ਤਾਜਾ ਖ਼ਬਰਾਂ


ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  1 day ago
ਉੱਤਰ ਪ੍ਰਦੇਸ਼ : ਚਿੱਤਰਕੂਟ ਨਦੀ 'ਚ ਨਹਾਉਣ ਗਏ 5 ਬੱਚਿਆਂ 'ਚੋਂ 3 ਦੀ ਮੌਤ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 174 ਦੌੜਾਂ ਦਾ ਟੀਚਾ
. . .  1 day ago
ਭਾਖੜਾ 'ਚ ਰੁੜ੍ਹੇ ਪਾਤੜਾਂ ਦੇ ਦੋ ਨੌਜਵਾਨ, ਇਕ ਦੀ ਮਿਲੀ ਲਾਸ਼
. . .  1 day ago
ਪਾਤੜਾਂ, 21 ਸਤੰਬਰ (ਗੁਰਵਿੰਦਰ ਸਿੰਘ ਬੱਤਰਾ) - ਹਰਿਆਣਾ ਦੇ ਜ਼ਿਲ੍ਹਾ ਕੈਥਲ 'ਚ ਪਾਤੜਾਂ ਦੇ ਦੋ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਡੁੱਬਣ ਦਾ ਸਮਾਚਾਰ ਹੈ। ਭਾਖੜਾ ਨਹਿਰ 'ਚ ਡੁੱਬੇ ਇਨ੍ਹਾਂ ਦੋ ਨੌਜਵਾਨਾਂ 'ਚੋਂ ਪ੍ਰਦੀਪ ਕੁਮਾਰ ਦੀ ਲਾਸ਼ ਮਿਲ ਗਈ ਹੈ ਜਦਕਿ ਦੂਸਰਾ ਨੌਜਵਾਨ ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਸੱਤਵਾਂ ਝਟਕਾ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਛੇਵਾਂ ਝਟਕਾ
. . .  1 day ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਤਿੰਨ ਹੋਰ ਅੱਤਵਾਦੀ ਢੇਰ ਹੋ ਗਏ...
ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਹੋਏ ਮੁਕੰਮਲ- ਰਿਟਰਨਿੰਗ ਅਫ਼ਸਰ
. . .  1 day ago
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ) - 19 ਸਤੰਬਰ ਨੂੰ ਹੋਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਸਬ-ਡਵੀਜ਼ਨ ਤਪਾ ਦੇ ਐਸ.ਡੀ.ਐਮ. ਦਫ਼ਤਰ 'ਚ ਬੰਦ ਹੈ, ਜਿਨ੍ਹਾਂ ਦੀ...
ਅਗਲੇ ਦੋ ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
. . .  1 day ago
ਚੰਡੀਗੜ੍ਹ, 21 ਸਤੰਬਰ - ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਭਾਰੀ ਮੀਂਹ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ....
ਪਿੰਡ ਦਬੜੀਖਾਨਾ ਦੇ ਬੂਥ ਨੰਬਰ-34 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ
. . .  1 day ago
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਹਲਕੇ ਦੇ ਪਿੰਡ ਦਬੜੀਖਾਨਾ (ਗੋਬਿੰਦਗੜ੍ਹ) ਦੇ ਬੂਥ ਨੰਬਰ-34 ਵਿਖੇ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦਾ ਕੰਮ....
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ ਵਿਸ਼ਵ ਕੱਪ 2018 ਦੇ ਦਿਲਚਸਪ ਵਾਕਿਆਤ

ਇਸ ਵਾਰ ਦਾ ਫੁੱਟਬਾਲ ਵਿਸ਼ਵ ਕੱਪ ਹਰ ਪੱਖੋਂ ਬਿਹਤਰੀਨ, ਜ਼ਬਰਦਸਤ ਅਤੇ ਯਾਦਗਾਰ ਸਾਬਤ ਹੋ ਰਿਹਾ ਹੈ। ਇਸ ਦੌਰਾਨ ਜਿਥੇ ਮੈਦਾਨ ਉੱਤੇ ਵਧੀਆ ਖੇਡ ਦਿਖ ਰਹੀ ਹੈ, ਉਥੇ ਹੀ ਵਿਸ਼ਵ ਕੱਪ ਸਬੰਧੀ ਮੈਦਾਨ ਦੇ ਆਸ-ਪਾਸ ਅਤੇ ਮੈਦਾਨ ਦੇ ਬਾਹਰ ਵੀ ਦਿਲਚਸਪ ਵਾਕਿਆਤ ਹੋ ਰਹੇ ਹਨ। ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਟੀਮਾਂ ਇਕ-ਦੂਜੇ ਦੀ ਤਕਨੀਕ ਨੂੰ ਜਾਣਨ ਲਈ ਪੂਰਾ ਜ਼ੋਰ ਲਾ ਦਿੰਦੀਆਂ ਹਨ ਪਰ ਇਸ ਵਾਰ ਸਵੀਡਨ ਦੀ ਟੀਮ ਨੇ ਤਾਂ ਆਪਣੇ ਗਰੁੱਪ ਦੀ ਵਿਰੋਧੀ ਟੀਮ ਕੋਰੀਆ ਦੀ ਬਾਕਾਇਦਾ ਜਾਸੂਸੀ ਹੀ ਕਰ ਲਈ। ਸਵੀਡਨ ਨੇ ਕੋਰੀਆ ਤੋਂ ਆਪਣਾ ਪਹਿਲਾ ਮੁਕਾਬਲਾ 1-0 ਨਾਲ ਜਿੱਤਿਆ ਸੀ। ਸਵੀਡਿਸ਼ ਟੀਮ ਹਰ ਲਿਹਾਜ਼ ਨਾਲ ਕੋਰੀਆ ਤੋਂ ਮਜ਼ਬੂਤ ਸੀ, ਇਸ ਦੇ ਬਾਵਜੂਦ ਸਵੀਡਨ ਨੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕੋਰੀਆਈ ਟੀਮ ਦੀ ਜਾਸੂਸੀ ਕਰਨੀ ਜ਼ਰੂਰੀ ਸਮਝੀ ਸੀ। ਸਵੀਡਨ ਨੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਇਸ ਗੱਲ ਨੂੰ ਸਵੀਕਾਰ ਵੀ ਕੀਤਾ ਸੀ। ਦਰਅਸਲ, ਸਵੀਡਨ ਦੇ ਇਕ ਜਾਸੂਸ ਨੇ ਇਸ ਮਹੀਨੇ ਅਸਟਰੀਆ ਵਿਚ ਕੋਰੀਆ ਦੇ ਟ੍ਰੇਨਿੰਗ ਬੇਸ ਕੋਲ ਇਕ ਮਕਾਨ ਕਿਰਾਏ 'ਤੇ ਲੈ ਕੇ ਟੈਲੀਸਕੋਪ ਅਤੇ ਵੀਡੀਓ ਕੈਮਰੇ ਰਾਹੀਂ ਕੋਰੀਆਈ ਟ੍ਰੇਨਿੰਗ ਸੈਸ਼ਨ 'ਤੇ ਨਿਗਰਾਨੀ ਰੱਖੀ ਸੀ।
ਇਸ ਵਿਅਕਤੀ ਨੇ ਇਸ ਤੋਂ ਪਹਿਲਾਂ ਇਕ ਘੁੰਮਣ-ਫਿਰਨ ਵਾਲੇ ਦੇ ਰੂਪ ਵਿਚ ਕੋਰੀਆਈ ਟ੍ਰੇਨਿੰਗ ਸੈਸ਼ਨ ਵਿਚ ਦਾਖਲ ਹੋ ਕੇ ਵਿਰੋਧੀ ਟੀਮ ਦੀ ਤਿਆਰੀ ਜਾਣਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਵਿਸ਼ਵ ਕੱਪ ਕਿੰਨਾ ਮਹੱਤਵਪੂਰਨ ਮੁਕਾਬਲਾ ਹੈ, ਜਿਸ ਲਈ ਟੀਮਾਂ ਨੂੰ ਏਨੇ ਪਾਪੜ ਵੇਲਣੇ ਪੈਂਦੇ ਹਨ। ਇਸੇ ਤਰ੍ਹਾਂ ਸਰਬੀਆ ਦੇ ਖਿਡਾਰੀ ਅਲੈਕਜ਼ੈਂਡਰ ਕੋਲਾਰੋਵ ਲਈ ਪਹਿਲੇ ਮੈਚ ਵਾਲਾ ਸ਼ਹਿਰ ਸਮਾਰਾ ਸ਼ਾਨਦਾਰ ਰਿਹਾ। ਉਨ੍ਹਾਂ ਵਿਸ਼ਵ ਕੱਪ 'ਚ ਉਥੇ ਇਕ ਬਿਹਤਰੀਨ ਗੋਲ ਕੀਤਾ, ਜਿਸ ਦੇ ਲਈ ਉਨ੍ਹਾਂ ਦੇ ਦੇਸ਼ ਦੇ ਗਵਰਨਰ ਨੇ ਉਨ੍ਹਾਂ ਨੂੰ ਉਸ ਦੇਸ਼ ਦੀ ਪ੍ਰਸਿੱਧ 'ਲਾਡਾ' ਗੱਡੀ ਇਨਾਮ 'ਚ ਦਿੱਤੀ ਹੈ। ਇਸ ਡਿਫੈਂਡਰ ਨੇ ਦੂਜੇ ਹਾਫ 'ਚ ਫ੍ਰੀ ਕਿਕ ਗੋਲ ਕੀਤਾ ਸੀ, ਜਿਸ ਨਾਲ ਸਰਬੀਆ ਨੇ ਕੋਸਟਾ ਰਿਕਾ ਨੂੰ 1-0 ਨਾਲ ਹਰਾਇਆ ਸੀ।
ਇੰਗਲੈਂਡ ਦੀ ਟੀਮ ਨੂੰ ਭਾਵੇਂ ਹੀ ਫੁੱਟਬਾਲ ਵਿਸ਼ਵ ਕੱਪ ਦੀਆਂ ਮਜ਼ਬੂਤ ਦਾਅਵੇਦਾਰ ਟੀਮਾਂ 'ਚ ਨਹੀਂ ਗਿਣਿਆ ਜਾ ਰਿਹਾ ਪਰ ਟੂਨੀਸ਼ੀਆ ਖਿਲਾਫ ਉਸ ਨੇ ਪਹਿਲੇ ਮੈਚ ਦੇ ਆਖਰੀ ਸਮੇਂ 'ਚ ਮਿਲੀ ਜਿੱਤ ਨੂੰ ਉੱਥੇ ਟੈਲੀਵਿਜ਼ਨ 'ਤੇ 1.83 ਕਰੋੜ ਦਰਸ਼ਕਾਂ ਨੇ ਦੇਖਿਆ, ਜੋ ਇਸ ਸਾਲ ਦਾ ਨਵਾਂ ਰਿਕਾਰਡ ਹੈ। ਪਿਛਲੇ ਦਿਨਾਂ 'ਚ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦਾ ਵਿਆਹ ਹੋਇਆ ਸੀ। ਇਸ ਦਾ ਸਿੱਧਾ ਪ੍ਰਸਾਰਨ ਸੋਸ਼ਲ ਸਾਈਟਸ ਤੇ ਟੀ. ਵੀ. 'ਤੇ ਹੋਇਆ ਸੀ। ਇੰਗਲੈਂਡ ਦੇ ਮੈਚ ਨੇ ਉਸ ਵਿਆਹ ਦਾ ਰਿਕਾਰਡ ਵੀ ਤੋੜ ਦਿੱਤਾ। ਰੂਸ ਦੇ ਵੋਲਗੋਗ੍ਰਾਦ 'ਚ ਖੇਡੇ ਗਏ ਇਸ ਮੈਚ 'ਚ ਕਪਤਾਨ ਹੈਰੀ ਕੇਨ ਨੇ ਇੰਜਰੀ ਟਾਈਮ 'ਚ ਗੋਲ ਕਰਕੇ 2-1 ਨਾਲ ਜਿੱਤ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਲਗਪਗ 30 ਲੱਖ ਲੋਕਾਂ ਨੇ ਇਸ ਮੈਚ ਨੂੰ ਆਨਲਾਈਨ ਵੀ ਦੇਖਿਆ, ਜੋ ਲਾਈਵ ਦਰਸ਼ਕਾਂ ਦੇ ਮਾਮਲੇ 'ਚ ਪ੍ਰਸਾਰਕ ਬੀ. ਬੀ. ਸੀ. ਦੇ ਲਈ ਰਿਕਾਰਡ ਹੈ। ਸਾਡਾ ਭਾਰਤ ਭਾਵੇਂ ਵਿਸ਼ਵ ਕੱਪ ਨਹੀਂ ਖੇਡ ਰਿਹਾ ਪਰ ਰੂਸ ਦੇ ਦੌਰੇ ਲਈ ਇਸ ਵਾਰ ਭਾਰਤੀਆਂ ਅੰਦਰ ਕੁਝ ਜ਼ਿਆਦਾ ਹੀ ਮੰਗ ਦੇਖਣ ਨੂੰ ਮਿਲੀ ਹੈ।
ਇਸ ਸਾਲ ਹੁਣ ਤੱਕ ਰੂਸ ਲਈ ਉਡਾਣਾਂ ਦੀ ਭਾਲ ਕਰਨ ਵਾਲਿਆਂ ਵਿਚ 23 ਫ਼ੀਸਦੀ ਦਾ ਵਾਧਾ ਹੋਇਆ ਹੈ, ਯਾਨੀ ਭਾਰਤੀ ਫੁੱਟਬਾਲ ਫੈਨਸ ਬਹੁਤ ਜ਼ਿਆਦਾ ਗਿਣਤੀ ਵਿਚ ਮੈਚ ਦੇਖਣ ਰੂਸ ਪਹੁੰਚ ਰਹੇ ਹਨ। ਫੀਫਾ ਵਿਸ਼ਵ ਕੱਪ ਦੇ ਟਿਕਟ ਖਰੀਦਣ ਵਾਲੇ ਦੇਸ਼ਾਂ ਵਿਚ ਭਾਰਤ ਸਿਖਰ-10 ਦੇਸ਼ਾਂ ਵਿਚ ਸ਼ਾਮਿਲ ਹੈ। ਫੀਫਾ ਵਿਸ਼ਵ ਕੱਪ ਲਈ ਅਮਰੀਕਾ ਤੋਂ ਸਭ ਤੋਂ ਜ਼ਿਆਦਾ 16,642 ਟਿਕਟਾਂ ਹੁਣ ਤੱਕ ਖਰੀਦੀਆਂ ਗਈਆਂ ਹਨ। ਇਸ ਦੇ ਬਾਅਦ ਅਰਜਨਟੀਨਾ, ਕੋਲੰਬੀਆ, ਮੈਕਸੀਕੋ, ਬਰਾਜ਼ੀਲ, ਪੇਰੂ, ਜਰਮਨੀ, ਚੀਨ, ਆਸਟ੍ਰੇਲੀਆ ਅਤੇ ਭਾਰਤ ਵਿਚ ਸਭ ਤੋਂ ਜ਼ਿਆਦਾ ਟਿਕਟਾਂ ਖਰੀਦੀਆਂ ਗਈਆਂ ਹਨ। ਭਾਰਤ ਤੋਂ ਹੁਣ ਤੱਕ ਕਰੀਬ 4509 ਪ੍ਰਸੰਸਕ ਵਿਸ਼ਵ ਕੱਪ ਦੇਖਣ ਲਈ ਰੂਸ ਜਾ ਚੁੱਕੇ ਹਨ। ਇਸ ਦੇ ਲਈ ਉਹ 3,000 ਤੋਂ 30,000 ਅਮਰੀਕੀ ਡਾਲਰ ਤੱਕ ਖਰਚ ਕਰ ਰਹੇ ਹਨ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023 E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਖੇਡਾਂ ਦਾ ਮਹਾਂਕੁੰਭ ਗਰਮ ਰੁੱਤ ਯੂਥ ਉਲੰਪਿਕ ਖੇਡਾਂ

ਦੁਨੀਆ ਦੇ ਹਰ ਖਿਡਾਰੀ ਦਾ ਸੁਪਨਾ ਉਲੰਪਿਕ ਖੇਡਣ ਹੁੰਦਾ ਹੈ। ਉਲੰਪਿਕ ਖੇਡਾਂ ਨੂੰ ਦੇਖਣ ਲਈ ਦੁਨੀਆ ਦੀਆ ਨਜ਼ਰਾਂ ਲੱਗੀਆਂ ਰਹਿੰਦੀਆਂ ਹਨ। ਸਾਲ 2010 ਤੋਂ ਯੂਥ ਉਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ। ਗਰਮੀ ਦੀਆਂ ਯੂਥ ਉਲੰਪਿਕ ਖੇਡਾਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਦੁਆਰਾ ਆਯੋਜਿਤ ਕੀਤੀਆਂ ਜਾਂਦੀਆਂ ਹਨ। ਯੂਥ ਉਲੰਪਿਕ ਖੇਡਾਂ ਵੀ ਉਲੰਪਿਕ ਖੇਡਾਂ ਵਾਂਗ ਹਰ ਚਾਰ ਸਾਲ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਹਿਲੀਆਂ ਯੂਥ ਉਲੰਪਿਕ ਖੇਡਾਂ 14 ਤੋਂ 26 ਅਗਸਤ, 2010 ਸਿੰਗਾਪੁਰ ਵਿਚ ਕਰਵਾਈਆਂ ਗਈਆਂ ਸਨ। ਇਨ੍ਹਾਂ ਯੂਥ ਉਲੰਪਿਕ ਖੇਡਾਂ ਵਿਚ ਖਿਡਾਰੀਆਂ ਦੀ ਉਮਰ ਹੱਦ 14 ਤੋਂ 18 ਨਿਰਧਾਰਤ ਕੀਤੀ ਗਈ ਸੀ। ਪਹਿਲੀਆਂ ਯੂਥ ਉਲੰਪਿਕ ਖੇਡਾਂ ਵਿਚ 204 ਦੇਸ਼ਾਂ ਦੇ 201 ਈਵੈਂਟਸ, 26 ਖੇਡਾਂ ਲਈ 3, 254 ਅਥਲੀਟਾਂ ਨੇ ਹਿੱਸਾ ਲਿਆ। ਸਾਲ 2014 ਦੀਆਂ ਯੂਥ ਉਲੰਪਿਕ ਖੇਡਾਂ ਵਿਚ 203 ਦੇਸ਼ਾਂ ਦੇ 222 ਈਵੈਂਟਸ ਲਈ 3,579 ਖਿਡਾਰੀਆਂ ਨੇ ਹਿੱਸਾ ਲਿਆ। ਸਾਲ 2018 ਗਰਮੀ ਦੀਆਂ ਯੂਥ ਉਲੰਪਿਕ ਖੇਡਾਂ 6 ਅਤੇ 18 ਅਕਤੂਬਰ, 2018 ਤੋਂ ਬ੍ਵੇਨੋਸ ਏਰਰਸ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਇਹ ਦੱਖਣੀ ਗ੍ਰੀਸ ਖੇਤਰ ਵਿਚ ਆਯੋਜਿਤ ਹੋਣ ਵਾਲੀਆਂ ਪਹਿਲੀਆਂ ਗਰਮੀ ਯੂਥ ਉਲੰਪਿਕ ਗੇਮਜ਼ ਹੋਣਗੀਆਂ।
ਗਰਮੀ ਦੀਆਂ ਯੂਥ ਉਲੰਪਿਕ ਖੇਡਾਂ ਵਿਚ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਹੈਂਡਬਾਲ, ਮੁੱਕੇਬਾਜ਼ੀ, ਸਾਈਕਲਿੰਗ, ਘੋੜਸਵਾਰ, ਫੀਲਡ ਹਾਕੀ ਆਦਿ ਖੇਡਾਂ ਸ਼ਾਮਲ ਹਨ। ਸਾਲ 2014 ਦੀਆਂ ਯੂਥ ਉਲੰਪਿਕ ਖੇਡਾਂ ਵਿਚ ਚੀਨ ਨੇ 38 ਸੋਨ, 13 ਚਾਂਦੀ, 14 ਕਾਂਸੀ ਤਗਮੇ ਜਿੱਤੇ ਤੇ ਪਹਿਲਾ ਸਥਾਨ ਹਾਸਲ ਕੀਤਾ। ਆਓ ਹੁਣ ਗੱਲ ਕਰਦੇ ਹਾਂ ਭਾਰਤ ਦੀ ਯੂਥ ਉਲੰਪਿਕ ਖੇਡਾਂ ਦੀ ਕਾਰਗੁਜ਼ਾਰੀ ਦੀ। ਸਾਲ 2010 ਦੇ ਗਰਮੀ ਦੀਆਂ ਯੂਥ ਉਲੰਪਿਕ ਖੇਡਾਂ ਵਿਚ ਭਾਰਤੀ ਉਲੰਪਿਕ ਐਸੋਸੀਏਸ਼ਨ ਵਲੋਂ ਤੈਰਾਕੀ, ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਜੂਡੋ, ਰੋਇੰਗ, ਸ਼ੂਟਿੰਗ, ਟੇਬਲ ਟੈਨਿਸ, ਟੈਨਿਸ, ਵੇਟ ਲਿਫਟਿੰਗ ਅਤੇ ਕੁਸ਼ਤੀ ਖੇਡਾਂ ਦੇ 13 ਖਿਡਾਰੀ ਸ਼ਾਮਿਲ ਹੋਏ। ਇਨ੍ਹਾਂ ਖੇਡਾਂ ਵਿਚ ਭਾਰਤ ਨੇ 6 ਚਾਂਦੀ, 2 ਕਾਂਸੀ ਦੇ ਤਗਮੇ ਜਿੱਤੇ ਤੇ ਤਗਮਾ ਸੂਚੀ ਵਿਚ ਭਾਰਤ 58ਵੇਂ ਸਥਾਨ 'ਤੇ ਰਿਹਾ। ਇਨ੍ਹਾਂ ਵਿਚ ਪੂਜਾ ਢਾਗਾ ਕੁਸ਼ਤੀ ਗਰਲਜ਼ ਫ੍ਰੀਸਟਾਈਲ 60 ਕਿਲੋਗ੍ਰਾਮ 'ਚ ਚਾਂਦੀ ਦਾ ਤਗਮਾ, ਪ੍ਰਣਯ ਹਸੀਨਾ ਸੁਨੀਲ ਕੁਮਾਰ ਬੈਡਮਿੰਟਨ ਲੜਕੇ ਦੇ ਸਿੰਗਲ 'ਚ ਚਾਂਦੀ ਦਾ ਤਗਮਾ, ਯੂਕੀ ਭਾਂਬਰੀ ਟੈਨਿਸ ਲੜਕਿਆਂ ਦੇ ਸਿੰਗਲਜ਼ 'ਚ ਚਾਂਦੀ ਦਾ ਤਗਮਾ, ਅਰਜੁਨ ਐਥਲੈਟਿਕਸ ਲੜਕਿਆਂ 'ਚ ਚਾਂਦੀ ਦਾ ਤਗਮਾ, ਕ੍ਰਿਸ਼ਨ ਯਾਦਵ ਨੇ ਬਾਕਸਿੰਗ ਪੁਰਸ਼ 'ਚ ਕਾਂਸੇ ਦਾ ਤਗਮਾ ਭਾਰਤ ਦੀ ਝੋਲੀ ਪਾਇਆ। 2014 ਦੀਆਂ ਗਰਮੀਆਂ ਦੀਆਂ ਯੂਥ ਉਲੰਪਿਕ ਖੇਡਾਂ 16 ਅਗਸਤ ਤੋਂ 28 ਅਗਸਤ ਤੱਕ ਨੈਨਜਿੰਗ (ਚੀਨ) ਵਿਚ ਹੋਈਆਂ। ਇਹਨਾਂ ਖੇਡਾਂ ਵਿਚ ਭਾਰਤ ਨੇ ਸਿਰਫ 2 ਤਗਮੇ ਜਿੱਤੇ ਸਨ। ਪਿਛਲੀਆਂ 2010 ਦੀਆਂ ਖੇਡਾਂ ਵਿਚ 8 ਤਗਮੇ ਜਿੱਤੇ ਸਨ। 2014 ਦੀਆਂ ਗਰਮੀਆਂ ਦੀਆਂ ਯੂਥ ਉਲੰਪਿਕ ਖੇਡਾਂ 'ਚ 15 ਖੇਡਾਂ ਵਿਚ 32 ਖਿਡਾਰੀਆਂ ਨੇ ਹਿੱਸਾ ਲਿਆ। ਵੈਂਕਟ ਰਾਹੁਲ ਰੈਗਾਲਾ (ਵੇਟਲਿਫਟਿੰਗ) (77 ਕਿਲੋਗ੍ਰਾਮ) 'ਚ ਚਾਂਦੀ ਦਾ ਤਗਮਾ, ਅਤੁਲ ਵਰਮਾ ਤੀਰਅੰਦਾਜ਼ੀ ਲੜਕੇ ਵਿਅਕਤੀਗਤ 'ਚ ਕਾਂਸੇ ਦਾ ਤਗਮਾ ਜਿੱਤਿਆ ਤੇ ਤਗਮੇ ਸੂਚੀ ਵਿਚ ਭਾਰਤ 64ਵੇਂ ਸਥਾਨ 'ਤੇ ਰਿਹਾ।
ਸਾਲ 2018 ਗਰਮੀ ਦੀਆਂ ਯੂਥ ਉਲੰਪਿਕ ਖੇਡਾਂ 6 ਅਕਤੂਬਰ ਤੋਂ 18 ਅਕਤੂਬਰ, 2018 ਤੱਕ ਬ੍ਵੇਨੋਸ (ਅਰਜਨਟੀਨਾ) ਵਿਖੇ ਹੋਣਗੀਆਂ। ਯੂਥ ਉਲੰਪਿਕ ਖੇਡਾਂ ਵਿਚ ਭਾਰਤ ਦਾ ਸਭ ਤੋਂ ਵੱਡਾ ਦਲ ਹਿੱਸਾ ਲੈ ਰਿਹਾ ਹੈ। ਇਸ ਵਿਚ 19 ਲੜਕੇ ਤੇ 18 ਲੜਕੀਆਂ ਕੁਲ 37 ਖਿਡਾਰੀ ਭਾਗ ਲੈ ਰਹੇ ਹਨ। ਇਸ ਵਿਚ ਵਿਸ਼ੇਸ਼ ਗੱਲ ਹੈ ਕਿ ਇਨ੍ਹਾਂ ਖੇਡਾਂ ਵਿਚ ਸਰਕਾਰ ਦਾ ਟਾਰਗੇਟ ਉਲੰਪਿਕ ਪੋਡੀਅਮ ਸਕੀਮ (ਟਾੱਪਸ) ਵਾਲੇ ਖਿਡਾਰੀ ਹਿੱਸਾ ਲੈ ਰਹੇ ਹਨ। ਰਾਸ਼ਟਰਮੰਡਲ ਖੇਡਾਂ ਤੇ ਜੂਨੀਅਰ ਵਰਲਡ ਕੱਪ ਵਿਚ ਸੋਨ ਤਗਮਾ ਜੇਤੂ ਮਨੂ ਭਕਰ (ਹਰਿਆਣਾ), ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਤਗਮਾ ਜੇਤੂ ਨਿਸ਼ਾਨੇਬਾਜ਼ ਮਹਿਲੀ ਘੋਸ਼ (ਪੱਛਮੀ ਬੰਗਾਲ), ਵਿਸ਼ਵ ਨੌਜਵਾਨ ਮੁੱਕੇਬਾਜ਼ੀ ਚੈਂਪੀਅਨ ਨੀਤੂ, ਵੇਟਲਿਫਟਿੰਗ 'ਚ ਵਿਸ਼ਵ ਯੂਥ ਚਾਂਦੀ ਦਾ ਤਗਮਾ ਜੇਤੂ ਜੇਰੇਮੀ ਲਾਲਰੀਨੁੰਗਾ ਸ਼ਾਮਿਲ ਹਨ। ਤੀਰਅੰਦਾਜ਼ੀ, ਬੈਡਮਿੰਟਨ, ਬਾਕਸਿੰਗ, ਫੀਲਡ ਹਾਕੀ, ਰੋਇੰਗ ਨਿਸ਼ਾਨੇਬਾਜ਼ੀ, ਟੇਬਲ ਟੈਨਿਸ, ਵੇਟਲਿਫਟਿੰਗ, ਕੁਸ਼ਤੀ ਆਦਿ ਖੇਡਾਂ ਦੇ ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ 2026 ਯੂਥ ਉਲੰਪਿਕਸ ਤੇ 2030 ਏਸ਼ੀਆਈ ਖੇਡਾਂ, 2032 ਦੇ ਉਲੰਪਿਕ ਖੇਡਾਂ ਲਈ ਬੋਲੀ ਲਗਾਉਣ ਦਾ ਫੈਸਲਾ ਕੀਤਾ ਹੈ। ਆਸ ਕਰਦੇ ਹਾਂ ਕਿ 2018 ਗਰਮੀ ਦੀਆਂ ਯੂਥ ਉਲੰਪਿਕ ਖੇਡਾਂ ਵਿਚ ਨੌਜਵਾਨ ਖਿਡਾਰੀ ਦੇਸ਼ ਲਈ ਜ਼ਿਆਦਾ ਤੋਂ ਜ਼ਿਆਦਾ ਸੋਨ ਤਗਮੇ ਜਿੱਤਣ ਤੇ ਭਾਰਤ ਨੂੰ ਖੇਡ ਮਹਾਂਸ਼ਕਤੀ ਬਣਉਣ ਵਿਚ ਸਹਾਈ ਹੋਣ।


-ਮੋਬਾ: 82888-47042

ਭਾਰਤੀ ਹਾਕੀ ਟੀਮ 'ਚ ਆਪਣਾ ਖੇਡ ਹੁਨਰ ਮੰਨਵਾਉਣ ਪੰਜਾਬੀ

27 ਜੂਨ ਨੂੰ ਨੀਦਰਲੈਂਡ ਦੇ ਸ਼ਹਿਰ ਬਰੇਦਾ ਵਿਖੇ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਦੇ ਵਿਰੁੱਧ ਖੇਡੇਗੀ। ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਇਸ ਆਖਰੀ ਐਡੀਸ਼ਨ 'ਚ ਹੁਣ ਤੱਕ ਭਾਰਤੀ ਟੀਮ ਪਾਕਿਸਤਾਨ, ਅਰਜਨਟੀਨਾ ਦੇ ਵਿਰੁੱਧ ਆਪਣੇ ਦਮਖਮ ਦਾ ਪ੍ਰਦਰਸ਼ਨ ਕਰ ਚੁੱਕੀ ਹੋਵੇਗੀ। ਜ਼ਿਕਰਯੋਗ ਗੱਲ ਇਹ ਹੈ ਕਿ ਇਕ ਪਾਸੇ 14 ਵਾਰ ਇਸ ਟੂਰਨਾਮੈਂਟ 'ਚ ਸੋਨਾ ਹਾਸਲ ਕਰ ਚੁੱਕੀ ਆਸਟ੍ਰੇਲੀਆ ਦੀ ਧਮਾਕੇਦਾਰ ਟੀਮ ਹੋਵੇਗੀ, ਦੂਜੇ ਪਾਸੇ ਇਕ ਵੀ ਵਾਰ ਇਹ ਟੂਰਨਾਮੈਂਟ ਨਾ ਜਿੱਤਣ ਵਾਲੀ ਸਾਡੀ ਭਾਰਤੀ ਟੀਮ। ਪਿਛਲੇ ਕੁਝ ਅਰਸੇ ਤੋਂ ਹਾਕੀ ਇੰਡੀਆ ਅਤੇ ਇਸ ਨਾਲ ਸਬੰਧਤ ਕੋਚ ਵੱਖ-ਵੱਖ ਤਜਰਬੇ ਕਰਦਿਆਂ ਭਾਰਤੀ ਹਾਕੀ ਦੇ ਅਕਸ ਨੂੰ ਧੁੰਦਲਾ ਹੀ ਕਰੀ ਜਾ ਰਹੇ ਨਜ਼ਰ ਆਉਂਦੇ ਹਨ। ਕੋਈ ਸ਼ੱਕ ਨਹੀਂ ਕਿ ਇਸ ਟੀਮ 'ਚ ਪੰਜਾਬ ਦੇ ਖਿਡਾਰੀਆਂ ਦੀ ਬਹੁਤਾਤ ਹੈ। ਪਰ ਪੰਜਾਬੀਆਂ ਨੂੰ ਆਪਣੇ ਅਣਖੀਲੇ ਅਤੇ ਜੋਸ਼ੀਲੇ ਸੁਭਾਅ ਦਾ ਮੁਜ਼ਾਹਰਾ ਵੀ ਕਰਨ ਦੀ ਲੋੜ ਹੈ। ਦੇਸ਼ 'ਚ ਹੋਣ ਵਾਲੇ ਵਿਸ਼ਵ ਕੱਪ ਖੇਡਣ ਵਾਲੀ ਟੀਮ 'ਚ ਥਾਂ ਬਣਾਉਣ ਲਈ ਸਾਡੇ ਪੰਜਾਬੀ ਖਿਡਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੋ, ਸਖ਼ਤ ਮੁਕਾਬਲਿਆਂ 'ਚ ਪੰਜਾਬੀ ਖਿਡਾਰੀਆਂ ਨੂੰ ਪੰਜਾਬ ਦੀ ਇੱਜ਼ਤ ਅਤੇ ਸ਼ਾਨ ਬਹਾਲ ਕਰਨ ਲਈ ਵੀ ਜੀਅ ਤੋੜ ਮਿਹਨਤ ਦੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਟੀਮ 'ਚ ਖਰਾਬ ਪ੍ਰਦਰਸ਼ਨ ਪੰਜਾਬੀਆਂ ਦੇ ਭਾਰਤੀ ਹਾਕੀ ਵਿਚ ਯੋਗਦਾਨ ਲਈ ਸ਼ੁੱਭ ਸੰਕੇਤ ਨਹੀਂ ਹੋਵੇਗਾ।
ਕੋਚ ਹਰਿੰਦਰਾ ਸਿੰਘ ਨੇ ਨੀਦਰਲੈਂਡ ਜਾਣ ਤੋਂ ਪਹਿਲਾਂ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ, 'ਨੀਦਰਲੈਂਡ 'ਚ ਬਰੇਦਾ ਵਿਖੇ ਭਾਰਤੀ ਹਾਕੀ ਟੀਮ ਦਾ ਲੱਚਰ ਪ੍ਰਦਰਸ਼ਨ ਭਾਰਤੀ ਕੋਚਾਂ ਦੀ ਹਾਰ ਹੋਵੇਗੀ।' ਤੁਹਾਨੂੰ ਯਾਦ ਹੋਵੇਗਾ ਕਿ 1983 'ਚ ਭਾਰਤੀ ਟੀਮ ਤੀਜੇ ਸਥਾਨ ਦੇ ਮੁਕਾਬਲੇ ਵਾਸਤੇ ਵੈਸਟ ਜਰਮਨੀ ਤੋਂ ਹਾਰ ਗਈ ਸੀ। ਟੂਰਨਾਮੈਂਟ ਭਾਵੇਂ ਖ਼ਤਮ ਹੋਣ ਲੱਗਾ ਹੈ ਤੇ ਇਨ੍ਹਾਂ ਸਾਰੇ ਐਡੀਸ਼ਨਾਂ 'ਚ 1982, 1983, 2016 ਦਾ ਪ੍ਰਦਰਸ਼ਨ ਹੀ ਭਾਰਤੀ ਟੀਮ ਦਾ ਅੱਜ ਤੱਕ ਦਾ ਇਸ ਟੂਰਨਾਮੈਂਟ 'ਚ ਅਹਿਮ ਪ੍ਰਦਰਸ਼ਨ ਸੀ। 1982 'ਚ ਭਾਰਤੀ ਟੀਮ ਨੇ ਐਮਸਟੇਲਵੀਨ (ਨੀਦਰਲੈਂਡ) ਵਿਖੇ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। 2016 ਲੰਡਨ ਵਿਖੇ ਭਾਰਤੀ ਟੀਮ ਨੇ ਚਾਂਦੀ ਜਿੱਤੀ।
ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਆਖ਼ਰੀ ਐਡੀਸ਼ਨ ਵੀ ਹਾਲੈਂਡ ਦੀ ਧਰਤੀ 'ਤੇ ਹੀ ਆਯੋਜਿਤ ਹੋ ਰਿਹਾ ਹੈ। ਕੀ ਭਾਰਤ ਇਸ ਡੱਚ ਮੈਦਾਨ 'ਚ ਫਿਰ ਕੋਈ ਮਾਣਯੋਗ ਪ੍ਰਾਪਤੀ ਕਰ ਸਕਦਾ ਹੈ? ਸਭ ਦੇ ਮਨਾਂ 'ਚ ਇਸੇ ਗੱਲ ਦੀ ਉਤਸੁਕਤਾ ਬਣੀ ਹੋਈ ਹੈ।
ਹਰਮਨਪ੍ਰੀਤ ਸਿੰਘ, ਵਰੁਨ ਕੁਮਾਰ, ਜਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਦਿਲਪ੍ਰੀਤ ਸਿੰਘ, ਕ੍ਰਿਸ਼ਨ ਬਹਾਦਰ ਪਾਠਕ ਦਾ ਦਮਖਮ ਜੇ ਅੱਜ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਹਰਾ ਗਿਆ ਤਾਂ ਜਿਥੇ ਇਸ ਉਸੀਨੀਆ ਮਹਾਂਦੀਪ ਦਾ ਗਰੂਰ ਟੁੱਟੇਗਾ, ਉਥੇ ਏਸ਼ੀਆ ਚੈਂਪੀਅਨ ਭਾਰਤ ਦਾ ਸਵੈਵਿਸ਼ਵਾਸ ਹੋਰ ਵਧੇਗਾ ਅਤੇ ਪੰਜਾਬੀਆਂ ਦੀ ਬੱਲੇ-ਬੱਲੇ ਹੋਵੇਗੀ। ਬਹੁਤ ਦਿਲਚਸਪ ਅੰਕੜਾ ਇਹ ਵੀ ਹੈ ਕਿ ਖੇਡ ਦੇ ਹਰ ਵਿਭਾਗ 'ਚ ਪੰਜਾਬੀ ਖਿਡਾਰੀ ਸ਼ਾਮਿਲ ਹੈ। ਗੋਲਕੀਪਿੰਗ ਤੋਂ ਲੈ ਕੇ ਫਾਰਵਰਡ ਲਾਈਨ ਤੱਕ।
ਦੱਸਦੇ ਜਾਈਏ ਕਿ ਕੋਚ ਹਰਿੰਦਰਾ ਸਿੰਘ ਨੂੰ ਵੀ ਪੰਜਾਬੀ ਖਿਡਾਰੀਆਂ 'ਤੇ ਭਰੋਸਾ ਅਤੇ ਵਿਸ਼ਵਾਸ ਹੈ। ਜੂਨੀਅਰ ਵਰਲਡ ਕੱਪ ਕੁਝ ਅਰਸੇ ਪਹਿਲਾਂ ਕੋਚ ਹਰਿੰਦਰਾ ਸਿੰਘ ਦੇ ਮਾਰਗ ਦਰਸ਼ਨ 'ਚ ਹੀ ਭਾਰਤ ਨੇ ਜਿੱਤਿਆ ਸੀ। ਉਸ ਵਿਚ ਵੀ ਪੰਜਾਬੀ ਖਿਡਾਰੀਆਂ ਦੀ ਭਰਮਾਰ ਸੀ। ਉਨ੍ਹਾਂ ਵਿਚ ਬਹੁਤ ਸਾਰੇ ਇਸ ਟੀਮ 'ਚ ਸ਼ਾਮਿਲ ਹਨ। ਇਸ ਤਰ੍ਹਾਂ ਪੰਜਾਬੀ ਖਿਡਾਰੀਆਂ ਅਤੇ ਕੋਚ ਹਰਿੰਦਰਾ ਸਿੰਘ ਦਾ ਆਪਸੀ ਤਾਲਮੇਲ ਚੰਗਾ ਹੈ।
ਅਸੀਂ ਸਮਝਦੇ ਹਾਂ ਕਿ ਇਸ ਟੂਰਨਾਮੈਂਟ ਦਾ ਹਰ ਮੈਚ ਭਾਰਤੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਸ 'ਚ ਦੁਨੀਆ ਦੇ ਸਭ ਤੋਂ ਚੰਗੇ ਮੁਲਕਾਂ ਦੀ ਹਾਕੀ ਖੇਡ ਦਾ ਪ੍ਰਦਰਸ਼ਨ ਹੈ। ਇਕ ਆਖ਼ਰੀ ਵਿਸ਼ਵ ਪੱਧਰੀ ਚੈਂਪੀਅਨਜ਼ ਟਰਾਫ਼ੀ 'ਚ ਹਰ ਟੀਮ ਇਕ ਸੁਨਹਿਰੀ ਯਾਦ ਛੱਡਣਾ ਚਾਹੇਗੀ ਅਤੇ ਭਾਰਤੀ ਟੀਮ ਵੀ ਪਹਿਲੀ ਵਾਰ ਸੋਨਾ, ਬਹੁਤ ਕੀਮਤੀ ਸੋਨਾ ਪ੍ਰਾਪਤ ਕਰਨਾ ਚਾਹੇਗੀ।
ਜ਼ਿਕਰਯੋਗ ਹੈ ਕਿ ਇਸ ਅਖ਼ੀਰਲੇ ਐਡੀਸ਼ਨ ਤੱਕ ਜਰਮਨੀ 10 ਵਾਰ, ਹਾਲੈਂਡ 8 ਵਾਰ, ਪਾਕਿਸਤਾਨ 3 ਵਾਰ ਅਤੇ ਸਪੇਨ ਇਕ ਵਾਰ ਚੈਂਪੀਅਨ ਬਣਿਆ। ਅਰਜਨਟੀਨਾ, ਬੈਲਜੀਅਮ ਅਤੇ ਭਾਰਤ ਹੀ ਇਸ ਟੂਰਨਾਮੈਂਟ 'ਚ ਤਿੰਨ ਟੀਮਾਂ ਅਜਿਹੀਆਂ ਹਨ, ਜੋ ਇਸ ਡੱਚ ਧਰਤੀ 'ਤੇ ਪਹਿਲੀ ਵਾਰ ਕਿਸੇ ਅਹਿਮ ਪ੍ਰਾਪਤੀ ਦੀ ਭਾਲ 'ਚ ਰਹਿਣਗੀਆਂ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਗ਼ਰੀਬੀ ਨਾਲ ਜੂਝ ਰਹੀ ਹੋਣਹਾਰ ਖਿਡਾਰਨ ਸ਼ਿੰਦਰਪਾਲ ਕੌਰ ਜਖੇਪਲ

ਸ਼ਿੰਦਰਪਾਲ ਕੌਰ ਕਬੱਡੀ ਦੇ ਦੋਵੇਂ ਵਰਗਾਂ ਦੀ ਤੇਜ਼-ਤਰਾਰ ਤੇ ਫੁਰਤੀਲੀ ਖਿਡਾਰਨ ਹੈ। ਉਹ ਜਿੰਨੀ ਵਧੀਆ ਧਾਵੀ ਹੈ, ਓਨੀ ਵਧੀਆ ਜਾਫੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਫਲੇੜਾ ਵਿਚ ਸੰਨ 2000 ਨੂੰ ਪਿਤਾ ਮਦਨ ਲਾਲ ਤੇ ਮਾਤਾ ਸੱਤਿਆ ਦੇਵੀ ਦੇ ਘਰ ਬ੍ਰਾਹਮਣ ਪਰਿਵਾਰ ਵਿਚ ਜਨਮੀ ਇਹ ਖਿਡਾਰਨ ਅੰਤਾਂ ਦੀ ਗ਼ਰੀਬੀ ਨਾਲ ਜੂਝ ਰਹੀ ਹੈ। ਇਥੋਂ ਤੱਕ ਕਿ ਉਸ ਦੇ ਘਰ ਨੂੰ ਦਰਵਾਜ਼ੇ ਵੀ ਨਹੀਂ ਲੱਗੇ ਹੋਏ। ਉਹ ਪੰਜ ਭੈਣਾਂ ਵਿਚੋਂ ਸਭ ਤੋਂ ਛੋਟੀ ਹੈ। ਚਾਰ ਭੈਣਾਂ ਵਿਆਹੀਆਂ ਹੋਈਆਂ ਹਨ। ਇਕਲੌਤਾ ਭਰਾ ਨਾ ਬੋਲ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ। ਸ਼ਿੰਦਰਪਾਲ ਕੌਰ ਪੇਂਡੂ ਖੇਡ ਮੇਲਿਆਂ 'ਤੇ ਖੇਡ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ।
ਪੀ.ਟੀ.ਆਈ. ਜਰਨੈਲ ਸਿੰਘ ਦੀ ਪ੍ਰੇਰਨਾ ਨੇ ਉਸ ਨੂੰ ਕਬੱਡੀ ਖੇਡਣ ਲਾਇਆ। ਉਸ ਨੇ ਸਭ ਤੋਂ ਪਹਿਲਾਂ ਅੰਡਰ-14 ਸਾਲ ਵਰਗ ਵਿਚ ਮਾਨਸਾ ਵਿਖੇ ਹੋਈਆਂ 58ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤੇ 2014 ਨੂੰ ਕੰਕਰਬਾਸ ਪਟਨਾ (ਬਿਹਾਰ) ਵਿਖੇ 26ਵੀਂ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲਿਆ। ਸੰਨ 2013-14 ਨੂੰ ਸੁਲਤਾਨਪੁਰ (ਕਪੂਰਥਲਾ) ਵਿਖੇ ਹੋਈ 31ਵੀਂ ਪੰਜਾਬ ਜੂਨੀਅਰ ਕਬੱਡੀ ਚੈਂਪੀਅਨਸ਼ਿਪ, ਇਸ ਸਾਲ ਹੀ ਅਨੰਦਪੁਰ ਸਾਹਿਬ ਵਿਖੇ 59ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤੇ ਜਖੇਪਲ (ਸੰਗਰੂਰ) ਵਿਖੇ ਸੰਨ 2015-16 ਨੂੰ 62ਵੀਂ ਸੀਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਇਸ ਸਾਲ ਹੀ ਜਲਾਲਾਬਾਦ (ਫਾਜ਼ਿਲਕਾ) ਵਿਖੇ ਹੋਈ 32ਵੀਂ ਪੰਜਾਬ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਦੇ ਦੋਵੇਂ ਵਰਗਾਂ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਗਾਂਧੀ ਨਗਰ (ਗੁਜਰਾਤ) ਵਿਖੇ ਕਬੱਡੀ ਦੇ ਕੌਮੀ ਮੁਕਾਬਲੇ ਵਿਚ ਭਾਗ ਲਿਆ।
ਉਸ ਨੇ ਦਸਵੀਂ ਪਾਸ ਕਰਨ ਤੋਂ ਬਾਅਦ ਗਿਆਰ੍ਹਵੀਂ ਜਮਾਤ ਵਿਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਵਿਖੇ ਦਾਖਲਾ ਲੈ ਲਿਆ, ਜਿਥੇ ਕਬੱਡੀ ਕੋਚ ਪਰਮਜੀਤ ਸਿੰਘ ਨੇ ਉਸ ਦੀ ਖੇਡ ਨੂੰ ਹੋਰ ਨਿਖਾਰਿਆ ਤੇ ਉਹ ਸਫਲਤਾ ਨਾਲ ਅੱਗੇ ਵਧਦੀ ਜਾ ਰਹੀ ਹੈ।
ਸੰਨ 2016-17 ਨੂੰ 62ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋਗੀਪੀਰ (ਮਾਨਸਾ) ਵਿਖੇ ਕਬੱਡੀ ਸਰਕਲ ਸਟਾਈਲ (ਅੰਡਰ-19 ਸਾਲ) ਵਿਚ ਦੂਜਾ ਸਥਾਨ ਤੇ ਇਸੇ ਸਾਲ 62ਵੀਆਂ ਨੈਸ਼ਨਲ ਸਕੂਲ ਖੇਡਾਂ ਰੂਪਨਗਰ ਵਿਖੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਾਲ ਹੀ 33ਵੀਂ ਪੰਜਾਬ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਮੀਰਹੇੜੀ (ਸੰਗਰੂਰ) ਵਿਖੇ ਕਬੱਡੀ ਪੰਜਾਬ ਸਟਾਈਲ (20 ਸਾਲ) ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਬੈਸਟ ਧਾਵੀ ਵੀ ਬਣੀ। ਸੰਨ 2017-18 ਨੂੰ 63ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਨਵਾਂਸ਼ਹਿਰ ਵਿਖੇ (ਅੰਡਰ 19 ਸਾਲ) ਪੰਜਾਬ ਸਟਾਈਲ ਮੁਕਾਬਲੇ ਵਿਚ ਦੂਜਾ, ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਗੜ੍ਹਦੀਵਾਲਾ (ਹੁਸ਼ਿਆਰਪੁਰ) ਵਿਖੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਾਹ-ਵਾਹ ਖੱਟੀ। ਇਸ ਸਾਲ ਹੀ 34ਵੀਂ ਜੂਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ ਛਾਜਲਾ (ਸੰਗਰੂਰ) ਵਿਖੇ ਕਬੱਡੀ ਦੇ ਦੋਵੇਂ ਵਰਗਾਂ ਵਿਚ ਟੀਮ ਨੂੰ ਪਹਿਲਾ ਸਥਾਨ ਦਿਵਾਇਆ ਤੇ ਬੈਸਟ ਧਾਵੀ ਦਾ ਖਿਤਾਬ ਵੀ ਪ੍ਰਾਪਤ ਕੀਤਾ। ਸੰਨ 2017-18 ਨੂੰ ਹੀ ਕਬੱਡੀ ਨੈਸ਼ਨਲ ਸਟਾਈਲ ਦੀ ਜੂਨੀਅਰ ਕੌਮੀ ਕਬੱਡੀ ਚੈਂਪੀਅਨਸ਼ਿਪ ਕਟਕ (ਉੜੀਸਾ) ਵਿਚ ਭਾਗ ਲਿਆ ਤੇ ਹੈਦਰਾਬਾਦ (ਤਿਲੰਗਾਨਾ) ਵਿਖੇ ਹੋਈ ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ (ਨੈਸ਼ਨਲ ਸਟਾਈਲ) ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ।
ਇਸ ਤੋਂ ਇਲਾਵਾ ਸ਼ਿੰਦਰਪਾਲ ਕੌਰ 63ਵੀਂ ਪੰਜਾਬ ਰਾਜ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ (ਸੰਗਰੂਰ) ਵਿਖੇ ਤਿੰਨ ਹਜ਼ਾਰ ਤੇ ਪੰਜ ਹਜ਼ਾਰ ਮੀਟਰ ਦੌੜ ਕੇ ਮੁਕਾਬਲਿਆਂ ਵਿਚ ਵੀ ਭਾਗ ਲੈ ਚੁੱਕੀ ਹੈ। ਪੇਂਡੂ ਖੇਡ ਮੇਲਿਆਂ ਵਿਚ ਉਹ ਕਬੱਡੀ ਅਕੈਡਮੀ ਰੌਂਤਾ (ਮੋਗਾ) ਵਲੋਂ ਖੇਡਦੀ ਹੈ ਤੇ ਇਸ ਖੇਤਰ ਵਿਚ ਪਿੰਡ ਜਖੇਪਲ ਦੀ ਪ੍ਰਤੀਨਿਧਤਾ ਕਰਦੀ ਹੋਈ 'ਸ਼ਿੰਦਰਪਾਲ ਕੌਰ ਜਖੇਪਲ' ਦੇ ਨਾਂਅ ਨਾਲ ਮਸ਼ਹੂਰ ਹੈ। ਉਸ ਵਿਚ ਲੋਹੜੇ ਦਾ ਸਟੈਮਿਨਾ ਹੈ ਤੇ ਨਵੀਆਂ ਤਕਨੀਕਾਂ ਨਾਲ ਖੇਡਣਾ ਉਸ ਦੀ ਖੇਡ ਦਾ ਹਿੱਸਾ ਹੈ। ਉਹ ਪਰਮਾਨੰਦ ਕਾਲਜ ਜਖੇਪਲ ਦੇ ਪ੍ਰਬੰਧਕ ਬਾਬਾ ਪ੍ਰੀਤਮ ਦਾਸ, ਪ੍ਰਿੰਸੀਪਲ ਡਾ: ਉਂਕਾਰ ਸਿੰਘ, ਪ੍ਰਿੰਸੀਪਲ ਦਰਸ਼ਨ ਖਾਨ, ਕਬੱਡੀ ਕੋਚ ਪਰਮਜੀਤ ਸਿੰਘ, ਜਰਨੈਲ ਸਿੰਘ ਪੀ. ਟੀ. ਆਈ. ਤੇ ਕਬੱਡੀ ਨਾਲ ਜੁੜੇ ਸਾਰੇ ਹੀ ਅਹੁਦੇਦਾਰਾਂ ਦਾ ਧੰਨਵਾਦ ਕਰਦੀ ਹੈ। ਵੱਖ-ਵੱਖ ਅਦਾਰਿਆਂ ਨੂੰ ਇਸ ਹੋਣਹਾਰ ਖਿਡਾਰਨ ਦੀ ਪ੍ਰਤਿਭਾ ਦਾ ਮੁੱਲ ਪਾਉਣਾ ਚਾਹੀਦਾ ਹੈ। ਭਵਿੱਖ ਵਿਚ ਉਸ ਦੀ ਖੇਡ ਤੋਂ ਦੇਸ਼ ਨੂੰ ਵੱਡੀਆਂ ਆਸਾਂ ਹਨ।


ਮੋਬਾ: 94631-28483

ਵਿਸ਼ਵ ਕੱਪ ਫੁੱਟਬਾਲ : ਕਿਤੇ ਅਰਮਾਨ ਟੁੱਟਣਗੇ, ਕਿਤੇ ਇਤਿਹਾਸ ਬਦਲੇਗਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਸਾਨ ਨਹੀਂ ਏਸ਼ੀਆਈ ਟੀਮਾਂ ਦਾ ਰਸਤਾ : ਯੂਰਪ ਅਤੇ ਦੱਖਣੀ ਅਮਰੀਕੀ ਟੀਮਾਂ ਦੀ ਬਾਦਸ਼ਾਹਤ ਦੇ ਬਾਵਜੂਦ ਏਸ਼ੀਆਈ ਟੀਮਾਂ ਭਾਵੇਂ ਹੀ ਅਜੇ ਤੱਕ ਸੇਧ ਨਹੀਂ ਲਗਾ ਸਕੀਆਂ ਪਰ ਸੰਨ 2002 'ਚ ਦੱਖਣੀ ਕੋਰੀਆ ਦਾ ਸੈਮੀਫਾਈਨਲ ਤੱਕ ਪਹੁੰਚਣਾ ਇਕ ਪ੍ਰਤੱਖ ਸਚਾਈ ਹੈ। ਯੂਰਪ ਅਤੇ ਲੇਟਿਨ ਅਮਰੀਕੀ ਦੇਸ਼ਾਂ ਕੋਲ ਵਿਸ਼ਵ ਕੱਪ 'ਚ ਹਿੱਸਾ ਲੈਣ ਦਾ ਅੱਛਾ ਖਾਸਾ ਕੋਟਾ ਹੈ, ਜਦ ਕਿ ਏਸ਼ੀਆ ਤੋਂ ਕੇਵਲ 4 ਜਾਂ 5 ਟੀਮਾਂ ਹੀ ਦਾਅਵੇਦਾਰੀ ਪੇਸ਼ ਕਰਦੀਆਂ ਹਨ। ਇਸ ਵਾਰ ਆਸਟ੍ਰੇਲੀਆ, ਜਪਾਨ, ਇਰਾਨ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਟੀਮਾਂ ਜ਼ੋਰਅਜ਼ਮਾਈ ਕਰ ਰਹੀਆਂ ਹਨ। ਵਿਸ਼ਵ ਰੈਂਕਿੰਗ 'ਚ ਆਸਟ੍ਰੇਲੀਆ 40, ਜਪਾਨ 60, ਦੱਖਣੀ ਕੋਰੀਆ 61, ਸਾਊਦੀ ਅਰਬ 67, ਇਰਾਨ 36ਵੇਂ ਨੰਬਰ 'ਤੇ ਹਨ। ਏਸ਼ੀਆਈ ਟੀਮਾਂ ਲਈ ਖਿਤਾਬ ਜਿੱਤਣਾ ਅਜੇ ਸੁਪਨਾ ਹੀ ਬਣਿਆ ਹੋਇਆ ਹੈ, ਹਾਲਾਂਕਿ 9ਵੀਂ ਵਾਰ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਕੋਰੀਆ ਟੀਮ ਦਾ ਰਿਕਾਰਡ ਕਾਫੀ ਚੰਗਾ ਹੈ। ਇਹ ਟੀਮ ਆਪਣੀ ਸਰਜ਼ਮੀਂ 'ਤੇ ਅਮਰੀਕਾ, ਪੋਲੈਂਡ ਅਤੇ ਪੁਰਤਗਾਲ ਵਰਗੀਆਂ ਟੀਮਾਂ ਨੂੰ ਹਰਾ ਚੁੱਕੀ ਹੈ। ਸਪੇਨ ਨੂੰ 2002 'ਚ ਪੈਨਲਟੀ ਸ਼ੂਟਆਊਟ ਨਾਲ ਤੇ 1966 'ਚ ਇਟਲੀ ਨੂੰ ਹਰਾ ਕੇ ਸਨਸਨੀ ਫੈਲਾਈ ਸੀ ਪਰ ਇਸ ਵਾਰ ਗਰੁੱਪ ਮੈਚਾਂ 'ਤੇ ਸਰਸਰੀ ਨਜ਼ਰ ਮਾਰੀਏ ਤਾਂ ਦੱਖਣੀ ਕੋਰੀਆ ਅਤੇ ਜਪਾਨ ਉਲਟਫੇਰ ਤਾਂ ਕਰ ਸਕਦੇ ਹਨ ਪਰ ਦੂਜੇ ਗੇੜ ਵਿਚ ਪਹੁੰਚਣ ਦੀ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ। ਕਿਉਂਕਿ ਕੋਰੀਆ ਨੇ ਜਰਮਨ ਅਤੇ ਸਵੀਡਨ, ਜਪਾਨ ਦੀ ਸ਼ੈਨੇਗਲ ਅਤੇ ਕੋਲੰਬੀਆ ਨਾਲ ਟੱਕਰ ਹੋਵੇਗੀ। ਇਰਾਨ ਤੇ ਸ਼ਕਤੀਸ਼ਾਲੀ ਪੁਰਤਗਾਲ ਅਤੇ ਸਪੇਨ, ਜਦਕਿ ਸਾਊਦੀ ਅਰਬ ਤੇ ਰੂਸ ਅਤੇ ਉਰੂਗਵੇ ਭਾਰੀ ਨਜ਼ਰ ਆ ਰਹੇ ਹਨ ਪਰ ਕੁਝ ਵੀ ਹੋਵੇ, ਕੋਈ ਵੀ ਟੀਮ ਏਸ਼ੀਆਈ ਟੀਮਾਂ ਨੂੰ ਹਲਕੇ ਲੈਣ ਦੀ ਗੁਸਤਾਖੀ ਨਹੀਂ ਕਰਨਗੀਆਂ।
ਖੈਰ, ਵਿਸ਼ਵ ਕੱਪ ਫੁੱਟਬਾਲ ਦਾ ਨਗਾਰਾ ਵੱਜ ਚੁੱਕਾ ਹੈ। ਕਿਸੇ ਵੱਡੇ ਧਮਾਕੇ ਦੀ ਇੰਤਜ਼ਾਰ 'ਚ ਹੈ ਦੁਨੀਆ, ਰੌਚਕ ਅਤੇ ਸੰਘਰਸ਼ਪੂਰਨ ਹੋਵੇਗਾ ਫੁੱਟਬਾਲ ਦਾ ਮਹਾਂਸੰਗਰਾਮ, ਸਿਰ-ਧੜ ਦੀ ਬਾਜ਼ੀ ਲਗਾ ਦੇਣਗੇ ਫੁੱਟਬਾਲ ਮੈਦਾਨ ਦੇ ਯੋਧੇ। ਪੂਰੀ ਤਰ੍ਹਾਂ ਤਿਆਰ ਹੈ ਰੂਸ, ਖਿਡਾਰੀਆਂ ਦੀ ਸੁਰੱਖਿਆ, ਮੈਚ ਫਿਕਸਿੰਗ 'ਤੇ ਬਰੀਕ ਨਜ਼ਰ, ਰੈਫਰੀਆਂ ਦੇ ਵਿਵਾਦਤ ਫੈਸਲੇ ਕਿਤੇ ਰੰਗ 'ਚ ਭੰਗ ਨਾ ਪਾ ਦੇਣ। ਉਂਜ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਵੀ. ਏ. ਆਰ. (ਵੀਡੀਓ ਅਸਿਸਟੈਂਟ ਰੈਫਰੀ) ਦਾ ਇਸਤੇਮਾਲ ਹੋਵੇਗਾ, ਪਹਿਲੀ ਵਾਰ ਵਰਲਡ ਕੱਪ ਚਿੱਪ ਲੱਗੀ ਬਾਲ ਟੇਲਸਟਾਰ-18 ਨਾਲ ਖੇਡਿਆ ਜਾਵੇਗਾ, ਜੋ ਫ਼ੀਫ਼ਾ ਦੀ ਹਿੱਸੇਦਾਰ ਕੰਪਨੀ ਐਡੀਡਾਸ ਨੇ ਡਿਜ਼ਾਈਨ ਕੀਤਾ ਹੈ ਅਤੇ ਇਹ ਫੁੱਟਬਾਲ ਪਾਕਿਸਤਾਨ 'ਚ ਬਣੀ ਹੈ।
ਕ੍ਰਿਕਟ ਦੇ ਦੀਵਾਨੇ ਭਾਰਤ ਸਮੇਤ ਫ਼ੀਫ਼ਾ ਕੱਪ ਦੀ ਖੁਮਾਰੀ 'ਚ ਕੁੱਲ ਆਲਮ ਡੁੱਬ ਚੁੱਕਾ ਹੈ। ਡਰਾਇੰਗ ਰੂਮ ਤੋਂ ਦਫਤਰ ਤੱਕ ਇਤਿਹਾਸਕ ਚਰਚਾ ਦਾ ਸ਼ੋਰ ਹੈ। 1950 'ਚ ਸ਼ਕਤੀਸ਼ਾਲੀ ਇੰਗਲੈਂਡ ਦਾ ਹਾਰ ਜਾਣਾ, 1966 'ਚ ਕੋਰੀਆ ਦਾ ਇਟਲੀ ਨੂੰ ਹਰਾਉਣਾ, 1980 'ਚ ਕੈਮਰੂਨ ਦੀ ਚੜ੍ਹਤ, ਕਿਸੇ ਸੁਭਾਵੀ ਚੈਂਪੀਅਨ ਦੀ ਪਹਿਲੇ ਗੇੜ 'ਚੋਂ ਵਾਪਸੀ ਇਹੀ ਸਾਬਤ ਕਰਦਾ ਹੈ ਕਿ ਫੁੱਟਬਾਲ ਵੀ ਕ੍ਰਿਕਟ ਵਾਂਗ ਅਨਿਸਚਿਤਤਾ ਵਾਲੀ ਖੇਡ ਹੈ।
ਖੈਰ, 90 ਮਿੰਟ 'ਚ ਰੰਗ ਹਰ ਪਲ ਬਦਲਦਾ ਹੈ, ਇਕ ਭੁੱਲ ਨਾਲ ਪਾਸਾ ਪਲਟ ਜਾਂਦਾ ਹੈ, ਇਕ ਮੂਵ ਨਾਲ ਖੁੱਸੀ ਹੋਈ ਬਾਜ਼ੀ ਜਿੱਤ ਲਈ ਜਾਂਦੀ ਹੈ। ਕੋਈ ਸ਼ੱਕ ਨਹੀਂ, 14 ਜੂਨ ਤੋਂ 15 ਜੁਲਾਈ ਤੱਕ ਕਈ ਅਰਮਾਨ ਟੁੱਟਣਗੇ, ਕਈਆਂ ਦੇ ਸੁਪਨੇ ਬਣ ਜਾਣਗੇ ਹਕੀਕਤ, ਕਿਸੇ ਕਸ਼ਮਕਸ਼ 'ਚ ਲਿਖਿਆ ਜਾਵੇਗਾ ਨਵਾਂ ਇਤਿਹਾਸ, ਖੇਡਾਂ ਦੀ ਦੁਨੀਆ ਦਾ ਇਹੀ ਦਸਤੂਰ ਹੈ ਪਰ 14 ਜੂਨ ਦਾ ਇੰਤਜ਼ਾਰ ਪੂਰੀ ਦੁਨੀਆ ਬੇਸਬਰੀ ਨਾਲ ਕਰ ਰਹੀ ਹੈ। (ਸਮਾਪਤ)


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਵੱਡੇ ਇਮਤਿਹਾਨ ਅਤੇ ਵੱਡੇ ਸੰਘਰਸ਼ 'ਚੋਂ ਗੁਜ਼ਰਿਆ ਹੈ ਵੀਲ੍ਹਚੇਅਰ ਖਿਡਾਰੀ ਦਵਿੰਦਰਾ ਬੀਕੇ

'ਮੰਜ਼ਲੇਂ ਬਹੁਤ ਹੈਂ ਔਰ ਅਫ਼ਸਾਨੇ ਭੀ ਬਹੁਤ ਹੈਂ, ਜ਼ਿੰਦਗੀ ਕੀ ਰਾਹ ਮੇਂ ਇਮਤਿਹਾਨ ਭੀ ਬਹੁਤ ਹੈਂ, ਮੱਤ ਕਰੋ ਦੁੱਖ ਉਸਕਾ ਜੋ ਕਭੀ ਮਿਲਾ ਨਹੀਂ, ਦੁਨੀਆ ਮੇਂ ਖੁਸ਼ ਰਹਨੇ ਕੇ ਬਹਾਨੇ ਭੀ ਬਹੁਤ ਹੈਂ।' ਵੱਡੇ ਇਮਤਿਹਾਨ ਅਤੇ ਵੱਡੇ ਸੰਘਰਸ਼ ਦੀ ਦਾਸਤਾਨ ਹੈ ਵੀਲਚੇਅਰ ਖਿਡਾਰੀ ਦਵਿੰਦਰਾ ਬੀਕੇ, ਜਿਸ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ ਵਿਚ ਐਨੀ ਜੰਗ ਲੜੀ ਕਿ ਸ਼ਾਇਦ ਹੀ ਕੋਈ ਇਨ੍ਹਾਂ ਇਮਤਿਹਾਨਾਂ ਵਿਚੋਂ ਪਾਸ ਹੋ ਸਕੇ ਪਰ ਦਵਿੰਦਰਾ ਬੀਕੇ ਨੇ ਜ਼ਿੰਦਗੀ ਵਿਚ ਆਏ ਹਾਦਸਿਆਂ ਨੂੰ ਇਕ ਵੱਡੀ ਚੁਣੌਤੀ ਵਜੋਂ ਲਿਆ ਅਤੇ ਉਸ ਨੇ ਜ਼ਿੰਦਗੀ ਵਿਚ ਕਦੇ ਹਾਰ ਨਾ ਮੰਨੀ, ਸਗੋਂ ਹਰ ਚੁਣੌਤੀ ਲਈ ਉਹ ਵੰਗਾਰ ਬਣਿਆ। ਦਵਿੰਦਰਾ ਦਾ ਜਨਮ 25 ਜੂਨ, 1981 ਨੂੰ ਕਰਨਾਟਕ ਪ੍ਰਾਂਤ ਦੇ ਜ਼ਿਲ੍ਹਾ ਰਾਏਚੌਰ ਦੇ ਇਕ ਪਿੰਡ ਜੇਗਾਨਰ ਵਿਚ ਪਿਤਾ ਬੇਨਾਕਾਪਾ ਦੇ ਘਰ ਮਾਤਾ ਨੀਲਾਮਾ ਦੀ ਕੁੱਖੋਂ ਹੋਇਆ। ਦਵਿੰਦਰਾ ਨੇ ਸੁਰਤ ਸੰਭਾਲੀ ਤਾਂ ਘਰ ਵਿਚ ਅੰਤਾਂ ਦੀ ਗ਼ਰੀਬੀ ਸੀ ਅਤੇ ਇਕ ਘੋਰ ਗ਼ਰੀਬੀ ਅਤੇ ਉੱਤੋਂ ਅਜਿਹਾ ਹਾਦਸਾ ਵਾਪਰਿਆ ਕਿ 7 ਸਾਲ ਦੀ ਉਮਰ ਵਿਚ ਬਾਪ ਦਾ ਸਾਇਆ ਸਿਰ ਤੋਂ ਚਲਾ ਗਿਆ ਅਤੇ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿਗਿਆ।
ਅਜੇ ਬਾਪ ਦੇ ਸਦਮੇ ਦੇ ਅੱਲੇ ਜ਼ਖ਼ਮ ਭਰੇ ਨਹੀਂ ਸਨ ਕਿ ਉਸ ਦੇ ਵੱਡੇ ਭਰਾ ਦੀ ਵੀ ਅਚਾਨਕ ਮੌਤ ਹੋ ਗਈ ਅਤੇ ਮਾਤਾ ਨੀਲਾਮਾ ਵੀ ਆਪਣੇ ਪਤੀ ਅਤੇ ਬੇਟੇ ਦੀ ਮੌਤ ਦੇ ਵਿਯੋਗ ਵਿਚ ਛੇਤੀ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ। ਦਵਿੰਦਰਾ ਨੇ ਕਦੇ ਜ਼ਿੰਦਗੀ ਵਿਚ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਐਨੇ ਦੁੱਖਾਂ ਭਰੀ ਹੋਵੇਗੀ। ਦਵਿੰਦਰਾ ਆਪਣੇ ਦਿਲ ਨੂੰ ਪੱਥਰ ਬਣਾ, ਮਿਹਨਤ ਮਜ਼ਦੂਰੀ ਕਰਕੇ ਆਪਣੇ ਵੱਡੇ ਭਰਾ ਦੇ ਬੇਟਿਆਂ ਦਾ ਪਾਲਣ-ਪੋਸ਼ਣ ਕਰਨ ਲੱਗਿਆ। ਉਸ ਦੀ ਜ਼ਿੰਦਗੀ ਉਸ ਸਮੇਂ ਹੋਰ ਵੀ ਵੱਡੇ ਦੁਖਦਾਈ ਮੋੜ 'ਤੇ ਪਹੁੰਚ ਗਈ ਜਦੋਂ ਦਵਿੰਦਰਾ ਸਾਲ 2005 ਵਿਚ ਬੈਂਗਲੁਰੂ ਵਿਖੇ ਰਾਜ ਮਿਸਤਰੀ ਨਾਲ ਮਜ਼ਦੂਰੀ ਕਰ ਰਿਹਾ ਸੀ ਕਿ ਉਸਾਰੀ ਦੌਰਾਨ ਉਹ ਉੱਚੀ ਬਿਲਡਿੰਗ ਤੋਂ ਹੇਠਾਂ ਆ ਡਿੱਗਿਆ ਅਤੇ ਉਹ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਿਆ। ਦਵਿੰਦਰਾ ਇਸ ਘਟਨਾ ਨਾਲ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਮੰਜੇ 'ਤੇ ਪਿਆ ਸੋਚਦਾ ਰਹਿੰਦਾ ਕਿ ਬਸ! ਇਹੀ ਜ਼ਿੰਦਗੀ ਹੈ।
ਸਵਾਮੀ ਵਿਵੇਕਾਨੰਦ ਯੋਗਾ ਕੇਂਦਰ ਵਿਚ ਉਸ ਦੀ ਇਕ ਵਾਰ ਮੁਲਾਕਾਤ ਮਾਂਨਜੂਨਾਥ ਬੀਕੇ ਨਾਲ ਹੋਈ ਤਾਂ ਉਸ ਨੇ ਦਵਿੰਦਰਾ ਨੂੰ ਅਪਾਹਜ ਖਿਡਾਰੀਆਂ ਦੀਆਂ ਖੇਡਾਂ ਬਾਰੇ ਦੱਸਿਆ। ਦਵਿੰਦਰਾ ਮਾਂਨਜੂਨਾਥ ਬੀਕੇ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਵੀਲਚੇਅਰ ਉੱਪਰ ਹੀ ਖੇਡ ਜਗਤ ਵਿਚ ਪੈਰ ਧਰਨ ਦਾ ਆਪਣਾ ਇਰਾਦਾ ਪੱਕਾ ਕਰ ਲਿਆ। ਦਵਿੰਦਰਾ ਲਈ ਇਹ ਗੱਲ ਵੀ ਸੋਨੇ 'ਤੇ ਸੋਹਾਗਾ ਹੋ ਨਿਬੜੀ, ਜਦ ਉਸ ਨੂੰ ਸ੍ਰੀ ਸੱਤਿਆਨਰੈਣ ਦਾ ਸਾਥ ਮਿਲ ਗਿਆ। ਦਵਿੰਦਰਾ ਨੇ ਪਹਿਲੀ ਵਾਰ ਸਾਲ 2014 ਵਿਚ ਮਦਰਾਸ ਦੇ ਸ਼ਹਿਰ ਤਾਮਿਲਨਾਡੂ ਵਿਖੇ ਹੋਈ ਪੈਰਾ ਉਲੰਪਿਕ ਨੈਸ਼ਨਲ ਅਥਲੈਟਿਕ ਖੇਡਾਂ ਵਿਚ ਵੀਲਚੇਅਰ ਉਪਰ 100 ਮੀਟਰ ਦੌੜ ਵਿਚ ਹਿੱਸਾ ਲਿਆ ਅਤੇ ਉਸ ਨੇ ਤੀਜਾ ਸਥਾਨ ਹਾਸਲ ਕਰਕੇ ਸਵਾਮੀ ਵਿਵੇਕਾਨੰਦ ਯੋਗਾ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਦਵਿੰਦਰਾ ਨੇ ਸਾਲ 2014 ਤੋਂ ਵੀਲਚੇਅਰ 'ਤੇ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ ਸੀ ਅਤੇ ਉਹ ਹੁਣ ਤੱਕ ਲਗਾਤਾਰ ਜਾਰੀ ਹੈ। ਉਹ ਵੀਲਚੇੇਅਰ 'ਤੇ ਦੌੜਦਾ ਹੀ ਨਹੀਂ, ਸਗੋਂ ਵੀਲਚੇਅਰ ਉੱਪਰ ਹੀ ਸ਼ਾਟਪੁੱਟ ਅਤੇ ਡਿਸਕਸ ਥਰੋ ਵਿਚ ਅਨੇਕਾਂ ਸੋਨ ਅਤੇ ਹੋਰ ਤਗਮੇ ਆਪਣੇ ਨਾਂਅ ਕਰ ਚੁੱਕਾ ਹੈ। ਉਸ ਨੇ ਹੁਣ ਤੱਕ 19 ਨੈਸ਼ਨਲ ਪੱਧਰ ਦੇ ਵੱਡੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ।
ਇਥੇ ਹੀ ਬਸ ਨਹੀਂ, ਉਸ ਨੇ ਬਹੁਤ ਸਾਰੀਆਂ ਕਈ ਕਿਲੋਮੀਟਰਾਂ ਦੀਆਂ ਲੰਮੀਆਂ ਮੈਰਾਥਨ ਦੌੜਾਂ ਵਿਚ ਵੀ ਆਪਣੀ ਵੀਲਚੇਅਰ ਦੌੜਾਈ ਹੈ। ਦਵਿੰਦਰਾ ਆਖਦਾ ਹੈ ਕਿ ਜੇਕਰ ਮੇਰੀ ਜ਼ਿੰਦਗੀ ਵਿਚ ਸਵਾਮੀ ਵਿਵੇਕਾਨੰਦ ਯੋਗਾ ਯੂਨੀਵਰਸਿਟੀ ਨਾ ਹੁੰਦੀ ਤਾਂ ਉਹ ਕਦੋਂ ਦਾ ਇਸ ਜਹਾਨ ਤੋਂ ਤੁਰ ਗਿਆ ਹੁੰਦਾ, ਕਿਉਂਕਿ ਐਨੇ ਦੁੱਖ ਸਹਿ ਸਕਣ ਦੀ ਉਸ ਵਿਚ ਤਾਕਤ ਨਹੀਂ ਸੀ ਅਤੇ ਇਹ ਸਾਰੀ ਤਾਕਤ ਉਸ ਨੂੰ ਉਥੋਂ ਹੀ ਨਸੀਬ ਹੋਈ ਹੈ। ਦਵਿੰਦਰਾ ਦੇ ਦਿਲ ਦੀ ਹਰ ਧੜਕਣ ਸਵਾਮੀ ਵਿਵੇਕਾਨੰਦ ਯੋਗਾ ਯੂਨੀਵਰਸਿਟੀ ਲਈ ਧੜਕਦੀ ਹੈ ਅਤੇ ਆਪਣੀ ਮਾਵਾਂ ਵਰਗੀ ਡਾਕਟਰ ਨਾਗਾਰਾਥਨ ਮੈਡਮ ਅਤੇ ਸੱਤਿਆਨਰੈਣ ਉਸ ਦਾ ਸੰਸਾਰ ਹੈ। ਦਵਿੰਦਰਾ ਦੀਆਂ ਪ੍ਰਾਪਤੀਆਂ ਸਦਕਾ ਉਸ ਨੂੰ 15 ਅਪ੍ਰੈਲ, 2018 ਨੂੰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕਰਨਾਟਕ ਨੇ ਉਸ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ।


-ਮੋਗਾ। ਮੋਬਾ: 98551-14484

ਫੀਫਾ ਵਿਸ਼ਵ ਕੱਪ ਦਾ ਨਤੀਜਾ ਤੈਅ ਕਰਨਗੇ ਇਹ ਖਿਡਾਰੀ

ਫੁੱਟਬਾਲ ਇਕ ਟੀਮ ਦੀ ਖੇਡ ਹੈ ਅਤੇ ਖਿਡਾਰੀਆਂ ਦੇ ਸਿਰ ਉੱਤੇ ਜਾਂ ਕਿਸੇ ਇਕ ਖਿਡਾਰੀ ਦੇ ਚਮਤਕਾਰੀ ਪ੍ਰਦਰਸ਼ਨ ਸਦਕਾ ਹੀ ਨਤੀਜੇ ਆਉਂਦੇ ਹਨ। ਫ਼ੀਫ਼ਾ ਵਿਸ਼ਵ ਕੱਪ ਵਿਚ 32 ਟੀਮਾਂ ਦੇ ਕੁੱਲ 736 ਖਿਡਾਰੀ ਆਪਣੇ ਜਲਵੇ ਵਿਖਾ ਰਹੇ ਹਨ। ਇਨ੍ਹਾਂ ਵਿਚ ਦੁਨੀਆ ਦੇ ਕੁਝ ਜ਼ਬਰਦਸਤ ਅਤੇ ਕਾਬਲੀਅਤ ਭਰਪੂਰ ਚੋਣਵੇਂ ਫੁੱਟਬਾਲ ਖਿਡਾਰੀ ਹਨ ਜਿਹੜੇ ਫ਼ੀਫ਼ਾ ਵਿਸ਼ਵ ਕੱਪ 2018 ਦਾ ਨਤੀਜਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਇਨ੍ਹਾਂ ਖਿਡਾਰੀਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਅਰਜਨਟੀਨਾ ਦੇ ਸੁਪਰਸਟਾਰ 31 ਸਾਲਾ ਲਿਓਨਲ ਮੈਸੀ ਦਾ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਆਪਣੀ ਮਹਾਨਤਾ ਲਗਾਤਾਰ ਸਾਬਤ ਕੀਤੀ ਹੈ। ਦੂਜਾ ਨਾਂਅ ਆਉਂਦਾ ਹੈ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦਾ। ਪਿਛਲੇ ਪੰਜ ਸਾਲਾਂ ਵਿਚ ਫੀਫਾ ਦਾ ਬਿਹਤਰੀਨ ਫੁੱਟਬਾਲਰ ਦਾ ਸਨਮਾਨ ਹਾਸਲ ਕਰਨ ਵਾਲੇ ਰੋਨਾਲਡੋ ਨੇ ਪੁਰਤਗਾਲ ਨੂੰ 2016 ਵਿਚ ਯੂਰਪੀ ਚੈਂਪੀਅਨਸ਼ਿਪ ਦਾ ਖਿਤਾਬ ਦੁਆਇਆ ਸੀ। ਬ੍ਰਾਜ਼ੀਲੀ ਟੀਮ ਦੀ ਵੱਡੀ ਉਮੀਦ ਸੁਪਰਸਟਾਰ 26 ਸਾਲ ਨੇਮਾਰ ਉੱਤੇ ਹੈ ਜੋ ਪੈਰ ਦੀ ਸਰਜਰੀ ਤੋਂ 3 ਮਹੀਨਿਆਂ ਮਗਰੋਂ ਕੌਮੀ ਟੀਮ ਵਿਚ ਵਾਪਸੀ ਕਰ ਚੁੱਕਾ ਹੈ। ਇਸ ਨੌਜਵਾਨ ਫੁੱਟਬਾਲਰ ਨੇ ਬ੍ਰਾਜ਼ੀਲ ਨੂੰ 2016 ਰੀਓ ਉਲੰਪਿਕ ਦੌਰਾਨ ਪਹਿਲਾ ਸੋਨ ਤਗਮਾ ਦੁਆਇਆ ਸੀ। 26 ਸਾਲ ਦੀ ਉਮਰ ਵਿਚ ਉਹ 84 ਮੈਚਾਂ ਵਿਚ 54 ਗੋਲ ਕਰਕੇ ਬ੍ਰਾਜ਼ੀਲ ਲਈ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਪੇਲੇ, ਰੋਨਾਲਡੋ ਅਤੇ ਰੋਮਾਰੀਓ ਮਗਰੋਂ ਚੌਥੇ ਸਥਾਨ ਉੱਤੇ ਹੈ। ਇਸੇ ਤਰ੍ਹਾਂ ਫਰਾਂਸ ਦੀ ਟੀਮ ਵਿਚ 27 ਸਾਲਾ ਐਂਟੋਇਨ ਗਰੀਜ਼ਮੈਨ ਉਹ ਖਿਡਾਰੀ ਹੈ, ਜੋ ਯੂਰੋ 2016 ਦੌਰਾਨ 6 ਗੋਲ ਕਰਨ ਅਤੇ ਦੋ ਵਿਚ ਮਦਦ ਕਰਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਅਤੇ 'ਗੋਲਡਨ ਬੂਟ' ਖਿਤਾਬ ਜਿੱਤਿਆ ਸੀ। ਜਰਮਨ ਦੇ ਇਤਿਹਾਸਕ ਕਲੱਬ ਬਾਇਰਨ ਮਿਊਨਿਖ ਦਾ ਸਟ੍ਰਾਈਕਰ ਪੋਲੈਂਡ ਦੇਸ਼ ਦਾ ਰੌਬਰਟ ਲੈਵੈਨਡੋਸਕੀ 'ਗੋਲ ਮਸ਼ੀਨ' ਵਜੋਂ ਜਾਣਿਆ ਜਾਂਦਾ ਹੈ।
ਮਿਡਫੀਲਡ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਬੈਲਜ਼ੀਅਮ ਦੇ ਏਡਨ ਐਜ਼ਾਰਡ ਅਤੇ ਕੈਵਿਨ ਡੇ ਬਰੂਇਨੇ ਵਿਰੋਧੀ ਟੀਮ ਮੂਹਰੇ ਤੇਜ਼ ਰਫਤਾਰ ਨਾਲ ਫੁੱਟਬਾਲ ਕਾਬੂ ਹੇਠ ਰੱਖ ਕੇ ਭੱਜਣ ਦੇ ਮਾਹਿਰ ਹਨ ਅਤੇ ਮਿਡਫੀਲਡਰ ਹੋਣ ਦੇ ਬਾਵਜੂਦ ਗੋਲ ਦਾਗਣ ਦੀ ਸਮਰੱਥਾ ਰੱਖਦੇ ਹਨ। ਡਿਫੈਂਸ ਦੇ ਖਿਡਾਰੀਆਂ ਵਿਚ ਵੀ ਸਭ ਤੋਂ ਉੱਪਰਲਾ ਨਾਂਅ ਬੈਲਜ਼ੀਅਮ ਦੇ ਟੋਬੀ ਐਲਡਰਵੈਰਲਡ ਅਤੇ ਵਿਨਸੰਟ ਕੰਪਾਨੀ ਦਾ ਆਉਂਦਾ ਹੈ। ਸਪੇਨ ਦਾ ਸਰਜੀਓ ਰਾਮੋਸ, ਜੇਰਾਡ ਪੀਕੇ ਆਦਿ ਵਰਗੇ ਡਿਫੈਂਡਰਾਂ ਨੂੰ ਝਕਾਨੀ ਦੇਣਾ ਵੀ ਬੇਹੱਦ ਮੁਸ਼ਕਿਲ ਕੰਮ ਹੋਵੇਗਾ। ਡਿਫੈਂਡਰ ਖਿਡਾਰੀਆਂ ਦੇ ਪਿੱਛੇ ਖੜ੍ਹਨ ਵਾਲੇ ਗੋਲਕੀਪਰਾਂ ਦੀ ਗੱਲ ਹੋਵੇ ਤਾਂ ਕੁਝ ਗੋਲਕੀਪਰ ਅਜਿਹੇ ਹਨ, ਜਿਨ੍ਹਾਂ ਕੋਲੋਂ ਬਾਲ ਲੰਘਾ ਕੇ ਗੋਲ ਪੋਸਟ ਵਿਚ ਪਾਉਣੀ ਬੇਹੱਦ ਮੁਸ਼ਕਿਲ ਹੋਵੇਗੀ ਅਤੇ ਇਹ ਗੋਲਕੀਪਰ ਹਨ ਥੀਬੋ ਕੋਰਟੂਆ (ਬੈਲਜ਼ੀਅਮ), ਮੈਨੁਏਰ ਨੂਏਰ (ਜਰਮਨੀ), ਡੈਵਿਡ ਡੇ ਹੇਆ (ਸਪੇਨ), ਐਲੀਸਨ (ਬ੍ਰਾਜ਼ੀਲ) ਅਤੇ ਹੂਗੋ ਲੌਰੀਸ (ਫਰਾਂਸ)। ਇਹ ਹਨ ਉਹ ਸਾਰੇ ਖਿਡਾਰੀ, ਜੋ ਆਪਣੇ ਚਮਤਕਾਰੀ ਪ੍ਰਦਰਸ਼ਨ ਸਦਕਾ ਫ਼ੀਫ਼ਾ ਵਿਸ਼ਵ ਕੱਪ ਦਾ ਚੈਂਪੀਅਨ ਤੈਅ ਕਰਨਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਵਿਸ਼ਵ ਕੱਪ ਫੁੱਟਬਾਲ : ਕਿਤੇ ਅਰਮਾਨ ਟੁੱਟਣਗੇ, ਕਿਤੇ ਇਤਿਹਾਸ ਬਦਲੇਗਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਹਾਲਾਂਕਿ ਏਸ਼ੀਆ, ਅਫਰੀਕਾ, ਲੇਟਿਨ ਅਮਰੀਕਾ ਅਤੇ ਯੂਰਪ ਦਰਮਿਆਨ ਉੱਤਮਤਾ ਦੀ ਲੜਾਈ ਲਈ ਫੈਸਲਾਕੁੰਨ ਟੱਕਰ ਜ਼ਰੂਰ ਹੁੰਦੀ ਰਹੀ ਹੈ ਪਰ ਮੁੱਖ ਮੁਕਾਬਲਾ ਲੇਟਿਨ ਅਮਰੀਕਾ ਅਤੇ ਯੂਰਪ ਵਿਚਕਾਰ ਹੀ ਰਿਹਾ ਹੈ। ਸੰਨ 1934 ਅਤੇ 1938 'ਚ ਲਗਾਤਾਰ ਦੋ ਵਾਰ ਖਿਤਾਬ ਜੇਤੂ ਇਟਲੀ ਨੂੰ 44 ਸਾਲ ਲੰਬਾ ਇੰਤਜ਼ਾਰ ਕਰਨਾ ਪਿਆ। ਆਖਰ 1982 'ਚ ਉਸ ਦੀ ਖਿਤਾਬ ਜਿੱਤਣ ਦੀ ਹਸਰਤ ਪੂਰੀ ਹੋ ਗਈ। ਸੰਨ 1990 'ਚ ਇਟਲੀ ਮੇਜ਼ਬਾਨ ਹੋਣ ਦੇ ਬਾਵਜੂਦ ਹਾਰ ਗਿਆ ਤੇ ਪੱਛਮੀ ਜਰਮਨੀ ਚੈਂਪੀਅਨ ਵਜੋਂ ਨਾਂਅ ਦਰਜ ਕਰਾਉਣ 'ਚ ਕਾਮਯਾਬ ਰਿਹਾ ਸੀ।
1986 'ਚ ਅਰਜਨਟੀਨਾ ਨੇ ਦੁਬਾਰਾ ਖਿਤਾਬ ਜਿੱਤਿਆ। ਮਾਰਾਡੋਨਾ ਫੁੱਟਬਾਲ ਇਤਿਹਾਸ ਦਾ ਮਹਾਂਨਾਇਕ ਬਣ ਗਿਆ। 1998 'ਚ ਮੇਜ਼ਬਾਨ ਫਰਾਂਸ ਨੇ ਫੁੱਟਬਾਲ ਪੰਡਤਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਛਿੱਕੇ ਟੰਗਦਿਆਂ ਚੈਂਪੀਅਨ ਦੀ ਹੈਸੀਅਤ ਵਜੋਂ ਪਹਿਲੀ ਉਪਸਥਿਤੀ ਦਰਜ ਕਰਵਾਈ। ਮੀਡੀਆ 'ਚ ਬ੍ਰਾਜ਼ੀਲ ਅਤੇ ਰੋਨਾਲਡੋ ਦੀ ਬੱਲੇ-ਬੱਲੇ ਦੇ ਬਾਵਜੂਦ ਬ੍ਰਾਜ਼ੀਲ ਬੁਰੀ ਤਰ੍ਹਾਂ ਹਾਰਿਆ। ਇਸ ਕੱਪ ਦੀਆਂ ਕਈ ਅਣਸੁਲਝੀਆਂ ਕਹਾਣੀਆਂ ਅੱਜ ਵੀ ਬ੍ਰਾਜ਼ੀਲ ਦੇ ਨਾਂਅ 'ਤੇ ਕਾਇਮ ਹਨ। ਸੰਨ 2002 'ਚ ਫ਼ੀਫ਼ਾ ਨੇ ਵੱਡੇ ਬਦਲਾਅ ਵਾਲਾ ਫੈਸਲਾ ਲੈਂਦਿਆਂ ਏਸ਼ੀਆਈ ਧਰਤੀ 'ਤੇ ਪਹਿਲੀ ਕੋਰੀਆ ਅਤੇ ਜਪਾਨ ਨੂੰ ਸਾਂਝੇ ਤੌਰ 'ਤੇ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ। ਇਥੇ ਏਸ਼ੀਆਈ ਟੀਮਾਂ ਜਪਾਨ ਅਤੇ ਕੋਰੀਆ ਨੇ ਆਲਾ ਦਰਜੇ ਦਾ ਪ੍ਰਦਰਸ਼ਨ ਕੀਤਾ। ਕੋਰੀਆ ਇਸ ਵੱਡੀ ਜੰਗ 'ਚ ਸੈਮੀਫਾਈਨਲ ਤੱਕ ਪਹੁੰਚਿਆ ਤੇ ਚੌਥੇ ਨੰਬਰ 'ਤੇ ਰਿਹਾ। ਸੰਨ 2006 'ਚ ਫਰਾਂਸ ਨੂੰ ਹਰਾ ਕੇ ਇਟਲੀ ਚੌਥੀ ਵਾਰ ਚੈਂਪੀਅਨ ਬਣਿਆ। ਸੰਨ 2010 'ਚ ਵਿਸ਼ਵ ਚੈਂਪੀਅਨ ਦੀ ਮੇਜ਼ਬਾਨੀ ਪਹਿਲੀ ਵਾਰ ਦੱਖਣੀ ਅਫਰੀਕਾ ਨੇ ਕੀਤੀ। ਗੋਲਕੀਪਰ ਕੈਸੀਲੱਸ ਦੀ ਅਗਵਾਈ 'ਚ ਹਾਲੈਂਡ ਨੂੰ ਹਰਾ ਕੇ ਸਪੇਨ ਨੇ ਪਹਿਲੀ ਵਾਰ ਵਿਜੇਤਾ ਵਜੋਂ ਟਰਾਫੀ 'ਤੇ ਆਪਣਾ ਨਾਂਅ ਦਰਜ ਕੀਤਾ।
ਰੂਸ ਦੀ ਸਰਜ਼ਮੀਂ 'ਤੇ 12 ਵੱਖ-ਵੱਖ ਸਟੇਡੀਅਮਾਂ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ 21ਵੇਂ ਅਖਾੜੇ 'ਚ ਕੁਆਲੀਫਾਈ ਕਰਨ ਵਾਲੀਆਂ ਟੀਮਾਂ 'ਚ ਅਫਰੀਕੀ ਮਹਾਂਦੀਪ ਤੋਂ ਮੁਰਾਕੋ, ਨਾਈਜੀਰੀਆ, ਈਜੈਪਟ, ਸ਼ੈਨੇਗਲ ਅਤੇ ਟੋਨੀਸ਼ੀਆ, ਏਸ਼ੀਆਈ ਖਿੱਤੇ 'ਚੋਂ ਆਸਟ੍ਰੇਲੀਆ, ਜਪਾਨ, ਇਰਾਨ, ਸਾਊਦੀ ਅਰਬ ਅਤੇ ਦੱਖਣੀ ਕੋਰੀਆ, ਯੂਰਪ 'ਚੋਂ ਬੈਲਜ਼ੀਅਮ, ਕਰੋਏਸ਼ੀਆ, ਡੈਨਮਾਰਕ, ਇੰਗਲੈਂਡ, ਫਰਾਂਸ, ਜਰਮਨੀ, ਆਈਸਲੈਂਡ, ਪੋਲੈਂਡ, ਪੁਰਤਗਾਲ, ਰੂਸ, ਸਰਬੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਉੱਤਰੀ ਅਤੇ ਮੱਧ ਅਮਰੀਕਾ ਤੋਂ ਕੋਸਟਰੀਕਾ, ਮੈਕਸੀਕੋ, ਪੈਨਾਮਾ, ਦੱਖਣੀ ਅਮਰੀਕਾ ਤੋਂ ਅਰਜਨਟੀਨਾ, ਬ੍ਰਾਜ਼ੀਲ, ਕੋਲੰਬੀਆ, ਪੇਰੂ ਅਤੇ ਉਰੂਗਵੇ। ਇਸ ਵਾਰ 4 ਵਾਰ ਦਾ ਵਿਸ਼ਵ ਚੈਂਪੀਅਨ ਇਟਲੀ ਕੁਆਲੀਫਾਈ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਹਾਲੈਂਡ, ਅਮਰੀਕਾ ਤੇ ਚਿੱਲੀ ਦੀਆਂ ਟੀਮਾਂ ਵੀ ਕੁਆਲੀਫਾਈ ਯੋਗਤਾ ਪਾਸ ਨਹੀਂ ਕਰ ਸਕੀਆਂ। ਜਦ ਕਿ ਪੇਰੂ ਦੀ ਟੀਮ 36 ਸਾਲਾਂ ਬਾਅਦ ਮੁੜ ਮੈਦਾਨ 'ਚ ਉਤਰੇਗੀ। ਆਈਸਲੈਂਡ ਅਤੇ ਪਨਾਮਾ ਪਹਿਲੀ ਵਾਰ ਵਿਸ਼ਵ ਕੱਪ 'ਚ ਖੇਡਣਗੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਭਾਰਤ ਦੀ ਉੱਭਰਦੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ

ਬਹੁਤ ਹੀ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਵਾਲੀ ਨਵਜੀਤ ਕੌਰ ਢਿੱਲੋਂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਜੋ ਗੋਲਡਕੋਸਟ ਵਿਖੇ ਹੋਈਆਂ, ਵਿਚੋਂ 57.46 ਮੀਟਰ ਨਾਲ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ। ਕੌਮਾਂਤਰੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ ਦਾ ਜਨਮ 6 ਮਾਰਚ, 1995 ਨੂੰ ਪਿਤਾ ਜਸਪਾਲ ਸਿੰਘ ਢਿੱਲੋਂ ਅਤੇ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਨਵਜੀਤ ਕੌਰ ਢਿੱਲੋਂ ਦੇ ਮਾਤਾ-ਪਿਤਾ ਵੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ। ਮਾਤਾ ਕੁਲਦੀਪ ਕੌਰ ਢਿੱਲੋਂ ਏਸ਼ੀਅਨ ਗੇਮਜ਼ 1986 ਸਿਓਲ 'ਚ ਹਾਕੀ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕਰ ਚੁੱਕੀ ਹੈ ਅਤੇ ਪਿਤਾ ਜਸਪਾਲ ਸਿੰਘ ਢਿੱਲੋਂ ਜੋ ਕਿ ਨਵਜੀਤ ਦੇ ਕੋਚ ਵੀ ਹਨ, ਨਵਜੀਤ ਨੂੰ ਖੇਡਾਂ ਦਾ ਸ਼ੌਕ ਉਸ ਦੇ ਆਪਣੇ ਵੱਡੇ ਭਰਾ ਜਸਦੀਪ ਸਿੰਘ ਢਿੱਲੋਂ ਦੀ ਖੇਡ ਤੋਂ ਪਿਆ, ਜੋ ਕਿ ਸ਼ਾਟਪੁੱਟ ਦਾ ਅੰਤਰਰਾਸ਼ਟਰੀ ਅਥਲੀਟ ਹੈ। ਨਵਜੀਤ ਕੌਰ ਦਾ ਖੇਡਾਂ ਦਾ ਜਨੂੰਨ ਪਰਿਵਾਰ ਦੇ ਖੂਨ ਵਿਚ ਹੀ ਹੈ। ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ ਤੋਂ ਅਤੇ ਬੀ.ਏ. ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਤੋਂ ਕੀਤੀ।
ਨਵਜੀਤ ਕੌਰ ਨੇ ਆਪਣਾ ਖੇਡ ਕੈਰੀਅਰ 2007 ਤੋਂ ਸ਼ੁਰੂ ਕੀਤਾ ਤੇ 2009 ਤੱਕ ਉਸ ਨੇ ਅੰਤਰ'ਵਰਸਿਟੀ ਅਤੇ ਨੈਸ਼ਨਲ ਪੱਧਰ 'ਤੇ ਕਈ ਤਗਮੇ ਪ੍ਰਾਪਤ ਕੀਤੇ ਅਤੇ ਆਪਣੇ ਨਾਂਅ 'ਤੇ ਕੀਰਤੀਮਾਨ ਸਥਾਪਿਤ ਕੀਤੇ। ਸਾਲ 2011 ਵਿਚ ਯੂਥ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। 2011 ਵਿਚ ਯੂਥ ਕਾਮਨਵੈਲਥ ਖੇਡਾਂ 'ਚੋਂ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਨਵਜੀਤ ਢਿੱਲੋਂ ਨੇ 2012 ਵਿਚ ਦੋਹਰੇ ਤਗਮੇ ਪ੍ਰਾਪਤ ਕੀਤੇ। ਸ਼ਾਟਪੁੱਟ/ਡਿਸਕਸ ਥ੍ਰੋਅ ਵਿਚ ਜੂਨੀਅਰ ਨੈਸ਼ਨਲ ਖੇਡਾਂ ਵਿਚ 2012 ਵਿਚ ਜੂਨੀਅਰ ਏਸ਼ੀਅਨ ਖੇਡਾਂ ਸ੍ਰੀਲੰਕਾ ਵਿਚ ਹਿੱਸਾ ਲਿਆ ਅਤੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। 2011 ਯੂਥ ਵਰਲਡ ਜੋ ਫਰਾਂਸ ਵਿਚ ਹੋਈਆਂ, ਉਸ ਵਿਚ 44.46 ਮੀਟਰ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। 2014 ਵਿਚ ਏਸ਼ੀਅਨ ਐਥਲੈਟਿਕਸ ਤਾਈਵਾਨ, ਚੈਂਪੀਅਨਸ਼ਿਪ ਵਿਚ ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਵਿਚ ਤਗਮੇ ਪ੍ਰਾਪਤ ਕੀਤੇ। ਇਸ ਤਰ੍ਹਾਂ ਨਵਜੀਤ ਢਿੱਲੋਂ ਦਾ ਅੰਤਰਰਾਸ਼ਟਰੀ ਖੇਡ ਕੈਰੀਅਰ ਸ਼ੁਰੂ ਹੋਇਆ। ਨਵਜੀਤ ਢਿੱਲੋਂ ਨੇ ਹੁਣ ਤੱਕ ਆਪਣੇ ਖੇਡ ਕੈਰੀਅਰ ਦੀ 59.18 ਮੀਟਰ ਨਾਲ ਸਰਬੋਤਮ ਪਰਫਾਰਮੈਂਸ ਦਿੱਤੀ।
ਨਵਜੀਤ ਢਿੱਲੋਂ ਨੇ ਜਿੱਥੇ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਗਮਾ ਲੈ ਕੇ ਭਾਰਤ ਤਗਮਾ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ, ਉੱਥੇ ਪੰਜਾਬ ਦਾ ਮਾਣ ਵਧਾਇਆ। ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬ ਦੇ ਚਾਰ ਅਥਲੀਟ ਚੁਣੇ ਗਏ, ਜਿਨ੍ਹਾਂ ਵਿਚੋਂ 3 ਅਥਲੀਟ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨ। ਨਵਜੀਤ ਕੌਰ ਨੂੰ ਜਿੱਥੇ ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਲੈ ਕੇ ਖੁਸ਼ੀ ਹੋਈ, ਉਥੇ ਹੀ ਉਸ ਨੂੰ ਆਪਣੀ ਪੰਜਾਬ ਸਰਕਾਰ 'ਤੇ ਗਿਲਾ ਹੈ ਕਿ ਉਸ ਨੇ ਹੁਣ ਤੱਕ ਦੇ ਖੇਡ ਕੈਰੀਅਰ ਵਿਚ ਆਪਣੇ ਕੋਚ ਪਿਤਾ ਜਸਪਾਲ ਢਿੱਲੋਂ ਦੀ ਨਿਗਰਾਨੀ ਹੇਠ ਸਿਖਲਾਈ ਲੈ ਕੇ ਆਪਣੇ ਲੱਖਾਂ ਰੁਪਏ ਖਰਚ ਕੀਤੇ ਹਨ ਪਰ ਪੰਜਾਬ ਸਰਕਾਰ ਵਲੋਂ ਉਸ ਦੀ ਕੋਈ ਵੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਤੇ ਨਾ ਹੀ ਉਸ ਦੀ ਚੰਗੀ ਟ੍ਰੇਨਿੰਗ ਲਈ ਕੋਈ ਉਪਰਾਲਾ ਕੀਤਾ ਗਿਆ। ਨਵਜੀਤ ਕੌਰ ਦਾ ਕਹਿਣਾ ਹੈ ਕਿ ਉਹ 2017 ਵਿਚ ਆਪਣੇ ਖਰਚ 'ਤੇ ਅਮਰੀਕਾ ਵਿਚ ਟ੍ਰੇਨਿੰਗ ਲਈ ਗਈ, ਜਿਸ ਨਾਲ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜੇਕਰ ਪੰਜਾਬ ਸਰਕਾਰ ਕੁਝ ਖੇਡਾਂ ਵਿਚ ਚੰਗੇ ਉਪਰਾਲੇ ਕਰੇ ਤਾਂ ਨਵਜੀਤ ਕੌਰ ਢਿੱਲੋਂ ਉਲੰਪਿਕਸ ਵਿਚ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਨਵਜੀਤ ਕੌਰ ਢਿੱਲੋਂ ਇਸ ਸਮੇਂ ਏਸ਼ੀਅਨ ਖੇਡਾਂ, ਜੋ ਕਿ ਅਗਸਤ ਵਿਚ ਜਕਾਰਤਾ ਵਿਖੇ ਹੋ ਰਹੀਆਂ ਹਨ, ਉਸ ਵਿਚ ਤਗਮਾ ਲੈ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਨਾਂਅ ਉੱਚਾ ਕਰੇਗੀ। ਨਵਜੀਤ ਕੌਰ ਢਿੱਲੋਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਖੇਤਰ ਵਿਚ ਪ੍ਰੈਕਟਿਸ ਕਰਦਿਆਂ 10 ਸਾਲ ਹੋ ਗਏ ਹਨ ਪਰ ਉਸ ਦੇ ਸ਼ਹਿਰ ਅੰਮ੍ਰਿਤਸਰ ਵਿਚ ਪ੍ਰੈਕਟਿਸ ਕਰਨ ਲਈ ਕੋਈ ਸਿੰਥੈਟਿਕ ਟਰੈਕ ਨਹੀਂ ਹੈ।
ਨਵਜੀਤ ਢਿੱਲੋਂ ਦਾ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕਰਨ 'ਤੇ ਪੰਜਾਬ ਸਰਕਾਰ ਨੂੰ ਛੱਡ ਹੋਰ ਕਈ ਸੰਸਥਾਵਾਂ ਨੇ ਸਮੇਂ-ਸਮੇਂ 'ਤੇ ਸਨਮਾਨ ਵੀ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਅਤੇ ਡਾਇਰੈਕਟਰ ਸਪੋਰਟਸ ਡਾ: ਸੁਖਦੇਵ ਸਿੰਘ ਵਲੋਂ ਵੀ ਖਾਸ ਸਨਮਾਨ ਕੀਤਾ ਗਿਆ। ਨਵਜੀਤ ਕੌਰ ਢਿੱਲੋਂ ਇਕ ਖਿਡਾਰਨ ਹੋਣ ਦੇ ਨਾਲ-ਨਾਲ ਇਕ ਸਮਾਜ ਸੇਵਕ ਵੀ ਹੈ। ਉਹ ਆਪਣੇ ਖੇਡ ਸੈਂਟਰ 'ਚੋਂ ਛੋਟੇ-ਛੋਟੇ ਬੱਚਿਆਂ ਅਤੇ ਖਿਡਾਰੀਆਂ ਨੂੰ ਵੀ ਸਮੇਂ-ਸਮੇਂ ਕਿੱਟਾਂ, ਸਪੋਰਟਸ ਸ਼ੂਜ਼ ਅਤੇ ਡਾਇਟ ਵੰਡ ਕੇ ਉਨ੍ਹਾਂ ਦੀ ਮਦਦ ਕਰਦੀ ਹੈ ਅਤੇ ਨਾਲ ਇਕ ਚੰਗਾ ਖਿਡਾਰੀ ਬਣਨ ਲਈ ਪ੍ਰੇਰਦੀ ਹੈ। ਨਵਜੀਤ ਕੌਰ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖ ਕੇ 100 ਤੋਂ ਵੱਧ ਖਿਡਾਰੀ ਯੂਨੀਵਰਸਿਟੀ ਖੇਡ ਵਿਚ ਟ੍ਰੇਨਿੰਗ ਕਰਨ ਆਉਂਦੇ ਹਨ। ਨਵਜੀਤ ਢਿੱਲੋਂ ਇਸ ਸਮੇਂ ਭਾਰਤੀ ਰੇਲਵੇ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਭਾਰਤੀ ਰੇਲ ਵਲੋਂ ਵੀ ਨਵਜੀਤ ਦੇ ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਪ੍ਰਾਪਤ ਕਰਨ 'ਤੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਵਜੀਤ ਕੌਰ ਢਿੱਲੋਂ ਅਤੇ ਉਸ ਦਾ ਭਰਾ ਜਸਦੀਪ ਸਿੰਘ ਢਿੱਲੋਂ ਇਸ ਸਮੇਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਏਸ਼ੀਅਨ ਖੇਡਾਂ ਦੀ ਤਿਆਰੀ ਕਰ ਰਹੇ ਹਨ। ਨਵਜੀਤ ਕੌਰ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਚੰਗੇ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਟ੍ਰੇਨਿੰਗ ਕਰਨ ਲਈ ਭੇਜਿਆ ਜਾਵੇ, ਤਾਂ ਜੋ ਆਉਣ ਵਾਲੀਆਂ 2020 ਟੋਕੀਓ ਉਲੰਪਿਕ ਖੇਡਾਂ ਵਿਚ ਇਹ ਖਿਡਾਰੀ ਭਾਰਤ ਦੇਸ਼ ਦੀ ਝੋਲੀ ਵਿਚ ਵੱਧ ਤੋਂ ਵੱਧ ਤਗਮੇ ਪਾ ਸਕਣ।


-ਮੋਬਾ: 98729-78781

ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ

ਦੋ ਦਿਨਾਂ 'ਚ ਹੀ ਬਣੇ ਕਈ ਰਿਕਾਰਡ

ਟੈਸਟ ਕ੍ਰਿਕਟ 'ਚ ਸੰਸਾਰ 'ਚ ਪਹਿਲੇ ਦਰਜੇ ਦੀ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਤੇ ਇਤਿਹਾਸਕ ਮੈਚ ਖੇਡ ਰਹੀ ਅਫ਼ਗਾਨਿਸਤਾਨ ਦੀ ਟੀਮ ਦਾ ਬਿਸਤਰਾ ਦੋ ਦਿਨਾਂ 'ਚ ਹੀ ਗੋਲ ਕਰਕੇ ਇਸ ਇਕੋ ਮੈਚ 'ਚ ਕਈ ਰਿਕਾਰਡ ਆਪਣੇ ਨਾਂਅ ਲਿਖਵਾਏ।
ਗੱਲ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੋਂ ਸ਼ੁਰੂ ਕਰਦੇ ਹਾਂ। ਧਵਨ ਨੇ ਲੰਚ ਤੋਂ ਪਹਿਲਾਂ ਹੀ ਸੈਂਕੜਾ ਠੋਕ ਛੱਡਿਆ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਅਤੇ ਸੰਸਾਰ ਦੇ ਛੇਵੇਂ ਬੱਲੇਬਾਜ਼ ਬਣੇ। ਪਾਕਿਸਤਾਨ ਦੇ ਮਾਜਿਦ ਖਾਨ ਤੋਂ ਇਲਾਵਾ ਬਾਕੀ ਦੇ ਚਾਰ ਖਿਡਾਰੀ ਡਾਨ ਬ੍ਰੈਡਮੈਨ, ਵਿਕਟਰ ਟਰੰਪਰ, ਚਾਰਲੀ ਮੈਕਾਰਟਨੀ ਤੇ ਡੇਵਿਡ ਵਾਰਨਰ ਸਾਰੇ ਆਸਟ੍ਰੇਲੀਆਈ ਹਨ। ਉਂਜ ਧਵਨ ਨੇ ਇਕ ਸੈਸ਼ਨ 'ਚ ਤੀਜੀ ਵਾਰ ਸੈਂਕੜਾ ਬਣਾ ਕੇ ਵਰਿੰਦਰ ਸਹਿਵਾਗ ਦੀ ਬਰਾਬਰੀ ਕੀਤੀ ਹੈ। ਇਸ ਪਾਰੀ ਨਾਲ ਧਵਨ ਨੇ ਇਕ ਹੋਰ ਅਨੋਖਾ ਰਿਕਾਰਡ ਵੀ ਆਪਣੇ ਨਾਂਅ ਕੀਤਾ। ਉਸ ਨੇ ਆਪਣੀ 107 ਦੌੜਾਂ ਦੀ ਪਾਰੀ 'ਚ 94 ਦੌੜਾਂ ਸਿਰਫ ਚੌਕੇ-ਛਿੱਕਿਆਂ ਨਾਲ ਹੀ ਬਣਾਈਆਂ। ਮਤਲਬ 87.85 ਫੀਸਦੀ ਦੌੜਾਂ ਬਾਊਂਡਰੀ ਲਗਾ ਕੇ ਪੂਰੀਆਂ ਕੀਤੀਆਂ। ਉਸ ਨੇ 19 ਚੌਕੇ ਤੇ 3 ਛਿੱਕੇ ਲਗਾਏ। ਭਾਰਤ ਦੇ ਦੂਜੇ ਓਪਨਰ ਮੁਰਲੀ ਵਿਜੈ ਨੇ ਵੀ ਸੈਂਕੜਾ ਲਗਾਇਆ। ਇਕ ਵੇਲੇ ਸਕੋਰ ਇਕ ਵਿਕਟ 'ਤੇ 248 'ਤੇ ਪੁੱਜ ਚੁੱਕਾ ਸੀ ਪਰ ਇਥੇ 54 ਦੌੜਾਂ ਜੋੜਦਿਆਂ ਭਾਰਤ ਦੀਆਂ 5 ਵਿਕਟਾਂ ਜਦੋਂ ਹੋਰ ਡਿਗ ਗਈਆਂ ਤਾਂ ਲੱਗਣ ਲੱਗ ਪਿਆ ਸੀ ਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਨੂੰ ਆਰਾਮ ਦੇ ਕੇ ਕੀ ਭਾਰਤੀ ਟੀਮ ਨੇ ਆਪਣਾ ਮੱਧਕ੍ਰਮ ਤਾਂ ਕਮਜ਼ੋਰ ਨਹੀਂ ਕਰ ਲਿਆ। ਪਰ ਸ਼ਾਬਾਸ਼ ਹੈ ਖਿਡਾਰੀ ਹਾਰਦਿਕ ਪਾਂਡੇਆ ਨੂੰ, ਜਿਸ ਨੇ ਟੀਮ 'ਚ ਆਪਣੀ ਚੋਣ ਨੂੰ ਸਾਰਥਿਕ ਕਰਦਿਆਂ ਹੇਠਲੇ ਕ੍ਰਮ 'ਚ ਸੱਤਵੇਂ ਨੰਬਰ 'ਤੇ ਖੇਡਦਿਆਂ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੀ ਹਿੰਮਤ ਨੂੰ ਦੇਖਦਿਆਂ ਪੂਛਲ ਬੱਲੇਬਾਜ਼ ਜਡੇਜਾ (20 ਦੌੜਾਂ) ਤੇ ਉਮੇਸ਼ ਯਾਦਵ ਅਜੇਤੂ 26 ਦੌੜਾਂ ਨੇ ਵੀ ਪੂਰਾ ਲਾਹਾ ਲਿਆ। ਇਸੇ ਕਾਰਨ ਟੀਮ ਦਾ ਸਕੋਰ 474 'ਤੇ ਪੁੱਜਾ ਤੇ ਅਫ਼ਗਾਨਿਸਤਾਨ ਦੀ ਟੀਮ ਦਬਾਅ 'ਚ ਆ ਗਈ।
ਟੈਸਟ ਮੈਚ ਦਾ ਦੂਜਾ ਦਿਨ ਵੀ ਰਿਕਾਰਡਾਂ ਭਰਿਆ ਰਿਹਾ। ਪਿਛਲੇ 115 ਸਾਲਾਂ 'ਚ ਇਕ ਦਿਨ 'ਚ ਸਭ ਤੋਂ ਵੱਧ 24 ਵਿਕਟਾਂ ਡਿੱਗਣ ਦਾ ਰਿਕਾਰਡ ਬਣਿਆ। ਭਾਰਤੀ ਟੀਮ ਦੀਆਂ ਬਾਕੀ ਚਾਰ ਵਿਕਟਾਂ ਤੋਂ ਇਲਾਵਾ ਅਫ਼ਗਾਨਿਸਤਾਨ ਦੀਆਂ ਦੋਵਾਂ ਪਾਰੀਆਂ ਦੀਆਂ 20 ਵਿਕਟਾਂ ਢਹਿ-ਢੇਰੀ ਹੋ ਗਈਆਂ। ਭਾਰਤ ਨੇ ਜਿਥੇ ਪਹਿਲੀ ਵਾਰ ਦੋ ਦਿਨਾਂ 'ਚ ਟੈਸਟ ਮੈਚ ਜਿੱਤਿਆ ਹੈ, ਉਥੇ ਟੈਸਟ ਇਤਿਹਾਸ 'ਚ ਇਹ 21ਵਾਂ ਮੌਕਾ ਹੈ। ਸਾਲ 2011 'ਚ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਦਰਮਿਆਨ ਇਕ ਦਿਨ 'ਚ 23 ਵਿਕਟਾਂ ਡਿਗੀਆਂ ਸਨ। ਸਭ ਤੋਂ ਵੱਧ ਵਿਕਟਾਂ ਇਕ ਦਿਨ 'ਚ ਡਿੱਗਣ ਦਾ ਰਿਕਾਰਡ 1888 'ਚ 130 ਸਾਲ ਪਹਿਲਾਂ ਇੰਗਲੈਂਡ ਤੇ ਆਸਟ੍ਰੇਲੀਆ ਦਰਮਿਆਨ ਬਣਿਆ ਸੀ। ਸਾਲ 1902 'ਚ ਵੀ ਇਨ੍ਹਾਂ ਟੀਮਾਂ ਦਰਮਿਆਨ ਇਕ ਦਿਨ 'ਚ 25 ਵਿਕਟਾਂ ਤੇ 1896 'ਚ ਵੀ 24 ਵਿਕਟਾਂ ਡਿਗੀਆਂ ਸਨ।
ਟਵੰਟੀ-20 ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਤੇ ਹਾਲ ਹੀ 'ਚ ਬੰਗਲਾਦੇਸ਼ ਦੀ ਟੀਮ ਨੂੰ 3-0 ਨਾਲ ਹਰਾ ਕੇ ਹਵਾ 'ਚ ਉੱਡੀ ਫਿਰਦੀ ਅਫਗਾਨ ਟੀਮ ਨੂੰ ਭਾਰਤੀ ਟੀਮ ਨੇ ਸਬਕ ਦਿੰਦਿਆਂ ਦੱਸਿਆ ਕਿ ਸਹੀ ਮਾਅਨੇ 'ਚ ਕ੍ਰਿਕਟ ਸਮਝੇ ਜਾਂਦੇ 'ਟੈਸਟ' ਨੂੰ ਪਾਰ ਪਾਉਣ ਲਈ ਹਾਲੇ ਉਸ ਨੂੰ ਬਹੁਤ ਮਿਹਨਤ ਤੇ ਅਨੁਭਵ ਦੀ ਲੋੜ ਹੈ। ਅਫਗ਼ਾਨਿਸਤਾਨ 'ਤੇ ਜਿੱਤ ਤੋਂ ਬਾਅਦ ਟੀਮ ਦਾ ਹੌਸਲਾ ਯਕੀਨਨ ਹੋਰ ਵਧਿਆ ਹੋਵੇਗਾ। ਪਰ ਭਾਰਤੀ ਟੀਮ ਕੁਝ ਦਿਨਾਂ ਬਾਅਦ ਹੀ ਇੰਗਲੈਂਡ ਦਾ ਦੌਰਾ ਕਰਨ ਜਾ ਰਹੀ ਹੈ, ਜਿਥੇ ਪਿਛਲੇ ਦੋ ਦੌਰਿਆਂ 'ਚ ਭਾਰਤੀ ਬੱਲੇਬਾਜ਼ੀ ਨੂੰ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਉਖਾੜ ਸੁੱਟਿਆ ਸੀ। ਇੰਗਲੈਂਡ ਦੀਆਂ ਪਿੱਚਾਂ 'ਤੇ ਹੁਣ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਆਪਣੀ ਅਸਲੀ ਤਾਕਤ ਦਿਖਾਉਣੀ ਪਵੇਗੀ, ਤਾਂ ਜੋ ਇਹ ਸਾਬਤ ਹੋ ਸਕੇ ਕਿ ਭਾਰਤੀ ਟੀਮ ਟੈਸਟ ਵਿਚ ਪਹਿਲੇ ਦਰਜੇ 'ਤੇ ਕਾਬਜ਼ ਕਿਉਂ ਹੈ।


-ਮੋਬਾਈਲ : 98141-32420

ਸਾਫ਼-ਸੁਥਰੀ, ਅਨੁਸ਼ਾਸਨਬੱਧ ਹਾਕੀ ਖੇਡਣ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਾਡੇ ਹਾਕੀ ਖਿਡਾਰੀ ਨੂੰ ਦੂਜੇ ਪਾਸੇ ਵਹਿਮ ਹੋ ਗਿਆ ਕਿ ਸ਼ਾਇਦ ਉਹ ਬਹੁਤ ਜ਼ਿਆਦਾ ਜੁਝਾਰੂ ਹੈ। ਉਸ ਵਿਚ ਬਹੁਤ ਜ਼ਿਆਦਾ ਕਿਲਰ ਇਨਸੰਟਿਕਟ ਦੀ ਭਾਵਨਾ ਆ ਗਈ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦਾ ਅਜਿਹਾ ਲੱਚਰ ਪ੍ਰਦਰਸ਼ਨ ਮੀਡੀਏ ਤੇ ਅਵਾਮ 'ਚ ਹਮੇਸ਼ਾ ਨਾਕਾਰਾਤਮਕ ਚਰਚਾ ਦਾ ਵਿਸ਼ਾ ਬਣਦਾ ਅਤੇ ਉਸ ਦੀ ਖੇਡ ਲਈ ਮਾਰੂ ਹੈ। ਉਸ ਦੇ ਆਪਣੇ ਖੇਡ ਕੈਰੀਅਰ 'ਤੇ ਧੱਬਾ ਹੈ। ਕਈ ਖਿਡਾਰੀਆਂ 'ਤੇ ਖੇਡਣ ਦੀ ਪਾਬੰਦੀ ਵੀ ਲਗਦੀ ਰਹੀ ਹੈ। ਹਾਕੀ ਫੈਡਰੇਸ਼ਨ ਇਹ ਵੱਖਰੀ ਗੱਲ ਹੈ ਕਿ ਕਈਆਂ ਲਈ ਪੂਰੀ ਤਰ੍ਹਾਂ ਸਖਤ ਤੇ ਕਈਆਂ ਲਈ ਨਰਮ ਪੈ ਗਈ। ਸਭ ਤੋਂ ਸ਼ਰਮਨਾਕ ਦ੍ਰਿਸ਼ ਹਾਕੀ ਦੇ ਮੈਦਾਨ 'ਚ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਇਹ ਖਿਡਾਰੀ ਵਕਤੀ ਗੁੱਸਾ ਖਾ ਕੇ ਅੰਪਾਇਰ ਨੂੰ ਵੀ ਨਹੀਂ ਬਖਸ਼ਦੇ ਤੇ ਉਂਜ ਕਈ ਵਾਰ ਕੁਝ ਅੰਪਾਇਰ ਵੀ ਕਿਸੇ ਟੀਮ ਨਾਲ ਵਿਤਕਰਾ ਕਰਕੇ ਸਪੋਰਟਸਮੈਨਸ਼ਿਪ ਦੀ ਵੱਖੀ 'ਚ ਲੱਤ ਮਾਰਨ ਤੋਂ ਗੁਰੇਜ਼ ਨਹੀਂ ਕਰਦੇ।
ਅਸੀਂ ਕਈ ਅੰਪਾਇਰ ਵੀ ਗ਼ਲਤ ਦੇਖੇ ਹਨ ਤੇ ਕਈ ਖਿਡਾਰੀ ਉਨ੍ਹਾਂ ਤੋਂ ਵੀ 20 ਗੁਣਾ ਵੱਧ ਦੇਖੇ ਹਨ। ਪਰ ਸਾਡੀ ਜਾਚੇ ਹਾਕੀ ਦਾ ਹੀ ਇਸ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ। ਭਲਿਓ ਮਾਣਸੋ! ਹਾਕੀ ਜਾਦੂਗਰ ਧਿਆਨ ਚੰਦ, ਰੂਪ ਸਿੰਘ ਆਦਿ ਜਿਹੇ ਜਹੀਨ ਖਿਡਾਰੀਆਂ ਦੇ ਜੀਵਨ 'ਚੋਂ ਕੁਝ ਤਾਂ ਸਿੱਖੋ। ਹਾਕੀ ਵਾਲਿਓ! ਵੇਲਾ ਹੈ ਅਜੇ ਵੀ ਸੰਭਲ ਜਾਓ, ਨਹੀਂ ਤਾਂ ਕੋਈ ਵੀ ਤੁਹਾਡੇ ਪਿੱਛੋਂ ਤੁਹਾਡੀ ਇਹ ਹਾਕੀ ਸਟਿਕ ਫੜਨ ਲਈ ਤਿਆਰ ਨਹੀਂ ਹੋਵੇਗਾ। ਕੁਝ ਤਾਂ ਹਾਕੀ ਖੇਡ ਦੇ ਪੱਲੇ ਰਹਿਣ ਦਿਓ। ਸਾਫ਼-ਸੁਥਰੀ ਹਾਕੀ ਖੇਡ ਦਾ ਮੁਜ਼ਾਹਰਾ ਹੀ ਇਸ ਦਾ ਤੁਹਾਡਾ ਸਨਮਾਨ ਹੈ ਅਸਲ 'ਚ। ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪੇਂਡੂ ਹਾਕੀ ਟੂਰਨਾਮੈਂਟਾਂ, ਰਾਸ਼ਟਰੀ ਪੱਧਰੀ ਖਿਤਾਬੀ ਟੂਰਨਾਮੈਂਟ 'ਚ ਅਸੀਂ ਕਿਸੇ ਖਿਡਾਰੀ ਦੇ ਸਿਰ 'ਚੋਂ ਖੂਨ ਦੇ ਫੁਹਾਰੇ ਚਲਦੇ ਦੇਖੇ, ਕਿਸੇ ਦੇ ਕੰਨ-ਮੱਥੇ 'ਚੋਂ ਖੂਨ ਨਿਕਲਦਾ ਤੱਕਿਆ। ਕਿਸੇ ਦੀ ਅੱਖ ਦਾ ਮਸਾਂ ਬਚਾਅ ਹੋਇਆ, ਕਿਸੇ ਦਾ ਜਬਾੜਾ ਹਿੱਲ ਗਿਆ, ਕਿਸੇ ਦੇ ਦੰਦ ਟੁੱਟ ਗਏ, ਕਿਸੇ ਦੇ ਨੱਕ 'ਚੋਂ ਖੂਨ ਦੀਆਂ ਨਦੀਆਂ ਚੱਲ ਪਈਆਂ, ਕਿਸੇ ਨੂੰ ਮੋਢੇ ਤੋਂ ਫੜ ਠਿੱਬੀ ਲਾ ਦਿੱਤੀ, ਕਿਸੇ ਦੇ ਗੋਡੇ-ਗਿੱਟੇ ਸੇਕ ਦਿੱਤੇ। ਹੋ ਸਕਦੈ ਤੁਸੀਂ ਸਾਡੇ ਤੋਂ ਜ਼ਿਆਦਾ ਕੁਝ ਡਰਾਉਣਾ ਦੇਖਿਆ ਹੋਵੇ। ਬਾਹਰ ਬੈਠਾ ਕੋਈ ਵੀ ਸੂਝਵਾਨ ਦਰਸ਼ਕ, ਹਾਕੀ ਪ੍ਰੇਮੀ ਇਹ ਸੋਚਣ ਲਈ ਮਜਬੂਰ ਹੋ ਜਾਂਦੈ... ਹਾਕੀ! ਪਰ ਆਹ ਕੀ? ਹਾਕੀ ਵਾਲਿਓ! ਕੀ ਇਹੀ ਤੁਹਾਡਾ 'ਸਟਿੱਕ ਵਰਕ' ਹੈ? ਕੀ ਇਹੀ ਤੁਹਾਡਾ ਹਾਕੀ ਸਕਿੱਲ ਹੈ। ਗੁੱਸੇ 'ਚ ਆ ਕੇ, ਰੋਹ 'ਚ ਆ ਕੇ ਆਪਣੇ ਵਿਰੋਧੀਆਂ 'ਤੇ ਹਾਕੀਆਂ ਚਲਾ ਦੇਣੀਆਂ, ਅੰਪਾਇਰ ਨਾਲ ਗਾਲੀ-ਗਲੋਚ ਕਰਦਿਆਂ ਉਹਦੇ ਪਿੱਛੇ ਭੱਜਣਾ, ਕੀ ਇਹੀ ਤੁਹਾਡੀ ਖੇਡ ਭਾਵਨਾ ਹੈ? ਟੀਮ ਗੇਮ ਹੈ, ਹਮਲਾਵਰ ਨੀਤੀ ਹੈ? ਕੀ ਇਹ ਸਭ ਕੁਝ ਤੱਕਦਿਆਂ ਕੋਈ ਪਿਤਾ, ਕੋਈ ਮਾਂ ਆਪਣੇ ਬੱਚੇ, ਬੱਚੀ ਦੇ ਹੱਥ 'ਚ ਹਾਕੀ ਫੜਾਏਗਾ?
ਅਸੀਂ ਮਹਿਸੂਸ ਕਰਦੇ ਹਾਂ ਕਿ ਹਾਕੀ ਇੰਡੀਆ, ਭਾਰਤੀ ਹਾਕੀ ਫੈਡਰੇਸ਼ਨ ਅਤੇ ਵੱਖ-ਵੱਖ ਰਾਜਾਂ ਦੀਆਂ ਹਾਕੀ ਐਸੋਸੀਏਸ਼ਨਾਂ ਇਕ ਅਨੁਸ਼ਾਸਨਹੀਣ ਖਿਡਾਰੀ ਨਾਲ ਕਿਸੇ ਪੱਖੋਂ ਵੀ ਕੋਈ ਨਰਮੀ ਨਾ ਵਰਤਣ। ਹਰ ਮੈਚ ਦੀ ਵੀਡੀਓ ਰਿਕਾਰਡਿੰਗ ਹੁੰਦੀ ਹੈ, ਕੋਈ ਕਿੰਨਾ ਕਸੂਰਵਾਰ ਹੈ, ਹੁਣ ਇਹ ਛੁਪ ਨਹੀਂ ਸਕਦਾ। ਹਾਕੀ ਦੇ ਵਕਾਰ ਤੇ ਸਤਿਕਾਰ ਨੂੰ ਬਹਾਲ ਕਰਨ ਲਈ ਇਹ ਵੀ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਹਾਕੀ ਖਿਡਾਰੀ ਨੂੰ ਪੂਰੀ ਤਰ੍ਹਾਂ 'ਅਨੁਸ਼ਾਸਨਬੱਧ' ਬਣਾਇਆ ਜਾਵੇ। ਉਸ ਦੇ ਬਾਰੇ ਜੋ 'ਇਮੇਜ' ਅਵਾਮ ਦੇ ਦਿਲ 'ਚ ਬਣਦਾ ਜਾ ਰਿਹਾ, ਉਸ ਨਾਲ ਹਾਕੀ ਦੀ ਲੋਕਪ੍ਰਿਅਤਾ 'ਤੇ ਹੋਰ ਨਾਕਾਰਾਤਮਕ ਤੇ ਮਾਰੂ ਅਸਰ ਪਵੇਗਾ। ਹਾਕੀ ਵਾਲਿਓ! ਆਓ ਭਵਿੱਖ 'ਚ ਆਯੋਜਿਤ ਹੋਣ ਵਾਲੇ ਸਾਰੇ ਰਾਜ ਪੱਧਰੀ, ਰਾਸ਼ਟਰੀ ਟੂਰਨਾਮੈਂਟਾਂ 'ਚ ਇਕ ਸੱਭਿਅਕ ਖੇਡ ਨੂੰ ਖੇਡਦੇ, ਇਕ ਸੱਭਿਅਕ ਖਿਡਾਰੀ ਦਾ ਸਬੂਤ ਦਈਏ, ਖਿਤਾਬੀ ਜਿੱਤ ਦੇ ਨਸ਼ੇ ਤੇ ਗਰੂਰ 'ਚ ਵੀ ਹਾਕੀ ਦੀ ਮਾਣ-ਮਰਿਆਦਾ ਬਰਕਰਾਰ ਰੱਖੀਏ ਤਾਂ ਕਿ ਹਾਕੀ ਜਨੂੰਨ ਬਣੇ, ਖੌਫ ਜਾਂ ਡਰ ਨਹੀਂ। (ਸਮਾਪਤ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਅਪਾਹਜ ਹੋ ਕੇ ਵੀ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ ਅਮਨਪ੍ਰੀਤ ਸਿੰਘ

ਅਮਨਪ੍ਰੀਤ ਸਿੰਘ ਬਚਪਨ ਤੋਂ ਹੀ ਖੱਬੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਹੈ ਪਰ ਉਹ ਅਪਾਹਜ ਹੋ ਕੇ ਵੀ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ ਅਤੇ ਪੰਜਾਬ ਦੀ ਅਪਾਹਜ ਕ੍ਰਿਕਟ ਟੀਮ ਦਾ ਉਹ ਇਕ ਮਹੱਤਵਪੂਰਨ ਖਿਡਾਰੀ ਹੈ ਅਤੇ ਇਕ ਸਫ਼ਲ ਬੱਲੇਬਾਜ਼ ਕਰਕੇ ਜਾਣਿਆ ਜਾਂਦਾ ਹੈ। ਅਮਨਪ੍ਰੀਤ ਸਿੰਘ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਬਲੂ ਵਿਖੇ 21 ਜਨਵਰੀ, 1987 ਨੂੰ ਪਿਤਾ ਬਲਦੇਵ ਸਿੰਘ ਘੁਮਾਣ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਅਮਨਪ੍ਰੀਤ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ ਅਤੇ ਇਸੇ ਲਈ ਖੇਡ ਪ੍ਰਤੀ ਉਸ ਦੀ ਲਗਨ ਅਤੇ ਜਨੂੰਨ ਅੱਗੇ ਉਸ ਦੀ ਅਪਾਹਜਤਾ ਨੇ ਗੋਡੇੇ ਟੇਕ ਦਿੱਤੇ ਅਤੇ ਉਹ ਬਚਪਨ ਤੋਂ ਹੀ ਆਪਣੇ ਸਾਥੀਆਂ ਨਾਲ ਪਿੰਡ ਵਿਚ ਹੀ ਕ੍ਰਿਕਟ ਦੀ ਟੀਮ ਬਣਾ ਕੇ ਖੇਡਣ ਲੱਗਾ। ਭਾਵੇਂ ਕਿ ਉਹ ਅਪਾਹਜ ਸੀ ਪਰ ਉਹ ਆਮ ਖਿਡਾਰੀਆਂ ਨਾਲ ਹੀ ਖੇਡਦਾ। ਬਿਨਾਂ ਸ਼ੱਕ ਉਸ ਨੂੰ ਆਮ ਖਿਡਾਰੀਆਂ ਦੇ ਨਾਲ ਖੇਡਣ ਲਈ ਬੜੀਆਂ ਮੁਸ਼ਕਿਲਾਂ ਵੀ ਆਉਂਦੀਆਂ ਪਰ ਉਸ ਦੇ ਸਾਹਸ ਅਤੇ ਜਜ਼ਬੇ ਨੇ ਕਦੇ ਵੀ ਉਸ ਨੂੰ ਡੋਲਣ ਨਾ ਦਿੱਤਾ ਤੇ ਉਹ ਖੇਡਦਾ ਹੀ ਗਿਆ। ਸਾਲ 2014 ਵਿਚ ਮੁੰਬਈ ਵਿਖੇ ਅਪਾਹਜ ਖਿਡਾਰੀਆਂ ਦੀ ਕ੍ਰਿਕਟ ਟੀਮ ਲਈ ਟਰਾਇਲ ਲਏ ਗਏ, ਜਿੱਥੇ ਅਮਨਪ੍ਰੀਤ ਵੀ ਟਰਾਇਲ ਦੇਣ ਲਈ ਗਿਆ ਅਤੇ ਪਹਿਲੀ ਵਾਰ ਉਸ ਨੂੰ ਪੂਨੇ ਵਿਖੇ ਹਰਿਆਣਾ ਪ੍ਰਾਂਤ ਦੀ ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਕ੍ਰਿਕਟ ਦੇ ਖੇਤਰ ਵਿਚ ਲਗਾਤਾਰ ਪ੍ਰਾਪਤੀਆਂ ਕਰਦਾ ਗਿਆ।
ਅਮਨਪ੍ਰੀਤ ਨੇ ਹੁਣ ਤੱਕ ਕਈ ਦਰਜਨਾਂ ਦੇ ਕਰੀਬ ਨੈਸ਼ਨਲ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਖੇਡੇ ਹਨ ਅਤੇ ਆਪਣੀ ਚੰਗੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਮੁੰਬਈ, ਕਲਕੱਤਾ, ਅਜਮੇਰ, ਪਾਣੀਪਤ, ਦਿੱਲੀ, ਕਰਨਾਲ ਅਤੇ ਹੋਰ ਸ਼ਹਿਰਾਂ ਵਿਚ ਉਹ ਲਗਾਤਾਰ ਖੇਡ ਰਿਹਾ ਹੈ। ਅਮਨਪ੍ਰੀਤ ਕ੍ਰਿਕਟ ਖੇਡਣ ਦੇ ਨਾਲ-ਨਾਲ ਕਵਿਤਾ ਲਿਖਣ ਅਤੇ ਚੰਗਾ ਮਿਆਰੀ ਸਾਹਿਤ ਪੜ੍ਹਨ ਦਾ ਵੀ ਸ਼ੌਕ ਰੱਖਦਾ ਹੈ। ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਏ., ਬੀ.ਈ.ਐਡ., ਐਮ.ਏ. ਆਰਟ ਐਂਡ ਕਰਾਫਟ ਨਾਲ ਕਰਨ ਦੇ ਨਾਲ-ਨਾਲ ਪੀ.ਜੀ.ਡੀ.ਸੀ.ਏ. ਅਤੇ ਦੋ ਵਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵੀ ਦੇ ਚੁੱਕਾ ਹੈ ਅਤੇ ਕੋਈ ਨੌਕਰੀ ਨਹੀਂ ਮਿਲੀ। ਅਮਨਪ੍ਰੀਤ ਆਖਦਾ ਹੈ ਕਿ ਸਰਕਾਰਾਂ ਨੇ, ਖਾਸ ਕਰਕੇ ਪੰਜਾਬ ਦੀਆਂ ਆਈਆਂ-ਗਈਆਂ ਸਰਕਾਰਾਂ ਨੇ ਖਿਡਾਰੀਆਂ ਦੀ ਕੋਈ ਸਾਰ ਨਹੀਂ ਲਈ ਅਤੇ ਉਨ੍ਹਾਂ ਸਮੇਤ ਪੰਜਾਬ ਦੇ ਸਾਰੇ ਖਿਡਾਰੀ ਨਿਰਾਸ਼ਾ ਦੇ ਆਲਮ 'ਚੋਂ ਦੀ ਗੁਜ਼ਰ ਰਹੇ ਹਨ। ਹੋਰ ਤਾਂ ਹੋਰ, ਐਨਾ ਪੜ੍ਹਨ ਦੇ ਬਾਵਜੂਦ ਅਤੇ ਅਪਾਹਜ ਹੁੰਦਿਆਂ ਵੀ ਸਰਕਾਰ ਨੌਕਰੀ ਨਹੀਂ ਦੇ ਸਕੀ। ਗੌਰਤਲਬ ਹੈ ਕਿ ਨਿਸਚਿਤ ਰੂਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸਿਹਤ, ਸਿੱਖਿਆ ਅਤੇ ਖੇਡਾਂ 'ਤੇ ਵੱਡੇ ਦਮਗੱਜੇ ਮਾਰਨ ਵਾਲੀ ਪੰਜਾਬ ਸਰਕਾਰ ਇਨ੍ਹਾਂ ਤਿੰਨਾਂ ਪੱਖਾਂ ਤੋਂ ਹੀ ਬੁਰੀ ਤਰ੍ਹਾਂ ਪਛੜ ਚੁੱਕੀ ਹੈ, ਇਸੇ ਲਈ ਅੱਜ ਪੰਜਾਬ ਦਾ ਨੌਜਵਾਨ ਖੇਡਾਂ ਪ੍ਰਤੀ ਰੁਖ਼ ਕਰਨ ਦੀ ਬਜਾਏ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਖੈਰ, ਅਮਨਪ੍ਰੀਤ ਸਿੰਘ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਵਿਸ਼ਵ ਕੱਪ ਫੁੱਟਬਾਲ ਜੇਤੂ ਦੇਸ਼

ਸਾਲ ਜੇਤੂ ਦੇਸ਼
1930 ਉਰੂਗਵੇ
1934 ਇਟਲੀ
1938 ਇਟਲੀ
1950 ਉਰੂਗਵੇ
1954 ਪੱਛਮੀ ਜਰਮਨੀ
1958 ਬ੍ਰਾਜ਼ੀਲ
1962 ਬ੍ਰਾਜ਼ੀਲ
1966 ਇੰਗਲੈਂਡ
1970 ਬ੍ਰਾਜ਼ੀਲ
1974 ਪੱਛਮੀ ਜਰਮਨੀ
1978 ਅਰਜਨਟੀਨਾ
1982 ਇਟਲੀ
1986 ਅਰਜਨਟੀਨਾ
1990 ਪੱਛਮੀ ਜਰਮਨੀ
1994 ਬ੍ਰਾਜ਼ੀਲ
1998 ਫਰਾਂਸ
2002 ਬ੍ਰਾਜ਼ੀਲ
2006 ਇਟਲੀ
2010 ਸਪੇਨ
2014 ਜਰਮਨੀ
2018 ?


-ਗੁਰਪ੍ਰੀਤ ਸਿੰਘ,
ਡੀ.ਪੀ.ਈ., ਏ. ਡੀ. ਸੀ. ਸੈ. ਸਕੂਲ, ਧਰਮਕੋਟ (ਮੋਗਾ)।

ਦਿਲਰਾਜਪ੍ਰੀਤ ਕੌਰ ਦੀ ਪੰਜਾਬ 'ਚ ਵੀ ਯੋਗਾ ਨੂੰ ਪ੍ਰਫੁੱਲਤ ਕਰਨ ਦੀ ਚਾਹਤ

ਯੋਗਾ 'ਚ ਨਾਮਣਾ ਖੱਟਣ ਵਾਲੀ ਅਤੇ ਉੱਤਰਾਖੰਡ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਵਲੋਂ ਪਹਿਲੇ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ, 2015 ਤੋਂ ਘੋਸ਼ਿਤ ਕੀਤੀ ਗਈ ਉੱਤਰਾਖੰਡ ਯੋਗਾ ਦੀ ਬ੍ਰਾਂਡ ਅੰਬੈਸਡਰ ਪੰਜਾਬ ਦੀ ਧੀ ਦਿਲਰਾਜਪ੍ਰੀਤ ਕੌਰ ਗੋਲਡ ਮੈਡਲਿਸਟ ਵਲੋਂ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਜਾ ਰਿਹਾ ਹੈ, ਜਦਕਿ ਇਸ ਪੰਜਾਬ ਦੀ ਧੀ ਦੀ ਜਿਥੇ ਪੰਜਾਬ 'ਚ ਯੋਗਾ ਨੂੰ ਪ੍ਰਫੁੱਲਤ ਕਰਨ ਦੀ ਇੱਛਾ ਹੈ, ਉਥੇ ਪੰਜਾਬ ਸਰਕਾਰ ਵਲੋਂ ਅਣਗੌਲਿਆ ਕਰਨ ਦਾ ਰੋਸ ਵੀ ਹੈ। ਦਿਲਰਾਜਪ੍ਰੀਤ ਕੌਰ ਦਾ ਜਨਮ 20 ਮਈ, 1994 ਨੂੰ ਅੰਮ੍ਰਿਤਸਰ 'ਚ ਪਿਤਾ ਸ: ਜਗੀਰ ਸਿੰਘ ਦੇ ਘਰ ਅਤੇ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ। ਮੁਢਲੀ ਸਿੱਖਿਆ ਪੁਲਿਸ ਡੀ.ਏ.ਵੀ. ਸਕੂਲ ਅੰਮ੍ਰਿਤਸਰ ਤੋਂ ਕੀਤੀ ਅਤੇ ਬਾਅਦ 'ਚ 12ਵੀਂ ਤੋਂ ਬਾਅਦ ਦੇਹਰਾਦੂਨ 'ਚ ਦੇਵਸੰਸਕ੍ਰਿਤ ਵਿਸ਼ਵਵਿਦਿਆਲਿਆ ਹਰਿਦੁਆਰ 'ਚ ਯੋਗਾ 'ਚ ਬੀ.ਏ., ਯੋਗਾ 'ਚ ਮਾਸਟਰ ਡਿਗਰੀ ਹੋਲਡਰ ਹੈ, ਜੋ ਹੁਣ ਨੈਚਰੋਪੈਥੀ 'ਚ ਡਾਕਟਰੀ ਕਰ ਰਹੀ ਹੈ।
ਦਿਲਰਾਜਪ੍ਰੀਤ ਕੌਰ ਨੇ ਯੋਗਾ ਦੀ ਸ਼ੁਰੂਆਤ 6 ਸਾਲ ਦੀ ਉਮਰ 'ਚ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਦਿਲਰਾਜਪ੍ਰੀਤ ਕੌਰ ਮੁਕਾਬਲੇ 'ਚ ਜਾਂਦੀ ਤਾਂ ਜਿੱਤਾਂ ਮਿਲਣ ਤੋਂ ਬਾਅਦ ਦਿਲਰਾਜਪ੍ਰੀਤ ਕੌਰ ਦੀ ਲਗਨ ਹੋਰ ਗੂੜ੍ਹੀ ਹੋ ਗਈ ਅਤੇ ਪੂਰੀ ਮਿਹਨਤ ਕੀਤੀ। ਦਿਲਰਾਜਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਕਦੇ ਵੀ ਯੋਗਾ 'ਚ ਸ਼ਮੂਲੀਅਤ ਨਹੀਂ ਸੀ ਕਰਦਾ ਤੇ ਜੇਕਰ ਕੋਈ ਖਿਡਾਰੀ ਜਾਂਦਾ ਤਾਂ ਖੇਡਣ ਦੇ ਬਾਵਜੂਦ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਸੀ ਕਰ ਸਕਿਆ, ਜਦਕਿ ਪੰਜਾਬ ਦੀ ਧੀ ਦਿਲਰਾਜਪ੍ਰੀਤ ਕੌਰ ਨੇ ਲਗਾਤਾਰ 3 ਵਾਰ ਸੋਨ ਤਗਮੇ ਆਪਣੇ ਨਾਂਅ ਕੀਤੇ। ਦਿਲਰਾਜਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਯੋਗਾ ਦੀ ਚੰਗੀ ਖਿਡਾਰਨ ਵੀ ਐਲਾਨਿਆ ਗਿਆ ਸੀ। ਦਿਲਰਾਜਪ੍ਰੀਤ ਕੌਰ ਵਲੋਂ ਦੂਸਰੇ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਭੂਟਾਨ 'ਚ ਵੀ ਪ੍ਰਦਰਸ਼ਨ ਕੀਤਾ ਗਿਆ ਹੈ। ਦਿਲਰਾਜਪ੍ਰੀਤ ਕੌਰ, ਜਿਸ ਨੇ ਸਾਲ 2005 ਤੋਂ 2017 ਤੱਕ ਵਿਦੇਸ਼ ਥਾਈਲੈਂਡ ਤੋਂ ਇਲਾਵਾ ਰਾਜਸਥਾਨ, ਕੋਲਕਾਤਾ, ਪੰਜਾਬ, ਦਿੱਲੀ, ਵੈਸਟ ਬੰਗਾਲ, ਪਲਵਲ, ਯੂ.ਪੀ., ਗੁਜਰਾਤ, ਹਰਿਆਣਾ, ਹਰਿਦੁਆਰ, ਦੇਹਰਾਦੂਨ, ਪਾਂਡੂਚੇਰੀ, ਉੱਤਰਾਖੰਡ, ਮੰਗਲੌਰ ਤੇ ਝਾਰਖੰਡ ਆਦਿ 'ਚ ਆਯੋਜਿਤ ਹੋਈਆਂ ਯੋਗਾ ਖੇਡਾਂ 'ਚ 19 ਸੋਨੇ ਦੇ, 8 ਚਾਂਦੀ ਦੇ ਅਤੇ 4 ਕਾਂਸੇ ਦੇ ਕੁਲ 31 ਤਗਮੇ ਪ੍ਰਾਪਤ ਕੀਤੇ ਹਨ, ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਰੋਸ ਜ਼ਾਹਰ ਕੀਤਾ ਕਿ ਉਸ ਨੂੰ ਉੱਤਰਾਖੰਡ ਸਰਕਾਰ ਵਲੋਂ ਬ੍ਰਾਂਡ ਅੰਬੈਸਡਰ ਬਣਾਉਣ ਦੀ ਜਿਥੇ ਖ਼ੁਸ਼ੀ ਹੈ, ਉਥੇ ਪੰਜਾਬ ਸਰਕਾਰ ਪ੍ਰਤੀ ਰੋਸ ਵੀ ਹੈ, ਕਿਉਂਕਿ ਪੰਜਾਬ 'ਚ ਉਸ ਨੂੰ ਅਣਗੌਲਿਆ ਗਿਆ ਹੈ। ਦਿਲਰਾਜਪ੍ਰੀਤ ਕੌਰ ਚਾਹੁੰਦੀ ਹੈ ਕਿ ਉਹ ਪੰਜਾਬ ਦੀ ਧੀ ਹੈ ਅਤੇ ਪੰਜਾਬ 'ਚ ਹੀ ਯੋਗਾ ਨੂੰ ਪ੍ਰਫੁੱਲਤ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਉਸ ਨੂੰ ਬਣਦਾ ਮਾਣ-ਸਤਿਕਾਰ ਦੇਵੇ।


-ਗੁਰਸ਼ਰਨਜੀਤ ਸਿੰਘ ਪੁਰੇਵਾਲ
ਕਲਾਨੌਰ (ਗੁਰਦਾਸਪੁਰ)।Purewal390@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX