ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਬਾਲ ਸੰਸਾਰ

ਸੰਸਾਰ ਨੂੰ ਰੌਸ਼ਨ ਕਰਨ ਵਾਲਾ ਮਹਾਨ ਵਿਗਿਆਨੀ

ਥਾਮਸ ਅਲਵਾ ਐਡੀਸਨ

ਪਿਆਰੇ ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਇਕ ਵਿਦਿਆਲਾ ਜਿਸ ਨੂੰ ਗਿਆਨ ਦੀ ਰੌਸ਼ਨੀ ਨਹੀਂ ਦੇ ਸਕਿਆ, ਉਸ ਨੇ ਪੂਰੇ ਵਿਸ਼ਵ ਨੂੰ ਰੌਸ਼ਨ ਕਰ ਦਿੱਤਾ। ਜੀ ਹਾਂ, ਗੱਲ ਹੋ ਰਹੀ ਹੈ ਮਹਾਨ ਅਮਰੀਕੀ ਖੋਜੀ ਥਾਮਸ ਏ. ਐਡੀਸਨ ਦੀ, ਜਿਸ ਨੇ ਬਿਜਲੀ ਦੇ ਬਲਬ ਦੀ ਖੋਜ ਕੀਤੀ ਸੀ। ਇਸ ਮਹਾਨ ਸ਼ਖ਼ਸੀਅਤ ਦਾ ਜਨਮ 11 ਫਰਵਰੀ, 1847 ਈ: ਵਿਚ ਓਹੀਓ ਰਾਜ ਦੇ ਮਿਲੈਨ ਨਗਰ, ਸੰਯੁਕਤ ਰਾਜ ਅਮਰੀਕਾ ਵਿਚ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਂਅ ਸੁਮੇਲ ਓ. ਐਡੀਸਨ ਅਤੇ ਮਾਤਾ ਜੀ ਦਾ ਨਾਂਅ ਨੈਨਸੀ ਮੈਥਿਓ ਈਲੀਅਟ ਸੀ। ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਨੂੰ ਸਕੂਲ ਤੋਂ ਨਾਲਾਇਕ ਕਹਿ ਕੇ ਕੱਢ ਦਿੱਤਾ ਗਿਆ ਸੀ ਅਤੇ ਇਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਪਹਿਲੇ 6 ਸਾਲ ਆਪਣੇ ਮਾਤਾ ਜੀ ਤੋਂ ਘਰ ਵਿਚ ਰਹਿ ਕੇ ਹੀ ਪ੍ਰਾਪਤ ਕੀਤੀ। ਆਪਣੀ ਸੂਝਬੂਝ ਅਤੇ ਬਲਬੂਤੇ 'ਤੇ ਆਪਣੇ ਦਸਵੇਂ ਜਨਮ ਤੱਕ 'ਡਿਕਸ਼ਨਰੀ ਆਫ ਸਾਇੰਸਜ਼' ਦੇ ਨਾਲ-ਨਾਲ ਹੋਰ ਗ੍ਰੰਥਾਂ (ਝੂਮ, ਸੀਅਰ, ਬਰਟਨ ਅਤੇ ਗਿਬਨ) ਦਾ ਅਧਿਐਨ ਕਰ ਲਿਆ ਸੀ।
12 ਸਾਲ ਦੀ ਉਮਰ ਵਿਚ ਫਲਾਂ ਅਤੇ ਸਮਾਚਾਰ ਪੱਤਰਾਂ ਨੂੰ ਵੇਚਣ ਦਾ ਕੰਮ ਵੀ ਕੀਤਾ ਅਤੇ ਪ੍ਰਤੀ ਦਿਨ ਇਕ ਡਾਲਰ ਕਮਾ ਕੇ ਆਪਣੇ ਪਰਿਵਾਰ ਦੀ ਸਹਾਇਤਾ ਕੀਤੀ। ਉਸ ਸਮੇਂ ਪਰਿਵਾਰ ਦੇ ਆਰਥਿਕ ਹਾਲਾਤ ਕੁਝ ਚੰਗੇ ਨਹੀਂ ਸਨ। ਉਹ ਰੇਲ 'ਚ ਪੱਤਰ ਵੇਚਣ ਦਾ ਕੰਮ ਕਰਦੇ ਅਤੇ ਨਾਲ ਹੀ ਵਿਗਿਆਨਕ ਪ੍ਰਯੋਗ ਵੀ ਕਰਦੇ ਰਹਿੰਦੇ। ਆਖਰਕਾਰ 1093 ਖੋਜਾਂ ਨੂੰ ਆਪਣੇ ਨਾਂਅ ਪੇਟੈਂਟ ਕਰਵਾਇਆ। ਇਸ ਮਹਾਨ ਵਿਗਿਆਨੀ ਦੀ ਦੇਣ ਸਦਕਾ ਫੈਕਟਰੀਆਂ ਅਤੇ ਘਰ-ਘਰ ਬਿਜਲਈ ਸ਼ਕਤੀਕਰਨ ਉਪਰੰਤ ਬਿਜਲੀ ਪਹੁੰਚੀ ਅਤੇ ਉਦਯੋਗਿਕ ਵਰਗ ਵਿਚ ਇਕ ਨਵਾਂ ਮੋੜ ਆਇਆ। ਇਸ ਦਾ ਪਹਿਲਾ ਬਿਜਲੀਘਰ ਮਾਨਹਾਟਨ, ਨਿਊਯਾਰਕ ਵਿਚ ਸਥਿਤ ਹੈ। ਉਨ੍ਹਾਂ ਦੀ ਸੋਚ ਏਨੀ ਸਾਕਾਰਾਤਮਕ ਸੀ ਕਿ ਜਦੋਂ ਉਨ੍ਹਾਂ ਨੂੰ ਸੈਂਕੜੇ ਵਾਰ ਕੋਸ਼ਿਸ਼ਾਂ ਕਰਨ 'ਤੇ ਵੀ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੇ ਕਿਹਾ ਕਿ 'ਮੈਂ ਸੈਂਕੜੇ ਵਾਰ ਅਸਫਲ ਨਹੀਂ ਹੋਇਆ, ਸਗੋਂ ਮੈਂ ਇਹ ਪਤਾ ਲਗਾਉਣ 'ਚ ਕਾਮਯਾਬ ਹੋ ਗਿਆ ਹਾਂ ਕਿ ਕਿਹੜੇ-ਕਿਹੜੇ ਸੈਂਕੜੇ ਤਰੀਕੇ ਕੰਮ ਨਹੀਂ ਕਰਦੇ।' ਉਨ੍ਹਾਂ ਦੇ ਵਿਚਾਰ ਅਨੁਸਾਰ, 'ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਹੌਸਲਾ ਛੱਡ ਦੇਣਾ। ਯਕੀਨਨ ਕਾਮਯਾਬੀ ਹਾਸਲ ਕਰਨ ਲਈ ਸਾਨੂੰ ਹਮੇਸ਼ਾ ਇਕ ਕੋਸ਼ਿਸ਼ ਹੋਰ ਕਰਨੀ ਚਾਹੀਦੀ ਹੈ।' ਵਾਕਿਆ ਹੀ ਬੱਚਿਓ! ਜੇ ਅਸੀਂ ਨਿਰੰਤਰ ਕੋਸ਼ਿਸ਼ ਕਰਦੇ ਰਹਾਂਗੇ ਤਾਂ ਯਕੀਨਨ ਹੀ ਸਾਨੂੰ ਸਫਲਤਾ ਮਿਲੇਗੀ।


-ਸ: ਸੀ: ਸੈ: ਸਕੂਲ, ਡਿਹਰੀਵਾਲਾ (ਅੰਮ੍ਰਿਤਸਰ)।


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ

ਮਨ ਦੀ ਤਸੱਲੀ

ਸੁਲੱਖਣ ਸਿੰਘ ਪੁਲਿਸ ਵਿਚ ਨੌਕਰੀ ਕਰਦਾ ਸੀ। ਉਸ ਦੀ ਬਦਲੀ ਘਰ ਤੋਂ ਦੂਰ ਕਿਸੇ ਦੂਜੇ ਸ਼ਹਿਰ ਵਿਚ ਹੋ ਗਈ। ਉਨ੍ਹਾਂ ਦੇ ਬਾਕੀ ਪਰਿਵਾਰ ਦੇ ਮੈਂਬਰ ਪਤਨੀ ਅਤੇ ਬੱਚੇ ਕੁਝ ਮਹੀਨਿਆਂ ਲਈ ਅਮਰੀਕਾ ਗਏ ਹੋਏ ਸਨ। ਉਨ੍ਹਾਂ ਨੇ ਘਰ ਦੀ ਦੇਖਭਾਲ ਕਰਨ ਲਈ ਮਨੀ ਰਾਮ ਨੂੰ ਇਕ ਕਮਰਾ ਦਿੱਤਾ ਹੋਇਆ ਸੀ। ਸੁਲੱਖਣ ਨੇ ਆਪਣੇ ਘਰ, ਬੂਟੇ ਅਤੇ ਦਰੱਖਤ ਲਗਾਏ ਹੋਏ ਸਨ। ਉਹ ਉਨ੍ਹਾਂ ਦੀ ਬਹੁਤ ਦੇਖਭਾਲ ਕਰਦਾ। ਲੋੜ ਪੈਣ 'ਤੇ ਮਾਲੀ ਨੂੰ ਬੁਲਵਾ ਕੇ ਖਾਦ ਅਤੇ ਦਵਾਈਆਂ ਵੀ ਪੁਆ ਦਿੰਦਾ, ਤਾਂ ਜੋ ਬੂਟੇ ਹਰੇ-ਭਰੇ ਰਹਿਣ।
ਆਪਣੇ ਘਰ ਸੁਲੱਖਣ ਦਾ ਕਦੇ-ਕਦੇ ਗੇੜਾ ਲਗਦਾ ਸੀ। ਪੁਲਿਸ ਦੀ ਨੌਕਰੀ ਹੋਣ ਕਰਕੇ ਉਸ ਨੂੰ ਆਪਣੇ ਕੰਮ 'ਤੇ ਹੀ ਰੁੱਝੇ ਰਹਿਣਾ ਪੈਂਦਾ ਸੀ। ਜਦੋਂ ਵੀ ਉਹ ਇਕ-ਦੋ ਦਿਨ ਲਈ ਘਰ ਆਉਂਦਾ ਤੇ ਉਹ ਬੂਟਿਆਂ ਨੂੰ ਸਵੇਰੇ-ਸ਼ਾਮ ਪਾਣੀ ਦਿੰਦਾ ਤੇ ਜਾਣ ਲੱਗਾ ਮਨੀ ਰਾਮ ਨੂੰ ਕਹਿੰਦਾ, 'ਮਨੀ ਰਾਮ, ਮੈਂ ਡਿਊਟੀ ਚੱਲਿਆਂ, ਮੇਰੇ ਪਿੱਛੋਂ ਬੂਟਿਆਂ ਦਾ ਧਿਆਨ ਰੱਖੀਂ, ਸਵੇਰੇ-ਸ਼ਾਮ ਪਾਣੀ ਦਿੰਦਾ ਰਹੀਂ।'
'ਚੰਗਾ ਜੀ, ਮੈਂ ਇਨ੍ਹਾਂ ਨੂੰ ਦੋ ਵਕਤ ਪਾਣੀ ਜ਼ਰੂਰ ਦੇਵਾਂਗਾ।' ਮਨੀ ਰਾਮ ਕਹਿ ਤਾਂ ਦਿੰਦਾ ਪਰ ਬੂਟਿਆਂ ਨੂੰ ਹਰ ਰੋਜ਼ ਪਾਣੀ ਨਾ ਦੇ ਕੇ ਸਗੋਂ ਮਰਜ਼ੀ ਨਾਲ ਕਦੇ-ਕਦਾਈਂ ਪਾਣੀ ਦੇ ਦਿੰਦਾ। ਪਾਣੀ ਦੀ ਘਾਟ ਹੋਣ ਕਰਕੇ ਬੂਟੇ ਸੁੱਕਣੇ ਸ਼ੁਰੂ ਹੋ ਗਏ। ਫੁੱਲ ਵੀ ਮੁਰਝਾ ਗਏ। ਪਰ ਜਦੋਂ ਮਨੀ ਰਾਮ ਨੂੰ ਸੁਲੱਖਣ ਦੇ ਘਰ ਆਉਣ ਦਾ ਪਤਾ ਲਗਦਾ ਤਾਂ ਉਹ ਬੂਟਿਆਂ ਨੂੰ ਪਾਣੀ ਪਾ ਦਿੰਦਾ।
ਜਦੋਂ ਸੁਲੱਖਣ ਘਰ ਛੁੱਟੀ 'ਤੇ ਆਉਂਦਾ ਤਾਂ ਉਹ ਸੁੱਕੇ ਹੋਏ ਬੂਟਿਆਂ ਦੀ ਹਾਲਤ ਦੇਖ ਕੇ ਮਨੀ ਰਾਮ ਨੂੰ ਪੁੱਛਦਾ, 'ਮਨੀ ਰਾਮ ਬੂਟੇ ਤਾਂ ਸੁੱਕ ਗਏ ਹਨ, ਤੂੰ ਬੂਟਿਆਂ ਨੂੰ ਪਾਣੀ ਨਹੀਂ ਦਿੰਦਾ ਸੀ?' ਮਨੀ ਰਾਮ ਕਹਿੰਦਾ, 'ਨਹੀਂ ਜੀ, ਮੈਨੂੰ ਰੱਬ ਦੀ ਸਹੁੰ, ਮੈਂ ਤਾਂ ਹਰ ਰੋਜ਼ ਸਵੇਰੇ-ਸ਼ਾਮ ਬੂਟਿਆਂ ਨੂੰ ਪਾਣੀ ਦਿੰਦਾ ਸੀ, ਪਤਾ ਨਹੀਂ ਇਹ ਕਿਉਂ ਸੁੱਕ ਗਏ ਹਨ? ਉਸ ਦੀ ਇਸ ਗੱਲ 'ਤੇ ਸੁਲੱਖਣ ਹੱਸ ਪੈਂਦਾ। ਇਹ ਜਾਣਦਿਆਂ ਹੋਇਆਂ ਕਿ ਉਹ ਝੂਠ ਬੋਲ ਰਿਹਾ ਹੈ।
ਇਕ ਰਾਤ ਨੂੰ ਮਨੀ ਰਾਮ ਨੂੰ ਕਿਆਰੀ ਵਿਚ ਲੱਗੇ ਬੂਟੇ ਤੇ ਦਰੱਖਤਾਂ ਦਾ ਸੁਪਨਾ ਆਇਆ। ਅੰਬ ਦੇ ਦਰੱਖਤ ਨੇ ਕਿਹਾ, 'ਕਿਉਂ ਮਨੀ ਰਾਮ, ਝੂਠ ਕਿਉਂ ਬੋਲਦਾ ਏਂ, ਤੂੰ ਤਾਂ ਸਾਨੂੰ ਪਾਣੀ ਪਿੱਛੇ ਤਰਸਾ ਦਿੱਤਾ। ਤੂੰ ਤਾਂ ਇਹ ਸੋਚ ਕੇ ਸਾਨੂੰ ਪਾਣੀ ਨਹੀਂ ਦਿੰਦਾ ਸੀ ਕਿ ਇਹ ਬੂਟੇ ਮੈਂ ਥੋੜ੍ਹਾ ਲਗਾਏ ਹਨ, ਜੋ ਮੈਂ ਪਾਣੀ ਦੇਵਾਂ। ਮੇਰੇ ਕੋਲੋਂ ਨਹੀਂ ਬੂਟਿਆਂ ਨੂੰ ਪਾਣੀ ਦੇਣ ਦੀ ਨੌਕਰੀ ਹੁੰਦੀ। ਪਰ ਸਾਡੇ ਵੱਲ ਦੇਖ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਜੇ ਅਸੀਂ ਆਕਸੀਜਨ ਅਤੇ ਛਾਂ ਦਿੰਦੇ ਹਾਂ ਤਾਂ ਸਭ ਨੂੰ ਦਿੰਦੇ ਹਾਂ। ਅਸੀਂ ਕਦੇ ਅਮੀਰੀ-ਗਰੀਬੀ, ਊਚ-ਨੀਚ, ਜਾਤ-ਪਾਤ ਦਾ ਕਦੇ ਭੇਦ-ਭਾਵ ਨਹੀਂ ਕੀਤਾ ਤੇ ਸਭ ਨੂੰ ਅਨਾਜ, ਫੁੱਲ, ਫਲ, ਲੱਕੜੀ ਅਤੇ ਕਈ ਜੜ੍ਹੀ ਬੂਟੀਆਂ ਦਿੰਦੇ ਹਾਂ। ਰੁੱਖਾਂ ਨਾਲ ਹੀ ਬਹਾਰਾਂ ਹਨ, ਰੁੱਖਾਂ ਤੋਂ ਬਗੈਰ ਮਨੁੱਖਾਂ ਅਤੇ ਜੀਵਾਂ ਦਾ ਜੀਵਨ ਅਧੂਰਾ ਹੈ। ਰੁੱਖਾਂ ਨਾਲ ਵਾਤਾਵਰਨ ਸ਼ੁੱਧ ਰਹਿੰਦਾ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
ਮਨੀ ਰਾਮ ਸੁਪਨਾ ਦੇਖ ਕੇ ਬੁੜਬੁੜਾਉਣ ਲੱਗ ਪਿਆ, 'ਮੈਨੂੰ ਮੁਆਫ਼ ਕਰ ਦਿਓ, ਮੈਂ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਾਂਗਾ। ਮੈਂ ਹਰ ਰੋਜ਼ ਤੁਹਾਨੂੰ ਪਾਣੀ ਵੀ ਦੇਵਾਂਗਾ ਤੇ ਤੁਹਾਡੀ ਦੇਖਭਾਲ ਵੀ ਕਰਾਂਗਾ। ਹੋਰ ਰੁੱਖ ਵੀ ਲਗਾਵਾਂਗਾ।' ਜਦੋਂ ਮਨੀ ਰਾਮ ਸਵੇਰੇ ਉੱਠਿਆ ਤਾਂ ਉਸ ਨੂੰ ਸੁਪਨੇ ਦੀ ਯਾਦ ਆ ਗਈ। ਉਸ ਨੇ ਸਭ ਤੋਂ ਪਹਿਲਾ ਕੰਮ ਬੂਟਿਆਂ ਨੂੰ ਪਾਣੀ ਦੇਣ ਦਾ ਕੀਤਾ। ਅਜਿਹਾ ਕਰਕੇ ਉਸ ਦੇ ਮਨ ਨੂੰ ਤਸੱਲੀ ਮਿਲੀ ਤੇ ਉਸ ਨੇ ਆਪਣੇ ਮਨ ਨਾਲ ਵਾਅਦਾ ਵੀ ਕੀਤਾ ਕਿ ਉਹ ਰੋਜ਼ ਬੂਟਿਆਂ ਨੂੰ ਪਾਣੀ ਦੇ ਕੇ ਉਨ੍ਹਾਂ ਨੂੰ ਹਰੇ-ਭਰੇ ਰੱਖੇਗਾ।


-261/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ। ਮੋਬਾ: 97800-32199

ਪੋਖਾਰਾ ਨਿਪਾਲ ਦਾ ਝੀਲਾਂ ਦਾ ਖ਼ੂਬਸੂਰਤ ਸ਼ਹਿਰ

ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ ਨਿਪਾਲ ਸਾਡਾ ਗੁਆਂਢੀ ਦੇਸ਼ ਹੈ, ਜਿਸ ਦੀ ਰਾਜਧਾਨੀ ਕਾਠਮੰਡੂ ਹੈ। ਕਾਠਮੰਡੂ ਤੋਂ ਇਲਾਵਾ ਪੋਖਾਰਾ, ਲਲਿਤਪੁਰ ਅਤੇ ਭਦਗਾਓ ਨਿਪਾਲ ਦੇ ਖੂਬਸੂਰਤ ਸੈਲਾਨੀ ਸ਼ਹਿਰ ਹਨ। ਪੋਖਾਰਾ ਦੁਨੀਆ ਦੀ ਪ੍ਰਸਿੱਧ ਸੈਲਾਨੀ ਸੈਰਗਾਹ ਵਜੋਂ ਜਾਣਿਆ ਜਾਂਦਾ ਹੈ। ਪਹਾੜਾਂ ਵਿਚ ਘਿਰੀਆਂ ਝੀਲਾਂ ਦੀ ਇਹ ਅਨੋਖੀ ਧਰਤੀ ਕਾਠਮੰਡੂ ਤੋਂ ਲਗਪਗ 200 ਕਿਲੋਮੀਟਰ ਦੀ ਦੂਰੀ 'ਤੇ ਹੈ। ਪਹਾੜੀ ਸਫ਼ਰ ਹੋਣ ਕਾਰਨ ਇਸ ਵਾਦੀ ਵਿਚ ਪਹੁੰਚਣ ਲਈ ਕਾਠਮੰਡੂ ਤੋਂ 4 ਘੰਟੇ ਲੱਗ ਜਾਂਦੇ ਹਨ। ਸ਼ਹਿਰ ਵਿਚ ਪਹੁੰਚਦਿਆਂ ਹੀ ਖੂਬਸੂਰਤ ਪਹਾੜੀ ਦੇਖ ਕੇ ਮਨ ਬਾਗੋਬਾਗ ਹੋ ਜਾਂਦਾ ਹੈ। ਦੁਨੀਆ ਭਰ ਦੇ ਸੈਲਾਨੀਆਂ ਦੀਆਂ ਰੌਣਕਾਂ ਇਥੇ ਦੇਖੀਆਂ ਜਾ ਸਕਦੀਆਂ ਹਨ। ਪਹਿਲੀ ਵਾਰ ਪੋਖਾਰਾ ਵਾਦੀ ਦਾ ਦ੍ਰਿਸ਼ ਦੇਖਣ ਤੋਂ ਬਾਅਦ ਇੰਜ ਲਗਦਾ ਹੈ ਕਿ ਅਸੀਂ ਕਸ਼ਮੀਰ ਵਾਦੀ ਦੀ ਡੱਲ ਝੀਲ ਦਾ ਨਜ਼ਾਰਾ ਦੇਖ ਰਹੇ ਹਾਂ। ਵਿਸ਼ਾਲ ਉੱਚੇ ਪਹਾੜਾਂ ਵਿਚ ਘਿਰੀ ਝੀਲ ਵਿਚ ਸੈਰ ਕਰਦਿਆਂ ਮਾਊਂਟ ਐਵਰੈਸਟ ਦੀਆਂ ਬਰਫ਼ਾਨੀ ਚੋਟੀਆਂ ਦਾ ਅਥਾਹ ਅਨੰਦ ਮਾਣਿਆ ਜਾ ਸਕਦਾ ਹੈ। ਹਿਮਾਲਿਆ ਪਰਬਤ ਦੀ ਪ੍ਰਸਿੱਧ ਚੋਟੀ ਮਾਊਂਟ ਐਵਰੈਸਟ ਇਸ ਖੇਤਰ ਵਿਚ ਹੀ ਸਥਿਤ ਹੈ। ਜੂਨ ਮਹੀਨੇ ਦੀ ਅੱਤ ਦੀ ਗਰਮੀ ਵਿਚ ਵੀ ਇਥੇ ਸਰਦੀ ਦਾ ਅਹਿਸਾਸ ਹੁੰਦਾ ਹੈ। ਸਵੇਰ ਵੇਲੇ ਸੂਰਜ ਦੀਆਂ ਉੱਗ ਰਹੀਆਂ ਸੁਨਹਿਰੀ ਕਿਰਨਾਂ ਵਿਚ ਪੋਖਾਰਾ ਝੀਲ ਤੇ ਮਾਊਂਟ ਐਵਰੈਸਟ ਦੀਆਂ ਲਸਾਨੀ ਚੋਟੀਆਂ ਦਾ ਅਲੌਕਿਕ ਦ੍ਰਿਸ਼ ਦਿਲ ਨੂੰ ਛੂਹ ਜਾਂਦਾ ਹੈ। ਹਰ ਸੈਲਾਨੀ ਚਾਹੁੰਦਾ ਹੈ ਕਿ ਉਹ ਇਸ ਦ੍ਰਿਸ਼ ਨੂੰ ਸਦਾ ਲਈ ਆਪਣੇ ਅੰਦਰ ਵਸਾ ਲਵੇ ਅਤੇ ਇਸ ਖੂਬਸੂਰਤ ਵਾਦੀ ਦਾ ਹੀ ਹੋ ਕੇ ਰਹਿ ਜਾਵੇ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾ: 94653-69343

ਰੇਲ ਗੱਡੀ ਦੇ ਪਿੱਛੇ 'ਐਕਸ' ਕਿਉਂ ਬਣਿਆ ਹੁੰਦਾ ਹੈ

ਬੱਚਿਓ, ਤੁਸੀਂ ਸਭ ਨੇ ਰੇਲ ਗੱਡੀ ਵਿਚ ਕਦੇ ਨਾ ਕਦੇ ਜ਼ਰੂਰ ਸਫਰ ਕੀਤਾ ਹੋਵੇਗਾ। ਭਾਰਤ ਵਿਚ ਹਰ ਰੋਜ਼ ਕਰੋੜਾਂ ਲੋਕ ਰੇਲ ਗੱਡੀ ਵਿਚ ਸਫ਼ਰ ਕਰਦੇ ਹਨ। ਕਿਉਂਕਿ ਆਵਾਜਾਈ ਦੇ ਬਾਕੀ ਸਾਧਨਾਂ ਨਾਲੋਂ ਇਹ ਸਸਤਾ ਤੇ ਆਰਾਮਦਾਇਕ ਹੁੰਦਾ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਤਾਂ ਇਸ ਦੀ ਬੁਕਿੰਗ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਲੰਬਾ ਸਫ਼ਰ ਕਰਨ ਲਈ ਇਹ ਸਭ ਤੋਂ ਵਧੀਆ ਸਾਧਨ ਹੈ।
ਕੀ ਤੁਸੀਂ ਸਟੇਸ਼ਨ 'ਤੇ ਖੜ੍ਹੀ ਰੇਲ ਗੱਡੀ 'ਤੇ ਜਾਂ ਸਫ਼ਰ ਕਰਦੇ ਸਮੇਂ ਸਭ ਤੋਂ ਪਿਛਲੀ ਬੋਗੀ ਜਾਂ ਡੱਬੇ 'ਤੇ ਐਕਸ (X) ਦਾ ਨਿਸ਼ਾਨ ਬਣਿਆ ਦੇਖਿਆ ਹੈ? ਇਹ ਪੀਲੇ ਜਾਂ ਚਿੱਟੇ ਰੰਗ ਦਾ ਬਣਿਆ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋ ਕਿ ਰੇਲ ਗੱਡੀ ਦੇ ਸਾਰੇ ਡੱਬੇ ਇਕ-ਦੂਜੇ ਨਾਲ ਜੁੜੇ ਹੁੰਦੇ ਹਨ। ਜੇਕਰ ਕਿਸੇ ਵੀ ਡੱਬੀ ਵਿਚ ਕੋਈ ਨੁਕਸ ਪੈ ਜਾਵੇ ਤਾਂ ਡੱਬਾ ਲੀਹ ਤੋਂ ਲਹਿ ਸਕਦਾ ਹੈ ਜਾਂ ਪਿੱਛੇ ਛੁੱਟ ਸਕਦਾ ਹੈ। ਸਫਰ ਲੰਬਾ ਹੋਣ ਕਰਕੇ ਅਤੇ ਡੱਬਿਆਂ ਦੀ ਜ਼ਿਆਦਾ ਗਿਣਤੀ ਕਾਰਨ ਡਰਾਈਵਰ ਨੂੰ ਇਸ ਦਾ ਪਤਾ ਨਹੀਂ ਲਗਦਾ। ਇਸ ਕਾਰਨ ਉਸ ਪਟੜੀ 'ਤੇ ਉਸ ਤੋਂ ਬਾਅਦ ਵਿਚ ਆਉਣ ਵਾਲੀ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ। ਐਕਸ ਦੇ ਨਿਸ਼ਾਨ ਤੋਂ ਡਿਊਟੀ ਵਾਲੇ ਕਰਮਚਾਰੀ ਨੂੰ ਪਤਾ ਲਗਦਾ ਰਹਿੰਦਾ ਹੈ ਕਿ ਰੇਲ ਗੱਡੀ ਹਾਦਸਾ ਦਾ ਸ਼ਿਕਾਰ ਨਹੀਂ ਹੋਈ ਹੈ ਅਤੇ ਪੂਰੀ ਰੇਲ ਗੱਡੀ ਇਕ ਸਟੇਸ਼ਨ ਤੋਂ ਦੂਜੇ ਤੱਕ ਸਹੀ-ਸਲਾਮਤ ਪਹੁੰਚ ਚੁੱਕੀ ਹੈ। ਪਰ ਰਾਤ ਵੇਲੇ ਇਹ ਨਿਸ਼ਾਨ ਨਹੀਂ ਦਿਸਦਾ। ਇਸ ਲਈ ਆਖਰੀ ਡੱਬੇ 'ਤੇ ਇਕ ਬਲਬ ਵੀ ਲੱਗਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਆਖਰੀ ਡੱਬੇ ਦੇ ਹੇਠਾਂ ਅੰਗਰੇਜ਼ੀ ਦਾ ਅੱਖਰ '*V' ਉਕਰਿਆ ਹੁੰਦਾ ਹੈ ਭਾਵ 'ਆਖਰੀ ਵਹੀਕਲ'। ਜੇ ਅਖੀਰ 'ਤੇ ਇਹ ਡੱਬਾ ਨਾ ਹੋਵੇ ਤਾਂ ਡਿਊਟੀ ਕਰਮਚਾਰੀ ਆਪਾਤਕਾਲੀਨ ਸਥਿਤੀ ਬਾਰੇ ਕਾਰਵਾਈ ਕਰਦੇ ਹਨ।


-ਸਰਕਾਰੀ ਸਕੂਲ ਅਧਿਆਪਕਾ, ਕੋਟਕਪੂਰਾ। ਫੋਨ : 89688-92929

ਬੁਝਾਰਤ-6

ਕੁਦਰਤ ਅਜਬ ਰੰਗ ਦਿਖਾਏ
ਥੈਲੀ ਦੇ ਵਿਚ ਮੋਤੀ ਪਾਏ।
ਏਨੇ ਸੋਹਣੇ ਹੋਰ ਨਾ ਡਿੱਠੇ,
ਸੁਆਦ ਵਿਚ ਨੇ ਖੱਟੇ-ਮਿੱਠੇ।
ਇਹ ਮੋਤੀ ਨੇ ਬੜੇ ਗੁਣਕਾਰੀ,
ਇਹ ਗੱਲ ਜਾਣੇ ਦੁਨੀਆ ਸਾਰੀ।
ਬਹੁਤ ਵਾਰ ਤੁਸੀਂ ਦੇਖੇ ਮੋਤੀ,
ਬੁੱਝੋ ਬੁਝਾਰਤ ਬੱਚਿਓ ਛੇਤੀ।
ਭਲੂਰੀਆ ਪਹਿਲਾਂ ਪਾਏ ਬੁਝਾਰਤ,
ਦੱਸ ਦੇਣਾ ਹੈ ਉਹਦੀ ਆਦਤ।
-f-
ਇਹਦਾ ਨਾਂਅ ਹੈ ਬੜਾ ਪਿਆਰਾ,
ਆੜਾ ਨੰਨੇ ਨੂੰ ਕੰਨਾ ਰਾਰਾ।
(ਅਨਾਰ)


-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।

ਬਾਲ ਸਾਹਿਤ

ਇਕ ਸੀ ਬਾਬਾ
ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਕੇ. ਜੀ. ਗ੍ਰਾਫ਼ਿਕਸ, ਅੰਮ੍ਰਿਤਸਰ।
ਮੁੱਲ : 60 ਰੁਪਏ, ਸਫੇ : 52


ਭਾਅ ਜੀ ਗੁਰਸ਼ਰਨ ਸਿੰਘ ਹੁਣ ਇਸ ਦੁਨੀਆ 'ਤੇ ਨਹੀਂ ਰਹੇ ਪਰ ਰੰਗਮੰਚ ਵਿਚ ਉਨ੍ਹਾਂ ਵਲੋਂ ਪਾਏ ਗਏ ਯੋਗਦਾਨ ਨੂੰ ਭੁੱਲਣ ਦੀ ਗੁਸਤਾਖੀ ਕੋਈ ਨਹੀਂ ਕਰ ਸਕਦਾ। ਉਨ੍ਹਾਂ ਆਪਣੀ ਪੂਰੀ ਜ਼ਿੰਦਗੀ ਦੱਬੇ-ਕੁਚਲੇ ਲੋਕਾਂ ਦੀ ਪੇਸ਼ਕਾਰੀ ਕਰਨ 'ਤੇ ਲੇਖੇ ਲਾ ਦਿੱਤੀ। ਉਹ ਕ੍ਰਾਂਤੀਕਾਰੀ ਜਜ਼ਬੇ ਵਾਲੇ ਨਾਟਕਕਾਰ ਸਨ, ਜਿਹੜੇ ਕਮਾਈ ਲਈ ਨਹੀਂ, ਸਗੋਂ ਸਮਾਜ ਲਈ ਸਟੇਜ 'ਤੇ ਚੜ੍ਹਦੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਵਿਚੋਂ ਕਈ ਅੱਜ ਵੀ ਰੰਗਮੰਚ ਨਾਲ ਨਿੱਠ ਕੇ ਜੁੜੇ ਹੋਏ ਹਨ।
ਕੇਵਲ ਧਾਲੀਵਾਲ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਵਾਲੇ ਨਾਟਕਕਾਰ ਹਨ। ਨਾਟਕ ਲੇਖਣੀ, ਨਿਰਦੇਸ਼ਨ ਅਤੇ ਅਦਾਕਾਰੀ ਵਿਚ ਉਨ੍ਹਾਂ ਦਾ ਚੋਖਾ ਨਾਂਅ ਹੈ। ਉਂਗਲਾਂ ਦੇ ਪੋਟਿਆਂ 'ਤੇ ਗਿਣੇ ਜਾਣ ਵਾਲੇ ਪੰਜਾਬ ਦੇ ਨਾਟਕਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਇਕ ਕੇਵਲ ਧਾਲੀਵਾਲ ਹੈ।
ਕੇਵਲ ਧਾਲੀਵਾਲ ਦੀਆਂ ਹੁਣ ਤੱਕ ਦਰਜਨਾਂ ਪੁਸਤਕਾਂ ਪਾਠਕਾਂ ਦੀ ਝੋਲੀ ਪੈ ਚੁੱਕੀਆਂ ਹਨ। ਵਿਚਾਰ ਅਧੀਨ ਪੁਸਤਕ 'ਇਕ ਸੀ ਬਾਬਾ' ਉਨ੍ਹਾਂ ਨੇ ਬੱਚਿਆਂ ਲਈ ਲਿਖੀ ਹੈ। ਇਸ ਪੁਸਤਕ ਵਿਚ ਉਨ੍ਹਾਂ ਬਾਬਾ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਜ਼ਿੰਦਗੀ ਅਤੇ ਨਾਟਕ ਯੋਗਦਾਨ ਨੂੰ ਸਰਲ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਕਿਤਾਬ ਦੀ ਖਾਸੀਅਤ ਇਹ ਹੈ ਕਿ ਬੱਚਿਆਂ ਦੀ ਬੌਧਿਕਤਾ ਨੂੰ ਮੁੱਖ ਰੱਖਦਿਆਂ ਸਰਲ ਸ਼ੈਲੀ ਵਰਤੀ ਗਈ ਹੈ।
'ਇਕ ਸੀ ਬਾਬਾ' ਫ਼ਿਲਮੀ ਕਹਾਣੀ ਵਾਂਗ ਅੱਗੇ ਵਧਦੀ ਹੈ ਕਿ ਬਾਬਾ ਗੁਰਸ਼ਰਨ ਸਿੰਘ ਕੌਣ ਸਨ, ਉਹ ਨਾਟਕ ਕਲਾ ਨਾਲ ਕਿਵੇਂ ਜੁੜੇ, ਉਨ੍ਹਾਂ ਨੇ ਜ਼ਿੰਦਗੀ ਵਿਚ ਕਿੰਨੀਆਂ ਪੇਸ਼ਕਾਰੀਆਂ ਕੀਤੀਆਂ, ਉਹ ਕਿਹੋ ਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ, ਉਨ੍ਹਾਂ ਨੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਨਾਟਕ ਵਿਧਾ ਹੀ ਕਿਉਂ ਚੁਣੀ ਆਦਿ।
ਪੁਸਤਕ ਵਿਚ ਦੱਸਿਆ ਗਿਆ ਹੈ ਕਿ ਬਾਬਾ ਗੁਰਸ਼ਰਨ ਸਿੰਘ ਨੇ ਪੰਜਾਹ ਸਾਲ ਦੇ ਰੰਗਮੰਚ ਸਫ਼ਰ ਵਿਚ ਦੋ ਸੌ ਦੇ ਕਰੀਬ ਨਾਟਕ ਲਿਖੇ। ਉਨ੍ਹਾਂ ਨੇ ਨਾਟਕਾਂ ਦੀਆਂ 12,000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਕੀਤੀਆਂ। ਉਨ੍ਹਾਂ ਨੇ ਨਾਟ ਲੇਖਣੀ, ਅਦਾਕਾਰੀ ਅਤੇ ਪੇਸ਼ਕਾਰੀ ਦੀ ਆਪਣੀ ਵਿਸ਼ੇਸ਼ ਲੋਕ ਨਾਟ ਸ਼ੈਲੀ ਵਿਕਸਤ ਕੀਤੀ। ਆਪਣੇ-ਆਪ ਨੂੰ ਭੁਲਾ ਕੇ ਪਾਤਾਰ ਨਾਲ ਇਕਮਿਕ ਹੋਣ ਵਾਲੀ ਸ਼ੈਲੀ ਦੀ ਵਰਤੋਂ ਕੀਤੀ। ਪੁਸਤਕ ਦੀ ਇਕ ਹੋਰ ਖੂਬਸੂਰਤੀ ਹਰ ਸਫੇ ਨਾਲ ਸਕੈੱਚ ਦਾ ਹੋਣਾ ਹੈ। ਇਹ ਸਕੈੱਚ ਬਾਬਾ ਜੀ ਦੇ ਜੀਵਨ ਸਫ਼ਰ ਅਤੇ ਘਾਲਣਾ ਨੂੰ ਦਰਸਾਉਂਦੇ ਹਨ। ਨਿਰਸੰਦੇਹ ਇਹ ਪੁਸਤਕ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਵਾਲੀ ਹੈ ਅਤੇ ਉਨ੍ਹਾਂ ਨੂੰ ਸਿਰੜ ਦਾ ਜਾਗ ਲਾਉਣ ਦੀ ਪ੍ਰੇਰਨਾ ਦਿੰਦੀ ਹੈ।


-ਹਰਜਿੰਦਰ ਸਿੰਘ,
ਮੋਬਾਈਲ : 98726-60161

ਬੁਝਾਰਤਾਂ

1. ਮਾਂ ਸਾਰੇ ਜਗਤ ਦੀ, ਜਿਸ ਤੋਂ ਬਾਝ ਨਾ ਕੋਈ,
ਬੁੱਢੀ ਲੱਖਾਂ ਵਰ੍ਹਿਆਂ ਦੀ, ਪਰ ਅਜੇ ਵੀ ਨਵੀਂ-ਨਰੋਈ।
2. ਆਲੂ ਖਾ-ਖਾ ਢਿੱਡ ਭਰਿਆ, ਮੂੰਹ ਬੰਦ ਕਰ ਨਹਾਇਆ,
ਗਰਮ ਹੋ ਗਿਆ, ਸਖ਼ਤ ਹੋ ਗਿਆ, ਜਦੋਂ ਨਹਾ ਕੇ ਆਇਆ।
3. ਦੁਨੀਆ ਦੀ ਜਿਸ ਅੰਦਰ ਜਾਨ,
ਫਿਰ ਵੀ ਗੰਧਲਾ ਕਰੇ ਜਹਾਨ।
4. ਐਡਾ ਸਾਰਾ ਕੋਠੜਾ ਅੱਸੀ-ਨੱਬੇ ਬਾਰ,
ਵੱਸੇ ਅੰਦਰ ਗੋਦੜਾ, ਝੂਟੇ ਦੇਵੇ ਨਾਰ।
ਉੱਤਰ : (1) ਧਰਤੀ, (2) ਸਮੋਸਾ, (3) ਪਾਣੀ, (4) ਛਾਣਨਾ।


-ਅਵਤਾਰ ਸਿੰਘ ਕਰੀਰ,
ਮੋਗਾ। ਮੋਬਾ: 94170-05183

ਬਾਲ ਨਾਵਲ-69

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੰਬੇ ਸੈਂਟਰਲ ਦੇ ਸਟੇਸ਼ਨ 'ਤੇ ਉਤਰਨ ਤੋਂ ਪਹਿਲਾਂ ਹੀ ਉਹ ਗੱਡੀ ਵਿਚ ਹੀ ਬੁਰਸ਼ ਕਰਕੇ, ਮੂੰਹ-ਹੱਥ ਧੋ ਕੇ ਤਿਆਰ ਹੋ ਗਏ ਸਨ।
ਸਟੇਸ਼ਨ 'ਤੇ ਉਤਰ ਕੇ ਉਨ੍ਹਾਂ ਨੇ ਹਲਕਾ ਜਿਹਾ ਨਾਸ਼ਤਾ ਕੀਤਾ, ਚਾਹ ਪੀਤੀ ਅਤੇ ਸਟੇਸ਼ਨ ਦੇ ਬਾਹਰ ਆ ਗਏ। ਸਾਮਾਨ ਉਨ੍ਹਾਂ ਕੋਲ ਕੋਈ ਜ਼ਿਆਦਾ ਨਹੀਂ ਸੀ। ਇਕ ਅਟੈਚੀ ਕੇਸ ਹਰੀਸ਼ ਦਾ ਅਤੇ ਇਕ ਹੈਂਡ ਬੈਗ ਸਿਧਾਰਥ ਦਾ। ਹਰੀਸ਼ ਤਾਂ ਬੰਬਈ ਦੀ ਭੀੜ ਦੇਖ ਕੇ ਹੈਰਾਨ ਹੋਈ ਜਾ ਰਿਹਾ ਸੀ।
ਉਹ ਸਿਧਾਰਥ ਨੂੰ ਕਹਿਣ ਲੱਗਾ, 'ਵੀਰ ਜੀ, ਇਹ ਸਾਰੇ ਸਵੇਰੇ-ਸਵੇਰੇ ਕਿਥੇ ਦੌੜੇ ਜਾ ਰਹੇ ਹਨ?'
'ਇਹ ਬੰਬਈ ਹੈ, ਬੰਬਈ। ਇਥੇ ਸਾਰਿਆਂ ਨੂੰ ਹੀ ਕੰਮ-ਕਾਰ ਕਰਨ ਲਈ ਦੂਰ-ਦੂਰ ਜਾਣਾ ਪੈਂਦਾ ਹੈ। ਸਾਰੇ ਲੋਕਲ ਟ੍ਰੇਨ ਫੜ ਕੇ ਕੰਮਾਂ ਲਈ ਦੌੜੇ ਜਾ ਰਹੇ ਹਨ', ਸਿਧਾਰਥ ਨੇ ਹਰੀਸ਼ ਨੂੰ ਸਮਝਾਉਂਦਿਆਂ ਕਿਹਾ।
ਹਰੀਸ਼, ਜਿਸ ਨੂੰ ਅੰਮ੍ਰਿਤਸਰ ਦੇ ਇਲਾਵਾ ਕੁਝ ਵੀ ਨਹੀਂ ਸੀ ਪਤਾ, ਵੱਡੇ ਸ਼ਹਿਰ ਦੀ ਹਰ ਚੀਜ਼ ਦੇਖ-ਦੇਖ ਹੈਰਾਨ ਹੋਈ ਜਾ ਰਿਹਾ ਸੀ।
ਉਹ ਦੋਵੇਂ ਸਟੇਸ਼ਨ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਕਿਸੇ ਨੂੰ ਪੁੱਛਿਆ, 'ਨਾਇਰ ਹਸਪਤਾਲ ਕਿਧਰ ਹੈ?'
ਉਹ ਖੱਬੇ ਪਾਸੇ ਵੱਲ ਇਸ਼ਾਰਾ ਕਰਕੇ ਉਸੇ ਤੇਜ਼ੀ ਵਿਚ ਤੁਰਦਾ ਗਿਆ।
ਇਹ ਦੋਵੇਂ ਸਟੇਸ਼ਨ ਦੇ ਬਾਹਰ ਖੱਬੇ ਪਾਸੇ ਮੁੜੇ ਅਤੇ ਦੇਖਿਆ ਤਾਂ ਉਹ ਨਾਇਰ ਹਸਪਤਾਲ ਹੀ ਸੀ। ਉਸ ਦੇ ਨਾਲ ਹੀ ਟੀ.ਐਨ.ਐਮ.ਸੀ. ਲਿਖਿਆ ਹੋਇਆ ਸੀ ਯਾਨੀ ਟੋਪੀ ਵਾਲਾ ਨੈਸ਼ਨਲ ਮੈਡੀਕਲ ਕਾਲਜ। ਉਹ ਦੋਵੇਂ ਉਸ ਦੇ ਅੰਦਰ ਚਲੇ ਗਏ। ਕਾਲਜ ਤਾਂ ਖੁੱਲ੍ਹਾ ਲੱਗ ਰਿਹਾ ਸੀ ਪਰ ਦਾਖਲੇ ਵਾਲਾ ਦਫਤਰ ਸ਼ਾਇਦ ਨੌਂ ਵਜੇ ਖੁੱਲ੍ਹਣਾ ਸੀ। ਹੁਣ ਸਾਢੇ ਅੱਠ ਵੱਜੇ ਸਨ। ਅਜੇ ਅੱਧਾ ਘੰਟਾ ਬਾਕੀ ਸੀ। ਉਥੇ ਕੁਝ ਹੋਰ ਬੱਚੇ ਅਤੇ ਉਨ੍ਹਾਂ ਦੇ ਘਰਦੇ ਆਪਣੇ ਸਾਮਾਨ ਸਮੇਤ ਪਹਿਲਾਂ ਦੇ ਹੀ ਖੜ੍ਹੇ ਸਨ।
ਸਿਧਾਰਥ ਨੇ ਹਰੀਸ਼ ਨੂੰ ਕਿਹਾ, 'ਮੈਂ ਇਥੇ ਹੀ ਸਾਮਾਨ ਕੋਲ ਖਲੋਂਦਾ ਹਾਂ, ਤੂੰ ਕਾਲਜ ਦਾ ਇਕ ਚੱਕਰ ਮਾਰ ਆ।'
ਹਰੀਸ਼ ਝਕਦਾ-ਝਕਦਾ ਕਾਲਜ ਦੇ ਅੰਦਰਵਾਰ ਚੱਕਰ ਮਾਰਨ ਚਲਾ ਗਿਆ। 10 ਕੁ ਮਿੰਟ ਹੀ ਚੱਕਰ ਲਗਾ ਕੇ ਉਹ ਵਾਪਸ ਆਪਣੇ ਵੀਰ ਜੀ ਕੋਲ ਆ ਗਿਆ।
ਦਫਤਰ ਖੁੱਲ੍ਹ ਗਿਆ। ਸਾਰਿਆਂ ਨੇ ਵਾਰੀ ਸਿਰ ਆਪਣੇ ਕਾਗਜ਼ ਵਗੈਰਾ ਜਮ੍ਹਾਂ ਕਰਵਾਏ। ਵਾਰੀ ਸਿਰ ਹੀ ਸਭ ਨੂੰ ਅੰਦਰ ਬੁਲਾਉਂਦੇ ਗਏ। ਘੰਟੇ ਕੁ ਬਾਅਦ ਹਰੀਸ਼ ਦੀ ਵਾਰੀ ਆ ਗਈ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾ: 98889-24664

ਪੰਛੀ-ਜਾਨਵਰਾਂ ਬਾਰੇ ਰੌਚਕ ਜਾਣਕਾਰੀ

1. ਸਭ ਤੋਂ ਛੋਟਾ ਪੰਛੀ ਕਿਹੜਾ ਹੈ?
2. ਕਿਹੜਾ ਜੀਵ ਆਪਣੇ ਹੰਝੂਆਂ ਕਾਰਨ ਪ੍ਰਸਿੱਧ ਹੈ?
3. ਕਿਹੜਾ ਜਾਨਵਰ ਹੈ ਜਿਸ ਨੂੰ ਗੁਲਾਬੀ ਪਸੀਨਾ ਆਉਂਦਾ ਹੈ?
4. ਉਹ ਕਿਹੜਾ ਜਾਨਵਰ ਹੈ ਜੋ ਹਨੇਰੇ ਵਿਚ ਵੀ ਦੇਖ ਸਕਦਾ ਹੈ?
5. ਉਹ ਕਿਹੜਾ ਜਾਨਵਰ ਹੈ, ਜੋ ਬੋਲਦਾ ਨਹੀਂ?
6. ਉਹ ਕਿਹੜਾ ਪੰਛੀ ਹੈ, ਜੋ ਕੰਕਰ-ਪੱਥਰ ਵੀ ਖਾ ਲੈਂਦਾ ਹੈ?
7. ਉਸ ਪੰਛੀ ਦਾ ਨਾਂਅ ਦੱਸੋ ਜੋ ਬੱਚੇ ਪੈਦਾ ਕਰਦਾ ਹੈ ਤੇ ਦੁੱਧ ਪਿਆਉਂਦਾ ਹੈ।
8. ਉਹ ਜਾਨਵਰ ਕਿਹੜਾ ਹੈ, ਜਿਸ ਨੂੰ ਹਰ ਵਸਤੂ ਦੁੱਗਣੀ ਵੱਡੀ ਦਿਖਾਈ ਦਿੰਦੀ ਹੈ?
9. ਕਿਹੜਾ ਜਾਨਵਰ ਹੈ ਜੋ ਲੋਹੇ ਦੀਆਂ ਮੋਟੀਆਂ-ਮੋਟੀਆਂ ਸਲਾਖਾਂ ਵੀ ਤੋੜ ਦਿੰਦਾ ਹੈ?
ਉੱਤਰ : (1) ਹਮਿਗਵਰਗ (1.5 ਗ੍ਰਾਮ), (2) ਮਗਰਮੱਛ, (3) ਦਰਿਆਈ ਘੋੜਾ, (4) ਚੀਤਾ, (5) ਜ਼ਿਰਾਫ, (6) ਸ਼ੁਤਰਮੁਰਗ, (7) ਚਮਗਿੱਦੜ, (8) ਹਾਥੀ, (9) ਤੇਂਦੂਆ।


-ਬਲਵਿੰਦਰਜੀਤ ਚੱਕਲਾਂ
(ਰੋਪੜ)। ਮੋਬਾ: 94649-18164

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-35: ਸ਼ਕਤੀਮਾਨ

'ਸ਼ਕਤੀਮਾਨ' ਦੂਰਦਰਸ਼ਨ ਦੇ ਕੌਮੀ ਚੈਨਲ ਉਪਰ ਪ੍ਰਸਿੱਧ ਹੋਣ ਵਾਲਾ ਲੜੀਵਾਰ ਹੈ, ਜਿਸ ਦਾ ਨਾਇਕ ਸ਼ਕਤੀਮਾਨ ਬੱਚਿਆਂ ਵਿਚ ਅਤਿ ਲੋਕਪਿ੍ਯ ਪਾਤਰ ਹੈ | ਇਸ ਦਾ ਪ੍ਰਸਾਰਨ 13 ਸਤੰਬਰ, 1997 ਨੂੰ ਆਰੰਭ ਹੋਇਆ ਸੀ | ਇਸ ਲੜੀਵਾਰ ਦਾ ਨਾਇਕ ਅਦਾਕਾਰ ਮੁਕੇਸ਼ ਖੰਨਾ ਹੈ, ਜਿਸ ਨੇ ਮੁੰਬਈ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਵਿਚੋਂ ਸਿੱਖਿਆ ਪ੍ਰਾਪਤ ਕੀਤੀ ਹੈ | ਵੇਖਣ ਵਿਚ ਇਸ ਪਾਤਰ ਦੇ ਕਾਰਜ ਅਸਲੀ ਜਾਪਦੇ ਹਨ ਪਰ ਹਨ ਅਸਲੀਅਤ ਤੋਂ ਦੂਰ, ਜਿਵੇਂ ਛੱਤਾਂ ਤੋਂ ਛਾਲ ਮਾਰਨਾ, ਆਪਣੇ ਸਰੀਰ 'ਤੇ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾਉਣਾ ਅਤੇ ਹਥਿਆਰਾਂ ਆਦਿ ਨਾਲ ਹਮਲੇ ਕਰਨਾ ਆਦਿ | ਇਹ ਸਭ ਨਕਲੀ ਅਦਾਕਾਰੀ ਹੈ | ਅਸਲ ਵਿਚ ਸ਼ਕਤੀਮਾਨ ਦੇ ਦਿ੍ਸ਼ ਨੂੰ ਰੋਮਾਂਚਕਾਰੀ ਬਣਾਉਣ ਲਈ ਮਾਹਿਰ ਕਲਾਕਾਰਾਂ ਉੱਪਰ ਕੁਝ ਸਟੰਟ ਦਿ੍ਸ਼ ਫ਼ਿਲਮਾਏ ਜਾਂਦੇ ਹਨ ਪਰ ਲਗਦਾ ਇਉਂ ਹੈ ਜਿਵੇਂ ਇਹ ਸਭ ਕੁਝ ਸ਼ਕਤੀਮਾਨ ਹੀ ਕਰ ਰਿਹਾ ਹੋਵੇ | 'ਸ਼ਕਤੀਮਾਨ' ਦੇ ਨਕਲੀ ਰੋਲ ਨੂੰ ਅਸਲੀ ਸਮਝ ਕੇ ਕਈ ਬੱਚਿਆਂ ਨੇ ਸਰੀਰਕ ਪੱਖੋਂ ਨੁਕਸਾਨ ਵੀ ਉਠਾਏ, ਕਿਉਂਕਿ ਉਹ ਸਮਝਦੇ ਸਨ ਕਿ ਸ਼ਕਤੀਮਾਨ ਉਨ੍ਹਾਂ ਨੂੰ ਬਚਾਉਣ ਲਈ ਆਵੇਗਾ ਪਰ ਬਿਨਾਂ ਸੋਚੇ-ਵਿਚਾਰੇ ਅਜਿਹੇ ਨਕਲੀ ਕਰਤੱਬਾਂ ਵਾਲੇ ਪਾਤਰ ਦੀ ਨਕਲ ਕਰਨ ਨਾਲ ਨੁਕਸਾਨ ਹੁੰਦਾ ਹੈ | ਰਾਜ ਸਭਾ ਵਲੋਂ ਅਜਿਹੀਆਂ ਘਟਨਾਵਾਂ ਉੱਪਰ ਚਿੰਤਾ ਕਰਦੇ ਹੋਏ 17 ਮਾਰਚ, 1999 ਵਿਚ ਸ਼ਕਤੀਮਾਨ ਲੜੀਵਾਰ ਦਾ ਪ੍ਰਸਾਰਨ ਬੰਦ ਕਰ ਦਿੱਤਾ ਸੀ ਪਰ ਬਾਅਦ ਵਿਚ ਕੁਝ ਸੋਧ ਅਤੇ ਕੇਵਲ ਅਸਲੀ ਐਕਸ਼ਨਾਂ ਵਾਲੇ ਦਿ੍ਸ਼ ਵਿਖਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ | ਅੱਜ ਵੀ ਇਹ ਚਰਿੱਤਰ ਬਾਲ ਮਨਾਂ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ | ਮੋਬਾ: 98144-23703
email : dsaasht@yahoo.co.in

ਬਾਲ ਕਹਾਣੀ: ਮਿੱਠੇ-ਕੌੜੇ ਬੋਲਾਂ ਦਾ ਜਾਦੂ

ਪੁਰਾਣੇ ਵੇਲਿਆਂ ਦੀ ਗੱਲ ਹੈ | ਕਾਲੀ ਮਿਰਚ ਨੇ ਲਾਲ ਮਿਰਚ ਨਾਲ ਵਿਆਹ ਕਰਵਾ ਲਿਆ | ਉਨ੍ਹਾਂ ਦੇ ਘਰ ਦੋ ਧੀਆਂ ਸੁੰਢ ਅਤੇ ਹਲਦੀ ਪੈਦਾ ਹੋਈਆਂ | ਸੁੰਢ ਦਾ ਸੁਭਾਅ ਪਿਓ 'ਤੇ ਅਤੇ ਹਲਦੀ ਦਾ ਸੁਭਾਅ ਮਾਂ 'ਤੇ ਗਿਆ | ਉਨ੍ਹਾਂ ਦੇ ਨਾਨਕੇ ਲੂਣਪੁਰ ਨਾਂਅ ਦੇ ਪਿੰਡ ਵਿਚ ਸਨ |
ਇਕ ਦਿਨ ਹਲਦੀ ਨੇ ਮਾਂ ਨੂੰ ਕਿਹਾ, 'ਮਾਂ, ਮਾਂ, ਮੈਂ ਨਾਨਕੇ ਜਾਣੈ | ਫਿਰ ਖੁਸ਼ੀ ਵਿਚ ਟੱਪਦੀ ਹੋਈ ਗਾਉਣ ਲੱਗੀ, 'ਨਾਨਕੇ ਘਰ ਜਾਵਾਂਗੇ, ਲੱਡੂ-ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ |' ਅੱਗੋਂ ਮਾਂ ਨੇ ਕਿਹਾ, 'ਧੀਏ! ਰਾਹ ਵਿਚ ਬੜੀਆਂ ਔਕੜਾਂ ਨੇ | ਇਕੱਲੀ ਨਾ ਜਾਹ | ਜਦੋਂ ਤੇਰਾ ਮਾਮਾ ਕਦੇ ਆਇਆ ਤਾਂ ਉਹਦੇ ਨਾਲ ਚਲੀ ਜਾਵੀਂ | ਪਰ ਹਲਦੀ ਨੇ ਜ਼ਿਦ ਕੀਤੀ, ਨਾਨਕੇ ਜਾਣ ਦਾ ਇਰਾਦਾ ਨਾ ਬਦਲਿਆ | ਮਾਂ ਨੇ ਸੁੰਢ ਨੂੰ ਕਿਹਾ ਕਿ ਉਹ ਹਲਦੀ ਨਾਲ ਚਲੀ ਜਾਵੇ | ਕਿਉਂਕਿ ਇਕ ਇਕੱਲਾ ਹੁੰਦਾ ਏ, ਜਦਕਿ ਦੋ ਗਿਆਰਾਂ ਹੁੰਦੇ ਨੇ | ਰਾਹ ਵਿਚ ਦੋਵਾਂ ਦਾ ਸਾਥ ਰਹੇਗਾ | ਸੁੰਢ ਅਤੇ ਹਲਦੀ ਦੀ ਆਪਸ ਵਿਚ ਬਣਦੀ ਨਹੀਂ ਸੀ | ਸੁੰਢ ਦਾ ਸੁਭਾਅ ਰੱੁਖਾ ਤੇ ਕੌੜਾ ਸੀ | ਉਹ ਨਾ ਮੰਨੀ |
ਅਖੀਰ ਹਲਦੀ ਮਾਂ-ਪਿਓ ਦੀ ਅਸੀਸ ਲੈ ਕੇ ਇਕੱਲੀ ਹੀ ਘਰੋਂ ਤੁਰ ਪਈ | ਰਾਹ ਵਿਚ ਦਰਿਆ ਆਇਆ | ਦਰਿਆ ਦਾ ਤੇਜ਼ ਠਾਠਾਂ ਮਾਰਦਾ ਪਾਣੀ ਦੇਖ ਕੇ ਹਲਦੀ ਪਹਿਲਾਂ ਤਾਂ ਘਬਰਾ ਗਈ | ਫਿਰ ਉਸ ਨੇ ਹੌਸਲਾ ਕਰਕੇ ਆਪਣੇ ਬੋਲਾਂ ਵਿਚ ਪਿਆਰ ਭਰੀ ਮਿਠਾਸ ਭਰ ਕੇ ਦਰਿਆ ਨੂੰ ਕਿਹਾ, 'ਬਾਬਾ! ਬਾਬਾ! ਮੈਨੂੰ ਰਾਹ ਦੇਹ | ਮੈਨੂੰ ਪਾਰ ਲੰਘਾ ਦੇ |' ਦਰਿਆ ਬੋਲਿਆ, 'ਮੈਂ ਤੈਨੂੰ ਰਾਹ ਦੇ ਦਿੰਦਾ ਹਾਂ | ਪਹਿਲਾਂ ਕੁਝ ਇੱਟਾਂ-ਰੋੜੇ ਇਕੱਠੇ ਕਰਕੇ ਮੇਰੇ ਪਾਣੀ ਦੀ ਉਪਰਲੀ ਸਤਹ 'ਤੇ ਵਿਛਾ ਕੇ ਇਕ ਪੁਲ ਬਣਾ ਦੇ, ਤਾਂ ਜੋ ਆਉਣ ਵਾਲੇ ਦੂਜੇ ਮੁਸਾਫਿਰ ਵੀ ਇਸ ਪੁਲ ਤੋਂ ਆਰਾਮ ਨਾਲ ਲੰਘ ਸਕਣ |' ਹਲਦੀ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ | ਇਹ ਦੇਖ ਕੇ ਦੂਜੇ ਮੁਸਾਫਿਰ ਵੀ ਹਲਦੀ ਦੀ ਮਦਦ ਕਰਨ ਲੱਗੇ | ਜਦੋਂ ਪੁਲ ਬਣ ਗਿਆ ਤਾਂ ਸਾਰੇ ਬੜੇ ਆਰਾਮ ਨਾਲ ਪੁਲ ਤੋਂ ਹੋ ਕੇ ਪਾਰ ਲੰਘ ਗਏ |
ਹਲਦੀ ਹੁਣ ਥੱਕ ਚੱੁਕੀ ਸੀ | ਉਸ ਨੂੰ ਤਿੱਖੀ ਭੱੁਖ ਮਹਿਸੂਸ ਹੋ ਰਹੀ ਸੀ | ਉਸ ਨੇ ਰਾਹ ਦੇ ਨਾਲ ਉੱਗਿਆ ਇਕ ਬੇਰੀ ਦਾ ਰੱੁਖ ਦੇਖਿਆ | ਉਸ ਨੇ ਬੜੀ ਨਿਮਰਤਾ ਭਰੀ ਬੋਲੀ ਬੋਲਦਿਆਂ ਬੇਰੀ ਨੂੰ ਕਿਹਾ, 'ਮਾਸੀ ਮਾਸੀ ਬੇਰ ਦੇਹ, ਮੈਂ ਤੇਰੀ ਧੀ-ਧਿਆਣੀ, ਸਵੇਰ ਤੋਂ ਹਾਂ ਭੱੁਖਣ-ਭਾਣੀ |' ਬੇਰੀ ਨੇ ਹਲਦੀ ਨੂੰ ਲਾਡ-ਪਿਆਰ ਕੀਤਾ ਤੇ ਕਿਹਾ, 'ਧੀਏ ਮੈਂ ਤੈਨੂੰ ਲਾਲ-ਲਾਲ, ਮਿੱਠੇ-ਮਿੱਠੇ ਬੇਰ ਦਿੰਦੀ ਹਾਂ | ਮੇਰੇ ਹੇਠੋਂ ਖਿਲਰੇ ਕੰਡੇ ਸਾਫ਼ ਕਰ ਦੇ, ਕਿਉਂਕਿ ਜਦੋਂ ਬੱਚੇ ਬੇਰ ਖਾਣ ਆਉਂਦੇ ਹਨ ਤਾਂ ਇਹ ਕੰਡੇ ਉਨ੍ਹਾਂ ਦੇ ਪੈਰਾਂ ਵਿਚ ਲਗਦੇ ਹਨ |' ਹਲਦੀ ਨੇ ਤੁਰੰਤ ਆਗਿਆ ਮੰਨ ਕੇ ਬੇਰੀ ਹੇਠੋਂ ਕੰਡੇ ਸਾਫ਼ ਕਰ ਦਿੱਤੇ | ਬੇਰੀ ਨੇ ਖੁਸ਼ ਹੋ ਕੇ ਹਲਦੀ ਨੂੰ ਖਾਣ ਲਈ ਮਿੱਠੇ ਬੇਰ ਦਿੱਤੇ | ਉਸ ਨੇ ਜੀਅ ਭਰ ਕੇ ਬੇਰ ਖਾ ਕੇ ਆਪਣੀ ਭੱੁਖ ਮਿਟਾ ਲਈ | ਅੱਗੇ ਹਲਦੀ ਨੂੰ ਦਾਣੇ ਭੁੰਨਣ ਵਾਲੀ ਭੱਠੀ ਮਿਲੀ | ਉਸ ਨੇ ਮਿਠਾਸ ਭਰੀ ਬੋਲੀ ਬੋਲ ਕੇ ਉਸ ਤੋਂ ਦਾਣੇ ਖਾਣ ਲਈ ਲੈ ਲਏ |
ਨਾਨਕੇ ਘਰ ਪਹੁੰਚ ਕੇ ਹਲਦੀ ਸਭ ਨੂੰ ਬਹੁਤ ਹੀ ਪਿਆਰ, ਨਿਮਰਤਾ ਨਾਲ ਮਿਲੀ ਅਤੇ ਆਪਣੇ ਸਲੂਕ ਨਾਲ ਸਭ ਦਾ ਦਿਲ ਜਿੱਤ ਲਿਆ | ਜਦੋਂ ਉਹ ਨਾਨਕਿਆਂ ਤੋਂ ਚੱਲਣ ਲੱਗੀ ਤਾਂ ਸਭ ਨੇ ਉਸ ਨੂੰ ਤੋਹਫ਼ਿਆਂ ਨਾਲ ਲੱਦ ਦਿੱਤਾ | ਉਸ ਦਾ ਮਾਮਾ ਉਸ ਨੂੰ ਛੱਡ ਗਿਆ | ਜਦੋਂ ਸੁੰਢ ਨੇ ਹਲਦੀ ਨੂੰ ਬੇਹੱਦ ਖੁਸ਼ ਦੇਖਿਆ ਅਤੇ ਫਿਰ ਉਸ ਦੇ ਤੋਹਫ਼ੇ ਤੱਕੇ ਤਾਂ ਉਹ ਨਾਨਕਿਆਂ ਨੂੰ ਚੱਲਣ ਲਈ ਤਿਆਰ ਹੋ ਗਈ | ਉਸ ਨੇ ਨਾ ਮਾਂ-ਪਿਓ ਦਾ ਅਸ਼ੀਰਵਾਦ ਲਿਆ, ਨਾ ਹੀ ਮਾਂ ਦੀ ਨਸੀਹਤ 'ਤੇ ਕੋਈ ਅਮਲ ਕੀਤਾ | ਕਿਉਂਕਿ ਮਾਂ ਨੇ ਉਸ ਨੂੰ ਕੌੜਾ ਬੋਲਣਾ ਛੱਡ ਕੇ ਮਿੱਠਾ ਬੋਲਣ ਲਈ ਕਿਹਾ ਸੀ | ਸੁੰਢ ਨੂੰ ਪਹਿਲਾਂ ਦਰਿਆ ਮਿਲਿਆ, ਫਿਰ ਬੇਰੀ ਅਤੇ ਫਿਰ ਦਾਣੇ ਭੁੰਨਣ ਵਾਲੀ ਭੱਠੀ | ਉਸ ਦੇ ਰੱੁਖੇਪਨ ਨੇ ਸਭ ਤੋਂ ਪਿਆਰ ਦੀ ਜਗ੍ਹਾ ਨਫਰਤ ਅਤੇ ਨਰਾਜ਼ਗੀ ਹੀ ਖੱਟੀ | ਨਾਨਕੇ ਘਰੋਂ ਵੀ ਉਹ ਖਾਲੀ ਹੱਥ ਹੀ ਪਰਤੀ | ਨਾ ਉਸ ਨੂੰ ਨਾਨਕਿਆਂ ਨੇ ਨਵੇਂ ਕੱਪੜੇ ਹੀ ਦਿੱਤੇ ਅਤੇ ਨਾ ਹੀ ਖਾਣ ਲਈ ਮਠਿਆਈਆਂ | ਜਦੋਂ ਸੁੰਢ ਖਾਲੀ ਹੱਥ ਘਰ ਪਹੁੰਚੀ ਤਾਂ ਕਿਸੇ ਨੂੰ ਮੰੂਹ ਦਿਖਾਉਣ ਜੋਗੀ ਨਹੀਂ ਸੀ | ਉਹ ਗੋਡਿਆਂ ਵਿਚ ਸਿਰ ਛੁਪਾ ਕੇ ਜਾਰੋ-ਜ਼ਾਰ ਰੋਣ ਲੱਗੀ | ਉਸ ਨੂੰ ਮਿੱਠੇ-ਕੌੜੇ ਬੋਲਾਂ ਵਿਚਲਾ ਅੰਤਰ ਸਮਝ ਆ ਗਿਆ ਸੀ |

-ਮੋਬਾ: 98146-81444

ਐਕਸ-ਰੇਜ਼ ਕਿਰਨਾਂ : ਇਕ ਮਹੱਤਵਪੂਰਨ ਖੋਜ

ਬੱਚਿਓ, ਐਕਸ-ਰੇਜ਼ ਅਦਿ੍ਸ਼ ਇਲੈਕਟ੍ਰੋਮੈਗਨੈਟਿਕ ਕਿਰਨਾਂ ਹੁੰਦੀਆਂ ਹਨ | ਇਨ੍ਹਾਂ ਦੀ ਵੈੱਬ ਲੈਂਥ ਵਿਖਾਈ ਦੇਣ ਵਾਲੀ ਰੌਸ਼ਨੀ ਤੋਂ ਘੱਟ ਹੁੰਦੀ ਹੈ | ਇਹ ਉੱਚ ਊਰਜਾ ਵਾਲੀਆਂ ਕਿਰਨਾਂ ਹੁੰਦੀਆਂ ਹਨ | ਇਹੀ ਕਾਰਨ ਹੈ ਕਿ ਇਨ੍ਹਾਂ ਦੀ ਵਿੰਨ੍ਹਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ | ਇਹ ਸਾਡੇ ਸਰੀਰ ਵਿਚੋਂ ਅਸਾਨੀ ਨਾਲ ਲੰਘ ਸਕਦੀਆਂ ਹਨ | ਇਹ ਰੌਸ਼ਨੀ ਦੀ ਰਫਤਾਰ ਨਾਲ ਯਾਤਰਾ ਕਰਦੀਆਂ ਹਨ |
ਇਨ੍ਹਾਂ ਕਿਰਨਾਂ ਦੀ ਖੋਜ 1885 ਵਿਚ ਜਰਮਨੀ ਦੇ ਵਿਗਿਆਨੀ ਪ੍ਰੋ: ਵਿਲਹੇਲਮ ਕੋਨਾਰਡ ਰੋਏਾਟਜੇਨ ਨੇ ਕੀਤੀ ਸੀ | ਇਸ ਖੋਜ ਬਦਲੇ ਉਨ੍ਹਾਂ ਨੂੰ 1901 ਵਿਚ ਭੌਤਿਕ ਵਿਗਿਆਨ ਲਈ ਪਹਿਲਾ ਨੋਬਲ ਪੁਰਸਕਾਰ ਮਿਲਿਆ | ਇਨ੍ਹਾਂ ਨੂੰ ਕਿਸੇ ਸਮੇਂ ਰੋਏਾਟਜੇਨ ਵੀ ਆਖਿਆ ਜਾਂਦਾ ਸੀ | ਬਾਅਦ ਵਿਚ ਇਨ੍ਹਾਂ ਕਿਰਨਾਂ ਨੂੰ ਐਕਸ-ਰੇਜ਼ ਕਿਹਾ ਜਾਣ ਲੱਗਾ | ਐਕਸ ਦਾ ਅਰਥ ਹੈ ਅਣਜਾਣ ਜਾਂ ਅਣਪਛਾਤਾ, ਕਿਉਂਕਿ ਇਸ ਦੇ ਬਾਰੇ ਵਿਚ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ |
ਐਕਸ-ਰੇਜ਼ ਪੈਦਾ ਕਰਨ ਵਾਲੇ ਉਪਕਰਨਾਂ ਨੂੰ ਐਕਸ-ਰੇ ਟਿਊਬ ਕਿਹਾ ਜਾਂਦਾ ਹੈ | ਇਹ ਟਿਊਬ ਸਖਤ ਸ਼ੀਸ਼ੇ ਨਾਲ ਬਣੀ ਹੁੰਦੀ ਹੈ, ਜਿਸ ਵਿਚ ਦੋ ਇਲੈਕਟ੍ਰਾਡਸ ਲੱਗੇ ਹੋਏ ਹੁੰਦੇ ਹਨ, ਜੋ ਇਕ ਹਾਈ ਵੋਲਟੇਜ ਪਾਵਰ ਸਪਲਾਈ ਨਾਲ ਜੁੜੇ ਹੁੰਦੇ ਹਨ | ਨੈਗੇਟਿਵ ਟਰਮੀਨਲ ਜੁੜੇ ਇਲੈਕਟ੍ਰਾਡ ਨੂੰ 'ਏਨੋਡ' ਆਖਿਆ ਜਾਂਦਾ ਹੈ | ਟਿਊਬ ਵਿਚੋਂ ਹਵਾ ਬਾਹਰ ਕੱਢ ਕੇ ਇਸ ਅੰਦਰ ਘੱਟ ਦਬਾਅ ਬਣਾਇਆ ਜਾਂਦਾ ਹੈ | ਜਦ ਇਲੈਕਟ੍ਰਾਡਸ ਦੇ ਵਿਚਕਾਰੋਂ ਕੋਈ ਹਾਈ ਵੋਲਟੇਜ ਲੰਘਦੀ ਜਾਂਦੀ ਹੈ ਤਾਂ ਕੈਬੋਡ ਤੋਂ ਇਲੈਕਟ੍ਰਾਡਸ ਪੈਦਾ ਹੁੰਦੇ ਹਨ ਅਤੇ ਏਨੋਡ ਨਾਲ ਟਕਰਾਉਂਦੇ ਹਨ, ਜਿਸ ਦੇ ਫਲਸਰੂਪ ਐਕਸ-ਰੇਜ਼ ਟਿਊਬ 'ਚੋਂ ਬਾਹਰ ਆਉਂਦੀਆਂ ਹਨ |
ਬੱਚਿਓ, ਇਹ ਐਕਸ-ਰੇਜ਼ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹਾਨੀ ਵੀ ਪਹੁੰਚਾਉਂਦੀਆਂ ਹਨ, ਇਸ ਲਈ ਕਿਸੇ ਵੀ ਆਦਮੀ ਨੂੰ ਜ਼ਿਆਦਾ ਦੇਰ ਤੱਕ ਇਨ੍ਹਾਂ ਦੇ ਸਾਹਮਣੇ ਨਹੀਂ ਰੱਖਿਆ ਜਾ ਸਕਦਾ | ਸਰੀਰ ਵਿਚ ਕਿਸੇ ਤਰ੍ਹਾਂ ਦੀ ਅਸਮਾਨਤਾ ਦਾ ਪਤਾ ਲਗਾਉਣ ਲਈ ਹਲਕੀ ਐਕਸ-ਰੇਜ਼ ਦੀ ਵਰਤੋਂ ਕਰਕੇ ਕੰਪਿਊਟਰਾਈਜ਼ਡ ਐਕਸਿਲ ਟੋਮੋਗ੍ਰਾਫੀ ਸਕੈਨਰ ਵਰਗੇ ਉਪਕਰਨਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ |

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਨਿੰਮ

ਦਵਾਈਆਂ ਦੇ ਰੱੁਖਾਂ ਵਿਚ,
ਮੇਰਾ ਆਉਂਦਾ ਪਹਿਲਾ ਨਾਂਅ |
ਮੈਂ ਨਿੰਮ ਸਦਾਬਹਾਰ,
ਰੱੁਖਾਂ ਵਿਚ ਆਉਂਦੀ ਹਾਂ |
ਆਰੀ ਵਾਂਗੰੂ ਕੱਟੇ ਪੱਤੇ,
ਹਲਕੇ ਪੀਲੇ ਫੱੁਲ ਪੈਂਦੇ |
ਗਰਮੀ ਆਉਂਦੀ, ਫਲ ਬਣਦੇ,
ਜੀਹਨੂੰ ਲੋਕ ਨਿਮੋਲੀਆਂ ਕਹਿੰਦੇ |
ਦਾਤਣ ਮੇਰੀ ਦੰਦ ਲਿਸ਼ਕਾਵੇ,
ਦੰਦਾਂ ਨੂੰ ਮਜ਼ਬੂਤ ਬਣਾਵੇ |
ਮੇਰਾ ਤੇਲ ਤੇ ਸਾਬਣ,
ਚੰਮ ਰੋਗਾਂ ਨੂੰ ਦੂਰ ਭਜਾਵੇ |
ਬਾਲ ਕੇ ਨਿੰਮ ਦੀ ਟਹਿਣੀ,
ਮਾਂ ਕੱਜਲ ਬਣਾਉਂਦੀ ਸੀ |
ਅੱਖਾਂ ਦੇ ਵਿਚ ਪਾ ਕੇ,
ਨੈਣੀ ਜੋਤ ਜਗਾਉਂਦੀ ਸੀ |
ਨਿੰਮ ਦੀਆਂ ਨਿਮੋਲੀਆਂ ਤੋਂ,
ਹੁੰਦੀ ਇਕ ਖਾਦ ਤਿਆਰ |
ਮਿੱਟੀ ਨੂੰ ਜਰਖੇਜ਼ ਬਣਾਵੇ,
ਵਧ ਜਾਂਦੀ ਹੈ ਪੈਦਾਵਾਰ |

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013

ਬੁਝਾਰਤ-5

ਰੰਮੀ ਕੰਨ ਕਰ ਗੱਲ ਸੁਣਾਵਾਂ,
ਤੈਨੂੰ ਮਾਮੇ ਨਾਲ ਮਿਲਾਵਾਂ |
ਉਂਗਲੀ ਦੇ ਇਸ਼ਾਰੇ ਚੱਲਾਂ,
ਹਜ਼ਾਰਾਂ ਮੀਲ ਸੁਨੇਹੇ ਘੱਲਾਂ |
ਕਈ ਰੂਪ ਤੇ ਕਈ ਨੇ ਰੰਗ,
ਹਰ ਕੋਈ ਮੇਰੀ ਕਰਦਾ ਮੰਗ |
ਹੋ ਜਾਵਾਂ ਮੈਂ ਜਿਉਂਦਾ ਮਰ ਕੇ,
ਭਲੂਰੀਆ ਮੰਨਦਾ ਏਸੇ ਕਰਕੇ |
ਰੰਮੀ ਤੰੂ ਮੇਰਾ ਨਾਂਅ ਹੁਣ ਦੱਸ,
ਨਹੀਂ ਪਤਾ ਤਾਂ ਕਹਿ ਦੇ ਬਸ |
            -0-
ਆਪਣਾ ਨਾਂਅ ਦੱਸ ਦੇਵਾਂ ਤੈਨੂੰ,
ਟੈਲੀਫੋਨ ਨੇ ਕਹਿੰਦੇ ਮੈਨੂੰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |

ਬਾਲ ਸਾਹਿਤ

ਕੱੁਕੜ ਤੀਸ ਮਾਰ ਖਾਂ ਤੇ ਮਾਣੋ ਮਸਤਾਨੀ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ |
ਮੱੁਲ : 75 ਰੁਪਏ, ਸਫੇ : 40
ਸੰਪਰਕ : 0172-5027427

ਡਾ: ਗੁਰਚਰਨ ਸਿੰਘ ਔਲਖ ਨੇ ਆਪਣੀ ਸਾਰੀ ਉਮਰ ਸਾਹਿਤ ਸਿਰਜਣ 'ਤੇ ਲਾਈ ਹੈ | ਉਨ੍ਹਾਂ ਦੀ ਕਲਮ ਵਿਚੋਂ ਸਾਹਿਤ ਦਾ ਹਰ ਰੂਪ ਨਿਕਲਿਆ ਹੈ | ਹਥਲੀ ਪੁਸਤਕ ਲੇਖਕ ਨੇ ਬਾਲ ਪਾਠਕਾਂ ਲਈ ਲਿਖੀ ਹੈ | ਪੁਸਤਕ ਵਿਚ ਵੱਡੀਆਂ-ਛੋਟੀਆਂ 35 ਕਵਿਤਾਵਾਂ ਹਨ | ਕਵਿਤਾਵਾਂ ਬਾਲਾਂ ਦੇ ਮਾਨਸਿਕ ਪੱਧਰ ਅਨੁਸਾਰ ਬੜੀ ਹੀ ਸਰਲ ਸ਼ਬਦਾਵਲੀ ਵਿਚ ਲਿਖੀਆਂ ਗਈਆਂ ਹਨ |
'ਸੁਣੋ ਸਹੇਲੀਓ, ਇਕ ਗੱਲ ਸੁਣਾਵਾਂ,
ਆਪਣੇ ਘਰ 'ਤੇ ਇਕ ਝਾਤ ਪੁਆਵਾਂ |
ਪਾਪਾ ਪਿਆਰੇ, ਮੰਮੀ ਪਿਆਰੀ,
ਪ੍ਰੀਤ ਸਾਡੀ ਫੱੁਲਾਂ ਦੀ ਕਿਆਰੀ |' (ਸਾਡਾ ਪਰਿਵਾਰ)
'ਦਿਨ ਪੰਦਰਾਂ ਅਗਸਤ ਦਾ, ਯਾਰੋ ਬੜਾ ਮਹਾਨ |
ਸੁਤੰਤਰ ਹੋਇਆ, ਉਦੋਂ ਸਾਡਾ ਹਿੰਦੁਸਤਾਨ |' (15 ਅਗਸਤ)
'ਸੋਮਵਾਰ ਦਾ ਦਿਨ ਹੈ ਮਹਾਨ |
ਘਰਾਂ ਤੋਂ ਪੈਰ ਸਕੂਲਾਂ ਨੂੰ ਜਾਨ |
ਫਿਰ ਆਉਂਦਾ ਹੈ ਮੰਗਲਵਾਰ |
ਖੁਸ਼ੀਆਂ ਦੀ ਬਣ ਕੇ ਬਹਾਰ |' (ਸਤਵਾਰਾ)
'ਡੰੂਘੇ ਪਾਣੀ ਛਾਲਾਂ ਮਾਰਦੀ |
ਮਛਲੀ ਤਰਦੀ ਜਾਂਦੀ ਸਾਗਰ |
ਪੀ ਗਈ ਡੀਕਾਂ ਲਾ-ਲਾ |
ਫਿਰ ਵੀ ਨਾ ਭਰਦੀ ਜਾਂਦੀ ਗਾਗਰ |' (ਮਛਲੀ)
'ਤੋਤਿਆ ਮਨ ਮੋਤਿਆ,
ਆ ਵੇ ਤੈਨੂੰ ਚੂਰੀ ਪਾਵਾਂ |
ਹਰੇ-ਹਰੇ ਤੇਰੇ ਖੰਭਾਂ ਨੂੰ ,
ਤੂਤਾਂ ਦੀ ਛਾਂ ਕਰਾਵਾਂ |' (ਤੋਤਿਆ ਮਨ ਮੋਤਿਆ)
ਕਿੰਨਾ ਚੰਗਾ ਹੁੰਦਾ ਜੇਕਰ ਇਨ੍ਹਾਂ ਖੂਬਸੂਰਤ ਕਵਿਤਾਵਾਂ ਨਾਲ ਖੂਬਸੂਰਤ ਚਿੱਤਰਕਾਰੀ ਕੀਤੀ ਹੁੰਦੀ | ਪੁਸਤਕ ਨੂੰ ਚਾਰ ਚੰਨ ਲੱਗ ਜਾਣੇ ਸਨ | ਕਵਿਤਾਵਾਂ ਵਧੀਆ ਤੇ ਬਾਲ ਪਾਠਕਾਂ ਦੇ ਹਾਣ ਦੀਆਂ ਹਨ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਬਾਲ ਗੀਤ: ਨਾਨਕਿਆਂ ਨੂੰ ਜਾਈਏ

ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ, ਨਾਨਕਿਆਂ ਨੂੰ ਜਾਈਏ,
ਨਾਨੀ, ਮਾਮੀ ਤੇ ਮਾਸੀ ਕੋਲ ਰਹਿ ਕੇ ਆਪਾਂ ਆਈਏ |
ਨਾਨਾ ਫੋਨ ਵੀ ਕਰਦਾ ਸੀ ਦੋ ਦਿਨ ਰਹਿ ਕੇ ਜਾਇਓ,
ਨਾਨੀ ਤੁਹਾਡੀ ਯਾਦ ਹੈ ਕਰਦੀ, ਛੱੁਟੀਆਂ ਦੇ ਵਿਚ ਆਇਓ |
ਮਿਲਣੇ ਨੂੰ ਹੈ ਮਨ ਲੋਚਦਾ, ਗੱਲ ਸੱਚੀ ਕਰ ਵਿਖਾਈਏ,
ਛੱੁਟੀਆਂ ਦਾ ਕੰਮ.......... |
ਹਿੰਦੀ ਤੇ ਅੰਗਰੇਜ਼ੀ ਦਾ ਕੰਮ ਰਹਿ ਗਿਆ ਥੋੜ੍ਹਾ-ਥੋੜ੍ਹਾ,
ਛੱੁਟੀਆਂ ਨਾ ਮੱੁਕ ਜਾਵਣ ਇਥੇ, ਦਿਲ ਨੂੰ ਲੱਗਿਆ ਝੋਰਾ |
ਛੇਤੀ-ਛੇਤੀ ਕਰ ਲਿਖਾਈਆਂ, ਸਕੂਲ ਦਾ ਕੰਮ ਮੁਕਾਈਏ,
ਛੱੁਟੀਆਂ ਦਾ ਕੰਮ............ |
ਲੱਬੂ, ਦੀਪੂ, ਮਾਸੀ ਦੇ ਨਾਲ ਮਸਤੀ ਖੂਬ ਕਰਾਂਗੇ,
ਮਾਮੀ ਦੀਆਂ ਝਿੜਕਾਂ ਨੂੰ ਹੱਸ ਕੇ ਅਸੀਂ ਜਰਾਂਗੇ |
ਤੇਰੇ ਮਾਮਾ ਜੀ ਨੂੰ ਕਰੂ ਸ਼ਿਕਾਇਤ ਇਨ੍ਹਾਂ ਨੂੰ ਛੱਡ ਆਈਏ,
ਛੱੁਟੀਆਂ ਦਾ ਕੰਮ......... |
ਅੰਮਿ੍ਤ, ਸੋਨੂੰ ਤੇ ਵੀਰੂ ਵੀ ਕੱਲ੍ਹ ਦੇ ਪਾ ਗਏ ਚਾਲੇ,
ਖੇਡਣ ਵੱਲ ਰੁਚੀ ਰਹੀ ਸਾਡੀ ਕੰਮ ਨਾ ਮੱੁਕਿਆ ਹਾਲੇ |
ਬੈਠ ਵੀਰ 'ਜੱਸੇ' ਦੇ ਕੋਲੋਂ ਗਣਿਤ ਦੇ ਸਵਾਲ ਕਢਾਈਏ,
ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ ਨਾਨਕਿਆਂ ਨੂੰ ਜਾਈਏ |

-ਜੱਸਾ ਅਨਜਾਣ,
ਚੱਬਾ (ਅੰਮਿ੍ਤਸਰ) | ਮੋਬਾ: 84278-86534

ਬਾਲ ਗੀਤ: ਅਨਮੋਲ ਸਮਾਂ

ਗੱਲਾਂ ਮੇਰੀਆਂ ਨੂੰ ਮਨ ਲਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਏਸ ਗੱਲ ਮੇਰੀ ਨੂੰ ਤੁਸੀਂ ਭੁਲਾਉਣਾ ਨਹੀਂ,
ਲੰਘ ਗਿਆ ਸਮਾਂ ਮੁੜ ਹੱਥ ਆਉਣਾ ਨਹੀਂ |
ਬਾਅਦ 'ਚ ਨਾ ਐਵੇਂ ਪਛਤਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਜ਼ਿੰਦਗੀ 'ਚ ਜਿਹੜਾ ਸਮਾਂ ਹੈ ਪੜ੍ਹਾਈ ਦਾ,
ਮਾੜਿਆਂ ਕੰਮਾਂ 'ਚ ਇਹੇ ਨਹੀਂ ਗਵਾਈਦਾ |
ਦਿਮਾਗ 'ਚ ਪੜ੍ਹਾਈ ਨੂੰ ਵਸਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਛੱੁਟੀਆਂ ਦਾ ਕੰਮ ਨਾਲੋ-ਨਾਲ ਕਰਨਾ,
ਕੀਤੇ ਫਿਰ ਕੰਮ ਦੀ ਦੁਹਰਾਈ ਕਰਨਾ |
ਮੁਕਾਬਲੇ 'ਚ ਆੜੀ ਨੂੰ ਹਰਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |
ਬੱਚਿਆਂ ਨੂੰ ਖੇਡਣਾ ਜ਼ਰੂਰ ਚਾਹੀਦਾ,
ਪੱੁਛੇ ਬਿਨਾਂ ਮਾਪਿਆਂ ਤੋਂ ਨਹੀਂ ਜਾਈਦਾ |
ਮਾਂ-ਬੋਲੀ ਪੰਜਾਬੀ ਗਲ ਲਾਇਓ ਬੱਚਿਓ,
ਸਮਾਂ ਅਨਮੋਲ ਨਾ ਗਵਾਇਓ ਬੱਚਿਓ |

-ਅਵਤਾਰ ਸਿੰਘ,
ਬਾਘਾ ਪੁਰਾਣਾ (ਮੋਗਾ) | ਮੋਬਾ: 94176-88791

ਬਾਲ ਨਾਵਲ-68: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਾਤਾ ਜੀ ਨੇ ਲੱਡੂ ਚੱੁਕਦਿਆਂ ਆਸ਼ਾ ਨੂੰ ਆਵਾਜ਼ ਮਾਰੀ | ਆਸ਼ਾ ਨੂੰ ਵੀ ਲੱਡੂ ਦਿੰਦਿਆਂ ਉਸ ਨੂੰ ਚਾਹ ਬਣਾ ਕੇ ਲਿਆਉਣ ਲਈ ਕਿਹਾ | ਮਾਤਾ ਜੀ ਨੇ ਲੱਡੂ ਚੱੁਕ ਕੇ ਹਰੀਸ਼ ਦੇ ਮੰੂਹ ਵਿਚ ਪਾ ਦਿੱਤਾ | ਸਿਧਾਰਥ ਨੇ ਅਤੇ ਮੇਘਾ ਨੇ ਵੀ ਵਾਰੋ-ਵਾਰੀ ਉਸ ਦੇ ਮੰੂਹ ਵਿਚ ਥੋੜ੍ਹਾ-ਥੋੜ੍ਹਾ ਲੱਡੂ ਪਾਇਆ |
ਹੌਲੀ-ਹੌਲੀ ਹਰੀਸ਼ ਦਾ ਮੂਡ ਠੀਕ ਹੋ ਗਿਆ ਅਤੇ ਉਹ ਦੱਸਣ ਲੱਗਾ ਕਿ, 'ਕਾਲਜ ਵਿਚ ਇਕ ਹੋਰ ਲੜਕੇ ਦੇ ਉਸ ਨਾਲੋਂ ਥੋੜ੍ਹੇ ਜਿਹੇ ਨੰਬਰ ਜ਼ਿਆਦਾ ਆਏ ਹਨ ਅਤੇ ਉਹ ਕਾਲਜ ਵਿਚ ਦੂਜੇ ਨੰਬਰ 'ਤੇ ਆਇਐ |'
'ਸਾਨੂੰ ਐਨੇ ਨੰਬਰ ਹੀ ਬੜੇ ਹਨ, ਅਸੀਂ ਹੋਰ ਕੀ ਕਰਨੇ ਨੇ?' ਮਾਤਾ ਜੀ ਸੁਭਾਵਿਕ ਹੀ ਬੋਲ ਪਏ, ਜਿਸ ਨਾਲ ਸਾਰੇ ਹੱਸਣ ਲੱਗ ਪਏ |
'ਅਸੀਂ ਮੈਡੀਕਲ ਕਾਲਜ ਜਾਣ ਵਾਲੇ ਟੈਸਟਾਂ ਵਿਚ ਜ਼ਿਆਦਾ ਨੰਬਰ ਲਵਾਂਗੇ', ਸਿਧਾਰਥ ਨੇ ਮਾਤਾ ਜੀ ਦੀ ਗੱਲ ਦਾ ਜਵਾਬ ਦੇ ਦਿੱਤਾ |
'ਹਾਂ, ਹਾਂ, ਬਿਲਕੁਲ ਠੀਕ', ਮਾਤਾ ਜੀ ਤੇ ਮੇਘਾ ਇਕੱਠੇ ਬੋਲੇ | ਐਨੀ ਦੇਰ ਵਿਚ ਆਸ਼ਾ ਚਾਹ ਬਣਾ ਕੇ ਲੈ ਆਈ | ਸਾਰੇ ਹੱਸਦੇ-ਖੇਡਦੇ ਚਾਹ ਪੀਣ ਲੱਗੇ |
ਹਰੀਸ਼ ਦੇ ਮੈਡੀਕਲ ਕਾਲਜ ਜਾਣ ਵਾਲੇ ਦੋਵੇਂ ਟੈਸਟ ਵਧੀਆ ਹੋ ਗਏ | ਕੁਝ ਦਿਨਾਂ ਵਿਚ ਹੀ ਨਤੀਜੇ ਆ ਗਏ | ਉਸ ਦਾ ਦੋਵੇਂ ਇਮਤਿਹਾਨਾਂ ਵਿਚ ਬੜਾ ਵਧੀਆ ਰੈਂਕ ਆ ਗਿਆ | ਹੁਣ ਕਾਊਾਸਲਿੰਗ ਹੋਣੀ ਸੀ | ਪਹਿਲੀ ਕਾਊਾਸਲਿੰਗ ਪੀ.ਐਮ.ਟੀ. ਦੇ ਇਮਤਿਹਾਨ ਦੀ ਹੋਈ | ਹਰੀਸ਼ ਦਾ ਰੈਂਕ ਚੰਗਾ ਹੋਣ ਕਰਕੇ ਉਸ ਨੂੰ ਪਹਿਲੀ ਕਾਊਾਸਲਿੰਗ ਵਿਚ ਹੀ ਅੰਮਿ੍ਤਸਰ ਮੈਡੀਕਲ ਕਾਲਜ ਵਿਚ ਸੀਟ ਮਿਲ ਗਈ | ਹਰੀਸ਼ ਦੇ ਪ੍ਰੋਫੈਸਰ ਅਤੇ ਸਿਧਾਰਥ ਦੇ ਕਈ ਨਜ਼ਦੀਕੀ ਕਹਿਣ ਲੱਗੇ ਕਿ ਅਜੇ ਆਲ ਇੰਡੀਆ ਦੇ ਟੈਸਟ ਲਈ ਕਾਊਾਸਲਿੰਗ ਤੋਂ ਬਾਅਦ ਫੈਸਲਾ ਕਰਾਂਗੇ ਕਿ ਦਾਖਲਾ ਕਿਥੇ ਲੈਣਾ ਹੈ |
ਆਲ ਇੰਡੀਆ ਦੀ ਕਾਊਾਸਲਿੰਗ ਵਿਚ ਹਰੀਸ਼ ਨੂੰ ਬੰਬਈ ਦੇ ਇਕ ਬੜੇ ਵੱਡੇ ਮੈਡੀਕਲ ਕਾਲਜ-ਟੋਪੀ ਵਾਲਾ ਨੈਸ਼ਨਲ ਮੈਡੀਕਲ ਕਾਲਜ, ਜੋ ਨਾਇਰ ਹਸਪਤਾਲ ਦਾ ਹਿੱਸਾ ਸੀ, ਵਿਚ ਸੀਟ ਮਿਲ ਗਈ | ਹੁਣ ਸਾਰਿਆਂ ਲਈ ਸੋਚਣ ਵਾਲੀ ਗੱਲ ਸੀ ਕਿ ਦਾਖਲਾ ਅੰਮਿ੍ਤਸਰ ਮੈਡੀਕਲ ਕਾਲਜ ਵਿਚ, ਜੋ ਆਪਣੇ ਸ਼ਹਿਰ ਵਿਚ ਹੈ, ਲਿਆ ਜਾਵੇ ਜਾਂ ਬੰਬਈ ਵਿਚ ਲਿਆ ਜਾਵੇ |
ਅਖੀਰ ਸਾਰਿਆਂ ਨਾਲ ਬੜੀ ਸੋਚ-ਵਿਚਾਰ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਬੰਬਈ ਟੋਪੀ ਵਾਲਾ ਨੈਸ਼ਨਲ ਕਾਲਜ ਵਿਚ ਹੀ ਦਾਖਲਾ ਲੈਣਾ ਚਾਹੀਦਾ ਹੈ, ਕਿਉਂਕਿ ਉਹ ਬਹੁਤ ਵੱਡਾ ਕਾਲਜ ਹੈ ਅਤੇ ਉਸ ਦੇ ਨਾਲ ਜਿਹੜਾ ਨਾਇਰ ਹਸਪਤਾਲ ਅਟੈਚਡ ਹੈ, ਉਹ ਵੀ ਬਹੁਤ ਮਸ਼ਹੂਰ ਹੈ | ਉਥੇ ਬੜੇ ਵੱਡੇ ਅਤੇ ਕਾਬਲ ਡਾਕਟਰ ਹਨ | ਉਥੋਂ ਬੱਚੇ ਨੂੰ ਸਿੱਖਣ ਲਈ ਜ਼ਿਆਦਾ ਕੁਝ ਮਿਲੇਗਾ |
ਬੜਾ ਸੋਚਣ-ਸਮਝਣ ਤੋਂ ਬਾਅਦ ਸਿਧਾਰਥ ਨੇ ਆਪਣੀ ਅਤੇ ਹਰੀਸ਼ ਦੀ ਸ਼ਨੀਵਾਰ ਰਾਤ ਫਰੰਟੀਅਰ ਮੇਲ ਗੱਡੀ ਦੀਆਂ ਸੀਟਾਂ ਬੱੁਕ ਕਰਵਾ ਦਿੱਤੀਆਂ ਅਤੇ ਉਹ ਦੋਵੇਂ ਬੰਬਈ ਰਵਾਨਾ ਹੋ ਗਏ | ਸਿਧਾਰਥ ਨੇ ਪਤਾ ਕਰ ਲਿਆ ਸੀ ਕਿ ਹਰੀਸ਼ ਦਾ ਕਾਲਜ ਬੰਬੇ ਸੈਂਟਰਲ ਸਟੇਸ਼ਨ ਦੇ ਬਿਲਕੁਲ ਨਾਲ ਹੀ ਹੈ | ਸੋਮਵਾਰ ਸਵੇਰੇ-ਸਵੇਰੇ ਹੀ ਉਹ ਬੰਬਈ ਪਹੁੰਚ ਗਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾ: 98889-24664

ਚੁਟਕਲੇ

• ਇਕ ਲੜਕਾ ਡਾਕਟਰ ਕੋਲ ਗਿਆ ਅਤੇ ਬੋਲਿਆ, 'ਡਾਕਟਰ ਸਾਹਿਬ, ਤੁਸੀਂ ਘਰ ਜਾਣ ਦੀ ਕਿੰਨੀ ਫੀਸ ਲੈਂਦੇ ਹੋ?
ਡਾਕਟਰ-300 ਰੁਪਏ |
ਲੜਕਾ-ਠੀਕ ਹੈ, ਤਾਂ ਚਲੋ ਡਾਕਟਰ ਸਾਹਿਬ |
ਡਾਕਟਰ ਨੇ ਆਪਣੀ ਗੱਡੀ ਕੱਢੀ ਅਤੇ ਲੜਕੇ ਨਾਲ ਉਸ ਦੇ ਘਰ ਆ ਗਿਆ | ਡਾਕਟਰ ਬੋਲਿਆ, 'ਮਰੀਜ਼ ਕਿਥੇ ਹੈ?'
ਲੜਕਾ-ਮਰੀਜ਼ ਕੋਈ ਨਹੀਂ ਹੈ, ਡਾਕਟਰ ਸਾਹਿਬ, ਟੈਕਸੀ ਵਾਲਾ ਘਰ ਆਉਣ ਦੇ 500 ਰੁਪਏ ਮੰਗ ਰਿਹਾ ਸੀ ਅਤੇ ਤੁਸੀਂ 300 ਰੁਪਏ ਵਿਚ ਲੈ ਆਏ |
• ਸੁਰਿੰਦਰ ਮੰਦਰ ਦੇ ਬਾਹਰ ਘੁੰਮ ਰਿਹਾ ਸੀ | ਮੰਗਤੇ ਨੇ ਉਸ ਨੂੰ ਕਿਹਾ, 'ਬੇਟਾ, ਤੇਰੀ ਜੋੜੀ ਸਲਾਮਤ ਰਹੇ |'
ਸੁਰਿੰਦਰ-ਅੰਕਲ, ਮੈਂ ਤਾਂ ਅਜੇ ਸਿੰਗਲ ਹਾਂ |

ਮੰਗਤਾ-ਮੈਂ ਜੱੁਤੀਆਂ ਦੀ ਜੋੜੀ ਦੀ ਗੱਲ ਕਰ ਰਿਹਾ ਹਾਂ |
-536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX