕੀਤੀ ਸੋ ਜਾਣੁ॥
ਬਿਖਿਆ ਅੰਮ੍ਰਿਤੁ ਏਕੁ ਹੈ
ਬੂਝੈ ਪੁਰਖੁ ਸੁਜਾਣੁ॥ (ਅੰਗ 937)
ਬਿਖਿਆ-ਜ਼ਹਿਰ, ਮਾਇਆ।
ਵਾਸਤਵ ਵਿਚ ਪ੍ਰਭੂ ਦੀ ਸਰਨ ਆਉਣ ਤੋਂ ਬਿਨਾਂ ਅਸੀਂ ਜੀਵ ਕੁਝ ਵੀ ਨਹੀਂ ਕਰ ਸਕਦੇ। ਅਸੀਂ ਉਹੀ ਕੁਝ ਕਰਨ ਜੋਗੇ ਹਾਂ, ਜੋ ਕੁਝ ਪ੍ਰਭੂ ਤੂੰ ਸਾਡੇ ਪਾਸੋਂ ਕਰਵਾਉਂਦਾ ਹੈਂ। ਰਾਗੁ ਸੋਰਠਿ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਜਿ ਕਰਾਵੈ ਸੋਈ ਕਰਣਾ॥
ਨਾਨਕ ਦਾਸ ਤੇਰੀ ਸਰਣਾ॥ (ਅੰਗ 627)
ਜਿ-ਜੋ ਕੁਝ।
ਸ਼ਬਦ ਦੇ ਅੱਖਰੀਂ ਅਰਥ : ਹੇ ਭਾਈ, ਸੱਚੇ ਗੁਰੂ ਅੱਗੇ ਅਰਜੋਈ ਕਰ, ਜੋ ਸੱਜਣ-ਪ੍ਰਭੂ ਨੂੰ ਮਿਲਾਉਣ ਦੇ ਸਮਰੱਥ ਹੈ। ਜੇਕਰ ਸੱਜਣ-ਪ੍ਰਭੂ ਨਾਲ ਮਿਲਾਪ ਹੋ ਜਾਵੇ ਤਾਂ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। (ਫਿਰ ਜਮਦੂਤ ਵੀ ਨੇੜੇ ਨਹੀਂ ਆਉਂਦੇ) ਜਿਵੇਂ ਉਹ ਜ਼ਹਿਰ ਖਾ ਕੇ ਮਰ ਗਏ ਹੋਣ। ਇਸ ਤਰ੍ਹਾਂ ਜੇਕਰ ਸੱਜਣ-ਪ੍ਰਭੂ ਨਾਲ ਮਿਲਾਪ ਹੋ ਜਾਵੇ ਤਾਂ ਮਨ ਅੰਦਰ ਇਹ ਨਿਸਚਾ ਪੈਦਾ ਹੋ ਜਾਂਦਾ ਹੈ ਕਿ ਮੈਂ ਨਾਮ ਵਿਚ ਸਦਾ ਟਿਕਿਆ ਰਹਾਂ ਅਤੇ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਿਆ ਰਹੇ।
ਗੁਰੂ ਦੇ ਸ਼ਬਦ ਤੋਂ ਬਿਨਾਂ ਮਨੁੱਖ ਨੂੰ ਇਸ ਗੱਲ ਦੀ ਸੋਝੀ ਨਹੀਂ ਪੈਂਦੀ ਕਿ ਗੁਰੂ ਤੋਂ ਬਿਨਾਂ (ਹਰ ਪਾਸੇ ਅਗਿਆਨਤਾ ਦਾ) ਘੁੱਪ ਹਨੇਰਾ ਹੀ ਹੈ। ਗੁਰੂ ਦੀ ਮੱਤ ਦੁਆਰਾ ਜਿਸ ਹਿਰਦੇ ਵਿਚ (ਗਿਆਨ ਦਾ) ਪ੍ਰਕਾਸ਼ ਹੋ ਜਾਂਦਾ ਹੈ, ਉਹ (ਸਾਧਕ) ਆਪਣੀ ਬਿਰਤੀ ਨੂੰ ਸਦਾ ਪ੍ਰਭੂ ਵਿਚ ਜੋੜੀ ਰੱਖਦਾ ਹੈ। ਅਜਿਹੀ ਅਵਸਥਾ ਵਿਚ ਆਤਮਿਕ ਮੌਤ ਦਾ ਭੈ ਨਹੀਂ ਪੋਂਹਦਾ ਅਤੇ ਮਨੁੱਖੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਸਮਾਈ ਰਹਿੰਦੀ ਹੈ।
ਹੇ ਪ੍ਰਭੂ, ਤੂੰ ਹੀ (ਸਾਡਾ) ਸੱਜਣ-ਮਿੱਤਰ ਹੈਂ, ਤੂੰ ਹੀ ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈਂ ਅਤੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਮਿਲਾਉਣ ਵਾਲਾ ਹੈਂ। ਗੁਰੂ ਦੇ ਸ਼ਬਦ ਦੁਆਰਾ ਹੀ (ਪ੍ਰਭੂ) ਤੇਰੀ ਸਿਫਤ ਸਾਲਾਹ ਕੀਤੀ ਜਾ ਸਕਦੀ ਹੈ। ਤੇਰੇ ਪਾਰਲੇ ਅਤੇ ਉਰਾਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ, ਜਿਥੇ ਗੁਰੂ ਦਾ ਸ਼ਬਦ ਅਤੇ ਬੇਅੰਤ ਪ੍ਰਭੂ ਵਸਦਾ ਹੈ।
ਪਰਮਾਤਮਾ ਦੇ ਹੁਕਮ ਵਿਚ ਹੀ ਸਾਰੇ ਜੀਵ ਪੈਦਾ ਹੁੰਦੇ ਹਨ ਅਤੇ ਉਸ ਦੇ ਹੁਕਮ ਅਨੁਸਾਰ ਹੀ ਇਥੇ ਕਾਰ-ਵਿਹਾਰ ਕਰਦੇ ਹਨ। ਪ੍ਰਭੂ ਦੇ ਹੁਕਮ ਵਿਚ ਹੀ ਸਾਰੀ ਸ੍ਰਿਸ਼ਟੀ ਮੌਤ ਦੇ ਵੱਸ ਵਿਚ ਹੈ ਅਤੇ ਉਸ ਦੇ ਹੁਕਮ ਵਿਚ ਹੀ ਜੀਵ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਵਸਦੇ ਹਨ।
ਅੰਤਲੀ ਤੁਕ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਨੂੰ ਜੋ ਕੁਝ ਭਾਉਂਦਾ ਹੈ, ਉਹੀ ਕੁਝ ਹੁੰਦਾ ਹੈ, ਇਨ੍ਹਾਂ (ਵਿਚਾਰੇ) ਜੀਵਾਂ ਦੇ ਵੱਸ ਵਿਚ ਤਾਂ ਕੁਝ ਵੀ ਨਹੀਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਇੱਛਾ ਸ਼ਕਤੀ ਜਗਾਉਣ ਦਾ ਸਰੋਤ ਹੈ ਕਰਮ

ਗੀਤਾ ਦਾ ਸੰਦੇਸ਼ ਹੈ ਕਿ ਵਿਗਿਆਨਕ ਢੰਗ ਨਾਲ ਸੋਚ ਕੇ ਕਰਮ ਕਰਨ ਅਤੇ ਚਤੁਰਾਈ ਨਾਲ ਕਰਮ ਕਰਨ 'ਚ ਵਧੀਆ ਸਿੱਟੇ ਨਿਕਲ ਸਕਦੇ ਹਨ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕਰਮ ਸਾਡੀ ਮਾਨਸਿਕ ਸ਼ਕਤੀ ਨੂੰ ਜਗਾਉਂਦਾ ਹੈ, ਜੋ ਪਹਿਲਾਂ ਹੀ ਹਰ ਵਿਅਕਤੀ ਅੰਦਰ ਹੁੰਦੀ ਹੈ। ਕਰਮ ਤਾਂ ਕੇਵਲ ਆਤਮਾ ਨੂੰ ਜਗਾਉਣ ਦੇ ਸਾਧਨ ਹਨ। ਕਰਮ ਦੇ ਝਟਕਿਆਂ ਨਾਲ ਹੀ ਤੁਸੀਂ ਆਪਣੀ ਸੁੱਤੀ ਹੋਈ ਆਤਮਾ ਨੂੰ ਜਗਾ ਸਕਦੇ ਹੋ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਸੁਸਤੀ ਜਾਂ ਕਰਮਹੀਣਤਾ ਤੋਂ ਬਚਣਾ ਚਾਹੀਦਾ ਹੈ। ਕਿਰਿਆ ਤੋਂ ਭਾਵ ਹੈ ਪ੍ਰਤੀਰੋਧ। ਹਰ ਤਰ੍ਹਾਂ ਦੀਆਂ ਮਾਨਸਿਕ ਅਤੇ ਭੌਤਿਕ ਬੁਰਾਈਆਂ ਪ੍ਰਤੀ ਪ੍ਰਤੀਰੋਧ ਜਾਂ ਵਿਰੋਧ ਕਰੋ। ਜੇ ਤੁਸੀਂ ਅਜਿਹੀਆਂ ਬੁਰਾਈਆਂ ਦਾ ਪ੍ਰਤੀਰੋਧ ਕਰਨ ਵਿਚ ਸਫਲ ਹੋ ਜਾਵੋਗੇ ਤਾਂ ਸ਼ਾਂਤੀ ਪ੍ਰਾਪਤ ਹੋਵੇਗੀ। ਬੁਰਾਈ ਦਾ ਵਿਰੋਧ ਕਰਨ ਸਮੇਂ ਇਕ ਗੱਲ ਦਾ ਧਿਆਨ ਰੱਖੋ ਕਿ ਕਿਸੇ ਨਾਲ ਨਫਰਤ ਨਾ ਕਰੋ, ਕਿਉਂਕਿ ਹਰ ਥਾਂ ਅੱਛਾਈ ਨਹੀਂ ਹੋ ਸਕਦੀ। ਜਦ ਸਭ ਦੀਆਂ ਨਜ਼ਰਾਂ ਤੁਹਾਡੇ ਵੱਲ ਹੋਣ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਬੁਰਾਈ ਦਾ ਵਿਰੋਧ ਨਾ ਕਰਨ ਦਾ ਦਿਖਾਵਾ ਵੀ ਕਰਨਾ ਪਵੇ, ਕਿਉਂਕਿ ਅਸੀਂ ਸ਼ਾਂਤ ਮਨ ਵੀ ਚਾਹੁੰਦੇ ਹਾਂ। ਅਜਿਹੇ ਹਾਲਾਤ ਵਿਚ ਤੁਹਾਡੀ ਅਵਸਥਾ ਵੀ ਉਸ ਵਿਅਕਤੀ ਵਰਗੀ ਹੁੰਦੀ ਹੈ ਜੋ ਇਹ ਤਾਂ ਜਾਣਦਾ ਹੈ ਕਿ ਕੇਵਲ ਧੰਨ-ਦੌਲਤ ਪਿੱਛੇ ਭੱਜਣ ਵਾਲੇ ਵਿਅਕਤੀ ਨੂੰ ਲੋਕ ਬੁਰਾ ਸਮਝਦੇ ਹਨ ਪਰ ਉਹ ਫਿਰ ਵੀ ਧਨ-ਦੌਲਤ ਦੇ ਸੰਗ੍ਰਹਿ ਵੱਲ ਭੱਜਾ ਫਿਰਦਾ ਹੈ। ਅਜਿਹੇ ਦਿਖਾਵੇ ਦਾ ਕੋਈ ਲਾਭ ਨਹੀਂ। ਸੰਸਾਰ ਵਿਚ ਰਹੋ ਅਤੇ ਇਥੇ ਜੋ ਕੁਝ ਵਾਪਰ ਰਿਹਾ ਹੈ, ਉਸ ਨੂੰ ਜਾਣੋ, ਤਾਂ ਹੀ ਸ਼ਾਂਤੀ ਪ੍ਰਾਪਤ ਹੋਵੇਗੀ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜਨਮ ਦਿਨ 'ਤੇ ਵਿਸ਼ੇਸ਼

ਪਰਉਪਕਾਰੀ ਸੰਤ ਬਾਬਾ ਚਮਨ ਦਾਸ ਉਦਾਸੀ

ਬਾਬਾ ਸ੍ਰੀ ਚੰਦ ਜੀ ਦੁਆਰਾ ਚਲਾਈ ਉਦਾਸੀ ਸੰਪਰਦਾਇ 'ਚ ਅਨੇਕਾਂ ਉੱਚਕੋਟੀ ਦੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਗੁਰੂ ਉਪਦੇਸ਼ ਰਾਹੀਂ ਸੰਸਾਰ ਦੇ ਜੀਵਾਂ ਨੂੰ ਸੱਚ ਦੇ ਮਾਰਗ 'ਤੇ ਤੋਰਿਆ। ਐਸੇ ਹੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਗੋਬਿੰਦ ਦਾਸ ਫਗਵਾੜੇ ਵਾਲਿਆਂ ਦੇ ਅਨਿਨ ਸ਼ਰਧਾਲੂ, ਨਾਮ ਦੇ ਰਸੀਏ, ਦਇਆ ਤੇ ਪ੍ਰੇਮ ਦੇ ਸਾਗਰ ਸੰਤ ਬਾਬਾ ਚਮਨ ਦਾਸ ਹੋਏ ਹਨ, ਜਿਨ੍ਹਾਂ ਦਾ ਜਨਮ ਅੱਜ ਤੋਂ 67 ਸਾਲ ਪਹਿਲਾਂ 13 ਹਾੜ੍ਹ ਨੂੰ ਮਾਤਾ ਮੰਗੋ ਦੇਵੀ ਦੀ ਪਵਿੱਤਰ ਕੁੱਖ ਤੋਂ ਪਿਤਾ ਸ੍ਰੀ ਚੰਦੂ ਰਾਮ ਦੇ ਗ੍ਰਹਿ ਵਿਖੇ ਪਿੰਡ ਕਾਂਗੜ ਬਡੇੜਾ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਹੋਇਆ। ਛੋਟੀ ਉਮਰ ਵਿਚ ਹੀ ਆਪ ਨੂੰ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਗੋਬਿੰਦ ਦਾਸ ਦੀ ਸ਼ਰਨ ਵਿਚ ਡੇਰਾ ਫਗਵਾੜਾ ਵਿਖੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸੇ ਅਸਥਾਨ ਵਿਖੇ ਹੀ ਆਪ ਨੇ ਉਦਾਸੀ ਧਾਰਨ ਕੀਤੀ।
ਸੰਤ ਬਾਬਾ ਗੋਬਿੰਦ ਦਾਸ ਆਪ ਦੀ ਸੇਵਾ ਤੋਂ ਖੁਸ਼ ਹੋ ਕੇ ਆਪ ਨੂੰ ਆਪਣੇ ਜਿਊਂਦੇ ਜੀਅ ਗੱਦੀ ਦੇ ਵਾਰਸ ਬਣਾ ਗਏ।
ਸੰਤ ਬਾਬਾ ਗੋਬਿੰਦ ਦਾਸ 6 ਫਰਵਰੀ, 1968 ਨੂੰ ਸੱਚਖੰਡ ਜਾ ਬਿਰਾਜੇ। ਉਸ ਸਮੇਂ ਬਾਬਾ ਚਮਨ ਦਾਸ ਦੀ ਉਮਰ ਛੋਟੀ ਹੀ ਸੀ। ਆਪ ਨੇ ਡੇਰੇ ਦੀ ਸੇਵਾ ਸੰਭਾਲਣ ਸਮੇਂ ਸਭ ਤੋਂ ਪਹਿਲਾਂ ਆਪਣੇ ਗੁਰੂ-ਪਿਤਾ ਦੀ ਯਾਦ ਵਿਚ ਸੁੰਦਰ ਸਮਾਧ ਦੀ ਉਸਾਰੀ ਕਰਵਾਈ ਅਤੇ ਡੇਰੇ ਅੰਦਰ ਹਾਲ ਕਮਰੇ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਕਈ ਵੱਡੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਆਪਣੇ ਗੁਰੂ ਪਿਤਾ ਦੀ ਯਾਦ ਵਿਚ ਇੰਗਲੈਂਡ ਦੀ ਧਰਤੀ 'ਤੇ ਬਲਿਸਟਨ ਸ਼ਹਿਰ ਵਿਖੇ ਇਕ ਸੁੰਦਰ ਡੇਰਾ ਸਥਾਪਤ ਕੀਤਾ। ਆਪ ਨੇ ਡੇਰਾ ਫਗਵਾੜਾ ਅਤੇ ਇੰਗਲੈਂਡ ਵਿਚ ਅਖੰਡ ਪਾਠਾਂ ਅਤੇ ਕੀਰਤਨ ਦੀਆਂ ਝੜੀਆਂ ਲਾ ਦਿੱਤੀਆਂ। ਲੋਕਾਈ ਨੂੰ ਰੱਬ ਵਾਲੇ ਪਾਸੇ ਲਾਉਣ ਦੇ ਨਾਲ-ਨਾਲ ਮਨੁੱਖਤਾ ਦੀ ਸਿਹਤਯਾਬੀ ਲਈ ਮੁਫਤ ਮੈਡੀਕਲ ਕੈਂਪ ਵੀ ਲਾਏ। ਆਪ ਆਪਣਾ ਪੂਰਾ ਜੀਵਨ ਲੋਕ ਭਲਾਈ ਨੂੰ ਸਮਰਪਿਤ ਕਰਦੇ ਹੋਏ 2 ਅਗਸਤ, 2012 ਨੂੰ ਸੱਚਖੰਡ ਜਾ ਬਿਰਾਜੇ।
ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਚਮਨ ਦਾਸ ਦਾ ਜਨਮ ਦਿਨ 13 ਹਾੜ੍ਹ ਮੁਤਾਬਿਕ 27 ਜੂਨ ਦਿਨ ਬੁੱਧਵਾਰ ਨੂੰ ਡੇਰਾ ਸੰਤ ਬਾਬਾ ਗੋਬਿੰਦ ਦਾਸ, ਮੁਹੱਲਾ ਗੋਬਿੰਦਪੁਰਾ, ਫਗਵਾੜਾ ਵਿਖੇ ਡੇਰੇ ਦੇ ਮੁੱਖ ਸੰਚਾਲਕ ਸੰਤ ਦੇਸ ਰਾਜ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉੱਘੇ ਰਾਗੀ, ਢਾਡੀ ਅਤੇ ਸੰਤ-ਮਹਾਂਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।


-ਸੁਰਿੰਦਰ ਪਾਲ ਸਿੰਘ,
ਪਿੰਡ ਤੇ ਡਾਕ: ਅਧਿਕਾਰੇ, ਜ਼ਿਲ੍ਹਾ ਹੁਸ਼ਿਆਰਪੁਰ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਪ੍ਰਸੰਗ ਵਿਚ

ਗੁਰੂ ਨਾਨਕ ਸਾਹਿਬ ਦਾ ਜੱਸ-3

* ਇਹਸਾਨ ਬਾਜਵਾ *
Email-ahsanbajwaa@gmail.com


ਨਾਨਕ ਜਗਤ ਜਹਾਨ ਦੀ ਸੈਰ ਕੀਤੀ,
ਚਰਨ ਦੇਸ ਪ੍ਰਦੇਸ ਵਿਚ ਪਾਏ ਉਹੋ।
ਸਾਰੇ ਉਸ ਨੂੰ ਆਪਣਾ ਜਾਣਦੇ ਨੇ,
ਸੱਚਾ ਇੰਝ ਦਾ ਪਿਆਰ ਵਿਖਾਏ ਉਹੋ।

ਵੇਖੇ ਕੰਮ ਨਾ ਮੰਦਿਆਂ ਚੰਗਿਆਂ ਦੇ,
ਸਾਰੇ ਪਾਪੀਆਂ ਨੂੰ ਸੀਨੇ ਲਾਏ ਉਹੋ।
ਰ੍ਹਵੇ ਜੱਗ 'ਤੇ ਨਾਮ ਦਿਆਲੂਆਂ ਦਾ,
ਹੱਥੋਂ ਦੇ ਕੇ ਜਾਚ ਸਿਖਾਏ ਉਹੋ।

ਨਾਨਕ ਸਾਰਿਆਂ ਨਾਲ ਪਿਆਰ ਕਰਦਾ,
ਭਾਰ ਜਗਤ ਜਹਾਨ ਦੇ ਚਾਏ ਉਹੋ।
ਅੰਦਰ ਰੱਕੜਾਂ ਬੰਜਰਾਂ ਪੱਥਰਾਂ ਦੇ,
ਬੂਟੇ ਹੇਜ ਦੇ ਸਦਾ ਉਗਾਏ ਉਹੋ।

ਫਰਕ ਜਾਤ ਕੁਜਾਤ ਦੇ ਮੇਟ ਦਿੰਦਾ,
ਇਕੋ ਇਕ ਦੇ ਅਰਥ ਪਕਾਏ ਉਹੋ।
ਕਰੇ ਕਦੇ ਨਾ ਧਰਮ ਨਖੇੜ ਕੋਈ,
ਪਕੜ ਸਾਰਿਆਂ ਘੋੜ ਚੜ੍ਹਾਏ ਉਹੋ।

ਪੂਰਾ ਬੋਲ ਵਿਹਾਰ ਤੇ ਵਣਜ ਵਲੋਂ,
ਪਿੱਛੇ ਰਿਹਾਂ ਨੂੰ ਨਾਲ ਰਲਾਏ ਉਹੋ ।
ਪੱਲਾ ਸੱਚ ਦਾ ਪਕੜ ਇਹਸਾਨ ਸਾਈਆਂ,
ਤੈਨੂੰ ਪਕੜਿਆਂ ਆਣ ਛੁਡਾਏ ਉਹੋ।


ਲਿਪੀਆਂਤਰ : ਗੁਰਨਾਮ ਸਿੰਘ ਚੀਮਾ,
ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ (ਹੁਸ਼ਿਆਰਪੁਰ)। ਮੋਬਾ: 98140-44425

ਆਧੁਨਿਕ ਸ਼ਿਲਪ ਕਲਾ ਦਾ ਸ਼ਾਹਕਾਰ-ਸ਼ੇਖ ਜ਼ਾਇਦ ਗਰੈਂਡ ਮਸਜਿਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੁੱਖ ਪਰੇਅਰ ਹਾਲ ਦੀ ਦਰੀ ਵਿਸ਼ਵ ਦੀ ਸਭ ਤੋਂ ਵੱਡੀ ਹੱਥ ਦੀ ਬੁਣੀ ਦਰੀ (ਕਾਰਪੈਟ) ਕਹੀ ਜਾਂਦੀ ਹੈ। ਇਸ ਦੀ ਪੈਮਾਇਸ਼ 5,627 ਵਰਗ ਮੀਟਰ (60,546.52 ਵਰਗ ਫੁੱਟ) ਹੈ। ਇਸ ਨੂੰ 12-1300 ਵਿਸ਼ੇਸ਼ ਦਰੀ ਬੁਨਣ ਵਾਲਿਆਂ ਨੇ ਦੋ ਸਾਲਾਂ ਵਿਚ ਬਣਾਇਆ। ਇਹ 35 ਟਨ ਭਾਰੀ ਹੈ। ਇਸ ਵਿਚ ਉੱਨ ਅਤੇ ਸੂਤੀ ਮਟੀਰੀਅਲ ਲੱਗਾ ਹੈ, ਜੋ ਨਿਊਜ਼ੀਲੈਂਡ ਅਤੇ ਈਰਾਨ ਤੋਂ ਮੰਗਵਾਇਆ ਗਿਆ ਸੀ। ਵਿੱਕੀਪੀਡੀਆ ਅਨੁਸਾਰ ਇਸ ਵਿਚ 2,26,80,00,000 ਨੌਟਜ਼ (ਤਾਣੇ-ਬਾਣੇ ਦੀਆਂ ਗੰਢਾਂ) ਹਨ! ਈਰਾਨ ਦੇ ਕਲਾਕਾਰ ਅਲੀ ਖਲੀਕੀ ਨੇ ਇਸ ਨੂੰ ਡਿਜ਼ਾਈਨ ਕੀਤਾ। ਸਿਰਫ ਆਕਾਰ ਕਰਕੇ ਹੀ ਨਹੀਂ, ਸਗੋਂ ਬੁਣਤੀ ਪੱਖੋਂ ਵੀ ਇਹ ਦਰੀ ਵਿਲੱਖਣ ਹੈ, ਕਿਉਂਕਿ ਇਹ ਅਸਮਾਨਅੰਤਰ ਚਤੁਰਭੁੱਜ ਦੀ ਸ਼ਕਲ ਵਿਚ ਧੱਸਵੇਂ (ਕਨਕੇਵ) ਅਤੇ ਉੱਭਰਵੇਂ (ਕਨਵੈਕਸ) ਰੂਪ ਵਿਚ ਬਣਾਈ ਗਈ ਹੈ। ਇਥੇ ਮੁਲਕ ਦਾ ਸਭ ਤੋਂ ਵੱਡਾ, ਕਿਸੇ ਵੀ ਮਸਜਿਦ ਵਿਚਲਾ ਦੂਸਰਾ ਵੱਡਾ ਅਤੇ ਵਿਸ਼ਵ ਦਾ ਤੀਸਰਾ ਸਭ ਤੋਂ ਵਡਾ ਝੂੁੰਮਰ ਲੱਗਾ ਹੈ। ਇਸ ਦਾ ਵਿਆਸ 10 ਮੀਟਰ (33 ਫੁੱਟ) , ਉਚਾਈ 15 ਮੀਟਰ (49 ਫੁੱਟ) ਅਤੇ ਭਾਰ 12 ਟਨ (10,886.22 ਕਿਲੋਗ੍ਰਾਮ) ਹੈ। ਵੈਸੇ ਇਥੇ ਕੁਲ 7 ਆਯਾਤ ਕੀਤੇ ਝੂੰਮਰ ਹਨ। ਇਨ੍ਹਾਂ ਵਿਚ ਲੱਖਾਂ ਦੀ ਗਿਣਤੀ ਵਿਚ ਸਵਾਰੋਵਸਕੀ ਕ੍ਰਿਸਟਲ ਲੱਗੇ ਹੋਏ ਹਨ। ਕੁਲ 82 ਗੁੰਬਦ, 96 ਥੰਮਲੇ, 99 ਅੱਲਾਹ ਦੇ ਨਾਂਅ ਅੰਕਤ ਹਨ। ਥਾਂ-ਥਾਂ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਮਸਜਿਦ ਦੇ ਇਰਦ-ਗਿਰਦ ਪਰਛਾਵੇਂਦਾਰ ਤਲਾਬ ਹਨ, ਜੋ ਚੰਨ ਚਾਨਣੀ ਰਾਤ ਵਿਚ ਇਸ ਦੀ ਖੂਬਸੂਰਤੀ ਹੋਰ ਵੀ ਵਧਾਉਂਦੇ ਹਨ। ਮਾਰੂਥਲ ਵਿਚ ਪਾਣੀ ਦੀ ਮਹੱਤਤਾ ਬਹੁਤ ਹੈ, ਕਿਉਂਕਿ ਪਾਣੀ ਹੀ ਪ੍ਰਾਣ ਹੁੰਦੈ ਅਤੇ ਇਸਲਾਮ ਵਿਚ ਚੰਨ ਦੀ ਮਹੱਤਤਾ ਬਹੁਤ ਹੈ, ਕਿਉਂਕਿ ਇਸਲਾਮਿਕ ਕੈਲੰਡਰ ਚੰਨ ਦੀ ਗਤੀ ਅਨੁਸਾਰ ਚਲਦੈ, ਰੋਜ਼ਿਆਂ ਦਾ ਆਰੰਭ ਅਤੇ ਈਦ ਦਾ ਤਿਉਹਾਰ ਵੀ ਚੰਨ ਦੇ ਚੜ੍ਹਨ ਨਾਲ ਜੁੜੇ ਹੋਏ ਹਨ (ਇਸੇ ਕਰਕੇ ਤਾਂ ਮੁਹਾਵਰਾ ਹੈ 'ਈਦ ਦਾ ਚੰਨ ਹੋ ਜਾਣਾ')। ਮਸਜਿਦ ਵਿਚ ਇਹ ਦੋਵੇਂ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ।
ਕਿਉਂਕਿ ਮਸਜਿਦ ਨੂੰ ਹਰ ਦੇਸ਼ੀ ਪਹਿਲੂ ਪ੍ਰਦਾਨ ਕੀਤਾ ਗਿਆ ਹੈ, ਇਸ ਲਈ ਇਸ ਦੇ ਮਟੀਰੀਅਲ, ਕਾਰੀਗਰਾਂ ਅਤੇ ਡਿਜ਼ਾਈਨ ਵਿਚ ਵੀ ਵਿਸ਼ਵ ਭਰ ਦੀ ਸ਼ਮੂਲੀਅਤ ਹੈ। ਡਿਜ਼ਾਈਨ ਪਰਸ਼ੀਅਨ, ਮੁਗ਼ਲ ਅਤੇ ਮਿਸਰੀ ਪ੍ਰਭਾਵਾਂ ਨਾਲ ਬਣਾਇਆ ਗਿਐ। ਇੰਡੋ-ਇਸਲਾਮਿਕ, ਮੂਰਿਸ਼ ਅਤੇ ਬਾਦਸ਼ਾਹੀ ਮਸਜਿਦ ਲਾਹੌਰ ਦੇ ਸ਼ਿਲਪੀ ਪ੍ਰਭਾਵਾਂ ਦਾ ਬਹੁਤ ਅਸਰ ਹੈ।
ਕਾਰੀਗਰ ਅਤੇ ਸਾਮਾਨ ਭਾਰਤ ਸਮੇਤ 14-15 ਮੁਲਕਾਂ 'ਚੋਂ ਲਿਆਂਦੇੇ ਗਏ। ਕੁਦਰਤੀ ਸੋਮਿਆਂ ਤੋਂ ਮਿਲਣ ਵਾਲਾ ਮਟੀਰੀਅਲ ਵਰਤਿਆ ਗਿਆ, ਕਿਉਂਕਿ ਇਸ ਦੀ ਗੁਣਵੱਤਾ ਵਧੇਰੇ ਹੰਢਣਸਾਰ ਹੁੰਦੀ ਹੈ ਅਤੇ ਇਸ ਦੀ ਉਪਲੱਬਧਗੀ ਵੀ ਸਾਡੇ ਚੁਫੇਰਿਉਂ ਹੋ ਸਕਦੀ ਐ। ਸੰਗਮਰਮਰ, ਸੋਨਾ, ਕੀਮਤੀ ਪੱਥਰ, ਰਵੇਦਾਰ ਸਾਮਾਨ, ਕੁੰਭਕਾਰੀ ਆਦਿ ਇਸ ਵਿਚ ਸ਼ਾਮਿਲ ਹਨ। ਮਸਜਿਦ ਅੰਦਰ ਜਾਣ ਲਈ ਸਖ਼ਤ ਡਰੈੱਸ ਕੋਡ ਲਾਗੂ ਹੈ। ਸੱਭਿਅਕ ਪਹਿਰਾਵੇ ਨਾਲ ਹੀ ਪ੍ਰਵੇਸ਼ ਕੀਤਾ ਜਾ ਸਕਦੈ। ਸਰੀਰ ਗੁੱਟਾਂ ਅਤੇ ਗਿੱਟਿਆਂ ਤੱਕ ਢਕਿਆ ਹੋਣਾ ਚਾਹੀਦੈ। ਔਰਤਾਂ ਦਾ ਸਿਰ ਵੀ ਢਕਣਾ ਲਾਜ਼ਮੀ ਹੈ। ਗੈਰ-ਮੁਸਲਿਮ ਸੈਲਾਨੀਆਂ ਲਈ, ਜਿਨ੍ਹਾਂ ਦਾ ਪਹਿਰਾਵਾ ਡਰੈੱਸ-ਕੋਡ ਅਨੁਸਾਰ ਨਹੀਂ ਹੁੰਦਾ, ਮਸਜਿਦ ਦੇ ਪ੍ਰਵੇਸ਼ ਦੁਆਰ 'ਤੇ 'ਅਬਾਇਆ' (ਔਰਤਾਂ ਲਈ ਗਾਊਨ, ਜਿਸ ਵਿਚ ਸਿਰ ਢਕਣ ਦੀ ਵਿਵਸਥਾ ਵੀ ਹੈ) ਅਤੇ 'ਕੰਦੂਰਾ' (ਮਰਦਾਂ ਲਈ ਗਾਊਨ) ਮੁਫ਼ਤ ਮੁਹੱਈਆ ਕੀਤੇ ਜਾਂਦੇ ਹਨ, ਜੋ ਪਰਤਣ ਸਮੇਂ ਮੋੜਨੇ ਹੁੰਦੇ ਹਨ।
ਮੈਟਲ ਡਿਟੈਕਟਰ ਵਾਲੇ ਦਰਵਾਜ਼ਿਆਂ ਰਾਹੀਂ ਚੈਕਿੰਗ ਉਪਰੰਤ ਹੀ ਅੰਦਰ ਦਾਖ਼ਲ ਹੋ ਸਕੀਦੈ। ਸ਼ੁੱਕਰਵਾਰ (ਜੁੰਮਾ) ਅਤੇ ਈਦ ਦੇ ਉਤਸਵ ਦੀ ਨਮਾਜ਼ ਵੇਲੇ ਸੈਲਾਨੀਆਂ ਦਾ ਦਾਖ਼ਲਾ ਬੰਦ ਰਹਿੰਦੈ, ਓਦਾਂ ਕੋਈ ਬੰਦਿਸ਼ ਨਹੀਂ। ਮਸਜਿਦ ਕੰਪਲੈਕਸ ਦੇ ਬਾਹਰ ਇਕ ਰੈਸਟੋਰੈਂਟ ਵੀ ਹੈ, ਜਿਥੇ ਖਾਣ-ਪੀਣ ਦੀਆਂ ਵਸਤਾਂ ਮਿਲਦੀਆਂ ਹਨ।
ਮਸਜਿਦ ਦਾ ਪਹਿਲਾ ਸਮਾਗਮ ਇਸ ਦੇ ਸਿਰਨਾਵੀਏਂ ਦੇ ਜਨਾਜ਼ੇ ਸਬੰਧੀ ਸੀ, ਭਾਵ ਸ਼ੇਖ ਜ਼ਾਇਦ ਨੂੰ ਸਪੁਰਦ-ਏ-ਖਾਕ ਕਰਨ ਸਬੰਧੀ। ਇਸ ਦੇ ਪਰਿਸਰ ਵਿਚ ਸ਼ੇਖ ਸਾਹਿਬ ਦੀ ਰੂਹ ਸਦੀਵੀ ਆਰਾਮ ਕਰ ਰਹੀ ਹੈ। ਉਨ੍ਹਾਂ ਵਲੋਂ ਇਸਲਾਮਿਕ ਦੁਨੀਆ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਕਲਾ ਅਤੇ ਸ਼ਿਲਪਕਾਰੀ ਦੀਆਂ ਆਧੁਨਿਕ ਕਦਰਾਂ-ਕੀਮਤਾਂ ਨਾਲ ਜੋੜਨ ਲਈ ਲਾਂਚ ਕੀਤਾ ਗਿਆ ਸ਼ੇਖ ਜ਼ਾਇਦ ਗਰੈਂਡ ਮੌਸਕ ਦਾ ਪ੍ਰਾਜੈਕਟ ਪੂਰਨ ਰੂਪ ਵਿਚ ਕਾਮਯਾਬ ਹੈ।
ਸ਼ਰਧਾਲੂਆਂ ਅਤੇ ਸੈਲਾਨੀਆਂ ਦਾ ਲੱਗਾ ਹੋਇਆ ਤਾਂਤਾ ਇਸ ਗੱਲ ਦੀ ਗਵਾਹੀ ਭਰਦਾ ਹੈ! (ਸਮਾਪਤ)


-ਫਗਵਾੜਾ।

ਧਾਰਮਿਕ ਸਾਹਿਤ

ਕਹਾ ਗਾਫਲ ਸੋਇਆ
ਲੇਖਕ : ਡਾ: ਦਲਜੀਤ ਸਿੰਘ
ਪ੍ਰਕਾਸ਼ਕ : ਗੁਰਮਤਿ ਪ੍ਰਚਾਰ ਕੇਂਦਰ (ਪੂਰਬੀ ਭਾਰਤ)।
ਪੰਨੇ : 112, ਮੁੱਲ : ਪ੍ਰੇਮ ਭੇਟਾ
ਸੰਪਰਕ : 093333-85185


ਪੰਥਕ ਸੇਵਾਦਾਰ ਉੱਘੇ ਵਿਦਵਾਨ ਡਾ: ਦਲਜੀਤ ਸਿੰਘ ਕਾਫੀ ਲੰਮੇ ਅਰਸੇ ਤੋਂ ਲਿਖਤਾਂ ਰਾਹੀਂ ਸਿੱਖ ਕੌਮ ਨੂੰ ਹਲੂਣਾ ਦੇਣ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ। ਵਿਚਾਰ ਅਧੀਨ ਇਸ ਪੁਸਤਕ ਵਿਚ ਉਸ ਵਲੋਂ ਅਜੋਕੇ ਸਮੇਂ ਗੁਰਮਤਿ 'ਤੇ ਭਾਰੂ ਪੈ ਰਹੀ ਮਨਮਤਿ ਦੇ ਵਿਸ਼ੇ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ।
ਕਥਨੀ ਤੇ ਕਰਨੀ ਵਿਚਲੇ ਪਾੜੇ ਨੂੰ ਸਮਝਣ ਤੇ ਇਸ ਪਾੜੇ ਨੂੰ ਦੂਰ ਕਰਨ ਲਈ ਵਡਮੁੱਲੇ ਵਿਚਾਰਾਂ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਜਿਸ ਤਰ੍ਹਾਂ ਹਰ ਕਿਰਿਆ/ਪ੍ਰਕਿਰਿਆ ਵਿਚ ਮੇਲ ਤੇ ਬੇਮੇਲ ਦਾ ਆਪਣਾ ਚੰਗਾ/ਸੁਖਾਂਤਕ ਤੇ ਬੁਰਾ/ਦੁਖਾਂਤਕ ਪ੍ਰਭਾਵ ਪੈਂਦਾ ਹੈ, ਉਸੇ ਤਰ੍ਹਾਂ ਇਕ ਸਿੱਖ ਦੀ ਰਹਿਣੀ-ਬਹਿਣੀ/ਜੀਵਨ ਜਾਚ ਗੁਰਮਤਿ ਨਾਲ ਮੇਲ ਖਾਣੀ ਚਾਹੀਦੀ ਹੈ। ਇਹ ਬੇਮੇਲ ਹੋਣ ਕਰਕੇ ਹੀ ਅੱਜ ਬਹੁਤ ਸਾਰੇ ਵਿਕਾਰ, ਭੰਬਲਭੂਸੇ, ਭੈੜ ਤੇ ਗ਼ਲਤ ਵਰਤਾਰੇ ਸਿਰ ਚੁੱਕ ਰਹੇ ਹਨ। ਸ਼ੁੱਭ ਅਮਲਾਂ ਬਾਝੋਂ ਪਾਠ-ਪੂਜਾ ਵੀ ਕਰਮਕਾਂਡਾਂ ਦਾ ਇਕ ਹਿੱਸਾ ਬਣਦਾ ਜਾ ਰਿਹਾ ਹੈ। ਡੇਰਾਵਾਦ ਤੇ ਬਾਬਾਵਾਦ ਵਿਚ ਢੇਰ ਸਾਰਾ ਵਾਧਾ ਹੋ ਰਿਹਾ, ਜਿਨ੍ਹਾਂ ਵਿਚ ਬੜੇ ਹੀ ਧੜੱਲੇ ਨਾਲ ਗੁਰਮਤਿ ਨਾਲੋਂ ਮਨਮਤਿ ਨੂੰ ਵਧੇਰੇ ਮਹੱਤਤਾ ਦੇਣ ਵਾਲੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਭਾਵੇਂ ਕਿ ਸਾਰੀ ਗੁਰਬਾਣੀ ਦਾ ਸਨਮਾਨਯੋਗ ਮਹਾਤਮ ਹੈ ਪਰ ਫਿਰ ਵੀ ਗੁਰਬਾਣੀ ਵਿਚ ਵੰਡੀਆਂ ਪਾ ਕੇ ਉਨ੍ਹਾਂ ਦੇ ਆਪਣੇ ਵਿਸ਼ੇਸ਼ ਮਹਾਤਮ ਨੂੰ ਸਿਰਫ ਆਪਣੇ ਨਿੱਜੀ ਮੁਫਾਦਾਂ ਲਈ ਵਰਤਣ ਲਈ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਵਿਸ਼ੇਸ਼ ਪਾਠ ਵਿਸ਼ੇਸ਼ ਥਾਵਾਂ, ਦਿਨ-ਦਿਹਾਰਾਂ, ਸਮੇਂ 'ਤੇ ਵਿਸ਼ੇਸ਼ ਗਿਣਤੀ ਨਾਲ ਕੀਤੇ ਜਾਣ ਤਾਂ ਤੁਹਾਡੇ ਕਿੱਲੇ ਨਾਲ ਕਾਮਧੇਨ ਗਊ (ਸਭ ਸੁੱਖ ਦੇਣ ਵਾਲੀ ਕਲਪਿਤ ਗਊ) ਬੱਝ ਜਾਏਗੀ। ਧਰਮ ਦਾ ਵਪਾਰੀਕਰਨ ਵੀ ਪੂਰੇ ਜੋਬਨ 'ਤੇ ਹੈ। ਕਿਸੇ ਵੀ ਕਰਮਕਾਂਡ ਨੂੰ ਹਵਾ ਅਜੇ ਮਗਰੋਂ ਲਗਦੀ ਹੈ ਪਰ ਵਪਾਰ ਉਸ 'ਤੇ ਪਲੇਥਣ ਲਾ ਕੇ ਇਸ ਤਰ੍ਹਾਂ ਪੇਸ਼ ਕਰ ਦਿੰਦਾ ਹੈ ਕਿ ਬਹੁਤ ਸਾਰੇ ਸ਼ਰਧਾਲੂ ਬਗੈਰ ਸੋਚੇ-ਸਮਝੇ ਹੀ ਆਪਣੀ ਆਸਥਾ ਲੁਟਾਉਣ/ਕੈਸ਼ ਕਰਾਉਣ ਲਈ ਉਸ ਦੇ ਹਵਾਲੇ ਕਰਨ ਤੋਂ ਥੋੜ੍ਹਾ-ਬਹੁਤ ਵੀ ਨਹੀਂ ਝਿਜਕਦੇ।
ਗੁਰਬਾਣੀ ਦਾ ਸ਼ੁੱਧ ਉਚਾਰਨ ਜਿਥੇ ਗੁਰਬਾਣੀ ਦੇ ਅਸਲ ਭਾਵ/ਅਰਥ ਤੇ ਮਹਾਤਮ ਨੂੰ ਸਮਝਣ 'ਚ ਮਦਦ ਕਰਦਾ ਹੈ, ਉਥੇ ਗੁਰਮਤਿ ਜੀਵਨ ਦੀ ਅਮਲੀ ਜਾਚ ਵੀ ਸਿਖਾਉਂਦਾ ਹੈ। ਗੁਰਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਵੀ ਇਸ ਪੁਸਤਕ ਵਿਚ ਪੜ੍ਹਨ ਨੂੰ ਮਿਲਦਾ ਹੈ। ਗੁਰੂ ਦੀ ਗੋਲਕ ਨੂੰ ਧਰਤੀ ਦੇ ਬਸ਼ਿੰਦਿਆਂ ਦੀ ਭਲਾਈ ਤੇ ਕੁਦਰਤ ਦੇ ਉਜੜ ਰਹੇ ਖ਼ਜ਼ਾਨਿਆਂ ਦੀ ਸਹੀ ਸੰਭਾਲ ਲਈ ਵਰਤਣਾ ਚਾਹੀਦਾ, ਨਾ ਕਿ ਕਰਮਕਾਂਡੀ ਸ਼ੋਸ਼ੇ ਭਰੀਆਂ ਵਿਖਾਵੇਬਾਜ਼ੀਆਂ ਵਿਚ ਹੀ। ਅਜਿਹੇ ਹੋਰ ਬਹੁਤ ਸਾਰਥਿਕ ਸੰਦੇਸ਼ਾਂ ਨਾਲ ਓਤਪੋਤ ਇਸ ਪੁਸਤਕ 'ਕਹਾ ਗਾਫਲ ਸੋਇਆ।' ਉਸ ਹਰ ਗੁਰਸਿੱਖ ਨੂੰ ਇਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜੋ ਗੁਰਮਤਿ ਜੀਵਨ ਜਾਚ ਜਿਊਣਾ ਲੋਚਦਾ ਹੈ।


-ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾ: 98764-74858

ਗੁਰਬਾਣੀ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਪਾਠ ਬੋਧ ਸਮਾਗਮ

ਪਿਛਲੇ ਸਮੇਂ ਦੌਰਾਨ ਧਰਮ ਪ੍ਰਚਾਰ ਦੀ ਅਜੋਕੇ ਪ੍ਰਸੰਗ 'ਚ ਪਿੰਡਾਂ-ਸ਼ਹਿਰਾਂ ਵਿਚ ਸਹੀ ਪਹੁੰਚ ਨਾ ਹੋ ਸਕਣ ਕਾਰਨ ਜਿੱਥੇ ਜਾਤਾਂ-ਪਾਤਾਂ ਅਤੇ ਰਾਜਨੀਤਕ ਧੜਿਆਂ ਦੇ ਆਧਾਰ 'ਤੇ ਇਕ-ਇਕ ਪਿੰਡ 'ਚ ਕਈ-ਕਈ ਗੁਰਦੁਆਰਾ ਸਾਹਿਬ ਉਸਾਰੇ ਗਏ, ਉਥੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਅਸਿੱਖਿਅਤ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਬਾਣੀ ਦੇ ਚਾਨਣ ਨੂੰ ਸਹੀ ਰੂਪ ਵਿਚ ਮਨੁੱਖਤਾ ਵਿਚ ਵੰਡਣ ਦੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਅਨਜਾਣ ਦੇਖੇ ਜਾਂਦੇ ਰਹੇ ਹਨ। ਹਾਲਾਂਕਿ ਰਵਾਇਤੀ ਤੌਰ 'ਤੇ ਟਕਸਾਲਾਂ, ਨਿਰਮਲੇ ਅਤੇ ਉਦਾਸੀ ਸਿੱਖ ਸੰਪਰਦਾਵਾਂ ਦੀ ਸਿੱਖਿਅਤ ਅਤੇ ਨਿਪੁੰਨ ਗ੍ਰੰਥੀ-ਭਾਈ ਤਿਆਰ ਕਰਨ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਵਿਚ ਵੱਡੀ ਦੇਣ ਰਹੀ ਹੈ। ਕੁਝ ਅਰਸੇ ਤੋਂ ਬੇਰੁਜ਼ਗਾਰੀ ਦੇ ਪ੍ਰਭਾਵ ਕਾਰਨ ਸਭ ਤੋਂ ਸੌਖਾ ਕੰਮ ਗ੍ਰੰਥੀ ਸਿੰਘ ਬਣਨਾ ਸਮਝ ਲਿਆ ਗਿਆ ਅਤੇ ਪੰਜਾਬੀ ਲਿਖਣ-ਪੜ੍ਹਨ ਦੀ ਥੋੜ੍ਹੀ ਜਿਹੀ ਸੋਝੀ ਨੂੰ ਹੀ ਗ੍ਰੰਥੀ ਸਿੰਘ ਬਣਨ ਦੀ ਯੋਗਤਾ ਸਮਝ ਲਿਆ ਜਾਂਦਾ ਰਿਹਾ, ਜਦੋਂਕਿ ਗੁਰਬਾਣੀ ਦੀ ਇਕ ਆਪਣੀ ਸ਼ੈਲੀ ਅਤੇ ਵਿਆਕਰਨ ਹੈ। ਗੁਰਬਾਣੀ ਪਾਠ ਬੋਧ ਤੇ ਵਿਆਕਰਨ ਦੇ ਗਿਆਨ ਤੋਂ ਬਗ਼ੈਰ ਸ਼ੁੱਧ ਗੁਰਬਾਣੀ ਉਚਾਰਨ ਅਤੇ ਇਸ ਦੇ ਅਰਥ ਹਾਸਲ ਨਹੀਂ ਕੀਤੇ ਜਾ ਸਕਦੇ। ਪਿੰਡਾਂ, ਕਸਬਿਆਂ ਦੇ ਬਹੁਤੇ ਗ੍ਰੰਥੀ ਸਿੰਘ ਸ਼ੁੱਧ ਗੁਰਬਾਣੀ ਉਚਾਰਨ ਨਾ ਕਰ ਸਕਣ ਕਾਰਨ ਖ਼ੁਦ ਹੀ ਗੁਰਬਾਣੀ ਦੇ ਸ਼ਾਬਦਿਕ ਅਰਥਾਂ ਦੀ ਸਹੀ ਸਮਝ ਨਹੀਂ ਰੱਖਦੇ। ਇਸ ਤਰ੍ਹਾਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ ਦੇ ਗੁਰਬਾਣੀ ਉਚਾਰਨ, ਲਗਾਂ ਮਾਤਰਾਂ, ਵਿਸ਼ਰਾਮ ਅਤੇ ਗੁਰਬਾਣੀ ਵਿਆਕਰਨ ਵਿਚ ਵੀ ਬਹੁਤ ਸਾਰੇ ਭਿੰਨ-ਭੇਦ ਪੈਦਾ ਹੋ ਗਏ ਹਨ, ਜੋ ਕਿ ਗੁਰਬਾਣੀ ਦੇ ਜਗਿਆਸੂਆਂ ਅਤੇ ਅਭਿਆਸੀਆਂ ਲਈ ਦੁਬਿਧਾ ਪੈਦਾ ਕਰਦੇ ਹਨ।
ਇਤਿਹਾਸਕ ਮਹਾਤਮ
ਸਿੱਖ ਧਰਮ ਨੂੰ ਇਹ ਸੁਭਾਗ ਹਾਸਲ ਹੈ ਕਿ ਸਾਡੇ ਗੁਰੂ ਸਾਹਿਬਾਨ ਵਲੋਂ ਉਚਾਰੀ ਹੋਈ ਇਲਾਹੀ ਬਾਣੀ ਜਿਉਂ ਦੀ ਤਿਉਂ ਸਾਡੇ ਕੋਲ ਮੌਜੂਦ ਹੈ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਨਾ ਸਿਰਫ਼ ਆਪਣੀ ਹਜ਼ੂਰੀ ਵਿਚ 'ਧੁਰ ਕੀ ਬਾਣੀ' ਨੂੰ ਕਲਮਬੰਦ ਕਰਵਾਇਆ, ਸਗੋਂ ਨਾਲ-ਨਾਲ ਵਾਚਦੇ ਅਤੇ ਸੁਧਾਈ ਵੀ ਕਰਦੇ ਰਹੇ। ਗੁਰਬਾਣੀ ਵਿਚ ਕਈ ਵਾਰ 'ਸੁਧ' ਅਤੇ 'ਸੁਧ ਕੀਚੇ' ਸ਼ਬਦ ਦਾ ਆਉਣਾ ਇਸ ਦਾ ਪ੍ਰਮਾਣ ਹੈ ਕਿ ਗੁਰਬਾਣੀ ਦੀ ਮੁੱਢਲੀ ਸੰਪਾਦਨਾ ਵੇਲੇ ਇਸ ਨੂੰ ਬਿਲਕੁਲ ਸ਼ੁੱਧ ਕਰਕੇ ਲਿਖਿਆ ਗਿਆ ਹੈ। ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਹੀ ਆਦੇਸ਼ ਕਰ ਗਏ ਸਨ ਕਿ ਅਕਾਲ ਪੁਰਖ ਦੀ ਬਾਣੀ ਵਿਚ ਕਿਸੇ ਪ੍ਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਕਰਨੀ ਅਤੇ ਇਹ ਜਿਸ ਤਰ੍ਹਾਂ ਲਿਖੀ ਗਈ ਹੈ, ਉਸ ਤਰ੍ਹਾਂ ਹੀ ਸ਼ੁੱਧ ਰੂਪ ਵਿਚ ਉਚਾਰਨ ਕਰਨੀ ਹੈ।
ਗੁਰਬਾਣੀ ਅਗਾਧ ਬੋਧ ਅਤੇ ਕਾਮਧੇਨ ਹੈ। ਰੱਬੀ ਕੀਰਤੀ ਦੇ ਇਸ ਸਾਗਰ ਵਿਚ ਜਿੰਨੀ-ਜਿੰਨੀ ਕੋਈ ਅਭਿਆਸ ਕਰਕੇ ਚੁੱਭੀ ਮਾਰੇਗਾ, ਓਨਾ-ਓਨਾ ਹੀ ਉਸ ਨੂੰ ਆਤਮਿਕ ਗਿਆਨ ਤੇ ਅਨੰਦ ਹਾਸਲ ਹੋਵੇਗਾ, ਪਰ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਉਸ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ। ਇਸੇ ਕਾਰਨ ਦਸ ਗੁਰੂ ਸਾਹਿਬਾਨ ਸਿੱਖਾਂ ਨੂੰ ਪ੍ਰੇਮ ਅਤੇ ਸਾਵਧਾਨੀ ਨਾਲ ਲਗਾਂ ਮਾਤਰਾਂ ਸੋਧ ਕੇ ਗੁਰਬਾਣੀ ਦਾ ਸ਼ੁੱਧ ਪਾਠ ਮਨ ਲਾ ਕੇ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਸ੍ਰੀ ਹਰਿਗੋਬਿੰਦਪੁਰ ਵਿਚ ਯੁੱਧ ਤੋਂ ਬਾਅਦ ਸਿੱਖ ਯੋਧਿਆਂ ਅਤੇ ਸੰਗਤਾਂ ਦੇ ਇਕ ਬੜੇ ਭਾਰੀ ਸਜੇ ਦੀਵਾਨ ਅੰਦਰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਹੜਾ ਸਿੱਖ ਸ਼ੁੱਧ ਜਪੁਜੀ ਸਾਹਿਬ ਦਾ ਪਾਠ ਸੁਣਾਵੇਗਾ, ਉਸ ਨੂੰ ਮੂੰਹੋਂ ਮੰਗਿਆ ਫਲ਼ ਮਿਲੇਗਾ।
ਕਰਹੁ ਸੁਨਾਵਨ ਸੁਧ ਜਪੁ ਮੋਹੀ॥
ਜਾਚਹਿ ਕਹੈਂ ਸੁ ਦੇਵੋਂ ਤੋਹੀ॥
(ਗੁਰਪ੍ਰਤਾਪ ਸੂਰਜ, ਰਾਸ ੬, ਅੰਸੂ ੪੬)
ਸੰਗਤਾਂ ਵਿਚੋਂ ਭਾਈ ਗੋਪਾਲਾ ਨਾਂਅ ਦੇ ਸਿੱਖ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹਜ਼ੂਰੀ ਵਿਚ ਬੈਠ ਕੇ ਅਜਿਹੀ ਇਕਾਗਰਤਾ ਅਤੇ ਲਿਵਲੀਨਤਾ ਨਾਲ ਅੱਖਰ ਤੇ ਲਗ ਮਾਤਰ ਸੋਧ ਕੇ ਸ੍ਰੀ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਕਿ ਸਤਿਗੁਰੂ ਜੀ ਪਾਠ ਦੇ ਭੋਗ ਤੋਂ ਬਾਅਦ ਪ੍ਰਸੰਨ ਹੋ ਕੇ ਭਾਈ ਗੋਪਾਲਾ ਜੀ ਨੂੰ ਸਰਬਸ੍ਰੇਸ਼ਟ ਗੁਰਤਾਗੱਦੀ ਤੱਕ ਦੇਣ ਲਈ ਤਿਆਰ ਹੋ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਕ ਵਾਰ ਇਕ ਗੁਰਸਿੱਖ ਵਲੋਂ ਗੁਰਬਾਣੀ ਦੀ ਲਗਾਂ ਮਾਤਰਾਂ ਦਾ ਗ਼ਲਤ ਉਚਾਰਨ ਕਰਨ 'ਤੇ ਦਸਮ ਪਾਤਿਸ਼ਾਹ ਨੇ ਬਹੁਤ ਦੁੱਖ ਮਨਾਇਆ ਅਤੇ ਸਿੰਘ ਨੂੰ ਤਾੜਨਾ ਕਰਦਿਆਂ ਫ਼ੁਰਮਾਨ ਕੀਤਾ, 'ਸਿੰਘਾ! ਤੂੰ ਸਾਡੇ ਅੰਗ ਤੋੜ ਰਿਹਾ ਹੈਂ।'
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਜੰਗ-ਯੁੱਧਾਂ ਤੋਂ ਬਾਅਦ ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਮਾਲਵੇ ਦੀ ਧਰਤੀ 'ਤੇ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਦੇ ਅਸਥਾਨ 'ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਕੰਠੋਂ ਉਚਾਰ ਕੇ ਲਿਖਵਾਇਆ ਅਤੇ ਉਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸਮੁੱਚਾ ਅਰਥ ਬੋਧ ਵੀ ਕਰਵਾਇਆ। ਇਨ੍ਹਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਦੀ ਟਕਸਾਲ ਚਲਾਈ।
ਸ਼੍ਰੋਮਣੀ ਕਮੇਟੀ ਦਾ ਉਪਰਾਲਾ
ਪਿਛਲੇ ਸਮੇਂ ਤੋਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ 'ਚ ਗੁਰਬਾਣੀ ਸ਼ੁੱਧ ਉਚਾਰਨ ਅਤੇ ਸਹੀ ਬੋਧ ਦੀ ਘਾਟ ਕਾਰਨ ਇਨ੍ਹਾਂ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਸਿੱਖਿਅਤ ਕਰਨ, ਉਨ੍ਹਾਂ ਦੀ ਯੋਗਤਾ ਅਤੇ ਕਾਬਲੀਅਤ ਨੂੰ ਤਰਾਸ਼ਣ ਲਈ ਸ਼੍ਰੋਮਣੀ ਕਮੇਟੀ ਤੋਂ ਮਾਰਗ-ਦਰਸ਼ਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ। ਭਾਵੇਂ ਕਿ ਦੇਰ ਨਾਲ ਹੀ ਸਹੀ, ਪਿਛਲੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਪਾਠ ਬੋਧ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੁਆਰਾ ਪੰਜਾਬ ਭਰ 'ਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਤਿੰਨ ਤਖ਼ਤਾਂ; ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਈ ਇਸ ਪਾਠ ਬੋਧ ਸਮਾਗਮਾਂ ਦੀ ਲੜੀ ਤੋਂ ਚੰਗੇ ਨਤੀਜਿਆਂ ਦੀ ਆਸ ਬੱਝਣ ਲੱਗੀ ਹੈ। ਇਹ ਪਾਠ ਬੋਧ ਸਮਾਗਮ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਅਤੇ ਅਖੰਡ ਪਾਠੀਆਂ ਨੂੰ ਸ਼ੁੱਧ ਗੁਰਬਾਣੀ ਉਚਾਰਨ ਦੀ ਮੁਹਾਰਤ ਦੇ ਨਾਲ-ਨਾਲ ਧਰਮ ਪ੍ਰਚਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਪੰਜਾਬੀ ਮਾਂ-ਬੋਲੀ ਦੀ ਮੁੱਢਲੀ ਸਿੱਖਿਆ ਦੇਣ ਲਈ ਸਮਰੱਥ ਬਣਾਉਣ ਵਿਚ ਸਹਾਈ ਹੋ ਸਕਦੇ ਹਨ।
ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਇਨ੍ਹਾਂ ਪਾਠ ਬੋਧ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਇਕ ਮਹੀਨੇ ਤੱਕ ਚੱਲਣ ਵਾਲੇ ਇਨ੍ਹਾਂ ਪਾਠ ਬੋਧ ਸਮਾਗਮਾਂ ਵਿਚ ਸ਼ਾਮਿਲ ਹੋਣ 'ਤੇ 5100-5100 ਰੁਪਏ, ਸਰਟੀਫ਼ਿਕੇਟ ਅਤੇ ਸਿਰੋਪਾਓ ਦਿੱਤੇ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ 'ਤੇ ਲਗਪਗ 700 ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਠ ਬੋਧ ਸਮਾਗਮਾਂ ਵਿਚ ਸ਼ਾਮਿਲ ਹੋ ਕੇ 300 ਤੋਂ ਵੱਧ ਗ੍ਰੰਥੀ, ਅਖੰਡ ਪਾਠੀ ਸਿੰਘ ਗੁਰਬਾਣੀ ਲਗਾਂ ਮਾਤਰਾਂ ਦੇ ਸਹੀ ਉਚਾਰਨ ਅਤੇ ਔਖੇ ਸ਼ਬਦਾਂ ਦੇ ਅਰਥਾਂ ਦਾ ਗਿਆਨ ਲੈ ਚੁੱਕੇ ਹਨ। ਇਹ ਪਾਠ ਬੋਧ ਸਮਾਗਮ ਇਕ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਤੋਂ ਬਾਹਰਲੇ ਪ੍ਰਬੰਧਾਂ ਵਾਲੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਵੀ ਸ਼੍ਰੋਮਣੀ ਕਮੇਟੀ ਨਾਲ ਜੋੜ ਕੇ ਗੁਰਮਤਿ ਰਹਿਣੀ-ਬਹਿਣੀ 'ਚ ਪ੍ਰਪੱਕ ਕਰਨ ਦੇ ਨਾਲ-ਨਾਲ ਪੰਥ ਦੀ ਪ੍ਰਵਾਨਤ ਰਹਿਤ ਮਰਯਾਦਾ ਦੇ ਧਾਰਨੀ ਬਣਾਉਣ ਲਈ ਸਿਖਲਾਈ ਕੈਂਪਾਂ ਵਰਗੇ ਸਾਬਤ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਪੰਥ ਦੇ ਪ੍ਰਸਿੱਧ ਤੇ ਮਾਹਰ ਗੁਰਬਾਣੀ ਵਿਆਖਿਆਕਾਰ, ਵਿਦਵਾਨ ਅਤੇ ਗ੍ਰੰਥੀ ਸਾਹਿਬਾਨ ਗੁਰਬਾਣੀ ਸੰਥਿਆ ਦੇਣ ਦੇ ਨਾਲ-ਨਾਲ ਗੁਰਬਾਣੀ ਵਿਆਕਰਨ, ਸ਼ੁੱਧ ਉਚਾਰਨ, ਵਿਆਖਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਵੀ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਵਿਚ ਦ੍ਰਿੜ੍ਹ ਕਰਵਾ ਰਹੇ ਹਨ, ਤਾਂ ਜੋ ਪੰਥ ਨੂੰ ਅਨੁਸ਼ਾਸਨ ਅਤੇ ਏਕਤਾ ਦੇ ਸੂਤਰ ਵਿਚ ਬੰਨ੍ਹਣ ਲਈ ਘੱਟੋ-ਘੱਟ ਸਾਂਝੀ ਰਹਿਤ ਮਰਿਆਦਾ ਨਾਲ ਜੋੜਿਆ ਜਾ ਸਕੇ।
ਤਿੰਨਾਂ ਤਖ਼ਤਾਂ 'ਤੇ ਪਾਠ ਬੋਧ ਸਮਾਗਮਾਂ ਦੀ ਇਕ ਲੜੀ ਸੰਪੂਰਨ ਹੋ ਚੁੱਕੀ ਹੈ, ਜਿਨ੍ਹਾਂ ਤੋਂ ਬਾਅਦ ਹੋਰ ਵੱਡੇ ਇਤਿਹਾਸਕ ਅਸਥਾਨਾਂ 'ਤੇ ਲਗਾਤਾਰ ਇਹ ਪਾਠ ਬੋਧ ਸਮਾਗਮ ਰੱਖੇ ਜਾ ਰਹੇ ਹਨ। ਨਿਰਸੰਦੇਹ ਇਹ ਪਾਠ ਬੋਧ ਸਮਾਗਮ ਜਿੱਥੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੇ ਇਕਸਾਰ ਸ਼ੁੱਧ ਉਚਾਰਨ ਅਤੇ ਸਹੀ ਵਿਆਕਰਨ ਦੀ ਸਮਝ ਵਿਚ ਨਿਪੁੰਨ ਬਣਾਉਣਗੇ, ਉਥੇ ਧਰਮ ਪ੍ਰਚਾਰ ਵਿਚ ਪਿੰਡਾਂ, ਕਸਬਿਆਂ ਦੇ ਛੋਟੇ-ਵੱਡੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਵਧਾਉਣ ਵਾਲੇ ਵੀ ਸਾਬਤ ਹੋ ਸਕਦੇ ਹਨ। ਇਸ ਦੇ ਨਾਲ ਗੁਰਦੁਆਰਾ ਸੰਸਥਾ ਨੂੰ ਸਿੱਖੀ ਦੇ ਪ੍ਰਚਾਰ ਅਤੇ ਗੁਰਬਾਣੀ ਗਿਆਨ ਦੇ ਚਾਨਣ ਨੂੰ ਵੰਡਣ 'ਚ ਵਧੇਰੇ ਪ੍ਰਭਾਵਸ਼ਾਲੀ ਅਤੇ ਸਾਰਥਿਕ ਬਣਾਉਣ ਦੀ ਦਿਸ਼ਾ 'ਚ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਇਕ ਸ਼ੁੱਧ ਗੁਰਬਾਣੀ ਉਚਾਰਨ ਦਾ ਟੈਸਟ ਦੇਣ ਲਈ ਵੀ ਸੱਦਾ ਦਿੱਤਾ ਗਿਆ ਹੈ। ਜਿਹੜੇ ਗ੍ਰੰਥੀ ਸਿੰਘ ਇਹ ਟੈੱਸਟ ਪਾਸ ਕਰਨਗੇ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ 1000 ਰੁਪਏ ਪ੍ਰਤੀ ਮਹੀਨਾ ਪੱਕੇ ਤੌਰ 'ਤੇ ਵਜ਼ੀਫ਼ਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਇਕ ਵਾਰ ਸ਼੍ਰੋਮਣੀ ਕਮੇਟੀ ਕੋਲ ਪੰਜਾਬ ਵਿਚਲੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦੀ ਰਜਿਸਟ੍ਰੇਸ਼ਨ ਹੋ ਜਾਵੇਗੀ, ਜੋ ਕਿ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵਧੇਰੇ ਉੱਤਰਦਾਈ ਬਣਾਉਣ, ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਵਿਚ ਪ੍ਰਪੱਕਤਾ ਅਤੇ ਵਿਧੀਬੱਧ ਤਰੀਕੇ ਨਾਲ ਪਿੰਡਾਂ, ਸ਼ਹਿਰਾਂ ਵਿਚ ਗੁਰਮਤਿ ਦੇ ਪ੍ਰਚਾਰ ਅਤੇ ਗੁਰਬਾਣੀ ਦੇ ਗਿਆਨ ਨੂੰ ਸਹੀ ਰੂਪ ਵਿਚ ਲੋਕਾਈ ਤੱਕ ਪਹੁੰਚਾਉਣ ਦੀ ਇਕ ਨਵੀਂ ਮੁਹਿੰਮ ਵਿੱਢਣ ਦਾ ਪਿੜ ਬੰਨ੍ਹਣ ਲਈ ਸਹਾਈ ਹੋ ਸਕਦੀ ਹੈ। ਜਦੋਂ ਪਿੰਡਾਂ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਵਧੇਰੇ ਸਿੱਖਿਅਤ, ਕਾਬਲ ਅਤੇ ਗੁਰਬਾਣੀ ਪਾਠ ਬੋਧ ਦੇ ਗਿਆਤਾ ਹੋਣਗੇ ਤਾਂ ਇਸ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵਿਚ ਪਿੰਡਾਂ ਦੇ ਗੁਰਦੁਆਰਿਆਂ, ਸਭਾ-ਸੁਸਾਇਟੀਆਂ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਹਰਲੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਦਾ ਸਹਿਯੋਗ ਵਧੇਗਾ। ਉਹ ਆਮ ਲੋਕਾਂ ਨੂੰ ਗੁਰਬਾਣੀ ਦੇ ਫ਼ਲਸਫ਼ੇ, ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ, ਕੁਦਰਤ ਪ੍ਰਤੀ ਪ੍ਰੇਮ-ਭਾਵਨਾ, ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਸੁਧਾਰਾਂ ਵਿਚ ਵੀ ਆਪਣੀ ਜ਼ਿਕਰਯੋਗ ਭੂਮਿਕਾ ਨਿਭਾ ਸਕਣਗੇ, ਕਿਉਂਕਿ ਪਿੰਡਾਂ ਦੇ ਆਮ ਲੋਕਾਂ ਵਿਚ ਵਿਚਰਨ ਵਾਲੇ ਇਹ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਹੀ ਆਮ ਲੋਕਾਂ ਨਾਲ ਧਰਮ ਦੇ ਪ੍ਰਚਾਰ ਲਈ 'ਸੰਵਾਦ' ਦਾ ਸਭ ਤੋਂ ਨੇੜਲਾ ਜ਼ਰੀਆ ਬਣ ਸਕਦੇ ਹਨ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਫ਼ੋਨ : 98780-70008
ts1984buttar@yahoo.com

ਆਧੁਨਿਕ ਸ਼ਿਲਪ ਕਲਾ ਦਾ ਸ਼ਾਹਕਾਰ-ਸ਼ੇਖ ਜ਼ਾਇਦ ਗਰੈਂਡ ਮਸਜਿਦ

ਅਬੂਧਾਬੀ ਦੀ ਸ਼ੇਖ ਜ਼ਾਇਦ ਗਰੈਂਡ ਮਸਜਿਦ ਪਰੰਪਰਾ, ਆਧੁਨਿਕ ਇਸਲਾਮਿਕ ਕਲਾ ਅਤੇ ਸ਼ਿਲਪਕਾਰੀ ਦਾ ਸ਼ਾਹਕਾਰ ਹੈ। ਇਹ ਇਸ ਮੁਲਕ ਦੀ ਸਭ ਤੋਂ ਵੱਡੀ ਮਸਜਿਦ ਹੈ। ਜਿਵੇਂ ਦੁਬਈ ਵਿਚ ਬੁਰਜ ਖਲੀਫ਼ਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਇਵੇਂ ਹੀ ਅਬੂਧਾਬੀ ਵਿਚ ਸ਼ੇਖ ਜ਼ਾਇਦ ਮਸਜਿਦ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ। ਸ਼ਰਾ-ਯੁਕਤ ਇਸਲਾਮਿਕ ਮੁਲਕਾਂ, ਸਮੇਤ ਸੰਯੁਕਤ ਅਰਬ ਅਮੀਰਾਤ, ਦੀਆਂ ਬਹੁਤ ਘੱਟ ਵੱਡੀਆਂ ਮਸਜਿਦਾਂ ਵਿਚੋਂ ਇਹ ਮਸਜਿਦ ਅਜਿਹੀ ਇਕ ਹੈ, ਜਿਸ ਵਿਚ ਗ਼ੈਰ-ਮੁਸਲਮਾਨਾਂ ਨੂੰ ਵੀ ਜਾਣ ਦੀ ਆਗਿਆ ਹੈ ਅਤੇ ਉਹ ਵੀ ਬਿਨਾਂ ਕਿਸੇ ਟਿਕਟ ਦੇ।
ਇਸ ਨੂੰ ਡਿਜ਼ਾਈਨ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਇਸਲਾਮਿਕ ਵਿਰਾਸਤ ਅਤੇ ਸੱਭਿਆਚਾਰ ਨੂੰ ਕਾਇਮ ਰੱਖਿਆ ਜਾਵੇ। ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਿਨ (1918-2004), ਜੋ ਮੁਲਕ ਦੇ ਬਾਨੀ ਸਨ ਅਤੇ ਜਿਨ੍ਹਾਂ ਨੂੰ ਯੂ.ਏ.ਈ. ਦੇ ਪਿਤਾਮਾ ਕਿਹਾ ਜਾਂਦੈ, ਦੇ ਨਾਂਅ ਉਪਰ ਇਹ ਮਸਜਿਦ ਹੈ। ਉਨ੍ਹਾਂ ਨੇ ਆਪ ਇਸ ਦੇ ਡਿਜ਼ਾਈਨ ਦੇ ਵੱਖਰੇ-ਵੱਖਰੇ ਪਹਿਲੂਆਂ ਦੀ ਨਿਗਰਾਨੀ ਕੀਤੀ ਸੀ। ਸ਼ੇਖ ਜ਼ਾਇਦ ਦਾ ਮਕਬਰਾ ਵੀ ਇਸੇ ਪਰਿਸਰ ਵਿਚ ਹੈ।
ਇਸ ਦਾ ਕੰਮ 1996 ਵਿਚ ਆਰੰਭ ਹੋਇਆ ਸੀ ਅਤੇ 2007 ਵਿਚ ਸੰਪੂਰਨ ਹੋਇਆ ਸੀ। ਇਸ ਦਾ ਸ਼ਿਲਪਕਾਰ ਸੀਰੀਆ ਦਾ ਯੋਸਫ ਅਬਡੇਲਕੀ ਸੀ। ਇਸ ਦਾ ਕੰਪਲੈਕਸ 30 ਏਕੜ ਦੇ ਵਿਸ਼ਾਲ ਰਕਬੇ ਵਿਚ ਫੈਲਿਆ ਹੈ। ਲਗਪਗ ਏਨਾ ਰਕਬਾ ਹੀ ਪਾਰਕਿੰਗ ਅਤੇ ਬਾਗ-ਬਗੀਚਿਆਂ ਲਈ ਹੈ। ਇਹ 115 ਮੀਟਰ (377.2 ਫੁੱਟ) ਉੱਚੀ ਹੈ। ਇਸ ਦੀ ਇਮਾਰਤ ਦੀ ਪੈਮਾਇਸ਼ 290 ਮੀਟਰ (960 ਫੁੱਟ)×420 ਮੀਟਰ (1,377.6 ਫੁੱਟ) ਹੈ। ਹਰ ਮੀਨਾਰ ਦੀ ਉਚਾਈ 107 ਮੀਟਰ (351 ਫੁੱਟ) ਹੈ। ਇਕ ਅੰਦਾਜ਼ੇ ਅਨੁਸਾਰ ਇਸ ਵਿਚ 1,00,000 ਟਨ ਸ਼ੁੱਧ ਯੂਨਾਨੀ ਅਤੇ ਮੈਸੇਡੋਨੀਅਨ ਚਿੱਟਾ ਸੰਗਮਰਮਰ ਲੱਗੈ। 3000 ਤੋਂ ਵੱਧ ਕਰਮੀਆਂ, 38 ਉਪ-ਠੇਕੇਦਾਰਾਂ ਨੇ ਇਟਲੀ ਦੇ ਮੁੱਖ ਠੇਕੇਦਾਰ ਇੰਪਰੈਗਿਲੋ ਨਾਲ ਇਸ ਨੂੰ ਉਸਾਰਿਆ।
ਸ਼ੇਖ ਜ਼ਾਇਦ ਗਰੈਂਡ ਮੌਸਕ ਸੈਂਟਰ, ਜੋ ਇਸ ਮਸਜਿਦ ਦੇ ਰੋਜ਼ਮਰਾ ਪ੍ਰਬੰਧ ਦੀ ਦੇਖ-ਰੇਖ ਕਰਦਾ ਹੈ, ਵਲੋਂ ਪ੍ਰਦਾਨ ਕੀਤੇ ਅੰਗਰੇਜ਼ੀ ਅਤੇ ਅਰਬੀ ਵਿਚ ਛਪੇ ਇਕ ਖੂਬਸੂਰਤ ਸਚਿੱਤਰ ਕਿਤਾਬਚੇ ਵਿਚ ਇਸ ਮਸਜਿਦ ਨੂੰ ਬਣਾਉਣ ਦੇ ਮਕਸਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਨੁਸਾਰ ਸ਼ੇਖ ਸਾਹਿਬ ਦਾ ਇਹ ਸੁਪਨਾ ਸੀ ਕਿ ਇਹ ਮਸਜਿਦ ਇਸਲਾਮ ਦੀ ਲਾਮਿਸਾਲ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀ ਦੇ ਸੰਕਲਪ ਦੀ ਬੇਮਿਸਾਲ ਸੂਚਕ ਹੋਵੇਗੀ। ਇਹ ਵਿਸ਼ਵ ਦੇ ਲੋਕਾਂ ਨੂੰ, ਬਿਨਾਂ ਮਜ਼ਹਬੋ-ਮਿੱਲਤ ਦੇ ਭੇਦ-ਭਾਵ ਦੇ, ਅਮਨ-ਸ਼ਾਂਤੀ ਦਾ ਸੁਨੇਹਾ ਦੇਵੇਗੀ। ਇਸ ਕਿਤਾਬਚੇ ਅਨੁਸਾਰ ਸ਼ੇਖ ਜ਼ਾਇਦ ਦਾ ਇਹ ਸੁਪਨਾ ਸਾਖਸ਼ਾਤ ਪੂਰਾ ਹੋਇਐ, ਕਿਉਂਕਿ ਮਸਜਿਦ ਨੇ ਦਰਸਾ ਦਿੱਤੈ ਕਿ ਯੂ.ਏ.ਈ. ਅਮਨ ਅਤੇ ਮੁਹੱਬਤ ਦਾ ਗਹਿਵਾਰਾ ਹੈ।
ਸ਼ੇਖ ਜ਼ਾਇਦ ਦੀ ਦੂਰਦ੍ਰਿਸ਼ਟੀ ਮਸਜਿਦ ਦੀ ਹਰਮਨ-ਪਿਆਰਤਾ ਤੋਂ ਪ੍ਰਗਟ ਹੁੰਦੀ ਹੈ। ਸੈਰ-ਸਪਾਟਾ ਪਲੈਨ ਕਰਨ ਅਤੇ ਬੁਕਿੰਗ ਕਰਨ ਵਾਲੀ ਸੰਸਥਾ 'ਟਰਿੱਪ-ਐਡਵਾਈਜ਼ਰ' ਨੇ ਇਸ ਮਸਜਿਦ ਨੂੰ ਲਗਾਤਾਰ ਦੋ ਸਾਲ ਸੈਲਾਨੀਆਂ ਦਾ ਵਿਸ਼ਵ ਦਾ ਦੂਸਰਾ ਸਭ ਤੋਂ ਮਨਪਸੰਦ ਲੈਂਡਮਾਰਕ ਐਲਾਨਿਆ (ਪਹਿਲਾ ਕੰਬੋਡੀਆ ਦਾ ਅੰਗਕੋਰ ਵਾਟ ਹੈ)। ਪਿਛਲੇ ਸਾਲ ਦੇ ਇਕ ਸਰਵੇਖਣ ਵਿਚ ਇਸ ਸੰਸਥਾ ਅਨੁਸਾਰ ਇਸ ਮਸਜਿਦ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ 52,09,801 ਇਕ ਸੀ। ਸੈਲਾਨੀਆਂ ਨੇ ਇਸ ਨੂੰ ਹੋਸ਼-ਗੁਆਊ ਹੱਦ ਤੱਕ ਮਨਮੋਹਕ, ਸੁੰਦਰ, ਸ਼ਾਂਤ ਅਤੇ ਮਾਡਰਨ ਅਜੂਬਾ ਅੰਕਿਐ।
ਮਸਜਿਦ ਵਿਚ ਇਕੋ ਸਮੇਂ 41,000 ਸ਼ਰਧਾਲੂ ਸਮਾ ਜਾਂਦੇ ਹਨ। ਮੁੱਖ ਪ੍ਰਾਰਥਨਾ ਹਾਲ ਵਿਚ 7,000 ਤੋਂ ਵੱਧ, ਦੋ ਛੋਟੇ ਹਾਲਾਂ ਵਿਚ 1500-1500, ਜਿਨ੍ਹਾਂ ਵਿਚੋਂ ਇਕ ਸਿਰਫ ਔਰਤਾਂ ਵਾਸਤੇ ਹੈ, ਸ਼ਰਧਾਲੂ ਨਮਾਜ਼ ਅਦਾ ਕਰ ਸਕਦੇ ਹਨ। ਚਾਰ ਖੁੱਲ੍ਹੇ ਵਿਹੜਿਆਂ ਦੇ ਕੋਨਿਆਂ 'ਤੇ ਚਾਰ ਮੀਨਾਰ ਹਨ, ਜਿਨ੍ਹਾਂ 'ਚੋਂ ਹਰੇਕ ਦੀ ਉਚਾਈ 107 ਮੀਟਰ (351 ਫੁੱਟ) ਹੈ। ਫੁੱਲਾਂ ਦੇ ਨਮੂਨੇ ਵਾਲੇ ਸੰਗਮਰਮਰ ਨਾਲ ਬਣੇ ਕੇਂਦਰੀ ਕੋਰਟਯਾਰਡ (ਖੁੱਲ੍ਹਾ ਵਿਹੜਾ), ਜਿਸ ਨੂੰ 'ਸੇਹਨ' ਕਹਿੰਦੇ ਹਨ, ਦਾ ਏਰੀਆ 17,400 ਵਰਗ ਮੀਟਰ (1,87,224 ਵਰਗ ਫੁੱਟ) ਹੈ ਅਤੇ ਇਹ ਵਿਸ਼ਵ ਦਾ ਸਭ ਤੋਂ ਵੱਡਾ ਸੰਗਮਰਮਰੀ ਚੌਰੰਗੀ/ਪੱਚੀਕਾਰੀ (ਮਾਰਬਲ ਮੋਜ਼ੇਕ) ਕਿਹਾ ਜਾਂਦੈ। ਇਸ ਦਾ ਡਿਜ਼ਾਈਨ ਬਰਤਾਨਵੀ ਕਲਾਕਾਰ ਕੇਵਿਨ ਡੀਨ ਨੇ ਤਿਆਰ ਕੀਤਾ ਸੀ। ਫੁੱਲਾਂ ਦੇ ਡਿਜ਼ਾਈਨ ਉੱਤਰੀ ਤੇ ਦੱਖਣੀ ਧਰੁਵੀ ਗੋਲਾਰਧ ਅਤੇ ਅਰੇਬੀਅਨ ਗਲਫ ਵਿਚੋਂ ਚੁਣੇ ਫੁੱਲਾਂ ਦੇ ਨਮੂਨਿਆਂ ਉਪਰ ਢਾਲੇ ਗਏ ਹਨ। ਇਸ 'ਸੇਹਨ' ਵਿਚ 1000 ਤੋਂ ਵੱਧ ਕੌਲਿਆਂ/ਥੰਮ੍ਹਾਂ ਵਾਲੇ ਮਹਿਰਾਬਦਾਰ ਲਾਂਘੇੇ ਹਨ। ਥਾਂ-ਥਾਂ ਉੱਪਰ 24 ਕੈਰੇਟ ਸੋਨੇ ਦੀ ਵਰਤੋਂ ਕੀਤੀ ਗਈ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਫਗਵਾੜਾ।

ਬਰਸੀ 'ਤੇ ਵਿਸ਼ੇਸ਼

ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ

ਬਾਬਾ ਬਕਾਲਾ ਸਾਹਿਬ-ਤਰਨਾ ਦਲ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਤਰਨਾ ਦਲ ਦੀ ਚੜ੍ਹਦੀ ਕਲਾ ਲਈ ਅਤੇ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ ਵਿਚ ਗੁਜ਼ਾਰ ਦਿੱਤੀ, ਦਾ ਜਨਮ ਸੰਨ 1892 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖੋਂ, ਪਿਤਾ ਸ: ਉਜਾਗਰ ਸਿੰਘ ਦੇ ਗ੍ਰਹਿ, ਪਿੰਡ ਵਡਾਲਾ ਕਲਾਂ (ਤਹਿਸੀਲ ਬਾਬਾ ਬਕਾਲਾ) ਵਿਖੇ ਹੋਇਆ। ਜਦੋਂ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਸ੍ਰੀ ਭੋਰਾ ਸਾਹਿਬ (ਪਾਤਸ਼ਾਹੀ ਨੌਵੀਂ) ਬਾਬਾ ਬਕਾਲਾ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਬਾਬਾ ਬਿਸ਼ਨ ਸਿੰਘ, ਸ੍ਰੀ ਭੋਰਾ ਸਹਿਬ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ ਹੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਉਸ ਵੇਲੇ ਦੇ ਮੁਖੀ ਬਾਬਾ ਗੁਰਮੁੱਖ ਸਿੰਘ ਦੀ ਸੇਵਾ ਵਿਚ ਵੀ ਜੁਟ ਗਏ। ਬਾਬਾ ਗੁਰਮੁੱਖ ਸਿੰਘ ਦੇ ਸੱਚਖੰਡ ਜਾਣ ਪਿੱਛੋਂ ਸੰਗਤ ਨੇ ਤਰਨਾ ਦਲ ਬਾਬਾ ਬਕਾਲਾ ਦੀ ਸਾਰੀ ਜ਼ਿੰਮੇਵਾਰੀ ਬਾਬਾ ਸਾਧੂ ਸਿੰਘ ਨੂੰ ਸੌਂਪ ਦਿੱਤੀ, ਜਦੋਂ ਬਾਬਾ ਸਾਧੂ ਸਿੰਘ ਸੱਚਖੰਡ ਗਏ ਤਾਂ ਸੰਗਤਾਂ ਨੇ ਪਿੱਛੋਂ 1934 ਈਸਵੀ ਨੂੰ ਬਾਬਾ ਬਿਸ਼ਨ ਸਿੰਘ ਨੂੰ ਤਰਨਾ ਦਲ ਦੇ 12ਵੇਂ ਜਥੇਦਾਰ ਥਾਪ ਦਿੱਤਾ। ਬਾਬਾ ਬਿਸ਼ਨ ਸਿੰਘ ਨੇ ਤਰਨਾ ਦਲ ਦਾ ਮੁਖੀ ਬਣਨ ਪਿੱਛੋਂ ਬੇਅੰਤ ਗੁਰਦੁਆਰਾ ਸਾਹਿਬਾਨ ਅਤੇ ਸਰੋਵਰ ਸਾਹਿਬ ਬਣਵਾਏ ਅਤੇ ਅਣਗਿਣਤ ਹੀ ਨਿਸ਼ਾਨ ਸਾਹਿਬ ਝੁਲਾ ਕੇ ਤਰਨਾ ਦਲ ਦੀ ਸ਼ਾਨ ਨੂੰ ਹੋਰ ਵਧਾਇਆ।
ਆਪ ਜੀ 20 ਜੂਨ, 1994 ਨੂੰ ਸੱਚਖੰਡ ਪਿਆਨਾ ਕਰ ਗਏ। ਬਾਬਾ ਬਿਸ਼ਨ ਸਿੰਘ ਦੀ 24ਵੀਂ ਸਾਲਾਨਾ ਬਰਸੀ, ਤਰਨਾ ਦਲ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਤਰਨਾ ਦਲ ਦੇ ਮੌਜੂਦਾ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਗੁ: ਛੇਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ਵਿਖੇ 20 ਜੂਨ (ਮੁਤਾਬਕ 6 ਹਾੜ੍ਹ), ਬੁੱਧਵਾਰ ਨੂੰ ਬੜੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ। ਇਸ ਮੌਕੇ ਗੁ: ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਮੁਖੀ, ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧ ਪੁੱਜ ਕੇ ਬਾਬਾ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ। ਸ਼ਾਮ ਨੂੰ ਨਿਹੰਗ ਸਿੰਘਾਂ ਵਲੋਂ ਮਹੱਲਾ ਸਜਾਇਆ ਜਾਵੇਗਾ, ਜਿਸ ਵਿਚ ਘੋਲ, ਕਬੱਡੀ, ਨੇਜ਼ੇਬਾਜ਼ੀ, ਗਤਕੇਬਾਜ਼ੀ ਅਤੇ ਘੋੜਸਵਾਰੀ ਦੇ ਮੁਕਾਬਲੇ ਹੋਣਗੇ।


-ਬਾਬਾ ਬਕਾਲਾ ਸਾਹਿਬ।
ਮੋਬਾ: 98157-69164)

ਹੁਣ ਡੋਗਰਿਆਂ ਦੀ ਚੌਧਰ ਹੇਠ ਸੀ ਪੰਜਾਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਰਾਜਾ ਰਣਜੀਤ ਸਿੰਘ ਦੇ ਕਈ ਪੁੱਤਰ ਸਨ ਪਰ ਉਹ ਕਿਸੇ ਨੂੰ ਵੀ ਓਨਾ ਪਸੰਦ ਨਹੀਂ ਸੀ ਕਰਦੇ, ਜਿੰਨਾ ਆਪਣੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਦੇ ਗੋਰੇ-ਚਿੱਟੇ ਪੁੱਤਰ ਹੀਰਾ ਸਿੰਘ ਨੂੰ। ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਸਿੰਘ ਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ ਸੀ ਤੇ ਉਸ ਨੂੰ ਬਕਾਇਦਾ 'ਫ਼ਰਜ਼ੰਦੇ ਖਾਸ' ਦਾ ਖਿਤਾਬ ਵੀ ਦਿੱਤਾ, ਜਿਸ ਦਾ ਮਤਲਬ ਵੀ ਵਿਸ਼ੇਸ਼ ਪੁੱਤਰ ਬਣਦਾ ਹੈ। ਮਹਾਰਾਜਾ ਨੇ ਉਸ ਨੂੰ 'ਰਾਜਾ' ਬਣਾਇਆ, ਉਸ ਦੇ ਵਿਆਹ ਦਾ ਪ੍ਰਬੰਧ ਕੀਤਾ, ਕੀਮਤੀ ਤੋਹਫੇ ਦਿੱਤੇ ਤੇ ਉਸ ਨੂੰ ਦਰਬਾਰ ਵਿਚ ਬੈਠਣ ਵਾਸਤੇ ਉਹ ਅਸਥਾਨ ਦਿੱਤਾ, ਜਿਹੜਾ ਉਸ ਦੇ ਪਿਤਾ, ਪ੍ਰਧਾਨ ਮੰਤਰੀ, ਕੋਲ ਵੀ ਨਹੀਂ ਸੀ। ਉਸ ਨੂੰ ਖੁੱਲ੍ਹ ਕੇ ਬੋਲਣ ਤੇ ਮਹਾਰਾਜਾ ਦੇ ਕੰਮ ਦੀ ਨੁਕਤਾਚੀਨੀ ਕਰਨ ਦਾ ਵੀ ਹੱਕ ਸੀ। ਹੀਰਾ ਸਿੰਘ ਮਹਾਰਾਜਾ ਨੂੰ ਕਿਸੇ ਇੱਜ਼ਤ ਵਾਲੇ ਲਫਜ਼ਾਂ ਨਾਲ ਸੰਬੋਧਨ ਨਹੀਂ ਕਰਦਾ ਸੀ, ਉਸ ਨੂੰ 'ਬਾਪੂ' ਕਹਿ ਕੇ ਬੁਲਾਉਂਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਮਹਾਰਾਜਾ ਚਲਦੀਆਂ ਆ ਰਹੀਆਂ ਰਵਾਇਤਾਂ ਤੇ ਰਸਮਾਂ ਨੂੰ ਤੋੜ ਸਕਦਾ ਹੁੰਦਾ ਤਾਂ ਆਪਣੇ ਪੁੱਤਰਾਂ ਦੀ ਬਜਾਏ ਇਸ ਡੋਗਰਿਆਂ ਦੇ ਮੁੰਡੇ ਨੂੰ ਗੱਦੀ ਦਾ ਵਾਰਸ ਬਣਾਉਂਦਾ। ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ। ਹੀਰਾ ਸਿੰਘ ਨੂੰ ਵੀ ਕੋਈ ਭੁਲੇਖਾ ਨਹੀਂ ਸੀ ਕਿ ਪੰਜਾਬ ਦੀ ਗੱਦੀ ਦਾ ਰਸਮੀ ਵਾਰਸ ਸ਼ਾਹੀ ਖਾਨਦਾਨ ਵਿਚੋਂ ਹੀ ਹੋ ਸਕਦਾ ਹੈ। ਪਰ ਜੋ ਮਾਹੌਲ ਉਸ ਵਕਤ ਲਾਹੌਰ ਵਿਚ ਬਣਿਆ ਸੀ, ਦਰਬਾਰੀ ਤੇ ਸਲਾਹਕਾਰ ਵੀ ਇਸ ਸਬੰਧੀ ਸੋਚਦੇ, ਵਾਰ-ਵਾਰ ਉਨ੍ਹਾਂ ਨੂੰ ਇਹ ਖਿਆਲ ਆਉਂਦਾ ਕਿ ਅਜਿਹੀ ਹਾਲਤ ਵਿਚ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ। ਇਹ ਪੱਕਾ ਹੋ ਗਿਆ ਕਿ ਪ੍ਰਧਾਨ ਮੰਤਰੀ ਵਾਸਤੇ ਧਿਆਨ ਸਿੰਘ ਦੀ ਜਗ੍ਹਾ ਉਸ ਦਾ ਪੁੱਤਰ ਹੀਰਾ ਸਿੰਘ ਹੀ ਲਵੇਗਾ।
ਪਰ ਸਭ ਤੋਂ ਭਖਦਾ ਸਵਾਲ ਇਹ ਸੀ ਕਿ ਉਸ ਦੇ ਪੁੱਤਰਾਂ ਵਿਚੋਂ ਕਿਸ ਨੂੰ ਰਣਜੀਤ ਸਿੰਘ ਦੇ ਤਖ਼ਤ 'ਤੇ ਬਿਠਾਇਆ ਜਾਵੇ। ਸਭ ਚੋਣਾਂ ਦਲੀਪ ਸਿੰਘ 'ਤੇ ਆ ਕੇ ਰੁਕ ਜਾਂਦੀਆਂ ਸਨ, ਜਿਹੜਾ ਉਸ ਵੇਲੇ 6 ਸਾਲ ਦਾ ਸੀ। ਸੰਧਾਵਾਲੀਆਂ ਨੇ ਪਹਿਲਾਂ ਹੀ ਉਸ ਨੂੰ ਮਹਾਰਾਜਾ ਐਲਾਨਿਆ ਹੋਇਆ ਸੀ। ਹੀਰਾ ਸਿੰਘ ਵੀ ਸੋਚਦਾ ਸੀ ਕਿ ਉਸ ਦੀ ਨਾਬਾਲਗੀ ਦੇ ਮੌਕੇ ਉਹ ਪ੍ਰਧਾਨ ਮੰਤਰੀ ਵੀ ਹੋਵੇਗਾ ਤੇ ਮਹਾਰਾਜਾ ਦਾ ਅਖਤਿਆਰ ਵੀ ਉਸੇ ਕੋਲ ਹੋਵੇਗਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਸੀ ਕਿ ਦਲੀਪ ਸਿੰਘ ਦੀ ਨੌਜਵਾਨ ਤੇ ਖੂਬਸੂਰਤ ਮਾਂ ਜਿੰਦਾਂ, ਜਿਸ ਦਾ ਸੁਚੇਤ ਸਿੰਘ ਡੋਗਰਾ ਉੱਪਰ ਚੰਗਾ ਪ੍ਰਭਾਵ ਸੀ, ਇਸ ਤਜਵੀਜ਼ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਸਕਦੀ ਸੀ। ਨਤੀਜੇ ਵਜੋਂ ਜਦੋਂ ਗਲੀਆਂ ਵਿਚੋਂ ਲਾਸ਼ਾਂ ਉਠਾ ਲਈਆਂ ਗਈਆਂ ਤੇ ਅਮਨ ਬਹਾਲ ਹੋ ਗਿਆ ਤਾਂ ਦਲੀਪ ਸਿੰਘ ਨੂੰ ਮਹਾਰਾਜਾ ਐਲਾਨਿਆ ਗਿਆ ਤੇ ਹੀਰਾ ਸਿੰਘ ਡੋਗਰਾ ਨੂੰ ਉਸ ਦਾ ਪ੍ਰਧਾਨ ਮੰਤਰੀ।
ਪਰ ਨਾ 15 ਤੇ 16 ਸਤੰਬਰ ਦੇ ਖੂਨੀ ਸਾਕੇ ਤੇ ਨਾ ਹੀ ਦਲੀਪ ਨੂੰ ਮਹਾਰਾਜਾ ਐਲਾਨਣ ਨਾਲ ਦਰਬਾਰ ਦੇ ਅੰਦਰ ਦੀ ਧੜੇਬੰਦੀ ਖ਼ਤਮ ਹੋਈ। ਬਹੁਤ ਸਾਰੇ ਲੋਕ ਤਖ਼ਤ ਦੇ ਵੱਖ-ਵੱਖ ਦਾਅਵੇਦਾਰਾਂ ਪਿੱਛੇ ਇਕੱਠੇ ਹੋ ਗਏ ਤੇ ਹਰ ਗਰੁੱਪ ਦਾ ਆਪਣਾ ਪ੍ਰਧਾਨ ਮੰਤਰੀ ਵੀ ਸੀ। ਦਲੀਪ ਸਿੰਘ ਦੀ ਵਾਜਬੀਅਤ ਬਾਰੇ ਉਸ ਦੇ ਵੱਡੇ ਮਤਰੇਏ ਭਰਾਵਾਂ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ ਇਤਰਾਜ਼ ਉਠਾਏ। ਹੀਰਾ ਸਿੰਘ ਡੋਗਰਾ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ ਤਾਂ ਉਸ ਦੇ ਰਿਸ਼ਤੇਦਾਰ ਸੁਚੇਤ ਸਿੰਘ ਨੇ ਸਵਾਲ ਖੜ੍ਹੇ ਕੀਤੇ, ਜਿਸ ਦੀ ਹਮਾਇਤ ਮਹਾਰਾਣੀ ਜਿੰਦਾਂ ਨੇ ਵੀ ਕੀਤੀ। ਸੁਚੇਤ ਸਿੰਘ ਬਾਰੇ ਚਰਚਾ ਸੀ ਕਿ ਉਹ ਰਾਣੀ ਜਿੰਦਾਂ ਦਾ ਆਸ਼ਕ ਹੈ। ਸੁਚੇਤ ਸਿੰਘ ਦਾ ਵੱਡਾ ਭਰਾ ਗੁਲਾਬ ਸਿੰਘ ਵੀ ਹੀਰਾ ਸਿੰਘ ਦੇ ਹੱਕ ਵਿਚ ਨਹੀਂ ਸੀ। ਕਿਉਂਕਿ ਸੁਚੇਤ ਸਿੰਘ ਦਾ ਆਪਣਾ ਕੋਈ ਪੁੱਤਰ ਨਹੀਂ ਸੀ, ਇਸ ਕਰਕੇ ਗੁਲਾਬ ਸਿੰਘ ਨੇ ਉਸ ਨੂੰ ਕਿਹਾ ਹੋਇਆ ਸੀ ਕਿ ਉਹ ਉਸ ਦੇ ਛੋਟੇ ਪੁੱਤਰ ਰਣਬੀਰ ਸਿੰਘ ਨੂੰ ਗੋਦ ਲੈ ਲਵੇ, ਜਿਸ ਨੂੰ 'ਮੀਆਂ ਫੀਨਾ' ਕਰਕੇ ਬੁਲਾਇਆ ਜਾਂਦਾ ਸੀ। ਇਸ ਵਿਚ ਗੁਲਾਬ ਸਿੰਘ ਆਪਣੀ ਕਿਸਮਤ ਨੂੰ ਸੁਚੇਤ ਸਿੰਘ ਦੀ ਕਿਸਮਤ ਨਾਲ ਜੋੜ ਕੇ ਆਪਣਾ ਫਾਇਦਾ ਦੇਖ ਰਿਹਾ ਸੀ। ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਇਕ ਹੋਰ ਦਾਅਵੇਦਾਰ ਜਿੰਦਾਂ ਦਾ ਭਰਾ ਜਵਾਹਰ ਸਿੰਘ ਸੀ, ਜੋ ਰਿਸ਼ਤੇ ਦੇ ਹਿਸਾਬ ਨਾਲ ਵੀ ਛੋਟੇ ਮਹਾਰਾਜਾ ਦਾ ਰੱਖਿਅਕ-ਸਲਾਹਕਾਰ ਸੀ। ਅਚਾਨਕ ਇਕ ਹੋਰ ਬੰਦਾ ਵੀ ਪ੍ਰਧਾਨ ਮੰਤਰੀ ਵਾਸਤੇ ਉਮੀਦਵਾਰ ਬਣ ਕੇ ਸਾਹਮਣੇ ਆ ਗਿਆ। ਉਹ ਇਕ ਬ੍ਰਾਹਮਣ ਪੁਜਾਰੀ, ਪੰਡਤ ਜੱਲਾ ਸੀ, ਜੋ ਹੀਰਾ ਸਿੰਘ ਦਾ ਬਚਪਨ ਦਾ ਸਾਥੀ ਤੇ ਉਸ ਦਾ ਅਧਿਆਪਕ ਵੀ ਸੀ। ਉਹ ਬਹੁਤ ਹੀ ਉਜੱਡ ਕਿਸਮ ਦਾ ਬੰਦਾ ਸੀ ਤੇ ਕੋਈ ਵੀ ਉਸ ਨੂੰ ਪਸੰਦ ਨਹੀਂ ਕਰਦਾ ਸੀ।
ਅਸਲ ਵਿਚ ਦਰਬਾਰ ਦੀ ਸਟੇਜ ਦੇ ਸਾਰੇ ਪਾਤਰ ਹੁਣ ਕਠਪੁਤਲੀਆਂ ਰਹਿ ਗਏ ਸਨ, ਜਿਨ੍ਹਾਂ ਦੀਆਂ ਤਾਰਾਂ ਫ਼ੌਜ ਦੇ ਪੰਚਾਂ ਦੇ ਹੱਥਾਂ ਵਿਚ ਚਲੇ ਗਈਆਂ ਸਨ। ਫ਼ੌਜੀਆਂ ਸਾਹਮਣੇ ਕੋਈ ਸਿਆਸੀ ਮਕਸਦ ਨਹੀਂ ਸੀ, ਉਹ ਆਪਣੀ ਹਸਤੀ ਦੀ ਮਾਨਤਾ ਚਾਹੁੰਦੇ ਸਨ ਤੇ ਵੱਡੀ ਗੱਲ ਕਿ ਅੰਗਰੇਜ਼ਾਂ ਦੀਆਂ ਚਾਲਾਂ ਦਾ ਧਿਆਨ ਰੱਖ ਰਹੇ ਸਨ। ਇਨ੍ਹਾਂ ਦਾ ਉਨ੍ਹਾਂ ਆਦਮੀਆਂ ਬਾਰੇ ਰਵੱਈਆ ਬਹੁਤ ਸਖਤ ਸੀ, ਜਿਨ੍ਹਾਂ ਬਾਰੇ ਅੰਗਰੇਜ਼ਾਂ ਨਾਲ ਗੰਢਤੁੱਪ ਦਾ ਸ਼ੰਕਾ ਸੀ। ਸ਼ਾਹੀ ਖਾਨਦਾਨ ਦੇ ਲੋਕਾਂ ਨੇ ਫ਼ੌਜ ਦੇ ਇਸ ਅੰਗਰੇਜ਼ ਵਿਰੋਧੀ ਫੋਬੀਆ ਨੂੰ ਵਰਤਿਆ ਤੇ ਹਰ ਕੋਈ ਆਪਣੇ ਵਿਰੋਧੀਆਂ ਉੱਪਰ ਅੰਗਰੇਜ਼ਾਂ ਤੋਂ ਤਨਖਾਹ ਲੈਣ ਦਾ ਇਲਜ਼ਾਮ ਲਗਾਉਂਦੇ ਰਹੇ। ਉਹ ਫ਼ੌਜ ਨੂੰ ਅੰਗਰੇਜ਼ਾਂ ਤੋਂ ਹਮਲੇ ਦੇ ਖਤਰੇ ਬਾਰੇ ਵੀ ਦੱਸਦੇ ਰਹੇ। ਕਿਉਂਕਿ ਫ਼ੌਜ ਵਿਚ ਵੱਡੀ ਗਿਣਤੀ ਸਿੱਖਾਂ ਦੀ ਸੀ, ਇਸ ਵਾਸਤੇ ਉਹ ਧਾਰਮਿਕ ਰੰਗ ਵਿਚ ਵੀ ਰੰਗੇ ਹੋਏ ਸਨ। ਇਸ ਦੌਰਾਨ ਇਕ ਆਦਮੀ ਭਾਈ ਬੀਰ ਸਿੰਘ ਚਰਚਾ ਵਿਚ ਆਇਆ। ਉਹ ਇਕ ਰਿਟਾਇਰਡ ਫ਼ੌਜੀ ਸੀ ਤੇ ਹੁਣ ਸਤਲੁਜ ਦੇ ਕੰਢੇ ਨੌਰੰਗਾਬਾਦ ਵਿਚ ਆਪਣਾ ਗੁਰਦੁਆਰਾ ਚਲਾ ਰਿਹਾ ਸੀ। ਉਸ ਦੀ ਹਾਜ਼ਰੀ ਵਿਚ 1200 ਬੰਦੂਕਚੀ ਤੇ 3,000 ਘੋੜਸਵਾਰ ਰਹਿੰਦੇ ਸਨ। ਉਸ ਦੇ ਲੰਗਰ ਵਿਚੋਂ ਹਰ ਰੋਜ਼ ਕੋਈ 1500 ਲੋਕ ਅੰਨ ਛਕਦੇ ਸਨ।
ਅੰਗਰੇਜ਼ਾਂ ਦੇ ਹਮਲੇ ਦਾ ਖਤਰਾ ਸਿਰਫ ਪ੍ਰਾਪੇਗੰਡਾ ਹੀ ਨਹੀਂ ਸੀ, ਸਗੋਂ ਹਿੰਦੁਸਤਾਨ ਵਿਚ ਫ਼ੌਜੀ ਤਿਆਰੀਆਂ ਦੇ ਸਬੂਤ ਵੀ ਮਿਲ ਰਹੇ ਸਨ। ਪੰਜਾਬੀ ਜਾਣਦੇ ਸਨ ਕਿ ਅੰਗਰੇਜ਼ਾਂ ਨੂੰ ਹਮਲੇ ਵਾਸਤੇ ਸਿਰਫ ਬਹਾਨੇ ਦੀ ਜ਼ਰੂਰਤ ਹੈ। ਅੰਗਰੇਜ਼ ਪੰਜਾਬ ਵਿਚ ਬਹੁਤ ਸਰਗਰਮ ਸਨ। ਉਨ੍ਹਾਂ ਨੇ ਯੂਰਪੀਨ ਅਫਸਰਾਂ ਤੇ ਬਹੁਤ ਸਾਰੇ ਸਿੱਖ ਸਰਦਾਰਾਂ ਨਾਲ ਰਾਬਤਾ ਬਣਾਇਆ ਹੋਇਆ ਸੀ। ਉਨ੍ਹਾਂ ਦੀ ਪੰਜਾਬ ਨਾਲ ਗੱਲਬਾਤ ਜਾਂ ਤਾਂ ਸਰਪ੍ਰਸਤੀ ਵਾਲੀ ਸੀ ਜਾਂ ਤਾਨਾਸ਼ਾਹੀ ਵਾਲੀ। ਸ਼ੇਰ ਸਿੰਘ ਤੇ ਧਿਆਨ ਸਿੰਘ ਦੇ ਕਤਲ ਤੋਂ ਬਾਅਦ ਅੰਗਰੇਜ਼ਾਂ ਦੀਆਂ ਫ਼ੌਜੀ ਤਿਆਰੀਆਂ ਤੇ ਫ਼ੌਜਾਂ ਦੀ ਹਰਕਤ ਪੰਜਾਬ ਵਿਚ ਮਾਨਸਿਕ ਦਬਾਅ ਵਧਾ ਰਹੀ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਝੰਗ ਸਦਰ ਦਾ ਨਿਹੰਗ ਦਰਬਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਸਫ਼ਾ 704 'ਤੇ ਲਿਖਦੇ ਹਨ ਕਿ ਨਿਹੰਗ ਸਿੰਘ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਲਈ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਇਸ ਦੇ ਨਾਲ ਹੀ ਉਹ ਲਿਖਦੇ ਹਨ ਕਿ ਨਿਹੰਗ ਦਾ ਅਰਥ ਹੈ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ (ਨਿਰਭਉ ਹੋਇਓ ਭਇਆ ਨਿਹੰਗਾ)।
ਡਿਸਟ੍ਰਿਕਟ ਗਜ਼ਟੀਅਰ ਝੰਗ ਵਿਚ ਦਰਜ ਹੈ ਕਿ ਸ਼ਾਹ ਸਾਦਿਕ 'ਨਿਹੰਗ' ਨਾਂਅ ਨਾਲ ਸੰਬੋਧਤ ਕੀਤੇ ਜਾਣ ਵਾਲੇ ਕਲੰਧਰੀਆ ਸੰਪਰਦਾਇ ਦੇ ਉਪਰੋਕਤ ਮੁਸਲਿਮ ਸੰਤ ਦਾ ਨਾਂਅ ਹਜ਼ਰਤ ਸ਼ਾਹ ਸੱਯਦ ਮੁਹੰਮਦ ਬੁਖ਼ਾਰੀ ਰਹਿਮਤ ਅੱਲ੍ਹਾ ਹੈ। ਉਨ੍ਹਾਂ ਦੇ ਪਿਤਾ ਸੱਯਦ ਨਸੀਰੁਦੀਨ ਮਹਿਮੂਦ (ਆਰ.ਏ.) ਮਖਦੂਮ ਸੱਯਦ ਜ਼ਹਾਨੀਆ ਜਹਾਂਗੁਸ਼ਤ ਪੀਰ ਸੱਯਦ ਸ਼ਾਹ ਜਲਾਲੂਦੀਨ ਕੁਤਬ ਕਮਾਲ 'ਸੁਰਖ਼ ਪੋਸ਼' ਬੁਖ਼ਾਰੀ ਦੇ ਵੰਸ਼ਜ ਸਨ।
ਉਨ੍ਹੀਂ ਦਿਨੀਂ ਸਿੰਧ ਦੇ ਪ੍ਰਸਿੱਧ ਫ਼ਕੀਰ ਸ਼ੇਖ਼ ਸਲੀਮ ਕਲੰਦਰ ਦੇ ਦਰਬਾਰ ਵਿਚ ਰੋਜ਼ਾਨਾ ਉਥੋਂ ਦੇ ਸਥਾਨਕ ਸਾਰੇ ਸੰਤ-ਫ਼ਕੀਰ ਇਕੱਠੇ ਹੁੰਦੇ ਸਨ ਅਤੇ ਦਰਬਾਰ ਵਿਚ ਪਹੁੰਚਣ ਵਾਲੇ ਸੰਤਾਂ ਅਤੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ। ਲੰਗਰ ਵਿਚ ਰੋਜ਼ਾਨਾ ਦਰਿਆ ਸਿੰਧ ਵਿਚੋਂ ਫੜ ਕੇ ਲਿਆਂਦੀਆਂ ਗਈਆਂ ਮੱਛੀਆਂ ਪਕਾ ਕੇ ਪਰੋਸੀਆਂ ਜਾਂਦੀਆਂ ਸਨ। ਦੱਸਦੇ ਹਨ ਕਿ ਇਕ ਦਿਨ ਫ਼ਕੀਰ ਕਲੰਦਰ ਦੇ ਦਰਬਾਰ ਦੇ ਸੰਤਾਂ ਨੂੰ ਦਰਿਆ ਵਿਚੋਂ ਕੋਈ ਮੱਛੀ ਨਾ ਮਿਲੀ, ਜਿਸ ਕਾਰਨ ਉਸ ਦਿਨ ਦਰਬਾਰ ਵਿਚ ਆਏ ਸਾਰੇ ਸ਼ਰਧਾਲੂਆਂ ਅਤੇ ਫ਼ਕੀਰਾਂ ਨੂੰ ਬਗੈਰ ਲੰਗਰ ਖਾਧਿਆਂ ਭੁੱਖੇ ਹੀ ਵਾਪਸ ਪਰਤਣਾ ਪਿਆ। ਇਸ 'ਤੇ ਫ਼ਕੀਰ ਨੇ ਐਲਾਨ ਕੀਤਾ ਕਿ ਜਦੋਂ ਤੱਕ ਲੰਗਰ ਲਈ ਭੋਜਨ (ਮੱਛੀਆਂ) ਨਹੀਂ ਮਿਲੇਗਾ, ਤਦ ਤੱਕ ਉਹ ਰੋਜ਼ਾਨਾ ਆਪਣੇ ਇਕ ਸੰਤ ਦੀ ਕੁਰਬਾਨੀ ਦੇਣਗੇ। ਉਨ੍ਹਾਂ ਦਾ ਐਲਾਨ ਸੁਣਦਿਆਂ ਹੀ ਸ਼ਾਹ ਸਾਦਿਕ ਸਭ ਤੋਂ ਪਹਿਲਾਂ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਉਨ੍ਹਾਂ ਦੀ ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਫ਼ਕੀਰ ਸ਼ੇਖ਼ ਸਲੀਮ ਸੱਧਰ ਕਲੰਦਰ ਦੁਆਰਾ ਉਨ੍ਹਾਂ ਨੂੰ 'ਨਿਹੰਗ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਪਹਿਲੀ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ

ਗੁਰਦੁਆਰਾ ਨਾਨਕ ਪਿਆਉ ਸਾਹਿਬ ਜੋ ਕਿ ਉੱਤਰੀ ਦਿੱਲੀ ਵਿਚ ਸਬਜ਼ੀ ਮੰਡੀ ਖੇਤਰ 'ਤੇ ਜੀ.ਟੀ. ਰੋਡ ਕਰਨਾਲ 'ਤੇ ਸਥਿਤ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਦੋਂ ਗੁਰੂ ਸਾਹਿਬ ਚਾਰ ਉਦਾਸੀਆਂ ਕਰ ਰਹੇ ਸਨ ਤਾਂ 1505 ਈ: ਨੂੰ ਉਦਾਸੀਆਂ ਕਰਦੇ-ਕਰਦੇ ਦਿੱਲੀ ਪਹੁੰਚੇ। ਉਸ ਸਮੇਂ ਦਿੱਲੀ ਵਿਚ ਸੁਲਤਾਨ ਸਿਕੰਦਰ ਸ਼ਾਹ ਲੋਧੀ ਦਾ ਰਾਜ ਸੀ। ਗੁਰੂ ਸਾਹਿਬ ਨੇ ਇਕ ਬਾਗ਼ ਵਿਚ ਡੇਰਾ ਲਗਾਇਆ ਜੋ ਕਿ ਜੀ.ਟੀ. ਰੋਡ ਕਰਨਾਲ 'ਤੇ ਸਥਿਤ ਸੀ, ਜਿੱਥੇ ਹੁਣ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਨਾਨਕ ਪਿਆਉ ਸਾਹਿਬ ਦੇ ਨਾਂਅ ਨਾਲ ਸਥਾਪਿਤ ਹੈ। ਗੁਰੂ ਨਾਨਕ ਦੇਵ ਜੀ ਵਲੋਂ ਬਾਗ਼ ਵਿਚ ਹੀ ਭਾਈ ਮਰਦਾਨਾ ਨਾਲ ਕੀਰਤਨ ਕਰਦਿਆਂ ਹੀ ਗੁਰੂ ਸਾਹਿਬ ਬਾਰੇ ਇਲਾਕੇ ਦੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ਲੱਗਾ ਅਤੇ ਹੌਲੀ-ਹੌਲੀ ਬਾਗ਼ ਵਿਚ ਸੰਗਤਾਂ ਦਾ ਇਕੱਠ ਹੋਣ ਲੱਗ ਗਿਆ।
ਸਮਾਂ ਬੀਤਦਾ ਗਿਆ, ਗੁਰੂ ਸਾਹਿਬ ਵਲੋਂ ਰੋਜ਼ਾਨਾ ਹੀ ਕੀਰਤਨ ਦਰਬਾਰ ਸਜਣ ਲੱਗ ਪਿਆ। ਬਾਗ਼ ਦੇ ਲਾਗਿਓਂ ਲੰਘਦੇ ਰਸਤੇ ਤੋਂ ਵੱਡੀ ਗਿਣਤੀ ਵਿਚ ਰਾਹੀ ਗੁਜ਼ਰਦੇ ਸਨ। ਨੇੜੇ-ਤੇੜੇ ਕਿਤੇ ਵੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਗੁਰੂ ਸਾਹਿਬ ਵਲੋਂ ਸੰਗਤਾਂ ਅਤੇ ਰਾਹਗੀਰਾਂ ਲਈ ਲੰਗਰ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਵਲੋਂ ਇਕ ਖੂਹ ਖੁਦਵਾਇਆ ਗਿਆ, ਜੋ ਕਿ ਅੱਜ ਵੀ ਸੰਗਤਾਂ ਦੀ ਪਿਆਸ ਆਪਣੇ ਜਲ ਨਾਲ ਮਿਟਾ ਰਿਹਾ ਹੈ। ਉਸ ਸਮੇਂ ਦੇ ਬਾਗ਼ ਦੇ ਮਾਲਕ ਵਲੋਂ ਬਾਗ਼ ਗੁਰੂ ਸਾਹਿਬ ਦੇ ਨਾਂਅ ਕਰ ਦਿੱਤਾ ਗਿਆ। ਇਸ ਗੁਰਦੁਆਰੇ ਨਾਲ ਮਿਤੇ ਇਤਿਹਾਸ ਮੁਤਾਬਿਕ ਇਕ ਦਿਨ ਗੁਰੂ ਸਾਹਿਬ ਨੇ ਕੁਝ ਲੋਕਾਂ ਨੂੰ ਰੋਂਦੇ ਹੋਏ ਦੇਖਿਆ ਅਤੇ ਉਹ ਉਨ੍ਹਾਂ ਕੋਲ ਗਏ ਤੇ ਉਨ੍ਹਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਾਥੀ ਦੀ ਮੌਤ ਹੋ ਗਈ ਹੈ, ਜਿਸ ਕਾਰਨ ਉਹ ਦੁਖੀ ਹਨ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਉਨ੍ਹਾਂ ਦੇ ਹਾਥੀ ਦੀ ਮੌਤ ਨਹੀਂ ਹੋਈ, ਬਲਕਿ ਉਹ ਸੁੱਤਾ ਹੋਇਆ ਹੈ। ਜਦੋਂ ਲੋਕ ਹਾਥੀ ਕੋਲ ਗਏ ਅਤੇ ਉਸ ਨੂੰ ਹਿਲਾਇਆ ਤਾਂ ਉਹ ਹਿੱਲਣ ਲੱਗ ਪਿਆ। ਇਸ ਬਾਰੇ ਸਮਰਾਟ ਸਿਕੰਦਰ ਲੋਧੀ ਨੂੰ ਦੱਸਿਆ ਗਿਆ ਕਿ ਨਾਨਕ ਇਕ ਗ਼ੈਰ-ਮੁਸਲਮਾਨ ਫ਼ਕੀਰ ਹੈ, ਜਿਸ ਨੇ ਕੁਝ ਦਿਨਾਂ ਤੋਂ ਬਾਗ਼ ਵਿਚ ਡੇਰਾ ਲਗਾਇਆ ਹੋਇਆ ਹੈ। ਗੁਰੂ ਸਾਹਿਬ ਦੀ ਹਿੰਦੂਆਂ ਅਤੇ ਮੁਸਲਮਾਨਾਂ ਨੇ ਸਿਕੰਦਰ ਅੱਗੇ ਬਰਾਬਰ ਦੀ ਹੀ ਪ੍ਰਸੰਸਾ ਕੀਤੀ।
ਇਕ ਦਿਨ ਸਮਰਾਟ ਦੇ ਪਿਆਰੇ ਹਾਥੀ ਦੀ ਮੌਤ ਹੋ ਗਈ। ਉਸ ਨੇ ਗੁਰੂ ਸਾਹਿਬ ਨੂੰ ਹਾਥੀ ਨੂੰ ਜੀਵਤ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜੀਵਨ ਅਤੇ ਮੌਤ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿਚ ਹੈ। ਮੈਂ ਇਸ ਵਿਚ ਕੁਝ ਨਹੀਂ ਕਰ ਸਕਦਾ। ਇਹ ਸੁਣ ਕੇ ਸਮਰਾਟ ਲੋਧੀ ਸ਼ਾਹ ਨੇ ਗੁਰੂ ਸਾਹਿਬ ਨੂੰ ਬੰਦੀ ਬਣਾਉਣ ਦੇ ਹੁਕਮ ਦੇ ਦਿੱਤੇ ਅਤੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਇਸ ਸਮੇਂ ਦੌਰਾਨ ਇਕ ਕੁਦਰਤੀ ਕਰਾਮਾਤ ਵਾਪਰੀ। ਜਿਸ ਸਮੇਂ ਗੁਰੂ ਸਾਹਿਬ ਜੇਲ੍ਹ ਅੰਦਰ ਬੰਦ ਸਨ ਕਿ ਦਿੱਲੀ ਵਿਚ ਇਕ ਭਿਆਨਕ ਭੂਚਾਲ ਆਇਆ, ਜਿਸ ਨੇ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਤੋਂ ਬਾਅਦ ਬਾਦਸ਼ਾਹ ਸਿਕੰਦਰ ਲੋਧੀ ਦਾ ਮਨ ਬਦਲ ਗਿਆ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਰਿਹਾਅ ਕਰਨ ਦੇ ਉਦੇਸ਼ ਦੇ ਦਿੱਤੇ। ਗੁਰੂ ਨਾਨਕ ਦੇਵ ਜੀ ਵਲੋਂ ਹੋਰ ਕੈਦੀਆਂ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਗਈ ਤਾਂ ਜਿੰਨੇ ਵੀ ਕੈਦੀ ਜੇਲ੍ਹ ਅੰਦਰ ਸਨ, ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਗੁਰੂ ਸਾਹਿਬ ਵਲੋਂ ਉਸਾਰਿਆ ਗਿਆ ਖੂਹ ਜੋ ਕਿ ਗੁਰਦੁਆਰਾ ਪਿਆਉ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਸਮੇਂ ਦੇ ਨਾਲ-ਨਾਲ ਇਸ ਇਤਿਹਾਸਕ ਗੁਰਦੁਆਰੇ ਦਾ ਨਾਂਅ ਨਾਨਕ ਪਿਆਉ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ।
ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਾਜਿੰਦਰ ਸਿੰਘ ਬੀ.ਏ. ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਣਮੁੱਲੀ ਦੇਣ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 4 ਤੋਂ 5 ਏਕੜ ਵਿਚ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਇਕ ਪ੍ਰਭਾਵਸ਼ਾਲੀ ਮੁਗ਼ਲ ਸ਼ੈਲੀ ਗੇਟ ਦੇ ਅੰਦਰੋਂ ਹੁੰਦੇ ਹੋਏ 4 ਤੋਂ 5 ਫੁੱਟ ਉੱਚੇ ਮੰਚ 'ਤੇ ਉਸਾਰਿਆ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਦੇ ਅੰਦਰ ਬਹੁਤ ਹੀ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ ਜੋ ਕਿ ਮਨ ਮੋਹ ਲੈਂਦੀ ਹੈ। ਮੁੱਖ ਦੀਵਾਨ ਹਾਲ ਦੇ ਅੰਦਰ ਸੁੰਦਰ ਪਾਲਕੀ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਮੁੱਖ ਦਰਬਾਰ ਦੇ ਬਿਲਕੁਲ ਸੱਜੇ ਪਾਸੇ ਇਕ ਵਿਸ਼ਾਲ ਲੰਗਰ ਹਾਲ ਹੈ, ਜਿੱਥੇ ਸੰਗਤਾਂ ਲਈ 24 ਘੰਟੇ ਲੰਗਰ ਦੀ ਵਿਵਸਥਾ ਹੈ। ਗ਼ਰੀਬਾਂ, ਸਿੱਖਾਂ ਅਤੇ ਹੋਰ ਧਰਮਾਂ ਲਈ ਇਕ ਵਿਸ਼ਾਲ ਹਾਲ ਬਣਾਇਆ ਗਿਆ ਹੈ, ਜਿਸ ਵਿਚ ਗੁਰਮਰਿਆਦਾ ਵਿਚ ਵਿਆਹ ਵਰਗੇ ਸਮਾਗਮ ਕਰਵਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਗੁਰੂ ਨਾਨਕ ਦੇਵ ਜੀ ਵਲੋਂ ਉਸਾਰਿਆ ਗਿਆ ਪਿਆਉ ਸਾਹਿਬ ਇਕ ਬਹੁਤ ਹੀ ਸੁੰਦਰ ਮਾਰਬਲ ਦੇ ਬਣੇ ਗੁੰਮਟ ਅੰਦਰ ਸਥਿਤ ਹੈ, ਜੋ ਕਿ ਅਜੇ ਵੀ ਆਪਣੇ ਪਵਿੱਤਰ ਜਲ ਰਾਹੀਂ ਸੰਗਤਾਂ ਨੂੰ ਉਨ੍ਹਾਂ ਦੇ ਦੁੱਖ-ਦਰਦਾਂ ਤੋਂ ਦੂਰ ਕਰ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਠੀਕ ਪਿਛਲੇ ਪਾਸੇ ਬਹੁਤ ਹੀ ਸੁੰਦਰ ਅਤੇ ਵਿਸ਼ਾਲ ਸਰੋਵਰ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਅੰਦਰ ਬਣੇ ਹੋਏ ਵਿੱਦਿਅਕ ਅਦਾਰੇ ਇਲਾਕੇ ਦੇ ਬੱਚਿਆਂ ਨੂੰ ਸਿੱਖੀ ਦੇ ਨਾਲ-ਨਾਲ ਵਿੱਦਿਆ ਦਾ ਦਾਨ ਵੀ ਬਖ਼ਸ਼ ਰਹੇ ਹਨ।


-ਮੋਬਾ: 99141-75751

ਦਰਵੇਸ਼ੀ ਫ਼ਕੀਰ ਨੂਰ ਮੁਹੰਮਦ

ਇਰਫ਼ਾਨ ਪੁਸਤਕ ਦਾ ਲੇਖਕ ਫਕੀਰ ਨੂਰ ਮੁਹੰਮਦ ਕਾਦਰੀ, ਸੁਲਤਾਨ ਬਾਹੂ ਦੇ ਪੈਰੋਕਾਰਾਂ ਵਿਚੋਂ ਸੀ। ਇਸ ਦਾ ਜਨਮ ਸੂਬਾ ਸਰਹੱਦ ਦੇ ਇਕ ਪਛੜੇ ਜਿਹੇ ਇਲਾਕੇ ਦੇ ਪਿੰਡ ਕਲਾਚੀ, ਜ਼ਿਲ੍ਹਾ ਡੇਰਾ ਇਸਮਾਈਲ ਖਾਂ ਵਿਚ ਸੰਨ 1883 ਈ: ਵਿਚ ਗੁੱਲ ਮੁਹੰਮਦ ਦੇ ਘਰ ਹੋਇਆ। ਇਨ੍ਹਾਂ ਦਾ ਖਾਨਦਾਨੀ ਸਿਲਸਿਲਾ ਮੀਰ ਸੱਯਦ ਮੁਹੰਮਦ ਗੇਸੂ ਦਰਾਜ਼ ਨਾਲ ਜਾ ਮਿਲਦਾ ਹੈ। ਹਜ਼ਰਤ ਗੇਸੂ ਦਰਾਜ਼ ਨੇ ਕੋਹਿ ਸਲੇਮਾਨ ਦੀਆਂ ਵਾਦੀਆਂ ਨੂੰ ਆਪਣਾ ਰੈਣ ਬਸੇਰਾ ਬਣਾਇਆ। ਇਥੇ ਹੀ ਇਸ ਦਾ ਨਿਕਾਹ ਹੋਇਆ। ਇਸ ਪਿੱਛੋਂ ਰੂਹਾਨੀ ਤਾਲੀਮ ਦੀ ਤਲਾਸ਼ ਵਿਚ ਹਿੰਦੁਸਤਾਨ ਆ ਕੇ ਦਿੱਲੀ ਅਤੇ ਫਿਰ ਦਿੱਲੀ ਤੋਂ ਹੈਦਰਾਬਾਦ (ਦੱਖਣ) ਵਿਚ ਗੁਲਬਰਗਾ ਦੇ ਸਥਾਨ 'ਤੇ ਆਪਣੀ ਸਥਾਈ ਰਿਹਾਇਸ਼ ਬਣਾ ਲਈ। ਫਕੀਰ ਸਾਹਿਬ ਪੜ੍ਹੇ-ਲਿਖੇ ਸਨ। ਮੁੱਢਲੀ ਪੜ੍ਹਾਈ ਕਲਾਚੀ ਵਿਚੋਂ ਪ੍ਰਾਪਤ ਕੀਤੀ। ਅਰਬੀ-ਫ਼ਾਰਸੀ ਘਰ ਵਿਚੋਂ ਪੜ੍ਹੀ। ਮੈਟ੍ਰਿਕ ਕਰਨ ਮਗਰੋਂ ਇਸਲਾਮੀਆ ਕਾਲਜ, ਲਾਹੌਰ ਵਿਚ ਦਾਖ਼ਲਾ ਲੈ ਲਿਆ ਪਰ ਇਥੇ ਪੜ੍ਹਦਿਆਂ ਹੀ ਰੂਹਾਨੀਅਤ ਦੇ ਰੰਗ ਵਿਚ ਏਨੇ ਰੰਗੇ ਗਏ ਕਿ ਸਭ ਕੁਝ ਛੱਡ-ਛਡਾਅ ਕੇ ਦਰਵੇਸ਼ੀ ਅਖ਼ਤਿਆਰ ਕਰ ਲਈ। ਉਮਰ ਦੇ ਆਖਰੀ ਪੰਜ ਸਾਲ ਪੰਜਾਬ ਵਿਚ ਗੁਜ਼ਾਰੇ। ਫਕੀਰ ਨੂਰ ਮੁਹੰਮਦ ਕਾਦਰੀ 17 ਅਕਤੂਬਰ, 1960 ਈ: ਨੂੰ ਰੱਬ ਨੂੰ ਪਿਆਰੇ ਹੋ ਗਏ।
ਫ਼ਕੀਰ ਨੂਰ ਮੁਹੰਮਦ ਨੇ ਸੁਲਤਾਨ ਬਾਹੂ ਦੀਆਂ ਪੁੁਸਤਕਾਂ ਪੜ੍ਹ ਕੇ ਅਤੇ ਕੁਝ ਹੋਰਨਾਂ ਸਰੋਤਾਂ ਤੋਂ ਮਦਦ ਲੈ ਕੇ 'ਇਰਫਾਨ' ਪੁਸਤਕ ਲਿਖੀ, ਜੋ ਦੋ ਜਿਲਦਾਂ ਵਿਚ ਸੀ। ਲੋਕਗੀਤ ਪ੍ਰਕਾਸ਼ਨ ਵਾਲਿਆਂ ਨੇ ਇਸ ਉਰਦੂ ਪੁਸਤਕ ਦਾ ਹਿੰਦੀ ਵਿਚ ਅਨੁਵਾਦ ਕਰਾਇਆ ਅਤੇ ਇਸ ਹਿੰਦੀ ਅਨੁਵਾਦ ਤੋਂ ਸੁਲੱਖਣ ਸਰਹੱਦੀ ਨੇ ਇਸ ਦਾ ਪੰਜਾਬੀ ਤਰਜਮਾ ਕੀਤਾ, ਜੋ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ ਪਹਿਲੀ ਵਾਰ 2010 ਵਿਚ ਛਾਪਿਆ ਗਿਆ, ਪਰ ਮੇਰੇ ਸਾਹਮਣੇ ਇਸ ਵੇਲੇ ਇਸ ਦਾ 2017 ਵਿਚ ਛਪਿਆ ਤੀਸਰਾ ਸੰਸਕਰਨ ਹੈ। 'ਹੱਕ ਨੁਮਾਏ' ਵਾਂਗ ਹੀ ਸਰਹੱਦੀ ਨੇ ਇਰਫ਼ਾਨ ਵਿਚਲੇ ਸਿਧਾਂਤਾਂ ਦੀ ਸਿੱਖ ਧਰਮ ਨਾਲ ਸਮਾਨਤਾ ਵੇਖ ਕੇ ਇਸ ਨੂੰ ਤਰਜਮੇ ਲਈ ਚੁਣਿਆ। ਇਸ ਪੁਸਤਕ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਸੂਫੀਵਾਦ ਬਾਰੇ ਪ੍ਰਾਪਤ ਪੁਸਤਕਾਂ ਕਾਵਿ ਵਿਚ ਹਨ, ਉਥੇ ਇਹ ਵਾਰਤਕ ਵਿਚ ਹੈ। ਇਰਫ਼ਾਨ ਦਾ ਪਹਿਲਾ ਭਾਗ ਚਰਚਾ ਅਧੀਨ ਹੈ। ਇਰਫ਼ਾਨ ਪੁਸਤਕ ਚਾਰ ਕੁ ਸੌ ਸਫੇ ਦੀ ਵੱਡ-ਆਕਾਰੀ ਪੁਸਤਕ ਹੈ।
ਭੂਮਿਕਾ ਦੇ ਆਰੰਭਲੇ ਸਫ਼ਿਆਂ ਵਿਚ ਇਸ ਪੁਸਤਕ ਦੀ ਜਾਣ-ਪਛਾਣ ਕਰਾਉਂਦਿਆਂ ਅਤੇ ਇਸ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸੁਲੱਖਣ ਸਰਹੱਦੀ ਲਿਖਦਾ ਹੈ, 'ਇਰਫ਼ਾਨ ਦੇ ਸ਼ਬਦੀ ਅਰਥ ਗਿਆਨ ਜਾਂ ਜਾਣ-ਪਛਾਣ ਹਨ। ਇਸ ਨੂੰ ਪੜ੍ਹ ਕੇ ਅਕੀਦਤਮੰਦ ਮਨੁੱਖ ਦੀਆਂ ਸਾਰੀਆਂ ਸ਼ੰਕਾਵਾਂ ਨਵਿਰਤ ਹੋ ਜਾਂਦੀਆਂ ਹਨ। ਇਰਫ਼ਾਨ ਵਿਚ ਹੁਣ ਤੱਕ ਅਰਜਿਤ ਹੋ ਚੁੱਕੇ ਸੂਫੀ ਸਿਧਾਂਤਾਂ ਦੀ ਇਕਸਾਰ ਪੇਸ਼ਕਾਰੀ ਹੈ। ਇਸ ਵਿਚ ਧਾਰਮਿਕ ਕੱਟੜਤਾ ਨੂੰ ਪ੍ਰੇਮਵਾਦ ਵਿਚ ਤਬਦੀਲ ਕੀਤਾ ਗਿਆ ਹੈ। ਮਨੁੱਖ ਦੇ ਰੂਹਾਨੀਅਤ ਦੇ ਵਿਕਾਸ ਵਿਚ ਗੁਰ ਪ੍ਰਸਾਦਿ ਭਾਵ ਰੱਬ ਦੇ ਫ਼ਜ਼ਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਰਫ਼ਾਨ ਵਿਚ ਮਨੁੱਖ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਸ ਦੀ ਰੂਹ ਗੁੰਮਨਾਮੀ ਵਿਚ ਨਹੀਂ ਰਹਿੰਦੀ, ਭਾਵੇਂ ਇਹ ਜਹਾਨ ਫਾਨੀ ਹੈ ਅਤੇ ਅਧਿਆਤਮਵਾਦੀਆਂ ਅਨੁਸਾਰ ਇਹ ਇਕ ਸੁਪਨਾ ਮਾਤਰ ਅਤੇ ਮਿੱਥ ਹੈ। 'ਇਰਫ਼ਾਨ' ਦ੍ਰਿੜ੍ਹਾਉਂਦੀ ਹੈ ਕਿ ਮੌਤ ਜੀਵਨ ਦਾ ਹਿੱਸਾ ਹੈ। ਜੀਵਨ ਦੇ ਅਨੇਕਾਂ ਰੂਪਾਂ ਵਿਚੋਂ ਮੌਤ ਵੀ ਇਸ ਦਾ ਇਕ ਰੂਪ ਹੈ। 'ਇਰਫ਼ਾਨ' ਪੁਸਤਕ ਮਨੁੱਖਾਂ ਨੂੰ ਐਸੀ ਜ਼ਿੰਦਗੀ ਜਿਊਣ ਦਾ ਰਾਹ ਪ੍ਰਦਾਨ ਕਰਦੀ ਹੈ, ਜਿਸ ਉੱਤੇ ਤੁਰਦਿਆਂ ਜੀਓ ਅਤੇ ਜਿਊਣ ਦਿਓ ਦੀ ਮੰਜ਼ਿਲ ਪ੍ਰਦਰਸ਼ਿਤ ਹੁੰਦੀ ਹੈ। ਜਦ ਤੱਕ ਅਧਿਆਤਮਵਾਦ ਕਾਇਮ ਹੈ, ਤਦ ਤੱਕ 'ਇਰਫ਼ਾਨ' ਇਸ ਖੇਤਰ ਦੀ ਮੀਲ ਪੱਥਰ ਬਣੀ ਰਹੇਗੀ।' (ਪੰਨੇ 9-16)
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-398083

ਸ਼ਬਦ ਵਿਚਾਰ

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥

ਸਿਰੀਰਾਗੁ ਮਹਲਾ ੧
ਮਛੁਲੀ ਜਾਲੁ ਨ ਜਾਣਿਆ
ਸਰੁ ਖਾਰਾ ਅਸਗਾਹੁ॥
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥
ਕੀਤੇ ਕਾਰਣਿ ਪਾਕੜੀ
ਕਾਲੁ ਨ ਟਲੈ ਸਿਰਾਹੁ॥ ੧॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ॥
ਜਿਉ ਮਛੀ ਤਿਉ ਮਾਣਸਾ
ਪਵੈ ਅਚਿੰਤਾ ਜਾਲੁ॥ ੧॥ ਰਹਾਉ॥
ਸਭੁ ਜਗੁ ਬਾਧੋ ਕਾਲ ਕੋ
ਬਿਨੁ ਗੁਰ ਕਾਲੁ ਅਫਾਰੁ॥
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ॥
ਹਉ ਤਿਨ ਕੈ ਬਲਿਹਾਰਣੈ
ਦਰਿ ਸਚੈ ਸਚਿਆਰ॥ ੨॥
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ॥
ਗੁਰਿ ਰਾਖੇ ਸੇ ਉਬਰੇ
ਹੋਰਿ ਫਾਥੈ ਚੋਗੈ ਸਾਥਿ॥
ਬਿਨੁ ਨਾਵੈ ਚੁਣਿ ਸੁਟੀਅਹਿ
ਕੋਇ ਨ ਸੰਗੀ ਸਾਥਿ॥ ੩॥
ਸਚੋ ਸਚਾ ਆਖੀਐ ਸਚੇ ਸਚਾ ਥਾਨੁ॥
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ॥
ਮਨਿ ਮੁਖਿ ਸੂਚੇ ਜਾਣੀਅਹਿ
ਗੁਰਮੁਖਿ ਜਿਨਾ ਗਿਆਨੁ॥ ੪॥
ਸਤਿਗੁਰ ਅਗੈ ਅਰਦਾਸਿ ਕਰਿ
ਸਾਜਨੁ ਦੇਇ ਮਿਲਾਇ॥
ਸਾਜਨੁ ਮਿਲਿਐ ਸੁਖੁ ਪਾਇਆ
ਜਮਦੂਤ ਮੁਏ ਬਿਖ ਖਾਇ॥
ਨਾਵੈ ਅੰਦਰਿ ਹਉ ਵਸਾਂ
ਨਾਉ ਵਸੈ ਮਨਿ ਆਇ॥ ੫॥
ਬਾਝੁ ਗੁਰੂ ਗੁਬਾਰੁ ਹੈ
ਬਿਨੁ ਸਬਦੈ ਬੂਝ ਨ ਪਾਇ॥
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵਲਾਇ॥
ਤਿਥੈ ਕਾਲੁ ਨ ਸੰਚਰੈ
ਜੋਤੀ ਜੋਤਿ ਸਮਾਇ॥ ੬॥
ਤੂੰ ਹੈ ਸਾਜਨੁ ਤੂੰ ਸੁਜਾਣੁ
ਤੂੰ ਆਪੇ ਮੇਲਣਹਾਰੁ॥
ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ॥
ਤਿਥੈ ਕਾਲੁ ਨ ਅਪੜੈ
ਜਿਥੈ ਗੁਰ ਕਾ ਸਬਦੁ ਅਪਾਰੁ॥ ੭॥
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ॥
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ॥
ਨਾਨਕ ਜੋ ਤਿਸੁ ਭਾਵੈ ਸੋ ਥੀਐ
ਇਨਾ ਜੰਤਾ ਵਸਿ ਕਿਛੁ ਨਾਹਿ॥ ੮॥ ੪॥
(ਅੰਗ 55)
ਪਦ ਅਰਥ : ਸੁਰ-ਸਾਗਰ, ਸਮੁੰਦਰ। ਅਸਗਾਹੁ-ਬਹੁਤ ਡੂੰਘਾ। ਅਤਿ-ਬਹੁਤ ਹੀ। ਵੇਸਾਹੁ-ਭਰੋਸਾ, ਇਤਬਾਰ। ਕੀਤੇ ਕਾਰਣਿ-ਕਰਨ ਕਰਕੇ। ਪਾਕੜੀ-ਪਕੜੀ ਗਈ। ਕਾਲੁ-ਮੌਤ। ਨ ਟਲੈ ਸਿਰਾਹੁ-ਮੌਤ ਸਿਰ ਤੋਂ ਟਲ ਨਹੀਂ ਸਕਦੀ। ਇਉ-ਇਸੇ ਤਰ੍ਹਾਂ। ਤਿਉ ਮਾਣਸਾ-ਇਸੇ ਤਰ੍ਹਾਂ ਮਨੁੱਖ ਨੂੰ ਵੀ। ਅਚਿੰਤਾ-ਅਚਨਚੇਤ ਹੀ, ਅਚਾਨਕ ਹੀ।
ਸਭੁ ਜਗੁ-ਸਾਰਾ ਜਗਤ ਹੀ। ਬਾਧੋ ਕਾਲ ਕੋ-ਕਾਲ ਵਿਚ ਬੱਧਾ ਹੋਇਆ ਹੈ। ਅਫਾਰੁ-ਅਮਿਟ। ਦੁਬਿਧਾ-ਦੁਚਿੱਤਾਪਨ। ਸਚਿ ਰਤੇ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਰੰਗੇ ਰਹਿੰਦੇ ਹਨ। ਦਰਿ ਸਚੈ ਸਚਿਆਰ-ਪ੍ਰਭੂ ਦੇ ਦਰ 'ਤੇ ਸੁਰਖਰੂ ਹੋ ਕੇ ਜਾਂਦੇ ਹਨ। ਸੀਚਾਨੇ-ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਛੋਟਾ ਹੁੰਦਾ ਹੈ। ਬਧਿਕ-ਸ਼ਿਕਾਰੀ। ਬਧਿਕ ਹਾਥਿ-ਸ਼ਿਕਾਰੀ ਦੇ ਹੱਥ ਵਿਚ। ਜਾਲੀ-ਪੰਛੀਆਂ ਨੂੰ ਫੜਨ ਵਾਲਾ ਜਾਲ। ਸੇ ਉਬਰੇ-ਉਹ ਬਚ ਗਏ। ਫਾਥੇ-ਫਸ ਜਾਂਦੇ ਹਨ। ਚੋਗੇ ਸਾਥਿ-ਚੋਗੇ ਸਮੇਤ। ਬਿਨੁ ਨਾਵੈ-ਨਾਮ ਹੀਣਾ ਨੂੰ। ਚੁਣਿ ਸੁਟੀਅਹਿ-ਚੁਣ ਚੁਣ ਕੇ (ਨਰਕਾਂ ਵਿਚ) ਸੁੱਟਿਆ ਜਾਂਦਾ ਹੈ। ਕੋਇ ਨ ਸੰਗੀ ਸਾਥਿ-ਕੋਈ ਸੰਗੀ ਸਾਥੀ (ਸਾਥ ਦੇਣ ਵਾਲਾ) ਨਹੀਂ ਹੁੰਦਾ।
ਆਖੀਐ-ਸਿਮਰਨਾ ਚਾਹੀਦਾ ਹੈ। ਥਾਨੁ-ਸਥਾਨ, ਟਿਕਾਣਾ। ਤਿਨ ਮਨਿ-ਉਨ੍ਹਾਂ ਦੇ ਮਨ ਦਾ। ਸਚੁ ਧਿਆਨੁ-ਪਰਮਾਤਮਾ ਵਿਚ ਧਿਆਨ ਲੱਗਾ ਰਹਿੰਦਾ ਹੈ। ਸਚਾ ਮੰਨਿਆ-ਸਦਾ ਥਿਰ ਪ੍ਰਭੂ ਨੂੰ ਮੰਨਿਆ ਹੈ, ਸਿਮਰਿਆ ਹੈ। ਸਚੁ ਧਿਆਨੁ-ਪਰਮਾਤਮਾ ਵਿਚ ਲਿਵ ਨੂੰ ਜੋੜਿਆ ਹੈ। ਸੂਚੇ-ਪਵਿੱਤਰ। ਜਿਨਾ ਗਿਆਨੁ-ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ।
'ਮਰਣੁ ਲਿਖਾਇ ਮੰਡਲ ਮਹਿ ਆਇ' (ਅੰਗ 685) ਅਨੁਸਾਰ ਮਨੁੱਖ ਇਸ ਸੰਸਾਰ ਵਿਚ ਆਉਣ ਲੱਗਿਆਂ, ਮਰਨ ਦਾ ਲੇਖਾ (ਸਮਾਂ) ਪਹਿਲਾਂ ਹੀ ਲਿਖਵਾ ਕੇ ਆਉਂਦਾ ਹੈ।
ਰਾਗੁ ਮਾਝ ਕੀ ਵਾਰ ਮਹਲਾ ੧ ਵਿਚ ਵੀ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਸਾਰੇ ਜਗਤ ਦੇ ਸਿਰ 'ਤੇ ਮੰਡਰਾ ਰਿਹਾ ਹੈ। ਇਹ ਜਮਕਲ ਪਰਮਾਤਮਾ ਦੇ ਹੁਕਮ ਵਿਚ ਹਰੇਕ ਪ੍ਰਾਣੀ ਦੇ ਸਿਰ 'ਤੇ ਖੜ੍ਹਾ ਹੈ ਅਤੇ ਦਾਅ ਲਾ ਕੇ ਮਾਰਦਾ ਹੈ-
ਕਾਲੁ ਬੁਰਾ ਖੈ ਕਾਲੁ
ਸਿਰਿ ਦੁਨੀਆਈਐ॥
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ॥
(ਅੰਗ 147)
ਬੁਰਾ-ਭੈੜਾ। ਖੈ-ਨਾਸ ਕਰਨ ਵਾਲਾ। ਦੁਨੀਆਈਐ-ਦੁਨੀਆ ਦੇ, ਜਗਤ ਦੇ। ਜੰਦਾਰੁ-ਜਮ। ਦਾਈਐ-ਦਾਅ ਲਾ ਕੇ।
ਹਿੰਦ ਤੇ ਧਰਮ ਦੀ ਚਾਦਰ, ਗੁਰੂ ਤੇਗ ਬਹਾਦਰ ਜੀ ਮਨੁੱਖ ਨੂੰ ਸੁਚੇਤ ਕਰ ਰਹੇ ਹਨ ਕਿ ਸਤਿ ਸੰਗਤ ਵਿਚ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ ਵਿਕਾਰਾਂ ਵਿਚ ਫਸੇ ਹੋਏ ਵੀ ਪਵਿੱਤਰ ਹੋ ਜਾਂਦੇ ਹਨ। ਇਸ ਲਈ ਹੇ ਮਿੱਤਰ, ਇਸ ਨੇਕ ਕੰਮ ਕਰਨ ਵਿਚ ਦੇਰ ਨਾ ਕਰ, ਕਿਉਂਕਿ ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ-
ਕਰਿ ਸਾਧਸੰਗਤਿ ਸਿਮਰੁ ਮਾਧੋ
ਹੋਹਿ ਪਤਿਤ ਪੁਨੀਤ॥
ਕਾਲੁ ਬਿਆਲੁ ਜਿਉ ਪਰਿਉ ਡੋਲੈ
ਮੁਖੁ ਪਸਾਰੇ ਮੀਤ॥ (ਅੰਗ 631)
ਮਾਧੋ-ਪਰਮਾਤਮਾ। ਪਤਿਤ-ਵਿਕਾਰੀ ਬੰਦੇ। ਪੁਨੀਤ-ਪਵਿੱਤਰ ਹੋ ਜਾਂਦੇ ਹਨ। ਬਿਆਲੁ-ਸੱਪ। ਪਰਿਉ ਡੋਲੈ-ਫਿਰ ਰਹੀ ਹੈ। ਪਸਾਰੇ-ਪਸਾਰ ਕੇ, ਖੋਲ੍ਹ ਕੇ। ਮੀਤ-ਹੇ ਮਿੱਤਰ।
ਸ਼ਬਦ ਦੇ ਅੱਖਰੀਂ ਅਰਥ : ਮੱਛੀ ਤੇ ਇਸ ਨੂੰ ਫੜਨ ਵਾਲੇ ਜਾਲ ਦਾ ਹਵਾਲਾ ਦੇ ਕੇ ਜਗਤ ਗੁਰੂ ਬਾਬਾ ਜੀਵ ਨੂੰ ਸਮਝਾ ਰਹੇ ਹਨ ਕਿ ਸਮੁੰਦਰ ਦੇ ਖਾਰੇ ਅਤੇ ਡੂੰਘੇ ਪਾਣੀ ਵਿਚ ਰਹਿੰਦੀ ਹੋਈ ਮੱਛੀ ਨੂੰ ਇਸ ਗੱਲ ਦੀ ਸੋਝੀ ਨਾ ਪਈ ਕਿ ਉਸ ਨੂੰ ਫਸਾਉਣ ਵਾਲਾ ਜਾਲ ਵੀ ਹੈ। ਐਨੀ ਸਿਆਣੀ ਅਤੇ ਸੋਹਣੀ ਮੱਛੀ ਨੇ ਇਸ ਗੱਲ 'ਤੇ ਭਰੋਸਾ ਕਿਵੇਂ ਕਰ ਲਿਆ ਕਿ ਵੱਡੇ ਅਥਾਹ ਸਮੁੰਦਰ ਵਿਚ ਹੋਣ ਕਰਕੇ ਉਸ ਨੂੰ ਕੋਈ ਫੜ ਨਹੀਂ ਸਕਦਾ। ਆਪਣੇ ਇਸੇ ਭਰੋਸੇ ਕਾਰਨ ਹੀ ਮੱਛੀ ਫੜੀ ਗਈ, ਕਿਉਂਕਿ ਕਾਲ ਨੂੰ ਸਿਰ ਤੋਂ ਟਲਿਆ ਨਹੀਂ ਜਾ ਸਕਦਾ।
ਹੇ ਭਾਈ, ਇਸੇ ਤਰ੍ਹਾਂ ਕਾਲ ਨੂੰ ਆਪਣੇ ਸਿਰ 'ਤੇ ਕੂਕਦਾ ਜਾਣੋ। ਜਿਵੇਂ ਮੱਛੀ ਨੂੰ ਸਮੁੰਦਰ ਵਿਚ ਰਹਿੰਦੀ ਨੂੰ ਅਚਾਨਕ ਜਾਲ ਆ ਪੈਂਦਾ ਹੈ, ਇਸੇ ਤਰ੍ਹਾਂ ਮਨੁੱਖ ਨੂੰ ਕਿਸੇ ਵੇਲੇ ਜਮ ਰੂਪ ਜਾਲ ਨੇ ਆ ਦਬੋਚਣਾ ਹੈ।
ਵਾਸਤਵ ਵਿਚ ਸਾਰਾ ਜਗਤ ਹੀ ਕਾਲ ਵਿਚ ਬੱਝਾ ਹੋਇਆ ਹੈ। ਗੁਰੂ ਦੀ ਸ਼ਰਨ ਲੱਗਣ ਤੋਂ ਬਿਨਾਂ ਇਹ ਕਾਲ ਅਮਿਟ ਹੈ, ਜੋ ਸਭ ਦੇ ਸਿਰ 'ਤੇ ਕੂਕਦਾ ਹੈ ਪਰ ਜੋ ਦੁਬਿਧਾ ਅਤੇ ਵਿਕਾਰਾਂ ਨੂੰ ਤਿਆਗ ਕੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਨੋ ਬਚ ਗਏ। ਗੁਰੂ ਬਾਬੇ ਦੇ ਬਚਨ ਹਨ ਕਿ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਸਚਿਆਰਾਂ ਵਜੋਂ ਸਾਲਾਹਿਆ ਜਾਂਦਾ ਹੈ।
ਜਿਵੇਂ ਵੱਡਾ ਪੰਛੀ ਛੋਟੇ ਪੰਛੀਆਂ ਨੂੰ ਫੜਨ ਲਈ ਅਸਮਾਨ ਵਿਚ ਉਡਦਾ ਫਿਰਦਾ ਹੈ ਅਤੇ ਸ਼ਿਕਾਰੀ ਮੱਛੀਆਂ ਅਤੇ ਹੋਰ ਜੀਵਾਂ ਨੂੰ ਫਸਾਉਣ ਲਈ ਹੱਥ ਵਿਚ ਜਾਲ ਲੈ ਕੇ ਫਿਰਦਾ ਹੈ, ਇਸੇ ਤਰ੍ਹਾਂ ਮਨੁੱਖ ਦੇ ਸਿਰ 'ਤੇ ਕਾਲ ਚੱਕਰ ਲਾ ਰਿਹਾ ਹੈ ਪਰ ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ ਹੈ, ਉਹ ਮੌਤ ਦੀ ਫਾਹੀ 'ਚੋਂ ਬਚ ਨਿਕਲੇ ਅਤੇ ਬਾਕੀ ਦੇ ਮਾਇਆ ਰੂਪੀ ਚੋਗ ਦੇ ਮੋਹ ਜਾਲ ਵਿਚ ਫਸ ਗਏ। ਨਾਮ ਤੋਂ ਸੱਖਣੇ ਜੀਵਾਂ ਨੂੰ ਚੁਣ-ਚੁਣ ਕੇ (ਨਰਕਾਂ ਵਿਚ) ਸੁੱਟਿਆ ਜਾਂਦਾ ਹੈ, ਜਿਨ੍ਹਾਂ ਦਾ ਫਿਰ ਕੋਈ ਸੰਗੀ ਨਹੀਂ ਬਣਦਾ।
ਹੇ ਭਾਈ, ਜਿਸ ਪ੍ਰਭੂ ਦਾ ਸਥਾਨ ਅਥਵਾ ਟਿਕਾਣਾ ਸਦਾ ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ। ਜਿਨ੍ਹਾਂ ਨੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਧਿਆਇਆ ਹੈ, ਉਨ੍ਹਾਂ ਦੇ ਮਨ ਦੀ ਲਿਵ ਪ੍ਰਭੂ ਵਿਚ ਲੱਗ ਜਾਂਦੀ ਹੈ। ਇਸ ਤਰ੍ਹਾਂ ਗੁਰੂ ਸਦਕਾ ਜਿਨ੍ਹਾਂ ਨੂੰ ਸੱਚਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਅਜਿਹੇ ਜਗਿਆਸੂ ਮਨ ਅਤੇ ਮੁੱਖ ਕਰਕੇ ਭਾਵ ਅੰਦਰੋਂ-ਬਾਹਰੋਂ ਪਵਿੱਤਰ ਹੋ ਜਾਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਉਪਕਾਰ ਦੀ ਇੱਛਾ ਸਰਬਉੱਤਮ ਪ੍ਰੇਰਨਾ ਸ਼ਕਤੀ ਹੈ

ਮਹਾਨ ਉਹ ਨਹੀਂ ਹੁੰਦੇ ਜੋ ਦੂਜਿਆਂ ਤੋਂ ਪ੍ਰਾਪਤ ਕਰਦੇ ਹਨ ਤੇ ਦੂਜਿਆਂ ਦੀ ਮਿਹਨਤ 'ਤੇ ਆਨੰਦ ਮਾਣਦੇ ਹਨ, ਸਗੋਂ ਮਹਾਨ ਤਾਂ ਉਹ ਹੁੰਦੇ ਹਨ, ਜੋ ਪਰਉਪਕਾਰ ਕਰਦੇ ਹਨ। ਸਵਾਮੀ ਵਿਵੇਕਾਨੰਦ ਜੀ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਤੁਹਾਡੇ ਅੰਦਰ ਪਰਉਪਕਾਰ ਦੀ ਇੱਛਾ ਹੈ ਤਾਂ ਇਹ ਸਰਬਉੱਤਮ ਪ੍ਰੇਰਨਾ ਸ਼ਕਤੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਦੂਜਿਆਂ ਦੀ ਸਹਾਇਤਾ ਕਰਨਾ ਇਕ ਖੁਸ਼ਨਸੀਬੀ ਹੈ। ਇਹ ਸੋਚ ਕੇ ਦੂਜਿਆਂ ਦੀ ਸਹਾਇਤਾ ਨਾ ਕਰੋ ਕਿ ਉਹ ਭਿਖਾਰੀ ਹਨ। ਇਸ ਗੱਲ ਲਈ ਆਪਣੇ-ਆਪ ਨੂੰ ਖੁਸ਼ਨਸੀਬ ਸਮਝੋ ਕਿ ਤੁਹਾਨੂੰ ਕਿਸੇ ਦੀ ਸਹਾਇਤਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਤੁਸੀਂ ਦੂਜਿਆਂ ਦੀ ਸਹਾਇਤਾ ਦੇ ਯੋਗ ਹੋ। ਪਰਉਪਕਾਰ ਦੇ ਸਾਰੇ ਕਾਰਜ ਸ਼ੁੱਧ ਬਣਨ ਅਤੇ ਪੂਰਨ ਹੋਣ ਵਿਚ ਸਹਾਇਕ ਹੁੰਦੇ ਹਨ। ਸੱਚ ਪੁੱਛੋ ਤਾਂ ਅਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਹਾਂ। ਕਿਸੇ ਲਈ ਕੀਤੇ ਗਏ ਸਾਡੇ ਨਿਰਮਾਣ ਨੂੰ ਕੁਦਰਤ ਜਦ ਵੀ ਚਾਹੇ, ਹਨੇਰੀ, ਤੂਫਾਨ, ਭੁਚਾਲ ਨਾਲ ਨਸ਼ਟ ਕਰ ਸਕਦੀ ਹੈ। ਇਸ ਲਈ ਇਸ ਦਾ ਘੁਮੰਡ ਨਾ ਕਰੋ ਕਿ ਅਸੀਂ ਦੂਜਿਆਂ ਲਈ ਇਹ ਬਣਵਾਇਆ ਹੈ। ਕੇਵਲ ਸਹਾਇਤਾ ਦੀਆਂ ਖੋਖਲੀਆਂ ਗੱਲਾਂ ਹੀ ਨਹੀਂ ਕਰਨੀਆਂ ਚਾਹੀਦੀਆਂ। ਇਹ ਦੁਨੀਆ ਸਾਥੋਂ ਬਿਨਾਂ ਵੀ ਚਲਦੀ ਸੀ ਅਤੇ ਚਲਦੀ ਰਹੇਗੀ ਪਰ ਫਿਰ ਵੀ ਸਾਨੂੰ ਨਿਰੰਤਰ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਚ ਸਾਡਾ ਵੀ ਭਲਾ ਹੈ। ਇਹ ਤਾਂ ਪੂਰਨ ਬਣਨ ਦਾ ਇਕ ਸਾਧਨ ਹੈ, ਜਿਸ ਨਾਲ ਤੁਹਾਡੀ ਸਰਬਉੱਤਮ ਪ੍ਰੇਰਨਾ ਸ਼ਕਤੀ ਕਰਮ ਵਿਚ ਬਦਲਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕੜਾਹ ਪ੍ਰਸ਼ਾਦ ਦੀ ਮਹੱਤਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
'ਗੁਰਪ੍ਰਤਾਪ ਸੂਰਜ' ਵਿਚ ਭਾਈ ਸੰਤੋਖ ਸਿੰਘ ਨੇ ਇਸ ਦੀ ਮਹਾਨਤਾ ਨੂੰ ਬਿਆਨਦਿਆਂ ਲਿਖਿਆ ਹੈ-
'ਪਾਵਨ ਤਨ ਪਾਵਣ ਕਰ ਥਾਨ,
ਘ੍ਰਿਤ ਮੈਦਾ ਲੇ ਖੰਡ ਸਮਾਨ।
ਕਰ ਕੜਾਹ ਜਪੁ ਪਾਠ ਸੁ ਠਾਨੈ,
ਗੁਰਪ੍ਰਸਾਦਿ ਅਰਦਾਸ ਬਖਾਨੈ॥'
ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਨੂੰ 'ਮਹਾਪ੍ਰਸਾਦ' ਦਾ ਨਾਂਅ ਦਿੱਤਾ ਹੈ, ਜਿਸ ਦਾ ਅਰਥ ਹੈ, 'ਵੱਡਾ ਜਾਂ ਸ੍ਰੇਸ਼ਠ ਪ੍ਰਸਾਦਿ।' ਉਨ੍ਹਾਂ ਆਪਣੇ ਕਬਿੱਤ 'ਚ ਇਸ ਦੀ ਮਹਾਨਤਾ ਦਾ ਵਰਨਣ ਕਰਦਿਆਂ ਲਿਖਿਆ ਹੈ-
'ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦਿ,
ਏਕ ਗੁਰੁਪੁਰਬ ਕੈ ਸਿਖਨੁ ਬੁਲਾਵਹੀ।'
ਧਾਰਮਿਕ ਆਸਥਾ ਮੁਤਾਬਿਕ ਕੜਾਹ ਪ੍ਰਸ਼ਾਦ ਦਾ ਅਰਥ ਹੈ, 'ਕਿਸੇ ਦੇਵ-ਇਸ਼ਟ ਨੂੰ ਭੇਟ ਕੀਤਾ ਗਿਆ ਖਾਧ ਪਦਾਰਥ, ਜੋ ਬਾਅਦ 'ਚ ਸ਼ਰਧਾਲੂਆਂ 'ਚ ਵੰਡਿਆ ਜਾਵੇ।'
ਭਾਈ ਕਾਹਨ ਸਿੰਘ ਨਾਭਾ ਦੇ 'ਮਹਾਨਕੋਸ਼' ਅਨੁਸਾਰ-
'ਉਹ ਕੜਾਹ ਪ੍ਰਸ਼ਾਦ ਜੋ ਮਰਿਆਦਾ ਅਨੁਸਾਰ ਤਿਆਰ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਰੱਖ ਕੇ, ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰਕੇ ਵਰਤਾਈਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ।' ਪ੍ਰਸ਼ਾਦ ਦਾ ਅਰਥ ਹੈ ਖ਼ੁਸ਼ੀ, ਪ੍ਰਸੰਨਤਾ, ਸਵੱਛਤਾ, ਨਿਰਮਲਤਾ, ਅਰੋਗਤਾ, ਦੇਵਤਿਆਂ ਨੂੰ ਅਰਪਿਆ ਹੋਇਆ ਖਾਣ ਯੋਗ ਪਦਾਰਥ, ਕਾਵਯ ਦਾ ਗੁਣ, ਕ੍ਰਿਪਯ, ਅਨੁਗ੍ਰਹ। ਅਤੇ ਕੜਾਹ ਦਾ ਅਰਥ ਹੈ 'ਕੜਾਹਾ-ਲੋਹੇ ਦਾ ਖੁੱਲ੍ਹੇ ਮੂੰਹ ਵਾਲਾ ਕੁੰਡੇਦਾਰ ਬਰਤਨ। ਕੜਾਹੇ 'ਚ ਤਿਆਰ ਕੀਤਾ ਅੰਨ-ਹਲੂਆ ਜਾਂ ਕੜਾਹ।'
ਵੱਖ-ਵੱਖ ਖੋਜਾਂ ਅਤੇ ਡਾਕਟਰੀ ਰਿਪੋਰਟਾਂ ਵੀ ਇਸ ਦੀ ਪੌਸ਼ਟਿਕਤਾ ਪ੍ਰਤੀ ਸਬੂਤ ਦੇ ਚੁੱਕੀਆਂ ਹਨ। ਇਹ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਦੇਗ ਬਹੁਤ ਹੀ ਸਿਹਤਵਰਧਕ ਨਿਆਮਤ ਹੈ । ਡਾਕਟਰ ਬੈਂਸ ਦਾ ਕਹਿਣਾ ਹੈ ਕਿ ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ, ਜਦੋਂ ਇਸ ਦੀ ਬਰੀਕੀ ਨਾਲ ਪੜਤਾਲ ਕੀਤੀ ਅਤੇ ਕਿਹਾ, 'ਜੇ ਸਾਰੇ ਗੁਣ ਲਿਖਣ ਬੈਠਾ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।' ਡਾਕਟਰ ਬਲਰਾਜ ਬੈਂਸ ਨੇ ਇਸ ਦੇ ਗੁਣ ਸਾਂਝੇ ਕਰਦਿਆਂ ਲਿਖਿਆ ਹੈ-'ਕੜਾਹ ਪ੍ਰਸ਼ਾਦ ਸਿਹਤ ਲਈ ਬੇਹੱਦ ਲਾਭਦਾਇਕ ਅਤੇ ਫ਼ਾਇਦੇਮੰਦ ਹੈ।' ਉਨ੍ਹਾਂ ਹਰ ਵਿਅਕਤੀ ਨੂੰ ਦਿਨ 'ਚ ਇਕ ਵਾਰ ਜ਼ਰੂਰ ਦੇਗ ਛਕਣ ਦੀ ਸਲਾਹ ਦਿੱਤੀ ਹੈ।
ਗੁਰੂ ਸਾਹਿਬਾਨਾਂ ਨੇ ਆਪਣੇ ਸਿੱਖਾਂ ਨੂੰ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਣ ਅਤੇ ਗੁਰਬਾਣੀ ਸੁਣਨ ਦੀ ਤਾਕੀਦ ਸ਼ਾਇਦ ਇਸੇ ਕਰਕੇ ਹੀ ਕੀਤੀ ਸੀ ਕਿ ਗੁਰੂ ਦਾ ਸਿੱਖ ਹਮੇਸ਼ਾ ਸਰੀਰਕ ਅਤੇ ਰੂਹਾਨੀਅਤ ਪੱਖੋਂ ਤਾਕਤਵਰ ਅਤੇ ਮਜ਼ਬੂਤ ਰਹੇ। ਕੜਾਹ ਪ੍ਰਸ਼ਾਦ ਵੰਡਣ ਦੀ ਰਵਾਇਤ ਹੋਰ ਧਰਮਾਂ ਅਤੇ ਸੰਪ੍ਰਦਾਵਾਂ ਵਿਚ ਪ੍ਰਚਲਿਤ ਹੋ ਰਹੀ ਹੈ, ਪਰ ਸਿੱਖ ਧਰਮ 'ਚ ਇਹ ਰੂੜ ਹੋ ਗਈ ਹੈ। (ਸਮਾਪਤ)


-ਬੀਂਬੜ, ਸੰਗਰੂਰ। ਮੋਬਾ: 97797-08257

ਨਵਾਬ ਕਪੂਰ ਸਿੰਘ ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਿਤ ਹੋਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸ: ਜੱਸਾ ਸਿੰਘ ਆਹਲੂਵਾਲੀਆ ਨੇ 1777 ਈ: ਨੂੰ ਕਪੂਰਥਲੇ ਨੂੰ ਫਤਹਿ ਕਰਕੇ ਆਪਣੀ ਰਾਜਧਾਨੀ ਬਣਾਇਆ।
ਉਸ ਸਮੇਂ ਧੀਰਮੱਲੀਏ ਜੋ ਪੰਥ ਵਿਚੋਂ ਛੇਕੇ ਹੋਏ ਸਨ, ਨੂੰ ਗੁਲਾਬ ਸਿੰਘ ਸੋਢੀ ਦੀ ਬੇਨਤੀ ਉਪਰੰਤ ਖ਼ਾਲਸਾ ਪੰਥ ਦੀਆਂ ਸ਼ਰਤਾਂ ਅਨੁਸਾਰ ਧੀਰਮੱਲੀਆਂ ਨੂੰ ਮੁੜ ਸਿੱਖ ਪੰਥ ਦਾ ਅੰਗ ਬਣਾਇਆ। ਇਹ ਫੈਸਲਾ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਿਆ ਗਿਆ।
ਸਿੱਖ ਫ਼ੌਜਾਂ ਨੇ 11 ਮਾਰਚ, 1783 ਈ: ਨੂੰ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਸ: ਬਘੇਲ ਸਿੰਘ, ਸ: ਤਾਰਾ ਸਿੰਘ ਘੇਬਾ, ਸ: ਮਹਾਂ ਸਿੰਘ ਸ਼ੁਕਰਚੱਕੀਆ, ਸ: ਖੁਸ਼ਹਾਲ ਸਿੰਘ, ਸ: ਕਰਮ ਸਿੰਘ, ਸ: ਭਾਗ ਸਿੰਘ, ਸ: ਸਾਹਿਬ ਸਿੰਘ, ਸ: ਸ਼ੇਰ ਸਿੰਘ ਬੂੜੀਆ, ਸ: ਗੁਰਦਿੱਤ ਸਿੰਘ ਲਾਡੋਵਾਲੀਆ, ਸ: ਕਰਮ ਸਿੰਘ ਸ਼ਾਹਬਾਦ, ਸ: ਗੁਰਬਖਸ਼ ਸਿੰਘ ਅੰਬਾਲਾ ਆਦਿ ਸਭ ਮਜਨੂੰ ਟਿੱਲੇ ਇਕੱਠੇ ਹੋਏ ਇਨ੍ਹਾਂ ਜਥੇਦਾਰਾਂ ਦੀ ਅਗਵਾਈ ਵਿਚ ਦਿੱਲੀ 'ਤੇ ਹਮਲਾ ਕੀਤਾ ਗਿਆ ਅਤੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨ ਉਪਰੰਤ ਖ਼ਾਲਸਾਈ ਨਿਸ਼ਾਨ ਦਿੱਲੀ ਦੇ ਲਾਲ ਕਿਲ੍ਹੇ 'ਤੇ ਝੁਲਾ ਦਿੱਤਾ। ਉਸ ਸਮੇਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਬਘੇਲ ਸਿੰਘ, ਸ: ਜੱਸਾ ਸਿੰਘ ਰਾਮਗੜ੍ਹੀਆ ਆਦਿ ਪੰਜ ਸਿੱਖ ਜਰਨੈਲਾਂ ਨੂੰ ਦਿੱਲੀ ਤਖ਼ਤ 'ਤੇ ਬਿਠਾਇਆ ਗਿਆ। ਇਹ ਕਿਹਾ ਜਾਂਦਾ ਹੈ ਕਿ ਸਿੱਖ ਜਰਨੈਲ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਐਲਾਨ ਕਰਨਾ ਚਾਹੁੰਦੇ ਸਨ ਪਰ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਇਹ ਗੱਲ ਪ੍ਰਵਾਨ ਨਹੀਂ ਸੀ। ਜਦ ਇਸ ਗੱਲ ਦਾ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ 'ਪੰਥ ਨੇ ਮੈਨੂੰ ਜੋ ਤਖ਼ਤ ਦੀ ਸੇਵਾ ਬਖਸ਼ੀ ਹੈ, ਉਸ ਦੇ ਸਾਹਮਣੇ ਇਹ ਤਖ਼ਤ ਤੁੱਛ ਹੈ।' ਏਨਾ ਕਹਿ ਕੇ ਤਖ਼ਤ ਤੋਂ ਹੇਠਾਂ ਉੱਤਰ ਆਏ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਬਹੁਤ ਸਿਆਣੇ, ਸਮਝਦਾਰ, ਦੂਰਅੰਦੇਸ਼ੀ ਜਥੇਦਾਰ ਸਨ।
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀਵਾਲੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਪਹੁੰਚੇ ਹੀ ਸਨ, ਪੇਟ ਵਿਚ ਤਕਲੀਫ ਸ਼ੁਰੂ ਹੋ ਗਈ। ਅੰਤਿਮ ਸਮਾਂ ਨੇੜੇ ਜਾਣ ਕੇ ਸਭ ਸਰਦਾਰਾਂ ਨੂੰ ਬੁਲਾ ਕੇ ਕਿਹਾ ਕਿ-
'ਅੰਤਮ ਸਮਾਂ ਨੇੜੇ ਆ ਗਿਆ, ਹੁਣ ਉਨ੍ਹਾਂ ਦਾ ਧਿਆਨ ਹੋਰ ਕਿਸੇ ਪਾਸੇ ਨਾ ਖਿੱਚਣਾ। ਕੋਈ ਦੁਨਿਆਵੀ ਗੱਲ ਕੰਨਾਂ ਤੱਕ ਨਾ ਪਹੁੰਚਾਈ ਜਾਵੇ।'
ਅਖੀਰ 20 ਅਕਤੂਬਰ, 1783 ਈ: ਨੂੰ ਅਕਾਲ ਚਲਾਣਾ ਕਰ ਗਏ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸਸਕਾਰ ਨਵਾਬ ਕਪੂਰ ਸਿੰਘ ਦੇ ਨੇੜੇ ਬਾਬਾ ਅਟੱਲ ਸਾਹਿਬ ਦੇ ਅਸਥਾਨ 'ਤੇ ਕੀਤਾ ਗਿਆ।
(ਸਮਾਪਤ)


-ਬਠਿੰਡਾ। ਮੋਬਾ: 98155-33725

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਪ੍ਰਸੰਗ ਵਿਚ

ਗੁਰੂ ਨਾਨਕ ਸਾਹਿਬ ਦਾ ਜੱਸ (ਹੱਕ ਤੇ ਸੱਚ ਦੀ ਆਵਾਜ਼)

* ਲੇਖਕ : ਇਹਸਾਨ ਬਾਜਵਾ *

ਨਾਨਕ ਹੱਕ ਤੇ ਸੱਚ ਦੀ ਵਾਜ ਲਾਈ,
ਸੌਦਾ ਅਮਰ ਹਯਾਤ ਦਾ ਤੋਲਿਆ ਏ।
ਬਾਣੀ ਰਮਝ ਦੀ ਓਸ ਬਿਆਨ ਕੀਤੀ,
ਅੰਮ੍ਰਿਤ ਜੀਵਨੇ 'ਚੋਂ ਮਾਣਕ ਟੋਲਿਆ ਏ।
ਨਾਲ ਸੁਰਾਂ ਦੇ ਮੇਲ ਮਿਲਾਪ ਕੀਤਾ,
ਰੰਗ ਜੀਣ ਦਾ ਅਸਲ ਟਟੋਲਿਆ ਏ।
ਜਗਤ ਵਾਸ ਗਵਾਹੀਆਂ ਪਿਆ ਦੇਵੇ,
ਨਾਨਕ ਜੀਵਨੇ ਦਾ ਵਰਕਾ ਫੋਲਿਆ ਏ।
ਉਲਫ਼ਤ ਨਾਲ ਹੈ ਰੰਗਿਆ ਜੀਣ ਤਾਈਂ,
ਲਫ਼ਜ਼ ਕਦਰ ਕਿਆਸ ਦਾ ਬੋਲਿਆ ਏ।
ਕਾਮਿਲ ਸਿਦਕ ਥੀਂ ਅਮਰ ਗਿਆਨ ਵਾਲਾ,
ਮੋਤੀ ਜੀਵਨੇ 'ਚੋਂ ਓਹਨੇ ਰੋਲਿਆ ਏ।
ਸਾਬਤ ਸਿਦਕ ਯਕੀਨ ਦੇ ਖੇਤ ਅੰਦਰ,
ਲੱਖ ਔੜ ਵੇਖੀ ਨਾਹੀ ਡੋਲਿਆ ਏ।
ਅੰਮ੍ਰਿਤ ਗੀਤ ਮੁਹੱਬਤੀਂ ਫਿਰੇ ਗਾਉਂਦਾ,
ਜੀਵਨਾ ਓਸ ਅਮੋਲਿਆ ਏ।
ਅੰਬਰੋਂ ਸੁੱਕਿਆਂ ਨੂੰ ਨਾਨਕ ਕਰੇ ਸਾਵੇ,
ਕਾਮਿਲ ਜੀਣ ਦਾ ਰਾਜ਼ ਨਿਰੋਲਿਆ ਏ।
ਸਦਾ ਸੱਚੀਆਂ ਆਖ ਇਹਸਾਨ ਸਾਈਆਂ,
ਨਾਨਕ ਜੀਵਨੇ ਦਾ ਬੂਹਾ ਖੋਲ੍ਹਿਆ ਏ।


ਅਨੁਵਾਦ : ਗੁਰਨਾਮ ਸਿੰਘ ਚੀਮਾ
ਪਿੰਡ ਮਾਂਗਟ, ਡਾਕ: ਛਾਂਗਲਾ, ਤਹਿ: ਦਸੂਹਾ (ਹੁਸ਼ਿਆਰਪੁਰ)।
ਮੋਬਾ: 98140-44425

ਧਾਰਮਿਕ ਸਾਹਿਤ

15 ਭਗਤ 500 ਸਵਾਲ
ਲੇਖਕ :
ਬਲਵਿੰਦਰ ਸਿੰਘ ਕੋਟਕਪੂਰਾ
ਪ੍ਰਕਾਸ਼ਕ : ਫੂਲ ਭਾਰਤੀ, ਜਲੰਧਰ।
ਪੰਨੇ : 56, ਕੀਮਤ : 40 ਰੁਪਏ
ਸੰਪਰਕ : 94171-85565


ਲੇਖਕ ਦੀ ਇਹ ਪੁਸਤਕ ਭਗਤ ਕਬੀਰ ਜੀ ਦੀ 2018 ਵਿਚ ਪੰਜ ਸੌ ਸਾਲਾ ਪ੍ਰਲੋਕ ਗਮਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੀ ਸਮਾਪਤੀ ਤੇ ਚੌਥੀ ਉਦਾਸੀ ਦੀ ਆਰੰਭਤਾ ਦੀ ਪੰਜ ਸੌ ਸਾਲਾ ਸ਼ਤਾਬਤੀ ਨੂੰ ਸਮਰਪਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਦੀ ਬਾਣੀ ਦਰਜ ਹੈ, ਉਨ੍ਹਾਂ ਨਾਲ ਸਬੰਧਤ ਜਾਣਕਾਰੀ ਇਸ ਪੁਸਤਕ ਵਿਚ ਸ਼ਾਮਿਲ ਹੈ। ਲੇਖਕ ਨੇ ਬੜੇ ਨਿਵੇਕਲੇ ਢੰਗ ਨਾਲ ਇਨ੍ਹਾਂ ਮਹਾਂਪੁਰਖਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਸ਼ਨ-ਉੱਤਰ ਵਿਧੀ ਰਾਹੀਂ ਪਾਠਕਾਂ ਨਾਲ ਸਾਂਝੀ ਕੀਤੀ ਹੈ। ਇਹ ਵਿਧੀ ਬੜੀ ਲਾਹੇਵੰਦੀ ਜਾਪਦੀ ਹੈ।
ਛੋਟੇ-ਛੋਟੇ ਸਵਾਲਾਂ ਦੇ ਸੰਖੇਪ ਉੱਤਰਾਂ ਰਾਹੀਂ ਇਹ ਜਾਣਕਾਰੀ ਪਾਠਕ ਦੇ ਮਨ ਵਿਚ ਉਤਰ ਜਾਂਦੀ ਹੈ। ਪੁਸਤਿਕਾ ਵਿਚ ਸ਼ਾਮਿਲ ਪ੍ਰਥਮ ਸਵਾਲ ਹੈ-'ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਭਗਤਾਂ ਦੀ ਬਾਣੀ ਉਚਾਰੀ ਹੋਈ ਮਿਲਦੀ ਹੈ?'
ਉੱਤਰ : ਪੰਦਰਾਂ ਭਗਤਾਂ ਦੀ।
ਪ੍ਰਸ਼ਨ ਚੌਥਾ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਕਿੰਨੇ ਰਾਗਾਂ ਵਿਚ ਦਰਜ ਹੈ?
ਉੱਤਰ : 22 ਰਾਗਾਂ ਵਿਚ।
ਪੰਜਵਾਂ ਪ੍ਰਸ਼ਨ : ਭਗਤਾਂ ਦੇ 22 ਰਾਗਾਂ ਵਿਚ ਕਿੰਨੇ ਸ਼ਬਦ ਹਨ?
ਉੱਤਰ : 349 ਸ਼ਬਦ
ਬੜੇ ਹੀ ਸਰਲ, ਸਪੱਸ਼ਟ ਤੇ ਠੋਸ ਢੰਗ ਰਾਹੀਂ ਇਸ ਵਿਧੀ ਨਾਲ ਲੇਖਕ ਨੇ ਪੰਦਰਾਂ ਭਗਤ ਸਾਹਿਬਾਨ ਦੇ ਸਮੁੱਚੇ ਜੀਵਨ ਦਰਸ਼ਨ, ਵਿਚਾਰਧਾਰਾਂ, ਸਿਧਾਂਤਾਂ ਅਤੇ ਲੋਕਾਈ ਪ੍ਰਤੀ ਰੂਹਾਨੀ ਸੰਦੇਸ਼ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। 6 ਪੁਸਤਕਾਂ ਦੇ ਵਿਦਵਾਨ ਲੇਖਕ ਨੇ ਹਰ ਸਵਾਲ ਦਾ ਉੱਤਰ ਸਬੰਧਤ ਭਗਤ ਜੀ ਦੀ ਬਾਣੀ ਵਿਚੋਂ ਢੁਕਵੇਂ ਪ੍ਰਮਾਣ ਦੇ ਕੇ ਬਾਖੂਬੀ ਦਿੱਤਾ ਹੈ। ਸਰਵਰਕ 'ਤੇ ਪੰਦਰਾਂ ਹੀ ਭਗਤਾਂ ਦੇ ਸੁੰਦਰ ਰੰਗੀਨ ਚਿੱਤਰ ਤੇ ਅੰਤਲੇ ਪੰਨੇ 'ਤੇ ਭਗਤਾਂ ਦੀ ਉਪਮਾ ਬਾਰੇ ਗੁਰਬਾਣੀ ਵਿਚੋਂ 10 ਪ੍ਰਮਾਣ ਦਿੱਤੇ ਹਨ। ਪੁਸਤਕ ਕੁੱਜੇ ਵਿਚ ਬੰਦ ਸਮੁੰਦਰ ਵਾਂਗ ਹੈ।


-ਤੀਰਥ ਸਿੰਘ ਢਿੱਲੋਂ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX