ਤਾਜਾ ਖ਼ਬਰਾਂ


'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  9 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  26 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  46 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬੀਤੇ ਲੰਘੇ ਦਿਨ ਸਨਿੱਚਰਵਾਰ ਨੂੰ ਸਪਾ ਨੇਤਾ ਤੇ ਰਾਮਗੋਪਾਲ ਯਾਦਵ ਦੇ ਬੇਟੇ ਅਕਸ਼ੈ ਯਾਦਵ ਲਈ ਰੈਲੀ ਵਿਚ ਵੋਟ ਮੰਗਿਆ। ਫ਼ਿਰੋਜ਼ਾਬਾਦ 'ਚ ਗੱਠਜੋੜ ਦੀ ਰੈਲੀ 'ਚ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਬਰਸ ਰਹੀ ਮਾਇਆਵਤੀ...
ਹੋਰ ਖ਼ਬਰਾਂ..

ਦਿਲਚਸਪੀਆਂ

ਧੀਆਂ ਦਾ ਵਜੂਦ

55 ਕੁ ਸਾਲਾਂ ਦੀ ਭਾਨੀ ਜੋ ਕਿ ਆਪ ਇਕ ਔਰਤ ਹੋਣ ਦੇ ਬਾਵਜੂਦ ਧੀਆਂ ਦਾ ਜੱਗ ਉੱਪਰ ਆਉਣਾ ਇਕ ਸਰਾਪ ਸਮਝਦੀ ਸੀ ਅਤੇ ਆਪਣੇ ਜੀਵਨ ਵਿਚ ਮੁੰਡਿਆਂ ਨੂੰ ਹੀ ਮਹਾਨਤਾ ਦਿੰਦੀ ਸੀ। ਸ਼ਾਇਦ ਇਸੇ ਕਰਕੇ ਹੀ ਭਾਨੀ ਦੇ ਕੋਈ ਕੁੜੀ ਨਹੀਂ ਸੀ। ਭਾਨੀ ਦੇ ਦੋ ਪੁੱਤਰ ਜਿਨ੍ਹਾਂ ਵਿਚੋਂ ਇਕ ਦੇ ਵਿਆਹ ਨੂੰ ਦਸ ਕੁ ਸਾਲ ਹੋਏ ਸਨ ਪਰ ਕੋਈ ਔਲਾਦ ਨਹੀਂ ਸੀ ਅਤੇ ਦੂਜੇ ਪੁੱਤ 'ਤੇਜੀ' ਦੇ ਦੋ ਕੁ ਸਾਲ ਦੀ ਕੁੜੀ ਸੀ। ਘਰ ਵਿਚ ਪਹਿਲੀ ਬੱਚੀ ਦੇ ਜਨਮ ਲੈਣ 'ਤੇ ਤੇਜੀ ਤੇ ਉਸ ਦੀ ਪਤਨੀ ਬੇਹੱਦ ਖੁਸ਼ ਸਨ। ਏਨੇ ਖੁਸ਼ ਕਿ ਬੱਚੀ ਦਾ ਨਾਂਅ ਵੀ 'ਖੁਸ਼ੀ' ਹੀ ਰੱਖ ਲਿਆ। ਭਾਨੀ ਜਦ ਤੋਂ ਖੁਸ਼ੀ ਨੇ ਜਨਮ ਲਿਆ ਉਦੋਂ ਤੋਂ ਹੀ ਆਪਣੀ ਨੂੰਹ ਨੂੰ ਮਿਹਣੇ ਮਾਰਦੀ ਰਹਿੰਦੀ। ਉਹ ਤੇਜੀ ਨੂੰ ਖੁਸ਼ੀ ਨੂੰ ਮਾਰਨ ਬਾਰੇ ਕੰਨ ਭਰਦੀ ਰਹਿੰਦੀ ਕਿ ਇਹ ਤਾਂ ਤੇਰੀ ਪੱਗ ਨੂੰ ਰੋਲੇਗੀ, ਕੀ ਲੈਣਾ ਤੂੰ ਪਾਲ ਕੇ! 'ਮਾਂ' ਅੱਗੇ ਮਜਬੂਰ ਤੇਜੀ ਕੁਝ ਨਾ ਬੋਲਦਾ ਤੇ ਧੁਰ ਅੰਦਰੋਂ ਦੁਖੀ ਜਿਹਾ ਹੋ ਕੇ ਘਰੋਂ ਬਾਹਰ ਨਿਕਲ ਜਾਂਦਾ।
ਕੁੱਝ ਦਿਨ ਬੀਤੇ ! ਇਕ ਦਿਨ ਖੁਸ਼ੀ ਲਈ ਕਹਿਰ ਦਾ ਦਿਨ ਚੜ੍ਹਿਆ। ਭਾਨੀ ਨੇ ਸਵੇਰੇ ਉੱਠਦੀ ਨੇ ਹੀ ਸਾਰਾ ਘਰ ਖੁਸ਼ੀ ਨੂੰ ਲੈ ਕੇ ਸਿਰ 'ਤੇ ਚੁੱਕਣਾ ਲਿਆ ਹੋਇਆ ਸੀ। ਤੇਜੀ ਨੇ ਭਾਨੀ ਦਾ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਭਾਨੀ ਨੇ ਆਪ ਹੀ ਇਸ ਕਿੱਸੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਤੇ ਖੁਸ਼ੀ ਨੂੰ ਉਸ ਦੀ ਮਾਂ ਦੀ ਗੋਦੀ 'ਚੋਂ ਫੜਦਿਆਂ, ਪਿੰਡ ਦੇ ਬੱਸ ਸਟੈਂਡ ਵੱਲ ਨੂੰ ਤੁਰ ਪਈ। ਗੋਦੀ ਚੜ੍ਹੀ ਖੁਸ਼ੀ ਆਪਣੀ ਮੌਤ ਤੋਂ ਅਣਜਾਣ ਬੇਬੇ ਵੱਲ ਵੇਖ-ਵੇਖ ਮੁਸਕਰਾਈ ਜਾ ਰਹੀ ਸੀ। ਬੱਸ ਸਟੈਂਡ ਪਹੁੰਚ ਕੇ ਭਾਨੀ ਨੇ ਬਠਿੰਡੇ ਵਾਲੀ ਬੱਸ ਫੜ ਲਈ ਤੇ ਬੈਠੀ ਸੋਚੀ ਜਾ ਰਹੀ ਸੀ ਕਿ ਰੇਲਵੇ ਸਟੇਸ਼ਨ ਪਹੁੰਚ ਕੇ ਇਸ ਕਲਮੂਹੀ ਤੋਂ ਖਹਿੜਾ ਛੁਡਾ ਆਵਾਂਗੀ। ਅੱਗੇ ਜਾਂਦਿਆਂ ਉਸੇ ਹੀ ਬੱਸ ਵਿਚ ਅਗਲੇ ਪਿੰਡੋਂ ਭਾਨੀ ਦੀ ਬਚਪਨ ਦੀ ਸਹੇਲੀ ਸੀਬੋ ਤੇ ਉਸ ਦੀ ਪੈਂਤੀ ਕੁ ਸਾਲ ਦੀ ਧੀ ਚੜ੍ਹੀਆਂ। ਆਪਸ 'ਚ ਦੁੱਖ-ਸੁਖ ਕਰਦਿਆਂ ਭਾਨੀ ਨੂੰ ਪਤਾ ਲੱਗਾ ਕਿ ਸੀਬੋ ਦੇ ਤਿੰਨ ਪੁੱਤ ਹੋਣ ਦੇ ਬਾਵਜੂਦ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ। ਤੇ ਹੁਣ ਦੁਖੀ ਮਾਂ ਨੂੰ ਸਹਾਰਾ ਦੇਣ ਲਈ ਉਸ ਦੀ ਧੀ ਆਪਣੇ ਸਹੁਰੇ ਘਰ ਨੂੰ ਲਿਜਾ ਰਹੀ ਸੀ। ਇਹ ਸਭ ਕੁਝ ਸੁਣ ਕੇ ਭਾਨੀ ਨੂੰ ਇਕ ਅਜੀਬ ਝੁਣਝੁਣੀ ਜਿਹੀ ਆਈ। ਭਾਨੀ ਨੂੰ ਆਪਣੇ ਬੁਢਾਪੇ ਦਾ ਖਿਆਲ ਆਇਆ ਤਾਂ ਉਸ ਨੂੰ ਇੰਝ ਲੱਗਾ ਕਿ ਜਿਵੇਂ ਉਸ ਦੇ ਪੁੱਤਰਾਂ ਨੇ ਵੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੋਵੇ। ਭਾਨੀ ਨੇ ਸੋਚਿਆ ਕਿ ਮੇਰਾ ਤਾਂ ਸਹਾਰਾ ਬਣਨ ਵਾਲੀ ਕੋਈ ਧੀ ਵੀ ਨਹੀਂ। ਅੰਤ ਆਪਣੇ ਆਪ ਨਾਲ ਪਛਤਾਵਾ ਕਰਦੀ ਹੋਈ ਖੁਸ਼ੀ ਦਾ ਮੱਥਾ ਚੁੰਮਦਿਆਂ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਸੀਟ ਤੋਂ ਉੱਠ ਕੇ ਸੀਬੋ ਦੀ ਧੀ ਦੇ ਸਿਰ ਉੱਪਰ ਹੱਥ ਰੱਖਦਿਆਂ ਅਸੀਸ ਦਿੰਦਿਆਂ ਬੋਲੀ, 'ਜਿਊਂਦੀ ਰਹਿ ਧੀਏ, ਰੱਬ ਤੇਰੀ ਲੰਮੀ ਉਮਰ ਕਰੇ।' ਇਨਾ ਆਖ ਅਗਲੇ ਹੀ ਬੱਸ ਅੱਡੇ ਉਤਰ ਕੇ ਪਿੰਡ ਨੂੰ ਵਾਪਸ ਜਾਣ ਵਾਲੀ ਬੱਸ ਫੜ ਲਈ...।


-ਪਿੰਡ ਤੇ ਡਾਕ : ਹਠੂਰ, ਤਹਿਸੀਲ : ਜਗਰਾਓਂ, ਜ਼ਿਲ੍ਹਾ : ਲੁਧਿਆਣਾ।
ਫੋਨ ਨੰਬਰ : 82888-17320.


ਖ਼ਬਰ ਸ਼ੇਅਰ ਕਰੋ

ਫ਼ਰਕ

ਗੁਲਾਬੋ ਤਾਈ ਪਿੰਡ ਦੀ ਮੰਨੀ ਪ੍ਰਮੰਨੀ ਚੁਗਲਖੋਰ ਸੀ। ਕਿਸੇ ਦੇ ਘਰ ਦੀ ਕੋਈ ਵੀ ਗੱਲ ਹੋਵੇ, ਝਟ ਉਸ ਕੋਲ ਪਹੁੰਚ ਜਾਂਦੀ ਸੀ। ਹਰ ਖ਼ਬਰ ਨੂੰ ਉਹ ਖ਼ੂਬ ਮਿਰਚ ਮਸਾਲਾ ਲਾ ਕੇ ਆਪਣੀਆਂ ਗੁਆਂਢਣਾਂ ਕੋਲ ਦੱਸਦੀ।
ਇਕ ਦਿਨ ਬੰਸੋ ਚਾਚੀ ਦੀ ਕੁੜੀ ਨਿੰਮੋ ਦਾ ਉਸ ਦੇ ਸਹੁਰਿਆਂ ਦੇ ਨਾਲ ਝਗੜਾ ਹੋ ਗਿਆ। ਗੱਲ ਗਾਲੀ ਗਲੋਚ ਤੱਕ ਪਹੁੰਚ ਗਈ। ਨਿੰਮੋ ਦੇ ਸਹੁਰੇ ਬਹੁਤ ਲਾਲਚੀ ਸਨ। ਆਨੇ ਬਹਾਨੇ ਨਾਲ ਉਹ ਨਿੰਮੋ ਨਾਲ ਲੜ ਕੇ ਉਸ ਨੂੰ ਪੇਕੇ ਘਰ ਭੇਜ ਦਿੰਦੇ ਅਤੇ ਕਹਿੰਦੇ ਆਪਣਾ ਖ਼ਰਚ ਆਪਣੇ ਪਿਉ ਤੋਂ ਲੈ ਕੇ ਆ। ਹਰ ਵਾਰ ਬੰਸੋ ਚਾਚੀ ਨਿੰਮੋ ਨੂੰ ਕੁਝ ਨਾ ਕੁਝ ਦੇ ਕੇ ਸਹੁਰੇ ਘਰ ਭੇਜ ਦਿੰਦੀ। ਇਸ ਵਾਰ ਗੱਲ ਜ਼ਿਆਦਾ ਵਿਗੜ ਗਈ ਸੀ। ਗੁਲਾਬੋ ਤਾਈ ਨੂੰ ਮਸਾਲਾ ਮਿਲ ਗਿਆ ਅਤੇ ਪਹੁੰਚ ਗਈ ਬੰਸੋ ਚਾਚੀ ਦੇ ਘਰ।
'ਭੈਣੇ ਬੰਸੋ ਮੈਂ ਸੁਣਿਆ ਕਿ ਨਿੰਮੋ ਫਿਰ ਰੁੱਸ ਕੇ ਆ ਗਈ ਹੈ। ਕੀ ਹੋਇਆ? ਗੁਲਾਬੋ ਨੇ ਹਮਦਰਦੀ ਜਤਾਉਂਦਿਆਂ ਪੁੱਛਿਆ।'
'ਹੋਣਾ ਕੀ ਹੈ ਗੁਲਾਬੋ, ਨਿੰਮੋ ਦੀ ਸੱਸ ਬੜੀ ਚਲਾਕ ਹੈ ਜਦੋਂ ਵੀ ਉਸ ਦਾ ਵੱਸ ਚਲਦਾ ਹੈ, ਪੈਸਿਆਂ ਨੂੰ ਲੈ ਕੇ ਘਰ 'ਚ ਕਲੇਸ਼ ਖੜ੍ਹਾ ਕਰ ਦਿੰਦੀ ਹੈ ਤੇ ਮੇਰੀ ਧੀ ਉਸ ਤੋਂ ਡਰਦੀ ਮੇਰੇ ਕੋਲ ਆ ਜਾਂਦੀ ਹੈ।'
ਹੁਣ ਤਾਂ ਮੈਂ ਸੋਚਦੀ ਹਾਂ ਕਿ ਇਨ੍ਹਾਂ ਦਾ ਫ਼ੈਸਲਾ ਕਰਵਾ ਕੇ ਹੀ ਆਵਾਂ। ਜਿੰਨੀ ਦੇਰ ਨਿੰਮੋ ਜੁਦੀ ਨਹੀਂ ਹੁੰਦੀ, ਓਨੀ ਦੇਰ ਮੇਰੀ ਧੀ ਨੂੰ ਉਸ ਨੇ ਵਸਣ ਨੀ ਦੇਣਾ।' ਬੰਸੋ ਨੇ ਦੁਖੀ ਹੋ ਕੇ ਕਿਹਾ।
'ਨਾ ਨੀ ਭੈਣੇ, ਇੰਜ ਨੀ ਕਰੀਦਾ ਹੁੰਦਾ। ਸੱਸਾਂ ਵੀ ਤਾਂ ਮਾਵਾਂ ਹੀ ਹਨ, ਫਿਰ ਕੀ ਹੋਇਆ ਜੇ ਝਿੜਕ ਦਿੱਤਾ ਤਾਂ। ਹੈਂ ਦੱਸ।' ਗੁਲਾਬੋ ਨੇ ਦਲੀਲ ਦਿੱਤੀ।
ਇਕ ਦਿਨ ਗੁਲਾਬੋ ਤੇ ਬੰਸੋ ਗੱਲਾਂ ਕਰਦੀਆਂ ਸਨ, ਕਿ ਉਸੇ ਵੇਲੇ ਗੁਲਾਬੋ ਦੀ ਧੀ ਪਿੰਕੀ ਆਪਣੇ ਪੇਕੇ ਘਰੋਂ ਰੁੱਸ ਕੇ ਆ ਗਈ। ਆਉਂਦਿਆਂ ਹੀ ਮਾਂ ਦੇ ਗਲ ਲੱਗ ਕੇ ਰੋਣ ਲੱਗੀ ਤੇ ਕਹਿਣ ਲੱਗੀ, 'ਮਾਂ ਮੈਂ ਨੀਂ ਸਹੁਰੇ ਘਰ ਜਾਣਾ, ਜਦ ਤੱਕ ਤੁਸੀਂ ਮੈਨੂੰ ਜੁਦਾ ਨੀਂ ਕਰਵਾਉਂਦੇ। ਮੇਰੇ ਕੋਲੋਂ ਨੀ ਸਾਰੇ ਟੱਬਰ ਦੀਆਂ ਰੋਟੀਆਂ ਪੱਕਦੀਆਂ। ਬੁੜ੍ਹੀ ਦੀ ਜ਼ੁਬਾਨ ਕੈਂਚੀ ਵਾਂਗ ਚੱਲਦੀ ਹੈ।'
ਗੁਲਾਬੋ ਕਹਿਣ ਲੱਗੀ, 'ਬੱਸ ਧੀਏ ਤੂੰ ਫਿਕਰ ਨਾ ਕਰ, ਅੱਜ ਹੀ ਤੇਰੇ ਬਾਪੂ ਨਾਲ ਗੱਲ ਕਰ ਕੇ ਫ਼ੈਸਲਾ ਕਰਦੇ ਹਾਂ। ਹੁਣ ਤੇਰੀ ਸੱਸ ਨੂੰ ਤੁਹਾਨੂੰ ਜੁਦਾ ਕਰਨਾ ਹੀ ਪੈਣਾ ਹੈ। ਬੰਸੋ ਚਾਚੀ ਇਹ ਸਭ ਸੁਣ ਕੇ ਸੋਚਣ ਲੱਗੀ ਕਿ ਇਨਸਾਨ ਦੇ ਵਿਚਾਰਾਂ 'ਚ ਕਿੰਨਾ 'ਫਰਕ' ਆ ਜਾਂਦਾ ਹੈ। ਕੱਲ੍ਹ ਉਸ ਨੂੰ ਨਿੰਮੋ ਦੀ ਸੱਸ ਚੰਗੀ ਲੱਗੀ ਤੇ ਅੱਜ ਪਿੰਕੀ ਦੀ ਸੱਸ ਮਾੜੀ ਲੱਗੀ।


-ਜਲੰਧਰ। ਮੋਬਾਈਲ : 98762-22759.

ਵਿਤਕਰਾ

ਚੈਂਚਲ ਨੂੰ ਜਦੋਂ ਦੀ ਸਰਕਾਰੀ ਨੌਕਰੀ ਮਿਲੀ ਉਹ ਪਿੰਡ ਵਾਲੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਂਦਾ ਸੀ। ਕਈ ਸਿਆਣੇ ਬੰਦਿਆਂ ਨੇ ਉਸ ਨੂੰ ਕਿਹਾ, 'ਮਾਸਟਰਾ, ਗਿਣਤੀ ਘੱਟ ਹੋਣ ਕਾਰਨ ਪ੍ਰਾਇਮਰੀ ਸਕੂਲ ਬੰਦ ਹੋਣ ਕਿਨਾਰੇ ਨੇ ਤੂੰ ਪਿੰਡ ਦਾ ਬੰਦਾ ਹੈਂ ਤੂੰ ਕੁਝ ਸਮਾਂ ਪਹਿਲਾਂ ਆ ਕੇ ਬੱਚਿਆਂ ਨੂੰ ਕੁਝ ਸਿਖਾ ਦਿਆ ਕਰ, ਗ਼ਰੀਬਾਂ ਦੇ ਬੱਚੇ ਨੇ ਤੈਨੂੰ ਅਸੀਸਾਂ ਦੇਣਗੇ, ਪਰ ਮਾਸਟਰ ਨੇ ਪੜ੍ਹਾਉਣਾ ਤਾਂ ਕੀ ਸੀ ਘਰੋਂ ਪੰਜ ਮਿੰਟ ਪਹਿਲਾਂ ਜਾਣਾ ਤੇ ਜਾ ਕੇ ਕੀ ਫਿਰ...? ਸਕੂਲ ਵਿਚ ਜੁਆਕ ਤਾਂ ਮਸਾਂ ਗਿਣਤੀ ਦੇ ਪੰਜਾਹ ਸਨ ਪਰ ਮਾਸਟਰ ਚੈਂਚਲ ਨੂੰ ਤਨਖਾਹ ਜ਼ਰੂਰ ਪੰਜਾਹ ਹਜ਼ਾਰ ਮਿਲਦੀ ਸੀ। ਇਕ ਦਿਨ ਮੁਕੰਦੀ ਆਪਣੇ ਬੱਚੇ ਨੂੰ ਸਕੂਲ ਛੱਡਣ ਗਿਆ ਤਾਂ ਸਕੂਲ ਵਿਚ ਮਾਸਟਰ ਤਾਂ ਕੋਈ ਆਇਆ ਨੀਂ ਸੀ, ਬੱਚੇ ਜ਼ਰੂਰ ਗੁੱਥਮ-ਗੁੱਥੀ ਹੋਈ ਜਾ ਰਹੇ ਸਨ। ਅਚਾਨਕ ਉਸ ਦੀ ਨਿਗ੍ਹਾ ਸੜਕ 'ਤੇ ਖੜ੍ਹੇ ਚੈਂਚਲ ਸਿੰਘ ਮਾਸਟਰ 'ਤੇ ਪਈ ਜੋ ਆਪਣੇ ਬੱਚੇ ਨੂੰ ਕਾਨਵੈਂਟ ਸਕੂਲ ਦੀ ਬੱਸ ਵਿਚ ਬਿਠਾ ਜੇਤੂ ਮੁਸਕਾਨ ਵਿਚ ਹੱਥ ਹਿਲਾ ਰਿਹਾ ਸੀ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98156-88236.

ਗੱਲਾਂ 'ਚੋਂ ਗੱਲ

ਤੇ ਲੱਤ ਹਿਲਦੀ ਰਹੀ

ਗਾਇਕੀ ਖੇਤਰ 'ਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਤਿੰਨੇ ਭਰਾਵਾਂ ਦੀ ਤਿੱਕੜੀ ਦਾ ਸਾਫ਼-ਸੁਥਰੀ ਗਾਇਕੀ ਜ਼ਰੀਏ ਵਿਲੱਖਣ ਤੇ ਸਲਾਹੁਣਯੋਗ ਸਤਿਕਾਰ ਤੇ ਸਥਾਨ ਹੈ। ਜਿਥੇ ਕਿਤੇ ਇਸ ਤਿੱਕੜੀ ਦਾ ਜ਼ਿਕਰ ਆਉਂਦਾ ਹੈ, ਉਥੇ ਦੀਪਕ ਬਾਲੀ ਦਾ ਨਾਂਅ ਵੀ ਜ਼ਰੂਰ ਲਿਆ ਜਾਂਦਾ ਹੈ। ਬਾਲੀ ਕਈ ਧਾਰਮਿਕ ਤੇ ਸੱਭਿਆਚਾਰਕ ਸਭਾਵਾਂ ਨਾਲ ਜੁੜਿਆ ਹੋਣ ਕਰਕੇ ਪੂਰੀ ਤਰ੍ਹਾਂ ਚਰਚਿਤ ਹੈ। ਇਕ ਵਾਰ ਇੰਟਰਵਿਊ ਕਰਨ ਲਈ ਮੈਂ ਉਨ੍ਹਾਂ ਦੇ ਘਰ ਬੈਠਾ ਸਵਾਲਾਂ-ਜਵਾਬਾਂ ਦਾ ਸਿਲਸਿਲਾ ਛੇੜੀ ਬੈਠਾ ਸਾਂ। ਮਨਮੋਹਨ ਵਾਰਿਸ ਨੇ ਆਪਣੀ ਸੱਜੀ ਲੱਤ ਨੂੰ ਖੱਬੀ ਲੱਤ ਦੇ ਗੋਡੇ ਉਪਰੋਂ ਘੁਮਾ ਕੇ ਰੱਖਿਆ ਹੋਇਆ ਸੀ ਤੇ ਇਸ ਲੱਤ ਵਾਲਾ ਪੈਰ ਲਗਾਤਾਰ ਹਿੱਲੀ ਜਾ ਰਿਹਾ ਸੀ, ਜਿਸ ਤਰ੍ਹਾਂ ਕੋਈ ਚਾਬੀ ਵਾਲਾ ਖਿਡਾਉਣਾ ਚੱਲ ਰਿਹਾ ਹੋਵੇ। ਇੰਟਰਵਿਊ ਕਰਦਿਆਂ ਮੇਰਾ ਧਿਆਨ ਕਈ ਵਾਰ ਉੱਖੜ ਕੇ ਹਿਲਦੇ ਪੈਰ ਵੱਲ ਗਿਆ। ਗੱਲ ਕਰਦਿਆਂ-ਕਰਦਿਆਂ ਮੈਂ ਪੈਰ ਵੱਲ ਇਸ਼ਾਰਾ ਕਰਕੇ ਪੁੱਛ ਹੀ ਲਿਆ ਕਿ 'ਭਾਅ ਜੀ, ਇਹ ਕੀ', ਵਾਰਿਸ ਨੇ ਖਿੜਖਿੜਾ ਕੇ ਹੱਸਦਿਆਂ ਕਿਹਾ, 'ਬਸ ਐਵੇਂ ਆਦਤ ਹੀ ਪਈ ਹੋਈ ਐ। ਇਸ 'ਤੇ ਕਾਬੂ ਪਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਨਹੀਂ...।' ਮੈਂ ਸੋਚਿਆ ਕਿ ਚਲੋ ਇਹ ਗੱਲ ਤਾਂ ਆਮ ਹੀ ਪ੍ਰਚਲਿਤ ਹੈ ਕਿ 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ...' ਪਰ ਅੱਜ ਵਾਰਿਸ ਭਾਅ ਜੀ ਜੇ ਗਾ ਨਹੀਂ ਰਹੇ ਤਾਂ ਲੈਬੱਧ ਢੰਗ ਨਾਲ ਪੈਰ ਹਿਲਾ ਰਹੇ ਹਨ। ਮੈਂ ਹੈਰਾਨ ਸੀ ਕਿ ਕਲਾਕਾਰ ਦੇ ਗੱਲਾਂ ਕਰਦਿਆਂ ਵੀ ਅੰਦਰੋਂ ਸੰਗੀਤ ਦੇ ਚਸ਼ਮੇ ਫੁਟਦੇ ਹਨ।
ਸੋ, ਸੰਗੀਤ ਨਾਲ ਜੁੜੀਆਂ ਸ਼ਖ਼ਸੀਅਤਾਂ ਕਿੰਨਾ ਕਲਾ ਨੂੰ ਸਮਰਪਿਤ ਹੋ ਜਾਂਦੀਆਂ ਹਨ, ਇਹ ਮੈਨੂੰ ਉਸ ਦਿਨ ਅਹਿਸਾਸ ਹੋਇਆ। ਸੰਗੀਤ ਦੇ ਚਸ਼ਮੇ ਉਨ੍ਹਾਂ ਦੇ ਅੰਦਰੋਂ ਆਪ-ਮੁਹਾਰੇ ਫੁਟਦੇ ਹਨ।


-511, ਖਹਿਰਾ ਇਨਕਲੇਵ, ਜਲੰਧਰ-144007.

ਦੀਵੇ ਦੀ ਲੋਅ

ਸਾਲਾਨਾ ਇਮਤਿਹਾਨ ਨੇੜੇ ਆ ਰਹੇ ਸਨ। ਮੁੱਖ ਅਧਿਆਪਕ ਨਿਰਮਲ ਸਿੰਘ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ। ਟੈਲੀਫੋਨ 'ਤੇ ਵਿਦਿਆਰਥਣਾਂ ਦੇ ਮਾਪਿਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਵਿਦਿਆਰਥਣਾਂ ਦੀ ਰੋਜ਼ਾਨਾ ਵਧਦੀ ਗੈਰ-ਹਾਜ਼ਰੀ ਦਾ ਕੋਈ ਹੱਲ ਨਹੀਂ ਹੋ ਰਿਹਾ ਸੀ। ਸਰਕਾਰੀ ਸਕੂਲ ਵਿਚ ਮੁਫ਼ਤ ਪੜ੍ਹਾਈ, ਮੁਫ਼ਤ ਕਿਤਾਬਾਂ, ਮੁਫ਼ਤ ਵਰਦੀ, ਮੁਫ਼ਤ ਦੁਪਹਿਰ ਦਾ ਭੋਜਨ, ਵਜੀਫ਼ੇ ਤੇ ਕਈ ਹੋਰ ਸਹੂਲਤਾਂ ਹੋਣ ਦੇ ਬਾਵਜੂਦ ਮਾਪਿਆਂ ਦਾ ਬੱਚਿਆਂ ਨੂੰ ਲੰਬੀ ਛੁੱਟੀ 'ਤੇ ਰੱਖਣਾ ਨਿਰਮਲ ਸਿੰਘ ਲਈ ਚਿੰਤਾ ਦਾ ਵਿਸ਼ਾ ਸੀ। ਅਖੀਰ ਉਸ ਨੇ ਸਕੂਲ ਦੇ ਸ਼੍ਰੇਣੀ ਇੰਚਾਰਜਾਂ ਤੋਂ ਲੰਬੀ ਗ਼ੈਰ-ਹਾਜ਼ਰੀ 'ਤੇ ਰਹਿਣ ਵਾਲੇ ਬੱਚਿਆਂ ਦੀ ਸੂਚੀ ਮੰਗਵਾ ਲਈ ਤੇ ਘਰ-ਘਰ ਜਾ ਕੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਸੋਚੀ। ਸੂਚੀ 'ਚ ਪਹਿਲਾ ਨਾਂਅ ਹੀ ਅੱਠਵੀਂ ਸ਼੍ਰੇਣੀ ਦੀ ਵਿਦਿਆਰਥਣ ਪ੍ਰਵੀਨ ਕੌਰ ਦਾ ਸੀ। ਸੁੰਦਰ ਲਿਖਾਈ ਦੀ ਮਾਲਕਣ ਹੋਣ ਕਰਕੇ ਰੋਜ਼ਾਨਾ ਸਕੂਲ ਬਲੈਕ ਬੋਰਡ 'ਤੇ ਅੱਜ ਦਾ ਵਿਚਾਰ ਤੇ ਮੁੱਖ ਖ਼ਬਰਾਂ ਲਿਖਣ ਦੀ ਜ਼ਿੰਮੇਵਾਰੀ ਉਹ ਬੜੀ ਖੁਸ਼ੀ ਨਾਲ ਨਿਭਾਉਂਦੀ ਸੀ ਤੇ ਪੜ੍ਹਨ 'ਚ ਵੀ ਉਹ ਬੜੀ ਹੁਸ਼ਿਆਰ ਸੀ।
ਅਗਲੇ ਦਿਨ ਮੁੱਖ ਅਧਿਆਪਕ ਨਿਰਮਲ ਸਿੰਘ ਸੂਚੀ ਲੈ ਕੇ ਲਾਗਲੇ ਪਿੰਡ ਪਹੁੰਚ ਚੁੱਕਾ ਸੀ। ਪਿੰਡ 'ਚ ਦਾਖ਼ਲ ਹੁੰਦਿਆਂ ਹੀ ਉਸ ਸਕੂਲ ਦੀਆਂ ਕੁਝ ਵਿਦਿਆਰਥਣਾਂ ਮਟਰ ਤੋੜਨ ਜਾਂਦਿਆਂ ਦਿਸ ਪਈਆਂ ਸਨ। ਕੁਝ ਮਾਪਿਆਂ ਨਾਲ ਸੰਪਰਕ ਕਰਦਿਆਂ ਉਹ ਵਿਦਿਆਰਥਣ ਪ੍ਰਵੀਨ ਕੌਰ ਦੇ ਘਰ ਪਹੁੰਚੇ। ਮਾਂ-ਬੇਟੀ ਘਰ 'ਚ ਹੀ ਮਿਲ ਗਏ।
'ਕੀ ਗੱਲ, ਪ੍ਰਵੀਨ ਨੂੰ ਤੁਸੀਂ ਏਨੀਆਂ ਛੁੱਟੀਆਂ ਕਰਵਾ ਰਹੇ ਹੋ?'
'ਕੀ ਦੱਸੀਏ ਮਾਸਟਰ ਜੀ, ਪ੍ਰਵੀਨ ਦਾ ਭਾਪਾ ਨਾਲ ਦੇ ਪਿੰਡ ਗੁਬਾਰੇ ਵੇਚਣ ਸਵੇਰੇ ਚਲੇ ਜਾਂਦਾ ਏ, ਤੇ ਮੈਂ ਜ਼ਿੰਮੀਂਦਾਰਾਂ ਦੇ ਘਰ ਗੋਹਾ-ਕੂੜਾ ਕਰਨ ਲਈ ਚਲੀ ਜਾਂਦੀ ਹਾਂ। ਘਰ 'ਚ ਕੋਈ ਬੂਹਾ ਬਾਰੀ ਨਾ ਹੋਣ ਕਰਕੇ ਕੁਝ ਦਿਨ ਪਹਿਲਾਂ ਘਰ 'ਚੋਂ ਕੋਈ ਅੱਠ-ਦਸ ਕਿਲੋ ਆਟਾ ਚੋਰੀ ਕਰ ਕੇ ਲੈ ਗਿਆ। ਕੁਝ ਦਿਨ ਗੁਆਂਢੋਂ ਕਿਲੋ-ਕਿਲੋ ਆਟਾ ਮੰਗ ਕੇ ਡੰਗ ਸਾਰਦੇ ਰਹੇ ਤੇ ਹੁਣ ਕੁਝ ਜੁਗਾੜ ਕਰਕੇ ਆਟਾ ਇਕੱਠਾ ਕੀਤਾ ਤੇ ਪ੍ਰਵੀਨ ਨੂੰ ਇਸ ਦੀ ਰਾਖੀ ਲਈ ਘਰ ਬਿਠਾ ਦਿੱਤਾ ਏ।
'ਪਰ ਪ੍ਰਵੀਨ ਦੀ ਅਜੇ ਪੜ੍ਹਨ ਦੀ ਉਮਰ ਏ। ਕੋਈ ਪੱਕਾ ਹੱਲ ਲੱਭ ਕੇ ਇਸ ਨੂੰ ਸਕੂਲ ਭੇਜੋ। ਪੱਕੇ ਪੇਪਰ ਨੇੜੇ ਆ ਰਹੇ ਨੇ।'
'ਚੰਗਾ ਜੀ ਅਸੀਂ ਕੱਲ੍ਹ ਹੀ...।'
ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪ੍ਰਵੀਨ ਦਾ ਭਾਪਾ ਸਾਈਕਲ ਲੈ ਕੇ ਘਰ 'ਚ ਦਾਖ਼ਲ ਹੋਇਆ। ਬਿਨਾਂ ਚੇਨ ਕਵਰ ਤੋਂ ਸਾਈਕਲ ਦੀ ਚੇਨ 'ਚ ਆ ਕੇ ਪਾਟਿਆ ਪਜਾਮਾ ਕਹਾਣੀ ਬਿਆਨ ਕਰ ਰਿਹਾ ਸੀ ਕਿ ਹੁਣੇ ਹੀ ਉਹ ਸਾਈਕਲ ਤੋਂ ਡਿੱਗ ਕੇ ਆ ਰਿਹਾ ਸੀ। ਆਟੇ ਨਾਲ ਲਿਬੜੇ ਉਸ ਦੇ ਹੱਥ ਗਵਾਹੀ ਦੇ ਰਹੇ ਸਨ ਕਿ ਉਹ ਡਿੱਗਣ 'ਤੇ ਗਲੀ 'ਚ ਡੁੱਲ੍ਹੇ ਆਟੇ ਨੂੰ ਇਕੱਠਾ ਕਰਨ ਦੀ ਨਾਕਾਮ ਕੋਸ਼ਿਸ਼ ਕਰਕੇ ਆਇਆ ਸੀ। ਨਿਰਮਲ ਸਿੰਘ ਦੇ ਕਦਮ ਆਪ-ਮੁਹਾਰੇ ਹੀ ਘਰ ਤੋਂ ਸਕੂਲ ਵੱਲ ਚੱਲ ਪਏ ਸਨ।
ਪਿੰਡੋਂ ਬਾਹਰ ਨਿਕਲਦਿਆਂ ਹੀ ਲਾਗਲੇ ਕਸਬੇ ਦੇ ਪ੍ਰਾਈਵੇਟ ਸਕੂਲ ਦੀ ਬੱਚਿਆਂ ਨਾਲ ਲੱਦੀ ਬੱਸ ਕਦੋਂ ਦੀ ਹਾਰਨ ਮਾਰ ਕੇ ਅੱਗੇ ਲੰਘ ਚੁੱਕੀ ਸੀ। ਨਿਰਮਲ ਸਿੰਘ ਨੂੰ ਸਰਕਾਰੀ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਹਾਲਤ ਇਨ੍ਹਾਂ ਬੱਚਿਆਂ ਦੀ ਪੜ੍ਹਾਈ 'ਚ ਰੋੜਾ ਨਜ਼ਰ ਆ ਰਿਹਾ ਸੀ। ਉਸ ਨੂੰ ਜਿਵੇਂ ਅਗਲਾ ਰਸਤਾ ਸਾਫ਼ ਨਜ਼ਰ ਨਹੀਂ ਆ ਰਿਹਾ ਸੀ। ਚਿਹਰੇ 'ਤੇ ਮਾਯੂਸੀ ਦੇ ਚਿੰਨ੍ਹ ਸਾਫ਼ ਨਜ਼ਰ ਆ ਰਹੇ ਸਨ। ਸਭ ਪਾਸੇ ਉਸ ਨੂੰ ਜਿਵੇਂ ਹਨੇਰਾ ਹੀ ਹਨੇਰਾ ਪਸਰਿਆ ਨਜ਼ਰ ਆ ਰਿਹਾ ਸੀ।
ਪਰ ਅਗਲੇ ਦਿਨ ਸਕੂਲ 'ਚ ਪੈਰ ਰੱਖਦਿਆਂ ਹੀ ਨਿਰਮਲ ਸਿੰਘ ਦੀਆਂ ਅੱਖਾਂ 'ਚ ਅੱਥਰੂ ਆ ਗਏ। ਉਹੀ ਪ੍ਰਵੀਨ ਕੌਰ ਤੇ ਵਿਦਿਆਰਥਣਾਂ ਸਕੂਲ ਬਲੈਕ ਬੋਰਡ 'ਤੇ ਅੱਜ ਦਾ ਵਿਚਾਰ 'ਬੇਟੀ ਬਚਾਓ ਬੇਟੀ ਪੜ੍ਹਾਓ' ਲਿਖ ਰਹੀਆਂ ਸਨ। ਉਸ ਨੂੰ ਇਉਂ ਲੱਗਿਆ ਜਿਵੇਂ ਸਾਰਾ ਹਨੇਰਾ ਇਕ ਦੀਵੇ ਦੀ ਲੋਅ ਨੇ ਦੂਰ ਕਰ ਦਿੱਤਾ ਸੀ ਕਿਉਂਕਿ ਉਸ ਦੇ ਕੀਤੇ ਕੱਲ੍ਹ ਦੇ ਯਤਨਾਂ ਨੇ ਘੱਟੋ-ਘੱਟ ਚਾਰ ਪੰਜ ਲੰਬੀ ਗ਼ੈਰ-ਹਾਜ਼ਰੀ ਵਾਲੀਆਂ ਵਿਦਿਆਰਥਣਾਂ ਨੂੰ ਮੁੜ ਸਕੂਲ ਆਉਣ ਲਈ ਪ੍ਰੇਰਿਤ ਕਰ ਦਿੱਤਾ ਸੀ।


-ਮੁੱਖ ਅਧਿਆਪਕ, ਸਰਕਾਰੀ ਕੰਨਿਆ ਹਾਈ ਸਕੂਲ, ਅਲਗੋਂ ਕੋਠੀ (ਤਰਨ ਤਾਰਨ)।
ਮੋਬਾਈਲ : 98159-42652.

ਕਾਵਿ-ਵਿਅੰਗ

* ਨਵਰਾਹੀ ਘੁਗਿਆਣਵੀ *

ਭਲਾ ਉਹ ਜੋ ਸਭ ਦਾ ਭਲਾ ਮੰਗੇ,
ਬੁਰਾ ਆਦਮੀ ਕਰੇ ਬੁਰਿਆਈ ਹਰਦਮ।
ਚਾਪਲੂਸ, ਚਾਲਾਕ ਸੰਸਾਰ ਅੰਦਰ,
ਚਾਤੁਰ, ਡਾਢੇ ਦੀ ਕਰਨ ਵਡਿਆਈ ਹਰਦਮ।
ਆਮ ਆਦਮੀ ਮੁਸ਼ਕਿਲਾਂ ਵਿਚ ਘਿਰਿਆ,
ਕਰਦਾ ਰਹੇ ਜੋ ਘਾਲ ਕਮਾਈ ਹਰਦਮ।
ਠੱਗ, ਚੋਰ, ਬਦਮਾਸ਼ ਤੋਂ ਟਲਣ ਸਾਰੇ,
ਜਾਂਦੀ ਪੀੜ ਨਾ ਸਦਾ ਲੁਕਾਈ ਹਰਦਮ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ। ਮੋਬਾਈਲ : 98150-02302


ਚਮਚੇ ਦੇ ਚਮਚੇ

ਵੋਟਾਂ ਪੱਕੀਆਂ ਵਜ਼ੀਰ ਨੂੰ ਦੇਣ 'ਲਾਂਭੇ,
ਵਿਗੜੇ ਸਿਆਸਤਾਂ ਖੇਡਣ ਦੇ ਢੰਗ ਬਾਬਾ।
ਫਿਰਦਾ ਉਛਲਿਆ ਪਾਣੀ ਨਾਲੀਆਂ ਦਾ,
ਪੈਦਲ ਯਾਤਰਾ ਕਰੇ ਨਿੱਤ ਭੰਗ ਬਾਬਾ।
ਭਾਰ ਵਧ ਗਿਆ ਭ੍ਰਿਸ਼ਟੀ ਪੂੰਝਿਆਂ ਦਾ,
ਉੱਡਣ ਦੇਵੇ ਨਾ ਵਿਕਾਸ ਦੀ ਪਤੰਗ ਬਾਬਾ।
ਤੇਰੇ ਚਮਚੇ ਦੇ ਚਮਚੇ ਫਿਰਨ ਮੱਛਰੇ,
ਕਰਦੇ ਸਾਰੇ ਮੁਹੱਲੇ ਨੂੰ ਤੰਗ ਬਾਬਾ।


-ਹਰਦੀਪ ਢਿੱਲੋਂ,
1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242

ਬਹੁਰੂਪੀਏ

ਉਸ ਦੇ ਗਲ ਅਣਧੋਤੇ ਕੱਪੜੇ ਤੇ ਪੈਰੀਂ ਚੱਪਲਾਂ ਸਨ। ਉਹ ਮੇਰੇ ਅੱਗੇ ਖਲੋ ਕੇ ਤਰਲੇ ਭਰੀ ਆਵਾਜ਼ 'ਚ ਭੀਖ ਮੰਗ ਰਿਹਾ ਸੀ। ਉਸ ਦੇ ਬੋਲਾਂ 'ਚ ਅੰਤਾਂ ਦੀ ਵਿਚਾਰ ਭਰੀ ਰਵਾਨਗੀ ਸੀ। 'ਸਰਦਾਰ ਜੀ, ਮੇਰਾ ਬਟੂਆ ਕਿਸੇ ਕੱਢ ਲਿਆ, ਬਸ ਘਰ ਪਹੁੰਚਣ ਲਈ ਕਿਰਾਏ ਦੀ ਲੋੜ ਐ, ਵੀਹ-ਤੀਹ ਰੁਪਏ ਮੁਰਿੰਡੇ ਜਾਣ ਲਈ ਕਿਰਪਾ ਕਰ ਦਿਓ।' ਮੈਂ ਉਸ ਦੇ ਚਿਹਰੇ ਵੱਲ ਵੇਖਿਆ। ਉਸ ਦੀਆਂ ਹਰਕਤਾਂ, ਗੱਲਬਾਤ ਦਾ ਲਹਿਜ਼ਾ ਅੱਖਾਂ 'ਚ ਲਾਲ ਡੋਰ ਉਸ ਦੀ ਪੱਕੇ ਨਸ਼ੇੜੀਆਂ ਵਾਲੀ ਝਲਕ ਤੋਂ ਮੈਂ ਪੈਸੇ ਮੰਗਣ ਦਾ ਕਾਰਨ ਤਾਂ ਸਮਝ ਗਿਆ ਸੀ ਪਰ ਹੋਰ ਟੋਹਣ ਲਈ ਉਸ ਨੂੰ ਨਿਮਰਤਾ ਨਾਲ ਸੁਝਾਅ ਦਿੱਤਾ।
'ਮੇਰੇ ਨਾਲ ਆ, ਅੱਡਾ ਇੰਚਾਰਜ ਮੇਰਾ ਵਾਕਫ਼ ਐ, ਮੈਂ ਉਸ ਨੂੰ ਕਹਿ ਤੈਨੂੰ ਮੁਰਿੰਡੇ ਵਾਲੀ ਬੱਸ 'ਚ ਬਿਠਾ ਦੇਨਾ।'
'ਬਸ ਤੁਸੀਂ ਵੀਹ ਰੁਪਏ ਦੀ ਮਿਹਰਬਾਨੀ ਕਰ ਦਿਓ', ਉਸ ਫਿਰ ਤਰਲਾ ਜਿਹਾ ਕੀਤਾ। ਮੈਂ ਉਸ ਦੇ ਟੁੱਟ ਰਹੇ ਨਸ਼ੇ ਦੀ ਤਲਬ ਪੂਰੀ ਕਰਨ 'ਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ। ਇਸ ਲਈ ਮੈਂ ਉਸ ਨੂੰ ਇਕ ਪੋਲੀ ਜਿਹੀ ਝਿੜਕ ਮਾਰ ਦਿੱਤੀ। ਹੁਣ ਉਹ ਇਕ ਨਵ-ਵਿਆਹੇ ਜੋੜੇ ਅੱਗੇ ਜਾ ਖੜ੍ਹਾ ਹੋਇਆ। ਮੈਂ ਜਦੋਂ ਸ਼ਹਿਰ ਵਿਚੋਂ ਖਰੀਦਦਾਰੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਮੇਰੀ ਨਿਗ੍ਹਾ ਇਕ ਰਾਹ 'ਚ ਆਉਂਦੇ ਠੇਕੇ 'ਤੇ ਪਈ। ਉਹ ਬੰਦਾ ਸ਼ਰਾਬ ਦਾ ਅੱਧਾ ਲੈ ਕੇ ਉਸ ਨੂੰ ਹਿਲਾ-ਹਿਲਾ ਖਰਾ-ਖੋਟਾ ਪਰਖ ਰਿਹਾ ਸੀ। ਉਹ ਪੈਸੇ ਦੇਣ ਵਾਲਿਆਂ ਦੀ ਪਰਖ ਤੋਂ ਕਿਵੇਂ ਬਚ ਗਿਆ। ਮੇਰੇ ਮਨ 'ਚ ਇਸ ਸਵਾਲ ਨੇ ਖਲਬਲੀ ਜਿਹੀ ਮਚਾ ਦਿੱਤੀ।


-ਮਾ: ਰਾਜ ਸਿੰਘ 'ਬਧੌਛੀ'
ਪਿੰਡ ਤੇ ਡਾਕ: ਬਧੌਛੀ ਕਲਾਂ (ਫਹਤਿਗੜ੍ਹ ਸਾਹਿਬ) ਮੋਬਾਈਲ : 70098-78336.

ਇਕ ਪੁਰਾਣੀ ਯਾਦ

ਜਦੋਂ ਮੈਂ ਕੇਸ ਕਟਵਾਏ

ਇਹ ਯਾਦ 1959 ਈਸਵੀ ਨਾਲ ਜੁੜੀ ਹੋਈ ਹੈ, ਜਦੋਂ ਮੈਂ ਅਹਿਮਦਗੜ੍ਹ ਵਿਖੇ ਐਮ.ਜੀ.ਐਨ.ਐਮ. ਸਕੂਲ ਵਿਚ ਜੇ.ਬੀ.ਟੀ. ਕਰਦਾ ਸੀ। ਸਾਡੀ ਜਮਾਤ ਵਿਚੋਂ ਸਾਨੂੰ ਕਈਆਂ ਨੂੰ ਏ.ਸੀ.ਸੀ. ਕੈਂਪ ਲਈ ਚੁਣਿਆ ਗਿਆ। ਕੈਂਪ ਰਾਜਪੁਰਾ ਵਿਖੇ ਕਸਤੂਰਬਾ ਬਾਈ ਮੈਦਾਨ ਵਿਚ ਲੱੱਗਿਆ। ਅੰਬਾਲਾ ਛਾਉਣੀ ਵਿਖੇ, ਉਸ ਸਮੇਂ ਮੇਰੇ ਚਾਚਾ ਜੀ ਹਰਜੀਤ ਸਿੰਘ, ਮਿਲਟਰੀ ਵਿਚ ਸਨ। ਮੇਰੇ ਪਿਤਾ ਜੀ ਨੇ ਚਾਚਾ ਜੀ ਨੂੰ ਮੇਰੇ ਰਾਜਪੁਰੇ ਦੇ ਕੈਂਪ ਬਾਬਤ ਚਿੱਠੀ ਲਿਖੀ। ਚਾਚਾ ਜੀ ਫ਼ੌਜੀ ਵਰਦੀ ਵਿਚ, ਫ਼ੌਜੀ ਮੋਟਰ ਸਾਈਕਲ ਉਤੇ, ਤਲਾਸ਼ ਕਰਦੇ-ਕਰਦੇ ਸਾਡੇ ਕੈਂਪ ਵਿਚ ਆ ਪੁੱਜੇ। ਉਚੇ ਲੰਬੇ ਕੱਦ ਦੇ ਸੋਹਣੇ-ਸੁਨੱਖੇ ਦਰਸ਼ਨੀ ਜਵਾਨ ਚਾਚਾ ਜੀ ਨੂੰ ਵੇਖਣ ਲਈ ਕਈ ਸਾਥੀ, ਸਾਡੇ ਵਾਲੇ ਟੈਂਟ ਵਿਚ ਚਾਚਾ ਜੀ ਦੁਆਲੇ ਆ ਜੁੜੇ।
ਕੁਝ ਸਮਾਂ ਠਹਿਰ ਕੇ ਜਦੋਂ ਚਾਚਾ ਜੀ ਮੁੜਨ ਲੱਗੇ ਤਾਂ ਮੇਰਾ ਮਨ ਭਰ ਆਇਆ। ਉਨ੍ਹਾਂ ਨੇ ਮੈਨੂੰ ਬੁੱਕਲ ਵਿਚ ਲੈ ਕੇ ਪਿਆਰ ਦਿੱਤਾ ਅਤੇ ਦੋ ਰੁਪਏ ਦਾ ਨਵਾਂ ਨੋਟ ਵੀ। ਮੈਂ ਦੋ ਰੁਪਏ ਦੇ ਨੋਟ ਨੂੰ ਖਰਚਣ ਦੀ ਯੋਜਨਾ ਬਣਾਉਣ ਲੱਗਿਆ। ਪਿਆਰ ਨਿਸ਼ਾਨੀ ਨੂੰ ਉਮਰ ਭਰ ਸੰਭਾਲ ਕੇ ਰੱਖਣ ਦੀ ਸੂਝ ਮਨ ਵਿਚ ਅਜੇ ਪੈਦਾ ਨਹੀਂ ਸੀ ਹੋਈ।
ਰੋਟੀ ਖਾਣ ਤੋਂ ਪਿੱਛੋਂ ਜਦੋਂ ਸਾਡੀ ਹਾਜ਼ਰੀ ਲੱਗੀ ਤਾਂ ਮੈਂ ਆਪਣੇ ਇਕ ਸਾਥੀ ਨੂੰ ਕਿਹਾ ਕਿ ਆਓ ਆਪਣੇ ਇੰਚਾਰਜ ਸਾਹਿਬ ਤੋਂ ਆਗਿਆ ਲੈ ਕੇ ਆਪਾਂ ਫ਼ਿਲਮ ਵੇਖਣ ਚੱਲੀਏ।' ਉਹ ਬੋਲਿਆ, 'ਐਨੇ ਪੈਸੇ ਹੈ ਨਹੀਂ।'
'ਮੇਰੇ ਕੋਲ ਹੈਗੇ ਦੋ ਰੁਪਈਏ, ਆਪਾਂ, ਪੰਜਾਹ-ਪੰਜਾਹ ਪੈਸਿਆਂ ਵਾਲੀਆਂ ਦੋ ਟਿਕਟਾਂ ਲਵਾਂਗੇ ਅਤੇ ਪੰਜਾਹ-ਪੰਜਾਹ ਪੈਸੇ ਦਾ ਕੁਝ ਖਾ-ਪੀ ਲਵਾਂਗੇ।' ਜਦੋਂ ਇੰਚਾਰਜ ਸਾਹਿਬ ਨੇ ਸਾਨੂੰ ਫ਼ਿਲਮ ਵੇਖਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਸਿਨੇਮੇ ਤੋਂ ਬਿਨਾਂ ਐਧਰ-ਓਧਰ ਹੋਰ ਕਿਤੇ ਨਹੀਂ ਜਾਣਾ, ਤਾਂ ਅਸੀਂ ਦੋਵੇਂ ਖ਼ੁਸ਼ੀ-ਖ਼ੁਸ਼ੀ ਵਿਚ ਸਿਨੇਮਾ ਦੇਖਣ ਲਈ ਤਿੱਤਰ ਹੋ ਗਏ।
ਫਿਲਮ ਦਾ ਨਾਂਅ ਸੀ 'ਅਮਰਦੀਪ' ਜਿਸ ਵਿਚ ਹੀਰੋ ਦੇਵ ਆਨੰਦ ਅਤੇ ਹੀਰੋਇਨ ਵੈਜੰਤੀ ਮਾਲਾ। ਫ਼ਿਲਮ ਇਕ ਪ੍ਰੇਮ ਕਹਾਣੀ ਨੂੰ ਪੇਸ਼ ਕਰਦੀ ਸੀ।
ਫ਼ਿਲਮ ਵੇਖ ਕੇ ਵਾਪਸ ਅਸੀਂ ਆਪਣੇ ਕੈਂਪ ਵਿਚ ਆਏ, ਇੰਚਾਰਜ ਸਾਹਿਬ ਨੂੰ ਦੱਸਿਆ ਅਤੇ ਆਪਣੇ ਟੈਂਟ ਵਿਚ ਆ ਕੇ, ਜ਼ਮੀਨ ਉਤੇ ਆਪਣੇ-ਆਪਣੇ ਬਿਸਤਰੇ ਵਿਛਾਏ ਅਤੇ ਲੰਬੇ ਪੈ ਗਏ।
ਮੇਰਾ ਸਾਥੀ ਕੁਝ ਹੀ ਮਿੰਟਾਂ ਵਿਚ ਸੌਂ ਗਿਆ, ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੇਰੇ ਉਤੇ ਇਕੋ ਫਿਲਮ ਦੇਖ ਕੇ ਜਿਵੇਂ ਹੀਰੋ ਬਣਨ ਦਾ ਭੂਤ ਸਵਾਰ ਹੋ ਗਿਆ ਸੀ। ਜਿਵੇਂ ਮੱਛਰ ਦੇ ਲੜਨ ਨਾਲ ਮਲੇਰੀਆ ਹੋ ਜਾਂਦਾ ਹੈ, ਉਸੇ ਤਰ੍ਹਾਂ ਫ਼ਿਲਮ ਦੇਖਣ ਨਾਲ ਮੈਨੂੰ ਜ਼ਬਰਦਸਤ ਫਿਲਮੇਰੀਆ ਹੋ ਗਿਆ। ਉਸ ਸਮੇਂ ਇਹ ਨਹੀਂ ਸੀ ਪਤਾ ਕਿ ਫ਼ਿਲਮਾਂ ਨੂੰ ਸਿਨੇਮਾ ਹਾਲਾਂ ਤੱਕ ਪੁੱਜਣ ਲਈ ਕਿਸ-ਕਿਸ ਦੌਰ ਵਿਚੋਂ ਲੰਘਣਾ ਪੈਂਦਾ ਹੈ। ਇਹ ਵੀ ਨਹੀਂ ਸੀ ਪਤਾ ਕਿ ਹੀਰੋ ਬਣ ਕੇ ਪਰਦਿਆਂ ਉਤੇ ਛਾ ਜਾਣ ਲਈ ਕਿਵੇਂ ਫਾਕੇ ਕੱਟਣੇ ਪੈਂਦੇ ਹਨ, ਫੁਟਪਾਥਾਂ ਉਤੇ ਰੁਲਣਾ ਪੈਂਦਾ ਹੈ ਨਾ ਜਾਣੇ ਕੀ-ਕੀ ਜਫਰ ਜਾਲਣੇ ਪੈਂਦੇ ਹਨ।
ਉਸ ਰਾਤ ਹੋਏ ਫਿਲਮੇਰੀਏ ਵਸ ਮੈਨੂੰ ਕੇਵਲ ਐਨੀ ਹੀ ਸਮਝ ਆ ਰਹੀ ਸੀ ਕਿ ਸਿਰ ਦੇ ਵਾਲ ਕਟਾਓ, ਆਪਣੇ ਪਟੇ ਚੋਪੜੋ ਅਤੇ ਬਣ ਜਾਓ ਹੀਰੋ। ਸੋਚਾਂ ਵਿਚ ਡੁੱਬੇ ਨੇ ਜਦੋਂ ਮੈਂ ਲੰਬਾ ਸਾਹ ਲਿਆ ਤਾਂ ਮੇਰੇ ਬਰਾਬਰ ਪਏ ਸਾਥੀ ਨੇ ਅੱਧ ਉਨੀਂਦਰੇ 'ਚ ਮੈਨੂੰ, 'ਤੇਲੂ ਤੂੰ ਅਜੇ ਤੱਕ ਜਾਗਦਾ ਹੈਂ? ਮੱਛਰ ਤਾਂ ਨਹੀਂ ਲੜਦਾ ਤੇਰੇ?'
'ਮੱਛਰ ਤਾਂ ਨਹੀਂ ਲੜਦਾ, ਪਰ...।' ਐਨੀ ਕੁ ਗੱਲ ਕਹਿ ਕੇ ਮੈਂ ਟੈਂਟ ਦੀਆਂ ਰੱਸੀਆਂ ਵੱਲ ਨੂੰ ਦੇਖਣ ਲੱਗਿਆ।
ਦੂਜੇ ਦਿਨ ਹੀਰੋ ਬਣਨ ਦਾ ਸ਼ੁਦਾਈਪਣ ਮੇਰੇ ਦਿਲ ਦਿਮਾਗ 'ਤੇ ਛਾਇਆ ਰਿਹਾ ਅਤੇ ਦਿਮਾਗ ਵਿਚ ਇਹ ਗੱਲ ਵੀ ਘਰ ਕਰ ਗਈ ਕਿ ਹੀਰੋ ਬਣਨ ਲਈ ਬੰਦੇ ਨੂੰ ਸਭ ਤੋਂ ਪਹਿਲਾਂ ਕੇਸ ਕਟਵਾਉਣੇ ਪੈਂਦੇ ਹਨ (ਭਾਵੇਂ ਕਿ ਅੱਜਕਲ੍ਹ ਬਹੁਤ ਸਾਰੀਆਂ ਫਿਲਮਾਂ ਵਿਚ ਕੇਸਾਧਾਰੀ ਹੀਰੋ ਵੀ ਦੇਖਣ ਨੂੰ ਮਿਲਦੇ ਹਨ) ਚਾਰ ਵਜੇ ਹਰ ਰੋਜ਼ ਸਾਨੂੰ ਛੁੱਟੀ ਹੋ ਜਾਂਦੀ। ਅਸੀਂ ਵਰਦੀਆਂ ਲਾਹ ਕੇ ਆਮ ਕੱਪੜੇ ਪਾ ਲੈਂਦੇ ਅਤੇ ਚਾਹ ਪੀ ਕੇ ਸ਼ਹਿਰ ਵੱਲ ਨੂੰ ਚਲੇ ਜਾਂਦੇ।
ਜਿਵੇਂ ਆਤਮ-ਹੱਤਿਆ ਕਰਨ ਵਾਲੇ ਦੀ ਸੋਚ ਨੂੰ ਜਿੰਦੇ ਲੱਗ ਜਾਂਦੇ ਹਨ, ਉਸ ਨੂੰ ਮੌਤ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ ਅਤੇ ਉਸ ਤੱਕ ਪੁੱਜਣ ਲਈ ਰੇਲ ਲੀਹਾਂ, ਖੂਹ, ਟੋਭਾ, ਨਹਿਰ ਜਾਂ ਸ਼ਹਿਰ ਅਤੇ ਇਕਾਂਤ ਦੀ ਭਾਲ ਵਿਚ ਰਹਿੰਦਾ ਹੈ। ਕੁਝ ਅਜਿਹੀ ਸੋਚ ਮੇਰੀ ਬਣ ਗਈ ਅਤੇ ਇਕ ਆਤਮ-ਘਾਤੀ ਵਾਂਗ ਇਸ ਵਾਰ ਸ਼ਹਿਰ ਜਾਣ ਲਈ ਮੈਂ ਇਕੱਲਾ ਹੀ ਤੁਰ ਪਿਆ। ਸਿਰ ਉਤੇ ਪੱਗ ਦੀ ਥਾਂ ਮੈਂ ਪਰਨਾ ਲਪੇਟਿਆ ਅਤੇ ਵਾਲ ਕੱਟਣ ਵਾਲੇ ਦੀ ਦੁਕਾਨ ਲੱਭਣ ਲਗਿਆ। ਇਕ ਦੋ ਦੁਕਾਨਾਂ ਦੇਖੀਆਂ ਤਾਂ ਉਨ੍ਹਾਂ ਵਿਚ ਗਾਹਕ ਬੈਠੇ ਸਨ, 'ਕਿਤੇ ਕੋਈ ਰੋਕਣ ਟੋਕਣ ਵਾਲਾ ਨਾ ਬੈਠਾ ਹੋਵੇ?' ਇਹ ਸੋਚ ਕੇ ਮੈਂ ਅਜਿਹੀ ਦੁਕਾਨ ਦੀ ਤਲਾਸ਼ ਕਰ ਲਈ, ਜਿਥੇ ਕੋਈ ਗਾਹਕ ਨਹੀਂ ਸੀ।
ਦਾੜ੍ਹੀ ਮੁੱਛਾਂ ਅਜੇ ਆਈਆਂ ਨਹੀਂ ਸਨ। ਸਿਰ ਤੋਂ ਪਰਨਾ ਲਾਹ ਕੇ ਮੈਂ ਵਾਲ ਕੱਟਣ ਵਾਲੇ ਨੂੰ ਕਿਹਾ, 'ਇਨ੍ਹਾਂ ਨੂੰ ਕੱਟ ਦੇ ਅਤੇ ਸੋਹਣੇ-ਸੋਹਣੇ ਬਣਾ ਦੇ ਜੁਲਫਾਂਵਾਲੇ।' ਜਦ ਮੈਂ ਆਪਣੇ ਕੇਸ ਖੋਲ੍ਹੇ ਤਾਂ ਲੰਬੇ-ਲੰਬੇ ਕਾਲੇ ਸਿਆਹ ਕੇਸ ਮੈਨੂੰ ਇਉਂ ਲੱਗੇ ਜਿਵੇਂ ਕਾਲੀਆਂ, ਕਾਲੀਆਂ ਘਟਾਵਾਂ ਮੇਰੇ ਮੋਢਿਆਂ ਉਤੇ ਉੱਤਰ ਆਈਆਂ ਹੋਣ।
'ਕਾਕਾ ਸੋਚ ਲੈ.... ਫਿਰ ਨਾ ਪਛਤਾਈਂ...', ਵਾਲ ਕੱਟਣ ਵਾਲੇ ਦੀ ਗੱਲ ਸੁਣ ਕੇ ਮੈਂ ਚੁੱਪ ਹੀ ਰਿਹਾ। ਸੋਚ ਤਾਂ ਮੇਰੀ ਜਿਵੇਂ ਖਤਮ ਹੀ ਹੋ ਚੁੱਕੀ ਸੀ। ਅੱਖਾਂ ਮੀਟ ਕੇ ਜਦੋਂ ਮੈਂ ਕਿਹਾ, 'ਕੋਈ ਨਾ ਤੂੰ ਕੱਟ ਦੇ...।' ਤਾਂ ਮੈਨੂੰ ਇਸ ਤਰ੍ਹਾਂ ਲੱਗਿਆ, ਜਿਵੇਂ ਮੈਂ ਕਿਸੇ ਡੂੰਘੀ ਨਹਿਰ ਵਿਚ ਛਾਲ ਮਾਰ ਰਿਹਾ ਹੋਵਾਂ। ਜਿੰਨਾ ਚਿਰ ਉਸ ਦੀ ਕੈਂਚੀ ਚਲਦੀ ਰਹੀ ਮੇਰੀਆਂ ਅੱਖਾਂ ਬੰਦ ਰਹੀਆਂ। ਪਰ ਅੱਖਾਂ ਖੋਲ੍ਹ ਕੇ ਮੈਂ ਆਪਣੇ ਕੱਟੇ ਪਏ ਕੇਸ ਦੇਖੇ ਤਾਂ ਮੇਰੀਆਂ ਅੱਖਾਂ ਵਿਚ ਹੰਝੂ ਭਰ ਆਏ, ਇਕਦਮ ਮੇਰੇ ਸਰੀਰ ਨੂੰ ਇਕ ਝਰਨਾਹਟ ਜਿਹੀ ਛਿੜ ਗਈ ਅਤੇ ਮੇਰੀਆਂ ਨਜ਼ਰਾਂ ਸਾਹਮਣੇ ਇਕਦਮ ਮੇਰੀ ਮਾਂ ਘੁੰਮਣ ਲੱਗੀ, ਜਿਸ ਨੇ ਮੇਰੇ ਕੇਸਾਂ ਨੂੰ ਵੀ ਮੇਰੇ ਵਾਂਗ ਲਾਡਾਂ, ਚਾਵਾਂ ਨਾਲ ਪਾਲਿਆ ਸੀ।
'ਵਾਲ ਲੈਕੇ ਜਾਣੇ ਨੇ ਕਿ ਛੱਡਣੇ ਨੇ?' ਕੈਂਚੀ ਚਲਾਉਣ ਵਾਲੇ ਨੇ ਪੁੱਛਿਆ। ਪਰ ਮੈਂ ਕੁਝ ਵੀ ਬੋਲਣ ਤੋਂ ਪਹਿਲਾਂ ਉਥੋਂ ਭੱਜ ਕੇ ਨਿਕਲ ਜਾਣਾ ਚਾਹੁੰਦਾ ਸੀ। ਮੈਂ ਉਸ ਨੂੰ ਪੈਸੇ ਦਿੱਤੇ ਅਤੇ ਸਿਰ ਉਤੇ ਪਰਨਾ ਲਪੇਟ ਕੇ ਕੈਂਪ ਵੱਲ ਨੂੰ ਤੁਰ ਪਿਆ। ਹੌਲੀ-ਹੌਲੀ ਤੁਰੇ ਜਾਂਦੇ ਨੂੰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਨ ਉਤੇ ਮਣਾਂ ਮੂੰਹੀਂ ਭਾਰ ਚੁੱਕੀ ਜਾ ਰਿਹਾ ਹੋਵਾਂ।
ਕੈਂਪ ਇਕ ਦਿਨ ਬਾਅਦ ਖਤਮ ਹੋ ਜਾਣਾ ਸੀ। ਰੋਡੇ ਸਿਰ ਜਦੋਂ ਮੈਂ ਘਰ ਜਾਵਾਂਗਾ, ਤਾਂ ਮੇਰੇ ਨਾਲ ਕੀ ਬੀਤੇਗੀ? ਗ਼ਲਤੀ ਤੋਂ ਪਿਛੋਂ ਇਕ ਪਛਤਾਵੇ ਨੇ ਜਿਵੇਂ ਨਾਲ ਹੀ ਮੇਰੇ ਮਨ ਵਿਚ ਜਨਮ ਲੈ ਲਿਆ ਹੋਵੇ।
'ਮੇਰੇ ਪਿਤਾ ਜੀ ਮੈਨੂੰ ਘਰ ਵੜਨ ਦੇਣਗੇ ਕਿ ਨਹੀਂ?' ਸੋਚਦਾ ਮੈਂ ਕੈਂਪ ਵਿਚ ਜਾ ਵੜਿਆ ਅਤੇ ਕਿਸੇ ਨਾਲ ਗੱਲਬਾਤ ਕੀਤੇ ਬਿਨਾਂ ਆਪਣੇ ਟੈਂਟ ਵਿਚ ਜਾ ਬੈਠਾ। ਟੈਂਟ ਵਿਚਲੀਆਂ ਰੌਸ਼ਨੀਆਂ ਸਾਰਿਆਂ ਦੇ ਚਿਹਰਿਆਂ 'ਤੇ ਪੈ ਰਹੀਆਂ ਸਨ। ਪਰ ਮੈਨੂੰ ਲੱਗਿਆ ਜਿਵੇਂ ਸਾਰੇ ਮੇਰੇ ਚਿਹਰੇ ਵੱਲ ਬਹੁਤ ਹੀ ਨੀਝ ਨਾਲ ਦੇਖ ਰਹੇ ਹੋਣ। ਇਕ ਨੇ ਤਾਂ ਕਹਿ ਹੀ ਦਿੱਤਾ, 'ਤੇਲੂ ਤੇਰੇ ਮੂੰਹ ਨੂੰ ਕੀ ਹੋ ਗਿਆ?' ਮੈਂ ਅਜੇ ਕਿਹਾ ਹੀ ਸੀ, 'ਕੁਸ਼ ਨਹੀਂ...।' ਤਾਂ ਹਾਜ਼ਰੀ ਦੀ ਸੀਟੀ ਵੱਜ ਗਈ। ਕੋਲੋਂ ਹੀ ਇਕ ਹੋਰ ਨੇ ਜਿਵੇਂ ਮੈਂ ਛੇੜਿਆ, 'ਅੱਜ ਫਿਰ ਚੱਲੀਏ ਫਿਲਮ ਵੇਖਣ, ਮੇਰੇ ਕੋਲ ਪੈਸੇ ਹੈਗੇ ਨੇ।' ਉਸ ਦੀ ਗੱਲ ਅਣਸੁਣੀ ਕਰਕੇ ਮੈਂ ਤੇਜ਼ੀ ਨਾਲ ਕਤਾਰ ਵਿਚ ਜਾ ਲੱਗਿਆ।
(ਬਾਕੀ ਅਗਲੇ ਦਿਲਚਸਪੀਆਂ ਅੰਕ 'ਚ)


-ਪਿੰਡ ਤੇ ਡਾਕ: ਕੁਹਾੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 94633-53760.

ਦਰਦ

'ਹੋ ਗਿਆ ਕੰਮ? ਆਹ ਲੈ ਚਾਹ ਪੀ ਲੈ।' ਮਾਲਕਣ ਨੇ ਰਸੋਈ ਵਿਚੋਂ ਚਾਹ ਦਾ ਗਲਾਸ ਸੈਲਫ 'ਤੇ ਰੱਖ ਕੇ ਕਿਹਾ। 'ਨਾਲੇ ਆਹ ਡੱਬਾ ਜਾਂਦੀ ਹੋਈ ਲੈ ਜਾਵੀਂ' ਇਹ ਨਾਲ ਦੀ ਨਾਲ ਕਹਿ ਦਿੱਤਾ। 'ਕੀ ਐ ਜੀ ਇਹ?' ਸੀਮਾਂ ਨੇ ਚਾਹ ਚੁੱਕਦਿਆਂ ਕਿਹਾ। 'ਅੱਜ ਆਪਾਂ ਛੋਲੇ ਪੂਰੀਆਂ ਬਣਾਈਆਂ ਨੇ ਨਾ ਤੂੰ ਵੀ ਇਹ ਜਾ ਕੇ ਬੱਚਿਆਂ ਨੂੰ ਖਵਾ ਦੇਵੀਂ।'
'ਅੱਛਾ ਜੀ' ਉਤਸ਼ਾਹ ਭਰੇ ਲਹਿਜੇ ਵਿਚ ਬੋਲ ਸੀਮਾ ਨੇ ਗਰਮ-ਗਰਮ ਚਾਹ ਪੀ, ਲਫ਼ਾਫ਼ਾ ਚੁੱਕ ਸਾਈਕਲ ਦੀ ਟੋਕਰੀ ਵਿਚ ਰੱਖਦਿਆਂ ਕਿਹਾ, 'ਅੱਛਾ ਜੀ, ਚਲਦੀ ਆਂ ਮੈਂ।' 'ਅੱਛਾ' ਮਾਲਕਣ ਨੇ ਰੁਝੇਵੇਂ ਵਿਚੋਂ ਹੀ ਕਿਹਾ। ਅੱਜ ਸੀਮਾ ਦੇ ਸਾਈਕਲ ਦੀ ਗਤੀ ਪਹਿਲਾਂ ਨਾਲੋਂ ਤੇਜ਼ ਸੀ, ਸ਼ਾਇਦ ਉਹ ਜਲਦੀ-ਜਲਦੀ ਬੱਚਿਆਂ ਨੂੰ ਛੋਲੇ ਪੂਰੀਆਂ ਖਾਂਦੇ ਦੇਖਣਾ ਚਾਹੁੰਦੀ ਸੀ। ਉਸ ਦੀ ਕਲਪਨਾ ਉਡਾਰੀ ਮਾਰ ਉਸ ਤੋਂ ਵੀ ਪਹਿਲਾਂ ਘਰ ਪਹੁੰਚ ਗਈ। 'ਬੀਬੀ ਅੱਜ ਤਾਂ ਸੁਆਦ ਈ ਆ ਗਿਆ। ਜਮਾਂ ਵਿਆਹ ਵਰਗੀ ਸਬਜ਼ੀ ਐ। ਜੇ ਹੋਰ ਹੁੰਦੀਆਂ ਨਾ ਮੈਂ ਦਸ-ਵੀਹ ਪੂਰੀਆਂ ਖਾ ਜਾਂਦਾ।' ਮਚਲਦਾ ਕਾਲਾ ਉਹਦੇ ਚਿਹਰੇ ਦੀ ਮੁਸਕਰਾਹਟ ਬਣ ਗਿਆ।
'ਭਾਗਵਾਨੇ ਧੰਨ ਐਂ ਤੂੰ, ਮੇਰੀ ਦਿਹਾੜੀ ਤਾਂ ਲੰਗੇ ਡੰਗ ਲਗਦੀ ਐ, ਤੂੰ ਜਵਾਕਾਂ ਦਾ ਢਿੱਡ ਭਰੀ ਜਾਨੀ ਐਂ। ਆਹ ਜਿਹੜੀ ਬੀਬੀ ਦੇ ਕੰਮ ਕਰਦੀ ਐਂ ਨਾ ਇਹ ਨਾ ਛੱਡੀਂ ਜੋ ਮਰਜ਼ੀ ਹੋਜੇ, ਬੜੀ ਦਿਆਲੂ ਐ, ਨਹੀਂ ਤਾਂ ਕੋਈ ਅੱਜਕਲ੍ਹ ਚਾਹ ਦੀ ਘੁੱਟ ਨੀਂ ਪਿਆਉਂਦਾ।' ਸਿਰ ਦੇ ਸਾਈਂ ਵਲੋਂ ਆਪੇ ਆਪਣੇ ਆਪ ਨੂੰ ਸ਼ਾਬਾਸ਼ ਦਿੰਦੀ ਦਾ ਸਿਰ ਜਣੀ ਉੱਚਾ ਜਿਹਾ ਹੋਣ ਲਗਦਾ।
'ਓ... ਹੋ... ਕਤੀੜ' ਅਚਾਨਕ ਕੁੱਤੇ ਦੇ ਅੱਗੇ ਆਉਣ 'ਤੇ ਸਾਈਕਲ ਇਸ ਤਰ੍ਹਾਂ ਸਾਂਭਦੀ ਹੈ ਜਿਵੇਂ ਮਾਂ ਦੀ ਗੋਦੀ ਨੰਨ੍ਹਾ ਜਵਾਕ। ਘਰ ਦੀ ਗਲੀ ਦਾ ਭੀੜਾ ਮੋੜ ਸੰਭਲ ਕੇ ਮੁੜਨ ਲੱਗਦੀ ਹੈ ਅਚਾਨਕ ਗ਼ਲਤ ਪਾਸੇ ਤੋਂ ਇਕੋ ਮੋਟਰਸਾਈਕਲ 'ਤੇ ਘੜਮੱਸ ਪਾਉਂਦੇ ਚਾਰ ਮੁੰਡਿਆਂ ਨੇ ਉਸ ਦੇ ਸਾਈਕਲ ਦਾ ਸੰਤੁਲਨ ਵਿਗਾੜ ਦਿੱਤਾ। ਧੜੰਮ ਦੀ ਆਵਾਜ਼ ਨਾਲ ਸਾਈਕਲ ਤੋਂ ਡਿੱਗ ਕੇ ਉਸ ਦੇ ਗੋਡੇ 'ਤੇ ਕੂਹਣੀਆਂ ਛਿੱਲੀਆਂ ਗਈਆਂ। ਸਾਈਕਲ ਦੀ ਟੋਕਰੀ ਵਿਚੋਂ ਛੋਲੇ-ਪੂਰੀਆਂ ਦਾ ਡੱਬਾ ਦੂਰ ਜਾ ਡਿੱਗਿਆ। ਭੱਜ ਕੇ ਇਕ ਕੁੱਤਾ ਪੂਰੀਆਂ ਨੂੰ ਆ ਝਪਟਿਆ। ਸੀਮਾ ਦੀਆਂ ਕੂਹਣੀਆਂ 'ਚੋਂ ਖ਼ੂਨ ਰਿਸਣ ਲੱਗਾ। ਪਰ ਉਸ ਨੂੰ ਡੱਬੇ 'ਚੋਂ ਰਿਸਦੇ ਛੋਲਿਆਂ ਦਾ ਦਰਦ ਕੂਹਣੀ ਦੇ ਦਰਦ ਤੋਂ ਕਿਤੇ ਵੱਧ ਲੱਗ ਰਿਹਾ ਸੀ।


-ਸੁਖਵਿੰਦਰ ਕੌਰ ਸਿੱਧੂ
ਬਲਾਕ ਏ, ਹਾਊਸ ਨੰ: 147, ਆਫੀਸਰ ਕਾਲੋਨੀ, ਸੰਗਰੂਰ।
ਮੋਬਾਈਲ : 94654-34177.

ਸੋਚ

ਆਟੋ ਰਿਕਸ਼ਾ ਵਿਚ ਬੈਠਦਿਆਂ ਹੀ ਉਸ ਲੜਕੀ ਨੇ ਮਹਿਸੂਸ ਕੀਤਾ ਕਿ ਆਟੋ ਚਾਲਕ ਸ਼ਕਲ-ਸੂਰਤ ਤੋਂ ਬਦਮਾਸ਼ ਕਿਸਮ ਦਾ ਲਗਦਾ ਸੀ ਤੇ ਉਸ ਦੇ ਵਾਹਨ ਵਿਚ ਕੋਈ ਹੋਰ ਸਵਾਰੀ ਵੀ ਨਹੀਂ ਸੀ। ਫਿਰ ਉਸ ਨੇ ਬਿਨਾਂ ਹੋਰ ਸਵਾਰੀ ਉਡੀਕ ਕੀਤੇ ਹੀ ਆਟੋ ਤੇਜ਼ ਗਤੀ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ। ਇਹੋ ਨਹੀਂ ਉਹ ਵਾਰ-ਵਾਰ ਆਟੋ ਦੇ ਫਰੰਟ ਸ਼ੀਸ਼ੇ ਵਿਚ ਲੜਕੀ ਨੂੰ ਦੇਖ ਰਿਹਾ ਸੀ। ਆਟੋ ਜਦੋਂ ਸੁੰਨਸਾਨ ਥਾਂ ਤੋਂ ਗੁਜ਼ਰ ਰਿਹਾ ਸੀ ਤਾਂ ਲੜਕੀ ਦਾ ਮਨ ਘਬਰਾਇਆ ਕਿ ਉਸ ਦੀ ਪੱਤ ਖਤਰੇ ਵਿਚ ਹੈ। ਘਬਰਾਹਟ ਨਾਲ ਉਸ ਦੇ ਚਿਹਰੇ 'ਤੇ ਪਸੀਨੇ ਦੀਆਂ ਬੂੰਦਾਂ ਉਭਰ ਆਈਆਂ ਸਨ। ਤਦੇ ਉਸ ਦੇ ਸਾਹ ਵਿਚ ਸਾਹ ਆਇਆ। ਵੇਖਿਆ ਸਾਹਮਣੇ ਹੀ ਉਸ ਦਾ ਕਾਲਜ ਵਿਖਾਈ ਦੇ ਰਿਹਾ ਸੀ। ਆਟੋ ਵਾਲੇ ਨੇ ਬਰੇਕ ਲਗਾਈ ਤੇ ਕਿਹਾ, 'ਭੈਣੇ ਘਬਰਾ ਨਾ, ਮੈਂ ਜਾਣਦਾ ਹਾਂ ਤੂੰ ਮੇਰੇ ਬਾਰੇ ਕੀ ਸੋਚ ਰਹੀ ਸੀ? ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਮੈਂ ਤੈਨੂੰ ਰੋਜ਼ਾਨਾ ਕਾਲਜ ਲਈ ਬੱਸ ਚੜ੍ਹਦੇ ਦੇਖਦਾਂ। ਅੱਜ ਤੇਰੀ ਬੱਸ ਨਹੀਂ ਆਉਣੀ। ਇਹ ਮੈਂ ਜਾਣਦਾ ਸੀ। ਮੈਨੂੰ ਇਹ ਵੀ ਪਤਾ ਸੀ ਕਿ ਤੇਰੇ ਇਮਤਿਹਾਨ ਚੱਲ ਰਹੇ ਨੇ ਤੇ ਤੂੰ ਲੇਟ ਨਾ ਹੋਵੇਂ, ਇਸ ਲਈ ਹੋਰ ਸਵਾਰੀਆਂ ਦਾ ਲਾਲਚ ਛੱਡ ਮੈਂ ਤੈਨੂੰ ਇਕੱਲੀ ਨੂੰ ਛੇਤੀ ਛੱਡਣ ਦਾ ਵਿਚਾਰ ਬਣਾਇਆ...।' ਕਹਿ ਕੇ ਉਸ ਨੇ ਆਪਣੀ ਮਜ਼ਦੂਰੀ ਮੱਥੇ ਨੂੰ ਲਾ ਜੇਬ ਵਿਚ ਪਾਈ ਤੇ ਚਲਾ ਗਿਆ।


-ਹਰਿੰਦਰ ਸਿੰਘ ਗੋਗਨਾ
ਕੰਟਰੋਲਰ ਦਫ਼ਤਰ (ਪ੍ਰੀਖਿਆਵਾਂ), ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98723-25960.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX