ਤਾਜਾ ਖ਼ਬਰਾਂ


'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  9 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  26 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  46 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬੀਤੇ ਲੰਘੇ ਦਿਨ ਸਨਿੱਚਰਵਾਰ ਨੂੰ ਸਪਾ ਨੇਤਾ ਤੇ ਰਾਮਗੋਪਾਲ ਯਾਦਵ ਦੇ ਬੇਟੇ ਅਕਸ਼ੈ ਯਾਦਵ ਲਈ ਰੈਲੀ ਵਿਚ ਵੋਟ ਮੰਗਿਆ। ਫ਼ਿਰੋਜ਼ਾਬਾਦ 'ਚ ਗੱਠਜੋੜ ਦੀ ਰੈਲੀ 'ਚ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਬਰਸ ਰਹੀ ਮਾਇਆਵਤੀ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਅਤੇ ਬਾਸਮਤੀ ਵਿਚ ਨਦੀਨਾਂ ਦੀ ਸਮੱਸਿਆ ਦਾ ਹੱਲ ਕਿਵੇਂ ਕਰੀਏ?

ਝੋਨਾ ਪੰਜਾਬ ਦੀ ਸਾਉਣੀ ਰੁੱਤ ਦੀ ਮੁੱਖ ਫ਼ਸਲ ਹੈ। ਪੰਜਾਬ ਵਿਚ ਸਾਲ 2016-17 ਦੌਰਾਨ ਝੋਨੇ ਹੇਠ ਕੁੱਲ ਰਕਬਾ 30.46 ਲੱਖ ਹੈਕਟੇਅਰ ਸੀ ਜਿਸ ਵਿਚੋਂ ਝੋਨੇ ਦੀ ਕੁੱਲ ਉਪਜ 188.63 ਲੱਖ ਟਨ (126.38 ਲੱਖ ਟਨ ਚੌਲ) ਹੋਈ। ਔਸਤਨ ਝਾੜ 61.93 ਕੁਇੰਟਲ ਪ੍ਰਤੀ ਹੈਕਟੇਅਰ (24.77 ਕੁਇੰਟਲ ਪ੍ਰਤੀ ਏਕੜ) ਰਿਹਾ। ਪੰਜਾਬ ਵਿਚ ਕੁਝ ਰਕਬਾ ਬਾਸਮਤੀ ਦੀ ਫ਼ਸਲ ਅਧੀਨ ਵੀ ਹੁੰਦਾ ਹੈ ਜੋ ਕਿ ਮਾਰਕਿਟ ਦੀ ਮੰਗ ਅਨੁਸਾਰ ਘਟਦਾ ਵੱਧਦਾ ਰਹਿੰਦਾ ਹੈ। ਸਾਉਣੀ ਦੀ ਰੁੱਤ ਦੌਰਾਨ ਝੋਨੇ ਤੇ ਬਾਸਮਤੀ ਦੀ ਫ਼ਸਲ ਦਾ ਮੁੱਖ ਮੁਕਾਬਲਾ ਨਦੀਨਾਂ ਨਾਲ ਹੁੰਦਾ ਹੈ। ਜੇਕਰ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫ਼ਸਲ ਦੇ ਖੁਰਾਕ-ਪਾਣੀ ਵਿਚੋਂ ਆਪਣਾ ਹਿੱਸਾ ਲੈ ਕੇ ਝਾੜ 20-60 ਫ਼ੀਸਦੀ ਤੱਕ ਘਟਾ ਦਿੰਦੇ ਹਨ। ਝੋਨ ਤੇ ਬਾਸਮਤੀ ਦੀ ਫ਼ਸਲ ਵਿਚ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸੁਆਂਕ, ਸੁਆਂਕੀ, ਕਣਕੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਵਿਚ ਘੜਿੱਲਾ, ਸਣੀ ਅਤੇ ਡੀਲਾ ਮੋਥਾ ਵੱਡੀ ਸਮੱਸਿਆ ਹੁੰਦੇ ਹਨ।
ਝੋਨੇ ਤੇ ਬਾਸਮਤੀ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਜ਼ਿਮੀਂਦਾਰਾਂ ਵਲੋਂ ਕਈ ਦਵਾਈਆਂ ਛਿੜਕਣ ਦੇ ਬਾਵਜੂਦ ਵੀ ਨਦੀਨ ਚੰਗੀ ਤਰ੍ਹਾਂ ਨਹੀਂ ਮਰਦੇ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਅੱਜਕਲ੍ਹ ਕਿਸਾਨ ਵੀਰ ਕੇਵਲ ਰਸਾਇਣਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਰਦੇ ਹਨ। ਕੋਈ ਵੀ ਦਵਾਈ ਨਦੀਨਾਂ ਦਾ ਵੱਧ ਤੋਂ ਵੱਧ 90 ਫ਼ੀਸਦੀ ਤੱਕ ਨਾਸ਼ ਕਰਦੀ ਹੈ। ਬਾਕੀ ਬਚੇ 10 ਫ਼ੀਸਦੀ ਨਦੀਨ ਆਪਣੇ ਅੰਦਰ ਜੀਨਾਂ ਵਿਚ ਤਬਦੀਲੀ ਕਰ ਕੇ ਨਦੀਨ ਨਾਸ਼ਕ ਦਵਾਈਆਂ ਦੇ ਅਸਰ ਤੋਂ ਬਚ ਜਾਂਦੇ ਹਨ। ਦੂਜਾ ਕਾਰਨ ਇਹ ਹੈ ਕਿ ਕਈ ਕਿਸਾਨ ਵੀਰ ਦਵਾਈਆਂ ਦੇ ਡੀਲਰਾਂ ਦੇ ਕਹੇ ਮੁਤਾਬਿਕ ਨਦੀਨਨਾਸ਼ਕਾਂ ਦੀ ਝੋਨੇ ਦੀ ਫ਼ਸਲ ਵਿਚ ਵਰਤੋਂ ਕਰ ਲੈਂਦੇ ਹਨ ਜਿਸ ਨਾਲ ਆਸ ਮੁਤਾਬਿਕ ਨਦੀਨਾਂ ਦੀ ਰੋਕਥਾਮ ਨਹੀਂ ਹੁੰਦੀ। ਕਈ ਕਿਸਾਨ ਵੀਰ ਨਦੀਨ ਨਾਸ਼ਕਾਂ ਦੀ ਸਪਰੇਅ ਲਈ ਦਵਾਈਆਂ ਦੀ ਸਹੀ ਮਾਤਰਾ, ਪਾਣੀ ਦੀ ਸਹੀ ਮਾਤਰਾ, ਸਹੀ ਨੋਜ਼ਲ (ਕੱਟ ਵਾਲੀ ਨੋਜ਼ਲ), ਸਹੀ ਤਰੀਕੇ ਨਾਲ (ਬਿਨ੍ਹਾਂ ਪੱਖੀ ਵਾਂਗ ਖੱਬੇ ਸੱਜੇ ਹੱਥ ਹਿਲਾਏ) ਅਤੇ ਸਹੀ ਸਮੇਂ 'ਤੇ ਛਿੜਕਾਅ 'ਤੇ ਗੌਰ ਨਹੀਂ ਕਰਦੇ ਜਿਸ ਨਾਲ ਸਹੀ ਨਤੀਜੇ ਨਹੀਂ ਮਿਲਦੇ। ਇਸ ਲਈ ਜ਼ਿਮੀਂਦਾਰ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਦੁਆਰਾ ਸਿਫ਼ਾਰਸ਼ ਕੀਤੀਆਂ ਹੋਈਆਂ ਨਦੀਨ ਨਾਸ਼ਕ ਦਵਾਈਆਂ (ਜੋ ਕਿ ਪੰਜਾਬ ਦੀਆਂ ਫ਼ਸਲਾਂ ਲਈ ਸਿਫਾਰਸ਼ਾਂ-ਸਾਉਣੀ 2018 ਵਿਚ ਦਰਜ ਹਨ) ਵਿਚੋਂ ਕੋਈ ਇਕ ਦਵਾਈ ਚੁਣ ਕੇ ਅਤੇ ਸਿਫਾਰਸ਼ ਮੁਤਾਬਿਕ ਸਪਰੇਅ ਕਰ ਕੇ ਨਦੀਨਾਂ ਦਾ ਖ਼ਾਤਮਾ ਕਰ ਸਕਦੇ ਹਨ ਅਤੇ ਦਵਾਈ ਦੇ ਅਸਰ ਤੋਂ ਬਾਕੀ ਬਚੇ ਨਦੀਨਾਂ ਨੂੰ ਹੱਥਾਂ ਨਾਲ ਕੱਢ ਕੇ ਨਸ਼ਟ ਕਰ ਸਕਦੇ ਹਨ।
ਨਦੀਨਾਂ ਦੀ ਰੋਕਥਾਮ ਦੇ ਪਰੰਪਰਾਗਤ ਢੰਗਾਂ ਮੁਤਾਬਿਕ ਪਨੀਰੀ ਲਗਾਉਣ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਪੈਡੀ ਵੀਡਰ ਨਾਲ ਕਰਨੀਆਂ ਚਾਹੀਦੀਆਂ ਹਨ। ਜਿੱਥੇ ਪੈਡੀ ਵੀਡਰ ਨਾ ਚੱਲ ਸਕਦਾ ਹੋਵੇ ਉੱਥੇ ਨਦੀਨ ਹੱਥਾਂ ਨਾਲ ਪੁੱਟ ਦੇਣੇ ਚਾਹੀਦੇ ਹਨ। ਝੋਨੇ ਤੇ ਬਾਸਮਤੀ ਦੀ ਫ਼ਸਲ ਵਿਚ ਘਾਹ ਵਾਲੇ (ਸੁਆਂਕ), ਚੌੜੇ ਪੱਤੇ ਵਾਲੇ (ਘਰਿੱਲਾ, ਸਣੀ) ਅਤੇ ਮੋਥਿਆਂ ਦੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰਨੀ ਚਾਹੀਦੀ ਹੈ -
ਸਵਾਂਕ ਅਤੇ ਹੋਰ ਨਦੀਨਾਂ ਦੀ ਰੋਕਥਾਮ ਲਈ ਹੇਠ ਲਿਖੀਆਂ ਨਦੀਨ ਨਾਸ਼ਕਾਂ ਵਿਚੋਂ, ਜਿਹੜੀਆਂ ਕਿ ਲੁਆਈ ਸਮੇਂ, ਝੋਨੇ ਦੀ ਲੁਆਈ ਤੋਂ 10-12 ਦਿਨਾਂ ਦੀ ਅਤੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ਦੀ ਖੜ੍ਹੀ ਫ਼ਸਲ ਵਿਚ, ਕਿਸੇ ਇਕ ਦੀ ਵਰਤੋਂ ਨਾਲ ਸੁਆਂਕ ਦੀ ਬਹੁਤ ਚੰਗੀ ਤਰ੍ਹਾਂ ਅਤੇ ਦੂਜੇ ਨਦੀਨਾਂ ਦਾ ਕਾਫੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ।
ੳ) ਨਦੀਨ ਉੱਗਣ ਤੋਂ ਪਹਿਲਾਂ-ਹੇਠ ਲਿਖੇ ਕਿਸੇ ਇਕ ਨਦੀਨ ਨਾਸ਼ਕ ਦੀ ਵਰਤੋਂ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਲੁਆਈ ਤੋਂ 2-3 ਦਿਨਾਂ ਅੰਦਰ ਰੇਤ ਵਿਚ ਮਿਲਾ ਕੇ ਖੜ੍ਹੇ ਪਾਣੀ ਵਿਚ ਛੱਟਾ ਦੇ ਕੇ ਕਰੋ। ਸੁਆਂਕ ਦੇ ਕੰਟਰੋਲ ਲਈ ਮਚੈਟੀ 50 ਈ ਸੀੇ/ਫਾਸਟ ਮਿਕਸ 50 ਈ ਡਬਲਯੂ (ਬੂਟਾਕਲੋਰ)/ਸੈਟਰਨ 50 ਈ ਸੀ (ਥਾਇੳਬੈਨਕਾਰਬ)/ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਦਵਾਈ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।
ਅ) ਨਦੀਨ ਉੱਗਣ ਤੋਂ ਬਾਅਦ (ਝੋਨੇ ਦੀ ਲੁਆਈ ਤੋਂ 10-12 ਦਿਨਾਂ ਅੰਦਰ) - ਜਿਨ੍ਹਾਂ ਖੇਤਾਂ ਵਿਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਹੁੰਦੀ ਹੈ, ਉੱਥੇ ਲੁਆਈ ਤੋਂ 10-12 ਦਿਨਾਂ 'ਤੇ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ (ਪਿਨੌਕਸੁਲਮ) ਨੂੰ 150 ਲਿਟਰ ਪਾਣੀ ਵਿਚ ਘੋਲ ਦੇ ਛਿੜਕਾਅ ਕਰਨ ਨਾਲ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸੁਆਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ੲ) ਨਦੀਨ ਉੱਗਣ ਤੋਂ ਬਾਅਦ (ਝੋਨੇ ਦੀ ਲੁਆਈ ਤੋਂ 20-25 ਦਿਨਾਂ ਅੰਦਰ)-ਸੁਆਂਕ ਅਤੇ ਝੋਨੇ ਦੇ ਮੋਥਿਆਂ ਦੀ ਅਸਰਦਾਰ ਰੋਕਥਾਮ ਲਈ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀਗੋਲਡ/ਵਾਸ਼ ਆਉਟ/ਮਾਚੋ/ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਲੁਆਈ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰੋ।
ਝੋਨੇ ਦੇ ਮੋਥਿਆਂ ਅਤੇ ਚੌੜੇ ਪੱਤੀ ਵਾਲੇ ਨਦੀਨਾਂ ਜਿਵੇਂ ਕਿ ਘਰਿੱਲਾ, ਸਣੀ ਆਦਿ ਦੀ ਰੋਕਥਾਮ ਵਾਸਤੇ ਪ੍ਰਤੀ ਏਕੜ 30 ਗ੍ਰਾਮ ਐਲਗਰਿਪ 20 ਡਬਲਯੂ ਜੀ (ਮੈਟਸਲਫੂਰਾਨ) ਜਾਂ 50 ਗ੍ਰਾਮ ਸਨਰਾਈਸ 15 ਡਬਲਯੂ ਡੀ ਜੀ (ਇਥੌਕਸੀਸਲਫੂਰਾਨ) ਜਾਂ 40 ਗ੍ਰਾਮ ਲੌਂਡੈਕਸ 60 ਡੀ ਐਫ (ਬੈਨਸਲਫੂਰਾਨ) ਜਾਂ 16 ਗ੍ਰਾਮ ਸੈਂਗਮੈਂਟ 50 ਡੀ ਐਫ (ਅਜ਼ਿਮਸਲਫੂਰਾਨ) ਜਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ + ਕਲੋਰੀਮਿਯੂਰਾਨ) ਨੂੰ ਲੁਆਈ ਤੋਂ 20 ਦਿਨਾਂ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਨਦੀਨ ਨਾਸ਼ਕ ਦਵਾਈਆਂ ਦੇ ਇਸਤੇਮਾਲ ਦੇ ਬਾਵਜੂਦ ਕੁਝ ਨਦੀਨਾਂ ਦੇ ਬੂਟੇ ਆਪਣਾ ਬੀਜ ਕੇਰ ਕੇ ਜ਼ਮੀਨ ਦੇ ਹੇਠਾਂ ਬੀਜ ਬੈਂਕ ਬਣਾ ਲੈਂਦੇ ਹਨ। ਇਸ ਲਈ ਮੌਜੂਦਾ ਝੋਨੇ ਦੀ ਲਵਾਈ ਤੋਂ ਪਹਿਲਾਂ ਖੇਤ ਨੂੰ ਰੌਣੀ ਕਰ ਕੇ ਇਨ੍ਹਾਂ ਨਦੀਨਾਂ ਨੂੰ ਉੱਗਣ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ 'ਤੇ ਉੱਗੇ ਹੋਏ ਨਦੀਨਾਂ ਨੂੰ ਵਿਚੇ ਵਾਹ ਦੇਣਾ ਚਾਹੀਦਾ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਕਈ ਢੀਠ ਨਦੀਨ ਆਪੋ-ਆਪਣੀ ਰੁੱਤ ਮੁਤਾਬਕ ਪੈਦਾ ਹੋ ਜਾਂਦੇ ਹਨ। ਹਾੜੀ੍ਹ ਦੀ ਰੁੱਤ ਵਿਚ ਕਣਕ ਦੀ ਥਾਂ ਆਲੂ, ਸਰ੍ਹੋਂ, ਬਰਸੀਮ ਬੀਜਣ ਨਾਲ ਵੀ ਕਈ ਤਰ੍ਹਾਂ ਦੇ ਨਦੀਨ ਖ਼ਤਮ ਹੋ ਜਾਂਦੇ ਹਨ। ਨਦੀਨਾਂ ਵਿਚ ਨਦੀਨ ਨਾਸ਼ਕਾਂ ਦੇ ਪ੍ਰਤੀ ਸਹਿਣਸ਼ੀਲਤਾ ਨੂੰ ਰੋਕਣ ਲਈ ਹਰ ਸਾਲ ਸਿਫ਼ਾਰਸ਼ ਕੀਤਾ ਨਦੀਨ ਨਾਸ਼ਕ ਗਰੁੱਪ ਬਦਲ ਕੇ ਵਰਤਣਾ ਚਾਹੀਦਾ ਹੈ।


-ਜ਼ਿਲ੍ਹਾ ਪਸਾਰ ਮਾਹਿਰ (ਸੀਨੀਅਰ ਮੋਸਟ), ਫਾਰਮ ਸਲਾਹਕਾਰ ਸੇਵਾ ਕੇਂਦਰ, ਜੇ.ਜੇ. ਫਾਰਮ, ਕਪੂਰਥਲਾ।
ਸੰਪਰਕ - 01822-232543


ਖ਼ਬਰ ਸ਼ੇਅਰ ਕਰੋ

ਕਰੋਗੇ ਗੱਲ - ਮਿਲੇਗਾ ਹੱਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਸਾਨ ਮੇਲੇ ਤੇ 'ਉਤਸ਼ਾਹ' ਪ੍ਰਾਜੈਕਟ ਦੇ ਵਲੰਟੀਅਰ ਇਸ ਨਾਅਰੇ ਬਾਰੇ ਜਦ ਜਾਗ੍ਰਿਤੀ ਪੈਦਾ ਕਰ ਰਹੇ ਸਨ ਤਾਂ ਕਈ ਕਿਸਾਨ ਪੁੱਛਦੇ ਸਨ-ਕਿਸ ਨਾਲ ਗੱਲ ਕਰੀਏ? ਕੀ ਕੋਈ ਫੋਨ ਨੰਬਰ ਹੈ ਜਾਂ ਯੂਨੀਵਰਸਿਟੀ ਵਲੋਂ ਕੋਈ ਕਾਉਂਸਲਰ ਹੈ ਜਿਸ ਨਾਲ ਗੱਲ ਕਰੀਏ? ਵਲੰਟੀਅਰ ਜੁਆਬ ਦਿੰਦੇ ਸਨ-ਪਰਿਵਾਰ ਨਾਲ ਗੱਲ ਕਰੀਏ, ਬਜ਼ੁਰਗਾਂ ਨਾਲ ਗੱਲ ਕਰੀਏ, ਚੰਗੇ ਦੋਸਤਾਂ ਨਾਲ ਗੱਲ ਕਰੀਏ...। ਕੋਈ ਇਕ ਕਾਉਂਸਲਰ ਜਾਂ ਫੋਨ ਨੰਬਰ ਸਭ ਨੂੰ ਦੇਣਾ ਸੰਭਵ ਨਹੀਂ। ਹਾਂ, ਸਾਰੇ ਸਮਾਜ ਦੀ ਹੀ ਤਿਆਰੀ ਕਰਨ ਦੀ ਲੋੜ ਹੈ। ਜਦੋਂ ਵੀ ਕੋਈ ਇਕ ਢਿਲਾ ਪਵੇ, ਦੂਜਾ ਉਸਨੂੰ ਸੰਭਾਲ ਲਵੇ।
ਕਰੋਗੇ ਗੱਲ ਮਿਲੇਗਾ ਹੱਲ ਦਾ ਦੂਜਾ ਭਾਗ ਹੈ - ਮਿਲੇਗਾ ਹੱਲ। ਇੱਥੇ ਸੁਆਲ ਵੀ ਪੈਦਾ ਹੁੰਦਾ ਹੈ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਕੋਈ ਦੇ ਸੱਕਦਾ ਹੈ? ਜਵਾਬ ਹੈ-ਨਹੀਂ। ਪਰ ਜੇ ਸਮੱਸਿਆਵਾਂ ਦੇ ਹੱਲ ਨਹੀਂ ਵੀ ਮਿਲਣਗੇ ਤਾਂ ਵੀ ਗੱਲ ਕਰਨ ਨਾਲ ਕੁਝ ਨਵੀਆਂ ਤਰਕੀਬਾਂ ਨਵੇ ਰਾਹ ਮਿਲ ਸਕਦੇ ਹਨ ਜੋ ਹੱਲ ਦੇ ਨੇੜੇ ਲੈ ਜਾਣ ਵਿਚ ਸਹਾਈ ਹੋ ਸਕਦੀਆਂ ਹਨ।
ਸੰਗਰੂਰ ਦੇ ਦਿੜਬਾ ਇਲਾਕੇ ਦੇ ਪਿੰਡ ਵਿਚ ਇਕ ਕਿਸਾਨ ਦੇ ਸਿਰ ਇਕ ਸਰਕਾਰੀ ਬੈਂਕ ਦਾ 11 ਲੱਖ ਤੋਂ ਵੱਧ ਦਾ ਕਰਜ਼ਾ ਸੀ। ਯੂਨੀਵਰਸਿਟੀ ਵਿਚ ਪੜਦੇ ਉਸ ਕਿਸਾਨ ਦੇ ਲੜਕੇ ਨੇ ਆਪਣੇ ਘਰ ਦੀ ਮੁਸ਼ਕਿਲ ਇਕ ਚੰਗੇ ਸਜੱਣ ਨਾਲ ਸਾਂਝੀ ਕੀਤੀ। ਕਰਦੇ-ਕਰਦੇ ਇਕ ਸੰਪਰਕ ਮਿਲ ਗਿਆ ਜਿਸ ਨੇ ਕਿਹਾ ਕਿ ਫਲਾਣੇ ਬੈਂਕ ਵਿਚ ਕਰਜ਼ਿਆਂ ਦਾ ਨਿਪਟਾਰਾ ਕਰਨ ਲਈ ਸਰਕਾਰੀ ਸਕੀਮ ਚਲ ਰਹੀ ਹੈ। ਬੈਂਕ ਮੈਨੇਜਰ ਤੇ ਹੋਰ ਉੱਚ ਅਫਸਰਾਂ ਨਾਲ ਕੁਝ ਮੀਟਿੰਗਾਂ ਕੀਤੀਆਂ। ਮੁਕਦੀ ਗੱਲ 11 ਲੱਖ 22 ਹਜ਼ਾਰ ਦਾ ਕਰਜ਼ਾ ਕੇਵਲ 5 ਲੱਖ 80 ਹਜ਼ਾਰ ਤੇ ਨਿੱਬੜ ਹੋ ਗਿਆ। ਕਿਸੇ ਹੋਰ ਸਾਕ ਸੱਜਣ ਨੇ ਪਰਿਵਾਰ ਦੀ ਮਦਦ ਵਿਚ ਤਿਲ-ਫੁੱਲ ਯੋਗਦਾਨ ਪਾ ਕੇ ਹੱਲਾਸ਼ੇਰੀ ਦਿੱਤੀ। ਓੜਕ, ਪਰਿਵਾਰ ਨੇ ਪੈਸੇ ਜਮ੍ਹਾਂ ਕਰਵਾ ਕੇ ਕਰਜ਼ਾ ਖਤਮ ਕਰ ਲਿਆ। ਇਹ ਹੱਲ ਭਾਵੇਂ ਹਰੇਕ ਨਾਲ ਸੰਭਵ ਨਹੀਂ ਪਰ ਇਸ ਪਰਿਵਾਰ ਨੇ ਗੱਲ ਕੀਤੀ ਤਾਂ ਹੀ ਹੱਲ ਮਿਲਿਆ। ਆਸਵੰਦ ਹੋਈਏ। ਜਿਵੇਂ ਹਰ ਕਿਸੇ ਦੀ ਸਮੱਸਿਆ ਵਿਲੱਖਣ ਹੈ, ਤਿਵੇਂ ਹੀ ਹਰੇਕ ਦਾ ਹੱਲ ਵੀ ਵਿਲੱਖਣ ਹੀ ਹੋਵੇਗਾ। ਪਰ ਹੱਲ ਵਲ ਜਾਣ ਲਈ ਪਹਿਲਾ ਕਦਮ ਹੈ-ਗੱਲ ਕਰਨੀ। ਗੱਲ ਕਰਾਂਗੇ ਤਾਂ ਹੱਲ ਮਿਲਣਗੇ। ਨਿੱਕਾ ਜਿਹਾ ਸੁਝਾਅ ਵੀ ਸਾਨੂੰ ਸਮੱਸਿਆ ਦੇ ਹੱਲ ਦੇ ਨੇੜੇ ਲਿਜਾ ਸਕਦਾ ਹੈ। ਕਹਿੰਦੇ ਹਨ ਮਾਹਰ ਕਾਉਂਸਲਰਾਂ ਕੋਲ ਵੀ ਹਰੇਕ ਦੀ ਹਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਰ ਉਨ੍ਹਾਂ ਕੋਲ ਇਹ ਜਾਚ ਹੁੰਦੀ ਹੈ ਕਿ ਪ੍ਰੇਸ਼ਾਨ ਵਿਅਕਤੀ ਦੇ ਸੋਚਣ ਦੇ ਢੰਗ-ਤਰੀਕੇ ਨੂੰ ਠੀਕ ਕਰਕੇ ਉਸਨੂੰ ਇਸ ਕਾਬਲ ਬਣਾ ਦਿੰਦੇ ਹਨ ਕਿ ਵਿਅਕਤੀ ਆਪਣੀ ਸਮੱਸਿਆ ਦਾ ਹੱਲ ਆਪ ਹੀ ਲੱਭ ਲੈਣ ਦੇ ਯੋਗ ਹੋ ਜਾਂਦਾ ਹੈ। ਨਾਲ ਹੀ ਜੇਕਰ ਤੁਰੰਤ ਕੋਈ ਹੱਲ ਨਾ ਮਿਲੇ ਤਾਂ ਇਹ ਪ੍ਰੇਰਣਾ ਵੀ ਬੜੀ ਲਾਹੇਵੰਦੀ ਹੁੰਦੀ ਹੈ ਕਿ ਫਲਾਂ-ਫਲਾਂ ਕੰਮ ਕਰਕੇ ਵੇਖੋ, ਫਲਾਂ-ਫਲਾਂ ਨਾਲ ਗੱਲ ਕਰਕੇ ਵੇਖੋ। ਕਈ ਵਾਰੀ ਤਾਲਾ ਗੁੱਛੇ ਦੀ ਅਖੀਰਲੀ ਚਾਬੀ ਨਾਲ ਹੀ ਖੁੱਲ੍ਹਦਾ ਹੈ। ਸੋ ਹੌਂਸਲਾ ਰੱਖਣ ਤੇ ਡਟੇ ਰਹਿਣ ਵਿਚ ਹੀ ਭਲਾ ਹੈ। ਮੁੱਕਦੀ ਗੱਲ ਇਹ ਹੈ ਕਿ ਪ੍ਰੇਸ਼ਾਨ ਬੰਦਾ ਗੱਲ ਕਰੇ, ਗੱਲ ਕਰੇ ਅਤੇ ਅਸੀਂ ਸਾਰੇ ਸੁਣੀਏ। ਹੌਂਸਲਾ ਦੇਈਏ, ਆਸ ਵਿਖਾਈਏ, ਹੱਲ ਸੁਝਾਈਏ। ਕਰਜ਼ੇ ਮੁਆਫ ਕਰਵਾਉਣ ਲਈ ਸੰਘਰਸ਼ ਚਲਦੇ ਰਹਿਣ, ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਭਲਾਈ ਲਈ ਸੱਚੇ ਮਨੋ ਕਾਰਜਸ਼ੀਲ ਰਹਿਣ ਪਰ ਕੋਈ ਵੀ ਕਿਸਾਨ ਖੁਦਕੁਸ਼ੀ ਨਾ ਕਰੇ। ਕਿਸੇ ਵੀ ਘਰ ਦਾ ਚਿਰਾਗ ਨਾ ਬੁਝੇ। ਯਾਦ ਰੱਖੀਏ, ਜਿੰਨੇ ਘਰਾਂ ਨੂੰ ਖੁਦਕੁਸ਼ੀ ਦਾ ਕਲੰਕ ਲਗੇਗਾ ਓਨਾ ਸਮਾਜ ਨਿਘਾਰ ਵਲ ਜਾਏਗਾ। ਕੇਵਲ ਖੁਦਕੁਸ਼ੀ ਪੀੜਤ ਪਰਿਵਾਰ ਹੀ ਪ੍ਰੇਸ਼ਾਨੀਆਂ ਦੇ ਝਖੜਾਂ ਵਿਚ ਕੱਖੋਂ ਹੌਲਾ ਨਹੀਂ ਹੋਵੇਗਾ ਸਗੋਂ ਸਮੁੱਚਾ ਪੇਂਡੂ ਭਾਈਚਾਰਾ ਬਦਨਾਮ ਹੋਵੇਗਾ। ਜਿਸ ਸਮਾਜ ਵਿਚ ਖੁਦਕੁਸ਼ੀਆਂ ਹੁੰਦੀਆਂ ਹਨ, ਓਥੇ ਕੇਵਲ ਖੁਦਕੁਸ਼ੀ ਕਰਨ ਵਾਲਾ ਹੀ ਦੋਸ਼ੀ ਨਹੀਂ, ਸਗੋਂ ਉਸ ਦਾ ਆਲਾ-ਦੁਆਲਾ ਵੀ ਜ਼ਿੰਮੇਦਾਰ ਹੈ ਜੋ ਉਸ ਦੇ ਦਰਦ ਨੂੰ ਨਹੀਂ ਸੁਣ ਸਕਿਆ, ਸਮਝ ਸਕਿਆ, ਸੰਭਾਲ ਨਹੀਂ ਸਕਿਆ। ਤੁਹਾਡੇ ਆਲੇ-ਦੁਆਲੇ ਜੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਸ ਨੂੰ ਅਣਡਿੱਠਾ ਨਾ ਕਰਿਓ। ਤੁਹਾਡੇ ਨਿਕੇ ਜਿਹੇ ਸਨੇਹ ਨਾਲ, ਹਮਦਰਦੀ ਨਾਲ ਉਹ ਠੀਕ ਹੋ ਸਕਦਾ ਹੈ, ਖੁਦਕੁਸ਼ੀ ਤੋਂ ਬੱਚ ਸਕਦਾ ਹੈ। ਪਰਿਵਾਰਾਂ ਵਿਚ ਪਿਆਰ ਤੇ ਸਮਾਜ ਵਿਚਲਾ ਭਾਈਚਾਰਾ ਮਜ਼ਬੂਤ ਕਰੀਏ। ਕਰਜ਼ੇ ਦੇ ਭਾਰ ਨੂੰ ਮਨ ਦਾ ਭਾਰ ਨਾ ਬਣਨ ਦੇਈਏ। ਗੱਲ ਕਰੀਏ, ਪ੍ਰੇਸ਼ਾਨੀ ਦੱਸੀਏ, ਉਦਮ ਕਰੀਏ, ਹੱਲ ਮਿਲਣਗੇ। (ਸਮਾਪਤ)


-ਪ੍ਰੋਫੈਸਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪ੍ਰਿੰਸੀਪਲ ਇਨਵੈਸਟੀਗੇਟਰ, ਕਿਸਾਨ ਖੁਦਕੁਸ਼ੀਆਂ ਰੋਕਣ ਲਈ ©1S6 (931R) ਪ੍ਰਾਜੈਕਟ।
ਮੋਬਾਈਲ : 09914242004

ਇਕ ਵਾਰ ਫਿਰ ਝੋਨਾ

ਹਰ ਸਾਲ ਝੋਨਾ ਲੱਗਦਾ ਹੈ। ਹਰ ਵਾਰ ਵਾਤਾਵਰਨ ਪ੍ਰੇਮੀ (?) ਸ਼ੋਰ ਮਚਾਉਂਦੇ ਹਨ ਕਿ ਝੋਨਾ ਬੰਦ ਕਰੋ। ਸਰਕਾਰਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਕੀ ਕਰਨ। ਕਦੇ ਉਹ ਝੋਨੇ ਦੀਆਂ ਪੰਜਾਬੋਂ ਬਾਹਰਲੀਆਂ ਕਿਸਮਾਂ ਨੂੰ ਨਿੰਦਦੇ ਹਨ ਤੇ ਕਦੇ ਪਨੀਰੀ 'ਤੇ ਪਾਬੰਦੀ ਲਾਉਂਦੇ ਹਨ, ਐਤਕੀ ਤਾਂ ਝੋਨਾ ਲਾਉਣ ਦੀ ਤਰੀਕ ਹੀ ਮਿੱਥ ਦਿੱਤੀ ਗਈ। ਚਲੋ ਮੰਨ ਲੈਂਦੇ ਹਾਂ ਕਿ ਕੋਈ ਖੋਜ ਹੋਈ ਹੋਵੇਗੀ, ਪਰ ਇਹ ਖੇਤੀ ਅਧਿਕਾਰੀਆਂ ਦਾ ਫਰਜ਼ ਤਾਂ ਬਣਦਾ ਸੀ ਕਿ ਕਿਸਾਨਾਂ ਨੂੰ ਕਿਸੇ ਤਰਕ ਜਾਂ ਸੇਧ ਨਾਲ ਸਮਝਾਉਂਦੇ। ਸਿੱਧਾ ਸਰਕਾਰੀ ਡੰਡਾ ਹੀ ਚਲਾ ਦਿੱਤਾ। ਕਿਸਾਨਾਂ ਵਿਚ ਬੇਵਿਸ਼ਵਾਸ਼ੀ ਹੈ। ਪੰਜਾਬ ਵਿਚ ਜ਼ਿਆਦਾ ਝੋਨਾ ਪੰਜਾਬੋਂ ਬਾਹਰਲੀਆਂ ਕਿਸਮਾਂ ਦਾ ਹੀ ਲਾਇਆ ਜਾਂਦਾ ਹੈ। ਉਨ੍ਹਾਂ ਨੂੰ ਡਰ ਹੈ ਕਿ ਇਹ ਝੋਨਾ ਸਮੇਂ ਸਿਰ ਪੱਕੇਗਾ ਨਹੀਂ ਤੇ ਫੇਰ ਵੱਧ ਨਮੀ ਦੇ ਬਹਾਨੇ ਕਿਸਾਨਾਂ ਦਾ ਮੰਡੀਆਂ ਵਿਚ ਸ਼ੋਸ਼ਣ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਇਸ ਡਰ ਤੋਂ ਮੁਕਤ ਕਰੇ। ਕਿਸਾਨਾਂ ਨੂੰ ਭਰੋਸੇ ਵਿਚ ਲਵੇ। ਪਾਣੀ ਜ਼ਰੂਰ ਬਚਾਓ, ਪਰ ਕਿਸਾਨ ਨੂੰ ਮਾਨਸਿਕ ਤੌਰ 'ਤੇ ਨਾ ਤੜਫਾਓ।


-ਮੋਬਾ: 98159-45018

ਕਿਸਾਨ ਹਰ ਦਿਨ ਰੋਸ ਵਿਖਾਵੇ ਕਿਉਂ ਕਰ ਰਹੇ ਹਨ?

ਪਿਛਲੀ ਸ਼ਤਾਬਦੀ ਦੇ ਸੱਠਵੇਂ 'ਚ ਭਾਰਤ ਆਪਣੀ ਖਪਤ ਲਈ ਅਨਾਜ ਵਿਦੇਸ਼ਾਂ ਤੋਂ ਮੰਗਵਾਉਂਦਾ ਸੀ ਜੋ ਅੱਜ ਵਿਦੇਸ਼ਾਂ ਨੂੰ ਨਿਰਯਾਤ ਕਰ ਰਿਹਾ ਹੈ। ਸੰਨ 1975 ਤੇ 2015 ਦੇ ਦਰਮਿਆਨ ਭਾਰਤ ਦੀ ਜਨਸੰਖਿਆ ਦੁੱਗਣੀ ਹੋਈ ਪਰ ਖੇਤੀ ਉਤਪਾਦਨ 14 ਗੁਣਾ ਹੋ ਗਿਆ। ਪੰਜਾਬ ਦੀ ਕਣਕ ਦੀ ਉਤਪਾਦਕਤਾ ਵਧ ਕੇ 51 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਟੱਪ ਗਈ ਜੋ ਵਿਸ਼ਵ 'ਚ ਕਣਕ ਪੈਦਾ ਕਰਨ ਵਾਲੇ ਸਭ ਮੁਲਕਾਂ ਨਾਲੋਂ ਵੱਧ ਹੈ। ਭਾਰਤ ਅੱਜ ਖੇਤੀ ਉਤਪਾਦਨ ਪੱਖੋਂ ਵਿਸ਼ਵ 'ਚ ਦੂਜੇ ਦਰਜੇ 'ਤੇ ਹੈ ਅਤੇ ਅਨਾਜ ਦੀਆਂ ਫ਼ਸਲਾਂ ਵਿਚ ਪੰਜਾਬ ਦੀ ਉਤਪਾਦਕਤਾ ਭਾਰਤ ਦੇ ਸਭ ਰਾਜਾਂ ਨਾਲੋਂ ਵੱਧ ਹੈ। ਇਸ ਦੇ ਬਾਵਜੂਦ ਕਿਸਾਨਾਂ ਵਿਚ ਰੋਸ ਦੀ ਲਹਿਰ ਦੌੜ ਰਹੀ ਹੈ ਅਤੇ ਹਰ ਦਿਨ ਉਹ ਰੋਸ ਰੈਲੀਆਂ ਕਰ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਸਬਜ਼ ਇਨਕਲਾਬ ਦੇ ਆਗ਼ਾਜ਼ ਉਪਰੰਤ ਉਤਪਾਦਨ ਤੇ ਉਤਪਾਦਕਤਾ ਤਾਂ ਵਧੇ ਹਨ ਪ੍ਰੰਤੂ ਕਿਸਾਨਾਂ ਦੀ ਆਮਦਨ ਤੇ ਮੁਨਾਫ਼ਾ ਦੂਜੀਆਂ ਵਸਤੂਆਂ ਦੇ ਮੁਕਾਬਲੇ 'ਚ ਨਹੀਂ ਵਧਿਆ। ਜਦੋਂ ਤੱਕ ਉਤਪਾਦਨ ਵਧਾ ਕੇ ਮੁਨਾਫ਼ਾ ਵਧੇਰੇ ਨਹੀਂ ਆਉਂਦਾ ਕਿਸਾਨਾਂ ਲਈ ਅੰਨ ਸੁਰੱਖਿਆ ਕੋਈ ਮਾਇਨੇ ਨਹੀਂ ਰੱਖਦੀ।
ਪਿੱਛੇ ਜਿਹੇ ਕਿਸਾਨ ਜੱਥੇਬੰਦੀਆਂ ਨੇ ਉਤਪਾਦਕਾਂ ਨੂੰ ਸਬਜ਼ੀਆਂ ਤੇ ਦੁੱਧ ਆਦਿ ਸ਼ਹਿਰਾਂ 'ਚ 10 ਦਿਨ ਨਾ ਲਿਆਉਣ ਦਾ ਸੱਦਾ ਦੇ ਕੇ ਇਨ੍ਹਾਂ ਪਦਾਰਥਾਂ ਦੀ ਸਪਲਾਈ ਸ਼ਹਿਰਾਂ 'ਚ ਰਹਿ ਰਹੇ ਲੋਕਾਂ ਨੂੰ ਬੰਦ ਕਰਨ ਦਾ ਉਪਰਾਲਾ ਕੀਤਾ। ਅਜਿਹਾ ਉਨ੍ਹਾਂ ਨੇ ਆਪਣੇ ਰੋਸ ਦਾ ਵਿਖਾਵਾ ਕਰਨ ਪੱਖੋਂ ਕੀਤਾ। ਪਿਛਲੇ ਸਾਲਾਂ ਵਿਚ ਭਾਰਤ ਦੀ ਜੀ. ਡੀ. ਪੀ. (ਕੁੱਲ ਉਤਪਾਦਨ) ਔਸਤਨ 7.2 ਫੀਸਦੀ ਦੀ ਦਰ ਨਾਲ ਵਧੀ ਜਦੋਂ ਕਿ ਖੇਤੀ ਖੇਤਰ 'ਚ ਜੀ. ਡੀ. ਪੀ. ਦਾ ਵਾਧਾ ਕੇਵਲ 2.5 ਫੀਸਦੀ ਸਾਲਾਨਾ ਦੀ ਦਰ ਨਾਲ ਹੋਇਆ। ਸੰਨ 2017-18 'ਚ ਵੀ ਭਾਰਤ ਦੀ ਆਰਥਿਕ ਜੀ ਡੀ ਪੀ ਵਿਚ 6.7 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਜਦੋਂ ਕਿ ਖੇਤੀ ਜੀ ਡੀ ਪੀ 5.2 ਫੀਸਦੀ ਸਾਲਾਨਾ ਦਰ ਨਾਲ ਵਧੀ। ਇਸ ਤੋਂ ਸਪੱਸ਼ਟ ਹੈ ਕਿ ਖੇਤੀ ਖੇਤਰ 'ਚ ਮੁਲਕ ਦੀ ਦੂਜੇ ਖੇਤਰਾਂ ਦੇ ਮੁਕਾਬਲੇ ਆਰਥਿਕਤਾ ਵਿਚ ਘੱਟ ਵਿਕਾਸ ਹੋਇਆ। ਜ਼ਾਹਿਰ ਹੈ ਕਿ ਉਤਪਾਦਨ 'ਚ ਨੁਮਾਇਆਂ ਵਾਧਾ ਹੋਣ ਦੇ ਬਾਵਜੂਦ ਕਿਸਾਨਾਂ ਦੀ ਆਮਦਨ ਵਿਚ ਕੋਈ ਯੋਗ ਵਾਧਾ ਨਹੀਂ ਹੋਇਆ।
ਕਿਸਾਨਾਂ ਵਲੋਂ ਇਕ ਦਹਾਕੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਉਤਪਾਦਨ ਦੀਆਂ ਕੀਮਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਖੇਤੀ ਖਰਚਿਆਂ ਦੇ ਡੇਢ ਗੁਣਾ ਦੇ ਆਧਾਰ 'ਤੇ ਮੁਕਰੱਰ ਕੀਤੀਆਂ ਜਾਣ। ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਖੇਤੀ ਖਰਚੇ ਵਿਚ ਕਿਸਾਨਾਂ ਦੀ ਤੇ ਉਹਨਾਂ ਦੇ ਟੱਬਰ ਦੇ ਜੀਆਂ ਵਲੋਂ ਕੀਤੀ ਗਈ ਲੇਬਰ, ਜ਼ਮੀਨ ਦਾ ਕਰਾਇਆ ਤੇ ਹੋਰ ਸਾਰੇ ਖਰਚੇ ਸ਼ਾਮਿਲ ਹੋਣਗੇ। ਪਿੱਛੇ ਜਿਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੇਦੀ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਪਰ ਅਜੇ ਤੱਕ ਖ਼ਰੀਫ ਦੀਆਂ ਫ਼ਸਲਾਂ ਦੀ ਇਸ ਆਧਾਰ 'ਤੇ ਐਮ. ਐਸ. ਪੀ. ਨਿਯਤ ਕਰ ਕੇ ਕੋਈ ਐਲਾਨ ਨਹੀਂ ਕੀਤਾ। ਖ਼ਰੀਫ਼ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨ ਐਮ ਐਸ ਪੀ ਦੇ ਐਲਾਨ ਦੀ ਉਡੀਕ ਕਰ ਰਹੇ ਹਨ। ਬਹਾਰ ਰੁੱਤ ਦੀ ਮੱਕੀ ਦੀ ਫ਼ਸਲ ਮੰਡੀਆਂ ਵਿਚ ਪਿਛਲੇ ਸਾਲ ਦੇ 800 ਰੁਪਏ ਕੁਇੰਟਲ ਦੇ ਭਾਅ 'ਤੇ ਹੀ ਵਿਕ ਰਹੀ ਹੈ। ਕਿਸਾਨਾਂ ਨੂੰ ਯੋਗ ਕੀਮਤ ਤੇ ਮੁਨਾਫ਼ਾ ਨਾ ਮਿਲਣ ਕਾਰਨ ਫ਼ਸਲੀ ਵਿਭਿੰਨਤਾ ਵੀ ਪਛੜੀ ਹੈ। ਪੰਜਾਬ ਵਿਚ ਨਰਮੇ ਦੀ ਕਾਸ਼ਤ ਥੱਲੇ ਇਕ ਲੱਖ ਹੈਕਟੇਅਰ ਰਕਬੇ ਦਾ ਘਟਣਾ ਬੜਾ ਖ਼ਤਰਨਾਕ ਹੈ। ਭਾਵੇਂ ਇਸ ਦਾ ਕਾਰਨ ਨਹਿਰਾਂ 'ਚ ਅਗੇਤਾ ਪਾਣੀ ਨਾ ਛੱਡਣਾ ਹੋਵੇ ਜਾਂ ਕਿਸਾਨਾਂ ਨੂੰ ਪਿਛਲੇ ਸਾਲ ਯੋਗ ਕੀਮਤ ਦਾ ਨਾ ਮਿਲਣਾ ਜਾਂ ਚਿੱਟੀ ਮੱਖੀ ਦੇ ਹਮਲੇ ਤੋਂ ਸੰਭਾਵਕ ਨੁਕਸਾਨ ਤੋਂ ਡਰ ਜਾਂ ਬੀ ਟੀ ਨਰਮੇ ਦੇ ਨਕਲੀ ਬੀਜਾਂ ਦੀ ਵਿਕਰੀ, ਕੁਝ ਵੀ ਹੋਵੇ। ਖੇਤੀ ਪ੍ਰਸਾਰ ਸੇਵਾ ਰਾਹੀਂ ਕਿਸਾਨਾਂ ਨੂੰ ਜਾਣਕਾਰੀ ਤੇ ਗਿਆਨ ਮੁਹੱਈਆ ਕਰ ਕੇ ਵਿਗਿਆਨਕ ਵਿਧੀਆਂ ਅਪਨਾਉਣ ਦੀ ਵਿਧੀ ਤਾਂ ਲੱਗਪਗ ਖ਼ਤਮ ਹੈ। ਖੇਤੀਬਾੜੀ ਵਿਭਾਗ ਦੀਆਂ 50 ਫੀਸਦੀ ਆਸਾਮੀਆਂ ਖਾਲੀ ਪਈਆਂ ਹਨ ਅਤੇ ਜੋ ਖੇਤੀ ਵਿਕਾਸ ਤੇ ਖੇਤੀ ਅਫ਼ਸਰ ਤਾਇਨਾਤ ਹਨ ਉਹ ਨਿਯਮਾਂ ਦੀ ਪਾਲਣਾ, ਲਾਇਸੈਂਸਾਂ ਦਾ ਦੇਣਾ, ਕੀਟਨਾਸ਼ਕਾਂ ਅਤੇ ਬੀਜਾਂ, ਆਦਿ ਦੇ ਸੈਂਪਲ ਭਰਨਾ ਅਤੇ ਦਫ਼ਤਰਾਂ ਵਿਚ ਅੰਕੜੇ ਇਕੱਠੇ ਕਰ ਕੇ ਰਿਪੋਰਟਾਂ ਆਦਿ ਭੇਜਣ 'ਚ ਹੀ ਮਸਰੂਫ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੀ ਕੋਈ ਪ੍ਰਸਾਰ ਸੇਵਾ ਕਿਸਾਨਾਂ ਨੂੰ ਉਪਲਬਧ ਨਹੀਂ। ਕ੍ਰਿਸ਼ੀ ਵਿਗਿਆਨ ਕੇਂਦਰ ਜ਼ਿਲ੍ਹੇ 'ਚ ਕੇਵਲ ਇਕ ਹੋਣ ਕਾਰਨ (ਉਹ ਵੀ ਇਕ ਸਿਰੇ 'ਤੇ) ਕਿਸਾਨਾਂ ਨੂੰ ਕੋਈ ਗਿਆਨ ਤੇ ਵਿਗਿਆਨ ਦੇਣ ਲਈ ਸਹਾਈ ਨਹੀਂ।
ਸਰਕਾਰ ਵਲੋਂ ਖੇਤਾਂ 'ਚ ਰਹਿੰਦ-ਖੁੰਹਦ ਨੂੰ ਅੱਗ ਨਾ ਲਾਉਣ ਦੀ ਕਾਨੂੰਨੀ ਮਨਾਹੀ ਕਰ ਦਿੱਤੀ ਗਈ। ਪਰ ਕਿਸਾਨਾਂ ਨੂੰ ਇਸ ਸਬੰਧੀ ਲੋੜੀਂਦੀ ਮਸ਼ੀਨਰੀ ਅਤੇ ਪਰਾਲੀ ਦੀ ਵਿਕਰੀ ਸਬੰਧੀ ਕੋਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਾਰਨ ਇਸ ਨਿਯਮ ਦੀ ਵੀ ਕਿਸਾਨਾਂ ਨੇ ਪਾਲਣਾ ਨਹੀਂ ਕੀਤੀ ਕਿਉਂਕਿ ਉਹ ਅਜਿਹਾ ਕਰਨ ਲਈ ਮਜਬੂਰ ਸਨ। ਕਿਸਾਨਾਂ ਨੂੰ ਫ਼ਸਲ ਬੀਮਾ ਯੋਜਨਾ ਤੋਂ ਵੀ ਕੋਈ ਲਾਭ ਨਹੀਂ ਪਹੁੰਚਿਆ। ਜ਼ਮੀਨਾਂ ਦੀਆਂ ਆਨਲਾਈਨ ਰਜਿਸਟਰੀਆਂ ਕਰਨ ਦੀ ਵਿਧੀ ਤੋਂ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੂੰ ਰਜਿਸਟਰੀ ਕਰਾਉਣ ਲਈ ਕਈ-ਕਈ ਦਿਨ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਹ ਅਰਜ਼ੀ ਨਵੀਸਾਂ ਤੇ ਵਿਚੋਲਿਆਂ ਦੇ ਰਹਿਮ 'ਤੇ ਹਨ। ਭਾਵੇਂ ਸਰਕਾਰ ਵਲੋਂ 5000 ਰੁਪਏ ਫਾਲਤੂ ਫੀਸ ਭਰ ਕੇ ਤਤਕਾਲ ਰਜਿਸਟਰੀ ਕਰਾਉਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਭ੍ਰਿਸ਼ਟਾਚਾਰ ਵਧਿਆ ਹੈ।
ਸਰਕਾਰ ਨੂੰ ਕਿਸਾਨਾਂ ਵਿਚ ਆਏ ਰੋਹ ਨੂੰ ਵੇਖ ਕੇ ਕੁਝ ਫੈਸਲੇ ਕਰਨੇ ਚਾਹੀਦੇ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਖੇਤੀ ਖੇਤਰ ਦੂਜੇ ਆਰਥਿਕ ਖੇਤਰਾਂ ਨਾਲੋਂ ਉਤਪਾਦਨ 'ਚ ਨੁਮਾਇਆਂ ਵਾਧਾ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਮੁਨਾਫ਼ਾ ਉਪਲਬਧ ਕਰਨ ਪੱਖੋਂ ਪਿੱਛੇ ਹੈ। ਕਿਸਾਨੀ ਸਬੰਧੀ ਸਰਕਾਰ ਨੂੰ ਕੋਈ ਵੀ ਫੈਸਲਾ ਲੈਂਦਿਆਂ ਕਿਸਾਨਾਂ ਨੂੰ ਵਿਸ਼ਵਾਸ 'ਚ ਲੈਣਾ ਚਾਹੀਦਾ ਹੈ। ਜੋ ਵਾਅਦੇ ਕੀਤੇ ਜਾਣ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।


-ਮੋਬਾਈਲ : 98152-36307

ਪੰਜਾਬ ਦਾ ਪੁਰਾਣਾ ਪੇਂਡੂ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੁਰਾਣੇ ਪੰਜਾਬੀਆਂ ਨੂੰ ਮਨੋਰੰਜਨ ਵਾਸਤੇ ਨਕਲਾਂ, ਰਾਸਾਂ, ਸਾਲ ਤੇ ਛੋਟੇ ਮੋਟੇ ਸਥਾਨਕ ਮੇਲੇ ਵੇਖਣ ਦੇ ਦਿਲੋਂ ਸ਼ੌਕ ਰਹੇ ਹਨ, ਲੋਹੜੀ, ਦੀਵਾਲੀ, ਮੇਲਾ ਮਾਘੀ, ਹੋਲਾ ਮੱਹਲਾ ਤੇ ਵਿਸਾਖੀ ਆਦਿ ਮੇਲੇ ਤੇ ਤਿਉਹਾਰ ਪੰਜਾਬੀਆਂ ਲਈ ਬਹੁਤ ਹੀ ਮਹਤੱਵਪੂਰਨ ਰਹੇ ਹਨ। ਇਨ੍ਹਾਂ ਮੇਲਿਆਂ ਤੇ ਤਿਉਹਾਰਾਂ 'ਤੇ ਪਿੰਡਾਂ ਵਿਚ ਵਸਣ ਵਾਲੇ ਪੰਜਾਬੀ ਲੋਕ ਖੁੱਲ੍ਹੇ ਖਰਚੇ ਕਰਦੇ, ਚੰਗਾ ਖਾਂਦੇ ਪੀਂਦੇ ਨੱਚਦੇ ਗਾਉਂਦੇ, ਮਨੋਰੰਜਨ ਕਰਦੇ ਧਾਰਮਿਕ ਤੇ ਸਮਾਜਕ ਰਸਮਾਂ ਨਿਭਾਉਂਦੇ ਕਿਤੇ ਕਿਤੇ ਘਰ ਤਿਆਰ ਕੀਤੀ ਦੇਸੀ ਸ਼ਰਾਬ ਦੀ ਗਲਾਸੀ ਵਰਤ ਕੇ ਪੱਗੋਲਥੀ ਵੀ ਹੋ ਲੈਂਦੇ। ਸਾਡੇ ਪ੍ਰਸਿੱਧ ਪੰਜਾਬੀ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਹਾੜ੍ਹੀ ਦੀ ਫਸਲ ਸਾਂਭ ਕੇ ਪੰਜਾਬ ਦੇ ਜੱਟਾਂ ਦੀ ਇਕ ਲੋਕ ਮੇਲੇ ਵਿਚ ਸ਼ਮੂਲੀਅਤ ਤੇ ਕਾਰਗੁਜ਼ਾਰੀ ਦਾ ਇਕ ਬਹੁਤ ਹੀ ਖ਼ੂਬਸੂਰਤ ਤੇ ਵਾਸਤਵਿਕ ਚਿਤਰਨ ਆਪਣੀ ਕਵਿਤਾ ਵਿਚ ਕੀਤਾ ਹੈ ਇਸ ਕਵਿਤਾ ਦੀਆਂ ਪਹਿਲੀਆਂ ਸਤਰਾਂ ਹਨ-
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਤੇ ਮੇਲੇ ਵਿਚ ਆ ਕੇ ਜੱਟ ਕੀ ਕੁਝ ਕਰਦਾ ਤੇ ਕਿਵੇਂ ਵਿਚਰਦਾ ਹੈ ? ਅਜਿਹਾ ਖੂਬਸੂਰਤ ਅਨੁਭਵ ਤਾਂ ਸਮੁੱਚੀ ਕਵਿਤਾ ਪੜ੍ਹ ਕੇ ਹੀ ਪ੍ਰਾਪਤ ਹੋ ਸਕਦਾ ਹੈ। ਅਜੋਕੇ ਪੰਜਾਬ ਵਿਚ ਦੂਜਿਆਂ ਨਾਲ ਤਾਂ ਸਾਂਝਾ ਹੋ ਸਕਦੀਆਂ ਹਨ ਪਰ ਬਹੁਤੇ ਸਕੇ ਭਰਾਵਾਂ ਨਾਲ ਨਫ਼ਰਤ ਤੇ ਈਰਖਾ ਵੇਖੀ ਜਾਂਦੀ ਹੈ ਪਰ ਦਿਹਾਤੀ ਪੰਜਾਬ ਦੇ ਪੁਰਾਣੇ ਲੋਕ ਭਰਾਵਾਂ ਨੂੰ ਮਜ਼ਬੂਤ ਤੇ ਭਰੋਸੇਯੋਗ ਬਾਹਾਂ ਦੇ ਸਮਾਨ ਸਮਝਦੇ ਸਨ, ਮਾਂ ਦੇ ਨਾਲ ਸਭ ਤੋਂ ਵੱਧ ਪਿਆਰ ਤੇ ਸਭ ਤੋਂ ਵੱਧ ਉਸਦਾ ਸਤਿਕਾਰ ਕੀਤਾ ਜਾਂਦਾ ਸੀ, ਇਸ ਕਰਕੇ ਕਿਸੇ ਪੰਜਾਬੀ ਮੁਟਿਆਰ ਨੇ ਆਪਣੇ ਇਕ ਗੀਤ ਵਿਚ ਵੀਰ ਅਤੇ ਮਾਂ ਨਾਲ ਰਿਸ਼ਤਿਆਂ ਦਾ ਮਹੱਤਵ ਸਾਹਮਣੇ ਲਿਆਂਦਾ ਸੀ। ਮਾਵਾਂ ਠੰਢੀਆਂ ਛਾਵਾਂ, ਮਾਣ ਭਰਾਵਾਂ ਨਾਲ। ਪੁਰਾਣੇ ਪੰਜਾਬ ਦੇ ਪਿੰਡਾਂ ਅੰਦਰ ਸਾਰੇ ਫਿਰਕਿਆਂ ਤੇ ਜਾਤਾਂ, ਗੋਤਾਂ ਦੇ ਲੋੋਕ ਦਿਨ ਤਿਉਹਾਰ ਖ਼ੁਸ਼ੀ ਨਾਲ ਰਲ ਮਿਲ ਕੇ ਮਨਾਉਂਦੇ ਸਨ, ਅਜਿਹਾ ਮੇਲ-ਮਿਲਾਪ ਪੰਜਾਬ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਮਜ਼ਬੂਤ ਧੁਰਾ ਹੁੰਦਾ ਸੀ। ਪੰਜਾਬੀਆਂ ਲਈ ਤਿੰਨ ਤਿਉਹਾਰ ਬਹੁਤ ਮਹੱਤਵਪੂਰਨ ਹੁੰਦੇ ਸਨ, ਇਹ ਤਿਉਹਾਰ ਸਨ-ਲੋਹੜੀ, ਵਿਸਾਖੀ ਤੇ ਦੀਵਾਲੀ, ਦੀਵਾਲੀ ਵਾਲੇ ਦਿਨ ਘਰ ਬਣਾ ਕੇ ਜਾਂ ਦੁਕਾਨਾਂ ਤੋਂ ਖਰੀਦ ਕੇ ਮਠਿਆਈਆਂ ਵਰਤੀਆਂ ਜਾਂਦੀਆਂ ਸਨ ਤੇ ਵਿੱਲਖਣ ਰੌਸ਼ਨੀ ਕਰਨ ਵਾਲੀਆਂ ਚੀਜ਼ਾਂ ਚਲਾਈਆਂ ਜਾਂਦੀਆਂ ਸਨ ਥਾਂ-ਥਾਂ ਦੇਸੀ ਤੇਲ ਪਾ ਕੇ ਦੀਵੇ ਜਗਾਏ ਜਾਂਦੇ ਸਨ। ਕਈ ਲੋਕ ਦੀਵਾਲੀ ਵਾਲੇ ਦਿਨ ਬੱਕਰੇ ਦਾ ਮੀਟ ਬਣਾਉਂਦੇ ਜਿਸ ਨੂੰ ਮਾਂਹਪ੍ਰਸ਼ਾਦ ਕਿਹਾ ਜਾਂਦਾ ਸੀ ਤੇ ਘਰ ਦੀ ਕੱਢੀ ਸ਼ਰਾਬ ਦੀ ਵਰਤੋਂ ਵੀ ਲੋਕ ਕਰ ਲੈਂਦੇ ਸਨ। ਲੋਹੜੀ ਨੂੰ ਜਿਨ੍ਹਾਂ ਦੇ ਘਰਾਂ'ਚ ਪੁੱਤਰ ਜਨਮੇ ਹੁੰਦੇ ਉਨ੍ਹਾਂ ਘਰਾਂ ਤੋਂ ਗੁੜ ਅਤੇ ਲੱਡੂ ਮੰਗ ਕੇ ਲਿਆਉਣ ਦਾ ਰਿਵਾਜ ਹੁੰਦਾ ਸੀ, ਕੁੜੀਆਂ ਵਹੁਟੀਆਂ ਗੀਤ ਗਾਉਂਦੀਆਂ ਤੇ ਮਰਦ ਢੋਲਕੀ ਛੈਣਿਆਂ ਨਾਲ ਸ਼ਬਦ ਪੜ੍ਹਦੇ, ਗੁੜ ਤੇ ਲੱਡੂ ਮੰਗਣਜਾਂਦੇ ਸਨ। ਫੇਰ ਔਰਤਾਂ ਘਰਾਂ ਦੇ ਨੇੜੇ ਕਿਸੇ ਸੁੱਰਖਿਅਤ ਤੌੜ ਜਾਂ ਗੁਰਦਵਾਰੇ ਧੂਣੀ ਲਾ ਕੇ ਤੇ ਮਰਦ ਕਿਸੇ ਚੌਂਕ ਜਾਂ ਦਰਵਾਜ਼ੇ ਵਿਚ ਧੂਣੀ ਲਾ ਕੇ ਇਹ ਗੁੜ ਅਤੇ ਲੱਡੂ ਵਰਤਾਉਂਦੇ ਤੇ ਖਾਂਦੇ, ਲੋਹੜੀ ਤੋਂ ਕਈ ਕਈ ਦਿਨ ਪਹਿਲਾਂ ਬੱਚੇ ਘਰ ਘਰ ਜਾ ਕੇ ਆਪਣੇ ਲਈ ਗੁੜ ਤੇ ਧੂਣੀ ਵਾਲਿਆਂ ਲਈ ਪਾਥੀਆਂ ਮੰਗਦੇ ਤੇ ਨਾਲ ਨਾਲ ਗੀਤ ਗਾਉਂਦੇ ਜਾਂਦੇ ਇਨ੍ਹਾਂ ਵਿਚੋਂ ਬਹੁਤੇ ਗੀਤ ਅਪਰਸੰਗਕ ਕਿਸਮ ਦੇ ਹੁੰਦੇ ਸਨ ਤੇ ਕਿਸੇ ਕਿਸੇ ਗੀਤ ਵਿਚ ਦੁੱਲੇ ਭੱਟੀ ਵਲੋਂ ਸੇਰ ਸ਼ੱਕਰ ਪਾ ਕੇ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਨ ਦਾ ਜ਼ਿਕਰ ਵੀ ਹੁੰਦਾ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਸੰਪਰਕ : 94632-33991.

ਲੀਚੀ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਡੱਬਾਬੰਦੀ : ਲੀਚੀ ਬਹੁਤ ਹੀ ਨਾਜ਼ੁਕ ਫਲ ਹੈ ਅਤੇ ਇਸ ਦੀ ਬਾਹਰਲੀ ਛਿੱਲ ਤੋੜਨ ਉਪਰੰਤ ਜਲਦੀ ਹੀ ਭੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਾ ਮੁੱਖ ਕਾਰਨ ਪੋਲੀਫਿਨੋਲ ਔਕਸੀਡੇਸ ਪ੍ਰਕਿਰਿਆ ਕਰਕੇ ਹੈ ਅਤੇ ਇਸ ਦੇ ਰੰਗ ਵਿਚ ਗਿਰਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। ਲੀਚੀ ਆਮ ਤੌਰ 'ਤੇ ਜੂਟ ਦੀਆਂ ਪੱਲੀਆਂ ਵਿਚ ਮੰਡੀ ਵਿਚ ਲਿਜਾਈ ਜਾਂਦੀ ਹੈ ਜਿਸ ਨਾਲ ਉਸ ਦੀ ਮੰਡੀਕਰਨ ਦੀ ਕੀਮਤ ਅਤੇ ਉਮਰ ਵਿਚ ਗਿਰਾਵਟ ਹੁੰਦੀ ਹੈ। ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨਾਲੋਜੀ ਸੈਂਟਰ ਦੁਆਰਾ ਤਿਆਰ ਕੀਤੀਆਂ 2, 4 ਅਤੇ 10 ਕਿਲੋ ਗ੍ਰਾਮ ਦੀਆਂ ਕੋਗੂਰੇਟੇਡ ਫਾਈਬਰ ਬੋਰਡ ਬਕਸਿਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਲੀਚੀ ਨੂੰ ਡੱਬਾਬੰਦੀ ਮਾਰਕੀਟ ਕਰਨ ਲਈ ਮਨਜੂਰੀ ਦਿੱਤੀ ਹੈ। ਸੀ.ਐਫ.ਬੀ.ਵਿਚ ਡੱਬਾਬੰਦ ਕੀਤੇ ਫਲਾਂ ਦੀ ਗੁੱਣਵਤਾ ਅਤੇ ਵਿਕਰੀ ਯੋਗਤਾ ਲਈ ਬਿਹਤਰ ਹੁੰਦੀ ਹੈ, ਇਨ੍ਹਾਂ ਬਕਸਿਆਂ ਦੀ ਵਿਸਥਾਰ ਸੰਬੰਧੀ ਜਾਣਕਾਰੀ ਇਸ ਪ੍ਰਕਾਰ ਹੈ :-
2 ਕਿਲੋ 340mm x 220mm x 100mm
4 ਕਿਲੋ 340mm x 220mm x 190mm
8-10 ਕਿਲੋ 420mm x 225mm x 210mm
ਭੰਡਾਰਨ: ਫਲਾਂ ਦੀ ਤੁੜਾਈ ਤੋਂ ਬਾਅਦ ਢੁਕਵੇਂ ਤਾਪਮਾਨ 2-3 ਡਿਗਰੀ ਤਾਪਮਾਨ ਅਤੇ 90-95 ਫੀਸਦੀ ਨਮੀ 'ਤੇ ਸਟੋਰ ਕੀਤਾ ਜਾਣਾ ਚਾਹੀਦਾ ਹੈ। ਜਦ ਕਿ ਕਮਰੇ ਦੇ ਤਾਪਮਾਨ 'ਤੇ ਲੀਚੀ ਦੇ ਭੰਡਾਰਨ ਦਾ ਸਮਾਂ ਸਿਰਫ 2-3 ਦਿਨ ਤੋਂ ਵੀ ਘੱਟ ਹੈ। ਇਸ ਵਿਧੀ ਨਾਲ ਸਟੋਰ ਕੀਤੇ ਫ਼ਲ ਦੀ ਕੀਮਤ ਮੰਡੀ ਵਿਚ ਵੱਧ ਜਾਂਦੀ ਹੈ ਅਤੇ ਇਸ ਨੂੰ 7-12 ਦਿਨ ਲਈ ਸਟੋਰ ਕੀਤਾ ਜਾ ਸਕਦਾ ਹੈ।
ਮੰਡੀਕਰਨ : ਲੀਚੀ ਨੂੰ ਤੋੜਨ ਦਾ ਸਮਾਂ ਤਕਰੀਬਨ ਦੋ ਮਹੀਨੇ ਹੈ ਜਿਸ ਕਾਰਨ ਮੰਡੀਆਂ ਵਿਚ ਜ਼ਿਆਦਾ ਫ਼ਲ ਆਉਣ ਨਾਲ ਇਸ ਦੇ ਮੰਡੀਕਰਨ ਵਿਚ ਸਮੱਸਿਆਵਾਂ ਆਉਂਦੀਆਂ ਹਨ। ਭਾਰਤੀ ਮੰਡੀਆਂ ਵਿਚ ਆਮ ਤੌਰ 'ਤੇ ਫਲ ਗੁੱਛਿਆਂ ਵਿਚ ਵੇਚਿਆ ਜਾਂਦਾ ਹੈ। ਬਾਗ਼ਵਾਨ ਤੁੜਾਈ ਤੋਂ ਪਹਿਲਾਂ ਸਾਰਾ ਬਾਗ਼ ਠੇਕੇ 'ਤੇ ਦੇ ਦਿੰਦੇ ਹਨ ਇਸ ਤੋਂ ਬਾਅਦ ਸਾਰਾ ਕੰਮ ਕਾਜ ਜਿਵੇਂ ਕਿ ਤੁੜਾਈ, ਡੱਬਾਬੰਦੀ, ਢੋਆ-ਢੁਆਈ ਆਦਿ ਦਾ ਕੰਮ ਆੜ੍ਹਤੀਆਂ ਦੀ ਸਹਾਇਤਾ ਨਾਲ ਸੰਪੂਰਨ ਕਰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ 80-90 ਫੀਸਦੀ ਤੋਂ ਵੱਧ ਉਤਪਾਦਕ ਤੁੜਾਈ ਸਮੇਂ ਠੇਕੇਦਾਰਾਂ ਨੂੰ ਵੇਚਣ ਨੂੰ ਤਰਜੀਹ ਦਿੰਦੇ ਹਨ। ਕਾਸ਼ਤਕਾਰਾਂ ਨੂੰ ਪ੍ਰਾਪਤ ਹੋਣ ਵਾਲੀ ਆਮਦਨ ਅਤੇ ਉਪਭੋਗਤਾਵਾਂ ਦੁਆਰਾ ਭੁਗਤਾਨ ਵਿਚਕਾਰ ਮੁਨਾਫੇ ਦਾ ਕਾਫੀ ਅੰਤਰ ਹੈ। ਠੇਕੇਦਾਰ ਜਾਂ ਕਮਿਸ਼ਨ ਦੇ ਏਜੰਟ ਲੀਚੀ ਦੀ ਮੰਡੀਕਰਨ ਵਿਚ ਵੱਧ ਤੋ ਵੱਧ ਮੁਨਾਫਾ ਕਮਾਉਂਦੇ ਹਨ। ਜ਼ਿਆਦਾ ਮੁਨਾਫਾ ਕਮਾਉਣ ਲਈ ਆਪ ਜ਼ਿਮੀਦਾਰਾਂ ਨੂੰ ਖੁਦ ਮੰਡੀਕਰਨ ਕਰਨਾ ਸਭ ਤੋਂ ਵਧੀਆ ਵਿਕਲਪ ਹੈ।
ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਹਿਕਾਰੀ ਗਰੁੱਪ ਬਣਾਉਣ ਅਤੇ ਪੈਕ ਹਾਊਸ ਅਤੇ ਭੰਡਾਰਨ ਕਰਨ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਨੈਸ਼ਨਲ ਹਾਰਟੀਕਲਚਰ ਬੋਰਡ (©82) ਤੇ ਸੰਗਠਿਤ ਬਾਗ਼ਬਾਨੀ ਵਿਕਾਸ ਮਿਸ਼ਨ ($948) ਅਤੇ ਸਬਸਿਡੀ ਦੀ ਸਹੂਲਤ ਨਾਲ ਕੋਆਪਰੇਟਿਵ ਸਹਾਇਤਾ ਨਾਲ ਪੈਕ ਹਾਊਸ, ਭੰਡਾਰਨ ਅਤੇ ਮੰਡੀਕਰਨ ਦਾ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਕਿਸਾਨਾਂ ਦੇ ਸਹਿਕਾਰਤਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਲੀਚੀਆਂ ਨੂੰ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਵਿਦੇਸ਼ੀ ਮੁਦਰਾ ਕਮਾਈ ਜਾ ਸਕਦੀ ਹੈ ਕਿਉਂਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਜੇ ਲੀਚੀ ਦੇ ਕਾਸ਼ਤਕਾਰੀ ਦੇ ਇਲਾਕਿਆਂ ਦੇ ਨੇੜੇ ਸਥਿਤ ਹਨ, ਇਸ ਖੇਤਰ ਤੋਂ ਲੀਚੀ ਦੀ ਉਤਪਾਦਨ ਨੂੰ ਖੇਤਰ ਵਿਚ ਕੋਲਡ ਚੇਨ ਬੁਨਿਆਦੀ ਢਾਂਚੇ ਦੀ ਸਥਾਪਨਾ ਦੁਆਰਾ ਵਧਾਇਆ ਜਾ ਸਕਦਾ ਹੈ। (ਸਮਾਪਤ)


-ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨਾਲੋਜੀ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਕਰੋਗੇ ਗੱਲ - ਮਿਲੇਗਾ ਹੱਲ

ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਪਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ ਅਨੁਸਾਰ ਹਰ ਛੇਵੇਂ ਭਾਰਤੀ ਨੂੰ ਮਾਨਸਿਕ ਸਿਹਤ ਸਬੰਧੀ ਮਦਦ ਦੀ ਤੁਰੰਤ ਲੋੜ ਹੈ। ਵਿਸ਼ਵ ਪੱਧਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਲਈ ਮਾਨਸਿਕ ਰੋਗ, ਵਿਸ਼ੇਸ਼ ਕਰ ਲੰਮਾ ਚਿਰ ਉਦਾਸੀ (ਡਿਪਰੈਸ਼ਨ) ਹੀ ਜ਼ਿੰਮੇਦਾਰ ਹਨ। ਭਾਰਤ ਵਿਚ ਕਿਸਾਨ ਖੁਦਕੁਸ਼ੀਆਂ ਦਾ ਮਨੋਵਿਗਿਆਨਕ ਪੋਸਟਮਾਰਟਮ (ps਼cho&o{}ca& autops਼) ਨਹੀਂ ਕੀਤਾ ਜਾਂਦਾ ਪਰ ਫਿਰ ਵੀ ਆਮ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਤੋਂ ਪਹਿਲਾਂ ਕਿਸਾਨ ਡਿਪਰੈਸ਼ਨ (ਲੰਮਾ ਚਿਰ ਉਦਾਸੀ, ਨਿਰਾਸ਼ਾ) ਦੀ ਬਿਮਾਰੀ ਦਾ ਸ਼ਿਕਾਰ ਹੋਏ। ਜੇਕਰ ਅਸੀਂ ਡਿਪਰੈਸ਼ਨ ਨੂੰ ਰੋਕਣ ਜਾਂ ਘਟਾਉਣ ਵਿਚ ਸਫਲ ਹੋ ਜਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਵੰਡਣ ਨਾਲ ਘਟਦਾ ਹੈ। ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਿਚ ਤਾਂ ਲੋੜ ਤੋਂ ਵੀ ਵੱਧ ਅੱਗੇ ਹੋ ਗਏ ਹਾਂ ਭਾਵ ਵਿਆਹਾਂ ਤੇ ਜਿੱਥੇ 100 ਬੰਦੇ ਹੀ ਕਾਫੀ ਹੋਣੇ ਚਾਹੀਦੇ ਸਨ ਅਸੀਂ 400-500 ਤੇ ਕਿਤੇ-ਕਿਤੇ ਤਾਂ 800-900 ਤੱਕ ਵੀ ਪਹੁੰਚ ਗਏ ਹਾਂ। ਪਰ ਦੁਖ ਸਾਂਝਾ ਕਰਨ ਵਿਚ ਅਸੀਂ ਮੁੱਢੋਂ ਹੀ ਸੰਕੋਚ ਕਰਨ ਲਗ ਪਏ ਹਾਂ। ਇਥੋਂ ਤੱਕ ਕਿ ਕਈ ਵਾਰੀ ਘਰ ਪਰਿਵਾਰ ਵਿਚ ਨਹੀਂ ਦੱਸਦੇ ਕਿ ਮੈਂ ਐਨੀ ਮਾਨਸਿਕ ਉਲਝਣ ਵਿਚ ਫਸਿਆ ਹੋਇਆ ਹਾਂ। ਵੱਧਦੀ ਖੁਦਕੁਸ਼ੀਆਂ ਦੇ ਰੁਝਾਨ ਇਸ ਗੱਲ ਵਲ ਵੀ ਸੰਕੇਤ ਕਰਦੇ ਹਨ ਕਿ ਸਾਡਾ ਪਰਿਵਾਰਕ ਪਿਆਰ ਹੁਣ ਫਿੱਕਾ ਪੈ ਰਿਹਾ ਹੈ। ਰਿਸ਼ਤੇ ਵੀ ਖੱਪਤਕਾਰੀ ਬਾਜ਼ਾਰ ਦੀ ਵਸਤੂ ਬਣ ਗਏ ਹਨ। ਪਹਿਲਾਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜਾਂ ਵਰਤਦੇ ਸੀ ਹੁਣ ਇਹ ਉਲਟ ਹੋ ਗਿਆ ਹੈ। ਅਸੀਂ ਚੀਜਾਂ ਨਾਲ ਪਿਆਰ ਕਰਦੇ ਹਾਂ ਤੇ ਲੋਕਾਂ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਕਰ ਲੈਂਦੇ ਹਾਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਇਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਂਅ ਹੈ 'ਉਤਸ਼ਾਹ'। ਉਦਾਸ ਪੰਜਾਬ ਨੂੰ ਉਤਸ਼ਾਹਿਤ ਪੰਜਾਬ ਬਣਾਉਣ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਇਹ ਸੰਕਲਪ ਬੁਲੰਦ ਕੀਤਾ ਜਾ ਰਿਹਾ ਹੈ-ਕਰੋਗੇ ਗੱਲ ਮਿਲੇਗਾ ਹੱਲ।
ਇਸ ਦਾ ਪਹਿਲਾ ਭਾਗ ਹੈ-ਕਰੋ ਗੱਲ। ਪਿੰਡਾਂ ਵਿਚ ਕਿਸੇ ਵੇਲੇ ਆਮ ਕਿਹਾ ਜਾਂਦਾ ਸੀ ਕਿ ਕੋਈ ਤਕਲੀਫ ਹੋਵੇ, ਬਿਮਾਰੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਵੋ। ਸਿਆਣੇ ਤਾਂ ਇਹ ਕਹਿੰਦੇ ਸਨ ਕਿ ਜੇ ਮਨ 'ਤੇ ਭਾਰ ਹੋਵੇ ਤਾਂ ਕੰਧਾਂ ਨਾਲ ਵੀ ਗੱਲਾਂ ਕਰ ਲਵੋ, ਆਰਾਮ ਮਿਲੇਗਾ। ਜਦੋਂ ਮਨੁੱਖ ਚੁੱਪ ਰਹਿੰਦਾ ਹੈ ਤਾਂ ਉਸਦੀ ਉਦਾਸੀ ਵਧਦੀ ਜਾਂਦੀ ਹੈ ਪਰ ਗੱਲ ਕਰਨ ਨਾਲ ਇਹੀ ਉਦਾਸੀ ਘਟਣ ਲੱਗ ਪੈਂਦੀ ਹੈ। ਭਾਵੇਂ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਮਿਲੇ ਫਿਰ ਵੀ ਗੱਲ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸਨੂੰ ਵੈਂਟੀਲੇਸ਼ਨ (ਮਨ ਦਾ ਗੁਬਾਰ ਜਾਂ ਭੜਾਸ ਕੱਢਣਾ), ਕੈਥਾਰਸਿਸ (ਭਾਵਾਂ ਦਾ ਵਿਰੇਚਨ) ਆਦਿ ਦੇ ਸੰਕਲਪਾਂ ਨਾਲ ਵੀ ਸਮਝਿਆ ਜਾਂਦਾ ਹੈ। ਦੁਖੀ ਤੇ ਭਰੇ ਪੀਤੇ ਇਨਸਾਨ ਦੀ ਜੇ ਕੋਈ ਧਿਆਨ ਨਾਲ ਗੱਲ ਹੀ ਸੁਣ ਲਵੇ ਤਾਂ ਵੀ ਉਸ ਨੂੰ ਰਾਹਤ ਮਿਲ ਜਾਂਦੀ ਹੈ। ਹਮਦਰਦੀ ਕਰਨਾ ਇਹੀ ਹੈ। ਭਾਵੇਂ ਅਸੀਂ ਉਸ ਦੀ ਕੋਈ ਵੀ ਮਦਦ ਨਹੀਂ ਕਰ ਸਕੇ ਜਾਂ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਲਭ ਸਕੇ, ਉਸਨੂੰ ਕੋਈ ਵੀ ਸੁਝਾਅ ਨਹੀਂ ਦੇ ਸਕੇ ਫਿਰ ਵੀ ਕੇਵਲ ਹਮਦਰਦੀ ਕਰਨ ਨਾਲ, ਧਿਆਨ ਨਾਲ ਗੱਲ ਸੁਣਨ ਨਾਲ ਵੀ ਦੁਖੀ ਨੂੰ ਸਹਾਰਾ ਮਿਲ ਸਕਦਾ ਹੈ। ਕਿਸੇ ਦਾ ਦਰਦ ਸੁਣਨਾ ਤੇ ਉਸ ਨੂੰ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ। ਜੋੜਿਆਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਛਬੀਲ ਤੇ ਲੰਗਰਾਂ ਦੀ ਸੇਵਾ ਦੇ ਨਾਲ-ਨਾਲ ਅੱਜ ਸਾਡੇ ਸਮਾਜ ਵਿਚ ਹੱਲਾਸ਼ੇਰੀ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਲੋੜ ਹੈ। ਤਨ ਦੀ ਸੁੰਦਰਤਾ ਹਰ ਕੋਈ ਵੇਖ ਲੈਂਦੈ ਪਰ ਮਨ ਦੇ ਦਰਦ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦੈ। ਅੱਜ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ ਜਿਨ੍ਹਾਂ ਕੋਲ ਬੈਠ ਕੇ ਕੋਈ ਪ੍ਰੇਸ਼ਾਨ ਮਨੁੱਖ ਆਪਣਾ ਦੁਖ-ਦਰਦ ਸਾਂਝਾ ਕਰ ਸਕੇ। ਅਜਿਹੀ ਸੇਵਾ ਕਰਨ ਵਾਲੇ ਕੋਲ ਬਸ ਦੋ ਹੀ ਗੁਣ ਹੋਣੇ ਚਾਹੀਦੇ ਹਨ-ਪਹਿਲਾ ਉਹ ਕਿਸੇ ਦੇ ਭੇਤ ਆਪਣੇ ਤੱਕ ਹੀ ਰੱਖ ਸਕੇ। ਹੋਰਨਾਂ ਨੂੰ ਕਿਸੇ ਦੀਆਂ ਕਮੀਆਂ, ਔਗੁਣ ਦੱਸ ਕੇ ਮੌਜੂ ਨਾ ਬਣਾਵੇ, ਮਜ਼ਾਕ ਨਾ ਉਡਾਏ। ਜੇਕਰ ਕਿਸੇ ਦਾ ਸੁਭਾਅ ਅਜਿਹਾ ਹੋਵੇਗਾ ਕਿ ਦੱਸੀ ਗੱਲ ਨੂੰ ਹੋਰਾਂ ਤੱਕ ਪਹੁੰਚਾਵੇਗਾ ਤਾਂ ਕੋਈ ਵੀ ਦੁਖੀ ਉਸਨੂੰ ਆਪਣੀ ਗੱਲ ਨਹੀਂ ਦੱਸੇਗਾ। ਕਿਸੇ ਦੀਆਂ ਮਜਬੂਰੀਆਂ ਸੁਣ ਕੇ ਅਸੀਂ 'ਜਜਮੈਂਟਲ' (ਨਿਰਣਾ ਵਾਚਕ) ਨਾ ਹੋਈਏ ਭਾਵ ਉਸ ਬਾਰੇ ਆਪਣੀ ਮਾੜੀ-ਚੰਗੀ ਰਾਏ ਨਾ ਬਣਾ ਲਈਏ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਪ੍ਰਿੰਸੀਪਲ ਇਨਵੈਸਟੀਗੇਟਰ, ਕਿਸਾਨ ਖੁਦਕੁਸ਼ੀਆਂ ਰੋਕਣ ਲਈ ©1S6 (931R) ਪ੍ਰਾਜੈਕਟ।
ਮੋਬਾਈਲ : 09914242004

ਲੀਚੀ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ

ਲੀਚੀ ਦੇ ਫਲ ਦੀ ਚੀਨ, ਭਾਰਤ, ਥਾਈਲੈਂਡ, ਮੇਦਾਸਕਾਰ, ਆਸਟ੍ਰੇਲੀਆ, ਦੱਖਣੀ ਅਫਰੀਕਾ, ਮੋਰਾਸ਼ੀਅਸ, ਤਾਈਵਾਨ, ਇਜ਼ਰਾਈਲ ਅਤੇ ਅਮਰੀਕਾ ਵਿਚ ਵਪਾਰਕ ਤੌਰ 'ਤੇ ਪੈਦਾਵਾਰ ਕੀਤੀ ਜਾਂਦੀ ਹੈ। ਭਾਰਤ ਵਿਚ ਬਿਹਾਰ, ਤ੍ਰਿਪੁਰਾ, ਪੱਛਮੀ ਬੰਗਾਲ, ਉਤੱਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿਚ ਕਾਸ਼ਤ ਕੀਤੀ ਜਾ ਰਹੀ ਹੈ। ਪੰਜਾਬ ਵਿਚ ਲੀਚੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਵਿਚ ਤਕਰੀਬਨ 2708 ਹੈਕਟੇਅਰ ਖੇਤਰ ਰਕਬੇ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ 43,958 ਮੀਟਰਿਕ ਟਨ ਦਾ ਉਤਪਾਦਨ ਅਤੇ ਪੈਦਾਵਾਰ 16.2 ਮੀਟਰਿਕ ਟਨ ਪ੍ਰਤੀ ਹੈਕਟੇਅਰ ਹੈ। ਪੰਜਾਬ ਵਿਚ ਮੁੱਖ ਤੌਰ 'ਤੇ ਦੇਹਰਾਦੂਨ, ਕਲਕੱਤਾ ਅਤੇ ਸੀਡਲੈਸ ਲੇਟ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਲੀਚੀ ਪੋਸਟਿਕ ਫਲ ਹੈ, ਜਿਸ ਵਿਚ ਵਿਟਾਮਿਨ ਸੀ, ਪ੍ਰੋਟੀਨ, ਖਣਿਜ ਦੇ ਨਾਲ-ਨਾਲ ਇਸ ਵਿਚ ਭਰਪੂਰ ਮਾਤਰਾ ਵਿਚ ਪੌਸ਼ਟਿਕ ਰੇਸ਼ੇ, ਐਂਟੀਆਕਸੀਡੈਂਟ ਹੁੰਦੇ ਹਨ। ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਉਤਸ਼ਾਹਤ ਕਰਨ ਲਈ ਲਾਭਦਾਇਕ ਹਨ। ਲੀਚੀ ਨੂੰ ਪੰਜਾਬ ਵਿਚ ਇਕ ਮਹੱਤਵਪੂਰਨ ਫਲ ਵਜੋਂ ਜਾਣਿਆ ਜਾਂਦਾ ਹੈ ਅਤੇ ਹਾਲ ਹੀ ਪੰਜਾਬ ਸਰਕਾਰ ਨੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਲੀਚੀ ਅਸਟੇਟ ਵੀ ਸਥਾਪਨਾ ਕੀਤੀ ਹੈ ਜੋ ਕਿ ਲੀਚੀ ਅਧੀਨ ਬਾਗ਼ਾਂ ਦਾ ਰਕਬਾ, ਉਤਪਾਦਨ ਅਤੇ ਦੂਰ-ਦੁਰਾਡੇ ਦੀਆਂ ਮੰਡੀਆਂ ਦੇ ਲਈ ਮੰਡੀਕਰਨ ਲਈ ਉਤਸ਼ਾਹਿਤ ਕਦਮ ਹੈ। ਇਸ ਨੂੰ ਧਿਆਨ ਵਿਚ ਰਖਦੇ ਹੋਏ, ਸਥਾਨਕ ਅਤੇ ਅੰਤਰਰਾਸ਼ਟਰੀ ਮੰਡੀਆਂ ਵਿਚ ਲੀਚੀ ਫਲ ਦੀ ਉਭਰਦੀ ਮੰਗ ਕਾਰਨ, ਇਸ ਫਲ ਦੀਆਂ ਭੰਡਾਰਨ ਕਰਨ ਲਈ ਢੁਕਵੀਆਂ ਤਕਨੀਕਾਂ ਵਿਕਸਿਤ ਕਰਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਤੁੜਾਈ : ਲੀਚੀ ਬੂਟੇ ਉਤੇ ਹੀ ਪੱਕਣ ਵਾਲਾ ਫਲ ਹੈੈ ਅਤੇ ਤੁੜਾਈ ਆਮ ਤੌਰ 'ਤੇ ਲਾਲ ਰੰਗ, ਫਲ ਦੇ ਆਕਾਰ ਅਤੇ ਮਿਠਾਸ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿਚ ਲੀਚੀ ਦੀਆਂ ਕਿਸਮਾਂ ਜਿਵੇਂ ਦੇਹਰਾਦੂਨ ਦਾ ਪੱਕਣ ਦਾ ਸਮਾਂ ਜੂਨ ਦਾ ਦੂਜਾ ਹਫਤਾ ਹੈ ਜਦ ਕਿ ਕੱਲਕਤੀਆ ਅਤੇ ਸ਼ੀਡਲੈਸ ਜੂਨ ਦੇ ਤੀਜੇ ਹਫਤੇ। ਇਹ ਕਿਸਮਾਂ ਆਮ ਤੌਰ 'ਤੇ ਫੁੱਲ ਨਿਕਲਣ ਤੋਂ 55-75 ਦਿਨ ਬਾਅਦ ਪੱਕ ਜਾਂਦੀਆਂ ਹਨ। ਲੀਚੀ ਦੀ ਤੁੜਾਈ ਗੁੱਛੇ ਸਮੇਤ ਟਾਹਣੀਆਂ ਅਤੇ ਕੁਝ ਪੱਤੇ ਰੱਖ ਕੇ ਕੀਤੀ ਜਾਂਦੀ ਹੈ। ਤੋੜਨ ਉਪਰੰਤ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਰੰਗ ਪੂਰਾ ਬਣ ਜਾਵੇ ਅਤੇ ਬਾਹਰਲੀ ਛਿੱਲ ਵਿਕਸਿਤ ਹੋਵੇ। ਦੂਰ ਦਰਾਡੇ ਮੰਡੀਆਂ ਲਈ ਇਸ ਦੀ ਤੁੜਾਈ ਉਸ ਵੇਲੇ ਕਰਨੀ ਚਾਹੀਦੀ ਹੈ ਜੱਦ ਇਸ ਦੀ ਮਿਠਾਸ 17-18 ਫੀਸਦੀ ਅਤੇ ਖਟਾਸ 0.3 ਤੋਂ 0.4 ਫੀਸਦੀ ਹੋਵੇ। ਤੁੜਾਈ ਉਪਰੰਤ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਫਲ ਜ਼ਮੀਨ ਅਤੇ ਧੁੱਪ ਵਿਚ ਨਾ ਰੱਖਿਆ ਜਾਵੇ।
ਦਰਜਾਬੰਦੀ : ਲੀਚੀ ਫਲ ਦੀ ਦਰਜਾਬੰਦੀ ਫਲ ਦੇ ਆਕਾਰ ਜਾਂ ਵਜ਼ਨ ਦੇ ਅਧਾਰ 'ਤੇ ਦਰਜਾਬੰਦੀ ਅਤੇ ਮੰਡੀਕਰਨ ਕੀਤੇ ਜਾਂਦੇ ਹਨ। ਜਿਸ ਵਿਚ 25-30 ਗ੍ਰਾਮ ਦੇ ਲੀਚੀ ਫਲ ਨੂੰ ਉੱਚ ਦਰਜਾ ਮੰਨਿਆ ਜਾਂਦਾ ਹੈ। ਮਾਰਕੀਟਿੰਗ ਅਤੇ ਨਿਰੀਖਣ ਡਾਇਰੈਕਟੋਰੇਟ ਦੁਆਰਾ ਸੁਝਾਏ ਗਏ ਲੀਚੀ ਦੇ ਵੱਖਰੇ ਦਰਜਾਬੰਦੀ ਇਸ ਪ੍ਰਕਾਰ ਹਨ :-
ਦਰਜਾਬੰਦੀ (ਗ੍ਰੇਡ) ਵਿਆਸ
ਐਕਸਟਰਾ ਕਲਾਸ 33.0
ਕਲਾਸ-1 28.0
ਕਲਾਸ-2 23.0
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨਾਲੋਜੀ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਮੋੜ ਦਿਓ ਮੇਰੀ ਲੱਜ ਤੇ ਡੋਲ

ਜੇ ਸਮੇਂ ਨੇ ਆਪਣਾ ਬਦਲਦਾ ਰੰਗ ਦਿਖਾਇਆ ਹੈ ਤਾਂ ਉਹ ਪਿੰਡਾਂ ਤੇ ਸ਼ਹਿਰਾਂ ਲਈ ਇਕੋ ਜਿਹਾ ਹੈ। ਜੇ ਪਿੰਡ ਚੋਂ ਖੂਹ ਸੁੱਕੇ ਹਨ ਤਾਂ, ਸ਼ਹਿਰਾਂ ਵਿਚੋਂ ਨਲਕੇ ਹੱਥੀਆਂ ਸਣੇ ਗਾਇਬ ਹੋ ਗਏ। ਹਰ ਚੀਜ਼, ਹਰ ਕੰਮ ਦੇ ਵਿਚ ਬਦਲਾਵ ਆਇਆ ਹੈ ਤੇ ਇਸ ਨੂੰ ਰੋਕਣ ਵਾਲਾ ਵੀ ਕੋਈ ਜੰਮ ਨਹੀਂ ਸਕਿਆ। ਇਸ ਬਦਲਾਵ ਦੀ ਹਨੇਰੀ ਅੱਗੇ ਕਦੋਂ ਕੋਈ ਟਿਕ ਸਕਿਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਾਡੇ ਸੁਭਾਅ ਵਿਚ ਆਈ ਕਾਹਲੀ, ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਲੱਖਾਂ ਕਰੋੜਾਂ ਰੁਪਏ ਦੀ ਮਸ਼ੀਨਰੀ ਬੇਕਾਰ ਹੋ ਗਈ। ਇਹ ਵਰਤਾਰਾ ਸਾਰੀ ਦੁਨੀਆ ਵਿਚ ਵਾਪਰਿਆ ਹੈ, ਮਿਸਾਲ ਦੇ ਤੌਰ 'ਤੇ ਡਿਜੀਟਲ ਫੋਟੋਗਰਾਫ਼ੀ ਆਉਣ ਨਾਲ, ਕੈਮਰੇ ਫ਼ਿਲਮਾਂ ਬਣਾਉਣ ਵਾਲੀ ਕੰਪਨੀ 'ਕੋਡਕ' ਦਾ ਦਿਵਾਲਾ ਨਿਕਲ ਗਿਆ। ਉਸ ਦੇ ਮੁਕਾਬਲੇ, ਸਾਡੀ ਭੌਣੀ, ਲੱਜ ਤੇ ਡੋਲ ਤਾਂ ਬਹੁਤ ਨਿੱਕੇ ਨੁਕਸਾਨ ਹਨ, ਪਰ ਉਹ ਛਲ-ਛਲ ਤੇ ਮੌਣ ਨਾਲ ਟਕਰਾ ਕੇ ਠੱਲ੍ਹ ਦੀਆਂ ਆਵਾਜ਼ਾਂ ਦਾ ਬੰਦ ਹੋ ਜਾਣਾ ਅਸਹਿ ਹੈ। ਬੁਲਬੁਲ ਵੀ ਹੁਣ ਤਾਜ਼ੇ ਮਿੱਠੇ ਪਾਣੀ ਨੂੰ ਤਰਸਦੀ ਹੈ।


-ਮੋਬਾ: 98159-45018

ਪੰਜਾਬ ਦਾ ਪੁਰਾਣਾ ਪੇਂਡੂਸੱਭਿਆਚਾਰ

aਪੰਜਾਬ ਦੇ ਪੁਰਾਣੇ ਪਿੰਡਾਂ ਵਿਚ ਬਹੁਤ ਕੁਝ ਵਿਸ਼ਵਾਸ, ਪਿਆਰ ਤੇ ਆਪਸੀ ਸਹਿਯੋਗ ਦੇ ਆਸਰੇ ਚਲਦਾ ਸੀ, ਬਹੁਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਰਿਸ਼ਤੇ ਪਿੰਡ ਦਾ ਨਾਈ, ਜਿਸ ਨੂੰ ਰਾਜਾ ਕਿਹਾ ਜਾਂਦਾ ਸੀ, ਆਪਣੀ ਜ਼ਿੰਮੇਵਾਰੀ ਤੇ ਕਰ ਆਉਂਦਾ ਸੀ ਤੇ ਇਹ ਰਿਸ਼ਤੇ ਅਕਸਰ ਪ੍ਰਵਾਨ ਚੜ੍ਹਦੇ ਸਨ, ਅਜਿਹੇ ਰਿਸ਼ਤਿਆਂ ਦੇ ਝਗੜੇ ਅਦਾਲਤਾਂ ਵਿਚ ਨਹੀਂ ਪਹੁੰਚਦੇ ਸਨ ਤੇ ਸ਼ਾਇਦ ਹੀ ਕਿਤੇ ਕੋਈ ਤਲਾਕ ਹੁੰਦਾ ਹੋਵੇ। ਕਿਸੇ ਦੀ ਵੀ ਲੜਕੀ ਨੂੰ, ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਸਾਰਾ ਪਿੰਡ ਆਪਣੀ ਹੀ ਧੀ ਸਮਝਦਾ ਸੀ। ਇਸੇ ਲਈ ਲੜਕੀ ਦੇ ਵਿਆਹ ਤੋਂ ਕਈ ਕਈ ਦਿਨ ਪਹਿਲਾਂ ਭਾਈਚਾਰੇ ਦੀਆਂ ਔਰਤਾਂ ਲੜਕੀ ਦੇ ਘਰ ਆ ਕੇ ਵਿਆਹ'ਚ ਵਰਤੀਆਂ ਜਾਣ ਵਾਲੀਆਂ ਖੁਰਾਕੀ ਵਸਤਾਂ ਦੀ ਸਾਫ਼ ਸਫ਼ਾਈ ਕਰਨ, ਇਨ੍ਹਾਂ ਨੂੰ ਚੁਗਣ, ਕੁੱਟਣ, ਛੱਟਣ ਤੇ ਪੀਹਣ ਦੇ ਕੰਮ ਵਿਚ ਮਦਦ ਕਰਦੀਆਂ ਸਨ, ਅਜਿਹੀ ਮਦਦ ਨੂੰ'ਕੋਠੀ ਹੱਥ ਲਾਉਣਾ'ਕਿਹਾ ਜਾਂਦਾ ਸੀ। ਲੜਕੀ ਦੇ ਵਿਆਹ ਵਾਲੇ ਦਿਨ ਵੀ ਭਾਈਚਾਰੇ ਦੇ ਨੌਜਵਾਨ ਮੁੰਡੇ ਵਿਆਹ ਦੇ ਸਾਰੇ ਰੁਝੇਵੇਂ ਸੰਭਾਲ ਲੈਂਦੇ, ਕੋਰਿਆਂ 'ਤੇ ਪੰਗਤ ਵਿਚ ਬੈਠੇ ਬਰਾਤੀਆਂ ਤੋਂ ਰਸੋਈ ਤੱਕ ਇਕ ਲਾਈਨ ਵਿਚ ਖੜ੍ਹ ਕੇ ਤੇ ਇਕ ਲੰਮੀ ਚੇਨ ਬਣਾ ਕੇ ਭਾਈਚਾਰੇ ਦੇ ਨੌਜਵਾਨ ਬਰਾਤੀਆਂ ਤੱਕ ਵੰਨ-ਸੁਵੰਨੇ ਪਦਾਰਥਾਂ ਨਾਲ ਭਰੀਆਂ ਥਾਲੀਆਂ ਪਹੁੰਚਦੀਆਂ ਕਰਦੇ। ਲੜਕੀ ਦੇ ਵਿਆਹ ਦੀ ਤਿਆਰੀ ਲੜਕੀ ਦੀਆਂ ਸਹੇਲੀਆਂ ਵਲੋਂ ਜੁੜੇ ਤ੍ਰਿੰਝਣਾਂ ਵਿਚੋਂ ਹੀ ਸ਼ੁਰੂ ਹੋ ਜਾਂਦੀ ਸੀ, ਇਥੇ ਵਿਆਹ ਲਈ ਕੱਪੜਿਆਂ ਵਾਸਤੇ ਸੂਤ ਵੀ ਕੱਤਿਆ ਜਾਂਦਾ ਤੇ ਕੁੜੀ ਦੀਆਂ ਸਹੇਲੀਆਂ ਉਸ ਨੂੰ ਉਸ ਦੇ ਕੰਤ ਨਾਲ ਸੰਬੰਧਤ ਰੁਮਾਂਟਿਕ ਗੱਲਾਂ ਦਾ ਸਿਲਸਿਲਾ ਵੀ ਚਲਾਈ ਰੱਖਦੀਆਂ ਤੇ ਹਾਸੇ ਮਸ਼ਕੂਲੇ ਕਰਦੀਆਂ, ਅਜਿਹੇ ਕੁਝ ਨਾਲ ਵਿਅ੍ਹਾਂਦੜ ਕੁੜੀ ਦੇ ਚਿਹਰੇ ਤੇ ਸੰਗ ਤੇ ਮਨ ਵਿਚ ਇਕ ਸੁਖਦ ਅਹਿਸਾਸ ਉਤਪੰਨ ਹੋ ਜਾਂਦਾ ਸੀ। ਲੜਕੀ ਦੇ ਵਿਆਹ ਲਈ ਦਰੀਆਂ, ਸਿਰਹਾਣੇ, ਪੱਖੀਆਂ, ਫੁਲਕਾਰੀਆਂ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਹੱਥੀਂ ਤਿਆਰ ਕਰਨ ਦਾ ਰਿਵਾਜ ਪ੍ਰਚਲਿਤ ਹੁੰਦਾ ਸੀ, ਫੁਲਕਾਰੀ, ਚੋਪ, ਸੁੱਭਰ ਦਾਜ ਦੀ ਸਾਰੀ ਸਮਗਰੀ ਦਾ ਦਿਲ ਹੁੰਦੇ ਸਨ, ਇਨ੍ਹਾਂ ਨੂੰ ਆਪਣੀਆਂ ਸਹੇਲੀਆਂ ਤੇ ਭੈਣਾਂ ਭਰਜਾਈਆਂ ਦੇ ਸਹਿਯੋਗ ਨਾਲ ਵਿਅ੍ਹਾਂਦੜ ਕੁੜੀ ਆਪ ਤਿਆਰ ਕਰਕੇ ਤਸੱਲੀ ਮਹਿਸੂਸ ਕਰਦੀ ਸੀ। ਵਿਆਹ ਸਮੇਂ ਵਿਆਂ੍ਹਦੜ ਲੜਕੀ ਨੂੰ ਚੂੜੀਆਂ, ਗਜਰੇ, ਛਾਪਾਂ, ਛੱਲੇ, ਲੌਂਗ, ਸੱਗੀਫੁੱਲ, ਹੌਲਦਰੀ, ਨੈਕਲਸ ਅਤੇ ਕਾਂਟੇ ਆਦਿ ਗਹਿਣੇ ਪਹਿਨਾਏ ਜਾਂਦੇ ਸਨ ਤੇ ਸ਼ਿੰਗਾਰ ਵਾਸਤੇ ਸਿੰਥੈਟਿਕ ਸੁਰਖੀਆਂ ਬਿੰਦੀਆਂ ਦੇ ਥਾਂ ਅਖਰੋਟ ਦੀ ਛਿੱਲ ਦਾ ਦੰਦਾਸਾ ਵਰਤਿਆ ਜਾਂਦਾ ਸੀ ਜੋ ਦੰਦਾਂ ਨੂੰ ਰੋਗਾਂ ਤੋੋਂ ਵੀ ਬਚਾਉਂਦਾ ਸੀ ਤੇ ਬੁੱਲ੍ਹਾਂ ਦੀ ਖੂਬਸੂਰਤੀ ਵਿਚ ਵੀ ਵਾਧਾ ਕਰਦਾ ਸੀ।
ਅੱਜ ਭਾਵੇਂ ਮਸ਼ੀਨਾਂ ਆ ਗਈਆਂ ਹਨ ਤੇ ਇਹ ਮਸ਼ੀਨਾਂ ਮਿੰਟਾਂ ਵਿਚ ਹੀ ਕਪੱੜਿਆਂ'ਤੇ ਬਹੁਤ ਹੀ ਖ਼ੂਬਸੂਰਤ ਫੁੱਲ ਬੂਟੇ ਪਾਉਣ (ਕੱਢਣ) ਦੀ ਸਮੱਰਥਾ ਰੱਖਦੀਆਂ ਹਨ ਪਰ ਫੁਲਕਾਰੀ ਦੇ ਇਕ ਤੰਦ ਇਕ ਇਕ ਟਾਂਕੇ ਵਿਚ ਵਿਆਂਦੜ੍ਹਕੁੜੀ ਆਪਣੇ ਹੱਥੀਂ ਜਿਹੜੇ ਆਪਣੇ ਅਨੁਪਮ ਸੁਫਨੇ ਬੁਣਦੀ ਸੀ, ਮਸ਼ੀਨਾਂ ਨਾਲ ਸ਼ਾਇਦ ਉਹ ਕਦੇ ਵੀ ਨਾਂ ਬੁਣੇ ਜਾ ਸਕਣ। ਅੱਜ ਲੜਕੀ ਦੇ ਵਿਆਹ ਤੋਂ ਇਕ ਦੋ ਦਿਨ ਪਹਿਲਾਂ ਹੀ ਲਗੋੜ ਲਾਣੇ ਨੂੰ ਸ਼ਰਾਬ ਪਿਲਾ ਕੇ ਖ਼ੁਸ਼ੀਆਂ 'ਚ ਨਾਚ ਕੀਤੇ ਤੇ ਮੱਘੇ ਮਾਰੇ ਜਾਂਦੇ ਹਨ ਤੇ ਲੜਕੀ ਨੂੰ ਸੁਹਰੇ ਤੌਰ ਕੇ ਸੁੱਖ ਦਾ ਸਾਹ ਲਿਆ ਜਾਂਦਾ ਹੈ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਕਦੇ ਲੜਕੀ ਨੂੰ ਡੋਲੇ ਵਿਚ ਬਿਠਾਲ ਕੇ, ਜਿਸ ਨੂੰ ਚਾਰ ਲਾਗੀ ਮੋਢਿਆਂ'ਤੇ ਚੁੱਕ ਕੇ ਲਿਜਾਂਦੇ ਸਨ ਤੇ ਉਨ੍ਹਾਂ ਨੂੰ 'ਕਹਾਰ'ਕਿਹਾ ਜਾਂਦਾ ਸੀ, ਲੜਕੀ ਦਾ ਸਾਰਾ ਪਰਿਵਾਰ ਉਦਾਸ ਹੋ ਜਾਂਦਾ ਸੀ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂਆਂ'ਦੇ ਦਰਿਆਂ ਵਗ ਜਾਂਦੇ ਸਨ ਕਈ ਕਈ ਮਹੀਨਿਆਂ ਤੱਕ ਵਿਆਹੀ ਗਈ ਲੜਕੀ ਤੇ ਉਹਦੇ ਪਰਿਵਾਰ ਦੇ ਮਨਾਂ ਵਿਚ ਵਿਛੋੜੇ ਦੀ ਟੀਸ ਤੇ ਉਨ੍ਹਾਂ ਦੀਆ ਅੱਖਾਂ ਵਿਚ ਵੇਦਨਾ ਚਸਕਦੀ ਰਹਿੰਦੀ ਸੀ। ਕੁੜੀ ਦੇ ਸਹੁਰੇ ਜੇ ਉਸ ਦੇ ਪੇਕੇ ਪਿੰਡ ਤੋਂ ਕੋਈ ਪਰਿਵਾਰ ਆਪਣਾਂ ਮੁੰਡਾ ਵਿਆਹੁਣ ਆਉਂਦਾ ਤਾਂ ਭਾਵੇਂ ਉਹ ਕੁੜੀ ਦੇ ਪਰਿਵਾਰ ਦਾ ਦੁਸ਼ਮਣ ਵੀ ਹੋਵੇ, ਬਰਾਤ ਵਿਚੋਂ ਆ ਕੇ ਤੇ ਕੁੜੀ ਦਾ ਘਰ ਲੱਭ ਕੇ ਵਿਆਹੁਣ ਆਏ ਪਰਿਵਾਰ ਦੇ ਬੰਦੇ ਉਸ ਨੂੰ ਕੁਝ ਪੈਸਿਆਂ ਦਾ ਸ਼ਗਨ ਦੇਣ ਤੋਂ ਕਦੇ ਖੁੰਝਦੇ ਨਹੀਂ ਸਨ। ਇਸ ਸ਼ਗਨ ਨੂੰ'ਧਿਆਣੀ' ਮੰਨਣਾਕਿਹਾ ਜਾਂਦਾ ਸੀ। ਕੁੜੀ ਦੇ ਪੇਕੇ ਪਰਿਵਾਰ ਵਿਚੋਂ ਜਦੋਂ ਵੀ ਕੋਈ ਉਸਦੇ ਸਹੁਰੀਂ ਉਸਨੂੰ ਮਿਲਣ ਆਉਂਦਾ ਸੀ ਤਾਂ ਉਥੋਂ ਕੋਈ ਚੀਜ਼ ਲੈ ਕੇ ਨਹੀਂ ਸੀ ਜਾਂਦਾ ਆਮ ਲੋਕ ਲੜਕੀ ਦੇ ਘਰ ਖਾਣਾ ਖਾਣ ਤੋਂ ਵੀ ਪ੍ਰਹੇਜ਼ ਕਰਦੇ ਸਨ, ਭਾਵੇਂ ਕਿ ਲੜਕੀ ਦੀ ਇੱਛਾ ਹੁੰਦੀ ਸੀ ਕਿ ਉਸਦੇ ਪੇਕੇ ਘਰੋਂ ਉਸਦਾ ਵੀਰਾ ਜਾ ਕੋਈ ਹੋਰ ਮਿਲਣ ਲਈ ਆਵੇ ਤਾਂ ਉਹਦੇ ਲਈ ਬੂਰੀ ਮੱਝ ਚੁਆਵੇ, ਘਿਉ ਸ਼ੱਕਰ ਪਾਵੇ ਤੇ ਵੱਧ ਤੋੋਂ ਵੱਧ ਸੇਵਾ ਖਾਤਰਾਂ ਕਰੇ, ਪਰ ਕਈ ਰਸਮਾਂ ਰਿਵਾਜ਼ਾਂ ਦੇ ਬੰਧਨਾਂ'ਚ ਫਸੇ ਲੋਕ ਤਾਂ ਪਾਣੀ ਵੀ ਲੜਕੀ ਦੇ ਘਰ ਦੇ ਥਾਂ ਉਸਦੇ ਪਿੰਡ ਦਾ ਵਸੀਮਾਂ ਟੱਪ ਕੇ ਕਿਸੇ ਖੂਹ ਤੋਂ ਪੀਂਦੇ ਸਨ। ਪੁਰਾਣੇ ਪੰਜਾਬ ਦੇ ਪਿੰਡਾਂ ਵਿਚ ਦੂਜਾ ਵਿਆਹ ਕਰਾਉਣ ਦੀ ਰਵਾਇਤ ਨਹੀਂ ਸੀ ਹੁੰਦੀ ਭਾਵੇਂ ਕਿ ਇਸ ਵਾਸਤੇ ਕਾਨੂੰਨ ਦੇ ਕੋਈ ਸਖ਼ਤ ਬੰਧਨ ਵੀ ਨਹੀਂ ਸਨ ਹੁੰਦੇ, ਦੂਜਾ ਵਿਆਹ ਵਿਸ਼ੇਸ਼ ਅਵਸਥਾ ਵਿਚ ਕਰਾਉਣ ਦੀ ਲੋੜ ਸਮਝੀ ਜਾਂਦੀ ਸੀ, ਜਿਵੇਂ ਵਿਆਹੀ ਗਈ ਇਸਤਰੀ ਤੋਂ ਕੋਈ ਔਲਾਦ ਨਾ ਹੋਈ ਹੋਵੇ, ਜੇਕਰ ਹੋਵੇ ਤਾਂ ਔਲਾਦ ਲੜਕੀਆਂ ਦੇ ਰੂਪ ਚ ਹੋਵੇ, ਲੜਕੇ ਦੀ ਲੋੜ ਵਾਸਤੇ ਦੂਜਾ ਵਿਆਹ ਕਰਾਉਣ ਲਈ ਸਮਾਜਕ ਅਨੁਮਤੀ ਪ੍ਰਾਪਤ ਹੋ ਜਾਂਦੀ ਸੀ, ਪਰ ਅਜਿਹੀ ਅਵੱਸਥਾ ਵਿਚ ਪਹਿਲੀ ਪਤਨੀ ਦੀਆਂ ਲੜਕੀਆਂ ਅਕਸਰ ਵਿਤਕਰੇ ਦਾ ਸ਼ਿਕਾਰ ਹੋ ਜਾਂਦੀਆਂ ਸਨ, ਖ਼ਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੀ ਸਕੀ ਮਾਂ ਦਾ ਦਿਹਾਂਤ ਹੋ ਜਾਵੇ ਤੇ ਉਹ ਮਤਰੇਈ ਮਾਂ ਦੇ ਵੱਸ ਪੈ ਜਾਣ। ਸ਼ਾਇਦ ਅਜਿਹੀ ਅਵਸਥਾ ਵਿਚ ਹੀ ਕਿਸੇ ਲੜਕੀ ਨੇ ਆਪਣੀ ਮਾਂ ਦੀ ਸੁੱਖ ਮੰਗੀ ਸੀ, ਅਜਿਹੀ ਕਾਮਨਾ ਨੂੰ ਇਕ ਪੰਜਾਬੀ ਲੋਕ ਗੀਤ ਦੀਆਂ ਦੋ ਸਤਰਾਂ ਨੇ ਆਪਣੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਹੈ-
ਉੱਡ ਜਾ ਕਾਵਾਂ ਵੇ ਤੇਰੀਆਂ ਲੰਮੀਆਂ ਛਾਵਾਂ।
ਮਰਨ ਮਤੇਈਆਂ ਤੇ ਜੁੱਗ ਜੁੱਗ ਜੀਵਨ ਮਾਵਾਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਸੰਪਰਕ : 94632-33991.

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਦਿਲਾਂ 'ਚ ਪਿਆਰ ਹੋਵੇ
ਯਾਰਾਂ ਦਾ ਪੱਕਾ ਯਾਰ ਹੋਵੇ
ਕਲੇਸ਼ ਪੱਖੋਂ ਹਾਰ ਹੋਵੇ
ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਭੰਨੀਂ ਕੋਈ ਭੋਲ ਹੋਵੇ
ਸ਼ਰੀਕ ਦਾ ਬੋਲ ਹੋਵੇ
ਗੱਲ ਵਜ਼ਨਤੋਲ ਹੋਵੇ
ਖਾਹ-ਮਖਾਹ ਦੀ ਨਹੀਉਂ ਕਦੇ ਹਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤੀਂ ਘੁੱਗੀਆਂ-ਬਟੇਰੇ ਹੋਣ
ਬੱਝੇ ਹੋਏ ਖੇੜੇ ਹੋਣ
ਘਰ ਸੱਜਰੇ ਲਵੇਰੇ ਹੋਣ
ਉਸ ਸਮੇਂ ਵੱਜਦੀ ਸਤਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਕੀਤੀ ਗਈ ਕਮਾਈ ਹੋਵੇ
ਉੱਚ ਡਿਗਰੀ ਪੜ੍ਹਾਈ ਹੋਵੇ
ਚੁਫੇਰਿਉਂ ਵਧਾਈ ਹੋਵੇ
ਸੜਕ ਤੇ ਆਉਂਦੀ ਫੇਰ ਕਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ
ਵਿਰਸਾ ਭਰਪੂਰ ਹੋਵੇ
ਪੱਛਮੀ ਸੱਭਿਅਤਾ ਦੂਰ ਹੋਵੇ
ਜਾਣ-ਬੁੱਝ ਨਾ ਕਸੂਰ ਹੋਵੇ
ਪਾਉਂਦੀ ਸਟੇਜ 'ਤੇ ਨੲ੍ਹੀਂ ਪੰਜਾਬਣ ਖਿਲਾਰ ਚੰਗੀ ਲੱਗਦੀ
ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ


-ਡਾ: ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ) ਮੋਬਾਈਲ : 98781-17285

ਵਿਰਸੇ ਦੀਆਂ ਬਾਤਾਂ

ਖੇਤਾਂ ਵਰਗਾ ਨਜ਼ਾਰਾ ਕਿਤੇ ਹੋਰ ਨਾ

ਤਸਵੀਰ ਨੂੰ ਗੌਰ ਨਾਲ ਦੇਖੋ। ਕਿੰਨਾ ਸੋਹਣਾ ਦ੍ਰਿਸ਼ ਹੈ। ਪਾਣੀ ਨਾਲ ਭਰੇ ਕਿਆਰੇ, ਮੋਟਰ, ਕੋਠਾ, ਕਿਸਾਨ, ਦਰੱਖਤ ਤੇ ਹੋਰ ਬੜਾ ਕੁਝ। ਇਹ ਸਭ ਕੁਝ ਦੇਖ ਆਪ ਮੁਹਾਰੇ ਕੁਝ ਨਾ ਕੁਝ ਸੁੱਝ ਪੈਂਦਾ। ਜੀਅ ਕਰਦਾ ਹੈ ਉੱਡ ਕੇ ਇਹੋ ਜਿਹੇ ਖੇਤ ਪਹੁੰਚ ਜਾਈਏ। ਜਦੋਂ ਗ਼ਰਮੀ ਵੱਟ ਕੱਢ ਰਹੀ ਹੋਵੇ, ਉਦੋਂ ਮੋਟਰ ਥੱਲੇ ਨਹਾਉਣ ਦਾ ਤੇ ਸੰਘਣੀ ਛਾਂ ਥੱਲੇ ਬੈਠਣ ਦਾ ਵੱਖਰਾ ਆਨੰਦ ਹੁੰਦਾ।
ਖੇਤਾਂ ਵਿਚਲੀ ਇਹੋ ਜਿਹੀ ਖੂਬਸੂਰਤੀ ਦੇ ਦਰਸ਼ਨ ਹੁਣ ਘਟਦੇ ਜਾ ਰਹੇ ਹਨ। ਮੋਟਰ ਵਾਲੇ ਇਹੋ ਜਿਹੇ ਕੋਠੇ ਵੀ ਹੁਣ ਥੋੜ੍ਹੇ ਕਿਸਾਨ ਬਣਾਉਂਦੇ ਹਨ। ਪੁਰਾਣੇ ਘਰਾਂ ਦੀ ਚਿਮਨੀ ਜਿੰਨੀ ਨਿੱਕੀ ਜਹੀ ਕੋਠੜੀ ਹੁੰਦੀ ਹੈ, ਜਿਸ ਵਿਚ ਕੁਝ ਵੀ ਨਹੀਂ ਰੱਖਿਆ ਜਾ ਸਕਦਾ। ਪਹਿਲਾਂ ਪੂਰਾ ਕਮਰਾ ਹੁੰਦਾ ਸੀ, ਜਿਸ ਵਿਚ ਕਹੀ, ਜਿੰਦਰੀ, ਰੰਬਾ, ਮੰਜਾ, ਕਸੀਆ ਤੇ ਹੋਰ ਬੜਾ ਕੁਝ ਪਿਆ ਹੁੰਦਾ ਸੀ। ਜਿਹੜੇ ਕਿਸਾਨਾਂ ਦੀ ਪਾਣੀ ਦੀ ਵਾਰੀ ਰਾਤ ਦੀ ਹੁੰਦੀ, ਉਹ ਕਈ ਵਾਰ ਖੇਤ ਵਾਲੇ ਕੋਠੇ ਵਿਚ ਹੀ ਰਾਤ ਕੱਟ ਲੈਂਦੇ। ਹੁਣ ਡੱਬੇਨੁਮਾ ਕੋਠੜੀਆਂ ਏਨੇ ਗ਼ਰੀਬੀਦਾਵੇ ਨਾਲ ਬਣਾਈਆਂ ਜਾਂਦੀਆਂ ਹਨ ਕਿ ਦੇਖ ਕੇ ਹਾਸਾ ਆਉਂਦਾ ਹੈ।
ਇਸ ਤਸਵੀਰ ਵਿਚ ਪਾਣੀ ਨਾਲ ਭਰੇ ਕਿਆਰੇ ਦੇਖ ਕਈ ਖਿਆਲ ਉਮੜਦੇ ਹਨ। ਕਿਸਾਨ ਝੋਨਾ ਲਾਉਣ ਦੀ ਤਿਆਰੀ ਕਰ ਚੁੱਕਾ ਹੈ। ਪਿਛਲੇ ਦਿਨੀਂ ਜਦੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ 20 ਜੂਨ ਤੋਂ ਪਹਿਲਾਂ ਕੋਈ ਕਿਸਾਨ ਝੋਨਾ ਨਹੀਂ ਲਾਵੇਗਾ ਤਾਂ ਕੁਝ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਝੋਨਾ ਲਵਾ ਦਿੱਤਾ ਕਿ ਤੁਸੀਂ ਲਾਓ, ਅਸੀਂ ਦੇਖਦੇ ਹਾਂ ਤੁਹਾਨੂੰ ਕੌਣ ਰੋਕਦਾ।
ਸਿੱਟਾ ਇਹ ਨਿਕਲਿਆ ਕਿ ਕਈ ਕਿਸਾਨਾਂ 'ਤੇ ਪਰਚੇ ਦਰਜ ਹੋ ਗਏ। ਹੁਣ ਖੇਤੀਬਾੜੀ ਵਿਭਾਗ ਨੇ ਕਿਹਾ ਕਿ ਨਿਯਮ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੀ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ। ਬਿਜਲੀ, ਸੰਦ ਅਤੇ ਬੀਜਾਂ ਦੀ ਸਬਸਿਡੀ ਨੂੰ ਕੱਟ ਲੱਗੇਗਾ। ਹੁਣ ਉਹ ਕਿਸਾਨ ਜਥੇਬੰਦੀਆਂ ਕਿੱਥੇ ਗਈਆਂ, ਜਿਨ੍ਹਾਂ ਕਿਸਾਨਾਂ ਦੇ ਮੋਢੇ ਵਰਤ ਕੇ ਨਿਸ਼ਾਨੇ ਲਾਏ। ਕਿਸਾਨਾਂ ਨਾਲ ਰਾਜਨੀਤੀ ਖੇਡਣ ਵਾਲੇ ਇਨ੍ਹਾਂ ਲੋਕਾਂ ਨੂੰ ਪਛਾਨਣ ਦੀ ਲੋੜ ਹੈ।
ਅਸੀਂ ਮੰਨਦੇ ਹਾਂ ਕਿਸਾਨਾਂ ਦੀ ਮਜਬੂਰੀ ਹੈ। ਉਨ੍ਹਾਂ ਲਈ ਇਕ ਇਕ ਦਿਨ ਕੀਮਤੀ ਹੈ। ਪਰ ਇਹ ਵੀ ਤਾਂ ਸੱਚ ਹੈ ਕਿ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ। ਦਸ ਦਿਨ ਨਾਲ ਬਹੁਤਾ ਫ਼ਰਕ ਨਹੀਂ ਪੈਣ ਲੱਗਾ। ਇਹ ਭਰੇ ਹੋਏ ਕਿਆਰੇ ਵੀ ਦੱਸ ਰਹੇ ਹਨ ਕਿ ਲਾਇਆ ਜਾਣ ਵਾਲਾ ਝੋਨਾ ਕਿੰਨਾ ਪਾਣੀ ਪੀਵੇਗਾ। ਸਰਕਾਰ ਪਾਣੀ ਦਾ ਫ਼ਿਕਰ ਕਰਦੀ ਹੈ, ਵਧੀਆ ਗੱਲ ਹੈ। ਸਾਨੂੰ ਸਾਰਿਆਂ ਨੂੰ ਵੀ ਫ਼ਿਕਰ ਕਰਨਾ ਚਾਹੀਦਾ। ਪਰ ਜੇ ਸਰਕਾਰ ਹੋਰ ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰੇ ਤੇ ਕਿਸਾਨਾਂ ਦੀ ਸੱਚੇ ਦਿਲੋਂ ਬਾਂਹ ਫੜੇ ਤਾਂ ਸ਼ਾਇਦ ਖੇਤਾਂ ਵਿਚ ਝੋਨੇ ਦੀ ਥਾਂ ਹੋਰ ਫ਼ਸਲਾਂ ਝੂਮਣ ਲੱਗਣ।
ਕੁਦਰਤੀ ਨਜ਼ਾਰਿਆਂ ਨੂੰ ਸਲਾਮ। ਪਰ ਪਾਣੀ ਦੀ ਸੱਚੀਂ ਸੰਭਾਲ ਕਰੀਏ, ਜੇ ਆਉਂਦੀ ਪੀੜ੍ਹੀ ਨੂੰ ਕੁਝ ਦੇਣਾ ਚਾਹੁੰਦੇ ਹਾਂ ਤਾਂ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਬਾਸਮਤੀ ਦੀ ਸਿੱਧੀ ਬਿਜਾਈ ਕਰ ਕੇ ਪਾਣੀ ਬਚਾਓ ਅਤੇ ਖਰਚਾ ਘਟਾਓ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬਿਜਾਈ ਦਾ ਸਮਾਂ: ਸਿੱਧੀ ਬਿਜਾਈ ਲਈ ਜੂਨ ਦਾ ਦੂਜਾ ਪੰਦਰਵਾੜਾ (15-30 ਜੂਨ) ਬਹੁਤ ਹੀ ਢੁੱਕਵਾਂ ਸਮਾਂ ਹੈ। ਜੂਨ ਦੇ ਪਹਿਲੇ ਪੰਦਰਵਾਵੜੇ ਜਾਂ ਉਸ ਤੋਂ ਜਲਦੀ ਬਿਜਾਈ ਕਰਨ ਨਾਲ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਉਸ ਸਮੇਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਜੂਨ ਦੇ ਦੂਜੇ ਪੰਦਰਵਾੜੇ ਵਿਚ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਕਿਉਂਕਿ ਜੁਲਾਈ ਮਹੀਨੇ ਬਰਸਾਤ ਉਤਰਨ ਨਾਲ ਖੇਤ ਨੂੰ ਮੀਂਹ ਤੋਂ ਇਲਾਵਾ ਹੋਰ ਕਿਸੇ ਸਰੋਤ ਦੁਆਰਾ ਪਾਣੀ ਦੇਣ ਦੀ ਜ਼ਰੂਰਤ ਨਹੀਂ ਰਹਿੰਦੀ।
ਬੀਜ ਦੀ ਮਾਤਰਾ ਅਤੇ ਬੀਜਣ ਦਾ ਤਰੀਕਾ: ਬਾਸਮਤੀ ਦੀ ਸਿੱਧੀ ਬਿਜਾਈ ਝੋਨਾ ਬੀਜਣ ਵਾਲੀ ਡਰਿਲ ਜਾਂ ਮਲਟੀ ਪਲਾਂਟਰ ਡਰਿਲ ਨਾਲ ਕਰੋ। ਬਿਜਾਈ ਕਰਨ ਲਈ 8-10 ਕਿਲੋ ਪ੍ਰਤੀ ਕਿੱਲਾ ਬੀਜ ਕਾਫੀ ਹੈ ਅਤੇ ਜਿਸਨੂੰ 20 ਸੈ. ਮੀ. ਕਤਾਰ ਤੋਂ ਕਤਾਰ ਦੇ ਫਾਸਲੇ 'ਤੇ ਪੂਰੇ ਵੱਤਰ ਵਾਲੇ ਖੇਤ ਵਿਚ ਬੀਜੋ। ਇੱਕ ਗੱਲ ਦਾ ਧਿਆਨ ਜ਼ਰੂਰ ਦਿਓ ਕਿ ਬੀਜ 2-3 ਸੈ. ਮੀ. ਦੀ ਡੂੰਘਾਈ ਤੋਂ ਜ਼ਿਆਦਾ ਥੱਲੇ ਨਾ ਜਾਵੇ ਕਿਉਂਕਿ ਜ਼ਿਆਦਾ ਡੂੰਗਾ ਜਾਂ ਜ਼ਿਆਦਾ ਉੱਪਰ ਬੀਜਿਆ ਬੀਜ ਘੱਟ ਜੰਮਦਾ ਹੈ।
ਬੀਜ ਦੀ ਸੋਧ: ਬਾਸਮਤੀ ਦੀ ਬਿਜਾਈ ਲਈ 8-10 ਕਿਲੋ ਬੀਜ ਨੂੰ ਟੱਬ ਜਾਂ ਬਾਲਟੀ ਵਿਚ 10 ਲੀਟਰ ਪਾਣੀ ਵਿਚ ਪਾਕੇ ਚੰਗੀ ਤਰ੍ਹਾਂ ਹਿਲਾਓ ਅਤੇ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ। ਹਲਕਾ ਬੀਜ ਬਾਹਰ ਸੁੱਟਣ ਤੋਂ ਬਾਅਦ ਜਿਹੜਾ ਭਾਰਾ ਬੀਜ ਥੱਲੇ ਬੈਠ ਜਾਏਗਾ ਉਸ ਬੀਜ ਨੂੰ 20 ਗ੍ਰਾਮ ਬਵਿਸਟਨ 50 ਡਬਲਯੂ. ਪੀ. (ਕਾਰਬੈਂਡਾਜ਼ਿਮ) ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ 10 ਲਿਟਰ ਪਾਣੀ ਦੇ ਘੋਲ ਵਿਚ ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਓ । ਬੀਜ ਦੀ ਸੋਧ ਕਰਨ ਨਾਲ ਬੀਜ ਅਤੇ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਝੁਲਸ ਰੋਗ, ਪੈਰਾਂ ਦਾ ਗਲਣਾ ਅਤੇ ਹੋਰ ਬਿਮਾਰੀਆਂ ਤੋਂ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ: ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਕਰਨਾ ਇਕ ਚੁਣੌਤੀ ਹੈ। ਲੇਜ਼ਰ ਵਾਲੇ ਕਰਾਹੇ ਨਾਲ ਖੇਤ ਪੱਧਰ ਕਰਨ ਤੋਂ ਬਾਅਦ ਵਿਚ ਖੇਤ ਨੂੰ ਪਾਣੀ ਲਗਾ ਦਿਓ ਤਾਂ ਕਿ ਨਦੀਨ ਬਿਜਾਈ ਤੋਂ ਪਹਿਲਾਂ ਹੀ ਉੱਗ ਜਾਣ ਅਤੇ ਬਾਅਦ ਵਿਚ ਉੱਗੇ ਹੋਏ ਨਦੀਨਾਂ ਨੂੰ ਖੇਤ ਨੂੰ ਤਿਆਰ ਕਰਨ ਵੇਲੇ ਵਾਹ ਕੇ ਮਾਰ ਦਿਓ। ਇਸ ਤਰ੍ਹਾਂ ਕਰਨ ਨਾਲ ਖੇਤ ਵਿਚੋਂ ਕਾਫੀ ਨਦੀਨ ਖਤਮ ਹੋ ਜਾਂਦੇ ਹਨ ਅਤੇ ਨਾਲ ਹੀ ਜੰਗਲੀ ਝੋਨਾ ਵੀ ਖੇਤ ਵਿਚੋਂ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ।
ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਵਿਚ ਪਾਓ, ਇਸ ਨਾਲ ਖੇਤ ਵਿਚੌਂ ਸਵਾਂਕ, ਮਧਾਣਾ, ਮਕੜਾ, ਤੱਕੜੀ ਘਾਹ ਅਤੇ ਹੋਰ ਛੋਟੇ ਬੀਜ ਵਾਲੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ 2-3 ਹਫਤਿਆਂ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਬਿਜਾਈ ਤੋਂ 30 ਦਿਨਾਂ ਬਾਅਦ ਖੇਤ ਵਿਚ ਨਦੀਨ ਆ ਜਾਂਦੇ ਹਨ ਤਾਂ ਗੋਡੀ ਪਾਓ ਜਾਂ ਨੌਮਨੀਗੋਲਡ/ਵਾਸ਼ਆਉਟ/ਤਾਰਕ/ਮਾਚੋ 10 ਐਸ. ਸੀ. (ਬਿਸਪਾਇਰੀਬੈਕ) 100 ਮਿ.ਲਿ. ਪ੍ਰਤੀ ਏਕੜ ਪਾ ਦਿਓ, ਇਸ ਨਦੀਨਨਾਸ਼ਕ ਨਾਲ ਸਵਾਂਕ ਅਤੇ ਝੋਨੇ ਵਾਲੇ ਮੋਥੇ ਦੀ ਰੋਕਥਾਮ ਹੋ ਜਾਂਦੀ ਹੈ। ਜੇਕਰ ਖੇਤ ਵਿਚ ਝੋਨੇ ਵਾਲਾ ਮੋਥਾ, ਗੰਡੀ ਵਾਲਾ ਮੋਥਾ ਜਾਂ ਹੋਰ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਸੈਗਮੈਂਟ 50 ਡੀ ਐਫ (ਅਜ਼ਿਮਸਲਫੂਰਾਨ) 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ । ਜੇਕਰ ਖੇਤ ਵਿਚ ਮਧਾਣਾ, ਚੀਨੀ ਘਾਹ, ਚਿੜੀ ਘਾਹ, ਤੱਕੜੀ ਘਾਹ ਹੋਣ ਤਾਂ ਬਿਜਾਈ ਤੋਂ 20 ਦਿਨਾਂ ਬਾਅਦ ਖੇਤ ਵਿਚ ਰਾਈਸ ਸਟਾਰ 6.7 ਈ. ਸੀ. (ਫਿਨੋਕਸਾਪਰੋਪ) 400 ਮਿ. ਲੀ. ਨੂੰ ਖੇਤ ਵਿਚ ਪਾ ਦਿਓ। ਇਹ ਸਾਰੀਆਂ ਨਦੀਨਨਾਸ਼ਕ ਦਵਾਈਆਂ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਖੇਤ ਵਿਚੋਂ ਪਾਣੀ ਕੱਢ ਕੇ ਸਪਰੇਅ ਕਰਨਾ ਚਾਹੀਦਾ ਹੈ ਅਤੇ ਸਪਰੇਅ ਕਰਨ ਤੋਂ 24 ਘੰਟਿਆਂ ਬਾਅਦ ਖੇਤ ਨੂੰ ਪਾਣੀ ਲਾਇਆ ਜਾ ਸਕਦਾ ਹੈ।
ਪਾਣੀ: ਜੇਕਰ ਬਾਸਮਤੀ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਖੇਤ ਨੂੰ ਪਾਣੀ ਲਾ ਦਿਓ ਅਤੇ ਦੂਸਰਾ ਪਾਣੀ ਬਿਜਾਈ ਤੋਂ 4-5 ਦਿਨਾਂ ਬਾਅਦ ਲਗਾਓ। ਜੇਕਰ ਬਾਸਮਤੀ ਦੀ ਸਿੱਧੀ ਬਿਜਾਈ ਰੌਣੀ ਕਰਨ ਤੋਂ ਬਾਅਦ ਕੀਤੀ ਹੋਵੇ ਤਾਂ ਖੇਤ ਨੂੰ ਪਾਣੀ ਬਿਜਾਈ ਤੋਂ 5-7 ਦਿਨਾਂ ਬਾਅਦ ਲਗਾਉਣਾ ਚਾਹੀਦਾ ਹੈ, ਉਸ ਤੋਂ ਬਾਅਦ 5-10 ਦਿਨਾਂ ਦੇ ਵਕਫੇ ਤੋਂ ਬਾਅਦ ਜ਼ਮੀਨ ਦੀ ਕਿਸਮ ਅਤੇ ਬਾਰਿਸ਼ 'ਤੇ ਨਿਰਭਰ ਕਰਦਾ ਹੈ। ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਲਗਾਓ । (ਸਮਾਪਤ)


-ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX