ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਆਪਣੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਥੋੜ੍ਹਾ ਸਮਾਂ ਯੋਗ ਨੂੰ ਦਿਓ

ਸੁੰਦਰ-ਚਮਕੀਲੀ ਚਮੜੀ, ਗਠੀਲਾ ਸਰੀਰ, ਛਰਹਰਾ ਬਦਨ, ਚਿਹਰੇ 'ਤੇ ਸੁਹੱਪਣ, ਚਮਕੀਲੇ ਵਾਲ ਅਤੇ ਕੁਦਰਤੀ ਰੂਪ ਨਾਲ ਸੁੰਦਰ ਦਿਸਣ ਦੀ ਇੱਛਾ ਵਿਚ ਅੱਜਕਲ੍ਹ ਸਿਹਤ ਕੇਂਦਰਾਂ, ਜਿਮ, ਸੈਲੂਨ, ਸਪਾ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਮਹਿੰਗੇ ਸੁੰਦਰਤਾ ਪ੍ਰਸਾਧਨਾਂ ਨੂੰ ਖਰੀਦਣ ਦੀ ਹੋੜ ਆਮ ਦੇਖੀ ਜਾ ਸਕਦੀ ਹੈ। ਅੱਜਕਲ੍ਹ ਦੇ ਪ੍ਰਦੂਸ਼ਣ, ਤਣਾਅ, ਜੀਵਨਸ਼ੈਲੀ ਅਤੇ ਦਿਨ-ਰਾਤ ਦੀ ਭੱਜ-ਦੌੜ ਭਰੀ ਜ਼ਿੰਦਗੀ ਨਾਲ ਤੁਸੀਂ ਸਮੇਂ ਤੋਂ ਪਹਿਲਾਂ ਹੀ ਬੁੱਢੇ ਦਿਸਣ ਲਗਦੇ ਹੋ ਅਤੇ ਜਵਾਨ ਉਮਰ ਵਿਚ ਹੀ ਚਿਹਰੇ 'ਤੇ ਝੁਰੜੀਆਂ, ਕਿੱਲ-ਮੁਹਾਸੇ, ਫਿੰਨਸੀਆਂ, ਕਾਲੇ ਧੱਬੇ ਲਗਾਤਾਰ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਸਰੀਰਕ ਤੌਰ 'ਤੇ ਸੁੰਦਰ ਹੋ ਤਾਂ ਤੁਹਾਡੀ ਸੁੰਦਰਤਾ ਚਿਹਰੇ 'ਤੇ ਸੁਭਾਵਿਕ ਰੂਪ ਨਾਲ ਝਲਕੇਗੀ। ਕੁਝ ਯੋਗ ਆਸਣਾਂ ਦੇ ਨਿਯਮਤ ਅਭਿਆਸ ਨਾਲ ਤੁਸੀਂ ਕੁਦਰਤੀ ਸੁੰਦਰਤਾ, ਦਮਕਦੀ ਚਮੜੀ ਅਤੇ ਸਰੀਰਕ ਆਕਰਸ਼ਣ ਗ੍ਰਹਿਣ ਕਰ ਸਕਦੇ ਹੋ।
ਹਰ ਰੋਜ਼ ਸਿਰਫ ਅੱਧਾ ਘੰਟਾ ਸਵੇਰੇ ਅਤੇ ਸ਼ਾਮ ਸੂਰਜ ਨਮਸਕਾਰ, ਪ੍ਰਾਣਾਯਾਮ, ਉਥਾਨ ਆਸਣ, ਕਪਾਲਭਾਤੀ, ਧਨੁਰ ਆਸਣ ਅਤੇ ਸਾਹਾਂ ਦੀ ਕਿਰਿਆ ਰਾਹੀਂ ਤੁਸੀਂ ਆਪਣੇ ਰੂਪ, ਸੁੰਦਰਤਾ ਅਤੇ ਕੁਦਰਤੀ ਆਕਰਸ਼ਣ ਨੂੰ ਜੀਵਨ ਭਰ ਬਣਾਈ ਰੱਖ ਸਕਦੇ ਹੋ।
ਵਾਲਾਂ ਅਤੇ ਚਮੜੀ ਨੂੰ ਸੁੰਦਰ ਬਣਾਈ ਰੱਖਣ ਵਿਚ ਪ੍ਰਾਣਾਯਾਮ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਪ੍ਰਾਣਾਯਾਮ ਨਾਲ ਜਿਥੇ ਤਣਾਅ ਘੱਟ ਹੁੰਦਾ ਹੈ, ਉਥੇ ਦੂਜੇ ਪਾਸੇ ਸਰੀਰ ਵਿਚ ਪ੍ਰਾਣ ਹਵਾ ਦਾ ਪ੍ਰਭਾਵੀ ਸੰਚਾਰ ਹੁੰਦਾ ਹੈ ਅਤੇ ਖੂਨ ਦਾ ਪ੍ਰਭਾਵ ਵਧਦਾ ਹੈ। ਪ੍ਰਾਣਾਯਾਮ ਸਹੀ ਤਰੀਕੇ ਨਾਲ ਸਾਹ ਲੈਣ ਦੀ ਬਿਹਤਰੀਨ ਅਦਾ ਹੈ। ਹਰ ਰੋਜ਼ 10 ਮਿੰਟ ਤੱਕ ਪ੍ਰਾਣਾਯਾਮ ਨਾਲ ਮਨੁੱਖੀ ਸਰੀਰ ਦੀ ਕੁਦਰਤੀ ਕਲੀਂਜ਼ਿੰਗ ਹੋ ਜਾਂਦੀ ਹੈ। ਪ੍ਰਾਣਾਯਾਮ ਜਾਂ ਅੱਜ ਪੂਰੇ ਵਿਸ਼ਵ ਵਿਚ ਅਨੁਸਰਣ ਕੀਤਾ ਜਾਂਦਾ ਹੈ। ਪ੍ਰਾਣਾਯਾਮ ਨਾਲ ਮਨੁੱਖੀ ਖੋਪੜੀ ਵਿਚ ਵਿਆਪਕ ਆਕਸੀਜਨ ਅਤੇ ਖੂਨ ਸੰਚਾਰ ਹੁੰਦਾ ਹੈ, ਜਿਸ ਨਾਲ ਵਾਲਾਂ ਦੀ ਕੁਦਰਤੀ ਰੂਪ ਨਾਲ ਵ੍ਰਿਧਵੀ ਹੁੰਦੀ ਹੈ ਅਤੇ ਵਾਲਾਂ ਦਾ ਸਫੈਦ ਹੋਣਾ ਅਤੇ ਝੜਨਾ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿਚ ਵੀ ਮਦਦ ਮਿਲਦੀ ਹੈ। ਯੋਗਾ ਦਾ ਮਾਨਸਿਕ, ਸਰੀਰਕ, ਭਾਵਨਾਤਮਕ ਅਤੇ ਮਨੋਭਾਵ 'ਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਆਤਮਵਿਸ਼ਵਾਸ ਵਧਦਾ ਹੈ। ਯੋਗਾ ਨਾਲ ਤੁਸੀਂ ਆਤਮਿਕ ਤੌਰ 'ਤੇ ਸ਼ਾਂਤ ਮਹਿਸੂਸ ਕਰਦੇ ਹੋ, ਜਿਸ ਨਾਲ ਤੁਹਾਡੀ ਬਾਹਰੀ ਸੁੰਦਰਤਾ ਵਿਚ ਵੀ ਨਿਖਾਰ ਆਉਂਦਾ ਹੈ।
ਆਮ ਤੌਰ 'ਤੇ ਉਨੀਂਦਰਾ, ਤਣਾਅ ਆਦਿ ਵਿਚ ਪੈਦਾ ਹੋਣ ਵਾਲੇ ਕਿੱਲ, ਮੁਹਾਸੇ, ਕਾਲੇ ਧੱਬੇ ਆਦਿ ਦੀਆਂ ਸਮੱਸਿਆਵਾਂ ਦੇ ਪੱਕੇ ਇਲਾਜ ਵਿਚ ਯੋਗ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਤਥਾਨ ਆਸਣ ਲਗਾਤਾਰ ਕਰਨ ਨਾਲ ਤੁਸੀਂ ਕਿੱਲ, ਮੁਹਾਸੇ, ਕਾਲੇ ਧੱਬੇ ਆਦਿ ਦੀ ਸਮੱਸਿਆ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾ ਸਕਦੇ ਹੋ।
ਯੋਗ ਦੇ ਲਗਾਤਾਰ ਅਭਿਆਸ ਨਾਲ ਚਮੜੀ ਅਤੇ ਸਰੀਰ ਵਿਚ ਜਵਾਨੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਯੋਗ ਆਸਣ ਨਾਲ ਰੀੜ੍ਹ ਦੀ ਹੱਡੀ ਅਤੇ ਜੋੜਾਂ ਨੂੰ ਲੱਚਕਦਾਰ ਬਣਾਈ ਰੱਖਿਆ ਜਾ ਸਕਦਾ ਹੈ, ਜਿਸ ਨਾਲ ਸਰੀਰ ਲੰਬੇ ਸਮੇਂ ਤੱਕ ਲਚੀਲਾ ਅਤੇ ਆਕਰਸ਼ਕ ਬਣਦਾ ਹੈ। ਯੋਗ ਨਾਲ ਸਰੀਰ ਦੇ ਭਾਰ ਨੂੰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ ਅਤੇ ਇਸ ਨਾਲ ਮਾਸਪੇਸ਼ੀਆਂ ਨਰਮ ਅਤੇ ਮੁਲਾਇਮ ਹੋ ਜਾਂਦੀਆਂ ਹਨ। ਯੋਗਾ ਨਾਲ ਥਕਾਨ ਤੋਂ ਮੁਕਤੀ ਮਿਲਦੀ ਹੈ ਅਤੇ ਸਰੀਰ ਵਿਚ ਊਰਜਾ ਦਾ ਪ੍ਰਭਾਵੀ ਸੰਚਾਰ ਹੁੰਦਾ ਹੈ। ਸੂਰਜ ਨਮਸਕਾਰ ਆਸਣ ਨਾਲ ਪੂਰੇ ਸਰੀਰ ਵਿਚ ਜਵਾਨੀ ਦਾ ਸੰਚਾਰ ਹੁੰਦਾ ਹੈ। ਸੂਰਜ ਨਮਸਕਾਰ ਨਾਲ ਸਰੀਰ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਚਿਹਰੇ ਅਤੇ ਸਰੀਰ 'ਤੇ ਬੁਢਾਪੇ ਦੀ ਭਾਵ ਮੁਦਰਾਵਾਂ ਦੇ ਪ੍ਰਭਾਵ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੁੰਦਾ ਹੈ। ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਉਣ ਲਈ ਸੂਰਜ ਨਮਸਕਾਰ ਅਤੇ ਪ੍ਰਾਣਾਯਾਮ ਦੋਵੇਂ ਪ੍ਰਭਾਵੀ ਆਸਣ ਹਨ।
ਯੋਗ ਨਾਲ ਖੂਨ ਸੰਚਾਰ ਦੇ ਪ੍ਰਭਾਵ ਵਿਚ ਸੁਧਾਰ ਹੁੰਦਾ ਹੈ, ਜਿਸ ਨਾਲ ਚਮੜੀ ਦੇ ਸਤਹ ਤੱਕ ਲੋੜੀਂਦੀ ਮਾਤਰਾ ਵਿਚ ਖੂਨ ਸੰਚਾਰ ਹੁੰਦਾ ਹੈ ਅਤੇ ਇਹ ਖੂਨ ਸੰਚਾਰ ਸੁੰਦਰਤ ਚਮੜੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਨਾਲ ਚਮੜੀ ਨੂੰ ਲੋੜੀਂਦੇ ਪੋਸ਼ਕ ਤੱਤ ਮਿਲਦੇ ਹਨ, ਜਿਸ ਨਾਲ ਚਮੜੀ ਸੁੰਦਰ ਅਤੇ ਨਿਖਰੀ ਦਿਖਾਈ ਦਿੰਦੀ ਹੈ। ਯੋਗ ਨਾਲ ਸੁੰਦਰਤਾ ਵਿਚ ਵਿਆਪਕ ਨਿਖਾਰ ਆਉਂਦਾ ਹੈ ਅਤੇ ਇਹ ਚਮੜੀ ਨੂੰ ਤਾਜ਼ਾ ਅਤੇ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਰੱਖਦਾ ਹੈ। ਇਹ ਧਾਰਨਾ ਬੱਚਿਆਂ 'ਤੇ ਵੀ ਲਾਗੂ ਹੁੰਦੀ ਹੈ। ਯੋਗ ਨਾਲ ਸਿਰ ਦੀ ਚਮੜੀ ਅਤੇ ਵਾਲਾਂ ਦੇ ਕੋਸ਼ ਵਿਚ ਖੂਨ ਸੰਚਾਰ ਅਤੇ ਆਕਸੀਜਨ ਦਾ ਵਿਆਪਕ ਨਿਰੰਤਰ ਪ੍ਰਵਾਹ ਹੁੰਦਾ ਹੈ। ਇਸ ਨਾਲ ਵਾਲਾਂ ਦੇ ਖੂਨ ਸੰਚਾਰ ਨੂੰ ਪੌਸ਼ਟਿਕ ਤੱਤ ਪਹੁੰਚਾਉਣ ਵਿਚ ਕਾਫੀ ਮਦਦ ਮਿਲਦੀ ਹੈ, ਜਿਸ ਨਾਲ ਵਾਲਾਂ ਦੇ ਵਾਧੇ ਅਤੇ ਸਿਰ ਦੀ ਚਮੜੀ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦ ਮਿਲਦੀ ਹੈ।
ਜਦੋਂ ਅਸੀਂ ਸੁੰਦਰਤਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਬਾਹਰੀ ਚਿਹਰੇ ਦੀ ਸੁੰਦਰਤਾ ਦੀ ਹੀ ਗੱਲ ਨਹੀਂ ਕਰਦੇ, ਸਗੋਂ ਇਸ ਵਿਚ ਅੰਦਰੂਨੀ ਸੂਰਤ ਵੀ ਸ਼ਾਮਿਲ ਹੁੰਦੀ ਹੈ, ਜਿਸ ਵਿਚ ਲੱਚਕ, ਹਾਵ-ਭਾਵ ਅਤੇ ਸਰੀਰਕ ਆਕਰਸ਼ਣ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਅਸਲ ਵਿਚ ਯੋਗਾ ਨਾਲ ਬਾਹਰੀ ਸਰੀਰਕ ਸੁੰਦਰਤਾ ਨੂੰ ਨਿਖਾਰਨ ਅਤੇ ਸੰਵਾਰਨ ਵਿਚ ਕਾਫੀ ਮਦਦ ਮਿਲਦੀ ਹੈ। ਅੱਜ ਦਾ ਸਮਾਂ ਲਗਾਤਾਰ ਵਧਦੀਆਂ ਜਟਿਲਤਾਵਾਂ ਅਤੇ ਗਤੀ ਦਾ ਸਮਾਂ ਹੈ। ਜੀਵਨ ਲਈ ਹਰ ਕੋਈ ਲਗਾਤਾਰ ਗਤੀਮਾਨ ਹੈ। ਭੱਜ-ਦੌੜ ਦੀਆਂ ਇਨ੍ਹਾਂ ਸਥਿਤੀਆਂ ਵਿਚ ਇਕ ਸੁਗੰਧਤ, ਸੰਜਮਤ ਅਤੇ ਤੰਦਰੁਸਤ ਜੀਵਨ ਸ਼ੈਲੀ ਦੀ ਲੋੜ ਹਰ ਵਿਅਕਤੀ ਨੂੰ ਹੈ। ਹਰ ਕੋਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦਾ ਹੈ। ਭਾਰਤੀ ਪਰੰਪਰਾ ਹਮੇਸ਼ਾ ਤੋਂ ਹੀ ਜੀਵਨ ਨੂੰ ਨਿੱਗਰ ਅਤੇ ਸੰਤੁਲਿਤ ਰੂਪ ਨਾਲ ਜਿਉਣ ਦੀ ਸ਼ੈਲੀ ਦ੍ਰਿਸ਼ਟੀ ਦਿੰਦੀ ਰਹੀ ਹੈ। ਭਾਰਤੀ ਚਿੰਤਨ ਅਤੇ ਪਰੰਪਰਾ ਦਾ ਆਧਾਰ ਰਿਹਾ ਹੈ ਯੋਗ ਸ਼ਾਸਤਰ। ਯੋਗ ਸਿਰਫ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਜੀਵਨ ਨੂੰ ਸੰਤੁਲਿਤ ਰੂਪ ਨਾਲ ਜਿਉਣ ਦਾ ਸ਼ਾਸਤਰ ਹੈ। ਇਹ ਲਗਾਤਾਰ ਵਧਦੀ ਹੋਈ ਭੱਜ-ਦੌੜ ਵਿਚ ਸ਼ਖ਼ਸੀਅਤ ਨੂੰ ਇਕ ਠਹਿਰਾਇਕ ਗਹਿਰਾਈ ਦੇਣ ਦੀ ਵਿਦਿਆ ਹੈ। ਅਜਿਹੇ ਵਿਚ ਅੱਜ ਨਾ ਸਿਰਫ ਭਾਰਤ, ਸਗੋਂ ਵਿਸ਼ਵ ਦੇ ਦੂਜੇ ਦੇਸ਼ ਵੀ ਯੋਗ ਨੂੰ ਜੀਵਨ ਸ਼ੈਲੀ ਵਿਚ ਸੁਧਾਰ ਲਿਆਉਣ ਦਾ ਇਕ ਪ੍ਰਮੁੱਖ ਉਪਾਅ ਮੰਨ ਰਹੇ ਹਨ।
ਜੀਵਨ ਦੀ ਭੱਜ-ਦੌੜ ਵਾਲੀ ਜ਼ਿੰਦਗੀ ਤੋਂ ਪ੍ਰੇਸ਼ਾਨੀ ਹੋ ਕੇ ਹਰ ਕੋਈ ਜ਼ਿੰਦਗੀ ਨੂੰ ਅਸਾਨ ਬਣਾਉਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿਚ ਕੀ ਅਸੀਂ ਆਪਣੇ ਜੀਵਨ ਨੂੰ ਸੁਖੀ ਬਣਾਉਣ ਲਈ ਥੋੜ੍ਹਾ ਸਮਾਂ ਯੋਗ ਨੂੰ ਨਹੀਂ ਦੇ ਸਕਦੇ? ਜੋਗ ਇਕ ਅਜਿਹੀ ਵਿਧਾ ਹੈ ਜਿਸ ਨਾਲ ਅਸੀਂ ਆਪਣੇ ਮਨ ਨੂੰ ਸਥਿਰ ਕਰ ਸਕਦੇ ਹਾਂ। ਜਦੋਂ ਤੱਕ ਮਨ ਸ਼ੁੱਧ ਜਾਂ ਸਥਿਰ ਨਹੀਂ ਹੁੰਦਾ, ਉਦੋਂ ਤੱਕ ਸਾਡਾ ਤਨ ਵੀ ਅਸ਼ੁੱਧ ਰਹਿੰਦਾ ਹੈ। ਯੋਗਾ ਅਭਿਆਸ ਦੁਆਰਾ ਹੀ ਤਨ ਅਤੇ ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਸਾਡਾ ਤਨ, ਮਨ ਨਿਰੋਗੀ ਹੋ ਜਾਂਦਾ ਹੈ। ਯੋਗ ਅਭਿਆਸ ਨਾਲ ਮਨ ਨੂੰ ਤੰਦਰੁਸਤ ਅਤੇ ਸ਼ਾਂਤ ਬਣਾਇਆ ਜਾ ਸਕਦਾ ਹੈ।
ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਤਨ ਅਤੇ ਮਨ ਦਾ ਬਿਹਤਰ ਯੋਗਦਾਨ ਹੁੰਦਾ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਸਾਡੀਆਂ ਸਰੀਰਕ ਬਿਮਾਰੀਆਂ ਦੇ ਮਾਨਸਿਕ ਆਧਾਰ ਹੁੰਦੇ ਹਨ। ਕ੍ਰੋਧ ਸਾਡੇ ਮਨ ਨੂੰ ਵਿਕ੍ਰਤ ਕਰਦਾ ਹੈ, ਜਿਸ ਨਾਲ ਅਸੀਂ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਵਿਚ ਘਿਰ ਜਾਂਦੇ ਹਾਂ, ਫਿਰ ਵੀ ਕ੍ਰੋਧ ਤੋਂ ਬਿਲਕੁਲ ਅਭਿੱਜ ਰਹਿੰਦੇ ਹਾਂ। ਯੋਗ ਅਭਿਆਸ ਕ੍ਰੋਧ 'ਤੇ ਕਾਬੂ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।


ਖ਼ਬਰ ਸ਼ੇਅਰ ਕਰੋ

ਘਰ ਦੇ ਮਾਮਲਿਆਂ ਵਿਚ ਤੁਸੀਂ ਕਿੰਨਾ ਪ੍ਰਭਾਵਿਤ ਕਰਦੇ ਹੋ?

ਘਰ ਦੇ ਸਾਰੇ ਫੈਸਲੇ ਤੁਸੀਂ ਕਿਵੇਂ ਲੈਂਦੇ ਹੋ? ਕੀ ਇਸ ਵਿਚ ਦੋਵਾਂ ਦੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ? ਜਾਂ ਕੋਈ ਇਕ ਡੋਮੀਨੇਟ ਕਰਦਾ ਹੈ? ਆਓ ਇਸ ਕੁਇਜ਼ ਦੇ ਰਾਹੀਂ ਜਾਣਦੇ ਹਾਂ-
(1) ਤੁਸੀਂ ਆਪਣੇ ਲਈ ਸਾੜ੍ਹੀ ਖਰੀਦਣੀ ਹੈ ਅਤੇ ਤੁਸੀਂ ਆਪਣੇ ਪਤੀ ਨੂੰ ਨਾਲ ਲੈ ਕੇ ਜਾਂਦੇ ਹੋ, ਤੁਸੀਂ ਜੋ ਸਾੜ੍ਹੀ ਪਸੰਦ ਕਰਦੇ ਹੋ, ਉਹ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀ। ਅਜਿਹੇ ਵਿਚ ਤੁਸੀਂ-
(ਕ) ਜੋ ਸਾੜ੍ਹੀ ਉਨ੍ਹਾਂ ਨੇ ਪਸੰਦ ਕੀਤੀ ਹੈ, ਉਸੇ ਨੂੰ ਖਰੀਦ ਲੈਂਦੇ ਹੋ। (ਖ) ਉਨ੍ਹਾਂ ਦੀ ਪਸੰਦ ਨੂੰ ਸਿਰੇ ਤੋਂ ਨਕਾਰ ਕੇ ਆਪਣੀ ਪਸੰਦ ਨੂੰ ਤਵੱਜੋਂ ਦਿੰਦੇ ਹੋ। (ਗ) ਸਾੜ੍ਹੀ ਖਰੀਦਣ ਦਾ ਇਰਾਦਾ ਛੱਡ ਕੇ ਦੁਕਾਨ ਵਿਚੋਂ ਬਾਹਰ ਆ ਜਾਂਦੇ ਹੋ।
2. ਤੁਹਾਡੇ ਪਤੀ ਦੇ ਕੋਲ ਆਪਣਾ ਕਾਲਜ ਦੇ ਜ਼ਮਾਨੇ ਦਾ ਬਲੇਜ਼ਰ ਹੈ, ਜੋ ਉਨ੍ਹਾਂ ਨੂੰ ਬਹੁਤ ਪਸੰਦ ਹੈ ਪਰ ਜੋ ਪੁਰਾਣਾ ਹੋ ਗਿਆ ਹੈ, ਅਜਿਹੇ ਵਿਚ ਤੁਸੀਂ-
(ਕ) ਉਸ ਨੂੰ ਕਿਸੇ ਭਿਖਾਰੀ ਨੂੰ ਦੇ ਦਿੰਦੇ ਹੋ ਤਾਂ ਕਿ ਉਹ ਉਸ ਨੂੰ ਨਾ ਪਹਿਨੇ।
(ਖ) ਉਨ੍ਹਾਂ ਦੇ ਜਨਮ ਦਿਨ 'ਤੇ ਬਿਲਕੁਲ ਉਸੇ ਤਰ੍ਹਾਂ ਦਾ ਹੀ ਇਕ ਨਵਾਂ ਕੋਟ ਖਰੀਦ ਕੇ ਦਿੰਦੇ ਹੋ।
(ਗ) ਉਨ੍ਹਾਂ ਨੂੰ ਜੇ ਸੱਚਮੁੱਚ ਪਸੰਦ ਹੈ ਤਾਂ ਪਹਿਨਣ ਦਿੰਦੇ ਹੋ।
3. ਤੁਹਾਡੇ ਸਾਥੀ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਹੈ ਅਤੇ ਉਹ ਘਰ ਵਿਚ ਇਕ ਕੁੱਤਾ ਪਾਲਣਾ ਚਾਹੁੰਦੇ ਹਨ ਪਰ ਤੁਹਾਨੂੰ ਕੁੱਤਾ ਪਾਲਣਾ ਪਸੰਦ ਨਹੀਂ ਹੈ। ਅਜਿਹੇ ਵਿਚ ਤੁਸੀਂ-
(ਕ) ਉਨ੍ਹਾਂ ਨੂੰ ਇਸ ਦੀ ਆਗਿਆ ਇਸੇ ਸ਼ਰਤ 'ਤੇ ਦਿੰਦੇ ਹੋ ਕਿ ਉਹ ਹੀ ਉਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕਣਗੇ। (ਖ) ਉਨ੍ਹਾਂ ਨੂੰ ਕੁੱਤਾ ਪਾਲਣ ਦੀ ਗੱਲ ਭੁੱਲ ਜਾਣ ਨੂੰ ਕਹਿੰਦੇ ਹੋ।
(ਗ) ਸਹਿਮਤੀ ਦੇ ਦਿੰਦੇ ਹੋ ਅਤੇ ਨਾਲ ਮਿਲ ਕੇ ਉਸ ਦੀ ਦੇਖਭਾਲ ਕਰਦੇ ਹੋ।
4. ਤੁਹਾਡੇ ਜਨਮ ਦਿਨ 'ਤੇ ਤੁਹਾਡੇ ਸਾਥੀ ਨੇ ਤੁਹਾਨੂੰ ਬਿਨਾਂ ਦੱਸੇ ਘੁੰਮਣ ਜਾਣ ਦੇ ਪ੍ਰੋਗਰਾਮ ਦੀ ਅਡਵਾਂਸ ਬੁਕਿੰਗ ਕਰਵਾ ਦਿੱਤੀ ਹੈ। ਅਜਿਹੇ ਵਿਚ ਤੁਸੀਂ-
(ਕ) ਉਨ੍ਹਾਂ ਦੇ ਨਾਲ ਜਾਣ ਲਈ ਤਿਆਰ ਹੋ ਜਾਂਦੇ ਹੋ ਅਤੇ ਖੂਬ ਅਨੰਦ ਮਾਣਦੇ ਹੋ। (ਖ) ਜਾਣ ਲਈ ਸਹਿਮਤ ਤਾਂ ਹੋ ਜਾਂਦੇ ਹੋ ਪਰ ਆਪਣੇ ਸਾਥੀ ਨੂੰ ਸੁਚੇਤ ਕਰ ਦਿੰਦੇ ਹੋ ਕਿ ਅਗਲੀ ਵਾਰ ਉਹ ਤੁਹਾਨੂੰ ਪੁੱਛ ਕੇ ਹੀ ਪ੍ਰੋਗਰਾਮ ਬਣਾਉਣ। (ਗ) ਯਾਤਰਾ ਨੂੰ ਅੱਗੇ ਪਾਉਣ ਲਈ ਉਨ੍ਹਾਂ 'ਤੇ ਦਬਾਅ ਪਾਉਂਦੇ ਹੋ।
5. ਤੁਹਾਡੇ ਸਾਥੀ ਦਾ ਭਾਰ ਕਾਫੀ ਵਧ ਗਿਆ ਹੈ, ਅਜਿਹੇ ਵਿਚ ਤੁਸੀਂ-
(ਕ) ਇਸ ਪਾਸੇ ਕੋਈ ਧਿਆਨ ਨਹੀਂ ਦਿੰਦੇ, ਇਸ ਨੂੰ ਉਨ੍ਹਾਂ ਦਾ ਨਿੱਜੀ ਮਾਮਲਾ ਮੰਨਦੇ ਹੋ। (ਖ) ਸਾਨੂੰ ਆਪਣੇ ਭੋਜਨ ਵਿਚ ਬਦਲਾਅ ਕਰਨਾ ਚਾਹੀਦਾ ਹੈ, ਸੁਝਾਅ ਦਿੰਦੇ ਹੋ।
(ਗ) ਤੁਰੰਤ ਉਨ੍ਹਾਂ ਨੂੰ ਘੱਟ ਕੈਲੋਰੀ ਵਾਲਾ ਖਾਣਾ ਦੇਣਾ ਸ਼ੁਰੂ ਕਰ ਦਿੰਦੇ ਹੋ।
ਨਤੀਜਾ
(ਕ)-25 ਤੋਂ 30 : ਜੇ ਤੁਹਾਡੇ ਅੰਕਾਂ ਦਾ ਸਕੋਰ ਏਨਾ ਹੈ ਅਤੇ ਤੁਸੀਂ ਦੋਵੇਂ ਇਸੇ ਤਰ੍ਹਾਂ ਖੁਸ਼ ਰਹਿੰਦੇ ਹੋ ਤਾਂ ਠੀਕ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਸਾਥੀ ਨੂੰ ਤੁਹਾਡਾ ਇਹ ਪ੍ਰਭਾਵਸ਼ੀਲ ਰਵੱਈਆ ਪਸੰਦ ਹੋਵੇ। ਤੁਹਾਨੂੰ ਆਪਣੇ ਨਜ਼ਰੀਏ ਵਿਚ ਕੁਝ ਹੱਦ ਤੱਕ ਸੁਧਾਰ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਡੀ ਗ੍ਰਹਿਸਥੀ ਦੀ ਗੱਡੀ ਸਹੀ ਤਰ੍ਹਾਂ ਚੱਲੇ।
(ਖ)-15 ਤੋਂ 24 : ਤੁਹਾਡੇ ਅੰਕਾਂ ਦਾ ਸਕੋਰ ਦੱਸਦਾ ਹੈ ਕਿ ਤੁਸੀਂ ਇਕ-ਦੂਜੇ ਦਾ ਸਨਮਾਨ ਕਰਦੇ ਹੋ ਅਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਕ-ਦੂਜੇ ਨਾਲ ਸਲਾਹ ਕਰਨਾ ਜ਼ਰੂਰੀ ਸਮਝਦੇ ਹੋ। ਤੁਹਾਡਾ ਰਿਸ਼ਤਾ ਕਾਫੀ ਹੱਦ ਤੱਕ ਸੰਤੁਲਿਤ ਰਿਸ਼ਤਾ ਹੈ।
(ਗ)-0 ਤੋਂ 14 : ਤੁਹਾਡੇ ਅੰਕਾਂ ਦਾ ਸਕੋਰ ਦੱਸਦਾ ਹੈ ਕਿ ਤੁਸੀਂ ਆਪਣੇ ਸਾਥੀ ਨੂੰ ਆਪਣੇ ਵਿਸ਼ੇ ਵਿਚ ਫੈਸਲਾ ਲੈਣ ਦਿੰਦੇ ਹੋ ਤਾਂ ਕਿ ਦੋਵਾਂ ਦੇ ਵਿਚ ਸੰਤੁਲਨ ਬਣਿਆ ਰਹੇ। ਪਰ ਕੀ ਤੁਸੀਂ ਖੁਸ਼ੀ-ਖੁਸ਼ੀ ਅਜਿਹਾ ਕਰਦੇ ਹੋ। ਆਪਣੇ ਸਾਥੀ ਨੂੰ ਬੁਰਾ ਨਾ ਲੱਗੇ, ਇਸ ਦੇ ਕਾਰਨ ਖੁਦ ਨੂੰ ਅਸੰਤੁਸ਼ਟ ਕਰਨਾ ਸਹੀ ਨਹੀਂ ਹੈ। ਆਪਣੇ ਵਿਸ਼ੇ ਵਿਚ ਫੈਸਲੇ ਦੀ ਡੋਰ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਵੀ ਵਿਚਾਰ ਰੱਖੋ ਅਤੇ ਆਪਣੇ ਸਾਥੀ ਨੂੰ ਇਨ੍ਹਾਂ ਬਾਰੇ ਦੁਬਾਰਾ ਵਿਚਾਰ ਕਰਨ ਲਈ ਕਹੋ।


-ਪਿੰਕੀ ਅਰੋੜਾ
ਇਮੇਜ ਰਿਫਲੈਕਸ਼ਨ ਸੈਂਟਰ

ਮਸਾਲੇਦਾਰ ਕ੍ਰੀਮੀ ਕੱਦੂ

ਸਮੱਗਰੀ : ਅੱਧਾ ਕਿਲੋ ਕੱਦੂ, 8 ਕਲੀਆਂ ਲਸਣ, 100 ਗ੍ਰਾਮ ਗਾਜਰ, ਸਵਾਦ ਅਨੁਸਾਰ ਨਮਕ, 2 ਟੇਬਲ ਸਪੂਨ ਰਿਫਾਇੰਡ ਤੇਲ, 1/2 ਟੀ ਸਪੂਨ ਗਰਮ ਮਸਾਲਾ ਪਾਊਡਰ, 1 ਇੰਚ ਟੁਕੜਾ ਅਦਰਕ (ਕੱਟਿਆ ਹੋਇਆ), 2 ਪਿਆਜ਼ (ਲੰਬੇ ਕੱਟੇ ਹੋਏ), 2 ਟੇਬਲ ਸਪੂਨ ਕੱਟਿਆ ਹੋਇਆ ਹਰਾ ਧਨੀਆ, 1 ਟੀ ਸਪੂਨ ਜੀਰਾ, 1 ਨਿੰਬੂ ਦਾ ਰਸ, ਸਜਾਉਣ ਲਈ 2 ਟੇਬਲ ਸਪੂਨ ਤਾਜ਼ਾ ਕ੍ਰੀਮ।
ਵਿਧੀ : ਕੱਦੂ ਨੂੰ ਛਿੱਲ ਕੇ 1 ਇੰਚ ਟੁਕੜਿਆਂ ਵਿਚ ਕੱਟੋ। ਗਾਜਰ ਛਿੱਲ ਕੇ ਡੇਢ ਇੰਚ ਲੰਬੇ ਟੁਕੜਿਆਂ ਵਿਚ ਕੱਟੋ। ਪ੍ਰੈਸ਼ਰ ਕੂਕਰ ਵਿਚ ਡੇਢ ਕੱਪ ਪਾਣੀ ਅਤੇ ਨਮਕ ਪਾਓ। ਫਿਰ ਇਸ ਵਿਚ ਕੱਟੀ ਹੋਈ ਗਾਜਰ ਅਤੇ ਕੱਦੂ ਪਾ ਕੇ ਅੱਗ 'ਤੇ ਚੜ੍ਹਾਓ। ਇਕ ਸੀਟੀ ਆਉਣ 'ਤੇ ਅੱਗ ਉੱਤੋਂ ਉਤਾਰ ਲਓ। ਇਸ ਵਿਚ ਹਰਾ ਧਨੀਆ ਅਤੇ ਲਸਣ ਨੂੰ ਬਰੀਕ ਪੀਸ ਲਓ। ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਜੀਰਾ ਪਾ ਕੇ ਚਟਕਾਓ। ਪਿਆਜ਼ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ। ਪੀਸਿਆ ਹੋਇਆ ਧਨੀਆ ਅਤੇ ਲਸਣ ਪਾ ਕੇ 2-4 ਮਿੰਟ ਤੱਕ ਭੁੰਨੋ। ਹੁਣ ਉਬਲੀ ਹੋਈ ਗਾਜਰ, ਕੱਦੂ, ਗਰਮ ਮਸਾਲਾ ਅਤੇ ਕੱਟਿਆ ਹੋਇਆ ਅਦਰਕ ਮਿਲਾਓ। ਹੌਲੀ ਅੱਗ 'ਤੇ ਢਕ ਕੇ ਕੁਝ ਦੇਰ ਪਕਾਓ। ਅੱਗ ਉੱਤੋਂ ਉਤਾਰ ਕੇ ਨਿੰਬੂ ਦਾ ਰਸ ਪਾਓ। ਸਰਵਿਸ ਬਾਉਲ ਵਿਚ ਪਲਟ ਕੇ ਉੱਪਰੋਂ ਦੀ ਤਾਜ਼ਾ ਕ੍ਰੀਮ ਨਾਲ ਸਜਾ ਕੇ ਗਰਮਾ-ਗਰਮ ਪਰੋਸੋ।

ਛੁੱਟੀਆਂ ਹੋਈਆਂ ਖ਼ਤਮ

ਹੁਣ ਚਲੋ ਸਕੂਲ ਚਲੀਏ ਆਪਾਂ

ਛੁੱਟੀਆਂ ਦੇ ਦਿਨਾਂ ਵਿਚ ਬੱਚਿਆਂ ਨੇ ਖੂਬ ਮਸਤੀ ਕੀਤੀ, ਖੇਡਣ-ਕੁੱਦਣ ਤੋਂ ਇਲਾਵਾ ਕੁਝ ਪੜ੍ਹਾਈ-ਲਿਖਾਈ ਅਤੇ ਹੋਮਵਰਕ ਵੀ ਕੀਤਾ। ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ, ਭਾਵੇਂ ਹਾਲੇ ਤੱਕ ਉੱਤਰੀ ਭਾਰਤ ਵਿਚ ਗਰਮੀ ਦਾ ਪ੍ਰਕੋਪ ਜਾਰੀ ਹੈ। ਛੁੱਟੀਆਂ ਤੋਂ ਬਾਅਦ ਸਕੂਲ ਦੁਬਾਰਾ ਖੁੱਲ੍ਹਣ ਵਾਲੇ ਹਨ, ਕਈ ਜਗ੍ਹਾ ਖੁੱਲ੍ਹ ਗਏ ਹਨ। ਸਵੇਰੇ ਦੇਰ ਨਾਲ ਸੌਂ ਕੇ ਉੱਠਣਾ, ਖੂਬ ਖਾਣਾ, ਧੂਮ-ਧੜੱਕਾ ਸਭ ਖ਼ਤਮ। ਹੁਣ ਦੁਬਾਰਾ ਸਕੂਲ ਜਾਣ ਦਾ ਸਿਲਸਿਲਾ ਸ਼ੁਰੂ। ਹਾਲਾਂਕਿ ਬੱਚੇ ਹਰ ਸਾਲ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਦੇ ਨਾਂਅ 'ਤੇ ਥੋੜ੍ਹਾ ਅਸਹਿਜ ਹੋ ਜਾਂਦੇ ਹਨ ਪਰ ਮਾਂ-ਬਾਪ ਚਾਹੁਣ ਤਾਂ ਉਨ੍ਹਾਂ ਨੂੰ ਇਹ ਅਸਹਿਜਤਾ ਨਾ ਸਤਾਵੇ। ਕਿਵੇਂ, ਆਓ ਇਸ 'ਤੇ ਵਿਚਾਰ ਕਰਦੇ ਹਾਂ-
ਛੁੱਟੀਆਂ ਦਾ ਕੰਮ ਕਰੋ ਪੂਰਾ
ਛੁੱਟੀਆਂ ਹੋਣ 'ਤੇ ਬੱਚਿਆਂ ਨੂੰ ਜੋ ਹੋਮਵਰਕ ਦਿੱਤਾ ਗਿਆ ਸੀ, ਮਾਪਿਆਂ ਨੂੰ ਦੇਖਣਾ ਪਵੇਗਾ ਕਿ ਉਨ੍ਹਾਂ ਨੇ ਆਪਣਾ ਹੋਮਵਰਕ ਪੂਰਾ ਕਰ ਲਿਆ ਹੈ ਜਾਂ ਨਹੀਂ। ਕਿਉਂਕਿ ਬੱਚੇ ਅਕਸਰ ਹੋਮਵਰਕ ਨੂੰ ਆਖਰੀ ਦਿਨ 'ਤੇ ਪਾ ਦਿੰਦੇ ਹਨ ਅਤੇ ਜਲਦਬਾਜ਼ੀ ਵਿਚ ਉਲਟਾ-ਸਿੱਧਾ ਹੋਮਵਰਕ ਕਰਦੇ ਹਨ। ਜੇ ਉਨ੍ਹਾਂ ਦਾ ਹੋਮਵਰਕ ਅਧੂਰਾ ਹੈ, ਉਸ ਨੂੰ ਪੂਰਾ ਕਰਾਉਣ ਦੀ ਦਿਸ਼ਾ ਵਿਚ ਸੋਚੋ। ਕਿਉਂਕਿ ਜੇ ਉਸ ਨੂੰ ਪੂਰਾ ਨਾ ਕੀਤਾ ਗਿਆ ਤਾਂ ਲੰਬੇ ਸਮੇਂ ਤੋਂ ਬਾਅਦ ਪਹਿਲੇ ਦਿਨ ਅਧਿਆਪਕ ਦੀ ਡਾਂਟ ਖਾਣੀ ਪੈ ਸਕਦੀ ਹੈ। ਜੇ ਬੱਚੇ ਦਾ ਹੋਮਵਰਕ ਜ਼ਿਆਦਾ ਅਧੂਰਾ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰਾਓ ਅਤੇ ਹੁਣ ਅਗਲੀਆਂ ਛੁੱਟੀਆਂ ਲਈ ਉਸ ਨੂੰ ਪਹਿਲਾਂ ਹੀ ਹੋਮਵਰਕ ਦੀ ਯੋਜਨਾਬੰਦੀ ਕਰਨ ਲਈ ਕਹੋ।
ਧੀਰਜ ਰੱਖੋ
ਅਧੂਰੇ ਹੋਮਵਰਕ ਦੇ ਨਾਲ ਬੱਚੇ ਅਕਸਰ ਆਖਰੀ ਦਿਨਾਂ ਵਿਚ ਪ੍ਰੇਸ਼ਾਨ ਹੁੰਦੇ ਹਨ ਜਾਂ ਚਿੜਚਿੜੇ ਹੋ ਜਾਂਦੇ ਹਨ। ਤੁਸੀਂ ਧੀਰਜ ਤੋਂ ਕੰਮ ਲਓ। ਜੇ ਉਹ ਗੁੱਸੇ ਵਿਚ ਪ੍ਰੇਸ਼ਾਨ ਹੋ ਕੇ ਲੜਨ-ਝਗੜਨ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਮਦਦ ਕਰੋ। ਕਿਉਂਕਿ ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਤਣਾਅ ਹੋਣਾ ਸੁਭਾਵਿਕ ਹੈ। ਉਨ੍ਹਾਂ ਦੇ ਹੋਮਵਰਕ ਦਾ ਇਕ ਵਾਰ ਫਿਰ ਤੋਂ ਜਾਇਜ਼ਾ ਲਓ ਅਤੇ ਸਮਝਾਓ ਕਿ ਜੇ ਸਮਾਂ ਰਹਿੰਦੇ ਉਹ ਇਸ 'ਤੇ ਆਪਣਾ ਧਿਆਨ ਦਿੰਦੇ ਤਾਂ ਇਸ ਸਮੇਂ ਇਹ ਪ੍ਰੇਸ਼ਾਨੀ ਨਾ ਹੁੰਦੀ। ਫਿਲਹਾਲ ਇਸ ਦੇ ਲਈ ਮਾਂ-ਬਾਪ ਬੱਚਿਆਂ ਨੂੰ ਛੁੱਟੀਆਂ ਦੇ ਆਖਰੀ ਹਫਤੇ ਵਿਚ ਵਾਧੂ ਸਮਾਂ ਦੇਣ ਅਤੇ ਹੋਮਵਰਕ ਵਿਚ ਉਨ੍ਹਾਂ ਦੀ ਮਦਦ ਕਰਨ।
ਉਸ ਦੀ ਖੁਸ਼ੀ ਵੰਡੋ
ਇਨ੍ਹਾਂ ਛੁੱਟੀਆਂ ਵਿਚ ਜੇ ਬੱਚਿਆਂ ਨੇ ਕੋਈ ਹੌਬੀ ਕਲਾਸ ਦੇ ਜ਼ਰੀਏ ਕੁਝ ਨਵਾਂ ਸਿੱਖਿਆ ਹੈ ਤਾਂ ਸਕੂਲ ਦੁਬਾਰਾ ਖੁੱਲ੍ਹਣ ਤੋਂ ਬਾਅਦ ਉਹ ਆਪਣੀ ਹੌਬੀ ਦੇ ਵਿਸ਼ੇ ਵਿਚ ਆਪਣੇ ਸਹਿਪਾਠੀਆਂ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਅਜਿਹੇ ਵਿਚ ਤੁਸੀਂ ਆਖਰੀ ਹਫਤੇ ਵਿਚ ਉਨ੍ਹਾਂ ਦੇ ਸਹਿਪਾਠੀ ਅਤੇ ਦੂਜੇ ਦੋਸਤਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚਾ ਉਨ੍ਹਾਂ ਦੇ ਨਾਲ ਛੁੱਟੀਆਂ ਵਿਚ ਹੌਬੀਜ਼ ਦੁਆਰਾ ਜੋ ਸਿੱਖਿਆ ਹੈ, ਸਾਂਝਾ ਕਰ ਸਕੇ।
ਨਵੀਂ ਰੁਟੀਨ ਬਣਾਓ
ਜਿਵੇਂ-ਜਿਵੇਂ ਸਕੂਲ ਖੁੱਲ੍ਹਣ ਦਾ ਦਿਨ ਨੇੜੇ ਆਉਂਦਾ ਹੈ, ਉਸ ਤੋਂ ਕੁਝ ਦਿਨ ਪਹਿਲਾਂ ਉਸ ਦੇ ਲਈ ਨਵੀਂ ਰੁਟੀਨ ਬਣਾਓ। ਇਸ ਨਾਲ ਉਸ ਨੂੰ ਸਕੂਲ ਜਾਣ ਵਿਚ ਮੁਸ਼ਕਿਲ ਨਹੀਂ ਆਵੇਗੀ। ਉਸ ਨੂੰ ਨਿਯਮਤ ਸਕੂਲ ਜਾਣ, ਨਵੀਆਂ ਚੀਜ਼ਾਂ ਸਿੱਖਣ, ਆਪਣੇ ਅਧਿਆਪਕਾਂ ਅਤੇ ਦੋਸਤਾਂ ਨਾਲ ਮਿਲਣ ਅਤੇ ਆਪਣੀ ਸ਼ਖ਼ਸੀਅਤ ਦੇ ਵਿਕਾਸ ਲਈ ਮੌਕੇ ਉਪਲਬਧ ਕਰਾਓ। ਬੱਚਾ ਜੇ ਜ਼ਿਆਦਾ ਛੋਟਾ ਹੈ ਤਾਂ ਉਸ ਨੂੰ ਕੁਝ ਦਿਨ ਪਹਿਲਾਂ ਤੋਂ ਥੋੜ੍ਹਾ ਛੇਤੀ ਉੱਠਣ ਦੀ ਆਦਤ ਪਾਓ।
ਘੜੀ ਨੂੰ ਸੈੱਟ ਕਰੋ
ਉਸ ਨੂੰ ਇਕ ਹਫ਼ਤਾ ਪਹਿਲਾਂ ਰਾਤ ਨੂੰ ਛੇਤੀ ਸੌਣ ਦੀ ਆਦਤ ਪਾਓ, ਕਿਉਂਕਿ ਛੁੱਟੀਆਂ ਦੇ ਦਿਨਾਂ ਵਿਚ ਤਾਂ ਦੇਰ ਰਾਤ ਜਾਗਣ ਦੀ ਆਦਤ ਨਾਲ ਕੋਈ ਮੁਸ਼ਕਿਲ ਨਹੀਂ ਸੀ, ਕਿਉਂਕਿ ਸਵੇਰੇ ਛੇਤੀ ਸੌਂ ਕੇ ਉੱਠਣਾ ਨਹੀਂ ਸੀ। ਹੁਣ ਬੱਚੇ ਨੂੰ ਦੇਰ ਰਾਤ ਤੱਕ ਬਾਹਰ ਘੁੰਮਣਾ ਉਸ ਦੇ ਨਾਲ ਨਾਲ ਦੇਰ ਤੱਕ ਟੀ. ਵੀ. ਪ੍ਰੋਗਰਾਮ ਦੇਖਣ ਦੀ ਬਜਾਇ ਉਸ ਨੂੰ ਰਾਤ ਨੂੰ ਛੇਤੀ ਸੌਣ ਅਤੇ ਸਵੇਰੇ ਛੇਤੀ ਉੱਠਣ ਦੀ ਆਦਤ ਪਾਓ ਤਾਂ ਕਿ ਉਸ ਨੂੰ ਪਹਿਲੇ ਦਿਨ ਪ੍ਰੇਸ਼ਾਨੀ ਨਾ ਹੋਵੇ।
ਕਰੋ ਤਿਆਰੀ
ਉਸ ਦੀ ਸਕੂਲ ਦੀ ਵਰਦੀ ਨੂੰ ਧੋ ਕੇ ਪ੍ਰੈੱਸ ਕਰਾ ਕੇ ਰੱਖੋ। ਜੁੱਤੀ-ਜੁਰਾਬਾਂ ਜੇ ਨਵੀਆਂ ਲਈਆਂ ਹਨ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਹਿਨਾ ਕੇ ਦੇਖ ਲਓ, ਕਿਉਂਕਿ ਕਈ ਵਾਰ ਛੁੱਟੀਆਂ ਦੇ ਦਿਨਾਂ ਵਿਚ ਬੱਚੇ ਦਾ ਭਾਰ ਵਧਣ ਕਾਰਨ ਉਨ੍ਹਾਂ ਦੇ ਕੱਪੜੇ ਵੀ ਛੋਟੇ ਹੋ ਜਾਂਦੇ ਹਨ। ਸਵੇਰ ਦੇ ਸਮੇਂ ਭੱਜ-ਦੌੜ ਕੇ ਕੰਮ ਕਰਨ ਦੀ ਬਜਾਇ ਆਪਣੇ ਕੰਮਾਂ ਨੂੰ ਪਹਿਲਾਂ ਕਰਕੇ ਰੱਖੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਸਕੂਲ ਜਾਣ ਲਈ ਬੈਗ ਤਿਆਰ ਕਰਕੇ ਰੱਖੋ ਤਾਂ ਕਿ ਉਹ ਸਵੇਰ ਦੇ ਸਮੇਂ ਜਲਦਬਾਜ਼ੀ ਵਿਚ ਅਜਿਹੀ ਚੀਜ਼ ਨਾ ਭੁੱਲ ਜਾਵੇ, ਜਿਸ ਦੀ ਉਸ ਨੂੰ ਸਕੂਲ ਵਿਚ ਲੋੜ ਹੋਵੇ।


-ਫਿਊਚਰ ਮੀਡੀਆ ਨੈੱਟਵਰਕ

ਪੰਜ ਮਿੰਟ ਦੀ ਕਲਾਕਾਰੀ

ਰਹਿਣ ਦਾ ਕਮਰਾ ਕਿਹੋ ਜਿਹਾ ਹੋਵੇ
ਤੁਹਾਡਾ ਰਹਿਣ ਦਾ ਕਮਰਾ ਤੁਹਾਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਕਿਉਂਕਿ ਤੁਸੀਂ ਆਪਣੇ ਦਿਨ ਦਾ ਬਹੁਤਾ ਸਮਾਂ ਇਥੇ ਹੀ ਗੁਜ਼ਾਰਦੇ ਹੋ। ਰਾਤ ਨੂੰ ਆਪਣੇ ਕਮਰੇ ਵਿਚ ਹੀ ਸੌਂਦੇ ਹੋ। ਇਸ ਲਈ ਤੁਹਾਡਾ ਰਹਿਣ ਜਾਂ ਸੌਣ ਦਾ ਕਮਰਾ ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ।
* ਕਮਰੇ ਦਾ ਮੌਸਮ ਅਨੁਸਾਰ ਹੋਣਾ ਚੰਗਾ ਹੈ ਤਾਂ ਜੋ ਇਹ ਗਰਮੀ ਵਿਚ ਤਪੇ ਨਾ ਤੇ ਸਰਦੀਆਂ ਵਿਚ ਬਿਲਕੁਲ ਠੰਢਾ ਨਾ ਹੋਵੇ। ਇਸ ਲਈ ਤੁਹਾਨੂੰ ਸੂਰਜ ਦੀ ਧੁੱਪ ਦਾ ਧਿਆਨ ਰੱਖਣਾ ਹੋਵੇਗਾ।
* ਕਮਰੇ ਦਾ ਖੁੱਲ੍ਹਾ ਤੇ ਹਵਾਦਾਰ ਹੋਣਾ ਵੀ ਜ਼ਰੂਰੀ ਹੈ।
* ਕਮਰੇ ਵਿਚ ਲੱਗੀਆਂ ਖਿੜਕੀਆਂ ਤੇ ਪਰਦੇ ਵੀ ਮੌਸਮ ਅਨੁਸਾਰ ਲਗਾਓ, ਜਿਵੇਂ ਕਿ ਗਰਮੀਆਂ ਵਿਚ ਪਤਲੇ ਤੇ ਸਰਦੀਆਂ ਵਿਚ ਮੋਟੇ।
* ਕਮਰੇ ਵਿਚ ਵਾਧੂ ਸਮਾਨ ਨਾ ਰੱਖੋ। ਓਨਾ ਹੀ ਸਮਾਨ ਰੱਖੋ, ਜਿੰਨੇ ਦੀ ਲੋੜ ਹੋਵੇ।
* ਕਮਰੇ ਨੂੰ ਆਪਣੀ ਪਸੰਦ ਮੁਤਾਬਿਕ ਬਣਾ ਕੇ ਰੱਖੋ। ਜਿਵੇਂ ਜੇਕਰ ਤੁਹਾਨੂੰ ਤਸਵੀਰਾਂ ਦਾ ਸ਼ੌਕ ਹੈ ਤਾਂ ਕਮਰੇ ਵਿਚ ਕਿਸੇ ਇਕ ਕੰਧ 'ਤੇ ਸਲੀਕੇ ਨਾਲ ਵੱਡੀਆਂ-ਛੋਟੀਆਂ ਤਸਵੀਰਾਂ ਦਾ ਕੋਲਾਜ ਜਿਹਾ ਬਣਾ ਕੇ ਜ਼ਰੂਰ ਲਗਾਓ। ਇਸੇ ਤਰ੍ਹਾਂ ਸੋਹਣੀ ਦਿੱਖ ਲਈ ਕੰਧ ਪੇਂਟਿੰਗ ਆਦਿ ਵੀ ਕਰਵਾਓ।
* ਕਮਰੇ ਵਿਚ ਅਜਿਹੀਆਂ ਚੀਜ਼ਾਂ ਰੱਖੋ, ਜੋ ਜਗ੍ਹਾ ਘੱਟ ਘੇਰਨ ਤੇ ਜ਼ਿਆਦਾ ਸਮਾਨ ਸਟੋਰ ਕਰ ਸਕਣ, ਜਿਵੇਂ ਕਿ ਅਜਿਹਾ ਫਰਨੀਚਰ ਜੋ ਸਮਾਨ ਸਟੋਰ ਕਰ ਸਕੇ।


-ਸਿਮਰਨਜੀਤ ਕੌਰ,
simranjeet.dhiman16@gmail.com

ਸਭ ਤੋਂ ਵੱਡੀ ਦੌਲਤ ਹੈ ਤੁਹਾਡਾ ਚੰਗਾ ਵਤੀਰਾ

ਚੰਗਾ ਵਤੀਰਾ ਤੁਹਾਡੀ ਸ਼ਖ਼ਸੀਅਤ ਦਾ ਉਹ ਅਨਮੋਲ ਕੀਮਤੀ ਗਹਿਣਾ ਹੈ, ਜਿਹੜਾ ਤੁਹਾਡੀ ਸ਼ਖ਼ਸੀਅਤ ਨੂੰ ਦਿਲਖਿੱਚ, ਪ੍ਰਭਾਵਸ਼ਾਲੀ ਅਤੇ ਸੁੰਦਰ ਬਣਾਉਂਦਾ ਹੈ। ਤੁਹਾਡਾ ਵਤੀਰਾ ਹੀ ਤੁਹਾਡਾ ਚਰਿੱਤਰ ਹੈ। ਚੰਗਾ ਵਤੀਰਾ ਉਹ ਦੌਲਤ ਹੈ, ਜਿਨ੍ਹਾਂ ਕੋਲ ਇਹ ਦੌਲਤ ਹੁੰਦੀ ਹੈ, ਉਹ ਦੌਲਤਮੰਦਾਂ ਤੋਂ ਵੀ ਵੱਧ ਅਮੀਰ ਹੁੰਦੇ ਹਨ। ਜ਼ਿੰਦਗੀ ਦੇ ਮਸਲੇ ਜ਼ੋਰ ਨਾਲ ਨਹੀਂ, ਜੁਗਤ ਨਾਲ ਹੱਲ ਹੁੰਦੇ ਹਨ। ਦੂਜਿਆਂ ਦਾ ਅਪਮਾਨ ਕਰੋਗੇ ਤਾਂ ਕੋਈ ਵੀ ਤੁਹਾਡਾ ਸਨਮਾਨ ਨਹੀਂ ਕਰੇਗਾ। ਗ਼ਲਤੀ ਨਾ ਹੋਣ ਦੇ ਬਾਵਜੂਦ ਮੁਆਫ਼ੀ ਮੰਗ ਲੈਣਾ ਰਿਸ਼ਤੇ ਨੂੰ ਤਰੋਤਾਜ਼ਾ ਕਰਦਾ ਹੈ। ਗ਼ਲਤੀ ਨੂੰ ਮੁਆਫ ਕਰ ਦੇਣ ਵਾਲਾ ਦਿਲ ਗਰੀਬ ਨਹੀਂ ਹੋ ਸਕਦਾ। ਪਿਆਰ ਤੋਂ ਬਿਨਾਂ ਮੁਆਫੀ ਨਹੀਂ ਅਤੇ ਮੁਆਫੀ ਤੋਂ ਬਿਨਾਂ ਪਿਆਰ ਨਹੀਂ। ਐਨਾ ਨਾਰਾਜ਼ ਕਦੇ ਨਾ ਹੋਵੇ ਕਿ ਮਨਾਉਣ ਵਾਲਾ ਖੁਦ ਹੀ ਨਾਰਾਜ਼ ਹੋ ਜਾਵੇ। ਦਰਦ ਨੂੰ ਸਮਝਣ ਅਤੇ ਮਹਿਸੂਸ ਕਰਨ ਵਾਲੇ ਲੋਕ ਕਿਸੇ ਲਈ ਦਰਦ ਨਹੀਂ ਬਣਦੇ। ਕਿਸੇ ਤੋਂ ਬਦਲਾ ਲੈਣ ਦਾ ਅਨੰਦ 2-4 ਦਿਨ ਹੀ ਰਹਿੰਦਾ ਹੈ ਪਰ ਮੁਆਫ਼ ਕਰਨ ਦਾ ਅਨੰਦ ਜ਼ਿੰਦਗੀ ਭਰ ਰਹਿੰਦਾ ਹੈ। ਕਿਸੇ ਦੀ ਇੱਜ਼ਤ ਨੂੰ ਖਰਾਬ ਕਰਨ ਦਾ ਅਨੰਦ ਕੁਝ ਪਲਾਂ ਲਈ ਹੀ ਹੁੰਦਾ ਹੈ ਪਰ ਪਛਤਾਵਾ ਜ਼ਿੰਦਗੀ ਭਰ ਦਾ ਹੁੰਦਾ ਹੈ। ਕਿਸੇ ਦੀ ਇੱਜ਼ਤ ਬਚਾਉਣ ਦਾ ਅਨੰਦ ਜ਼ਿੰਦਗੀ ਭਰ ਲਈ ਰੂਹ ਦੀ ਖੁਰਾਕ ਬਣਦਾ ਹੈ।
ਦੂਜਿਆਂ ਦੇ ਦਿਲਾਂ ਵਿਚ ਸ਼ਾਮਿਲ ਹੋਣ ਲਈ ਤੁਹਾਡਾ ਚੰਗਾ ਵਤੀਰਾ ਹੀ ਇਕੋ-ਇਕ ਰਸਤਾ ਹੈ। ਜ਼ਿੰਦਗੀ ਦਾ ਪਹਿਲਾ ਵਰਕਾ ਜਨਮ ਅਤੇ ਆਖਰੀ ਵਰਕਾ ਮੌਤ ਹੁੰਦੀ ਹੈ ਪਰ ਵਿਚਕਾਰਲਾ ਵਰਕਾ ਉਹ ਹੈ ਜੋ ਅਸੀਂ ਆਪਣੇ ਵਤੀਰੇ ਨਾਲ ਭਰਦੇ ਹਾਂ। ਤਨ ਦੀ ਸੁੰਦਰਤਾ ਪਹਿਲੀ ਪਸੰਦ ਬਣਦੀ ਹੈ ਪਰ ਮਨ ਦੀ ਸੁੰਦਰਤਾ ਹਮੇਸ਼ਾ ਲਈ ਪਸੰਦ ਬਣਦੀ ਹੈ। ਸਾਡਾ ਵਤੀਰਾ ਸਾਡੀ ਸਮਝ ਹੈ। ਸਾਡਾ ਦਿਮਾਗ ਸਾਡੀ ਉਹ ਪ੍ਰਯੋਗਸ਼ਾਲਾ ਹੈ, ਜਿਸ ਨਾਲ ਅਸੀਂ ਸੱਚ ਅਤੇ ਝੂਠ ਦੀ ਪੜਤਾਲ ਕਰਦੇ ਹਾਂ। ਸਾਡੇ ਵਤੀਰੇ ਵਿਚ ਸਾਡੇ ਚਰਿੱਤਰ ਦੇ ਉਹ ਸਾਰੇ ਗੁਣ-ਔਗੁਣ ਵਿਚ ਆਉਂਦੇ ਹਨ, ਜਿਨ੍ਹਾਂ ਨਾਲ ਅਸੀਂ ਕਿਸੇ ਨੂੰ ਪ੍ਰਭਾਵਿਤ ਕਰਦੇ ਹਾਂ। ਸਮਾਜ ਲਈ ਸਾਡੀ ਸਭ ਤੋਂ ਵੱਡੀ ਦੇਣ ਸਾਡੇ ਕੰਮ ਅਤੇ ਸਾਡਾ ਵਤੀਰਾ ਹੈ। ਜੇਕਰ ਤੁਸੀਂ ਚੰਗਾ ਪੜ੍ਹੇ-ਲਿਖੇ ਹੋ, ਚੰਗੇ ਅਹੁਦੇ 'ਤੇ ਹੋ ਪਰ ਜੇਕਰ ਤੁਹਾਡਾ ਦੂਜਿਆਂ ਪ੍ਰਤੀ ਵਿਹਾਰ ਹੀ ਚੰਗਾ ਨਹੀਂ ਤਾਂ ਨਾ ਕੇਵਲ ਤੁਹਾਡੇ ਅਹੁਦੇ ਜਾਂ ਪੜ੍ਹਾਈ-ਲਿਖਾਈ ਦਾ ਅਪਮਾਨ ਹੈ, ਬਲਕਿ ਇਸ ਨਾਲ ਤੁਹਾਡੀ ਸਮਝ ਅਤੇ ਸਿਆਣਪ 'ਤੇ ਵੀ ਪ੍ਰਸ਼ਨ ਚਿੰਨ੍ਹ ਹੈ। ਤੁਹਾਡੇ ਵਤੀਰੇ ਦਾ ਅਸਰ ਤੁਹਾਡੇ ਪਰਿਵਾਰ ਅਤੇ ਬੱਚਿਆਂ 'ਤੇ ਵੀ ਪੈਂਦਾ ਹੈ। ਸਿਰਫ ਕੱਪੜਿਆਂ ਦਾ ਸੁੰਦਰ ਹੋਣਾ ਹੀ ਕਾਫੀ ਨਹੀਂ, ਤੁਹਾਡਾ ਵਤੀਰਾ ਲੋਕਾਂ ਨੂੰ ਜ਼ਿਆਦਾ ਨਜ਼ਰ ਆਉਂਦਾ ਹੈ। ਤੁਹਾਡੇ ਬੋਲ, ਤੁਹਾਡੇ ਸ਼ਬਦ, ਤੁਹਾਡੇ ਕੰਮ ਅਤੇ ਵਿਵਹਾਰ, ਸੋਚ ਅਤੇ ਸਮਝ, ਸਲੀਕਾ ਅਤੇ ਰਹਿਣ-ਸਹਿਣ ਅਤੇ ਉੱਠਣ-ਬੈਠਣ ਦਾ ਤਰੀਕਾ ਹੀ ਤੁਹਾਡੀ ਕੀਮਤ ਤੈਅ ਕਰਦਾ ਹੈ। ਦੂਜਿਆਂ ਦੀ ਨਿੰਦਿਆ ਕਰਨ ਵਾਲੇ ਦਰਅਸਲ ਆਪਣੀ ਹੀ ਜਾਣ-ਪਛਾਣ ਕਰਵਾਉਂਦੇ ਹਨ। ਨਿੰਦਿਆ ਸੁਣ ਕੇ ਆਪਣੀ ਰਾਹ ਨਾ ਬਦਲੋ, ਕਿਉਂਕਿ ਨਿੰਦਿਆ ਕਰਨ ਵਾਲੇ ਦਾ ਆਪਣਾ ਕੋਈ ਰਾਹ ਨਹੀਂ ਹੁੰਦਾ। ਜੇਕਰ ਦਿਲ ਸਾਫ਼ ਹੋਵੇ ਤਾਂ ਵਿਹਾਰ ਵੀ ਮੌਲਿਕ ਹੁੰਦਾ ਹੈ। ਸ਼ਿਕਵੇ ਤਾਂ ਬਹੁਤ ਹੁੰਦੇ ਹਨ ਜ਼ਿੰਦਗੀ ਵਿਚ ਪਰ ਆਪਣੀ ਮੌਜ ਵਿਚ ਜਿਉਣ ਵਾਲੇ ਲੋਕ ਕਦੇ ਸ਼ਿਕਾਇਤ ਨਹੀਂ ਕਰਦੇ। ਤੁਹਾਡੇ ਪ੍ਰਤੀ ਲੋਕਾਂ ਦਾ ਕੀ ਵਤੀਰਾ ਹੈ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਹਾਡਾ ਆਪਣਾ ਲੋਕਾਂ ਪ੍ਰਤੀ ਕੀ ਵਤੀਰਾ ਹੈ। ਅਸੀਂ ਆਪਣੇ ਲਈ ਆਪਣੀ ਜ਼ਿੰਦਗੀ ਦਾ ਮਨੋਰਥ ਖੁਦ ਤੈਅ ਕਰਨਾ ਹੈ। ਜੇਕਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕੀ ਚਾਹੁੰਦੇ ਹਾਂ ਤਾਂ ਅਸੀਂ ਪ੍ਰਾਪਤ ਵੀ ਕੁਝ ਨਹੀਂ ਕਰ ਸਕਦੇ। ਆਪਣੇ ਵਿਹਾਰ ਅਤੇ ਵਤੀਰੇ ਦੇ ਅਸੀਂ ਖੁਦ ਹੀ ਜੱਜ ਹਾਂ। ਇਹ ਤੁਸੀਂ ਖੁਦ ਫੈਸਲਾ ਕਰਨਾ ਹੈ ਕਿ ਇਕ ਭੈੜੇ ਵਤੀਰੇ ਵਾਲੇ ਵਿਅਕਤੀ ਨਾਲ ਤੁਸੀਂ ਕਿਸ ਤਰ੍ਹਾਂ ਨਜਿੱਠਣਾ ਹੈ, ਕਿਥੇ ਬੋਲਣਾ ਹੈ ਅਤੇ ਕਿਥੇ ਚੁੱਪ ਰਹਿਣਾ ਹੈ। ਕਿਥੇ ਕੀ ਕਹਿਣਾ ਜਾਂ ਕਰਨਾ ਹੈ ਅਤੇ ਕਿਥੇ ਕੀ ਨਹੀਂ ਕਹਿਣਾ ਜਾਂ ਨਹੀਂ ਕਰਨਾ ਹੈ, ਇਸ ਬਾਰੇ ਤੁਸੀਂ ਆਪ ਸੋਚਣਾ ਹੈ।
ਘਰਾਂ ਵਿਚ ਸਾਂਝਾਂ ਅਤੇ ਖੁਸ਼ੀਆਂ ਲਈ ਉਸ ਘਰ ਵਿਚ ਰਹਿਣ ਵਾਲੀਆਂ ਔਰਤਾਂ ਦੇ ਆਪਸੀ ਵਿਹਾਰ ਅਤੇ ਵਤੀਰੇ 'ਤੇ ਨਿਰਭਰ ਕਰਦਾ ਹੈ। ਆਤਮ ਸਨਮਾਨ ਸਰੀਰ ਨਹੀਂ ਹੈ ਪਰ ਫਿਰ ਵੀ ਇਹ ਜ਼ਖਮੀ ਹੋ ਜਾਂਦਾ ਹੈ। ਦੁਸ਼ਮਣੀ ਕੋਈ ਬੀਜ ਨਹੀਂ ਪਰ ਫਿਰ ਵੀ ਇਹ ਬੀਜੀ ਜਾਂਦੀ ਹੈ। ਬੁੱਧੀ ਲੋਹਾ ਨਹੀਂ ਪਰ ਫਿਰ ਵੀ ਇਸ ਨੂੰ ਜੰਗ ਲੱਗ ਜਾਂਦਾ ਹੈ। ਇੱਜ਼ਤ ਦੌਲਤ ਨਹੀਂ ਪਰ ਇਹ ਆਪਣੇ ਵਤੀਰੇ ਨਾਲ ਕਮਾਈ ਜਾਂਦੀ ਹੈ। ਜਿਹੜੇ ਲੋਕ ਕਰਨ ਤੋਂ ਬਾਅਦ ਵਿਚ ਸੋਚਦੇ ਹਨ ਉਹ ਪਛਤਾਵੇ ਤੋਂ ਬਚ ਨਹੀਂ ਸਕਦੇ। ਜੋ ਹਉਮੈ ਅਤੇ ਹੰਕਾਰ ਦੀਆਂ ਕੰਧਾਂ ਵਿਚ ਕੈਦ ਹੁੰਦੇ ਹਨ ਉਹ ਬਾਹਰ ਦੀ ਦੁਨੀਆ ਦੇ ਜਸ਼ਨਾਂ ਦਾ ਅਨੰਦ ਨਹੀਂ ਮਾਣ ਸਕਦੇ। ਜੇ ਸਾਡੇ ਵਤੀਰੇ ਵਿਚ ਕੂਲਾਪਣ ਨਹੀਂ ਤਾਂ ਸਾਡੇ ਰਿਸ਼ਤਿਆਂ ਵਿਚ ਵੀ ਨਿੱਘ ਨਹੀਂ ਹੋਵੇਗਾ। ਜੇ ਸੁਭਾਅ ਵਿਚ ਲੱਚਕਤਾ ਨਹੀਂ ਤਾਂ ਅਸੀਂ ਟੁੱਟ ਤਾਂ ਸਕਦੇ ਹਾਂ ਪਰ ਝੁਕ ਨਹੀਂ ਸਕਦੇ। ਜੇਕਰ ਤੁਹਾਡੇ ਵਤੀਰੇ ਵਿਚ ਚੰਗਾਪਣ ਨਹੀਂ ਤਾਂ ਤੁਹਾਨੂੰ ਇਸ ਗੱਲ ਦੀ ਸ਼ਿਕਾਇਤ ਕਰਨ ਦਾ ਕੋਈ ਹੱਕ ਨਹੀਂ ਕਿ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ।


-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਪਾਕਿ-ਪਵਿੱਤਰ ਰਿਸ਼ਤਾ : ਪਤੀ-ਪਤਨੀ

ਪਤੀ-ਪਤਨੀ ਦੋਵੇਂ ਇਕ-ਦੂਸਰੇ ਦੇ ਪੂਰਕ ਹੁੰਦੇ ਹਨ। ਕਿਸੇ ਇਕ ਤੋਂ ਬਿਨਾਂ ਦੂਸਰੇ ਦੀ ਹੋਂਦ ਮਨਫ਼ੀ ਹੋ ਕੇ ਰਹਿ ਜਾਂਦੀ ਹੈ। ਦੋਵਾਂ ਦਾ ਸਾਥ ਜ਼ਿੰਦਗੀ ਭਰ ਦਾ ਸਾਥ ਹੁੰਦਾ ਹੈ। ਵਿਆਹ ਸਮੇਂ ਲੜਕਾ-ਲੜਕੀ ਦੋਵੇਂ ਇਕ-ਦੂਸਰੇ ਨੂੰ ਤਾ-ਉਮਰ ਦੇ ਸਾਥੀ ਵਜੋਂ ਚੁਣਦੇ ਹਨ ਅਤੇ ਸਵੀਕਾਰ ਕਰਦੇ ਹਨ। ਤਿੰਨ-ਚਾਰ ਦਹਾਕੇ ਪਹਿਲਾਂ ਤੱਕ ਤਾਂ ਪਤੀ-ਪਤਨੀ ਤਾ-ਉਮਰ ਇਕ-ਦੂਜੇ ਦਾ ਸਾਥ ਸਵੀਕਾਰ ਕਰਦੇ ਸਨ ਤੇ ਨਿਭਾਉਂਦੇ ਵੀ ਸਨ, ਪਰ ਉਸ ਤੋਂ ਬਾਅਦ ਘਰੇਲੂ ਤੇ ਪਰਿਵਾਰਕ ਤਾਣੇ-ਬਾਣੇ ਵਿਚ ਬਦਲਾਅ ਆਇਆ ਤੇ ਕਈ ਕਾਰਨਾਂ ਕਰਕੇ ਗਿਰਾਵਟ ਵੀ ਆਈ। ਫਿਰ 'ਤਲਾਕ' ਨਾਂਅ ਦੇ ਦਾਨਵ (ਸਮਾਜਿਕ ਕੁਰੀਤੀ ਤੇ ਸਮੱਸਿਆ) ਨੇ ਆਪਣਾ ਦਾਇਰਾ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਤਲਾਕ ਨਾਂਅ ਦੇ ਦੈਂਤ ਨੇ ਘਰਾਂ ਦੇ ਘਰ ਤਬਾਹ ਕਰਨੇ ਸ਼ੁਰੂ ਕਰ ਦਿੱਤੇ। ਪਤੀ-ਪਤਨੀ ਦਾ ਰਿਸ਼ਤਾ ਇਕ ਅਨਮੋਲ, ਪਵਿੱਤਰ ਤੇ ਵਿਸ਼ਵਾਸ ਭਰਿਆ ਰਿਸ਼ਤਾ ਹੁੰਦਾ ਹੈ। ਕੁਝ ਗਿਲੇ-ਸ਼ਿਕਵੇ, ਮਨ-ਮੁਟਾਵ, ਛੋਟੀਆਂ-ਛੋਟੀਆਂ ਗੱਲਾਂ, ਬਾਹਰੀ ਦਖ਼ਲਅੰਦਾਜ਼ੀ, ਧਨ-ਦੌਲਤ ਦੀ ਖਿੱਚ ਜਾਂ ਹੋਰ ਕਿਸੇ ਕਾਰਨ ਸਦਕਾ ਜੀਵਨ ਭਰ ਦੇ ਸਾਥੀ ਨਾਲੋਂ ਸਾਥ ਤੋੜਨ ਦਾ ਜਲਦਬਾਜ਼ੀ ਨਾਲ ਫ਼ੈਸਲਾ ਕਰ ਲੈਣਾ ਦੋਵਾਂ ਵਿਚੋਂ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੋ ਸਕਦਾ।
ਸਾਡੇ ਜ਼ਰਾ ਜਿੰਨੇ ਅੜੀਅਲ ਵਤੀਰੇ ਸਦਕਾ ਸਾਡੇ ਪਰਿਵਾਰਾਂ, ਬੱਚਿਆਂ, ਰਿਸ਼ਤੇਦਾਰਾਂ, ਭਾਈਚਾਰਕ ਸਾਂਝ ਤੇ ਸਮਾਜਿਕ ਵਰਤਾਰੇ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਵੀ ਇਸ ਦੇ ਪ੍ਰਭਾਵ ਤੋਂ ਬਚੀਆਂ ਨਹੀਂ ਰਹਿ ਸਕਦੀਆਂ। ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵਿਚ ਵਿਸ਼ਵਾਸ ਦੀ ਡੋਰ ਵੀ ਮਜ਼ਬੂਤ ਰੱਖਣੀ ਚਾਹੀਦੀ ਹੈ ਅਤੇ ਇਸ ਪਵਿੱਤਰ ਰਿਸ਼ਤੇ ਉੱਪਰ ਦਾਜ-ਦਹੇਜ, ਗਹਿਣੇ-ਗੱਟੇ, ਪੈਸੇ-ਧੇਲੇ, ਕੋਠੀਆਂ-ਕਾਰਾਂ ਅਤੇ ਹੋਰ ਭੌਤਿਕ ਸੁੱਖ-ਸਾਧਨਾਂ ਦੀ ਧੂੜ ਨਹੀਂ ਜੰਮਣ ਦੇਣੀ ਚਾਹੀਦੀ। ਪਤੀ-ਪਤਨੀ ਦੇ ਬੰਧਨ ਨੂੰ ਇਕ ਪਵਿੱਤਰ ਤੇ ਸਮਰਪਿਤ ਰਿਸ਼ਤੇ ਵਜੋਂ ਦੇਖਣਾ ਚਾਹੀਦਾ ਹੈ, ਨਾ ਕਿ ਸੌਦੇਬਾਜ਼ੀ ਵਜੋਂ। ਦੋਵਾਂ (ਪਤੀ-ਪਤਨੀ) ਨੂੰ ਆਪਣੀ ਪੜ੍ਹਾਈ, ਹੈਸੀਅਤ, ਅਹੁਦੇ, ਰੁਤਬੇ, ਪ੍ਰਸਿੱਧੀ ਆਦਿ ਨੂੰ ਵੀ ਇਸ ਪਵਿੱਤਰ ਰਿਸ਼ਤੇ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਘਰੇਲੂ ਔਰਤ ਤੇ ਕੰਮਕਾਜੀ ਮਹਿਲਾ ਦੋਵਾਂ ਨੂੰ ਘਰ-ਸਮਾਜ ਵਿਚ ਸਤਿਕਾਰ, ਬਰਾਬਰਤਾ ਤੇ ਇੱਜ਼ਤ-ਮਾਣ ਮਿਲਣਾ ਚਾਹੀਦਾ ਹੈ। ਸਾਰੇ ਰਿਸ਼ਤਿਆਂ ਦਾ ਯਥਾ ਸੰਭਵ ਸਤਿਕਾਰ ਕਰਦੇ ਹੋਏ ਪਤੀ-ਪਤਨੀ ਦੇ ਰਿਸ਼ਤੇ ਨੂੰ ਵੀ ਸਮਾਂ ਤੇ ਧਿਆਨ ਦੇਣਾ ਚਾਹੀਦਾ ਹੈ। ਪਤਨੀ ਨੂੰ ਕਦੇ ਵੀ ਆਪਣੀ 'ਦਾਸੀ' ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਔਰਤ ਨੂੰ 'ਪੈਰ ਦੀ ਜੁੱਤੀ' ਸਮਝਣ ਵਾਲੇ ਘਰ-ਸਮਾਜ ਵਿਚ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਕਦੇ ਵੀ ਸਥਾਈ ਤੇ ਟਿਕਾਊ ਨਹੀਂ ਰਹਿ ਸਕਦਾ ਤੇ ਨਾ ਹੀ ਉਹ ਘਰ, ਪਰਿਵਾਰ ਤੇ ਸਮਾਜ ਤਰੱਕੀ ਕਰ ਸਕਦਾ ਹੈ।
ਇਸ ਲਈ ਦੋਵਾਂ (ਪਤੀ-ਪਤਨੀ) ਨੂੰ ਇਕ-ਦੂਸਰੇ ਦੀਆਂ ਭਾਵਨਾਵਾਂ, ਜ਼ਰੂਰਤਾਂ, ਕਮੀਆਂ, ਹੋਂਦ, ਅਹੁਦੇ, ਰਿਸ਼ਤੇ ਅਤੇ ਵਜੂਦ ਨੂੰ ਸਮਝਦੇ ਹੋਏ ਤੇ ਕਦਰ ਕਰਦੇ ਹੋਏ ਇਕ-ਦੂਜੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਅਤੇ ਉਸਾਰੂ ਸੋਚ ਅਪਣਾਉਣ ਵਿਚ ਹੀ ਚੰਗੀ ਗੱਲ ਹੋ ਸਕਦੀ ਹੈ। ਛੋਟੇ-ਮੋਟੇ ਮਨ-ਮੁਟਾਵ ਅਕਸਰ ਵਿਆਹ ਤੋਂ ਬਾਅਦ ਇਕ-ਦੋ ਸਾਲ ਤੱਕ ਆਉਂਦੇ ਰਹਿੰਦੇ ਹਨ ਅਤੇ ਦੋਵਾਂ ਨੂੰ ਸਿਦਕ ਤੇ ਸਿਰੜ ਤੋਂ ਕੰਮ ਲੈ ਕੇ ਇਹ ਸ਼ੁਰੂਆਤੀ ਵਿਆਹੁਤਾ-ਸਮਾਂ ਠਰੰਮੇ ਅਤੇ ਸਬਰ-ਸੰਤੋਖ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਦੋਵਾਂ (ਪਤੀ-ਪਤਨੀ) ਦੇ ਬੋਲ-ਵਿਹਾਰ, ਰਹਿਣ-ਸਹਿਣ, ਸੋਚ, ਖਾਣ-ਪੀਣ, ਮਿਲਵਰਤਨ ਅਤੇ ਖਾਸ ਤੌਰ 'ਤੇ ਵਿਚਾਰਾਂ ਵਿਚ ਅੰਤਰ ਹੋ ਸਕਦਾ ਹੈ ਅਤੇ ਇਹ ਖੱਪਾ ਭਰਨ ਲਈ ਤੇ ਦੋਵਾਂ ਨੂੰ ਥੋੜ੍ਹਾ-ਥੋੜ੍ਹਾ ਆਪਸੀ ਬਦਲਾਓ ਲਿਆਉਣ ਲਈ ਅਤੇ ਇਕ-ਦੂਸਰੇ ਨੂੰ ਸਮਝਣ ਲਈ ਕੁਝ ਵਕਤ ਤਾਂ ਲੱਗਦਾ ਹੀ ਹੈ ਤੇ ਵਕਤ ਚਾਹੀਦਾ ਵੀ ਹੈ। ਬਸ ਇਹੋ ਸ਼ੁਰੂਆਤੀ ਦੌਰ ਹੀ ਸ਼ਾਇਦ ਕਈ ਵਾਰ ਵਿਆਹੁਤਾ ਜੀਵਨ 'ਤੇ ਜ਼ਿਆਦਾ ਔਖਾ ਅਤੇ ਪਤੀ-ਪਤਨੀ ਦੇ ਰਿਸ਼ਤੇ 'ਤੇ ਭਾਰੂ ਹੋ ਸਕਦਾ ਹੈ। ਦੋਵਾਂ (ਪਤੀ-ਪਤਨੀ) ਦੇ ਪਰਿਵਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਰਿਸ਼ਤੇ ਦੀ ਮਰਿਆਦਾ ਨੂੰ ਸਮਝਦੇ ਹੋਏ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮਿਲਵਰਤਨ ਰਾਹੀਂ ਗਿਲੇ-ਸ਼ਿਕਵੇ ਦੂਰ ਕਰ ਲੈਣ ਨੂੰ ਹੀ ਤਰਜੀਹ ਦੇਣੀ ਸਹੀ ਹੋ ਸਕਦੀ ਹੈ।
ਪਤੀ-ਪਤਨੀ ਨੂੰ ਆਪਣੀ ਸੂਝ-ਬੂਝ ਤੋਂ ਵੀ ਕੰਮ ਲੈਣਾ ਚਾਹੀਦਾ ਹੈ ਅਤੇ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਸਮਝਣ ਦਾ ਹੌਸਲਾ ਤੇ ਸਮਝ ਵੀ ਰੱਖਣੀ ਜ਼ਰੂਰ ਚਾਹੀਦੀ ਹੈ। ਜ਼ਰੂਰਤ ਅਨੁਸਾਰ ਪਤੀ-ਪਤਨੀ ਦੋਵਾਂ ਨੂੰ ਇਕ-ਦੂਸਰੇ ਦੇ ਕੰਮਾਂ-ਕਾਰਾਂ ਵਿਚ ਤੇ ਘਰੇਲੂ ਕੰਮਾਂ ਵਿਚ ਵੀ ਬੇਝਿਜਕ ਹੱਥ ਵਟਾ ਦੇਣਾ ਚਾਹੀਦਾ ਹੈ ਤੇ ਇਕ-ਦੂਜੇ ਦੀਆਂ ਮਜਬੂਰੀਆਂ ਤੇ ਦੁੱਖਾਂ-ਸੁੱਖਾਂ ਨੂੰ ਸਮਝ ਕੇ ਵੰਡਾਉਣਾ ਵੀ ਇਸ ਰਿਸ਼ਤੇ ਦੀ ਮਜ਼ਬੂਤੀ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ। 'ਮਰਦ ਪ੍ਰਧਾਨ ਸਮਾਜ' ਵਾਲੀ ਸੋਚ ਬਦਲ ਕੇ ਵੀ ਇਸ ਰਿਸ਼ਤੇ ਦੀ ਸਦੀਵੀ ਹੋਂਦ ਬਰਕਰਾਰ ਰੱਖੀ ਜਾ ਸਕਦੀ ਹੈ। ਪਤੀ-ਪਤਨੀ ਨੂੰ ਵੀ ਘਰ, ਸਮਾਜ ਤੇ ਹੋਰ ਰਿਸ਼ਤੇ ਦੀ ਇੱਜ਼ਤ ਅਤੇ ਮਰਿਆਦਾ ਰੱਖਣੀ ਚਾਹੀਦੀ ਹੈ। ਸ਼ੱਕ ਦੀ ਬਿਮਾਰੀ ਤੋਂ ਵੀ ਬਚ ਕੇ ਰਹਿਣਾ ਸਹੀ ਹੈ। ਪਤਨੀ ਨੂੰ ਇਕ 'ਵਸਤੂ' ਨਾ ਸਮਝਦੇ ਹੋਏ ਬਰਾਬਰ ਦਾ ਹੱਕ ਤੇ ਰੁਤਬਾ ਹਰ ਪਲ, ਹਰ ਥਾਂ ਦੇਣਾ ਵੀ ਜ਼ਿੰਦਗੀ ਭਰ ਦਾ ਸਾਥ ਬਣਾਈ ਰੱਖਣ ਲਈ ਸਹੀ ਕਦਮ ਹੋ ਸਕਦਾ ਹੈ। ਦੋਵਾਂ ਨੂੰ ਆਪਣੇ ਰਿਸ਼ਤੇ 'ਤੇ ਕਿਸੇ ਵੀ ਤੀਜੀ ਧਿਰ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਤਾ-ਉਮਰ ਦਾ ਸਾਥ ਹੈ। ਇਸ ਨੂੰ ਸਿਦਕ, ਸਿਰੜ, ਵਿਸ਼ਵਾਸ, ਸਮਰਪਣ-ਭਾਵਨਾ ਤੇ ਉਸਾਰੂ ਸੋਚ ਅਪਣਾ ਕੇ ਤਾ-ਉਮਰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣਾ ਹੀ ਸਹੀ ਮਾਨਵਤਾ ਹੋ ਸਕਦੀ ਹੈ।


-ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਸ੍ਰੀ ਅਨੰਦਪੁਰ ਸਾਹਿਬ।

ਤਾਂ ਕਿ ਤੈਰਾਕੀ ਦੌਰਾਨ

ਪੂਲ ਵਿਚ ਬੱਚੇ ਰਹਿਣ ਸੁਰੱਖਿਅਤ

ਗਰਮੀ ਦੀਆਂ ਛੁੱਟੀਆਂ ਵਿਚ ਕਈ ਬੱਚੇ ਤੈਰਾਕੀ ਕਲਾਸਾਂ ਲਾਉਂਦੇ ਹਨ। ਇਨ੍ਹਾਂ ਦਿਨਾਂ ਵਿਚ ਅਕਸਰ ਪੂਲ ਵਿਚ ਬੱਚਿਆਂ ਦੇ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜੇ ਤਰਨ ਤਾਲ ਵਿਚ ਬੱਚਿਆਂ ਦੀ ਸੁਰੱਖਿਆ 'ਤੇ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਡੁੱਬਣ ਦੀਆਂ ਦੁਰਘਟਨਾਵਾਂ ਵੀ ਹੁੰਦੀਆਂ ਹਨ। ਗਰਮੀ ਦੇ ਦਿਨਾਂ ਵਿਚ ਤੈਰਾਕੀ ਕਲਾਸ ਹੀ ਨਹੀਂ, ਗਰਮੀ ਤੋਂ ਰਾਹਤ ਪਾਉਣ ਲਈ ਘਰ ਵਿਚ ਬਣੇ ਤਰਨ ਤਾਲ ਵਿਚ ਬੱਚੇ ਅਕਸਰ ਮੌਜਮਸਤੀ ਕਰਦੇ ਹਨ ਅਤੇ ਤੈਰਨ ਦਾ ਮਜ਼ਾ ਲੈਂਦੇ ਹਨ। ਪਰ ਮਾਹਿਰ ਤੋਂ ਬਿਨਾਂ ਬੱਚਿਆਂ ਦਾ ਇਸ ਤਰ੍ਹਾਂ ਤਰਨ ਤਾਲ ਵਿਚ ਉਤਰਨਾ ਜਾਂ ਤੈਰਨਾ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ, ਇਸ ਲਈ ਤਰਨ ਤਾਲ ਵਿਚ ਤੈਰਨ ਲਈ ਜਾਣ ਤੋਂ ਪਹਿਲਾਂ ਬੱਚਿਆਂ ਦੀ ਸੁਰੱਖਿਆ 'ਤੇ ਕਿਸ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ, ਆਓ ਇਸ ਸਬੰਧੀ ਜਾਣੋ-
ਫਲੋਟੇਸ਼ਨ ਡਿਵਾਈਸ ਦੀ ਵਰਤੋਂ ਕਰੋ
ਬੱਚਿਆਂ ਨੂੰ ਜੇ ਸਵਿਮਿੰਗ ਲਈ ਭੇਜ ਰਹੇ ਹੋ ਤਾਂ ਉਨ੍ਹਾਂ ਨੂੰ ਸਿਖਾਉਣ ਲਈ ਤੈਰਾਕੀ ਦੇ ਉਪਕਰਨਾਂ ਦੀ ਵਰਤੋਂ ਕਰਨੀ ਸਿਖਾਉਣੀ ਚਾਹੀਦੀ ਹੈ। ਵਾਟਰ ਵਿੰਗਸ, ਪੂਲ ਨੂਡਲਸ, ਫਲੋਟਰਸ, ਸੇਫਟੀ ਰੋਬਜ਼, ਸੇਫਟੀ ਲਾਈਨ, ਪੋਲਸ ਅਤੇ ਲਾਈਫ ਜੈਕਟ ਬਾਰੇ ਉਨ੍ਹਾਂ ਨੂੰ ਦੱਸੋ ਅਤੇ ਇਸ ਦੀ ਮਦਦ ਨਾਲ ਉਨ੍ਹਾਂ ਨੇ ਕਿਵੇਂ ਤੈਰਨਾ ਹੈ, ਇਹ ਸਿਖਾਓ। ਤੈਰਾਕੀ ਮਾਹਿਰ ਲਾਈਫ ਜੈਕਟ ਨੂੰ ਸਭ ਤੋਂ ਸੁਰੱਖਿਅਤ ਮੰਨਦੇ ਹਨ। ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਜੇ ਤੁਸੀਂ ਸਾਗਰ ਦੀਆਂ ਲਹਿਰਾਂ ਵਿਚ ਤੈਰਨ ਦਾ ਮਜ਼ਾ ਲੈ ਰਹੇ ਹੋ ਹੋ ਅਤੇ ਬੱਚੇ ਵੀ ਜੇ ਤੁਹਾਡੇ ਨਾਲ ਤੈਰ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੇ ਤੋਂ ਦੂਰ ਨਾ ਰੱਖੋ। ਉਨ੍ਹਾਂ 'ਤੇ ਪੂਰਾ ਸਮਾਂ ਨਜ਼ਰ ਰੱਖੋ।
ਤਰਨ ਤਾਲ ਹੋਵੇ ਸੁਰੱਖਿਅਤ
ਤਰਨ ਤਾਲ ਵਿਚ ਬੱਚੇ ਦੇ ਡੁੱਬਣ ਦੇ ਖਤਰੇ ਤੋਂ ਬਚਾਅ ਲਈ ਤਰਨ ਤਾਲ ਵਿਚ ਰੋਕ ਲੱਗੇ ਹੋਣੇ ਚਾਹੀਦੇ ਹਨ। ਤਰਨ ਤਾਲ ਜੇ ਘਰ ਵਿਚ ਹੈ ਤਾਂ ਉਸ ਦੇ ਆਸ-ਪਾਸ ਉੱਚੀ ਦੀਵਾਰ ਹੋਣੀ ਚਾਹੀਦੀ ਹੈ ਤਾਂ ਕਿ ਬੱਚਾ ਉਥੇ ਤੱਕ ਅਸਾਨੀ ਨਾਲ ਨਾ ਪਹੁੰਚ ਸਕੇ।
ਪਾਣੀ ਦੀ ਡੂੰਘਾਈ ਜਾਣੋ
ਤਰਨ ਤਾਲ ਵਿਚ ਅਕਸਰ ਇਹ ਜਾਨਣਾ ਜ਼ਰੂਰੀ ਹੈ ਕਿ ਕਿਥੋਂ ਪਾਣੀ ਦੀ ਡੂੰਘਾਈ ਵਧ ਰਹੀ ਹੈ। ਤਰਨ ਤਾਲ ਵਿਚ ਜਿਥੋਂ ਜ਼ਿਆਦਾ ਡੂੰਘਾਈ ਸ਼ੁਰੂ ਹੁੰਦੀ ਹੈ, ਉਥੇ ਜਾਲੀ ਜਾਂ ਰੁਕਾਵਟ ਲਗਾ ਦਿੱਤੀ ਜਾਂਦੀ ਹੈ। ਪਰ ਜੇ ਅਜਿਹਾ ਨਾ ਹੋਵੇ ਤਾਂ ਉਥੋਂ ਦੇ ਮਾਹਿਰ ਤੋਂ ਇਸ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਇਸ ਲਈ ਤਰਨ ਤਾਲ ਵਿਚ ਕਿਥੇ ਕਿੰਨੀ ਡੂੰਘਾਈ ਹੈ, ਜੇ ਬੱਚੇ ਇਸ ਗੱਲ ਤੋਂ ਅਣਜਾਣ ਰਹਿੰਦੇ ਹਨ ਤਾਂ ਅਕਸਰ ਉਨ੍ਹਾਂ ਦੇ ਡੁੱਬਣ ਦੀ ਸੰਭਾਵਨਾ ਰਹਿੰਦੀ ਹੈ। ਬੱਚਿਆਂ ਲਈ ਰਿੰਗ ਜਾਂ ਰੋਪਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਰਿੰਗ ਦੇ ਅੰਦਰ ਹੀ ਰਹਿ ਕੇ ਤੈਰਾਕੀ ਸਿੱਖਣੀ ਹੋਵੇਗੀ, ਇਸ ਤੋਂ ਅੱਗੇ ਜਾਣ 'ਤੇ ਉਨ੍ਹਾਂ ਦੇ ਡੁੱਬਣ ਦਾ ਖ਼ਤਰਾ ਹੈ।
ਵੱਡੇ ਰੱਖਣ ਨਜ਼ਰ
ਜੇ ਬੱਚੇ ਨੂੰ ਤੈਰਾਕੀ ਲਈ ਲੈ ਕੇ ਜਾ ਰਹੇ ਹੋ ਤਾਂ ਉਸ ਨੂੰ ਇਕੱਲਾ ਨਾ ਛੱਡੋ, ਕਿਉਂਕਿ ਛੋਟੇ ਬੱਚੇ ਦੋ ਇੰਚ ਡੂੰਘੇ ਪਾਣੀ ਵਿਚ ਵੀ ਡੁੱਬ ਸਕਦੇ ਹਨ। ਇਸ ਲਈ ਉਸ ਨੂੰ ਇਕ ਪਲ ਲਈ ਵੀ ਇਕੱਲਾ ਨਾ ਛੱਡੋ। ਉਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮਾਪੇ ਪੂਰਾ ਸਮਾਂ ਸੁਚੇਤ ਰਹਿਣ ਅਤੇ ਇਕ ਮਿੰਟ ਲਈ ਵੀ ਉਨ੍ਹਾਂ ਦੀ ਲਾਪ੍ਰਵਾਹੀ ਜਾਂ ਅਣਦੇਖੀ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਹੋ ਸਕਦੀ ਹੈ।
ਤਰਨ ਤਾਲ ਦੇ ਨੇੜੇ-ਤੇੜੇ ਨਾ ਖੇਡੋ
ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਤੇ ਘੁੰਮਣ ਲਈ ਗਏ ਹੋ ਤਾਂ ਤਰਨ ਤਾਲ ਦੇ ਆਸ-ਪਾਸ ਨਾ ਖੇਡੋ, ਕਿਉਂਕਿ ਉਸ ਵਿਚ ਡਿਗ ਕੇ ਬੱਚੇ ਦੀ ਮੌਤ ਹੋ ਸਕਦੀ ਹੈ। ਤਾਲ ਦੇ ਆਲੇ-ਦੁਆਲੇ ਦੌੜ ਨਾ ਲਗਾਓ।
ਬੱਚਾ ਜੇ ਛੋਟਾ ਹੈ ਤਾਂ
ਜੇ ਤੁਸੀਂ ਆਪ ਤੈਰਨ ਲਈ ਜਾਂਦੇ ਹੋ ਅਤੇ ਆਪਣੇ ਨਾਲ ਛੋਟੇ ਬੱਚੇ ਨੂੰ ਵੀ ਰੱਖਦੇ ਹੋ ਤਾਂ ਉਸ ਨੂੰ ਹਮੇਸ਼ਾ ਵਾਟਰਪਰੂਫ ਸਵਿਮਿੰਗ ਡਾਇਪਰ ਪਹਿਨਾ ਕੇ ਪਾਣੀ ਵਿਚ ਉਤਾਰੋ ਤਾਂ ਕਿ ਪਾਣੀ ਵਿਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਨਾ ਹੋਵੇ।
ਛਾਲ ਮਾਰਨ ਤੋਂ ਪਹਿਲਾਂ
ਬੱਚੇ ਨੂੰ ਤਰਨ ਤਾਲ ਵਿਚ ਉਤਰਨ ਦੌਰਾਨ ਘੱਟ ਪਾਣੀ ਵਿਚ ਛਾਲ ਨਹੀਂ ਮਾਰਨੀ ਚਾਹੀਦੀ, ਕਿਉਂਕਿ ਇਸ ਨਾਲ ਸਿਰ ਵਿਚ ਸੱਟ ਲੱਗਣ ਦਾ ਡਰ ਰਹਿੰਦਾ ਹੈ। ਪਾਣੀ ਦੀ ਡੂੰਘਾਈ ਦੇਖ ਕੇ ਹੀ ਡਾਇਵਿੰਗ ਬੋਰਡ ਨਾਲ ਹੀ ਛਾਲ ਮਾਰਨੀ ਚਾਹੀਦੀ ਹੈ। ਕਈ ਵਾਰ ਡੂੰਘਾਈ ਦਾ ਅੰਦਾਜ਼ਾ ਲਗਾਏ ਬਿਨਾਂ ਉਚਾਈ ਤੋਂ ਗੋਤਾ ਲਗਾਉਣ 'ਤੇ ਸਿਰ ਅਤੇ ਧੌਣ ਵਿਚ ਸੱਟ ਲੱਗ ਸਕਦੀ ਹੈ।


-ਕਿਰਣ ਭਾਸਕਰ,
ਫਿਊਚਰ ਮੀਡੀਆ ਨੈਟਵਰਕ

ਆਓ ਕਰੀਏ ਆਪਣੀ ਚਮੜੀ ਦੀ ਸੰਭਾਲ

ਚਮੜੀ ਸਾਡੇ ਸਰੀਰ ਦਾ ਬੜਾ ਹੀ ਮਹੱਤਵਪੂਰਨ ਜੈਵਿਕ ਮੰਨਿਆ ਜਾਂਦਾ ਹੈ, ਜੋ ਕਿ ਸਾਡੀ ਸਿਹਤ ਨੂੰ ਦਰਸਾਉਂਦਾ ਹੈ। ਹਰ ਕੋਈ ਸੋਹਣਾ ਦਿਸਣਾ ਚਾਹੁੰਦਾ ਹੈ ਤੇ ਸੋਹਣੇ ਦਿਸਣ ਲਈ ਸਾਨੂੰ ਆਪਣੀ ਚਮੜੀ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ, ਜੋ ਕਿ ਅੱਜਕਲ੍ਹ ਦੇ ਰੁਝੇਵੇਂ ਤੇ ਤਣਾਅ ਭਰੇ ਯੁੱਗ ਵਿਚ ਅਸੀਂ ਕਰ ਨਹੀਂ ਸਕਦੇ। ਜੇਕਰ ਅਸੀਂ ਖੂਬਸੂਰਤ ਤੇ ਸਿਹਤਮੰਦ ਚਮੜੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਲਈ ਥੋੜ੍ਹਾ ਜਿਹਾ ਸਮਾਂ ਜ਼ਰੂਰ ਕੱਢਣਾ ਪਵੇਗਾ। ਚਮੜੀ ਦੀ ਸੰਭਾਲ ਲਈ ਕੁਝ ਸੁਝਾਅ ਇਸ ਤਰ੍ਹਾਂ ਹਨ-
ਉਤਪਾਦਨ ਦੀ ਸਹੀ ਚੋਣ : ਉਤਪਾਦਨ ਦੀ ਚੋਣ ਹਮੇਸ਼ਾ ਆਪਣੀ ਚਮੜੀ ਦੀ ਕਿਸਮ ਨੂੰ ਅਤੇ ਮੌਸਮ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ। ਇਹੋ ਜਿਹੇ ਉਤਪਾਦਨ ਖਰੀਦਣੇ/ਵਰਤਣੇ ਚਾਹੀਦੇ ਹਨ ਜੋ ਕਿ ਚਮੜੀ ਜਾਂ ਵਾਲਾਂ ਨੂੰ ਰੁੱਖਾ ਨਾ ਬਣਾਉਣ, ਜਿਵੇਂ ਕਿ ਸਾਬਣ, ਫੇਸ ਵਾਸ਼, ਸ਼ੈਂਪੂ ਆਦਿ। ਉਤਪਾਦਨ ਖਰੀਦਦੇ ਸਮੇਂ ਉਨ੍ਹਾਂ ਵਿਚ ਪਈ ਸਮੱਗਰੀ ਨੂੰ ਧਿਆਨ ਨਾਲ ਪੜ੍ਹ ਕੇ ਹੀ ਖਰੀਦਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਤਪਾਦਨ ਹਮੇਸ਼ਾ ਪੀ.ਐਚ. ਬੈਲੇਂਸ ਨੂੰ ਦੇਖ ਕੇ ਖਰੀਦੋ, ਜੋ ਕਿ ਤੁਹਾਡੀ ਚਮੜੀ ਦੇ ਪੀ. ਐਚ. ਦੇ ਸੰਤੁਲਨ ਨੂੰ ਬਣਾ ਕੇ ਰੱਖੇ।
ਸਕ੍ਰਬਿੰਗ : ਸਕ੍ਰਬਿੰਗ ਹਫ਼ਤੇ ਵਿਚ ਇਕ ਜਾਂ ਦੋ ਵਾਰ ਕਰਨੀ ਚਾਹੀਦੀ ਹੈ, ਜੋ ਕਿ ਚਮੜੀ ਦੇ ਡੈੱਡ ਸੈੱਲਾਂ ਨੂੰ ਖ਼ਤਮ ਕਰਦੀ ਹੈ ਤੇ ਮਾਇਸਚਰਾਈਜ਼ਰ ਨੂੰ ਚਮੜੀ ਵਿਚ ਸੋਖਣ ਵਿਚ ਮਦਦ ਕਰਦੀ ਹੈ।
ਸਨਸਕ੍ਰੀਨ : ਸਨਸਕ੍ਰੀਨ ਰੋਜ਼ ਲਗਾਉਣਾ ਚਾਹੀਦਾ ਹੈ, ਜੋ ਕਿ ਸਾਡੀ ਚਮੜੀ ਨੂੰ ਧੁੱਪ ਦੀਆਂ ਹਾਨੀਕਾਰਕ ਪੈਰਾਬੈਂਗਣੀ ਕਿਰਨਾਂ ਤੋਂ ਬਚਾਉਂਦਾ ਹੈ।
ਸੀ. ਟੀ. ਐਮ. : ਸੀ. ਟੀ. ਐਮ. ਤੋਂ ਭਾਵ ਹੈ ਕਲੀਂਜਿੰਗ, ਟੋਨਿੰਗ ਤੇ ਮਾਇਸਚਰਾਈਜ਼ਿੰਗ। ਮੌਸਮ ਕੋਈ ਵੀ ਹੋਵੇ, ਚਮੜੀ ਦੀ ਸੰਭਾਲ ਕਰਨ ਲਈ ਰੋਜ਼ ਸੀ. ਟੀ. ਐਮ. ਕਰਨਾ ਚਾਹੀਦਾ ਹੈ, ਜੋ ਕਿ ਚਮੜੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਵੀ ਮਦਦ ਕਰਦਾ ਹੈ ਤੇ ਚਮੜੀ 'ਤੇ ਡੈੱਡ ਸੈੱਲ ਵੀ ਘੱਟ ਹੀ ਬਣਦੇ ਹਨ। ਬਸ ਫਰਕ ਸਿਰਫ ਏਨਾ ਹੈ ਕਿ ਮੌਸਮ ਦੇ ਅਨੁਸਾਰ ਉਤਪਾਦਨ ਬਦਲ ਜਾਂਦੇ ਹਨ।
ਮੇਕਅਪ ਉਤਾਰਨਾ : ਜਿਹੜੀਆਂ ਔਰਤਾਂ ਰੋਜ਼ ਮੇਕਅਪ ਕਰਦੀਆਂ ਹਨ, ਉਨ੍ਹਾਂ ਨੂੰ ਰਾਤ ਨੂੰ ਮੇਕਅਪ ਚੰਗੀ ਤਰ੍ਹਾਂ ਉਤਾਰ ਕੇ ਸੌਣਾ ਚਾਹੀਦਾ ਹੈ। ਮੇਕਅਪ ਨਾ ਉਤਾਰਨ ਨਾਲ ਮੇਕਅਪ ਵਿਚ ਜਿਹੜੇ ਰਸਾਇਣ ਹੁੰਦੇ ਹਨ, ਉਹ ਵੀ ਚਮੜੀ ਵਿਚੋਂ ਨਮੀ ਖਿੱਚ ਲੈਂਦੇ ਹਨ, ਜਿਸ ਨਾਲ ਚਮੜੀ ਬਹੁਤ ਜ਼ਿਆਦਾ ਰੁੱਖੀ ਹੋ ਜਾਂਦੀ ਹੈ।
ਖੁਰਾਕ : ਵਧੀਆ ਉਤਪਾਦਨ ਵਰਤਣ ਦੇ ਨਾਲ-ਨਾਲ ਸਾਨੂੰ ਚਮੜੀ ਦੀ ਖੂਬਸੂਰਤੀ ਲਈ ਖੁਰਾਕ ਵੀ ਵਧੀਆ ਤੇ ਸਿਹਤਮੰਦ ਲੈਣੀ ਚਾਹੀਦੀ ਹੈ। ਇਕੱਲੇ ਉਤਪਾਦਨ ਸਾਡੀ ਚਮੜੀ ਨੂੰ ਸਿਹਤਮੰਦ ਨਹੀਂ ਬਣਾ ਸਕਦੇ। ਇਸ ਲਈ ਚਮੜੀ ਨੂੰ ਹਾਈਡ੍ਰੇਟ ਰੱਖਣ ਲਈ 8 ਤੋਂ 10 ਗਲਾਸ ਪਾਣੀ ਰੋਜ਼ ਪੀਣਾ ਚਾਹੀਦਾ ਹੈ। ਗਰਮ ਪਾਣੀ ਵਿਚ ਨਿੰਬੂ ਨਿਚੋੜ ਕੇ ਪੀਣਾ ਚਾਹੀਦਾ ਹੈ, ਜੋ ਕਿ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਕੱਢਣ ਵਿਚ ਮਦਦ ਕਰਦਾ ਹੈ ਅਤੇ ਇਮਿਯੂਨ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਗਰੀਨ ਟੀ, ਫਲ, ਸਬਜ਼ੀਆਂ ਆਦਿ ਖੁਰਾਕ ਵਿਚ ਸ਼ਾਮਿਲ ਕਰਨੇ ਚਾਹੀਦੇ ਹਨ। ਸੰਤੁਲਤ ਤੇ ਪੋਸ਼ਟਿਕ ਭੋਜਨ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਕਸਰਤ ਕਰਨੀ ਬਹੁਤ ਜ਼ਰੂਰੀ ਹੈ, ਜੋ ਕਿ ਖੂਨ ਦੇ ਸੰਚਾਰ ਨੂੰ ਠੀਕ ਰੱਖਦੀ ਹੈ, ਜਿਸ ਨਾਲ ਚਮੜੀ 'ਤੇ ਝੁਰੜੀਆਂ ਛੇਤੀ ਨਹੀਂ ਪੈਂਦੀਆਂ ਤੇ ਚਮੜੀ ਚਮਕਦਾਰ ਰਹਿੰਦੀ ਹੈ।
ਬਿਊਟੀ ਸਲੀਪ : ਚੰਗੇ ਉਤਪਾਦਨ ਤੇ ਚੰਗੀ ਖੁਰਾਕ ਦੇ ਨਾਲ-ਨਾਲ ਸਾਨੂੰ ਨੀਂਦ ਵੀ ਪੂਰੀ ਤੇ ਤਣਾਅ ਰਹਿਤ ਲੈਣੀ ਚਾਹੀਦੀ ਹੈ। ਨੀਂਦ ਦਾ ਸਾਡੀ ਸੁੰਦਰਤਾ ਨਾਲ ਬਹੁਤ ਗਹਿਰਾ ਸਬੰਧ ਹੈ। ਇਸੇ ਕਰਕੇ ਇਸ ਨੂੰ ਬਿਊਟੀ ਸਲੀਪ ਵੀ ਕਿਹਾ ਗਿਆ ਹੈ, ਜੋ ਕਿ ਬਿਊਟੀ ਨੂੰ ਵਧਾਉਂਦੀ ਹੈ।
ਇਸ ਤਰ੍ਹਾਂ ਇਨ੍ਹਾਂ ਸੁਝਾਵਾਂ ਨੂੰ ਧਿਆਨ ਵਿਚ ਰੱਖ ਕੇ ਅਤੇ ਥੋੜ੍ਹਾ ਜਿਹਾ ਸਮਾਂ ਕੱਢ ਕੇ ਅਸੀਂ ਆਪਣੀ ਚਮੜੀ ਨੂੰ ਸੋਹਣਾ ਤੇ ਸਿਹਤਮੰਦ ਬਣਾ ਸਕਦੇ ਹਾਂ।


-ਸਹਾਇਕ ਪ੍ਰੋਫੈਸਰ ਕਾਸਮੈਟਾਲੋਜੀ

ਹੱਸਣਾ ਵੀ ਇਕ ਕਲਾ ਹੈ

ਹੱਸਣਾ ਜ਼ਿੰਦਗੀ ਜਿਊਣ ਲਈ ਬਹੁਤ ਹੀ ਸੋਹਣੀ ਕਲਾ ਹੈ। ਜਿਹੜਾ ਵਿਅਕਤੀ ਹੱਸਣਾ ਸਿੱਖ ਲੈਂਦਾ ਹੈ, ਉਹ ਜ਼ਿੰਦਗੀ ਦੇ ਹਰ ਦੁੱਖ ਤੋਂ ਅਸਾਨੀ ਨਾਲ ਬਾਹਰ ਆ ਜਾਂਦਾ ਹੈ। ਹੱਸਣਾ ਸਾਡੀ ਜ਼ਿੰਦਗੀ ਵਿਚ ਬਹੁਤ ਹੀ ਜ਼ਰੂਰੀ ਹੈ। ਹੱਸਣ ਤੋਂ ਬਿਨਾਂ ਜ਼ਿੰਦਗੀ ਨਿਰਸ ਅਤੇ ਬੇਰੰਗ ਹੈ।
ਹੱਸਣ ਅਤੇ ਮੁਸਕਰਾਉਣ ਵਾਲੇ ਵਿਅਕਤੀ ਨੂੰ ਹਰ ਕੋਈ ਪਸੰਦ ਕਰਦਾ ਹੈ। ਕਿਸੇ ਨੂੰ ਹੱਸ ਕੇ ਬੁਲਾਉਣ ਨਾਲ ਦੂਜੇ ਦੇ ਚਿਹਰੇ 'ਤੇ ਵੀ ਮੁਸਕਰਾਹਟ ਆ ਜਾਂਦੀ ਹੈ। ਖੁੱਲ੍ਹ ਕੇ ਹੱਸਣਾ ਇਕ ਕਸਰਤ ਵੀ ਹੈ ਅਤੇ ਖੁੱਲ੍ਹ ਕੇ ਹੱਸਣ ਨਾਲ ਵਿਅਕਤੀ ਕਈ ਬਿਮਾਰੀਆਂ ਤੋਂ ਦੂਰ ਹੀ ਰਹਿੰਦਾ ਹੈ। ਬਹੁਤ ਸਾਰੇ ਡਾਕਟਰ ਵੀ ਹੱਸਣ ਅਤੇ ਖੁਸ਼ ਰਹਿਣ ਦੀ ਸਲਾਹ ਦਿੰਦੇ ਹਨ। ਹੱਸਦੇ ਰਹਿਣ ਵਾਲੇ ਵਿਅਕਤੀ ਦਾ ਸਾਥ ਹਰ ਕੋਈ ਪਸੰਦ ਕਰਦਾ ਹੈ। ਜਿਹੜਾ ਵਿਅਕਤੀ ਹੱਸਮੁੱਖ ਹੁੰਦਾ ਹੈ, ਉਹ ਆਪ ਤਾਂ ਖੁਸ਼ ਰਹਿੰਦਾ ਹੈ, ਨਾਲ ਹੀ ਆਪਣੇ ਨਾਲ ਵਾਲੇ ਵਿਅਕਤੀ ਨੂੰ ਵੀ ਖੁਸ਼ ਰੱਖਦਾ ਹੈ। ਜੋ ਵਿਅਕਤੀ ਹੱਸਣ ਦੀ ਕਲਾ ਜਾਣਦਾ ਹੋਵੇ, ਉਹ ਵਿਅਕਤੀ ਸਭ ਤੋਂ ਵਧੀਆ ਹੁੰਦਾ ਹੈ। ਅੱਜ ਦੀ ਜ਼ਿੰਦਗੀ ਵਿਚ ਖੁਸ਼ ਰਹਿਣਾ ਜਿਵੇਂ ਬਹੁਤ ਹੀ ਔਖਾ ਹੋ ਗਿਆ ਹੈ। ਇਕ ਮਹਿੰਗਾਈ ਬਹੁਤ ਜ਼ਿਆਦਾ ਹੈ, ਦੂਜਾ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਹੁਤ ਜ਼ਿਆਦਾ ਹਨ। ਹੱਸਣਾ ਅਤੇ ਖੁਸ਼ ਰਹਿਣਾ ਸਾਡੇ ਲਈ ਓਨਾ ਹੀ ਜ਼ਰੂਰੀ ਹੋ ਗਿਆ ਹੈ ਜਿੰਨਾ ਕਿ ਰੋਟੀ ਖਾਣਾ। ਹੱਸਣ ਨਾਲ ਬੰਦਾ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਥੋੜ੍ਹੀ ਦੇਰ ਲਈ ਹੀ ਸਹੀ ਪਰ ਭੁੱਲ ਤਾਂ ਜਾਂਦਾ ਹੈ ਅਤੇ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਮਾਣਦਾ ਹੈ। ਵੈਸੇ ਵੀ ਹਰ ਵੇਲੇ ਦੁਖੀ ਰਹਿਣ ਵਾਲੇ ਵਿਅਕਤੀ ਨੂੰ ਕੋਈ ਪਸੰਦ ਨਹੀਂ ਕਰਦਾ। ਇਸ ਲਈ ਸਾਨੂੰ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਹੱਸਦੇ ਰਹਿਣ ਦੀ ਕਲਾ ਨੂੰ ਅਪਣਾਉਣਾ ਚਾਹੀਦਾ ਹੈ।


-ਸ਼ਹਾਬਦੀ ਨੰਗਲ, ਹੁਸ਼ਿਆਰਪੁਰ। ਮੋਬਾ: 97793-68243

ਕੀਮਤੀ ਜੁੱਤੀ-ਚੱਪਲ ਖ਼ਰੀਦਦੇ ਹੋ

...ਤਾਂ ਸਾਫ਼-ਸੁਥਰਾ 'ਸ਼ੂ ਰੈਕ' ਵੀ ਖ਼ਰੀਦੋ

ਜੁੱਤੀਆਂ-ਚੱਪਲਾਂ ਨੂੰ ਸੰਭਾਲ ਕੇ ਰੱਖਣ ਦਾ ਸਹੀ ਤਰੀਕਾ ਕੀ ਹੋਵੇ, ਆਓ ਇਹ ਮਹੱਤਵਪੂਰਨ ਗੱਲਾਂ ਕੁਝ ਟਿਪਸ ਰਾਹੀਂ ਜਾਣਦੇ ਹਾਂ-
* ਜੁੱਤੀਆਂ-ਚੱਪਲਾਂ ਨੂੰ ਘੱਟ ਜਗ੍ਹਾ ਵਿਚ ਰੱਖਣ ਲਈ ਇਨ੍ਹਾਂ ਨੂੰ ਪੁਰਾਣੇ 'ਸ਼ੂ ਬਾਕਸਾਂ' ਵਿਚ ਰੱਖੋ ਅਤੇ ਚਾਹੋ ਤਾਂ ਇਨ੍ਹਾਂ ਨੂੰ ਅਲਮਾਰੀ ਵਿਚ ਵੀ ਇਕ ਤੋਂ ਬਾਅਦ ਇਕ ਰੱਖ ਸਕਦੇ ਹੋ।
* ਕਿਸ ਬਾਕਸ ਵਿਚ ਕਿਹੜੀ ਜੁੱਤੀ ਜਾਂ ਚੱਪਲ ਹੈ, ਉਸ ਬਾਕਸ 'ਤੇ ਉਸ ਦੀ ਫੋਟੋ ਲਗਾ ਕੇ ਰੱਖੋ। ਇਹ ਸਹੂਲਤ ਨਾ ਹੋਵੇ ਤਾਂ ਘੱਟ ਤੋਂ ਘੱਟ ਕਿਸ ਆਕਾਰ ਅਤੇ ਰੰਗ ਦੇ, ਉਹ ਨੰਬਰ ਤਾਂ ਜ਼ਰੂਰ ਲਿਖੋ। ਜੁੱਤੀਆਂ ਨੂੰ ਧੂੜ, ਮਿੱਟੀ ਤੋਂ ਬਚਾਉਣ ਲਈ ਹਮੇਸ਼ਾ ''ਸ਼ੂ ਰੈਕ'' ਵਿਚ ਹੀ ਰੱਖੋ।
* 'ਸ਼ੂ ਰੈਕ' ਨੂੰ ਅਜਿਹੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਜਿਥੇ ਧੂੜ, ਮਿੱਟੀ ਘੱਟ ਆਉਂਦੀ ਹੋਵੇ, ਤਾਂ ਕਿ ਜੁੱਤੀਆਂ-ਚੱਪਲਾਂ ਨੂੰ ਧੂੜ-ਮਿੱਟੀ ਤੋਂ ਬਚਾਇਆ ਜਾ ਸਕੇ।
* ਘਰ ਵਿਚ ਜੇ ਜਗ੍ਹਾ ਘੱਟ ਹੋਵੇ ਤਾਂ ਹੈਂਗਿੰਗ 'ਸ਼ੂ ਰੈਕ' ਵੀ ਖਰੀਦਿਆ ਜਾ ਸਕਦਾ ਹੈ। ਇਸ ਨੂੰ ਸੌਣ ਵਾਲੇ ਕਮਰੇ ਜਾਂ ਅਲਮਾਰੀ ਦੇ ਦਰਵਾਜ਼ੇ ਦੇ ਪਿੱਛੇ ਟੰਗਿਆ ਜਾ ਸਕਦਾ ਹੈ।
* ਘਰ ਦੇ ਵੱਖ-ਵੱਖ ਮੈਂਬਰ ਚਾਹੁੰਣ ਤਾਂ ਆਪਣੇ-ਆਪਣੇ 'ਸ਼ੂ ਰੈਕ' ਨੂੰ ਆਪਣੇ ਕਮਰੇ ਵਿਚ ਰੱਖ ਸਕਦੇ ਹਨ, ਇਸ ਨਾਲ ਘਰ ਵਿਚ ਜੁੱਤੀਆਂ-ਚੱਪਲਾਂ ਖਿਲਰਨਗੀਆਂ ਨਹੀਂ ਅਤੇ ਬੇਲੋੜੇ ਰੂਪ ਨਾਲ ਦਿਸਣਗੀਆਂ ਵੀ ਨਹੀਂ। * ਘਰ ਵਿਚ ਜੇ ਜ਼ਿਆਦਾ ਮੈਂਬਰ ਹਨ ਤਾਂ ਵੱਡਾ 'ਸ਼ੂ ਰੈਕ' ਖ਼ਰੀਦੋ।
* 'ਸ਼ੂ ਰੈਕ' ਜੇ ਲੱਕੜੀ ਦਾ ਹੈ ਤਾਂ ਇਸ ਨੂੰ ਅੰਦਰੋਂ ਚੰਗੀ ਤਰ੍ਹਾਂ ਪਾਲਿਸ਼ ਕਰਾਓ, ਨਹੀਂ ਤਾਂ ਇਸ ਵਿਚ ਸਿਉਂਕ ਲੱਗਣ ਦਾ ਖਤਰਾ ਰਹਿੰਦਾ ਹੈ।
* ਪੁਰਾਣੀ ਪੌੜੀ ਜਾਂ ਬਾਜ਼ਾਰ ਦੇ ਬਣੇ ਹੈਂਗਿੰਗ 'ਸ਼ੂ ਰੈਕ' ਜਾਂ ਟ੍ਰੀ 'ਸ਼ੂ ਰੈਕ' ਦੀ ਵਰਤੋਂ ਕੀਤੀ ਜਾ ਸਕਦੀ ਹੈ।
* 'ਸ਼ੂ ਰੈਕ' ਵਿਚ ਜੁੱਤੀਆਂ ਨੂੰ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਟੁੱਟੀਆਂ-ਫੁੱਟੀਆਂ ਜੁੱਤੀਆਂ, ਚੱਪਲਾਂ ਨੂੰ ਮੁਰੰਮਤ ਕਰਾ ਕੇ ਸਟੋਰ ਕਰੋ ਤਾਂ ਕਿ ਲੋੜ ਪੈਣ 'ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ।
* ਕਈ ਜੁੱਤੀਆਂ ਦਾ ਮੈਟੀਰੀਅਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਨ੍ਹਾਂ ਦਾ ਆਕਾਰ ਛੇਤੀ ਖਰਾਬ ਹੋ ਜਾਂਦਾ ਹੈ। ਅਜਿਹੀਆਂ ਜੁੱਤੀਆਂ ਨੂੰ ਸਟੋਰ ਕਰਨ ਲਈ ਇਨ੍ਹਾਂ ਵਿਚ ਗੱਤੇ ਦਾ ਸਹਾਰਾ ਦੇ ਕੇ ਰੱਖੋ ਤਾਂ ਕਿ ਇਨ੍ਹਾਂ ਦਾ ਆਕਾਰ ਖਰਾਬ ਨਾ ਹੋਵੇ।
* ਜੁੱਤੀਆਂ ਨੂੰ ਕਦੇ ਵੀ ਪੁਰਾਣੀ ਅਖ਼ਬਾਰ ਜਾਂ ਮੈਗਜ਼ੀਨ ਦੇ ਸਫਿਆਂ 'ਚ ਲਪੇਟ ਕੇ ਨਾ ਰੱਖੋ, ਕਿਉਂਕਿ ਇਨ੍ਹਾਂ ਦੀ ਸਿਆਹੀ ਨਾਲ ਉਨ੍ਹਾਂ ਵਿਚ ਦਾਗ ਪੈ ਸਕਦੇ ਹਨ।
* ਉਨ੍ਹਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਹਵਾਬੰਦ ਡੱਬੇ ਜਾਂ ਬੈਗ ਵਿਚ ਰੱਖੋ ਤਾਂ ਕਿ ਨਮੀ ਦੇ ਕਾਰਨ ਉਹ ਖਰਾਬ ਨਾ ਹੋਣ।
* ਗਰਮੀਆਂ ਵਿਚ ਠੰਢੀ ਜਗ੍ਹਾ 'ਤੇ ਅਤੇ ਸਰਦੀਆਂ ਵਿਚ 'ਸ਼ੂ ਰੈਕ' ਨੂੰ ਗਰਮ ਜਗ੍ਹਾ 'ਤੇ ਰੱਖੋ, ਕਿਉਂਕਿ ਜ਼ਿਆਦਾ ਗਰਮੀ ਅਤੇ ਜ਼ਿਆਦਾ ਠੰਢ ਨਾਲ ਵੀ ਇਨ੍ਹਾਂ ਦਾ ਆਕਾਰ ਖਰਾਬ ਹੁੰਦਾ ਹੈ।
* ਬੂਟ ਅਤੇ ਸਰਦੀ ਵਿਚ ਪਹਿਨੀਆਂ ਜਾਣ ਵਾਲੀਆਂ ਭਾਰੀਆਂ ਜੁੱਤੀਆਂ ਨੂੰ ਪਹਿਨਣ ਤੋਂ ਪਹਿਲਾਂ ਉਨ੍ਹਾਂ ਨੂੰ ਧੁੱਪ ਵਿਚ ਚੰਗੀ ਸੁਕਾ ਕੇ ਪਹਿਨੋ ਤਾਂ ਕਿ ਉਨ੍ਹਾਂ ਵਿਚੋਂ ਬਦਬੂ ਨਾ ਆਵੇ।
* ਬਰਸਾਤ ਦੇ ਮੌਸਮ ਵਿਚ ਹਵਾ ਵਿਚ ਨਮੀ ਦੀ ਮਾਤਰਾ ਵਧ ਜਾਂਦੀ ਹੈ। ਆਪਣੇ 'ਸ਼ੂ ਰੈਕ' ਨੂੰ ਅਜਿਹੀ ਜਗ੍ਹਾ ਰੱਖੋ, ਜਿਥੇ ਬਰਸਾਤ ਦਾ ਪਾਣੀ ਨਾ ਆਵੇ। ਇਨ੍ਹਾਂ ਦਿਨਾਂ ਵਿਚ ਗਿੱਲੀਆਂ ਜੁੱਤੀਆਂ ਅਤੇ ਚੱਪਲਾਂ ਨੂੰ ਸਿੱਧੇ 'ਸ਼ੂ ਰੈਕ' ਵਿਚ ਨਾ ਰੱਖੋ। ਸਟੋਰ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਧੁੱਪ ਵਿਚ ਸੁਕਾ ਕੇ ਰੱਖੋ।


-ਫਿਊਚਰ ਮੀਡੀਆ ਨੈਟਵਰਕ

ਘਰੇਲੂ ਬਗੀਚੀ

ਮਹੱਤਵਪੂਰਨ ਟਿਪਸ

ਘਰ ਵਿਚ ਕੋਈ ਹੋਰ ਜਗ੍ਹਾ ਨਾ ਹੋਵੇ ਗਮਲੇ ਰੱਖਣ ਜਾਂ ਪੌਦੇ ਲਗਾਉਣ ਲਈ ਅਤੇ ਬਾਲਕੋਨੀ ਜੇ ਧੁੱਪ ਵਾਲੀ ਹੋਵੇ ਤਾਂ ਉਸ ਦਾ ਪੂਰਾ ਲਾਭ ਲਓ।
* ਜੇ ਤੁਸੀਂ ਹੇਠਾਂ ਜ਼ਮੀਨ 'ਤੇ ਹੋ ਅਤੇ ਕੱਚੀ ਜਗ੍ਹਾ ਹੈ ਤਾਂ ਉਸ 'ਤੇ ਕਿਆਰੀ ਬਣਾ ਕੇ ਘਰੇਲੂ ਬਗੀਚੀ ਬਣਾਓ।
* ਜੇ ਛੱਤ 'ਤੇ ਘਰੇਲੂ ਬਗੀਚੀ ਬਣਾਉਣੀ ਹੋਵੇ ਤਾਂ ਪੋਲੀਥੀਨ ਪਹਿਲਾਂ ਵਿਛਾ ਦਿਓ। ਉਸ ਵਿਚ ਥੋੜ੍ਹੀ ਦੂਰੀ 'ਤੇ ਕੁਝ ਸੁਰਾਖ ਕਰ ਲਓ ਤਾਂ ਕਿ ਜ਼ਿਆਦਾ ਪਾਣੀ ਨਿਕਲ ਜਾਵੇ ਅਤੇ ਛੱਤ ਵਿਚ ਸਿੱਲ੍ਹ ਵੀ ਨਾ ਆਵੇ।
* ਗਮਲੇ ਮਿੱਟੀ ਦੇ ਖ਼ਰੀਦੋ। ਪਲਾਸਟਿਕ ਦੇ ਗਮਲਿਆਂ ਵਿਚ ਪੌਦੇ ਦਾ ਪੂਰਾ ਵਿਕਾਸ ਨਹੀਂ ਹੁੰਦਾ।
* ਗਮਲਿਆਂ ਵਿਚ ਮਿੱਟੀ ਪਾਉਂਦੇ ਸਮੇਂ ਨਿੰਮ ਦੇ ਸੁੱਕੇ ਪੱਤੇ ਮਿਲਾਓ ਤਾਂ ਕਿ ਕੀੜਿਆਂ ਤੋਂ ਬਚਿਆ ਜਾ ਸਕੇ।
* ਗਮਲਿਆਂ ਜਾਂ ਕਿਆਰੀਆਂ ਵਿਚ ਹਵਾ ਅਤੇ ਪਾਣੀ ਚੰਗੀ ਤਰ੍ਹਾਂ ਮਿਲਦੇ ਰਹਿਣ, ਪੌਦਿਆਂ ਦੀ ਗੁਡਾਈ ਜ਼ਰੂਰ ਕਰੋ।
* ਆਂਡਿਆਂ ਅਤੇ ਫਲਾਂ ਦੀਆਂ ਛਿੱਲਾਂ ਦੀ ਵਰਤੋਂ ਮਿੱਟੀ ਵਿਚ ਮਿਲਾ ਕੇ ਕਰ ਸਕਦੇ ਹੋ ਤਾਂ ਕਿ ਪੌਦਿਆਂ ਨੂੰ ਪੋਸ਼ਣ ਮਿਲਦਾ ਰਹੇ।
* ਐਸਪ੍ਰਿਨ, ਡਿਸਪ੍ਰਿਨ ਜਾਂ ਇਕੋਸਪ੍ਰਿਨ ਦੀ ਗੋਲੀ ਇਕ ਮੱਗ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ ਤਾਂ ਕਿ ਪੌਦਿਆਂ ਨੂੰ ਉੱਲੀ ਤੋਂ ਬਚਾਇਆ ਜਾ ਸਕੇ ਅਤੇ ਪੌਦਿਆਂ ਦਾ ਵਿਕਾਸ ਵੀ ਸਹੀ ਤਰ੍ਹਾਂ ਹੋ ਸਕੇ।
* ਜੇ ਪੌਦਿਆਂ ਨੂੰ ਲੋੜੀਂਦੀ ਧੁੱਪ ਨਹੀਂ ਮਿਲੇਗੀ ਤਾਂ ਪੌਦੇ ਆਕਾਰ ਵਿਚ ਛੋਟੇ ਅਤੇ ਕਮਜ਼ੋਰ ਰਹਿ ਜਾਣਗੇ। ਦਿਨ ਵਿਚ 3 ਤੋਂ 4 ਘੰਟੇ ਦੀ ਧੁੱਪ ਕਾਫੀ ਹੈ। ਗਰਮੀਆਂ ਵਿਚ ਤੇਜ਼ ਧੁੱਪ ਤੋਂ ਪੌਦਿਆਂ ਨੂੰ ਬਚਾਓ।
* ਪੌਦਿਆਂ ਨੂੰ ਸਵੇਰੇ ਜਾਂ ਸ਼ਾਮ ਵੇਲੇ ਪਾਣੀ ਪਾਓ। ਤੇਜ਼ ਧੁੱਪ ਵਿਚ ਪਾਣੀ ਪਾਉਣ ਨਾਲ ਪੌਦੇ ਝੁਲਸ ਸਕਦੇ ਹਨ।
* ਜਦੋਂ ਗਮਲੇ ਸੁੱਕੇ ਲੱਗਣ, ਉਦੋਂ ਹੀ ਪਾਣੀ ਪਾਓ। ਸਰਦੀਆਂ ਵਿਚ 4-5 ਦਿਨ ਦੇ ਫਰਕ ਨਾਲ ਪਾਣੀ ਪਾਓ ਅਤੇ ਗਰਮੀਆਂ ਵਿਚ ਇਕ ਦਿਨ ਛੱਡ ਕੇ। ਜ਼ਿਆਦਾ ਪਾਣੀ ਨਾਲ ਮਿੱਟੀ ਦੇ ਕਣਾਂ ਵਿਚ ਮੌਜੂਦ ਆਕਸੀਜਨ ਪੌਦਿਆਂ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਦੀ।
* ਘਰੇਲੂ ਬਗੀਚੀ ਵਿਚ ਫਲ, ਹਰਬਲ ਪਲਾਂਟਸ, ਸਬਜ਼ੀਆਂ ਲਗਾਓ। ਗਰਮੀਆਂ ਵਿਚ ਕਰੇਲਾ, ਭਿੰਡੀ, ਧਨੀਆ, ਤੋਰੀ, ਘੀਆ, ਕਕੜੀ, ਬੈਂਗਣ ਲਗਾ ਸਕਦੇ ਹੋ। ਸਰਦੀਆਂ ਵਿਚ ਮੂਲੀ, ਗਾਜਰ, ਟਮਾਟਰ, ਪੱਤਾ ਗੋਭੀ, ਫੁੱਲ ਗੋਭੀ, ਪਾਲਕ, ਮੇਥੀ, ਬੈਂਗਣ, ਮਟਰ ਲਗਾ ਸਕਦੇ ਹੋ। ਹਰਬਲ ਪਲਾਂਟਸ ਵਿਚ ਕਰੀ ਪੱਤਾ, ਧਨੀਆ, ਪੁਦੀਨਾ, ਤੁਲਸੀ, ਨਿੰਮ ਲਗਾਓ।
* ਸਬਜ਼ੀਆਂ ਲਈ ਹਾਈਬ੍ਰਿਡ ਬੀਜ ਨਾ ਖ਼ਰੀਦੋ, ਕੁਦਰਤੀ ਬ੍ਰੀਡਿੰਗ ਵਾਲੇ ਬੀਜ ਖ਼ਰੀਦੋ। ਨਰਸਰੀ ਤੋਂ ਸਬਜ਼ੀਆਂ ਦੀ ਪਨੀਰੀ ਲੈ ਕੇ ਲਗਾਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX