ਤਾਜਾ ਖ਼ਬਰਾਂ


ਚੋਣ ਜਿੱਤੇ ਤਾਂ ਵਿਧਾਇਕ ਅਤੇ ਪਾਰਟੀ ਤੈਅ ਕਰੇਗੀ ਮੁੱਖ ਮੰਤਰੀ ਦਾ ਨਾਂਅ - ਸਚਿਨ ਪਾਇਲਟ
. . .  about 1 hour ago
ਜੈਪੁਰ, 21 ਨਵੰਬਰ - ਕਾਂਗਰਸੀ ਆਗੂ ਸਚਿਨ ਪਾਇਲਟ ਦਾ ਕਹਿਣਾ ਹੈ ਕਿ ਜੇਕਰ ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਹੁੰਦੀ ਹੈ, ਤਾਂ ਵਿਧਾਇਕ ਅਤੇ ਪਾਰਟੀ...
ਮਾਨਸਾ ਪੁਲਿਸ ਨੇ 2 ਘੰਟੇ 'ਚ ਸੁਲਝਾਈ ਅੰਨੇ ਕਤਲ ਦੀ ਗੁੱਥੀ
. . .  about 1 hour ago
ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ 2 ਘੰਟੇ ਅੰਦਰ ਸੁਲਝਾਉਂਦੇ ਹੋਏ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ...
ਫ਼ੈਕਟਰੀ 'ਚ ਹੋਇਆ ਧਮਾਕਾ, ਇੱਕ ਮਜ਼ਦੂਰ ਦੀ ਮੌਤ
. . .  about 2 hours ago
ਲੁਧਿਆਣਾ, 21 ਨਵੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿਚ ਇੱਕ ਫ਼ੈਕਟਰੀ ਵਿਚ ਹੋਏ ਧਮਾਕੇ ਵਿਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਸੜਕ ਹਾਦਸੇ 'ਚ ਇੱਕ ਦੀ ਮੌਤ, 3 ਜ਼ਖਮੀ
. . .  about 1 hour ago
ਬੀਜਾ, 21 ਨਵੰਬਰ (ਰਣਧੀਰ ਸਿੰਘ ਧੀਰਾ) - ਅੱਜ ਬਾਅਦ ਦੁਪਹਿਰ ਬੀਜਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ...
ਤੇਜ ਰਫ਼ਤਾਰ ਕਾਰ ਦੀ ਟੱਕਰ 'ਚ ਐਕਟਿਵਾ ਸਵਾਰ ਔਰਤ ਦੀ ਮੌਤ
. . .  about 2 hours ago
ਜਲੰਧਰ, 21 ਨਵੰਬਰ - ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਸੰਜੇ ਨਗਰ ਵਿਖੇ ਤੇਜ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਔਰਤ...
ਸਾਰਾ ਪਿੰਡ ਹਿਤੈਸ਼ੀ ਹੈ ਬਿਕਰਮਜੀਤ ਸਿੰਘ ਦਾ
. . .  about 2 hours ago
ਰਾਜਾਸਾਂਸੀ, 21 (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ...
ਤਹਿਸੀਲ ਅਜਨਾਲਾ ਨਾਲ ਸਬੰਧਿਤ ਹਨ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ
. . .  about 2 hours ago
ਅਜਨਾਲਾ, 21 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ ਤਹਿਸੀ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 7ਵਾਂ ਝਟਕਾ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 6ਵਾਂ ਝਟਕਾ
. . .  about 3 hours ago
ਹੋਰ ਖ਼ਬਰਾਂ..

ਫ਼ਿਲਮ ਅੰਕ

ਕੈਟਰੀਨਾ ਕੈਫ਼

ਹਨੇਰੇ ਤੋਂ ਡਰਦੀ

ਵਲੈਤਣ ਕੈਟੀ ਜਿੰਨੇ ਤਮਾਸ਼ੇ ਪਰਦੇ 'ਤੇ ਸਲਮਾਨ ਖ਼ਾਨ ਨਾਲ ਕਰਦੀ ਹੈ, ਉਸ ਤੋਂ ਜ਼ਿਆਦਾ ਆਮ ਜੀਵਨ 'ਚ ਵੀ ਉਹ ਕਰਦੀ ਹੈ। ਇਕ ਸਮੇਂ ਸੱਲੂ ਦੀ ਸਲਾਹ ਬਿਨਾਂ ਪੈਰ ਤੱਕ ਨਾ ਪੁੱਟਣ ਵਾਲੀ ਕੈਟੀ ਨੇ ਫਿਰ ਰਣਬੀਰ ਕਪੂਰ ਨਾਲ ਪਿਆਰ ਪੀਂਘਾਂ ਝੂਟ ਕੇ ਸਲਮਾਨ ਖਾਨ ਦੇ ਦਿਲ 'ਤੇ ਛੁਰੀਆਂ ਮਾਰੀਆਂ, ਉਹ ਵੀ ਸ਼ਰੇਆਮ। ਇਸ ਦੇ ਬਾਵਜੂਦ ਧੋਖਾ ਖਾਣ ਵਾਲੇ ਸਲਮਾਨ ਨੇ ਕੈਟਰੀਨਾ ਕੈਫ਼ ਖਿਲਾਫ਼ ਇਕ ਵੀ ਲਫ਼ਜ਼ ਮੂੰਹ 'ਚੋਂ ਨਹੀਂ ਕੱਢਿਆ। ਕੈਟੀ ਹੈ ਕਿ ਤਾਜ਼ਾ ਮੁਲਾਕਾਤ 'ਚ ਉਸ ਨੇ ਕਿਹਾ ਹੈ ਕਿ ਸਲਮਾਨ ਨੂੰ ਮਿਲ ਕੇ ਉਸ ਨੂੰ ਭਰਾ ਵਾਲਾ ਅਹਿਸਾਸ ਹੁੰਦਾ ਹੈ। ਘੋਰ ਕਲਯੁਗ ਹੈ, ਕੈਟਰੀਨਾ ਦੀਆਂ ਇਨ੍ਹਾਂ ਗੱਲਾਂ 'ਚੋਂ ਝਲਕਦਾ। ਜਾਹਨਵੀ ਕਪੂਰ ਨੂੰ ਕਾਫ਼ੀ ਗੁਰਮੰਤਰ ਅੱਜ ਤੱਕ ਦੱਸ ਰਹੀ ਕੈਟੀ ਦੇ ਕੀ ਕਹਿਣੇ? ਇੰਡੀਅਨ ਪ੍ਰੀਮੀਅਰ ਲੀਗ 'ਚ ਨੱਚਣਾ ਹੋਵੇ ਜਾਂ ਸਾੜ੍ਹੀ ਪਹਿਨ ਕੇ ਭਾਰਤੀ ਦਿਸਣਾ ਹੋਵੇ, ਕੈਟੀ ਦੇ ਕਈ ਤਜਰਬੇ ਹਨ। 'ਤੂਸਾਦ ਮਿਊਜ਼ੀਅਮ' ਦਾ ਸ਼ਿੰਗਾਰ ਬਣ ਚੁੱਕੀ ਕੈਟਰੀਨਾ ਕੈਫ਼ ਦੀ ਸ਼ਾਹਰੁਖ ਖ਼ਾਨ ਨਾਲ 'ਜ਼ੀਰੋ' ਫ਼ਿਲਮ ਆ ਰਹੀ ਹੈ। ਵਰੁਣ ਧਵਨ ਤੋਂ ਆਮਿਰ ਖ਼ਾਨ ਤੱਕ ਨਾਲ ਫ਼ਿਲਮਾਂ ਕਰ ਰਹੀ ਕੈਟਰੀਨਾ ਕੈਫ਼ ਇਸ ਸਭ ਦੇ ਬਾਵਜੂਦ ਭਲੀਮਾਣਸ ਤੇ ਜਲੇਬੀ ਵਰਗੀ ਸਿੱਧੀ ਕੁੜੀ ਆਪਣੇ ਆਪ ਨੂੰ ਕਹਾਉਂਦੀ ਹੈ। 'ਠੱਗਜ਼ ਆਫ਼ ਹਿੰਦੁਸਤਾਨ', 'ਅਵੇਂਜਰਜ਼', 'ਜ਼ੀਰੋ' ਜਿਹੀਆਂ ਵੱਡੀਆਂ ਫ਼ਿਲਮਾਂ ਹਨ ਉਸ ਕੋਲ? ਕੈਟੀ ਦਾ ਅਸਲੀ ਨਾਂਅ ਕੈਟਰੀਨਾ ਟਾਰਕੇਟੀ ਹੈ ਤੇ ਇਹ ਉਸਨੇ ਵਲੈਤ 'ਚ ਜਾ ਕੇ ਵਿਦੇਸ਼ੀ ਮੀਡੀਆ ਨੂੰ ਦੱਸਿਆ। ਉਸ ਨੇ 2010 'ਚ ਇਕ ਸਕੂਲ ਦਾ ਨਿਰਮਾਣ ਮਦੁਰਾਈ ਦੇ ਪੱਛੜੇ ਇਲਾਕੇ 'ਚ ਆਪਣੇ ਪੈਸੇ ਨਾਲ ਕਰਵਾਇਆ। ਹੁਣ ਤੱਕ 24 ਪੁਰਸਕਾਰ ਪ੍ਰਾਪਤ ਕਰਨ ਵਾਲੀ ਵਲੈਤਣ ਕੈਟਰੀਨਾ ਕੈਫ਼ ਸ਼ਤਰੰਜ ਦੀ ਵਧੀਆ ਖਿਡਾਰਨ ਵੀ ਹੈ ਤੇ ਹਾਂ ਹਨੇਰਿਆਂ ਤੋਂ ਜ਼ਰੂਰ ਉਸ ਨੂੰ ਡਰ ਲਗਦਾ ਹੈ। ਘਰ 'ਚ ਸਕੂਲ, ਇਕ ਤਰ੍ਹਾਂ ਨਾਲ ਪੜ੍ਹਨ ਪੱਖੋਂ 'ਜ਼ੀਰੋ' ਕੈਟਰੀਨਾ ਕੈਫ਼ 'ਧੂਮ' ਪਾ ਕੇ 'ਠੱਗਜ਼ ਆਫ਼ ਹਿੰਦੁਸਤਾਨ' ਨਾਲ ਅਵੇਂਜਰਜ਼' ਬਣ ਕੇ ਚੋਟੀ 'ਤੇ ਪਹੁੰਚਣ ਵਾਲੀ ਹੈ।


ਖ਼ਬਰ ਸ਼ੇਅਰ ਕਰੋ

ਪ੍ਰਿਅੰਕਾ ਚੋਪੜਾ

ਦਿਲ ਤਾਂ ਪਾਗਲ ਹੈ

ਅੰਤਰਰਾਸ਼ਟਰੀ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਦੇ ਦਿਲ 'ਚ ਘਾਊਂ-ਮਾਊਂ ਜੇ ਹੋ ਰਿਹਾ ਏ ਤਾਂ ਕਾਰਨ ਨਿੱਕ ਜੋਨਜ਼ ਹੈ ਜੋ ਹਾਲੀਵੁੱਡ ਸਟਾਰ ਹੈ। ਨਿੱਕ ਦੇ ਨਾਲ ਪੀ.ਸੀ. ਦੀਆਂ ਤਸਵੀਰਾਂ ਦੇਖ ਕੇ ਹੀ ਲਗਦਾ ਹੈ ਕਿ ਦਿਲ ਤਾਂ ਪਾਗਲ ਹੈ। ਪੀ.ਸੀ. ਮੁੰਬਈ ਵੀ ਨਿੱਕ ਨੂੰ ਲੈ ਕੇ ਆ ਗਈ ਹੈ। ਕੈਮਰਿਆਂ ਦੀ ਰੌਸ਼ਨੀ ਨਾ ਪਏ, ਸੋ ਪੀ.ਸੀ. ਨੇ ਨਿੱਕ ਨੂੰ ਕਾਲੇ ਰੰਗ ਦੇ ਕੱਪੜੇ 'ਚ ਲੁਕੋ ਕੇ ਏਅਰਪੋਰਟ ਤੋਂ ਕਾਰ ਦੌੜਾ ਲਈ। ਪੀ.ਸੀ. ਹੁਣ ਦੋ ਸਾਲ ਬਾਅਦ 'ਭਾਰਤ' ਫ਼ਿਲਮ 'ਚ ਕੰਮ ਕਰਕੇ ਫਿਰ ਬਾਲੀਵੁੱਡ 'ਚ ਪਰਤੀ ਹੈ। ਵਿਦੇਸ਼ੀ ਨਿੱਕ ਦੇ ਪਿਆਰ 'ਚ ਪਾਗਲ ਪੀ.ਸੀ. ਨੇ ਭਾਰਤੀ ਫ਼ਿਲਮਾਂ ਸਬੰਧੀ ਬਿਆਨ ਦਿੱਤਾ ਕਿ ਇਹ ਸਿਰਫ਼ ਔਰਤ ਦੀ ਨੁਮਾਇਸ਼ ਦਾ ਘਰ ਹਨ। ਪਹਿਲਾਂ ਆਪਣੇ ਸ਼ੋਅ 'ਚ ਭਾਰਤੀਆਂ ਨੂੰ 'ਖਾੜਕੂ' ਕਹਿਣ 'ਤੇ ਚੁੱਪ ਤੇ ਫਿਰ ਮੁਆਫ਼ੀ ਮੰਗਣ ਵਾਲੀ ਪ੍ਰਿਅੰਕਾ ਚੋਪੜਾ ਨੂੰ ਨਿੱਕ ਜੋਨਜ਼ ਦੇ ਪਿਆਰ ਨੇ ਪਾਗਲ ਕਰ ਦਿੱਤਾ ਹੈ। ਉਸ ਦਾ ਸੰਤੁਲਨ ਵੀ ਡੋਲ ਰਿਹਾ ਹੈ। ਫ਼ਿਲਮ ਉਹ 'ਭਾਰਤ' ਕਰ ਰਹੀ ਹੈ ਪਰ ਲਾੜਾ ਵਿਦੇਸ਼ ਤੋਂ ਭਾਲ ਰਹੀ ਹੈ। ਪ੍ਰਿਅੰਕਾ ਚੋਪੜਾ ਨੇ ਤਾਂ ਪਿਆਰ 'ਚ ਉਮਰ ਦਾ ਵੀ ਖਿਆਲ ਨਹੀਂ ਰੱਖਿਆ। ਪਿਆਰ ਤੇਰੀ ਪਹਿਲੀ ਨਜ਼ਰ ਨੂੰ ਸਲਾਮ।

ਯਾਮੀ ਗੌਤਮ

ਕੋਈ ਪ੍ਰਵਾਹ ਨਹੀਂ

ਮੁਕੇਸ਼ ਗੌਤਮ ਦੀ ਪਿਆਰੀ ਧੀ ਯਾਮੀ ਗੌਤਮ 'ਵਿੱਕੀ ਡੋਨਰ' ਤੋਂ ਬਾਅਦ ਉੜੀ ਹਮਲੇ 'ਤੇ ਆਧਾਰਿਤ ਬਣ ਰਹੀ ਫ਼ਿਲਮ 'ਉੜੀ' ਨੂੰ ਲੈ ਕੇ ਬਹੁਤ ਮਿਹਨਤ ਕਰ ਰਹੀ ਹੈ। 2016 ਦੇ ਉੜੀ ਹਮਲੇ 'ਤੇ ਆਧਰਿਤ 'ਉੜੀ' ਫ਼ਿਲਮ 'ਚ ਯਾਮੀ ਦਾ ਹੀਰੋ ਵਿੱਕੀ ਕੌਸ਼ਲ ਹੈ। ਪੋਲਨਾਰ ਦੇ ਵੀਡੀਓ ਨਾਲ ਯਾਮੀ ਦੀ ਚਰਚਾ ਖੂਬ ਹੋਈ ਹੈ। ਏਲੀਅਨ ਦੇ ਨਾਲ ਵੀ ਉਸ ਨੇ ਨਾਚ ਕੀਤਾ ਹੈ। ਯਾਮੀ ਇਸ ਸਮੇਂ ਅਦਿਤਯ ਧਰ ਦੀ 'ਉੜੀ' ਲਈ ਪਰੇਸ਼ ਰਾਵਲ ਨਾਲ ਸਲਾਹਾਂ ਕਰ ਰਹੀ ਹੈ। ਪਰੇਸ਼ ਫ਼ਿਲਮ 'ਚ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਦਾ ਕਿਰਦਾਰ ਨਿਭਾਅ ਰਿਹਾ ਹੈ। ਯਾਮੀ ਇਸ ਸਮੇਂ ਸਰਬੀਆ 'ਚ ਹੈ, ਜਿਥੇ ਉਹ 'ਉੜੀ' ਲਈ ਨਵੀਂ ਦਿੱਖ ਨਵੇਂ ਹੇਅਰ ਸਟਾਈਲ ਨਾਲ ਕੰਮ ਕਰਦੀ ਨਜ਼ਰ ਆਏਗੀ। ਯਾਮੀ 'ਬੱਤੀ ਗੁੱਲ ਮੀਟਰ ਚਾਲੂ' ਵੀ ਕਰ ਰਹੀ ਹੈ। ਇਸ ਫ਼ਿਲਮ 'ਚ ਉਹ ਨਾਮਵਰ ਵਕੀਲ ਦੀ ਭੂਮਿਕਾ ਕਰ ਰਹੀ ਹੈ। ਯਾਮੀ ਖੇਤਰੀ ਫ਼ਿਲਮਾਂ ਵੀ ਕਰੀ ਜਾ ਰਹੀ ਹੈ। ਪੁਲਕਿਤ ਸਮਰਾਟ ਨਾਲ ਸਬੰਧਾਂ ਸਬੰਧੀ ਸਿਰੇ ਦੀ ਗੱਪ ਕਹਿ ਕੇ ਉਸ ਨੇ ਇਸ ਚਰਚਾ 'ਤੇ ਵਿਰਾਮ ਲਾਇਆ ਹੈ। ਫੁਟਵੀਅਰ ਬਰਾਂਡ ਅਰੇਬਲੂ ਦਾ ਪ੍ਰਚਾਰ ਵੀ ਉਸ ਕੋਲ ਹੈ। ਫਿਟ ਰਹਿਣ ਲਈ ਯੋਗਾ ਕਰ ਰਹੀ ਯਾਮੀ ਗੌਤਮ ਲਈ ਇਕ ਵੇਲਾ ਸੀ ਜਦ ਉਹ ਬਹੁਤ ਗ਼ਲਤੀਆਂ ਕਰਦੀ ਸੀ। ਯਾਮੀ ਦੀ ਉਮਰ ਬੇਸ਼ੱਕ ਜਵਾਨੀ ਦੇ ਅੰਤਿਮ ਪੜਾਅ ਭਾਵ ਅੱਧਖੜ ਉਮਰ ਵੱਲ ਵਧਦੀ ਪਈ ਹੈ ਪਰ ਚੁਸਤੀ, ਫਿਟਨੈੱਸ, ਯੋਗਾ ਨੇ ਉਸ ਨੂੰ ਤਰੋਤਾਜ਼ਾ ਰੱਖਿਆ ਹੋਇਆ ਹੈ। ਯਾਮੀ ਗੌਤਮ ਦਾ ਦੱਖਣ 'ਚ ਆਧਾਰ ਕਾਇਮ ਹੈ ਤੇ ਇਥੇ ਵਧਦਾ ਪ੍ਰਭਾਵ, ਵਿਗਿਆਪਨਾਂ 'ਚ ਬੱਲੇ-ਬੱਲੇ, ਇਨ੍ਹਾਂ ਗੱਲਾਂ ਨੂੰ ਜਨਮ ਦੇਣ ਲਈ ਹੈ ਕਿ ਅਜੇ ਯਾਮੀ ਗੌਤਮ ਦਾ ਸਿੱਕਾ ਚਲਦਾ ਹੈ। ਯਾਮੀ ਲਈ ਚੰਗੇ ਦਿਨ ਹੋਰ ਆਉਣੇ ਹਨ ਤੇ ਯਾਮੀ ਗੌਤਮ ਨੇ ਉੱਚ ਹੀਰੋਇਨਾਂ ਦੀ ਸ਼੍ਰੇਣੀ ਵਿਚ ਪਹੁੰਚ ਹੀ ਜਾਣਾ ਹੈ।


-ਸੁਖਜੀਤ ਕੌਰ

ਅਕਸ਼ੈ ਕੁਮਾਰ

'ਗੋਲਡ' ਬਾਲੀਵੁੱਡ ਦਾ

ਰੀਮਾ ਕਾਗਤੀ ਨੇ 'ਗੋਲਡ' ਨਾਲ ਭਾਰਤੀ ਹਾਕੀ ਨੂੰ ਚਮਕਾਇਆ ਹੈ ਤੇ ਪਹਿਲਾਂ ਹੀ ਚਮਕ ਰਹੇ ਅਕਸ਼ੈ ਕੁਮਾਰ ਦੇ ਕਰੀਅਰ 'ਤੇ ਹੋਰ 'ਗੋਲਡ' ਅਰਥਾਤ ਹੋਰ ਚਮਕ ਲਿਆਂਦੀ ਹੈ। ਕਿਹਾ ਜਾ ਰਿਹਾ ਹੈ ਕਿ ਅੱਕੀ ਦੀ ਅਜੇ ਤੱਕ ਪੂਰੀ ਚੜ੍ਹਦੀ ਕਲਾ ਹੈ। ਅਕਸ਼ੈ ਕੁਮਾਰ ਦੀ ਸਾਂਝ ਯਸ਼ਰਾਜ ਕੈਂਪ ਨਾਲ ਪਈ ਹੈ। 2020, 2021, 2022 ਤਿੰਨ ਸਾਲ ਤਿੰਨ ਫ਼ਿਲਮਾਂ ਯਸ਼ਰਾਜ ਕੈਂਪ ਦੀਆਂ ਤੇ ਕਹਿ ਸਕਦੇ ਹਾਂ ਤਿੰਨ ਸਾਲ ਵਿਚ ਇੰਡਸਟਰੀ 'ਤੇ ਅੱਕੀ ਦਾ ਰਾਜ। ਇਕ ਫ਼ਿਲਮ ਚੰਦਰ ਪ੍ਰਕਾਸ਼ ਦਿਵੇਦੀ ਦੀ ਕਹਾਣੀ 'ਚ ਪ੍ਰਿਥਵੀ ਰਾਜ ਚੌਹਾਨ ਬਣੂ ਅਕਸ਼ੈ। ਦੂਸਰੀ ਫ਼ਿਲਮ ਦੋ ਹੀਰੋਜ਼ ਵਾਲੀ ਤੇ ਤੀਸਰੀ ਅਲੱਗ ਹੀ ਤਰ੍ਹਾਂ ਦੀ ਫ਼ਿਲਮ। ਅੱਕੀ ਦੇ ਆ ਰਹੇ ਤਿੰਨ ਸਾਲ ਵੀ ਸ਼ਾਨ ਨਾਲ ਬੁੱਕ ਹੋ ਚੁੱਕੇ ਹਨ। 'ਸਾਡੇ ਘਰ ਇਨਕਲਾਬ ਜ਼ਿੰਦਾਬਾਦ ਪਹਿਲਾਂ ਹੁੰਦਾ ਹੈ ਤੇ ਫਿਰ ਨਾਸ਼ਤਾ', ਅੱਕੀ ਦਾ ਇਹ 'ਗੋਲਡ' ਵਾਲਾ ਸੰਵਾਦ ਉਸ ਦੀ ਪਛਾਣ 'ਚ ਹੋਰ ਵਾਧਾ ਕਰੇਗਾ। 'ਚਾਣਕਿਆ ਨੀਤੀ' ਯਸ਼ਰਾਜ ਕੈਂਪ ਦੀ ਫ਼ਿਲਮ ਲਈ ਵੀ 'ਕੇਸਰੀ' ਅਕਸ਼ੈ ਤਿਆਰ ਹੈ।

ਪਹਿਲਾਂ ਰਵਾਉਂਦੀ ਸੀ, ਹੁਣ ਹਸਾਉਂਦੀ ਹਾਂ

ਉਪਾਸਨਾ ਸਿੰਘ

ਕਿਸੇ ਕਲਾਕਾਰ ਦੇ ਕਰੀਅਰ ਵਿਚ ਕਿੰਨੇ ਮੋੜ ਆ ਸਕਦੇ ਹਨ, ਇਹ ਦੇਖਣਾ ਹੋਵੇ ਤਾਂ ਉਪਾਸਨਾ ਸਿੰਘ ਦਾ ਕਰੀਅਰ ਦੇਖਿਆ ਜਾ ਸਕਦਾ ਹੈ। ਸ਼ੁਰੂਆਤ ਵਿਚ ਉਸ ਨੇ ਭਾਵੁਕ ਭੂਮਿਕਾਵਾਂ ਕੀਤੀਆਂ ਤੇ ਬਾਅਦ ਵਿਚ ਐਕਸ਼ਨ ਭੂਮਿਕਾਵਾਂ। ਉਦੋਂ ਉਹ ਹੱਥ ਵਿਚ ਬੰਦੂਕ ਲੈ ਕੇ ਆਪਣੇ ਨਾਲ ਹੋਏ ਅਨਿਆਂ ਦਾ ਬਦਲਾ ਲੈਣ ਤੁਰ ਪੈਂਦੀ ਸੀ। ਫਿਰ ਕਾਮੇਡੀ ਭੂਮਿਕਾਵਾਂ ਕਰਕੇ ਉਹ ਦਰਸ਼ਕਾਂ ਨੂੰ ਹਸਾਉਣ ਲੱਗੀ। ਫ਼ਿਲਮਾਂ ਅਤੇ ਟੀ.ਵੀ. 'ਤੇ ਦਰਸ਼ਕਾਂ ਨੂੰ ਹਸਾਉਣ ਤੋਂ ਬਾਅਦ ਉਪਾਸਨਾ ਨੇ ਇਹ ਕੰਮ ਡਿਜੀਟਲ ਦੀ ਦੁਨੀਆ ਵਿਚ ਵੀ ਜਾਰੀ ਰੱਖਿਆ ਹੈ। ਨਿਰਦੇਸ਼ਕ ਦਿਨੇਸ਼ ਦੂਬੇ ਵਲੋਂ ਬਣਾਏ ਗਏ ਕਾਮੇਡੀ ਸ਼ੋਅ 'ਪ੍ਰਾਬਲਮ ਨੋ ਪ੍ਰਾਬਲਮ' ਵਿਚ ਉਹ ਇਕ ਅਜਿਹੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉੱਚਾ ਸੁਣਦੀ ਹੈ।
ਇਸ ਰੋਲ ਬਾਰੇ ਉਹ ਕਹਿੰਦੀ ਹੈ ਕਿ ਮੈਂ ਪਿਛਲੇ ਕੁਝ ਮਹੀਨਿਆਂ ਵਿਚ ਵੈੱਬ ਸੀਰੀਜ਼ ਅਤੇ ਡਿਟੀਜਲ ਪਲੇਟਫਾਰਮ ਬਾਰੇ ਕਾਫੀ ਕੁਝ ਸੁਣ ਰਹੀ ਸੀ ਅਤੇ ਇਹ ਵੀ ਸੁਣ ਰੱਖਿਆ ਸੀ ਕਿ ਆਉਣ ਵਾਲਾ ਸਮਾਂ ਡਿਜੀਟਲ ਦੀ ਦੁਨੀਆ ਦਾ ਹੋਵੇਗਾ। ਮੈਨੂੰ ਲੱਗਾ ਕਿ ਹੁਣ ਜਦੋਂ ਮੈਂ ਫ਼ਿਲਮਾਂ ਕਰ ਹਟੀ ਹਾਂ, ਵੱਖ-ਵੱਖ ਭਾਸ਼ਾਵਾਂ ਵਿਚ ਖੇਤਰੀ ਫ਼ਿਲਮਾਂ ਵੀ ਕੀਤੀਆਂ ਹਨ, ਟੀ.ਵੀ. 'ਤੇ ਲੜੀਵਾਰ ਵੀ ਕੀਤੇ ਹਨ ਅਤੇ ਸ਼ੋਅ ਵੀ ਕੀਤੇ ਹਨ। ਸੋ, ਹੁਣ ਮੈਨੂੰ ਡਿਜੀਟਲ ਦੀ ਦੁਨੀਆ ਦਾ ਤਜਰਬਾ ਹਾਸਲ ਕਰਨਾ ਚਾਹੀਦਾ ਹੈ। ਜਦੋਂ ਦਿਨੇਸ਼ ਜੀ ਨੇ ਇਹ ਕਾਮੇਡੀ ਸ਼ੋਅ ਦੀ ਪੇਸ਼ਕਸ਼ ਕੀਤੀ ਤਾਂ ਮੈਂ ਹਾਮੀ ਭਰ ਦਿੱਤੀ। ਮੈਂ ਡਿਜੀਟਲ ਦੀ ਦੁਨੀਆ ਦਾ ਸਭ ਤੋਂ ਵੱਡਾ ਫਾਇਦਾ ਇਹ ਮਹਿਸੂਸ ਕੀਤਾ ਕਿ ਇਸ ਦੇ ਸ਼ੋਅ ਅਤੇ ਸੀਰੀਅਲ ਤੁਸੀਂ ਆਪਣੀ ਫੁਰਸਤ ਦੇ ਸਮੇਂ 'ਚ ਦੇਖ ਸਕਦੇ ਹੋ। ਨਾਲ ਹੀ ਆਪਣੇ ਕੰਪਿਊਟਰ, ਲੈਪਟਾਪ ਜਾਂ ਮੋਬਾਈਲ 'ਤੇ ਕਿਤੇ ਵੀ ਦੇਖ ਸਕਦੇ ਹੋ। ਇਸ ਸਹੂਲਤ ਦੀ ਬਦੌਲਤ ਡਿਜੀਟਲ ਪਲੇਟਫਾਰਮ ਦਾ ਕੱਦ ਦਿਨੋ-ਦਿਨ ਵਧਣਾ ਸੁਭਾਵਿਕ ਹੈ। 'ਪ੍ਰਾਬਲਮ ਨੋ ਪ੍ਰਾਬਲਮ' ਦਾ ਪਹਿਲਾ ਐਪੀਸੋਡ ਅਪਲੋਡ ਕਰਦਿਆਂ ਹੀ ਸਾਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਸੀ।
* ਇਥੇ ਤੁਸੀਂ ਇਕ ਅਜਿਹੀ ਪਤਨੀ ਦਾ ਕਿਰਦਾਰ ਨਿਭਾਅ ਰਹੇ ਹੋ, ਜੋ ਉੱਚਾ ਸੁਣਦੀ ਹੈ ਅਤੇ ਇਸ ਬਹਾਨੇ ਨਾਲ ਕਾਮੇਡੀ ਪੇਸ਼ ਕੀਤੀ ਗਈ ਹੈ। ਕੀ ਤੁਹਾਨੂੰ ਨਹੀਂ ਲਗਦਾ ਕਿ ਇਸ ਭੂਮਿਕਾ ਤਹਿਤ ਬੋਲੇ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ?
-ਨਹੀਂ, ਮੈਨੂੰ ਅਜਿਹਾ ਨਹੀਂ ਲਗਦਾ। ਇਥੇ ਜੋ ਕਾਮੇਡੀ ਪੇਸ਼ ਕੀਤੀ ਗਈ ਹੈ, ਉਹ ਸੰਵਾਦਾਂ ਰਾਹੀਂ ਪੇਸ਼ ਕੀਤੀ ਗਈ ਹੈ, ਨਾ ਕਿ ਬੋਲੇਪਨ ਦੇ ਰਾਹੀਂ। ਉਂਜ ਵੀ ਕਾਮੇਡੀ ਪਰੋਸਣ ਲਈ ਕਿਰਦਾਰ ਵਿਚ ਕੁਝ ਵੱਖਰਾਪਨ ਹੋਣਾ ਚਾਹੀਦਾ ਹੈ। ਸੋ, ਇਥੇ ਉੱਚਾ ਸੁਣਨ ਵਾਲੀ ਔਰਤ ਦਾ ਕਿਰਦਾਰ ਰੱਖਿਆ ਗਿਆ ਹੈ। ਫ਼ਿਲਮ 'ਜੁਦਾਈ' ਵਿਚ ਮੈਂ ਗੂੰਗੀ ਔਰਤ ਦਾ ਕਿਰਦਾਰ ਨਿਭਾਇਆ ਸੀ, ਜੋ ਸਿਰਫ਼ ਅੱਬਾ ਡੱਬਾ ਜੱਬਾ ਹੀ ਬੋਲਦੀ ਹੈ। ਇਸ ਰੋਲ ਨੂੰ ਬੜਾ ਪਸੰਦ ਕੀਤਾ ਗਿਆ ਸੀ ਅਤੇ ਉਦੋਂ ਵੀ ਗੂੰਗਿਆਂ ਦਾ ਪੱਖ ਲੈ ਕੇ ਕੋਈ ਝੰਡਾ ਲੈ ਕੇ ਅੱਗੇ ਨਹੀਂ ਆਇਆ ਸੀ। ਸਾਡੇ ਦਰਸ਼ਕ ਵੀ ਸਿਆਣੇ ਹੋ ਚੁੱਕੇ ਹਨ, ਉਹ ਕਾਮੇਡੀ ਅਤੇ ਮਜ਼ਾਕ ਉਡਾਉਣ ਵਿਚਾਲੇ ਫਰਕ ਜਾਣਦੇ ਹਨ।
* ਅੱਜ ਕਾਮੇਡੀ ਦੇ ਖੇਤਰ ਵਿਚ ਤੁਹਾਡੀ ਬੜੀ ਪਹਿਚਾਣ ਹੈ। ਸੋ, ਕਾਮੇਡੀ ਨਾਲ ਤੁਹਾਡਾ ਨਾਤਾ ਕਿਵੇਂ ਜੁੜਿਆ ਹੈ?
-ਮੈਂ ਜਦੋਂ ਹੁਸ਼ਿਆਰਪੁਰ ਤੋਂ ਇਥੇ ਆਈ ਸੀ ਤਾਂ ਇਹ ਸੋਚ ਕੇ ਨਹੀਂ ਆਈ ਸੀ ਕਿ ਮੈਂ ਹੀਰੋਇਨ ਬਣਨਾ ਹੈ। ਮੈਂ ਤਾਂ ਬਸ ਫ਼ਿਲਮਾਂ ਵਿਚ ਕੰਮ ਕਰਨ ਦੇ ਇਰਾਦੇ ਨਾਲ ਇਥੇ ਆਈ ਸੀ। ਮੈਨੂੰ ਰਾਜਸਥਾਨੀ ਫ਼ਿਲਮ 'ਬਾਈ ਚਾਲੀ ਸਾਸਰੀਏ' ਦੀ ਪੇਸ਼ਕਸ਼ ਹੋਈ ਅਤੇ ਇਸ ਵਿਚ ਮੇਰੀ ਭੂਮਿਕਾ ਬੜੀ ਭਾਵੁਕ ਕਰਨ ਵਾਲੀ ਸੀ। ਫ਼ਿਲਮ ਜ਼ਬਰਦਸਤ ਹਿੱਟ ਰਹੀ ਅਤੇ ਮੈਨੂੰ ਭਾਵੁਕ ਕਰਨ ਵਾਲੀਆਂ ਭੂਮਿਕਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ। ਯਾਨਿ ਕਿ ਉਦੋਂ ਮੈਂ ਰਵਾਉਂਦੀ ਸੀ ਅਤੇ ਹੁਣ ਹਸਾਉਂਦੀ ਹਾਂ। ਹਸਾਉਣ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਡੇਵਿਡ ਧਵਨ ਨੇ 'ਲੋਫਰ' ਵਿਚ ਕਾਮੇਡੀ ਰੋਲ ਦਿੱਤਾ। ਇਸ ਦੇ ਨਿਰਮਾਤਾ ਬੋਨੀ ਕਪੂਰ ਸਨ। ਉਹ ਜਦੋਂ 'ਜੁਦਾਈ' ਬਣਾਉਣ ਲੱਗੇ ਤਾਂ ਫਿਰ ਇਕ ਵਾਰ ਕਾਮੇਡੀ ਰੋਲ ਲਈ ਮੈਨੂੰ ਯਾਦ ਕੀਤਾ। ਇਸ ਵਿਚ ਮੇਰੇ ਵਲੋਂ ਬੋਲਿਆ ਗਿਆ 'ਅੱਬਾ ਡੱਬਾ ਜੱਬਾ' ਸੰਵਾਦ ਖੂਬ ਹਿਟ ਰਿਹਾ ਸੀ। ਫਿਰ ਤਾਂ 'ਹੰਗਾਮਾ', 'ਹਲਚਲ' ਅਤੇ ਹੋਰ ਕਈ ਫ਼ਿਲਮਾਂ ਵਿਚ ਮਜ਼ਾਹੀਆ ਰੋਲ ਕੀਤੇ ਅਤੇ ਕਪਿਲ ਸ਼ਰਮਾ ਦੇ ਸ਼ੋਅ ਦੇ ਤਹਿਤ ਵੀ ਲੋਕਾਂ ਨੂੰ ਖੂਬ ਹਸਾਇਆ।
* ਤੁਸੀਂ ਪੰਜਾਬੀ ਫ਼ਿਲਮਾਂ ਵੀ ਕਰਦੇ ਹੋ, ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮਾਂ ਵਿਚ ਤੁਹਾਡਾ ਰੁਝੇਵਾਂ ਕਿਹੋ ਜਿਹਾ ਹੈ?
-ਪਿਛੇ ਜਿਹੇ ਮੇਰੀ ਫ਼ਿਲਮ 'ਕੈਰੀ ਆਨ ਜੱਟਾ-2' ਰਿਲੀਜ਼ ਹੋਈ ਹੈ ਅਤੇ ਇਹ ਮੈਗਾ ਹਿਟ ਸਾਬਤ ਹੋਈ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਦੀ 'ਵਧਾਈਆਂ ਜੀ ਵਧਾਈਆਂ' ਵੀ ਮੈਂ ਕਰ ਰਹੀ ਹਾਂ। ਮੈਂ ਪੰਜਾਬੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੀ ਹਾਂ। ਆਪਣੀ ਮਾਂ ਦੇ ਨਾਂਅ 'ਤੇ ਆਪਣੇ ਬੈਨਰ ਦਾ ਨਾਂਅ 'ਸੰਤੋਸ਼ ਕ੍ਰੀਏਸ਼ਨ' ਰੱਖਿਆ ਹੈ। ਮੈਂ ਇਕ ਹਿੰਦੀ ਫ਼ਿਲਮ ਨਿਰਦੇਸ਼ਤ ਕਰਨ ਦੀ ਯੋਜਨਾ ਵੀ ਬਣਾ ਰਹੀ ਹਾਂ। ਦੋ ਹੋਰ ਪੰਜਾਬੀ ਫ਼ਿਲਮਾਂ ਲਈ ਗੱਲ ਚਲ ਰਹੀ ਹੈ, ਪਰ ਇਨ੍ਹਾਂ ਬਾਰੇ ਮੈਂ ਉਦੋਂ ਗੱਲ ਕਰਨੀ ਚਾਹਾਂਗੀ, ਜਦੋਂ ਐਗਰੀਮੈਂਟ 'ਤੇ ਦਸਤਖ਼ਤ ਹੋ ਜਾਣਗੇ।

ਕਰੀਨਾ ਕਪੂਰ

ਪੁੱਤਰ ਪ੍ਰੇਮ

ਲੰਦਨ ਵਿਚ ਗਰਮੀਆਂ ਦਾ ਇਕ ਮਹੀਨਾ ਮੀਆਂ ਜੀ ਸੈਫ਼ ਅਲੀ ਖ਼ਾਨ ਤੇ ਫਰਜ਼ੰਦ ਤੈਮੂਰ ਅਲੀ ਨਾਲ ਕੱਟ ਕੇ ਵਤਨ ਪਰਤ ਆਈ ਹੈ ਸੈਫੀਨਾ ਤੇ ਆਰਾਮ ਉਪਰੰਤ 'ਬੇਬੋ ਰਾਣੀ' ਕੰਮ 'ਤੇ ਆ ਗਈ ਹੈ। 'ਮਿਸ ਇੰਡੀਆ 2018' ਦੇ ਫਿਨਾਲੇ ਮੌਕੇ 'ਤੇ ਕਰੀਨਾ ਕਪੂਰ ਦਾ ਨਾਚ ਜਿਸ ਨੇ ਵੀ ਵੇਖਿਆ 'ਤਾਰੀਫ਼ਾਂ' ਦੇ ਪੁਲ ਬੰਨ੍ਹ ਦਿੱਤੇ। ਫਿਰ ਵੀ ਫੋਟੋਗ੍ਰਾਫਰ ਜਦ 'ਬੇਬੋ ਰਾਣੀ' ਦੀ ਤਸਵੀਰ ਖਿੱਚਣ ਅੱਗੇ ਆਏ ਤਾਂ ਨਖਰੇ ਵੀਹ ਮਣ ਦੇ, ਕਰੇ ਕਰੀਨਾ ਕਿ ਫੋਟੋ ਤਾਂ ਨਹੀਂ ਖਿਚਵਾਉਣੀ ਕਿਉਂਕਿ ਉਸ ਨੇ ਵਾਲਾਂ ਦੀ ਤੇਲ ਮਾਲਸ਼ ਕੀਤੀ ਹੋਈ ਹੈ। 'ਵੀਰੇ ਦੀ ਵੈਡਿੰਗ' ਦੀ ਵਧੀਆ ਰਿਪੋਰਟ ਨੇ ਕਰੀਨਾ ਦੇ ਚਿਹਰੇ 'ਤੇ ਖੁਸ਼ੀਆਂ ਦਾ ਨਾਚ ਨੱਚਿਆ ਹੈ। ਇੰਡੀਆ ਤੋਂ ਲੰਦਨ ਤੱਕ ਇਸ ਫ਼ਿਲਮ ਦੀ ਸਫ਼ਲਤਾ ਨੇ ਕਰੀਨਾ ਕਪੂਰ ਦਾ ਖ਼ੂਨ ਦੁੱਗਣਾ ਵਧਾ ਦਿੱਤਾ ਹੈ। ਇਸ ਦੌਰਾਨ ਕਰੀਨਾ ਨੇ ਇਕ ਹੈਰਾਨੀ ਭਰਿਆ ਫੈਸਲਾ ਲਿਆ ਹੈ ਕਿ ਹੁਣ 6 ਮਹੀਨੇ ਕੋਈ ਨਵੀਂ ਫ਼ਿਲਮ ਨਹੀਂ ਕਰਨੀ ਤੇ ਅਗਲੀ ਵਾਰ ਕੈਮਰੇ ਦਾ ਸਾਹਮਣਾ ਉਹ 2019 'ਚ ਹੀ ਕਰੇਗੀ। ਇਹ ਫੈਸਲਾ ਉਸ ਨੇ ਪੁੱਤਰ ਤੈਮੂਰ ਦੀ ਖਾਤਰ ਲਿਆ ਹੈ। ਕਰੀਨਾ ਨੇ ਪਤੀ ਸੈਫ਼ ਨਾਲ ਪੁੱਤਰ ਤੈਮੂਰ ਦੀ ਖਾਤਰ ਰਲ-ਮਿਲ ਕੇ ਫ਼ਿਲਮਾਂ 'ਚੋਂ ਆਰਾਮ ਦਾ ਫੈਸਲਾ ਲਿਆ ਹੈ। ਪੁੱਤਰ ਪਿਆਰ ਕਾਰਨ ਨਵੰਬਰ ਤੱਕ ਕਰੀਨਾ ਵਿਹਲੀ ਰਹੇਗੀ ਤੇ ਫਿਰ ਦਸੰਬਰ ਤੋਂ ਅਪ੍ਰੈਲ ਤੱਕ ਉਹ ਕੰਮ 'ਚ ਰੁੱਝ ਜਾਏਗੀ ਤੇ ਤੈਮੂਰ ਨੂੰ ਚਾਕਲੇਟ ਸੈਫ਼ ਖੁਆਏਗਾ। ਇਸ ਕਾਰਨ ਸ਼ਾਹਰੁਖ ਨਾਲ ਕਰੀਨਾ ਦੀ ਨਵੀਂ ਫ਼ਿਲਮ 'ਸਲੂਟ' ਦਾ ਫੈਸਲਾ ਲਟਕਿਆ ਹੋਇਆ ਹੈ। ਕਰੀਨਾ ਨੇ ਇਸ ਦੌਰਾਨ ਕ੍ਰਿਸ਼ਮਾ ਨਾਲ ਇਕ ਵਿਗਿਆਪਨ ਵੀ ਕੀਤਾ ਹੈ। ਕਰੀਨਾ ਦਾ ਸਾਹਮਣਾ ਏਅਰਪੋਰਟ 'ਤੇ ਸੁਨੀਲ ਸ਼ੈਟੀ ਨਾਲ ਲੰਦਨ ਤੋਂ ਪਰਤਦੇ ਸਮੇਂ ਹੋਇਆ। ਕਾਫ਼ੀ ਚਿਰਾਂ ਬਾਅਦ ਦੋਵੇਂ ਮਿਲੇ ਸਨ ਤੇ ਫਿਰ ਖੂਬ ਗੱਲਾਂ ਹੋਈਆਂ। ਦੁੱਖ-ਸੁੱਖ ਫਰੋਲੇ ਗਏ। ਰਾਜ ਮਹਿਤਾ ਨਾਲ ਕਰਨ ਜੌਹਰ ਨੇ ਜਿਹੜੀ ਨਵੀਂ ਫ਼ਿਲਮ ਕਰਨੀ ਹੈ, ਉਸ ਲਈ ਕਰੀਨਾ ਦੀ ਮਿੰਨਤ ਕੀਤੀ ਜਾ ਰਹੀ ਹੈ। ਕਰਨ ਜੌਹਰ ਦੀ ਫ਼ਿਲਮ ਉਹ ਅਕਸ਼ੈ ਕੁਮਾਰ ਨਾਲ ਕਰੇ ਜਾਂ 'ਸੈਲੂਟ' ਸ਼ਾਹਰੁਖ ਨਾਲ ਇਥੇ ਹੀ ਗੱਲ ਅੜੀ ਹੋਈ ਹੈ। ਬੇਟੇ ਤੈਮੂਰ ਦੀ ਖਾਤਰ ਫੈਸਲਾ ਵੀ ਲਿਆ ਹੈ। ਇਕ ਪਾਸੇ ਪੁੱਤਰ ਮੋਹ ਤੇ ਦੂਸਰੇ ਪਾਸੇ ਦੋਸਤ ਤੇ ਸ਼ੁਹਰਤ, ਕਰੀਨਾ ਕਪੂਰ ਕਿਸ ਰਸਤੇ ਨੂੰ ਚੁਣੇਗੀ, ਇਹ ਅਗਲੇ ਦਿਨਾਂ 'ਚ ਸਾਫ਼ ਹੋ ਜਾਵੇਗਾ, ਪਰ ਹਾਂ ਤੈਮੂਰ ਦੀ ਖਾਤਰ ਉਹ ਕਰੀਅਰ ਕੁਰਬਾਨ ਕਰ ਸਕਦੀ ਹੈ।

ਅਰੁਣ ਖੇਤਰਪਾਲ 'ਤੇ ਫ਼ਿਲਮ ਬਣਾਉਣਗੇ ਸ੍ਰੀਰਾਮ ਰਾਘਵਨ

'ਬਦਲਾਪੁਰ', 'ਜੌਨੀ ਗ਼ੱਦਾਰ', 'ਏਕ ਹਸੀਨਾ ਥੀ' ਤੋਂ ਪ੍ਰਸਿੱਧ ਹੋਏ ਨਿਰਦੇਸ਼ਕ ਸ੍ਰੀਰਾਮ ਰਾਘਵਨ ਹੁਣ ਬਾਇਓਪਿਕ ਬਣਾਉਣਗੇ। 1971 ਦੀ ਜੰਗ ਵਿਚ ਸ਼ਹੀਦ ਹੋਏ 21 ਸਾਲਾ ਭਾਰਤੀ ਸਪੂਤ ਅਰੁਣ ਖੇਤਰਪਾਲ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫ਼ਿਲਮ ਦਾ ਨਾਂਅ 'ਅਰੁਣ' ਰੱਖਿਆ ਗਿਆ ਹੈ ਅਤੇ ਉਸ ਨੂੰ ਲਿਖਣ ਦੀ ਜ਼ਿੰਮੇਵਾਰੀ 'ਪਿੰਕ' ਫ਼ਿਲਮ ਤੋਂ ਮਸ਼ਹੂਰ ਹੋਏ ਰਪੇਸ਼ ਸ਼ਾਹ ਨੂੰ ਸੌਂਪੀ ਗਈ ਹੈ। ਪਟਕਥਾ ਦਾ ਲੇਖਨ ਕੰਮ ਸਮਾਪਤ ਹੋਣ ਤੋਂ ਬਾਅਦ ਕਲਾਕਾਰਾਂ ਦੀ ਚੋਣ ਕੀਤੀ ਜਾਵੇਗੀ।

ਸੰਗੀਤ ਦੀ ਦੁਨੀਆ 'ਚ ਤੇਜ਼ੀ ਨਾਲ ਉੱਭਰਿਆ ਨਾਂਅ-ਪ੍ਰਿਆ ਸਰੈਆ

'ਬਦਲਾਪੁਰ', 'ਸ਼ੋਰ ਇਨ ਦ ਸਿਟੀ', 'ਏ ਬੀ ਸੀ ਡੀ', 'ਏ ਬੀ ਸੀ ਡੀ-2' ਆਦਿ ਫ਼ਿਲਮਾਂ ਦੇ ਗੀਤਾਂ ਦੀ ਬਦੌਲਤ ਗਾਇਕਾ ਪ੍ਰਿਆ ਸਰੈਆ ਦਾ ਨਾਂਅ ਸੰਗੀਤ ਦੀ ਦੁਨੀਆ ਵਿਚ ਤੇਜ਼ੀ ਨਾਲ ਉੱਭਰਿਆ ਹੈ। ਗਾਇਕਾ ਦੇ ਨਾਲ-ਨਾਲ ਉਹ ਗੀਤਕਾਰ ਵੀ ਹੈ ਅਤੇ ਪ੍ਰਿਆ ਦੀ ਇਕ ਅਹਿਮ ਪਛਾਣ ਇਹ ਵੀ ਹੈ ਕਿ ਸੰਗੀਤਕਾਰ ਜੋੜੀ ਸਚਿਨ-ਜਿਗਰ ਦੇ ਜਿਗਰ ਸਰੈਆ ਦੀ ਉਹ ਪਤਨੀ ਹੈ।
ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਪਤੀ ਦੇ ਸੰਗਤ ਦੀ ਵਜ੍ਹਾ ਨਾਲ ਉਹ ਸੰਗੀਤ ਵਲ ਆਕਰਸ਼ਿਤ ਹੋਈ ਹੈ। ਉਹ ਬਚਪਨ ਤੋਂ ਹੀ ਸੰਗੀਤ ਵਿਚ ਰਚ-ਬਸ ਗਈ ਸੀ ਅਤੇ ਛੇ ਸਾਲ ਦੀ ਉਮਰ ਤੋਂ ਹੀ ਉਸ ਨੇ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਥੋੜ੍ਹੀ ਮੁਹਾਰਤ ਹਾਸਿਲ ਹੋਈ ਤਾਂ ਉਹ ਕਲਿਆਣਜੀ-ਆਨੰਦ ਜੀ ਦੇ ਸ਼ੋਅ ਦਾ ਹਿੱਸਾ ਬਣ ਗਈ। ਇਹ ਸਭ ਉਹ ਸ਼ੌਕੀਆ ਤੌਰ 'ਤੇ ਕਰ ਰਹੀ ਸੀ ਅਤੇ ਉਦੋਂ ਸੰਗੀਤ ਵਿਚ ਆਪਣਾ ਕੈਰੀਅਰ ਬਣਾਉਣ ਬਾਰੇ ਸੋਚਿਆ ਨਹੀਂ ਸੀ।
ਪ੍ਰਿਆ ਨੂੰ ਪਹਿਲਾ ਮੌਕਾ 'ਫਾਲਤੂ' ਵਿਚ ਮਿਲਿਆ ਅਤੇ ਇਸ ਵਿਚ ਸਚਿਨ-ਜਿਗਰ ਦਾ ਸੰਗੀਤ ਸੀ। ਨਿਰਦੇਸ਼ਕ ਰੇਮੋ ਨੇ ਇਹ ਸ਼ਰਤ ਰੱਖੀ ਸੀ ਕਿ ਜੇਕਰ ਫ਼ਿਲਮ ਦੇ ਗੀਤ ਉਨ੍ਹਾਂ ਨੂੰ ਅਪੀਲ ਕਰ ਜਾਣਗੇ ਤਾਂ ਹੀ ਉਹ ਇਸ ਨੂੰ ਪ੍ਰਿਆ ਦੀ ਆਵਾਜ਼ ਵਿਚ ਰਹਿਣ ਦੇਣਗੇ। ਬਚਪਨ ਦੀ ਸਿੱਖਿਆ ਇਥੇ ਕੰਮ ਆਈ ਅਤੇ ਪ੍ਰਿਆ ਦੀ ਆਵਾਜ਼ ਤੋਂ ਰੇਮੋ ਪ੍ਰਭਾਵਿਤ ਹੋਏ। ਇਸ ਫ਼ਿਲਮ ਤੋਂ ਪ੍ਰਿਆ ਦਾ ਬਾਲੀਵੁੱਡ ਦਾ ਸਫ਼ਰ ਸ਼ੁਰੂ ਹੋਇਆ ਅਤੇ ਪਤੀ ਦਾ ਸਾਥ ਹਾਸਲ ਕਰਕੇ ਉਹ ਸੰਗੀਤ ਵਿਚ ਅੱਗੇ ਵਧਦੀ ਚਲੀ ਗਈ। ਜਦੋਂ ਫਿਮਲ 'ਬਦਲਾਪੁਰ' ਬਣ ਚੁੱਕੀ ਸੀ ਉਦੋਂ ਨਿਰਮਾਤਾ ਨੇ ਮਹਿਸੂਸ ਕੀਤਾ ਸੀ ਕਿ ਫ਼ਿਲਮ ਵਿਚ ਇਕ ਗੀਤ ਹੋਣਾ ਚਾਹੀਦਾ ਪਰ ਨਿਰਦੇਸ਼ਕ ਸ੍ਰੀਰਾਮ ਰਾਘਵਨ ਗੀਤ ਰੱਖਣ ਦੇ ਪੱਖ ਵਿਚ ਨਹੀਂ ਸਨ। ਉਦੋਂ ਵੀ ਇਸ ਸ਼ਰਤ 'ਤੇ ਉਹ ਗੀਤ ਰੱਖਣ ਨੂੰ ਤਿਆਰ ਹੋਏ ਕਿ ਜੇਕਰ ਗੀਤ ਉਨ੍ਹਾਂ ਨੂੰ ਚੰਗਾ ਲੱਗਿਆ ਤਾਂ ਉਹ ਇਸ ਨੂੰ ਰੱਖਣਗੇ। ਇਥੇ ਵੀ ਪ੍ਰਿਆ ਦੀ ਆਵਾਜ਼ ਦਾ ਜਾਦੂ ਕੰਮ ਕਰ ਗਿਆ ਸੀ ਅਤੇ ਇਨ੍ਹਾਂ ਦੋ ਕਿੱਸਿਆਂ ਦੀ ਬਦੌਲਤ ਬਤੌਰ ਗਾਇਕਾ ਪ੍ਰਿਆ ਦਾ ਆਤਮਵਿਸ਼ਵਾਸ ਹੋਰ ਵਧ ਗਿਆ।
ਕਿਉਂਕਿ ਪ੍ਰਿਆ ਗੀਤਕਾਰ ਵੀ ਹੈ, ਇਸ ਲਈ ਉਹ ਨਵੀਆਂ ਰਚਨਾਵਾਂ ਵਿਚ ਵਿਸ਼ਵਾਸ ਰੱਖਦੀ ਹੈ। ਰੀਮਿਕਸ ਗੀਤਾਂ ਦੀ ਉਹ ਹੱਕਦਾਰ ਨਹੀਂ ਹੈ। ਸ਼ਿਕਾਇਤ ਭਰੇ ਸੁਰਾਂ ਵਿਚ ਉਹ ਕਹਿੰਦੀ ਹੈ, 'ਹਿੰਦੀ ਫ਼ਿਲਮਾਂ ਦੀ ਸਫ਼ਲਤਾ ਵਿਚ ਸੰਗੀਤ ਦਾ ਮੁੱਖ ਯੋਗਦਾਨ ਹੁੰਦਾ ਹੈ ਪਰ ਇਥੇ ਸੰਗੀਤ ਰਚਨ ਲਈ ਕਿਸੇ ਦੇ ਕੋਲ ਨਾ ਤਾਂ ਸਮਾਂ ਹੈ ਤੇ ਨਾ ਹੀ ਨਵੇਂ ਗੀਤ ਪੇਸ਼ ਕਰਨ ਦਾ ਸਾਹਸ ਹੈ। ਇਸੇ ਵਜ੍ਹਾ ਕਰਕੇ ਪੁਰਾਣੇ ਹਿੱਟ ਗੀਤ ਨੂੰ ਨਵੇਂ ਰੂਪ ਵਿਚ ਢਾਲ ਕੇ ਪੇਸ਼ ਕੀਤਾ ਜਾਣ ਲੱਗਿਆ ਹੈ।


-ਮੁੰਬਈ ਪ੍ਰਤੀਨਿਧ

ਬਾਲੀਵੁੱਡ ਫਲੈਸ਼ਬੈਕ

ਜਦੋ 'ਬਲੈਕ' ਵਿਚ ਵਿਕੀਆਂ ਸਨ 'ਆਲਮਆਰਾ ' ਦੀਆਂ ਟਿਕਟਾਂ

'ਆਲਮਆਰਾ' (1931) ਭਾਰਤ ਦੀ ਅਜਿਹੀ ਪਹਿਲੀ ਫ਼ਿਲਮ ਸੀ ਜਿਸ ਦੀਆਂ ਟਿਕਟਾਂ ਬਲੈਕ 'ਚ ਵਿਕੀਆਂ ਸਨ। ਇਹ ਭਾਰਤ ਦੀ ਸਭ ਤੋਂ ਪਹਿਲੀ ਬੋਲਦੀ (ਆਵਾਜ਼ ਯੁਕਤ) ਫ਼ਿਲਮ ਸੀ ਅਤੇ ਇਸ ਫ਼ਿਲਮ ਵਿਚਲਾ ਗੀਤ 'ਦੇ ਦੇ ਖੁਦਾ ਕੇ ਨਾਮ ਪੈ' ਭਾਰਤੀ ਸਿਨੇਮਾ ਦਾ ਪਹਿਲਾ ਗੀਤ ਸੀ। ਫਿਰੋਜ਼ ਸ਼ਾਹ ਮਿਸਤਰੀ ਦੇ ਸੰਗੀਤ ਨਿਰਦੇਸ਼ਨ ਵਿਚ ਗਾਇਕ-ਅਦਾਕਾਰ ਵਜ਼ੀਰ ਖ਼ਾਨ ਨੇ ਇਹ ਪਹਿਲਾ ਗੀਤ ਗਾਇਆ ਸੀ। ਬੜੀ ਹੀ ਦਿਲਚਸਪ ਗੱਲ ਇਹ ਸੀ ਕਿ ਫ਼ਿਲਮ ਦਾ ਨਾਇਕ ਮਾਸਟਰ ਵਿੱਠਲ ਸੀ ਜੋ ਕਿ ਇਸ ਪਹਿਲੀ ਆਵਾਜ਼ਯੁਕਤ ਫ਼ਿਲਮ 'ਚ ਇਕ ਵੀ ਸੰਵਾਦ ਨਹੀਂ ਬੋਲ ਸਕਿਆ ਸੀ ਕਿਉਂਕਿ ਉਹ ਇਸ ਫ਼ਿਲਮ ਵਿਚ ਇਕ ਬੇਜ਼ੁਬਾਨ ਵਿਅਕਤੀ ਦਾ ਕਿਰਦਾਰ ਅਦਾ ਕਰ ਰਿਹਾ ਸੀ।
ਨਿਰਦੇਸ਼ਕ ਆਰਦੇਸ਼ੀਰ ਈਰਾਨੀ ਦੀ ਨਿਰਦੇਸ਼ਨਾ 'ਚ ਬਣੀ ਇਸ ਫ਼ਿਲਮ ਦੇ ਮੁੱਖ ਕਲਾਕਾਰ ਜ਼ੁਬੈਦਾ, ਮਾਸਟਰ ਵਿੱਠਲ ਤੇ ਪ੍ਰਿਥਵੀ ਰਾਜ ਕਪੂਰ ਸਨ। ਪ੍ਰਿਥਵੀ ਰਾਜ ਕਪੂਰ ਇਸ ਫ਼ਿਲਮ ਵਿਚ ਖਲਨਾਇਕ ਬਣੇ ਸਨ। ਕੁੱਲ 124 ਮਿੰਟਾਂ ਦੀ ਫ਼ਿਲਮ 'ਆਲਮਆਰਾ' ਦੇ ਨਿਰਮਾਣ ਵਿਚ ਉਸ ਜ਼ਮਾਨੇ ਵਿਚ ਲਗਪਗ 40 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਸੀ। ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਏ ਗਏ ਇਕ ਪ੍ਰੋਜੈਕਟਰ ਦੀ ਮਦਦ ਨਾਲ ਇਸ ਫ਼ਿਲਮ ਨੂੰ 'ਮੈਜੇਸਟਿਕ ਸਿਨੇਮਾ' ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ। ਆਰਦੇਸ਼ੀਰ ਈਰਾਨੀ ਨੂੰ ਇਸ ਫ਼ਿਲਮ ਸਦਕਾ ਬਾਲੀਵੁੱਡ ਦੇ ਪਹਿਲੇ 'ਸਾਊਂਡ ਰਿਕਾਰਡਿਸਟ' ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ।
14 ਮਾਰਚ, 1931 ਨੂੰ ਇਸ ਫ਼ਿਲਮ ਦਾ ਪਹਿਲਾ ਸ਼ੋਅ ਮੈਜੇਸਟਿਕ ਸਿਨੇਮਾ ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ। ਦੁਪਹਿਰ ਤਿੰਨ ਵਜੇ ਹੋਣ ਵਾਲੇ ਦੂਸਰੇ ਸ਼ੋਅ ਲਈ ਦਰਸ਼ਕਾਂ ਦੀ ਐਨੀ ਭੀੜ ਉਮੜ ਪਈ ਸੀ ਕਿ ਪੁਲਿਸ ਬੁਲਾਉਣੀ ਪੈ ਗਈ ਸੀ। ਇਸ ਫ਼ਿਲਮ ਨੂੰ ਵੇਖਣ ਲਈ ਟਿਕਟ ਦਾ ਮੁੱਲ 'ਚਾਰ ਆਨੇ' ਨਿਰਧਾਰਤ ਕੀਤਾ ਗਿਆ ਸੀ ਜਦੋਂ ਕਿ ਬਲੈਕ ਵਿਚ ਇਸ ਫ਼ਿਲਮ ਦੀਆਂ ਟਿਕਟਾਂ ਪੰਜ ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ ਵਿਕੀਆਂ ਸਨ। ਇਸ ਫ਼ਿਲਮ ਦੇ ਸੰਵਾਦ ਹਿੰਦੀ-ਉਰਦੂ ਭਾਸ਼ਾਵਾਂ ਦੇ ਮਿਸ਼ਰਣ ਸਹਿਤ ਰਚੇ ਗਏ ਸਨ ਤੇ ਸੰਗੀਤ ਰਚਨਾ ਲਈ ਹਾਰਮੋਨੀਅਮ, ਤਬਲਾ ਅਤੇ ਵਾਇਲਨ ਦੀ ਵਰਤੋਂ ਵੀ ਕੀਤੀ ਗਈ ਸੀ। ਇਸ ਫ਼ਿਲਮ ਦੀ ਸਿਨਮੈਟੋਗ੍ਰਾਫੀ ਵੀ ਆਰਦੇਸ਼ੀਰ ਈਰਾਨੀ ਨੇ ਹੀ ਕੀਤੀ ਸੀ ਤੇ ਫ਼ਿਲਮ ਦੇ ਨਾਇਕ ਮਾਸਟਰ ਵਿੱਠਲ ਨੇ ਇਸ ਫ਼ਿਲਮ ਲਈ ਇਕ ਹਜ਼ਾਰ ਰੁਪਏ ਦਾ ਮਿਹਨਤਾਨਾ ਵਸੂਲ ਕੀਤਾ ਸੀ।


-410, ਚੰਦਰ ਨਗਰ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ

ਵਿਸ਼ਾਲ ਭਾਰਦਵਾਜ ਦੀ ਫ਼ਿਲਮ 'ਚ ਪ੍ਰਿਅੰਕਾ ਚੋਪੜਾ

ਪਹਿਲਾਂ ਪ੍ਰਿਅੰਕਾ ਚੋਪੜਾ ਨੂੰ 'ਕਮੀਨੇ' ਅਤੇ 'ਸਾਤ ਖ਼ੂਨ ਮੁਆਫ਼' ਵਿਚ ਨਿਰਦੇਸ਼ਤ ਕਰਨ ਵਾਲੇ ਵਿਸ਼ਾਲ ਭਾਰਦਵਾਜ ਹੁਣ ਆਪਣੀ ਅਗਲੀ ਫ਼ਿਲਮ ਵੀ ਪ੍ਰਿਅੰਕਾ ਚੋਪੜਾ ਨੂੰ ਲੈ ਕੇ ਬਣਾਉਣਗੇ। 'ਮਕਬੂਲ', 'ਹੈਦਰ', 'ਓਮਕਾਰਾ' ਦੀ ਤਰਜ਼ 'ਤੇ ਇਹ ਫ਼ਿਲਮ ਵੀ ਸ਼ੈਕਸਪੀਅਰ ਵਲੋਂ ਲਿਖੇ ਨਾਵਲ 'ਤੇ ਆਧਾਰਿਤ ਹੋਵੇਗੀ। ਉਨ੍ਹਾਂ ਵਲੋਂ ਲਿਖੇ ਨਾਵਲ 'ਟਵੈਲਥ ਨਾਈਟ' ਦੀ ਕਹਾਣੀ ਨੂੰ ਫ਼ਿਲਮੀ ਜਾਮਾ ਪਹਿਨਾ ਕੇ ਪਰਦੇ 'ਤੇ ਪੇਸ਼ ਕੀਤਾ ਜਾਵੇਗਾ।

ਕੰਗਨਾ ਨੂੰ ਲੈ ਕੇ ਫ਼ਿਲਮ ਬਣਾਉਣਗੇ ਅਨੁੁਰਾਗ ਬਾਸੂ

ਨਿਰਦੇਸ਼ਕ ਅਨੁਰਾਗ ਬਸੂ ਨੇ 'ਗੈਂਗਸਟਰ' ਤਹਿਤ ਕੰਗਨਾ ਰਾਣੌਤ ਨੂੰ ਬਾਲੀਵੁੱਡ ਵਿਚ ਇੰਟਰਡਿਊਸ ਕੀਤਾ ਗਿਆ ਸੀ ਅਤੇ ਫਿਰ 'ਕਾਈਟਸ' ਵਿਚ ਵੀ ਕੰਗਨਾ ਨੂੰ ਨਿਰਦੇਸ਼ਤ ਕੀਤਾ ਸੀ। ਹੁਣ ਫਿਰ ਇਕ ਵਾਰ ਉਹ ਕੰਗਨਾ ਨੂੰ ਲੈ ਕੇ ਫ਼ਿਲਮ ਬਣਾਉਣ ਜਾ ਰਹੇ ਹਨ ਅਤੇ ਫ਼ਿਲਮ ਦਾ ਨਾਂਅ 'ਇਮਲੀ' ਰੱਖਿਆ ਗਿਆ ਹੈ। ਇਨ੍ਹੀਂ ਦਿਨੀਂ 'ਮੈਂਟਲ ਹੈ ਕਯਾ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਕੰਗਨਾ ਬਾਅਦ ਵਿਚ ਕਬੱਡੀ 'ਤੇ ਆਧਾਰਿਤ ਅਸ਼ਵਨੀ ਅਈਅਰ ਤਿਵਾੜੀ ਦੀ ਫ਼ਿਲਮ ਦੀ ਸ਼ੂਟਿੰਗ ਕਰੇਗੀ ਅਤੇ ਉਸ ਤੋਂ ਬਾਅਦ ਉਸ ਵਲੋਂ 'ਇਮਲੀ' ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ।

ਰੀਨਾ ਮਹਿਤਾ ਦੀ ਆਵਾਜ਼ ਨਾਲ ਸਜਿਆ ਐਲਬਮ 'ਭੂਲ ਨਾ ਪਾਓਗੇ'

ਭਾਰਤੀ ਮੂਲ ਦੀ ਰੀਨਾ ਮਹਿਤਾ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਜਾ ਵਸੀ ਹੈ। ਉਹ ਪੇਸ਼ੇ ਤੋਂ ਡਾਕਟਰ ਹੈ ਪਰ ਨਾਲ ਹੀ ਚੰਗੀ ਗਾਇਕਾ ਵੀ ਹੈ। ਸੰਗੀਤ ਦੇ ਇਸੇ ਸ਼ੌਕ ਨੇ ਉਨ੍ਹਾਂ ਨੂੰ ਆਪਣੇ ਵਤਨ ਨਾਲ ਬੰਨ੍ਹ ਰੱਖਿਆ ਹੈ ਅਤੇ ਉਹ ਆਪਣਾ ਗਾਇਕੀ ਦਾ ਸ਼ੌਕ ਪੂਰਾ ਕਰਨ ਲਈ ਭਾਰਤ ਆਉਂਦੀ-ਜਾਂਦੀ ਰਹਿੰਦੀ ਹੈ। ਆਪਣੀ ਮਧੁਰ ਆਵਾਜ਼ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦੇ ਇਰਾਦੇ ਨਾਲ ਹੁਣ ਰੀਨਾ ਨੇ ਇਕ ਐਲਬਮ 'ਭੂਲ ਨਾ ਪਾਓਗੇ' ਜਾਰੀ ਕੀਤਾ ਹੈ ਅਤੇ ਇਸ ਵਿਚ ਰੀਨਾ ਨਾਲ ਅਨੂਪ ਜਲੋਟਾ ਨੇ ਆਵਾਜ਼ ਦਿੱਤੀ ਹੈ। ਐਲਬਮ ਵਿਚ ਕੁੱਲ 6 ਗੀਤ ਹਨ ਅਤੇ ਇਨ੍ਹਾਂ ਨੂੰ ਸੰਗੀਤ ਨਾਲ ਸੰਵਾਰਿਆ ਹੈ ਉਮੇਸ਼ ਮਿਸ਼ਰਾ ਨੇ। ਰੀਨਾ ਲਈ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਮਨ ਪਸੰਦ ਗਾਇਕ ਅਨੂਪ ਜਲੋਟਾ ਨੇ ਨਾ ਸਿਰਫ ਉਸ ਦੇ ਐਲਬਮ ਦੇ ਗੀਤਾਂ ਲਈ ਆਵਾਜ਼ ਦਿੱਤੀ ਹੈ, ਸਗੋਂ ਵੀਡੀਓ ਵਿਚ ਵੀ ਰੀਨਾ ਦਾ ਸਾਥ ਦਿੱਤਾ ਹੈ। ਇਨ੍ਹਾਂ ਦੋਵਾਂ ਨੂੰ ਚਮਕਾਉਂਦੇ 6 ਵੀਡੀਓਜ਼ ਦਾ ਨਿਰਦੇਸ਼ਨ ਅਸ਼ੋਕ ਮਹਿਤਾ ਵਲੋਂ ਕੀਤਾ ਗਿਆ ਹੈ। ਰੀਨਾ ਦੀ ਗਾਇਕੀ ਬਾਰੇ ਅਨੂਪ ਜਲੋਟਾ ਕਹਿੰਦੇ ਹਨ, 'ਉਹ ਦਿਲ ਤੋਂ ਗਾਉਂਦੀ ਹੈ। ਜੋ ਆਵਾਜ਼ ਦਿਲ 'ਚੋਂ ਨਿਕਲਦੀ ਹੈ, ਉਹ ਕੰਨਾਂ ਨੂੰ ਚੰਗੀ ਲੱਗਦੀ ਹੈ। ਉਹ ਆਸਟ੍ਰੇਲੀਆ ਵਿਚ ਰਹਿ ਕੇ ਡਾਕਟਰੀ ਪੇਸ਼ੇ ਨਾਲ ਭਾਰਤ ਦਾ ਨਾਂਅ ਰੌਸ਼ਨ ਤਾਂ ਕਰ ਹੀ ਰਹੀ ਹੈ, ਹੁਣ ਸੰਗੀਤ ਜ਼ਰੀਏ ਵੀ ਆਪਣਾ ਨਾਂਅ ਰੌਸ਼ਨ ਕਰ ਰਹੀ ਹੈ।'
ਅਨੂਪ ਜਲੋਟਾ ਨਾਲ ਗੀਤ ਗਾਉਣ ਦੇ ਅਨੁਭਵ ਬਾਰੇ ਰੀਨਾ ਕਹਿੰਦੀ ਹੈ, 'ਉਹ ਬਹੁਤ ਲੋਕਪ੍ਰਿਆ ਗਾਇਕ ਹਨ ਅਤੇ ਬੇਹੱਦ ਨਿਮਰ ਵੀ ਹਨ। ਮੇਰੇ ਵਰਗੀ ਨਵੀਂ ਗਾਇਕਾ ਨੂੰ ਪ੍ਰਮੋਟ ਕਰਨ ਵਿਚ ਆਪਣਾ ਯੋਗਦਾਨ ਦੇਣਾ ਹੀ ਉਨ੍ਹਾਂ ਦੀ ਨਰਮਦਿਲੀ ਹੈ। ਜਦੋਂ ਇਸ ਐਲਬਮ ਦੀ ਰਿਕਾਰਡਿੰਗ ਹੋ ਰਹੀ ਸੀ ਉਦੋਂ ਕੁਝ ਲਾਈਨਾਂ ਨੂੰ ਲੈ ਕੇ ਮੈਂ ਠੀਕ ਨਹੀਂ ਗਾ ਰਹੀ ਸੀ। ਅਨੂਪ ਜੀ ਨੇ ਤੁਰੰਤ ਸ਼ਬਦਾਂ ਵਿਚ ਬਦਲਾਅ ਕਰ ਕੇ ਮੇਰੀ ਸਮੱਸਿਆ ਦੂਰ ਕਰ ਦਿੱਤੀ। ਇਹੀ ਦਿਖਾਉਂਦਾ ਹੈ ਕਿ ਉਹ ਨਵੀਆਂ ਪ੍ਰਤਿਭਾਵਾਂ ਨੂੰ ਕਿੰਨਾ ਉਤਸ਼ਾਹਿਤ ਕਰਦੇ ਹਨ।' 'ਭੂਲ ਨਾ ਪਾਓਗੇ' ਨੂੰ ਜ਼ੀ ਮਿਊਜ਼ਿਕ ਕੰਪਨੀ ਵਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਦਾ ਉਦਘਾਟਨ ਕਰਨ ਲਈ ਤਲਤ ਅਜ਼ੀਜ਼ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ।
ਹੁਣ ਰੀਨਾ ਦੀ ਇੱਛਾ ਹੈ ਕਿ ਉਸ ਦੇ ਅਗਲੇ ਐਲਬਮ ਲਈ ਅਨੂਪ ਜਲੋਟਾ ਦੇ ਨਾਲ ਤਲਤ ਅਜ਼ੀਜ਼ ਵੀ ਆਵਾਜ਼ ਦੇਣ। ਉਮੀਦ ਹੈ ਕਿ ਉਸ ਦੀ ਇਹ ਇੱਛਾ ਜਲਦੀ ਪੂਰੀ ਹੋਵੇਗੀ।


-ਮੁੰਬਈ ਪ੍ਰਤੀਨਿਧ

ਬਾਲੀਵੁੱਡ ਵਿਚ ਜਾਣ ਦਾ ਇੱਛੁਕ ਹੈ : ਵੀਡੀਓ ਡਾਇਰੈਕਟਰ ਹਨੀ ਹਰਦੀਪ

ਪ੍ਰਮਾਤਮਾ ਨੇ ਹਰ ਇਨਸਾਨ 'ਚ ਕੋਈ ਨਾ ਕੋਈ ਕਲਾ ਜ਼ਰੂਰ ਬਖ਼ਸ਼ੀ ਹੈ ਤੇ ਇਹ ਕਲਾ ਇਨਸਾਨ ਦੇ ਅੰਦਰ ਛੁਪੀ ਹੁੰਦੀ ਹੈ। ਬੱਸ ਲੋੜ ਹੁੰਦੀ ਹੈ ਆਪਣੇ ਅੰਦਰ ਝਾਤੀ ਮਾਰਨ ਦੀ ਤੇ ਇਸ ਕਲਾ ਨੂੰ ਹੀਰਿਆਂ ਵਾਂਗ ਤਰਾਸ਼ ਕੇ ਪੂਰੀ ਖ਼ਲਕਤ ਸਾਹਮਣੇ ਲਿਆਉਣ ਦੀ, ਜਦੋਂ ਇਨਸਾਨ ਆਪਣੇ ਅੰਦਰ ਛੁਪੀ ਕਲਾ ਨੂੰ ਦੁਨੀਆਂ ਸਾਹਮਣੇ ਲੈ ਆਉਂਦਾ ਹੈ ਤਾਂ ਉਸ ਦੀ ਚਰਚਾ ਦੁਨੀਆਂ ਦੇ ਕੋਨੇ-ਕੋਨੇ 'ਚ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਉਸਤਾਦ ਡੇਵਿਡ ਧਵਨ ਦਾ ਸ਼ਾਗਿਰਦ ਅਤੇ ਪਿਤਾ ਦਵਿੰਦਰ ਕੁਮਾਰ, ਮਾਤਾ ਵਿਜੈ ਦੇਵੀ ਦਾ ਲਾਡਲਾ ਸਪੁੱਤਰ ਹਰਦੀਪ ਕੁਮਾਰ ਉਰਫ਼ ਹਨੀ ਹਰਦੀਪ ਬਹੁਤ ਵਧੀਆ ਵੀਡੀਓ ਡਾਇਰੈਕਟਰ ਹੈ, ਜੋ ਕਿ 27 ਤੋਂ ਜ਼ਿਆਦਾ ਟੈਲੀਫ਼ਿਲਮਾਂ ਕਰ ਚੁੱਕਿਆ ਹੈ, ਜਿਨ੍ਹਾਂ ਵਿਚ ਟੈਲੀ ਫ਼ਿਲਮ 'ਚਾਅ ਮੁਕਲਾਵੇ ਦਾ', 'ਯੋਗੀ ਦੇ ਖੇਲ ਨਿਆਰੇ' ਸ਼ਾਮਿਲ ਹਨ। ਇਸ ਤੋਂ ਇਲਾਵਾ ਅੰਮ੍ਰਿਤਾ ਵਿਰਕ, ਪਾਲੀ ਦੇਤਵਾਲੀਆ, ਸੁਰਿੰਦਰ ਛਿੰਦਾ, ਅਨਮੋਲ ਵਿਰਕ, ਅਮਰ ਅਰਸ਼ੀ, ਮਿੰਟੂ ਧੂਰੀ, ਸੁਦੇਸ਼ ਕੁਮਾਰੀ, ਗੁਰਲੇਜ਼ ਅਖ਼ਤਰ ਸਮੇਤ 600 ਤੋਂ ਉੱਪਰ ਕਲਾਕਾਰਾਂ ਦੇ ਗੀਤ ਨਿਰਦੇਸ਼ਿਤ ਕਰ ਚੁੱਕਾ ਹੈ। ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ 'ਆਜਾ ਨੱਚ ਲੈ' ਅਤੇ 'ਚਮਕਦੇ ਸਿਤਾਰੇ' ਵਿਚ ਹਨੀ ਹਰਦੀਪ ਡਾਇਰੈਕਟਰ ਤੇ ਪ੍ਰੋਡਿਊਸਰ ਹੈ। ਉਹ ਬਹੁਤ ਵਧੀਆ ਡਾਇਰੈਕਟਰ ਹੋਣ ਦੇ ਨਾਲ-2 ਅਦਾਕਾਰ ਤੇ ਮਾਡਲ ਵੀ ਹੈ, ਜਿਸ ਵਿਚ 'ਰੂਪ ਬਸੰਤ', 'ਬਾਬਾ ਬੁੱਲ੍ਹੇ ਸ਼ਾਹ', 'ਪੀਰ ਨਿਗਾਹੇ ਵਾਲਾ' ਆਦਿ 20 ਫ਼ਿਲਮਾਂ 'ਚ ਮੁੱਖ ਕਿਰਦਾਰ ਨਿਭਾਅ ਚੁੱਕਾ ਹੈ। ਭਵਿੱਖ ਵਿਚ ਹਨੀ ਹਰਦੀਪ ਬਾਲੀਵੁੱਡ ਫ਼ਿਲਮਾਂ ਕਰਨ ਦਾ ਇੱਛੁਕ ਹੈ।


-ਹਰਮਨ ਰਾਏ
ਵਿਸ਼ੇਸ਼ ਪ੍ਰਤੀਨਿਧੀ 'ਅਜੀਤ', ਫ਼ੁੱਲਾਂਵਾਲ।

ਸੰਗੀਤ ਦੀ ਫੁਲਵਾੜੀ 'ਚ 'ਕਮਲ' ਗਾਇਕਾ ਸਿਮਰਨ ਸਹੋਤਾ

ਸੁਰੀਲੀ ਤੇ ਮਿੱਠੀ ਆਵਾਜ਼ ਦਾ ਨਾਂਅ ਹੈ ਸਿਮਰਨ ਸਹੋਤਾ। ਘਰ ਵਿਚ ਸੰਗੀਤਕ ਮਹੌਲ ਹੋਣ ਕਰਕੇ ਸਿਮਰਨ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਬਾਪ ਤੋਂ ਹੀ ਮਿਲੀ ਹੈ। ਪਿਤਾ ਸਤਵੰਤ ਸਿੰਘ 'ਬਾਲਮ' ਆਪਣੇ ਸਮੇਂ ਦੇ ਪ੍ਰਸਿੱਧ ਤੇ ਨਾਮਵਰ ਗਾਇਕ ਸਨ। ਸਿਮਰਨ ਨੇ ਆਪਣਾ ਸੰਗੀਤਕ ਸਫਰ ਸਕੂਲ ਸਮੇ ਦੌਰਾਨ ਸ਼ੁਰੂ ਕੀਤਾ। ਉਹ ਬਾਲ ਸਭਾਵਾਂ ਵਿਚ 'ਜਿਊਂਦੇ ਮਾਪਿਆਂ ਦੀ ਕਰਨੀ ਨਾ ਸੇਵਾ ਵੀਰੋ ਮੋਇਆਂ ਨੂੰ ਰੋਣਦਾ ਕੀ ਫਾਇਦਾ' ਗਾਉਂਦੀ ਸੀ। ਸੁਰੀਲੀ ਆਵਾਜ਼ ਹੋਣ ਕਰਕੇ ਅਧਿਆਪਕ ਉਸ ਨੂੰ ਹੱਲਸ਼ੇਰੀ ਦਿੰਦੇ। ਸਿਮਰਨ ਨੇ ਸੰਗੀਤ ਦੀਆਂ ਬਾਰੀਕੀਆਂ ਆਪਣੇ ਪਿਤਾ ਸ੍ਰੀ ਸਤਵੰਤ ਸਿੰਘ 'ਬਾਲਮ' ਤੋ ਸਿੱਖੀਆਂ ਅਤੇ ਬਾਕਾਇਦਾ ਕਈ-ਕਈ ਘੰਟੇ ਰਿਆਜ਼ ਕਰਨਾ ਉਸ ਦਾ ਨੇਮ ਸੀ। ਸਿਮਰਨ ਸਹੋਤਾ ਨੇ ਦੱਸਿਆ ਕਿ ਉਸ ਨੇ ਉਸਤਾਦ ਸਤਨਾਮ ਸਿੰਘ ਚੰਗਿਆੜਾ ਨੂੰ ਆਪਣਾ ਗੁਰੂ ਧਾਰਨ ਕੀਤਾ ਅਤੇ ਉਨ੍ਹਾਂ ਪਾਸੋ ਸੰਗੀਤ ਦੇ ਗੁਰ ਸਿੱਖੇ। ਸਿਮਰਨ ਦਾ ਪਹਿਲਾ ਰਿਕਾਰਡ ਗੀਤ 'ਦੈਂਗੜ ਦੈਂਗੜ' ਅਤੇ 'ਬੁੱਲੇ ਵਾਂਗੂ ਅਸੀਂ ਨੱਚ-ਨੱਚ ਕੇ ਰੁੱਸਿਆ ਯਾਰ ਮਨਾਲਾਂਗੇ' ਮਾਰਕੀਟ ਵਿਚ ਆਇਆ ਤਾਂ ਸਰੋਤਿਆਂ ਨੇ ਉਸ ਨੂੰ ਆਪਣੀਆਂ ਅੱਖਾਂ 'ਤੇ ਬਿਠਾ ਲਿਆ ਅਤੇ ਉਹ ਗਾਇਕੀ ਦੀ ਕਤਾਰ ਵਿਚ ਖੜ੍ਹੀ ਹੋ ਗਈ। ਅਨੇਕਾਂ ਹੀ ਮੇਲਿਆਂ ਅਤੇ ਸੱਭਿਆਚਾਰ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਸਿਮਰਨ ਸਹੋਤਾ ਹੁਣ ਕੈਨੇਡਾ ਦਾ ਆਪਣਾ ਸਫਲ ਸ਼ੋਅ ਲਗਾ ਕੇ ਵਤਨ ਵਾਪਸ ਪਰਤੀ ਹੈ ਅਤੇ ਕੈਨੇਡਾ ਵਾਸੀਆਂ ਨੇ ਉਸ ਨੂੰ ਮਣਾਂ ਮੂਹੀ ਪਿਆਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਲਦੀ ਹੀ ਆਪਣਾ ਸਿੰਗਲ ਟਰੈਕ ਗੀਤ ਸਰੋਤਿਆਂ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਅਤੇ ਇਸ ਵਿਚ ਗਾਇਕ ਅਤੇ ਗੀਤਕਾਰ ਨੂੰ ਸ਼ਬਦੀ ਅਸ਼ਲੀਲਤਾ ਨੂੰ ਭਾਰੂ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਹ ਹਮੇਸ਼ਾ ਸਾਫ-ਸੁਥਰੀ ਗਾਇਕੀ ਨੂੰ ਹੀ ਤਰਜ਼ੀਹ ਦੇਵੇਗੀ।


-ਸ਼ਿਵਰਾਜ ਸਿੰਘ ਬਰਾੜ, ਪੱਤਰ ਪ੍ਰੇਰਕ ਲੰਬੀ।

ਤਾਪਸੀ

ਜਲਵਾ ਹੀ ਜਲਵਾ

ਇਕ ਧੀ, ਇਕ ਖਿਡਾਰਨ ਤੇ ਇਕ ਬਹਾਦਰ ਕੁੜੀ ਤਾਪਸੀ ਪੰਨੂ ਨਵੇਂ ਪੋਸਟਰ ਜੋ 'ਸੂਰਮਾ' ਫ਼ਿਲਮ ਦਾ ਹੈ, 'ਚ ਨਜ਼ਰ ਆਈ ਹੈ। ਦਿਲਜੀਤ ਦੋਸਾਂਝ ਫ਼ਿਲਮ 'ਚ ਉਸ ਦਾ ਨਾਇਕ ਹੈ ਤੇ ਇਹ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਉੱਪਰ ਆਧਾਰਤ ਹੈ। ਅਗਲੇ ਮਹੀਨੇ ਇਹ ਫ਼ਿਲਮ ਆ ਰਹੀ ਹੈ। 'ਮਨਮਰਜ਼ੀਆਂ' ਉਸ ਦੀ ਅਭਿਸ਼ੇਕ ਬੱਚਨ ਨਾਲ ਆਉਣ ਵਾਲੀ ਇਕ ਹੋਰ ਫ਼ਿਲਮ ਹੈ। ਇਧਰ ਤਾਪਸੀ ਦੀ ਦੀਦੀ ਸ਼ਗਨ ਨੂੰ ਲੈ ਕੇ ਉੱਡ ਰਹੀਆਂ ਖ਼ਬਰਾਂ 'ਤੇ ਤਾਪਸੀ ਦਾ ਬਿਆਨ ਆਇਆ ਹੈ ਕਿ ਸ਼ਗਨ ਦਾ ਇੰਡਸਟਰੀ 'ਚ ਪਰਦੇ 'ਤੇ ਆਉਣ ਦਾ ਕੋਈ ਵਿਚਾਰ ਨਹੀਂ ਹੈ। ਆਨਲਾਈਨ ਫੈਸ਼ਨ ਨਾਲ ਜੁੜੀ ਤਾਪਸੀ ਦੀ ਦੀਦੀ ਸ਼ਗਨ ਉਸ ਨਾਲ ਰੋਮ ਗਈ ਸੀ। ਤਾਪਸੀ ਦੀ ਚਾਹਤ ਮੁੜ ਅਮਿਤਾਬ ਬੱਚਨ ਨਾਲ ਫ਼ਿਲਮ ਕਰਨ ਦੀ ਵੀ ਹੈ। ਉਹ 'ਪਿੰਕ' ਵਾਲਾ ਇਤਿਹਾਸ ਦੁਹਰਾਉਣਾ ਚਾਹੁੰਦੀ ਹੈ। ਸੁਜਾਏ ਘੋਸ਼ ਇਹ ਖਾਹਿਸ਼ ਪੂਰੀ ਕਰਨ ਜਾ ਰਹੇ ਹਨ ਤੇ ਸਪੇਨ ਦੀ ਇਕ ਫ਼ਿਲਮ 'ਤੇ ਆਧਾਰਤ ਨਵੀਂ ਫ਼ਿਲਮ 'ਚ ਬਿੱਗ ਬੀ ਤੇ ਤਾਪਸੀ ਨੂੰ ਫ਼ਿਲਮਾਇਆ ਗਿਆ ਹੈ। ਤਾਪਸੀ ਇਸ ਸਮੇਂ ਤੇਜ਼ੀ ਨਾਲ ਹਿੰਦੀ ਸਿਨੇਮਾ 'ਚ ਵੀ ਜ਼ਬਰਦਸਤ ਸਫ਼ਲਤਾ ਹਾਸਲ ਕਰਦੀ ਦਿਖਾਈ ਦੇ ਰਹੀ ਹੈ। 'ਸੂਰਮਾ' ਦੇ ਟਰੇਲਰ ਤੇ ਪੋਸਟਰ ਦੀ ਚਰਚਾ, ਅਮਿਤਾਬ ਨਾਲ ਨਵੀਂ ਫ਼ਿਲਮ ਤੇ ਦੋ ਵੱਡੀਆਂ ਫ਼ਿਲਮਾਂ ਆਖਰ ਤਾਪਸੀ ਦਾ ਜਾਦੂ ਚਲ ਰਿਹਾ ਹੈ। ਤਾਪਸੀ ਨੇ ਤਾਂ ਹੀ ਨਵਾਜ਼ੂਦੀਨ ਸਿੱਦੀਕੀ ਨਾਲ ਇਕ ਫ਼ਿਲਮ ਠੁਕਰਾਈ ਹੈ। ਆਖਰ ਅਮਿਤਾਬ ਅਭਿਸ਼ੇਕ ਸਾਹਮਣੇ ਨਵਾਜ਼ੂਦੀਨ? ਤਾਪਸੀ ਗੱਲ 'ਤੇ ਕਾਇਮ ਰਹਿੰਦੀ ਹੈ। ਮੁੱਕਰ ਜਾਣਾ ਉਸ ਦੀ ਆਦਤ ਨਹੀਂ ਹੈ। 'ਸੂਰਮਾ' ਦੇ ਚੱਲਣ ਦੀ ਪੂਰੀ ਉਮੀਦ ਹੈ ਤੇ ਅੰਗਦ ਬੇਦੀ ਨੇ ਵੀ ਤਾਪਸੀ ਲਈ ਕਿਹਾ ਹੈ ਕਿ ਹੁਣ ਇਥੇ ਇਕੱਲੀ ਤਾਪਸੀ ਨੇ ਇਕ ਲਘੂ ਫ਼ਿਲਮ ਵੀ ਕੀਤੀ। ਚੰਗੇ ਵਿਸ਼ੇ 'ਤੇ ਕਹਾਣੀ ਦਾ 'ਉਹ ਹਮੇਸ਼ਾ' ਸਵਾਗਤ ਕਰਦੀ ਹੈ। ਔਰਤਾਂ ਨਾਲ ਸਰੀਰਕ ਸ਼ੋਸ਼ਣ 'ਤੇ ਅਕਸਰ ਆਵਾਜ਼ ਉਠਾਉਣ ਵਾਲੀ ਤਾਪਸੀ ਪੰਨੂ ਨੇ ਕਿਹਾ ਕਿ ਪੰਜਾਬਣ ਰੰਗ (ਸੂਰਮਾ) ਉਸ ਵਾਸਤੇ ਮਦਦਗਾਰ ਰਿਹਾ ਹੈ। ਇਸ ਸਾਲ 'ਚ ਤਾਪਸੀ ਦਾ ਜਲਵਾ ਸਿਰ ਚੜ੍ਹ ਕੇ ਬੋਲਦਾ ਨਜ਼ਰ ਆਏਗਾ। 'ਜੁੜਵਾ-2' ਵਾਲੀ ਕਹਾਣੀ 'ਸੂਰਮਾ' ਦੁਹਰਾ ਦੇਵੇ ਤੇ ਚਲ ਜਾਏ। 'ਮਨਮਰਜ਼ੀਆਂ' ਤੋਂ ਬਾਅਦ ਤਾਂ ਸਮਝੋ ਤਾਪਸੀ ਪੰਨੂ ਨੰਬਰ ਇਕ ਦੀ ਕੁਰਸੀ 'ਤੇ ਮਾਣ ਨਾਲ ਬੈਠ ਹੁਕਮ ਚਲਾਏਗੀ।

ਐਵਲਿਨ ਸ਼ਰਮਾ

ਹਾਜ਼ਰ ਹੋ

'ਬਬਲੀ ਗਰਲ', ਨਟਖਟ ਗੁੱਡੀਆ ਤੇ ਹੁਣ ਇਸ ਤੋਂ ਹਟ ਕੇ ਐਵਲਿਨ ਸ਼ਰਮਾ ਕੁਝ ਕਰੇ ਤਾਂ ਹੀ ਪਤਾ ਲੱਗੇ ਕਿ ਉਸ ਦੇ ਅਭਿਨੈ 'ਚ ਦਮ-ਖਮ ਹੈ। ਹਿੰਦੀ ਫ਼ਿਲਮਾਂ ਵਾਲਿਆਂ ਨੇ ਤਾਂ ਐਵਲਿਨ ਤੋਂ ਅੱਖਾਂ ਹੀ ਮੀਟੀਆਂ ਹੋਈਆਂ ਨੇ ਪਰ ਦੱਖਣ ਵਾਲੇ ਜ਼ਰੂਰ ਈਵ ਦੀਆਂ ਅੱਖੀਆਂ 'ਚ ਚਮਕ ਦੇਖ ਰਹੇ ਹਨ। ਐਵਲਿਨ ਜਲਦੀ ਹੀ ਇਕ ਤੇਲਗੂ ਫ਼ਿਲਮ ਕਰਨ ਜਾ ਰਹੀ ਹੈ। ਇਕ ਤਰ੍ਹਾਂ ਨਾਲ ਗੁੰਮਨਾਮੀ ਦੇ ਦੌਰ ਤੇ ਚਰਚਾ ਦੇ ਬਾਜ਼ਾਰ 'ਚ ਉਹ ਆ ਰਹੀ ਹੈ। ਗਰਮੀ ਤੇ ਵਿਚ-ਵਿਚ ਵਰਖਾ ਦੀਆਂ ਕਣੀਆਂ, ਫਿਰ ਨਿਊਜ਼ ਡਾਟ ਕਾਮ ਵਾਲੀ ਹੱਬਨੈਨ ਨਾਲ ਇਸ ਮੌਸਮ 'ਦੇ ਨਜ਼ਾਰੇ ਤੇ ਥਾਂ ਹੈ ਮਾਸੂਰੀ, ਜੀ ਹਾਂ ਉਥੇ ਪਹੁੰਚੀ ਹੈ ਐਵਲਿਨ ਤੇ ਅੱਧਾ ਹਫ਼ਤਾ ਉਹ ਮਾਸੂਰੀ ਠਹਿਰੀ। ਇਥੇ ਹੀ ਬਿਕਨੀ ਪਹਿਨ ਕੇ 'ਇੰਸਟਾਗ੍ਰਾਮ' ਭਰ ਦਿੱਤੀ ਉਸ ਆਪਣੀਆਂ ਖੁੱਲ੍ਹਮ-ਖੁੱਲ੍ਹਾ ਤਸਵੀਰਾਂ ਨਾਲ। ਹਾਂ ਮੁੜ੍ਹਕਾ ਗਰਮੀ ਤੇ ਵਰਖਾ ਇਸ ਦਾ ਨਜ਼ਾਰਾ ਲੈ ਕੇ ਮਾਸੂਰੀ ਦੇ ਪੰਜ ਤਾਰਾ ਹੋਟਲ 'ਚ ਐਵਲਿਨ ਇਕ ਪੱਤਰ-ਪ੍ਰੇਰਿਕਾ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮਿਲੀ। ਐਵਲਿਨ ਲਕਸ਼ਮੀ ਸ਼ਰਮਾ ਨੇ ਜਰਮਨ ਫ਼ਿਲਮਾਂ ਵੀ ਕੀਤੀਆਂ ਹਨ। 'ਯਾਰੀਆਂ', 'ਯੇ ਜਵਾਨੀ ਹੈ ਦੀਵਾਨੀ', 'ਨੌਟੰਕੀ ਸਾਲਾ' ਫ਼ਿਲਮਾਂ ਵਾਲੀ ਐਵਲਿਨ ਮਾਸੂਰੀ ਤੋਂ ਪਹਿਲਾਂ ਡੁਬਈ ਵੀ ਗਈ ਸੀ ਪਰ ਇਹ ਯਾਤਰਾ ਵੀ ਗੁਪਤ ਰੱਖੀ ਸੀ। ਇਕ ਕਰੋੜ ਛੇ ਲੱਖ ਇੰਸਟਾਗ੍ਰਾਮ ਪ੍ਰਸੰਸਕ 'ਤੇ 32 ਸਾਲ ਦੀ ਐਵਲਿਨ ਨੇ ਆਪਣੀਆਂ 1897 ਤਸਵੀਰਾਂ ਇੰਸਟਾਗ੍ਰਾਮ 'ਤੇ ਹੁਣ ਤੱਕ ਪਾਈਆਂ ਹਨ। ਖੁੱਲ੍ਹੀਆਂ-ਡੁੱਲ੍ਹੀਆਂ ਤਸਵੀਰਾਂ ਤੇ ਅਜਿਹੀਆਂ ਹੀ ਗੱਲਾਂ-ਬਾਤਾਂ ਐਵਲਿਨ ਦਾ ਸੁਭਾਅ ਹੈ, ਆਦਤ ਹੈ ਤੇ ਕੰਮ ਹੈ। ਡੱਬੂ ਰਤਨਾਨੀ ਦੇ ਇਸ ਸਾਲ ਦੇ ਕੈਲੰਡਰ 'ਚ ਐਵਲਿਨ ਆਈ ਹੈ। ਰੇਖਾ ਵੀ ਉਸ ਨਾਲ ਹੈ। 'ਮੈਂ ਤੇਰਾ ਹੀਰੋ' ਤੋਂ ਬਾਅਦ 'ਇਸ਼ਕੇਦਾਰੀਆਂ' ਵਾਲੀ ਈਵ ਸੰਕੇਤ ਦੇ ਰਹੀ ਹੈ ਕਿ ਬੁਹਤ ਦੇਰ ਚੁੱਪ ਰਹੀ ਹਾਂ, ਹੁਣ ਦੱਖਣ, ਮਾਡਲਿੰਗ ਤੇ ਨਾਲ-ਨਾਲ ਮਸਤੀ, ਜੀਵਨ ਦੇ ਆਨੰਦ, ਗਰਮੀ ਤੋਂ ਨਿਜਾਤ ਹਰ ਪਾਸੇ ਸਰਗਰਮੀ ਫੜਨੀ ਹੀ ਠੀਕ ਹੈ। ਐਵਲਿਨ ਦੀ ਦੋਸਤੀ ਜਵਾਨ ਇਸ਼ਾਨ ਖੱਟਰ ਨਾਲ ਹੋਣ 'ਤੇ ਕਈ ਹੈਰਾਨ ਹੋਏ ਹਨ। ਐਵਲਿਨ ਨੂੰ ਚਰਚਾ ਦੀ ਲੋੜ ਹੈ। ਇਸ ਲਈ ਇਸ਼ਾਨ ਖੱਟਰ ਨਾਲ ਦੋਸਤੀ ਇਕ ਖ਼ਬਰਾਂ ਪੈਦਾ ਕਰਨ ਦਾ ਜ਼ਰੀਆ ਬਣਿਆ ਹੈ। ਜਰਮਨ ਵੇਖਿਆ ਪਰ ਭਾਰਤ ਵੀ ਪੂਰਾ ਰਾਸ ਨਾ ਆਇਆ ਐਵਲਿਨ ਸ਼ਰਮਾ ਨੂੰ। ਫਿਰ ਵੀ ਕਈਆਂ ਨਾਲੋਂ ਉਹ ਚੰਗੀ ਰਹੀ ਹੈ ਤੇ ਜੇ ਦੱਖਣ 'ਚ ਸਿੱਕਾ ਚਲ ਗਿਆ ਤੇ ਇਸ ਨਾਲ ਸਮਝੋ ਉਧਰ ਐਵਲਿਨ ਸ਼ਰਮਾ ਦਾ ਫ਼ਿਲਮੀ ਆਸ਼ਿਆਨਾ ਸਜ-ਸੰਵਰ ਜਾਏਗਾ।

ਟਾਈਗਰ ਸ਼ਰਾਫ਼

ਤਕਦੀਰ ਮਿਹਰਬਾਨ

'ਐਕਸ਼ਨ ਸਟਾਰ' ਦਾ ਤਗਮਾ ਟਾਈਗਰ ਸ਼ਰਾਫ਼ ਦੇ ਗਲੇ ਦਾ ਸ਼ਿੰਗਾਰ ਬਣ ਚੁੱਕਾ ਹੈ ਤੇ ਅਗਾਂਹ ਉਸ ਦੀਆਂ ਆ ਰਹੀਆਂ ਫ਼ਿਲਮਾਂ ਦੀ ਝਲਕ ਦਰਸਾ ਰਹੀ ਹੈ ਕਿ ਕਾਮਯਾਬੀ ਤੇ ਕਾਮਯਾਬੀ ਇਸ ਜਵਾਨ ਐਕਸ਼ਨ ਹੀਰੋ ਦੀਆਂ ਕਿਸਮਤ ਰੇਖਾਵਾਂ 'ਚ ਚਮਕ ਰਹੀ ਹੈ। 'ਸਟੂਡੈਂਟ ਆਫ਼ ਦਾ ਯੀਅਰ-2' ਦੇ ਦ੍ਰਿਸ਼ ਲਈ ਉਸ ਨੇ ਦੌੜਨ 'ਤੇ ਖਾਸੀ ਮਿਹਨਤ ਕੀਤੀ। ਉਸ ਦੀ ਇਸ ਮਿਹਨਤ ਤੇ ਫ਼ਿਦਾ ਹੈ ਦਿਸ਼ਾ ਪਟਾਨੀ ਤੇ ਦਿਸ਼ਾ ਤੇ ਟਾਈਗਰ 'ਬਾਗੀ-2' ਹਿੱਟ ਫ਼ਿਲਮ ਦੇ ਸਿਤਾਰੇ ਹਨ। ਅਕਸ਼ੈ-ਅਜੈ ਦੇਵਗਨ 'ਤੇ ਭਾਰੂ ਪੈ ਰਿਹਾ ਹੈ ਕੱਲ੍ਹ ਦਾ ਇਹ ਨਵਾਂ ਜਿਹਾ ਗੱਭਰੂ ਮੁੰਡਾ। ਟਾਈਗਰ ਨੇ 'ਸਟੂਡੈਂਟ ਆਫ਼ ਦਾ ਯੀਅਰ-2' ਲਈ ਕਬੱਡੀ ਮਨੋਜ ਪਾਹਵਾ ਤੋਂ ਸਿੱਖਣੀ ਸ਼ੁਰੂ ਕੀਤੀ ਹੈ। ਮਾਸੂਰੀ ਵਿਖੇ ਕਬੱਡੀ ਦੇ ਦ੍ਰਿਸ਼ ਪਾਹਵਾ 'ਤੇ ਟਾਈਗਰ ਉੱਪਰ 'ਸਟੂਡੈਂਟ ਆਫ਼ ਦਾ ਯੀਅਰ-2' ਲਈ ਫ਼ਿਲਮਾਏ ਗਏ। ਟਾਈਗਰ ਆਪਣੀ ਦੀਦੀ ਕ੍ਰਿਸ਼ਨਾ ਤੇ ਦਿਸ਼ਾ ਪਟਾਨੀ ਨਾਲ ਘੁੰਮਣ ਨਿਕਲਿਆ ਪਰ ਮੀਡੀਆ ਨੂੰ ਦੇਖ ਕੇ ਉਹ ਪਰ੍ਹਾਂ ਖਿਸਕ ਕੇ ਇਕ ਤਰ੍ਹਾਂ ਲੁਕ ਗਿਆ। ਖ਼ੈਰ ਇਹ ਤਾਂ ਉਸ ਦਾ ਘਰੇਲੂ ਮਾਮਲਾ ਹੈ ਤੇ ਇਸ ਵਿਚ ਆਕੜ ਜਾਂ ਗੁੱਸੇ ਵਾਲੀ ਕੋਈ ਗੱਲ ਨਹੀਂ। ਗੋਆ ਦੀ ਸੈਰ ਤੋਂ ਲੈ ਕੇ ਮਸੂਰੀ ਤੇ ਹੁਣ ਕੁਝ ਦਿਨ ਮਾਲਦੀਵ ਵਿਖੇ ਉਸ ਨੇ ਦਿਸ਼ਾ ਨਾਲ ਗੁਜ਼ਾਰੇ ਹਨ। ਟਾਈਗਰ ਦੀ ਮਾਂ ਨੇ ਵੀ ਦਿਸ਼ਾ ਦੀ ਸਿਫ਼ਤ ਕੀਤੀ ਹੈ। ਟਾਈਗਰ ਦੀ ਦੀਦੀ ਕ੍ਰਿਸ਼ਨਾ ਵੀ ਦਿਸ਼ਾ ਨੂੰ ਪਸੰਦ ਕਰਦੀ ਹੈ। 'ਬਾਗੀ-2' ਦੀ ਕਾਮਯਾਬੀ ਤੋਂ ਬਾਅਦ ਹੀ ਉਤਸ਼ਾਹਿਤ ਜੈਕੀ ਦਾ ਇਹ ਕਾਮਯਾਬ ਹੀਰੋ ਪੁੱਤਰ ਹੁਣ 'ਰੈਂਬੋ' ਫ਼ਿਲਮ 'ਤੇ ਟੇਕ ਰੱਖ ਰਿਹਾ ਹੈ। ਸਿਧਾਰਥ ਆਨੰਦ ਦੀ 'ਰੈਂਬੋ' ਅੰਗਰੇਜ਼ੀ ਨਾਵਲ 'ਫਸਟ ਬਲੱਡ' 'ਤੇ ਆਧਾਰਤ ਹੈ। ਸਿਲਵਸਟਰ ਸਟਾਲਿਨ ਦੇ ਇਸ ਨਾਵਲ ਦੇ ਨਾਇਕ 'ਜੌਹਨ ਰੈਂਬੋ' ਦਾ ਕਿਰਦਾਰ ਟਾਈਗਰ ਸ਼ਰਾਫ਼ ਨਿਭਾਅ ਰਿਹਾ ਹੈ। 'ਐਕਸ਼ਨ ਹੀਰੋ, ਸੁਪਰ ਸਿਤਾਰਾ, ਜਵਾਨ ਪ੍ਰਸੰਸਕਾਂ ਦਾ ਚਹੇਤਾ ਤੇ ਦਿਸ਼ਾ ਪਟਾਨੀ ਦਾ ਖਾਸਮਖਾਸ ਟਾਈਗਰ ਜਿਥੇ ਫ਼ਿਲਮੀ ਕੈਰੀਅਰ ਸ਼ਾਨਦਾਰ ਬਣਾ ਰਿਹਾ ਹੈ, ਉਥੇ ਮਾਂ ਆਇਸ਼ਾ ਤੇ ਦੀਦੀ ਕ੍ਰਿਸ਼ਨਾ ਦੇ ਪਿਆਰ ਸਦਕਾ ਦਿਸ਼ਾ ਪਟਾਨੀ ਨਾਲ ਪਰਿਵਾਰਕ ਸਾਂਝ ਵੀ ਵਧੀਆ ਪੁਆ ਰਿਹਾ ਹੈ। ਬਚਪਨ ਦਾ ਇਹ ਸ਼ੈਤਾਨ, ਸ਼ਰਾਰਤੀ ਟਾਈਗਰ ਸ਼ਰਾਫ਼ ਜ਼ਿਆਦਾ ਰੁਝੇਵੇਂ ਕਾਰਨ ਆਰਥਿਕ ਤਣਾਅ ਵੀ ਝੱਲਣ ਦੀ ਗੱਲ ਨਾਲ ਸਹਿਮਤ ਹੈ। ਜਿਥੇ ਹੈ ਸਫਾਈ ਉਥੇ ਹੀ ਖੁਦਾਈ ਵਾਲੀ ਗੱਲ ਨਾਲ ਉਹ ਸੌ ਫੀਸਦੀ ਸਹਿਮਤ ਹੈ। 'ਪਦਮਾਵਤ', 'ਰੇਡ', 'ਪੈਡਮੈਨ' ਤੋਂ ਜ਼ਿਆਦਾ ਉਸ ਦੀ ਫ਼ਿਲਮ 'ਬਾਗੀ-2' ਚੱਲੀ ਹੈ। ਫਿਰ ਉਹ ਦਿਸ਼ਾ ਪਟਾਨੀ ਦੀ ਜੇ ਜਾਸੂਸੀ ਕਰ ਵੀ ਲਵੇ ਤਾਂ ਕੀ ਇਤਰਾਜ਼? ਆਖਰ ਦਿਸ਼ਾ ਉਸ ਦੀ ਤਾਂ ਹੈ ਖਾਸ।

ਏਲੀ ਅਵਰਾਮ

ਟੁੱਟੇ ਦਿਲ ਦੀ ਦਾਸਤਾਨ

ਕ੍ਰਿਕਟਰ ਹਾਰਦਿਕ ਪੰਡਯਾ ਤੇ ਏਲੀ ਅਵਰਾਮ, ਬਿਲਕੁਲ ਦੋਵਾਂ 'ਚ 'ਕੁਝ-ਕੁਝ ਹੁੰਦਾ ਹੈ', ਵਾਲੀ ਗੱਲ ਜ਼ਰੂਰ ਹੈ। ਹਾਰਦਿਕ ਦੇ ਭਰਾ ਕੁਨਾਲ ਪੰਡਯਾ ਦੇ ਵਿਆਹ 'ਤੇ ਆਖਰ ਏਲੀ ਦਾ ਕੀ ਕੰਮ ਸੀ? ਬਿੱਗ ਬੌਸ ਵਾਲੀ ਏਲੀ ਨੇ ਪ੍ਰਿਅੰਕਾ ਚੋਪੜਾ ਦੀ ਕਾਟ ਕੱਟਣ ਲਈ ਇਸ ਵਿਆਹ 'ਤੇ ਹਾਜ਼ਰੀ ਲੁਆਈ ਸੀ ਕਿਉਂਕਿ ਪ੍ਰਿਅੰਕਾ ਦੀ ਦਿਲਚਸਪੀ ਹਾਰਦਿਕ 'ਚ ਸੀ। ਸਲਮਾਨ ਖ਼ਾਨ ਦੀ ਸਲਾਹ ਨਾਲ ਹਰ ਕਦਮ ਇੰਡਸਟਰੀ 'ਚ ਪੁੱਟਣ ਦੀ ਗੱਲ ਕਹਿਣ ਵਾਲੀ ਏਲੀ ਅਵਰਾਮ ਧੜਾਧੜ ਨਵੀਆਂ ਫੋਟੋਆਂ ਖਿੱਚਵਾ ਰਹੀ ਹੈ। ਬਰਾਈਡਲ ਲੁੱਕ ਦੇ ਫੋਟੋ ਸੈਸ਼ਨ 'ਚ ਦਿਲਚਸਪੀ, ਸਾਰੇ ਆਈ.ਪੀ.ਐਲ. ਦੌਰਾਨ ਹਾਰਦਿਕ ਪੰਡਯਾ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਏਲੀ ਨੇ ਆਪਣੀ 'ਪੱਕੀ ਦੋਸਤੀ' ਦੀ ਰਸੀਦ ਕਟਵਾ ਲਈ ਹੈ। ਕਪਿਲ ਸ਼ਰਮਾ ਨਾਲ ਉਸ ਦੀਆਂ ਮੁਲਾਕਾਤਾਂ ਕੈਰੀਅਰ 'ਚ ਕੁਝ ਨਵਾਂ ਵਾਪਰਨ ਵੱਲ ਇਸ਼ਾਰਾ ਹੈ। ਏਲੀ ਖੂਬ ਸਰਗਰਮ ਹੈ ਤੇ ਸੱਲੂ ਦੀ ਉਹ ਮਨਪਸੰਦ ਅਭਿਨੇਤਰੀ ਹੈ। 'ਮਿੱਕੀ ਵਾਇਰਸ' ਵਾਲੀ ਏਲੀ ਸਵੀਡਨ ਦੀ ਹੈ ਤੇ ਉਥੇ ਆਈਸ ਸਕੇਟਿੰਗ ਕਰਨ ਦਾ ਵੀਡੀਓ ਉਸ ਨੇ ਪਾਇਆ ਹੈ। ਵਰੁਣ ਧਵਨ ਦੀ ਫ਼ਿਲਮ 'ਅਕਤੂਬਰ' ਦੇ ਗਾਣੇ 'ਤੇ ਥਿਰਕਦੀ ਉਹ ਸਕੇਟਿੰਗ ਕਰ ਰਹੀ ਸੀ। ਦੱਖਣ ਦੀਆਂ ਫ਼ਿਲਮਾਂ ਦੀ ਉਹ ਆਈਟਮ ਗਰਲ ਬਣ ਚੁੱਕੀ ਹੈ ਤੇ ਕਪਿਲ ਸ਼ਰਮਾ ਨਾਲ ਨਵੀਂ ਫ਼ਿਲਮ ਕਰਨ ਦੀ ਉਸ ਨੂੰ ਪੂਰੀ ਆਸ ਹੈ। ਜੂਨ ਮਹੀਨਾ ਬੀਤਣ ਵਾਲਾ ਹੈ ਤੇ ਇਹ ਜੂਨ ਏਲੀ ਲਈ ਅਸ਼ੁੱਭ ਰਿਹਾ ਹੈ। ਬਿਲਕੁਲ ਹਾਰਦਿਕ ਪੰਡਯਾ ਨਾਲ ਦੋ ਦਿਨ ਪਹਿਲਾਂ ਹੀ ਉਸ ਦੀ ਦੋਸਤੀ ਟੁੱਟਣ ਦੀ ਖ਼ਬਰ ਆਈ ਹੈ। ਟੁੱਟੇ ਦਿਲ ਨਾਲ ਏਲੀ ਅਵਰਾਮ ਸਿੱਧੀ ਇੰਡੀਆ ਤੋਂ ਸ੍ਰੀਲੰਕਾ ਪਹੁੰਚ ਗਈ ਹੈ। ਬਹਾਨਾ ਗਰਮੀਆਂ ਦਾ ਹੈ ਪਰ ਉਹ ਕਿਹੜਾ ਕਸੌਲੀ, ਮਾਸੂਰੀ, ਡਲਹੌਜ਼ੀ ਜਾਂ ਸ਼ਿਮਲਾ ਹੈ। ਹਵਾਈ ਅੱਡੇ 'ਤੇ ਏਲੀ ਦੀਆਂ ਅੱਖੀਆਂ 'ਚ ਗ਼ਮੀ ਦੇ ਅੱਥਰੂ ਸਾਫ਼ ਦਿਖਾਈ ਦਿੱਤੇ ਸਨ, ਜਦੋਂ ਉਹ ਸ੍ਰੀਲੰਕਾ ਦੀ ਫਲਾਈਟ ਫੜ ਰਹੀ ਸੀ। ਸ਼ੁਕਰ ਹੈ ਕਿ ਇਕ ਵਿਗਿਆਪਨ ਉਸ ਨੂੰ ਸ੍ਰੀਲੰਕਾ 'ਚ ਮਿਲ ਗਿਆ ਹੈ। 'ਹਾਊਸਫੁਲ-3', 'ਕਿਸ ਕਿਸ ਕੋ ਪਿਆਰ ਕਰੂੰ', 'ਨਾਮ ਸ਼ਬਾਨਾ' ਵਾਲੀ ਖੂਬਸੂਰਤ ਸਵੀਡਨ ਕੁੜੀ ਏਲੀ ਅਵਰਾਮ ਦਿਲ ਨੂੰ ਦਿਲਾਸਾ ਦੇ ਕੇ ਫਿਰ ਮਜ਼ਬੂਤ ਹੋ ਕੇ ਸ੍ਰੀਲੰਕਾ ਤੋਂ ਵਾਪਸ ਪਰਤੇਗੀ ਤੇ ਦੱਖਣ ਵੱਲ ਰੁਖ਼ ਕਰੇਗੀ। ਹਾਰਦਿਕ ਪੰਡਯਾ ਨਾਲ ਟੁੱਟੀ ਦੋਸਤੀ ਦਾ ਵਾਸਤਾ ਪਾਉਣ ਤੋਂ ਬਚਣ ਲਈ ਸ੍ਰੀਲੰਕਾ ਜਾਣ ਦਾ ਫੈਸਲਾ ਏਲੀ ਅਵਰਾਮ ਲਈ ਠੀਕ ਹੈ ਕਿਉਂਕਿ ਸਾਹਮਣੇ ਰਹਿ ਕੇ ਦਿਲ ਜ਼ਿਆਦਾ ਦੁੱਖਦਾ ਹੈ।

ਰਿਸ਼ਤਿਆਂ ਦੀ ਕਹਾਣੀ ਹੈ ਆਸੀਸ

ਬਹੁਤ ਘੱਟ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਸਮਾਜਿਕ ਮੁੱਦਿਆਂ ਦੀ ਪੇਸ਼ਕਾਰੀ ਕਰਦੀਆਂ ਸਾਰਥਕ ਸੁਨੇਹਾ ਦਿੰਦੀਆਂ ਹਨ। 'ਅਰਦਾਸ, 'ਰੱਬ ਦਾ ਰੇਡੀਓ', 'ਦਾਣਾ ਪਾਣੀ' ਵਰਗੀਆਂ ਅਰਥ ਭਰਪੂਰ ਫ਼ਿਲਮਾਂ ਨੇ ਪੰਜਾਬੀ ਸਿਨਮੇ ਦਾ ਮੁਹਾਂਦਰਾ ਬਦਲਿਆ ਹੈ। ਅਜਿਹੀਆਂ ਫ਼ਿਲਮਾਂ ਵਿਚ ਇਕ ਹੋਰ ਫ਼ਿਲਮ 'ਆਸੀਸ' ਸ਼ਾਮਿਲ ਹੋਣ ਜਾ ਰਹੀ ਹੈ। ਬਤੌਰ ਨਿਰਦੇਸ਼ਕ ਰਾਣਾ ਰਣਬੀਰ ਦੀ ਇਹ ਪਹਿਲੀ ਫ਼ਿਲਮ 'ਆਸੀਸ' ਵੀ ਮਨੁੱਖੀ ਭਾਵਨਾਵਾਂ ਨਾਲ ਜੁੜੀ ਮਨੋਰੰਜਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਫ਼ਿਲਮ ਹੈ। ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ, ਬਸੰਤ ਇੰਟਰਟੇਨਮੈਂਟ ਅਤੇ ਜ਼ਿੰਦਗੀ ਜ਼ਿੰਦਾਬਾਦ ਲਿਮਟਿਡ ਦੇ ਬੈਨਰ ਹੇਠ ਬਣੀ ਇਹ ਫ਼ਿਲਮ 22 ਜੂਨ ਨੂੰ ਰਿਲੀਜ਼ ਹੋ ਰਹੀ ਹੈ। 'ਆਸੀਸ' ਬਾਰੇ ਰਾਣਾ ਰਣਬੀਰ ਨੇ ਦੱਸਿਆ ਕਿ ਇਹ ਫ਼ਿਲਮ ਮਾਂ-ਪੁੱਤ ਦੀ ਕਹਾਣੀ 'ਤੇ ਅਧਾਰਤ ਹੈ ਜੋ ਕਿ ਇਕ ਸਮਾਜਿਕ ਤੇ ਪਰਿਵਾਰਕ ਡਰਾਮਾ ਹੈ। ਫ਼ਿਲਮ ਵੇਖਦਿਆਂ ਹਰੇਕ ਦਰਸ਼ਕ ਆਪਣੇ ਨਾਲ, ਆਪਣੇ ਆਲੇ-ਦੁਆਲੇ ਨਾਲ ਜੁੜਿਆ ਮਹਿਸੂਸ ਕਰੇਗਾ। ਸਮਾਜਿਕ ਮੁੱਦਿਆਂ 'ਤੇ ਅਧਾਰਤ ਬਣਨ ਵਾਲੀ ਇਹ ਫ਼ਿਲਮ ਰਿਸ਼ਤੇ-ਨਾਤਿਆਂ ਦੀ ਅਹਿਮੀਅਤ ਨੂੰ ਸਮਝਾਉਂਦੀ ਹੋਈ ਤਿੜਕੇ ਰਿਸ਼ਤਿਆਂ ਨੂੰ ਬਚਾਉਣ ਦਾ ਯਤਨ ਕਰੇਗੀ। ਇਸ ਵਿਚ ਮਨੁੱਖੀ ਜ਼ਿੰਦਗੀ ਦੇ ਕਈ ਰੰਗ ਵੇਖਣ ਨੂੰ ਮਿਲਣਗੇ। ਉਸਦਾ ਆਪਣਾ ਕਿਰਦਾਰ ਇਕ ਅਜਿਹੇ ਸਿੱਧੇ ਸਾਦੇ, ਰੱਬ ਦੇ ਬੰਦੇ ਦਾ ਹੈ ਜਿਸ ਲਈ ਮਾਂ ਹੀ ਸਭ ਕੁਝ ਹੈ।
ਇਸ ਫ਼ਿਲਮ ਦੇ ਨਿਰਮਾਤਾ ਲਵਪ੍ਰੀਤ ਸਿੰਘ ਲੱਕੀ ਸੰਧੂ , ਬਲਦੇਵ ਸਿੰਘ ਬਾਠ ਤੇ ਰਾਣਾ ਰਣਬੀਰ ਹਨ। ਨਿਰਮਾਤਾ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਨਿਰਮਾਤਾ ਬਣ ਕੇ ਫ਼ਿਲਮ ਉਦਯੋਗ ਵਿਚ ਸਾਡੀ ਸੋਚ ਜੇਬਾਂ ਭਰਨ ਤੱਕ ਸੀਮਤ ਨਹੀਂ ਬਲਕਿ ਦਰਸ਼ਕਾਂ ਨੂੰ ਚੰਗੀ ਸੇਧ, ਨੇਕ ਤੇ ਉਸਾਰੂ ਸੋਚ ਵਾਲੀ ਮਨੋਰੰਜਕ ਫ਼ਿਲਮ ਬਣਾਉਣਾ ਹੀ ਸਾਡਾ ਮੰਤਵ ਹੈ। ਇਹ ਪਰਿਵਾਰਾਂ ਸਮੇਤ ਵੇਖਣ ਵਾਲੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਤੇ ਸੰਵਾਦ ਰਾਣਾ ਰਣਬੀਰ ਨੇ ਲਿਖੇ ਹਨ। ਰਾਣਾ ਰਣਬੀਰ, ਨੇਹਾ ਪਵਾਰ, ਰੁਪਿੰਦਰ ਰੂਪੀ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਕੁਲਜਿੰਦਰ ਸਿੱਧੂ, ਸੀਮਾ ਕੌਸ਼ਲ, ਸ਼ਮਿੰਦਰ ਵਿੱਕੀ,ਵਿਜੈ ਟੰਡਨ, ਸੈਵਿਨ ਰੇਖੀ, ਪਰਦੀਪ ਸਰਾਂ, ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਲਈ ਸੰਗੀਤ ਤੇਜਵੰਤ ਕਿੱਟੂ ਤੇ ਰੂਪਨ ਕਾਹਲੋਂ ਨੇ ਦਿੱਤਾ ਹੈ। ਗਿੱਲ ਰੌਂਤਾ, ਅਮਰ ਕਵੀ, ਤੇ ਰਾਣਾ ਰਣਬੀਰ ਦੇ ਲਿਖੇ ਗੀਤਾਂ ਨੂੰ ਕੰਵਰ ਗਰੇਵਾਲ, ਲਖਵਿੰਦਰ ਵਡਾਲੀ, ਫ਼ਿਰੋਜ਼ ਖ਼ਾਨ, ਪਰਦੀਪ ਸਰਾਂ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦੀ ਜੋੜੀ ਨੇ ਗਾਇਆ ਹੈ।
**

ਧੜਕਣਾਂ ਵਧਾਉਂਦੀ ਧੜਕ

ਸਾਲ 2016 ਵਿਚ ਆਈ ਮਰਾਠੀ ਫ਼ਿਲਮ 'ਸੈਰਾਟ' ਨੇ ਟਿਕਟ ਖਿੜਕੀ 'ਤੇ ਕਮਾਈ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ ਸਨ। ਮਰਾਠੀ ਭਾਸ਼ਾ ਵਿਚ ਸੈਰਾਟ ਦਾ ਅਰਥ ਪਿਆਰ ਵਿਚ ਬੇਹੱਦ ਪਾਗਲ ਹੁੰਦਾ ਹੈ ਅਤੇ ਫ਼ਿਲਮ ਵਿਚ ਪਿਆਰ ਵਿਚ ਪਾਗਲ ਕੁੜੀ ਦੀ ਭੂਮਿਕਾ ਰਿੰਕੂ ਰਾਜਗੁਰੂ ਵਲੋਂ ਨਿਭਾਈ ਗਈ ਸੀ ਅਤੇ ਇਥੇ ਉਸ ਦੇ ਪ੍ਰੇਮੀ ਦੀ ਭੂਮਿਕਾ ਵਿਚ ਆਕਾਸ਼ ਠੋਸਰ ਸੀ। ਹੁਣ ਕਰਨ ਜੌਹਰ ਨੇ ਇਕ ਚੈਨਲ ਨਾਲ ਮਿਲ ਕੇ 'ਸੈਰਾਟ' ਦਾ ਹਿੰਦੀ ਭਾਗ ਬਣਾਇਆ ਹੈ ਅਤੇ ਇਸ ਦਾ ਟਾਈਟਲ ਹੈ 'ਧੜਕ'। ਆਪਣੇ ਐਲਾਨ ਦੇ ਨਾਲ ਹੀ ਇਹ ਫ਼ਿਲਮ ਚਰਚਾ ਵਿਚ ਆ ਗਈ ਸੀ ਅਤੇ ਇਸ ਦੀ ਅਹਿਮ ਵਜ੍ਹਾ ਇਹ ਸੀ ਕਿ ਸ੍ਰੀਦੇਵੀ ਦੀ ਬੇਟੀ ਜਾਹਨਵੀ ਨੂੰ ਇਸ ਰਾਹੀਂ ਬਾਲੀਵੁੱਡ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਥੇ ਜਾਹਨਵੀ ਦੇ ਨਾਇਕ ਹਨ ਇਸ਼ਾਨ ਖੱਟਰ। ਅਭਿਨੇਤਾ ਪਿਤਾ ਰਾਜੇਸ਼ ਖੱਟੜ ਤੇ ਅਭਿਨੇਤਰੀ ਮਾਤਾ ਨੀਲਿਮਾ ਅਜ਼ੀਮ ਦੇ ਬੇਟੇ ਇਸ਼ਾਨ ਹਾਲ ਵਿਚ ਪ੍ਰਦਰਸ਼ਿਤ ਹੋਈ ਮਾਜਿਦ ਮਜੀਦੀ ਦੀ ਫ਼ਿਲਮ 'ਬਿਓਂਡ ਦ ਕਲਾਊਡਸ' ਵਿਚ ਵੀ ਸਨ। 'ਸੈਰਾਟ' ਦੀ ਤਰ੍ਹਾਂ 'ਧੜਕ' ਵਿਚ ਵੀ ਇਕ ਅਮੀਰ ਤੇ ਰਸੂਖਦਾਰ ਪਿਤਾ ਦੀ ਬੇਟੀ ਤੇ ਇਕ ਗ਼ਰੀਬ ਮੁੰਡੇ ਵਿਚਾਲੇ ਪਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਹਾਂ, ਹਿੰਦੀ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਇਥੇ ਕਹਾਣੀ ਦੀ ਪਿੱਠਭੂਮੀ ਰਾਜਸਥਾਨ ਦੀ ਰੱਖੀ ਗਈ ਹੈ ਅਤੇ ਜ਼ਿਆਦਾਤਰ ਸ਼ੂਟਿੰਗ ਉਦੈਪੁਰ ਵਿਚ ਕੀਤੀ ਗਈ ਹੈ। ਇਹ ਫ਼ਿਲਮ ਸ਼ਸ਼ਾਂਕ ਖੇਤਾਨ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਉਹ ਖ਼ੁਦ ਰਾਜਸਥਾਨ ਤੋਂ ਹੈ ਅਤੇ ਰਾਜਸਥਾਨੀ ਸੱਭਿਆਚਾਰ ਤੋਂ ਜਾਣੂ ਹੈ। ਇਸ ਵਜ੍ਹਾ ਨਾਲ ਕਹਾਣੀ ਵਿਚ ਰਾਜਸਥਾਨੀ ਰੰਗ ਭਰਿਆ ਗਿਆ ਹੈ। ਆਪਣੀ ਇਸ ਫ਼ਿਲਮ ਬਾਰੇ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਇਹ 'ਸੈਰਾਟ' ਦੀ ਪੂਰਨ ਰੂਪ ਨਾਲ ਨਕਲ ਨਹੀਂ ਹੈ। ਉਹ ਕਹਿੰਦੇ ਹਨ, 'ਮੈਂ ਪਹਿਲਾਂ 'ਹੰਪਟੀ ਸ਼ਰਮਾ ਕੀ ਦੁਲਹਨੀਆ' ਨਿਰਦੇਸ਼ਿਤ ਕੀਤੀ ਸੀ। ਉਹ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਤੋਂ ਪ੍ਰੇਰਿਤ ਸੀ ਪਰ ਉਸ ਦੀ ਨਕਲ ਨਹੀਂ ਸੀ। ਉਸੇ ਤਰਜ਼ 'ਤੇ ਇਥੇ ਵੀ 'ਸੈਰਾਟ' ਤੋਂ ਪ੍ਰੇਰਣਾ ਲਈ ਗਈ ਹੈ। ਇਹ ਉਸ ਦੀ ਨਕਲ ਨਹੀਂ ਹੈ।
ਇਸ ਫ਼ਿਲਮ ਵਿਚ ਜਾਹਨਵੀ ਵਲੋਂ ਪਾਰਥਵੀ ਕਿਰਦਾਰ ਨਿਭਾਇਆ ਗਿਆ ਹੈ ਜਦੋਂ ਕਿ ਇਸ਼ਾਨ ਦੇ ਕਿਰਦਾਰ ਦਾ ਨਾਂਅ ਮਧੁਕਰ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਨੂੰ 'ਸੈਰਾਟ' ਦੇਖਣ ਨੂੰ ਕਿਹਾ ਗਿਆ ਸੀ ਤਾਂ ਕਿ ਕਿਰਦਾਰ ਬਾਰੇ ਵਿਸਤਾਰ ਨਾਲ ਪਤਾ ਲਗ ਸਕੇ। ਜਾਹਨਵੀ ਅਨੁਸਾਰ ਜਦੋਂ 'ਸੈਰਾਟ' ਰਿਲੀਜ਼ ਹੋਈ ਸੀ ਉਦੋਂ ਉਸ ਨੇ ਆਪਣੀ ਮਾਂ ਨਾਲ ਇਹ ਫ਼ਿਲਮ ਦੇਖੀ ਸੀ ਅਤੇ ਇੱਛਾ ਪ੍ਰਗਟ ਕੀਤੀ ਸੀ ਕਿ ਇਸੇ ਤਰ੍ਹਾਂ ਦੀ ਕਿਸੇ ਫ਼ਿਲਮ ਵਿਚ ਉਸ ਨੂੰ ਮੌਕਾ ਮਿਲ ਜਾਵੇ ਤਾਂ ਮਜ਼ਾ ਆ ਜਾਵੇ। ਉੱਪਰ ਵਾਲੇ ਨੇ ਉਸ ਦੀ ਸੁਣ ਲਈ ਅਤੇ ਉਸ ਨੂੰ ਇਸੇ ਫ਼ਿਲਮ ਦੇ ਹਿੰਦੀ ਵਰਸ਼ਨ ਲਈ ਕਾਸਟ ਕਰ ਲਿਆ ਗਿਆ।
ਤਾਰੀਫ਼ਾਂ ਸੁਣ ਕੇ ਕਰਨ ਜੌਹਰ ਜਾਹਨਵੀ ਨੂੰ ਮਿਲਣ ਲਈ ਉਤਸੁਕ ਹੋਏ ਅਤੇ ਜਦੋਂ ਉਨ੍ਹਾਂ ਜਾਹਨਵੀ ਦੀਆਂ ਅੱਖਾਂ ਵਿਚ ਅਭਿਨੈ ਪ੍ਰਤੀ ਬੇਕਰਾਰੀ ਦੇਖੀ ਤਾਂ ਉਹ ਉਸ ਨੂੰ ਫ਼ਿਲਮ ਵਿਚ ਲੈਣ ਲਈ ਤਿਆਰ ਹੋ ਗਏ। ਜਿਥੋਂ ਤੱਕ ਇਸ਼ਾਨ ਦਾ ਸਵਾਲ ਹੈ ਤਾਂ ਉਨ੍ਹਾਂ ਨੇ ਉਸ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਵਿਚ ਦੇਖੀਆਂ ਸਨ। ਇਸ਼ਾਨ-ਜਾਹਨਵੀ ਦੀ ਇਸ ਫ਼ਿਲਮ ਵਿਚ ਆਸ਼ੂਤੋਸ਼ ਰਾਣਾ ਵੀ ਹੈ ਅਤੇ ਇਥੇ ਉਹ ਜਾਹਨਵੀ ਦੇ ਪਿਤਾ ਦੀ ਭੂਮਿਕਾ ਵਿਚ ਹੈ।

ਸੋਨਮ ਕਪੂਰ

ਆਪਣੇ ਮੂੰਹ, ਮੀਆਂ ਮਿੱਠੂ

ਬਾਲੀਵੁੱਡ ਦੀ ਸਟਾਈਲਿਸ਼ ਲੜਕੀ, ਸਭ ਤੋਂ ਵੱਧ ਪ੍ਰਤਿਭਾ ਭਰਪੂਰ ਅਭਿਨੇਤਰੀ, ਰਾਸ਼ਟਰੀ ਸਨਮਾਨ ਪ੍ਰਾਪਤ ਚੋਟੀ ਦੀ ਹੀਰੋਇਨ ਤੇ ਗੱਲ ਕੀ ਹੋਰ ਵੀ ਕਈ ਵਿਸ਼ੇਸ਼ਣ ਉਸ ਨਾਲ ਲੱਗ ਜਾਣ ਤਾਂ ਗ਼ਲਤ ਗੱਲ ਨਹੀਂ ਹੋਏਗੀ। ਸੁਪਰ ਸਟਾਰ ਸੋਨਮ ਕਪੂਰ ਆਹੂਜਾ ਸਬੰਧੀ ਹੀ ਇਹ ਗੱਲਾਂ ਹੋ ਰਹੀਆਂ ਹਨ। 33 ਸਾਲ ਉਮਰ ਉਸ ਦੀ ਹੋ ਗਈ ਹੈ। ਪ੍ਰਤਿਭਾ ਸਹਾਰੇ ਉਸ ਦੀ ਇੱਜ਼ਤ 'ਚ ਵਾਧਾ ਇਸ ਇੰਡਸਟਰੀ 'ਚ ਹੋਇਆ ਹੈ। ਹਾਂ, ਉਸ ਦੇ ਸਿੱਧੇ ਬਿਆਨ ਜ਼ਰੂਰ ਕਈਆਂ ਦੇ ਦਿਲ 'ਚ ਤੀਰ ਦੀ ਤਰ੍ਹਾਂ ਲਗਦੇ ਹਨ। ਕਈ ਵਾਰ ਸੋਨਮ ਦੀ ਤੋਏ-ਤੋਏ ਉਸ ਦੇ ਅਜਿਹੇ ਸਿੱਧੇ ਬਿਆਨਾਂ ਕਾਰਨ ਹੁੰਦੀ ਹੈ ਪਰ ਨਵਵਿਆਹੀ ਸੋਨਮ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ। ਜਿੱਤਣਾ ਹੋਵੇ ਫ਼ਿਲਮੀ ਸਨਮਾਨ ਜਾਂ ਹੋਇਆ ਹੋਵੇ ਵਿਆਹ, ਸੁਪਰ ਕਾਮਯਾਬ ਰਹੀ ਹੈ ਸੋਨਮ। ਸਹੁਰੇ ਘਰ ਚਲੀ ਗਈ ਹੈ ਪਰ ਕੈਰੀਅਰ 'ਤੇ ਕੋਈ ਚਿੰਤਾ ਦੀ ਲਕੀਰ ਨਹੀਂ ਆਈ। 9 ਸਾਲ ਇਥੇ ਰਹਿ ਕੇ ਅਹਿਮ ਪ੍ਰਾਪਤੀਆਂ ਕੀਤੀਆਂ, ਹਾਂ ਜੀਭ ਦੇ ਬੋਲ ਕਈਆਂ ਨੂੰ ਜ਼ਰੂਰ ਉਸ ਦੇ ਕੌੜੇ ਲੱਗੇ ਹਨ। ਸੋਨਮ ਨੇ ਆਪਣੀ ਜ਼ੁਬਾਨ ਸਦਕਾ ਕਈਆਂ ਨੂੰ ਨਾਰਾਜ਼ ਕੀਤਾ ਹੈ। ਚਾਹੇ ਮੀਡੀਆ ਨੂੰ ਪਿੱਠ ਦਿਖਾਉਣ ਵਾਲੀ ਘਟਨਾ ਹੋਵੇ ਤੇ ਚਾਹੇ ਸੈਂਸਰਸ਼ਿਪ 'ਚ ਵਿਸ਼ਵਾਸ ਨਹੀਂ। ਸੋਨਮ ਦੀਆਂ ਗੱਲਾਂ ਵੱਧ-ਚੜ੍ਹ ਕੇ ਹੋਈਆਂ ਹਨ। ਰਹੀ ਗੱਲ ਸਰੀਰ ਦਿਖਾਉਣ ਦੀ ਤਾਂ ਜ਼ਰਾ ਸ੍ਰੀਮਤੀ ਆਹੂਜਾ ਦਾ ਜਵਾਬ ਸੁਣੋ ਕਿ ਇਹ ਯੁਵਾ ਸ਼ਕਤੀ ਦਾ ਅਜੋਕੇ ਸਮੇਂ 'ਚ ਹੱਕ ਹੈ। ਆਉਣ ਵਾਲੀ ਪੀੜ੍ਹੀ ਦੀ ਅੰਟੀ ਉਸ ਨੇ ਐਸ਼ਵਰਿਆ ਰਾਏ ਬੱਚਨ ਨੂੰ ਕਿਹਾ ਤਾਂ ਰੌਲਾ ਪੈ ਗਿਆ। ਅਭੈ ਦਿਉਲ ਨਾਲ ਉਸ ਨੇ ਬੋਲਚਾਲ ਬੰਦ ਕਰ ਦਿੱਤੀ। ਜਰਨਲਿਸਟ ਸ਼ੋਭਾ ਡੇ ਨੂੰ ਤਾਂ ਸੋਨਮ ਨੇ 'ਪੋਰਨ ਰਾਈਟਰ' ਤੱਕ ਕਹਿ ਦਿੱਤਾ। ਕੈਟਰੀਨਾ ਨੂੰ 'ਬੇਸ਼ਰਮ' ਕਹਿਣ ਵਾਲੀ ਸੋਨਮ ਕਪੂਰ ਆਪਣੇ-ਆਪ ਨੂੰ ਸੋਹਣੀ ਕੁੜੀ ਮੰਨਦੀ ਹੈ ਤੇ ਬਾਕੀਆਂ ਨੂੰ ਉਹ ਬਦਸੂਰਤ ਕਹਿੰਦੀ ਹੈ। ਆਪਣੇ ਮੂੰਹੋਂ ਆਪਣੀ ਤਾਰੀਫ਼। ਰਣਬੀਰ ਕਪੂਰ ਨੂੰ ਉਹ ਮਾੜਕੂ ਕਹਿ ਚੁੱਕੀ ਹੈ। ਅਖੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜਿਊਣ। ਇਕ ਮੈਂ ਹਾਂ, ਮੈਂ ਉਸ 'ਚ ਖੁਸ਼ ਹਾਂ ਤੇ ਹਾਂ 'ਵੀਰੇ ਦੀ ਵੈਡਿੰਗ' ਖੂਬ ਚਲ ਰਹੀ ਹੈ। ਇਸ ਲਈ ਖੂਬ ਬੇਬਾਕ, ਸਿੱਧੀ ਮੂੰਹ 'ਤੇ ਕਹਿਣ ਵਾਲੀ ਸੋਨਮ ਕਪੂਰ ਜੋ ਵੀ ਕਹੇ, ਇੰਡਸਟਰੀ ਸਵੀਕਾਰ ਕਰ ਰਹੀ ਹੈ।

ਮੁੜ ਸਰਗਰਮ ਹੋਏ

ਕੇ. ਸੀ. ਬੋਕਾਡੀਆ

ਇਕ ਜ਼ਮਾਨਾ ਸੀ ਜਦੋਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਕਸਤੂਰ ਚੰਦ ਬੋਕਾਡੀਆ ਉਰਫ਼ ਕੇ. ਸੀ. ਬੋਕਾਡੀਆ ਦੇ ਨਾਂਅ ਦੀ ਧੂਮ ਹੁੰਦੀ ਸੀ। ਉਨ੍ਹਾਂ ਨੇ ਆਪਣੇ ਬੈਨਰ ਬੀ. ਐਮ. ਬੀ. ਪ੍ਰੋਡਕਸ਼ਨਸ ਦਾ ਨਾਂਅ ਆਪਣੇ ਪਿਤਾ ਭੂਰਮਲ ਬੋਕਾਡੀਆ ਦੇ ਨਾਂਅ 'ਤੇ ਰੱਖਿਆ ਸੀ ਅਤੇ ਇਸ ਬੈਨਰ ਰਾਹੀਂ ਧੜੱਲੇ ਨਾਲ ਫ਼ਿਲਮ ਨਿਰਮਾਣ ਕੀਤਾ ਸੀ। 'ਪਿਆਰ ਝੁਕਤਾ ਨਹੀਂ', 'ਤੇਰੀ ਮੇਹਰਬਾਨੀਆਂ', 'ਨਸੀਬ ਅਪਨਾ ਅਪਨਾ', 'ਲਾਲ ਬਾਦਸ਼ਾਹ', 'ਆਜ ਕਾ ਅਰਜੁਨ', 'ਤਿਆਗੀ', 'ਪੁਲਿਸ ਔਰ ਮੁਜਰਿਮ', 'ਫੂਲ ਬਨੇ ਅੰਗਾਰੇ' ਸਮੇਤ ਕਈ ਹੋਰ ਫ਼ਿਲਮਾਂ ਇਨ੍ਹਾਂ ਨੇ ਬਣਾਈਆਂ ਸਨ ਅਤੇ ਉਦੋਂ ਇਨ੍ਹਾਂ ਨੂੰ ਫ਼ਿਲਮ ਫੈਕਟਰੀ ਦਾ ਨਾਂਅ ਦਿੱਤਾ ਗਿਆ ਸੀ। ਸੰਜੀਵ ਕੁਮਾਰ ਦੀ ਫ਼ਿਲਮ ਸਾਲਾਂ ਤੋਂ ਡੱਬਾ ਬੰਦ ਪਈ 'ਲਵ ਐਂਡ ਗਾਡ' ਨੂੰ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵੱਡਾ ਪਰਦਾ ਨਸੀਬ ਹੋਇਆ ਸੀ।
ਉਦੋਂ ਜਨਾਬ ਬੋਕਾਡੀਆ ਨੇ ਫ਼ਿਲਮ ਫੈਕਟਰੀ ਨਾਂਅ ਨੂੰ ਕੁਝ ਜ਼ਿਆਦਾ ਹੀ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਇਕੱਠੀਆਂ ਤਿੰਨ-ਚਾਰ ਫ਼ਿਲਮਾਂ ਬਣਾਉਣ ਲੱਗੇ ਸਨ। ਕਵਾਂਟਿਟੀ ਦਾ ਕਵਾਲਿਟੀ 'ਤੇ ਅਸਰ ਪੈਣਾ ਸੁਭਾਵਿਕ ਹੀ ਸੀ। ਨਤੀਜਾ ਇਨ੍ਹਾਂ ਦੀਆਂ ਫ਼ਿਲਮਾਂ ਟਿਕਟ ਖਿੜਕੀ 'ਤੇ ਮੁੱਧੇ ਮੂੰਹ ਡਿੱਗਣ ਲੱਗੀਆਂ। ਉਨ੍ਹਾਂ ਨੇ ਕਾਫੀ ਸਮੇਂ ਤੱਕ ਫ਼ਿਲਮ ਨਿਰਮਾਣ ਤੋਂ ਦੂਰੀ ਬਣਾਈ ਰੱਖੀ ਪਰ ਹੁਣ ਉਹ ਫ਼ਿਲਮ ਨਿਰਮਾਣ ਵਿਚ ਦੁਬਾਰਾ ਸਰਗਰਮ ਹੋ ਗਏ ਹਨ।
ਹੁਣ ਇਨ੍ਹਾਂ ਨੇ ਸਚਿਨ ਤੇ ਸ਼ਿਲਪਾ ਤੁਲਸਕਰ ਨੂੰ ਲੈ ਕੇ ਮਰਾਠੀ ਫ਼ਿਲਮ 'ਸੋਹਲਾ' ਬਣਾਈ ਹੈ। ਕਿਉਂਕਿ ਇਨ੍ਹਾਂ ਦੀ ਮਰਾਠੀ ਭਾਸ਼ਾ 'ਤੇ ਚੰਗੀ ਪਕੜ ਨਹੀਂ ਹੈ, ਇਸ ਲਈ ਇਸ ਨੂੰ ਮਰਾਠੀ ਫ਼ਿਲਮ ਇੰਡਸਟਰੀ ਦੇ ਨਾਮੀ ਨਿਰਦੇਸ਼ਕ ਗਜੇਂਦਰ ਆਹਿਰੇ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਜਦੋਂ ਕਿਸੇ ਦਾ ਦਿਲ ਦੁਖਾਉਣ 'ਤੇ ਉਸ ਤੋਂ ਮਾਫੀ ਮੰਗਣ ਵਿਚ ਦੇਰੀ ਕਰ ਦਿੱਤੀ ਜਾਂਦੀ ਹੈ ਤਾਂ ਕਿੰਨਾ ਕੁਝ ਸਹਿਣਾ ਪੈ ਜਾਂਦਾ ਹੈ। 'ਸੋਹਲਾ' ਨੂੰ ਉਹ ਬਾਅਦ ਵਿਚ ਤਾਮਿਲ ਵਿਚ ਵੀ ਬਣਾਉਣਗੇ।
ਉਹ ਤੇਲਗੂ ਭਾਸ਼ਾ ਵਿਚ 'ਰੌਕੀ' ਤੇ ਹਿੰਦੀ ਵਿਚ 'ਤੇਰੀ ਮਹਿਰਬਾਨੀਆਂ-2' ਵੀ ਬਣਾ ਰਹੇ ਹਨ। ਨਾਲ ਹੀ ਇਕ ਹੋਰ ਫ਼ਿਲਮ ਵੀ ਉਹ ਤੇਲਗੂ ਵਿਚ ਬਣਾ ਰਹੇ ਹਨ। ਬੋਕਾਡੀਆ ਜੀ ਖ਼ੁਦ ਰਾਜਸਥਾਨ ਦੇ ਮੇੜਤਾ ਤੋਂ ਹੈ ਪਰ ਉਹ ਕਈ ਸਾਲਾਂ ਤੋਂ ਚੇਨਈ ਵਿਚ ਵਸੇ ਹੋਏ ਹਨ। ਉਹ ਚੰਗੀ ਤਾਮਿਲ ਬੋਲ ਲੈਂਦੇ ਹਨ। ਇਸ ਲਈ ਤਾਮਿਲ ਵਿਚ ਫ਼ਿਲਮਾਂ ਬਣਾ ਰਹੇ ਹਨ।


-ਪੰਨੂੰ

ਬੁਢਾਪੇ ਦਾ ਦਰਦ ਦਸ ਨਹੀਂ ਚਾਲੀਸ

ਬੁਢਾਪੇ ਦੇ ਵਿਸ਼ੇ 'ਤੇ ਬਾਲੀਵੁੱਡ ਵਿਚ ਸਮੇਂ-ਸਮੇਂ 'ਤੇ ਫ਼ਿਲਮਾਂ ਬਣਦੀਆਂ ਆਈਆਂ ਹਨ। ਕਦੀ 'ਅਵਤਾਰ' ਤੇ ਕਦੀ 'ਸ਼ਰਾਰਤ' ਜਾਂ 'ਕਲੱਬ 60' ਦੇ ਰਾਹੀਂ ਜ਼ਿੰਦਗੀ ਦੇ ਆਖਰੀ ਸਾਲਾਂ ਨੂੰ ਕਹਾਣੀ ਵਿਚ ਪਿਰੋ ਕੇ ਪੇਸ਼ ਕੀਤਾ ਗਿਆ ਹੈ। ਹੁਣ ਨਿਰਮਾਤਾ-ਨਿਰੇਦਸ਼ਕ ਡਾ. ਜੇ. ਐਸ. ਰੰਧਾਵਾ ਨੇ 'ਦਸ ਨਹੀਂ ਚਾਲੀਸ' ਰਾਹੀਂ ਬੁਢਾਪੇ ਦੀ ਵੇਦਨਾ ਨੂੰ ਪੇਸ਼ ਕੀਤਾ ਹੈ। ਫਿਮਲਾਂ ਨੂੰ ਮਨੋਰੰਜਨ ਦਾ ਮਾਧਿਅਮ ਕਿਹਾ ਜਾਂਦਾ ਹੈ। ਸੋ ਇਥੇ ਕਹਾਣੀ ਵਿਚ ਕਾਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ ਤਾਂ ਕਿ ਫ਼ਿਲਮ ਬੋਝਲ ਨਾ ਬਣ ਸਕੇ।
ਪਹਿਲਾਂ ਸੰਜੇ ਮਿਸ਼ਰਾ, ਸ਼ਿਆਮ ਮਸ਼ਾਲਕਰ, ਸੋਨਮ ਮੁਦਗਿਲ ਆਦਿ ਨੂੰ ਲੈ ਕੇ 'ਮੁਸਕਰਾਹਟੇਂ' ਬਣਾਉਣ ਵਾਲੇ ਜਨਾਬ ਰੰਧਾਵਾ ਨੇ ਹੀ ਆਪਣੀ ਇਸ ਨਵੀਂ ਪੇਸ਼ਕਾਰੀ ਦੀ ਕਹਾਣੀ ਲਿਖੀ ਹੈ। ਇਥੇ ਦਿੱਲੀ ਵਿਚ ਰਹਿ ਰਹੇ ਕੁਝ ਬਜ਼ੁਰਗਾਂ ਦੀ ਗੱਲ ਕੀਤੀ ਗਈ ਹੈ। ਦਿੱਲੀ ਦੀ ਇਕ ਕਾਲੋਨੀ ਵਿਚ ਕੁਝ ਬਜ਼ੁਰਗ ਆਪਣੇ ਪਰਿਵਾਰ ਨਾਲ ਰਹਿ ਰਹੇ ਹੁੰਦੇ ਹਨ। ਉਨ੍ਹਾਂ ਦੀ ਔਲਾਦ ਆਪਣੀ ਜ਼ਿੰਦਗੀ ਵਿਚ ਰੁਝੀ ਹੁੰਦੀ ਹੈ। ਇਸ ਲਈ ਇਨ੍ਹਾਂ ਵਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਉਹ ਸੁਸਾਇਟੀ ਦੀ ਸਾਫ-ਸਫਾਈ, ਪਾਰਕਿੰਗ, ਲੀਕੇਜ ਆਦਿ ਦੀ ਸਮੱਸਿਆ ਨੂੰ ਲੈ ਕੇ ਇਸ ਸੁਸਾਇਟੀ ਦੇ ਇਕ ਵਾਸੀ ਸੁਮੀਤ (ਡਾ. ਜੇ. ਐਸ. ਰੰਧਾਵਾ) ਕੋਲ ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਸੁਮੀਤ ਵੀ ਇਨ੍ਹਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆਇਆ ਹੁੰਦਾ ਹੈ। ਇਕ ਦਿਨ ਸੁਸਾਇਟੀ ਦੇ ਮੈਂਬਰਾਂ ਵਲੋਂ ਅਲਤਾਫ ਰਾਜਾ ਦੀ ਕੱਵਾਲੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ ਅਤੇ ਸੁਮੀਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਕਿ ਉਹ ਸੁਸਾਇਟੀ ਦੇ ਬਜ਼ੁਰਗਾਂ ਨੂੰ ਸੱਦਾ ਦੇਣ। ਕੱਵਾਲੀ ਦੇ ਇਸ ਪ੍ਰੋਗਰਾਮ ਵਿਚ ਕੁਝ ਬੁੱਢੇ ਨੱਚ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ ਅਤੇ ਉਨ੍ਹਾਂ ਦਾ ਇਹ ਨਵਾਂ ਰੂਪ ਦੇਖ ਕੇ ਸੁਮੀਤ ਹੈਰਾਨ ਰਹਿ ਜਾਂਦਾ ਹੈ। ਉਹ ਉਨ੍ਹਾਂ ਨਾਲ ਮੇਲ-ਜੋਲ ਵਧਾਉਂਦਾ ਹੈ ਅਤੇ ਇਨ੍ਹਾਂ ਦੇ ਡੂੰਘੀ ਪਛਾਣ ਵਿਚ ਆ ਕੇ ਸੁਮੀਤ ਨੂੰ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਜ਼ਿੰਦਗੀ ਵਿਚ ਕਿੰਨਾ ਇਕੱਲਾਪਨ ਹੈ। ਉਹ ਕਿਵੇਂ ਇਨ੍ਹਾਂ ਦੀ ਢਲਦੀ ਉਮਰ ਵਾਲੀ ਜ਼ਿੰਦਗੀ ਵਿਚ ਖੁਸ਼ੀਆਂ ਦੇ ਨਵੇਂ ਰੰਗ ਭਰਦਾ ਹੈ, ਇਹ ਅੱਗੇ ਦੀ ਕਹਾਣੀ ਹੈ। ਕਹਾਣੀ ਦੇ ਹਿਸਾਬ ਨਾਲ ਫ਼ਿਲਮ ਵਿਚ ਜੋ ਕਲਾਕਾਰ ਲਏ ਗਏ ਹਨ, ਉਹ ਸਾਰੇ ਉਮਰਦਰਾਜ ਹਨ ਅਤੇ ਇਹ ਹਨ ਬੀਰਬਲ, ਮਨਮੌਜੀ, ਰਮੇਸ਼ ਗੋਇਲ, ਮਹੇਸ਼ ਗਹਿਲੋਤ, ਰਾਧਾ ਰਾਨੀ, ਮਨੋਜ ਬਖਸ਼ੀ ਆਦਿ।


-ਮੁੰਬਈ ਪ੍ਰਤੀਨਿਧ

'ਮਾਇਆਵੀ ਮਲਿੰਗ' ਨਾਲ ਚਮਕੀ ਗ੍ਰੇਸੀ ਗੋਸਵਾਮੀ

ਇਨ੍ਹੀਂ ਦਿਨੀਂ 'ਸਟਾਰ ਭਾਰਤ' 'ਤੇ ਇਕ ਅਲੱਗ ਹੀ ਤਰ੍ਹਾਂ ਦੇ ਚਲ ਰਹੇ ਸ਼ੋਅ 'ਮਾਇਆਵੀ ਮਲਿੰਗ' ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਬਾਲ ਅਦਾਕਾਰਾ 'ਗ੍ਰੇਸੀ ਗੋਸਵਾਮੀ' ਦਾ ਜਨਮ 22 ਮਈ 2003 ਨੂੰ ਪਿਤਾ ਬਿਟਿਨ ਗੋਸਵਾਮੀ ਮਾਤਾ ਵੈਸ਼ਾਲੀ ਗੋਸਵਾਮੀ ਦੇ ਘਰ ਬੜੋਦਰਾ (ਗੁਜਰਾਤ) ਵਿਖੇ ਹੋਇਆ। ਗ੍ਰੇਸੀ ਗੋਸਵਾਮੀ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਹੈ। ਉਸ ਨੇ ਲਗਪਗ 10-15 ਵਿਗਿਆਪਨਾਂ 'ਚ ਵੀ ਕੰਮ ਕੀਤਾ ਪਰ ਅਦਾਕਾਰੀ ਦੀ ਦੁਨੀਆ 'ਚ ਉਸ ਨੇ ਆਪਣਾ ਕੈਰੀਅਰ 'ਕਲਰ ਟੀ.ਵੀ.' 'ਤੇ ਪੇਸ਼ ਹੁੰਦੇ ਲੜੀਵਾਰ 'ਬਾਲਿਕਾ ਬਧੂ' ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਨੇ 'ਝਲਕ ਦਿਖਲਾ ਜਾ', 'ਕ੍ਰਾਈਮ ਪੈਟ੍ਰੋਲ' ਤੇ 'ਬਾਲ ਕ੍ਰਿਸ਼ਨਾ' ਵਰਗੇ ਲੜੀਵਾਰਾਂ 'ਚ ਕੰਮ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਇਸ ਤੋਂ ਬਿਨਾਂ ਉਹ ਅਭਿਨੇਤਰੀ 'ਵਿੱਦਿਆ ਬਾਲਨ' ਦੀ ਫ਼ਿਲਮ 'ਬੇਗ਼ਮ ਜਾਨ' 'ਚ ਵੀ ਇਕ ਚਰਿੱਤਰ ਭੂਮਿਕਾ 'ਚ ਨਜ਼ਰ ਆਈ। ਜਿਵੇਂ ਹੀ ਉਸ ਦੀ ਚੋਣ ਲੜੀਵਾਰ 'ਮਾਇਆਵੀ ਮਲਿੰਗ' 'ਚ ਹੋਈ ਤਾਂ ਉਸ ਨੂੰ ਇਸ ਲੜੀਵਾਰ ਲਈ ਦਿਨ-ਰਾਤ ਇਕ ਕਰਨਾ ਪਿਆ ਕਿਉਂ ਕਿ ਇਸ ਲੜੀਵਾਰ 'ਚ ਉਸ 'ਤੇ ਕਈ ਸਟੰਟ ਦ੍ਰਿਸ਼ ਫਿਲਮਾਏ ਗਏ ਹਨ, ਜਿਸ ਕਾਰਨ ਉਸ ਨੇ ਮਾਰਸ਼ਲ ਆਰਟ, ਕਰਾਟੇ, ਤੈਰਾਕੀ, ਘੋੜ ਸਵਾਰੀ ਤੇ ਤਲਵਾਰਬਾਜ਼ੀ ਦੀ ਸਿੱਖਿਆ ਲਈ। ਇਸ ਲੜੀਵਾਰ 'ਚ ਸੰਸਕ੍ਰਿਤ ਭਾਸ਼ਾ 'ਚ ਸੰਵਾਦ ਬੋਲਣ ਲਈ ਉਸ ਨੇ ਸੰਸਕ੍ਰਿਤ ਭਾਸ਼ਾ ਦੀ ਵੀ ਸਿੱਖਿਆ ਲਈ ਕਿਉਂਕਿ 'ਮਾਇਆਵੀ ਮਲਿੰਗ' ਲੜੀਵਾਰ 'ਚ ਜੋ ਸੰਵਾਦ ਰੱਖੇ ਗਏ ਹਨ ਉਹ ਸ਼ੁੱਧ 'ਸੰਸਕ੍ਰਿਤ ਤੇ ਹਿੰਦੀ ਭਾਸ਼ਾ ਦਾ ਸੁਮੇਲ' ਹਨ।


-ਸਿਮਰਨ ਜਗਰਾਓਂ

ਹਾਕੀ ਦੇ ਪਹਿਲੇ ਗੋਲਡ ਤਗਮੇ 'ਤੇ ਬਣੀ 'ਗੋਲਡ'

ਸਾਲ 1947 ਵਿਚ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਆਜ਼ਾਦ 1948 ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਨੇ ਹਾਕੀ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਆਜ਼ਾਦ ਭਾਰਤ ਦਾ ਪਹਿਲਾ ਉਲੰਪਿਕ ਸੋਨ ਤਗਮਾ ਸੀ ਅਤੇ ਇਸ ਤਗਮੇ ਦੀ ਜਿੱਤ ਨੇ ਪੂਰੇ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹ ਦਿੱਤਾ ਸੀ। ਉਦੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਏ ਦੇਸ਼ਵਾਸੀਆਂ ਲਈ ਇਸ ਤਗਮੇ ਦੀ ਮਹਤੱਤਾ ਕਿੰਨੀ ਰਹੀ ਹੋਵੇਗੀ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਇਸ ਇਤਿਹਾਸਕ ਜਿੱਤ 'ਤੇ ਹੁਣ ਨਿਰਦੇਸ਼ਿਕਾ ਰੀਮਾ ਕਾਗਤੀ ਨੇ 'ਗੋਲਡ' ਨਾਂਅ ਦੀ ਫ਼ਿਲਮ ਬਣਾਈ ਹੈ। ਪਹਿਲਾਂ 'ਹਨੀਮੂਨ ਟ੍ਰੈਵਲਸ ਪ੍ਰਾ. ਲਿਮ.' ਤੇ 'ਤਲਾਸ਼' ਨਿਰੇਦਸ਼ਿਤ ਕਰਨ ਵਾਲੀ ਰੀਮਾ ਨੇ 'ਗੋਲਡ' ਰਾਹੀਂ ਇਕ ਵੱਖਰੇ ਹੀ ਵਿਸ਼ੇ 'ਤੇ ਹੱਥ ਅਜ਼ਮਾਇਆ ਹੈ। ਇਸ ਦਾ ਨਿਰਮਾਣ ਅਕਸ਼ੈ ਕੁਮਾਰ, ਫਰਹਾਨ ਅਖ਼ਤਰ ਤੇ ਰਿਤੇਸ਼ ਸਿਘਵਾਨੀ ਵਲੋਂ ਕੀਤਾ ਗਿਆ ਹੈ ਅਤੇ ਅਕਸ਼ੈ ਇਸ ਵਿਚ ਉਸ ਸ਼ਖ਼ਸ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਨੇ ਤਿਰੰਗਾ ਲਹਿਰਾ ਕੇ ਖਿਡਾਰੀਆਂ ਵਿਚ ਨਵਾਂ ਜੋਸ਼ ਭਰ ਦਿੱਤਾ ਸੀ।
ਕਿਉਂਕਿ ਉਦੋਂ ਹਾਕੀ ਸਟਿਕ ਤੋਂ ਲੈ ਕੇ ਖੇਡ ਦੇ ਨਿਯਮ ਵੀ ਵੱਖਰੇ ਤਰ੍ਹਾਂ ਦੇ ਸਨ। ਸੋ, ਉਸ ਜ਼ਮਾਨੇ ਦੀ ਜਾਣਕਾਰੀ ਲਈ ਰੀਮਾ ਵਲੋਂ ਪਹਿਲਾਂ ਹਾਕੀ ਖਿਡਾਰੀ ਮਾਈਕੇਲ ਨੋਬਸ ਦੀ ਸੇਵਾ ਲਈ ਗਈ ਸੀ ਜਿਨ੍ਹਾਂ ਨੇ ਸਾਲ 2011-13 ਦੌਰਾਨ ਭਾਰਤੀ ਹਾਕੀ ਟੀਮ ਨੂੰ ਸਿਖਲਾਈ ਦਿੱਤੀ ਸੀ।
ਅਕਸ਼ੈ ਕੁਮਾਰ ਦੇ ਨਾਲ ਇਸ ਵਿਚ ਮੌਨੀ ਰਾਏ, ਕੁਨਾਲ ਕਪੂਰ, ਸੰਨੀ ਕੌਸ਼ਲ, ਵਿਨੀਤ ਕੁਮਾਰ ਸਿੰਘ ਤੇ ਅਮਿਤ ਅਭਿਨੈ ਕਰ ਰਹੇ ਹਨ। ਫ਼ਿਲਮ ਵਿਚ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਜਜ਼ਬੇ ਨੂੰ ਧਿਆਨ ਵਿਚ ਰੱਖਦੇ ਹੋਏ ਇਹ 15 ਅਗਸਤ ਨੂੰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।


-ਮੁੰਬਈ ਪ੍ਰਤੀਨਿਧ

ਮਲਿਆਲਮ ਫ਼ਿਲਮ 'ਚ ਸਿੱਖ ਕਿਰਦਾਰ ਨਿਭਾਏਗਾ ਸਿਮਰਜੀਤ ਸਿੰਘ ਨਾਗਰਾ

ਸਿਮਰਜੀਤ ਸਿੰਘ ਨਾਗਰਾ ਮੁਹਾਲੀ ਦਾ ਜੰਮਿਆ-ਪਲਿਆ ਅਜਿਹਾ ਦਸਤਾਰਧਾਰੀ ਸਿੱਖ ਅਦਾਕਾਰ ਹੈ ਜੋ ਮਲਿਆਲਮ ਭਾਸ਼ਾ ਦੀ ਐਕਸ਼ਨ ਡਰਾਮਾ ਫ਼ਿਲਮ 'ਕਾਮਾਰਾ ਸੰਭਾਵਮ' ਵਿਚ ਮਲਿਆਲੀ ਭਾਸ਼ਾ ਦੇ ਪ੍ਰਸਿੱਧ ਕਲਾਕਾਰ ਦਿਲੀਪ ਅਤੇ ਤਾਮਿਲ ਕਲਾਕਾਰ ਅਤੇ 'ਰੰਗ ਦੇ ਬਸੰਤੀ' ਫ਼ਿਲਮ 'ਚ ਆਪਣੀ ਕਲਾਕਾਰੀ ਦੇ ਜਲਵੇ ਕਾਰਨ ਪ੍ਰਸਿੱਧੀ ਹਾਸਲ ਕਰਨ ਵਾਲੇ ਸਿਧਾਰਥ ਨਾਲ ਬਰਾਬਰ ਦੀ ਅਹਿਮੀਅਤ ਵਾਲਾ ਕਿਰਦਾਰ ਨਿਭਾਅ ਰਿਹਾ ਹੈ। ਫ਼ਿਲਮ ਮੁਰਲੀ ਗੋਪੀ ਵਲੋਂ ਲਿਖੀ ਗਈ ਹੈ ਅਤੇ ਰਤੀਸ਼ ਅੰਬਤ ਵਲੋਂ ਨਿਰਦੇਸ਼ਤ ਕੀਤੀ ਗਈ ਹੈ। ਸਿਮਰਜੀਤ ਨੇ ਇਸ ਫ਼ਿਲਮ ਵਿਚ ਕੰਮ ਕਰਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਫ਼ਿਲਮ ਕਰਕੇ ਬਿਲਕੁਲ ਅਨੋਖੀ ਤਰ੍ਹਾਂ ਦਾ ਤਜਰਬਾ ਹੋ ਰਿਹਾ ਹੈ। ਮਲਿਆਲੀ ਸਿਨੇਮਾ ਬੇਹੱਦ ਸੋਚ-ਵਿਚਾਰ ਕੇ ਫ਼ਿਲਮਾਂ ਬਣਾਉਂਦਾ ਹੈ। ਇਸ ਫ਼ਿਲਮ ਵਿਚ ਉਨ੍ਹਾਂ ਨੂੰ ਇਕ ਸਿੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਲੋੜ ਸੀ ਤੇ ਨਿਰਦੇਸ਼ਕ ਇਹ ਰੋਲ ਕਿਸੇ ਅਸਲ ਸਿੱਖ ਕੋਲੋਂ ਹੀ ਕਰਾਉਣਾ ਚਾਹੁੰਦੇ ਸੀ। ਕਿਉਂਕਿ ਲੇਖਕ ਮੁਰਲੀ ਗੋਪੀ ਸਿੱਖਾਂ ਪ੍ਰਤੀ ਬੜਾ ਆਦਰ ਭਾਵ ਰੱਖਦੇ ਹਨ। ਮੈਨੂੰ ਉਨ੍ਹਾਂ ਵਲੋਂ ਬੜਾ ਮਾਣ ਅਤੇ ਸਤਿਕਾਰ ਦਿੱਤਾ ਗਿਆ ਹੈ। ਮੈਂ ਸਮਝਦਾ ਹਾਂ ਕਿ ਮੇਰੀ ਦਸਤਾਰ ਦੇ ਸਤਿਕਾਰ ਕਰਕੇ ਹੀ ਮੈਨੂੰ ਇਹ ਰੋਲ ਦਿੱਤਾ ਗਿਆ ਹੈ। ਦੱਖਣ ਭਾਰਤ ਦੇ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ ਕਿਵੇਂ ਲੱਗਾ ਦੇ ਜਵਾਬ 'ਚ ਉਹ ਕਹਿੰਦੇ ਹਨ ਦਿਲੀਪ ਚੋਟੀ ਦੇ ਮਲਿਆਲਮ ਸਟਾਰ ਹਨ ਤੇ ਪਿਛਲੇ 25 ਸਾਲ ਤੋਂ ਵਧ ਸਮੇਂ ਤੋਂ ਉਹ ਫ਼ਿਲਮਾਂ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਸਿਧਾਰਥ ਤਾਮਿਲ ਫ਼ਿਲਮਾਂ ਦੇ ਸਟਾਰ ਹਨ ਤੇ 15 ਸਾਲ ਤੋਂ ਫ਼ਿਲਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਵੀ ਕਈ ਚੰਗੀਆਂ ਫ਼ਿਲਮਾਂ ਕੀਤੀਆਂ ਹਨ। ਅਸੀਂ ਕੇਰਲ ਅਤੇ ਤਾਮਿਲਨਾਡੂ ਦੀਆਂ 13 ਥਾਵਾਂ 'ਤੇ ਲਗਪਗ 50 ਦਿਨ ਤੋਂ ਸਮਾਂ ਚੱਲੀ ਸ਼ੂਟਿੰਗ ਦੌਰਾਨ ਇਕੱਠੇ ਰਹੇ। ਸੱਚਮੁੱਚ ਉਹ ਬੜੇ ਨਿਮਰ ਸੁਭਾਅ ਵਾਲੇ, ਮਿਲਣਸਾਰ ਤੇ ਤਜਰਬੇਕਾਰ ਹਨ। ਸੋ, ਮੈਨੂੰ ਉਨ੍ਹਾਂ ਕੋਲੋਂ ਸਿੱਖਣ ਲਈ ਬਹੁਤ ਕੁਝ ਮਿਲਿਆ। ਫ਼ਿਲਮ 'ਚ ਕੰਮ ਕਰਨ ਤੋਂ ਪਹਿਲਾਂ ਕੀ-ਕੀ ਤਿਆਰੀ ਕਰਨੀ ਪਈ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਫ਼ਿਲਮ 'ਚ ਮੇਰੇ ਕਿਰਦਾਰ ਦਾ ਨਾਂਅ ਸਤਨਾਮ ਸਿੰਘ ਹੈ। ਨਿਰਦੇਸ਼ਕ ਨੂੰ ਕਿਸੇ ਤਰ੍ਹਾਂ ਪਤਾ ਲੱਗਾ ਸੀ ਕੀ ਫ਼ਿਲਮ ਦਾ ਕਿਰਦਾਰ ਸਤਨਾਮ ਸਿੰਘ ਨਾਲ ਰਲਦਾ-ਮਿਲਦਾ ਕਿਰਦਾਰ ਮੇਰੇ ਅਸਲ ਕਿਰਦਾਰ ਦੇ ਬਹੁਤ ਨੇੜੇ ਹੈ। ਸੋ, ਮੈਨੂੰ ਕੋਈ ਖਾਸ ਤਿਆਰੀ ਨਹੀਂ ਕਰਨੀ ਪਈ। ਉਂਜ ਇਹ ਐਕਸ਼ਨ ਫ਼ਿਲਮ ਹੋਣ ਕਰਕੇ ਮੈਂ ਘੋੜ ਸਵਾਰੀ ਸਿੱਖੀ ਤੇ ਐਕਸ਼ਨ ਦ੍ਰਿਸ਼ਾਂ ਲਈ ਅਭਿਆਸ ਜ਼ਰੂਰ ਕੀਤਾ।
ਫ਼ਿਲਮ ਵਿਚਲੇ ਆਪਣੇ ਚਰਿਤਰ ਬਾਰੇ ਉਨ੍ਹਾਂ ਦੱਸਿਆ ਕਿ ਇਹ ਦੂਜੀ ਸੰਸਾਰ ਜੰਗ ਵੇਲੇ ਦੀ ਕਹਾਣੀ 'ਤੇ ਆਧਾਰਿਤ ਹੈ ਤੇ ਜ਼ਿੰਦਗੀ ਦੇ ਤਿੰਨ ਵੱਖ-ਵੱਖ ਪੜਾਵਾਂ 'ਚ ਕਿਸ-ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਆਉਂਦੇ ਹਨ 'ਤੇ ਆਧਾਰਿਤ ਕਹਾਣੀ ਹੈ। ਪਹਿਲੇ ਅੱਧ ਤੱਕ ਮੇਰਾ 1940 ਦੇ ਦਹਾਕੇ ਦੇ ਪੀਰੀਅਡ ਡਰਾਮਾ ਵਾਲਾ ਕਿਰਦਾਰ ਹੈ ਤੇ ਦੂਜੇ ਅੱਧ 'ਚ ਆਧੁਨਿਕ ਦਿਖ ਵਾਲਾ ਰੋਲ ਹੈ। ਮੇਰਾ ਕਿਰਦਾਰ ਕਾਫ਼ੀ ਪ੍ਰਭਾਵਸ਼ਾਲੀ ਹੈ।

-ਅ.ਬ.

ਬਾਲੀਵੁੱਡ 'ਚ ਹੁਣ ਗੂੰਜੇਗੀ ਆਵਾਜ਼: ਸੁਰਜੀਤ ਭੁੱਲਰ

ਸੁਰ ਦੇ ਸਹਾਰੇ ਕੀਤੀ ਮਿਹਨਤ, ਰੱਬ ਤੇ ਤਕਦੀਰ ਦਾ ਸਾਥ, ਸੱਚੇ ਦਿਲੋਂ ਲਗਨ ਨਾਲ ਗਾਇਕੀ ਦੇ ਕਿੱਤੇ ਨੂੰ ਨਿਭਾਉਣ ਵਾਲੇ ਗਾਇਕ ਸੁਰਜੀਤ ਭੁੱਲਰ ਨੂੰ ਉਸ ਦੀ ਮਿੱਠੀ ਆਵਾਜ਼ ਨੇ ਸਰੋਤਿਆਂ ਦਾ ਦੇਸ਼-ਵਿਦੇਸ਼ 'ਚ ਭਰਵਾਂ ਪਿਆਰ ਦੁਆਇਆ ਹੈ ਤਾਂ ਭਲਾ ਪਾਲੀਵੁੱਡ ਕਿਉਂ ਨਾ ਉਸ ਦੀ ਸੁਰ ਨੂੰ ਵਰਤਦੀ ਤੇ ਭੂਸ਼ਨ ਮਦਾਨ ਦੀ ਫ਼ਿਲਮ 'ਮਜਾਜਣ' ਦੇ ਦੋ ਗੀਤ ਸੁਦੇਸ਼ ਕੁਮਾਰੀ ਨਾਲ ਗਾਏ ਤੇ ਇਹ ਗੀਤ ਮੋਬਾਈਲਾਂ 'ਤੇ ਐਨੇ ਵੱਜੇ ਕਿ ਅੱਜ ਤੱਕ ਰਿਕਾਰਡ ਕਾਇਮ ਹੈ। ਫ਼ਿਲਮ 'ਵਿਦਰੋਹ' ਦੇ ਪੋਸਟਰਾਂ 'ਤੇ ਬਾਕਾਇਦਾ ਗੁੱਗੂ ਗਿੱਲ ਨਾਲ ਉਸ ਦੀ ਤਸਵੀਰ ਲੱਗੀ ਸੀ ਤੇ ਹੁਣ ਪੰਜਾਬੀ ਫ਼ਿਲਮ 'ਢੋਲ ਰੱਤੀ' ਦੇ ਗੀਤ ਗਾਉਣ ਦੇ ਮੌਕੇ ਨੇ ਪਾਲੀਵੁੱਡ 'ਚ ਸੁਰਜੀਤ ਭੁੱਲਰ ਦੀ ਆਵਾਜ਼ ਨੂੰ ਹੋਰ ਸੁਰਜੀਤ ਕਰ ਦਿੱਤਾ ਹੈ। ਸੰਨ 1970 ਦੇ ਦਹਾਕੇ ਦੀ ਕਹਾਣੀ 'ਤੇ ਆਧਾਰਤ 'ਢੋਲ ਰੱਤੀ' ਦਾ ਸੰਗੀਤ ਰਵੀ ਪਵਾਰ ਤੇ ਤਨੁਜ ਜੇਤਲੀ ਦਾ ਹੈ। ਮੀਨਾ ਸਿੰਘ, ਨਛੱਤਰ ਗਿੱਲ, ਸੁਦੇਸ਼ ਕੁਮਾਰੀ, ਰਾਣੀ ਰਣਦੀਪ ਨਾਲ ਉਸ ਦਾ ਗਾਉਣਾ ਉਸ ਦਾ ਪਾਲੀਵੁੱਡ 'ਚ ਚਮਕ ਰਿਹਾ ਪਿੱਠਵਰਤੀ ਗਾਇਕੀ ਦਾ ਕੈਰੀਅਰ ਹੈ। ਸ਼ਿਵਮ ਸ਼ਰਮਾ ਨਿਰਦੇਸ਼ਤ ਮਾਣਿਕ ਵਰਮਾ ਦੀ ਇਸ ਫ਼ਿਲਮ 'ਚ ਅਰਸ਼ ਚਾਵਲਾ, ਲੱਖਾ ਲਖਵਿੰਦਰ, ਹਰਬੀ ਸੰਘਾ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਦੇ ਨਾਲ ਸੁਰਜੀਤ ਭੁੱਲਰ ਦਾ ਵੀ ਪਰਦੇ 'ਤੇ ਕੰਮ ਹੈ। 'ਢੋਲ ਰੱਤੀ' ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਬਾਲੀਵੁੱਡ ਦੇ ਦਿੱਗਜ਼ ਲਾਇਨ ਨਿਰਮਾਤਾ ਦਰਸ਼ਨ ਔਲਖ ਨੇ ਉਸ ਦੀ ਆਵਾਜ਼ ਬਾਲੀਵੁੱਡ ਪਹੁੰਚਾਉਣ ਦਾ ਵਾਅਦਾ ਕੀਤਾ ਹੈ ਤੇ ਜਲਦੀ ਹੀ ਵੱਡੇ ਬੈਨਰਜ਼ 'ਚ ਉਸਦੀ ਫ਼ਿਲਮੀ ਗਾਇਕੀ ਸੁਣਾਈ ਦੇਵੇਗੀ, ਜਦ ਕਿ ਸੀ.ਡੀ. ਗਾਇਕੀ, ਦੋਗਾਣਾ ਤੇ ਸਿੰਗਲ ਟਰੈਕ 'ਚ ਨਿੱਤ ਮਿਲਦੀਆਂ ਸਫ਼ਲਤਾਵਾਂ ਕਿਸੇ ਤੋਂ ਲੁਕੀਆਂ ਨਹੀਂ ਹਨ।


-ਅੰਮ੍ਰਿਤ ਪਵਾਰ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX